Munawar Shakeel
ਮੁਨੱਵਰ ਸ਼ਕੀਲ

ਨਾਂ-ਮੁਨੱਵਰ ਸ਼ਕੀਲ, ਕਲਮੀ ਨਾਂ-ਮੁਨੱਵਰ ਸ਼ਕੀਲ,
ਜਨਮ ਸਥਾਨ-ਲ਼ਾਹੌਰ,
ਵਿਦਿਆ-ਦਸਵੀਂ, ਕਿੱਤਾ-ਪਰਾਈਵੇਟ ਨੌਕਰੀ,
ਛਪੀਆਂ ਕਿਤਾਬਾਂ-ਸੋਚ ਸਮੁੰਦਰ (ਪੰਜਾਬੀ ਸ਼ਾਇਰੀ),
ਪਰਦੇਸ ਦੀ ਸੰਗਤ (ਪੰਜਾਬੀ ਸ਼ਾਇਰੀ), ਸਦੀਆਂ ਦੇ ਭੇਤ, ਝੋਰਾ ਧੁੱਪ ਗਵਾਚੀ ਦਾ, ਅੱਖਾਂ ਮਿੱਟੀ ਹੋ ਗਈਆਂ,
ਪਤਾ-ਸੁਲਤਾਨ ਪੁਰਾ, ਲਾਹੌਰ ।

ਪੰਜਾਬੀ ਗ਼ਜ਼ਲਾਂ (ਸਦੀਆਂ ਦੇ ਭੇਦ 2006 ਵਿੱਚੋਂ) : ਮੁਨੱਵਰ ਸ਼ਕੀਲ

Punjabi Ghazlan (Sadian De Bhed 2006) : Munawar Shakeelਡੁੱਬਣ ਵੇਲੇ ਤੇਰੇ ਕੋਲੋਂ ਦੂਰ ਕਿਨਾਰੇ ਹੋਣੇ ਨੇ

ਡੁੱਬਣ ਵੇਲੇ ਤੇਰੇ ਕੋਲੋਂ ਦੂਰ ਕਿਨਾਰੇ ਹੋਣੇ ਨੇ । ਤੇਰੇ ਵਰਗੇ ਪਾਣੀ ਅੱਗੇ ਕਿੰਨੇ ਹਾਰੇ ਹੋਣੇ ਨੇ । ਸ਼ੋਹ ਦੇ ਅੰਦਰ ਆ ਕੇ ਤੇਰੇ ਕਿਸੇ ਵੀ ਦੁੱਖ ਵੰਡਾਉਂਣੇ ਨਹੀਂ ਕੰਢਿਆਂ ਉੱਤੇ ਭਾਵੇਂ ਜਿੰਨੇ ਯਾਰ ਪਿਆਰੇ ਹੋਣੇ ਨੇ । ਘਰ ਦੇ ਅੰਦਰ ਰੋਂਦੀ ਗੁੱਡੋ ਚੇਤੇ ਆਈ ਹੋਣੀ ਏ, ਬਾਲਾਂ ਦੇ ਹੱਥ ਦੇਖੇ ਜਦ ਵੀ ਲਾਲ ਗ਼ੁਬਾਰੇ ਹੋਣੇ ਨੇ । ਓਸ ਮੁਸੱਵਰ ਧਰਤੀ ਉੱਤੇ ਹੋਸ਼ ਗਵਾਈ ਹੋਣੀ ਏ, ਜੀਹਨੇ ਉਹਦੇ ਮੁੱਖ ਤੋਂ ਖਿਲਰੇ ਵਾਲ ਸਵਾਰੇ ਹੋਣੇ ਨੇ । ਮੈਨੂੰ ਮੰਜ਼ਿਲ ਕੋਲ ਵੇਖ ਕੇ ਸ਼ਰਮਿੰਦਾ ਤੇ ਹੋਵੇਗਾ, ਜੀਹਨੇ ਮੇਰੀਆਂ ਰਾਹਵਾਂ ਉੱਤੇ ਖ਼ਾਰ ਖਿਲਾਰੇ ਹੋਣੇ ਨੇ ।

ਤੂੰ ਰੁੱਤਾਂ ਦੇ ਦੀਵੇ ਬਾਲ ਕੇ ਆਕੜ ਭੰਨ

ਤੂੰ ਰੁੱਤਾਂ ਦੇ ਦੀਵੇ ਬਾਲ ਕੇ ਆਕੜ ਭੰਨ ਹਨੇਰੇ ਦੀ । ਤਲੀਆਂ ਉੱਤੇ ਸੂਰਜ ਰੱਖ ਲੈ ਜਗ ਨੂੰ ਲੋੜ ਸਵੇਰੇ ਦੀ । ਹਾਲੇ ਤੀਕਰ ਮੇਰੇ ਦੇਸ ਚੋਂ ਦੂਰ ਜਹਾਲਤ ਹੋਈ ਨਾ, ਹਾਲੇ ਮੇਰੀ ਪਗੜੀ ਛੂਹੇ ਜੁੱਤੀ ਇਕ ਵਡੇਰੇ ਦੀ । ਭੱਠੇ ਵਾਲੇ ਨੇ ਬਾਲਾਂ ਲਈ ਏ. ਸੀ. ਹੋਰ ਲਿਆਂਦਾ ਏ, ਨੰਗੇ ਪੈਰੀਂ ਮਿੱਟੀ ਢੋਵੇ ਧੀ ਪਰ ਇੱਕ ਪਥੇਰੇ ਦੀ । ਲਾ-ਇਲਮੀ ਵਿਚ ਮੇਰੇ ਨਾਲੋਂ ਅੱਗੇ ਵਧਦੇ ਜਾਂਦੇ ਨੇ, ਆਦਤ ਪੈ ਗਈ ਓਸ ਗਲੀ ਦੇ ਫੇਰੇ ਦੀ । ਦਾਨੇ ਨੂੰ ਤੇ ਹਰ ਕੋਈ ਏਥੇ ਘੂਰੀ ਪਾ ਕੇ ਤੱਕਦਾ ਏ, ਸਾਡੇ ਦੇਸ 'ਚ ਇੱਜ਼ਤ ਹੁੰਦੀ ਅੱਜ ਵੀ ਢੇਰ ਲੁਟੇਰੇ ਦੀ ।

ਜ਼ਿਹਨਾਂ ਉੱਤੇ ਪੈ ਜਾਂਦੇ ਨੇ

ਜ਼ਿਹਨਾਂ ਉੱਤੇ ਪੈ ਜਾਂਦੇ ਨੇ ਜਦ ਗ਼ਫ਼ਲਤ ਦੇ ਪਰਦੇ । ਮੈਂ ਦੀ ਸੂਲੀ ਉਦੋਂ ਚੜ੍ਹਦੇ, ਉਦੋਂ ਬੰਦੇ ਮਰਦੇ । ਸ਼ਹਿਜ਼ੋਰਾਂ ਦੀ ਢੇਰ ਚਲਾਕੀ ਇਹ ਹੈ ਮੈਨੂੰ ਦੱਸਿਆ, ਰੋਜ਼ ਮੈਦਾਨੇ ਜਿੱਤ ਨਹੀਂ ਹੁੰਦੀ, ਰੋਜ਼ ਨਹੀਂ ਬੰਦੇ ਹਰਦੇ । ਸ਼ੀਸ਼ੇ ਨਾਲ ਪਿਆਰ ਉਹਨਾਂ ਦਾ ਜੋ ਸ਼ੀਸ਼ੇ ਦੇ ਵਾਸੀ, ਝੋਲੀਆਂ ਅੰਦਰ ਕਿਸੇ ਦੇ ਕਹਿਣ ਤੇ ਉਹ ਨਹੀਂ ਪੱਥਰ ਭਰਦੇ । ਬਖ਼ਸ਼ ਦਵੇ ਤਾਂ ਰਹਿਮਤ ਉਹਦੀ ਉਹਨੂੰ ਸਭ ਤੌਫ਼ੀਕਾਂ, ਬਿਨ ਡਿੱਠਿਆਂ ਈ ਜਿਸ ਦਾ ਕਲਮਾ ਸਾਰੇ ਪਏ ਨੇ ਪੜ੍ਹਦੇ । ਮੁੱਕ ਜਾਣੇ ਨੇ ਪੈਂਡੇ ਸਾਰੇ ਮੰਜ਼ਿਲ ਜਦ ਆ ਜਾਣੀ, ਜ਼ਿੰਦਗੀ ਤੀਕ ਸ਼ਕੀਲ ਨਹੀਂ ਮੁੱਕਣੇ ਰੋਣੇ ਏਸ ਸਫ਼ਰ ਦੇ ।

ਲਹੂ ਦੇ ਰਿਸ਼ਤੇ ਫਿੱਕੇ ਹੋਏ

ਲਹੂ ਦੇ ਰਿਸ਼ਤੇ ਫਿੱਕੇ ਹੋਏ, ਸਾਕ ਨੇ ਕੱਚੀਆਂ ਤੰਦਾਂ । ਏਸੇ ਲਈ 'ਤੇ ਹਰ ਵਿਹੜੇ ਵਿਚ ਹੋ ਗਈਆਂ ਨੇ ਕੰਧਾਂ । ਜਦ ਮੈਂ ਅੱਗੇ ਵਧ ਕੇ ਸੱਚੀ ਗੱਲ ਸੁਣਾਉਣੀ ਚਾਹੀ, ਮੇਰੀ ਜੀਭ ਨੂੰ ਜ਼ਖ਼ਮੀ ਕੀਤਾ ਮੇਰੇ ਆਪਣੇ ਦੰਦਾਂ । ਪਿਉ ਦੀ ਪਗੜੀ ਗਿਰਵੀ ਰੱਖੀ ਭੈਣ ਦੀ ਚੁੰਨੀ ਵੇਚੀ, ਖ਼ਵਰੇ ਕੀ-ਕੀ ਪਾਪੜ ਵੇਲੇ, ਵੇਖ ਜ਼ਰੂਰਤਮੰਦਾਂ । ਆਪਣੇ ਆਲ-ਦਵਾਲੇ ਭਾਵੇਂ ਲੱਖਾਂ ਸੂਰਜ ਪਾਏ, ਫੇਰ ਵੀ ਮੇਰੇ ਜੁੱਸੇ ਅੰਦਰ ਜੰਮੀਆਂ ਰਹੀਆਂ ਠੰਡਾਂ । ਉਹਨਾਂ ਅੰਦਰ ਹੁਣ 'ਸ਼ਕੀਲ' ਏ ਸਾਹ ਲੈਣਾ ਵੀ ਔਖਾ, ਭੋਲੇਪਣ ਵਿਚ ਉੱਚੀਆਂ ਕੀਤੀਆਂ, ਜਿਹੜੀਆਂ ਹੱਥੀਂ ਕੰਧਾਂ ।

ਬੱਦਲਾਂ ਦੇ ਵਿਚ ਅੱਗਾਂ ਲੁਕੀਆਂ

ਬੱਦਲਾਂ ਦੇ ਵਿਚ ਅੱਗਾਂ ਲੁਕੀਆਂ, ਕਣੀਆਂ ਵਿਚ ਤਰੇੜੇ । ਵੇਲੇ ਦੀ ਹਿੱਕ ਠਾਰਣ ਕੀਹਨੇ ਖੂਹ ਨੈਣਾਂ ਦੇ ਗੇੜੇ । ਗ਼ਰਜ਼ ਸਮੇਂ ਨੇ ਸਾਡੇ ਕੋਲੋਂ, ਖੋਹੀਆਂ ਫੇਰ ਵਫ਼ਾਵਾਂ, ਲੋੜਾਂ ਸਾਨੂੰ ਹੋਣ ਨਾ ਦਿੱਤਾ ਇਕ-ਦੂਜੇ ਦੇ ਨੇੜੇ । ਭਾਜੜ ਦੇ ਵਿਚ ਸਾਡੇ ਕੋਲੋਂ ਕੀ ਨਹੀਂ ਭੁੱਲਾਂ ਹੋਈਆਂ, ਉੱਨੇ ਪਿੱਛੇ ਹੁੰਦੇ ਗਏ ਆਂ ਜਿੰਨੇ ਪੰਧ ਨਬੇੜੇ । ਉਦੋਂ ਮੇਰੇ ਮੂੰਹ 'ਤੇ ਵੱਜਿਆ ਜਦ ਮੈਂ ਸੱਚ ਨਿਤਾਰੇ, ਦਾਨਿਆਂ ਦੇ ਵਿਚ ਲੁਕੇ ਰਹਿੰਦੇ ਮੈਂ ਕਿਉਂ ਰੋੜ ਨਖੇੜੇ । ਸਾਡੇ ਨਾਲ 'ਸ਼ਕੀਲ' ਸਮੇਂ ਨੇ ਕੀ ਕੀ ਚਾਲੇ ਕੀਤੇ, ਮੈਂ ਜਦ ਪਾਟੇ ਗਲਮੇਂ ਸੀਤੇ, ਵੇਲੇ ਆਨ ਉਧੇੜੇ ।

ਬੀਨਾਂ ਲੈ ਕੇ ਜਦੋਂ ਸਪੇਰੇ ਨਿਕਲੇ ਨੇ

ਬੀਨਾਂ ਲੈ ਕੇ ਜਦੋਂ ਸਪੇਰੇ ਨਿਕਲੇ ਨੇ । ਬੰਦਿਆਂ ਵਿੱਚੋਂ ਸੱਪ ਵਧੇਰੇ ਨਿਕਲੇ ਨੇ । ਜੀਹਦੇ ਮੱਥੇ ਉਮਰਾਂ ਸੂਰਜ ਲਾਇਆ ਮੈਂ, ਉਸੇ ਘਰ ਚੋਂ ਗੂੜ੍ਹ ਹਨੇਰੇ ਨਿਕਲੇ ਨੇ । ਸ਼ਾਮਾਂ ਵੇਲੇ ਉਹ ਮੰਜ਼ਿਲ ਤੇ ਪੁੱਜੇ ਨੇ, ਪਾਂਧੀ ਜਿਹੜੇ ਸਾਂਝ-ਸਵੇਰੇ ਨਿਕਲੇ ਨੇ । ਸਾਧਾਂ ਵਾਲੇ ਚੋਲੇ ਪਾ ਕੇ ਮਿਲਦੇ ਰਹੇ, ਮੂੰਹ ਦੇ ਮਿੱਠੇ ਢੇਰ ਲੁਟੇਰੇ ਨਿਕਲੇ ਨੇ । ਸੋਚ ਨਗਰ ਵਿਚ ਜਦ ਵੀ ਡੇਰੇ ਲਾਏ ਨੇ, ਸੋਚਾਂ ਨਾਲੋਂ ਦੁੱਖ ਉਚੇਰੇ ਨਿਕਲੇ ਨੇ ।

ਜ਼ਿਹਨਾਂ ਦੀ ਬੇਦਾਰੀ ਬਾਰੇ ਸੋਚ ਰਿਹਾਂ

ਜ਼ਿਹਨਾਂ ਦੀ ਬੇਦਾਰੀ ਬਾਰੇ ਸੋਚ ਰਿਹਾਂ । ਮੈਂ 'ਤੇ ਖ਼ਲਕਤ ਸਾਰੀ ਬਾਰੇ ਸੋਚ ਰਿਹਾਂ । ਪਿਆਰ ਦੇ ਬੂਟੇ ਵੱਢੀ ਜਾਂਦੀ ਦੁਨੀਆਂ ਕਿਉਂ, ਮੈਂ ਨਫ਼ਰਤ ਦੀ ਆਰੀ ਬਾਰੇ ਸੋਚ ਰਿਹਾਂ । ਅੱਗਾਂ ਵੇਲੇ ਕਿੱਥੇ ਸਾਰੇ ਸੱਜਣ ਸੀ, ਮੈਂ ਬੱਦਲਾਂ ਦੀ ਯਾਰੀ ਬਾਰੇ ਸੋਚ ਰਿਹਾਂ । ਹੱਥ ਮਿਲਾ ਕੇ ਉਹਨੇ ਹੱਥ ਵਿਖਾਇਆ ਏ, ਉਹਦੀ ਇਸ ਫ਼ਨਕਾਰੀ ਬਾਰੇ ਸੋਚ ਰਿਹਾਂ । ਟੁਰਦੇ ਜਾਂਦੇ ਲੋਕ 'ਸ਼ਕੀਲ' ਇਸ ਦੁਨੀਆਂ ਤੋਂ, ਮੈਂ ਵੀ ਆਪਣੀ ਵਾਰੀ ਬਾਰੇ ਸੋਚ ਰਿਹਾਂ ।

ਜੁੱਸੇ ਉੱਤੇ ਜਰ ਕੇ ਪੱਥਰ ਲੈ ਆਇਆ ਵਾਂ

ਜੁੱਸੇ ਉੱਤੇ ਜਰ ਕੇ ਪੱਥਰ ਲੈ ਆਇਆ ਵਾਂ । ਕਿੰਨੇ ਹੀਲੇ ਕਰਕੇ ਪੱਥਰ ਲੈ ਆਇਆ ਵਾਂ । ਫੇਰ ਕਿਸੇ ਨੇ ਸੂਲੀ ਉੱਤੇ ਚੜ੍ਹਨਾ ਏ, ਮੈਂ ਵੀ ਝੋਲੀ ਭਰ ਕੇ ਪੱਥਰ ਲੈ ਆਇਆ ਵਾਂ । ਸ਼ੀਸ਼ੇ ਨੇ ਅੱਜ ਧਮਕੀ ਮੈਨੂੰ ਲਾਈ ਏ, ਉਹਦੇ ਕੋਲੋਂ ਡਰ ਕੇ ਪੱਥਰ ਲੈ ਆਇਆ ਵਾਂ । ਉਹਨੂੰ ਜਿੱਤ ਵਿਚ ਹੀਰੇ ਮੋਤੀ ਲੱਭੇ ਨੇ, ਮੈਂ ਵੀ ਉਸ ਤੋਂ ਹਰ ਕੇ ਪੱਥਰ ਲੈ ਆਇਆ ਵਾਂ । ਸੋਚ ਸਮੁੰਦਰ ਜਾਗੇ ਨੇ ਮੈਂ ਰਾਤਾਂ ਨੂੰ, ਡੂੰਘੇ ਪਾਣੀ ਤਰ ਕੇ ਪੱਥਰ ਲੈ ਆਇਆ ਵਾਂ ।

ਸ਼ਾਮਾਂ ਵੇਲੇ ਫੇਰ ਟਟਹਿਣੇ ਜਾਗੇ ਨੇ

ਸ਼ਾਮਾਂ ਵੇਲੇ ਫੇਰ ਟਟਹਿਣੇ ਜਾਗੇ ਨੇ । ਯਾਦਾਂ ਦੇ ਕਈ ਫੱਟ ਪੁਰਾਣੇ ਜਾਗੇ ਨੇ । ਦਰਦਾਂ ਕੋਲੋਂ ਚੂਕ ਛੁਡਾ ਕੇ ਸੁੱਤਾ ਸੀ, ਫ਼ਜਰੇ ਉਹੋ ਦਰਦ ਸਰਹਾਣੇ ਜਾਗੇ ਨੇ । ਮੈਂ ਉਹਨਾਂ ਨੂੰ ਅਣਖ ਦੀ ਸੂਲੀ ਚਾੜ੍ਹਾਂਗਾ, ਦਿਲ ਵਿਚ ਜਿਹੜੇ ਸ਼ੌਕ ਧਕਾਣੇ ਜਾਗੇ ਨੇ । ਰਾਤੀਂ ਜਿਹੜੇ ਬੱਚੇ ਥੱਪ ਸੁਲਾਏ ਸੀ, ਭੁੱਖਾਂ ਲੈਕੇ ਫੇਰ ਨਿਮਾਣੇ ਜਾਗੇ ਨੇ । ਧਰਤੀ ਉੱਤੇ ਪੈਣ ਭੁਲੇਖੇ ਪਰੀਆਂ ਦੇ, ਵੰਨ-ਸਵੰਨੇ ਜਦ ਵੀ ਬਾਣੇ ਜਾਗੇ ਨੇ ।

ਕਾਗ਼ਜ਼ ਤੇ ਤਹਿਰੀਰਾਂ ਬੋਲਣ

ਕਾਗ਼ਜ਼ ਤੇ ਤਹਿਰੀਰਾਂ ਬੋਲਣ ਲੱਗੀਆਂ ਨੇ । ਗੂੰਗੀਆਂ ਸਭ ਤਸਵੀਰਾਂ ਬੋਲਣ ਲੱਗੀਆਂ ਨੇ । ਅੱਖ ਨੇ ਜਦ ਦੇ ਸੁਫ਼ਨੇ ਦੇਖਣੇ ਛੱਡੇ ਨੇ, ਉਦੋਂ ਤੋਂ ਤਾਬੀਰਾਂ ਬੋਲਣ ਲੱਗੀਆਂ ਨੇ । ਮੇਰੇ ਪੈਰੀਂ ਵੇਲੇ ਨੇ ਜੋ ਪਾਈਆਂ ਨੇ, ਵੱਜੀਆਂ ਉਹ ਜ਼ੰਜੀਰਾਂ ਬੋਲਣ ਲੱਗੀਆਂ ਨੇ । ਮਰਨ ਤੋਂ ਪਿੱਛੋਂ ਕੀ ਫ਼ਾਇਦਾ ਸਰਦਾਰੀ ਦਾ, ਸੁੰਝੀਆਂ ਇਹ ਜਾਗੀਰਾਂ ਬੋਲਣ ਲੱਗੀਆਂ ਨੇ । ਉਹਦੀ ਗੂੰਗੀ ਪੀੜ 'ਸ਼ਕੀਲ' ਨੂੰ ਖਾ ਜਾਸੀ, ਹੱਥਾਂ ਵਿੱਚ ਲਕੀਰਾਂ ਬੋਲਣ ਲੱਗੀਆਂ ਨੇ ।

ਆਪਣੇ ਗਲ ਦਾ ਹਾਰ ਬਣਾਇਆ

ਆਪਣੇ ਗਲ ਦਾ ਹਾਰ ਬਣਾਇਆ ਹੋਇਆ ਏ । ਮੈਂ ਦੁੱਖਾਂ ਨੂੰ ਯਾਰ ਬਣਾਇਆ ਹੋਇਆ ਏ । ਨਾਲ ਮੇਰੇ ਉਹ ਨਫ਼ਰਤ ਕਰਦਾ ਰਹਿੰਦਾ ਏ, ਮੈਂ ਝੱਲਾਂ ਵਾਂ ਪਿਆਰ ਬਣਾਇਆ ਹੋਇਆ ਏ । ਕਹਿ ਦਿੰਨਾਂ ਵਾਂ ਸੱਚੀ ਗੱਲ ਨੂੰ ਮੂੰਹ ਉੱਤੇ, ਕਲਮਾਂ ਨੂੰ ਹਥਿਆਰ ਬਣਾਇਆ ਹੋਇਆ ਏ । ਵੇਚੀ ਜਾਂਦੈ ਉਹ ਤੇ ਪੂਰੀ ਧਰਤੀ ਨੂੰ, ਜੀਹਨੂੰ ਮੈਂ ਸਰਦਾਰ ਬਣਾਇਆ ਹੋਇਆ ਏ । ਉਹਲਾ ਏ ਦੱਸ ਕਿਹੜੀ ਸ਼ੈ ਦਾ ਉਹਦੇ ਤੋਂ, ਜੀਹਨੇ ਇਹ ਸੰਸਾਰ ਬਣਾਇਆ ਹੋਇਆ ਨੇ ।