Mihraj Nama Waris Shah

ਮਿਹਰਾਜ ਨਾਮਾ : ਵਾਰਿਸ ਸ਼ਾਹ

(ਨੋਟ: ਇਸ ਰਚਨਾ ਦੇ ਵਾਰਿਸ ਸ਼ਾਹ ਦੀ ਹੋਣ ਜਾਂ ਨਾ
ਹੋਣ ਬਾਰੇ ਵਿਦਵਾਨਾਂ ਵਿੱਚ ਮੱਤਭੇਦ ਹਨ।)

ਹਮਦ ਇਲਾਹੀ ਆਖ ਜ਼ਬਾਨੋਂ, ਸਾਬਤ ਹੋ ਕੇ ਦਿਲੋਂ ਬਜਾਨੋਂ,
ਤਾਂ ਕੁਝ ਬਖ਼ਰਾ ਮਿਲੇ ਈਮਾਨੋਂ, ਸਮਰਾ ਸ਼ੁਕਰ ਗੁਜਾਰੀ ਦਾ।
ਬਾਦ ਦਰੂਦ ਸੱਯਦ ਇਬਰਾਰਾਂ, ਆਲ ਅਤੇ ਅਸਹਾਬਾ ਯਾਰਾਂ,
ਰਹਿਮਤ ਉੱਪਰ ਨੇਕੋ ਕਾਰਾਂ, ਇਹ ਰਾਹ ਤਾਬੇਦਾਰੀ ਦਾ।
ਸ਼ਿਫ਼ਤ ਤੁਸਾਡੀ ਮੌਲਾ ਕਰਦਾ, ਕਿਆ ਮੈਂ ਆਜਜ਼ ਗੋਲਾ ਬਰਦਾ,
ਸੁਖ਼ਨ ਕਰੇਂਦਾ ਡਰਦਾ ਡਰਦਾ, ਵੱਲ ਨਹੀਂ ਗੁਫ਼ਤਾਰੀ ਦਾ।
ਅੱਵਲ ਸੀਨ ਤੋਂ ਅਹਿਮਦ ਸਰਵਰ, ਪਿੱਛੋਂ ਹੋਈ ਧਰਤੀ ਅੰਬਰ,
ਨੂਰ ਤੇਰੇ ਥੀਂ ਸਭ ਪੈਗ਼ੰਬਰ, ਤੈਨੂੰ ਬਖ਼ਸ਼ ਸਤਾਰੀ ਦਾ।
ਨਾਉਂ ਤੇਰਾ ਜਾਂ ਅਹਿਮਦ ਆਹਾ, ਹਰਗਿਜ਼ ਆਦਮ ਦਾ ਦਮ ਨਾਹਾ,
ਤੈਨੂੰ ਸੀ ਰਬ ਦਿਤਾ ਰਾਹਾ, ਆਲਮ ਦੀ ਸਰਦਾਰੀ ਦਾ।

ਜਾਂ ਤੂੰ ਆਇਉਂ ਨਾ ਚੰਨ ਤਾਰੇ, ਸਭੇ ਤੇਰੇ ਨਾਲ ਪਸਾਰੇ,
ਹਰਦਮ ਤੈਂ ਲਬੀਕ ਪੁਕਾਰੇ, ਖ਼ਾਲਕ ਖ਼ਲਕਤ ਸਾਰੀ ਦਾ।
ਸਭ ਪੈਗ਼ੰਬਰ ਤੇਰੇ ਪਰਨੇ, ਤੁੱਧੇ ਪਾਰ ਉਤਾਰੇ ਕਰਨੇ,
ਸਭਨਾਂ ਸਿਰ ਤੈਂ ਅਗੇ ਧਰਨੇ, ਤੂੰ ਮੁਥਾਜ ਨਾ ਯਾਰੀ ਦਾ।
ਤਾਂ ਚੰਨ ਬਦਰ ਮੁਨੀਰ ਕਹਾਇਆ, ਦਾਗ਼ੀ ਹੋ ਦਰ ਤੇਰੇ ਆਇਆ,
ਤਾਂ ਉਸ ਪਾਇਆ ਨੂਰ ਸਵਾਇਆ, ਖ਼ਿਲਅਤ ਖ਼ਿਦਮਤਗਾਰੀ ਦਾ।
ਖਿਲਅਤ ਪਾਇਆ ਤੂੰ ਲੌਲਾਕੀ, ਪੈਗ਼ੰਬਰ ਸਾਰੇ ਸਨ ਵਿਚ ਖ਼ਾਕੀ,
ਤੇਰੇ ਨਾਲ ਇਨ੍ਹਾਂ ਨੂੰ ਪਾਕੀ, ਤੂੰ ਮਹਬ੍ਰੂਬ ਗ਼ੁਫ਼ਾਰੀ ਦਾ।
ਜਾਂ ਤੂੰ ਮੁਹਰੇ ਨਬਵਤ ਪਾਈ, ਆਦਮ ਦਾ ਦਮ ਕੁਝ ਨ ਸਾਈ,
ਇਹ ਸਬ ਰੌਨਕ ਤੇ ਪੇਸ਼ਵਾਈ, ਸਿਲਾ ਬਰਖ਼ੁਰਦਾਰੀ ਦਾ।

ਐਹ ਮਹਫ਼ੂਜ਼ ਕਲਮ ਭੀ ਨਾਹੀਂ, ਜਾਂ ਤੂੰ ਆਇਓਂ ਨੂਰ ਇਲਾਹੀ,
ਤੈਂ ਖਾਤਰ ਇਹ ਸਭ ਉਪਾਈ, ਨ ਆਹਾ ਸ਼ੋਰ ਸ਼ਰਾਰੀ ਦਾ।
ਕੁਰਸੀ ਅਰਸ ਨ ਆਹਾ ਮੂਲੇ, ਝੰਡੇ ਤੇਰੇ ਹੁਕਮ ਦੇ ਝੂਲੇ,
ਤਾਂ ਇਸਲਾਮ ਹੋਇਆ ਇਤ ਰੂਲੇ, ਭੰਨਾ ਕੁਫ਼ਰ ਕੁਫ਼ਾਰੀ ਦਾ।
ਤੇਰੇ ਸੰਗੋਂ ਸੰਗ ਨ ਬਾਹਰ, ਤਾਂ ਇਸ ਅੰਦਰ ਲਾਲ ਜਵਾਹਰ,
ਤੈਂ ਵਿਚ ਦੁਰੇ ਯਤੀਮ ਹੈ ਜ਼ਾਹਰ, ਤੂੰ ਦਰਯਾ ਦੀਨਦਾਰੀ ਦਾ।
ਤਾਰਾ ਤੇ ਯਾਸੀਨ ਮਜ਼ੱਮਲ, ਇਹ ਸਭ ਤੇਰੇ ਹੈ ਮਜੱਮਲ,
ਕਾਮਲ ਅਕਮਲ ਤੂੰ ਮੁਕੰਮਲ, ਸਦਕਾ ਸ਼ਬ ਬੇਦਾਰੀ ਦਾ।
ਤੈਂ ਵਿਚ ਖ਼ੁਲਕ ਹਿਆ ਹਲੀਮੀ, ਫ਼ਾਕਾ ਫ਼ਕਰਸਖਾ ਯਤੀਮੀ,
ਮਦਹਤ ਤੇਰੀ ਸਿਫ਼ਤ ਕਦੀਮੀ, ਕਰਮ ਤੈਨੂੰ ਗ਼ੁਫ਼ਾਰੀ ਦਾ।

ਜਿਸ ਦਿਨ ਥੀਂ ਤੂੰ ਜ਼ਾਹਰ ਹੋਇਆ, ਬੇਦੀਨਾਂ ਨੇ ਦਸਤ ਸੰਗੋਇਆ,
ਦਫ਼ਤਰ ਕੁਫ਼ਰ ਸ਼ਿਰਕ ਦਾ ਧੋਇਆ, ਦੀਨੋ ਦੀਨ ਪੁਕਾਰੀ ਦਾ।
ਜਾਂ ਤੂੰ, ਹਜ਼ਰਤ ਜਨਮ ਲਿਆ ਸੀ, ਜ਼ੋਰ ਆਵਰਾਂ ਦਾ ਜ਼ੋਰ ਗਿਆ ਸੀ,
ਸ਼ਹਿਰ ਨੌਸ਼ੇਰਵਾਂ ਸ਼ੇਰ ਪਿਆ ਸੀ, ਤੇਰਾ ਨਾਮ ਚਿਤਾਰੀ ਦਾ।
ਤਾਂ ਤੂੰ ਨਾਉਂ ਇਲਮ ਸਬ ਜਾਨੇ, ਅੱਖਰ ਪੜ੍ਹਿਆਂ ਬਂਝ ਪਛਾਨੇ,
ਪਾੜਿਆ ਸੀ ਢਿਡ ਬਾਲ ਇਆਨੇ, ਸੀ ਨ ਬਜੁਰਗਵਾਰੀ ਦਾ।
ਤੂੰ ਬਖ਼ਸ਼ਸ਼ ਦਾ ਬਹਰ ਸਮੁੰਦਰ, ਹੈ ਹਿਸਾਬ ਸ਼ਰਮ ਤੈਂ ਅੰਦਰ,
ਗ਼ੌਸ ਕੁਤਬ ਤੇ ਪੀਰ ਪੈਗ਼ੰਬਰ, ਤੈਂ ਸੰਗ ਪਾਰ ਉਤਾਰੀ ਦਾ।
ਲੌਹ ਮਹਫ਼ੂਜ ਅੰਦਰ ਜੋ ਲਿਖਿਆ, ਸੋ ਤੁਧ ਅਹਿਮਦ ਪੂਰਾ ਸਿਖਿਆ,
ਸਾਇਲ ਵੇਖ ਦੇਵੇਂ ਤੂੰ ਭਿਖਿਆ, ਰੱਖੀਂ ਸ਼ਰਮ ਭਿਖਾਰੀ ਦਾ ।

ਸਿਫਤ ਤੇਰੀ ਕਹੇ ਅਜ਼ੋ ਜਲੀ, ਇਨਾ ਫ਼ਾਤਾਹਨਾ ਸ਼ਾਹਿਦ ਘਲੀ,
ਮੱਕੇ ਪਾਈ ਫ਼ਤੇ ਇਕੱਲੀ, ਬੂਹਾ ਤੋੜ ਹਿਸਾਰੀ ਦਾ।
ਕਦਰ ਤੇਰਾ ਸਭਨਾਂ ਥੀਂ ਆਲੀ, ਦਰ ਤੇਰੇ ਨਿਤ ਰਹਿਣ ਸਵਾਲੀ,
ਰੋਜ਼ ਕਿਆਮਤ ਹੋਸੇਂ ਵਾਲੀ, ਤੂੰਹੇਂ ਖ਼ਲਕ ਬੇਚਾਰੀ ਦਾ।
ਤੂੰ ਮੁਹੰਮਦ ਅਹਿਮਦ ਨੂਰੀ, ਤੈਂ ਵਿਚ ਬਹੁਤੀ ਸਬਰ ਸਬੂਰੀ,
ਤਾਂਹੀ ਹੋਇਉਂ ਖ਼ਾਸ ਹਜ਼ੂਰੀ, ਮਹਿਰਮ ਈਜ਼ਦ ਬਾਰੀ ਦਾ।
ਸੱਭੇ ਦਰ ਤੇਰੇ ਦੇ ਬਰਦੇ, ਮੁਲਕ ਹਜ਼ੂਰੀ ਸਿਜਦਾ ਕਰਦੇ,
ਪੈਰਾਂ ਉੱਤੇ ਮੱਥਾ ਧਰਦੇ, ਸਦਕਾ ਇਸ ਦਿਲ਼ਦਾਰੀ ਦਾ।
ਜਾਂ ਅਲਸਤ ਕਿਹਾ ਸੀ ਸਾਇਲ, ਲਫ਼ਜ਼ ਬਲਾ ਦਾ ਤੂੰ ਸੈਂ ਕਾਇਲ,
ਤਾਂ ਹੀ ਹੋਇਉਂ ਘਾਇਲ ਮਾਇਲ, ਪੂਰਾ ਸੈਂ ਇਕਰਾਰੀ ਦਾ।

ਮਕੀ ਮਦਨੀ ਨਾਮ ਧਰਾਇਉ, ਅਰਬ ਅਜ਼ਮ ਦਾ ਸ਼ਾਹ ਸਦਾਯੋ,
ਵਾ ਲਾਕਾਦਾ ਮੁਨਾ ਦਾ ਰੁਤਬਾ ਪਾਯੋ, ਪਾਯੋ ਅਜ਼ ਵਕਾਰੀ ਦਾ।
ਜਾਂ ਰੱਬ ਬਖ਼ਸ਼ੇ ਤੁਧ ਖ਼ਜ਼ੀਨੇ, ਆਦਮ ਸੀ ਅੰਦਰ ਮਾਤੀਨੇ,
ਨੌਹ ਨਬੀ ਨਾਹਾ ਵਿਚ ਜ਼ਮੀਨੇ, ਤੇਰਾ ਨਾਮ ਸ਼ੁਮਾਰੀ ਦਾ।
ਰਹਿਮਤ ਆਲਮ ਸਿਫ਼ਤ ਤੁਸਾਡੀ, ਰਾਹ ਗੁਮ ਹੋਇਆਂ ਦਾ ਤੂੰ ਹਾਦੀ,
ਕਰਸੈਂ ਦੋਜ਼ਖ਼ ਕਨੋਂ ਆਜ਼ਾਦੀ, ਪਰਦਾ ਹੋਸੇਂ ਨਾਰੀ ਦਾ।
ਔਗਣਹਾਰ ਨਾ ਮੈਥੋਂ ਭਾਰੂ, ਮਾਰ ਲਕਾ ਰਹਿਮਤ ਦਾ ਮਾਰੂ,
ਰੋਜ਼ ਹਸ਼ਰ ਦੇ ਹੋਸੇਂ ਵਾਹਰੂ, ਤੂੰਹੇਂ ਖ਼ਲਕਤ ਸਾਰੀ ਦਾ।
ਮਨਸੂਰ ਤੇਰਾ ਪਸਖ਼ੁਰਦਾ ਪੀਤਾ, ਦਾਵਾ ਐਨਲਹਕ ਦਾ ਕੀਤਾ,
ਕਿਥੋਂ ਰਹਿੰਦਾ ਚੁਪ ਚੁਪੀਤਾ, ਆਹਾ ਮਸਤ ਖ਼ੁਮਾਰੀ ਦਾ।

ਜਦੋਂ ਖਲੀਲ ਚਿਖਾ ਵਿਚ ਢੋਇਆ, ਇਸ਼ਕ ਤੇਰੇ ਥੀਂ ਹੰਝੂ ਰੋਇਆ,
ਕੁਲਨਾ ਯਾ ਨਾਰੋਕੂਨੀ ਬਰਦਨ ਹੋਇਆ, ਹੁਕਮ ਹੋਇਆ ਗੁਲਜ਼ਾਰੀ ਦਾ।
ਯੂਸਫ਼ ਇਸ਼ਕ ਤੇਰੇ ਖੂਹ ਪਾਇਆ, ਭਾਈਆਂ ਨੂੰ ਇਲਜ਼ਾਮ ਦਵਾਇਆ,
ਫੇਰ ਜ਼ੁਲੈਖ਼ਾਂ ਦੇ ਵਲ ਧਾਇਆ, ਖ਼ਵਾਬ ਡਿੱਠਾ ਬੇਦਾਰੀ ਦਾ।
ਜਾ ਲਗਾ ਸੀ ਤੇਰੇ ਚਰਨੀ, ਮੂਸਾ ਕਿਹਾ ਰੱਬ ਅਰਨੀ,
ਫੇਰ ਕੇ ਆਖਣ ਲਾਨ ਤਾਰਾਨੀ, ਸੰਗ ਤੇਰੇ ਸੰਗ ਤਾਰੀ ਦਾ।
ਈਸਾ ਉਂਜ ਆਸਮਾਨੇ ਚੜ੍ਹਿਆ, ਕੁੰਜਕਾ ਭੀ ਉਸ ਤੇਰਾ ਫੜਿਆ,
ਵੱਖ ਕਰੀਨੇ ਅੰਬਰ ਝੜਿਆ, ਘੱਟਾ ਗਰਦ ਗੁਬਾਰੀ ਦਾ।
ਜਾਂ ਤੈਨੂੰ ਆਸਮਾਨ ਢੋਇਆ ਸੀ, ਸ਼ੈਤਾਨ ਢਾਹੀਂ ਮਾਰ ਰੋਇਆ ਸੀ,
ਜਬਰਾਈਲ ਨਕੀਬ ਹੋਇਆ ਸੀ, ਤੇਰੀ ਖਾਸ ਸਵਾਰੀ ਦਾ।

ਧੁਮ ਪਈ ਸੀ ਵਿਚ ਅਸਮਾਨਾਂ, ਆਇਆ ਸਰਵਰ ਦੋਹਾਂ ਜਹਾਨਾਂ,
ਜ਼ੋਹਰਾ ਗਾਵੇ ਛੰਦ ਸ਼ਹਾਨਾਂ, ਆਇਆ ਸ਼ਾਹ ਅਮਾਰੀ ਦਾ।
ਬਰੱਕ ਮਿਸਾਲ ਬੁਰਾਕ ਚਾਲਾਕੀ, ਜਿਸ ਤੇ ਚੜ੍ਹਿਉਂ ਮਾਰ ਪਲਾਕੀ,
ਨੂਰ ਇਲਾਹੀ ਦਾ ਪੋਸ਼ਾਕੀ, ਯਾਰਾਂ ਕੋਲ ਸਿਧਾਰੀ ਦਾ।
ਜਾਂ ਹੋਏ ਅਹਿਮਦ ਅਹਿਦ ਇਕੱਠੇ, ਜਬਰਾਈਲ ਜਿਹੇ ਉਠ ਠੱਠੇ,
ਕਰਨ ਕਲਾਮ ਨ ਹੋਵਨ ਮੱਠੇ, ਗੈਰ ਨ ਪਾਸ ਖਲ੍ਹਾਰੀ ਦਾ।
ਆਓ ਅਦਨਾ ਥੀਂ ਅਕਰਬ ਕੀਤਾ, ਦਰਿਆ ਵਾਹਦਤ ਦੇ ਵਿਚ ਮੀਤਾ,
ਅਪਨਾ ਆਪ ਓਥੇ ਧੋ ਲੀਤਾ, ਵਾਕਿਫ਼ ਹੋ ਇਸਰਾਰੀ ਦਾ।
ਸਾਰੇ ਨਬੀ ਹਬੀਬ ਸਿਧਾਰੇ, ਜਾਂ ਤੂੰ ਚਲਿਉਂ ਪਾਸ ਪਿਆਰੇ,
ਤੂੰ ਵੰਜ ਏਥੇ ਨੇਜ਼ੇ ਮਾਰੇ, ਜਿਥੇ ਦਸ ਨਾ ਮਾਰੀ ਦਾ।

ਤੇਰਾ ਨਾਮ ਮੁਹੰਮਦ ਧਰਿਆ, ਸਭਨਾ ਤੇਰਾ ਕਲਮਾ ਪੜ੍ਹਿਆ,
ਬਾਗ਼ ਸ਼ਰੀਅਤ ਤੇਰਾ ਹਰਿਆ, ਤੂੰ ਗੁਲ ਅਬਰ ਬਹਾਰੀ ਦਾ।
ਅਜਬ ਆਹੀ ਉਹ ਰਾਤ ਨੂਰਾਨੀ, ਜਿਸ ਦਿਨ ਮਿਲ ਬੈਠੇ ਦੋ ਜਾਨੀ,
ਅਹਿਮਦ ਅਹਿਦ ਇਕਠੇ ਸਾਨੀ, ਸੁਖਨ ਕਰੇਂਦੇ ਵਾਰੀ ਦਾ।
ਦੋਹਾਂ ਕਾਮ ਜਦੋਂ ਤੁਮ ਕੀਤੀ, ਹਜ਼ਰਤ ਆਹੇ ਵਿਚ ਮਸੀਤੀ,
ਵਿਤਰ ਨਮਾਜ਼ ਉਥਾਈਂ ਨੀਤੀ, ਸਮਰਾ ਸ਼ੁਕਰ ਗੁਜ਼ਾਰੀ ਦਾ।
ਸਮਝ ਕਲਾਮ ਨਬੀ ਧਰਤ ਆਏ, ਤੁਹਫ਼ਾ ਯਾਰਾਂ ਕਾਨ ਲਿਆਏ,
ਇਹ ਭੀ ਸਭਨਾਂ ਨੂੰ ਫ਼ਰਮਾਏ, ਹੁਕਮ ਸਾਨੂੰ ਰਬ ਬਾਰੀ ਦਾ।
ਓਥੇ ਫ਼ਾਕਾ ਫ਼ਕਰ ਵਕਾਵੇ, ਖ਼ੁੱਦੀ ਤਕਬਰ ਮੁੱਲ ਨ ਪਾਵੇ,
ਫੜੋ ਯਤੀਮੀ ਛੱਡੋ ਦਾਵੇ, ਚੱਲਨ ਦੁਨੀਆਦਾਰੀ ਦਾ।

ਬਖ਼ਸ਼ ਗੁਨਾਹ ਮੈਂ ਭੁੱਲਾ ਹੋਇਆ, ਨੇਕੀ ਦਾ ਇਕ ਬੀਜ ਨ ਬੋਇਆ,
ਬਦੀਆਂ ਦੀ ਚੜ੍ਹ ਸੇਜੇ ਸੋਇਆ, ਫੜਿਆ ਰਾਹ ਬਦਕਾਰੀ ਦਾ।
ਜਿਤ ਵਲ ਜਾਵਾਂ ਮਿਲੇ ਨਾ ਢੋਈ, ਵਾਹਰੂ ਤੇਰੇ ਬਾਝ ਨ ਕੋਈ,
ਜ਼ਿੰਦਗੀ ਮੈਨੂੰ ਭਾਰੂ ਹੋਈ, ਵਾਂਗ, ਸਗਾਂ ਦੁਰਕਾਰੀ ਦਾ।
ਜੇ ਮੈਂ ਲੱਖ ਗੁਨਾਹੀਂ ਭਰਿਆ, ਭੀ ਸਰਵਰ ਤੇਰੇ ਤੇ ਧਰਿਆ,
ਫ਼ਜ਼ਲ਼ ਕਰੀਂ ਤੂੰ ਤਾਂ ਮੈਂ ਤਰਿਆ, ਤੋਲ ਜੇ ਪਥਰ ਭਾਰੀ ਦਾ।
ਚੰਗਾ ਅਮਲ ਨ ਕੋਈ ਕੀਤਾ, ਜਾਂ ਪਿਆਲਾ ਗ਼ਫ਼ਲਤ ਪੀਤਾ,
ਕਦ ਅਪਨੇ ਤੇ ਆਪੇ ਸੀਤਾ, ਜਾਮਾ ਬਦ ਕਿਰਦਾਰੀ ਦਾ।
ਜੇ ਮੈਂ ਮੰਦਾ ਸਭਨੀ ਚੱਜੀਂ, ਤੂੰਹੇਂ ਮੇਰੇ ਪਰਦੇ ਕੱਜੀਂ,
ਕਰੀਂ ਸੁਫ਼ਾਇਤ ਮੂਲ ਨ ਭੱਜੀਂ, ਦਾਫ਼ਿਆ ਤੂੰ ਗ਼ਮਖ਼ਾਰੀ ਦਾ।

ਮੈਂ ਹਾਂ ਬਹੁਤ ਬੀਮਾਰ ਗੁਨਾਹਾਂ, ਦਾਰੂ ਰਹਿਮ ਤੇਰੇ ਦਾ ਚਾਹਾਂ,
ਤੂੰਹੇਂ ਸੇਹਤ ਬਖ਼ਸ਼ ਅਸਾਹਾਂ, ਮੰਨ ਸਵਾਲ ਅਜ਼ਾਰੀ ਦਾ।
ਮੈਨੂੰ ਬਾਝ ਸ਼ਫ਼ਾਇਤ ਤੇਰੀ, ਹੋਰ ਨ ਕੋਈ ਹੋਸੀ ਢੇਰੀ,
ਤੂੰਹੇਂ ਕਰੀਂ ਖ਼ਲਾਸੀ ਮੇਰੀ, ਖ਼ਤਰਾ ਕਬਰ ਅੰਧਾਰੀ ਦਾ।
ਮੈਂ ਹਾਂ ਬਹੁਤ ਗਰੀਬ ਬੇਚਾਰਾ, ਡੁੱਬਾ ਹੋਇਆ ਗੁਨਾਹ ਵਿਚ ਸਾਰਾ,
ਦਰ ਤੇਰੇ ਤੇ ਮੰਗਣ ਹਾਰਾ, ਮੰਨ ਸਵਾਲ ਭਿਖਾਰੀ ਦਾ।
ਮੈਂ ਨਾਕਿਸ ਤੂੰ ਕਾਮਲ ਭਾਰੀ, ਕਿਥੋਂ ਨਿਆਮਤ ਖਾਵਨ ਸਾਰੀ,
ਮੈਂ ਤੁਧ ਸੰਗ ਨ ਕੀਤੀ ਯਾਰੀ, ਕੀ ਮਾਰਾਂ ਦਮ ਯਾਰੀ ਦਾ।
ਜ਼ੱਰਾ ਸੂਰਜ ਸੰਗ ਨ ਰੱਲੇ, ਕੀਜੇ ਤਕਵਾ ਨਿਤ ਉਤ ਵੱਲੇ,
ਬਹਿਰ ਸਮੁੰਦਰ ਨਾਲ ਕੀ ਚੱਲੇ, ਜ਼ੱਰਾ ਇਕ ਇਨਕਾਰੀ ਦਾ।
ਆਜਜ਼ ਬੰਦ ਮੁਫ਼ਲਸ਼ ਕਿਆ ਤੂੰ, ਉਸ ਦੀ ਆਖੀਂ ਸਿਫ਼ਤ ਸਨਾ ਤੂੰ,
ਮੰਗੋਲੀ ਸੁਖ਼ਨ ਕਰੇਂ ਬਜਾ ਤੂੰ, ਵਾਰਸ ਤਨ ਮਨ ਵਾਰੀ ਦਾ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਵਾਰਿਸ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ