Mumtaz Kanwal
ਮੁਮਤਾਜ਼ ਕੰਵਲ

ਨਾਂ-ਮੁਹੰਮਦ ਮੁਮਤਾਜ਼, ਕਲਮੀ ਨਾਂ-ਮੁਮਤਾਜ਼ ਕੰਵਲ,
ਜਨਮ ਸਥਾਨ-ਲ਼ਾਹੌਰ, ਕਿੱਤਾ-ਨੌਕਰੀ,
ਛਪੀਆਂ ਕਿਤਾਬਾਂ-ਬਲਦੇ ਅੱਖਰ (ਪੰਜਾਬੀ ਸ਼ਾਇਰੀ), ਵੰਝਲੀ ਦੀਆਂ ਤਾਨਾਂ (ਪੰਜਾਬੀ ਸ਼ਾਇਰੀ), ਸੁਰਾਬੋਂ ਕਾ ਸਫ਼ਰ (ਉਰਦੂ ਨਾਵਲ), ਨਵਾਂ ਗਿਆਨ (ਪੰਜਾਬੀ ਤਨਕੀਦੀ ਮਜ਼ਮੂਨ),
ਪਤਾ-ਲ਼ਾਹੌਰ ।

ਪੰਜਾਬੀ ਗ਼ਜ਼ਲਾਂ (ਬਲਦੇ ਅੱਖਰ 1981 ਵਿੱਚੋਂ) : ਮੁਮਤਾਜ਼ ਕੰਵਲ

Punjabi Ghazlan (Bolde Akkhar 1981) : Mumtaz Kanwalਤੇਰੀਆਂ ਅਣਖ਼ਾਂ, ਤੇਰੀਆਂ ਸ਼ਾਨਾਂ

ਤੇਰੀਆਂ ਅਣਖ਼ਾਂ, ਤੇਰੀਆਂ ਸ਼ਾਨਾਂ, ਤੇਰੇ ਮਹਿਲ ਮੁਨਾਰੇ ਹੂ । ਸਾਡਾ ਕੀ ਏ, ਅਸੀਂ ਤੇ ਸ਼ਾਲਾ! ਗਲੀਆਂ ਦੇ ਵਣਜਾਰੇ ਹੂ । ਖ਼ਵਰੇ ਕੀਹਦੀਆਂ ਯਾਦਾਂ ਦੇ ਵਿਚ, ਜੰਗਲ ਰੋਂਦੇ ਰਹਿੰਦੇ ਨੇ, ਖ਼ਵਰੇ ਕਿਉਂ ਅਸਮਾਨਾਂ ਉੱਤੋਂ, ਟੁੱਟਦੇ ਰਹਿੰਦੇ ਤਾਰੇ ਹੂ । ਹੋਰ ਲਈ ਨਫ਼ਰਤ ਦੀਆਂ ਕੰਧਾਂ ਦਿਲ ਵਿਚ ਹੀ ਰਹਿ ਜਾਣਗੀਆਂ, ਕਿੰਜ ਕਿਸੇ ਨੇ ਸੂਲੀ ਚੜ੍ਹਨਾ, ਵੇਲੇ ਹੱਥ ਨਿੱਤਾਰੇ ਹੂ । ਜਿਸ ਵੀ ਦਿਲ ਦੀ ਵੰਝਲੀ ਛੇੜੀ ਜਿਸ ਵੀ ਦਿਲ ਦੀ ਗੱਲ ਕੀਤੀ, ਸ਼ਹਿਰ ਦੇ ਬੇਹਿਸ ਲੋਕਾਂ ਉਹਨੂੰ, ਵੱਧ ਵੱਧ ਪੱਥਰ ਮਾਰੇ ਹੂ । ਫੁੱਲ ਜਿਹੇ ਚਿਹਰੇ ਨੂੰ ਬਚਪਨ, ਦੇ ਵਿਚ ਆਪਣਾ ਕਹਿਆ ਸੀ, ਅਜ ਤੱਕ ਮੇਰਿਆਂ ਖਾਬਾਂ ਦੇ ਵਿਚ, ਪੀਘਾਂ ਲੈਣ ਹੁਲਾਰੇ ਹੂ । ਅੱਜ ਵੀ ਕਿੰਨੇ 'ਪੁੰਨੂ' ਵਿੱਚ ਥਲਾਂ ਦੇ ਕੱਲਿਆਂ ਫਿਰਦੇ ਨੇ, ਅੱਜ ਵੀ ਪਾਰ ਝਨਾਂ ਦੇ 'ਹੀਰ' ਖਲੋਤੀ ਕੂਕਾਂ ਮਾਰੇ ਹੂ । ਜਿਸ ਧਰਤੀ ਨੂੰ ਅਸੀਂ 'ਕੰਵਲ' ਜੀ ਦਿੱਤਾ ਲਹੂ ਉਮੀਦਾਂ ਦਾ, ਆਖ਼ਰ ਉਹਦੇ ਸਭ ਖੂਹਾਂ ਦੇ, ਪਾਣੀ ਕਾਹਤੋਂ ਖ਼ਾਰੇ ਹੂ ।

ਸੋਹਣੇ-ਸੋਹਣੇ ਲਫ਼ਜ਼ ਲਿਖਾਂ

ਸੋਹਣੇ-ਸੋਹਣੇ ਲਫ਼ਜ਼ ਲਿਖਾਂ ਨਵੀਆਂ ਤਹਿਰੀਰਾਂ ਸੋਚਾਂ । ਕੱਲਮ-ਕੱਲਾ ਬਹਿਕੇ ਤੇਰੀਆਂ ਸ਼ਕਲ ਲਕੀਰਾਂ ਸੋਚਾਂ । ਮਿੱਠੇ ਬੋਲ ਸਮੁੰਦਰ ਅੱਖਾਂ ਫੁੱਲਾਂ ਵਰਗੀਆਂ ਬਾਹਵਾਂ, ਕੀਹਦੀ ਕਿਸਮਤ ਵਿਚ ਲਿਖੀਆਂ ਨੇ ਇਹ ਜਾਗੀਰਾਂ ਸੋਚਾਂ । ਉਹਦੇ ਲਈ ਕਮਖ਼ਾਬ ਚਮਕਦਾ ਰੇਸ਼ਮ ਕਿੱਥੋਂ ਆਇਆ, ਆਪਣੇ ਪਿੰਡੇ ਉੱਤੇ ਤੱਕ ਕੇ ਪਾਟੀਆਂ ਲੀਰਾਂ ਸੋਚਾਂ । ਅੱਕਾਂ ਜਿਹੀਆਂ ਰੁੱਤਾਂ ਵਿਚ ਰਹਿ ਜ਼ਜ਼ਬੇ ਪੱਥਰ ਹੋਏ, ਏਸ ਸ਼ਹਿਰ ਨੂੰ ਛੱਡ ਜਾਵਣ ਦੀਆਂ ਨਿੱਤ ਤਦਬੀਰਾਂ ਸੋਚਾਂ । ਕਦੋਂ 'ਕੰਵਲ' ਉਹ ਸੁਖ ਦਾ ਸੂਰਜ ਵਿਹੜੇ ਝਾਤੀ ਪਾਵੇ, ਆਪਣੇ ਘਰ ਵਿਚ ਬੈਠਾ ਹੋਇਆ ਵਾਂਗ ਅਸੀਰਾਂ ਸੋਚਾਂ ।

ਥਾਂ-ਥਾਂ ਵਿੱਚ ਕਿਤਾਬਾਂ ਪੜ੍ਹਿਆ

ਥਾਂ-ਥਾਂ ਵਿੱਚ ਕਿਤਾਬਾਂ ਪੜ੍ਹਿਆ, ਕੌਲ ਬੜੇ ਦਾਨਾਵਾਂ ਦਾ । ਆਖ਼ਰ ਇਕ ਦਿਨ ਟੁੱਟ ਕੇ ਰਹਿਣੈ, ਅੰਨ੍ਹਾਂ ਜ਼ੋਰ ਹਵਾਵਾਂ ਦਾ । ਕੱਲ੍ਹ ਨੂੰ ਫੇਰ ਇਹ ਧੁੱਪ ਦੀ ਚਾਦਰ ਲੈ ਕੇ ਟੁਰਣਾ ਪੈ ਜਾਣੈਂ, ਆਪਣੇ ਆਪ ਨੂੰ ਬਹੁਤਾ ਵੀ ਨਾ ਆਦੀ ਕਰ ਲਈਂ ਛਾਵਾਂ ਦਾ । ਸੋਚੋ ਕਿਸ ਨੇ ਏਥੇ ਲਹੂ ਦੀਆਂ ਨਹਿਰਾਂ ਆਨ ਵਗਾਈਆਂ ਨੇ, ਕਿਹੜਾ ਥਲ ਹੈ ਜਿਹੜਾ ਪਾਣੀ, ਪੀ ਗਿਆ ਪੰਜ ਦਰਿਆਵਾਂ ਦਾ । ਅਜ ਤੱਕ ਕਿੱਧਰੇ ਬੋਹੜ ਜਿਹੀ ਗੂੜ੍ਹੀ ਛਾਂ ਸੱਜਣੋਂ ਦੇਖੀ ਨਾ, ਲੱਭਣ ਜਾਈਏ ਤੇ ਨਹੀਂ ਲੱਭਦਾ ਪਿਆਰ ਕਿਤੇ ਵੀ ਮਾਵਾਂ ਦਾ । ਜੋ ਕੀਤਾ ਈ ਉਹਦੇ ਉੱਤੇ 'ਕੰਵਲ' ਕਦੀ ਪਛਤਾਵੀਂ ਨਾ, ਨਹੀਂ ਤੇ ਜਿਸਮ ਨੂੰ ਖਾ ਜਾਵੇਗਾ, ਇਹ ਅਹਿਸਾਸ ਗੁਨਾਹਵਾਂ ਦਾ ।

ਸ਼ੂਕਦੀਆਂ ਤਨਹਾਈਆਂ ਅੱਖ ਨੂੰ

ਸ਼ੂਕਦੀਆਂ ਤਨਹਾਈਆਂ ਅੱਖ ਨੂੰ ਸੋਚ ਦੇ ਛਾਲੇ ਦਿੱਤੇ । ਵੇਲੇ ਮੈਨੂੰ ਸਾਰੀ ਜ਼ਿੰਦੜੀ ਕੀ-ਕੀ ਚਾਲੇ ਦਿੱਤੇ । ਦੁਨੀਆਂ ਉੱਤੋਂ ਅੱਜ ਤਕ ਫੇਰ ਵੀ ਸਚ ਦਾ ਨਾਂ ਨਹੀਂ ਮਰਿਆ, ਭਾਵੇਂ ਲੋਕਾਂ ਹਰ 'ਸੁਕਰਾਤ' ਨੂੰ ਜ਼ਹਿਰ ਪਿਆਲੇ ਦਿੱਤੇ । ਜ਼ਿੱਦੀ ਸੀ ਉਹ ਮੇਰੀ ਜ਼ਾਤ ਦਾ ਕਾਇਲ ਹੋ ਨਾ ਸਕਿਆ, ਦਿੱਤੀਆਂ ਉਸ ਨੂੰ ਕਈ ਦਲੀਲਾਂ, ਬੜੇ ਹਵਾਲੇ ਦਿੱਤੇ । ਅਨਪੜ੍ਹ ਸੀ ਉਹ ਪਿਆਰ ਦੀਆਂ ਰਸਮਾਂ ਨੂੰ ਸਮਝ ਨਾ ਸੱਕੀ, ਮੂਰਤਾਂ ਦੇਖਣ ਲਈ ਮੈਂ ਉਸ ਨੂੰ ਬਹੁਤ ਰਸਾਲੇ ਦਿੱਤੇ । ਏਸ ਸਦੀ ਦਾ ਸਭ ਤੋਂ ਵੱਡਾ ਦੁੱਖ ਹੈ ਇਹ 'ਮੁਮਤਾਜ਼', ਜਜ਼ਬੇ ਖੋ ਕੇ ਇਨਸਾਨਾਂ ਨੂੰ ਬੇਹਿਸ ਆਲੇ ਦਿੱਤੇ ।

ਹਾਲੇ ਖ਼ਵਰੇ ਕੀ-ਕੀ ਆਵਣ

ਹਾਲੇ ਖ਼ਵਰੇ ਕੀ-ਕੀ ਆਵਣ ਦੁੱਖਾਂ ਭਰੇ ਜ਼ਮਾਨੇ ਹੋਰ । ਅੰਨ੍ਹੀ ਰਾਤ ਨੂੰ ਦੇਣੇ ਪੈ ਗਏ ਅੱਖੀਆਂ ਦੇ ਨਜ਼ਰਾਨੇ ਹੋਰ । ਤੈਥੋਂ ਦੂਰ ਹੋਇਆਂ ਤੇ ਕਿੱਧਰੋਂ ਮੈਨੂੰ ਚਾਨਣ ਦਿਸਣਾ ਨਈਂ, ਤੇਰਾ ਕੀ ਏ ਲੱਭ ਜਾਵਣਗੇ ਤੈਨੂੰ ਤੇ ਪਰਵਾਨੇ ਹੋਰ । ਆਲ੍ਹਣਿਆਂ ਚੋਂ ਡਰਦੇ ਮਾਰੇ ਪੰਛੀ ਹਿਜਰਤ ਕਰ ਗਏ ਨੇ, ਸੋਚੀਂ ਡੁੱਬੇ ਰੁੱਖਾਂ ਦੇ ਵੱਲ ਵਿੱਨ ਵਿੱਨ ਮਾਰ ਨਿਸ਼ਾਨੇ ਹੋਰ । ਵੇਖਿਆ ਆਖ਼ਰ ਰੇਤਾਂ ਵਾਂਗਰ ਖਿਲਰ ਗਿਆ ਏਂ ਰਾਹਵਾਂ ਵਿਚ, ਪੱਥਰ ਪੱਥਰ ਲੋਕਾਂ ਦੇ ਨਾਲ ਪਾ ਕੇ ਵੇਖ ਯਾਰਾਨੇ ਹੋਰ । ਤੇਰੇ ਬੂਹੇ ਹੁਣ ਇਕਲਾਪੇ ਦਾ ਮੇਲਾ ਰਹਿ ਜਾਣਾ ਏ, ਓਸ ਬਣਾ ਲੈਣੇ ਨੇ ਖ਼ੁਸ਼ਬੂ ਵਾਂਗਰ 'ਕੰਵਲ' ਟਿਕਾਣੇ ਹੋਰ ।

ਸੁੰਝੀਆਂ ਅੱਖਾਂ, ਟੁੱਟਦਾ ਜੁੱਸਾ

ਸੁੰਝੀਆਂ ਅੱਖਾਂ, ਟੁੱਟਦਾ ਜੁੱਸਾ, ਦਿਲ ਦਾ ਵਿਹੜਾ ਖ਼ਾਲੀ । ਮੇਰੇ ਬੂਹੇ ਆਇਆ ਰਹਿੰਦਾ ਕੋਈ ਨਾ ਕੋਈ ਸਵਾਲੀ । ਏਸ ਵਰ੍ਹੇ ਵੀ ਕੱਲਿਆਂ ਉਹਦੀ ਯਾਦ 'ਚ ਦੀਵੇ ਬਾਲੇ, ਏਸ ਵਰ੍ਹੇ ਵੀ ਏਵੇਂ ਸੱਜਣੋੱ ਖ਼ਾਲੀ ਗਈ ਦੀਵਾਲੀ । ਉੱਥੇ ਕੀ ਫੁੱਲਾਂ ਨੇ ਖਿੜਨਾ ਕੀ ਖੁਸ਼ਬੂਆਂ ਆਉਣਾ, ਜਿਹੜੇ ਬਾਗ਼ ਤੋਂ ਰੁੱਸਿਆ ਰਹਿੰਦਾ ਅਕਸਰ ਉਹਦਾ ਮਾਲੀ । ਚਾਰ ਚੁਫ਼ੇਰੇ ਰਾਹਵਾਂ ਦੇ ਵਿਚ ਭੁੱਖ ਦੀਆਂ ਧੂੜਾਂ ਉੱਡਣ, ਖ਼ਵਰੇ ਕਿਹੜਾ ਖੋਹਕੇ ਲੈ ਗਿਆ ਫ਼ਸਲਾਂ ਦੀ ਹਰਿਆਲੀ । ਉਹ ਤੇ ਹੋਰ ਕਿਸੇ ਦੇ ਸੁਫ਼ਨੇ ਤੱਕਦੀ ਤੱਕਦੀ ਸੌ ਗਈ, ਮੈਂ ਈ ਸਾਰੀ ਰਾਤ 'ਕੰਵਲ' ਜੀ ਸੋਚਾਂ ਦੀ ਅੱਗ ਬਾਲੀ ।

ਚੋਰੀ ਚੋਰੀ ਤੱਕਦੀਆਂ ਰਹਿੰਦੀਆਂ

ਚੋਰੀ ਚੋਰੀ ਤੱਕਦੀਆਂ ਰਹਿੰਦੀਆਂ, ਤੈਨੂੰ ਸਾਰੀਆਂ ਅੱਖਾਂ । ਆਖ਼ਰ ਤੇਰੀਆਂ ਅੱਖਾਂ ਉੱਤੋਂ, ਸਭ ਨੇ ਵਾਰੀਆਂ ਅੱਖਾਂ । ਜੀਹਦੇ ਲਈ ਜਗਰਾਤੇ ਕੱਟੇ, ਉਹ ਮਿਲਿਆ 'ਤੇ ਉਹਨੂੰ, ਕੁੱਝ ਵੀ ਕਹਿ ਨਾ ਸਕੀਆਂ ਫੇਰ ਇਹ, ਨੀਦਾਂ ਮਾਰੀਆਂ ਅੱਖਾਂ । ਜਿੱਧਰ ਕੋਈ ਜਾਂਦਾ ਦੇਖਣ, ਉਧਰ ਹੀ ਟੁਰ ਜਾਵਣ, ਐਵੇਂ ਰਾਹਵਾਂ ਭੁੱਲੀਆਂ ਰਹਿੰਦੀਆਂ, ਔਗੁਣ ਹਾਰੀਆਂ ਅੱਖਾਂ । ਉਮਰਾਂ ਹੋਈਆਂ ਫੇਰ ਵੀ ਮੇਰੀਆਂ, ਅੱਖਾਂ ਨੂੰ ਨਹੀਂ ਭੁੱਲੀਆਂ, ਨਸ਼ਿਆਂ ਦੇ ਵਿਚ ਡੁੱਬੀਆਂ ਹੋਈਆਂ, ਉਹ ਕੰਵਾਰੀਆਂ ਅੱਖਾਂ । ਉਹਦੀਆਂ ਅੱਖਾਂ ਜੀ ਭਰਕੇ, 'ਮੁਮਤਾਜ਼ ਕੰਵਲ' ਦੇਖਣ ਲਈ, ਜੀ ਕਰਦਾ ਏ ਸਾਰੇ ਜੱਗ ਤੋਂ ਲਵਾਂ ਉਧਾਰੀਆਂ ਅੱਖਾਂ ।

ਵਿਹਲ ਮਿਲੇ ਤੇ ਆ ਕੇ ਵੇਖੀਂ

ਵਿਹਲ ਮਿਲੇ ਤੇ ਆ ਕੇ ਵੇਖੀਂ, ਡੇਰੇ ਕਦੀ ਮਲੰਗਾਂ ਦੇ । ਤੈਨੂੰ ਬਿਨ ਵੇਖੇ ਮੁਰਝਾ ਗਏ, ਫੁੱਲ ਹਜਾਰਾਂ ਰੰਗਾਂ ਦੇ । ਸੋਚ ਦੇ ਚਰਖ਼ੇ ਉੱਤੇ ਦੁੱਖ ਦੀਆਂ, ਪੂਣੀਆਂ ਕੱਤਣੀਆਂ ਪੈ ਗਈਆਂ, ਹਾਲੇ ਵੀ ਨਹੀਂ ਜ਼ਿਹਨ ਚੋਂ ਮੁੱਕੇ, ਸੱਜਣੋਂ ਮੌਸਮ ਜੰਗਾਂ ਦੇ । ਖ਼ਵਰੈ ਕਿਹੜਾ ਦੁੱਖ ਸੀ ਰਚਿਆ ਹੋਇਆ ਵਿਚ ਹਵਾਵਾਂ ਦੇ, ਹੌਲੀ-ਹੌਲੀ ਆਦੀ ਹੋ ਗਏ ਲੋਕੀ ਚਰਸਾਂ ਭੰਗਾਂ ਦੇ । ਵੇਲੇ ਕਿੰਜ ਵੀ ਹੋਇਆ ਮੇਰੇ, ਜ਼ਖਮਾਂ ਨੂੰ ਭਰ ਦਿੱਤਾ ਸੀ, ਪਰ ਜੁੱਸੇ ਤੋਂ ਦਾਗ਼ ਨਹੀਂ ਜਾਂਦੇ, ਇਕਲਾਪੇ ਦਿਆਂ ਡੰਗਾਂ ਦੇ । ਜ਼ਾਲਮ ਰੁੱਤ ਨੇ ਲੋਕਾਂ ਕੋਲੋਂ, ਸਾਰੇ ਜਜ਼ਬੇ ਖੋਹ ਲਏ ਨੇ, ਬਾਲ ਵੀ ਹੁਣ ਨਹੀਂ ਪਾਉਂਦੇ ਵੇਖੇ, ਪੇਚੇ ਕਦੀ ਪਤੰਗਾਂ ਦੇ । ਆਪਣੇ ਨਾਲ ਪਿਆਰ ਮੇਰੇ ਨੂੰ ਵੇਖਣ ਲਈ 'ਮੁਮਤਾਜ਼ ਕੰਵਲ', ਓਸ ਕੁੜੀ ਨੇ ਕਰ ਲਏ ਟੋਟੇ ਟੋਟੇ ਆਪਣੀਆਂ ਵੰਗਾਂ ਦੇ ।