Muhammad Abbas Mirza
ਮੁਹੰਮਦ ਅੱਬਾਸ ਮਿਰਜ਼ਾ

ਨਾਂ-ਮੁਹੰਮਦ ਅੱਬਾਸ, ਕਲਮੀ ਨਾਂ-ਮੁਹੰਮਦ ਅੱਬਾਸ ਮਿਰਜ਼ਾ,
ਪਿਤਾ ਦਾ ਨਾਂ ਗ਼ੁਲਾਮ ਰਸੂਲ ਗ਼ਾਜ਼ੀ,
ਜਨਮ ਤਾਰੀਖ਼-31 ਦਸੰਬਰ 1948,
ਜਨਮ ਸਥਾਨ-ਪਿੰਡ ਮੰਜੀ ਤੋੜ, ਜ਼ਿਲ੍ਹਾ ਨਾਰੋਵਾਲ, ਪੰਜਾਬ,
ਵਿੱਦਿਆ-ਐਮ. ਏ., ਕਿੱਤਾ-ਅਧਿਆਪਨ,
ਪਤਾ-121 ਮਦੀਨਾ ਬਲਾਕ, ਐਵਾਨ ਟਾਉਨ, ਲਾਹੌਰ,
ਛਪੀਆਂ ਕਿਤਾਬਾਂ, ਤੀਲਾ ਤੀਲਾ (ਪੰਜਾਬੀ ਬੈਤ), ਗੋਹਲਾਂ (ਪੰਜਾਬੀ ਬੈਤ), ਪਤਾਸੇ (ਪੰਜਾਬੀ ਬੈਤ), ਮਖਾਣੇ, (ਪੰਜਾਬੀ ਬੈਤ), ਦਾਣੇ (ਪੰਜਾਬੀ ਬੈਤ), 272 ਨਸ਼ਤਰ (ਪੰਜਾਬੀ ਬੈਤ), ਪਤਾਸੇ ਪੰਜਾਬੀ ਬੈਤ (ਗੁਰਮੁਖੀ), ਆਉ ਦੇਖੇਂ (ਉਰਦੂ ਸ਼ਾਇਰੀ), ਕੋਈ ਹੈ (ਉਰਦੂ ਸ਼ਾਇਰੀ), ਝੇੜੇ (ਪੰਜਾਬੀ ਸ਼ਾਇਰੀ) ।

ਪੰਜਾਬੀ ਗ਼ਜ਼ਲਾਂ (ਝੇੜੇ 2010 ਵਿੱਚੋਂ) : ਮੁਹੰਮਦ ਅੱਬਾਸ ਮਿਰਜ਼ਾ

Punjabi Ghazlan (Jhede 2010) : Muhammad Abbas Mirzaਜੁੱਸੇ ਮੇਲ ਕੇ ਬੰਨ੍ਹ ਤੇ ਬੰਨ੍ਹੇ

ਜੁੱਸੇ ਮੇਲ ਕੇ ਬੰਨ੍ਹ ਤੇ ਬੰਨ੍ਹੇ ਜਾਂਦੇ ਨਹੀਂ । ਨਾਲ ਹਵਾਵਾਂ ਹੜ੍ਹ ਤੇ ਥੰਮੇ ਜਾਂਦੇ ਨਹੀਂ । ਅੱਧੀ ਰਾਤੀਂ ਹੌਕੇ ਭਰ ਭਰ ਰੋਨਾਂ ਏਂ, ਚਸਕੇ ਤੇ ਫਿਰ ਵੰਨ-ਸਵੰਨੇ ਜਾਂਦੇ ਨਹੀਂ । ਨਵੀਆਂ ਫ਼ਸਲਾਂ ਧਰਤੀ ਲਈ ਜ਼ਰੂਰੀ ਨੇ, ਗੰਨੇ ਜਾਂਦੇ ਨੇ ਪਰ ਸੰਮੇ ਜਾਂਦੇ ਨਹੀਂ । ਸ਼ਿਅਰ ਜੇ ਸੁਣ ਕੇ ਦਿਲ ਦੀ ਤਾਕੀ ਖੁੱਲੇ੍ਹ ਨਾ, ਸਾਥੋਂ ਤੇ ਫਿਰ ਬੂਹੇ ਭੰਨੇ ਜਾਂਦੇ ਨਹੀਂ । ਜੇ ਕੋਈ ਗਿੱਦੜ ਸਿੰਗੀ ਹੈ ਤੇ ਕੱਢ 'ਅੱਬਾਸ', ਖ਼ਾਲੀ ਅੱਖਰ ਏਥੇ ਮੰਨੇ ਜਾਂਦੇ ਨਹੀਂ ।

ਹੰਝੂਆਂ ਹੱਥ ਦੋਸ਼ਾਖ਼ਾ ਅੱਖਾਂ ਮੇਰੀਆਂ ਨੇ

ਹੰਝੂਆਂ ਹੱਥ ਦੋਸ਼ਾਖ਼ਾ ਅੱਖਾਂ ਮੇਰੀਆਂ ਨੇ । ਮੈਂ ਵੀ ਗ਼ਮ ਦੀਆਂ ਫ਼ਸਲਾਂ ਨਿੱਤ ਖਲੇਰੀਆਂ ਨੇ । ਪੱਗਾਂ ਛੱਡੋ ਆਪਣੇ ਜੁੱਸੇ ਸਾਂਭ ਲਵੋ, ਆਲ-ਦਵਾਲੇ ਚੱਲੀਆਂ ਲਾਲ ਹਨੇਰੀਆਂ ਨੇ । ਬੇਰ ਆਵਣ 'ਤੇ ਭਾਵੇਂ ਪੰਛੀ ਟੁਕ ਜਾਵਣ, ਅਜੇ ਤੇ ਸੂਲੋ-ਸੂਲ ਘਰਾਂ ਵਿਚ ਬੇਰੀਆਂ ਨੇ । ਹੁਣ ਕਿਉਂ ਖ਼ਾਲਸ ਦੁੱਧ ਦੀਆਂ ਧਾਰਾਂ ਲੱਭਦਾ ਏਂ, ਹੱਥੀਂ ਖੋਲ੍ਹ ਫੜਾਈਆਂ ਜਦੋ ਲਵੇਰੀਆਂ ਨੇ । ਜੇ ਮੈਂ ਔਕੜਾਂ ਹਿੱਕ 'ਤੇ ਜਰੀਆਂ ਨੇ 'ਅੱਬਾਸ', ਪੀੜਾਂ ਵੀ ਤੇ ਲੂੰ ਲੂੰ ਵਿੱਚ ਵਧੇਰੀਆਂ ਨੇ ।

ਲੂੰ ਲੂੰ ਬੱਧੇ ਪੀੜਾਂ 'ਤੇ ਜਗਰਾਤੇ ਨੇ

ਲੂੰ ਲੂੰ ਬੱਧੇ ਪੀੜਾਂ 'ਤੇ ਜਗਰਾਤੇ ਨੇ । ਇਸ਼ਕ ਨੇ ਆਪਣੇ ਬੰਦੇ ਵੱਲ ਪਛਾਤੇ ਨੇ । ਉਨ੍ਹਾਂ ਹੱਥ ਨਿਆਂ ਕਿਉਂ ਦਿੰਦੇ ਜਾਂਦੇ ਓ, ਜਿਹੜੇ ਹੱਲਾਂ ਉੱਤੇ ਪਹਿਲੋ ਈ ਨ੍ਹਾਤੇ ਨੇ । ਨ੍ਹੇਰਿਉਂ ਟਿੱਕੀ ਉੱਗਣ ਤੀਕ ਮੈਂ ਜਾਗਾਂਗਾ, ਬੱਤੀਆਂ ਨਹੀਂ ਹੁਣ ਮੇਰੇ ਹੱਥੀਂ ਬਾਤੇ ਨੇ । ਕਿਸ ਕਿਸ ਥਾਂ ਤੇ ਪਿਆਰ ਦੇ ਅੱਥਰੂ ਕੇਰਾਂ ਮੈਂ, ਚਾਰੇ ਪਾਸੇ ਲੱਗੇ ਹੋਏ ਮਵਾਤੇ ਨੇ । ਜੇ ਮੈਂ ਬਹੁਤੇ ਹੌਕੇ ਭਰਨਾਂ ਵਾਂ 'ਅੱਬਾਸ', ਲੋਕੀ ਵੀ ਤੇ ਬਹੁਤੇ ਈ ਗਏ-ਗਵਾਤੇ ਨੇ ।

ਹੂਕਾਂ ਜਿੱਥੋਂ ਉੱਠਣ ਉੱਥੇ ਹੋਇਆ ਕੀ ਏ

ਹੂਕਾਂ ਜਿੱਥੋਂ ਉੱਠਣ ਉੱਥੇ ਹੋਇਆ ਕੀ ਏ । ਕਾਹਦੇ ਪਿੱਟ ਸਿਆਪੇ ਅੰਦਰ ਮੋਇਆ ਕੀ ਏ । ਲਹੂ ਦੇ ਛਿੱਟੇ ਦੇ ਦੇ ਘਾਣੀ ਕਰਨੇ ਆਂ, ਢੱਠੀ ਕੰਧ ਉਸਾਰਣ ਨੂੰ ਦੱਸ ਗੋਇਆ ਕੀ ਏ । ਕੁੰਗੀ, ਕਾਂਗ ਵਡੇਰੇ ਕਣਕਾਂ ਖਾ ਛੱਡੀਆਂ, ਘਰ ਭੜੋਲੇ ਭੁੱਖੇ ਲਈ ਦੱਸ ਢੋਇਆ ਕੀ ਏ । ਗੱਲ੍ਹਾਂ ਉੱਪਰ ਲਾਲੀ ਚੜ੍ਹਦੀ ਆਉਂਦੀ ਏ, ਨੀਵੀਆਂ ਅੱਖਾਂ ਕਰਕੇ ਦੱਸ ਲਕੋਇਆ ਕੀ ਏ । ਉੱਥੇ ਤੇ ਖ਼ੁਸ਼ਬੂਆਂ ਝੁੱਗੀ ਪਾ ਲਈ ਏ, ਛੱਪੜ ਕੰਢੇ ਬਹਿ ਕੇ ਉਹਨੇ ਧੋਇਆ ਕੀ ਏ । ਐਤਕੀ ਧੀ ਦੇ ਦਾਜ ਨੇ ਢੱਗੇ ਖਾ ਸੁੱਟੇ, ਹਲ ਪੰਜਾਲੀ ਅੱਗੇ ਉਨ੍ਹੇ ਜੋਇਆ ਕੀ ਏ । ਭੋਲ਼ੇ ਲੋਕੀ ਇਹ ਗੱਲ ਕਦੋਂ ਸਿਆਣਨਗੇ, ਮੱਛੀਆਂ ਘੇਰਨ ਵਾਲੇ ਹੱਥ ਗੰਡੋਇਆ ਕੀ ਏ । ਬੱਕਰੀ ਕਿੱਥੇ ਈ ਬੱਚੇ ਡੁਸਕਣ ਯਾਰ 'ਅੱਬਾਸ', ਬਹੁਤ ਪ੍ਰਾਹੁਣੇ ਆ ਗਏ ਸਨ ਹੁਣ ਕੋਹਿਆ ਕੀ ਏ ।

ਤੇਰੀ ਛਾਵੇਂ ਐਵੇਂ ਜ਼ਰਾ ਕੂ ਬਹਿਣਾ ਏ

ਤੇਰੀ ਛਾਵੇਂ ਐਵੇਂ ਜ਼ਰਾ ਕੂ ਬਹਿਣਾ ਏ । ਜਾਂਦਿਆਂ ਬੂਟਿਆ, ਹੋਰ ਕੀ ਤੈਥੋਂ ਲੈਣਾ ਏ । ਸਾਉਣ ਦੀ ਵਾਛੜ ਗਾਰਾ ਖੋਰੀ ਆਉਂਦੀ ਏ, ਲੋਕਾ! ਓੜਕ ਕੱਚੀ ਕੰਧ ਨੇ ਢੈਣਾ ਏ । ਮਾਲਾਂ ਵਾਲਿਉ ਤੁਹਾਡੀਆਂ ਠਾਹਰਾਂ ਹਰ ਦੇਸੇ, ਅਸਾਂ ਤੇ ਏਸੇ ਜੂਹੇ ਮਰਦਿਆਂ ਰਹਿਣਾ ਏ । ਸ਼ਹਿਰੀ ਬਾਬੂ ਖਾ ਲੇਸੀਂ ਤੇ ਨਾ ਭੁੱਲ ਸੈਂ, ਉਂਜ ਸੁਚੱਜੇ ਹੱਥੀਂ ਪੱਕਿਆ ਮਹਿਣਾ ਏ । ਉਥੇ ਕੌਸ਼ ਕਜ਼ਹ ਦੇ ਰੰਗ ਹੁਲਾਰੇ ਲੈਣ, ਜਿਨ੍ਹਾਂ ਕੰਨੀ ਸਰੋਂ ਦੇ ਫੁੱਲ ਦਾ ਗਹਿਣਾ ਏ । ਵੇਲਾ ਇਸਰਾਂ ਚਿਹਰਾ ਬਦਲੇਗਾ 'ਅੱਬਾਸ', ਤੇਰੇ ਕੋਲੋਂ ਲੋਕਾਂ ਇੰਜ ਤਰਿਹਣਾ ਏ ।

ਉਡਦੇ ਪੰਛੀ ਤੇਰਾ ਛਾਇਆ

ਉਡਦੇ ਪੰਛੀ ਤੇਰਾ ਛਾਇਆ ਠਾਂਹ ਤੇ ਨਹੀਂ । ਅਰਸ਼ਾਂ ਵੱਲੇ ਤੱਕੀਂ ਕਿਧਰੇ ਤਾਂਹ ਤੇ ਨਹੀਂ । ਨੋਟਾਂ ਵਾਲੇ ਗੁਥਲੇ ਬਾਹਰੋਂ ਭਰਨਾਂ ਏਂ, ਤੇਰੇ ਪਿੱਛੇ ਰੋਂਦੀ ਤੇਰੀ ਮਾਂ ਤੇ ਨਹੀਂ । ਜੀਹਨੂੰ ਜਾਣਕੇ 'ਹੁੰਮਾ' ਭੁੱਲਿਆ ਫਿਰਨਾਂ ਏ, ਤੇਰੇ ਸਿਰ ਤੇ ਬੈਠਾ ਕਿਧਰੇ ਕਾਂ ਤੇ ਨਹੀਂ । ਇਨਸ਼ਾ ਅੱਲ੍ਹਾ! ਕਹਿ ਕੇ ਵਾਹਦੇ ਕਰਨਾ ਏਂ, ਮੇਰੇ ਲਈ ਸੰਵਾਰ ਕੇ ਰੱਖੀ ਨਾਂਹ ਤੇ ਨਹੀਂ । ਥਾਂ-ਥਾਂ ਲੋਕਾਂ ਨਾਲ ਜੋ ਕਰਦਾ ਫਿਰਦਾ ਏਂ, ਸਾਡੇ ਨਾਲ ਵੀ ਕੀਤੀ ਉਹੋ ਹਾਂ ਤੇ ਨਹੀਂ । ਐਵੇਂ ਸੜਕਾਂ ਕੱਛਦਾ ਫਿਰਦਾ ਏਂ 'ਅੱਬਾਸ', ਦੱਸ ਤੂੰ ਕੋਈ ਗੁਆਚੀ ਹੋਈ ਗਾਂ ਤੇ ਨਹੀਂ ।

ਵਾਵਰੋਲਿਆ ਉਨ੍ਹਾਂ ਲਈ ਤੇ ਬਣ ਜਾ

ਵਾਵਰੋਲਿਆ ਉਨ੍ਹਾਂ ਲਈ ਤੇ ਬਣ ਜਾ ਬਾਦਬਹਾਰੀ । ਜਿਨ੍ਹਾਂ ਅੰਦਰ ਠੁਮਣੇ ਦੇ ਦੇ ਆਪਣੀ ਜਾਨ ਖਿਲਾਰੀ । ਸਾਹ ਨੂੰ ਰੰਗਣ ਵਾਲੇ ਚਾਰੇ ਕੂਟਾਂ ਰੰਗ ਖਲੇਰੇ, ਰੰਗ ਸੰਧੂਰੀ ਅੰਦਰ ਉਡ-ਉਡ ਚਾੜ੍ਹੀ ਨਿੱਤ ਗਵਾਰੀ । ਜੇ ਇਹ ਜਿਉਣਾ ਚਾਹੁੰਦਾ ਏ ਤੇ ਮੁੜ ਚੜ੍ਹਦੇ ਵਲ ਪਰਤੇ, ਚੜ੍ਹਦੇ ਵੱਲੋਂ ਚੜ੍ਹਕੇ ਸੂਰਜ ਲਹਿੰਦੇ ਬਾਜ਼ੀ ਹਾਰੀ । ਘੱਟਿਉਂ ਨੱਸ ਕੇ ਧੂਆਂ 'ਤੇ ਲਿੱਦਾਂ ਫੱਕਣ ਲਈ ਆ ਗਏ, ਪਿੰਡ ਦਿਆਂ ਵਸਨੀਕਾਂ ਮਾਰੀ ਸ਼ਹਿਰਾਂ ਵੱਲ ਉਡਾਰੀ । ਏਥੇ ਨਾੜੀਂ ਗ਼ਮ ਪਿਆ ਰੁਮਕੇ ਬਣ ਕੇ ਰੁੱਤ ਜਵਾਨਾਂ, ਮੈਨੂੰ ਤੇ 'ਅੱਬਾਸ' ਇਹ ਦੁਨੀਆਂ ਜਾਪੇ ਮੰਜ਼ਿਲ ਭਾਰੀ ।

ਕਿੰਨਿਆਂ ਦੇ ਘਰ ਦੱਸੋ ਲਾਸ਼ਾਂ

ਕਿੰਨਿਆਂ ਦੇ ਘਰ ਦੱਸੋ ਲਾਸ਼ਾਂ ਕਿੰਨਿਆਂ ਦੇ ਘਰ ਹਾਸੇ ਗਏ । ਅਸਾਂ ਤੇ ਫੁੱਲ-ਪਨੀਰੀ ਬੀਜੀ ਤੁਹਾਡੇ ਘਰੀਂ ਗੰਡਾਸੇ ਗਏ । ਇਨਸਾਨਾਂ ਵਿਚ ਸੁੰਮਾਂ ਲੱਗੇ ਸੋਟੇ ਜਦੋਂ ਵੀ ਚੱਲੇ ਨੇ, ਸਾਡੇ ਪਿੰਡੇ ਆਪਣੇ ਘਰ ਵਿਚ ਬੈਠਿਆਂ ਆਪ ਈ ਲਾਸ਼ੇ ਗਏ । ਮੇਰੇ ਘਰ ਵੀ ਫੇਰਾ ਪਾਵਣ ਮੈਂ ਵੀ ਗ਼ਮ ਦਾ ਡੰਗਿਆ ਵਾਂ, ਸੱਪ ਕਰੰਡੀਏ ਕੀਲਣ ਵਾਲੇ ਜੋਗੀ ਕਿਹੜੇ ਪਾਸੇ ਗਏ । ਇਹ ਤਬਦੀਲੀ ਬੰਦੇ ਨਸਲਾਂ ਬਦਲਣ ਪਾਰੋਂ ਆਉਂਦੀ ਏ, ਕਿੱਥੇ ਲੱਠਾ ਚਾਬੀ ਵਾਲਾ ਕਿੱਥੇ ਲੀਲਣ ਟਾਸੇ ਗਏ । ਯਾਂ ਤੇ ਮੈਨੂੰ ਹੋਇਆ ਏ ਕੁਝ, ਯਾਂ ਤੇ ਮੈਨੂੰ ਹੀ ਹੋਇਐ, ਸਾਉਣ ਮਹੀਨਾ ਕਹਿਰੀਂ ਆਇਆ ਆਖੋ ਤੁਸੀਂ ਚਮਾਸੇ ਗਏ । ਸਾਡੇ ਵਰਗੀਆਂ ਕੋਝੀਆਂ ਸ਼ਕਲਾਂ ਹੋਰ ਕਿੰਨਾਂ ਕੂ ਢੈਣਾ ਏ, ਵੇਲੇ ਹੱਥੀਂ ਸੋਹਣੀਆਂ ਸ਼ਕਲਾਂ ਵਾਲੇ ਕਿੰਜ ਖ਼ਰਾਸੇ ਗਏ । ਹਿੰਦਸਿਆਂ ਵੀ ਸਿਰ ਕੁੰਜ ਉਤਾਰੀ ਬਦਲੇ ਭੇਸ ਹਜ਼ਾਰਾਂ ਨੇ, ਹੋਣ ਗਰਾਮਾਂ ਵਿਚ ਤੁਲਣਾਵਾਂ ਰੱਤੀਆਂ, ਤੋਲੇ, ਮਾਸੇ ਗਏ । ਸਾਡਾ ਜਿਉਂਦਿਆਂ ਮੁੱਲ ਪਛਾਣੋ ਓੜਕ ਉਡ-ਪੁਡ ਜਾਣਾ ਏ, ਪਿੱਛੋਂ ਲੱਭਦੇ ਫਿਰੋਗੇ ਸਾਰੇ ਕਿੱਥੇ ਬਾਬੇ ਬਾਸੇ ਗਏ ।

ਕੱਲਿਆਂ ਬਹਿਕੇ ਹੌਕੇ ਭਰ-ਭਰ

ਕੱਲਿਆਂ ਬਹਿਕੇ ਹੌਕੇ ਭਰ-ਭਰ ਹਾਰ ਪਰੋ ਨਹੀਂ ਸਕਿਆ । ਜਿੰਨਾਂ ਅੰਦਰੋਂ ਟੁੱਟ ਗਿਆ ਵਾਂ ਉੱਨਾ ਰੋ ਨਹੀਂ ਸਕਿਆ । ਹੁਸਨ ਤੇ ਉਹਦਾ ਘਟ ਗਿਆ ਪਰ ਖਿੱਚ ਸਵਾਈ ਹੋ ਗਈ, ਜਾਂਦਾ ਵੇਲਾ ਉਹਦੇ ਕੋਲੋਂ ਕੁਝ ਵੀ ਖੋਹ ਨਹੀਂ ਸਕਿਆ । ਦੋ ਦੋ ਉੱਚੇ ਸ਼ਮਲੇ ਕੱਢ ਕੇ ਕੇਹਾ ਕਚਹਿਰੀ ਚੜ੍ਹਨਾ, ਆਪਣੀ ਜੇ ਜ਼ਮੀਰ ਦੇ ਅੱਗੇ ਆਪ ਖਲੋ ਨਹੀਂ ਸਕਿਆ । ਦੂਸਰਿਆਂ ਨੂੰ ਕੀਕਣ ਆਖਾਂ ਮੇਰੇ ਵਾਂਗਰ ਹੋਵੋ, ਜਿਹੋ ਜਿਹਾ ਹੋਰਾਂ ਨੂੰ ਚਾਹਵਾਂ ਆਪ ਵੀ ਹੋ ਨਹੀਂ ਸਕਿਆ । ਸਹਿਜੇ ਨਾਲ ਕੋਈ ਪਿੱਛੋਂ ਆਵੇ, ਆ ਕੇ ਅੱਖੀਆਂ ਮੀਟੇ, ਉਮਰਾਂ ਹੋਈਆਂ ਮੈਂ ਇਹ ਖੁੱਲੇ੍ਹ ਬੂਹੇ ਢੋ ਨਹੀਂ ਸਕਿਆ । ਅਣਕਹੀ ਦੇ ਸੌ ਰੂਪ ਨੇ ਐਥੇ ਕਹੀ ਦਾ ਇੱਕ ਦਸੇਂਦਾ, ਚੰਗਾ ਏਂ 'ਅੱਬਾਸ' ਤੂੰ ਆਪਣੀ ਬਾਣੀ ਛੋ ਨਹੀਂ ਸਕਿਆ ।