Mitti : Shiv Kumar Batalvi

ਮਿੱਟੀ : ਸ਼ਿਵ ਕੁਮਾਰ ਬਟਾਲਵੀ

ਸੱਜਣ ਜੀ
ਅਸਾਂ ਕਿਸ ਖ਼ਾਤਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ
ਅਸਾਂ ਕਿਸ ਖ਼ਾਤਰ ਹੁਣ ਜੀਣਾ ।

ਮਿੱਟੀ ਧੁਰ ਤੋਂ ਗਰਭਵਤੀ
ਇਹਨੂੰ ਨਿੱਤ ਸੂਤਕ ਦੀਆਂ ਪੀੜਾਂ
ਪਰ ਪ੍ਰਭ ਜੀ ਜਿਸਮਾਂ ਦੀ ਮਿੱਟੀ
ਮੌਲੇ ਸੰਗ ਤਕਦੀਰਾਂ
ਇਸ ਮਿੱਟੀ ਦਾ
ਚੁੰਮਣ ਬਾਝੋਂ
ਲੂੰ ਲੂੰ ਜਾਪੇ ਹੀਣਾ
ਸੱਜਣ ਜੀ
ਅਸਾਂ ਕਿਸ ਖ਼ਾਤਰ ਹੁਣ ਜੀਣਾ ।

ਇਸ ਮਿਟੀ
ਕਿਸੇ ਚੁੰਮਣ ਦਾ ਫੁੱਲ
ਕਦੇ ਨਾ ਡਿੱਠਾ ਖਿੜਿਆ
ਇਸ ਮਿੱਟੀ
ਦੇ ਹੌਕੇ ਤਾਈਂ
ਕੱਜਣ ਮੂਲ ਨਾ ਜੁੜਿਆ
ਇਸ ਮਿੱਟੀ
ਸੈ ਵਾਰੀ ਚਾਹਿਆ
ਮਿੱਟੀ ਦੇ ਵਿੱਚ ਥੀਣਾ
ਸੱਜਣ ਜੀ
ਅਸਾਂ ਕਿਸ ਖ਼ਾਤਰ ਹੁਣ ਜੀਣਾ ।

ਸੱਜਣ ਜੀ
ਇਸ ਮਿੱਟੀ ਦੀ
ਸਾਡੀ ਮਿੱਟੀ ਨਾਲ ਭਿਆਲੀ
ਜੇ ਅੰਗ ਲਾਈਏ
ਗੋਰੀ ਥੀਵੇ
ਨਾ ਲਾਈਏ ਤਾਂ ਕਾਲੀ
ਇਹ ਮਿੱਟੀ ਤਾਂ ਕੰਜਕ ਜਾਈ
ਕੰਜਕ ਏਸ ਮਰੀਣਾਂ
ਸੱਜਣ ਜੀ
ਅਸਾਂ ਕਿਸ ਖ਼ਾਤਰ ਹੁਣ ਜੀਣਾ ।

ਸੱਜਣ ਜੀ
ਇਹ ਮਿੱਟੀ ਹੋਈ
ਹੁਣ ਆਥਣ ਦੀ ਸਾਥਣ
ਇਸ ਮਿੱਟੀ ਵਿੱਚ
ਨਿਸ ਦਿਨ ਸਾਡੇ
ਕੋਸੇ ਰੰਗ ਗਵਾਚਣ
ਇਸ ਮਿੱਟੀ ਦੇ ਪਾਟੇ ਦਿਲ ਨੂੰ
ਕਦੇ ਕਿਸੇ ਨਾ ਸੀਣਾ ।
ਸੱਜਣ ਜੀ
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ
ਅਸਾਂ ਕਿਸ ਖ਼ਾਤਰ ਹੁਣ ਜੀਣਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ