Neelma Naheed Durrani
ਨੀਲਮਾ ਨਾਹੀਦ ਦੁੱਰਾਨੀ

ਨਾਂ-ਨੀਲਮਾ ਨਾਹੀਦ ਦੁੱਰਾਨੀ, ਪਿਤਾ ਦਾ ਨਾਂ-ਆਗ਼ਾ ਈਜਾਜ਼ ਹੂਸੈਨ ਦੁੱਰਾਨੀ,
ਜਨਮ ਸਥਾਨ-ਲ਼ਾਹੌਰ,
ਵਿਦਿਆ-ਐਮ. ਏ. (ਪੰਜਾਬੀ, ਫ਼ਾਰਸੀ, ਸਹਾਫ਼ਤ), ਕਿੱਤਾ-ਪੁਲਿਸ ਅਫ਼ਸਰੀ,
ਪਤਾ-ਲ਼ਾਹੌਰ, ਪਾਕਿਸਤਾਨ,
ਛਪੀਆਂ ਕਿਤਾਬਾਂ - ਚਾਨਣ ਕਿੱਥੇ ਹੋਇਆ (ਪੰਜਾਬੀ ਸ਼ਾਇਰੀ), ਜਬ ਨਹਿਰ ਕਿਨਾਰੇ ਸ਼ਾਮ ਢਲੀ (ਉਰਦੂ ਸ਼ਾਇਰੀ), ਤੁਮਹਾਰਾ ਸ਼ਹਿਰ ਕੈਸਾ ਹੈ (ਉਰਦੂ ਸ਼ਾਇਰੀ), ਵਾਪਸੀ ਕਾ ਸਫ਼ਰ, (ਉਰਦੂ ਸ਼ਾਇਰੀ), ਨੀਲਮਾ ਕੀ ਗ਼ਜ਼ਲ਼ੇਂ (ਉਰਦੂ ਸ਼ਾਇਰੀ), ਦੁੱਖ ਸਬਾ ਇਹ ਜੱਗ (ਪੰਜਾਬੀ ਸ਼ਾਇਰੀ), ਚੜ੍ਹਦੇ ਸੂਰਜ ਦੀ ਧਰਤੀ (ਸਫ਼ਰ ਨਾਮਾ) ।

ਪੰਜਾਬੀ ਗ਼ਜ਼ਲਾਂ (ਚਾਨਣ ਕਿੱਥੇ ਹੋਇਆ 2002 ਵਿੱਚੋਂ) : ਨੀਲਮਾ ਨਾਹੀਦ ਦੁੱਰਾਨੀ

Punjabi Ghazlan (Chanan Kitthe Hoia 2002) : Neelma Naheed Durraniਦਿਲ ਨੂੰ ਹੁਣ ਸਮਝਾਉਣਾ ਮੁਸ਼ਕਿਲ ਲੱਗਦਾ ਏ

ਦਿਲ ਨੂੰ ਹੁਣ ਸਮਝਾਉਣਾ ਮੁਸ਼ਕਿਲ ਲੱਗਦਾ ਏ । ਦੁਨੀਆਂ ਨਾਲ ਨਿਭਾਉਣਾ ਮੁਸ਼ਕਿਲ ਲੱਗਦਾ ਏ । ਪਹਿਲੇ ਕੱਲਿਆਂ ਰਹਿਣਾ ਮੁਸ਼ਕਿਲ ਲੱਗਦਾ ਸੀ । ਹੁਣ ਲੋਕਾਂ ਵਿਚ ਜਾਣਾ ਮੁਸ਼ਕਿਲ ਲੱਗਦਾ ਏ । ਇਕਲਾਪੇ ਦਾ ਮੌਸਮ ਜਦ ਵੀ ਆਉਂਦਾ ਏ, ਪਲ-ਪਲ ਇੰਝ ਮਰ ਜਾਣਾ ਮੁਸ਼ਕਿਲ ਲੱਗਦਾ ਏ । ਸੱਜਣ ਸਾਹਵੇਂ ਆ ਜਾਵਣ ਤੇ ਉਹਨਾਂ ਨੂੰ, ਦਿਲ ਦਾ ਹਾਲ ਸੁਣਾਉਣਾ ਮੁਸ਼ਕਿਲ ਲੱਗਦਾ ਏ । ਬੰਦੇ ਦਾ ਦਿਲ ਇਕ ਖਿਡਾਉਣਾ ਹੁੰਦਾ ਏ, ਤੋੜ ਕੇ ਨਵਾਂ ਬਨਾਉਣਾ ਮੁਸ਼ਕਿਲ ਲੱਗਦਾ ਏ । ਮੰਦੀ ਗੱਲ ਨਾ ਕਰੀਏ 'ਨੀਲਮ' ਉਸ ਦੇ ਨਾਲ, ਰੁਠੜਾ ਯਾਰ ਮਨਾਉਣਾ ਮੁਸ਼ਕਿਲ ਲੱਗਦਾ ਏ ।

ਸਤ ਰੰਗਾ ਅਸਮਾਨ ਵੀ ਗੱਲਾਂ ਕਰਦਾ ਏ

ਸਤ ਰੰਗਾ ਅਸਮਾਨ ਵੀ ਗੱਲਾਂ ਕਰਦਾ ਏ । ਬੰਦੇ ਨਾਲ ਭਗਵਾਨ ਵੀ ਗੱਲਾਂ ਕਰਦਾ ਏ । ਅਰਸ਼ਾਂ ਉੱਤੇ ਵੱਸਣ ਵਾਲੇ ਸੋਚਦੇ ਨੇ, ਇਕ ਸ਼ਬ ਦਾ ਮਹਿਮਾਨ ਵੀ ਗੱਲਾਂ ਕਰਦਾ ਏ । ਇਕ ਗਵਾਹੀ ਤੂਰ ਕੋਲੋਂ ਵੀ ਲੈ ਲਈਏ, ਰੱਬ ਦੇ ਨਾਲ ਇਨਸਾਨ ਵੀ ਗੱਲਾਂ ਕਰਦਾ ਏ । ਸਭ ਮਾੜੇ 'ਤੇ ਦੁਖੀਏ ਉਹਦੇ ਪ੍ਰੇਮੀ ਨੇ, ਜਿਸ ਦੇ ਨਾਲ ਭਗਵਾਨ ਵੀ ਗੱਲਾਂ ਕਰਦਾ ਏ । ਕੀ ਕੀਤਾ ਸੀ ਕਰਬਲ ਵਿਚ ਸਰਦਾਰਾਂ ਨਾਲ, ਜੰਨਤ ਦਾ ਦਰਬਾਨ ਵੀ ਗੱਲਾਂ ਕਰਦਾ ਏ । ਚੁੱਪ-ਚੁਪੀਤੀ ਇੱਕ ਕਿਤਾਬ ਹਦਾਇਤ ਦੀ, ਪਰ ਉਹਦਾ ਫ਼ਰਮਾਨ ਵੀ ਗੱਲਾਂ ਕਰਦਾ ਏ । ਦੀਨ ਦੀ ਰਾਹ ਤੇ ਜਾਵਣ ਵਾਲੇ ਮਰਦੇ ਨਹੀਂ, ਨੇਜੇ ਤੇ ਕੁਰਆਨ ਵੀ ਗੱਲਾਂ ਕਰਦਾ ਏ ।

ਦੁਨੀਆਂ ਛੱਡਕੇ ਜਾਵਣ ਨੂੰ ਜੀਅ ਕਰਦਾ ਏ

ਦੁਨੀਆਂ ਛੱਡਕੇ ਜਾਵਣ ਨੂੰ ਜੀਅ ਕਰਦਾ ਏ । ਵਾਪਸ ਮੁੜ ਨਾ ਆਵਣ ਨੂੰ ਜੀਅ ਕਰਦਾ ਏ । ਰਾਤਾਂ ਦਾ ਇਕਲਾਪਾ ਜਦੋਂ ਸਤਾਉਂਦਾ ਏ, ਗੀਤ ਪੁਰਾਣੇ ਗਾਵਣ ਨੂੰ ਜੀਅ ਕਰਦਾ ਏ । ਫੁੱਲਾਂ ਦੀ ਖ਼ੁਸ਼ਬੂ ਜਦ ਕਮਲਾ ਕਰਦੀ ਏ, ਬਾਗਾਂ ਵਿਚ ਵਸ ਜਾਵਣ ਨੂੰ ਜੀਅ ਕਰਦਾ ਏ । ਜਦ ਲੋਕਾਂ ਦੇ ਮੁੱਖੜੇ ਖ਼ਾਲੀ ਲੱਗਦੇ ਨੇ, ਮੁੜ ਕੇ ਨਵੇਂ ਬਣਾਵਣ ਨੂੰ ਜੀਅ ਕਰਦਾ ਏ । ਹੁਣ ਤੇ ਕੱਲਿਆਂ ਰਹਿਣ ਦੀ ਆਦਤ ਹੋ ਗਈ ਏ, ਪਰ ਕਦੇ ਘਰ ਜਾਵਣ ਨੂੰ ਜੀਅ ਕਰਦਾ ਏ ।

ਗੱਲਾਂ ਕਰਦੀਆਂ ਅੱਖਾਂ ਮੈਨੂੰ ਸੌਣ ਨਾ ਦੇਵਣ

ਗੱਲਾਂ ਕਰਦੀਆਂ ਅੱਖਾਂ ਮੈਨੂੰ ਸੌਣ ਨਾ ਦੇਵਣ । ਉਹਦੀਆਂ ਘਾਦਾਂ ਕੱਲਿਆਂ ਬਹਿਕੇ ਰੌਣ ਨਾ ਦੇਵਣ । ਜਿਸ ਦੇ ਘਰ ਵਿਚ ਦਾਣੇ ਉਹੋ ਸਿਆਣਾ ਏ, ਮਾੜੇ ਨੂੰ ਤੇ ਲੋਕੀ ਕੋਲ ਖਲੋਣ ਨਾ ਦੇਵਣ । ਚੋਖਾ ਰੰਗ ਚੜ੍ਹਾਇਆ ਹੱਥ 'ਤੇ ਮਹਿੰਦੀ ਨੇ, ਸੱਜਣ ਰੰਗ ਖ਼ੁਸ਼ੀ ਦੇ ਮੁੱਖ 'ਤੇ ਆਉਂਣ ਨਾ ਦੇਵਣ । ਸਾਰੇ ਤਾਰੇ ਪਾਣੀ ਵਿਚ ਹੀ ਡੁੱਬਦੇ ਨੇ, ਦਿਲ ਦਰਿਆ ਤਾਂ ਇੰਜ ਕਦੀ ਵੀ ਹੋਣ ਨਾ ਦੇਵਣ । ਰਿਸ਼ਤੇਦਾਰ ਤਾਂ ਮਿਹਣੇ ਮਾਰਦੇ ਰੱਜਦੇ ਨਹੀਂ, ਸਾਰੀ ਹਿਆਤੀ ਸੁੱਖ ਦਾ ਸਾਹ ਪਰੋਣ ਨਾ ਦੇਵਣ ।

ਉਹਦੀ ਯਾਦ ਇੰਜ ਦਿਲ ਨਾਲ ਲਾਈ

ਉਹਦੀ ਯਾਦ ਇੰਜ ਦਿਲ ਨਾਲ ਲਾਈ ਹੋਈ ਏ । ਜਿਉਂ ਮੋਢੇ 'ਤੇ ਸੂਲੀ ਚਾਈ ਹੋਈ ਏ । ਸਾਰੇ ਸ਼ਹਿਰ 'ਚ ਧੁੱਪਾਂ ਦਾ ਏ ਸਾੜ ਮੱਚਿਆ, ਸਾਡੇ ਨੈਣਾਂ ਨੇ ਤੇ ਰਿਮ-ਝਿਮ ਲਾਈ ਹੋਈ ਏ । ਇਕ ਸੁਫ਼ਨੇ ਦੇ ਨਾਲ ਦਿਨ ਰਾਤ ਲੰਘਦੈ, ਇਕ ਤਾਂਘ ਵਿਚ ਜਿੰਦਗੀ ਗਵਾਈ ਹੋਈ ਏ । ਹੁਣ ਅੰਬੀਆਂ ਦੇ ਬੂਰਾਂ ਦੀ ਵੀ ਰੁੱਤ ਆਉਂਦੀ ਨਹੀਂ, ਹਰ ਪਾਸੇ ਇਕ ਧੁੰਦ ਜਿਹੀ ਛਾਈ ਹੋਈ ਏ । ਮੈਲ ਦਿਲ ਵਿਚ ਲੈ ਕੇ ਲੋਕੀ ਇੰਜ ਮਿਲਦੇ, ਜਿਵੇਂ ਸਾਡੇ ਨਾਲ ਯਾਰੀ ਪੱਕੀ ਲਾਈ ਹੋਈ ਏ । ਦੋ ਦਿਨ ਦੀ ਖ਼ੁਸ਼ੀ 'ਤੇ ਗ਼ਮ ਉਮਰਾਂ ਦਾ ਲੱਭੇ, ਰੱਬਾ ਕਾਹਦੇ ਲਈ ਇਹ ਦੁਨੀਆਂ ਬਣਾਈ ਹੋਈ ਏ ।

ਅੱਖਾਂ ਦੇ ਵਿਚ ਚਾਨਣ ਏ ਪਰ

ਅੱਖਾਂ ਦੇ ਵਿਚ ਚਾਨਣ ਏ ਪਰ ਅੰਦਰ ਬੜਾ ਹਨੇਰਾ ਏ । ਉੱਤੋਂ ਹਸਦੇ ਰਹਿੰਦੇ ਹਾਂ ਪਰ ਅੰਦਰ ਦਰਦ ਘਨੇਰਾ ਏ । ਤੁਸੀਂ ਬਸੰਤ ਬਹਾਰ ਮਨਾਉ, ਪਰ ਉੱਧਰ ਵੀ ਝਾਤੀ ਪਾਉ, ਜਿਸ ਬਸਤੀ ਵਿਚ ਭੁੱਖੇ ਨੰਗੇ ਬਾਲਾਂ ਵਾਲਾ ਵਿਹੜਾ ਏ । ਸ਼ਹਿਰ ਲਾਹੌਰ ਦੇ ਸਾਰੇ ਵਾਸੀ ਉੱਚੀਆਂ ਸ਼ਾਨਾਂ ਵਾਲੇ ਨੇ, ਸ਼ਾਹ ਹੁਸੈਨ ਤੇ ਗੰਜ ਬਖ਼ਸ਼ ਦਾ ਕਿੱਡਾ ਸੋਹਣਾ ਡੇਰਾ ਏ । ਕਦਮ ਕਦਮ ਤੇ ਮੇਲੇ ਦੇਖੇ ਜਿਹੜਾ ਏਥੇ ਆਉਂਦਾ ਏ, ਮੁੜ ਕੇ ਆਪਣੇ ਪਿੰਡ ਨਹੀਂ ਜਾਂਦਾ ਐਸਾ ਘੁੰਮਣਘੇਰਾ ਏ । ਜੋਗੀ ਵਾਲਾ ਫੇਰਾ ਦੁਨੀਆਂ ਮੁੜ ਕੇ ਕਿਸੇ ਨਾ ਆਉਂਣਾ ਏ ਲੋਕਾਂ ਦਾ ਜੋ ਦਰਦ ਵੰਡਾਵੇ ਉਸ ਦਾ ਨਾਮ ਉਚੇਰਾ ਏ ।