Muhammad Riaz Shahid
ਮੁਹੰਮਦ ਰਿਆਜ਼ ਸ਼ਾਹਿਦ

ਨਾਂ-ਡਾ. ਮੁਹੰਮਦ ਰਿਆਜ਼, ਕਲਮੀ ਨਾਂ-ਮੁਹੰਮਦ ਰਿਆਜ਼ ਸ਼ਾਹਿਦ,
ਪਿਤਾ ਦਾ ਨਾਂ-ਚੌਧਰੀ ਸਰਾਜਦੀਨ,
ਜਨਮ ਤਾਰੀਖ਼-19 ਅਗਸਤ 1954,
ਜਨਮ ਸਥਾਨ-ਫ਼ੱਤੋਵਾਲ ਸਲਹਰੀਆਂ, ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਨਾਰੋਵਾਲ,
ਵਿਦਿਆ-ਐਮ. ਏ.(ਉਰਦੂ ਪੰਜਾਬੀ) ਪੀ. ਐਚ. ਡੀ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਫ਼ਲਸਤੀਨ ਤੇ ਪੰਜਾਬੀ ਅਦਬ (ਤਰਤੀਬ), ਤੂਤਾਂ ਵਾਲੇ ਖੂਹ ਤੇ (ਲੋਕ ਅਦਬ), ਗੱਲਾਂ ਡਾਕਟਰ ਸ਼ਹਿਬਾਜ਼ ਦੀਆਂ (ਗੱਲ-ਬਾਤ), ਸਿੱਕ ਦਾ ਸੇਕ (ਪੰਜਾਬੀ ਸ਼ਾਇਰੀ), ਮਾਂਗ ਮੋਤੀ (ਸ਼ਾਇਰੀ),
ਪਤਾ-ਪੰਜਾਬੀ ਵਿਭਾਗ ਗੌਰਮਿੰਟ ਕਾਲਜ ਯੂਨੀਵਰਸਿਟੀ ਫ਼ੈਸਲਾਬਾਦ ।

ਪੰਜਾਬੀ ਗ਼ਜ਼ਲਾਂ (ਸਿੱਕ ਦਾ ਸੇਕ 1999 ਵਿੱਚੋਂ) : ਮੁਹੰਮਦ ਰਿਆਜ਼ ਸ਼ਾਹਿਦ

Punjabi Ghazlan (Sikk Da Sek 1999) : Muhammad Riaz Shahidਇਨ੍ਹਾਂ ਸੋਚਾਂ ਵਿਚਾਰਾਂ ਵਿਚ ਕਦੀ

ਇਨ੍ਹਾਂ ਸੋਚਾਂ ਵਿਚਾਰਾਂ ਵਿਚ ਕਦੀ ਮਸਲੇ ਨਾ ਹੱਲ ਹੁੰਦੇ । ਸੱਜਣਾ ਉਚ-ਉਡਾਰਾਂ ਵਿਚ ਕਦੀ ਮਸਲੇ ਨਾ ਹੱਲ ਹੁੰਦੇ । ਇਹ ਸਾਰੀ ਝੂਠ ਦੀ ਪਰ੍ਹਿਆ ਫ਼ਕਤ ਦੋ-ਚਾਰ ਸੱਚੇ ਨੇ, ਇਨ੍ਹਾਂ ਲਫ਼ਜ਼ੀ ਅਖ਼ਬਾਰਾਂ ਵਿਚ ਕਦੀ ਮਸਲੇ ਨਾ ਹੱਲ ਹੁੰਦੇ । ਕਦੇ ਅਗਨੀ, ਕਦੇ ਗ਼ੌਰੀ, ਕਦੇ ਹਾਕੀ, ਕਦੇ ਕਿਰਕਟ, ਇਨ੍ਹਾਂ ਜਿੱਤਾਂ ਤੇ ਹਾਰਾਂ ਵਿਚ ਕਦੀ ਮਸਲੇ ਨਾ ਹੱਲ ਹੁੰਦੇ । ਜੇ ਸਾਰੇ ਲੋਕ ਹੀ ਵੱਡਾ ਸਮਝਦੇ ਰਹਿਣਗੇ ਖ਼ੁਦ ਨੂੰਜਿਹੀ ਚੌਧਰ ਚੁਬਾਰਾਂ ਵਿਚ ਕਦੀ ਮਸਲੇ ਨਾ ਹੱਲ ਹੁੰਦੇ । ਜੇ ਸਾਊ ਦੋ ਈ ਰਲ ਬੈਠਣ ਤੇ ਗੱਲ ਦਾ ਹੱਲ ਨਿਕਲ ਆਵੇ, ਇਨ੍ਹਾਂ ਲੱਖਾਂ ਹਜ਼ਾਰਾਂ ਵਿਚ ਕਦੀ ਮਸਲੇ ਨਾ ਹੱਲ ਹੁੰਦੇ ।

ਚਾਨਣ ਸ਼ਿਖਰ ਦੁਪਹਿਰਾਂ ਵਰਗੇ ਹੋ ਗਏ ਨੇ

ਚਾਨਣ ਸ਼ਿਖਰ ਦੁਪਹਿਰਾਂ ਵਰਗੇ ਹੋ ਗਏ ਨੇ । ਹੁਣ ਤੇ ਪਿੰਡ ਵੀ ਸ਼ਹਿਰਾਂ ਵਰਗੇ ਹੋ ਗਏ ਨੇ । ਧਰਤੀ ਉੱਤੇ ਐਨਾ ਬੱਦਲ ਵੱਸਿਆ ਏ, ਪਿੰਡ ਦੇ ਖਾਲੇ ਨਹਿਰਾਂ ਵਰਗੇ ਹੋ ਗਏ ਨੇ । ਇਨ੍ਹਾਂ ਦਾ ਤੇ ਡੰਗਿਆ ਪਾਣੀ ਮੰਗਦਾ ਨਈਂ, ਬੰਦਿਆਂ ਦੇ ਦਿਲ ਜ਼ਹਿਰਾਂ ਵਰਗੇ ਹੋ ਗਏ ਨੇ । ਸੋਚਾਂ ਫ਼ਨੀਅਰ ਨਾਗਾਂ ਵਾਂਗੂੰ ਸ਼ੂਕਦੀਆਂ, ਅੱਖਰ ਖ਼ੂਨੀ ਲਹਿਰਾਂ ਵਰਗੇ ਹੋ ਗਏ ਨੇ । ਹੱਡਾਂ ਨੂੰ ਬਾਲਣ ਦਾ ਕੁਝ ਤੇ ਆਹਰ ਕਰੋ, ਜੁੱਸੇ ਸੀਤ ਦੁਪਹਿਰਾਂ ਵਰਗੇ ਹੋ ਗਏ ਨੇ ।

ਸ਼ਾਮ-ਸਵੇਰੇ ਉਹਦੇ ਨਾਵੇਂ ਕਰ ਦਿੱਤੇ

ਸ਼ਾਮ-ਸਵੇਰੇ ਉਹਦੇ ਨਾਵੇਂ ਕਰ ਦਿੱਤੇ । ਮੈਂ ਯਾਦਾਂ ਦੇ ਬਾਲ ਕੇ ਦੀਵੇ ਧਰ ਦਿੱਤੇ । ਉਹਦੀ ਮੈਥੋਂ ਵੱਧ ਉਡਾਰੀ ਹੋ ਗਈ ਏ, ਜੀਹਦੀਆਂ ਸੋਚਾਂ ਨੂੰ ਮੈਂ ਆਪਣੇ ਪਰ ਦਿੱਤੇ । ਹੌਕੇ ਹਾਵਾਂ ਆਪਣੇ ਸੀਨੇ ਲਾ ਲਈਆਂ, ਹਾਸੇ ਸਾਰੇ ਉਹਦੀ ਝੋਲੀ ਭਰ ਦਿੱਤੇ । ਘਰ ਅੰਦਰ ਵੀ ਬੱਚੇ ਖੁੱਲ੍ਹ ਕੇ ਹਸਦੇ ਨਈਂ, ਨਵੀਆਂ ਨਸਲਾਂ ਨੂੰ ਇਹ ਕੀਹਨੇ ਡਰ ਦਿੱਤੇ । ਆਵਣ ਵਾਲਾ ਵੇਲਾ ਹੋਣਾ ਉਨ੍ਹਾਂ ਦਾ, ਜਿਨ੍ਹਾਂ ਹੱਕ ਦੀ ਖ਼ਾਤਰ ਆਪਣੇ ਸਰ ਦਿੱਤੇ ।

ਲਹੂ ਰੰਗੀਆਂ ਤਹਿਰੀਰਾਂ ਕਿੱਥੇ ਸਾਂਭਾਂਗਾ

ਲਹੂ ਰੰਗੀਆਂ ਤਹਿਰੀਰਾਂ ਕਿੱਥੇ ਸਾਂਭਾਂਗਾ । ਮੈਂ ਤੇਰੀਆਂ ਤਸਵੀਰਾਂ ਕਿੱਥੇ ਸਾਂਭਾਂਗਾ । ਨਾਲ ਜਿਨ੍ਹਾਂ ਦੇ ਤੈਨੂੰ ਕੈਦੀ ਕੀਤਾ ਸੀ, ਮੈਂ ਉਹ ਪਿਆਰ ਜ਼ੰਜੀਰਾਂ ਕਿੱਥੇ ਸਾਂਭਾਂਗਾ । ਨਿੱਤ ਉਲਾਹਮੇਂ ਸੁਣ ਸੁਣ ਜੋ ਤਨ ਜ਼ਖ਼ਮੀ ਏ, ਮੈਂ ਉਸ ਤਨ ਦੀਆਂ ਲੀਰਾਂ ਕਿੱਥੇ ਸਾਂਭਾਂਗਾ । ਤਖ਼ਤ ਹਜ਼ਾਰੇ ਜਾ ਕੇ ਵੱਸਣ ਵਾਲੜਿਆ, ਮੈਂ ਸੋਚਾਂ ਦੀਆਂ ਹੀਰਾਂ ਕਿੱਥੇ ਸਾਂਭਾਂਗਾ । ਜੇ ਤੂੰ ਮੇਰੇ ਦਿਲ ਦੇ ਅੰਦਰ ਵਸਣਾ ਨਈਂ, ਮੈਂ ਇਹ ਦਰਦ ਜਗੀਰਾਂ ਕਿੱਥੇ ਸਾਂਭਾਂਗਾ ।

ਦਿਲ ਕੀ ਉਹ ਤੇ ਸਭ ਕੁਝ

ਦਿਲ ਕੀ ਉਹ ਤੇ ਸਭ ਕੁਝ ਵਾਰ ਖਲੋਤੀ ਸੀ । ਜਿੰਦੜੀ ਉਹਦੇ ਸਾਵੇਂ ਹਾਰ ਖਲੋਤੀ ਸੀ । ਕੱਚੇ 'ਤੇ ਕਰਕੇ ਇਤਬਾਰ ਖਲੋਤੀ ਸੀ, ਸੋਹਣੀ ਛੱਲਾਂ ਦੇ ਵਿਚਕਾਰ ਖਲੋਤੀ ਸੀ । ਥਲ ਮਾਰੂ ਦਾ ਪੈਂਡਾ ਸੀ ਉਹ ਕੀ ਕਰਦੀ, ਹੋਣੀ ਅੱਗੇ ਪੱਬਾਂ ਭਾਰ ਖਲੋਤੀ ਸੀ । ਕਿੰਨਾਂ ਪੰਧ ਮੁਕਾ ਆਇਆ ਪਰ ਲਗਦਾ ਏ, ਹਾਲੇ ਉੱਥੇ ਈ ਦੀਵਾਰ ਖਲੋਤੀ ਸੀ । ਕੀਵੇਂ ਉਹਦੇ ਕੋਲੋਂ ਕੰਨੀ ਕਰਦਾ ਮੈਂ, ਲੇਖਾਂ ਦੀ ਸਰਦਲ 'ਤੇ ਦਾਰ ਖਲੋਤੀ ਸੀ ।

ਉਹ ਆਖੇ ਕਮਜ਼ੋਰ ਕਹਾਣੀ ਦਿਲ ਵਾਲੀ

ਉਹ ਆਖੇ ਕਮਜ਼ੋਰ ਕਹਾਣੀ ਦਿਲ ਵਾਲੀ । ਮੈਂ ਆਖਾਂ ਮੂੰਹ ਜ਼ੋਰ ਕਹਾਣੀ ਦਿਲ ਵਾਲੀ । ਉਹ ਆਖੇ ਕੀ ਸੁਫ਼ਨੇ ਅੰਦਰ ਰੱਖਿਆ ਏ, ਮੈਂ ਆਖਾਂ ਚੱਲ ਟੋਰ ਕਹਾਣੀ ਦਿਲ ਵਾਲੀ । ਜਿਹੜੇ ਦਿਨ ਦੀ ਯਾਰਾਂ ਸਾਂਝ ਮੁਕਾਈ ਏ, ਪਾਂਦੀ ਫਿਰਦੀ ਸ਼ੋਰ ਕਹਾਣੀ ਦਿਲ ਵਾਲੀ । ਕਿੰਨੇ ਚਿਰ ਤੱਕ ਵਾਅ ਦੇ ਮੋਢੇ ਰਹਿਣਾ ਏ, ਹੋ ਜਾਣੀ ਏ ਹੋਰ ਕਹਾਣੀ ਦਿਲ ਵਾਲੀ । ਭਾਵੇਂ ਪ੍ਰੀਤ ਪੁਰਾਣੀ ਵੀ ਹੋ ਜਾਵੇ ਪਰ, ਰਹਿੰਦੀ ਨਵੀਂ ਨਕੋਰ ਕਹਾਣੀ ਦਿਲ ਵਾਲੀ ।

ਉਹਦੇ ਹਾਲ ਹਵਾਲੇ ਚੰਗੇ ਲਗਦੇ ਨੇ

ਉਹਦੇ ਹਾਲ ਹਵਾਲੇ ਚੰਗੇ ਲਗਦੇ ਨੇ । ਦਿਲ ਨੂੰ ਉਹਦੇ ਚਾਲੇ ਚੰਗੇ ਲਗਦੇ ਨੇ । ਟੁਰ ਟੁਰ ਉਹਦੇ ਪਿੱਛੇ ਜਿਹੜੇ ਪੈ ਗਏ ਨੇ, ਪੈਰਾਂ ਦੇ ਇਹ ਛਾਲੇ ਚੰਗੇ ਲਗਦੇ ਨੇ । ਉਹੋ ਮਨ ਦੇ ਅੰਦਰ ਭਾਂਬੜ ਲਾ ਦਿੰਦੇ, ਜਿਹੜੇ ਖ਼ਾਬ-ਖ਼ਿਆਲੇ ਚੰਗੇ ਲਗਦੇ ਨੇ । ਇਨ੍ਹਾਂ ਦੇ ਵਿਚ ਮੇਰਾ ਮਾਜ਼ੀ ਜ਼ਿੰਦਾ ਏ, ਤਾਂ ਇਹ ਦਰਦ ਸੰਭਾਲੇ ਚੰਗੇ ਲਗਦੇ ਨੇ । ਮੰਨਿਆ ਘਰ ਦਾ ਗਹਿਣਾ ਸਾਰੇ ਹੁੰਦੇ ਨੇ, ਪੁੱਤਰ ਅਣਖਾਂ ਵਾਲੇ ਚੰਗੇ ਲਗਦੇ ਨੇ ।

ਦਿਲ ਕਮਲੇ ਦੀ ਹਾਲਤ ਦੇਖੀ

ਦਿਲ ਕਮਲੇ ਦੀ ਹਾਲਤ ਦੇਖੀ ਜਾਂਦੀ ਨਹੀਂ । ਹਿਜਰਾਂ ਦੀ ਪੰਡ ਕੱਲਿਆਂ ਚੁੱਕੀ ਜਾਂਦੀ ਨਹੀਂ । ਉਹਦਾ ਚਿਹਰਾ ਅੱਖਾਂ ਦੇ ਵਿਚ ਰਚਿਆ ਏ, ਹੋਰ ਕਿਸੇ ਦੀ ਸੂਰਤ ਤੱਕੀ ਜਾਂਦੀ ਨਹੀਂ । ਐਨਾ ਕਰ ਛੱਡਿਐ ਮਜਬੂਰ ਜ਼ਮਾਨੇ ਨੇ, ਦਿਲ ਦੀ ਗੱਲ ਵੀ ਉਹਨੂੰ ਆਖੀ ਜਾਂਦੀ ਨਹੀਂ । ਜੋ ਕੁਝ ਐਥੇ ਬਹਿ ਕੇ ਲਿਖਦਾ ਰਹਿਨਾ ਵਾਂ, ਉਹਦੇ ਤੀਕਰ ਮੇਰੀ ਅਰਜ਼ੀ ਜਾਂਦੀ ਨਹੀਂ । ਰੋਜ਼ ਨਵਾਂ ਦੁੱਖ ਲਿਖ ਕੇ ਡਾਕੇ ਪਾ ਦਿੰਦਾਂ, 'ਚੱਠੇ' ਦੇ ਵੱਲ ਮੁੜਵੀਂ ਚਿੱਠੀ ਜਾਂਦੀ ਨਹੀਂ ।

ਦਿਲ ਵਿਚ ਪਈਆਂ ਗੰਢਾਂ ਰਹੀਆਂ

ਦਿਲ ਵਿਚ ਪਈਆਂ ਗੰਢਾਂ ਰਹੀਆਂ ਐਧਰ ਉਧਰ । ਸਿਰ 'ਤੇ ਬਿਰਹੋਂ ਪੰਡਾਂ ਰਹੀਆਂ ਐਧਰ ਉਧਰ । ਇਕ ਦੂਜੇ ਨੂੰ ਵੇਖਦਿਆਂ ਦਿਲ ਰੋ ਪੈਂਦਾ ਸੀ, ਭਾਵੇਂ ਕਿੰਨੀਆਂ ਛੰਡਾਂ ਰਹੀਆਂ ਐਧਰ ਉਧਰ । ਸਾਡੇ ਵੱਖ ਹੋਵਣ 'ਤੇ ਯਾਰਾਂ ਝੂਮਰ ਪਾਏ, ਥਾਂ ਥਾਂ ਮੱਚੀਆਂ ਡੰਡਾਂ ਰਹੀਆਂ ਐਧਰ ਉਧਰ । ਆਪਣੀ ਆਕੜ-ਸ਼ਾਕੜ ਹੱਥੋਂ ਹੌਲੇ ਪੈ ਗਏ, ਕੀ ਕੀ ਸ਼ਾਨ ਘੁਮੰਢਾਂ ਰਹੀਆਂ ਐਧਰ ਉਧਰ । ਉਹਲੇ-ਉਹਲੇ ਇਕ ਦੂਜੇ ਦੇ ਐਬ ਉਛਾਲੇ, ਮੂੰਹ 'ਤੇ ਘੁਲੀਆਂ ਖੰਡਾਂ ਰਹੀਆਂ ਐਧਰ ਉਧਰ ।

ਸੋਚਾਂ ਦਾ ਪਰਛਾਵਾਂ ਹਰ ਦਮ

ਸੋਚਾਂ ਦਾ ਪਰਛਾਵਾਂ ਹਰ ਦਮ ਡੰਗਦਾ ਰਹਿੰਦਾ । ਖ਼ਵਰੈ ਦਰਦਾਂ ਮਾਰਾ ਦਿਲ ਕੀ ਮੰਗਦਾ ਰਹਿੰਦਾ । ਦਿਲ ਦੇ ਬੂਹੇ ਖੁੱਲੇ ਨੇ ਹਰ ਪਲ ਉਹਦੇ ਲਈ, ਸੱਜਣ ਖ਼ਵਰੇ ਆਣ ਤੋਂ ਕਾਹਤੋਂ ਸੰਗਦਾ ਰਹਿੰਦਾ । ਡਾਕੂ ਲੁੱਟ ਕੇ ਲੈ ਜਾਂਦੇ ਨੇ ਬੇਖ਼ਬਰਾਂ ਨੂੰ, ਉਂਜ ਤੇ ਰਾਤੀਂ ਪਹਿਰੇਦਾਰ ਵੀ ਖੰਘਦਾ ਰਹਿੰਦਾ । ਰੋਜ਼ ਨਵੇਂ ਸੋਮੇ ਫੁਟ ਪੈਂਦੇ ਨੇ ਜ਼ਿਹਨਾਂ ਚੋਂ, ਕੌਣ ਹਿਆਤੀ ਨੂੰ ਰੰਗਾਂ ਵਿਚ ਰੰਗਦਾ ਰਹਿੰਦਾ । ਜਦ ਤੋਂ ਪਿਆਰ ਪ੍ਰੇਮ ਦੀ ਜੂਹ ਵਿਚ ਡੇਰੇ ਲਾਏ, ਰਾਂਝੇ ਵਾਂਗਰ ਮੈਨੂੰ ਵੀ ਚਿਤ ਝੰਗਦਾ ਰਹਿੰਦਾ ।

ਰੁੱਸਿਆ ਯਾਰ ਮਨਾਵਣ ਦੇ ਲਈ

ਰੁੱਸਿਆ ਯਾਰ ਮਨਾਵਣ ਦੇ ਲਈ ਕਿੰਨੇ ਪੈਂਡੇ ਕੀਤੇ । ਉਹਨੂੰ ਕੋਲ ਬੁਲਾਵਣ ਦੇ ਲਈ ਕਿੰਨੇ ਪੈਂਡੇ ਕੀਤੇ । ਜਿਹੜੀ ਲੋਕਾਂ ਤੇਰੇ ਮੇਰੇ ਰਸਤੇ ਵਿਚ ਉਸਾਰੀ, ਮੈਂ ਉਸ ਕੰਧ ਨੂੰ ਢਾਵਣ ਦੇ ਲਈ ਕਿੰਨੇ ਪੈਂਡੇ ਕੀਤੇ । ਜੀਵਣ ਜੋਗੇ ਦੇ ਦਿਲ ਉੱਤੇ ਮਾਸਾ ਅਸਰ ਨਾ ਹੋਇਆ, ਦਿਲ ਦੀ ਝੋਕ ਵਸਾਵਣ ਦੇ ਲਈ ਕਿੰਨੇ ਪੈਂਡੇ ਕੀਤੇ । ਸੋਚ ਰਿਹਾ ਸਾਂ ਹੌਲਾ ਦਿਲ ਦਾ ਭਾਰ ਕਿਤੇ ਹੋ ਜਾਂਦਾ, ਰੋਂਦੇ ਨੈਣ ਹਸਾਵਣ ਦੇ ਲਈ ਕਿੰਨੇ ਪੈਂਡੇ ਕੀਤੇ । ਖ਼ਵਰੇ ਕਿਧਰੇ ਲੱਭ ਹੀ ਜਾਂਦਾ ਦਾਰੂ ਏਸ ਹਿਜਰ ਦਾ, ਦਰਦੀ ਦਿਲ ਵਰਚਾਵਣ ਦੇ ਲਈ ਕਿੰਨੇ ਪੈਂਡੇ ਕੀਤੇ ।

ਪਲਕਾਂ ਦੀ ਸੂਲੀ 'ਤੇ ਹੰਝੂ

ਪਲਕਾਂ ਦੀ ਸੂਲੀ 'ਤੇ ਹੰਝੂ ਨਿਤ ਕੁਰਲਾਂਦੇ ਬੀਬਾ । ਕੀ ਹੁੰਦਾ ਜੇ ਸਾਡੇ ਵੱਲ ਵੀ ਫੇਰਾ ਪਾਂਦੇ ਬੀਬਾ । ਜੇ ਕਰ ਤੇਰੀ ਨੀਯਤ ਉੱਤੇ ਭੋਰਾ ਵੀ ਸ਼ੱਕ ਹੁੰਦਾ, ਆਪਣੇ ਦਿਲ ਨੂੰ ਪਹਿਲੀ ਉਮਰੇ ਹੀ ਸਮਝਾਂਦੇ ਬੀਬਾ । ਉਹ ਯਾਰਾਂ ਦਿਲਦਾਰਾਂ ਦੇ ਵਿਚ ਵੱਸੇ ਮੌਜਾਂ ਮਾਣੇ, ਸਾਨੂੰ ਏਥੇ ਨਿੱਤ ਵਿਛੋੜੇ ਨੇ ਤੜਪਾਂਦੇ ਬੀਬਾ । ਕਿਧਰੋਂ ਸੁਫ਼ਨੇ ਵਿਚ ਈ ਯਾਰਾ ਆਣ ਵਿਖਾਲੀ ਦੇ ਜਾ, ਸ਼ਾਮਾਂ ਪਈਆਂ ਲੋਕੀ ਘਰ ਨੂੰ ਵਾਪਸ ਆਂਦੇ ਬੀਬਾ । ਤੇਰੇ ਵੱਲੋਂ ਜੇਕਰ ਇਹ ਦਿਲ ਸਾਫ਼ ਬਰੀ ਹੋ ਜਾਂਦਾ, ਖ਼ੁਸ਼ੀਆਂ ਦੇ ਸੰਗ ਚਾਰ ਦਿਹਾੜੇ ਅਸੀਂ ਹੰਢਾਂਦੇ ਬੀਬਾ

ਜੇ ਜਰ ਲੈਂਦੋ ਦੋ ਤਿੰਨ ਰਾਤਾਂ

ਜੇ ਜਰ ਲੈਂਦੋ ਦੋ ਤਿੰਨ ਰਾਤਾਂ ਹੋਰ ਵਿਛੋੜੇ ਅੰਦਰ । ਕਰਦੇ ਨਾ ਫੇਰ ਗੱਲਾਂ ਬਾਤਾਂ ਹੋਰ ਵਿਛੋੜੇ ਅੰਦਰ । ਕਰ ਨਈਂ ਹੋਣਾ ਦਿਲ ਨੂੰ ਹੁਣ ਇਸ ਦੁਖ ਤੋਂ ਪਰੇ ਪਰੇਰੇ, ਸਹਿ ਨਾ ਹੋਵਣ ਹਿਜਰ ਆਫ਼ਾਤਾਂ ਹੋਰ ਵਿਛੋੜੇ ਅੰਦਰ । ਖ਼ਵਰੈ ਇਸ ਦੂਰੀ ਨੇ ਉਸ ਨੂੰ ਕੀ ਕੀ ਤੋਹਫ਼ੇ ਦਿੱਤੇ, ਸਾਨੂੰ ਮਿਲੀਆਂ ਹਿਜਰ ਸੌਗ਼ਾਤਾਂ ਹੋਰ ਵਿਛੋੜੇ ਅੰਦਰ । ਅੱਖ ਸਮੁੰਦਰ ਵਿੱਚੋਂ ਬੱਦਲ ਬਣ ਬਣ ਨਿਕਲਣ ਹਾਵਾਂ, ਦਿਲ ਦੀ ਧਰਤੀ 'ਤੇ ਬਰਸਾਤਾਂ ਹੋਰ ਵਿਛੋੜੇ ਅੰਦਰ । ਖ਼ਵਰੈ ਤੂੰ ਸਿੱਖ ਲੈਂਦੋ ਕੀਕਣ ਦੂਰੀ ਦਾ ਦੁਖ ਸਹਿਣਾ, ਪੜ੍ਹ ਲੈਂਦੋ ਜੇ ਚਾਰ ਜਮਾਤਾਂ ਹੋਰ ਵਿਛੋੜੇ ਅੰਦਰ ।