Mera Dhal Chalia Parchhavan : Shiv Kumar Batalvi

ਮੇਰਾ ਢਲ ਚੱਲਿਆ ਪਰਛਾਵਾਂ : ਸ਼ਿਵ ਕੁਮਾਰ ਬਟਾਲਵੀ

ਸਿਖਰ ਦੁਪਹਿਰ ਸਿਰ 'ਤੇ

ਸਿਖਰ ਦੁਪਹਿਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗ਼ਮਾਂ ਵਾਲੀ ਤੇਜ਼ ਹਨੇਰੀ
ਮੈਂ ਵੀ ਕੇਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਹਿਜਰਾਂ 'ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆ ਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰਾ ਸੀਸ ਚੁੰਮ ਗਏ
ਪਰ ਮੁਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੁੰ ਮਾਵਾਂ
ਸਿਖਰ ਦੁਪਿਹਰ ਸਿਰ 'ਤੇ
ਮੇਰਾ ਢਲ ਚੱਲਿਆ ਪਰਛਾਵਾਂ

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ