Maavaan-Dheean : Dr Harbhajan Singh
ਮਾਵਾਂ-ਧੀਆਂ : ਡਾ. ਹਰਿਭਜਨ ਸਿੰਘ
ਮਾਂ ਉਡੀਕਦੀ ਦੁਨੀਆਂ ਦੀ ਜਨਮਸ਼ਾਲਾ ਵਿਚ ਪੜ੍ਹੀ ਹੋਈ ਮਾਂ ਚੁੱਲ੍ਹੇ ਦੇ ਤਾਪ ਵਿਚ ਗੁੜ੍ਹੀ ਹੋਈ ਮਾਂ ਉਡੀਕਦੀ ਉਹਨਾਂ ਨੂੰ ਜੋ ਜਨਮ ਕੇ ਚਲੇ ਗਏ ਜੀਵਨਯੋਗ ਹੋਣ ਲਈ ਡੁਲ੍ਹ ਗਏ ਰਾਹਾਂ ਕੁਰਾਹਾਂ ਵਿਚ ਭੁਲ ਗਏ ਕਿਤੇ ਕੋਈ ਉਹਨਾਂ ਦਾ ਵੀ ਘਰ ਹੈ ਉਡੀਕਦੀ ਉਹਨਾਂ ਨੂੰ ਜੋ ਘਰਾਂ ਵਿਚ ਬੈਠੇ ਥਣਾਂ ਨਾਲ ਬੱਝੇ ਸੋਚਦੀ ਉਹ ਕਦੋਂ ਘਰੋਂ ਨਿਕਲਣਗੇ ਦੀਵੇ ਬਣ ਡੁੱਲ੍ਹਣਗੇ ਕਾਲੇ ਕਾਲੇ ਪਾਣੀਆਂ ਤੇ ਭੁਲਣਯੋਗ ਹੋਣਗੇ ਉਡੀਕਦੀ ਮਾਂ ਉਹਨਾਂ ਨੂੰ ਜੋ ਅਣਜੰਮੇ ਰਹਿ ਗਏ ਦੇਸਹੀਨ ਕਾਲਹੀਨ ਕਿਸੇ ਵੀ ਨਾ ਜੋਗੇ ਦੁਨੀਆ ਵਿਚ ਜੋ ਵੀ ਜਿੱਥੇ ਵੀ ਜੈਸਾ ਹੈ ਉਡੀਕਿਆ ਜਾ ਰਿਹਾ ਹੈ ਜੋ ਨਹੀਂ ਜਿੱਥੇ ਨਹੀਂ ਜੈਸਾ ਨਹੀਂ ਉਡੀਕਿਆ ਜਾ ਰਿਹਾ ਉਹ ਵੀ ਹੋਇਆਂ ਨਹੋਇਆਂ ਦੋਹਾਂ ਨੂੰ ਉਡੀਕੇ ਪਈ ਮਾਂ ਖ਼ੁਦ ਚੁਲ੍ਹੇ ਦੇ ਤਾਪ ਵਿਚ ਤਪੀ ਹੋਈ ਮਾਂ ਨੂੰ ਵੀ ਉਡੀਕੇ ਕੋਈ ਹੋਰ ਮਾਂ ਪੁੱਤਰਾਂ ਨੂੰ ਧੀਆਂ ਨੂੰ ਛਡ ਕੇ ਚਲੀ ਗਈ ਮਾਂ ਡੁਲ੍ਹ ਗਈ ਭੁਲ ਗਈ ਮਾਂ ਨੂੰ ਵੀ ਉਡੀਕੇ ਪਈ ਮਾਂ ਦੁਨੀਆ ਦੀ ਜਨਮਸ਼ਾਲਾ ਪੜ੍ਹੀ ਹੋਈ ਮਾਂ ਚੁੱਲ੍ਹੇ ਦੇ ਤਾਪ ਵਿਚ ਗੂੜ੍ਹੀ ਹੋਈ ਮਾਂ ਉਡੀਕਦੀ ਉਹਨਾਂ ਨੂੰ ਜੋ ਕਿਤੇ ਪਹੁੰਚੇ ਨੇ ਜੋ ਕਿਤੇ ਨਹੀਂ ਪਹੁੰਚੇ 1 ਨ੍ਹੇਰੇ ਦੇ ਦਰਵਾਜ਼ੇ ਅਲਖ ਜਗਾਵਾਂ ਨ੍ਹੇਰਿਆ ਤੇਰੀ ਗੋਦੀ ਸੁੱਤੀਆਂ ਛਾਵਾਂ ਹੋ ਕੇ ਮਾਵਾਂ ਨੈਣ ਗੁਆਚੇ ਨਕਸ਼ ਗੁਆਚੇ ਕੀਕਣ ਵੱਖ ਕਰਾਵਾਂ ਲਖ ਬੇਚਿਹਰਿਆਂ ਵਿਚ ਬੇਚਿਹਰਾ ਬੇਨਾਂ ਬੇਸਿਰਨਾਵਾਂ ਕਾਇਆ ਦਾ ਦੁਖ ਆਂਦਰ ਬਾਝੋਂ ਕਿਸ ਨੂੰ ਆਖ ਸੁਣਾਵਾਂ ਨੇਰ੍ਹਿਆ ਅਪਣੇ 'ਚੋਂ ਵਖ ਕਰ ਦੇ ਇਕ ਛਾਂ ਇਕ ਪਰਛਾਵਾਂ ਰਤਾ ਤਿੜਕ ਜਾ, ਮੈਂ ਪੱਥਰ ਤੋਂ- ਮੁੜ ਮੂਰਤ ਬਣ ਜਾਵਾਂ ਮੁੜ ਅੰਮੜੀ ਦਾ ਮੁਖ ਪਹਿਚਾਨਾਂ ਅਪਣੀ ਆਖ ਬੁਲਾਵਾਂ ਪੁੱਛਾਂ : ਮੈਂ ਓਹੋ ਹਾਂ ਦੁਨੀਆਂ ਨੇ ਜੋ ਧਰਿਆ ਨਾਵਾਂ ? 2 ਨਮੋ ਅੰਧਕਾਰੇ ਨਮੋ ਅੰਧਕੂਪੇ ਨਮੋ ਬੇਸਰੂਪੇ ਨਮੋ ਬੇਕਿਨਾਰੇ ਨਮੋ ਬੇਦੁਆਰੇ ਨਮੋ ਅੰਧਕਾਰੇ ਨਮੋ ਅੰਧਕਾਰੇ ਨਮੋ ਅਸਤ ਅਸਤੇ ਨਮੋ ਜਿਸ ਡੁੱਬੇ ਨੇ ਰਸਤੇ ਚੁਰਸਤੇ ਚੁਬਾਰੇ ਮੁਨਾਰੇ ਨਮੋ ਅੰਧਕਾਰੇ ਨਮੋ ਅੰਧਕਾਰੇ ਨਮੋ ਸਰਬ ਮੌਨੇ ਨਮੋ ਸਰਬ ਸੌਣੇ ਦਿਉ ਜਾਗ ਦਾ ਜੀਭ ਦਾ ਇਕ ਟੋਟਾ ਜੋ ਦੱਸੇ ਮੇਰਾ ਆਦਿ ਕੀ ਅੰਤ ਕੌਣ ਏ ? ਹੇ ਬੇਨੈਣ ਬੇਬੈਨ ਬੇਸੈਨ ਕੁਝ-ਨਾ ਨਮੋ ਬੇਇਸ਼ਾਰੇ ਨਮੋ ਅੰਧਕਾਰੇ ਨਮੋ ਅੰਧਕਾਰੇ ਹਨੇਰੇ 'ਚ ਇਕ ਗੁੰਮ ਗਿਆ ਏ ਹਨੇਰਾ ਕਦੇ ਸੀ ਜੋ ਚਾਨਣ ਕਦੇ ਸੀ ਸਵੇਰਾ ਕਦੇ ਜੀਭ ਸੀ ਜੋ ਕਦੇ ਸੀ ਜੋ ਲੋਰੀ ਅਜੇ ਵੀ ਮੇਰੀ ਨੀਂਦ ਵਿਚ ਚੋਰੀ ਚੋਰੀ ਜੋ ਸੁਪਨਾ ਖਿਲਾਰੇ ਨਮੋ ਅੰਧਕਾਰੇ ਨਮੋ ਅੰਧਕਾਰੇ ਮਹਾਂ-ਬਿਰਛ ਕਾਲੇ ਤੇਰੇ ਟਾਹਣ ਪੱਤਰ ਮਹਿਕ ਫੁੱਲ ਕਾਲੇ ਤੇਰੇ ਟਾਹਣ ਸੁੱਤੇ ਹਜ਼ਾਰਾਂ ਹੀ ਪੰਛੀ ਜਿਨ੍ਹਾਂ ਜੀਭ ਤਾਲੇ ਜੋ ਕਲ ਸੀ ਉਜਾਲੇ ਇਨ੍ਹਾਂ 'ਚੋਂ ਮੇਰਾ ਇਕ ਪੰਛੀ ਜਗਾ ਦੇ ਮਹਾਮੌਨ 'ਚੋਂ ਇਕ ਜੀਭਾ ਬੁਲਾ ਦੇ ਮਹਾਂ ਬੇਬੁਲਾਰੇ ਨਮੋ ਅੰਧਕਾਰੇ, ਨਮੋ ਅੰਧਕਾਰੇ ਜਨਮ ਤੋਂ ਵੀ ਪਹਿਲਾਂ ਹਨੇਰਾ ਹਨੇਰਾ ਬਿਦੇਸਾ ਬਿਕਾਲਾ ਮਰਨ ਤੋਂ ਵੀ ਪਿੱਛੋਂ ਹਨੇਰਾ ਹਨੇਰਾ ਬਿਨਾ ਨਾਮ ਵਾਲਾ ਬਿਨਾ ਧਾਮ ਵਾਲਾ ਹੇ ਬੇਦੇਸ ਬੇਕਾਲ ਬੇਨਾਮ-ਧਾਮੀ ਤੇਰੇ ਵਿਚ ਗ਼ਰਕ ਕੋਟ ਕੋਟਾਨ ਨਾਮੀ ਜੇ ਇਕ ਥੁੜ ਗਿਆ ਤਾਂ ਕੀ ਹੋ ਜਾਊ ਖ਼ਾਮੀ ? ਮਰਨ-ਬਾਦ ਨ੍ਹੇਰੇ ਜਨਮ-ਪਹਿਲ ਹੋ ਜਾ ਹੋ ਬੇਕਾਲ ਦੇ ਦੇਵੋ ਕੁਝ ਪਲ ਉਧਾਰੇ ਉਹਨੂੰ- ਜੋ ਗ਼ਰਕ ਹੈ ਤੇਰੇ ਬੇਜਲੇ ਬੇਸਮੁੰਦਰ ਮਝਾਰੇ ਨਮੋ ਅੰਧਕਾਰੇ ਨਮੋ ਅੰਧਕਾਰੇ 3 ਕੁਝ-ਨਾ 'ਚੋਂ ਕੁਝ-ਨਾ ਹੁੰਦਾ ਹੈ ਕੁਝ-ਨਾ ਦੇ ਵਿਚ ਕੁਝ-ਨਾ ਨਾ ਇਹ ਮੂਰਖ ਨਾ ਇਹ ਸਿਆਣਾ ਇਸ ਕੁਝ-ਨਾ ਸੰਗ ਲੁਝ ਨਾ ਇਸ ਅਣਹੋਣੀ 'ਚੋਂ ਕੀ ਹੋਣਾ ਇਸ ਅਣਬੁਝ ਨੂੰ ਬੁਝ ਨਾ ਇਹ ਨਾ-ਕੋਈ ਇਹ ਨਾ-ਹੋਈ ਉਹ-ਨਾ ਤੂੰ-ਨਾ ਮੁਝ-ਨਾ ਇਸ ਬੇਪਾਣੀ ਵਿਚ ਕੀ ਡੁਬਣਾ ਬੇਚਾਨਣ ਕੀ ਸੁਝਣਾ ਇਸ ਬੇਆਹਰੀ ਬੇਧਰਤੀ ਤੇ ਕੀ ਲਭਣਾ ਕੀ ਰੁਝਣਾ ਇਹ ਨ੍ਹੇਰਾ ਨੀਂਦਰ ਬੇਸੁਪਨਾ ਇਸ ਦੀ ਕੁਝ ਧਰ-ਧੁਝ ਨਾ ਇਹ ਨਾ-ਸੁਝਣਾ ਇਹ ਨਾ ਬੁਝਣਾ ਤੁਝ-ਨਾ ਮੁਝ-ਨਾ ਕੁਝ-ਨਾ, ਕੁਝ-ਨਾ ਚੋਂ ਕੁਝ-ਨਾ ਹੁੰਦਾ ਹੈ ਕੁਝ-ਨਾ ਦੇ ਵਿਚ ਕੁਝ-ਨਾ 4 ਨ੍ਹੇਰਾ ਇਕ ਹਨੇਰੇ ਦੋ ਅਗਾਂਹ ਹਨੇਰਾ ਪਿਛਾਂਹ ਹਨੇਰਾ ਚੁਪ ਚੁਪ ਰਿਹਾ ਖਲੋ ਦੋਹਾਂ ਦੇ ਵਿਚਕਾਰ ਖਲੋਤੀ ਮੈਂ ਨਿਕੜੀ ਜਹੀ ਲੋਅ ਜਿਥੋਂ ਕੁ ਤੀਕਣ ਚਾਨਣ ਮੇਰਾ ਉਸ ਤੋਂ ਪਰ੍ਹਾਂ ਨੇ ਉਹ ਨ੍ਹੇਰੇ ਤਾਈਂ ਸੋਈ ਜਾਣੇ ਨ੍ਹੇਰਾ ਹੋਵੇ ਜੋ ਉਨ੍ਹਾਂ ਖਮੋਸ਼ੀ ਪਰ੍ਹਾਂ ਖਮੋਸ਼ੀ ਵਿਚ ਮੇਰੀ ਅਰਜ਼ੋਅ ਕਿਸੇ ਕਿਨਾਰੇ ਤਕ ਨਾ ਪਹੁੰਚੀ ਮੈਂ, ਮੇਰੀ ਕਨਸੋਅ ਆਰ ਵੀ ਹੁੰਮਸ ਪਾਰ ਵੀ ਹੁੰਮਸ ਹਵਾ ਖੜੀ ਨਿਰਮੋਹ ਸੁਨਿਹਾ ਬਣ ਕੇ ਕੀਕਣ ਪਹੁੰਚੇ ਕੋਈ ਫੁਲ ਖ਼ੁਸ਼ਬੋ ਪੁੱਛਾਂ ਤੋਂ ਪੁੱਛਾਂ ਤਕ ਮੈਂ ਹਾਂ ਬਾਕੀ ਨਿਰਾ ਲੁਕੋ ਮੇਰੇ ਬਿਨ ਪੁੱਛਾਂ ਦੀ ਵੇਦਨ ਹੋਰ ਨਾ ਜਾਣੇ ਕੋ ਅਪਣੀ ਤਲੀ ਤੇ ਅਪਣਾ ਦੀਵਾ ਇਹ ਨਾ ਬੁਝਣ ਦਿਓ ਅਪਣੇ ਤੋਂ ਅਪਣੇ ਤਕ ਰਸਤਾ ਤੁਰਦੇ ਚਲੇ ਚਲੋ 5 ਉਖੜੀ ਉਖੜੀ ਨੀਂਦ ਨ ਦੇ ਮੈਨੂੰ ਬੇਬੁਨਿਆਦੀ ਨੀਂਦਰ ਦੇ ਤਾਂ ਧਰਤੀ ਵੀ ਦੇ ਆਦਿ ਜੁਗਾਦੀ ਨੀਂਦਰ ਦੇ ਪੈਰਾਂ ਦੇ ਹੇਠਾਂ ਠੋਸ ਜਮੀਂ ਹੈ ਸੁਪਨਾ ਆਉਂਦਾ ਆਵੇ ਭਾਵੇਂ ਚੋਰੀ ਸਾਧੀ ਸੁਪਨੇ ਵਿਚ ਅਣਹੋਇਆ ਹੋਇਆ ਬਣ ਕੇ ਆਵੇ ਨੀਂਦਰ ਵਿਚ ਕੁਝ ਜਾਗੇ ਨਾ ਤਾਂ ਨੀਂਦਰ ਕਾਹਦੀ ? ਕਾਲੀ ਗਲੀ ਵਿਚ ਲਾਲ ਲਹੂ ਤੁਰਦਾ ਸੁਣਦਾ ਹਾਂ ਨ੍ਹੇਰੇ ਵਿਚ ਵੀ ਲੀਕ ਲੁਕੀ ਹੈ ਕੋਈ ਰਾਹ ਦੀ ਕੁਝ-ਨਾ 'ਚੋਂ ਬੰਦਾ ਆਵੇ ਕੁਝ-ਨਾ ਨੂੰ ਜਾਵੇ ਕੁਝ-ਨਾ ਵਿਚ ਕੁਝ ਮਹਿਕ ਖਿੜੀ ਬੰਦੇ ਦੇ ਸਾਹ ਦੀ 6 ਜਾਹ ਜਾਹ ਮੁੜ ਜਾ ਓਸ ਗਿਰਾਂ ਜਿਹੜੀ ਥਾਂ ਨਿੱਕਾ ਨਿੱਕਾ ਚਾਨਣ ਨਿੱਕਾ ਨਿੱਕਾ ਨ੍ਹੇਰਾ ਨਿੱਕੀ ਨਿੱਕੀ ਧੁਪੜੀ ਨਿੱਕੀ ਨਿੱਕੀ ਛਾਂ ਨਿੱਕਾ ਨਿੱਕਾ ਵਾਅਦਾ ਬਣਨਾ ਤੇ ਟੁਟਣਾ ਨਿੱਕੀ ਨਿੱਕੀ ਹਉਂ ਨੂੰ ਚੁਕਣਾ ਤੇ ਸੁਟਣਾ ਸਾਰੀ ਉਮਰਾ ਕਿਵੇਂ ਰਹੇਂਗਾ ਭਰਿਆ ਪੂਰਾ ਕਦੇ ਨਾ ਅੱਧਾ ਕਦੇ ਨਾ ਊਰਾ ਕਿਵੇਂ ਜਰੇਂਗਾ ਪੂਰਾ ਹਾਂ ਜਾਂ ਪੂਰੀ ਨਾਂਹ ? ਕਰਮ ਤੇਰੇ ਵਿਚ ਸਾਲਮ ਕਦੇ ਵੀ ਹੋ ਨਾ ਸਕਣਾ ਅਪਣਾ ਆਪਾ ਹੋਣ ਤੋਂ ਝਕਣਾ ਪਲ ਭਰ ਹੋ ਕੇ ਫਿਰ ਦੂਜੇ ਪਲ ਉਸ ਤੋਂ ਅਕਣਾ ਅਪਣੇ ਆਪ ਤੋਂ ਹਰ ਦਮ ਰਹਿਣਾ ਉਨ੍ਹਾਂ ਪਰ੍ਹਾਂ ਜੀਵਣ ਵੇਲੇ ਜੀਵਣ ਦਾ ਵੀ ਸਰਫ਼ਾ ਕਰਨਾ ਮੌਤ ਮਿਲੇ ਤਾਂ ਮੌਤ ਤੋਂ ਡਰਨਾ ਉਹ ਜਿਹੜਾ ਘਰ ਜਿਸ ਦੇ ਮਾਲਕ ਵਸਦੇ ਘਰ ਨਾ ਉਹੀਓ ਉਹੀਓ ਤੇਰੀ ਥਾਂ ਜਾਹ ਜਾਹ ਮੁੜ ਜਾ ਓਸ ਗਿਰਾਂ ਜਿਹੜੀ ਥਾਂ ਨਿੱਕਾ ਨਿੱਕਾ ਚਾਨਣ ਨਿੱਕਾ ਨਿੱਕਾ ਨ੍ਹੇਰਾ ਨਿੱਕੀ ਨਿੱਕੀ ਧੁਪੜੀ ਨਿੱਕੀ ਨਿੱਕੀ ਛਾਂ 7 ਕਾਲੇ ਮੁਲਖ ਵਿਚ ਮੌਸਮ ਕਾਲੇ ਵਿਚ ਵਗੇ ਦਰਿਆ ਦਰਿਆ ਦੇ ਵਿਚ ਕਾਲੀ ਮਛਲੀ ਚਿਰ ਤੋਂ ਢੂੰਡ ਰਿਹਾ ਥਲ ਪਥਰਾਏ ਜਲ ਪਥਰਾਏ ਮਛਲੀ ਗਈ ਪੱਥਰਾ ਨਾ ਜਲ ਤੁਰਦੇ ਨਾ ਥਲ ਖੁਰਦੇ ਮਛਲੀ ਦਾ ਕੌਣ ਵਸਾਹ ਕਿਥੋਂ ਤੀਕਣ ਥਲ ਵਿਛਿਆ ਏ ਕਿਥੇ ਪਿਆ ਦਰਿਆ ਕਿਥੇ ਕੁ ਮਛਲੀ ਦਾ ਦਿਲ ਵਸਦਾ ਏ ਜਾਈਏ ਕਿਹੜੇ ਰਾਹ ਨਾ ਕੋਈ ਅੰਬਰ ਨਾ ਕੋਈ ਤਾਰਾ ਨਾ ਕੋਈ ਚੰਨ ਗਵਾਹ ਨਾ ਕੋਈ ਰਾਹ ਨਾ ਮਮਤਾ ਵਾਲੀ ਦੀਵਾ ਧਰੇ ਜਗਾ ਪਾਣੀ ਤੁਰਨ ਦੀ ਵਾਜ ਨ ਆਵੇ ਉਚੀ ਲਏ ਨਾ ਸਾਹ ਮਛਲੀ ਦੀ ਬੋਲੀ ਮੈਂ ਨਾ ਜਾਣਾਂ ਕੀਕਣ ਸਕਾਂ ਬੁਲਾ ਕਾਲੇ ਮੁਲਖ ਵਿਚ ਮੌਸਮ ਕਾਲੇ ਵਿਚ ਵਗੇ ਦਰਿਆ ਦਰਿਆ ਵਿਚ ਇਕ ਕਾਲੀ ਮਛਲੀ ਚਿਰ ਤੋਂ ਢੂੰਡ ਰਿਹਾ 8 ਮੁਲਖ ਹਨੇਰੇ ਮੌਸਮ ਕਾਲੇ ਨਜ਼ਰ ਨ ਆਉਂਦੇ ਆਲ-ਦੁਆਲੇ ਰੋਮ ਰੋਮ ਵਿਚ ਅੱਖੀਆਂ ਉਗੀਆਂ ਕਿਧਰ ਗਏ ਨੇ ਵੇਖਣ ਵਾਲੇ ਸਭ ਰਸਤੇ ਨ੍ਹੇਰੇ ਵਿਚ ਸੁੱਤੇ ਬੋਲ ਨ ਸਕਦੇ ਜੀਭ ਨੂੰ ਤਾਲੇ ਸ਼ਹਿਰ ਲੁਕੇ ਨੇ ਕਿਹੜੀ ਥਾਵੇਂ ਯਾ ਧਰਤੀ ਹੀ ਬਣੀ ਨ ਹਾਲੇ ਜੰਮੀਆਂ ਯਾ ਨਾ ਜੰਮੀਆਂ ਮਾਵਾਂ ਪੁੱਤ ਖੜੇ ਕਿਸ ਵਿਚ-ਵਿਚਾਲੇ ? 9 ਨ੍ਹੇਰਿਆ ਨ੍ਹੇਰਿਆ ਅਪਣੀ ਬੋਲੀ ਬੋਲ ਨ੍ਹੇਰੇ ਮਹਿਲ ਦੀ ਨ੍ਹੇਰੀ ਬਾਰੀ ਅੱਖ-ਝਿੰਮਣੀ ਭਰ ਖੋਲ੍ਹ ਜੇ ਤੇਰੇ ਮਹਿਲੀਂ ਜਗੇ ਨ ਦੀਵਾ ਅਗ ਹਈ ਮੇਰੇ ਕੋਲ ਜੇ ਤੇਰੇ ਮੂੰਹ ਵਿਚ ਜੀਭ ਨ ਕੋਈ ਅੱਖ ਵਿਚ ਹੰਝੂ ਘੋਲ ਜੇ ਤੇਰੀ ਅੱਖ ਨਾ ਦੁੱਖ ਨਾ ਹੋ ਜਾ ਧੜਕਣ ਨਿਰੀ ਨਿਰੋਲ ਅਸੀਂ ਤਾਂ ਚੁਪ ਨੂੰ ਵੀ ਸੁਣ ਲੈਂਦੇ ਤਹਿ ਤਰ ਤਹਿ ਨੂੰ ਫੋਲ ਪਰਗਟ ਹੋ ਜਾ ਸਮਝ ਲਵਾਂਗੇ ਤੇਰੇ ਬੋਲ ਅਬੋਲ ਨ੍ਹੇਰਿਆ ਨ੍ਹੇਰਿਆ ਅਪਣੀ ਬੋਲੀ ਬੋਲ 10 ਹੇ ਅਣਬੋਲੇ ਮੇਰੀ ਅਣਬੋਲਤ ਸੁਣ ਲੀਜੇ ਹੋ ਅਣਹੋਣੇ ਹੋਵਣਜੋਗ-ਨਾ ਸੋ ਵਰ ਦੀਜੇ ਚੁਪਚੁਪੀਤੇ ਬਾਤ ਕਰਾਂ ਸੁਣ ਚੁਪ ਚੁਪੀਤੇ ਖਾਮੋਸ਼ੀ ਤੋਂ ਖਾਮੋਸ਼ੀ ਤਕ ਜਾਵਣਹਾਰਾ ਰਾਹ ਦਿਖਲੀਜੇ ਅਪਣੇ ਤੋਂ ਅਪਣੇ ਤਕ ਹੀ ਆਉਣਾ ਜਾਣਾ ਹੈ ਮੈਂ ਨਹੀਂ ਪੁਛਦਾ ਰਾਹ ਤੁਹਾਥੋਂ ਦੂਜੇ ਤੀਜੇ ਲੀੜੇ ਹੇਠਾਂ ਪਿੰਡਾ ਪਿੰਡੇ ਹੇਠ ਨਪਿੰਡਾ ਉਸ ਹੇਠਾਂ ਜੋ ਨਿਰਾ ਨੰਗ ਸੋ ਪਰਗਟ ਕੀਜੇ ਖ਼ਾਮੋਸ਼ੀ ਜੇ ਖਾਮੋਸ਼ੀ ਸੰਗ ਬਾਤ ਨ ਕੀਤੀ ਅਪਣਾ ਮਨ ਵੀ ਅਪਣੇ ਉਪਰ ਕਿਵੇਂ ਪਤੀਜੇ ਅਣਹੋਇਆਂ ਦੀ ਨਗਰੀ ਵਿਚ ਕਿੰਜ ਹੋਇਆ ਜਾਵੇ ਮੋਇਆਂ ਵਿਚ ਅਣਮੋਇਆਂ ਹੋ ਕੇ ਕਿਵੇਂ ਵਸੀਜੇ ਹੇ ਅਣਬੋਲੇ ਮੇਰੀ ਅਣਬੋਲਤ ਸੁਣ ਲੀਜੇ ਹੇ ਅਣਹੋਣੇ ਹੋਵਣਜੋਗ-ਨਾ ਸੋ ਵਰ ਦੀਜੇ 11 ਨ੍ਹੇਰੇ ਤਾਂ ਬਸ ਨ੍ਹੇਰੇ ਇਹ ਨਾ ਮੋਏ ਨਾ ਇਹ ਜੀਂਵਦੇ ਨਾ ਤੇਰੇ ਨਾ ਮੇਰੇ ਨਾ ਅਣਹੋਏ ਨਾ ਇਹ ਥੀਂਵਦੇ ਇਹ ਨਾ ਦੇਸਾਂ ਵਾਲੇ ਨਾ ਇਹ ਵੇਲਾ-ਵਕਤ-ਅਧੀਨ ਦੇ ਜਿਵੇਂ ਕਿਵੇਂ ਜਿੱਥੇ ਓਦਾਂ ਦੇ ਓਦਾਂ ਮੁੱਢ ਕਦੀਮ ਦੇ ਨਾ ਇਹ ਰੌਲੇ ਗੌਲੇ ਨਾ ਇਹ ਰੌਲੇ ਤੋਂ ਬਾਦ ਖਮੋਸ਼ੀ ਨੇ ਨਾ ਇਹ ਹਉਕੇ ਜਗ ਕੇ ਬੁਝ ਗਏ ਦੀਵੇ ਕਿਸੇ ਯਤੀਮ ਦੇ ਅਸਤ ਗਏ ਜੇ ਹੁੰਦੇ ਤਾਂ ਇਹਨਾਂ ਦਾ ਉਦੈ ਉਡੀਕਦੇ 'ਵਾਜਾਂ ਮਾਰ ਬੁਲਾਉਂਦੇ ਜੇ ਕੁਝ ਲਗਦੇ ਕਿਸੇ ਜ਼ਮੀਨ ਦੇ ਨ੍ਹੇਰੇ ਵਿਚ ਹਨੇਰਾ ਉਸ ਦੇ ਅੰਦਰ ਮਹਾਂ-ਹਨੇਰਾ ਏ ਨਾ ਇਹ ਖੁਰਦੇ ਖੰਡਰ ਭੁਰਦੇ ਪਿੰਜਰ ਕਿਸੇ ਹਸੀਨ ਦੇ ਨ੍ਹੇਰੇ ਤਾਂ ਬਸ ਨ੍ਹੇਰੇ ਇਹ ਨਾ ਮੋਏ ਇਹ ਨ ਜੀਂਵਦੇ 12 ਮੈਂ ਹਟਕ ਰਹੀ ਮੈਂ ਹੋੜ ਰਹੀ ਤੂੰ ਉਸ ਨਗਰੀ ਨਾ ਜਾ ਜਿਸ ਨਗਰੀ ਵਿਚ ਪੱਥਰ ਤੇਹਾਂ ਪੱਥਰ ਦੇ ਦਰਿਆ ਪੱਥਰ ਦੇ ਮਹਿਲਾਂ ਵਿਚ ਬੈਠਾ ਬੰਦਾ ਪੱਥਰ ਦਾ ਪੱਥਰ ਦੀ ਥਾਲੀ ਵਿਚ ਪੱਥਰ ਹੋ ਕੇ ਟੁੱਕ ਪਿਆ ਟੁੱਕਰ ਖਾਂਦੇ ਅਧਵਿਚਕਾਰੇ ਹੱਥ ਗਿਆ ਪਸਰਾ ਪੱਥਰ ਚੁੱਲ੍ਹੇ ਪੱਥਰ ਅੱਗੇ ਪੱਥਰ ਪੱਕ ਰਿਹਾ ਪੱਥਰ ਦੇ ਖੂਹ ਪੱਥਰ-ਪਾਣੀ ਪੱਥਰ ਭਰਨ ਗਿਆ ਪੱਥਰ ਦੀ ਭਉਣੀ ਤੇ ਪੱਥਰ-ਡੋਲ੍ਹ ਲਟਕ ਰਿਹਾ ਪੱਥਰ ਰੰਗ-ਮਹੱਲੋਂ ਪੱਥਰ-ਪੂਰਨ ਜਦੋਂ ਗਿਆ ਚੜ੍ਹੀ ਅਟਾਰੀ ਸੁੰਦਰਾਂ ਮਾਰੀ ਜਗ-ਪਥਰਾਨੀ ਧਾਹ ਸੁੰਦਰਾਂ ਦਾ ਬੂਤ ਲਟਕ ਰਿਹਾ ਏ ਪੱਥਰ ਵੈਣ ਜਿਹਾ ਕੀਕਣ ਹਿੱਲੇ ਡੁੱਲ੍ਹੇ ਪੱਥਰ ਹੋਈ ਜਦੋਂ ਹਵਾ ਮੈਂ ਹਟਕ ਰਹੀ ਮੈਂ ਹੋੜ ਰਹੀ ਤੂੰ ਇਸ ਨਗਰੀ ਨਾ ਆ ਇਸ ਨਗਰ ਵਿਚ ਕੌਣ ਸੁਣੇ ਤੂੰ ਕਿਸ ਨੂੰ ਰਿਹਾ ਸੁਣਾ ਆਪਣੇ ਸ਼ਹਿਰ 'ਚ ਮਿੱਟੀ ਪਾਣੀ ਅੱਗ ਵੀ ਨਾਲੇ 'ਵਾ ਅਪਣੇ ਸ਼ਹਿਰ ਤੋਂ ਲਖ ਲਖ ਆਸਾਂ ਜਾਹ ਜਾਹ ਜਾਹ ਮੁੜ ਜਾਹ 13 ਕਿਧਰ ਗਈ ਉਹ ਸੁੰਦਰਾਂ ਸੁੰਦਰਾਂ ਸੁੰਦਰਾਂ ਰੰਗ ਮਹਿਲ ਵਿਚ ਹੁਣੇ ਜੋ ਹੁੰਦਰਾਂ ਹੁਣੇ ਹੁਣੇ ਨਾ-ਹੁੰਦਰਾਂ ਰੰਗ-ਮਹਿਲ ਵਿਚ ਪਿੰਜਰਾ ਲਟਕੇ ਉਸ ਵਿਚ ਬਾਗ਼ ਸੁਹਾਇਆ ਓਸ ਬਾਗ਼ ਕੁਲ ਰੁੱਤਾਂ ਮੇਵੇ ਇਕ ਹਰੀਅਲ ਨਾ ਆਇਆ ਜਿਹੜਾ ਮੇਵਾ ਟੁਕ ਟੁਕ ਖਾਵੇ ਮਾਰੇ ਚੁੰਝਾਂ ਨੁੰਦਰਾਂ ਜਿਸ ਰੁਖ ਤੇ ਹਰੀਅਲ ਨਾ ਬੈਠੇ ਸੋ ਮਿੱਟੀ ਹੋ ਜਾਵੇ ਪੱਤਾ ਪੱਤਾ ਰੇਤ ਰੇਤ ਹੋ ਉਸ ਨੂੰ ਪਿਆ ਬੁਲਾਵੇ ਉਡ ਉਡ ਜਾਵੇ ਲਖ ਸੈ ਕੋਸਾਂ ਢੂੰਡੇ ਬੇਲੇ ਖੁੰਦਰਾਂ ਇਸ ਪਿੰਜਰੇ ਦੇ ਨੌਂ ਦਰਵਾਜ਼ੇ ਦਸਵੇਂ ਜੋਗੀ ਆਇਆ ਕਿਸੇ ਵੀ ਦਰ ਨਾ ਅਲਖ ਜਗਾਵੇ ਬੱਜਰ ਹੋਈ ਕਾਇਆ ਅੰਗ ਬਿਭੂਤੀ ਲਿੰਗ ਬਿਭੂਤੀ ਅੱਖ ਵਿਚ ਕੰਨ ਵਿਚ ਮੁੰਦਰਾਂ ਜਿਹੜੇ ਰੰਗ ਮਹਿਲ ਤੋਂ ਜੋਗੀ ਬਿਨ ਭਿਛਿਆ ਮੁੜ ਜਾਵੇ ਉਹ ਬਦਰੰਗਾ, ਸੁੰਨਾ, ਸਖਣਾ ਜੂਨੀ ਪ੍ਰੇਤ ਹੰਢਾਵੇ ਉਸ ਦਾ ਹਰ ਸੂਰਜ ਬੁਝ ਜਾਵੇ ਧੁੰਦਰਾਂ ਧੁੰਦਰਾਂ ਧੁੰਦਰਾਂ ਕਿਧਰ ਗਈ ਉਹ ਸੁੰਦਰਾਂ ਸੁੰਦਰਾਂ ਸੁੰਦਰਾਂ ਰੰਗ ਮਹਿਲ ਵਿਚ ਹੁਣੇ ਹੁਣੇ ਹੁਣੇ ਹੁਣੇ ਨਾ-ਹੁੰਦਰਾਂ 14 ਚੁਪ-ਨਗਰੀ ਤੋਂ ਕੀ ਪੁਛਦਾ ਏਂ ਚੁਪ-ਨਗਰੀ ਕੋਈ ਗੱਲ ਨਹੀਂ ਕਰਦੀ ਚੁਪ-ਨਗਰੀ ਵਿਚ ਮਾਂ ਨਹੀਂ ਵਸਦੀ ਮਾਂ ਤੁਰ-ਜਾਣੀ ਮਾਂ ਨਹੀਂ ਮਰਦੀ ਸ਼ਹਿਰ ਤੇਰੇ ਵਿਚ ਮਿੱਟੀ ਜੀਵੇ ਮਿੱਟੀ ਦੇ ਵਿਚ ਆਂਦਰ ਥੀਵੇ ਹੋਇ ਨ ਸ਼ਾਲਾ ਆਂਦਰ ਔਂਤਰ ਆਂਦਰ ਤਾਂ ਰੌਣਕ ਘਰ ਘਰ ਦੀ ਮਾਂ ਤੁਰ-ਜਾਣੀ ਮਾਂ ਨਹੀਂ ਮਰਦੀ ਮਿੱਟੀ ਨੂੰ ਮਿੱਟੀ ਪਰਨਾਵੇ ਮਿੱਟੀ ਮਿੱਟੀ ਹੋਰ ਬਣਾਵੇ ਮਿੱਟੀ ਚੋਂ ਜਾਗੇ ਖ਼ੁਸ਼ਬੋਈ ਚਾਨਣ ਹੋ ਚੌਫੇਰ ਪਸਰਦੀ ਮਾਂ ਤੁਰ-ਜਾਣੀ ਮਾਂ ਨਹੀਂ ਮਰਦੀ ਖ਼ੁਸ਼ਬੋ 'ਚੋਂ ਟੁੱਟੇ ਖ਼ੁਸ਼ਬੋਈ ਜੋ ਬਾਕੀ ਖ਼ੁਸ਼ਬੋ ਹੈ ਸੋਈ ਜੋ ਤੁਰ ਜਾਣੀ ਸੋ ਰਹਿ ਜਾਣੀ ਸਦਾ ਹਾਜ਼ਰੀ ਨਾਹਾਜ਼ਰ ਦੀ ਮਾਂ ਤੁਰ ਜਾਣੀ ਮਾਂ ਨਹੀਂ ਮਰਦੀ ਤੁਰ ਜਾਣੀ ਕਿਉਂ ਸਦਾ ਧਿਆਈਏ ਰਹਿ ਜਾਣੀ ਦੇ ਸਗਨ ਮਨਾਈਏ ਜੋ ਚੰਗਿਆੜਾ ਬਾਹਰ ਡੁਲ੍ਹਾ ਉਹ ਹੈ ਅੱਗ ਅਪਣੇ ਅੰਦਰ ਦੀ ਮਾਂ ਤੁਰ ਜਾਣੀ ਮਾਂ ਨਹੀਂ ਮਰਦੀ 15 ਮੈਥੋਂ ਪਹਿਲਾਂ ਬੀਬਾ ਮੇਰੇ ਬੋਲ ਨੂੰ ਜਗਾ ਸਾਹਾਂ ਤੋਂ ਵੀ ਪਹਿਲਾਂ ਬੀਬਾ ਚਾਹੀਦੀ ਹਵਾ ਸੁੱਤੇ ਨੀ ਨਬੋਲੇ ਇਕ ਦੂਜੇ 'ਚ ਸਮਾ ਕਿਸੇ ਦੇ ਵੀ ਹੋਣ ਦਾ ਨਾ ਕੋਈ ਵੀ ਗਵਾਹ ਮਿੱਟੀ ਵਿਚ ਪਾਣੀ ਏਂ ਤੇ ਪਾਣੀ 'ਚ ਹਵਾ ਕੋਈ ਨ ਪਛਾਣ ਕਿਹੜਾ ਸਪ ਕਿਹੜਾ ਘਾਹ ਦੂਜਾ ਪਹਿਲੋਂ ਹੋਵੇ ਪਹਿਲਾਂ ਹੋਵੇਗਾ ਪਿਛਾਂਹ ਸਾਥੋਂ ਪਹਿਲਾਂ ਸਾਡੇ ਜਿਹਾ ਹੋਰ ਤਾਂ ਬਣਾ ਬੋਲ ਬਿਨਾ ਆਪਣਾ ਨਾ ਆਪ ਨੂੰ ਵਿਸਾਹ ਆਪਣੀ ਕਹਾਂਗੀ ਪਹਿਲਾਂ ਆਪ ਤੂੰ ਸੁਣਾ ਮੈਥੋਂ ਪਹਿਲਾਂ ਬੀਬਾ ਮੇਰੇ ਬੋਲ ਨੂੰ ਜਗਾ ਸਾਹਾਂ ਤੋਂ ਵੀ ਪਹਿਲਾਂ ਬੀਬਾ ਚਾਹੀਦੀ ਹਵਾ 16 ਕੋਈ ਮੈਨੂੰ ਵਾਜ ਦਿਉ ਨ੍ਹੇਰੇ ਵਿਚ ਮੇਰੀ ਮੈਂ ਗੁਮ ਹੋਈ ਇਹ ਨੰਗੀ ਇਹਨੂੰ ਖ਼ਬਰ ਨਾ ਕੋਈ ਨਾ ਇਹਨੂੰ ਕੱਜਣ ਨਾ ਇਹਨੂੰ ਪਾਲਾ ਭੇਜੋ ਕੋਈ ਬਲਦੀ ਅੱਖ ਵਾਲਾ ਮੁੜ ਕੇ ਆਪਣਾ ਨੰਗ ਪਛਾਣਾਂ ਮੁੜ ਮੈਨੂੰ ਲਾਜ ਦਿਉ ਵਾਜ ਦਿਉ ਮੇਰੇ ਸਾਥੀ ਸੰਗੀ ਵਾਜ ਦਿਓ ਮੈਨੂੰ ਆਖੋ ਨੰਗੀ ਵਾਜ ਦਿਓ ਮੇਰਾ ਨਾਮ ਬੁਲਾ ਕੇ ਵਾਜ ਦਿਓ ਮੈਨੂੰ ਸਮਝਾ ਕੇ ਮੈਨੂੰ ਮੋੜ ਦਿਉ ਨਾਂ ਮੇਰਾ ਮੇਰਾ ਕਾਜ ਦਿਉ ਧੁੱਪ ਤਾਂ ਮੇਰੇ ਸੱਜੇ ਖੱਬੇ ਤਾਂ ਵੀ ਆਪਣਾ ਆਪ ਨ ਲੱਭੇ ਭਰੀ ਭਰਾਤੀ ਦੁਨੀਆ ਖ਼ਾਲੀ ਮਹਾਂ ਹਨੇਰੇ ਧੁੱਪਾਂ ਵਾਲੀ ਜਿਸ ਸਦਕੇ ਮੈਂ ਚਾਨਣ ਵਾਲੀ ਸੋ ਸਿਰਤਾਜ ਦਿਉ ਫੁਲ ਵੀ ਸੂਹੇ ਪੱਤ ਵੀ ਸਾਵੇ ਅੱਖ ਨਰੋਈ ਨੂੰ ਨਜ਼ਰ ਨ ਆਵੇ ਬੋਲ ਗੁਆਚੇ ਜਿਸ ਦੇ ਲੇਖੇ ਉਸ ਦੇ ਵੇਖੇ ਵੀ ਅਣਵੇਖੇ ਉਹ ਅੱਖ ਜਿਹੜੀ ਬੋਲ ਪਛਾਣੇ ਉਹ ਮਹਾਰਾਜ ਦਿਉ ਕੋਈ ਮੈਨੂੰ ਵਾਜ ਦਿਉ 1 ਲੜਕੀ ਹੈਰਾਨ ਹੈ ਲੜਕੀ ਹੈਰਾਨ ਹੈ ਪਿੰਡੇ ਦੇ ਜੰਗਲ ਵਿਚ ਮਿਰਗ ਕਸਤੂਰੀ ਦਾ ਸ਼ਾਹਰਗ ਦੇ ਨੇੜੇ ਨੇੜੇ ਸੁਫ਼ਨਾ ਬਹੁਤ ਦੂਰੀ ਦਾ ਖ਼ੁਸ਼ਬੋ ਦੇ ਦਰਿਆ ਵਿਚ ਰੁੜ੍ਹੀ ਜਾਂਦੀ ਜਾਨ ਹੈ ਜਿਸਮ ਦੀ ਤਾਕੀ 'ਚੋਂ ਚੰਦਰਮਾ ਚਮਕਦੇ ਦਿਹੁੰ ਵੇਲੇ ਸੁਫਨੇ ਲੈਂਦੇ ਅਚਨਚੇਤ ਤ੍ਰਭਕਦੇ ਦੁਨੀਆ ਨਾ ਜਾਣ ਲਏ ਮਨ ਦੇ ਹਨੇਰੇ ਜੋ ਰੋਸ਼ਨ ਜਹਾਨ ਹੈ ਤੁਰੀ ਤੁਰੀ ਜਾਂਦੀ ਹੈ ਲੀੜਿਆਂ ਦੇ ਉਹਲੇ ਉਹਲੇ ਚੰਦਰਮਾ ਲੁਕਾਂਦੀ ਹੈ ਨਜ਼ਰਾਂ ਦੇ ਕੰਡਿਆਂ 'ਚ ਬਾਰ ਬਾਰ ਲਗਦੈ ਜਿਵੇਂ ਬੁੱਕਲ ਅੜਕ ਜਾਂਦੀ ਹੈ ਖ਼ੁਸ਼ਬੋ ਦੇ ਭਰਮ ਜਾਲ ਮਿਰਗ ਹਲਕਾਨ ਆਪਣੇ ਹੀ ਹੋਣ ਹੱਥੋਂ ਕੁੜੀ ਪਰੇਸ਼ਾਨ ਹੈ ਮੁਸ਼ਕਿਲ ਹੈ ਤਲੀ ਉਤੇ ਚੰਨ ਰਖ ਤੁਰਨਾ ਬੜਾ ਦੁਸ਼ਵਾਰ ਸਦਾ ਕਲੀ ਵਾਂਗ ਖਿੜਨਾ ਬੈਠਣਾ ਇਕੱਠੇ ਤੇ ਕੁਝ ਵੀ ਨਾ ਸੋਚਣਾ ਅਪਣੀ ਖ਼ਾਮੋਸ਼ੀ ਨੂੰ ਬੋਲਣ ਤੋਂ ਰੋਕਣਾ ਛੇਕੋ ਛੇਕ ਮਟਕੀ 'ਚ ਦਰਿਆ ਨੂੰ ਬੰਨ੍ਹ ਕੇ ਤੁਰੀ ਉਮਰਾ ਨਾਦਾਨ ਹੈ 2 ਝੀਲ ਜਾਗਦੀ ਜੰਗਲ 'ਚ ਝੀਲ ਜਾਗਦੀ ਦਿਨ ਹੋਵੇ ਰਾਤ ਹੋਵੇ ਸੌਣ ਦਾ ਸਮਾਂ ਨਹੀਂ ਇੱਕੋ ਥਾਂ ਪਈ ਪਈ ਸੰਸੇ ਦਾ ਸਹਿਮ ਦਾ ਪੈਂਡਾ ਰਹੇ ਝਾਗਦੀ ਦੇਹੀ ਦੇ ਬੂਹੇ ਤੇ ਘੜੀ ਮੁੜੀ ਦਸਤਕ ਆਇਆ ਕੌਣ ਗਿਆ ਮੇਰੀ ਪਿਠ ਨੂੰ ਪਲੋਸ ਕੇ ਪਿੰਡੇ ਵਿਚ ਬੁੜ੍ਹਕਦੇ ਲਹੂ ਦਾ ਸ਼ੋਰ ਪਾਣੀ ਵਿਚ ਝੁਣਝੁਣੀ ਪੌਣ ਦੀ ਲਵੇ ਲਵੇ ਘਾਹ ਥਾਣੀ ਖਹਿਸਰਦੀ ਵਾਜ ਕਿਸੇ ਨਿੱਕੇ ਜਿਹੇ ਨਾਗ ਦੀ ਸੌਂ ਜਾਣਾ ਘਰੋਂ ਪਰਦੇਸ ਤੁਰ ਜਾਣਾ ਰਾਖੀ ਕੌਣ ਕਰੂ ਅਣਵਰਤੇ ਖ਼ਜ਼ਾਨੇ ਦੀ ਪਾਣੀ ਅਣਡੀਕੇ ਦੀ ਹੁਣੇ ਹੁਣੇ ਝੱਗਾ ਚੁੰਨੀ ਟੰਗਣੇ ਤੇ ਟੰਗਿਆ ਸੁਕਣੇ ਪਿਆ ਕੋਰਮ-ਕੋਰਾ ਅਣਰੰਗਿਆ ਸੁਫਨਾ ਇਨ੍ਹਾਂ ਤੇ ਕੋਈ ਹਰਫ਼ ਲਿਖ ਨਾ ਦੇਵੇ ਸੁੱਚੀ ਨੂੰ ਫ਼ਿਕਰ ਦਾਗ਼ ਦੀ ਅੰਬਰਾਂ 'ਚ ਬੱਦਲ ਇਦੇ ਪਾਣੀ ਵਿਚ ਤਰਦੇ ਪੰਛੀ ਵੀ ਪੈਂਡੇ ਇਦੇ ਪਾਣੀ 'ਚ ਤੈਅ ਕਰਦੇ ਪੌਣ ਵਿਚ ਨਿੱਕਾ ਜਿਹਾ ਪੱਤਾ ਵੀ ਬੋਲੇ ਉਹਦੇ ਵੀ ਪਰਸ ਨਾਲ ਫਰਸ਼ ਇਦਾ ਡੋਲੇ ਪੌੜੀ ਦਰ ਪੌੜੀ ਨਿਤ ਪੁੜੀ ਜਾਣ ਛਿਲਤਰਾਂ ਚਿੰਤਾ ਹਮੇਸ਼ ਇਹਨੂੰ ਆਪਣੀ ਜ਼ਮੀਨ ਵਿਚ ਹੋਰਾਂ ਦੇ ਬਾਗ਼ ਦੀ ਸਦੀਆਂ ਦੇ ਪਤਝੜ ਦੇ ਵਿਛੇ ਪੀਲੇ ਪੱਤੇ ਉਹਨਾਂ 'ਚ ਪੋਲੇ ਪੈਰੀਂ ਤੁਰਦਾ ਜਨੌਰ ਕੋਈ ਜਾਪਦਾ ਹੈ ਚੋਰੀ ਚੋਰੀ ਏਧਰ ਵਧੀ ਆਉਂਦਾ ਹੈ ਜਾਵੇਗਾ ਪਾਣੀ ਜੁਠਾਲ ਲੰਘ ਵੀ ਜੇ ਗਿਆ ਲਾਗ ਦੀ ਜੰਗਲ 'ਚ ਝੀਲ ਜਾਗਦੀ 3 ਜੰਗਲ ਏਕਾਂਤ ਦੀਏ ਝੀਲੇ ਜੰਗਲ ਏਕਾਂਤ ਦੀਏ ਝੀਲੇ ਨੀ ਕੁੜੀਏ ਆਪਣੀ ਹੀ ਦੌਲਤ ਦੇ ਚੋਰ ਖੁਣੋਂ ਥੁੜੀਏ ਕੁੜੀਏ ਨੀ ਵਰਜੀਏ ਪਾਣੀ ਦੀ ਜੂਨੇ ਤੂੰ ਆਪ ਨਿਰੀ ਪਿਆਸ ਏਂ ਰੱਬ ਵੀ ਨਾ ਸੁਣ ਸਕੇ ਤੂੰ ਐਸੀ ਅਰਦਾਸ ਏਂ ਮਨ ਦੇ ਹਨੇਰੇ ਵਿਚ ਲਿਖੀ ਹੋਈ ਅਰਜ਼ੀਏ ਡੂੰਘੀ ਸ਼ਾਮ ਰੱਬ ਜੇਹੀ ਚੁਪ ਜਦੋਂ ਬੋਲਦੀ ਰੱਬ ਜੇਹੀ ਆਪ ਏਂ ਤੂੰ ਕਿਹੜੇ ਦੁੱਖੋਂ ਡੋਲਦੀ ਅਪਣੇ ਤੋਂ ਡਰਦੀਏ ਨੀ ਅਪਣੀ ਹੀ ਮਰਜ਼ੀਏ ਤੇਰੇ ਵਿਚ ਸੁੱਤੇ ਸੁੱਤੇ ਰਾਤ ਤਾਰੇ ਚਮਕਦੇ ਰਤਾ ਕੁ ਹਵਾ ਚੱਲੇ ਕਿਹੜੀ ਗੱਲੋਂ ਤ੍ਰਭਕਦੇ ਸੁਪਨੇ ਵਿਚ ਆਪੇ ਹੀ ਮੀਤ ਨੂੰ ਬੁਲਾ ਕੇ ਚਿੰਤਾ ਕਿਉਂ ਚਿਤਵੀਏ ਨੀ ਵੈਰੀ ਕਿਉਂ ਫ਼ਰਜ਼ੀਏ ਪਾਣੀ ਦੇ ਧੁਰ ਹੇਠਾਂ ਮਿੱਟੀ ਦਾ ਫ਼ਰਸ਼ ਏ ਕੰਜਕ 'ਚ ਲੁਕਿਆ ਜਿਵੇਂ ਜੋਬਨ ਦਾ ਬਰਸ ਏ ਅਪਣੇ 'ਚੋਂ ਅਪਣੇ ਦੀ ਝਾਤੀ ਦੀ ਸੰਗ ਕਾਹਦੀ ਥਰਹਰ ਨੀ ਲਰਜ਼ੀਏ ਜੰਗਲ ਏਕਾਂਤ ਦੀਏ ਝੀਲੇ ਨੀ ਕੁੜੀਏ ਅਪਣੀ ਹੀ ਦੌਲਤ ਦੇ ਚੋਰ ਖੁਣੋਂ ਥੁੜੀਏ ਕੁੜੀਏ ਨੀ ਵਰਜੀਏ 4 ਕਿਕਲੀ (1) ਕਿਕਲੀ ਕਲੀਰ ਦੀ ਸੁੱਚ ਮੇਰੇ ਵੀਰ ਦੀ ਭਿੱਟ ਸਦਾ ਭੈਣ ਦੀ ਗੱਲ ਨਹੀਂ ਕਹਿਣ ਦੀ ਗਲੀ ਵਿਚ ਬਾਹਰੋ ਬਾਹਰ ਭਾਈ ਇਕ ਲੰਘਿਆ ਸਾਡੇ ਬੂਹੇ ਕੋਲ ਓਸ ਝੂਠੀ-ਮੂਠੀ ਖੰਘਿਆ ਆਂਢਣਾਂ ਗੁਆਂਢਣਾਂ ਨੂੰ ਕਾਲੇ ਨਾਗ ਡੰਗਿਆ ਚਿੱਟਾ ਨੀ ਦੁਪੱਟਾ ਉਹਨਾਂ ਕਾਲੇ ਰੰਗ ਰੰਗਿਆ ਸੁੱਚੀ ਸੁੱਚੀ ਮਿੱਟੀ ਉਹਦਾ ਅੰਗ ਅੰਗ ਭਿੱਟਿਆ ਕੁੱਜੇ ਵਿਚ ਪਿਆ ਹੋਇਆ ਦੁੱਧ ਸਾਰਾ ਫਿੱਟਿਆ ਕੱਜਲ ਦੀ ਗਲੀ ਥਾਣੀ ਹਾਇ ਕਿਵੇਂ ਲੰਘਾਂ ਤੇੜ ਮੇਰੇ ਘਗਰਾ ਮੈਂ ਕਿਹੜੀ ਕਿੱਲੀ ਟੰਗਾਂ ਕਿਕਲੀ ਕਲੀਰ ਦੀ ਸੁੱਚ ਮੇਰੇ ਵੀਰ ਦੀ ਭਿੱਟ ਸਦਾ ਭੈਣ ਦੀ ਗੱਲ ਨਹੀਂ ਕਹਿਣ ਦੀ 5 ਕਿਕਲੀ (2) ਕਿਕਲੀ ਕਲੀਰ ਦੀ ਪਗ ਮੇਰੇ ਵੀਰ ਦੀ ਦੁਪੱਟਾ ਮੇਰੀ ਭੈਣ ਦਾ ਬਾਕੀ ਸੱਭੋ ਡੈਣ ਦਾ ਭੈਣ ਆਈ ਪਾਰ ਤੋਂ ਪਾਰ ਤੋਂ ਪਰਾਰ ਤੋਂ ਪੁੱਠੇ ਇਹਦੇ ਪੈਰ ਨੀ ਅੱਖਾਂ ਐਰ ਗ਼ੈਰ ਨੀ ਮਾਰਦੀ ਸ਼ਟੱਲ ਕਹਿੰਦੀ ਮੇਰੇ ਨਾਲ ਚੱਲ ਜਿੱਥੇ ਤੇਰੇ ਲਈ ਮੁੰਡਾ ਜੀਹਦੇ ਸਿਰ ਤੇ ਨ ਕੁੰਡਾ ਆ ਨੀ ਭੈਣੇ ਮੰਗੀਏ ਡੈਣ ਤਾਈਂ ਕਿੱਕਰਾਂ ਦੇ ਡਾਹਣਾਂ ਉਤੇ ਟੰਗੀਏ ਜਿੱਥੇ ਡੈਣ ਹੋਵੇ ਓਸ ਰਾਹ ਤੋਂ ਨਾ ਲੰਘੀਏ ਕਿਕਲੀ ਕਲੀਰ ਦੀ ਪਗ ਮੇਰੇ ਵੀਰ ਦੀ ਦੁਪੱਟਾ ਮੇਰੀ ਭੈਣ ਦਾ ਬਾਕੀ ਸੱਭੋ ਡੈਣ ਦਾ 6 ਮੰਤਰ ਨਹੀਂ ਸਿਖਿਆ ਨਹੀਂ ਮਾਂ ਆਖੇ ਮੈਨੂੰ ਬੁੰਨ੍ਹੀਏਂ ਨੀ ਬੁੰਨ੍ਹੀਏਂ ਲੋਕ ਕਹੇ ਮੈਂ ਤੇਰਾ ਤਾਲੀ ਅਪਣਾ ਧਨ ਮੈਂ ਵਰਤ ਨ ਸੱਕਾਂ ਭਰੀ ਭਰਾਤੀ ਖਾਲਮ ਖਾਲੀ ਅਪਣੇ ਘਰ ਮੈਂ ਸਦਾ ਪਰਾਹੁਣੀ ਅੱਜ ਬੈਠੀ ਕਲ੍ਹ ਜਾਊਂ ਉਠਾਲੀ ਬਾਰ ਪਰਾਏ ਬੈਸਣ ਮੇਰਾ ਬਾਰ ਪਰਾਏ ਮੈਂ ਘਰ ਵਾਲੀ ਨਾ ਮੈਨੂੰ ਗੁਰ ਮੰਤਰ ਦਿੱਤਾ ਨਾ ਮੈਨੂੰ ਮਾਂ ਸਿੱਖ ਸਿਖਾਲੀ ਕੱਚੇ ਧਾਗੇ ਬੰਨ੍ਹ ਕੇ ਰਖਣਾ ਤਾਂ ਵੀ ਅਪਣਾ ਸ਼ਕਤੀਸ਼ਾਲੀ ਬਿਨਾਂ ਲਗਾਮਾਂ ਅਥਰਾ ਘੋੜਾ ਗ੍ਰਾਮ ਗ੍ਰਾਮ ਜੋ ਫਿਰੇ ਅਮੋੜਾ ਉਸ ਦੀ ਮੈਂ ਕਰਨੀ ਅਸਵਾਰੀ ਉਸ ਦੀ ਮੈਂ ਕਰਨੀ ਰਖਵਾਲੀ 7 ਬਾਬਲ ਕੰਨਿਆ ਰਾਸੀ ਧੀਆਂ ਦੀ ਦੇਹੀ ਵਿਚ ਹੁੰਦਾ ਮਹਾਂਰਾਗ ਏ ਬਾਬਲ ਨੂੰ ਫ਼ਿਕਰ ਮੇਰੀ ਪੱਗ ਵਿਚ ਦਾਗ਼ ਏ ਅਪਣੇ ਬਾਜ਼ਾਰ ਵਿਚ ਤੁਰਨਾ ਦੁਸ਼ਵਾਰ ਹੈ ਨੀ ਜਾਈਏ ਧੀ ਤੋਰੀਏ ਕਿਹੜੇ ਨੀ ਦੇਸੋਂ ਆਇਆ ਬੂਟਾ ਖ਼ੁਸ਼ਬੋਈ ਦਾ ਸਾਡੇ ਆ ਵਿਹੜੇ ਬੈਠਾ ਪੁਤ ਅਣਹੋਈ ਦਾ ਪੌਣਾਂ 'ਚ ਲੱਗੇ ਸਾਡੀ ਧੀ ਖੁਰ ਚੱਲੀ ਏ ਚੰਦਨ ਜੇਹਾ ਨੀ ਜਿਹਦੇ ਉਹਲੇ ਉਹਲੇ ਖੱਲੀ ਏ ਨੀ ਜਾਈਏ ਧੀ ਤੋਰੀਏ ਰੋਜ਼ ਰੋਜ਼ ਵਧੀ ਜਾਵੇ ਚੰਨ ਪੂਰਨਮਾਸ਼ੀ ਦਾ ਹੋਇਆ ਘਸਮੈਲਾ ਵੰਨ ਬਾਬਲ ਕੰਨਿਆ ਰਾਸੀ ਦਾ ਧੀਆਂ ਦੇ ਰੂਪ ਨੂੰ ਤਾਂ ਵੇਖ ਵੀ ਨਾ ਸਕੀਦਾ ਹੋਰਾਂ ਦੇ ਰੂਪ ਨੂੰ ਸਲਾਹੁਣ ਤੋਂ ਵੀ ਝਕੀਦਾ ਨੀ ਜਾਈਏ ਧੀ ਤੋਰੀਏ 8 ਰਾਗ ਪਰਸੋਂ ਮੇਰੇ ਅੰਗਾਂ ਵਿਚ ਜਾਗੀ ਖ਼ੁਸ਼ਬੋਈ ਸੀ ਆਪਣੀ ਹੀ ਨਜ਼ਰੇ ਮੈਂ ਹੋਰ ਹੋਰ ਹੋਈ ਸੀ ਅਪਣੇ ਪਰਛਾਵੇਂ ਤੋਂ ਕਈ ਵਾਰ ਤ੍ਰਭਕੀ ਮੈਂ ਕਈ ਵਾਰ ਡਰੀ ਬਾਬਲ ਪਰਾਈ ਸਮਝ ਤੋਰ ਦੇਵੇਗਾ ਡਾਢੀਆਂ ਹਵਾਵਾਂ ਵਿਚ ਭੋਰ ਦੇਵੇਗਾ ਕਲ੍ਹ ਮੈਨੂੰ ਚੰਨ ਪੂਰਨਮਾਸ਼ੀ ਦਾ ਚੜ੍ਹਿਆ ਸੀ ਆਪਣਾ ਨਸੀਬਾ ਮੈਂ ਦੂਰ ਦੇਸ ਪੜ੍ਹਿਆ ਸੀ ਆਪਣੇ ਹੀ ਪਾਣੀਆਂ ਵਿਚ ਚਾਨਣ ਨੂੰ ਘੁਲਿਆ ਵੇਖ ਕਈ ਵਾਰ ਤ੍ਰਭਕੀ ਮੈਂ ਕਈ ਵਾਰ ਡਰੀ ਬਾਬਲ ਪਰਾਈ ਸਮਝ ਤੋਰ ਦੇਵੇਗਾ ਚੰਨ ਦਰਿਆਵਾਂ ਵਿਚ ਰੋੜ੍ਹ ਦੇਵੇਗਾ ਅੱਜ ਮੇਰੀ ਮਿੱਟੀ ਵਿਚ ਛਿੜਿਆ ਕੋਈ ਰਾਗ ਹੈ ਰੋਮ ਰੋਮ ਗਾਉਂਦਾ ਮੇਰੇ ਨਾਮ ਦਾ ਸੁਹਾਗ ਹੈ ਆਪਣੀ ਹੀ ਮਿੱਟੀ ਚੋਂ ਅਪਣਾ ਹੀ ਗੌਣ ਸੁਣ ਕਈ ਵਾਰ ਤ੍ਰਭਕੀ ਮੈਂ ਕਈ ਵਾਰ ਡਰੀ ਬਾਬਲ ਪਰਾਈ ਸਮਝ ਤੋਰ ਦੇਵੇਗਾ ਓਬੜ ਸਿਰਨਾਵੇਂ ਨਾਲ ਜੋੜ ਦੇਵੇਗਾ 9 ਸੁਹਾਗ ਉੱਠੀ ਨੀ ਮੇਰੇ ਕਰਕ ਕਲੇਜੇ ਬਾਬਲ ਵੈਦ ਸਦਾਏ ਉਹ ਆਵੇ ਜੋ ਫੂਲਾਂ ਧੀ ਦੇ ਜੀ ਦਾ ਰੋਗ ਗਵਾਏ ਦੂਰੋਂ ਆਏ ਨੇੜਿਓਂ ਆਏ ਆਏ ਪੜ੍ਹੇ ਪੜ੍ਹਾਏ ਨਬਜ਼ ਨਿਮਾਣੀ ਕੁਝ ਨਾ ਬੋਲੇ ਮਰਜ਼ ਨ ਆਖ ਸੁਣਾਏ ਸੁੱਚੇ ਦੁਖ ਸੁੱਚੇ ਸੁਖ ਵਾਲੀ ਮਾਂ ਨੇ ਬੋਲ ਅਲਾਏ ਧੁਰ ਸੰਜੋਗਾਂ ਦੇ ਘਰ ਜਾ ਕੇ ਪੁੱਛੋ ਕੋਈ ਉਪਾਏ ਉਡਣ ਖਟੋਲੇ ਬੈਠ ਕੇ ਵੀਰੇ ਚੰਨ ਤੀਕਰ ਹੋ ਆਏ ਚਾਨਣ ਦੇ ਪਤਰੇ ਤੇ ਕਾਲੇ ਹਰਫ਼ ਪੜ੍ਹੇ ਪਛਤਾਏ ਤੁਰਤ ਸ਼ਤਾਬੀ ਬੀੜ ਕੇ ਘੋੜੇ ਮਾਮਿਆਂ ਤੇਜ਼ ਦੁੜਾਏ ਚੰਨਣ ਬਨ ਵਿਚ ਚੰਨਣ ਲਭਦੇ ਭਟਕ ਭਟਕ ਭਟਕਾਏ ਕੁਲ ਚੰਨਣ ਰੁੱਖ ਸੱਪਾਂ ਵੇਹੜੇ ਡੰਗਾਂ ਨਾਲ ਨੁਹਾਏ ਕੌਣ ਭਲਾ ਵਿਹਲੀ ਖ਼ੁਸ਼ਬੋਈ ਅਪਣੇ ਘਰ ਲੈ ਜਾਏ ਕੱਲੀ ਕਰਕ ਕਲੇਜੇ ਕੂਕੇ ਕਿਹੜਾ ਚੁਪ ਕਰਾਏ ਓੜਕ ਉੜੇ ਥੁੜ੍ਹੇ ਦੇ ਹੀ ਲੜ ਬਾਬਲ ਕਿਤੇ ਨ ਲਾਏ 10 ਕੱਚ ਦਾ ਗਲਾਸ ਆਹ ਲੈ ਨੀ ਧੀਏ ਕੱਚ ਦਾ ਗਲਾਸ ਇਹਦੇ 'ਚ ਭਰ ਲੈ ਚੁਲ੍ਹੇ ਦੀ ਲਾਟ ਰਖ ਲੈ ਘੁੱਟ ਕੇ ਜਿੰਦੜੀ ਦੇ ਪਾਸ ਕੱਚ ਦਾ ਗਲਾਸ ਸ਼ੀਸ਼ੇ 'ਚੋਂ ਸਿੰਮੇ ਭਾਵੇਂ ਏਸ ਦਾ ਚਾਨਣਾ ਇਹਦੀ ਕਰਾਈਂ ਕਿਸੇ ਨਾਲ ਪਹਿਚਾਨ ਨਾ ਸ਼ੀਸ਼ਾ ਨਾ ਤਿੜਕੇ ਤੇਰੀ ਚਾਲ ਨਾ ਥਿੜਕੇ ਨੱਕੋ ਨਕ ਭਰਿਆ ਕਿਤੇ ਛਲਕ ਨਾ ਜਾਵੇ ਡੁੱਲ੍ਹ ਨਾ ਜਾਵੇ ਤੇਰੀ ਪਿਆਸ ਕੱਚ ਦਾ ਗਲਾਸ 11 ਮਾਂ ਮੇਰੀ ਹੋਈ ਮਤਰੇਈ ਮਾਂ ਮੇਰੀ ਹੋਈ ਮਤਰੇਈ ਜਦੋਂ ਦਾ ਮਿੱਟੀ ਵਿਚ ਜਾਗ ਪਿਆ ਚਾਨਣਾ ਲੁੱਚੀ ਲੁੱਚੀ ਅੱਖੇ ਮੈਨੂੰ ਵੇਖਦੀਆਂ ਦੂਤੀਆਂ ਗੁਆਂਢਣਾਂ ਤਿੜਕ ਤਿੜਕ ਬੁੜ੍ਹਕਦੀਆਂ ਗਲੀ ਵਿਚ ਗੱਲਾਂ ਜਿਵੇਂ ਭੱਠੀ ਵਿਚ ਭੁੱਜੇ ਮਕੇਈ ਮਾਂ ਮੇਰੀ ਹੋਈ ਮਤਰੇਈ ਦਾਦੀ ਦੇ ਸਿਵੇ ਵਾਂਗ ਰੋਜ਼ ਮਾਂ ਬਲਦੀ ਏ ਲਾਟ ਉਦੇ ਮੰਜੇ ਤੋਂ ਬਾਬਲ ਵਲ ਚਲਦੀ ਏ ‘ਘਰੇ ਤੇਰੇ ਜੰਗਲੀ ਜਨੌਰ ਇਹਨੂੰ ਜੰਗਲ ਵਲ ਤੋਰ' ਰਾਜੇ ਨੂੰ ਆਖੇ ਕੈਕੇਈ ਖਾਣ ਲਈ ਦਿੱਤੇ ਹੁਣ ਟੁੱਕਰ ਵੀ ਗਿਣਦੀ ਏ ਪਾਟੇ ਪੁਰਾਣੇ ਨਾਲ ਨਵਾਂ ਝੱਗਾ ਮਿਣਦੀ ਏ ਲੋਕਾਂ ਨੂੰ ਕਹੇ ਬਸ ਥੋੜ੍ਹੇ ਹੀ ਦਿਨ ਦੀ ਏ ਨ੍ਹਾਊਂਗੀ ਮੈਂ ਗੰਗਾ ਵੰਡੂੰਗੀ ਮੈਂ ਥੇਈ ਦੁਧ ਦੀ ਨਦੀ ਨਿਰੇ ਪਾਣੀ ਦੀ ਹੋ ਗਈ ਪਾਣੀ ਦੀ ਧਾਰ ਵੀ ਰੇਤੇ ਵਿਚ ਖੋ ਗਈ ਵਿੱਛੜ ਕੇ ਰੋਣ ਵਾਲੀ ਰਖ ਕੇ ਵੀ ਰੋ ਪਈ ਤੱਤੀ ਤੱਤੀ ਤਵੇ ਤੋਂ ਲਾਹ ਕੇ ਖੁਆਣ ਵਾਲੀ ਗਲ ਕਰੇ ਇੱਕੋ ਬੇਹੀ ਤਰਬੇਹੀ ਮਾਂ ਮੇਰੀ ਹੋਈ ਮਤਰੇਈ 12 ਕਿਹੜੇ ਦੇਸ ਦਾ ਪਰੇਤ ? ਅਪਣੇ ਤੋਂ ਲੁਕਾਂ ਅਪਣੇ ਸੁਪਨੇ ਤੋਂ ਲੁਕਾਂ ਮੈਥੋਂ ਲੁਕਿਆ ਨਾ ਜਾਏ ਨਜ਼ਰਾਂ ਦੀ ਸੰਗ ਤੋਂ ਗੱਲ੍ਹਾਂ ਦੇ ਰੰਗ ਤੋਂ ਬੋਲਣ ਦੀ ਤਰਜ਼ ਤੋਂ ਤੁਰਨ ਦੇ ਢੰਗ ਤੋਂ ਮੈਥੋਂ ਮੇਰੇ ਆਪੇ ਦਾ ਨੰਗ ਉਘੜ ਜਾਵੇ ਕਦੀ ਹੰਝੂ ਛਲਕ ਜਾਵੇ ਕਦੀ ਹਾਸਾ ਡਲ੍ਹਕ ਜਾਵੇ ਚੁਪ ਵੀ ਰਹਾਂ ਤਾਂ ਮੇਰੀ ਖਾਮੋਸ਼ੀ ਦੀ ਮਨਸ਼ਾ ਝਲਕ ਜਾਵੇ ਸੁਪਨੇ ਵਿਚ ਅਜ ਫੇਰ ਖੜਕਿਆ ਨੀ ਕੁੰਡਾ ਮਸਿਆ ਦੀ ਗਲੀ ਵਿਚ ਚੰਨ ਜਿਹਾ ਮੁੰਡਾ ਜਿਹਦਾ ਮਾਈ ਨਾ ਬਾਪ ਜਿਹਦਾ ਘਰ ਨਹੀਂ ਘਾਟ ਅੰਦਰ ਮੈਂ ਸੁਤੀ ਬਾਹਰ ਗਲੀ 'ਚ ਖਲੋਤੀ ਜਿਹੜੀ ਮੈਂ ਚਿਤਵੀ ਉਹਨੇ ਓਹੋ ਬਾਤ ਛੋਹ 'ਤੀ : ਦੂਰ ਦੇਸੋਂ ਆਇਆ ਤੇਰੇ ਲਈ ਤਰਿਹਾਇਆ ਆਦਿ ਮੈਂ ਕੁਆਰਾ ਤੇਰੇ ਸੰਗ ਪਰਨਾਇਆ ਤੁਰੇਂਗੀ ਕਦੋਂ ਮੁਕਲਾਵੇ ? ਰਹਿਣ ਲਈ ਤੇਰੇ ਮੈਂ ਧੌਲਰ ਬਣਵਾਏ ਸੋਹਣੇ ਉਹ ਸਖਣੇ ਤੇਰੇ ਬਿਨਾਂ ਉਹਨਾਂ ਨੂੰ ਕੌਣ ਨੀ ਵਸਾਏ ? ਸੁਪਨੇ 'ਚ ਸੁੱਤਾ ਮੇਰਾ ਬਾਬਲ ਬਰੜਾਇਆ ਕਿਹੜਾ ਏਂ ? ਕੌਣ ? ਕਾਹਨੂੰ ਬੂਹਾ ਖੜਕਾਇਆ ? ਕਿਥੋਂ ਦਾ ਪਰੇਤ ਕਿਹੜੇ ਦੇਸੋਂ ਤੂੰ ਆਇਆ ? ਰੋਜ਼ ਦਿਨੇ ਮਰਦੈਂ ਰਾਤੀਂ ਕਿਨ੍ਹੇ ਮੁੜ ਜਿਵਾਇਆ ? ਮਸਿਆ 'ਚ ਰੋਜ਼ ਰੋਜ਼ ਚੰਨ ਉਦੈ ਹੋਵੇ ਰਾਜ਼ੀ ਖ਼ੁਸ਼ੀ ਸੁੱਤਾ ਬਾਬਲ ਨੀਂਦਰ 'ਚ ਰੋਵੇ ਜਲਾਂ 'ਚੋਂ ਥਲਾਂ 'ਚੋਂ ਸੋਨ-ਮਿਰਗ ਦੌੜੇ ਮਿੱਠੇ ਮੇਰੇ ਸੁਪਨੇ ਵੀ ਬਾਬਲ ਲਈ ਕੌੜੇ ਆਪਣੇ ਦੁਆਲੇ ਆਪ ਕੰਧਾਂ ਬਣਾਈਆਂ ਉਹਨਾਂ ਨੂੰ ਆਪੇ ਹੱਥੀਂ ਸੰਨ੍ਹਾਂ ਵੀ ਲਾਈਆਂ ਚੰਗੀ ਮੈਂ ਸਮਝਦਾਰ ਸਮਝ ਕੁਝ ਨਾ ਆਏ ਅਪਣੇ ਤੋਂ ਲੁਕਾਂ ਅਪਣੇ ਸਪਨੇ ਤੋਂ ਲੁਕਾਂ ਮੈਥੋਂ ਲੁਕਿਆ ਨਾ ਜਾਏ 13 ਕਿਥੇ ਗਈ ਏਂ ? ਜੰਗਲ ਵਿਚ ਅਸੀਂ ਜੰਗਲ ਲਭ ਲਭ ਹਾਰੇ ਨਾ ਕੰਡਿਆਰੀ ਦੇ ਵਿਚ ਅੜ ਅੜ ਲੀੜੇ ਅਸੀਂ ਲੰਗਾਰੇ ਨਾ ਹੀ ਮਾਵਾਂ ਜਹੀਆਂ ਛਾਵਾਂ ਸਾਡੇ ਨੰਗ ਸਵਾਰੇ ਨਾ ਕੋ' ਸ਼ੀਹਣੀ ਇਸ ਜੰਗਲ ਜੋ ਚੁੱਕੇ ਆਪ ਕੰਧਾੜੇ ਅਪਣੀ ਗੁਫ਼ਾ 'ਚ ਅਪਣੇ ਜੋਗਾ ਸਮਝੇ ਚੀਰੇ ਪਾੜੇ ਨਾ ਕੋ' ਏਥੇ ਸੰਤ-ਸਮਾਧੀ ਅੰਦਰ ਝਾਤੀ ਮਾਰੇ ਨਾ ਹੀ ਬਾਹਰ ਖੜੀ ਮੇਨਕਾ ਸਾਨੂੰ ਕਰੇ ਇਸ਼ਾਰੇ ਨਾ ਕੋ' ਏਥੇ ਝੀਲ ਕਿ ਜਿਸ ਵਿਚ ਝਿਲਮਿਲ ਚਮਕਣ ਤਾਰੇ ਸੜਦੀ ਬਲਦੀ ਇਸ ਦੇਹੀ ਨੂੰ ਕਿਹੜਾ ਪਾਣੀ ਠਾਰੇ ਅਸੀਂ ਤਾਂ ਤਨ ਨੂੰ ਤੇਸਾ ਕਰਕੇ ਆ ਗਏ ਏਸ ਦੁਆਰੇ ਕਿਥੇ ਗਈ ਏਂ ਪੱਥਰ ਜਹੀਏ ਕੰਡਿਆਂ ਵਾਲੀਏ ਨਾਰੇ ਜੰਗਲ ਵਿਚ ਅਸੀਂ ਜੰਗਲ ਲਭ ਲਭ ਹਾਰੇ 14 ਕੁੜੀ ਨਹੀਂ ਲਭਦੀ ਕੁੜੀ ਵਿਚੋਂ ਕੁੜੀ ਨਹੀਂ ਲਭਦੀ ਆਸ ਪਾਸ ਡੁਲ੍ਹੀ ਖ਼ੁਸ਼ਬੋਈ ਵਾਂਗ ਹਾਜ਼ਰ ਸੁੰਗੜ ਕੇ ਸਿਮਟ ਕੇ ਇਉਂ ਲੰਘ ਜਾਵੇ ਹਰ ਦਮ ਅਲੋਪ ਜਿਵੇਂ ਦੁਨੀਆਂ ਜਹਾਨ ਦੀ ਕੁਝ ਨਹੀਂ ਲਗਦੀ ਕੁੜੀ ਨਹੀਂ ਲਭਦੀ ਸੂਰਜ ਦੀ ਸਕੀ ਭੈਣ ਉਦੈ ਨਹੀਂ ਹੁੰਦੀ ਪੌੜੀ ਦਰ ਪੌੜੀ ਸਦਾ ਉਤਰਦੀ ਜਾਂਦੀ ਹੈ ਦਿਲ ਦੇ ਪਾਤਾਲ ਵਿਚ ਚਾਨਣ ਤੋਂ ਡਰਦੀ ਇਹ ਲਾਟ ਜਿਹੀ ਸੁਲਗਦੀ ਕੁੜੀ ਨਹੀਂ ਲਭਦੀ ਪੋਟਿਆਂ 'ਚ ਪੁੜ ਜਾਵੇ ਛਿਲਤਰ ਦੇ ਵਾਂਗ ਧੁਰ ਤੀਕ ਪਹੁੰਚ ਕੇ ਵੀ ਚੀਜ਼ ਬੇਗਾਨੀ ਲਬਾ ਲਬ ਸਾਕਾਰ ਤਾਂ ਵੀ ਇਉਂ ਲਗਦਾ ਹੈ ਝਲਕ ਜਿਵੇਂ ਨਿਰਾਕਾਰ ਰੱਬ ਦੀ ਕੁੜੀ ਨਹੀਂ ਲਭਦੀ 15 ਵੇ ਮੇਰੇ ਜੋਗਿਆ ਵੇ ਮੇਰੇ ਜੋਗਿਆ ਵੇ ਅਣਭੋਗਿਆ ਮੈਂ ਤੈਨੂੰ ਲਭਦੀ ਆਈ ਤਨ ਅਣਰੰਗਿਆ ਵੇ ਤਨ ਅਣਡੰਗਿਆ ਮੈਂ ਤੇਰੇ ਜੋਗ ਲਿਆਈ ਪਾਣੀ ਵਿਚ ਤੂੰ ਪਾਣੀ ਡੁੱਲ੍ਹਾ ਥਲ ਵਿਚ ਰੇਤ ਗੁਆਚਾ ਕਿਹੜਾ ਤੂੰ ਏਂ ਕੌਣ ਨਤੂ ਏਂ ਨਕਸ਼ ਨ ਜਾਇ ਪਛਾਤਾ ਕਿਤੋਂ ਵੀ ਚੁਕ ਲਾਂ ਕਿਤੋਂ ਵੀ ਛਡ ਜਾਂ ਹਰ ਹੀਲੇ ਬੁਰਿਆਈ ਕੌਣ ਗ਼ੁਫ਼ਾ ਮੇਰਾ ਨਾਗ-ਨਿਵਾਸਾ ਕੈਂ ਦਰ ਅਲਖ ਜਗਾਵਾਂ ਉਹ ਜਿਹੜਾ ਡੰਗ ਮੇਰੇ ਜੋਗਾ ਹੈ ਕੀ ਉਹਦਾ ਨਾਂ ਸਿਰਨਾਵਾਂ ਉਹ ਜਿਹੜੀ ਚਿਣਗ ਮੇਰੇ ਤਨ ਮਚਣੀ ਕਿਥੇ ਉਹਦੀ ਰੁਸ਼ਨਾਈ ਤਨ ਮੇਰੇ 'ਚੋਂ ਚੰਦਨ ਚੋਏ ਥਾਂ ਥਾਂ ਖਬਰਾਂ ਹੋਈਆਂ ਮੂੰਹ ਮੱਥੇ ਚੰਦਾ ਵੀ ਚੜ੍ਹਿਆ ਰਿਸ਼ਮਾਂ ਨ ਜਾਣ ਲੁਕੋਈਆਂ ਉਹ ਜਿਹੜਾ ਦਾਗ਼ ਮੈਂ ਸਿਰ ਤੇ ਚੁਕਣਾ ਦੇਂਦਾ ਨਹੀਂ ਵਿਖਾਈ ਬਾਗਾਂ ਦੇ ਵਿਚ ਕਿਕਰੀ ਸੂਈ ਥਾਂ ਪਰ ਥਾਵੇਂ ਕੰਡੇ ਸੂਲਾਂ ਦੇ ਦਰਿਆ ਪਏ ਵਗਦੇ ਹਰ ਹਰ ਕਰਦੇ ਲੰਘੇ ਮੈਂ ਮਨ-ਚੁਭਣਾ ਉਹ ਮੈਂ ਤਨ-ਖੁਭਣਾ ਕੌਣ ਦੇਸ਼ ਕਿਸ ਥਾਂਈਂ ਵੇ ਮੇਰੇ ਜੋਗਿਆ ਵੇ ਅਣਭੋਗਿਆ ਮੈਂ ਤੈਨੂੰ ਲਭਦੀ ਆਈ ਤਨ ਅਣਰੰਗਿਆ ਇਹ ਤਨ ਅਣਡੰਗਿਆ ਮੈਂ ਤੇਰੇ ਜੋਗ ਲਿਆਈ 16 ਕੋਈ ਨਹੀਂ ਜਾਣਦਾ ਤਕਿਆ ਸੀ ਉਹਨੇ ਜਦੋਂ ਪਹਿਲੀ ਵਾਰ ਚੁਭਿਆ ਸੀ ਅੱਡੀ ਵਿਚ ਕੰਡਾ ਸਿਰ ਤੇ ਘੜਾ ਜੋ ਸਖਣਾ ਸੀ ਚੁਕਿਆ ਭਰ ਗਿਆ ਯਕਾਯਕ ਲਬਾਲਬ ਉਸ ਥਾਉਂ ਦੋ ਕਦਮ ਤੁਰਨਾ ਦੁਸ਼ਵਾਰ ਵੀ ਆਪਣਾ ਹੀ ਆਪਾ ਛਲਕ ਛੁਲਕ ਡੁਲ੍ਹਦਾ ਸੀ ਉਹ ਨਹੀਂ ਜਾਣਦਾ ਮੈਂ ਜੋ ਤੁਰੀ ਤਾਂ ਅੱਡੀ ਵਿਚ ਕੰਡਾ ਸੀ ਪਿਠ ਸੀ ਅੱਖਾਂ ਨਾਲ ਭਰੀ ਅੱਡੀ ਵਿਚ ਕੰਡਾ ਤੇ ਪਿਠ ਵਿਚ ਅੱਖਾਂ ਲੈ ਕੇ ਤੁਰਨਾ ਪਵੇਗਾ ਸਾਰੀ ਉਮਰ ਮੈਂ ਵੀ ਨਹੀਂ ਸਾਂ ਜਾਣਦੀ ਤੇ ਜਦੋਂ ਜਾਣ ਗਈ ਤਾਂ ਪਤਾ ਲੱਗਾ ਔਰਤ ਲਈ ਸੂਰਜ ਅਸਤ ਕਦੇ ਨਹੀਂ ਹੁੰਦਾ ਸੂਰਜ ਨੂੰ ਪਿਠ ਦੇ ਕੇ ਸੂਰਜ ਵਲ ਤੁਰਦੀ ਹਾਂ ਬੇਮੁਖ ਮੈਂ ਸਨਮੁਖ ਮੈਂ ਕੋਈ ਨਹੀਂ ਜਾਣਦਾ 17 ਡਰ ਤੇਰੀ ਹਾਂ ਦਾ ਦੇਹੀ ਦੇ ਬਾਹਰਵਾਰ ਖੜੇ ਬੀਬੇ ਰਾਣਿਆ ਤੂੰ ਚੁਪ ਹੈਂ ਕਿ ਬੋਲਦਾ ਚੁਪ ਤੇ ਬੋਲ ਤੋਂ ਉਨ੍ਹਾਂ ਪਰ੍ਹਾਂ ਹੋ ਕੇ ਮੈਨੂੰ ਪਰਦੇ 'ਚ ਦਸ ਕੋਈ ਮੈਨੂੰ ਜ਼ੋਰ ਜਬਰ ਬੰਦ ਕਰੀ ਜਾਂਦੈ ਕਿ ਪੋਲੇ ਪੋਲੇ ਪੋਟਿਆਂ ਦੇ ਨਾਲ ਪਿਆ ਖੋਲ੍ਹਦਾ ? ਦੇਹੀ ਦੇ ਅੰਦਰ ਵਾਰ ਤੁਰ ਆਏ ਮੁੰਡਿਆ ਤੂੰ ਆਪਣਾ ਕਿ ਪਰਾਇਆ ਕਿਹੜੇ ਵੇ ਵਿਰਲਾਂ ਥਾਣੀਂ ਤੂੰ ਅੰਦਰ ਆਇਆ ਅਣਥਿੰਦੇ ਬੂਹੇ ਦੀ ਕਿਰੜ ਕਿਰੜ 'ਵਾਜ ਸਚ ਹੈ ਕਿ ਵਹਿਮ ਮੇਰੇ ਸਹਿਮ ਦਾ ? ਸੁਪਨੇ ਵਿਚ ਜਾਗਦਿਆ ਵੇ ਜਾਗਣ ਵਿਚ ਸੱਤਿਆ ਧੁਰ ਡੂੰਘੇ ਖੁਭੇ ਮੇਰੇ ਕੰਡੇ ਤਕ ਪਹੁੰਚਿਆ ਵੇ ਇਹਨੂੰ ਏਨਾ ਨਾ ਹਲੂਣ ਰੋ ਪਵੇਗਾ ਵਿਚਾਰਾ ਰੋਣ ਤੋਂ ਬਗੈਰ ਇਹਨੂੰ ਆਉਂਦਾ ਨਾ ਕੂਣ ਮੁੰਡਿਆ ਵੇ ਪੌਣ ਦੇ ਪੈਰਾਂ ਨਾਲ ਤੁਰਦਿਆਂ ਮੇਰੀ ਆਵਾਜ਼ ਵਿਚ ਮੇਰੇ ਨਾਲ ਕੂੰਦਿਆ ਮੇਰੀ ਹੀ ਝੁਣਝੁਣੀ ਬਣ ਮੇਰਾ ਤਨ ਛੂੰਹਦਿਆ ਮਿੰਨਤ ਹੀ ਜਾ ਏਥੋਂ ਵਾਂਢੇ ਗਈ ਮਾਂ ਦੀ ਅੱਖ ਆਲੇ ਵਿਚ ਪਈ ਘਰੇ ਸੱਭ ਕੁਝ ਵੇਖਦੀ ਸੱਭੋ ਕੁਝ ਸੁਣਦੀ ਏ ਰਬ ਦੀ ਸਹੁੰ ਮੈਨੂੰ ਬੜਾ ਡਰ ਲਗਦਾ ਡਰ ਸਾਰੇ ਜਗ ਦਾ ਬਾਬਲ ਦੀ ਪੱਗ ਦਾ ਕੋਠੇ ਤੇ ਸਦਾ ਬੈਠੇ ਡਰ ਕਾਲੇ ਕਾਂ ਦਾ ਵੀਰੇ ਦੇ ਨਾਂ ਦਾ ਡਰ ਮੈਨੂੰ ਮਾਂ ਦਾ ਵੈਰੀਆ ਵੇ ਬੋਲੀਂ ਨਾ ਮੈਨੂੰ ਡਰ ਤੇਰੀ ਨਾਂਹ ਦਾ ਉਸ ਤੋਂ ਵੱਡਾ ਮੈਨੂੰ ਡਰ ਤੇਰੀ ਹਾਂ ਦਾ 18 ਪੁਲ ਸਰਾਤ ਗਲ ਜੇ ਸਿਰਫ਼ ਰਬ ਦੇ ਖੌਫ਼ ਦੀ ਹੁੰਦੀ ਤਾਂ ਅਸੀਂ ਪੁਲ ਸਰਾਤ ਕਦੋਂ ਦੇ ਪਾਰ ਕਰ ਗਏ ਹੁੰਦੇ ਰਬ ਤੇਰੇ ਨਾਲ ਸੀ ਰਬ ਮੇਰੇ ਨਾਲ ਸੀ ਪਲ ਨੇ ਵੀ ਹਾਮੀ ਭਰੀ ਲੰਘ ਜਾਓ ਬੇਖਟਕੇ ਗੱਲਾਂ ਕਰਦੇ ਤੋਤਲੀਆਂ ਏਸ ਥਾਵੇਂ ਤੁਹਮਤ ਨਹੀਂ, ਊਜ ਨਹੀਂ, ਮਿਹਣਾ ਨਹੀਂ ਪਿਆਰ ਨੂੰ ਰਬ ਸੀ ਕਿ ਮੇਰੇ ਅੰਦਰ ਲਾਲ ਸੂਹੀ ਪਿਆਸ ਦਾ ਸੂਰਜ ਸੀ ਉਦੈ ਹੋਇਆ ਸੰਘ ਤਕ ਪਹੁੰਚ ਕੇ ਅਟਕ ਗਈ ਸੁੱਚਮ ਸੁੱਚੀ ਤਪਸ਼ ਦੋਪਹਿਰ ਸੀ ਰਬ ਸੀ ਕਿ ਤੇਰੇ ਜਿਸਮ ਵਿਚ ਸਉਲੀ ਸੁੱਚੀ ਝੀਲ ਸੀ ਰਾਤ ਰੰਗੇ ਪਾਣੀ ਵਿਚ ਦੋ ਦੋ ਚੰਨ ਚਮਕਦੇ ਪਿਆਰ ਸੀ ਕਿ ਧਰਤੀ ਦੇ ਜਨਮ ਤੋਂ ਪਹਿਲਾਂ ਦੀ ਚੁਪ ਸੀ ਪੌਣਾਂ ਨੂੰ ਬਿੜਕ ਸੀ ਧਰਤੀ ਦੇ ਜਨਮ ਦੀ ਜਨਮ ਸਮੇਂ ਚੀਖ਼ ਦੀ ਕਿਤੇ ਕਿਸੇ ਕੰਕਰ ਨਹੀਂ ਸੁਟਿਆ ਪਾਣੀ ਤੇਰੀ ਨਾਭੀ ਤੋਂ ਸੰਗ ਵਾਂਗ ਹਿੱਲਿਆ ਆਪਣੀ ਹੀ ਲੋਚ ਦੇ ਨਸ਼ੇ ਥੱਰਾ ਗਿਆ ਪਿਆਸ ਸੀ ਪਾਣੀ ਸੀ ਲੋਚ ਦੇ ਰਸਤੇ ਵਿਚ ਰੋਕ ਨਹੀਂ ਕੋਈ ਸੀ ਕੁਦਰਤ ਦਾ ਨੇਮ ਸੀ ਰਬ ਦਾ ਹੁਕਮ ਸੀ ਅਚਨਚੇਤ ਪੋਟੇ ਵਿਚ ਛਿਲਤਰ ਜਿਵੇਂ ਜਾਗਦੀ ਅੱਡੀ ਵਿਚ ਚੁਭੀ ਹੋਈ ਸੂਈ ਜਿਵੇਂ ਤੁਰਦੀ ਸਾਡੀ ਖਾਮੋਸ਼ੀ ਵਿਚ ਸੁਲਗ ਪਈ 'ਵਾਜ ਤੇਰੀ ਮਾਂ ਦੀ : ਹੋਣੀਏ ਨੀ ਹੋਣੀਏ ਮੁੜ ਆ ਨੀ ਮੁੜ ਆ ਸਾਲਮ ਸਬੂਤ ਤਲੀ ਤੇ ਧਰਿਆ ਹੋਇਆ ਦੀਵਾ ਮੇਰਾ ਡੋਲ ਗਿਆ ਝੀਲ ਦੀ ਕਾਈ ਹੇਠ ਦੋਵੇਂ ਚੰਨ ਲੁਕ ਗਏ ਜਿਸਮਾਂ ਵਿਚ ਜਾਗਿਆ ਚਾਨਣ ਕੁਲ ਸੌਂ ਗਿਆ ਬੁਝੀ ਹੋਈ ਚੁਪ ਸੀ ਤਿੜਕ ਕੇ ਡੁਲ੍ਹੇ ਹੋਏ ਸ਼ੀਸ਼ੇ ਦੀਆਂ ਕੀਚਰਾਂ ਸੂਣ ਤਕ ਪਹੁੰਚ ਕੇ ਕਾਇਨਾਤ ਤਰੂ ਗਈ ਗਲ ਜੇ ਸਿਰਫ਼ ਰਬ ਦੇ ਖ਼ੌਫ਼ ਦੀ ਹੁੰਦੀ ਤਾਂ ਅਸੀਂ ਪੁਲ ਸਰਾਤ ਕਦੋਂ ਦੇ ਪਾਰ ਕਰ ਗਏ ਹੁੰਦੇ 19 ਮੈਨੂੰ ਜੋ ਉਡੀਕਦਾ ਸੁਬ੍ਹਾ ਸਵੇਰੇ ਨੀਂਦਰੇ-ਉਨੀਂਦਰੇ ਮਾਂ ਤੇ ਮਤੇਈ ਮੈਨੂੰ ਦੋਹਾਂ ਨੇ ਜਗਾ ਕੇ ਕਿਹਾ ਆਹ ਲੈ ਫੜ ਮਟਕੀ ਤੇ ਪਾਣੀ ਭਰ ਲਿਆ ਜੰਗਲ 'ਚ ਵਗੇ ਦਰਿਆ ਮਿੱਸਾ ਮਿੱਸਾ ਚਾਨਣ ਤੇ ਮਾਸਾ ਮਾਸਾ ਚਿੜੀ ਚੂਕੇ ਕੋਈ ਕੋਈ ਤਾਰਾ ਮਾਰੇ ਨਿੰਮੀ ਨਿੰਮੀ ਭਾਹ ਅੱਲਾ ਦਾ ਪਿਆਰਾ ਚੁਪਚਾਪ ਖ਼ੈਰ ਸੁਖ ਲਈ ਮੰਗਦਾ ਦੁਆ ਜੰਗਲ 'ਚ ਵਗੇ ਦਰਿਆ ਸੁਪਨੇ 'ਚ ਸੁੱਤਾ ਮੇਰੀ ਦੇਹੀ ਦਾ ਜਨੌਰ ਲੂੰਆਂ ਵਿਚ ਜਾਗੇ ਦੂਰ ਦੇਸ ਦੀ ਹਵਾ ਤੂੰਬਾ ਤੂੰਬਾ ਖੁਰੀ ਜਾਵਾਂ ਵਾਂਗ ਖ਼ੁਸ਼ਬੋਈ ਭੁਰੀ ਜਾਵੇ ਮਨ ਦਾ ਵਸਾਹ ਜਿਹਦੇ ਭਰਵਾਸੇ ਮੇਰੇ ਮਨ 'ਚ ਪਿਆਸ ਮੈਨੂੰ ਜੋ ਉਡੀਕਦਾ ਪਿਆ ਮੇਰੇ ਪਹੁੰਚਣ ਤੋਂ ਪਹਿਲਾਂ ਸਾਰਾ ਉਹਦਾ ਪਾਣੀ ਕਿਤੇ ਜਾਵੇ ਨਾ ਵਿਹਾ ਜੰਗਲ 'ਚ ਵਗੇ ਦਰਿਆ ਸਿਰ ਉਤੇ ਮਟਕੀ ਨੂੰ ਸਵਾ ਲੱਖ ਛੇਕ ਮਟਕੀ 'ਚ ਸ਼ੂਕੇ ਦਰਿਆ ਜਦੋਂ ਜਦੋਂ ਪਿਆਸ ਮੰਗੇ ਮਟਕੀ ਤੋਂ ਪਾਣੀ ਉਹ ਤਾਂ ਦੂਰ ਕਿਸੇ ਦੇਸ ਗਿਆ ਪਿਆਸ ਤੋਂ ਪਾਣੀ ਤੀਕ ਅਜੇ ਬੜਾ ਪੈਂਡਾ ਸਿਰ ਤੇ ਦੁਪਹਿਰਾ ਕੂਕਿਆ ਜੰਗਲ 'ਚ ਵਗੇ ਦਰਿਆ 20 ਕੁੜੀ ਨਿਰੀ ਨੰਗੀ ਚੰਗੀ ਜਾਂ ਮੰਦੀ ਬਾਬਲ ਨੇ ਤੋਰੀ ਘਰੋਂ ਕੁੜੀ ਨਿਰੀ ਨੰਗੀ ਲੀੜਿਆਂ ਲਪੇਟੀ ਉਹ ਦੁਪਹਿਰਾਂ ਦੀ ਧੁੱਪ ਪੱਤਿਆਂ ਦੇ ਉਹਲੇ ਕਿਸੇ ਚਿੜੀ ਦੀ ਚੁੱਪ ਤੇਈਏ ਤਾਪ ਵਾਂਗ ਚੜ੍ਹੇ ਬਣ ਕੇ ਅਰਧੰਗੀ ਕੁੜੀ ਨਿਰੀ ਨੰਗੀ ਆਏ ਨੀ ਬਰਾਤੀ ਲੈ ਕੇ ਸੂਲੋਸੂਲ ਅੱਖੀਆਂ ਲੀੜਿਆਂ ਨੂੰ ਪਾੜ ਪਾੜ ਪੱਛੀ ਜਾਣ ਵੱਖੀਆਂ ਆਪੇ ਹੀ ਬੁਲਾਏ ਅਸੀਂ ਚੋਰ ਅਫ਼ਰੰਗੀ ਕੁੜੀ ਨਿਰੀ ਨੰਗੀ ਲੈ ਗਏ ਅਪਣੀ ਸਭਾ ਆਪਣੀ ਦਰੋਪਤੀ ਪਤਾਂ ਵਾਲੇ ਆਪ ਕਰਨ ਅਪਣੀ ਹੀ ਬੇਪਤੀ ਸਭਾ 'ਚ ਇਕੱਲੀ ਕੋਈ ਸਾਥੀ ਨਾ ਸੰਗੀ ਕੁੜੀ ਨਿਰੀ ਨੰਗੀ ਸੂਰਜ ਸੀ, ਸਗਨ-ਰਾਤ ਚਿਣਗ ਚਿਣਗ ਡੁੱਲ੍ਹੀ ਕਲੀ ਵਾਂਗ ਬੰਦ ਖ਼ੁਸ਼ਬੋਈ ਵਾਂਗ ਖੁੱਲ੍ਹੀ ਸਭਨਾਂ ਨੂੰ ਵੰਡੇ ਕਿਵੇਂ ਸੁੱਚਮ ਦੀ ਡੰਗੀ ਕੁੜੀ ਨਿਰੀ ਨੰਗੀ ਸਵੇਰ ਸਾਰ ਢੂੰਡਣਗੇ ਸੂਰਜ ਦੇ ਦਾਗ਼ ਦਾਗ਼ ਹੀ ਤਾਂ ਸੂਹਾ ਸੁੱਚਾ ਸੱਜਰਾ ਸੁਹਾਗ ਅੱਗ ਸਦਾ ਅਗਨੀ-ਪਰੀਖਿਆ 'ਚੋਂ ਲੰਘੀ ਕੁੜੀ ਨਿਰੀ ਨੰਗੀ 21 ਬੁਝਿਆ ਚਿਰਾਗ਼ ਨਾ ਹੋਵੇ ਰਾਤ ਦਾ ਸੂਰਜ ਸੁਬ੍ਹਾ ਦਾਗ਼ ਨਾ ਹੋਵੇ ਅਣਹੋਇਆ ਰਾਵਣ ਮੇਰਾ ਭਾਗ ਨਾ ਹੋਵੇ ਕਿਸੇ ਨਾ ਚੁਰਾਇਆ ਮੈਨੂੰ ਕਿਸੇ ਵੀ ਨਾ ਚੁੱਕਿਆ ਤਾਂ ਵੀ ਮੇਰੇ ਸਹਿੰਸੇ ਦਾ ਪੈਂਡਾ ਨਹੀਂ ਮੁੱਕਿਆ ਚਾਨਣ ਦੀ ਫਾੜੀ ਅਸਾਂ ਦੋਹਾਂ ਜੋ ਟੁੱਕੀ ਸੀ ਉਹੋ ਕਿਤੇ ਬੁਝਿਆ ਚਿਰਾਗ਼ ਨਾ ਹੋਵੇ 22 ਏਨੀ ਹੀ ਦੁਆ ਸਾਲੂ 'ਚ ਵਲ੍ਹੇਟੀ ਅਸਾਂ ਚਿਣਗਾਂ ਦੀ ਪੋਟਲੀ ਡੋਲੀ 'ਚ ਦਿੱਤੀ ਊ ਟਿਕਾ ਕਿਹਾ ਅਸੀਂ ਧੀਅੜੀਏ ਧੁਖੀਂ ਨਾ ਬੁਝੀਂ ਨਾ ਨਾ ਹੀ ਬਾਹਰ ਸੁੱਟੀਂ ਨੀ ਸ਼ੁਆ ਦੇਸ ਬੇਗਾਨੇ ਉਹਦੇ ਰਸਤੇ ਅਣਜਾਣੇ ਹੋਵੀਂ ਨਾ ਕਦੀ ਗੁਮਰਾਹ ਪੋਟਲੀ ਨ ਖੁੱਲ੍ਹੇ ਨਾ ਉਰ੍ਹਾਂ ਪਰ੍ਹਾਂ ਡੁੱਲ੍ਹੇ ਝੁੱਲ੍ਹੇ ਭਾਵੇਂ ਕਹਿਰ ਦੀ ਹਵਾ ਸਾਲਮ ਸਬੂਤ ਤੇਰਾ ਰੂਹ ਕਲਬੂਤ ਤਿੜਕ ਤਿੜਕ ਦੇਵੀਂ ਨਾ ਗੁਆ ਅੱਲਾ ਨਿਗਹਬਾਨ ਤੇਰਾ ਮੌਲਾ ਮਿਹਰਬਾਨ ਮਾਪਿਆਂ ਦੀ ਏਨੀ ਹੀ ਦੁਆ 23 ਬਨਬਾਸ ਧੀਆਂ ਨੂੰ ਦੇ ਕੇ ਬਨਬਾਸ ਪੁੱਤਰਾਂ ਦੇ ਖੜਾ ਸੰਗ ਸਾਥ ਬਾਬਲ ਉਦਾਸ ਹੈ ਬਾਬਲ ਨਿਰਾਸ ਧੀ ਸਦਾ ਲਈ ਚਲੀ ਗਈ ਬਾਬਲ ਨੂੰ ਆਸ ਧੀ ਮੁੜ ਕੇ ਨਹੀਂ ਆਏਗੀ ਏਹੋ ਅਰਦਾਸ ਹੈ ਬਾਬਲ ਉਦਾਸ ਹੈ ਮਾਂ ਬਨਬਾਸਨ ਦੀ ਧੀ ਨੂੰ ਬਨਬਾਸ ਹੈ ਆਲਾ ਕੈਕਈ ਹੈ ਦੁਆਲਾ ਕੁੰਭਕਰਨ ਹੈ ਬੇਗਾਨੇ ਪੁੱਤਰ ਬਿਨਾ ਕਿਸ ਦਾ ਧਰਵਾਸ ਹੈ ਬਾਬਲ ਉਦਾਸ ਹੈ ਸਗਨਾਂ ਦੇ ਰੌਲੇ ਬਾਦ ਹੁੱਸੜ ਜਿਹੀ ਖਾਮੋਸ਼ੀ ਹੈ ਜੰਗਲੀ ਜਨੌਰਾਂ ਵਿਚ ਕੱਲੀ ਧੀ ਖਲੋਤੀ ਹੈ ਗੰਗਾ ਨਹਾ ਆਇਆ ਮਨ ਤਾਂ ਵੀ ਦੋਸ਼ੀ ਹੈ ਸਾਡੇ ਤੇ ਧੀ ਦੇ ਵਿਚਕਾਰ ਖੜੇ ਫਾਸਲੇ ਹਜ਼ਾਰ ਕਿੰਨੇ ਦਰਿਆ ਕਿੰਨੇ ਪਹਾੜ ਸਖਣੀ ਹੈ ਧਰਤੀ ਸੁੰਨਾ ਆਕਾਸ਼ ਹੈ ਬਾਬਲ ਉਦਾਸ ਹੈ 24 ਥਲ ਹਾਲੇ ਅਸਗਾਹ ਕਿਰਨ ਮਕਿਰਨੀ ਇਕ ਇਕ ਕਰਕੇ ਧੀਏ ਨੀ ਟੱਪਦੀ ਜਾ ਕੁਝ ਥਲ ਕੁਝ ਦਰਿਆ ਹਰ ਦਰਿਆ ਦੇ ਹੇਠ ਨੀ ਧੀਏ ਮਾਰੂ ਤਪੇ ਪਿਆ ਭਾਵੇਂ ਤਾਂ ਡੁਬ ਜਾ ਵਿਚ ਦਰਿਆਈਂ ਭਾਵੇਂ ਥਲੀਂ ਜੁੜ ਜਾ ਜੋ ਤੇਰੇ ਮਨ ਦੀ ਚਾਹ ਪਹਿਲਾ ਨੀ ਦਰਿਆ ਜੋਬਨ ਦੇਸੇ ਡੋਬੂ ਨੀ ਇਸ਼ਕ ਝਨਾ ਭਾਵੇਂ ਤਾਂ ਡੁੱਬ ਕੇ ਸੱਚ ਨੂੰ ਪਾ ਲੈ ਭਾਵੇਂ ਕੂੜ ਬਚਾ ਹੋਰ ਨ ਕੋਈ ਰਾਹ ਜੋ ਦਰਿਆ ਤੈਨੂੰ ਘਰ ਲੈ ਆਇਆ ਸੋ ਪਰਦੇਸ ਗਿਆ ਜੋ ਤੇਰਾ ਰਾਂਝਾ ਸੋ ਤੇਰਾ ਖੇੜਾ ਕਿਸ ਤੇ ਕੌਣ ਵਸਾਹ ਕਿਵੇਂ ਨ ਕਿਵੇਂ ਨਿਭਾ ਇਕ ਦਰਿਆ ਤੇਰੇ ਢਿਡ ਚੋਂ ਤੁਰ ਕੇ ਕੁੱਛੜ ਬੈਠ ਗਿਆ ਦੁਧ ਤੇਰੇ ਦੀਆਂ ਦੋਵੇਂ ਨਦੀਆਂ ਦਿਤੀਆਂ ਓਸ ਸੁਕਾ ਸਾਰਾ ਲੋਕ ਗਵਾਹ ਇਹ ਵੀ ਟਪਿਆ ਤੇ ਉਹ ਵੀ ਟਪਿਆ ਬਾਕੀ ਅਜੇ ਦਰਿਆ ਇਕ ਇਕ ਕਰਕੇ ਹਰ ਥਲ ਲੰਘਿਆ ਥਲ ਹਾਲੇ ਅਸਗਾਹ 25 ਕਿਧਰ ਗਈਆਂ ਕਿੱਧਰ ਗਈਆਂ ਦੋਇ ਧੀਆਂ ਭੈਣਾਂ ਹੁਣੇ ਹੁਣੇ ਸਨ ਬਾਬਲ ਵਿਹੜੇ ਹੁਣੇ ਹੁਣੇ ਦੋਇ ਹੈ ਵੀ ਹੈ ਨਾ ਤੁਰਦੀਆਂ ਫਿਰਦੀਆਂ ਲੁਕ ਛੁਪ ਜਾਣਾ ਲੈ ਗਈਆਂ ਪਰੀਆਂ ਜਾਂ ਡੈਣਾ ਜੰਗਲ ਜਾਂਦੇ ਰਾਮ ਕਿ ਲਛਮਣ ਜੰਗਲ ਤੋਂ ਧੀਆਂ ਕੀ ਲੈਣਾ ਉਹ ਨਿਤ ਚੌਂਕੇ ਚੁਲ੍ਹੇ ਰਹੀਆਂ ਚੌਂਕਿਓਂ ਬਾਹਰ ਉਨ੍ਹਾਂ ਕਦ ਰਹਿਣਾ ਬਾਹਰ ਬਰੂਹਿਓਂ ਮਾਰੂ ਨਦੀਆਂ ਰੁੜ੍ਹ ਜਾਣੀ ਨੂੰ ਰੁੜ੍ਹਣਾ ਪੈਣਾ ਨਾ ਕੋਈ ਵੈਦ ਨ ਵੈਣ ਸੁਣੀਂਦਾ ਖੁਰ ਜਾਣਾ ਤੇ ਕੁਝ ਨਾ ਕਹਿਣਾ 26 ਨੰਗੇ ਦੇ ਘਰ ਨੰਗੇ ਦੇ ਘਰ ਨੰਗਮੁਨੰਗੀ ਜਾਣਾ ਜਬਰ ਤੋਂ ਪਹਿਲਾਂ ਹੀ ਸਬਰ ਛਲਕ ਜਾਣਾ ਕੀਤਾ ਕੌਲ ਨਿਭਾਣਾ ਕੱਪੜ ਦਾ ਕੋਟ ਮੇਰੇ ਬਾਬਲ ਉਸਾਰਿਆ ਉਹਲਾ ਮੇਰੀ ਪਤ ਪਰਤੀਤ ਦਾ ਉਹਨੂੰ ਕੀ ਪਤਾ ਇਹ ਤਾਂ ਨਾਂਗਿਆਂ ਦਾ ਟੱਬਰ ਟਾਕੀ ਟਾਕੀ ਉਡ-ਪੁਡ ਜਾਣਾ ਬਾਕੀ ਮੇਰੇ ਕੋਲ ਮੇਰਾ ਪਿੰਡਾ ਨਿਰਾ-ਪੁਰਾ ਉਹ ਵੀ ਨਾਂਗੇ ਖੌਂਦ ਨੇ ਹੰਢਾਉਣਾ ਨੰਗੀ ਤੇ ਨਿਸ਼ੰਗ ਉਹਦੀ ਅੱਖ ਝਿੰਮਣੀ ਨਾ ਕੋਈ ਭਰਵੱਟਾ ਵਿਲਕ ਉਠੀ ਛਮਕ ਜੇਹੀ ਜਾਨ ਕੂਲੀ ਥਾਏਂ ਵੱਜਾ ਕੋਈ ਵੱਟਾ ਗੜੇ ਗੜੇ ਜਿੱਡਾ ਉਹਦੇ ਛੱਪਰ 'ਚ ਛੇਕ ਡੁਲ੍ਹ ਪੈਣਾ ਡੇਲੇ-ਚੰਗਿਆੜੇ ਸਾੜ-ਪਾੜ ਲੀੜੇ-ਬੀੜੇ ਕੋਰੇ ਨੰਗ ਤੀਕ ਪਹੁੰਚ ਜਾਣਾ 27 ਧਰਤੀ ਦੇ ਹੇਠਾਂ ਧਰਤੀ ਦੇ ਹੇਠਾਂ ਧੌਲ ਹੈ ਧਰਮ ਹੈ ਇਕ ਮੇਰੀ ਧੀ ਹੈ ਧਰਤੀ ਤਾਂ ਬੋਝ ਹੈ ਦੁਖ ਹੈ ਕੋਝ ਹੈ ਸਹਿੰਦੀ ਹੈ ਧੀ ਪਰ ਕਹਿੰਦੀ ਨਾ ਸੀ ਹੈ ਧੌਲ ਵੀ ਥੱਕਿਆ ਥਕ ਕੇ ਬਹਿ ਗਿਆ ਧਰਮ ਵੀ ਹਾਰਿਆ ਪੰਖ ਲਾ ਉਡਰਿਆ ਧੀਆਂ ਨੂੰ ਧੱਕਣ ਦੀ ਪੰਖ ਲਾ ਉੱਡਣ ਦੀ ਜਾਚ ਹੀ ਨਹੀਂ ਹੈ ਚਤੁਰਮੁਖ ਬ੍ਰਹਮਾ ਨੇ ਦੁਖ ਸਾਜੇ ਸਹਿਸਭੁਜ ਉਹਨਾਂ ਸੰਗ ਲੜਨ ਲਈ ਦੇਵੀ ਅਸ਼ਟਭੁਜੀ ਹੈ ਪਰ ਧੀ ਤਾਂ ਹੈ ਮਨੁੱਖ ਉਹ ਵੀ ਅੱਧੀ ਮਸਾਂ ਪੌਣੀ ਦੁੱਖਾਂ ਸੰਗ ਲੜਦੀ ਨਹੀਂ ਦੁੱਖ ਚੁਕਦੀ ਹੈ ਧਰਤੀ ਦੇ ਹੇਠਾਂ ਧੌਲ ਸੀ ਧਰਮ ਸੀ ਹੁਣ ਮੇਰੀ ਧੀ ਹੈ 28 ਰਿਸ਼ਤਾ ਨਿਰੀ ਜੰਗ ਹੈ ਰੜੇ ਵਿਚ ਆਮ੍ਹੋ-ਸਾਮ੍ਹਣੇ ਸੂਰਜ ਦੀਆਂ ਫਾੜੀਆਂ ਤੇਗ਼ਾਂ ਦੋ ਨਵੀਆਂ ਨਕੋਰ ਨੰਗੀਆਂ ਨਿਰੋਲ ਬੇਮਿਆਨ ਹੁਣੇ ਹੁਣੇ ਸਾਣੇ ਚਾੜ੍ਹੀਆਂ ਲੜਣਾ ਬਿਨਾ ਜਾਚ ਬਿਨਾ ਢਾਲ ਤਿੱਖੀ ਤੇਜ਼ ਤਲਖ਼ ਪਿਆਸ ਅੰਗਾਂ ਵਿਚ ਡੰਗ ਭੁੜਕਦੇ ਚੁੱਲ੍ਹੇ ਤੇ ਚੜ੍ਹੇ ਦਰਿਆ ਜਿਵੇਂ ਗੜ੍ਹਕਦੇ ਉਬਲ ਕੇ ਕੰਢਿਆਂ ਤੋਂ ਡੁਲ੍ਹ ਜਾਣਾ ਬਾਹਰ ਦੇਣੀ ਕੁਲ ਦੁਨੀਆ ਨੁਹਾਲ ਹੱਥਾਂ 'ਚੋਂ ਪੈਰਾਂ 'ਚੋਂ ਉਗ ਪਏ ਪੰਜੇ ਪਹੁੰਚੇ ਨਹੁੰਦਰਾਂ ਜਿਸਮ ਵਿਚ ਜੰਗਲ ਦੀ ਛਪਾਕੀ ਜਾਗ ਪਈ ਬਣ ਕੇ ਝਰੀਟਾਂ ਇਕ ਦੂਜੇ ਤੇ ਵਿਛ ਗਏ ਹਰੇ ਭਰੇ ਖੜੇ ਨੜੇ ਭੰਨ ਸੁਟੇ ਗੜਿਆਂ ਦੀ ਵਾਛੜ ਨੇ ਮਿਧੇ ਕੁੱਟੇ ਪਏ ਨੇ ਚੁਫਾਲ ਤੇਗ਼ਾਂ ਦਾ ਰਿਸ਼ਤਾ ਕਾਮ ਨਹੀਂ ਇਸ਼ਕ ਨਹੀਂ ਰਿਸ਼ਤਾ ਨਿਰੀ ਜੰਗ ਹੈ ਦੁਨੀਆ ਤੋਂ ਉਹਲੇ ਲੁਕੇ ਹੋਏ ਕਾਮੀ ਆਪਣੀ ਹੀ ਨਜ਼ਰੇ ਆਪਣੀ ਬਦਨਾਮੀ ਲਿਖੀ ਜਾਣਾ ਪੂੰਝੀ ਜਾਣਾ ਹਰਫ਼ ਬਦਹਵਾਸੀ ਦੇ ਚੋਰਾਂ ਵਾਂਗ ਆਪਣੀਆਂ ਪੈੜਾਂ ਪੂੰਝੀ ਜਾਣਾ ਤੇਗ਼ਾਂ ਦਾ ਰਿਸ਼ਤਾ ਅੱਗ ਹੋ ਕੇ ਦੂਜੇ ਦੇ ਜੰਗਲ 'ਚੋਂ ਲੰਘਣਾ ਦੂਜੀ ਥਾਂ ਬਲਣ ਤੋਂ ਰਤਾ ਵੀ ਨਾ ਸੰਗਣਾ ਆਪਣੇ ਤੇ ਵਾਰ ਹੋਏ ਕਦੇ ਵੀ ਨਾ ਰੋਕਣਾ ਦੇਹੀ ਨੂੰ ਦੇਹੀ ਵਿਚ ਕਿੱਲ ਵਾਂਗ ਠੋਕਣਾ ਰੋੜ੍ਹ ਵਿਚ ਰੋੜ੍ਹ ਹੋ ਕੇ ਲਹੂਆਂ ਦਾ ਮਿਲਣਾ ਅੱਗ ਵਿਚੋਂ ਅੱਗ ਹੋ ਕੇ ਬਾਹਰ ਨਿਕਲਣਾ ਵਿਛੜਣਾ ਨੁਚੜਦੀ ਲਾਟ ਵਾਂਗ ਤੁਰੀ ਜਾਣਾ ਨਾਲੇ ਪਿੱਛੇ ਹਾਜ਼ਰ ਰਹੀ ਜਾਣਾ ਤੁਰ ਗਈ ਅੱਗ ਦੇ ਚਾਨਣ ਨੂੰ ਅੰਗਾਂ ਵਿਚ ਰੱਖਣਾ ਸੰਭਾਲ ਲੜਣਾ ਬਿਨਾ ਜਾਚ ਬਿਨਾ ਢਾਲ 29 ਕਹਿਰ ਪਿਆ ਨਾਜ਼ਕ ਸਨ ਪੈਰ ਮਹਿੰਦੀ ਨਾਲ ਧੋਤੇ ਤਪਦੇ ਥਲਾਂ ਵਿਚ ਡੋਲਾ ਮੇਰਾ ਠਹਿਰ ਗਿਆ ਬਾਬਲਾ ਵੇ ਕਹਿਰ ਪਿਆ ਥੋੜ੍ਹਾ ਸ਼ਿੰਗਾਰ ਕੇ ਬਹੁਤਾ ਪੁਚਕਾਰ ਕੇ ਅਣਵੇਖੇ ਲੜ ਲਾਇਆ ਸੀ ਡੋਲੇ ਵਿਚ ਪਾਇਆ ਸੀ ਸਤਿਗੁਰੂ ਆਪ ਮੇਰੇ ਸਗਨਾਂ ਤੇ ਆਇਆ ਸੀ ਚਾਰੇ ਹੀ ਵੀਰ ਬਣੇ ਆਪ ਸਨ ਕਹਾਰ ਖਰ੍ਹਵੇ ਜਿਹੇ ਹੱਥੀਂ ਤੂੰ ਦਿੱਤਾ ਕੂਲਾ ਜਿਹਾ ਪਿਆਰ ਹੰਝੂਆਂ ਧਾਰ ਭਾਵੇਂ ਤਨ ਮਨ ਸਭ ਭਿੱਜ ਗਿਆ ਡੋਲਿਆ ਮਨ ਮੇਰਾ ਆਪੇ ਹੀ ਧਿਜ ਗਿਆ ਪੱਤੇ ਵਾਂਗ ਕੰਬਦਾ ਸੀ ਅਚਨਚੇਤ ਠਹਿਰ ਗਿਆ ਬਾਬਲਾ ਵੇ ਕਹਿਰ ਪਿਆ ਤਪਦੇ ਥਲਾਂ ਵਿਚ ਤਪਦਾ ਮੇਰਾ ਚੁੱਲ੍ਹਾ ਹੈ ਬਾਲਣ ਸਦਾ ਗਿੱਲਾ ਹੈ ਅੱਗ ਹੈ ਚੁਫੇਰੇ ਵਿਚ ਕੱਲੀ ਮੈਂ ਧੂੰਆਂ ਸੂਲਾਂ ਦਾ ਰੁਖ ਇਕ ਉਹ ਵੀ ਨਿਪੱਤਰਾ ਇਹੋ ਮੇਰੀ ਓਟ ਆਸ ਇਹੋ ਮੇਰਾ ਉਹਲਾ ਇਹਦੇ ਹੇਠ ਕਰਾਂ ਮੈਂ ਰਸੋਈ ਸੂਲਾਂ ਥਾਣੀ ਝਾਕਦਾ ਹੈ ਸੂਰਜ ਜੋ ਚੜ੍ਹਦਾ ਨਾ ਲਹਿੰਦਾ ਹੈ ਸਿਰ ਤੇ ਖੜਾ ਰਹਿੰਦਾ ਹੈ ਸੂਰਜ ਦੀ ਛਾਵੇਂ ਭਲਾ ਨੀਂਦ ਕਿਨੂੰ ਆਂਦੀ ਹੈ ਸੁਫ਼ਨਿਆਂ ਤੋਂ ਹੀਣੀ ਸਾਰੀ ਉਮਰ ਬੀਤ ਜਾਂਦੀ ਹੈ ਚੁੱਲੇ ਤੇ ਚੜ੍ਹੀ ਮੇਰੀ ਹਾਂਡੀ ਰਿਝਦੇ ਮੇਰੇ ਸਾਲ ਤੇ ਮਹੀਨੇ ਰਿਝਦਾ ਘੜੀ ਪਹਿਰ ਗਿਆ ਬਾਬਲਾ ਵੇ ਕਹਿਰ ਪਿਆ 30 ਕਰਤੀ ਅੱਲਾ ਦੀ ਤੇਗ਼ ਤੂੰ ਜਿਸਮ ਨੂੰ ਚਲਾ ਰੱਬੀ ਚਿਰਾਗ਼ ਤੂੰ ਜਿਸਮ ਨੂੰ ਜਲਾ ਤੇਰੇ ਹੀ ਵਾਰ ਚੋਂ ਤੇਰੇ ਹੀ ਚਾਨਣ ਚੋਂ ਜਾਗੇਗਾ ਖ਼ੁਦਾ ਤੇਰਾ ਹੀ ਜਿਸਮ ਆਪ ਜਣੇਗਾ ਬਣੇਗਾ ਕਾਦਰ ਦੀ ਕਰਾਮਾਤ ਉਤਰੇਗਾ ਖ਼ਾਲਕ ਆਪ ਤੇਰੇ ਹੀ ਰਾਹ ਤੈਥੋਂ ਹੀ ਤੁਰੇਗਾ ਹਯਾਤੀ ਦਾ ਸਿਲਸਿਲਾ ਕਰਤੇ ਦੀ ਕਰਨੀ ਦਾ ਦੁਨੀਆ 'ਚ ਪਹਿਲਾ ਪਹਿਲ ਤੂੰ ਹੀ ਗਵਾਹ ਜਿਸਮ ਤੇਰਾ ਜੰਨਤ ਹੈ ਤੈਥੋਂ ਹੀ ਤੁਰਨਗੇ ਦੋਧੇ ਦਰਿਆ ਤੇਰੇ ਹੀ ਪਰਸ ਨਾਲ ਧਰਤੀ ਹੋ ਜਾਏਗੀ ਸੱਕਰ ਅਸਗਾਹ ਬੰਦੇ ਦਾ ਰਿਜ਼ਕ ਤੂੰ ਰਾਜ਼ਕ ਰਹੀਮ ਤੂੰ ਰਾਜ਼ਕ ਰਹੀਮ ਵੀ ਪਹੁੰਚਦਾ ਹੈ ਬੰਦੇ ਤਕ ਤੇਰੇ ਹਮਰਾਹ ਕਰਤੀਏ ਨੀ ਕਰਤੀਏ ਦੇਹੀ ਨੂੰ ਵਰਤੀਏ ਦੇਹੀ ਤੋਂ ਦੂਰ ਨਹੀਂ ਰੂਹ ਦੀ ਗਿਜ਼ਾ ਕਰਤਾ ਪੁਰਖ ਸੱਚ ਹੈ ਕਰਤੀ ਵੀ ਤੱਥ ਹੈ ਕਰਤਾ ਪਰੋਖ ਹੈ ਕਰਤੀ ਪ੍ਰਤੱਖ ਹੈ ਕਰਤੀ ਬਿਨਾ ਕਰਤੇ ਦੀ ਕਾਇਨਾਤ ਕਿੱਥੇ ਭਲਾ ਅੱਲਾ ਦੀ ਤੇਗ਼ ਤੂੰ ਜਿਸਮ ਨੂੰ ਚਲਾ 31 ਕੱਜਣਾ ਦਿਉ ਪ੍ਰਭੂ ਜੀ ਕੱਜਣਾ ਕੱਜਣਾ ਕੱਜਣਾ ਤਨ ਵੀ ਕਜਿਆ ਤੇ ਮਨ ਵੀ ਕਜਿਆ ਅਜੇ ਬਹੁਤ ਕੁਝ ਕਜਣਾ ਮੇਰਾ ਨੰਗ ਮੈਨੂੰ ਵਾਜਾਂ ਮਾਰੇ ਆਵੇ ਡਾਢੀ ਲਜਣਾ ਦਿਓ ਪ੍ਰਭੂ ਜੀ ਕੱਜਣਾ ਅੱਜ ਇਕ ਮਨ ਦੀ ਗੱਲ ਕਹਿਣੀ ਸੀ ਫੇਰ ਕਿਹਾ ਚਲ ਅੱਜ ਨਾ ਕਲ੍ਹ ਵੀ ਉਹ ਗੱਲ ਕਹੀ ਨ ਜਾਣੀ ਨਾ ਉਸ ਤਾਈਂ ਤਜਣਾ ਦਿਓ ਪ੍ਰਭੂ ਜੀ ਕੱਜਣਾ ਗੱਲ ਕਹਾਂ ਤਾਂ ਨੰਗੀ ਥੀਵਾਂ ਹਰ ਥਾਂ ਨਾਵਾਂ ਵਜਣਾ ਬਿਨਾ ਕਿਹਾਂ ਮੈਂ ਲੁੰਞੀ ਬੁੱਚੀ ਜੀਵਨ ਦਾ ਕੋਈ ਹੱਜ ਨਾ ਦਿਓ ਪ੍ਰਭੂ ਜੀ ਕੱਜਣਾ ਸੁਪਨੇ ਵਿਚ ਇਕ ਬਾਲਕ ਦਿਸਦਾ ਮਿੱਟੀ ਵਿਚ ਕਦ ਸਜਣਾ ਬਾਲ ਨਬਣਿਆ ਨਾਲ ਨਜਣਿਆ ਕਿਵੇਂ ਬੁਲਾਵਾਂ ਚਜ ਨਾ ਦਿਓ ਪ੍ਰਭੂ ਜੀ ਕੱਜਣਾ ਘਰ ਆ ਜਾ ਮੇਰੇ ਪੁੱਤ ਨਜਣਿਆਂ ਦੂਰ ਦੂਰ ਪਿਆ ਭੱਜ ਨਾ ਤੇਰੇ ਬਿਨਾ ਘਰ ਸੁੰਨਾ ਸਖਣਾ ਤੇਰੇ ਬਿਨਾ ਨਿਰਲਜਣਾ ਮੈਂ ਨਿਰਲਜਣਾ ਦਿਓ ਪ੍ਰਭੂ ਜੀ ਕੱਜਣਾ ਇਹ ਗੱਲ ਚੰਗੀ ਇਹ ਗੱਲ ਨੰਗੀ ਕਿਵੇਂ ਕਹਾਂ ਮੇਰੇ ਸਜਣਾ ਇਸ ਚੰਗੀ ਨੂੰ ਇਸ ਨੰਗੀ ਨੂੰ ਬਖ਼ਸ਼ੋ ਪ੍ਰਭ ਜੀ ਕੱਜਣਾ 32 ਸੁਕੇ ਦਰਿਆ ਦਾ ਪੁਲ ਆ ਘੜਿਆ ਅਸੀਂ ਤੁਰੀਏ ਡੁਲਦੇ ਡੁਲ੍ਹਦੇ ਮੈਂ ਝਜਰੀ ਤੇਰੇ ਨਾਲ ਤੁਰਾਂ ਮੇਰੇ ਪਾਣੀ ਨੀ ਮਹਿੰਗੇ ਮੁੱਲ ਦੇ ਰਸਤੇ ਵਿਚ ਨੀ ਲੱਖ ਮਿੱਟੀਆਂ ਤਰਿਹਾਈਆਂ ਤਿੜਕੇ ਤਿੜਕੇ ਜ਼ਖ਼ਮ ਜਿਨ੍ਹਾਂ ਦੇ ਬੁਲ ਦੇ ਮਾਰੂਥਲ ਇਕ ਬਿਰਛ ਖੜਾ ਬੇਛਾਵਾਂ ਸੋਕਿਆਂ ਰੋਕੇ ਰਾਹ ਪੱਤਿਆਂ ਦੇ ਫੁੱਲ ਦੇ ਜਿਸ ਦੇ ਹੇਠੋਂ ਸੁੱਕਾ ਦਰਿਆ ਲੰਘੇ ਹੋਣੀ ਨੇ ਕੀ ਲੇਖ ਲਿਖੇ ਉਸ ਪੁਲ ਦੇ ਆਂਦਰ ਆਂਦਰ ਵਿਲਕੇ ਬਾਲ ਨ ਬਣਿਆ ਆਖੇ : ਦੋ ਦੋ ਪਾਣੀ ਪੀਣੇ ਘੁਲਦੇ ਜਦ ਓੜਕ ਨੂੰ ਸਿੰਮ ਸਿੰਮ ਕੇ ਮੁਕ ਜਾਣਾ ਕਿਉਂ ਨਾ ਆਪਾਂ ਮੁਕੀਏ ਡੁਲ੍ਹਦੇ ਡੁਲ੍ਹਦੇ 33 ਟੱਕ ਵਿਚ ਦੀਵਾ ਮੇਰੇ 'ਚ ਜਦੋਂ ਦਾ ਡੂੰਘਾ ਟਕ ਮਾਰ ਕੇ ਕੀਤਾ ਉਹਨੇ ਮੈਨੂੰ ਬੇਦਾਰ ਜਾਪਦੈ ਮੈਂ ਪਹਿਲੋਂ ਸੁੱਤੀ ਹੋਈ ਕੰਧ ਸਾਂ ਮਿੱਟੀ ਨੂੰ ਖੁਰਚ ਉਹਨੇ ਆਲਾ ਬਣਾਇਆ ਵਿਚ ਦੀਵੇ ਨੂੰ ਦਿੱਤਾ ਖਲ੍ਹਿਆਰ ਰੋਟੀਆਂ ਪਕਾਉਂਦੀ ਮੈਨੂੰ ਲਗਦੈ ਚੁੱਲ੍ਹੇ ਦੀ ਵੀ ਮੇਰੇ ਜਿਹੀ ਜੂਨ ਵੱਖੀ ਨੂੰ ਕਢ ਕਿਸੇ 'ਚੋਂ ਬਾਲ ਧਰਿਆ ਭਲਾ ਚੁੱਲ੍ਹੇ ਵਿਚਾਰੇ ਕੀ ਕੂਣ ਸਿਰ ਉਤੇ ਅੱਗ ਅਤੇ ਢਿਡ ਵਿਚ ਚਾਨਣਾ ਇਕੋ ਜੇਹੀ ਦਿਲੀਂ ਅਰਦਾਸ ਮੈਂ ਲੋਚਾਂ ਬਾਲਕਾ ਉਹ ਚਾਹੇ ਮਿੱਠਾ ਟੁਕ ਸੁਪਨੇ ਦਾ ਦੋਹਾਂ ਨੂੰ ਅਧਾਰ ਕਦੀ ਕਦੀ ਜਾਪੇ ਅਸੀਂ ਚਾਟੀ ਦੇ ਮਧਾਣਾ ਇਹੋ ਸਾਡੀ ਜੁਗੋ ਜੁਗ ਕਾਰ ਇਕ ਦਿਨ ਕਢ ਲਾਂਗੇ ਮਖਣੇ ਦਾ ਪੇੜਾ ਚਾਟੀ ਵਿਚੋਂ ਰਿੜਕਣਾ ਨਿਤਾਰ ਕਦੀ ਹਾਂ ਮੈਂ ਸੂਈ ਮੇਰੇ ਨੱਕੇ ਵਿਚ ਧਾਗਾ ਜਿਉਂਦੀ ਹਾਂ ਮੈਂ ਲੀਰਾਂ ਤੇ ਲੰਗਾਰ ਕਪੜੇ ਨੂੰ ਟੁਕ ਟੁਕ ਪਾਵਾਂ ਮੈਂ ਬੂਟੀਆਂ ਮੇਰੇ ਤਾਈਂ ਟੁਕਦਾ ਹੈ ਉਹ ਏਦਾਂ ਬਣਦਾ ਹੈ ਬਾਗ਼ ਪਰਿਵਾਰ ਏਹੋ ਮੇਰੀ ਮਾਂ ਦਾਦੀ ਦੀ ਸਿਖਿਆ ਮੱਥੇ ਵਿਚ ਆਪ ਕਲਾਕਾਰ ਬਿਜੜੇ ਦਾ ਆਲ੍ਹਣਾ ਸਾਡੀ ਸੇਜ ਘਾਲਣਾ ਏਹੋ ਸਹਿਜ, ਸਤਿ, ਕਰਤਾਰ 34 ਮਿੱਟੀ ਕਹੇ ਘੁਮਾਰ ਨੂੰ ਮਿੱਟੀ ਕਹੇ ਘੁਮਾਰ ਨੂੰ ਮੈਨੂੰ ਘੜਾ ਬਣਾ ਪਾਣੀ ਗੋਦ ਖਿਡਾਉਣ ਲਈ ਮੇਰੇ ਮਨ ਵਿਚ ਚਾਅ ਮਿੱਟੀ ਕਹੇ ਘੁਮਾਰ ਨੂੰ ਆਟੇ ਵਾਂਗੂੰ ਗੁੰਨ੍ਹ ਕਿਸੇ ਜੋਗੜੀ ਹੋ ਸਕਾਂ ਭਾਵੇਂ ਆਵੇ ਭੁੰਨ ਮਿੱਟੀ ਆਖੇ ਬੱਦਲਾ ਵਾਛੜ ਮੀਂਹ ਵਰ੍ਹਾ ਮੇਰੇ ਤਨ 'ਚੋਂ ਫੁਟ ਪਉ ਬਣ ਕੇ ਹਰਿਆ ਘਾਹ ਚੀਰ ਕੇ ਮੈਨੂੰ ਲੰਘ ਜਾ ਤੂੰ ਅਥਰਾ ਦਰਿਆ ਸੱਲ ਵਡੇਰੇ ਮੈਂ ਜਰਾਂ ਤੂੰ ਨਿਕੜੀ ਪਿਆਸ ਬੁਝਾ ਮਿੱਟੀ ਕਹੇ ਕੁਹਾੜੀਏ ਡੂੰਘੇ ਟੱਕ ਨਾ ਪਾ ਅੰਦਰ ਸੁਤੇ ਦੋ ਜਣੇ ਸੁਪਨੇ ਸੇਜ ਵਿਛਾ ਮਿੱਟੀ ਆਖੇ ਮਿੱਟੀਏ ਆ ਮੇਰੇ ਤਕ ਆ ਮੈਂ ਪਿੰਜਰ ਬਣ ਜਾਂਹਗੀ ਤੂੰ ਬਣ ਜਾਵੀਂ ਸਾਹ 35 ਜੋਤ ਨੂੰ ਪਛਾਣ ਢਿੱਡ ਵਿਚ ਹੁਣੇ ਹੁਣੇ ਬਲਿਆ ਦੀਵਾ ਪਿਆ ਬੋਲਦਾ ਮਾਏ, ਜੋਤ ਨੂੰ ਪਛਾਣ ਤੇਰੀ ਹੀ ਮਿੱਟੀ ਗੋਈ ਗਈ ਗੁੰਨ੍ਹੀ ਗਈ ਤੂੰ ਹੀ ਸੈਂ ਰੂੰ ਜਿਹਨੂੰ ਗਿਆ ਪਿੰਜਿਆ ਤੇਰੀ ਹੀ ਰਗੜ 'ਚੋਂ ਅੱਗ ਜਾਗ ਉੱਠੀ ਆਪ ਤੂੰ ਦੀਵਾ, ਤੂੰ ਵੱਟੀ, ਤੂੰ ਲਾਟ ਗ਼ੈਰ ਨਾ ਜਾਣ ਜੋਤ ਨੂੰ ਪਛਾਣ ਨਿਰਗੁਣ ਨਿਰਾਕਾਰ ਦਾ ਸਰਗੁਣ ਸਰੂਪ ਤੂੰ ਜੂਨ ਵਿਚ ਪਈ ਤੂੰ ਅਜੂਨੀ ਨਿਰਾ ਲਿੰਗ ਹੋਣ ਦੀ ਹਉਮੈ ਉਹ ਪਿਆ ਕਰੇ ਤੂੰ ਨਹੀਂ ਮਾਤਾ ਨਿਰੀ ਯੋਨੀ ਆਦਿ-ਅੰਤ ਜੀਵਨ ਤੂੰ ਸੰਪੂਰਨ ਮਰਦ ਦੇ ਬੀਜ ਤੋਂ ਜੰਮਣ ਨਾ ਨਿਰੇ ਮਰਦ ਔਰਤ ਦੀ ਕੁੱਖ ਨਾ ਜਣੇ ਸਿਰਫ਼ ਔਰਤ ਸੰਤਾਨ ਜੋਤ ਨੂੰ ਪਛਾਣ ਅੱਜ ਤੇਰੇ ਅੰਗਾਂ ਵਿਚ ਰੰਗ ਮੈਂ ਸਵੇਰ ਦਾ ਅੰਗ ਤੇ ਰੰਗ ਵਿਚ ਵਿਚ ਕਿੰਨਾ ਕੁ ਨਿਖੇੜ ਮੈਨੂੰ ਤਾਂ ਪਤਾ ਨਹੀਂ ਮੈਂ ਔਰਤ ਜਾਂ ਮਰਦ ਹਾਂ ਅਜੇ ਤੇਰੀ ਦੇਹੀ ਵਿਚ ਮੱਠੀ ਮੱਠੀ ਪੀੜ ਮੈਂ ਇਹਨਾਂ ਵਿਚ ਕਿੱਥੇ ਕੁ ਮੈਂ-ਤੂੰ ਦਾ ਚੀਰ ਜਨਮ ਮੇਰਾ ਤੇਰੇ ਹੀ ਸੁੱਤੇ ਹੋਏ ਦੁੱਧ ਦਾ ਜਾਗਣਾ ਡੁੱਲ੍ਹੇਗਾ ਤੋੜ ਕੇ ਜਿਸਮ ਦੀ ਲਕੀਰ ਕਲ੍ਹ ਜਦੋਂ ਅੰਗਾਂ 'ਚੋਂ ਫੁਲ ਵਾਂਗ ਤੋੜ ਕੇ ਹਵਾ ਵਿਚ ਸੁੱਟੇਂਗੀ ਜਿਸਮ ਦੀ ਜੋਤ ਨੂੰ ਦੀਵੇ 'ਚ ਬਿਠਾ ਕੇ ਜਦੋਂ ਨਦੀ ਵਿਚ ਤਾਰੇਂਗੀ ਓਦੋਂ ਨਾ ਕਹੀਂ ਮੈਨੂੰ ਹੋਰ ਏਂ ਤੂੰ ਗ਼ੈਰ ਏਂ ਤੂੰ ਓਬੜ ਅਜਾਣ ਜੋਤ ਨੂੰ ਪਛਾਣ 36 ਅੱਲਾ ਮਿਹਰਬਾਨ ਅੱਲਾ ਮਿਹਰਬਾਨ ਨਾਜ਼ਲ ਹੋਵੇਗਾ ਕਦੀ ਤੇਰਾ ਕੁਰਾਨ ਕਿਸੇ ਔਰਤ ਦੀ ਜ਼ਬਾਨ ? ਚੜ੍ਹ ਕੇ ਮੁਨਾਰੇ ਕਦੇ ਦੇ ਸਕਾਂਗੀ ਤੇਰੇ ਨਾਮ ਦੀ ਅਜ਼ਾਨ ? ਅੱਲਾ ਮਿਹਰਬਾਨ ਤੂੰ ਮੇਰਾ ਬਾਬਲ ਏਂ ਤੂੰ ਮੇਰਾ ਵੀਰ ਰੂਹ ਦੇ ਦੁਆਲੇ ਤੂੰ ਹੀ ਜਿਸਮ ਦੀ ਲਕੀਰ ਜਿਸਮ ਦੇ ਅੰਦਰਵਾਰ ਤੇਰਾ ਫ਼ਰਮਾਨ ਅੱਲਾ ਮਿਹਰਬਾਨ ਜਿਸਮ ਦੇ ਬਾਹਰਵਾਰ ਤਾਰੇ ਜੋ ਚਮਕਦੇ ਫੁੱਲ ਜੋ ਚਟਖ਼ਦੇ ਦਾਗ਼ ਨੇ ਤੇਰੀ ਦਸਤਾਰ ਦੇ ? ਨਦੀਆਂ 'ਚ ਸ਼ੂਕਦੀਆਂ ਨਾਗਣੀਆਂ ਛੱਲਾਂ ਗ਼ੈਰ ਕਿਸੇ ਮਰਦ ਨਾਲ ਖ਼ੁਸ਼ਬੂਦਾਰ ਗੱਲਾਂ ਉਹ ਤਾਂ ਭਰਮਾਏ ਆਪ ਸ਼ੈਤਾਨ ? ਅੱਲਾ ਮਿਹਰਬਾਨ ਪੜ੍ਹਾਂਗੀ ਮਸੀਤ ਵਿਚ ਮੈਂ ਕਦੋਂ ਨਮਾਜ਼ ਮਿੰਬਰ ਤੇ ਵਾਅਜ਼ ਕਰੇ ਮੇਰੀ ਆਵਾਜ਼ ਪਰ੍ਹਿਆ ਵਿਚ ਬੈਠ ਕੇ ਦਰਦ ਮੇਰਾ ਖੁੱਲ੍ਹੇ ਜਿਸਮ ਨੂੰ ਤਰੇੜ ਕੇ ਬੱਝਾ ਹੋਇਆ ਚਸ਼ਮਾ ਅਜ਼ਮਤ ਦਾ ਡੁੱਲ੍ਹੇ ਬੋਲੇ ਬੇਬਾਕ ਮੇਰੀ ਜੀਭ 'ਚੋਂ ਤੇਰਾ ਪੈਗ਼ੰਬਰ ਮੇਰਾ ਈਮਾਨ ਅੱਲਾ ਮਿਹਰਬਾਨ 37 ਸਿਰ-ਚੁੰਨੀਆਂ ਸਿਰ-ਮੁੰਨੀਆਂ ਇੱਕੋ ਵੇਲੇ ਤੁਰੀਆਂ ਸਿਰ-ਚੁੰਨੀਆਂ ਸਿਰ-ਮੁੰਨੀਆਂ ਇੱਕੋ ਜਿਹੀਆਂ ਚਾਤਰ ਤੇ ਇੱਕੋ ਜਿਹੀਆਂ ਬੁੰਨ੍ਹੀਆਂ ਇਕਨਾਂ ਨੂੰ ਮਿਲ ਗਈ ਸਜੀ ਹੋਈ ਪਾਲਕੀ ਮਰਦਾਂ ਦੀ ਮਾਲਕੀ ਪਾਲਕੀ 'ਚ ਬੈਠ ਕੇ ਉਹ ਪਹੁੰਚੀਆਂ ਹਵੇਲੀਆਂ ਬਣੀਆਂ ਮਹੇਲੀਆਂ ਗਰੀਆਂ ਛੁਹਾਰੇ ਸੇਜ ਵਿਹਲੀਆਂ ਦੀਆਂ ਵਿਹਲੀਆਂ ਪਾਲਕੀ ਤੋਂ ਬਾਹਰ ਖੜੀ ਜੋ ਜੋ ਵੀ ਬਾਲਕੀ ਲੋਕ ਉਹਨੂੰ ਆਖਦੇ ਨੇ ਰੰਨ ਤੇਰਾਂ ਤਾਲਕੀ ਸਭਨਾਂ ਦੇ ਜੋਗ ਤੇ ਕਿਸੇ ਵੀ ਨਾ ਜੋਗੀਆਂ ਸਭਨਾਂ ਦਾ ਭੋਗ ਤਾਂ ਵੀ ਸਦਾ ਅਣਭੋਗੀਆਂ ਦੁਨੀਆਂ ਦੀ ਭੀੜ ਵਿਚ 'ਕੱਲੀਆਂ ਵਿਛੁੰਨੀਆਂ ਇੱਕੋ ਵੇਲੇ ਤੁਰੀਆਂ ਸਿਰ-ਚੁੰਨੀਆਂ ਸਿਰ-ਮੁੰਨੀਆਂ