Mattha Diwe Wala : Dr Harbhajan Singh

ਮੱਥਾ ਦੀਵੇ ਵਾਲਾ : ਡਾ. ਹਰਿਭਜਨ ਸਿੰਘ



ਸੂਲੀ ਦੇ ਸਿਰ ਪਿੰਜਰਾ ਲਟਕੇ ਪਿੰਜਰੇ ਦੀਪ ਜਲੇ ਬਾਹਰ ਤੱਤਾ ਮੀਂਹ ਵਰ੍ਹਦਾ ਏ ਝੱਖੜ ਦਲੇ ਮਲੇ ਰਾਤ ਹਨੇਰੀ ਰਾਹ ਪੁਛਦੇ ਨੇ ਬੰਦੇ ਬੁਰੇ ਭਲੇ ਚਾਨਣ ਆਖ ਚਿਣਗ ਅਪਣੀ ਨੂੰ ਸਾਡੇ ਸੰਗ ਚਲੇ

1. 1

ਅੱਜ ਤਾਂ ਯਾਰਾ ਜੀ ਨਹੀਂ ਲਗਦਾ ਕਲ੍ਹ ਲਗਦਾ ਸੀ ? ਕਲ੍ਹ ਤਾਂ ਅਪਣਾ ਬੁਰਾ ਹਾਲ ਸੀ ਪਰਸੋਂ ? ਚੌਥੇ ? [ਗੱਲ ਪਿਛਾਂਹ ਵਲ ਤੁਰ ਚੱਲੀ ਏ ਇਸ ਵੇਲੇ ਚੁਪ ਹੀ ਚੰਗੀ ਏ) (ਚੁੱਪ ਹੋ ਗਿਆ ਗਲ ਨੂੰ ਡੱਕਾ ਫੇਰ ਲਗ ਗਿਆ] (ਵਕਫ਼ਾ) ਸ਼ਾਮ ਬਿਮਾਰ ਜਹੀ ਲਗਦੀ ਏ ! ਸਿਖ਼ਰ ਦੁਪਹਿਰ ਕਿਹੋ ਜਹੀ ਲੱਗੇ ? ਸਿਖਰ ਦੁਪਹਿਰਾ ਨਿਰਾ ਤਾਪ ਏ ਤੜਕ ਸਵੇਰਾ ? ਪਿਛਲਾ ਪਹਿਰਾ ? ਤੜਕ ਸਵੇਰੇ ਸੁਪਨੇ ਆਉਂਦੇ ਸਾਡੇ ਸਾਰੇ ਪਹਿਰ ਦੁਖੀ ਨੇ ਸਭ ਸੁਪਨੇ ਨੇ ਨਿਰੀ ਬਿਮਾਰੀ ? ਕੁਝ ਸੁਪਨੇ ਤਾਂ ਸੁਪਨੇ ਵੇਲੇ ਕੌੜੇ ਹੁੰਦੇ ਮਿਠੇ ਸੁਪਨੇ ਜਦ ਮੁਕ ਜਾਂਦੇ ਸੁਪਨਹਾਰ ਨੂੰ ਬੁਰਕ ਮਾਰ ਕੇ ਸੁਟ ਜਾਂਦੇ ਨੇ ਸੁਪਨੇ ਪਾਕਿਟਮਾਰ ਤਾਂ ਵੀ ਸੁਪਨਾ ਰੋਗੀ ਮਾਦਾ ਖ਼ਾਰਜ ਕਰਦਾ ਸਾਰੇ ਸੁਪਨੇ ਹਸਪਤਾਲ ਨੇ ਹਰ ਮੰਜੇ ਤੇ ਅਪਣਾ ਆਪ ਹੂੰਗਦਾ ਜਾਪੇ ਤੜਕਸਾਰ ਹੀ ਆਪਣੇ ਵਿਚੋਂ ਰੋਗੀ ਮਾਦਾ ਤਿਪ ਤਿਪ ਚੋਏ ਬਦਨ ਗਿਜਗਿਜਾ ਲੈ ਕੇ ਅਪਣੇ ਕਾਰ-ਵਿਹਾਰ ਅਰੰਭਣ ਦਾ ਇਹ ਵੀ ਕੋਈ ਚਜ ਏ ? ਕਾਰ-ਵਿਹਾਰਾਂ ਵਿਚ ਕੋਈ ਸੁਪਨਾ ਨਹੀਂ ਆਉਂਦਾ ? ਕਾਰ-ਵਿਹਾਰ ਭਲਾ ਸੁਪਨੇ ਬਿਨ ਤੁਰ ਸਕਦੇ ਨੇ ? ਕੰਮ ਵੀ ਕਰਦੇ ਜਾਈਏ ਨਾਲੇ ਸੁਪਨੇ ਲੈਂਦੇ ਜਾਈਏ ਸਾਡਾ ਹਰ ਛਿਨ ਹਸਪਤਾਲ ਵਿਚ ਅਪਣੀਆਂ ਸੋਜਾਂ ਨੂੰ ਸਹਿਲਾਈਏ ਸੁਪਨਾ ਸਾਥ ਕਦੇ ਨਾ ਛੱਡੇ ਸੁਤਿਆਂ ਜਾਗਦਿਆਂ ਸੁਪਨੇ ਬਿਨ ਕੋਈ ਵਕਤ ਨਾ ਮੂਲ ਵਿਹਾਵੇ ਇਕ ਵੇਲੇ ਇਕ ਥਾਂ ਤੇ ਹਾਜ਼ਰ ਕਦੇ ਨਾ ਹੋਈਏ ਇੱਕੋ ਥਾਂ ਇਕ ਤੋਂ ਵਧ ਵੇਲੇ ਜੀਵੀ ਜਾਈਏ ਖਲੇ ਖਲੋਤੇ ਵੀ ਅਣਗਿਣਤੀ ਰਾਹਾਂ ਤੇ ਤੁਰ ਜਾਈਏ ਹਰ ਇਕ ਥਾਂ ਤੇ ਅਸੀਂ ਅਧੂਰੇ ਅਸੀਂ ਅਪੂਰੇ ਤਾਹੀਓਂ ਹਰ ਥਾਂ ਅਸੀਂ ਅਜਨਬੀ (ਵਕਫ਼ਾ) ਸੁਪਨੇ ਦੇ ਘਰ ਜਾਣ ਵਾਲਿਆ ਮੇਰਿਆ ਯਾਰਾ ਆਪਣੇ ਨਾਲ ਸੁਗੰਧੀ ਅਪਣੀ ਤੇ ਦੁਰਗੰਧੀ ਵੀ ਲੈ ਜਾਈਂ ਹੋ ਸਕਦੈ ਮੈਂ ਘਰ ਨਾ ਹੋਵਾਂ ਤੇ ਘਰ ਵਾਲੇ ਤੈਨੂੰ ਗੰਧ-ਵਿਹੂਣੇ ਤਾਈਂ ਪਛਾਣ ਨ ਸੱਕਣ ਸੁਪਨੇ ਦੇ ਘਰ ਜਾਵਣ ਵਾਲੇ ਖ਼ਾਤਰ ਕਾਹਨੂੰ ਫ਼ਿਕਰਮੰਦ ਤੂੰ ਸੁਪਨੇ ਵਾਲਾ ਸੁਪਨੇ ਨੂੰ ਓਥੇ ਦਾ ਓਥੇ ਸੁਟ ਆਵੇਗਾ ਓਥੇ ਨਾ ਕੋਈ ਤੇਰਾ ਘਰ ਹੈ ਨਾ ਘਰ ਵਾਲੇ ਜਾਗਤ ਦੁਨੀਆਂ ਤੋਂ ਬਹੁਤਾ ਮੈਂ ਦੁਨੀਆਂ ਦੇ ਸੁਪਨੇ ਵਿਚ ਰਹਿੰਦਾ ਕਦੀ ਕਦੀ ਤੂੰ ਅਪਣੇ ਸੁਪਨੇ ਮੈਨੂੰ ਕਤਲ ਕਰੇਂ ਕਿਉਂ ਬਕਦਾ ਏਂ ? ਮੈਨੂੰ ਮੇਟ ਕੇ ਅਪਣੀ ਮਰਜ਼ੀ ਦਾ ਕੁਝ ਹੋਰ ਬਣਾਉਣਾ ਲੋਚੇਂ ਤੇਰੇ ਲਈ ਮੈਂ ਜੋ ਕੁਝ ਵੀ ਹਾਂ ਦੂਜਾ ਹੀ ਹਾਂ ਦੂਜਾ ਮੇਟ ਕੇ ਰਚਨਾ ਚਾਹੇਂ ਆਪਣੀ ਹਉਂ ਦਾ ਹੋਰ ਪਸਾਰਾ ਕਾਹਨੂੰ ਅਣਹੋਈਆਂ ਮਿਥਦਾ ਏਂ ? ਕਿਉਂ ਅਣਹੋਏ ਵੈਰੀ ਥਾਪੇਂ ? ਵੈਰੀ ਨਹੀਂ ਸਿਰਫ਼ ਦੂਜੇ ਨੂੰ ਵੇਖ ਰਿਹਾ ਹਾਂ ਦੂਜੇ ਨੂੰ ਮਜਬੂਰੀ ਮੇਰੇ ਨਾਲ ਤੁਰਨ ਦੀ ਦੂਜੇ ਨੂੰ ਮਜਬੂਰੀ ਮੈਥੋਂ ਵਖ ਹੋਵਨ ਦੀ ਵੱਖ ਕਰਨ ਦੀ ਤੇਰੀਆਂ ਰਮਜ਼ਾਂ ਤੂੰ ਹੀ ਜਾਣੇਂ ਹਰ ਇਕ ਪਿਠ ਤੇ ਵਾਕਫ਼ਕਾਰਾਂ ਹੋਰ ਕਿਸੇ ਦਾ ਨਾਂ ਲਿਖਿਆ ਏ ਹਰ ਦੂਜੇ ਦੀ ਪਿਠ ਤੇ ਆਪਣੀ ਲਿਖਤ ਵੇਖ ਕੇ ਜਾਣ-ਪਛਾਣਾਂ ਕਰ ਲੈਂਦੇ ਹਾਂ ਤੇਰੀ ਪਿੱਠ ਮੇਰਾ ਸੁਪਨਾ ਏਂ ਆਉਣ ਵਾਲਿਆ ਮੇਰੇ ਘਰ ਪਿਠ ਦੇ ਰੁਖ ਆਵੀਂ ਤੈਨੂੰ ਤੁਰਤ ਪਛਾਣ ਲਵਾਂਗਾ ਤੇਰੀ ਪੂਰੀ ਗੱਲ ਸਮਝ ਨਾ ਆਵੇ ਤੇਰੀਆਂ ਗੱਲਾਂ ਰਿਹਾ ਜੋ ਸੁਣਦਾ ਏਸ ਸੜਕ ਤੇ ਸੌ ਦੁਰਘਟਨਾ ਹੋ ਜਾਵੇਗੀ ਮੋਟਰ ਠੇਲ੍ਹੇ ਰਿਕਸ਼ੇ ਖੰਭੇ ਆਪੋ ਵਿਚ ਟਕਰਾ ਜਾਵਣਗੇ ਮੂਧੀਆਂ ਸੜਕਾਂ ਉਪਰ ਉਖੜੀ ਚਾਲ ਚਲਣਗੇ ਬੰਦੇ ਪਹੀਆਂ ਵਾਂਗ ਪਹੀਏ ਆਪਣੀਆਂ ਥਾਵਾਂ ਤੋਂ ਟੁੱਟੇ ਅੱਡ ਹੋਏ ਅਪਣੀ ਪਿੱਛੋਂ ਬੋਲਣ ਵਾਲੇ ਯਾਰਾ ਚੁਪ ਕਰ ਮੈਂ ਨਾ ਬੋਲਾਂ, ਤਾਂ ਦੁਨੀਆਂ ਦੀ ਹਰ ਸ਼ੈ, ਆਪੋ ਅਪਣੀ ਥਾਵੇਂ ਜਿਵੇਂ ਟਿਕੀ ਹੈ ਟਿਕੀ ਰਹੇਗੀ ? ਕਿਤੇ ਕੋਈ ਸ਼ੈ ਗ਼ਲਤ ਨਹੀਂ ਹੈ ? ਮੇਰੀ ਪਿਠ ਤੇ ਹੋਰ ਕਿਸੇ ਦਾ ਯਾਰਾ, ਤੂੰ ਨਾਂ ਨਹੀਂ ਲਿਖੇਂਗਾ ? ਜੀਅ ਕਰਦਾ ਏ ਤੇਰੇ ਮੂੰਹ ਤੇ ਥੱਪੜ ਇਕ ਸ਼ੂਕਦਾ ਮਾਰਾਂ ਪਹਿਲਾ ਕਦਮ ਇਹ ਮੇਰੇ ਕਤਲ ਦਾ ! ਮੇਰਾ ਮੂੰਹ ਕੋਈ ਬਹੁਤਾ ਸੋਹਣਾ ? ਤੇਰੇ ਨਾਲ ਜਦ ਗੱਲ ਕਰਦਾ ਹਾਂ ਤੂੰ ਖਿਝ ਜਾਵੇਂ ਕਿਉਂ ਖਿਝ ਜਾਵੇਂ ? ਹਾਂ ਹਾਂ ਹਾਂ ਮੈਂ ਖਿਝ ਜਾਂਦਾ ਹਾਂ ਤੇਰੇ ਨਾਲ ਗੱਲ ਹੋ ਨਹੀਂ ਸਕਦੀ ਚਲ ਯਾਰਾ ਮੈਂ ਚੁਪ ਕਰ ਜਾਂਦੈਂ ਮੇਰੀ ਚੁੱਪ ਦਾ ਕੋਈ ਅਰਥ ਨਹੀਂ ਲਾਵੇਂਗਾ ? ਚੁੱਪਚੁਪੀਤਾ ਤੇਰੇ ਕੋਲ ਜੇ ਰਹਾਂ ਖਲੋਤਾ ਮਨ ਹੀ ਮਨ ਵਿਚ ਤੂੰ ਮੈਨੂੰ ਕੀ ਕੀ ਆਖੇਂਗਾ ? ਬੜਾ ਮੀਸਣਾ, ਸਾਜ਼ਸ਼ ਖੋਰਾ...... ਤੂੰ ਇਲਜ਼ਾਮੀ ਮੇਰੀ ਅਣਸੋਚੀ ਵੀ ਤੁਹਮਤ ਪਿਆ ਬਣਾਵੇਂ ਤੇਰੇ ਨਾਲ ਗੱਲ ਹੋ ਨਹੀਂ ਸਕਦੀ ਮੇਰੇ ਨਾਲ ਚੁੱਪ ਹੋ ਸਕਦੀ ਹੈ ? ਆਪਣੀ ਥਾਵੇਂ ਖੜਣ ਤੋਂ ਪਹਿਲਾਂ ਆਪਣੀ ਥਾਓਂ ਥਿੜਕ ਗਿਆ ਏਂ ? ਤੈਨੂੰ ਗੱਲ ਕਰਨੀ ਨਹੀਂ ਆਉਂਦੀ ਤੂੰ ਤਾਂ ਸਦਾ ਪ੍ਰਸ਼ਨ ਕਰਦਾ ਏਂ ਹੁਣੇ ਹੁਣੇ ਮੈਂ ਸਿੱਧ ਪੱਧਰੇ ਰਸਤੇ ਉੱਪਰ ਗੱਲ ਤੋਰੀ ਸੀ ਤੂੰ ਪ੍ਰਸ਼ਨਾਂ ਦੇ ਵਿੰਗ ਵਲੇਵੇਂ ਵਿਚ ਉਲਝਾਈ ਪ੍ਰਸ਼ਨਾਂ ਨਾਲ ਤੈਨੂੰ ਕਿਉਂ ਖਿਝ ਏ ? ਪਿਠ ਨੂੰ ਪ੍ਰਸ਼ਨਾਂ ਸਾਹਵੇਂ ਕਰ ਦੇ ਤੇਰਾ ਵਸ ਚੱਲੇ ਖੇਤਾਂ ਵਿਚ ਕਣਕਾਂ ਦੀ ਥਾਂ ਪ੍ਰਸ਼ਨ ਉਗਾਵੇਂ ਪ੍ਰਸ਼ਨ ਨਾਲ ਪਰ ਢਿੱਡ ਨਹੀਂ ਭਰਦੇ ਪ੍ਰਸ਼ਨ ਬਿਨਾਂ ਢਿੱਡ ਭਰ ਸਕਦਾ ਏ ? ਪ੍ਰਸ਼ਨ ਜਨਮਦੇ ਭੁੱਖੇ ਢਿੱਡੋਂ ਪੇਟ ਭਰਨ ਨੂੰ ਕਣਕ ਨਾ ਲੱਭੇ ਪ੍ਰਸ਼ਨ ਪੁੱਛਦਾ : ਕਿਉਂ ਨਾ ਲੱਭੇ ? ਇਸ ਪ੍ਰਸ਼ਨ 'ਚੋਂ ਆਸ ਜਨਮਦੀ ਇਸੇ ਆਸ 'ਚੋਂ ਅੱਗ ਬਗ਼ਾਵਤ ਏਸ ਅੱਗ ਚੋਂ ...... ਬਸ ਕਰ ਯਾਰਾ ਅੱਜ ਦੇ ਦਿਨ ਤਾਂ ਕੋਈ ਬਗ਼ਾਵਤ ਅਸਾਂ ਨਾ ਕਰਨੀ ਕਲ੍ਹ ਦੇ ਦਿਨ ਵੀ ਕੋਈ ਬਗ਼ਾਵਤ ਅਸੀਂ ਕਰਾਂਗੇ ? ਅਸੀਂ ਬਗ਼ਾਵਤ ਲਈ ਨਹੀਂ ਜੰਮੇਂ ਜਦੋਂ ਕਿ ਅਸੀਂ ਬਦਲਣਾ ਹੀ ਨਹੀਂ ਚਾਹੁੰਦੇ ਕਾਹਨੂੰ ਸੱਪ ਦੀ ਪੂਛਲ ਫੜ ਕੇ ਖੁਡ ਵਿਚ ਲਹੀਏ ਓਥੇ ਜੋ ਕੁਝ ਹੈ ਉਹ ਸਾਡੇ ਲਈ ਨਹੀਂ ਹੈ ਅਸੀਂ ਬਗ਼ਾਵਤ ਕਰ ਨਹੀਂ ਸਕਦੇ ਕੋਈ ਪ੍ਰਸ਼ਨ ਤਾਂ ਕਰੀਏ ? ਆਪੇ ਅਪਣਾ ਵੈਰੀ ਘੜੀਏ ਤੇ ਫਿਰ ਉਸ ਤੋਂ ਡਰੀਏ ਸੱਪ ਪਿਟਾਰੀ ਪਾ ਸਕਦੇ ਹਾਂ ਪਰ, ਪ੍ਰਸ਼ਨਾਂ ਨੂੰ ਕਿਸੇ ਪਿਟਾਰੀ ਕਦ ਪਾਇਆ ਹੈ ? ਉਡਣੇ ਸੱਪ ਭਿਅੰਕਰ ਤੋਂ ਵੀ ਪ੍ਰਸ਼ਨ ਭਿਅੰਕਰ ! ਅਸੀਂ ਪ੍ਰਸ਼ਨ ਤੋਂ ਡਰਦੇ ਸਹਿਮੇ ਆਪਣੇ ਅੰਦਰ ਵੜ ਸਕਦੇ ਹਾਂ ਆਪਣੇ ਸਾਹਵੇਂ ਖੜ੍ਹ ਨਹੀਂ ਸਕਦੇ ਅਪਣੇ ਸਾਹਵੇਂ ਕਿਉਂ ਖੜ੍ਹਣਾ ਏਂ ? ਆਪਣੇ ਸਾਹਵੇਂ ਨਿਰੀ ਸ਼ਰਮ ਏ ਚਲ ਹੁਣ ਆਪਣੇ ਅੰਦਰ ਬਹੀਏ ਪਿੰਡਾ ਬਾਹਰ ਹੀ ਛੱਡ ਜਾਈਏ ਤਾਂ ਜੁ ਸਾਡੇ ਯਾਰ ਵਿਚਾਰੇ ਸਾਡੀ ਪਿਠ ਉਤੇ ਲਿਖ ਲੈਣ ਆਪਣੇ ਬੋਲ ਕਰਾਰੇ ਅਸਾਂ ਵੀ ਕਿਹੜੀ ਘਟ ਕਰਨੀ ਏਂ ਯਾਰਾਂ ਦੀ ਪਿਠ ਕੰਧ ਆਪਣੇ ਬਾਥਰੂਮ ਦੀ ਉਸ ਦੇ ਬਾਝੋਂ ਸੱਚੀ ਸੌਖੀ ਗੱਲ ਲਿਖਣ ਨੂੰ ਕਿਹੜੀ ਥਾਂ ਏਂ ? ਤੈਨੂੰ ਓਥੇ ਵਕਤ ਮਿਲੇਗਾ ? ਤੇਰਾ ਚਿੱਤ ਇਕਾਗਰ ਹੋਣ ਤੋਂ ਪਹਿਲਾਂ ਬਾਹਰੋਂ ਵਾਜ ਆਏਗੀ : ਅੰਦਰ ਵਾਲੇ ਛੇਤੀ ਛੇਤੀ ਕੰਮ ਨਿਪਟਾ ਲੈ ਬਾਹਰ ਵਾਲੇ ਦੀ ਤਿੱਖੀ ਮਜਬੂਰੀ ਦਾ ਵੀ ਰਤਾ ਧਿਆਨ ਕਰ ਤੇਰੇ ਨਾਲ ਤਾਂ ਗੱਲ ਕਰਨ ਦਾ ਹੱਜ ਨਹੀਂ ਹੈ ਗੱਲ ਕਰਾਂ ਤਾਂ ਗੱਲਾਂ ਸਾਹਵੇਂ ਸਖਣੀ ਕੜਛੀ ਧਰ ਦੇਂਦਾ ਏਂ ਚੁੱਪ ਕਰਾਂ ਤਾਂ ਮਨ ਵਿਚ ਕਿਚਰ ਕਿਚਰ ਛੋਹ ਦੇਵੇਂ ਕਿਚਰ ਕਿਚਰ ਦਾ ਉੱਤਰ ਨਾ ਦੇਵਾਂ ਤਾਂ ਲਗਦੈ ਮੇਰੇ ਸਿਰ ਵਿਚ ਬਾਲ ਧਰੇਂਗਾ ਕੋਈ ਚੁਆਤੀ ਅੰਦਰ ਸੁਰੰਗ ਕੋਈ ਫਟ ਜਾਊ ਚਲੋ ਕਿਤੇ ਦੋ ਘੁੱਟ ਪੀ ਲਈਏ ਅੰਦਰ ਬਹੀਏ ਜਾਂ ਨਾ ਬਹੀਏ ਦੋ ਘੁਟ ਪੀਣਾ ਵੀ ਤਾਂ ਅੰਦਰ ਬਹਿ ਜਾਵਣ ਦਾ ਇੱਕ ਬਹਾਨਾ ਚੰਗਾ ਅੰਦਰ ਲਹਿ ਕੇ ਬਹੀਏ ਬਾਹਰ ਪ੍ਰਸ਼ਨਾਂ ਦਾ ਟਿੱਡੀ ਦਲ ਸਾਨੂੰ ਕੁਤਰ ਕੁਤਰ ਖਾਂਦਾ ਏ ਇਸ ਨੂੰ ਕੁਝ ਭੁਚਲਾਈਏ ਜਾਂ ਵਰਚਾਈਏ ਆਪੋ ਆਪਣੇ ਅੰਦਰ ਬਹਿ ਕੇ ਦੂਰ ਕਿਸੇ ਦੇ ਵਿਰਲਾਂ ਥਾਣੀ ਚੋਰ ਝਾਤੀਆਂ ਪਾਈਏ ਕੁਲ ਦੁਨੀਆਂ ਨੂੰ ਨੰਗਾ ਤੱਕੀਏ...... ਆਪਣੇ ਪ੍ਰਸ਼ਨ ਉਨ੍ਹਾਂ ਤੇ ਸੁਟੀਏ.... ਨਿੰਦਿਆ ਕਰੀਏ ਕੁਲ ਦੁਨੀਆਂ ਨੂੰ ਮੁਲਜ਼ਮ ਸਾਬਤ ਕਰੀਏ ਬੇਸ਼ਕ ! ਆਪਣੇ ਅੰਦਰ ਬੈਠੇ ਦਾ ਮੁਜਰਮ ਕੀ ਕਰ ਸਕਦਾ ਹੈ ਅੰਦਰ ਕਤਲ ਵੀ ਕਰੀਏ ਤੇ... ਮੁੜ ਬਖ਼ਸ਼ ਦੇਵੀਏ ਅੰਦਰ ਸੁਪਨੇ ਵਰਗਾ ਸੋਹਣਾ ਨਾਲੇ ਸੱਚਾ ਸੁਪਨੇ ਵਿਚ ਬਖ਼ਸ਼ਿਸ਼ ਨਾ ਕੀਤੀ ਕਦੋਂ ਕਰਾਂਗੇ ? ਚਲੋਂ ਆਪਣੇ ਅੰਦਰ ਬਹੀਏ ਅਪਣੇ ਕਿਸੇ ਪੁਰਾਣੇ ਕਿੱਸੇ ਦਾ ਮੁੜ ਖੰਡਿਤ ਪਾਠ ਅਰੰਭੀਏ ਜੀ ਚਾਹੇ ਤਾਂ ਉਸ ਨੂੰ ਅਧਵਿਚਕਾਰੇ ਛਡ ਕੇ ਅਣਹੋਈਆਂ ਦੇ ਪਿੱਛੇ ਭਜੀਏ ਮੈਨੂੰ ਮਸ਼ਕਰੀਆਂ ਕਰਦਾ ਏਂ ? ਬਾਹਰ ਮਸ਼ਕਰੀਆਂ ਦਾ ਮੌਸਮ ਚਲ ਛੇਤੀ ਛੇਤੀ ਪੀ ਲਈਏ ਅੰਦਰ ਲਹੀਏ ਅੰਦਰ ਬੈਠੇ ਨੂੰ ਮਸ਼ਕਰੀਆਂ ਕੌਣ ਕਰੇਗਾ ? ਕੌਣ ਕਰੇਗਾ ? ਅੰਦਰ ਤਾਂ ਅਪਣੇ ਬਿਨ ਦੂਜਾ ਹੋਰ ਨ ਕੋਈ ਜੀ ਚਾਹੁੰਦਾ ਹੈ ਅਪਣੇ ਅੰਦਰ ਮੈਂ ਡੂੰਘਾ ਲਹਿ ਜਾਵਾਂ ਮੁੜ ਕੇ ਕਦੀ ਬਾਹਰ ਨਾ ਆਵਾਂ ਕਿਉਂਕਿ ਬਾਹਰ ਪਰਾਈ ਧੁਪ ਹੈ ਪਿੰਡੇ ਨੂੰ ਪਿੱਤ ਬਣ ਕੇ ਚੁਭਦੀ ਪਿੱਤਲ ਪਿੰਡਾ ਬਾਹਰ ਸੜਕ ਕਿਨਾਰੇ ਸੁੱਟ ਕੇ ਮੈਂ ਤੁਰ ਜਾਣੈ ਫੇਰ ਕਦੀ ਮੁੜ ਕੇ ਨਹੀਂ ਆਉਣਾ ਅੰਦਰ ਆਪੋ ਅਪਣੀ ਛਾਂ ਹੈ ਅੰਦਰ ਜਾ ਕੇ ਅਪਣੇ ਆਪ ਨੂੰ ਤਾਲਾ ਜੜੀਏ ? ਭੋਰੇ 'ਚੋਂ ਬਾਹਰ ਨਾ ਆਈਏ ? ਏਦਾਂ ਕਰੀਏ ਅਪਣੇ ਆਪ ਨੂੰ ਨਵਾਂ ਨਕੋਰਾ ? ਅੰਦਰ ਪੱਟ ਪਸ਼ਮ ਰੇਸ਼ਮ ਹੈ ਕਿਧਰੇ ਰਗੜ ਝਰੀਟ ਨਹੀਂ ਹੈ ? ਤੈਨੂੰ ਮਸ਼ਕਰੀਆਂ ਸੁਝੀਆਂ ਨੇ ! ਮੇਰੀ ਪਿਆਸ ਚਮਕਦੀ ਜਾਵੇ ਤਿੱਖੜ ਤੇਹ ਵਿਚ ਮੈਂ ਮਰ ਚਲਿਆ ਪਿਆਸ ਤਾਂ ਮੈਨੂੰ ਵੀ ਲੱਗੀ ਏ ! ਪਿਆਸ ਪਿਆਸ ਵਿਚ ਬੜਾ ਫ਼ਰਕ ਏ ਨਿਕੜੀ ਪਿਆਸ ਦੇ ਲਾਗੇ ਬਹਿ ਕੇ ਦਾਰੂ ਪੀਣਾ ! ਹਾਲ ਉਏ ਰੱਬਾ ! ਅੰਦਰ ਬਾਹਰ ਹਰ ਥਾਂ ਨਾਬਰਾਬਰੀਆਂ ਨੇ ਅਸੀਂ ਸੋਚੀਏ ਇਕ ਪਿਆਲਾ ਮੁੱਕੇ ਤਾਂ ਦੂਜੇ ਨੂੰ ਹੱਥ ਲਾਈਏ ਪਿਆ ਨਿੰਦਿਆ ਨੂੰ ਲਮਕਾਏਂ ਪੀਵਣ ਵੇਲੇ ਵੀ ਪਿਆਲੇ ਦੇ ਨੇੜੇ ਕਦੀ ਨਾ ਆਵੇਂ ਇਸ ਦੁਨੀਆਂ ਵਿਚ ਆਪੂੰ ਹਾਣੀ ਕੋਈ ਨਾ ਲੱਭੇ ਤਿੱਖੜ ਤੇਹ ਵਿਚ ਕੌਣ ਉਡੀਕੇ ਹਾਣੀ ਤਾਈਂ ! ਸੱਚ ਕਹਿੰਦਾ ਏਂ ਆਉਣਾ ਈ ਤਾਂ ਆ ਜਾ ਮਿੱਤਰਾ ਮੈਂ ਤਾਂ ਦਾਰੂ-ਘਰ ਚਲਿਆ ਹਾਂ ਤੁਰਤ ਸ਼ਤਾਬੀ ਦਾਰੂ ਦਾ ਵਰਤਾਰਾ ਕਿਧਰੇ ਤੁਰ ਨਾ ਜਾਵੇ ਯਾ ਦਾਰੂ ਹੀ ਮੁਕ ਨਾ ਜਾਵੇ ਕਿਸੇ ਲਈ ਤਾਂ ਮੁਕਣਾ ਹੀ ਏ ਜਿਸ ਦੀ ਖ਼ਾਤਰ ਮੁਕ ਜਾਵੇਗਾ ਉਹ ਵੀ...... ਚੁਪਚੁਪੀਤਾ ਅਪਣੇ ਅੰਦਰ ਲਹਿ ਕੇ ਬਹਿ ਜਾਵੇਗਾ ਦਾਰੂਹੀਣਾ ਇਸ ਧਰਤੀ ਤੇ ਕੋਈ ਪ੍ਰਸ਼ਨ ਕਿਤੇ ਨਾ ਉੱਗੇ ਇਸ ਧਰਤੀ ਤੇ...... ਕੋਈ ਬਗ਼ਾਵਤ ਹੋ ਨਹੀਂ ਸਕਦੀ ? (ਚੁਪ) ਜਿਸ ਦੀ ਖ਼ਾਤਰ ਦਾਰੂ-ਪਾਣੀ ਮੁਕ ਜਾਵੇਗਾ ਤੈਨੂੰ ਭਲਾ ਉਹਦਾ ਹੀ ਗ਼ਮ ਏਂ ? ਉਸ ਦਾ ਨਹੀਂ, ਆਪਣਾ ਹੀ ਗ਼ਮ ਏ ਉਹ ਅਣਪੀਤਾ, ਚੁਪ-ਚੁਪੀਤਾ ਬਾਹਰ ਖਲੋਤਾ ਅੰਦਰ ਸਾਡੇ ਨਾਲ ਲੜੇਗਾ ਹਰ ਅਣਪੀਤਾ ਪੀਵਣਹਾਰੇ ਦੇ ਸਿਰ ਉਤੇ ਇੱਲ-ਝਪੱਟੇ ਵਾਂਗ ਖਲੋਤਾ ਉਸ ਨੂੰ ਆਪਾਂ ਸਿੱਝ ਲਵਾਂਗੇ ਸਾਡੇ ਕਈ ਦਿਹਾੜੇ ਸੁੱਕੇ ਬਿਨਾਂ ਪੀਤਿਆਂ ਲੰਘੇ ਅੰਦਰ ਰਿਝਦੇ ਬਾਹਰ ਖਿਝਦੇ ਕੀਤੇ ਨਿੱਕੇ ਮੋਟੇ ਦੰਗੇ ਦੰਗੇ ਦੰਗੇ ਬੜਾ ਫ਼ਰਕ ਏ ਆਰ ਖਲੋਤਾ ਪਾਰ ਖਲੋਤਾ ਪੀਣਾ ਤੇ ਨਾ-ਪੀਣਾ ਕਹਿੰਦਾ : ਔਸ ਪਰਾਏ ਸਾਡਾ ਮੁਸ਼ਕਲ ਕੀਤਾ ਜੀਣਾ ਦਰਿਆ ਸਾਡਾ ਦਾਰੂ ਸਾਡਾ ਉਹ ਲਗਦਾ ਕੁਝ ਵੀ ਨਾ ਚੋਰੀ ਚੋਰੀ ਚੁਲੀਏ ਚੁਲੀਏ ਡੀਕੀ ਜਾਇ ਕਮੀਨਾ ਦਰਿਆ ਦੇ ਵਿਚ ਜੋ ਵਗਦਾ ਸੋ ਸਾਡਾ ਅਸਲ ਪਸੀਨਾ ਜਲ ਵਿਚ ਰਹਿ ਕੇ ਜਲ ਨੂੰ ਤਰਸੇ ਵਾਹ ਦਰਿਆ ਦੀ ਮੀਨਾ ਆਰ ਵੀ ਗੜ੍ਹਕੇ ਪਾਰ ਵੀ ਬੜ੍ਹਕੇ ਹੁੰਦੇ ਬੱਸ ਕਦੀ ਨਾ ਰਿਝਦੇ ਖਿਝਦੇ ਜਾਵਣ ਸਿਝਦੇ ਹੀਣਾ ਤੇ ਨਾ-ਹੀਣਾ ਸਾਡਾ ਹਰ ਮੌਸਮ ਖਿਝਦਾ ਏ ਅੰਦਰ ਹਰ ਵੇਲੇ ਰਿਝਦਾ ਏ ਰਹਿੰਦ ਖੂੰਹਦ ਤੇ ਵਿਰਚਣ ਵਾਲੇ ਅਸੀਂ ਤਾਂ ਪੀ ਕੇ ਵੀ ਅਣਪੀਤੇ ਹਰ ਵੇਲੇ ਲਭਦੇ ਰਹਿੰਦੇ ਹਾਂ ਆਪਣੇ ਤੋਂ ਵੀ ਗਿਆ-ਗੁਆਤਾ ਜਿਸ ਦੇ ਨਾਲ ਬਿਨਾ ਮਤਲਬ ਹੀ ਖਹੀਏ ਚਲ ਤੁਰ ਚਲੀਏ ਦੋਵੇਂ ਇਕ ਦੂਜੇ ਤੋਂ ਗਏ-ਗੁਆਤੇ ਬੜਾ ਅਵੇਰਾ ਹੋ ਚੱਲਿਆ ਏ ਡੂੰਘੀ ਸ਼ਾਮ ਉਤਰ ਆਈ ਏ ਉਤੋਂ ਸਾਡੀ ਤੇਹ ਦਾ ਹੋਇਆ ਸਿਖ਼ਰ ਦੁਪਹਿਰਾ ਅੱਛਾ ਅੱਛਾ ਤੁਰ ਚਲਦੇ ਹਾਂ ਅਜੇ ਤਾਂ ਬਹੁਤੀ ਦੇਰ ਨ ਹੋਈ ਸਾਡੇ ਲਈ ਵੇਲਾ ਨਹੀਂ ਕੋਈ ਸਾਡੀ ਖ਼ਾਤਰ ਸਿਰਫ਼ ਦੇਰ ਹੈ ਹਰ ਵਾਰੀ ਤੋਂ ਖੁੰਝ ਜਾਂਦੇ ਹਾਂ ਕਿਸੇ ਵੀ ਪੰਗਤ ਵਿਚ ਖੜ੍ਹ ਜਾਈਏ ਬਹੁਤ ਪਿਛਾਂਹ ਹਾਂ ਕਿੰਨਾ ਵੀ ਜੇਰਾ ਕਰ ਖੜ੍ਹੀਏ ਸਾਥੋਂ ਪਹਿਲਾਂ ਦੀ ਪੰਗਤ ਵੀ ਕਦੇ ਨਾ ਭੁਗਤੇ ਹਰ ਵਾਰੀ ਤੋਂ ਖੁੰਝ ਜਾਂਦੇ ਹਾਂ ਹਰਦਮ ਰਹਿੰਦ-ਖੂੰਹਦ ਪੀਂਦੇ ਹਾਂ ਵਰਤਾਵੇ ਨੂੰ ਆਖ ਦਿਆਂਗੇ ਪਹਿਲਾਂ ਰਹਿੰਦ-ਖੂੰਹਦ ਵਰਤਾ ਦੇ ਰਹਿੰਦ-ਖੂੰਹਦ ਨੂੰ ਸਦਾ ਸਮਾਂ ਹੈ ਝਿਰਕ ਝਿਰਕਦੇ ਸਬਰ ਸ਼ੁਕਰ ਦੇ ਮੌਕੇ ਲਭਦੇ ਉਮਰਾ ਝੁਰੜੀ ਝੁਰੜੀ ਹੋਈ ਇਸ ਮੌਕੇ ਦੇ ਬਾਦ ਵੀ ਉਹੀਓ ਝਿਰਕ ਝਿਰਕ ਹੈ ਰਹਿੰਦ-ਖੂੰਹਦ ਹੈ, ਸਬਰ ਸ਼ੁਕਰ ਹੈ ਰਹਿੰਦ ਖੂੰਹਦ ਤੋਂ ਹਟਕਣ ਵਾਲੀ ਏਸ ਗੱਲ ਦਾ ਕੀ ਮਤਲਬ ਹੈ ? ਦੁਨੀਆਂ ਸਾਨੂੰ ਹਟਕ ਲਿਆ ਹੈ ਹਰ ਬਰਕਤ ਤੋਂ ਕਿਉਂ ਨਾ ਅਪਣੇ ਤਾਈਂ ਹਟਕੀਏ ਰਹਿੰਦ-ਖੂੰਹਦ ਤੋਂ ? ਤੂੰ ਮੈਂ ਕਿਉਂ ਨਾ ਮੁੱਕਰ ਜਾਈਏ ਉਸ ਪੰਗਤ ਤੋਂ ਜਿਸ ਵਿਚ ਸਾਡੇ ਜੋਗੀ ਵਾਰੀ ਕੋਈ ਨਹੀਂ ਹੈ ? [ਚੁਪ] ਮੇਰੇ ਜੀਵਨ ਵਿਚ ਜੋ ਘਟਨਾ ਕੋਈ ਨਹੀਂ ਹੈ ਕਿਉਂ ਨਾ ਸੋਚਾਂ ਕੋਈ ਦੁਰਘਟਨਾ ਹੋ ਜਾਵੇ ? [ਚੁਪ] ਮੈਂ ਕਹਿੰਦਾ ਹਾਂ ਉਸ ਦੁਨੀਆ ਦਾ ਕੀ ਹੋਵੇਗਾ ? ਜਿੱਥੇ ਦੁਰਘਟਨਾ ਨਹੀਂ ਕੋਈ ? ਹਰੀਆਂ ਲਾਲ ਮਸ਼ੀਨੀ ਬੱਤੀਆਂ ਨੇ ਦੁਨੀਆਂ ਨੂੰ ਕਿਹੜੀ ਤੋਰ 'ਚ ਬੰਨ੍ਹ ਲਿਆ ਹੈ ? ਇਸੇ ਤੋਰ ਵਿਚ ਬੱਝੇ ਬੱਝੇ ਹੰਢ ਜਾਵਾਂਗੇ ? ਖੜੇ ਖੜੋਤੇ ਰਹਿਣਾ ਹੀ ਸਾਡਾ ਤੁਰਨਾ ਹੈ ? ਅਪਣਾ ਆਪ ਉਲੰਘਣਹਾਰਾ ਕੋਈ ਕਦਮ ਵੀ ਚੁਕ ਨਹੀਂ ਸਕਦੇ ? ਯਾਰਾ ਕਿਸੇ ਉਲੰਘਣਾ ਕਰ ਕੇ ਕੀ ਲੈਣਾ ਹੈ ਅੱਗੇ ਕਿਹੜੀ ਘਟ ਦੁਰਗਤ ਹੈ ਰਤਾ ਹੋਰ ਬੇਇੱਜ਼ਤ ਹੋ ਕੇ ਸਜ਼ਾ ਭੁਗਤ ਕੇ ਅਸਾਂ ਕਿਹੜਾ ਮੀਰੀ ਬਣਨਾ ਏਂ ਹਾਲੇ ਸਾਡੀ ਐਨੀ ਦੁਰਗਤ ਹੋਈ ਨਹੀਂ ਹੈ ਅੰਦਰ ਧੁਖੀਏ ਬਾਹਰ ਜਗੀਏ ਸਿਰ ਉਪਰ ਬੈਸੰਤਰ ਚੁਕ ਕੇ ਦੁਨੀਆਂ 'ਚੋਂ ਲੰਘ ਜਾਈਏ ਚੁਪ ਕਰ ਜਾ ਉਇ ਮਹਾਂ ਪਖੰਡੀਆ ਹੋਰ ਬੇ'ਜ਼ਤੀ ਕਰਵਾਏਂਗਾ ਬੈਸੰਤਰ ਜਦ ਵੀ ਜਾਗੇਗੀ ਬੇਇਜ਼ਤਾਂ ਵਿਚੋਂ ਜਾਗੇਗੀ ਉਸ ਦੁਨੀਆਂ ਦਾ ਕੀ ਹੋਵੇਗਾ ਜਿਥੇ ਬੇਇੱਜ਼ਤ ਨਹੀਂ ਕੋਈ ? ਬੇਇੱਜ਼ਤ ਹੋਵਣ ਨੂੰ ਯਾਰਾ ਲਖ ਮੌਕੇ ਨੇ ਇਕ ਦਿਨ ਖੁੰਝ ਜਾਏ ਤਾਂ ਕੀ ਹੈ ? ਜਿਹੜਾ ਦਾਰੂ ਸੁਰਤ ਸੁਆਂ ਦੇ ਇਕ ਦਿਨ ਖੁੰਝ ਗਏ ਤਾਂ ਕੀ ਹੈ ? ਸਾਰਾ ਦਿਨ ਚਿਣਗਾਂ ਚਿੰਗਿਆੜੇ ਭਖਦੇ ਲੰਘਿਆ ਦਾਰੂ ਬਾਝੋਂ ਇਹਨਾਂ ਤਾਈਂ ਕੀਕਣ ਚੁੱਪ ਕਰਾਈਏ ਮੱਥੇ ਵਿਚ ਮਘਦੇ ਚੰਗਿਆੜੇ ਕੀਕਣ ਰਾਤ ਵਿਹਾਈਏ ਮਚਦਾ ਮੱਥਾ ਹਾਹਾਕਾਰ ਕਰੇਗਾ ਮਸਾਂ ਮਸਾ ਲੁਕ ਕੇ ਰਹਿੰਦੇ ਹਾਂ ਨਜ਼ਰ ਭਰੇ ਬਾਜ਼ਾਰ ਕਰੇਗਾ [ਚੁਪ] ਚਲ ਤੁਰ ਚਲੀਏ ਨਹੀਂ ਤਾਂ ਦਾਰੂ ਮੁਕ ਜਾਣਾ ਏਂ ਕੀਕਣ ਤੁਰੀਏ ? ਗੂੜ੍ਹ ਹਨੇਰਾ ਰਸਤਾ ਨਜ਼ਰ ਨ ਆਏ ਨਾ ਜਾਗੇ ਚੰਗਿਆੜੇ ਮੱਥੇ ਬੁਝੇ ਬੁਝਾਏ ਕੀਕਣ ਤੁਰੀਏ ? ਏਸ ਚੁਰਾਹੇ ਕੁਝ ਨਹੀਂ ਹੋਇਆ ਏਥੇ ਅਜੇ ਨ ਸੂਰਜ ਚੜ੍ਹਿਆ ਸੱਖਣੀ ਥਾਲੀ ਏਥੇ ਅਜੇ ਨ ਨੰਗੇ ਚੁਲ੍ਹੇ ਚਾਂਗਰ ਮਾਰੀ ਚਲ ਬੁੱਲ੍ਹਿਆ ਹੁਣ ਓਥੇ ਚਲੀਏ ਜਿੱਥੇ ਨੰਗੇ ਚੁੱਲ੍ਹੇ ਨਾ ਕੁਝ ਰਿੱਝੇ ਨਾ ਕੁਝ ਪੱਕੇ ਅੱਗ ਚੁਫੇਰੇ ਡੁੱਲ੍ਹੇ ਘਰੋਂ ਬਾਹਰ ਭੁਖ ਪੈਰੋਂ ਨੰਗੀ ਨਾਚ ਕਰੇ ਸਿਰ ਖੁੱਲ੍ਹੇ ਸਬਰ ਸ਼ੁਕਰ ਵਲ ਜਾਵਣ ਵਾਲੇ ਸਾਰੇ ਰਸਤੇ ਭੁੱਲੇ ਬੇਇਜ਼ਤੀ ਤੋਂ ਬੇਇਜ਼ਤੀ ਤਕ ਜਾਵਣ ਵਾਲਾ ਜਿਹੜਾ ਰਾਹ ਹੈ ਚਲ ਉਸ ਰਸਤੇ ਪਈਏ ਨੰਗੀ ਅੱਗ ਤੋਂ ਨੰਗੀ ਅੱਗ ਤਕ ਜਿਹੜਾ ਮੌਸਮ ਨਾਲ ਉਸ ਦੇ ਖਹੀਏ ਨਿਰੇ ਜ਼ਖ਼ਮ ਦਾ ਜਿੱਥੇ ਦਾਰੂ ਨਿਰਾ ਜ਼ਖ਼ਮ ਹੈ ਓਸ ਮੁਲਕ ਵਿਚ ਰਹੀਏ ਨਾ-ਕਰਨੀ ਤੋਂ ਨਾ-ਕਰਨੀ ਤਕ ਜਿਹੜੀ ਸਿਖਿਆ ਉਸ ਦੇ ਧੁਰ ਤਕ ਲਹੀਏ ਜੇ ਉਸ ਰਸਤੇ ਦਾ ਕੋਈ ਵੀ ਅੰਤ ਨਾ ਆਵੇ ਢੇਰੀ ਵਾਂਗ ਨ ਢਹੀਏ ਤੁਰਦੇ ਤੁਰਦੇ ਰਹੀਏ

1. 2

ਭੀੜਾਂ ਦੇ ਵਿਚ ਅਪਣਾ ਕੁਝ ਤਾਂ ਸੁਟ ਆਇਆ ਹਾਂ ਅਪਣੇ ਅੰਦਰ ਬਹੁਤ ਬਹੁਤ ਵਾਫ਼ਰ ਲਗਦਾ ਸੀ ਅਪਣੇ ਆਪ ਤੋਂ ਰਤਾ ਜਿਹਾ ਤਾਂ ਟੁਟ ਆਇਆ ਹਾਂ ਤਿੜਕ ਤਰੇੜੀ ਜਾਂਦਾ ਤੇ ਡੂੰਘੇ ਲਹਿੰਦਾ ਸੀ ਅੰਦਰ ਫਲਦਾ ਵੈਰੀ ਬੂਟਾ ਪੁੱਟ ਆਇਆ ਹਾਂ ਨੰਗ-ਮਹਿਲ ਵਿਚ ਜਗਦਾ ਤੇ ਪੁੱਛਾਂ ਪੁਛਦਾ ਸੀ ਘਰ ਵਿਚ ਭੰਡਣਹਾਰੇ ਹੱਥੋਂ ਛੁੱਟ ਆਇਆ ਹਾਂ ਭਾਵੇਂ ਅਧ-ਪਚੱਧਾ ਊਣਾ ਆਪ-ਵਿਹੂਣਾ ਕੋਈ ਨਾ ਪੁੱਛਣ-ਹਾਰਾ ਆਪ-ਨਿਖੁੱਟ ਆਇਆ ਹਾਂ ਅਜੇ ਵੀ ਅੱਧੀ ਰਾਤੀਂ ਮੈਨੂੰ ਵਾਜਾਂ ਮਾਰੇ ਅਪਣੇ ਵੱਲੋਂ ਦਿਨ ਦੀ ਸੰਘੀ ਘੁਟ ਆਇਆ ਹਾਂ ਮਾਰੂਥਲ ਵਿਚ ਕਿਧਰ ਗਈ ਮੇਰੀ ਬਕਰੀ ਬਕਰੀ ਚਹੁੰਕੂਟਾਂ ਵਿਚ ਚਿੱਟੀ ਧੁੱਪ ਚਿਲਕਦੀ ਰੇਤਾ ਨਜ਼ਰ ਨਾ ਆਵੇ ਕਿਧਰ ਗਈ ਮੇਰੀ ਬਕਰੀ ਬਕਰੀ ਖੇਹਨੂੰ ਵਾਂਗੂੰ ਅਪਣੀ 'ਵਾਜ ਚੁਫੇਰੇ ਘੱਲਾਂ ਵਾਪਸ ਆਵੇ ਤਿੜਕ ਤਰੇੜੀ ਖਖਰੀ ਖਖਰੀ ਕਿਸ ਕਿਣਕੇ ਨੂੰ ਪੁੱਛਾਂ ਕਿਸ ਕਿਣਕੀ ਨੂੰ ਆਖਾਂ ਕੋਈ ਨਾ ਬੋਲੇ ਹਰ ਸ਼ੈ ਏਥੇ ਮਕਰੀ ਮਕਰੀ ਕੋਈ ਸਬੂਤਾ ਨਕਸ਼ ਹੋਏ ਤਾਂ ਮੈਂ ਪਹਿਚਾਨਾਂ ਹਰ ਸ਼ੈ ਡੁੱਲ੍ਹੀ ਚੀਣਾ ਚੀਣਾ ਡਕਰੀ ਡਕਰੀ ਜੀਵੇਂ ਕਿਧਰੇ ਤੁਰਦੀ ਫਿਰਦੀ ਵੇਖੀ ਤੂੰ ਕੋਈ ਪੱਠ ਵਿਚਾਰੀ ਸੁੱਟਣ ਜੋਗੀ ਨੂੰ ਚਾਹੁਨੈਂ ਮੁੜ ਸਿਰ ਤੇ ਚੁਕ ਲਾਂ [ਚੁਪ] ਸਾਰਾ ਦਿਨ ਮਾਰੂਥਲ ਵਿਚ ਚੰਗਿਆੜੇ ਚੁਗੀਏ ਜੀਵੇਂ, ਉਹ ਤਾਂ ਮੈਨੂੰ ਸੁੱਟਣ ਜੋਗਾ ਕਰ ਗਈ ਸ਼ਾਮ ਪਿਆਂ ਵੀ ਅੱਖੀਆਂ ਵਿਚ ਚੁਭਦੇ ਚੰਗਿਆੜੇ ਨਚਦੇ ਭੰਬਰ ਤਾਰੇ ਚਿੱਟੇ ਤੋਂ ਵਧ ਚਿੱਟਾ ਚਾਨਣ ਜਿਸ ਵਿਚ ਸਭ ਕੁਝ ਗੁੰਮ-ਗੁਆਚਾ ਅਤਿ ਚਾਨਣ ਨੇ ਐਸਾ ਨ੍ਹੇਰਾ ਪਾਇਆ ਦੀਵਾ ਕੰਮ ਨਾ ਆਏ ਥਾਂ ਪਰਥਾਵੇਂ ਚਿੱਟ-ਚਟਾਕ ਪਏ ਨਚਦੇ ਨੇ ਤੈਨੂੰ ਪਤੈ ਕਿ ਥਲ ਵਿਚ ਕੋਈ ਰਸਤਾ ਕਿੱਧਰ ਜਾਂਦਾ ਅਧ ਅਸਮਾਨੇ ਸੂਰਜ ਚੜ੍ਹਦਾ ਅਧ ਅਸਮਾਨੇ ਡੁੱਬੇ ਪੂਰਬ ਪੱਛਮ ਕੀਕਣ ਕੋਈ ਲੱਭੇ ਕੋਈ ਕਿਸੇ ਨੂੰ ਰਸਤਾ ਮੂਲ ਨ ਦੱਸੇ ਜੋ ਪੁੱਛੇ ਉਸ ਤੇ ਖਿਝ ਆਵੇ ਅੰਧਰਾਤੇ ਦਾ ਜੀਕਣ ਤਾਹਨਾ ਦੇਵੇ ਬੋਲਣਹਾਰਾ ਬੋਲੀਮਾਰ ਜਿਹਾ ਲਗਦਾ ਹੈ ਮੈਂ ਕੀ ਬੋਲਣਹਾਰਾ, ਬੋਲੀਮਾਰਾ ਮਾਰੂਥਲ ਵਿਚ ਐਸਾ ਮਾਰੂਥਲ ਹੋਇਆ ਹਾਂ ਚੁਪ ਤੋਂ ਚੁਪ ਤੀਕਣ ਹੀ ਸਾਰਾ ਰਸਤਾ ਤਾਂ ਵੀ ਕਿਧਰੇ ਨਿਮ੍ਹੀ ਜੇਹੀ ਆਸ ਬਚੀ ਹੈ ਇਸੇ ਲਈ ਪੁਛਦਾ ਹਾਂ ਬਕਰੀ ਮੇਰੀ ਗੁਆਚ ਗਈ ਹੈ ਤੂੰ ਕਿਧਰੇ ਨਹੀਂ ਵੇਖੀ ? ਏਥੇ ਕੋਈ ਗੁਆਚਾ ਲੱਭਣਜੋਗ ਰਿਹਾ ਨਾ ਕਦੀ ਕਦੀ ਤੁਰਦੇ ਤੁਰਦੇ ਮਨ ਵਿਚ ਆਇਆ ਏ ਆਸੇ ਪਾਸੇ ਪੁਛਾਂ : ਰੇਤਥਲਾਂ ਵਿਚ ਮੈਂ ਹੀ ਆਪ ਗੁਆਚ ਗਿਆ ਹਾਂ ਤੂੰ ਕਿਧਰੇ ਨਹੀਂ ਡਿੱਠਾ ? ਫਿਰ ਡਰ ਜਾਵਾਂ ਕਿਤੇ ਗੁਆਚਾ ਆਪਾ ਲੱਭ ਨ ਜਾਏ ! ਖ਼ੁਸ਼ਕਿਸਮਤ ਏਂ ਮੈਨੂੰ ਤਾਂ ਇਹ ਵੀ ਨਹੀਂ ਸੁੱਝੀ ਗੁੰਮ-ਗੁਆਚੇ ਆਪੇ ਬਾਰੇ ਭੋਰਾ ਫ਼ਿਕਰ ਕਰਾਂ ਫ਼ਿਕਰਮੰਦ ਏਂ ਇਕ ਨਾ ਇਕ ਦਿਨ ਅਪਣੇ ਤਾਈਂ ਲਭ ਲਏਂਗਾ ਚਿੰਤਾ ਕਰਨੀ ਚੰਗੀ ਗੱਲ ਏ ਮੈਨੂੰ ਬਕਰੀ ਦੀ ਚਿੰਤਾ ਏ ਮੈਨੂੰ ਲਾ ਕੇ ਗਲ ਕਰਦਾ ਏਂ ਮੈਨੂੰ ਤੇ ਬਕਰੀ ਨੂੰ ਇਕ ਬਰਾਬਰ ਸਮਝੇਂ ਚਿੰਤਾ ਚਿਖ਼ਾ ਬਰਾਬਰ ਕਿਧਰੋਂ ਚੰਗੀ ? ਚਿੰਤਾ ਹੀ ਤਾਂ ਜੀਣ-ਗਵਾਹੀ ਚਿਖ਼ਾ ਜੀਣ ਤੋਂ ਬਾਦ ਨਿਸ਼ਾਨੀ ? ਚਿੰਤਾ ਜਦੋਂ ਚਿਖਾ ਬਣ ਜਾਵੇ ਜੀਣਾ-ਮਰਨਾ ਇੱਕੋ ਸਾਹੇ ਹੋਵੇ ਤਿੱਖਾ-ਤੱਤਾ ਹੋਵਣ ਦੀ ਭਰਪੂਰ ਨਿਸ਼ਾਨੀ ਚਿਖਾ ਬਰਾਬਰ ਚਿੰਤਾ ਤੋਂ ਮੈਂ ਕੀ ਲੈਣਾ ਏਂ ? ਰੇਗਿਸਤਾਨ 'ਚ ਮੈਂ ਚਿੰਤਾ ਦੇ ਚਿਣਗ ਸੁਆਲਣ ਆਇਆ ਮੈਂ ਸੁਣਿਆ ਕਿਧਰੇ ਦਾਰੂ ਦਾ ਮੱਟ ਪਿਆ ਏ ਧੁਰ ਮਾਰੂ ਵਿਚ ਇਕ ਅੱਧ ਚੁੱਲੀ ਮਿਲੇ ਤਾਂ ਅੱਗ ਸੌਂ ਜਾਵੇ ਤੂੰ ਜਾਣੇਂ ਦਾਰੂ ਦਾ ਕਿਧਰੇ ਮੱਟ ਪਿਆ ਏ ? ਬਹੁਤ ਦੁਖੀ ਆਂ ਕਾਹਨੂੰ ਮਸ਼ਕਰੀਆਂ ਕਰਦਾ ਏਂ ! ਦਾਰੂ ਨਹੀਂ ਬਕਰੀ ਲਭਦਾ ਹਾਂ ! ਹਰ ਬੰਦੇ ਦਾ ਕੁਝ ਨਾ ਕੁਝ ਗੁਆਚਾ ਹੋਇਆ ਕੋਈ ਗੁਆਚਾ ਲਭਣਾ ਚਾਹੇ ਕੋਈ ਗੁਆਚਾ ਭੁਲਣਾ ਚਾਹੇ ਦੋਹਾਂ ਦੇ ਵਿਚਕਾਰ ਮਸ਼ਕਰੀ [ਚੁਪ] ਲੱਭਣਹਾਰੇ ਭੁਲਣਹਾਰੇ ਦੋਹਾਂ ਦੇ ਰਾਹ ਜੁਦਾ ਜੁਦਾ ਨੇ ਅੱਛਾ ਵੀਰਾ ਮੈਂ ਚਲਦਾ ਹਾਂ ਤੇਰਾ ਰਸਤਾ ਤੇਰੇ ਜੋਗਾ ਹੀ ਛਡਦਾ ਹਾਂ ਮੈਂ ਹਾਲੇ ਬਕਰੀ ਲਭਣੀ ਏਂ ਹਾਲੇ ਭੁੱਲਣਜੋਗ ਨ ਹੋਇਆ ਚਾਨਣ ਵਿੱਚ ਗੁਆਚੀ ਬਕਰੀ ਨ੍ਹੇਰੇ ਦੇ ਵਿਚ ਲਭਦਾ ਫਿਰਦੈਂ ਤੈਨੂੰ ਮੇਰਾ ਰਤਾ ਫ਼ਿਕਰ ਨਾ ਦਾਰੂ ਬਾਝੋਂ ਮੈਂ ਮਰ ਚਲਿਐਂ ? ਮੈਨੂੰ ਵੀ ਤਾਂ ਮਰਨਹਾਰ ਦੀ ਚਿੰਤਾ ਮਾਰੇ ਭੁੱਖੀ-ਭਾਣੀ, ਤੇਹ ਤਿਹਾਈ ਮਰ ਜਾਵੇਗੀ ਬਕਰੀ ਬਹੁਤ ਨਿਮਾਣੀ ਏਸੇ ਦਾ ਹੀ ਨਾਮ ਮਸ਼ਕਰੀ ਅਪਣੇ ਤੋੜ-ਵਿਛੋੜੇ ਨੂੰ ਮੈਂ ਭੁਲਣਾ ਚਾਹਾਂ ਚੁੱਲੀ ਕੁ ਪੀ ਕੇ ਡੂੰਘ-ਗੁਫ਼ਾ ਵਿਚ ਲਹਿ ਜਾਵਾਂਗਾਂ ਜਿੱਥੇ ਕੋਈ ਪਛਾਣ ਨ ਸੱਕੇ ਮੈਨੂੰ ਨਹੀਂ ਤਾਂ ਉਹ ਵਿੱਛੜਿਆ ਮੈਨੂੰ ਲੱਭ ਲਏਗਾ ਬਕਰੀ ਵਾਂਗੂੰ ਤੂੰ ਬਕਰੀ ਏਂ ? ਤੈਨੂੰ ਕਿਸੇ ਜੇ ਲੱਭ ਲਿਆ ਤਾਂ ਕੀ ਚਿੰਤਾ ਏ ? ਨੰਗੇ ਚੁੱਲ੍ਹੇ ਚਾੜ੍ਹ ਧਰੇਗਾ ਸਖਣੀ ਥਾਲੀ ਵਿਚ ਪਰੋਸਣ ਖ਼ਾਤਰ ਚੁਲੀ ਕੁ ਪੀ ਕੇ ਡੂੰਘ-ਗੁਫ਼ਾ ਵਿਚ ਲਹਿ ਸੱਕੇਗਾ ? ਚੁਲੀ ਕੁ ਪੀ ਲਾਂ ਤਾਂ ਦੱਸਾਂਗਾ ਚੁਲੀ ਕੁ ਪੀਣੇ ਬੜ੍ਹਕਾਂ ਮਾਰਨ ਜੋਗੇ ਹੁੰਦੇ ਲੋਕਾਂ ਨੂੰ ਆਵਾਜ਼ਾਂ ਦੇਂਦੇ ਸਾਨੂੰ ਲੁਕੇ ਲੁਕੇ ਨਾ ਜਾਣੋ ਸੂਰਜ ਵਾਂਗ ਖੜੇ ਆਂ ਸਿਰ ਤੇ ਸਿਖ਼ਰ ਦੁਪਹਿਰੇ ਹੁਣ ਬਲਦੇ ਹੁਣ ਭੁੱਬਲ ਹੋ ਕੇ ਡਿਗ ਪਵਾਂਗੇ ਤੂੰ ਉਹੀਓ ਜੋ ਲੌਢੇ ਵੇਲੇ ਮੇਰੇ ਢਿੱਡ ਵਿਚ ਵਾਢਵੀਆਂ ਗੱਲਾਂ ਕਰਦਾ ਸੈਂ ਮੈਂ ਤਾਂ ਸਿਖ਼ਰ ਦੁਪਹਿਰਾਂ ਤੋਂ ਹੀ ਅਪਣੀ ਬਕਰੀ ਲੱਭ ਰਿਹਾ ਹਾਂ ਉਹ ਨਾਹੀ ਤਾਂ ਉਹਦੇ ਵਰਗਾ ਹੀ ਕੋਈ ਤੂੰ ਏਂ ਸਹਿਜ ਸੁਭਾਉਕੀ ਗੱਲ ਦਾ ਵਿੰਗਾ ਮੋੜਾ ਦੇਵਣ ਵਾਲਾ ਤੂੰ ਨਾਹੀਂ ਬਘਿਆੜ ਮੈਂ ਭਾਵੇਂ ਬਕਰੀ ਵਾਲਾ ਤੂੰ ਮਟਕਾ ਲੱਭ ਮੈਂ ਤੁਰ ਜਾਵਾਂ ਅਪਣੀ ਬਕਰੀ ਲਭਦਾ ਲਭਦਾ ਦੁਨੀਆਂ ਦੇ ਵੈਰੀ ਨੇ ਦੁਨੀਆਂ ਲੱਭਣਹਾਰੇ ਕਿਸੇ ਨ ਸ਼ੈ ਦੇ ਮੱਥੇ ਮਾਲਕ ਦਾ ਨਾਂ ਲਿਖਿਆ ਵੈਰੀ ਜੋ ਸ਼ੈਆਂ ਦਾ ਮਾਲਕ ਹੋਣ ਵਿਚਾਰੇ ਸਾਗਰ ਸਾਗਰ ਭਟਕੇ ਲੱਭੇ ਨਵੇਂ ਜਜ਼ੀਰੇ ਫੇਰ ਜਜ਼ੀਰੇ ਖ਼ਾਤਰ ਕਤਲੋ ਗ਼ਾਰਤ ਕਾਰੇ ਮਾਰੂਥਲ ਤਾਂ ਪਲੋ ਪਲੀ ਵਧਦਾ ਜਾਂਦਾ ਏ ਹੂੰਝੀ ਜਾਵੇ ਮਹਿਲ ਮੁਨਾਰੇ ਖੇਤ ਕਿਆਰੇ ਬਕਰੀ ਤੋਂ ਮੈਂ ਤੀਕਰ, ਹੁਣ ਤੋਂ ਨਾ-ਹੁਣ ਤੀਕਰ ਰੇਤੇ ਨੇ ਭਖ ਜਾਣੇ ਮਾਲਕ ਅਤੇ ਮੁਜ਼ਾਰੇ ਸਿਰ ਤੇ ਚੁੱਕੀ ਮੈਂ ਚੋਂ ਕੁਝ ਲਾਂਭੇ ਧਰ ਦਈਏ ਭੁੱਲਣਹਾਰੇ ਹੋ ਕੇ ਕਰੀਏ ਜੀਣ-ਗੁਜ਼ਾਰੇ ਦਾਰੂ ਤੋਂ 'ਦਾਰੂ ਤਕ ਹੀ ਤਾਂ ਸੁਖ ਦਾ ਸਾਹ ਹੈ ਦਾਰੂ ਬਾਝੋਂ ਦੁਖ ਤੋਂ ਦੁਖ ਤਕ ਦੇ ਵਿਸਤਾਰੇ

1. 3

ਮਾਰੂਥਲ ਵਿਚ ਸ਼ਾਮ ਪਈ ਏ ਬਾਟੇ ਦੇ ਵਿਚ ਸੂਹਾ ਸੂਹਾ ਰੰਗ ਉਦੈ ਹੈ ਵਾਜਾਂ ਮਾਰ ਬੁਲਾਵੇ ਦਾਰੂ [ਏਹੋ ਏਹੋ ਆਪਣੀ ਥਾਂ ਏ] ਤਲੀਆਂ ਹੇਠਾਂ ਠੰਡੀ ਠੰਡੀ ਰੇਤ ਵਿਛੀ ਏ ਲੋਰੀ ਪਿਆ ਸੁਣਾਵੇ ਦਾਰੂ [ਅਪਣਾ ਘਰ ਏ, ਅਪਣੀ ਮਾਂ ਏਂ] ਇਸ ਲੋਰੀ ਵਿਚ ਨਵੇਂ ਨਵੇਰੇ ਜਗ ਦਾ ਨਕਸ਼ਾ ਕਰਨੀ ਲਈ ਜਗਾਵੇ ਦਾਰੂ ਭਉ-ਸਾਗਰ ਵਿਚ ਨਵੇਂ ਨਜ਼ਾਰੇ ਕਰਨ ਸੈਣਤਾਂ ਇਸ਼ਕ ਲਈ ਉਕਸਾਵੇ ਦਾਰੂ ਏਸ ਸਰੋਵਰ ਦੇ ਵਿਚ ਨ੍ਹਾਵੋ, ਉੱਲੀ ਲਾਹਵੋ ਜਾਗਤ ਜੋਤ ਬਣਾਵੇ ਦਾਰੂ ਸਦਾ ਫੈਲਦੇ ਮਾਰੂਥਲ ਦਾ ਹਮਲਾ ਰੋਕੇ ਭੁਰਦੀ ਜਿੰਦ ਬਚਾਵੇ ਦਾਰੂ ਸੂਰਜ-ਸੂਹਾ ਪਹਿਨ ਕੇ ਬਾਣਾ ਪੀਵਣਹਾਰਾ ਪਾਵੇ ਦਾਰੂ [ਮਾਏ ਕਾਹਨੂੰ ਏਸ ਉਨੀਂਦੇ ਤਾਈਂ ਹੋਰ ਜਗਾਵੇਂ ?] [ਘਰ ਆਏ ਨੂੰ ਪਰਦੇਸਾਂ ਵਿਚ ਜਾਣ ਲਈ ਉਕਸਾਵੇਂ ?] ਤੂੰ ਕਿਹੜਾ ਏਂ ? ਦਾਰੂ ਵੇਚਣਹਾਰਾ ? ਇਹ ਦਾਰੂਘਰ ਦਾਰੂ-ਵੇਚ ਦੁਕਾਨ ਨਹੀਂ ਏ ਇਹ ਦਾਰੂ ਦਾ ਡੇਰਾ ਏ ? ਤੂੰ ਪੀਰ-ਮੁਗ਼ਾਂ ਏਂ ? ਇਹ ਦਾਰੂ ਦਾ ਘਰ ਹੈ ਮੈਂ ਇਸ ਘਰ ਦਾ ਜੀ ਹਾਂ ਪੀਰ ਨਹੀਂ ਏਥੇ ਹਰ ਕੋਈ ਸਿਰਫ਼ ਪਿਆਰਾ ਬੱਕਰਵਾਨਾਂ ਦਾ ਹੀ ਘਰ ਏ ? ਉਹ ਜਿਹੜੇ ਲਭਦੇ ਫਿਰਦੇ ਨੇ ਬਕਰੀ ਕੋਈ ਗੁਆਚੀ ? ਬਕਰੀ ਤੋਂ ਨਵ-ਆਉਣੀ ਦੁਨੀਆਂ ਤਕ ਸਭ ਕੁਝ ਹੀ ਲੱਭਣ ਜੋਗਾ ਤੂੰ ਵੀ ਲਗਦੈ ਕਿਤੇ ਗੁਆਚਾ ਤੈਨੂੰ ਵੀ ਲੱਭਣ ਦੀ ਕੋਸਿ਼ਸ਼ ਕਰ ਸਕਦੇ ਹਾਂ ਮੈਂ ਤਾਂ ਪੂਰਾ ਨਹੀਂ ਆਪਣਾ ਅਧ-ਪਚੱਧਾ ਬਾਹਰ ਸੁਟਿਆ ਬਾਕੀ ਨੂੰ ਸੁਟਣਾ ਚਾਹੁੰਦਾ ਹਾਂ ਏਥੋਂ ਭੁੱਲਣਹਾਰਾ ਦਾਰੂ ਵੀ ਮਿਲ ਸਕਦੈ ? ਰੱਖਣ ਜੋਗੇ ਹੋ ਕੇ ਜੇ ਸੁਟ ਪਾਉਣਾ ਚਾਹੋ ਅਪਣੇ ਤਾਈਂ ਯਾਦ ਕਰਨ ਜੋਗੀ ਕਰਨੀ ਅਪਣੀ ਜੇ ਭੁਲਣਾ ਚਾਹੋ ਮਿਲ ਜਾਏਗਾ ਦਾਰੂ ਏਥੋਂ ਮਿਲ ਜਾਏਗਾ ਮੈਂ ਤਾਂ ਮਹਾਂ ਨਕਰਨਾ ਹੋ ਕੇ ਜੀਉਣਾ ਚਾਹਾਂ ਭੁੱਲਣ ਜੋਗਾ ਆਪਾ ਅਪਣਾ ਭੁਲਣਾ ਚਾਹਾਂ ਔਖਾ ਔਖਾ ਲਗਦੈ ਚੁਕਣਾ ਅਪਣਾ ਆਪਾ ਮੇਰੇ ਦੁਖ ਦਾ ਦਾਰੂ ਏਥੋਂ ਮਿਲ ਜਾਏਗਾ ? ਹੰਢ ਜਾਏਂਗਾ ਅਪਣਾ ਆਪਾ ਚੁਕਦਾ ਚੁਕਦਾ ਪਰ੍ਹਾਂ ਪਰਾਇਆ ਕਰਦਾ ਕਰਦਾ ਭੁੱਲਣ ਜੋਗੇ ਨੂੰ ਭੁੱਲਣ ਦੀ ਖ਼ਾਤਰ ਦਾਰੂ ! ਸੁੱਟਣ ਜੋਗੇ ਨੂੰ ਸੁੱਟਣ ਦੀ ਖ਼ਾਤਰ ਉੱਦਮ !! ਨਾਮੁਮਕਿਨ ਏਥੇ ਅਪਣੀ ਏਨੀ ਦੁਰਵਰਤੋਂ ਮਹਾਂ ਨਿਗੂਣੀ ਬਕਰੀ ਦੇ ਹੋਏ ਮਰਦੇ ਹੋ ਮੈਨੂੰ ਪਰ੍ਹਾਂ ਪਰ੍ਹਾਂ ਕਰਦੇ ਹੋ ਮੈਂ ਜੋ ਅਪਣੇ ਆਪੇ ਦਾ ਵੀ ਮੋਹ ਕਰਾਂ ਨਾ ਹਉਂਹੀਣੇ ਨੂੰ ਅਪਣੀ ਹਉਮੈ ਵੱਡੀ ਲਗਦੀ ਸੁਟ-ਪਾਉਣੀ ਦਾ ਪਿਆ ਵਿਖਾਲਾ ਪਾਵੇਂ ? ਮੈਨੂੰ ਹਉਂਹੀਣਾ ਕਹਿੰਦਾ ਏਂ ! ਮਾਰੂਥਲ ਵਿਚ ਚੋਰੀ ਦਾਰੂ ਦਾ ਵਣਜਾਰਾ ! ਚੋਰਾਂ ਦਾ ਨੰਗਾਂ ਸੰਗ ਕਾਹਦਾ ਬੋਲ-ਬੁਲਾਰਾ ਤੈਥੋਂ ਅਧ-ਪਚੱਧੇ ਤੋਂ ਕੀ ਲੈਣਾ-ਦੇਣਾ ਅਧ-ਪਚੱਧਾ ਡਿੱਗਾ ਡੁੱਲ੍ਹਾ ਬਾਕੀ ਅਧ-ਪਚੱਧਾ ਆਪਾ ਚਾਹੇਂ ਭੁੱਲਾ ਤੈਨੂੰ ਕਿਸੇ ਭੁਲਾਉਣੇ ਦਾਰੂ ਦੀ ਹੈ ਹੁਣੇ ਜ਼ਰੂਰਤ ਜਾ ਤੁਰਿਆ ਜਾ ਤੈਨੂੰ ਤੇਰੇ ਜੋਗ ਕਿਤੋਂ ਕੁਝ ਮਿਲ ਜਾਏਗਾ ਆਪੋ ਦੇ ਵਿਚ ਖਹਿਬੜ੍ਹਦੇ ਨਾ-ਪੀਣੇ ਤੇ ਨਾ-ਪੀਣੇ ਇਕ ਉਹਨਾਂ ਚੋਂ ਜੀਣਾ ਚਾਹੁੰਦੇ ਤੇ ਦੂਜੇ ਨਾ-ਜੀਣੇ ਇਕ ਦੂਜੇ ਨੂੰ ਚੁੱਕ ਨ ਸੱਕਣ ਲਓ ਡਿੱਗੇ ਚੀਣਾ ਚੀਣੇ ਰਣ-ਤੱਤੇ ਨੂੰ ਤੁਰ ਪਏ ਸਾਲਮ ਰਹਿ ਗਏ ਅਧ-ਅਧੀਣੇ ਲੀਰ ਲੰਗਾਰੇ ਲਮਕਣ ਪਿੰਡੇ ਕਿਨ ਇਹ ਕੱਜਣ ਸੀਣੇ ਨੰਗ-ਮੁਨੰਗੇ ਵੀ ਉਹ ਸੋਹਣੇ ਜੋ ਨਾ ਮੰਨਣ ਈਣੇ ਕਿਹੜੀ ਗੱਲ ਤੇ ਮਾਣ-ਨਿਮਾਣੇ ਦੋਵੇਂ ਖ਼ਾਕ-ਨਸ਼ੀਣੇ ਕੁਝ ਕੁਝ ਖ਼ਾਕ-ਨਸ਼ੀਣਾਂ ਦੇ ਵੀ ਸੁਫ਼ਨੇ ਤਖ਼ਤ-ਨਸ਼ੀਣੇ ਮਹਾ-ਵਿਜੋਗੇ ਰਹੀਏ ਕਾਹਨੂੰ ਅੱਗ ਮਚਾਈਏ ਸੀਨੇ ਮਹਾਂ-ਉਮਰ ਦੇ ਇਕ ਛਿਨ ਖ਼ਾਤਰ ਜ਼ਰੀਏ ਸਾਲ ਮਹੀਨੇ

1. 4

ਨੰਗ-ਮੁਨੰਗੇ, ਸਾਲਮ, ਖ਼ਾਕ-ਨਸ਼ੀਣੇ ਤਾਈਂ ਬੜਾ ਸਹਾਰਾ ਸੁਫ਼ਨੇ ਦਾ ਹੀਣੀ ਤੋਂ ਵੀ ਹੀਣੀ ਆਪਣੀ ਹੋਣੀ ਭਾਵੇਂ ਹੁਕਮ ਨਾ ਹੋਵੇ ਭੁੱਲਣ ਦਾ ਕਿੰਨਾ ਪੈਂਡਾ ਤੁਰਿਆ ਅਜੇ ਨ ਟੋਲਾ ਲੱਭਾ ਮੱਟ-ਪੀਣਿਆਂ ਮਸਤਾਂ ਦਾ ਤੂੰ ਕਿਹੜਾ ਏਂ ਮਾਰੂਥਲ ਬੇਰਾਹੇ ਬੈਠਾ ਠੇਡਾ ਕਿਸੇ ਮੁਸਾਫ਼ਰ ਦਾ ? ਮੈਂ ਉਹੀਓ ਹਾਂ ਬਕਰੀ ਵਾਲਾ ਲਭਦਾ ਲਭਦਾ ਏਥੋਂ ਤੀਕਣ ਆ ਪਹੁੰਚਾ ਹਾਂ ਏਥੇ ਕਾਹਨੂੰ ਖੁੱਸੀ ਢਿੱਲੀ ਗੰਢੜੀ ਵਾਂਗੂੰ ਭੁੰਜੇ ਡੁੱਲ੍ਹਾ ਬੈਠ ਗਿਆ ਏਂ ? ਏਥੇ ਉਹਦੀ 'ਵਾਜ ਸੁਣੀ ਸੀ ਇੱਕੋ ਵਾਰੀ ਦੂਜੀ ਵਾਰੀ ਪਿਆ ਉਡੀਕਾਂ ਮੇਰੀ ਹਾਲੇ ਪਹਿਲੀ ਵਾਰੀ ਵੀ ਨਾ ਆਈ ! ਸੱਚੋ ਸੱਚ ਆਵਾਜ਼ ਕਿ ਐਵੇਂ ਭਰਮ ਭੁਲੇਖਾ ? 'ਵਾਜ ਤਾਂ ਸੱਚੀ 'ਵਾਜ ਦੇ ਉਹਲੇ ਪਤਾ ਨਹੀਂ ਕੀ ਸੱਚਾ ਝੂਠਾ ਨ੍ਹੇਰਾ ਉਤਰ ਰਿਹੈ ਕੁਝ ਚਿਰ ਨੂੰ ਡੂੰਘਿਓਂ ਡੂੰਘਾ ਹੋ ਜਾਏਗਾ ਨ੍ਹੇਰਾ ਜਨਮ ਜਨਮ ਦਾ ਸਾਡਾ ਸਾਥੀ ਏਸ ਨਿਮਾਣੇ ਤੋਂ ਕੀ ਡਰਨਾ ! 'ਵਾਜ ਤਾਂ ਕਾਲੀ ਰਾਤੇ ਉਡਦਾ ਚਿੱਟਾ ਪੰਛੀ ਮੇਰੇ ਤੀਕਰ ਪਹੁੰਚ ਜਾਏਗੀ ਨ੍ਹੇਰੇ ਦੇ ਵਿਚ ਮੈਂ ਜੂ ਬੈਠਾ ਬਲਦਾ ਬੁੱਥਾ ਮੇਰੀ ਬਕਰੀ ਦੂਰੋਂ ਹੀ ਪਹਿਚਾਨ ਲਵੇਗੀ ਜਾ ਜਣਿਆਂ ਤੂੰ ਨਾ ਕਰ ਪੈਂਡਾ ਖੋਟਾ ਤੈਨੂੰ ਤੇਰਾ ਮੱਟ ਉਡੀਕੇ ਕਦੀ ਤਾਂ ਜਾਪੇ ਨਿੱਘੇ ਚਸ਼ਮੇਂ ਵਾਂਗੂੰ ਤੇਰੀ ਬੋਲੀ ਇਸ ਵਿਚ ਥੋੜ੍ਹੀ ਦੇਰ ਨਹਾ ਲਾਂ ਮਾਰੂ ਪੈਂਡੇ ਦਾ ਲਹਿ ਜਾਇ ਥਕੇਵਾਂ ਕਦੀ ਜਾਪਦੈ ਮਸ਼ਕਰੀਆਂ ਕਰਦਾ ਏਂ ਮੈਨੂੰ ਓਸ ਮੱਟ ਦਾ ਮਿਹਣਾ ਦੇਵੇਂ ਜਿਸ ਚੋਂ ਹਾਲੇ ਬੂੰਦ ਮਿਲੀ ਨਾ ਮੈਨੂੰ ਉਹ ਪੁੱਤ ਜੋ ਮਾਸੂਮ ਜਹੀ ਮਾਂ ਜੰਗਲ ਭੇਜਣ ਵੇਲੇ ਆਖੇ : ਜਾ ਮਾਏ ਤੂੰ ਜੰਗਲ ਦੇ ਵਿਚ ਲੱਭ ਬਘੇਲਾ ਤੇ ਮੈਂ ਤਿਰਾ ਮੇਮਨਾ ਸਭ ਕੁਝ ਭੁਲ ਭੁਲਾ ਕੇ ਸੁੱਖੀ-ਸਾਂਦੀ ਘਰ ਸੌਂਦਾ ਹਾਂ ਦੋਵੇਂ ਇਕ ਦੂਜੇ ਨੂੰ ਮਿਹਣਾ ਦੋਹਾਂ ਦੇ ਵਿਚਕਾਰ ਮੁਹੱਬਤ ਮਸ਼ਕਰੀਆਂ ਦਾ ਹੀ ਰਿਸ਼ਤਾ ਹੈ (ਚੁਪ) ਅੱਛਾ ਤੂੰ ਜਾ ਤੇਰੀਆਂ ਮੇਰੀਆਂ ਗੱਲਾਂ ਨਾਲ ਭੁਲੇਖਾ ਨਾ ਖਾ ਜਾਵੇ ਬਕਰੀ ਤੂੰ ਬਕਰੀ ਨੂੰ ਲੱਭਣਹਾਰਾ ਅਪਣੇ ਨੂੰ ਮਾਸੂਮ ਜਹੀ ਮਾਂ ਸਮਝੀ ਬੈਠੈਂ ? ਨਾ ਭਾਈ ਮਾਸੂਮ ਤਾਂ ਮੇਰੀ ਬਕਰੀ ਮਾਂ ਹੈ ਮਾਰੂਥਲ ਜੋ ਚਲੀ ਗਈ ਏ ਕਲਮੁਕੱਲੀ ਮਾਰੂਥਲ ਵਿਚ ਬਾਘ-ਬਘੇਲਾ ਉਸ ਨੂੰ ਆਪੇ ਲੱਭ ਲਏਗਾ ਤੂੰ ਬਕਰੀ ਨੂੰ ਮਾਂ ਕਹਿੰਦਾ ਏਂ ? ਸੜਦੇ ਤਵੇਂ ਜਹੇ ਮਾਰੂਥਲ ਅਪਣਾ ਆਪਾ ਫੁਲਕੇ ਵਾਂਗ ਪਕਾਵਣ ਜਾਵੇ ਨੰਗੇ ਚੁਲ੍ਹੇ ਰਿੱਝਣ ਜਾਵੇ ਸੂਰਜ ਸੜਦੀ ਸਖਣੀ ਥਾਲੀ ਦੇ ਵਿਚ ਆਪ ਪਰੋਸਣ ਜਾਏ ਮੈਂ ਉਸ ਨੂੰ ਵੀ ਮਾਂ ਕਹਿੰਦਾ ਹਾਂ ਮੇਰੀਆਂ ਗੱਲਾਂ ਚੋਰੀ ਚੋਰੀ ਰਿਹਾ ਏਂ ਸੁਣਦਾ ਤੂੰ ਭੇਖੀ ਤੂੰ ਕੁਟਿਲ ਫਰੇਬੀ ਸੂਹੀਆ ਮੈਂ ਇਸ ਤੋਂ ਵੀ ਵਧ ਕੇ ਕੁਝ ਹਾਂ ਏਥੇ ਬੈਠਾ 'ਵਾਜ ਉਡੀਕਾਂ ਉਸ ਬਕਰੀ ਦੀ ਪਤਾ ਨਹੀਂ ਜੋ ਜੀਉਂਦੀ ਜਾਂ ਮਰ ਚੁਕੀ ਮੈਂ ਲਭਦਾ ਹਾਂ ਉਹਨਾਂ ਨੂੰ ਜੋ ਸਾਲਮ ਸੂਰੇ ਚਲੇ ਗਏ ਮਾਰੂਥਲ ਤੱਤੇ ਦੇ ਵਿਚ ਭੁੱਜਣ ਆਪ ਰਿਹਾ ਮੈਂ ਪਿਛਾਂਹ ਪਿਛੇਤਾ ਉਹਨਾਂ ਨਾਲ ਭਲਾ ਕੀਕਣ ਕੋਈ ਜਾ ਸਕਦਾ ਹੈ ਬੇਇਜ਼ਤੀ ਤੋਂ ਬੇਇਜ਼ਤੀ ਤਕ ਜਾਵਣ ਵਾਲਾ ਰਾਹ ਉਹਨਾਂ ਦਾ ਨਿਰੇ ਜ਼ਖ਼ਮ ਦਾ ਨਿਰਾ ਜ਼ਖ਼ਮ ਹੈ ਓਥੇ ਦਾਰੂ ਤੈਨੂੰ ਦੇਰ ਪਈ ਹੁੰਦੀ ਹੈ ਤੇਰਾ ਦਾਰੂ ਮੁਕ ਜਾਵੇਗਾ ਪਿਆਸ ਤੇਰੀ ਦਾ ਜ਼ਖ਼ਮ ਮਲ੍ਹਮ ਬਿਨ ਨੰਗਮੁਨੰਗਾ, ਪੂਰਾ ਦਿਨ ਜੋ ਰਿਹਾ ਵਿਲਕਦਾ ਸਾਰੀ ਰਾਤ ਪਿਆ ਤੜਫੇਗਾ ਜਾ ਕੇ ਰਖ ਲੈ ਏਸ ਜ਼ਖ਼ਮ ਦਾਰੂ ਦਾ ਫਹਿਆ ਤੂੰ ਉਹੀਓ ਜਾਂ ਉਹਦੇ ਵਰਗਾ ਹੀ ਏਂ ਕੋਈ ? ਤੇਰੇ ਨਾਲ ਗੱਲ ਹੋ ਨਹੀਂ ਸਕਦੀ (ਚੁਪ) ਸਾਰਾ ਦਿਨ ਭੁੱਬਲ ਰਾਹਾਂ ਤੇ ਤੁਰਦੇ ਤੁਰਦੇ ਮਸਾਂ ਮਸਾਂ ਪਹੁੰਚੇ ਹਾਂ ਠੰਡੀ ਸ਼ਾਮ ਕਿਨਾਰੇ ਸਾਰਾ ਦਿਨ ਤਲੀਆਂ ਤੋਂ ਮੱਥੇ ਤੀਕਰ ਮਚਦੇ ਚਿਣਗਾਂ ਤੇ ਚਿੰਗਿਆੜੇ ਹੁਣ ਜਾ ਕੇ ਤਲੀਆਂ ਦੇ ਹੇਠਾਂ ਠੰਡੀ ਠੰਡੀ ਰੇਤ ਵਿਛੀ ਏ ਹੁਣੇ ਹੁਣੇ ਦਰਿਆਂ ਨੂੰ ਛੋਹ ਕੇ 'ਵਾ ਆਈ ਏ ਅੱਖੀਆਂ ਵਿਚੋਂ ਲੰਘੀਆਂ ਖ਼ੁਸ਼ਬੋਦਾਰ ਸਲਾਈਆਂ ਪਰਦੇਸੀ ਰਾਹ ਮਸਾਂ ਮਸਾਂ ਘਰ ਮੁੜਦੇ ਜਾਪਣ ਆਪ-ਭੁਲਾਉਣੀ ਡੂੰਘੀ ਸੱਚੀ ਨੀਂਦ ਬਿਨਾਂ ਕੁਝ ਹੋਰ ਨਾਂ ਮੰਗਾਂ ਜ਼ਖ਼ਮ ਮੇਰਾ ਅਪਣੇ ਸਿਰ ਆਪੇ ਹੱਥ ਫੇਰਦਾ ਰਾਤ ਰਾਤ ਸੌਂ ਜਾਵੇ ਜ਼ਖ਼ਮ ਵਿਲਕਦੇ ਖ਼ਾਤਰ ਤੁਪਕਾ ਦਾਰੂ ਮੰਗਾਂ ਉਸ ਦੇ ਮੋੜੇ ਵਿਚ ਵੀ ਮੀਣੀ ਮਿਲੇ ਮਸ਼ਕਰੀ (ਚੁਪ) ਜੀ ਕਰਦੈ ਸਭ ਜਾਣ-ਪਛਾਣਾਂ ਤਹਿਸ-ਨਹਿਸ ਕਰ ਦੇਵਾਂ ਜਾਣੂ ਬਸਤੀ 'ਚੋਂ ਅਣਜਾਣੂ ਹੋ ਕੇ ਲੰਘਾਂ ਹਸਦੀ ਅੱਖ ਵਿਚ ਭੁਲ ਕੇ ਵੀ ਨਾ ਝਾਕਾਂ ਆਪਣਿਆਂ ਦਾ ਹਾਸਾ ਤੁਹਮਤ ਵਰਗਾ ਚਲ ਬੁਲ੍ਹਿਆ ਚਲ ਆਪਣਿਆਂ 'ਚੋਂ ਨਾ-ਅਪਣੇ ਦੇ ਵਾਂਗੂ ਲੰਘੀਏ ਜੀਉਂਦੇ ਜੀ ਮੋਏ ਹੋ ਰਹੀਏ ਸਿਰ ਸੁਟ ਤੁਰੀਏ ਮੂਲ ਨ ਖੰਘੀਏ ਇਹ ਦੁਨੀਆਂ ਤਾਂ ਜਰੀ ਨ ਜਾਏ ਚਾਲ ਕੁਚਾਲੀ ਢੰਗ ਕੁਢੰਗੀਏ ਇਹ ਦੁਨੀਆਂ ਕੀ ਲਗਦੀ ਸਾਡੀ ਮਾਂਗਤ ਵਾਂਗੂੰ ਦਰ ਦਰ ਮੰਗੀਏ ਇਸ ਤੋਂ ਬੇਵਾਹਰੇ ਹੋ ਰਹੀਏ ਇਸ ਨੂੰ ਧੁਰ ਟੰਗਣੇ ਤੇ ਟੰਗੀਏ ਚਲ ਇਕ ਦੁਨੀਆਂ ਹੋਰ ਬਣਾਈਏ ਮਨਚਾਹੇ ਰੰਗਾਂ ਵਿਚ ਰੰਗੀਏ ਮਨ ਮਰਜ਼ੀ ਦਾ ਕਰੀਏ ਧਰੀਏ ਜੋ ਜੀ ਚਾਹੇ ਛਡੀਏ ਅੰਗੀਏ ਨਵੀਂ ਤਾਂ ਸਾਥੋਂ ਘੜੀ ਨ ਜਾਏਂ ਉਸ ਦੇ ਸੁਫ਼ਨੇ ਤੋਂ ਵੀ ਸੰਗੀਏ ਕਾਹਨੂੰ ਮੁੱਢੋਂ ਮਿੱਟੀ ਗੋਈਏ ਮੁੜ੍ਹਕੇ ਦੇ ਦਰਿਆ 'ਚੋਂ ਲੰਘੀਏ ? ਦੁਨੀਆਂ ਵਿਚ ਨਾ-ਦੁਨੀਆਂ ਹੋਈਏ ਕਿਸੇ ਨ ਮੰਦੀਏ ਕਿਸੇ ਨ ਚੰਗੀਏ ਡਿਗ ਪਈਏ ਦੁਨੀਆਂ ਤੋਂ ਉਹਲੇ ਐਸੇ ਡਿਗੀਏ ਉੱਠ ਨ ਹੰਘੀਏ ਬੁੱਲ੍ਹੇ ਦੇ ਸੰਗ ਤੁਰਿਆ ਜਾਏ ਚੁਪਚੁਪੀਤਾ ਬੁੱਲ੍ਹਾ ਇਕ ਬੁੱਲ੍ਹਾ ਬੁੱਲ੍ਹੇ ਨੂੰ ਲੱਭੇ ਦੂਜਾ ਬੁੱਲ੍ਹਾ ਭੁੱਲਾ ਇਸ ਬੁੱਲ੍ਹੇ ਦੇ ਦੋ ਦਰਵਾਜ਼ੇ ਇਕ ਭਿੜਿਆ ਇਕ ਖੁੱਲ੍ਹਾ ਅੰਦਰ ਵੜ ਕੇ ਉਹਨੂੰ ਚੁਗੀਏ ਬਾਹਰ ਜਿਹੜਾ ਡੁੱਲ੍ਹਾ

1. 5

ਆਓ ਉਸ ਦੁਨੀਆਂ ਤਕ ਚਲੀਏ ਜੋ ਦੁਨੀਆ ਨਾ ਹੋਏ ਬੇਦਰ ਬੇਦੀਵਾਰਾ ਘਰ ਜੋ ਅੰਦਰ ਬਾਹਰ ਦੋਏ ਜਗਤ-ਵਿਖਾਲੇ ਖ਼ਾਤਰ ਜੋ ਨਾ ਅਪਣਾ ਆਪ ਲੁਕੋਏ ਹੰਝੂਆਂ ਰਾਹੀਂ ਹੱਸੇ ਜਿਹੜੀ ਹਾਸਾ ਹੋ ਕੇ ਰੋਏ ਲਭਦੇ ਲਭਦੇ ਭੁੱਲੇ ਜਿਹੜੀ ਭੁੱਲਣ ਵਿਚ ਲਭੋਏ ਹੁੰਦੇ-ਸੁੰਦੇ ਵੀ ਜੋ ਨਾਹੀ ਨਾ ਹੁੰਦੇ ਵੀ ਜੋ ਏ ਉਹ ਦਾਰੂ ਕਿੱਥੇ ਜੋ ਮੈਨੂੰ ਅਪਣਾ ਆਪ ਭੁਲਾ ਦੇ ? ਉਹ ਦਾਰੂ ਏਥੇ ਜੋ ਮੈਨੂੰ ਤੇਰੇ ਤੀਕ ਪੁਚਾ ਦੇ ਅਪਣੇ ਆਪ ਦੀਆਂ ਖ਼ਬਰਾਂ ਤੋਂ ਮੈਨੂੰ ਮੁਕਤ ਕਰਾ ਦੇ ਤੈਨੂੰ ਫਨਾਹ ਕਰੇ ਤੇ ਏਦਾਂ ਆਪੇ ਫੇਰ ਬਕਾਅ ਦੇ ? ਬੰਦ ਕਰੋ ਇਹ ਫ਼ਨਾਅ ਬਕਾਅ ਦੇ ਲਫ਼ਜ਼ੀ ਝੇੜੇ ਲਫ਼ਜ਼ਾਂ ਦੇ ਕੱਪਰ ਵਿਚ ਡੁੱਬੇ ਕਿਹੜੇ ਕਿਹੜੇ ਨਾ ਹੋਵਾਂ ਤਾਂ ਲਫ਼ਜ਼ ਨ ਆਵਣ ਮੇਰੇ ਵਿਹੜੇ ਮੇਰੇ ਕਿਸ ਕੰਮ ਮੈਂ ਨਾ-ਮੈਂ ਦੇ ਚੁਸਤ ਨਿਖੇੜੇ ? ਮੈਂ ਤਾਂ ਬਸ ਨਾ ਹੋਇਆ ਚਾਹੁੰਦੈਂ ਦੁਨੀਆਂ ਦਾ ਦਿਨ ਵੇਖ ਲਿਆ ਹੁਣ ਰਾਤ ਨੂੰ ਵੇਖੀ ਚਾਹਾਂ ਤੇਰੀ ਗਲ ਦੀ ਭੋਰਾ ਸਮਝ ਨ ਆਵੇ ਤਾਂ ਵੀ, ਏਥੇ ਭੀੜ ਜੁੜੀ ਹੈ ਰਾਤ ਰਾਤ ਲਈ ਟੋਲੇ ਟੋਲੇ ਵਿਚ ਟੁੱਟੀ ਸਾਰੀ ਲੋਕਾਈ ਦਿਨ ਭੁੱਲਣ ਦੇ ਸਾਰੇ ਹੀਲੇ ਕਾਰੇ ਜਿੱਥੇ ਤੇਰੇ ਸਿੰਗ ਸਮਾਉਂਦੇ ਤੂੰ ਵੀ ਸ਼ਾਮਿਲ ਹੋ ਜਾ ਲੁਕ ਜਾ ਤੂੰ ਕਿਹੜਾ ? ਤੂੰ ਕਿਸ ਟੋਲੇ ਦਾ ? ਏਥੇ ਪੁੱਛ ਮਨਾਂਹ ਏਥੇ ਸਭ ਪੁੱਛ-ਸਤਾਏ ਕਿਹੜਾ ਕਿਸ ਕਿੱਦਾਂ ਕਿੱਥੋਂ ਵਿਚ ਬਹੁਤ ਬਿਖੇੜੇ ਇਹ ਸਭ ਦਿਨ ਵੇਲੇ ਦੀਆਂ ਪੁੱਛਾਂ ਸਹਿਜ ਸੁਭਾਉਕੀ ਰਾਤੀਂ ਵੀ ਲੋਕੀਂ ਪੁਛ ਲੈਂਦੇ ਨਾ ਪੁੱਛੀਂ ਨਾ ਮੋੜਾ ਦੇਵੀਂ ਪਤਾ ਨਹੀਂ ਕਿਹੜੇ ਟੋਲੇ ਦਾ ਕਿਹੜਾ ਉੱਤਰ ਰਾਤ ਸਮੇਂ ਦੰਗੇ ਜੈਕਾਰੇ ਅੱਗਾਂ ਨਾਹਰੇ ਚੁੱਪ ਰਹਾਂ ਤਾਂ ਸਰ ਜਾਏਗੀ ? ਇਹ ਆਪੋ ਅਪਣੀ ਕਿਸਮਤ ਏ ਸਭ ਨੂੰ ਦਿਨ-ਰੌਲੇ ਦੀਆਂ ਜਾਚਾਂ ਰਾਤ-ਖਮੋਸ਼ੀ ਕਦੀ ਕਦਾਈਂ ਹੀ ਆਉਂਦੀ ਏ ਰਾਤ-ਰੰਗ ਦਾਰੂ ਦਾ ਏਥੇ ਕਿਹੜਾ ਟੋਲਾ ? ਉਹ ਦਾਰੂ ਕਿੱਥੇ ਜੋ ਮੈਨੂੰ ਮੇਰਾ ਆਪ ਭੁਲਾ ਦੇ ? ਠਹਿਰ ਮੈਂ ਪਹਿਲਾਂ ਹੋਕਾ ਦੇ ਲਾਂ 'ਆਓ-ਜਿਸ ਨੇ ਸਿਰ ਤੋਂ ਗੰਢੜੀ ਸੁਟਣੀ ਹੋਵੇ ਆਓ ਜਿਸ ਨੇ ਜੜ੍ਹ ਫ਼ਿਕਰਾਂ ਦੀ ਪੁਟਣੀ ਹੋਵੇ ਦੁਨੀਆ ਤਾਂ ਸਭਨਾਂ ਦੇ ਸਿਰ ਤੇ ਭਰੀ ਚੁਕਾਵੇ ਏਥੇ ਸਿਰ ਤੇ ਚੁੱਕਿਆ ਭਾਰ ਲੁਹਾਇਆ ਜਾਂਦਾ' ਜਣਿਆ ਰਾਤ ਬੀਤਦੀ ਜਾਵੇ ਚਹੁੰ ਕਦਮਾਂ ਤੇ ਦਰਿਆ ਵਗਦਾ ਦਾਰੂ ਦਾ ਦਾਰੂ ਤੋਂ ਪਹਿਲਾਂ ਕੀ ਦੱਸਾਂ ਕੀ ਹੋਵੇਗਾ ਦਾਰੂ ਪੀ ਕੇ ਹੀ ਜਾਣੇਂਗਾ ਦਾਰੂ ਦਿਨ ਜਾਂ ਰਾਤ ਰੰਗ ਹੈ ? ਅਪਣੇ ਦੁਖ ਨੂੰ ਭੁੱਲ ਜਾਵੇਂਗਾ ਜਾਂ ਸਭ ਦਾ ਦੁਖ ਯਾਦ ਕਰੇਂਗਾ ਮੈਂ ਤਾਂ ਹੋਕਾ-ਮਾਰ ਮੁਲਾਜ਼ਮ ਸਭ ਦਾ ਸਾਂਝਾ 'ਆਵੋ ਏਥੇ ਹਰ ਇਕ ਦੁਖ ਦਾ ਦਾਰੂ ਮਿਲਦਾ ਦਾਰੂ ਭੇਤ ਕਰੇ ਜੋ ਰੌਸ਼ਨ ਤੇਰੇ ਦਿਲ ਦਾ ਮੇਰੇ ਦਿਲ ਦਾ ਦਾਰੂ ਜਿਸ ਵਿਚ ਜਗਤ ਜਲੰਦਾ ਤਪਤ ਕੜਾਹਾ ਠਰ ਜਾਂਦਾ ਹੈ ਸਭ ਕੁਝ ਬਲਦਾ ਬੁਝ ਜਾਂਦਾ ਹੈ' ਮੇਰੇ ਸਿਰ ਵਿਚ ਭੜਕ ਪਏ ਮੁੜ ਕੇ ਅੰਗਿਆਰੇ ਰਾਤ ਪਿਆਂ ਵੀ ਮੇਰੇ ਭਾਣੇ ਦਿਨ ਚੜ੍ਹਿਆ ਹੈ ਬੇਖ਼ੁਦ ਹੋਣ ਤੋਂ ਪਹਿਲਾਂ ਤਿੱਖੀ ਖ਼ੁਸ਼ੀ ਚਮਕਦੀ ਦਾਰੂ ਦੇ ਦਰਿਆ ਅੱਪੜ ਕੇ ਚੁਲੀ ਭਰਨ ਤੋਂ ਝਿਜਕ ਰਿਹਾ ਹਾਂ ਮੇਰਾ ਕੋਈ ਦੁਖ ਕਹਿੰਦਾ ਹੈ : ਦੁਖ ਤੋਂ ਵਿਰਵਾ ਤੈਨੂੰ ਕੌਣ ਪਛਾਣੂੰ ਖ਼ਾਸ ਅਪਣਾ ਦਰਦ ਗੁਆ ਕੇ ਕੀ ਪਾਵੇਂਗਾ ? ਆਵੋ ਯਾਰੋ ਦਾਰੂ ਪੀਵੋ ਦੁਖ ਸਗਵੇਂ ਦਾ ਸਗਵਾਂ ਰੱਖੋ ਨਾਲੇ ਹੌਲਾ ਫੁੱਲ ਵੀ ਥੀਵੋ ਬੇਖ਼ੁਦ ਹੋ ਕੇ ਡੁਲ੍ਹ ਵੀ ਜਾਵੋ ਭਰੀ ਭਰਾਤੀ ਹਉਂ ਵੀ ਜੀਵੋ ਦਾਰੂ ਪੀ ਕੇ ਜੇ ਹਉਂ ਜੇ ਹਉਮੈਂ ਮਿਟ ਜਾਵੇ ਜੇ ਬਲਦਾ ਆਪਾ ਬੁਝ ਜਾਵੇ ਜੋ ਜੋ ਹੋਇਆ ਸੋ ਭੁਲ ਜਾਵੇ ਤਾਂ ਦਾਰੂ ਸ਼ਰਣਮ ਗੱਛਾਮੀ ਪਹਿਲਾਂ ਅਪਣੀ ਜੇ ਨੂੰ ਮਾਰੋ ਤਾਂ ਦਾਰੂ ਦੀ ਸ਼ਰਣੀ ਆਓ ਹੇ ਦਰਿਆ ਦੁਖ ਰੋੜ੍ਹਣਹਾਰੇ ਦੇਹੀ ਤੇ ਸੰਸਾ ਦੇ ਦਾਣੇ ਉੱਭਰ ਆਏ ਅੱਜ ਅਪਣੇ ਜਿਹੜੇ ਸੰਗੀ ਨੂੰ ਭੀੜ-ਨਦੀ ਵਿਚ ਸੁਟ ਆਇਆ ਹਾਂ ਜੇਕਰ ਉਸ ਨੂੰ ਸਚਮੁਚ ਮਾਰੋ ਮੇਰਾ ਕਪਟੀ ਕਸ਼ਟ ਨਿਵਾਰੋ ਤਾਂ ਦਾਰੂ ਸ਼ਰਣਮ ਗੱਛਾਮੀ ਸ਼ੰਕਾ ਕੂੜੇ ਸੁੱਟ ਮੁਕਾਓ ਤਾਂ ਦਾਰੂ ਦੀ ਸ਼ਰਣੀਂ ਆਓ ਦਾਰੂ ਦਿਉਤਾ ਮੇਰੇ ਨਾਲ ਚਲੋਗੇ ਮੇਰੇ ਧੁਰ ਅੰਦਰ ਤਕ ? ਓਥੇ ਬਹਿ ਕੇ ਮੇਰੇ ਨਾਲ ਕਰੋਗੇ ਸਾਰੇ ਜਗ ਦੀ ਨਿੰਦਿਆ ? ਸਭ ਜਗ ਦੇ ਨਿੰਦੇ ਇਸ ਜਨ ਦੀ ਸੁਣੋਗੇ ਵਿਥਿਆ ? ਤਿੱਖੀ ਵਗਦੀ ਕਾਤੀ ਅਪਣੇ ਅੰਦਰੋਂ ਕਢ ਕੇ ਬਾਹਰ ਕਿਤੇ ਚਲਾ ਦੇਵੋਗੇ ਜਿੱਥੇ ਆਖਾਂ ? ਜੇ ਹਾਂ ਤਾਂ ਦਾਰੂ ਸ਼ਰਣਮ ਗੱਛਾਮੀ ਸ਼ਰਤ-ਵਿਹੂਣਾ ਇਕ ਅਰਦਾਸਾ ਮੁੜ ਕੇ ਸੋਧੋ ਤਾਂ ਦਾਰੂ ਦੀ ਸ਼ਰਣੀਂ ਆਓ ਦਾਰੂ-ਦਿਉਤਾ ਉਸਤਤ ਨਿੰਦਿਆ ਸਮ ਜਾਣਾਂਗਾ ਦੁਨੀਆਂ ਦੇ ਚੰਗੇ ਮੰਦੇ ਨਾ ਦਖ਼ਲ ਦਿਆਂਗਾ ? ਦੁਨੀਆ ਨੂੰ ਸਮਝਾ ਦੇਵੋਗੇ ਦੁਨੀਆ ਮੈਨੂੰ ਸਮ, ਨਿਰਲੇਪ, ਅਤੀਤ ਪਛਾਣੇ ? ਤਾਂ ਦਾਰੂ ਸ਼ਰਣਮ ਗੱਛਾਮੀ ਦੁਨੀਆਂ ਮੇਰੀ ਸ਼ਰਣ ਨਹੀਂ ਹੈ ਇਹ ਸਮਝੋ ਤਾਂ ਸ਼ਰਣੀਂ ਆਵੋ ਹੇ ਦੁਖ-ਦਾਰੂ ਪੁੱਛਣਹਾਰੀ ਦੁਨੀਆਂ ਤੋਂ ਬੇਮੁਖ ਹੋ ਆਇਐਂ ਦਾਰੂਧਾਰੀ ਹੋ ਉਸ ਦੇ ਸਨਮੁਖ ਹੋਵਾਂਗਾ ਮੈਥੋਂ ਪੁੱਛਾਂ ਤਾਂ ਨਹੀਂ ਪੁੱਛੂ ? ਦਾਰੂ ਤਾਂ ਹਰ ਯੁਗ ਵਿਚ ਪੁੱਛ-ਨਿਸ਼ਾਨਾ ਬਣਿਆ ਕਿਸੇ ਨਾ ਕਿਸੇ ਪੁੱਛ ਦਾ ਉੱਤਰ ਹੀ ਦਾਰੂ ਹੈ ਪੁੱਛਾਂ ਤੋਂ ਡਰਦੇ ਹੋ ? ਕਿਉਂ ਸ਼ਰਣੀਂ ਆਉਂਦੇ ਹੋ ? ਦਾਰੂ-ਧਿਆਨੀ ਬਖ਼ਸ਼ੋਗੇ ਮੈਨੂੰ ਉਹ ਸੁਰਤੀ ਅਚਲ ਸਮਾਧੀ ਅਪਣੇ ਤੋਂ ਬਾਹਰ ਨਾ ਹੋਵੇ ਦੁਨੀਆਂ ਮੇਰੀ ਦਾਰੂ ਤਾਂ ਹੈ ਅੰਦਰ ਦਾ ਬਾਹਰ ਸੰਗ ਰਿਸ਼ਤਾ ਦਾਰੂ ਗੁਫ਼ਾ ਨਹੀਂ ਕਿ ਉਸ ਅੰਦਰ ਲੁਕ ਜਾਓ ਲਫ਼ਜ਼ਾਂ ਦੇ ਗੁੰਝਲ ਵਿਚ ਕਾਹਨੂੰ ਉਲਝ ਰਿਹਾ ਏਂ ? ਲੱਭਣਹਾਰੇ ਵੀ ਭੁਲਦੇ ਨੇ ਬਿਨ ਭੁਲਿਆਂ ਨਾ ਲੱਭਿਆ ਜਾਵੇ ਪੁੱਛਾਂ ਤੋਂ ਡਰਦਾ ਮੈਂ ਤਉ ਸ਼ਰਨਾਈ ਆਇਆ ਏਥੇ ਆ ਕੇ ਸ਼ਰਨਾਈ ਤੋਂ ਸਹਿਮ ਗਿਆ ਹਾਂ ਦਾਰੂ ਹੋ ਕੇ ਹੀ ਦਾਰੂ ਦੀ ਹੋਇ ਸਾਧਨਾ ਹਥ ਵਿਚ ਚੰਗਿਆੜਾ ਫੜਦੇ ਹੋ ਸੜ ਜਾਵਣ ਤੋਂ ਵੀ ਡਰਦੇ ਹੋ ਸੂਰਜ ਦੇ ਪਰਛਾਵੇਂ ਵਿਚ ਹੀ ਸਦਾ ਰਹੋਗੇ ? ਦਾਰੂ ਪੀਣਾ ਸਿਰ ਤੇ ਅੱਗ ਦੀ ਕਲਗ਼ੀ ਬੰਨ੍ਹ ਕੇ ਜਗ ਵਿਚ ਜੀਣਾ ਮਟਕਾ ਲੱਭਦਾ ਲਭਦਾ ਦਰਿਆ ਤੀਕਰ ਪਹੁੰਚਾ ਅਪਣੇ ਹਾਣ ਦੀ ਚੁਲੀ ਮਿਲੀ ਨਾ ਅਪਣੀ ਨਜ਼ਰ ਨਮੋਸ਼ੀ ਲੈ ਕੇ ਮੈਂ ਮੁੜ ਜਾਵਾਂ ਯਾ ਅਣਪੁੱਛੇ ਚੋਰੀ ਚੋਰੀ ਦਰਿਆ 'ਚੋਂ ਘੁਟ ਦੋ ਘੁਟ ਪੀ ਲਾਂ ਇਹ ਦਰਿਆ ਹੈ ਸਦਾ ਸਲਾਮਤ ਵਰਤਾਵੇ ਦੀ ਰਹਿੰਦ-ਖੂੰਹਦ ਨਾ ਸ਼ਾਹ ਦਰਿਆ ਤਕ ਸ਼ਾਹ ਦਿਲ ਵਾਲਾ ਹੋ ਕੇ ਪਹੁੰਚੋ ਉਬਲ ਰਹੇ ਮਚਦੇ ਦਰਿਆ ਦਾ ਬੁਝੀ ਹੋਈ ਰੇਤਾ ਦੀ ਰੇਖਾ ਸੰਗ ਕੀ ਰਿਸ਼ਤਾ ? ਦਰਿਆ ਬੀਤ ਗਿਆ ਏਸ ਗਲੀ 'ਚੋਂ ਲੰਘਦਾ ਲੰਘਦਾ ਦਰਿਆ ਬੀਤ ਗਿਆ ਕੁਝ ਦਰਿਆ ਧੁੱਪਾਂ ਨੇ ਚੁਕਿਆ ਰਹਿੰਦਾ ਮਾਰੂਥਲ ਵਿਚ ਮੁਕਿਆ ਕੰਢਿਆਂ ਥਾਣੀ ਸਿੰਮਦਾ ਸਿੰਮਦਾ ਪਾਣੀ ਰੀਤ ਗਿਆ ਦਰਿਆ ਬੀਤ ਗਿਆ ਹੜ੍ਹ ਬਣ ਕੇ ਕੰਢਿਆਂ 'ਚੋਂ ਡੁਲ੍ਹਿਆ ਦੂਰ ਦਲਦਲਾਂ ਵਿਚ ਜਾ ਰੁਲਿਆ ਓੜਕ ਅਪਣੀ ਥਾਂ ਰੇਤੇ ਦੀ ਬਣ ਇਕ ਲੀਕ ਗਿਆ ਦਰਿਆ ਬੀਤ ਗਿਆ ਚਿੱਟੇ ਚਾਨਣ ਕਾਲੀਏ ਰਾਤੇ ਚੋਰੀ ਚੋਰੀ ਚੁਪ ਚੁਪਾਤੇ ਚੁਲੀਏ ਚੁਲੀਏ ਇਹ ਜੋਰਾਵਰ ਕਿਹੜਾ ਡੀਕ ਗਿਆ ਦਰਿਆ ਬੀਤ ਗਿਆ ਨਾ ਇਹ ਸਾਥੋਂ ਉਹਲੇ ਮੋਇਆ ਨਾ ਸਾਡੇ ਸਾਹਵੇਂ ਅਣਹੋਇਆ ਕੌਣ ਦੇਸ ਨੂੰ ਕਿਹੜੇ ਵੇਲੇ ਕਿੱਥੋਂ ਤੀਕ ਗਿਆ ਦਰਿਆ ਬੀਤ ਗਿਆ

2. 1

ਇਕ ਅੰਨ੍ਹਾ ਦਿਨ ਬੀਤ ਗਿਆ ਪਿੱਛੇ ਪਿੱਛੇ ਅੰਨ੍ਹੀ ਰਾਤ ਤੁਰੀ ਆਉਂਦੀ ਹੈ ਅੰਨ੍ਹੇ ਦੇ ਪਿੱਛੇ ਇਕ ਅੰਨ੍ਹੀ ਫਿਰ ਇਕ ਅੰਨ੍ਹਾ ਅੰਨ੍ਹੀ ਅੰਨ੍ਹਾ ਅੰਨ੍ਹੀ ਕਿੰਨੇ ਸੌਖੇ ਸਹਿਜੇ ਸੋਹਣੇ ਲਗਾਤਾਰ ਤੁਰਦੇ ਜਾਂਦੇ ਨੇ [ਤੁਰੇ ਆਏ ਨੇ ਤੁਰੇ ਜਾਣਗੇ] ਸ਼ੁਕਰ ਅਜੇ ਤਕ ਕਿਸੇ ਦੇ ਮੱਥੇ ਅੱਖ ਨਾ ਉੱਗੀ [ਅੱਖ ਵੀ ਕਿੰਨੀ ਅੰਨ੍ਹੀ ਬੁੰਨ੍ਹੀ ਸਾਡੇ ਵਰਗੇ ਕਿਸਮਤ ਮਾਰੇ ਮਹਾਂ ਵਿਚਾਰੇ ਦੇ ਮੱਥੇ ਵਿਚ ਉਗ ਖਲੋਵੇ] ਜਦ ਉੱਗੇਗੀ ਸਾਰਾ ਸਹਿਜ ਵਿਗੜ ਜਾਵੇਗਾ ਚਾਲ ਥਿੜਕ ਜਾਵੇਗੀ ਰਸਤਾ ਟੁਟ ਜਾਵੇਗਾ [ਅੱਖ ਦੀ ਲੀਲਾ ਅਰਬਦ ਨਰਬਦ ਧੁੰਦੂਕਾਰਾ] [ਠਕ ਠਕ ਠਕ ਠਕ] ਦਰਵਾਜ਼ੇ ਦੀ ਇਹ ਦਸਤਕ ਤਾਂ ਅੱਖ ਵਾਲੀ ਹੈ ਸਮਝ ਰਹੀ ਹੈ ਘਰ ਨੰਗਾ ਹੈ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਇਕ ਵਕਫ਼ਾ ਹੈ ਕੱਜਣ ਜੇਡਾ ਠਕ ਠਕ ਤੋਂ ਪਹਿਲਾਂ ਏਥੇ ਸਭ ਅੰਨ੍ਹੀ ਚੁਪ ਸੀ ਕਿਸੇ ਨੰਗ ਨੂੰ ਕੱਜਣ ਸੰਦੀ ਲੋੜ ਨਹੀਂ ਸੀ ਆ ਮੇਰੇ ਘਰ ਤੇਰੇ ਸਿਰ ਤੇ ਚੁੰਨੀ ਦੇਵਾਂ ਤੇਰੀ ਅੱਖ ਨੀਵੀਂ ਕਰ ਦੇਵਾਂ ਬਾਹਰ ਕਿਸ ਨੇ ਦਸਤਕ ਦਿੱਤੀ [ਠਕ ਠਕ ਠਕ ਠਕ] ਠਕ ਠਕ ਵਾਲੇ ਅੰਦਰ ਆ ਜਾ ਹਰ ਸ਼ੈ ਅਪਣੀ ਥਾਇੰ ਖਲੋਤੀ ਸ਼ਰਮ 'ਚ ਬੱਧੀ [ਪ੍ਰਵੇਸ਼] ਅਜ ਤਾਂ ਪੁੱਤਰ ਅਪਣਾ ਖੁੱਲ੍ਹਾ ਦਰ ਵੀ ਝੁਕ ਝੁਕ ਕੇ ਖੜਕਾਵੇਂ ਤੂੰ ਯਾ ਘਰ ਦੋਹਾਂ 'ਚੋਂ ਕੋਈ ਇਕ ਓਬੜ ਹੈ [ਇਹ ਅਕਸਰ ਹੁੰਦਾ ਰਹਿੰਦਾ ਹੈ ਅਪਣਾ ਆਪ ਪਰਾਇਆ ਕਰ ਕੇ ਅਪਣੇ ਆਪੇ ਤੋਂ ਲੁਕਦੇ ਹਾਂ] ਤੈਨੂੰ ਘਰ ਆਵਣ ਤੋਂ ਸ਼ਾਇਦ ਡਰ ਲਗਦਾ ਹੈ ? (ਚੁਪ) ਪੁੱਤਰ ਅਪਣੇ ਨਾਲ ਖ਼ਾਮੋਸ਼ੀ ਲੈ ਆਇਆ ਏਂ ਢਾਲ ਬਣਾ ਕੇ ਛਲਕ ਜਾਣ ਤੋਂ ਡਰਦਾ ਡਰਦਾ ਊਣਾ ਹੋ ਕੇ ਘਰ ਆਇਆ ਏਂ ਘਰ ਵਿਚ ਕਿਹੜੀ ਜੰਗ ਛਿੜੀ ਹੈ ਤੈਨੂੰ ਭਲਾ ਮੈਂ ਕੀ ਕਹਿਣਾ ਏਂ ਚੰਗਾ ਮੰਦਾ ਜੋ ਕੁਝ ਵੀ ਏਂ ਅਪਣੇ ਘਰ ਵਿਚ ਤੈਨੂੰ ਰਖਵਾਲੇ ਦੀ ਕੋਈ ਲੋੜ ਨਹੀਂ ਏਂ ਸਿਖ਼ਰ ਦੁਪਹਿਰਾਂ ਦੀ ਧੁਪ ਵਰਗਾ ਕੱਲਾ ਰੌਲਾ ਬਣ ਕੇ ਏਥੇ ਰਹਿ ਸਕਦਾ ਏਂ (ਚੁਪ) ਅਪਣੇ ਪਰਛਾਵੇਂ ਵਿਚ ਬਲਦਾ ਕੋਲਾ ਰਖ ਦੇ ਚੁਲ੍ਹੇ ਦੇ ਵਿਚ ਅੱਗ ਪਈ ਏ ਉਸ ਵਿਚ ਧੋ ਲੈ ਹੱਥ ਆਪਣੇ ਤੇਰੇ ਨਾਲ ਜੋ ਵਾਫਰ ਵਾਧੂ ਘਰ ਆਇਆ ਏ ਸੜ ਜਾਵਣ ਦੇ ਜਿੰਨਾ ਕੁ ਊਣਾ ਕਲ੍ਹ ਪਰਸੋਂ ਤਕ ਭਰ ਜਾਵੇਂਗਾ ਮਾਏ ਮੈਥੋਂ ਦੱਸ ਨਾ ਹੋਵੇ ਮੈਂ ਜੋ ਕੀਤਾ ਦੱਸਣਜੋਗੇ ਕੰਮ ਤਾਂ ਸਾਰੇ ਮੁਕ ਚੁੱਕੇ ਨੇ ਕਰਨਜੋਗ ਹੀ ਦੱਸਣਜੋਗੇ ਬੰਦਾ ਜਦੋਂ ਨਕਰਨਾ ਹੋਵੇ ਉਹਦਾ ਦੱਸਣ ਵੀ ਨਾ ਦੱਸਣ [ਅਸੀਂ ਨਕਰਨੇ ਕੁਝ ਨਾ ਕਰੀਏ ਕਦੀ ਕਦਾਈਂ ਸਾਥੋਂ ਕੋਈ ਨਕਰਨੀ ਹੋਏ ਤੇ ਫਿਰ ਉਸ ਤੋਂ ਵੀ ਪਛਤਾਈਏ ਉਸ ਤੋਂ ਡਰੀਏ] ਉਹ ਜੋ ਇਕ ਨਕਰਨਾ ਤੇਰੇ ਨਾਲ ਸਦਾ ਬਾਹਰ ਜਾਂਦਾ ਸੀ ਕਰਨੀ ਲੱਭਣ ਉਸ ਨੂੰ ਕਿਤੇ ਗੁਆ ਆਇਆ ਏਂ ? ਰੋਜ਼ ਰੋਜ਼ ਪੁੱਛਦਾ ਸੀ : ਨਾਕਰਨੀ ਨੂੰ ਕਰਨੀ ਵਿਚ ਕੀਕਣ ਪਰਤਾਈਏ ਦੱਸਣਜੋਗੇ ਹੋ ਕੇ ਕੀਕਣ ਘਰ ਨੂੰ ਆਈਏ ਉਸ ਨੂੰ ਕਿੱਥੇ ਛਡ ਆਇਆ ਏਂ ? [ਉਹੀਓ ਹੱਥ ਛੁਡਾ ਕੇ ਭੀੜਾਂ ਵਿਚ ਰਲਦਾ ਸੀ] ਕੀ ਉਹ ਖੁਰਿਆ ਪਾਣੀ ਦੇ ਵਿਚ ਲੂਣ ਵਾਂਗਰਾਂ ? ਕੌੜੀ ਦੁਨੀਆਂ ਹੋਰ ਵਧੇਰੇ ਕੌੜੀ ਹੋਈ ? ਏਸ ਲੰਗਾਰੇ ਘਰ ਨੂੰ ਵੇਂਹਦਾ ਕਲ੍ਹ ਪੁਛਦਾ ਸੀ : ਬਾਹਰ ਭਰੀਆਂ ਭੀੜਾਂ ਦੇ ਵਿਚ ਕਿੱਥੇ ਪਈ ਹੈ ਅਪਣੀ ਸੂਈ ਜਿਸ ਦੇ ਨਾਲ ਲੰਗਾਰੀ ਛਤ ਤਰੋਪੀ ਜਾਵੇ ? ਮੈਂ ਕਹਿੰਦੀ ਸਾਂ : ਵੇਖੀਂ ਪੁੱਤਰ ਭੀੜਾਂ ਵਿਚ ਗੁਆਚੀ ਸੂਈ ਲਭਦਾ ਲਭਦਾ ਆਪ ਕਿਤੇ ਨਾ ਡਿਗ ਡੁਲ੍ਹ ਜਾਵੀਂ ਸੂਈ ਵਾਂਗੂੰ ਪੈਰਾਂ ਹੇਠਾਂ ਆ ਜਾਵੇਂਗਾ ਤਲੀਆਂ ਵਿਚ ਪਰੁਚਣਹਾਰੇ ਹੋਰ ਬੜੇ ਨੇ ਤਲੀਆਂ ਵਿਚ ਅਡੀਆਂ ਵਿਚ ਚੁਭਕਾਂ ਪੱਬਾਂ ਵਿਚ ਜੇ ਸੂਈਆਂ ਪੁੜੀਆਂ ਤੁਰਨੀ ਦੁਨੀਆਂ ਕਿਵੇਂ ਤੁਰੇਗੀ ? ਮਾਏ ਮੈਂ ਉਸ ਪ੍ਰਸ਼ਨਹਾਰ ਨੂੰ ਸੁਟ ਆਇਆ ਹਾਂ ਭੀੜਾਂ ਅੰਦਰ ਉਹ ਕਹਿੰਦਾ ਸੀ : ਪੈਰਾਂ ਵਿਚ ਜੋ ਸੂਈ ਚੁਭਦੀ ਸੋ ਤੁਰਦੀ ਹੈ ਕੌਣ ਤੁਰੇ ਜੇ ਚੋਭ ਨ ਹੋਵੇ ਤਨ ਮਨ ਬੁੱਧ ਬਿਬੇਕ 'ਚ ਸੂਈ ਚੁਭ ਜਾਵੇ ਤਾਂ ਠਹਿਰੀ ਠਹਿਰੀ ਲੋਕ-ਨਦੀ ਚੰਚਲ ਹੋ ਜਾਵੇ ਉਸ ਚੰਚਲ ਨੂੰ ਅਪਣੇ ਹੱਥੀਂ ਚੁੱਪ ਕਰਾ ਕੇ ਸੁਟ ਆਇਆ ਹਾਂ ਲੋਕ-ਨਦੀ ਵਿਚ ਹੁਣ ਤੀਕਰ ਉਹ ਮਿੱਧ-ਮਧੋਲ ਗਿਆ ਹੋਵੇਗਾ ਭੂਰੀ ਭੋਂ ਤੇ ਕਾਲਾ ਧੱਬਾ ਹੁਣ ਤੀਕਰ ਭੂਰੀ ਵਿਚ ਭੂਰਾ ਹੋ ਚੁੱਕਾ ਹੈ ਨ੍ਹੇਰੇ ਵਿਚ ਨ੍ਹੇਰੇ ਦਾ ਟੁਕੜਾ ? ਖ਼ਾਮੋਸ਼ਾਂ ਵਿਚ ਇਕ ਖ਼ਾਮੋਸ਼ ਹੋਰ ਜਾ ਬੈਠਾ ਬੁਝਿਆਂ ਦੇ ਵਿਚ ਬੁਝਿਆ ਬੁਝਿਆ ? ਤੁਰਦੇ ਧਬਿਆਂ ਦੇ ਪੈਰਾਂ ਵਿਚ ਬੈਠਾ ਧੱਬਾ ? ਜਾਂ ਸਭ ਧੱਬੇ ਬੈਠ ਗਏ ਨੇ ? ਇਕ ਦੂਜੇ ਨੂੰ ਵੀ ਧੋਵਣ ਤੋਂ ਅੱਕ ਗਏ ਨੇ ? ਥੱਕ ਗਏ ਨੇ ? ਅੰਨ੍ਹੇ ਦਿਨ ਦੇ ਪਿੱਛੇ ਪਿੱਛੇ ਰਾਤ ਹਨੇਰੀ ਅੰਨ੍ਹੀ ਬੋਲੀ ਜੋ ਤੁਰਦੀ ਸੀ ਅਟਕ ਗਈ ਹੈ ? ਨ੍ਹੇਰੇ ਪਿੱਛੇ ਤੁਰਦਾ ਨ੍ਹੇਰਾ ਬੈਠ ਗਿਆ ਹੈ ਉਸ ਸੂਹੇ ਨੂੰ ਕਾਲਾ ਭੂਰਾ ਕਰਨ ਲਈ ਤੈਨੂੰ ਕੀ ਸੁੱਝੀ ? ਮੈਨੂੰ ਉਸ ਬਲਦੇ ਮੱਥੇ ਤੋਂ ਖਿਝ ਆਉਂਦੀ ਸੀ ਬੁਝੇ ਬੁਝੇ ਨੂੰ ਹਰ ਬਲਦੇ ਤੋਂ ਖਿਝ ਆਉਂਦੀ ਹੈ ਡਰ ਲਗਦਾ ਹੈ ਮਤੇ ਮੁਆਤਾ ਸਾਨੂੰ ਸਾੜ ਸੁਆਹ ਕਰ ਦੇਵੇ ਉਸ ਦੇ ਕਾਤਲ ਹਥ ਅਣਧੋਤੇ ਲੈ ਕੇ ਘਰ ਨੂੰ ਮੁੜ ਆਇਆ ਹਾਂ ਤਾਹੀਓਂ ਤੇਰੇ ਹੱਥ ਬਲਦੇ ਨੇ ਤਾਹੀਓਂ ਹੱਥਾਂ ਦੀ ਅਗ ਬੋਲੇ ਤਲੀਆਂ ਵਿਚ ਅਗਵੰਤੀ ਜੀਭ ਨਿਕਲ ਆਈ ਹੈ ਤੇਰੇ ਹੱਥਾਂ ਦੇ ਵਿਚ ਅੱਖ ਹੈ ! ਮੂੰਹ ਦੀ ਜੀਭ ਤਾਂ ਚੁਪ ਕਰਾਈ ਬੋਲਦੀਆਂ ਅੱਖਾਂ ਉਤੇ ਵੀ ਖੋਪੇ ਚਾੜ੍ਹੇ ਹੱਥਾਂ ਦੀ ਅਗਵੰਤੀ ਜੀਭ ਨੂੰ ਕੀਕਣ ਚੁੱਪ ਕਰਾਵਾਂ ? ਜਿਹੜੀ ਬਾਤ ਨੂੰ ਚੁਪ ਕਰਾਈਏ ਉਹੀਓ ਉੱਚੀ ਕੂਕ ਮਾਰਦੀ ਤਨ ਦੇ ਵਿਰਲਾਂ 'ਚੋਂ ਖ਼ਾਮੋਸ਼ੀ ਰੌਲਾ ਬਣ ਕੇ ਬਾਹਰ ਕਿਰਦੀ ਬੁਝਿਆ ਬੁਝਿਆ ਬੰਦਾ ਆਖੇ : ਮੇਰੀ ਅੱਗ ਨੂੰ ਚੁੱਪ ਕਰਾਓ ਮੇਰੀ ਖ਼ਾਮੋਸ਼ੀ ਵਿਚ ਬਲਦਾ ਸ਼ੋਰ ਪਿਆ ਹੈ ਅੱਗ ਬੁਝਾਓ ਚੁੱਪ ਕਰਾਓ ਅੱਗ ਬੁਝਾਉਂਦਾ ਅਪਣਾ ਆਪ ਸੜਾ ਆਇਆ ਏਂ ਕੌਣ ਨਦੀ ਵਿਚ ਤੈਨੂੰ ਡੋਬੇ ਦੇਵਣ ਜਾਵਾਂ ਡੋਬਣਹਾਰ ਨਦੀ ਪੁੱਛੇਗੀ : ਕਿਸ ਦੀ ਅੱਗ ਹੈ ? ਕਾਰਜ ਯਾ ਕਰਤੂਤ ਹੈ ਕੋਈ ? ਉਸ ਅੱਗ ਤੋਂ ਜਗ ਨੂੰ ਖ਼ਤਰਾ ਸੀ ਪੁੱਛਾਂ ਪੁਛਦਾ ਸਭਨਾਂ ਦੇ ਮੱਥੇ ਵਿਚ ਚਿਣਗਾਂ ਬੀਜ ਰਿਹਾ ਸੀ ਦੁਨੀਆਂ ਦੀ ਭਲਿਆਈ ਖ਼ਾਤਰ ਜਿਹੜਾ ਕਤਲ ਵੀ ਮੈਂ ਕੀਤਾ ਹੈ ਉਸ ਨੂੰ ਕਿਵੇਂ ਲੁਕਾਵਾਂ ? ਅਪਣੇ ਕਤਲ ਕਰਨ ਵਿਚ ਹੀ ਅਪਣੀ ਭਲਿਆਈ ? ਮੁਕ ਜਾਵਣ ਵਿਚ ਅਪਣੀ ਜੈ ਹੈ ? ਲੁਕ ਜਾਣਾ ਹੀ ਉਦੈ ਆਪਣਾ ? ਬੁਝ ਜਾਵਣ ਵਿਚ ਹੀ ਰੌਸ਼ਨ ਹਾਂ ? ਇਹ ਸੀ ਉਸ ਦਾ ਪ੍ਰਸ਼ਨ ਕਿ ਤੇਰਾ ਹੀ ਉਤਰ ਹੈ ? ਪ੍ਰਸ਼ਨੋਤਰ ਤੋਂ ਡਰਦਾ ਡਰਦਾ, ਮਾਤਾ ਤੁਮ ਸ਼ਰਨਾਈ ਆਇਆ ਕਾਤਲ ਪੁੱਤਰ ਘਰ ਆਇਆ ਏ ਮਾਏ ਇਸ ਨੂੰ ਭੋਰੇ ਪਾ ਲੈ ਬੁੱਕਲ ਵਿਚ ਲੁਕਾ ਲੈ ਮਾਏ ਪੁੱਤਰ ਅਪਣਾ ਕਾਤਲ ਪੁਤ ਭੋਰੇ ਪਾ ਲਾਂਗੀ ਪਰ ਮਕਤੂਲ ਲੁਕਾਵਾਂ ਕਿੱਥੇ ਭੋਰੇ ਵਿਚੋਂ ਬੋ ਆਵੇਗੀ ਤੇਰੇ ਵਿਚ ਜੋ ਵੀ ਜੀਉਂਦਾ ਹੈ ਓਸੇ ਵਿਚ ਹੀ ਕੁਝ ਮਰਿਆ ਹੈ ਹਰ ਜੀਉਂਦਾ ਹੀ ਕੁਝ ਮਰਿਆ ਹੈ ਬੁਝਿਆ ਬੁਝਿਆ ਸੁਲਗ ਰਿਹਾ ਹੈ ਆਖ ਦਿਆਂਗੇ : ਦੁਨੀਆਂ ਹੀ ਸੜਿਆਂਦ ਮਾਰਦੀ ਸਾਡੀ ਖ਼ਾਮੋਸ਼ੀ ਹੀ ਸਾਨੂੰ ਨਸ਼ਰ ਕਰੇਗੀ ਪੁੱਛਾਂ ਪੁੱਛਣ ਵਾਲਾ ਹੀ ਸਾਡਾ ਬੜਬੋਲਾ ਚੁਪ ਹੋ ਗਿਆ ਲੋਕ ਕਹਿਣਗੇ : ਕੋਈ ਭਾਣਾ ਵਰਤ ਗਿਆ ਹੈ ਖ਼ਾਮੋਸ਼ੀ ਤੋਂ ਸਾਨੂੰ ਖ਼ਤਰਾ ਬੋਲਣ ਤਾਂ ਬਾਲਣ ਹੈ ਰੌਲਾ ਹੀ ਤਾਂ ਅੱਗ ਹੈ ਸਾਨੂੰ ਸਾੜ ਫ਼ਨਾਹ ਕਰ ਦੇਗਾ ਖ਼ਾਮੋਸ਼ੀ ਵਿਚ ਤੂੰ ਮੈਂ ਸਾਰੇ ਤਿੜਕ ਰਹੇ ਹਾਂ ਟੁਕੜੇ ਟੁਕੜੇ ਹੋ ਕੇ ਭੁੰਜੇ ਡਿੱਗ ਪਵਾਂਗੇ (ਖ਼ਾਮੋਸ਼ੀ) ਕੰਧਾਂ ਵਿਚ ਤ੍ਰੇੜਾਂ ਅੱਗੇ ਨਾਲੋਂ ਵਡੀਆਂ ਆਉਂਦੀ ਜਾਂਦੀ ਝਾਤੀ ਅੱਗੇ ਨਾਲੋਂ ਤਿੱਖੀ ਘਰ ਦੇ ਸਿਰ ਤੋਂ ਚੁੰਨੀ ਸੜ ਕੇ ਡਿਗ ਪਈ ਹੈ ਤੇਰੀਆਂ ਤਲੀਆਂ ਉਪਰ ਮਚਦੀ ਅੱਗ ਪਈ ਹੈ ਮੈਂ ਤਾਂ ਅੱਖਾਂ ਮੀਟ ਲਵਾਂਗੀ ਤੇਰੀ ਤਲੀ ਦੀ ਅੱਖ ਹੀ ਤੈਨੂੰ ਰਹੂ ਵੇਖਦੀ ਕਿਹੜੀ ਬੁੱਕਲ ਹੇਠ ਲੁਕਾਵਾਂ ਅੱਗ ਬੋਲਦੀ ਏਸ ਅੱਗ ਦੇ ਚਾਨਣ ਅੰਦਰ ਨੰਗੀ ਆਂਦਰ ਆਂਦਰ ਮੇਰੀ ਮਾਏ ਸਿਰ ਤੇ ਚੁੰਨੀ ਲੈ ਲੈ ਜਿਸ ਦਾ ਪੁੱਤਰ ਕਾਤਲ ਵੀ ਮਕਤੂਲ ਵੀ ਆਪੇ ਉਹ ਸਿਰਮੁੰਨੀ ਕੀ ਆਖੂ ਉਹਦੇ ਸਿਰ ਤੇ ਚੁੰਨੀ ! ਮਾਏ ਸਿਰ ਤੇ ਚੁੰਨੀ ਲੈ ਲੈ ਤਿੜਕ ਤਰੇੜੇ ਤਨ ਦੀਆਂ ਝੀਥਾਂ ਨੰਗੀ ਆਂਦਰ ਵਿਲਕ ਰਹੀ ਨਜ਼ਰੀਂ ਪੈਂਦੀ ਹੈ ਤੂੰ ਲੁਕ ਜਾ ਵਿਚ ਮੈਂ ਲੁਕ ਜਾਵਾਂ ਅਗਵੰਤੀ ਦੇ ਲੁਕਣਗੋਚਰੀ ਕਿਹੜੀ ਥਾਂ ਹੈ ਅੱਗ ਤਾਂ ਨ੍ਹੇਰੇ ਨੂੰ ਵੀ ਚਾਨਣ ਕਰ ਦੇਂਦੀ ਹੈ ਤੂੰ ਮੇਰੀ ਅੱਗ ਮੈਂ ਤੇਰੀ ਅੱਗ ਵਿਚ ਸਮਾਵਾਂ ਨ੍ਹੇਰਾ ਨ੍ਹੇਰੇ ਦੇ ਅੰਦਰ ਹੀ ਲੁਕ ਸਕਦਾ ਹੈ (ਚੁਪ) ਉਹ ਮਾਂ ਕੀਕਣ ਲੁਕ ਸਕਦੀ ਹੈ ਕਿਵੇਂ ਲੁਕਾਵੇ ਜਿਸ ਦੇ ਚੁੱਲ੍ਹੇ ਜੋਗੀ ਅੱਗ ਗਲੀਆਂ ਵਿਚ ਬਲਦੀ (ਚੁਪ) ਕਾਤਲ ਬਣ ਕੇ ਹੀ ਮੈਂ ਕਤਲ ਲੁਕਾ ਸਕਦੀ ਹਾਂ ਤੇ ਮੈਂ ਕੀਕਣ ਕਤਲ ਕਰਾਂਗੀ ਅਜੇ ਮਸਾਂ ਮੈਂ ਕਤਲ ਜੋਗਰੀ ਵੀ ਨਾ ਹੋਈ ਭੂਰੀ ਮਿੱਟੀ ਵਿਚ ਮੈਂ ਭੂਰੀ ਕਾਤਲ ਹੋਣ ਲਈ ਤਾਂ ਹਾਲੇ ਬਹੁਤ ਸਮਾਂ ਮੈਨੂੰ ਤੈਥੋਂ ਡਰ ਲਗਦਾ ਹੈ ਅੱਜ ਤੂੰ ਹੋਰ ਜਿਹੀ ਲਗਦੀ ਏਂ ਘਰ ਦਾ ਪੁੱਤਰ ਕਾਤਲ ਬਣ ਕੇ ਘਰ ਆਇਆ ਹੈ ਘਰ ਦੇ ਸਿਰ ਤੇ ਅੱਗ ਦੀ ਕਲਗ਼ੀ ਹੁਣ ਘਰ ਹੋਰ ਜੇਹਾ ਲਗਦਾ ਏ ਕਲ੍ਹ ਤੀਕਰ ਇਕ ਕਤਲ ਜੋਗ ਪੁੱਤਰ ਦੀ ਮਾਂ ਸਾਂ ਅੱਜ ਕਾਤਲ ਪੁੱਤਰ ਦੀ ਮਾਂ ਵੀ ਅੱਜ ਮੈਂ ਹੋਰ ਜਹੀ ਲਗਦੀ ਹਾਂ ਕਿਸ ਦੇ ਵੈਣ ਕਰਾਂ ? ਮਰਜਾਣਾ ਤੇ ਮਾਰਨਹਾਰਾ ਦੋਵੇਂ ਅਪਣੇ ਬੁਝਿਆ ਅਪਣਾ ਬੁਝਦਾ ਜਾਂਦਾ ਵੀ ਹੈ ਅਪਣਾ ਕਿਸ ਤੇ ਦੋਸ਼ ਧਰਾਂ ? ਚੁਪ ਚੁਪੀਤੀ ਦੁਨੀਆਂ ਤੁਰਦੀ ਤੁਰ ਜਾਏਗੀ ਕੂਕਣਹਾਰੀ ਜਗਮਗ ਟੁਟਦੇ ਤਾਰੇ ਵਾਕਣ ਅਧ ਵਿਚਕਾਰੋਂ ਭੁਰ ਜਾਏਗੀ ਖ਼ਾਮੋਸ਼ਾਂ ਸੰਗ ਜੀਵਾਂ ਜਾਂ ਮੈਂ ਕੂਕਾਂ ਸੰਗ ਮਰਾ ? ਵੇ ਮਰਜਾਣਿਆਂ ਕਾਹਨੂੰ ਮੱਥੇ ਜੋਤ ਜਗਾਈ ਨਿੱਜ ਹੋਣਿਆ ਤੇਰੇ ਨਾ ਹੋਵਣ ਵਿਚ ਸਾਡੀ ਭਲਿਆਈ ਜਗਣਾ ਤੇ ਬੁਝਣਾ ਦੋਵੇਂ ਹੀ ਪੁੱਤਰ ਮੇਰੇ ਇਕ ਦੂਜੇ ਦੇ ਵੈਰੀ ਨੀ ਮੈਂ ਹਾਮੀ ਕਿਦੀ ਭਰਾਂ ? ਇਹ ਮੱਥਾ ਆਪੇ ਪੁਛਦਾ ਆਪੇ ਚੁਪ ਰਹਿੰਦਾ ਚਾਨਣ ਬਣ ਕੇ ਚੜ੍ਹਦਾ ਨੇਰਾ ਹੋ ਕੇ ਲਹਿੰਦਾ ਆਪੇ ਆਪੇ ਨੂੰ ਦੁਖ ਦੇਂਦਾ ਆਪੇ ਸਹਿੰਦਾ ਇਸ ਨੂੰ ਧੜ ਤੇ ਰਹਿਣ ਦਿਆਂ ਜਾਂ ਸੁੱਟਾਂ ਤੋੜ ਪਰ੍ਹਾਂ ਠਕਠਕਠਕਠਕ ਜਾਣ-ਪਛਾਣੀ ਬਕਬਕਬਕ ਹੈ ਬਿਨਾ ਇਜਾਜ਼ਤ ਲੰਘ ਆਵੇਗਾ ਠਕਠਕਠਕਠਕ ਅਪਣੇ ਘਰ ਹੀ ਲੁਕਣਜੋਗਰੀ ਥਾਉਂ ਨਹੀਂ ਹੈ ਬਾਹਰ ਸਭ ਪਹਿਲਾਂ ਵਰਗਾ ਹੈ ਅੰਦਰ ਅਪਣਾ ਹੀ ਕੁਝ ਹੋਰ ਜਿਹਾ ਲਗਦਾ ਹੈ ਅਪਣੇ ਘਰ ਪਰਦੇਸੀ ਵਾਂਗ ਗੁਆਚ ਗਿਆ ਹਾਂ ਲੁਕ ਜਾਵਣ ਦਾ ਬਚ ਨਿਕਲਣ ਦਾ ਕੰਧ ਪਿਛਵਾੜਾ ਕਾਹਨੂੰ ਬੰਦਾ ਲੁਕਣਜੋਗਰਾ ਹੋਏ ਚਾਨਣ ਦੇ ਵਿਚ ਆਪ ਉਜਾਗਰ ਹੋਣਾ ਚਾਹੇ ਨਾਲੇ ਆਖੇ ਸੂਰਜ ਕਦੇ ਨ ਹੋਏ ਠਕਠਕਠਕਠਕ ਅੰਦਰ ਆ ਜਾ (ਪ੍ਰਵੇਸ਼) ਇਹ ਕੈਸਾ ਜਾਦੂ ਦਾ ਘਰ ਹੈ ਪਿਛਲਾ ਬੂਹਾ ਕਿਧਰੇ ਵਾਂਢੇ ਚਲਾ ਗਿਆ ਹੈ ਬਾਹਰ ਕੁੰਡਾ ਲਟਕ ਰਿਹਾ ਹੈ ਤਾਕ ਕਿਵਾੜ ਨਹੀਂ ਹੈ ਕੋਈ ਬਾਹਰ ਜੋ ਵੀ ਲਟਕ ਰਿਹਾ ਹੈ ਬਾਹਰ ਦਾ ਹੈ ਅੰਦਰ ਜੋ ਸੀ ਕਲ੍ਹ ਤੀਕਰ ਸੀ ਅੱਜ ਉਹ ਸਾਨੂੰ ਵੀ ਨਹੀਂ ਲਭਦਾ ਮੈਂ ਕੰਧਾਂ ਦੇ ਵਿਰਲਾਂ ਥਾਣੀ ਆ ਸਕਦਾ ਸਾਂ ਚਾਰ ਚੁਫੇਰੇ ਕੰਧਾਂ ਦੇ ਵਿਚ ਵਡੀਆਂ ਦਰਸ਼ਾਂ ਅੰਦਰ ਪਹੁੰਚ ਕੇ ਇਉਂ ਲਗਦਾ ਹੈ ਹੁਣ ਬਾਹਰ ਹਾਂ ਪਲ ਛਿਣ ਪਹਿਲਾਂ ਜੋ ਬਾਹਰ ਸੀ ਉਹ ਅੰਦਰ ਹੈ ਬੇਗਾਨੇ ਤੇ ਘਰ ਵਾਲੇ ਵਿਚ ਕੋਈ ਫ਼ਰਕ ਤਮੀਜ਼ ਨਹੀਂ ਹੈ ਅਪਣੇ ਘਰ ਵਿਚ ਅਪਣੇ ਜੋਗੀ ਠਾਹਰ ਨਹੀਂ ਹੈ ਸਭ ਕੁਝ ਉਲਟ ਪੁਲਟ ਹੋਇਆ ਹੈ ਆਪਣਾ ਘਰ ਸਿਰ ਤੇ ਚੁਕ ਕੇ ਬਾਹਰ ਨੂੰ ਜਾਈਏ ਬਾਹਰ ਨੂੰ ਗੰਢੜੀ ਵਿਚ ਬੰਨ੍ਹ ਕੇ ਘਰ ਲੈ ਆਈਏ ਇਸ ਘਰ ਤਾਈਂ ਕੀ ਹੋਇਆ ਹੈ ਇਹ ਦਰਜ਼ਾਂ ਇਹ ਖੱਪੇ ਜਾਪੇ ਥਾਂ ਪਰਥਾਵੇਂ ਸੰਨ੍ਹ ਲੱਗੀ ਹੈ ਅੰਦਰ ਸੁੰਨ ਸਰਾਂ ਖਾਲੀ ਹੈ ਤੁਸਾਂ ਹੀ ਘਰ ਨੂੰ ਬਾਹਰ ਸੁੱਟਿਆ ਜਾਂ ਚੋਰਾਂ ਹੀ ਕਾਰਾ ਕੀਤਾ ਬਾਹਰ ਗਲੀ ਵਿਚ ਮੈਂ ਚੌਕਸ ਸਾਂ ਆਂਦਾ ਜਾਂਦਾ ਚੋਰ ਨ ਡਿੱਠਾ (ਰੂਪ) ਕਿਸ ਦਾ ਘਰ ਹੈ ? ਕੀ ਨੰਬਰ ਹੈ ? ਉਹੋ ਗਲੀ ਹੈ ? ਉਹੋ ਸ਼ਹਿਰ ਹੈ ? ਏਥੇ ਘਰ-ਦੀਵਾਰ ਸੀ ਕੋਈ ਜਿਸ ਦੇ ਆਲੇ ਦੀਵੇ ਵਰਗੀ ਅੱਖ ਬਲਦੀ ਸੀ [ਉਹ ਅੱਖ ਸਦਾ ਲਈ ਬੁਝ ਚੁੱਕੀ ਉਹ ਘਰ ਗੁੰਮ ਗੁਆਚ ਗਿਆ ਹੈ] ਕਿੰਨਾ ਸੌਖਾ ਸੀ ਕੰਮ ਮੇਰਾ : ਇੱਕੋ ਨਜ਼ਰ ਪਛਾਣ ਲਿਆ ਸਭ ਇਕ ਗੇੜਾ ਤੇ, ਘਰ ਤੁਰ ਜਾਣਾ ਬਲਦੀ ਅੱਖ ਅਪਣੇ ਘਰ ਬੈਠੀ ਸਮਝੋ ਅਮਨ ਅਮਾਨ ਹੋ ਗਿਆ (ਚੁਪ) ਅਜ ਅੱਖ ਵਾਲਾ ਸੌਖਾ ਸਿੱਧਾ ਘਰ ਨਹੀਂ ਲਭਦਾ ਲਗਦੈ ਜੀਕਣ ਸਾਰਾ ਸ਼ਹਿਰ ਗੁਆਚ ਗਿਆ ਹੈ ਤੂੰ ਉਸ ਘਰ ਤੋਂ ਕੀ ਲੈਣਾ ਹੈ ? ਅੱਖ ਵਾਲੀ ਦੀਵਾਰ ਨਾਲ ਤੇਰਾ ਕੀ ਕੰਮ ਹੈ ? ਮੇਰਾ ਕੀ ਕੰਮ ਹੈ ? ਦਸ ਦੇਵਾਂਗਾ ਪਰ, ਮਾਈ, ਉਹ ਘਰ ਹੈ ਕਿੱਥੇ ? [ਇਹ ਕੋਈ ਸਰਕਾਰੀ ਸੋਂਘਾ ਅੱਖ ਵਾਲੇ ਦਾ ਖ਼ੂਨ ਮੇਰੇ ਹੱਥਾਂ ਤੇ ਲੱਗਾ ਸੁੰਘ ਲਵੇਗਾ] ਘਰ ਦੀਵਾਰਾਂ ਨੂੰ ਬੀਬਾ ਅੱਖਾਂ ਨਹੀਂ ਹੁੰਦੀਆਂ ਬਾਹਰ ਕੰਧਾਂ ਆਲੇ ਆਲੇ ਜਗਦਾ ਦੀਵਾ ਏਸ ਸ਼ਹਿਰ ਦੇ ਸਾਰੇ ਘਰ ਹੀ ਆਲੇ ਵਾਲੇ ਹਰ ਆਲੇ ਵਿਚ ਜਗਦਾ ਦੀਵਾ ਹਰ ਘਰ ਨੂੰ ਘਰ-ਆਉਣੇ ਜੀਆਂ ਉਪਰ ਸ਼ਕ ਹੈ ? ਰਾਤ ਪਿਆਂ ਘਰ ਵਲ ਦਾ ਰਸਤਾ ਭੁਲ ਜਾਵਣਗੇ ? ਏਸ ਸ਼ਹਿਰ ਦੇ ਦਰਿਆ ਵੀ ਤਲੀਆਂ ਤੇ ਦੀਵੇ ਰਖ ਕੇ ਤਰਦੇ ਮਤੇ ਕਿਤੇ ਠੇਡਾ ਲਗ ਜਾਏ ? ਪਤਾ ਨਹੀਂ ਇਹਨਾਂ ਦੇ ਮਨ ਕੀ ? ਅੰਦਰ ਤੋਂ ਬਾਹਰ ਤਕ ਜਾਵਣ ਵਾਲੇ ਰਸਤੇ ਕਿਧਰੇ ਗੁੰਮ ਗੁਆਚ ਗਏ ਨੇ ਬਾਹਰ ਤੋਂ ਬਾਹਰ ਤਕ ਹੀ ਹੁਣ ਆਈਏ ਜਾਈਏ ਧੁਰ ਬੰਦੇ ਤੋਂ ਧੁਰ ਬੰਦੇ ਤਕ ਪਹੁੰਚਣ ਵਾਲੇ ਸਾਰੇ ਚਸ਼ਮੇ ਸੁੱਕ ਗਏ ਨੇ [ਜਿੰਨੇ ਸੁੱਕੇ ਓਨੇ ਚੰਗੇ] ਛਤ ਬਨੇਰੇ ਆਲੇ ਨਦੀਆਂ ਜਗਦੇ ਦੀਵੇ ਧੁਰ ਤੋਂ ਧੁਰ ਤੀਕਰ ਰੁਸ਼ਨਾਵਣ ਦੇ ਹੀ ਹੀਲੇ [ਰੌਸ਼ਨੀਆਂ ਵਿਚ ਸਾਰੇ ਜੁਰਮ ਫੜੇ ਜਾਂਦੇ ਨੇ ਮਾਂ ਪੁੱਤਰ ਦਾ ਚਿੱਟੇ ਚਾਨਣ ਘਾਤ, ਕਰੇਗੀ] ਧੁਰ ਅੰਦਰ ਨੂੰ ਬਾਹਰ ਕਢਣਾ ਸਾਡਾ ਕੰਮ ਹੈ ਅੱਖ ਵਾਲਾ ਦੀਵਾ ਕਿੱਥੇ ਹੈ ? ਅੰਦਰ ਦੀ ਗੱਲ ਅੰਦਰ ਰਹੇ ਸਲਾਮਤ ਬੰਦਾ ਅੰਦਰਜੋਤ ਬੁਝਾ ਕੇ ਜੀਵਣ ਵਿਚ ਹੀ ਸੁਖ ਹੈ ਬੇਸ਼ਕ ਬੇਸ਼ਕ ਅੰਦਰਜੋਤ ਬੁਝਾ ਕੇ ਲੱਖ ਵਰ੍ਹਿਆਂ ਤਕ ਜੀਵੋ ਇਸ ਵਿਚ ਹੀ ਸਭਨਾਂ ਨੂੰ ਸੁਖ ਹੈ ਪਰ ਜੋ ਬਾਹਰ ਅੱਖ ਜਗਦੀ ਸੀ ਉਹ ਕਿੱਥੇ ਹੈ ? [ਇਸ ਸੋਂਘੇ ਨੂੰ ਪਤਾ ਕਿ ਬਲਦੀ ਅੱਖ ਦਾ ਕਾਤਲ ਏਸੇ ਘਰ ਹੈ] ਬਾਹਰ ਬਲਦੀ ਅੱਖ ਤਾਂ ਬਾਹਰ ਹੀ ਲੱਭੇਗੀ ਅੰਦਰਖ਼ਾਨੇ ਉਸ ਨੂੰ ਕਾਹਨੂੰ ਭਾਲ ਰਹੇ ਹੋ ? ਅੰਦਰਜੋਤ ਜਗੇ ਜੇ ਬਾਹਰ ਤਾਂ ਹੀ ਅੱਖ ਹੈ ਮਨ ਦਾ ਚਾਨਣ ਮੱਥੇ 'ਚੋਂ ਜਦ ਬਾਹਰ ਆਵੇ ਪੈਗ਼ੰਬਰ ਹੈ ਮਾਈ ਏਹੋ ਮੈਂ ਕਹਿੰਦਾ ਹਾਂ ਮੇਰੇ ਅੰਦਰ ਮੈਨੂੰ ਜਾਪੇ ਮਾਸਾ ਮਾਸਾ ਅੱਗ ਧੁਖਦੀ ਹੈ ਸ਼ੁਕਰ ਖ਼ੁਦਾ ਦਾ ਬਾਹਰ ਅੱਖ ਬਲੀ ਨਾ ਹਾਲੇ ਨਹੀਂ ਤਾਂ ਮੇਰੇ ਘਰ ਰਾਜੇ ਦਾ ਪਹਿਰਾ ਹੁੰਦਾ ਕੀ ਲੈਣਾ ਪੈਗ਼ੰਬਰ ਹੋ ਕੇ ਤੂੰ ਸੂਹੀਆ ਏਂ ਸਾਡੇ ਘਰ ਤੇ ? ਬਹੁਤ ਵਾਰ ਮੈਨੂੰ ਲਗਦਾ ਸੀ ਮੇਰੇ ਨਾਲ ਨਾਲ ਤੁਰਦੇ ਨੇ ਦੋ ਪਰਛਾਵੇਂ ਇਕ ਮੇਰਾ ਇਕ ਹੋਰ ਕਿਸੇ ਦਾ ਮੇਰੇ ਸਾਹਾਂ ਦੇ ਵਿਚ ਵਾਫ਼ਰ ਕੋਈ ਸਾਹ ਹੈ ਹੋਰ ਕਿਸੇ ਦਾ ਅੰਦਰਜੋਤ ਦੇ ਆਲ-ਦੁਆਲੇ ਵੀ ਘੇਰਾ ਹੈ ਪਰਛਾਵੇਂ ਦਾ ਮੇਰੇ ਪਿੱਛੇ ਪਿੱਛੇ ਤੁਰਦਾ ਪੋਲੇ ਪੈਰੀਂ ਕੋਈ ਸੋਂਘਾ ਸੁੰਘ ਰਿਹੈ ਮੇਰੇ ਤਨ-ਮਨ ਨੂੰ ਮੇਰੇ ਵਿਰਲਾਂ 'ਚੋਂ ਕੋਈ ਅੱਖ ਅੰਦਰ ਝਾਕੇ ਮੈਨੂੰ ਅੰਦਰ ਸੋਚਣ ਤੋਂ ਵੀ ਡਰ ਲਗਦਾ ਸੀ ਹੁਣ ਕਾਹਦਾ ਪਰਛਾਵਾਂ ਜਦ ਮੈਂ ਅੰਦਰਜੋਤ ਬੁਝਾ ਦਿੱਤੀ ਹੈ ਹੁਣ ਕੋਈ ਮੈਨੂੰ ਕੀ ਸੁੰਘੇਗਾ ਬੋ ਖ਼ੁਸ਼ਬੋ ਤੋਂ ਪਾਕ ਹੋ ਗਿਆ ਰਾਜਾ ਪੈਗ਼ੰਬਰ ਤੋਂ ਡਰਦਾ ਰਾਜੇ ਮੁਢ-ਕਦੀਮੀ ਪੈਗ਼ੰਬਰ ਦੇ ਵੈਰੀ ਕਾਹਨੂੰ ਦਏਂ ਝਕਾਨੀ ਮੈਨੂੰ ਪਰਗਟ ਹੋਈ ਅੰਦਰਜੋਤ ਨੂੰ ਕੌਣ ਬੁਝਾਏ ਪੈਗ਼ੰਬਰ ਮੁੜ ਨਾਪੈਗ਼ੰਬਰ ਹੋ ਨਾਂ ਸੱਕੇ ਜੋਤੀ ਖ਼ੁਦਸਿਰ ਹੋ ਕੇ ਪਹਿਲਾਂ ਬਾਹਰ ਆਏ ਉਸ ਨੂੰ ਖ਼ਤਰਾ ਸਮਝ ਕੇ ਕੋਈ ਹੋਰ ਬੁਝਾਏ ਦੁਸ਼ਮਣ ਤੋਂ ਡਰਦੇ, ਪੁੱਤਰ, ਤੂੰ ਮਾਰ ਮੁਕਾਇਆ ਅਪਣਾ ਭਾਈ, ਅਪਣਾ ਆਪਾ ਪਹਿਲਾਂ ਪੁੱਛਣਹਾਰੀ ਅੱਖ ਤੋਂ ਤੂੰ ਡਰਦਾ ਸੈਂ ਅੱਖ ਦੀ ਅਲਖ਼ ਮੁਕਾ ਕੇ ਡਰਦੈਂ ਤੈਨੂੰ ਕੋਈ ਵੇਖ ਲਵੇਗਾ ਓਸੇ ਅੱਖ ਬਾਰੇ ਪੁੱਛੇਗਾ ਮਾਰ ਮੁਕਾਇਆ ਜਿਸ ਨੂੰ ਉਹ ਬੇਕਫ਼ਨ ਪਿਆ ਹੈ ਬੇਕਫ਼ਨਾ ਜਦ ਬੋਲ ਉਚਾਰੇ ਤੇਰੀ ਵੱਲੇ ਹੋਣ ਇਸ਼ਾਰੇ ਬੇਦਫ਼ਨਾ ਦੁਰਗੰਧ ਖਿਲਾਰੇ ਤੇਰੇ ਤੀਕਣ ਆ ਪਹੁੰਚੇਗੀ ਹੁਣ ਤੀਕਰ ਉਹ ਮੁਕਚੁਕ ਮੁਕਚੁਕ ਹੋ ਚੁੱਕਾ ਹੈ ਸਭ ਕੁਝ ਦਰੜ-ਮਰੜ ਹੋ ਚੁੱਕਾ ਮਿੱਝ ਓਸ ਦੀ ਖ਼ਲਕਤ ਦੇ ਪੈਰਾਂ ਨੂੰ ਲਗਦੀ ਮਿੱਟੀ ਦੇ ਵਿਚ ਮਿੱਟੀ ਹੋਈ ਨਕਸ਼-ਪਛਾਣ ਨ ਕੋਈ ਬਾਕੀ ਬੋਲ ਕੁਰਾਹੇ ਪਾਵਣ ਵਾਲੇ ਬਹੁਤ ਸੁਣੇ ਨੇ ਪੁੱਤਰ ਪਹਿਲਾਂ ਹੱਥ ਤਾਂ ਧੋ ਲੈ ਚੁੱਲ੍ਹੇ ਦੇ ਵਿਚ ਅੱਗ ਉਡੀਕਾਂ ਕਰਦੀ ਕਰਦੀ ਤੁਰ ਜਾਵੇਗੀ ਖੇਖਣਹਾਰੀ ਮਾਈਏ ਪੁੱਤਰ ਰਾਸਧਾਰਈਏ ਇਹ ਨੌਟੰਕੀ ਬੇਸ਼ਕ ਜੁਗਾਂ ਜੁਗਾਂ ਤਕ ਕਰਨਾ ਮੈਨੂੰ ਪਹਿਲਾਂ ਦੱਸੋ ਉਸ ਦਾ ਪਤਾ ਟਿਕਾਣਾ ਘਰ ਦੇ ਮੱਥੇ ਜਗਦਾ ਜਿਸ ਦੀ ਅੱਖ ਦਾ ਦੀਵਾ ਏਸ ਖ਼ਬਰ ਦੇ ਬਿਨਾ ਨਹੀਂ ਮੈਂ ਵਾਪਸ ਜਾਣਾ ਨਾ ਖੇਖਣ ਨੌਟੰਕੀ ਨਾ ਚੁਸਤੀ ਚਾਲਾਕੀ ਅੰਦਰਜੋਤ ਜਗੀ ਨਾ ਮੱਥੇ ਅੱਖ ਨ ਜਾਗੀ ਅੱਜ ਤਾਂ ਅਪਣਾ ਸਭ ਦਾ ਆਪਾ ਬੁਝਿਆ ਬੁਝਿਆ ਰਾਜੇ ਦਾ ਹਰ ਹੁਕਮ ਹੀ ਅੱਜ ਤਾਂ ਸੱਚਾ ਜਾਪੇ ਸੋਂਘੇ ਸੂਹੀਏ ਮੈਂ ਦਸ ਚੁੱਕਾਂ ਅੱਖ ਵਾਲਾ ਮੱਥਾ ਮੈਂ ਹੱਥੀਂ ਮਾਰ ਮੁਕਾਇਆ ਬੋਲ ਤੂੰ ਕਿਸ ਦੀ ਸੂਹ ਲੈਣੀ ਹੈ ਜੋ ਬੁਝ ਚੁੱਕਾ ਜਾਂ ਜਿਸ ਅਪਣਾ ਜਗਦਾ ਦੀਵਾ ਆਪ ਬੁਝਾਇਆ ਐਵੇਂ ਬਾਤ-ਬੁਝਾਰਤ ਕਾਹਨੂੰ ਪਾਈ ਜਾਵੋ ਉਸ ਨੂੰ ਮਾਰ ਮੁਕਾਉਣਾ ਬਸ ਰਾਜੇ ਦਾ ਹਕ ਹੈ ਮੱਥੇ ਜੋਤ ਜਗਾਵਣ ਵਾਲਾ ਪਰਜਾ ਨੂੰ ਉਕਸਾਵਣ ਵਾਲਾ ਰਾਜਧਰੋਹੀ ਰਾਜਧਰੋਹੀ ਡੰਡਣ ਵਾਲਾ ਇਕ ਰਾਜਾ ਹੈ ਰਾਜ-ਹੁਕਮ ਬਿਨ ਰਾਜੇ ਦੀ ਥਾਂ ਏਸ ਹੱਕ ਨੂੰ ਜੋ ਵਰਤੇ ਸੋ ਰਾਜ-ਵਿਰੋਧੀ ਰਾਜ-ਵਿਰੋਧੀ ਵੀ ਸਿੱਝਾਂਗੇ ਅਜ ਮੈਂ ਰਾਜਧਰੋਹੀ ਨੂੰ ਲੱਭਣ ਆਇਆ ਹਾਂ (ਚੁਪ) ਆਖ ਦਿਉ ਉਹ ਏਸੇ ਘਰ ਹੈ ਬਾਹਰ ਆਲੇ ਬਾਲ ਧਰੋ ਅੱਖ ਵਾਲਾ ਦੀਵਾ ਰਾਜੇ ਨੂੰ ਜਾ ਖ਼ਬਰ ਮਿਲੇਗੀ : ਅਪਣੇ ਮਿਥੇ ਟਿਕਾਣੇ ਰਾਤ ਪਿਆਂ ਅੱਖ ਪਹੁੰਚੀ ਫਿਰ ਸਮਝੋ ਸਭ ਅਮਨ ਸ਼ਾਂਤੀ ਰਾਜਾ ਵੀ ਇਹ ਘਰ ਵੀ ਮੈਂ ਵੀ ਦੀਵਾ ਜਗੇ ਮਨੁੱਖ ਸੌਂ ਜਾਵੇ ਰਾਜਸੇਵਕਾ, ਜੀਵਨ ਏਨਾ ਸਰਲ ਨਹੀਂ ਹੈ ਕਲ੍ਹ ਤੀਕਰ ਅਖਵੰਤੇ ਮੱਥੇ ਵਾਲਾ ਬੰਦਾ ਇਸ ਘਰ ਵਿਚ ਉਠਦਾ ਬਹਿੰਦਾ ਕਹਿੰਦਾ ਸੁਣਦਾ ਸੀ ਇਹ ਘਰ ਉਸ ਦਾ ਪੱਕਟਿਕਾਣਾ ਕਦੇ ਨਹੀਂ ਸੀ ਘਰ ਸੀ ਉਸ ਦਾ ਜਨਮ-ਟਿਕਾਣਾ ਉਹ ਸੀ ਕਰਮ-ਟਿਕਾਣਾ ਲੱਭਦਾ ਉਸ ਦਾ ਕਰਮ ਟਿਕਾਣਾ ਕਿਹੜਾ ? ਲੋਕਾਂ ਦੇ ਪੈਰਾਂ ਵਿਚ ਉਸ ਨੂੰ ਰਾਤ ਪਈ ਹੈ ਰਾਤ ਕਿ ਜਿਸ ਦਾ ਉਦੈ ਨ ਕੋਈ ਮਿੱਟੀ ਦੇ ਵਿਚ ਮਿੱਟੀ ਨ੍ਹੇਰੇ ਦੇ ਵਿਚ ਨ੍ਹੇਰਾ ਉਹ ਹੋ ਚੁੱਕਾ ਹੁਣ ਵਖਰਾ ਅੱਖ ਵਾਲਾ ਮੱਥਾ ਨਹੀਂ ਮਿਲੇਗਾ ਏਹੋ ਤਾਂ ਰਾਜੇ ਦੀ ਚਿੰਤਾ ਬਲਦੀ ਅੱਖ ਕੋਈ ਚੰਨ ਚਾੜ੍ਹੇਗੀ ? ਉਇ ਮੁੰਡਿਆ ਤੂੰ ਉਸ ਅਖਵੰਤੇ ਦਾ ਕੀ ਲਗਦੈਂ ? ਤੂੰ ਜੋ ਪੁਛਦੈਂ ਕਈ ਵਾਰ ਉਹ ਵੀ ਪੁਛਦਾ ਸੀ ਮਨੋਮਨੇ ਮੈਂ ਵੀ ਪੁੱਛਦੀ ਸਾਂ ਤੇ ਕਹਿੰਦੀ ਸਾਂ : ਉਹ ਸਾਡਾ ਸਭ ਕੁਝ ਲਗਦੈ ਕੁਝ ਵੀ ਨਹੀਂ ਲਗਦਾ ਉਹ ਜੋ ਬਹੁਤ ਮੁਹੱਬਤ ਨਾਲ ਵੀ ਕੂਏ ਟਿਚਕਰ ਕਰਦਾ ਜਾਪੇ ਪਿਆਰ ਨਾਲ ਵੇਖੇ ਤਾਂ ਅਪਣਾ ਆਪਾ ਨੰਗਾ ਹੁੰਦਾ ਜਾਪੇ ਕੁਝ ਦਸਦਾ ਵੀ ਸਾਥੋਂ ਪੁੱਛਾਂ ਪੁਛਦਾ ਜਾਪੇ ਉਹ ਸਾਡਾ ਕੀ ਲਗ ਸਕਦਾ ਹੈ ? ਅਸੀਂ ਉਹਦੇ ਕੀ ਲਗ ਸਕਦੇ ਹਾਂ ਜੋ ਸਚ ਬੋਲੇ ਤੇ ਮੈਂ ਸੁਣਨੇਹਾਰੀ ਝੂਠੀ ਝੂਠੀ ਹੋਵਾਂ ਪਤਾ ਨਹੀਂ ਕਿੱਥੇ ਵਸਦਾ ਸੀ ਇਸ ਜਗ ਵਿਚ ਜਾਂ ਹੋਰ ਕਿਸੇ ਜਗ ਦੇ ਨਕਸ਼ੇ ਵਿਚ ? ਨਕਸ਼ੇ ਵਿਚ ਇਕ ਨੁਕਤਾ ਹੋਕੇ ਹੀ ਉਸ ਦਾ ਕੁਝ ਹੋ ਸਕਦਾ ਸਾਂ ਪਿਆਰ ਨਾਲ ਸਾਨੂੰ ਤਕਦਾ ਸੀ ਹੋਰ ਕਿਸੇ ਥਾਂ ਹੋਰ ਕਿਸੇ 'ਵਾਮੰਡਲ ਦੇ ਵਿਚ ਏਸ ਜਨਮ ਵਿਚ ਮੈਨੂੰ ਏਦਾਂ 'ਵਾਜਾਂ ਮਾਰੇ ਹੋਰ ਜਨਮ ਵਿਚ ਬਹੁਤ ਦੂਰ ਜਿਉਂ ਚਲੀ ਗਈ ਹਾਂ ਉਸ ਦੇ ਮੱਥੇ ਹੇਠਾਂ ਅੱਖਾਂ ਉਸ ਦੇ ਮੱਥੇ ਵਿਚ ਅੱਖ ਬਲਦੀ ਦੋਹਾਂ ਦੇ ਵਿਚਕਾਰ ਫ਼ਾਸਿਲਾ ਸੌ ਜਨਮਾਂ ਦਾ ਉਹ ਸਾਡਾ ਕੀ ਲਗ ਸਕਦਾ ਸੀ ? ਸਮਝ ਲਵਾਂ ਸ਼ਰਮਿੰਦਾ ਜੀਵਾਂ ਨਾ ਸਮਝਾਂ ਤਾਂ ਮੂਰਖ ਥੀਵਾਂ ਬੋਲ ਤੁਹਾਡੇ ਸਮਝੇ ਤੇ ਗਲ ਸਮਝ ਨ ਆਈ ਪਰ ਸ਼ਰਮਿੰਦਾ ਜਾਂ ਮਤਿਹੀਣਾ ਹੋ ਕੇ ਅਪਣੇ ਘਰ ਨਹੀਂ ਜਾਣਾ ਖ਼ਬਰ-ਮਸਾਲਾ ਚਾਹੀਦਾ ਹੈ ਉਹ ਤੇਰਾ ਕੁਝ ਲਗ ਨਹੀਂ ਸਕਦਾ ਕੋਈ ਅਜਨਬੀ ਆਇਆ ਤੇ ਤੂੰ ਮਾਰ ਮੁਕਾਇਆ ? ਨਹੀਂ ਨਹੀਂ ਉਹ ਤਾਂ ਹੈ ਮੇਰੀ ਸੁੱਕੀ ਆਂਦਰ ਮੈਂ ਜਣਿਆ ਮੈਂ ਜਾਇਆ ਉਹ ਨਹੀਂ ਕੋਈ ਪਰਾਇਆ ਏਹੋ ਦੁਖ ਹੈ ਨਹੀਂ ਪਰਾਇਆ ਮਾਂ-ਪਿਉ ਜਾਇਆ ਤੇ ਮੈਂ ਉਸ ਨੂੰ ਮਾਰ ਮੁਕਾਇਆ (ਚੁਪ) ਤੇ ਹੁਣ ਲਗਦਾ ਸਭ ਕੁਝ ਊਣਾ-ਊਣਾ ਅਰਥ-ਵਿਹੂਣਾ ਲਗਦੈ ਮੇਰੇ ਮੱਥੇ ਵਿਚ ਉਹ ਮੇਰੀ ਖ਼ਾਤਰ ਹੀ ਜਗਦਾ ਸੀ ਤੇ ਮੈਂ ਉਸ ਨੂੰ ਆਪ ਬੁਝਾਇਆ ਸੂਫ਼ੀ ਸੰਤ ਫ਼ਕੀਰਾਂ ਵਾਂਗੂੰ ਕਿਉਂ ਪਾਖੰਡੀ ਬੋਲ ਉਚਾਰੋ ਹੈ-ਵੀ ਤੇ ਨਾ-ਹੈ-ਵੀ ਅੱਲਾ ਵਾਲੇ ਕਰੋ ਇਸ਼ਾਰੇ ਅਪਣੇ ਤੇ ਨਾ-ਅਪਣੇ ਦੋਹਾਂ ਦੇ ਵਿਚਕਾਰ ਧੁੰਦੂਕਾਰੇ ਤੁਸੀਂ ਗੁਆਚੇ ਮਹਾਂ ਹਨੇਰੇ ਦੀਵਾ ਕੋਈ ਜਗਾਓ ਸੁੱਤਾ ਦੀਵਾ ਕਾਹਨੂੰ ਫੇਰ ਜਗਾਈਏ ਉਸ ਸੁੱਤੇ ਨੂੰ ਰਹਿਣ ਦਿਓ ਸੁੱਤੇ ਦਾ ਸੁੱਤਾ ਦੀਵੇ ਤੋਂ ਸਾਨੂੰ ਡਰ ਲਗਦੈ ਰਾਤ ਪਿਆਂ ਜਦ ਸੌਣਾ ਚਾਹੀਏ ਉਹਦੇ ਮੱਥੇ ਚਾਨਣ ਜਗਦਾ ਸਾਡੀਆਂ ਅੱਖਾਂ ਦੇ ਵਿਚ ਡੰਗ ਜਿਹਾ ਕੁਝ ਚੁਭਦਾ ਸੁੱਤੇ ਘਰ ਵਿਚ ਅਪਣੀ ਅੱਖ ਪਰਾਇਆਂ ਵਾਂਗੂੰ ਜਾਗੇ ਅਪਣੇ ਉਤੇ ਅਪਣੀ ਅੱਖ ਦਾ ਪਹਿਰਾ ਆਪ ਬਿਠਾਈਏ ? ਆਪ-ਕਚਹਿਰੀ ਵਿਚ ਆਪੇ ਦੋਸ਼ੀ ਬਣ ਜਾਈਏ ? ਰਾਜਸੇਵਕਾਂ, ਤੂੰ ਜੋ ਲੱਭਣ ਆਇਐਂ ਹੁੰਦਾ-ਸੁੰਦਾ ਉਹ ਨਾਹੁੰਦਾ ਇਕ ਭਰਵਾਸਾ : ਧੁਰ ਅੰਦਰਲੀ ਕਾਲ-ਕੋਠੜੀ ਵਿਚ ਹਾਲੇ ਵੀ ਜਗਦਾ ਤੇ ਧਰਵਾਸਾ : ਸ਼ੁਕਰ ਅਸੀਂ ਨਾ ਹੋਰਾਂ ਖ਼ਾਤਰ ਜਗਦੇ ਅੰਦਰੇ ਅੰਦਰ ਰਿਝਦੇ ਅਪਣੇ ਚਾਨਣ ਵਿਚ ਹੋਰਾਂ ਨੂੰ ਨਜ਼ਰ ਨ ਆਈਏ ਅਪਣੇ ਚਾਨਣ ਦੇ ਵਿਚ ਅਪਣਾ ਚਿਹਰਾ ਲੈ ਕੇ ਜੇਕਰ ਜਗ ਨੂੰ ਮਿਲੀਏ ਕੌਣ ਅਸਾਡੇ ਉਤੇ ਫਿਰ ਇਤਬਾਰ ਕਰੇਗਾ ਮੈਨੂੰ ਸਭ ਕੁਝ ਨਜ਼ਰੀਂ ਆਵੇ ਕੂੜ ਕਹਾਣੀ ਸਮਝ ਗਿਆ ਮੈਂ ਸਾਰੀ ਦੁਨੀਆਂ ਬੇਇਤਬਾਰੀ ਹਰ ਕੋਈ ਅਪਣਾ ਮੁਜਰਮ ਪਿਆ ਲੁਕਾਏ ਪਰਜਾ ਨ੍ਹੇਰ ਮਚਾਏ ਰਾਜੇ ਹੱਥ ਮੁਜਰਮ ਨਾ ਆਏ ਨ੍ਹੇਰਾ ਤਾਂ ਸਭਨਾਂ ਦਾ ਕੱਜਣ ਸਭ ਦਾ ਉਹਲਾ ਰੱਬ ਕਰੇ ਜੇ ਤੇਰੇ ਮੱਥੇ ਤੇਰੀ ਅੱਖ ਉਗ ਆਏ ਤੈਨੂੰ ਜਾਪੇ ਮੁਜਰਮ ਦੇ ਹੱਥ ਰਾਜਾ ਆਇਆ ਮੁਜਰਮ ਦੇ ਹੱਥ ਰਾਜਾ ਆਇਆ ! ਹਾ ਹਾ ਹਾ ਹਾ ਜਾਣਦੇ ਓ ਰਾਜੇ ਦੇ ਮਹਿਲੀਂ ਚੌਵੀ ਘੰਟੇ ਚਾਨਣ ਬੂਹੇ ਬੂਹੇ ਪਹਿਰਾ ! ਚਾਨਣ ਦੇ ਵਿਚ ਲੁਕਿਆ ਚੋਰ ਫਿਰੇ ਆਸੇ ਅੱਗਾਂ ਪਾਸੇ ਅੱਗਾਂ ਚਾਨਣ ਨਹੀਂ ਕਿਰੇ ਕੱਪੜ-ਕੋਟ ਉਸਾਰੇ ਕੱਪੜ ਉਹਲੇ ਨੰਗ ਨਿਰੇ ਕੱਪੜ ਥਾਣੀ ਵੇਖੇ ਨੰਗੇ ਜੋਬਨ ਤਿਰੇ ਮਿਰੇ ਸਭ ਦੀ ਨਜ਼ਰੋਂ ਗਿਰੇ ਗਿਰੇ ਅਪਣਾ ਆਪੁ ਨ ਵੇਖੇ ਅੰਦਰ ਡੋਲੇ ਬਾਹਰ ਧਿਰੇ ਚਾਨਣ ਵਿਚ ਗੁਆਚੇ ਐਸਾ ਤਕਿਆ ਚੋਰ ਨਹੀਂ ਉਹ ਚਾਨਣ ਕੀ ਚਾਨਣ ਜਿਹੜਾ ਪਾਉਂਦਾ ਸ਼ੋਰ ਨਹੀਂ ਤਨ-ਤ੍ਰੇੜਾਂ 'ਚੋਂ ਲੰਘ ਕੇ ਮਨ ਦੀ ਮਨਸ਼ਾ ਪੜ੍ਹ ਲਈਏ ਜਿਸ ਦੀ ਨਜ਼ਰੋਂ ਡਿੱਗਾਂ ਉਹ ਮੇਰੇ ਬਿਨ ਹੋਰ ਨਹੀਂ ਪਿੰਜਰੇ ਦੇ ਵਿਚ ਜਗਦਾ ਦੀਵਾ ਮੂਰਖ ਸਮਝੇ ਚਾਨਣ ਅਸਾਂ ਲੁਕਾਇਆ ਵਿਰਲਾਂ ਥਾਣੀ ਜੋ ਅੰਦਰ ਸੋ ਬਾਹਰ ਆਇਆ [ਕਿਸੇ ਥਾਉਂ ਵੀ ਕੋਈ ਬੰਦਾ ਇੱਕ ਨਹੀਂ ਹੈ ਦਿਸਦੇ ਵਿਚ ਅਣਦਿਸਦਾ ਹਾਂ ਵਿਚ ਨਾਂਹ ਲੁਕਿਆ ਹੈ ਹਰ ਥਾਈਂ ਉਹ ਕੀਚਘਚੋਲਾ ਕਾਟੇ ਉਪਰ ਕਾਟਾ ਹੁਣੇ ਆਪ ਨੂੰ ਲਿਖਣਾ ਕੋਰੇ ਕਾਗ਼ਜ਼ ਉਤੇ ਫੇਰ ਲਿਖੇ ਤੇ ਲਿਖਣਾ ਚਿਹਰੇ ਦੇ ਵਿਚ ਚਿਹਰੇ ਹਰ ਥਾਂ ਬੰਦਾ ਬਹੁਤਜਣਾ ਹੈ ਇੱਕ ਨਹੀਂ ਹੈ] ਇਕ ਤੂੰ ਚਿਹਰਾ ਚਾਨਣ ਵਿਚ ਵਿਖਾਉਣੋਂ ਡਰਦੈਂ ਨਾਲੇ ਜੋ ਅੰਦਰ ਸੋ ਬਾਹਰ ਪਿਆ ਅਲਾਪੇਂ ਚਾਨਣ ਤੋਂ ਲੁਕਦਾ ਏਂ ਨਾਲੇ ਦਸਦਾ ਵੀ ਏਂ ਚਾਨਣ ਮਾਰ ਮੁਕਾਇਆ ਏਨਾ ਬੁਜ਼ਦਿਲ ਤੇ ਚੌਮੁਖੀਆ ਉਸ ਅਖਵੰਤੇ ਦਾ ਕਾਤਲ ਤਾਂ ਹੋ ਨਹੀਂ ਸਕਦਾ ਕਾਹਨੂੰ ਕਾਰਜ ਵਿੱਚ ਰੁਕਾਵਟ ਪਾਵੇਂ ਗੁੰਝਲਾਂ ਗੁੰਝਲ ਹੋਏ ਰਾਹੋਂ ਪਿਆ ਕੁਰਾਹੇ ਪਾਵੇਂ ਇਹ ਸਰਕਾਰ ਤੁਹਾਡੀ ਹੀ ਏ ਅਖਵੰਤੇ ਲੋਕਾਂ ਤੇ ਅਪਣੀ ਅੱਖ ਰਖਦੀ ਹੈ ਸਿਰੜੀ ਅੱਖ ਤਕਦੀ ਦੇ ਨਾਲੇ ਬਲਦੀ ਵੀ ਏ ਉਹ ਖ਼ਤਰਾ ਸਰਕਾਰ ਓਸ ਨੂੰ ਡਕਦੀ ਵੀ ਹੈ ਦੱਸ ਦਿਉ, ਭਾਈ, ਅਖਵੰਤਾ ਹੁਣ ਕਿੱਥੇ ਹੈ ਅਸੀਂ ਹੀ ਓਥੇ ਜਾ ਕੇ ਉਹਨੂੰ ਘਰ ਲੈ ਆਈਏ ਰਾਤ ਸਮੇਂ ਦਿਨ-ਦੀਵਾ ਬਣ ਕੇ ਕਿਉਂ ਬਲਦਾ ਹੈ ਰਾਹ ਚੌਰਾਹੇ ਏਦਾਂ ਮੁਲਕ ਲੁਕਾਈ ਨੂੰ ਖ਼ਤਰਾ ਖ਼ਤਰਾ ਹੈ ਪਤਾ ਨਹੀਂ ਉਹ ਹੁਣ ਤਕ ਕਿੱਥੇ ਜਾ ਚੁੱਕਾ ਹੈ ਉਹ ਦਰਿਆ ਏਥੇ ਵਹਿੰਦਾ ਸੀ ਹੁਣ ਤੀਕਰ ਉਹ ਦੂਰ ਦਿਸੌਰੀਂ ਜਾ ਚੁੱਕਾ ਹੈ ਕਦੀ ਜਾਪਦੈ ਆਂਢ-ਗੁਆਂਢੇ ਬੈਠਾ ਮੇਰੇ ਤਨ ਤੋਂ ਲੀੜੇ ਪਿਆ ਉਤਾਰੇ ਮੈਂ ਤੁਰ ਜਾਵਾਂ ਗਲੀ ਬਜ਼ਾਰੀਂ ਕੂਕਾਂ ਦੇਂਦਾ ਉਸ ਨੂੰ ਲੱਭ ਲਿਆਵਾਂ ਦਰਿਆਵਾਂ ਨੂੰ ਵਾਜ ਦਿਆਂ ‘ਘਰ ਨੂੰ ਆ ਜਾਓ' ਦਰਿਆ ਆਖਣ : “ਅਸੀਂ ਤਾਂ ਜੁਗਾਂ ਜੁਗਾਂ ਤੋਂ ਤੁਰਨੇ ਸਾਡੇ ਪੈਰੀਂ ਕਾਹਨੂੰ ਫੜਨੇ ਸੰਗਲ ਪਾਓ'' ਨਹੀਂ ਨਹੀਂ ਤੂੰ ਜਾ ਨਹੀਂ ਸਕਦਾ ਜਗਦਾ ਆ ਜਾਵੇ ਤਾਂ ਬੇਸ਼ਕ ਤੂੰ ਬੁਝਦਾ ਤੁਰ ਜਾਈਂ ‘ਦੇਸ ਦਿਸੌਰੀਂ ਵੀ ਕੋਈ ਜਾਣੂ ਬਣ ਜਾਵੇਗਾ ਜਾਣੂ ਤੋਂ ਜਾਣੂ ਤਕ ਕਾਹਨੂੰ ਪੰਧ ਬਣਾਓ ਪੰਧ ਮੁਕਾਓ' ਮੈਨੂੰ ਮਾਰਨ ਵੇਲੇ ਤੈਨੂੰ ਮੋਹ ਆਵੇਗਾ ਮੇਰੇ ਵਿਚ ਪਛਾਣੇਂਗਾ ਤੂੰ ਅਪਣਾ ਆਪਾ ਉਹ ਕਹਿੰਦਾ ਸੀ : ਤੈਥੋਂ ਪੂਰਾ ਕਤਲ ਕਦੇ ਨਹੀਂ ਕੀਤਾ ਜਾਣਾ ਅੱਧ ਪਚੱਧਾ ਮਾਰ ਕੇ ਛਾਵੇਂ ਸੁਟ ਜਾਵੇਂਗਾ ਮੈਂ ਕਹਿੰਦਾ ਸਾਂ ਤੈਥੋਂ ਪੂਰਾ ਮਰਿਆ ਕਦੇ ਨਾ ਜਾਣਾ ਜਮਰਾਜਾ ਤੈਨੂੰ ਆਖੇਗਾ ਤੇਰੇ ਸਾਹਾਂ ਵਿਚ ਨੇ ਕੁਝ ਸਾਹ ਹੋਰ ਕਿਸੇ ਦੇ ਤੂੰ ਰਲਿਆ ਮਿਲਿਆ ਪ੍ਰਾਣੀ ਏਂ ਤੇਰੇ ਨਾਲ ਮਰਦਾ ਏ ਕੋਈ ਹੋਰ ਵਿਚਾਰਾ ਤਾਂ ਵੀ ਤੂੰ ਪੂਰਾ ਨਹੀਂ ਮਰਦਾ “ਅਣਜਾਣੀ ਧਰਤੀ ਵਿਚ ਜਾਣੂ ਵਾਂਗ ਚੜ੍ਹਾਂਗੇ ਅਤੇ ਕਹਾਂਗੇ : ਸਾਥੋਂ ਚਾਨਣ ਲੈ ਕੇ ਚਾਨਣ ਹੋਰ ਬਣਾਓ" ‘ਰਸਤੇ ਵਿੱਚ ਤਿਹਾਈ ਧਰਤੀ ਡੀਕ ਲਵੇਗੀ :ਸਾਨੂੰ ਸਾਡੀ ਹਾਨਣ ਤੇਹ ਤੀਕਰ ਪਹੁੰਚਾਓ" ‘ਤੁਸੀਂ ਹੋ ਰਸਤੇ ਵਾਲੇ ਬਸਤੀਵਾਲੇ ਅਸੀਂ ਹਾਂ' “ਸਾਨੂੰ ਸਾਡੀ ਬੋਲੀ ਦੇ ਵਿਚ ਗਲ ਸਮਝਾਓ ।" ਰਬ ਨੇ ਅਪਣੇ ਪੈਗ਼ੰਬਰ ਨੂੰ ਕਿਹਾ ਕਿ ਹੁਣ ਤੂੰ ਵਾਪਸ ਆ ਜਾ ਪੈਗ਼ੰਬਰ ਨੇ ਰੱਬ ਨੂੰ ਕਿਹਾ ਕਿ ਮੇਰਾ ਆਪਾ ਕਿਣਕਾ ਕਿਣਕਾ ਖਿੰਡਰ ਚੁੱਕਾ ਉਸ ਨੂੰ ਰਤਾ ਸਮੇਟ ਲਵਾਂ ਤਾਂ ਵਾਪਸ ਆਵਾਂ ਹੁਣ ਪੈਗ਼ੰਬਰ ਦਰ ਦਰ ਜਾ ਕੇ ਅਪਣਾ ਦਿੱਤਾ ਕਿਣਕਾ ਕਿਣਕਾ ਵਾਪਸ ਮੰਗੇ ਹਰ ਸੰਸਾਰੀ ਪੈਗ਼ੰਬਰ ਦਾ ਦਿੱਤਾ ਕਿਣਕਾ ਅਪਣੀ ਦੇਹੀ ਦੇ ਵਿਚ ਲੱਭੇ ਜੇ ਉਹ ਸਚਮੁਚ ਜਗਦੀ ਅੱਖ ਹੈ ਬੁਝਦੇ ਤੀਕਰ ਖ਼ੁਦ ਆਵੇਗੀ ਨ੍ਹੇਰੀ ਥਾਂ ਹੈ ਚਾਨਣ ਬਲਣਾ ਚਾਹੇ (ਖਟ ਖਟ ਖਟ ਖਟ) ਸ਼ਾਇਦ ਉਹੀਓ ਆ ਪਹੁੰਚਾ ਹੈ (ਖਟ ਖਟ ਖਟ ਖਟ) ਮਾਈ, ਇਹ ਬੇਤਾਕਾ ਬੂਹਾ ਖੋਲ੍ਹ, ਕੋਈ ਤੇਰੇ ਘਰ ਆਇਆ (ਖਟ ਖਟ ਖਟ ਖਟ) ਮੈਂ ਹੀ ਖੋਲ੍ਹਾਂ ਪਰ ਬੇਤਾਕੇ ਨੂੰ ਮੈਂ ਕੀਕਣ ਤਾਕ ਬਣਾਵਾਂ ਇਉਂ ਲਗਦਾ ਹੈ ਮੈਂ ਹੀ ਬਾਹਰ ਖਲੋਤਾ ਕੁੰਡੀ ਨੂੰ ਖੜਕਾਵਾਂ ਅਪਣੇ ਆਪੇ ਵਿਚੋਂ ਬਾਹਰ ਗਏ ਕਿਸੇ ਨੂੰ ਪਿਆ ਬੁਲਾਵਾਂ ਇਕ ਦੂਜੇ ਵਿਚ ਰਲੇ ਮਿਲੇ ਹਾਂ ਮੈਂ ਜਿਸ ਦਾ ਕਾਤਲ ਉਹ ਮੇਰੇ ਵਿਚੋਂ ਬੋਲੇ ਮੁਝ ਬੇਤਾਕੇ ਬੂਹੇ ਉਪਰ ਦਸਤਕ ਦੇਵੇ ਨਹੀਂ ਨਹੀਂ ਮੈਂ ਹੀ ਅਪਰਾਧੀ ਪੇਸ਼ ਹੋਵਾਂਗਾ ਰਾਜ-ਕਚਹਿਰੀ ਪੈਗ਼ੰਬਰ ਦੇ ਕਾਤਲ ਨਾਲੋਂ ਪੈਗੰਬਰ ਹੋ ਸੂਲੀ ਤੇ ਚੜ੍ਹ ਜਾਣਾ ਚੰਗਾ ਮੱਥੇ ਵਿਚ ਰਬ ਦਾ ਸਿਰਨਾਵਾਂ ਕੁਝ ਨਹੀਂ ਲਭਦਾ ਤੇ ਪੈਗ਼ੰਬਰ ਦਰ ਦਰਵਾਜ਼ੇ ਭਟਕ ਰਿਹਾ ਏ ਡਰ ਲਗਦਾ ਹੈ ਥੋੜ੍ਹੇ ਚਿਰ ਨੂੰ ਮੇਰੇ ਹੀ ਮੱਥੇ 'ਚੋਂ ਬਲਦੀ ਅੱਖ ਉੱਗੇਗੀ ਮੈਨੂੰ ਫੜਨ ਲਈ ਹੀ ਰਾਜਾ ਹੋਰ ਕਿਸੇ ਮੈਂ ਨੂੰ ਭੇਜੇਗਾ (ਖਟ ਖਟ ਖਟ ਖਟ) [ਸ੍ਰੀਮਾਨ ਜੀ ਯਾ ਤਾਂ ਦਰ ਦਰਵਾਜ਼ਾ ਖੋਲ੍ਹੋ ਯਾ ਮੈਨੂੰ ਹੀ ਹੁਕਮ ਦਿਓ ਮੈਂ ਵਿਰਲਾਂ ਥਾਣੀ ਬੋਲਾਂ] ਇਹ ਸੂਹੀਏ ਉਪਰ ਸੂਹੀਆ ਹੈ ਅੰਦਰ ਆਇਆਂ ਦੇਰ ਹੋ ਗਈ ਬਾਹਰ ਸ਼ਕ ਹੈ ਰਾਜੇ ਦਾ ਤਨਖ਼ਾਹੀਆ ਸ਼ਾਇਦ ਅੰਦਰ ਕਿਸੇ ਖ਼ਰੀਦ ਲਿਆ ਹੈ "ਗਰਿਫ਼ਤਾਰ ਹੋਏ ਬਿਨ ਹੁਣ ਤਾਂ ਚਾਰਾ ਹੋਰ ਨਹੀਂ ਹੈ ਤੂੰ ਹੀ ਭਾਵੇਂ ਮੈਨੂੰ ਫੜ ਕੇ ਰਾਜ-ਕਚਹਿਰੀ ਲੈ ਜਾ ਮੈਥੋਂ ਹੋਰ ਉਡੀਕ ਨ ਹੋਵੇ ਪਤਾ ਨਹੀਂ ਅਖਵੰਤਾ ਘਰ ਨੂੰ ਆਵੇ ਯਾ ਨਾ ਆਵੇ" ਚਲ ਬੁਲ੍ਹਿਆ ਹੁਣ ਓਥੇ ਚਲੀਏ ਜਿੱਥੇ ਵਸਦੇ ਅੰਨ੍ਹੇ ਜਿਸ ਨਗਰੀ ਰਾਜਾ ਅਖਹੀਣਾਂ ਅਖਵੰਤੇ ਨੂੰ ਡੰਨੇ ਸਾਲਮ ਸਾਬਤ ਸਮਝੇ ਜਾਂਦੇ ਜਿਥੇ ਟੁੱਟੇ ਭੰਨੇ ਪੈਗ਼ੰਬਰ ਥਾਂ ਨਾਪੈਗ਼ੰਬਰ ਸੂਲੀ ਜਾਂਦੇ ਬੰਨ੍ਹੇ ਜਿੱਥੇ ਅਣਹੋਏ ਵੀ ਹੁੰਦੇ ਮੰਨੇ ਤੇ ਪਰਮੰਨੇ ਕੋਈ ਨਹੀਂ ਹੈ ਮੱਥੇ 'ਚੋਂ ਅਪਰਾਧ ਹੀ ਅੱਖ ਬਣ ਕੇ ਉਗੇਗਾ ਤਾਬੜ ਬੋਲ ਉਚਾਰੇ ਜਾਪ ਰਿਹਾ ਹੈ ਹੁਣੇ ਹੁਣੇ ਕੁਝ ਏਥੇ ਆਇਆ ਲੱਭ ਲਿਆ ਕੁਝ ਜੋ ਸੀ ਅਸੀਂ ਗੁਆਇਆ ਮੈਂ ਜੋ ਹਾਂ ਜਿੰਨਾ ਜੈਸਾ ਹਾਂ ਪੂਰੇ ਦਾ ਪੂਰਾ ਮੈਂ ਤੇਰੇ ਨਾਲ ਤੁਰਾਂਗਾ ਘਰ ਤੋਂ ਰਾਜ-ਕਚਹਿਰੀ ਤੀਕਰ ਅਪਣੇ ਤੋਂ ਅਪਣੇ ਤਕ ਹੀ ਸਾਰਾ ਪੈਂਡਾ ਹੈ ਮਾਂ ਜਾਂਦਾ ਹਾਂ ਉਹ ਜਿਸ ਤਾਈਂ ਮਾਰ ਕੇ ਮੈਂ ਘਰ ਨੂੰ ਆਇਆ ਸਾਂ (ਖਟ ਖਟ ਖਟ ਖਟ) [ਸ੍ਰੀਮਾਨ ਜੀ ਝੀਥਾਂ ਥਾਣੀ ਬੋਲ ਰਿਹਾ ਹਾਂ ਆਲੇ ਵਿਚ ਜਿਹੜੀ ਅੱਖ ਬਲਦੀ ਲੱਭਣ ਆਏ ਹੁਣ ਬਲਦੀ ਹੈ ਮੈਂ ਤਾਂ ਪੂਰਾ ਚੌਕਸ ਹੋ ਕੇ ਦਰ ਦਰਵਾਜ਼ੇ ਰਿਹਾ ਖਲੋਤਾ ਅਖਵੰਤਾ ਦਰਵਾਜ਼ੇ ਥਾਣੀ ਅੰਦਰ ਜਾਂਦਾ ਮੈਂ ਨਹੀਂ ਡਿੱਠਾ ਦਰਵਾਜ਼ਾ ਖੁਲ੍ਹਦਾ ਵੀ ਮੇਰੀ ਨਜ਼ਰ ਪਿਆ ਨਾ ਕਰਾਮਾਤ ਹੈ ਵਲ ਛਲ ਬੜਾ ਮਹੀਨ ਹੈ ਕੋਈ ਝੀਥਾਂ ਵਿਰਲਾਂ ਥਾਣੀ ਸਾਲਮ ਬੰਦਾ ਅੰਦਰ ਪਹੁੰਚ ਗਿਆ ਹੈ ਨਿਗਰਾਨੀ ਵਿਚ ਮੈਥੋਂ ਢਿੱਲ ਨ ਹੋਈ] ਸ਼ੱਕ ਨਹੀਂ ਹੈ ਏਥੇ ਕੋਈ ਆਇਆ ਕੌਣ ਤੇ ਕਿਧਰੋਂ ਇਸ ਦਾ ਪਤਾ ਨ ਲੱਗੇ ਹੁੰਦੀ ਹੈ ਕਰਾਮਾਤ ਆਪਣੀਆਂ ਵਿਰਲਾਂ 'ਚੋਂ ਕਲ੍ਹ ਸੀ ਜੋ ਡੁੱਲ੍ਹ ਗਿਆ ਉਹਨਾਂ ਹੀ ਵਿਰਲਾਂ 'ਚੋਂ ਪਾਉਂਦਾ ਹੈ ਫੇਰ ਝਾਤ ਆਪਣੇ 'ਚੋਂ ਚਲੇ ਗਏ ਵਾਪਸ ਮੁੜ ਆਏ ਹਾਂ ਸਾਡੇ ਵਿਚ ਹੋਈ ਹੈ ਅਪਣੀ ਹੀ ਸੂਝ ਬਾਤ ਅਪਣੇ ਤਕ ਪਹੁੰਚਣ ਦੇ ਰਸਤੇ ਹਾਂ ਆਪ ਬਣੇ ਅਪਣੇ ਹੀ ਅੰਬਰ ਤੇ ਛਾਏ ਬਣ ਚੰਦ ਰਾਤ ਲੁਕਦੇ ਸਾਂ ਉਦੋਂ ਸਾਂ ਪਰਗਟ ਹਾਂ ਦੂਣੇ ਹਾਂ ਜੀ ਕਰਦੈ ਦਾਨ ਕਰਾਂ ਦੁਨੀਆਂ ਨੂੰ ਕਾਇਨਾਤ ਓਸੇ ਤਾਈਂ ਜਿਲਾਵਣ ਖ਼ਾਤਰ ਮੁੜ ਜਾਂਦਾ ਹਾਂ ਤੇਰੇ ਨਾਲ ਤੁਰਾਂ ਤਾਂ ਅਪਣੇ ਜਿੱਡਾ ਲੱਗਾਂ ਅਪਣੇ ਵਿਚੋਂ ਬੁਰਕ ਮਾਰ ਕੇ ਕੁਝ ਨਾ ਬਿਰਥਾ ਸੁੱਟ ਗੁਆਇਆ ਰਾਜ ਕਚਹਿਰੀ ਤੂੰ ਮੈਨੂੰ ਹੀ ਪੇਸ਼ ਕਰੇਂਗਾ ? ਤੈਨੂੰ ਤੇ ਮੈਨੂੰ ਵਿਚਕਾਰੇ ਹਾਲੇ ਸ਼ਾਇਦ ਕੁਝ ਦੂਰੀ ਹੈ ਰਾਜ ਕਚਹਿਰੀ ਪਹੁੰਚਣ ਤੀਕਰ ਉਹ ਮਿਟ ਜਾਏ ਤਾਂ ਸੋਚਾਂਗੇ ਓਥੇ ਤੂੰ ਜਾਂ ਮੈਂ ਕੀ ਕਰਨਾ ਚੱਲ ਹਾਲੇ ਤਾਂ ਚਲੀਏ ਮੱਥੇ ਮੱਥੇ ਦੀਵਾ ਜਣਿਆ ਬਾਲ ਲੈ ਦੂਰ ਦਿਸੇ ਚਿੰਗਿਆੜਾ ਕੋਲ ਬਿਠਾਲ ਲੈ ਅਪਣੀ ਖ਼ਾਮੋਸ਼ੀ ਨੂੰ ਕਹਿ ਦੇ ਬੋਲ ਪਉ ਗੂੜ੍ਹੀ ਨੀਂਦੇ ਸੁੱਤਾ ਸੱਚ ਉਠਾਲ ਲੈ ਤੇਰੇ ਤੋਂ ਤੇਰੇ ਤਕ ਨ੍ਹੇਰੇ ਫ਼ਾਸਲੇ ਵਿਚਕਾਹੇ ਕੋਈ ਬੁਝਿਆ ਦੀਪ ਉਜਾਲ ਲੈ

3. 1

ਚੌਰਾਹੇ ਵਿਚ ਭੀੜ ਜੁੜੀ ਏ ਕਿਸ ਦੀ ਖ਼ਾਤਰ ? ਚੌਰਾਹੇ ਵਿਚ ਸਦਾ ਭੀੜ ਏ ਕੋਈ ਨਾ ਕੋਈ ਅਪਰਾਧੀ ਹਰ ਵੇਲੇ ਸੂਲੀ ਤੇ ਚੜ੍ਹਿਆ [ਅਪਰਾਧੀ ਸੂਲੀ ਦਾ ਕੱਜਣ ਅਪਰਾਧੀ ਬਿਨ ਸੂਲੀ ਨੰਗੀ ਹੋ ਜਾਵੇਗੀ ਜਿਸ ਨਗਰੀ ਅਪਰਾਧ ਨ ਕੋਈ ਲੋਕੀਂ ਨੰਗਮੁਨੰਗੇ ਜੰਗਲ ਵਾਂਗੂੰ ਰਹਿੰਦੇ ਮੈਲੀ ਅੱਖ ਨ ਹੋਏ ਕਪੜੇ ਕਿਹੜਾ ਪਹਿਨੇ] ਲੋਕੀਂ ਘਰੋਂ ਨਿਕਲ ਕੇ ਏਥੇ ਆ ਜਾਂਦੇ ਨੇ ਵੇਖਣ : ਅੱਜ ਕਿਸ ਦੀ ਵਾਰੀ ਏ ? ਅੱਜ ਸੂਲੀ ਮੈਂ ਤਾਂ ਨਹੀਂ ਚੜ੍ਹਿਆ ? ਅੱਜ ਦੇ ਪੱਥਰ ਕਿਲ੍ਹੇ ਲਈ ਨੇ ? ਅੱਜ ਕਿਸ ਦੀ ਚੀਰਾ ਫਾੜੀ ਏ ? ਲੱਖ ਵਾਰੀ ਅਪਣੇ ਤੋਂ ਉਹਲੇ ਸੂਲੀ ਉਪਰ ਮੈਂ ਚੜ੍ਹਿਆ ਹਾਂ ਅੱਜ ਸ਼ਾਇਦ ਸੂਲੀ ਚੜ੍ਹ ਜਾਵਾਂ ਅਪਣੇ ਸਾਹਵੇਂ ਆਖ਼ਰ ਵਾਰੀ ! ਸਵੇਰ ਸਾਰ ਹੀ ਸੂਰਜ ਤੇ ਅਪਰਾਧੀ ਦੋਵੇਂ ਨਾਲੋਂ ਨਾਲ ਉਦੈ ਹੁੰਦੇ ਨੇ ਸੂਲੀ-ਚੜ੍ਹਿਆ ਸੂਰਜ-ਚੜ੍ਹਿਆ ਏਸ ਸ਼ਹਿਰ ਸਾਰੇ ਅਪਰਾਧੀ ? ਸਭ ਜੰਗਲ ਦੇ ਜੀਵ ਨਿਮਾਣੇ ਕਿਰਨ-ਮ-ਕਿਰਨੀ ਸੂਲੀ-ਰਾਜਾ ਸਭਨਾਂ ਤਾਈਂ ਭਖ ਜਾਏਗਾ ? ਆਪੋ ਵਿੱਚੀਂ ਸ਼ਹਿਰ ਵਾਲਿਆਂ ਦਾ ਸਮਝੌਤਾ ਇਕ ਦਿਨ ਇਕ ਚੌਰਾਹੇ ਜਾਏ ਤੇ ਮੁੜ ਕੇ ਵਾਪਸ ਨਾ ਆਏ ਜੰਗਲ-ਵਾਸੇ ਤੋਂ ਵਖਰਾ ਹੈ ਸ਼ਹਿਰ-ਨਿਵਾਸਾ ਸੂਲੀ ਸ਼ੇਰ ਨਹੀਂ ਬੰਦੇ ਨੂੰ ਮਾਰੇ ਤੇ ਖਾ ਜਾਵੇ ਸਾਡੀ ਸੂਲੀ ਮਿਹਰਬਾਨ ਹੈ ਮੋਇਆ ਬੰਦਾ ਵੀ ਵਾਪਸ ਘਰ ਜਾ ਸਕਦਾ ਹੈ [ਕਈ ਵਾਰ ਤਾਂ ਘਰ ਬੈਠੇ ਦਾ ਪੂਰਾ ਕ੍ਰਿਆ-ਕਰਮ ਹੋ ਜਾਂਦੈ] ਏਥੋਂ ਦੇ ਸ਼ਹਿਰੀ ਦਾ ਪੁਨਰਜਨਮ ਏਸੇ ਹੀ ਸ਼ਹਿਰ 'ਚ ਹੋਵੇ ? ਪੁਨਰਜਨਮ ਤੋਂ ਕੁਝ ਵਖਰਾ ਹੈ ਏਸ ਸ਼ਹਿਰ ਵਿਚ ਮਰ ਕੇ ਜੀਉਣਾ [ਯਾ ਫਿਰ ਜੀਉਂਦੇ-ਜੀਉਂਦੇ ਮਰਨਾ] ਮਰਨ ਬਾਦ ਮੜ੍ਹੀਆਂ ਵਿਚ ਸੜਨਾ ਮਾਤ-ਗਰਭ 'ਚੋਂ ਮੁੜ ਕੇ ਲੰਘ ਕੇ ਨਵੀਂ ਨਕੋਰੀ ਜੂਨੇ ਪੈਣਾ ਏਸ ਸ਼ਹਿਰ ਵਿਚ ਏਨੇ ਲੰਮੇ ਸਫ਼ਰ ਦੀ ਕੋਈ ਲੋੜ ਨਹੀਂ ਹੈ ਬੰਦਾ ਸੂਲੀ ਤੋਂ ਲਹਿ ਕੇ ਮੁੜ ਸਿੱਧਾ ਘਰ ਨੂੰ ਜਾਏ ਇੱਕੋ ਵੇਲੇ ਨਵੀਂ ਪੁਰਾਣੀ ਜੂਨ ਹੰਢਾਏ ਅੱਜ ਕਿਸ ਦੀ ਵਾਰੀ ? ਤੇਰੀ ਯਾ ਮੇਰੀ ? ਮੈਂ ਤੂੰ ਇੱਕੋ ਵੇਲੇ ਸੂਲੀ ਚੜ੍ਹ ਸਕਦੇ ਹਾਂ ਇਕ ਪੈਗ਼ੰਬਰ ਇਕ ਅਪਰਾਧੀ ਰਾਜਾ ਨਿਆਂ ਕਰੇ ਪਰਜਾ ਪਈ ਜਰੇ ਪੈਗ਼ੰਬਰ ਅਪਰਾਧੀ ਰਾਜਾ ਸਮ ਕਰ ਜਾਣੇ ? [ਇਸ ਨਗਰੀ ਵਿਚ ਰੋਜ਼ ਰੋਜ਼ ਪੈਗ਼ੰਬਰ ਉਤਰੇ !] ਪੈਗ਼ੰਬਰ ਅਪਰਾਧੀ ਦੇ ਵਿਚ ਬਹੁਤਾ ਫ਼ਰਕ ਨਹੀਂ ਹੁੰਦਾ ਹੈ ਪਰਸੋਂ ਸੂਲੀ ਟੰਗਿਆ ਪੈਗ਼ੰਬਰ ਕਹਿੰਦਾ ਸੀ : ਮੈਂ ਅਪਰਾਧੀ ਮੇਰੇ ਹੀ ਨਾਂ ਦਾ ਮਹੁਰਾ ਲੋਕੀਂ ਚਟਦੇ ਨੇ ਆਪੇ ਮਾਰਦਿਆਂ ਮਰਦੇ ਨੇ ਉਹ ਹਸਦੇ ਨੇ ਮੈਂ ਰੋਂਦਾ ਹਾਂ ਅਜ ਮਨ ਆਇਆ ਜੁਰਮ ਕਰਾਂ ਇਕਬਾਲ ਤੇ ਸੂਲੀ ਤੇ ਚੜ੍ਹ ਜਾਵਾਂ ਹਰ ਇਕਬਾਲੀ ਨੂੰ ਪੈਗ਼ੰਬਰ ਰੁਤਬਾ ਮਿਲਦੈ ? ਪਤਾ ਨਹੀਂ, ਪਰ ਅਪਰਾਧੀ ਹੋਏ ਬਿਨ ਪੈਗ਼ੰਬਰ ਦਾ ਕੰਮ ਕੀਕਣ ਚਲ ਸਕਦੈ ? ਉਹ ਰਾਜੇ ਤੇ ਮਹਾਰਾਜ ਦਾ ਹੁਕਮ ਚਲਾਏ ਰਾਜਾ ਰੱਦੇ ਰਬ ਨੂੰ ਆਸਣ ਤੇ ਬੈਠਾਏ ਹਰ ਅਪਰਾਧੀ ਪੈਗ਼ੰਬਰ ਹੈ ? ਹਰ ਪੈਗ਼ੰਬਰ ਅਪਰਾਧੀ ਹੈ ਸਭ ਤੋਂ ਪਹਿਲਾਂ ਅਪਣਾ ਆਪਾ ਕਤਲ ਕਰ [ਅਪਣਾ ਆਪ ਮਾਰ ਕੇ ਮਾਰੂਥਲ ਵਿਚ ਭਵਿਆ ਕੇਤਾ ਲਵਿਆ ਸੂਲੀ ਵਰਗੀ ਦਾਤ ਮੈਨੂੰ ਕਿਹੜਾ ਬਖ਼ਸ਼ੇਗਾ ਦਰਿਆ ਤੋਂ ਇਕ ਘੁਟ ਨਾ ਸਰਿਆ !] ਸੂਲੀ ਚੜ੍ਹੇ ਪਰਾਣੀ ਦੇ ਹੀ ਮੱਥੇ 'ਚੋਂ ਤੀਜੀ ਅੱਖ ਜੰਮੇ ਸੂਲੀ ਚੜ੍ਹਿਆ ਸੱਚੇ ਧੁਰ ਦੇ ਬੋਲ ਉਚਾਰੇ ਸੂਲੀ-ਉਰ੍ਹਾਂ ਪਰ੍ਹਾਂ ਸੂਲੀ ਤੋਂ ਕੀ ਪੈਗ਼ੰਬਰ ਕੋਈ ਨਹੀਂ ਹੈ ? ਸੂਲੀ ਤੋਂ ਸੂਲੀ ਤਕ ਪੈਗ਼ੰਬਰ ਦਾ ਵਾਸਾ ? ਹੋਏ ਬਿਨਾ ਮੈਂ ਕੀਕਣ ਦੱਸਾਂ ਕੀ ਹੁੰਦਾ ਕਿੱਥੇ ਹੁੰਦਾ ਹੈ ? ਉਇ ਬੁੱਲ੍ਹਿਆ ਚਲ ਆਪੇ ਅੱਲਾ ਹੋ ਅੱਲਾ ਦੇ ਬਿਨ ਕੌਣ ਲਿਆਵੇ ਅੱਲਾ ਦੀ ਕਣਸੋਅ ? ਥੋੜ੍ਹੇ ਚਿਰ ਨੂੰ ਦੋਵੇਂ ਸੂਲੀ ਸਿਰ ਹੋਵਾਂਗੇ ਜਾਣ ਲਵਾਂਗੇ ਇਕ ਦੂਜੇ ਤੋਂ ਕਿੰਨਾ ਵਖਰਾ ਬੋਲ ਬਨਾਉਣਾ ਤੇ ਹੋ ਜਾਣਾ ? ਸਾਡੇ 'ਚੋਂ ਕਿਹੜਾ ਪੈਗ਼ੰਬਰ ? ਕਿਹੜਾ ਮੁਜਰਿਮ ? ਪੈਗ਼ੰਬਰ ਤਾਂ ਤੂੰ ਹੀ ਸਾਬਿਤ ਹੋ ਚੁੱਕਾ ਹੈਂ ਮੈਂ ਤੇਰਾ ਮੁਖ਼ਬਰ ਮੈਂ ਤੈਨੂੰ ਮੰਨਣ ਵਾਲਾ ਤੇਰਾ ਧ੍ਰੋਹੀ ਤੈਨੂੰ ਫੜ ਕੇ ਰਾਜ-ਕਚਹਿਰੀ ਲੈ ਚੱਲਿਆ ਹਾਂ ਪਰ ਤੂੰ ਰਾਜੇ ਦਾ ਸੇਵਕ ਏਂ ਰਾਜੇ ਦਾ ਅਪਰਾਧੀ ਕੀਕਣ ਹੋ ਜਾਵੇਂਗਾ ? ਅਪਰਾਧੀ ਵੀ ਰਾਜੇ ਦੀ ਸੇਵਾ ਕਰਦਾ ਹੈ ਸੇਵਕ ਨੂੰ ਅਪਰਾਧੀ ਵਾਂਗੂੰ ਪੇਸ਼ ਕਰਨ ਵਿਚ ਰਾਜੇ ਦੀ ਵੀ ਕਦੀ ਕਦੀ ਕੋਈ ਮਸਲ'ਤ ਹੈ [ਰਾਜਾ ਮੈਨੂੰ ਰਾਜ-ਅਪਰਾਧੀ ਮੰਨ ਲਵੇਗਾ ? ਮੈਂ ਉਸ ਦਾ ਸੇਵਕ ਇਤਬਾਰੀ] ਇਸ ਵਿਚ ਤੇਰੀ ਕੀ ਮਸਲਤ ਹੈ ? ਰਾਜੇ ਦਾ ਅਪਰਾਧੀ ਬਣ ਕੇ ਰਾਜੇ ਦੀ ਸੇਵਾ ਦੇ ਲਾਇਕ ਹੋਰ ਬਣਾਂਗਾ ! ਕਾਲਖ ਦਾ ਟਿੱਕਾ ਲਗਵਾ ਕੇ ਸਦਾ ਸਦਾ ਲਈ ਮੈਂ ਮੁਖ਼ਬਰ ਅਖਵਾਉਂ ਅਪਣੇ ਅਸਲੀ ਨਾਂ ਦੀ ਜੋ ਜ਼ਿੱਲਤ ਸ਼ੌਹਰਤ ਹੈ ਅਪਣਾ ਸੱਚ ਹੈ ਤੈਨੂੰ ਜਾਨਣ ਲਈ ਲੋੜ ਇਕ ਵਾਫ਼ਰ ਅੱਖ ਦੀ ਮੈਨੂੰ ਅਪਣਾ ਵਾਫ਼ਰ ਗਿਆਨ ਹੁਣੇ ਹੋਇਆ ਹੈ ਪੈਗ਼ੰਬਰ ਨੂੰ ਸੂਲੀ ਚਾੜ੍ਹਨ ਵਿਚ ਰਾਜੇ ਨੂੰ ਇਕ ਖ਼ਤਰਾ ਹੈ ਪਰਜਾ ਬਾਗ਼ੀ ਹੋ ਜਾਵੇਗੀ [ਚੌਰਾਹੇ ਵਿਚ ਅਜੇ ਨ ਸੂਲੀ ਪਹੁੰਚੀ ਸ਼ਾਇਦ ਇਸ ਨੂੰ ਅੱਜ ਛੁੱਟੀ ਹੈ] ਰਾਜਾ ਹੁਕਮ ਸੁਨਾਵਣ ਵੇਲੇ ਦਇਆ-ਦੁਖੀ ਹੋ ਕੇ ਕਹਿੰਦਾ ਹੈ : 'ਮੇਰੇ ਰਾਜ ਦੇ ਲੋਕੋ : ‘ਪੈਗ਼ੰਬਰ ਅਪਰਾਧ ਕਮਾਵਣ ਲੱਗੇ ‘ਧਰਤੀ ਹੇਠਾਂ ਧੌਲ-ਧਰਮ ਹਿੱਲ ਜਾਵੇ [ਰਾਜਾ ਪੈਗ਼ੰਬਰ ਨੂੰ ਡੰਡੇ ਇਹ ਤਾਂ ਧਰਮ ਨਹੀਂ ਹੈ] ‘ਪੈਗ਼ੰਬਰ ਨੂੰ ਸੂਲੀ ਚਾੜ੍ਹਨ ਵੇਲੇ ਸਾਡਾ ਦਿਲ ਕੰਬਦਾ ਹੈ ‘ਸਾਡੇ ਖ਼ਾਨਦਾਨ ਵਿਚ ‘ਐਸਾ ਨਹੀਂ ਉਪੱਦਰ ਹੋਇਆ ‘ਅਦਲ ਕਮਾਵਣ ਵੇਲੇ 'ਅਸੀਂ ਨ ਰੂ-ਰਿਆਇਤ ਕਰੀਏ 'ਪੈਗ਼ੰਬਰ ਤੇ ਨਾਪੈਗ਼ੰਬਰ 'ਏਸ ਅਦਾਲਤ ਸਾਨੂੰ ਦੋਵੇਂ ਇੱਕ ਬਰਾਬਰ ਪੈਗ਼ੰਬਰ ਨੂੰ ਮਾਰੇ ਰਾਜਾ ਧਰਮੋਂ ਜਾਏ ! ਅਪਰਾਧੀ ਨੂੰ ਛੱਡੇ ਨਾਮੁਨਸਿਫ਼ ਅਖਵਾਏ !! 'ਤਾਂ ਤੇ ਸਾਡੀ ਪ੍ਰਜਾ ਪਿਆਰੀ 'ਏਸ ਕਠਿਨ ਕਾਰਜ ਵਿਚ ਸਾਡੀ ਮਦਦ ਕਰੋ 'ਇਕ ਅਪਰਾਧੀ ਇਕ ਪੈਗ਼ੰਬਰ ‘ਲੋਕ-ਅਦਾਲਤ ਦੇ ਵਿਚ ਹਾਜ਼ਰ 'ਜਿਸ ਨੂੰ ਚਾਹੇ ਡੰਡੇ ‘ਜਿਸ ਨੂੰ ਚਾਹੇ ਮੁਕਤ ਕਰੇ' ਤੇ ਰਾਜਾ ਸਾਨੂੰ ਦੋਹਾਂ ਨੂੰ ਲੋਕਾਂ ਸਾਹਵੇਂ ਪੇਸ਼ ਕਰੇਗਾ : ਇਕ ਝੂਠਾ ਪੈਗ਼ੰਬਰ ਇਕ ਝੂਠਾ ਅਪਰਾਧੀ। ਪੈਗ਼ੰਬਰ ਅਪਰਾਧੀ ਤਾਂ ਬੰਦੇ ਦੇ ਨਾਂ ਨੇ ਇਕ ਵਾਰੀ ਬੰਦੇ ਨੂੰ ਜੋ ਵੀ ਨਾਂ ਮਿਲ ਜਾਵੇ ਉਸ ਨੂੰ ਓਸੇ ਹੀ ਰਾਹੇ ਤੁਰਨਾ ਪੈਂਦਾ ਹੈ ਆਪੋ ਅਪਣੇ ਨਾਂ ਦੀ ਗੰਢੜੀ ਸਿਰ ਤੇ ਚੁਕ ਕੇ ਤੁਰਦੇ ਰਹੀਏ ਨਾਂ ਹੀ ਅਸਲ ਪਛਾਣ ਨਾਮ ਹੀ ਵਾਫ਼ਰ ਸ਼ੈ ਹੈ ਨਾਂ ਸੱਚਾ ਨਾਂ ਝੂਠਾ ਤੇਰੀ ਤੀਜੀ ਅੱਖ ਮੈਨੂੰ ਖੁਲ੍ਹਦੀ ਲਗਦੀ ਏ ਤੂੰ ਅਪਰਾਧੀ ਤੂੰ ਆਪਣੇ ਆਪੇ ਦਾ ਕਾਤਲ ਬੋਲ ਰਿਹੈਂ ਪੈਗ਼ੰਬਰ ਵਾਂਗੂੰ ਧੁਰ ਦਰਗਾਹੋਂ ਤਾਹੀਓਂ ਤੇਰੇ ਨਾਲ ਨਾਲ ਤੁਰਿਆ ਜਾਂਦਾ ਹਾਂ ਤੇ ਵਾਪਸ ਮੁੜ ਆਉਣ ਦਾ ਰਾਹ ਵੀ ਰੱਖੀ ਜਾਵਾਂ ਪੈਗ਼ੰਬਰ ਅਪਰਾਧੀ 'ਚੋਂ ਜਦ ਇਕ ਛੁੱਟੇਗਾ ਅਪਰਾਧੀ ਨੂੰ ਪਹਿਲ ਮਿਲੇਗੀ ? ਕਿਉਂਕਿ ਅਪਰਾਧੀ ਚਾਹੁੰਦਾ ਹੈ ? ਕਿਉਂਕਿ ਇਹ ਰਾਜਾ ਚਾਹੁੰਦਾ ਹੈ ! ਕਿਉਂਕਿ ਪੈਗ਼ੰਬਰ ਵੀ ਏਹੋ ਚਾਹ ਸਕਦਾ ਹੈ !! ਕਿਉਂਕਿ ਧੱਕੇ ਦੇ ਵਿਚ ਧੱਕਾ ਬਣ ਕੇ ਰਹਿੰਦੇ ਲੋਕੀਂ ਏਹੋ ਹੀ ਚਾਹੁਣਗੇ !!!

3. 2

ਰਾਜਾ ਰਾਜਾ ਦੋਹਾਂ 'ਚੋਂ ਕਿਹੜਾ ਪੈਗ਼ੰਬਰ ਕਿਹੜਾ ਚੋਰ ਉਚੱਕਾ ਇੱਕੋ ਜੇਹੇ ਹੀ ਲਗਦੇ ਨੇ ਦੋਹਾਂ ਦੇ ਗਲ ਨਾਂ ਵਾਲੀ ਤਖ਼ਤੀ ਲਟਕਾਓ ਏਹੋ ਤਾਂ ਰਾਜੇ ਦੀ ਚਿੰਤਾ ਆਪੋ ਅਪਣੇ ਨਾਂ ਦੀ ਤਖ਼ਤੀ ਪਹਿਨ ਕੇ ਜੇਕਰ ਸਾਰੇ ਚੱਲਣ ਹੋਵੇ ਨਾ ਕੋਈ ਦੁਰਘਟਨਾ ਭਰਮ ਭੁਲੇਖਾ ਤਖ਼ਤੀ ਬਾਝੋਂ ਤੁਰਦੇ ਲੋਕੀਂ ਅੱਜ ਪੈਗ਼ੰਬਰ ਕਲ੍ਹ ਅਪਰਾਧੀ ਆਪੋ ਵਿਚ ਟਕਰਾ ਜਾਂਦੇ ਨੇ ਚਿੱਪਰ ਚਿੱਪਰ ਇਕ ਦੂਜੇ ਵਿਚ ਰਲ ਜਾਂਦੇ ਨੇ ਅਪਣਾ ਆਪ ਗੁਆ ਲੈਂਦੇ ਨੇ ਇਹਨਾਂ ਦੇ ਗਲ ਪਾ ਦੇਂਦੇ ਹਾਂ ਇਹਨਾਂ ਦੇ ਨਾਵਾਂ ਦੀ ਤਖ਼ਤੀ ਆਹ ਜੇ ਅਪਣਾ ਸੂਹੀਆ ਸੋਂਘਾ ਏਸੇ ਕਢਿਆ ਪੈਗ਼ੰਬਰ ਦਾ ਪਤਾ ਟਿਕਾਣਾ ਤੇ ਹੁਣ ਕਹਿੰਦੈ ਪੈਗ਼ੰਬਰ ਤਕ ਪਹੁੰਚ ਕੇ ਅਪਰਾਧੀ ਹੋਇਆ ਹਾਂ ਚਿੱਪਰ ਚਿੱਪਰ ਚੌਰਾਹੇ ਵਿਚ ਡੁੱਲ੍ਹ ਗਿਆ ਹੈ ਬਹੁਤ ਦਿਨਾਂ ਤੋਂ ਇਹ ਸਾਡਾ ਸੇਵਕ ਇਤਬਾਰੀ ਅੱਜ ਇਹ ਅਪਰਾਧੀ ਹੋਇਆ ਹੈ ਸੂਲੀ ਹੁਕਮ ਸੁਣਾਵਣ ਵੇਲੇ ਸਾਡੇ ਮਨ ਸੰਕੋਚ ਬੜਾ ਹੈ ਪੈਗ਼ੰਬਰ ਨੂੰ ਚੌਰਾਹੇ ਤਕ ਲੈ ਆਇਆ ਹਾਂ ਏਸ ਆਸ ਤੇ ਲੋਕਾਂ ਸਾਹਵੇਂ ਮੇਰੇ ਮਨ 'ਚੋਂ ਲਾਹ ਦੇਵੇਗਾ ਮੁਖ਼ਬਰ ਤਖ਼ਤੀ ਤੌਕ ਗ਼ੁਲਾਮੀ ਬਹੁਤ ਚਿਰਾਂ ਤੋਂ ਸੇਵ ਕਮਾਉਂਦੇ ਅੱਜ ਮੈਂ ਪਹਿਲੀ ਵਾਰੀ ਜਾਤਾ ਮੈਂ ਰਾਜਾ ਦੀ ਜੇਲ੍ਹ ਪਿਆ ਅਪਰਾਧੀ ਰਾਜੇ ਦੀ ਜੇਲ੍ਹੋਂ ਲੋਕਾਂ ਦੇ ਘਰ ਤਕ ਜਾਵਾਂ ਘਰ ਬੂਹੇ ਚੌਗਾਠਾਂ ਸੁੰਘਾਂ ਤੇ ਮੁੜ ਆਵਾਂ ਤੇ ਹੁਣ ਚਾਹੇਂ ਸੂਲੀ ਚੜ੍ਹ ਕੇ ਵਿਚ ਸ਼ਹੀਦਾਂ ਨਾਉਂ ਲਿਖਵਾਣਾ ਐਸੀ ਸਸਤੀ ਸੋਭਾ ਤੈਨੂੰ ਨਹੀਂ ਦਿਆਂਗੇ ਮੱਥੇ ਸਾਡੇ ਤੇ ਲਾ ਕੇ ਕਾਲਖ਼ ਦਾ ਟਿੱਕਾ ਇਹ ਹੁਣ ਮੰਦਰ ਦਾ ਦਿਉਤਾ ਬਣਨਾ ਚਾਹੁੰਦਾ ਹੈ ਮੈਨੂੰ ਮਾਰ ਮੁਕਾਵਣ ਵਿਚ ਹੀ ਭਲਾ ਤੁਹਾਡਾ ਮੇਰੇ ਪਾਸ ਸ਼ਹਿਰ ਦੇ ਹਰ ਜੀਉਂਦੇ ਮਰਦੇ ਦਾ ਲੇਖਾ-ਜੋਖਾ ਮੈਂ ਜਾਗਤ ਨੂੰ ਜਾਣਾਂ ਹਰ ਸੁੱਤੇ ਦੇ ਸੁਪਨੇ ਸੁੰਘਾਂ ਮੈਨੂੰ ਮਾਰ ਮੁਕਾਓ ਤੇ ਬੇਚਿੰਤੇ ਹੋ ਕੇ ਅਪਣੇ ਘਰ ਨੂੰ ਜਾਓ ਫੇਰ ਨਹੀਂ ਸੁਪਨੇ 'ਚੋਂ ਬਰੜਾ ਕੇ ਜਾਗੋਗੇ ਫੇਰ ਨਹੀਂ ਪੁੱਛੋਗੇ : ਮੇਰੇ ਸੁੱਤੇ ਸੁੱਤੇ ਕਿਹੜਾ ਆਇਆ ? ਕਿਹੜਾ ਕਿੱਥੇ ਬੁਰਕਂ ਮਾਰ ਕੇ ਮੈਨੂੰ ਚਲਾ ਗਿਆ ਹੈ ਲਖ ਚੋਰਾਂ ਤੋਂ ਖ਼ਤਰਨਾਕ ਰਾਜੇ ਦਾ ਸੋਂਘਾ ਜਿਹੜੀ ਸ਼ੈ ਸੁੰਘ ਜਾਵੇ ਉਸ 'ਚੋਂ ਖ਼ੁਸ਼ਬੋਈ ਮੁਕ ਜਾਵੇ ਜੀਉਂਦੇ ਹਾਂ ਅਸੀਂ ਬੁਰਕੇ ਬੁਰਕੇ ਊਣੇ ਊਣੇ ਥਾਂ ਪਰਥਾਵੇਂ ਸੰਨ੍ਹਾਂ ਲਗੀਆਂ ਆਪਣੇ ਆਪ 'ਚੋਂ ਡੁੱਲ੍ਹੇ ਹੋਏ ਆਪ-ਵਿਹੂਣੇ ਧੁੱਪੇ ਉਡਦੇ ਦਰਿਆ ਵਰਗੀ ਸਾਡੀ ਹੋਣੀ ਹਰ ਦਰਿਆ ਹੈ ਓੜਕ ਉਡਦੀ ਰੇਤਾ ਜੂਨੇ ਸਚਮੁਚ ਰਾਜੇ ਤਕ ਪਹੁੰਚਾਉਂਦਾ ਪਰਜਾ ਦੀ ਖ਼ੁਸ਼ਬੋਈ ਸਾਨੂੰ ਆਪਣੀ ਪਰਜਾ ਦੇ ਦੁਖ-ਸੁਖ ਦਾ ਪੂਰਾ ਹਾਲ ਪਤਾ ਹੈ ਪਰਜਾ ਦੇ ਮਹਿਰਮ ਹਾਂ ਉਸ ਦੇ ਸੁਫ਼ਨੇ ਦੇ ਜਾਣੂ ਹਾਂ ਓਸ ਮੁਤਾਬਿਕ ਹੀ ਚਲਦੀ ਹੈ ਸਾਡੀ ਨੀਤੀ ਰਾਜੇ ਥਾਲੀ ਬੁਰਕੀ ਬੁਰਕੀ ਪਰਜਾ ਪਰਜਾ ਰਾਜਾ ਟੁਕਦਾ ਰਾਜਾ ਚਖਦਾ ਦਰਜਾ ਦਰਜਾ ਜੋ ਚਖਿਆ ਨਾ ਜਾਵੇ ਉਸ ਦਾ ਹਰਜਾ ਹਰਜਾ ਬੁਰਕੀ-ਜਾਣੀ ਪਰਜਾ ਨਾਮ 'ਤੇ ਲਿਖੇ ਲੇਖੇ ਹੋਰ ਵੀ ਕੁਰਕੀ ਜਾਣੀ ਬੁਰਕੀ ਬੁਰਕੀ ਦੇ ਸਿਰ ਕਾਇਮ ਕਰਜਾ ਕਰਜਾ ਪਰਜਾ ਤੋਂ ਰਾਜੇ ਤਕ ਮੇਰਾ ਫੇਰਾ ਹੈ ਰਾਜੇ ਤੋਂ ਪਰਜਾ ਤਕ ਆਵਾਂ ਮੈਨੂੰ ਹੁਕਮ ਨਹੀਂ ਹੈ ਸਾਰੀ ਪਰਜਾ ਰਾਜ-ਮਹਿਲ ਵਿਚ ਬੈਠੇ ਰਾਜੇ ਸਾਹਵੇਂ ਨੰਗੀ ਰਾਜੇ ਦੇ ਸਿਰ ਐਸੀ ਟੋਪੀ ਸਭ ਨੂੰ ਵੇਖੇ ਉਸ ਨੂੰ ਕੋਈ ਵੇਖ ਨ ਸੱਕੇ ਇਸ ਇਕਵਾਸੇ ਸਫ਼ਰ ਲਈ ਹੀ ਮੈਨੂੰ ਸੂਲੀ ਚਾੜ੍ਹੋ ਅਪਣਾ ਪੈਗ਼ੰਬਰ ਨਾ ਮਾਰੋ ਚੋਰ ਮਰੇ ਤਾਂ ਮੱਥਾ ਦੀਵੇ ਵਾਲਾ ਚੋਰ-ਚੁਰਾਇਆਂ ਮਾਲ ਮਿਲੇਗਾ ਵਾਪਸ ਕਿੱਦਾਂ ਅੱਜ ਬਕਿਆ ਹੈ ਏਸ ਬਕੇ ਦਾ ਸਾਨੂੰ ਲਾਭ ਅਜੇ ਨਾ ਹੋਇਆ [ਕਲ੍ਹ ਦਾ ਪ੍ਰਜਾ-ਧਰੋਹੀ ਅੱਜ ਬਣਿਆ ਹੈ ਰਾਜ-ਧਰੋਹੀ ਲੋਕੀਂ ਇਸ ਨੂੰ ਬਖ਼ਸ਼ ਦੇਣਗੇ ? ਇਸ ਨੂੰ ਆਪੇ ਸਿੱਝ ਲਵਾਂਗਾ ਮੇਰਾ ਦਾਗੀ ਲੋਕਾਂ ਵਿਚ ਵੀ ਬੇਇਤਬਾਰਾ ਏਥੇ ਓਥੇ ਕਿਤੇ ਨਾ ਢੋਈ ਪਟੇ ਬਿਨਾ ਗਲੀਆਂ ਵਿਚ ਭਟਕੇ ਲਾਵਾਰਿਸ ਆਵਾਰਾ] ਰਾਜਾ ਰਾਜਾ ਇਸ ਨੂੰ ਅਜੇ ਨ ਮਾਰੋ ਸਾਰੀ ਉਮਰਾ ਧਰੋਹ ਕਮਾਇਆ ਛਿਣ ਭਰ ਸੂਲੀ ਚਾੜ੍ਹ ਕੇ ਨਾਹੀਂ ਸਾਰੇ ਗੁਨਾਹ ਉਤਾਰੋ ਆਪਣੇ ਅਪਰਾਧੀ ਨੂੰ ਆਪੇ ਸਿੱਝ ਲਵਾਂਗੇ ਹਾਲੇ ਤਾਂ ਪੁਛਣਾ ਗਿਛਣਾ ਏਂ ਸਾਡਾ ਕੀ ਕੀ ਮਾਲ ਚੁਰਾ ਕੇ ਰਾਜੇ ਦੇ ਮਹਿਲੀਂ ਪਹੁੰਚਾਇਆ ਮੈਂ ਤਾਂ ਓਹੋ ਕੁਝ ਚੁਕਿਆ ਹੈ ਜੋ ਜੋ ਤੁਸਾਂ ਵਗਾਹ ਕੇ ਬਾਹਰ ਸੁਟਿਆ ਅਪਣੇ 'ਚੋਂ ਕੁਝ ਬਾਹਰ ਸੁਟਣਾ ਖਪੀ ਤਪੀ ਲੋਕਾਈ ਦੀ ਮਜਬੂਰੀ ਅਪਣੇ ਅੰਦਰੋਂ ਹੂੰਝ ਕੇ ਕੂੜਾ ਨਿਤ ਬਾਹਰ ਸੁਟਦੇ ਹੋ ਕੂੜੇ ਦਾ ਦਰਿਆ ਨਿਤ-ਰਾਜ ਸਮੁੰਦਰ ਡੁੱਲ੍ਹੇ ਰਾਜ ਚੋਰੀ ਦਾ ਮਾਲ ਨਹੀਂ ਹੈ ਪਰਜਾ ਦੇ ਦੁਖ ਸੁਖ ਸੁਪਨੇ ਅਰਦਾਸਾਂ ਅਣਹੋਏ ਦੇ ਹੋ ਸੱਕਣ ਦੀ ਲੋਚਾ ਜੋ ਵੀ ਹੈ ਚੋਰੀ ਦਾ ਮਾਲ ਨਹੀਂ ਹੈ ਭੋਰਾ ਭੋਰਾ ਨਿਤ ਡੁਲ੍ਹਦੇ ਹਾਂ ਮਨ ਦੀ ਗੰਢੜੀ ਪਲ ਪਲ ਢਿਲਕ ਢਿਲਕਦੀ ਜਾਵੇ ਲੁਕਦੇ ਲੁਕਦੇ ਵੀ ਖੁਲ੍ਹਦੇ ਹਾਂ ਘਰ ਬੈਠੇ ਨੂੰ ਚੋਰ ਚੁਰਾ ਕੇ ਲੈ ਜਾਂਦਾ ਹੈ ਅਪਣੇ ਘਰ ਸਗਵੇਂ ਬੈਠੇ ਕਿੰਨਾ ਭੁਲਦੇ ਹਾਂ ਅਪਣੇ ਵਲੋਂ ਸੁਪਨੇ ਸ਼ੀਸ਼-ਮਹਿਲ ਸ਼ਿੰਗਾਰੇ ਕੂੜਾ ਹੋ ਕੇ ਲੋਕਾਂ ਦੇ ਪੈਰੀਂ ਰੁਲਦੇ ਹਾਂ ਨਾ ਕੋਈ ਕੂੜਾ ਨਾ ਦਰਿਆ ਨਾ ਸਾਗਰ ਪਰਜਾ ਤੋਂ ਰਾਜੇ ਤਕ ਲੋੜਾਂ ਤੇ ਅਰਦਾਸਾਂ ਜੋ ਵੀ ਪਹੁੰਚੇ ਸੁੰਦਰ ਤੇ ਸੁਖਦਾਈ ਪਰਜਾ ਦੇ ਮਨ ਪਿਆ ਬਗ਼ਾਵਤ ਨੂੰ ਉਕਸਾਏ ਰਾਜਾ ਮੈਨੂੰ ਮਾਰ ਦੇ ਰਾਜ-ਨਿਆਂ ਦਾ ਭਰਮ ਚੁਰਾਹੇ ਟੁਟ ਜਾਵੇਗਾ ਅਪਰਾਧੀ ਨੂੰ ਐਵੇਂ ਨਾ ਸਤਿਕਾਰ ਦੇ ਤੇਰੇ ਮਰ ਜਾਵਣ ਦਾ ਸਾਨੂੰ ਦੁੱਖ ਨਹੀਂ ਹੈ ਪਰ ਮਰਦੇ ਮਰਦੇ ਜਿੰਨਾ ਚਿਰ ਵੀ ਤੂੰ ਜੀਵੇਂਗਾ ਸੂਲੀ-ਚੜ੍ਹਿਆ ਤੂੰ ਜੋ ਜੋ ਕੁਝ ਵੀ ਬੋਲੇਂਗਾ ਓਸੇ ਦੀ ਹੀ ਚਿੰਤਾ ਸਾਨੂੰ ਰਾਜਾ ਰਾਜਾ ਇਸ ਨੂੰ ਅਜੇ ਨਾ ਮਾਰੋ ਇਸ ਤੋਂ ਪੁੱਛਣੀ ਰਾਜ-ਮਹਿਲ ਦੀ ਗਾਥਾ ਪਿੰਡੇ ਦੇ ਵਿਰਲਾਂ 'ਚੋਂ ਕਿਰ ਕੇ ਕੀ ਕੁਝ ਰਾਜ-ਮਹਿਲ ਪਹੁੰਚਾ ਹੈ ਪਰਜਾ ਪੁਰਜਾ ਮੈਨੂੰ ਮਾਰੋ ਛੁੱਟ ਗਿਆ ਤਾਂ ਮੁੜ ਸੋਂਘਾ ਹੋ ਜਾਊਂ ਬੁਰਕੀ ਬੁਰਕੀ ਤੋੜ ਤੁਹਾਨੂੰ ਰਾਜੇ ਤੀਕ ਪੁਚਾਊਂ ਮੈਂ ਸੂਲੀ ਚੜ੍ਹ ਜਾਵਾਂ ਤਾਂ ਪਰਜਾ ਦਾ ਸੁਖ ਹੈ ਸੂਲੀ ਚਾੜ੍ਹ ਨਹੀਂ ਮਾਰਾਂਗੇ ਬੋਟੀ ਬੋਟੀ ਤੋੜ ਕੇ ਤੈਨੂੰ ਸੁਟ ਦਿਆਂਗੇ ਸੜਦੀ ਧੁੱਪੇ ਕੁਲ ਕੁੱਤੇ ਸ਼ਿਸ਼ਕਾਰ ਦਿਆਂਗੇ ਤੈਨੂੰ ਕੋਈ ਨਾ ਖਾਏ ਮੁਸ਼ਕ ਮਾਰਦੀ ਦੇਹੀ ਚੁੱਕੀ ਸ਼ਹਿਰ ਬਦਰ ਹੋ ਕੇ ਭਟਕੇਂਗਾ ਇਕ ਨੁਕਰੇ ਬਿਨ ਕੋਈ ਨਾ ਸੁੰਘੇ ਤੈਨੂੰ ਅਪਣੀ ਕਰਨ ਦੇ ਚੇਤੇ ਬਿਨ ਕੋਈ ਨ ਸਾਥੀ ਤੇਰਾ ਇਸ ਦੇਹੀ ਨੇ ਮੁਸ਼ਕ ਮਚਾਇਆ ਨਕਟਾ ਮੈਨੂੰ ਸੁੰਘਣ ਆਇਆ ਉਸ ਨਕਟੇ ਤੋਂ ਮੈਂ ਜਾਵਾਂ ਬਲਿਹਾਰੀ ਜਿਸ ਨੇ ਅਪਣਾ ਜਾਤਾ ਸੱਤ ਪਰਾਇਆ ਨਕਟੇ ਨੂੰ ਜਦ ਮਿਲੀ ਕਿਤੇ ਨਾ ਢੋਈ ਉਸ ਨੇ ਜਾ ਨਕਟੇ ਦਾ ਦਰ ਖੜਕਾਇਆ ਹਰ ਨਕਟੇ ਦੀ ਨਕਟੇ ਸੰਗ ਭਿਆਲੀ ਬਦਰੰਗਾਂ ਬਦਰੰਗੇ ਨੂੰ ਅਪਨਾਇਆ ਏਸ ਸ਼ਹਿਰ ਨਕਟੇ ਵੀ ਸੰਗਲੀ ਵਾਲੇ ਕਾਲਾ ਕਾਂ ਹੀ ਸਾਥੀ ਤੇ ਹਮਸਾਇਆ ਕਾਵਾਂ ਕਾਵਾਂ ਜਿਸ ਦਿਨ ਮੈਂ ਸੂਲੀ ਚੜ੍ਹ ਜਾਵਾਂ ਮੈਨੂੰ ਮਿਲਣ ਜ਼ਰੂਰੀ ਆਵੀਂ ਸੋਂਘਾ ਮੇਰਾ ਨਾਂ ਸੂਲੀ ਸਿਰਨਾਵਾਂ ਮਰਨ ਦਿਹਾੜੇ ਕੰਮ ਆਵਾਂਗਾ ਥਿੰਦਾ ਲੁਕਮਾ ਤਨ ਦਾ ਆਪ ਖੁਆਵਾਂ ਬੋਟੀ ਖਾ ਕੇ ਬੋਲ ਸਕੇਂਗਾ ਕੌਣ ਵਿਸਾਹਿਆ ਮਰਿਆ ਹੱਥ ਭਰਾਵਾਂ ? ਕਿਸ ਦੇ ਉਹਲੇ ਕਿਹੜਾ ਪਿੰਜਰ ਅਣਜਾਣੇ ਹੀ ਭੁਗਤੇ ਕੌਣ ਸਜ਼ਾਵਾਂ ? ਰਾਜ-ਖ਼ਜ਼ਾਨੇ ਬੈਠੇ ਕਿਹੜੇ ਕਿਸ ਨੂੰ ਬੰਨ੍ਹਣ ਖ਼ਾਤਰ ਕਰਨ ਸਲਾਹਵਾਂ ? ਉਸ ਦਿਨ ਚੁੱਪ ਚੁਫੇਰੇ ਵਰਤੂ ਤੂੰ ਬੋਲੀਂ ਮੈਂ ਤੇਰੇ ਸਗਨ ਮਨਾਵਾਂ ਸੂਲੀ ਚੜ੍ਹਿਆ ਇਹ ਬੋਲੇਗਾ ਚਿਹਰੇ ਦੇ ਚਾਨਣ ਵਿਚ ਹਾਲੇ ਤੀਕ ਲੁਕੇ ਹਾਂ ਚਿਹਰੇ ਉਪਰ ਚੜ੍ਹਿਆ ਪਾਣੀ ਇਹ ਡੋਲ੍ਹੇਗਾ ਇਕ ਦੂਜੇ ਨੂੰ ਬੁਰਕਣ ਬਾਝੋਂ ਜੀ ਨਾ ਸਕੀਏ ਕਿਸ ਦੇ ਅੰਦਰ ਕਿਸ ਦੀ ਬੁਰਕੀ ਇਹ ਫੋਲੇਗਾ ਇਕ ਦੂਜੇ ਦੇ ਪਿੰਡੇ ਲੱਗੇ ਦਾਗ਼ ਜਹੇ ਹਾਂ ਦਾਗ਼ ਖੁਰਚ ਕੇ ਤਕੜੀ ਪਾ ਕੇ ਇਹ ਤੋਲੇਗਾ ਸੂਲੀ ਚੜ੍ਹਿਆ ਝੂਠ ਵੀ ਸੱਚਾ ਹੋ ਜਾਂਦਾ ਹੈ ਇਹ ਸੱਚਾ ਤਾਂ ਸਭ ਨੂੰ ਮਿੱਟੀ ਵਿਚ ਰੋਲੇਗਾ ਅੰਦਰ ਬਹਿ ਕੇ ਨਿਤ ਰਾਜੇ ਦਾ ਬੁਰਾ ਮਨਾਈਏ ਬੱਝੀ ਗੰਢੜੀ ਚੌਰਾਹੇ ਵਿਚ ਇਹ ਖੋਲ੍ਹੇਗਾ ਸੂਲੀ ਚੜ੍ਹਿਆ ਇਹ ਬੋਲੇਗਾ ਚਿਹਰੇ ਦੇ ਚਾਨਣ ਵਿਚ ਹਾਲੇ ਤੀਕ ਲੁਕੇ ਹਾਂ ਚਿਹਰੇ ਉਪਰ ਚੜ੍ਹਿਆ ਪਾਣੀ ਇਹ ਡੋਲ੍ਹੇਗਾ ਇਕ ਦੂਜੇ ਦੇ ਬੁਰਕਣ ਬਾਝੋਂ ਜੀ ਨਾ ਸਕੀਏ ਕਿਸ ਦੇ ਅੰਦਰ ਕਿਸ ਦੀ ਬੁਰਕੀ ਇਹ ਫੋਲੇਗਾ ਇਕ ਦੂਜੇ ਦੇ ਪਿੰਡੇ ਲੱਗੇ ਦਾਗ਼ ਜਹੇ ਹਾਂ ਦਾਗ਼ ਖੁਰਚ ਕੇ ਤਕੜੀ ਪਾ ਕੇ ਇਹ ਤੋਲੇਗਾ ਸੂਲੀ ਚੜ੍ਹਿਆ ਝੂਠ ਵੀ ਸੱਚਾ ਹੋ ਜਾਂਦਾ ਹੈ ਇਹ ਸੱਚਾ ਤਾਂ ਸਭ ਨੂੰ ਮਿੱਟੀ ਵਿਚ ਰੋਲੇਗਾ ਅੰਦਰ ਬਹਿ ਕੇ ਨਿਤ ਪਰਜਾ ਦਾ ਬੁਰਾ ਮਨਾਈਏ ਬੱਝੀ ਗੰਢੜੀ ਚੌਰਾਹੇ ਵਿਚ ਇਹ ਖੋਲ੍ਹੇਗਾ ਰਾਜਾ ਕਿਉਂ ਖੋਂਹਦਾ ਏਂ ਸੂਲੀ ਨਾ ਮੈਂ ਤੈਥੋਂ ਨਾਬਰ ਹੋਇਆ ਨਾ ਮੈਂ ਕੀਤੀ ਹੁਕਮ-ਅਦੂਲੀ ਹੁਕਮ-ਅਦੂਲੀ ਨਾ ਕਰਨਾ ਅਪਰਾਧ ਨਹੀਂ ਹੈ ਵੱਡਾ ਕੋਈ ਉਪਾਧ ਨਹੀਂ ਹੈ ਏਥੇ ਹੱਕੋ ਹਕ ਨਿਤਾਰਾ ਮੌਤ ਨ ਮਿਲਦੀ ਊਲ-ਜਲੂਲੀ ਸਜ਼ਾ ਨਹੀਂ ਬਖ਼ਸ਼ੀਸ਼ ਹੀ ਦੇਵੋ ਜਿੰਨੀ ਵੱਡੀ ਸੇਵਾ ਕੀਤੀ ਓਨੀ ਉਜਰਤ ਨਹੀਂ ਵਸੂਲੀ ਬਖ਼ਸ਼ਿਸ਼ ਦੇ ਵਿਚ ਸੂਲੀ ! ਬਖ਼ਸ਼ਿਸ਼ ਵਿਚ ਸੂਲੀ ਧਰਤੀ ਤੇ ਉਸ ਨੂੰ ਮਿਲਦੀ ਜਿਸ 'ਤੇ ਖ਼ਾਸ ਖ਼ੁਦਾ ਦੀ ਰਹਿਮਤ ਜਿਸ ਦੇ ਮੱਥੇ ਅੱਖ ਰਸੂਲੀ ਸਜ਼ਾ ਨਹੀਂ ਬਖ਼ਸ਼ੀਸ਼ ਨਹੀਂ ਤਾਂ ਰਹਿਮ ਵਜੋਂ ਹੀ ਸੂਲੀ ਦੇਵੋ ਰਹਿਮ ਸਜ਼ਾਵਾਰਾਂ ਨੂੰ ਮਿਲਦਾ ਤੈਨੂੰ ਹਾਲੇ ਸਜ਼ਾ ਮਿਲੀ ਨਾ ਬਿਨਾ ਜੁਰਮ ਦਾ ਤੂੰ ਮੁਜਰਿਮ ਏਂ ਹਾਲੇ ਤੂੰ ਕੋਈ ਬੁਰਿਆਈ ਨਹੀਂ ਕਬੂਲੀ ਸੂਲੀ ਆਖੇ : ਨਾ ਇਹ ਦੋਸ਼ੀ ਨਾ ਬੇਦੋਸ਼ਾ ਮੇਰੇ ਘਰ ਇਹ ਕਾਹਨੂੰ ਆਵੇ ਨਾ ਇਹ ਹੋਇਆ ਨਾ ਅਣਹੋਇਆ ਸੂਲੀ ਚੜ੍ਹਿਆਂ ਵਿਚ ਨਾਵਾਂ ਕਾਹਨੂੰ ਲਿਖਵਾਵੇ ਇਸ ਜੀਵੇ ਦਾ ਜਗ ਤੇ ਕੋਈ ਨਕਸ਼ ਨਹੀਂ ਹੈ ਮਰ ਜਾਵੇ ਤਾਂ ਜਗ ਤੇ ਕੀ ਅਚਰਜ ਹੋ ਜਾਵੇ ? ਨਾ ਇਹ ਅਪਣਾ ਨਾ ਬੇਗਾਨਾ ਨਾ ਤਰਿਆਕਲ ਇਸ ਦੇ ਜੀਣ-ਮਰਨ ਦੀਆਂ ਸੁੱਖਾਂ ਕੌਣ ਮਨਾਵੇ ? ਬਿਨਾ ਬੁਲਾਇਆਂ ਆਇਆ ਬਿਨਾ ਉਠਾਇਆਂ ਜਾਵੇ ਕਾਹਨੂੰ ਕੋਈ ਅਣਹੋਂਦੇ ਦਾ ਨਾਉਂ ਗਿਣਾਵੇ ? ਆਪੇ ਸੰਗਲੀ ਬੱਝਾ ਆਪ ਤੁੜਾ ਕੇ ਭੱਜਾ ਟੁਟੀ ਸੰਗਲੀ ਵਾਲਾ ਜਾਵੇ ਜਿੱਧਰ ਚਾਹਵੇ ਰਹਿਣ ਦਿਉ ਲੋਕੋ ਅਣਹੋਏ ਨੂੰ ਅਣਹੋਇਆ ਏਸ ਬੁਝੇ ਨੂੰ ਕਾਹਨੂੰ ਕੋਈ ਹੋਰ ਬੁਝਾਵੇ ! ਰਹਿਣ ਦਿਉ ਇਸ ਦਾ ਮੱਥਾ ਕੋਰਾ ਅਣਲਿਖਿਆ ਲੇਖ-ਲਿਖੰਦਾ ਧੁਰ ਲੇਖਾਰੀ ਕੌਣ ਸਦਾਵੇ ! ਸ੍ਹੈਨਾ ਕਿਸ ਬਾਗ ਦੀ ਮੂਲੀ ਬਾਗੇ ਬਾਗੇ ਸ੍ਹੈਨਾ ਜਾਗੇ ਸੁੰਘੇ ਗੰਧ ਗੰਧੂਲੀ ਇਸ ਕੁਲ ਖ਼ੁਸ਼ਬੋਈ ਤੇ ਬਦਬੋਈ ਪਹਿਲਾਂ ਆਪ ਵਸੂਲੀ ਰਾਜੇ ਤੀਕ ਪੁਚਾਈ ਬੁਰਕੀ ਕਿਆ ਕਰੜੀ ਕਿਆ ਕੂਲੀ ਹੋਇ ਵਗਾਰੀ ਉਮਰ ਗੁਜ਼ਾਰੀ ਸਰੀ ਨ ਹੁਕਮ-ਅਦੂਲੀ ਅਪਣੇ ਜੋਗਾ ਕਦੇ ਨ ਹੋਇਆ ਨਾ ਮੀਰੀ ਨਾ ਦੁਲੀ ਅਪਣੀ ਮਰਜ਼ੀ ਕਦੇ ਨ ਵਰਤੀ ਕਾਤਲ ਨ ਮਕਤੂਲੀ ਨਾ ਕੋਈ ਕੀਤੀ ਬਾਤ ਅਸੂਲੀ ਨਾ ਕੋਈ ਬਾਤ ਬ'ਸੂਲੀ ਕਦੇ ਨ ਪੁਰਖੀ ਚੰਗੀ ਮੰਦੀ ਕਿਸਮਤ ਜਾਣ ਕਬੂਲੀ ਆਖ਼ਰ ਵੇਲੇ ਰਤਾ ਕੁ ਝਪਕੀ ਮੱਥੇ ਅੱਖ ਰਸੂਲੀ ਅਪਣੀ ਖ਼ਾਤਰ ਆਪ ਲਿਆਇਆ ਚੌਰਾਹੇ ਤਕ ਸੂਲੀ ਅਪਣੀ ਸੂਲੀ ਆਪੇ ਚੜ੍ਹਦਾ ਕੋਈ ਨ ਵਿਚ ਵਿਚੂਲੀ ਅਪਣੀ ਨਾਕਰਨੀ ਦਾ ਲੇਖਾ ਗੰਢੜੀ ਬੇਮਹਿਸੂਲੀ ਚੌਰਾਹੇ ਵਿਚ ਅਪਣੇ ਹੱਥੀਂ ਆਪੇ ਖੋਲ੍ਹੀ ਖੂਲ੍ਹੀ ਅੰਦਰ ਗੁੱਦੜ ਬੋਲਣ ਲੱਗਾ ਕੈਸੀ ਸ਼ਾਨ ਨਜ਼ੂਲੀ ਰਾਜਾ ਹਟਕੇ ਪਰਜਾ ਹਟਕੇ ਮੇਰੀ ਉਲ-ਜਲੂਲੀ ਸ੍ਹੈਨਾ ਕਿਸ ਬਾਗੇ ਦੀ ਮੂਲੀ ਕਰਨੀ ਬਾਝੋਂ ਜਨਮ ਗਵਾਇਆ ਚੜ੍ਹਨਾ ਚਾਹੇ ਸੂਲੀ

3. 3

ਬਹੁਤ ਤੁਰੇ ਹਾਂ ਤਾਂ ਵੀ ਓਸੇ ਥਾਉਂ ਖੜੇ ਹਾਂ ਗਿਣਿਆ ਮਿਥਿਆ ਪੈਂਡਾ ਤੁਰਨਾ ਮੁੱਢੋਂ-ਸੁੱਢੋਂ ਆਪੇ ਦੇ ਸੰਗ ਆਪਾ ਲੜਦਾ ਤੁਰਿਆ ਜਾਏ ਸਭ ਕੁਝ ਵੇਖੇ ਕੁਝ ਵੀ ਨਜ਼ਰ ਨ ਆਏ ਆਲੇ ਵਾਲਾ ਦੀਵਾ ਪਿੰਜਰੇ ਦੇ ਵਿਚ ਪਾ ਕੇ ਲੈ ਆਇਆ ਹਾਂ ਇਸ ਚੌਰਾਹੇ ਅੱਗ ਦੀ ਨੋਕ ਤੇ ਚਾਨਣ ਬੈਠਾ ਕੌਣ ਏਸ ਨੂੰ ਸੂਲੀ ਚਾੜ੍ਹੇ ਕਿਹੜਾ ਲਾਹੇ ਜਣਿਆ, ਤੂ ਇਕ ਹੈਂ ਜਾਂ ਦੋ ਅੰਦਰ ਭੋਰੇ ਲੁਕਿਆ ਬਲਦੈਂ ਬਾਹਰ ਡੁਲ੍ਹਦੀ ਲੋਅ ਆਪੇ ਰਾਹ ਵਿਖਾਵੇਂ ਆਪ ਨਤੁਰਨਾ ਰਿਹੈਂ ਖਲੋਅ ਆਪੇ ਅੰਦਰ ਲੁਕ ਬੈਠਾ ਏਂ ਹੋ ਕੇ ਨਿਰਾ ਨਛੋਹ ਆਪੇ ਦੇਸੁ ਬਿਦੇਸੇ ਪਰਗਟ ਤੁਰ ਕੇ ਕਾਲੇ ਕੋਹ ਜਾਂ ਤਾਂ ਮੱਥਾ ਆਪ ਬੁਝਾ ਲੈ ਦੀਵੇ ਵਾਲਾ ਜੋ ਜਾਂ ਇਸ ਦੀਵੇ ਦੀ ਗਲ ਮੰਨ ਲੈ ਕਰਨੀ ਵਾਲਾ ਹੋ ਖਿਮਾ ਕਰੋ ਪ੍ਰਭ ਮੱਥਾ ਦੀਵੇ ਵਾਲਾ ਜੋ ਮੱਥਾ ਤੇਰੇ ਦਰ ਤੇ ਧਰਿਆ ਉਸ ਵਿਚ ਬਹੁਤ ਉਜਾਲਾ ਇਹ ਚਾਨਣ ਨਿਤ ਪੁੱਛਾਂ ਪੁਛਦਾ ਜੀਭ ਨਾ ਲਾਵੇ ਤਾਲਾ ਟੰਗ ਦਿਆਂਗਾ ਸਣੇ ਪਿੰਜਰੇ ਸੂਲੀ ਉਤੇ ਜਾਂ ਤਾਂ ਚੁਪਚੁਪੀਤਾ ਬਲਦਾ ਬੁਝ ਜਾਵੇਗਾ.... ਮੇਰੀ ਚੁਪ ਵਿਚ ਬੁੜਬੁੜ ਕਰਦਾ ਇਹ ਜੀ ਕਾ ਜੰਜਾਲਾ ਤੇਰੇ ਚਰਨ ਵਿਚ ਟਿਕੇ ਨ ਬਿਰਤੀ ਖਿੰਡਰ ਜਾਣ ਖ਼ਿਆਲਾ ਜਾਂ ਜੀਭਾ ਦੀ ਨੋਕ ਤੇ ਚੜ੍ਹ ਕੇ ਬਲਦੇ ਬੋਲ ਉਚਾਰੇ ਝੂਠ ਸਚ ਦੇ ਕਰੇ ਨਿਤਾਰੇ ਰੱਬ ਜੋ ਇਸ ਦੁਨੀਆਂ ਤੋਂ ਰੁਸ ਕੇ ਚਲਾ ਗਿਆ ਹੈ ਚੌਰਾਹੇ ਵਿਚ ਮੁੜ ਕੇ ਲਿਆ ਖਲ੍ਹਾਰੇ ਮੰਦਰ ਦੇ ਵਿਚ ਜ਼ਾਹਰ ਮੱਥਾ ਟੇਕਣਹਾਰਾ ਅੰਦਰ ਨਾਬਰ ਹੋਇਆ ਪਤਾ ਨ ਲੱਗੇ ਰਬ ਹੈ ? ਜਾਂ ਅਣਹੋਇਆ ? ਤੇਰੇ ਹੋਣ ਤੇ ਵੀ ਸ਼ੱਕ ਕਰਦਾ ਹੇ ਪ੍ਰਭ ਦੀਨ ਦਿਆਲਾ ਹੋਣ ਨਹੋਣ ਤੋਂ ਮੈਂ ਕੀ ਲੈਣਾ ਤੁਸੀਂ ਰਹੋ ਕਿਰਪਾਲਾ ਚਾਰ ਚੁਫੇਰੇ ਸੰਕਟ ਮੇਰੇ ਤੂੰ ਮੇਰਾ ਰਖਵਾਲਾ ਕਦਮ ਕਦਮ ਤੇ ਤੇਰੀ ਲੋੜ ਹੈ ਸਭ ਤਾਈਂ ਸਭ ਕਾਲਾ ਦੀਵਿਆ ਦੀਵਿਆ ਅਪਣੀ ਬੋਲੀ ਬੋਲ ਪਿੰਜਰੇ ਥਾਣੀ ਬਾਹਰ ਆ ਜਾ ਬਹਿ ਜਾ ਸਾਡੇ ਕੋਲ ਨ੍ਹੇਰੇ ਨ੍ਹੇਰੇ ਪਈਆਂ ਗੰਢਾਂ ਚਾਨਣ ਚਾਨਣ ਖੋਲ੍ਹ ਕਿਥੋਂ ਕੁ ਤੀਕਰ ਤੇਰਾ ਘੇਰਾ ਨ੍ਹੇਰੇ ਲੈਂਦਾ ਫੋਲ ? ਜਿੰਨੀ ਕੁ ਪੀੜ ਤੁਸਾਂ ਬਖ਼ਸ਼ੀ ਏ ਓਨਾ ਕੁ ਚਾਨਣ ਕੋਲ ਜਿਸ ਦਿਨ ਮੈਨੂੰ ਪਿੰਜਰਾ ਮਿਲਿਆ ਉਸ ਦਿਨ ਮਿਲਿਆ ਬੋਲ ਜਿੰਨਾ ਕੁ ਇਹ ਦਿਲ ਦਰਦ ਰਞਾਣਾ ਓਨੀ ਕੁ ਜਗਮਗ ਲਾਟ ਜਿੰਨੇ ਕੁ ਦੁਖੀਏ ਦੁਨੀਆਂ ਵਸਦੇ ਓਨੀ ਕੁ ਲੰਮੀ ਵਾਟ ਸੂਲੀ ਚੁਕ ਕੇ ਤੁਰਦੇ ਰਾਹੀਆ ਰੱਬ ਦੀ ਬਾਤ ਸੁਣਾ ਆਸੇ ਪਾਸੇ ਸ਼ੌਕੇ ਅਥਰਾ ਦਰਦਾਂ ਦਾ ਦਰਿਆ ਅਚਲ ਸਮਾਧੀ ਕੀਕਣ ਬੈਠਾ ਉਸ ਦੇ ਵਿਚ ਖ਼ੁਦਾ ? ਰੱਬ ਤਾਂ ਆਪ ਦੁਖੀ ਬੰਦਾ ਹੈ ਓਨਾ ਕੁ ਨਿਰਮਲ ਅੱਖ ਰੋਂਦੀ ਏ ਜਿੰਨਾ ਕੁ ਜਗ ਵਿਚ ਜਲ ਗੰਦਾ ਹੈ ਸਿਮਰੋ ਸਿਮਰ ਸਿਮਰ ਪ੍ਰਭ ਦੁਖੀਆ ਸੋ ਮੇਰਾ ਪ੍ਰਭ ਹੋ ਨਹੀਂ ਸਕਦਾ ਸਰਬ ਦੂਖ ਵਿਚ ਜਿਹੜਾ ਸੁਖੀਆ ਦੁੱਖ ਅਨਾਦੀ ਦੁੱਖ ਅਨੰਤਾ ਦੁੱਖ ਸਦਾ-ਸਚ ਦੁਖ ਭਗਵੰਤਾ ਆਪੇ ਦੁਖ ਦੁਖੀਆ ਵੀ ਆਪੇ ਆਪ ਅਗਨ ਵਿਚ ਆਪੇ ਧੁਖੀਆ ਚਾਨਣ ਵਿਚ ਜੋ ਦੀਵਾ ਬਲਦਾ ਸੋ ਪ੍ਰਭ ਨਾਹੀ ਮੇਰੇ ਵਲ ਦਾ ਚਹੁੰਕੂੰਟੀ ਚੌਤਰਫ਼ ਹਨੇਰੇ ਵਿਚ ਜਗਮਗ ਪ੍ਰਭ ਜੀ ਚੌਮੁਖੀਆ ਦੁਖ ਵਿਚ ਆਈਏ ਦੁਖ ਵਿਚ ਰਹੀਏ ਦੁਖ ਵਲ ਹੀ ਤੁਰ ਜਾਈਏ ? ਦੁਖ ਤੋਂ ਦੁਖ ਤਕ ਕਿਉਂ ਤੁਰਦੇ ਹਾਂ ? ਔਝੜ ਰਾਹੇ ਕਾਹਨੂੰ ਬਿਰਥਾ ਜੂਨ ਹੰਢਾਈਏ ? ਜੂਨ ਨਹੀਂ ਇਹ ਜੀਣ-ਨਦੀ ਹੈ ਡੂੰਘੇ ਅਥਰੇ ਪਾਣੀ ਦੇ ਵਿਚ ਪਾਣੀ ਹੋ ਕੇ ਡੁਬਦੇ ਤਰਦੇ ਡੁਲ੍ਹਦੇ ਜਾਈਏ ਡੁਬ ਜਾਣਾ ਹੀ ਤਰ ਜਾਣਾ ਹੈ ਸੁਕ ਜਾਣਾ ਹੀ ਅਪਣੇ ਪੈਂਡੇ ਤੇ ਤੁਰਨਾ ਹੈ ਵਗਦੀ ਜੀਣ-ਨਦੀ ਚਿੱਕੜ ਤੇ ਅਣਚਿੱਕੜ ਪਾਣੀ ਨੇਕੀ ਅਤੇ ਬਦੀ ਇਕ ਜਲ ਲਹਿਰ ਗੁਫ਼ਾ ਵਿਚ ਬੈਠਾ ਮਿੱਟੀ-ਖਾਣਾ ਹਿਲਦਾ ਕਦੀ ਕਦੀ ਇਕ ਜਲ ਧੁੱਪੇ ਨੰਗਾ ਤੂੰਬਾ ਤੂੰਬਾ ਟੁੱਟੇ ਉਡਦਾ ਬਦੋਬਦੀ ਮਿੱਟੀ-ਖਾਣੇ ਮੁਕਣੇ ਧੁੱਪਾਂ-ਸਹਿਣੇ ਸੁਕਣੇ ਰਹਿਣੇ ਕੋਈ ਨਹੀਂ ਪਾਣੀ ਮਿੱਟੀ-ਖੋਰਾ ਮਿੱਟੀ ਧੋਵਣਹਾਰਾ ਆਪੇ ਜਮਾਂ ਨਫ਼ੀ ਡੋਬਣਹਾਰਾ ਪਾਣੀ ਆਪੇ ਡੁੱਬਣਹਾਰਾ ਦੋਖੀ ਆਪ ਦੁਖੀ ਪਾਣੀ ਚੱਲਣਹਾਰੇ ਸਭ ਦੁਖ ਝੱਲਣਹਾਰੇ ਸਦੀਓ ਸਦੀ ਸਦੀ

3. 4

ਅਸੀਂ ਨਾ ਮਰੇ ਜਦੋਂ ਮਰਨ ਦਾ ਵੇਲਾ ਸੀ ਤੱਤੀ ਤਵੀ ਜਹੇ ਸੂਹੇ ਸੁਰਖ਼ ਮੌਕੇ ਆਏ ਤੇ ਚਲੇ ਗਏ ਦੀਵਾਨ ਸਜਾ ਕੇ ਅਸੀਂ ਨਾ ਬੈਠੇ ਉਹਨਾਂ ਦੀ ਬੈਠਕੇ ਬਸ ਪੁੱਛਣ ਪੁੱਛਣ ਕਰਦੇ ਰਹੇ : ਗੁਰੂ ਕਦੋਂ ਹੋਈਦੈ ਤਵੀ ਤੇ ਬੈਠਣ ਤੋਂ ਪਹਿਲਾਂ ਜਾਂ ਪਿੱਛੋਂ ? ਜਗਮਗ ਨਾ ਜਗੇ ਜਦੋਂ ਜਗਣ ਦਾ ਵੇਲਾ ਸੀ ਸੂਰਜ ਤਾਂ ਕਿੰਨਾ ਚਿਰ ਦਸਤਕ ਬਣ ਖੜਾ ਰਿਹਾ ਕੂਕਦਾ ਵੰਗਾਰਦਾ ਅਸੀਂ ਚੁਪਚਾਪ ਰਹੇ ਬੂਹਿਆਂ ਦੇ ਉਹਲੇ ਬੂਹੇ ਨਾ ਖੋਲ੍ਹੇ ਰਹਿ ਗਏ ਉਡੀਕਦੇ : ਅੰਤ ਵਾਰ ਸੂਰਜ ਦੇ ਬੁਝਣ ਦਾ ਵੇਲਾ ਉਦੈ ਨਾ ਹੋਏ ਜਦੋਂ ਉਦੈ ਦਾ ਵੇਲਾ ਸੀ ਹੁਣ ਅਸੀਂ ਚਾਹੁੰਦੇ ਹਾਂ ਸੂਲੀ ਤੇ ਚੜ੍ਹੇ ਪੈਗ਼ੰਬਰ ਵਾਂਗ ਬੋਲੀਏ ਜਦੋਂ ਉਨ੍ਹਾਂ ਗੱਡੀ ਸੀ ਚੌਰਾਹੇ ਵਿਚ ਸੂਲੀ ਪਦਵੀ ਰਸੂਲੀ ਅਸਾਂ ਉਦੋਂ ਨਾ ਕਬੂਲੀ ਸਾਡੀ ਥਾਂ ਝੂਲ ਗਏ ਬੰਜਰ ਵਿਚ ਉਗੇ ਹੋਏ ਘਾਹ ਜਹੇ ਬੰਦੇ ਉਹਨਾਂ ਦੀ ਛਾਵੇਂ ਪਰਛਾਵੇਂ ਰਹੇ ਸੋਚਦੇ : ਰੱਸੇ ਤੇ ਝੂਲਦਾ ਆਖ਼ਰੀ ਬੰਦਾ ਜਦੋਂ ਚੁਪ ਹੋ ਜਾਏਗਾ ਉਦੋਂ ਕੌਣ ਮੰਨੇਗਾ ਸਾਡੇ ਵੀ ਮੂੰਹ ਵਿਚ ਕਦੇ ਤਾਂ ਜ਼ਬਾਨ ਸੀ ਅਸੀਂ ਨਾ ਬੋਲੇ ਜਦੋਂ ਬੋਲਣ ਦਾ ਵੇਲਾ ਸੀ

3. 5

ਖੁੰਝ ਗਏ ਵੇਲੇ ਨੂੰ ਆ ਜਾ ਮੁੜ ਕੇ ਫੜੀਏ ਆਪੇ ਸੂਲੀ ਚੁਕ ਲਿਆਈਏ ਆਪੇ ਚੜ੍ਹੀਏ ਸਾਡੇ ਜੋਗੀ ਕਿਹੜੀ ਸੂਲੀ ਕਿਹੜੀ ਥਾਂ ਏਂ ? ਅਪਣੇ ਮੇਚੇ ਦੀ ਸੂਲੀ ਨੂੰ ਆਪੇ ਘੜੀਏ ਸੱਭੋ ਵੇਲੇ ਸੂਲੀ ਸਾਰੀ ਧਰਤੀ ਸੂਲੀ ਕੋਈ ਦੁੱਖ ਕਿਸੇ ਦਾ ਅਪਣੇ ਤੀਕਰ ਖੜੀਏ ਅਹਿ ਜੋ ਬਣੀ ਬਣਾਤੀ ਸੂਲੀ ਰਾਜੇ ਗੱਡੀ ? ਝੂਠੀ ਤੁਹਮਤ ਅਪਣੇ ਮੱਥੇ ਕਾਹਨੂੰ ਜੜੀਏ ! ਦੁੱਖਾਂ ਦੇ ਮੈਦਾਨੇ ਜਾਈਏ ਉੱਚੀ ਕੂਕ ਬੁਲਾਈਏ ਸੀਸ ਕਟਾਉਣ ਖ਼ਾਤਰ ਰਣ ਵਿਚ ਹਾਜ਼ਰ ਲੜੀਏ ਸ਼ਾਹੀ ਝੂਲਾ ਫੇਰ ਸਹੀ ਸੂਲਾਂ ਨੇ ਪਹਿਲੋਂ ਲੀਰ ਲੀਰ ਹੋ ਲਾਂ ਗੇ ਕੰਡਿਆਂ ਵਿਚ ਤਾਂ ਅੜੀਏ ਰਾਜੇ ਦੇ ਮਹਿਲਾਂ ਵਿਚ...... ਸੰਨ੍ਹ ਵੀ ਲਗ ਜਾਏਗੀ ਲੋਕਾਂ ਤਾਈਂ ਛੈਣੀ ਵਾਂਗੂੰ ਤਿੱਖੇ ਘੜੀਏ ਲੋਕਾਂ ਦੇ ਵਿਚ ਜਾ ਕੇ ਖੁੰਢਾ ਹੋ ਜਾਵੇਂਗਾ ਖੁੰਢੇ ਤਾਈਂ ਮੁੜ ਕੇ ਚੰਡੀਏ ਤਿੱਖੇ ਕਰੀਏ ਜੇ ਆਖ਼ਰ ਮਰ ਜਾਣਾ ਕਾਹਨੂੰ ਮੁੜਕਾ ਚੋਈਏ ? ਛੇਤੀ ਛੇਤੀ ਸੀਸ ਕਟਾਈਏ, ਕਾਹਨੂੰ ਅੜੀਏ ? ਸੂਲੀ ਚੜ੍ਹਨਾ ਮਰਨ ਨਹੀਂ ਜੀਵਨ ਲਭਣਾ ਹੈ ਸੂਲੀ ਉਪਰ ਐਸੇ ਖਿੜੀਏ ਕਦੇ ਨਾ ਝੜੀਏ ਸੂਲੀ ਦੇ ਪੈਂਡੇ ਦਾ ਕੋਈ ਅੰਤ ਨਹੀਂ ਹੈ ਤੁਰਦੇ ਜਾਈਏ ਤੁਰਦੇ ਜਾਈਏ ਕਿਤੇ ਨ ਖੜੀਏ ਪਤਾ ਨਹੀਂ ਇਹ ਸੂਲੀ ਲੱਭੇ ਯਾ ਨਾ ਲੱਭੇ ਲੱਭੇ ਯਾ ਨਾ ਲੱਭੇ ਪਰ ਕੋਸ਼ਿਸ਼ ਤਾਂ ਕਰੀਏ ... ... ... ਸੁਬ੍ਹਾ ਸਵੇਰੇ ਸਿਰ ਅਪਣੇ ਵਿਚ ਬਾਲ ਕੇ ਦੀਵਾ ਗਲੀ ਮੁਹੱਲੇ ਕੀ ਲੱਭਦਾ ਏਂ ? ਸੂਲੀ ! ਚੋਖਾ ਚਾਨਣ ਘਰਾਂ ਵਿਚਾਲੇ ਆਲ-ਦੁਆਲੇ ਤਾਂ ਵੀ ਧਰਦੈਂ ਆਲੇ ਆਲੇ ਬਲਦਾ ਦੀਵਾ ! ਕਿਸ ਖ਼ਾਤਰ, ਯੋਗੀ, ਯਭਦਾ ਏਂ ? ਹੁਣ ਤਾਂ ਹੋਇਆ ਸਿਖ਼ਰ ਦੁਪਹਿਰਾ ਸੂਲੀ ! ਸੂਲੀ !! ਰੌਂਸ ਬਨੇਰੇ ਬਿਨ ਧੂੰਏਂ ਦੀ ਅਗ ਬਲਦੀ ਏ ਕੰਧਾਂ ਤੋਂ ਛੰਡੀ ਧੁਪ ਅੱਖੀਆਂ ਵਿਚ ਚੁਭਦੀ ਏ ਸੂਈਆਂ ਵਾਂਗੂੰ ਕਿਹੜੀ ਚੀਜ਼ ਮਹੀਨ ਗੁਆਚੀ ਰੋਮ ਰੋਮ ਵਿਚ ਦੀਪ ਜਗਾ ਕੇ ਦਰ ਦਰਵਾਜ਼ੇ ਅੱਕ ਚਬਦਾ ਏਂ ? ਸੂਲੀ ! ਸੂਲੀ !! ਮਾਈ ਮੈਨੂੰ ਮਹੁਰਾ ਦਾਨ ਕਰੋ ਮਣਸ ਦਿਓ ਅਣਚਾਹੇ ਦੁਖੜੇ ਪੁਰਬ-ਸ਼ਨਾਨ ਕਰੋ ਸਿਵਾ ਸਿਵਾ ਕਾਹਨੂੰ ਬਲਦੇ ਕਿਉਂ ਮਨ ਸ਼ਮਸ਼ਾਨ ਕਰੋ ਕੋਲਾ ਕੋਲਾ ਬਖ਼ਸ਼ੋ ਜਗਮਗ ਮੇਰੀ ਜਾਨ ਕਰੋ ਪੈਰੀਂ ਛਾਲੇ ਜੀਭ ਮੇਰੀ ਦੇ ਨਾਂ ਐਲਾਨ ਕਰੋ ਬੋਲਣ ਜੋਗਾ ਹੋਵਾਂ ਮੁਝ ਤੇ ਇਹ ਅਹਿਸਾਨ ਕਰੋ ਜੋਗੀ ਕੌਣ ਦੇਸ ਤੋਂ ਆਇਆ ਸਿਖਰ ਦੁਪਹਿਰੇ ਦੀਵਾ ਬਲਦਾ ਨੇਰੇ ਦਾ ਹਮਸਾਇਆ ਚੁੱਲ੍ਹੇ 'ਚੋਂ ਕੁਲ ਚਿਣਗਾਂ ਲੈ ਜਾ ਦੀਵੇ ਜੋਤ ਸਬਾਇਆ ਤਨ 'ਚੋਂ ਤੋੜ ਕੇ ਕੀਕਣ ਦੇਵਾਂ ਅਗ ਦਾ ਬਿਰਖ ਤਿਹਾਇਆ ਅਗ ਹੀ ਮੇਰੇ ਤਨ ਦਾ ਚਾਨਣ ਏਸੇ ਨ੍ਹੇਰ ਮਚਾਇਆ ਨ੍ਹੇਰੇ ਦੇ ਸੰਗ ਚਾਨਣ ਮੈਥੋਂ ਜਾਵੇ ਕਿਵੇਂ ਬੁਝਾਇਆ ਤਨ ਵਿਚ ਬੀਜ ਕੇ ਕੰਡੇ ਬੀਜਣਹਾਰਾ ਦੂਰ ਸਿਧਾਇਆ ਕੰਡਿਆਂ 'ਚੋਂ ਖ਼ੁਸ਼ਬੋਈ ਆਵੇ ਦਿਨ ਦਿਨ ਦੂਣ ਸਬਾਇਆ ਇਹ ਕੰਡੇ ਦੇਹੀ ਨੂੰ ਪੱਛਣ ਇਹਨਾਂ ਮਨ ਮਹਿਕਾਇਆ ਕੰਡਿਆਂ ਸੰਗ ਖ਼ੁਸ਼ਬੋਈ ਛਾਂਗਾਂ ਕਿਸੇ ਨਹੀਂ ਸਮਝਾਇਆ ਸੂਲੀ ਚੜ੍ਹ ਕੇ ਆਪਣਿਆਂ ਦਾ ਹਰ ਦਮ ਰਾਹ ਤਕਾਇਆ ਸੂਲੀ ਦੇ ਸੰਗ ਆਸਾ ਮਨਸਾ ਇਸ ਬਾਝੋਂ ਕੁਲ ਛਾਇਆ ਹਰ ਕੋਈ ਸੂਲੀ ਤੇ ਚੜ੍ਹਿਆ ਸੂਲੀ ਦਾ ਹਮਸਾਇਆ ਸੂਲੀ ਤੋਂ ਵਖ ਕੀਕਣ ਹੋਵੇ ਜੋ ਸੂਲੀ ਦਾ ਜਾਇਆ ਮਹੁਰਾ ਡੀਕਦਿਆਂ ਮਹੁਰੇ ਦਾ ਸਭ ਨੂੰ ਦੁੱਖ ਸੁਣਾਇਆ ਤਾਂ ਵੀ ਛੰਨਾ ਹੋਇ ਨਾ ਊਣਾ ਵਿਹੁ ਨਾ ਜਾਏ ਵੰਡਾਇਆ ਦਰਦ ਨ ਭਿਛਿਆ ਮਿਲਦਾ ਜੋਗੀ ਜਾਂਦਾ ਆਪ ਕਮਾਇਆ ਦਰਦ-ਖ਼ੁਦਾ ਨਿਤ ਨਾਜ਼ਲ ਹੁੰਦਾ ਦਰਦ ਨਾ ਜਾਇ ਲੁਕਾਇਆ ਮਹੁਰਾ ਮੰਗਣ ਵਾਲੇ ਜੋਗੀ ਕੌਣ ਦੇਸ਼ ਤੋਂ ਆਇਆ ਦਰਦਾਂ ਦੇ ਦਰਿਆ ਪਏ ਵਗਦੇ ਤੂੰ ਸਖਣਾ ਤਿਰਹਾਇਆ ਮਾਈ, ਤੇਰਾ ਦਰਦ ਖ਼ੁਦਾ ਹੈ ? ਦਰਦ ਖ਼ੁਦਾ ਤੋਂ ਕਦੋਂ ਜੁਦਾ ਹੈ ? ਦਰਦ ਖ਼ੁਦਾ ਨੇ ਜੌੜੇ ਭਾਈ ਪਹਿਲਾਂ ਕੌਣ ਕਹਿਣ ਨ ਜਾਈ ਬੰਦੇ ਅੱਡੀ ਜਿਸ ਦਿਨ ਪਹਿਲਾ ਕੰਡਾ ਚੁਭਿਆ ਓਸੇ ਦਿਨ ਹੀ ਰੱਬ ਜੰਮਿਆ ਸੀ ਉਸ ਦਿਨ ਤੋਂ ਅੱਜ ਦਿਨ ਤਕ ਬੰਦਾ ਅੱਡੀ ਦੇ ਵਿਚ ਕੰਡਾ ਲੈ ਕੇ ਤੁਰਿਆ ਜਾਂਦਾ ਰਬ ਰਬ ਰਬ ਰਬ ਕਰਦਾ ਜਾਂਦਾ ਕੀ ਦਰਦਾਂ ਦੀ ਰਬ ਦਵਾ ਹੈ ? ਆਪ ਦਵਾ ਹੀ ਦਰਦ ਖ਼ੁਦਾ ਹੈ ਬੰਦੇ ਦੇ ਘਰ ਪੀੜ ਰੂਪ ਧਰ ਰਬ ਆਉਂਦਾ ਹੈ ਕਿਥੋਂ ਕੁ ਤੀਕਰ ਪੀੜ ਪੀੜ ਹੈ ਕਿਥੋਂ ਕੁ ਤੀਕਰ ਪੀੜ ਖ਼ੁਦਾ ਹੈ ਇਸ ਦਾ ਨਿਰਣਾ ਅਜੇ ਨ ਹੋਇਆ ਹਉਂ ਦੁੱਖਮ ਸ਼ਰਨਮ ਗੱਛਾਮੀ ਦੋਚਿੱਤੀਆਂ ਦੇ ਦੁਖ ਵਿਚ ਅਹਿਲਾ ਜਨਮ ਗਵਾਇਆ ਬਹੁਤ ਵਾਰ ਅਪਣੇ ਅੰਦਰ ਲੁਕ ਜਾਣਾ ਚਾਹਿਆ ਮੇਰੇ ਤੀਕਰ ਅਪਣਾ ਹੀ ਅੰਦਰ ਨ ਆਇਆ ਬਹੁਤ ਵਾਰ ਬਾਹਰ ਵਿਚ ਗੁੰਮ ਗੁਆਚਣ ਚਾਹਿਆ ਸਾਰਾ ਬਾਹਰ ਦੂਰ ਦੁਰਾਡਾ ਅਤੇ ਪਰਾਇਆ ਅੰਦਰ ਬਾਹਰ ਤੋਂ ਵਖਰਾ ਦੁਖ-ਦਾਰੂ ਤੇਰਾ ਤੂੰ ਉਹਨਾਂ ਚੋਂ ਜੋ ਪੁਛਦੇ ਨੇ ਮੈਂ ਕਿੱਥੇ ? ਮੇਰਾ ਦੁਖ ਕਿੱਥੇ ? ਦਾਰੂ ਕਿੱਥੇ ? ਸੂਲੀ ਚੜ੍ਹੇ ਚੜ੍ਹੇ ਲਭਦੇ ਨੇ : ਸੂਲੀ ਕਿਥੇ ? ਤੂੰ ਜੋਗੀ, ਹਾਲੇ ਗੁੰਮਣਾ ਹਾਲੇ ਲਭਣਾ ਹੈ ਤੈਨੂੰ ਹਾਲੇ ਸਪ ਡਸਣਾ ਹੈ ਤੈਨੂੰ ਹਾਲੋ ਵਿਸ ਚੜ੍ਹਣਾ ਹੈ ਤੂੰ ਤੋਂ ਮੈਂ ਹਾਲੇ ਬਣਨਾ ਹੈ ਮਾਈ ਮਾਈ ਮੇਰਾ ਸੱਪ ਕਿੱਥੇ ਵਸਦਾ ਹੈ ? ਕਿਸ ਹੀਲੇ ਮਹੁਰਾ ਮਿਲਦਾ ਹੈ ਸੱਪ ਡਸਦਾ ਹੈ ? ਜਾ ਜਾ ਜੋਗੀ ਮੈਨੂੰ ਹਾਲੇ ਆਪ ਪਤਾ ਨਾ ਮੇਰਾ ਅਪਣਾ ਸੱਪ ਕਿੱਥੇ ਹੈ : ਜੋ ਮੇਰੇ ਢਿਡ ਵਿਚ ਖਿੜਦਾ ਹੈ ਯਾ ਜੋ ਚਲਾ ਗਿਆ ਪਰਦੇਸਾਂ ਵਿਚ ਰੁਲਦਾ ਹੈ ? ਪੋਟੇ ਚੁੱਭੀ ਛਿਲਤਰ ਵਾਂਗੂੰ ਹਰ ਪਲ 'ਵਾਜ ਜੇਹੀ ਆਉਂਦੀ ਹੈ ਉਹ ਕਿਸ ਦੀ ਹੈ ? ਮਾਈ, ਮੇਰੇ ਨਾਲ ਤੁਰੇਂਗੀ ਮਹੁਰੇ ਤੀਕਰ ? ਮੈਨੂੰ ਮੇਰਾ ਸੱਪ ਮਿਲ ਜਾਵੇ ਤਾਂ ਮੁੜ ਆਵੀਂ ਮੈਨੂੰ ਅਪਣੇ ਸਿਰ ਤੇ ਚੁਕ ਕੇ ਪਤਾ ਨਹੀਂ ਕਿਥੋਂ ਤਕ, ਜੋਗੀ, ਤੂੰ ਜਾਣਾ ਏਂ ਮੱਥੇ ਦੇ ਵਿਚ ਜਗਦਾ ਦੀਵਾ ਕੁਝ ਘੜੀਆਂ ਤਕ ਬੁਝ ਜਾਵੇਗਾ ਉਹਦੀ ਥਾਵੇਂ ਮੈਂ ਧੁਖਣਾ ਹੈ ਜਗਦਾ ਧੁਖਦਾ ਮੱਥਾ ਲੈ ਕੇ ਕਿਸ ਕਿਸ ਥਾਵੇਂ ਤੂੰ ਰੁਲਣਾ ਹੈ ? ਜੁਗਾਂ ਜੁਗਾਂ ਤੋਂ ਚਾਨਣ-ਨ੍ਹੇਰਾ ਇਕ ਦੂਜੇ ਦੇ ਸੰਗ ਜੀਉਂਦੇ ਨੇ ਕਦੇ ਕਦੇ ਚਾਨਣ ਡਸਦੇ ਨੇ ਫੇਰ ਕਦੇ ਨ੍ਹੇਰੇ ਡਸਦੇ ਨੇ ਚਖਣਾ ਚਖਣਾ ਚਖਣਾ ਕਾਲਕੂਟ ਸੱਪਾਂ ਦਾ ਮਹੁਰਾ ਚਖਣਾ ਸਰਪਰ ਚਖਣਾ ਇਸ ਮੰਦਰ ਦੇ ਅੰਦਰ ਹਰਿ ਜੀ ਬਾਹਰ ਸੱਪ ਪਰਦਖਣਾ ਪਰਦਖਣਾ ਤੋਂ ਜੋ ਮੁੜ ਜਾਵੇ ਸੋ ਸਖਣੇ ਦਾ ਸਖਣਾ ਸੱਪਾਂ ਦੇ ਸਿਰ ਸ੍ਰਾਪ ਅਨਾਦੀ ਰੋਂਦੀ ਵੇਂਹਦੀ ਅਖ ਨਾ ਇਹਨਾਂ ਤਾਂ ਬਸ ਡਸਣਾ ਡਸਣਾ ਝੂਠ ਸੱਚ ਕੋਈ ਪਖ ਨਾ ਨਾ ਸੱਪ ਵੈਰੀ ਨਾ ਸੱਪ ਮਿੱਤਰ ਕੋਈ ਵੀ ਨਾਂ ਰਖ ਨਾ ਸੱਪਾਂ ਨਿਤ ਰਾਹਾਂ ਵਿਚ ਰਹਿਣਾ ਰਾਹਾਂ ਤੋਂ ਇਹ ਵਖ ਨਾ ਹਰ ਰਾਹੀ ਦਾ ਸੱਪ ਹਮਰਾਹੀ ਇਹ ਭਖੜਾ ਤਾਂ ਭਖਣਾ ਬਿਸੀਅਰ ਕਾਲੇ ਦੀਵੇ ਬਾਲੇ ਜਿਨ੍ਹਾਂ ਜਾਗਦੇ ਰੱਖਣਾ

3. 6

ਰਾਜਾ ਰਾਜਾ ਮੁੜ ਆਇਆ ਤੇਰਾ ਅਪਰਾਧੀ ਸੱਜੇ ਖੱਬੇ ਦੋਹੀਂ ਮੋਢੀਂ ਸੂਲੀ ਚੁੱਕੀ ਪੈਗ਼ੰਬਰ ਤਾਂ ਸੁੱਚੀ ਧੁਰ ਦਰਗਾਹੋਂ ਆਉਂਦੇ ਇਹ ਆਇਆ ਈ ਲੁੱਚੀ ਗਲੀ 'ਚੋਂ ਸੁਨਿਹਾ ਲੈ ਕੇ ਇਸ ਦਾ ਸੁਨਿਹਾ ਸੁਣੇ ਬਿਨਾ ਹੀ ਬੇਸ਼ਕ ਇਹ ਸੂਲੀ ਦੇ ਕਾਬਿਲ ਲੁੱਚੀ ਗਲੀ ਤੋਂ ਸੁੱਚੇ ਘਰ ਤਕ ਕਿੰਨੀ ਕੁ ਦੂਰੀ ਕਿੰਨਾ ਕੁ ਰਸਤਾ ? ਕਿੱਥੋਂ ਕ ਤੀਕਰ ਲੁੱਚੀ ਨਿਰੀ ਪੁਰੀ ਲੁੱਚੀ ਹੈ ? ਕਿਹੜੀ ਥਾਵੇਂ ਨਿਰੀ ਨਿਰੋਲ ਸੁੱਚ ਮਿਲਦੀ ਹੈ ? ਸੁਨਿਹਾ ਨਹੀਂ ਸਵਾਲ ਹੈ ਮੇਰਾ ਰਾਜਾ ਰਾਜਾ ਮੁੜ ਆਇਆ ਤੇਰਾ ਅਪਰਾਧੀ ਦਾਗ਼ ਲੁਆ ਕੇ ਤੇ ਪੁਛਦਾ ਏ : ਦਾਗ਼ ਮੇਰਾ ਲੁੱਚਾ ਕਿ ਸੁੱਚਾ ? ਸਦੀਆਂ ਸੁੱਤਾ ਪ੍ਰਸ਼ਨ ਜਗਾ ਕੇ ਭੋਲੇ ਮਨਾਂ 'ਚ ਸ਼ੱਕ ਸੁਬ੍ਹੇ ਦੀ ਲੂਤੀ ਲਾਵੇ ਕਿਹੜਾ ਪ੍ਰਸ਼ਨ ਜਾਂ ਕਿਹੜਾ ਉੱਤਰ ਸਦੀਆਂ ਤੋਂ ਜੋ ਜਾਗ ਰਿਹਾ ਹੈ ? ਜਾਗਣਹਾਰਾ ਕੁੱਛੜ ਚੁਕ ਕੇ ਸੂਲੀ ਚੜ੍ਹ ਜਾਵਣ ਦੀ ਲੋਚਾ ਸਦੀਆਂ ਦਾ ਕੰਮ ਤਾਂ ਸੌਣਾ ਹੈ ਜਾਗੋ ਪਲ ਛਿਣ ਦੀ ਮਜਬੂਰੀ ... ... ... ਰਾਜਾ ਰਾਜਾ ਮੁੜ ਆਇਆ ਈ ਸੂਲੀ ਜੋਗਾ ਅਸੀਂ ਕਿ ਜਿਹੜੇ ਨੀਂਦਰ ਵਿਚ ਹੀ ਸੁਪਨੇ ਘੜਦੇ ਜਾਗਦਿਆਂ ਫੌਰਨ ਸੁਟ ਪਾਉਂਦੇ ਅਸੀਂ ਕਿ ਜਿਹੜੇ ਸੁੱਤੇ ਸੁੱਤੇ ਜਾਗਣਹਾਰੇ ਜਾਗਦਿਆਂ ਹੀ ਸੌਂ ਜਾਂਦੇ ਹਾਂ ਸਾਥੋਂ ਸਾਡਾ ਜਾਗਣਹਾਰਾ ਸੁਪਨਾ ਮੰਗੇਂ ਅਸੀਂ ਤਾਂ, ਰਾਜਾ, ਕਦੀ ਕਦਾਈਂ ਪਿੰਜਰੇ ਵਿਚ ਅੱਗ ਬਾਲਣ ਵਾਲੇ ਅੱਗ ਸਮੇਤ ਪਿੰਜਰਾ ਲੈ ਕੇ ਸੂਲੀ ਸਿਖ਼ਰ ਤੇ ਚੜ੍ਹ ਜਾਵਾਂਗਾ ਕੁਲ ਦੁਨੀਆਂ ਨੂੰ ਪਿੰਜਰੇ ਦੇ ਵਿਚ ਬਲਦਾ ਦੀਵਾ ਦਿਖਲਾਏਂਗਾ ਸਾਡੀ ਬੜੀ ਨਮੋਸ਼ੀ ਹੋਊ ਰਾਜਾ ਤੇ ਰਈਅਤ ਵਿਚ ਰਤਾ ਵਿਸਾਹ ਜੀਉਂਦਾ ਹੈ ਉਹ ਮਰ ਜਾਊ ਰਾਜਾ ਰਾਜਾ ਇਹ ਮਰਜਾਣਾ ਇਸ ਨੂੰ ਮਾਰੋ ਰਾਜੇ ਨੂੰ ਕਿਉਂ ਵਾਜਾਂ ਮਾਰੋ ਰਈਅਤ ਦੇ ਆਖੇ ਹੀ ਸੂਲੀ ਚੜ੍ਹ ਜਾਵਾਂਗਾ ਹੁਣ ਤੀਕਰ ਜਿੰਨੇ ਪੈਗ਼ੰਬਰ ਸੂਲੀ ਚਾੜ੍ਹੇ ਅੰਨ੍ਹੀ ਰਈਅਤ ਨੇ ਹੀ ਚਾੜ੍ਹੇ ਪਿੰਜਰੇ ਨੂੰ ਅਪਣੇ ਦੀਵੇ ਤੋਂ ਡਰ ਲਗਦਾ ਹੈ ਪਤਾ ਨਹੀਂ ਕਦ ਬਾਹਰ ਜਾਏ ਤੇ ਅੰਦਰ ਦੀ ਬਾਹਰ ਸਾਰੀ ਖ਼ਬਰ ਪੁਚਾਏ ਡਰਦੀ ਅੰਨ੍ਹੀ ਰਈਅਤ ਤੋਂ ਸੱਚ ਨੂੰ ਖ਼ਤਰਾ ਹੈ ਰਾਜਾ ਆਓ ਰਾਜਾ ਆਓ ਸੂਲੀ ਚਾੜ੍ਹਨ ਦਾ ਤੈਨੂੰ ਹੀ ਹਕ ਬਣਦਾ ਹੈ ਰਾਜੇ ਦੀ ਥਾਂ ਜਿੱਦਣ ਰਈਅਤ ਹੁਕਮ ਚਲਾਏ ਸਭ ਕੁਝ ਉਲਟ ਪੁਲਟ ਹੋ ਜਾਏ ਅੰਨ੍ਹੇ ਨੂੰ ਜੇ ਅੱਖ ਮਿਲੇ ਤਾਂ ਡਰ ਲਗਦਾ ਹੈ ਮਤੇ ਅਚਾਨਕ ਹੀ ਖੁੱਲ੍ਹ ਜਾਏ ਤੇ ਸਾਰਾ ਕੁਝ ਨਜ਼ਰੀਂ ਆਏ 'ਅਸੀਂ ਤਾਂ ਅਣਡਿੱਠੀ ਦੁਨੀਆਂ ਦੇ ਗਿੱਝੇ ਹੋਏ ਵੇਖਣ ਚਾਖਣ ਦੇ ਵਿਚ ਸੁਣਿਆ ਨਿਰੀ ਬਦੀ ਹੈ' ਰਈਅਤ ਨੂੰ ਅਧਿਕਾਰ ਮਿਲੇ ਤਾਂ ਡਰ ਲਗਦਾ ਹੈ ਅਤੇ ਏਸ ਨੂੰ ਵਰਤ ਹੀ ਲਈਏ ਤੇ ਫਿਰ ਅਪਣੀ ਕਰਨੀ ਦਾ ਫਲ ਭਰਦੇ ਰਹੀਏ ‘ਅਸੀਂ ਨਕਰਨੇ ਦੂਜੇ ਦੀ ਕਰਨੀ ਦੇ ਆਦੀ ਕਰਨੀ ਵਿਚ ਅਪਰਾਧੀ ਹੋ ਜਾਵਣ ਦਾ ਖ਼ਤਰਾ' ਰਾਜਾ ਰਾਜਾ ਜਲਦੀ ਆਓ ਇਸ ਦੇ ਬੋਲਾਂ ਵਿਚ ਮਸ਼ਕਰੀਆਂ ਲੁੱਚੀ ਗਲੀ 'ਚ ਜੀਭੇ ਡੰਗ ਰਖਾ ਕੇ ਆਇਆ ਚਾਰ ਚੁਫੇਰੇ ਸੱਪ ਸਰਕੜਾ ਉਗ ਪਏਗਾ ਤੇਰੇ ਸਾਡੇ ਰਿਸ਼ਤੇ ਵਿਚ ਵਿਸ ਘੁਲ ਜਾਏਗੀ ਰਾਜਾ ਤੇਰਾ ਰਾਜ ਜੁਗੋ ਜੁਗ ਕਾਇਮ ਦਾਇਮ ਤੇਰੇ ਰਾਜ ਵਿਚ ਲੁੱਚੇ ਸੁੱਚੇ ਸਭ ਨੂੰ ਅਪਣੇ ਦੁੱਖ-ਰੁਝੇਵੇਂ ਦੁਖ ਦਰਦਾਂ ਤੋਂ ਦੂਰ ਨ ਕੋਈ ਜਾਣਾ ਲੋਚੇ ਦੁੱਖ ਜਿਵੇਂ ਕੋਈ ਅਪਣੇ ਘਰ ਦਾ ਬਾਲ ਅਞਾਣਾ ਦੂਰ ਗਏ ਤਾਂ ਦੁੱਖ-ਨਿਮਾਣਾ ਭੁੱਖ-ਤਿਆਇਆ ਮਰ ਜਾਵੇਗਾ ਇਸ ਦਾ ਪਾਪ ਚੜ੍ਹੇਗਾ ਸਿਰ ਤੇ ਇਕ ਦੂਜੇ ਦੇ ਦੁਖ ਵਰਾਂਦੇ, ਗੋਦ ਖਿਡਾਉਂਦੇ ਜ਼ਖ਼ਮ ਵਿਲਕਦੇ ਚੁਪ ਕਰਾਉਂਦੇ ਥਾਪੜ ਥਾਪੜ ਪੀੜ ਵਿਚਾਰੀ ਨੂੰ ਸਹਿਲਾਉਂਦੇ ਅੱਧੀ ਉਮਰਾ ਬੀਤ ਗਈ ਹੈ ਬਾਕੀ ਉਮਰਾ ਬੀਤ ਜਾਇਗੀ ਕਦੀ ਕਦੀ ਜ਼ਖ਼ਮਾਂ ਤੋਂ ਖਿਝ ਕੇ ਇਕ ਦੂਜੇ ਸੰਗ ਖਹਿਬੜਦੇ ਹਾਂ ਸਭ ਨੂੰ ਅਪਣਾ ਜ਼ਖ਼ਮ ਪਿਆਰਾ ਜ਼ਖ਼ਮ ਜਦੋਂ ਬਹੁਤਾ ਦੁਖ ਜਾਏ ਉਸ ਤੋਂ ਚਿੜ ਕੇ ਮਾਂ ਵਿਚਾਰੀ ਦੂਜਾ ਜ਼ਖ਼ਮ ਦੁਖਾਵਣ ਜਾਏ ਖਿੱਝਦੇ ਚਿੜਦੇ ਤੇ ਖਹਿਬੜਦੇ ਅਧੀ ਉਮਰਾ ਬੀਤ ਗਈ ਹੈ ਬਾਕੀ ਉਮਰਾ ਬੀਤ ਜਾਇਗੀ ਰਾਜਾ ਰਾਜਾ ਜਲਦੀ ਆਓ ਸਾਡੇ ਜ਼ਖ਼ਮ ਉਚੇੜ ਰਿਹਾ ਤੇਰਾ ਪੈਗ਼ੰਬਰ ਪੀੜ ਜਦੋਂ ਹਦ ਹੋ ਜਾਏਗੀ ਤੇਰੇ ਤਕ ਫ਼ਰਿਆਦ ਪੁਚਾਵਣ ਕਿਹੜਾ ਜਾਊ ਇਹ ਬੜਬੋਲਾ ਆਪੇ ਸੂਲੀ ਟੰਗ ਦਿਆਂਗੇ ਕਦੋਂ ਕਦੋਂ ਨਾ ਲੋਕਾਂ ਅਪਣੇ ਖ਼ਾਸ ਜ਼ਖ਼ਮ ਨੂੰ ਸੂਲੀ ਟੰਗਿਆ ਜਦੋਂ ਜਦੋਂ ਮੈਂ ਦੁਖ ਦਾ ਦਾਰੂ ਲੱਭਣ ਭੀੜਾਂ ਦੇ ਵਿਚ ਆਇਆ ਭੀੜਾਂ ਮੈਨੂੰ ਖਹਿਸਰ ਖਹਿਸਰ ਬਹੁਤ ਸਤਾਇਆ ਨੰਗੇ ਚੁਲ੍ਹਿਆਂ ਸੜਦਾ ਬਲਦਾ ਭੁੱਬਲ ਮੇਰੀ ਝੋਲੀ ਪਾਇਆ ਨੰਗਾ ਜ਼ਖ਼ਮ ਭਲਾ ਭੀੜਾਂ ਵਿਚ ਕਾਹਨੂੰ ਜਾਵੇ ? ਦਾਰੂ ਲੱਭਣ ਜਦ ਜਾਏਗਾ ਜ਼ਖ਼ਮ ਇਕੱਲਾ ਹੀ ਜਾਏਗਾ ਜੀਕਣ ਕੋਈ ਨੰਗਮੁਨੰਗਾ ਤਨ ਦਾ ਕੱਜਣ ਲੱਭਣ ਜਾਏ ਨੰਗਾ ਹੋਵਣ ਕਾਰਨ ਕੁੱਟ ਵਧੇਰੇ ਖਾਏ ਜਦੋਂ ਕਦੇ ਮੈਂ ਭੋਰੇ ਪੈ ਕੇ ਅਪਣਾ ਆਪ ਲੁਕਾਉਣਾ ਚਾਹਿਆ ਦਾਰੂ ਪੀ ਕੇ ਅਪਣਾ ਦਰਦ ਭੁਲਾਉਣਾ ਚਾਹਿਆ ਕੁੱਲ ਜ਼ਮਾਨੇ ਮੇਰਾ ਬੂਹਾ ਆ ਖੜਕਾਇਆ ਸੌਂਦਾ ਸੌਦਾ ਏਸ ਜ਼ਖ਼ਮ ਨੂੰ ਝੂਣ ਜਗਾਇਆ ਸੁੱਤਾ ਸੁੱਤਾ ਮੈਂ ਉਠਿਆ ਤਾਂ ਦਾਗ਼-ਦਾਗ਼ ਸਾਂ ਇਕਲਾਪੇ ਦਾ ਮਿਹਣਾ ਪੱਥਰਾਂ ਵਾਂਗੂੰ ਵਰ੍ਹਦਾ ਜ਼ਖ਼ਮਾਂ ਦੀ ਸੱਥ ਵਿਚੋਂ ਉਠ ਕੇ ਜੇ ਕੋਈ ਕਿਧਰੇ ਤੁਰ ਜਾਏ ਭਾਈਆਂ ਵਿਚ ਨਕਟਾ ਅਖਵਾਏ ਉਸ ਨੂੰ ਕੋਈ ਮੂੰਹ ਨਾ ਲਾਏ ਰਾਜਾ ਰਾਜਾ ਅਬਿਚਲ ਰਾਜ ਕਰੇਂ ਨਿਤ ਨੀਤਾ ਤੇਰੇ ਰਾਜ ਵਿਚ ਜ਼ਖ਼ਮਾਂ ਫੂਹੜੀ ਸਦਾ ਵਿਛਾਈ ਜ਼ਖ਼ਮ ਕੋਈ ਨਾ ਕੋਈ ਮਰਿਆ ਜਾਂ ਮਾਂਦਾ ਹੈ ਬਾਕੀ ਉਸ ਦੇ ਕਫ਼ਨ ਦਫ਼ਨ ਲਈ ਫ਼ਿਕਰਮੰਦ ਨੇ ਜ਼ਖ਼ਮਾਂ ਦੀ ਜ਼ਖ਼ਮਾਂ ਸੰਗ ਏਨੀ ਪੱਕ ਭਿਆਲੀ ਕਿਸੇ ਜ਼ਖ਼ਮ ਨੂੰ ਤੇਰੇ ਜੋਗੀ ਵਿਹਲ ਨਹੀਂ ਹੈ ਤੇਰੇ ਤੰਤਰ ਦੀ ਇਹਨਾਂ ਨੂੰ ਖ਼ਬਰ ਨਹੀਂ ਹੈ ਲਾ ਲਾ ਕੇ ਗੱਲਾਂ ਕਰਦਾ ਏਂ ਉਂਜ ਦਿਸਦਾ ਏ ਰਿਸਦਾ ਜ਼ਖ਼ਮ ਕੋਈ ਹੈਂ ਤੂੰ ਵੀ ਏਸ ਰਾਜ ਵਿਚ ਜ਼ਖ਼ਮਾਂ ਬਿਨ ਕਿਹੜਾ ਵਸਦਾ ਏ ? ਜ਼ਖ਼ਮ ਹੀ ਨੰਗੇ ਗੋਦੀ ਦੇ ਵਿਚ ਜ਼ਖ਼ਮ ਖਿਡਾਏ ਅਪਣਾ ਦਰਦ ਵਰਾਵਣ ਖ਼ਾਤਰ ਜ਼ਖ਼ਮ ਜ਼ਖ਼ਮ ਸੰਗ ਇਸ਼ਕ ਰਚਾਏ ਤਾਂ ਵੀ ਦਰਦ ਨੂੰ ਚੈਨ ਨ ਆਏ ਜ਼ਖਮ ਢੰਡੋਰਾ ਦੇਵੇ : ਲੋਕੋ ਇਸ ਨਗਰੀ ਵਿਚ ਜ਼ਖ਼ਮ ਨ ਕੋਈ ਜੰਮੇ ਨਾ ਕੋਈ ਜ਼ਖ਼ਮ ਵਿਆਹੇ ਧੂੰਏਂ ਦੇ ਇਸ ਧੌਲਰ ਵਿਚ ਚਿਣਗਾਂ ਚਿੰਗਿਆੜੇ ਕਾਹਨੂੰ ਕੋਈ ਅੰਦਰ ਜਾਏ ਹੱਥ ਸੜਾਏ ਉਹ ਜਿਹੜੇ ਧੂੰਏਂ ਦੇ ਧੌਲਰ ਵਿਚ ਘਿਰੇ ਨੇ ਅੱਗ ਦਾ ਟੁੱਕਰ ਖਾਂਦੇ, ਅੱਗ ਦੇ ਲੀੜੇ ਪਾਂਦੇ ਧੂੰਏਂ ਨਾਲ ਧੁਆਂਖੀਆਂ ਅਖੀਆਂ ਰਸਤਾ ਨਜ਼ਰ ਨ ਆਏ ਉਹਨਾਂ ਦੇ ਬਚ ਨਿਕਲਣ ਦਾ ਕੋਈ ਵੀ ਰਾਹ ਹੈ ? ਫਿਰ ਦੱਸਾਂਗਾ ਪਹਿਲਾਂ ਮੈਨੂੰ ਸੂਲੀ ਚਾੜ੍ਹੋ ਮੇਰਾ ਬੋਲ ਭਰੋਸੇ ਜੋਗਾ ਹੋਵੇ ਤੇਰੇ ਆਸੇ ਪਾਸੇ ਸੂਲੀ ਕਿਸ ਸੂਲੀ ਤੇ ਤੂੰ ਚੜ੍ਹਨਾ ਏਂ ਕਾਹਨੂੰ ਤੂੰ ਦੋ ਦੋ ਚੁਕੀਆਂ ਨੇ ? ਜਿਸ ਸੂਲੀ ਤੇ ਮਰਜ਼ੀ ਚਾੜ੍ਹੋ ਦੂਜੀ ਸੂਲੀ ਰਹਿਣ ਦਿਓ ਮੇਰੇ ਮੋਢੇ ਤੇ ਇਕ ਸੂਲੀ ਤੇ ਮਰ ਜਾਵੇਂਗਾ ਦੂਜੀ ਧੁਰ ਦਰਗਾਹੇ ਹਿਕ ਤੇ ਧਰ ਜਾਵੇਂਗਾ ? ਮਰਨ ਬਾਦ ਬੰਦੇ ਨੂੰ ਮੁੜ ਕੇ ਮਰਨਾ ਪੈਂਦਾ ਸੂਲੀ-ਚੜ੍ਹੇ ਨੂੰ ਮੁੜ ਕੇ ਸੂਲੀ ਚੜ੍ਹਨਾ ਪੈਂਦਾ ਇਕ ਵਾਰੀ ਤਾਂ ਸੂਲੀ ਚਾੜ੍ਹੋ ਦੂਜੀ ਵਾਰੀ ਅਪਣੀ ਕਰਨੀ ਪਏ ਵਿਚਾਰੋ ਮਨ ਅਪਰਾਧੀ ਨੂੰ ਪਰਬੋਧਨ ਖ਼ਾਤਰ ਅਪਣੀ ਕੀਤੀ ਨੂੰ ਸਚਿਆਰੋ ਸੂਲੀ-ਚੜ੍ਹੇ ਨੂੰ ਸੂਲੀ ਚਾੜ੍ਹੋ ਆਸੇ ਸੂਲੀ ਪਾਸੇ ਸੂਲੀ ਵਿੱਚ ਵਿਚਾਲੇ ਸ਼ੋਰ ਪਿਆ ਇਕ ਵਾਰੀ ਮਰਨਾ ਹੋਰ ਪਿਆ ਆਸੇ ਅੱਲਾ ਪਾਸੇ ਮੌਲਾ ਵਿਚ ਰਾਜਾ ਮੂੰਹਜ਼ੋਰ ਪਿਆ ਜਰ ਕੇ ਜਰਨਾ ਹੋਰ ਪਿਆ ਲੋਕੇ ਦੁਖ ਪਰਲੋਕੇ ਦੁਖੜਾ ਦੁਖਦਾ ਪੋਰੋ ਪੋਰ ਪਿਆ ਹਰ ਹਰ ਕਰਨਾ ਹੋਰ ਪਿਆ ਆਂਢੇ ਲੋਕ ਗੁਆਂਢੇ ਲੋਕੀਂ ਵਿਚ ਲੋਕਾਂ ਦਾ ਰੋੜ੍ਹ ਪਿਆ ਥਾਂ ਥਾਂ ਡਰਨਾ ਹੋਰ ਪਿਆ ਆਸੇ ਕਰਜਾ ਪਾਸੇ ਕਰਜਾ ਰਾਹ ਵਿਚ ਫਿਰਦਾ ਚੋਰ ਪਿਆ ਹਰਜਾ ਭਰਨਾ ਹੋਰ ਪਿਆ

3. 7

ਸੂਲੀਏ ਮੇਰੀ ਪਿਆਰੀ ਆਂਦਰ ਵਾਪਸ ਦੇ ਦੇ ਦਰ ਦਰ ਭਿਛਿਆ ਮੰਗਦੀ ਆਂਦਰ ਤੈਂ ਦਰ ਆਈ ਤੂੰ ਦਰਵਾਜ਼ੇ ਖੋਲ੍ਹੇ ਇਹ ਤੇਰੀ ਵਡਿਆਈ ਉਸ ਦੇ ਬਿਨ ਮੈਂ ਸੁੰਨੀ ਸੁੰਨੀ ਕੁੱਲ ਲੁਕਾਈ ਉਸ ਨੂੰ ਲਭ ਲਭ ਹਾਰੀ ਆਂਦਰ ਵਾਪਸ ਦੇ ਦੇ ਧੰਨ ਭਾਗ ਆਂਦਰ ਨੂੰ ਮੇਰਾ ਚੇਤਾ ਆਇਆ ਜੁਗਾਂ ਜੁਗੰਤਰ ਪਿੱਛੋਂ ਮੇਰਾ ਦਰ ਖੜਕਾਇਆ ਉਸ ਬਿਨ ਸੁੰਨਾ ਸਖਣਾ ਨੀ ਮੈਂ ਜੀਣ ਬਿਤਾਇਆ ਰੌਣਕ ਦਾ ਵਰਤਾਰਾ ਤੈਨੂੰ ਕੀਕਣ ਦੇਵਾਂ ਸਿਰ ਤੇਰੇ ਤੇ ਚੜ੍ਹ ਕੇ ਮੇਰੀ ਆਂਦਰ ਬੋਲੇ ਹੰਝੂ ਹੰਝੂ ਕਰ ਕੇ ਦਰਿਆ ਪਈ ਫਰੋਲੇ ਹੰਝੂ ਨੰਗਾ ਅੜੀਏ ਕੱਜਣ ਮੇਰੇ ਕੋਲੇ ਨੰਗੀ ਸ਼ਰਮਾਂ ਮਾਰੀ ਆਂਦਰ ਵਾਪਸ ਦੇ ਦੇ ਬਹੁਤ ਦਿਨਾਂ ਪਿਛੋਂ ਨੀ ਮੈਨੂੰ ਜੀਭ ਜੁੜੀ ਏ ਸਿੱਲ੍ਹੀ ਸਿੱਲ੍ਹੀ ਮਮਤਾ ਮੇਰੇ ਅੰਗ ਪੁੜੀ ਏ ਤੈਨੂੰ ਬੋਲ ਬਥੇਰੇ ਇਕ ਮੇਰੇ ਕੋਲ ਰਹਿਣ ਦੇ ਪੱਥਰ ਮੇਰੀ ਅੱਖ ਨੂੰ ਅੱਥਰ ਡੋਲ੍ਹ ਲੈਣ ਦੇ ਆਂਦਰ ਮੇਰਾ ਸਹਾਰਾ ਤੈਨੂੰ ਕੀਕਣ ਦੇਵਾਂ ਮਾਰੂਥਲ ਵਿਚ ਆਂਦਰ ਬਕਰੀ ਲਭ ਲਭ ਹਾਰੀ ਨੰਗੇ ਪੈਰੀਂ ਤਪਦੀ ਰੇਤਾ ਫਿਰੇ ਵਿਚਾਰੀ ਕਿਹੜੀ ਕਿਸਮਤ ਨੇ ਉਹ ਤੇਰੇ ਸਿਖਰੀਂ ਚਾੜ੍ਹੀ ਉਹ ਮੇਰੀ ਦੁਖਿਆਰੀ ਆਂਦਰ ਵਾਪਸ ਦੇ ਦੇ ਮੇਰੇ ਹੀ ਸਿਰ ਉਤੇ ਮਾਰੂਥਲ ਵਸਦਾ ਏ ਮਮਤਾ ਵਾਲੀ ਬਕਰੀ ਦਾ ਏਹੋ ਰਸਤਾ ਏ ਉਸ ਨੂੰ ਲੱਭਣਹਾਰਾ ਛਮ ਛਮ ਛਮ ਵਸਦਾ ਏ ਡੀਕ ਲਿਆ ਮੈਂ ਸਾਰਾ ਤੈਨੂੰ ਕੀਕਣ ਦੇਵਾਂ ਕਦੀ ਓਸ ਨੇ ਚਾਹਿਆ ਜਾਵਾਂ ਨੰਗੇ ਚੁੱਲ੍ਹੇ ਨਾਚੀ ਜਿੱਥੇ ਢਿੱਡੋਂ ਸਖਣੀ ਝਾਟੇ ਖੁੱਲ੍ਹੇ ਬਣੇ ਬਣਾਤੇ ਰਸਤੇ ਜਿੱਥੇ ਰਾਹੀ ਭੁੱਲੇ ਦੁਨੀਆਂ ਬਦਲਣਹਾਰੀ ਆਂਦਰ ਵਾਪਸ ਦੇ ਦੇ ਭੁਲ ਕੇ ਏਥੇ ਹੀ ਆਉਂਦੇ ਰਾਹ ਬਣੇ ਬਣਾਤੇ ਏਥੇ ਹੀ ਨਚਦੇ ਸਿਰ ਖੁੱਲ੍ਹੇ ਨਗਨ ਸਿਆਪੇ ਕੀਕਣ ਦੇਵੇਂਗੀ ਕੱਜਣ ਸਿਰ ਨੰਗੀ ਲਾਟੇ ਇਹ ਅੱਗ ਨਿਰੀ ਪੁਆੜਾ ਤੈਨੂੰ ਕੀਕਣ ਦੇਵਾਂ ਕਦੀ ਓਸ ਨੇ ਚਾਹਿਆ ਮੈਂ ਭੋਰੇ ਪੈ ਜਾਵਾਂ ਅਪਣੇ ਅੰਦਰ ਅਪਣੇ ਹੀ ਸੰਗ ਕਰਾਂ ਸਲਾਹਵਾਂ ਬਾਹਰ ਕਾਹਨੂੰ ਝਾਕਣ ਮੈਨੂੰ ਮੰਦ ਨਿਗਾਹਵਾਂ ਡਾਹਢੀ ਸੰਗਣਹਾਰੀ ਆਂਦਰ ਵਾਪਸ ਦੇ ਦੇ ਅਪਣੇ ਸੰਗ ਸਲਾਹਾਂ ਅੱਲਾ ਸੰਗ ਸਲਾਹਾਂ ਕੁਲ ਆਲਮ ਨੂੰ ਵੇਖਣ ਅੰਦਰ ਵੱਲ ਨਿਗਾਹਾਂ ਭੋਰੇ ਵਾਲਾ ਲੋਚੇ ਕੁਲ ਦੀ ਖ਼ੈਰ ਮਨਾਵਾਂ ਸਭਨਾਂ ਦਾ ਇਕਸਾਰਾ ਵਾਪਸ ਕੀਕਣ ਦੇਵਾਂ ਉਹ ਕਹਿੰਦੀ ਸੀ ਮਾਰੂਥਲ ਵਿਚ ਇਕ ਦਰਿਆ ਏ ਆਪਾ ਭੁਲਣਹਾਰ ਨਸ਼ੇ ਸੰਗ ਉਹ ਭਰਿਆ ਏ ਦਰਿਆ ਦੇ ਵਲ ਜਾਵਾਂ ਏਥੇ ਕੀ ਧਰਿਆ ਏ ਮੰਜ਼ਲ ਉਹਦੀ ਭਾਰੀ ਆਂਦਰ ਵਾਪਸ ਦੇ ਦੇ ਮੇਰੇ ਸਿਰ 'ਚੋਂ ਹੀ ਦਰਿਆ ਦਾ ਮੋਘਾ ਖੁੱਲ੍ਹੇ ਇਸ ਦਰਿਆ ਨੂੰ ਜਿਹੜਾ ਡੀਕੇ ਆਪਾ ਭੁੱਲੇ ਪਰ ਧਰਤੀ ਦਾ ਰਾਜ਼ ਉਸੇ ਭੁੱਲੇ ਤੋਂ ਖੁੱਲ੍ਹੇ ਐਸਾ ਭੁੱਲਣਹਾਰਾ ਤੈਨੂੰ ਕੀਕਣ ਦੇਵਾਂ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ - ਹਰਿਭਜਨ ਸਿੰਘ ਡਾ.
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ