Punjabi Poetry Maqsood Ahmed Jaan

ਪੰਜਾਬੀ ਕਲਾਮ/ਗ਼ਜ਼ਲਾਂ ਮਕਸੂਦ ਅਹਮਿਦ ਜਾਨ

1. ਅੱਖੀਆਂ ਦੇ ਵਿੱਚ ਬਲਦਾ ਸੂਰਜ ਵੇਖ ਰਿਹਾਂ

ਅੱਖੀਆਂ ਦੇ ਵਿੱਚ ਬਲਦਾ ਸੂਰਜ ਵੇਖ ਰਿਹਾਂ।
ਆਵਣ ਵਾਲੇ ਕੱਲ੍ਹ ਦਾ ਸੂਰਜ ਵੇਖ ਰਿਹਾਂ।

ਵੇਖਕੇ ਲਾਲੀ ਬੱਦਲਾਂ ਦੀ ਇੰਜ ਲਗਦਾ ਏ,
ਲਹਿੰਦੇ ਵੱਲੋਂ ਢਲਦਾ ਸੂਰਜ ਵੇਖ ਰਿਹਾਂ।

ਧੁੱਪ ਬਿਨਾ ਵੀ ਪਿੰਡਾ ਲੂਸਿਆ ਲਗਦਾ ਏ,
ਬੱਦਲਾਂ ਉਹਲੇ ਚੱਲਦਾ ਸੂਰਜ ਵੇਖ ਰਿਹਾਂ।

ਦੇਖ ਕੇ ਬਰਫ਼ਾਂ ਵਰਗੇ ਜਜ਼ਬੇ ਲੋਕਾਂ ਦੇ,
ਮੈਂ ਅਪਣੇ ਹੱਥ ਮਲਦਾ ਸੂਰਜ ਵੇਖ ਰਿਹਾਂ।

ਦੋਵਾਂ ਦੇ ਵਿੱਚ ਲੁੱਕਣ ਮੀਟੀ ਲੱਗੀ ਏ,
ਚੰਨ ਨੂੰ ਕਿਸਰਾਂ ਛੱਲਦਾ ਸੂਰਜ ਵੇਖ ਰਿਹਾਂ।

ਅਪਣੇ ਰੁੱਖ ਦੀ ਠੰਢੀ ਛਾਵੇਂ ਬਹਿਕੇ ਵੀ,
ਮੈਂ ਤੇ ਉਹਦੇ ਵੱਲ ਦਾ ਸੂਰਜ ਵੇਖ ਰਿਹਾਂ।

ਸ਼ਹਿਰ 'ਤੇ ਵਰ੍ਹਦੀ ਅੱਗ ਨੂੰ ਵੀ ਮੈਂ ਜਾਣਦਾ ਹਾਂ,
ਪਰ ਮੈਂ ਉਹਦੇ ਥੱਲ ਦਾ ਸੂਰਜ ਵੇਖ ਰਿਹਾਂ।

2. ਉਹਦਾ ਰੂਪ ਵਫ਼ਾਵਾਂ ਵਰਗਾ

ਉਹਦਾ ਰੂਪ ਵਫ਼ਾਵਾਂ ਵਰਗਾ।
ਸੋਹਣੀਆਂ ਸੋਹਲ ਕਪਾਹਵਾਂ ਵਰਗਾ।

ਉਹਦਾ ਵੰਨਾ ਠੰਢਾ ਲੱਗਦਾ,
ਠੰਢੀਆਂ ਠਾਰ ਹਵਾਵਾਂ ਵਰਗਾ।

ਉਹਦਾ ਮੇਰੇ ਨਾਲ ਸਲੂਕ ਵੀ,
ਲਗਦਾ ਇੰਜ ਸਜ਼ਾਵਾਂ ਵਰਗਾ।

ਸਾਡਾ ਜੀਣਾ ਵੀ ਕੀ ਜੀਣਾ,
ਔਖੀਆਂ ਔਖੀਆਂ ਸਾਹਵਾਂ ਵਰਗਾ।

ਇੱਥੇ ਬੈਠ ਸਦਾ ਕਿਸ ਰਹਿਣੈਂ,
ਇਹ ਹੈ ਜੱਗ ਸਰਾਵਾਂ ਵਰਗਾ।

ਧਰਤੀ ਮਾਂ ਦਾ ਇਕ ਇਕ ਜ਼ੱਰਾ,
ਮੇਰੇ ਲਈ ਏ ਛਾਵਾਂ ਵਰਗਾ।

ਉਹਦਾ ਹਰ ਇਕ ਅੱਖਰ ਸੋਹਣਾ,
ਲੱਗੇ 'ਜਾਨ' ਦੁਆਵਾਂ ਵਰਗਾ।

3. ਮੈਂ ਜ਼ਿੰਦਗੀ ਦੇ ਪਸਾਰ ਅੰਦਰ, ਗ਼ੁਬਾਰ ਬਣਕੇ ਕਰਾਰ ਲੱਭਾਂ

ਮੈਂ ਜ਼ਿੰਦਗੀ ਦੇ ਪਸਾਰ ਅੰਦਰ, ਗ਼ੁਬਾਰ ਬਣਕੇ ਕਰਾਰ ਲੱਭਾਂ।
ਮੈਂ ਨਫ਼ਰਤਾਂ ਦੇ ਤੂਫ਼ਾਨ ਲੈ ਕੇ, ਮੁਹੱਬਤਾਂ ਦੇ ਦਿਆਰ ਲੱਭਾਂ।

ਮੈਂ ਜਦ ਵੀ ਸੋਚਾਂ ਅਜੀਬ ਸੋਚਾਂ, ਮੈਂ ਜਦ ਵੀ ਚਾਹਵਾਂ ਅਜੀਬ ਚਾਹਵਾਂ,
ਵਿਛਾਵਾਂ ਲੋਕਾਂ ਦੇ ਰਾਹ 'ਚ ਕੰਡੇ, ਤੇ ਆਪ ਫੁੱਲਾਂ ਦੇ ਹਾਰ ਲੱਭਾਂ।

ਕਿਸੇ ਵੀ ਸੱਧਰ ਦਾ ਖ਼ੂਨ ਕਰਕੇ-ਦਰਿੰਦਗੀ ਦਾ ਸਬੂਤ ਦੇਵਾਂ,
ਤੇ ਸ਼ਹਿਰ ਦੇ ਵਿੱਚ ਵੀ ਵਾਂਗ ਜੰਗਲ ਮੈਂ ਗੁਰਗ ਬਣ ਕੇ ਸ਼ਿਕਾਰ ਲੱਭਾਂ।

ਕਦੋਂ ਕੁ ਤੱਕ ਇਸ ਹਬਸ ਕੋਲੋਂ ਮੈਂ ਦਿਲ ਨੂੰ ਅਪਣੇ ਬਚਾ ਕੇ ਰੱਖਾਂ,
ਲਬਾਂ ਨੂੰ ਜਿੰਦਰੇ ਮੈਂ ਲਾ ਕੇ ਰੱਖਾਂ ਤੇ ਕਿੱਥੋਂ ਦਿਲ ਦੀ ਪੁਕਾਰ ਲੱਭਾਂ।

ਉਦਾਸ ਰੁੱਤਾਂ ਦੇ ਜ਼ਰਦ ਪੱਤੇ ਸਲੀਬ ਉੱਤੇ ਲਟਕ ਰਹੇ ਨੇ,
ਹਰ ਇਕ ਦੇ ਲਬ ਤੇ ਹਮੇਸ਼ ਕਿਥੋਂ ਮੈਂ ਜ਼ਿੰਦਗੀ ਦੀ ਬਹਾਰ ਲੱਭਾਂ।