ਬਾਬਲ ਅਮਰ ਨਾਥ ਸ਼ਾਦਾਬ ਜੀ ਗਿਆਨਵੰਤ ਪੁਰਖ਼ ਸਨ। ਸਿਰਜਣਾਤਮਕ ਸੋਚ ਦੇ ਧਾਰਨੀ। ਮਾਂ ਮਮਤਾ ਦੀ ਮੂਰਤ । ਸਭ ਸੋਂ ਵੱਡਾ ਵੀਰ ਗੁਰਚਰਨ, ਕਿਰਤੀ ਤੇ ਸਿਰੜੀ ਵੀਰ ਪ੍ਰੀਤ ਸਮਾਜਿਕ ਕਾਰਕੁਨ ਹੋਣ ਕਾਰਨ ਪਿੰਡ ਦਾ ਸਰਪੰਚ ਵੀ ਰਿਹਾ, ਰਾਮ ਲੀਲ੍ਹਾ ਚ ਰਾਮ ਬਣਦਾ। ਫਿਰ ਭੂਸ਼ਨ ਧਿਆਨਪੁਰੀ, ਵਿਜੈ ਕੁਮਾਰ ਨਿਰਮਲ ਤੇ ਸਭ ਤੋਂ ਨਿੱਕਾ ਆਦੇਸ਼ ਅੰਕੁਸ਼। ਦੇਵ ਕੰਨਿਆਂ ਵਰਗੀਆਂ ਭੈਣਾਂ ਵੀ ਸੁਚਿਆਰੀਆਂ।
ਜਿਸ ਦਿਨ ਮਾਸਟਰ ਰਾਮ ਸਰੂਪ ਸ਼ਰਮਾ ਜੀ ਨਾ ਆਉਂਦੇ, ਸਾਨੂੰ ਹਿੰਦੀ ਨਿਰਮਲ ਹੀ ਪੜ੍ਹਾਉਂਦਾ। ਉਸ ਦੀ ਗੱਲ ਜ਼ਿਆਦਾ ਸਮਝ ਪੈਂਦੀ। ਡਰ ਨਹੀਂ ਸੀ ਨਾ ਕੋਈ। 1969 ਚ ਸਾਡੇ ਨਾਲ ਦਸਵੀਂ ਕਰਕੇ ਉਹ ਪੰਜਾਬੀ ਲੇਖਕ ਤੇ ਵੱਡੇ ਵੀਰ ਭੂਸ਼ਨ ਧਿਆਨਪੁਰੀ ਕੋਲ ਚੰਡੀਗੜ੍ਹ ਚਲਾ ਗਿਆ। ਏਥੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕਰਮਚਾਰੀ ਬਣ ਗਿਆ। ਉਸ ਪਹਿਲਾਂ ਪ੍ਰਾਈਵੇਟ ਤੌਰ ਤੇ ਉਰਦੂ ਚ ਐੱਮ ਏ ਕਰ ਲਈ। ਫਾਰਸੀ ਦੀ ਵੀ ਸ਼ਾਇਦ। ਪੰਡਾਂ ਦੀਆਂ ਪੰਡਾਂ ਪੜ੍ਹਦੈ। ਮਾੜਾ ਬੰਦਾ ਤੇ ਮਾੜਾ ਸ਼ਿਅਰ ਉਸ ਨੂੰ ਕਦੇ ਵੀ ਪਸੰਦ ਨਹੀਂ ਆਇਆ। ਬਚਪਨ ਤੋਂ ਲੈ ਕੇ।
ਉਸ ਪੰਜਾਬੀ ਚ ਬਹੁਤ ਘੱਟ ਲਿਖਿਆ ਹੈ ਪਰ ਲਿਖਿਆ ਕਮਾਲ ਦਾ।
ਨਿਰਮਲ ਅੱਜ ਕੱਲ੍ਹ ਪਰਿਵਾਰ ਸਮੇਤ ਮੋਹਾਲੀ ਚ ਵੱਸਦਾ ਹੈ। ਨਿਰਮਲ ਜਾਵੇਦ ਨਾਲ ਜਦ ਵੀ ਹੋਵੇ ਲੰਮੀ ਗੱਲਬਾਤ ਹੁੰਦੀ ਹੈ। ਅਸੀਂ ਦੋਵੇਂ ਸੁਪਨ ਅਵਸਥਾ ਵਿੱਚ ਧਿਆਨਪੁਰ ਦੀਆਂ ਗਲ਼ੀਆਂ ਚ ਤੁਰ ਫਿਰ ਰਹੇ ਮਹਿਸੂਸ ਕਰਦੇ ਹਾਂ।
-ਗੁਰਭਜਨ ਗਿੱਲ
