Punjabi Poetry Mohsin Rafi Jawaz

ਪੰਜਾਬੀ ਕਲਾਮ/ਗ਼ਜ਼ਲਾਂ ਮੋਹਸਿਨ ਰਫ਼ੀ ਜਵਾਜ਼

1. ਏਹੋ ਜੇਹੇ ਵੀ ਦੇਖੇ ਮੰਨਜ਼ਰ ਮੇਰੀਆਂ ਅੱਖੀਆਂ

ਏਹੋ ਜੇਹੇ ਵੀ ਦੇਖੇ ਮੰਨਜ਼ਰ ਮੇਰੀਆਂ ਅੱਖੀਆਂ।
ਦੇਖ ਜਿਨ੍ਹਾਂ ਨੂੰ ਭਿੱਜੀਆਂ ਅਕਸਰ ਮੇਰੀਆਂ ਅੱਖੀਆਂ।

ਉਹਦੀਆਂ ਅੱਖੀਆਂ ਨਾਲ ਕੀ ਮੇਰੀਆਂ ਅੱਖੀਆਂ ਮਿਲੀਆਂ,
ਹੋ ਨਾ ਸਕੀਆਂ ਏਧਰ-ਉਧਰ ਮੇਰੀਆਂ ਅੱਖੀਆਂ।

ਯਾ ਤੇ ਵੇਲੇ ਦੀ ਗਰਦਿਸ਼ ਵੀ ਰੁਕੀ ਹੋਈ ਏ,
ਯਾ ਫਿਰ ਹੋ ਗਈਆਂ ਨੇ ਪੱਥਰ ਮੇਰੀਆਂ ਅੱਖੀਆਂ।

ਸੂਰਜ ਤੋਂ ਵੀ ਵੱਧ ਰੌਸ਼ਨ ਏ ਉਹਦਾ ਮੁੱਖੜਾ,
ਉਹਦੇ ਸਾਹਵੇਂ ਖੁੱਲ੍ਹਣ ਕੀਕਣ ਮੇਰੀਆਂ ਅੱਖੀਆਂ।

ਦਿਲ ਨੂੰ ਰੋਗੀ ਹੋਣ ਨਾ ਦਿੰਦਾ ਕਿਸੇ ਵੀ ਸੂਰਤ,
ਹੁੰਦੀਆਂ ਵਸ ਵਿੱਚ ਮੇਰੇ ਜੇ ਕਰ ਮੇਰੀਆਂ ਅੱਖੀਆਂ।

ਮੇਰੇ ਦਿਲ ਦਾ ਹਾਲ ਕਿਸੇ ਨੇ ਜਦ ਵੀ ਪੁੱਛਿਆ,
ਵਰ੍ਹ ਪਈਆਂ ਨੇ ਮੀਂਹ ਦੇ ਵਾਂਗਰ ਮੇਰੀਆਂ ਅੱਖੀਆਂ।

ਤੇਰਾ ਛੱਡਕੇ ਜਾਣਾ ਲੁਕ ਨਹੀਂ ਸਕਦਾ 'ਮੋਹਸਿਨ',
ਹੰਝੂ ਡੱਕਣ ਤੇ ਨੇ 'ਕਾਦਰ' ਮੇਰੀਆਂ ਅੱਖੀਆਂ।

2. ਉਹ ਆਏ ਨਾ ਨੀਂਦਰ ਆਈ, ਗ਼ੌਰ ਕਰੋ

ਉਹ ਆਏ ਨਾ ਨੀਂਦਰ ਆਈ, ਗ਼ੌਰ ਕਰੋ।
ਕਿਸਰਾਂ ਹੋਸੀ ਰਾਤ ਲੰਘਾਈ ? ਗ਼ੌਰ ਕਰੋ।

ਸਾਰੀ ਉਮਰ ਜੋ ਲੁਟਦੇ ਰਹੇ ਨੇ ਰਾਹੀਆਂ ਨੂੰ,
ਹੁਣ ਉਹ ਕਰਨਗੇ ਰਾਹਨੁਮਾਈ, ਗ਼ੌਰ ਕਰੋ।

ਜੇਕਰ ਉਹਦੇ ਦਿਲ ਵਿੱਚ ਕੋਈ ਚੋਰ ਨਹੀਂ,
ਫੇਰ ਕਿਉਂ ਉਹਨੇ ਅੱਖ ਚੁਰਾਈ ? ਗ਼ੌਰ ਕਰੋ।

ਪਹਿਲਾਂ ਵੈਦ ਨੂੰ ਮੰਦਾ ਆਖਣ ਇਹ ਲੋਕੀਂ,
ਫੇਰ ਉਸੇ ਤੋਂ ਲੈਣ ਦਵਾਈ, ਗ਼ੌਰ ਕਰੋ।

ਜਦ ਤੱਕ ਮੇਰੀ ਲੋੜ ਸੀ ਉਹਨੂੰ ਦਾਨਾ ਸਾਂ,
ਮੁੱਕੀ ਲੋੜ ਤੇ ਮੈਂ 'ਸੌਦਾਈ', ਗ਼ੌਰ ਕਰੋ।

ਪੋਟੇ ਘਸ ਗਏ ਭੋਰੇ ਪਾ ਪਾ 'ਕਾਵਾਂ' ਨੂੰ,
ਆਪ ਆਏ ਨਾ ਚਿੱਠੀ ਆਈ, ਗ਼ੌਰ ਕਰੋ।

ਜਿਹੜੀ ਧੌਣ ਨੂੰ ਝੁਕਦਾ ਕਿਸੇ ਨਾ ਤੱਕਿਆ ਸੀ,
'ਮੋਹਸਿਨ' ਉਸ ਵੀ ਧੌਣ ਨਿਵਾਈ, ਗ਼ੌਰ ਕਰੋ।

3. ਦਿਲ ਨਈਂ ਮੰਨਦਾ, ਮੇਰੀ ਖ਼ਾਤਰ, ਅੱਖ ਉਹ ਰੋਈ ਹੋਵੇ

ਦਿਲ ਨਈਂ ਮੰਨਦਾ, ਮੇਰੀ ਖ਼ਾਤਰ, ਅੱਖ ਉਹ ਰੋਈ ਹੋਵੇ।
ਲੁੱਡੀਆਂ ਪਾਵਾਂ, ਇਹ ਅਨਹੋਣੀ, ਜੇ ਕਰ ਹੋਈ ਹੋਵੇ।

ਜੇ ਇਤਬਾਰ ਹੋਵੇ ਇਹ ਦਿਲ ਨੂੰ, ਉਹਨੇ ਹੁਣ ਨਈਂ ਆਉਣਾ,
ਨੀਰ ਦੇ ਬਦਲੇ ਅੱਖਾਂ ਵਿੱਚੋਂ, ਰੱਤ ਹੀ ਚੋਈ ਹੋਵੇ।

ਇਸ ਤੋਂ ਵਧ ਕੇ ਸਾਡੇ ਦਿਲ 'ਤੇ ਹੋਰ ਸਿਤਮ ਕੀ ਹੋਣੈਂ,
ਜਿਹੜੀ ਆਸ ਹੋਵੇ ਅੱਜ ਪੈਦਾ, ਕੱਲ੍ਹ ਉਹ ਮੋਈ ਹੋਵੇ।

ਤਾਰੇ ਗਿਣਨੇ ਕੰਮ ਉਨ੍ਹਾਂ ਦਾ, ਉਹ ਸੁਪਨੇ ਕੀ ਵੇਖਣ,
ਜਿਹੜੀ ਅੱਖੀਂ ਹਿਜਰ-ਵਿਛੋੜੇ ਨੀਂਦਰ ਖੋਈ ਹੋਵੇ।

ਐਧਰ ਅੱਖੀਆਂ ਰੋ ਰੋ ਥੱਕੀਆਂ, ਉੱਧਰ ਅਸਰ ਇਹ ਹੋਇਆ,
ਜਿੱਸਰਾਂ ਰੇਗਿਸਤਾਨਾਂ ਦੇ ਵਿੱਚ, ਬਾਰਿਸ਼ ਹੋਈ ਹੋਵੇ।

'ਦੁਨੀਆਂ ਆਸ-ਉਮੀਦ 'ਤੇ ਕਾਇਮ', ਕਹਿੰਦੇ ਲੋਕ ਸਿਆਣੇ,
ਜੀਵਨ ਮੌਤੋਂ ਬਦਤਰ, ਜੇਕਰ ਆਸ ਨਾ ਕੋਈ ਹੋਵੇ।

ਅੱਜ ਦੇ ਦੌਰ 'ਚ ਓਹੋ 'ਮੋਹਸਿਨ' ਪੂਰੀ ਕਰ ਸਕਦੇ ਨੇ,
ਬੇ-ਲੌਸੀ ਦੇ ਪਿੱਛੇ ਜਿਨ੍ਹਾਂ 'ਗਰਜ਼' ਲਕੋਈ ਹੋਵੇ।

4. ਉਹ ਆਇਆ ਸੀ ਧੁੱਪਿਉਂ ਸੜਦਾ, ਮੇਰੇ ਕੋਲ ਸੀ ਛਾਂ

ਉਹ ਆਇਆ ਸੀ ਧੁੱਪਿਉਂ ਸੜਦਾ, ਮੇਰੇ ਕੋਲ ਸੀ ਛਾਂ।
ਰੁੱਖ ਤੇ ਰਾਹੀ ਦੇ ਰਿਸ਼ਤੇ ਦਾ, 'ਪਿਆਰ' ਨਈਂ ਹੁੰਦਾ ਨਾਂ।

ਉਹਦੇ ਸ਼ਹਿਰ ਦੇ ਸਾਰੇ ਰਸਤੇ ਇੱਕ-ਦੂਜੇ ਦੇ ਵਾਂਗ,
ਉਹਨੂੰ ਲੱਭਦਾ-ਲੱਭਦਾ ਕਿਧਰੇ ਆਪ ਗਵਾਚ ਨਾ ਜਾਂ।

ਪਿਆਰ ਦਾ ਰਸਤਾ ਔਖਾ ਏ ਪਰ ਔਖਾ ਉਹਨੂੰ ਲੱਗੇ,
ਰਾਹ ਵਿੱਚ ਜੀਹਨੇ ਤੱਕੀ ਹੋਵੇ ਉੱਚੀ ਨੀਵੀਂ ਥਾਂ।

ਜਾਣ ਤੇ ਉਹ ਵੀ ਸਕਦਾ ਏ, ਇਸ ਜੱਗ ਦੇ ਰਸਮ-ਰਿਵਾਜ,
ਅਪਣੇ ਵਿੱਚੋਂ ਬਾਹਰ ਨਿਕਲ ਕੇ ਜੇ ਕਰ ਦੇਖੇ ਤਾਂ।

ਉਹਨੇ ਛੱਡ ਕੇ ਜਾਣ ਤੋਂ ਪਹਿਲਾਂ ਮੈਥੋਂ ਇਹ ਪੁੱਛਿਆ ਸੀ,
ਉਹਦੀ ਏਸ ਅਦਾ ਦੇ ਸਦਕੇ, ਮੈਂ ਕਰ ਦਿੱਤੀ 'ਹਾਂ'।

ਝੂਠ ਦੀ ਜ਼ਹਿਰ ਭਰੀ ਏ ਦਿਲ ਵਿੱਚ, ਮਿੱਠਾ ਬੋਲਾਂ ਕੀ?
ਅੰਦਰੋਂ ਵੀ ਉਹੀਉ ਕੁਝ ਆਖਾਂ, ਬਾਹਰੋਂ ਜੋ ਕੁਝ ਹਾਂ।

ਸਭ ਕੁਝ ਭੁੱਲ ਭੁਲਾਕੇ 'ਮੋਹਸਿਨ' ਉਹਨੂੰ ਇੰਜ ਉਡੀਕਾਂ,
ਵਿਛੜੇ ਪੁੱਤ ਨੂੰ ਪਈ ਉਡੀਕੇ ਜਿੱਸਰਾਂ ਬੇਵਾ-ਮਾਂ।

5. ਭਰੀ ਮਹਿਫ਼ਿਲ 'ਚ ਜੇ ਨਾ ਮੋੜਦਾ ਰੁਖ਼ ਗੁਫ਼ਤਗੂ ਦਾ

ਭਰੀ ਮਹਿਫ਼ਿਲ 'ਚ ਜੇ ਨਾ ਮੋੜਦਾ ਰੁਖ਼ ਗੁਫ਼ਤਗੂ ਦਾ।
ਭਰਮ-ਭਾਅ ਖੁੱਲ੍ਹ ਜਾਣਾ ਸੀ, ਕਿਸੇ ਦੀ ਆਬਰੂ ਦਾ।

ਮੈਂ ਅਪਣੇ-ਆਪ ਨੂੰ ਈ ਢੂੰਡ ਨਾ ਸਕਿਆ ਅਜੇ ਤੱਕ,
ਇਰਾਦਾ ਵੀ ਕਿਵੇਂ ਕਰਦਾ, ਮੈਂ ਤੇਰੀ ਜੁਸਤਜੂ ਦਾ?

ਜੇ ਮੇਰੇ ਪਿਆਰ ਵੀ ਲਲਕਾਰਿਆ ਮੇਰੀ ਅਨਾ ਨੂੰ,
ਗਲ਼ਾ ਈ ਘੁੱਟ ਦੇਵਾਂਗਾ ਮੈਂ ਆਪਣੀ ਆਰਜ਼ੂ ਦਾ।

ਮੈਂ ਅਪਣਾ-ਆਪ ਤੇਰੀ ਜ਼ਾਤ ਵਿੱਚ ਗੁੰਮ ਕਰ ਤਾਂ ਦੇਵਾਂ,
ਸਮੁੰਦਰ ਨਾਲ ਮਿਲ ਕੇ ਨਾਂ ਨਈਂ ਰਹਿੰਦਾ ਆਬ-ਜੂ ਦਾ।

ਮੁਕਾਬਿਲ-ਜ਼ਹਿਨ ਨੂੰ ਇਕ ਖ਼ਾਲੀ ਪੈਮਾਨਾ ਸਮਝ ਕੇ,
ਮੈਂ ਅਪਣੀ ਗੁਫ਼ਤਗੂ ਤੋਂ ਕੰਮ ਲੈਨਾਂ ਵਾਂ ਸਬੂ ਦਾ।

ਮੈਂ ਅਪਣਾ-ਆਪ ਉਹਦੇ ਰੰਗ ਵਿੱਚ ਹੀ ਰੰਗ ਲਿਆ ਏ,
ਮੈਂ ਝਗੜਾ ਈ ਮੁਕਾ ਦਿੱਤਾ ਏ 'ਮੋਹਸਿਨ' 'ਮੈਂ' ਤੇ 'ਤੂੰ' ਦਾ।