Mukhtar Javed Anwar
ਮੁਖ਼ਤਾਰ ਜਾਵੇਦ 'ਅਨਵਰ'

ਨਾਂ-ਮੁਖ਼ਤਾਰ ਅਹਿਮਦ ਜਾਵੇਦ, ਕਲਮੀ ਨਾਂ-ਮੁਖ਼ਤਾਰ ਜਾਵੇਦ 'ਅਨਵਰ',
ਪਿਤਾ ਦਾ ਨਾਂ-ਅਬਦੁਲ ਗ਼ਫੂਰ ਅਜ਼ਹਰ,
ਜਨਮ ਤਾਰੀਖ਼-19 ਦਸੰਬਰ 1940,
ਵਿੱਦਿਆ-ਐਮ. ਏ. ਪੰਜਾਬੀ, ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ, ਸਾਂਝੇ ਪੀੜ ਪਰਾਗੇ-2000,
ਪਤਾ-ਲ਼ਧਅ/158, ਜਾਵੇਦ ਸਟਰੀਟ, ਅਬਦੁਲ ਗ਼ਫੂਰ ਅਜ਼ਹਰ ਰੋਡ (ਹੋਪ ਰੋਡ) ਲਾਹੌਰ-39 ।

ਪੰਜਾਬੀ ਗ਼ਜ਼ਲਾਂ (ਸਾਂਝੇ ਪੀੜ ਪਰਾਗੇ 2000 ਵਿੱਚੋਂ) : ਮੁਖ਼ਤਾਰ ਜਾਵੇਦ 'ਅਨਵਰ'

Punjabi Ghazlan (Sanjhe Peed Parage 2000) : Mukhtar Javed Anwarਸਿਰ ਤੇ ਭਾਵੇਂ ਭਾਰ ਗ਼ਮਾਂ ਦਾ

ਸਿਰ ਤੇ ਭਾਵੇਂ ਭਾਰ ਗ਼ਮਾਂ ਦਾ, ਫੇਰ ਵੀ ਪ੍ਰੀਤ ਨਿਭਾਈ ਜਾਨਾਂ । ਸੀਨੇ ਦੇ ਵਿਚ ਦੁੱਖ ਲੁਕਾ ਕੇ, ਹਸ ਹਸ ਜੱਫੀਆਂ ਪਾਈ ਜਾਨਾਂ । ਦਿਲ ਵੀ ਆਪਣਾ ਜਾਨ ਵੀ ਆਪਣੀ, ਇਹ ਦੁਨੀਆਂ ਤੇ ਸ਼ਾਨ ਵੀ ਆਪਣੀ ਸੱਜਣਾ ਦੀ ਸੱਜਣਾਈ ਉੱਤੋਂ, ਸਭ ਕੁੱਝ ਦਾਅ ਤੇ ਲਾਈ ਜਾਨਾਂ । ਯਾਰ ਨੂੰ ਦਿਲ ਦਾ ਕਾਅਬਾ ਮੰਨ ਕੇ, ਯਾਰ ਦਾ ਮੈਂ ਦੀਵਾਨਾ ਬਣ ਕੇ, ਮਾਰੂ ਥਲ ਵਿਚ ਹੂ-ਹੂ ਕਰਦਾ, ਪਿਆਰ ਦੀ ਝੋਕ ਵਸਾਈ ਜਾਨਾਂ । ਸੱਜਣਾਂ ਕੋਲੋਂ ਵਾਰ ਕੇ ਹਾਸੇ, ਦੁਨੀਆਂ ਕੋਲੋਂ ਹੋ ਕੇ ਪਾਸੇ, ਹਿਜਰ ਫ਼ਿਰਾਕ ਦੀ ਨੁਕਰੇ ਬਹਿ ਕੇ, ਜ਼ਹਿਰ ਗ਼ਮਾਂ ਦਾ ਖਾਈ ਜਾਨਾਂ । ਤੂੰ ਮਹਿਰਮ 'ਮੁਖ਼ਤਾਰ' ਦੇ ਦਿਲ ਦਾ ਹਾਲ ਬੇਹਾਲ ਹੋਇਆ ਬਿਸਮਿਲ ਦਾ, ਉਮਰੋਂ ਬਾਅਦ ਨਹੀਂ ਮਕਸਦ ਮਿਲਦਾ, ਰੋ ਰੋ ਹਾਲ ਵੰਜਾਈ ਜਾਨਾਂ ।

ਵੱਖੋ-ਵੱਖ ਨੇ ਚਿਹਰੇ ਮੋਹਰੇ

ਵੱਖੋ-ਵੱਖ ਨੇ ਚਿਹਰੇ ਮੋਹਰੇ ਵੱਖੋ-ਵੱਖ ਤਸਵੀਰਾਂ । ਸਾਂਝੇ ਸਭ ਦੇ ਪੀੜ ਪਰਾਗੇ ਸਾਂਝੀਆਂ ਸਭ ਦੀਆਂ ਪੀੜਾਂ । ਚੁੱਪ ਚੁਪੀਤੇ ਕਰਦੇ ਜਾਂਦੇ, ਸਾਰੇ ਲੋਕੀ ਪੈਂਡੇ, ਵੇਲਾ ਜੋ ਜੋ ਲਿਖਦਾ ਜਾਂਦਾ, ਪੜ੍ਹਦੇ ਨਹੀਂ ਤਹਿਰੀਰਾਂ । ਲੋੜਾਂ ਥੋੜਾਂ ਪੂਰੀਆਂ ਹੋਵਣ, ਸਾਰੇ ਰਲਕੇ ਸੋਚੋ, ਨਵੀਆਂ ਨਵੀਆਂ ਰਾਹਵਾਂ ਲੱਭੀਏ, ਕਰ ਕਰ ਕੇ ਤਦਬੀਰਾਂ । ਨਿੱਤ ਅੰਬਰ ਤੋਂ ਤਾਰੇ ਵੇਖਣ, ਜੋ ਜੋ ਕਾਰੇ ਕਰੀਏ, ਇਹਨਾਂ ਨੂੰ ਈ ਆਖੀ ਜਾਈਏ, ਮੁੜ ਮੁੜ ਕੇ ਤਕਦੀਰਾਂ । 'ਅਨਵਰ' ਵੇਲਾ ਵਾਜਾਂ ਮਾਰੇ, ਦੂਜੇ ਕੰਢੇ ਸੱਦੇ, ਪਰ ਮੈਂ ਆਪਣੀ ਟੌਹਰੇ ਤੁਰਨਾ, ਕਰ ਕਰ ਸੌ ਤਕਸੀਰਾਂ ।

ਕਰਦੇ ਜੋ ਲੋਕ ਜ਼ਹਿਨ ਵਿਚ

ਕਰਦੇ ਜੋ ਲੋਕ ਜ਼ਹਿਨ ਵਿਚ ਪੱਕੀਆਂ ਉਸਾਰੀਆਂ । ਉਹਨਾਂ ਨੇ ਕਦ ਵਿਆਹੀਆਂ ਸੱਧਰਾਂ ਕਵਾਰੀਆਂ । ਉਹ ਡਿੱਗ ਪਏ ਸੀ ਹਾਰ ਕੇ ਪੱਖੂ ਜ਼ਮੀਨ ਤੇ, ਉੱਡਦੇ ਰਹੇ ਸੀ ਜਿਹੜੇ ਉੱਚੀਆਂ ਉਡਾਰੀਆਂ । ਜਿਨ੍ਹਾਂ ਸੀ ਜਾਣਾ ਇਸ਼ਕ ਦੀ, ਉੱਚ ਕਹਿਕਸ਼ਾਂ ਦੇ ਤੀਕ, ਪਲਕਾਂ ਤੇ ਉਹਨਾਂ ਭਾਰੀਆਂ, ਚੁੱਕੀਆਂ ਸਵਾਰੀਆਂ । ਸਾਗਰ ਦਿਲੇ ਦੇ ਡੂੰਘ ਨੂੰ, ਡੁੱਬ ਕੇ ਜਨਾਬ ਵੇਖ, ਮੈਂ ਆਪ ਆਪਣੀ ਹੋਂਦ ਨੂੰ ਅਰਜ਼ਾਂ ਗੁਜ਼ਾਰੀਆਂ । 'ਅਨਵਰ' ਜੀ ਸ਼ੀਸ਼ਾ ਟੁੱਟ ਗਿਆ, ਸਾਰੇ ਸਰੀਰ ਦਾ, ਵੱਜੀਆਂ ਨੇ ਯਾਰ ਜ਼ਿਹਨ 'ਚ ਸੱਟਾਂ ਕਰਾਰੀਆਂ ।

ਆਪਣਾ ਹੋ ਕੇ ਵੀ ਜੋ ਸਾਨੂੰ

ਆਪਣਾ ਹੋ ਕੇ ਵੀ ਜੋ ਸਾਨੂੰ ਮਿਲਦਾ ਨਹੀਂ । ਸੱਚ ਆਖਾਂ ਉਹ ਖ਼ਵਰੇ ਮਹਿਰਮ ਦਿਲ ਦਾ ਨਹੀਂ । ਮੈਂ ਕਮਜ਼ੋਰਾ ਜੀਵਨ ਹੱਥੇ ਚੜ੍ਹਿਆ ਵਾਂ, ਮੈਨੂੰ ਤੇ ਕੋਈ ਮਾਣ ਵੀ ਆਪਣੇ ਦਿਲ ਦਾ ਨਹੀਂ । ਜੇ ਕਰ ਕੋਈ ਪੱਕੀ ਨੀਅਤ ਕਰ ਲਏ ਤੇ, ਪਰਬਤ ਵਾਂਗੂੰ ਪੈਰਾਂ ਤੋਂ ਫੇਰ ਹਿੱਲਦਾ ਨਹੀਂ । ਹੋਰ ਵਧੇਰੇ ਫੱਟ ਮੇਰੇ ਤੋਂ ਸੀਤੇ ਗਏ, ਇੱਕੋ ਫੱਟ ਵਿਛੋੜੇ ਦਾ ਪਰ ਸਿਲਦਾ ਨਹੀਂ । ਮੌਸਮ ਨਾਲ ਇਹ ਆਪ ਹਰੇ ਹੋ ਜਾਂਦੇ ਨੇ, ਜ਼ਖ਼ਮਾਂ ਨੂੰ 'ਮੁਖ਼ਤਾਰ' ਕਦੇ ਮੈਂ ਛਿੱਲਦਾ ਨਹੀਂ ।

ਜਿਹੜੇ ਦੋ ਨੈਣਾਂ ਦੇ ਡੰਗੇ ਲੱਗਦੇ ਨੇ

ਜਿਹੜੇ ਦੋ ਨੈਣਾਂ ਦੇ ਡੰਗੇ ਲੱਗਦੇ ਨੇ । ਖ਼ਵਰੈ ਕਿਉਂ ਉਹ ਮੈਨੂੰ ਚੰਗੇ ਲੱਗਦੇ ਨੇ । ਸਾਡੇ ਨੈਣਾਂ ਵਿਚ 'ਤੇ ਰੱਤ ਖਲੋਤੀ ਏ, ਸਭ ਨੂੰ ਮੌਸਮ ਰੰਗ-ਬਰੰਗੇ ਲੱਗਦੇ ਨੇ । ਪਰਦੇ ਦਾਰ ਤੇ ਕੁੱਝ ਸਨ ਵਾਸੀ ਝੁੱਗੀਆਂ ਦੇ, ਬਾਕੀ ਪਰਦਿਆਂ ਵਿਚ ਵੀ ਨੰਗੇ ਲੱਗਦੇ ਨੇ । ਮੇਰੇ ਦਿਲ ਦੀ ਚੋਰੀ ਦੇ ਉਹ ਮੁਜਰਮ ਜੇ, ਜੋ ਸਭਨਾਂ ਨੂੰ ਸੰਗੇ ਸੰਗੇ ਲੱਗਦੇ ਨੇ । ਮੈਂ 'ਮੁਖ਼ਤਾਰ' ਕਿਸੇ ਵੀ ਸ਼ੈ ਦਾ ਮਾਲਕ ਨਹੀਂ, ਦੁਨੀਆਂ ਦੇ ਸੁੱਖ ਕਿਧਰੋਂ ਮੰਗੇ ਲੱਗਦੇ ਨੇ ।

ਗਰਦਿਸ਼ ਵਿਚ ਜੇ ਹੋਵਣ ਮੇਰੇ

ਗਰਦਿਸ਼ ਵਿਚ ਜੇ ਹੋਵਣ ਮੇਰੇ ਤਾਰੇ ਨਾ । ਮੈਨੂੰ ਫੇਰ ਕੋਈ ਵੀ ਸਦਮਾਂ ਮਾਰੇ ਨਾ । ਮੈਨੂੰ 'ਤੇ ਫੇਰ ਉਹਦੀ ਯਾਦ ਸਤਾਇਆ ਏ, ਖ਼ਵਰੈ ਹੁਣ ਉਹ ਸੋਚੇ ਮੇਰੇ ਬਾਰੇ ਨਾ । ਕੋਈ ਵੀ ਸ਼ੈ ਨਹੀਂ ਚੰਗੀ ਲੱਗਦੀ ਅੱਖਾਂ ਨੂੰ, ਜੇ ਉਹ ਮੇਰੇ ਬਲਦੇ ਦੀਦੇ ਠਾਰੇ ਨਾ । ਘਿਰ ਜਾਵਾਂਗੇ ਵਿਚ ਅਸੀਂ ਅਸਮਾਨਾਂ ਦੇ, ਜੇਕਰ ਬੇੜੀ ਲੱਗੀ ਅੱਜ ਕਿਨਾਰੇ ਨਾ । ਘਰ ਦੀਆਂ ਕੰਧਾਂ ਡੋਲਦੀਆਂ 'ਮੁਖ਼ਤਾਰ' ਮੀਆਂ, ਸਾਨੂੰ ਅੱਜ ਲੁਕਾਂਦੇ ਮਿੱਟੀ ਗਾਰੇ ਨਾ ।

ਬੰਦਾ ਇਸ਼ਕ ਦਾ ਪੈਂਡਾ ਜਿਉਂ ਜਿਉਂ

ਬੰਦਾ ਇਸ਼ਕ ਦਾ ਪੈਂਡਾ ਜਿਉਂ ਜਿਉਂ ਕਰਦਾ ਏ । ਪਿਆਰ ਦਾ ਘੋਗਾ 'ਵਾ ਵਿਚ ਘੂੰ ਘੂੰ ਕਰਦਾ ਏ । ਟੈਲੀਫ਼ੂਨ ਮਲਾਇਆ ਘੰਟੀ ਵੱਜ ਪੈਂਦੀ, ਹੋਵੇ ਜਦੋਂ ਅੰਗੇਜ਼ ਤੇ ਟੂੰ ਟੂੰ ਕਰਦਾ ਏ । ਡੈਮੋਂ ਦੇ ਇਕ 'ਪਰ' ਵਿਚ ਸੂਲ ਖਬੋਈਏ ਜੇ, ਫੇਰ ਭੰਬੀਰੀ ਵਾਂਗੂੰ ਭੋ ਭੋ ਕਰਦਾ ਏ । ਅੱਗ ਪਾਣੀ ਦਾ ਮੇਲ ਜੇ ਹੋਵੇ ਏਸ ਤਰ੍ਹਾਂ, ਭਾਂਬੜ ਜਦੋਂ ਬੁਝਾਈਏ ਸੂੰ ਸੂੰ ਕਰਦਾ ਏ । ਦਿਲ ਜੇ ਦੁੱਖ ਦੀ ਬਾਤ ਸੁਣਾਵੇ ਰਾਤਾਂ ਨੂੰ, 'ਅਨਵਰ' ਭਰੇ ਹੁੰਘਾਰਾ ਹੂੰ ਹੂੰ ਕਰਦਾ ਏ ।

ਅੱਤ ਸਜ਼ਾਵਾਂ ਦਿੱਤੀਆਂ ਮੈਨੂੰ

ਅੱਤ ਸਜ਼ਾਵਾਂ ਦਿੱਤੀਆਂ ਮੈਨੂੰ, ਸ਼ਹਿਰ ਦਿਆਂ ਵਸਨੀਕਾਂ । ਕੁੱਝ ਵੀ ਅਸਰ ਨਾ ਕੀਤਾ ਏਥੇ, ਹੌਕਿਆਂ, ਹਾਵਾਂ, ਚੀਕਾਂ । ਚੰਦਰੀ ਘੜੀ ਨਹੀਂ ਭੁੱਲਣੀ ਮੈਨੂੰ, ਦਿਲਬਰ ਮੁੱਖ ਪਰਤਾਇਆ, ਰੁਸਿਆ ਯਾਰ ਤੇ ਕਾਗ ਉਡਾਨਾਂ, ਉਸ ਨੂੰ ਨਿੱਤ ਉਡੀਕਾਂ । ਖ਼ਵਰੇ ਕਿਹੜੀ ਛਾਉਣੀ ਉਸ ਨੇ, ਨਾਂ ਲਿਖਵਾਇਆ ਹੋਸੀ, ਰੁੱਤ ਬਦਲੀ ਦਿਨ ਬਦਲੇ ਸਾਰੇ, ਗਿਣ-ਗਿਣ ਹਿਜਰ ਤਰੀਕਾਂ । ਈਦਾਂ ਤੇ ਸ਼ਬਰਾਤਾਂ ਆਈਆਂ, ਲੋਕਾਂ ਜਸ਼ਨ ਮਨਾਏ, ਉਹਦੀ ਯਾਦ ਨੂੰ ਸੀਨੇ ਲਾ ਕੇ, ਰੋ-ਰੋ ਨਕਸ਼ ਉਲੀਕਾਂ । ਚੰਨ ਜਿਹੇ ਮੁੱਖ ਮੇਰੇ ਤੇ ਜੱਗ ਨੇ ਕਾਲਖ ਟਿੱਕਾ ਲਾਇਆ, ਇੱਕ ਦਿਨ 'ਅਨਵਰ' ਮਰ ਵੀ ਜਾਂ ਮੈਂ, ਸੁਣ-ਸੁਣ ਬੋਲ ਸ਼ਰੀਕਾਂ ।

ਭੰਵਰੇ ਗਾਵਣ, ਕਲੀਆਂ ਨੱਚਣ

ਭੰਵਰੇ ਗਾਵਣ, ਕਲੀਆਂ ਨੱਚਣ, ਲੱਸਾਂ ਪੈਣ ਬਹਾਰ ਦੀਆਂ । ਇੱਕ ਗੱਭਰੂ ਦੀ ਲਲਕਰ ਹੁੰਦੀ, ਸੱਧਰਾਂ ਇਕ ਮੁਟਿਆਰ ਦੀਆਂ । ਤੇਰਿਆਂ ਦਰਦਾਂ ਨਾਲ ਈ ਮੇਰਾ ਜੀਵਨ ਰੰਗ ਰੰਗੀਲਾ ਏ, ਅੱਜ ਵੀ ਸੀਨੇ ਦੇ ਵਿਚ ਰੜਕਣ ਤਿੱਖੀਆਂ ਸੂਲਾਂ ਪਿਆਰ ਦੀਆਂ । ਝਾਤੀ ਪਾ ਕੇ ਅੱਖੀਆਂ ਦੇ ਵਿਚ ਪਿਆਰ ਪਛਾਨਣ ਆਇਆ ਏ, ਦਿਲ ਵਾਲੇ ਸਨ ਲੈਂਦੇ ਵਾਜਾਂ ਫੁੱਲਾਂ ਦੀ ਚਟਕਾਰ ਦੀਆਂ । ਔਕੜ ਸਾਹਵੇਂ ਆ ਜਾਵੇ ਤੇ ਪਲ ਵੀ ਜਾਪੇ ਸਦੀਆਂ ਵਾਂਗ, ਉਂਜ ਘੜੀ ਦੇ ਵਿੱਚ ਦਲੀਲਾਂ ਸੌ-ਸੌ ਮਹਿਲ ਉਸਾਰ ਦੀਆਂ । ਤੇਰੀ ਅੱਖ ਦਾ ਇੱਕ ਇਸ਼ਾਰਾ ਆਸ ਦੇ ਹੋਸ਼ ਭੁਲਾ ਦੇਵੇ, ਤੇਰੇ ਗ਼ਮ ਤੋਂ ਵਾਰੇ 'ਅਨਵਰ' ਖੁਸ਼ੀਆਂ ਕੁੱਲ ਸੰਸਾਰ ਦੀਆਂ ।