Mahakavi Kalidasa ਮਹਾਂਕਵੀ ਕਾਲੀਦਾਸ

ਮਹਾਂਕਵੀ ਕਾਲੀਦਾਸ ਸੰਸਕ੍ਰਿਤ ਦੇ ਉੱਘੇ ਕਵੀ ਤੇ ਨਾਟਕਕਾਰ ਹੋਏ ਹਨ । ਉਨ੍ਹਾਂ ਦੇ ਜਨਮ ਦੇ ਸਮੇਂ ਅਤੇ ਸਥਾਨ ਬਾਰੇ ਵਿਦਵਾਨਾਂ ਦੀਆਂ ਭਿੰਨ-ਭਿੰਨ ਰਾਵਾਂ ਹਨ । ਪਰ ਬਹੁਤੇ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਉਹ ਉੱਜੈਨ ਦੇ ਰਾਜਾ ਵਿਕਰਮਾਦਿੱਤ ਜਾਂ ਮਗਧ ਦੇ ਰਾਜਾ ਚੰਦਰਗੁਪਤ ਵਿਕਰਮਾਦਿੱਤ ਦੇ ਸਮਕਾਲੀ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੋ ਮਹਾਂ-ਕਾਵਿ ਰਘੂਵੰਸ਼ ਅਤੇ ਕੁਮਾਰਸੰਭਵ, ਦੋ ਖੰਡ-ਕਾਵਿ ਮੇਘਦੂਤ ਅਤੇ ਰਿਤੂਸੰਹਾਰ ਅਤੇ ਤਿੰਨ ਨਾਟਕ ਅਭਿਗਿਆਨ ਸ਼ਕੁੰਤਲਮ, ਮਾਲਵਿਕਾਗਨੀ ਮਿੱਤ੍ਰ (ਮਾਲਵਿਕਾ+ਅਗਨੀ ਮਿੱਤ੍ਰ) ਅਤੇ ਵਿਕ੍ਰਮੋਰਵਸ਼ੀ (ਵਿਕਰਮ+ਉਰਵਸ਼ੀ) ਸ਼ਾਮਿਲ ਹਨ ।

Mahakavi Kalidasa Meghdoot in Punjabi

ਮੇਘਦੂਤ ਮਹਾਂਕਵੀ ਕਾਲੀਦਾਸ ਅਨੁਵਾਦਕ ਅਵਤਾਰ ਸਿੰਘ ਆਜ਼ਾਦ

ਪਹਿਲਾ ਅੱਧ
1

ਪਰਬਤ-ਰਾਜ ਹਿਮਾਲੀਆ ਜਿਸ ਦੇ ਉੱਤਰ ਵੱਲ,
ਅਲਕਾਪੁਰੀ ਕੁਬੇਰ ਦੀ ਵੱਸੇ ਘੁੱਘ, ਅਚੱਲ ।
ਰਾਜਧਾਨੀ ਇਹ ਦੇਸ ਦੀ ਹੁਸਨਾਂ ਭਰੀ ਜਵਾਨ,
ਹਰ ਪਾਸੇ ਹਰਿਆਵਲਾਂ ਲਹਿਰਨ, ਨਸ਼ੇ ਪਿਆਣ ।
ਯਖ ਇਕ ਨਵਾਂ ਵਿਆਹਿਆ, ਰੀਝੀਂ ਗਿਆ ਗੁਆਚ,
ਡਸਿਆ ਕਾਲੀਆਂ ਨਾਗਣਾਂ, ਫੁੰਡਿਆ ਕਾਮ-ਕਮਾਂਚ ।
ਸੌਂਪੀ ਜੋ ਸਰਕਾਰ ਨੇ ਉਸ ਗੱਭਰੂ ਨੂੰ ਕਾਰ,
ਅਰਧੰਗੀ ਦੇ ਇਸ਼ਕ ਵਿਚ ਦਿੱਤੀ ਉਨ੍ਹੇਂ ਵਿਸਾਰ ।
ਇਕ ਦਿਨ ਹਾਥੀ ਮਸਤ ਨੇ ਉਪ-ਬਨ ਦਿੱਤਾ ਮਿੱਧ,
ਕਈ ਮਰੁੰਡੇ ਰੁੱਖ ਉਸ, ਦਿੱਤੇ ਧਰਤ ਰਗਿੱਦ ।
ਮਹਾਰਾਜ ਸੁਣ ਕੋਪ ਪਏ, ਯੱਖ ਨੂੰ ਸੱਦਿਆ ਝੱਟ,
ਦੇਸ਼-ਨਿਕਾਲਾ ਦੇਂਵਦੇ, ਦੋਸ਼ੀ ਨੂੰ ਤਤ-ਫੱਟ ।
ਘਰੋਂ ਤ੍ਰਾਹ ਦਿੱਤਾ ਗਇਆ, ਵੱਜਾ ਬਿਰਹੋਂ ਬਾਣ,
ਰਾਮਗਿਰੀ ਆ ਠਹਿਰਿਆ ਆਸ਼੍ਰਮ ਸਵੱਛ ਪਛਾਣ ।
ਦੂਰ ਵਲਿੱਖਾਂ ਰਹਿ ਗਈ ਉਹ ਮਦ-ਮੱਤੀ ਨਾਰ,
ਜਿਸ ਦੇ ਰੂਪ-ਕਟਾਖ ਤੋਂ ਮਿਲਿਆ ਪਿਆਰ-ਹੁਲਾਰ ।
ਸੁਹਣਾ ਆਸ਼੍ਰਮ ਫੱਬਦਾ, ਕੁਦਰਤ ਦਾ ਸੁਹਣੱਪ,
ਇਸ ਧਰਤੀ ਤੇ ਹੋਇਆ ਸਾਮਰਤੱਖ ਪਰਤੱਖ ।
ਜਨਕ-ਸੁਤਾ ਨੇ ਏਸ ਨੂੰ ਕੀਤਾ ਕਦੇ ਪਵਿੱਤ,
ਤੇ ਹਨ ਇਸਦੇ ਸਰਾਂ ਵਿਚ ਖਿੜਦੇ ਕੰਵਲ ਅਮਿੱਤ ।
ਵਡ-ਰਮਣੀਕ, ਸੁਹਾਵਣਾ, ਵੇਲਾਂ ਕੱਜੇ ਕੁੰਜ,
ਘਣ-ਛਾਵੇਂ ਰੁੱਖ ਝੂੰਮ ਰਹੇ, ਫਬਦੀ ਫਬਦੀ ਸੁੰਜ ।
ਪਰ ਮਨ ਤਪਿਆ ਯਖ ਦਾ ਹਿਜਰ-ਮੁਆਤਾ ਲੱਗ,
ਸੁਰਗੀਂ ਠੰਢਾਂ ਨਾਲ ਵੀ ਬੁਝੇ ਨਾ ਬਿਰਹੋਂ ਅੱਗ ।

2

ਨਿਰਜਨ-ਬਨ ਵਿਚ ਰਹਿੰਦਿਆਂ ਸਹਿੰਦਿਆਂ ਕਸ਼ਟ ਬਿਅੰਤ,
ਦੇਹ ਸੁੱਕ ਚੱਲੀ ਯੱਖ ਦੀ, ਖਚਕੀ ਸਾਰੀ ਬਣਤ ।
ਭੌਰ ਵਿਜੋਗੀ ਨਾਰ ਦਾ ਲਿੱਸਾ ਹੋਇਆ ਅੱਤ,
ਕੰਗਣ ਹੱਥੋਂ ਢਹਿ ਰਹਿਆ, ਹਿਸ ਚਲਿਆ ਸਾਹ-ਸੱਤ ।
ਜਿਉਂ ਤਿਉਂ ਕਰਕੇ ਬੀਤ ਗਏ ਹੈਣ ਮਹੀਨੇ ਅੱਠ,
ਬਿਰਹੋਂ ਸਾਂਗਾਂ ਸਹੇ ਪਿਆ, ਭੁੱਜੇ ਪੈ ਵਿਚ ਭੱਠ ।
ਪਰ ਜਾਂ ਚੜ੍ਹਿਆ ਹਾੜ ਆ ਤੱਕੇ ਸਿਖਰ ਪਹਾੜ,
ਬੱਦਲ ਚੜ੍ਹ ਰੁੱਤ ਨਵੀਂ ਦੇ ਧਰਤੀ ਰਹੇ ਨਿਖਾਰ ।
ਹਾਥੀਆਂ ਦੇ ਦਲ ਜਾਪਦੇ ਪਰਬਤ ਲੱਗੇ ਢਾਣ,
ਤਿੱਖੇ ਚਿੱਟੇ ਸੂਤਵੇਂ ਦੰਦਾਂ ਨਾਲ ਡਰਾਣ ।
ਡਹੇ ਨੇ ਪਰਬਤ ਧਾਰ ਨੂੰ ਟਕਰਾਂ ਮਾਰ ਉਡਾਣ,
ਯਖ ਵੇਖੇ ਹਹੁਕੇ ਲਵੇ, ਚੁਭਣ ਕਾਮ ਦੇ ਬਾਣ ।

3

ਮਦ-ਮਇ ਮਾਲਾ ਮੇਘ ਦੀ ਤਕ ਕੇ ਬਿਰਹੀ ਯੱਖ,
ਵਿਲਕੇ, ਲੁੱਛੇ ਤੇ ਤਪੇ ਮਨ ਹੋਇਆ ਬੇਵੱਸ ।
ਦਗਧ ਰਿਦਾ ਵਿੱਚ ਬ੍ਰਿਹੁੰ ਦੇ ਹੰਝੂ ਸਿੰਮਦੇ ਨੈਣ,
ਖੜਾ ਅਵਾਕ, ਹੈਰਾਨ ਹੈ, ਡੋਬੂ ਜੀਅ ਨੂੰ ਪੈਣ ।
ਕਾਮਾਤੁਰ ਅੰਗ ਅੰਗ ਹੈ, ਅੰਦਰੋਂ ਪੁੱਜ ਅਧੀਰ,
ਰੋਮ ਰੋਮ 'ਚੋਂ ਜਾਗ ਪਈ ਰੂਹ ਝੁਲਸਾਣੀ ਪੀੜ ।
ਇਹ ਵਿਆਕੁਲਤਾ, ਡਾਂਝ ਏਹ, ਏਹ ਸੇਕ, ਇਹ ਸਾੜ,
ਸਹਿਜ ਸੁਭਾਵਕ ਕੁਦਰਤੋਂ ਭਖਿਆ ਵਿੱਚ ਅਸਾੜ ।
ਭੋਗੀ ਮਾਨੁਖ ਰਿਦੇ ਨੂੰ ਏਹ ਸੰਜੋਗੀ ਸੁੱਖ,
ਆਤਰ ਕਰਦੇ, ਭੁੰਨਦੇ, ਬਾਹਲਾ ਦੇਂਦੇ ਦੁੱਖ ।
ਪ੍ਰੀਅ ਸਜਣੀ ਦੇ ਮਿਲਣ ਦੀ ਆਸੋਂ ਪੁਜ ਨਿਰਾਸ,
ਪ੍ਰੇਮੀ ਦੀ ਦਿਲ-ਪੀੜ ਦਾ ਕਿਹੜਾ ਕਰੇ ਕਿਆਸ !
ਏਹ ਵਿਛੋੜਾ ਕਹਿਰ ਦਾ ਯੱਖ ਨਾ ਸੱਕੇ ਝੱਲ,
ਬ੍ਰਿਹੁੰ ਪੀੜ ਕੜਵੱਲ ਪਾ ਪਈ ਨਪੀੜੇ ਖੱਲ ।

4

ਬਦਲ ਤਕਦਿਆਂ ਯੱਖ ਨੂੰ ਆਵਣ ਲੱਗਾ ਯਾਦ,
ਸਾਵਣ ਦੀ ਰੁੱਤ ਆ ਰਹੀ ਹਾੜ ਤਪੇ ਤੋਂ ਬਾਦ ।
ਮਚਲੂ ਮੇਘ ਆਕਾਸ਼ ਤੇ ਛਿੜਸਨ ਮੇਘ, ਮਲ੍ਹਾਰ,
ਪਰਤ ਜਾਣਗੇ ਘਰਾਂ ਨੂੰ ਰਾਹੀ ਰਾਹ ਲਿਤਾੜ ।
ਬ੍ਰਿਹੁੰ ਵਿਜੋਗਣ ਨਾਰੀਆਂ ਸਜਣਾਂ ਦੇ ਗਲ ਲੱਗ,
ਸ਼ਾਂਤ ਕਰੇਸਨ ਸੁਖੀ ਹੋ ਮਘਦੀ ਮਨ ਦੀ ਅੱਗ ।
ਹਾ ! ਪਰ ਮੈਂ ਇਸ ਰੁੱਤ ਵਿੱਚ ਤਪਾਂ ਖਪਾਂਗਾ ਢੇਰ,
ਪ੍ਰੀਅ ਸਜਣੀ ਨਾ ਮਿਲੇਗੀ, ਮੱਖਣ-ਬਾਹਾਂ ਉਲੇਰ ।
ਦਸ਼ਾ ਹੋਵਸੀ ਕੀ ਉਦ੍ਹੀ, ਮੈਂ ਕਿੰਜ ਸੱਕਾਂ ਜਾਣ ?
ਡਰਾਂ ਕਿ ਪੀਆ ਵਿਜੋਗ ਵਿੱਚ ਉਹ ਨਾ ਦੇ ਦਏ ਪ੍ਰਾਣ ।
ਢਾਰਸ ਉਸ ਨੂੰ ਦੇਣ ਲਈ ਮੈਂ ਕੁਈ ਕਰਾਂ ਉਪਾਇ,
ਮੇਰਾ ਲੈ ਸੰਦੇਸ਼ ਹੁਣ ਦੂਤ ਸੁਹੇਲਾ ਜਾਇ ।
ਪਰ ਇਹ ਹੋਵੇ ਕਿਸ ਤਰ੍ਹਾਂ ? ਕੌਣ ਅਜੇਹਾ ਦੂਤ
ਮੇਰੀ ਕਰੇ ਸਹਾਇਤਾ, ਕਾਰਜ ਆਵੇ ਸੂਤ ।
ਵਿਚ ਵਿਚਾਰਾਂ ਡੁੱਬਿਆ, ਕਰੇ ਉਤ੍ਹਾਂ ਜਾਂ ਨੈਣ,
ਪਰਬਤ ਸਿਖਰੇ ਨੱਚਦਾ ਵੇਖੇ ਮੇਘ-ਮਹੈਣ ।
ਸੋਚੀਂ ਡੁੱਬਿਆ ਯੱਖ ਫਿਰ ਸੋਚੇ, ਮੇਘ ਸੁਜਾਨ,
ਅਰਸ਼-ਉਡਾਰਾਂ ਲਾਉਂਦਾ ਗਾਹੁੰਦਾ ਫਿਰੇ ਜਹਾਨ ।
ਕਿਉਂ ਨਾ ਮੈਂ ਇਸ ਹੱਥ ਹੀ ਘੱਲਾਂ ਚਾ ਸੰਦੇਸ਼,
'ਸਿਮਰਾਂ ਤੈਨੂੰ ਸੁਹਣੀਏਂ ! ਧੁਖਦਾ ਵਿਚ ਪਰਦੇਸ ।'
ਤੇ ਫਿਰ ਬਿਰਹੀ ਯੱਖ ਨੇ ਕੁਟਲ ਫੁੱਲਾਂ ਦੇ ਨਾਲ,
ਪੂਜਾ ਕੀਤੀ ਮੇਘ ਦੀ, ਸ਼ਰਧਾ-ਭਾਵ ਉਛਾਲ ।

5

ਪਰ ਫਿਰ ਸ਼ੱਕੀ ਮਨ ਵਿਚੋਂ ਸ਼ੱਕ-ਅੰਕੁਰ ਪਇ ਜਾਗ,
"ਕਿੰਜ ਜਾ ਦੱਸੂ ਮੇਘ ਇਹ ਮੇਰਾ ਬ੍ਰਿਹੁੰ ਵਰਾਗ ?
ਅੱਗ, ਪਾਣੀ ਤੇ ਪੌਣ ਦਾ ਇਹ ਅਚੇਤਨ ਮੇਲ,
ਮਨ ਬਿਰਹੀ ਦੀ ਵੇਦਨਾ ਦੱਸੂ ਕੀਕਰ ਪੇਲ ?"
ਹਿਰਦੇ ਵਿੱਚੋਂ ਨਿਕਲੇ ਆਪ-ਮੁਹਾਰੇ ਬੋਲ,
"ਜਾਸੀ ਲਏ ਸੁਨੇਹੁੜਾ ਬੱਦਲ ਸਜਣੀ ਕੋਲ ।"
ਤੇ ਸਭ ਸ਼ੁਭੇ ਨਿਵਾਰ ਕੇ ਯੱਖ ਉਹ ਸੰਗ ਤਿਆਗ,
ਕਰਨ ਲਗਾ ਇੰਜ ਬੇਨਤੀ, ਉਛਲਿਆ ਮਨੋਂ ਵਰਾਗ ।
ਪ੍ਰੇਮ-ਸਤਾਏ ਆਦਮੀ ਰੱਖਣ ਸੁੱਧ ਨਾ ਮੂਲ,
ਜੜ ਚੇਤਨ ਵਿਚ ਭੇਦ ਕੀ ? ਕੀ ਪ੍ਰਤਿਕੂਲ ਅਨੁਕੂਲ ।

6

ਉਸਤਤਿ ਕਰਦਾ ਮੇਘ ਦੀ ਬੋਲੇ : "ਮੀਤ ਸੁਜਾਨ !
ਤੂੰ ਪੁਸ਼ਕਰ ਦੀ ਵੰਸ਼ ਦਾ ਸੱਚੋਂ ਸੁੱਚਾ ਮਾਣ ।
ਵਡ ਇੰਦਰ ਮਹਾਰਾਜ ਦਾ ਹੈਂ ਬੁਧਵਾਨ ਵਜ਼ੀਰ,
ਇੱਛਾ-ਧਾਰੀ, ਵਡ-ਬਲੀ ਤਰਸਾਂ ਦੀ ਤਸਵੀਰ ।
ਜੋ ਚਾਹੇਂ ਧਰ ਸਕਦੈਂ ਅਖ-ਫੋਰੇ ਵਿਚ ਰੂਪ,
ਮਨ ਤਪਦੇ ਠੰਢੇ ਕਰੇਂ ਔੜ-ਸੌੜ ਲਏਂ ਚੂਪ ।
ਮੈਂ ਦੁਖੀਆ ਬੇਵੱਸ ਹਾਂ ।" ਡੁਸਕ ਆਖਦਾ ਯੱਖ,
"ਬ੍ਰਿਹੁੰ ਵਿਜੋਗਣ ਵਿੱਲ ਰਹੀ, ਸੁੱਕੇ ਉਦ੍ਹੀ ਨਾ ਅੱਖ ।
ਉਹ ਲੂੰਹਦੀ ਅਲਕਾ ਪੁਰੀ, ਮੈਂ ਏਥੇ ਬੇਹਾਲ,
ਬਿਨੇ ਕਰਾਂ ਹੱਥ ਜੋੜ ਕੇ, ਆਖਾਂ ਨਿਮਕੀ ਨਾਲ ।
ਵੀਰਾ ! ਮੈਂ ਸ਼ਰਨਾਰਥੀ, ਤੂੰ ਹੈਂ ਸਖਾ ਉਦਾਰ,
ਮੇਰੀ ਅਰਜ਼ ਕਬੂਲ ਲੈ, ਦਿਉਤੇ ! ਕਸ਼ਟ ਨਿਵਾਰ ।
ਤੂੰ ਉੱਚਾ ਇਹ ਬੇਨਤੀ ਭਲਾ ਨਾ ਕਰੇਂ ਕਬੂਲ,
ਤਾਂ ਵੀ ਦੁਖੇ ਨਾ ਮਨ ਮਿਰਾ, ਰੋਸਾ ਕਰਾਂ ਨਾ ਮੂਲ ।
ਕਿਉਂਕਿ ਪੂਜਣ ਜੋਗ ਜੋ, ਕਰਨ ਜੇ ਉਹ ਅਪਮਾਨ,
ਲੱਜਾ ਆਉਂਦੀ ਨਾ ਰਤੀ, ਨਾ ਘਟ ਜਾਂਦਾ ਮਾਣ ।
ਨੀਚ ਕਬੂਲਣ ਗੱਲ ਜੇ, ਤਦ ਵੀ ਫ਼ਖ਼ਰ ਨਾ ਹੋਇ,
ਉਚਿਆਂ ਦੀ ਉਚਿਆਣ ਨੂੰ ਨੀਵੀਂ ਨਜ਼ਰ ਨਾ ਛੋਹਿ ।"

7

ਆਖੇ : "ਤਪਦੇ ਮਨਾਂ ਦੇ ਤੂੰ ਨਿਤ ਹਰਨੈਂ ਤਾਪ,
ਮਨ ਮੇਰਾ ਵੀ ਤਪ ਰਿਹਾ, ਹਰ ਇਸਦਾ ਸੰਤਾਪ ।
ਯਖ-ਰਾਜ ਦੇ ਕੋਪ ਦਾ ਹੋਇਆ ਹਾਇ ! ਸ਼ਿਕਾਰ,
ਤੜਪਾਂ ਵਿਚ ਵਿਜੋਗ ਦੇ, ਲੂੰ ਲੂੰ ਹਈ ਦੁਖਿਆਰ ।
ਵਿਛੜੀ ਸੁਹਣੀ ਸੱਜਣੀ, ਰੂਪ ਰਸਾਂ ਦੀ ਖਾਣ,
ਧੁਖ ਧੁਖ ਚੁੜ ਚੁੜ ਬਲ ਰਹੇ ਤਨ ਦੇ ਵਿੱਚ ਪਰਾਣ ।
ਬ੍ਰਿਹੁੰ-ਤਾਪ ਇਹ ਸੱਜਣਾ ਤੂੰ ਹੀ ਕਰਦੈਂ ਦੂਰ,
ਦੁਖੀਏ ਦਿਲ ਦੀ ਵੇਦਨਾ, ਸੁਣੀ ਤਰਸ-ਭਰਪੂਰ ।
ਸੁਹਣੀ ਮੇਰੀ ਸੱਜਣੀ ਪਾਸ ਲਿਜਾ ਸੰਦੇਸ਼;
ਦੋ ਦਿਲ ਤਪਦੇ ਠਾਰ ਦੇ, ਹਰ ਇਹ ਬਿਪਤ-ਕਲੇਸ਼ ।
ਇਸ ਕਾਰਜ ਲਈ ਤੁਧੇ ਨੂੰ ਯੱਖ-ਨਗਰ 'ਅਲਕੇਸ਼'
ਸਮਝੀਂ ਜਾਣਾ ਪਵੇਗਾ, ਅਪਣੇ ਏਸੇ ਵੇਸ ।
ਉਹ ਸੁੰਦਰ ਅਲਕਾ ਪੁਰੀ, ਜਿਸਦੇ ਰੰਗ-ਮਹੱਲ,
ਉੱਚੇ ਸਤ ਸਤ ਮੰਜ਼ਿਲੇ ਉਸਰੇ ਅੰਬਰ ਵੱਲ ।
ਸ਼ਿਵ-ਮਸਤਕ ਤੇ ਸਜੇ ਜੋ ਨੂਰ ਨੁਹਾਲਿਆ ਚੰਦ,
ਚੁੰਮਣ ਉਸ ਨੂੰ ਉਭਰ ਕੇ ਹੋ ਚੰਦੋਂ ਦਹਿ ਚੰਦ ।
ਸੁਰਗੋਂ ਵਧ ਰਮਣੀਕ ਇਸ ਘੁੱਘ-ਨਗਰ ਦੇ ਨਾਲ,
ਦਰਸ ਅਲੱਭ ਸ਼ਿਵ ਦਾ ਹੋਇ ਸਾਖਿਆਤ, ਤਤਕਾਲ ।"

8

ਠਹਿਰ ਰਤੀ ਫਿਰ ਬਿਨਵਦਾ : "ਤੂੰ ਜਾ ਚੜ੍ਹ ਅਸਮਾਨ,
ਖੰਭ ਪਸਾਰੀਂ ਉੱਡਸੇਂ, ਤਕਸੇਂ ਹੋ ਹੈਰਾਨ ।
ਹਿਜਰ-ਝਲੂਠੀਆਂ ਸੁਹਣੀਆਂ ਪਾ ਗਲ ਖੁਲ੍ਹੇ ਕੇਸ,
ਮੰਦੇ ਹਾਲੀਂ ਬੈਠੀਆਂ, ਖੁੱਸੇ ਮੈਲੇ ਵੇਸ ।
ਗੱਲ੍ਹਾਂ ਤੋਂ ਚੁਕ ਲਿਟਾਂ ਨੂੰ, ਤੇਰਾ ਰੂਪ ਨਿਹਾਰ;
ਆਸਾਂ ਦੇ ਵਿਚ ਸੋਚਸਨ, ਮੁੜਸੀ ਘਰੀਂ ਭਤਾਰ ।
ਬਰਖਾ ਉਤਰਨ ਸਾਰ ਹੀ ਪਰਦੇਸਾਂ ਤੋਂ ਪਰਤ,
ਸਜਣ-ਸੁਹੇਲੇ ਔਣਗੇ, ਸੁਖ ਜਾਏਗਾ ਵਰਤ ।
ਨਹੀਂ ਅਕਾਰਨ ਆਸ ਇਹ, ਅਤਿ ਸੁਹਣੀ ਬਰਸਾਤ
ਪੀਂਘਾਂ ਪਾ ਸਤ ਰੰਗੀਆਂ ਨਸ਼ਿਆਉਂਦੀ ਵਣ-ਪਾਤ ।
ਕਿਣ ਮਿਣ ਕਣੀਆਂ ਕਿਰਨ ਜਾਂ, ਅਰਸ਼ੋਂ ਪਏ ਫੁਹਾਰ,
ਲੈਣ ਸੁਨੇਹੇ ਬਿਰਹਨਾਂ, ਸਫਲਾ ਹੋਇ ਪਿਆਰ ।
ਅਰਸ਼ ਝਾਕੀਆਂ ਇਨ੍ਹਾਂ ਵਿਚ ਕਿਹੜਾ ਉਹ ਮੁਰਦਾਰ,
ਸੱਜਣੀਆਂ ਨੂੰ ਮਿਲਣ ਲਈ ਨਾ ਜੋ ਹੋਇ ਤਿਆਰ ?
ਪਰ ਮੇਰੇ ਜਿਹੇ ਪਰ-ਅਧੀਨ ਪੁਰਸ਼ ਨੇ ਜੋ ਮੰਦੇ ਭਾਗ;
ਦੂਰ ਪਏ ਪ੍ਰੀਅ-ਨਗਰ ਤੋਂ, ਵਿਲਕਣ ਵਿੱਚ ਵਰਾਗ ।"

9

"ਹੇ ਗਗਨਾਂ ਵਿੱਚ ਉਡਦੇ !" ਬੋਲੇ : "ਮੇਰੇ ਮਿੱਤ !
ਪੀੜ ਵੰਡ ਇਸ ਮਿੱਤ ਦੀ, ਕਰ ਕੇ ਕੂਲਾ ਚਿੱਤ ।
ਸੁਣ ! ਜਿਸ ਪਾਸੇ ਵਗ ਰਹੀ, ਪੌਣ ਸੁਹਾਵੇ ਵੇਗ,
ਉਸ ਪਾਸੇ ਤੂੰ ਜਾਵਣਾ ਜਾਮਨ-ਵੰਨੇ ਮੇਘ ।
ਮਾਖੋ ਮਿੱਠੇ ਸੁਰਾਂ ਵਿੱਚ ਰਿਹਾ ਬੰਬੀਹਾ ਬੋਲ,
ਸ਼ੁੱਭ ਲੱਛਣ ਸਭ ਹੋ ਰਹੇ, ਚਹੁੰ ਦਿਸ ਸਾਡੇ ਕੋਲ ।
ਜਦ ਏਥੋਂ ਤੂੰ ਉੱਡ ਕੇ ਜਾਏਂਗਾ ਕੁਝ ਦੂਰ,
ਸਾਰਸ-ਜੋੜੇ ਤੱਕਸੇਂ ਕਾਮ-ਨਸ਼ੇ ਵਿੱਚ ਚੂਰ ।
ਲੋਚਾ ਗਰਭਾਦਾਨ ਦੀ ਵੱਡੇ ਚਾਵਾਂ ਨਾਲ,
ਕਰ ਕੇ ਧੌਣਾਂ ਲੰਮੀਆਂ ਉੱਡਣ ਹੁੱਬ-ਉਛਾਲ ।
ਨੀਲੇ ! ਤੇਰੇ ਨਾਲ ਉਹ ਮਣੀਆਂ-ਮਾਲਾ ਹਾਰ,
ਲੱਗੇ ਲਗਸਨ ਸੋਹਿਣੇ, ਮੋਹੂ ਇਹ ਦੀਦਾਰ ।
ਇੰਜ ਆਉਂਦ ਇਹ ਉਨ੍ਹਾਂ ਦੀ ਯਾਤ੍ਰਾ ਕਰੂ ਸੁਭਾਗ,
ਸ਼ੋਭਾ ਤੇਰੀ ਵਧੇਗੀ, ਲੈ ਹੁਸਨੀਲੀ-ਲਾਗ ।
ਜਦ ਇਉਂ ਮੋਹਣੀ ਕਾਮਨੀ, ਚੁੰਬਕ-ਛੋਹਾਂ ਲਾਇ;
ਕਾਮੀ ਜਨ ਵਡਭਾਗ ਹੋ, ਨੂਰ-ਝਾਲ ਵਿੱਚ ਨ੍ਹਾਇ ।"

10

ਯੱਖ ਆਖੇ, "ਮੰਗਲ-ਮਈ ਚਿੰਨ੍ਹ ਦਿੱਸਣ ਚੌਫੇਰ,
ਦੱਸਣ ਤੇਰੀ ਯਾਤਰਾ ਸਫਲੀ ਹੈ ਇਸ ਵੇਰ ।
ਰੋਕ ਨਾ ਰਾਹ ਵਿੱਚ ਕੁਈ ਵੀ, ਤੁੱਧੇ ਨੂੰ ਅਟਕਾਇ,
ਵੇਖ ! ਸੁਆਗਤ-ਰੀਝ ਵਿੱਚ ਮੰਡਲ ਸਭ ਮੁਸਕਾਇ ।
ਪਤੀ ਵਿਜੋਗਣ ਫ਼ਰਸ਼ ਤੇ ਬੈਠੀ ਵਿੱਚ ਇਕੱਲ,
ਹਹੁਕੇ ਲੈਂਦੀ ਤੱਕਸੇਂ, ਵਿੰਹਦੀ ਅੰਬਰ ਵੱਲ ।
ਇਕ ਇਕ ਦਿਨ ਉਸ ਵਾਸਤੇ ਬੀਤੇ ਸਦੀ ਸਮਾਨ;
ਮਿਲਣ-ਆਸ ਵਿੱਚ ਨਿਕਲਦੇ ਨਹੀਂ ਪਰ ਤਨੋਂ ਪ੍ਰਾਣ ।
ਕਸ਼ਟ ਅਸਹਿ ਇਹ ਬ੍ਰਿਹੁੰ ਦਾ ਰਹੀ ਦੁੱਖਾਂ ਵਿੱਚ ਝੱਲ;
ਖਪਿਆ ਜਿਸਮ ਵਿਜੋਗ ਵਿੱਚ, ਬਣੀ ਧੌਂਕਣੀ ਖੱਲ ।
ਪ੍ਰੇਮ-ਆਰਤ ਉਹ ਕਾਮਨੀ, ਮਨ ਜਿਸ ਫੁੱਲ ਸਮਾਨ,
ਝੁਲਸੀ ਬ੍ਰਿਹੁੰ ਸਪਰਸ਼ ਲੈ, ਹੋਸੀ ਨਿੰਮੋਂ-ਝਾਣ ।
ਪ੍ਰੀਤਮ ਪਾਸੋਂ ਵਿੱਛੜੀ, ਲੁੱਛੇ ਵਿੱਚ ਵਿਜੋਗ,
ਪਰ ਜੀਵਾਈ ਰੱਖਦੀ ਉਸ ਨੂੰ ਆਸ-ਸੰਜੋਗ ।
ਬੀਤੂ ਸਮਾਂ ਸਰਾਪ ਦਾ ਫੇਰ ਮਿਲਣਗੇ ਮਿੱਤ,
ਜਿਊਂਦੀ ਏਸ ਉਮੀਦ ਵਿੱਚ ਮੇਰੀ ਕੋਮਲ-ਚਿੱਤ ।
ਪਤਨੀ ਮੇਰੀ ਮਿਲੇਗੀ, ਪੀਲੀ, ਮੰਦੇ ਹਾਲ,
ਠਹਿਰੀਂ, ਤੱਕੀਂ, ਮਿਲਣ ਦੀ ਦੇਵੀਂ ਰੀਝ ਜਿਵਾਲ ।"

11

ਫੇਰ ਫੁਲਾਵਣ ਵਾਸਤੇ ਯੱਖ ਚਲਾਉਂਦਾ ਬਾਤ,
"ਬਦਲਾ ! ਤੇਰੀ ਗਰਜਣਾ, ਮਿੱਠੀ, ਅਰਸ਼ੀ-ਦਾਤ ।
ਨਿਰਾ ਨਾ ਮੈਨੂੰ ਸੁਖ ਦਏਂ, ਧਰਤੀ ਵੀ ਸੁਣ ਬੋਲ,
ਚਾਈਂ ਭਰ ਫੁੱਲ ਉੱਠਦੀ ਮਹਿਕੇ, ਲਹਿਕੇ ਝੋਲ ।
ਹੋ ਜਾਂਦੀ ਉਹ ਫਲ-ਵਤੀ ਖਿੜਨ ਅਨੇਕਾਂ ਫੁੱਲ
ਕੁੰਜਾਂ ਲਹਿ ਲਹਿ ਕਰਦੀਆਂ, ਕੁਹਕ ਉੱਠੇ ਕੋਇਲ ।
ਰਾਜ-ਹੰਸ ਦਲ ਜੋੜ ਕੇ ਉਡ ਪੈਂਦੇ ਨੇ ਫੇਰ,
ਮਾਨ ਸਰੋਵਰ ਵੱਲ ਉਹ ਜਾਂਦੇ ਹੀਆ ਹੁਲੇਰ ।
ਕੰਵਲ-ਸੁਗੰਧਤ ਪੱਤੀਆਂ ਸੁੰਘਦੇ ਫਿਰ ਕੈਲਾਸ਼
ਪਰਬਤ ਤਕ ਤੁਧ ਨਾਲ ਉਹ ਉਡਸਣ ਵਿੱਚ ਅਕਾਸ਼ ।
ਏਸ ਲੰਮੇਰੀ ਯਾਤਰਾ ਵਿੱਚ ਉਹ ਤੇਰੇ ਨਾਲ;
ਸਾਥੀ ਬਣ ਕੇ ਜਾਣਗੇ ਵਾਤਾਵਰਨ ਉਜਾਲ ।"

12

ਫਿਰ ਆਖੇ : "ਹੇ ਮੇਘ ! ਏਧਰ ਆਉਣਾ,
ਅਪਣੇ ਪਿਆਰੇ ਮੀਤ ਸਖੇ ਸੁਜਾਨ ਦੀ
ਸੈਲ-ਸਿਖਰ ਨੂੰ ਚੁੰਮ ਤੇ ਲੈ ਆਗਿਆ
ਵੀਰਾ ! ਛੇਤੀ ਨਾਲ ਏਥੋਂ ਜਾਣ ਦੀ ।
ਸੈਲ ਇਹ ਮਹਾਂ ਪਵਿਤ, ਤੇ ਵਡ-ਭਾਗ ਵੀ
ਜਿੱਥੇ ਚਰਨ ਮਲੂਕ ਲੱਗੇ ਰਾਮ ਦੇ ।
ਇਸ ਦਾ ਮੱਥਾ ਧੂੜਿ-ਪਾਵਨ ਪਰਸ ਕੇ
ਬਣਿਆ ਜੱਗ ਦਾ ਪੂਜ; ਉੱਚਾ ਮਰਤਬਾ ।
ਜਗਤ-ਉਧਾਰਕ ਨਾਥ ਰਘੁ-ਪਤਿ ਰਾਮ ਨੇ,
ਕੀਤਾ ਆਇ ਸਨਾਥ, ਧੰਨ ਇਹ ਸੈਲ ਹੈ ।
ਸੈਲ-ਸਿਖਰ ਇਸ ਨਾਲ ਜਦ ਸੰਜੋਗ ਹੋਇ
ਤੇਰਾ, ਤਦੋਂ ਵਿਜੋਗ ਤਾਏ ਪੁਰਸ਼ ਜੋ
ਠੰਢ ਕਰਨ ਪਰਤੀਤ; ਧੰਨ ! ਤੁਧ ਆਵਣਾ ।
ਮਿਲਕੇ ਨੇਹੀਆਂ ਨਾਲ ਕਰੇਂ ਪਿਆਰ ਤੂੰ;
ਐਸੇ ਪਰੇਮਾਧੀਨ ਮੈਂ ਪ੍ਰੇਮੀ ਤਈਂ
ਤੈਨੂੰ ਮਿਲੇ ਬਗੈਰ ਜਾਣ ਨਾ ਸੋਭਦਾ ।
ਹੇ ਜਲ-ਧਾਰੀ-ਮੇਘ ਸਜਣਾਂ ਸੁਹਣਿਆਂ !
ਦੇਵਾਂ ਮੈਂ ਸੰਦੇਸ਼, ਤੇਰੀ ਵਾਟ ਦਾ
ਖੋਲ੍ਹ ਸੁਣਾਵਾਂ ਹਾਲ ਦੇਈਂ ਕੰਨ ਤੂੰ ।
ਰਾਹ ਇਹ ਔਖਾ ਅੱਤ ਮਹਾਂ ਭਿਆਨ ਵੀ,
ਪਰ ਤੂੰ ਡਰੀਂ ਨਾ ਮੂਲ, ਸਿਖਰ ਲਿਤਾੜਦਾ,
ਚੜ੍ਹਦਾ ਜਾਈਂ ਉਤਾਂਹ, ਥੱਕੇਂ, ਸਾਹ ਲਵੀਂ ।"
ਗੱਲ ਤੋਰੇ ਇੰਜ ਯੱਖ : "ਸੱਜਣ ਮੇਘਲੇ !
ਆ ਅਪਣੇ ਪ੍ਰੀਅ ਮਿੱਤ ਰਾਮਾ-ਗਿਰੀ ਦੇ
ਸੈਲ ਸਿਖਰ ਚੁੰਮ ਪਰਸ, ਛੁਹ ਲਇ ਰੰਗਲੀ ।
ਪਰਬਤ ਮਹਾਂ-ਪਵਿਤ ਮਹਾਂ ਵਡ-ਭਾਗ ਹੈ,
ਰਘੁ-ਕੁਲ, ਰਘੁਪਤਿ ਰਾਮ ਪਗ-ਚਿੰਨ੍ਹ ਚਿੱਤਰੇ
ਮੇਖਲਾ ਜੋ ਇਸ ਲੱਕ ਬੱਧੀ, ਓਸ ਤੇ ।
ਮਸਤਕ ਏਸ ਵਿਸ਼ਾਲ ਤੇ ਜਗ-ਪੂਜ ਦੇ
ਚਿਤ੍ਰੇ-ਚਰਨ ਅਨੂਪ, ਰਿਸ਼ਮਾਂ ਫੁਟਦੀਆਂ ।
ਸਮੇਂ ਸਮੇਂ ਅਨੁਸਾਰ ਜਦ ਸਿਖਰਾਂ ਉੱਤੇ
ਤੇਰੇ ਹੋਣ ਸੰਜੋਗ, ਤਦ ਮਾਨੁਖ ਉਹ
ਜੋ ਚਿਰ-ਬਿਰਹੀ ਹੈਨ ਤੇਰੇ ਨਾਲ ਆ
ਮਨ ਦੀ ਕੱਢ ਹਵਾੜ, ਹੋਣ ਗਲਵੱਕੜੀ ।
ਇੰਜੇ ਪਿਆਰ-ਅਧੀਨ ਪ੍ਰੇਮੀਆਂ ਨਾਲ ਤੂੰ,
ਭੇਂਟ ਕੀਤਿਆਂ ਬਾਝ ਜਾਏਂ ਕਿਸ ਤਰ੍ਹਾਂ ?

13

ਹੇ ਜਲ-ਧਾਰੀ ਮੇਘ ! ਪਹਿਲਾਂ ਏਸ ਤੋਂ
ਨੇਹੁੰ-ਸਨਿਗਧ-ਸੰਦੇਸ਼ ਤੂੰ ਅਪੜਾ ਦਏਂ,
ਰਾਹ ਖਹਿੜੇ ਦਾ ਹਾਲ ਸੁਣੀਂ ਧਿਆਨ ਦਏ ।
ਇਹ ਮਾਰਗ ਵਡ-ਲੰਮ ਤੇ ਕਸ਼ਟਾਵਲਾ
ਪਰ ਤੂੰ ਡਰੀਂ ਨਾ ਮੂਲ ਬਣਨਾ ਵੀਰ ਹਈ ।
ਉਚੀਆਂ ਸਿਖਰਾਂ-ਸੈਲ ਸਹਿਜੇ ਗਾਹਣੀਆਂ;
ਠਹਿਰ ਠਹਿਰ ਸਸਤਾਇ ਚੜ੍ਹਨਾ ਉੱਪਰਾਂ ।
ਮੁੜ ਮੁੜ ਹਿੰਮਤ ਧਾਰ ਉੱਚਾ ਹੋਣ ਲਈ,
ਅਪਣਾ ਲਾਈਂ ਤਾਣ, ਹੰਭੇਂ ਜੇ ਕਦੇ,
ਤਾਂ ਸਦ ਵਹਿੰਦੇ ਸੋਤ ਤੇ ਬਹਿ, ਘੁੱਟ ਪੀ;
ਲਾ ਕੇ ਸਜਰਾ ਤਾਣ ਹੁਈਂ ਉਡਾਰ ਤੂੰ ।
ਤੇਰੀ ਮਿਟੂ ਪਿਆਸ, ਤ੍ਰਿਪਤੀ ਆਏਗੀ;
ਰਾਹ ਦੀ ਥਕਣ ਅਕਾਣ ਤੁਧ ਉਤਸਾਹ ਨੂੰ
ਪੋਹੂ ਰਤੀ ਨਾ ਫੇਰ, ਉੱਚਾ ਚੜ੍ਹੇਂਗਾ ।

14

ਨਭ-ਵਾਸੀ ਸਿਧ-ਨਾਰੀਆਂ ਗਗਨਾਂ ਦਾ ਅਸਵਾਰ
ਤੱਕ ਕਰੇਸਨ ਸੈਨਤਾਂ, ਦਿਲੋਂ ਪਿਆਰ ਉਛਾਲ ।
ਤੇ ਫਿਰ ਮੁੜ ਮੁੜ ਸੋਚਸਨ, ਪਰਬਤ ਸਿਖਾ ਮਹਾਨ;
ਮਨੋਂ ਉਡਾਈ ਲਿਆ ਰਹੀ, ਪੌਣ ਵਿਖਾਂਦੀ ਤਾਣ ।
ਉਹ ਗਗਨੰਤ੍ਰੀ-ਰਮਣੀਆਂ ਸਿਧ-ਨਾਰਾਂ ਸੁਕੁਮਾਰਿ,
ਕੰਬਸਨ, ਡਿੱਗੇ ਨਾ ਮਤੇ ਇਹ ਗਿਰ ਧੌਲੀ ਧਾਰ ।
ਚਾਹੇ ਤੂੰ ਪਰਾਹੁਣਾ ਬਣਿ ਲੋਚੇਂਗਾ ਫੇਰ,
ਨੈਣ-ਨਸ਼ੀਲੇ ਵਾਲੀਆਂ ਦੇਣ ਦਰਸ ਇਕ ਵੇਰ ।
ਉੱਡਣ ਲਈ ਤਿਆਰ ਹੋ, ਤਣ ਲੈ ਬਲੀ ਸਰੀਰ;
ਪੁੱਜੀਂ ਅਲਕਾ ਪੁਰੀ ਜਾ ਪੰਧ ਲਮੇਰਾ ਚੀਰ ।
ਦਿੱਗਜ ਉੱਤਰ ਦਿਸ਼ਾ ਦੇ ਭਰੇ ਨਾਲ ਹੰਕਾਰ,
ਮਾਣ ਇਨ੍ਹਾਂ ਦਾ ਤੋੜ ਜਾ ਬਲ ਵੱਡਾ ਹੁਣ ਧਾਰ ।

15

ਸਨਮੁਖ ਤਕ ਇੰਦਰ-ਧਨੁਸ਼, ਨੈਣਾਂ ਨੂੰ ਦਏ ਨੂਰ,
ਸੈ ਰਤਨਾਂ ਦੀ ਪ੍ਰਭਾ ਸਮ, ਮਨ ਵਿੱਚ ਭਰੇ ਸਰੂਰ ।
ਵਾਲਮੀਕ ਚੋਟੀ ਉੱਤੇ, ਅਗਲੇ ਹਿੱਸੇ ਵੱਲ,
ਨਿੱਕਲ ਕੇਡੀ ਦੱਖ ਦਏਂ, ਰਸ਼ਮਾਂ ਰਹੀਆਂ ਢੱਲ ।
ਬਦਨ ਤੇਰਾ ਇਹ ਸਾਉਲਾ ਇਉਂ ਸੋਭੇਗਾ ਫੇਰ,
ਨੀਲ ਵਰਣ ਸ਼੍ਰੀ ਕ੍ਰਿਸ਼ਨ ਜਿਉਂ ਫੱਬਣ ਨੂਰ ਖਲੇਰ ।

16

ਹੇ ਜਲ-ਧਾਰੀ ਜਾਣਨੈ ਫਸਲਾਂ ਤੁੱਧ ਅਧੀਨ;
ਤੂੰ ਤੁੱਠੇਂ ਰੰਗ ਲੱਗਦਾ, ਰੁੱਸੇਂ ਤਪੇ ਜ਼ਮੀਨ ।
ਇਸੇ ਲਈ ਤਕ ਤੁੱਧ ਨੂੰ ਜਟ-ਨਢੀਆਂ ਦੇ ਨਾਲ
ਪਿੰਡਾਂ ਦੀਆਂ ਸੁਅੰਗਣਾਂ ਨਚ ਉਠਸਨ ਤਤਕਾਲ ।
ਵਲਾਂ ਛਲਾਂ ਤੋਂ ਉੱਚੀਆਂ, ਪ੍ਰੀਤ-ਸਨਿਗਧ, ਅਜੱਬ,
ਦਰਸ਼ਨ ਕਰ ਕੇ ਸਮਝਸਨ, ਸ਼ੈ ਜਿਉਂ ਮਿਲੀ ਅਲੱਭ ।
ਵਡ-ਉਪਕਾਰੀ ਜਾਣ ਕੇ ਦੇਣ ਤੈਨੂੰ ਸਤਿਕਾਰ
ਸੁੱਚੀਂ ਤੱਕਣੀ ਤੱਕਸਨ, ਭਰੀਆਂ ਨਾਲ ਪਿਆਰ ।
ਸਚੀਆਂ, ਭੋਲੀਆਂ ਭਾਲੀਆਂ ਰੂਪ ਰੱਜੀਆਂ ਜਵਾਨ;
ਨੈਣ-ਵਿਲਾਸੀ ਉਨ੍ਹਾਂ ਦੇ, ਰਸ ਕਰ ਲਈਂ ਇਹ ਪਾਨ ।
ਜੂਹ ਉਨ੍ਹਾਂ ਦੀ ਵੱਸ ਕੇ ਸਿੰਜ ਨਵ-ਵਾਹੇ ਖੇਤ,
ਛੇਤੀ ਉੱਤਰ ਦਿਸ਼ਾ ਵੱਲ ਉੱਡੀਂ ਸ਼ਾਮ ਸਵੇਤ ।

17

ਓਥੋਂ ਕੁਝ ਅੱਗੇ ਰਤੀ 'ਆਮਰ-ਕੂਟ' ਪਹਾੜ
ਆਵੇਗਾ, ਜੋ ਸਮਝਸੀ ਤੂੰ ਸਾਕਾਰ ਉਪਕਾਰ ।
ਦਾਵਾਨਲ ਦੇ ਸਾੜ ਨੂੰ ਪਲੀਂ ਮਿਟਾਵਣ-ਹਾਰ,
ਆਇਆ ਪਿਆਰਾ ਪ੍ਰਾਹੁਣਾ, ਲੰਮੀਆਂ ਮਜਲਾਂ ਮਾਰ ।
ਸਿਰ-ਮੱਥੇ ਬਿਠਲਾਇਗਾ, ਖ਼ੁਸ਼ ਹੋਵੇਗਾ ਫੇਰ,
ਰਸ ਭਰ ਰਮ ਵਿਚ ਪ੍ਰੀਤ ਦੇ ਬਾਹਾਂ ਦਿਊ ਉਲੇਰ ।
ਨੀਚ ਵੀ ਖ਼ੁਸ਼ ਨੇ ਹੋਂਵਦੇ, ਜੇ ਆਏ ਮਹਿਮਾਨ
ਉਪਕਾਰੀ, ਤਾਂ ਸਜਣਾਂ ਦੇ ਰਾਹ ਨੈਣ ਵਿਛਾਣ ।
'ਆਮਰ-ਕੂਟ' ਉੱਚਾ ਸਿਖਰ, ਉੱਚ-ਆਸ਼ੈ, ਮਹਾਂ ਮਾਨ,
ਉਸ ਦੀ ਕਰਨੀ ਗੱਲ ਕੀ, ਉਹ ਤਾਂ ਅਮਰ, ਮਹਾਨ ।
ਉਹ ਹਰ ਆਏ ਨੂੰ ਦਏ ਖ਼ੁਸ਼ ਹੋ ਕੇ ਸਤਿਕਾਰ,
ਕਰਦਾ ਸੁਆਗਤ ਰੀਝ ਕੇ, ਨਾਲੇ ਦਏ ਪਿਆਰ ।

18

ਭਰਿਆ ਸੁਹਜਾਂ ਨਾਲ ਉਹ, ਫਬਿਆ ਕੁੰਜਾਂ ਨਾਲ;
ਆਮਰ ਕੂਟ ਇਸੇ ਲਈ ਨਾਂ ਦਇ ਨਸ਼ੇ ਪਿਆਲ ।
ਅੰਬ ਪੱਕੇ ਰਸ ਦੇ ਭਰੇ, ਲੱਦੇ ਲੰਮੇ ਡਾਲ,
ਸਿਖਰ ਸੁਹਾਉਣੇ ਹੋਰ ਵੀ ਪੀਲੇ ਅੰਬਾਂ ਨਾਲ ।
ਸੋਨੇ ਸਮ ਉਹ ਜਾਪਦਾ, ਇਸ ਅੰਬਾਂ ਦੀ ਰੁੱਤ,
ਜਾਪੇਂਗਾ ਤੂੰ ਉਸ ਉੱਤੇ ਰੂਪਵਤੀ ਦੀ ਗੁੱਤ ।
ਤਕ ਇਸ ਪਰਬਤ ਛਬੀ ਨੂੰ ਦੇਵ-ਸੁਅੰਗਣਾਂ ਫੇਰ,
ਸਮਝਣ ਕੋਈ ਸੁੰਦਰੀ ਬੈਠੀ ਸਿਖਰ-ਸੁਮੇਰ ।
ਮੇਘ ਉਸ ਦੀ ਹੈ ਗੁੱਤਨੀ, ਅੰਬ ਸੁਨਹਿਰੇ ਮੁੱਖ,
ਤਿੱਖੇ ਸਿਖਰ ਉਰੋਜ ਨੇ, ਰੂਪ ਕਿ ਲਹਿੰਦੀ ਭੁੱਖ ।
ਦਿਸਦੀ ਧਰਤ ਜਵਾਨ ਹੈ, ਫੱਬੀ ਫਬਣ ਹੁਲਾਰ,
ਭਰਵਾਂ ਭਰਵਾਂ ਰੂਪ ਹੈ, ਮੋਹ ਲੈਣਾ ਦੀਦਾਰ ।

19

ਰਸ-ਲੀਲਾ ਅਸਥਾਨ ਨੇ ਆਮਰ-ਕੂਟੀ ਕੁੰਜ,
ਰਮ ਰਹੀਆਂ ਵਣ-ਰਮਣੀਆਂ, ਸੁੰਦਰ, ਸੋਭਾ-ਪੁੰਜ ।
ਠਹਿਰੀਂ ਥਕਣ ਉਤਾਰ ਲਈਂ, ਭੋਂ ਤਪਦੀ ਜਾ ਠਾਰ,
ਪਲ ਦਾ ਪਲ ਸਸਤਾ, ਤੁਰੀਂ ਪਾ ਗਲ ਮਣੀਆਂ ਹਾਰ ।
ਦੇ ਦੇਵੇਗਾ ਲਾਭ ਫਿਰ ਤੇਰਾ ਇਹ ਜਲ-ਦਾਨ,
ਪਰਗਟ ਕਰ ਕੇ ਪਿਆਰ ਫਿਰ ਹੌਲਾ ਹੁਏਂ ਸੁਜਾਨ ।
ਪੈਰ ਤਿਖੇਰੇ ਪੈਣਗੇ, ਨਿਬੜੂ ਪੰਧ ਸੁਖਾਲ,
ਉੱਡੇਗਾਂ ਆਕਾਸ਼ ਤੇ ਮਟਕ-ਆਦਾਵਾਂ ਨਾਲ ।
ਕੁਝ ਅੱਗੇ ਜਦ ਜਾਏਂਗਾ, ਉਚੇ ਵਿਖਮ ਪਹਾੜ,-
ਵਿੰਧੀਆਚਲ ਵਿੱਚ ਵੱਗਦੀ ਦੇਸੀ ਨਦੀ ਦਿਦਾਰ ।
ਨਾਂ ਉਸ ਦਾ ਹੈ 'ਨਰਬਦਾ' ਸੈ ਧਾਰਾਂ ਵਿੱਚ ਵੱਟ
ਮਚਲੇ ਵਿੱਚ ਪਹਾੜ ਦੇ, ਨੱਚੇ ਜਿਉਂ ਕੁਈ ਨੱਟ ।
ਤੂੰ ਸਮਝੇਂਗਾ ਵੇਖ ਕੇ, ਹਾਥੀ ਕਿਸੇ ਵਿਸ਼ਾਲ
ਦੀ ਕਾਲੀ ਪਿੱਠ ਉੱਪਰੇ, ਰੇਖਾਂ ਚਿਤ੍ਰਿਆ ਜਾਲ ।

20

ਅਰਘਾ ਅਰਪੀਂ ਮੇਘਲੇ ! ਨਿਵੀਂ ਨਾਲ ਸਤਿਕਾਰ,
ਜਲ ਪੀ ਪਾਵਨ ਨਦੀ ਦਾ, ਉੱਡੀਂ ਖੰਭ ਹੁਲਾਰ ।
ਹਾਥੀਆਂ ਦਾ ਮਦ ਪਾਨ ਕਰ ਤੰਦਰੁਸਤ ਇਹ ਹੋਇ,
ਜਾਮਨ-ਰੁੱਖਾਂ ਵਿੱਚ ਵਹੇ, ਗੀਤ ਸੁਹੇਲੇ ਛੋਹਿ ।
ਏਹ ਸੁਗੰਧਤ ਨੀਰ ਪੀ ਤੂੰ ਹੋਸੇਂ ਬਲਵਾਨ;
ਪੌਣ ਨਾ ਮਨ ਮਾਨੀ ਕਰੂ ਤੈਨੂੰ ਲਿੱਸਾ ਜਾਣ ।
ਭਾਰਾ ਗੌਰਾ ਹੋਵਸੇਂ ਮਸਤ ਚੱਲਸੇਂ ਚਾਲ;
ਬੁੱਲੇ ਧੱਕ ਨਾ ਸਕਣਗੇ, ਸਹਿਜ ਸੁਭਾਵ, ਸੁਖਾਲ ।
ਹੌਲੇ ਹੀ ਸੰਸਾਰ ਵਿੱਚ ਝੱਲਣ ਨਿਤ ਅਪਮਾਨ;
ਪੂਰਨ ਉੱਚੇ ਪਾਉਂਦੇ ਹਰ ਥਾਂ ਜਾ ਸਨਮਾਨ ।

21

ਹੇ ਨੀਰਦ ! ਅਧ-ਖਿੜੇ ਹੋਇ ਕੱਢੇ ਫੁੱਲ ਕਦੰਬ;
ਹਰੇ ਤੇ ਪੀਲੇ ਰੰਗ ਦੇ ਉਛਲਨ ਗਿਰਦੇ ਛੰਭ ।
ਕੇਲੇ ਹੋਸਨ ਫਲ ਗਏ, ਨੈਂ ਕੰਢੇ ਦੇ ਨਾਲ,
ਵਣ ਜੋ ਸੀ ਅਧ-ਜਲੇ ਹੋਇ, ਵਰਖਾ ਨਾਲ ਨਿਹਾਲ ।
ਧਰਤਿ ਅਨੰਦ-ਉਨਮਤ ਲਵੇ ਮਹਿਕਾਂ ਭਰੇ ਸੁਆਸ,
ਹੰਸ ਨੇ ਰਾਹਾਂ ਵੇਖ ਰਹੇ, ਮਨ ਵਿੱਚ ਮਿਲਣ-ਹੁਲਾਸ ।
ਮੇਰੇ ਮਿੱਤਰ ਮੇਘਲੇ ! ਰਿਮ-ਝਿਮ, ਰਿਮ-ਝਿਮ ਲਾਇ,
ਜਿਹੜੇ ਰਸਤੇ ਜਾਵਸੇਂ, ਰਸ ਭਰ ਧਰਤ ਸੁਹਾਇ ।
ਰਾਜ-ਹੰਸ ਫੁਲਹਾਰ ਦੀ ਸੁੰਘ ਮਦ-ਮਇ ਸੁਗੰਧ;
ਉਨਮਤ ਹੋ ਰਾਹ ਦਸਣਗੇ ਉਡਦੇ ਨਾਲ ਅਨੰਦ ।
ਅੱਗੇ ਅੱਗੇ ਹੋਣਗੇ; ਰਾਹ ਪੁੱਛਣ ਦੀ ਲੋੜ,
ਤੈਨੂੰ ਫੇਰ ਨਾ ਪਏਗੀ, ਉਹ ਲੈ ਜਾਸਨ ਤੋੜ ।

22

ਧਰਤੀ ਤਾਂ ਝੂਮ ਉਠੇਗੀ ਤੇਰੇ ਜਾਵਣ ਨਾਲ,
ਤੇ ਮਨ ਸਭ ਦੇ ਨੱਚਸਨ, ਖ਼ੁਸ਼ੀਆਂ ਚਾਅ ਉਛਾਲ ।
ਅਰਸ਼ ਵੱਲ ਮੂੰਹ ਕਰਨਗੇ, ਚਾਤ੍ਰਿਕ, ਚਤਰ, ਚਤੰਨ;
'ਖਬਰੇ ਵਰਖਾ-ਕਣਿ ਮਿਲੇ !' ਟਹੀ ਲੈਣਗੇ ਬੰਨ੍ਹ ।
ਸਾਰਸ-ਡਾਰਾਂ ਮਸਤ ਹੋ ਉਡਸਨ ਖੰਭ ਖਲੇਰ;
ਮਸਤ ਦਿਵਾਨੇ ਰੰਗ ਵਿਚ ਰੰਗੇ ਜਾਸਨ ਫੇਰ ।
ਹੰਸਣੀਆਂ ਰੀਝਾਣ ਲਈ ਹੰਸ ਸਜੀਲੇ ਨਾਚ
ਪੌਣ-ਮੰਡਲ ਵਿਚ ਨਚਣਗੇ, ਇਸ਼ਕ ਨਸ਼ੇ ਵਿਚ ਗੁਆਚ ।
ਚਾਤ੍ਰਿਕ ਕਿਕਲੀ ਪਾਣਗੇ, ਭੌਰ ਗਾਣਗੇ ਗੀਤ;
ਗੂੰਜੇਗਾ ਹਰ ਪਾਸਿਓਂ ਵਰਖਾ-ਮਈ-ਸੰਗੀਤ ।
ਝੂਮ ਪੈਣਗੇ ਦੇਵਤਾ ਮੰਨ ਤੇਰਾ ਉਪਕਾਰ,
ਸਿਕ ਭਰ ਸਿੱਧ ਸੁਅੰਗਣਾਂ ਦੇਸਨ ਖੋਲ੍ਹ ਦਵਾਰ ।
ਆਤਰ ਹੋ ਮਿਲਣੀ ਲਈ ਬੈਠ ਬਰੂਹਾਂ ਵਿੱਚ
ਦਰਸ਼ਨ ਪ੍ਰੀਅ-ਉਡੀਕ ਦੀ, ਪਊ ਅਲੋਕੀ ਖਿੱਚ ।
ਦਿਉਤੇ ! ਇਨ੍ਹਾਂ ਸੁਅੰਗੀਆਂ ਦਾ ਲੈ ਕੇ ਛੁਹ-ਸੁਆਦ,
ਬਿਨ-ਦਾਹੇ ਹੀ ਮਾਣਸਨ, ਸੁਣ ਤੇਰਾ ਘਣ-ਨਾਦ ।

23

ਹੇ ਮਿੱਤਰ ਮੈਂ ਜਾਣਿਆ ਤੂੰ ਮੇਰਾ ਸੰਦੇਸ਼,
ਪ੍ਰੀਅ ਮੇਰੀ ਨੂੰ ਦਏਂਗਾ, ਕਰਸੇਂ ਦੂਰ ਕਲੇਸ਼ ।
ਚਾਹੇ ਹੋਸੀ ਕਾਲ੍ਹ ਤੁਧ, ਪਰ ਮਲਿਆਗਰ-ਬਾਸ
ਵਿਹੜੇ ਪਰਬਤ ਵੇਖ ਕੇ,-
ਅਟਕੇਂਗਾ ਕੁਝ ਪਲਾਂ ਲਈ, ਹੈ ਮੈਨੂੰ ਵਿਸ਼ਵਾਸ ।
ਮਤਵਾਲੇ ਰੰਗ-ਰੱਤੜੇ ਸੁਹਣੇ ਬਾਂਕੇ ਮੋਰ,
ਤੈਨੂੰ ਤੱਕ ਕੇ ਨਚਸਨ, ਹੋਕੇ ਹੋਰੋਂ ਹੋਰ ।
ਮਨ ਇਹ ਦਰਸ਼ਨ ਵੇਖ ਕੇ ਮੋਹਿਆ ਜਾਸੀ ਫੇਰ,
ਤੁਰਨ ਨਾ ਲੋਚੇਂਗਾ, ਤਦੋਂ ਵਿਗਸੂ ਮਣੀਆਂ ਕੇਰ ।
ਪਰ ਮਿਤਰਾ ਬਿਨਤੀ ਕਰਾਂ, ਹਾਇ ! ਨਾ ਜਾਈਂ ਠਹਿਰ,
ਮਤੇ ਸੁਨੇਹਾ ਦੇਣ ਵਿਚ ਹੋਵੇ ਕਿਤੇ ਅਵੇਰ ।
ਵੇਖ ਨਜ਼ਾਰੇ ਸੋਹਣੇ, ਭਰਿਆ ਨਾਲ ਅਨੰਦ
ਵੀਰ, ਨਾ ਓਥੇ ਬਹਿ ਰਹੀਂ, ਅੱਖਾਂ ਕਰ ਕੇ ਬੰਦ ।

24

ਅੱਗੇ ਚੱਲ ਪੁੱਜ ਜਾਏਂਗਾ ਵਿਚ 'ਦਸ਼ਾਰਨ' ਦੇਸ;
ਤਪਤ ਮਿਟੂ ਤੁਧ ਜਾਂਦਿਆਂ ਬਦਲੂ ਕਣ ਕਣ ਵੇਸ ।
ਕਿਉੜੇ ਫੁੱਲਾਂ ਰੰਗਲੀ ਪੀਲੀ ਸੋਨੇ-ਵੰਨ,
ਵਾੜ ਹੋਊ ਉਪਬਨਾਂ ਦੀ ਤਕ ਹੋਸੇਂ ਪਰਸੰਨ ।
ਪਿੰਡਾਂ ਨੇੜੇ ਪੂਜ ਜੋ ਬੋਹੜ ਤੇ ਪਿਪਲ ਫੇਰ,
ਆਲ੍ਹਣਿਆਂ ਥੀਂ ਭਰਨਗੇ, ਦਿੱਸੂ ਖ਼ੁਸ਼ੀ ਚੁਫੇਰ ।
ਰੁੱਖ ਹੋਣਗੇ ਸਾਂਵਲੇ ਜਾਮਨ-ਗੁੱਛਿਆਂ ਨਾਲ,
ਹੋਰ ਹੋਣਗੇ ਸੰਘਣੇ ਜੰਗਲ ਉਹ ਤਤਕਾਲ ।
ਸ਼ਾਮ-ਰੰਗ ਲੈ ਲਵੇਗੀ, ਹਰ ਪੱਤੀ, ਹਰ ਡਾਲ;
ਹੰਸ ਵੀ ਏਥੇ ਠਹਿਰਨਾ ਲੋਚਣਗੇ ਕਰ ਖ਼ਯਾਲ ।
ਓਸ ਪਹਾੜੀ ਦੇਸ ਦੇ ਨਦੀਆਂ, ਚਸ਼ਮੇ, ਤਾਲ;
ਮੈਲੇ ਮੂਲ ਨਾ ਹੋਣਗੇ ਤੇਰੇ ਵੱਸਣ ਨਾਲ ।
ਸ਼ੋਭਾ ਨਾਲ ਸੰਪੰਨ ਹੋ ਇਹ ਸੰਪੂਰਣ ਦੇਸ਼,
ਹੋਰ ਵੀ ਸੁੰਦਰ ਬਣੇਗਾ, ਬਦਲ ਆਪਣਾ ਵੇਸ ।

25

'ਵਿਦਿਸ਼ਾ' ਨਾਮੀ ਨਗਰ ਜੋ ਹੈਵੇ ਜਗ ਵਿਖਿਆਤ,
ਰਾਜਧਾਨੀ ਹੈ ਦੇਸ ਦੀ ਇੰਦ੍ਰ ਪੁਰੀ ਸਾਖਸ਼ਾਤ ।
ਸਫ਼ਲ-ਰਸਿਕਤਾ ਆਪਣੀ ਦਾ ਫਲ ਜਾਂਦਾ ਪਾਇ,
ਕ੍ਰਿੱਤਯ ਕ੍ਰਿੱਤਯ ਹੋ ਜਾਏਂਗਾ, ਝੂਮਾਂ ਥੀਂ ਝੂਮਾਇ ।
ਵਹਿੰਦੀ ਹੈ 'ਵੇਦਰਵਤੀ' ਓਥੇ ਲਹਿਰਾਂ ਮਾਰ,
ਉਸ ਦਾ ਤਟ ਸਪਰਸ਼ ਲੈ, ਝੁਕ ਕੇ ਨਾਲ ਪਿਆਰ;
ਨਿਰਮਲ ਪਾਣੀ ਪੀਏਂਗਾ, ਮੋਹ ਲਊ ਇਹ ਦੀਦਾਰ ।
ਹਾਂ, ਉਂਜੇ ਜਿਉਂ ਰਸਿਕ ਕੁਈ ਵੱਡੇ ਸੁਆਦਾਂ ਨਾਲ,
ਅਦਰਾਮ੍ਰਿਤ ਸੁਕੁਮਾਰ ਦਾ ਪੀਕੇ ਹੋਇ ਨਿਹਾਲ ।

26

ਓਥੇ 'ਨੀਚੇ' ਨਾਮ ਦਾ ਨੇੜੇ ਇਕ ਪਹਾੜ;
ਠਹਿਰੀਂ, ਪਲ ਸਸਤਾ ਲਈਂ, ਹਰ ਦਈਂ ਸਾਰੇ ਸਾੜ ।
ਵਿਗਸੇ ਵੇਖ ਕਦੰਬ ਫੁੱਲ ਤੈਨੂੰ ਹੁਊ ਪਰਤੀਤ;
ਹੈ ਰੋਮਾਂਚਿਤ ਹੋਇਆ ਛੁਹ ਤੇਰੀ ਲੈ ਸੀਤ ।
ਉਸ ਪਰਬਤ ਦੀਆਂ ਗੁਫਾਂ ਵਿਚ ਸਿਹਤ-ਮੰਦ ਅੰਗ-ਰਾਗ
ਕਰਦੀਆਂ ਨੇ ਵੀਰਾਂਗਨਾ ਵਿੱਚ ਵਾਸਨਾ ਜਾਗ ।
ਧੁਨਾਂ ਉਨ੍ਹਾਂ ਦੀਆਂ ਪਸਰ ਕੇ ਵਿਸਮਿਤ ਰੰਗ ਖਿੜਾਨ;
ਸਿੰਜੀ ਜਾਂਦੀ ਚਹੁੰ ਦਿਸ਼ੀਂ, ਸੱਖਰ, ਸੱਜਰ-ਜਾਨ ।
ਸ਼ਹਿਰੀ ਵਿਦਿਸ਼ਾਂ ਨਗਰ ਦੇ ਪਯਾਰ ਪਰੁੱਚੇ ਹੈਨ,
ਜਬਨ ਮਦ-ਮਤਵਾਲੜੇ ਤਕ ਤੈਨੂੰ ਝੂਮੈਣ ।
ਵਾਅ ਪੁਰੇ ਦੀ, ਮੇਘਲਾ ਰਸਿਕਾਂ ਹੋਰ ਰਸਾਇ;
ਸੁੱਤੀ ਹੋਈ ਵਿਲਾਸਤਾ ਜਾਗੇ, ਨਸ਼ਾ ਚੜ੍ਹਾਇ ।

27

ਨੀਲ ਗਗਨ ਦੀ ਸਿਖਰ ਤੇ ਬਿੰਦ ਕੁ ਕਰ ਬਿਸਰਾਮ,
ਬਨ-ਨਦੀਆਂ ਤੇ ਤੱਕਸੇਂ ਜੂਹੀ ਕਲੀਆਂ ਆਮ ।
ਮੁਖੜੇ ਧੋਈਂ ਉਨ੍ਹਾਂ ਦੇ ਜਲ-ਕਣ ਕੇਰ ਨਵੀਨ;
ਖੇੜੀਂ ਨਣ-ਫੁਲਵਾੜਿ ਜਾ, ਸੁਹਣੀ, ਸੁਹਲ ਹੁਸੀਨ ।
ਉਥੋਂ ਦੀਆਂ ਬਨ-ਮਾਲਣਾਂ, ਨ੍ਹਾਤੀਆਂ ਮੁੜ੍ਹਕੇ ਨਾਲ,
ਕੰਮ-ਰੁਝੀਆਂ ਮੂੰਹ ਪੂੰਝ ਕੇ, ਦੇਣ ਕਰਨ-ਫੁਲ ਗਾਲ ।
ਪਲ ਠਹਿਰੀਂ ਤੇ ਕਰ ਲਈਂ ਸਜਰੀ ਜਾਣ-ਪਛਾਣ;
ਮਨ ਮਸਤਾ ਕੇ ਉਨ੍ਹਾਂ ਦੇ, ਹੋਰ ਵਧਾਈਂ ਮਾਣ ।
ਉਹ ਫੁਲ ਬੀਨਣ ਲੱਗੀਆਂ ਤੇਰੇ ਸਾਏ ਹੇਠ,
ਖ਼ੁਸ਼ ਹੋ ਤੈਨੂੰ ਵੇਖਸਨ ਵਿਚ ਵਿਲਾਸਾ ਵੇਠ ।
ਤਕਣੀ ਰਸਿਕ ਉਨ੍ਹਾਂਦੜੀ ਦਾ ਕਰ ਤੂੰ ਰਸ ਪਾਨ
ਜਾਈਂ ਅੱਗੇ ਸੁਹਣਿਆਂ, ਮੇਰੀ ਆਸ ਜਿਵਾਣ ।

28

ਗਗਨ-ਪੇਲਦੇ ਮੇਘਲੇ ! ਮੈਂ ਜਾਣਾ ਇਹ ਭੇਤ,
ਪੁਜਣਾ, ਤੂੰ ਉਤਰ ਦਿਸ਼ਾ ਸਿੰਞਣ ਸੁਹਣੇ ਖੇਤ ।
ਪੱਛਮ ਵੱਲ ਉਜੈਨ ਹੈ ਤੇਰੇ ਰਾਹੋਂ ਦੂਰ;
ਪਰ ਮੇਰਾ ਇਹ ਆਖਣਾ ਉਥੇ ਜਾਈਂ ਜ਼ਰੂਰ ।
ਹੈਨ ਨਜ਼ਾਰੇ ਰੰਗਲੇ ਉਸ ਨਗਰੀ ਦੇ ਮਿੱਤ;
ਮਾਣੀ ਰਸ-ਭਰਪੂਰ ਹੋ, ਖੇੜੀਂ ਅਪਣਾ ਚਿੱਤ ।
ਉਥੋਂ ਦੀਆਂ ਹਰਣਾਖੀਆਂ ਨੈਣ-ਕਟਾਖਾਂ ਨਾਲ,
ਤੇਰੇ ਤਈਂ ਵੰਗਾਰਸਨ, ਤੈਨੂੰ ਮਹਿਰਮ ਭਾਲ ।
ਜਿੱਤੀਂ ਇਹ ਵੀ ਮੋਰਚਾ, ਤੁਰੀਂ ਅਗੇਰੇ ਫੇਰ,
ਹੋਰ ਉਜੈਨੀ ਉੱਜਲੀ ਹੋਸੀ ਤੈਨੂੰ ਹੇਰ ।

29

ਵੀਰ, ਉਜੈਨੀ ਜਾਂਦਿਆਂ ਵਿੰਧੀਆਂਚਲ ਦੇ ਕੋਲ
ਲਹਿਰ ਰਹੀ ਹੈ ਨਰਵਦਾ ਮਿਠੇ ਕਰਦੀ ਚੁਹਲ ।
ਉਹ ਮਦ-ਮੱਤੀ ਨਾਇਕਾ ਵਾਂਗ ਉਛਾਲ ਤਰੰਗ,
ਕੜੇ ਵਜਾਂਦੀ ਜਾਪਦੀ, ਗਾਂਦੀ ਲਾਹ ਸਭ ਸੰਗ ।
ਰੁਕ ਰੁਕ ਵੱਡੀਆਂ ਸਿਲਾਂ ਵਿਚ ਹੌਲੀ ਚੱਲੇ ਇੰਜ,
ਸ਼ੰਕਾ ਵਿਚ ਕੁਈ ਨਾਇਕਾ ਤੁਰੇ ਲਜਾਂਦੀ ਜਿੰਜ ।
ਗਿਣ ਗਿਣ ਧਰਦੀ ਪੈਰ ਹੈ, ਸੰਗੇ ਕਰ ਸੰਕੋਚ,
ਐਪਰ ਮਨ ਵਿਚ ਸੋਹਿਣੇ ਸਜਣ ਨੂੰ ਰਹੀ ਲੋਚ ।
ਪ੍ਰੇਮ-ਅਭਿਲਾਸ਼ਾ ਬਿਨ ਕਹੇ ਕਿੰਜ ਉਸਦਾ ਰਸ ਸਵਾਦ,
'ਮੈਂ ਮਾਣਾਂ' ? ਤੂੰ ਸੋਚਸੇਂ, ਮਿਲਨੀ ਮਿੱਠੀ ਬਾਦ ।
ਪਯਾਰ ਵਿਲਾਸਤ ਸੁਹਣੀਆਂ ਸੱਜਣ ਦੇ ਸਨਮੁੱਖ;
ਭਰਮ ਮਿਟਾ ਲੀਲਾ ਕਰਨ, ਲਾਹੁਣ ਮਨ ਦੀ ਭੁੱਖ ।
ਉਹ ਲੀਲਾ ਹੀ ਉਨ੍ਹਾਂ ਦਾ ਪਹਿਲਾ ਭਾਸ਼ਣ ਹੋਇ;
ਭਰਮਾਂ ਵਿਚ ਨਾ ਪੈਂਦੀਆਂ; ਭਲੀ ਉਨ੍ਹਾਂ ਦੀ ਸੋਇ ।
ਭਾਵ ਅੰਦਰਲੇ ਆਪਣੇ ਮੂੰਹ ਤੇ ਨਾ ਪ੍ਰਗਟਾਣ;
ਨਾਲ ਵਿਲਾਸਾ ਕਰਦੀਆਂ ਪਰ ਸੰਕੇਤ ਸੁਜਾਨ ।
ਅਪਣੇ ਮਨ ਦੀ ਵੇਦਨਾ ਵਿਚ ਸੰਕੇਤਾਂ ਕਹਿਣ;
ਇੰਜ ਵਿਲਾਸੀ ਸ਼ਹਿਰੀਆਂ ਨੂੰ ਮੋਹ ਲੈਂਦੀਆਂ ਹੈਨ ।

30

ਓਸ 'ਨਰਵਦਾ' ਨਦੀ ਦੇ ਚਿਰ-ਬਿਰਹੁੰ ਦੇ ਚਿੰਨ੍ਹ;
ਸਾਰੇ ਜੋ ਪ੍ਰਗਟ ਹੁੰਦੇ ਤੱਕੇਂਗਾ ਇੰਨ ਬਿੰਨ ।
ਤੇਰੇ ਇਸ ਵਿਜੋਗ ਤੇ ਬਿਨ ਬਰਖਾ ਇਹ ਹਾਲ,
ਨਿੱਕੀ ਇਕ ਜਲ-ਧਾਰ ਬਣਿ ਚੱਲੇ ਮੱਧਮ ਚਾਲ ।
ਇਕ ਲਿਟ ਵਾਲੀ ਗੁੱਤ ਜਿਉਂ ਹੁੰਦੀ ਹੈ ਪਤਲੇਰਿ,
ਤਿਉਂ ਵਹਿ ਰਹੀ ਹੈ 'ਨਰਵਦਾ' ਆਪ ਲਵੇਂਗਾ ਹੇਰ ।
ਪੱਤੇ ਪੀਲੇ ਰੁੱਖਾਂ ਦੇ ਜਲ-ਧਾਰਾ ਵਿਚ ਪੈਣ,
ਪੀਲਾ ਪੀਲਾ ਹੋਇਆ ਹੋਸੀ ਨਿੱਕਾ ਵਹਿਣ ।
ਚਿਰ-ਵਿਛੜੀ ਕੁਈ ਸੱਜਣੀ ਜਿਉਂ ਹੋ ਜਾਂਦੀ ਜ਼ਰਦ,
ਇੰਜ ਪੀਲੀ ਹੈ 'ਨਰਵਦਾ', ਤੇ ਤਲ ਭਰਿਆ ਗਰਦ ।
ਬਿਰਹੋਂ-ਸੂਚਕ ਚਿੰਨ੍ਹ ਇਹ ਸਚਮੁਚ ਹੈਨ ਸੁਭਾਗ,
ਜਾ, ਉਸਨੂੰ ਜਲ-ਦਾਨ ਦੇਹ, ਉਹ ਖੇੜੇ ਬਨ ਬਾਗ਼ ।
ਖੀਣ ਜੁ ਹੁੰਦੀ ਜਾ ਰਹੀ, ਗਈ ਵਿਜੋਗ 'ਚ ਸੁੱਕ,
ਦੁੱਖ ਮਿਟਾ ਸਭ ਓਸ ਦਾ, ਚਲ ਹੁਣ ਰਤਾ ਕੁ ਰੁੱਕ ।
ਬਰਖਾ ਦੇ ਜਲ ਨਾਲ ਫਿਰ ਉਸਦਾ ਦੀਪ-ਸੁਭਾਗ,
ਜਗ ਮਗ ਕਰਦਾ ਜਗ ਉਠੂ, ਨਵਾਂ ਤ੍ਰਾਣ ਪਊ ਜਾਗ ।

31

ਵਿਚਰੀਂ ਜਾ ਵਿਚ ਮਾਲਵੇ ਜੋ ਵੀਰਾਂ ਦਾ ਦੇਸ਼
ਤੇ ਜਿੱਥੇ 'ਉਦੈਨ' ਦਾ ਗਾਂਦੇ ਜੱਸ ਹਮੇਸ਼ ।
ਵੀਰ-ਕਥਾਵਾਂ ਜਿਸ ਦੀਆਂ ਬਿਰਧਾਂ ਕੀਤੀਆਂ ਕੰਠ;
ਰਹਿਣ ਜਿਨ੍ਹਾਂ ਨੂੰ ਸੁਣਨ ਲਈ ਯੁਵਕ ਸਦਾ ਉਤਕੰਠ ।
ਸ਼ੋਭਾ ਨਗਰ ਉਜੈਨ ਦੀ ਮੈਥੋਂ ਹੋਇ ਨਾ ਦੱਸ;
ਚਹੁੰ ਦਿਸ ਰੂਪ ਹੁਲਾਰਦੇ, ਕਣ ਕਣ ਰਹਿਆ ਹੱਸ ।
ਜਾਪੇ ਸਵਰਗੀ-ਜੀਊੜੇ ਅਮਿਤ ਸਵਰਗ-ਸੁਖ ਭੋਗ,
ਪਰਤੇ ਮੁੜ ਧਰਤੀ ਉਤੇ ਧਰਮੀ ਸਦਾ-ਅਰੋਗ ।
ਟੁਕੜਾ ਸੁੰਦਰ ਸਵਰਗ ਦਾ ਉਹ ਲੈ ਆਏ ਨਾਲ;
ਉਸ ਦਾ ਨਾਮ ਉਜੈਨ ਪੈ , ਸ਼ੋਭਾ ਵਧੀ ਵਿਸ਼ਾਲ ।

32

'ਸ਼ਿਪਰਾ' ਨਦੀ ਦੇ ਤਟ ਉੱਤੇ ਹੈ ਉਜੈਨ ਆਬਾਦ,
ਕੰਵਲ ਸੁਗੰਧੀ ਸੁੰਘਦੇ ਭੌਰੇ ਜਿੱਥੇ ਸ਼ਾਦ ।
ਮਹਿਕਾਂ ਵੰਡਦੀ ਪੌਣ ਹੈ, ਸਾਰਸ ਮਿੱਠਾ ਗਾਣ;
ਸੁਹਣੀਆਂ ਦੀ ਛੁਹ ਮਾਣਕੇ ਬੁੱਲੇ ਲੱਕ ਲਚਕਾਣ ।
ਸੁਰਤਿ-ਗਿਲਾਨੀ ਪਲਾਂ ਵਿਚ ਕਰ ਦੇਂਦੇ ਨੇ ਦੂਰ,
ਕਰਨ ਅਨੋਖੇ ਸੁਆਦ ਤਦ ਅੰਗਾਂ ਨੂੰ ਮਖਮੂਰ ।
ਚਤਰ ਜਿਵੇਂ ਚਟੁਕਾਰ ਕੁਈ, ਪਉਣ ਉਏਂ ਰਸ ਵੰਡ,
ਕੁੱਲ ਥਕੇਵੇਂ ਲਾਹੁੰਦੀ, ਬਲ ਕਰਦੀ ਪਰਚੰਡ ।

33

ਧਨ ਦਾ ਭਰਿਆ ਸ਼ਹਿਰ ਹੈ, ਮਾਇਆ ਦਾ ਨਾ ਅੰਤ;
ਹੱਟਾਂ ਉੱਤੇ ਲਟਕ ਰਹੇ ਮੋਤੀ-ਹਾਰ ਬਿਅੰਤ ।
ਖਿੰਡੇ ਸੰਖ ਤੇ ਸਿੱਪੀਆਂ, ਮਣੀਆਂ ਦੇ ਅੰਬਾਰ
ਲੱਗੇ ਨੈਣ ਨਾ ਟਿਕ ਸਕਣ, ਨੂਰਾਂ ਜਿਉਂ ਲਿਸ਼ਕਾਰ ।
ਇਉਂ ਜਾਪੇ ਸਿੰਧ-ਤੱਲ ਜਿਉਂ ਸਾਰੇ ਸੱਖਣੇ ਹੋਇ;
ਰਹਿਆ ਨਾ ਉਨ੍ਹਾਂ ਵਿਚ ਹੈ ਮਾਣਕ ਮੋਤੀ ਕੋਇ ।
ਜਲ ਹੀ ਜਲ ਹੈ ਰਹਿ ਗਇਆ ਤੇ ਸਭ ਰਤਨ ਅਮੋਲ;
ਹੈਨ ਉਜੈਨੀ ਆ ਗਏ ਅੱਚਣਚੇਤ, ਅਭੋਲ ।

34

ਕੇਵਲ ਸੁੰਦਰ ਹੀ ਨਹੀਂ ਬਾਂਕਾ ਨਗਰ ਉਜੈਨ;
ਸਗੋਂ ਇਦ੍ਹਾ ਇਤਿਹਾਸ ਵੀ ਗੌਰਵਤਾ ਦੀ ਦੇਣ ।
ਏਥੇ ਹੀ 'ਪ੍ਰਦਿਓਤ' ਦੀ ਪੁਤਰੀ 'ਵਾਸਵ-ਦੱਤ'
ਨੂੰ ਲੈ ਕੇ 'ਉੱਦੈਨ' ਸੀ ਪਲ ਵਿਚ ਹੋਇਆ ਪੱਤ ।
ਵਾਸੀ ਉਹ ਸੀ 'ਵਤਸ' ਦਾ, ਜਿਸ ਦੇ ਗੱਭੇ ਵਿਚ
ਬਨ ਇਕ ਸੰਘਣਾਂ, ਸਨ ਜਿਦ੍ਹੇ ਤਾਲ-ਸੁਨਹਿਰੇ ਬ੍ਰਿੱਛ ।
ਹਾਥੀ ਨਾਂ ਜਿਸ 'ਨੀਲ ਗਿਰਿ' ਮਦ-ਮੱਤਾ ਵਿਕਰਾਲ,
ਉੱਚਾ ਵੱਡੇ ਕੱਦ ਦਾ, ਸੁੰਦਰ ਸੁੰਡ ਵਿਸ਼ਾਲ ।
ਬੁੱਢੇ ਮਰਦ ਉਜੈਨ ਦੇ ਇਹ ਇਤਿਹਾਸ ਸੁਣਾਇ
ਸ੍ਰੋਤਿਆਂ ਨੂੰ ਹੁਲਸਾਂਵਦੇ, ਸੁਣਦੇ ਜੋ ਕੰਨ ਲਾਇ ।

35

ਮੇਘ ! 'ਉਜੈਨ' ਵਿਚਾਲੜੇ ਵੇਖ ਵਿਲਾਸ ਅਨੰਦ
ਮਨ ਤੇਰਾ ਵਿਗਸੀ ਪਊ, ਹੋ ਜਾਸੇਂ ਖ਼ੁਰਸੰਦ ।
ਕਾਮਨੀਆਂ ਉਥੋਂ ਦੀਆਂ ਨ੍ਹਾ ਧੋ ਕੇਸ ਖਿਲਾਰ,
ਗੁਧੀਆਂ ਵਿਚ ਵਿਲਾਸ ਦੇ ਕਰਦੀਆਂ ਨੇ ਸ਼ਿੰਗਾਰ ।
ਚੰਦਨ-ਅਗਰ ਸੁਗੰਧੀਆਂ ਮਹਿਕਣ ਜਿੱਥੇ ਨਿੱਤ;
ਪੰਧ ਤੇਰੇ ਦੀਆਂ ਕੁਲਫ਼ਤਾਂ ਦੂਰ ਹੋਵਸਨ ਮਿੱਤ ।
ਤੁਧ ਅਣ-ਜਾਣੂੰ-ਪ੍ਰਾਹੁਣੇ ਤਾਈਂ ਤਦੋਂ ਨਿਹਾਰ,
ਨੱਚਣਗੇ ਮਨ ਉਨ੍ਹਾਂ ਦੇ, ਰਸ ਕੇ ਵਿਚ ਪਿਆਰ ।
ਕੰਵਲ ਭਰੇ ਸਰ ਉਥੋਂ ਦੇ ਮਹਿਕ ਨਾਲ ਭਰਪੂਰ,
ਸਜੀਆਂ ਵਜੀਆਂ ਸਜਣੀਆਂ, ਚਾਵਾਂ ਵਿਚ ਮਖ਼ਮੂਰ ।
ਪਾਲੇ ਹੋਏ ਉਨ੍ਹਾਂ ਦੇ ਨੱਚਣ ਮੋਰ, ਚਕੋਰ;
ਖ਼ੁਸ਼ੀਆਂ ਖਿੰਡੀਆਂ ਕੋਹਾਂ ਵਿਚ ਨਾ ਕੋਈ ਬੰਨਾ ਛੋਰ ।
ਸੁਹਣੇ ਰੰਗ ਮਹੱਲ ਨੇ, ਠਹਿਰੀਂ ਕਰੀਂ ਅਰਾਮ;
ਤਨ ਤੇ ਮਨ ਦੀ ਲਾਹ ਲਈਂ ਕੁਲ ਥਕਾਵਟ, ਘਾਮ ।

36

ਮਹਾਂ ਕਲੇਸ਼ਵਰ ਤਿਰਭਵਨ ਸ੍ਰੀ ਗੁਰ ਦੇ ਜਾ ਧਾਮ
ਅਪਣਾ ਜਨਮ ਸੁਆਰ ਲਈਂ ਸਿਮਰੀਂ ਮੁੱਖੋਂ ਨਾਮ ।
ਓਥੇ ਹੈ ਉਹ ਸੋਭਦਾ, ਜਿੱਥੇ ਕੰਵਲ-ਪ੍ਰਾਗ,
ਕਰੇ ਸੁਗੰਧਤ ਪੌਣ ਨੂੰ, ਕਣ ਕਣ ਜਿਦ੍ਹਾ ਸੁਭਾਗ ।
ਯੁਵਤੀਆਂ ਦੇ ਅੰਗ-ਰਾਗ ਤੋਂ ਹੋਏ ਸਵਾਸਿਤ ਨੀਰ,
ਨਿੱਤ ਸਿੰਜ ਕਰਦਾ ਓਸ ਨੂੰ ਬਰਕਤ ਨਾਲ ਅਮੀਰ ।
ਸ਼ਿਵ-ਭੋਲੇ ਦੇ ਪਾਰਖਦ ਤੈਨੂੰ ਦਏ ਸਨਮਾਨ;
ਤੇਰਾ ਦਰਸ਼ਨ ਕਰਨਗੇ ਸ਼ਿਵ-ਮਹਾਰਾਜ ਪਛਾਣ ।

37

ਹੇ ਜਲ-ਧਾਰੀ ਮੇਘ ਸੁਹੇਲੇ !
ਮਹਾਂ-ਕਾਲ ਮੰਦਰ ਜਦ ਜਾਏਂ;
ਚੰਦਰਮਾ ਦੇ ਅਸਤ ਹੋਣ ਤੱਕ
ਠਹਿਰੀਂ ਓਸ ਸਜੀਲੀ ਥਾਂਏਂ ।
ਸੂਰਜ ਉਦੇ ਹੋਣ ਤੇ ਜਦ ਫਿਰ
ਦੇਵ-ਅਸਥਾਨ ਮਧੁਰ ਸੰਗੀਤਾਂ
ਨਾਲ ਭਰਨ, ਤਾਂ ਗਰਜ ਸੁਰਾਂ ਤੂੰ
ਛੇੜੀਂ ਭਿੱਜੀਆਂ ਨਾਲ ਪ੍ਰੀਤਾਂ ।
ਸ਼ਿਵ-ਪੂਜਾ ਦਾ ਤੂੰ ਫਲ ਪਾ ਕੇ
ਸਰਸੇਂਗਾ ਹੇ ਮੇਘ ਪਿਆਰੇ !
ਪਉਣ ਪੰਘੂੜੇ ਬੈਠਾ ਹੋਇਆ
ਵੇਖੇਂਗਾ ਨਵ-ਨੀਤ ਨਜ਼ਾਰੇ ।

38

ਸੋਹਣੀ ਸੰਧਿਆ ਆਰਤੀ ਵੇਲੇ
ਨਚਦੀਆਂ ਹੋਸਨ ਦੇਵ ਨਚਾਰਾਂ,
ਝਨਨ-ਝਨਾਂਦੇ ਘੁੰਗਰੂਆਂ ਵਿੱਚੋਂ
ਉਠਦੀਆਂ ਤੱਕਸੇਂ ਮੇਘ ਮਲ੍ਹਾਰਾਂ ।
ਰਤਨ-ਜੜੇ ਕੰਗਣਾਂ ਦੀ ਛਬਿ ਦੇ
ਨਾਲ ਸੰਵਾਰੇ ਚੌਰ-ਸੁਨਹਿਰੇ;
ਹੌਲੀ ਹੌਲੀ ਹਿਲਦੇ ਹੋਸਨ
ਲੈ ਲੈ ਹੱਥਾਂ ਦੇ ਵਿਚ ਲਹਿਰੇ ।
ਕਿਉਂ ਜੋ ਨਾਲ ਥਕੇਵੇਂ ਥਕਦੀਆਂ
ਜਦ ਨੇ ਸੁਹਣੀਆਂ ਨਰਮ-ਕਲਾਈਆਂ;
ਤਦੋਂ ਵਿਲਾਸ ਸੁਣ੍ਹੇਰਾ ਹੋ ਕੇ
ਕਰਦਾ ਹੈ ਸਚ ਮੁਚ ਮਨ ਆਈਆਂ ।
ਮੇਘਲੇ ! ਜਦੋਂ ਫੁਹਾਰਾਂ-ਮੋਤੀ
ਤੇਰੇ ਸੁੰਦਰੀਆਂ ਨੂੰ ਛੁੰਹਦੇ,
ਧੋਂਦੇ ਪੈਰਾਂ ਦੇ ਨੌਹਾਂ ਨੂੰ;
ਤਦੋਂ ਨਵੇਲੇ ਜਾਦੂ ਹੋਂਦੇ ।
ਤੇ ਫਿਰ ਉਹ ਮੁਟਿਆਰਾਂ ਜੋ ਨੇ
ਉੱਜੈਨੀ ਮਾਵਾਂ ਦੀਆਂ ਜਾਈਆਂ,
ਤੈਨੂੰ ਤੱਕ ਵਿਲਾਸ ਵੇਠੀਆਂ
ਝੂਮ ਉੱਠਣਗੀਆਂ ਦੀਦ-ਤਿਹਾਈਆਂ ।

39

ਸੰਧਿਆ-ਆਰਤੀ ਦਾ ਰਸ ਪੀ ਕੇ
ਤੂੰ ਇਕ ਕੰਮ ਜ਼ਰੂਰੀ ਕਰਨਾ,
ਭੂਤ-ਨਾਥ ਮੋਹਰੇ ਹਾਥੀ-ਚੰਮ
ਲਹੂ-ਲਿਬੜਿਆ ਮਲਕੜੇ ਧਰਨਾ ।
ਤਾਂਡਵ-ਨਾਚ ਸਮੇਂ ਸ਼ਿਵ-ਭੋਲੇ
ਇਹ ਚਮੜਾ ਹੀ ਧਾਰਨ ਕਰਦੇ,
ਡਮ ਡਮ ਨੇ ਡਮਰੂ ਡਮਕਾਂਦੇ,
ਕੁੱਲ ਕਲੇਸ਼ ਪਾਪ ਹਨ ਹਰਦੇ ।
ਪਰ ਐਸਾ ਗਜ-ਚਮੜਾ ਤਕ ਕੇ
ਮਾਂ ਗੌਰਾਂ ਦਾ ਹਿਰਦਾ ਕੰਬੇ,
ਪਿਖ ਲੈਂਦੀ ਹੋਣੀ ਦੀਆਂ ਰਮਜ਼ਾਂ
ਜਗ-ਮਾਤਾ, ਜਣਨੀ ਜਗਦੰਬੇ ।
ਮੁੜ ਜਾਂ ਤੇਰੀ ਨੀਲ ਘਟਾ ਤੇ
ਸੰਝ-ਕਾਲ ਦੀ ਲਹੂ-ਮਈ ਲਾਲੀ
ਦਾ ਪਰਛਾਵਾਂ ਪਏ ਤਾਂ ਦਿੱਸੇਂ
ਤੂੰ ਹਾਥੀ-ਚੰਮ ਵਾਂਗ ਵਿਖਾਲੀ ।
ਤਾਂ ਸ਼ਿਵ-ਤਾਂਡਵ ਨਿਰਤ ਸਮੇਂ ਤੂੰ
ਭੁਜਾ-ਰੂਪ ਬਿਰਛਾਂ ਦੇ ਬਨ ਨੂੰ;
ਭਿਉਂ ਦੇਣਾ ਜਲ-ਧਾਰ ਵਸਾ ਕੇ
ਹਰਖਾਣਾ ਸ਼ਿਵ-ਭੋਲੇ ਮਨ ਨੂੰ ।
ਇੰਜੇ ਹੀ ਹਾਥੀ-ਚੰਮ ਧਾਰਨ
ਦੀ ਇੱਛਾ ਸਭ ਪੂਰੀ ਹੋਸੀ,
ਸ਼ੋਕ ਨਾ ਵਿਆਪੂ ਮਾਂ ਗੌਰਾਂ ਨੂੰ
ਨੈਣ ਨਾ ਹੰਝੂਆਂ ਦੇ ਸੰਗ ਧੋਸੀ ।
ਇਸ ਦਾ ਇਹ ਫਲ ਤੂੰ ਪਾਏਂਗਾ
ਰੀਝ ਪਵੇਗੀ ਮਾਤ-ਭਵਾਨੀ;
ਅੰਮ੍ਰਿਤ ਬਣ ਜਾਇਗਾ ਭੋਂ ਲਈ
ਤੇਰਾ ਅਮਿਓ ਮਿੱਠਾ ਪਾਣੀ ।

40

ਕੰਮ ਕਰੀਂ ਇਕ ਨਾਲ ਹੋਰ ਵੀ
ਕੰਨ ਧਰੀਂ ਤੈਨੂੰ ਸਮਝਾਵਾਂ;
ਉੱਜੈਨੀ ਦੀਆਂ ਸੁਹਣੀਆਂ ਸਜਨੀਆਂ
ਸੁਟਦੀਆਂ ਹੋਈਆਂ ਨੂਰ-ਸ਼ੁਆਵਾਂ
ਮੇਘ-ਅਨ੍ਹੇਰੇ ਹੇਠਾਂ ਤੁਰਦੀਆਂ
ਜਾ ਪੁਜਸਨ ਉਹ ਉਹਨੀਂ ਥਾਂਈਂ;
ਸਜਣਾਂ ਨੇ ਦੱਸੀਆਂ ਜੋ ਹੁੰਦੀਆਂ
ਇਕਰਾਰਾਂ ਵਿਚ ਚਾਈਂ ਚਾਈਂ ।
ਤਦ ਤੂੰ ਆਪਣੇ ਨੀਲਾਂਬਰ ਵਿਚ
ਸਵਰਨ ਰੇਖ ਵਾਹ ਕੇ ਚਮਕੀਲੀ,
ਰਾਹ ਦੱਸੀਂ ਉਹਨਾਂ ਨੂੰ ਬੀਬਾ
ਨੂਰੀ ਲਿਸ਼ਕ ਲਸ਼ਾ ਕੇ ਪੀਲੀ ।
ਵੇਖੀਂ ! ਕਿਤੇ ਹੰਕਾਰਿਆ ਹੋਇਆ
ਨਾ ਗੱਜੀਂ, ਨਾ ਵੱਸੀਂ ਹੀ ਤੂੰ;
ਕੇਵਲ ਉਨ੍ਹਾਂ ਵਾਸਨਾ ਮੱਤੀਆਂ
ਨੂੰ ਖੁੰਝਿਆ ਰਾਹ ਦੱਸੀਂ ਹੀ ਤੂੰ ।
ਪ੍ਰੀਤ-ਸਤਾਈਆਂ ਪੰਧ ਪੈਣ ਜਦ
ਸਹਿਮ ਵਲੇ ਤਦ ਮਨ ਉਹਨਾਂ ਦਾ;
ਪੱਤ ਹਿੱਲਿਆਂ ਵੀ ਪੈਰ ਥਿੜਕਦੇ
ਕੰਬ ਕੰਬ ਉਠਦੈ ਤਨ ਉਹਨਾਂ ਦਾ ।

41

ਇਹਨਾਂ ਚੋਜਾਂ ਦੇ ਵਿਚ ਤੈਨੂੰ
ਕੋਈ ਸੁਆਦ ਅਨੋਖਾ ਆਸੀ;
ਚਿਰ-ਵਿੱਲਦੀ ਤੇਰੀ ਬਿਜਲੀ ਵੀ
ਰਸ ਵਿਚ ਰਸ ਕੇ ਨੂਰ ਲੁਟਾਸੀ ।
ਤੇ ਤੇਰੇ ਹਰ ਜਲ-ਬਿੰਦੂ ਵਿਚ
ਤਕਸੇਂ ਪਈ ਹੈ ਜਾਗ ਹੁਲਾਸੀ ।
ਜੇ ਉਜੈਨ ਦੇ ਮਹਿਲ ਕਿਸੇ ਦੀ
ਛਤ ਉਤੇ ਤੂੰ ਲਾਸੇਂ ਡੇਰਾ,
ਤਦ ਵਿਚਰੀਂ ਓਥੇ ਜਦ ਤਕ ਨਾ
ਪੂਰਬ ਉਜਲਾ ਕਰੇ ਸਵੇਰਾ ।
ਉਜੈਨੀ ਦੇ ਮਨ-ਮੁਹਣੇ ਜੋ
ਹੈਨ ਚੁਫੇਰ ਨਜ਼ਾਰੇ ਸੋਹਣੇ;
ਵੇਖ ਉਨ੍ਹਾਂ ਨੂੰ ਭੁੱਲ ਨਾ ਜਾਈਂ
ਇਹ ਸਭ ਛਾਈਂ ਮਾਈਂ ਹੋਣੇ ।
ਜਦ ਇਕਰਾਰ ਕਰੇਂਦਾ ਹੈਵੇ
ਤੇਰੇ ਜਹਿਆ ਸੂਰਮਾ ਪੂਰਾ,
ਕੱਚਾ-ਪਿੱਲਾ ਉਹ ਨਾ ਨਿਕਲੇ,
ਪ੍ਰਣ ਉਸ ਦਾ ਨਾ ਰਹੇ ਅਧੂਰਾ ।
ਕਰਮ-ਸ਼ੀਲ ਤੈਂ ਵਰਗੇ ਤਾਈਂ
ਗਲ ਨਾ ਐਸੀ ਸ਼ੋਭਾ ਦੇਂਦੀ;
ਪਾਲ ਬਚਨ ਮੇਰੇ ਵੀਰਾ ਤੂੰ,
ਮਰਦਾਂ ਦੀ ਜਗ ਕੀਰਤਿ ਰਹਿੰਦੀ ।

42

ਉਜੈਨੀ ਤੋਂ ਤੁਰਨ ਲੱਗਿਆਂ
ਇਹ ਗੱਲ ਮੇਰੀ ਚੇਤੇ ਰੱਖੀਂ;
ਉਸ ਵੇਲੇ ਮਨ ਵੱਸੋਂ ਨਿਕਲੇ
ਸਭ ਕੁਝ ਤੱਕੀਂ ਅਪਣੀ ਅੱਖੀਂ ।
ਓਸ ਸਮੇਂ ਘਰ ਵਾਪਸ ਆਏ
ਸੁਹਣੇ ਸੱਜਣੀਆਂ ਦੇ ਸੁਆਮੀ,
ਪ੍ਰਣ-ਹਰੀਆਂ ਨਾਰਾਂ ਦੇ ਅੱਥਰੂ
ਪੂੰਝਣ, ਕਰਦੇ ਮਾਫ਼ ਖੁਨਾਮੀ ।
ਨਾਲ ਪ੍ਰਾਏ ਮਰਦਾਂ ਕਰਦੀਆਂ
ਸਨ ਪਿੱਛੋਂ ਜੋ ਹਾਸ ਵਿਲਾਸੇ,
ਪਤੀ ਮਨਾਂਦੇ ਨੇ ਉਹਨਾਂ ਨੂੰ
ਕਾਮਾਤਰ ਹਾਸੇ ਛਲਕਾ ਕੇ ।
ਰਾਤ ਬੀਤੀ ਪਿੱਛੋਂ ਜਦ ਆਊ
ਸੁਹਣੀ ਉਹ ਪ੍ਰਭਾਤ-ਨਵੇਲੀ,
ਸੂਰਜ ਦੇਵ ਪਰਤ ਆਵਣਗੇ
ਕੰਵਲ-ਫੁੱਲਾਂ, ਰੰਗਣਾਂ ਦੇ ਬੇਲੀ ।
ਕੰਵਲਾਖੀ ਨਲਿਨੀ ਦੇ ਅੱਥਰੂ
ਪੂੰਝਣਗੇ ਨਵ-ਗੰਧ ਦੇਣਗੇ ।
ਝੂਮਣਗੇ ਭੌਰੇ ਲਟਬੌਰੇ,
ਗਮਕ ਉਠਾ ਮੰਦ ਮੰਦ ਦੇਣਗੇ ।
ਤਦ ਤੂੰ ਰਾਹ ਰੋਕੀਂ ਨਾ ਕਿਧਰੇ
ਇਹ ਵੱਡਾ ਅਪਰਾਧ ਹੋਇਗਾ;
ਇਸ ਦੇ ਨਾਲ ਕੰਵਲ ਖਿੜਿਆਂ ਦਾ
ਖੰਡਤ ਰਸੁ-ਸੁਆਦ ਹੋਇਗਾ ।
ਚੰਗਾ ਹੋਵੇ ਜੇ ਤੂੰ ਓਥੋਂ
ਵੱਡੇ ਤੜਕੇ, ਸਰਘੀ ਵੇਲੇ,
ਲਵੇਂ ਵਿਦੈਗੀ ਚੁੱਪ-ਚੁਪੀਤਾ
ਤੁਰੇਂ ਅਗੇਰੇ ਵੀਰ, ਸਵੇਲੇ ।

43

ਉਜੈਨੀ ਤੋਂ ਅੱਗੇ ਜਾ ਕੇ
ਤੇਰੇ ਰਸਤੇ ਵਿਚ 'ਗੰਭੀਰਾ'
ਨਦੀ ਆਇਗੀ ਲਹਿਰਾਂਦੀ ਹੋਈ
ਚੁੰਮਦੀ ਹੋਸੀ ਜਿਹਨੂੰ ਸਮੀਰਾ ।
ਉਸ ਦੇ ਜਲ-ਹਿਰਦੇ ਵਿਚ ਤੇਰੀ
ਛਾਂ ਅੰਕਿਤ ਹੋ ਜਾਸੀ ਵੀਰਾ,
ਓਵੇਂ ਜਿਵੇਂ ਸੁਅੰਗਣੀਆਂ ਨੂੰ
ਮਰਦ-ਛਬੀ ਕਰ ਦਏ ਬੇ ਧੀਰਾ ।
ਪੁਰਸ਼ ਜਵਾਨ ਸਿਤਰਿਆ ਹੋਇਆ
ਭੋਲੀਆਂ ਭਾਲੀਆਂ ਨੂੰ ਫਾਹ ਲੈਂਦਾ;
ਪ੍ਰੇਮ-ਜਾਲ ਦੀ ਕੁੰਡੀ ਸੁੱਟ ਉਹ
ਕਾਬੂ ਕਰ ਕੇ ਹੀ ਸਾਹ ਲੈਂਦਾ ।
ਵਾਸਨਾ-ਵਸ ਹੋਈਆਂ ਸੁੰਦਰੀਆਂ
ਤੈਨੂੰ ਤਕਸਨ ਬਿਰਹੁੰ ਸਤਾਈਆਂ;
ਨੈਣ-ਕਟਾਖ ਹਲਾਕ ਕਰਨਗੇ
ਫੰਧੇ ਪਾਸਨ ਜਾਂਦੇ ਰਾਹੀਆਂ ।
ਇੰਜ ਜੋ ਦਰਸ ਤਿਹਾਈਆਂ ਸਜਨੀਆਂ
ਤੂੰ ਨਿਰਾਸ ਉਹਨਾਂ ਨੂੰ ਕਰਸੇਂ;
ਜਾਂ ਪਲ ਝੂੰਮ ਆਕਾਸ਼ ਉਤੇ ਤੂੰ
ਤਾਪ ਤਪੇ ਰਿਦਿਆਂ ਦੇ ਹਰਸੇਂ ।

44

ਰਸਿਕ ਮਿਤ੍ਰ ! ਸ਼ੰਕਾ ਇਹ ਮੈਨੂੰ
ਤੂੰ 'ਗੰਭੀਰਾ' ਨਦੀ ਕਿਨਾਰੇ,
ਪ੍ਰੇਮ-ਕੌਤਕਾਂ ਵਿਚ ਗੁਆਚਾ
ਓਥੇ ਅਟਕ ਨਾ ਜਾਈਂ ਪਿਆਰੇ ।
ਜਦ ਤੂੰ ਨਦੀ ਕਿਨਾਰੇ ਖੱਲ੍ਹ ਕੇ
'ਵੇਣ' ਰੁੱਖਾਂ ਦੇ ਹੱਥ ਸ਼ਾਖਾਂ ਸੰਗ
ਨੀਲੇ ਜਲ-ਰੂਪੀ ਬਸਤ੍ਰਾਂ ਨੂੰ
ਚੁੱਕ ਲਵੇਂਗਾ ਕਰ ਕੁਈ ਢੰਗ;
ਨੈਂ ਦਾ ਰੂਪ ਅਨੋਖਾ ਤਕਿ ਤਦ
ਪਿਆਰ-ਨਸ਼ੇ ਵਿਚ ਗੁਟ ਹੋਵੇਂਗਾ;
'ਅਲਕਾ' ਜਾਣਾ ਯਾਦ ਨਾ ਰਹਿਸੀ
ਰਿਮ ਝਿਮ ਲਾ ਕੇ ਤੱਲ ਧੋਵੇਂਗਾ ।
ਉਸ ਦੇ ਰੂਪ ਅਨੁਪਮ ਮੋਹਿਆ,
ਉਸ ਦੀ ਰਸ-ਰੱਤੀ ਛੁਹ ਪਾ ਕੇ,
ਕੌਣ ਉਹ ਦਿਲ ਵਾਲਾ ਜੋ ਓਥੋਂ
ਹਿੱਲ ਵੀ ਸੱਕੇ ਹੱਥ ਛੁਡਾ ਕੇ ?

45

ਜਦ ਤੂੰ ਓਥੋਂ ਦੇਵ-ਗਿਰੀ ਵੱਲ
ਉਡੇਂਗਾ ਲੱਖ ਲੈ ਕੇ ਯਾਦਾਂ,
ਮੰਦ ਮੰਦ ਵਗਦਾ ਹੋਇਆ ਪੁਰਵਾ
ਸਾਥ ਕਰੇਗਾ, ਵਰਿਆ-ਸੁਆਦਾਂ ।
ਇਹ ਪੁਰਵਾ ਸਾਧਾਰਣ ਵਾ ਨਹੀਂ
ਇਹ ਤਾਂ ਫਲ ਰਸਾਵਣ ਵਾਲਾ;
ਅਪਣੇ ਨਰਮ ਹਿਲੋਰੇ ਦੇ ਦੇ
ਸਹਿਜ ਸੁਵੰਨ ਪਕਾਵਣ ਵਾਲਾ ।
ਤੇਰੀ ਛੁਹ ਲੈਂਦਿਆਂ ਹੀ ਮਦ-ਭਰੀ
ਮਹਿਕ ਅਚਰਜ ਚੁਫੇਰੇ ਖਿੰਡਦੀ;
ਮੇਲ ਓਸ ਦੇ ਨਾਲ ਸੁਵਸਤ ਹੋਇ
ਸਗਲ ਬਨਸਪਤਿ ਲਵੇ ਸੁਗੰਧੀ ।
ਰਾਹ ਦੇ ਬਨਾਂ ਵਿਚਾਲੇ ਉੱਚੇ
ਹਾਥੀ ਲੰਮੀਆਂ ਸੁੰਡਾਂ ਵਾਲੇ,
ਸੁਆਦ-ਸੁਗੰਧਿ ਮਾਣਦੇ ਹੋਏ
ਹੋ ਜਾਂਦੇ ਮਦ ਪੀ ਮਤਵਾਲੇ ।
ਐਸੀ ਲੀਲਾ-ਭਰੀ ਪੌਣ ਸੰਗ
'ਦੇਵ-ਗਿਰੀ' ਵਿਚ ਪੈਰ ਧਰੇਂਗਾ;
ਤੇ ਉਥੋਂ ਦੀਆਂ ਸੁਹਣੀਆਂ ਨੂੰ ਤੂੰ
ਰੂਪ-ਨਸ਼ੇ ਵਿਚ ਮਸਤ ਕਰੇਂਗਾ ।

46

ਦੇਵ-ਸੈਨਾਪਤਿ ਸ੍ਰੀ 'ਕਾਰਤਿ-ਕੇਯ'
ਦੇਵ-ਗਿਰੀ ਤੇ ਹੈਨ ਰਹਿੰਦੇ;
ਉਹਨਾਂ ਜਿਹਾ ਨਾ ਉਚਾ ਸੁੱਚਾ
ਦੇਵਤਾ ਹੋਰ, ਪੁਰਾਣ ਨਿ ਕਹਿੰਦੇ ।
ਦੇਵ-ਸੈਨਾਵਾਂ ਦੀ ਰਖਿਆ ਹਿਤ
ਮਸਤਕ ਤੇ ਚੰਨ ਧਾਰਨ ਵਾਲੇ
ਸ਼ਿਵ, 'ਆਦਿਤਮਯ' ਪੈਦਾ ਕੀਤਾ
ਗਰਭ-ਅਗਨਿ ਤੋਂ ਸਦ-ਮਤਵਾਲੇ ।
ਓਸੇ ਤੇਜ ਗਰਭ 'ਚੋਂ 'ਕਾਰਤਿ-ਕੇਯ'
ਨੂੰ ਉਪਜਾਇਆ, ਪਰਵਾਨਿਆ;
ਤੂੰ ਓਥੇ ਖੱਲ੍ਹ ਫੁੱਲ ਵਸਾਈਂ
ਰੂਪ-ਹਜ਼ੂਰੀ ਵਿਚ ਪਰਵਾਨਿਆ ।
ਗੰਗ-ਆਕਾਸ਼ ਦੀਆਂ ਲਹਿਰਾਂ 'ਚੋਂ
ਪਾਣੀ ਲੈ ਉਹਨਾਂ ਨੂੰ ਧੋਵੀਂ;
'ਆਦਿਤ' ਜਿਹੇ ਤੇਜਸਵੀ 'ਕਾਰਤਿ-ਕੇਯ'
ਤੋਂ ਸਦਕੇ ਬਲ ਬਲ ਹੋਵੀਂ ।
ਨਿਰਮਲ-ਅਮਿਓ ਬੂੰਦਨੀਆਂ ਦੇ
ਹੇਠ ਬਿਠਾ ਇਸ਼ਨਾਨ ਕਰਾਵੀਂ
ਲਾਹ ਦਈਂ ਕੁੱਲ ਥਕੇਵੇਂ,
ਤਨ ਨੂੰ ਘੁੱਟੀਂ, ਹੌਲਾ ਫੁੱਲ ਬਣਾਵੀਂ ।

47

ਇਸ ਕੌਤਕ ਦੇ ਪਿਛੋਂ ਪ੍ਰਤਿ-ਧੁਨਿ
ਗੁੰਜਤ ਗਰਜ ਗੁਫਾਵਾਂ ਸੰਗੇ;
'ਕਾਰਤਿ-ਕੇਯ' ਵਾਹਨ ਮੋਰਾਂ ਨੂੰ
ਖ਼ੁਸ਼ ਕਰਨਾ ਹਈ ਜਾਮਨ-ਰੰਗੇ !
ਏਹ ਮੋਰ ਵੀ ਵਾਸ਼ਨਾ-ਮੁੱਠੇ,
ਨੈਣ ਕੋਰ ਤਿੱਖੇ ਜਿਹਨਾਂ ਦੇ,
ਚੰਨ-ਚਾਨਣੀ ਨਾਲ ਹੋਰ ਵੀ
ਨੂਰੀ-ਹੀਰਿਆਂ ਵਾਂਗ ਚਮਕਦੇ ।
ਇਹਨਾਂ ਮੋਰਾਂ ਨਾਲ ਸਨੇਹ ਅਤਿ
ਕਰਦੇ ਹਨ 'ਕਾਰਤਿ-ਕੇਯ' ਸੁਆਮੀ;
ਸੁਤ-ਵਾਹਨ ਤੇ ਪਾਰਵਤੀ ਵੀ
ਰੀਝ ਪਵੇ, ਮਾਂ ਅੰਤਰ-ਜਾਮੀ ।
ਨੂਰੀ ਜੋਤ ਜੜੇ ਖੰਭ ਲੱਥੇ
ਕਰਣ-ਫੂਲ ਬਣਾ ਉਹ ਪਾਵੇ,
ਤੇ ਤ੍ਰਿਪਰਾਰੀ ਮਹਾਂ-ਸ਼ਿਵ ਸਨਮੁਖ
ਜਾ ਕੇ ਪ੍ਰੇਮ ਨਾਲ ਮੁਸਕਾਵੇ ।
ਤੇਰੀ ਮੋਰ-ਸੇਵ ਤੋਂ 'ਭਵਾਨੀ'
'ਸ਼ੰਕਰ', 'ਕਾਰਤਿ-ਕੇਯ' ਤ੍ਰੈਵੇ ਹੀ
ਤੁਧ ਉੱਤੇ ਪਰਸੰਨ ਹੋਇ ਉਹ,
ਖ਼ੁਸ਼ ਹੋਸਨ ਵਰ ਦਏ ਤ੍ਰੈਵੇ ਹੀ ।

48

ਇਉਂ ਮਹਾਂ-ਸ਼ਿਵ ਅਰਾਧਨਾ ਪਿਛੋਂ
ਜਦ ਉੱਡੇਂਗਾ ਤੂੰ ਅਸਮਾਨੇ,
'ਵੀਣਾ-ਪਾਣੀ' ਸਿੱਧ ਮਿਲਣਗੇ
ਸਿੱਧ-ਸੁਅੰਗਣਾਂ ਨਾਲ ਜਿਨ੍ਹਾਂ ਦੇ ।
ਵੀਣਾ-ਨਾਦ ਨਾਲ ਨਿੱਤ ਕਰਦੇ
ਖ਼ੁਸ਼ ਉਹ 'ਕਾਰਤਿ-ਕੇਯ' ਸੁਆਮੀ ਨੂੰ;
ਉੱਡ ਆਕਾਸ਼ਾਂ ਤੇ ਚੜ੍ਹ ਜਾਂਦੇ
ਕੌਤਕ ਰੱਤੇ ਤੱਕੇਂਗਾ ਤੂੰ ।
ਤੇਰੀਆਂ ਜਲ-ਕਣੀਆਂ ਨਾਲ ਵੀਣਾਂ
ਭਿੱਜਣ ਦਾ ਡਰ ਓਹਨਾਂ ਤਾਈਂ,
ਹੋਰਸ ਰਸਤੇ ਜਾਣ ਲਈ ਮਜਬੂਰ ਕਰੇਗਾ,
ਤੱਕ ਹਟ ਜਾਈਂ ।
ਅੱਗੇ ਜਾ ਕੇ ਚਰਮਣ-ਵੰਤੀ
'ਚੰਬਾ' ਫੇਰ ਮਿਲੇਗੀ ਤੈਨੂੰ;
ਅਦਬ ਨਾਲ ਵਿੰਹਦਾ ਝੁਕ ਜਾਈਂ
ਨਿਵੀਂ ਏਸ ਨਦੀਆ ਨਿਰਭੈ ਨੂੰ ।
ਅਸੰਖ ਗਊ-ਮੇਧਾਂ ਦਾ ਫਲ ਇਹ
ਗੌਰਵ ਇਸਦਾ ਮਹਾ-ਵਡੇਰਾ,
ਏਸ ਨਦੀ ਦੀ ਮਹਿਮਾ ਵੱਡੀ
ਤੇ ਹੈਵੇ ਇਤਿਹਾਸ ਉਚੇਰਾ ।
'ਰੰਤੀ-ਦੇਵ' ਮਹਾਰਾਜੇ ਨੇ
ਇਸ ਨੂੰ ਪਰਗਟ ਕੀਤਾ ਹੈਸੀ;
ਪੁੰਨ ਫਲੇ ਉਸ ਧਰਮ-ਵਾਨ ਦੇ
ਉਸ ਦੀ ਕੀਰਤੀ ਦਾ ਇਹ ਚਿੰਨ੍ਹ ਹਈ ।

49

ਏਸ ਮਹਾਨ-ਦੇਸ ਤੋਂ ਉਡਦਾ
ਤੱਕੇਂਗਾ 'ਚੰਬਲ-ਧਾਰਾ' ਨੂੰ;
ਲੱਗੇਂਗਾ ਉਸ ਉੱਤੇ ਝੁਕਦਾ,
ਸਿੰਧ ਗਧਰਵਾਂ ਨੂੰ ਪਿਆਰਾ ਤੂੰ ।
ਸ੍ਰੀ ਕ੍ਰਿਸ਼ਨ ਜਿਉਂ ਸ਼ਾਮ-ਵਰਣ ਨੇ
ਸ਼ਾਮ-ਰੂਪ ਤੂੰ ਵੀ ਹੈਂ ਵੈਸਾ,
ਉਹਨਾਂ ਵਾਂਗ ਸੁਣ੍ਹੇਰੀ ਕਾਇਆ,
ਰੰਗ ਅਨੂਪ ਵੀ ਉਹਨਾਂ ਜੈਸਾ ।
ਇੰਜ ਪਰਤੀਤ ਹੋਵੇਗਾ ਸਭ ਨੂੰ
ਜਿਉਂ ਧਰਤੀ-ਮਾਂ ਮੋਤੀ-ਮਾਲਾ
ਵਿੱਚ ਜੜਾਇਆ ਵੱਡਾ ਨੀਲਮ
ਅਤਿ ਮਨ-ਮੁਹਣ, ਅਨੂਪਮ ਬਾਹਲਾ ।
ਮਾਂ ਦੀ ਕੰਠ-ਸੁੰਦਰਤਾ ਨੂੰ ਜਿਸ
ਅਪਣੀ ਜੋਤੀ ਨਾਲ ਲਸ਼ਾਇਆ;
ਚਿੱਟੇ ਮੋਤੀਆਂ ਦੇ ਵਿਚ ਫੱਬੇ
ਨੀਲਾ ਅੰਬਰ ਵੇਖ ਲਜਾਇਆ ।
ਪਾਰ ਹੋਵੇਂਗਾ ਜਦ 'ਚੰਬਲ' ਤੋਂ
ਤਦ 'ਦਸ਼-ਪੁਰ' ਪਹੁੰਚੇਗਾਂ ਵੀਰਾ,
ਠਹਿਰ ਓਥੇ ਕੁਝ ਪਲ ਵੇਖੀਂ ਤੂੰ
ਸੁੰਦਰੀਆਂ ਦੀ ਪ੍ਰੇਮ-ਕਰੀੜਾ ।
ਤਰੁਣ ਸੁਅੰਗਣਾਂ ਨੈਣ-ਕਟਾਖਾਂ
ਨਾਲ ਜਦੋਂ ਤੱਕਣਗੀਆਂ ਤੈਨੂੰ,
ਮੋਹ ਲੈਸਨ, ਦਿਲ ਕੱਢ ਲਿਜਾਸਨ
ਪ੍ਰੇਮ ਵਿਕੇ ਹੱਸਣਗੀਆਂ ਤੈਨੂੰ ।
ਭਵਾਂ ਕਮਾਨਾਂ ਤੀਰ ਨਜ਼ਰ ਦੇ
ਮਾਰ ਮੁਕਾਂਦੀਆਂ ਨੇ ਰਾਹੀਆਂ ਨੂੰ;
ਹਸ ਕੇ ਬਿਜਲੀ ਸੁਟ ਨੇ ਦੇਂਦੀਆਂ
ਕੱਸ ਲੈਂਦੀਆਂ ਅਲਕਾਂ ਫਾਹੀਆਂ ਨੂੰ ।
ਸ਼ਾਮ-ਕਾਂਤ ਛਾ ਜਾਂਦੀ ਹੈ ਮੁੜ
ਜਿੱਕਣ 'ਕੁੰਦ' ਫੁੱਲਾਂ ਦੇ ਪਿੱਛੇ;
ਸ਼ਾਮ-ਭੌਰਿਆਂ ਦੇ ਦਲ ਆ ਕੇ
ਮਸਤੀ ਵਿਚ ਗੁੰਜਾਰਾਂ ਪਾਂਦੇ ।
ਚਿਟੀਆਂ ਨਰਮ ਫੁਲਾਂ ਦੀਆਂ ਪੱਤੀਆਂ
ਕਰਨ ਸੁਗੰਧਤ ਆਲਾ-ਦੁਆਲਾ;
ਝੂਮਣ ਭੌਰ ਰਸਿਕ ਰਸ ਪੀ ਕੇ
ਛਲਕ ਪਵੇ ਮਾਨੋਂ ਮਦਰਾਲਾ ।

50

ਠਹਿਰੀਂ ਕੁਝ ਪਲ, ਵਧੀਂ ਫੇਰ ਤੂੰ
ਬ੍ਰਹਮਾ-ਵਰਤ ਦੇਸ਼ ਦੀ ਵੱਲੇ;
ਕਾਲੀ ਧਰਤੀ ਨੂੰ ਪਰਸੀਂ ਤੇ
ਹਰਸੀਂ, ਸਰਸੀਂ ਉੱਤਰ ਥੱਲੇ ।
ਇਹ ਉਹ ਪੁੰਨ ਭੂਮ ਜਿਸ ਤੇ ਹੈ
'ਕੁਰਸ਼ੇਤਰ' ਅਸਥਾਨ ਪਿਆਰਾ,
ਹਾਂ, ਜਿਸ ਉੱਤੇ ਵੀਰ ਅਰਜੁਨ ਨੇ
ਮੰਡਿਆ ਖੱਲ੍ਹ ਰਣ ਹੈਸੀ ਭਾਰਾ ।
ਖਿਚ ਗੰਡੀਵ ਅਸੰਖਾਂ ਸ਼ਤਰੂ
ਤਿੱਖੇ ਤੀਰਾਂ ਵਿਚ ਪਰੋਤੇ;
ਲਹੂ-ਚੋਂਦੇ ਸਿਰ ਉੱਡੇ, ਮੀਂਹ-ਜਿਉਂ
ਮੌਤ ਵਸਾਇਆ ਚੰਡੀ ਹੋ ਕੇ ।
ਨਦੀਆਂ ਲਹੂ ਦੀਆਂ ਵਗ ਤੁਰੀਆਂ
ਮਾਂਵਾਂ ਦੇ ਲਖ ਸੈ ਸੁਤ ਮੋਏ;
ਧਰਮ-ਧੁਜਾ ਲਹਿਰੀ ਚਾਹੇ ਸੀ
ਪੂਰ ਖਪੇ, ਵਡ-ਘੋਲ ਸੀ ਹੋਏ ।

51

ਕੁਰਸ਼ੇਤਰ ਦੇ ਨੇੜੇ 'ਸ੍ਰਸਵਤੀ' ਵਹੇ
ਜਿਦ੍ਹਾ ਜਲ ਪਾਨ ਸੀ ਕੀਤਾ
ਕੌਰਵ-ਪਾਂਡਵ ਦੁਹਾਂ ਵਿਚਾਲੇ
ਖੱਲ੍ਹ 'ਬਲਦੇਵ' ਸੁਜਾਨ ਸੁਰੀਤਾ ।
ਉਸ ਕਹਿਆ-"ਦੋਵੇਂ ਹੀ ਮੇਰੇ
ਪ੍ਰਾਣ-ਸਖੇ ਹੋ, ਪਿਆਰੇ ਵੀਰੇ;
ਇਕੋ ਜਹੇ, ਸੁਹਿਰਦ ਸੁਹੇਲੇ,
ਹੈ ਜੇ ਸੁੱਚੇ ਨਿਰਮਲ ਹੀਰੇ ।"
ਮਦਰਾ ਨਾਲ ਸਨੇਹ ਅਤਿ ਕਰਦਾ
ਸ਼੍ਰੀ 'ਬਲਦੇਵ' ਕ੍ਰਿਸ਼ਨ ਮਾਂ ਜਾਇਆ;
ਪਰ ਸ੍ਰਸਵਤੀ ਦਾ ਪੀ ਉਸ ਪਾਣੀ
ਮਦਰਾ ਨੂੰ ਸੀ ਮਨੋਂ ਭੁਲਾਇਆ ।
ਉਹ ਮਦਰਾ ਸਾਧਾਰਣ ਨਹੀਂ ਸੀ
ਉਸ ਦਾ ਤਾਂ ਸੀ ਨਸ਼ਾ ਨਿਰਾਲਾ;
'ਰੇਵਤੀ ਮਹਾਰਾਣੀ ਦੇ ਨੈਣ ਪਿਆਲਿਆਂ
ਵਿਚੋਂ ਮਾਰ ਉਛਾਲਾ;
ਸ਼੍ਰੀ ਬਲਦੇਵ ਦੇ ਬੁੱਲ੍ਹੀਂ ਲੱਗਾ
ਤਨ ਨਸ਼ਿਆਇਆ, ਰੂਹ ਨਸ਼ਿਆਈ;
ਅਮਰ ਰਸਾਂ ਦੇ ਆਏ ਹਿਲੋਰੇ,
ਅਤੀ ਸੁਆਦੀ ਤੇ ਸੁਖਦਾਈ ।
ਪਾਵਨ ਪਾਣੀ ਸ੍ਰਸਵਤੀ ਦਾ
ਸ਼ਰਧਾ ਨਾਲ ਲਬਾਂ ਨੂੰ ਲਾਈਂ;
ਸ਼ੁੱਧ ਕਰੀਂ ਅੰਦਰਲਾ ਅਪਣਾ,
ਤੇ ਫਿਰ ਹੌਲਾ ਫੁੱਲ ਹੋ ਜਾਈਂ ।
ਵਧ ਜਾਏਗੀ ਵਜ਼ਨ ਤੇਰੇ ਦੀ
ਬਰਕਤ ਪਾਂਦਿਆਂ ਹੀ ਸੁਖ-ਰਾਸੀ,
ਰੂਹ ਦੀ ਸਾਰੀ ਕਾਲਖ ਲਹਿਸੀ,
ਤਨ ਪੁਲਕਿਤ, ਮਨ ਆਨੰਦ ਪਾਸੀ ।

52

ਕੁਰਸ਼ੇਤਰ ਤੋਂ ਅੱਗੇ ਉਡਦਿਆਂ,
ਜਦ ਤੂੰ ਹੈ 'ਕਨਖਲ' ਪੁਜ ਜਾਣਾ;
ਉੱਥੇ ਸ਼ਿਵ-ਮਸਤਕ ਤੋਂ ਜਿੱਥੋਂ
ਫੁੱਟੀ ਗੰਗਾ, ਹੋਏ ਰਵਾਨਾ ।
ਸੱਠ ਹਜ਼ਾਰ 'ਸਗਰ' ਦੇ ਪੁੱਤਰਾਂ ਨੂੰ
ਜੋ ਸਵਰਗ ਪੁਚਾਵਣ ਵਾਲੀ,
ਨਦੀਆਂ, ਦਰਿਆਵਾਂ ਦੀ ਰਾਣੀ
ਤਨ, ਮਨ, ਰੂਹ ਹੁਲਸਾਵਣ ਵਾਲੀ ।
ਜਦੋਂ ਸਵਰਗੋਂ ਉਤਰੀ ਗੰਗਾ
ਉਸ ਦੀ ਨਿਰਮਲ ਚਿੱਟੀ ਝੱਗ ਨੂੰ,
ਸ਼ਿਵਾਂ ਜਟਾਂ ਦੇ ਵਿਚ ਸਮੇਟਿਆ
ਗੋਟਾ ਲੱਗਾ ਸੁੱਚੀ ਪੱਗ ਨੂੰ ।
ਸ਼ਿਵ ਮਸਤਕ ਸੋਭੇ ਚੰਦਰਮਾ
ਓਸ ਮੇਲ ਵਿਚ ਹੈ ਇਹ ਆਈ,
ਝੱਗ ਪਵਿਤ੍ਰ ਹੋਰ ਹੋਈ ਤੇ
ਨਾਲ ਵਧੀ ਉਸ ਦੀ ਪ੍ਰਭਤਾਈ ।
ਓਦੋਂ ਪਾਰੋ ਈਰਖਾ-ਦੱਧੀ
ਭਵਾਂ ਚੜ੍ਹਾ ਦੋਵੇਂ ਚਾ ਲਈਆਂ,
ਗੰਗਾ ਅੱਗੋਂ ਕੀਤੀ ਚਿੱਘੀ
ਨਾਲ ਰਮਜ਼ ਦੇ ਰਮਜ਼ਾਂ ਖਹੀਆਂ ।
ਹਾਸੇ-ਜਾਦੂ-ਰੂਪ ਵਟਾ ਕੇ
ਚੰਦ ਨੂੰ ਟੂਣਿਆਂ ਦੇ ਵਿਚ ਵਲਿਆ,
ਪਾਰੋ ਤਾਈਂ ਹੋਰ ਸਾੜਿਆ
ਲੁਛਦਾ ਲੁੰਹਦਾ ਜਿਗਰਾ ਜਲਿਆ ।
ਇਸ ਗੰਗਾ ਦੀ ਮਹਿਮਾ ਵੱਡੀ
ਸੁਹਣੀ ਯਾਦ ਵਸਾ ਲਈਂ ਅੰਦਰ,
ਨਾ ਭਾਗੀਰਥੀ ਨੂੰ ਵਿਸਰੀਂ ਤੂੰ,
ਸੂਰਤ ਉਦ੍ਹੀ ਟਿਕਾ ਲਈਂ ਅੰਦਰ ।

53

ਮਣੀਆਂ ਜਹਿਆ ਸ਼੍ਰੀ ਗੰਗਾ ਦਾ
ਜਦ ਪੀਏਂਗਾ ਨਿਰਮਲ ਪਾਣੀ,
ਦਿਸੇਂਗਾ ਇੰਦਰ ਐਰਾਵਤ
ਆਇਆ ਡਾਂਝ ਨਿਵਾਰਣ ਅਪਣੀ ।
ਅਪਣੇ ਤਨ ਦਾ ਅਗਲਾ ਹਿੱਸਾ
ਚੋਖਾ ਜਦੋਂ ਝੁਕਾ ਕੇ ਅੱਗੇ
ਤੂੰ ਉਤਰੇਂਗਾ ਗੰਗਾ ਦੇ ਵਿਚ
ਆਸਾਂ ਪੂਰਨਗੀਆਂ ਤਦ ਸੱਭੇ ।
ਭੀਮ-ਆਕਾਰ ਵੇਖ ਕੇ ਤੇਰਾ
ਉਛਲੇਗੀ ਉੱਚੀ ਹੋ ਗੰਗਾ,
ਪ੍ਰਤੀ-ਬਿੰਬਤ ਲਹਿਰਾਂਦੀਆਂ ਲਹਿਰਾਂ
ਦੀ ਲਹਿ ਜਾਸੀ ਸਾਰੀ ਸੰਗਾ ।

54

ਮੇਘ ! ਅਗੇਰੇ ਆਇਆ
ਗੰਗਾ-ਵਿਕਾਸ-ਸਥੱਲ;
ਗੌਰੀ-ਸ਼੍ਰਿੰਗ ਉਸ ਨਾਮ ਹੈ
ਚੋਟੀ ਅਮਰ, ਅਚੱਲ ।
ਕਸਤੂਰੇ ਮ੍ਰਿਗ ਬੈਠਦੇ
ਉਹਨੀਂ ਸਿਖਰੀਂ ਆਣ,
ਸੈਲ ਚਟਾਨਾਂ ਮਹਿਕ ਕੇ
ਚੌਫੇਰਾ ਨਸ਼ਿਆਣ ।
ਬਰਫਾਂ ਢਕੀਆਂ ਚੋਟੀਆਂ
ਤੇ ਜਦ ਜਾਸੇਂ ਬੈਠ,
ਤੱਕਣ ਜੋਗੀ ਹੋਇਗੀ,
ਤਦ ਫਿਰ ਤੇਰੀ ਐਂਠ ।
ਇਉਂ ਜਾਪੂ ਸ਼ਿਵ-ਵਾਹਨ ਦੇ
ਤ੍ਰਿੱਖੇ ਵਡੇ ਸਿੰਗ,
ਕਾਲੇ ਚਿੱਕੜ ਲਿੱਬੜੇ
ਲਿਥੜੇ ਨਾਹਰੇ ਡਿੰਗ ।

55

ਯਾਦ ਰੱਖੀਂ ਜਦ ਕਰੇਂਗਾ
ਹਿਮ-ਸਿਖਰੀਂ ਵਿਸਰਾਮ;
ਤੁੰਦ-ਵੇਗ ਵਾਅ ਚੱਲਦੀ
ਓਥੇ ਸਰਘੀ, ਸ਼ਾਮ ।
ਦਿਉਦਾਰ ਰੁੱਖ ਖਹਿ ਰਹੇ
ਤਕਸੇਂ, ਕਰੀਂ ਖ਼ਿਆਲ
ਦੱਝਣ ਲਾਂਬੂ ਕੱਢਦੀ
ਦਾਵਾਨਲ ਦੇ ਨਾਲ ।
ਸੜਨ ਲੱਗਦੇ ਫੇਰ ਨੇ
ਚਮਰਾਂ ਗਾਂ ਦੇ ਚੌਰ;
ਕਸ਼ਟ ਵਡੇਰਾ ਪਾਉਂਦੀ,
ਝੁਲਸ ਨੇ ਜਾਂਦੇ ਮੌਰ ।
ਉਸ ਦਾਵਾਨਲ ਮਘੀ ਨੂੰ
ਤੁਰਤ ਬੁਝਾਈਂ ਫੇਰ;
ਕਰਤਵ ਪਾਲੀਂ ਆਪਣਾ
ਪਾਈਂ ਠੰਢ ਚੁਫੇਰ ।
ਕਣੀਆਂ ਲੱਖ ਅਸੰਖ ਤੂੰ
ਸੁਟ ਕੇ ਇਕੋ ਵੇਰ;
ਸ਼ਾਂਤ ਕਰੀਂ ਵਾਤਾਵਰਨ
ਖੰਡੀਂ ਤਪਤ-ਹਨੇਰ ।
ਉਹੀ ਸਰੇਸ਼ਟ ਪੁਰਸ਼ ਹੈ
ਜਗ ਅਖਵਾਂਦਾ ਵੀਰ,
ਦੀਨ ਦੁਖੀ ਦਾ ਦੁਖ ਹਰੇ
ਧੰਨ ! ਉਸ ਸਫਲ ਸਰੀਰ ।

56

ਯਾਦ ਰੱਖੀਂ ਇਕ ਹੋਰ ਗੱਲ
ਸ਼ਿਵ ਜੀ ਦੇ ਪਗ-ਚਿੰਨ੍ਹ
ਅੰਕਿਤ ਨੇ ਇਸ ਸਿਖਰ ਤੇ
ਹਨ ਹੋਰਾਂ ਤੋਂ ਭਿੰਨ ।
ਹਿਮ-ਪਰਬਤ ਦੀਆਂ ਉਂਞ ਤਾਂ
ਸਿਖਰਾਂ ਹੈਨ ਅਸੰਖ,
ਪਰਸੇ ਪਰ ਸ਼ਿਵ-ਪਗ ਜਿਨ੍ਹੇਂ
ਉਸ ਦੀ ਵੱਡੀ ਮਣਖ ।
ਯੋਗੀ, ਸੰਤ ਅਰਾਧਦੇ
ਇਹ ਤ੍ਰਿਪਰਾਰੀ-ਚਰਨ,
ਖ਼ੁਸ਼ ਹੋ ਭੋਲੇ ਨਾਥ ਫਿਰ
ਭਗਤਾਂ ਦੇ ਦੁੱਖ ਹਰਨ ।
ਜੀਵਨ-ਮੁਕਤ ਨਿ ਹੋਂਵਦੇ
ਉੱਚੀ ਪਦਵੀ ਪਾਣ;
ਲੋਕ ਸੁਖੀ, ਪਰਲੋਕ ਵਿਚ
ਹੋਇ ਸੁਹੇਲੇ ਜਾਣ ।
ਤੂੰ ਉਹਨਾਂ ਪਗ ਚਿੰਨ੍ਹਾਂ ਦੀ
ਕਰ ਪਰਕਰਮਾ ਜਾਇ,
ਤਰ ਜਾ ਪਾਵਨ-ਧੂੜ ਉਹ
ਉਤੇ ਮਸਤਕ ਲਾਇ ।

57

ਹਿਮ-ਪਰਬਤ ਦੇ ਬਨਾਂ ਦੀ,
ਮਹਿਮਾ ਅਪਰ ਅਪਾਰ,
ਵੇਲਾਂ ਵੰਨ ਸੁਵੰਨੀਆਂ
ਰਹੀਆਂ ਗੰਧ ਫੁਹਾਰ ।
ਬਾਂਸਾਂ ਦੇ ਵਿਚ ਭੌਰਿਆਂ
ਪਾਏ ਅਸੰਖਾਂ ਛੇਕ,
ਬੰਸੀ ਧੁਨਾਂ ਗੁੰਜਾਣ ਉਹ
ਮਾਖਿਓਂ ਮਧੁਰ ਅਨੇਕ ।
ਦੇਵ-ਕੰਨਿਆਂ ਉਹਨਾਂ ਵਿਚ
ਰਸ ਭਰਿ ਸੁਰਾਂ ਮਿਲਾਣ;
ਵਿਜੇ-ਗੀਤ ਝੂਮਾਂਦੀਆਂ
ਨਾਲ ਬਤਾਵਿਆਂ ਗਾਣ ।
ਓਸ ਸਮੇਂ ਤੁਧ ਗਰਜਣਾਂ
ਮੇਘਲੇ ! ਬਣਿ ਮਰਦੰਗ,
ਗੁਫਾਂ ਗੂੰਜ ਕਰ ਦੇਵਸਨ
ਰਿਸ਼ੀਆਂ ਤਾਈਂ ਦੰਗ ।

58

ਤਦ ਤੂੰ ਉਸ ਅਸਥਾਨ ਤੇ
ਭੂਤ-ਨਾਥ ਯਸ਼-ਗਾਣ
ਦੇ ਲਈ 'ਕੱਠਾ ਕਰ ਦਈਂ
ਸੰਗੀਤਕ-ਸਾਮਾਨ ।
ਬੰਸੀ ਧੁਨ ਦੇ ਨਾਲ ਤੂੰ
ਛੇੜ ਮਧੁਰ ਮਰਦੰਗ,
ਸਿਫ਼ਤ ਕਰੀਂ ਮਹਾਰਾਜ ਦੀ
ਮਲਕੜੇ ਅੱਗੇ ਲੰਘ ।
ਹਿੱਮਾਲਾ ਦੀਆਂ ਐਸੀਆਂ
ਢਲਵਾਨਾਂ ਰਮਣੀਕ,-
ਲੰਘ ਕੇ ਉੱਤਰ ਦਿਸ਼ਾ ਵੱਲ
ਸੁਰੰਗ ਮਿਲੂ ਇਕ ਠੀਕ ।
ਕ੍ਰੌਂਚ-ਰੰਧਰ ਨਾਂ ਓਸ ਦਾ
ਪਰਸ ਰਾਮ ਦੀ ਯਾਦ-
ਹੈ ਸਭ ਨੂੰ ਕਰਵਾਉਂਦੀ;
ਦਏ ਪ੍ਰਾਕ੍ਰਮ ਦੀ ਦਾਦ ।
ਲੰਘਣ ਏਥੋਂ ਕੋਲ ਦੀ
ਰਾਜ ਹੰਸ ਅਵਤੰਸ;
ਮਾਨਸਰਾਂ ਨੂੰ ਜਾਂਵਦੇ
ਸੁਖੀ ਕਰਨ ਹਿਤ ਵੰਸ ।
ਤੂੰ ਓਥੋਂ ਦੀ ਲੰਘਣਾ
ਟੇਢਾ ਹੋ ਕੇ ਫੇਰ,
ਹਰ ਪਾਸੇ ਛਿੜਕਾ ਕਰੀਂ
ਅੰਮ੍ਰਿਤ-ਬੂੰਦਾਂ ਕੇਰ ।
ਕਾਇਆ ਤੇਰੀ ਬਣੇਗੀ
ਜਿਉਂ ਬਲਿ-ਤਾਰਨਹਾਰ
ਵਾਮਨ-ਪੱਗ ਦੀ ਬਣੀ ਸੀ
ਰੂਪ ਵਡੇਰਾ ਧਾਰ ।
ਤੇ ਉਹ ਸੱਜਾ ਪੈਰ ਹੀ
ਅਪਣੀ ਸ਼ਕਤੀ ਨਾਲ
ਬਲ ਤਾਈਂ ਲੈ ਗਿਆ ਸੀ
ਹੇਠਾਂ ਧੁਰ ਪਾਤਾਲ ।

59

ਕ੍ਰੌਂਚ ਸੁਰੰਗ ਇਹ ਲੰਘ ਕੇ
ਚੜ੍ਹੀਂ ਉਚੇਰਾ ਹੋਰ;
ਆ ਜਾਸੀ ਕੈਲਾਸ਼-ਗਿਰ,
ਜਿਦ੍ਹੀ ਨਵੇਲੀ ਭੋਰ ।
ਏਹੋ ਹੈ ਕੈਲਾਸ਼ ਉਹ
ਰਾਵਨ ਜਿਹਨੂੰ ਉਠਾਲ,
ਸ਼ਿਵ ਜੀ ਨੂੰ ਪਰਸੰਨ ਕਰ
ਹੋਇਆ ਸੀਗ ਨਿਹਾਲ ।
ਇਸੇ ਲਈ ਸਭ ਚੋਟੀਆਂ
ਤਿੜਕੀਆਂ ਭੁਰੀਆਂ, ਫੇਰ
ਪੱਧਰ ਹੋਈਆਂ ਵਿੱਛੀਆਂ
ਪੱਥਰ ਗਿਰਦ ਉਲੇਰ ।
ਨੂਰਾਂ ਧੁਪੀਆਂ ਜਿਨ੍ਹਾਂ ਤੇ
ਦੇਵ-ਸੁਅੰਗਣਾਂ ਆਣ ;
ਮੂੰਹ ਅਪਣੇ ਨੇ ਤਕਦੀਆਂ
ਸੁੱਚੇ ਸ਼ੀਸ਼ੇ ਜਾਣ ।
ਗਗਨ-ਚੁੰਮਦੇ ਸਿਖਰ ਜੋ
ਚਿੱਟੇ ਕੰਵਲ ਸਮਾਨ,
ਕੱਜੇ ਬਰਫਾਂ ਨਾਲ ਨੇ
ਵੱਡਾ ਮਿਲਿਆ ਮਾਣ ।
ਜਾਪੇ ਸ਼ਿਵ-ਅੱਟਹਾਸ ਹੀ
ਹਿਮ ਬਣ ਗਇਆ ਜੰਮ,
ਉੱਚੇ ਉੱਸਰ ਢਿੱਗ ਗਏ
ਲਿਸ਼ਕ ਕਰਨ ਝੰਮ ਝੰਮ ।

60

ਸ਼ਾਮ-ਵਰਣ ਕੱਜਲ ਜਹੇ,
ਹੇ ਸਨਿਗਧ ਅਤਿ ਮੇਘ !
ਚੜ੍ਹਸੇਂ ਜਦ ਕੈਲਾਸ਼ ਤੇ
ਧੀਮੇ ਹਲਕੇ ਵੇਗ;
ਤੇਰਾ ਰੂਪ ਅਨੂਪ ਤਦ
ਇੰਜ ਹੋਸੀ ਪਰਤੀਤ;
ਗੋਰੇ 'ਹਲਧਰ' ਪਹਿਨਿਆ
ਨੀਲਾਂਬਰ, ਹੇ ਮੀਤ ।
ਮੈਂ ਵੇਖਾਂ ਵਿਚ ਕਲਪਣਾਂ
ਇਹ ਤੇਰੀ ਤਸਵੀਰ,
ਛਬਿ ਤੇਰੀ ਮਨ ਹਰੇਗੀ,
ਮੁੱਕੇ ਗੱਲ ਅਖੀਰ ।

61

ਕ੍ਰੀੜ-ਸ਼ੈਲ ਕੈਲਾਸ਼ ਤੇ
ਸ਼੍ਰੀ ਸ਼ਿਵ-ਪਾਰੋ ਨਾਲ
ਰਮਣ ਕਰ ਰਹੇ ਹੁਲਸ ਕੇ
ਦੇਂਦੇ ਨਸ਼ੇ ਪਿਆਲ ।
ਸੱਪ-ਕੰਗਣ ਨਿਜ ਭੁਜਾਂ ਤੇ
ਫੇਰ ਵਲਾਂਦੇ ਹੈਨ,
ਲਇ ਅਰਧੰਗੀ ਆਸਰਾ
ਵਣ ਤ੍ਰਿਣ ਤੱਕ ਮੁਸਕੈਣ ।
ਇਹ ਦਰਸ਼ਨ ਕਰ ਮੇਘਲੇ,
ਦਿਲ 'ਚੋਂ ਹੁੱਬ ਉਛਾਲ;
ਚਰਨਾਂ ਹੇਠਾਂ ਵਿਛੀਂ ਤੂੰ
ਲਈਂ ਨਸੀਬ ਉਜਾਲ ।
ਕੋਮਲ ਤਨ ਤੇਰਾ ਜਦੋਂ
ਲੈਸੀ ਚਰਨ-ਸਪਰਸ਼,
ਸਫਲ ਜਨਮ ਤਦ ਹੋਇਗਾ
ਮਿਲਸੀ ਨਵ-ਆਕਰਸ਼ ।

62

ਸਜਣਾਂ ! ਉਸ ਕੈਲਾਸ਼ ਤੇ
ਲੀਲਾ-ਪ੍ਰੀਅ ਸੁਕੁਮਾਰ
ਚੰਚਲ, ਚਪਲਾਂ, ਚਾਤਰਾਂ
ਤੈਨੂੰ ਦੇਸਨ ਠਾਰ ।
ਅਪਣੇ ਕੰਗਣ ਚਮਕਦੇ
ਤੇਰੇ ਨਾਲ ਸਰੀਰ
ਘਿਸ ਕੇ ਧਾਰ ਵਗਾਵਸਨ,
ਉਛਲੂ ਨਿਰਮਲ ਨੀਰ ।
ਸ਼ੋਖ, ਰਸਿਕ ਦੇਵਾਂਗਣਾਂ
ਕਾਮ-ਤਪਤ ਤੁਧ ਜਾਣ,
ਪੱਲੂ ਨਾ ਜਦ ਛੋੜਸਨ
ਤਦ ਤੂੰ ਵੀ ਲਾ ਤਾਣ
ਗੱਜੀਂ, ਬਿਫ਼ਰੀਂ, ਵੱਸ ਪਈਂ
ਉਹ ਡਰ ਜਾਸਨ ਫੇਰ,-
ਛਾਈਂ ਮਾਈਂ ਹੋਵਸਨ
ਰਤਾ ਨਾ ਲਾਸਨ ਦੇਰ ।

63

ਮੇਘ ! ਏਸ ਕੈਲਾਸ਼ ਤੇ
ਸਵਰਨ-ਕੰਵਲ ਭਰਪੂਰ,
ਹੈਵੇ ਨਿਰਮਲ 'ਮਾਨਸਰ'
ਤੱਕ ਲੈ ਲਈਂ ਸਰੂਰ ।
ਅਤਿ ਨਿਰਮਲ ਜਲ ਓਸ ਦਾ
ਤੂੰ ਸ਼ਰਧਾ ਦੇ ਨਾਲ
ਪਾਨ ਕਰੀਂ, ਰਿਦਿਓਂ ਠਰੀਂ
ਆਪਾ ਲਈਂ ਉਜਾਲ ।
ਐਰਾਵਤ ਹਾਥੀ ਉਥੇ
ਤੂੰ ਵੇਖੇਂਗਾ ਵੀਰ,
ਸੂਖਮ ਵਰਖਾ ਪਾ ਦਈਂ
ਛੰਡ ਕੇ ਰਤੀ ਸਰੀਰ ।
ਉਹ ਕਰ ਸੁੰਡਾਂ ਉਚੀਆਂ
ਖ਼ੁਸ਼ ਹੋਵਣਗੇ ਢੇਰ,
ਧੋਵੀਂ ਮੁੱਖ ਉਨ੍ਹਾਂਦੜੇ
ਹੌਲੀ ਹੌਲੀ ਫੇਰ ।
ਜਲ-ਮਣੀਆਂ ਦੇ ਹਾਰ ਤੂੰ
ਪਾ ਦੇਈਂ ਗਲ ਵਿੱਚ;
ਹੋ ਹੁਸਨੀਲੇ ਪਾਣਗੇ
ਓਹ ਅਲੋਕੀ ਖਿੱਚ ।
ਕਲਪ-ਰੁੱਖਾਂ ਦੀਆਂ ਕੂੰਮਲਾਂ
ਕੋਮਲ-ਧੁਜਾਂ ਸਮਾਨ,
ਤੂੰ ਲਹਿਰਾਈਂ ਉਹਨਾਂ ਨੂੰ
ਨਾਲ ਕਰੀਂ ਸਨਮਾਨ ।
ਇਨ੍ਹਾਂ ਕੌਤਕਾਂ ਨਾਲ ਤੂੰ
ਸੈ ਪਰਚਾਈਂ ਚਿੱਤ,
ਖ਼ੁਸ਼ੀ ਦਈਂ ਕੈਲਾਸ਼ ਦੇ
ਵਾਸੀਆਂ ਲਈ ਅਮਿੱਤ ।

64

ਗੋਦ ਇਸ ਪਰਬਤ ਧਾਰ ਦੀ
ਅਲਕਾ-ਪੁਰੀ ਮਹਾਨ;
ਵੱਡੀ ਸ਼ੋਭਾ ਦੇ ਰਹੀ
ਰਸ-ਰੂਪਾਂ ਦੀ ਖਾਣ ।
ਜਾਪੇ ਲਿਆ ਕੈਲਾਸ਼ ਨੇ
ਗੰਗਾ ਰੂਪੀ ਸ਼ਾਲ,
ਤਿਲਕ ਜੁ ਡਿੱਗਾ ਦੇਹ ਉੱਤੇ
ਦੱਖ ਹੈ ਜਿਦ੍ਹੀ ਕਮਾਲ ।
ਗਗਨ ਚੁੰਮਦੇ ਮਹਿਲ ਨੇ,
ਉਚ ਅਟਾਰੀਆਂ ਹੈਨ;
ਵੱਸੇ ਕਾਲਾ ਮੇਘ ਜਦ
ਲੱਖ ਲਿਸ਼ਕਾਰੇ ਪੈਣ ।
ਤਦ ਹੁੰਦਾ ਪਰਤੀਤ ਉਹ
ਕਾਮਨਿ ਓਸ ਸਮਾਨ,
ਪ੍ਰੀਤਮ ਦੇ ਗਲ ਲੱਗ ਜੋ
ਕਰੇ ਪ੍ਰੀਤ-ਰਸ ਪਾਨ ।
ਮੋਤੀਆਂ ਗੁੰਦੀ ਗੁੱਤ ਉਹ
ਏਕਾ ਏਕੀ ਖੋਲ੍ਹ,
ਮਨ ਪਤਿ ਦਾ ਹੈ ਠਾਰਦੀ
ਬਚਨ ਰਸੀਲੇ ਬੋਲ ।

ਦੂਜਾ ਅੱਧ
65

ਅਲਕਾ-ਪੁਰੀ ਪਛਾਣਨ ਲੱਗਿਆਂ
ਤੈਨੂੰ ਕੋਈ ਕਠਨਾਈ,
ਮੇਘ ਵੀਰਨਾ ਨਾ ਹੋਵੇਗੀ
ਸੌ ਦੀ ਇਕ ਸੁਣਾਈ ।
ਜਿਉਂ ਤੂੰ ਉੱਚਾ, ਤਿਉਂ ਉਸਦੇ ਵੀ
ਮਹਿਲ ਆਕਾਸ਼-ਘਰੂੰਦੇ;
ਖਿੱਚ ਅਨੋਖੀ ਮਹਿਸੂਸੇਂਗਾ
ਤੂੰ ਵਿਚ ਅਣੂੰ ਅਣੂੰ ਦੇ ।
ਉਥੋਂ ਦੀਆਂ ਸੁਅੰਗਣੀਆਂ ਨੇ
ਰੂਪ-ਸੱਚੇ ਵਿਚ ਢਲੀਆਂ,
ਨੂਰ-ਧੁਪੇ ਹੋਏ ਅੰਗ ਉਨ੍ਹਾਂ ਦੇ
ਚੰਦ ਤੋਂ ਵੱਧ ਉਜਲੀਆਂ ।
ਕੰਧਾਂ ਤੇ ਰੰਗੀਨ ਚਿਤ੍ਰ ਨੇ
ਅਤਿ ਸੁੰਦਰ ਸਤ-ਵੰਨੇ;
ਇੰਦਰ-ਧਨੁਸ਼ ਵਾਂਗ ਫਬਦੇ ਹਨ
ਉਜਲ ਬਨੇਰੇ ਬੰਨੇ ।
ਸੁਰ ਗੰਭੀਰ ਸਨਿਗਧ ਤੇਰਾ ਜਿਉਂ
ਤਿਉਂ ਮਰਦੰਗ ਓਥੋਂ ਦੇ
ਓਸੇ ਤਰ੍ਹਾਂ ਵੱਜਦੇ, ਗੂੰਜਣ
ਸੋਹਣੀ ਵਿਚ ਵਸੋਂ ਦੇ ।
ਹੀਰੇ ਮੋਤੀਆਂ ਨਾਲ ਜੜੰਦੇ
ਸੋਭਣ ਮਹਿਲ ਸਜੀਲੇ,
ਜਿਨ੍ਹਾਂ ਦੇ ਵਿਚ ਵਸਦੇ ਰੰਗੀਂ
ਜੋੜੇ ਛੈਲ-ਛਬੀਲੇ ।
ਬਹੁਤ ਉਚੇਰੇ, ਕਈ ਕਈ ਮਜਲੇ
ਗਗਨ ਝੁਕੇ ਤੇ ਚੁੰਮੇ,
ਵੇਖੇ ਵਿਸ਼ਕਰਮਾ ਤਾਂ ਉਹ ਵੀ
ਹੈਰਤ ਦੇ ਵਿਚ ਗੁੰਮੇ ।

66

ਯੱਖ ਪਤਨੀਆਂ ਉਸ ਨਗਰੀ ਦੀਆਂ
ਤੋੜ ਕੰਵਲ ਦੀਆਂ ਨਲੀਆਂ;
ਕੜੇ ਬਣਾ ਕੇ ਹੱਥੀਂ ਪਹਿਨਣ
ਮਧੁ ਮਾਖਿਓਂ ਦੀਆਂ ਡਲੀਆਂ ।
'ਲੋਧਰ' ਫੁਲਾਂ ਦੀ ਧੂੜੀ ਮਲ
ਮੁਖ-ਮੰਡਲ ਲਿਸ਼ਕਾਵਣ;
ਗੁਤਨੀਆਂ ਵਿਚ ਗੁੰਦ ਕੇ ਕਲੀਆਂ
ਅੰਗਾਂ ਨੂੰ ਲਚਕਾਵਣ ।
ਫੁੱਲ ਸ਼ਰੀਂਹ ਦੇ ਕੰਨੀਂ ਪਾ ਕੇ
ਜਾਪੇ ਮਸਤੀ ਵੰਡਣ,
ਚੰਦ ਲਜਾਉਣੇ ਰੂਪ ਉਨ੍ਹਾਂ ਦੇ
ਨਿਖਰ ਹਨੇਰੇ ਖੰਡਣ ।
ਫੇਰ ਕਦੰਬ-ਪੁਸ਼ਪ ਉਹ ਲੈ ਕੇ
ਰੰਗਣ ਜਦੋਂ ਸਵਾਂਧੇ,
ਡਿਗਦੇ ਅਸਮਾਨਾਂ ਤੋਂ ਪੰਛੀ,
ਰੁਕਣ ਵੇਖਣ ਰਾਹ ਜਾਂਦੇ ।

67

ਫੁਲ ਬੂਟੇ ਅਲਕਾ ਦੇ, ਰੁੱਤ ਦੀ
ਨਹੀਂ ਪਰਵਾਹ ਕੁਈ ਕਰਦੇ,
ਸਦਾ ਬਸੰਤ ਰਹੇ ਉਹਨਾਂ ਤੇ
ਝਾਕੇ ਨੂਰ-ਨਿਖਰਦੇ ।
ਸਭ ਵੰਨਾਂ ਦੇ ਫੁੱਲ ਹਮੇਸ਼ਾ
ਸਭ ਰੁੱਤਾਂ ਵਿਚ ਖਿੜਦੇ;
ਕੁੰਜਾਂ ਦੇ ਵਿਚ ਸਦਾ ਨਵੇਲੇ
ਰੂਪ ਰੰਗ ਰਸ ਭਿੜਦੇ ।
ਬਾਰਾਂ-ਮਾਸੀ ਕੰਵਲ ਸਰਾਂ ਵਿਚ
ਮਹਿਕ ਅਸਚਰਜ ਹੁਲਾਂਦੇ,
ਜਿਨ੍ਹਾਂ ਗਿਰਦੇ ਭੌਰ ਗੁੰਜਾਰਾਂ
ਲਾਂਦੇ, ਮਨ-ਮਸਤਾਂਦੇ ।
ਓਥੋਂ ਦੀਆਂ ਪਦਮਣਾਂ ਗਿਰਦੇ
ਹੰਸ ਕੁਹਕਦੇ ਰਹਿੰਦੇ,
ਤੋਤੇ, ਮੋਰ ਸਦਾ ਰੰਗ ਰਸ ਵਿਚ
ਗਾਂਦੇ, ਖ਼ੁਸ਼ੀਆਂ ਦੇਂਦੇ ।
ਨੂਰ ਨ੍ਹਾਤੀਆਂ ਓਥੋਂ ਦੀਆਂ
ਨਿਤ ਹੁੰਦੀਆਂ ਨੇ ਰਾਤਾਂ,
ਕ੍ਰਿਸ਼ਨ-ਪੱਖ ਦੇ ਵਿਚ ਵੀ ਚਮਕਣ
ਸਦ-ਉੱਜਲ ਪਰਭਾਤਾਂ ।

68

ਅਲਕਾ ਇਸ ਧਰਤੀ ਵਿਚਕਾਰੇ
ਉਹ ਅਸਥਾਨ ਪਿਆਰਾ,
ਜਿਸ ਦੇ ਪੰਛੀਆਂ ਦੇ ਨੈਣਾਂ ਵਿਚ
ਹਰਖੇ ਹੰਝੂ-ਧਾਰਾ ।
ਇਹ ਆਨੰਦੀ ਉਹ ਹੰਝੂ ਨੇ
ਜੋ ਖ਼ੁਸ਼ੀਆਂ ਰੰਗ-ਰੱਤੇ;
ਖ਼ੁਸ਼ ਹੋ ਖੰਭਾਂ ਵਾਲੇ ਰਾਗੀ
ਸੁਰਾਂ ਕੱਢਦੇ ਸੱਤੇ ।
ਕਦੇ ਜਦੋਂ ਬਿਰਹੋਂ ਦਾਹ ਦਾਹੇ
ਤਨ ਤਾੱ, ਮਨ ਕਲਪਾਏ;
ਓਦੋਂ ਹੀ ਹਹੁਕੇ ਬਣ ਹੰਝੂ
ਵਗਦੇ ਡਾਂਝ ਸਤਾਏ ।
ਏਹੋ ਹੀ ਉਹ ਨਗਰੀ ਜਿੱਥੇ
ਸਭ ਖ਼ੁਸ਼ੀਆਂ ਨਚ ਰਹੀਆਂ,
ਪੇਲਣ ਸਦਾ ਬਹਾਰਾਂ ਜੂਹੀਂ
ਪਿਪਲੀਂ ਪੀਂਘਾਂ ਪਈਆਂ ।
ਰੰਗਾਂ ਦੀ ਇਸ ਲੀਲਾ ਦੇ ਵਿਚ
ਖਿਣਕ ਵਿਜੋਗ ਰਲਾਇਆ
ਜਿਸ ਦਾ ਮਜ਼ਾ ਮੇਲ ਤੋਂ ਬਾਹਲਾ
ਹੈ ਰਸਕਾਂ ਨੂੰ ਆਇਆ ।
ਪ੍ਰੇਮ-ਰਸਾਂ ਦੀ ਮਧੁਰ ਕਲ੍ਹੇ ਦੇ
ਜਮੇਂ, ਮਾਣ ਵਿਚ ਮਤੀਆਂ
ਤਾਈਂ ਵਿਜੋਗ ਸਤਾਂਦਾ ਹੈ ਵੇ;
ਗੱਲਾਂ ਕਰੇ ਅਵੱਤੀਆਂ ।
ਹੋਰ ਕਲੇਸ਼ ਕਲ੍ਹੇ ਨਾ ਕਾਈ
ਇਸ ਦੇ ਨੇੜੇ ਆਈ;
ਇਸ ਦਾ ਅਣੂੰ ਅਣੂੰ ਮਦ-ਮੱਤਾ,
ਇਹ ਰੱਬੋਂ ਵਰੁਸਾਈ ।
ਏਥੋਂ ਦੇ ਮਸਰੂਰ ਯਖਾਂ ਤੇ
ਜਦੋਂ ਜਵਾਨੀ ਆਉਂਦੀ;
ਉਹ ਫਿਰ ਢਲੇ ਨਾ ਉਮਰਾਂ ਤੀਕਰ
ਸਦਾ ਰਹੇ ਗਰਮਾਉਂਦੀ ।
ਹੁੱਟਣ ਦਏ ਨਾ ਹੁੱਸਣ ਦੇਵੇ
ਅੰਗ ਅੰਗ ਅੰਦਰ ਭੱਖੇ;
ਓਜ ਅਮਿੱਤ ਨਾਲ ਉਚਿਆਉਂਦੀ
ਸੰਗ ਦੁਰਾਡੀ ਰੱਖੇ ।

69

ਏਥੋਂ ਦੇ ਯੱਖ ਨਾਲ ਸੁੰਦਰੀਆਂ
ਰੰਗ-ਮਹੱਲਾਂ ਅੰਦਰ;
ਪਿਆਰ ਕਲੋਲ ਕਰਨ ਰਸ-ਮੱਤੇ
ਮਣੀਆਂ ਮੜ੍ਹੇ ਨੇ ਮੰਦਰ ।
ਉਹ ਮੋਤੀ, ਜਿਹਨਾਂ ਦੀ ਜੋਤੀ-
ਆਭਾ ਹੋਇ ਨਾ ਮੈਲੀ;
ਝਿਲਮਿਲ ਕਰਦੇ ਅੱਖੀਆਂ ਮਾਰਨ
ਚਾਨਣੀ ਚਹੁੰ ਦਿਸ ਫੈਲੀ ।
ਰਾਤ ਜਦੋਂ ਤਾਰੇ ਅਸਮਾਨੇ
ਨਾਲ ਕਹਿਕਸ਼ਾਂ ਰਲ ਕੇ
ਨੈਣ-ਮਟੱਕੇ ਕਰਦੇ ਹੈਨੇ
ਪਿਆਰੋਂ ਮਚਲ ਮਚਲ ਕੇ;
ਉਹਨਾਂ ਦੇ ਕੌਤਕ ਦਾ ਤਦ ਇਹ
ਹੇਠਾਂ ਪਏ ਪਰਛਾਵਾਂ
ਚਮਕ ਪੈਂਦੀਆਂ ਸੁਚੀਆਂ ਮਣੀਆਂ,
ਨੂਰ ਖਿੰਡੇ ਵਿਚ ਰਾਹਾਂ ।
ਇਉਂ ਹੀ ਜਾਪੇ ਸੁਹਲ ਸੁਅੰਗਣਾਂ
ਸੁੰਦਰ ਸੁਹਣੀਆਂ ਨਾਰਾਂ,
ਫੁਲ-ਪਰਾਗ ਲਈ ਹਨ ਬੈਠੀਆਂ
ਸਵਰਨ-ਲਤਾ, ਸੁਕੁਮਾਰਾਂ ।
ਹੋਰ ਇਕ ਗੱਲ ਮੇਰੀ ਸੁਣ ਮਿੱਤਰਾ
ਸ਼ਹਿਰੀ ਓਸ ਨਗਰ ਦੇ,
ਮਦ ਮੱਤੀ ਮਦਰਾ ਹਨ ਪੀਂਦੇ
ਰੂਪ ਝੂਮਾਵਣ ਗਿਰਦੇ ।
ਇਹ ਉਹ ਮਦ, ਰਲ ਨਾਲ ਗਰਜ ਤੁਧ
ਕਲਪ-ਬ੍ਰਿਛਾਂ ਦੇ ਫਲ ਲਈ;
ਆਖਣ ਬਾਧਕ ਬਣ ਜਾਂਦੀ ਹੈ
ਕੀ ਇਹ ਸੱਚੀ ਗੱਲ ਹਈ ?

70

ਅਲਕਾ ਦੀਆਂ ਯੱਖ-ਕੰਨਿਆਂ
ਰੂਪ-ਵਾਨ ਨੇ ਰਜ ਕੇ,
ਦਿਉਤੇ ਵੀ ਆ ਭਿਖਿਆ ਮੰਗਣ
ਸਵਰਗ-ਸੁਖਾਂ ਨੂੰ ਤਜ ਕੇ ।
ਉਹਨਾਂ ਸੁੰਦਰੀਆਂ ਦੀ ਕ੍ਰੀੜਾ
ਹੈ ਅਸਚਰਜ, ਨਿਰਾਲੀ,
ਇੱਕੋ ਤੱਕਣੀ ਕਰ ਦੇਂਦੀ ਹੈ
ਲਖ-ਸੈ ਸੀਨੇ ਖਾਲੀ ।
'ਮੰਦਾਕਿਨੀ' ਦੀਆਂ ਜਲ-ਕਣੀਆਂ
ਨਾਲ ਸਿੱਜ ਵਾਅ ਆਉਂਦੀ;
ਅਲਕਾ ਦੇ ਗਿਰਦੇ ਪਸਰੇ ਹੋਏ
ਹੁਸਨਾਂ ਨੂੰ ਹੁਲਸਾਉਂਦੀ ।
ਸੁਖ-ਸਪਰਸ਼ ਲੈਂਦੀ ਹੋਈ ਫਿਰ ਉਹ
ਤਪਦੇ ਰੁੱਖਾਂ ਥੱਲੇ;
ਰਤਾ ਠਹਿਰ ਕੇ ਸਾਹ ਕਢਦੀ ਹੈ
ਮਾਨੋਂ ਪੱਖਾ ਝੱਲੇ ।
ਮੰਦਾਕਿਨ' ਬਾਲੂ ਨੂੰ ਫਿਰ ਉਹ
ਹੱਥਾਂ ਨਾਲ ਖਿੰਡਾਵੇ;
ਮਾਨੋਂ ਮਣੀਆਂ ਦੇ ਲਖ ਮੋਤੀ
ਹੋ ਲਖ ਲੁੱਟ ਲੁਟਾਵੇ ।
ਮੋਤੀ ਲੱਭਣ ਦਾ ਇਹ ਕੌਤਕ
ਹੁੰਦਾ ਬੜਾ ਸੁਹਾਣਾ;
ਜਦ ਤੂੰ ਵੇਖੇਂਗਾ, ਅਨੁਭਵ ਹੁਊ
ਖੇਲ ਇਹ ਰੂਹ-ਨਿਸ਼ਿਆਣਾ ।

71

'ਅਲਕਾ' ਦੇ ਭਵਨਾਂ ਤੇ ਦੱਸਾਂ
ਤੇਲ-ਦੀਪ ਨਹੀਂ ਜਗਦੇ,
ਉਹ ਤਾਂ ਰਤਨਾਂ ਦੀ ਆਭਾ ਤੋਂ
ਉਜਲੀਂਦੇ ਜਗਮਗਦੇ ।
ਫਿਰ ਜਾਂ ਲਾਲ ਬਿੰਬ ਤੁਲ ਬੁੱਲ੍ਹਾਂ
ਵਾਲੀਆਂ ਨਾਗਰ-ਵੇਲਾਂ
ਕਾਮਨੀਆਂ ਅਧ-ਬਸਤ੍ਰ ਪਹਿਨੀ
ਕਰਦੀਆਂ ਰਸਿਕ ਕੁਲੇਲਾਂ;
ਕਾਮ-ਇੱਛਾ ਵਿਚ ਢਿਲਕ ਨ ਜਾਂਦੇ
ਕਪੜੇ; ਤਦ ਪਤਿ ਪਿਆਰੇ
ਕਾਹਲੇ ਹੱਥਾਂ ਨਾਲ ਤੜਾਗੀ
ਤੋੜਨ, ਮਦ ਮਤਵਾਰੇ ।
ਤਦ ਉਹ ਨੰਗੀਆਂ ਹੋਣ ਤ੍ਰਹਿ ਕੇ
ਰਤਨ-ਦੀਵਿਆਂ ਉੱਤੇ-
ਹੈਨ ਗੁਲਾਲ ਸੁਟਦੀਆਂ, ਜਾਗਣ
ਨੈਣੀਂ ਸੁਪਨੇ-ਸੁੱਤੇ ।
ਰਤਨ-ਦੀਪ ਬੁਝਦੇ ਨਹੀਂ, ਤਕ ਉਹ
ਲੱਜਾ-ਵਾਨ ਨੇ ਹੁੰਦੀਆਂ;
ਅਪਣੀ ਏਸ ਬੇਬਸੀ ਉੱਤੇ
ਪਰੇਸ਼ਾਨ ਨੇ ਹੁੰਦੀਆਂ ।

72

ਫਿਰ ਹੇ ਮੇਘ ! ਤੇਰੇ ਜਿਹੇ ਕੇਈ
ਜਦ ਬੱਦਲ ਜੁੜ ਜਾਂਦੇ,
ਅਲਕਾ ਦੀਆਂ ਅਟਾਰੀਆਂ ਉੱਤੇ
ਨਾਚ ਰੰਗੀਲੇ ਪਾਂਦੇ ।
ਤੇ ਸਤ-ਖੰਡੀ ਘਰਾਂ ਵਿਚਾਲੇ
ਵਾਅ-ਲਹਿਰਾਂ ਸੰਗ ਮਿਲ ਕੇ;
ਘੁਸ ਜਾਂਦੇ ਅੰਦਰ, ਧੋ ਦੇਂਦੇ
ਚਿਤਰੇ ਚਿਤ੍ਰ ਅਨੋਖੇ ।
ਤਦ ਨਿਜ ਨੂੰ ਅਪਰਾਧੀ ਮੰਨ ਕੇ
ਧੂੰ ਬਣ ਡਰਦੇ ਡਰਦੇ
ਜਾਂਦੇ ਨਿਕਲ ਝਰੋਖਿਆਂ ਰਾਹੀਂ
ਪੈਰ ਮਲਕੜੇ ਧਰਦੇ ।
ਅਲਕਾ ਦੇ ਵਿਚ ਇਹ ਲੀਲ੍ਹਾ ਸਦ
ਰਹਿੰਦੀ ਹੈਵੇ ਜਾਰੀ,
ਤਾਂਹੀਏਂ ਉਸ ਨਗਰੀ ਦੀ ਝਾਕੀ
ਹੈ ਅਸਚਰਜ, ਨਿਆਰੀ ।

73

ਹੋਰ ਦੱਸਾਂ ਮੈਂ ਪਲੰਘ ਵਿੱਛੇ ਜੋ
ਓਥੇ ਸਜੇ ਸੰਵਾਰੇ;
ਚੰਦ-ਮਣੀਆਂ ਦੀਆਂ ਝਾਲਰਾਂ ਨੇ ਉਹ
ਕੀਤੇ ਹਨ ਉਜਿਆਰੇ ।
ਅੱਧੀ-ਰਾਤ ਸਮੇਂ ਬੱਦਲਾਂ ਦੇ
ਬਸਤਰ ਪਰੇ ਹਟਾ ਕੇ,
ਚੰਦ ਦੀਆਂ ਰਸ਼ਮਾਂ ਕੇਰਨ ਮੋਤੀ
ਸ਼ੀਤਲ ਅਰਸ਼ੋਂ ਆ ਕੇ ।
ਇਹ ਜਲ-ਕਣ ਕਰਦੇ ਤਦ ਹੈ ਨੇ
ਕਾਰਜ ਇਹ ਭਲੇਰਾ,
ਕਾਮ-ਥਕਤ ਸੁੰਦਰੀਆਂ ਉੱਤੇ
ਉਲਟਣ ਕਲਸ ਵਡੇਰਾ ।
ਸ਼ਾਂਤੀ ਮਿਲੇ ਉਨ੍ਹਾਂ ਦੇ ਮਨ ਨੂੰ
ਨੀਂਦਰ ਪੀਂਘ ਝੁਟਾਵੇ;
ਪਲਕਾਂ ਵਿਚ ਸੁਪਨੇ ਸੌਂ ਜਾਂਦੇ
ਢਿੱਲੇ ਪੈਣ ਕਲਾਵੇ ।

74

'ਅਲਕਾ' ਦੇ ਇਸ ਸੁਖ-ਵਿਲਾਸ ਦਾ
ਅੰਤ ਸ਼ੁਮਾਰ ਨਾ ਕਾਈ;
ਸੁਹਣਿਆਂ ਦੀ ਇਹ ਸੁੰਦਰ ਨਗਰੀ,
ਪਿਆਰ-ਪੰਘੂੜੇ ਪਾਈ ।
ਓਥੋਂ ਦੇ ਵਸਨੀਕ ਉੱਜਲੇ
ਸਦਾ ਜਵਾਨ, ਰੰਗੀਲੇ,
ਨੈਣ ਜਿਨ੍ਹਾਂ ਦੇ ਪਿਆਰ-ਨਸ਼ੇ ਦੀ
ਰੰਗਣ ਨਾਲ ਨਸ਼ੀਲੇ ।
ਦੇਵ-ਅੰਗਣਾਂ ਅਤੇ ਅਪਸਰਾਂ
ਸੁਹਜ ਸੁਹੱਪਣ ਜਾਈਆਂ,
ਨਾਲ ਕਰਨ ਲੀਲ੍ਹਾ ਰਸ-ਰੱਤੀ
ਕਣ ਕਣ ਰੰਗਣਾਂ ਆਈਆਂ ।
ਜੱਸ 'ਧਨੇਸ਼ਰ' ਦਾ ਉਹ ਗਾਂਦੇ,
ਨਾਲ ਕਿੰਨਰਾਂ ਮਿਲ ਕੇ,
ਮਾਣ ਰਹੇ ਜੀਵਨ ਦੀ ਨਿਘ ਨੇ
ਭਾਗ ਮੱਥੇ ਦੇ ਚਿਲਕੇ ।
'ਵੈਭ-ਰਾਜ' ਉਪ-ਬਨ ਵਿਚ ਚਾੜ੍ਹਨ
ਰੰਗ ਵਿਚ ਪੀਂਘ ਆਨੰਦੀ;
ਗ਼ਮ ਤੇ ਫ਼ਿਕਰ ਨਾ ਢੁੱਕਣ ਨੇੜੇ,
ਨਾ ਫਾਹੇ ਪਾਬੰਦੀ ।

75

ਅਲਕਾ ਦੀਆਂ ਵਿਲਾਸੀ-ਸੁੰਦਰਾਂ
ਪੈਰ ਉਠਾਂਦੀਆਂ ਕਾਹਲੇ;
ਢਿਲੀਆਂ ਗੁੱਤਾਂ 'ਚੋਂ ਗੁਲਾਬ-ਫੁੱਲ
ਡਿੱਗਣ ਰਾਹਾਂ ਵਿਚਾਲੇ ।
ਸਵਰਨ ਕੰਵਲ-ਫੁੱਲ ਪੱਤੀਆਂ ਜੋ ਉਹ
ਕੰਨਾਂ ਦੇ ਵਿਚ ਟੰਗਣ;
ਉਹ ਹਿੱਸ ਖਿੰਡ ਕੇ ਡਿਗ ਪੈਂਦੀਆਂ
ਓਥੇ, ਜਿਥੋਂ ਲੰਘਣ ।
ਕੇਸਾਂ ਤੋਂ ਕੁਝ ਹੇਠ ਢਿਲਕ ਕੇ
ਮੋਤੀ ਲੜ ਲਟਕੰਦੇ,
ਤੇ ਜਫੀਆਂ ਵਿਚ ਮਸਲੇ ਜਾਂਦੇ
ਫੁਲ ਜ਼ੁਲਫ਼ਾਂ ਵਿਚ ਗੁੰਦੇ ।
ਏਹੋ ਫੁੱਲ ਰਾਹਾਂ ਵਿਚ ਬਿਖਰੇ
ਉਨ੍ਹਾਂ ਵਿਲਾਸਣੀਆਂ ਨੂੰ,
ਪਰਤਣ ਸਮੇਂ ਵਿਖਾਂਦੇ ਰਾਹ ਨੇ
ਜਦ ਉਹ ਜਾਣ ਘਰਾਂ ਨੂੰ ।

76

ਮਹਾਂ-ਸ਼ਿਵ ਮਹਾਰਾਜ ਯੱਖ ਸੰਦੜੇ
ਅੰਗ-ਪਾਲ, ਵਡ-ਮਿੱਤਰ,
ਉਹਨਾਂ ਦੀ ਕ੍ਰਿਪਾ ਦੇ ਪੈਰੋਂ
ਅਲਕਾ ਹੋਈ ਪਵਿੱਤਰ ।
ਇਸੇ ਲਈ ਕਾਮ-ਦੇਵਤਾ
ਧਨੁਸ਼ ਨਾ ਅੰਗੀਂ ਧਾਰੇ;
ਭੌਰਾਂ ਜਿਹਨੂੰ ਸਜਾਇਆ ਹੈਵੇ
ਤੇ ਬਿਜ-ਲਿਸ਼ਕਾਂ ਮਾਰੇ ।
ਕਾਮ-ਆਤਰ ਪੁਰਸ਼ਾਂ ਨੂੰ ਸੁਹਣੀਆਂ
ਅਪਣਾ ਸਮਝ ਨਿਸ਼ਾਨਾ,
ਬਾਣ-ਅਮੋਘ ਨਜ਼ਰ ਦੇ ਮਾਰਨ,
ਪਾ ਕੁਈ ਪੱਜ ਬਹਾਨਾ ।
ਪੰਜ-ਸਰੀ ਓਹਾ ਬਣ ਢੁਕਦੇ,
ਸੀਨੇ ਜਿਨ੍ਹਾਂ ਦੁਖੰਨੇ,
ਘਾਇਲ ਹੋਇ ਜ਼ਮੀਂ ਤੇ ਤੜਪਣ,
ਝਾਕਣ ਅੰਨੇ ਸੰਨੇ ।

77

ਚਮਤਕਾਰ ਇਕ ਹੋਰ 'ਅਲਕਾ' ਦਾ
ਸੁਣੀਂ ਮੇਘਲੇ ਵੀਰਾ !
ਸੁੰਦਰੀਆਂ ਉਥੋਂ ਦੀਆਂ ਤਕਸੇਂ
ਕਰਦੀਆਂ ਪ੍ਰੇਮ-ਕ੍ਰੀੜਾ ।
ਪਾਸ ਉਨ੍ਹਾਂ ਦੇ ਸੁਖ-ਵਿਲਾਸ ਦੀ
ਸੰਪੂਰਣ ਸਾਮਗਰੀ;
ਵੰਨ ਸੁਵੰਨੇ ਕੱਪੜੇ ਪਹਿਨਣ,
ਕੁਹਕਦੀਆਂ ਵਿਚ ਨਗਰੀ ।
ਚੰਚਲ ਨੈਣ, ਨਸ਼ੀਲੀਆਂ ਨਜ਼ਰਾਂ
ਪਤਲੇ ਹੋਂਟ ਗੁਲਾਬੀ;
ਇਕੋ ਤਕ ਦੇ ਨਾਲ ਬੰਦੇ ਨੂੰ
ਕਰਦੀਆਂ ਹੈਨ ਸ਼ਰਾਬੀ ।
ਅਧ-ਖਿੜੀਆਂ ਕਲੀਆਂ ਦੇ ਗਜਰੇ
ਹੱਥਾਂ ਵਿਚ ਸੁਹਾਏ;
ਫੁਲ-ਪਤੀਆਂ ਦੇ ਹਾਰ ਗੁੰਦ ਕੇ
ਵਿਚ ਲਿਟਾਂ ਲਟਕਾਏ ।
ਰੰਗਿਆ ਹੱਥਾਂ ਤੇ ਪੈਰਾਂ ਨੂੰ
ਉਹਨਾਂ ਮਹਿੰਦੀ ਲਾ ਕੇ;
ਸੁੱਤਾ ਕਾਮ ਜਗਾਵਣ ਪਈਆਂ
ਮਟਕ ਨਾਲ ਮਟਕਾ ਕੇ ।
ਸਭ ਸਾਮਗਰੀ ਸੁਹਜ ਫਬਣ ਦੀ
ਕਲਪ-ਬ੍ਰਿੱਛ ਤੋਂ ਪਾਵਣ;
ਜਿਸ ਦੇ ਨਾਲ ਸਜਾ ਅੰਗਾਂ ਨੂੰ
ਪਲ ਵਿਚ ਪਾਂਦੀਆਂ ਕਾਮਣ ।
ਉਹਨਾਂ ਤਈਂ ਰਿਝਾਵਣ ਦੇ ਲਈ
ਜਤਨ ਨਾ ਕਰਨਾ ਪੈਂਦਾ,
ਇਕ-ਸੰਕੇਤ ਮਰਦ-ਅਲਬੇਲੇ
ਦਾ ਪਿੱਛੇ ਲਾ ਲੈਂਦਾ ।

78

ਏਸੇ ਅਲੋਕਾਰ 'ਅਲਕਾ' ਵਿਚ
ਯੱਖ-ਰਾਜ ਨੇ ਰਹਿੰਦੇ;
ਲੋਕ ਲੋਕ ਵਿਚ ਵੱਜ ਜਿਨ੍ਹਾਂ ਦਾ
ਲੋਕ ਕੁਬੇਰ ਨਿ ਕਹਿੰਦੇ ।
ਉਹਨਾਂ ਦੇ ਮਹਿਲਾਂ ਤੋਂ ਹੇਠਾਂ
ਉੱਤਰ ਵੱਲ ਘਰ ਮੇਰਾ;
ਜਿਸ ਦੇ ਵਿਚ ਕਰਦੀ ਯੱਖ-ਰਾਣੀ
ਅਜ ਕਲ ਬ੍ਰਿਹੁੰ-ਬਸੇਰਾ ।
ਰੰਗਾ-ਰੰਗ ਮਣੀਆਂ ਨਾਲ ਮੜ੍ਹੀਆਂ
ਉੱਚੀਆਂ ਉਸ ਦੀਆਂ ਕੰਧਾਂ
ਇੰਦ੍ਰ-ਧਨੁਸ਼ ਜਿਉਂ ਰਾਂਗਲਾ ਬੂਹਾ,
ਬਿਖਰਨ ਗਿਰਦ ਸੁਗੰਧਾਂ ।
ਦਰਵਾਜ਼ੇ ਦੇ ਨੇੜੇ ਹੀ ਹੈ
ਕਲਪ-ਬ੍ਰਿੱਛ ਦਾ ਬੂਟਾ,
ਲਾਇਆ ਹੈ ਮੇਰੀ ਰਾਣੀ ਨੇ
ਸਦ ਫਲਦਾਰ ਕਰੂਟਾ ।
ਪੁਤ੍ਰ ਵਾਂਗ ਇਸ ਬੂਟੇ ਤਾਂਈਂ
ਪਾਲਿਆ ਹੁਸਨਾ-ਜ਼ਾਦੀ;
ਦੋ ਵੇਲੇ ਆ ਬਹਿੰਦੀ ਹੇਠਾਂ
ਪ੍ਰੀਤਾਂ ਦੀ ਸ਼ਾਹਜ਼ਾਦੀ ।
ਕਲਪ-ਬ੍ਰਿੱਛ ਫਲ-ਗੁਛਿਆਂ ਲੱਦਿਆ
ਏਨਾਂ ਹੇਠਾਂ ਨਿਵਿਆਂ
ਬੱਚੇ ਵੀ ਫਲ ਤੋੜ ਲਿਜਾਂਦੇ;
ਮਿਹਰਾਂ ਬਣ ਇਹ ਖਿੰਵਿਆਂ ।

79

ਇਕ ਬਾਉਲੀ ਇਸ ਸੁਹਣੇ ਘਰ ਵਿਚ
ਮੈਂ ਹੈਵੇ ਬਣਵਾਈ;
ਮੋਤੀਆਂ-ਜੜ ਕਿਨਾਰਿਆਂ ਅੰਦਰ
ਕੰਵਲਾਂ ਮੁਸ਼ਕ ਮਚਾਈ ।
ਲੰਮੀਆਂ ਹੈਨ ਜਿਨ੍ਹਾਂ ਦੀਆਂ ਨਲੀਆਂ
ਰੰਗ ਮਣੀਆਂ ਤੋਂ ਸੁਹਣਾ;
ਨਸ਼ਾ-ਪਰਾਗ ਪੀ ਰਹੇ ਭੌਰੇ
ਝਾਕਾ ਅਤਿ ਮਨ-ਮੁਹਣਾ ।
ਜਲ-ਨਿਰਮਲ, ਠੰਢਾ ਤੇ ਮਿੱਠਾ
ਰੋਗ ਨਸਾਵਣ ਵਾਲਾ;
ਪੀਏ, ਹਰ ਸ਼ੈ ਹਜ਼ਮ ਕਰੇ ਉਹ
ਜਿੰਦ ਗਰਮਾਵਣ ਵਾਲਾ ।
ਤੈਨੂੰ ਵੇਖ, ਸਮਝ ਵਰਖਾ ਦੀ
ਆ ਰਹੀ ਰੁੱਤ ਸੁਹਾਣੀ;
ਰਾਜ-ਹੰਸ ਕਾਹਲੇ ਨਾ ਪੈਸਨ
ਵੇਖੀਂ, ਰਮਜ਼ ਪਛਾਣੀ ।
ਚਾਹੇ ਮਾਨ ਸਰੋਵਰ ਓਥੋਂ
ਬਹੁਤਾ ਮੇਰਿਆ ਵੀਰਾ !
ਨੇੜੇ ਹੈ, ਪਰ ਹੰਸਾਂ ਤਾਂਈਂ
ਉਸ ਦੀ ਖਿੱਚ ਰਤੀ ਨਾ ।
ਵਰਖਾ ਵਿਚ ਵੀ ਉਸਦਾ ਪਾਣੀ
ਸੁਹਣਾ ਸੀਤਲ ਰਹਿੰਦਾ;
ਏਸੇ ਲਈ ਰਾਜ-ਹੰਸਾਂ ਨੂੰ
ਉਹ ਜੱਫੀ ਵਿਚ ਲੈਂਦਾ ।

80

ਉਸ ਬਾਉਲੀ ਦੇ ਕੰਢੇ ਦੇ ਹੀ
ਨੇੜੇ ਬਣਿਆਂ ਉਹ ਅਸਥਾਨ;
ਜਿਸ ਦੇ ਵਿਚ ਅਸਾਂ ਰੱਜ ਕੀਤਾ
ਹੈ ਸੁੰਦਰਤਾ ਦਾ ਰਸ ਪਾਨ ।
ਪੰਨੇ-ਵੰਨੇ ਹਰੇ ਰੰਗ ਦੇ
ਕੇਲੇ ਉਸ ਵਿਚ ਰਹੇ ਨੇ ਝੂਮ;
ਪਤਾ ਨਾ ਪਰ ਬਿਰਹੀ ਇਸ ਤਾਂਈਂ
ਦਰਸ ਕਰਾਸੀ ਕਦ ਮਕਸੂਮ !
ਇਉਂ ਜਾਪੇ ਜਿਉਂ ਸਿਖਰ ਓਸ ਦੇ
ਜੜੇ ਕਿਸੇ ਨੀਲਮ ਵਡ-ਮੁੱਲ;
ਮੇਰੀ ਰਾਣੀ ਦਾ ਅਤਿ-ਪਿਆਰਾ
ਇਹ ਟਿਕਾਣਾਂ ਸਵਰਗਾਂ ਤੁੱਲ ।
ਪੀਤਾਂਬਰ ਬਿਜਲੀ ਦੇ ਪ੍ਰੀਤਮ,
ਜਾਮਨ-ਵੰਨੇ ਮੇਘ ਸਜਨ !
ਤੈਨੂੰ ਵੇਖ ਯਾਦ ਆ ਰਹਿਆ
ਮੈਨੂੰ ਅਪਣਾ ਪ੍ਰੀਤ-ਭਵਨ ।
ਸੋਨ-ਸਿਖਰ ਵਾਲਾ ਉਹ ਮੇਰਾ
ਮਨ-ਮੁਹਣਾ ਹੈ ਪਿਆਰ-ਮਹੱਲ;
ਯਾਦ ਓਥੋਂ ਦਾ ਸੁਖ-ਵਿਲਾਸ ਕਰ
ਵਿਲਕ ਪਇਆ ਮੈਂ ਵਿਚ ਇਕੱਲ ।

81

ਉਸ ਕ੍ਰੀੜਾ-ਪਰਬਤ ਦੇ ਨੇੜੇ
ਭਵਨ ਮੇਰੇ ਦੀ ਹੈ ਫੁਲਵਾਰ,
ਜਿਸ ਦੇ ਅੰਬ-ਬ੍ਰਿੱਛਾਂ ਵਿਚਕਾਰੇ
ਮਾਧਵੀ ਦੇਂਦੀ ਨਵੀਂ ਬਹਾਰ ।
ਨੇੜੇ ਸ਼ੋਖ਼ ਪੱਤਿਆਂ ਵਾਲਾ
ਪਸਰਿਆ ਇਕ ਅਸ਼ੋਕ ਮਹਾਨ;
'ਮੋਰ-ਛਲੀ' ਦਾ ਨਾਲ ਰੁੱਖ ਇਕ
ਹੋਰ ਓਸ ਟੁਕੜੀ ਦੀ ਸ਼ਾਨ ।
ਉਹ ਅਸ਼ੋਕ-ਫੁੱਲਾਂ ਦਾ ਭਰਿਆ
ਮੇਰੀ ਪ੍ਰੀਅ ਦੇ ਸੱਜੇ ਪੈਰ
ਦੀ ਛੁਹ ਲੈਣ ਲਈ ਹੋਇ ਵਿਆਕੁਲ
ਜਦ ਉਹ ਆਵੇ ਕਰਦੀ ਸੈਰ ।
ਸਹਿਕਣ 'ਵਲਕਲ' ਵੀ ਦਰਸ਼ਨ ਲਈ
ਜਾਂ ਏਧਰ ਆਉਂਦੀ ਸੁਕੁਮਾਰਿ;
ਕੰਵਲ-ਮੁਖੀ ਦੇ ਮੁੱਖ ਦੀ ਮਦਰਾ
ਪੀਣ ਲਈ ਹੋ ਜਾਣ ਤਿਆਰ ।

82

ਮੋਰ-ਛਲੀ ਤੇ ਉਸ ਅਸ਼ੋਕ ਦੇ
ਐਨ ਵਿਚਾਲੇ ਚੌਕੀ ਇੱਕ,
ਰਤਨ-ਜੜੀ ਘਾਹ ਉੱਤੇ ਰੱਖੀ
ਬਹੇ ਜਿਦ੍ਹੇ ਤੇ ਮੇਰੀ ਸਿੱਕ ।
ਹਰੀਆਂ ਮਣੀਆਂ ਦੇ ਸੰਗ ਜੜਿਆ,
ਉਸ ਨੂੰ ਚੁੱਕਣ ਸੋਨ-ਸਤੰਭ;
ਹਰਾ ਕਚਾਹ ਬਾਂਸ ਹੀ ਜਾਪੇ
ਝੂੰਮ ਰਹਿਆ ਨੇੜੇ ਇਕ ਅੰਬ ।
ਸੰਧਿਆ ਸਮੇਂ ਓਸ ਤੇ ਆ ਕੇ
ਤੇਰਾ ਪ੍ਰੇਮੀ ਮੋਰ ਸਜੇ,
ਤੈਨੂੰ ਸਦਾ ਪਿਆਰਨ ਵਾਲਾ
ਬੈਠਾ ਉਸ ਤੇ ਹੋਰ ਸਜੇ ।
ਨੀਲ-ਕੰਠ ਸਿਰ ਸੋਇਨ-ਕਲਗੀ
ਖੰਭ ਨੇ ਰਤਨਾਂ ਨਾਲ ਜੜੇ;
ਵਾਂਗ ਸੁਰਾਹੀ ਸੁਹਣੀ ਗਰਦਨ
ਜਿਸ ਤੇ ਹੀਰੇ ਲਾਲ ਜੜੇ ।

83

ਹੇ ਚਾਤਰ ! ਇਹ ਚਿੰਨ੍ਹ ਪਿਆਰੇ,
ਜੇਕਰ ਤੂੰ ਰੱਖੇਗਾਂ ਯਾਦ;
ਤੇ ਵੇਖੇਂਗਾ ਸੰਖ ਧਰੇ ਨੇ
ਦਰ ਦੁਵੱਲੀਂ, ਤਾਂ ਹੋ ਸ਼ਾਦ
ਸਮਝ ਲਈਂ ਤੂੰ ਉਹ ਮੇਰਾ ਘਰ
ਸਚ ਮੁਚ ਹੈਵੇ ਲਿਆ ਪਛਾਣ;
ਰਤੀ ਖਲੋ ਵੇਖੀਂ ਮੇਰੀ ਪ੍ਰੀਅ
ਨੂਰ ਢਲੀ, ਸੁੰਦਰਤਾ-ਸ਼ਾਨ ।
ਮੇਰੇ ਬਿਨਾ ਭਵਨ ਇਹ ਮੇਰਾ
ਜਾਪੇਗਾ ਨੀਰਸ, ਬੇ-ਜਾਨ,
ਉਸ ਵਿਚ ਮੇਰੀ ਬ੍ਰਿਹੁੰ-ਸਤਾਈ
ਬੈਠੀ ਹੋਸੀ ਨੀਵੇਂ ਧਿਆਨ ।
ਮੈਂ ਵਿਜੋਗ ਵਿਚ ਕੋਈ ਉਤਸਵ
ਉੱਕਾ ਨਹੀਂ ਮਨਾਂਦੀ ਉਹ;
ਹਹੁਕੇ ਭਰਦੀ, ਡਾਬੂ ਲੈਂਦੀ
ਜਾਪੂ ਰੁੜ੍ਹਦੀ ਜਾਂਦੀ ਉਹ ।
ਕੰਵਲ ਸੁੰਦ੍ਰ ਅਤਿ ਹੁੰਦਾ, ਪਰ ਉਹ
ਸੂਰਜ-ਕਿਰਨ ਬਿਨਾ ਕੁਮਲਾਇ;
ਇੰਜੇ ਹੀ ਮੇਰੀ ਸਜਣੀ ਉਹ
ਵਿਚ ਵਿਜੋਗ ਰਹੀ ਵਿਲਲਾਇ ।
ਮੇਰਾ ਘਰ ਸੁੰਞਾ ਮੇਰੇ ਬਿਨ
ਜਾਨ ਬਿਨਾਂ ਜਿਉਂ ਹੋਇ ਸਰੀਰ;
ਇਸੇ ਤਰ੍ਹਾਂ ਪਿਆਰ-ਵੇਲ ਉਹ
ਪਤਿ-ਵਿਜੋਗ ਦੇ ਵਿਚ ਅਧੀਰ ।

84

ਦੱਸਾਂ ਮੈਂ ਹੁਣ ਜੁਗਤ ਉਹ
ਤੈਨੂੰ ਮੇਘ ਸੁਜਾਨ;
ਜਿਉਂ ਮੇਰੇ ਘਰ ਜਾ ਸਕੇਂ
ਦੇਈਂ ਰਤੀ ਧਿਆਨ ।
ਜੇ ਚਾਹਸੇਂ ਜਾਂਦਾ ਧਸਾਂ
ਅੰਦਰ ਲੱਥੇ ਬਾਰ;
ਤਾਂ ਬੱਚਾ-ਹਾਥੀ ਬਣੀਂ
ਜਿਸਮ ਨਿਕੇਰਾ ਧਾਰ ।
ਸਮਝੀਂ ਮੇਰੀ ਪ੍ਰੀਤਮਾ
ਸੁਹਣੀਆਂ ਦੀ ਸਰਦਾਰ;
ਡਰ ਜਾਇਗੀ ਵੇਖ ਕੇ
ਤੇਰਾ ਵਡ-ਆਕਾਰ ।
ਓਥੇ ਜਾ ਗੱਜੀਂ ਨਹੀਂ,
ਨਾ ਕੜਕੀਂ ਬਿੱਜ ਨਾਲ;
ਚੁਪ-ਚਾਪ ਉਸ ਭਵਨ ਦੀ
ਬੈਠੀਂ ਸਿਖਰ ਸੰਭਾਲ ।
ਮੁੜ ਬਿਜ ਨੈਣਾਂ ਨਾਲ ਤੂੰ
ਮਾਰੀਂ ਨਿਗ੍ਹਾ ਚੁਫੇਰ;
ਦ੍ਰਵਤਾ ਅਪਣੇ ਨੂਰ ਦੀ
ਪਲ ਵਿਚ ਦਈਂ ਖਲੇਰ ।
ਮੇਰੀ ਸੱਜਣੀ ਬਿੱਜਲੀ
ਤਾਈਂ ਇਉਂ ਉਪਮਾਇ
ਜੁਗਨੂਆਂ ਪਾਲਾਂ ਬੰਨ੍ਹੀਆਂ
ਜੋਤ ਜਗੀ ਲਹਿਰਾਇ ।

85

ਓਥੇ ਜਾਂਦੇ ਸਾਰ ਹੀ
ਲੱਗੂ ਬਿੰਦ ਨਾ ਦੇਰ;
ਜਲੇ ਜੁ ਮੇਰੇ ਬ੍ਰਿਹੁੰ ਵਿਚ
ਉਸ ਨੂੰ ਲੈਸੇਂ ਹੇਰ ।
ਖਿਚ-ਪਾਊ ਅੰਗ ਓਸ ਦੇ,
ਸੁੰਦਰਤਾ-ਸਾਕਾਰ;
ਉਤਰੀ ਧਰਤ ਅਪਸਰਾ,
ਬਾਂਕੇ ਨੈਣ-ਫੁਹਾਰ ।
ਪੱਕੇ ਬਿੰਬਾਂ ਵਾਂਗ ਨੇ
ਹੋਂਟ ਓਸ ਦੇ ਲਾਲ,
ਛੋਟੇ ਚਿੱਟੇ ਦੰਦ ਨੇ
ਮੁਖ ਹੈ ਚੰਦ ਮਿਸਾਲ ।
ਲੱਕ ਪਤਲੇਰਾ ਲਚਕਦਾ,
ਹਿਰਨੀ ਵਰਗੇ ਨੈਣ;
ਧੁੰਨੀ ਡੂੰਘੀ, ਮਦ ਮਤੇ
ਰਸ-ਰੱਤੇ ਲਬ ਹੈਨ ।
ਹੌਲੀ ਤੁਰਦੀ, ਬੰਨ੍ਹ ਹੈ ਭਾਰਾ,
ਜਿਸਮ ਸੁਡੌਲ;
ਛਾਤੀਆਂ ਭਾਰ ਝੁਕਾਇਆ
ਮਿਟਿਆ ਦਿੱਸੂ ਕੌਲ ।
ਕਲਾ-ਕਿਰਤ ਅਦਭੁਤ ਉਹ
ਆਪ ਵਿਧਾਤਾ ਸਾਜ,
ਘੱਲੀ ਇਸ ਸੰਸਾਰ ਵਿਚ
ਹੁਨਰ ਵਿਖਾਵਣ ਕਾਜ ।
ਸਰਵੋਤਮ ਪਦਮਣਾਂ ਉਹ
ਸਚ ਮੁਚ ਸਰਵ-ਸਪੰਨ;
ਭੁੱਖੀ ਮੇਰੇ ਪਿਆਰ ਦੀ,
ਇਸ ਧਰਤੀ ਦਾ ਚੰਨ ।

86

ਰੂਹ ਹੁਲਸਾਉਣੇ ਓਸ ਦੇ
ਅੰਮ੍ਰਿਤ-ਮਿੱਠੇ ਬੋਲ,
ਪਰ ਤੂੰ ਨਾ ਸੁਣ ਸਕੇਂਗਾ
ਜਾ ਕੇ ਵੀ ਉਸ ਕੋਲ ।
ਅਪਣੇ ਸੰਗੀ ਤੋਂ ਵਿਛੜ
ਬਿਰਹੋਂ ਦਾਹ ਦੇ ਨਾਲ;
ਹੋ ਗਈ ਚੁੱਪ, ਅਵਾਕ ਉਹ
ਦੀਦੇ ਲਏ ਉਸ ਗਾਲ ।
ਚਕਵੀ ਜਿਵੇਂ ਵਿਜੋਗ ਵਿਚ
ਹੁੰਦੀ ਚੁੱਪ-ਚੁਪਾਤ;
ਇੰਜੇ ਉਹ ਚੁੱਪ ਹੋ ਗਈ,
ਮਾਰੇ ਉਤਾਂਹ ਨਾ ਝਾਤ ।
ਵੇਖ ਓਸ ਨੂੰ ਸਮਝ ਲਈਂ
ਮੇਰੇ ਦੂਜੇ ਪ੍ਰਾਣ;
ਏਹੋ ਸੁਹਲ ਸੁਅੰਗਣਾ
ਸੁੰਦਰਤਾ ਦਾ ਮਾਣ ।
ਚਕਵੇ ਤੋਂ ਵਿਛੜੀ ਹੋਈ
ਚਕਵੀ ਕਿਸੇ ਸਮਾਨ,
ਕਸ਼ਟ ਸਹਾਰੇ, ਦੁਖ ਸਹੇ
ਪਿੰਜੇ ਅਪਣੀ ਜਾਨ ।
ਜਿਵੇਂ ਬਰਫ ਪਏ ਕਮਲਿਨੀ
ਜਾਂਦੀ ਹੈ ਮੁਰਝਾਇ;
ਉਂਜੇ ਮੇਰੀ ਪ੍ਰੀਅ ਓਹ
ਮੈਂ ਬਿਨ ਗਈ ਕੁਮਲਾਇ ।

87

ਮੇਘ ! ਵਿਜੋਗ ਅੰਦਰ ਉਨ੍ਹੇਂ
ਰੋ ਰੋ ਕੇ ਦਿਨ ਰਾਤ,
ਬਿਨ ਬਦਲਾਂ ਲਾਈ ਹੋਊ
ਹੰਝੂਆਂ ਦੀ ਬਰਸਾਤ ।
ਸ਼ੋਖ਼ ਅੱਖੀਆਂ ਉਸ ਦੀਆਂ
ਚੰਚਲਤਾਈਆਂ ਭੁੱਲ
ਹੋਈਆਂ ਹੋਸਨ ਭਾਰੀਆਂ
ਵਿੱਲੀ, ਖੁੱਸੀ ਰੁਲ ।
ਲੰਮੇ ਗਰਮ ਸਵਾਸ ਲਏ
ਸਹਿ ਹਾਵੇ ਦਾ ਸੱਲ,
ਹੋਂਟ ਓਸ ਦੇ ਹੋਣਗੇ
ਰੁੱਖੇ, ਖੁਸ਼ਕ, ਅਚੱਲ ।
ਨਾ ਉਹਨਾਂ ਵਿਚ ਲਹੂ ਦੀ
ਹੋਸੀ ਉਹ ਗਰਮੈਸ਼,
ਜੋ ਸਨਿਗਧਤਾ ਬਖ਼ਸ਼ਦੀ
ਤੇ ਦੇਂਦੀ ਨਰਮੈਸ਼ ।
ਨਰਮ ਗੁਲਾਬੀ ਓਸ ਦੇ
ਸਿਉ ਵਰਗੇ ਰੁਖ਼ਸਾਰ
ਹੱਥਾਂ ਦੇ ਚਿੰਨ੍ਹ, ਉਨ੍ਹਾਂ ਤੇ
ਹੋਸਨ ਬਿਨਾ ਸ਼ੁਮਾਰ ।
ਬਿਰਹੋਂ ਚਿੰਤਿਤ ਦੁਖੀ ਹੋ
ਬੇਚੈਨੀ ਦੇ ਨਾਲ,
ਕੀਤਾ ਹੋਸੀ ਓਸ ਨੇ
ਅਪਣਾ ਮੰਦਾ ਹਾਲ ।
ਗੁਤਨੀ ਖੁਲ੍ਹੀ ਹੋਸੀਆ,
ਖਿੰਡੇ, ਰੁੱਖੇ ਕੇਸ;
ਹੋਸਨ ਪਏ ਮੁਖ ਚੰਦ ਤੇ,
ਬਿਰਹਨੀਆਂ ਦਾ ਵੇਸ ।
ਜਿਵੇਂ ਬੱਦਲਾਂ ਵਿੱਚ ਆ
ਤੇਜ-ਹੀਣ ਹੋਇ ਚੰਦ,
ਉਂਜੇ ਉਹ ਤੈਨੂੰ ਦਿਸੂ
ਜੋਤ ਹੀਣ, ਸੁਖ-ਕੰਦ ।

88

ਜਾਂ ਮੇਰੀ ਉਹ ਪ੍ਰਾਣ-ਪ੍ਰੀਅ
ਪੀਆ ਮਿਲਨ ਦੀ ਆਸ
ਵਿਚ ਸ਼ਿਵ-ਪੂਜਾ ਕਰ ਰਹੀ
ਹੋਸੀ, ਕਰਾਂ ਕਿਆਸ ।
ਨਿਜ-ਮਨ ਵਿਚ ਮੂਰਤ ਮਿਰੀ
ਸਾਮਰਤੱਖ ਉਤਾਰ,
ਯਾਦ ਲੀਨ ਬੈਠੀ ਹੋਊ
ਖੋਲ੍ਹ ਬਾਰ੍ਹਲ ਬਾਰ ।
ਇਹ ਵੀ ਸੰਭਵ ਸੱਜਣਾ !
ਬਿਰਹੋਂ ਦੁਖ ਦੇ ਹੰਝੁ;
ਉਮਡ ਆਉਣ ਦੇ ਕਾਰਨੇ
ਨਿਜ-ਮਨ ਦੀ ਉਹ ਡੰਝ,
ਚਿਤ੍ਰ-ਉਲੀਕਣ ਦੀ ਜਗ੍ਹਾ
ਮਿੱਠੀ ਮੈਨਾ ਕੋਲ
ਬੈਠੀ ਪੁਛਦੀ ਹੋਇਗੀ
'ਨੀ ਮੈਨਾ ! ਤੂੰ ਬੋਲ !!'
ਤੜਪੇ ਵਿਚ ਵਿਜੋਗ ਦੇ
ਕਰੇ ਪੀਆ ਨੂੰ ਯਾਦ;
ਲੁੜਛਣੀਆਂ ਲਏ, ਦੁਖ ਸਹੇ,
ਸੁਣੇ ਕੌਣ ਫ਼ਰਯਾਦ !

89

ਇਹ ਵੀ ਸੰਭਵ ਮਿਤਰਾ
ਭੋਂ ਤੇ ਕਰਦਿਆਂ ਸੈਨ,
ਮੈਲਾ ਉਸ ਦਾ ਵੇਸ ਹੁਊ
ਮਨ ਡਾਢਾ ਬੇਚੈਨ ।
ਵੀਣਾ ਨੂੰ ਰੱਖ ਗੋਦ ਵਿਚ
ਯਾਦ ਮਿਰੀ ਵਿਚ ਗੁਆਚ,
ਗਾ ਰਹੀ ਗੀਤ ਵਿਜੋਗ ਦੇ
ਦਿੱਸੂ ਹੋਈ ਰੁਮਾਂਚ ।
ਤੈਨੂੰ ਤੱਕ ਉਹ ਆਪਣੇ
ਹੰਝੂ ਲੈਸੀ ਪੂੰਝ;
ਜਾਪੇਗੀ ਪਰਤੱਖ ਫਿਰ
ਸਿਸਕੇ ਦੱਧੀ ਕੂੰਜ ।
ਵੀਣਾ ਤੇ ਹੰਝੂ ਪਏ
ਚਾਂਦੀ ਹੱਥਾਂ ਨਾਲ;
ਸਾਫ ਕਰੇਗੀ ਬਿਰਹਨੀ
ਪਰ ਕੁਈ ਉਬਲ ਉਬਾਲ;
ਮੁਰਛਤ ਕਰ ਉਸ ਨਾਰ ਨੂੰ
ਤੜਪਾਇਗਾ ਢੇਰ,
ਨੈਣ ਉਚਾ ਨਾ ਤੁਧ ਨੂੰ
ਉਹ ਸੱਕੇਗੀ ਹੇਰ ।
ਅਪਣੇ ਗੀਤ ਸੰਗੀਤ ਨੂੰ
ਭੁਲ ਜਾਇਗੀ ਫੇਰ,
ਵਿਲੇਗੀ ਭੋਂ ਤੇ ਪਈ
ਨਿਕਲੂ ਬਿਰਹੋਂ-ਲੇਰ ।

90

ਇਹ ਵੀ ਹੋ ਸਕਦਾ ਸਖੇ !
ਬ੍ਰਿਹੁੰ-ਵਿਜੋਗਣ-ਨਾਰ
ਦਿਨ ਵਿਛੋੜੇ ਸੰਦੜੇ
ਗਿਣਦੀ ਭਵਨ ਮਝਾਰ ।
ਕਿੰਨਾ ਸਮਾਂ ਵਿਜੋਗ ਦਾ
ਮਨ ਕਲਪਾ ਗਯਾ ਲੰਘ;
ਕਿੰਨਾ ਬਾਕੀ ਰਹਿ ਗਿਆ,
ਕਦ ਤਕ ਰਹੂ ਇਹ ਰੰਗ ?
ਇਹ ਗਿਣਤੀ ਉਹ ਕਰਨ ਲਈ
ਗਿਣਦੀ ਹੋਸੀ ਫੁੱਲ,
ਅਰਪੇ, ਧਰੇ ਦਲੀਜ ਤੇ
ਜੋ ਅਜ ਤੀਕਣ ਕੁਲ ।
ਰਖਦੀ ਹੋਸੀ ਉਨ੍ਹਾਂ ਨੂੰ
ਘਾਹ-ਫ਼ਰਸ਼ ਤੇ ਆਪ,
ਪਤਾ ਲਗਾਂਦੀ ਹੋਸੀਆ
ਕਦ ਤਕ ਬ੍ਰਿਹੁੰ ਸਰਾਪ ।
ਜਾਂ ਸੰਭਵ, ਮੁੜ ਮਿਲਣ ਦੇ
ਸੁਪਨੇ ਵਿਚ ਸੁਕੁਮਾਰਿ,
ਵਸਲਾ-ਨੰਦ ਲਭਦੀ ਹੋਊ
ਦੋਵੇਂ ਹੱਥ ਉਲਾਰ ।
ਨਾਰਾਂ ਬਿਰਹੋਂ ਮਾਰੀਆਂ
ਸੁਪਨਿਆਂ ਵਿਚ ਨਿਸ਼ੰਗ
ਲੈਂਦੀਆਂ ਨੇ ਸੰਜੋਗ-ਰਸ
ਦਿਹੁੰ ਜਾਣ ਇਉਂ ਲੰਘ ।
ਬ੍ਰਿਹੁੰ-ਕਸ਼ਟ ਏਸੇ ਤਰ੍ਹਾਂ
ਦੇਣ ਵਲਾ ਤੇ ਫੇਰ,
ਆਸ ਰੰਗੀਲੀ ਵਿਚ ਉਹ
ਮੰਗਣ ਮੌਲਾ-ਮਿਹਰ ।

91

ਸੱਜਣ ! ਦਿਨ ਦੇ ਸਮੇਂ ਤਾਂ
ਰੁੱਝੀ ਰਹੇ ਹਮੇਸ਼,
ਕਰੇ ਦੇਵ-ਪੂਜਾ ਕਦੇ
ਅੰਕੇ ਚਿਤ੍ਰ-ਵਿਸ਼ੇਸ਼ ।
ਕਦੇ ਮਿਲਣ ਦੀ ਰੀਝ ਵਿਚ
ਸਿਮਰ ਕਲਪਣਾ ਨਾਲ
ਮਨ ਅਪਣੇ ਨੂੰ ਠਾਰਦੀ;
ਇੰਜ ਰੁਝੇਵੇਂ ਭਾਲ ।
ਹੌਲਾ ਕਸ਼ਟ ਵਿਜੋਗ ਦਾ
ਕਰ ਲੈਂਦੀ ਸੁਕੁਮਾਰਿ;
ਲੰਘ ਜਾਂਦਾ ਬੱਗਾ ਦਿਹੁੰ,
ਕਦਮ ਅਗੇਰੇ ਮਾਰ ।
ਪਰ ਜਦ ਸੁੰਞੀ ਸੱਖਣੀ
ਸਿਰ ਆ ਜਾਂਦੀ ਰਾਤ;
ਨਾ ਜਾਣਾ ਕਿੰਜ ਬੀਤਦੀ
ਬਰਸੇ ਜਾਂ ਬਰਸਾਤ ।
ਇਕ ਇਕ ਪਲ ਦਾ ਜੁਗ ਬਣੇ
ਨੀਂਦਰ ਭੁੱਲੇ ਨੈਣ;
ਤਨ ਛਿੱਜੇ, ਮਨ ਦੁਖੀ ਹੋਇ,
ਰੂਹ ਹੋਵੇ ਬੇਚੈਨ ।
ਅਰਜ਼ ਕਰਾਂ ਏਸੇ ਲਈ
ਭਵਨ-ਝਰੋਖੇ ਬੈਠ;
ਅਧ-ਰਾਤੇ ਜਾ ਤਕੀਂ ਤੂੰ
ਬ੍ਰਿਹੁੰ-ਜਲੀ ਦੀ ਪੈਂਠ ।
ਭੋਂ ਉੱਤੇ ਲੇਟੀ ਹੋਊ,
ਤੜਪੂ ਹੋ ਬੇਚੈਨ;
ਠਾਰੀਂ ਦੇ ਸੰਦੇਸੜਾ
ਮਿਲੇ ਜੁ ਉਸ ਨੂੰ ਚੈਨ ।

92

ਅੱਧੀ-ਰਾਤੇ ਤੂੰ ਜਦੋਂ
ਪਹੁੰਚੇਂਗਾ, ਤਾਂ ਫੇਰ
ਤਕਸੇਂ ਵਿਚ ਵਿਜੋਗ ਦੇ
ਹੰਝੂ ਰਹੀ ਉਹ ਕੇਰ ।
ਅਥਰੂ-ਖਿਲਰੇ ਹੋਣਗੇ
ਮਣੀਆਂ ਜਿਉਂ ਚੌਫੇਰ;
ਲੁਛਦੀ, ਪਾਸੇ ਬਦਲਦੀ
ਆਪ ਲਵੇਂਗਾ ਹੇਰ ।
ਅਪਣੀ ਰੁੱਖੀ ਗੁੱਤਨੀ
ਰੁੱਖੇ ਹੱਥਾਂ ਨਾਲ;
ਪਰ੍ਹੇ ਹਟਾਂਦੀ ਗੱਲ੍ਹ ਤੋਂ
ਹੋਸੀ ਮੰਦੇ ਹਾਲ ।
ਅੱਖਾਂ ਭਰ ਕੇ ਤੱਕੇਗੀ,
ਸੱਖਣੇ ਅੰਬਰ ਵੱਲ,
ਅੱਡੀ ਵਾਤ ਡਰਾਉਣਾ
ਖਾਂਦੀ ਹੁਊ ਇਕੱਲ ।

93

ਜੋ ਸਜਣੀ ਮਿਲਣੀ ਦੀਆਂ-
ਰਾਤਾਂ ਦੇ ਕਈ ਪਹਿਰ;
ਅੱਖਾਂ ਵਿਚ ਲੰਘਾਂਵਦੀ,
ਉਸ ਲਈ ਪਲ ਗਇ ਠਹਿਰ ।
ਘੜੀਆਂ ਹੋ ਕੇ ਲੰਮੀਆਂ
ਆਉਣ ਨਾ ਬੀਤਣ ਵਿੱਚ;
ਰਾਤ ਜੁਗਾਂ ਦੀ ਓਸ ਲਈ
ਬਣ ਕੇ ਕਰ ਰਹੀ ਜਿੱਚ ।
ਜਿਵੇਂ ਹਨੇਰੇ ਪੱਖ ਵਿਚ
ਘਟਦਾ ਜਾਂਦਾ ਚੰਦ
ਖੀਣ ਹੁੰਦਾ ਜਾਇ ਚਾਨਣਾ
ਵਧੇ-ਹਨੇਰਾ ਅੰਧ;
ਤਿਉਂ ਉਹ ਵਿਚ ਵਿਜੋਗ ਦੇ
ਖੀਣ ਹੋਈ ਦੁਖਿਆਰਿ,
ਵਹਿੰਦੇ ਹੋਸਨ ਅੱਥਰੂ
ਵਗਦੀ ਜਿਵੇਂ ਨਸਾਰ ।
ਮਾਰੀ ਹੋਈ ਵਿਜੋਗ ਦੀ
ਫੁੰਡੀ ਬ੍ਰਿਹੁੰ ਕਮਾਂਚ,
ਤੱਕੇਂਗਾ, ਹੋ ਜਾਣਗੇ
ਤੇਰੇ ਖੜੇ ਰੁਮਾਂਚ ।

94

ਮਿਲਣ-ਪਲਾਂ ਵਿਚ ਸੱਜਣੀ
ਚੰਦ ਰਸ਼ਮਾਂ ਦੇ ਨਾਲ
ਹੈਸੀ ਸੁਖ-ਰਸ ਮਾਣਦੀ,
ਗਿਰਦੇ ਤਈਂ ਉਜਾਲ ।
ਹੁਣ ਵੀ ਖਿੜਕੀਆਂ ਜਾਲੀਆਂ
ਵਿਚੋਂ ਦੀ ਜਦ ਲੰਘ
ਆਈ ਹੋਸੀ ਚਾਨਣੀ
ਤਾਂ ਉਹ ਹੋਇ ਨਿਸ਼ੰਗ,
ਸੁਆਗਤ ਲਈ ਵਧਦੀ ਹੁਊ
ਬਾਹਾਂ ਦੋਇ ਪਸਾਰ;
ਪਰ ਪ੍ਰੀਤਮ ਬਿਨ ਓਸ ਲਈ
ਚਾਨਣਿ ਬਣੂ ਅੰਗਾਰ ।
ਉਸ ਵੱਲੋਂ ਮੂੰਹ ਫੇਰ ਕੇ
ਗੱਚ ਭਰੀ, ਹੰਝ ਕੇਰ,
ਡੱਕ ਨਾ ਸੱਕੇਗੀ ਕਦੇ
ਅੰਦਰੋਂ ਨਿਕਲੀ ਲੇਰ ।
ਕਦੇ ਅੱਥਰੂ ਛਲਕੀਆਂ
ਪਲਕਾਂ ਦੇ ਸੰਗ ਢੱਕ
ਨੈਣ ਆਪਣੇ ਲਵੇਗੀ;
ਤੇ ਮੂੰਹ ਹੋਸੀ ਫੱਕ ।
ਕਦੇ ਖੋਲ੍ਹ ਕੇ ਤੱਕੇਗੀ
ਉਹ ਅਪਣੇ ਚੌਫੇਰ;
ਜਾਪੂ ਹਿੱਸੀ ਕਮਲਿਨੀ;
ਸੂਰਜ ਬਿਨਾ ਸਵੇਰ ।
ਜਿਉਂ ਬਰਖਾ ਵਿਚ ਬੱਦਲਾਂ
ਨਾਲ ਲੁਕੇ ਅਸਮਾਨ;
ਤੇ ਸੂਰਜ ਨਾ ਦੇ ਸਕੇ
ਰੌਸ਼ਨੀਆਂ ਦਾ ਦਾਨ;
ਤਿਉਂ ਉਹ ਮੇਰਾ ਕੰਵਲ ਫੁਲ
ਨਿਜ ਸੂਰਜ ਨਾ ਵੇਖ,
ਖਿੜਿਆ ਹੁਊ ਨਾ ਏਸ ਛਿਨ
ਅੱਖੀਂ ਲੈਸੇਂ ਪੇਖ ।

95

ਮੇਰੇ ਏਸ ਵਿਜੋਗ ਵਿਚ
ਬਿਨਾ ਤੇਲ ਇਸ਼ਨਾਨ
ਮੇਰੀ ਪ੍ਰੀਅ ਕਰਦੀ ਹੋਊ,
ਸੁੱਕੀ ਓਸ ਦੀ ਜਾਨ ।
ਬਿਨਾ ਸੰਵਾਰੇ ਲੰਮੜੇ
ਉਸ ਦੇ ਕਾਲੇ ਕੇਸ,
ਲਿਟਾਂ ਬਣੇ ਗਲ ਵਿਚ ਪਏ;
ਜਾ ਤਕਸੇਂ ਇਹ ਵੇਸ ।
ਉਸ ਦੇ ਮੂੰਹ 'ਚੋਂ ਨਿੱਕਲੇ
ਜਿਹੜੀ ਗਰਮ ਹਵਾੜ
ਉਹ ਖਿੰਡਾਂਦੀ ਹੋਸੀਆ
ਕੇਸ ਉਹ ਘੁੰਘਰ-ਦਾਰ ।
ਪਲ ਭਰ ਨੀਂਦਰ ਆ ਸਕੇ
ਤੜਪੂ ਇਸ ਲਈ ਫੇਰ,
ਪਰ ਨਿੱਤ ਵਗਦੇ ਅੱਥਰੂ
ਨੀਂਦਰ ਦੇਣ ਖਦੇੜ ।
ਏਸ ਉਨੀਂਦੇ ਦੀ ਦਸ਼ਾ
ਵਿਚ ਉਹ ਮੇਰੀ ਨਾਰ,
ਮਿਲਣੀ ਦਾ ਸੁੱਖ ਲੱਭਦੀ
ਹੋਵੇਗੀ ਦੁਖਿਆਰ ।

96

ਵਿਛੜਨ ਵੇਲੇ ਓਸ ਨੇ
ਬਿਨ ਫੁੱਲਾਂ ਜੋ ਗੁੱਤ
ਕੀਤੀ, ਉਂਜੇ ਹੋਇਗੀ;
ਹੇ ਇੰਦਰ ਦੇ ਸੁੱਤ !
ਅਉਧੀ ਮੇਰੇ ਸ੍ਰਾਪ ਦੀ
ਜਦ ਮੁੱਕੂ, ਮੈਂ ਪੁੱਜ
ਖੋਲ੍ਹਾਂਗਾ, ਮਿਲ ਓਸ ਨੂੰ
ਜਾਸਾਂ ਪਿਆਰੀ ਰੁੱਝ ।
ਗੁੱਤ ਉਹ ਰੁੱਖੀ, ਉਲਝ ਕੇ
ਸਖਤੀ ਹੋਊ ਅਤਿ,
ਹੁਟਿਆ ਉਸ ਦੇ ਬਦਨ ਦਾ
ਹੋਵੇਗਾ ਸਾਹ-ਸਤ ।
ਉਸ ਗੁਤਨੀ ਦੀਆਂ ਲਿਟਾਂ ਜਾਂ
ਛੁਹਸਨ ਉਦ੍ਹੇ ਕਪੋਲ,
ਕਰਦਾ ਹੋਊ ਕਲੇਸ਼ ਬਹੂੰ
ਮਨ ਉਸ ਦਾ ਵਡ-ਸੁਹਲ ।
ਜਦੋਂ ਵਧੇ ਨੌਹਾਂ ਦੀਆਂ
ਉਹ ਫਿਰ ਉਂਗਲਾਂ ਨਾਲ,
ਪਰੇ ਹਟਾਂਦੀ ਹੋਸੀਆ
ਤਦ ਮੇਰੀ ਅੰਗ-ਪਾਲ
ਦੀਆਂ ਗੱਲ੍ਹਾਂ ਤੇ ਪੈਂਦੀਆਂ
ਆਪ ਮੁਹਾਰੀਆਂ ਫੇਰ
ਕਈ ਝਰੀਟਾਂ ਹੋਵਸਨ
ਅੱਖੀਂ ਲੈਸੇਂ ਹੇਰ ।

97

ਮਿਤ੍ਰਾ ! ਜਦ ਤੂੰ ਤੱਕਸੇਂ
ਗਹਿਣੇ ਉਹੀ ਸੁਭਾਗ
ਪਹਿਨੇ ਜੋ ਦਰਸਾਂਵਦੇ
ਨਾਰੀ-ਸੁੱਖ-ਸੁਹਾਗ ।
ਤਦ ਜਾਚੇਂਗਾ ਓਸ ਨੇ
ਗਹਿਣੇ ਹੋਰ ਉਤਾਰ
ਦਿੱਤੇ, ਤੇ ਝੱਲ ਰਹੀ ਹੈ
ਕਰੜੀ-ਬਿਰਹੋਂ ਮਾਰ ।
ਆਸੰਙ-ਹੀਣੀ ਦੇਹ ਉਦ੍ਹੀ,
ਕਦੇ ਸੇਜ ਤੇ ਢੱਠ,
ਉਹ ਪਲ ਜਾਂਦੀ ਲੇਟ ਹੈ
ਤੇ ਫਿਰ ਉਠ ਕੇ ਝੱਟ
ਟਹਿਲਣ ਹੈ ਲੱਗ ਜਾਂਵਦੀ
ਮੁੜ ਬਹਿ ਜਾਂਦੀ ਹਾਇ !
ਸਮਝੇ ਦੇਹ ਇਸ ਕੰਵਲ ਦਾ
ਭਾਰ ਮੁਫ਼ਤ ਵਿਚ ਚਾਇ ।
ਕਰੁਣਾ ਮਈ ਉਸ ਦੀ ਦਸ਼ਾ
ਵੇਖਿ ਹੌਸਲਾ ਛੱਡ
ਤੂੰ ਵੀ ਤਦ ਰੋ ਪਏਂਗਾ
ਨੈਣ ਓਸ ਤੇ ਗੱਡ ।
ਦਿਲ ਤੇਰਾ ਇਹ ਨਰਮ ਹੈ
ਦ੍ਰਵ ਜਾਇ ਬਿਨ ਦੇਰ;
ਵੇਖ ਦੁਖੀ ਨੂੰ ਡੁਲ੍ਹ ਪਏਂ
ਦੇਵੇਂ ਹੰਝੂ ਕੇਰ ।
ਕਮਲ ਮਨ ਦ੍ਰਵ ਉਠਦੇ
ਦੁਖੀ ਜਦੋਂ ਕੁਈ ਹੋਇ,
ਪਰ ਦੁਖ ਅਪਣਾ ਦੁਖ ਮੰਨ
ਪੈਣ ਤੁਰਤ ਉਹ ਰੋਇ ।

98

ਮੇਰੀ ਕਾਂਤਾ, ਮੇਰੀ ਸਜਨੀ,
ਮਿਰੇ ਨਾਲ ਪਿਆਰ ਕਰਦੀ ਹੈ;
ਮੇਰੀ ਜਵਾਨੀ ਉਤੇ ਰੀਝੀ
ਮੇਰੇ ਤੋਂ ਹੋ ਗਈ ਘੋਲੇ,
ਮੇਰੇ-ਪਿਆਰਾਂ-ਕੁੱਠੀ
ਤਨ ਆਪਣਾ ਮਿੱਟੀ ਦੇ ਵਿਚ ਰੋਲ;
ਮੇਰਾ ਹਰ ਰੋਮ ਅਨੁਭਵ ਕਰ ਰਹਿਆ
ਵਡ-ਕਸ਼ਟ ਜਰਦੀ ਹੈ ।
ਮਿੱਠੀ ਰੰਗ-ਰੱਤੜੀ ਮਿਲਣੀ ਅਸਾਡੀ
ਜਿਸ ਨੇ ਨਸ਼ਿਆਇਆ;
ਉਦ੍ਹੇ ਪਿਛੋਂ ਵਿਛੋੜੇ ਦਾ ਸਮਾਂ
ਪਹਿਲਾ ਇਹੀ ਆਇਆ;
ਤਦੇ ਉਹ ਕਲਪਦੀ,
ਤਪਦੀ ਹੋਈ ਹਹੁਕੇ ਵੀ ਭਰਦੀ ਹੈ ।
ਨਾ ਸਮਝੀਂ ਮੇਘ,
ਮੈਂ ਏਹੋ ਜਹੀ ਸੁਕੁਮਾਰਿ ਨੂੰ ਪਾ ਕੇ;
ਵਿਛੋੜੇ ਦਾ ਵਧਾ ਕੇ ਦੁੱਖ
ਦੱਸਾਂ ਮਨ ਨੂੰ ਕਲਪਾ ਕੇ;
ਇਹ ਸੱਚੀ ਗੱਲ ਹੈ
ਮੈਨੂੰ ਹੀ ਉਹ ਪਲ ਪਲ ਸਿਮਰਦੀ ਹੈ ।
ਕਹਿਆ ਜੋ ਕੁਝ ਮੈਂ,
ਉਹ ਤੂੰ ਆਪ ਅੱਖਾਂ ਨਾਲ ਤੱਕੇਂਗਾ ।
ਉਹਦਾ ਲੁੱਛਣਾ, ਤੜਪਣਾ,
ਖੁੱਸਣਾ ਨਾ ਵੇਖ ਸੱਕੇਂਗਾ ।
ਉਹ ਹੰਝੂਆਂ ਨਾਲ ਮੇਰਾ ਜਾਪ ਕਰਦੀ,
ਨਿੱਤ ਦ੍ਰਵਦੀ ਹੈ ।
ਮੇਰਾ ਇਹ ਕਥਨ ਸੱਚਾ ਹੈ,
ਮੇਰਾ ਇਹ ਬਚਨ ਸੱਚਾ ਹੈ ।
ਜਦੋਂ ਜਾ ਵੇਖ ਲਏਂਗਾ,
ਕਹਿ ਉਠੇਂਗਾ ਸੱਜਨ ਸੱਚਾ ਹੈ ।

99

ਜਦੋਂ ਪੁਜੇਂਗਾ, ਮ੍ਰਿਗ-ਨੈਣੀ
ਮੇਰੀ ਸਰਦਾਰ-ਖ਼ੂਬਾਂ ਦਾ,
ਖੱਬਾ ਨੇਤਰ ਫ਼ਰਕ ਉਠਸੀ,
ਹੀਆ ਉਲਸਾਇਗਾ ਉਸ ਦਾ
ਰਤਾ ਪਲ ਭਰ ਲਈ ਹੀ ਫੇਰ
ਮਨ ਖਿੜ ਜਾਇਗਾ ਉਸ ਦਾ,
ਦਰਸ ਤਦ ਤਕਣ ਵਾਲਾ
ਹੋਵਸੀ ਦਿਲਦਾਰ-ਖ਼ੂਬਾਂ ਦਾ ।
ਭੁਲਾਇਆ ਪਾਉਣਾ ਕਜਲਾ
ਵਿਜੋਗਾਂ ਦੇ ਕਲੇਸ਼ਾਂ ਨੇ;
ਹੋਊ ਮੱਥਾ ਮੁਹਾਂਦ੍ਰਾ ਢਕਿਆ
ਖਿੰਡ ਖੁਸ਼ਕ ਕੇਸਾਂ ਨੇ;
ਇਹ ਮੰਦਾ ਹਾਲ ਬਿਰਹੋਂ ਨਾਲ
ਹੁਊ ਸਰਦਾਰ-ਖ਼ੂਬਾਂ ਦਾ ।
ਵਿਛੋੜੇ ਵਿਚ ਉਸ ਨੂੰ ਭੁੱਲਿਆ
ਮਦਰਾ ਦਾ ਰਸ ਪੀਣਾ,
ਨਸ਼ਾ ਨੈਣਾਂ 'ਚੋਂ ਹੈਵੇ ਉਡਿਆ,
ਜੀਣਾ ਇਹ ਕੀ ਜੀਣਾ !
ਤੇ ਮੁੜਿਆ ਪਿੱਪਲਾ ਉਸ
ਤਿੱਖੜੀ-ਤਲਵਾਰ ਖ਼ੂਬਾਂ ਦਾ ।
ਮਗਰ ਸ਼ੁਭ-ਸ਼ਗਨ ਹੁੰਦੇ ਵੇਖ ਕੇ
ਉਹ ਮੁਸਕਰਾਇਗੀ;
ਉਦ੍ਹੇ ਨੈਣਾਂ ਦੀ ਆਭਾ-ਲਿਸ਼ਕ
ਲਸ਼ ਲਸ਼ ਕੇ ਲਸ਼ਾਇਗੀ;
ਤੂੰ ਵੇਖੇਂਗਾ ਅਲੋਕਾ ਤੱਕਣਾ
ਸਰਕਾਰ-ਖ਼ੂਬਾਂ ਦਾ ।
ਜਿਵੇਂ ਨਿਰਮਲ ਸਮੁੰਦਰ ਵਿਚ
ਮੱਛੀ ਤਾਰੀਆਂ ਲੈਂਦੀ;
ਤਿਵੇਂ ਉਹ ਮਦ-ਮਤੀ,
ਮਨ-ਮੋਹਿਣੀ ਤਕਣੀ ਹੈ ਥਿਰਕੈਂਦੀ;
ਅਜਬ, ਅਸਚਰਜ ਦਰਸ਼ਨ
ਸੱਚ ਮੁੱਚ ਮੁਖਤਾਰ ਖ਼ੂਬਾਂ ਦਾ ।
ਜਿਵੇਂ ਕੰਵਲਾਂ ਦੀ ਡਿੱਠ
ਮਨ ਠਾਰਦੀ ਹੈ ਰਸਿਕ ਭੌਰਾਂ ਦਾ,
ਓਏਂ ਹੈ ਦਰਸ ਦਰਸ਼ਕ ਦੇ ਲਈ
ਸੌਭਾਗ ਕੌਰਾਂ ਦਾ ।

100

ਕੇਵਲ ਖੱਬੀ ਅੱਖ ਨਾ
ਫਰਕੂ ਉਸ ਦੀ ਯਾਰ;
ਸਗੋਂ ਪੱਟ ਕੇਲੇ ਜਿਹੇ
ਫਰਕਣਗੇ ਇਕ ਸਾਰ ।
ਮੇਰੇ ਹੱਥ-ਸਪਰਸ਼ ਤੋਂ
ਵਾਂਜੇ ਉਸ ਦੇ ਪੱਟ
ਆਸੰਙ ਹੀਣੇ ਹੋਣਗੇ,
ਅਨੁਭਵ ਕਰਸੇਂ ਝੱਟ ।
ਮੇਰੇ ਨੌਹਾਂ ਸੰਦੜੇ
ਹੋਸਨ ਨਹੀਂ ਨਿਸ਼ਾਨ,
ਨਾ ਉਹਨਾਂ ਤੇ ਕੱਛਣੀ
ਬੱਝੀ ਦੱਸੂ ਸ਼ਾਨ ।
ਨਾ ਪੈਰਾਂ ਦੇ ਗਿਰਦ ਹੀ
ਪਾਜ਼ੇਬਾਂ-ਛਣਕਾਰ
ਮਸਤ ਬਣਾਂਦੀ ਹੋਸੀਆ
ਰੰਗਲੇ ਨਾਚ ਉਭਾਰ ।

101

ਮੇਘ ! ਜਾਇ ਜੇ ਤਕੇਂਗਾ
ਮੇਰੀ ਉਹ ਸਰਕਾਰ,
ਨੀਂਦਰ ਦਾ ਸੁਖ ਮਾਣ ਰਹੀ;
ਮੌਨ ਲਈਂ ਤਾਂ ਧਾਰ ।
ਜੇਰਾ ਕਰੀਂ, ਉਡੀਕ ਲਈਂ
ਨਾਂਹ ਜਗਾਈਂ ਗੱਜ,
ਵੇਖੀਂ ਮੁਖੜਾ ਓਸ ਦਾ
ਸੋਹਣਾ ਏਸੇ ਪੱਜ ।
ਖਬਰੇ ਸੁਪਨੇ ਵਿਚ ਉਹ
ਮੇਰੀਆਂ ਬਾਹਾਂ ਵਿਚ
ਮਿਲਣੀ ਦਾ ਰਸ ਲੈ ਰਹੀ
ਹੋਵੇ, ਕਰੀਂ ਨਾ ਜਿੱਚ ।
ਸੁਣ ! ਕਿਧਰੇ ਇੰਜ ਨਾ ਹੋਇ
ਨੀਂਦਰ ਕਰੇਂ ਉਚਾਟ;
ਇਹ ਸੁਪਨੇ ਦਾ ਸੁੱਖ ਵੀ
ਜਾਏ ਉਦ੍ਹਾ ਗੁਆਚ ।
ਭੁਜ-ਲਤਾ ਬੰਧਨ ਟੁੱਟੇ
ਸੁਖ ਦਾ ਪਲ ਬਿਲਮਾਇ;
ਤੇ ਉਹ ਹਹੁਕੇ ਹਾਵਿਆਂ
ਦੀ ਝੋਲੀ ਪੈ ਜਾਇ ।

102

ਪਹਿਰ ਬੀਤਣ ਉਪਰੰਤ ਵੀ,
ਜੇ ਉਹ ਮੇਰੀ ਨਾਰ
ਜਾਗੇ ਨਾ ਨਵ-ਮਾਲਤੀ
ਫੁਲਾਂ ਜਹੀ ਸੁਕੁਮਾਰਿ;
ਤਾਂ ਫਿਰ ਜਲ-ਕਣੀਆਂ ਭਰੀ
ਠੰਢੀ ਮਹਿਕੀ ਪੌਣ,
ਤੂੰ ਹੌਲੇ ਰੁਮਕਾ ਦਈਂ,
ਜਾਗੂ, ਚੁੱਕੂ ਧੌਣ ।
ਤੇ ਇਸ ਛੁਹ ਦੇ ਨਾਲ ਜਦ,
ਉਠ ਬੈਠੂ ਮਨ-ਹਰਨ,
ਟਹੀ ਬੰਨ੍ਹ ਵੇਖੂ ਤਦੋਂ
ਉਹ ਮੇਰੀ ਸੁਖ-ਕਰਨ ।
ਕੜਕ ਲੁਕਾ ਲਈਂ ਫੇਰ ਤੂੰ
ਬਿਜਲੀ ਦੀ ਤਤਕਾਲ,
ਗੱਲ ਹੌਲੀ ਦੇ ਮੁੜ ਕਰੀਂ
ਠਹਿਰ ਠਰ੍ਹੰਮੇ ਨਾਲ ।
ਮਾਣ ਮਤੀ ਉਹ ਗੁਣਵਤੀ
ਰਹਿੰਦੀ ਸਦਾ ਗੰਭੀਰ;
ਵਸੇਂ ਵਸੇਂ ਉਹ ਨਾ ਕਦੇ
ਹੁੰਦੀ ਹੈ ਦਿਲਗੀਰ ।
ਉਸ ਧਰਤੀ ਦੀਆਂ ਜਾਈਆਂ
ਮਰਦ ਪਰਾਏ ਨਾਲ,
ਅਚਨਚੇਤ ਗੱਲ ਕਰਨ ਨਾ,
ਵੀਰਾ ! ਕਰੀਂ ਖ਼ਿਆਲ ।
ਏਸ ਦੇਸ ਦੀਆਂ ਯੁਵਤੀਆਂ
ਹੁੰਦੀਆਂ ਨਹੀਂ ਨਿਸੰਗ,
ਨੈਣ ਉਚਾ ਗੱਲ ਕਰਨ ਤੋਂ,
ਜਾਣ ਸ਼ਰਮ ਵਿਚ ਸੰਗ ।
ਕੁਝ ਚਿਰ ਪਿਛੋਂ ਜਦੋਂ ਉਹ,
ਹੋ ਸੁਅਸਥ ਤੁਧ ਕੋਲ
ਆਇਗੀ, ਤਾਂ ਕਰ ਲਈਂ
ਗੱਲਾਂ ਬਹਿ ਅਨਭੋਲ ।

103

ਆਖੀਂ ਸੱਜਣ ਓਸ ਨੂੰ
'ਹੇ ਸੁਭਾਗ, ਸੁਖ-ਕੰਦ !
ਮੈਂ ਮਿੱਤਰ ਤੁਧ ਪਤੀ ਦਾ
ਦੱਸਾਂ ਸੁਖ-ਆਨੰਦ ।
ਧੀਮੀ, ਮਿੱਠੀ ਗਰਜਣਾਂ
ਨਾਲ ਦਿਆਂ ਰਾਹ ਦੱਸ
ਉਹਨਾਂ ਨੂੰ ਪੰਧ ਪੈਣ ਜੇ
ਬਿਜਲੀ ਵਿਚੋਂ ਲੱਸ ।
ਪਰਦੇਸਾਂ 'ਚੋਂ ਆ ਰਹੇ
ਰਾਹੀ ਜੋ ਘਰ ਵੱਲ,
ਲਿਆ ਉਹਨਾਂ ਦੇ ਮਨਾਂ ਵਿਚ
ਮੈਂ ਦੇਵਾਂ ਹਲ-ਚੱਲ ।
ਤੇ ਮਨ ਉਹਨਾਂ ਸੰਦੜੇ
ਅਪਣੀਆਂ ਨਾਰਾਂ ਨਾਲ
ਕਾਮ-ਕ੍ਰੀੜਾ ਕਰਨ ਲਈ
ਹੋਣ ਤਯਾਰ ਤਤਕਾਲ ।
ਗੁਤਨੀਆਂ-ਬੱਝੇ ਕੇਸ ਜੋ
ਜਟਾਂ ਵਾਂਗ ਹੋ ਜਾਣ,
ਉਹ ਖੋਲ੍ਹਣ ਲਈ ਉਹਨਾਂ ਨੂੰ
ਕਾਹਲੇ ਕਦਮ ਉਠਾਣ ।
ਪਰਦੇਸੀ ਗੰਭੀਰ ਸੁਰ
ਮੇਰਾ ਸੁਣਨ ਅਧੀਰ
ਹੋ ਕੇ, ਨੱਸਣ ਘਰਾਂ ਨੂੰ,
ਛੰਡਦੇ ਹੋਇ ਸਰੀਰ ।
'ਭੁੱਲ ਥਕੇਵਾਂ ਰਾਹ ਦਾ,
ਘਰ ਪੁੱਜਣ ਲਈ ਝੱਟ
ਉਹ ਮੁੜ ਕੇ ਨੱਸ ਉੱਠਦੇ,
ਪੈਰ ਤਿਖੇਰੇ ਸੱਟ ।
ਤੂੰ ਇਕੱਲੇ ਆਪਣੇ
ਪਤਿ ਦਾ ਹੀ ਸੰਦੇਸ਼
ਲਿਆਵਣ ਹਾਰਾ ਸਮਝ ਨਾ,
ਤੱਕ ਇਹ ਮੇਰਾ ਵੇਸ ।
ਮੈਂ ਤਾਂ ਕੁਲ ਜਹਾਨ ਲਈ
ਸੁਖ-ਦਾਤਾ, ਸੁਕੁਮਾਰਿ !
ਨਾਮ ਮਿਰਾ ਹੈ ਮੇਘਲਾ,
ਜਗ ਜੀਵਾਲਣ ਹਾਰ ।
ਵਿਚ ਵਿਜੋਗ ਜੋ ਤੜਪਦੇ,
ਫੇਰ ਮਿਲਣ ਦੀ ਆਸ;
ਉਹਨਾਂ ਨੂੰ ਬੰਨ੍ਹਵਾ ਦਿਆਂ,
ਮੇਟਾਂ ਬ੍ਰਿਹੁੰ-ਪਿਆਸ ।'

104

ਸੁਣ ਮੈਥੋਂ ਹੇ ਸਖੇ ਸਹੇਲੇ,
ਮਿੱਤਰ ਮੇਘ ਪਿਆਰੇ !
ਉਤਕੰਠਤ ਹੋ ਮੇਰੀ ਸਜਣੀ
ਨੈਣ ਉਚਾ ਮਤਵਾਰੇ
ਨਾਲ ਸਨੇਹ ਤੱਕੇਗੀ ਤੈਨੂੰ,
ਹੋ ਜਾਸੀ ਬਲਿਹਾਰੇ ।
ਜਿਵੇਂ ਰਾਮ-ਸੰਦੇਸ਼ ਲੈਣ ਲਈ
ਸੀਤਾ ਸਾਈਂ ਸਵਾਰੇ
ਹਨੂਮਾਨ ਵੱਲ ਤੱਕਿਆ ਹੈਸੀ,
ਤਿਉਂ ਉਹ ਤੁਧੇ ਨਿਹਾਰੇ ।
ਸਾਵਧਾਨ ਹੋ ਤੈਥੋਂ ਲੈਸੀ
ਸੁੱਖ-ਸੁਨੇਹਾ ਮੇਰਾ,
ਤੇ ਉਪਕਾਰ ਮੰਨੇਗੀ ਵੱਡਾ
ਆਦਰ ਕਰ ਕੇ ਤੇਰਾ ।
ਮਿੱਤਰ ਜਦੋਂ ਸੁਨੇਹਾ ਲਿਆਏ,
ਅਪਣੇ ਮਿੱਤਰ ਕੇਰਾ,
ਨਾਰੀ ਦਾ ਮਨ ਫੁੱਲਾਂ ਤੋਂ ਵੀ
ਖਿੜਦਾ ਤਦੋਂ ਵਧੇਰਾ ।

105

ਮੇਘ ! ਮੇਰੀ ਇਹ ਬੇਨਤੀ
ਤੇ ਅਪਣਾ ਉਪਕਾਰ-
ਬਿਰਹੀ ਮਨ ਤ੍ਰਿਪਤਾਣ ਲਈ
ਹੋਸੇਂ ਜਦੋਂ ਤਿਆਰ,
ਕਹੀਂ 'ਰਾਮ-ਗਿਰ-ਆਸ਼ਰਮ
ਤੇਰਾ ਪਤੀ ਸੁਜਾਨ
ਸੁੱਖ-ਸਾਂਦ ਤੇਰੀ ਲਈ
ਉਤਸਕ ਰਹੇ ਮਹਾਨ ।
ਪੁਛੀਏ ਪਹਿਲਾਂ ਏਸ ਲਈ
ਸੱਜਣ-ਸੁਖ-ਆਨੰਦ,
ਕਿਉਂ ਜੋ ਲੁਕਮਾ ਕਾਲ ਦਾ
ਹਰ ਪ੍ਰਾਣੀ, ਹਰ ਬਿੰਦ ।
ਦੂਰ ਵਤਨ ਤੋਂ ਗਇਆਂ ਦਾ
ਮਿਲੇ ਜਾਂ ਸੁਖ-ਸਮਾਚਾਰ
ਪ੍ਰੀਅ-ਮਨਾਂ ਵਿਚ ਠੰਢ ਪਇ
ਰੂਹ ਲੈ ਲਵੇ ਹੁਲਾਰ ।

106

ਆਖੀਂ ! 'ਕਾਂਤਾ ਮੇਰੀਏ !
ਹੋਣੀ ਹੋਈ ਬਲਵਾਨ,
ਜਿਨ੍ਹੇਂ ਯੱਖ ਤੁਧ ਪਤੀ ਨੂੰ
ਦੂਰ ਤਰਾਹਿਆ ਜਾਨ !
ਬੱਧਾ ਉਸ ਨੂੰ ਸ੍ਰਾਪ ਨੇ
ਕਰੜੇ ਘੱਤ ਜ਼ੰਜੀਰ,
ਨਾ ਤੈਨੂੰ ਉਹ ਮਿਲ ਸਕੇ
ਕਰ ਕੋਈ ਤਦਬੀਰ ।
ਪਰ ਅਪਣੀ ਵਿਚ ਕਲਪਣਾ
ਰਹਿੰਦਾ ਤੇਰੇ ਕੋਲ,
ਸੁਣਦਾ ਅੱਖੀਂ ਮੀਟ ਕੇ,
ਕੰਨੀਂ ਮਾਨੋਂ ਬੋਲ ।
ਜਿਉਂ ਏਥੇ ਵਿਚ ਬ੍ਰਿਹੁੰ ਦੇ
ਤੇਰਾ ਸੜੇ ਸਰੀਰ,
ਤੇ ਫਿਰ ਲੰਮੇ ਸਾਹ ਲਵੇਂ
ਲਿਆ ਨੈਣਾਂ ਵਿਚ ਨੀਰ;
ਤਿਉਂ ਦੂਰ ਪਰਦੇਸ ਵਿਚ
ਤੇਰੇ ਅਤਿ ਵਿਜੋਗ
ਅੰਦਰ ਹਹੁਕੇ ਲੈ ਰਹਿਆ,
ਮਨ ਨੂੰ ਮੱਲਿਆ ਸੋਗ ।
ਲੁੜਛਾਂ, ਤੜਪਾਂ, ਕਲਵਲਾਂ,
ਤੱਤੇ ਲਵਾਂ ਸੁਆਸ,
ਨੈਣ ਝਲਾਰੀਂ ਵਗ ਰਹੇ,
ਸੁੱਕਾ ਤਨ ਦਾ ਮਾਸ ।
ਅੰਗ ਅੰਗ ਵਿਚ ਪੀੜ ਹੈ
ਨਾੜ ਨਾੜ ਵਿਚ ਸਾੜ;
ਰੂਹ ਹੈ ਡਾਬੂ ਲੈ ਰਹੀ,
ਅੱਗ ਵਰ੍ਹਾਏ ਹਾੜ ।
ਏਥੇ ਤੇਰੀ ਦਸ਼ਾ ਜੋ,
ਦੂਰ ਪਰੇ ਪਰਦੇਸ
ਮੇਰੀ ਵੀ ਹਾਲਤ ਉਹਾ,
ਮਨ ਨੂੰ ਮਹਾਂ-ਕਲੇਸ਼ ।
ਤਨ ਛਿੱਜੇ, ਰੂਹ ਤੜਪ ਰਹੀ,
ਪੁਜ ਮੰਦਾ ਹੈ ਹਾਲ,
ਦੀਦ ਤੇਰੀ ਹੀ ਚੰਨੀਏਂ,
ਰਹੇ ਨੈਣ ਇਹ ਭਾਲ ।

107

ਆਖੀਂ ! 'ਏਸ ਵਿਜੋਗ ਤੋਂ
ਪਹਿਲਾਂ, ਤੈਨੂੰ ਯਾਦ,
ਤੇਰੀਆਂ ਸਖੀਆਂ ਸਾਮ੍ਹਣੇ
ਤੇਰੀ ਛੁਹ ਦਾ ਸੁਆਦ
ਲੈਣ ਲਈ ਮਨ ਉਮਲਦਾ,
ਜਾਂ ਤੁਧ ਕੰਨਾਂ ਕੋਲ,
ਮੂੰਹ ਲਿਜਾ ਕੇ ਬੋਲਦਾ ਸਾਂ
ਕੁਝ ਪਿਆਰੇ ਬੋਲ ।
ਪਰ ਹੁਣ ਤੈਥੋਂ ਦੂਰ ਉਹ
ਸਇਆਂ ਵਲਿੱਖਾਂ ਹਾਇ
ਬੈਠਾ ਤੈਨੂੰ ਸਿਮਰਦਾ,
ਸੁਰਤੀ ਵਿਚ ਵਸਾਇ ।
ਤੇਰੇ ਰਸ ਦੇ ਭਰੇ ਹੋਇ
ਮਾਖਿਓਂ ਮਿੱਠੇ ਬੋਲ,
ਮੇਰੇ ਕੰਨ ਸੁਣਦੇ ਨਹੀਂ,
ਸਖਮ-ਸੱਖਣੀ ਝੋਲ ।
ਤੇ ਉਹ ਕੰਨਾਂ ਤੇਰਿਆਂ
ਪਾਸ ਲਿਜਾ ਕੇ ਮੁੱਖ,
ਅਨੁਭਵ ਕਰ ਸਕਦਾ ਨਹੀਂ,
ਸਜਣੀ, ਸਵਰਗੀ ਸੁੱਖ ।
ਏਸੇ ਲਈ ਹੀ ਓਸ ਨੇ
ਕੁਝ ਬਣਾਏ ਛੰਦ
ਘੱਲੇ ਮਿੱਤਰ-ਮੇਘ ਨੂੰ,
ਪੁਛੇ ਸੁੱਖ-ਆਨੰਦ ।
ਬੱਦਲ ਰਾਹੀਂ ਆਪਣਾ
ਭੇਜ ਰਹਿਆ ਸੰਦੇਸ਼,
ਕੰਨ ਧਰੀਂ, ਦਸ ਦਏਗਾ,
ਮੇਰਾ ਉਹ ਆਦੇਸ਼ ।'

108

ਤੁਧ ਦਰਸ਼ਨ ਦੀ ਵਧੀ ਲਾਲਸਾ,
ਏਨੀ ਮਨ ਵਿਚਕਾਹੇ
ਰੂਪ-ਨਸ਼ੇ ਵਿਚ ਯਾਦ ਮਗਨ-ਰੂਹ
ਤੈਨੂੰ ਸਦਾ ਚਿਤਾਏ ।
ਤੇਰੇ ਕੋਮਲ ਅੰਗਾਂ ਅੰਦਰ
ਮਾਧੁਰਤਾ ਹੁਲਸਾਏ,
ਉਹਨਾਂ ਵਾਂਗ ਸੁਹਣੀਆਂ ਵਸਤਾਂ
ਵੇਖੇ ਮਨ ਕਲਪਾਏ ।
ਕੇਡਾ ਦੁਖ ਕਲਪਣਾਂ ਵਿਚ ਵੀ
ਛੁਹ ਤੇਰੀ ਨਾ ਪਾਏ,
ਜੀਵਨ-ਰਸ ਤੋਂ ਵਾਂਜੇ ਗਏ ਦਾ
ਬ੍ਰਿਹੁੰ ਕਲੇਜਾ ਖਾਏ ।
ਸ਼ਾਮਾਂ-ਵੇਲ ਦੀਆਂ ਸ਼ਾਖਾਂ 'ਚੋਂ
ਸਮਝਾਂ ਤੂੰ ਲਹਿਰਾਏ,
ਭੋਲੀ ਹਿਰਨੀ ਦੇ ਨੈਣਾਂ ਨੇ
ਤਿਰੇ ਕਟਾਖ ਚੁਰਾਏ ।
ਚੰਦਰਮਾ ਵਿਚ ਤਿਰੇ ਰੂਪ ਦਾ
ਜਲਵਾ ਨਜ਼ਰੀਂ ਆਏ;
ਮੋਰ ਦਿਆਂ ਖੰਭਾਂ ਵਿਚ ਤੇਰੇ
ਕੇਸਾਂ ਦੀ ਛਬਿ ਛਾਏ ।
ਨਦੀ ਦੀਆਂ ਲਹਿਰਾਂ ਵਿਚ ਤੇਰਾ
ਖਿਣਕ ਵਿਕਾਸ ਤਕਾਏ
ਪਲ ਝਟ ਦੇ ਲਈ ਮਨ ਨੂੰ ਠਾਰਾਂ
ਡਾਂਝ ਰਤਾ ਬੁਝ ਜਾਏ ।
ਕੁਈ ਸਦਰਸ਼ਤਾ ਨਾ ਦੇ ਸੱਕੇ
ਇਹ ਸਾਰੀ ਬਨ-ਰਾਏ;
ਉਪਮਾਂ ਲਭਦਾ ਤੁਧ ਅੰਗਾਂ ਦੀ,
ਹਾਰ ਗਇਆ ਹਾਂ ਹਾਏ ।
ਹਾਂ, ਸਰਬਾਂਗੀ ਉਪਮਾਂ ਲਭਣੀ,
ਸੰਭਵ ਨਹੀਂ ਕਦਾ ਏ;
ਮਿਲ ਜਾਏ ਕਿਧਰੋਂ ਇਕ-ਅੰਗੀ,
ਔਖੀ ਬਣੀ ਇਹਾ ਏ ।
ਕਲਪਣਾਂ ਵਿਚ ਵੀ ਦਰਸ ਨਾ ਹੋਵੇ,
ਬਿਰਹੋਂ ਲਾਈ ਭਾ ਏ;
ਤੇਰਾ ਪ੍ਰੀਤ-ਵਿਛੋੜਾ ਸਜਣੀ
ਮੈਨੂੰ ਮਾਰੀ ਜਾਏ ।

109

ਪ੍ਰੀਅ ਜਦ ਦੁਖ ਵਿਜੋਗ ਮੈਂ ਤੇਰਾ,
ਘਟ ਕਰਨ ਲਈ ਵਿਲਲਾਂਦਾ ਹਾਂ;
ਪਰਬਤ-ਸ਼ਿਲ ਤੇ ਗੇਰੂ ਰੰਗਾ
ਤੇਰਾ ਰੂਪ ਚਿਤ੍ਰ ਵਾਂਹਦਾ ਹਾਂ ।
ਤੈਨੂੰ ਫੇਰ ਮਨਾਵਣ ਦੇ ਲਈ
ਤੇਰੇ ਸਿਲ-ਚਿਤ੍ਰਤ ਚਰਨਾਂ ਦੀ-
ਅਪਣੇ ਦੀਨ, ਝੁਕੇ ਹੱਥਾਂ ਲਈ
ਤੇਰੀ ਰਸ-ਮਈ ਛੁਹ ਚਾਂਹਦਾ ਹਾਂ ।
ਤੇਰੇ ਲਈ ਤਰਸਦੇ ਨੈਣ ਇਹ
ਝੜੀ ਅੱਥਰੂਆਂ ਦੀ ਲਾ ਦੇਂਦੇ,
ਰੁੰਧ ਜਾਂਦੀ ਹੈ ਨਜ਼ਰ ਮੇਰੀ ਫਿਰ,
ਕਲਪ ਕਲਪ ਕੇ ਕੁਰਲਾਂਦਾ ਹਾਂ ।
ਜ਼ਿੱਦੀ ਬ੍ਰਹਮਾ ਚਿਤ੍ਰ ਵਿਚ ਵੀ
ਤੈਨੂੰ ਮੈਨੂੰ ਮਿਲਣ ਨਾ ਦੇਵੇ;
ਹਾਇ ! ਮੇਲ-ਚਿਤ੍ਰ ਅੰਕਣ ਲਈ
ਮੈਂ ਅਸੰਖ ਤਰਲੇ ਪਾਂਦਾ ਹਾਂ ।

110

ਮੇਰੀ ਜਾਨ ! ਕਦੇ ਸੁਪਨੇ ਵਿਚ
ਮੈਂ ਤੈਨੂੰ ਜਦ ਪਾਵਾਂ,
ਤੇ ਗਲਵਕੜੀ ਵਿਚ ਲੈਣ ਲਈ
ਹਾਂ ਫੈਲਾਂਦਾ ਬਾਂਹਵਾਂ ।
ਮਨ ਲੋਚੇ ਇਸ ਸਵਰਨ ਲਤਾ ਨੂੰ
ਵੀਣੀਆਂ ਦੇ ਵਿਚ ਵਲ ਲਾਂ
ਹੱਥ ਅੱਡਦਾ, ਤਰਲੇ ਪਾਂਦਾ
ਸੁਹਣੀਏ ਨੀ ! ਰਹਿ ਜਾਵਾਂ ।
ਤਰਸ ਭਰੀ ਮੇਰੀ ਤਕ ਹਾਲਤ
ਰੋ ਪਈਆਂ ਬਨ-ਜਾਈਆਂ,
ਮੋਤੀਆਂ ਵਰਗੇ ਅੱਥਰੂ ਕੇਰੇ
ਵਗ ਪੂਰਬ ਦੀਆਂ ਵਾਵਾਂ ।
ਰੁੱਖਾਂ ਦੀਆਂ ਨਵੀਨ ਕੂਮਲਾਂ
ਉਤੇ ਹੰਝੂ ਬਿਖਰੇ,
ਪ੍ਰੀਅ-ਵਿਜੋਗ ਵਿਚ ਰਹਿ ਗਯਾ ਹਾਂ
ਮੈਂ ਅਪਣਾ ਪਰਛਾਵਾਂ ।

111

ਹੇ ਗੁਣ-ਵਤੀ ਹਿਮਾਲੇ ਵਲੋਂ
ਪੌਣ ਜਾਂ ਹਿਮ-ਕਣ ਭਿੱਜੀ
ਮਲਕ, ਮਲਕੜੇ ਆਣ ਮਚਲਦੀ
ਮਹਿਕ ਤ੍ਰੌਂਕਾਂ ਸਿੱਜੀ;
ਦਿਓਦਾਰ ਰੁਖਾਂ ਦੀਆਂ ਟੁਟੀਆਂ
ਨੂਰ ਵੰਨੀਆਂ ਸਰੀਆਂ
ਦੀ ਸੁਗੰਧ ਲੈਂਦੀ ਹੋਈ ਆਉਂਦੀ
ਸਗਵੀਂ ਨਿੱਘੀ-ਨਿੱਘੀ;
ਓਦੋਂ ਮੈਂ ਅਧੀਰ ਹੋ ਜਾਵਾਂ
ਤੇ ਅੱਡਦਾ ਹਾਂ ਬਾਹਾਂ,
ਓਸ ਪੌਣ ਨੂੰ ਪਕੜਨ ਚਾਹਵਾਂ,
ਕਰੇ ਉਦਾਲਾ ਚਿੱਘੀ ।
ਸਮਝਾਂ ਤੇਰੇ ਕੋਮਲ-ਅੰਗਾਂ
ਦੀ ਛੁਹ ਮਾਣ ਇਹ ਆਈ,
ਜਾਣਾਂ ਤੁਧ ਸਪਰਸ਼ ਲੈਣ ਲਈ
ਸਦਕੜੇ ਲੈਂਦੀ ਸੱਗੀ ।
ਬਿਰਹੋਂ ਦਗਧ ਹ੍ਰਿਦਾ ਇਹ ਮੇਰਾ
ਠੰਢ ਏਸ ਤੋਂ ਲੈਂਦਾ,
ਮੈਂ ਇਸ ਦੀ ਭੇਟਾ ਲਈ ਚੰਨੀਏ,
ਹੰਝੂ-ਝੋਲ ਉਲੱਦੀ ।

112

ਮੇਰੀ ਚੰਚਲ ! ਇਹੋ ਇਕ ਕਾਮਨਾ
ਦਿਨ-ਰਾਤ ਕਰਦਾ ਹਾਂ :
ਲਮੇਰੇ ਪਹਿਰ ਰਾਤਾਂ ਦੇ
ਪਲਾਂ ਦੇ ਵਾਂਗ ਲੰਘ ਜਾਵਣ
ਤੇ ਦਿਨ ਦੀ ਤਪਸ਼ ਹੋਵੇ ਖੀਣ
ਬੁੱਲੇ ਠੰਢੜੇ ਆਵਣ;
ਨਹੀਂ ਸੰਭਵ ਦੋਏ ਗੱਲਾਂ
ਤਦੇ ਜਾਂਦਾ ਨਿਘਰਦਾ ਹਾਂ ।
ਨਾ ਲੰਮਸ-ਲੰਮੀਆਂ ਰਾਤਾਂ
ਸੁਕੜ ਕੇ ਵਿਚ ਪਲਾਂ ਬਦਲਣ;
ਨਾ ਦਿਲ ਦੀ ਘਾਮ ਜਾਂਦੀ ਹੈ,
ਨਾ ਸੋਗੀ ਕਲਵਲਾਂ ਬਦਲਣ;
ਮੈਂ ਬਿਰਹੋਂ ਮਾਰਿਆ ਨਾ ਜੀਂਵਦਾ ਹਾਂ
ਨਾ ਹੀ ਮਰਦਾ ਹਾਂ ।
ਮੇਰੇ ਸਾਰੇ ਮਨੋਰਥ ਮਿੱਧ ਦਿੱਤੇ
ਮੇਰਿਆਂ ਕਰਮਾਂ
ਤੇ ਅਪਣੀ ਬੇਵਸੀ ਇਹ ਵੇਖ
ਮੈਨੂੰ ਰੁਆਂਦੀਆਂ ਸ਼ਰਮਾਂ ।

113

ਮੇਰੀ ਮੁਕਤੀ, ਮੇਰੀ ਕਲਿਆਣ,
ਮੇਰੀ ਪ੍ਰੀਤਮਾ ਪਿਆਰੀ !
ਮੈਂ ਇੰਜੇ ਨਿੱਤ ਅਪਣੀ
ਕਲਪਣਾ ਦੇ ਜਾਲ ਬੁਣਦਾ ਹਾਂ;
ਮਿਲਣ ਦੀ ਆਸ ਤੇ ਹੀ ਜੀ ਰਹਿਆ ਹਾਂ
ਸੈਲ ਖੁਣਦਾ ਹਾਂ;
ਸਮਾਂ ਮੁੱਕ ਜਾਵਣਾ ਹੈ ਸ੍ਰਾਪ ਦਾ
ਮਿਲਣਾ ਅਸਾਂ ਵਾਰੀ ।
ਵਿਜੋਗ ਅੰਦਰ ਨਾ ਤੂੰ ਘਬਰਾ
ਸਮਾਂ ਸੰਜੋਗ ਦਾ ਆਉਣਾ
ਜੇ ਅੱਜ ਦੁਖ ਹੈ, ਤਾਂ ਕਲ੍ਹ ਹੀ ਵੇਖ ਲਈਂ
ਪੈੜਾ ਹੈ ਸੁਖ ਪਉਣਾ;
ਦੋਇ ਪਹੀਏ ਇਹ ਦੁਖ ਸੁਖ ਦੇ
ਸਦਾ ਭੌਂਦੇ ਮੇਰੀ ਦਾਰੀ !
ਟਿਕਾਣਾ ਬਦਲਦਾ ਰਹਿੰਦਾ
ਇਹਨਾਂ ਦਾ ਚਕ੍ਰ ਚੱਕਰ ਲਇ
ਜਨਮ ਦੇ ਨਾਲ ਲੱਗੀ ਮੌਤ
ਮਿਲਣੀ ਨਾਲ ਬਿਰਹੋਂ ਖਹਿ;
ਇਹ ਜੀਵਨ-ਪੱਖ ਦੋਵੇਂ ਨੇ
ਕੁਈ ਦੋਹਾਂ 'ਚ ਨਹੀਂ ਦੂਰੀ ।
ਵਿਛੋੜਾ-ਤਾਪ ਮੁਕਣਾ ਹੈ,
ਮਿਲਣ-ਫੋਹਾਰ ਵਸਣੀ ਹੈ ।
ਦਇਆ ਦਾਤਾਰ ਪ੍ਰੀਤਮ ਦੀ
ਹੋ ਮੁਹਲੇ-ਧਾਰ ਵਸਣੀ ਹੈ ।

114

ਮੇਰੀ ਸਜਣੀ ! ਤੂੰ ਧਰ ਧੀਰਜ
ਨਿਰਾਸ਼ਾ-ਵਾਨ ਹੋਈਂ ਨਾ;
ਜਦੋਂ ਭਗਵਾਨ ਸ਼ਈਆ ਸ਼ੇਸ਼ ਦੀ
ਬਦਲਣਗੇ ਤਦ ਤਾਈਂ
ਹੋਊ ਪੂਰੀ ਮੇਰੀ ਇਹ ਸ੍ਰਾਪ-ਔਧੀ,
ਤੂੰ ਨਾ ਘਬਰਾਈਂ ।
ਮਹੀਨੇ ਚਾਰ ਹੀ ਤਾਂ ਨੇ,
ਦੁਖੀ ਐ ਜਾਨ ! ਹੋਈਂ ਨਾ ।
ਤੂੰ ਅੱਖਾਂ ਮੀਟ ਕੇ ਇਹ ਦਿਨ ਬਿਤਾ
ਕਲਪਾ ਨਾ ਮਨ ਅਪਣਾ;
ਬ੍ਰਿਹੁੰ ਅਗਨੀ 'ਚ ਸੜ ਸੜ ਸੁਹਣੀਏ !
ਸੁਆਹ ਕਰ ਨਾ ਤਨ ਅਪਣਾ;
ਖਿੜੇਗੀ ਸਿਆਲ ਦੀ ਚੰਦ ਚਾਨਣੀ
ਹੈਰਾਨ ਹੋਈਂ ਨਾ ।
ਉਨ੍ਹਾਂ ਠਰੀਆਂ ਹੋਈਆਂ ਰਾਤਾਂ
ਦੀ ਇਹ ਪਿਆਰਾਂ-ਭਰੀ ਮਿਲਣੀ
ਠਰਾਂਗੇ, ਰਸ-ਰਸਾਂਗੇ,
ਹੋਊ ਇਕਰਾਰਾਂ ਭਰੀ ਮਿਲਣੀ;
ਬ੍ਰਿਹੁੰ ਦਾ ਇਹ ਸਮਾਂ ਮੁਕ ਜਾਵਣਾ,
ਭੈਮਾਨ ਹੋਈਂ ਨਾ ।
ਮਨੋਰਥ ਹੋਣਗੇ ਪੂਰੇ,
ਮਿਲਾਂਗੇ ਪਾ ਗਲੇ ਬਾਹਾਂ ।
ਬੁਲ੍ਹਾਂ ਨੂੰ ਬੁਲ੍ਹ ਚੁੰਮਣਗੇ,
ਖਿਲਾਂਗੇ, ਪਾ ਗਲੇ ਬਾਹਾਂ ।

115

ਸ਼ਾਮ-ਸਲੋਣੇ ਨੈਣਾਂ ਵਾਲੀਏ !
ਉਹ ਗੱਲ ਯਾਦ ਕਰੀਂ, ਮਨ ਲਾਈਂ ।
ਮੈਂ ਆਨੰਦ-ਕੁਸ਼ਲ ਹਾਂ ਏਥੇ,
ਲੋਕ ਅਪਵਾਦ ਵੱਲੇ ਨਾ ਜਾਈਂ ।
ਮਨ ਭੋਲਾ ਠਗਿਆ ਨਾ ਜਾਏ,
ਚਿੱਤ ਨੂੰ ਚਿੰਤਾ ਫ਼ਿਕਰ ਨਾ ਲਾਈਂ ।
ਤੇਰੇ ਵਸ ਦੀ ਗੱਲ ਨਾ ਹੈ ਇਹ
ਸਜਣਾਂ ਦੂਰ ਵਸੰਦਿਆਂ ਸੰਦੀ,
ਪ੍ਰੀਤ-ਘਟੇ ਉਮਰਾਂ ਦੀ ਨਿਆਈਂ ।
ਜਿਥੇ ਹੋਇ ਸਨੇਹ ਪਰ ਸੱਚਾ
ਅੱਖੀਆਂ ਲਾਈਏ ਚਾਈਂ ਚਾਈਂ,
ਓਥੇ ਘਟਦੀ ਪ੍ਰੀਤ ਕਦੇ ਨਾ,
ਚੁਗਲ ਲਾਣ ਚਾਹੇ ਲਖ ਵਾਹੀਂ ।
ਯਾਦ ਉਸ ਦੀ ਪਲ ਪਲ ਕਲਪਾਏ
ਔਸੀਆਂ ਪੌਂਦੇ ਭੋਂ ਮੁਕ ਜਾਏ,
ਸੀਨੇ ਵਿਚ ਭੜਮੱਚੇ ਬਲਦੇ,
ਜਿਗਰਾ ਝੁਲਸ ਰਹੀਆਂ ਨੇ ਆਹੀਂ ।

116

ਮਿੱਤਰ ਮੇਘ ! ਵਿਜੋਗਾਂ ਮਾਰੀ,
ਲੈ ਸੰਦੇਸ਼ ਲਵੇ ਜਦ ਪਿਆਰੀ;
ਧੀਰ ਬਨ੍ਹਾ ਕੇ ਉਸ ਸਜਣੀ ਦੀ
ਹੌਲੀ ਮਾਰੀਂ ਫੇਰ ਉਡਾਰੀ ।
ਉਹ ਹਿਮਾਲਾ ਚੋਟੀਆਂ ਜਿਸ ਦੀਆਂ
ਚੁੰਮ ਰਹੀਆਂ ਨੇ ਅੰਬਰ ਤਾਈਂ
ਜਿਨ੍ਹਾਂ ਤੇ ਸ਼ਿਵ-ਵਾਹਨ ਨੰਦੀ ਬੜ੍ਹਕੇ
ਪਾਵੇ ਖੌਰੂ ਭਾਰੀ ।
ਉਸ ਨੂੰ ਪਰਸ ਮੁੜੀਂ ਤੂੰ ਪਿੱਛੇ
ਲਿਆ ਸੰਦੇਸ਼ ਕਲੇਜਾ ਠਾਰੀਂ ।
ਦਿੱਤਾ ਜੋ ਉਸ ਮੇਰੀ ਪ੍ਰੀਅ ਨੇ
ਕੰਵਲਾਂ ਤੋਂ ਕੋਮਲ ਜੋ ਨਾਰੀ;
ਆ ਕੇ ਮੈਨੂੰ ਦੱਸੀਂ ਵੀਰਾ
ਅੰਬਰ ਤੇ ਲਾਉਂਦਾ ਇਕ ਤਾਰੀ ।
ਅੰਮ੍ਰਿਤ ਵੇਲੇ ਦੇ 'ਕੁੰਦ' ਫੁੱਲਾਂ
ਨਾਲੋਂ ਵੀ ਜੋ ਸੁਹਲ ਸੌ ਗੁਣਾਂ
ਉਸ ਦੇ ਪ੍ਰਾਣ ਬਚਾ ਕੇ
ਮੈਨੂੰ ਵੀ ਤੂੰ ਆ ਜੀਵਾ ਉਪਕਾਰੀ ।

117

ਸੋਮ ! ਸੰਦੇਸ਼ ਪੁਚਾਵਣ ਦਾ ਤੂੰ
ਮੈਨੂੰ ਬਚਨ ਦਿੱਤਾ, ਖ਼ੁਸ਼ ਕੀਤਾ,
ਤੂੰ ਹੈਂ ਚੁੱਪ, ਸਮਝਿਆ ਮੈਂ ਹਈ
ਤੋੜ ਨਿਭਾਸੇਂ ਇਸ ਨੂੰ ਮੀਤਾ ।
ਚੁੱਪ ਗੜੁੱਪ ਰਹੇਂ ਪਰ ਭੋਂ ਦੀ
ਵਸ ਕੇ ਸਾਰੀ ਤਪਸ਼ ਮਿਟਾਏਂ,
ਜਾਚਕਾਂ ਦੀਆਂ ਝੋਲੀਆਂ ਭਰ ਦਏਂ
ਬਣ ਕੇ ਦੱਸੇਂ ਹੋਇ ਸੁਰੀਤਾ ।
ਵਿਚ ਸੁਭਾਅ ਤੇਰੇ ਦੇ ਸੱਜਣ
ਭਰ ਦਿੱਤੀ ਸਭ ਲਈ ਸਜਨਾਈ;
ਤੈਨੂੰ ਦੇ ਦਿੱਤਾ ਰੱਬ ਸੱਚੇ
ਹੈ ਮਣੀਆਂ ਦਾ ਮਨੋਂ ਖ਼ਰੀਤਾ ।

118

ਹੇ ਜਲ-ਧਰ ! ਤੂੰ ਇੰਦ੍ਰ ਮੰਤਰੀ
ਦੇਵਤਾ ਵੱਡਾ, ਵਿਸ਼ਵ-ਵਿਹਾਰੀ;
ਅੰਦਰੋਂ ਧੁਪਿਆ, ਉੱਚਾ ਸੁੱਚਾ
ਰੱਬ-ਉਪਕਾਰ ਸ਼ਕਲ ਤੁਧ ਧਾਰੀ ।
ਏਹੋ ਜਹਿਆ ਕੰਮ ਨਕਾਰਾ
ਸੋਭੇ ਨਾ ਮੈਂ ਦੱਸਾਂ ਤੈਨੂੰ;
ਪਰ ਤੂੰ ਮੇਰਾ ਸਖਾ ਸੁਹੇਲਾ
ਵੀ ਤਾਂ ਹੈਂ ਅਮ੍ਰਿਤ-ਰਸ-ਧਾਰੀ ।
ਮਿਤ੍ਰ-ਭਾਵ ਵਿਚ ਕਰਾਂ ਬੇਨਤੀ,
ਮੈਨੂੰ ਮਾਰ ਵਿਛੋੜਾ ਰਹਿਆ
ਮੇਰੀ ਦੁਖੀਆ ਦੀਨ ਦਸ਼ਾ ਤੇ
ਤਰਸਵਾਨ ਹੋ ਮਾਰ ਉਡਾਰੀ ।
ਇਹ ਕਾਰਜ ਸੰਪੂਰਨ ਕਰ ਦਇ
ਮੇਰਾ ਇਹ ਸੰਦੇਸ਼ ਪੁਚਾ ਕੇ
ਦਸ ਨਿਬਾਹ ਕਰਤਵ ਤੂੰ ਉਂਜੇ
ਜਿਵੇਂ ਨਿਬਾਹੁੰਦੇ ਸਿਸ਼ਟਾਚਾਰੀ ।

119

ਮੇਘ ! ਉੱਚੇ ਕੈਲਾਸ਼ ਦੇ ਉੱਤੇ
ਸੋਨ-ਕੰਵਲ ਫੁੱਲਾਂ ਸੰਗ ਭਰਿਆ;
ਮਾਨ-ਸਰੋਵਰ, ਅਮ੍ਰਿਤ ਦਾ ਕੁੰਡ,
ਨਿਰਮਲਤਾ ਨੇ ਜਿਸ ਨੂੰ ਵਰਿਆ ।
ਉਸ ਦਾ ਠੰਢਾ, ਮਿੱਠਾ ਪਾਣੀ
ਪੀਵੀਂ ਸ਼ਰਧਾ ਨਾਲ ਪਿਆਰੇ;
ਸਮਝੇਂਗਾ ਫਿਰ ਆਪੇ ਉਸ ਪਲ
ਤੇਰਾ ਤਨ ਤੇ ਮਨ ਹੈ ਠਰਿਆ ।
ਓਥੇ ਐਰਾਵਤ ਹਾਥੀ ਹੈ
ਬਰਫ਼ ਜਹਿਆ, ਲੰਮੀ ਸੁੰਡ ਵਾਲਾ,
ਜਲ-ਕਣੀਆਂ ਸੰਗ ਮਸਤਕ ਧੋਈਂ
ਖੁਰਿਆ ਅੰਦਰੋਂ ਜਾਪੀ ਖਰਿਆ ।
ਕਲਪ-ਬ੍ਰਿਛਾਂ ਦੀਆਂ ਨਵੀਆਂ ਕਰੂਮਲਾਂ
ਨੂੰ ਤੂੰ ਧੁਜਾ ਸਮਾਨ ਉਡਾਈਂ,
ਏਹੋ ਜਿਹੇ ਪਿਆਰੇ ਪਿਆਰੇ
ਮਿਠੇ ਮਿਠੇ ਕੌਤਕ ਕਰਕੇ
ਬਨਾਂ ਅਤੇ ਕੈਲਾਸ਼ ਵਾਸੀਆਂ ਦਾ
ਤਨ, ਮਨ ਕਰ ਦੇਈਂ ਹਰਿਆ ।

120

ਇਸ ਕੈਲਾਸ਼ ਧਾਰ ਦੀ ਗੋਦੇ
ਅਲਕਾ-ਪੁਰੀ ਘੁੱਘ ਵਸਦੀ ਹੈ;
ਉਸ ਦੀ ਸੋਭਾ ਦਾ ਕੀ ਕਹਿਣਾ
ਉਹ ਤਾਂ ਚੰਦ ਵਾਂਗ ਲਸਦੀ ਹੈ ।
ਮਾਨੋਂ ਉਸ ਨੇ ਗੰਗਾ-ਰੂਪੀ
ਮੋਢਿਆਂ ਉੱਤੇ ਲਇਆ ਦੁਪੱਟਾ,
ਤੇ ਉਹ ਖਿਸਕ ਡਿੱਗਾ ਦੇਹ ਉੱਤੇ
ਰੂਪ-ਮਣੀ ਦਿਲ ਨੂੰ ਖਸਦੀ ਹੈ ।
ਗਗਨ-ਚੁੰਮਦੀਆਂ ਅਲਕਾ ਦੀਆਂ
ਹੈਨ ਅਟਾਰੀਆਂ, ਵਡ ਉੱਚੀਆਂ ਜੋ
ਸ਼ਾਮ-ਘਟਾਂ ਉਨ੍ਹਾਂ ਤੇ ਵਸਦੀਆਂ
ਸੰਙਣੀਆਂ ਹੋ, ਜਾਂ ਹਸਦੀ ਹੈ ।
ਤਦ ਉਹ ਜਾਪਦੀ ਹੈ ਅਤਿ ਸੁੰਦਰ,
ਜਿਵੇਂ ਵਿਲਾਸ-ਵਤੀ ਹੋਇ ਕੋਈ;
ਮੋਤੀਆਂ ਗੁੰਦੀ ਖੋਲ੍ਹ ਗੁੱਤ ਨੂੰ
ਪ੍ਰੀਤਮ-ਸੇਜ ਉੱਤੇ ਰਸਦੀ ਹੈ ।
ਅੰਕ ਸਮਾਈ ਦਾ ਸੁਖ ਲੈਂਦੀ,
ਸੁੰਦਰਤਾ ਦੇ ਜਲਵੇ ਸੁਟਦੀ,
ਲਸ਼ ਲਸ਼ ਕਰਦੀ ਹੋਈ ਲਿਸ਼ਕਦੀ
ਪ੍ਰੀਅ, ਪ੍ਰੀਤਮ ਹੋ ਇਕ ਦਸਦੀ ਹੈ ।

121

ਇਹ ਸੁਣ ਕੇ ਬੱਦਲ ਤੁਰ ਪਇਆ
ਉੱਤਰ ਵੱਲ ਮਾਰ ਉਡਾਰੀਆਂ;
ਕਦੇ ਟੱਪਦਾ ਉੱਚੇ ਪਰਬਤਾਂ
ਕਦੇ ਨਈਂ ਤੇ ਲਾਉਂਦਾ ਤਾਰੀਆਂ ।
ਸਸਤਾਉਂਦਾ ਸ਼ਹਿਰੀਂ ਨੱਗਰੀਂ
ਰਾਹ ਤੱਕਦਾ ਝਾਕੀਆਂ ਪਿਆਰੀਆਂ,
ਜਾ ਪੁੱਜਾ ਅਲਕਾ ਪੁਰੀ ਹੈ
ਝੁਕ ਚੁੰਮੇ ਕਲਸ ਅਟਾਰੀਆਂ ।
ਰਾਜਧਾਨੀ ਇਹੋ ਕੁਬੇਰ ਦੀ
ਜਿੱਥੋਂ ਦੀਆਂ ਸੁੰਦਰ-ਨਾਰੀਆਂ
ਇੰਦਰ-ਅਪਸਰਾਂ ਤੋਂ ਕਿਤੇ
ਮਨ-ਮੁਹਣੀਆਂ ਰੂਪ-ਪਟਾਰੀਆਂ ।
ਜਾ ਵਿਹੰਦਾ ਪ੍ਰੀਅ ਉਹ ਯੱਖ ਦੀ
ਖਾ ਬਿਰਹੋਂ ਤੇਜ਼ ਕਟਾਰੀਆਂ,
ਤੜਪੇ, ਵਿੱਲੇ ਵਿਚ ਭਵਨ ਦੇ
ਤਨ ਹੁੱਟਾ, ਆਸੰਙਾਂ ਹਾਰੀਆਂ ।

122

ਗੱਲ ਸੁਣ ਕੇ ਬਿਰਹੀ ਯੱਖ ਦੀ
ਉਹ ਮੇਘ-ਉਡਾਰੀ-ਲਾਵਣਾ
ਮਨ-ਚਾਹਿਆ ਰੂਪ ਜੁ ਧਰ ਸਕੇ,
ਅਲਕਾ ਦਾ ਬਣੇ ਪਰਾਹੁਣਾ ।
ਤੱਕ ਕੇ ਸਭ ਚਿੰਨ੍ਹ ਨਿਸ਼ਾਨੀਆਂ,
ਘਰ ਯੱਖ ਦਾ ਲੱਭਾ ਮੇਘ ਨੇ,
ਪਈ ਫਿੱਕੀ ਸ਼ੋਭਾ ਜਿਸ ਦੀ,
ਨੱਜ਼ਾਰਾ ਮਨ-ਕਲਪਾਉਣਾ ।
ਹਰ ਪਾਸੇ ਭਾਂ ਭਾਂ ਹੋ ਰਹੀ,
ਇਕ ਗੁੱਠੇ ਸਿਸਕੇ ਯੱਖਣੀ,
ਸਭ ਸੋਗਣਾ ਵਾਲਾ ਵੇਸ ਸੀ,
ਪ੍ਰੀਤਮ ਬਿਨ ਸੁੰਞ ਵਿਛਾਉਣਾ ।
ਮਿਠਬੋਲੇ ਹੌਲੇ ਮੇਘਲੇ
ਲੱਥ ਹੇਠਾਂ ਨਿੱਕਾ ਰੂਪ ਧਰਿ,
ਪ੍ਰੀਤਮ ਸੰਦੇਸ਼ ਸੁਣਾਇਆ,
ਸਭ ਗ਼ਮ ਤੇ ਸ਼ੋਕ ਨਸਾਵਣਾ ।
ਹਾਂ, ਊਹ ਸੰਦੇਸਾ ਸੀ ਜਿਹਨੂੰ
ਨਾਲ ਜਤਨਾਂ ਘੱਲਿਆ ਯੱਖ ਨੇ
ਆ ਦਿਤਾ ਮੇਘ ਸੁਜਾਨ ਨੇ
ਜੋ ਜਾਣੇ ਬਚਨ ਨਿਬਾਹੁਣਾ ।

123

ਸਭਨਾਂ ਦਾ ਭਲਾ ਮੰਨਾਂਵਦਾ,
ਜੋ ਰੂਪ ਹੈ ਪਰ-ਉਪਕਾਰ ਦਾ
ਉਹ ਮੇਘ ਲੰਮੇਰਾ ਪੰਧ ਕਰ
ਆਇਆ ਹੈ ਖੰਭ ਹੁਲਾਰਦਾ ।
ਬਿਰਹਨ ਸੰਦੇਸਾ ਲੈ ਲਇਆ,
ਅਪਣੇ ਪ੍ਰੀਤਮ ਦੇ ਪਿਆਰ ਦਾ ।
ਬਿਹਬਲ-ਆਨੰਦ ਉਹ ਹੋ ਗਈ
ਤਪਿਆ ਮਨ ਮੇਘਲਾ ਠਾਰਦਾ ।
ਗੱਲ ਸੱਚੀ ਸਾਊ ਲੋਕ ਜੋ
ਚੰਗਿਆਈ ਕਰਦੇ ਨੇ ਉਹੀ,
ਭਲਿਆਈ ਵਾਦੀ ਭਲੇ ਦੀ
ਜੋ ਸਭ ਦੇ ਕਾਜ ਸੁਆਰਦਾ ।

124

ਸੁਣਿਆ ਜਾਂ ਹੈ ਕੁਬੇਰ ਨੇ
ਸੰਦੇਸਾ ਮੇਘ ਲਿਆਇਆ
ਉਸ-ਬਿਰਹੋਂ-ਭੁੱਜੇ ਯੱਖ ਦਾ;
ਮੈਂ ਜਿਸ ਨੂੰ ਦੂਰ ਤਰਾਹਿਆ ।
ਮਨ ਉਸ ਦੇ ਜਾਗੀ ਦਇਆ ਫਿਰ
ਸਭ ਕ੍ਰੋਧ ਉਤਰਿਆ, ਖ਼ੁਸ਼ ਥੀਆ,
ਵਾਪਸ ਲੈ ਲਵੇ ਸਰਾਪ ਉਹ
ਯੱਖ ਯੱਖਣੀ ਤਈਂ ਮਿਲਾਇਆ ।
ਇਸ ਪ੍ਰੀਤਿ-ਮਿਲਣੀ ਦੇ ਨਾਲ ਹੀ
ਸਭ ਦੁਖੜੇ ਤੇ ਗ਼ਮ ਦੂਰ ਹੋਇ,
ਦੋਹਾਂ ਨੇ ਹੋ ਪਰਸੰਨ-ਚਿਤ
ਗਲ ਇਕ ਦੂਜੇ ਨੂੰ ਲਾਇਆ ।
ਫਿਰ ਦੋਹਾਂ ਦੇ ਸੁਖ-ਲਾਭ ਦਾ
ਕੀਤਾ ਪਰਬੰਧ ਕੁਬੇਰ ਨੇ
ਭਰ ਪਿਆਲਾ ਮਦ ਆਨੰਦ ਮਈ
ਭਾਗਾਂ ਨੇ ਆਣ ਪਿਲਾਇਆ ।
ਇਸ ਦੇ ਪਿੱਛੋਂ ਉਹ ਦੰਪਤੀ
ਨਾ ਵਿਛੜੇ ਕਲਪੇ ਸਨ ਕਦੇ;
ਸੁਖ-ਪੀਂਘ ਝੁਟੇਂਦਿਆਂ ਦੁਹਾਂ ਨੇ
ਜੀਵਨ ਦਾ ਪੰਧ ਮੁਕਾਇਆ ।

125

ਆਰਯ ਦੇਵੀ ਕਾਲਕਾ,
ਚਰਨ-ਕੰਵਲ ਪਰਨਾਮ,
ਕਵਿ-ਕਾਲੀ ਝੁਕ ਕੇ ਕਰੇ,
ਤੇਰਾ ਦਾਸ, ਗ਼ੁਲਾਮ ।
ਸੁੰਦਰਤਾਈ ਤੋਂ ਸਜੇ
ਸੁਹਣੇ ਸ਼ਬਦਾਂ ਨਾਲ,
ਮੇਘ-ਦੂਤ ਕਵਿਤਾ ਰਚੀ
ਮਿਠੀ ਅਮੀਂ ਮਿਸਾਲ ।
ਮਿਲਿਆ ਜਿਨ੍ਹਾਂ ਨੂੰ ਨਹੀਂ
ਜੀਵਨ ਸੁੱਖ-ਵਿਲਾਸ;
ਉਹਨਾਂ ਦੇ ਵੀ ਮਨਾਂ ਨੂੰ
ਇਸ ਤੋਂ ਮਿਲੂ ਹੁਲਾਸ ।
ਮਿਲੇ ਏਸ ਵਿਚ ਮੇਘ ਦੀ
ਸਿਆਣਪ ਦਾ ਪਰਮਾਣ;
ਨਾਲ ਕਲਪਣਾ ਕਵੀ ਦੀ
ਅਪਣੀ ਦੱਸੇ ਸ਼ਾਨ ।
ਮਹਾਂ-ਕਾਵਿ ਕਾਲੀ ਦਾਸ ਦੀ
ਰਚਨਾ ਦਾ ਅਨੁਵਾਦ;
ਪੰਜਾਬੀ ਵਿਚ ਢਾਲਿਆ
ਰਸ ਲੈ ਲੈ ਆਜ਼ਾਦ ।
ਦਿਨ ਪਹਿਲੀ ਜਨਵਰੀ ਦਾ
ਵੀਹਵੀਂ ਸਦੀ ਮਹਾਨ
ਵਿਚੋਂ ਰਹੇ ਚਾਲੀ ਵਰ੍ਹੇ
ਸਰਘੀ ਸਮਾਂ ਪਛਾਣ ।