Mandeep Kaur Randhawa (Dr.)
ਮਨਦੀਪ ਕੌਰ ਰੰਧਾਵਾ (ਡਾਃ)

ਮਨਦੀਪ ਕੌਰ ਰੰਧਾਵਾ ਕਿੱਤੇ ਵੱਲੋਂ ਭਾਵੇਂ ਪੋਸਟ ਗਰੈਜੂਏਟ ਜਮਾਤਾਂ ਨੂੰ ਅੰਗਰੇਜ਼ੀ ਪੜ੍ਹਾਉਂਦੀ ਹੈ ਪਰ ਪੰਜਾਬੀ ਵਿੱਚ ਵੀ ਉਸ ਦੀ ਬੋਲਣ ਲਿਖਣ ਤੇ ਸੰਚਾਰ ਯੋਗਤਾ ਕਮਾਲ ਦੀ ਹੈ। ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਨਾਰੀ ਮਨ ਦੀ ਮੂਕ ਅੰਤਰ ਵੇਦਨਾ ਨੂੰ ਪੜ੍ਹਿਆ ਜਾ ਸਕਦਾ ਹੈ। ਚੁੱਪ ਤੋਂ ਚੁੱਪ ਵਿਚਕਾਰਲੀ ਖ਼ਾਲੀ ਥਾਂ ਵਿੱਚ ਉਹ ਸ਼ਬਦ ਸਿਰਜਣਾ ਕਰਨਾ ਜਾਣਦੀ ਹੈ। ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਸਿਵਿਲ ਲਾਈਨਜ਼, ਲੁਧਿਆਣਾ ਵਿਖੇ ਅੰਗਰੇਜ਼ੀ ਦੇ ਪੀ.ਜੀ. ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕਾਰਜਸ਼ੀਲ ਮਨਦੀਪ ਦਾ ਜਨਮ 21 ਜਨਵਰੀ 1991 ਨੂੰ ਹੋਇਆ। ਉਸਨੇ ਆਪਣਾ ਹਾਈ ਸਕੂਲ ਮੈਰਿਟ ਨਾਲ ਪਾਸ ਕੀਤਾ।
ਮਨਦੀਪ ਦੇ ਸਤਿਕਾਰਤ ਪਿਤਾ ਜੀ ਸਃ ਹਰਜਿੰਦਰ ਸਿੰਘ ਰੰਧਾਵਾ ਭਾਰਤੀ ਸੈਨਾ ਵਿੱਚ ਸਨ। ਬਿਲਾਸਪੁਰ (ਯੂ ਪੀ) ਵਿਖੇ ਤੈਨਾਤ ਹੋਣ ਕਾਰਨ ਮਨਦੀਪ ਦਾ ਜਨਮ ਏਥੇ ਹੀ ਸਰਦਾਰਨੀ ਪਰਮਜੀਤ ਕੌਰ ਦੀ ਕੁੱਖੋਂ ਹੋਇਆ।
ਮਨਦੀਪ ਦੇ ਜੀਵਨ ਸਾਥੀ ਸਃ ਸਤਿੰਦਰ ਸਿੰਘ ਸੰਧੂ ਹਨ ਤੇ ਇਕਲੌਤਾ ਸਪੁੱਤਰ ਨਿਵਾਜ਼ ਸਿੰਘ ਸੰਧੂ ਹੈ।
ਮਨਦੀਪ ਨੇ ਗੌਰਮਿੰਟ ਕਾਲਿਜ ਫਾਰ ਵਿਮੈੱਨ ਲੁਧਿਆਣਾ ਤੋਂ ਗਰੈਜੂਏਸ਼ਨ ਤੇ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ ਏ ਅੰਗਰੇਜ਼ੀ ਪਾਸ ਕੀਤੀ। ਉਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲੀ ਵਾਈਜ਼ਲ ਦੇ ਨਾਵਲਾਂ ਬਾਰੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਰਾਸ਼ਟਰੀ-ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਹੁਣ ਤੀਕ 20 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਹਨ। ਉਸ ਦੇ ਕਈ ਆਲੋਚਨਾਤਮਿਕ ਲੇਖ ਅਤੇ ਕਿਤਾਬਾਂ ਦੇ ਅਧਿਆਇ ਵੱਖ-ਵੱਖ ਰਸਾਲਿਆਂ ਅਤੇ ਹੋਰਨਾਂ ਵੱਲੋਂ ਸੰਪਾਦਿਤ ਕਿਤਾਬਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਉਹ ਪੰਜਾਬੀ ਤੇ ਅੰਗਰੇਜ਼ੀ ਵਿੱਚ ਕਵਿਤਾਵਾਂ ਤੇ ਕਹਾਣੀਆਂ ਵੀ ਲਿਖਦੀ ਹੈ। ਡਾਃ ਮਨਦੀਪ ਕੌਰ ਰੰਧਾਵਾ ਨੇ ਅੰਗਰੇਜ਼ੀ ਵਿੱਚ ਮਾਸਟਰਜ਼ ਦੇ ਵਿਦਿਆਰਥੀਆਂ ਲਈ “Literary Movements” ਉੱਤੇ ਦੋ ਕਿਤਾਬਾਂ ਵੀ ਲਿਖੀਆਂ ਹਨ ਅਤੇ "Voicing the Vacuum in Indian Diaspora" ਨਾਮਕ ਇੱਕ ਪੁਸਤਕ ਸੰਪਾਦਿਤ ਕੀਤੀ ਹੈ। -ਗੁਰਭਜਨ ਗਿੱਲ