Mumtaz Baloch
ਮੁਮਤਾਜ਼ ਬਲੋਚ

ਨਾਂ-ਮੁਮਤਾਜ਼ ਅਲੀ ਬਲੋਚ, ਕਲਮੀ ਨਾਂ-ਮੁਮਤਾਜ਼ ਬਲੋਚ,
ਜਨਮ ਸਥਾਨ-ਝੰਗ,
ਵਿਦਿਆ-ਐਫ਼. ਏ., ਕਿੱਤਾ-ਵਪਾਰ,
ਛਪੀਆਂ ਕਿਤਾਬਾਂ-ਸੱਚ ਦਾ ਚਸਕਾ (ਸ਼ਾਇਰੀ),
ਪਤਾ-ਮਦਨੀ ਕਾਲੋਨੀ, ਸਰਗੋਧਾ ਰੋਡ, ਝੰਗ ਸਦਰ, ਪਾਕਿਸਤਾਨ ।

ਪੰਜਾਬੀ ਗ਼ਜ਼ਲਾਂ (ਸੱਚ ਦਾ ਚਸਕਾ 1992 ਵਿੱਚੋਂ) : ਮੁਮਤਾਜ਼ ਬਲੋਚ

Punjabi Ghazlan (Sach Da Chaska 1992) : Mumtaz Balochਅਜਬ ਜਿਹੀ ਤਾਸੀਰ ਵਿਖਾਈ

ਅਜਬ ਜਿਹੀ ਤਾਸੀਰ ਵਿਖਾਈ ਅੱਖੀਆਂ ਨੇ । ਰੁਠੜੀ ਹੋਈ ਤਕਦੀਰ ਮਨਾਈ ਅੱਖੀਆਂ ਨੇ । ਮੁੱਲਾਂ, ਪੰਡਤ ਸਾਨੂੰ ਭੁੱਲੀਂ ਪਾਉਂਦੇ ਰਹੇ, ਇਸ਼ਕੇ ਦੀ ਤਕਸੀਰ ਸੁਣਾਈ ਅੱਖੀਆਂ ਨੇ । ਉਹ ਤਾਂ ਆਪਣੀ ਹਸਤੀ ਹੀ ਭੁੱਲ ਜਾਂਦਾ ਏ, ਜੀਹਨੂੰ ਵੀ ਜ਼ੰਜੀਰ ਪੁਆਈ ਅੱਖੀਆਂ ਨੇ । ਮੈਂ ਤਾਂ ਆਪਣਾ ਆਪ ਲੁਕਾ ਕੇ ਫਿਰਦਾ ਹਾਂ, ਦਿਲੜੀ ਲੀਰੋ ਲੀਰ ਕਰਾਈ ਅੱਖੀਆਂ ਨੇ । ਹਿਜਰ ਦੇ ਬੂਹੇ ਜਦ ਵੀ ਮਾਤਮ ਕੀਤਾ ਏ, ਸੋਹਣੇ ਦੀ ਤਸਵੀਰ ਬਣਾਈ ਅੱਖੀਆਂ ਨੇ । ਸ਼ਾਮ ਦੇ ਬੱਦਲ ਹੌਲੀ ਹੌਲੀ ਨੱਸਦੇ ਗਏ, ਹੰਝੂਆਂ ਦੀ ਜਾਗੀਰ ਲੁਟਾਈ ਅੱਖੀਆਂ ਨੇ । ਵਕਤ ਦੇ 'ਕੈਦੋਂ' ਬੁੱਲੀਂ ਜਿੰਦਰੇ ਲਾਏ ਨੇ, ਜਦ ਵੀ ਜੱਗ ਨੂੰ 'ਹੀਰ' ਸੁਣਾਈ ਅੱਖੀਆਂ ਨੇ ।

ਕੌੜੇ ਘੁੱਟ ਹਰ ਵੇਲੇ ਭਰਦਾ

ਕੌੜੇ ਘੁੱਟ ਹਰ ਵੇਲੇ ਭਰਦਾ ਰਹਿੰਦਾ ਹਾਂ । ਰੱਬ ਸੱਚੇ ਦੇ ਕੋਲੋਂ ਡਰਦਾ ਰਹਿੰਦਾ ਹਾਂ । ਜੋ ਮਜ਼ਹਬਾਂ ਨੂੰ ਵੰਡਦੇ ਨੇ ਉਹ ਵੰਡਦੇ ਰਹਿਣ, ਮੈਂ ਤਾਂ ਇਸ਼ਕ ਸਮੁੰਦਰ ਤਰਦਾ ਰਹਿੰਦਾ ਹਾਂ । ਹਾਸਿਦ ਲੋਕੀ ਅੱਗ ਵਿਚ ਐਵੇਂ ਸੜਦੇ ਨੇ, ਮੈਂ 'ਜਾਨੀ' ਦੇ ਨਾ ਤੋਂ ਡਰਦਾ ਰਹਿੰਦਾ ਹਾਂ । ਯਾਰਾਂ ਨੂੰ ਖ਼ੁਸ਼ ਰੱਖਣ ਕਰਕੇ ਹਰ ਵਾਰੀ, ਜਿੱਤਕੇ ਵੀ ਮੈਂ ਬਾਜ਼ੀ ਹਰਦਾ ਰਹਿੰਦਾ ਹਾਂ । ਮਿਲ ਕੇ ਟਲਣਾ ਰੀਤ ਏ ਚੰਗਿਆਂ ਲੋਕਾਂ ਦੀ, ਏਸੇ ਕਾਰਣ ਟਾਲਾ ਕਰਦਾ ਰਹਿੰਦਾ ਹਾਂ । ਜਿੱਥੇ ਲੋਕੀ ਨ੍ਹੇਰੇ ਤੋਂ ਘਬਰਾਉਂਦੇ ਨੇ, ਉੱਥੇ ਹੁਣ 'ਮੁਮਤਾਜ਼' ਉਭਰਦਾ ਰਹਿੰਦਾ ਹਾਂ ।

ਬੇਹਿਸਿਆਂ ਦੇ ਪੱਥਰ ਢੁਕਦੇ ਜਾਂਦੇ ਨੇ

ਬੇਹਿਸਿਆਂ ਦੇ ਪੱਥਰ ਢੁਕਦੇ ਜਾਂਦੇ ਨੇ । ਦਿਲ ਦਰਿਆ ਦੇ ਰਸਤੇ ਰੁਕਦੇ ਜਾਂਦੇ ਨੇ । ਖ਼ੁਦ ਗ਼ਰਜ਼ੀ ਦੀਆਂ ਪੀਘਾਂ ਉੇੱਚੀਆਂ ਚੜ੍ਹੀਆਂ ਨੇ, ਪਿਆਰ ਪਰਮ ਦੇ ਟਹਿਣੇ ਸੁੱਕਦੇ ਜਾਂਦੇ ਨੇ । ਲੋਭਾਂ ਵਾਲੇ ਭਾਂਬੜ ਇੰਜ ਭੜਕਾਏ ਨੇ, ਵਾਂਗ ਪਤੰਗਿਆਂ ਲੋਕੀ ਮੁਕਦੇ ਜਾਂਦੇ ਨੇ । ਕੀ ਪਰਵਾਜ਼ਾਂ ਕਰਨੀਆਂ ਉਹਨਾਂ ਬਾਲਾਂ ਨੇ, ਜਿਹੜੇ ਬਸਤੇ ਚਾਅ ਕੇ ਝੁਕਦੇ ਜਾਂਦੇ ਨੇ । ਜੇ ਤੋਤੇ ਨਾ ਡੱਕੀਏ ਕੁਝ ਵੀ ਬਚਣਾ ਨਹੀਂ, ਉਹ ਚਸ਼ਕੇਲੂ ਬਾਗ਼ ਨੂੰ ਟੁੱਕਦੇ ਜਾਂਦੇ ਨੇ । ਜ਼ੁਲਮੀਂ ਰਾਤਾਂ ਇੰਜ ਦਾ ਡਰ ਫੈਲਾਇਆ ਏ, ਸੂਰਜ ਵੀ ਰੱਤ ਰੋ ਕੇ ਲੁਕਦੇ ਜਾਂਦੇ ਨੇ ।

ਸੋਚਾਂ ਦੀ ਤਸਵੀਰ ਬਣਾ ਕੇ ਕੀ ਲੈਣਾ

ਸੋਚਾਂ ਦੀ ਤਸਵੀਰ ਬਣਾ ਕੇ ਕੀ ਲੈਣਾ । ਆਪਣੇ ਦਿਲ ਨੂੰ ਰੋਗ ਲਵਾ ਕੇ ਕੀ ਲੈਣਾ । ਏਥੇ ਹਰ ਕੋਈ ਆਪਣੇ ਦੁੱਖ ਨੂੰ ਰੋਂਦਾ ਏ, ਸੱਜਣਾਂ ਨੂੰ ਦੁੱਖ ਦਰਦ ਸੁਣਾ ਕੇ ਕੀ ਲੈਣਾ । ਯੂਸਫ਼ ਪਏ ਨਿੱਤ ਅੱਟੀਆਂ ਸਾਵੇਂ ਤੁਲਦੇ ਨੇ, ਰੋ ਰੋ ਅੱਖੀਉਂ ਨੂਰ ਗਵਾ ਕੇ ਕੀ ਲੈਣਾ । ਜੇ ਉਹ ਜੰਝ ਖਲੂਸ ਦੀ ਲੈ ਕੇ ਆਇਆ ਨਹੀਂ, ਮਨ ਦੀ ਹੀਰ ਨੂੰ ਡੋਲੀ ਪਾ ਕੇ ਕੀ ਲੈਣਾ । ਨਾ ਮੈਂ 'ਬੁੱਲਾ' ਨਾ ਉਹ 'ਸ਼ਾਹ ਇਨਾਇਤ' ਏ, ਹੁਣ ਪੈਰਾਂ ਵਿਚ ਘੁੰਗਰੂ ਪਾ ਕੇ ਕੀ ਲੈਣਾ । ਫ਼ਤਵੇ ਬਾਜ਼ ਤਾਂ ਇਸ਼ਕ ਤੋਂ ਵਾਂਝੇ ਹੁੰਦੇ ਨੇ, ਉਹਨਾਂ ਰੱਬ ਦੇ ਨੇੜੇ ਜਾ ਕੇ ਕੀ ਲੈਣਾ ।

ਆਪਣਾ ਆਪ ਗਵਾ ਨਾ ਦੇਵੀਂ

ਆਪਣਾ ਆਪ ਗਵਾ ਨਾ ਦੇਵੀਂ, ਪੈਰਾਂ ਉੱਤੇ ਡਹਿ ਕੇ, ਮੇਰੇ ਅੱਥਰੂ ਕਹਿ ਗਏ ਮੈਨੂੰ, ਅੱਖਾਂ ਦੇ ਵਿਚ ਰਹਿ ਕੇ । ਅਕਲ ਨਜ਼ਰ ਦੀਆਂ ਫ਼ੌਜਾਂ ਨੂੰ, ਹੁਸ਼ਿਆਰ ਬਣਾ ਕੇ ਰੱਖੀਂ, ਬਿਲੀ ਮਕਰ ਫ਼ਰੇਬਾਂ ਵਾਲੀ, ਦਾਅ ਲਾਉਂਦੀ ਏ ਸ਼ਹਿ ਕੇ । ਸੱਚ ਦੇ ਤੇਸੇ ਚੀਰ ਵਿਖਾਏ, ਝੂਠ ਦੇ ਪੱਥਰ ਸਾਰੇ, ਰੇਤਾਂ ਆਪਣਾ ਆਪ ਰੁਲਾਇਆ, ਨਾਲ ਹਵਾ ਦੇ ਖਹਿ ਕੇ । ਚੰਦਰੇ ਮੇਰੀਆਂ ਆਸਾਂ ਵਾਲਾ ਉਹ ਬੂਟਾ ਕੜਕਾਇਆ, ਮੈਂ ਜੀਹਨੂੰ ਪਰਵਾਨ ਚੜ੍ਹਾਇਆ, ਦੁੱਖ ਹਜ਼ਾਰਾਂ ਸਹਿ ਕੇ । ਇਹ ਵੇਲਾ 'ਮੁਮਤਾਜ਼ ਬਲੋਚਾ' ਖ਼ਵਰੇ ਕੀ ਕੀ ਕਰਸੇਂ, ਲੱਖਾਂ ਮਹਿਲਾਂ ਵਰਗੀ ਕੁੱਲੀ ਯਾਦ ਆਂਦੀ ਰਹਿ-ਰਹਿ ਕੇ ।

ਚਾਰ ਚੁਫ਼ੇਰੇ ਨਿੱਤ ਪਿਆ ਹੁੰਦਾ

ਚਾਰ ਚੁਫ਼ੇਰੇ ਨਿੱਤ ਪਿਆ ਹੁੰਦਾ ਜਸ਼ਨ ਹਲਾਕੂ ਖ਼ਾਨਾਂ ਦਾ, ਐਵੇਂ ਤਾਂ ਨਹੀਂ ਸਸਤਾ ਹੋਇਆ ਲਹੂ ਅੱਜ ਦੇ ਇਨਸਾਨਾਂ ਦਾ । ਜੋ ਗ਼ੁਜ਼ਰੀ ਸੋ ਗ਼ੁਜ਼ਰੀ ਯਾਰੋ ਹੁਣ ਪਛਤਾਣ ਦਾ ਵੇਲਾ ਨਹੀਂ, ਆਓ ਰਲ ਮਿਲ ਰਸਤਾ ਡੱਕੀਏ ਵਕਤ ਦਿਆਂ ਤੂਫ਼ਾਨਾਂ ਦਾ । ਅੱਜ ਦੇ ਆਸ਼ਿਕ ਡਿਸਕੋ ਹੋ ਗਏ ਵੰਜਲੀ ਕੌਣ ਵਜਾਵੇਗਾ, ਕੰਨਾਂ ਨੂੰ ਰਸ ਕਿੱਥੋਂ ਮਿਲਸੇ ਮਿੱਠੀਆਂ ਮਿੱਠੀਆਂ ਤਾਨਾਂ ਦਾ । ਇਸ ਦੁਨੀਆਂ ਦੀ ਮੰਡੀ ਅੰਦਰ ਹਰ ਸ਼ੈ ਦੇ ਭਾਅ ਚੜ੍ਹ ਗਏ ਨੇ, ਨਹੀਂ ਚੜ੍ਹਿਆ ਤੇ ਮੁੱਲ ਨਹੀਂ ਚੜ੍ਹਿਆ ਹਿੱਕ ਮੇਰੇ ਅਰਮਾਨਾਂ ਦਾ । ਜੀਹਦੇ ਸਿਰ ਉੱਤੇ ਪੱਗ ਰੱਖੀਏ ਉਹੋ ਫੜ ਤਲਵਾਰ ਲਵੇ, ਮਿਲਦਾ ਏ 'ਮੁਮਤਾਜ਼ ਬਲੋਚਾ' ਬਦਲਾ ਖ਼ੂਬ ਅਹਿਸਾਨਾਂ ਦਾ ।

ਮੁਰਸ਼ਦ ਬਾਅਜ਼ ਨਾ ਮਿਲੇ ਫ਼ਕੀਰੀ

ਮੁਰਸ਼ਦ ਬਾਅਜ਼ ਨਾ ਮਿਲੇ ਫ਼ਕੀਰੀ ਭਾਂਵੇ ਗਲ ਪਾ ਲੀਰਾਂ ਨੂੰ । ਮੰਨ ਮੇਰੀ, ਮਨ ਸਾਫ਼ ਤੂੰ ਕਰ ਕੇ, ਮੁਆਫ਼ ਕਰੀਂ ਤਕਸੀਰਾਂ ਨੂੰ । ਮੇਰੇ ਚੰਨ ਦੀ ਰੀਸ ਕਰੇਂਦਾ, ਉਹੋ ਚੰਨ ਅਸਮਾਨਾਂ ਵਾਲਾ, ਵੇਖੋ ਜ਼ਾਤ ਦੀ ਕਿਰਲੀ ਵੀ ਹੁਣ, ਜੱਫੇ ਪਾਏ ਸ਼ਤੀਰਾਂ ਨੂੰ । ਸੱਜਣ ਬਣ ਕੇ ਜ਼ੁਲਮ ਕਮਾਵੇਂ, ਇਹ ਸੌਦਾ ਬਹੁ ਮਹਿੰਗਾ ਹੈ, ਹਿੱਕ ਵਾਰੀ ਤਾਰੀਖ਼ ਉਠਾ ਕੇ, ਪੜ੍ਹ ਤਾਂ ਸਹੀ ਤਹਿਰੀਰਾਂ ਨੂੰ । ਜੇ ਜ਼ਖ਼ਮੀ ਨਾ ਤਨ ਮਨ ਹੁੰਦਾ, ਆਪੇ ਚਾਅ ਅਪੜਾਂਦਾ ਮੈਂ, ਹੁਣ ਤਾਂ ਆਪੇ ਲੈ ਜਾ ਸੱਜਣਾ, ਆ ਕੇ ਆਪਣੇ ਤੀਰਾਂ ਨੂੰ । ਬਹੁ ਹੋ ਗਈ 'ਮੁਮਤਾਜ਼ ਬਲੋਚਾ' ਛੱਡ ਵੀ ਦੇ ਹੁਣ ਕੂੜ ਪਲਾਲ, ਮੁੜ ਨਾ ਰਫੜ ਪਾਵੀਂ ਕੋਈ, ਮੁਆਫ਼ ਕਰੀਂ ਦਲਗ਼ੀਰਾਂ ਨੂੰ ।