Mukhbandh : Harpal Singh Pannu
ਮੁੱਖਬੰਧ : ਹਰਪਾਲ ਸਿੰਘ ਪੰਨੂ
ਮੇਰੀ ਕਿਤਾਬ ਗੌਤਮ ਤੋਂ ਤਾਸਕੀ ਤੱਕ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ ਛਾਪੀ ਤਾਂ ਇਸ ਦੀ ਪਹਿਲੀ ਐਡੀਸ਼ਨ ਛੇ ਮਹੀਨਿਆਂ ਵਿਚ ਵਿਕ ਗਈ। ਮੇਰਾ ਭਰਮ ਦੂਰ ਹੋਇਆ ਕਿ ਪੰਜਾਬੀ ਬੋਲੀ ਦੇ ਪਾਠਕ ਨਹੀਂ ਲਭਦੇ। ਜਾਣਦਾ ਹਾਂ, ਹੱਥਲੀ ਕਿਤਾਬ ਨੂੰ ਪੜ੍ਹਨ ਵਾਲੇ ਮੌਜੂਦ ਹਨ। ਮੈਂ ਉਨ੍ਹਾਂ ਇਤਿਹਾਸਕ ਨਾਇਕਾਂ ਉਪਰ ਆਪਣਾ ਧਿਆਨ ਕੇਂਦਰਿਤ ਕੀਤਾ ਜਿਨ੍ਹਾਂ ਬਾਬਤ ਪੰਜਾਬ ਜਾਂ ਤਾਂ ਉੱਕਾ ਨਹੀਂ ਜਾਣਦਾ ਜਾਂ ਫਿਰ ਜਿੰਨਾ ਜਾਣਦਾ ਹੈ, ਅਧੂਰਾ ਹੈ। ਹਾਫਿਜ਼ ਸ਼ੀਰਾਜ਼ੀ, ਕਾਫ਼ਕਾ, ਮਿਲੇਨਾ, ਭਾਈ ਲਕਸ਼ਵੀਰ ਸਿੰਘ ਅਤੇ ਹਰਦੇਵ ਸਿੰਘ ਆਰਟਿਸਟ ਬਾਬਤ ਇਹ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਨ੍ਹਾਂ ਨੂੰ ਪਹਿਲੀ ਵਾਰ ਪਾਠਕਾਂ ਨੇ ਇਸ ਰੂਪ ਦੇ ਗੁਰਮੁਖੀ ਅੱਖਰਾਂ ਵਿਚ ਪੜ੍ਹਿਆ ਹੈ। ਬਾਬਾ ਫਰੀਦ ਬਾਬਤ ਕੇਵਲ ਉਹ ਗੱਲਾਂ ਦਰਜ ਕੀਤੀਆਂ ਹਨ ਜਿਨ੍ਹਾਂ ਬਾਬਤ ਪੰਜਾਬੀਆਂ ਨੂੰ ਪਤਾ ਨਹੀਂ ਸੀ। ਸੇ਼ਖ ਫਰੀਦ ਨੂੰ ਨਹੀਂ ਸਮਝਿਆ ਜਾ ਸਕਦਾ ਜੇ ਸ਼ੇਖ ਨਿਜ਼ਾਮੁੱਦੀਨ ਔਲੀਆ ਦੀ ਸਾਖੀ ਛੱਡ ਦਿੰਦਾ। ਬਾਬਾ ਨਿਜ਼ਾਮੁੱਦੀਨ ਦਾ ਸੁਹਣਾ ਦਰਬਾਰ ਹੋਵੇ ਤਾਂ ਅਮੀਰ ਖੁਸਰੋ ਗੈ਼ਰ ਹਾਜ਼ਰ ਕਿਵੇਂ ਹੋ ਸਕਦਾ ਹੈ ?
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਗੁਰੂ ਸਾਹਿਬਾਨ ਅਤੇ ਭਗਤ-ਜਨ ਬਾਬਤ ਇਹ ਤਾਂ ਅਸੀਂ ਜਾਣਦੇ ਹਾਂ ਕਿ ਇਨ੍ਹਾਂ ਦੀ ਬਾਣੀ ਵਿਚ ਕੋਈ ਭੇਦ ਨਹੀਂ, ਦਰਜਾ ਬਦਰਜਾ ਨਹੀਂ ਪਰ ਜੀਵਨ ਕਥਾਵਾਂ ਪੜ੍ਹਕੇ ਇਸ ਸਿੱਟੇ ਤੇ ਪੁੱਜਿਆ ਹਾਂ ਕਿ ਇਨ੍ਹਾਂ ਸਾਰੇ ਨਾਇਕਾਂ ਦਾ ਜੀਵਨ ਵੀ ਇਕ ਸਮਾਨ ਹੈ। ਗੁਰੂ ਨਾਨਕ ਦੇਵ ਜੀ ਦੀ ਜਨਮਸਾਖੀ ਪੜ੍ਹੋ ਜਾਂ ਬਾਬਾ ਫਰੀਦ ਜੀ ਦਾ ਜੀਵਨ, ਕਿਧਰੇ ਫਰਕ ਨਹੀਂ, ਭਗਤਾਂ ਦਾ ਜੀਵਨ ਪੜ੍ਹੋ, ਉਹੀ ਜ਼ਮੀਨ, ਉਹੀ ਅਸਮਾਨ, ਉਹੀ ਪਤਾਲ। ਹੀਰੋ ਐਂਡ ਹੀਰੋ-ਵਰਸ਼ਿਪ ਵਿਚ ਕਾਰਲਾਇਲ ਨੇ ਲਿਖਿਆ, “ਸੰਸਾਰ ਦੇ ਸਭ ਪੈਗ਼ੰਬਰ ਇਕੋ ਜਿਹੇ ਮਸਾਲੇ ਦੇ ਬਣੇ ਹੋਏ ਹਨ। ਜੇ ਕਦੀ ਤੁਹਾਨੂੰ ਉਨ੍ਹਾਂ ਵਿਚ ਫਰਕ ਨਜ਼ਰ ਆਏ, ਅਜਿਹਾ ਇਸ ਕਰਕੇ ਹੋਏਗਾ ਕਿ ਉਹ ਵੱਖ ਵੱਖ ਸਮਿਆਂ ਵਿਚ ਤੇ ਵੱਖ ਵੱਖ ਦੇਸਾਂ ਵਿੱਚ ਹੋਏ ਸਨ।”
ਗੋਦੜੀ ਬਾਬਾ ਫਰੀਦ ਟਰਸਟ ਫਰੀਦਕੋਟ ਮੈਨੂੰ ਕਦੀ ਕਦਾਈਂ ਬਾਬਾ ਫਰੀਦ ਦੇ ਉਰਸ ਉਪਰ ਭਾਸ਼ਣ ਕਰਨ ਵਾਸਤੇ ਸੱਦ ਲੈਂਦਾ ਹੈ। ਚਾਰ ਸਾਲ ਪਹਿਲਾਂ ਸੱਦਾ ਮਿਲਿਆ। ਮੇਰੇ ਬੱਚਿਆਂ ਦੀ ਮਾਸੀ ਦਾ ਪਰਿਵਾਰ ਲੋਹਾਮ ਜੀਤ ਸਿੰਘ ਵਾਲਾ ਮੁਦਕੀ ਲਾਗੇ ਵਸਦਾ ਹੈ। ਸੋਚਿਆ ਇਕ ਦਿਨ ਪਹਿਲਾਂ ਚੱਲਕੇ ਰਾਤ ਲੋਹਾਮ ਰਹਾਂਗੇ ਤੇ ਅਗਲੇ ਦਿਨ ਫਰੀਦਕੋਟ ਹਾਜ਼ਰੀ ਭਰ ਕੇ ਵਾਪਸ ਆ ਜਾਵਾਂਗੇ। ਸ਼ਾਮੀ ਪੁੱਜ ਗਏ। ਗੋਪਿੰਦਰ ਸਿੰਘ ਦੇ ਬਾਪੂ ਜੀ ਨੇ ਕਿਹਾ- ਦੇਰ ਬਾਦ ਆਏ ਹੋ ਪ੍ਰੋਫੈਸਰ ਸਾਹਿਬ। ਮੈਂ ਕਿਹਾ- ਮੁਆਫੀ ਮੰਗਦਾ ਹਾਂ ਜੀ। ਹਾਲੇ ਵੀ ਆ ਨਹੀਂ ਹੋਣਾ ਸੀ ਜੇ ਕਿਤੇ ਫਰੀਦਕੋਟ ਦੇ ਉਰਸ ਦਾ ਸੱਦਾ ਨਾ ਮਿਲਦਾ। ਕੱਲ੍ਹ ਨੂੰ ਬਾਬਾ ਫਰੀਦ ਜੀ ਦੀਆਂ ਗੱਲਾਂ ਦੱਸਾਂਗੇ। ਉਨ੍ਹਾਂ ਕਿਹਾ- ਮੈਂ ਤਾਂ ਜਾ ਨਹੀਂ ਸਕਦਾ ਹੁਣ। ਜਿਹੜੀਆਂ ਗੱਲਾਂ ਉਥੇ ਕਰੋਗੇ ਉਹ ਮੈਨੂੰ ਇਥੇ ਸੁਣਾ ਦਿਉ। ਮੈਂ ਉਨ੍ਹਾਂ ਦੇ ਸ਼ਾਹਾਨਾ ਖਾਨਦਾਨ ਅਤੇ ਸੁਲਤਾਨਾ ਨਾਲ ਰਿਸ਼ਤੇਦਾਰੀਆਂ ਤੋਂ ਗੱਲ ਸ਼ੁਰੂ ਕੀਤੀ। ਉਨ੍ਹਾਂ ਨੇ ਵਿਚੋਂ ਟੋਕ ਕੇ ਕਿਹਾ- ਸੁਲਤਾਨ ਉਨ੍ਹਾਂ ਦੇ ਰਿਸ਼ਤੇਦਾਰ ਸਨ, ਇਹ ਗੱਲਾਂ ਕਰਨ ਦੀ ਕੀ ਲੋੜ ? ਮੈਂ ਕਿਹਾ- ਪਰ ਇਹ ਇਤਿਹਾਸਕ ਸੱਚ ਹੈ। ਉਨ੍ਹਾਂ ਕਿਹਾ- ਸੁਲਤਾਨਾ ਬਾਬਤ ਮੈਂ ਦੱਸ ਦਿੰਨਾਂ। ਅਫ਼ਗਾਨੀ ਗਰੀਬ ਪਠਾਣ ਇਧਰ ਆਪਣੇ ਇਲਾਕਿਆਂ ਵਿਚ ਮਜ਼ਦੂਰੀ ਕਰਨ ਆਉਂਦੇ ਤਾਂ ਰੱਜੇ ਪੁੱਜੇ ਘਰ ਪਛਾਣ ਕੇ ਰਾਤੀਂ ਸੰਨ੍ਹਾਂ ਲਾਉਂਦੇ, ਚੋਰੀਆਂ ਕਰਦੇ। ਪੰਜ ਸਤ ਚੋਰਾਂ ਦੇ ਗਰੋਹ ਰਲ ਕੇ ਡਾਕੂਆਂ ਦਾ ਜਥਾ ਬਣਾ ਲੈਂਦੇ, ਦਿਨ ਦਿਹਾੜੇ ਵੀ ਹੱਲਾ ਬੋਲ ਦਿੰਦੇ। ਪੰਦਰਾਂ ਵੀਹ ਡਾਕੂਆਂ ਦੇ ਗਰੋਹ ਰਲ ਬੈਠਦੇ, ਆਪਣੇ ਵਿਚੋਂ ਇਕ ਨੂੰ ਆਪਣਾ ਲੀਡਰ ਥਾਪ ਕੇ ਉਸਨੂੰ ਸੁਲਤਾਨ ਦਾ ਮਰਾਤਬਾ ਦੇ ਦਿੰਦੇ। ਬਾਬਾ ਫਰੀਦ ਦਾ ਸਬੰਧ ਚੋਰਾਂ ਡਾਕੂਆਂ ਨਾਲ ਜੋੜਨ ਦੀ ਆਪਾਂ ਨੂੰ ਕੀ ਜ਼ਰੂਰਤ ? ਹਾਂ, ਜੇ ਗੌਰੀ ਖਾਨਦਾਨ ਜਾਂ ਬਲਬਨ ਦਾ ਗੁਲਾਮ ਵੰਸ਼ ਦਾਅਵਾ ਕਰੇ ਕਿ ਉਹ ਬਾਬਾ ਫਰੀਦ ਦੇ ਰਿਸ਼ਤੇਦਾਰ ਹਨ, ਅਜਿਹਾ ਉਨ੍ਹਾਂ ਨੂੰ ਕਰਨ ਦਿਉ ਕਿਉਂਕਿ ਉਹ ਆਪਣੇ ਗੁਨਾਹਾਂ ਤੋਂ ਪਾਕਿ ਹੋਣ ਵਾਸਤੇ ਬਾਬਾ ਫਰੀਦ ਨਾਲ ਰਿਸ਼ਤਾ ਜੋੜਨਗੇ। ਆਪਾਂ ਕਿਉਂ ਸੁਲਤਾਨਾ ਅਮੀਰਜ਼ਾਦਿਆਂ ਦਾ ਜ਼ਿਕਰ ਕਰੀਏ ਕਿਉਂਕਿ ਸ਼ੇਖ ਫਰੀਦ ਸਾਡੇ ਬਾਬਾ ਜੀ ਸਨ, ਗਰੀਬਾਂ, ਗਰਜ਼ਵੰਦਾਂ ਤੇ ਦੁਖੀਆਂ ਦੀ ਬਾਂਹ ਫੜਨ ਵਾਸਤੇ ਜਹਾਨ ਉਪਰ ਆਏ ਸਨ, ਸੁਲਤਾਨਾ ਵਾਸਤੇ ਨਹੀਂ ਸਨ ਗੰਜਿਸ਼ਕਰ।
ਪ੍ਰੋ. ਅਤਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, 1990 ਵਿਚ ਬਾਬਾ ਫਰੀਦ ਉਪਰ ਸੈਮੀਨਾਰ ਕਰਵਾਇਆ। ਪੇਪਰ ਪੜ੍ਹਨ ਵਾਲਿਆਂ ਵਿਚ ਮੈਂ ਵੀ ਸਾਂ। ਪ੍ਰੋਫੈਸਰ ਸੁਰਜੀਤ ਹਾਂਸ ਦੋ ਤਿੰਨ ਪੰਨਿਆਂ ਤੋਂ ਵਧੀਕ ਲੰਮਾ ਖੋਜ-ਪੱਤਰ ਨਹੀਂ ਲਿਖਿਆ ਕਰਦੇ। ਢਾਈ ਕੁ ਪੰਨਿਆਂ ਦੇ ਇਸ ਪੇਪਰ ਵਿਚ ਜੋ ਮੁੱਖ ਗੱਲ ਉਨ੍ਹਾਂ ਨੇ ਕੀਤੀ ਉਹ ਇਹ ਸੀ- “ਸਾਰੇ ਸੂਫੀ ਫਕੀਰ, ਸਮੇਤ ਬਾਬਾ ਫਰੀਦ ਦੇ, ਉਜਾੜੂ, ਸਨ। ਇਨ੍ਹਾਂ ਨੇ ਉਮਰ ਭਰ ਕੋਈ ਕੰਮ ਨਹੀਂ ਕੀਤਾ। ਜੋ ਅੰਨ ਧਨ ਆਉਂਦਾ, ਖਾ ਪੀ ਲੈਂਦੇ ਤੇ ਮੁਰੀਦਾਂ ਨੂੰ ਹੁਕਮ ਸੀ ਕਿ ਦਿਨ ਛਿਪਣ ਤਕ ਬਾਕੀ ਪਈਆਂ ਰਸਦਾਂ, ਮਾਲ ਧਨ ਲੋੜਵੰਦਾਂ ਵਿਚ ਵੰਡ ਦਿਤੇ ਜਾਣ।”
ਪ੍ਰੋ. ਅਤਰ ਸਿੰਘ ਨੇ ਪ੍ਰਧਾਨਗੀ ਭਾਸ਼ਣ ਕਰਦਿਆਂ ਹਾਂਸ ਦੀ ਟਿੱਪਣੀ ਦਾ ਜ਼ਿਕਰ ਇਉਂ ਕੀਤਾ, “ਕੰਮ ਕਰਨਾ ਵਧੀਕ ਮੁਸ਼ਕਲ ਨਹੀਂ ਹੁੰਦਾ। ਦੁਨੀਆਂ ਨੂੰ ਕੰਮ ਲਾ ਦੇਣਾ, ਕੰਮ ਲੈਣਾ, ਕੰਮ ਦਾ ਪ੍ਰਬੰਧ ਕਰਨਾ, ਪ੍ਰਬੁੱਧ ਲੋਕਾਂ ਦਾ ਕੰਮ ਹੁੰਦਾ ਹੈ। ਠੀਕ ਹੈ, ਬੰਦਗੀ ਕੀਤੀ ਕੇਵਲ, ਪਰ ਬਾਦਸ਼ਾਹਾਂ ਅਤੇ ਪਰਜਾ ਨੂੰ ਅਹਿਸਾਸ ਸੀ ਕਿ ਇਨ੍ਹਾਂ ਦੇ ਹੁੰਦਿਆਂ ਗਲਤ ਕੰਮ ਕਰਨਾ ਸੰਭਵ ਨਹੀਂ। ਬਾਬਾ ਫਰੀਦ ਨੇ ਹੁਣ ਤੱਕ ਆਪਾਂ ਸਾਰਿਆਂ ਨੂੰ ਕੰਮ ਤੇ ਲਾ ਰੱਖਿਆ ਹੈ। ਰਹੀ ਗੱਲ ਉਜਾੜਾ ਕਰਨ ਦੀ, ਉਹ ਮੈਂ ਵੀ ਕਰ ਰਿਹਾਂ। ਡੇਢ ਲੱਖ ਰੁਪਿਆ ਸੈਮੀਨਾਰ ਉਪਰ ਉਜਾੜ ਦਿਆਂਗਾ ਬਾਬਾ ਫਰੀਦ ਦੇ ਨਾਮ ਤੇ। ਹਾਂਸ ਸਾਹਿਬ ਨੇ ਢਾਈ ਪੰਨਿਆਂ ਦਾ ਲੇਖ ਲਿਖਿਆ ਹੈ, ਇਨ੍ਹਾਂ ਨੂੰ ਅਸੀਂ ਢਾਈ ਹਜ਼ਾਰ ਰੁਪਿਆ ਦਿਆਂਗੇ। ਇਸ ਤਰ੍ਹਾਂ ਦਾ ਉਜਾੜਾ ਕਰਦਿਆਂ ਸਾਨੂੰ ਕੋਈ ਫ਼ਿਕਰ ਨਹੀਂ ਕਿਉਂਕਿ ਅਸੀਂ ਬਾਬਾ ਫਰੀਦ ਦੇ ਮੁਰੀਦ ਹਾਂ। ਜਿਨ੍ਹਾਂ ਨੇ ਧਨ ਜੋੜ ਜੋੜ ਗਾਗਰਾਂ ਭਰ ਲਈਆਂ ਸਨ ਉਹ ਕੌਣ ਸਨ ਤੇ ਕਿਥੇ ਗਏ ?”
ਭੋਪਾਲ ਦੇ ਵਸਨੀਕ ਰਾਜਕੁਮਾਰ ਕੇਸਵਾਨੀ ਨੇ ਫਾਰਸੀ ਵਿਚੋਂ ਹਿੰਦੀ, ਦੇਵਨਾਗਰੀ ਅੱਖਰਾਂ ਵਿਚ ਜਹਾਨਿ-ਰੂਮੀ ਅਨੁਵਾਦ ਕੀਤਾ ਹੈ। ਮੈਨੂੰ ਲੱਗਿਆ, ਫਾਰਸੀ ਸ਼ਬਦਾਵਲੀ ਅਤੇ ਹਿੰਦੀ ਸ਼ਬਦਾਵਲੀ ਵਿਚਲੇ ਰੰਗਾਂ ਦਾ ਬਹੁਤੀ ਥਾਈਂ ਸੁਰਤਾਲ ਠੀਕ ਨਹੀਂ ਬੈਠਦਾ। ਕਿਵੇਂ ਕੀਤਾ ਹੋਵੇਗਾ ਕੇਸਵਾਨੀ ਨੇ? ਹਿੰਦੀ ਭਾਸ਼ਾ ਰਾਹੀਂ ਫਾਰਸੀ ਦਾ ਜਹਾਨ ਕਿਵੇਂ ਦੇਖਾਂਗੇ? ਪੜ੍ਹ ਕੇ ਗਲਤ ਫਹਿਮੀ ਦੂਰ ਹੋ ਗਈ। ਅਨੁਵਾਦਕ ਨੂੰ ਮੇਰੇ ਦਿਲ ਵਿਚਲੇ ਤੌਖਲਿਆਂ ਦਾ ਅਗੇਤਾ ਪਤਾ ਸੀ ਜਿਸ ਕਰਕੇ ਉਸਨੇ ਅੱਖਰ ਦੇਵਨਾਗਰੀ ਵਰਤੇ ਹਨ ਪਰ ਸੰਸਕ੍ਰਿਤ-ਨੁਮਾ ਭਾਸ਼ਾ ਬਿਲਕੁਲ ਨਹੀਂ ਵਰਤੀ, ਵਧੀਕ ਲਫ਼ਜ਼ ਉਰਦੂ ਅਤੇ ਫਾਰਸੀ ਦੇ ਹਨ।
ਕੇਸਵਾਨੀ ਨੂੰ ਫੋਨ ਕਰਕੇ ਉਸਦੇ ਅਨੁਵਾਦ ਦੀ ਵਧਾਈ ਦਿੱਤੀ ਤੇ ਕਿਹਾ, “ਮੈਂ ਹਾਫਿਜ਼ ਸ਼ੀਰਾਜ਼ੀ ਉਪਰ ਲੰਮਾ ਲੇਖ ਲਿਖਿਆ ਹੈ। ਤੁਹਾਨੂੰ ਗੁਰਮੁਖੀ ਅਤੇ ਪੰਜਾਬੀ ਆਉਂਦੀ ਹੁੰਦੀ ਤਾਂ ਜਰੂਰ ਭੇਜਦਾ। ਉਨ੍ਹਾਂ ਕਿਹਾ- ਮੈਂ ਤੇ ਮੇਰੀ ਪਤਨੀ ਗੁਰਬਾਣੀ ਦੇ ਨਿੱਤਨੇਮੀ ਹਾਂ। ਜਲਦੀ ਭੇਜੋ।
ਮੌਲਾਨਾ ਰੂਮ ਆਖਦੇ ਹਨ, “ਖੋਤੇ ਦੇ ਕੰਨ ਵੇਚ ਕੇ ਤੂੰ ਬੰਦੇ ਦੇ ਕੰਨ ਖਰੀਦ ਲੈ। ਫੇਰ ਮੈਂ ਤੇਰੇ ਕੰਨਾ ਵਿਚ ਸੋਨੇ ਦੀਆਂ ਮੁੰਦਰਾਂ ਪਹਿਨਾਵਾਂਗਾ।” ਇਨ੍ਹਾਂ ਫ਼ਕੀਰਾਂ ਵਲੋਂ ਦਿਤੀਆਂ ਮੁੰਦਰਾਂ ਪਹਿਨਣ ਵਾਸਤੇ ਕੰਨ ਵਿਨ੍ਹਵਾਉਣੇ ਪੈਣਗੇ।
ਟੈਗੋਰ ਨੇ ਉਮਰ ਦੇ ਅਖੀਰਲੇ ਸਾਲਾਂ ਵਿਚ ਬਾਲਗੀਤ ਲਿਖੇ, ਬਾਲਗੀਤ ਜਿਹੜੇ ਲੋਰੀਆਂ ਬਣ ਗਏ। ਉਸਦਾ ਕਥਨ ਹੈ - ਮਹਾਨ ਆਦਮੀ ਸਾਰੀ ਉਮਰ ਬੱਚਾ ਰਹਿੰਦਾ ਹੈ। ਜਦੋਂ ਵਿਦਾ ਹੁੰਦਾ ਹੈ, ਦੁਨੀਆਂ ਨੂੰ ਵੱਡਾ ਸਾਰਾ ਬਚਪਨ ਦੇ ਜਾਂਦਾ ਹੈ।
“ਗੋਤਾਖੋਰ ਮੋਤੀਆਂ ਦੀ ਤਲਾਸ਼ ਵਿਚ ਡੂੰਘੇ ਉਤਰ ਗਏ ਹਨ। ਸੁਦਾਗਰਾਂ ਨੇ ਅਪਣੇ ਜਹਾਜ਼ ਵਪਾਰ ਵਾਸਤੇ ਸਾਗਰ ਵਿਚ ਠੇਲ੍ਹ ਦਿਤੇ ਹਨ। ਪੱਤਣ ਉਪਰ ਨਿਕੇ ਬੱਚੇ ਕੰਕਰਾਂ ਨਾਲ ਖੇਡ ਰਹੇ ਹਨ। ਖੇਡ ਖੇਡਕੇ ਕੰਕਰ ਉਥੇ ਹੀ ਸੁੱਟ ਕੇ ਬੱਚੇ ਅਪਣੇ ਘਰਾਂ ਨੂੰ ਚਲੇ ਜਾਣਗੇ। ਸਾਗਰ ਕੰਢੇ ਬੱਚਿਆਂ ਦੀ ਖੇਡ ਕਾਇਮ ਰਹੇਗੀ।” ਜਦੋਂ ਮੈਂ ਟੈਗੋਰ ਦਾ ਇਹ ਕਥਨ ਪੜ੍ਹਿਆ ਤਾਂ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਯਾਦ ਆਏ। ਗੁਰੂ ਗੋਬਿੰਦ ਸਿੰਘ ਜੀ ਨੇ ਪਟਨੇ ਨਦੀ ਦੇ ਪੱਤਣ ਉਪਰ ਖੇਡਦਿਆਂ ਇਕ ਇਕ ਕਰਕੇ ਦੋ ਕੰਗਣ ਦਰਿਆ ਵਿਚ ਸੁੱਟ ਦਿੱਤੇ ਸਨ। ਜਵਾਨ ਉਮਰੇ ਅਪਣੇ ਪਰਿਵਾਰ ਦੇ ਸਾਰੇ ਜੀਅ ਅਤੇ ਬਹੁਤ ਪਿਆਰੇ ਸਿੰਘ, ਕੰਕਰਾਂ ਵਾਂਗ ਤਿਆਗ ਕੇ ਨਿਜ ਘਰ ਪਰਤ ਗਏ ਸਨ। ਗੁਰੂ ਦਸਮ ਪਾਤਸ਼ਾਹ ਜੀ ਦਾ ਸਾਰਾ ਜੀਵਨ ਅਨੰਤ ਬਚਪਨ ਸੀ। ਅੱਠਵੇਂ ਈਮਾਮ ਦੀ ਭੈਣ ਹਜ਼ਰਤ ਮਾਸੂਮਾ ਫਾਤਿਮਾਂ ਦੀਆਂ ਸਾਖੀਆਂ ਸੁਣਾ ਕੇ ਈਰਾਨ ਦੇ ਦਾਨਿਸ਼ਵਰਾਂ ਨੇ ਮੈਨੂੰ ਪੁੱਛਿਆ- ਕੀ ਤੁਹਾਡੇ ਪੈਗ਼ੰਬਰ ਵੀ ਮਾਸੂਮ ਸਨ ? ਮੇਰੀਆਂ ਅੱਖਾਂ ਵਿਚਲੇ ਰੁਕੇ ਭਾਵਾਂ ਨੇ ਮੈਨੂੰ ਕਿਹਾ- ਕੋਈ ਉਤਰ ਨਹੀਂ ਦੇਣਾ।
ਵੇਦ ਵਿਆਸ ਤੋਂ 1500 ਸਾਲ ਬਾਦ ਕਾਲੀਦਾਸ ਪੈਦਾ ਹੋਇਆ ਤੇ ਕਾਲੀਦਾਸ ਤੋਂ 1500 ਸਾਲ ਬਾਦ ਟੈਗੋਰ। ਇਨ੍ਹਾਂ ਵਰਗਾ ਕੋਈ ਚੌਥਾ ਮਹਾਂਕਵੀ ਦੇਖਣ ਲਈ ਕੀ ਦੁਨੀਆਂ ਨੂੰ ਹੁਣ ਡੇਢ ਹਜ਼ਾਰ ਸਾਲ ਦਾ ਇੰਤਜ਼ਾਰ ਕਰਨਾ ਪਏਗਾ ?
ਮੈਨੂੰ ਪਤਾ ਹੈ, ਅੱਖਾਂ ਵਾਲਿਆਂ, ਕੰਨਾ ਵਾਲਿਆਂ ਭਲਿਆਂ ਦੀ ਘਾਟ ਨਹੀਂ ਹੈ। ਮੈਂ ਜਾਣਦਾ ਹਾਂ ਇਨ੍ਹਾਂ ਨਾਇਕਾਂ ਦੀ ਸਾਖੀ ਤੁਹਾਡੇ ਸਿਰਹਾਣੇ ਨੇੜੇ ਪਈ ਹੋਵੇਗੀ ਤਾਂ ਤੁਹਾਨੂੰ ਖੂਬਸੂਰਤ ਸੁਫ਼ਨੇ ਆਉਣਗੇ। ਇਨ੍ਹਾਂ ਮਹਾਂਪੁਰਖਾਂ ਅਤੇ ਇਨ੍ਹਾਂ ਨੂੰ ਪਿਆਰਨ ਵਾਲੇ ਮੁਰੀਦਾਂ ਦੇ ਚਰਨਾਂ ਵਿਚ ਮੱਥਾ ਟੇਕਦਾ ਹਾਂ। ਮੈਂ ਪ੍ਰੋਫੈਸਰ ਜਗਦੀਸ਼ ਸਿੰਘ ਜੀ ਦਾ ਸ਼ੁਕਰਗੁਜਾਰ ਹਾਂ ਜਿਨ੍ਹਾਂ ਨੇ ਇਹ ਕਿਤਾਬ ਪ੍ਰਕਾਸ਼ਿਤ ਕਰਵਾਉਣ ਦਾ ਉੱਦਮ ਕੀਤਾ।
ਹਰਪਾਲ ਸਿੰਘ ਪੰਨੂ
('ਆਰਟ ਤੋਂ ਬੰਦਗੀ ਤੱਕ' ਵਿੱਚੋਂ)