ਮੈਂ ਮੁਸਾਫ਼ਿਰ ਹਾਂ : ਮਹਿੰਦਰ ਦੀਵਾਨਾ

Main Musafir Haan : Mohinder Diwana


ਸਮਰਪਣ

ਜੀਵਨ ਭਰ ਦਾ ਸਾਥ ਨਿਭਾਉਣ ਦਾ
ਵਾਅਦਾ ਕਰਨ ਵਾਲੀ ਉਸ ਜੀਵਨ ਸਾਥਣ ਨੂੰ
ਜੋ ਮੈਨੂੰ ਅਧਵਾਟੇ ਛੱਡ ਕੇ ਆਪ ਪਾਰ ਹੋ ਗਈ ।

ਮੈਂ ਮੁਸਾਫ਼ਿਰ ਹਾਂ ਚਲਾ ਜਾਵਾਂਗਾ ਪਲ ਦੋ ਪਲ ਦੇ ਬਾਅਦ
ਸੋਚਦੇ ਰਹਿ ਜਾਓਗੇ ਕਿੱਧਰ ਗਿਆ ਤੇ ਕਿਉਂ ਗਿਆ
- ਮਹਿੰਦਰ ਦੀਵਾਨਾ

ਮੋਹ-ਮੁਹੱਬਤ ਅਤੇ ਹੱਕ-ਸੱਚ ਦੀ ਸ਼ਾਇਰੀ

ਮਹਿੰਦਰ ਦੀਵਾਨਾ ਆਪਣੀ ਉਮਰ ਦਾ ਨੌਵਾਂ ਦਹਾਕਾ ਮਾਣ/ਹੰਢਾ ਰਿਹਾ ਹੈ । ਉਹ ਬੜਾ ਰੂਹਦਾਰ ਬੰਦਾ ਹੈ । ਉਸ ਦੇ ਸੁਭਾਅ ਵਿੱਚ ਸਹਿਜਤਾ ਹੈ, ਵਿਚਾਰਾਂ ਵਿੱਚ ਤਰਕਸ਼ੀਲਤਾ ਅਤੇ ਵਿਹਾਰ ਵਿੱਚ ਸਮਾਜਿਕਤਾ । ਕਾਵਿ-ਸਿਰਜਣਾ ਨਾਲ਼ ਉਸ ਦਾ ਅੱਧੀ ਸਦੀ ਤੋਂ ਵੀ ਪੁਰਾਣਾ ਰਿਸ਼ਤਾ ਹੈ । ਕਵਿਤਾ ਵਿੱਚੋਂ ਉਹ ਪ੍ਰਮੁੱਖ ਤੌਰ 'ਤੇ ਗ਼ਜ਼ਲ ਵਿਧਾ ਨਾਲ਼ ਜੁੜਿਆ ਹੋਇਆ ਹੈ । ਮਹਿੰਦਰ ਦੀਵਾਨਾ ਡਾ. ਜਗਤਾਰ, ਕੰਵਰ ਚੌਹਾਨ, ਦੇਵਿੰਦਰ ਜੋਸ਼, ਕੁਲਵੰਤ ਨੀਲੋਂ, ਅਮਰੀਕ ਸਿੰਘ ਪੂਨੀ, ਤਿ੍ਲੋਕ ਸਿੰਘ ਆਨੰਦ ਅਤੇ ਰਣਧੀਰ ਸਿੰਘ ਚੰਦ ਵਾਲੀ ਪੀੜ੍ਹੀ ਦਾ ਗ਼ਜ਼ਲਗੋ ਹੈ । ਉਹ ਪੰਜਾਬੀ ਗ਼ਜ਼ਲ ਦੇ ਲੰਬੇ ਸਫ਼ਰ ਦਾ ਗਵਾਹ ਹੈ । ਡਾ. ਸਾਧੂ ਸਿੰਘ ਹਮਦਰਦ ਨੇ 1982 ਵਿੱਚ ਆਪਣੇ ਪੀ-ਐੱਚ.ਡੀ. ਦੀ ਡਿਗਰੀ ਲਈ ਪ੍ਰਸਤੁਤ ਕੀਤੇ ਖੋਜ ਪ੍ਰਬੰਧ ਵਿੱਚ ਮਹਿੰਦਰ ਦੀਵਾਨਾ ਦਾ ਵਿਸ਼ੇਸ਼ ਜ਼ਿਕਰ ਕੀਤਾ ਸੀ । ਦੀਵਾਨਾ ਅੱਜ ਵੀ ਉਸੇ ਸ਼ਿੱਦਤ ਅਤੇ ਸੰਜੀਦਗੀ ਨਾਲ਼ ਗ਼ਜ਼ਲ-ਸਿਰਜਣਾ ਨਾਲ਼ ਜੁੜਿਆ ਹੋਇਆ ਹੈ । ਉਸ ਦਾ ਜ਼ਿੰਦਗੀ ਅਤੇ ਸ਼ਾਇਰੀ ਪ੍ਰਤੀ ਨਜ਼ਰੀਆ ਬੇਹੱਦ ਮੁਹੱਬਤੀ ਅਤੇ ਆਸ਼ਾ ਭਰਪੂਰ ਹੈ । ਹਥਲੇ ਗ਼ਜ਼ਲ ਸੰਗ੍ਰਹਿ ਤੋਂ ਪਹਿਲਾਂ ਦੀਵਾਨਾ ਦੇ 'ਮਿੱਟੀ ਗੱਲ ਕਰੇ' (1976) ਅਤੇ 'ਭਵਿੱਖ ਸਾਡਾ ਹੈ' (1982) ਦੋ ਗ਼ਜ਼ਲ-ਸੰਗ੍ਰਹਿ ਛਪ ਚੁੱਕੇ ਹਨ ।

ਦੀਵਾਨਾ ਦੀ ਸਾਰੀ ਸ਼ਾਇਰੀ ਮੁਹੱਬਤ, ਲੋਕ ਪੀੜਾ ਅਤੇ ਲੋਕ ਸੰਘਰਸ਼ ਨਾਲ ਲਬਰੇਜ਼ ਹੈ । ਉਸ ਕੋਲ ਮੁਹੱਬਤ ਨਾਲ਼ ਨੱਕੋ-ਨੱਕ ਭਰਿਆ ਦਿਲ ਹੈ, ਜੋ ਸਮੁੱਚੀ ਮਨੁੱਖਤਾ ਨੂੰ ਪਿਆਰਾਦਾ ਹੈ । ਉਹ ਬਹਾਰਾਂ ਬੀਜਣ ਅਤੇ ਮਹਿਕਾਂ ਵੰਡਣ ਵਿੱਚ ਵਿਸ਼ਵਾਸ ਰੱਖਦਾ ਹੈ:

ਅਸੀਂ ਬੀਜੀਆਂ ਬਹਾਰਾਂ ਸੀ ਦੀਵਾਨਿਆਂ ਦੇ ਵਾਂਗ
ਮਹਿਕਾਂ ਵੰਡਦੇ ਰਹੇ ਤੇ ਪਿਆਰ ਪਾਲ਼ਦੇ ਰਹੇ ।

ਸਾਰੇ ਝਗੜੇ-ਝੇੜੇ ਛੱਡ ਕੇ ਇੱਕ ਦੂਜੇ ਦੇ ਹੋ ਜਾਈਏ,
ਮੈਂ ਆਖਾਂ ਸਭ ਕੁਝ ਤੇਰਾ ਹੈ, ਤੂੰ ਆਖੇਂ, ਨਾਂਹ ਤੇਰਾ ਹੈ ।

ਉਹ ਆਪਣਿਆਂ, ਬੇਗਾਨਿਆਂ ਸਭ ਨੂੰ ਮੁਹੱਬਤ ਕਰਦਾ ਹੈ, ਪਰ ਜਦੋਂ ਉਹ ਚਾਰ-ਚੁਫ਼ੇਰੇ ਫ਼ਰੇਬੀ ਅਤੇ ਬਣਾਵਟੀ ਵਿਵਹਾਰ ਦੇਖਦਾ ਹੈ ਤਾਂ ਉਸ ਦੀ ਰੂਹ ਜ਼ਖ਼ਮੀ ਹੋ ਜਾਂਦੀ ਹੈ । ਅਜਿਹੀ ਅਵਸਥਾ ਵਿੱਚ ਉਹ ਜਿਹੜਾ ਕਾਵਿ-ਪ੍ਰਵਚਨ ਸਿਰਜਦਾ ਹੈ, ਉਹ ਹਰ ਸੰਵੇਦਨਸ਼ੀਲ ਮਨ ਦਾ ਚਿੱਤਰ ਹੋ ਨਿੱਬੜਦਾ ਹੈ:

ਇੱਕ ਮੈਂ ਹਾਂ ਜੋ ਮਹਿਫ਼ਿਲ ਅੰਦਰ ਆਪਣਾ ਚਿਹਰਾ ਲੈ ਆਇਆ ਹਾਂ
ਬਾਕੀ ਸਭ ਨੇ ਆਵਣ ਵੇਲ਼ੇ ਇੱਕ ਦੂਜੇ ਤੋਂ ਮੰਗੇ ਚਿਹਰੇ ।

ਮੈਂ ਕਿਸ ਮਹਿਫ਼ਿਲ 'ਚ ਯਾਰੋ ਆ ਗਿਆ ਹਾਂ
ਹਰਿਕ ਚਿਹਰੇ 'ਤੇ ਚਿਹਰਾ ਓਪਰਾ ਹੈ ।

ਇਸ ਬਸਤੀ ਦੇ ਵਣਜਾਰੇ ਵੀ ਬਹੁਤ ਅਜਬ ਨੇ, ਕਹਿ ਦਿੰਦੇ ਨੇ
ਆਪਣੀ ਮਿੱਟੀ ਨੂੰ ਵੀ ਸੋਨਾ, ਹੋਰਾਂ ਦੇ ਸੋਨੇ ਨੂੰ ਪਿੱਤਲ ।

ਦੀਵਾਨਾ ਸਮਾਜ ਵਿੱਚ ਪਸਰੀ ਆਪਾ-ਧਾਪੀ ਨੂੰ ਬੜੀ ਸਹਿਜਤਾ ਨਾਲ਼ ਦੇਖਦਾ ਹੈ । ਕਈ ਵਾਰ ਉਹ ਇਸ ਆਪਾ-ਧਾਪੀ ਨੂੰ ਦੇਖ ਕੇ ਅਸਹਿਜ ਹੋ ਜਾਂਦਾ ਹੈ । ਉਹ ਸਮਾਜ ਨੂੰ ਗ਼ਲਤ ਲੀਹ 'ਤੇ ਤੋਰਨ ਵਾਲਿਆਂ ਨੂੰ ਬਾਖ਼ੂਬੀ ਪਹਿਚਾਣਦਾ ਹੈ । ਉਹ ਇਹਨਾਂ ਵਿਰੁੱਧ ਚੇਤਨਾ ਪੈਦਾ ਕਰਨ ਦਾ ਯਤਨ ਕਰ ਕੇ ਦੁੱਖਾਂ ਭੰਨੇ ਲੋਕਾਂ ਨਾਲ਼ ਖੜ੍ਹਦਾ ਹੈ । ਉਸ ਅੰਦਰ ਮਾਨਵੀ ਸੰਵੇਦਨਾ ਕੁੱਟ-ਕੁੱਟ ਕੇ ਭਰੀ ਹੋਈ ਹੈ:

ਇੱਕ ਕਿਸੇ ਲਈ ਕਰਨ ਕਮਾਈ, ਇੱਕ ਕਿਸੇ ਦੀ ਖਾਣ ਕਮਾਈ
ਇਸ ਦੁਨੀਆ ਦੇ ਮੇਲੇ ਅੰਦਰ ਕੇਵਲ ਦੋ ਵਰਗਾਂ ਦੇ ਚਿਹਰੇ ।

ਮੈਂ ਜਦ ਜਾਮ ਉਠਾ ਕੇ ਆਪਣੇ ਬੁੱਲ੍ਹਾਂ ਤੱਕ ਲੈ ਜਾਣਾ ਚਾਹਿਆ,
ਜਾਮ 'ਚੋਂ ਮੈਨੂੰ ਨਜ਼ਰੀਂ ਆਏ ਹੰਝੂਆਂ ਅੰਦਰ ਡੁੱਬੇ ਚਿਹਰੇ ।

ਕਵਿਤਾਵਾਂ, ਗ਼ਜ਼ਲਾਂ ਦੀਵਾਨੇ ਕੀਕਣ ਹੋਵਣ ਰੰਗ ਬਿਰੰਗੀਆਂ,
ਹਰ ਪਾਸੇ ਜਦ ਨੰਗੇ ਪਿੰਡੇ, ਭੁੱਖੇ ਢਿੱਡ ਤੇ ਪੀਲ਼ੇ ਚਿਹਰੇ ।

ਮਹਿੰਦਰ ਦੀਵਾਨਾ ਵਿਚਾਰਧਾਰਕ ਤੌਰ 'ਤੇ ਵੀ ਪ੍ਰਪੱਕ ਸ਼ਾਇਰ ਹੈ । ਉਹ ਲੋਕ-ਦੁਸ਼ਮਣਾਂ ਦੀ ਖ਼ਸਲਤ ਸਮਝਦਾ ਹੈ । ਆਪਣੀ ਸ਼ਾਇਰੀ ਵਿੱਚ ਉਹ ਉਹਨਾਂ ਦੇ ਸਾਜ਼ਿਸ਼ੀ ਅਤੇ ਲੋਕ-ਮਾਰੂ ਕਾਰਿਆਂ ਦੀ ਝਲਕ ਵੀ ਦਿਖਾਉਂਦਾ ਹੈ, ਪਰ ਉਹ ਆਮ ਤੌਰ 'ਤੇ ਆਪਣੀ ਸ਼ਾਇਰੀ ਵਿੱਚ ਲਾਊਡ ਨਹੀਂ ਹੁੰਦਾ । ਆਪਣੀ ਗੱਲ ਬੜੇ ਸੁਹਜ ਅਤੇ ਮਿਠਾਸ ਭਰੇ ਲਹਿਜੇ ਵਿੱਚ ਕਹਿੰਦਾ ਹੈ । ਉਸ ਦਾ ਮਾਨਵੀ ਮੋਹ ਦਾ ਸੁਨੇਹਾ ਅਤੇ ਇਸ ਸੁਨੇਹੇ ਨੂੰ ਸੰਚਾਰਿਤ ਕਰਨ ਵਾਲ਼ੀ ਭਾਸ਼ਾ ਦੋਵੇਂ ਜਾਦੂਈ ਅਸਰ ਵਾਲ਼ੇ ਹਨ । ਉਸ ਨੂੰ ਗ਼ਜ਼ਲ ਦੀ ਭਾਸ਼ਾ ਦੀ ਬਾਰੀਕ ਸਮਝ ਹੈ । ਉਹ ਗਜ਼ਲ ਦੀ ਚਿਹਨਾਰਥੀ ਯੋਗਤਾ ਨੂੰ ਬਾਖ਼ੂਬੀ ਜਾਣਦਾ ਹੈ । ਅਜਿਹੇ ਸ਼ਿਅਰ ਉਸ ਦੀ ਪੁਸਤਕ ਵਿੱਚ ਆਮ ਹਨ:

ਥਾਲੀ ਅੰਦਰ ਦੀਪ ਜਲਾ ਕੇ ਕਿਸ ਲਈ ਤੂੰ ਮੰਦਰ ਨੂੰ ਜਾਵੇਂ,
ਮੈਨੂੰ ਸਭ ਕੁਝ ਦੱਸ ਦੇਂਦਾ ਹੈ ਮੰਦਰ ਪਿਛਲਾ ਬੁੱਢਾ ਪਿੱਪਲ ।

ਦੀਵਾਨਾ ਦੀ ਗ਼ਜ਼ਲ ਪੜ੍ਹ ਕੇ ਪਾਠਕ ਸਵਾਦ-ਸਵਾਦ ਵੀ ਹੁੰਦਾ ਹੈ, ਸੋਚਾਂ ਵਿੱਚ ਗਹਿਰਾ ਵੀ ਉਤਰਦਾ ਹੈ ਤੇ ਆਪਣੇ ਦਿਲ ਦੀ ਕਚਹਿਰੀ ਵਿੱਚ ਵੀ ਪੇਸ਼ ਹੁੰਦਾ ਹੈ । ਉਸ ਦੀ ਗ਼ਜ਼ਲ ਵਸਤੂ ਅਤੇ ਪੇਸ਼ਕਾਰੀ ਪੱਖੋਂ ਬਹੁ-ਰੰਗੀ ਅਤੇ ਬਹੁ- ਪਾਸਾਰੀ ਹੈ, ਜੋ ਕਿ ਚੰਗੀ ਸ਼ਾਇਰੀ ਦੀ ਖ਼ੂਬੀ ਹੈ । ਕਰੀਬ ਚਾਰ ਦਹਾਕੇ ਬਾਅਦ ਮਹਿੰਦਰ ਦੀਵਾਨਾ ਨੇ ਆਪਣੇ ਤੀਜੇ ਗ਼ਜ਼ਲ-ਸੰਗ੍ਰਹਿ 'ਮੈਂ ਮੁਸਾਫ਼ਿਰ ਹਾਂ ਰਾਹੀਂ ਜੋ ਦਸਤਕ ਦਿੱਤੀ ਹੈ, ਉਹ ਖੇੜਾ ਪ੍ਰਦਾਨ ਕਰਨ ਵਾਲ਼ੀ ਹੈ । ਇੱਕ ਦਿਲਕਸ਼ ਸ਼ਖ਼ਸੀਅਤ ਦੀ ਦਿਲਕਸ਼ ਪੁਸਤਕ ਦਾ ਸੁਆਗਤ ਕਰਦਿਆਂ ਮੈਂ ਆਨੰਦ ਮਹਿਸੂਸ ਕਰ ਰਿਹਾ ਹਾਂ ।

- ਸ਼ਮਸ਼ੇਰ ਮੋਹੀ
ਹਰਗੋਬਿੰਦ ਨਗਰ, ਹੁਸ਼ਿਆਰਪੁਰ

ਦੋ ਸ਼ਬਦ ਮੇਰੇ ਵੱਲੋਂ

ਮੇਰੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਛਪੀਆਂ ਤੇ ਅਣਛਪੀਆਂ ਗ਼ਜ਼ਲਾਂ ਸ਼ਾਮਲ ਕੀਤੀਆਂ ਗਈਆਂ ਹਨ । ਗ਼ਜ਼ਲ ਦਾ ਆਗ਼ਾਜ਼ ਅਰਬੀ ਭਾਸ਼ਾ ਵਿੱਚ ਹੋਇਆ ਅਤੇ ਇਸ ਨੇ ਫ਼ਾਰਸੀ, ਪਸ਼ਤੋ, ਸਿੰਧੀ ਤੇ ਉਰਦੂ ਭਾਸ਼ਾਵਾਂ ਵਿੱਚ ਪੜਾਅ ਕਰਦੇ ਹੋਏ ਪੰਜਾਬੀ ਵਿੱਚ ਪ੍ਰਵੇਸ਼ ਕੀਤਾ, ਜੋ ਸਪਸ਼ਟ ਤੌਰ 'ਤੇ ਸਿੱਧ ਕਰਦਾ ਹੈ ਕਿ ਗ਼ਜ਼ਲ ਉਰਦੂ ਤੋਂ ਸਿੱਧੀ ਪੰਜਾਬੀ ਵਿੱਚ ਆਈ ਅਤੇ ਇਸ ਦਾ ਬਰਾਸਤਾ ਹਿੰਦੀ ਆਉਣ ਦਾ ਕੋਈ ਮੁੱਦਾ ਹੀ ਨਹੀਂ ਹੈ ।

ਜਦੋਂ ਗ਼ਜ਼ਲ ਉਰਦੂ ਤੋਂ ਪੰਜਾਬੀ ਵਿੱਚ ਆਈ, ਤਾਂ ਕੁਦਰਤੀ ਤੌਰ 'ਤੇ ਆਪਣੇ ਨਾਲ ਉਰਦੂ ਦੀ ਸ਼ਬਦਾਵਲੀ ਵੀ ਲੈ ਕੇ ਆਈ । ਕੇਵਲ ਸ਼ਬਦਾਵਲੀ ਹੀ ਨਹੀਂ, ਸਗੋਂ ਇਸ ਦੇ ਨਾਲ ਉਰਦੂ ਸ਼ਾਇਰੀ ਦਾ ਰਵਾਇਤੀ ਮਿਜ਼ਾਜ, ਤੰਗ ਜਿਹਾ ਘੇਰਾ ਅਤੇ ਚੁਲਬਲੀ ਤਬੀਅਤ ਵੀ ਨਾਲ ਲੈ ਕੇ ਆਈ । ਪਰ ਪੰਜਾਬੀਆਂ ਨੂੰ ਇਹ ਤੰਗ ਜਿਹਾ ਘੇਰਾ ਬਹੁਤਾ ਚਿਰ ਲੁਭਾ ਨਾ ਸਕਿਆ ਅਤੇ ਆਪਣੇ ਖੁੱਲ੍ਹੇ ਸੁਭਾਅ ਅਨੁਸਾਰ ਪੰਜਾਬੀ ਸ਼ਾਇਰਾਂ ਨੇ ਗ਼ਜ਼ਲ ਵਿੱਚ ਸਮੁੱਚਾ ਮਨੁੱਖੀ ਜੀਵਨ, ਮਨੁੱਖੀ ਮਨ ਦੀਆਂ ਸੰਭਾਵਨਾਵਾਂ ਨੂੰ ਗ਼ਜ਼ਲ ਦਾ ਵਿਸ਼ਾ ਬਣਾਇਆ ਅਤੇ ਸਫਲ ਹੋਏ ।

ਉਰਦੂ ਸ਼ਾਇਰਾਂ ਅਤੇ ਉਰਦੂ ਤੋਂ ਪੰਜਾਬੀ ਵਿੱਚ ਆਉਣ ਵਾਲੇ ਸ਼ਾਇਰਾਂ ਨੇ ਗ਼ਜ਼ਲ ਦੇ ਤਕਨੀਕੀ ਪੱਖ 'ਤੇ ਹੀ ਸਾਰਾ ਜ਼ੋਰ ਦਿੱਤਾ । ਸਿੱਟੇ ਵਜੋਂ ਇਸ ਦਾ ਰੂਪਕ ਪੱਖ ਭਾਰੀ ਰਿਹਾ ਅਤੇ ਵਿਸ਼ਾ ਪੱਖ ਗੌਣ ਹੋ ਕੇ ਰਹਿ ਗਿਆ । ਸਾਹਿਤ ਅਤੇ ਸਮਾਜ ਦਾ ਨਹੁੰ-ਮਾਸ ਦਾ ਰਿਸ਼ਤਾ ਹੈ । ਇਹ ਇੱਕ ਦੂਜੇ ਦੇ ਬਿੰਬ ਵੀ ਹਨ ਅਤੇ ਪ੍ਰਤਿਬਿੰਬ ਵੀ । ਇਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਵੀ ਹਨ ਅਤੇ ਪ੍ਰਭਾਵਿਤ ਹੁੰਦੇ ਵੀ ਹਨ । ਸੋ ਸਮੇਂ ਸਮੇਂ ਵੱਖ ਵੱਖ ਚੱਲੀਆਂ ਲਹਿਰਾਂ ਦਾ ਪ੍ਰਭਾਵ ਸਾਹਿਤ 'ਤੇ ਪੈਣਾ ਕੁਦਰਤੀ ਸੀ ਅਤੇ ਗ਼ਜ਼ਲ ਇਸ ਪੱਖੋਂ ਕੋਈ ਅਪਵਾਦ ਨਹੀਂ । ਪ੍ਰਯੋਗਵਾਦ, ਪ੍ਰਗਤੀਵਾਦ, ਰੋਮਾਂਸਵਾਦ ਅਤੇ ਕਈ ਵਾਦਾਂ-ਵਿਵਾਦਾਂ ਦੀ ਬੇਤਰਤੀਬੀ ਸਥਿਤੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਅਤੇ ਜਦੀਦ ਗ਼ਜ਼ਲ ਸਾਹਮਣੇ ਆਈ ਅਤੇ ਗ਼ਜ਼ਲ ਨੂੰ ਨਵਾਂ ਅਰਥ-ਬੋਧ ਮਿਲਿਆ । ਹੁਣ ਗ਼ਜ਼ਲ ਵਿੱਚ ਸ਼ਾਇਰਾਂ ਨੇ ਇਸ ਨੂੰ ਆਪਣਾ ਨਿੱਜੀ ਅਨੁਭਵ ਦੇ ਕੇ ਇਸ ਦਾ ਰਿਸ਼ਤਾ ਜੀਵਨ ਨਾਲ ਜੋੜਿਆ ਤੇ ਹੁਣ ਪੰਜਾਬੀ ਗ਼ਜ਼ਲ ਇੱਕ ਤੰਗ ਦਾਇਰੇ ਤੋਂ ਬਾਹਰ ਆ ਕੇ ਸਮੁੱਚੇ ਜੀਵਨ ਦੀਆਂ ਸਮੱਸਿਆਵਾਂ, ਮਨੁੱਖ ਦੀ ਮਨੋਅਵਸਥਾ, ਵਿਗਿਆਨ, ਮਨੋ-ਵਿਗਿਆਨ, ਰਾਜਨੀਤੀ, ਸਮੁੱਚਾ ਵਿਸ਼ਵ ਭਾਈਚਾਰਾ ਆਪਣੇ ਵਿੱਚ ਸਮੋਈ ਬੈਠੀ ਹੈ ।

ਉਰਦੂ ਗ਼ਜ਼ਲ ਦੇ ਟਾਕਰੇ 'ਤੇ ਇਸ ਵੇਲੇ ਪੰਜਾਬੀ ਗ਼ਜ਼ਲ ਬਿਲਕੁਲ ਪਿੱਛੇ ਨਹੀਂ - ਰੂਪਕ ਪੱਖ ਤੋਂ ਵੀ ਅਤੇ ਵਿਸ਼ਾ ਪੱਖ ਤੋਂ ਵੀ । ਕਈ ਪੰਜਾਬੀ ਗ਼ਜ਼ਲਕਾਰ ਉਸਤਾਦ ਦਾ ਦਰਜਾ ਰੱਖਦੇ ਹਨ । ਕਈ ਵਾਰੀ ਸ਼ਿਅਰ ਵਿਚਲੀ ਉਕਾਈ ਨੂੰ ਐਬ ਬਣਾ ਕੇ ਉਛਾਲਿਆ ਜਾਂਦਾ ਹੈ, ਪਰ ਇੱਥੇ ਮੈਂ ਸਪਸ਼ਟ ਕਰਨਾ ਚਾਹਾਂਗਾ, ਇਸ ਪੱਖੋਂ ਸ਼ਾਇਰ ਖ਼ੁਦ ਵੀ ਅਨਜਾਣ ਨਹੀਂ ਹੁੰਦਾ, ਪਰ ਕਿਸੇ ਮੋਹਵੱਸ ਜਾਂ ਸ਼ਿਅਰ ਵਿਚਲੇ ਕਿਸੇ ਅਛੂਤੇ ਵਿਚਾਰ ਨੂੰ ਪੇਸ਼ ਕਰਦਿਆਂ ਮਜਬੂਰੀ ਵੱਸ ਕੋਈ ਉਕਾਈ ਰਹਿ ਜਾਂਦੀ ਹੈ, ਕਿਉਂਕਿ ਉਹ ਅਜਿਹੇ ਸ਼ਿਅਰ ਦੀ ਕੁਰਬਾਨੀ ਨਹੀਂ ਦੇਣੀ ਚਾਹੁੰਦਾ । ਹੋ ਸਕਦਾ ਹੈ ਕਿ ਮੇਰਾ ਇਹ ਮਤ ਅਰੂਜ਼ੀਆਂ ਨੂੰ ਪਸੰਦ ਨਾ ਆਵੇ । ਇਸ ਲਈ ਮੈਂ ਉਨ੍ਹਾਂ ਤੋਂ ਅਗਾਊਾ ਮਾਫ਼ੀ ਮੰਗਦਾ ਹਾਂ ਅਤੇ ਨਿਰਣਾ ਪਾਠਕਾਂ 'ਤੇ ਛੱਡਦਾ ਹਾਂ ।

ਅਰਬੀ ਦੀਆਂ 19 ਬਹਿਰਾਂ 'ਚੋਂ ਪੰਜਾਬੀ ਵਿੱਚ ਆਮ ਤੌਰ 'ਤੇ ਅੱਠ-ਦਸ ਬਹਿਰਾਂ ਹੀ ਪ੍ਰਚੱਲਿਤ ਹਨ । ਅਰੂਜ਼ ਅਤੇ ਪਿੰਗਲ ਵਿੱਚ ਇਹ ਵੱਡਾ ਅੰਤਰ ਹੈ ਕਿ ਜਿੱਥੇ ਪਿੰਗਲ ਦਾ ਸੰਬੰਧ ਲਘੂ-ਗੁਰੂ ਨਾਲ ਹੈ, ਉੱਥੇ ਅਰੂਜ਼ ਵਿੱਚ ਇਹ ਸਾਰਿਨਮੁਤਹੱਰਕ ਨਾਲ ਹੈ । ਅਰੂਜ਼ ਦਾ ਸੰਬੰਧ ਸ਼ਬਦਾਂ ਦੇ ਉਚਾਰਨ ਨਾਲ ਹੈ, ਭਾਵ ਕਿ ਕਿਹੜਾ ਸ਼ਬਦ ਕਿਵੇਂ ਬੋਲਿਆ ਜਾਂਦਾ ਹੈ, ਪਰ ਤਕਤੀਹ ਕਰਨ ਵੇਲੇ ਆਲੋਚਕ ਕੋਲ ਸ਼ਿਅਰ ਦਾ ਲਿਖਤੀ ਰੂਪ ਹੁੰਦਾ ਹੈ, ਇਸ ਲਈ ਉਕਾਈ ਦੀ ਗੁੰਜਾਇਸ਼ ਬਣੀ ਰਹਿੰਦੀ ਹੈ ।

ਉਰਦੂ ਫ਼ਾਰਸੀ ਤੋਂ ਅਨਜਾਣ ਪੰਜਾਬੀ ਗ਼ਜ਼ਲ ਕਹਿਣ ਵਾਲੇ ਇਸ ਦੀਆਂ ਤਰਕੀਬਾਂ ਵਿੱਚ ਉਲਝੇ ਰਹਿ ਜਾਂਦੇ ਹਨ । ਉਰਦੂ ਤੋਂ ਆਏ ਪੰਜਾਬੀ ਸ਼ਾਇਰਾਂ ਨੂੰ ਮੇਰੀ ਅਪੀਲ ਹੈ ਕਿ ਇਸ ਗੱਲ ਦੀ ਸੰਭਾਵਨਾ ਲੱਭੀ ਜਾਵੇ ਕਿ ਪੰਜਾਬੀ ਗ਼ਜ਼ਲ ਲਈ ਪਿੰਗਲ ਦੀਆਂ ਬਹਿਰਾਂ ਅਰੂਜ਼ ਵਿੱਚ ਪ੍ਰਚੱਲਿਤ ਕੀਤੀਆਂ ਜਾ ਸਕਦੀਆਂ ਹਨ? ਫੇਅਲੁਨ ਅਤੇ ਫ਼ਾਇਲਾਤੁਨ ਕੋਈ ਖ਼ੁਦਾ ਵੱਲੋਂ ਬਖ਼ਸ਼ੇ ਸ਼ਬਦ ਨਹੀਂ ਹਨ, ਸਗੋਂ ਅਰੂਜ਼ੀਆਂ ਵੱਲੋਂ ਸ਼ਬਦਾਂ ਦੀ ਸਹੀ ਪਰਖ ਲਈ ਘੜੇ ਗਏ ਹਨ, ਤਾਂ ਜੋ ਪਰਖਿਆ ਜਾ ਸਕੇ ਸ਼ਿਅਰ ਦੇ ਦੋਹਾਂ ਮਿਸਰਿਆਂ ਵਿੱਚ ਸਾਕਿਨ ਦੇ ਮੁਕਾਬਲੇ ਸਾਕਿਨ ਅਤੇ ਮੁਤਹੱਰਕ ਦੇ ਮੁਕਾਬਲੇ ਮੁਤਹੱਰਕ ਆਇਆ ਹੈ ਕਿ ਨਹੀਂ । ਇਸੇ ਨੂੰ ਤਕਤੀਹ ਦਾ ਨਾਂ ਦਿੱਤਾ ਗਿਆ ਹੈ । ਇਸ ਲਈ ਉਸਤਾਦ ਗ਼ਜ਼ਲ ਲੇਖਕਾਂ ਨੂੰ ਬੇਨਤੀ ਹੈ ਕਿ ਇਸ ਬਾਰੇ ਕੋਈ ਨਿਰਣਾ ਲੈਣ ਤਾਂ ਜੋ ਕੇਵਲ ਪੰਜਾਬੀ ਜਾਣਨ ਵਾਲੇ ਨਵੀਂ ਪੀੜ੍ਹੀ ਦੇ ਗ਼ਜ਼ਲਕਾਰ ਇਸ ਖੇਤਰ ਤੋਂ ਮੂੰਹ ਹੀ ਨਾ ਮੋੜ ਲੈਣ । ਜੇ ਮੇਰੀ ਅਪੀਲ ਦਾ ਇੱਕ ਵੀ ਹਾਂ-ਪੱਖੀ ਹੁੰਗਾਰਾ ਮਿਲਿਆ ਤਾਂ ਮੈਂ ਧੰਨ-ਭਾਗ ਸਮਝਾਂਗਾ । ਹੋ ਸਕਦਾ ਹੈ ਇਸ ਹੁੰਗਾਰੇ ਨਾਲ ਕਈ ਹੋਰ ਹੁੰਗਾਰੇ ਰਲ ਜਾਣ ।

ਅੰਤ ਵਿੱਚ ਮੈਂ ਖੁੱਲ੍ਹੇ ਮਨ ਨਾਲ ਡਾਕਟਰ ਸ਼ਮਸ਼ੇਰ ਮੋਹੀ ਜੀ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਮੇਰੀ ਬੇਨਤੀ ਮੰਨ ਕੇ ਮੇਰੀ ਪੁਸਤਕ 'ਮੈਂ ਮੁਸਾਫ਼ਰ ਹਾਂ' ਬਾਰੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਅਤੇ ਲੋੜ ਅਨੁਸਾਰ ਆਪਣੇ ਸੁਝਾਅ ਵੀ ਦਿੱਤੇ, ਜਿਨ੍ਹਾਂ ਨੂੰ ਮੈਂ ਖਿੜੇ ਮੱਥੇ ਪ੍ਰਵਾਨ ਕਰਦਾ ਹਾਂ ।

ਮੈਂ ਜਨਾਬ ਮਦਨ ਵੀਰਾ ਅਤੇ ਜਸਬੀਰ ਧੀਮਾਨ ਸਾਹਿਬ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਖਰੜੇ ਦਾ ਪੁਸਤਕ-ਰੂਪ ਧਾਰਨਾ ਸੌਖਾ ਨਹੀਂ ਸੀ ।

- ਮਹਿੰਦਰ ਦੀਵਾਨਾ


ਜੋ ਖ਼ੁਸ਼ੀ ਨਾ ਆਪਣੇ ਅੰਦਰ ਮਿਲੇ

ਜੋ ਖ਼ੁਸ਼ੀ ਨਾ ਆਪਣੇ ਅੰਦਰ ਮਿਲੇ । ਉਹ ਖ਼ੁਸ਼ੀ ਫਿਰ ਕਿਸ ਤਰ੍ਹਾਂ ਬਾਹਰ ਮਿਲੇ । ਟੋਲਦੇ ਸਾਂ ਕਲ੍ਹ ਜਿਨ੍ਹਾਂ ਨੂੰ ਹਰਦੁਆਰ, ਯਾਰ ਮੇਰੇ ਹਰ ਨਗਰ ਹਰ ਘਰ ਮਿਲੇ । ਕਿਸ ਤਰ੍ਹਾਂ ਦੀ ਹੈ ਬਹਾਰਾਂ ਦੀ ਫ਼ਿਜ਼ਾ, ਬਾਗ਼ ਵਿੱਚ ਹਰ ਸ਼ਾਖ 'ਤੇ ਪਿੰਜਰ ਮਿਲੇ । ਹਰ ਨਵੇਂ ਮੌਸਮ ਨਵੀਂ ਹੀ ਦੋਸਤੀ, ਇਹ ਅਸਾਡੇ ਦੋਸਤਾਂ ਨੂੰ ਵਰ ਮਿਲੇ । ਕਿਸ ਜਗ੍ਹਾ ਲੈ ਆਏ ਨੇ ਮੈਨੂੰ ਨਸੀਬ, ਹਰ ਗਲੀ ਹਰ ਮੋੜ 'ਤੇ ਖੰਡਰ ਮਿਲੇ । ਅਜ ਕਿਸੇ ਅਜਗਰ ਨੇ ਸੂਰਜ ਨਿਗਲਿਆ, ਅਜ ਦਿਨੇ ਵੀ ਰਾਤ ਦੇ ਮੰਜ਼ਰ ਮਿਲੇ । ਆਪਣੇ ਮਨ ਦੇ ਖ਼ਲਾਅ ਦਾ ਅਕਸ ਹੈ, ਜੋ ਮਿਲੇ ਨੇ ਬੰਦ ਹੀ ਸਭ ਦਰ ਮਿਲੇ । ਮੈਂ ਦੀਵਾਨਾ ਹਾਂ ਤਦੇ ਮੈਨੂੰ ਸਦਾ, ਸ਼ੀਸ਼ਿਆਂ ਦੇ ਸ਼ਹਿਰ ਵਿੱਚ ਪੱਥਰ ਮਿਲੇ ।

ਤੁਹਾਡੀ ਤਰਕ ਦੀ ਗੱਲ ਹੈ

ਤੁਹਾਡੀ ਤਰਕ ਦੀ ਗੱਲ ਹੈ ਮੇਰੀ ਜਜ਼ਬਾਤ ਦੀ ਗੱਲ ਹੈ । ਮਿਲੀ ਜੋ ਦੋਸਤਾਂ ਕੋਲੋਂ ਇਹ ਉਸ ਸੌਗ਼ਾਤ ਦੀ ਗੱਲ ਹੈ । ਅਜੇਹੇ ਹਾਦਸੇ ਤਾਂ ਜ਼ਿੰਦਗੀ ਭਰ ਵੀ ਨਹੀਂ ਭੁੱਲਦੇ, ਤੁਸੀਂ ਕਿਉਂ ਭੁੱਲ ਗਏ ਹੋ ਅਜੇ ਕੱਲ੍ਹ ਰਾਤ ਦੀ ਗੱਲ ਹੈ । ਨਾ ਤੂੰ ਅਨਜਾਣ ਹੈਾ ਮੈਥੋਂ ਨਾ ਮੈਂ ਤੇਰੇ ਤੋਂ ਨਾਵਾਕਿਫ਼, ਚੁਰਾਈਏ ਫੇਰ ਵੀ ਨਜ਼ਰਾਂ ਅਜਬ ਹਾਲਾਤ ਦੀ ਗੱਲ ਹੈ । ਜਦੋਂ ਈਮਾਨ ਮੋਇਆ ਸੀ ਜਦੋਂ ਭਗਵਾਨ ਰੋਇਆ ਸੀ, ਫ਼ਿਜ਼ਾ ਚੋਂ ਖ਼ੂਨ ਚੋਇਆ ਸੀ, ਇਹ ਉਸ ਬਰਸਾਤ ਦੀ ਗੱਲ ਹੈ । ਸਮੁੰਦਰ ਵੀ ਹੈ ਤਿਰਹਾਇਆ ਤੇ ਰੇਗਿਸਤਾਨ ਵੀ ਪਿਆਸਾ, ਕਹੋਗੇ ਇਸ ਨੂੰ ਕਿਸਮਤ ਦੀ ਕਿ ਇਹ ਔਕਾਤ ਦੀ ਗੱਲ ਹੈ । ਇਹ ਦਿਲ ਖ਼ੁਸ਼ੀਆਂ ਤੋਂ ਭਰ ਜਾਏ ਕਦੇ ਗ਼ਮ ਨੂੰ ਤਰਸਦਾ ਹੈ, ਖ਼ੁਸ਼ੀ ਦੀ ਹੈ ਨਾ ਗ਼ਮ ਦੀ ਹੈ ਇਹ ਸਭ ਹਾਲਾਤ ਦੀ ਗੱਲ ਹੈ । ਮੇਰੇ ਆਲੇ-ਦੁਆਲੇ ਉਸ ਦੀਆਂ ਦਾਤਾਂ ਹੀ ਦਾਤਾਂ ਹਨ, ਮੇਰੀ ਦੀਵਾਨਗੀ, ਮੈਂ ਕੀ ਕਹਾਂ ਕਿਸ ਦਾਤ ਦੀ ਗੱਲ ਹੈ ।

ਦੀਵਾਨੇ ਦਾ ਨਾਂ ਨਾ ਜੋੜੋ

ਦੀਵਾਨੇ ਦਾ ਨਾਂ ਨਾ ਜੋੜੋ ਐਵੇਂ ਚਾਰ ਕੁ ਥਾਵਾਂ ਨਾਲ । ਉਸ ਨੇ ਹੱਸ ਕੇ ਯਾਰੀ ਲਾਈ ਸ਼ੂਕਦਿਆਂ ਦਰਿਆਵਾਂ ਨਾਲ । ਸਾਰੀ ਰਾਤ ਅਸਾਡਾ ਰਿਸ਼ਤਾ ਧਰਤੀ ਨਾਲ ਨਹੀਂ ਜੁੜਿਆ, ਸਾਰੀ ਰਾਤ ਰਹੇ ਹਾਂ ਉਡਦੇ ਕਹਿਰੀ ਤੇਜ਼ ਹਵਾਵਾਂ ਨਾਲ । ਬੀਤ ਗਏ ਦੀ ਰਾਖ ਜਦੋਂ ਵੀ ਸਿਰ ਚੜ੍ਹਦੀ ਇਹ ਕਹਿੰਦੀ ਹੈ, ਆਿਖ਼ਰ ਕੁਝ ਤਾਂ ਰਿਸ਼ਤਾ ਹੁੰਦੈ ਵਾਪਰੀਆਂ ਘਟਨਾਵਾਂ ਨਾਲ । ਮਾਂ ਬੋਲੀ ਦੇ ਵੈਰੀ ਹੋਏ ਮਾਂ ਜਾਇਆਂ ਨੂੰ ਭੁਲ ਬੈਠੇ, ਪੇਕੇ ਘਰ ਇੱਜ਼ਤ ਹੁੰਦੀ ਹੈ ਮਾਵਾਂ ਨਾਲ ਭਰਾਵਾਂ ਨਾਲ । ਜਿਹੜਾ ਵਕਤ ਗੁਆਚ ਗਿਆ ਸੀ ਫੇਰ ਪਰਤ ਕੇ ਆਇਆ ਹੈ ਹੰਸਾਂ ਨੇ ਹੰਸਾਂ ਸੰਗ ਉਡਣੈ, ਕਾਵਾਂ ਉਡਣੈ ਕਾਵਾਂ ਨਾਲ । ਸਾਹਿਤ ਤੇ ਬੋਲੀ ਦਾ ਕੋਈ ਧਰਮ ਨਹੀਂ ਹੈ, ਦੇਸ਼ ਨਹੀਂ ਸਾਹਿਤ ਪੈਰ ਰਲਾ ਕੇ ਤੁਰਦੈ ਪਿਆਰ ਦੀਆਂ ਭਾਸ਼ਾਵਾਂ ਨਾਲ । ਦੀਵਾਨੇ ਲੋਕਾਂ ਨੇ ਫਿਰ ਵੀ ਅਪਣਾ ਰਸਤਾ ਢੂੰਡ ਲਿਆ, ਭਾਵੇਂ ਹਾਕਮ ਨੇ ਰਾਹ ਰੋਕੇ ਕੰਡਿਆਂ ਨਾਲ ਬਲਾਵਾਂ ਨਾਲ ।

ਕਿਸਮਤ ਦੇ ਮਾਰੇ ਦੁਖਿਆਰੇ

ਕਿਸਮਤ ਦੇ ਮਾਰੇ ਦੁਖਿਆਰੇ, ਬੇਚਾਰੇ ਡਰ ਮਾਰੇ ਲੋਕ । ਜਦ ਵੀ ਉੱਠਣ ਤਾਂ ਫਿਰ ਉੱਠਣ ਇਹ ਸਾਰੇ ਦੇ ਸਾਰੇ ਲੋਕ । ਤੂਫ਼ਾਨਾਂ ਤੋਂ ਬਚ ਨਿਕਲਣ ਦੀ ਹਰ ਥਾਂ ਮਿਲਦੀ ਹੈ ਸ਼ਾਬਾਸ਼, ਡੁੱਬਣ ਵਾਲੇ 'ਤੇ ਹਸਦੇ ਨੇ ਬਹਿ ਕੇ ਦੂਰ ਕਿਨਾਰੇ ਲੋਕ । ਰੰਗ ਬਿਰੰਗੇ ਫੁਲ ਟਹਿਕੇ ਨੇ, ਬਾਗ਼ਾਂ ਵਿਚ ਗੁਲਜ਼ਾਰ ਖਿੜੀ, ਇਸ ਮੌਸਮ ਵਿਚ ਵੀ ਮਿਲਦੇ ਨੇ ਥੱਕੇ, ਟੁੱਟੇ, ਹਾਰੇ ਲੋਕ । ਨਾ ਛੇੜੋ ਤਾਂ ਇਹ ਲੋਕੀਂ ਨੇ ਸਾਂਝ ਸਰੋਵਰ ਦਾ ਹੀ ਗੀਤ, ਛੇੜੋ ਤਾਂ ਫਿਰ ਬਣ ਜਾਂਦੇ ਨੇ ਇਹ ਖੰਡੇ ਦੋ-ਧਾਰੇ ਲੋਕ । ਕੌਣ ਸੁਣੇਗਾ ਦਰਦ ਇਨ੍ਹਾਂ ਦਾ, ਕੌਣ ਇਨ੍ਹਾਂ ਦੀ ਬਾਤ ਕਰੇ, ਚੰਗਾ ਹੋਵੇ ਇਹ ਨਾ ਸਮਝਣ ਖ਼ੁਦ ਨੂੰ ਹੁਣ ਬੇਚਾਰੇ ਲੋਕ । ਦੀਵਾਨੇ ਇਸ ਜਗ ਦਾ ਮੇਲਾ ਫਿਰ ਵੀ ਭਰਿਆ ਭਰਿਆ ਹੈ, ਭਾਵੇਂ ਜਗ ਤੋਂ ਜਾ ਚੁੱਕੇ ਨੇ ਕਿੰਨੇ ਪਿਆਰੇ ਪਿਆਰੇ ਲੋਕ ।

ਸੋਚਣ ਭਗਤ ਕਬੀਰ ਜੀ

ਸੋਚਣ ਭਗਤ ਕਬੀਰ ਜੀ ਖੜ੍ਹ ਕੇ ਵਿਚ ਬਾਜ਼ਾਰ । ਹਰ ਵਾਸੀ ਇਸ ਨਗਰ ਦਾ ਕਿਉਂ ਹੋਇਆ ਸਿਰ ਭਾਰ । ਆਬਾਦੀ ਇਸ ਨਗਰ ਦੀ ਕਿੰਜ ਕਰੀਏ ਹੁਸ਼ਿਆਰ, ਮੁਨਸਿਫ਼ ਮੁਜਰਮ ਬਣ ਗਏ ਚੋਰ ਹੈ ਚੌਕੀਦਾਰ । ਫਿਰ ਕੋਈ ਸੱਸੀ ਭਾਲਦੀ ਅਜ ਊਾਟਾਂ ਦੀ ਪੈੜ, ਫੇਰ ਹਵਾ ਵਿਚ ਗੂੰਜਦੀ ਝਾਂਜਰ ਦੀ ਛਣਕਾਰ । ਮੇਰੇ ਘਰ ਹਰ ਸ਼ਾਮ ਨੂੰ ਲੈ ਕੇ ਕੋਈ ਆਸ ਦੁਖ ਆਉਂਦੇ ਨੇ ਇਸ ਤਰ੍ਹਾਂ ਜਿਉਂ ਕੂੰਜਾਂ ਦੀ ਡਾਰ । ਕੂੜ ਅਸਾਡਾ ਧਰਮ ਹੈ ਕੂੜ ਅਸਾਡੀ ਰਾਸ, ਰਾਤ ਨੂੰ ਚਿੱਟਾ ਬਣ ਰਿਹੈ ਹਰ ਕਾਲ ਵਿਉਪਾਰ । ਦੀਵਾਨਾ ਹੈ ਸੋਚਦਾ ਕੈਸਾ ਮੇਰਾ ਦੇਸ਼ ਕਿੱਦਾਂ ਦੇ ਕਾਨੂੰਨ ਨੇ ਕਿੱਦਾਂ ਦੀ ਸਰਕਾਰ ।

ਮਨ ਦਰਪਨ ਤੇ ਇਕ ਪਰਛਾਈਂ

ਮਨ ਦਰਪਨ ਤੇ ਇਕ ਪਰਛਾਈਂ ਕੋਮਲ ਕੋਮਲ ਸੀਤਲ ਸੀਤਲ । ਮਨ ਰਹਿ ਰਹਿ ਕੇ ਕਹਿ ਉਠਦਾ ਹੈ ਚਲ ਓਸੇ ਗੋਰੀ ਦੇ ਘਰ ਚੱਲ । ਬਿਰਹਨ ਜਾਣੇ ਜਾਂ ਮਨ ਜਾਣੇ ਜਾਂ ਬਿਰਹਨ ਦਾ ਸਾਜਨ ਜਾਣੇ ਹੋਰ ਕੋਈ ਕੀਕਣ ਕਹਿ ਸਕਦੈ ਫੈਲ ਗਿਆ ਕਿਉਂ ਨੈਣੀਂ ਕੱਜਲ । ਕਲ੍ਹ ਰਾਤੀਂ ਗੋਰੀ ਨੇ ਡਰ ਕੇ ਅਪਣੇ ਮਨ ਦੇ ਸੁੰਨੇ-ਪਨ ਤੋਂ ਸੁੰਨੇ ਸੁੰਨੇ ਵਿਹੜੇ ਦੇ ਵਿਚ ਹੱਥੋਂ ਸੁਟ ਕੇ ਤੋੜੀ ਛਾਗਲ । ਇਸ ਬਸਤੀ ਦੇ ਵਣਜਾਰੇ ਵੀ ਬਹੁਤ ਅਜਬ ਨੇ ਕਹਿ ਦਿੰਦੇ ਨੇ ਅਪਣੀ ਮਿੱਟੀ ਨੂੰ ਵੀ ਸੋਨਾ ਹੋਰਾਂ ਦੇ ਸੋਨੇ ਨੂੰ ਪਿੱਤਲ । ਥਾਲੀ ਅੰਦਰ ਦੀਪ ਜਲਾ ਕੇ ਕਿਸ ਲਈ ਤੂੰ ਮੰਦਰ ਨੂੰ ਜਾਵੇਂ ਮੈਨੂੰ ਸਭ ਕੁਝ ਦਸ ਦੇਂਦਾ ਹੈ ਮੰਦਰ ਪਿਛਲਾ ਬੁੱਢਾ ਪਿੱਪਲ । ਚਾਰੇ ਪਾਸੇ ਹਰ ਜ਼ੱਰੇ ਵਿਚ ਉਦੋਂ ਹੀ ਫੁਲ ਟਹਿਕ ਪਏ ਸਨ, ਜਿਸ ਦਿਨ ਉਹ ਕੋਲੋਂ ਲੰਘੇ ਸਨ ਮੇਰੇ ਨਾਲ ਛੁਹਾ ਕੇ ਆਂਚਲ । ਦੀਵਾਨੇ ਉਂਜ ਤਾਂ ਆਖਣ ਨੂੰ ਇਹ ਬਸਤੀ ਫੁੱਲਾਂ ਦੀ ਬਸਤੀ ਪਰ ਇਸ ਬਸਤੀ ਦੇ ਫੁੱਲਾਂ ਦੇ ਨਾ ਤਨ ਕੋਮਲ ਨਾ ਮਨ ਸੀਤਲ ।

ਜ਼ਿੰਦਗੀ ਉੱਤੇ ਜ਼ਰਾ ਵਿਸ਼ਵਾਸ ਕਰ

ਜ਼ਿੰਦਗੀ ਉੱਤੇ ਜ਼ਰਾ ਵਿਸ਼ਵਾਸ ਕਰ । ਬੇਵਜ੍ਹਾ ਨਾ ਇਸ ਨੂੰ ਇਉਂ ਬੇਆਸ ਕਰ । ਦੋਸਤੀ ਕੀ ਹੈ? ਸਮਝ ਜਾਵੇਂਗਾ ਤੂੰ, ਕਰ ਸਕੇਂ ਤਾਂ ਦੁਸ਼ਮਣੀ ਦਾ ਨਾਸ ਕਰ । ਜ਼ਿੰਦਗੀ ਤੈਨੂੰ ਲਗਾਏਗੀ ਗਲੇ, ਮੌਤ ਦਾ ਤੂੰ ਇਮਤਿਹਾਂ ਤਾਂ ਪਾਸ ਕਰ । ਉਹ ਵੀ ਤੇਰਾ ਸਾਥ ਦੇਵੇਗਾ ਜ਼ਰੂਰ, ਆਪ ਦਾ ਕੁਝ ਤਾਂ ਮਗਰ ਧਰਵਾਸ ਕਰ । ਮੰਗਵੇਂ ਖੰਭਾਂ 'ਤੇ ਉੱਡਣਾ ਛੱਡ ਦੇ, ਆਪਣੀ ਹਿੰਮਤ ਦਾ ਵੀ ਕੁਝ ਪਾਸ ਕਰ । ਦੁਸ਼ਮਣੀ ਕਰਦੇ ਨੇ ਜੋ ਯਾਰਾਂ ਦੇ ਨਾਲ, ਇਹ ਗ਼ਜ਼ਲ ਓਹਨਾਂ ਲਈ ਹੈ ਖ਼ਾਸ ਕਰ । ਉਹ ਤਾਂ ਦੀਵਾਨਾ ਨਹੀਂ ਜਿਹੜਾ ਕਹੇ, ਕੀ ਖ਼ੁਸ਼ੀ? ਗ਼ਮ ਕੀ ਇਦਾ ਅਹਿਸਾਸ ਕਰ ।

ਜੋ ਬਣਾਏ ਸੀ ਆਪਾਂ ਕਦੇ ਆਲ੍ਹਣੇ

ਜੋ ਬਣਾਏ ਸੀ ਆਪਾਂ ਕਦੇ ਆਲ੍ਹਣੇ । ਅੱਜ ਉਹੀ ਆਲ੍ਹਣੇ ਸਾਡੇ ਦੁਸ਼ਮਣ ਬਣੇ । ਨੋਚ ਕੇ ਪਰ ਕਿਵੇਂ ਧੁੱਪੇ ਸੁੱਟਿਆ ਗਿਆ, ਸਾਡੀ ਕਿਸਮਤ 'ਚ ਸਨ ਇਹ ਵੀ ਦਿਨ ਦੇਖਣੇ । ਠੀਕ ਹੈ ਜਾਂ ਗ਼ਲਤ ਆਪਣਾ ਵਿਸ਼ਵਾਸ ਹੈ, ਕਰਮ ਕੀਤੇ ਸੀ ਜੋ ਪੈਣਗੇ ਭੋਗਣੇ । ਹਰ ਨਜ਼ਰ ਅਜਨਬੀ ਹਰ ਬਸ਼ਰ ਓਪਰਾ, ਅਪਣੇ ਘਰ 'ਚੋਂ ਵੀ ਲਭਦੇ ਨਹੀਂ ਆਪਣੇ । ਇਹ ਹਨੇਰੇ ਸਵੇਰੇ ਮੇਰੀ ਜ਼ਿੰਦਗੀ, ਰਾਤ ਦੇਖੀ ਹੈ ਦਿਨ ਵੀ ਅਸੀਂ ਦੇਖਣੇ । ਤੇਰੀ ਦੁਨੀਆਂ ਦਾ ਇਹ ਹੈ ਅਨੋਖਾ ਨਿਆਂ, ਕਿਸ ਨੇ ਬੀਜੇ ਕਿਸੇ ਨੂੰ ਪਏ ਕੱਟਣੇ । ਚੱਲੀ ਕੈਸੀ ਹਵਾ, ਮਿਟ ਗਿਆ ਹਰ ਨਿਸ਼ਾਂ, ਜੋ ਸਵੇਰੇ ਮਿਲੇ ਤੁਰ ਗਏ ਆਥਣੇ । ਪੁਜ ਗਏ ਹਾਂ ਦੀਵਾਨਾ ਜੀ ਅਜ ਓਸ ਥਾਂ, ਨਾ ਬਿਗਾਨੇ ਕੋਈ ਨਾ ਕੋਈ ਆਪਣੇ ।

ਦੁਨੀਆਂ ਵਿਚ ਉਸ ਨੇ ਜੀਣਾ ਹੈ

ਦੁਨੀਆਂ ਵਿਚ ਉਸ ਨੇ ਜੀਣਾ ਹੈ ਜਿਸ ਨੇ ਪਿਆਰ ਨਿਭਾਣਾ ਹੈ । ਮੀਂਹ ਆਏ ਜਾਂ ਆਏ ਹਨੇਰੀ ਸੱਜਣ ਦੇ ਘਰ ਜਾਣਾ ਹੈ । ਖੰਜਰ ਨਾਲ ਹਵਾ ਨਾ ਚੀਰੋ ਇੱਜ਼ਤ ਦੀ ਤੇ ਅਣਖਾਂ ਦੀ, ਹਰ ਵਾਰੀ ਲੋਕਾਂ ਨਹੀਂ ਮੰਨਣਾ ਇਹ ਸਭ ਰਬ ਦਾ ਭਾਣਾ ਹੈ । ਨਹੁੰ ਤੇ ਮਾਸ ਨਹੀਂ ਵਖ ਹੁੰਦੇ, ਪਾਣੀ ਵਿਚ ਨਾ ਪਾਵੋ ਲੀਕ, ਸਾਡਾ ਰਿਸ਼ਤਾ ਸਦੀਆਂ ਦਾ ਹੈ, ਸਾਡਾ ਪਿਆਰ ਪੁਰਾਣਾ ਹੈ । ਗੁਰਦੁਆਰੇ ਤੋਂ ਮੰਦਰ ਤੱਕ ਦੀ ਦੂਰੀ ਕੇਵਲ ਸੋਚਾਂ ਦੀ, ਜੋ ਮੇਟੇਗਾ ਇਸ ਦੂਰੀ ਨੂੰ ਉਸ ਇਨਸਾਨ ਕਹਾਣਾ ਹੈ । ਆਵਣ ਵਾਲਾ ਆ ਜਾਂਦਾ ਹੈ ਜਾਣੇ ਵਾਲਾ ਰੁਕਦਾ ਨਾਂਹ, ਕੌਣ ਮਗਰ ਇਹ ਕਹਿ ਸਕਦਾ ਹੈ ਕਿਸ ਆਣਾ ਕਿਸ ਜਾਣਾ ਹੈ । ਪਿਆਰ ਕਮਾ ਹੁੰਦੈ ਸਿਰ ਦੇ ਕੇ ਸਿਰ ਸਾਂਭੋ ਜਾਂ ਪਿਆਰ ਕਰੋ, ਜਿਸ ਨੇ ਸਿਰ ਨੂੰ ਸਾਂਭ ਕੇ ਰਖਿਆ ਉਸ ਕੀ ਪਿਆਰ ਨਿਭਾਣਾ ਹੈ । ਉਹ ਕਿਹੜੀ ਨਗਰੀ ਹੈ ਜਿਸ ਵਿਚ ਦਿਨ ਨੂੰ ਵੀ ਚੰਦ ਚੜ੍ਹਦੇ ਨੇ, ਜਿਸ ਦੀ ਪਰਜਾ ਅੰਨ੍ਹੀ ਬੋਲ਼ੀ ਜਿਸ ਦਾ ਰਾਜਾ ਕਾਣਾ ਹੈ । ਅਣਖ ਕਦੇ ਵੀ ਮਰ ਨਹੀਂ ਸਕਦੀ, ਪਿਆਰ ਕਦੋਂ ਮੁਲ ਵਿਕਦਾ ਹੈ, ਅਣਖ ਮਰੇ ਤਾਂ ਇਸ ਤੋਂ ਚੰਗਾ ਦੀਵਾਨੇ ਮਰ ਜਾਣਾ ਹੈ ।

ਰਾਤ ਕਾਲੀ ਜਾਂ ਵਿਲਕਦੀ ਸ਼ਾਮ, ਲਿੱਖ

ਰਾਤ ਕਾਲੀ ਜਾਂ ਵਿਲਕਦੀ ਸ਼ਾਮ, ਲਿੱਖ । ਜ਼ਿੰਦਗੀ! ਤੂੰ ਕੁਝ ਤਾਂ ਮੇਰੇ ਨਾਮ ਲਿੱਖ । ਰਾਮ ਨੂੰ ਜੇ ਰਾਮ ਕਹਿ ਸਕਦਾ ਨਹੀਂ, ਦੋਸਤਾ! ਰਾਵਣ ਨੂੰ ਤਾਂ ਨਾ ਰਾਮ ਲਿੱਖ । ਰਿਸ਼ਤਿਆਂ ਦਾ, ਦੋਸਤੀ ਦਾ, ਇਸ਼ਕ ਦਾ, ਮੇਰੇ ਨਾਂ ਚਾਹੇ ਤੂੰ ਜੋ ਇਲਜ਼ਾਮ ਲਿੱਖ । ਜ਼ਿੰਦਗੀ ਦਾ ਜੇ ਨਹੀਂ ਤਾਂ ਮੌਤ ਦਾ, ਮੇਰੇ ਨਾਂ ਦਾ ਕੋਈ ਇੱਕ ਤਾਂ ਜਾਮ ਲਿੱਖ । ਮਰਨ ਵੇਲੇ ਜਗ ਨੂੰ ਦੀਵਾਨੇ ਕਿਹਾ, ਮੌਤ ਵੀ ਹੈ ਜ਼ਿੰਦਗੀ ਦਾ ਨਾਮ, ਲਿੱਖ ।

ਕੋਈ ਜਿੱਤੇਗਾ ਕਿ ਹਾਰੇਗਾ

ਕੋਈ ਜਿੱਤੇਗਾ ਕਿ ਹਾਰੇਗਾ ਨਹੀਂ ਸਾਨੂੰ ਪਤਾ । ਬਸ ਪਤਾ ਏਨਾ ਕਿ ਅਜ ਹੋ ਕੇ ਰਹੇਗਾ ਫ਼ੈਸਲਾ । ਮੈਂ ਖ਼ਲਾਅ ਅੰਦਰ ਤੇਰੇ ਨਾਂ ਦੀ ਸਦਾਅ ਲਾਈ ਤਾਂ ਸੀ, ਨਾ ਹੀ ਤੂੰ ਆਇਆ ਨਾ ਆਈ ਪਰਤ ਕੇ ਮੇਰੀ ਸਦਾਅ । ਮੈਂ ਮੁਸਾਫ਼ਿਰ ਹਾਂ ਚਲਾ ਜਾਵਾਂਗਾ ਪਲ ਦੋ ਪਲ ਦੇ ਬਾਅਦ, ਸੋਚਦੇ ਰਹਿ ਜਾਓਗੇ ਕਿੱਧਰ ਗਇਆ ਤੇ ਕਿਉਂ ਗਇਆ । ਮੈਂ ਇਕੱਲਾ ਬਿਰਖ ਹਾਂ ਮਾਰੂਥਲਾਂ ਦਾ ਦੋਸਤੋ! ਮੇਰੀਆਂ ਸ਼ਾਖਾਂ 'ਤੇ ਕੋਈ ਵੀ ਨਾ ਪੰਛੀ ਬੈਠਿਆ । ਇਹ ਮੇਰੀ ਦੀਵਾਨਗੀ ਜਾਂ ਹੁਸਨ ਤੇਰੇ ਦਾ ਕਮਾਲ, ਜਿਸ ਤਰਫ਼ ਮੈਂ ਦੇਖਿਆ ਮੈਨੂੰ ਨਜ਼ਰ ਆਇਆ ਖ਼ੁਦਾ ।

ਦਿਲ ਦੀਆਂ ਗਹਿਰਾਈਆਂ ਨੂੰ

ਦਿਲ ਦੀਆਂ ਗਹਿਰਾਈਆਂ ਨੂੰ ਮਾਪਣਾ ਬੇਕਾਰ ਹੈ । ਕੀ ਮੁਹੱਬਤ ਦਾ ਭਲਾ ਕੋਈ ਅੰਤ ਪਾਰਾਵਾਰ ਹੈ । ਦੇਖੀਏ ਕਿ ਕਿਸ ਤਰ੍ਹਾਂ ਉਤਰੇਗਾ ਆਪੇ ਧਰਤ 'ਤੇ, ਜੋ ਕਿਸੇ ਦੇ ਆਸਰੇ ਅਜ ਸ਼ੇਰ 'ਤੇ ਅਸਵਾਰ ਹੈ । ਕਿਉਂ ਪੜ੍ਹੀ ਜਾਨੈ ਤੂੰ ਮੁੜ ਮੁੜ ਕੇ ਇਦੇ ਵਿੱਚ ਖ਼ਾਸ ਕੀ? ਇਹ ਨਹੀਂ ਕਵਿਤਾ ਦੀ ਪੁਸਤਕ ਇਹ ਤਾਂ ਇਕ ਅਖ਼ਬਾਰ ਹੈ । ਦਿਲ ਨੂੰ ਸਮਝਾਵਣ ਲਈ ਬੁਣਦੇ ਹੋ ਕਿਉਂ ਸ਼ਬਦਾਂ ਦਾ ਜਾਲ? ਪਿਆਰ ਆਿਖ਼ਰ ਪਿਆਰ ਹੈ, ਵਿਉਪਾਰ ਤਾਂ ਵਿਉਪਾਰ ਹੈ । ਮੂੰਹ ਹਨੇਰੇ ਘਰ ਤੋਂ ਜਾਣਾ ਪਰਤਣਾ ਘਰ ਰਾਤ ਨੂੰ , ਕੀ ਅਸਾਡੀ ਜ਼ਿੰਦਗੀ ਹੈ, ਕੀ ਭਲਾ ਰੁਜ਼ਗਾਰ ਹੈ । ਅਕਲ ਗੋਤੇ ਖਾ ਰਹੀ ਸੋਚਾਂ 'ਚ ਹਾਲੇ ਇਸ ਤਰਫ਼, ਜੋ ਸੀ ਦੀਵਾਨਾ ਕਦੇ ਦਾ ਹੋ ਗਿਆ ਉਸ ਪਾਰ ਹੈ ।

ਸਭ ਦੇ ਹੀ ਵਖਰੇ ਵਖਰੇ ਹਨ

ਸਭ ਦੇ ਹੀ ਵਖਰੇ ਵਖਰੇ ਹਨ ਤਨ ਦੇ ਚਿਹਰੇ ਮਨ ਦੇ ਚਿਹਰੇ । ਮਹਿਫ਼ਿਲ ਦੇ ਵਿਚ ਆਏ ਲੋਕੀਂ ਚਿਹਰਿਆਂ ਉੱਤੇ ਲਾ ਕੇ ਚਿਹਰੇ । ਜੀਵਨ ਦੇ ਹਰ ਮੋੜ 'ਤੇ ਯਾਰੋ ਜਾਣੇ ਜਾਂ ਅਨਜਾਣੇ ਚਿਹਰੇ, ਇਕ ਦੂਜੇ ਨੂੰ ਇਉਂ ਮਿਲਦੇ ਨੇ ਜਿਉਂ ਮਿਲਦੇ ਬੇਗਾਨੇ ਚਿਹਰੇ । ਭਾਵੇਂ ਗੋਲ ਹੈ ਧਰਤੀ ਸਾਡੀ ਫਿਰ ਵੀ ਦਾਨਿਸ਼ਵਰ ਕਹਿੰਦੇ ਨੇ, ਦੂਜੀ ਵਾਰ ਕਦੇ ਨਹੀਂ ਮਿਲਦੇ ਗੁਜ਼ਰਿਆ ਵਕਤ ਗੁਆਚੇ ਚਿਹਰੇ । ਇੱਕ ਕਿਸੇ ਲਈ ਕਰਨ ਕਮਾਈ ਇੱਕ ਕਿਸੇ ਦੀ ਖਾਣ ਕਮਾਈ, ਇਸ ਦੁਨੀਆਂ ਦੇ ਮੇਲੇ ਅੰਦਰ ਕੇਵਲ ਦੋ ਵਰਗਾਂ ਦੇ ਚਿਹਰੇ । ਇਉਂ ਲਗਦਾ ਹੈ ਰੋਗ ਧਰਤ ਦਾ ਅੰਬਰ ਤੀਕਰ ਜਾ ਪਹੁੰਚਾ ਹੈ, ਤਾਰੇ ਇਉਂ ਆਪੋ ਵਿਚ ਲੜਦੇ ਜਿਉਂ ਧਰਤੀ 'ਤੇ ਲੜਦੇ ਚਿਹਰੇ । ਮੈਂ ਜਦ ਜਾਮ ਉਠਾ ਕੇ ਆਪਣੇ ਹੋਠਾਂ ਤਕ ਲੈ ਜਾਣਾ ਚਾਹਿਆ, ਜਾਮ 'ਚੋਂ ਮੈਨੂੰ ਨਜ਼ਰੀਂ ਆਏ ਹੰਝੂਆਂ ਅੰਦਰ ਡੁੱਬੇ ਚਿਹਰੇ । ਕਵਿਤਾਵਾਂ, ਗ਼ਜ਼ਲਾਂ ਦੀਵਾਨੇ ਕੀਕਣ ਹੋਵਣ ਰੰਗ ਬਿਰੰਗੀਆਂ, ਹਰ ਪਾਸੇ ਜਦ ਨੰਗੇ ਪਿੰਡੇ, ਭੁੱਖੇ ਢਿਡ ਤੇ ਪੀਲੇ ਚਿਹਰੇ ।

ਜੇ ਲੋਕਾਂ ਦੇ ਲੇਖਕ ਹੋ ਤਾਂ

ਜੇ ਲੋਕਾਂ ਦੇ ਲੇਖਕ ਹੋ ਤਾਂ ਲੋਕਾਂ ਦੀ ਹੀ ਬਾਤ ਕਹੋ । ਸੂਰਜ ਨਿਕਲੇ ਤਾਂ ਦਿਨ ਆਖੋ, ਰਾਤ ਪਵੇ ਤਾਂ ਰਾਤ ਕਹੋ । ਸਹਿਮ, ਦੁਚਿੱਤੀ, ਬੇਇਤਬਾਰੀ ਬੰਦ ਦਰਵਾਜ਼ੇ ਹਰ ਘਰ ਦੇ, ਜਿਸ ਘਰ 'ਚੋਂ ਵੀ ਚਾਨਣ ਆਵੇ ਜਾ ਓਸੇ ਘਰ 'ਝਾਤ' ਕਹੋ । ਕੁਰਸੀ ਯੁਧ ਜਾਂ ਧਰਮ ਲੜਾਈ, ਲੋਕੀਂ ਇਹ ਗਲ ਪੁੱਛਦੇ ਨੇ, ਇਸ ਵਿਚ ਕਿਸ ਦੀ ਜਿੱਤ ਹੋਈ ਹੈ, ਕਿਸ ਖਾਧੀ ਹੈ ਮਾਤ, ਕਹੋ । ਹੁਣ ਮੌਸਮ ਹੈ ਦਿਉ ਦਲੀਲਾਂ ਲੇਕਿਨ ਇਹ ਵੀ ਯਾਦ ਰਹੇ, ਇੱਕ ਅਧ ਵਾਰੀ ਭਾਵੇਂ ਭੁਲ ਕੇ ਕੀ ਕਹਿੰਦੇ ਜਜ਼ਬਾਤ, ਕਹੋ । ਅਪਣੇ ਹੱਥੋਂ ਜੋ ਡੁੱਲਿ੍ਹਆ ਹੈ ਅਪਣਾ ਖ਼ੂਨ ਪੁਕਾਰ ਰਿਹਾ, ਖ਼ੂਨ ਭਰਾਵਾਂ ਦਾ ਹੈ ਇਸ ਨੂੰ ਹੋਲੀ ਨਾ ਬਰਸਾਤ ਕਹੋ । ਅਜ ਵੀ ਤਾਂ ਹਾਲਾਤ ਉਹੀ ਨੇ ਅਜ ਵੀ ਤਾਂ ਹੈ ਸੋਚ ਉਹੀ, ਕੌਣ ਪੀਏਗਾ ਜ਼ਹਿਰ ਪਿਆਲਾ ਕਿਹੜਾ ਹੈ ਸੁਕਰਾਤ? ਕਹੋ । ਇਕ ਪਾਸੇ ਜਜ਼ਬਾਤ ਖੜੇ ਨੇ ਦੂਜੇ ਪਾਸੇ ਸੋਚ ਖੜੀ । ਦੀਵਾਨੇ ਜੇ ਕਹਿ ਸਕਦੇ ਹੋ ਤਾਂ ਦੋਹਾਂ ਦੀ ਬਾਤ ਕਹੋ ।

ਗਲੀਆਂ ਤੇ ਬਾਜ਼ਾਰਾਂ ਅੰਦਰ

ਗਲੀਆਂ ਤੇ ਬਾਜ਼ਾਰਾਂ ਅੰਦਰ ਘੋਰ ਉਦਾਸੀ ਛਾਈ ਹੈ । ਹਰ ਬੰਦੇ ਨੇ ਅਪਣੇ ਸਿਰ 'ਤੇ ਅਪਣੀ ਲਾਸ਼ ਉਠਾਈ ਹੈ । ਸ਼ਹਿਰ ਤੇਰੇ ਵਿਚ ਅਜ ਕੈਸਾ ਮੌਸਮ ਆਇਆ ਹੈ, ਬਿਨ ਤੇਰੇ, ਜਿਸ ਨੇ ਹਰ ਇਕ ਯਾਦ ਮਿਰੀ ਅਜ ਸੂਲੀ 'ਤੇ ਲਟਕਾਈ ਹੈ । ਇਕ ਥਾਂ ਆ ਕੇ ਮੇਰਾ ਅਪਣਾ ਸਾਇਆ ਮੈਨੂੰ ਛੋੜ ਗਿਆ, ਆਿਖ਼ਰ ਤਕ ਜੋ ਨਾਲ ਹੈ ਮੇਰੇ ਉਹ ਮੇਰੀ ਤਨਹਾਈ ਹੈ । ਜਿਸ ਦੀ ਖ਼ਾਤਰ ਬਸਤੀ ਛੱਡੀ, ਜੰਗਲ ਡੇਰਾ ਲਾਇਆ ਸੀ, ਖਿਚ ਉਸ ਦੀ ਫਿਰ ਯੋਗੀ ਨੂੰ ਮੁੜ ਬਸਤੀ ਵਿਚ ਲੈ ਆਈ ਹੈ । ਉਂਜ ਤਾਂ ਪਰਬਤ, ਸਾਗਰ, ਜਲ, ਥਲ ਸਾਰੇ ਹੀ ਗਾਹੇ, ਲੇਕਿਨ ਜਿਸ ਨੇ ਵੀ ਸ਼ਾਂਤੀ ਪਾਈ ਹੈ ਅਪਣੇ ਮਨ 'ਚੋਂ ਪਾਈ ਹੈ । ਫੋਲੋ ਖਾਂ ਇਤਿਹਾਸ ਦੇ ਵਰਕੇ ਅਪਣਾ ਵਿਰਸਾ ਪਹਿਚਾਣੋ, ਸੁੱਤੇ ਲੋਕ ਜਗਾਵਣ ਵਾਲਿਓ! ਨੀਂਦ ਤੁਹਾਨੂੰ ਆਈ ਹੈ । ਸਭ ਨੂੰ ਅਪਣਾ ਅਪਣਾ ਆਖੇ ਦੀਵਾਨਾ, ਲੇਕਿਨ ਲੋਕੀਂ, ਪਿਠ ਪਿੱਛੇ ਲੁਕ ਲੁਕ ਕੇ ਆਖਣ ਦੀਵਾਨਾ ਸੌਦਾਈ ਹੈ ।

ਦਿਨ ਚੜ੍ਹਦੇ ਨੇ ਦਿਨ ਢਲਦੇ ਨੇ

ਦਿਨ ਚੜ੍ਹਦੇ ਨੇ ਦਿਨ ਢਲਦੇ ਨੇ । ਚੜ੍ਹਦੇ ਢਲਦੇ ਦਿਨ ਛਲਦੇ ਨੇ । ਮੇਰੇ ਮਨ ਛਾ ਜਾਏ ਹਨੇਰਾ, ਜਦ ਆਥਣ ਦੀਵੇ ਬਲਦੇ ਨੇ । ਮਛੀਆਂ ਮੋਤੀ ਰਹਿਣ ਨਾ ਬਾਕੀ, ਹੰਸ ਤੇ ਬਗੁਲੇ ਜਦ ਰਲਦੇ ਨੇ । ਦਰਦ ਮਿਲੇ ਨੇ ਮਿੱਤਰ ਬਣ ਕੇ, ਕੁਝ ਅਜ ਦੇ ਨੇ ਕੁਝ ਕਲ੍ਹ ਦੇ ਨੇ । ਤੇਰੇ ਗੀਤ ਝਨਾਂ ਦੀਆਂ ਲਹਿਰਾਂ, ਗੀਤ ਮੇਰੇ ਮਾਰੂਥਲ ਦੇ ਨੇ । ਕਾਂ ਤਾਂ ਉੱਡ ਗਏ ਮਾਰ ਉਡਾਰੀ, ਹੁਣ ਕੇਸੀਂ ਬਗੁਲੇ ਪਲਦੇ ਨੇ । ਵਕਤ ਉਨ੍ਹਾਂ ਨੂੰ ਛਲ ਜਾਂਦਾ ਹੈ, ਜਿਹੜੇ ਦੁਨੀਆਂ ਨੂੰ ਛਲਦੇ ਨੇ ।

ਸਮੇਂ ਦੀ ਮਾਰ ਤੋਂ

ਸਮੇਂ ਦੀ ਮਾਰ ਤੋਂ ਅਣਕੀਤਿਆਂ ਗੁਨਾਹਾਂ ਤੋਂ । ਜੇ ਬਚ ਸਕੋ ਤਾਂ ਬਚੋ ਆਪਣੀਆਂ ਨਿਗਾਹਾਂ ਤੋਂ । ਇਹ ਕੀ ਜ਼ਰੂਰੀ ਹੈ ਓਹਨਾਂ ਨੂੰ ਮੌਤ ਸਾਂਭੇਗੀ, ਜੋ ਦੌੜ ਜਾਣਗੇ ਜੀਵਨ ਦੀਆਂ ਪਨਾਹਾਂ ਤੋਂ । ਮਿਲੇਗੀ ਵਿਹਲ ਤਾਂ ਤੂਫ਼ਾਨ ਤੋਂ ਬਚਾ ਲਾਂਗੇ, ਅਜੇ ਬਚਾਉਣੀ ਹੈ ਕਿਸ਼ਤੀ ਅਸੀਂ ਮੱਲਾਹਾਂ ਤੋਂ । ਜਿਨ੍ਹਾਂ ਗੁਨਾਹਾਂ ਤੋਂ ਸਭ ਦੇ ਲਈ ਵਫ਼ਾ ਨਿਕਲੇ, ਕਰਾਂ ਮੈਂ ਤੌਬਾ ਭਲਾ ਕਿਉਂ ਉਨ੍ਹਾਂ ਗੁਨਾਹਾਂ ਤੋਂ । ਅਜੋਕੇ ਯੁਗ 'ਚ ਕੀ ਲੋੜ ਸਿਰ ਬਚਾਉਣ ਦੀ, ਸਿਰਾਂ ਦਾ ਕੰਮ ਤਾਂ ਲੈਂਦੇ ਨੇ ਲੋਕ ਬਾਹਾਂ ਤੋਂ । ਫ਼ਿਜ਼ਾ ਦਾ ਆਲਾ ਦੁਆਲਾ ਵੀ ਦੋਸ਼ੀ ਬਣ ਜਾਂਦੈ, ਜਦੋਂ ਵੀ ਗਿਰੀਏ ਅਸੀਂ ਅਪਣੀਆਂ ਨਿਗਾਹਾਂ ਤੋਂ । ਉਨ੍ਹਾਂ ਨੂੰ ਆਖੋਗੇ ਦੀਵਾਨੇ ਜਾਂ ਕਿ ਸੌਦਾਈ, ਜਿਨ੍ਹਾਂ ਨੇ ਤੋੜ ਲਿਆ ਮੋਹ ਹੁਸੀਨ ਰਾਹਾਂ ਤੋਂ ।

ਜਦ ਵੀ ਤੇਜ਼ ਹਵਾ ਨੇ

ਜਦ ਵੀ ਤੇਜ਼ ਹਵਾ ਨੇ ਹਨ ਸਰਕਾਏ ਪਰਦੇ । ਖ਼ਬਰੇ ਕਿਉਂ ਫਿਰ ਓਦੋਂ ਹੀ ਘਬਰਾਏ ਪਰਦੇ । ਅੰਦਰ ਦੀ ਹਰ ਚੀਜ਼ ਲਕੋ ਕੇ ਹੀ ਰਖਦੇ ਨੇ, ਖਿੜਕੀਆਂ ਤੇ ਦਰਵਾਜ਼ਿਆਂ 'ਤੇ ਲਟਕਾਏ ਪਰਦੇ । ਅਸਲੀ ਚਿਹਰਾ ਕੀ ਹੈ ਕੁਝ ਨਾ ਸਮਝਣ ਦੇਂਦੇ, ਚਿਹਰਿਆਂ ਉੱਤੇ ਰੰਗ ਰੋਗ਼ਨ ਦੇ ਪਾਏ ਪਰਦੇ । ਰਾਤੀਂ ਪਰਦਿਆਂ ਪਿੱਛੇ ਜੋ ਕੁਝ ਵਾਪਰਿਆ ਸੀ, ਯਾਦ ਸਵੇਰੇ ਕਰ ਕਰ ਕੇ ਸ਼ਰਮਾਏ ਪਰਦੇ । ਇਸ ਯੁਗ ਅੰਦਰ ਕਿਸ ਨੂੰ ਕਹੀਏ ਦਿਲ ਦਾ ਮਹਿਰਮ, ਅਪਣੇ ਅਪਣੇ ਦਿਲ 'ਤੇ ਸਭ ਨੇ ਪਾਏ ਪਰਦੇ । ਪਰਦਿਆਂ ਤੇ ਕੰਧਾਂ ਦਾ ਸਾਰਾ ਭੇਤ ਹੈ ਸਾਂਝਾ, ਹਰ ਕਮਰੇ ਦੀਆਂ ਕੰਧਾਂ ਦੇ ਹਮਸਾਏ ਪਰਦੇ ।

ਕਾਲੇ ਪੀਲੇ ਗੋਰੇ ਚਿੱਟੇ

ਕਾਲੇ ਪੀਲੇ ਗੋਰੇ ਚਿੱਟੇ ਬੇਰੌਣਕ ਬੇਢੰਗੇ ਚਿਹਰੇ, ਡਾਂਸ ਕਲਬ ਦੀਆਂ ਰੋਸ਼ਨੀਆਂ ਵਿਚ ਇੱਕੋ ਜਿਹੇ ਸਭ ਰੰਗੇ ਚਿਹਰੇ । ਜ਼ਿਹਨ 'ਚ ਮੇਰੇ ਖ਼ਿਆਲ ਇਸ ਤਰ੍ਹਾਂ ਆਈ ਜਾਵਣ ਜਾਈ ਜਾਵਣ, ਬਸ ਸਟੈਂਡ 'ਤੇ ਜੀਕਣ ਖਿਲਰੇ ਹੋਵਣ ਰੰਗ ਬਿਰੰਗੇ ਚਿਹਰੇ । ਰਾਤ ਸਮੁੰਦਰ ਦੇ ਹੜ੍ਹ ਅੰਦਰ ਅੱਖਾਂ ਮੀਚ ਕੇ ਡੁੱਬ ਗਏ ਜੋ, ਦਿਨ ਚੜਿ੍ਹਆ ਤਾਂ ਇਕ ਦੂਜੇ ਵਲ ਤਕ ਤਕ ਕੇ ਨੇ ਸੰਗੇ ਚਿਹਰੇ । ਇਕ ਮੈਂ ਹਾਂ ਜੋ ਮਹਿਫ਼ਲ ਅੰਦਰ ਅਪਣਾ ਚਿਹਰਾ ਲੈ ਆਇਆ ਹਾਂ, ਬਾਕੀ ਸਭ ਨੇ ਆਵਣ ਵੇਲੇ ਇਕ ਦੂਜੇ ਤੋਂ ਮੰਗੇ ਚਿਹਰੇ । ਹਾਲਾਂ ਮਲਬੇ ਦੇ ਹੇਠੋਂ ਹੈ ਲਾਸ਼ਾਂ ਕੱਢਣ ਦਾ ਕੰਮ ਜਾਰੀ, ਕੀ ਦੱਸੀਏ ਕਿ ਢਿਡ ਦੀ ਭੁਖ ਨੇ ਕਿਹੜੇ ਕਿਹੜੇ ਡੰਗੇ ਚਿਹਰੇ । ਬੈਠੋ ਨਹੀਂ ਕਬੂਤਰ ਬਣ ਕੇ ਅਪਣਾ ਅਪਣਾ ਫ਼ਰਜ਼ ਪਛਾਣੋ, ਯਾਰੋ ਸਮਝੋ ਕੀ ਕਹਿੰਦੇ ਨੇ ਸੰਗੀਨਾਂ 'ਤੇ ਟੰਗੇ ਚਿਹਰੇ । ਦੁਨੀਆਂ ਅੰਦਰ ਆ ਕੇ ਚਿਹਰੇ ਬਣ ਜਾਂਦੇ ਨੇ ਚੰਗੇ ਮੰਦੇ, ਦੀਵਾਨੇ ਰਬ ਨੇ ਨਹੀਂ ਭੇਜੇ ਕੁਝ ਮੰਦੇ, ਕੁਝ ਚੰਗੇ ਚਿਹਰੇ ।

ਕੋਈ ਕਹਾਣੀ ਨੂੰ ਸੁਣ ਕੇ ਰੋਇਆ

ਕੋਈ ਕਹਾਣੀ ਨੂੰ ਸੁਣ ਕੇ ਰੋਇਆ ਤੇ ਕੋਈ ਰੋਇਆ ਸੁਣਾ ਸੁਣਾ ਕੇ । ਜਿਨ੍ਹਾਂ ਥੀਂ ਮੇਰੀ ਨਜ਼ਰ ਮਿਲੀ ਸੀ ਉਹ ਰੋਏ ਨਜ਼ਰਾਂ ਝੁਕਾ ਝੁਕਾ ਕੇ । ਮੇਰੀ ਕਹਾਣੀ ਸੁਣੀ ਤਾਂ ਸਭ ਨੂੰ ਕਹਾਣੀ ਅਪਣੀ ਦੀ ਯਾਦ ਆਈ, ਤੇ ਸਭ ਨੇ ਅਪਣੇ ਹੀ ਦੁੱਖ ਰੋਏ ਮੇਰਾ ਬਹਾਨਾ ਬਣਾ ਬਣਾ ਕੇ । ਕੀ ਆਪਣੇ ਕੀ ਬਿਗਾਨੇ ਸਾਰੇ ਹੀ ਰਲ ਕੇ ਰੋਏ ਨੇ ਮੇਰੀ ਖ਼ਾਤਿਰ, ਕੋਈ ਤਾਂ ਰੋਏ ਨੇ ਸਭ ਤੋਂ ਛੁਪ ਕੇ ਤੇ ਕੋਈ ਰੋਏ ਦਿਖਾ ਦਿਖਾ ਕੇ । ਜੋ ਮੇਰੇ ਜੀਵਨ 'ਤੇ ਕਲ੍ਹ ਸੀ ਹਸਦੇ, ਉਹ ਮੌਤ ਮੇਰੀ 'ਤੇ ਅੱਜ ਰੋਏ, ਇਹ ਗਲ ਹੈ ਵਖਰੀ ਕਿ ਉਹ ਨੇ ਰੋਏ ਨਜ਼ਰ ਹਰਿਕ ਤੋਂ ਬਚਾ ਬਚਾ ਕੇ । ਮੈਂ ਉਸ ਦੇ ਕਦਮਾਂ ਦੀ ਪੈੜ ਯਾਰੋ ਅਜੇ ਵੀ ਭਾਲੀ ਹੀ ਜਾ ਰਿਹਾ ਹਾਂ, ਜੋ ਮੇਰੇ ਦਰ ਤੋਂ ਹੀ ਮੁੜ ਗਿਆ ਸੀ ਅਵਾਜ਼ਾਂ ਮੈਨੂੰ ਲਗਾ ਲਗਾ ਕੇ । ਅਜਬ ਤਮਾਸ਼ਾ ਹੈ ਉਹ ਵੀ ਰੋਏ ਨੇ ਮੌਤ ਤੇਰੀ 'ਤੇ ਐ ਦੀਵਾਨੇ, ਜੋ ਜ਼ਿੰਦਗੀ ਭਰ ਰਹੇ ਸੀ ਹਸਦੇ ਹਮੇਸ਼ਾ ਤੈਨੂੰ ਰੁਲਾ ਰੁਲਾ ਕੇ ।

ਯਾਰਾਂ 'ਚੋਂ ਦੁਸ਼ਮਣਾਂ ਦੀ ਅਜ

ਯਾਰਾਂ 'ਚੋਂ ਦੁਸ਼ਮਣਾਂ ਦੀ ਅਜ ਮਹਿਫ਼ਿਲ ਪਛਾਣੀਏ । ਅਜ ਕੌਣ ਹੈ ਅਸਾਡੇ ਮੁਕਾਬਿਲ ਪਛਾਣੀਏ । ਇਕ ਤਰਫ਼ ਹੈ ਬਹਾਰ ਤੇ ਇਕ ਤਰਫ਼ ਹੈ ਸਲੀਬ, ਆਓ ਦੁਹਾਂ 'ਚੋਂ ਆਪਣੀ ਮੰਜ਼ਿਲ ਪਛਾਣੀਏ । ਹਰ ਸ਼ਖ਼ਸ ਦਾ ਖ਼ੁਦਾ ਵੀ ਹੈ ਤੇ ਨਾਖ਼ੁਦਾ ਵੀ ਹੈ, ਪਾਣੀ ਦੀ ਥਾਹ ਪਰਖ ਕੇ ਸਾਹਿਲ ਪਛਾਣੀਏ । ਕੀ ਮੁਸ਼ਕਿਲਾਂ ਨੇ ਰਾਹ ਵਿਚ ਇਹ ਸੋਚੀਏ ਜ਼ਰੂਰ, ਫਿਰ ਮੰਜ਼ਿਲਾਂ ਨੂੰ ਪਾਣ ਲਈ ਮੁਸ਼ਕਿਲ ਪਛਾਣੀਏ । ਸੱਧਰਾਂ ਅਸਾਡੀਆਂ ਨੂੰ ਕੌਣ ਕਤਲ ਕਰ ਗਇਆ? ਹਰ ਭੇਸ ਵਿੱਚ ਲੁਕੇ ਹੋਏ ਕਾਤਿਲ ਨੂੰ ਪਛਾਣੀਏ । ਦੁਖ, ਦਰਦ, ਔਕੜਾਂ 'ਚ ਹੋਏ ਯਾਰ ਦੀ ਪਛਾਣ, ਘਿਰ ਕੇ ਭੰਵਰ 'ਚ ਦੋਸਤੋ! ਸਾਹਿਲ ਪਛਾਣੀਏ । ਅਜ ਕਾਰਵਾਂ ਨੇ ਪ੍ਰਸ਼ਨ ਇਹ ਰਾਹਬਰ ਨੂੰ ਪੁਛ ਲਿਆ, 'ਰਸਤਾ ਪਛਾਣੀਏ ਕਿ ਜਾਂ ਮੰਜ਼ਿਲ ਪਛਾਣੀਏ' ।

ਮੈਂ ਇਤਿਹਾਸ ਹਾਂ ਇਨਕਲਾਬ ਦਾ

ਮੈਂ ਇਤਿਹਾਸ ਹਾਂ ਇਨਕਲਾਬ ਦਾ ਜਿਹੜਾ ਖ਼ੂਨ 'ਚ ਲਿਖਿਆ ਹੈ । ਕਹਿੰਦੇ ਨੇ ਇਤਿਹਾਸ ਸਦਾ ਹੀ ਖ਼ੁਦ ਤਾਈਂ ਦੁਹਰਾਉਂਦਾ ਹੈ । ਇਸ ਕਪਟੀ ਸੰਸਾਰ ਦੇ ਅੰਦਰ ਕਿਸ ਨੇ ਸੱਚੀ ਬਾਤ ਕਹੀ? ਸੱਚੀ ਬਾਤ ਕਹਿਣ ਨੂੰ ਯਾਰੋ ਜਾਂ ਪਾਗਲ ਜਾਂ ਬੱਚਾ ਹੈ । ਕਿਹੜਾ ਅਸਲੀ, ਨਕਲੀ ਕਿਹੜਾ, ਇਹ ਕੀਕਣ ਪਹਿਚਾਣੋਗੇ? ਅਜ ਕਲ੍ਹ ਹਰ ਚਿਹਰੇ ਦੇ ਉੱਤੇ ਗਹਿਰੇ ਰੰਗ ਦਾ ਪਰਦਾ ਹੈ । ਜਿਸ ਰਾਤੀਂ ਹੀ ਮੇਰਾ ਪਰਛਾਵਾਂ ਹੋਵੇ ਮੇਰੇ ਸਾਂਹਵੇਂ, ਉਸ ਰਾਤੀਂ ਹੀ ਮੈਨੂੰ ਮੇਰਾ ਆਪਾ ਨਿੱਕਾ ਲਗਦਾ ਹੈ । ਕਹਿਣੇ ਨੂੰ ਤਾਂ ਇੱਕੋ ਕੰਧ ਹੈ ਤੇਰੇ ਮੇਰੇ ਘਰ ਵਿਚਕਾਰ, ਪਰ ਇਹ ਪੈਂਡਾ ਪਾਰ ਕਰਨ ਨੂੰ ਬਹੁਤ ਲੰਮੇਰਾ ਪੈਂਡਾ ਹੈ । ਇਸ ਦੁਨੀਆਂ ਵਿਚ ਦੀਵਾਨੇ ਨਾ ਤੇਰਾ ਕੁਝ ਨਾ ਕੁਝ ਮੇਰਾ, ਐਵੇਂ ਬੰਦਾ ਆਪੋ-ਧਾਪੀ ਅੰਦਰ ਭੱਜਾ ਫਿਰਦਾ ਹੈ ।

ਹੁਸੀਨ ਤੂੰ, ਜ਼ਹੀਨ ਮੈਂ

ਹੁਸੀਨ ਤੂੰ, ਜ਼ਹੀਨ ਮੈਂ, ਗ਼ਰੂਰ ਤੂੰ ਸ਼ਊਰ ਮੈਂ । ਕਿ ਤੇਰੇ ਤਨ 'ਚ ਮਨ ਹਾਂ ਮੈਂ ਕਿਵੇਂ ਰਹਾਂਗਾ ਦੂਰ ਮੈਂ । ਤੂੰ ਕਿਉਂ ਨਜ਼ਰ ਝੁਕਾਈ ਹੈ ਨਜ਼ਰ ਉਠਾ ਕੇ ਦੇਖ ਲੈ, ਸਮੇਂ ਸਮੇਂ ਦੀ ਬਾਤ ਹੈ ਕਿ ਮੂਸਾ ਤੂੰ ਹੈਾ ਤੂਰ ਮੈਂ । ਤੁਸੀਂ ਜਦੋਂ ਕਿਹਾ ਸੀ 'ਫੇਰ ਕੌਣ ਸਿਰ ਕਟਾਏਗਾ?' ਜਾਂ ਸਭ ਖ਼ਾਮੋਸ਼ ਹੋ ਗਏ ਤਾਂ ਮੈਂ ਕਿਹਾ 'ਹਜ਼ੂਰ ਮੈਂ ।' ਕਿ ਪਿਆਰ ਦੇ ਝਨਾਂ 'ਚ ਜਿਹੜਾ ਡੁੱਬਿਆ ਓਸੇ ਕਿਹਾ, 'ਜੇ ਮਰ ਗਿਆ ਤਾਂ ਫੇਰ ਕੀ? ਜੀਆਂਗਾ ਵੀ ਜ਼ਰੂਰ ਮੈਂ ।' ਇਹ ਅਪਣੇ ਮਨ ਦਾ ਅਕਸ ਹੈ, ਇਹ ਅਪਣੀ ਅਪਣੀ ਹੈ ਨਜ਼ਰ, ਕਿਸੇ ਕਿਹਾ ਪਿਆਰ ਮੈਂ, ਕਿਸੇ ਕਿਹਾ ਗ਼ਰੂਰ ਮੈਂ । ਅਸਾਡੀ ਰੂਹ ਤੇ ਤਨ ਤੇ ਮਨ ਦੀਵਾਨੇ ਇਸ ਤਰ੍ਹਾਂ ਮਿਲੇ, ਨਾ ਉਹ ਹੀ ਮੈਥੋਂ ਦੂਰ ਹੈ ਤੇ ਨਾ ਹੀ ਉਸ ਤੋਂ ਦੂਰ ਮੈਂ ।

ਹਵਾ ਕੁਝ ਲੈ ਗਈ ਕੁਝ ਵਹਿ ਗਏ

ਹਵਾ ਕੁਝ ਲੈ ਗਈ ਕੁਝ ਵਹਿ ਗਏ ਦਿਲ ਦੇ ਵਹਾ ਅੰਦਰ । ਅਤੇ ਕੁਝ ਖ਼ਾਬ ਸਾਡੇ ਲਟਕਦੇ ਰਹਿ ਗਏ ਖ਼ਲਾਅ ਅੰਦਰ । ਜ਼ਰਾ ਵੀ ਸੋਚਿਆ ਨਾ ਸੀ ਕਦੇ ਏਦਾਂ ਵੀ ਹੋਵੇਗਾ, ਕਲੀ ਮਰ ਜਾਏਗੀ ਯਾਰੋ ਬਹਾਰਾਂ ਦੀ ਫ਼ਿਜ਼ਾ ਅੰਦਰ । ਚੜ੍ਹੇਗਾ ਜੇ ਕਦੇ ਸੂਰਜ ਤਾਂ ਫਿਰ ਧੁੱਪਾਂ ਵੀ ਮਾਣਾਂਗੇ, ਅਜੇ ਤਾਂ ਫੈਲਿਆ ਦਿਸਦੈ ਹਨੇਰਾ ਹਰ ਦਿਸ਼ਾ ਅੰਦਰ । ਭਲਾ ਇਹ ਦੋਸ਼ ਕਿਸ ਦਾ ਹੈ ਕਿ ਉਹ ਲੁਟਦੇ ਰਹੇ ਮੈਨੂੰ, ਤੇ ਮੈਂ ਚੁਪਚਾਪ ਲੁੱਟ ਹੁੰਦਾ ਰਿਹਾ ਰੱਬੀ ਰਜ਼ਾ ਅੰਦਰ । ਮੈਂ ਪੁਸਤਕ ਹਾਂ ਮੇਰੇ ਪੰਨਿਆਂ 'ਤੇ ਸਚ ਦੇ ਸ਼ਬਦ ਲਿੱਖੇ ਨੇ, ਹਵਾ ਚੱਲੇਗੀ ਜਦ ਜਦ ਵੀ ਇਹ ਫੈਲਣਗੇ ਹਵਾ ਅੰਦਰ । ਮੈਂ ਕਿਸ ਨੂੰ ਆਪਣੀ ਆਖਾਂ ਪਰਾਈ ਮੈਂ ਕਹਾਂ ਕਿਸ ਨੂੰ , ਮੇਰੇ ਅਰਮਾਨ ਹੀ ਜਲਦੇ ਨੇ ਹਰ ਜਲਦੀ ਚਿਤਾ ਅੰਦਰ । ਉਹ ਚਾਤਰ ਹੋਣਗੇ ਜੋ ਬੇਵਫ਼ਾ ਬਣ ਕੇ ਵੀ ਜੀਉਂਦੇ ਨੇ, ਕਿ ਦੀਵਾਨੇ ਤਾਂ ਦੀਵਾਨੇ ਨੇ ਪਰ ਜਾਵਣ ਵਫ਼ਾ ਅੰਦਰ ।

ਸ਼ੀਸ਼ੇ ਨੇ ਤਾਂ ਦਿਖਲਾਣਾ ਹੈ

ਸ਼ੀਸ਼ੇ ਨੇ ਤਾਂ ਦਿਖਲਾਣਾ ਹੈ ਜੋ ਵੀ ਅਸਲੀ ਚਿਹਰਾ ਹੈ । ਸ਼ੀਸ਼ੇ ਨੂੰ ਕਿਉਂ ਤੋੜ ਰਹੇ ਹੋ ਦੋਸ਼ ਭਲਾ ਕੀ ਉਸ ਦਾ ਹੈ । ਨਾ ਕੋ ਵੈਰੀ, ਨਾ ਬੇਗਾਨਾ, ਸਭ ਵੈਰੀ, ਸਭ ਬੇਗਾਨੇ, ਏਦਾਂ ਦਾ ਜੋ ਦਿਸਦਾ ਹੈ ਸਭ ਅਪਣੇ ਮਨ ਦਾ ਸ਼ੀਸ਼ਾ ਹੈ । ਸਾਰੇ ਝਗੜੇ ਝੇੜੇ ਛਡ ਕੇ ਇਕ ਦੂਜੇ ਦੇ ਹੋ ਜਾਈਏ, ਮੈਂ ਆਖਾਂ ਸਭ ਕੁਝ ਤੇਰਾ ਹੈ, ਤੂੰ ਆਖੇਂ ਨਾ, ਤੇਰਾ ਹੈ । ਪਰਬਤ ਦੀ ਚੋਟੀ 'ਤੇ ਬਹਿ ਕੇ ਪੱਥਰਾਂ 'ਤੇ ਨਾ ਮਾਣ ਕਰੀਂ, ਅਜ ਜੇਕਰ ਮੇਰਾ ਸਿਰ ਹੈ ਕਲ੍ਹ ਤੇਰਾ ਵੀ ਹੋ ਸਕਦਾ ਹੈ । ਫਿਰ ਖ਼ੁਸ਼ਬੋਆਂ ਉੱਡ ਪਈਆਂ ਨੇ ਪੌਣਾਂ ਦੇ ਮੋਢੇ ਬਹਿ ਕੇ, ਹੁਣ ਦੇਖਾਂਗੇ ਬਾਗ਼ ਦਾ ਮਾਲੀ ਹਸਦਾ ਹੈ ਕਿ ਰੋਂਦਾ ਹੈ । ਵਿਛੜੋਗੇ ਤਾਂ ਯਾਦ ਕਰੋਗੇ, ਇਹ ਦਸਤੂਰ ਜ਼ਮਾਨੇ ਦਾ, ਜਿਤਨਾ ਦੂਰ ਰਹੋਗੇ ਮੈਥੋਂ ਮੈਂ ਉਤਨਾ ਯਾਦ ਆਣਾ ਹੈ । ਪੈਸੇ ਦੀ ਇਸ ਦੁਨੀਆਂ ਅੰਦਰ ਸਭ ਰਿਸ਼ਤੇ ਨਾਤੇ ਬਦਲੇ, ਇਹ ਗਲ ਕਹੀਏ ਤਾਂ ਕਹਿੰਦੇ ਨੇ ਛੱਡੋ ਇਹ ਦੀਵਾਨਾ ਹੈ ।

ਆਪਣਾ ਤੇ ਇਸ ਸ਼ਹਿਰ ਦਾ

ਆਪਣਾ ਤੇ ਇਸ ਸ਼ਹਿਰ ਦਾ ਵਾਸਤਾ ਕੋਈ ਨਹੀਂ । ਭੀੜ ਬਾਜ਼ਾਰਾਂ 'ਚ ਹੈ ਪਰ ਆਪਣਾ ਕੋਈ ਨਹੀਂ । ਆਸ਼ਨਾ ਦੁਨੀਆਂ ਦੇ ਅੰਦਰ ਆਸ਼ਨਾ ਕੋਈ ਨਹੀਂ । ਜ਼ਿੰਦਗੀ ਨੂੰ ਜ਼ਿੰਦਗੀ ਦਾ ਆਸਰਾ ਕੋਈ ਨਹੀਂ । ਕਿਸ ਤਰ੍ਹਾਂ ਦੇ ਯਾਰ ਮੇਰੇ ਕਿਸ ਤਰ੍ਹਾਂ ਦੀ ਦੋਸਤੀ, ਲੋੜ ਵੇਲੇ ਦੇਖਿਆ ਮੈਂ ਆਪਣਾ ਕੋਈ ਨਹੀਂ । ਜ਼ਿੰਦਗੀ ਭਰ ਮੇਰੀ ਮੇਰੀ ਦਾ ਰਿਹਾ ਝਗੜਾ ਹਮੇਸ਼, ਮਰਨ ਵੇਲੇ ਨਾਲ ਕੁਝ ਵੀ ਲੈ ਗਿਆ ਕੋਈ ਨਹੀਂ । ਜੋ ਵੀ ਹਾਂ ਮੈਂ ਏਸ ਦਾ ਕਾਰਨ ਮੈਂ ਅਪਣਾ ਆਪ ਹਾਂ, ਮੇਰੀ ਇਸ ਹਾਲਤ ਦਾ ਕਾਰਨ ਦੂਸਰਾ ਕੋਈ ਨਹੀਂ । ਆਦਮੀ ਜੀਂਦਾ ਹੈ ਤਦ ਤਕ ਹਾਦਸੇ ਵੀ ਹੋਣਗੇ, ਮਰ ਗਏ ਦੇ ਵਾਸਤੇ ਤਾਂ ਹਾਦਸਾ ਕੋਈ ਨਹੀਂ । ਹੋਣਗੇ ਉਂਜ ਤਾਂ ਖ਼ਲਾਅ ਹਰ ਆਦਮੀ ਦੇ ਮਨ 'ਚ ਪਰ, ਆਪਣੇ ਮਨ ਦੇ ਖ਼ਲਾਅ ਵਰਗਾ ਖ਼ਲਾਅ ਕੋਈ ਨਹੀਂ । ਮੇਲ ਦੀਵਾਨੇ ਅਸਾਡਾ ਹੈ ਦਿਲਾਂ ਦੋਹਾਂ ਦਾ ਮੇਲ, ਫ਼ਾਸਲਾ ਜੋ ਤਨ ਦਾ ਹੈ ਉਹ ਫ਼ਾਸਲਾ ਕੋਈ ਨਹੀਂ ।

ਸੋਚ ਇਕ ਡੂੰਘਾ ਸਮੁੰਦਰ

ਸੋਚ ਇਕ ਡੂੰਘਾ ਸਮੁੰਦਰ ਪਰ ਇਦੀ ਸੀਮਾ ਵੀ ਹੈ । ਸੋਚ ਇਕ ਆਜ਼ਾਦ ਪੰਛੀ ਏਸ 'ਤੇ ਪਹਿਰਾ ਵੀ ਹੈ । ਧਰਤ ਦੇ ਕੋਨੇ 'ਤੇ ਕਿਧਰੇ ਜੋ ਵੀ ਹੋਇਆ ਹਾਦਸਾ, ਕਹਿ ਲਵੋ ਅਪਣਾ ਨਹੀਂ ਹੈ ਸਮਝ ਲੌ ਅਪਣਾ ਵੀ ਹੈ । ਆਦਮੀ ਉਹ ਜਾਂ ਕਵੀ ਹੈ ਜਾਂ ਖ਼ੁਦਾ ਦਾ ਰੂਪ ਹੈ, ਸੁਖ 'ਚ ਜੋ ਆਪਾ ਨਾ ਭੁਲਦਾ ਦੁਖ 'ਚ ਜੋ ਹਸਦਾ ਵੀ ਹੈ । ਚੀਰ ਪੰਚਾਲੀ ਦਾ ਅਜ ਚੌਰਾਹੇ ਵਿੱਚ ਹਰਿਆ ਗਿਆ, ਚੀਰ ਉਸ ਦਾ ਹੀ ਨਹੀਂ ਤੇਰਾ ਵੀ ਹੈ ਮੇਰਾ ਵੀ ਹੈ । ਏਸ ਯੁਗ ਵਿਚ ਆਦਮੀ ਦਾ ਇਹ ਹੈ ਦੀਵਾਨੇ ਦੁਖਾਂਤ, ਇਕ ਹੀ ਪਲ ਵਿਚ ਦੋਸਤੋ! ਜੀਂਦਾ ਵੀ ਹੈ ਮਰਦਾ ਵੀ ਹੈ ।

ਨਜ਼ਰ ਝੁਕਾ ਕੇ ਜਦੋਂ

ਨਜ਼ਰ ਝੁਕਾ ਕੇ ਜਦੋਂ ਯਾਰ ਨੂੰ ਬੁਲਾਓਗੇ । ਤਾਂ ਉਸ ਦਾ ਨੂਰ ਤੁਸੀਂ ਸਾਹਮਣੇ ਹੀ ਪਾਓਗੇ । ਤੁਹਾਡੇ ਵਾਸਤੇ ਵੀ ਜੀਣਾ ਤਾਂ ਹੋਏਗਾ ਮੁਸ਼ਕਿਲ, ਅਗਰ ਹਵਾ 'ਚ ਤੁਸੀਂ ਜ਼ਹਿਰ ਖ਼ੁਦ ਮਿਲਾਓਗੇ । ਵਫ਼ਾ ਦੀ ਭਾਲ 'ਚ ਦਰ ਦਰ ਭਟਕ ਰਹੇ ਲੋਕੋ, ਵਫ਼ਾ ਕਰੋਗੇ ਤਾਂ ਹਰ ਥਾਂ ਵਫ਼ਾ ਹੀ ਪਾਓਗੇ । ਕਿ ਇਸ ਦਾ ਸੇਕ ਤੁਹਾਨੂੰ ਵੀ ਕੁਝ ਤਾਂ ਆਏਗਾ, ਗਵਾਂਢ ਵਿਚ ਜੇ ਤੁਸੀਂ ਘਰ ਕੋਈ ਜਲਾਓਗੇ । ਤੁਸੀਂ ਕਬੂਤਰਾਂ ਵਾਂਗੂੰ ਨਾ ਟਾਲੋ ਖ਼ਤਰੇ ਨੂੰ , ਕਿ ਅੱਖਾਂ ਮੀਚ ਕੇ ਆਪਾ ਕਿਵੇਂ ਬਚਾਓਗੇ । ਕਦੇ ਵੀ ਭੁਲ ਕੇ ਨਾ ਇਲਜ਼ਾਮ ਜ਼ਿੰਦਗੀ ਨੂੰ ਦਿਉ, ਕਿ ਜ਼ਿੰਦਗੀ ਨੂੰ ਭਲਾ ਕਦ ਤਲਕ ਰੁਲਾਓਗੇ । ਸੁਣੇਗਾ ਕੌਣ ਤੁਹਾਡੇ ਨੇ ਗੀਤ ਦਰਦ ਭਰੇ, ਇਹ ਗੀਤ ਗਾਓਗੇ ਦੀਵਾਨਾ ਹੀ ਕਹਾਓਗੇ ।

ਮੇਰਿਆਂ ਪੈਰਾਂ 'ਚ ਛਾਲੇ

ਮੇਰਿਆਂ ਪੈਰਾਂ 'ਚ ਛਾਲੇ ਤੇਰਿਆਂ ਹੱਥਾਂ 'ਚ ਜਾਮ । ਹੁਸਨ ਦਾ ਹੈ ਇਹ ਮੁਕੱਦਰ ਇਸ਼ਕ ਦਾ ਹੈ ਇਹ ਇਨਾਮ । ਦੋਸਤਾਂ ਦੀ ਦੋਸਤੀ ਛੱਡੋ ਤਾਂ ਛੱਡੋ ਇਸ ਤਰ੍ਹਾਂ, ਜੇ ਕਦੇ ਮਿਲੀਏ ਤਾਂ ਫਿਰ ਵੀ ਹੋ ਸਕੇ ਸਾਹਬ ਸਲਾਮ । ਮਾਂਗਵੇਂ ਖੰਭਾਂ ਸਹਾਰੇ ਜੀ ਰਹੇ ਹਾਂ ਜ਼ਿੰਦਗੀ, ਸੋਚ ਹੈ ਆਜ਼ਾਦ ਲੇਕਿਨ ਕੰਮ ਸਾਡੇ ਹਨ ਗ਼ੁਲਾਮ । ਮੈਂ ਮੁਸਾਫ਼ਿਰ ਹਾਂ ਤੇ ਸਭ ਰਸਤੇ ਨੇ ਮੇਰੇ ਹਮਸਫ਼ਰ, ਜ਼ਿੰਦਗੀ ਮੁੱਕ ਜਾਣ ਤਾਂ ਦੇ ਕਰ ਲਵਾਂਗੇ ਫਿਰ ਅਰਾਮ । ਮੈਂ ਪਲਾਂ ਦਾ ਹਾਂ ਪ੍ਰਾਹੁਣਾ ਆਪੇ ਤੁਰ ਜਾਵਾਂਗਾ ਮੈਂ, ਆਣ ਵੇਲੇ ਜਾਣ ਦਾ ਮੈਂ ਕਰਕੇ ਆਇਆਂ ਇੰਤਜ਼ਾਮ । ਜ਼ਿੰਦਗੀ ਮੈਂ ਤਾਂ ਬਿਤਾਈ ਕੜਕਦੀ ਦੋਪਹਿਰ ਵਾਂਗ, ਜ਼ਿੰਦਗੀ ਵਿੱਚ ਨਾ ਸਵੇਰ ਆਈ ਕਦੇ ਨਾ ਆਈ ਸ਼ਾਮ । ਫੇਰ ਪੰਜ ਸਾਲਾਂ ਦੇ ਮਗਰੋਂ ਤੁਰ ਪਈ ਵੋਟਾਂ ਦੀ ਬਾਤ, ਫੇਰ ਦੀਵਾਨੇ ਸੁਣਾਂਗੇ 'ਗੰਗਾ ਰਾਮ! ਰਾਮ ਰਾਮ ।'

ਜ਼ਮੀਂ ਤੇਰੀ ਗਗਨ ਤੇਰਾ

ਜ਼ਮੀਂ ਤੇਰੀ ਗਗਨ ਤੇਰਾ ਤੇਰੇ ਹੀ ਚੰਨ ਤਾਰੇ ਨੇ । ਇਹ ਹੁਣ ਮੈਨੂੰ ਸਮਝ ਆਈ ਇਹ ਸਭ ਤੇਰੇ ਨਜ਼ਾਰੇ ਨੇ । ਕਦੇ ਸਨ ਵਸਲ ਦੇ ਸਭ ਦਿਨ ਤੇ ਹੁਣ ਨੇ ਦਿਨ ਜੁਦਾਈ ਦੇ, ਨਾ ਉਹ ਹਸ ਕੇ ਗੁਜ਼ਾਰੇ ਸੀ ਨਾ ਇਹ ਰੋ ਕੇ ਗੁਜ਼ਾਰੇ ਨੇ । ਜੇ ਤੂੰ ਚਾਹੇਂ ਹਵਾ ਚੱਲੇ, ਜੇ ਨਾ ਚਾਹੇਂ ਹਵਾ ਠਹਿਰੇ, ਹਵਾ ਦਾ ਠਹਿਰਨਾਂ ਚਲਣਾ ਇਹ ਸਭ ਤੇਰੇ ਇਸ਼ਾਰੇ ਨੇ । ਕਦੇ ਜੇ ਕੇਸ ਬਿਖਰਾਏਾ ਘਟਾ ਸਾਵਣ ਦੀ ਛਾ ਜਾਏ, ਗਗਨ 'ਤੇ ਪੀਂਘ ਸਤ-ਰੰਗੀ ਕਿ ਤੂੰ ਆਂਚਲ ਖਿਲਾਰੇ ਨੇ । ਭੰਵਰ ਵਿਚ ਡੋਬ ਕੇ ਬੇੜੀ ਕਰੋ ਨਾ ਗੱਲ ਕਿਨਾਰੇ ਦੀ, ਭੰਵਰ ਆਿਖ਼ਰ ਭੰਵਰ ਯਾਰੋ ਕਿਨਾਰੇ ਫਿਰ ਕਿਨਾਰੇ ਨੇ । ਖਲੋਵੋ ਆਪਣੇ ਪੈਰੀਂ ਸਹਾਰਾ ਭਾਲਦੇ ਹੋ ਕਿਉਂ? ਭਲਾ ਆਕਾਸ਼ ਕਿਸ ਥੰਮਿਐ ਉਨੂੰ ਕਿਸ ਦੇ ਸਹਾਰੇ ਨੇ । ਇਹ ਕੈਸੀ ਇੰਤਹਾ ਹੈ ਇਸ਼ਕ ਦੀ ਇਹ ਤਾਂ ਜ਼ਰਾ ਸੋਚੋ, ਕਿ ਬਿਨ ਮਿਲਿਆਂ ਹੀ ਦੀਵਾਨੇ ਤੇਰੇ ਵਾਰੇ ਨਿਆਰੇ ਨੇ ।

ਕਲ੍ਹ ਇਕ ਜੋਗੀ ਭੁਲ ਆਇਆ ਸੀ

ਕਲ੍ਹ ਇਕ ਜੋਗੀ ਭੁਲ ਆਇਆ ਸੀ ਅਪਣਾ ਤਨ ਮਨ ਚੌਰਸਤੇ ਵਿਚ । ਲਗਦੈ ਉਸ ਨੂੰ ਵੀ ਹੋਏ ਦੇਵੀ ਦੇ ਦਰਸ਼ਨ ਚੌਰਸਤੇ ਵਿਚ । ਅਜ ਤੋਂ ਪਹਿਲਾਂ ਵੀ ਲੋਕਾਂ ਨੇ ਸਚ ਨੂੰ ਪੱਥਰ ਹੀ ਮਾਰੇ ਸਨ, ਅਜ ਤੋਂ ਪਹਿਲਾਂ ਵੀ ਲੋਕਾਂ ਤੋੜੇ ਸਨ ਦਰਪਨ ਚੌਰਸਤੇ ਵਿਚ । ਮੇਰੇ ਮਨ ਦੀ ਹਾਲਤ ਹੈ ਕਿ ਦਿਸਦੀ ਹੈ ਵੀਰਾਨੀ ਮੈਨੂੰ, ਜੀਕਣ ਤੁਰ ਕੇ ਆ ਪਹੁੰਚਾ ਹੈ ਮੇਰਾ ਆਂਗਨ ਚੌਰਸਤੇ ਵਿਚ । ਕ੍ਰਿਸ਼ਨ ਬਿਨਾਂ ਪੰਚਾਲੀ ਸੋਚੇ ਕੀਕਣ ਅਪਣੀ ਲਾਜ ਬਚਾਵਾਂ, ਸ਼ਹਿ ਲਾ ਕੇ ਬੈਠੇ ਹੋਏ ਨੇ ਅਜ ਦਰਯੋਧਨ ਚੌਰਸਤੇ ਵਿਚ । ਕਲ੍ਹ ਤਕ ਜਿਹੜੇ ਘਰ ਵਿਚ ਭੁਲ ਕੇ ਵੀ ਨਾ ਉੱਚੀ ਗਲ ਹੁੰਦੀ ਸੀ, ਅੱਜ ਉਸ ਘਰ ਦੇ ਦੇਖੇ ਨੇ ਮੈਂ ਖਿਲਰੇ ਬਰਤਨ ਚੌਰਸਤੇ ਵਿਚ । ਧਨ, ਜੋਬਨ ਤੇ ਮਾਣ ਜਵਾਨੀ ਦਾ ਕੀ ਕਰਨਾ ਹੈ ਦੀਵਾਨੇ, ਕਿਤਨੇ ਹੀ ਧਨ ਵਾਲੇ ਹੋ ਜਾਂਦੇ ਨੇ ਨਿਰਧਨ ਚੌਰਸਤੇ ਵਿਚ ।

ਕੱਲ੍ਹ ਰਾਤ ਫਿਰ ਭੁਲੇਖਿਆਂ 'ਚ

ਕੱਲ੍ਹ ਰਾਤ ਫਿਰ ਭੁਲੇਖਿਆਂ 'ਚ ਪਾ ਗਇਆ ਬਦਨ । ਜੋ ਜਗਮਗਾਂਦੀ ਰੌਸ਼ਨੀ ਵਿਚ ਦੇਖਿਆ ਬਦਨ । ਦੱਸੋ ਭਲਾ ਖਾਂ ਓਸ ਨੂੰ ਪੁੰਨ ਆਖੀਏ ਕਿ ਪਾਪ, ਮੈਂ ਪਰਦਿਆਂ 'ਚ ਬੈਠ ਕੇ ਜੋ ਮਾਣਿਆ ਬਦਨ । ਕੀ ਵੇਦਨਾ ਕਹੋਗੇ ਭਲਾ ਓਸ ਦੇ ਦਿਲ ਦੀ, ਜੋ ਰਾਤ ਸਾਰੀ ਜਾਗਿਆ ਅਣਮਾਣਿਆ ਬਦਨ । ਇਕ ਸ਼ਾਂਤੀ ਦੀ ਲਹਿਰ ਮੇਰੇ ਦਿਲ 'ਚ ਫਿਰ ਗਈ, ਗਲ ਨਾਲ ਲਾ ਕੇ ਦੇਖਿਆ ਮੈਂ ਭੜਕਦਾ ਬਦਨ । ਮੈਂ ਜਦ ਕਦੇ ਵੀ ਓਸ ਨੂੰ ਨਜ਼ਰਾਂ ਥੀਂ ਚੁੰਮਿਆ, ਮੈਨੂੰ ਸਮੁੱਚਾ ਜਾਪਿਆ ਉਹ ਵਲਵਲਾ ਬਦਨ । ਜੋ ਰਾਤ ਦੇਖਿਆ ਸੀ ਉਹ ਬਦਨ ਤਾਂ ਹੋਰ ਸੀ, ਲੇਕਿਨ ਸਵੇਰੇ ਹੋਰ ਹੀ ਉਹ ਨਿਕਲਿਆ ਬਦਨ ।

ਜੇਠ ਅਸਾੜ ਦੀਆਂ ਸੜਦੀਆਂ ਧੁੱਪਾਂ

ਜੇਠ ਅਸਾੜ ਦੀਆਂ ਸੜਦੀਆਂ ਧੁੱਪਾਂ ਅਪਣੇ ਤਨ 'ਤੇ ਜਰਦੇ ਰੁੱਖ । ਲੇਕਿਨ ਸਾਡੇ ਸਿਰ 'ਤੇ ਅਪਣੇ ਹੱਥੀਂ ਛਾਵਾਂ ਕਰਦੇ ਰੁੱਖ । ਅਪਣੀ ਅਪਣੀ ਕਿਸਮਤ ਯਾਰੋ, ਅਪਣਾ ਅਪਣਾ ਲੇਖਾ ਹੈ, ਸਾਡੇ ਤਾਂ ਅਜ ਵੈਰੀ ਹੋਏ ਕੀ ਬਾਹਰ ਕੀ ਘਰ ਦੇ ਰੁੱਖ । ਕਿਆ ਲੋਕਾਂ ਦੀ ਬੇਕਦਰੀ ਹੈ, ਕਿਆ ਰੁੱਖਾਂ ਦਾ ਜੇਰਾ ਹੈ, ਇੱਟਾਂ ਪੱਥਰ ਖਾ ਖਾ ਕੇ ਵੀ ਸਾਡੀਆਂ ਝੋਲੀਆਂ ਭਰਦੇ ਰੁੱਖ । ਇਕ ਪਾਸੇ ਸਰਦੀ ਦੇ ਮੌਸਮ ਵਿਚ ਮੈਂ ਸੜਦੇ ਵੇਖੇ ਨੇ, ਇਕ ਪਾਸੇ ਸੂਰਜ ਦੀ ਗਰਮੀ ਵਿਚ ਦੇਖੇ ਮੈਂ ਠਰਦੇ ਰੁੱਖ । ਪਿੰਡਾਂ ਦੀ ਤਹਿਜ਼ੀਬ ਕਿ ਸਾਰੇ ਰੁੱਖ ਹੁੰਦੇ ਸੀ ਕੋਲੋ ਕੋਲ, ਸ਼ਹਿਰਾਂ ਦੀ ਤਹਿਜ਼ੀਬ ਕਿ ਅਪਣੇ ਸਾਏ ਤੋਂ ਵੀ ਡਰਦੇ ਰੁੱਖ । ਦੀਵਾਨੇ ਕਿਉਂ ਝੂਰ ਰਹੇ ਹੋ, ਇਹ ਲੋਕਾਂ ਦੀ ਫ਼ਿਤਰਤ ਹੈ, ਕਲ੍ਹ ਰੁੱਖ ਲੋਕਾਂ ਦਾ ਸਾਇਆ ਸਨ, ਅਜ ਲੋਕਾਂ ਤੇ ਡਰਦੇ ਰੁੱਖ ।

ਮੇਰੀ ਤਲੀ 'ਤੇ ਦਹਿਕਦਾ ਅੰਗਿਆਰ

ਮੇਰੀ ਤਲੀ 'ਤੇ ਦਹਿਕਦਾ ਅੰਗਿਆਰ ਧਰ ਗਇਆ । ਕਲ੍ਹ ਰਾਤ ਫੇਰ ਦੋਸਤੋ ਕੋਈ ਖ਼ਾਬ ਮਰ ਗਇਆ । ਜੀਉਂਦਾ ਰਹੇਗਾ ਉਹ ਸਦਾ ਭਾਵੇਂ ਕਿ ਮਰ ਗਇਆ, ਜੋ ਜ਼ਿੰਦਗੀ ਵਿੱਚ ਮੌਤ ਵਰਗੇ ਦਰਦ ਜਰ ਗਇਆ । ਗੁਜ਼ਰੇ ਸਮੇਂ ਦੀ ਯਾਦ ਵੀ ਹੁਣ ਯਾਦ ਨਾ ਰਹੀ, ਕੈਸਾ ਅਜੀਬ ਹਾਦਸਾ ਦਿਲ 'ਤੇ ਗੁਜ਼ਰ ਗਇਆ । ਸਾਨੂੰ ਜੋ ਆਖਦਾ ਸੀ ਮੌਤ ਤੋਂ ਵੀ ਨਾ ਡਰੋ, ਕਲ੍ਹ ਰਾਤ ਓਹੀ ਆਪਣੇ ਸਾਏ ਤੋਂ ਡਰ ਗਇਆ । ਸੁਪਨਾ ਸੀ, ਨੂਰ ਸੀ ਕਿ ਉਹ ਝੋਂਕਾ ਹਵਾ ਦਾ ਸੀ, ਆਇਆ ਜਦੋਂ ਵੀ ਆਪਣਾ ਮੁਕੱਦਰ ਸੰਵਰ ਗਇਆ । ਜੰਗਲ 'ਚੋਂ ਆਈ ਪਰਤ ਕੇ ਖ਼ਾਲੀ ਮੇਰੀ ਸਦਾਅ, ਮੇਰੀ ਸਦਾਅ ਦਾ ਸ਼ੋਰ ਵੀ ਖ਼ਬਰੇ ਕਿਧਰ ਗਇਆ । ਦੀਵਾਨੇ ਤੂੰ ਇੱਧਰ ਵੀ ਸੀ ਓਧਰ ਵੀ ਤੂੰ ਹੀ ਸੀ, ਤੇਰਾ ਹੀ ਨੂਰ ਫੈਲਿਆ ਤਕਿਆ, ਜਿਧਰ ਗਇਆ ।

ਜਿਸ ਸ਼ਹਿਰ ਦੇ ਹਰ ਦੁਖ ਨੂੰ

ਜਿਸ ਸ਼ਹਿਰ ਦੇ ਹਰ ਦੁਖ ਨੂੰ ਮੈਂ ਦਿਲ 'ਤੇ ਹੰਢਾਇਆ ਹੈ । ਅਜ ਅੰਤ ਸਮੇਂ ਲਗਿਆ ਇਹ ਸ਼ਹਿਰ ਪਰਾਇਆ ਹੈ । ਹੁਣ ਤੇਰੀਆਂ ਯਾਦਾਂ ਹੀ ਮੇਰਾ ਸਰਮਾਇਆ ਹੈ । ਦੀਵਾਨਾ ਹੈ ਦੀਵਾਨਾ ਕਦ ਹੋਸ਼ 'ਚ ਆਇਆ ਹੈ । ਪੁਟਦੇ ਹੀ ਰਹੇ ਜਿਸ ਨੂੰ ਅਵਤਾਰ ਤੇ ਪੈਗ਼ੰਬਰ, ਨਫ਼ਰਤ ਦਾ ਉਹੀ ਬੂਟਾ ਅਜ ਦੂਣ ਸਵਾਇਆ ਹੈ । ਮੈਂ ਤਿਆਗ ਕੇ ਬਸਤੀ ਨੂੰ ਕੀ ਪਾਇਆ ਜੰਗਲ 'ਚੋਂ, ਜੰਗਲ 'ਚ ਵੀ ਇਉਂ ਲਗਿਆ ਬਸਤੀ ਨੇ ਬੁਲਾਇਆ ਹੈ । ਖਿੜਨੈ ਤਾਂ ਮੇਰੀ ਖ਼ਾਤਿਰ, ਮੁਸਕਾਓ ਵੀ ਮੇਰੇ ਲਈ, ਅਜ ਮਾਲੀ ਨੇ ਫੁੱਲਾਂ ਨੂੰ ਇਹ ਹੁਕਮ ਸੁਣਾਇਆ ਹੈ । ਦਿੱਲੀ ਨੇ ਉਜਾੜਿਆ ਹੈ ਅਜ ਉਸ ਨੂੰ ਹੀ ਦੀਵਾਨੇ, ਜਿਸ ਦੇ ਕੇ ਲਹੂ ਅਪਣਾ ਦਿੱਲੀ ਨੂੰ ਬਚਾਇਆ ਹੈ ।

ਠੀਕ ਹੈ ਕਿ ਏਸ ਜਗ ਵਿਚ

ਠੀਕ ਹੈ ਕਿ ਏਸ ਜਗ ਵਿਚ ਕੁਝ ਵੀ ਤਾਂ ਅਪਣਾ ਨਹੀਂ । ਜ਼ਿੰਦਗੀ ਵਿਚ ਇਸ ਨੂੰ ਅਪਣਾਉਣਾ ਮਗਰ ਸੌਖਾ ਨਹੀਂ । ਅਜ ਤਾਂ ਮਾਂ-ਬੋਲੀ ਵੀ ਸੰਗੀਨਾਂ ਦੇ ਸਾਏ ਹੇਠ ਹੈ, ਕੀ ਕਰੇਗਾ ਉਹ ਕਿ ਜੋ ਬੋਲ਼ਾ ਤਾਂ ਹੈ ਗੂੰਗਾ ਨਹੀਂ । ਭਾਵੇਂ ਸਾਰੇ ਪੰਛੀਆਂ ਦੇ ਖੰਭ ਹਨ ਨੋਚੇ ਗਏ, ਸੋਚ ਦੇ ਪੰਛੀ 'ਤੇ ਲੇਕਿਨ ਕੋਈ ਵੀ ਪਹਿਰਾ ਨਹੀਂ । ਜ਼ਿੰਦਗੀ ਮੇਰੀ ਸੁਖਾਵੀਂ ਇਸ ਤਰ੍ਹਾਂ ਵੀ ਹੋ ਗਈ, ਅਖ ਕਦੇ ਰੋਂਦੀ ਨਹੀਂ ਹੈ ਦਿਲ ਕਦੇ ਹਸਦਾ ਨਹੀਂ । ਦੋਸਤਾਂ ਨੂੰ ਵੀ ਮੁਹੱਬਤ ਦੁਸ਼ਮਣਾਂ ਨੂੰ ਵੀ ਪਿਆਰ, ਡਾਇਰੀ ਮੇਰੀ 'ਚ ਕੋਈ ਦੂਸਰਾ ਵਰਕਾ ਨਹੀਂ । ਹੈ ਅਜਬ ਕਿ ਮਾਂ ਦੇ ਪੁਤ ਮਾਂ ਦੇ ਹੀ ਵੈਰੀ ਹੋ ਗਏ, ਕੋਈ ਪੁੱਤਰ ਮਾਂ ਦੇ ਤਰਲੇ ਲੋਰੀਆਂ ਸੁਣਦਾ ਨਹੀਂ । ਬਾਗ਼ ਦਾ ਇਨਸਾਫ਼ ਗੰਗਾ ਰਾਮ ਕਰਿਆ ਕਰੇਗਾ, ਦੇਖੀਏ ਕਿਹੜਾ ਪਰਿੰਦਾ ਫ਼ੈਸਲਾ ਮੰਨਦਾ ਨਹੀਂ । ਮੈਂ ਹਾਂ ਦੀਵਾਨਾ ਕਿਸੇ ਨੂੰ ਕੀ ਕਹਾਂ ਕਿੱਦਾਂ ਕਹਾਂ, ਏਸ ਯੁਗ ਵਿਚ ਅਕਲ ਦੀ ਗਲ ਕੋਈ ਵੀ ਸੁਣਦਾ ਨਹੀਂ ।

ਅਜ ਆਸਮਾਨ 'ਤੇ ਛਾਏ ਨੇ

ਅਜ ਆਸਮਾਨ 'ਤੇ ਛਾਏ ਨੇ ਕੁਝ ਰੰਗ-ਬਿਰੰਗੇ ਇਉਂ ਬੱਦਲ । ਗੋਰੀ ਨੇ ਜਿਵੇਂ ਬਾਹਾਂ ਉੱਤੇ ਲਹਿਰਾਇਆ ਸਤ-ਰੰਗਾ ਆਂਚਲ । ਚਾਨਣ ਨੇ ਜਦ ਵੀ ਜਨਮ ਲਿਆ ਤਾਂ ਲਿਆ ਹਨੇਰੇ ਦੀ ਕੁੱਖ ਤੋਂ, ਮੈਂ ਜਦ ਵੀ ਔਝੜ ਵਿੱਚ ਘਿਰਿਆ ਓਦੋਂ ਹੀ ਮਿਲੀ ਮੈਨੂੰ ਮੰਜ਼ਲ । ਤੂੰ ਕਲ੍ਹ ਸੀ ਮੇਰੇ ਪਿਆਰ ਵਾਂਗ ਅੰਦਰੋਂ ਬਾਹਰੋਂ ਸੱਚਾ ਸੁੱਚਾ, ਅਜ ਬਦਲ ਰਹੀ ਦੁਨੀਆਂ ਵਾਂਗੂੰ ਕਿੱਥੋਂ ਸਿਖ ਲਏ ਨੂੰ ਵਲ-ਛਲ । ਜਦ ਚਲਦੀ ਹੈ ਤਾਂ ਤੀਲੇ ਤੋਂ ਦੱਸੋ ਖਾਂ ਹਵਾ ਕਦ ਰੁਕਦੀ ਹੈ, ਬੁਜ਼ਦਿਲ ਹੈ ਬੈਠ ਕੇ ਕੰਢੇ 'ਤੇ ਜੋ ਕਹਿੰਦਾ ਹੈ ਕਿ ਬਚ ਕੇ ਚਲ । ਆਇਆ ਸੀ ਉਹ ਸੁਪਨੇ ਅਖ ਦਾ ਮੋਤੀ ਬਣ ਛੋੜ ਗਿਆ, ਮੈਂ ਦੀਵਾਨਾ ਤਕਦਾ ਹੀ ਰਿਹਾ ਆਇਆ ਕਿਧਰੋਂ ਤੇ ਗਿਆ ਕਿਤ ਵਲ ।

ਕਦੇ ਤਾਂ ਜਾਪਦੈ ਹਰ ਸ਼ਖ਼ਸ

ਕਦੇ ਤਾਂ ਜਾਪਦੈ ਹਰ ਸ਼ਖ਼ਸ ਦਿਲ-ਰੁਬਾ ਵਾਂਗੂੰ । ਤੇ ਘਰ ਵੀ ਜਾਪਦੈ ਅਪਣਾ ਕਦੇ ਖ਼ਲਾਅ ਵਾਂਗੂੰ । ਕਿਸੇ ਦਾ ਪਿਆਰ ਵੀ ਮਿਲਿਆ ਤਾਂ ਬਦ-ਦੁਆ ਵਾਂਗੂੰ । ਅਸੀਂ ਬਿਤਾਇਆ ਹੈ ਜੀਵਨ ਵੀ ਇਕ ਸਜ਼ਾ ਵਾਂਗੂੰ । ਅਜੇ ਤਾਂ ਜਾਨ ਹੈ ਮੰਜ਼ਲ ਮਿਲੇ, ਮਿਲੇ, ਨਾ ਮਿਲੇ, ਤੁਰਾਂਗੇ ਰਾਤ ਦਿਨੇ ਪੌਣ ਦੇ ਵਹਾ ਵਾਂਗੂੰ । ਭਲਾ ਜੇ ਚਮਕੇ ਤਾਂ ਚਮਕਾਂਗੇ ਚੰਨ ਤਾਰੇ ਵਾਂਗ, ਜੇ ਛਾਣ ਲੱਗੇ ਤਾਂ ਛਾਵਾਂਗੇ ਫਿਰ ਘਟਾ ਵਾਂਗੂੰ । ਉਨ੍ਹਾਂ ਨੇ ਸਾਨੂੰ ਭੁਲਾਇਆ ਹੈ ਇਕ ਗੁਨਾਹ ਦੀ ਤਰ੍ਹਾਂ, ਕਦੇ ਜੇ ਯਾਦ ਵੀ ਕੀਤਾ ਤਾਂ ਇਕ ਸਜ਼ਾ ਵਾਂਗੂੰ । ਘਰਾਂ 'ਚ ਪਰਤ ਕੇ ਆਉਣਗੇ ਉਹ ਭਲਾ ਕਦ ਤਕ, ਖ਼ਲਾਅ 'ਚ ਜਿਹੜੇ ਗੁਆਚੇ ਨੇ ਇਕ ਸਦਾਅ ਵਾਂਗੂੰ । ਖ਼ੁਦਾ ਦਾ ਦਰਸ ਤਾਂ ਇੱਕ ਬਾਤ ਹੈ ਮੁਕੱਦਰ ਦੀ, ਅਸੀਂ ਤਾਂ ਪੂਜਿਐ ਉਸ ਨੂੰ ਸਦਾ ਖ਼ੁਦਾ ਵਾਂਗੂੰ । ਸਮੇਂ ਦੇ ਰੰਗ ਦੀਵਾਨਾ ਜੀ ਹੋ ਗਏ ਬੇਰੰਗ, ਨਾ ਮੈਂ ਹਾਂ ਕ੍ਰਿਸ਼ਨ ਤੇ ਨਾ ਉਹ ਹੈ ਰਾਧਿਕਾ ਵਾਂਗੂੰ ।

ਅਸਾਡਾ ਯਾਰ ਹੈ ਜੇਕਰ

ਅਸਾਡਾ ਯਾਰ ਹੈ ਜੇਕਰ ਅਸਾਨੂੰ ਕਿੰਜ ਭੁਲਾਏਗਾ । ਮੇਰਾ ਗ਼ਮਖ਼ਾਰ ਗ਼ਮ, ਮੈਥੋਂ ਨਜ਼ਰ ਕੀਕਣ ਚੁਰਾਏਗਾ । ਕਿਸੇ ਦੇ ਆਸਰੇ ਰਹਿ ਕੇ ਤਾਂ ਕਟ ਸਕਦਾ ਨਹੀਂ ਜੀਵਨ, ਕਿਸੇ ਦੇ ਆਸਰੇ ਜੋ ਵੀ ਤੁਰੇਗਾ ਲੜਖੜਾਏਗਾ । ਇਹ ਰਿਸ਼ਤਾ, ਦੋਸਤੀ ਤਾਂ ਸਭ ਭੁਲੇਖਾ ਹੈ, ਛਲਾਵਾ ਹੈ, ਨਾ ਕੋਈ ਨਾਲ ਆਇਆ ਸੀ, ਨਾ ਕੋਈ ਨਾਲ ਜਾਏਗਾ । ਮੇਰਾ ਹਮਦਮ ਸੀ ਭਾਵੇਂ ਫਿਰ ਵੀ ਮੈਨੂੰ ਦੇ ਗਿਆ ਧੋਖਾ, ਮਗਰ ਹੈ ਆਸ ਉਹ ਆਏਗਾ ਜਾਂ ਮੈਨੂੰ ਬੁਲਾਏਗਾ । ਮੈਂ ਅਪਣੇ ਦੋਸਤਾਂ ਤੋਂ ਇਹ ਭਰੋਸਾ ਲੈ ਕੇ ਤੁਰ ਚਲਿਆਂ, ਕਿ ਮੇਰਾ ਦੋਸਤ ਭੁਲ ਕੇ ਵੀ ਨਹੀਂ ਮੈਨੂੰ ਭੁਲਾਏਗਾ । ਮੈਂ ਦੀਵਾਨਾ ਕਹਾ ਕੇ ਇਸ ਲਈ ਖਾਂਦਾ ਰਿਹਾ ਧੋਖਾ, ਜੇ ਧੋਖਾ ਮੈਂ ਨਹੀਂ ਖਾਧਾ ਤਾਂ ਕਿਹੜਾ ਹੋਰ ਖਾਏਗਾ ।

ਗ਼ੈਰ ਦੀ ਹੈ, ਨਾ ਯਾਰ ਦੀ ਗੱਲ ਹੈ

ਗ਼ੈਰ ਦੀ ਹੈ, ਨਾ ਯਾਰ ਦੀ ਗੱਲ ਹੈ । ਇਹ ਤੇਰੇ ਮੇਰੇ ਪਿਆਰ ਦੀ ਗੱਲ ਹੈ । ਫਿਰ ਮਿਲਾਂਗੇ ਤੇ ਫੇਰ ਆਖਾਂਗੇ, ਇਹ ਖ਼ਿਜ਼ਾਂ ਵਿੱਚ ਬਹਾਰ ਦੀ ਗੱਲ ਹੈ । ਜਿਹੜੀ ਹਾਕਮ ਨੇ ਸੁਣ ਕੇ ਵੀ ਨਾ ਸੁਣੀ, ਅਨਸੁਣੀ ਉਸ ਪੁਕਾਰ ਦੀ ਗੱਲ ਹੈ । ਦੋਸਤੀ, ਇਸ਼ਕ, ਮੇਲ, ਹੱਥ ਘੁੱਟਣੀ, ਬਣ ਗਈ ਅੱਜ ਵਪਾਰ ਦੀ ਗੱਲ ਹੈ । ਕਹਿ ਸਕੋ ਗ਼ੈਰ ਨੂੰ ਕਹੋ ਅਪਣਾ, ਇਹੀ ਇੱਕੋ ਹਜ਼ਾਰ ਦੀ ਗੱਲ ਹੈ । ਜ਼ਿੰਦਗੀ ਮੌਤ ਹਨ ਅਟੱਲ ਦੋਵੇਂ, ਜਿੱਤ ਦੀ ਹੈ ਨਾ ਹਾਰ ਦੀ ਗੱਲ ਹੈ । ਕੌਣ ਮਰਿਆ ਸ਼ਹੀਦ ਕਿਹੜਾ ਹੈ, ਸੋਚ ਦੀ ਹੈ, ਵਿਚਾਰ ਦੀ ਗੱਲ ਹੈ । ਇਹ ਅਜਬ ਸੈਰਗਾਹ ਹੈ ਦੀਵਾਨੇ, ਜਿਸ 'ਚ ਹਰ ਥਾਂ ਸ਼ਿਕਾਰ ਦੀ ਗੱਲ ਹੈ ।

ਜਗ 'ਤੇ ਕਿਸੇ ਦੇ ਪਿਆਰ ਨੂੰ

ਜਗ 'ਤੇ ਕਿਸੇ ਦੇ ਪਿਆਰ ਨੂੰ ਡੁਬਣੋਂ ਬਚਾ ਲਵੀਂ । 'ਉਸ' ਕਬਰ ਕੋਲੋਂ ਲੰਘਦਿਆਂ ਸਿਰ ਨੂੰ ਝੁਕਾ ਲਵੀਂ । ਮੈਂ ਹਸ ਕੇ ਪਾਰ ਕਰ ਲਵਾਂਗਾ ਅਗਨ ਦੀ ਨਦੀ, ਪਰਲੇ ਕਿਨਾਰਿਓਾ ਜ਼ਰਾ ਮੈਨੂੰ ਬੁਲਾ ਲਵੀਂ । ਮੰਨਿਆ ਕਿਸੇ ਦੇ ਪਿਆਰ ਨੂੰ ਭੁੱਲਣਾ ਮੁਹਾਲ ਹੈ, ਫਿਰ ਵੀ ਪਿਆਰ ਖ਼ਾਤਰਾਂ ਇਹ ਜ਼ਹਿਰ ਖਾ ਲਵੀਂ । ਜੇ ਜ਼ਿੰਦਗੀ ਦੀ ਔੜ ਵਿਚ ਘਿਰ ਜਾਏਾ ਤੂੰ ਕਦੇ, ਤਾਂ ਫਿਰ ਪੁਰਾਣੇ ਅਜ਼ਮ ਦਾ ਦੀਵਾ ਜਗਾ ਲਵੀਂ । ਦੁਨੀਆਂ ਇਹ ਨਾਸ਼ਵਾਨ ਹੈ ਫਿਰ ਵੀ ਕਿਸੇ ਲਈ, ਇਸ ਨਾਸ਼ਵਾਨ ਦੁਨੀਆਂ ਵਿਚ ਦਿਲ ਨੂੰ ਲਗਾ ਲਵੀਂ । ਜੇ ਘਰ ਕਿਸੇ ਦਾ ਫੂਕਦੈਂ ਤਾਂ ਫੂਕ ਦੇ ਮਗਰ, ਅਗਨੀ 'ਚ ਪਹਿਲਾਂ ਆਪਣੀ ਉਂਗਲੀ ਜਲਾ ਲਵੀਂ । ਨਾਵਲ ਕੰਵਲ ਦੇ ਪੜ੍ਹ ਕੇ ਜੇ ਆ ਜਾਏ ਕੋਈ ਯਾਦ, ਕੋਈ ਗੀਤ ਸ਼ਿਵ ਕੁਮਾਰ ਦਾ ਤੂੰ ਗੁਣਗੁਣਾ ਲਵੀਂ ।

ਜ਼ਿੰਦਗੀ ਨੂੰ ਮੌਤ ਦਾ ਬਸ

ਜ਼ਿੰਦਗੀ ਨੂੰ ਮੌਤ ਦਾ ਬਸ ਆਸਰਾ ਰਹਿ ਜਾਏਗਾ । ਤੂੰ ਗਇਆ ਤਾਂ ਜ਼ਿੰਦਗੀ ਵਿਚ ਕੀ ਭਲਾ ਰਹਿ ਜਾਏਗਾ । ਬੇਵਫ਼ਾਈ, ਹਿਜਰ, ਪੀੜਾਂ, ਹੰਝੂ, ਹਾਵੇ ਰੰਜ-ਓ-ਗ਼ਮ, ਜ਼ਿੰਦਗੀ ਤੋਂ ਮੌਤ ਤਕ ਇਹ ਸਿਲਸਿਲਾ ਰਹਿ ਜਾਏਗਾ । ਉਸ ਦੀ ਖ਼ੁਸ਼ਬੂ ਭੌਰ ਦੀ ਵਾਯੂ ਉੜਾ ਲੈ ਜਾਏਗੀ, ਤੜਪਦਾ, ਵੀਰਾਨ ਖ਼ਾਲੀ ਬਿਸਤਰਾ ਰਹਿ ਜਾਏਗਾ । ਰੇਤ ਵਾਂਗੂੰ ਕਿਰਦੀ ਕਿਰਦੀ ਜ਼ਿੰਦਗੀ ਕਿਰ ਜਾਏਗੀ, ਆਦਮੀ ਤਾਂ ਹੈ ਖਿਡਾਉਣਾ ਦੇਖਦਾ ਰਹਿ ਜਾਏਗਾ । ਆ ਰਿਹੈ ਉਹ ਵੀ ਜ਼ਮਾਨਾ ਜਦ ਤੇਰਾ ਬੰਦਾ ਖ਼ੁਦਾ, ਰੌਸ਼ਨੀ ਹੱਥਾਂ 'ਚ ਫੜ ਕੇ ਭਟਕਦਾ ਰਹਿ ਜਾਏਗਾ । ਹੌਲੀ ਹੌਲੀ ਧੁੰਦਲਕਾ ਹੋ ਜਾਏਗਾ ਉਸ ਦਾ ਵਜੂਦ, ਸ਼ਾਮ ਜਦ ਢਲ ਜਾਏਗੀ ਇਕ ਧੁੰਦਲਕਾ ਰਹਿ ਜਾਏਗਾ । ਆਣ ਵਾਲੇ ਵਕਤ ਦੇ ਆਸਾਰ ਬਿਲਕੁਲ ਸਾਫ਼ ਹਨ, ਆਦਮੀ ਚਾਨਣ 'ਚ ਮੰਜ਼ਿਲ ਭਾਲਦਾ ਰਹਿ ਜਾਏਗਾ । ਰਸਤਿਆਂ ਨੂੰ ਬੰਨ੍ਹ ਕੇ ਪੈਰਾਂ ਨਾਲ ਦੀਵਾਨੇ ਤੁਰੋ, ਸੋਚਿਆ ਜਿਸ ਤੁਰਨ ਵੇਲੇ ਸੋਚਦਾ ਰਹਿ ਜਾਏਗਾ ।

ਜ਼ਿੰਦਗੀ ਦੀ ਖੇਡ ਨੂੰ

ਜ਼ਿੰਦਗੀ ਦੀ ਖੇਡ ਨੂੰ ਵਿਸ਼ਵਾਸ ਕਰਕੇ ਹਰ ਗਏ । ਅੱਜ ਅਸੀਂ ਚੌਰਾਹੇ ਵਿੱਚ ਯਾਰਾਂ ਦੇ ਹੱਥੋਂ ਮਰ ਗਏ । ਜਾਣ ਲੱਗਿਆਂ ਉਹ ਮੇਰੇ 'ਤੇ ਮਿਹਰਬਾਨੀ ਕਰ ਗਏ, ਆਪਣੇ ਇਲਜ਼ਾਮ ਦੀਵਾਨੇ ਦੇ ਸਿਰ 'ਤੇ ਧਰ ਗਏ । ਮੈਂ ਚਲੇ ਜਾਣਾ ਸੀ ਆਿਖ਼ਰ ਕਿਉਂ ਤੁਸੀਂ ਦਿੱਤਾ ਉਠਾਲ, ਭੁੱਲ ਭੁਲੇਖੇ ਜੇ ਅਸੀਂ ਕਲ੍ਹ ਸਾਂ ਤੁਹਾਡੇ ਘਰ ਗਏ । ਕੀ ਕਰੋਗੇ ਸਾਜ਼ ਨੂੰ , ਸੰਗੀਤ ਨੂੰ , ਆਵਾਜ਼ ਨੂੰ , ਜਦ ਤੁਹਾਡੇ ਅੰਦਰੋਂ ਸਭ ਗੀਤ ਹੀ ਨੇ ਮਰ ਗਏ । ਕੀ ਭਲਾ ਆਖੋਗੇ ਉਸ ਨੂੰ ਦੋਸਤੀ ਜਾਂ ਦੁਸ਼ਮਣੀ, ਜੀਣ ਜੋਗਾ ਕਹਿ ਕੇ ਸਾਨੂੰ ਮਰਨ ਜੋਗਾ ਕਰ ਗਏ । ਜੋ ਸਦਾ ਕਹਿੰਦੇ ਸੀ ਤੇਰੀ ਆਈ 'ਤੇ ਮਰਨੈ ਅਸੀਂ, ਵਕਤ ਜਾਂ ਆਇਆ ਤਾਂ ਮੇਰੇ ਸਾਏ ਤੋਂ ਵੀ ਡਰ ਗਏ । ਜ਼ਿੰਦਗੀ ਦੇ ਨਕਸ਼ ਨੇ ਓਹੀ ਮਗਰ ਨਕਸ਼ਾਂ 'ਚ ਯਾਰ, ਜਾ-ਬਜਾ ਚਿੱਟੇ ਦੀ ਥਾਂਵੇਂ ਰੰਗ ਕਾਲਾ ਭਰ ਗਏ । ਜਾਣ ਵਾਲੇ ਇਉਂ ਨਾ ਜਾ, ਮੁੜ ਕੇ ਨਾ ਮਿਲ ਸਕੀਏ ਕਦੀ, ਬਸ ਇਹੀ ਗੱਲ ਆਖ ਕੇ ਦੀਵਾਨੇ ਅਪਣੇ ਘਰ ਗਏ ।

ਸਰਦੀ ਦੀ ਰੁਤ ਵੀ ਸੜ ਰਹੀ

ਸਰਦੀ ਦੀ ਰੁਤ ਵੀ ਸੜ ਰਹੀ ਮੌਸਮ ਅਜੀਬ ਹੈ । ਕੁਦਰਤ ਦਾ ਖੇਲ ਹੈ ਕਿ ਇਹ ਮੇਰਾ ਨਸੀਬ ਹੈ । ਮਾਰੂਥਲਾਂ 'ਚ ਘਿਰ ਕੇ ਅਜ ਪੰਜਾਬ ਸੋਚਦੈ, ਮੇਰਾ ਹਬੀਬ ਕੌਣ ਹੈ ਕਿਹੜਾ ਰਕੀਬ ਹੈ । ਏਨਾ ਹੀ ਤਾਂ ਕਾਫ਼ੀ ਨਹੀਂ ਰੋਗੀ ਦੇ ਵਾਸਤੇ, ਨਸ਼ਤਰ ਨਵਾਂ ਹੈ ਬਦਲਿਆ ਹੋਇਆ ਤਬੀਬ ਹੈ । ਧੁੱਪਾਂ ਵੀ ਅਪਣੀਆਂ ਨਹੀਂ ਛਾਵਾਂ ਵੀ ਗ਼ੈਰ ਨੇ, ਹਾਲਾਤ ਦੀ ਗਲ ਹੈ ਤੇ ਕੁਝ ਮੇਰਾ ਨਸੀਬ ਹੈ । ਹੈ ਰੋਗ ਵੀ ਅਜੀਬ, ਰੋਗ ਦਾ ਇਲਾਜ ਵੀ, ਰੋਗੀ ਤਾਂ ਬਚ ਗਇਆ ਮਗਰ ਮੋਇਆ ਤਬੀਬ ਹੈ । ਸੱਚ ਬੋਲ ਕੇ ਤਾਂ ਵੇਖੋ ਕਿ ਸੱਚ ਬੋਲਦੇ ਲਈ, ਸੂਲੀ ਜੇ ਇਸ ਤਰਫ਼ ਹੈ ਤਾਂ ਓਧਰ ਸਲੀਬ ਹੈ । ਸਾਰੀ ਉਮਰ ਕਮਾਏ, ਜੋੜੇ, ਖ਼ਰਚ ਨਾ ਕਰੇ, ਐਸੇ ਅਮੀਰ ਤੋਂ ਭਲਾ ਕਿਹੜਾ ਗ਼ਰੀਬ ਹੈ । ਦੀਵਾਨਗੀ ਵਿੱਚ ਇਸ ਤਰ੍ਹਾਂ ਦੀਵਾਨਾ ਹੋ ਗਿਆਂ, ਨਾ ਕੋਈ ਮੈਥੋਂ ਦੂਰ ਨਾ ਕੋਈ ਕਰੀਬ ਹੈ ।

ਬਹਾਰਾਂ ਵਿੱਚ ਵੀ ਜੋ ਆਈਆਂ ਨਹੀਂ

ਬਹਾਰਾਂ ਵਿੱਚ ਵੀ ਜੋ ਆਈਆਂ ਨਹੀਂ ਓਹਨਾਂ ਬਹਾਰਾਂ ਦਾ । ਜੋ ਚਰਚਾ ਕਲ੍ਹ ਘਰਾਂ ਤੱਕ ਸੀ ਉਹ ਬਣਿਆ ਅਜ ਬਜ਼ਾਰਾਂ ਦਾ । ਤੁਸੀਂ ਅਪਣੀ ਤਸੱਲੀ ਵਾਸਤੇ ਕੋਈ ਵੀ ਨਾਂ ਦੇਵੋ, ਇਹ ਬਰਬਾਦੀ ਦਾ ਕਿੱਸਾ ਹੈ ਨਾ ਜਿੱਤਾਂ ਦਾ ਨਾ ਹਾਰਾਂ ਦਾ । ਖ਼ੁਦਾ ਲਈ ਲੜਦਿਓ ਲੋਕੋ! ਖ਼ੁਦਾ ਦੇ ਵਾਸਤੇ ਸੋਚੋ, ਲੜਾਈ ਕੁਰਸੀਆਂ ਦੀ ਹੈ ਕਿ ਝਗੜਾ ਹੈ ਵਿਚਾਰਾਂ ਦਾ । ਕਿ ਜਿਹੜੇ ਸ਼ਹਿਰ ਦੇ ਹਰ ਚੌਕ ਵਿੱਚ ਇਕ ਲਾਸ਼ ਟੰਗੀ ਹੈ, ਭਲਾ ਉਸ ਸ਼ਹਿਰ ਨੂੰ ਕੀਕਣ ਕਹੋਗੇ ਗ਼ਮ-ਗੁਸਾਰਾਂ ਦਾ । ਖ਼ਬਰ ਜਿਹੜੀ ਕਿ ਅੱਜ ਅਖ਼ਬਾਰ ਦੀ ਸੁਰਖ਼ੀ ਬਣੇ ਨਿਤ ਦਿਨ, ਉਹ ਕਲ੍ਹ ਇਤਿਹਾਸ ਬਣ ਸਕਦਾ ਹੈ ਸਿਵਿਆਂ ਦਾ ਮਜ਼ਾਰਾਂ ਦਾ । ਕਿਸੇ ਇੱਕ ਵਾਸਤੇ ਤਾਂ ਕੋਈ ਵੀ ਗੁਲਸ਼ਨ ਨਹੀਂ ਖਿੜਦਾ, ਕਿ ਇੱਕ ਫੁਲ ਵੀ ਤਾਂ ਬਣ ਸਕਦਾ ਹੈ ਲੱਖਾਂ ਦਾ ਹਜ਼ਾਰਾਂ ਦਾ । ਵਿਚਾਰਾਂ ਦੀ ਲੜਾਈ ਵਾਸਤੇ ਤਲਵਾਰ ਉਠਦੀ ਹੈ, ਮਗਰ ਤਲਵਾਰ ਤੋਂ ਹੀ ਉਪਜਦੈ ਝਗੜਾ ਵਿਚਾਰਾਂ ਦਾ । ਅਠੱਤਰ ਤੋਂ ਤੁਰੇ ਵੀਹਵੀਂ ਸਦੀ ਵੀ ਬੀਤ ਚੁੱਕੀ ਹੈ, ਮਗਰ ਆਇਆ ਨਹੀਂ ਮੌਸਮ ਐ ਦੀਵਾਨੇ ਬਹਾਰਾਂ ਦਾ ।

ਸਾਰੇ ਚਿਹਰੇ ਨਵੇਂ ਹਰ ਨਜ਼ਰ ਓਪਰੀ

ਸਾਰੇ ਚਿਹਰੇ ਨਵੇਂ ਹਰ ਨਜ਼ਰ ਓਪਰੀ ਕਿਹੜੀ ਬਸਤੀ 'ਚ ਮੈਂ ਆ ਗਇਆ ਦੋਸਤੋ । ਘਰ ਵੀ ਜਲਦੇ ਪਏ, ਦਿਲ ਵੀ ਜਲਦੇ ਪਏ ਫਿਰ ਵੀ ਲਭਦਾ ਨਹੀਂ ਚਾਨਣਾ ਦੋਸਤੋ । ਹਰ ਡਗਰ 'ਤੇ ਮਿਲੇ ਹਾਦਸੇ ਹਾਦਸੇ ਜਿਸ ਡਗਰ 'ਤੇ ਵੀ ਮੇਰੇ ਕਦਮ ਨੇ ਉਠੇ, ਹਾਦਸੇ ਜ਼ਿੰਦਗੀ ਦਾ ਮੁਕੱਦਰ ਬਣੇ ਜ਼ਿੰਦਗੀ ਬਣ ਗਈ ਹਾਦਸਾ ਦੋਸਤੋ । ਆਇਆ ਕੈਸਾ ਸਮਾਂ ਹਰ ਤਰਫ਼ ਬੇਰੁਖ਼ੀ ਨਾ ਗਗਨ ਆਪਣਾ ਨਾ ਜ਼ਮੀਂ ਆਪਣੀ, ਜਦ ਵੀ ਕਿਧਰੇ ਕਦੇ ਆਦਮੀਅਤ ਮਰੀ ਨਾਲ ਹੀ ਆਦਮੀ ਮਰ ਗਇਆ ਦੋਸਤੋ । ਦੋਸਤੀ ਪਾਲਣੀ ਜੇ ਹੈ ਮੁਸ਼ਕਿਲ ਬੜੀ ਫੇਰ ਕਾਹਦੇ ਲਈ ਪਾਲੀਏ ਦੁਸ਼ਮਣੀ, ਵਕਤ ਨਾਜ਼ਕ ਬੜਾ ਘਰ ਦੇ ਬਾਹਰ ਖੜਾ ਇਸ ਨੂੰ ਸਮਝਾਓ ਘਰ ਦਾ ਪਤਾ ਦੋਸਤੋ । ਹਰ ਨਗਰ ਦੀ ਗਲੀ ਦੇ ਹਰਿਕ ਮੋੜ 'ਤੇ ਜੋ ਵੀ ਚਿਹਰੇ ਖੜ੍ਹੇ ਨੇ ਉਦਾਸੇ ਬੜੇ, ਬੀਜ ਖ਼ੁਸ਼ੀਆਂ ਦੀਵਾਨੇ ਉਦਾਸੀ ਨੂੰ ਹੁਣ ਕਹਿ ਦਿਉ, ਕਹਿ ਦਿਉ ਅਲਵਿਦਾ! ਦੋਸਤੋ ।

ਜਿਸ ਨੇ ਆਪ ਸੁਆਰੀ ਧਰਤੀ

ਜਿਸ ਨੇ ਆਪ ਸੁਆਰੀ ਧਰਤੀ । ਓਸੇ ਦੀ ਹੈ ਸਾਰੀ ਧਰਤੀ । ਮੇਰੀਆਂ ਬਾਹਾਂ ਅੰਦਰ ਸਿਮਟੀ, ਕਲ੍ਹ ਸਾਰੀ ਦੀ ਸਾਰੀ ਧਰਤੀ । ਕੋਈ ਵੀ ਈਸਾ ਨਾ ਲੱਭਾ, ਲਭ ਲਭ ਕੇ ਹੈ ਹਾਰੀ ਧਰਤੀ । ਕਲ੍ਹ ਮੇਰੇ ਗਲ਼ ਲਗ ਕੇ ਰੋਈ, ਥੱਕੀ, ਟੁੱਟੀ, ਹਾਰੀ ਧਰਤੀ । ਅਜ ਇਸ ਪਾਸਾ ਪਰਤ ਲਿਆ ਹੈ, ਜੋ ਸੀ ਕਲ੍ਹ ਦੁਖਿਆਰੀ ਧਰਤੀ । ਦੀਵਾਨੇ ਨੇ ਜਾਣ ਲਿਆ ਹੈ, ਹੁਣ ਨਹੀਂ ਇਹ ਬੇਚਾਰੀ ਧਰਤੀ ।

ਲਿਖੇ ਪਾਣੀਆਂ 'ਤੇ ਨਾਮ

ਲਿਖੇ ਪਾਣੀਆਂ 'ਤੇ ਨਾਮ ਬੜਾ ਸੋਚ ਸੋਚ ਕੇ । ਡੁੱਬੇ ਝੀਲ ਵਿੱਚ ਸ਼ਾਮ ਬੜਾ ਸੋਚ ਸੋਚ ਕੇ । ਤੇਰੇ ਹੱਥਾਂ ਉੱਤੇ ਆਪਣੀ ਲਕੀਰ ਦੇਖ ਕੇ, ਆਪਾਂ ਰੋਏ ਸੁਬਾਹ ਸ਼ਾਮ ਬੜਾ ਸੋਚ ਸੋਚ ਕੇ । ਭੇਦ ਅੱਖੀਆਂ ਨੇ ਪਿਆਰ ਵਾਲੇ ਖੋਲ੍ਹਣੇ ਹੀ ਸਨ, ਐਵੇਂ ਚੁਕਦੇ ਸਾਂ ਜਾਮ ਬੜਾ ਸੋਚ ਸੋਚ ਕੇ । ਤੇਰੇ ਚਿਹਰੇ ਉੱਤੋਂ ਜ਼ਿੰਦਗੀ ਉਦਾਸ ਦੇਖ ਕੇ, ਆਪਾਂ ਦਿਨੇ ਕੀਤੀ ਸ਼ਾਮ ਬੜਾ ਸੋਚ ਸੋਚ ਕੇ । ਜਦੋਂ ਝਾਂਜਰਾਂ ਦੇ ਬੋਲਾਂ ਨੂੰ ਉਦਾਸ ਦੇਖਿਆ, ਚਿੱਤ ਹੋਇਆ ਉਪਰਾਮ ਬੜਾ ਸੋਚ ਸੋਚ ਕੇ । ਜਦੋਂ ਸ਼ੁਹਰਤਾਂ 'ਚੋਂ ਦੇਖੀ ਬਦਨਾਮੀ ਮਿਲਦੀ, ਆਪਾਂ ਰਹੇ ਗੁਮਨਾਮ ਬੜਾ ਸੋਚ ਸੋਚ ਕੇ । ਸਾਰੀ ਜ਼ਿੰਦਗੀ 'ਚ ਸਾਨੂੰ ਨਾ ਆਰਾਮ ਮਿਲਿਆ, ਕੀਤਾ ਅੰਤ ਨੂੰ ਆਰਾਮ ਬੜਾ ਸੋਚ ਸੋਚ ਕੇ । ਸਾਡੇ ਇਸ਼ਕੇ ਦੀ ਗਾਥਾ ਹੈ ਅਧੂਰੀ, ਓਸ ਨੂੰ , ਦਿੱਤਾ 'ਪਿਆਰ' ਉਪਨਾਮ ਬੜਾ ਸੋਚ ਸੋਚ ਕੇ ।

ਤੇਰੇ ਨਾਂ ਦਾ ਜਦ ਵੀ ਚੁਕਿਆ

ਤੇਰੇ ਨਾਂ ਦਾ ਜਦ ਵੀ ਚੁਕਿਆ ਜਾਮ ਅਸੀਂ । ਦਰਦਾਂ ਤੋਂ ਕੁਝ ਪਾਇਆ ਹੈ ਆਰਾਮ ਅਸੀਂ । ਜਦ ਵੀ ਪੀਤੀ ਪਿਆਸ ਸਗੋਂ ਹੈ ਭੜਕ ਪਈ, ਬਸ ਇਤਨੀ ਹੀ ਗੱਲ ਤੋਂ ਹਾਂ ਬਦਨਾਮ ਅਸੀਂ । ਅਪਣੀ ਚਾਹਤ ਵਿਚ ਵੀ ਕੁਝ ਕਮਜ਼ੋਰੀ ਸੀ, ਕੀਕਣ ਧਰਦੇ ਉਸ ਦੇ ਸਿਰ ਇਲਜ਼ਾਮ ਅਸੀਂ । ਅੱਖਾਂ ਵਿੱਚੋਂ ਵਗਦੇ ਹੰਝੂ ਆਖ ਰਹੇ, ਅੱਖਾਂ ਉੱਤੇ ਲਿਖਿਆ ਤੇਰਾ ਨਾਮ ਅਸੀਂ । ਜਦ ਯਾਦਾਂ ਦੇ ਸਾਏ ਡੂੰਘੇ ਹੋ ਜਾਂਦੇ, ਦਿਨ ਚੜ੍ਹਦੇ ਹੀ ਕਰ ਲੈਂਦੇ ਹਾਂ ਸ਼ਾਮ ਅਸੀਂ । ਅਪਣੇ ਬੋਲ ਵੀ ਮਿਸਰੀ ਵਰਗੇ ਹੋ ਜਾਵਣ, ਜਦ ਬੁੱਲ੍ਹਾਂ 'ਤੇ ਧਰੀਏ ਤੇਰਾ ਨਾਮ ਅਸੀਂ । ਦਰਵੇਸ਼ਾਂ ਸੰਗ ਭਾਵੇਂ ਅਪਣਾ ਮੇਲ ਨਹੀਂ, ਦਰਵੇਸ਼ਾਂ ਦੇ ਵਾਂਗੂੰ ਖਟਿਆ ਨਾਮ ਅਸੀਂ । ਅਪਣੇ ਮਨ ਦਾ ਰਾਵਣ ਸਾਥੋਂ ਨਾ ਮਰਿਆ, ਭਾਵੇਂ ਸਾਰੀ ਆਯੂ ਜਪਿਆ ਰਾਮ ਅਸੀਂ । ਦੀਵਾਨੇ ਮੰਜ਼ਲ ਤੇ ਭਾਵੇਂ ਨਾ ਪਹੁੰਚੇ, ਪਰ ਜੀਵਨ ਤੋਂ ਹੋਏ ਨਾ ਉਪਰਾਮ ਅਸੀਂ ।

ਧੁੱਪਾਂ ਕੋਲੋਂ ਛਾਂ ਲੱਭਦੇ ਨੇ

ਧੁੱਪਾਂ ਕੋਲੋਂ ਛਾਂ ਲੱਭਦੇ ਨੇ । ਭੋਲੇ ਲੋਕ ਨਿਆਂ ਲੱਭਦੇ ਨੇ । ਅਪਣੀ ਹੋਂਦ ਗੁਆ ਕੇ ਅਕਸਰ, ਲੇਖਕ ਅਪਣਾ ਨਾਂ ਲੱਭਦੇ ਨੇ । ਸ਼ਾਂਤੀ ਤਾਂ ਅਪਣੇ ਅੰਦਰ ਹੈ, ਲੋਕੀਂ ਕਿਉਂ ਥਾਂ ਥਾਂ ਲੱਭਦੇ ਨੇ । ਕੱਲ੍ਹ ਤਕ ਇਹ ਬਸਤੀ ਸੀ, ਪਰ ਅੱਜ, ਏਥੇ ਚਿੜੀਆਂ ਕਾਂ ਲੱਭਦੇ ਨੇ । ਓਹਨਾਂ ਕੋਲੋਂ ਘਰ ਪੁੱਛਦੇ ਹੋ, ਜੋ ਮਰਨੇ ਦੀ ਥਾਂ ਲੱਭਦੇ ਨੇ? ਰਾਹ ਤੋਂ ਭਟਕੇ ਹੋਏ ਮੁਸਾਫ਼ਿਰ, ਧੁੱਪਾਂ ਓਹੜ ਕੇ ਛਾਂ ਲੱਭਦੇ ਨੇ । ਬਚਪਨ ਵਿਚ ਜੋ ਛੱਡ ਆਏ ਸਾਂ, ਕਿੱਥੇ ਪਿੰਡ ਗਰਾਂ ਲੱਭਦੇ ਨੇ । ਮਕਤਲ ਵਿਚ ਸਾਡੇ ਹੀ ਕਾਤਿਲ, ਸਾਡੇ ਕੋਲੋਂ 'ਹਾਂ' ਲੱਭਦੇ ਨੇ । ਦੀਵਾਨੇ ਇਹ ਕੈਸੇ ਲੋਕੀਂ, ਬਦਨਾਮੀ 'ਚੋਂ ਨਾਂ ਲੱਭਦੇ ਨੇ ।

ਜਦ ਵੀ ਮਿਸਰੀ ਵਰਗੇ ਬੋਲੇ

ਜਦ ਵੀ ਮਿਸਰੀ ਵਰਗੇ ਬੋਲੇ ਬੋਲ ਅਸੀਂ । ਪੌਣਾਂ ਦੇ ਵਿਚ ਮਿੱਠਤ ਦਿੱਤੀ ਘੋਲ ਅਸੀਂ । ਇਸ ਰਿਸ਼ਤੇ ਨੂੰ ਕਿਹੜਾ ਦੇਈਏ ਨਾਮ ਭਲਾ, ਦਿਲ ਚਾਹੇ ਬਹਿ ਰਹੀਏ ਉਸ ਦੇ ਕੋਲ ਅਸੀਂ । ਕੀ ਹੋਇਆ ਜੇ ਕਵਿਤਾ ਅਰਥ ਵਿਹੂਣੀ ਹੈ, ਪਰ ਸ਼ਬਦਾਂ ਵਿਚ ਪੂਰੇ ਤੋਲੇ ਤੋਲ ਅਸੀਂ । ਲੋਕਾਂ ਸਾਂਹਵੇਂ ਕਰੀਏ ਗਲ ਕੁਰਬਾਨੀ ਦੀ, ਅੰਦਰੋਂ ਡਰ ਕੇ ਭਾਵੇਂ ਜਾਈਏ ਡੋਲ ਅਸੀਂ । ਲੋਹੇ 'ਤੇ ਸੋਨੇ ਦੀ ਪਾਲਸ਼ ਕੀਤੀ ਹੈ, ਲੋਕਾਂ ਨੂੰ ਤਾਂ ਲਗਦੇ ਹਾਂ ਅਣਭੋਲ ਅਸੀਂ । ਵਿਦਰੋਹੀ ਨਾਇਕ ਵੀ ਬਣਨਾ ਚਾਹੁੰਦੇ ਹਾਂ, ਤੇ ਕੁਰਸੀ ਵੀ ਚਾਹੀਏ ਰੱਖਣੀ ਕੋਲ ਅਸੀਂ । ਇਸ਼ਕ-ਝਨਾਂ 'ਚੋਂ ਦੀਵਾਨੇ ਕੀ ਪਾਇਆ ਹੈ, ਹੀਰੇ ਵਰਗੀ ਜ਼ਿੰਦਗੀ ਦਿੱਤੀ ਰੋਲ ਅਸੀਂ ।

ਸਾਥੋਂ ਜਿੱਥੋਂ ਤੀਕ ਹੋਇਆ

ਸਾਥੋਂ ਜਿੱਥੋਂ ਤੀਕ ਹੋਇਆ ਦੀਵੇ ਬਾਲਦੇ ਰਹੇ । ਤੇ ਬੁਝਾਉਣ ਵਾਲੇ ਲੋਕ ਸਾਡੇ ਨਾਲ ਦੇ ਰਹੇ । ਕੀਤਾ ਉਹਨਾਂ ਨੂੰ ਵੀ ਪਿਆਰ ਸੀ ਦੀਵਾਨਿਆਂ ਦੇ ਵਾਂਗ, ਕੌਲ ਪਤਨੀ ਦੇ ਪਿਆਰ ਦਾ ਵੀ ਪਾਲਦੇ ਰਹੇ । ਜਿਉਂ ਹੀ ਜ਼ਿੰਦਗੀ ਨੂੰ ਦੇਖਿਆ ਕਰੀਬ ਤੋਂ ਕਰੀਬ, ਐਵੇਂ ਨੀਵੀਂ ਪਾ ਕੇ ਆਪਾਂ ਕੁਝ ਭਾਲਦੇ ਰਹੇ । ਚੰਨਾਂ ਸੂਰਜਾਂ ਦੇ ਨਾਲ ਸਾਡਾ ਮੇਲ ਤਾਂ ਨਹੀਂ, ਬੰਦੇ ਜ਼ਿੰਦਗੀ 'ਚ ਆਪਾਂ ਵੀ ਕਮਾਲ ਦੇ ਰਹੇ । ਜਿਹਨਾਂ ਜ਼ਿੰਦਗੀ 'ਚ ਆਪ ਨਾ ਖਲੋ ਕੇ ਦੇਖਿਆ, ਮਿਹਣੇ ਮਾਰਦੇ ਅਸਾਨੂੰ ਸਾਡੀ ਚਾਲ ਦੇ ਰਹੇ । ਡੂੰਘੀ ਸ਼ਾਮ ਵੇਲੇ ਅੱਖਾਂ ਤੇ ਗਲਾਸੀਆਂ ਦੇ ਕੋਲ, ਬਹਿ ਕੇ ਆਪਣਾ ਅਤੀਤ ਅਸੀਂ ਭਾਲਦੇ ਰਹੇ । ਅਸਾਂ ਬੀਜੀਆਂ ਬਹਾਰਾਂ ਸੀ ਦੀਵਾਨਿਆਂ ਦੇ ਵਾਂਗ, ਮਹਿਕਾਂ ਵੰਡਦੇ ਰਹੇ ਤੇ ਪਿਆਰ ਪਾਲਦੇ ਰਹੇ ।

ਜ਼ਰਾ ਠਹਿਰੋ ਪਿਆਜ਼ੀ ਸ਼ਾਮ ਕਰੀਏ

ਜ਼ਰਾ ਠਹਿਰੋ ਪਿਆਜ਼ੀ ਸ਼ਾਮ ਕਰੀਏ । ਮੁਹੱਬਤ ਜ਼ਿੰਦਗੀ ਦੇ ਨਾਮ ਕਰੀਏ । ਉਨ੍ਹਾਂ ਦੇ ਨਾਮ ਪਹਿਲਾ ਜਾਮ ਕਰੀਏ । ਉਨ੍ਹਾਂ ਦੇ ਨਾਮ ਅਜ ਦੀ ਸ਼ਾਮ ਕਰੀਏ । ਉਦਾਸੀ ਸ਼ਾਮ ਨੇ ਦੱਸਿਆ ਅਸਾਨੂੰ, ਕਦੇ ਨਾ ਜੰਗਲਾਂ ਵਿਚ ਸ਼ਾਮ ਕਰੀਏ । ਲਗਾਈਏ ਤੇ ਨਿਭਾਈਏ ਤੋੜ ਤੀਕਣ, ਕਦੇ ਨਾ ਪਿਆਰ ਨੂੰ ਬਦਨਾਮ ਕਰੀਏ । ਮੁਹੱਬਤ ਦੀ ਖਿੰਡਾਵੇ ਮਹਿਕ ਜਿਹੜਾ, ਅਜੇਹੇ ਸ਼ਖ਼ਸ ਨੂੰ ਪਰਣਾਮ ਕਰੀਏ । ਕਦੇ ਨਾ ਪੀਵੀਏ ਕਮ-ਜ਼ਰਫ਼ ਵਾਂਗੂੰ, ਕਦੇ ਨਾ ਮੈਅ-ਕਸ਼ੀ ਬਦਨਾਮ ਕਰੀਏ । ਬੜਾ ਕੁਝ ਤਕ ਲਿਆ ਦੀਵਾਨਿਆਂ ਨੇ, ਗ਼ਜ਼ਲ ਛੇੜੋ ਜ਼ਰਾ ਆਰਾਮ ਕਰੀਏ ।

ਹਰ ਨਜ਼ਾਰਾ ਦੇਖਦੀ ਹੈ

ਹਰ ਨਜ਼ਾਰਾ ਦੇਖਦੀ ਹੈ ਅੱਖ ਨਜ਼ਾਰੇ ਤੋਂ ਬਿਨਾਂ । ਜ਼ਿੰਦਗੀ ਹੈ ਬੇਸਹਾਰੀ ਇਕ ਸਹਾਰੇ ਤੋਂ ਬਿਨਾਂ । ਦੋਸਤੋ! ਉਹ ਕਾਫ਼ਲਾ ਹੈ ਦਰ ਹਕੀਕਤ ਕਾਫ਼ਲਾ, ਮੰਜ਼ਿਲਾਂ 'ਤੇ ਪਹੁੰਚਦਾ ਹੈ ਜੋ ਸਹਾਰੇ ਤੋਂ ਬਿਨਾਂ । ਗ਼ਲਤ ਹੈ ਕਿ ਜੀਅ ਪਏ ਹਾਂ ਜਦ ਇਸ਼ਾਰਾ ਮਿਲ ਗਇਆ, ਠੀਕ ਹੈ ਕਿ ਮਰ ਗਏ ਸਾਂ ਇੱਕ ਇਸ਼ਾਰੇ ਤੋਂ ਬਿਨਾਂ । ਉਹ ਕੋਈ ਦਰਿਆ ਨਹੀਂ, ਉਹ ਬੇਮੁਹਾਰਾ ਵਹਿਣ ਹੈ, ਕੋਈ ਵੀ ਦਰਿਆ ਨਹੀਂ ਬਣਦਾ ਕਿਨਾਰੇ ਤੋਂ ਬਿਨਾਂ । ਇਹ ਮਨੁਖ ਦੀ ਚੇਤਨਾ ਹੈ ਜਾਂ ਮਨੁੱਖਤਾ ਦਾ ਸੁਭਾਅ, ਹਰ ਨਜ਼ਾਰਾ ਦੇਖਦਾ ਹੈ ਹਰ ਨਜ਼ਾਰੇ ਤੋਂ ਬਿਨਾਂ । ਦੋਸ਼ ਮੇਰਾ ਹੈ ਨਾ ਤੇਰਾ ਖੇਡ ਹੈ ਕਿਸਮਤ ਦੀ ਇਹ, ਘਿਰ ਗਈ ਮੰਝਧਾਰ ਵਿੱਚ ਕਿਸ਼ਤੀ ਕਿਨਾਰੇ ਤੋਂ ਬਿਨਾਂ । ਜ਼ਿੰਦਗੀ ਵਿੱਚ ਅੰਤ ਵੇਲੇ ਫੇਰ ਚੇਤਾ ਆ ਗਇਆ, ਸੋਚਦੇ ਸਾਂ ਕਿਸ ਤਰ੍ਹਾਂ ਜੀਣੈ ਸਹਾਰੇ ਤੋਂ ਬਿਨਾਂ । ਇਹ ਤੇਰੀ ਕਿਸਮਤ ਦੀਵਾਨੇ ਇਹ ਮੁਕੱਦਰ ਹੈ ਤਿਰਾ, ਦੋਸਤਾਂ ਵਿੱਚ ਜ਼ਿੰਦਗੀ ਬੀਤੀ ਕਿਨਾਰੇ ਤੋਂ ਬਿਨਾਂ ।

ਦਰਦ ਦਾ, ਬੇਦਰਦ ਦਾ

ਦਰਦ ਦਾ, ਬੇਦਰਦ ਦਾ ਕਾਹਦਾ ਗਿਲਾ । ਜ਼ਿੰਦਗੀ ਤੇ ਮੌਤ ਦੋਏ ਬੇਵਫ਼ਾ । ਕੀ ਬਹਾਰਾਂ ਨਾਲ ਰਿਸ਼ਤਾ ਹੈ ਮਿਰਾ । ਕੀ ਤੁਹਾਡਾ ਪਤਝੜਾਂ ਥੀਂ ਵਾਸਤਾ । 'ਦੇਖ ਲਾਂਗੇ' ਇਹ ਤਾਂ ਸਭ ਕਹਿ ਦੇਣਗੇ, ਦਰਦ ਦਿਲ ਦੇ ਕੌਣ ਸਮਝੇਗਾ ਭਲਾ । ਕਦ ਝੜੇ ਪੱਤੇ ਕਦੋਂ ਨਿਕਲੇ ਨਵੇਂ, ਏਸ ਦਾ ਸ਼ਾਇਦ ਨਹੀਂ ਰੁਖ ਨੂੰ ਪਤਾ । ਜਾਮ ਹੱਥੋਂ ਤਿਲਕ ਕੇ ਟੁੱਟਣ ਤਲਕ, ਜ਼ਿੰਦਗੀ ਤੇ ਮੌਤ ਵਿਚਲਾ ਫ਼ਾਸਲਾ । ਨਕਸ਼ ਪੈੜਾਂ ਦੇ ਵੀ ਹੁਣ ਲੱਭਦੇ ਨਹੀਂ, ਕੀ ਪਤਾ ਕਦ ਲੰਘ ਗਿਆ ਹੈ ਕਾਫ਼ਲਾ । ਜਿਹੜਾ ਗ਼ਮ ਲੈ ਕੇ ਖ਼ੁਸ਼ੀ ਵੰਡਦਾ ਫਿਰੇ, ਉਹ ਹੈ ਦੀਵਾਨੇ ਖ਼ੁਦਾਵਾਂ ਦਾ ਖ਼ੁਦਾ ।

ਜ਼ਿੰਦਗੀ ਦੇ ਵਾਰਸੋ!

ਜ਼ਿੰਦਗੀ ਦੇ ਵਾਰਸੋ! ਅੱਜ ਜ਼ਿੰਦਗੀ ਦੀ ਗੱਲ ਕਰੋ । ਦੋਸਤੋ! ਕਿਉਂ ਮੌਤ ਦੀ ਕਿਉਂ ਖ਼ੁਦਕੁਸ਼ੀ ਦੀ ਗੱਲ ਕਰੋ । ਬਹੁਤ ਚਿਰ ਜੀਵਨ ਬਿਤਾਇਆ ਕਾਲੀਆਂ ਰਾਤਾਂ ਜਿਹਾ, ਆਓ, ਮੇਰੇ ਕੋਲ ਬੈਠੋ ਰੋਸ਼ਨੀ ਦੀ ਗੱਲ ਕਰੋ । ਹੈ ਬਹੁਤ ਮੁਸ਼ਕਿਲ ਮਗਰ ਇਹ ਕੰਮ ਨਾਮੁਮਕਿਨ ਨਹੀਂ, ਹੋ ਸਕੇ ਤਾਂ ਦੁਸ਼ਮਣਾਂ ਸੰਗ ਦੋਸਤੀ ਦੀ ਗੱਲ ਕਰੋ । ਵਕਤ ਸਾਡਾ ਵੀ ਕਦੇ ਆਏਗਾ ਇਸ ਵਿਚ ਸ਼ੱਕ ਨਹੀਂ, ਭੁਲ ਕੇ ਵੀ ਨਾ ਜ਼ਿੰਦਗੀ ਵਿੱਚ ਬੇਦਿਲੀ ਦੀ ਗੱਲ ਕਰੋ । ਬੇਬਸੀ ਹੈ ਨਾਮ ਦੂਜਾ ਬੁਜ਼ਦਿਲੀ ਦਾ ਦੋਸਤੋ, ਛੋੜ ਦੇਵੋ ਬੁਜ਼ਦਿਲੀ ਜ਼ਿੰਦਾਦਿਲੀ ਦੀ ਗੱਲ ਕਰੋ । ਜੇ ਹੋ ਦੀਵਾਨੇ ਤਾਂ ਫਿਰ ਦੀਵਾਨਿਆਂ ਦੇ ਵਾਂਗ ਹੀ, ਨਿੱਜ-ਖ਼ੁਸ਼ੀ ਤੋਂ ਬਾਹਰ ਆਓ ਪਰ-ਖ਼ੁਸ਼ੀ ਦੀ ਗੱਲ ਕਰੋ ।

ਹਜ਼ਾਰਾਂ ਸਾਲ ਪਹਿਲਾਂ ਜੋ

ਹਜ਼ਾਰਾਂ ਸਾਲ ਪਹਿਲਾਂ ਜੋ ਤੁਹਾਡਾ ਸੱਚ ਗਵਾਚਾ ਸੀ । ਉਹ ਸੱਚ ਅਜ ਫੇਰ ਦੀਵਾਨੇ ਦੇ ਸਨਮੁਖ ਆ ਖਲੋਤਾ ਸੀ । ਅਥਾਹ ਸਾਗਰ ਦੇ ਵਾਂਗੂੰ ਦੋਸਤੋ ਜੋ ਰਾਤ ਲਗਦਾ ਸੀ, ਦਿਨੇ ਉਹ ਸ਼ਖ਼ਸ ਖ਼ਬਰੇ ਕਿਉਂ ਨਾ ਦਰਿਆ ਸੀ ਨਾ ਕਤਰਾ ਸੀ । ਕਈ ਵਾਰੀ ਇਉਂ ਲੱਗਿਆ ਕਿਸੇ ਮੈਨੂੰ ਬੁਲਾਇਆ ਹੈ, ਜਾਂ ਮੁੜ ਕੇ ਦੇਖਿਆ ਤਾਂ ਦੇਖਿਆ ਮੈਂ ਤਾਂ ਇਕੱਲਾ ਸੀ । ਜਦੋਂ ਮੈਂ ਆਪ ਸੂਲੀ ਚੜ੍ਹ ਗਿਆ ਲੋਕਾਂ ਕਿਹਾ ਏਦਾਂ, ਇਹਨੂੰ ਲਾਹੋ, ਸਲੀਬ ਉੱਤੇ ਤਾਂ ਪਹਿਲਾ ਹੱਕ ਅਸਾਡਾ ਸੀ । ਮੈਂ ਅਪਣੀ ਲਾਸ਼ ਨੂੰ ਅਪਣੇ ਹੀ ਮੋਢੇ ਚਾ ਕੇ ਜਦ ਤੁਰਿਆ, ਉਦੋਂ ਲੱਗਿਆ ਕਿ ਅਪਣਾ ਸ਼ਹਿਰ ਵੀ ਹੋਇਆ ਪਰਾਇਆ ਸੀ । ਮੇਰੀ ਕਿਸ਼ਤੀ ਨੇ ਤਾਂ ਹਰ ਹਾਲ ਹੀ ਆਖ਼ਰ ਨੂੰ ਡੁਬਣਾ ਸੀ, ਮੈਂ ਇਹ ਗਲ ਕਿਸ ਲਈ ਆਖਾਂ ਭੰਵਰ ਸੀ ਜਾਂ ਕਿਨਾਰਾ ਸੀ । ਕੋਈ ਰਿਸ਼ਤਾ ਵੀ ਜੇ ਬੇਨਾਮ ਨਹੀਂ ਹੁੰਦਾ ਤਾਂ ਦੀਵਾਨੇ, ਕੋਈ ਦੱਸੇ ਭਲਾ ਉਸ ਦਾ ਤੇ ਮੇਰਾ ਕੈਸਾ ਰਿਸ਼ਤਾ ਸੀ ।

ਜ਼ਿੰਦਗੀ ਮੇਰੀ ਭਲਾ ਕੈਸਾ ਸਫ਼ਰ ਹੈ

ਜ਼ਿੰਦਗੀ ਮੇਰੀ ਭਲਾ ਕੈਸਾ ਸਫ਼ਰ ਹੈ । ਨਾ ਕੋਈ ਮੰਜ਼ਿਲ ਠਿਕਾਣਾ, ਨਾ ਡਗਰ ਹੈ । ਹਰ ਗਲੀ ਹਰ ਮੋੜ ਹੋਏ ਬੇਪਛਾਣੇ, ਫੇਰ ਵੀ ਲਗਦੈ ਜਿਵੇਂ ਅਪਣਾ ਨਗਰ ਹੈ । ਬੰਦ ਦਰਵਾਜ਼ੇ ਤੇ ਨਾਲੇ ਖਿੜਕੀਆਂ ਵੀ, ਕੀ ਪਤਾ ਹੈ ਅਜ ਭਲਾ ਕਿਹੜੀ ਖ਼ਬਰ ਹੈ । ਰਲ ਕੇ ਬੈਠਣ ਦਾ ਜ਼ਮਾਨਾ ਖ਼ਤਮ ਹੋਇਆ, ਇਕ ਦੂਏ ਤੋਂ ਦੂਰ ਭਜਦਾ ਹਰ ਬਸ਼ਰ ਹੈ । ਬੇਖ਼ਬਰ ਏਦਾਂ ਨੇ ਲੋਕੀਂ ਇਕ ਦੂਏ ਤੋਂ, ਜਦ ਵੀ ਮਿਲਦੇ ਆਖਦੇ ਨੇ ਕੀ ਖ਼ਬਰ ਹੈ । ਮਰਨ ਵੇਲੇ ਜੀਣ ਜੋਗਾ ਕਰ ਗਈ ਜੋ, ਦੋਸਤੋ! ਮੈਂ ਸੋਚਦਾਂ ਕਿਸ ਦੀ ਨਜ਼ਰ ਹੈ । ਕੁਝ ਤਾਂ ਅਨਹੋਣੀ ਦੀਵਾਨੇ ਹੋ ਗਈ ਹੈ, ਸ਼ਹਿਰ ਦੀ ਹਰ ਇਕ ਗਲੀ ਵਿਚ ਡਰ ਹੀ ਡਰ ਹੈ ।

ਇਕ ਮੈਂ ਹਾਂ ਇਕ ਮੇਰਾ ਗ਼ਮ ਹੈ

ਇਕ ਮੈਂ ਹਾਂ ਇਕ ਮੇਰਾ ਗ਼ਮ ਹੈ, ਇਕ ਮੇਰੀ ਰੁਸਵਾਈ ਹੈ । ਮੇਰਾ ਦਿਲ ਬਹਿਲਾਵਣ ਖ਼ਾਤਰ ਮੇਰੇ ਸੰਗ ਤਨਹਾਈ ਹੈ । ਕਿਹੜਾ ਹੈ ਜੋ ਖ਼ੁਸ਼ੀਆਂ ਦੇ ਕੇ ਲੋਕਾਂ ਦਾ ਗ਼ਮ ਅਪਣਾਏ, ਸਾਡੇ ਨਾਲ ਕਦੇ ਨਹੀਂ ਬੀਤੀ, ਲਗਦੈ ਬਾਤ ਪਰਾਈ ਹੈ । ਸਚ ਕਹਿੰਦੇ ਨੇ ਲੋਕ ਸਿਆਣੇ ਦਿਲ ਨੂੰ ਦਿਲ ਦਾ ਰਾਹ ਹੁੰਦੈ, ਮੇਰੀ ਅਖ ਵਿਚ ਵੇਖ ਕੇ ਹੰਝੂ ਤੇਰੀ ਅਖ ਭਰ ਆਈ ਹੈ । ਕੌਣ ਕਿਸੇ ਦੀ ਖ਼ਾਤਰ ਮਰਦੈ ਲੋਕਾਂ ਦਾ ਗ਼ਮ ਕੌਣ ਸਹੇ, ਇਹ ਸਭ ਕਹਿਣ ਦੀਆਂ ਗੱਲਾਂ ਹਨ ਇਹ ਕੋਰੀ ਚਤੁਰਾਈ ਹੈ । ਕਲ੍ਹ ਜੋ ਕੰਡੇ ਬੀਜੇ ਸਨ ਅਜ ਸੂਲਾਂ ਬਣੀਆਂ ਆਪ ਲਈ, ਨੇਤਾ ਜੀ ਹੁਣ ਕਿਉਂ ਰੋਂਦੇ ਹੋ ਜਦ ਅਪਣੇ ਸਿਰ ਆਈ ਹੈ । ਚਾਤਰ ਹੁੰਦਾ ਤਾਂ ਗ਼ਮ ਅਪਣਾ ਲੋਕਾਂ ਦੇ ਗ਼ਮ ਕਹਿ ਦਿੰਦਾ, ਸੌਦਾਈ ਹਾਂ ਤਾਂ ਹੀ ਮੇਰੇ ਦਿਲ ਵਿਚ ਪੀੜ ਪਰਾਈ ਹੈ । ਮੈਂ ਭਾਵੇਂ ਦੀਵਾਨਾ ਹਾਂ ਪਰ ਏਨੀ ਗਲ ਮੈਂ ਸਮਝ ਗਿਆਂ, ਇਹ ਸੱਚੀ ਹੋਵੇ ਜਾਂ ਝੂਠੀ ਰੁਸਵਾਈ, ਰੁਸਵਾਈ ਹੈ ।

ਗਿਲਾ ਹੈ ਕਾਹਦਾ ਜੇ ਜੀਵਨ ਨੂੰ

ਗਿਲਾ ਹੈ ਕਾਹਦਾ ਜੇ ਜੀਵਨ ਨੂੰ ਮੌਤ ਛਲਦੀ ਹੈ । ਕਿ ਜ਼ਿੰਦਗੀ ਦੀ ਉਮਰ ਵੀ ਤਾਂ ਪਲ ਦੋ ਪਲ ਦੀ ਹੈ । ਜੇ ਮੈਂ ਰੁਕਾਂ ਤਾਂ ਹਰਿਕ ਹਾਦਸਾ ਠਹਿਰ ਜਾਏ, ਜੇ ਮੈਂ ਚਲਾਂ ਤਾਂ ਸੜਕ ਨਾਲ ਨਾਲ ਚਲਦੀ ਹੈ । ਖ਼ੁਸ਼ੀ ਦੀ ਹੋਏ ਤਾਂ ਇੱਕ ਪਲ 'ਚ ਹੀ ਗੁਜ਼ਰ ਜਾਏ, ਗ਼ਮਾਂ ਦੀ ਰਾਤ ਮਗਰ ਹੌਲੀ ਹੌਲੀ ਢਲਦੀ ਹੈ । ਗਿਲਾ ਹੈ ਮੌਤ 'ਤੇ ਕਾਹਦਾ ਜੇ ਦੇ ਗਈ ਧੋਖਾ, ਕਿ ਜ਼ਿੰਦਗੀ ਵੀ ਤਾਂ ਅਪਣੇ ਪਰਾਏ ਛਲਦੀ ਹੈ । ਮੈਂ ਸ਼ੀਸ਼ੇ ਸਾਹਵੇਂ ਖਲੋਤਾ ਤਾਂ ਇਹ ਸਮਝ ਪਾਇਆ, ਸਮੇਂ ਦੇ ਨਾਲ ਨਾਲ ਰੁੱਤ ਕਿਵੇਂ ਬਦਲਦੀ ਹੈ ।

ਮੈਂ ਖ਼ੁਸ਼ੀ ਖ਼ਾਤਿਰ ਕੁਆਰੇ ਚਾਅ ਰੁਲਾਏ

ਮੈਂ ਖ਼ੁਸ਼ੀ ਖ਼ਾਤਿਰ ਕੁਆਰੇ ਚਾਅ ਰੁਲਾਏ ਉਮਰ ਭਰ । ਪਰ ਮੇਰੀ ਕਿਸਮਤ ਕਿ ਮੈਂ ਗ਼ਮ ਹੀ ਹੰਢਾਏ ਉਮਰ ਭਰ । ਉਮਰ ਭਰ ਆਸ਼ਾ, ਨਿਰਾਸ਼ਾ ਦੇ ਵਿਚਾਲੇ ਲਟਕਿਆਂ, ਰੇਤ ਦੇ ਘਰ ਖ਼ੁਦ ਬਣਾਏ, ਖ਼ੁਦ ਹੀ ਢਾਏ ਉਮਰ ਭਰ । ਗੀਤ ਅਪਣੇ ਆਪ ਗਾ ਕੇ ਰੋ ਲਵਾਂਗਾ ਆਪ ਹੀ, ਗੀਤ ਜੋ ਤੇਰੇ ਲਈ ਦਿਲ ਨੇ ਲਿਖਾਏ ਉਮਰ ਭਰ । ਜ਼ਿੰਦਗੀ ਦੇ ਹਮਸਫ਼ਰ ਦੋ ਪੈਰ ਵੀ ਨਾ ਸੰਗ ਤੁਰੇ, ਮੈਂ ਭਲਾ ਪੈਰਾਂ 'ਚ ਕਿਉਂ ਛਾਲੇ ਪਵਾਏ ਉਮਰ ਭਰ । ਮੈਨੂੰ ਦੇ ਦੇ ਕੇ ਦਿਲਾਸੇ ਤੁਰ ਗਏ ਮੇਰੇ ਹਬੀਬ, ਪਰ ਜਿਨ੍ਹਾਂ ਨੇ ਪਰਤਣਾ ਸੀ, ਉਹ ਨਾ ਆਏ ਉਮਰ ਭਰ । ਜ਼ਿੰਦਗੀ ਭਰ ਮੈਂ ਰਿਹਾ ਤੁਰਦਾ ਜਿਨ੍ਹਾਂ ਦੇ ਨਾਲ ਨਾਲ, ਉਹ ਮੇਰੇ ਅਪਣੇ ਰਹੇ ਬਣ ਕੇ ਪਰਾਏ ਉਮਰ ਭਰ । ਪਲ ਦੀ ਪਲ ਹੀ ਜ਼ਿੰਦਗੀ ਵਿੱਚ ਇਸ਼ਕ ਨੂੰ ਸੀ ਮਾਣਿਆ, ਫਿਰ ਦੀਵਾਨੇ ਇਸ਼ਕ ਦੇ ਸਦਮੇ ਉਠਾਏ ਉਮਰ ਭਰ ।

ਫੇਰ ਆਇਆ ਵਕਤ ਹੈ ਦਿੱਲੀ ਨੂੰ

ਫੇਰ ਆਇਆ ਵਕਤ ਹੈ ਦਿੱਲੀ ਨੂੰ ਅਜ ਸਰ ਕਰਨ ਦਾ । ਆਪਣੇ ਹੱਕਾਂ ਲਈ ਮਾਰਨ ਦਾ ਜਾਂ ਲੜ ਮਰਨ ਦਾ । ਮੁਢ ਤੋਂ ਹੀ ਦਿੱਲੀ ਰਹੀ ਦੁਸ਼ਮਣ ਮੇਰੇ ਪੰਜਾਬ ਦੀ, ਵਕਤ ਹੈ ਦਿੱਲੀ ਦੀ ਹਿੱਕ 'ਤੇ ਫੇਰ ਗੋਡਾ ਧਰਨ ਦੀ । ਜੇ ਬਚਾ ਸਕਦੈਂ, ਬਚਾ ਲੈ ਤੂੰ ਬਚਾ ਸਕਣਾ ਨਹੀਂ, ਹੈ ਇਰਾਦਾ ਕਰ ਲਿਐ ਦਿੱਲੀ ਨੂੰ ਆਪਾਂ ਵਰਨ ਦਾ । ਵਕਤ ਹੈ ਹਾਲਾਂ ਵੀ ਸੋਚੋ, ਸੋਚ ਦਾ ਪੱਲਾ ਫੜੋ, ਵਕਤ ਦੀ ਆਵਾਜ਼ ਹੈ ਕੁਝ ਕੰਮ ਚੰਗੇ ਕਰਨ ਦਾ । ਦੂਜਿਆਂ ਦੇ ਵਾਸਤੇ ਹੀ ਜੋ ਉਗਾਂਦਾ ਅੰਨ ਹੈ, ਉਸ ਨੂੰ ਵੀ ਅਧਿਕਾਰ ਹੈ ਢਿੱਡ ਆਪਣਾ ਵੀ ਭਰਨ ਦਾ । ਨਾ ਪਰਖ ਤੂੰ ਇੰਤਹਾ ਸਾਡੇ ਸਬਰ ਦੀ ਜਬਰ ਨਾਲ, ਸਿਖ ਲਿਆ ਹੈ ਗੁਰ ਵਹਾਅ ਦੇ ਉਲਟ ਆਪਾਂ ਤਰਨ ਦਾ ।

ਰੋ ਰੋ ਕਟ ਗਈ ਸਾਰੀ ਰਾਤ

ਰੋ ਰੋ ਕਟ ਗਈ ਸਾਰੀ ਰਾਤ । ਦੁਖੀਏ ਦੀ ਦੁਖਿਆਰੀ ਰਾਤ । ਅਜ ਦੀ ਰਾਤ ਨਾ ਛਡ ਕੇ ਜਾ, ਅਜ ਮੇਰੇ 'ਤੇ ਭਾਰੀ ਰਾਤ । ਜੀਵਨ ਦਾ ਸਰਮਾਇਆ ਹੈ, ਤੇਰੇ ਨਾਲ ਗੁਜ਼ਾਰੀ ਰਾਤ । ਸਭ ਦੇ ਪਰਦੇ ਢਕਦੀ ਹੈ, ਕਿੱਡੀ ਹੈ ਗੁਣਕਾਰੀ ਰਾਤ । ਗਿਣਤੀ ਨੂੰ ਤਾਰੇ ਵੀ ਨਹੀਂ, ਕਿੰਜ ਗੁਜ਼ਰੇਗੀ ਸਾਰੀ ਰਾਤ । ਇਕ ਮੇਰਾ ਸਾਥੀ ਗ਼ਮ ਹੈ, ਇਕ ਹੈ ਗ਼ਮ ਦੀ ਮਾਰੀ ਰਾਤ । ਵਿਧਵਾ ਦੇ ਜੀਵਨ ਦੇ ਵਾਂਗ, ਮੁਕਦੀ ਨਹੀਂ ਅੰਧਿਆਰੀ ਰਾਤ । ਦਿਨ ਦੇਖਣ ਨੂੰ ਤਰਸ ਗਈ, ਦੁਖੀਆ ਤੇ ਬੇਚਾਰੀ ਰਾਤ । ਦੀਵਾਨੇ ਦਾ ਜੀਵਨ ਹੈ, ਥੱਕੀ, ਟੁੱਟੀ, ਹਾਰੀ ਰਾਤ ।

ਜ਼ਖ਼ਮ ਦਿਲਾਂ ਦੇ ਭਰ ਜਾਂਦੇ ਨੇ

ਜ਼ਖ਼ਮ ਦਿਲਾਂ ਦੇ ਭਰ ਜਾਂਦੇ ਨੇ ਨਿਘਿਆਂ ਨਿਘਿਆਂ ਸਾਹਾਂ ਨਾਲ । ਹਰ ਥਾਂ ਯਾਰੋ ਪਿਆਰ ਖਿਲਾਰੋ ਬੋਲੀ ਨਾਲ, ਨਿਗਾਹਾਂ ਨਾਲ । ਮੈਲਾ ਮਨ ਕਿੰਜ ਧੋਤਾ ਜਾਏ ਇਹ ਬਾਬੇ ਨੇ ਦੱਸਿਆ ਸੀ, ਲੇਕਿਨ ਆਪਾਂ ਮਨ ਧੋਂਦੇ ਹਾਂ, ਪਾਪਾਂ ਨਾਲ, ਗੁਨਾਹਾਂ ਨਾਲ । ਜਿਸ ਰਾਹ 'ਤੇ ਮੈਂ ਠੋਕਰ ਖਾਧੀ ਫਿਰ ਅਪਣਾਇਆ ਓਹੀ ਰਾਹ, ਫਿਰ ਉਸ ਰਾਹ 'ਤੇ ਬੀਤਿਆ ਜੀਵਨ ਦੁੱਖਾਂ, ਦਰਦਾਂ, ਆਹਾਂ ਨਾਲ । ਕਹਿੰਦੇ ਨੇ ਜਦ ਬਾਹਾਂ ਟੁੱਟਣ, ਟੁੱਟ ਕੇ ਗਲ ਨੂੰ ਆ ਜਾਵਣ, ਲੇਕਿਨ ਅਜ ਗਲ਼ ਘੁੱਟੇ ਜਾਂਦੇ, ਆਪਣੀਆਂ ਹੀ ਬਾਹਾਂ ਨਾਲ । ਕਲ੍ਹ ਤਕ ਜਿਹੜੇ ਰਾਹਾਂ ਉੱਤੇ ਮੈਂ ਰਿੜਿ੍ਹਆ, ਤੁਰਿਆ, ਭਜਿਆ, ਦੱਸੋ ਕੀਕਣ ਵੈਰ ਕਮਾਵਾਂ ਮੈਂ ਓਹਨਾਂ ਹੀ ਰਾਹਾਂ ਨਾਲ । ਦਿਲ ਦਾ ਚੈਨ ਗਵਾਇਆ ਉਸ ਨੇ, ਜਿਸ ਨੇ ਵੀ ਦਿਲ ਲਾਇਆ ਹੈ, ਦੀਵਾਨਾ ਜੀ ਜੋੜ ਰਹੇ ਹੋ ਰਿਸ਼ਤਾ ਫਿਰ ਕਿਉਂ ਆਹਾਂ ਨਾਲ ।

ਜੋ ਚਾਨਣ ਢਕ ਲਿਆ ਨ੍ਹੇਰੇ ਨੇ

ਜੋ ਚਾਨਣ ਢਕ ਲਿਆ ਨ੍ਹੇਰੇ ਨੇ ਉਹ ਨ੍ਹੇਰਾ ਮੁਕਾਵਾਂਗੇ । ਜਬਰ ਦੇ ਦੌਰ ਅੰਦਰ ਸਬਰ ਦਾ ਝੰਡਾ ਝੁਲਾਵਾਂਗੇ । ਸਮਝ ਬੈਠਾ ਹੈਾ ਤੂੰ ਝੁਕਦਾ ਨਹੀਂ ਹੈ ਸਿਰ ਕਿਤੇ ਤੇਰਾ, ਸਮਾਂ ਹੁਣ ਆ ਗਿਆ ਹੈ ਸਿਰ ਤੇਰਾ ਆਪਾਂ ਝੁਕਾਵਾਂਗੇ । ਅਸਾਡੀ ਜ਼ਿੰਦਗੀ ਬੀਤੀ ਹੈ ਕਠਿਨਾਈਆਂ ਦੇ ਸੰਗ ਰਹਿ ਕੇ, ਅਸੀਂ ਕਠਿਨਾਈਆਂ ਦੇ ਯਾਰ ਹਾਂ ਯਾਰੀ ਨਿਭਾਵਾਂਗੇ । ਤੁਸੀਂ ਬੁਜ਼ਦਿਲ ਹੋ ਜੋ ਕਰਦੇ ਹੋ ਸਭ ਲੁਕ ਛਿਪ ਕੇ ਕਰਦੇ ਹੋ, ਅਸੀਂ ਬੁਜ਼ਦਿਲ ਨਹੀਂ ਜੋ ਵੀ ਕਹਾਂਗੇ ਕਰ ਦਿਖਾਵਾਂਗੇ । ਮੇਰਾ ਵਿਸ਼ਵਾਸ ਨੀ ਕੇਵਲ ਇਹ ਸਭ ਇਤਿਹਾਸ ਦਸਦਾ ਹੈ, ਕਿ ਜਿੱਤ ਲੋਕਾਂ ਦੀ ਹੁੰਦੀ ਹੈ, ਅਸੀਂ ਜਿੱਤ ਕੇ ਦਿਖਾਵਾਂਗੇ । ਜੇ ਸਿਰ ਦੇਣਾ ਪਿਆ ਤਾਂ ਫ਼ਰਜ਼ ਖ਼ਾਤਰ ਸਿਰ ਵੀ ਦੇਵਾਂਗੇ, ਅਸਾਡਾ ਫ਼ਰਜ਼ ਹੈ, ਇਸ ਫ਼ਰਜ਼ ਨੂੰ ਹਸ ਕੇ ਨਿਭਾਵਾਂਗੇ । ਤੁਸੀਂ ਉੱਲੂਆਂ ਦੇ ਵਾਂਗੂੰ ਦਿਨ ਨੂੰ ਵੀ ਸੂਰਜ ਤੋਂ ਮੁਨਕਿਰ ਹੋ, ਅਸਾਡਾ ਸਿਰੜ ਹੈ ਹਰ ਰਾਤ ਨੂੰ ਸੂਰਜ ਉਗਾਵਾਂਗੇ । ਭਲਾ ਦੀਵਾਨਿਆਂ ਨੂੰ ਕੌਣ ਹੈ, ਜੋ ਰੋਕ ਸਕਦਾ ਹੈ, ਅਸੀਂ ਅੱਗ ਦਾ ਵੀ ਦਰਿਆ ਤੈਰ ਕੇ ਉਸ ਪਾਰ ਜਾਵਾਂਗੇ ।

ਜਦ ਕਦੇ ਹਉਮੈਂ ਦਾ ਸਾਗਰ

ਜਦ ਕਦੇ ਹਉਮੈਂ ਦਾ ਸਾਗਰ ਪਾਰ ਕਰ ਜਾਵਾਂਗਾ ਮੈਂ । 'ਤੂੰ' ਨਜ਼ਰ ਆਏਾਗਾ ਓਧਰ ਹੀ ਜਿੱਧਰ ਜਾਵਾਂਗਾ ਮੈਂ । ਦਰਦ ਬਣ ਕੇ ਮੌਤ ਦੇ ਹੱਥਾਂ 'ਚ ਠਰ ਜਾਵਾਂਗਾ ਮੈਂ । ਡਰ ਗਇਆ ਤਾਂ ਆਪਣੇ ਸਾਏ ਤੋਂ ਡਰ ਜਾਵਾਂਗਾ ਮੈਂ । ਜ਼ਿੰਦਗੀ! ਭੇਟਾ ਤੇਰੀ ਇਹ ਸੀਸ ਕਰ ਜਾਵਾਂਗਾ ਮੈਂ । ਤੂੰ ਅਮਰ ਹੋ ਜਾਏਾ ਜੇ ਤਾਂ ਹਸ ਕੇ ਮਰ ਜਾਵਾਂਗਾ ਮੈਂ । ਹਰ ਨਗਰ ਦੇ ਮੋੜ ਨੂੰ ਹੋਏਗੀ ਮੇਰੀ ਹੀ ਉਡੀਕ, ਪਿਆਰ ਦਾ ਸੰਗੀਤ ਲੈ ਕੇ ਹਰ ਨਗਰ ਜਾਵਾਂਗਾ ਮੈਂ । ਏਸ ਥਾਂ ਅਰਮਾਨ ਮੇਰੇ ਦਫ਼ਨ ਹੋਏ ਪੈਰ ਪੈਰ, ਕਿਸ ਤਰ੍ਹਾਂ ਠਹਿਰੇ ਬਿਨਾਂ ਏਥੋਂ ਗੁਜ਼ਰ ਜਾਵਾਂਗਾ ਮੈਂ । ਇਕ ਮਖੌਟਾ ਪਹਿਨ ਕੇ ਮੈਂ ਪਹੁੰਚਿਆ ਸੀ ਉਸ ਦੇ ਘਰ, ਇਕ ਮਖੌਟਾ ਪਹਿਨ ਕੇ ਹੁਣ ਅਪਣੇ ਘਰ ਜਾਵਾਂਗਾ ਮੈਂ । ਦੋਸਤੋ! ਮੇਰੀ ਸ਼ਹਾਦਤ ਚਾਨਣੇ ਦੀ ਭਾਲ ਹੈ, ਚਾਨਣਾ ਬਣ ਕੇ ਖ਼ਲਾਅ ਅੰਦਰ ਬਿਖਰ ਜਾਵਾਂਗਾ ਮੈਂ । ਆਣ ਵਾਲੀ ਨਸਲ ਨੂੰ ਕਰਨੀ ਪਵੇ ਨਾ ਖ਼ੁਦਕੁਸ਼ੀ, ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਰੰਗ ਭਰ ਜਾਵਾਂਗਾ ਮੈਂ । ਇਹ ਮੇਰੀ ਬਦਕਿਸਮਤੀ, ਖ਼ੁਸ਼ਕਿਸਮਤੀ ਵੀ ਇਹ ਮੇਰੀ, ਜਾ ਨਹੀਂ ਪਾਵਾਂਗਾ ਦੀਵਾਨੇ, ਮਗਰ ਜਾਵਾਂਗਾ ਮੈਂ ।

ਇਹ ਸਚ ਹੈ ਯਾਰੋ ਕਿ ਕੁਝ ਸਮੇਂ ਲਈ

ਇਹ ਸਚ ਹੈ ਯਾਰੋ ਕਿ ਕੁਝ ਸਮੇਂ ਲਈ ਚਮਨ 'ਚ ਖ਼ਾਰਾਂ ਨੂੰ ਨੀਂਦ ਆਈ । ਮਗਰ ਖ਼ਿਜ਼ਾਵਾਂ ਨੇ ਸਿਰ ਉਠਾਉਣੈ ਜਦੋਂ ਬਹਾਰਾਂ ਨੂੰ ਨੀਂਦ ਆਈ । ਅਜੀਬ ਸਾਡੀ ਵੀ ਜ਼ਿੰਦਗੀ ਹੈ ਕਿ ਰਾਤ ਸਾਰੀ ਗਿਣੇ ਨੇ ਤਾਰੇ, ਮਗਰ ਤਸੱਲੀ ਹੈ ਏਸ ਗਲ ਦੀ ਕਿ ਗ਼ਮ ਗੁਸਾਰਾਂ ਨੂੰ ਨੀਂਦ ਆਈ । ਮੈਂ ਵਗਦੀ ਹੋਈ ਹਵਾ ਦਾ ਝੋਂਕਾ ਮੈਂ ਪਰਬਤੀਂ ਵਹਿੰਦਾ ਤੇਜ਼ ਝਰਨਾ, ਨਾ ਵਾਯੂ ਠਹਿਰੀ ਕਦੇ ਕਿਤੇ ਵੀ ਨਾ ਆਬਸ਼ਾਰਾਂ ਨੂੰ ਨੀਂਦ ਆਈ । ਜਾਂ ਕੁਝ ਕੁ ਲਾਰੇ ਹਵਾ 'ਚ ਖਿਲਰੇ ਤਾਂ ਰੁਖ਼ ਹਵਾਵਾਂ ਦੇ ਕੁਝ ਕੁ ਬਦਲੇ, ਇਹ ਤੱਕ ਕੇ ਲੋਕਾਂ ਨੂੰ ਵਹਿਮ ਹੋਇਆ ਕਿ ਬੇਕਰਾਰਾਂ ਨੂੰ ਨੀਂਦ ਆਈ । ਅਸਾਡੀ ਹਿੰਮਤ ਤੇ ਹੌਸਲਾ ਵੀ ਤਾਂ ਚੜ੍ਹਦੇ ਸੂਰਜ ਦੇ ਹਾਣ ਦਾ ਹੈ ਅਸੀਂ ਹਾਂ ਖੰਡੇ ਦੀ ਧਾਰ ਯਾਰੋ ਕਦੋਂ ਹੈ ਧਾਰਾਂ ਨੂੰ ਨੀਂਦ ਆਈ । ਸਦਾ ਵਿਚਾਰਾਂ 'ਚੋਂ ਅਮਲ ਜਨਮੇ ਤੇ ਅਮਲ ਅੰਦਰ ਹੀ ਜ਼ਿੰਦਗੀ ਹੈ ਭਲਾ ਕਮਾਓਗੇ ਅਮਲ ਕੀਕਣ ਜਦੋਂ ਵਿਚਾਰਾਂ ਨੂੰ ਨੀਂਦ ਆਈ । ਜੇ ਇਕ ਦੀਵਾਨੇ ਦੀ ਮੌਤ ਕਾਰਨ ਗਗਨ 'ਤੇ ਛਾਏ ਹਜ਼ਾਰ ਤੂਫ਼ਾਂ ਬੇਸੁੱਧ ਲੋਕੋ ਤਾਂ ਕੀ ਕਰੋਗੇ ਜਦੋਂ ਹਜ਼ਾਰਾਂ ਨੂੰ ਨੀਂਦ ਆਈ ।

ਕੈਸਾ ਅਜਬ ਜ਼ਮਾਨਾ ਆਇਆ

ਕੈਸਾ ਅਜਬ ਜ਼ਮਾਨਾ ਆਇਆ ਯਾਰੀ ਵਿਕਦੀ ਯਾਰ ਨੇ ਵਿਕਦੇ ਮੁੱਲ ਲੈਣਾ ਹੋਵੇ ਤਾਂ ਲੈ ਲਉ ਦਿਲ ਵਿਕਦੇ, ਦਿਲਦਾਰ ਨੇ ਵਿਕਦੇ । ਮੰਦਰ, ਮਸਜਿਦ, ਗੁਰੂਦਵਾਰੇ ਸਾਰੇ ਇੱਕ ਬਰਾਬਰ ਹੋ ਏ , ਸਭ ਅੰਦਰ ਰੱਬ ਦਾ ਨਾਂ ਵਿਕਦੈ ਨਫ਼ਰਤ ਦੇ ਹਥਿਆਰ ਨੇ ਵਿਕਦੇ । ਅਜ ਸਾਡੇ ਰਾਹਬਰ ਨੇ ਰਾਹਜ਼ਨ ਏਹਨਾਂ ਦੇ ਕਿਰਦਾਰ ਅਨੋਖੇ, ਕਾਰੋ ਬਾਰ ਇਨ੍ਹਾਂ ਦੇ ਕਾਲੇ ਏਹਨਾਂ ਦੇ ਕਿਰਦਾਰ ਨੇ ਵਿਕਦੇ । ਪਿਆਰ ਕਦੇ ਸੀ ਰੱਬ ਦੀ ਪੂਜਾ ਪਿਆਰ ਸੀ ਸਭ ਤੋਂ ਉੱਚਾ ਸੁੱਚਾ, ਹੁਣ ਰਾਂਝੇ ਦੇ ਦਿਲ ਵਿਕਦੇ ਨੇ ਹੁਣ ਹੀਰਾਂ ਦੇ ਪਿਆਰ ਨੇ ਵਿਕਦੇ । ਅਪਣੇ ਅੰਦਰ ਦਾ ਰੱਬ ਆਪਾਂ ਅਪਣੇ ਹੱਥੀਂ ਮਾਰ ਲਿਆ ਹੈ, ਹੁਣ ਕਾਲੇ ਕਿਰਦਾਰ ਨੇ ਵਿਕਦੇ ਹੁਣ ਚਿੱਟੇ ਕਿਰਦਾਰ ਨੇ ਵਿਕਦੇ । ਦੁਖ ਸੁਖ ਸਭ ਦਾ ਸਾਂਝਾ ਸੀਗਾ ਖ਼ੁਸ਼ੀਆਂ ਖੇੜੇ ਸਭ ਦੇ ਸਾਂਝੇ, ਕੀ ਹੋਇਆ ਤੇ ਕੀਕਣ ਹੋਇਆ ਗ਼ਮ ਵਿਕਦੇ ਗ਼ਮਖ਼ਾਰ ਨੇ ਵਿਕਦੇ । ਮੇਰਾ ਮਜ਼ਹਬ ਸਭ ਤੋਂ ਉੱਚਾ ਬਾਕੀ ਸਾਰੇ ਮਜ਼ਹਬ ਨੀਵੇਂ, ਇਹ ਅਜ ਕਲ੍ਹ ਕਿਰਦਾਰ ਹੈ ਸਾਡਾ ਇੰਜ ਸਾਡੇ ਕਿਰਦਾਰ ਨੇ ਵਿਕਦੇ । ਨੀਲਾਮੀ ਦੀ ਮੰਡੀ ਅੰਦਰ ਲੀਡਰਾਂ ਦੀ ਬੋਲੀ ਲਗਦੀ ਹੈ, ਗਲ ਤਾਂ ਕੇਵਲ ਮੁੱਲ ਤਾਰਨ ਦੀ ਇਹ ਹਰ ਥਾਂ ਹਰ ਵਾਰ ਨੇ ਵਿਕਦੇ । ਜਾਗੋ ਮੇਰੇ ਦੇਸ਼ ਦੇ ਲੋਕੋ! ਜਾਗੋ ਗੂੜ੍ਹੀ ਨੀਂਦ ਤਿਆਗੋ, ਕੁੱਤੀ ਚੋਰਾਂ ਦੇ ਸੰਗ ਰਲਗੀ ਦੇਸ਼ ਦੇ ਚੌਕੀਦਾਰ ਨੇ ਵਿਕਦੇ ।

ਅਜ ਸੋਚ ਮੇਰੀ ਮੈਨੂੰ

ਅਜ ਸੋਚ ਮੇਰੀ ਮੈਨੂੰ ਕਿਸ ਮੋੜ 'ਤੇ ਲੈ ਆਈ । ਮੈਂ ਆਪ ਤਮਾਸ਼ਾ ਹਾਂ, ਮੈਂ ਆਪ ਤਮਾਸ਼ਾਈ । ਕਿਸ ਮੋੜ 'ਤੇ ਲੈ ਆਇਆ ਤਹਿਜ਼ੀਬ ਦਾ ਸ਼ੈਦਾਈ । ਜੰਗਲਾਂ 'ਚ ਹੈ ਆਬਾਦੀ ਸ਼ਹਿਰਾਂ 'ਚ ਹੈ ਤਨਹਾਈ । ਤੁਰਿਆ ਤਾਂ ਇਕੱਲਾ ਸਾਂ, ਸੀ ਰਾਹ 'ਚ ਤਨਹਾਈ । ਮੰਜ਼ਿਲ ਤੋਂ ਜਦੋਂ ਪੁੱਜਿਆ ਇੱਕ ਭੀੜ ਨਜ਼ਰ ਆਈ । ਸੰਸਾਰ ਦਾ ਹਰ ਬੰਦਾ ਨਿਰਦੋਸ਼ ਜਿਹਾ ਲੱਗਿਆ, ਮੈਂ ਆਪਣੇ ਮਨ ਅੰਦਰ ਇਕ ਝਾਤ ਜਦੋਂ ਪਾਈ । ਇਹ ਖ਼ੂਬ ਤਮਾਸ਼ਾ ਹੈ, ਅਪਣੇ ਵੀ ਬਿਗਾਨੇ ਵੀ, ਜਦ ਆਣ ਬਣੇ ਸਿਰ 'ਤੇ ਬਣ ਜਾਣ ਤਮਾਸ਼ਾਈ । ਰੁਤਬਾ ਵੀ ਤੇ ਕੁਰਸੀ ਵੀ, ਦੌਲਤ ਵੀ ਤੇ ਸ਼ੁਹਰਤ ਵੀ, ਏਹਨਾਂ ਦਾ ਭਰੋਸਾ ਕੀ, ਇਹ ਸਾਰੇ ਨੇ ਹਰਜਾਈ । ਫੁੱਲਾਂ 'ਤੇ ਜਬਰ ਕਰਕੇ ਮਾਲੀ ਨੇ ਕਿਹਾ ਏਦਾਂ, 'ਇਸ ਵਾਰ ਬਹਾਰਾਂ ਵਿੱਚ ਕਿਆ ਖ਼ੂਬ ਬਹਾਰ ਆਈ ।' ਇਸ ਦੌਰ ਦੇ ਮੁਨਸਿਫ਼ ਦਾ ਇਨਸਾਫ਼ ਬਰਾਬਰ ਹੈ, ਹਰ ਜੀਭ ਕਟੀ ਹੋਈ, ਹਰ ਅੱਖ ਹੈ ਪਥਰਾਈ । ਦਿਨ ਰਾਤ ਰਹੇ ਤੁਰਦੇ ਮੰਜ਼ਿਲ ਸੀ ਨਾ ਰਸਤਾ ਸੀ, ਤੁਰਿਆ ਨਾ ਗਿਆ ਸਾਥੋਂ ਮੰਜ਼ਿਲ ਜਾਂ ਨਜ਼ਰ ਆਈ । ਸੋਚੋ ਨਾ ਬੁਰਾ ਭੁਲ ਕੇ ਦੁਨੀਆਂ ਤੋਂ ਰਹੋ ਡਰ ਕੇ, ਸੱਚੀ ਹੈ ਕਿ ਝੂਠੀ ਹੈ ਰੁਸਵਾਈ ਹੈ ਰੁਸਵਾਈ । ਤਹਿਜ਼ੀਬ ਦੀ ਐਨਕ 'ਚੋਂ ਤਕਿਆ ਤਾਂ ਇਉਂ ਲੱਗਿਆ, ਹਰ ਸ਼ਖ਼ਸ ਹੈ ਦੀਵਾਨਾ ਹਰ ਸ਼ਖ਼ਸ ਹੈ ਸੌਦਾਈ ।

ਚੌਰਾਹੇ ਦੀ ਬੱਤੀ ਵਾਂਗੂ

ਚੌਰਾਹੇ ਦੀ ਬੱਤੀ ਵਾਂਗੂ ਮੈਂ ਸਭ ਨੂੰ ਹੀ ਰਾਹ ਦਿਖਲਾਵਾਂ । ਲੇਕਿਨ ਜਦ ਮੈਂ ਆਪ ਕਿਤੇ ਵੀ ਜਾਣਾ ਚਾਹਾਂ ਜਾ ਨਾ ਪਾਵਾਂ । ਬੀਤੀ ਰਾਤੀਂ ਮੇਰੇ ਕੋਲੋਂ ਪੁਛਦਾ ਸੀ ਮੇਰਾ ਪਰਛਾਵਾਂ, ਮਨ ਦੀ ਘੋਰ ਉਦਾਸੀ ਲੈ ਕੇ ਸੋਚ ਰਿਹਾ ਹਾਂ ਕਿੱਧਰ ਜਾਵਾਂ । ਇਹ ਕੈਸਾ ਮੌਸਮ ਹੈ ਯਾਰੋ ਜਿਸ ਵਿੱਚ ਕਿਧਰੇ ਚੈਨ ਨਹੀਂ ਹੈ, ਮੇਰੇ ਅੰਦਰ ਅੱਗ ਬਲਦੀ ਹੈ, ਬਾਹਰ ਚੱਲਣ ਸਰਦ ਹਵਾਵਾਂ । ਰਾਤ ਹਨੇਰੀ ਬੱਦਲ ਕਾਲੇ ਹਰ ਦਰ 'ਤੇ ਮਾਯੂਸੀ ਛਾਈ, ਮੈਂ ਇਕ ਜੁਗਨੂੰ ਹਥ ਵਿਚ ਫੜ ਕੇ ਹਰ ਦਰ ਦਾ ਕੁੰਡਾ ਖੜਕਾਵਾਂ । ਚੇਤਨਤਾ 'ਤੇ ਕਰੜੇ ਪਹਿਰੇ ਤੇ ਸੋਚਾਂ ਦੇ ਪਰ ਕੱਟੇ ਨੇ, ਕੈਦ ਕਦੋਂ ਹੋਈਆਂ ਖ਼ੁਸ਼ਬੋਆਂ ਕਦ ਰੁਕ ਸਕੀਆਂ ਭਲਾ ਹਵਾਵਾਂ । ਅੱਖਾਂ ਅੰਦਰ ਡਰ ਦੇ ਸਾਏ ਹਰ ਵਾਸੀ ਦੀ ਜੀਭ ਕਟੀ ਹੈ, ਕਿਹੜਾ ਦੱਸੇ ਏਸ ਨਗਰ 'ਤੇ ਵਾਪਰੀਆਂ ਕੇਹੀਆਂ ਘਟਨਾਵਾਂ । ਏਸ ਜ਼ਮਾਨੇ ਦਾ ਮੈਂ ਯਾਰੋ ਜਦ ਵੀ ਸ਼ਿਕਵਾ ਕਰਨਾ ਚਾਹਿਆ, ਮੇਰੇ ਅੱਗੇ ਆਣ ਖਲੋਂਦਾ ਮੇਰਾ ਅਪਣਾ ਹੀ ਪਰਛਾਵਾਂ । ਕਿਸ ਨੂੰ ਦਿਲ ਦਾ ਹਾਲ ਸੁਣਾਈਏ ਕਿਸ ਨੂੰ ਦਿਲ ਦਾ ਮਹਿਰਮ ਕਹੀਏ, ਸ਼ਹਿਰ 'ਚ ਹੁਣ ਤਨਹਾਈ ਵਸਦੀ ਜੰਗਲ ਅੰਦਰ ਰਹਿਣ ਬਲਾਵਾਂ । ਸਾਡੀ ਹਾਰ ਤੁਹਾਡੀ ਜਿੱਤ ਇਹ ਦੋਵੇਂ ਗੱਲਾਂ ਹੀ ਅਸਥਿਰ ਹਨ, ਕਿਹੜੀ ਗਲ ਹੈ ਜੇ ਕੁਝ ਪਲ ਲਈ ਸੂਰਜ ਨੂੰ ਢਕ ਲੈਣ ਘਟਾਵਾਂ । ਦੀਵਾਨੇ ਸੰਨਿਆਸੀ ਬਣ ਕੇ ਜੰਗਲ ਅੰਦਰ ਜਾਵਣ ਵਾਲੇ, ਜੰਗਲ ਵਿਚ ਵੀ ਨਾਲ ਰਹੇਗਾ ਤੇਰੀਆਂ ਸੋਚਾਂ ਦਾ ਪਰਛਾਵਾਂ ।

ਦੋਸਤੀ ਰੰਗ ਬਦਲੇਗੀ

ਦੋਸਤੀ ਰੰਗ ਬਦਲੇਗੀ ਗਿਰਗਿਟ ਤਰ੍ਹਾਂ ਸ਼ਰਮ ਮਰ ਜਾਏਗੀ ਖ਼ੂਨ ਠਰ ਜਾਣਗੇ । ਸੋਚਿਆ ਵੀ ਨਾ ਸੀ ਜ਼ਿੰਦਗੀ ਵਿਚ ਕਦੇ ਹਾਦਸੇ ਇਸ ਤਰ੍ਹਾਂ ਦੇ ਗੁਜ਼ਰ ਜਾਣਗੇ । ਜੋ ਵੀ ਮਰ ਜਾਣਗੇ ਹੋ ਅਮਰ ਜਾਣਗੇ ਜਿਹੜੇ ਡੁੱਬਣਗੇ ਆਿਖ਼ਰ ਨੂੰ ਤਰ ਜਾਣਗੇ । ਜੋ ਕਿਨਾਰੇ ਖਲੋ ਕੇ ਰਹੇ ਦੇਖਦੇ ਉਹ ਭਲਾ ਪਾਰ ਕੀਕਣ ਉਤਰ ਜਾਣਗੇ । ਇਹ ਸਿਆਣੇ ਨਹੀਂ, ਇਹ ਦੀਵਾਨੇ ਨੇ ਸਭ ਇਹ ਤਾਂ ਜੋ ਕਹਿਣਗੇ ਉਹੀ ਕਰ ਜਾਣਗੇ । ਹਰ ਕੁੜੱਤਣ ਨੂੰ ਇਹ ਡੀਕ ਲਾ ਲੈਣਗੇ ਜ਼ਿੰਦਗੀ ਚਾਨਣੇ ਨਾਲ ਭਰ ਜਾਣਗੇ । ਇਕ ਤਰਫ਼ ਖੁੱਲ੍ਹ ਹੈ, ਭੁੱਖ ਤੇ ਨੰਗ ਹੈ ਕੈਦ ਵਿਚ ਮੋਤੀ ਖਿਲਰੇ ਨੇ ਦੂਜੀ ਤਰਫ਼, ਹੁਣ ਪਤਾ ਲੱਗ ਜਾਏਗਾ ਐ ਦੋਸਤੋ ਕੌਣ ਇਧਰ ਆਣਗੇ, ਕੌਣ ਉਧਰ ਜਾਣਗੇ । ਰਾਤ ਭਾਵੇਂ ਹਨੇਰੀ ਹੈ ਮੈਂ ਫੇਰ ਵੀ ਲੈ ਕੇ ਦੀਪਕ ਹਾਂ ਚੌਰਾਹੇ ਵਿਚ ਖੜ ਗਇਆ, ਇਸ ਤਰ੍ਹਾਂ ਹੋਰ ਦੀਪਕ ਜੇ ਰਲਦੇ ਰਹੇ ਰਾਹ ਸਾਰੇ ਦੇ ਸਾਰੇ ਨਿੱਖਰ ਜਾਣਗੇ । ਬੁਜ਼ਦਿਲੀ ਆਪਣੀ ਆਖਣਾ ਬੇਬਸੀ ਦਿਲ ਨੂੰ ਸਮਝਾਣ ਨੂੰ ਜਾਲ ਸ਼ਬਦਾਂ ਦਾ ਹੈ, ਜਿਹੜੇ ਅਪਣੇ ਸਹਾਰੇ ਖਲੋਵਣਗੇ, ਉਹ ਸਾਰੇ ਸ਼ਬਦਾਂ ਦੇ ਹੀ ਅਰਥ ਕਰ ਜਾਣਗੇ । ਥਾਂ ਬਦਲ ਕੇ ਤਾਂ ਆਪਾ ਬਦਲਦਾ ਨਹੀਂ ਝੂਠ ਹੈ ਝੂਠ ਤੇ ਸੱਚ ਹੈ ਸੱਚ ਹੀ, ਜੋ ਨੇ ਕਮਜ਼ਰਫ਼, ਕਮਜ਼ਰਫ਼ ਹੀ ਰਹਿਣਗੇ ਜਿਸ ਗਲੀ, ਜਿਸ ਗਰਾਂ, ਜਿਸ ਨਗਰ ਜਾਣਗੇ । ਹੈ ਮਹਿੰਦਰ ਦੀਵਾਨਾ ਇਹ ਸਭ ਆਖਦੇ ਕਰ ਲਿਆ ਦੋਸਤਾਂ 'ਤੇ ਭਰੋਸਾ ਤਦੇ, ਕੀ ਪਤਾ ਸੀ ਕਦੇ ਵਕਤ ਜੇ ਆ ਗਇਆ ਮੇਰੇ ਸਾਏ ਤੋਂ ਵੀ ਯਾਰ ਡਰ ਜਾਣਗੇ ।

ਇਹ ਕੈਸਾ ਪਰਭਾਵ ਮੇਰੇ 'ਤੇ ਹਾਰਾਂ ਦਾ

ਇਹ ਕੈਸਾ ਪਰਭਾਵ ਮੇਰੇ 'ਤੇ ਹਾਰਾਂ ਦਾ । ਹਰ ਚਿਹਰੇ 'ਚੋਂ ਚਿਹਰਾ ਦਿਸਦੈ ਯਾਰਾਂ ਦਾ । ਤਨ ਦੇ ਕਪੜੇ ਵਾਂਗੂੰ ਦਰਦ ਹੰਢਾਇਆ ਹੈ, ਜਦ ਵੀ ਕਤਲ ਕਿਤੇ ਹੋਇਆ ਗੁਲਜ਼ਾਰਾਂ ਦਾ । ਮੈਂ ਹਾਂ ਭਾਵੇਂ ਖ਼ਾਰ ਮਗਰ ਗ਼ਮ ਕਾਹਦਾ ਹੈ, ਸਾਥ ਅਜ਼ਲ ਤੋਂ ਬਣਿਆ ਫੁੱਲਾਂ ਖ਼ਾਰਾਂ ਦਾ । ਘਰ ਤੋਂ ਰੋਜ਼ਗਾਰ ਦਫ਼ਤਰ, ਦਫ਼ਤਰ ਤੋਂ ਘਰ, ਬਸ ਏਨਾਂ ਕਿੱਸਾ ਸਾਡਾ ਬੇਕਾਰਾਂ ਦਾ । ਸੂਰਜ, ਸਚ, ਤੇ ਮਹਿਕ ਭਲਾ ਕਦ ਮਰਦੇ ਨੇ, ਪੌਣਾਂ ਨੂੰ ਕੀ ਡਰ ਸੰਗੀਨਾਂ, ਦਾਰਾਂ ਦਾ । ਕਵਿਤਾਵਾਂ, ਗ਼ਜ਼ਲਾਂ ਦੀ ਚਰਚਾ ਕੀ ਕਰਨੀ, ਚਰਚਾ ਫ਼ੋਟੋ, ਖ਼ਬਰਾਂ ਤੇ ਅਖ਼ਬਾਰਾਂ ਦਾ । ਪੈਰਾਂ ਹੇਠਾਂ ਮਾਰੂਥਲ ਦਾ ਰੇਤਾ ਹੈ, ਸਾਡੇ ਸਿਰ 'ਤੇ ਸਾਇਆ ਹੈ ਤਲਵਾਰਾਂ ਦਾ । ਕਣ ਕਣ ਵਿੱਚੋਂ ਖ਼ੁਸ਼ੀਆਂ ਹਾਸੇ ਕਿਰਦੇ ਸਨ, ਤੁਰਿਆ ਜਾਂਦਾ ਸੀ ਟੋਲਾ ਮੁਟਿਆਰਾਂ ਦਾ । ਕੈਸਾ ਮੌਸਮ ਆਇਆ ਹੈ ਅਜ ਸ਼ਹਿਰਾਂ 'ਤੇ, ਗਲੀਆਂ ਵਿਚ ਆਇਆ ਚਾਨਣ ਬਾਜ਼ਾਰਾਂ ਦਾ । ਦੀਵਾਨੇ ਇਹ ਕਿਹੜੀ ਚਤਰ ਸਿਆਸਤ ਹੈ, ਜੋ ਨਹੀਂ 'ਅਪਣਾ' ਉਹ ਬੰਦਾ 'ਗ਼ੱਦਾਰਾਂ' ਦਾ ।

ਅੱਜ ਸਮੇਂ ਦੀ ਦੋਸਤੋ

ਅੱਜ ਸਮੇਂ ਦੀ ਦੋਸਤੋ ਕੈਸੀ ਅਨੋਖੀ ਚਾਲ ਹੈ । ਹਰ ਸਮੇਂ ਇਕ ਡਰ ਦਾ ਪਰਛਾਵਾਂ ਅਸਾਡੇ ਨਾਲ ਹੈ । ਸੋਚਦਾ ਹਾਂ ਕਿਸ ਤਰ੍ਹਾਂ ਦੇ ਲੋਕ ਮੇਰੇ ਇਰਦ ਗਿਰਦ, ਸਭ ਦੀਆਂ ਅੱਖਾਂ 'ਤੇ ਐਨਕ ਜਾਂ ਹਰੀ ਜਾਂ ਲਾਲ ਹੈ । ਗ਼ਮ ਕਰੋ ਨਾ ਮੈਂ ਜੇ ਤੁਰ ਚੱਲਿਆਂ ਤੁਹਾਡੇ ਸ਼ਹਿਰ 'ਚੋਂ, ਮੈਂ ਨਹੀਂ ਤਾਂ ਮੇਰਾ ਪਰਛਾਵਾਂ ਤੁਹਾਡੇ ਨਾਲ ਹੈ । ਜੋ ਕਈ ਸਦੀਆਂ ਤੋਂ ਮੇਰੇ ਜਿਸਮ 'ਚੋਂ ਸੀ ਗੁੰਮਿਆ, ਅਜ ਤੁਹਾਨੂੰ ਦੋਸਤੋ! ਉਸ ਚਾਨਣੇ ਦੀ ਭਾਲ ਹੈ । ਜ਼ਿੰਦਗੀ ਮੈਂ ਤਾਂ ਬਿਤਾਈ ਸੂਰਜਾਂ ਦੀ ਭਾਲ ਵਿੱਚ, ਮਰਨ ਵੇਲੇ ਦੇਖਿਆ ਸੂਰਜ ਦਾ ਸਾਇਆ ਨਾਲ ਹੈ । ਸਿਮਟਣਾ ਕਤਰੇ ਦੇ ਵਾਂਗੂੰ ਫੈਲਣਾ ਸਾਗਰ ਦੇ ਵਾਂਗ, ਉਲਝਣਾਂ ਦੇ ਦੌਰ ਵਿੱਚ ਇਹ ਜ਼ਿੰਦਗੀ ਦਾ ਹਾਲ ਹੈ । ਸਿਰਫ਼ ਤੇਰੇ ਵਸਲ ਦੀ ਨਈਂ ਹੱਥ 'ਤੇ ਕੋਈ ਲਕੀਰ, ਉਂਜ ਤਲੀ ਮੇਰੀ 'ਤੇ ਰੇਖਾਵਾਂ ਦਾ ਬਣਿਆ ਜਾਲ ਹੈ । ਦੋਸਤਾਂ ਦੀ ਦੋਸਤੀ ਹੈ ਦੁਸ਼ਮਣਾਂ ਦੀ ਦਾਸਤਾਂ, ਹਰ ਡੱਲੀ ਪਿੱਤਲ ਦੀ ਹੈ ਸੋਨੇ ਦੀ ਕੇਵਲ ਝਾਲ ਹੈ । ਏਸ ਨੂੰ ਆਖੋਗੇ ਕਵਿਤਾ ਜਾਂ ਬਣੀ ਹੈ ਇਹ ਗ਼ਜ਼ਲ, ਏਸ ਵਿਚ ਨਾ ਬਹਿਰ ਹੈ, ਨਾ ਤਰਜ਼ ਹੈ, ਨਾ ਤਾਲ ਹੈ । ਚਾਹੇ ਦੀਵਾਨਾ ਕਹੋ, ਚਾਹੇ ਕਹੋ ਕੋਈ ਔਲੀਆ, ਏਸ ਯੁਗ ਵਿਚ ਆਦਮੀ ਨੂੰ ਆਦਮੀ ਦੀ ਭਾਲ ਹੈ ।

ਜਿਸ ਤਰ੍ਹਾਂ ਰਸਤਿਆਂ ਵਿਚ ਮੁਸਾਫ਼ਿਰ

ਜਿਸ ਤਰ੍ਹਾਂ ਰਸਤਿਆਂ ਵਿਚ ਮੁਸਾਫ਼ਿਰ ਕੋਈ ਰਾਹਗੁਜ਼ਰ ਭਾਲਦਾ ਭਾਲਦਾ ਮਰ ਗਇਆ । ਇਉਂ ਹਨੇਰਾ ਸਵੇਰੇ ਨੂੰ ਅਜ਼ਲਾਂ ਤੋਂ ਹੀ ਉਮਰ ਭਰ ਭਾਲਦਾ ਭਾਲਦਾ ਮਰ ਗਇਆ । ਹੋਤ ਡਾਚੀ ਭਜਾ ਲੈ ਗਏ ਰਾਤ ਨੂੰ ਵਕਤ ਨੇ ਸਭ ਮਿਟਾਏ ਨੇ ਪੈਰਾਂ ਦੇ ਚਿੰਨ੍ਹ, ਰੇਤ ਦੇ ਇਸ ਸਮੁੰਦਰ 'ਚ ਘਿਰ ਕੇ ਕੋਈ ਰਾਹਗੁਜ਼ਰ ਭਾਲਦਾ ਭਾਲਦਾ ਮਰ ਗਇਆ । ਧਰਤ ਅੰਬਰ ਸਮੁੰਦਰ ਮੈਂ ਸਭ ਗਾਹ ਲਏ ਮਨ ਦਾ ਪਾਤਾਲ ਵੀ ਦੇਖਿਆ ਹੈ ਮਗਰ, ਜਿਸ ਨਜ਼ਰ 'ਚੋਂ ਇਸ਼ਾਰਾ ਮਿਲੇ ਜੀਣ ਦਾ ਉਹ ਨਜ਼ਰ ਭਾਲਦਾ ਭਾਲਦਾ ਮਰ ਗਇਆ । ਮੇਰੇ ਸੀਨੇ ਦੇ ਵਿੱਚ ਸੀਗੇ ਲੋਕਾਂ ਦੇ ਗ਼ਮ ਨਾਲ ਮੇਰੇ ਵੀ ਗ਼ਮ ਆਣ ਕੇ ਜੁੜ ਗਏ, ਹੁਣ ਤੇ ਇੰਜ ਨਾ ਕਹੋ ਕਿ ਬਹਾਰਾਂ ਦਾ ਮੈਂ ਇੱਕ ਨਗਰ ਭਾਲਦਾ ਭਾਲਦਾ ਮਰ ਗਇਆ । ਬੌਂਦਲਾ ਛੱਡਿਆ ਘਰ ਦਿਆਂ ਧੰਦਿਆਂ ਮੇਰੀ ਦੀਵਾਨਗੀ ਦੇਖ ਲੌ ਫਿਰ ਵੀ ਮੈਂ, ਜਿਸ ਡਗਰ 'ਤੇ ਇਸ਼ਾਰਾ ਮਿਲੇ ਜੀਣ ਦਾ ਉਹ ਡਗਰ ਭਾਲਦਾ ਭਾਲਦਾ ਮਰ ਗਇਆ । ਫੇਰ ਅਜ ਵਾ ਵਰੋਲੇ ਨੇ ਹਰ ਥਾਂ ਉੱਠੇ ਮੈਂ ਇਉਂ ਘਿਰ ਗਇਆ ਵਾ ਵਰੋਲੇ ਦੇ ਵਿੱਚ, ਕਿ ਗ਼ੁਬਾਰੇ ਦੇ ਵਾਂਗੂੰ ਖ਼ਲਾਵਾਂ 'ਚ ਹੀ ਤੇਰਾ ਦਰ ਭਾਲਦਾ ਭਾਲਦਾ ਮਰ ਗਇਆ । ਮੈਂ ਦੀਵਾਨਾ ਸਹੀ ਫਿਰ ਵੀ ਯਾਦ ਓਸਦੀ ਅਪਣੇ ਸੀਨੇ 'ਚ ਰੱਖੀ ਸਦਾ ਸਾਂਭ ਕੇ, ਗ਼ਲਤ ਇਲਜ਼ਾਮ ਹੈ ਉਸ ਤੋਂ ਅਨਜਾਣ ਮੈਂ ਬੇਖ਼ਬਰ ਭਾਲਦਾ ਭਾਲਦਾ ਮਰ ਗਇਆ ।

ਹਨੇਰੀ ਰਾਤ ਸੀ, ਮੈਂ ਸਾਂ, ਖ਼ਲਾਅ ਸੀ

ਹਨੇਰੀ ਰਾਤ ਸੀ, ਮੈਂ ਸਾਂ, ਖ਼ਲਾਅ ਸੀ ਮੈਂ ਤੇਰਾ ਨਾਮ ਲੈ ਕੇ ਤੁਰ ਪਿਆ ਸੀ । ਮੇਰੇ ਸਭ ਯਾਰ ਰਾਹ ਵਿੱਚ ਕਿਰ ਗਏ ਸਨ ਜੋ ਮੇਰੇ ਨਾਲ ਸੀ ਉਹ ਹੌਸਲਾ ਸੀ । ਅਸਾਨੂੰ ਜ਼ਿੰਦਗੀ ਵਿੱਚ ਦੋਸਤਾਂ ਨੇ ਕਦੇ ਇਨਸਾਨ ਵੀ ਨਾ ਸਮਝਿਆ ਸੀ । ਮਰਨ ਪਿੱਛੋਂ ਮਗਰ ਸਭ ਨੇ ਕਿਹਾ ਹੈ ਮਰਨ ਵਾਲਾ ਤਾਂ ਯਾਰੋ ਦੇਵਤਾ ਸੀ । ਸ਼ੁਰੂ ਤੋਂ ਅੰਤ ਤੱਕ ਤੁਰਦਾ ਰਿਹਾ ਹਾਂ ਮਗਰ ਇਹ ਭੇਤ ਪਾ ਸਕਿਆ ਨਹੀਂ ਮੈਂ, ਭਲਾ ਸੀ ਮੈਂ ਸਹਾਰਾ ਰਸਤਿਆਂ ਦਾ ਕਿ ਮੈਨੂੰ ਰਸਤਿਆਂ ਦਾ ਆਸਰਾ ਸੀ । ਵਿਛੋੜੇ ਬਾਅਦ ਜਦ ਫਿਰ ਮਿਲ ਕੇ ਬੈਠੇ ਅਸਾਨੂੰ ਏਸ ਦਾ ਅਹਿਸਾਸ ਹੋਇਆ, ਕਿਸੇ ਦੇ ਕੋਲ ਬਹਿ ਕੇ ਕੀ ਮਜ਼ਾ ਹੈ ਕਿਸੇ ਤੋਂ ਦੂਰ ਰਹਿ ਕੇ ਕੀ ਸਜ਼ਾ ਸੀ । ਸਮੇਂ ਦੇ ਉਲਟ ਅੱਜ ਚੱਲੀ ਹਵਾ ਹੈ ਕਿਸੇ 'ਤੇ ਦੋਸਤੋ! ਕਾਹਦਾ ਗਿਲਾ ਹੈ, ਉਹੀ ਅੱਜ ਜਾਨ ਦਾ ਦੁਸ਼ਮਣ ਹੈ ਬਣਿਆ ਜੋ ਮੇਰੀ ਜਾਨ ਦਾ ਕੱਲ੍ਹ ਆਸਰਾ ਸੀ । ਮਿਲੀ ਜਦ ਦੋਸਤਾਂ ਤੋਂ ਬੇਵਫ਼ਾਈ ਉਦੋਂ ਇਹ ਬਾਤ ਮੈਨੂੰ ਸਮਝ ਆਈ, ਜਦੋਂ ਉਹ ਬਿਰਖ ਅੱਗ ਵਿੱਚ ਸੜ ਰਿਹਾ ਸੀ ਉਦੋਂ ਕਿਉਂ ਉਸ ਤੋਂ ਪੰਛੀ ਉੜ ਗਿਆ ਸੀ । ਅਸੀਂ ਮੋਢੇ 'ਤੇ ਅਪਣੀ ਲਾਸ਼ ਚੁੱਕ ਕੇ ਭਰੇ ਬਾਜ਼ਾਰ 'ਚੋਂ ਕਈ ਵਾਰ ਲੰਘੇ, ਐ ਦੀਵਾਨੇ ਕਿਸੇ ਇਹ ਵੀ ਨਾ ਪੁੱਛਿਆ ਇਹ ਹੋਣੀ ਸੀ ਮੇਰੀ ਜਾਂ ਹਾਦਸਾ ਸੀ ।