Laasaan : Dr Harbhajan Singh
ਲਾਸਾਂ : ਡਾ. ਹਰਿਭਜਨ ਸਿੰਘ
ਇਹ ਕੌਣ ਮੇਰੇ ਮਨ ਆਇਆ ਕਾਲੀ ਰਾਤ ਨੂੰ ਬੰਸੀ ਨੇ ਡੰਗਿਆ ਕਿਸੇ ਗੀਤ ਸਾਨੂੰ ਹਥ ਲਾਇਆ ਮੇਰੇ ਖ਼ੂਨ 'ਚ ਸੂਰਜ ਚੜ੍ਹਿਆ ਜਿਸ ਮਨ ਮੱਥਾ ਰੁਸ਼ਨਾਇਆ ਮੇਰੀ ਟਹਿਣੀ ਟਹਿਣੀ ਪੰਛੀ ਜਿਨ੍ਹਾਂ ਹਰ ਹਰ ਗੁਣ ਗਾਇਆ
1. ਅਹਿ ਇਕ ਤਾਰਾ ਹੋਰ
ਅਹਿ ਇਕ ਤਾਰਾ ਹੋਰ ਇਹਦੀ ਜੋਤ ਵਿਲੱਖਣ ਲਿਸ਼ਕਦੀ ਇਹਦੀ ਝਿਲਮਿਲ ਨਵੀਂ ਨਕੋਰ, ਪਰ ਇਹਨੂੰ ਵੀ ਲਖ ਤਾਰਿਆਂ ਦੇ ਪਿੜ ਵਿਚ ਦੇਵੋ ਜੋੜ। ਅਹਿ ਇਕ ਵੱਖਰੀ ਚੀਕ ਸੁੰਞੀ ਜਿਵੇਂ 'ਸਮਾਨ ਵਿਚ ਤੜਫ਼ੇ ਬਿਜਲੀ ਦੀ ਲੀਕ, ਪਰ ਇਹ ਦਰਦਾਂ ਦਾ ਗੀਤ ਹੈ ਗੀਤਾਂ ਵਿਚ ਕਰੋ ਸ਼ਰੀਕ ਮੇਰੀ ਹੰਝੂ ਭਰੀ ਨਿਗਾਹ ਮੇਰੀ ਮਮਤਾ ਦੀ ਇਹ ਵਿਲਕਣੀ ਦੁਖ ਭੁਖ ਦੀ ਤਰਲ ਗਵਾਹ, ਪਰ ਇਹਨੂੰ ਵੀ ਯੁਗ-ਹੰਝੂਆਂ ਦੀ ਪੰਗਤ ਦਿਉ ਬਿਠਾ ।
2. ਸਿੰਜਿਆ ਨੀ ਸਾਡੀ ਧਰਤੀ ਨੂੰ ਸਿੰਜਿਆ
ਸਿੰਜਿਆ ਨੀ ਸਾਡੀ ਧਰਤੀ ਨੂੰ ਸਿੰਜਿਆ ਸਰਘੀ ਦੀ ਨਿੰਮ੍ਹੀ ਨਿੰਮ੍ਹੀ ਲੋਅ ਸਿੰਮੀ ਸਿੰਮੀ ਨੀ ਸਾਡੇ ਘਾਵਾਂ ਦੇ ਪੋਟਿਆਂ ਚੋਂ ਭਿੰਨੀ ਭਿੰਨੀ ਭਿੰਨੀ ਖ਼ੁਸ਼ਬੋ ਹੌਲੇ ਹੌਲੇ ਨੀ ਹਿੱਲੇ ਪੌਣਾਂ ਦੇ ਅੰਗ ਜਾਣ ਪੋਲਾ ਪੋਲਾ ਲਗਰਾਂ ਨੂੰ ਛੋਹ ਕਿਹੜਾ ਦੁਖ ਨੀ ਏਸ ਤੂਤਾਂ ਦੇ ਬੂਟੜੇ ਨੂੰ ਕੋਈ ਕੋਈ ਪੱਤਾ ਪਵੇ ਹੋ ? ਉੱਗੀ ਉੱਗੀ ਨੀ ਪਾਰ ਲਵੀ ਲਵੀ ਧੁੱਪ ਜਿਵੇਂ ਮਨ ਵਿਚ ਮਿੱਠਾ ਮਿੱਠਾ ਮੋਹ ਹਸੂੰ ਹਸੂੰ ਨੀ ਵੇਖ ਪਾਰ ਦੇ 'ਸਮਾਨ ਉਹਨਾਂ ਕਾਲਖਾਂ ਨੂੰ ਸੁੱਟਿਆ ਈ ਦੋ ਸੂਰਜੇ ਦਾ ਮੁਖ ਸਾਨੂੰ ਨਜ਼ਰ ਨ ਆਵੇ ਵਿਚ ਪਰਬਤ ਰਿਹਾ ਏ ਖਲੋ ਔਸ ਪਾਰ ਧੁੱਪੜੀ ਤੇ ਐਸ ਪਾਰ ਛਾਂ ਸਾਡੀ ਜਿੰਦੜੀ ਨੂੰ ਪੈਂਦੀ ਊ ਖੋਹ ਏਹੋ ਦੁਖ ਨੀ ਏਸ ਤੂਤਾਂ ਦੇ ਬੂਟੜੇ ਨੂੰ ਕੋਈ ਕੋਈ ਪੱਤਾ ਪਵੇ ਰੋ ।
3. ਵੇਖੋ ਜੀ ਮੇਰੇ ਕਾਲੇ ਕਾਲੇ ਕੇਸ
ਵੇਖੋ ਜੀ ਮੇਰੇ ਕਾਲੇ ਕਾਲੇ ਕੇਸ ਅਜ ਵੀ ਕਾਲੇ, ਕਲ੍ਹ ਵੀ ਕਾਲੇ, ਕਾਲੇ ਰਹਿਣ ਹਮੇਸ਼ ਵੇਖੋ ਜੀ ਕੇਸ ਭੁਲਾਇਆ ਰੰਗ ਬਦਲਣ ਦਾ ਢੰਗ ਵੇਖੋ ਜੀ ਉਮਰ-ਨਾਗ ਦਾ ਗਿਆ ਅਞਾਈਂ ਡੰਗ ਵੇਖੋ ਜੀ ਨੈਣਾਂ ਪੀ ਲਿਆ ਅਮਰ-ਜੋਤਨਾ-ਜਾਮ ਵੇਖੋ ਜੀ ਅੰਬਰ ਕੁੱਛੜ ਹੁਣ ਨਾ ਖੇਡੋ ਸ਼ਾਮ ਵੇਖੋ ਜੀ ਸਾਲ ਦੇ ਪੈਰੀਂ ਬੁਝ ਬੁਝ ਗਏ ਪਹਾੜ ਵੇਖੋ ਜੀ ਮਿੱਟੀ ਨੂੰ ਵੀ ਬੇਰੁੱਤ ਚੜ੍ਹੇ ਬੁਖ਼ਾਰ ਵੇਖੋ ਜੀ ਜੋਬਨ ਆਖੇ ਜੋਬਨ ਰਹੂ ਹਮੇਸ਼ ਵੇਖੋ ਜੀ ਮੇਰੇ ਕਾਲੇ ਕਾਲੇ ਕੇਸ । ਰੋਕ ਲਏ ਸੂਰਜ ਘੋੜੇ ਪਹੁੰਚ ਕੇ ਸਿਖਰ ਦੁਪਹਿਰ ਵੇਖੋ ਜੀ ਤਾਪ ਚੜ੍ਹਾ ਕੇ ਮੁਕ ਗਈ ਜ਼ਹਿਰ ਦੀ ਜ਼ਹਿਰ ਵੇਖੋ ਜੀ ਟੁਟ ਕੇ ਤਾਰਾ ਟਿਕ ਗਿਆ ਵਿਚ ਖ਼ਲਾ ਵੇਖੋ ਜੀ ਰਾਹੀਆਂ ਦੇ ਵੀ ਮੰਜ਼ਿਲ ਬਣ ਗਏ ਰਾਹ ਵੇਖੋ ਜੀ ਦਿਲ ਜੋਬਨ ਦਾ ਗਿਆ ਮੇਰੇ ਤੇ ਆ ਕਹੇ : ਮੈਂ ਸਾਂਭ ਕੇ ਰੱਖੂੰ, ਇਕ ਇਕ ਤੇਰੀ ਅਦਾ ਵੇਖੋ ਜੀ ਹੁਸਨ ਕਹੇ : ਮੈਂ ਨਹੀਂ ਜਾਣਾ ਪਰਦੇਸ ਵੇਖੋ ਜੀ ਮੇਰੇ ਕਾਲੇ ਕਾਲੇ ਕੇਸ।
4. ਹੇ ਮਹਾਨ ਜ਼ਿੰਦਗੀ, ਨਮਸਕਾਰ, ਨਮਸਕਾਰ
ਹੇ ਮਹਾਨ ਜ਼ਿੰਦਗੀ, ਨਮਸਕਾਰ, ਨਮਸਕਾਰ ਹੈ ਆਸਮਾਂ ਦੇ ਦਿਲ ਵਿਸ਼ਾਲ ਹੇ ਉਸ਼ਾ ਦੀ ਨਵ-ਜਵਾਲ ਸ਼ੌਕ ਜਹੇ ਉੱਠੇ ਹਿਮਾਲ ; ਮੇਰਾ ਵੀ ਦਿਲ ਵਿਸ਼ਾਲ ਕਰ ਮੇਰੇ 'ਚ ਨਵ-ਜਵਾਲ ਭਰ ਮੇਰੇ ਜਵਾਂ ਖ਼ਿਆਲ ਕਰ ਹੇ ਜ਼ਿੰਦਗੀ, ਹੇ ਜ਼ਿੰਦਗੀ, ਮੈਨੂੰ ਦੇ ਜ਼ਿੰਦਗੀ ਦਾ ਪਿਆਰ, ਹੇ ਮਹਾਨ ਜ਼ਿੰਦਗੀ, ਨਮਸਕਾਰ, ਨਮਸਕਾਰ ਹੇ ਸੂਰਜਾਂ ਦੇ ਵਲ ਰਵਾਨ ਪੰਛੀਆਂ ਦੇ ਕਾਰਵਾਨ ਸਾਗਰ ਦੀ ਚਾਹ 'ਚ ਤੇਜ਼ ਚਾਲ ਸਾਉਣ ਦੀ ਨਦੀ ਜਵਾਨ ; ਦੇ ਦੇ ਮੈਨੂੰ ਪਰ ਜਵਾਨ ਦਿਲ ਨੂੰ ਕਰ ਦੇ ਸ਼ੌਕਵਾਨ ਜ਼ਿੰਦਗੀ ਅਵਾਰਾ ਕਰਦੇ ਮੰਜ਼ਿਲਾਂ ਦੀ ਖੋਜ ਵਿਚ ਤੂੰ ਮੇਰੇ ਅੰਗ ਅੰਗ ਨੂੰ ਬਣਾ ਦੇ ਪੰਛੀਆਂ ਦੀ ਡਾਰ ; ਹੇ ਮਹਾਨ ਜ਼ਿੰਦਗੀ, ਨਮਸਕਾਰ, ਨਮਸਕਾਰ ।
5. ਪਤਝੜ ਦੇ ਫੁੱਲਾ ਪੀਲਿਆ
ਪਤਝੜ ਦੇ ਫੁੱਲਾ ਪੀਲਿਆ ਕੀ ਹੋਇਆ ਤੇਰਾ ਹਾਲ ਵੇ ? ਹੋ ਨਿੰਮੋਝੂਣੀ ਡਿਗ ਪਈ ਕਿਉਂ ਆਸ ਤੇਰੀ ਦੀ ਡਾਲ ਵੇ ? ਤੇ ਲਾਲੀ ਤੇਰੇ ਸੁਹਾਗ ਦੀ ਤੁਰ ਗਈ ਕਿਸ ਰਾਹੀ ਨਾਲ ਵੇ ? ਕੀ ਤੇਰੀ ਜਾਦੂ ਮਹਿਕ ਤੋਂ ਵੀ ਮਾਹੀ ਗਿਆ ਨ ਕੀਲਿਆ ? ਕੀ ਤੈਨੂੰ ਕਿਸੇ ਨ ਗੌਲਿਆ ? ਕਿਸੇ ਸੋਹਣੀ ਸੇਜ ਸੁਹਾਗ ਦੀ ਤੇ ਵਿਛਿਓਂ ਤੂੰ ਨ ਹੋਲਿਆ ? ਧਰ ਧਰ ਕੇ ਛਾਬੇ ਹਿੱਕ ਦੇ ਕੀ ਤੈਨੂੰ ਕਿਸੇ ਨੇ ਤੋਲਿਆ ? ਕੀ ਤੇਰੇ ਮਹਿੰਦੀ ਹੁਸਨ ਨੂੰ ਏਸੇ ਹੀ ਚਿੰਤਾ ਪੀ ਲਿਆ ? ਜਾਂ ਤਕ ਕੰਡਿਆਂ ਦੀ ਵਾੜ ਵੈ ਤੈਨੂੰ ਨਾ ਡਰ ਕੇ ਤੋੜਿਆ ਤੈਥੋਂ ਵੀ ਨਾਜ਼ੁਕ ਨਾਰ ਵੇ ? ਜਾਂ ਸੂਲਾਂ ਤੋਂ ਡਰਦਾ ਰਹਿਓਨ ਬਣਿਓਂ ਨ ਗਲ ਦਾ ਹਾਰ ਵੇ ? ਜਾਂ ਤਕ ਕੇ ਸੁਹਣਪ ਛੈਲ ਦਾ, ਸ਼ਰਮਾਂ ਬੁਲ੍ਹਾਂ ਨੂੰ ਸੀ ਲਿਆ ? ਕੁਲਾ ਜਿਹਾ ਤੇਰਾ ਸਰੀਰ ਵੇ ਸੂਲਾਂ ਤੇ ਡਿਗ ਕੇ ਸੋਹਣਿਆਂ ਹੋਵੀਂ ਨਾ ਲੀਰੋ ਲੀਰ ਵੇ ਨਾ ਡਿਗ ਧਰਤੀ ਦੀ ਹਿੱਕ ਤੇ ਹੋਵੇਗੀ ਬਹੁਤੀ ਪੀੜ ਵੇ; ਮੇਰੇ ਨੈਣਾਂ ਚੋਂ ਹੰਝੂਆ ਧਰਤੀ ਤੇ ਡਿਗ ਡਿਗ ਕੀ ਲਿਆ ?
6. ਕਲ੍ਹ ਸੀ ਕਿਤੇ ਕਿਤੇ ਕੋਈ ਤਾਰਾ
ਕਲ੍ਹ ਸੀ ਕਿਤੇ ਕਿਤੇ ਕੋਈ ਤਾਰਾ, ਜਿਵੇਂ ਦੈਂਤ ਦੇ ਪਿੰਡੇ ਉੱਤੇ ਕਿਤੇ ਕਿਤੇ ਅੰਗਿਆਰਾ। ਲਖ ਲਿਸ਼ਕਾਂ ਨ੍ਹੇਰੇ ਦੇ ਕਾਲੇ ਖੂਹਾਂ ਵਿਚ ਡੁੱਬ ਮੋਈਆਂ, ਲੱਖ ਬਲੌਰੀ ਬੂੰਦਾਂ ਮਾਰੂ ਰੇਤ 'ਚ ਚੁਰ-ਮੁਰ ਹੋਈਆਂ ਸੰਘਣੇ ਬਦਲਾਂ ਵਿਚ ਖੁਰ ਮੋਇਆ, ਲਖ ਬਿਜਲੀ ਲਿਸ਼ਕਾਰਾ। ਕਲ੍ਹ ਸੀ ਕਿਤੇ ਕਿਤੇ ਕੋਈ ਤਾਰਾ। ਕਦੀ ਕਦੀ ਨ੍ਹੇਰੇ ਵਿਚ ਜਗਮਗ ਖੰਜਰ ਕੋਈ ਚੁਭਾਏ; ਕਦੇ ਕਿਸੇ ਮਾਸੂਮ ਦਾ ਹੰਝੂ ਚਿਣਗ–ਰੰਗ ਬਣ ਜਾਏ ; ਜਾਬਰਵਾਣੀ ਨੇ ਥਥਲਾਈਆਂ ਪਥਰਾਈਆਂ ਸਭ ਜੀਭਾਂ ; ਕਦੇ ਕਿਸੇ ਪੱਥਰ ਵਿਚ ਤ੍ਰਭਕੇ ਸੁੱਤਾ ਹੋਇਆ ਸ਼ਰਾਰਾ। ਕਲ੍ਹ ਸੀ ਕਿਤੇ ਕਿਤੇ ਕੋਈ ਤਾਰਾ । ਨਿੱਕੇ ਮੋਟੇ ਲੱਖਾਂ ਤਾਰੇ ਅੰਬਰ ਵਿਚ ਉਗ ਆਏ ; ਜਿਵੇਂ ਜ਼ਿੰਦਗੀ ਮੌਤ-ਨਾਗ ਤੇ ਰਜ ਰਜ ਡੰਗ ਚਲਾਏ ; ਲੂੰ ਲੂੰ ਪੁੜੀਆਂ ਅੱਗ ਦੀਆਂ ਨੋਕਾਂ, ਹੋਇਆ ਦੈਂਤ ਨਕਾਰਾ ਅਜ ਹੈ ਅੰਬਰ ਜਗਮਗ ਸਾਰਾ । ਕਲ੍ਹ ਸੀ ਕਿਤੇ ਕਿਤੇ ਕੋਈ ਤਾਰਾ, ਅੱਜ ਹੈ ਅੰਬਰ ਜਗਮਗ ਸਾਰਾ।
7. ਤੇਰੀ ਖ਼ਾਤਿਰ ਮੈਂ ਸਾਲਾਂ ਨੂੰ
ਤੇਰੀ ਖ਼ਾਤਿਰ ਮੈਂ ਸਾਲਾਂ ਨੂੰ ਕਰਨਾ ਚਹਾਂ ਜਵਾਨੀ, ਕਾਸ਼, ਸਮੁੰਦਰ-ਹਸਤੀ ਬਣ ਜਾਏ ਹੁਸਨ ਦਾ ਤੁਬਕਾ ਪਾਣੀ ; ਜਗ-ਜੀਵਨ ਦੀ ਸਾਰੀ ਧੜਕਣ ਇਕ ਪਲ ਤੜਪ ਵਿਖਾਵੇ, ਉਮਰ-ਸ਼ਮ੍ਹਾਂ ਇਕ ਦਏ ਭਮਾਕਾ, ਫਿਰ ਭਾਵੇਂ ਬੁਝ ਜਾਵੇ ; ਇਕ ਵਾਰੀ ਦਿਲ ਵਿਚ ਦਰਦ ਵਸਾ ਕੇ, ਪਾਟ ਪਵੇ ਇਹ ਸੀਨਾ, ਮਹਾ-ਉਮਰ ਦਾ ਇਕ ਪਲ ਕਾਫ਼ੀ, ਕੀ ਵਰ੍ਹਿਆਂ ਦਾ ਜੀਣਾ !
8. ਨੀਂਦ ਮੇਰੀ ਅਧਵਾਟਿਓਂ ਟੁੱਟੀ
ਨੀਂਦ ਮੇਰੀ ਅਧਵਾਟਿਓਂ ਟੁੱਟੀ ਤਾਰਿਆਂ ਦੀ ਨਿੰਮ੍ਹੀ ਨਿੰਮ੍ਹੀ ਛਾਂ ; ਜੀਕਣ ਪ੍ਰੀਤ ਦੁਚਿੱਤੀਆਂ ਦੀ ਮਾਰੀ ਸੱਜਣਾਂ ਦੀ ਹਾਂ ਨਾ ਨਾਂਹ। ਨੀਂਦ ਦੀ ਕਾਲੀ ਭੋਂ ਵਿਚ ਖਿੜਿਆ ਸੁਫਨੇ ਦਾ ਮਘਦਾ ਫੁੱਲ ਜਿੰਦ ਮੇਰੀ ਦੀ ਮੱਸਿਆ 'ਚ ਹੱਸ ਪਏ ਸਰਘੀ ਦੇ ਸੂਹੇ ਬੁੱਲ੍ਹ ਹਿਕੜੀ ਚੋਂ ਡੁਲ੍ਹ ਡੁੱਲ੍ਹ ਪੈਣ ਸੁਗੰਧਾਂ ਰੋਕਿਆਂ ਨ ਰੋਕ ਸਕਾਂ । ਸੁਫਨੇ ਦੇ ਟਾਹਣੋਂ, ਜਿੰਦ ਦਾ ਪੱਤਾ ਟੁਟ ਕੇ ਪਿਆ ਜ਼ਮੀਨ ਧਰਤੀ 'ਚ ਲਿਸ਼ਕਾਂ ਦੇ ਨਿੱਕੇ ਨਿੱਕੇ ਕਿਣਕੇ ਨ੍ਹੇਰਿਆਂ ਦੇ ਰੋੜ ਮਹੀਨ ਨੈਣ ਉਮਰ ਦੇ ਓੜਕ ਛਿੱਜੇ ਚੁਗ ਚੁਗ ਰੋੜ ਮਣਾਂ। ਧਰਤੀ ਤੇ ਨ੍ਹੇਰੇ, ਨ੍ਹੇਰਿਆਂ 'ਚ ਅੱਖੀਆਂ ਚਮਕਣ ਵਲ ਅਗਾਸ ਅਰਸ਼ਾਂ ਤੇ ਨ੍ਹੇਰੇ, ਨ੍ਹੇਰਿਆਂ 'ਚ ਤਾਰੇ ਹੰਝੂਆਂ ਵਾਂਙ ਉਦਾਸ ਜਿਹੜੀ ਕੁੱਖੋਂ ਜੰਮਣਾ ਏ ਕਿਰਨਾਂ ਦਾ ਰਾਜਾ ਉਹ ਕੁੱਖ ਕਿਹੜੀ ਥਾਂ ? ਨੀਂਦ ਮੇਰੀ ਅਧਵਾਟਿਓਂ ਟੁੱਟੀ ਤਾਰਿਆਂ ਦੀ ਨਿੰਮ੍ਹੀ ਨਿੰਮ੍ਹੀ ਛਾਂ; ਜੀਕਣ ਪ੍ਰੀਤ ਦੁਚਿਤੀਆਂ ਦੀ ਮਾਰੀ ਸੱਜਣਾਂ ਦੀ ਹਾਂ ਨਾ ਨਾਂਹ।
9. ਅੰਬਰ ਤੋਂ ਉਚੇਰਾ ਵੀ
ਅੰਬਰ ਤੋਂ ਉਚੇਰਾ ਵੀ ਤਾਂ ਇਕ ਹੋਰ ਹੈ ਅੰਬਰ ਜੱਲਾਦ ਦੇ ਖੰਜਰ 'ਚ ਲੁਕੀ ਬੈਠਾ ਹੈ ਖ਼ੰਜਰ ? ਆਕਾਰ ਦੀ ਦੁਨੀਆਂ ਤੋਂ ਪਰ੍ਹਾਂ ਹੋਰ ਵੀ ਥਾਂ ਹੈ ਹਰ ਜੀਭ ਦੇ ਹੇਠਾਂ ਵੀ ਤਾਂ ਇਕ ਹੋਰ ਜ਼ਬਾਂ ਹੈ ਤੂੰ ਦੂਸਰਾ ਅੰਬਰ, ਤੂੰ ਦੂਸਰਾ ਖ਼ੰਜਰ ਤੂੰ ਦੂਜਾ ਜਹਾਂ ਹੈਂ ਤੂੰ ਦੂਜੀ ਜ਼ਬਾਂ ਹੈਂ ਮਸਤ ਨਹੀਂ ਹੈਂ, ਝੂਠਾ ਏ ਤੇਰਾ ਲੋਰ ਨੈਣਾਂ ਦਾ ਖ਼ੁਦਾ ਹੋਰ, ਤੇਰੇ ਦਿਲ ਦਾ ਖ਼ੁਦਾ ਹੋਰ ਅੱਲਾ ਦੀ ਕਸਮ ਬੇੜੀ ਦਾ ਨੁਕਸਾਨ ਨ ਹੁੰਦਾ ਤੂਫਾਨ ਦੀ ਤਹਿ ਹੇਠ ਜੇ ਤੂਫ਼ਾਨ ਨ ਹੁੰਦਾ ।
10. ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ
ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ, ਵੇ ਕਾਲਖਾਂ 'ਚ ਤਾਰਿਆਂ ਦੀ ਡੁਬ ਗਈ ਸਵੇਰ ; ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ੍ਹ, ਵੇ ਖਿੰਡ ਗਈਆਂ ਮਹਿਫ਼ਲਾਂ ਤੇ ਛਾ ਗਈ ਉਜਾੜ ; ਵੇ ਜ਼ਿੰਦਗੀ ਖ਼ਮੋਸ਼, ਬੇਹੋਸ਼ ਕਾਇਨਾਤ । ਹੈ ਖੂਹਾਂ ਵਿਚ ਆਦਮੀ ਦੀ ਜਾਗਦੀ ਸੜ੍ਹਾਂਦ, ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ ; ਵੇ ਸੀਤ ਨੇ ਮੁਆਤੇ ਤੇ ਗ਼ਸ਼ ਹੈ ਜ਼ਮੀਨ, ਵੇ ਸੀਨਿਆਂ 'ਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ ; ਵਿਹਲਾ ਹੋ ਕੇ ਸੌਂ ਗਿਆ ਏ ਲੋਹਾ ਅਸਪਾਤ । ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨ ਕੇਰ, ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ ; ਹਮੇਸ਼ ਨਹੀਂ ਕੁੱਦਣਾ ਮਨੁੱਖ ਨੂੰ ਜਨੂੰਨ, ਹਮੇਸ਼ ਨਹੀਂ ਡੁੱਲ੍ਹਣਾ ਜ਼ਮੀਨ ਉੱਤੇ ਖ਼ੂਨ ; ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਙ ਰਾਤ । ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ ।
11. ਤੇਰੇ ਹੀ ਹੁਸਨ ਦਾ ਸਦਕਾ
ਤੇਰੇ ਹੀ ਹੁਸਨ ਦਾ ਸਦਕਾ ਹਸੀਨ ਮੇਰੀ ਨਿਗਾਹ, ਤੇਰੇ ਹੀ ਸੱਚੇ 'ਚ ਢਲਿਆ ਹੈ ਲਗਦਾ ਸਾਰਾ ਜਹਾਨ ; ਤੇਰੀ ਹੀ ਸਰਘੀ 'ਚ ਰੰਗਿਆ ਗਿਆ ਹੈ ਮੇਰਾ ਅਕਾਸ਼, ਮੈਂ ਜਿਹੜੀ ਝੀਲ 'ਚ ਝਾਕਾਂ ਉਹੋ ਹੀ ਸਰਘੀ ਸਮਾਨ ; ਹਰੇਕ ਨੈਣ 'ਚ ਤਕਦਾ ਹਾਂ, ਜਾਨ, ਤੇਰਾ ਹੀ ਗ਼ਮ, ਤੂੰ ਛਾ ਗਈ ਏਂ ਜ਼ਮਾਨੇ ਤੇ ਬਣ ਕੇ ਜੋਤਿ ਪਰਮ । ਪਰ ਇਹ ਕੀ ਜਾਦੂ, ਮੈਂ ਅੰਗਾਂ ਨੂੰ ਅੰਗੀਕਾਰ ਨਹੀਂ, ਤੇਰੇ ਅਕਾਰ ਦੇ ਪਿੱਛੇ ਤੇਰਾ ਪਿਆਰ ਨਹੀਂ ; ਉਹੋ ਹੀ ਨੈਣ ਨੇ ਖ਼ੁਮਦਾਰ ਸ਼ਰਮਸਾਰ ਨੇ ਕਿਉਂ ? ਤੇ ਰੇ ਹੀ ਬਾਜ਼ੂ ਨੇ ਬੇਸ਼ਕ ਇਹ ਬਿਨ ਉਲਾਰ ਨੇ ਕਿਉਂ ? ਮੇਰੀ ਤਾਂ ਓਦਾਂ ਹੀ ਤੁਧ ਬਿਨ ਹੈ ਜਾਨ ਤਰ੍ਹਿਆਈ, ਤੇਰੀ ਨਜ਼ਰ 'ਚ ਕਿਉਂ ਪਹਿਲੀ ਨ ਮਿਹਰ ਭਰ ਆਈ ? ਉਮਰ ਦੇ ਗ਼ਮ ਨੂੰ ਤੇਰੇ ਪਾਸ ਕੀ ਦੋ ਬੋਲ ਨਹੀਂ ? ਹੇ ਰੂਪ-ਦੇਵੀ ਮੁਹੱਬਤ ਕਿਉਂ ਤੇਰੇ ਕੋਲ ਨਹੀਂ ? ਮੈਂ ਚਸ਼ਮੇ ਸਾਹਵੇਂ ਤਿਹਾਇਆ ਮਰਾਂ, ਦੁਹਾਈ ਹੈ ! ਬਣਾਉਣ ਵਾਲੇ ਨੇ ਕਿਸਮਤ ਵੀ ਕੀ ਬਣਾਈ ਹੈ ! ਜਬਰ ਨਸੀਬ ਦਾ ਟੁੱਟੇ ਗ਼ਮਾਂ ਨੂੰ ਸਾਹ ਮਿਲੇ, ਤੇਰੇ ਮਿਲਨ ਤੋਂ ਵੀ ਪਹਿਲਾਂ ਮਿਲਨ ਦਾ ਰਾਹ ਮਿਲੇ । ਤੇਰੀ ਲਗਨ 'ਚ ਹੀ ਤੈਨੂੰ ਵਿਸਾਰ ਦੇਵਾਂਗਾ ਮੈਂ, ਤੂੰ ਹੁਸਨ ਦਿਤਾ ਏ ਜਗ ਨੂੰ ਪਿਆਰ ਦੇਵਾਂਗਾ ਮੈਂ।
12. ਪਿੰਡੇ ਤੇ ਪਾ ਦੇ ਲਾਸ
ਪਿੰਡੇ ਤੇ ਪਾ ਦੇ ਲਾਸ ਵੇ ਮਾਹੀਆ ਹਿਕੜੀ 'ਚ ਪਾ ਦੇ ਲਾਸ, ਬੁੱਲ੍ਹੀਆਂ ਨੂੰ ਲਾ ਦੇ ਪਿਆਸ ਵੇ ਮਾਹੀਆ, ਜ਼ਿੰਦੜੀ ਨੂੰ ਲਾ ਦੇ ਪਿਆਸ । ਤੜਪ ਤੜਪ ਮੇਰਾ ਜੋਬਨ ਕਰਦੇ ਹਉਕੇ ਕਰ ਅੰਗਿਆਰ, ਇਕ ਵਾਰੀ ਲਾ ਕੇ ਨੈਣ ਵੇ ਮਾਹੀਆ ਮਨੋਂ ਦੇ ਸਾਨੂੰ ਵਿਸਾਰ, ਤੁਰ ਜਾ ਵੇ ਪਰਦੇਸ ਨੂੰ ਚੰਨਿਆਂ, ਇਕ ਵਾਰੀ ਬਹਿ ਕੇ ਪਾਸ। ਦੇਣਾ ਈਂ ਦੇ ਦੇ ਫ਼ਿਰਾਕ ਦਾ ਜੀਵਨ ਲੂੰ ਲੂੰ 'ਚ ਭਰ ਦੇ ਭਾਲ, ਯਾਦਾਂ ਭਰੀ ਸਿਆਲ ਵੇ ਮਾਹੀਆ ਪੈਂਡਿਆਂ ਭਰੀ ਹੁਨਾਲ, ਇਕ ਵਾਰੀ ਮੰਨ ਕੇ, ਭੁਲ ਜਾ ਵੇ ਚੰਨਿਆਂ ਮੁੜ ਮੰਨਣੀ ਅਰਦਾਸ । ਮੰਨਿਆਂ ਕਿ ਤੇਰਾ ਰੂਪ ਛਲਾਵਾ ਪਿਆਰ ਵੀ ਤੇਰਾ ਕੂੜ, ਦੇ ਸਾਡੀ ਤਕਦੀਰ ਨੂੰ ਮਾਹੀਆ ਕਦਮਾਂ ਦੀ ਕਿਣਕਾ ਧੂੜ, ਬਿਰਹੋਂ ਦੀ ਝੋਲੀ ਕੁਲ ਚੰਨ-ਤਾਰੇ ਲਿਸ਼ਕਾਂ ਦੀ ਸਾਰੀ ਰਾਸ । ਪਿੰਡੇ ਤੇ ਪਾ ਦੇ ਲਾਸ ਵੇ ਮਾਹੀਆ ਹਿਕੜੀ 'ਚ ਪਾ ਦੇ ਲਾਸ ।
13. ਮੈਂ ਧਰਤੀ ਦੁਖਿਆਰੀ ਵੇ ਬੰਦਿਆ
ਮੈਂ ਧਰਤੀ ਦੁਖਿਆਰੀ ਵੇ ਬੰਦਿਆ ਮੈਂਡਾ ਵੀ ਕੁਝ ਖ਼ਿਆਲ ਵੇ ਇਕ ਕਿਣਕਾ ਜੇ ਅੱਖੀਆਂ ਨੂੰ ਚੁੰਮੇ ਰੋ ਰੋ ਹੋਏਂ ਬੇਹਾਲ ਵੇ ਇਕ ਕਿਣਕਾ ਤੈਂਡੀ ਸੇਜ ਵਿਛਾਵਾਂ ਨੀਂਦ ਨ ਬਣੇ ਭਿਆਲ ਵੇ ਇਕ ਕਿਣਕਾ ਤੈਂਡੇ ਸ਼ਰਬਤ ਘੋਲਾਂ ਸਭ ਕੁਝ ਦਏਂ ਉਗਾਲ ਵੇ ਕੀਕਣ ਜਰਨ ਭਲਾ ਬੁਲ੍ਹ ਮੈਂਡੇ ਰਤ ਤੈਂਡੀ ਦੇ ਖਾਲ ਵੇ ? ਮੈਂ ਧਰਤੀ ਦੁਖਿਆਰੀ ਵੇ ਬੰਦਿਆ ਮੈਂਡਾ ਵੀ ਕੁਝ ਖ਼ਿਆਲ ਵੇ
14. ਇਕ ਵਾਰੀ ਉਠ ਬਹੁ ਵੇ, ਹੀਰਿਆ
ਇਕ ਵਾਰੀ ਉਠ ਬਹੁ ਵੇ, ਹੀਰਿਆ, ਮੈਂ ਸਦਕੇ, ਮੈਂ ਵਾਰੀ । ਤੇਰਾ ਰਾਹ ਨਾ ਰੋਕਾਂ ਵੇ, ਹੀਰਿਆ, ਮੈਂ ਤੇਰੇ ਸੰਗ ਨ ਜਾਣਾ ਮੇਰੇ ਬੜੇ ਖਲੇਰੇ ਵੇ, ਹੀਰਿਆ, ਗੁੰਝਲਾਂ 'ਚ ਪੇਟਾ ਤਾਣਾ ਮੇਰਾ ਤਰਲਾ, ਦੇ ਜਾ ਵੇ, ਹੀਰਿਆ, ਇਕ ਅਧ ਗੱਲ ਉਧਾਰੀ ; ਕਰ ਏਡ ਨ ਕਾਹਲੀ ਵੇ, ਹੀਰਿਆ, ਮੈਂ ਸਦਕੇ, ਮੈਂ ਵਾਰੀ । ਸਾਡਾ ਸਾਥ ਚਿਰਾਕਾ ਵੇ, ਹੀਰਿਆ, ਪਰ ਜਾਂਦੇ ਸਭ ਕੱਲੇ ਜਰ ਜਾਊਂ ਵਿਛੋੜਾ ਵੇ, ਹੀਰਿਆ, ਦੇਹ ਸਦਾ ਸਭ ਝੱਲੇ ਕੀ ਉਮਰ ਦੀ ਮਿਹਨਤ ਦਾ, ਹੀਰਿਆ, ਮੁੱਲ ਇਕ ਗੱਲ ਵੀ ਭਾਰੀ ; ਇੰਜ ਮੋੜ ਨ ਅੱਖੀਆਂ, ਹੀਰਿਆ, ਮੈਂ ਸਦਕੇ ਮੈਂ ਵਾਰੀ । ਰੁੱਤ ਉਮਰ ਦੀ ਕੌੜੀ ਵੇ, ਹੀਰਿਆ, ਰੋ ਰੋ ਅਸਾਂ ਲੰਘਾਈ ਦੇਹ ਮੁੜਕੇ 'ਚ ਗੁੰਨ੍ਹ ਕੇ ਵੀ, ਹੀਰਿਆ, ਹੰਝੂ ਸਾਡ ਕਮਾਈ ਅੱਜ ਹੰਝੂ ਨ ਨੈਣੀਂ ਵੇ, ਹੀਰਿਆ, ਨੈਣੀਂ ਅੱਜ ਚਿੰਗਿਆੜੀ ; ਸਾਨੂੰ ਇਕ ਗੱਲ ਦਸੇ ਜਾ ਵੇ, ਹੀਰਿਆ, ਮੈਂ ਸਦਕੇ ਮੈਂ ਵਾਰੀ । ਮੈਂ ਇਹ ਨਾ ਪੁੱਛਦੀ ਵੇ, ਹੀਰਿਆ, ਕਿੰਜ ਇਹ ਭਾਣਾ ਹੋਇਆ ? ਤੇਰੇ ਕਿਹੜੇ ਵੈਰੀ ਵੇ, ਹੀਰਿਆ, ਬਰਛੇ 'ਚ ਬੁੱਤ ਪਰੋਇਆ ? ਤੇਰੀ ਰੁੱਤ 'ਚ ਰੰਗੀ ਵੇ, ਹੀਰਿਆ, ਕਿੱਥੇ ਕਿੱਥੇ ਭੋਂ ਦੁਖਿਆਰੀ ; ਮੇਰੀ ਅਰਜ ਨਗੂਣੀ ਵੇ, ਹੀਰਿਆ, ਮੈਂ ਸਦਕੇ ਮੈਂ ਵਾਰੀ । ਮੈਂ ਸਭ ਕੁਝ ਜਾਣਾਂ ਵੇ ਹੀਰਿਆ, ਹੋਣੀ ’ਚਰਜ ਨ ਹੋਈ ਸਾਡੇ ਵੈਰ ਕਦੀਮੀ ਵੇ, ਹੀਰਿਆ, ਸਭ ਅੰਸਾ ਇੰਜ ਮੋਈ ਸਾਡੀ ਰਤ ਵਿਚ ਰੰਗੀ ਵੇ, ਹੀਰਿਆ, ਭੋਂ ਸਾਰੀ ਦੀ ਸਾਰੀ ; ਮੇਰੀ ਅਰਜ ਨ ਮੋੜੀਂ ਵੇ, ਹੀਰਿਆ, ਮੈਂ ਸਦਕੇ ਮੈਂ ਵਾਰੀ । ਉਸ ਬਰਛੇ ਤਿੱਖੇ ਦੀ, ਹੀਰਿਆ, ਕੁਝ ਤਾਂ ਦੱਸ ਨਿਸ਼ਾਨੀ ਕਿਸ ਜ਼ਹਿਰ ਦਾ ਪੀਤਾ ਵੇ, ਹੀਰਿਆ, ਫਣ ਉਹਦੇ ਨੇ ਪਾਣੀ ਰਹੇ ਸਿਰ ਤੇ ਵੈਰੀ ਦੀ, ਹੀਰਿਆ, ਇਕ ਨਾ ਮਿਹਰ ਉਧਾਰੀ ; ਬਸ ਏਨਾ ਹੀ ਦਸ ਜਾ ਵੇ, ਹੀਰਿਆ, ਮੈਂ ਸਦਕੇ ਮੈਂ ਵਾਰੀ ।
15. ਰਾਮਾ, ਨਹੀਂ ਮੁਕਦੀ ਫੁਲਕਾਰੀ
ਮੈਂ ਕਰ ਕਰ ਜਤਨਾਂ ਹਾਰੀ, ਰਾਮਾ, ਨਹੀਂ ਮੁਕਦੀ ਫੁਲਕਾਰੀ । ਲੈ ਕੇ ਲੱਖ ਅਜਬ ਸੁਗਾਤਾਂ, ਸੈਅ ਰੁੱਤ-ਮਹੀਨੇ ਆਏ ; ਕਰ ਉਮਰਾ ਦੀ ਪਰਦੱਖਣਾ, ਸਭ ਤੁਰ ਗਏ ਭਰੇ ਭਰਾਏ ; ਸਾਨੂੰ ਕੱਜਣ ਮੂਲ ਨ ਜੁੜਿਆ, ਸਾਡੀ ਲੱਜਿਆ ਨੇ ਝਾਤ ਨ ਮਾਰੀ ; ਰਾਮਾ, ਨਹੀਂ ਮੁਕਦੀ ਫੁਲਕਾਰੀ । ਜਿੰਦ ਨਿਕੜੀ ਤੇ ਹਾੜ੍ਹ ਮਹੀਨਾ, ਤਨ ਤਪੇ ਪਸੀਨਾ ਚੋਏ ; ਅਸਾਂ ਮਹਿੰਗੇ ਮੂਲ ਦੇ ਮੋਤੀ, ਜਿੰਦ ਪਤਲੀ ਦੇ ਪੱਟ ਪਰੋਏ ; ਇੰਜ ਮਿਹਨਤ ਦੇ ਵਿਚ ਬੀਤੀ ਸਾਡੀ ਖੇਡਣ ਦੀ ਰੁੱਤ ਸਾਰੀ, ਰਾਮਾ ਨਹੀਂ ਮੁੱਕਦੀ ਫੁਲਕਾਰੀ ।
16. ਅਜ ਫਿਰ ਏਦਾਂ ਆਈ ਯਾਦ
ਅਜ ਫਿਰ ਏਦਾਂ ਆਈ ਯਾਦ ਗ਼ਸ਼-ਨ੍ਹੇਰੇ ਦਾ ਸੀਨਾ ਵਿੰਨ੍ਹ ਕੇ ਘੂਕ ਪਏ ਕਾਤਲ ਨੂੰ ਜੀਕਣ ਮਾਰੇ ਵਾਜ ਜਲਾਦ। ਸਦੀਆਂ ਦਾ ਸੁੱਤਾ ਬਿਸੀਅਰ ਜਿਉਂ ਤ੍ਰਭਕੇ, ਡੰਗ ਚਲਾਏ, ਧਰਤ-ਵਿਛੇ ਮੀਨਾਰ ਨੂੰ ਜੀਕਣ ਇਕ ਅੰਗੜਾਈ ਆਏ, ਜਿਉਂ ਸੁੱਤੀ ਨਾਚੀ ਦੇ ਪੈਰੀਂ ਤ੍ਰਭਕੇ ਨਾਚ-ਸੁਆਦ ਅੱਜ ਫਿਰ ਏਦਾਂ ਆਈ ਯਾਦ।
17. ਅਜ ਕਰਦੇ ਸਾਰੀ ਜ਼ਿੰਦਗਾਨੀ
ਅਜ ਕਰਦੇ ਸਾਰੀ ਜ਼ਿੰਦਗਾਨੀ ਉਮਰਾ ਦੇ ਸੈਅ ਬੱਦਲ ਕਾਲੇ, ਸੀਤ ਫੁਹਾਰਾਂ, ਤੇਰੇ ਹਵਾਲੇ ਜੋ ਥਲ ਦੇ ਬੁਲ੍ਹ ਪਹਿਲਾਂ ਚੁੰਮੇ ਦੇ ਗ਼ਮ ਦਾ ਇਕ ਤੁਬਕਾ ਪਾਣੀ । ਹੂੰਝ ਕੇ ਕਿਰਨਾਂ, ਕਿਰਨਾਂ ਵਾਲਾ ਤੁਰ ਗਿਆ, ਤੁਰ ਗਿਆ ਨਾਲ ਉਜਾਲਾ ਧੂੜ ਦੇ ਕਾਲੇ ਲੇਖ ਲਈ ਕਰ ਜਿੰਦ ਮੇਰੀ ਇਕ ਕਿਰਨ ਸੁਹਾਣੀ । ਕਲ੍ਹ-ਸੋਹਣੀ ਦੀ ਆਸ ਹੈ ਮੈਨੂੰ ਇਸ਼ਕ ਸਫ਼ਲ ਧਰਵਾਸ ਹੈ ਮੈਨੂੰ ਕਲ੍ਹ ਦੀ ਆਸ ਤੇ ਕੌਣ ਜੀਏਗਾ ਜੇ ਅੱਜ ਦੀ ਹਰ ਚਿਣਗ ਬੁਝਾਣੀ। ਅਜ ਕਰਦੇ ਸਾਰੀ ਜ਼ਿੰਦਗਾਨੀ ।
18. ਸਾਡੇ ਵਿਹੜੇ ਆ ਮਾਹੀਆ
ਸਾਡੇ ਵਿਹੜੇ ਸਾਡੇ ਵਿਹੜੇ ਆ ਮਾਹੀਆ ਇਹ ਰਾਤ ਸੁਹਾਣੀ ਏ । ਇੰਜ ਤੁਰੀਆਂ ਖੁਸ਼ਬੋਈਆਂ ਵੇ ਜੀਕਣ ਤੇਰੀਆਂ ਮੇਰੀਆਂ ਗੱਲਾਂ ਹਿਕ ਵਿਚ ਪੈਣ ਉਛਾਲ ਵੇ ਮਾਹੀਆ ਸਾਗਰ ਦੇ ਵਿਚ ਛੱਲਾਂ ਬਿਰਹੋਂ ਦੀ ਦਾਤ ਵਡੇਰੀ ਵੇ, ਸਾਡੀ ਜਿੰਦ ਨਿਮਾਣੀ ਏ । ਪੁੰਨਿਆ ਦੇ ਚਾਨਣ ਖ਼ਾਕ ਮੇਰੀ ਤੇ ਗੀਤ-ਜਹੇ ਲਖ ਧੂੜੇ ਦਿਲ ਸਾਡੇ ਵਿਚ ਦਰਦ ਸਚਾਵਾਂ ਰੰਗ ਹਿਜਰ ਦੇ ਗੂੜ੍ਹੇ ਪੁੰਨਿਆਂ 'ਚ ਡੋਲ੍ਹ ਨ ਬੈਠਾਂ ਵੇ ਜੋ ਤੇਰੀ ਨਿਸ਼ਾਨੀ ਏ। ਹਿਜਰ ਤੇਰੇ ਦਾ ਬਾਲ ਕੇ ਦੀਵਾ ਕੁਲ ਆਲਮ ਰੁਸ਼ਨਾਏ ਹਰ ਮੁਸ਼ਕਿਲ ਨੂੰ ਯਾਦ ਤੇਰੀ ਦੀ ਲੋਅ ਵਿਚ ਰਾਹ ਮਿਲ ਜਾਏ ਬਾਝ ਤੇਰੇ ਅਸਾਂ ਨ੍ਹੇਰੇ ਦੀ ਹਰ ਲਿਸ਼ਕ ਸਿਞਾਣੀ ਏ । ਲਖ ਦਾਤਾਂ ਨੂੰ ਝੋਲ 'ਚ ਪਾ ਕੇ ਦਿਲ ਨਾਸ਼ੁਕਰਾ ਰੋਏ ਕਦੀ ਕਦੀ ਜਦ ਫੁਲ ਪੁੰਨਿਆ ਦਾ ਤਨ ਮਨ ਨੂੰ ਖ਼ੁਸਬੋਏ ਅਜ ਪੁੰਨਿਆਂ ਕਲ ਪੁੰਨਿਆਂ ਨ ਇਹ ਕੀ ਰੁੱਤ ਜਵਾਨੀ ਏ ?
19. ਅੰਸ ਮੇਰੀ ਮੂੰਹ ਮੋੜ ਖਲੋਤੀ
ਅੰਸ ਮੇਰੀ ਮੂੰਹ ਮੋੜ ਖਲੋਤੀ ਗੱਲ ਨ ਕਰਦੀ ਕੋਅ ਨੈਣਾਂ ਵਿਚ ਅੱਥਰੂ ਪਥਰਾਏ ਮਾਂਦੀ ਪੈ ਗਈ ਲੋਅ ਪੈਰ ਬਰੂਹਿਓਂ ਪਾਰ ਨ ਪੈਂਦਾ ਕਿਸ ਬਿਧ ਵਿਦਿਆ ਹੋਅ ਕਿਸ ਟੂਣੇ ਨੇ ਵਕਤ ਕੁਵੱਲੜੇ ਕੀਤਾ ਵੈਰ ਧਰੋਹ । ਧੀਅੜੀਏ ਤੇਰਾ ਬਾਬਲ ਪੁੱਛਦਾ ਹੋਣੀ ਗਈ ਕੀ ਹੋਅ ਕਿਸ ਸੰਸੇ ਦਾ ਕੀਲ ਏ ਤੈਨੂੰ ਕੁਝ ਰੋਸਾ ਜਾਂ ਮੋਹ ਰੂਪ ਤੇਰੇ ਨੂੰ ਵੱਟਣਾ ਦਿੱਤਾ ਚਾਨਣ ਦੇ ਵਿਚ ਗੋਅ ਨੈਣ ਤੇਰੇ ਨੂੰ ਸੁਫ਼ਨੇ ਦਿੱਤੇ ਹੰਝੂਆਂ ਵਿਚ ਭਿਓਂ। ਮੱਥੇ ਦੇ ਵਿਚ ਕਲ੍ਹ ਦੀਆਂ ਕਿਰਨਾਂ ਦਿੱਤੀਆਂ ਅੱਜ ਪਰੋਅ ਪੈਰਾਂ ਨੂੰ ਰਾਹਾਂ ਦਾ ਚੁੰਮਣ ਮੰਜ਼ਿਲ ਦੀ ਕਨਸੋਅ ਮੈਂ ਬਾਬਲ ਕੁਝ ਦੇਣ ਨ ਜੋਗਾ ਤੈਥੋਂ ਕੀ ਲੁਕੋ ਜਾ ਧੀਏ ਤੈਨੂੰ ਵਾਟ ਉਡੀਕੇ ਪੈਂਡਾ ਸਫ਼ਲਾ ਹੋਅ। ਟੁੱਟੇ ਕੀਲ, ਫਰਕੀਆਂ ਬੁੱਲ੍ਹੀਆਂ ਅੱਖੀਆਂ ਪਈਆਂ ਚੋਅ ਬਾਬਲ ਵੇ ਤੂੰ ਸਭ ਕੁਝ ਦਿੱਤਾ ਥੋੜ੍ਹ ਰਹੀ ਨ ਕੋਅ ਰੂਪ ਦਾਜ ਦਾ ਕੀ ਭਰਵਾਸਾ ਸਾਈਂ ਸੱਕਣ ਨ ਮੋਹ ਦੇ ਬਾਬਲ ਸਾਨੂੰ ਇਕ ਦੋ ਬੂੰਦਾਂ ਮੁੜ੍ਹਕੇ ਦੀ ਖੁਸ਼ਬੋ ।
20. ਇਹ ਗ਼ਮ ਜ਼ਿੰਦਗੀ ਦੇ
ਇਹ ਗ਼ਮ ਜ਼ਿੰਦਗੀ ਦੇ ਪਿਆਰੇ ਬੜੇ ਨੇ, ਜੁੜੇ ਮੇਰੇ ਘਰ ਟੁਟ ਕੇ ਤਾਰੇ ਬੜੇ ਨੇ। ਤਿਰੀ ਚਿਣਗ ਲਈ ਵੀ ਜਗ੍ਹਾ ਕਰ ਲਵਾਂਗਾ, ਮਿਰੇ ਅਰਸ਼ ਉਂਝ ਤਾਂ ਅੰਗਾਰੇ ਬੜੇ ਨੇ । ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ, ਅਤੇ ਮੇਰੇ ਪੈਰੀਂ ਕਿਨਾਰੇ ਬੜੇ ਨੇ । ਲਿਆਵੋ ਕੋਈ ਜਾ ਕੇ ਪਰਵਾਨਿਆਂ ਨੂੰ, ਮੈਂ ਦੀਵੇ ਤਾਂ ਥਾਂ ਥਾਂ ਸ਼ਿੰਗਾਰੇ ਬੜੇ ਨੇ। ਤੁਸਾਂ ਗਿਣ ਲਏ ਨੈਣਾਂ ਹੰਝੂ ਜੋ ਕੇਰੇ, ਜੋ ਕਿਰ ਨਾ ਸਕੇ ਗ਼ਮ ਦੇ ਮਾਰੇ ਬੜੇ ਨੇ। ਹੈ ਬਦਲਾਂ ਦਾ ਦਿਲ ਜੋ ਸਹੀ ਜਾ ਰਿਹਾ ਏ, ਪਾਏ ਬਿਜਲੀਆਂ ਤਾਂ ਲੰਗਾਰੇ ਬੜੇ ਨੇ। ਮੈਂ ਗ਼ਮ ਦੇ ਸਮੁੰਦਰ 'ਚ ਡੁਬਦਾ ਨਹੀਂ ਹਾਂ, ਤਿਰੇ ਗ਼ਮ ਦੇ ਮੈਨੂੰ ਸਹਾਰੇ ਬੜੇ ਨੇ ।
21. ਆ ਤੇਰੇ ਨਾਲ ਅੱਖੀਆਂ ਚਾਰ ਕਰਾਂ
ਆ ਤੇਰੇ ਨਾਲ ਅੱਖੀਆਂ ਚਾਰ ਕਰਾਂ, ਆ ਰਤਾ ਤੈਨੂੰ ਸਰਮਸਾਰ ਕਰਾਂ। ਨੈਣ ਵਿਚ ਜੋਤ ਵੀ ਚਮਕ ਵੀ ਹੈ, ਹੰਝੂ ਹੋਵੇ ਤਾਂ ਜਿੰਦ ਨਿਸਾਰ ਕਰਾਂ । ਮੈਂ ਤਾਂ ਬੰਦੇ ਨੂੰ ਸਮਝਦਾ ਹਾਂ ਖ਼ੁਦਾ, ਕਿੱਥੇ ਬੰਦਾ ਹੈ ਨਮਸਕਾਰ ਕਰਾਂ । ਜਿਸ ਨੂੰ ਪਤਝੜ ਦਾ ਡੰਗ ਨਾ ਪੋਹੇ, ਜਿੰਦ ਉਸਦੀ ਨੂੰ ਕਿਉਂ ਬਹਾਰ ਕਰਾਂ । ਜਿਹੜੇ ਰਸਤੇ ਅੰਗਾਰ ਨ ਕੋਈ, ਉਸ ਤੋਂ ਰਾਹੀ ਨੂੰ ਹੋਸ਼ਿਆਰ ਕਰਾਂ । ਸੁਪਨੇ ਸੋਹਣੇ ਨੇ ਪਰ ਛਲਾਵਾ ਨੇ, ਜਾਗ ਸੁਪਨੇ ਤਿਰੇ ਸਕਾਰ ਕਰਾਂ। ਕੁਝ ਤਾਂ ਦੁਨੀਆਂ ਨੂੰ ਵੇਖ ਚੁੱਕਾ ਹਾਂ, ਫਿਰ ਵੀ ਦੁਨੀਆਂ ਤੇ ਏਤਬਾਰ ਕਰਾਂ । ਅਜ ਜ਼ਮਾਨੇ ਤੇ ਮਿਹਰਬਾਨ ਹਾਂ ਮੈਂ, ਅੱਜ ਜ਼ਮਾਨੇ ਨੂੰ ਬੇਕਰਾਰ ਕਰਾਂ ।
22. ਜਦੋਂ ਤਕ ਦਮ 'ਚ ਦਮ ਬਾਕੀ ਰਹੇਗਾ
ਜਦੋਂ ਤਕ ਦਮ 'ਚ ਦਮ ਬਾਕੀ ਰਹੇਗਾ, ਮਿਰੇ ਨੈਣਾਂ 'ਚ ਨਮ ਬਾਕੀ ਰਹੇਗਾ । ਹੁਣੇ ਮਰ ਜਾਂ ਰਤਾ ਵਿਸ਼ਵਾਸ ਹੋਵੇ, ਮਿਰੇ ਪਿੱਛੋਂ ਨ ਗ਼ਮ ਬਾਕੀ ਰਹੇਗਾ । ਤਿਰੇ ਹੰਝੂ ਹੁਣੇ ਆ ਪੂੰਝ ਦੇਵਾਂ, ਨਹੀਂ ਤਾਂ ਇਕ ਜਨਮ ਬਾਕੀ ਰਹੇਗਾ । ਮੈਂ ਖ਼ੁਸ਼ਬੋ ਹਾਂ ਨ ਮੈਨੂੰ ਤੇਗ਼ ਪੋਹੇ, ਸਦਾ ਜ਼ੁਲਫਾਂ 'ਚ ਖ਼ਮ ਬਾਕੀ ਰਹੇਗਾ । ਮਿਲੇਗੀ ਲਾਸ਼ ਮੰਜ਼ਿਲ ਕੋਲ ਮੇਰੀ, ਕੋਈ ਇਕ ਅਧ ਕਦਮ ਬਾਕੀ ਰਹੇਗਾ । ਤੂੰ ਲਾਸਾਂ ਪਾ ਕੇ ਮੇਰੀ ਰੂਹ ਜਗਾਈ, ਹਮੇਸ਼ਾਂ ਇਹ ਕਰਮ ਬਾਕੀ ਰਹੇਗਾ । ਜੇ ਮੈਨੂੰ ਅਰਸ਼ ਤਕ ਕੇ ਮੁਸਕਰਾ ਦੇ, ਮੈਨੂੰ ਤਾਂ ਵੀ ਭਰਮ ਬਾਕੀ ਰਹੇਗਾ ।
23. ਸੀਨੇ 'ਚ ਜੇ ਖ਼ੁਦੀ ਨਹੀਂ
ਸੀਨੇ 'ਚ ਜੇ ਖ਼ੁਦੀ ਨਹੀਂ, ਜ਼ਿੰਦਗੀ ਜ਼ਿੰਦਗੀ ਨਹੀਂ, ਬੰਦਾ ਜੇ ਬੰਦਾ ਹੀ ਰਿਹਾ ਬੰਦਗੀ ਬੰਦਗੀ ਨਹੀਂ । ਤੇਰਾ ਨਿਖਾਰ ਬੇਮਿਸਾਲ ਤੇਰੀ ਨੁਹਾਰ ਹੈ ਕਮਾਲ, ਚੇਹਰੇ ਤੇ ਗ਼ਮ ਦਾ ਨੂਰ ਨਹੀਂ ਅੱਖੀਆਂ ਦੇ ਵਿਚ ਨਮੀ ਨਹੀਂ । ਓ ਮੇਰੇ ਬਦਨਸੀਬ ਦੋਸਤ ਤੂੰ ਕਿਉਂ ਗ਼ਰੀਬ ਗ਼ਮ ਬਿਨਾ, ਅਪਣੇ ਨਸੀਬ ਨੂੰ ਜਗਾ ਗ਼ਮ ਦੀ ਤਾਂ ਕੁਝ ਕਮੀ ਨਹੀਂ । ਮੇਰੇ ਬਦਨ ਤੋਂ ਲਾਸ ਨੂੰ ਖਾ ਕੇ ਤਰਸ ਅਜੇ ਨ ਪੂੰਝ, ਹਾਲੇ ਮੈਂ ਆਹ ਭਰੀ ਨਹੀਂ ਧਰਤੀ ਅਜੇ ਹਿਲੀ ਨਹੀਂ। ਆਦਮ ਦੀ ਸੱਪ-ਵਲ੍ਹੇਟ ਵਿਚ ਬੇਹੋਸ਼, ਬੇਜ਼ੋਰ ਆਦਮੀ, ਸੁਣਿਆ ਏ ਮੈਂ ਵੀ ਹਾਂ ਆਦਮੀ ਨਾ ਨਾ ਮੈਂ ਆਦਮੀ ਨਹੀਂ। ਪੀੜਾਂ 'ਚ ਪੀੜ ਦੀ ਦਵਾ ਏਨੀ ਤਾਂ ਮੈਨੂੰ ਹੋਸ਼ ਨਹੀਂ, ਤੈਨੂੰ ਸਿਆਣ ਨਾ ਸਕਾਂ, ਏਨੀ ਵੀ ਬੇਖ਼ੁਦੀ ਨਹੀਂ।
24. ਨ ਮਿਲੀ ਦਿਲ ਨੁੰ ਦਿਲਬਰੀ ਨ ਮਿਲੀ
ਨ ਮਿਲੀ ਦਿਲ ਨੁੰ ਦਿਲਬਰੀ ਨ ਮਿਲੀ, ਖ਼ੁਸ਼ ਹਾਂ ਮੈਨੂੰ ਕਦੇ ਖ਼ੁਸ਼ੀ ਨ ਮਿਲੀ। ਅਪਣੇ ਗ਼ਮ ਦਾ ਸਵਾਦ ਵੀ ਲੈਂਦਾ, ਪਰ ਤਿਰੇ ਗ਼ਮ ਤੋਂ ਵਿਹਲ ਹੀ ਨ ਮਿਲੀ। ਤੇਰੇ ਗ਼ਮ ਨੇ ਉਹ ਹੋਸ਼ ਬਖ਼ਸ਼ੀ ਹੈ, ਦੋ ਘੜੀ ਸਾਨੂੰ ਬੇਖ਼ੁਦੀ ਨ ਮਿਲੀ। ਉਮਰ ਦੀ ਇਕ ਘੜੀ ਹੀ ਬਸ ਤੋਬਾ, ਚੰਗਾ ਏ ਉਮਰ ਇਕ ਸਦੀ ਨ ਮਿਲੀ। ਚਰਚਾ ਸੁਣਿਆ ਸੀ ਜਿਸ ਜ਼ਮੀਂ ਦਾ ਬੜਾ, ਏਥੇ ਪਹੁੰਚੇ ਤਾਂ ਉਹ ਜ਼ਮੀਂ ਨਾ ਮਿਲੀ। ਪਿਆਰ ਤੈਥੋਂ ਮਿਲਨ ਦੀ ਆਸ ਨ ਸੀ, ਤੇਰੇ ਦਰ ਤੋਂ ਤਾਂ ਬੇਰੁਖ਼ੀ ਨ ਮਿਲੀ । ਮੌਤ ਪਾਸੋਂ ਉਮੀਦ ਕੀ ਰਖੀਏ, ਜ਼ਿੰਦਗਾਨੀ ਤੋਂ ਜ਼ਿੰਦਗੀ ਨ ਮਿਲੀ ।
25. ਚਿਰਾਂ ਤੋਂ ਖ਼ੈਰ ਜਗ ਦੀ ਮੰਗ ਰਿਹਾ ਹਾਂ
ਚਿਰਾਂ ਤੋਂ ਖ਼ੈਰ ਜਗ ਦੀ ਮੰਗ ਰਿਹਾ ਹਾਂ, ਮੈਂ ਭਾਵੇਂ, ਜਗ ਦੇ ਹੱਥੋਂ ਤੰਗ ਰਿਹਾ ਹਾਂ। ਕਿਸੇ ਹਾਉਕੇ ਤੋਂ ਇਹ ਸ਼ਾਇਦ ਬਣੀ ਹੈ, ਤਿਰੀ ਜੰਨਤ 'ਚ ਆਉਣੋਂ ਸੰਗ ਰਿਹਾ ਹਾਂ। ਧਰਤ ਪਾਸੋਂ ਤਾਂ ਜੰਨਤ ਖੋਹ ਲਵਾਂਗਾ, ਮੈਂ ਬੰਦੇ ਕੋਲੋਂ ਬੰਦਾ ਮੰਗ ਰਿਹਾ ਹਾਂ । ਜੇ ਵਰ ਮੰਗਿਆ ਤਾਂ ਸੀਨੇ ਸੂਲ ਮੰਗਿਆ, ਸਦਾ ਅਪਣੀ ਅਕਲ ਤੇ ਦੰਗ ਰਿਹਾ ਹਾਂ । ਇਹ ਸੋਹਣਾ ਫੁੱਲ ਕਿਤੇ ਬੇ-ਗ਼ਮ ਰਹੇ ਨਾ, ਮੈਂ ਫੁੱਲ ਦੀ ਅੱਖ 'ਚ ਹੰਝੂ ਟੰਗ ਰਿਹਾ ਹਾਂ । ਪਵੇਗਾ ਬੂਰ ਮਿਹਨਤ ਨੂੰ ਕਦੀ ਤਾਂ, ਸਵੇਰਾਂ ਨਾਲ ਰਾਤਾਂ ਰੰਗ ਰਿਹਾ ਹਾਂ । ਮਿਰੀ ਮਿੱਟੀ ਨੇ ਕਿਉਂ ਕੁਰਲਾਟ ਪਾਇਆ, ਮੈਂ ਭਉ-ਸਾਗਰ ਤੋਂ ਖ਼ਬਰੇ ਲੰਘ ਰਿਹਾ ਹਾਂ।
26. ਕਦਮ ਕਦਮ ਤੇ ਜ਼ਵਾਲ ਆਇਆ
ਕਦਮ ਕਦਮ ਤੇ ਜ਼ਵਾਲ ਆਇਆ, ਜ਼ਵਾਲ ਫਿਰ ਵੀ ਮੁਹਾਲ ਆਇਆ। ਕਠੋਰ ਰਾਹਾਂ ਤੇ ਰੋਏ ਛਾਲੇ, ਜਦੋਂ ਵੀ ਤੇਰਾ ਖ਼ਿਆਲ ਆਇਆ । ਜਿਗਰ 'ਚ ਸ਼ੁਅਲਾ, ਨਜ਼ਰ 'ਚ ਸ਼ਬਨਮ, ਇਹ ਗ਼ਮ ਵੀ ਤੇਰਾ ਕਮਾਲ ਆਇਆ। ਹੈ ਕੀ ਬਲਾ ਤੇਰੀ ਅੱਖ ਦਾ ਹੰਝੂ, ਜੋ ਦਿਲ ਮੇਰੇ ਨੂੰ ਹੰਗਾਲ ਆਇਆ । ਮੇਰੀ ਸਫਲਤਾ, ਨਸੀਬ ਕਾਲਾ, ਜਦ ਆਇਆ ਹੋਕੇ ਦਿਆਲ ਆਇਆ। ਤਿਹਾਈ ਮੰਜ਼ਿਲ, ਮੈਂ ਸਾਰਾ ਪਾਣੀ ਹਾਂ ਰਸਤਿਆਂ ਨੂੰ ਪਿਆਲ ਆਇਆ । ਮੈਂ ਅਪਣੇ ਗ਼ਮ ਦੇ ਹੀ ਪੈਰ ਚੁੰਮੇ, ਜਦੋਂ ਵੀ ਗ਼ਮ ਦਾ ਭਿਆਲ ਆਇਆ। ਨ ਫ਼ਰਸ਼ ਦੀਵਾ, ਨ ਅਰਸ਼ ਤਾਰਾ, ਮਨੁਖ ਦੇ ਚਮਕਣ ਦਾ ਕਾਲ ਆਇਆ । ਜ਼ਮਾਨਾ ਜਿਸ ਤੋਂ ਬਦਲ ਰਿਹਾ ਹੈ, ਉਹ ਹੰਝੂ ਵੀ ਬੇਮਿਸਾਲ ਆਇਆ । ਨਵਾਂ ਸਵੇਰਾ ਤਾਂ ਆ ਰਿਹਾ ਹੈ, ਨਵਾਂ ਮਨੁਖ ਵੀ ਕੀ ਨਾਲ ਆਇਆ ?
27. ਪਰਾਂ ਨੂੰ ਬੰਨ੍ਹ ਕੇ ਪਰਬਤ ਬੇਬਸੀ ਦਾ
ਪਰਾਂ ਨੂੰ ਬੰਨ੍ਹ ਕੇ ਪਰਬਤ ਬੇਬਸੀ ਦਾ, ਹਵਾਵਾਂ ਨੇ ਕਿਹਾ ਪੰਛੀ ਉੜੀ ਜਾ । ਕਿਸੇ ਸਾਗਰ ਦੀ ਹਿੱਕ ਚੁੰਮਣ ਤੋਂ ਪਹਿਲਾਂ, ਥਲਾਂ ਨੇ ਪੀ ਲਿਆ ਪਾਣੀ ਨਦੀ ਦਾ । ਤੇਰੇ ਖੁੱਲ੍ਹੇ ਹੋਏ ਦਰ ਦੀ ਸ਼ਰਮ ਸੀ, ਨਹੀਂ ਆਜ਼ਾਦ ਹੋ ਜਾਂਦਾ ਕਦੀ ਦਾ। ਜੇ ਫ਼ਰਸ਼ਾਂ ਨੂੰ ਨਹੀਂ ਹੈ ਅਰਸ਼ ਮਾਫ਼ਕ, ਇਦੇ ਵਿਚ ਦੋਸ਼ ਕੀ ਹੈ ਆਦਮੀ ਦਾ । ਮੇਰੀ ਨੇਕੀ 'ਚ ਤਾਂ ਕੁਝ ਦਮ ਨਹੀਂ ਹੈ, ਭਰੋਸਾ ਹੈ ਮੈਨੂੰ ਤੇਰੀ ਬਦੀ ਦਾ । ਸਮੁੰਦਰ ਹੁਸਨ ਦਾ ਤੂੰ ਜਾਣਦਾ ਹਾਂ, ਲੈ ਮੈਥੋਂ ਪਿਆਸ ਦਾ ਤੁਬਕਾ ਲਈ ਜਾ । ਜੋ ਕਰਨਾ ਈ ਜ਼ੁਲਮ ਕਰ ਲੈ ਹੁਣੇ ਈ, ਭਰੋਸਾ ਕੀ ਹੈ ਮੇਰੀ ਜ਼ਿੰਦਗੀ ਦਾ । ਤੇਰੇ ਬੁੱਲ੍ਹਾਂ ਨੂੰ ਮੈਂ ਚੁੰਮਦਾ ਨਹੀਂ ਹਾਂ, ਮੇਰੇ ਬੁੱਲ੍ਹਾਂ 'ਚ ਹੈ ਕਿਣਕਾ ਖ਼ੁਦੀ ਦਾ।
28. ਬਾਹਾਂ ਅਰਸ਼ ਵਲ ਰਤਾ ਕੁ ਉਲਾਰ ਲੈਣ ਦੇ
ਬਾਹਾਂ ਅਰਸ਼ ਵਲ ਰਤਾ ਕੁ ਉਲਾਰ ਲੈਣ ਦੇ, ਇਹਨਾਂ ਤਾਰਿਆਂ ਨੂੰ ਰਾਹਾਂ 'ਚ ਖਲ੍ਹਾਰ ਲੈਣ ਦੇ । ਤੇਰੇ ਰੱਬ ਦਾ ਹੁਕਮ ਇਕ ਪਲ ਨ ਮੰਨਾਂ, ਮੇਰੀ ਆਤਮਾ ਤੇ ਮੇਰਾ ਇਖ਼ਤਿਆਰ ਰਹਿਣ ਦੇ। ਚੰਨ ਤਾਰਿਆਂ ਨੂੰ ਧਰਤ ਤੇ ਉਤਾਰ ਕੇ ਰਹੂੰ, ਝਾਤੀ ਅਰਸ਼ ਵਲ ਰਤਾ ਮੈਨੂੰ ਮਾਰ ਲੈਣ ਦੇ। ਮੈਂ ਨ ਹੁਸਨ ਕੋਲੋਂ ਪਿਆਰ ਵਾਲੀ ਖ਼ੈਰ ਮੰਗਦਾ, ਮੈਨੂੰ ਪਿਆਰ ਵਿਚ ਹੁਸਨ ਦੀ ਬਹਾਰ ਲੈਣ ਦੇ । ਏਸ ਆਲ੍ਹਣੇ ਦੇ ਭਾਗ ਨਹੀਂ ਮੌਤ ਅੱਗ ਦੀ, ਜ਼ਰਾ ਕਾਫ਼ਰਾਂ ਨੂੰ ਬਿਜਲੀਆਂ ਵੰਗਾਰ ਲੈਣ ਦੇ। ਮੇਰੀ ਅਣਖ ਤੇਰੇ ਤਰਸ ਦਾ ਹਸਾਨ ਕਿਉਂ ਲਏ, ਸਾਰਾ ਕਹਿਰ ਮੈਨੂੰ ਜਾਨ ਤੇ ਸਹਾਰ ਲੈਣ ਦੇ । ਤੇਰੇ ਪਿਆਲਿਆਂ ਚੋਂ ਜ਼ਹਿਰ ਮੈਂ ਨਿਸ਼ੰਗ ਪੀ ਗਿਆ, ਮੈਨੂੰ ਬੁੱਕਾਂ ਵਿਚ ਜ਼ਿੰਦਗੀ ਨਿਤਾਰ ਲੈਣ ਦੇ । ਮੇਰੇ ਸੂਰਜਾਂ ਦੀ ਝਾਲ ਭਲਾ ਕਿੰਨ੍ਹੇ ਝੱਲਣੀ, ਇਹ ਹੈ ਰਾਤ ਇਹਨੂੰ ਕਾਲਖਾਂ ਖਿਲਾਰ ਲੈਣ ਦੇ । ਤੇਰਾ ਪਿਆਰ ਸ਼ਾਲਾ ਜੁਗ ਜੁਗ ਚੜ੍ਹੇ ਨੇਪਰੇ, ਸਾਨੂੰ ਨਿੱਕਾ ਜਿਹਾ ਗ਼ਮ ਹੀ ਉਸਾਰ ਲੌਣ ਦੇ । ਉਹ ਕੀ ਜ਼ਿੰਦਗੀ ਜੋ ਤੜਪ ਤੋਂ ਹਮੇਸ਼ ਸੱਖਣੀ ? ਮੇਰੀ ਜਾਨ ਵਿਚ ਜਾਨ ਬੇਕਰਾਰ ਰਹਿਣ ਦੇ ।
29. ਤੇਰੇ ਗ਼ਮ ਵਿਚ ਵੀ ਹੰਝੂ ਡੁੱਲ੍ਹ ਨ ਸਕੇ
ਤੇਰੇ ਗ਼ਮ ਵਿਚ ਵੀ ਹੰਝੂ ਡੁੱਲ੍ਹ ਨ ਸਕੇ, ਅਸੀਂ ਅਪਣੀ ਖ਼ੁਦੀ ਨੂੰ ਭੁੱਲ ਨ ਸਕੇ। ਲਾਸ਼ ਇਬਰਤ ਲਈ ਗਈ ਟੰਗੀ, ਮਰ ਕੇ ਮਿੱਟੀ ਦੇ ਵਿਚ ਵੀ ਰੁੱਲ ਨ ਸਕੇ । ਉਹਨੂੰ ਦਾਅਵਾ ਹੈ ਚੰਨ ਬੁਝਾ ਦਾਂਗਾ, ਚਿਣਗ ਮੇਰੀ ਨੂੰ ਕਰ ਜੋ ਗੁੱਲ ਨ ਸਕੇ । ਤੂੰ ਤਾਂ ਪੈਰਾਂ ਚੋਂ ਚੁਗ ਲਏ ਛਾਲੇ, ਰਸਤੇ ਸਾਨੂੰ ਥਲਾਂ ਦੇ ਭੁੱਲ ਨ ਸਕੇ । ਤੇਰਾ ਸਾਹਿਲ ਅਮੀਰ ਹੈ ਤਾਂ ਸਹੀ, ਮੇਰੀ ਬੇੜੀ ਦਾ ਤਾਰ ਮੁਲ ਨ ਸਕੇ । ਦਾਗ਼ ਪਾਪਾਂ ਦੇ ਧੋ ਗਈ ਰਹਿਮਤ, ਮਿਹਰ ਤੇਰੀ ਦੇ ਦਾਗ਼ ਧੁਲ ਨ ਸਕੇ।
30. ਕਿਸੇ ਦੀ ਭਾਲ 'ਚ ਬੀਤੇ, ਅਸਲ ਸਮਾਂ ਤਾਂ ਉਹ
ਕਿਸੇ ਦੀ ਭਾਲ 'ਚ ਬੀਤੇ, ਅਸਲ ਸਮਾਂ ਤਾਂ ਉਹ, ਕਿਸੇ ਦੀ ਬਾਹਾਂ 'ਚ ਬੀਤੇ, ਉਹਨੂੰ ਸਮਾਂ ਨ ਕਹੋ। ਐਵੇਂ ਗ਼ਰੂਰ 'ਚ ਆਏਗਾ ਬਿਜਲੀਆਂ ਵਾਲਾ, ਕੁਝ ਹੋਰ ਚੀਜ਼ ਹੈ ਨੀਲੇ ਨੂੰ ਆਸਮਾਂ ਨ ਕਹੋ । ਸਮਝ ਕੇ ਸੋਚ ਕੇ ਬੋਲੋ ਕੁਫ਼ਰ ਤੋਂ ਤੋਬਾ ਕਰੋ, ਖ਼ੁਦਾ ਮੈਂ ਆਪ ਹਾਂ ਮੈਨੂੰ ਖ਼ੁਦਾ-ਨੁਮਾ ਨ ਕਹੋ। ਤੁਹਾਡੀ ਮਰਜ਼ੀ ਸਿਤਾਰੇ ਨੂੰ ਕਹਿ ਲਵੋ ਜੁਗਨੂੰ, ਮੈਂ ਸੂਰਜਾਂ ਦਾ ਦਹਾਨਾ, ਮੈਨੂੰ ਸ਼ਮਾਂ ਨ ਕਹੋ । ਜੋ ਲਾਸ ਬਾਕੀ ਹੈ ਪਿੰਡੇ ਤੇ ਪਾ ਲਵੋ ਮੇਰੇ, ਮੇਰਾ ਗ਼ਰੂਰ ਨ ਲੁੱਟੋ ਮੈਨੂੰ ‘ਖਿਮਾ’ ਨ ਕਹੋ । ਕੋਈ ਮੈਂ ਸ਼ਾਹ ਤਾਂ ਨ੍ਹੀਂ ਬਣ ਜਾਣਾ ਤੇਰਾ ਦਿਲ ਲੈ ਕੇ, ਹੈ ਦਿਲ ਚੁਰਾਉਣ ਦੀ ਆਦਤ ਇਨੂੰ ਤਮਾਂ ਨ ਕਹੋ ।
31. ਸੁਣੇਗਾ ਕੌਣ ਅਜ ਮੇਰੀ ਕਹਾਣੀ
ਸੁਣੇਗਾ ਕੌਣ ਅਜ ਮੇਰੀ ਕਹਾਣੀ, ਕਹਾਣੀ ਤੇ ਮੇਰੀ ਆਪਣੀ ਜ਼ਬਾਨੀ । ਜੇ ਫੁੱਲਾਂ ਦੇ ਨਹੀਂ ਸਨ ਬੁੱਲ੍ਹ ਪਿਆਸੇ, ਤਾਂ ਕਾਹਨੂੰ ਡੋਲ੍ਹਿਆ ਅਰਸ਼ਾਂ ਨੇ ਪਾਣੀ । ਜ਼ਰਾ ਇਸ ਘੋਲ ਨੂੰ ਤਕ ਕੇ ਹੀ ਜਾਣਾ, ਹੈ ਇਹ ਦੁਨੀਆਂ ਤੇ ਮੈਂ ਹਾਂ ਜ਼ਿੰਦਗਾਨੀ । ਮੇਰੇ ਜੋਬਨ ਨੂੰ ਲਾਹਨਤ ਕਹਿਣ ਵਾਲੇ, ਤੇਰੇ ਸਾਲਾਂ ਨੂੰ ਆ ਦੇ ਦਾਂ ਜਵਾਨੀ । ਮੈਨੂੰ ਪੁਛਦਾ ਏਂ ਕੀ ਮੂੰਹ ਲਾ ਕੇ ਤਕ ਲੈ, ਮੇਰੇ ਪਿਆਲੇ 'ਚ ਹੈ ਮਦਿਰਾ ਜਾਂ ਪਾਣੀ । ਮੈਨੂੰ ਆਖੇਂ ਨ ਬੁੱਲ੍ਹ ਮਿੱਟੀ ਦੇ ਚੁੰਮਾਂ, ਕਦੀ ਤਾਂ ਕਰ ਸਹੀ ਕੋਈ ਗਲ ਸਿਆਣੀ । ਮੈਨੂੰ ਵਿਦਿਆ ਕਰੋ ਤੂਫ਼ਾਨ ਕੰਢੇ, ਬਹੁਤ ਚਲ ਆਏ ਸਾਥੀ ਮਿਹਰਬਾਨੀ ।
32. ਉੱਮੀਦ ਵੀ ਇਕ ਹੈ
ਆਖ਼ਰ ਤਾਂ ਕਦੇ ਲੱਗੇਗੀ ਮੇਰੀ ਲਾਸ਼ ਕਿਨਾਰੇ ਧੋਤੀ ਹੋਈ ਹੈ ਰਾਤ ਤੇ ਸਭ ਡੁਲ੍ਹ ਗਏ ਸਿਤਾਰੇ ਸਾਗਰ ਦੀ ਪਰੀ ਇਸ਼ਕ 'ਚ ਸੀਨੇ ਨੂੰ ਉਭਾਰੇ ਲਹਿਰਾਂ ਦੀ ਜਵਾਨੀ 'ਚ ਸਭ ਡੁਬੀਆਂ ਚੱਟਾਨਾਂ ਹੱਥਾਂ ਚੋਂ ਨਿਕਲ ਚੁੱਕੇ ਨੇ ਚੱਪੂਆਂ ਦੇ ਸਹਾਰੇ ਬੇੜੀ ਦੇ ਦਗ਼ਾ ਦੇਣ 'ਚ ਬਸ ਥੋੜਾ ਹੀ ਦਮ ਹੈ ਸਾਹਿਲ ਤੋਂ ਬੜਾ ਦੂਰ ਹਾਂ ਪਰ ਇਸ ਦਾ ਕੀ ਗ਼ਮ ਹੈ ਭਰਪੂਰ ਜਵਾਨੀ 'ਚ ਜਿਨ੍ਹਾਂ ਮਰਨ ਦੀ ਧਾਰੀ ਉਹਨਾਂ ਦੇ ਲਈ ਕਾਫ਼ੀ ਨੇ ਬਾਹਾਂ ਦੇ ਸਹਾਰੇ ਆਖ਼ਰ ਤਾਂ ਕਦੇ ਲੱਗੇਗੀ ਮੇਰੀ ਲਾਸ਼ ਕਿਨਾਰੇ । (ਜਦ) ਸਾਗਰ ਦੀ ਪਰੀ ਚੂਸ ਲਊ ਜੀਵਨ ਤੇ ਜਵਾਨੀ ਜਾ ਸੁੱਟੇਗਾ ਸਾਹਿਲ ਤੇ ਮੇਰੀ ਲਾਸ਼ ਨੂੰ ਪਾਣੀ ਹੋ ਜਾਣਗੇ ਕੱਠੇ ਉਹ ਤਦੋਂ ਸਾਹਿਲਾਂ ਵਾਲੇ ਪਾ ਲੈਣਗੇ ਝੁਰਮਟ ਉਹ ਮੇਰੀ ਲਾਸ਼ ਦੁਆਲੇ ਨੈਣਾਂ 'ਚੋਂ ਤਰਸ ਕਰੇਗਾ ਪਾਣੀ ਦੇ ਪਿਆਲੇ ਬਗ-ਕੇਸ, ਝੁਕੀ ਕਮਰ, ਹਿਲੀ ਨਜ਼ਰ ਦਾ ਮਾਲਕ ਜਿਸ ਉਮਰ ਦੇ ਸਭ ਸਾਲ ਨੇ ਸਾਹਿਲ ਤੇ ਗੁਜ਼ਾਰੇ ਮੁਮਕਿਨ ਹੈ ਮੇਰੀ ਲਾਸ਼ ਤੇ ਕੁਝ ਇੰਞ ਉਚਾਰੇ : ‘ਇਹ ਉਹ ਹੈ ਜਿਹਨੂੰ ਦਸਿਆ ਸੀ, ਤੂਫ਼ਾਨ ਹੈ ਡਾਢਾ ‘ਇਹ ਉਹ ਹੈ ਜਿਦ੍ਹੀ ਬੇੜੀ ਨੂੰ ਅਸੀਂ ਡਕ ਡਕ ਹਾਰੇ ‘ਇਹ ਉਹ ਹੈ ਜਿਹਨੂੰ ਵਰਜਿਆ ਅਣ-ਆਈ ਨ ਮਰ ਜਾ ‘ਇਸ ਭੂਤੇ ਹੋਏ ਪਾਣੀ ਨੂੰ ਕਿਉਂ ਬੰਦਾ ਵੰਗਾਰੇ ‘ਪਰ ਇਕ ਨ ਸੁਣੀ ਏਸ, ਤੇ ਬਸ ਆਪਣੀ ਕੀਤੀ ਏਦਾਂ ਹੀ ਰਹੇ ਮਰਦੇ ਨੇ ਇਹ ਬੇੜੀਆਂ ਵਾਲੇ ‘ਵੇਖੋ ਇਹਦਾ ਅੰਤ ਤੇ ਕੁਝ ਸਿੱਖੋ ਨਸੀਹਤ ‘ਮੂਰਖ ਹੈ ਜਿਹੜਾ ਵੇਖ ਕੇ ਸੋਚੇ ਨ ਵਿਚਾਰੇ ‘ਇਹ ਉਹ ਹੈ ਜਿੰਨ੍ਹੇ ਬੇੜੀ ਦੇ ਪੈਂਡੇ ਹੀ ਸਲਾਹੇ ‘ਇਹ ਉਹ ਹੈ ਜਿੰਨ੍ਹੇ ਉਮਰ 'ਚ ਸਾਹਿਲ ਨ ਪਿਆਰੇ' ਆਖ਼ਰ ਤਾਂ ਕਦੀ ਲੱਗੇਗੀ ਮੇਰੀ ਲਾਸ਼ ਕਿਨਾਰੇ ਬਸ ਏਹੋ ਹੀ ਗ਼ਮ ਹੈ ਉੱਮੀਦ ਵੀ ਇਕ ਹੈ ਮੁਮਕਿਨ ਹੈ ਅਜੇ ਧਰਤ ਤੇ ਲਿਸ਼ਕਣ ਨ ਉਜਾਲੇ ਤਕ ਲੈਣ ਮੇਰੀ ਲਾਸ਼ ਨੂੰ ਉਹ ਬੇੜੀਆਂ ਵਾਲੇ ਮਾਰਨ ਉਹ ਮੇਰੇ ਬੋਝ ਨੂੰ ਪਾਣੀ 'ਚ ਵਗਾਹਤਾ ਕਰ ਦੇਣ ਮੇਰੀ ਲਾਸ਼ ਨੂੰ ਮੁੜ ਪਾਣੀ ਹਵਾਲੇ ਨਾ ਵੇਖੇ ਮੇਰਾ ਅੰਤ ਨ ਕੋਈ ਸਿੱਖੇ ਨਸੀਹਤ ਇਸ ਭੂਤੇ ਹੋਏ ਪਾਣੀ ਨੂੰ ਨਿਤ ਬੰਦਾ ਵੰਗਾਰੇ ਚਾਹੁੰਦਾ ਹਾਂ ਕਦੇ ਲੱਗੇ ਨਾ ਮੇਰੀ ਲਾਸ਼ ਕਿਨਾਰੇ
33. ਨਹੀਂ, ਨਹੀਂ, ਨਹੀਂ
ਨਹੀਂ, ਨਹੀਂ, ਨਹੀਂ, ਅੱਜ ਨਹੀਂ, ਅੱਜ ਨਹੀਂ ਮੈਂ ਪੀਣੀ ਸ਼ਰਾਬ ਸਿਮ ਰਿਹਾ ਹੈ ਗਗਨ ਦੇ ਲੂੰ ਲੂੰ ਚੋਂ ਹਨੇਰ ਮੇਰੇ ਹਰ ਅੰਗ ਨੂੰ ਕੋਂਹਦੀ ਹੈ ਚਿਣਗ ਤਾਰੇ ਤੋਂ ਤੇਜ਼ ਭਾਲੇ ਜਿਵੇਂ ਚੁਭਦੇ ਤਾਂ ਨੇ, ਖੁਭਦੇ ਨਹੀਂ ਜ਼ਿੰਦਗੀ ਤੜਪ ਹੈ ਇਕ ਮੌਤ ਦੇ ਨਜ਼ਦੀਕ ਮਗਰ ਮੌਤ ਨਹੀਂ ਚੀਸ ਉਠਦੀ ਹੈ ਕਲੇਜੇ 'ਚ ਜੋ ਸੁਟਦੀ ਏ ਹਲੂਣ ਅੱਖਾਂ ਵਿਚ ਨੀਂਦ ਦਾ ਮਜਬੂਰ ਖੁਮਾਰ ਕੰਵਲ ਪੰਖਾਂ ਤੇ ਜਿਵੇਂ ਸੁਹਲ ਤੇਲਾਂ ਦਾ ਸ਼ਿੰਗਾਰ ਲੂਸਦੀ ਹਵਾ ਦਾ ਬੁੱਲਾ ਕੋਈ ਦੇਵੇ ਵਿਗਾੜ ਮੇਰੇ ਸਾਹਵੇਂ ਹੈ ਪਿਆ ਤੇਜ਼ ਮਦਿਰਾ ਦਾ ਗਿਲਾਸ ਜਿਹਦੇ ਸੀਨੇ ਚੋਂ ਮੇਰੇ ਸੀਨੇ ਹੀ ਵਾਂਙ ਉਠਦੀ ਹੈ ਤ੍ਰਾਟ ਚਾਹਾਂ ਉਸ ਤ੍ਰਾਟ ਦੇ ਵਿਚ ਤ੍ਰਾਟ ਮਿਲਾ ਦਾਂ ਅਪਣੀ ਕੁਝ ਤਾਂ ਘਟ ਸਕਦਾ ਹੈ ਮੇਰੀ ਰੂਹ ਦਾ ਅਜ਼ਾਬ ਪਰ ਨਹੀਂ, ਮੈਂ ਅਜ ਨਹੀਂ ਪੀਣੀ ਸ਼ਰਾਬ ਕਾਲੇ ਅਸਮਾਨ 'ਚ ਉਠਦੀ ਹੈ ਇਕ ਹੋਰ ਵੀ ਕਾਲੀ ਤਸਵੀਰ ਜੋ ਕਦੇ ਦਿਸਦੀ ਹੈ, ਲੁਕਦੀ ਹੈ, ਫਿਰ ਦਿਸਦੀ ਹੈ ਵਾਲਾਂ ਦੀਆਂ ਚਿੰੜਗਾਂ ਉਹੋ, ਉਹੋ ਪੀਲੀ ਨੁਹਾਰ ਹੱਥਾਂ ਵਿਚ ਬੱਝਾ ਹੋਇਆ ਬਾਲ ਉਹੋ ਉਹੋ ਬੁੱਲ੍ਹਾਂ ਤੇ ਪੁਕਾਰ : ਮੇਰੇ ਹਮਵਤਨ, ਮੇਰੇ ਵੀਰ, ਮੈਨੂੰ ਗੋਲੀ ਨ ਮਾਰ ਫ਼ਾਕੇ ਜਹ ਜਰ ਕੇ ਮੇਰਾ ਰੰਗ ਪੀਲਾ ਏ ਮੈਂ ਲਾਲ ਨਹੀਂ, ਮੈਂ ਸਿਰਫ਼ ਮਾਂ ਹਾਂ, ਮੇਰੇ ਵੀਰ, ਮੈਂ ਜਾਸੂਸ ਨਹੀਂ ਮੇਰੇ ਸੀਨੇ 'ਚ ਮੇਰੇ ਬਾਲ ਦਾ ਦੁੱਧ— ਜ਼ਹਿਰ ਜਿਹਾ ਭੇਤ ਨਹੀਂ ਏਸ ਸੀਨੇ ਨੂੰ ਨ ਪਾੜ ਮੇਰੇ ਹਮ ਵਤਨ, ਮੇਰੇ ਵੀਰ ਮੈਨੂੰ...... ਉਹਦੇ ਸੀਨੇ 'ਚ ਉਹਦੇ ਬਾਲ ਦੀ ਵੱਖੀ 'ਚ ਮੇਰੀ ਗੋਲੀ ਦਾ ਦਾਗ਼ ਕਿਸੇ ਕਚ-ਅੰਗੀ ਦੀ ਲਜਿਆ ਤੇ ਜਿਵੇਂ ਡਿੱਗਾ ਹੋਇਆ ਧੂਸ ਕੋਈ, ਵਾਂਗ ਉਕਾਬ ਅਪਣੇ ਇਸ ਜੁਰਮ ਦੀ ਤਸਵੀਰ ਨੂੰ ਤਕ ਕੇ ਨਜ਼ਰ ਜਾਂਦੀ ਏ ਪਾਟ ਥਿੜਕਦੇ ਹੱਥਾਂ 'ਚ ਬੁੱਲ੍ਹਾਂ ਤਕ ਵਧਦਾ ਹੈ ਤੇਜ਼ ਮਦਿਰਾ ਦਾ ਗਿਲਾਸ ਰੂਹ ਦੀ ਕਾਲਖ਼ੀ ਗਹਿਰਾਈ ਚੋਂ ਉਠਦੀ ਹੈ ਇਕ ਕਿਰਨ ਆਵਾਜ਼ ਨਹੀਂ, ਨਹੀਂ, ਨਹੀਂ, ਅੱਜ ਨਹੀਂ, ਅੱਜ ਨਹੀਂ, ਮੈਂ ਪੀਣੀ ਸ਼ਰਾਬ ।
34. ਹਾਲੀ ਸਮਾਂ ਹੈ
ਰਾਹੇ ਰਾਹੇ ਜਾਂਦੀਏ, ਨੀ ਰਾਹੇ ਰਾਹੇ ਜਾਂਦੀਏ ਅਹਿ ਜਵਾਨੀ, ਅਹਿ ਹੁਸਨ ਕਿਰਮਚੀ ਅੰਗਾਂ ਦੀ ਲਿਸ਼ਕ ਨਾ ਗਵਾ, ਨਾ ਗਵਾ ਹਾਲੀ ਸਮਾਂ ਏਂ, ਹਾਲੀ ਸਮਾਂ ਰਾਹੇ ਰਾਹੇ ਜਾਂਦੀਏ, ਨੀ ਰਾਹੇ ਰਾਹੇ ਜਾਂਦੀਏ । ਮੇਰੀਆਂ ਬਾਹਾਂ ਦਾ ਅਹਿ ਤਕ ਵੇਲਣਾ ਪੀੜ ਸੁੱਟੀ ਜਿਸ ਨੇ ਆਦਮ ਦੀ ਫ਼ਸਲ ਜਿਸ ਨੇ ਰਗ ਰਗ ਚੋਂ ਲਹੂ ਸੁਟਿਆ ਨਿਚੋੜ ਆ ਤੈਨੂੰ ਇਸ ਵੇਲਣੇ ਵਿਚ ਪੀੜ ਦਾਂ ਫੋਕ ਕਰ ਸੁੱਟਾਂ ਤੇਰਾ ਰਸਿਆ ਸ਼ਬਾਬ ਕਢ ਲਵਾਂ ਤੇਰੇ ਵੀ ਬੁੱਲਾਂ ਚੋਂ ਸ਼ਰਾਬ ਰਾਹੇ ਰਾਹੇ ਜਾਂਦੀਏ, ਨੀ ਰਾਹੇ ਰਾਹੇ ਜਾਂਦੀਏ । ਮੈਥੋਂ ਨਾ ਸ਼ਰਮਾ ਨੀ ਕੁੜੀਏ ਮੈਥੋਂ ਨਾ ਸ਼ਰਮਾ ਹੁਸਨ ਤਾਂ ਸਦੀਆਂ ਤੋਂ ਵਿਕਦਾ ਆ ਰਿਹਾ ਹਰ ਸਮੇਂ ਮਿਲਦੇ ਰਹੇ ਚੁੰਬਨ ਉਧਾਰ ਮੇਰੇ ਹੱਟ ਲੋਕਾਂ ਨੇ ਪਰ ਵੇਚੇ ਪਿਆਰ ਵੰਗ ਤੋਂ ਸਸਤੇ ਸਮਝ ਕੇ ਗੋਰੀਆਂ ਚਾਨਣੀ ਰਾਤਾਂ ਦੇ ਭੰਨ ਸੁੱਟੇ 'ਕਰਾਰ ਜ਼ਿੰਦਗੀ ਹੈ ਇਕ ਵਪਾਰ ਮੇਰੇ ਹੱਟ ਕੀ ਕੁਝ ਨਾ ਵਿਕਿਆ ਵੇਖ ਅਹਿ ਬਾਗ਼ੀ ਦੀ ਬਿਜਲੀ ਅਹਿ ਵਫ਼ਾ, ਅਹਿ ਦੋਸਤੀ ਹੁਸਨ ਦੇ ਪਿੰਡੇ ਤੇ ਲਾਸਾਂ ਰਾਤ ਦੇ ਪਰਦੇ 'ਚ ਸੌਂਪੇ ਯਾਰ ਦੇ ਯਾਰਾਂ ਨੂੰ ਰਾਜ਼ ਇਸ ਜਗ੍ਹਾ ਵਿਸ਼ਵਾਸ ਵਿਕਿਆ ਇਸ ਜਗ੍ਹਾ ਵਿਕਿਆ ਖ਼ੁਦਾ ਇਸ ਜਗ੍ਹਾ ਪਾਲਿਸ਼ ਦੇ ਭਾਅ ਨਹੁੰਦਰਾਂ ਨੇ ਮਾਸ ਕਰ ਸੁਟਿਆ ਜੁਦਾ ਵੇਖ ਔਹ ਮੱਟਾਂ ਦੇ ਮੱਟ ਜਿਸਦੇ ਅੰਦਰ ਕੈਦ ਹੈ ਆਦਮ ਦੀ ਮਿੱਝ, ਆਦਮ ਦਾ ਖ਼ੂਨ, ਖ਼ੈਰ, ਏਸ ਦਾ ਕੀ ਜ਼ਿਕਰ ਕਰਨਾ ਇਹ ਤਾਂ ਸਸਤਾ ਏ ਬੜਾ, ਗਲ ਕੀ ਹੋਰਾਂ ਦੀ ਜਦ ਸ਼ਾਇਰਾਂ ਨੇ ਮੇਰੇ ਹੱਟ ਇਲਹਾਮ ਆਕੇ ਵੇਚਿਆ ਤੂੰ ਸੁਣਾ ਤੇਰੀ ਹੈ ਕੀ ਆਖ਼ਰ ਸਲਾਹ ? ਅਹਿ ਜਵਾਨੀ, ਅਹਿ ਹੁਸਨ ਕਿਰਮਚੀ ਅੰਗਾਂ ਦੀ ਲਿਸ਼ਕ ਨਾ ਗਵਾ, ਨਾ ਗਵਾ ਹਾਲੀ ਸਮਾਂ ਏਂ, ਹਾਲੀ ਸਮਾਂ ਰਾਹੇ ਰਾਹੇ ਜਾਂਦੀਏ, ਨੀ ਰਾਹੇ ਰਾਹੇ ਜਾਂਦੀਏ ।
35. ਗੁਨਾਹਗਾਰ
ਗੁੱਲ ਕਰ ਇਹ ਸ਼ਮਾਦਾਨ ਆਇਆ ਹਾਂ ਤੇਰੇ ਘਰ ਤਾਂ ਕੀ ਆਖ਼ਰ ਤਾਂ ਹਾਂ ਮੈਂ ਇਨਸਾਨ । ਸਾਰਾ ਦਿਨ ਸੂਰਜ ਨੂੰ ਮੈਂ ਤਕਦਾ ਰਿਹਾ ਉਹ ਜਿਵੇਂ ਮਘਦਾ ਰਿਹਾ ਮੇਰੇ ਤਨ ਦਾ ਅੰਗ ਅੰਗ ਤਪਦਾ ਰਿਹਾ, ਮਘਦਾ ਰਿਹਾ ; ਉਸ ਸਮੇਂ ਚਾਹੁੰਦਾ, ਤਾਂ ਆ ਸਕਦਾ ਸਾਂ ਮੈਂ ; ਪਰ ਨਹੀਂ ਕਰਦਾ ਰਿਹਾ ਮੈਂ ਇੰਤਜ਼ਾਰ । ਹੁਣ ਬੁਝੀ ਸੂਰਜ ਦੀ ਲੋਅ, ਹੁਣ ਪਸਰਿਆ ਅੰਧਕਾਰ ; ਜਗਤ ਤੋਂ ਅੱਖੀਆਂ ਬਚਾ, ਮੈਂ ਆ ਗਿਆ ਹਾਂ ਤੇਰੇ ਦੁਆਰ। ਕੌਣ ਹਾਂ ਤੇ ਕਿਸ ਲਈ ਆਇਆ ਹਾਂ ਮੈਂ ? ਕੁਝ ਨਾ ਵੇਖ, ਕੁਝ ਨ ਪੁਛ; ਬੰਦ ਕਰ ਦੇ ਰੋਸ਼ਨੀ ; ਤੇ ਬੰਦ ਰਖ ਅਪਣੀ ਜ਼ਬਾਨ ਗੁੱਲ ਕਰ ਇਹ ਸ਼ਮਾਦਾਨ। ਜਗ ਦਾ ਠੁਕਰਾਇਆ ਸਹੀ, ਠੀਕ ਹੈ, ਮੇਰੀ ਵਫ਼ਾ ਦਾ ਮੁਲ ਕਿਸੇ ਪਾਇਆ ਨਹੀਂ; ਪਰ ਤੇਰੇ ਘਰ ਮੈਂ ਢੂੰਡਣ ਵਫ਼ਾ ਆਇਆ ਨਹੀਂ; ਨ ਮੈਂ ਆਇਆ ਤੈਨੂੰ ਕਹਿਣ ਦਰਦ ਅਪਣੇ ਦੀ ਕਥਾ ; ਮੇਰੀਆਂ ਅੱਖੀਆਂ ਦੇ ਵਿਚ ਸ਼ਿਕਵੇ ਨ ਪੜ੍ਹ, ਮੇਰੀਆਂ ਅੱਖੀਆਂ ਦੇ ਵਿਚ ਅੱਖੀਆਂ ਨ ਪਾ; ਸਵਾਂਗ ਨਾਰੀ, ਇਸ ਤਰ੍ਹਾਂ ਹਉਕੇ ਨ ਭਰ, ਤੇਰੀ ਹਮਦਰਦੀ ਦੀ ਮੈਨੂੰ ਲੋੜ ਨਹੀਂ । ਇਹ ਮੁਲੰਮਾ-ਇਸ਼ਕ ਵਿਓਪਾਰੀ-ਅਦਾ ਤੇਰੀ ਮਜਬੂਰੀ ਨੇ ਇਹ ਇਹ ਤੇ ਜਰ ਸਕਦਾ ਹਾਂ ਮੈਂ; ਤੂੰ ਜੋ ਠੁਕਰਾਏਂ ਮੈਨੂੰ, ਅਪਣੇ ਦਰਵਾਜ਼ੇ ਜੇ ਤੂੰ ਅੱਜ ਭੀੜ ਲਏਂ, ਇਹ ਵੀ ਜਰ ਸਕਦਾ ਹਾਂ ਮੈਂ, ਤੇਰੀ ਹਮਦਰਦੀ ਮੈਂ ਹਰਗਿਜ਼ ਮਾਫ਼ ਕਰ ਸਕਦਾ ਨਹੀਂ, ਰਹਿਮ ਕਰ ਸਕਦਾ ਨਹੀਂ ; ਸਵਾਂਗ ਨਾਰੀ, ਇਸ ਤਰ੍ਹਾਂ ਹੌਕੇ ਨ ਭਰ ਮੈਂ ਨਹੀਂ ਕੋਈ ਅੰਞਾਣ ਗੁੱਲ ਕਰ ਇਹ ਸ਼ਮਾਦਾਨ । ਇਸ ਤਰ੍ਹਾਂ ਨ ਅੰਗ ਮੋੜ, ਏਦਾਂ ਸ਼ਰਮਾਉਂਦੀ ਨ ਜਾ, ਜਿਸ ਤਰ੍ਹਾਂ ਅਜ ਪਹਿਲੀ ਵੇਰ ਤੇਰੇ ਜੋਬਨ ਤੇ ਪਈ ਮੇਰੀ ਨਿਗਾਹ ; ਮੈਂ ਬਹੁਤ ਹੁਸ਼ਿਆਰ ਹਾਂ; ਮੈਂ ਬਹੁਤ ਵੇਖੇ ਨੇ ਨੈਣ, ਮੈਂ ਬਹੁਤ ਪਰਖੀ ਅਦਾ ; ਐਵੇਂ ਤੂੰ ਧੋਖਾ ਨ ਖਾ ਤੇ ਆਪਣਾ ਹਾਸਾ ਨ ਉੜਾ, ਰਬ ਦੀ ਸਹੁੰ— ਅਜ ਮੇਰਾ ਹੱਸਣ ਨੂੰ ਜੀ ਕਰਦਾ ਨਹੀਂ ; ਨੀ ਅੰਗ ਵੇਚਣ ਵਾਲੀਏ, ਵਿਕਣਾ ਮਜਬੂਰੀ ਤੇਰੀ ਤੇ ਮੇਰੀ ਮਜਬੂਰੀ ਗੁਨਾਹ ; ਜਿਸ ਤਰ੍ਹਾਂ ਮਜਬੂਰ ਤੂੰ ਏਂ, ਉਸ ਤਰ੍ਹਾਂ ਮਜਬੂਰ ਮੈਂ, ਆਪਣੇ ਰੱਬ ਤੋਂ ਦੂਰ ਤੂੰ ਏਂ, ਅਪਣੇ ਰੱਬ ਤੋਂ ਦੂਰ ਮੈਂ, ਜ਼ਿੰਦਗੀ ਦਾ ਸਵਾਂਗ ਤੂੰ ਏਂ, ਜ਼ਿੰਦਗੀ ਦਾ ਸਵਾਂਗ ਮੈਂ, ਫੇਰ ਵੀ ਇਨਸਾਨ ਤੂੰ ਏਂ ਫੇਰ ਵੀ ਇਨਸਾਨ ਮੈਂ, ਨੀ ਅੰਗ ਵੇਚਣ ਵਾਲੀਏ, ਆ ਵੇਚ ਦੇਈਏ ਅਪਣੇ ਅੰਗ, ਪਰ ਵੇਚੀਏ ਨ ਅਪਣਾ ਮਾਣ, ਰਾਤ ਦੇ ਪਰਦੇ 'ਚ ਹੋਈਏ ਦਾਗ਼ਦਾਰ, ਇਕ ਦੂਜੇ ਨੂੰ ਨ ਪਰ ਸਕੀਏ ਸਿਞਾਣ । ਗੁਲ ਕਰ ਇਹ ਸ਼ਮਾਦਾਨ ਆਇਆ ਹਾਂ ਤੇਰੇ ਘਰ ਤਾਂ ਕੀ, ਆਖ਼ਰ ਤਾਂ ਹਾਂ ਇਨਸਾਨ।
36. ਤੇਰੇ ਦਰਬਾਰ 'ਚ
ਤੇਰੇ ਦਰਬਾਰ 'ਚ ਆਇਆ ਹਾਂ ਭਗਵਾਨ ਕਰਕੇ ਮਦਰਾ 'ਚ ਸ਼ਨਾਨ ਤੇਰੇ ਦਰਬਾਰ 'ਚ ਰੋਜ਼, ਸੁਬ੍ਹਾ ਸ਼ਾਮ ਆਕੇ ਸਿਜਦੇ ਕਰਾਂ, ਇਹ ਮੈਨੂੰ ਵਾਦੀ ਨਹੀਂ ; ਰੋਜ਼ ਭਰ ਭਰ ਕੇ ਪੀਆਂ ਜਾਮ ਮੈਂ ਕੋਈ ਆਦੀ ਨਹੀਂ ; ਇਹ ਤੇਰੇ ਉੱਚੇ ਮੱਹਲ, -ਜੀਹਦੇ ਸੂਲਾਂ ਜਹੇ ਕਲਸ ਉਠ ਕੇ ਅਸਮਾਨ ਦੀ ਹਿੱਕ ਦੇਂਦੇ ਨੇ ਸੱਲ- ਝਾਕ ਸਕਦੀ ਨਹੀਂ ਮੇਰੀ ਨਜ਼ਰ ਇਹਨਾਂ ਦੇ ਵੱਲ ; ਧੂਪ, ਚੰਦਨ ਤੇ ਅਗਰ ਭਿੱਜੀ ਹੋਈ ਸ਼ਾਮ 'ਚ ਬੈਠ ਮੈਂ ਤੇਰਾ ਧਿਆਨ ਧਰਾਂ ਤੇ ਤਸੱਵਰ ਹੀ ਤਸੱਵਰ 'ਚ ਨੀਝਾਂ ਤੇਰੇ ਅਸਮਾਨ, ਤੇਰੇ ਜੰਨਤ, ਤੇਰੇ ਬੇ-ਕਾਰ ਜਹਾਨ, —ਭਾਰ ਚੁੱਕ ਚੁੱਕ ਕੇ ਨਹੀਂ ਕੁੱਬੇ ਜਿਥੋਂ ਦੇ ਵਸਨੀਕ— ਤੇਰੇ ਇੰਦਰ, ਤੇ ਤੇਰੇ ਦੇਵ ਅਨੇਕ, —ਉਮਰ ਭਰ ਜਿਨ੍ਹਾਂ ਕਦੇ ਜਰਿਆ ਨਹੀਂ ਸੀਨੇ 'ਚ ਸੂਲ, ਪਿੰਡੇ ਤੇ ਸੇਕ- ਤੇਰੀਆਂ ਪਰੀਆਂ, ਸਦਾ ਜਵਾਨ, ਅੰਗਾਂ ਦੇ ਸੱਚੇ 'ਚ ਢਲਿਆ ਹੋਇਆ ਸੰਗੀਤ; ਮੈਂ ਏਨੀ ਐਸ਼ ਕਰਾਂ ? ਇਹ ਮੈਨੂੰ ਜੁੱਰਤ ਨਹੀਂ, ਇਹ ਮੇਰੀ ਪਾਇਆ ਨਹੀਂ, ਨਾਲੇ ਕਦ ਵਿਹਲ ਮੈਨੂੰ ਦੇਂਦਾ ਏ ਤੇਰਾ ਜਹਾਨ। ਤੇਰੇ ਦਰਬਾਰ 'ਚ ਆਇਆ ਹਾਂ ਭਗਵਾਨ ਕਰਕੇ ਮਦਰਾ 'ਚ ਸ਼ਨਾਨ । ਫੇਰ ਵੀ ਐਸ਼ ਤੋਂ ਨਫ਼ਰਤ ਤਾਂ ਨਹੀਂ ਏਂ ਮੈਨੂੰ ਮੈਂ ਕੋਈ ਖੁਸ਼ਕ ਜਿਹਾ ਮੁਨਕਰ ਤਾਂ ਨਹੀਂ ; ਵੇਖ ਅੱਜ ਦੌੜ ਹੀ ਆਇਆ ਹਾਂ ਤੁੜਾ ਕੇ ਸੰਗਲ, ਅੱਜ ਮੈਂ ਦੇ ਆਇਆ ਹਾਂ ਧੋਖਾ ਜ਼ਿੰਦਗਾਨੀ ਨੂੰ, ਭਾਵੇਂ ਕੁਝ ਚਿਰ ਦੇ ਲਈ । ਹੈ ਤਾਂ ਥੋੜਾ ਹੀ ਸਮਾਂ, ਪਰ ਇਸ 'ਚ ਲਿੱਤੇ ਨੇ ਜਿਵਾਲ ਅਪਣੇ ਸਭ ਕੋਹੇ ਹੋਏ ਐਸ਼-ਖ਼ਿਆਲ ; ਅੱਜ ਮੈਂ ਚੱਬੇ ਨੇ ਪਾਨ, ਅੱਜ ਮੈਂ ਪੀਤੇ ਨੇ ਬੜੇ, ਤੇਰੀ ਕਸਮ, ਜਾਮ ਤੇ ਜਾਮ ; ਅੱਜ ਮੈਂ ਹੱਵਾ ਦੀ ਜਵਾਨੀ ਨੂੰ ਵੀ ਤਕਿਆ ਏ ਹੰਗਾਲ, ਅੱਜ ਮੈਨੂੰ ਆਇਆ ਏ, ਮੇਰੇ ਪ੍ਰਭੂ, ਮੇਰੇ ਪਿਤਾ, ਤੇਰਾ ਖਿਆਲ, ਤੇਰੇ ਦਰਬਾਰ ਚਲਾ ਆਇਆ ਵੀ ਹਾਂ ; ਅਪਣੇ ਹੀਏ ਤੇ ਮੈਂ ਥੋੜਾ ਜਿਹਾ ਪਸ਼ੇਮਾਨ ਵੀ ਹਾਂ, ਧੂਪ ਚੰਦਨ ਦੀ ਹਵਾੜ, ਉਸ 'ਚ ਮੈਂ ਦਿੱਤੀ ਏ ਖਿਲਾਰ ਮਦਿਰਾ ਦੀ ਹਵਾੜ, ਹੱਵਾ-ਨਾਪਾਕ ਦੇ ਅੰਗਾਂ ਦੀ ਬੋ, ਮੈਂ ਚਲਾ ਆਇਆ ਹਾਂ ਦਰਬਾਰ 'ਚ ਅਸ਼ਨਾਨ ਬਿਨਾਂ ; ਪਰ ਮੈਨੂੰ ਝਿੜਕ ਨ ਮਾਰ, ਮੇਰੀ ਮਜਬੂਰੀ ਨੂੰ ਤਕ, ਨਾਲੇ ਤਕ ਮੇਰਾ ਪਿਆਰ ; ਵੇਖ ਅਰਮਾਨਾਂ ਦਾ ਢੇਰ, ਨਾਲੇ ਤਕ ਚੋਰੀ ਦੀ ਰਾਤ ਜਿਸ ਦੀ ਹੋ ਚੱਲੀ ਏ ਸਵੇਰ ; ਭੱਜੋ ਨੱਠੀ ਦੀ ਨਮਸਕਾਰ ਮੇਰੇ ਪ੍ਰਭੂ ਕਰ ਸਵੀਕਾਰ ; ਵੇਖ ਔਹ ਸਰਘੀ ਦਾ ਨੇਜ਼ਾ ਕਿਸੇ ਤਾਕ 'ਚ ਹੈ ਵੇਖ ਜ਼ਿੰਦਗਾਨੀ ਦਾ ਸੂਹੀਆ ਮੇਰੀ ਤਾਲਾਸ਼ 'ਚ ਹੈ ; ਤੈਥੋਂ ਕੀ ਘੁੱਥਾ ਏ, ਪ੍ਰਭੂ, ਜਾਣੀ ਜਾਣ । ਤੇਰੇ ਦਰਬਾਰ 'ਚ ਆਇਆ ਹਾਂ ਭਗਵਾਨ ਕਰਕੇ ਮਦਿਰਾ 'ਚ ਸ਼ਨਾਨ ।
37. ਰਾਤ ਭਰ ਹਾਂ ਜਾਗਦਾ
ਰਾਤ ਭਰ ਹਾਂ ਜਾਗਦਾ ਸ਼ਾਮ ਤਕ ਰੋਜ਼ੀ ਦਾ ਕੋਹਲੂ ਗੇੜ ਕੇ ਅੰਗ ਮੇਰੇ ਨੇ ਚੂਰ ਚੂਰ ਠੀਕ ਤਾਂ ਇਹ ਸੀ ਕਿ ਨੀਂਦਰ ਦਾ ਨਸ਼ਾ ਪੀ ਕੇ ਆ ਜਾਂਦਾ ਸਰੂਰ, ਗ਼ਸ਼ ਜਹੀ ਪੈ ਜਾਂਦੀ ਮੇਰੀ ਹੋਸ਼ ਨੂੰ ; ਛਿਣਕ ਦੇਂਦੀ ਯਾ ਕੋਈ ਥਪਕੀ ਮੇਰੇ ਭੱਠੀ-ਤਪੇ ਅੰਗਾਂ ਤੇ ਠੰਡ ; (ਜਾਣਦਾ ਮੈਂ ਵੀ ਕਿ ਕੀ ਸ਼ੈ ਹੈ ਤ੍ਰੇਲ) ਸੁਪਨ ਬਣ ਕੇ ਯਾ ਕੋਈ ਸ਼ੁਅਲਾ ਹੀ ਡਿਗਦਾ ਦਿਲ ਮੇਰੇ ਦੀ ਬਰਫ਼ ਤੇ, (ਭੂਏ ਹੋ ਜਾਂਦਾ ਮੇਰੀ ਹਰਕਤ ਦਾ ਬਲਦ ਅਪਣੇ ਮਾਲਕ ਦੇ ਲਈ ਹਸ ਹਸ ਪਸੀਨਾ ਡੋਲ੍ਹਦਾ) ਅੰਗ ਕੋਸੇ, ਦਿਲ ਬਰਫ਼, ਨੈਣ ਵਿਚ ਨੀਂਦਰ ਨਹੀਂ ਜਾਗਣਾ ਬਸ ਜਾਗਣਾ ਸਰਮਾਇਆ ਮੇਰੇ ਭਾਗ ਦਾ ਰਾਤ ਭਰ ਹਾਂ ਜਾਗਦਾ । ਮੈਂ ਕੋਈ ਰਾਹੀ ਨਹੀਂ ਰਾਤ ਭਰ ਨੀਂਦਰ ਦੀ ਮਾਇਆ ਤਿਆਗ ਕੇ ਜੋ ਸਦਾ ਤੁਰਦਾ ਰਹੇ, ਪੈਂਡਾ ਕਰੇ ; ਨਾ ਮੈਂ ਉਹ ਪੰਛੀ ਜਿਹੜਾ ਖੰਭਾਂ ਦੇ ਵਿਚ ਬਿਜਲੀ ਭਰੇ ਆਲ੍ਹਣੇ ਦਾ ਸ਼ੌਕ ਉੱਕਾ ਹੀ ਨਹੀਂ; ਮੈਂ ਕੋਈ ਬੀਮਾਰ ਨਹੀਂ, ਨਾ ਮੈਂ ਸਟ-ਖਾਧਾ ਕੋਈ ਜੰਗਲ ਦਾ ਜੀਵ ; ਚੀਖ਼ ਜਿਸ ਦੀ ਨੀਂਦ ਦੇ ਪਿੰਡੇ ਤੇ ਪਾ ਦੇਂਦੀ ਏ ਲਾਸ। ਨਾ ਮੇਰੀ ਨੀਂਦਰ ਉਧਾਲੀ ਤਾਰਿਆਂ ਦੇ ਹੁਸਨ ਨੇ ਤਾਰਿਆਂ ਦੇ ਨਾਲ ਮੇਚਾਂ, ਅਪਣੇ ਨੈਣਾਂ ਦੀ ਚਿਣਗ! ਮੇਰੀ ਕਿਸਮਤ ਵਿਚ ਨਹੀਂ ਅੰਬਰ ਨਜ਼ਰ ਓ ਮੇਰੀ...... (ਆਖਣ ਨੂੰ ਜੀ ਕਰਦਾ ਨਹੀਂ) ਮੈਂ ਕਦੀ ਬੇਸ਼ਕ ਸੀ ਤੈਨੂੰ ਪਿਆਰਿਆ, ਯਾਦ ਦੇ ਵਹਿਦੇ ਵੀ ਕੀਤੇ ਸੀ ਬੜੇ, ਖਿਆਲ ਤੇਰੇ ਵਿਚ ਨਹੀਂ ਪਰ ਜਾਗਦਾ ਇਹ ਮੇਰਾ ਨਿਤ-ਕੰਮ-ਸਖ਼ਤਾਇਆ-ਬਦਨ ਸੁਪਨ-ਗਲਬਾਹੀਆਂ ਦੇ ਵੀ ਕਾਬਲ ਨਹੀਂ । ਮੈਂ ਜੁਦਾਈ ਵਿਚ ਨ ਤੇਰੀ ਜਾਗਦਾ ਰਾਤ ਹੈ ਕਾਲੀ ਸਿਆਹ ਦਿਨ ਵੀ ਘਟ ਕਾਲੇ ਨਹੀਂ ਕਿਰਨ ਉਹ ਮਿਲਦੀ ਨਹੀਂ ਅਪਣੇ ਮੱਥੇ ਵਿਚ ਲਵਾਂ ਜਿਹੜੀ ਪਰੋ ; ਸੁਪਨਿਆਂ ਦੇ ਚਾਨਣਾਂ ਤੇ ਸ਼ਰਮਸਾਰ ਨੀਂਦ ਨੂੰ ਵੀ ਅੰਗ ਨਹੀਂ ਲਾਉਂਦੀ ਇਹ ਅਭਿਮਾਨੀ ਨਜ਼ਰ, ਏਸ ਲਈ— ਰਾਤ ਭਰ ਹਾਂ ਜਾਗਦਾ ਰਾਤ ਭਰ ਹਾਂ ਜਾਗਦਾ ।
38. ਅੱਜ ਮੈਨੂੰ ਨ੍ਹਾਉਣ ਦਿਓ
ਅੱਜ ਮੈਨੂੰ ਨ੍ਹਾਉਣ ਦਿਓ ਖੋਰ ਦਿਤੀ ਹੈ ਕਿਸੇ ਅੰਬਰ ਦੀ ਜਵਾਨੀ ਅਜ ਤਾਂ, ਅਜ ਤਾਂ ਢਿਲਕੇ ਨੇ ਹੋਏ ਮੇਘ ਦੇ ਚੀਰ। ਚਿਣਗ–ਸੇਜਾ ਤੇ ਜਿਵੇਂ ਵੇਖ ਕੇ ਆਸ਼ਿਕ ਦਾ ਸਰੀਰ ਕਿਸੇ ਦਿਲ-ਹੀਣ ਦੇ ਨੈਣਾਂ 'ਚ ਵੀ ਆ ਜਾਂਦਾ ਏ ਨੀਰ, ਏਦਾਂ ਹੀ ਵੇਖ ਕੇ ਧਰਤੀ ਦਾ ਬੁਖ਼ਾਰ, ਛਾਲੇ ਉਗਲੱਛਦੀ ਹੋਈ ਭੋਂ ਦੀ ਹਵਾੜ ਨੈਣ ਅੰਬਰ ਨੇ ਕਿਹਾ, ਪਾਣੀ ਹੈ ਵਗ ਜਾਣ ਦਿਓ । ਅੱਜ ਮੈਨੂੰ ਨ੍ਹਾਉਣ ਦਿਓ । ਜਾਣਦਾ ਹਾਂ ਕਿ ਮੈਂ ਡਾਢਾ ਬੀਮਾਰ ਮੇਰੇ ਪਿੰਡੇ ਨੂੰ ਹੀ ਚਬ ਚਬ ਕੇ ਫਲੂਹੇ ਨੇ ਜਵਾਨ ਡੀਕ ਕੇ ਮੇਰੀ ਹੀ ਰਤ ਤੇਈਏ ਦੀ ਹੈ ਜਾਨ 'ਚ ਜਾਨ ਗਰਮ ਪਾਰਾ ਹੈ ਮੇਰੇ ਹੱਡੀਂ ਸ਼ਾਇਦ ਖ਼ੂਨ ਦੀ ਥਾਂ ਇਹ ਮੇਰਾ ਧੁਖਦਾ ਸਰੀਰ ਇਸ ਤਰ੍ਹਾਂ ਜਾਪੇ ਜਿਵੇਂ ਕੋਈ ਰਿਝਦਾ ਪਹਾੜ ਮੇਰੇ ਪਿੰਜਰ ਦੀ ਹਵਾੜ ਗਰਮ ਸੀਖਾਂ ਦੇ ਵਾਂਙ ਵਾਯੂ ਦੀ ਹਿਕ ਜਾਂਦੀ ਏ ਪਾੜ ; ਜਾਣਦਾ ਹਾਂ ਕਿ ਮੈਂ ਡਾਢਾ ਬੀਮਾਰ ਮੇਰੇ ਪਿੰਡੇ ਤੇ ਪਾਣੀ ਦੀ ਛਿਣਕ ਇਹ ਹੈ ਜਮਰਾਜ ਨੂੰ 'ਵਾਜ ਪਰ ਰਤਾ ਵੇਖੋ ਤਾਂ ਸਹੀ ਉਡਦੇ ਪਹਾੜ ਮੇਘ ਦੀ ਝੋਲ 'ਚੋਂ ਕਿਰਦੀ ਫੁਹਾਰ, ਜਿਵੇਂ ਕਿਸੇ ਗੋਰੀ ਦੇ ਪਟ-ਅੰਗਾਂ ਦੇ ਤਾਰ, ਮੈਨੂੰ ਰੋਕੋਗੇ ਤਾਂ ਹੋ ਜਾਵੇਗਾ ਬਹੁਤ ਵਿਗਾੜ, ਜੇ ਮੈਂ ਤਾਰਾਂ 'ਚ ਫਸਾਂ ਹਾਇ ਤਾਂ ਫਸ ਜਾਣ ਦਿਓ, ਜੇ ਮੈਂ ਭਿਜ ਭਿਜ ਕੇ ਮਰਾਂ ਹਾਇ ਤਾਂ ਮਰ ਜਾਣ ਦਿਓ । ਅੱਜ ਮੈਨੂੰ ਨ੍ਹਾਉਣ ਦਿਓ । ਖੋਰ ਦਿਤੀ ਹੈ ਕਿਸੇ ਅੰਬਰ ਦੀ ਜਵਾਨੀ ਅੱਜ ਤਾਂ, ਅੱਜ ਤਾਂ ਢਿਲਕੇ ਨੇ ਹੋਏ ਮੇਘ ਦੇ ਚੀਰ।
39. ਜੇ ਲਾਸ਼ ਬੋਲ ਸਕਦੀ
ਇਹ ਕੌਣ ਆਇਆ ਏ ਮੇਰੀ ਅਰਥੀ ਦੇ ਨਾਲ ? ਕਿਸਦਾ ਹਟਕੋਰਾ ਜਿਹਾ ਸੁਣਦਾ ਹਾਂ ਮੈਂ ? ਇਹ ਕਿਦ੍ਹੇ ਮਾਸੂਮ-ਜਿਹੇ ਪੈਰਾਂ ਦੀ ਹਲਕੀ ਚਾਪ ਏ ? ਇਹ ਕਿਤੇ ਉਹੀਓ ਨਹੀਂ ? ਅਸਤ ਵੇਲੇ ਦੀ ਕਿਰਨ ਨੂੰ ਵੇਖ ਕੇ ਕੁਝ ਯਾਦ ਕਰ ਯਾਦ ਕਰ ਖਾਂ ਉਹ ਸਮਾਂ ਜਦ ਤੇਰੇ ਮਹਿਲਾਂ ਦੇ ਲੰਮੇ ਸਹਿਮ-ਪਰਛਾਵੇਂ ਹੇਠਾਂ ਆ ਖਲੋਤਾ ਇਕ ਜਵਾਨ ਅਪਣੀ ਚੌੜੀ ਹਿਕ 'ਚ ਲੈ ਮਾਸੂਮ ਰੀਝਾਂ ਦਾ ਜਹਾਨ ਜਿਸ ਦਾ ਉੱਚਾ ਕਦ ਸੀ ਇਕ ਜਜ਼ਬਾ-ਜਵਾਨ ਜਿਸ ਦੀ ਤਾਕਤ ਤੇ ਵਫ਼ਾਦਾਰੀ ਨੂੰ ਤੂੰ ਕੁਝ ਟਕੇ ਤੇ ਫ਼ਾਕਿਆਂ ਦੇ ਇਵਜ਼ ਸੀ ਲਿੱਤਾ ਖ਼ਰੀਦ ਜਿਸ ਦੀ ਉਮਰਾ ਦੇ ਵਰ੍ਹੇ ਤੇਰੀ ਖ਼ਾਤਰ ਅਰਕ ਬਣ ਬਣ ਕੇ ਵਗੇ ਤੁਬਕਾ ਤੁਬਕਾ ਜ਼ਿੰਦਗੀ ਊਣੀ ਹੋਈ ਤੇਰੇ ਲਈ ਸ਼ੁਅਲਾ ਉਹਦੀ ਜ਼ਿੰਦਗੀ ਦਾ ਸੀ ਤੜਪ ਉਠਦਾ ਕਦੀ ਬਕਣ ਤੇ ਮਜਬੂਰ ਹੋ ਜਾਂਦਾ ਸੀ ਉਹ ਨੀਲ ਆਪਣੇ ਜਿਸਮ ਦੇ ਜਗ ਨੂੰ ਵਿਖਾ ਦੇਂਦਾ ਸੀ ਉਹ ਫੇਰ ਵੀ ਅਪਣੀ ਵਫ਼ਾ ਵੇਚਣ ਲਈ ਮਜਬੂਰ ਸੀ ਅੰਤ ਸ਼ੁਅਲਾ ਜ਼ਿੰਦਗੀ ਦਾ ਸਤ ਕੇ ਭਾਂਬੜ ਬਣ ਗਿਆ ਖ਼ਤਮ ਹੋਈ ਜ਼ਿੰਦਗੀ, ਉਸ ਦੀ ਮਜਬੂਰੀ, ਵਫ਼ਾ । ਅਸਤ ਵੇਲੇ ਦੀ ਕਿਰਨ ਅਪਣੇ ਕੋਲੇ ਅਸਤ-ਸਾਗਰ ਵਿਚ ਡੁਬੋ ਹੋ ਗਈ ਖ਼ਾਮੋਸ਼, ਪੈਂਡੇ ਮੁਕ ਗਏ । ਅਸਤ ਵੇਲੇ ਦੀ ਕਿਰਨ ਨੂੰ ਵੇਖਕੇ ਕੁਝ ਯਾਦ ਕਰ ਇਹ ਹੈ ਛੁੱਟੀ ਦਾ ਸਮਾਂ, ਹੈ ਸਿਹਨ ਤੇਰੇ ਵਿਚ ਜਮਾਂ ਪਹੀਏ-ਗੇੜੂ ਡੰਗਰਾਂ ਦਾ ਇਕ ਗਿਰੋਹ; ਚਾਰਾ ਨਹੀਂ ਤਾਂ ਨਾ ਸਹੀ, ਅਪਣੀ ਤਿਜੌਰੀ ਵਿਚੋਂ ਫਾਕੇ ਵੰਡ ਦੇ ਜਾ ਰੋਜ਼ ਵਾਂਙ ਏਥੇ ਹਟਕੋਰੇ ਨ ਭਰ ਆਖ ਨਾ ਚੰਗਾ ਸੀ ਉਹ, ਮੇਰੀ ਵਫ਼ਾ ਨ ਯਾਦ ਕਰ ਮੈਨੂੰ ਤਾਂ ਅਪਣੀ ਵਫ਼ਾ ਤੇ ਮਾਣ ਨਹੀਂ ਤੇਰੇ ਹੰਝੂ ਨੂੰ ਮੇਰੇ ਮਾਤਮ ਦਾ ਹਰਗਿਜ਼ ਹਕ ਨਹੀਂ ਮਰ ਚੁਕੇ ਨੂੰ ਹੋਰ ਨ ਕੋਹ ਅਪਣੀ ਹਮਦਰਦੀ ਦੇ ਨਾਲ ਇਹ ਕੌਣ ਆਇਆ ਏ ਮੇਰੀ ਅਰਥੀ ਦੇ ਨਾਲ ?
40. ਤੂੰ ਬੜੀ ਮਾਸੂਮ ਏਂ
ਤੂੰ ਬੜੀ ਮਾਸੂਮ ਏਂ ਜੇ ਮੈਂ ਕਦੇ ਜਾਬਰ ਬਣਾਂ ਛਾਂਟਿਆਂ ਨਾਲ ਠੇਕ ਦਾਂ ਤੇਰਾ ਬਦਨ ਨੈਣ ਤੇਰੇ ਇਸ ਤਰ੍ਹਾਂ ਨਹੁੰਦਰ ਦਿਆਂ ਮੇਰੀਆਂ ਅੱਖੀਆਂ ਦੇ ਵਿਚ ਤੂੰ ਢੂੰਡ ਨਾ ਸੱਕੇਂ ਹੁਸਨ ਖੋਹ ਲਵਾਂ ਵਿਸ਼ਵਾਸ ਤੇਰਾ, ਲੁਟ ਲਵਾਂ ਮਨ ਦਾ ਅਮਨ ਤੂੰ ਕੀ ਜਾਣੇ ਖ਼ਤਰਿਆਂ ਭਰਿਆ ਹੈ ਤੇਰਾ ਭੋਲਪਨ ਤੂੰ ਬੜੀ ਮਾਸੂਮ ਏਂ ਰੋਜ਼ ਜਦ ਮੁੜਦਾ ਹਾਂ ਘਰ ਵਾਹ ਕੇ ਰੋਜ਼ੀ ਦਾ ਵਦਾਣ ਸੜ ਚੁਕੇ ਹੁੰਦੇ ਨੇ ਪੱਛਮ ਵਿਚ ਮਸਾਣ ਲਗ ਚੁਕੇ ਹੁੰਦੇ ਨੇ ਹਿੱਕ ਅਸਮਾਨ ਦੀ ਤਾਰਿਆਂ ਦੇ ਅਗਨ-ਬਾਣ ਵਰਤ ਚੁਕਦੀ ਏ ਚੁਫੇਰ ਮੌਤ ਵਰਗੀ ਚੁੱਪ ਚਾਣ ਗ਼ਸ਼ ਜਹੀ ਵਿਚ ਘੂਕ ਸੌਂ ਚੁੱਕਾ ਏ ਹੁੰਦਾ ਕੁਲ ਜਹਾਨ ਉਸ ਸਮੇਂ ਮੁੜਦਾ ਹਾਂ ਘਰ ਏਸ ਵੀਰਾਨੇ 'ਚ ਮੈਂ ਅਪਣੇ ਦਿਲ-ਵੀਰਾਨ ਵਰਗਾ ਲਿਤੜ ਕੇ ਰਾਹ-ਬੀਆਬਾਨ; ਗੂੜ੍ਹ ਰਾਤੀਂ ਅੱਖੀਆਂ ਦੇ ਵਿਚ ਕੋਈ ਪਾਕੇ ਨੈਣ ਵੇਖ ਨ ਲਏ ਅੱਖ 'ਚ ਉਹ ਪਾਣੀ ਨਹੀਂ ਨਕਸ਼ ਵਿਚ ਨਹੀਂ ਜ਼ਿੰਦਗੀ, ਪੁੱਛ ਨ ਬੈਠੇ ਕੋਈ ਹੁਸਨ ਨੇ ਕੀਕਣ ਝਰੀਟਾਂ ਕਰ ਲਈਆਂ ? ਜ਼ਿੰਦਗੀ ਤੋਂ ਜ਼ਿੰਦਗੀ ਦਾ ਇਸ਼ਕ ਕਿਸ ਨੇ ਖੋਹ ਲਿਆ ? ਮਰ ਜਾਵਾਂਗਾ ਸ਼ਰਮ ਨਾਲ, ਇਹ ਨ ਜਰ ਸੱਕਾਂਗਾ ਮੈਂ; ਬਹੁਤ ਜਰ ਜਾਂਦਾ ਹਾਂ ਬੇਸ਼ਕ ਫਿਰ ਵੀ ਬਗ਼ੈਰਤ ਨਹੀਂ ਇਸ ਲਈ ਰੋਜ਼ ਜਦ ਮੁੜਦਾ ਹਾਂ ਘਰ ਸੜ ਚੁਕੇ ਹੁੰਦੇ ਨੇ ਪੱਛਮ ਵਿਚ ਮਸਾਨ ਲਗ ਚੁਕੇ ਹੁੰਦੇ ਨੇ ਹਿਕ ਅਸਮਾਨ ਦੀ ਤਾਰਿਆਂ ਦੇ ਅਗਨ-ਬਾਣ । ਗ਼ਸ਼ ਜਹੀ ਵਿਚ ਘੂਕ ਸੌਂ ਚੁੱਕਦਾ ਏ ਭਾਵੇਂ ਕੁਲ ਜਹਾਨ, ਫਿਰ ਵੀ ਤੂੰ ਸੌਂਦੀ ਨਹੀਂ ਨੈਣ ਵਿਚ ਭਰ ਇੰਤਜ਼ਾਰ, ਮੇਰੀ ਬਦਬਖ਼ਤੀ ਹੈ ਇਹ ਇੰਤਜ਼ਾਰ ਕਿਉਂ ਭਰੀ ਜਾਂਦੀ ਹੈ ਦਿਨ ਦਿਨ ਤੇਰੇ ਨੈਣਾਂ ਵਿਚ ਸ਼ਿੰਗਾਰ ? ਕਿਉਂ ਕਰੀ ਜਾਂਦੀ ਹੈ ਦਿਨ ਦਿਨ ਤੇਰੇ ਨਕਸ਼ਾਂ ਨੂੰ ਹਸੀਨ ? ਤੂੰ ਬੜੀ ਮਾਸੂਮ ਏਂ, ਤੂੰ ਕੀ ਜਾਣੇ ਇੰਤਜ਼ਾਰ ਮੁੜ ਮਘਾ ਦੇਂਦੀ ਏ ਮੇਰੇ ਬੁਝ ਰਹੇ ਦਿਲ ਦੇ ਅੰਗਾਰ; ਫਿਰ ਇਹੋ ਆਉਂਦਾ ਏ ਦਿਲ ਵਿਚ ਮੈਂ ਤੇਰਾ ਆਸ਼ਿਕ ਬਣਾਂ, ਤੇਰੀਆਂ ਮੈਂ ਸੁਹਣੀਆਂ ਅੱਖੀਆਂ ਦੇ ਮੁੜ ਕਾਬਿਲ ਬਣਾਂ, ਫਿਰ ਭਰਮ ਜਾਂਦਾ ਹਾਂ ਮੈਂ, ਫਿਰ ਸਮਝਦਾ ਹਾਂ ਮੇਰਾ ਕੰਮ ਹੈ ਪਿਆਰ, ਇਸ਼ਕ ਨੂੰ ਮੁੜ ਕੇ ਸਮਝ ਬਹਿੰਦਾ ਹਾਂ ਸਚ । ਇਸ਼ਕ ਅਸਲੀਅਤ ਨਹੀਂ; ਅਸਲ ਹੈ ਪਿੰਡੇ ਦੀ ਖੋਹ, ਅਸਲ ਹੈ ਢਿਡ ਦਾ ਤਨੂਰ ਜਿਸ ਲਈ ਪਿੰਡਾ ਜਰੇ ਚਾਂਦੀ ਦੀ ਲਾਸ ਜਿਸ ਲਈ ਆਪੇ ਹੀ ਸਿਖ ਜਾਵੇ ਜ਼ਬਾਨ "ਜੀ ਹਜ਼ੂਰ"। ਅਸਲ ਨਹੀਂ ਸੀਨੇ 'ਚ ਸ਼ੌਕ, ਉੱਨਤ ਨਜ਼ਰ, ਅਸਲ ਹੈ ਮੁਰਦਾ ਜ਼ਮੀਰ, ਨੀਵੀਂ ਨਜ਼ਰ। ਤੈਨੂੰ ਸਹੁੰ ਪਿੰਡੇ ਦੀ ਖੋਹ ਦੀ, ਇਸ ਤਰ੍ਹਾਂ ਕੀਤਾ ਨ ਕਰ ਤੂੰ ਇੰਤਜ਼ਾਰ, ਅਸਲ ਨਹੀਂ ਜਗ ਵਿਚ ਪਿਆਰ । ਕਿਉਂ ਜਗਾ ਰਖਦੀ ਏਂ ਦੀਵਾ ਡਾਟ ਤੇ ? ਮੈਂ ਕੋਈ ਬੱਚਾ ਨਹੀਂ, ਭੁਲ ਨਹੀਂ ਸਕਦਾ ਮੈਂ ਰਾਹ, ਮੈਨੂੰ ਲੋਅ ਦੀ ਲੋੜ ਨਹੀਂ; ਕਿਸ ਲਈ ਮੇਰਾ ਸੁਆਗਤ ਰੋਜ਼ ਰੋਜ਼ ? ਕਿਉਂ ਮੈਨੂੰ ਚੇਤਾ ਕਰਾਏਂ ਰੋਜ਼ ਰੋਜ਼ ਮੈਂ ਹਾਂ ਮਹਾਨ ? ਕਿਸ ਲਈ ਆਤਸ਼ ਫ਼ਿਸ਼ਾਂ ਦਾ ਇਹ ਸਮਾਨ ? ਨੀ ਭੋਲੀਏ, ਸੜ ਜਾਊ ਇਹ ਆਲ੍ਹਣਾ, ਉਜੜ ਜਾਏਗਾ ਤੇਰਾ ਵਸਦਾ ਜਹਾਨ, ਜਰ ਨਹੀਂ ਸਕਣੀ ਤੂੰ ਬਿਜਲੀ ਕਹਿਰ ਦੀ, ਰਬ ਨੂੰ ਹੈ ਮਨਜ਼ੂਰ ਕਿ ਸੰਸਾਰ ਵਿਚ ਕੋਈ ਨਾ ਹੋਵੇ ਮਹਾਨ । ਇਸ ਲਈ ਮੇਰੇ ਆਵਣ ਤੋਂ ਬਹੁਤ ਪਹਿਲੇ ਬੁਝਾ ਦੇ ਦੀਵਟਾਂ ਲਾ ਕੇ ਪੱਛੀ ਇੰਤਜ਼ਾਰ ਮੀਟ ਕੇ ਅੱਖੀਆਂ ਹਸੀਨ, ਸਾਂਭ ਕੇ ਦਿਲ ਵਿਚ ਯਕੀਨ, ਸੌਂ ਜਾਇਆ ਕਰ ਜਿਸ ਤਰ੍ਹਾਂ ਸੌਂਦਾ ਹੈ ਗ਼ਸ਼ ਖਾ ਕੇ ਜਹਾਨ ਮੈਂ ਨਹੀਂ ਚਾਹੁੰਦਾ ਤੂੰ ਕੱਢੇਂ ਮੇਰੀ ਹਿਕ 'ਚੋਂ ਅਗਨ-ਬਾਣ, ਮੈਂ ਨਹੀਂ ਚਾਹੁੰਦਾ ਤੂੰ ਵੇਖੇਂ ਮੇਰੇ ਨੈਣਾਂ ਵਿਚ ਮਸਾਣ, ਨੀਵੀਂ ਨਜ਼ਰ, ਮੁਰਦਾ ਜ਼ਮੀਰ, ਪਿੰਡੇ ਤੇ ਲਾਸ ।
41. ਕਿੱਥੇ ਹੈ ਸੂਰਜ ?
ਰੌਸ਼ਨੀ ਅਜ ਫੇਰ ਲੁਕਦੀ ਜਾ ਰਹੀ ਏ । ਪਾਣੀ ਦੇ ਰਗ ਰੇਸ਼ੇ 'ਚ ਰਚਿਆ ਹੋਇਆ ਸ਼ਿੰਗਰਫ ਫਿਰ ਕਾਲਾ ਪੈ ਰਿਹਾ ਹੈ। ਬਦਲਾਂ ਦੀਆਂ ਬਰੀਕ ਨਾੜਾਂ ਵਿਚ ਨਰੋਈਆਂ ਕਿਰਨਾਂ ਦੀ ਰਤ ਕਾਲਕੂਟ ਵਿਹੁ ਬਣਦੀ ਜਾ ਰਹੀ ਹੈ । ਪਹਾੜ ਦੀ ਸਿਖਰ ਤੇ ਖਿੱਲ ਸੁਹਾਗੇ ਵਰਗੀ ਚਿੱਟੀ ਬਰਫ਼ ਧੁਆਂਖੀ ਜਾ ਰਹੀ ਹੈ। ਸੰਘਣੇ ਚੀਲ-ਬਨ ਦੀ ਹਿਕ 'ਚੋਂ ਨੋਕੀਲੀਆ ਕਿਰਨਾਂ ਖਿੱਚੀਆਂ ਜਾ ਰਹੀਆਂ ਨੇ। ਚੀਲ ਉਦਾਸ ਤੇ ਚੁਪ ਨੇ; ਪੰਛੀਆਂ ਦਾ ਸੰਗੀਤ ਵੀ ਇਸ ਸਹਿਮ 'ਚ ਜਮਦਾ ਜਾ ਰਿਹਾ ਹੈ। ਹੈ ਚਾਲ ਪਹਿਚਾਨੀ ਜਹੀ । ਜੇ ਕਦੀ ਇਕ ਵੇਰ ਕਰ ਸੱਕਾਂ ਕਫ਼ਨ ਨੂੰ ਤਾਰ ਤਾਰ ਜੇ ਕਦੀ ਪੱਥਰ ਜ਼ਬਾਂ ਸੱਕੇ ਉਗਲ ਆਪਣੇ ਅੰਗਾਰ ਉਂਞ ਤਾਂ ਸਾਰੀ ਉਮਰ ਹਾਂ ਬਕਦਾ ਰਿਹਾ,ਬਕਦਾ ਰਿਹਾ, ਨੀਲ ਆਪਣੇ ਜਿਸਮ ਦੇ ਜਗ ਨੂੰ ਵਿਖਾਉਂਦਾ ਹਾਂ ਰਿਹਾ; ਪਰ ਭਰੇ ਮਜਮੇ 'ਚ ਜੇ ਉਠ ਸਕੇ ਲਾਸ਼ੇ ਦੀ ਉਂਗਲ ਸਿਰ ਝੁਕੇ ਦੋਸ਼ੀ ਦੇ ਵਲ, ਤਾਂ ਅਸਰ ਕੁਝ ਹੋਰ ਹੈ। ਕੀ ਸਮਾ ਜਾਏਗਾ ਨਾ ਧਰਤੀ 'ਚ ਇਹ, ਜੇ ਮੈਂ ਕਹਾਂ : ਓ ਚਾਂਦੀ ਸੋਨੇ ਦੇ ਖ਼ੁਦਾ, ਕਿਉਂ ਪਿਘਲਦੀ ਜਾ ਰਹੀ ਤੇਰੀ ਨਿਗਾਹ ? ਕਿਸ ਲਈ ਹਟਕੋਰਿਆਂ ਦਾ ਸਾਂਗ ਇਹ, ਕਿਉਂ ਸਰਦ ਆਹ ? ਤੇਰਾ ਦਿਲ ਵੀ ਹੈ ਕਿਸੇ ਝੂਠੀ ਤਸੱਲੀ ਦਾ ਮੁਥਾਜ ? ਫ਼ਾਕਿਆਂ ਦੇ ਨਾਲ ਕਰ ਸੁੱਟਿਆ ਬਦਨ ਮੇਰਾ ਤੂੰ ਘੁਣ-ਖਾਧਾ ਸ਼ਤੀਰ ਤੇ ਮੇਰੀ ਉਹ ਰੂਹ ਅਮੀਰ ਜਿਸ ਤੇ ਮੈਨੂੰ ਮਾਣ ਸੀ ਰੋਜ ਏਦਾਂ ਤੜਪ ਕੇ ਬੁਝਦੀ ਗਈ ਰੋਜ਼ ਏਦਾਂ ਤੜਪ ਕੇ ਸੌਂਦੀ ਰਹੀ ਜਿਸ ਤਰ੍ਹਾਂ ਬਿਜਲੀ ਦੀ ਹਿੱਕ ਵਿਚ ਇਕ ਵਲੇਵਾਂ ਇਕ ਲੰਗਾਰ । ਤੈਨੂੰ ਦਿਲਚਸਪੀ ਹੈ ਕੀ, ਜੇ ਮੈਂ ਅਪਣੀ ਮੌਤ ਵਰਗੀ ਜ਼ਿੰਦਗੀ ਨੂੰ ਮੌਤ ਕਰ ਦਿੱਤਾ ਹੈ ਆਪ ? ਜੇ ਮੈਂ ਕਾਲਖ-ਜ਼ਿੰਦਗੀ ਦੇ ਕਾਲਜੇ ਖੋਭ ਦਿੱਤੀ ਤੜਪਦੀ ਬਿਜਲੀ ਇਨ੍ਹਾਂ ਹੱਥਾਂ ਦੇ ਨਾਲ ? ਜਮ ਗਿਆ ਹੈ ਮੇਰਾ ਖ਼ੂਨ ਤੇਰੀਆਂ ਮਿੱਲਾਂ ਦੇ ਪਹੀਏ ਤਾਂ ਅਜੇ ਨਹੀਂ ਹੋਏ ਜਾਮ ਤੇਰੇ ਰੋਲਰ ਰੋੜਿਆਂ ਨੂੰ ਪੀਸਦੇ ਜਾਂਦੇ ਨੇ ਉਂਞ, ਹੋਰ ਨੇ ਲੱਖਾਂ ਸ਼ਰੀਰ ਜੇ ਤੂੰ ਚਾਹੇਂ ਤਾਂ ਬਣਾ ਸਕਦਾ ਏ ਘੁਣ-ਖਾਧੇ ਸ਼ਤੀਰ ਹੋਰ ਨੇ ਕਈ ਦਿਲ ਅਮੀਰ ਜੋ ਤੇਰੀ ਖ਼ਾਤਰ ਤੜਪ ਕੇ ਸੌਂ ਜਾਣ ਨੂੰ ਤੈਯਾਰ ਨੇ। ਤੇਰੀ ਖਾਤਰ ਤੜਪ ਕੇ ਬੁਝ ਜਾਣ ਨੂੰ ਤੈਯਾਰ ਨੇ। ਕੇਵਲ ਪੱਥਰਾਂ ਨਾਲ ਮੱਥਾ ਮਾਰਦੀ ਲਿੱਧੜੀ ਦੇ ਜ਼ਖ਼ਮ ਹੋਰ ਸ਼ੋਰੀਲੇ ਹੋ ਰਹੇ ਨੇ । ਉਹਦੀ ਚਾਲ ਹੋਰ ਤੇਜ਼ ਹੈ; ਸ਼ਾਇਦ ਉਹ ਭਜ ਕੇ ਰੁਸ ਰਹੀ ਰੌਸ਼ਨੀ ਦਾ ਪੱਲਾ ਫੜ ਕੇ ਕਹਿਣਾ ਚਾਹੁੰਦੀ ਹੈ : ਰੁਕ ਜਾ, ਰੁਕ ਜਾ ਪਰ ਚਾਨਣ ਨਹੀਂ ਰੁਕੇਗਾ । ਰਾਤ ਦੀ ਰਾਣੀ ਦਾ ਵਸਲ-ਅਲਸਾਇਆ ਸਰੀਰ ਰਾਤ ਭਰ ਆਪਣੀਆਂ ਖੁਸ਼ਬੋਆਂ ਖਲੇਰ ਕੇ ਚਾਨਣ ਨੂੰ ਢੂੰਡਦਾ ਰਹੇਗਾ, ਢੂੰਡਦਾ ਰਹੇਗਾ । ਕਿੰਨਾ ਦਰਦੀਲਾ ਹੈ ਵਿਛੋੜਾ ! ਤੇ ਕਿੰਨੀ ਸੋਹਣੀ ਹੈ ਚਾਨਣ ਦੀ ਮੌਤ ! ਮੈਂ ਅਜੇਹੀ ਸੋਹਣੀ ਮੌਤ ਤੇ ਇਕ ਪਲ ਲਈ ਅਪਣੀ ਜ਼ਿੰਦਗੀ ਦੇ ਸਾਰੇ ਸਾਲ ਵਾਰ ਸੁੱਟਣ ਲਈ ਤਿਆਰ ਹਾਂ । ਇਕ ਹਸੀਨ ਸ਼ਾਮ ਲਈ ਮੈਂ ਅਪਣੀ ਹਰ ਸਵੇਰ, ਹਰ ਦੁਪਹਿਰ, ਬਿਨਾ ਹਉਕਾ ਭਰਿਆਂ ਦੇ ਸਕਦਾ ਹਾਂ । ਪਰ ਮੇਰੀ ਇਹ ਸ਼ਾਮ ਵੀ ਹਰ ਸ਼ਾਮ ਵਾਂਙ ਨਿਰਮਾਣ ਹੈ। ਮੇਰੇ ਬਿਆਈਆਂ ਪਾਟੇ ਪੈਰ ਇਸ ਖਿੰਘਰੀਲੀ ਡੰਡੀ ਤੇ ਤੁਰੇ ਜਾ ਰਹੇ ਨੇ ਨਿਰਜਿੰਦ । ਅਕਾਸ਼ ਵਿਚ ਉਡਦੇ ਪੰਛੀ ਦਾ ਔਹ ਖੰਭ ਜੋ ਟੁਟ ਕੇ ਹੌਲੀ, ਬਹੁਤ ਹੌਲੀ, ਧਰਤੀ ਵਲ ਆ ਰਿਹਾ ਹੈ, ਓਨੀ ਵੀ ਤਾਂ ਕਾਹਲ ਨਹੀਂ ਮੈਨੂੰ ਆਪਣੇ ਘਰ ਪਹੁੰਚਣ ਦੀ । ਮੈਂ ਕਹਿਨਾਂ ਹਨੇਰਾ ਹੋਰ ਗੂੜ੍ਹਾ ਹੋ ਜਾਏ : ਹਾਲੇ ਤਾਂ ਇਸ ਘੁਸਮੁਸੇ ਵਿਚ ਕਿਸੇ ਕਿਸੇ ਝੁੱਗੀ 'ਚੋਂ ਉਠੀ ਧੂਏਂ ਦੀ ਲੀਕ ਅੱਡਰੀ ਦਿਸ ਪੈਂਦੀ ਹੈ । ਇਹਨਾਂ ਝੁੱਗੀਆਂ ਤੇ ਕਾਲਖ ਹੋਰ ਵਿਛ ਜਾਏ ਜਿੰਨ੍ਹਾਂ ਵਿਚ ਵਸ ਰਹੇ ਲੋਕਾਂ ਦਾ ਹਰ ਦਿਨ, ਹਰ ਰਾਤ ਕਾਲੀ ਹੈ, ਜਿੱਥੇ ਹਰ ਸਵੇਰ ਫ਼ਾਕਾ ਹੈ; ਹਰ ਸ਼ਾਮ ਫ਼ਾਕਾ ਹੈ, ਹਰ ਸਿਆਲ ਪਾਲਾ ਹੈ; ਹਰ ਮੇਘ ਗਿੱਲਾ ਹੈ । ਮੈਂ ਚਾਹਨਾਂ ਹਨੇਰਾ ਹੋਰ ਗੂੜ੍ਹਾ ਹੋ ਜਾਏ । ਮੇਰੀ ਉਡੀਕ ਵਿਚ ਮੇਰਾ ਬੱਚਾ ਰੋ ਰੋ ਥਕ ਜਾਏ, ਤੇ ਥਕ ਕੇ ਸੌਂ ਜਾਏ, ਤੇ ਉਹਦੀ ਮਾਂ ਇਸ ਵਧਦੇ ਹਨੇਰੇ ਤੋਂ ਸਮਝ ਲਏ ਕਿ ਜਿਸ ਕਿਰਨ ਨੂੰ ਲੱਭਣ ਮੇਰਾ ਮਰਦਊਪਣਾ ਨਿਕਲਿਆ ਸੀ ਘਰੋਂ, ਉਹ ਕਿਰਨ ਅਜੇ ਮੈਨੂੰ ਲੱਭੀ ਨਹੀਂ, ਤੇ ਮੈਂ ਮਰਦ ਉਹ ਤੱਕਣੀ ਜਰ ਨਹੀਂ ਸਕਦਾ ਜੋ ਮੈਨੂੰ ਸ਼ਰਮਸਾਰ ਕਰ ਦਏ। ਕਲ੍ਹ ਫਿਰ ਸਵੇਰ ਹੋਵੇਗੀ, ਰਾਤ ਦੀ ਰਾਣੀ ਦੀ ਭਾਲ ਸਕਾਰਥ ਹੋਵੇਗੀ । ਪਹਾੜ ਦੇ ਸਿਖਰ ਤੇ ਕਲ ਫਿਰ ਚਾਨਣ ਦਾ ਚਮਕਦਾ ਤਾਜ ਪੈ ਜਾਵੇਗਾ। ਸੂਰਜ ਕਲ੍ਹ ਫਿਰ ਪਾਣੀ ਦੀਆਂ ਅੱਖਾਂ ਵਿਚ ਝਾਕ ਕੇ ਆਖੇਗਾ : ਮੇਰਾ ਸਾਰਾ ਸ਼ਿੰਗਰਫ਼ ਤੈਥੋਂ ਕੁਰਬਾਨ ਏ, ਮੇਰੇ ਯਾਰ । ਚਾਨਣ ਕਲ੍ਹ ਫੇਰ ਬਦਲਾਂ ਦੇ ਫੰਬਿਆਂ 'ਚੋਂ ਕਾਲਾ ਜ਼ਹਿਰ ਚੁੰਘ ਲਏਗਾ। ਪਹਾੜਾਂ ਦੇ ਸਿਖਰ ਤੇ ਬਰਫ਼ਾਂ ਦਾ ਕਵਾਰ ਫੇਰ ਬੇਦਾਗ਼ ਹੋ ਜਾਏਗਾ । ਚੀਲ ਬਨ ਦੀ ਕਾਲਖ਼ ਵਿਚ ਫੇਰ ਸੁਨਹਿਰੀ ਛਿਲਤਾਂ ਖੁਭ ਜਾਣਗੀਆਂ। ਤੇ ਪੰਛੀਆਂ ਦੇ ਯਖ ਗਲੇ ਫਿਰ ਪੰਘਰ ਪੈਣਗੇ । ਪਰ ਕਿੱਥੇ ਹੈ ਮਨੁਖ ਦਾ ਸੂਰਜ ? ਉਹਦੀ ਜ਼ਿੰਦਗੀ ਦੇ ਪਾਣੀ ਵੀ ਤਾਂ ਕਾਲੇ ਪਏ ਨੇ । ਉਹਦੀਆਂ ਨਾੜਾਂ ਵਿਚ ਵੀ ਕਾਲਕੂਟ ਵਿੱਸ ਫੈਲੀ ਹੋਈ ਏ । ਉਹਦੇ ਚੀਲ-ਬਨ ਵੀ ਉਦਾਸੇ ਨੇ; ਜਿਨ੍ਹਾਂ ਦੀ ਹਿਕ 'ਚੋਂ ਸੁਨਹਿਰੀ ਕਿਰਨਾਂ ਕਿਸੇ ਜ਼ਾਲਮ ਜਮੂਰ ਨੇ ਸਦਾ ਲਈ ਪੁੱਟ ਸੁੱਟੀਆਂ ਨੇ । ਕਿਥੇ ਹੈ ਮਨੁਖ ਦਾ ਚਾਨਣ ? ਉਹਦੀ ਭਾਲ ਵਿਚ ਪੈਰਾਂ ਦੀਆਂ ਬਿਆਈਆਂ ਹਲਕਾਨ ਨੇ ; ਉਹਦੀ ਉਡੀਕ ਵਿਚ ਭੁੱਖੇ ਬਾਲ ਰੋ ਰੋ ਕੇ ਸੌਂਦੇ ਜਾ ਰਹੇ ਨੇ ; ਉਹਦੇ ਬਗ਼ੈਰ ਪਿਓ ਘਰ ਦਾ ਰਾਹ ਭੁਲ ਜਾਣਾ ਚਾਹੁੰਦੇ ਨੇ।
42. ਤ੍ਰਭਕ ਪੈਂਦਾ ਹਾਂ
ਤ੍ਰਭਕ ਪੈਂਦਾ ਹਾਂ ਜ਼ਰੂਰ, ਭਾਵੇਂ ਗੁਨਾਹਗਾਰ ਨਹੀਂ ਕਿਸੇ ਕਾਤਿਲ ਦੇ ਰਸਤੇ 'ਚ ਜਿਵੇਂ ਵਿਛ ਜਾਂਦੇ ਨੇ ਅਚਨਚੇਤ ਅੰਗਾਰ; ਡੰਗ ਬਣ ਜਾਂਦੇ ਨੇ ਉਸਦੇ ਸੁਪਨ; ਸਹਿਮਦਾ ਹੈ-- ਮੇਰੇ ਘਾਤਕ ਪੋਟਿਆਂ ਦੇ ਜਮੂਰ ਵਿਚ ਲਟਕਦੇ ਆਦਮ ਦਾ ਪਰਛਾਵਾਂ ਕਿਤੇ ਖੁਭ ਗਿਆ ਹੋਵੇ ਨ ਦੀਵਾਰ ਦੇ ਸੀਨੇ 'ਚ ਹਮੇਸ਼ ਲਈ; ਡੂੰਘੇ ਦਫਨਾਏ ਹੋਏ ਲਾਸ਼ੇ 'ਚ ਅੰਗੜਾਈ ਕੋਈ ਬਾਕੀ ਨਾ ਹੋਏ; ਕਬਰ ਉਗਲੱਛ ਨ ਦਵੇ ਮੇਰਾ ਕਸੂਰ । ਤ੍ਰਭਕ ਪੈਂਦਾ ਹਾਂ ਜ਼ਰੂਰ । ਇਹ ਕਿਹੜੀ ਪੀੜ ਚੋਂ ਉਗਮੀ ਹੈ ਕਰੂਮਲ ਵਿਹੁ ਦੀ ? ਇਹ ਕਿਹੜੀ ਤਲਖ਼ੀ ਦੇ ਘੁਟ ਭਰ ਕੇ ਹਵਾ ਆਈ ਏ ? ਸਵਾਸ ਲੈਂਦਾ ਹਾਂ ਕਿ ਲਖ ਚੀਸ ਦੇ ਘੁਟ ਭਰਦਾ ਹਾਂ ! ਮੈਂ ਤਾਂ ਤੁਰਿਆ ਸਾਂ ਮਹਾ-ਹੁਸਨ ਬਲਾਉਂਦੈ ਮੈਨੂੰ ਪਰ ਤੇਰੇ ਰਾਹ 'ਚ ਦੇਖੀ ਹਿਸਦੀ ਉਮਰ, ਰਿਸਦੀ ਨਜ਼ਰ; ਹਰ ਘੜੀ ਰੂਹ ਚੋਂ ਕੁਝ ਰੰਗ ਖੁਰੀ ਜਾਂਦੇ ਨੇ ਲੋਕ ਨੇ ਫੇਰ ਵੀ ਬੇਖ਼ਬਰ ਤੁਰੀ ਜਾਂਦੇ ਨੇ ; ਕਿਉਂ ਮੇਰੇ ਅੰਗਾਂ 'ਚ ਕਸ, ਪੋਟੇ ਵਲਿੱਸਦੇ ਮੇਰੇ ? ਇਹ ਕਿਹੜੇ ਵੈਰੀ ਨੂੰ ਪਲ ਪਲ ਤੇ ਕਤਲ ਕਰਦਾ ਹਾਂ ? ਸਵਾਸ ਲੈਂਦਾ ਹਾਂ ਕਿ ਲਖ ਚੀਸ ਦੇ ਘੁਟ ਭਰਦਾ ਹਾਂ ਜੁਰਮ ਦੇ ਲਾਵੇ 'ਚੋਂ ਲੰਘਣਾ ਕੀ ਹੈ ਇਸ਼ਕ ਦਾ ਦਸਤੂਰ ? ਤ੍ਰਭਕ ਉਠਦਾ ਹਾਂ ਜ਼ਰੂਰ, ਭਾਵੇਂ ਗੁਨਾਹਗਾਰ ਨਹੀਂ ।
43. ਜਮਨਾ ਤੇ ਇਕ ਰਾਤ
ਫੇਰ ਅਜ ਰਾਤ ਤੇਰੇ ਕੋਲ ਚਲਾ ਆਇਆ ਹਾਂ ਫੇਰ ਅਜ ਰਾਤ ਦੇ ਭਰ ਆਏ ਨੇ ਨੈਣ ਕਾਲਖ਼ਾਂ ਨਾਲ; ਫੇਰ ਕਾਲਖ਼ ਦੀ ਨਜ਼ਰ ਕੋਟ ਸੁਲਗਦੇ ਹੰਝੂ; ਕਿਹੜੇ ਗ਼ਮ-ਦੇਸ ਦੀ ਸਿਸਕੀ ਦੇ ਲੂੰ ਕੰਡਿਆਂ ਜਹੇ ਛੋਹ ਕੇ ਅਜ ਸੀਤ ਹਵਾ ਆਈ ਏ ? ਇਹ ਕੀ ਆਦਤ ਹੈ ਕਿ ਗ਼ਮਗੀਨ ਬਣੀ ਬੈਠੀ ਏਂ ? ਤੇਰੇ ਸੀਨੇ 'ਚ ਹਨੇਰਾ ਕਿਉਂ, ਉਦਾਸੀ ਕਿਉਂ ਏ ? ਕੀ ਤੇਰੀ ਸਾਂਝ, ਤੇਰਾ ਪਿਆਰ ਅਗਮ ਦੇਸ ਦੇ ਤਾਰਿਆਂ ਨਾਲ ? ਅਪਣੇ ਸੀਨੇ 'ਚ ਜੁ ਅੰਗਿਆਰ ਜਗਾ ਬੈਠੀ ਏਂ । ਜਦ ਕਦੀ ਅੰਗ ਨੂੰ ਛੋਹ ਜਾਂਦੀ ਏ 'ਵਾ ਸਿਸਕੀ ਜਹੀ, ਨੀਂਦ ਤੇਰੀ 'ਚ ਇਕ ਹਉਕਾ ਚਮਕ ਪੈਂਦਾ ਏ । ਇਹ ਕੀ ਮਜਬੂਰੀ ਤੇਰੇ ਕੋਲ ਚਲਾ ਆਇਆ ਹਾਂ ? ਅੱਜ ਨਵੀਂ ਤਲਖੀ ਮੇਰੀ ਜਾਨ ਹੰਡਾਈ ਤਾਂ ਨਹੀਂ ਅੱਜ ਨਵੀਂ ਲਾਸ ਮੈਂ ਪਿੰਡੇ 'ਚ ਸਵਾਈਂ ਤਾਂ ਨਹੀਂ, ਪੈਰ ਦੇ ਛਾਲੇ ਉਹੋ, ਹੱਥਾਂ ਦੇ ਰੱਟਣ ਵੀ ਉਹੋ; ਅੱਜ ਨ ਕੁਝ ਜਰਿਆ ਨਵਾਂ ਰੋਜ਼ ਜੋ ਜਰਦਾ ਨਹੀ; ਮੇਰੀ ਨੀਂਦਰ ਤੇ ਕਿਸੇ ਵੱਖਰੀ ਚਿਣਗ ਛਿਣਕੀ ਨਹੀਂ, ਸ਼ਹਿਦ ਸੁਪਨੇ ਦੀ ਮੇਰੇ ਨੈਣ ਕਿਉਂ ਚਖਦੇ ਹੀ ਨਹੀਂ ? ਮੇਰੀ ਸਾਥਣ, ਮੇਰੀ ਹਮਦਰਦ ਮੇਰੀ ਪਿਆਰੀ ਦੀ ਨੀਂਦ ਸੁਫ਼ਨੇ ਜੜੀ, ਤ੍ਰੇਲਾਂ ਜੜੀ ਲਗਰ ਅਡੋਲ ਮੇਰੇ ਬੱਚੇ, ਮੇਰੇ ਲਾਲ ਦੇ ਕੱਚ-ਦੂਧੀਆ ਸਵਾਸ ਉਨ੍ਹਾਂ ਤੇ ਧਰ ਕੇ ਮੈਂ ਪੋਲੇ ਜਹੇ ਪੈਰ ਚਲਾ ਆਇਆ ਹਾਂ, ਕੁਝ ਤਾਂ ਮਜਬੂਰ ਹਾਂ ਤੇਰੇ ਕੋਲ ਚਲਾ ਆਇਆ ਹਾਂ। ਹਲਕੀ ਆਵਾਜ਼ ਹੈ ਕੀ ? ਕਿ ਕਿਸੇ ਬਿਰਛ ਦੀ ਗੋਹਲ, ਟੁਟ ਕੇ ਪਾਣੀ 'ਚ ਡਿਗੀ ? ਪਾਣੀ ਦੀ ਨੀਂਦ ਤੇ ਲਹਿਰਾਏ ਨੇ ਕੁਝ ਸੁਫਨੇ ਜਹੇ, ਲਹਿਰ, ਇਕ ਹੋਰ ਲਹਿਰ, ਲਹਿਰ, ਫਿਰ ਹੋਰ ਲਹਿਰ; ਮੇਰੇ ਪਿੰਡ ਤੇ ਜਿਵੇਂ ਨੀਲ ਦੇ ਸਪ ਜਾਗੇ ਨੇ, ਨੀਲ ਦੇ ਸਰਪ ਜਿਵੇਂ ਦੁਨੀਆਂ 'ਚ ਲਹਿਰਾਏ ਨੇ; ਸਾਰੀ ਦੁਨੀਆਂ 'ਚ ਜਿਵੇਂ ਗ਼ਮ ਦਾ ਹਨੇਰਾ ਕਾਲਾ, ਦੂਰ ਅਣਜਾਣੇ ਗਿਰਾਂ, ਨਗਰ, ਸ਼ਹਿਰ ਅਣਦੇਖੇ, ਸਭ ਜਗਾ ਨ੍ਹੇਰੇ ਨੇ, ਕੁਝ ਨੈਣ ਵੀ ਨੇ—ਹੰਝੂ ਜਹੇ, ਚਿਣਗ ਜਹੇ ਮੇਰੇ ਸੀਨੇ 'ਚ ਹੈ ਗ਼ਮ ਕਾਲਾ, ਉਦਾਸੀ ਸਭ ਦੀ; ਹੈ ਮੇਰਾ ਪਿਆਰ, ਮੇਰੀ ਸਾਂਝ ਅਦਿੱਸ ਦੇਸ਼ ਦੇ ਹੰਝੂਆਂ ਨਾਲ, ਚਿਣਗਾਂ ਦੇ ਨਾਲ ; ਜਦ ਕਿਸੇ ਦੇਸ਼ 'ਚੋਂ ਆਉਂਦੀ ਏ 'ਵਾ ਸਿਸਕੀ ਜਹੀ, ਨੀਂਦ ਮੇਰੀ 'ਚ ਇਕ ਹਉਕਾ ਚਮਕ ਉਠਦਾ ਏ; ਪਾਣੀ ਦੀ ਨੀਂਦ ਤੇ ਲਹਿਰਾਏ ਨੇ ਜਿਉਂ ਸੁਫਨੇ ਜਹੇ, ਕੀ ਕਿਸੇ ਬਿਰਛ ਦੀ ਗੋਹਲ, ਟੁਟ ਕੇ ਪਾਣੀ 'ਚ ਡਿਗੀ ? ਹਲਕੀ ਆਵਾਜ਼ ਇਹ ਕੀ ?
44. ਨਫ਼ਰਤ
ਨੈਣ ਕਿਸਦੇ ਵੇਖ ਕੇ ਆਇਆ ਹਾਂ ਮੈਂ ! ਇਹ ਕੀ ਹੋਇਆ ? ਮੇਰੀਆਂ ਅੱਖੀਆਂ 'ਚ ਲੋਅ ਸ੍ਵਸਥ, ਉਜਲੀ ਕਿਰਨ ਦਾ ਪਰਕਾਸ਼ ਨਹੀਂ, ਇਹ ਕਿਸੇ ਨਾਸੂਰ ਦੇ ਅੰਗਾਂ ਚੋਂ ਹੈ ਸਿੰਮਦਾ ਮੁਆਦ । ਇੰਞ ਹੈ ਅੱਖੀਆਂ 'ਚ ਜੋੜ ਜਿਸ ਤਰ੍ਹਾਂ ਦਿਲ ਵਿਚ ਕਿਸੇ ਦੂਰ-ਸੁਪਨ ਦੀ ਕਾਲੀ ਯਾਦ, ਨੈਣ ਕਿਸ ਦੇ ਵੇਖ ਕੇ ਆਇਆ ਹਾਂ ਮੈਂ ! ਅਰਸ਼ ਦੇ ਨੀਲੇ ਬਦਨ ਦੀ ਹਲਕੀ ਜਿਹੀ ਕੰਬਣੀ ਉਸ਼ੇਰ, ਜਿਸ ਦੀ ਛੋਹ ਤੋਂ ਫੁੱਲ ਦੇ ਅੰਗਾਂ 'ਚ ਪੁੜ ਜਾਂਦੀ ਏ ਜਾਗ ; ਤ੍ਰਭਕ ਕੇ ਉਠਦੇ ਨੇ ਖੁਸ਼ਬੋਆਂ ਦੇ ਰੋਮ ; ਲਹਿਰ ਦੇ ਕੇਸਾਂ 'ਚ ਵਿਛ ਜਾਂਦਾ ਏ ਸਿੰਧੂਰੀ-ਸੁਹਾਗ ; ਪਿਘਲ ਜਾਂਦੀ ਆਲ੍ਹਣੇ ਖੰਭਾਂ 'ਚ ਮੋਮ, ਗਲਿਆਂ 'ਚ ਰਾਗ । ਅੱਜ ਉਹੋ ਸ਼ਿੰਗਰਫ਼-ਸਵੇਰ ਇਸ ਤਰ੍ਹਾਂ ਜਾਪੇ ਜਿਵੇਂ ਹਰ ਥਾਂ ਰਹੀ ਸੂਰਮਾ ਖਲੇਰ । ਫੁੱਲ ਦੇ ਹੱਡਾਂ 'ਚ ਰੋਗੀ ਨੀਂਦ ਹੈ ਕਾਲੀਆਂ ਲਹਿਰਾਂ ਦੀ ਕਿਸਮਤ ਸ਼ਾਮ ਏ, ਪੰਛੀਆਂ ਦੇ ਖੰਭ ਨੇ ਜੂੜੇ ਹੋਏ, ਗਲਿਆਂ 'ਚ ਜੰਮਿਆਂ ਰਾਗ ਏ ; ਤੇ ਮਨੁਖ- ਇਸ ਦੀਆਂ ਰਾਹਾਂ ਨੂੰ ਸੰਘਣੀ ਰਾਤ ਨੇ ਰਖਿਆ ਵਲ੍ਹੇਟ ਇਸ ਦੇ ਦਿਸ-ਹੱਦੇ ਨੇ ਸਭ ਧੁਆਂਖੇ ਹੋਏ ਨਾ ਕਿਤੇ ਨਜ਼ਰੀ ਪਵੇ ਮੰਜ਼ਿਲ ਦੀ ਲੋਅ ਨ ਕਿਤੇ ਸੁਣਦੀ ਕਿਸੇ ਹਮਦਰਦ ਦੀ ਆਵਾਜ ਏ ਇਸ ਹਨੇਰੇ ਵਿਚ ਨਜ਼ਰ ਆਵੇ ਤਾਂ ਬਸ ਭੁੱਖੀਆਂ ਗਿਰਝਾਂ ਦੇ ਡੇਲੇ ਧੁਖਦੇ ਅੰਗਾਰ ਜੇ ਸੁਣਾਈ ਦੇ ਤਾਂ ਬਸ ਇਸ ਹਨੇਰੇ ਦੈਂਤ ਦੇ ਝੋਲੇ ਚੋਂ ਡਿਗਦੇ ਗੋਲਿਆਂ ਦੀ ਗੂੰਜ ਜਿਸ ਤੋਂ ਗੜ੍ਹ ਕੋਟਾਂ ਦੀ ਕਰੜੀ ਹਿਕ ਤਿੜਕ ਜਾਂਦੀ ਏ ਪੈ ਜਾਂਦੇ ਦਰਾਰ । ਇੰਝ ਤਾਂ ਨਾ ਸੀ ਸਵੇਰ ਇੰਝ ਤਾਂ ਲੂਸੇ ਹੋਏ ਨਾ ਸੀ ਖੁਸ਼ਬੋਆਂ ਦੇ ਅੰਗ ਇੰਞ ਤਾਂ ਕਾਲੇ ਨਹੀਂ ਸਨ ਆਦਮੀ ਦੇ ਰਾਹ ਕੌਣ ਕਿਰਨਾਂ ਭਖ਼ ਗਿਆ ? ਕਿਸ ਨੇ ਮੇਰੀ ਜੋਤਨਾ ਨੂੰ ਪੋਚ ਦਿਤਾ ਸੰਘਣੀ ਕਾਲਖ਼ ਦੇ ਨਾਲ ? ਹਾਇ, ਕਿਸ ਦਲਦਲ 'ਚ ਡੁਬ ਆਇਆ ਹਾਂ ਮੈਂ ਨੈਣ ਕਿਸ ਦੇ ਵੇਖ ਕੇ ਆਇਆ ਹਾਂ ਮੈਂ !! ਕਿਸ ਦਿਆਂ ਨੈਣਾਂ ਤੋਂ ਪਾਰ ਝਾਕ ਕੇ ਆਇਆ ਹਾਂ ਮੈਂ ? ਨੈਣ— ਇਕ ਡਰਾਉਣੇ ਵਿੰਗ ਵਿਚ ਬੱਝੇ ਹੋਏ, ਬੇ-ਪਲਕ ਜਿਸ ਦੇ ਬਲੌਰਾਂ ਦੀ ਚਿਲਕ ਤੇਜ਼ ਅਗਨੀ-ਲੋਕ ਇਕ ਬੇ-ਰਹਿਮ ਏਸ ਗੂੜ੍ਹੀ ਰਾਤ ਦੇ ਕਣ ਕਣ ਨੂੰ ਦੇਂਦੀ ਏ ਫਰੋਲ, ਜਿਸ ਦੀ ਭੁਖ ਬ੍ਰਮ੍ਹਾਂਡ ਦੇ ਭੇਤਾਂ ਨੂੰ ਸੁਟਦੀ ਏ ਨੰਗੇਜ, ਦੈਂਤ ਦੀ ਭੁਖ- ਸੁਹਜ-ਸੁੰਦਰ,ਪਿਆਰ,ਕਰੁਣਾ,ਗਮ ਤੋਂ ਜੋ ਵਾਕਿਫ ਨਹੀਂ ਜਿਸ ਦੇ ਲਈ ਸੂਰਜ-ਉਦੈ, ਤੜਪਦੇ ਪਾਣੀ ਦੀ ਹਿਕ ਤੇ ਥਿਰਕਦੇ ਕਿਰਣਾਂ ਦੇ ਪੈਰ, ਅਸਤਦੇ ਚਾਨਣ 'ਚ ਉਡਦੇ ਪੰਛੀਆਂ ਦੀ ਡਾਰ, ਰਾਤ ਦੀ ਚੁਪ ਵਿਚ ਸੁਨਹਿਰੀ ਛਿਲਤ ਜਹੇ ਬੰਸੀ ਦੇ ਬੋਲ, ਆਦਮੀ ਦੀ ਦੇਹ ਦੇ ਵਿਚ ਲਿਸ਼ਕਦਾ ਚਾਨਣ ਅਰੋਗ, ਨਾਰ ਦੇ ਨੈਣਾਂ 'ਚ ਸ਼ਰਮ, ਬਾਲ ਦੇ ਬੁੱਲਾਂ ਤੇ ਹਾਸ, ਸਭ ਬਦਲ ਸਕਦੇ ਨੇ ਏਦਾਂ ਮਿਹਨਤ,ਨਫ਼ੇ ਦੇ ਰੂਪ ਵਿਚ ਜਿਸ ਤਰ੍ਹਾਂ ਹਸਦੇ ਗੁਲਾਬ ਤੁਬਕਾ ਤੁਬਕਾ, ਬਦਲ ਜਾਂਦੇ ਨੇ ਅਰਕ ਦੇ ਰੂਪ ਵਿਚ । ਚਾਨਣੀ ਰਾਤਾਂ ਦੀ ਸਾਥਨ, ਹੇ ਮੇਰੀ ਹਮਦਰਦ, ਝਾਕ ਬੈਠਾ ਮੈਂ ਉਨ੍ਹਾਂ ਸ੍ਰਾਪੇ ਹੋਏ ਨੈਣਾਂ ਤੋਂ ਪਾਰ ਸਾਡੀਆਂ ਰਿਸ਼ਮਾਂ ਦੇ ਪਿੰਡੇ ਲੂਸ ਗਏ, ਚੰਨ ਹੋਇਆ ਦਾਗ਼ਦਾਰ, ਝੁਲਸ ਗਏ ਮੇਰੇ ਸੁਹਜ ਦੇ ਰਿਸ਼ਮ-ਤਾਰ, ਜਿਸ ਦਾ ਮੈਂ ਵਰ੍ਹਿਆਂ ਦੇ ਸੰਜਮ ਨਾਲ ਸੀ ਕੀਤਾ ਸ਼ਿੰਗਾਰ ; ਗੀਤ ਮੇਰੇ, ਨੈਣ ਵਿਚ ਹੰਝੂ ਭਰੀ, ਮੰਗ ਰਹੇ ਮੈਥੋਂ ਵਿਦਾ, ਕਲਪਨਾ ਦੇ ਸੁਪਨ-ਸੂਖਮ ਤ੍ਰੇਲ-ਮੰਦਿਰ ਡੋਲ ਗਏ । ਉਸ ਭਿਆਨਕ ਵਿੰਗ ਵਿਚ ਬੱਝੇ ਨੈਣਾਂ ਦਾ ਕੋਝ ਮੇਰੇ ਲੂੰ ਲੂੰ ਰਮ ਰਿਹਾ ਹੈ । ਜੇ ਧਰਾਂ ਝੀਲ ਜਹੇ ਡੂੰਘੇ ਤੇਰੇ ਨੈਣਾਂ ਦਾ ਧਿਆਨ, ਹਿਲ ਜਾਏ ਪਾਣੀ ਦਾ ਤਖ਼ਤਾ, ਹੋ ਜਾਏ ਮੂਰਤ ਵਿਰਾਨ, ਹੋਰ ਖਿਝ ਜਾਏ ਨਿਗਾਹ । ਪਿਆਰ, ਕਰੁਣਾ, ਸ਼ਾਨਤੀ ਦੀਆਂ ਸਜਰੀਆਂ ਤ੍ਰੇਲਾਂ 'ਚ ਧੁਪਿਆ ਮੇਰਾ ਮਨ ਖੌਰੇ ਕਿਸ ਵਿਹਲੀ ਨਜ਼ਰ 'ਚੋਂ ਪੀ ਗਿਆ ਪਤਝੜ ਦਾ ਜਾਮ, ਇਕ ਹਲੂਣ ਆਇਆ ਤੇ ਪੱਤੇ ਜ਼ਰਦ ਸਨ ਇਕ ਹਵਾ ਆਈ ਤੇ ਸਖਣੇ ਟਾਹਣ ਸਨ ਦੇਹ 'ਚ ਇਕ ਤੁਬਕਾ ਨ ਸੀ ਹੰਝੂ ਲਈ ਏਨੀ ਕਾਲਖ,ਏਨਾ ਕੋਝ ਮਨ 'ਚ ਵਸਿਆ ਕਿਸ ਤਰ੍ਹਾਂ ? ਖੌਰੇ ਕਿਸ ਕਾਲਖ਼ ਨੂੰ ਡੀਕ ਆਇਆ ਹਾਂ ਮੈਂ ! ਨੈਣ ਕਿਸ ਦੇ ਵੇਖ ਕੇ ਆਇਆ ਹਾਂ ਮੈਂ !!! ਅੱਜ ਮੇਰਾ ਨਫ਼ਰਤ ਹੈ ਧਰਮ ਦਿਲ 'ਚ ਇਕ ਨਫ਼ਰਤ ਹੈ ਇਸ ਕਾਲਖ਼ ਦੇ ਨਾਲ, ਦਿਲ 'ਚ ਇਕ ਨਫ਼ਰਤ ਹੈ ਮੈਨੂੰ ਸਵੇਰ ਦੇ ਚਾਨਣ ਦੇ ਨਾਲ, ਇਕ ਤੜਪ ਬਣ ਕੇ ਜੋ ਪਾ ਦੇਂਦਾ ਨਹੀਂ ਕਾਲਖ਼ ਦੇ ਸੀਨੇ ਵਿਚ ਲੰਗਾਰ । ਮੈਨੂੰ ਨਫ਼ਰਤ ਕਾਲੀਆਂ ਰਾਹਾਂ ਦੇ ਨਾਲ, ਮੈਨੂੰ ਨਫ਼ਰਤ ਓਸ ਰਾਹੀ ਨਾਲ ਵੀ, (ਖਿਮਾ ਕਰ, ਸਾਥਨ ਮੇਰੀ) ਕਾਲੇ ਸਾਏ ਅਪਣੀਆਂ ਰਾਹਾਂ ਤੇ ਤਕ ਕੇ ਵੀ ਜੋ ਬੇਬਸ ਹੈ, ਖੜਾ ਖਾਮੋਸ਼ । ਮੈਨੂੰ ਨਫ਼ਰਤ ਦੂਰ ਵਧਦੇ ਆ ਰਹੇ ਵੈ ਰੀ ਦੀ ਬਮਬਾਰੀ ਦੇ ਨਾਲ ਮੈਨੂੰ ਨਫ਼ਰਤ ਤਿੜਕਦੇ ਕੋਟਾਂ ਦੇ ਨਾਲ ਜੋ ਮਨੁੱਖ ਨੂੰ ਸ਼ਰਨ ਦੇ ਸੱਕਣ ਤੋਂ ਅਸਮਰੱਥ ਨੇ । ਨਾਲੇ ਨਫ਼ਰਤ ਹੈ ਮਨੁੱਖ ਦੀ ਦੇਹ ਦੇ ਵਿਚ ਲਿਸ਼ਕਦੇ ਚਾਨਣ ਦੇ ਨਾਲ ਜੋ ਨਫ਼ਾ ਬਣ ਜਾਣ ਲਈ ਹਾਜ਼ਰ ਜਨਾਬ ; ਨਾਲੇ ਨਫ਼ਰਤ ਹੈ ਉਹਨਾਂ ਨੈਣਾਂ ਦੇ ਨਾਲ ਜੋ ਕਰੁਣ ਹੰਝੂ ਹੀ ਰਖਦੇ ਨੇ ਸਿਰਫ,ਅੰਗਿਆਰ ਨਹੀਂ। ਮੈਨੂੰ ਨਫ਼ਰਤ ਹੈ ਉਹਨਾਂ ਗੀਤਾਂ ਦੇ ਨਾਲ, ਜੋ ਨਪੁੰਸਕ ਨੈਣ ਭਰ ਲੈਂਦੇ ਮੈਨੂੰ ਕਾਲਖ਼ 'ਚ ਘਿਰਿਆ ਵੇਖ ਕੇ, ਮੇਰੇ ਦਿਲ ਵਿਚ ਸ਼ੌਕ ਦੀ ਅਗਨੀ ਜੋ ਭੜਕਾਉਂਦੇ ਨਹੀਂ, ਮੇਰੇ ਵਿਸ਼ਵਾਸਾਂ ਨੂੰ ਅਮਲਾਂ ਵਿਚ ਬਦਲ ਸਕਦੇ ਨਹੀਂ। ਮੈਨੂੰ ਨਫ਼ਰਤ ਵਿੰਗ ਵਿਚ ਬੱਝੇ ਹੋਏ ਨੈਣਾਂ ਦੇ ਨਾਲ, ਜਿਨ੍ਹਾਂ ਦੀ ਤਕਣੀ ਤੋਂ ਹਰ ਪਲ ਡਿਗ ਰਹੇ ਨੇ ਕਾਲੇ ਨਾਗ, ਜਿਨ੍ਹਾਂ ਦੀ ਕਸ ਵਿਚ ਸੁਹਜ ਬੇਹੋਸ਼ ਹੈ। ਪਿਆਰ ਕੇਵਲ ਆਪਣੀ ਨਫ਼ਰਤ ਦੇ ਨਾਲ, ਰੌਸ਼ਨੀ ਦਾ ਇਕ ਭਮਾਕਾ ਬਣਕੇ ਜੋ ਮਿਟ ਜਾਣ ਲਈ ਤੈਯਾਰ ਹੈ । ਕਰੁਣ-ਕੋਮਲ ਕਲਪਨਾ ਦੀ ਹੇ ਪੁਜਾਰਨ, ਤੂੰ ਨ ਡਰ ਵੇਖ ਕੇ— ਲਕਵਿਆ ਚਿਹਰਾ, ਕਰੀਚੇ ਦੰਦ ; ਤਕ ਮੇਰੀ ਵੀਣੀ 'ਚ ਕਸ; ਦੇ ਮੇਰੇ ਹੱਥਾਂ 'ਚ ਜਗਮਗ ਕੋਈ ਖ਼ੰਜਰ ਤੇਜ਼ ; ਚੋਭ ਦਾਂ ਜੋ ਦੈਂਤ ਦੇ ਨੈਣਾਂ 'ਚ ਮੇਟਾਂ ਅੰਧਕਾਰ, ਸਹਿਮ 'ਚੋਂ ਜਾਗਣ ਮਨੁੱਖ ਦੇ ਰਾਹ, ਸਿੰਮ ਪਵੇ ਫੁੱਲਾਂ 'ਚੋਂ ਮੁੜ ਖੁਸ਼ਬੋ, ਲਹਿਰਦੇ ਕੇਸਾਂ 'ਚ ਵਿਛ ਜਾਵੇ ਸਿੰਧੂਰ, ਖੰਭ ਫੜਕਣ, ਚੋ ਪਵੇ ਗਲਿਆਂ ਚੋਂ ਰਾਗ। ਕਰਨ ਦੇ ਨਫ਼ਰਤ ਮੈਨੂੰ, ਕਿਉਂਕਿ ਮੇਰਾ ਪਿਆਰ ਅੱਜ ਮੁਸ਼ਕਿਲ 'ਚ ਹੈ ; ਕੋਹਣ ਦੇ ਇਸ ਕੋਝ ਨੂੰ, ਕਿਉਂਕਿ ਮੇਰਾ ਸੁਹਜ ਮੇਰੀ ਜਾਨ ਹੈ ; ਚਾਨਣੀ ਰਾਤਾਂ ਦੀ ਸਾਥਣ,ਹੇ ਮੇਰੀ ਹਮਦਰਦ, ਕਿਉਂਕਿ ਮੈਨੂੰ ਚਾਨਣੀ ਨਾਲ ਪਿਆਰ ਹੈ ; ਝੀਲ ਜਹੇ ਡੂੰਘੇ ਤੇਰੇ ਨੈਣਾਂ 'ਚ ਮੁੜ ਝਾਕਣ ਦੀ ਮੈਨੂੰ ਰੀਝ ਹੈ ।