Kulwant Singh Grewal ਕੁਲਵੰਤ ਸਿੰਘ ਗਰੇਵਾਲ

ਕੁਲਵੰਤ ਸਿੰਘ ਗਰੇਵਾਲ ਜੀ ਦਾ ਜਨਮ 1 ਜੁਲਾਈ, 1941 ਨੂੰ ਹੋਇਆ ਤੇ 1 ਅਪ੍ਰੈਲ, 2021 ਨੂੰ ਅਲਵਿਦਾ ਕਹਿ ਗਏ। ਉਹ ਪੰਜਾਬੀ ਦੇ ਉੱਘੇ ਲੇਖਕ ਅਤੇ ਕਵੀ ਸਨ । ਬੰਗਾਲ ਚ ਪੜ੍ਹਨ ਕਾਰਨ ਬੰਗਾਲੀ ਭਾਸ਼ਾ ਦੇ ਵੀ ਗਹਿਰ ਗੰਭੀਰ ਗਿਆਤਾ ਸਨ। ਬੰਗਲਾ ਦੇਸ਼ ਦੇ ਕੌਮੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਦਾ ਬਹੁਤ ਸਾਥ ਮਾਣਿਆ।
ਉਨ੍ਹਾਂ ਦਾ ਜਨਮ ਸ. ਅਮਰ ਸਿੰਘ ਗਰੇਵਾਲ ਅਤੇ ਮਾਤਾ ਸ੍ਰੀਮਤੀ ਜਿਉਣ ਕੌਰ ਦੇ ਘਰ ਪਿੰਡ ਸਕਰੌਦੀ ਸਿੰਘਾਂ ਦੀ, ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ।

ਉਨ੍ਹਾਂ ਨੇ 40 ਤੋਂ ਉਪਰ ਪੁਸਤਕਾਂ, ਅੰਗਰੇਜ਼ੀ, ਸੰਗੀਤ ਅਤੇ ਪੰਜਾਬੀ, ਹਿੰਦੀ, ਉਰਦੂ ਵਿਚ ਯੂਨੀਵਰਸਿਟੀ ਪੱਧਰ ਤੇ ਸੰਪਾਦਿਤ ਕੀਤੀਆਂ । ਉਨ੍ਹਾਂ ਦੀਆਂ ਮੌਲਿਕ ਪੁਸਤਕਾਂ: ਅ
ਮੈਂ/ਪੂਰਨ ਸਿੰਘ (ਮੌਲਿਕ ਪੁਸਤਕ ਸਮਾਲੋਚਨਾ), ਤੇਰਾ ਅੰਬਰਾਂ 'ਚ ਨਾਂ ਲਿਖਿਆ-ਕਵਿਤਾ ਅਤੇ ਅਸੀਂ ਪੁੱਤ ਦਰਿਆਵਾਂ ਦੇ-ਕਵਿਤਾ ਹਨ ।

ਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਵਿੱਚ ਸਰਦਾਰ ਕਰਤਾਰ ਸਿੰਘ ਧਾਲੀਵਾਲ ਐਵਾਰਡ; ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਗਿਆਨੀ ਸੁੰਦਰ ਸਿੰਘ, ਮਹਿਰਮ ਐਵਾਰਡ,ਨਾਭਾ; ਦੈਨਿਕ ਜਾਗਰਨ (ਪੰਜਾਬੀ) ਐਵਾਰਡ, ਜਲੰਧਰ; 125 ਸਾਲਾ ਗੋਲਡਨ ਜੁਬਲੀ ਐਵਾਰਡ, ਮਹਿੰਦਰਾ ਕਾਲਜ, ਪਟਿਆਲਾ; ਪਟਿਆਲਾ ਘਰਾਣਾ ਆਰਟਸ ਫਾਊਂਡੇਸ਼ਨ ਐਵਾਰਡ ਅਤੇ ਅਨਾਦਿ ਫੌਂਡੇਸ਼ਨ ਐਵਾਰਡ ਸ਼ਾਮਿਲ ਹਨ। ਉਹ ਸਾਰੀ ਉਮਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜ੍ਹਾਉਂਦੇ ਰਹੇ। ਉਨ੍ਹਾਂ ਨੂੰ 2014 ਦਾ ਭਾਸ਼ਾ ਵਿਭਾਗ ਵੱਲੋਂ, ਪੰਜਾਬ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ।ਉਨ੍ਹਾਂ ਨੂੰ ਮਿਲੇ ਸ਼ੋਭਾ ਪੱਤਰ ਦੀ ਇਬਾਰਤ ਇੰਜ ਹੈ।

ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਪੰਜਾਬੀ ਕਵਿਤਾ ਦੀ ਅਧਿਆਤਮਕ, ਸਮਾਜਿਕ, ਸੱਭਿਆਚਾਰਕ, ਰਾਜਨੀਤਿਕ, ਸਾਹਿਤਕ ਪਛਾਣ ਨੂੰ ਆਪਣੀ ਕਵਿਤਾ ਦੀ ਅੰਤਰੀਵਤਾ ਵਿਚ ਸਮੋਇਆ ਹੈ। ਆਪ ਆਧੁਨਿਕ ਪੰਜਾਬੀ ਕਵਿਤਾ ਵਿਚ ਵਿਸ਼ੇਸ਼ ਪਛਾਣ ਬਣਾ ਚੁੱਕੇ ਹਸਤਾਖ਼ਰ ਹਨ। ਆਪ ਦੀ ਕਵਿਤਾ ਦੀ ਉਡਾਰੀ ਪਾਠਕ ਨੂੰ ਗਗਨਾਂ ਵਿਚ ਲੈ ਉਡਦੀ ਹੈ, ਕਲਪਨਾ ਦੀ ਅਥਾਹ ਡੁੰਘਾਈ, ਸਮੁੰਦਰ ਮੰਥਨ ਜਿਹਾ ਰਸ ਅਤੇ ਵੱਲਵਲਿਆਂ ਦਾ ਮੂੰਹ ਜ਼ੋਰ ਤੂਫ਼ਾਨ ਪਾਠਕ ਨੂੰ ਮੰਤਰ ਮੁਗਧ ਕਰਦਾ ਹੋਇਆ ਆਨੰਦਿਤ ਕਰਦਾ ਹੈ ਜਿਸ ਨੂੰ ਮਹਿਸੂਸ ਕੀਤਿਆਂ ਹੀ ਆਨੰਦ ਲਿਆ ਜਾ ਸਕਦਾ ਹੈ। ਆਪ ਦੀ ਕਵਿਤਾ ਵਿਚ ਸਰੋਦੀ ਲੈਅ ਹੈ ਜਿਸ ਦੀ ਸੰਗੀਤਕਤਾ ਮਨ ਨੂੰ ਝੂਮਣ ਲਾਉਂਦੀ ਹੈ। ਆਪ ਦੀ ਕਵਿਤਾ ਸਾਡੇ ਅਮੀਰ ਵਿਰਸੇ ਦੀਆਂ ਗਹਿਰਾਈਆਂ ਅਤੇ ਸਮਕਾਲੀ ਸਰੋਕਾਰਾਂ ਨੂੰ ਵੀ ਪੇਸ਼ ਕਰਦੀ ਹੈ। ਸੱਚ ਅਤੇ ਸੱਚ ਦਾ ਸੁਮੇਲ ਪੇਸ਼ ਕਰਦੀ ਆਪ ਦੀ ਕਵਿਤਾ ਪੰਜਾਬੀ ਸਾਹਿਤ ਦਾ ਸਿਰਮੌਰ ਖਜ਼ਾਨਾ ਹੈ।

ਉਨ੍ਹਾਂ ਬਾਰੇ ਲਿਖਦਿਆਂ ਪੰਜਾਬੀ ਕਵੀ ਨਵਤੇਜ ਭਾਰਤੀ ਆਖਦੇ ਹਨ ਕਿ ਕੁਲਵੰਤ ਗਰੇਵਾਲ ਦੀ ਕਵਿਤਾ ਪੜ੍ਹਨ ਲਈ ਅਨਪੜ੍ਹ ਬਣਨਾ ਪੈਂਦਾ ਹੈ। ਉਹ ਲਿਖਦਾ ਵੀ ਅਨਪੜ੍ਹ ਬਣਕੇ ਹੈ। ਨਵੀਂ ਲਿਖਣ ਵੇਲ਼ੇ ਪੁਰਾਣੀ ਭੁੱਲ ਜਾਂਦਾ ਹੈ। ਅਸਲ ਵਿਚ ਉਹ ਨਵੀਂ ਜਾਂ ਪੁਰਾਣੀ ਹੁੰਦੀ ਹੀ ਨਹੀਂ। ਬਸ ਪਹਿਲੀ ਹੁੰਦੀ ਹੈ। ਮੈਂ ਉਹਨੂੰ ਅੱਧੀ ਸਦੀ ਤੋਂ ਜਾਣਦਾ ਹਾਂ, ਉਹਨੇ ਕੋਈ ਵਿਕਾਸ ਨਹੀਂ ਕੀਤਾ। ਵਿਕਾਸ ਦੂਜੀ ਤੋਂ ਹੁੰਦਾ ਹੈ ਤੇ ਉਹ ਹਰ ਕਵਿਤਾ ਪਹਿਲੀ ਲਿਖਦਾ ਹੈ। ਉਹਦੀ ਕਾਵਿ ਪੁਸਤਕ ਤੇਰਾ ਅੰਬਰਾਂ `ਚ ਨਾਂ ਲਿਖਿਆ 2005 ਵਿਚ ਛਪੀ ਸੀ। ਕੋਈ ਨਹੀਂ ਦਸ ਸਕਦਾ ਕਿ ਇਸ ਵਿਚਲੀਆ ਕਵਿਤਾਵਾ—ਮਾਂ ਦਾ ਗੀਤ, ‘ਮੇਰੀਏ ਜਿੰਦੇ’, ‘ਸੌਣ ਸਹੇਲੀ’, ‘ਆਈਆ ਪੌਣਾਂ ਕਾਹਨਾਂ’—ਉਹਨੇ ਓਦੋਂ ਲਿਖੀਆਂ ਸਨ ਜਦੋਂ ਉਹਦੀ ਦਾੜ੍ਹੀ ਕੱਕੀ ਸੀ।
ਮੈਨੂੰ ਯਾਦ ਹੈ 1959 ਜਾਂ 60 ਦੀ ਇਕ ਸ਼ਾਮ। ਪ੍ਰੋਫੈਸਰ ਪ੍ਰੀਤਮ ਸਿੰਘ ਦੇ ਘਰ ਸਾਹਿਤਕਾਰਾਂ ਦੀ ਮਹਿਫਲ ਵਿਚ ਮੈਂ ਬਿਨਾ ਨਾਂ ਲਏ ਕੁਲਵੰਤ ਦੀ ‘ਮਾਂ ਦਾ ਗੀਤ’ ਕਵਿਤਾ ਸੁਣਾਈ। ਜਦੋਂ ਇਹ ਪੰਕਤੀਆਂ ਕਹੀਆਂ:

ਇਕ ਤਾਂ ਵਿਜੋਗ ਮੈਨੂੰ ਔਸ ਫਰਮਾਂਹ ਦਾ
ਵਾਲ ਵਾਲ ਜਿਹੜਾ ਮੁਰਝਾਏ
ਜਦੋਂ ਕੋਈ ਬੁੱਲਾ ਇਹਦੀ
ਰਗ ਰਗ ਝੂਣਦਾ
ਭੋਰਾ ਭੋਰਾ ਝਰੀ ਝਰੀ ਜਾਏ

ਮੇਰਾ ਪਿੰਡ ਵਾਲੇ ਗਿਆਨੀ ਗੁਰਦਿੱਤ ਸਿੰਘ ਜੀ ਮੰਜੇ ਤੇ ਉਠ ਕੇ ਬਹਿ ਗਏ। ਕਹਿੰਦੇ “ਇਹ ਤੂੰ ਲਿਖਿਆ”? ਮੈਂ ਦੱਸਿਆ ਇਹ ਕੁਲਵੰਤ ਦਾ ਗੀਤ ਐ। ਕਹਿੰਦੇ ਏਸ ਉਮਰ ਵਿਚ ਫਰਮਾਹ ਦਾ ਵਿਜੋਗ ਕਿਵੇਂ ਲਗ ਗਿਆ?
ਵਿਜੋਗ ਲਗਣ ਦੀ ਵੀ ਕੋਈ ਉਮਰ ਹੁੰਦੀ ਹੈ? ਕਵਿਤਾ ਲਿਖਣ ਦੀ ਵੀ ਕੋਈ ਉਮਰ ਹੁੰਦੀ ਹੈ?
ਤੇ ਇਹ ਪੰਕਤੀਆਂ ਉਹਨੇ ਫਰਮਾਹ ਵਾਲੀਆ ਤੋਂ ਵੀ ਪਹਿਲਾਂ ਲਿਖੀਆਂ ਸਨ:

ਇਕ ਪਲ ਜਾਗੇ ਵੇਦਨਾ
ਸਾਡੇ ਲਖ ਪਲ ਹੋਣ ਹਰੇ
ਸੁਣ ਤਿਲ ਕਲੀਏ ਖਿੜਦੀਏ
ਤੂੰ ਕਿਉਂ ਨੈਣ ਭਰੇ
ਵੇਦਨਾ ਕਿਹੜੀ ਉਮਰ ਵਿਚ ਜਾਗਦੀ ਹੈ? ਕੁਲਵੰਤ ਦੀ ਕਵਿਤਾ ਉਤਰ ਨਹੀਂ ਦਿੰਦੀ। ਏਹੋ ਜਿਹੇ ਪ੍ਰਸ਼ਨ ਵੀ ਨਹੀਂ ਕਰਦੀ। ਕਵਿਤਾ ਕਵੀ ਨੂੰ ਨਿਰਉਮਰਾ ਕਰਦੀ ਹੈ, ਤੇ ਪਾਠਕ ਨੂੰ ਨਿਰੁਤਰ।
ਉਮਰ ਦੀ ਗੱਲ ਹੀ ਨਹੀਂ ਕੁਲਵੰਤ ਦੀ ਕਵਿਤਾ ਕਿਸੇ ਵੀ ਹਿਸਾਬ ਕਿਤਾਬ ਵਿਚ ਨਹੀਂ ਪੈਂਦੀ: ਨਾ ਤਰਕ ਨਾ ਤਰਤੀਬ, ਨਾ ਕਾਰਣ ਕਾਜ ਨਾ ਪਰਿਣਾਮ। ਜੇ ਇਕ ਬੰਦ ਵਿਚ ਉਹ ਰੋਣ ਦੀ ਗੱਲ ਕਰਦਾ ਹੈ:

ਏਡਾ ਯਾਰ ਗੁਨਾਹ ਕੀ ਹੋਇਆ
ਆਪਣਾ ਮਿਲਿਆ ਪਰ ਨਹੀਂ ਰੋਇਆ
ਸੋਹਣੇ ਸੱਜਣਾਂ ਬੂਹਾ ਢੋਇਆ
ਧਾਅ ਰੋਇਆ ਪਟਿਆਲਾ ਨੀ
ਤਾਂ ਦੂਜੇ ਵਿਚ ਰਾਗ ਦੀ ਗਲ ਕਰਨ ਲਗ ਜਾਂਦਾ ਹੈ

ਰੰਗ ਖਿੜਿਆ ਗਗਨਾਂ ਦੀ ਬਾਰੀ
ਸੁਰ ਦੀਆ ਕਾਂਗਾਂ ਤਾਨ ਸਵਾਰੀ
ਦਰਬਾਰੀ ਜਾਂ ਰਾਗ ਤੁਖਾਰੀ
ਵਿਹੜਾ ਸ਼ਗਨਾਂ ਵਾਲਾ ਨੀ

ਜਿਹੜੇ ਪਾਠਕ ਕਵਿਤਾ ਵਿਚ ਸਮੇਂ ਸਥਾਨ ਦੀ ਏਕਤਾ ਤੇ ਵਿਸ਼ੇ ਦੀ ਇਕਾਗਰਤਾ ਵੇਖਣਾ ਗਿੱਝੇ ਹੋਏ ਹਨ ਉਨ੍ਹਾਂ ਨੂੰ ਕੁਲਵੰਤ ਦੀ ਕਵਿਤਾ ਪੜਨ ਲਈ ਅਨਪੜ੍ਹ ਹੋਣਾ ਪਵੇਗਾ। ਉਹਦੀ ਕਵਿਤਾ ਸ੍ਰਿਸ਼ਟੀ ਵਾਂਗੂੰ ਖਿੰਡੀ ਪੁੰਡੀ ਹੈ। ਅਘੜ ਦੁਘੜੀ। ਅਨੁਭਵ ਦੀਆਂ ਟੁਕੜੀਆਂ ਜਿਵੇਂ ਆਉਂਦੀਆਂ ਹਨ ਓਵੇ ਕਾਗਦ ਤੇ ਧਰ ਦਿੰਦਾ ਹੈ। ਬਿਜਲੀ ਦੀਆਂ ਲਿਸ਼ਕੋਰਾਂ ਨੂੰ ਸਿੱਧਾ ਕਰਨ ਤੇ ਜ਼ੋਰ ਨਹੀਂ ਲਾਉਂਦਾ। ਉਹਦੀ ਕਵਿਤਾ ਟੁਕੜੀਆ ਵਿਚ ਪੜਨ ਵਾਲੀ ਹੈ। ਜ਼ਰੂਰੀ ਨਹੀਂ ਪਹਿਲੀ ਅਨੁਭੂਤੀ ਦੂਜੀ ਨਾਲ ਜੁੜੀ ਹੋਵੇ ਜਾਂ ਓਹਦੇ ਵਰਗੀ ਹੋਵੇ। ਬਿਜਲੀ ਦੀ ਹਰ ਲਿਸ਼ਕ ਵਖਰੀ ਹੁੰਦੀ ਹੈ।

ਸ੍ਰਿਸ਼ਟੀ ਦਾ ਅਘੜ ਦੁਘੜ ਕਿਸੇ ਲੈ ਵਿਚ ਬੱਝਿਆ ਹੋਇਆ ਹੈ। ਤੇ ਕੁਲਵੰਤ ਦੀ ਕਵਿਤਾ ਵੀ। ਇਹਦੇ ਸ਼ਬਦਾਂ ਵਿਚ ਅਰਥਾਂ ਨਾਲੋਂ ਲੈ ਵਧੇਰੇ ਹੈ। ਖਿੰਡੀਆ ਚੀਜਾਂ ਦੀ ਲੈਅ ਅਨੁਭਵ ਕਰਨ ਲਈ ਕੋਈ ਕਾਵਿ ਸ਼ਾਸਤਰ ਨਹੀਂ ਬਣਿਆ।
ਪ੍ਰੋ: ਕੁਲਵੰਤ ਸਿੰਘ ਗਰੇਵਾਲ ਮੇਰੇ ਵਰਗੇ ਅਨੇਕ ਸਾਹਿੱਤ ਸਿਰਜਕਾਂ ਲਈ ਨਿਰੰਤਰ ਪ੍ਰੇਰਨਾ ਦਾ ਸਰੋਤ ਸਨ। -ਗੁਰਭਜਨ ਗਿੱਲ

ਤੇਰਾ ਅੰਬਰਾਂ 'ਚ ਨਾਂ ਲਿਖਿਆ : ਕੁਲਵੰਤ ਸਿੰਘ ਗਰੇਵਾਲ

Tera Ambran 'Ch Naan Likhia : Kulwant Singh Grewal

  • ਜੇ ਤੂੰ ਚੰਨ ਵਸਾਖ ਦਾ
  • ਤੇਰਾ ਅੰਬਰਾਂ ‘ਚ ਨਾਂ ਲਿਖਿਆ (ਮਾਹੀਆ)
  • ਰਾਵੀ ਰਾਵੀ ਰਾਵੀ - 1947
  • ਮਾਂ ਦਾ ਗੀਤ
  • ਰੱਬਾ ਮੇਰੀ ਕੱਚਿਆਂ ਦੇ ਨਾਲ ਜੋੜ-ਕਾਫ਼ੀ
  • ਗੀਤਾਂ ਦੇ ਬੇੜੇ
  • ਕੀ ਚੰਨ ਦਾ ਸਿਰਨਾਵਾਂ
  • ਅੱਖਰਾਂ ਦੀਏ ਲੋਏ
  • ਬਿਨ ਸ਼ਬਦ ਘਣਹਰ ਗੱਜਦਾ
  • ਗਾ ਜਿੰਦੇ ਸੁਖਨ ਘਰ ਆਇਆ-ਇਕ ਸੁਪਨਾ
  • ਸ਼ਾਇਰ ਤੇ ਮਿੱਟੀ ਦੋ ਨਹੀਂ
  • ਮੇਰੀਏ ਜਿੰਦੇ !
  • ਗ਼ਜ਼ਲ
  • ਗ਼ਜ਼ਲ
  • ਕਦੇ ਕਦੇ ਯਾਦ ਆਵੇਂ
  • ਗੀਤ
  • ਅਲਫ਼, ਲਾਮ, ਮੀਮ
  • ਗੀਤ
  • ਕੀ ਪੁੱਛੇਂ ਪਿਪਲੀ ਦੀਏ ਵਾਏ - 1984
  • ਬਾਣ ਗੀਤ ਦਾ ਮਾਰੇ
  • ਸੁਣ ਹੁਸਨਾਂ ਦਿਆ ਪਾਣੀਆਂ
  • ਸੌਣ ਸਹੇਲੀ
  • ਆਈ ਧਰਤੀ ਚੱਲਕੇ
  • ਫੁੱਲਾਂ ਦੇ ਸੁਰਤਾਲ
  • ਕੀ ਕੀ ਰੋਗ ਸਹੇੜੇ
  • ਆਈਆਂ ਪੌਣਾਂ ਕਾਨ੍ਹਾ-ਗੀਤ
  • ਸੁੰਨਾ ਤਖ਼ਤ ਵਿਜੋਗ ਦਾ
  • ਇਕ ਤੂੰ ਨਾ ਸਾਨੂੰ ਮਾਰ
  • ਦੋ ਕਣੀਆਂ
  • ਕਦ ਖਿੜਿਆ ਚੰਬਾ
  • ਲਾਲੀ ਜੀ ਦੇ ਘਰ ਕੋਲੋਂ ਲੰਘਦਿਆਂ
  • ਗੀਤ : ਸੂਈ ਗਰਾਂ ਦੇ ਨਾਂ ਜਾਈਂ
  • ਮੇਰਾ ਸੁਹਣਾ ਸ਼ਹਿਰ ਪਟਿਆਲਾ ਨੀ
  • ਦੋ ਬੋਲ- ਪਟਿਆਲਾ
  • ਭਗਵਾਂ ਵਗੇ ਦਰਿਆ ਭਲਾ
  • ਜਿਊਂਦੇ ਯਾਰਾਂ ਨੂੰ ਖ਼ਾਕ ਨਸੀਬ ਹੋਈ-ਇਕ ਮਨਬਚਨੀ*
  • ਕੋਇਲ ਕੂਕੇ ਰਾਤ ਨੂੰ
  • ਚਾਨਣੀ ਪਹਾੜ ਦੀ
  • ਤੇਰਾ ਅੰਬਰਾਂ 'ਚ ਨਾਂ ਲਿਖਿਆ : ਕੁਲਵੰਤ ਸਿੰਘ ਗਰੇਵਾਲ