Mazharul Haque Atahar
ਮਜ਼ਹਰੁਲ ਹੱਕ 'ਅਤਹਰ'

ਨਾਂ-ਮਜ਼ਹਰੁਲ ਹੱਕ ਬਲੋਚ, ਕਲਮੀ ਨਾਂ-ਮਜ਼ਹਰੁਲ ਹੱਕ 'ਅਤਹਰ',
ਪਿਤਾ ਦਾ ਨਾਂ-ਅੱਲਾ ਯਾਰ ਖਾਂ,
ਜਨਮ ਤਾਰੀਖ਼, 10 ਅਗਸਤ 1942,
ਜਨਮ ਸਥਾਨ-ਚੱਕ ਨੰਬਰ 421, ਗ. ਬ. ਕਿਰਪਾਲਾ ਜ਼ਿਲਾ ਫ਼ੈਸਲਾਬਾਦ,
ਵਿਦਿਆ-ਐਮ. ਐਸ. ਸੀ, ਪੀ. ਐਚ. ਡੀ. ਕਿੱਤਾ-ਸਰਕਾਰੀ ਨੌਕਰੀ,
ਛਪੀਆਂ ਕਿਤਾਬਾਂ-ਮਨਜ਼ਰ ਮਨਜ਼ਰ ਸੁਫ਼ਨਾ (ਪੰਜਾਬੀ ਗ਼ਜ਼ਲ),
ਪਤਾ-ਚੱਕ ਨੰਬਰ 421 ਗ.ਬ. ਕਿਰਪਾਲਾ, ਪੰਜਾਬ ।

ਪੰਜਾਬੀ ਗ਼ਜ਼ਲਾਂ (ਮਨਜ਼ਰ ਮਨਜ਼ਰ ਸੁਫ਼ਨਾ 1994 ਵਿੱਚੋਂ) : ਮਜ਼ਹਰੁਲ ਹੱਕ ਅਤਹਰ

Punjabi Ghazlan (Manzar Manzar Sufna 1994) : Mazharul Haque Atahar



ਦਿਨ ਦੀ ਧੁੱਪ ਸ਼ਰਮਾਵੇ ਤੈਥੋਂ

ਦਿਨ ਦੀ ਧੁੱਪ ਸ਼ਰਮਾਵੇ ਤੈਥੋਂ ਚੰਨ ਦੀ ਚਾਨਣੀ ਲੁਕਦੀ ਏ । ਕੱਲੀ ਸੋਚ ਯਾ ਮਹਿਫ਼ਲ ਦੀ ਗੱਲ ਤੇਰੇ ਨਾਂ ਤੇ ਮੁੱਕਦੀ ਏ । 'ਵਾ ਫ਼ਜਰ ਦੀ ਰੂਪ ਤੇਰੇ ਨੂੰ ਫੁੱਲਾਂ ਦੇ ਵਿਚ ਵੰਡਿਆ ਏ, ਤੇਰੇ ਪਰਛਾਵੇਂ ਦੀ ਪਾਹਰੂ ਬਦਲੀ ਥਾਂ-ਥਾਂ ਝੁਕਦੀ ਏ । ਅੰਬਰ ਵੀ ਧਰਤੀ ਦਾ ਉਥੋਂ ਝੁੱਕ-ਝੁੱਕ ਸੀਨਾ ਚੁੰਮਦਾ ਏ, ਨਕਸ਼ ਤੇਰੇ ਪੈਰਾਂ ਦੇ ਲੱਭਦੇ ਜਿੱਥੇ ਅੱਖ ਜਾ ਰੁਕਦੀ ਏ । ਤੇਰੇ ਰੰਗ ਨੂੰ ਵੇਖ-ਵੇਖ ਕੇ ਰੁੱਤਾਂ ਬਦਲਣ ਰੰਗ ਆਪਣੇ, ਤੇਰੀ ਨਿੱਤ ਉਡੀਕ 'ਚ ਬਹਿ-ਬਹਿ ਜਿੰਦ ਅਸਾਡੀ ਸੁੱਕਦੀ ਏ । ਤੇਰੀ ਚਾਹ ਦੇ ਖ਼ੂਨ ਦੀ ਮਹਿੰਦੀ ਸੂਰਜ ਵੀ ਲਾ ਹੱਥਾਂ ਤੇ, ਰੋਜ਼ ਜਵਾਨੀ ਚੜ੍ਹਦਾ ਏ ਤੇ ਰੋਜ਼ ਨਵੀਂ ਜੰਝ ਢੁੱਕਦੀ ਏ । 'ਅਤਹਰ' ਹੀਰ ਦਾ ਚਾਕ ਕਹਾਂ, ਮਹੀਵਾਲ ਯਾ ਪੁੰਨੂ ਸੱਸੀ ਦਾ, ਜਿਸ ਨੂੰ ਵੇਖਣ ਦੇ ਲਈ ਕੋਈ ਸੂਰਤ ਅੱਖ ਨਾ ਚੁੱਕਦੀ ਏ ।

ਕੁੱਝ ਨਾ ਮੰਗਿਆ ਬਹੁਤਾ ਮਿਲਿਆ

ਕੁੱਝ ਨਾ ਮੰਗਿਆ ਬਹੁਤਾ ਮਿਲਿਆ ਜੋ ਚਾਹੁੰਦਾ ਸੀ ਪਾਇਆ ਨਹੀਂ । ਮੈਂ ਵੀ ਹਾਲੀ ਤੀਕ ਤੇ ਆਪਣੇ ਵਕਤਾਂ ਨੂੰ ਅਜ਼ਮਾਇਆ ਨਹੀਂ । ਮੈਂ ਵੀ ਕਦਮ ਨਹੀਂ ਚੁੱਕਿਆ ਕੋਈ ਮੰਜ਼ਿਲ ਵੱਲੇ ਜਾਣ ਲਈ, ਮੰਜ਼ਿਲ ਵੱਲੋਂ ਵੀ ਮੈਨੂੰ ਤੇ ਕੋਈ ਸੁਨੇਹਾ ਆਇਆ ਨਹੀਂ । ਦਰਦ ਤੇ ਸੁੱਖ ਵੰਡਾਵਣ ਵਾਲੇ ਜਿਸ ਦੇ ਸੱਜਣ ਬੇਲੀ ਹੋਣ, ਉਹਨੂੰ ਦੁੱਖ ਨੇ ਕੀ ਕਹਿਣਾ ਏ ਉਹਦਾ ਦੁੱਖ ਪਰਾਇਆ ਨਹੀਂ । ਕੌਣ ਏ ਜਿਹੜਾ ਲੋੜਾਂ ਕੋਲੋਂ ਨਿੱਤ ਕਤਰਾ ਕੇ ਲੰਘਿਆ ਏ, ਕੌਣ ਏ ਜੀਹਨੇ ਆਪਣਾ ਜੁੱਸਾ ਲੋੜਾਂ ਨਾਲ ਹੰਢਾਇਆ ਨਹੀਂ । ਤੂੰ ਇਤਬਾਰ ਕਰੀਂ ਨਾ ਉੱਕਾ ਇਸ ਧਰਤੀ ਤੇ ਚਾਨਣ ਦਾ, ਥੋੜੀ ਦੇਰ ਵੀ ਇਸ ਚਾਨਣ ਨੇ ਏਥੇ ਸਾਥ ਨਿਭਾਇਆ ਨਹੀਂ । ਡੁੱਬੇਂਗਾ ਯਾ ਤਰ ਜਾਵੇਂਗਾ ਮੌਜਾਂ ਦੇ ਨਾਲ ਖਹਿ ਕੇ ਦੇਖ, ਪਾਰ ਕੀ ਲੱਗਣਾ ਉਸ ਪਾਣੀ ਵਿਚ ਪੈਰ ਜੀਹਨੇ ਵੀ ਪਾਇਆ ਨਹੀਂ । ਆਪਣਾ ਦਿਲ ਮੈਂ ਕਿਸਰਾਂ ਲਾਵਾਂ 'ਅਤਹਰ' ਝੂਠੇ ਜੱਗ ਦੇ ਨਾਲ, ਝੂਠੇ ਜੱਗ ਦੇ ਝੂਠੇ ਰਿਸ਼ਤੇ ਸੁੱਚੀ ਇਹਦੀ ਮਾਇਆ ਨਹੀਂ ।

ਜਿੱਥੇ ਜਿੱਥੇ ਚਾਨਣ ਡਿੱਠਾ

ਜਿੱਥੇ ਜਿੱਥੇ ਚਾਨਣ ਡਿੱਠਾ ਮਕਰ ਫ਼ਰੇਬ ਦੇ ਜਾਲ ਵੀ ਸਨ । ਨ੍ਹੇਰੇ ਜਿੱਥੇ ਕਾਲਖ਼ ਵੰਡੀ ਪਰਵਾਨੇ ਬੇਹਾਲ ਵੀ ਸਨ । ਮਹਿਲਾਂ ਦੇ ਵਿਚ ਰਹਿੰਦਿਆਂ ਹੋਇਆਂ ਝੁੱਗੀਆਂ ਦੇ ਵਲ ਤੱਕਦੇ ਰਹੇ, ਉੱਚੀਆਂ ਪੱਗਾਂ ਵਾਲਿਆਂ ਦੇ ਗਲ ਲੀਰਾਂ ਦੇ ਜੰਜਾਲ ਵੀ ਸਨ । ਦਰਦ ਦੀ ਦੌਲਤ ਵੰਡਣ ਵਾਲੇ ਮਾਲਕ ਬਣ-ਬਣ ਬਹਿੰਦੇ ਰਹੇ, ਦਰਦਾਂ ਮਾਰੇ ਵਾਸੀ ਏਸੇ ਧਰਤੀ ਦੇ ਕੰਗਾਲ ਵੀ ਸਨ । ਇੱਕ ਕੱਜਲ ਦੀ ਧਾਰੀ ਪਿੱਛੇ ਧਾਰਾਂ ਸਨ ਕੁਝ ਖ਼ੂਨ ਦੀਆਂ, ਅੱਖ ਜੇ ਡਿੱਠਾ ਚੜ੍ਹਦਾ ਸੂਰਜ ਡਿੱਠੇ ਕਈ ਜਵਾਲ ਵੀ ਸਨ । ਆਪਣੇ ਚਿਹਰੇ ਵੇਖਦੇ ਸਨ ਬਸ ਸ਼ੀਸ਼ੇ ਸਾਹਮਣੇ ਬਹਿ ਕੇ ਲੋਕ, ਦੂਜੇ ਦੇ ਮਨ ਨੂੰ ਪੜ੍ਹ ਲੈਂਦੇ ਰੱਖਦੇ ਏਡ ਕਮਾਲ ਵੀ ਸਨ । ਅਣਖ ਦੇ ਮਾਰੇ ਲੋੜ ਪਵੇ ਤੇ ਲਹੂ ਪੀਂਦੇ ਸਨ ਆਪਣਾ ਵੀ, ਮਜਬੂਰੀ ਜੇ ਆਣ ਪਵੇ ਤੇ ਬਣਦੇ ਉਹਦੇ ਬਾਲ ਵੀ ਸਨ । 'ਅਤਹਰ' ਕਾਲੇ ਚਿੱਟੇ ਬੱਦਲਾਂ ਕੱਜਨਾ ਕੀ ਹਨੇਰੇ ਦਾ, ਚਿਹਰੇ ਤੇ ਲੱਖ ਰੂਪ ਸਜਾਇਆ ਲੁਕੇ ਕਦੇ ਐਮਾਲ ਵੀ ਸਨ ।

ਸੋਚ ਰਿਹਾ ਵਾਂ ਅੱਜ ਦੇ ਦੌਰ 'ਚ

ਸੋਚ ਰਿਹਾ ਵਾਂ ਅੱਜ ਦੇ ਦੌਰ 'ਚ ਕੀਹਨੂੰ ਯਾਰ ਬਣਾਵਾਂ । ਅੰਨ੍ਹੀਆਂ ਕਾਲੀਆਂ ਰਾਤਾਂ ਵਿਚ ਤੇ ਲੱਭਦਾ ਨਹੀਂ ਪਰਛਾਵਾਂ । ਪਛਤਾਵੇਂ ਨੂੰ ਡਿੱਠਾ ਲੋਕੀ ਵੈਰੀ ਪਏ ਸਮਝਦੇ, ਆਪਣੇ ਸਿਰ ਪਵੇ ਨਾ ਜਿਹੜੀ ਕਿੱਥੋਂ ਸੁਆਹ ਉਡਾਵਾਂ । ਵੇਲੇ ਦਾ ਸੁਕਰਾਤ ਏ ਕਿੱਥੇ ਸੋਚਾਂ ਡਰਦਾ-ਡਰਦਾ, ਫੇਰ ਨਾ ਪੀ ਲਏ ਜ਼ਹਿਰ ਪਿਆਲਾ ਉਹਨੂੰ ਏਹ ਸਮਝਾਵਾਂ । ਪਹਿਲਾਂ ਪੰਛੀ ਨਿੱਤ ਹਵਾ ਦੇ ਰੁੱਖ ਨੂੰ ਉੱਡਦੇ ਰਹਿੰਦੇ, ਬੰਦਿਆਂ ਦਾ ਵੀ ਰੁਖ ਹੁਣ ਉਧਰ ਜਿੱਧਰ ਦੀਆਂ ਹਵਾਵਾਂ । ਉਂਜ ਤੇ ਹਰ ਬੂਹੇ ਤੇ ਲਟਕਣ ਅਦਲ ਦੀਆਂ ਜ਼ੰਜੀਰਾਂ, ਸਾਰੇ ਮੁਜਰਮ ਸਾਰੇ ਮੁਨਸਿਫ਼ ਦੇਵੇ ਕੌਣ ਸਜ਼ਾਵਾਂ । ਮੈਂ ਜਗ ਸਾਰਾ ਛਾਣ ਲਿਆ ਏ 'ਅਤਹਰ' ਯਾਰ ਕੀ ਪੁੱਛੇਂ, ਲੱਭਿਆ ਨਹੀਂ ਵਜੂਦ ਅਜਿਹਾ ਜੀਹਨੂੰ ਦਾਰ ਚੜ੍ਹਾਵਾਂ ।

ਨਹੀਂ ਏਥੇ ਕਦੇ ਬਣਿਆ ਕੋਈ

ਨਹੀਂ ਏਥੇ ਕਦੇ ਬਣਿਆ ਕੋਈ ਮੁਖ਼ਤਾਰ ਲੋਕਾਂ ਦਾ । ਮੇਰਾ ਸੰਸਾਰ ਏ ਯਾਰੋ ਫ਼ਕਤ ਖ਼ੁੱਦਾਰ ਲੋਕਾਂ ਦਾ । ਜਦੋਂ ਯੂਸਫ਼ ਦੀ ਨੀਲਾਮੀ ਦੁਬਾਰਾ ਹੋ ਨਹੀਂ ਸਕਦੀ, ਇਹ ਦੱਸੋ ਫੇਰ ਕਾਹਨੂੰ ਸਜ ਗਿਆ ਬਾਜ਼ਾਰ ਲੋਕਾਂ ਦਾ । ਤਮੰਨਾਵਾਂ ਦੇ ਵਿਹੜੇ ਵਿਚ ਫ਼ਕਤ ਕੰਡੇ ਹੀ ਉੱਗਦੇ ਨੇ, ਮੁਬਾਰਕਬਾਦ ਦੇ ਲਾਇਕ ਸਿਲਾ ਗ਼ਮਖ਼ਾਰ ਲੋਕਾਂ ਦਾ । ਗ਼ਰੀਬਾਂ ਤੇ ਸਿਤਮ ਹੋਵੇ, ਤਮਾਸ਼ਾ ਜਾਪਦਾ ਸਭ ਨੂੰ, ਖ਼ੁਦਾ ਹਾਫ਼ਿਜ਼ ਤੁਹਾਡੇ ਸ਼ਹਿਰ ਵਿਚ ਕਿਰਦਾਰ ਲੋਕਾਂ ਦਾ । ਫ਼ਰਿਸ਼ਤੇ ਆਉਣਗੇ ਤਦ ਏਸ ਬਸਤੀ ਨੂੰ ਵਸਾਵਣ ਲਈ, ਲਹੂ ਬਸ ਸੁਰਖ਼ ਏਥੇ ਰਹਿ ਗਿਆ ਦੋ-ਚਾਰ ਲੋਕਾਂ ਦਾ । ਪਰ੍ਹਾਂ ਇਨ੍ਹਾਂ ਤੋਂ ਹੋ ਜਾਵੇ, ਮਿਰੇ ਵਾਂਗੂੰ ਤਾਂ ਚੰਗਾ ਏ, ਨਾ ਲੈ ਡੁੱਬੇ ਕਿਤੇ ਤੈਨੂੰ ਵੀ 'ਅਤਹਰ' ਪਿਆਰ ਲੋਕਾਂ ਦਾ ।

ਜਿਸ ਦੀ ਖ਼ਾਤਰ ਦਮ ਦੀ ਚੋਲੀ ਛਿੱਜੀ ਏ

ਜਿਸ ਦੀ ਖ਼ਾਤਰ ਦਮ ਦੀ ਚੋਲੀ ਛਿੱਜੀ ਏ । ਉਹੋ ਪੁੱਛਦਾ ਅੱਖ ਕੀਹਦੇ ਲਈ ਭਿੱਜੀ ਏ । ਹੁਣ ਤੇ ਕੁਝ ਵੀ ਸਮਝ ਨਹੀਂ ਇਹ ਦੁੱਖਾਂ ਨੂੰ, ਜਿੰਦੜੀ ਏਸਰਾਂ ਸਹਿ-ਸਹਿ ਕੇ ਦੁੱਖ ਗਿੱਝੀ ਏ । ਮੰਨਾ ਯਾ ਨਾ ਮੰਨਾ ਮੇਰੀ ਮਰਜ਼ੀ ਏ, ਸੋਚ ਰਿਹਾ ਵਾਂ ਫੇਰ ਅਨਾ ਕਿਉਂ ਖਿੱਜੀ ਏ । ਕੋਈ ਭਾਵੇਂ ਕਿਹੋ ਜਿਹਾ ਏ ਪਰ ਇਹ ਲੋੜ, ਹਰ ਇਕ ਦੌਰ ਦੇ ਇਨਸਾਨਾਂ ਨਾਲ ਸਿੱਜੀ ਏ । ਮਨ ਬਸਤੀ ਵਿਚ ਜ਼ਿੰਦਾ ਰਹਿੰਦੀ ਉਹ ਹਸਤੀ, ਚੜ੍ਹ-ਚੜ੍ਹ ਇਸ਼ਕ ਦੇ ਚੁੱਲ੍ਹੇ ਜਿਹੜੀ ਰਿੱਝੀ ਏ । ਜਦ ਮੈਂ ਪੁੱਛਿਆ ਐਨਾਂ ਬਹੁਤਾ ਚਾਨਣ ਕਿਉਂ, ਦਿਲ ਨੇ ਫ਼ੌਰਨ ਆਖਿਆ ਇਹ ਗੱਲ ਨਿੱਜੀ ਏ । 'ਅਤਹਰ' ਤਰਸ ਗਏ ਨੇ ਕੰਨ ਛਣਕਾਰਾਂ ਨੂੰ, ਨਾ ਲੱਭਣ ਮੁਟਿਆਰਾਂ ਨਾ ਰੁੱਤ ਭਿੱਜੀ ਏ ।

ਕੱਜਲ ਭਰਿਆ ਦਿਨ ਏ ਰਾਤ ਦਾ ਕੀ ਦੱਸਾਂ

ਕੱਜਲ ਭਰਿਆ ਦਿਨ ਏ ਰਾਤ ਦਾ ਕੀ ਦੱਸਾਂ । ਪਿਆਰ ਦੀ ਅੱਲ੍ਹੜ ਏਸ ਸੌਗ਼ਾਤ ਦਾ ਕੀ ਦੱਸਾਂ । ਅਰਮਾਨਾਂ ਦੇ ਫੁੱਲ ਬੂਟੇ ਸਨ ਵਿਹੜੇ ਵਿਚ, ਬੰਜਰ ਧਰਤੀ ਤੇ ਬਰਸਾਤ ਦਾ ਕੀ ਦੱਸਾਂ । ਤੇਰੀ ਮਹਿਫ਼ਲ ਵਿਚ ਤੇਰੀ ਲਜ ਰੱਖਣ ਲਈ, ਚੁੱਪ-ਚੁਪਾਤ ਸੁਣੀ ਹਰ ਬਾਤ ਦਾ ਕੀ ਦੱਸਾਂ । ਭਰ ਦਿੰਦੀ ਜੋ ਖ਼ਾਲੀ ਕਾਸੇ ਨੈਣਾਂ ਦੇ, ਲੱਭਿਆਂ ਵੀ ਨਾ ਲੱਭੀ ਝਾਤ ਦਾ ਕੀ ਦੱਸਾਂ । ਤਨ ਮੇਰਾ ਜਿਸ ਰਹਿਣ ਨਾ ਦਿੱਤਾ ਮੇਰਾ ਵੀ, ਪੁੱਛਣ ਲੋਕੀ ਤੇ ਉਸ ਜ਼ਾਤ ਦਾ ਕੀ ਦੱਸਾਂ । ਸਾਰੇ ਤਾਰੇ ਲੁੱਕ ਗਏ ਰਾਤ ਦੀ ਬੁੱਕਲ ਵਿਚ, ਚੰਨ ਦੇ ਬਾਝੋਂ ਕਾਲੀ ਰਾਤ ਦਾ ਕੀ ਦੱਸਾਂ । ਫੱਟ ਮਿਲੇ ਤੇ 'ਅਤਹਰ' ਪੀੜਾਂ ਜਾਗ ਪਈਆਂ, ਦਰਦ ਮੰਦਾਂ ਜੋ ਦਿੱਤੀ ਮਾਤ ਦਾ ਕੀ ਦੱਸਾਂ ।

ਮੌਸਮ ਮੇਰੇ ਵਿਹੜੇ ਦਾ ਬੇਹਾਲ ਪਿਆ

ਮੌਸਮ ਮੇਰੇ ਵਿਹੜੇ ਦਾ ਬੇਹਾਲ ਪਿਆ ਤੇ ਕੀ ਹੋਇਆ । ਗਲ ਦੇ ਵਿਚ ਜੇ ਫ਼ਿਕਰਾਂ ਦਾ ਜੰਜਾਲ ਪਿਆ ਤੇ ਕੀ ਹੋਇਆ । ਸੂਲਾਂ ਦੀ ਸੂਲੀ ਤੇ ਜੀਣਾ ਵਾਂਗ ਤ੍ਰੇਲ ਦੇ ਜਾਣਨੇ ਆਂ, ਗੁਲਸ਼ਨ ਦੇ ਵਿਚ ਫੁੱਲਾਂ ਦੇ ਜੇ ਕਾਲ ਪਿਆ ਤੇ ਕੀ ਹੋਇਆ । ਗੋਡੇ ਗੋਡੇ ਪਾਣੀ ਵਿਚ ਜੋ ਪੈਰ ਧਰਣ ਤੋਂ ਡਰਦਾ ਏ, ਉਹਦੇ ਲਈ ਸਮੁੰਦਰ ਵਿਚ ਜੇ ਲਾਲ ਪਿਆ ਤੇ ਕੀ ਹੋਇਆ । ਮੈਂ ਤੇ ਐਨਾਂ ਜਾਣਨਾ ਯਾਰੋ ਜੀਣਾ ਵੱਡੀ ਨਿਅਮਤ ਏ, ਕਦਮ ਕਦਮ ਤੇ ਮੌਤ ਦਾ ਹੈ ਜੇ ਜਾਲ ਪਿਆ ਤੇ ਕੀ ਹੋਇਆ । ਮੇਰਾ ਮਿੱਟੀ ਦਾ ਕਾਸਾ ਈ ਮਾਨ ਏ ਮੇਰੀ ਮਿੱਟੀ ਦਾ, ਤੇਰੇ ਅੱਗੇ ਸੋਨੇ ਦਾ ਜੇ ਥਾਲ ਪਿਆ ਤੇ ਕੀ ਹੋਇਆ । ਮੇਰੀ ਅੱਖ ਨੂੰ ਸੂਰਤ ਤੇਰੀ ਨਾ ਭੁੱਲੀ ਨਾ ਭੁੱਲੇਗੀ, ਤੇਰੀ ਅੱਖ ਵਿਚ ਜੇਕਰ ਭੈੜਾ ਵਾਲ ਪਿਆ ਤੇ ਕੀ ਹੋਇਆ । ਲਗਦੈ ਪਿਛਲੀ ਸਾਰੀ ਉਮਰ ਈ ਹੁਣ ਤੇ ਕੱਲਿਆਂ ਬੀਤੇਗੀ, 'ਅਤਹਰ' ਉਸ ਦੇ ਵਾਅਦੇ ਦਾ ਜੇ ਸਾਲ ਪਿਆ ਤੇ ਕੀ ਹੋਇਆ ।

ਬਚਪਨ ਦੇ ਵਿਚ ਖੇਡਣ ਸਿੱਖਿਆ

ਬਚਪਨ ਦੇ ਵਿਚ ਖੇਡਣ ਸਿੱਖਿਆ ਪਲ ਪਲ ਮੈਂ ਤਕਦੀਰਾਂ ਨਾਲ । ਹੁਣ ਕਿਉਂ ਕੈਦ ਕਰਾਂ ਸੋਚਾਂ ਨੂੰ ਜ਼ੁਲਫ਼ ਦੀਆਂ ਜ਼ੰਜੀਰਾਂ ਨਾਲ । ਸਾਰੀ ਉਮਰ ਅਸੀਂ ਤੇ ਯਾਰੋ ਲਹੂ ਲੁਹਾਣ ਈ ਹੁੰਦੇ ਰਹੇ, ਆਪਣਾ ਆਪ ਬਚਾਂਦੇ ਕਿਸਰਾਂ ਸਾਂਝ ਸੀ ਆਪਣੀ ਤੀਰਾਂ ਨਾਲ । ਰੀਤਾਂ ਦੇ ਇਸ ਨ੍ਹੇਰ ਨਗਰ ਵਿਚ ਵੰਡੀ ਏ ਰੁਸ਼ਨਾਈ ਵੀ, ਤਿੱਖੀਆਂ ਸੂਲਾਂ ਦਾ ਮੂੰਹ ਧੋ ਕੇ ਲਹੂ ਰੰਗੀਆਂ ਤਹਿਰੀਰਾਂ ਨਾਲ । ਕੀ ਵੇਲਾ ਸੀ ਸੱਤ ਸਮੁੰਦਰ ਕੁਝ ਨਈਂ ਸੀ ਪੰਧ ਨਜ਼ਰਾਂ ਲਈ, ਹੁਣ ਉਹ ਕੋਲ ਏ ਫਿਰ ਵੀ ਖੇਡਾਂ ਉਹਦੀਆਂ ਈ ਤਸਵੀਰਾਂ ਨਾਲ । ਫੁੱਲ ਕੀ ਕੋਈ ਪੱਥਰ ਮਾਰਣ ਵਾਲਾ ਵੀ ਨਾ ਦਿਸਿਆ ਏ, ਸਾਰਾ ਜੱਗ ਈ ਛਾਣ ਲਿਆ ਮੈਂ ਗਲ ਵਿਚ ਪਾਈਆਂ ਲੀਰਾਂ ਨਾਲ । 'ਅਤਹਰ' ਅੱਖੀਆਂ ਸ਼ਾਮ ਢਲੇ ਜਿਸ ਪਰਛਾਵੇਂ ਤੇ ਭੁੱਲੀਆਂ ਨੇ, ਵੇਖਿਆ ਤੇ ਉਹ ਆਪਣਾ ਹੱਥ ਸੀ ਲੜਦਾ ਪਿਆ ਲਕੀਰਾਂ ਨਾਲ ।

ਆਪਸ ਦੇ ਵਿਚ ਵੰਡੀ ਪੈ ਗਈ

ਆਪਸ ਦੇ ਵਿਚ ਵੰਡੀ ਪੈ ਗਈ ਦੁਨੀਆਂ ਦੇ ਵਸਨੀਕਾਂ ਦੀ । ਸਭਨਾਂ ਦੀ ਪਹਿਚਾਣ ਬਣੀ ਏ ਆਪਣੀਆਂ ਆਪਣੀਆਂ ਲੀਕਾਂ ਦੀ । ਜੰਗਲ ਬੇਲੇ ਸਾਰੇ ਵਸ ਗਏ ਮਨ ਦਾ ਵਿਹੜਾ ਵਸਿਆ ਨਾ, ਲਗਦੈ ਆਉਣ ਦਾ ਰਸਤਾ ਭੁੱਲ ਗਈ ਸੱਜਰੀ ਰੁੱਤ ਤਰੀਕਾਂ ਦੀ । 'ਵਾ ਜੇ ਰਾਹ ਦੇ ਰੁੱਖ ਹਿਲਾਵੇ ਪੈਣ ਭੁਲੇਖੇ ਸੱਜਣ ਦੇ, ਆਪਣੀਆਂ ਅੱਖਾਂ ਵਿਚ ਸਜਾਈ ਜਦ ਦੀ ਧੂੜ ਉਡੀਕਾਂ ਦੀ । ਮਰਨਾ ਜੀਣਾ ਸਾਂਝਾ ਕਰ ਕੇ ਫਿਰ ਉਹ ਸਾਂਝ ਤਰੋੜ ਗਿਆ, ਜੀਂਦੀ ਜਾਨੇ ਸੁੱਟ ਕੇ ਟੁਰਿਆ ਜਿਸਰਾਂ ਲਾਸ਼ ਸ਼ਰੀਕਾਂ ਦੀ । ਆਪਣੀ ਆਪਣੀ ਬੋਲੀ ਬੋਲ ਕੇ ਸੱਭੇ ਪੱਖੂ ਉਡਦੇ ਗਏ, ਸਮਝੀ ਰਮਜ਼ ਕਿਸੇ ਨਾ ਏਥੇ ਵਾ ਦੀਆਂ ਗੁੰਗੀਆਂ ਚੀਕਾਂ ਦੀ । ਇਸ ਦੁਨੀਆ ਚੋਂ ਸਭ ਨੇ ਖੱਟਿਆ ਪਾਟੀ ਚੋਲੀ ਖ਼ਾਲੀ ਹੱਥ, ਹੌਲੀ ਹੌਲੀ ਨਿਗਲੇ ਸਭ ਨੂੰ ਏਹੋ ਆਦਤ ਡੀਕਾਂ ਦੀ । 'ਅਤਹਰ' ਕਿਸਰਾਂ ਕੱਦ ਲੁਕਾਵਾਂ ਮੈਂ ਦੁਨੀਆ ਦੀਆਂ ਨਜ਼ਰਾਂ ਤੋਂ, ਜਦ ਇਹ ਪਾਪਣ ਤੱਕ ਲੈਂਦੀ ਹੈ ਨ੍ਹੇਰੇ ਵਿਚ ਛਾਂ ਲੀਕਾਂ ਦੀ ।

ਕੁਝ ਹੋਰ ਰਚਨਾਵਾਂ : ਮਜ਼ਹਰੁਲ ਹੱਕ ਅਤਹਰ

ਇਸ਼ਕ ਦੀਆਂ ਨੇ ਅਪਣੀਆਂ ਰੁੱਤਾਂ

ਇਸ਼ਕ ਦੀਆਂ ਨੇ ਅਪਣੀਆਂ ਰੁੱਤਾਂ, ਅਪਣੇ ਰੰਗ, ਅਪਣੇ ਪਰਛਾਵੇਂ।
ਐਸਾ ਚਾਨਣ ਹੋ ਨਹੀਂ ਸਕਦਾ, ਭਾਵੇਂ ਲੱਖਾਂ ਦੀਪ ਜਲਾਵੇਂ।

ਸਾਵਣ ਆਵਣ, ਬੱਦਲ ਵੱਸਣ, ਮਨ ਦੀ ਧਰਤੀ ਪਿਆਸੀ ਰਹਿੰਦੀ,
ਅੱਗ ਅਜੇਹੀ ਅੰਦਰੋਂ ਸਾੜੇ, ਚੈਨ ਆਰਾਮ ਨਾ ਧੁੱਪੇ-ਛਾਵੇਂ।

ਤੇਰਾ ਤਨ ਮਨ ਕੁਝ ਨਹੀਂ ਤੇਰਾ, ਤੇਰੀ ਸੋਚ ਏ ਉਹਦੀ ਸੋਚ,
ਅਪਣਾ ਆਪ ਜਨਾਜ਼ਾ ਚੁੱਕ ਕੇ, ਗਲੀ ਗਲੀ ਵਿਚ ਹੋਕੇ ਲਾਵੇਂ?

ਪਿਆਰ-ਖ਼ਲੂਸ ਦੇ ਬਦਲੇ ਹਰ ਦਮ, ਬੇਦਰਦਾਂ ਦੇ ਦਰਦ ਖ਼ਰੀਦੇਂ,
ਚੁਗ ਜਾਵਣ ਜਦ ਚਿੜੀਆਂ ਖੇਤੀ, ਬੈਠਾ ਸੋਚੇਂ 'ਤੇ ਪਛਤਾਵੇਂ।

ਕੁਝ ਨਾ ਸੁੱਝੇ, ਕਿੱਥੇ ਜਾਵਾਂ, ਚਾਰੇ ਕੂੰਟ ਹਨ੍ਹੇਰੇ ਦਿੱਸਣ,
ਮਸਤ-ਅਲਮਸਤ ਹੋ ਲੱਭਣੇ ਪੈਂਦੇ, ਮੱਥੇ-ਲਿਖੀਆਂ ਦੇ ਸਿਰਨਾਵੇਂ।

ਮਰਿਆਂ ਜੇ ਮਿਲ ਜਾਵੇ ਮੰਜ਼ਿਲ, ਘਾਟੇ ਦਾ ਨਈਂ ਸੌਦਾ 'ਅਤਹਰ',
ਸਮਝ ਲਵੀਂ ਕੰਮ 'ਮੌਜਾਂ' ਆਈਆਂ, ਜੇ ਕਰ ਪਾਰ ਕਿਨਾਰੇ ਜਾਵੇਂ।

ਸ਼ਹਿਰ ਤੋਂ ਬਾਹਰ ਜੀਹਨੇ ਝੁੱਗੀ ਪਾਈ ਏ

ਸ਼ਹਿਰ ਤੋਂ ਬਾਹਰ ਜੀਹਨੇ ਝੁੱਗੀ ਪਾਈ ਏ।
ਉਹਨੇ ਬਾਜ਼ੀ ਹਾਰ ਕੇ, ਖੇਡ ਰਚਾਈ ਏ।

ਬੱਦਲਾਂ ਵਾਂਗ ਹਵਾ ਦੇ ਦੋਜ਼ 'ਤੇ ਰਹਿੰਦਾ ਏ,
'ਸੋਚ' ਜਿਨ੍ਹੇ ਵੀ ਸੁਪਨੇ ਨਾਲ ਸਜਾਈ ਏ।

ਸਿਖਰ-ਦੁਪਹਿਰੇ ਸ਼ਾਮਾਂ ਜਿਹੀਆਂ ਪੈ ਗਈਆਂ,
ਦਿਨ ਦੇ ਮੁੱਖ ਤੇ ਕੀਹਨੇ, ਚਾਦਰ ਪਾਈ ਏ?

ਸੂਲਾਂ ਦੇ ਮੂੰਹ ਭਾਵੇਂ ਵਿੰਨ੍ਹ ਗਏ ਉਨ੍ਹਾਂ ਨੂੰ,
ਫੁੱਲਾਂ ਫੇਰ ਵੀ ਹੱਸ ਕੇ ਗੱਲ ਗਵਾਈ ਏ।

ਪਲ ਭਰ ਲਈ ਵੀ ਕੱਲੇ ਰਹਿਣ ਨੂੰ ਤਰਸ ਗਏ,
ਜਿਸ ਦਿਨ ਦੀ ਗਲ ਲੱਗੀ ਆਣ ਜੁਦਾਈ ਏ।

'ਅਤਹਰ' ਏਥੇ ਸੋਨਾ-ਚਾਂਦੀ ਕੀ ਲੱਭੇਂ?
ਬੰਦਿਆਂ ਨੇ ਬੰਦਿਆਂ ਦੀ ਮੰਡੀ ਲਾਈ ਏ।

ਧਰਤੀ ਦਾ ਸਭ ਚਾਂਦੀ-ਸੋਨਾ ਰਹਿਣ ਦਿਓ

ਧਰਤੀ ਦਾ ਸਭ ਚਾਂਦੀ-ਸੋਨਾ ਰਹਿਣ ਦਿਓ।
ਅਪਣੇ ਘਰ, ਬੱਸ ਦੀਵਾ ਬਲਦਾ ਰਹਿਣ ਦਿਓ।

ਖ਼ੌਰੇ ਫ਼ਰਕ ਰਹਵੇ ਕੁੱਝ ਚੰਗੇ-ਮੰਦੇ ਵਿੱਚ,
ਅਪਣਾ ਚੰਗਾ-ਕੀਤਾ, ਚੰਗਾ ਰਹਿਣ ਦਿਓ।

ਜਿਹੜਾ ਆਵੀ ਚੜ੍ਹਿਆ ਏ, ਪਰ ਕੱਚਾ ਏ,
ਓਸ ਘੜੇ ਨੂੰ 'ਸੋਹਣੀ' ਜੋਗਾ ਰਹਿਣ ਦਿਓ।

ਦਿਲ ਦਾ ਵਿਹੜਾ ਕਬਰ ਬਣਾਉ ਰਾਜ਼ਾਂ ਦੀ,
ਸੱਜਣ ਨੂੰ, ਬੱਸ ਸੱਜਣ ਅਪਣਾ ਰਹਿਣ ਦਿਓ।

ਕਦ ਜੁਗਨੂੰ ਦਾ ਚਾਨਣ ਦਿਨ ਵਿੱਚ ਦਿਸਦਾ ਏ,
ਰਾਤਾਂ ਨੂੰ ਤੇ ਕੁਝ-ਕੁਝ ਕਾਲਾ ਰਹਿਣ ਦਿਓ।

ਸੋਚ ਦੇ ਤਾਰੇ ਬੱਦਲ ਥੱਲੇ ਲੁਕ ਜਾਵਣ,
ਅਪਣੇ ਆਪ ਤੋਂ ਦੂਰ ਉਹ ਵੇਲਾ ਰਹਿਣ ਦਿਓ।

ਰੌਲਾ ਪਾਉਣਾ 'ਅਤਹਰ' ਕੰਮ ਏ ਦੁਨੀਆਂ ਦਾ,
ਦਿਲ ਨੂੰ, ਬੱਸ ਮਿੱਟੀ ਦਾ ਬਾਵਾ ਰਹਿਣ ਦਿਓ।

ਮੈਂ ਕੀ ਕਰਨਾ ਨਫ਼ਰਤ ਵਾਲੀ ਸ਼ੂਕਰ ਨੂੰ

ਮੈਂ ਕੀ ਕਰਨਾ ਨਫ਼ਰਤ ਵਾਲੀ ਸ਼ੂਕਰ ਨੂੰ?
ਜਿੰਦ ਮਿਰੀ ਤੇ ਤਰਸੇ ਪਿਆਰ ਦੇ ਅੱਖਰ ਨੂੰ।

ਮੇਰੇ ਘਰ ਨੂੰ ਮੈਥੋਂ ਅੱਗ ਲਵਾਈ ਏ,
ਅੱਗ ਲਾਵਾਂ ਅੱਗ-ਲਾਵਣ ਵਾਲੇ ਮੰਨਜ਼ਰ ਨੂੰ।

ਅਪਣੇ ਪਿੱਛੇ ਲਾ ਕੇ ਕਿਥੇ ਲੈ ਆਇਆ?
ਪੁੱਛਾਂ ਤੇ ਕੀ ਪੁੱਛਾਂ ਅਪਣੇ ਰਹਬਰ ਨੂੰ।

ਸਮਝ ਨਾ ਆਵੇ ਸੋਚ-ਸੋਚ ਕੇ ਹਾਰ ਗਿਆ,
ਕਿਵੇਂ ਹਟਾਵਾਂ ਮੈਂ ਰਾਹ ਦੇ ਪੱਥਰ ਨੂੰ?

ਉਹਨੂੰ ਰੌਸ਼ਨ ਕਰ ਨਾ ਸੱਕੇ ਹੰਝੂ ਵੀ,
ਡੁੱਬਿਆ ਤੱਕਿਆ ਸੀ ਨ੍ਹੇਰੇ ਵਿੱਚ ਜਿਸ ਘਰ ਨੂੰ।

ਮੈਨੂੰ ਦੱਸ ਕਿਸੇ ਨਾ ਪਾਈ ਯਾਰੋ, ਮੈਂ-
ਲੱਭ-ਲੱਭ ਥੱਕਿਆ 'ਵਾਅਵਰੋਲੇ' ਦਿਲਬਰ ਨੂੰ।

ਦਮ-ਦਮ ਹੱਸੇ ਖੇਡੇ, ਉਹਦੀ ਜਮ-ਜਮ ਖ਼ੈਰ,
ਪਿਆਰ ਦਾ ਜੀਹਨੇ ਸਬਕ ਪੜ੍ਹਾਇਆ 'ਅਤਹਰ' ਨੂੰ।