Mangat Chanchal
ਮੰਗਤ ਚੰਚਲ

ਆਪ ਦਾ ਜਨਮ ਸਾਲ਼ 1954 ਇੱਕ ਪਛੜੇ ਜਿਹੇ ਇਲਾਕੇ ਦੇ ਪਿੰਡ ਨਡਾਲਾ, ਨੇੜੇ ਪੰਡੋਰੀ ਮਹੰਤਾਂ (ਗੁਰਦਾਸਪੁਰ) ਵਿੱਖੇ ਸ੍ਰੀ ਮਤੀ ਭਾਗ ਵੰਤੀ ਦੀ ਕੁੱਖੋਂ, ਸ੍ਰੀ ਬੂਟਾ ਰਾਮ ਜੀ ਦੇ ਗ੍ਰਹਿ ਵਿੱਖੇ ਹੋਇਆ ਆਪ ਕਿਤੇ ਵਜੋਂ ਅਧਿਆਪਕ ਹਨ, ਅਤੇ ਹੁਣ ਸੇਵਾ ਮੁਕਤ ਕੇ ਮਾਸਟਰ ਕਲੌਨੀ ਦੀਨਾ ਨਗਰ ( ਗੁਰਦਾਸਪੁਰ) ਵਿੱਚ ਰਹਿ ਰਹੇ ਹਨ।ਆਪ ਦੇ ਦੋ ਗਜ਼ਲ ਸੰਗ੍ਰਿਹ ’ਰੌਸ਼ਨੀਆਂ ਦੀ ਭਾਲ ਵਿੱਚ’ ਅਤੇ ਦੂਜਾ ‘ਤਪਸ਼’ ਛਪ ਚੁੱਕੇ ਹਨ।ਆਪ ਗਜ਼ਲ ਲਿਖਣ ਵਿੱਚ ਕਾਫੀ ਪਰਪੱਕ ਲੇਖਕ ਹਨ । ਇਸ ਦੇ ਇਲਾਵਾ ਇੱਕ ਸੁਯੋਗ ਸਟੇਜ ਸਕੱਤ੍ਰ ਵੀ ਹਨ। ਕਈ ਸਾਹਿਤ ਸਭਾਂਵਾਂ ਦੇ ਅਹੁਦੇ ਦਾਰ ਵੀਰਹਿ ਚੁਕੇ ਹਨ। ਉਨ੍ਹਾਂ ਦੀਆਂ ਲਿਖੀਆਂ ਕੁਝ ਗ਼ਜ਼ਲਾਂ ਨਮੂਨੇ ਮਾਤ੍ਰ ਪਾਠਕਾਂ ਦੇ ਪੜ੍ਹਨ ਲਈ ਪੇਸ਼ ਹਨ।-ਰਵੇਲ ਸਿੰਘ ਇਟਲੀ

ਪੰਜਾਬੀ ਗ਼ਜ਼ਲਾਂ : ਮੰਗਤ ਚੰਚਲ

Punjabi Ghazlan : Mangat Chanchalਤੁਸੀਂ ਮੰਨੋਗੇ ਆਪਾਂ ਮੁਲਕ ਨੂੰ

ਤੁਸੀਂ ਮੰਨੋਗੇ ਆਪਾਂ ਮੁਲਕ ਨੂੰ, ਸਿਖਰੀਂ ਪੁਚਾ ਛੱਡਿਆ। ਅਸਾਂ ਤੇ ਅੰਨ ਦਾਤਾ ਮੁਲਕ ਦਾ ਮੰਗਤਾ ਬਣਾ ਛੱਡਿਆ। ਕਿਤੇ ਹਿੰਦੂ ਕਿਤੇ ਮੁਸਲਿਮ, ਕਿਸੇ ਨੂੰ ਕੁਝ ਬਣਾ ਛੱਡਿਆ, ਅਸਾਂ ਆਦਮ ਨੂੰ ਵੱਖੋ ਵੱਖਰੇ ਪਿੰਜਰੇ ਚ, ਪਾ ਛੱਡਿਆ। ਕਿਤੇ ਗਾਂ ਦਾ ਮਾਸ ਸੁੱਟ ਦਿੱਤਾ ਕਿਤੇ, ਸੂਅਰ ਸੁਟਾ ਛੱਡਿਆ। ਕਿਤੇ ਪਾਵਣ ਗ੍ਰੰਥਾਂ ਚੋਂ ਕਿਤੇ ਵਰਕਾ ਖਿਚਾ ਛੱਡਿਆ। ਕਿਸੇ ਨੂੰ ਕੀ ਮੁਆਫਕ ਹੈ, ਕਿਸੇ ਨੇ ਕੀ ਨਹੀਂ ਖਾਣਾ, ਸੁਝਾਵਾਂ ਵਿੱਚ ਤਾਂ ਸ਼ਾਮਲ ਸੀ, ਅਸਾਂ ਫਤਵਾ ਬਣਾ ਛੱਡਿਆ। ਪਵੇ ਭੱਠੀ ਬੇਕਾਰੀ ਦੀ, ਮਰੇ ਕੋਈ ਖੁਦ ਕੁਸ਼ੀ ਕਰਕੇ, ਤਰੱਕੀ ‘ਤੇ ਮਗਰ ਭਾਰ ਅਸਾਂ ਜੁਮਲਾ ਬਣਾ ਛੱਡਿਆ। ਹਨੇਰੇ ਨੂੰ ਹਨੇਰਾ ਆਖਣਾ, ਦਰਕਾਰ ਹੈ ਕਿੱਥੇ, ਹਮਾਕਤ ਜੇ ਕਰੋ ਐਸੀ, ਉਦ੍ਹਾ ਕੰਮ ਮੁਕ ਮੁਕਾ ਛੱਡਿਆ। ਅਸੀਂ ਸ਼ੌਕੀਨ ਇੰਗਲਸ਼ ਦੇ ਤੇ ਹਿੰਦੀ ਦੇ ਦੀਵਾਨੇ ਹਾਂ। ਜੋ ਬੋਲੀ ਦੁੱਧ ਤੋਂ ਚੁੰਘੀ, ਉਦ੍ਹਾ ਤੇ ਭੋਗ ਪਾ ਛੱਡਿਆ। ਭਲਾ ਗੁੰਜਾਇਸ਼ ਕਿੱਥੇ ਹੈ ਜੇ ਸਾਨੂੰ ਬਖਸ਼ਿਆ ਜਾਵੇ, ਅਸਾਂ ਅਮ੍ਰਿਤ ਜਿਹੇ ਪਾਣੀ ਨੂੰ ਜ਼ਹਿਰੀ ਬਣਾ ਛੱਡਿਆ।

ਹਵਾਵਾਂ ਨੇ ਉਦ੍ਹੇ ਕੰਨਾਂ 'ਚ

ਹਵਾਵਾਂ ਨੇ ਉਦ੍ਹੇ ਕੰਨਾਂ 'ਚ ਕੁਝ ਤਾਂ ਆਖਿਆ ਹੋਣਾ। ਪਰਿੰਦਾ ਬੇ - ਵਜ੍ਹਾ ਹੀ ਤਾਂ ਨਹੀਂ ਤੜਫਿਆ ਹੋਣਾ। ਅਕਾਰਣ ਹੀ ਨਹੀਂ ਉਨ੍ਹਾਂ, ਪਰਿੰਦਾ ਤੁੰਬਿਆ ਹੋਣਾ, ਹਵਾ ਦੇ ਉਲਟ ਉਸ ਨੇ ਵੀ, ਪਰਾਂ ਨੂੰ ਤੋਲਿਆ ਹੋਣਾ। ਹਵਾਂਵਾਂ ਰੁਮਕਣੋਂ ਗਈਆਂ, ਤੇ ਕਲ਼-ਕਲ਼ ਭੁੱਲੀਆਂ ਨਦੀਆਂ, ਕਿਸੇ ਨੇ ਲਾਜ਼ਮੀ ਉਨ੍ਹਾਂ ਦਾ ਰਸਤਾ ਰੋਕਿਆ ਹੋਣਾ। ਪਰਿੰਦੇ ਸਹਿਮ ਕੇ ਐਵੇਂ ਨਹੀਂ ਪਰਵਾਸ ਨੂੰ ਨਿਕਲੇ, ਉਨ੍ਹਾਂ ਨੇ ਬਲ਼ ਰਹੇ ਜੰਗਲ ਦਾ ਸੁਪਨਾ ਵੇਖਿਆ ਹੋਣਾ। ਕਿਵੇਂ ਸੁਪਨੇ ‘ਚ ਸਰਦਲ ਤੋਂ, ਸਿਵੇ ਤੱਕ ਦਾ ਸਫਰ ਕਰਕੇ, ਯਕੀਨਨ ਅੰਦਰੋਂ ਇੱਕ ਵਾਰ ਬੰਦਾ ਹਿੱਲਿਆ ਹੋਣਾ।

ਮੈਂ ਬਥੇਰਾ ਸੋਚਦਾਂ, ਉਸ ਦੀ ਰਜ਼ਾ ਵਿੱਚ

ਮੈਂ ਬਥੇਰਾ ਸੋਚਦਾਂ, ਉਸ ਦੀ ਰਜ਼ਾ ਵਿੱਚ ਰਹਿਣ ਦੀ। ਦਿਲ ਨੂੰ ਹੀ ਆਦਤ ਨਹੀਂ, ਪਰ ਬੇਨਿਆਈ ਸਹਿਣ ਦੀ। ਪਾਕ ਦਾਮਨ ਦੀ ਰਹੇ ਹਰ ਵਕਤ ਚਿੰਤਾ ਸੱਚ ਨੂੰ, ਝੂਠ ਨੂੰ ਚਿੰਤਾ ਨਹੀਂ ਹੈ, ਢਾਉਣ ਦੀ ਤੇ ਢਹਿਣ ਦੀ। ਜਦ ਪਹਾੜੋਂ ਉਤਰਿਆ, ਤਾਂ ਔਹ ਗਿਆ ਤੇ ਔਹ ਗਿਆ, ਰਹਿ ਰਿਹਾ ਮੈਂ ਪਾਣੀਆਂ ਨੂੰ ਜਾਚ ਦੱਸਦਾ ਵਹਿਣ ਦੀ। ਵਾਂਗ ਖੱਖਰ ਛਿੜ ਪਏ, ਤੇ ਗਲ਼ ਮੇਰੇ ਸਭ ਪੈ ਗਏ, ਦੇਰ ਸੀ ਬਸ ਚਾਨਣੇ ਨੂੰ ਚਾਨਣ ਹੀ ਕਹਿਣ ਦੀ। ਤਲਖ ਏਨਾ ਹੋ ਗਿਆ ਹੈ, ਹਰ ਮੁਹੱਲਾ ਹਰ ਗਲ਼ੀ, ਡਰਦਿਆਂ ਆਦਤ ਬਣਾ ਲਈ ਚੁੱਪ ਕਰਕੇ ਰਹਿਣ ਦੀ।

ਜ਼ਮਾਨਾ ਸੀ ਕਦੇ ਜਦ ਸੀ ਸਵਾਗਤ

ਜ਼ਮਾਨਾ ਸੀ ਕਦੇ ਜਦ ਸੀ ਸਵਾਗਤ ਬੋਲਦੇ ਬੂਹੇ, ਪਰ ਹੁਣ ‘ਕੌਣ ਹੈ ?’ ਪੁੱਛ ਕੇ, ਨੇ ਲੋਕੀਂ ਖੋਲ੍ਹਦੇ ਬੂਹੇ। ਚੁਬਾਰੇ ਹਿੱਲ ਜਾਂਦੇ ਸੀ ਕਦੇ, ਧੀ ਨੂੰ ਵਿਦਾ ਕਰਕੇ, ਪਰ ਹੁਣ ਕਤਲ ਵੀ ਕਰਕੇ ਨਹੀਂ ਇਹ ਡੋਲ਼ਦੇ ਬੂਹੇ। ਜੋ ਦਿਨ ਭਰ ਛਾਣਦੇ ਘੱਟਾ, ਜਦੋਂ ਸ਼ਾਮੀਂ ਘਰੀਂ ਪਰਤਣ, ਬਜ਼ੁਰਗਾਂ ਨੂੰ ਵੀ ਆਉਂਦੇ ਦੇਖ, ਵਿੱਸਾਂ ਘੋਲ਼ਦੇ ਬੂਹੇ। ਸਿਰਾਂ ਨੂੰ ਜੋੜ ਕੇ ਕੱਲ ਤੀਕ ਸੀ ਜੋ ਬੈਠਦੇ ਰਲ਼ ਮਿਲ਼, ਕਿਤੇ ਹੁਣ ਨਜ਼ਰ ਨਾ ਪੈਂਦੇ, ਇਹ ਦੁੱਖ ਸੁੱਖ ਬੋਲਦੇ ਬੂਹੇ। ਅਸੀਂ ਅੱਖੀਂ ਬਦਲਦਾ ਦੇਖਿਆ’ਚੰਚਲ ‘ ਜ਼ਮਾਨੇ ਨੂੰ, ਇਹ ਅੰਦਰ ਆਉਣ ਤੋਂ ਪਹਿਲਾਂ, ਨੇ ਬੰਦਾ ਤੋਲਦੇ ਬੂਹੇ।

ਰੋਜ਼ ਜਿਹੜੇ ਲੋਕ ਦੀਵੇ ਵੇਚਦੇ ਨੇ

ਲੋਕ ਜਿਹੜੇ ਰੋਜ਼ ਦੀਵੇ ਵੇਚਦੇ ਨੇ, ਖੁਦ ਵਿਚਾਰੇ ਟੁੱਕ ਹਨੇਰੀਂ ਨਿਗਲਦੇ ਨੇ, ਡਾਲਰਾਂ ਜੋ ਖੂਬ ਖੜੀਆਂ ਕੀਤੀਆਂ; ਕੋਠੀਆਂ ਵਿੱਚ ਦੇਖ ਉੱਲੂ ਬੋਲਦੇ ਨੇ। ਜਾਲ ਪੀਡਾ ਚੁਣ ਲਿਆ ਜੋ ਜ਼ਾਕਮਾਂ, ਉਮਰ ਲੰਘ ਜਾਣੀ ਹੈ ਗੰਢਾਂ ਖੋਲਦੇ। ਹੁਕਮ ਹੈ ਜਦ ਅੱਖੀਆਂ ਬੰਦ ਰੱਖਣਾ, ਫਿਰ ਕਿਉਂ ਮੁਕਤਲਾਂ ਵੱਲ ਝਾਕਦੇ ਫਸ ਗਏ ਜੋ ਚੋਗਿਆਂ ਦੇ ਲਾਲਚੀਂ, ਰਹਿਣਗੇ ਉਹ ਬੋਟ ਜਾਲੀਂ ਤੜਫਦੇ। ਖੇਡ ਲੈ ਜੋ ਖੇਡ ਰਹਿ ਗਈ ਖੇਡਣੀ, ਰਾਜਿਆ ਹੁਣ ਦਿਨ ਵੀ ਜਾਂਦੇ ਪੁੱਗਦੇ। ਚਮਨ ਇਕਰੰਗੀ ਕਦੇ ਹੋਇਆ ਨਹੀਂ, ਲੱਖ ਔਰੰਗੇ ਤੁਰ ਗਏ ਝੱਖ ਮਾਰਦੇ।

ਗ਼ੁਬਾਰੇ ਦੀ ਹਵਾ ਆਖਿਰ

ਗ਼ੁਬਾਰੇ ਦੀ ਹਵਾ ਆਖਿਰ, ਕਿਤੇ ਤਾਂ ਨਿਕਲ ਜਾਣੀ ਹੈ। ਇਹ ਕਾਇਆ ਮੋਮ ਦੀ ਯਾਰੋ ਯਕੀਨਨ ਪਿਘਲ ਜਾਣੀ ਹੈ। ਇਹ ਚੰਗਾ ਹੈ ਨਿਰ ਵਸਤਰ ਹਵਾ ਆਵੇ ਨਾ ਏਧਰ ਨੂੰ, ਨਹੀਂ ਤਾਂ ਮੁਲਕ ਦੀ ਆਬੋ ਹਵਾ ਹੀ ਬਦਲ ਜਾਣੀ ਹੈ। ਤੁਸੀ ਨਸ਼ੇ ਦੀਆਂ ਜੋ ਗੁੜ੍ਹਤੀਆਂ ਦੇਂਦੇ ਜਵਾਕਾਂ ਨੂੰ, ਇਨ੍ਹਾਂ ਨੇ ਚੜ੍ਹਨ ਤੋਂ ਪਹਿਲਾਂ ਜੁਵਾਨੀ ਨਿਗਲ਼ ਜਾਣੀ ਹੈ। ਅਸਾਂ ਜੇ ਦੋਸਤੀ ਕੀਤੀ ਨਾ ਕਿਧਰੇ ਨਾਲ ਕੁਦਰਤ ਦੇ, ਕਹਾਣੀ ਰਹਿਮਤਾਂ ਦੀ ਜ਼ਹਿਮਤਾਂ ਵਿੱਚ ਬਦਲ ਜਾਣੀ ਹੈ। ਪਹਾੜਾਂ ਦੇ ਦਰਖਤਾਂ ਤੇ, ਕੁਹਾੜਾ ਜੇ ਰਿਹਾ ਚਲਦਾ, ਸੁਹਾਣੀ ਤੋਰ ਮੌਸਮ ਦੀ ਕਿਤੇ ਇਹ ਫਿਸਲ ਜਾਣੀ ਹੈ। ਵਿਚਾਰਾਂ ਨੂੰ ਸਮੇਂ ਸਿਰ ਨਾ ਬਚਾਇਆ, ਜੇ ਧੁਵਾਂਖਣ ਤੋਂ, ਸੁਨਹਿਰੀ ਸੋਚ ਕਾਲਖ ਨੇ, ਯਕੀਨਨ ਚਗਲ ਜਾਣੀ ਹੈ।

ਅਸੀਂ ਜੋ ਘਰ ਬਣਾਏ ਸੀ

ਅਸੀਂ ਜੋ ਘਰ ਬਣਾਏ ਸੀ, ਉਹ ਘਰ ਹੁਣ ਘਰ ਨਹੀਂ ਲੱਗਦੇ। ਜਿਨ੍ਹਾਂ ਦੇ ਆਸਰੇ ਉੱਡਨਾ ਸੀ ਉਹ ਪਰ ਹੁਣ ਪਰ ਨਹੀਂ ਲੱਗਦੇ। ਕਿ ਵਿਹੜੀਂ ਚੁੱਪ ਪਸਰੀ ਹੈ, ਦਰਾਂ ਤੇ ਵੀ ਉਦਾਸੀ ਹੈ, ਇਬਾਰਤ ਚਿਹਰਿਆਂ ਤੋਂ ਪੜ੍ਹ, ਸਮੇਂ ਬਿਹਤਰ ਨਹੀਂ ਲੱਗਦੇ। ਬੜੇ ਚਾਅ , ਨਾਲ ਲਾਏ ਸੀ ਜੋ ਪੱਥਰ ਵਿਹੜਿਆਂ ਤੀਕਰ, ਉਹ ਸੂਲ਼ਾਂ ਵਾਗ ਚੁਭਦੇ ਹਨ ਉਹ ਸੰਗ ਮਰ ਮਰ ਨਹੀਂ ਲੱਗਦੇ। ਸਮਾਂ ਆਉਂਦਾ ਹੈ ਬਹਿਕੇ ੳਠਣੋਂ ਆਤਰ ਫਿਰੇ ਬੰਦਾ। ਕਰੇ ਦੁਰਗਮ ਜ਼ਰਾ ਵੀ ਉੱਡਣੋਂ, ਅੰਬਰ ਨਹੀਂ ਲੱਗਦੇ। ਘਣੇ ਜੰਗਲ ਚ’ ਕੱਲਾ ਘਰ ਤੇ ਦਰਿਆ ਸ਼ੂਕਦਾ ਹੋਵੇ, ਕਿਵੇਂ ਸੰਭਵ ਹੈ ਰਾਤੀਂ ਸੁੱਤਿਆਂ ਨੂੰ ਡਰ ਨਹੀਂ ਲੱਗਦੇ। ਕਦੇ ਵੇਹੜੇ ਚ’ ਲੱਗੇ ਫੁੱਲ ਪੁੱਛਣ ਬੈਠ ਜਾਂਦੇ ਨੇ, ਉਦਾਸੀ ਦਾ ਸਬੱਬ ਅੰਕਲ, ਕਿ ਬੱਚੇ ਘਰ ਨਹੀਂ ਲੱਗਦੇ।

ਖੰਭ ਆਪਣੀ ਥਾਂ ਜ਼ਰੂਰੀ ਨੇ

ਖੰਭ ਆਪਣੀ ਥਾਂ ਜ਼ਰੂਰੀ ਨੇ ਉਡਾਰੀ ਵਾਸਤੇ। ਪਰ ਹਵਾ ਵੀ ਲਾਜ਼ਮੀ ਹੁੰਦੀ ਹੈ ਤਾਰੀ ਵਾਸਤੇ। ਵਕਤ ਦਾ ਵੇਖੋ ਤਕਾਜ਼ਾ ਪੱਤ ਰੀ ਰੁਲ਼ ਰਹੇ, ਪਹੁੰਚ ਮੁਸ਼ਕਲ ਸੀ ਜਿਨ੍ਹਾਂ ਤੱਕ ਹਾਰੀ ਸਾਰੀ ਵਾਸਤੇ, ਪਾਣੀ ਦੀ ਵਾਰੀ ਤਰ੍ਹਾਂ ਹੈ ਆਪ ਹੀ ਜਦ ਕਰ ਲਈ, ਸਬਰ ਕਿਉਂ ਹੁੰਦਾ ਨਹੀਂ ਕੁਰਸੀ ਦੀ ਵਾਰੀ ਵਾਸਤੇ, ਪੁੱਤਰਾਂ ਦੇ ਮੁਹ ਦੇ ਕਿੱਸੇ ਦਰਜ ਨੇ ਇਤਹਾਸ ਵਿੱਚ, ਹੁਣ ਵੀ ਭੱਠੀ ਝੋਕ ਦਈਏ ਮੋਲਕ ਯਾਰੀ ਵਾਸਤੇ। ਝੂਠ ਲਾਅਣਤ ਹੈ ਮਗਰ ਤੇਰੇ ਤੇ ਮੇਰੇ ਲਈ, ਲੋੜ ਪੈਂਦੀ ਹੈ ਸਿਆਸਤ ਵਿੱਚ ਮੱਕਾਰੀ ਵਾਸਤੇ।

ਫੇਰ ਕੀ ਮਹਿਲਾਂ ’ਚ ਜੇ ਨਾ

ਫੇਰ ਕੀ ਮਹਿਲਾਂ ’ਚ ਜੇ ਨਾ ਰਾਤ ਹੋਣੀ ਜ਼ਿੰਦਗੀ। ਢਾਰਿਆਂ ਵਿੱਚ ਫਿਰ ਕਦੋਂ ਪ੍ਰਭਾਤ ਹੋਣੀ ਜ਼ਿੰਦਗੀ। ਤੇਰਿਆਂ ਪੈਰਾਂ ਨੂੰ ਸੰਗਲ ਪਾਉਣਗੇ ਇਹ ਮਜ਼੍ਹਬ ਤਾਂ, ਤੋੜ ਕੇ ਸੱਭ ਬੇੜੀਆਂ ਸੌਗਾਤ ਹੋਣੀ ਜ਼ਿੰਦਗੀ। ਦਿਨ ਚੜ੍ਹੇ ਜੋ ਭਾਲ਼ਦੇ ਫਿਰਦੇ ਨੇ ਸੂਰਜ ਦੋਸਤੋ, ਅਨ੍ਹਿਆਂ ਦੀ ਕਿਸ ਤਰ੍ਹਾਂ, ਔਕਾਤ ਹੋਣੀ ਜ਼ਿੰਦਗੀ। ਖਾਨਗਾਹਾਂ ਤਾਂ ਹਮੇਸ਼ਾ ਪੀਂਦੀਆਂ ਨੇ ਚਾਨਣੀ, ਮੱਥਿਆਂ ਦੀ ਲਾਟ ਚੋਂ ਹੀ ਦਾਤ ਹੋਣੀ ਜ਼ਿੰਦਗੀ। ਕੀ ਕਿਸੇ ਨੂੰ ਭਾਗ ਤੇਰੇ ਸੋਫਿਆਂ ਕਾਰਾਂ ਦੇ ਨਾਲ, ਤੇਰਿਆਂ ਅਮਲਾਂ ਦੀ ਮਗਰੋਂ ਬਾਤ ਹੋਣੀ ਚਾਹੀਦੀ।