Punjabi Kafian Mastan Khan Mastan

ਪੰਜਾਬੀ ਕਾਫ਼ੀਆਂ ਮਸਤਨ ਖ਼ਾਨ ਮਸਤਨ

1. ਮੂੰਝਾਨ ਸਦਾ ਸਾਨੂੰ ਦਿਲਬਰਾ

ਮੂੰਝਾਨ ਸਦਾ ਸਾਨੂੰ ਦਿਲਬਰਾ,
ਕੀਤੋ ਇਹ ਕਿਆ ਸਾਨੂੰ ਦਿਲਬਰਾ ।
ਜਾਦੂ ਕੀਤੋ ਯਾ ਕੋਈ ਮੰਤਰ ਮਾਰਿਓ,
ਕੁਝ ਤਾਂ ਡਸਾ ਸਾਨੂੰ ਦਿਲਬਰਾ ।

ਉਠਦਿਆਂ ਬਹਿੰਦਿਆਂ ਚੈਨ ਨਾ ਆਵੈ,
ਲਾਈ ਹੈ ਭਾ ਸਾਨੂੰ ਦਿਲਬਰਾ ।
ਇਸ਼ਕ ਮੁਸੀਬਤ ਸੁਣਦੇ ਹਾਸੇ,
ਡਿਤੋ ਡਿਖਾ ਸਾਨੂੰ ਦਿਲਬਰਾ ।

ਗ਼ਮ ਫ਼ਿਕਰ ਸੈ ਦਰਦ ਅੰਦੇਸ਼ੇ,
ਗਏ ਨੇ ਖਾ ਸਾਨੂੰ ਦਿਲਬਰਾ ।
ਦਿਲ ਉਦਾਸੀ ਰਹਿੰਦਾ ਹੈ ਹਰਦਮ,
ਕਾਈ ਹੈ ਬਲਾ ਸਾਨੂੰ ਦਿਲਬਰਾ ।

ਝੋਲ ਪਿਆਲਾ ਡੁਖਾਂ ਸੂਲਾਂ ਦਾ,
ਡਿਤੋ ਪਿਵਾ ਸਾਨੂੰ ਦਿਲਬਰਾ ।
ਰੋਂਦੀ ਖਾਂਦੀ ਪਾਦ ਵਰਿਹਾਂ ਦੇ,
ਗਏ ਨੇ ਵਿਹਾ ਸਾਨੂੰ ਦਿਲਬਰਾ ।

ਆਖਾਂ ਕਿਆ, ਤੈਂਡੜੀ ਟੋਰ ਅਦਾ ਨੇ,
ਲੁੱਟ ਘਿੱਧਾ ਸਾਨੂੰ ਦਿਲਬਰਾ ।
ਨਾਲ ਗ਼ੈਰਾਂ ਦੇ ਕੌਲ ਪਲੇਂਦੇ,
ਨਾਹੀਂ ਨਾ ਹਾ ਸਾਨੂੰ ਦਿਲਬਰਾ ।

ਇਸ਼ਕ ਬਿਮਾਰਾਂ ਨੂੰ ਦਰਦ ਹਜ਼ਾਰਾਂ,
ਦਾਰੂ ਪਿਲਾ ਸਾਨੂੰ ਦਿਲਬਰਾ ।
ਦਿਲੋਂ ਦਗ਼ਾ ਮੂੰਹੋਂ ਮਿੱਠਾ ਘਾਲੇਂ,
ਘਿੱਧੋ ਵਲਾ ਸਾਨੂੰ ਦਿਲਬਰਾ ।

ਗ਼ਮਾਂ ਬਾਝੋਂ ਇਸ਼ਕ ਤੈਂਡੇ ਵਿਚੋਂ,
ਕੁਝ ਨਾ ਲਧਾ ਸਾਨੂੰ ਦਿਲਬਰਾ ।
ਡੋਸ ਨਾ ਕੋਈ ਤੈਂ ਤੇ ਹੈ ਮਾਹੀ,
ਮਿਲਿਆ ਲਿਖਿਆ ਸਾਨੂੰ ਦਿਲਬਰਾ ।

ਮੁਫ਼ਤ ਬਦਨਾਮੀ ਮਿਲੀਅਮ ਮਾਹੀ,
ਘਤਿਓ ਝੰਕਾ ਸਾਨੂੰ ਦਿਲਬਰਾ ।
ਲੰਬੜੀ ਮੰਜ਼ਲ ਪਾਇਓ ਮਾਹੀ,
ਘਤਿਓ ਥਕਾ ਸਾਨੂੰ ਦਿਲਬਰਾ ।

ਰੋਜ਼ ਮੀਸਾਕ ਦੀ ਸਿਕ ਤੇ ਹਾਸੇ,
ਕੀਤੋ ਜੁਦਾ ਸਾਨੂੰ ਦਿਲਬਰਾ ।
ਦੇ ਕੇ ਦਲੇੜੇ ਦਿਲ ਦੇ ਖਸੇਂਦਾ ਏਂ,
ਨਾ ਰੁਵਾ ਸਾਨੂੰ ਦਿਲਬਰਾ ।

ਬਾਝ ਤੈਂਡੇ ਮਾਹੀ ਨਹੀਂ ਕੁਝ ਭਾਂਦਾ,
ਕਸਮ ਚਵਾ ਸਾਨੂੰ ਦਿਲਬਰਾ ।
ਮਸਤਨ ਯਾਰ ਕਦੀ ਹਸ ਕੇ ਨਾ ਬੋਲਿਓਂ,
ਮੂੰਹ ਤਾਂ ਡਸਾ ਸਾਨੂੰ ਦਿਲਬਰਾ ।