Nivedika : Sarabjit Kaur P C
ਨਿਵੇਦਿਕਾ (ਕਾਵਿ ਸੰਗ੍ਰਹਿ) : ਸਰਬਜੀਤ ਕੌਰ ਪੀ ਸੀ
ਭੂਮਿਕਾ
‘ਨਿਵੇਦਿਕਾ’ ਮੇਰੀ ਦੂਜੀ ਕਿਤਾਬ ਹੈ। ਆਪਣੀ ਇਸ ਕਿਤਾਬ ਨੂੰ ਮੈਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਸਮਰਪਿਤ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਕੁਦਰਤ ਨੂੰ ਪਿਆਰ ਕਰਦੇ ਹਾਂ ਤਾਂ ਆਪਣੇ ਵੰਸ਼ਾਂ ਦੀ ਭਲਾਈ ਲਈ ਸਾਨੂੰ ਰੁੱਖ ਲਗਾਉਣੇ ਪੈਣੇ ਹਨ। ਅੰਬਰ ਕਾਲ਼ੇ ਹੋਣੋਂ ਰੋਕਣੇ ਪੈਣੇ ਹਨ। ਫੈਕਟਰੀਆਂ, ਕਾਰਖ਼ਾਨਿਆਂ ਦਾ ਧੂੰਆਂ ਰੋਕਣਾ ਪੈਣਾ ਹੈ। ਪਾਣੀ ਗੰਦਾ ਹੋਣ ਤੋਂ ਰੋਕਣਾ ਪੈਣਾ ਹੈ। ਜੋ ਇਸ ਕੰਮ ਦੀ ਸ਼ੁਰੂਆਤ ਦਾ ਬਾਬਾ ਸੇਵਾ ਸਿੰਘ ਜੀ ਨੇ ਬਿਗੁਲ ਵਜਾ ਦਿੱਤਾ ਹੈ। ਸ਼ੁਰੂਆਤ ਤਾਂ ਉਨ੍ਹਾਂ ਕਈ ਸਾਲ ਪਹਿਲਾਂ ਕਰ ਦਿੱਤੀ ਹੈ। ਸੁਨਹਿਰੀ ਭਵਿੱਖ ਦਾ ਸੁਫਨਾ ਉਨ੍ਹਾਂ ਜੋ ਵੇਖਿਆ ਹੈ, ਸਾਡਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੀ ਇਸ ਮੁਹਿੰਮ ਦਾ ਹਿੱਸਾ ਬਣ ਅਸੀਂ ਸਭ ਕੁਦਰਤ ਨੂੰ ਪਿਆਰ ਕਰੀਏ ਅਤੇ ਰੁੱਖ ਲਗਾਈਏ, ਸਾਹ ਸੁਖਾਵੇਂ ਬਣਾਈਏ ਤਾਂ ਕਿ ਆਕਸੀਜਨ ਦੇ ਸੈਲੰਡਰ ਨਾ ਖ਼੍ਰੀਦਣੇ ਪੈਣ। ਜਿਵੇਂ ਕਿ ਕਰੋਨਾ-ਕਾਲ ਵਿੱਚ ਖ਼੍ਰੀਦਣੇ ਪਏ। ਬਾਬਾ ਜੀ ਨਿਮਰ ਸੁਭਾਅ ਦੇ ਮਾਲਕ ਹਨ ਅਤੇ ਇਨ੍ਹਾਂ ਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਅਥਾਹ ਪਿਆਰ ਹੈ। ਜਿੰਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲ ਕਾਲਜ ਅਤੇ ਸਿਖਲਾਈ ਕੇਂਦਰ ਖੋਲ੍ਹੇ ਹਨ। ਬਾਬਾ ਜੀ ਵੱਲੋਂ ਸਿਖਲਾਈ ਕੇਂਦਰ ਤੋਂ ਸਿੱਖਿਆ ਲੈ ਬਹੁਤ ਸਿੱਖਿਆਰਥੀ ਪੁਲਿਸ ਅਤੇ ਹੋਰ ਵਿਭਾਗਾਂ ਵਿੱਚ ਕੰਮ ਤੇ ਲੱਗ ਗਏ ਹਨ। ਜਿੰਨਾਂ ਤੋਂ ਪ੍ਰਭਾਵਿਤ ਹੋ ਮੈਂ ਆਪਣੀ ਕਿਤਾਬ ਦਾ ਨਾਮ ‘ਨਿਵੇਦਿਕਾ’ ਰੱਖਿਆ। ਅਸਾਂ ਨੇ ਸਾਫ ਵਾਤਾਵਰਨ ਵਿੱਚ ਅਸਮਾਨਾਂ ਵਿੱਚ ਪੰਛੀਆਂ ਨੂੰ ਉੱਡਦੇ ਵੇਖਣ, ਸ਼ੁੱਧ ਹਵਾ, ਪਾਣੀ ਅਤੇ ਸੁਹਾਵਣੇ ਮੌਸਮ ਵੇਖਣ ਦਾ ਜੋ ਸੁਫਨਾ ਵੇਖਿਆ ਹੈ। ਇਹ ਸੁਫਨਾ ਪੂਰਾ ਕਰਨ ਲਈ ਤੁਹਾਡੀ ਸਭ ਦੀ ਜ਼ਰੂਰਤ ਹੈ। ਆਓ, ਸਾਰੇ ਬਾਬਾ ਸੇਵਾ ਸਿੰਘ ਜੀ ਦੀ ਸੱਜੀ ਬਾਂਹ ਬਣ ਮੈਦਾਨ ਵਿੱਚ ਉਤਰੀਏ। ਸੋਹਣੀ ਕੁਦਰਤ ਜੋ ਇੱਕ ਓਂਕਾਰ ਸਾਹਿਬ ਦੀ ਦੇਣ ਹੈ, ਦੇ ਪਿਆਰ ਵਿੱਚ ਲਿਖੀ ਆਪਣੀ ਦੂਜੀ ਕਿਤਾਬ ‘ਨਿਵੇਦਿਕਾ’ ਉਨ੍ਹਾਂ ਨੂੰ ਸਮਰਪਿਤ ਕਰਦਿਆਂ ਮਾਣ ਮਹਿਸੂਸ ਕਰਦੀ ਹਾਂ। ਉਮੀਦ ਕਰਦੀ ਹਾਂ ਕਿ ਮੇਰੀ ਇਸ ਕਿਤਾਬ ਨੂੰ ਆਪ ਜੀ ਦੇ ਸਨੇਹ ਭਰੇ ਹੱਥਾਂ ਦੀ ਛੋਹ ਮਿਲਦਿਆਂ ਹੀ ਚਾਰ ਚੰਨ ਲੱਗ ਜਾਣਗੇ।
ਸੁਹਾਵਣੇ ਮੌਸਮ, ਰੁੱਖਾਂ, ਕੁੱਖਾਂ, ਅੰਬਰਾਂ, ਪਾਣੀਆਂ ਅਤੇ ਕੁਦਰਤ ਲਈ ਬਾਂਹ ਵਿੱਚ ਬਾਂਹ ਪਾ ਕੇ ਅਸੀਂ ਤੁਹਾਡੇ ਨਾਲ ਹਾਂ ਅਤੇ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਜ਼ੋਈ ਕਰਦੇ ਹਾਂ ਕਿ ਉਹ ਸਾਨੂੰ ਸੁਮੱਤ ਬਖਸ਼ਣ ਤਾਂ ਕਿ ਅਸੀਂ ਕੁਦਰਤ ਦੇ ਪਿਆਰ ਵਿੱਚ ਭਿੱਜ ਉਸ ਦੀ ਮੁਹੱਬਤ ਮਾਣ ਸਕੀਏ।
-ਸਰਬਜੀਤ ਕੌਰ ਪੀ ਸੀ.
***
ਤੂੰ ਲਿਖ, ਤੂੰ ਬੋਲ, ਵਧ ਅੱਗੇ, ਮੈਂ ਤੇਰੇ ਨਾਲ਼ ਹਾਂ
ਨਿਰਮਲ ਸਿੰਘ ਸੰਧੂ
***
ਅਸੀਂ ਵੀ ਸਾਰੇ ਨਾਲ਼ ਹਾਂ ਪਿਆਰੀ ਧੀਆਂ ਰਾਣੀਆਂ, ਸ਼ੁਭਨੀਤ ਕੌਰ, ਨਵਨੀਤ ਕੌਰ, ਪਰਨੀਤ ਕੌਰ ਅਤੇ ਪੁੱਤਰ ਅਰਸ਼ਦੀਪ ਸਿੰਘ ਸੰਧੂ ਅਤੇ ਸੰਧੂ ਅਤੇ ਕੰਗ ਪਰਿਵਾਰ।
ਨਿਵੇਦਿਕਾ
ਸਤਿ ਕਰਤਾਰ,
ਆਪ ਜੀ ਦੇ ਹੱਥਾਂ ਦੀ ਛੂਹ ਪ੍ਰਾਪਤ ਨਿਵੇਦਕਾ ਮੇਰੀ ਦੂਜੀ ਕਿਤਾਬ ਹੈ। ਮੇਰੀ ਪਹਿਲੀ ਕਿਤਾਬ ਦਾ ਨਾਮ ‘ਨਿਵੇਕਲ਼ੀ’ ਹੈ। ਨਿਵੇਦਿਕਾ ਦਾ ਮਤਲਬ ਹੁੰਦਾ ਹੈ, ਪ੍ਰਾਰਥਨਾ ਕਰਨ ਵਾਲੀ, ਅਰਦਾਸ ਕਰਨ ਵਾਲੀ, ਅਰਜ਼ੋਈ ਕਰਨ ਵਾਲੀ, ਬੇਨਤੀ ਕਰਨ ਵਾਲ਼ੀ। ਮੈਂ ਕੁਦਰਤ ਨੂੰ ਬਹੁਤ ਪਿਆਰ ਕਰਦੀ ਹਾਂ। ਮੇਰੀ ਲੇਖਣੀ ਦਾ ਮੁੱਖ ਵਿਸ਼ਾ ਕੁਦਰਤ ਹੈ। ਮੈਂ ਇਸ ਕਿਤਾਬ ਦਾ ਨਾਮ ਰੱਖਣ ਲਈ ਮਹਾਨ ਕੋਸ਼ ਵੇਖ ਰਹੀ ਸੀ ਕਿ ਅਚਨਚੇਤ ਮੇਰੀ ਨਿਗ੍ਹਾ ਨਿਵੇਦਿਕਾ ਲਫ਼ਜ਼ ’ਤੇ ਪਈ, ਜਿਸ ਵਿੱਚ ਲਿਖਿਆ ਸੀ, ਪ੍ਰਾਰਥਣਾ ਕਰਨ ਵਾਲੀ ਤਾਂ ਮੈਂ ਸੋਚਿਆ ਮੈਂ ਵੀ ਇਸ ਕਿਤਾਬ ਰਾਹੀਂ ਬੇਨਤੀਆਂ ਹੀ ਕਰ ਰਹੀ ਹਾਂ ਕਿ ਰੁੱਖ ਲਾਉ, ਪਾਣੀ ਵਿਅਰਥ ਨਾ ਰੋੜੋ੍ਹ, ਅੰਬਰ ਕਾਲੇ ਨਾ ਕਰੋ, ਕੁੱਖਾਂ ਵਿੱਚ ਧੀਆਂ ਨਾ ਮਾਰੋ, ਭਰਮਾਂ ਵਿੱਚ ਨਾ ਪਵੋ, ਦੁਨੀਆਂ ਨੂੰ ਚਲਾਉਣ ਵਾਲਾ ਇੱਕ ਹੈ, ਕੁਦਰਤ ਉਸ ਦੀ ਨਿਸ਼ਾਨੀ ਹੈ, ਉਸ ਨੂੰ ਪਿਆਰ ਕਰੋ। ਇਸ ਲਈ ਆਪਣੀ ਦੂਜੀ ਕਿਤਾਬ ਮੈਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਸਮਰਪਿਤ ਕਰਦੀ ਹਾਂ। ਇਸ ਕਿਤਾਬ ਵਿਚਲੀਆਂ ਕਵਿਤਾਵਾਂ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਕੁਦਰਤ ਨੂੰ ਇਰਦ-ਗਿਰਦ ਤੱਕ ਲਿਖੀਆਂ ਹਨ। ਬਾਬਾ ਜੀ ਵੱਲੋਂ ਸੁੰਨੀਆਂ ਸੜਕਾਂ ’ਤੇ ਰੁੱਖ ਲਾ ਦੇਣ ਨਾਲ ਪੰਛੀ ਮੁੜ ਚਹਿ ਚਹਾਉਣ ਲੱਗ ਪਏ ਹਨ। ਜਦੋਂ ਰੁੱਖਾਂ ਤੇ ਮੀਂਹ ਪੈਂਦਾ ਹੈ, ਉਹਨਾਂ ਉੱਤੇ ਡਿਗਿਆ ਮਿੱਟੀ-ਘੱਟਾ ਲੱਥ ਜਾਂਦਾ ਹੈ ਤਾਂ ਚਾਰੇ ਪਾਸੇ ਹਰਿਆਲੀ ਦਿਸਣ ਕਾਰਨ ਮੌਸਮ ਸੁਹਾਵਣਾ ਹੋ ਜਾਂਦਾ ਹੈ। ਮੇਰਾ ਪੇਕਾ ਪਿੰਡ ਜਲਾਲਾਬਾਦ, ਖਡੂਰ ਸਾਹਿਬ ਦੇ ਨੇੜੇ ਹੈ। ਮੇਰੇ ਪਿਤਾ ਜੀ ਮਹਿੰਦਰ ਸਿੰਘ ਟਾਂਗੇ ਵਾਲੇ ਦੇ ਨਾਮ ਨਾਲ ਜਾਣੇ ਜਾਂਦੇ ਸਨ। ਅਸੀਂ ਆਪਣੇ ਭਾਪੇ ਤੇ ਬੀਬੀ ਨਾਲ ਟਾਂਗੇ ’ਤੇ ਬੈਠ ਨਾਨਕੇ ਪਿੰਡ ਜਾਣਾ ਜਾਂ ਗੁਰਦੁਆਰਾ ਸਾਹਿਬ ਖਡੂਰ ਸਾਹਿਬ ਮੱਥਾ ਟੇਕਣ ਆਉਣਾ ਤਾਂ ਰਸਤੇ ਵਿੱਚ ਕੱਚੇ ਪਹਿਆਂ ਦੇ ਕੰਢੇ ਪਿੱਪਲ਼, ਬੋਹੜ ਬੇਰੀਆਂ ਦੇ ਮਲ਼ੇ ਆਮ ਵੇਖਣ ਨੂੰ ਮਿਲ਼ਦੇ ਸੀ। ਜਿੰਨਾਂ ਛਾਂਵੇਂ ਬੈਠ, ਸਾਹ ਲੈ, ਫਿਰ ਪਿੰਡ ਨੂੰ ਜਾਂਦੇ ਸੀ। ਪਰ ਸਮਾਂ ਗੁਜ਼ਰਦਿਆਂ ਪਤਾ ਹੀ ਨਹੀਂ ਲੱਗਾ ਕਦ ਕੱਚੇ ਪਹਿਆਂ ਦੀ ਥਾਂ ਪੱਕੀਆਂ ਸੜਕਾਂ ਨੇ ਲੈ ਲਈ ਤੇ ਠੇਕੇਦਾਰ ਪੰਜਾਹ-ਪੰਜਾਹ ਸਾਲ ਪੁਰਾਣੇ ਰੁੱਖ ਵੱਢ ਕੇ ਲੈ ਗਏ। ਹੁਣ ਕੋਈ ਰਾਹੀ ਰਾਹ ਵਿੱਚ ਬੈਠਾ ਕਿੱਥੋਂ ਦਿਸਣਾ ਸੀ। ਪਾਣੀ ਡੂੰਘਾ ਹੋ ਜਾਣ ਕਾਰਨ ਨਲ਼ਕੇ ਵੀ ਨਜ਼ਰ ਨਹੀਂ ਆਉਂਦੇ ਹਨ। ਪਰ ਜਦੋਂ ਦੀ ਬਾਬਾ ਸੇਵਾ ਸਿੰਘ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸੇਵਾ ਬਖਸ਼ੀ ਹੈ। ਸੜਕਾਂ ਕੰਢੇ ਫਲ਼ਦਾਰ ਅਤੇ ਸੰਘਣੀ ਛਾਂ ਵਾਲ਼ੇ ਬੂਟੇ ਤੇ ਰੁੱਖ ਵਿਖਾਈ ਦੇਣ ਲੱਗ ਪਏ ਹਨ। ਲੋਕ ਮੌਸਮ ਆਉਣ ਤੇ ਜਾਮਣ, ਬੇਰ ਅਤੇ ਹੋਰ ਫਲ਼ ਰੱਜ-ਰੱਜ ਖਾਂਦੇ ਹਨ। ਪਿੱਪਲ਼, ਬੋਹੜ ਅਤੇ ਨਿੰਮ, ਸੁਹੰਙਣਾ, ਫੁੱਲਾਂ ਦੇ ਬੂਟੇ ਆਮ ਹੀ ਵੇਖਣ ਨੂੰ ਮਿਲ਼ਦੇ ਹਨ। ਪੰਜਾਬ ਵਿੱਚ ਹਰਿਆਲੀ ਪਹਿਲਾਂ ਨਾਲੋਂ ਵਧ ਗਈ ਹੈ। ਮੈਂ ਕੁਦਰਤ ਵਿਸ਼ੇ ’ਤੇ ਲਿਖਣਾ ਆਪਣੀ ਜ਼ਿੰਦਗੀ ਦਾ ਮੰਤਵ ਬਣਾ ਲਿਆ ਕਿ ਜਦ ਵੀ ਕਵਿਤਾ ਲਿਖਣੀ ਵਿੱਚ ਕੁਦਰਤ ਅਤੇ ਗੁਰੂ ਨਾਨਕ ਸਾਹਿਬ ਬਾਰੇ ਲਿਖਣਾ ਹੀ ਲਿਖਣਾ। ਮੇਰੀ ਕੋਸ਼ਸ਼ ਹੁੰਦੀ ਕਿ ਹਰੇਕ ਤਿਉਹਾਰ ’ਤੇ ਰੁੱਖ ਲਗਾਏ ਜਾਣ, ਪਟਾਕੇ ਨਾ ਚਲਾਏ ਜਾਣ ਤਾਂ ਕਿ ਵਾਤਾਵਰਨ ਸਾਫ਼ ਰਹਿ ਸਕੇ, ਜਿਸ ਦਾ ਨਤੀਜਾ ‘ਨਿਵੇਦਿਕਾ’ ਮੇਰੀ ਦੂਜੀ ਕਿਤਾਬ ਆਪ ਜੀ ਦੇ ਹੱਥਾਂ ਵਿੱਚ ਸ਼ੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਦੀ ਧੰਨਵਾਦੀ ਹਾਂ ਕਿ ਉਹਨਾਂ ਮੈਨੂੰ ਕਲਮ ਦੀ ਤਾਕਤ ਬਖ਼ਸ਼ੀ। ਪੰਜਾਬੀ ਮਾਂ-ਬੋਲੀ ਦੇ ਅੱਖਰਾਂ ਦੀ ਅਪਾਰ ਕਿਰਪਾ ਸਦਕਾ ਅੱਜ ਆਪਣੀ ਗੱਲ ਕਵਿਤਾ ਦੇ ਰੂਪ ਵਿੱਚ ਕਹਿ ਦੇਂਦੀ ਹਾਂ। ਮੈਂ ਪੰਜਾਬੀ ਮਾਂ-ਬੋਲੀ ਦੇ ਪਸਾਰ ਕਰਨ ਵਾਲ਼ਿਆਂ, ਸ਼ੁੱਧ ਭਾਸ਼ਾ ਬੋਲਣ ਵਾਲ਼ਿਆਂ ਨੂੰ ਦਿਲੋਂ ਨਮਨ ਕਰਦੀ ਹਾਂ। ਮੇਰੀ ਸੋਚ ਹੈ ਕਿ ਜਿਨਾਂ ਚਿਰ ਤੱਕ ਸਾਡੇ ਘਰਾਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਪੰਜਾਬੀ ਮਾਂ ਬੋਲੀ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਮੇਰਾ ਸੁਫਨਾ ਹੈ ਕਿ ਮੇਰੀ ਮਾਂ ਬੋਲੀ-ਪੰਜਾਬੀ ਦਾ ਏਨਾ ਵਿਕਾਸ ਹੋ ਜਾਵੇ ਕਿ ਵਿਦੇਸ਼ ਤੋਂ ਆਉਣ ਵਾਲ਼ਿਆਂ ਲਈ ਪੰਜਾਬੀ ਦਾ ਪੇਪਰ ਪਾਸ ਹੋਣਾ ਲਾਜ਼ਮੀ ਹੋ ਜਾਵੇ। ਅਖੀਰ ਵਿੱਚ ਫਿਰ ਤੋਂ ਕੁਦਰਤ, ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲ਼ਿਆਂ ਨੂੰ ਪ੍ਰਨਾਮ ਕਰਦੀ ਹੋਈ ਆਪਣੀ ਦੂਜੀ ਕਿਤਾਬ ‘ਨਿਵੇਦਿਕਾ’ ਆਪ ਜੀ ਦੇ ਸਾਹਵੇਂ ਪੇਸ਼ ਕਰਦੀ ਹਾਂ ਜੀ। ਅਰਦਾਸ ਕਰਦੀ ਹਾਂ ਵਾਹਿਗੁਰੂ ਜੀ ਆਪ ਜੀ ਦੀ ਧੀ ਰਾਣੀ ਦੀ ਕਿਤਾਬ ‘ਨਿਵੇਦਿਕਾ’ ’ਤੇ ਪਾਠਕਾਂ ਦੀ ਸਵੱਲੀ ਨਜ਼ਰੇ ਚੜ੍ਹ ਜਾਵੇ।
ਧੰਨਵਾਦ ਸਹਿਤ
ਲੇਖਕ, ਸਰਬਜੀਤ ਕੌਰ ਪੀ ਸੀ
***
ਸਰਬਜੀਤ ਕੌਰ ਪੀ ਸੀ ਮੇਰੇ ਪਸੰਦੀਦਾ ਇਨਸਾਨ ਹਨ। ਇਹਨਾਂ ਵਿੱਚ ਕਵਿਤਾ
ਲਿਖਣ, ਸਿੱਖਣ ਦੀ ਅਤੇ ਕੁਦਰਤ ਦੇ ਹਰ ਕਣ ਨੂੰ ਪਿਆਰ ਕਰਨ ਦੀ ਚਾਹ ਦਿਸਦੀ
ਹੈ। ਮੈਂ ਇਨ੍ਹਾਂ ਨੂੰ ਸਾਲ ੨੦੧੯ ਵਿੱਚ ਫੇਸਬੁੱਕ ਰਾਹੀਂ ਮਿਲਿਆ ਸੀ। ਮੈਂ ਆਸ ਕਰਦਾ
ਹਾਂ ਕਿ ਇਹ ਪੰਜਾਬੀ ਮਾਂ-ਬੋਲੀ ਅਤੇ ਕੁਦਰਤ ਵਿਸ਼ੇ ਤੇ ਮਿਆਰੀ ਕੰਮ ਕਰਨ ਲਈ
ਕਲਮ ਨੂੰ ਸਲੀਕੇ ਨਾਲ ਚਲਾਉਣਗੇ। ਇਨ੍ਹਾਂ ਨੂੰ ਦੂਜੀ ਕਿਤਾਬ ‘ਨਿਵੇਦਿਕਾ’ ਲਈ ਮੈਂ
ਆਪਣੀਆਂ ਸ਼ੁੱਭ ਕਾਮਨਾਵਾਂ ਭੇਜਦਾ ਹਾਂ।
ਅਰਵਿੰਦਰ ਸਿੰਘ ਸਿਰ੍ਹਾ
***
ਜਸਬੀਰ ਸਿੰਘ ਪਾਬਲਾ ਜੀ ਵੱਲੋਂ ਪੰਜਾਬੀ ਮਾਂ-ਬੋਲੀ ਲਿਖਣ ਸਮੇਂ ਅੱਖਰਾਂ ਦੀਆਂ
ਬਰੀਕੀਆਂ ਸਿਖਾਉਣ ਲਈ ਉਹਨਾਂ ਦੀ ਧੰਨਵਾਦੀ ਹਾਂ।
ਸਰਬਜੀਤ ਕੌਰ ਪੀ ਸੀ
***
ਸਰਬਜੀਤ ਕੌਰ ਪੀ ਸੀ ਸਾਡੀ ਨਿੱਕੀ ਭੈਣ ਹੈ। ਬਚਪਨ ਵਿੱਚ ਗ਼ਰੀਬੀ ਦਾ ਸਮਾਂ ਹੋਵੇ ਜਾਂ ਜਵਾਨ ਭੈਣ ਪਰਮਜੀਤ ਕੌਰ ਦੀ ਮੌਤ ਦਾ ਸਮਾਂ, ਸਾਡੀ ਨਿੱਕੀ ਭੈਣ ਨੇ ਬੜੇ ਹੌਂਸਲੇ ਤੇ ਸੰਜਮ ਤੋਂ ਕੰਮ ਲੈ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਹੈ, ਜਿਸ ਦਾ ਸਿਹਰਾ ਉਹ ਹਮੇਸ਼ਾਂ ਗੁਰੂ ਨਾਨਕ ਸਾਹਿਬ ਨੂੰ ਦੇਂਦੀ ਸਤਿ ਕਰਤਾਰ ਕਹਿ ਗੱਲ ਸਮੇਟ ਦੇਂਦੀ ਹੈ। ਅਸੀਂ ਵੇਖਦੇ ਸੀ, ਜਦ ਕਿਸੇ ਦੀ ਮੌਤ ਹੁੰਦੀ, ਸਾਰੇ ਲੋਕ ਬਹੁਤ ਰੋਂਦੇ ਪਰ ਭੈਣ ਜੀ ਚੁੱਪ ਚਾਪ ਬੈਠੇ ਰਹਿੰਦੇ, ਜਿੰਨਾਂ ਨੂੰ ਵੇਖ ਸਾਡੇ ਅੰਦਰ ਵੀ ਦੁੱਖ ਝੱਲਣ ਦਾ ਹੌਂਸਲਾ ਆ ਜਾਂਦਾ ਤੇ ਅਸੀਂ ਵੀ ਆਪਣੇ ਆਪ ਨੂੰ ਤਿਆਰ ਕਰਨ ਲੱਗ ਜਾਂਦੇ ਵਾਹਿਗੁਰੂ ਜੀ ਦੇ ਫ਼ੈਸਲੇ ਤੇ ਫੁੱਲ ਚੜਾਉਣ ਲਈ। ਭੈਣ ਜੀ ਦਾ ਕਵਿਤਾ ਬਿਆਨਬਾਜ਼ੀ ਦਾ ਤਰੀਕਾ, ਸਲੀਕਾ ਅਤੇ ਹਾਜ਼ਰ ਜੁਆਬੀ ਸੁਭਾਅ, ਸਾਨੂੰ ਹਮੇਸ਼ਾਂ ਸਿੱਖਿਆ ਦੇਂਦਾ ਹੈ। ਉਹ ਖੁੱਲੀ ਕਵਿਤਾ ਲੇਖਣ ਵਿੱਚ ਆਪਣੇ ਵਿਚਾਰਾਂ ਨੂੰ ਬਖੂਬੀ ਬੰਨਣਾ ਜਾਣਦੀ ਹੈ ਅਤੇ ਪਾਠਕਾਂ ਨੂੰ ਵੀ। ਉਸਦੀ ਕਵਿਤਾ ਕੁਦਰਤ ਦੇ ਪ੍ਰੇਮ ਵਿੱਚ ਰੰਗੀ ਹੋਈ ਹੁੰਦੀ ਹੈ। ਭੈਣ ਜੀ ਜਦ ਵੀ ਕਵਿਤਾ ਲਿਖਦੀ, ਸਭ ਤੋਂ ਪਹਿਲਾਂ ਸਾਡੇ ਵਟਸਪ ਨੰਬਰ 'ਤੇ ਭੇਜ ਦੇਂਦੀ। ਫਿਰ ਫੇਸਬੁੱਕ ਰਾਹੀਂ ਸਰੋਤਿਆਂ ਨੂੰ ਪੜ੍ਹਾਉਂਦੀ। ਭੈਣ ਜੀ ਦਾ ਪੰਜਾਬੀ ਮਾਂ-ਬੋਲੀ ਅਤੇ ਰੁੱਖਾਂ, ਕੁੱਖਾਂ, ਅੰਬਰਾਂ, ਪਾਣੀਆਂ, ਕੁਦਰਤ ਅਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਪਿਆਰ ਕਵਿਤਾਵਾਂ ਵਿੱਚ ਝਲਕ-ਝਲਕ ਪੈਂਦਾ ਨਜ਼ਰ ਆਉਂਦਾ ਹੈ। ਅਸੀਂ ਕੁਦਰਤ ਨੂੰ ਸੰਭਾਲ ਕੇ ਰੱਖਣ ਬਾਰੇ ਹਮੇਸ਼ਾਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦਾ ਜ਼ਿਕਰ ਘਰ ਵਿੱਚ ਕਰਦੇ ਹਾਂ ਕਿ ਕਿੱਦਾਂ ਬਾਬਾ ਜੀ ਰੁੱਖਾਂ ਨੂੰ ਲਾਉਣ ਅਤੇ ਸੰਭਾਲ ਕੇ ਰੱਖਣ ਲਈ ਮਿਹਨਤ ਮੁਸ਼ੱਕਤ, ਸੇਵਾ ਭਾਵਨਾ ਨਾਲ ਕਰ ਅਤੇ ਕਰਵਾ ਰਹੇ ਹਨ। ਬਾਬਾ ਜੀ, ਅਸੀਂ ਵੀ ਕੁਦਰਤ ਲਈ ਕਾਰਜ ਕਰਨ ਸਮੇਂ ਹਮੇਸ਼ਾਂ ਆਪਣੀ ਭੈਣ ਨਾਲ਼ ਆਪ ਪਾਸ ਹਾਜ਼ਰ ਹਾਂ।
ਭੈਣ ਜੀ ਦੀ ਲਿਖੀ ਉਹ ਕਵਿਤਾ ਸਾਨੂੰ ਬਹੁਤ ਪਸੰਦ ਹੈ, ਜਦ ਨਾਮ ਜਪਣ ਤੋਂ ਪਹਿਲਾਂ ਦਿਲ ਨੂੰ ਪੁੱਛਦੀ ਹੈ-
ਪਹਿਲਾਂ ਦੱਸ ਦਿਲਾ ਤੂੰ ਕਿਸ ਦਾ ਵੇ।
ਸਾਨੂੰ ਯਾਦ ਹੈ ਜਦ ਭੈਣ ਜੀ ਦੇ ਘਰ ਪੰਜ ਸਾਲ ਤੱਕ ਬੱਚਾ ਨਹੀਂ ਹੋਇਆ ਤਾਂ ਅਸੀਂ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਸੁੱਖਣਾ ਸੁੱਖਣ ਗਏ ਤਾਂ ਭੈਣ ਜੀ ਨੇ ਆਪਣੀ ਚੁੰਨੀ ਦਾ ਪੱਲਾ ਬੇਰੀ ਸਾਹਿਬ ਦੇ ਚਰਨਾਂ ਨਾਲ ਲਾ ਕੇ ਮੰਗਿਆ, ਗੁਰੂ ਨਾਨਕ ਸਾਹਿਬ ਜੀ, ਮੈਨੂੰ ਧੀਆਂ ਬਖਸ਼ ਦਿਓ, ਤਾਂ ਸਤਿਗੁਰਾਂ ਦੇ ਦਰਬਾਰ ਤੋਂ ਭੈਣ ਜੀ ਨੂੰ ਧੀਆਂ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਆਪਣੇ ਪਤੀ ਦੇ ਪੁੱਛਣ ਤੇ ਉਹਨਾਂ ਲਿਖਿਆ ਸੀ,
ਅੱਜ ਗਈ ਸੀ ਮਜਾਰ ਉੱਤੇ ਸੋਹਣਿਆਂ
ਤੈਨੂੰ ਗੱਲ ਦੱਸਾਂ ਇੱਕ ਮਨਮੋਹਣਿਆਂ
ਮੈਂ ਰੱਬ ਕੋਲ਼ੋਂ ਮੰਗ ਮੰਗ ਲਈ।
ਲੋਕੀਂ ਮੰਗਦੇ ਪਏ ਸੀ ਪੁੱਤ ਸੋਹਣਿਆਂ
ਮੈਂ ਰੱਬ ਕੋਲ਼ੋਂ ਧੀ ਮੰਗ ਲਈ।
ਭੈਣ ਜੀ ਸਰਬਜੀਤ ਕੌਰ ਪੀ ਸੀ ਸਾਰੇ ਪਰਿਵਾਰਿਕ ਮੈਂਬਰਾਂ ਨਾਲ਼ ਹਮੇਸ਼ਾਂ ਕੁਦਰਤ ਲਈ ਚਿੰਤਾ ਕਰਦੀ ਗੱਲਾਂ ਕਰਦੀ ਹੈ ਅਤੇ ਸਾਨੂੰ ਵਿਅਰਥ ਪਾਣੀ ਨਹੀ ਡੋਲ੍ਹਣ ਦੇਂਦੀ। ਭੈਣ ਜੀ ਕੁਦਰਤ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ, ਤੇ ਲਿਖਦੀ ਹੈ ਕਿ:
ਅਜੇ ਮੈਂ ਲਿਖਣਾ ਅੰਬਰਾਂ ਲਈ।
ਅਜੇ ਮੈਂ ਲਿਖਣਾ ਕੁੱਖਾਂ ਲਈ।
ਅਜੇ ਮੈਂ ਪਾਣੀਆਂ ਲਈ ਲਿਖਣਾ।
ਅਜੇ ਮੈਂ ਲਿਖਣਾ ਰੁੱਖਾਂ ਲਈ।
ਜਦ ਉਹ ਆਪਣੀ ਪਲ਼ੇਠੀ ਪੁਸਤਕ 'ਨਿਵੇਕਲੀ' ਪਾਠਕਾਂ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋਈ ਤਾਂ ਸਾਨੂੰ ਉਹਨਾਂ ਨੇ ਉਸ ਸਮੇਂ ਹੀ ਦੱਸ ਦਿੱਤਾ ਸੀ ਕਿ ਉਹ ਆਪਣੀ ਅਗਲੀ ਕਿਤਾਬ ਕੁਦਰਤ ਦੇ ਪਿਆਰ ਵਿੱਚ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੂੰ ਸਮਰਪਿਤ ਕਰਨਗੇ। ਭੈਣ ਜੀ ਵੱਲੋਂ ਗੁਰੂ ਨਾਨਕ ਸਾਹਿਬ ਦੇ ਪਿਆਰ ਵਿੱਚ ਹਮੇਸ਼ਾਂ ਲਿਖਿਆ ਜਾਂਦਾ ਹੈ ਜਿਵੇਂ:
ਮਰਦਾਨਿਆਂ, ਵਜਾ ਦੇ ਰਬਾਬ, ਬਾਣੀ ਆਈ ਆ।
ਜਪੁ ਜੀ ਸਾਹਿਬ, ਨਾਮ ਹੈ ਜਿਸ ਦਾ।
ਸਤਿ ਕਰਤਾਰ ਜਪਾਈ ਆ।
ਮਰਦਾਨਿਆਂ, ਵਜਾ ਦੇਹ ਰਬਾਬ, ਬਾਣੀ ਆਈ ਆ।
ਉਹ ਕਦੇ ਵਿਹੜੇ ਵਿੱਚ ਬੈਠ ਅਸਮਾਨ ਵੱਲ ਵੇਖ ਕਵਿਤਾ ਲਿਖਦੀ ਹੈ-
ਸੁਹਣਿਆਂ ਚਿੱਤਰਕਾਰਾ ਵੇ।
ਤੇਰੀ ਚਿੱਤਰਕਾਰੀ ਕਮਾਲ,
ਓਏ ਮੇਰੇ ਆ ਸੋਹਣਿਆਂ।
ਜਦ ਰਾਕਟ ਅਸਮਾਨ ਵੱਲ ਜਾਂਦਾ ਵੇਖਦੀ ਹੈ ਤਾਂ ਲਿਖਦੀ ਹੈ-
ਬਚ ਜਾ ਚੰਦਰਮਾ, ਬੰਦੇ ਪੈੜਾਂ ਤੇਰੇ ਵੱਲ।
ਉਹ ਸਾਨੂੰ ਦੱਸਦੀ ਹੈ ਕਿ ਇਹ ਜਿੰਨੀਆਂ ਵੀ ਧੁਨਾਂ ਹਨ, ਸਭ ਕੁਦਰਤ ਨੇ ਬਖ਼ਸ਼ੀਆਂ ਹਨ, ਬੰਦਾ ਉਸ ਦੀ ਕੁਦਰਤ ਨਾਲ ਖਿਲਵਾੜ ਕਰਨੋਂ ਨਹੀਂ ਹਟਦਾ, ਇਹ ਇਸ ਦੇ ਵਿਨਾਸ ਦਾ ਕਾਰਨ ਬਣ ਸਕਦਾ, ਤਾਂ ਬੰਦੇ ਨੂੰ ਮਿਹਣਾ ਮਾਰਦੀ ਹੈ ਕਿ
ਸੰਗੀਤਕਿ ਧੁਨ ਬਣਾਉਣ ਲੱਗਾਂ?
ਆਪਣੇ ਕਾਰਿਆਂ ਤੇ ਬਣਾ ਲੈ।
ਚੰਗਿਆਂ ਨੂੰ ਚੰਗੇ ਕੰਮ ਕਰਨ ਲਈ ਦੂਰ-ਦੂਰ ਫੈਲ ਜਾਣ ਲਈ ਲਿਖਦੀ ਹੈ ਕਿ:
ਨਾਨਕ ਸਾਹਿਬ ਦੇ ਪੈਰੋਕਾਰ
ਜਿਹੜੇ ਉਹਨਾਂ ਕਰਦੇ ਪਿਆਰ
ਚੰਗੇ ਲੋਕੋ ਉੱਜੜ ਜਾਓ।
ਕਦੇ ਸਾਡੀ ਭੈਣ ਕੁੱਖ ਵਿੱਚ ਬੈਠੀ ਧੀ ਬਣ ਮਾਂ ਦੇ ਢਿੱਡ ਵਿੱਚ ਡਿਗੀ ਬੇਹੀ ਰੋਟੀ
ਸਬਜੀ ਤੱਕ ਦੁਖੀ ਹੁੰਦੀ ਹੈ ਕਿ ਮੈਂ ਵੇਖ ਰਹੀ ਸੀ, ਮਾਂ ਨੂੰ ਕਿਉਂ ਦੁੱਖ ਦੇਂਦੇ ਓ, ਪੜ੍ਹ
ਕੇ ਰੋਣਾ ਆਉਂਦਾ ਹੈ, ਕੁੱਖਾਂ ਲਈ ਲਿਖਦੀ ਉਦਾਸ ਹੋ ਜਾਂਦੀ ਹੈ। ਧੀ ਨੂੰ ਧੀ ਰਾਣੀ
ਕਹਿ ਪੁਕਾਰਦੀ ਅਤੇ ਧੀ-ਪੁੱਤਰ ਬਰਾਬਰੀ ਲਈ ਦੁਹਾਈਆਂ ਦੇਂਦੀ ਲਿਖਦੀ ਹੈ, ਸਾਰੀ
ਕਿਤਾਬ ਪੜ੍ਹੋਗੇ ਤਾਂ ਪਾਓਗੇ ਕਿ ਹਰ ਰਚਨਾ ਅਵਾਜ਼ਾਂ ਮਾਰ ਰਹੀ ਹੈ ਕਿ ਆਜੋ ਕੁਦਰਤ
ਮਾਣੀਏ, ਵਿਨਾਸ ਨਾ ਕਰੀਏ। ਇੱਕ ਵਾਰ ਸਾਡੀ ਮਾਂ ਨੇ ਕਿਤੇ ਕਹਿ 'ਤਾ ਹੋਣਾ ਕਿ
ਨਾ ਲਿਖ ਤਾਂ ਮਾਂ ਵੱਲੋਂ ਲਿਖਦੀ ਹੈ ਕਿ
ਨਾ ਲਿਖਿਆ ਕਰ ਧੀਏ ਮੇਰੀਏ
ਨੀ ਸਾਡੇ ਰੀਤ ਨੀ ਹੈਗੀ।
ਰਿਸਣ ਨਾ ਦੇਵੀਂ ਜ਼ਖ਼ਮਾਂ ਨੂੰ
ਨੀ ਦੁਨੀਆਂ ਕੀ ਕਹੂਗੀ।
ਪਰ ਫਿਰ ਵੀ ਲਿਖਣੋਂ ਨਹੀਂ ਹਟਦੀ, ਆਖ਼ਰ ਸਾਡੇ ਭਾਈਏ ਦਾ ਸਾਥ ਪ੍ਰਾਪਤ ਹੋ ਜਾਂਦਾ ਹੈ, ਭੈਣ ਜੀ ਦੁੱਗਣਾ ਉਤਸ਼ਾਹ ਵਿੱਚ ਆ ਝੂਮਦੀ ਸਮੁੰਦਰ ’ਤੇ ਲਿਖਦੀ ਹੈ:
ਸਮੁੰਦਰ ਦਿਆ ਪਾਣੀਆ, ਤੂੰ ਕਿੰਨਾ ਖਾਰਾ ਵੇ।
ਕਿਹੜਾ ਦਰਦ ਛੁਪਾਇਆ, ਜੋ ਏਨਾ ਭਾਰਾ ਵੇ।
ਕਿੰਨੇ ਅੱਥਰੂ ਪੀਤੇ ਤੂੰ ਕਿ ਗਮ ਉਛਾਲ਼ੇ ਮਾਰੇ ਵੇ।
ਸੁੱਕਣ ਤੇ ਲੂਣ ਬਣੇ, ਲਗਦਾ ਗਮ ਬਾਹਲ਼ੇ ਵੇ।
ਸੂਰਜ ਨਾਲ ਸਲਾਹ ਕਰਕੇ ਧਰਤੀ ਦਾ ਨੁਕਸਾਨ ਪਹੁੰਚਾਉਣ ਵਾਲਿਆਂ ਤੇ ਲਗਾਮ ਕੱਸਣ ਲਈ ਕਹਿੰਦੀ ਹੈ ਅਤੇ ਨਾਲ ਹੀ ਕਹਿੰਦੀ ਹੈ ਕਿ ਪਿਆਰ ਨਾਲ ਸਮਝਾਵੀ,
ਮੇਰੇ ਗੁਰੂ ਨਾਨਕ ਸਾਹਿਬ ਦੀ ਲੁਕਾਈ ਹੈ।
ਅੱਜ ਗਰਮੀ ਬਹੁਤ ਹੈ ਦੋਸਤੋ।
ਲੱਗਦਾ ਕੋਈ ਸੂਰਜ ਨੂੰ ਰਿਹਾ ਭੜਕਾ।
ਕਿ ਇਹ ਜੋ ਧਰਤੀ ਦੀਆਂ ਹਿੱਕਾਂ ਪਾੜੀ ਜਾਂਦੇ ਨੇ।
ਥੋੜ੍ਹਾ ਸੇਕ ਲਾ।
ਸਾਵਣ ਦੇ ਮਹੀਨੇ ਬੱਦਲ ਵੇਖ ਮੋਰਨੀ ਵਾਂਗ ਝੂਮਦੀ ਖ਼ੁਸ਼ ਹੁੰਦੀ ਲਿਖਦੀ ਹੈ
ਵਾਅਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ
ਅਸੀਂ ਖੁਦ ਚਾਹੁੰਦੇ ਹਾਂ ਕਿ ਸਾਡੀ ਭੈਣ ਜੀ ਸਰਬਜੀਤ ਕੌਰ ਪੀ ਸੀ ਜਿਸ ਦਾ ਸੁਫਨਾ ਹੈ ਨਿਵੇਕਲ਼ੇਪਣ ਵਿੱਚ ਲਿਖਣਾ ਹੈ, ਉਹ ਕੁਦਰਤ ਦੇ ਹਰ ਰੰਗ ਲਈ ਲਿਖੇ। ਅਸੀਂ ਵੀ ਬਾਬਾ ਸੇਵਾ ਸਿੰਘ ਜੀ ਦੀਆਂ ਪਾਈਆਂ ਲੀਹਾਂ ’ਤੇ ਚੱਲਣ ਦੀ ਪੂਰੀ ਕੋਸ਼ਸ਼ ਕਰਾਂਗੇ।
ਵਾਹਿਗੁਰੂ ਜੀ ਸਾਨੂੰ ਸੁਮੱਤ ਬਖਸ਼ਣ।
ਸਰਦਾਰ ਅਜੀਤ ਸਿੰਘ ਭਰਾ
ਸਰਦਾਰ ਚਰਨਜੀਤ ਸਿੰਘ ਭਰਾ
ਸਰਦਾਰ ਮਨਜੀਤ ਸਿੰਘ ਲਾਲੀ ਭਰਾ
ਵਾਸੀ ਪਿੰਡ ਜਲਾਲਾਬਾਦ,
ਜਿਲ੍ਹਾ ਤਰਨ ਤਾਰਨ।
ਗੱਲ ਨੁਕਤੇ ਦੀ
ਅਸੀਂ ਗੱਲ ਕਰਨੀ ਹੈ ਨੁਕਤੇ ਦੀ। ਨਾਲ਼ੇ ਸ਼ੋਹ ’ਚ ਬਹਿ ਕੇ ਮੁਕਤੇ ਦੀ। ਜਿਹੜਾ ਨਿੱਤ ਭੇਜਦਾ ਜੁਕਤੇ ਜੀ। ਗੱਲ ਕਰਨੀ ਇੱਕ ਹੀ ਤੁਕ ਤੇ ਜੀ। ਹੋਰ ਗੱਲ ’ਚ ਦਮ ਨਾ ਦਿਸਦਾ ਵੇ। ਪਹਿਲਾਂ ਦੱਸ ਦਿਲਾ ਤੂੰ ਕਿਸਦਾ ਵੇ। ਜਿਸ ਧਰਤੀ ਅੰਬਰ ਥਾਪੇ ਵੇ। ਹਰ ਇੱਕ ਨੂੰ ਆਪ ਵਿਆਪੇ ਵੇ। ਜੋ ਕਣ ਕਣ ਦੇ ਵਿੱਚ ਜਾਪੇ ਵੇ। ਤੇ ਭਾਣੇ ਅੰਦਰ ਨਾਪੇ ਵੇ। ਹਰ ਇੱਕ ਦੇ ਪਲ-ਪਲ ਲਿਖਦਾ ਵੇ। ਪਹਿਲਾਂ ਦੱਸ ਦਿਲਾ ਤੂੰ ਕਿਸਦਾ ਵੇ। ਉਹ ਕਰਤਾ ਸਭ ਕੁਝ ਕਰਦਾ ਏ। ਉਹ ਨਿਰਭਉ, ਨਾ ਡਰਦਾ ਵੇ। ਨਾ ਵੈਰ ਕਿਸੇ ਨਾਲ਼ ਕਰਦਾ ਏ। ਹਰ ਇੱਕ ਦਾ ਢਿੱਡ ਵੀ ਭਰਦਾ ਏ। ਉਹ ਹਰ ਮੂਰਤ ਵਿੱਚ ਦਿਸਦਾ ਵੇ। ਪਹਿਲਾਂ ਦੱਸ ਦਿਲਾ ਤੂੰ ਕਿਸਦਾ ਵੇ। ਉਹ ਜੂਨੀ ਵਿੱਚ ਨਾ ਪੈਂਦਾ ਵੇ। ਸਦਾ ਨਾਲ ਦਿਆਲਤਾ ਰਹਿੰਦਾ ਵੇ। ਓਹ ਸੱਚਾ ਸੱਚ ਨੂੰ ਵੇਂਹਦਾ ਏ। ਰਹੋ ਪਿਆਰ ਨਾਲ਼ ਸਭ ਕਹਿੰਦਾ ਵੇ। ਨਾਮ ਨਿਰੰਕਾਰ ਹੈ ਜਿਸਦਾ ਵੇ। ਪਹਿਲਾਂ ਦੱਸ ਦਿਲਾ ਤੂੰ ਕਿਸਦਾ ਵੇ।
ਸੁਹਣਿਆ ਚਿੱਤਰਕਾਰਾ ਵੇ
ਸੁਹਣਿਆ ਚਿੱਤਰਕਾਰਾ ਵੇ। ਤੇਰੀ ਚਿੱਤਰਕਾਰੀ ਕਮਾਲ, ਓਏ ਮੇਰੇ ਸੋਹਣਿਆਂ। ਅੰਬਰਾਂ ’ਚੋਂ ਤ੍ਰੇਲ਼ਾਂ ਪਾਵੇਂ। ਹਰ ਇੱਕ ਦਾ ਭਲਾ ਤੂੰ ਚਾਹਵੇਂ। ਗ੍ਰਹਿਆਂ ਦੇ ਵਿਛਾ ਕੇ ਜਾਲ਼, ਮੇਰੇ ਮਨ ਮੋਹਣਿਆਂ। ਸੁਹਣਿਆ ਚਿੱਤਰਕਾਰਾ ਵੇ। ਤੇਰੀ ਚਿੱਤਰਕਾਰੀ ਕਮਾਲ, ਓਏ ਮੇਰੇ ਸੋਹਣਿਆਂ। ਘੱਲਦੇਂ ਸੂਰਜੇ ਕਿਰਨਾਂ ਵੇ। ਕੇਹਾ ਸੁਹਣਾ ਨਿਰਣਾ ਵੇ। ਹਰ ਕੰਮ ਤੇਰਾ ਬੇਮਿਸਾਲ, ਵੇ ਅੰਬਰ ਡਾਹੁਣਿਆ। ਸੁਹਣਿਆਂ ਚਿੱਤਰਕਾਰਾ ਵੇ। ਤੇਰੀ ਚਿੱਤਰਕਾਰੀ ਕਮਾਲ, ਓਏ ਮੇਰਿਆ ਸੋਹਣਿਆਂ। ਚੰਦ ਨਾਲ਼ ਪੁੰਨਿਆ ਮੱਸਿਆ। ਹਨੇਰੀ ਰਾਤ ਨੂੰ ਤੈਂ ਮਿਥਿਆ। ਤਾਰਿਆਂ ਲੁਕਣ ਮੀਟੀ ਖੇਡੇਂ, ਚਾਨਣੀ ਵਿਛਾਉਣਿਆਂ। ਸੁਹਣਿਆ ਚਿੱਤਰਕਾਰਾ ਵੇ। ਤੇਰੀ ਚਿੱਤਰਕਾਰੀ ਕਮਾਲ, ਓਏ ਮੇਰੇ ਸੁਹਣਿਆਂ। ਸਰਬ ਦੇ ਸੁਫ਼ਨੇ ਨਾ ਤੋੜੀਂ। ਕੁਦਰਤ ਦੇ ਨਾਲ਼ ਰੱਖੀਂ ਜੋੜੀਂ। ਭਰਦੇ ਜ਼ਿੰਦਗੀ ਵਿੱਚ ਰੰਗ, ਸਤਰੰਗੀ ਪੀਂਘਾਂ ਪਾਉਣਿਆਂ। ਸੁਹਣਿਆਂ ਚਿੱਤਰਕਾਰਾ ਵੇ। ਤੇਰੀ ਚਿੱਤਰਕਾਰੀ ਕਮਾਲ, ਓਏ ਮੇਰੇ ਸੋਹਣਿਆਂ। ਫੁੱਲਾਂ ਵਾਂਗ ਖਿੜੀਏ ਬਖਸ਼ ਪੌਣਾਂ। ਮਿਲਣਾ ਜਦ ਗਲ਼ੇ ਨਾ ਝੁਕਣ ਧੌਣਾਂ। ਚਿੜੀਆਂ ਨੂੰ ਘੱਲ ਸਰਬ ਤਰਸੇ, ਰੁੱਖੀ ਚੀਂ-ਚੀਂ ਕਰਾਉਣੀ ਆਂ। ਸੁਹਣਿਆਂ ਚਿੱਤਰਕਾਰਾ ਵੇ। ਤੇਰੀ ਚਿੱਤਰਕਾਰੀ ਕਮਾਲ, ਓਏ ਮੇਰੇ ਸੋਹਣਿਆਂ।
ਰਜਾਈ
ਲੱਗੀ ਮਾਹੀ ਦੀ ਹਿੱਕ ਮੈਂ ਜਦੋਂ ਵੇਖੀ, ਮੈਂ ਪੁੱਛਿਆ ਉਸ ਸਵਾਲ ਮੀਆਂ। ਕਿੰਨੀ ਵਾਰ ਸੀਨੇ ਵਿੱਚ ਛੇਕ ਹੋਏ, ਫਿਰ ਸੁੱਤੀ ਤੂੰ ਸੱਜਣਾ ਨਾਲ਼ ਮੀਆਂ। ਮੈਨੂੰ ਕਿਹਾ ਰਜਾਈ ਨੇ ਆ ਬਹਿ ਜਾ, ਸੁਣ ਬੀਤੀ ਜੋ ਮੇਰੇ ਨਾਲ਼ ਮੀਆਂ। ਮੇਰੇ ਪਿਉ ਵੜੇਂਵੇ ਦੀ ਮੈਂ ਲਾਡਲੀ, ਲੱਖਾਂ ਵਿੱਚੋਂ ਸਾਂ ਇੱਕ ਔਲਾਦ ਮੀਆਂ। ਮੇਰੇ ਪਿਉ ਨੂੰ ਰਾਤ ਪਾਣੀ ਵਿੱਚ ਭਿਉਂ ਕੇ, ਦਿੱਤਾ ਮਿੱਟੀ ਤੇ ਸੀ ਖਿਲਾਰ ਮੀਆਂ। ਜਦ ਮੈਂ ਤੇ ਵੀਰੇ ਸੀ ਜੰਮੇ, ਲੋਕੀਂ ਆਖਦੇ ਸਾਨੂੰ ਕਪਾਹ ਮੀਆਂ। ਮੇਰੇ ਪੱਤਿਆਂ ਤੇ ਸਪਰੇਆਂ ਕਰਦੇ, ਪਾਣੀ ਕਦੇ ਸੀ ਦੇਂਦੇ ਪੀਣ ਮੀਆਂ। ਕਦੇ ਆ ਕੀੜੇ ਮੈਨੂੰ ਖਾਣ ਪੈਂਦੇ , ਕਦੇ ਸੂਰਜ ਨਾ ਦੇਂਦਾ ਜੀਣ ਮੀਆਂ। ਫੁੱਲ ਫਲ਼ ਲੱਗ ਗਏ ਮੈਂ ਜਵਾਨ ਹੋਈ, ਚਿੱਟਾ ਰੂਪ ਮੇਰਾ ਸੀਨੇ ਸੇਕ ਮੀਆਂ। ਮੈਨੂੰ ਪਿਆਰ ਦੇ ਨਾਲ਼ ਤੋੜ ਕੇ ਤੇ , ਪਾ ਢੇਰੀਆਂ ਦਿੱਤਾ ਫਿਰ ਵੇਚ ਮੀਆਂ। ਫਿਰ ਵੇਲਣੇ ਵਿੱਚ ਮੇਰਾ ਸਿਰ ਦਿੱਤਾ, ਕੀਤਾ ਵੜੇਂਵੇ ਨਾਲ਼ੋਂ ਵੱਖ ਮੀਆਂ। ਮੇਰੇ ਸਾਹਮਣੇ ਉਸ ਨੂੰ ਪੀਸ ਕੇ ਤੇ, ਖਲ਼ ਬਣਦੇ ਦੇ ਦੇਖੇ ਮੈਂ ਦੁੱਖ ਮੀਆਂ। ਫਿਰ ਪੇਂਜੇ ਵਿੱਚ ਮੈਨੂੰ ਦੇ ਕੇ ਤੇ, ਕੀਤਾ ਮੈਨੂੰ ਸੀ ਤਾਰੋ ਤਾਰ ਮੀਆਂ। ਜਦੋਂ ਲਾਸ਼ ਬਣ ਗਈ, ਮੈਨੂੰ ਕੱਢ ਬਾਹਰ ਮੈਨੂੰ ਆਖਣ ਲੱਗੇ ਰੂੰ ਮੀਆਂ। ਦਿੱਤੇ ਸੂਈ ਨੇ ਬੂਟੇ ਪਾ ਨਾਲ ਧਾਗੇ ਮੇਰੀ ਕੀ ਜੁਰਅਤ ਕਰਾਂ ਚੂੰ ਮੀਆਂ। ਕਈ ਸਾਲ ਪੇਟੀਆਂ ’ਚ ਜੇਲ੍ਹ ਕੱਟੀ ਹੁਣ ਠੰਡ ਆਈ ਕੀਤੀ ਭਾਲ਼ ਮੀਆਂ। ਫਿਰ ਜਾ ਕੇ ਤੇਰੇ ਸੱਜਣਾ ਦੇ, ਮੈਂ ਲੱਗੀ ਹਾਂ ਹਿੱਕ ਦੇ ਨਾਲ਼ ਮੀਆਂ।
ਬਚ ਜਾ ਚੰਦਰਮਾ, ਬੰਦੇ ਪੈੜਾਂ ਤੇਰੇ ਵੱਲ
ਧਰਤੀ ਦੇ ਜਾਇਆਂ, ਬਦਲ ਦਿੱਤੀ ਕਾਇਆ। ਰਹੀ ਨਾ ਨਿਰੋਗ, ਵੇਖ ਦਿਲ ਘਬਰਾਇਆ। ਰੱਖਤੀ ਉਜਾੜ ਕੇ, ਸੀਨਾ ਉਹਦਾ ਪਾੜ ਕੇ। ਰੁੱਖਾਂ ਨੂੰ ਵੱਢ ਕੇ, ਹਿੱਕ ਉਹਦੀ ਸਭ ਕੱਢ ਕੇ। ਤੁਰ ਪਿਆ ਖੋਜ ਵਿੱਚ, ਉਜਾੜਨੇ ਨੂੰ ਹੋਰ ਥਲ। ਬਚ ਜਾ ਚੰਦਰਮਾ, ਬੰਦੇ ਪੈੜਾਂ ਤੇਰੇ ਵੱਲ। ਪਾਣੀ ਲਹਿਰਾਂ ਲੱਗੀਆਂ, ਸੀ ਰੱਜ-ਰੱਜ ਮਾਣਦਾ। ਗੰਦਾ ਕਰਕੇ ਛਾਨਣ ਲੱਗਾ, ਮੁੱਕ ਚੱਲਿਆ ਹਾਣਦਾ। ਹਰੀ ਭਰੀ ਧਰਤੀ ਨੂੰ, ਵੱਢ-ਵੱਢ ਨਾ ਥੱਕਿਆ। ਧੂੰਏਂ ਅਸਮਾਨੀ ਸੁੱਟੇ, ਰੁਕਦਾ ਨਾ ਵਰਜਿਆਂ। ਪਾਣੀ ਦੇ ਨਿਸ਼ਾਨ ਲੱਭੇ, ਬਣਦੀ ਨਾ ਵੇਖ ਗੱਲ। ਬਚ ਜਾ ਚੰਦਰਮਾ, ਕਿ ਬੰਦੇ ਪੈੜਾਂ ਤੇਰੇ ਵੱਲ। ਧਰਤੀ ਤੇ ਮਿਹਨਤੀ, ਭੁੱਖ ਨਾਲ਼ ਢਿੱਡ ਫੜ੍ਹੇ ਕਿਸਾਨ ਜ਼ਹਿਰ ਨਿਗਲੇ, ਕਰਜ਼ੇ ਨੇ ਸਿਰ ਚੜ੍ਹੇ। ਦਾਤਰਾਂ ਕੈਂਚੀਆਂ ਸ਼ੁਰੂ ਕਰ, ਬੰਬਾਂ ਵਾਲ਼ਾ ਬਣਿਆ। ਗ਼ੈਰਾਂ ਨੂੰ ਮਾਰਦਾ, ਖ਼ਤਮ ਕਰ ਰਿਹਾ ਜਣਿਆਂ। ਧੂੰਏਂ ਨਾਲ਼ ਅੰਬਰ ਕਾਲੇ, ਲੱਭਦਾ ਨਾ ਵੇਖ ਹੱਲ। ਬਚ ਜਾ ਚੰਦਰਮਾ, ਬੰਦੇ ਪੈੜਾਂ ਤੇਰੇ ਵੱਲ। ਕੁੜੀਆਂ ਤੇ ਚਿੜੀਆਂ, ਚਹਿਕਦੀਆਂ ਸੀ ਬੜੀਆਂ। ਪਪੀਹੇ ਚੁੰਞ ਵੜੀਆਂ, ਸੀ ਮੀਹਾਂ ਦੀਆਂ ਝੜੀਆਂ। ਰੁੱਖਾਂ ਪੰਛੀ ਚਹਿਕਦੇ, ਬਾਗ਼ੀਂ ਮੋਰ ਪੈਲਾਂ ਪਾਉਂਦੇ। ਵੇਖਦੇ ਸੀ ਭਾਣੇ ਤੇਰੇ, ਲੋਕੀਂ ਮੇਲੇ ਗਾਉਣ ਗਾਉਂਦੇ ਅੱਜ ਕੁਦਰਤ ਨਿਹਾਰਕੇ, ਸਰਬ ਅੱਥਰੂਆਂ ਵੱਜੇ ਛੱਲ। ਆਖੇ, ਬਚ ਜਾ ਚੰਦਰਮਾ, ਬੰਦੇ ਪੈੜਾਂ ਤੇਰੇ ਵੱਲ।
ਸੰਗੀਤਕ ਧੁਨ ਬਣਾਉਣ ਲੱਗਾਂ?
ਸੰਗੀਤਕ ਧੁਨ ਬਣਾਉਣ ਲੱਗਾਂ? ਆਪਣੇ ਕਾਰਿਆਂ ਤੇ ਬਣਾ ਲੈ। ਮਿਹਨਤ ਕਰ ਖਾਧੀ ਤਾਂ, ਚੋਂਦੇ ਮੁੜਕੇ ਡਿੱਗਦੀਆਂ ਬੂੰਦਾਂ ਦੀ ਆਵਾਜ਼ ਓਸ ਵਿੱਚ ਪਾ ਲੈ। ਹੱਥ ਨਾਲ਼ ਪੂੰਝ, ਝਟਕੇ ਨਾਲ਼ ਸੁੱਟਣ, ਆਵਾਜ਼ ਸੁਣੀ ਤੇ ਬਣਾ ਧੁਨ। ਵਿਸਾਖ ਦੇ ਮਹੀਨੇ, ਕਿਸਾਨ ਦੀਆਂ ਕਣਕਾਂ ਨੂੰ ਸੋਵਾਇਆਂ ਜਦ। ਸੂਰਜ, ਮੀਂਹ, ਹਨ੍ਹੇਰੀ ਨੇ ਤਨ ਰਾੜ੍ਹ ਕੇ ਸਾੜ੍ਹ ਦਿੱਤਾ। ਸਾਧ ਬਣਨ ਲਈ ਸੋਚ ਰਿਹਾ, ਭੁੱਬ ਵੱਜੀ ਸੁਣੀ ਤੇ ਬਣਾ ਧੁਨ। ਪੱਤਿਆਂ ਨੂੰ ਝੜਦਿਆਂ ਵੇਖਦੈਂ ਪੱਤਝੜ੍ਹ ਦੇ ਮੌਸਮ ਵਿੱਚ। ਖੜ-ਖੜ ਤਾਂ ਸੁਣ ਲਈ ਤੂੰ ਰੁੱਖ, ਟਾਹਣੀਆਂ ਕੀ ਬੀਤੀ। ਵਖਤਾਂ ਵੇਲ਼ੇ, ਵੱਟੀ ਚੁੱਪ ਉਦਾਸੀ ਸੁਣੀ ਤਾਂ ਬਣਾ ਧੁਨ। ਝਰਨੇ ਦੇ ਪਾਣੀ ਨਿਹਾਰਦੈਂ ਦਰਿਆਵਾਂ ਦੇ ਪਾਣੀਆਂ ਵਿੱਚ। ਨਿੱਤ ਤਾਰੀਆਂ ਮਾਰਦੇਂ, ਜਿਹੜਾ ਗੰਦਲ਼ਾ ਕਰ ਦਿੱਤਾ ਉਹਨਾਂ ਵਗਦੇ ਦਰਦਾਂ ਦੀ ਆਵਾਜ਼ ਸੁਣੀ ਤੇ ਬਣਾ ਧੁੰਨ। ਔਖੀਆਂ ਨੇ ਧੁਨਾਂ ਬਣਾਉਣੀਆਂ, ਇਹ ਸਾਰੀਆਂ ਤੇਰੇ ਲਈ। ਤੂੰ ਸੁਣੀਆਂ ਨਹੀਂ ਹੋਣੀਆਂ ਕੁੱਖਾਂ ਨੂੰ ਕੁਤਰਨ ਸਮੇਂ ਨਿਕਲ਼ੀਆਂ ਕੂਲ਼ੇ ਅੰਗਾਂ ’ਚੋਂ। ਇਹ ਤੇਰੀਆਂ ਸਾਜੀਆਂ ਨੇ, ਸੁਣੀਆਂ ਤੇ ਬਣਾ ਲੈ ਧੁਨ। ਸੁਣਦਾ ਤੇ ਕੁਤਰਦਾ ਨਾ। ਰੁੱਖਾਂ ਨੂੰ ਵੱਢਦਾ ਨਾ। ਕੀਤੀਆਂ ਸੁਣੀਆਂ ਅਣਸੁਣੀਆਂ। ਤੈਨੂੰ ਸੌਣ ਨਾ ਦੇਂਦੀਆਂ ਜੋ, ਬਣਾ ਵੱਜਦੀਆਂ ਚੀਕਾਂ ਤੇ, ਅਨੀਂਦਰਿਆਂ ਦੀ ਧੁਨ। ਇੱਕ ਧੁੰਨ ਨਵੀਂ ਬਣਾ, ਨਸ਼ਿਆਂ ਦੇ ਦਰਿਆ ਵਿੱਚ, ਪੁੱਤਾਂ ਦੇ ਰੁੜ੍ਹਨ ਸਮੇਂ, ਮਾਂਵਾਂ ਦੇ ਪਿੱਟਣ ਦੀ। ਤੇਰੇ ਨੋਟਾਂ ਗਿਣਨੇ ਦੀ, ਹਿੰਮਤ ਹੈ ਬਣਾ ਤੇ ਸੁਣ। ਕਿਸੇ ਤਰ੍ਹਾਂ ਦੀ ਧੁਨ ਵਿੱਚ, ਨਾ ਫ਼ਰਿਆਦ ਹੋਣੀ ਚਾਹੀਦੀ। ਆਖਿਰ ਤੇਰੇ ਘਰ ਵੱਜਣੀ, ਤੇਰੇ ਸਿਰਜੇ ਕਾਰਿਆਂ ਦੀ। ਧੁਨ ਕਮਾਲ ਹੋਣੀ ਚਾਹੀਦੀ।
ਓਹ ਚੱਲੀ ਹਵਾ, ਵੇਖੋ ਬੱਦਲ ਵਿਆਹੁਣ
ਓਹ ਚੱਲੀ ਹਵਾ, ਵੇਖੋ ਬੱਦਲ ਵਿਆਹੁਣ। ਰੁੱਖਾਂ ਦੀ ਦੁਲਾਰੀ ਜਦ, ਉੱਡ ਬੁੜਕੜੀ ਮਾਰੀ। ਤੱਕ ਕੋਈ ਨਾ ਸਕੇ, ਮਹਿਸੂਸੇ ਦੁਨੀਆਂ ਸਾਰੀ। ਫੁੱਲਾਂ ਦੀਆਂ ਮਹਿਕਾਂ ਵੰਡਕੇ। ਲੱਗ ਪਈ ਓਹ ਵੇਖ ਲਉ, ਬੱਦਲੀ ਨੂੰ ਭਰਮਾਉਣ। ਓਹ ਚੱਲੀ ਹਵਾ ਵੇਖੋ ਬੱਦਲ ਵਿਆਹੁਣ। ਸੁੱਕੇ ਪੱਤੇ ਲੈ ਬਰਾਤੀ, ਕਿੱਦਾਂ ਠੰਡ ਬਰਸਾਤੀ। ਮਿੱਟੀ-ਘੱਟੇ ਲੈ ਉੱਡੀ, ਸੁੱਚੀ ਉਹ ਬਿਨ ਨ੍ਹਾਤੀ। ਬੱਦਲੀ ਵਿਚੋਲੀ ਬਣ ਗਈ। ਜੰਞ ਤਿਰਹਾਈ ਵੇਖ ਉਹ, ਲੱਗੀ ਜਲ ਛਕਾਉਣ। ਓਹ ਚੱਲੀ ਹਵਾ ਵੇਖੋ ਬੱਦਲ ਵਿਆਹੁਣ। ਨਵੀਂ-ਨਵੀਂ ਰੀਤ ਚੱਲੂ, ਹਵਾ ’ਚ ਸੰਗੀਤ ਚੱਲੂ। ਤਾਰੇ ਸਾਰੇ ਛੁਪ ਗਏ, ਚੰਦ ਆਪਣਾ ਰਸਤਾ ਮੱਲੂ। ਸੂਰਜ ਜੰਞ ਵੇਖਣ ਨੂੰ ਤਰਸੇ। ਕੁਦਰਤ ਰਾਣੀ ਵੇਖ ਲਉ, ਲੱਗੀ ਘੋੜੀਆਂ ਗਾਉਣ। ਓਹ ਚੱਲੀ ਹਵਾ ਵੇਖੋ ਬੱਦਲ ਵਿਆਹੁਣ। ਸਰਬ ਨੂੰ ਖਿੜ-ਖਿੜ ਹੱਸਦੀ ਵੇਖ ਲਿਆ। ਪੁੱਛਣ ਲੋਕੀਂ ਕਿ, ਦੱਸ ਕੀ ਵੇਖ ਲਿਆ। ਜੁਗਨੂੰ ਲੱਗ ਪਏ ਜਗਮਗਾਉਣ। ਪਾਣੀ ਵਾਰਨ ਆ ਗਈ ਪੌਣ। ਆਖੇ ਜੀ ਆਇਆਂ ਨੂੰ ਧੀਏ, ਜੋ ਆਈ ਬੱਦਲ ਵਿਆਹੁਣ।
ਆਓ ਰਲ਼ ਮੁਹੱਬਤ ਕਰੀਏ
ਆਓ ਰਲ਼ ਮੁਹੱਬਤ ਕਰੀਏ। ਬੱਦਲਾਂ ਵਾਂਗਰ ਹਰ ਤੇ ਵਰ੍ਹੀਏ। ਇੱਕ ਵਾਰ ਤਾਂ ਸਾਰੇ ਈ ਕਰਦੇ। ਲੱਖ ਹਜ਼ਾਰਾਂ ਵਾਰੀ ਕਰੀਏ। ਕਦੇ ਫੁੱਲਾਂ ਨੂੰ ਕਦੇ ਕੰਡਿਆਂ ਨੂੰ। ਕਦੇ ਛੜਿਆਂ ਨੂੰ ਕਦੇ ਰੰਡਿਆ ਨੂੰ। ਕਦੇ ਚਿੜੀਆਂ ਨੂੰ ਕਦੇ ਕਾਂਵਾਂ ਨੂੰ। ਕਦੇ ਪਿਉਆਂ ਤੇ ਕਦੇ ਮਾਵਾਂ ਨੂੰ। ਕਦੇ ਹਾਣੀ ਦੇ ਅੱਖਾਂ ਵਿੱਚ ਤੱਕ। ਜ਼ਿੰਦਗੀ ਜਿਉਣੀ ਹਾਮੀ ਭਰੀਏ। ਆਓ ਰਲ਼ ਮੁਹੱਬਤ ਕਰੀਏ। ਇੱਕ ਟੁੱਟਜੇ ਤੇ ਦੂਜੀ ਕਰੀਏ। ਜ਼ਿੰਦਗੀ ਜ਼ਿੰਦਾ ਦਿਲੀ ਨਾਮ ਏਂ ਇਸ ਵਿੱਚ ਕਾਹਤੋਂ ਹੌਂਕੇ ਭਰੀਏ। ਕਦੇ ਰੁੱਖਾਂ ਕਦੇ ਪਹਾੜਾਂ ਨੂੰ। ਕਦੇ ਬੰਜਰਾਂ ਕਦੇ ਉਜਾੜਾਂ ਨੂੰ। ਇਹਨਾਂ ਸਰਹੱਦਾਂ ਨੂੰ ਢਾਹ ਕੇ ਤੇ। ਮੋਹ ਤੰਦਾਂ ਬੰਨੀਏਂ ਪਿਆਰਾਂ ਨੂੰ। ਕਦੇ ਕਰੀਏ ਸਾਉਣ ਮਹੀਨੇ ਨੂੰ। ਕਦੇ ਭਾਦੋਂ ਦੇ ਚਮਾਸਿਆਂ ਨੂੰ। ਕਾਹਤੋਂ ਰੋਣੇ ਨੂੰ ਕਰੀ ਜਾਂਦੇ। ਕਦੇ ਕਰਕੇ ਵੇਖੋ ਹਾਸਿਆਂ ਨੂੰ। ਆਓ ਸਿੱਖੀਏ ਵਗਦੇ ਪਾਣੀਆਂ ਤੋਂ। ਪੁੰਗਰਨਾ ਸਿੱਖੀਏ ਟਾਹਣੀਆਂ ਤੋਂ। ਛੋਟੀ ਸੋਚ ਆਪਣਾ ਬਣਾਉਣਾ ਕਿਉਂ। ਛੱਡ ਜਾਣ ਤੇ ਮੁੜਕੇ ਰੋਣਾ ਕਿਉਂ। ਤੱਤੀ ਰੇਤ ਮਾਰੂਥਲਾਂ ਤੋਂ ਸਿੱਖੀਏ। ਕੁਝ ਸਿੱਖੀਏ ਹਵਾਵਾਂ ਮਾਣੀਆਂ ਤੋਂ। ਨਹੀਂ ਕੁੜੀਆਂ ਚਿੜੀਆਂ ਮਾਰਨੀਆਂ। ਆਓ ਸਿੱਖੀਏ ਗੁਰਾਂ ਬਾਣੀਆਂ ਤੋਂ। ਰਾਂਝਣ ਤੇ ਸਾਰੇ ਮਰਦੇ ਰਹੇ। ਕੁਦਰਤ ਦੇ ਹਰ ਰੰਗ ਮਰੀਏ। ਮਿਲਣਾ ਵਿੱਛੜਨਾ ਭਾਣਾ ਮੰਨ। ਨਿੱਤ ਨਵੀਂ ਮੁਹੱਬਤ ਕਰੀਏ। ਬੰਦੇ ਹਾਂ ਬੰਦੇ ਕਿਉਂ ਡਰੀਏ। ਆਓ ਰਲ਼ ਮੁਹੱਬਤ ਕਰੀਏ। ਇੱਕ ਵਾਰ ਤਾਂ ਸਾਰੇ ਕਰਦੇ। ਲੱਖ ਹਜ਼ਾਰਾਂ ਵਾਰੀ ਕਰੀਏ। ਸਰਬ ਨੇ ਕੀਤੀ ਕਰਦੇ ਰਹਿਣਾ। ਸਤਿ ਕਰਤਾਰ ਕਹਿ ਹਾਮੀ ਭਰੀਏ।
ਰੱਬਾ ਤੂੰ ਉਪਜ ਮੁਹੱਬਤ ਦੀ
ਰੱਬ ਕਰੇ ਰੱਬਾ, ਤੇਰਾ ਵੀ ਨਾ ਜੀਅ ਲੱਗੇ। ਜੀਅ ਕਰੇ ਤੇਰਾ, ਕਿ ਤੇਰਾ ਜੀਅ ਲੱਗਜੇ। ਪੁੱਛਣ ਤੂੰ ਆਵੇਂ ਮੈਨੂੰ, ਦੇਵਾਂ ਸਲਾਹ ਤੈਨੂੰ। ਰੱਬ ਕਰੇ ਰੱਬਾ, ਤੈਨੂੰ ਭੋਰਾ ਨਾ ਸਮਝ ਲੱਗੇ। ਯਾਦ ਰੱਖ ਤੂੰ ਉਪਜ ਮੁਹੱਬਤ ਦੀ ਏਂ, ਸੱਚੇ ਆਸ਼ਕਾਂ ਦਿੱਤਾ, ਰੱਬ ਨਾਮ ਤੈਨੂੰ। ਰੁੱਖ, ਪਹਾੜ, ਰੇਤ, ਪਾਣੀ ਹੋਣੇ ਤੱਕੇ, ਧੁੱਪ, ਝੱਖੜ, ਹਨੇਰੀਆਂ ਹੋਣੇ ਝੱਲੇ। ਪੈਂਦੀ ਵੇਖ ਕੇ ਯੱਕਦਮ ਠਾਹ ਉਹਨਾਂ। ਦਿੱਤਾ ਹੋਣਾ ਤੈਨੂੰ, ਰੱਬ ਨਾਮ ਉਹਨਾਂ। ਜਦੋਂ ਤ੍ਰੇਹ ਮਹਿਬੂਬ ਨੂੰ ਲੱਗੀ ਹੋਣੀ। ਕੋਲ ਸਮੁੰਦਰ, ਪਿਆਸ ਨਾ ਬੁਝੀ ਹੋਣੀ। ਪਾਣੀ ਖਾਤਰ ਵੇਖ ਉਹਦਾ ਤਨ ਤਰਸਿਆ। ਉੱਡ ਪਿਆ ਖਾਰਾ, ਬੱਦਲ ਬਣ ਬਰਸਿਆ। ਛਕਿਆ ਹੋਊ ਜਦ ਨਾਲ਼ ਪਿਆਰ ਉਹਨਾਂ। ਦਿੱਤਾ ਹੋਣਾ ਤੈਨੂੰ, ਰੱਬ ਨਾਮ ਉਹਨਾਂ। ਜਾਂ ਪੱਦਵੀ ਤੈਨੂੰ ਉੱਚੀ ਤਾਂ ਦਿੱਤੀ ਹੋਣੀ। ਜਦੋਂ ਨਜ਼ਰ ਮਹਿਬੂਬ ਤੇ ਪਈ ਹੋਣੀ। ਉਤਾਂਹ ਤੱਕਦਿਆਂ ਸਿਰ ਝੁਕਾ ਉਹਨਾਂ। ੴ ਤੱਕ ਸੁਹਣਾ, ਪਾਈ ਸਹੀ ਹੋਣੀ। ਗਾਇਆ ਹੋਊ ਜਦ ਵਜਾ ਰਬਾਬ ਉਹਨਾਂ। ਦਿੱਤਾ ਹੋਣਾ ਤੈਨੂੰ, ਰੱਬ ਨਾਮ ਉਹਨਾ। ਨਾਮ ਮਿਲ ਗਿਆ ਭਾਵੇਂ ਸੰਯੋਗੀ ਤੈਨੂੰ। ਰੱਬ ਮੰਨਣ ਦੀ ਆਦਤ ਪੈ ਗਈ ਸਾਨੂੰ। ਮਿਹਨਤੀ ਮਿਹਨਤਾਂ ਕਰ ਮੱਥੇ ਟੇਕ ਦੇਂਦੇ। ਖਾਈ ਜਾਂਦੇ ਵਿਹਲੜ, ਹੁਣ ਸਾਂਭ ਉਹਨਾਂ। ਖਾਣ ਕਿਰਤ ਕਰ, ਕੰਮ ਕਹਿ ਲੱਭ ਉਹਨਾਂ। ਮਾਣ ਰਹਿ ਜਾਵੇ ਕਿਹਾ ਤੈਨੂੰ ਰੱਬ ਜਿੰਨਾਂ।
ਆਜਾ ਠੰਡੀਏ ਸੀਤੇ ਮੈਨੂੰ ਲੱਗ ਤੇ ਦੱਸ
ਆਜਾ ਠੰਡੀਏ ਸੀਤੇ ਮੈਨੂੰ ਲੱਗ ਤੇ ਦੱਸ। ਮਾਂ ਗੁਜਰੀ ਸੀਨੇ ਤੂੰ ਕਿਵੇਂ ਲੱਗੀ। ਫੋਲ ਜਿਗਰਾ ਦੁੱਖ ਜੋ ਦੱਬ ਵਗੇਂ ਬੇਸ਼ਗਨੀ ਘੜੀ ਕਿੱਦਾਂ ਤੈਂ ਠੱਗੀ। ਕੀ ਬੀਤੀ ਸੀ ਤੇਰੇ ਦਿਲ ਅੰਦਰ। ਜਦੋਂ ਲਾਲਾਂ ਦੇ ਸੀਨੇ ਵਿੱਚ ਵੱਜੀ। ਗੱਲ ਸੁਣ ਕੇ ਸੀਤ ਖ਼ੁਦ ਕੰਬ ਉੱਠੀ। ਆਖੇ ਚੰਦਰਾ ਵੇਲ਼ਾ ਕਦੇ ਭੁੱਲਦਾ ਏ। ਜਦੋਂ ਮਾਂ ਤੇ ਲਾਲ ਬੁਰਜ ਵਿੱਚ ਸੁੱਤੇ। ਹਰ ਵਰ੍ਹੇ ਵਗਾਂ ਦਿਲ ਡੁੱਲਦਾ ਏ। ਮੈਂ ਤੇ ਬੁਰਜ ਦੁੱਖ ਫੋਲ ਨਿੱਤ ਰੋਂਦੇ। ਮਾੜੇ ਕਰਮ ਕੋਈ ਅਸਾਂ ਕਰੇ ਹੋਣੇ। ਤਾਂ ਹੀ ਮਾਂ ਤੇ ਪੋਤਿਆਂ ਕੋਲ਼ ਸਾਡੇ। ਐਡੇ ਵੱਡੜੇ ਦੁੱਖ ਸੀਨੇ ਜ਼ਰੇ ਹੋਣੇ। ਜਿਗਰੇ ਯਾਦ ਕਰ ਉਹੀ ਵਗੀ ਜਾਂਦੀ। ਡਾਹਡੇ ਸੌਂਪਿਆ ਕੰਮ ਮੈਂ ਕਰੀ ਜਾਂਦੀ। ਉਹ ਵੀ ਭਾਣੇ ਨੂੰ ਜਾਣ ਕੇ ਮੰਨਦੇ ਰਹੇ। ਮੈਂ ਵੀ ਓਸ ਰਜਾ ਵਿੱਚ ਵਗੀ ਜਾਂਦੀ। ਸਰਹੰਦ ਆਂਵਦੀ ਸਿੱਖ ਕੌਮ ਸਾਰੀ। ਮੈਂ ਹਰੇਕ ਦੇ ਸੀਨੇ ਲੱਗ ਲੱਭਦੀ ਹਾਂ। ਹਰ ਸਿੰਘ, ਗੋਬਿੰਦ ਸਿੰਘ ਲਾਲ ਦਿਸੇ। ਹਰ ਮਾਂ ’ਚੋਂ ਮਾਂ ਗੁਜਰੀ ਤੱਕਦੀ ਹਾਂ।
ਰੱਬ ਘਰੋਂ ਬੱਦਲ ਆਏ
ਹਨੇਰੀਆਂ ਕੋਲ਼ੋਂ ਬਚਦੇ ਵੇਖੇ। ਨਾਲ਼ ਕਰੂੰਬਲ਼ਾਂ ਫਬਦੇ ਵੇਖੇ। ਰੁੱਖਾਂ ਦੀ ਮੈਂ ਨਿੱਤ ਕਰਦੀ। ਅੱਜ ਗੱਲ ਸੁਣੋ ਪੱਤਿਆਂ ਦੀ। ਵਾਂਗ ਸੱਜਣਾਂ ਦੇ ਮਨ ਭਾਏ। ਯਾਰ ਹੋਰੀਂ ਨੱਚਦੇ ਵੇਖੇ। ਜਦੋਂ ਰੱਬ ਘਰੋਂ ਬੱਦਲ਼ ਆਏ। ਸਰਦ ਰੁੱਤ ਵਿੱਚ ਠਰਦੇ ਜਾਵਣ। ਪਤਝੜ ਆਉਣ ਤੇ ਝੜਦੇ ਜਾਵਣ। ਵਿੱਚ ਬਰਸਾਤਾਂ ਭੰਗੜੇ ਪਾਵਣ। ਬੱਦਲ਼ ਵੇਖ-ਵੇਖ ਮੁਸਕਾਵਣ। ਵੇਖੇ ਕਦੇ ਨਾ ਘਬਰਾਏ। ਯਾਰ ਹੋਰੀਂ ਫਿਰ ਨੱਚਦੇ ਵੇਖੇ। ਜਦੋਂ ਰੱਬ ਘਰੋਂ ਬੱਦਲ਼ ਆਏ। ਹਰ ਵਾਰ ਰੁੱਤਾਂ ਦੀ ਮੰਨ ਕੇ। ਪੀਲ਼ੇ ਝੜ, ਲਾਲ ਨਿਕਲਦੇ ਵੇਖੇ। ਹੌਲੀ-ਹੌਲੀ ਹਰੇ ਹੋਏ ਜਦ। ਬੰਦੇ ਵੱਢਤੇ ਵਿਲਕਦੇ ਵੇਖੇ। ਇਹਨਾਂ ਸਾਹ ਦੇ ਲੰਗਰ ਲਾਏ। ਯਾਰ ਹੋਰੀਂ ਫਿਰ ਨੱਚਦੇ ਵੇਖੇ। ਜਦੋਂ ਰੱਬ ਘਰੋਂ ਬੱਦਲ਼ ਆਏ। ਝੜਦੇ ਨਾ ਵੇਖੇ ਜਾਵਣ। ਆਰੀਆਂ ਕਿੰਞ ਮਨ ਨੂੰ ਭਾਵਣ। ਨਹੀਂ ਵੇਖਣੇ ਮੜ੍ਹੀਆਂ ਸੜਦੇ। ਦੇਵੇ ਸਰਬ ਦੁਹਾਈ ਲੋਕੋ। ਮੜ੍ਹੀਆਂ ਗਏ ਨਾ ਮੁੜ ਕੇ ਆਵਣ। ਗੱਲ ਸੋਚਿਓ ਜੇ ਮਨ ਭਾਵੇ। ਯਾਰ ਹੋਰੀਂ ਨੱਚਦੇ ਵੇਖੇ। ਜਦੋਂ ਰੱਬ ਘਰੋਂ ਬੱਦਲ਼ ਆਏ।
ਫੁੱਲ ਲਗਾਵਣ ਆਈ ਹਾਂ
ਮੈਂ ਵਰਜਿਤ ਤੇਰੇ ਬਾਗ਼ਾਂ ਵਿੱਚ, ਸੰਗ ਹਵਾ ਨੂੰ ਲੈ ਕੇ ਤੇ। ਸੁੱਕੇ ਪੱਤੇ ਚੁਗਣ ਬਹਾਨੇ, ਫੁੱਲ ਲਗਾਵਣ ਆਈ ਹਾਂ। ਮੈਂ ਉੱਡਦੇ ਜਾਂਦੇ ਪੰਛੀਆਂ ਨੂੰ, ਦਿੱਤੇ ਕੁਝ ਫਲ਼ ਖਾਣ ਲਈ। ਵਿੱਠੀਂ ਬੀਆਂ ਕੇਰਨ ਲਈ, ਮੋਹ ਪਾ ਉਡਾ ਲਿਆਈ ਹਾਂ। ਮੈਂ ਕਰੀ ਸਮੁੰਦਰਾਂ ਬੇਨਤੀ ਕਿ ਉੱਡ ਉਹ ਬੱਦਲ਼ ਬਣ ਜਾਵਣ। ਮੈਂ ਕਣੀਆਂ ਨੂੰ ਛਿੜਕਾਅ ਲਈ, ਸੱਦਾ ਦੇ ਕੇ ਆਈ ਹਾਂ। ਮੈਂ ਸੁੱਕੇ ਪੱਤੇ ਹਿੱਕ ਨੂੰ ਲਾ, ਗਲ਼ ਰੂੜੀ ਬਣ ਜਾਣ ਲਈ। ਬਹਾਰਾਂ ਬੀਜ ਉਗਾਉਣ ਵਾਸਤੇ, ਤਰਲੇ ਕੱਢ ਲਿਆਈ ਹਾਂ। ਹੁਣ ਤੇਰੇ ਸੁੱਕੇ ਬਾਗ਼ਾਂ ਨੇ, ਹਰੇ-ਭਰੇ ਫੇਰ ਹੋ ਜਾਣਾ। ਤੂੰ ਵੱਢੀ ਨਾ, ਤੂੰ ਕੱਟੀ ਨਾ, ਕਰਦੀ ਸਭ ਤੇਰੇ ਭਲੇ ਲਈ, ਮੈਂ ਧਰਤੀ ਸਭ ਦੀ ਮਾਈ ਹਾਂ।
ਮੀਂਹ ਚੱਲਿਆ ਜੇ ਆ, ਸਾਂਭ ਲਓ ਪਾਥੀਆਂ
ਮੀਂਹ ਚੱਲਿਆ ਜੇ ਆ, ਨੀ ਕੁੜੀਓ ਸਾਂਭ ਲਓ ਪਾਥੀਆਂ। ਕਾਹਨੂੰ ਭੁੱਖੇ ਮਾਰਨਾ ਜੇ, ਸੰਗੀਆਂ ਤੇ ਸਾਥੀਆਂ। ਨੀ ਕੁੜੀਓ ਸਾਂਭ ਲਓ ਪਾਥੀਆਂ, ਮੀਂਹ ਚੱਲਿਆ ਜੇ ਆ। ਆ ਗਏ ਨੀ, ਕਾਲੇ ਬੱਦਲ਼ ਚੜ੍ਹਕੇ, ਕੜ-ਕੜ, ਕੜ-ਕੜ ਬਿਜਲੀ ਚਮਕੇ। ਇੱਕ ਜਣੀ ਗਹੀਰੇ'ਤੇ ਚੜ੍ਹ ਕੇ। ਦਿਓ ਲਿਫ਼ਾਫ਼ਾ ਪਾ ਨੀ ਕੁੜੀਓ, ਸਾਂਭ ਲਓ ਪਾਥੀਆਂ, ਗਿਆ ਜੇ ਬੱਦਲ਼ ਆ, ਨੀ ਕੁੜੀਓ ਸਾਂਭ ਲਓ ਪਾਥੀਆਂ। ਕੁਝ ਦੇ ਟੋਟੇ ਕਰ ਲਿਆਓ, ਵਿੱਚ ਸਬਾਤ ਦੇ ਜਾ ਕੇ ਲਾਓ। ਸ਼ਾਮੀ ਜਿਹੜੀ ਰੋਟੀ ਬਣਨੀ, ਕੰਮ ਜਾਣਗੇ ਆ, ਨੀ ਕੁੜੀਓ, ਸਾਂਭ ਲਓ ਪਾਥੀਆਂ। ਗਿਆ ਜੇ ਬੱਦਲ਼ ਆ, ਨੀ ਕੁੜੀਓ ਸਾਂਭ ਲਓ ਪਾਥੀਆਂ। ਗਿੱਲੀਆਂ ਨਾ ਉਹਨਾਂ ਵਿੱਚ ਰਲ਼ਾਇਓ, ਨਾਲ਼ ਹੀ ਥੋੜਾ ਸੁੱਕਾ ਪਾਇਓ। ਫੂਕਾਂ ਮਾਰਨ ’ਤੇ ਮੈਥੋਂ ਅੱਗ ਨ ਮੱਚੇ, ਦੀਦੇ ਮੇਰੇ ਰੋ-ਰੋ ਥੱਕੇ। ਫੂਕਣੀ ਚੱਕ ਲਿਆਇਓ, ਨੀ ਕੁੜੀਓ, ਸਾਂਭ ਲਓ ਪਾਥੀਆਂ। ਗਿਆ ਜੇ ਬੱਦਲ਼ ਆ ਨੀ ਕੁੜੀਓ, ਸਾਂਭ ਲਓ ਪਾਥੀਆਂ। ਪਿਆਰ ਨਾਲ ਖਾਣਾ ਬਣਵਾਓ, ਮੂੰਹ ਵਿੱਚ ਨਾਨਕ ਸਾਹਿਬ ਧਿਆਓ। ਸਾਰਾ ਟੱਬਰ ਹੱਸ ਜਦ ਖਾਊ, ਘਰ ਸੁਰਗਾਪੁਰੀ ਬਣ ਜਾਊ। ਨੀ ਕੁੜੀਓ ਸਾਂਭ ਲਓ ਪਾਥੀਆਂ, ਗਿਆ ਜੇ ਬੱਦਲ਼ ਆ ਨੀ ਕੁੜੀਓ, ਸਾਂਭ ਲਓ ਪਾਥੀਆਂ।
ਧੀ ਦੀ ਨਜ਼ਰ ਤੋਂ
ਮੈਨੂੰ ਤੇ ਮਾਂ ਦੇ ਗਰਭ ’ਚ ਹੀ ਪਤਾ ਲੱਗ ਗਿਆ ਸੀ। ਜਦ ਪਿਓ ਦੇ ਢਿੱਡ ’ਚ ਮੀਟ ਤੇ ਮਾਂ ਦੇ ਹਿੱਸੇ ਬਿਹਾ ਸਾਗ ਪਿਆ ਸੀ। ਮਾਂ ਦੀ ਭੁੱਖ ਵੀ ਵੇਖੀ, ਸਭ ਨੂੰ ਖੁਆ ਕੇ ਉਸ ਦੇ ਢਿੱਡ 'ਚ ਸਭ ਦੀ ਬਚੀ-ਖੁਚੀ ਡਿਗਦੀ ਮੈਂ ਵੇਖੀ ਹੈ। ਜਿਸ ਨੂੰ ਓਹਨੇ ਆਪਣੀ ਨਾਭੀ ਰਾਹੀਂ ਮੇਰੇ ਵਿੱਚ ਪਾ ਦਿੱਤਾ ਸੀ। ਮੈਂ ਰੋਂਦੀ ਮਾਂ ਸ਼ਰਾਬੀਆਂ ਦੇ ਭਾਂਡੇ ਮਾਂਜਦੀ ਵੇਖੀ ਹੈ। ਨਾਨਕ ਸਾਹਿਬ ਨਾਲ਼ ਰੁੱਸ ਜਾਂਦੀ ਸੀ ਕਿ ਰਹਿਰਾਸ ਦਾ ਵੇਲ਼ਾ ਤੇ ਘਰ ’ਚ ਬੜ੍ਹਕਾਂ ਕਿਉਂ ਵੱਜੀਆਂ। ਘਰਦਿਆਂ ਅੱਗੇ ਨਾ ਬੋਲਦੀ। ਨਾਨਕ ਨਾਲ਼ ਲੜਦੀ, ਉੱਚੀਆਂ ਕਰ ਕਰ ਅੱਡੀਆਂ। ਮੈਂ ਵੇਖਿਆ ਹੈ ਉਦੋਂ, ਕਿੰਝ ਮਾਂ ਨੇ ਰੀਝਾਂ ਦੱਬੀਆਂ। ਮੈਂ ਵੇਖਿਆ ਕੁੱਖ ’ਚ, ਮਾਂ ਨੂੰ ਪਾਟੇ ਸਿਊਂਦੀ ਨੂੰ। ਲੋਕਾਂ ਦੇ ਮੰਜੇ, ਦਰੀਆਂ ’ਤੇ ਬੂਟੇ ਪਾਉਂਦੀ। ਤੇ ਨਾਨਕ ਨਾਮ ਧਿਆਉਂਦੀ ਨੂੰ। ਮੈਂ ਵਾਇਦਾ ਕੀਤਾ ਸੀ ਕੁੱਖ ਵਿੱਚ ਕਿ ਤੈਨੂੰ ਕੁਝ ਨਹੀਂ ਦੱਸਣਾ। ਬੱਸ ਇੱਕ ਚੀਜ ਤੇਰੇ ਵਾਂਗੂੰ ਕਰਨੀ, ਜਿਹੜਾ ਨਾਨਕ-ਨਾਨਕ ਜੱਪਣਾ। ਕੁੱਖਾਂ ਵਿੱਚ ਹੀ ਕਾਤਲ ਜੰਮਦੇ, ਕੁੱਖਾਂ ਵਿੱਚ ਹੀ ਨਾਨਕ। ਕੁੱਖਾਂ, ਰੁੱਖਾਂ ਖ਼ਾਤਰ ਸਰਬ ਨੇ ਲੜ ਕੇ, ਬਣਨਾ ਹੀਰਾ ਮਾਣਕ। ਤੇ ਜਪਣਾ ਨਾਨਕ-ਨਾਨਕ।
ਚੰਗੇ ਲੋਕੋ ਉੱਜੜ ਜਾਓ
ਨਾਨਕ ਸਾਹਿਬ ਦੇ ਪੈਰੋਕਾਰ ਜਿਹੜੇ ਉਹਨਾਂ ਕਰਦੇ ਪਿਆਰ ਚੰਗੇ ਲੋਕੋ ਉੱਜੜ ਜਾਓ। ਲੋੜ ਹੈ ਤੁਹਾਡੇ ਉੱਜੜਨ ਦੀ ਛੰਨਾਂ ਪਾਓ, ਰੁੱਖ ਲਗਾਓ ਉੱਜੜ ਕੇ ਨਵੇਂ ਪਿੰਡ ਵਸਾਓ। ਰੁੱਖਾਂ ਹੇਠਾਂ ਮਾਰ ਚੌਂਕੜਾ ਜਪੁਜੀ ਸਾਹਿਬ ਧੁਰੋਂ ਪੜ੍ਹਨ ਲਈ ਮਰਦਾਨੇ ਵਾਂਗ ਰਬਾਬ ਵਜਾਓ। ਬਾਬੇ ਵਰਗੇ ਬੋਹੜ ਲਗਾ ਕੇ ਜਨਮ-ਦਿਹਾੜਾ ਬਾਬੇ ਨਾਨਕ ਲੰਗਰ ਲਾ-ਲਾ ਫਿਰ ਮਨਾਓ। ਪਿੱਪਲ਼ ਨਾਲ਼ ਜਦ ਲੱਗਾ ਬੋਹੜ ਰਹਿਣੀ ਨਹੀਂ ਸਾਹਾਂ ਦੀ ਥੋੜ ਨਿੰਮਾਂ ਲਾ, ਜ਼ਖ਼ਮਾਂ ਮੱਲਮ ਬਣਾਓ। ਧਰਤੀ-ਅੰਬਰ ਸਾਰੇ ਹੱਸਣ ਹੱਸ-ਹੱਸ ਨਾਮ ਗੁਰਾਂ ਦਾ ਜਪਣ ਸਾਰੇ ਮਨਾਂ ਉਹਦਾ ਚੜ੍ਹਜੇ ਚਾਓ। ਬੇਨਤੀ ਕਰਾਂ ਸਰਬ ਹੱਥ ਜੋੜ ਸਤਿ ਕਰਤਾਰ ਵਾਲਿਓ ਓਹਦਾ ਫਿਰ ਨੁਸਖ਼ਾ ਅਪਣਾਓ। ਬੇਬੇ ਨਾਨਕੀ ਵਰਗੀਆਂ ਧੀਆਂ ਜਿਹੜੀਆਂ ਰੱਬ ਨੂੰ ਵੇਖ ਕੇ ਜਾਣਨ ਘਰ ਘਰ ਵਿੱਚ ਤੁਸੀਂ ਜੰਮ ਵਿਖਾਓ। ਨਾਨਕ ਸਾਹਿਬ ਦੇ ਜਨਮ ਦਿਹਾੜੇ ਨਾਨਕ ਸਾਹਿਬ ਦੇ ਪੈਰੋਕਾਰ ਬਣ ਖ਼ੁਸ਼ੀਆਂ ਦੇ ਪ੍ਰਸਾਦਿ ਵਰਤਾਓ। ਲੋੜ ਹੈ ਤੁਹਾਡੇ ਉੱਜੜਨ ਦੀ ਨਾਨਕ ਸਾਹਿਬ ਵਾਲਿਓ ਚੰਗੇ ਲੋਕੋ ਉੱਜੜ ਜਾਓ।
ਇਸ਼ਕ ਹਕੀਕੀ ਕਰਨਾ ਮੈਂ
ਇਸ਼ਕ ਕਰਨੇ ਦੀ ਉਮਰ ਹੈ। ਮਿਜ਼ਾਜ ਕਰਨਾ ਇਸ਼ਕ ਲੋੜੇ। ਮੰਗ ਪੂਰੀ ਕਰਨੀ ਰੂਹ। ਇਸ਼ਕ ਹਕੀਕੀ ਕਰਨਾ ਮੈਂ। ਇਸ਼ਕ ਕਰਨਾ ਹੈ ਓਸ ਦੇ ਨਾਲ਼। ਜੋ ਕਣ-ਕਣ ਵਿੱਚ ਵੱਸਦਾ। ਹਰ ਸ਼ੈਅ ਓਸਦੀ ਦੱਸਦਾ। ਚਾਹਵਾਂ ਓਸਨੂੰ ਤੱਕਣਾ ਮੈਂ। ਜੀਹਨੂੰ ਮਿਲ਼ਨ ਵੀਹ ਬੀਹਲੋਲੀਆਂ ਜਿਹਦਾ ਲੰਗਰ ਵਧਦਾ ਜਾਵੇ। ਜਿਹੜਾ ਸਾਧਾਂ ਨੂੰ ਨਾ ਮੰਨੇ। ਬੱਸ ਓਸ ਨੂੰ ਮੰਨਣਾ ਮੈਂ। ਜੋ ਗ੍ਰਿਸਤੀ ਇੱਜ਼ਤ ਵਧਾਵੇ। ੴ ਦੇ ਰਾਹੀਂ, ਮੈਨੂੰ ਕੁਦਰਤ ਦਰਸ ਕਰਾਵੇ। ਜਿਹੜਾ ਨਾਨਕ ਸਾਹਿਬ ਕਹਾਵੇ। ਓਹਦੇ ਪੈੜੀਂ ਚੱਲਣਾ ਮੈਂ। ਸਰਬ ਨੂੰ ਜਿਸ ਨੇ ਬਖ਼ਸ਼ੀ ਕਲਮ। ਪੜ੍ਹਨ ਵਾਲ਼ਿਆਂ ਬਖ਼ਸ਼ੇ ਕਰਮ। ਖ਼ੁਸ਼ ਹੁੰਦੇ ਜੋ ਕਵਿਤਾ ਪੜ੍ਹਕੇ, ਨਾਨਕ ਸਾਹਿਬ ਦਿਵਾਨੇ ਪੜ੍ਹਕੇ ਸਤਿ ਕਰਤਾਰ ਬੋਲਣਾ ਮੈਂ। ਇਸ਼ਕ ਕਰਨੇ ਦੀ ਉਮਰ ਹੈ। ਦਿਲ ਲੋੜੇ ਇਸ਼ਕ ਕਰਨਾ। ਮੰਗ ਪੂਰੀ ਕਰਨੀ ਰੂਹ। ਇਸ਼ਕ ਹਕੀਕੀ ਕਰਨਾ ਮੈਂ।
ਦੁੱਖ ਲੂਣ ਦਾ
ਮੁੱਲ ਲੂਣ ਅਸਾਂ ਪਾਉਣਾ ਚਾਹਿਆ। ਆਪਣਿਆਂ ਨੇ ਮੁੱਲ ਖ਼ਰੀਦ ਕੇ, ਜਦ ਸਾਡੇ ਅੱਲਿਆਂ ’ਤੇ ਪਾਇਆ। ਦੁੱਖ ਲੂਣ ਦਾ ਮਾਰ ਗਿਆ ਪਹਿਲਾ ਵਰਗਾ ਨਹੀਂ ਰਿਹਾ ਲੱਗਦਾ ਨਹੀਂ ਜ਼ਖ਼ਮਾਂ ’ਤੇ ਪਾਇਆ। ਤੂੰ ਤੇ ਅਸਲੀ ਰਹਿ ਜਾਂਦਾ ਵੇ ਸਬਜ਼ੀ-ਭਾਜੀ ਪੈਣਿਆਂ ਸੂਰਜ ਰੀਝਾਂ ਲਾ ਸੁਕਾਇਆ। ਕੂੰਡੇ-ਡੰਡੇ ਮਾਰ ਤੂੰ ਖਾ ਕੇ ਮੂੰਹ ਕਰਾਰਾ ਕਰ ਦੇਂਦਾ ਸੀ ਬੰਦੇ ਕਿਹੜੇ ਕੰਮੇਂ ਲਾਇਆ। ਪਹਿਲਾਂ ਮੇਰਾ ਧਿਆਨ ਗਿਆ ਨਾ ਪਤਾ ਲੱਗਾ ਜਦ ਆਪਣਿਆਂ ਧੂੜ ਮੇਰੇ ਜ਼ਖ਼ਮਾਂ ’ਤੇ ਪਾਇਆ। ਪੀੜਾ ਮੇਰੀ ਮਾਰ ਮੁਕਾਇਆ ਅਸਾਂ ਤੇਰੇ ’ਤੇ ਸ਼ੱਕ ਤਾਂ ਕੀਤਾ ਪਹਿਲਾਂ ਵਾਂਗੂੰ ਨਾ ਤੜਫਾਇਆ। ਤੇਰੇ ਤੇ ਸ਼ੱਕ ਕਾਹਨੂੰ ਕਰਨਾ ਤੇਰੀ ਗੇੜੀ ਸੀ ਵੱਲ ਪਕੌੜਿਆਂ ਸੱਜਣਾਂ ਮਗਰੋਂ ਦਗ਼ਾ ਕਮਾਇਆ। ਅਸਾਂ ਦੇ ਅੱਲੇ ਜ਼ਖ਼ਮ ਪੱਕ ਗਏ ਪਿਆ ਤੂੰ, ਅਸੀਂ ਤੜਫੇ ਨਾਹੀਂ ਜਦ ਚੀਸਾਂ ਮਰਵਾਵਣ ਆਇਆ। ਵਹਿ ਜਾਂਦੇ ਸੀ ਨੈਣੋਂ ਹੰਝੂ ਹੁਣ ਨਹੀਂ ਵਗਦੇ ਪੱਥਰ ਹੋਗੇ ਖਾਰਿਆਂ ਨੂੰ ਤਾਂ ਮਿਲ਼ ਨਾ ਪਾਇਆ। ਸਬਰ ਨੇ ਪੀੜਾਂ ਸਾਹ ਬੰਦ ਕੀਤੇ ਤੂੰ ਕਿਉਂ ਮੇਰਾ ਦਰਦ ਘਟਾਇਆ ਕਾਹਤੋਂ ਐਨਾ ਕਹਿਰ ਕਮਾਇਆ। ਤੇਰੇ ਵਰਗੇ ਮੂੰਹ ਨਹੀਂ ਲਾਉਣਾ ਨਿੰਬੂ-ਪਾਣੀ ਪਾ ਨਹੀਂ ਪੀਣਾ ਔਖੀ ਵੇਲ਼ੇ ਕੰਮ ਨਹੀਂ ਆਇਆ। ਮੰਨ ਲਿਆ ਡਾਢੇ ਦਾ ਭਾਣਾ ਕਿ ਕੱਲੇ ਆਏ ਤੇ ਕੱਲੇ ਜਾਣਾ। ਸਰਮਾ ਨਾ ਖੁਰ ਜਾਈਂ, ਸਮੁੰਦਰ ਜਾਇਆ। ਸਰਬ ਮੁੱਲ ਤੇਰਾ ਪਾ ਦੇਣਾ ਸੀ ਆਪਣੇ ਸੰਗ ਮਿਲ਼ਾ ਲੈਣਾ ਸੀ ਚੁੱਪ ਕਰ ਮੰਨ ਹੁਣ, ਓਸ ਦੀ ਮਾਇਆ।
ਪੱਕੇ ਆਲ੍ਹਣੇ ਵਿਕਦੇ ਵੇਖੇ
ਅੱਜ ਮੈਂ ਮਿੱਟੀ ਦੇ ਭੱਠੇ ’ਤੇ ਪੱਕੇ ਆਲ੍ਹਣੇ ਦੁਕਾਨੀਂ ਵਿਕਦੇ ਵੇਖੇ। ਬੜੇ ਮਾਣ ਨਾਲ਼ ਬੰਦੇ ਖ਼ਰੀਦ ਰਹੇ। ਲੱਗੇ ਮਨ ਨੂੰ ਪਾਉਣ ਭੁਲੇਖੇ। ਮੈਂ ਪੁੱਛ ਬੈਠੀ ਇੱਕ ਸਵਾਲ। ਮਸੀਂ-ਮਸੀਂ ਰੋਕਿਆ ਬਵਾਲ। ਕੀ ਪੁੱਛਿਆ ਤੁਹਾਨੂੰ ਦੱਸਦੀ ਹਾਂ। ਨਾਲ਼ੇ ਦੋਹਾਂ ਪੱਖਾਂ ਰੱਖਦੀ ਹਾਂ। ਪੰਛੀ ਤੇ ਖੁਦ ਬਣਾਉਣਾ ਜਾਣਦੇ। ਉਹ ਇੰਞ ਹੀ ਜ਼ਿੰਦਗੀ ਮਾਣਦੇ। ਬਿਜੜਾ ਮਿਹਨਤੀ ਆਲ੍ਹਣਾ ਪਾਵੇ। ਬਿਜੜੀ ਜੇ ਪਸੰਦ ਨਾ ਆਵੇ। ਸਾਰੀ ਕੀਤੀ ਖੇਹ ਵਿੱਚ ਪੈਜੇ। ਅੱਧ ’ਚ ਛੱਡ ਦੂਜਾ ਬਣਾਵੇ। ਜਦ ਆ ਪਸੰਦ ਉਸ ਜਾਵੇ। ਫਿਰ ਉਹ ਨਾਲ਼ ਲੱਗ ਬਣਾਵੇ। ਗਾਰਾ ਚੁੰਝ ਭਰ ਪੋਚਾ ਮਾਰੇ। ਜ਼ਿੰਦਗੀ ਸ਼ੁਰੂ ਕਰਨ ਤਾਂ ਪਿਆਰੇ। ਫੇਰ ਪਿਆਰ ’ਚ ਮੇਲ਼ ਕਰਨ। ਬੱਚੇ ਰਲ਼ ਪਾਲਣ ਦੋਵੇਂ ਨਿਆਰੇ। ਅਸੀਂ ਬੱਚਿਆਂ ਲਈ ਮਹਿਲ ਬਣਾਏ। ਉਹ ਕੀ ਕਰਨ ਧਰਤ ’ਤੇ ਆਏ। ਉਹਨਾਂ ਕੁਝ ਨਹੀਂ ਕਰਨਾ ਆਪੇ। ਉਹਨਾਂ ਵੀ ਤੇ ਬਣਨਾ ਮਾਪੇ। ਤੁਹਾਡਾ ਵੰਢਿਆ ਕਿਉਂ ਖਾ ਜੀਵਣ ਪਾਣੀ ਬਚਾ ਲਉ, ਜੋ ਸੁੱਚਾ ਪੀਵਣ। ਤੁਹਾਡੀ ਔਲਾਦ ਤੁਸੀਂ ਸੋਚ ਸਕਦੇ। ਇਨਸਾਨ ਸ਼ੁਰੂ ਤੋਂ ਏਦਾਂ ਕਰਦੇ ਨੇ। ਬੰਦੇ ਜੋੜ, ਭਰ ਰੱਖਣ ਜਖ਼ੀਰੇ। ਵੇਖਿਆ ਬੰਦੇ ਈ ਭੁੱਖੇ ਮਰਦੇ ਨੇ। ਕਮ ਸੇ ਕਮ ਪੰਛੀਆਂ ਨੂੰ ਬਖ਼ਸ਼ ਦਿਓ। ਤੀਲੇ ਚੁਗ ਆਲਣਾ ਪਾਉਣ ਦਿਓ। ਹਾਂ ਜੇਕਰ ਸਕਦੇ ਤਾਂ ਵੱਢੋ ਨਾ ਰੁੱਖ। ਮਰਨਾ ਸਰਬ ਤੂੰ ਵੀ ਛੱਡ ਦੇ ਭੁੱਖ। ਜਿਊਣਾ ਕਿੰਞ ਓਸ ਪਹਿਲਾਂ ਲਿਖਿਆ। ਪੰਛੀਆਂ ਆਪਣੀ ਜੂਨੀ ਜਿਊਣ ਦਿਓੁ। ਰਜ਼ਾ ਉਹਦੀ ਉਹਨੇ ਜਿੱਥੇ ਸੁੱਟੇ ਚੁਗ ਢੂੰਡ ਕੇ ਦਾਣੇ ਖਾਣ ਦਿਓ। ਆਪਣੀ ਜ਼ਿੰਦਗੀ ਆਪਣੇ ਅੰਦਾਜ਼ ’ਚ ਹਰ ਕੋਈ ਚਾਹੁੰਦਾ ਜਿਊਣਾ ਜੀ। ਦੂਜਿਆਂ ਹੱਕ ਜਦ ਆਪਣਾ ਮਿਲ਼ਿਆ ਉਹਦੇ ਭਾਣੇ ਵਿੱਚ ਕਿਉਂ ਆਉਣਾ ਜੀ। ਸਰਬ ਕਰੇ ਬੇਨਤੀ ਇਨਸਾਨਾਂ। ਆਲਣੇ ਛੱਤਾਂ ਟੰਗਣੇ ਬੰਦ ਕਰੋ। ਸਾਰੇ ਉਸ ਦੀ ਕੁਦਰਤ ਮਾਣਨ। ਕਿਸੇ ਜੀਵ ਨਾ ਤੰਗ ਕਰੋ।
ਪਾਣੀ ਸਾਂਭ ਲਉ
ਸਾਨੂੰ ਸੁਨੇਹੇ ਭੇਜਦੇ ਕਿ ਪਾਣੀ ਸਾਂਭ ਲਓ ਧਰਤੀ 'ਚੋਂ ਮੁੱਕਦਾ ਜਾਂਦਾ ਏ। ਤੇਰੇ ਲਈ ਕੋਈ ਅਸੂਲ ਨਹੀਂ ਜੋ ਭਰ ਦਰਿਆ ਵਗਾਉਂਦਾ ਏਂ? ਆਹ ਬੱਦਲ ਬੱਦਲ਼ੀਆਂ ਤੇਰੇ ਕਹਿਣੇ ਤੋਂ ਕਾਹਤੋਂ ਬਾਹਰ ਨੇ। ਇਹ ਆਪਮੁਹਾਰੇ ਫਟ ਕੇ ਤੇਰੀ ਰਜ਼ਾ ਰਹੇ ਲਲਕਾਰ ਨੇ। ਹਵਾਵਾਂ, ਫ਼ਿਜ਼ਾਵਾਂ ਦੇ ਰੁਖਾਂ ਨੂੰ ਸੁਣਿਆ ਬਦਲ਼ ਤੂੰ ਸਕਦਾ ਏਂ। ਹਨੇਰੀਆਂ ਅਤੇ ਤੂਫ਼ਾਨਾਂ ਦੇ ਮੂੰਹ ਮੋੜ ਤੂੰ ਸਕਦਾ ਏਂ। ਤੈਨੂੰ ਕਿਸ ਦਾ ਡਰ-ਭੈ ਹੈ ਤੂੰ ਕਿਸ ਗੱਲੋਂ ਡਰਦਾ ਏਂ। ਬੰਦੇ ਤੇ ਤੋਹਮਤ ਲੱਗਦੀ ਹੈ ਤੂੰ ਕਿਉਂ ਗੰਦਾ ਕਰਦਾ ਏਂ। ਤੂੰ ਅੰਬਰਾਂ ਜਦ ਧੋਂਦਾ ਏ ਕੀ ਵੇਖ ਬੇਅਦਬੀ ਰੋਂਦਾ ਏਂ। ਅਮੀਰ ਦੇ ਮਹਿਲੀਂ ਵੜਦਾ ਨਹੀਂ ਗਰੀਬਾਂ ਕਿਉਂ ਛੱਤਾਂ ਢਾਹੁੰਦਾ ਏਂ। ਇਹ ਨਿੱਕੇ-ਮੋਟੇ ਵਾਰ ਕਰ ਕੀ ਬੰਦੇ ਨੂੰ ਸਮਝਾਉਂਦਾ ਏਂ? ਕੁਦਰਤੀ ਖਿਲਵਾੜਾਂ ਬੰਦ ਕਰੀਏ ਰਹੀਏ ਵਿੱਚ ਰਜ਼ਾ ਜੋ ਚਾਹੁੰਦਾ ਏਂ? ਮੇਰਾ ਤੇਰੇ ਵਿੱਚ ਵਿਸ਼ਵਾਸ ਬੜਾ ਸਰਬ ਤੋਂ ਦੱਸ ਕੀ ਚਾਹੁੰਦਾ ਏ। ਮਨਜੂਰ ਤੇਰਾ ਹਰ ਫ਼ੈਸਲਾ, ਤੂੰ ਵੀ ਮਨ-ਆਈਆਂ ਬੰਦ ਕਰ। ਇਹ ਪਾਣੀ ਸੁੱਚੇ ਰੋੜ੍ਹ ਨਾ ਤਕ ਹੜ ਬੇਅਦਬੀ ਬੰਦ ਕਰ। ਸਤਿ ਕਰਤਾਰ ਪਿਆਰਿਆ ਤੇਰੇ ਹੁੰਦੇ ਸਬਕ ਨਿਆਰੇ ਆ। ਤੂੰ ਮਾਲਕ ਹੈਂ, ਬੰਦੇ ਹੁਕਮ ਛੱਡ ਕਿ ਭੈੜੇ ਛੱਡਣੇ ਪੈਣੇ ਕਾਰੇ ਆ।
ਮੈਂ ਕੁਦਰਤ ਲਈ ਲਿਖਣਾ
ਅਜੇ ਮੈਂ ਕੁਝ ਨਹੀਂ ਲਿਖਿਆ। ਅਜੇ ਕੁਝ ਵੀ ਨਹੀਂ ਲਿਖਿਆ। ਅਜੇ ਤਾਂ ਸ਼ੁਰੂਆਤ ਮੇਰੀ। ਅਜੇ ਮੈਂ ਬਹੁਤ ਲਿਖਣਾ ਹੈ। ਅਜੇ ਤਾਂ ਕਾਨੀ ਫੜੀ ਹੈ। ਕਲਮ ਨੂੰ ਘੜਨ ਲੱਗੀ ਹਾਂ। ਓਸ ਦੀ ਪਰਖ ਚੱਲ ਰਹੀ। ਜੀਭ ਤਰਾਸ਼ਣ ਲੱਗੀ ਹਾਂ। ਕਿ ਅੱਖਰ-ਰੂਪ ਦੇਊਂਗੀ। ਸਿਆਹੀ ਘੋਲਣ ਲੱਗੀ ਹਾਂ। ਜਿਸ ਵਿੱਚ ਡੋਬ ਕੇ ਲਿਖਣਾ। ਦਵਾਤ ਲੱਭਣ ਲੱਗੀ ਹਾਂ। ਅਜੇ ਤੇ ਕਾਗ਼ਜ ਦੀ ਹਿੱਕ 'ਤੇ। ਮੈਂ ਲੀਕਾਂ ਵਾਹ ਕੇ ਵੇਖ ਰਹੀ। ਲੰਮੇ ਪੈਂਡੇ ਕੱਟ ਆ ਰਹੇ ਜੋ। ਅਜੇ ਮੈਂ ਅੱਖਰ ਉਡੀਕ ਰਹੀ। ਅਜੇ ਮੈਂ ਨ੍ਹਾ ਕੇ ਨਿਕਲੀ ਹਾਂ। ਨਵਾਂ ਮੈਂ ਸੂਟ ਪਾਇਆ ਹੈ। ਪੈਰੀਂ ਚੱਪਲ ਪਾਉਣ ਲੱਗੀ। ਡਾਹਢੇ ਸਭ ਘਲਾਇਆ ਹੈ। ਅਜੇ ਮੈਂ ਵਾਲ਼ ਵਾਹੁਣੇ ਨੇ। ਤੇ ਚੁੰਨੀ ਸਿਰ ’ਤੇ ਲੈਣੀ ਹੈ। ਕੋਠੇ ਸਾਡੇ ਛੱਤ ਪੈ ਗਈ ਏ। ਵਿੱਚ ਦੀਵੇ ਰੋਸ਼ਨੀ ਦੇਣੀ ਏਂ। ਹੁਣ ਸਾਡੇ ਘਰ ਰਜਾਈ ਏ। ਵਿੱਚ ਬਹਿ ਲਿਖਣਾ ਹਾਂ ਚਾਹੁੰਦੀ। ਹੁਣ ਸਾਡੇ ਰੋਟੀ ਪੱਕਦੀ ਏ। ਮੈਂ ਚੁੱਲ੍ਹੇ ਕੋਲ ਨਹੀਂ ਰੋਂਦੀ। ਔਹ ਮੇਰੇ ਆਪਣੇ ਆ ਗਏ। ਚੰਗਾ ਸੁਆਗਤ ਕਰ ਲਾਂ ਮੈਂ। ਰੁੱਖਾ-ਮਿੱਸਾ ਜੋ ਮਿਲਿਆ। ਰੀਝਾਂ ਲਾ ਅੱਗੇ ਧਰ ਲਾਂ ਮੈਂ। ਘੜੀ ਚੱਲੀ ਪਤਾ ਲੱਗਿਆ। ਸਮਾਂ ਬਦਲਦਿਆਂ ਆਏ ਨੇ। ਸਰਬ ਕਿਤੇ ਮਾਣ ਨਾ ਕਰਜੀਂ। ਸਤਿ ਕਰਤਾਰ ਘਲਾਏ ਨੇ। ਕਲਮ ਨੂੰ ਚੁੰਮਣ ਲੱਗੀ ਤਾਂ। ਲੱਗਦਾ ਇਹ ਤਿਰਹਾਈ ਏ। ਸਿਆਹੀ ਏਸ ਪਿਆ ਦੇਵਾਂ। ਮਸਾਂ ਇਹ ਮੁਸਕਰਾਈ ਏ। ਅਜੇ ਮੈਂ ਪਾਣੀਆਂ ਲਈ ਲਿਖਣਾ। ਅਜੇ ਮੈਂ ਲਿਖਣਾ ਰੁੱਖਾਂ ਲਈ । ਅਜੇ ਮੈਂ ਅੰਬਰਾਂ ਲਈ ਲਿਖਣਾ। ਅਜੇ ਮੈਂ ਲਿਖਣਾ ਕੁੱਖਾਂ ਲਈ। ਅਜੇ ਮੈਂ ਕੁਝ ਨਹੀਂ ਲਿਖਿਆ। ਅਜੇ ਕੁਝ ਵੀ ਨਹੀਂ ਲਿਖਿਆ। ਅਜੇ ਤਾਂ ਸ਼ੁਰੂਆਤ ਮੇਰੀ। ਅਜੇ ਮੈਂ ਬਹੁਤ ਲਿਖਣਾ ਹੈ।
ਸ਼ੂਕਦੀਏ ਨੀ ਪੌਣੇਂ
ਸ਼ੂਕਦੀਏ ਨੀ ਪੌਣੇ ਪਹਾੜਾਂ ਵੱਲੋਂ ਆਉਂਦੀਏ ਨੀ। ਬੱਦਲ਼ਾਂ ਨੂੰ ਧੱਕਾ ਦੇ, ਮੈਦਾਨਾਂ ਵੱਲ ਲੈ ਆਉਂਦੀਏ ਨੀ। ਜਿਗਰੇ ਨਾਲ਼ ਕਦਮ ਧਰੀਂ। ਧੀਏ ਧੀਰੀ ਬਣੀਂ, ਐਵੇਂ ਨਾ ਨਦਾਨੀਆਂ ਕਰੀਂ। ਹਵਾ ਰਾਣੀਏ, ਹੌਸਲੇ ਤੋਂ ਕੰਮ ਤੂੰ ਲਵੀਂ। ਵਿੱਚ ਨੀ ਮੈਦਾਨਾਂ ਸੁਣ, ਰੱਬੀ ਕਈ ਰੂਹਾਂ ਨੇ। ਸ਼ੂਕਦੀ ਨਾ ਫਿਰੀਂ ਨੀ, ਪਵਿੱਤਰ ਉਹ ਜੂਹਾਂ ਨੇ। ਰੁੱਖਾਂ ਤੋਂ ਬਚਾ ਕੇ ਲੰਘੀਂ, ਹਨੇਰੀ ਬਣ ਵਗੀਂ ਨਾ ਨੀ। ਟਾਹਣਿਆਂ ਨਾ ਤੋੜਦੀਂ ਫਿਰੀਂ। ਧੀਏ ਧੀਰੀ ਬਣੀਂ, ਓਥੇ ਨਾ ਸ਼ੈਤਾਨੀਆਂ ਕਰੀਂ। ਹਵਾ ਰਾਣੀਏ, ਹੌਸਲੇ ਤੋਂ ਕੰਮ ਤੂੰ ਲਵੀਂ। ਕਈ ਓਥੇ ਵੱਸਦੇ ਨੇ, ਕੁਦਰਤ ਦੇ ਯਾਰ ਨੀ। ਜਿੰਨਾ ਉਹਨਾਂ ਰੁੱਖਾਂ ਨਾਲ਼, ਹੱਦੋਂ ਵੱਧ ਪਿਆਰ ਨੀ। ਕਈ ਉੱਥੇ ਤੇਰਾ ਨਾ ਲੈ, ਦਾਤਰ ਚਲਾਉਣਗੇ। ਵੱਢ ਉਹਨਾਂ ਰੁੱਖਾਂ ਤਾਈਂ, ਸੇਜਾਂ ਨੂੰ ਸਜਾਉਣਗੇ। ਧੀਏ ਧੀਰੀ ਬਣੀ, ਉਹਨਾਂ ਵਿਸ਼ਵਾਸ ਨਾ ਕਰੀਂ। ਹਵਾ ਰਾਣੀਏ, ਹੌਸਲੇ ਤੋਂ ਕੰਮ ਤੂੰ ਲਵੀਂ। ਮੈਨੂੰ ਪਤਾ ਤੂੰ ਵੀ ਕਦੇ, ਮਾਰਦੀ ਉਡਾਰੀ ਨੀ। ਹਨੇਰੀ ਬਣ ਵਗ, ਘੱਟਾ ਜਾਂਵਦੀ ਖਲਾਰੀ ਨੀ। ਓਥੇ ਜਾ ਕੇ ਮੇਰੀ ਮੰਨ, ਠੰਢੀ ਸੀਤ ਬਣ ਵਗੀਂ। ਸਰਬ ਦੀ ਨਜ਼ਰ ਚੜ੍ਹੀਂ, ਕਵਿਤਾ ਤੂੰ ਬਣ ਮੁੜੀਂ। ਧੀਏ ਧੀਰੀ ਬਣੀ, ਕੁਦਰਤ ਦਾ ਨਾ ਬਦਲਾ ਲਵੀਂ। ਹਵਾ ਰਾਣੀਏ, ਹੌਸਲੇ ਤੋਂ ਕੰਮ ਤੂੰ ਲਵੀਂ।
ਆ ਗਿਆ ਮੱਝਾਂ ਚਾਰਨਾ
ਵਾਇਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ। ਕਹਿੰਦਾ ਸੀ ਪਾਲੀਆਂ ਨੂੰ, ਨਾਲੇ ਆਖੇ ਹਾਲੀਆਂ ਨੂੰ। ਸਾਉਣ ਨਾ ਪੱਠੇ ਬੀਜਿਓ, ਵੱਟਾਂ ਤੋਂ ਡੰਗਰ ਚਾਰਨਾ। ਵਾਇਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ। ਚੂਹਿਆਂ ਦੀਆਂ ਖੁੱਡਾਂ ਤਾਈਂ, ਦੇਂਦਾ ਫਿਰੇ ਪਾਣੀ ਨੂੰ। ਵੱਟਾਂ ਤੋਂ ਰਜਾ ਲਿਆਉਂਦਾ, ਨੀ ਡੰਗਰਾਂ ਦੀ ਢਾਣੀ ਨੂੰ। ਪਾਣੀ ਨਾਲ਼ ਤਲਾਬ ਭਰ ਆਖੇ, ਬੰਗਲੇ ਮੱਝਾਂ ਦੇ ਨਾਲ਼ ਤੈਰਨਾ। ਵਾਇਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ। ਕਹਿੰਦਾ ਅਗਲੇ ਮਹੀਨੇ, ਮੈਨੂੰ ਯਾਦ ਕਰ ਹੱਸਿਓ। ਭਾਦੋਂ ਦੇ ਚੁਮਾਸਿਆਂ ਦਾ, ਸੁਆਦ ਜ਼ਰਾ ਦੱਸਿਓ। ਸਾਰਾ ਸਾਲ ਤੂੰ ਡੰਗਰ ਪਾਲ਼ੇ, ਸਾਉਣ ’ਚ ਮੇਰੀ ਵਾਰੀ ਸੱਜਣਾ। ਨਾਨਕ ਦੁੱਧ ਦੇ ਭਰਨੇ ਭੰਡਾਰੇ, ਤੈਥੋਂ ਕੀ ਮੈਂ ਓਹਲਾ ਰੱਖਣਾ। ਮੈਂ ਉਹਦੇ ਪਿਆਰ ਤੋਂ ਇਸ ਮਹੀਨੇ, ਸਾਰਾ ਕੁਝ ਹੈ ਹਾਰਨਾ। ਵਾਇਦਿਆਂ ਦਾ ਪੱਕਾ ਨੀ ਓਹ ਆ ਗਿਆ ਮੱਝਾਂ ਚਾਰਨਾ। ਜਿੱਥੇ ਪੰਛੀ ਵਿੱਠ ਵੀ ਕੀਤੀ, ਕੀਤੀ ਨਾ ਉਸ ਯਾਰ ਪਲੀਤੀ। ਰੂੜੀਆਂ ਤੇ ਨਿੰਮਾਂ ਉਗਾਵੇ, ਵਿੱਚ ਕਾਲ਼ਾ ਭੂੰਡ ਪਾਥੀਆਂ ਗਾਵੇ। ਵਿਹੜੇ ਖਲੋਤੀ ਸਰਬ ਭਿਓਂ ਦਿੱਤੀ, ਸ਼ਰਾਰਤੀ, ਮੀਂਹ ਦੇ ਛੱਟੇ ਮਾਰਨਾ। ਵਾਇਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ। ਨਾਨਕ ਸਾਹਿਬ ਆਖੋ ਨੀ, ਉਹਨੇ ਨਹੀਂ ਕਿਸੇ ਤੋਂ ਹਾਰਨਾ। ਉਹ ਪਿਆਰ ਸਰਬ ਨੂੰ ਕਰਦਾ ਹੈ, ਤੇ ਉਸ ਦੀ ਹਰ ਇੱਕ ਜਰਦਾ ਹੈ। ਉਸ ਸਾਉਣ ਮਹੀਨੇ ਪਿਆਰਿਆਂ ਤੋਂ, ਖ਼ੁਸ਼ ਹੋ ਸਭ ਕੁਝ ਵਾਰਨਾ। ਵਾਇਦਿਆਂ ਦਾ ਪੱਕਾ ਨੀ, ਓਹ ਆ ਗਿਆ ਮੱਝਾਂ ਚਾਰਨਾ।
ਆਖੇ ਮਰਦਾਨੇ ਵਹੁਟੀ
ਆਖੇ ਮਰਦਾਨੇ ਵਹੁਟੀ, ਗੱਲ ਮੇਰੀ ਲੱਗਣੀ ਖੋਟੀ। ਨਾਨਕ ਨਾਲ਼ ਤੁਰਿਆ ਰਹਿਨੈ, ਪਿਓ ਉਹਦੇ ਖੋਲ਼ੀ ਹੱਟੀ। ਸੌਦਾ ਦੇਂਦਾ ਨਾ ਉਧਾਰ ਵੇ। ਛੱਡ ਦੇ ਨਾਨਕ ਦਾ ਪੱਲਾ, ਪਾਲ਼ ਪਰਿਵਾਰ ਵੇ। ਛੱਡ ਦੇ ਨਾਨਕ ਦਾ ਪੱਲਾ। ਉਹ ਬੇਦੀ ਕੁਲ ਦਾ ਜਾਇਆ, ਅਸੀਂ ਮੁਸਲਮਾਨ ਵੇ। ਰਬਾਬ ਨੂੰ ਚੁੱਕੀ ਫਿਰਦੈਂ, ਅੱਲਾ ਦਾ ਨਾਮ ਲੈ। ਰੱਬ ਮੰਨ ਮਗਰ ਲੱਗਿਆਂ, ਮੰਦਾ ਸਾਡਾ ਹਾਲ ਵੇ। ਛੱਡਦੇ ਨਾਨਕ ਦਾ ਪੱਲਾ, ਪਾਲ਼ ਪਰਿਵਾਰ ਵੇ। ਛੱਡਦੇ ਨਾਨਕ ਦਾ ਪੱਲਾ। ਉਹ ਉੱਚੀ ਕੁਲ ਦਾ ਜਾਇਆ, ਮਰਾਸੀ ਘਰ ਕਦੇ ਨਾ ਆਇਆ। ਮੰਨਾਂ ਘਰ ਤੇਰੇ ਆਵੇ, ਰੁੱਖੀ ਮਿੱਸੀ ਫੜ ਖਾਵੇ। ਤੱਕਿਆ ਮਰਦਾਨੇ ਬਾਬਾ, ਤੁਰਿਆ ਉਹਦੇ ਘਰ ਨੂੰ ਆਵੇ। ਆਖਣ ਲੰਗਰ ਛਕਾ ਵੇ। ਫੜ ਲਿਆ ਮਰਦਾਨੇ ਪੱਲਾ, ਸੱਚੇ ਪਾਤਸ਼ਾਹ ਵੇ। ਸਤਿਗੁਰੂ ਨਾਨਕ ਜੀ ਨੇ, ਹਿਰਦੇ ਦੇ ਸ਼ੱਕ ਮਿਟਾਏ। ਮਰਦਾਨਾ ਚੀਕਾਂ ਮਾਰੇ, ਸਤਿਗੁਰੂ ਕੁਣਕੇ ਮੂੰਹ ਪਾਵੇ। ਜਾਤਾਂ ਪਾਤਾਂ ਨਾ ਮੰਨਦਾ, ਆਖੇ ਜਪੋ, ਸਤਿ ਕਰਤਾਰ ਵੇ। ਓਸੇ ਹੱਥ ਸਭ ਦਾ ਪੱਲਾ, ਸੱਚਾ ਨਿਰੰਕਾਰ ਵੇ। ਓਸੇ ਹੱਥ ਸਭ ਦਾ ਪੱਲਾ। ਸਰਬ ਸ਼ੁਕਰਾਨੇ ਕਰਦੀ, ਨਾਨਕ ਨਾਨਕ ਨਿੱਤ ਗਾਵੇ। ਬੋਲੇ, ਧੰਨ ਗੁਰੂ ਨਾਨਕ ਸਾਹਿਬ, ਹਰ ਗੱਲ ਓਸੇ ਧਿਆਵੇ। ਕੰਨੀ ਰਬਾਬ ਸੁਣੇ ਉਹ, ਪੜ੍ਹੇ ਜਦ ਜਪੁਜੀ ਸਾਹਿਬ ਵੇ। ਫੜਿਆ ਦਿਸੇ ਉਸਦਾ ਪੱਲਾ, ਸਤਿ ਕਰਤਾਰ ਵੇ। ਫੜਿਆ ਦਿਸੇ ਓਸਦਾ ਪੱਲਾ।
ਰੁੱਖੀਂ ਆਲਣੇ ਸੜਦੇ
ਹਾਏ! ਮੈਂ ਰੁੱਖੀਂ ਆਲ੍ਹਣੇ ਸੜਦੇ ਵੇਖਣ ਤੋਂ ਪਹਿਲਾਂ ਲੋਕੋ ਮਰ ਕਿਉਂ ਨਾ ਗਈ। ਮੇਰੇ ਸਾਹਵੇਂ ਅੱਗ ਉੱਠੀ ਹਨੇਰੀ ਖੇਡ ਖੇਡੀ ਪੁੱਠੀ ਰੁੱਖ ਨੂੰ ਸਾੜ ਅੱਗੇ ਲੰਘ ਗਈ। ਹਾਏ! ਮੈਂ ਇਹ ਸਭ ਵੇਖਣ ਤੋਂ ਪਹਿਲਾਂ ਲੋਕੋ ਮਰ ਕਿਉਂ ਨਾ ਗਈ। ਉਸ ’ਤੇ ਚਿੜੀਆਂ ਦਾ ਆਲ੍ਹਣਾ ਸੀ, ਨਿੱਕੇ ਨਿੱਕੇ ਸੁੱਤੇ ਬੱਚੇ ਸੀ ਜਿੰਨਾਂ ਜੀਵਨ ਮਾਨਣਾ ਸੀ। ਅੱਗ ਉਹਨਾਂ ਤੱਕ ਕਿਵੇਂ ਪੁੱਜ ਗਈ। ਹਾਏ! ਮੈਂ ਇਹ ਸਭ ਵੇਖਣ ਤੋਂ ਪਹਿਲਾਂ, ਲੋਕੋ ਮਰ ਕਿਉਂ ਨਾ ਗਈ। ਲਾਈ ਮੇਰੇ ਆਪਣਿਆਂ ਨੇ ਅੱਗ, ਸਿੱਖ ਰਹੇ ਵੰਸ਼ ਮਾਰਨ ਦਾ ਚੱਜ, ਲੱਭਣਾ ਇਹਨਾਂ ਕੋਈ ਨਾ ਪੱਜ, ਕੁੱਲੀ ਜਦੋਂ ਆਪਣੀ ਸੜ ਗਈ। ਹਾਏ! ਮੈਂ ਇਹ ਸਭ ਵੇਖਣ ਤੋਂ ਪਹਿਲਾਂ ਲੋਕੋ ਮਰ ਕਿਉਂ ਨਾ ਗਈ। ਪਹਿਲਾਂ ਕੁੱਖਾਂ ਦੀ ਵਾਰੀ ਸੀ, ਹੁਣ ਰੁੱਖਾਂ ਦੀ ਵਾਰੀ ਹੈ। ਜੈਸੀ ਕਰਨੀ ਵੈਸੀ ਭਰਨੀ। ਕੁਦਰਤ ਦੀ ਲੀਲ੍ਹਾ ਨਿਆਰੀ ਹੈ। ਜੇ ਨਾ ਸਮਝ ਦੀਦੇ ਤੇਰੇ ਪਈ। ਹਾਏ! ਮੈਂ ਇਹ ਸਭ ਵੇਖਣ ਤੋਂ ਪਹਿਲਾਂ ਲੋਕੋ ਮਰ ਕਿਉਂ ਨਾ ਗਈ। ਵੇਖ ਸਰਬ ਸਾਰੀ ਰਾਤ ਨਾ ਸੁੱਤੀ, ਉਹਦੇ ਦਰਦ ਸੀਨੇ ਵਿੱਚ ਉੱਠੀ, ਬਖ਼ਸ਼ਿਆ ਨਾ ਬੇਜੁਬਾਨਿਆਂ ਨੂੰ, ਤੇਰੀ ਕੀਤੀ ਪੈਣੀ ਪੁੱਠੀ, ਦਮ ਘੁੱਟ ਮੌਤ ਤੇਰੀ ਜਦ ਹੋਈ। ਹਾਏ! ਮੈਂ ਰੁੱਖ ਸੜਦੇ ਵੇਖਣ ਤੋਂ ਪਹਿਲਾਂ ਲੋਕੋ ਮਰ ਕਿਉਂ ਨਾ ਗਈ।
ਸਮੁੰਦਰ ਦਿਆ ਪਾਣੀਆਂ
ਸਮੁੰਦਰ ਦਿਆ ਪਾਣੀਆ, ਤੂੰ ਕਿੰਨਾ ਖਾਰਾ ਵੇ। ਕਿਹੜਾ ਦਰਦ ਛੁਪਾਇਆ, ਜੋ ਏਨਾ ਭਾਰਾ ਵੇ। ਕਿੰਨੇ ਅੱਥਰੂ ਪੀਤੇ ਤੂੰ ਕਿ ਗ਼ਮ ਉਛਾਲ਼ੇ ਮਾਰੇ ਵੇ। ਸੁੱਕਣ 'ਤੇ ਲੂਣ ਬਣੇਂ, ਲੱਗਦਾ ਗ਼ਮ ਬਾਹਲ਼ੇ ਵੇ। ਤੇਰੇ ਨਾਲ ਦਾ ਨੀਰ ਨਦੀ, ਜੁੜ ਧਰਤੀ ਨਾਲ਼ੇ ਵੇ। ਬਣ ਪਾਕਿ ਪਵਿੱਤ ਜਿਹਾ, ਹਰ ਸੀਨਾ ਠਾਰੇ ਵੇ। ਇਹ ਸੁਣ ਸਮੁੰਦਰ ਨੇ, ਸੀ ਅੱਖੀਆਂ ਭਰ ਲਈਆਂ। ਬੋਲਿਆ ਸੱਚੀਆਂ, ਕੌੜੀਆਂ, ਸਰਬ ਚੁੱਪ ਜਰ ਲਈਆਂ। ਕਹਿੰਦਾ, ਉਹੀ ਪਾਕਿ ਪਵਿੱਤਰ ਹੈ ਜੋ ਧਰਤੀ ਅੰਦਰ ਹੈ ਬਾਹਰੀ ਤੇ ਸੁੱਕੀ ਜਾਂਦਾ, ਤੇਰਾ ਭੋਗਦਾ ਮੰਜ਼ਰ ਹੈ। ਡਰਦਾ ਮਿੱਟੀ ਮਿਲਾ, ਇੱਟਾਂ ਘੜ ਸਾੜ ਉਹਨਾਂ। ਕੰਧਾਂ ਕਰਕੇ ਰੱਬ ਦੇ ਨਾਮ, ਕਹਿਣਾ ਗਿਰਜਾ ਮੰਦਰ ਹੈ। ਮੈਂ ਖਾਰਾ ਬਣਿਆ ਕਾਰਨ ਤੇਰੇ, ਅਣਹੋਈਆਂ ਕਰਦਾ ਤੂੰ। ਤੂੰ ਕੁੱਖਾਂ-ਰੁੱਖਾਂ ਦਾ ਨਹੀਂ ਬਣਿਆ, ਮੇਰਾ ਕਿੰਞ ਬਣਦਾ ਤੂੰ। ਮੇਰੀ ਹਿੱਕ ਕਰੋੜਾਂ ਜੀਅ, ਮੈਨੂੰ ਪੀ ਜਿਨ੍ਹਾਂ ਜਿਊਣਾ। ਜੇ ਤੇਰਾ ਬਣ ਜਾਂਦਾ, ਤੂੰ ਸੀ ਰੋੜ੍ਹ ਮੁਕਾ ਦੇਣਾ। ਮੈਂ ਖਾਰਾ ਹੋ ਕੇ ਵੀ, ਤੇਰੇ ਕੰਮ ਆਉਂਦਾ ਹਾਂ। ਤੇਰੇ ਸਾਰੇ ਟੱਬਰ ਨੂੰ, ਲੂਣੇ ਭੋਜ ਖੁਆਉਂਦਾ ਹਾਂ। ਜਿਹੜਾ ਪਾਕਿ ਪਵਿੱਤਰ ਹੈ, ਉਸ ਨੂੰ ਤੂੰ ਸਾਂਭ ਕੇ ਰੱਖ। ਜੋ ਡਰਦਾ ਮੁੱਕਦਾ ਜਾਂਦਾ, ਉਹਦਾ ਹੀ ਸੁਣ ਲੈ ਪੱਖ। ਤੈਨੂੰ ਰਾਜ ਦੱਸਾਂ ਉਹਦਾ, ਜਿਹੜਾ ਘਟਦਾ ਜਾਂਦਾ ਏ। ਰੁੱਖ ਲਾਉਣ ’ਤੇ ਮਿੱਤਰਾ, ਉਹ ਉਤਾਂਹ ਨੂੰ ਆਉਂਦਾ ਏ। ਮੈਂ ਤੇਰਾ ਹੋਣ ਲਈ, ਅਸਮਾਨਾਂ ਵੱਲ ਉੱਡਦਾ ਹਾਂ। ਮੀਂਹ ਦੇ ਰਾਹੀਂ ਬਰਸ ਕੇ, ਤੇਰੇ ਤੀਕਰ ਪੁੱਜਦਾ ਹਾਂ। ਤੇ ਤੂੰ ਮੈਨੂੰ ਪੁੱਛਦਾ ਤਰਸ ਖਾ, ਕਿ ਕੀਕਰ ਖਾਰਾ ਏਂ। ਸੁਣ ਬੇੜਿਆਂ ਵਾਲ਼ਿਆ ਵੇ, ਤੂੰ ਮੈਨੂੰ ਪਿਆਰਾ ਏਂ। ਰੁੱਖ ਲਾਓ, ਸੁਨੇਹਾ ਸਮੁੰਦਰ ਦਾ, ਤੁਹਾਡੇ ਤੱਕ ਪਹੁੰਚਾਤਾ ਜੀ। ਕੁਦਰਤ ਦਾ ਕੋਈ ਜੀਵ ਵੀ, ਨਾ ਹੁਣ ਰਹੇ ਪਿਆਸਾ ਜੀ।
ਸੂਰਜਾ ਥੋੜ੍ਹਾ ਸੇਕ ਲਾ
ਅੱਜ ਗਰਮੀ ਬਹੁਤ ਹੈ ਦੋਸਤੋ। ਲੱਗਦਾ, ਕੋਈ ਸੂਰਜ ਨੂੰ ਰਿਹਾ ਭੜਕਾ। ਕਿ ਇਹ ਜੋ ਧਰਤੀ ਦੀਆਂ ਹਿੱਕਾਂ ਪਾੜੀ ਜਾਂਦੇ ਨੇ। ਥੋੜ੍ਹਾ ਸੇਕ ਲਾ। ਤਾਂ ਅੱਜ ਗਰਮੀ ਬਹੁਤ ਹੈ ਦੋਸਤੋ। ਇਹ ਧਰਤੀ ਪੁੱਟਦੇ ਜ਼ੋਰਾਂ ਨਾਲ਼, ਤੇ ਰੁੱਖ ਨਹੀਂ ਲਾਉਂਦੇ। ਮਨ-ਮਰਜ਼ੀਆਂ ਕਰਦੇ ਸੂਰਜਾ, ਮੇਰੇ ਮਨ ਨਹੀਂ ਭਾਉਂਦੇ। ਮੈਥੋਂ ਨਹੀਂ ਸਮਝਦੇ ਸੂਰਜਾ, ਤੂੰ ਹੀ ਸਮਝਾ। ਕਿ ਇਹ ਜੋ ਧਰਤੀ ਦੀਆਂ, ਹਿੱਕਾਂ ਪਾੜੀ ਜਾਂਦੇ ਨੇ। ਥੋੜ੍ਹਾ ਸੇਕ ਲਾ। ਤਾਂ ਅੱਜ ਗਰਮੀ ਬਹੁਤ ਹੈ ਦੋਸਤੋ। ਮੈਂ ਆਖਿਆ ਚੰਨ, ਬੱਦਲ਼ਾਂ ਤਾਈਂ, ਨਾ ਚੜ੍ਹਨ ਅਸਮਾਨੀ। ਨਾਲ਼ ਸਲਾਹ ਕਰ ਤਾਰਿਆਂ, ਰੋਕੀਏ ਮਨ-ਮਾਨੀ। ਇਹ ਰੁੱਖ ਵੱਢਣੋਂ ਨਹੀਂ ਹਟਦੇ, ਰਹੀ ਨਿੱਤ ਕੁਰਲਾ। ਤੇਰੀ ਗਰਮੀ ਕਾਰਨ ਸੂਰਜਾ, ਇਹਨਾਂ ਪਹੂ ਘਬਰਾ। ਨਹੀਂ ਤੇ ਇਹਨਾਂ ਧਰਤੀ ਪੁੱਟਣੋਂ ਨਹੀਂ ਹਟਣਾ, ਥੋੜ੍ਹਾ ਸੇਕ ਲਾ। ਤਾਂ ਅੱਜ ਗਰਮੀ ਬਹੁਤ ਹੈ ਦੋਸਤੋ। ਮਕਸਦ ਆਪਣਾ ਸੂਰਜਾ, ਦੇਈਏ ਗੱਲ ਸਮਝਾ। ਆਪਾਂ ਭਲਾ ਵੀ ਸੋਚਣਾ ਇਹਨਾਂ ਦਾ। ਮੇਰੇ ਨਾਨਕ ਸਾਹਿਬ ਦੀ ਲੁਕਾਈ ਆ। ਮੈਥੋਂ ਨਹੀਂ ਸਮਝਦੇ ਸੂਰਜਾ, ਬੇਨਤੀ ਕੀਤੀ ਤਾਂ। ਕਿ ਇਹ ਧਰਤੀ ਦੀਆਂ ਹਿੱਕਾਂ ਪਾੜੀ ਜਾਂਦੇ ਨੇ। ਥੋੜ੍ਹਾ ਸੇਕ ਲਾ। ਤਾਂ ਅੱਜ ਗਰਮੀ ਬਹੁਤ ਹੈ ਦੋਸਤੋ।
ਨਾ ਲਿਖਿਆ ਕਰ ਧੀਏ ਮੇਰੀਏ
ਨਾ ਲਿਖਿਆ ਕਰ ਧੀਏ ਮੇਰੀਏ ਨੀ ਸਾਡੇ ਰੀਤ ਨੀ ਹੈਗੀ। ਰਿਸਣ ਨਾ ਦੇਵੀਂ ਜ਼ਖ਼ਮਾਂ ਨੂੰ ਨੀ ਦੁਨੀਆ ਕੀ ਕਹੂਗੀ। ਐਵੇਂ ਨਾ ਕਲਮਾਂ ਘੜੀ ਜਾ ਨੀ ਕਾਨੀ ਸ੍ਰਾਪ ਦੇਊਗੀ। ਸਿਆਹੀ ਨਾ ਐਵੇਂ ਘੋਲ਼ ਕੁੜੇ ਨੀ ਕੱਪੜਾ-ਲੱਤਾ ਭਿਓਂਏਂਗੀ। ਕਾਪੀ ਨੂੰ ਰੱਖ ਕੇ ਸਾਮ੍ਹਣੇ ਨੀ ਲੇਖਾਂ ਲੇਖ ਲਿਖੀਂ ਨਾ। ਢੱਕੀ ਰਹਿ, ਚੁੱਪ ਕਰ ਬਹਿ ਨੀ ਅੱਖਰਾਂ ਵਿੱਚ ਦਿਸੀਂ ਨਾ। ਤੈਨੂੰ ਮਾਂ ਤੇਰੀ ਹਾਂ ਰੋਕਦੀ ਨੀ ਦੁੱਖ ਉਛਾਲ਼ੀਂ ਨਾ। ਗਏ ਨਾ ਲਿਖਿਆਂ ਬਹੁੜਨੇ ਨੀ ਸੱਜਣ ਭਾਲ਼ੀਂ ਨਾ। ਚੱਲ ਮੇਰੀ ਧੀਏ ਰਾਣੀਏ ਗੁਰਦੁਆਰੇ ਚੱਲੀਏ। ਨਾਨਕ ਸਾਹਿਬ ਤੋਂ ਸੇਧ ਲੈ ਓਸ ਰਸਤੇ ਚੱਲੀਏ। ਕਿਹਾ ਸਰਬ ਸਤਿਕਾਰ ਨਾਲ਼ ਨੀ ਮਾਂ ਮੈਨੂੰ ਲਿਖ ਲੈਣ ਦੇ। ਕਿਉਂ ਅੱਧ 'ਚੋਂ ਟੁੱਟਦਾ ਪਿਆਰ ਨੀ ਮਾਂ ਮੈਨੂੰ ਪੁੱਛ ਲੈਣ ਦੇ ਵਾਇਅਦਾ ਹੈ ਮੇਰਾ ਤੇਰੇ ਨਾਲ਼ ਮੈਂ ਕਰੂੰ ਸੁਹਣੇ ਵਿਹਾਰ, ਨੀ ਮਾਂ ਤੇਰੀ ਸਰਬ ਦੀ ਹੂਕ ਸੁਣੂਗਾ ਸਤਿ ਕਰਤਾਰ।
ਮੈਨੂੰ ਮੇਰੀ ਮੈਂ ਨਾਲ਼ ਪਿਆਰ ਹੋ ਗਿਆ
ਸੱਚ ਦੱਸਾਂ ਤੇ ਖਿੜ-ਖਿੜ ਹੱਸਾਂ। ਅੱਜ-ਕੱਲ੍ਹ ਮੈਂ ਤਾਂ ਲੋਕੋ ਰਾਤ-ਦਿਨ। ਆਪਣੇ ਮਗਰੇ ਆਪੇ ਨੱਸਾਂ। ਤੁਸੀਂ ਕਹੋਗੇ ਕੀ ਹੋ ਗਿਆ। ਆਪਣੀ ਕੀ ਕਹਾਣੀ ਦੱਸਾਂ। ਕਿ ਮੈਨੂੰ ਇਸ ਉਮਰ ਵਿੱਚ ਲੋਕੋ। ਮੇਰੀ ਮੈਂ ਨਾਲ਼ ਪਿਆਰ ਹੋ ਗਿਆ। ਮੈਂ ਨਾਲ਼ ਜਦ ਪਿਆਰ ਹੋ ਗਿਆ। ਸੋਹਣਾ ਮੈਂ, ਮੈਂ ਲਈ ਸੂਟ ਬਣਾਇਆ। ਸਿਰ ਪਿੰਡੇ ਨ੍ਹਾਇਆ, ਤਨ ’ਤੇ ਪਾਇਆ। ਸ਼ੀਸ਼ੇ ਮੂਹਰੇ ਅੜਕਾਂ ਕੱਢੀਆਂ। ਗਹਿਣਾ-ਗੱਟਾ ਮੈਂ ਨੂੰ ਪਾਇਆ। ਮੇਰੀ ਮੈਂ ਜਦ ਮੈਂ ਨਾਲ਼ ਫੱਬੀ। ਲੱਗੇ ਸੋਹਣੀ ਬੇੜਾ ਪਾਰ ਹੋ ਗਿਆ। ਮੈਨੂੰ ਮੇਰੀ ਏਸ ਉਮਰ ਵਿੱਚ। ਮੇਰੀ ਮੈਂ ਨਾਲ਼ ਪਿਆਰ ਹੋ ਗਿਆ। ਮੈਂ-ਮੈਂ ਨੂੰ ਜਦ ਖ਼ੁਦ ਸਜਾਇਆ। ਰੱਜ ਕੇ ਤੱਕਿਆ, ਅੱਥਰੂ ਭਰ-ਭਰ। ਰੁੱਸ ਕੇ ਬਹਿ ਗਈ, ਮਸਾਂ ਮਨਾਇਆ। ਕਿ ਮੈਂ ਕਿਉਂ ਮੈਂ ਦਾ ਕਦਰ ਨਾ ਪਾਇਆ। ਕਿਉਂ ਮੈਨੂੰ ਆਪਣੇ ਅੰਦਰ ’ਚੋਂ ਮੇਰਾ ਮੈਂ ਨਜ਼ਰੀਂ ਨਾ ਆਇਆ। ਮੈਂ-ਮੈਂ ਦੀ ਖ਼ੁਦ ਬੇਕਦਰੀ ਕੀਤੀ। ਤਾਂ ਮੇਰੀ ਮੈਂ ਦਾ ਜਿਊਣਾ ਲੋਕੋ। ਲੋਕਾਂ ਤੋਂ ਦੁਸ਼ਵਾਰ ਹੋ ਗਿਆ। ਪਰ ਹੁਣ ਮੈਨੂੰ, ਮੇਰੀ ਮੈਂ ਨਾਲ਼। ਹੱਦੋਂ ਵਧ ਕੇ ਪਿਆਰ ਹੋ ਗਿਆ। ਮੈਂ ਤੱਕਿਆ ਕਿ ਮੈਂ ਤਾਂ ਲੋਕੋ। ਆਪਣੀ ਸੋਹਣੀ ਜਿਹੀ ਮੈਂ ਨੂੰ। ਮੈਂ ਖ਼ੁਦ ਹੀ ਮਾਰਨ ਲੱਗੀ ਸੀ। ਜੋ ਮੇਰੀ ਮੈਂ ਨਾਲ਼ ਠੱਗੀ ਸੀ। ਫੇਰ ਮੈਂ ਮੈਂ ਦਾ ਸ਼ਿੰਗਾਰ ਕਰ ਲਿਆ। ਮੇਰਾ ਸੁਹਣਾ ਸਰਬ ਤਿਆਰ ਹੋ ਗਿਆ। ਮੈਨੂੰ ਇਸ ਉਮਰ ਵਿੱਚ ਲੋਕੋ। ਮੇਰੀ ਮੈਂ ਨਾਲ਼ ਪਿਆਰ ਹੋ ਗਿਆ। ਅੱਜ-ਕੱਲ੍ਹ ਮੈਂ ਰਿਸ਼ਤੇਦਾਰਾਂ ਦੇ ਨਾਲ਼ੋਂ। ਆਪਣੀ ਮੈਂ ਉੱਤੇ ਮਰਦੀ ਹਾਂ। ਸ਼ੀਸ਼ੇ ਮੋਹਰੇ ਆਪੇ ਬਹਿ ਕੇ। ਆਪਣੀਆਂ ਲਿਖੀਆਂ ਪੜ੍ਹਦੀ ਹਾਂ। ਮੈਂ ਨਾਲ਼ ਗੁਣਗੁਣਾ ਕੇ ਕਵਿਤਾ। ਆਪਣੀਆਂ ਸਿਫ਼ਤਾਂ ਕਰਦੀ ਹਾਂ। ਹੁਣ ਮੈਂ-ਮੈਂ ਦਾ ਯਾਰ ਹੋ ਗਿਆ। ਮੈਨੂੰ ਏਸ ਉਮਰ ਵਿੱਚ ਲੋਕੋ। ਮੇਰੀ ਮੈਂ ਨਾਲ਼ ਪਿਆਰ ਹੋ ਗਿਆ।
ਮਿੱਟੀ ਆਖ਼ਰ ਹੁੰਦੀ ਮਿੱਟੀ
ਮਿੱਟੀ ਆਖ਼ਰ ਹੁੰਦੀ ਮਿੱਟੀ, ਤੇ ਮਿੱਟੀ ਅਖ਼ੀਰ ਹੁੰਦੀ ਮਿੱਟੀ। ਇਹ ਦੁਨਿਆਵੀ ਚੋਲ਼ਾ ਛੱਡਦੀ, ਕੁਦਰਤ ਵਿੱਚ ਸਮਾਉਣ ਲਈ। ਵੱਖਰੇ ਵੱਖਰੇ ਰੂਪ ਹੰਢਾਉਂਦੀ, ਕਦੇ ਡਿੱਠੀ ਕਦੇ ਜਾਏ ਨਾ ਡਿੱਠੀ। ਕਦੇ ਬੋਲਦੀ ਮਾਖਿਉਂ ਮਿੱਠੀ, ਕਲਮ ਦਵਾਤਾਂ ਘੜ੍ਹ ਸਕਦੀ। ਲਿਖ ਕਿਤਾਬਾਂ ਪੜ੍ਹ ਸਕਦੀ, ਸਾਹ, ਉਮਰ ਨਾ ਲਿਖ ਸਕਦੀ। ਐਸੀ ਯਾਰ ਬਣਾਈ ਮਿੱਟੀ, ਆਪਣੇ ਹੱਥ ’ਚ ਡੋਰ ਰੱਖ ਲਈ। ਸੁਹਣੇ ਯਾਰ ਹਕੀਕੀ ਨੇ, ਵੱਖਰੇ ਰੂਪ 'ਚ ਘੜ੍ਹਨ ਲਈ। ਕਦੇ ਵੀ ਮਿੱਟੀ ਕਰਕੇ ਮਿੱਟੀ, ਮਿੱਟੀ ਮਿੱਟੀ ਤੋਂ ਸੜਵਾਵੇ। ਮਿੱਟੀ ਨੂੰ ਉਹ ਕਰਨ ਲਈ ਮਿੱਟੀ, ਬੰਦਾ ਸੁੱਖਾਂ ਨੂੰ ਰੋਂਦਾ ਰਹਿ ਜਾਏ। ਮਿੱਟੀ ਮੂੰਹ ਤੇ ਲਾਲੀ ਆਵੇ, ਖ਼ਾਕ ਬਣ ਜਦ ਸੜ੍ਹ ਕੇ ਜਾ ਕੇ। ਮਿੱਟੀ ਗਲ਼ੇ ਜਦ ਲੱਗਦੀ ਮਿੱਟੀ, ਸਰਬ ਨੇ ਮਿੱਟੀ ਰਲ਼ ਵੀ ਸੱਜਣਾ। ਤੇਰੇ ਪੈਰੀਂ ਲੱਗ ਹੀ ਜਾਣਾ, ਤੈਥੋਂ ਮਿੱਟੀ ਜਾਣੀ ਨਾ ਡਿੱਠੀ। ਨਿੱਤ ਸਵੇਰੇ ਸਿਜਦੇ ਕਰਦੀ, ਜਿਹੜੇ ਯਾਰ ਬਣਾਈ ਮਿੱਟੀ।
ਕਰੋਪੀ ਨਾ ਕਰਦੀ ਕੁਦਰਤ
ਬੜੇ ਦਿਨਾਂ ਤੋਂ ਸੁਣ ਰਹੀ ਹਾਂ, ਕਿ ਕਰੋਪੀ ਕਰਦੀ ਕੁਦਰਤ। ਕੁਦਰਤ ਕਦੇ ਨਾ ਬਦਲੇ ਲੈਂਦੀ, ਇਹ ਨਾ ਉਸਦੀ ਫ਼ਿਤਰਤ। ਉਸਦੇ ਤਾਂ ਨੇ ਭਰੇ ਭੰਡਾਰੇ, ਸੋਚ ਸਮਝ ਕੇ ਵੰਡੇ। ਉਸ ਦੀ ਜੋ ਬੇਅਦਬੀ ਕਰਦੇ, ਉਹਨਾਂ ਆਖਣ ਬੰਦੇ। ਓਸ ਤੇ ਨਾਜ਼ਕ ਕਲੀਆਂ, ਫੁੱਲਾਂ, ਉੱਤੇ ਸੁੱਟੀਆਂ ਕਣੀਆਂ। ਬੰਦੇ ਬੰਨ੍ਹ ਬਣਾ ਰੋਕੀਆਂ, ਬੰਦੇ ਤਾਂ ਮੁਸੀਬਤਾਂ ਬਣੀਆਂ। ਉਸ ਨਹੀਂ ਕਿਹਾ ਕਿ ਡੈਮ ਬਣਾਓ, ਬਿਜਲੀ ਪੈਦਾ ਕਰੋ। ਓਸ ਤੇ ਸੂਰਜ ਚੰਦ ਬਣਾਏ, ਸਮਾਂਬੱਧ ਨੇ ਵਰਤੋਂ ਕਰੋ। ਨਹੀਂ ਅਸੂਲ ਕਿ ਧਰਤੀ ਵਿੱਚੋਂ, ਕੱਢ ਕੇ ਰੱਖੋ ਹੀਰੇ। ਸੋਨੇ ਚਾਂਦੀ ਪਿੱਤਲ, ਅਨਾਜਾਂ, ਭਰ-ਭਰ ਰੱਖੋ ਜ਼ਖ਼ੀਰੇ। ਪੰਛੀ ਤੀਲਿਆਂ ਆਲਣਾ ਪਾਵੇ, ਢੱਠ ਜਾਵੇ ਤੇ ਫੇਰ ਬਣਾਵੇ। ਛੰਨਾਂ ਪਾ ਤੂੰ ਵੀ ਜੀਅ ਸਕਦਾ, ਲੈਂਟਰਾਂ ਥੱਲੇ ਆਪੇ ਆਵੇਂ। ਚੀਤੇ, ਸ਼ੇਰ ਤੇ ਹੋਰ ਜਾਨਵਰ, ਕੁਦਰਤ ਦੇ ਕਹਿਣੇ ਚੱਲਦੇ। ਇਨਸਾਨ ਨਹੀਂ ਧੀਰਜ ਨੂੰ ਧਰਦੇ, ਤਾਈਂਓ ਭੁੱਖੇ ਮਰਦੇ। ਸਰਬ ਤੂੰ ਖਿਲਵਾੜ ਬੰਦ ਕਰ, ਪਾਣੀ ਨੂੰ ਮਾਰ ਨਾ ਬੰਨ੍ਹ। ਆਪ ਕੀਤੀ ਨਾ ਓਸ ਦੀ ਕਹਿ, ਆਪਣੀ ਗ਼ਲਤੀ ਮੰਨ। ਕੁਦਰਤ ਦਾ ਸਤਿਕਾਰ ਕਰ, ਸਤਿ ਕਰਤਾਰ ਤੂੰ ਬੋਲ। ਉਹਦੀ ਨਗਰੀ ਆਪ ਵਸਾ ਲਊ, ਤੂੰ ਨਾ ਐਵੇਂ ਡੋਲ।
ਮੈਂ ਲਿਖਦੀ ਹਾਂ, ਕੁਦਰਤ ਲਈ
ਹਾਂ, ਹਾਂ ਇਹ ਸੱਚ ਹੈ ਜਾਣ ਲਓ। ਹਾਂ ਮੈਂ ਜਾਣ ਗਈ, ਤੁਸੀਂ ਜਾਣ ਲਓ। ਹਾਂ ਮੈਂ ਲਿਖਦੀ ਹਾਂ, ਕੁਦਰਤ ਬਚਾਵਣ ਲਈ। ਹਾਂ ਮੈਂ ਸੋਚ ਲਿਆ, ਲਿਖਣਾ ਬੱਸ ਓਸ ਲਈ। ਹਾਂ, ਹਾਂ ਮੈਂ ਤੱਕੇ ਨੇ ਅੱਜ ਸੁਰਮੇ ਰੰਗੇ ਬੱਦਲ਼। ਹਾਂ, ਹਾਂ ਮੈਂ ਵੇਖਿਆ ਹੈ, ਦੁੱਧ ਚਿੱਟਿਆਂ ਵੱਲ। ਹਾਂ, ਹਾਂ ਮੈਂ ਕਰ ਲਈਆਂ, ਉਹਨਾਂ ਸੰਗ ਅੱਖਾਂ ਚਾਰ। ਹਾਂ, ਹਾਂ ਮੈਂ ਨਿਕਲ਼ ਗਈ ਸੀ, ਬੱਦਲ਼ਾਂ ਦੇ ਨਾਲ਼। ਹਾਂ, ਹਾਂ ਮੈਂ ਪੱਟ ਲਿਆ ਹੈ, ਬੱਦਲ਼ੀ ਦਾ ਖ਼ਸਮ। ਹਾਂ, ਹਾਂ ਮੈਂ ਦਿਲ ਦੇ 'ਤਾ, ਕੱਢ ਲਓ ਸਭ ਭਰਮ। ਹਾਂ, ਹਾਂ ਮੈਂ ਸਿਵਾਉਣਾ ਹੁਣ, ਸੁਰਮੇ ਰੰਗਾ ਸੂਟ। ਹਾਂ ਮੈਂ ਸਿਵਾਉਣੀ ਹੈ, ਚਿੱਟੀ ਹੁਣ ਸਲਵਾਰ। ਹਾਂ, ਹਾਂ ਮੈਂ ਲੈਣੀ ਹੈ, ਚੁੰਨੀ ਬੱਦਲ਼ੀ ਰੰਗੀ। ਹਾਂ, ਹਾਂ ਮੈਂ ਗਈ ਹੁਣ, ਬੱਦਲ਼ ਦੇ ਸੰਗ ਮੰਗੀ। ਹਾਂ, ਹਾਂ ਓਸ ਸੁੱਟੀਆਂ ਸੀ, ਮੇਰੇ ਉੁੱਤੋਂ ਕਣੀਆਂ। ਹਾਂ ਮੈਂ ਦੇਤਾ ਦਿਲ, ਜਦ ਸਾਡਿਆਂ ਉੱਤੇ ਬਣੀਆਂ। ਹਾਂ, ਹਾਂ ਮੇਰੇ ਅੰਦਰ, ਨਹੀਂ ਕੋਈ ਫੇਰ-ਵਲ਼। ਹਾਂ ਮੈਂ ਕਰਨਾ ਸੀ, ਮਾਂ ਆਪਣੀ ਜਲ-ਥਲ। ਹਾਂ, ਹਾਂ ਮੈਂ ਦਿਲ ਵੱਟੇ, ਮੰਗ ਲਿਆਈ ਹਾਂ ਪਾਣੀ। ਹਾਂ, ਹਾਂ ਮੈਂ ਬਣਨਾ ਹੈ, ਬੱਦਲ਼ ਦੀ ਪਟਰਾਣੀ। ਹਾਂ ਓਸ ਧੋ ਦਿੱਤੇ, ਤੇਰੇ ਕੀਤੇ ਅੰਬਰ ਕਾਲ਼ੇ। ਹਾਂ, ਹਾਂ ਹੁਣ ਘੁੰਮਣਗੇ, ਮੇਰੀ ਮਾਂ ਧਰਤੀ ਦੁਆਲ਼ੇ। ਹਾਂ, ਹਾਂ ਮੈਂ ਹਾਂ ਦਗ਼ੇਬਾਜ਼, ਰੰਨ ਬੱਦਲ਼ ਦੀ ਹੋਈ। ਕੀ ਕਰਦੀ ਜਦ ਮੇਰੇ ਸਾਹਵੇਂ, ਜਾਂਦੀ ਧਰਤੀ ਮੋਈ। ਹਾਂ ਮੈਂ ਨਹੀਂ ਵੇਖ ਸਕੀ, ਸੜੇ ਰੁੱਖ ਤੇ ਸੜਿਆ ਘਾਹ। ਹਾਂ, ਹਾਂ ਮੈਂ ਕਰ ਲੈਣਾ, ਬੱਦਲ਼ ਸੰਗ ਵਿਆਹ। ਮੈਂ ਤੇਰੀਆਂ ਕਰਤੂਤਾਂ ਤੋਂ, ਆ ਗਈ ਸੀ ਤੰਗ। ਹਾਰ ਕੇ ਬੱਦਲ਼ ਦਿਲ ਦੇ ਕੇ, ਜਲ ਲਿਆਈ ਮੰਗ। ਚੁੱਪ ਹੋ ਕੇ ਬਹਿਜਾ, ਨਾ ਕਰ ਸਰਬ ਨੂੰ ਬਹੁਤਾ ਤੰਗ। ਬੱਦਲ਼ ਦੀ ਪਟਰਾਣੀ ਬਣ ਮੈਂ, ਰਹਿਣਾ ਕੁਦਰਤ ਸੰਗ।
ਰੋੜੇ ਵੀ ਜ਼ਰੂਰੀ ਮਜ਼ਬੂਤੀ ਲਈ
ਮੰਜ਼ਲ ਤੱਕ ਪਹੁੰਚਣ ਲਈ, ਜਨੂੰਨ ਹੋਣਾ ਚਾਹੀਦਾ। ਰੋੜੇ ਵੀ ਜ਼ਰੂਰੀ ਨੇ, ਮਜ਼ਬੂਤੀ ਦੇਣ ਲਈ। ਮੁਸ਼ਕਲਾਂ ਦਾ ਸ਼ੁਕਰੀਆ, ਜੋ ਸਮੇਂ ਸਿਰ ਆਈਆਂ। ਕੋਮਲ ਸਾਂ ਤਾਂ ਉਹ ਵੀ, ਬਣੀਆਂ ਮਜ਼ਬੂਤੀ ਲਈ। ਓਹਨਾਂ ਦਾ ਸ਼ੁਕਰੀਆ ਜੋ, ਵਿੱਚ ਗ਼ਰੀਬੀ ਛੱਡ ਗਏ। ਛੱਡ ਜਾਣੇ ਕਾਰਨ ਤਾਂ, ਅਸੀਂ ਪੁੱਟੇ ਕਦਮ ਕਈ। ਆ ਗਏ ਅੱਜ ਉਹ ਵੀ, ਜੋ ਤਰਸ ਨਾ ਖਾਂਦੇ ਸੀ ਆਖਾਂ ਜੀ ਆਇਆਂ ਨੂੰ, ਕੱਲੇ ਛੱਡ ਜਾਣ ਲਈ। ਕਾਰਨ ਤੇ ਪਤਾ ਲੱਗਾ, ਮਿਹਨਤ ਦੇ ਕਰਨੇ ਤੇ। ਮਜ਼ਬੂਤੀ ਤਾਕਤ ਕਿੰਨੀ, ਆਪਣੇ ਮਿਲਾਵਣ ਲਈ। ਫਿਰ ਕਿਉਂ ਨਾ ਸਰਬ ਦੱਸੋ, ਨਾਨਕ ਸਾਹਿਬ ਜਪੇ। ਸਤਿ ਕਰਤਾਰ ਨਾ ਕਿੰਞ ਕਹੇ, ਜਿਸ ਪਾਸੋਂ ਸੇਧ ਲਈ। ਉਹ ਕੁਦਰਤ ਦਾ ਰਾਜਾ, ਜੀਹਨੂੰ ੴ ਕਹਿੰਦੇ। ਓਸ ਭਾਣੇ ਵਿੱਚ ਰਹਿ ਕੇ, ਲਾਵਣ ਰੁੱਖ ਚੱਲ ਪਈ। ਜਿਹੜੇ ਸਾਹਵਾਂ ਵੰਡਦੇ ਨੇ, ਪਾਣੀ ਉੱਚਾ ਚੁੱਕਦੇ ਨੇ। ਧੁੱਪਾਂ ਠੰਡੀ ਛਾਂ ਦੇਂਦੇ, ਛੱਡਦੇ ਨਾ ਸਾਥ ਭਾਈ।
ਚੱਜ ਸਿੱਖਣਾ ਵਾ ਵਰੋਲ਼ੇ ਤੋਂ
ਸਿੱਖ ਲੈਣਾ ਚੱਜ ਅਸਾਂ, ਜ਼ਿੰਦਗੀ ਜਿਊਣ ਦਾ। ਵਾ-ਵਰੋਲ਼ੇ ਵਾਂਗ ਸੰਗ, ਸਭ ਨੂੰ ਘੁਮਾਉਣ ਦਾ। ਸਿਰ ਨਿਵਾਂ ਕੇ ਕਾਸ ਤੋਂ, ਚੱਲਦੀ ਰਹਾਂ ਮੈਂ ਦੋਸਤੋ! ਉਡਾਦਿਆਂ ਬਇੰਦਿਆ ਨੂੰ, ਤੱਕਾਂ ਕਿਉਂ ਨਾ ਦੋਸਤੋ! ਦਿਲ ਕਰੇ ਤੱਕਾਂ ਹਵਾਵਾਂ, ਸੱਜਰੀਆਂ ਸੁਹਾਵਣੀਆਂ। ਹਨੇਰੀਆਂ ਵੀ ਤੱਕ ਲਵਾਂ, ਪੱਤਿਆਂ ਉਡਾਵਣੀਆਂ। ਵਾ ਵਰੋਲ਼ੇ ਵੇਖਣਾ ਮੈਂ, ਖਾਂਦਾ ਘੁੰਮਣ-ਘੇਰੀਆਂ। ਗੱਲਾਂ ਕਰ ਲੋਕੀਂ ਹੱਸਣਦੇ, ਤੇਰੀਆਂ ਤੇ ਮੇਰੀਆਂ। ਵੇਖਾਂ ਕਿੱਦਾਂ ਦੇਈ ਜਾਂਦਾ, ਮਿੱਟੀ ਉਡਾ ਝਕਾਨੀਆਂ। ਸਿੱਖਣੀਆਂ ਮੈਂ ਇਹਦੇ ਕੋਲ਼ੋਂ, ਕਰਨੀਆਂ ਨਦਾਨੀਆਂ। ਨਾਲ਼ੇ ਇਹਦੇ ਕੋਲ਼ੋਂ ਮੈਂ, ਸਿੱਖਣੀਆਂ ਦਲੇਰੀਆਂ। ਕਿੱਦਾਂ ਡਿੱਕ-ਡੋਲੇ ਖਾਂਦਾ, ਖਿੱਚ ਲੈਂਦਾ ਢੇਰੀਆਂ। ਸਿੱਖਣਾ ਮੈਂ ਇਹਦੇ ਕੋਲ਼ੋਂ, ਡਿੱਗ-ਡਿੱਗ ਉੱਠਣਾ। ਆਖ਼ਰ ਮਿੱਟੀ ਕਿੰਞ ਸਮਾਵੇ, ਓਸ ਕੋਲੋਂ ਪੁੱਛਣਾ। ਦੱਸੂ ਉਹ ਅੰਦਾਜ਼ ਕਿੱਦਾਂ, ਜਿੱਤੀ ਬਾਜ਼ੀ ਹਾਰੀਦੀ। ਭੁੱਲੇ ਕਦੇ ਨਾ ਚੇਤਾ, ਜਿੰਦ ਸੋਹਣਿਆਂ ਇੰਞ ਵਾਰੀਦੀ। ਨਵੇਂ ਇਸਤੋਂ ਅੰਦਾਜ਼ ਸਿੱਖ, ਮੈਂ ਨਵੀਂ ਪੈੜ ਤੁਰੂੰਗੀ। ਨਵੇਂ ਰੁਖ ਦੀ ਕਵਿਤਾ ਲਿਖ, ਦੁਨੀਆਂ ਤੋਂ ਮਰੂੰਗੀ। ਲੋਕ ਦੱਸਣ ਕਿ ਗਰਮੀ ਕਾਰਨ, ਆਉਂਦੇ ਵਾ ਵਰੋਲ਼ੇ। ਸਰਬ ਮੰਨਦੀ ਸਤਿ ਕਰਤਾਰ, ਇਹ ਤੇਰੇ ਰੰਗ ਨਿਰਾਲੇ।
ਕੁਦਰਤ ਪੱਤਿਆਂ ’ਚੋਂ ਸੁਰ ਕੱਢ ਦੇਣੇ
ਕੁਦਰਤ ਆਈ ਤੇ ਆਈ ਜਦ, ਪੱਤਿਆਂ ’ਚੋਂ ਸੁਰ ਕੱਢ ਦੇਣੇ ਨੇ। ਪਾਣੀ ਲਹਿਰਾਂ, ਰਲ਼ ਨਾਲ਼ ਬੱਦਲ਼ਾਂ ਦੇ, ਫਿਰ ਆਪ ਵਜਾਉਣੇ ਛੈਣੇ ਨੇ। ਕਦੇ ਵਜਾਉਣੇ ਅਵਾਜ਼ ਪਪੀਹੇ, ਕਦੇ ਕੋਇਲਾਂ ਦੀਆਂ ਕੂੰ-ਕੂੰ ’ਚੋਂ। ਚਿੜੀਆਂ, ਕਾਂਵਾਂ, ਪਸ਼ੂਆਂ ’ਚੋਂ, ਕਦੇ ਹਾਥੀਆਂ ’ਚੋਂ, ਕਦੇ ਗਿੱਦੜਾਂ ’ਚੋਂ। ਕਦੇ ਸ਼ੇਰਾਂ ਦੀਆਂ ਦਹਾੜਾਂ ’ਚੋਂ, ਕਦੇ ਖੱਡਾਂ ਕਦੇ ਪਹਾੜਾਂ ’ਚੋਂ। ਕੁਦਰਤ ਨੇ ਸੁਰ ਕੱਢ ਦੇਣੇ ਨੇ, ਕਦੇ ਜੰਗਲ਼ਾਂ ਤੇ ਕਦੇ ਬੇਲਿਆਂ ’ਚੋਂ। ਕਦੇ ਬੱਕਰੀਆਂ ਕਦੇ ਲੇਲਿਆਂ ’ਚੋਂ, ਕਦੇ ਕੁੱਕੜਾਂ ਤੇ ਕਦੇ ਮੋਰਾਂ ’ਚੋਂ। ਕਦੇ ਕੂੰਜਾਂ ਕਦੇ ਚਕੋਰਾਂ ’ਚੋਂ। ਕਦੇ ਵਗਦੀਆਂ ਤੇਜ਼ ਹਵਾਵਾਂ ’ਚੋਂ, ਕਦੇ ਮੱਝੀਆਂ ’ਚੋਂ, ਕਦੇ ਗਾਂਵਾਂ ’ਚੋਂ। ਕੁਦਰਤ ਨੇ ਸੁਰ ਕੱਢ ਦੇਣੇ ਨੇ, ਕਦੇ ਮੀਂਹ ਦੀਆਂ ਕਣੀਆਂ ’ਚੋਂ। ਪੱਛੋਂ ਪੁਰੇ ਵਗਾ ਕਦੇ, ਤੇਜ ਹਵਾਵਾਂ ਜਣੀਆਂ ’ਚੋਂ। ਹਰ ਜੀਅ ਦੀ ਮਾਂ ਦੀਆਂ ਲੋਰੀਆਂ ’ਚੋਂ, ਉਸ ਨੇ ਸੁਰ ਕੱਢ ਦੇਣੇ ਨੇ। ਤੈਥੋਂ ਉਸ ਦੇ ਵਰਗੇ ਨਹੀਂ ਵੱਜਣੇ, ਜਿੰਨੇ ਮਰਜ਼ੀ ਕੱਢੀ ਜਾਂਦਾ ਏ। ਕੁਦਰਤ ਦੀਆਂ ਨਿਸ਼ਾਨੀਆਂ ਜੋ, ਦੋਹੀਂ ਹੱਥੀਂ ਵੱਢੀ ਜਾਂਦਾ ਏਂ। ਕੱਟੇ ਰੁੱਖ ਚੱਜ ਵੇਖਦਾ ਜੇ, ਤਣੇ ਉਮਰਾਂ ਦੀਆਂ ਲੀਕਾਂ ਨੇ। ਸਬਰ-ਸ਼ੁਕਰ ਕਰ ਰੁੱਖੀ ਮਿੱਸੀ, ਖਾ ਰੱਬ-ਰੱਬ ਕਰ ਲੈਣ ਦਿਓ। ਸਰਬ ਦੇ ਰਾਗ ਨਾ ਛੇੜਿਓ, ਚੀਕਾਂ ਵਿੱਚ ਚੀਕਾਂ ਨੇ। ਪਿੱਪਲ਼-ਬੋਹੜ ਲਗਾ ਧਰਤੀ ’ਤੇ, ਸੌਖੇ ਸਾਹ ਜੇ ਲੈਣੇ ਤੈਂ। ਕੁਦਰਤ ਜਦ ਮਨ ਭਾਇਆ ਤੂੰ, ਓਸ ਪੱਤਿਆਂ ਸੁਰ ਕੱਢ ਦੇਣੇ ਨੇ। ਪਾਣੀ ਦੀਆਂ ਲਹਿਰਾਂ ਸੰਗ ਮਿਲ਼ ਕੇ, ਫਿਰ ਆਪ ਵਜਾਉਣੇ ਛੈਣੇ ਨੇ।
ਕਾਸ਼! ਤੂੰ ਤੇ ਮੈਂ ਕਿਤਾਬ ਹੁੰਦੇ
ਕਾਸ਼! ਤੂੰ ਤੇ ਮੈਂ ਕਿਤਾਬ ਹੁੰਦੇ, ਉਹਦੇ ਵਰਕੇ ਨਹੀਂ ਸਫ਼ੇ ਹੁੰਦੇ। ਕੁਝ ਅੱਖਰ ਉੱਤੇ ਉੱਕਰ ਜਾਂਦੇ, ਸਾਡੇ ਹੋ ਉੱਤੇ ਛਪ ਬਹਿੰਦੇ। ਜਿੰਨਾ ਮਰਜ਼ੀ ਕੋਈ ਪਲਟਦਾ, ਇੱਕ ਦੂਜੇ ਨਾ ਜੁਦਾ ਹੁੰਦੇ। ਕਿਸੇ ਰੁੱਖ ਤਣੇ ਜਾਏ ਹੁੰਦੇ, ਤੇ ਕਾਗਜ ਬਣ ਛਾਏ ਹੁੰਦੇ। ਕਵੀ ਕਵਿਤਾ ਲਿਖ ਸਾਨੂੰ ਜੋੜਦਾ, ਹਰ ਗੱਲ ਨੂੰ ਵੱਲ ਨਾਲ਼ ਮੋੜਦਾ। ਕੋਈ ਆਸ਼ਕ ਜਦ ਸਾਨੂੰ ਪੜ੍ਹਦਾ, ਫੁੱਲ ਗੁਲਾਬ ਦਾ ਵਿੱਚ ਧਰਦਾ। ਦੁੱਧ-ਚਿੱਟੇ ਕੱਠੇ ਰਹਿ ਜਿਉਂਦੇ, ਬਣ ਖ਼ਾਕੀ ਬੁੱਢੇ ਹੋ ਜਾਂਦੇ। ਜਿਹੜੇ ਪੜ੍ਹਦੇ ਉਹ ਕਦਰ ਕਰਦੇ, ਬੇਕਦਰਾਂ ਨਾ ਨਜ਼ਰ ਚੜ੍ਹਦੇ। ਸਰਬ ਕਿਤਾਬ ਜਦ ਖੋਲ੍ਹਦੀ, ਮੂੰਹੋਂ ਸਤਿ ਕਰਤਾਰ ਬੋਲਦੀ ਹੋ ਓਸ ’ਤੋਂ ਫਿਰ ਫ਼ਿਦਾ ਜਾਂਦੇ। ਕਾਸ਼! ਤੂੰ ਤੇ ਮੈਂ ਕਿਤਾਬ ਹੁੰਦੇ, ਉਹਦੇ ਵਰਕੇ ਨਹੀਂ ਸਫ਼ੇ ਹੁੰਦੇ।
ਮੈਨੂੰ ਤੇ ਸਭ ਚੰਗੇ ਲੱਗਦੇ
ਮੈਨੂੰ ਤੇ ਸਭ ਚੰਗੇ ਲੱਗਦੇ, ਕਿਸ-ਕਿਸ ਦੀ ਤਾਰੀਫ਼ ਕਰਾਂ। ਰੁੱਖ-ਪਹਾੜ, ਰੇਤ ਇਨਸਾਨ, ਹਰ ਇੱਕ ਨੂੰ ਘੜਿਆ ਭਗਵਾਨ। ਵਿਖਦਾ ਨਾ ਕੋਈ ਬੇਈਮਾਨ, ਸਭ ਭਾਣੇ ਉਸ ਦੇ ਦਿਸਦੇ ਨੇ। ਜਿਹੜਾ ਸਭ ਨੂੰ ਦਾਤਾਂ ਵੰਡਦਾ, ਚੋਜ ਓਸੇ ਦੇ ਦਿਸਦੇ ਨੇ। ਮਾਪੇ ਧਰਤ ’ਤੇ ਮੇਲ ਕਰਾ ਕੇ, ਹਰ ਜੀਅ ਪੈਦਾ ਕਰਦਾ ਉਹ। ਮਾਂਵਾਂ ਦੇ ਹਿੱਕ ਲਾ ਥਣਾਂ ਨੂੰ, ਪੇਟ ਨਿੱਕਿਆਂ ਭਰਦਾ ਉਹ। ਵੱਡੇ ਹੋ ਧਰਤੀ ਦੀ ਹਿੱਕ ’ਚੋਂ, ਦਾਣੇ ਖਾਂਦੇ ਦਿਖਦੇ ਨੇ। ਜਿਹੜਾ ਸਭ ਨੂੰ ਦਾਤਾਂ ਵੰਡਦਾ, ਚੋਜ ਓਸੇ ਦੇ ਵਿਖਦੇ ਨੇ। ਡਾਕਟਰ ਵੀ ਬਣਾਏ ਹੋਣੇ, ਦੁੱਖ ਇਹਨਾਂ ਦੇ ਹਰਨ ਲਈ। ਕੈਂਚੀ ਨਹੀਂ ਫੜਾਈ ਹੋਣੀ, ਕੁੱਖਾਂ ਖ਼ਾਲੀ ਕਰਨ ਲਈ। ਦਾਤਰ ਸੁੱਕੇ ਵੱਢਣ ਲਈ ਹੋਣੇ, ਹਰੇ ਵੱਢਦੇ ਦਿਖਦੇ ਨੇ। ਦਾਤਰ ਕੈਂਚੀਆਂ ਤੱਕ ਵੇਖਿਆ, ਚੋਜ ਓਸੇ ਦੇ ਵਿਖਦੇ ਨੇ। ਕਾਗ਼ਜ-ਕਲਮ ਦਵਾਤਾਂ ਸਿਆਹੀ, ਕਿੰਨੀ ਮਿਹਨਤ ਨਾਲ਼ ਬਣਾਈ। ਫੇਰ ਸਰਬ ਦੇ ਹੱਥ ਫੜਾਈ, ਕਿ ਸੋਹਣੀ-ਸੋਹਣੀ ਲਿਖ ਲਿਖਾਈ। ਕਵੀ ਕਦੇ ਅਧਿਆਪਕ ਤੱਕਾਂ, ਜੋ ਵਿੱਚ ਪੰਜਾਬੀ ਲਿਖਦੇ ਨੇ। ਨਿਗ੍ਹਾ ਭਲੀ, ਗੁਰਬਾਣੀ ਲਿਖੀ ਜਿਨ, ਚੋਜ ਓਸੇ ਦੇ ਵਿਖਦੇ ਨੇ।
ਮੁੜ ਆ ਕਵਿਤਾ ਦੇ ਮਹਿਰਮਾ
ਮੁੜ ਆ ਕਵਿਤਾ ਦੇ ਮਹਿਰਮਾ, ਲਿਖੋ ਫੱਟੀ ਇੱਕ ਓਅੰਕਾਰ। ਮਾਤਾ ਦੀ ਕੁੱਖ ਨੂੰ ਭਾਗ ਲਾ, ਧਾਰੋ ਜੱਗ ਤੇ ਫਿਰ ਅਵਤਾਰ। ਤ੍ਹਾਨੂੰ ਜਪੁਜੀ ਸਾਹਿਬ ਉਡੀਕ ਰਿਹਾ, ਨਾਲ਼ ਲੈ ਆਓ ਇੱਕ ਓਅੰਕਾਰ। ਵੱਢੇ ਰੁੱਖ ਤੇ ਕੁਤਰੇ ਕੁੱਖ, ਇਨਸਾਫ਼ ਲਈ ਕਰਦੇ ਪਏੇ ਪੁਕਾਰ। ਏਥੇ ਓਸ ਨੂੰ ਮੰਦਾ ਆਖਦੇ, ਜੋ ਜੰਮਦੀਆਂ ਨੇ ਰਾਜਾਨ। ਢਿੱਡ ਜੱਗ ਦਾ ਭਰਨ ਵਾਲੇ, ਸੜਕੀਂ ਰੋਣ ਕਿਸਾਨ। ਨਾਨਕ ਸਾਹਿਬ ਅਰਜ਼ ਹੈ ਕਰਾਂ, ਹੱਟੀ ਸਤਿ ਦੀ ਖੋਲ੍ਹ ਦਿਉ। ਤੱਕੜੀ ਸੱਚ ਦੇ ਵੱਟੇ ਰੱਖ ਕੇ, ਫਿਰ ਤੇਰਾ-ਤੇਰਾ ਤੋਲ ਦਿਉ। ਕੱਚੀ ਗਾਚੀ ਫੱਟੀ ਪੋਚ ਕੇ, ਕਲਯੁਗੀ ਪਾਂਧਿਆਂ ਦਿਓ ਪੜ੍ਹਾ। ਹੱਕੀ ਪਹਿਰੇਦਾਰਾਂ ਹੱਥ, ਇਨਸਾਫ਼ ਦੀ ਤੱਕੜੀ ਦਿਓ ਫੜਾ। ਮਲਕ ਭਾਗੋ ਜਿਹੀਆਂ ਖ਼ੂਨੀ ਰੋਟੀਆਂ, ਨਿਚੋੜ ਤੋੜ ਹੰਕਾਰ। ਇੱਕ ਵਾਰੀ ਸਾਰੀ ਧਰਤ ਫਿਰ, ਬਾਬਾ, ਜਪੇ ਨਿਰੰਕਾਰ। ਤੇਰੀ ਸਰਬ ਉਡੀਕੇ ਦਾਤਿਆ, ਸਿਰ ਹੱਥ ਧਰ ਦੇਈਂ ਪਿਆਰ। ਜਿਹੜੀ ਹਰ ਕਵਿਤਾ ਨੂੰ ਲਿਖ ਕੇ, ਜਪਦੀ ਸਤਿ ਕਰਤਾਰ।
ਹਾਂ ਅਸੀਂ ਅਨਪੜ ਹਾਂ
ਹਾਂ, ਹਾਂ ਅਸੀਂ ਅਨਪੜ੍ਹ ਹਾਂ। ਨਹੀਂ ਵੇਖਣਾ ਆਉਂਦਾ ਸਾਨੂੰ ਟਾਈਮ। ਟਾਈਮ ਪੀਸ ਦੀਆਂ ਸੂਈਆਂ ਤੱਕ। ਸਾਡੇ ਵੇਲੇ ਕਿੱਥੇ ਹੁੰਦੀਆਂ ਸੀ ਘੜੀਆਂ। ਸਾਨੂੰ ਤੇ ਮਾਂ ਨੇ ਦੱਸਿਆ ਹੈ। ਨਿਤਨੇਮ ਵੇਲਾ, ਤੜਕੇ ਵੇਲਾ, ਸੰਝ ਵੇਲ਼ਾ ਰਹਿਰਾਸ ਸਾਹਿਬ ਵੇਲਾ, ਆਥਣ ਵੇਲ਼ਾ। ਸੌਂਣ ਵੇਲ਼ਾ ਤੇ ਉੱਠਣ ਵੇਲ਼ਾ। ਮਾਪਦੇ ਸੀ ਅਸੀਂ ਮਾਂ ਤੇ ਦਾਦੀ, ਦੀ ਮਧਾਣੀ ਦੀ ਅਵਾਜ਼ ਤੋਂ ਸੰਝ ਵੇਲ਼ਾ। ਪੰਛੀਆਂ ਨੂੰ ਆਲ੍ਹਣਿਆਂ ਵੱਲ ਪਰਤਦੇ ਵੇਖ। ਲੱਗਦਾ ਸੀ ਪਤਾ ਆਥਣ ਵੇਲ਼ਾ। ਸਾਨੂੰ ਤਾਂ ਬਲਦਾਂ ਦੀਆਂ ਟੱਲੀਆਂ ਤੋਂ ਬਾਬੇ ਦੇ ਬੋਲਣ ਦੀ ਅਵਾਜ਼ ਤੋਂ। ਕੁੱਕੜ ਦੀ ਬਾਂਗ ਤੋਂ, ਪਤਾ ਲੱਗਦਾ ਸੀ, ਕਿ ਹੋ ਗਿਆ ਪ੍ਰਭਾਤ ਵੇਲ਼ਾ। ਅਸਾਂ ਤਾਂ ਸਿੱਖਿਆ ਕੰਧਾਂ ਤੇ ਰੁੱਖਾਂ ਦੇ ਪਰਛਾਵੇਂ ਵੇਖ, ਵੇਖਣਾ ਲੋਢਾ ਵੇਲ਼ਾ। ਬਣਦੀ ਸੀ ਚਾਹ ਘਰਾਂ, ਸ਼ਾਹ ਵੇਲੇ। ਸੂਰਜ ਦੇ ਛਿਪਣ ਵੇਲ਼ੇ ਨੂੰ ਤੱਕ, ਰੋਟੀ ਟੁੱਕ ਵੇਲ਼ਾ ਕਹਿੰਦੇ ਸਾਂ। ਚੋਂਦੇ ਸਾਂ ਮੱਝਾਂ ਤੇ ਗਾਂਵਾਂ। ਪਾਉਂਦੇ ਸਾਂ ਡੰਗਰਾਂ ਥੱਲੇ, ਰੂੜੀ ਤੋਂ ਸੁੱਕ। ਜਿੱਥੇ ਨਿੱਘੇ ਹੋ ਸੌਂਦੇ ਸਨ ਉਹ। ਕੱਟਿਆਂ-ਕੱਟੀਆਂ, ਵੱਛੇ ਵੱਛੀਆਂ ਸੰਗ। ਤੇ ਕਰਦੇ ਸੀ ਉਗਾਲ਼ੀਆਂ, ਸਾਰੀ ਰਾਤ। ਦਿਨੇ ਖਾਧੇ ਹਰੇ ਪੱਠੇ, ਤੂੜੀ ਦੀਆਂ। ਅਸੀਂ ਤਾਂ ਵੇਖਿਆ ਹੈ ਸਮਾਂ। ਮੰਜੀਆਂ ਦੇ ਪਰਛਾਵੇਂ ਤੱਕ। ਸੂਰਜ ਦੇ ਚੜ੍ਹਨ ਤੇ ਛਿਪਣ ਨਾਲ਼। ਚੜ੍ਹਦਾ ਤੇ ਢਲ਼ਦਾ ਵੇਖਿਆ ਦਿਨ। ਗਿਣਦੇ ਸਾਂ ਦਿਨ ਅਸੀਂ। ਪੁੰਨਿਆਂ, ਮੱਸਿਆ ਤੇ ਚੰਦ ਵੇਖ। ਮਹੀਨਾ ਪਤਾ ਲੱਗਦਾ, ਸੰਗਰਾਂਦ ਸੁਣ, ਪਿੰਡ ਦੇ ਗੁਰਦੁਆਰੇ ਵਾਲ਼ੇ ਬਾਬੇ ਕੋਲ਼ੋਂ। ਸਾਡੀਆਂ ਘੜੀਆਂ ਸੈੱਲਾਂ ਦੀਆਂ, ਮੁਹਤਾਜ ਨਹੀਂ ਸੀ ਕਿ ਰੁਕ ਜਾਵੇ, ਘੜੀ ਦੀ ਠੁੱਕ ਠੁੱਕ, ਸੈੱਲ ਮੁੱਕਣ ਤੇ। ਸਾਡੀ ਘੜੀ ਬੰਦੇ ਥੋੜ੍ਹੀ ਬਣਾਈ। ਬਣਾਈ ਹੈ ਆਪ ਕੁਦਰਤ ਨੇ। ਸੂਰਜ, ਚੰਦ ਤਾਰਿਆਂ ਨੂੰ ਕਾਰਜ ਸੌਂਪ। ਹਵਾਵਾਂ ਤੇ ਰੁੱਤਾਂ ਦੀ ਪਹਿਰੇਦਾਰੀ ਹੇਠ। ਜਿਸ ਬਾਰੇ ਤੈਨੂੰ ਕਿੱਥੇ ਪਤਾ। ਤੂੰ ਕਿੱਥੇ ਮਾਣ ਸਕਿਆ ਇਹ ਸਭ। ਇਸ ਲਈ ਸਾਨੂੰ ਨਹੀਂ ਆਉਂਦਾ। ਵੇਖਣਾ ਤੁਹਾਡਾ ਟਾਈਮ ਪੀਸ। ਹਾਂ ਤੂੰ ਕਹਿ ਸਕਦਾ ਹੈਂ ਮੈਨੂੰ ਕਿ ਸਰਬ ਤੂੰ ਅਨਪੜ੍ਹ ਹੈਂ। ਜੋ ਐਨਾ ਕੁਝ ਜਾਣਦੀ ਏਂ। ਤੇ ਲਿਖਦੀਂ ਏ ਕਵਿਤਾ ਸੁਵੱਖਤੇ ਵੇਲ਼ੇ। ਕਰ ਕੁਦਰਤ ਨੂੰ ਨਮਸਕਾਰ। ਤੇ ਮਾਣਦੀ ਏਂ ਨਾਨਕ ਸਾਹਿਬ ਦੀ ਰਜ਼ਾ ਜਪਦੀ ਹੋਈ ਸਤਿ ਕਰਤਾਰ।
ਪਿਆਰ ਦੀ ਔੜ
ਇਨਸਾਨਾਂ ਵਿੱਚ ਪਿਆਰ ਦੀ ਔੜ ਹੈ, ਕੁੱਖਾਂ ਉਜਾੜਨ ਤੋਂ ਕਿਨ ਵਰਜਣਾ। ਜਿੰਨਾ ਧਰਤੀ ਪਿਆਸੀ ਕਰ ਦਿੱਤੀ, ਰੁੱਖਾਂ ਦਾ ਦਰਦ ਕੀ ਸਮਝਣਾ। ਇਹ ਤੋਹਫਾ ਸੀ ਇੱਕ ਕੁਦਰਤ ਦਾ, ਉਸ ਸਭ ਹਵਾਲੇ ਇਸ ਕੀਤਾ। ਫੁੱਲ-ਫਲ਼ ਦੇ ਕੇ ਖਾਣ ਨੂੰ, ਸਭ ਏਸ ਦੇ ਅੱਗੇ ਧਰ ਦਿੱਤਾ। ਇਹਨਾਂ ਜਦ ਬੇਅਦਬੀ ਕੀਤੀ, ਕਰਤੀ ਓਸ ਦੁਬਾਰਾ ਸਿਰਜਣਾ। ਜਿੰਨਾ ਧਰਤੀ ਪਿਆਸੀ ਕਰ ਦਿੱਤੀ। ਰੁੱਖਾਂ ਦਾ ਦਰਦ ਕੀ ਸਮਝਣਾ, ਇਹ ਤੜਕੇ ਉੱਠ ਕੇ ਨਾਮ ਜਪਣ ਲਈ। ਤਸਬੀ ਹੱਥੀਂ ਫੜਦਾ ਹੈ, ਗੁਰਦੁਆਰੇ, ਮੰਦਰ, ਮਸਜਦ, ਜਾ ਇਹ ਸਿਜਦੇ ਕਰਦਾ ਹੈ। ਦਿਨੇ ਉਹਨਾਂ ਹੱਥਾਂ ਫੜ ਆਰੀ, ਰੁੱਖਾਂ, ਕੁੱਖਾਂ ਵੱਢਦਾ ਹੈ। ਇਹਨਾਂ ਵਰਦਾਨਾਂ ਨੂੰ ਪਾਉਣ ਲਈ, ਇੱਕ ਦਿਨ ਇਹਨਾਂ ਤਰਸਣਾ। ਜਿੰਨਾ ਧਰਤੀ ਪਿਆਸੀ ਕਰ ਦਿੱਤੀ, ਰੁੱਖਾਂ ਦਾ ਦਰਦ ਕੀ ਸਮਝਣਾ। ਇਸ ਵਾਰ ਮੈਂ ਵਾਰਿਸ ਸ਼ਾਹ ਨੂੰ। ਨਹੀਂ ਅਵਾਜ਼ਾਂ ਮਾਰਨਾ। ਮੈਂ ਫਿਰ ਤੋਂ ਨਾਨਕ ਸਾਹਿਬ ਨੂੰ, ਉਦਾਸੀਆਂ ਨਹੀਂ ਚਾੜ੍ਹਨਾ। ਸਰਬ ਨੇ ਜ਼ਿੰਮੇਵਾਰ ਬਣ, ਕਰਨੀ ਸਖ਼ਤੀ ਨਾਲ਼ ਤਾੜਨਾ। ਆਪਣੀ ਗੱਲ ਕਹਿਣੀ ਠੋਕ ਕੇ, ਹੱਕਾਂ ਲਈ ਨਹੀਂ ਤਰਸਣਾ। ਜਿੰਨਾ ਧਰਤੀ ਪਿਆਸੀ ਕਰ ਦਿੱਤੀ, ਕੁਦਰਤ ਦਾ ਦਰਦ ਕੀ ਸਮਝਣਾ।
ਬੱਦਲ ਮਲੰਗ ਕਰਦਾ ਤੰਗ
ਆਹ ਜੋ ਬੱਦਲ਼ ਹੈ ਨਾ, ਮਲੰਗ ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ। ਮੈਂ ਕੰਮ ’ਤੇ ਜਾਵਾਂ ਜਦ, ਉੱਡਦਾ ਹੈ ਮੇਰੇ ਸੰਗ-ਸੰਗ। ਆਹ ਜੋ ਬੱਦਲ਼ ਹੈ ਨਾ ਮਲੰਗ, ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ। ਪਾਣੀ ਉਡਾ ਸਮੁੰਦਰਾਂ ਤੋਂ, ਮੇਰੇ ਤੇ ਪਤਲਾ ਕਰ ਸੁੱਟਦਾ ਕੰਜੂਸ, ਮੱਖੀ-ਚੂਸ ਫਿਰ ਬੂੰਦਾਂ ਮੂੰਹ ਭਰ ਕੇ, ਵਿਗੜਿਆ ਭਿਓਂ ਦੇਂਦਾ ਮੇਰਾ ਅੰਗ-ਅੰਗ ਆਹ ਜੋ ਬੱਦਲ਼ ਹੈ ਨਾ ਮਲੰਗ, ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ। ਕਦੇ ਬਰਫ਼ ਦੇ ਟੁਕੜੇ ਕਰ ਦਿਖਾਵੇ ਮੈਨੂੰ ਰੰਗ ਬਦਲ਼ ਭਰਮਾਵੇ ਕਦੇ ਪੱਤਿਆਂ ’ਤੇ ਬਹਿ ਵੇਖੇ ਨਾ ਕਰੇ ਹਰਾਮੀ ਸੰਗ-ਸੰਗ ਆਹ ਜੋ ਬੱਦਲ਼ ਹੈ ਨਾ ਮਲੰਗ, ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ। ਮੈਂ ਚੜ੍ਹਾਂ ਜਦ ਵੱਲ ਚੁਬਾਰੇ ਮੈਨੂੰ ਵੇਖ ਕੇ ਬੜ੍ਹਕਾਂ ਮਾਰੇ ਇਹ ਜਿੰਦਰੇ ਲਾ ਦੇਂਦਾ ਸਾਰੇ ਤਾਰਿਆਂ ਨਾਲੇ ਚੰਦ-ਚੰਦ ਆਹ ਜੋ ਬੱਦਲ਼ ਹੈ ਨਾ ਮਲੰਗ, ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ। ਹੁਣ ਜਦ ਮੇਰਾ ਦਿਲ ਆਇਆ ਕਹਿੰਦਾ ਮੈਂ ਤਿਹਾਇਆ ਹੁਣ ਰੋ-ਰੋ ਮੁੱਕ ਚੱਲਿਆ ਜਿਹੜਾ ਉੱਡਦਾ ਸੀ ਵਾਂਗ ਪਤੰਗ-ਪਤੰਗ ਆਹ ਜੋ ਬੱਦਲ਼ ਹੈ ਨਾ ਮਲੰਗ, ਇਹ ਮਲੰਗ ਮੈਨੂੰ ਕਰਦਾ ਹੈ ਤੰਗ-ਤੰਗ।
ਵੇ ਦਿਲ ਬਿਜੜੇ ਦੇ ਆਲ੍ਹਣੇ
ਵੇ ਦਿਲ ਬਿਜੜੇ ਦੇ ਆਲ੍ਹਣੇ ’ਤੇ ਆ ਗਿਆ, ਮੈਂ ਭੁੱਲ ਗਈ ਮਹਿਲ ਸੋਹਣਿਆਂ। ਵੇ ਸਾਨੂੰ ਕੱਖਾਂ ਦਿਆਂ ਤੀਲਿਆਂ ਨੇ ਭਾਅ ਲਿਆ, ਰਹੀ ਨਾ ਵੱਸ ਗੱਲ ਸੋਹਣਿਆਂ। ਇਹ ਚੰਦਰਾ ਤੇ ਹਵਾ ਤੋਂ ਨਾ ਡਰਦਾ, ਜੜ੍ਹ ਕੱਚੀ ਆਲਣੇ ਦੀ ਤਾਂਹੀਓਂ ਘੜਦਾ। ਪੀਂਘ ਪਿਆਰ ਵਾਲੀ ਪਾਈ, ਵਿੱਚ ਸੇਜ ਵੀ ਵਿਛਾਈ। ਮੇਰੇ ਆਉਣ ਦੀ ਖ਼ਬਰ ਜਦ ਆਈ, ਸਜਾ ’ਤਾ ਪਲ-ਪਲ ਸੋਹਣਿਆਂ। ਦਿਲ ਬਿਜੜੇ ਦੇ ਆਲਣੇ ’ਤੇ ਆ ਗਿਆ, ਮੈਂ ਭੁੱਲ ਗਈ ਮਹਿਲ ਸੋਹਣਿਆਂ । ਤੀਲਾ-ਤੀਲਾ ਕਰ ਘਰ ਨੂੰ ਸਜਾਇਆ ਏ, ਕੂਲ਼ੇ-ਕੂਲ਼ੇ ਅੰਗ ਘਾਹ ਦੇ ਲਿਆਇਆ ਏ। ਮੈਂ ਨਵਾਂ ਇਤਿਹਾਸ ਬਣਾਉਣਾ, ਬਿਜੜੇ ਨਾਲ ਵਿਆਹ ਕਰਵਾਉਣਾ। ਰੁੱਖ਼ਾਂ ਕੱਟ ਜੋ ਸੇਜਾਂ ਬਣੀਆਂ, ਸਰਬ ਉਹਨਾਂ ’ਤੇ ਨੀਂਦ ਨਾ ਆਉਂਣਾ। ਤੂੰ ਮੰਨ ਮੇਰੀ ਗੱਲ ਸੋਹਣਿਆਂ, ਵੇ ਦਿਲ ਬਿਜੜੇ ਦੇ ਆਲ੍ਹਣੇ ’ਤੇ ਆ ਗਿਆ। ਮੈਂ ਭੁੱਲ ਗਈ ਮਹੱਲ ਸੋਹਣਿਆ। ਸਾਨੂੰ ਪਤਾ ਮੀਂਹ-ਨੇਰੀ ਆਉਣਾ, ਜਿਹਨਾਂ ਨੇ ਆਣ ਆਲਣਾ ਢਾਹੁਣਾ। ਪਿਆਰ ਦੀ ਤਾਕਤ ਵੇਖੀਂ ਸੱਜਣਾ, ਅਸਾਂ ਫਿਰ ਨਵਾਂ ਆਲਣਾ ਪਾਉਣਾ। ਕੁੱਖੀਂ ਕਦੇ ਨਾ ਬੱਚੀਆਂ ਮਾਰਨਾ, ਰੁੱਖਾਂ ’ਤੇ ਜ਼ਿੰਦਗੀ ਨੂੰ ਗੁਜ਼ਾਰਨਾ। ਕਹਾਂ ਮੈਂ ਸੱਚੀ ਗੱਲ ਸੋਹਣਿਆਂ, ਵੇ ਦਿਲ ਬਿਜੜੇ ਦੇ ਆਲ੍ਹਣੇ ’ਤੇ ਆ ਗਿਆ। ਮੈਂ ਭੁੱਲ ਗਈ ਮਹੱਲ ਸੋਹਣਿਆਂ।
ਰੱਬ ਵੱਲੋਂ ਮੀਂਹ ਪਾਇਆ ਜਾਊਗਾ
ਲੱਗਦਾ ਏ ਰੱਬ ਵੱਲੋਂ ਮੀਂਹ ਪਾਇਆ ਜਾਊਗਾ। ਚੰਦ ਦੇ ਦੁਆਲ਼ੇ ਪੰਚਾਇਤ ਕੱਠੀ ਹੋਈ ਵੇਖੀ। ਮੀਂਹ ਪਾਉਣਾ ਕਿ ਭੂਰ ਪਾਉਣੀ, ਸੁੱਟਣੇ ਜਾਂ ਗੜੇ। ਕਿੱਦਾਂ ਤੋੜਨੇ ਬੱਦਲ਼, ਕਿੰਞ ਸੁੱਟਣੀਆਂ ਬਿਜਲੀਆਂ। ਚਲਾਉਣੀ ਆਂ ਹਨੇਰੀ ਜਾਂ ਵਗਾਉਣੀ ਠੰਡੀ ਸੀਤ ਹਵਾ। ਲੇਖਾ-ਜੋਖਾ ਲੱਗਦਾ ਏ ਸਾਰਾ ਲਾਇਆ ਜਾਊਗਾ। ਲੱਗਦਾ ਏ ਰੱਬ ਵੱਲੋਂ ਮੀਂਹ ਪਾਇਆ ਜਾਊਗਾ। ਕਾਲ਼ੀਆਂ ਘਟਾਵਾਂ ਡਰਾਵੇ ਦੇ ਜਾਣਗੀਆਂ। ਤਾਂਕਿ ਲੋਕੀਂ ਧਰਤੀ ਦੇ ਕੱਖ-ਕਾਨਾ ਸਾਂਭ ਲੈਣ। ਦਿਨ ਵੇਲ਼ੇ ਕਣੀਆਂ ਤੇ ਟਿਪ-ਟਿਪ ਬੂੰਦਾਂ ਪੈਣ। ਸ਼ਾਮ ਵੇਲ਼ੇ ਬੰਦ ਹੋਜੂ, ਮੀਂਹ ਏਸ ਵਾਸਤੇ ਕਿ ਪਸ਼ੂ-ਪੰਛੀ ਸਾਰੇ ਢਿੱਡ ਦਾਣਾ ਚੁਗ ਭਰ ਲੈਣ। ਲੱਗਦਾ ਪੰਚਾਇਤ ਨੇ ਫ਼ੈਸਲਾ ਇਹ ਕਰ ਦਿੱਤਾ ਕਿ ਸ਼ਾਮ ਢਲ਼ੀ ਤੇ ਛਮ-ਛਮ ਝੜੀ ਲਾਇਆ ਜਾਊਗਾ। ਲੱਗਦਾ ਏ ਰੱਬ ਵੱਲੋਂ ਮੀਂਹ ਪਾਇਆ ਜਾਊਗਾ। ਸਾਰਾ ਸਾਲ ਸਾਡੀਆਂ ਤੇ ਸਾਉਣ ਮੱਝਾਂ ਤੇਰੀਆਂ। ਫੰਡਰਾਂ ਵੀ ਏਸ ਰੁੱਤੇ, ਕਰ ਦੇਵੇਂ ਲਵੇਰੀਆਂ। ਚੂਹਿਆਂ ਦੀਆਂ ਖੁੱਡਾਂ ਤਾਈਂ ਜਲ-ਥਲ ਕਰੀ ਜਾਵੇ। ਸੁੱਕਿਆਂ ਨੂੰ ਸੁੱਟ ਕੇ ਕਰੂੰਬਲੀਆਂ ਨਾਲ਼ ਭਰੀ ਜਾਵੇ। ਧਰਤੀ ’ਚੋਂ ਪ੍ਰਵਾਨੇ ਕੱਢ ਦੀਵਿਆਂ ਦੇ ਵੱਲ ਭਜਾਵੇ। ਕਿ ਵੱਟ ਸੁਵੱਟਾ ਕਰ ਨਵੀਂ ਜੂਨੇ ਪਾਇਆ ਜਾਊਗਾ। ਜਦੋਂ ਸਭ ਦਾ ਦਾਤਾ ਆਪਣੀ ਕਰਨੀ ’ਤੇ ਆਊਗਾ। ਓਸ ਵੇਲ਼ੇ ਰੱਬ ਵੱਲੋਂ ਮੀਂਹ ਪਾਇਆ ਜਾਊਗਾ। ਬਿੱਠਾਂ ਰਾਹੀਂ ਜਿਹੜੇ ਸੁੱਕੇ ਬੀਜ ਡੇਗੇ ਪੰਛੀਆਂ ਨੇ। ਇੱਟਾਂ ਦੀਆਂ ਕੰਧਾਂ ਉੱਤੇ ਬੋਹੜ ਨੂੰ ਉਗਾਊਗਾ। ਸੁੱਕੀਆਂ ਨਮੋਲ਼ੀਆਂ ’ਚੋਂ ਨਿੰਮਾਂ ਉੱਗ ਪੈਣੀਆਂ। ਸਵੱਲੀ ਝੜੀ ਵਿੱਚ ਜਦ ਰੱਬ ਨੇ ਠਰੱਕਾ ਲਾਇਆ ਸਰਬ ਰੂੜੀਓਂ ਖੁੱਗ ਨਿੰਮ ਵਿਹੜੇ ਵਿੱਚ ਲਾਊਗਾ। ਪਪੀਹੇ ਵਾਂਗ ਪਿਆਰ ਜਦ ਚੜ੍ਹ ਪ੍ਰਵਾਨ ਗਿਆ। ਅੰਮ੍ਰਿਤ ਵੇਲ਼ੇ ਬਰਸਣਹਾਰ ਮਿਲਣ ਜਦ ਆਊਗਾ। ਓਸ ਵੇਲ਼ੇ ਰੱਬ ਵੱਲੋਂ ਮੀਂਹ ਪਾਇਆ ਜਾਊਗਾ।
ਮਿੱਟੀ ਤੋਂ ਇਨਸਾਨ ਨੇ ਬਣਦੇ
ਮਿੱਟੀ ਤੋਂ ਇਨਸਾਨ ਨੇ ਬਣਦੇ, ਹੁੰਦੇ ਇੱਕ ਦਿਨ ਮਿੱਟੀ। ਮਿੱਟੀ ਨਾਲ਼ ਕੋਠੇ ਛੱਤ ਪਾਕੇ, ਜਾਣ ਮਿੱਟੀ ਨਾਲ ਲਿੱਪੀ। ਕਈ ਮਿੱਟੀ ਦੀਆਂ ਇੱਟਾਂ ਲਾ ਕੇ, ਕਰਦੇ ਖੜ੍ਹਾ ਮਕਾਨ। ਘਰ ਉਹਦਾ ਨਾਮ ਬੰਦਿਆ, ਜਿੱਥੇ ਵੱਸਦੇ ਨੇ ਇਨਸਾਨ। ਕਈਆਂ ਨੇ ਮਕਾਨ ਬਣਾ, ਲਾਤੇ ਸ਼ੀਸ਼ੇ ਪੱਥਰ ਰਗੜ ਕੇ। ਵੱਢ ਕੇ ਰੁੱਖਾਂ ਸੇਜ ਬਣਾਈ, ਵਿੱਚ ਹੀਰੇ-ਮੋਤੀ ਜੜਤੇ। ਕੋਈ ਇਹਨਾਂ ਕੋਠੀ ਆਖੇ, ਕੋਈ ਆਖੇ ਮਹਿਲ ਨੇ ਪਾਏ। ਮਹਿਲ ਕਦੇ ਨਾ ਘਰ ਬਣਨੇ, ਜਿੰਨਾ ਕਹਿਰ ਇਹ ਢਾਹੇ। ਹਿੱਕ ਮਿੱਟੀ ਦੀ ਪਾੜ ਕੇ ਤੂੰ, ਕੱਢ ਧਾਤੂ ਵਸਤੂਆਂ ਘੜਦੈਂ ਆਪਣੀ ਜਾਈ ਜਾਏ ਫ਼ਰਕ ਕਰ, ਕੁੱਖਾਂ ਜ਼ਖ਼ਮੀ ਕਰਦੈਂ। ਧਰਤੀ ਤੇ ਵਿਨਾਸ਼ ਵਾਲ਼ਿਆ, ਕਿਸ ਲਈ ਬੰਗਲੇ ਪਾਉਂਦੈਂ। ਵੱਢਣੋਂ ਰੁੱਖਾਂ ਹਟ ਜਾ ਹੁਣ, ਮਕਾਨ ਨੂੰ ਘਰ ਜੇ ਚਾਹੁੰਦੈਂ। ਮਿੱਟੀ ਹਾਂ ਤੇਰੀ ਖ਼ਾਤਰ ਮੈਂ, ਹਰ ਰੰਗ ਢਲ਼ਦੀ ਆਈ। ਪਰ ਤੂੰ ਬੰਦਿਆਂ ਆਪਣੀ ਵਾਰੀ, ਫ਼ਰਜ਼ਾਂ ਮਿੱਟੀ ਪਾਈ। ਕਦੇ ਸੁੱਟੇਂ ਅਸਮਾਨੀ ਧੂੰਏਂ, ਕਦੇ ਪਾਣੀ ਗੰਧਲਾ ਕਰਦੈਂ। ਮਹਿਲ ਮਾੜੀਆਂ ਕੀ ਕਰਨੇ, ਜਦ ਸਾਹ ਬਿਨ ਮੁੱਕੇ ਘਰਦੇ। ਹੱਥ ਜੋੜ ਸਰਬ ਕਰੇ ਬੇਨਤੀ, ਰੁੱਖ ਵੱਢਣੇ ਬੰਦ ਕਰਦੇ। ਕਾਦਰ ਆਪਣੀ ਕੁਦਰਤ ਨਾਲ, ਬਹੁਤੇ ਖਿਲਵਾੜ ਨਾ ਜਰਦੇ। ਮਿੱਟੀ ਨਾਲ਼ ਮਕਾਨ ਨੇ ਬਣਦੇ, ਜੀਆਂ ਨਾਲ਼ ਬਣਦੇ ਘਰ। ਕੁਦਰਤ ਦੇ ਕਹਿਰ ਤੋਂ ਡਰ, ਮਿੱਟੀਏ, ਮਿੱਟੀ ਨਾ ਬਰਬਾਦ ਕਰ।
ਮਾਂਵਾਂ ਸਾਡੀਆਂ ਸਮਝਾ ਗਈਆਂ
ਮਾਂਵਾਂ ਸਾਡੀਆਂ ਸਮਝਾ ਗਈਆਂ, ਦੂਰੋਂ ਇਸ਼ਾਰੇ ਛੱਡੋ ਜੀ। ਰੁੱਸੇ ਨੂੰ ਮਨਾ ਲੈਣਾ, ਪਾਟੇ ਨੂੰ ਸਿਉਂ ਲੈਣਾ। ਨਿਮਰਤਾ ਨਾਲ਼ ਕੰਮ ਲੈਣਾ, ਦਿਲ ’ਚੋਂ ਨਾ ਕੱਢੋ ਜੀ। ਸਬਰ ਸੰਤੋਖ ਨਹੀਂ ਛੱਡਣਾ, ਲਿਆਕਤ ਦਾ ਪਾ ਗਹਿਣਾ ਜੀ। ਮਿੱਠਾ ਮੂੰਹੋਂ ਬੋਲਣਾ, ਹਾਸੇ ਵਿੱਚ ਮਿਸ਼ਰੀ ਘੋਲਣਾ। ਮੂਰਖੈ ਨਾਲ਼ ਨਹੀਂ ਜੂਝਣਾ, ਪਿਆਰਾਂ ਤੋਂ ਕੰਮ ਲੈਣਾ ਜੀ। ਬਣ ਸਦਾ ਹੀ ਸਿੱਖ ਰਹਿਣਾ, ਸਿੱਖਦੇ ਸਦਾ ਹੀ ਰਹਿਣਾ ਜੀ। ਕਿਰਤ ਕਰਨਾ ਵੰਡ ਛਕਣਾ, ਪੱਥਰ ਨਾਲ਼ ਸਿਰ ਨਹੀਂ ਮਾਰਨਾ। ਗੁਰੂ ਗੁਰੂ ਗੋਬਿੰਦ ਸਿੰਘ ਮੰਨਣਾ, ਕਾਹਲ਼ੇ ਕਦੇ ਨਾ ਪੈਣਾ ਜੀ। ਮੇਰੇ ਬਾਬੇ ਲੋਕਾਂ ਆਖਿਆ,ਤੇਰੇ ਲਈ ਏਥੇ ਕੋਈ ਟਿਕਾਣਾ ਨਹੀਂ। ਏਥੇ ਸਭੇ ਸੰਤ ਮਹਾਤਮਾ, ਤੇਰੀ ਨਹੀਂ ਟਿਕਣੀ ਏਥੇ ਆਤਮਾ। ਬਾਬੇ ਗੜ੍ਹਵੀ ਫ਼ੁੱਲ ਧਰ ਕਿਹਾ, ਉਹਨਾਂ ਅਗਾਂਹ ਲੰਘ ਜਾਣਾ ਜੀ। ਏਸੇ ਲਈ ਪੰਜਾਬੀ ਦੇ ਵਾਰਸੋ, ਸਰਬ ਕਿਸੇ ਅੱਗੇ ਨਾ ਬੋਲੋ ਜੀ। ਉਹ ਵੰਡੀਆਂ ਦੇ ਮਾਹਰ, ਅਸੀਂ ਸਹਿਜ ਨਿਮਾਣੇ ਸ਼ਾਇਰ। ਸਾਡੀ ਤੱਕੜੀ ਨਾਨਕ ਹੱਥ, ਜਿਹੜਾ ਤੇਰਾ-ਤੇਰਾ ਤੋਲੇ ਜੀ।
ਮੈਂ ਸੁਣਿਆ ਤੇਰੇ ਦਰਬਾਰ ਵਿੱਚ
ਮੈਂ ਸੁਣਿਆ ਤੇਰੇ ਦਰਬਾਰ ਵਿੱਚ, ਸਭ ਬੋਲ ਪੁਗਾਏ ਜਾਂਦੇ ਨੇ। ਸਿਰ ਦੇ ਕੇ ਤੈਨੂੰ ਸਿੰਘਾ ਵੇ, ਫਿਰ ਕੌਲ ਨਿਭਾਏ ਜਾਂਦੇ ਨੇ। ਮੈਂ ਸੁਣਿਆ ਤੇਰੇ ਵਿਹੜੇ ਵਿੱਚ, ਰੱਬ ਬੂਟੇ ਲਾਏ ਪਿਆਰ ਸੀ। ਸਿੱਖੀ ਦਾ ਧਰਮ ਬਚਾਉਣ ਲਈ, ਉਹ ਵਾਰ ਦਿੱਤੇ ਤੂੰ ਚਾਰ ਸੀ। ਅਸੀਂ ਸਿੱਖੀ ਧਾਰਨ ਕਰਨ ਲਈ ਤੇਰੇ ਦੱਸੇ ਰਾਹਾਂ ’ਤੇ ਤੁਰਨ ਲਈ ਪਹਿਨੇ ਪੰਜ ਕਕਾਰ ਨੇ ਪਰ ਤੇਰੇ ਵਾਗੂੰ ਸਿੰਘਾ ਕਿੰਨੇ ਪੁੱਤ ਵਾਰਨੇ ਚਾਰ ਨੇ। ਤੂੰ ਮਾਂ ਵਾਰੀ, ਤੇ ਪਿਉ ਵਾਰਿਆ, ਦਿੱਤੇ ਗੁਰਸਿੱਖੀ ਦੇ ਭੰਡਾਰ ਨੇ। ਪਰ ਤੇਰੇ ਵਾਗੂੰ ਸਿੰਘਾ ਕਿੰਨੇ, ਪੁੱਤ ਵਾਰਨੇ ਚਾਰ ਨੇ। ਤੂੰ ਮੈਨੂੰ ਦੇ ਅਸ਼ੀਰਵਾਦ, ਕਿ ਤੇਰੇ ਪੰਜ ਕਕਾਰ ਸਜਾ ਲਵਾਂ। ਤੂੰ ਪੁੱਤ ਵਾਰੇ ਸੀ ਧਰਮ ਲਈ, ਮੈਂ ਤੇਰੀ ਕੁਦਰਤ ਨੂ ਬਚਾ ਲਵਾਂ। ਮੈਂ ਨਾਨਕ ਸਾਹਿਬ ਦਾ ਨਾਮ ਲੈ ਕੇ, ਨਾਲੇ ਜਪਣੇ ਇੱਕ ਓਅੰਕਾਰ ਨੇ। ਪਰ ਤੇਰੇ ਵਾਂਗੂੰ ਸਿੰਘਾ ਕਿੰਨੇ ਪੁੱਤ ਵਾਰਨੇ ਚਾਰ ਨੇ।
ਆਟੇ ਦੀ ਚਿੜੀ
ਇੱਕ ਚਿੜੀ ਆਟੇ ਦੀ ਪਈ, ਕੋਲ਼ ਪਰਾਤ ਦੇ ਰੋਵੇ। ਮੇਰੇ ਵੱਲ ਉਹ ਤੱਕੀ ਜਾਵੇ, ਨਾਲੇ ਦਿਲ ਦੇ ਦਰਦ ਲੁਕੋਵੇ। ਮੈਂ ਕਿਹਾ ਭੈਣੇ ਦਿਲ ਦੀ ਦੱਸ, ਕੀ ਤੇਰੇ ਨਾਲ ਹੋਈ। ਕਾਹਤੋਂ ਸੁੱਖੀ-ਸਾਦੀਂ ਜਾਵੇਂ ਬੈਠ ਪਰਾਤ ਕੋਲ ਰੋਈ। ਕਹਿੰਦੀ ਕੋਈ ਗੱਲ ਨਹੀਂ ਏਡੀ, ਮਨ ਮੇਰਾ ਭਰ ਆਇਆ। ਬਾਹਰੋਂ ਤੇਰਾ ਨਿੱਕਾ ਮੁੰਡਾ, ਜਦ ਭੱਜਾ-ਭੱਜਾ ਆਇਆ। ਨਾ ਗੁੰਨ੍ਹ ਆਟਾ ਮਾਂ ਤੂੰ, ਮੈਂ ਬਾਹਰੋਂ ਪੀਜ਼ਾ ਮੰਗਵਾਇਆ। ਮੈਂ ਕਿੰਨੀ ਦੁਖੀ ਸੀ ਹੁੰਦੀ, ਜਦ ਤੂੰ ਮੈਨੂੰ ਤੀਲੇ ਟੰਗ ਦੇਂਦੀ। ਮੈਨੂੰ ਦੰਦੀਆਂ ਵੱਢ-ਵੱਢ ਖਾਂਦਾ, ਤੇ ਤੂੰ ਹੱਸਦੀ ਉਸ ਵੇਂਹਦੀ। ਉਧਰੋਂ ਦੂਰੋਂ ਭਖਦਾ ਤੰਦੂਰ ਵੀ ਰੋਈ ਜਾਵੇ। ਮੈਂ ਵੀ ਚਿੜੀਏ ਭੁਰਦਾ ਜਾਂਦਾ, ਕੋਈ ਨਾ ਮੈਨੂੰ ਤਾਵੇ। ਅੱਜ ਕਈ ਦਿਨਾਂ ਦੇ ਬਾਅਦ, ਸੀ ਮੇਰੀ ਵਾਰੀ ਆਈ। ਮੁੱਕ ਜੇ ਪੀਜ਼ਾ, ਜਿਸਨੇ ਸਾਰੀ ਕੀਤੀ ਖੂਹ ਵਿੱਚ ਪਾਈ। ਮਾਂ ਚੁੱਪ ਕਰ ਆਟਾ ਗੁੰਨ੍ਹ ਕੇ, ਦਿੱਤਾ ਪਲੇਥਣ ਲਾ। ਆਖੇ ਇਹਨਾਂ ਨਿਆਣਿਆਂ ਤਾਈਂ, ਮੇਰੀ ਨਹੀਂ ਰਹੀ ਵਾਹ। ਸਭ ਕੁਝ ਜਾਣਾ, ਮੰਨ ਨਾਨਕ ਸਾਹਿਬ ਦਾ ਭਾਣਾ। ਵੱਟ ਲਈ ਚਿੜੀਏ ਧੀਏ ਚੁੱਪ, ਰੋਟੀ ਇਹਨਾਂ ਦੇ ਪਿਉ ਜੋਗੀ ਲਾਹ ਦਿਆਂ। ਫਿਰ ਚੜ੍ਹ ਆਉਣੀ ਧੁੱਪ। ਫਿਰ ਉਹ ਬੁਢੜੇ ਹੱਥੀਂ ਜਦ, ਵੱਲ ਤੰਦੂਰ ਖਲੋਈ। ਮੇਰੇ ਵੱਲ ਮਾਂ ਵੇਖਿਆ, ਕੀਤੀ ਰੱਬ ਅੱਗੇ ਅਰਜ਼ੋਈ। ਤੇਰੀਆਂ ਦਿੱਤੀਆਂ ਨਿਆਜਾਂ ਦਾਤਾ, ਤੂੰ ਹੀ ਦੇ ਰੱਖ ਹੱਥ। ਆਟੇ ਦੀਆਂ ਚਿੜੀਆਂ ਦੀ ਦਾਤਿਆ, ਕਦੇ ਨਾ ਉਜੜੇ ਸੱਥ। ਮਾਂ ਦੀ ਸੁਣ ਅਰਦਾਸ, ਆਇਆ ਸਰਬ ਧਰਵਾਸ। ਆਖਿਆ ਤੇਰੀ ਕੁਦਰਤ ਬਾਬਾ, ਦੁਨੀਆਂ ਆਵੇ ਰਾਸ। ਨਾਮ ਖੁਮਾਰੀ ਨਾਨਕਾ, ਫਿਰ ਚੜ੍ਹੀ ਰਹੂ ਦਿਨ-ਰਾਤ।
ਭੂੰਡ ਨਾਲ ਪਿਆਰ
ਯਾਦ ਹੈ ਮੈਂ ਕਿੰਨੀ ਨਿੱਕੀ ਸੀ? ਓਦਾਂ ਭੋਲ਼ੀ-ਭਾਲ਼ੀ ਸੀ, ਪਰ ਤੁਹਾਨੂੰ ਲੈ ਕੇ ਤਿੱਖੀ ਸੀ। ਮੈਂ ਪਹਿਲੀ ਵਾਰ ਤਦ ਤੁਹਾਨੂੰ ਤੱਕਿਆ ਸੀ, ਜਦ ਪਾਥੀਆਂ ਲੈਣ ਮਾਂ ਘੱਲਿਆ ਤੇ, ਮੈਂ ਟੋਕਰਾ ਜ਼ਮੀਨ ’ਤੇ ਰੱਖਿਆ ਸੀ। ਮੈਂ ਟੋਕਰੇ ਪਾਥੀਆਂ ਭਰਨ ਲਈ, ਜਦ ਪਹਿਲੀ ਪਾਥੀ ਚੁੱਕੀ ਸੀ। ਪਾਥੀ ਨੂੰ ਤਿੜਾਂ ਵਾਲ਼ੇ ਘਾਹ ਨੇ, ਕੱਸ ਕੇ ਪਾਈ ਜੱਫੀ ਸੀ। ਮੈਂ ਨਹੀਂ ਸੀ ਚਾਹੁੰਦੀ ਵਿਛੋੜਨਾ, ਮਾਂ ਦੇ ਡਰੋਂ ਘਾਹ ਨਾਲ਼ੋਂ ਲਾਹੀ ਸੀ। ਪਾਥੀ ਵਿੱਚੋਂ ਤੁਸੀਂ ਡਿੱਠੇ ਸੀ ਤੁਸੀਂ ਸੁਭਾਅ ਦੇ ਕੌੜੇ ਸੀ ਤੇ ਅਸੀਂ ਸੁਭਾਅ ਦੇ ਮਿੱਠੇ ਸੀ। ਤੁਸੀਂ ਗ਼ੁੱਸੇ ਵਿੱਚ ਜਦ ਉੱਡਣ ਲੱਗੇ ਤੁਹਾਡੀ ਲੱਤ ਘਾਹ ’ਚ ਅੜ ਗਈ ਲੱਤ ਗਿੱਟੇ ਲਾਗੋਂ ਟੁੱਟ ਗਈ ਸੀ। ਫੇਰ ਵੀ ਭੂੰ-ਭੂੰ ਕਰਦਿਆਂ ਤੁਸੀਂ ਨਿੱਕੀ ਜਿਹੀ ਗੇੜੀ ਲਾਈ ਸੀ। ਤੁਸੀਂ ਸੀ ਮੇਰੀ ਪਹਿਲੀ ਮੁਹੱਬਤ, ਦਿਲ ਤੁਹਾਡੇ ’ਤੇ ਆਇਆ ਸੀ। ਮੈਨੂੰ ਯਾਦ ਮੈਂ ਤੁਹਾਨੂੰ ਨੁਹਾ ਕੇ, ਮੈਂ ਹਲਦੀ ਦਾ ਲੇਪ ਲਗਾਇਆ ਸੀ। ਲੇਪ ਲੱਗਣ ਵੇਲੇ ਜ਼ਖ਼ਮ ’ਤੇ ਤੁਸੀਂ ਹਲ਼ਦੀ ਪੀੜਾ ਝੱਲੀ ਸੀ। ਮੈਂ ਵੇਖ ਕੇ ਰੱਜ-ਰੱਜ ਰੋਈ ਸੀ, ਮੇਰੇ ਦਿਲ ’ਚ ਪਈ ਤਰਥੱਲੀ ਸੀ। ਮੈਂ ਮਾਂ ਦੇ ਵੱਲ ਨੂੰ ਭੱਜੀ ਸੀ, ਤੇ ਤੁਹਾਡੀ ਪੀੜਾ ਦੱਸੀ ਸੀ। ਮਾਂ ਨੇ ਕਿਹਾ ਇਹ ਭੂੰਡ ਹੈ ਕਾਲ਼ਾ, ਸੁੱਟ ਦੇ ਧੀਏ ਲੜ ਜਾਊਗਾ। ਮਾਂ ਨੇ ਹੱਥ ਮਾਰ ਜਦ ਸੁੱਟ 'ਤਾ ਸੀ, ਮੈਂ ਗੁੱਸੇ ਦੇ ਵਿੱਚ ਆ ਗਈ ਸੀ। ਮਾਂ ਅੱਗੇ ਬੋਲ ਨਹੀਂ ਸਕਦੀ ਸੀ, ਮੈਂ ਪਾਥੀ ਰੱਖ ਜ਼ਮੀਨ ਉੱਤੇ, ਤਾੜ ਦੇਣੀ ਉਸਨੂੰ ਕੁੱਟ ’ਤਾ ਸੀ। ਵੱਡੇ-ਵੱਡੇ ਗ਼ਮ ਦਿੱਤੇ ਜ਼ਿੰਦਗੀ, ਪਰ ਤੁਹਾਨੂੰ ਸਰਬ ਨਹੀਂ ਭੁੱਲੀ ਜੀ। ਨਾਮ ਤੁਹਾਡੇ ਦਾ ਜ਼ਿਕਰ ਹੋਇਆ, ਕਿਤੇ ਮਿਲ਼ ਜਾ ਯਾਰ ਅਣਮੁੱਲਿਆ। ਮੈਂ ਸਰਮਾ-ਸਰਮਾ ਦਿਲ ਡੁੱਲ੍ਹੀ ਜੀ, ਕੁਦਰਤ ਦੇ ਰੰਗ ਨਿਆਰੇ। ਸਾਡਾ ਪਿਆਰ ਵਸੇਂਦਾ ਪਾਥੀਆਂ ’ਚ, ਕੀ ਕਰਨੇ ਮਹਿਲ ਮੁਨਾਰੇ।
ਮੈਂ ਇੱਕ ਕੰਧ ਹਾਂ ਸੱਜਣਾ!
ਮੈਂ ਇੱਕ ਕੰਧ ਹਾਂ ਸੱਜਣਾ! ਮਿੱਟੀ ਨੂੰ ਪੁੱਟ ਕੇ, ਖੂਹਾਂ ਦੇ ਪਾਣੀ ਪਾ, ਸੁੱਕੀ ਤੂੜੀ ਮਿਲ਼ਾ ਕੇ ਗਾਰਾ ਕਰਕੇ, ਹੱਥਾਂ ਨਾਲ਼ ਮਿੱਟੀ ਗੁੰਨ੍ਹ, ਪਾਥੀਆਂ ਪੱਥ, ਧਰਤੀ 'ਤੇ ਆਪ ਖੜ੍ਹੀ ਕੀਤੀ ਆ। ਸਮੇਂ ਨਾਲ਼ ਮੀਂਹ, ਝੜੀਆਂ ਪੈਣ 'ਤੇ, ਖੁਰ ਜਾਂਦੀ, ਕਦੇ ਕੱਲਰ ਪੈ ਜਾਂਦਾ, ਭੁਰ-ਭੁਰ ਕੇ ਖਿੱਲਰ ਜਾਂਦੀ। ਮੁਸਕਰਾ ਕੇ ਉੱਡ ਪੈਂਦੀ, ਨਾਲ਼ ਹਨੇਰੀਆਂ। ਤੇ ਰਲ਼ ਜਾਂਦੀ ਫਿਰ ਪੈਲ਼ੀਆਂ ਨਾਲ਼। ਇਹ ਫਿਰ ਪੁੱਟ ਲਿਆਉਂਦੇ ਮੈਨੂੰ, ਧਰਤੀ ਦੀ ਹਿੱਕ ਲੱਗ ਸੁੱਤੀ ਨੂੰ, ਧੋਖੇਬਾਜ਼। ਫੇਰ ਸੰਚਿਆਂ ਨਾਲ਼ ਚੀਕਣੀ ਮਿੱਟੀ ਕਹਿ। ਕੱਚੀਆਂ ਇੱਟਾਂ ਪਾ, ਮੋਹਰ ਆਪਣੀ ਲਾ। ਸੂਰਜ ਦੀ ਤਪਸ਼ ਸੁਕਾ, ਰੇੜ੍ਹੇ ਭਰ ਭੱਠੇ ਪਾ। ਸਾਹ ਬੰਦ ਕਰ, ਸਾੜ ਕੇ, ਮਾਰ ਮੁਕਾ। ਨਵਾਂ ਰੂਪ ਸ਼ਿੰਗਾਰਿਆ, ਉਸਾਰਿਆ। ਇਨਸਾਨ ਨੇ, ਤੇ ਫੇਰ ਸਿਰਜਿਆ। ਪੱਕੀ ਇੱਟਾਂ ਦੀ ਕੰਧ ਕਹਿ, ਤੇ ਵਰਤਿਆ। ਆਪਣਿਆਂ ਤੋਂ ਓਹਲਾ ਕਰਨ ਲਈ। ਪਹਿਲਾਂ ਕਈ ਕੀੜੇ, ਚੂਹੇ ਖੁੱਡਾਂ ਪੁੱਟ। ਗਟਾਰਾਂ ਤੇ ਸੱਪ ਪਰਿਵਾਰ ਪਾਲ਼ਦੇ। ਮੇਰੀ ਤਹਿ ਥੱਲੇ, ਅਨੰਦਾਂ ਦੀ ਨਗਰੀ ਵਸਾ। ਮੈਂ ਠੰਢੀ ਹੋ ਮੁਸਕਰਾ ਛੱਡਦੀ। ਮੈਂ ਸੋਚਦੀ ਸੀ ਬਹੁਤ ਤੰਗ ਕਰਦੇ। ਇਹ ਜਾਨਵਰ ਮੈਨੂੰ, ਦੰਦੀਆਂ ਵੱਢ ਦੇਣ ਮੁਕਾ। ਪਰ ਕੀ ਪਤਾ ਸੀ, ਅੱਗੇ ਦਾ ਰਸਤਾ। ਅੱਗ ਵਿੱਚੋਂ ਵੀ ਤਹਿ ਕਰਨਾ ਪੈਣਾ। ਧਰਤੀ ਦੀ ਮਿੱਟੀ ਨੂੰ ਇਹਨਾਂ ਫੇਰ ਪੁੱਟ ਲੈਣਾ। ਪਾਣੀ ਨਾਲ਼ ਭਿਓਂ, ਗੁੰਨ, ਸੰਚੇ ਪਾ। ਇੱਟਾਂ ਬਣਾ, ਸੁਕਾ, ਭੱਠੇ ਦੀ ਅੱਗ ਤਪਾ। ਆਪਾ ਵਾਰਨ ਤੇ ਵੀ ਖੜੇ ਹੋਣਾ ਪੈਣਾ। ਸਿਮਿੰਟ ਦੇ ਪਲਸਤਰ ਓੜ੍ਹਨੇ ਪੈਣੇ। ਸੰਗਮਰਮਰ ਟਾਇਲਾਂ ਕਿਸੇ ਜੀਅ ਨੂੰ, ਮੇਰੇ ਲਾਗੇ ਨਹੀਂ ਲੱਗਣ ਦੇਣਾ। ਛਿਪਕਲੀ ਰੋਂਦੀ ਮੈਨੂੰ ਵੇਖ-ਵੇਖ। ਜਾਲ਼ੇ ਲਾਉਣ ਲਈ ਕਈ ਕੀੜੇ, ਕੀੜੀਆਂ ਹਾਰਦੇ ਤੇ ਡਿਗਦੇ ਵੇਖੇ। ਮੇਰੇ ਗਲ਼ ਲੱਗਣ ਦੀ ਤੜਪ ਵਿੱਚ। ਪਿੱਪਲ਼, ਬੋਹੜ ਨਹੀਂ ਉੁੱਗਦਾ। ਝੀਤ ਜੋ ਨਹੀਂ ਕੋਈ ਰਹੀ ਖਾਲੀ। ਸਲ੍ਹਾਬ ਵੀ ਮੁਕਾ ’ਤੀ ਦੁਸ਼ਮਣਾਂ। ਮੈਂ ਇਨਸਾਨ ਦੀ ਤਰੱਕੀ ਮਾਪਣ, ਜੋਗੀ ਰਹਿ ਗਈ ਲਾਸ਼ ਬਣ। ਤੇ ਜਿੱਥੇ ਮੈਨੂੰ ਖੜ੍ਹੀ ਕਰ 'ਤਾ ਇਹਨਾਂ। ਮੁੜ ਓਥੇ ਵੀ ਕੁਝ ਨਹੀਂ ਉੱਗਣਾ। ਇਹਨਾਂ ਛੰਨਾਂ ਢਾਹ, ਦਿੱਤੇ ਲੈਂਟਰ ਪਾ। ਡਿਗਣ ਦੀ ਕੋਸ਼ਸ਼ ਵਿਅਰਥ ਹੁਣ। ਕਿਉਂਕਿ ਕੁਦਰਤ ਹੀ ਰਹਿਣੀ ਆਖ਼ਰ। ਤੇ ਦੁੱਖ ਮੈਨੂੰ ਕਿ ਮੈਂ ਕੰਧ ਬਣੀ। ਬਣੀ ਕਦੇ ਕੁਦਰਤ ਦਾ ਹਿੱਸਾ ਨਹੀਂ। ਸਗੋਂ ਖਾ ਕੁਦਰਤ ਦਾ ਹਿੱਸਾ ਗਈ। ਰੋਈ ਸਰਬ ਜਦ ਗਲ਼ ਲੱਗ ਮੇਰੇ ਵੇਖੀ ਜਦ ਕਾਗਜ਼-ਕਲਮ ਫੜ੍ਹੀ। ਦਰਦਾਂ ਮਾਰੀ ਨੂੰ ਦਰਦ ਦੱਸ। ਕਵੀ ਦਾ ਬਣ ਮੈਂ ਕਿੱਸਾ ਗਈ। ਕਾਸ਼! ਇਨਸਾਨ ਕੰਧਾਂ ਨਾ ਕਰਦੇ। ਮੇਰੇ ਜੀਅ ਜੰਤੂ ਵੀ ਨਾ ਮਰਦੇ। ਕੁਝ ਉੱਗ ਪੈਂਦਾ, ਇਹ ਖਾ ਛੱਡਦੇ।
ਕੁਦਰਤ ਧੁੰਨ
ਸਭ ਦੀਵੇ ਅਧੂਰੇ ਨੇ, ਕੁਦਰਤ ਤੇਰੇ ਚਾਨਣਾਂ ਅੱਗੇ। ਮੁੱਕਾ ਤੇਲ ਤੇ ਹਾਰ ਮੰਨੇ, ਤੇਰੇ ਹਨ੍ਹੇਰਿਆਂ ਅੱਗੇ। ਸੱਭੇ ਗਾਉਣ ਅਧੂਰੇ ਨੇ, ਤੇਰੀ ਇੱਕ ਕੋਇਲ ਅੱਗੇ ਸੰਗੀਤ ਅਧੂਰੇ ਵੱਜਦੇ, ਤੇਰੀ ਕੁਦਰਤ ਧੁੰਨ ਅੱਗੇ। ਸਭ ਚਿੱਤਰ ਅਧੂਰੇ ਨੇ, ਤੇਰੀ ਚਿੱਤਰਕਾਰੀ ਅੱਗੇ ਤ੍ਰੇਲ਼ਾਂ ਸ਼ੀਤਲ ਜਲ ਪੀਕੇ, ਫੁੱਲ ਹਾਮੀ ਭਰਨ ਲੱਗੇ। ਗਤੀ ਨਾਪ ਨਾ ਸਕੇ, ਨਾਪਣ ਸਾਇੰਸਦਾਨ ਲੱਗੇ ਮਾਪਣ ਗਏ ਪੱਛੋਤਾਏ, ਆਖਣ ਅੜਚਨਾਂ ਅੱਗੇ। ਜਿਸ ’ਤੇ ਤੈਨੂੰ ਛਾਪ ਲੈਣ, ਕਾਗਜ਼ ਨਹੀਂ ਬਣਾ ਸਕੇ। ਲਿਖ ਦੇਣ ਜਿਸਦੇ ਨਾਲ਼, ਕਲਮਾਂ ਘੜ੍ਹ ਨਹੀਂ ਸਕੇ। ਨਾ ਲਿਖਣਹਾਰ ਜੰਮਿਆ, ਜੋ ਤੈਨੂੰ ਪੂਰੇ ਲਿਖ ਸਕੇ। ਵਿਚਾਰਨਾ ਚਾਹੁੰਦੇ ਨਹੀਂ, ਤਾਂ ਭਰਮਾਂ ਪਾਲ਼ਦੇ ਅੱਕੇ। ਸਾਰੀਆਂ ਥੋਥੀਆਂ ਗੱਲਾਂ ਨੇ, ਅਸੀਂ ਕਰਨ ਜੋ ਲੱਗੇ। ਜੀਵਨ ਹੀ ਮਿਟ ਜਾਂਦਾ, ਮੌਤ ਜੇ ਆ ਜਾਵੇ ਅੱਗੇ। ਤੂੰ ਹਰ ਅੰਦਰ ਵੱਸਦਾ, ਸਭ ਤੈਨੂੰ ਬਾਹਰ ਲੱਭਣ ਭੱਜੇ। ਅਸਲੀ ਠੱਗ ਉਹ ਜਾਣੀਂ, ਜਿਹੜਾ ਤੈਨੂੰ ਜਾਣ ਕੇ ਠੱਗੇ। ਸਭ ਭਗਤ ਅਧੂਰੇ ਨੇ, ਭਗਤੀ ਤੇਰੀ ਕੂੰਜ ਦੀ ਅੱਗੇ। ਸਰਬ ਸ਼ੁਕਰਾਨੇ ਕਰਦੀ ਹੈ, ਤੇਰੀ ਨਿਆਮਤਾਂ ਅੱਗੇ।
ਕਵਿਤਾ ਧੁਰ ਤੋਂ ਆਉਂਦੀ
ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ। ਕਵਿਤਾ ਪੜ੍ਹੀ ਤੇ ਸਰਬ ਜਾਣੀ। ਕਿ ਉਸਦੀ ਲੀਲਾ ਨਿਆਰੀ ਏ। ਕਵਿਤਾ ਬਹਾਨਾ ਨਾਨਕ ਸਾਹਿਬ। ਅਸਲ ਵਿੱਚ ਤੇਰੇ ਸੇਵਕਾਂ ਦੀ, ਤੈਨੂੰ ਮਿਲਣ ਦੀ ਤਿਆਰੀ ਏ। ਕਵਿਤਾ ਧੁਰ ਅੰਦਰ ਤੋਂ ਨਿਕਲ ਕੇ, ਧੁਰ ਅੰਦਰ ਜਾ ਵੜਦੀ ਏ। ਜਦੋਂ ਲਫ਼ਜ਼ ਰਵਾਨਗੀ ਫੜ੍ਹ ਲੈਂਦੇ, ਫਿਰ ਕਿੱਥੇ ਖੜ੍ਹਦੀ ਏ। ਇਹ ਨਿਤਨੇਮ ਦੇ ਵਰਗੀ ਏ। ਮਾਂ ਜਿਹੀ ਨਿਮਰਤਾ ਦੀ ਮੂਰਤ, ਤਾਂ ਲੁਕਾਈ ਪੜ੍ਹਦੀ ਏ। ਫਿਰ ਲੰਗਰ ਲੱਗਦੇ ਨੇ। ਸਫੇ ਤੋਂ ਵਰਕੇ ਤੱਕ, ਨਾਲ਼ ਆ ਖੜ੍ਹਦੇ ਨੇ ਅਦਬ ਸਤਿਕਾਰ ਨਾਲ਼ ਸਾਰੇ ਅੱਖਰਾਂ ਦੀ ਸੇਵਾ ਕਰਦੇ ਨੇ। ਹਰ ਪੰਗਤੀ ਵਿੱਚੋਂ ਇਹ ਕਵਿਤਾ, ਸਤਿ ਕਰਤਾਰ ਦੇ, ਦਰਸ਼ਨ ਕਰਵਾਉਂਦੀ ਏ। ਸਰਬ ’ਤੇ ਮਿਹਰ ਹੋ ਜਾਵੇ ਜਦ ਖੜ੍ਹ ਮੰਚ ’ਤੇ ਗਾਉਂਦੀ ਏ। ਜਦ ਕਵਿਤਾ ਧੁਰ ਤੋਂ ਆਉਂਦੀ ਏ। ਤਾਂ ਕੁਦਰਤ, ਕੁਦਰਤ ਗਾਉਂਦੀ ਏ। ਤਾਂ ਸਭ ਦੇ ਮਨ ਨੂੰ ਭਾਉਂਦੀ ਏ। ਕਲ਼ੇਜਿਆਂ ਨੂੰ ਠੰਡ ਪਾਉਂਦੀ ਏ। ਬਣ ਬਾਣੀ ਨਾਨਕ ਸਾਹਿਬ ਦੀ। ਜਪੁ ਜੀ ਸਾਹਿਬ ਕਹਾਉਂਦੀ ਏ। ਜੋ ਕਵਿਤਾ ਧੁਰ ਤੋਂ ਆਉਂਦੀ ਏ।
ਹੀਰਿਆਂ ਤਰਾਸ਼ਣਾ ਸਿੱਖ
ਹੀਰਿਆਂ ਆਪ ਤਰਾਸ਼ਣਾ ਸਿੱਖ, ਜੇ ਸਿਰ ਦੇ ਤਾਜ ਸਜਾਉਣੇ ਤੈਂ। ਵੈਰੀ ਘੜਨ ਲੱਗਾ ਬੇਦਰਦੀ, ਬੰਬ ਮਾਰ ਪਾੜ ਵੀ ਸਕਦਾ। ਲਾਈ ਜੰਗ ਸੀ ਰੁੱਖ਼ਾਂ ਲਈ, ਪਾਣੀ ਸ਼ੀਤਲ ਸਾਂਭਣ ਲਈ। ਚਿੱਟੇ ਬੱਦਲ਼ ਰੱਖਣ ਲਈ, ਅੰਬਰ ਨੀਲੇ ਤੱਕਣ ਲਈ। ਅੱਗ ਨਾਲ਼ ਖੇਡ ਕੇ ਪਾਪੀ, ਅਨੋਖੀਆਂ ਮਸਤੀਆਂ ਕਰਦੇ। ਕਬਜ਼ੇ ਦੇ ਚੱਕਰ ਵਿੱਚ, ਤਬਾਹ ਬਸਤੀਆਂ ਕਰਦੇ। ਜੰਗ ਕੱਲ੍ਹੇ ਦੀ ਨਹੀਂ ਹੁੰਦੀ, ਜੰਗ ਦੇ ਕਈ ਤਰੀਕੇ ਨੇ। ਕੁੱਖਾਂ, ਰੁੱਖ਼ਾਂ ਤੇ ਪਾਣੀਆਂ, ਧਰਤ, ਅੰਬਰ, ਬਚਾਉਣ ਲਈ, ਸਾਡੇ ਸ਼ਾਂਤ ਸਲੀਕੇ ਨੇ। ਸਾਡੇ ਆਪ ਦੇਗਾਂ ਵਿੱਚ ਉਬਲਦੇ, ਤੱਤੀਆਂ ਤਵੀਆਂ ’ਤੇ ਬਹਿੰਦੇ। ਪਵਿੱਤਰ ਕੌਮ ਨੂੰ ਸਾਜਣ ਲਈ, ਪੁੱਤ ਵਾਰ ਗੱਲ ਕਹਿੰਦੇ। ਦਬਕਾ ਮਾਰ ਕੇ ਰੋਕਣਾ ਪੈਣਾ, ਜੋ ਬੰਬ ਬਣਾਉਂਦੇ ਨੇ। ਇਹ ਅਨਪੜ੍ਹ ਲੋਕੀਂ ਧਰਤ 'ਤੇ, ਵਿਗਿਆਨੀ ਕਿੰਞ ਕਹਾਉਂਦੇ ਨੇ? ਝੱਟਪੱਟ ਤਬਾਹ ਕਰਦੇ, ਜੋ ਇਨਸਾਨਾਂ ਦੇ ਕਾਫ਼ਲੇ। ਇਹ ਨਿਰਦਈ ਸਾਡੇ ਲਈ, ਡਾਕਟਰ ਬਣਾਉਂਦੇ ਨੇ? ਸਰਬ ਬੈਠੀ ਹੈ ਸਿਸਕਦੀ, ਇਸ ਧਰਤ ਪਿਆਰੀ ’ਤੇ। ਉਸਦੀ ਕਾਇਨਾਤ ਨੂੰ ਬਖ਼ਸ਼ ਦਿਓ,
ਕਿਉਂ ਮੰਗਦੇ ਅਰਦਾਸ ਕਰ
ਭਰੇ ਖ਼ਜ਼ਾਨੇ ਸਾਹਿਬ ਦੇ, ਦਿਨ-ਰਾਤ ਉਹ ਵੰਡੇ। ਫੇਰ ਕਿਉਂ ਮੰਗਦੇ ਅਰਦਾਸ ਕਰ, ਕਿ ਮਿਹਰਾਂ ਕਰ। ਕਿਉਂ ਨਹੀਂ ਕਰਦੇ ਸ਼ੁਕਰਾਨਾ, ਕਿ ਬਖਸ਼ੀ ਬੁੱਧੀ ਵੱਸਦੇ ਵਿੱਚ ਮਨ ਮੰਦਿਰ ਦੇ, ਇਤਬਾਰ ਵੀ ਕਰ। ਤੂੰ ਕੁਦਰਤ ਦੇ ਹਰ ਅੰਸ਼ ਦੀ ਬੇਅਦਬੀ ਕਰਦੈਂ ਉਹਦੇ ਲਾਏ ਰੁੱਖ਼ ਨੂੰ ਵੱਢ, ਦਾਤਰ ਮੁੱਠ ਘੜਦੇ ਉਸ ਫੜ੍ਹ ਜਦ ਉਸਨੂੰ ਵੱਢਦੈਂ, ਲੱਗਦਾ ਨਹੀਂ ਡਰ? ਮਰੇ ਜ਼ਮੀਰ ਜਗਾਉਣ ਲਈ, ਅਰਦਾਸੇ ਕਰ। ਕੁਦਰਤ ਉਹਦੀ ਮਾਣ, ਛੱਡ ਕੇ ਬੇ-ਅਦਬੀਆਂ। ਆਖ ਤੇਰੇ ਭਾਣੇ ਰਹਾਂਗੇ, ਸਾਹਿਬ ਹੁਕਮ ਤੂੰ ਕਰ। ਹਰ ਕਿਣਕੇ ਵਿੱਚ ਵੱਸਣਿਆਂ, ਹਰ ਤੇਰੀ ਨਿਸ਼ਾਨੀ ਦਰਸ ਵਿਖਾ ਕੇ ਸਰਬ ਨੂੰ ਨਿਹਾਲ ਤੂੰ ਕਰ। ਓਏ ੴ ਦੇ ਬੋਹਥਿਆ, ਤੇਰੀ ਨਜ਼ਰ ਦੇ ਸਦਕੇ ਜ਼ਰੇ-ਜ਼ਰੇ ਵਿੱਚ ਵੱਸਦੇ, ਹਰਿ ਰਿਹਾ ਸਭ ਹਰ।
ਕਲਮ ਕਾਗਜ਼ ਨੂੰ ਮੂੰਹ ਲਾਇਆ
ਕਲਮ ਕਾਗਜ਼ ਨੂੰ ਜਦ ਦਾ ਮੂੰਹ ਲਾਇਆ। ਕਦਰ ਕਾਗਜ਼ ਦੀ ਕਲਮ ਦੇ ਨਾਲ਼ ਹੋਈ। ਫੱਟੀ-ਗਾਚਨੀ ਸੀ ਪਈਆਂ ਦੁੱਖ ਫੋਲਣ, ਚਿੱਟਾ ਵੇਖ ਕਾਗਜ਼ ਕਲਮ ਦਿਲ ਖੋਈ। ਕਾਨੇ ਆਖਿਆ ਕਲਮ ਨਾ ਬੋਲੋ ਮੰਦਾ। ਪੁੱਛੋ ਸਾਡੇ ਨਾਲ਼ ਜੱਗੋਂ ਬਾਹਰੀ ਜੋ ਹੋਈ। ਕਲਮ ਮੇਰੀ ਵੀ ਹੁਣ ਨਹੀਂ ਲੋਕ ਘੜਦੇ ਪੈੱਨ ਆ ਗਏ ਕਲਮ ਨਾ ਫੜੇ ਕੋਈ। ਬੋਲੀ ਦਵਾਤ ਕਿਉਂ ਦੁੱਖੜੇ ਛੇੜ ਬੈਠੇ। ਢੋਲ ਦੂਰ ਵੱਜਣ ਲੱਗੇ ਸੁਖੀ ਸੋਈ। ਨਸ਼ਾ ਕਰ ਸਿਆਹੀ ਲਿਖਦੀ ਸੀ ਗਾਣੇ। ਢੱਕਣ ਖੋਲ ਕੇ ਪੀਂਵਦੀ ਸੀ ਮੋਈ। ਕਲਮ ਸੁਣ ਕੇ ਚੰਗੇ ਮੰਦੇ ਸਭ ਤਾਹਨੇ। ਦੁੱਖ ਵੇਖ ਸ਼ਰੀਕੇ ਵਿੱਚ ਆ ਖਲੋਈ। ਕੀ-ਬੋਰਡ ਪ੍ਰਿੰਟਰਾਂ ਦੀ ਮੈਂ ਮਾਰੀ। ਦੁੱਖ ਸਮੇਟ ਲੁਕ-ਲੁਕ ਜਾਵਾਂ ਰੋਈ। ਦੁੱਖ ਸੁਣ ਸਰਬ ਦੋਵੇਂ ਹੱਥ ਅੱਡੇ। ਹੱਥ ਜੋੜ ਫੇਰ ਕਰਤੀ ਅਰਜੋਈ। ਕਾਇਨਾਤ ਦੇ ਰਾਜਿਆ ਬਖ਼ਸ਼ ਕਲਮਾਂ। ਸ਼ਾਇਰੀ ਜਾਂਦੀ ਕਲਮ ਦੇ ਬਾਝੋਂ ਰੋਈ।
ਉੱਡ ਜਾ ਸਮੁੰਦਰਾ
ਉੱਡ ਜਾ ਸਮੁੰਦਰਾ, ਜੇ ਮਿੱਠਾ ਹੋਣਾ ਲੋਚਦਾ ਪਰੀਆਂ ਦੇ ਦੇਸ਼, ਗੇੜਾ ਲਾਉਣਾ ਜੇ ਪਿਆਰਿਆ। ਉੱਥੇ ਤੈਨੂੰ ਪਿਆਰ ਹੋਜੂ, ਪਰੀਆਂ ਦੀ ਰਾਣੀ ਨਾਲ਼ ਮਿਲਣ ਲਈ ਸੱਜਣ, ਅੱਖੀਂ ਨੀਰ ਵਗੂ ਖਾਰਿਆ। ਸੂਰਜਾਂ ਦੀ ਅੱਗ ਤੈਨੂੰ, ਸਾੜਨੇ ਲਈ ਅੱਗੇ ਖੜ੍ਹੀ ਰਾਹ 'ਚ ਪੈੜ ਦੱਬੀ ਬੈਠੀ, ਵੇਖੀਂ ਘਬਰਾਵੀਂ ਨਾ। ਖਾਰਾ ਹੋ ਤੂੰ ਕਈ ਪਾਲ਼ੇ, ਮਿੱਠਾ ਹੋ ਕੇ ਪਾਲਣੇ ਲਈ ਪੁੰਨ ਨੂੰ ਤੂੰ ਮਿਲੀਂ, ਹੱਥ ਪਾਪੀ ਨਾਲ਼ ਮਿਲ਼ਾਵੀਂ ਨਾ। ਮਿੱਠਾ ਹੋ ਤੂੰ ਜਾਵੀਂ, ਸਾਰੇ ਬੱਦਲ਼ ਬਰਾਤੀ ਲੈ ਕੇ ਪਰੀਆਂ ਦੀ ਰਾਣੀ, ਮੁਲਾਕਾਤ ਕਰੀਂ ਸੋਹਣਿਆਂ। ਬਰਫ਼ ਬਣ ਜੰਮ ਜਾਵੀਂ, ਸੱਜਣਾਂ ਦੇ ਪੈਰੀਂ ਪੈਜੀਂ ਦੱਸ ਜਜ਼ਬਾਤ ਰੋਵੀਂ, ਕਿ ਕਿਹੜੇ ਧੋਣੇ ਧੋਣਿਆਂ। ਖਾਰਾ ਛੱਡ ਤੈਂ ਬਣਨਾ ਮਿੱਠੇ, ਸੁਹਣੇ ਸੱਜਣ ਜਦ ਤੂੰ ਡਿੱਠੇ ਪਪੀਹੇ ਚੁੰਝ ਪੈਜੀਂ, ਜਿੰਨੇ ਸੱਚੇ ਗੁਣ ਗਾਉਣੇ ਆਂ। ਦੋਨੋਂ ਜੀਅ ਧਰਤ ਤੇ ਆਇਓ, ਸ਼ਗਨਾ ਦੀ ਛਬੀਲ ਲਗਾਇਓ ਉਨ੍ਹਾਂ ਤਾਈਂ ਜਲ ਵਰਤਾਇਓ, ਜਿੰਨਾਂ ਰੁੱਖਾਂ ਜੜ੍ਹੀਂ ਪਾਉਣੇ ਆ। ਮਿਲ਼ੂ ਪਰੀ ਪਰ ਵਾਇਦਾ ਕਰ, ਪੱਕਾ ਇਹ ਇਰਾਦਾ ਕਰ ਪਾਣੀ ਗੰਦਾ ਕਰਨ ਵਾਲਿਆਂ, ਦੀ ਨਾ ਪਿਆਸ ਮਿਟਾਵੇਂਗਾ। ਤੂੰ ਵੀ ਖਾਰਾ ਛੱਡਣਾ, ਤੇ ਕਿਸੇ ਲਈ ਮਿੱਠਾ ਬਣਨਾ ਤਾਬਿਆਦਾਰ ਬਣਨਗੇ, ਤਾਂ ਕੰਮ ਪ੍ਰਾਣੀਆਂ ਆਵੇਂਗਾ।
ਤੂੰ ਵੀ ਵਿਹੜੇ ਨਿੰਮ ਲਾਈ
ਸਾਡੇ ਤਾਂ ਸੋਹਣਿਓਂ ਸਵੇਰ ਹੋ ਗਈ ਤੇਰੇ ਬੀਤ ਗਏ ਦੋ ਪਹਿਰ, ਅਸਾਂ ਸੁਣਿਆ। ਅਸਾਂ ਏਥੇ ਠੰਢੇ ਦਰਿਆਵਾਂ, ਪਾਣੀ ਪੀਤਾ ਏ ਫਿਰੇਂ ਲੱਭਦਾ ਸਮੁੰਦਰਾ ਤੂੰ, ਅਸਾਂ ਸੁਣਿਆ। ਯਾਦਾਂ ਤੇਰੀਆਂ ਅਵੱਲੇ ਰਾਹੇ ਤੁਰੀਆਂ ਤੂੰ ਵੀ ਲੈਂਦਾ ਏਂ ਸਹਾਰਾ, ਅਸਾਂ ਸੁਣਿਆ। ਕੱਚੇ ਕੋਠੇ ਤਾਈਂ, ਪੋਚੇ ਮਾਰੀ ਜਾਨੇਂ ਆਂ ਤੁਸਾਂ ਆਉਣਾ ਏਂ ਦੁਆਰੇ, ਅਸਾਂ ਸੁਣਿਆ। ਪੰਛੀ ਤੇ ਪਰਦੇਸੀ, ਉੱਡ ਗਏ ਮੁੜਦੇ ਨਾ ਤੈਂ ਕੀਤੇ ਨੇ ਤਿਆਰੇ, ਅਸਾਂ ਸੁਣਿਆ। ਅਸਾਂ ਦੀ ਲੜਾਈ ਹੈ, ਕੁਦਰਤ ਦੇ ਵਾਸਤੇ ਤੇਰੀ ਪੰਜਾਬੀ ਲਈ ਲੜਾਈ, ਅਸਾਂ ਸੁਣਿਆ। ਸਰਬ ਤੇਰੀ ਯਾਦ ਵਿੱਚ, ਬੋਹੜ ਵਿਹੜੇ ਲਾ ਦਿੱਤਾ ਤੂੰ ਵੀ ਵਿਹੜੇ ਨਿੰਮ ਲਾਈ, ਅਸਾਂ ਸੁਣਿਆ। ਪ ਨੂੰ ਸਿਹਾਰੀ ਪਾ ਕੇ ਅ ਪਿੱਛੇ ਕੰਨਾ ਪਾਇਆ ਰ ਪੈਜੇ ਹੁੰਦੀ, ਸੁਣਵਾਈ ਅਸੀਂ ਸੁਣਿਆ। ਪਾਣੀ, ਰੁੱਖ, ਕੁੱਖ, ਤੇ ਪੰਜਾਬੀ ਬਾਂਹਾਂ ਖੋਲ੍ਹੀਂਆਂ ਗਲ਼ ਲੱਗਣੇ ਦੀ ਤੂੰ ਵੀ ਧਾਰੀ, ਅਸਾਂ ਸੁਣਿਆ। ਹਿੰਮਤੇ-ਮਰਦਾਂ, ਮਦਦੇ-ਖ਼ੁਦਾ ਕਹਿੰਦੇ ਨਾਨਕ ਸਾਹਿਬ ਸਰਬ ਨੂੰ, ਕੀਤਾ ਚੌਗੁਣਿਆਂ।
ਦੁਨੀਆ ਕਰੇ ਸਵਾਲ
ਦੁਨੀਆ ਕਰੇ ਸਵਾਲ ਤੇ ਮੈਂ, ਕਿਉਂ ਜਵਾਬ ਦਿਆਂ। ਦੁਨੀਆ ਦੇ ਹਰ ਸਵਾਲ ਦਾ ਮੈਂ ਖ਼ੁਦ ਜੁਆਬ ਹਾਂ। ਧਰਤੀ ’ਤੇ ਡਿੱਗੀ ਬੂੰਦ ਹਾਂ ਹੜ੍ਹ ਮੈਂ ਲਿਆ ਦਿਆਂ। ਮੈਂ ਕਿਤਾਬ ਦੇ ਵਾਂਗਰਾਂ ਅਸਮਾਨੀ ਉਡਾ ਦਿਆਂ। ਸਮਝ ਨਾ ਕੋਈ ਸਕਿਆ ਮੈਂ ਉਹ ਹਿਸਾਬ ਹਾਂ। ਦੁਨੀਆਂ ਕਰੇ ਸਵਾਲ ਤਾਂ ਮੈਂ ਕਿਉਂ ਜੁਆਬ ਦਿਆਂ। ਦੁਨੀਆ ਦੇ ਹਰ ਸਵਾਲ ਦਾ ਮੈਂ, ਖ਼ੁਦ ਜੁਆਬ ਹਾਂ। ਧੀਆਂ-ਪੁੱਤ ਜੰਮੇ ਕੁੱਖ ਮੈਂ ਉੱਡਦੀ ਵਾਂਗ ਉਕਾਬ ਹਾਂ। ਸਰਬ ਜੰਮੀ ਮਾਂ ਨੇ ਸ਼ਾਨ ਨਾਲ਼ ਪੂਰੇ ਕਰਦੀ ਖ਼ੁਆਬ ਹਾਂ। ਪੁੱਛਣ ਧੀਆਂ ਕਿਉਂ ਜੰਮੀਆਂ ਮੈਂ ਕਿਉਂ ਜੁਆਬ ਦਿਆਂ। ਖੁਦ ਧੀ ਹਾਂ, ਆਪਣੀ ਕੁੱਖ ਦੀ ਮੈਂ ਖ਼ੁਦ ਨਵਾਬ ਹਾਂ। ਕੁਰੀਤੀਆਂ ਦੁਆਲੇ ਬੜ੍ਹਕਦੀ ਮੈਂ ਉਹ ਅਵਾਜ਼ ਹਾਂ। ਦੁਨੀਆ ਕਰੇ ਸਵਾਲ ਤਾਂ ਮੈਂ ਕਿਉਂ ਜਵਾਬ ਦਿਆਂ। ਦੁਨੀਆਂ ਦੇ ਹਰ ਸਵਾਲ ਦਾ ਮੈਂ ਖ਼ੁਦ ਜਵਾਬ ਹਾਂ।
ਤੁਰੀ ਤਾਂ ਬਸੰਤ ਵੇਖਣ ਸੀ
ਤੁਰੀ ਤਾਂ ਬਸੰਤ ਵੇਖਣ ਸੀ, ਸਾਹ ਮਿਲ਼ ਪਏ। ਰਾਹਾਂ ’ਚ ਕੁਦਰਤ ਰੱਖੇ ਸੀ, ਤਿਲ਼-ਤਿਲ਼ ਪਏ। ਕੁਝ ਪਿੱਪਲ਼ਾਂ ਦੀ ਟਾਹਣੀਆਂ, ਕੁਝ ਲਮਕੇ ਕਰੂੰਬਲ਼ੀਆਂ। ਪੱਤੇ ਲੱਗੇ ਜਦ ਪੈਰਾਂ ਨਾਲ਼, ਤਨ ਹਿਲ ਗਏ। ਨਾਲ਼ ਤ੍ਰੇਲ਼ਾਂ ਨ੍ਹਾਤੇ ਸੀ, ਦਿਲ ਮੰਗ ਗਏ। ਪਿਆਰ ਨਾਲ ਗਲ ਲੱਗੇ, ਤੇ ਅਗਾਂਹ ਲੰਘ ਗਏ। ਦੂਜੇ ਪਾਸੇ ਬੋਹੜ ਵੀ, ਮੈਨੂੰ ਖੜ੍ਹਾ ਨਿਹਾਰੀ ਜਾਵੇ। ਮੇਰੀ ਰਜ਼ਾ ਨਾ ਪੁੱਛੇ, ਐਵੇਂ ਜਿੰਦ ਬਲਿਹਾਰੀ ਜਾਵੇ। ਨਿੰਮ ਨੂੰ ਪਤਾ ਨਹੀਂ ਕੀ ਸੁੱਝੀ,ਆਣ ਵਿਚੋਲੀ ਬਣੀ। ਸਾਹਾਂ ਦੇ ਪਰਦੇ ਕੱਜ ’ਤੇ, ਮਲ੍ਹਮ ਘੋਟ ਕੇ ਤਣੀ। ਸਾਹਾਂ ਲੰਗਰ ਲਾ ਦਿੱਤੇ, ਨੱਚ-ਨੱਚ ਕਮਲ਼ੇ ਹੋਏ। ਹੋਂਦ ਗੁਆਚਣ ਲੱਗੀ ਸੀ, ਜੀਅ ਉੱਠੇ ਹਾਂ ਮੋਏ। ਦੂਜੇ ਪਾਸੇ ਕਿੱਕਰ ਸੋਚੇ, ਕੋਈ ਉਸ ਵੱਲ ਆਵੇ। ਤੁਕਲੇ ਉਸ ਦੇ ਲੈ ਜਾਵੇ, ਤੇ ਨਹਿਰਾਂ ਕੰਢੇ ਲਾਵੇ। ਉਸਦੀ ਡੁੱਬਦੀ ਬੇੜੀ ਨੂੰ, ਕੋਈ ਤਾਰੂ ਬੰਨੇ ਲਾਵੇ। ਧਰਮੀ ਕੁੱਖ ਦਾ ਜਾਇਆ, ਉਸ ਦੀ ਹੋਂਦ ਬਚਾਵੇ। ਪਹਿਲਾਂ ਜਿੰਨਾਂ ਹੱਸੀ ਮੈਂ, ਹੁਣ ੳਨੇ ਅੱਥਰੂ ਆਏ। ਕਰ ਕੁਦਰਤ ਨਾਲ ਪਿਆਰ, ਡਾਢੇ ਇਸ਼ਕ ਲੜਾਏ। ਹੁਣ ਮੈਂ ਇਹਨਾਂ ਚਹੁੰਆਂ ਦੇ, ਬੱਚਿਆਂ ਦੀ ਹਾਂ ਮਾਂ। ਰੁੱਖ ਖੜ੍ਹੇ ਨੇ ਸਾਮ੍ਹਣੇ, ਗੱਲਾਂ ਕਰਦੀ ਹਾਂ ਤਾਂ। ਪੱਤੇ ਖੜਕੇ ਵੇਖਾਂ ਮੈਂ, ਬੱਚੇ ਵਿਹੜੇ ਵਿੱਚ ਖੜ੍ਹੇ ਨੇ। ਅਵਾਜ਼ਾਂ ਮਾਰੀ ਜਾਂਦੇ, ਸ਼ਰਾਰਤੀ, ਲੱਗਦਾ ਮੈਨੂੰ ਲੜੇ ਨੇ। ਰੂਹ ਪਵਿੱਤਰ ਵੇਖ ਸਰਬ ਨੇ, ਕੁਦਰਤ ਨਾਲ ਯਾਰੀ ਲਾਈ। ਲਾ ਅਸਾਂ ਨੇ ਤੋੜ ਨਿਭਾਉਣੀ, ਚਾਹੇ ਲੋਕ ਕਹਿਣ ਹਰਜਾਈ।
ਕੀਤੀ ਆਈ ਰਾਸ
ਗੱਲ ਸੁਣੋ ਜੀ ਇੱਕ ਦਿਨ ਦੀ, ਜਦ ਕੀਤੀ ਆਈ ਰਾਸ ਮੈਂ ਅੱਖੀਂ ਸਭ ਕੁਝ ਤੱਕਿਆ, ਮਿਲ਼ਿਆ ਵਿੱਚ ਅਰਦਾਸ। ਇੱਕ ਦਿਨ ਸਾਡੇ ਵਿਹੜੇ ਦੇ ਵਿੱਚ, ਸੁੱਕਾ ਪੱਤਾ ਡਿਗਿਆ। ਉਸ ਨੂੰ ਚੁੱਕ ਕੇ ਮੇਰੇ ਮਨ ਨੇ, ਕੀਤੀ ਇੱਕ ਪ੍ਰਤਿੱਗਿਆ। ਕਿਓਂ ਨਾ ਪੱਤਾ ਬੀਜ ਦਿਆਂ, ਕੁਦਰਤ ਹਰਿਆ ਕਰ ਦੇਣਾ। ਮੈਂ ਭਾਂਡਿਆਂ ’ਚੋਂ ਗੜਵੀ ਚੁੱਕਣੀ, ਨਿੱਤ ਉਸ ਨੂੰ ਪਾਣੀ ਦੇਣਾ। ਪੱਤਾ ਸੁੱਕ ਤੇ ਗਲ਼ਦਾ ਜਾਵੇ, ਮੇਰਾ ਦਿਲ ਪਿਆ ਡੋਲੇ। ਤੜਕੇ ਉੱਠ ਅਰਦਾਸ ਕਰਾਂ,ਰੱਬ ਇਸ ਦਾ ਮੂੰਹ ਖੋਲ੍ਹੇ। ਇੱਕ ਦਿਨ ਇੱਕ ਪੰਛੀ ਨੇ ਕਰ ’ਤੀ, ਪੱਤੇ ਉੱਤੇ ਬਿੱਠ। ਵੇਖ ਬੁਰਾ ਸੀ ਮੈਨੂੰ ਲੱਗਿਆ, ਉਸ ਦਾ ਕਾਰਾ ਡਿੱਠ। ਪਾਣੀ ਪਾਉਂਦੇ ਨਜ਼ਰ ਪਈ, ਤੱਕਿਆ ਉੱਗਿਆ ਬੂਟਾ। ਲਾਲ ਰੰਗ ਦੇ ਚਮਕਣ ਪੱਤੇ, ਲੱਗੇ ਸੁਰਗ ਦਾ ਝੂਟਾ। ਮੈਨੂੰ ਲੱਗਿਆ ਨਾਨਕ ਸਾਹਿਬ ਨੇ, ਪੱਤਾ ਹਰਿਆ ਕਰਿਆ ਤਾਂ ਪੱਤੇ ਦੀ ਸੁਣੀ ਗਈ, ਬੜਾ ਦੁੱਖ ਸੀ ਇਸ ਨੇ ਜਰਿਆ। ਕਰ ਸਰਬ ਵਿਸ਼ਵਾਸ, ਕੀਤੀ ਹੱਥ ਜੋੜ ਅਰਦਾਸ ਤੇਰੀ ਕੀਤੀ ਦਾਤਿਆ, ਦੁਨੀਆਂ ਨੂੰ ਆਵੇ ਰਾਸ। ਸਾਨੂੰ ਨਾਮ ਖ਼ੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ।
ਸੁਪਨੇ ਸੁੱਚੇ ਜੇ ਵੇਖਣੇ
ਸੁਪਨੇ ਸੁੱਚੇ ਜੇ ਵੇਖਣੇ, ਦਿਲਦਾਰ ਸੁੱਚਾ ਜਾਚਿਓੁ। ਬਾਦਸ਼ਾਹ ਚੁਣਨਾ ਤੁਸਾਂ, ਕਿਰਦਾਰ ਉੱਚਾ ਵਾਚਿਓ । ਧਰਤੀ ਵਿੱਚੋਂ ਚੁਗੇ ਜੋ ਮੋਤੀ, ਬੋਰੇ ਭਰ ਨਾ ਡ੍ਹੋਲੇ ਉਹ। ਗੋਦੀਆਂ ਦੇ ਲਾਲ ਅਸੀਂ, ਸੜਕਾਂ ’ਤੇ ਨਾ ਰੋਲ਼ੇ ਉਹ । ਸੁਪਨੇ ਵਾਚਣ ਹਿੱਤ, ਉਹਦੇ ਸਾਰੇ ਪੱਲੜੇ ਫਰੋਲਣੇ ਟੁੱਟੇ ਭੱਜੇ ਵਾਚਣੇ ਤਾਂ, ਅਸਾਂ ਅਗਲੇ ਜੋ ਨੀ ਰੋਲਣੇ। ਸੱਯਦੇ ਮਰਿਯਾਦਾ ਨੂੰ ਕਰੇ, ਪੁਰਸ਼ੋਤਮ ਐਸਾ ਭਾਲ਼ਿਓ ਸੁਪਨੇ ਪੂਰੇ ਵੀ ਕਰੇ, ਐਵੇਂ ਨਵੇਂ ਵਿਖਾ ਨਾ ਟਾਲ਼ੇ ਉਹ। ਸਰਬ ਦੇ ਸੁਪਨੇ ਅੱਧ ’ਚ ਟੁੱਟੇ, ਤਾਂ ਤੁਹਾਨੂੰ ਸਮਝਾਵੇ ਉਹ ਸੋਚ-ਸਮਝ ਕੇ ਸੁਫਨਿਆਂ ਡੋਰੀ, ਕਿਸੇ ਨਾ ਹੱਥ ਫੜਾਵੇ ਉਹ। ਸੁਪਨੇ ਪੂਰੇ ਕਰਨ ਲਈ, ਦਿਲਦਾਰ ਸੁੱਚਾ ਜਾਚ ਲਿਓ ਬਾਦਸ਼ਾਹ ਚੁਣਨ ਸਮੇਂ, ਕਿਰਦਾਰ ਉੱਚਾ ਵਾਚ ਲਿਓ ।
ਕਲਮ ਨੇ ਮੈਥੋਂ ਕਵਿਤਾ ਲਿਖਵਾਈ
ਅੱਜ ਸੋਚਿਆ ਛੱਡ ਕੀ ਲਿਖ਼ਣਾ, ਤੈਨੂੰ ਕਮਲ਼ੀ ਨੂੰ ਕਿਸ ਪੜ੍ਹਨਾ। ਰੱਦੀ ਦੇ ਭਾਅ ਵਿਕਣਾ ਇੱਕ ਦਿਨ, ਜਾਂ ਘੋਲ਼ ਗੱਤਾ ਇਹਦਾ ਬਣਨਾ। ਮੈਂ ਘਰ ਦੇ ਕੰਮ ਨੂੰ ਲੱਗ ਪਈ, ਪਾਣੀ ਭਰ ਰਹੀ ਸੀ ਗਾਗਰਾਂ। ਮੇਰੀ ਕਲਮ ਸਿਆਹੀ ਪੀ ਗਈ, ਚੜ੍ਹ ਗਈ ਤੇ ਮਾਰੇ ਚਾਂਗਰਾਂ। ਮੈਂ ਸੁਣ ਕੇ ਭੱਜ ਕੇ ਫੜ ਲਈ, ਕਰੇ ਹਰਕਤਾਂ ਪਾਗਲਾਂ ਵਾਂਗਰਾਂ। ਮੈਨੂੰ ਕਹਿੰਦੀ, ਹਟ ਜਾ ਪਿੱਛੇ, ਤੂੰ ਲਿਖਦੀ ਅਣਟੁੱਟੇ ਕਿੱਸੇ। ਮੇਰੀਆਂ ਅੱਖੀਆਂ ਨਿੱਤ ਤੂੰ ਕਰਦੀ, ਹੰਝੂਆਂ ਦੇ ਨਾਲ਼ ਭਾਰੀਆਂ। ਮੈਂ ਵੀ ਤੇਰੀ ਆਸ਼ਕ ਹੋ ਗਈ, ਰੱਖ ਚੰਗੀ ਹਾਂ, ਜਾਂ ਮਾੜੀ ਆਂ। ਮੈਂ ਤੈਨੂੰ ਹੁਣ ਮਰਨ ਨਹੀਂ ਦੇਣਾ, ਜਿਉਂਦੇ-ਜੀਅ ਵਜਵਾਉਂ ਤਾੜੀਆਂ। ਦਰਦ ਸਮਝ ਕੇ ਸਰਬ ਨੇ, ਫਿਰ ਕਲਮ ਹਿੱਕ ਨਾਲ਼ ਲਾਈ। ਬੜੇ ਅਦਬ ਨਾਲ਼ ਕਲਮ ਨੇ, ਮੈਥੋਂ ਕਵਿਤਾ ਅੱਜ ਲਿਖਵਾਈ।
ਜੋ ਚੰਗਾ ਲੱਗੇ ਲਿਖ ਦਿਉ
ਜੋ ਚੰਗਾ ਲੱਗੇ ਲਿਖ ਦਿਓ ਜੋ ਪੜ੍ਹਨਾ ਚਾਹੋ, ਉਹ ਪੜੋ੍ਹ ਸੋਹਣੇ-ਸੋਹਣੇ ਗਾਣੇ ਗਾ, ਕਰੋ ਕੰਮ ਨਿਰਾਲਾ। ਲੋਕਾਂ ਤਾਂ ਨਾਨਕ ਸਾਹਿਬ ਆਖ ’ਤਾ ਸੀ, ਭੂਤਨਾ ਬੇਤਾਲਾ। ਜਿਹੜਾ ਲਿਖਦਾ ਕਵਿਤਾ ਸੀ, ਦੀ ਬਾਣੀ ਬਣਦੀ। ਜਪੁ ਜੀ ਸਾਹਿਬ ਦੇ ਨਾਲ ਹੀ, ਗੁਰਬਾਣੀ ਫੱਬਦੀ। ਬਾਬੇ ਕਿਹਾ ਮਰਦਾਨਿਆ, ਰਬਾਬ ਵਜਾ ਲਾ। ਲੋਕਾਂ ਤਾਂ ਨਾਨਕ ਸਾਹਿਬ ਆਖ ’ਤਾ ਸੀ, ਭੂਤਨਾ ਬੇਤਾਲਾ। ਕੁਦਰਤ ਦੇ ਰੰਗ ਨਿਖਾਰਨ ਨੂੰ, ਜਿਹੜਾ ਵੀ ਤੁਰਿਆ। ਜਿਹਦੇ ਮਨ ਵਿੱਚ ਰੁੱਖ ਲਗਾਉਣ ਦਾ, ਹੈ ਫੁਰਨਾ ਫੁਰਿਆ। ਉਹਦੇ ਅੰਗ ਸੰਗ ਕਾਦਰ ਆਪ ਰਹੂ, ਬਣ ਕੇ ਰਖਵਾਲਾ। ਲੋਕਾਂ ਤਾਂ ਨਾਨਕ ਆਖਿਆ, ਭੂਤਨਾ ਬੇਤਾਲਾ। ਸਰਬ ਨੇ ਲਿਖ ਹੀ ਦੇਵਣਾ, ਉਹਦਾ ਹੁਕਮ ਜੇ ਆਇਆ। ਦਮ-ਦਮ ਉਸਨੇ ਆਪਣਾ, ਕੁਦਰਤ ਨਾਮ ਲਾਇਆ। ਉਸ ਨੂੰ ਕਮਲ਼ੀ ਚਾਹੇ ਲੱਖ ਕਹੋ, ਨਾ ਦਿਉ ਨਿਵਾਲਾ। ਲੋਕਾਂ ਤਾਂ ਨਾਨਕ ਸਾਹਿਬ ਆਖ ’ਤਾ ਸੀ, ਭੂਤਨਾ ਬੇਤਾਲਾ।
ਤੜਕੇ ਸੈਰ ਜਦ ਮੈਂ ਤੁਰੀ
ਤੜਕੇ ਸੈਰ ਜਦ ਮੈਂ ਤੁਰੀ, ਚੰਨ ਨਾਲ਼ ਤੋਰ ’ਤਾ ਪਰਛਾਵਾਂ। ਮੜ੍ਹੀਆਂ ਅਵਾਜਾਂ ਮਾਰੀਆਂ, ਜਿਉਂ ਮਾਰਨ ਧੀਆਂ ਨੂੰ ਮਾਵਾਂ। ਮੈਂ ਹੱਥ ਹਿਲਾ ਮਨ੍ਹਾ ਕਰ ’ਤਾ, ਕਿ ਮੈਂ ਮਿਲਣ ਸੱਜਣ ਨੂੰ ਜਾਣਾ। ਤਾਰਿਆਂ ਨੇ ਪੈੜ ਦੱਬ ਲਈ, ਮੈਨੂੰ ਕਰਨ ਲੱਗੇ ਉਹ ਤਾੜਨਾ। ਕਿ ਟੁੱਟ ਤੇਰੇ ਪੈਰੀਂ ਡਿੱਗਦੇ, ਕਿ ਸਾਨੂੰ ਹੁਕਮ, ਤੁਸਾਂ ਨੂੰ ਮਾਰਨਾ। ਮਰੀ ਵੇਖ ਪਿੱਛੇ ਮੁੜ ਗਏ, ਕਹਿੰਦੇ ਮਰਿਆਂ ਨੂੰ ਕੀ ਮਾਰਨਾ। ਅੱਗੇ ਗਈ ਤੇ ਸੁੱਕਾ ਰੁੱਖ਼ ਮਿਲ਼ ਪਿਆ, ਮੈਨੂੰ ਵੇਖ ਕੇ ਰੋਈ ਜਾਵੇ। ਕਿ ਸਕੇ ਸਾਡੇ ਮੁੱਕ ਨੀ ਗਏ, ਅਸੀਂ ਤੇਰੇ ਲੇਖੇ, ਕਿ ਤੈਨੂੰ ਸਾੜਨਾ। ਮੜ੍ਹੀ ਵੱਲ ਵੇਖ ਹੱਸ ਪਿਆ, ਕਹਿੰਦਾ ਸੜਿਆਂ ਦਾ ਕੀ ਸਾੜਨਾ। ਦਰਿਆ ਦੇ ਕੰਢੇ ਤੁਰ ਪਈ, ਚੰਦਰਾ ਵੇਖ ਮੈਨੂੰ ਮੁਸਕਾਵੇ। ਕਿ ਫੁੱਲ ਬਣ ਤੂੰ ਰੁੜ੍ਹਨਾ, ਤੈਨੂੰ ਜ਼ਿੰਦਗੀ ਭੁਲੇਖੇ ਪਾਏ। ਮੈਂ ਹਵਾ ਵਾਂਗ, ਮੋੜ ਕੱਟ ਲਿਆ, ਕਿ ਸਾਨੂੰ ਤਰਿਆਂ ਨੂੰ ਦੱਸ ਕੀ ਤੂੰ ਤਾਰਨਾ। ਜਿਨ੍ਹਾਂ ਨੂੰ ਸੱਚੀ ਲਗ਼ਨ ਲੱਗੀ, ਉਹਨਾਂ ਨਾਮ ਹੁੰਦਾ ਮਰਜਾਣਾ। ਸੱਪਾਂ ਦੀਆਂ ਸਿਰੀਆਂ ਨੂੰ, ਸੋਂਣਾ ਸਰਬ ਬਣਾ ਸਿਰ੍ਹਾਣਾ। ਸੈਰ ਤਾਂ ਬਹਾਨਾ ਸੋਹਣਿਓਂ, ਕੁਦਰਤ ਦਰਸ ਕਰਨ ਸੀ ਜਾਣਾ।
ਰੱਬਾ ਸੁਣਿਆ ਸਭ ਤੂੰ ਕਰਦੈਂ
ਰੱਬਾ ਸੁਣਿਆ ਸਭ ਤੂੰ ਕਰਦੈਂ, ਪਿਆਰਿਆ ਧਰਤੀ ’ਤੇ ਆ। ਜਿਹੜੇ ਤੇਰੇ ਨਾ ਡਰਾਉਂਦੇ ਨੇ, ਸਾਨੂੰ ਭੰਬਲ਼ਭੂਸੇ ਪਾਉਂਦੇ ਨੇ। ਤੂੰ ਆ ਤੇ ਆ ਸਾਨੂੰ ਇਹਨਾਂ ਬਾਰੇ ਸਮਝਾ। ਕੀ ਇਹ ਸਭ ਤੇਰੇ ਪੈਰੋਕਾਰ ਨੇ, ਸਭ ਤੇਰੇ ਕਹਿਣ ਤੇ ਕਰਦੇ ਨੇ। ਸਰਟੀਫਿਕੇਟ ਦੇਂਦੇ ਤੇਰੇ ਨਾਂ, ਤੇ ਦਸਤਖਤ ਆਪਣੇ ਕਰਦੇ ਨੇ। ਕੀ ਤੂੰ ਇਹ ਭੇਜੇ ਆ, ਆ ਤੇ ਦੱਸ ਕੇ ਜਾ। ਇਹ ਕਹਿੰਦੇ ਸਭ ਤੂੰ ਕਰਦੇਂ, ਸਭ ਪ੍ਰਥਾ ਤੂੰ ਆਪ ਬਣਾਈ। ਦਾਸੀ-ਪ੍ਰਥਾ, ਸਤੀ-ਪ੍ਰਥਾ, ਔਰਤ ਅੰਦਰ ਔਰਤ ਦਾ ਕਤਲ। ਕੀ ਇਹ ਸਭ ਤੇਰੇ ਭਾਣੇ ਆ, ਆ ਤੇ ਗ਼ਲਤ-ਫਹਿਮੀਆਂ ਮਿਟਾ। ਤੂੰ ਹੀ ਕਹਿੰਦੇ ਜਾਤ ਬਣਾਈ, ਤੂੰ ਬਣਾਈਆਂ ਪਾਤਾਂ। ਨਸ਼ਾ ਵੀ ਤੂੰ ਕਰਦੈਂ ਕਰਵਾਉਨੈਂ, ਤੇਰੀਆਂ ਸਾਰੀਆਂ ਬਾਤਾਂ। ਇਹ ਸਭ ਤੂੰ ਕਰਵਾਉਂਦਾ ਆਂ, ਆ ਤੇ ਕੇ ਦੱਸ ਕੇ ਜਾ। ਤੂੰ ਆਖਿਆ ਕਿ ਤੇਰੇ ਲਈ, ਪੱਥਰਾਂ ਦੇ ਮਹਿਲ ਬਣਾਏ ਜਾਣ। ਪਾਣੀ ਗੰਧਲੇ ਕੀਤੇ ਜਾਣ, ਧਰਤੀਂ ਵਿੱਚੋਂ ਮੁਕਾਏ ਜਾਣ। ਆਰੀਆਂ ਤੂੰ ਚਲਾ ਰਹੈਂ, ਕੀ ਇਹ ਗੱਲ ਸੱਚੀ ਆ। ਬਹੁਤ ਹੋ ਗਿਆ, ਆ ਤੇ ਸੱਚ ਸਭ ਨੂੰ ਸਮਝਾ। ਮੈਨੂੰ ਲੱਗਦਾ ਰੱਬਾ, ਤੂੰ ਇਹ ਨਹੀਂ ਕਰਦਾ-ਕਰਵਾਉਂਦਾ। ਦੁਨੀਆਂ ਰੱਬਾ ਭਟਕ ਰਹੀ, ਕਿਉਂ ਨਹੀਂ ਸਮਝਾਉਂਦਾ। ਸੋਹਣਿਆਂ ਗੱਲ ਮੰਨ ਜਾ, ਇੱਕ ਵਾਰ ਧਰਤੀ ਗੇੜਾ ਲਾ। ਜਿਹੜੇ ਗ਼ਲਤ-ਫ਼ਹਿਮੀਆਂ ਵੇਚ ਰਹੇ, ਹੱਟੀਆਂ ਚੁਕਵਾ।
ੳ ਅ ੲ ਸ ਹ ਬੋਲਣਾ
ੳ ਅ ੲ ਸ ਹ ਬੋਲਣਾ ਕਦੇ ਨਾ ਡੋਲਣਾ। ਕ ਖ ਗ ਘ ਙ ਪਿਆਰਿਓ ਜ਼ਿੰਦਗੀ ਦੇ ਮੋੜ ਤੇ ਕਦੇ ਨਾ ਹਾਰਿਓ। ਚ ਛ ਜ ਝ ਞ ਵੀਰਿਓ ਪੰਜਾਬੀ ਬੋਲ ਛੱਡੋ ਮਿੱਠੇ ਤੀਰ ਹੀਰਿਓੁ। ਟ ਠ ਡ ਢ ਣ ਸੋਹਣਿਓ। ਭੁੱਲ ਗਏ ਪੰਜਾਬੀ ਕਾਹਤੋਂ ਮਨਮੋਹਣਿਓਂ। ਤ ਥ ਦ ਧ ਨ ਬੋਲ ਬੋਲ ਹੱਸਿਓ। ਕੁਦਰਤ ਦੇ ਰੰਗ ਸਭਨਾਂ ਨੂੰ ਦੱਸਿਓ। ਪ ਫ ਬ ਭ ਮ ਨਾਲ਼ ਕਰੋ ਪਿਆਰ ਜੀ। ਲਿਖ ਕੇ ਪੰਜਾਬੀ ਫ਼ੁੱਲ ਦਿਉ ਚਾੜ੍ਹ ਜੀ। ਯ ਰ ਲ ਵ ੜ ਬੋਲਿਓੁ। ਝੂਠ ਨਾਲ਼ ਕਦੇ ਸੱਚ ਨੂੰ ਨਾ ਤੋਲਿਓ। ਸ਼ ਖ਼ ਜ਼ ਲ਼ ਫ਼ ਪੈਰ ਬਿੰਦੀ ਲਾ ਕੇ ਮੱਥਾ ਟੇਕ ਲਓ। ਬੋਲ ਕੇ ਪੰਜ ਆਬੀ ਤੇ ਨਜ਼ਾਰੇ ਵੇਖ ਲਓ। ਜਿੱਥੇ ਜਾ ਕੇ ਤੁਸੀਂ ਮਰਜ਼ੀ ਹੈ ਵੱਸਿਓ। ਪੰਜਾਬੀ ਨੂੰ ਮਾਂ ਵਾਂਙ, ਹਿਰਦੇ ਨਾਲ਼ ਲਾ ਰੱਖਿਓ। ਧੰਨ ਗੁਰੂ ਨਾਨਕ ਸਾਹਿਬ ਪਹਿਲਾ ਪਿਆਰ ਰੱਖਿਓੁ। ਸਤਿ ਕਰਤਾਰ, ਸਤਿ ਕਰਤਾਰ ਜਪਿਓੁ। ਗ਼ਲਤੀ ਦੀ ਯਾਚਕ ਹਾਂ, ਭੈਣੋ ਵੀਰੋ ਪਿਆਰਿਓ। ਪੈਰੀਂ ਮੱਥਾ ਟੇਕਾਂ, ਕੁਦਰਤ ਦੇ ਨਜ਼ਾਰਿਓ।
ਮੈਂ ਧਰਤੀ ਸਭ ਦੀ ਮਾਈ
ਮੈਨੂੰ ਅੱਜ ਤੱਕ ਸਮਝ ਨਹੀਂ ਆਈ ਤੁਸੀਂ ਸਰਹੱਦ ਕਿਵੇਂ ਬੰਨ੍ਹ ਲਈ ਮੈਂ ਧਰਤੀ ਤਾਂ ਸਭ ਦੀ ਸਾਂਝੀ ਹਾਂ ਫਿਰ ਤੁਸਾਂ ਨੇ ਕਿੱਦਾਂ ਵੰਡ ਲਈ। ਤੁਸੀਂ ਰਜਿਸਟਰੀਆਂ ਕਰਨ ਲੱਗ ਪਏ, ਹੈਰਾਨ ਹਾਂ, ਤੁਹਾਡੀ ਹਿੰਮਤ ਕਿਵੇਂ ਪਈ। ਤੁਹਾਡੀ ਮਾਂ ਨਹੀਂ ਕਿਹਾ ਕਿ ਗ਼ਲਤ ਹੈ, ਕੀ ਉਹ ਨਹੀਂ ਕੁਰਲਾਈ। ਮੇਰੇ ਇੰਤਕਾਲ ਚੜ੍ਹੇ ਵੇਖ ਕੇ, ਉਹ ਨਾ ਸ਼ਰਮਾਈ। ਕਦੇ-ਕਦੇ ਮੇਰਾ ਦਿਲ ਕਰਦਾ ਕਿ ਪਰਲੋ ਭੇਜਾਂ ਕੋਈ। ਪਰ ਵਾ-ਵਰੋਲ਼ੇ ਭੇਜਕੇ, ਜਾਵਾਂ ਮੈਂ ਸਮਝਾਈ। ਮੈਂ ਕਰੋਨਾ ਰਾਹੀਂ ਪੱਤਰ ਭੇਜਿਆ, ਘਰੀਂ ਬੰਦ ਕਰ ’ਤੇ ਭੈਣ ਤੇ ਭਾਈ। ਤੁਹਾਡੀ ਦਾਣੇ-ਦਾਣੇ ਨੂੰ ਤਰਸਦੀ, ਵੇਖੀ ਦਰ-ਦਰ ਮੰਗਦੀ ਮਾਈ। ਮਾਈ ਤੁਹਾਡੀ ਰੋਂਦੀ ਵੇਖ ਕੇ, ਲੋਕੋ ਮੇਰੀ ਅੱਖ ਭਰ ਆਈ। ਤੁਸੀਂ ਮੂੰਹ ’ਤੇ ਪਰਦੇ ਪਾ ਲਏ, ਤੁਹਾਡੀ ਅੱਖ ਰਹੀ ਤਿਹਾਈ। ਤੁਸੀਂ ਮਹਿਲ-ਮੁਨਾਰੇ ਪਾਉਣ ਲਈ, ਮਨੂੰ ਅੱਗ ਨਾਲ਼ ਜਾਂਦੇ ਪਕਾਈ। ਮੈਂ ਹਰ ਥਾਂ ਜੀਵਨ ਘੱਲਿਆ, ਤੁਸੀਂ ਹਥੌੜਿਆਂ ਨਾਲ਼ ਗਏ ਮੁਕਾਈ। ਕਿੰਨੇ ਪੁੱਤ ਖਾ ਲਏ ਮਾਵਾਂ ਦੇ, ਤੁਹਾਡੀਆਂ ਇਹਨਾਂ ਸਰਹੱਦਾਂ ਨੇ। ਜਿਨ੍ਹਾਂ ਖੇਤ ’ਚ ਸੋਨਾ ਬੀਜਣਾ ਸੀ, ਰਾਖੀਆਂ ਕਰਨ ਜਵਾਨੀ ਲਾਈ। ਕਿੰਨੀਆਂ ਵਿਧਵਾ ਤੇ ਸਜੀਆਂ ਸੇਜਾਂ, ਸੁੰਨੀਆਂ ਕਰਗੀ ਤੁਹਾਡੀ ਮਨ ਆਈ। ਕਿੰਨੇ ਕਵੀ ਤੇ ਕਲਮਾਂ ਰੋ ਮੋਈਆਂ, ਸਰਹੱਦਾਂ ਦੇ ਦੋਵੇਂ ਪਾਸਿਓਂ, ਦੇ-ਦੇ ਦੁਹਾਈ। ਵਿਛੋੜਿਆਂ ਦੀ ਯਾਦ 'ਚ ਤੜਫ ਕੇ ਮੈਂ, ਕਲਮ ਜਦ ਸਰਬ ਦੇ ਹੱਥ ਫੜਾਈ। ਮੈਥੋਂ ਨਹੀਂ ਰਿਹਾ ਗਿਆ ਵੇਖ ਕੇ, ਜਦ ਕਲਮ ਉਹਦੀ ਕੁਰਲਾਈ। ਮੈਂ ਤੁਹਾਨੂੰ ਆਪ ਸਮਝਾਵਣ ਤੁਰ ਪਈ, ਨਾ ਵੰਡੋ, ਨਾ ਵੰਡੋ, ਮੈਂ ਧਰਤੀ ਸਭ ਦੀ ਮਾਈ।
ਮੇਰਾ ਮਨ ਨਾ ਆਵੇ ਬਾਜ਼
ਅੱਜ ਤੜਕੇ ਦਾ ਪਹਿਰ ਸੀ ਮੇਰਾ ਮਨ ਨਾ ਆਵੇ ਬਾਜ਼। ਕਹਿੰਦਾ ਗੱਲ ਕਰ ਧਰਮਰਾਜ ਦੀ, ਕੌਣ ਹੈ ਧਰਮਰਾਜ? ਉੁਹ ਜੋ ਜੀਵਾਂ ’ਤੇ ਬਖਸ਼ਸ਼ ਕਰਦਾ, ਜਾਂ ਕਰਦਾ ਸਜ਼ਾਯਾਬ। ਕੀ ਤੁਸੀਂ ਉਸ ਨੂੰ ਕਹਿੰਦੇ ਧਰਮਰਾਜ? ਮੈਂ ਕਿਹਾ ਹੂੰਅ, ਸ਼ਾਇਦ ਇਨਸਾਨ ਕਹਿੰਦੇ ਹੋਣੇ। ਏਸੇ ਨੂੰ ਆਪਣਾ ਧਰਮਰਾਜ ਫਿਰ ਸ਼ੁਰੂ ਕਰ ’ਤੇ ਉਸ ਸਵਾਲ, ਮਚਾ ਦਿੱਤਾ ਦਿਲ ਬਵਾਲ। ਤੇ ਫਿਰ ਸੂਰਜ ਦਾ ਧਰਮਰਾਜ ਕੌਣ ਹੈ? ਜੋ ਰੌਸ਼ਨੀ ਦੇ, ਕਰਦਾ ਧਰਤ ਅਬਾਦ। ਚੰਦਰਮਾ ਦਾ ਧਰਮਰਾਜ ਕੌਣ ਹੈ? ਜੋ ਠੰਢਕ ਦੇਂਦਾ ਬੇਹਿਸਾਬ। ਪਾਣੀ ਦਾ ਧਰਮਰਾਜ ਕੌਣ ਹੈ? ਜੋ ਨਿੱਤ ਮਿਟਾਵੇ ਪਿਆਸ। ਕਰੋੜਾਂ ਤਰਾਂ ਦੇ ਧੰਨ-ਕੁਬੇਰ ਨੇ, ਉਹਨਾ ਦਾ ਕੌਣ ਵਿਆਸ। ਅਨੇਕਾਂ ਤਰ੍ਹਾਂ ਦੇ ਅਨਾਜ, ਰੁੱਖ ਤੇ ਪਹਾੜ ਨੇ, ਉਹਨਾਂ ਦਾ ਕੌਣ ਰੱਖਦਾ ਹਿਸਾਬ-ਕਿਤਾਬ। ਤੁਸੀਂ ਧਰਤੀ-ਅੰਬਰ ਖੋਜ ਰਹੇ ਨਾਮ ਰੱਖ ਕੇ ਵਿਗਿਆਨ। ਫਿਰ ਮਿਲ਼ਿਆ ਬ੍ਰਹਿਮੰਡ ਨੂੰ ਚਲਾਉਣ ਵਾਲਾ? ਜਾਂ ਮੁੜ ਆਏ ਹੋ ਪਰੇਸ਼ਾਨ। ਉਹ ਇੱਕ ਓਅੰਕਾਰ ਹੈ, ਜੋ ਬ੍ਰਹਿਮੰਡ ਨੂੰ ਚਲਾ ਰਿਹਾ। ਨਾਨਕ ਸਾਹਿਬ ਨੇ ਤੱਕਿਆ ਸੀ, ਜਪੋ ਉਸ ਨੂੰ ਅੰਤਰ-ਧਿਆਨ। ਉਹ ਹਰ ਇੱਕ ਦੇ ਵਿੱਚ ਵੱਸਦਾ, ਕੁਦਰਤ ਦਾ ਧਰਮਰਾਜ।
ਸੜਕ, ਖਿੜ ਖਿੜ ਹੱਸ ਰਹੀ
ਘਰ ਅੱਗੇ ਵਗਦੀ ਸੜਕ, ਖਿੜ-ਖਿੜ ਹੱਸ ਰਹੀ ਸੀ। ਇੰਜੀਨੀਅਰ ਮਿਣਤੀ ਕਰੀ ਜਾਂਦੇ, ਲੋਕ ਤਮਾਸ਼ਾ ਵੇਖਦੇ। ਰੁੱਖ ਰੋਈ ਜਾਂਦੇ ਸੀ, ਫ਼ਖ਼ਰ ਨਾਲ਼ ਦੱਸ ਰਹੀ ਸੀ। ਮੈਂ ਵਧਣ ਲੱਗੀ ਹਾਂ, ਹੁਣ ਮੈਂ ਚੌੜੀ ਹੋ ਬਹਿਣਾ। ਤੁਸੀਂ ਕੱਟੇ ਜਾਣਾ ਹੈ, ਤੁਹਾਡੇ ’ਚੋਂ ਇੱਕ ਨਹੀਂ ਰਹਿਣਾ। ਮੁੱਕ ਪੰਛੀ ਰੌਲ਼ਾ ਜਾਣਾ, ਦੱਸ ਉਹ ਨੱਚ ਰਹੀ ਸੀ। ਘਰ ਅੱਗੇ ਵਗਦੀ ਸੜਕ, ਖਿੜ-ਖਿੜ ਹੱਸ ਰਹੀ ਸੀ। ਰੁੱਖ ਰੋਈ ਜਾਂਦੇ ਸੀ, ਫ਼ਖ਼ਰ ਨਾਲ਼ ਦੱਸ ਰਹੀ ਸੀ । ਆਹ ਜਿਹੜਾ ਬੋਹੜ ਚੰਦਰਾ ਹੈ, ਮੌਤ ਦੇ ਰਾਹ ’ਚ ਜਿੰਦਾ ਸੀ। ਇਹ ਸਾਹਾਂ ਦਾ ਵਪਾਰੀ ਹੈ, ਬੰਦੇ ਨੂੰ ਆਕਸੀਜਨ ਦੇਂਦਾ ਸੀ। ਤੁਹਾਡਾ ਠੇਕਾ ਵੱਜੇਗਾ, ਜਿਹੜਾ ਜ਼ਿਆਦਾ ਪੈਸੇ ਦੇਊ। ਉਹੀ ਤੁਹਾਨੂੰ ਵੱਢੇਗਾ, ਜ਼ਿੰਦ ਤੁਹਾਡੀ ਫਸ ਗਈ ਜੀ। ਘਰ ਅੱਗੇ ਵਗਦੀ ਸੜਕ, ਖਿੜ-ਖਿੜ ਹੱਸ ਰਹੀ ਸੀ। ਰੁੱਖ ਰੋਈ ਜਾਂਦੇ ਸੀ, ਫ਼ਖ਼ਰ ਨਾਲ ਦੱਸ ਰਹੀ ਸੀ। ਨਾਲ਼ੇ ਆਹ ਨਿੰਮ ਜਿਹੜੀ, ਬੰਦੇ ਦੇ ਜ਼ਖ਼ਮਾਂ ਤੇ ਮਰਦੀ ਸੀ। ਓਹੀ ਵੱਢਣਗੇ ਇਹਨੂੰ, ਜਿਨ੍ਹਾਂ ਦੀ ਬਣਦੀ ਦਰਦੀ ਸੀ। ਕੋਲ਼ੋਂ ਦੀ ਸਰਬ ਲੰਘੀ ਜਦ, ਮਾਰੇ ਉਸਨੂੰ ਵੀ ਮਿਹਣੇ ਮੈਂ। ਜੋ ਮਰਦੀ ਹੈ ਕੁਦਰਤ ਤੇ, ਤੋੜ ਉਹਦੇ ਖੁਆਬ ਦੇਣੇ ਨੇ। ਸੁਣ ਤੁਹਾਡੇ ਕੱਟਣ ਦੀ ਗੱਲ, ਪੈ ਉਸ ਗਸ਼ ਗਈ ਜੀ। ਘਰ ਅੱਗੇ ਵਗਦੀ ਸੜਕ, ਖਿੜ-ਖਿੜ ਹੱਸ ਰਹੀ ਸੀ। ਰੁੱਖ ਰੋਈ ਜਾਂਦੇ ਸੀ, ਫ਼ਖ਼ਰ ਨਾਲ ਦੱਸ ਰਹੀ ਸੀ। ਮੈਂ ਬੰਦੇ ਦੀ ਨਹੀਂ ਬਣਨਾ, ਜਿਸਨੇ ਮੈਨੂੰ ਹੈ ਘੜਨਾ। ਮੈਂ ਕਾਲ਼ੀ ਸ਼ਾਹ ਹੋ ਜਾਣਾ, ਬੰਦੇ ਨੂੰ ਕਬਰ ਤੱਕ ਖੜਨਾ। ਇਹ ਆਪੇ ਆਪਣੇ ਪੈਰਾਂ ’ਤੇ, ਕੁਹਾੜੇ ਮਾਰੀ ਜਾਂਦੇ ਨੇ। ਮੇਰੇ ਹਾਸੇ ’ਤੇ ਨਾ ਜਾਇਓ, ਮੈਂ ਅੰਦਰੋਂ ਮੱਚ ਗਈ ਜੀ। ਰੁੱਖ ਰੋਈ ਜਾਂਦੇ ਸੀ, ਬੰਦੇ ਦੇ ਮਾੜੇ ਦਿਨਾਂ ਦੀ ਸੋਚ ਸੜਕ ਜਦ ਆਪਣਾ ਦੁੱਖੜਾ, ਉਹਨਾਂ ਨੂੰ ਦੱਸ ਰਹੀ ਸੀ।
ਚੁੱਪ ਕਾਹਤੋਂ ਵੱਟ ਲਈ
ਚੁੱਪ ਕਾਹਤੋਂ ਵੱਟ ਲਈ, ਵੇ ਹਾਸੇ ਪਾਉਣ ਵਾਲ਼ਿਆ। ਦੱਸ ਕਿਹੜੇ ਚੰਦਰੇ ਤੋਂ ਹਾਸਾ ਤੂੰ ਗੁਆ ਲਿਆ। ਜਿੱਥੇ ਜਾਵੇਂ ਉੱਥੇ ਬਹਿ ਮਹਿਫ਼ਲਾਂ ਸਜਾਉਂਦਾ ਸੀ। ਦੱਸ ਕਿਹੜੀ ਤੱਤੜੀ ਤੋਂ ਰੋਗ ਨੂੰ ਲਵਾ ਲਿਆ। ਕਰ-ਕਰ ਟਿੱਚਰਾਂ, ਲਾ ਦੇਂਦਾ ਢਿੱਡ ਦੁਖਣੇ। ਸੱਜਣਾ ਵੇ ਕਾਹਤੋਂ ਦਿਲ ਪਾਪੀ ਲੜ ਲਾ ਲਿਆ। ਇੱਥੇ ਕੋਈ ਰਾਜਾ-ਰਾਣਾ ਟਿਕ ਬਹਿ ਨਾ ਸਕਿਆ ਐਵੇਂ ਕਾਹਨੂੰ ਜਿੰਦੜੀ ਨੂੰ ਰੋਗ ਜਿਹਾ ਲਾ ਲਿਆ। ਨਿੱਕੇ ਜਿਹੇ ਦਿਲ ਨੂੰ, ਤੈਂ ਕਬਜ਼ੇ 'ਚ ਕਰ ਲਿਆ। ਕਿੰਨੇ ਸਾਰੇ ਚਿਹਰਿਆਂ ਦਾ, ਹਾਸਾ ਤੂੰ ਵੇ ਖਾ ਲਿਆ। ਮੂੰਹ ਤੇਰਾ ਦੇਖ ਲੋਕ ਆਪੇ ਹੱਸ ਪੈਂਦੇ ਸੀ। ਤੂੰ ਗ਼ੈਰਾਂ ਲੜ ਲੱਗ, ਕਿਉਂ ਗੁਆਚਿਆ ਨਿਹਾਲਿਆ। ਆ ਜਾ ਫਿਰ ਤੋਂ ਉਡੀਕਣ ਸਾਰੇ। ਤੇਰੇ ਬਿਨ ਨਹੀ ਬੱਝਣੇ ਨਜ਼ਾਰੇ। ਚਾਹੇ ਕਹਿਣ ਮਰਾਸੀ ਸਾਰੇ। ਤੇਰੇ ਤਾਂ ਵੇ ਵੱਡਿਆਂ, ਨਾਨਕ ਨਾਲ ਰਬਾਬ ਵਜਾ ਲਿਆ। ਸਰਬ ਵੱਲ ਵੇਖ, ਜਿਹਦਾ ਸਾਦਾ ਜਿਹਾ ਭੇਖ। ਨਿੱਕਾ-ਨਿੱਕਾ ਮੁਸਕਾਵੇ, ਸਭ ਦੇ ਮਨ ਭਾਵੇ। ਦਿੱਤੇ ਓਸ ਨੇ ਲੁਕਾ, ਜਿਹੜੇ ਗ਼ਮਾਂ ਘੇਰਾ ਪਾ ਲਿਆ। ਚੁੱਪ ਕਾਹਤੋਂ ਵੱਟ ਲਈ, ਵੇ ਹਾਸੇ ਪਾਉਣ ਵਾਲ਼ਿਆ। ਦੱਸ ਕਿਹੜੇ ਚੰਦਰੇ ਤੋਂ ਹਾਸਾ ਤੂੰ ਗੁਆ ਲਿਆ।
ਮੁਹੱਬਤ ਆ ਰਹੀ ਹੈ
ਉਮਰਾਂ ਨੂੰ ਲਾਂਭੇ ਕਰ ਦਿਓ, ਮੁਹੱਬਤ ਆ ਰਹੀ ਹੈ। ਹਾਣੀ ਦੇ ਹਾਣੀ ਬਣ ਜਾਓੁ। ਪਿਆਰਾਂ ਲੰਗਰ ਲਾ ਰਹੀ ਹੈ। ਉਮਰਾਂ ਨੂੰ ਲਾਂਭੇ ਕਰ ਦਿਓ, ਮੁਹੱਬਤ ਆ ਰਹੀ ਹੈ। ਸਦੀਆਂ ਦੇ ਵਿਛੁੜੇ ਜੋ, ਸਾਵਣ ’ਚ ਮਿਲਣਗੇ। ਰੁੱਖਾਂ ਦੇ ਪੱਤੇ ਪੁੰਗਰਨੇ, ਫੁੱਲ ਆਪੇ ਖਿੜਨਗੇ। ਸਿਜਦੇ ਕਰ ਫੁੱਲਾਂ ਨੂੰ, ਉਹ ਮਹਿਕਾ ਰਹੀ ਹੈ। ਉਮਰਾਂ ਨੂੰ ਲਾਂਭੇ ਕਰ ਦਿਓ, ਮੁਹੱਬਤ ਆ ਰਹੀ ਹੈ। ਦਰਿਆ ਨੂੰ ਬਖਸ਼ ਤਾਜ਼ਗੀ, ਤੇ ਜ਼ਿੰਦਗੀ ਨੂੰ ਸਾਦਗੀ। ਫਿਰ ਨ੍ਹਾਉਣ ਲਈ ਆਪਣੇ ਪਿਆਰਿਆਂ। ਸਮੁੰਦਰ ਉਡਾ ਕੇ ਬੱਦਲ਼ੀਂ, ਬਾਰਸ਼ ਕਰਾ ਰਹੀ ਹੈ। ਉਮਰਾਂ ਨੂੰ ਲਾਂਭੇ ਕਰ ਦਿਉ, ਮੁਹੱਬਤ ਆ ਰਹੀ ਹੈ। ਉਸ ਪਹਿਲਾ ਪੈਰ ਧਰਤ ’ਤੇ ਧਰਨਾ। ਪਿਆਰਾਂ ਨਾਲ਼ ਜਗਤ ਨੇ ਠਰਨਾ। ਅਸਾਂ ਘੱਗੀਆਂ ਅਵਾਜਾਂ ਮੰਗੀਆਂ। ਜਿਨ੍ਹਾਂ ਗੁਟਕੂੰ-ਗੁਟਕੂੰ ਕਰਨਾ ਸਭ ਪਿਆਰੇ ਕੱਠੇ ਕਰਨ ਲਈ,ਉਹ ਸੱਥਾਂ ਬਣਾ ਰਹੀ ਹੈ। ਉਮਰਾਂ ਨੂੰ ਲਾਂਭੇ ਕਰ ਦਿਓੁ, ਮੁਹੱਬਤ ਆ ਰਹੀ ਹੈ। ਉਹ ਸਰਬ ਦੇ ਦਿਲਾਂ ਦੀਆਂ ਜਾਣਦੀ। ਜੋ ਕੁਦਰਤ ਦੇ ਰੰਗ ਮਾਣਦੀ। ਉਸ ਕਰ ਸਮੇਂ ਦੇ ਹਾਣ ਦੀ, ਪਿਆਰੀ ਪੀਂਘਾਂ ਝੁਲਾ ਰਹੀ ਹੈ। ਉਮਰਾਂ ਨੂੰ ਲਾਂਭੇ ਕਰ ਦਿਓ, ਮੁਹੱਬਤ ਆ ਰਹੀ ਹੈ।
ਅਸੀਂ ਨਾਨਕ ਸ਼ਾਹ ਦੇ ਮੁਰੀਦ
ਅਸੀਂ ਨਾਨਕ ਸ਼ਾਹ ਦੇ ਮੁਰੀਦ, ਰੁੱਖਾਂ-ਕੁੱਖਾਂ ਦੇ ਵਣਜਾਰੇ। ਅਸੀਂ ਫੁੱਲਾਂ ਦੇ ਪਾਲ਼ੀ, ਕੰਡੇ ਰੱਖ ਲੈਣੇ ਰਖਵਾਲੇ। ਕੀ ਕਰਨੀ ਏ ਕੇ ੪੭, ਅਸੀਂ ਪਿਆਰਾਂ ਲਈ ਮਤਵਾਲੇ। ਮੀਰੀ-ਪੀਰੀ ਦੇ ਵਾਰਿਸ, ਜਿਹੜੀ ਰਹੂ ਅਸਾਡੇ ਨਾਲ਼ੇ। ਅਸੀਂ ਨਿੰਮਾਂ ਲਾ ਕੇ ਤੇ, ਹੈ ਮਲ੍ਹਮ ਬਣਾ ਲੈਣੀ। ਲਾਉਣੀ ਉਹਨਾਂ ਜ਼ਖ਼ਮਾਂ ਤੇ, ਜਿਹੜੇ ਦੁਸ਼ਟਾਂ ਨੇ ਗਾਲ਼ੇ। ਅਸੀਂ ਕੌਮ ਹਾਂ ਸ਼ੇਰਾਂ ਦੀ, ਗੋਬਿੰਦ ਸਿੰਘ ਲਾਡਾਂ ਨਾਲ਼ ਨਹੀਂ ਪਾਲ਼ਿਆ। ਅਸੀਂ ਵਾਰਿਸ ਉਨ੍ਹਾਂ ਦੇ, ਜਿੰਨਾਂ ਹੱਥ ਤੇ ਸੀਸ ਟਿਕਾ ਲਿਆ। ਸਰਬ ਦੀ ਜੰਗ ਹੈ ਕੁਦਰਤ ਲਈ, ਜਿਸ ਤੋਂ ਜਾਣਾ ਉਸ ਬਲਿਹਾਰ। ਕਰਨਾ ਨਾਨਕ ਸਾਹਿਬ ਕਹਿ ਗਏ ਜੋ, ਤੇ ਜਪਣਾ ਸਤਿ ਕਰਤਾਰ। ਮੇਰੀ ਮੰਨ ਲਓ ਅਰਜ਼ ਤੁਸੀਂ ਸੋਹਣਿਓਂ, ਦਿਓ ਤਪਦੇ ਸੀਨੇ ਠਾਰ। ਰੁੱਖਾਂ ਨੂੰ ਲਗਾ ਮਨਮੋਹਣਿਓਂ, ਕਰੋ ਪਿਆਰਾਂ ਦਾ ਇਜ਼ਹਾਰ।
ਗ਼ਮ ਵੇਲੇ ਨੇੜੇ ਲੱਗੇ ਆਪਣਾ
ਗ਼ਮ ਵੇਲੇ ਨੇੜੇ ਲੱਗੇ, ਉਹੀ ਹੁੰਦਾ ਆਪਣਾ। ਖ਼ੁਸ਼ੀਆਂ ਮਨਾਉਣ ਵੇਲ਼ੇ ਤਾਂ, ਭੰਡ ਵੀ ਘਰ ਆ ਜਾਵੇ। ਡਿਗਣ ਵੇਲੇ ਚੁੱਕ ਜਿਹੜਾ ਸੀਨੇ ਨਾਲ਼ ਲਾ ਲਵੇ। ਮਰੇ ਕੋਲ਼ ਭਾਵੇਂ ਰੋਵੇ ਨਾ, ਜ਼ਿੰਮੇਵਾਰੀਆਂ ਨਿਭਾ ਜਾਵੇ। ਸੱਜਣਾਂ ਦੀ ਪਰਖ ਹੁੰਦੀ, ਢੱਠੇ ਜਿਹੇ ਚੁਬਾਰੇ ਤੇ। ਜਦੋਂ ਕੱਚੀ ਕੰਧ ਡਿਗੇ, ਨਾਲ਼ ਲੇਪ ਲਗਵਾ ਦੇਵੇ। ਸੋਹਣਾ ਜਦੋਂ ਰੂਪ ਹੋਵੇ, ਰਾਂਝੇ ਮੱਝਾਂ ਚਾਰਦੇ ਨੇ। ਪਿਆਰ ਉਹੀ ਜਿਹੜਾ, ਨਾਲ਼ ਭੌੜੀਆਂ ਨਿਭਾ ਜਾਵੇ। ਸੱਜਣ ਮਰਨ ਜਵਾਨੀ, ਲੋਕੀਂ ਤਰਸ ਖਾ ਕੇ ਰੋਂਦੇ ਨੇ। ਰਿਸ਼ਤਾ ਉਹੀ ਲੋਕੋ, ਜਿਹੜਾ ਟੁੱਟੀ ਨੂੰ ਗੰਢਾ ਜਾਵੇ । ਮਾਪੇ ਮਰ ਜਾਣ ਲੋਕੋ, ਬੱਚੇ ਰੁਲ਼ ਜਾਂਦੇ ਨੇ। ਖ਼ਾਨਦਾਨੀ ਉਹੀ ਬੰਦਾ, ਜਿਹੜਾ ਕਰ ਕੇ ਦਿਖਾ ਜਾਵੇ। ਲੋਕਾਂ ਨੇ ਤਾਂ ਨਾਨਕ ਦਾ ਵੀ, ਕੱਚੀ ਕੰਧ ਕੋਲ ਮੰਜਾ ਡਾਹਿਆ। ਇੱਕੋ ਭੈਣ ਨਾਨਕੀ ਦਾ ਵੀਰ, ਜਿਹੜਾ ਕੱਚੀ ਅਮਰ ਕਰਾ ਜਾਵੇ।
ਕੁਦਰਤ ਦੇ ਰੰਗ ਨਿਰਾਲੇ
ਸੁਣ ਕਾਦਰਾ ਤੇਰੀ ਕੁਦਰਤ ਦੇ ਰੰਗ ਨਿਰਾਲੇ ਨੇ। ਕਦੇ ਛਾਵੇਂ ਤੱਤੀ ਹਵਾ, ਕਦੇ ਧੁੱਪ ਵਿੱਚ ਪਾਲ਼ੇ ਨੇ। ਪਹਿਲਾਂ ਪੀਲੇ ਕਰ ਪੱਤੇ, ਤੂੰ ਸਾਰੇ ਝਾੜ ਦਿੱਤੇ। ਹੁਣ ਕੂਲ਼ੀਆਂ ਕਰੂੰਬਲ਼ੀਆਂ ਲਾਲ, ਤੇ ਹਰੇ ਵੀ ਬਾਹਲ਼ੇ ਨੇ। ਤੂੰ ਆਪ ਹੀ ਪਾਲ਼ ਕੇ, ਤੇ ਆਪੇ ਤੋੜ ਦਿੰਦਾ ਫਿਰ ਝੱਟ ਨਵੇਂ ਉਗਾ ਦੇਂਦਾ, ਤੈਨੂੰ ਕਾਹਦੇ ਕਾਹਲ਼ੇ ਨੇ। ਕੋਈ ਰੁੱਖ ਨੂੰ ਵੱਢ ਦੇਵੇ, ਤੂੰ ਗੁੱਸੇ ਹੋ ਜਾਂਦਾ। ਕਈ ਜੜ੍ਹਾਂ ਤੋਂ ਪੁੱਟ ਦੇਂਦਾ, ਕਈ ਰੂੜੀਆਂ ਪਾਲ਼ੇ ਨੇ। ਕਿੰਨੀ ਉਮਰ ਦਾ ਰੁੱਖ ਹੋਵੇ, ਤੂੰ ਲੱਕੜੀਂ ਲੀਕਾਂ ਪਾ ਦੇਂਦਾ ਕੱਟੇ ਰੁੱਖ ਤੋਂ ਪਤਾ ਲੱਗੇ, ਕਿੰਨੇ ਸਾਲ ਇਨਸਾਨ ਪਾਲ਼ੇ ਨੇ। ਇੰਝ ਹੀ ਇਨਸਾਨ ਦੇ ਚੱਕਰ ਨੇ, ਕਈ ਬੁੱਢੇ ਹੋ ਮਰਦੇ। ਨਵੇਂ ਜੰਮ ਪੈਂਦੇ ਲੋਕੋ ਤੇ ਬਣਦੇ ਅਕਲਾਂ ਵਾਲ਼ੇ ਨੇ। ਹੈਰਾਨੀ ਦੀ ਗੱਲ ਨਹੀਂ, ਸਾਰੀ ਕੁਦਰਤ ਇੰਝ ਚੱਲਦੀ। ਕੁਦਰਤ ਦੇ ਪਾਲ਼ਿਆ ਵੇ, ਕਾਹਤੋਂ ਮਹਿਲ ਬਣਾ ਲਏ ਨੇ। ਤੁਰ ਜਾਣਾ ਵਾਂਗ ਪੱਤਿਆਂ, ਫਿਰ ਨਵਿਆਂ ਉੱਗ ਪੈਣਾ ਕਾਦਰ ਦੀ ਕੁਦਰਤ ਦੇ, ਲੋਕੋ ਰੰਗ ਨਿਰਾਲੇ ਨੇ। ਤੂੰ ਮੈਂ ਨੂੰ ਛੱਡ ਬੰਦੇ, ਉਸ ਦੇ ਨੇ ਸਭ ਧੰਦੇ। ਵਿੱਚ ਰਜ਼ਾ ਦੇ ਸਰਬ ਇੱਕ ਦਿਨ, ਪਾਉਣੇ ਇਥੋਂ ਚਾਲੇ ਨੇ।
ਮੈਂ ਅੰਦਰੋਂ ਅਮੀਰਜ਼ਾਦਾ ਹਾਂ
ਯਾਰਾ, ਮੈਨੂੰ ਨਹੀਂ ਆਉਂਦੀਆਂ ਚਲਾਕੀਆਂ, ਮੈਂ ਅੰਦਰੋਂ ਅਮੀਰਜ਼ਾਦਾ ਹਾਂ। ਮੇਰੀ ਜੇਬ ਵਿੱਚ ਨਹੀਓਂ ਕੋਈ ਧੇਲਾ, ਤੇ ਮਾਂ ਦਾ ਮੈਂ ਸ਼ਹਿਜ਼ਾਦਾ ਹਾਂ। ਲੋਕੀਂ ਮੇਰੇ ਨਾਲ ਕਰ ਕੇ ਚਲਾਕੀਆਂ, ਤੇ ਮਨੋ-ਮਨੀ ਰਹਿਣ ਹੱਸਦੇ। ਅਸੀਂ ਉੱਜੜ ਕੇ ਪਿੰਡ ਨਵਾਂ ਬੰਨ੍ਹਣਾ, ਤੇ ਸੱਜਣਾ ਦਿਖਾਉਣਾ ਵੱਸ ਕੇ। ਸਾਨੂੰ ਧੱਕੇ ਮਾਰ ਸਮਝੇਂ ਤੂੰ ਸੱਜਣਾ, ਕਿ ਦੁਨੀਆਂ ਦਾ ਤੂੰ ਪਿਆਦਾ ਹੈਂ। ਯਾਰਾ ਮੈਨੂੰ ਨਹੀ ਆਉਂਦੀਆਂ ਚਲਾਕੀਆਂ, ਮੈਂ ਅੰਦਰੋਂ ਅਮੀਰਜ਼ਾਦਾ ਹਾਂ। ਮੈਨੂੰ ਕਰ ਕੇ ਤੂੰ ਤੰਗ, ਨਾਲੇ ਆਖਦਾ ਮਲੰਗ। ਦੁੱਖ ਦੇਣ ਲੱਗਾ ਜ਼ਰਾ ਵੀ ਨਾ ਸੰਗਦਾ। ਮੈਂ ਹਾਂ ਗ਼ਰੀਬ, ਮੇਰੇ ਚੰਗੇ ਨੇ ਨਸੀਬ। ਜਿਹੜਾ ਵੇਲਾ ਘੜੀ ਹੱਸ-ਹੱਸ ਲੰਘਦਾ। ਤੈਨੂੰ ਰਾਤੀ ਨੀਂਦ ਨਾ ਆਵੇ, ਡਰ ਚੋਰ ਦਾ ਸਤਾਵੇ। ਨਾਲ਼ੇ ਤੋੜਦਾ ਤੂੰ ਰੱਬ ਦੀ, ਹਰ ਮਰਯਾਦਾ ਹਾਂ। ਮੇਰੀ ਜੇਬ ਵਿੱਚ ਨਹੀਓਂ ਕੋਈ ਧੇਲਾ, ਤੇ ਮਾਂ ਦਾ ਮੈਂ ਸ਼ਹਿਜ਼ਾਦਾ ਹਾਂ। ਯਾਰਾ ਮੈਨੂੰ ਨਹੀਓਂ ਆਉਂਦੀਆਂ ਚਲਾਕੀਆਂ, ਮੈਂ ਅੰਦਰੋਂ ਅਮੀਰਜ਼ਾਦਾ ਹਾਂ। ਜਿਹੜੀ ਦੁਨੀਆ ਦਾ ਬਣਦਾ ਤੂੰ ਸਾਨੀ ਵੇ। ਇਹ ਕੁਦਰਤ ਤੇ ਰੱਬ ਦੀ ਨਿਸ਼ਾਨੀ ਵੇ। ਗੱਲ ਸੁਣ ਚੰਨਣਾ, ਤੈਂ ਕਹਿਣਾ ਤੇ ਨਹੀ ਮੰਨਣਾ। ਰੱਬ ਦੀ ਨਹੀਂ ਮੰਨਦਾ, ਮੇਰੇ ਕਹੇ ਕੀ ਹੈ ਚੱਲਣਾ। ਤੇਰੇ ਪੈਸਾ ਮਨ ਭਾਵੇ, ਜਿਹੜਾ ਨਾਲ਼ ਵੀ ਨਾ ਜਾਵੇ। ਜਪ ਸਤਿ ਕਰਤਾਰ, ਕਰਦੀ ਮੈਂ ਫ਼ਰਿਆਦਾਂ ਹਾਂ। ਯਾਰਾ ਮੈਨੂੰ ਨਹੀਂ ਆਉਂਦੀਆਂ ਚਲਾਕੀਆਂ, ਮੈਂ ਅੰਦਰੋਂ ਅਮੀਰਜ਼ਾਦਾ ਹਾਂ। ਮੇਰੀ ਜੇਬ ਵਿੱਚ ਨਹੀਓਂ ਕੋਈ ਧੇਲਾ, ਨਾਨਕ ਸਾਹਿਬ ਦਾ ਸ਼ਹਿਜ਼ਾਦਾ ਹਾਂ।
ਮੈਨੂੰ ਲੋਕ ਫ਼ਕੀਰਾ ਕਹਿੰਦੇ
ਮੈਂ ਦੁੱਖ ਸੁੱਖ ਦਾ ਰਾਜਾ ਹਾਂ, ਮੈਨੂੰ ਲੋਕ ਫ਼ਕੀਰਾ ਕਹਿੰਦੇ ਨੇ। ਮੈਂ ਹਰ ਗ਼ਮ ਪੀ ਕੇ ਤਾਜ਼ਾ ਹਾਂ, ਮੈਨੂੰ ਸੁੱਖ ਦਾ ਜ਼ਖ਼ੀਰਾ ਕਹਿੰਦੇ ਨੇ। ਮੈਂ ਡਿਗਾ ਲੱਗਦਾਂ ਅੰਬਾਂ ਤੋਂ, ਕੱਚੇ ਜਿੰਨਾ ਦੇ ਟਾਹਣੇ ਸੀ। ਤੇ ਟੁੱਟਾ ਜਾਪਾਂ ਖੰਬਾਂ ਤੋਂ, ਯਾਰ ਨਾਲ ਦੁੱਖ ਸੁੱਖ ਮਾਣੇ ਸੀ। ਹੁਣ ਕਿੰਝ ਨਿਕਲ਼ੂ ਮੇਰੇ ਆਪਣੇ, ਮੈਨੂੰ ਘੱਤ ਵਹੀਰਾਂ ਵੇਂਹਦੇ ਨੇ। ਮੈਂ ਦੁੱਖ ਸੁੱਖ ਦਾ ਰਾਜਾ ਹਾਂ, ਮੈਨੂੰ ਲੋਕ ਫ਼ਕੀਰਾ ਕਹਿੰਦੇ ਨੇ। ਮੈਂ ਹਰ ਗ਼ਮ....................................................... ਲੱਗਾ ਡਿਗ ਪਿਆ ਵਿੱਚ ਪਹਾੜਾਂ ਦੇ। ਜਾਪੇ ਫਸ ਗਿਆ ਵਿੱਚ ਵਾੜਾਂ ਦੇ। ਫਸਿਆ ਜਦ ਵਿੱਚ ਮੰਝਧਾਰਾਂ ਦੇ। ’ਵਾਜਾਂ ਮਾਰਬੇਗਾਨਾ ਕਹਿ, ਬੇਤਕਦੀਰਾ ਕਹਿੰਦੇ ਨੇ। ਮੈਂ ਦੁੱਖ-ਸੁੱਖ ਦਾ ਰਾਜਾ ਹਾਂ, ਮੈਨੂੰ ਲੋਕ ਫ਼ਕੀਰਾ ਕਹਿੰਦੇ ਨੇ। ਮੈਂ ਹਰ ਗ਼ਮ....................................................... ਮੈਨੂੰ ਸਾਵਣ ਹਰਿਆ ਨਾ ਕਰ ਸਕਿਆ, ਭਾਦੋਂ ਦੇ ਚਮਾਸੇ ਕੀ ਕਹਿਣਾ। ਮੈਨੂੰ ਰੁੱਤਾਂ ਨਾਲ ਕੋਈ ਮੋਹ ਨਹੀਂ, ਯਾਰਾਂ ਹਰ ਤਮਾਸ਼ਾ ਸਹਿ ਲੈਣਾ। ਮੈਂ ਚੁੱਪ ਹਾਂ ਉਸ ਦੇ ਭਾਣੇ ’ਚ, ਮੇਰਾ ਮਾੜਾ ਵਤੀਰਾ ਕਹਿੰਦੇ ਨੇ। ਮੈਂ ਦੁੱਖ-ਸੁੱਖ ਦਾ ਰਾਜਾ ਹਾਂ, ਮੈਨੂੰ ਲੋਕ ਫ਼ਕੀਰਾ ਕਹਿੰਦੇ ਨੇ। ਮੈਂ ਹਰ ਗ਼ਮ....................................................... ਮੈਂ ਸ਼ਿਕਵਾ ਕਿਸੇ ਤੇ ਕੀ ਕਰਨਾ, ਯਾਰ ਮਰਿਆ ਵਿੱਚ ਗ਼ਰੀਬੀ ਸੀ। ਉਹ ਵੇਲਾ ਕਿੱਦਾਂ ਭੁੱਲ ਜਾਵਾਂ, ਜਦੋਂ ਛੱਡ ਗਏ ਸਭ ਕਰੀਬੀ ਸੀ। ਹੁਣ ਖੰਭ ਉੱਗ ਪਏ, ਜਦ ਉੱਡ ਪਿਆ। ਲੋਕੀਂ ਕਿਸਮਤ ਵਾਲ਼ਾ ਕਹਿ, ਬਦਲੀਆਂ ਲਕੀਰਾਂ ਕਹਿੰਦੇ ਨੇ। ਮੈਂ ਦੁੱਖ-ਸੁੱਖ ਦਾ ਰਾਜਾ ਹਾਂ, ਮੈਨੂੰ ਯਾਰ ਫ਼ਕੀਰਾ ਕਹਿੰਦੇ ਨੇ। ਮੈਂ ਹਰ ਗ਼ਮ....................................................... ਮੈਂ ਕਿਸੇ ਤੇ ਕਰਦਾ ਗਿਲਾ ਨਹੀਂ, ਮਾਲਕ ਹੈ ਯਾਰ ਗ਼ਰੀਬਾਂ ਦਾ। ਮਿਹਨਤ ਕਰਵਾਕੇ ਕੁਦਰਤ ਨੇ, ਬਦਲਿਆ ਤਾਰ ਨਸੀਬਾਂ ਦਾ। ਤਾਂ ਹੀ ਉਸਦਾ ਭਾਣਾ ਮੰਨ ਕੇ, ਸਰਬ ਹੋਰੀ, ਖ਼ੁਸ਼ ਨਾਲ਼ ਤਕਦੀਰਾਂ ਰਹਿੰਦੇ ਨੇ। ਮੈਂ ਦੁੱਖ-ਸੁੱਖ ਦਾ ਰਾਜਾ ਹਾਂ, ਮੈਨੂੰ ਯਾਰ ਫ਼ਕੀਰਾ ਕਹਿੰਦੇ ਨੇ। ਮੈਂ ਹਰ ਗ਼ਮ ਪੀ ਕੇ ਤਾਜ਼ਾ ਹਾਂ, ਲੋਕੀਂ ਸਾਰੇ ਆਖਣ ਆਪਣਾ। ਨਾਲੇ ਸੁੱਖ ਦਾ ਜ਼ਖੀਰਾ ਕਹਿੰਦੇ ਨੇ।
ਰੱਬ ਤਾਂ ਤੇਰੇ ਅੰਦਰ ਹੈ
ਰੱਬ ਤਾਂ ਤੇਰੇ ਅੰਦਰ ਹੈ। ਲੱਭ ਤੱਕ ਪਵਿੱਤਰ ਹਿਰਦਾ। ਜਿਵੇਂ ਹਰਨ ਅੰਦਰ ਕਸਤੂਰੀ। ਵਿੱਚ ਜੰਗਲ਼ਾਂ ਭਾਲ਼ਦਾ ਫਿਰਦਾ। ਮਨ ਮੰਦਰ ਹੈ, ਤਨ ਅੰਦਰ ਹੈ। ਅੰਦਰੋਂ ਉਸ ਨੂੰ ਲੱਭ ਤੇ ਪਾ ਲੈ। ਸਿਜਦੇ ਕਰ ਅੰਦਰ ਦੀ ਰੂਹ ਨੂੰ। ਕਿਉਂ ਬਾਹਰ ਭਾਲਦਾ ਫਿਰਦਾ। ਕੁਦਰਤ ਇਸਦੀ ਨਿਸ਼ਾਨੀ। ਹਰ ਇੱਕ ਦਾ ਉਹ ਸਾਨੀ। ਭਾਂਡਾ ਆਪੇ ਘੜ ਕੇ ਉਹ। ਤੇ ਆਪੇ ਦੇਵੇ ਭੰਨ। ਉਸ ਮਾਲਕ ਰਜ਼ਾ ਵਿੱਚ ਰਹਿ। ਤੇ ਉਸਦਾ ਭਾਣਾ ਮੰਨ। ਰਿਜ਼ਕ ਦੇ ਮਾਲਕ ਭਰੇ ਭੰਡਾਰੇ। ਅੱਜ ਤੱਕ ਤਾਂ ਨਹੀਂ ਮੁੱਕੇ। ਸੋਨੇ, ਲੋਹੇ, ਦਰਿਆ, ਕਣਕਾਂ। ਵੱਢ-ਵੱਢ ਖਾ ਗਿਆ ਸੁੱਕੇ। ਮੰਨ ਲੈ ਉਸ ਨਿਰੰਕਾਰ ਨੂੰ। ਉਹ ਆਪ ਵੇਖੂ ਸੰਸਾਰ ਨੂੰ। ਆਪਣੇ ਅੰਦਰ ਝਾਤੀ ਮਾਰ। ਜਪ ਲੈ ਸਤਿ ਕਰਤਾਰ ਨੂੰ। ਕਿਉਂ ਬਾਹਰ ਭਾਲਦਾ ਫਿਰਦਾ। ਰੱਬ ਤਾਂ ਤੇਰੇ ਅੰਦਰ ਹੈ। ਲੱਭ ਤੱਕ ਪਵਿੱਤਰ ਹਿਰਦਾ।
ਡਾਹਢੇ ਹੱਥ ਵਡਿਆਈਆਂ
ਕੀ ਆਖੇਂ ਸੱਜਣਾ ਮੈਨੂੰ। ਬੜਾ ਪਿਆਰਾ ਲੱਗਦਾ ਤੈਨੂੰ। ਮੇਰਾ ਵੱਖਰਾ ਅੰਦਾਜ਼ ਇਹ। ਡਾਢੇ ਹੱਥ ਵਡਿਆਈਆਂ ਸੱਜਣਾ। ਉਸ ਸਿਰ ਸੋਂਹਦਾ ਤਾਜ ਇਹ। ਉਹਦੀ ਕਲਮ ਓਸ ਦੇ ਕਾਨੇ। ਉਸਦੇ ਕਾਗਜ਼ ਤੇ ਦੀਵਾਨੇ। ਲਿਖਦੇ ਕਵਿਤਾ ਨਾਲ਼ੇ ਗਾਣੇ। ਸਿਜਦਾ ਓਸ ਨੂੰ ਕਰ ਸੱਜਣਾ। ਆਪ ਗਵਾਵੇ ਆਪੇ ਮਾਣੇ। ਕਾਹਨੂੰ ਬਣਦੇ ਆਂ ਅਨਜਾਣੇ। ਪੱਤਾ ਹਿੱਲਦਾ ਓਸਦੇ ਭਾਣੇ। ਸਰਬ ਫਿਰ ਕਿੱਦਾਂ ਲਿਖ ਸਕਦੀ। ਆਪੇ ਲਿਖਾਵੇ ਤਾਂ ਲਿਖ ਹੁੰਦਾ। ਉਸ ਦੀਆਂ ਰਮਜ਼ਾਂ ਓਹੀ ਜਾਣੇ। ਪੱਤੇ ਪੱਤੇ ਦੇ ਵਿੱਚ ਵੱਸੇ। ਕੁਦਰਤ ਰਾਹੀਂ ਨਿਸ਼ਾਨੀ ਦੱਸੇ। ਮਾਣ ਸਕੇਂ ਤਾਂ ਮਾਣ ਲੈ। ਐਵੇਂ ਜਿਊਂਦਾ ਵਿੱਚ ਭੁਲੇਖੇ। ਰੁੱਖ ਲਾ ਓਸ ਨੂੰ ਜਾਣ ਲੈ।
ਅਸੀਂ ਧਰਤੀ ਟੋਆ ਪੁੱਟਿਆ ਰੁੱਖਾਂ ਲਈ
ਅਸੀਂ ਧਰਤੀ ਟੋਆ ਤਾਂ ਪੁੱਟਿਆ, ਕਿ ਰੁੱਖ ਲਗਾਉਣੇ ਨੇ। ਜੋ ਸਾਹਾਂ ਵੰਡਦੇ ਨੇ, ਕੁਦਰਤ ਦੇ ਜੀਆਂ ਨੂੰ। ਜਿਹਦੇ ਕਾਰਿਆਂ ਕੀ ਕਹਿਣੇ। ਤੈਂ ਲੋਹਾ ਵੇਖ ਲਿਆ, ਤੇ ਝੱਟ ’ਚ ਚੁੱਕ ਲਿਆ। ਕਿ ਹਥਿਆਰ ਬਣਾਲਾਂਗੇ, ਸਾਹਾਂ ਨੂੰ ਮੁਕਾਉਣ ਲਈ। ਤੈਂ ਕਹਿਣ ਲਈ ਛੱਡਿਆ ਕੁਝ? ਆਪਣਿਆਂ ਨੂੰ ਬਚਾਉਣ ਲਈ, ਰੁੱਖਾਂ ਦੀ ਜ਼ਰੂਰਤ ਹੈ। ਉਸ ਆਪ ਉਗਾ ਲੈਣੇ, ਤੇ ਰਾਖੀ ਕਰਨੀ ਸਾਹਾਂ ਦੀ। ਉਹਦੇ ਕਾਰਿਆਂ ਕੀ ਕਹਿਣੇ? ਤੇਰੇ ਬਣਾਇਆਂ ਨੇ, ਹੱਦਾਂ ਤੇ ਜਾ ਤਣਨਾ। ਮਾਰਨ ਲਈ ਆਪਣਿਆਂ, ਸਾਹ ਆਪ ਨਹੀਂ ਲੈਣ ਦੇਣੇ। ਤੈਂ ਕਹਿਣ ਲਈ ਛੱਡਿਆ ਕੁਝ। ਜੇ ਉਸ ਦੀ ਚੀਕ ਵੱਜੀ। ਧਰਤੀ ਆ ਭੂਚਾਲ਼ ਜਾਣੇ। ਉਸ ਅੰਦਰ ਲੈ ਜਾਣੇ। ਲੋਹੇ ਜੋ ਕੱਢ ਲਏ ਤੈਂ ਫਿਰ ਉਸ ਕਾਰਿਆਂ ਮੰਨਣਾ ਤੈਂ ਸਰਬ ਸੁਚੇਤ ਕਰਦੀ ਹਾਂ। ਅੱਗੇ ਤੇਰੀ ਮਰਜ਼ੀ ਹੈ। ਟੋਏ ਰੁੱਖ ਲਾ ਲੈਣ ਦੇ। ਨਾ ਤੱਕ ਲੋਹਿਆਂ ਨੂੰ। ਤੈਨੂੰ ਲੋੜ ਹੈ ਸਾਹਾਂ ਦੀ।
ਅਮੀਰ ਮਾਂ
ਮੈਨੂੰ ਤੇ ਗ਼ਰੀਬੀ ਨਾਮ ਤੋਂ ਹੀ ਨਫ਼ਰਤ ਹੈ, ਝੂਠਾਂ ਦੀ ਪੰਡ ਲੱਗਦੀ। ਸਾਨੂੰ ਕੀ ਪਤਾ ਕੀ ਹੁੰਦੀ, ਅਸੀਂ ਵੇਖੀ ਜੂ ਨਹੀਂ। ਮੈਂ ਤੇ ਅਮੀਰ ਮਾਂ ਕੁੱਖੋਂ ਜੰਮੀ, ਅਮੀਰ ਮਾਂ ਹਾਂ। ਹਾਂ ਏਨਾ ਪਤਾ, ਮਾਂ ਘਰ ਮਿੱਟੀ ਦਾ ਭੜੋਲਾ ਸੀ, ਜੋ ਮਾਂ ਨੇ ਬੂਟੇ ਪਾ ਬਣਾਇਆ ਸੀ, ਆਸ ਨਾਲ਼ ਕਿ ਪਤਾ ਨਹੀ ਕਦ ਕਣਕ ਭੜੋਲੇ ਭਰ ਜਾਵਣ। ਭੜੋਲਾ ਖ਼ਾਲੀ ਹੋਣ ਤੇ, ਮੈਂ ਲੁਕਣ-ਮੀਚੀ ਖੇਡਣ ਵੇਲ਼ੇ, ਛਾਲ਼ ਮਾਰ, ਭੜੋਲੇ ਵਿੱਚ ਲੁਕ ਜਾਂਦੀ ਸੀ। ਮਾਂ ਚੰਗਾ ਥਾਪੜਦੀ ਸੀ, ਕਿ ਸੁੱਚਾ ਰੱਖਣਾ ਮਾਂ ਨੇ ਕਦੇ ਭੁੱਖੇ ਨਹੀ ਸੌਂਣ ਦਿੱਤਾ ਸੀ। ਸਾਬਣ ਤਾਂ ਨਹੀਂ ਵੇਖਿਆ ਸੀ ਕਦੇ ਕਿਉਂਕਿ ਸ਼ਾਇਦ ਮਾਂ, ਸੁੱਚੀ ਧੀ ਨੂੰ ਕੰਜਕ ਮੰਨ ਸੁੱਚੀ ਤੇ ਖੱਟੀ ਲੱਸੀ ਨਾਲ਼ ਨੁਹਾਉਣਾ ਜੋ ਚੰਗਾ ਮੰਨਦੀ ਸੀ। ਸਾਡੇ ਕੱਪੜੇ ਕਦੇ ਸਾਬਣ ਨਹੀਂ ਸੀ ਲਾਇਆ ਮਾਂ। ਮੰਡ 'ਚੋਂ ਖਾਰੀ ਰੋ ਚੁਣ, ਫਿਰ ਸਾਡੇ ਕੱਪੜੇ ਭਿਓਂਦੀ ਸੀ ਤੇ ਚਿੱਟੇ ਦੁੱਧ ਨਿਖਾਰਦੀ ਸੀ। ਗੋਰੀ ਗਾਂ, ਤਿੜ੍ਹਾਂ ਵਾਲ਼ਾ ਘਾਹ ਖਾ, ਮਿੱਠਾ ਦੁੱਧ ਦੇਂਦੀ ਸੀ। ਜਿਸ ਨੂੰ ਮਾਂ ਤੜਕੇ ਉੱਠ ਚੋਂਦੀ ਅਸੀਂ ਗਲਾਸ ਘਰ ਵਿੱਚ ਨਹੀਂ ਰੱਖਦੇ ਸੀ ਕਿਉਂਕਿ ਜਦ ਮੈਂ ਮੂੰਹ, ਆ, ਕਰ ਅੱਡਦੀ ਸੀ ਮਾਂ ਸਿੱਧੀਆਂ ਧਾਰਾਂ ਪਾਉਂਦੀ ਸੀ ਮੇਰੀ ਮਾਂ ਦੀ ਸੂਈ ’ਚ ਦਮ ਸੀ। ਐਸੀ ਟਾਕੀ ਲਾਉਂਦੀ ਸੀ ਕਿ ਕਢਾਈ ਵੀ ਵੇਖ ਸ਼ਰਮਾਉਂਦੀ ਸੀ। ਤਾਏ ਦੀ ਪਰਾਲ਼ੀ ਕੁੱਟ, ਕੱਢੇ ਝੋਨੇ ਨੂੰ ਉੱਖਲੀ ਪਾ, ਕੱਢੇ ਚੌਲਲ਼, ਫਿੱਕੇ ਉਬਾਲ਼ ਸਾਡੇ ਖਾਣ ਦੇ ਵੱਖਰੇ ਨਜ਼ਾਰੇ ਸੀ। ਢਿੱਡ ’ਤੇ ਹੱਥ ਫੇਰਨਾ ਪੈਂਦਾ ਸੀ, ਏਨ੍ਹੇ ਰੱਜ ਖਾ ਲੈਂਦੀ ਸੀ। ਮੱਝਾਂ ਚਾਚੇ ਘਰ, ਪਰ ਪਾਥੀਆਂ ਸਾਡੇ ਜ਼ਿਆਦਾ ਹੁੰਦੀਆਂ ਸੀ। ਉਂਞ ਲੋਕੀਂ ਝੂਠ ਬਥੇਰੇ ਬੋਲਦੇ ਕਿ ਤੁਸੀਂ ਬਾਹਲ਼ੀ ਗ਼ਰੀਬੀ ਤੱਕੀ ਪਰ ਮੈਨੂੰ ਨਹੀਂ ਇੰਞ ਜਾਪਦਾ। ਮਾਂ ਘਰ ਕਿਸੇ ਚੀਜ਼ ਦੀ ਥੋੜ ਸੀ, ਜਾਂ ਮਾਂ ਗ਼ਰੀਬ ਸੀ। ਮਾਂ-ਬਾਪੂ ਗ੍ਰਿਸਤ ਦੀ ਗੱਡੀ, ਬੜੀ ਰਾਇ ਨਾਲ਼ ਰੇੜ੍ਹਦੇ ਸੀ। ਅਸੀਂ ਗ਼ਰੀਬ ਸੀ, ਇਹ ਗੱਲ ਕੋਰੀ ਝੂਠ ਹੈ ਕਿਉਂਕਿ ਮੈਂ ਆਪਣੀ ਮਾਂ ਦੇ ਹੁੰਦਿਆਂ ਕਦੇ ਗ਼ਰੀਬੀ ਨਹੀਂ ਵੇਖੀ। ਮਾਂ ਘਰ ਸਭ ਕੁਝ ਤਾਂ ਸੀ ਸਾਡਾ ਆਪਣਾ ਗੁਟਕਾ ਸਾਹਿਬ ਸੀ। ਜਿਸ ਵਿੱਚ ਦਰਜ ਸੀ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਸਾਡੀ ਤਾਂ ਭੁੱਖ ਉਤਰ ਗਈ ਸੀ ਗੁਰਬਾਣੀ ਪੜ੍ਹ ਕੇ ਕੁਦਰਤ ਨੇ ਭਰੇ ਭੰਡਾਰੇ ਜੋ ਸੀ ਇਸ ਲਈ ਮੈਨੂੰ ਤੇ ਗ਼ਰੀਬੀ ਤੋਂ ਨਫ਼ਰਤ ਹੈ ਸ਼ਾਇਦ ਇਸ ਲਈ ਕਿ ਅਸੀਂ ਗ਼ਰੀਬੀ ਨਹੀਂ ਵੇਖੀ ਕਿਉਂਕਿ ਸਰਬ ਦੀ ਮਾਂ ਅਮੀਰ ਸੀ।
ਮਾਵਾਂ ਜੇ ਨਾ ਹਿੰਮਤ ਹਾਰਨ
ਮਾਂਵਾਂ ਜੇ ਨਾ ਹਿੰਮਤ ਹਾਰਨ, ਕੁੱਖਾਂ ਵਿੱਚ ਨਹੀਂ ਮਰਦੇ ਬਾਲ। ਜੇ ਮਾਂ ਕਿਧਰੇ ਤੁਰ ਨਾ ਸਕੇ, ਧੀ-ਪੁੱਤ ਜੇ ਸੜਦਾ ਦਿਸੇ। ਅੱਗ ’ਚੋਂ ਕੱਢ ਲਿਆਵੇ ਲਾਲ, ਮਾਂਵਾਂ ਜੇ ਨਾ ਹਿੰਮਤ ਹਾਰਨ। ਕੁੱਖਾਂ ਵਿੱਚ ਨਹੀਂ ਮਰਦੇ ਲਾਲ। ਰੁੱਖਾਂ ਦੀ ਵੀ ਗੱਲ ਕਰ ਲਓ, ਉਹ ਦਿਸਣ ਮੈਨੂੰ ਮਾਂ ਦੇ ਵਾਂਗਰ। ਫੁੱਲ ਦੇਵਣ, ਨਾਲੇ ਫਲ਼ ਦੇਵਣ, ਛਾਂ ਦੇਵਣ ਮਾਂਵਾਂ ਵਾਂਗਰ। ਪਰ ਬੰਦਾ ਸੇਜਾਂ ਦੀ ਖਾਤਰ, ਉਹਦੀ ਛਾਂਗ ਦੇਵੇ ਹਰ ਛਾਂਗਰ। ਧਰਤੀ ਮਾਂ ਦੇ ਕੇ ਜੜ੍ਹ ਪਾਣੀ, ਉਹਨਾਂ ਰੱਖਾਂ ਫਿਰ ਜੀਵਾਵੇ। ਪਰ ਬੰਦਾ ਉਸ ਪਾਣੀ ਨੂੰ ਵੀ, ਗੰਧਲਾ ਕਰਦਾ ਜਾਵੇ। ਨਾ ਕੁੱਖ ਛੱਡੀ, ਨਾ ਰੁੱਖ ਛੱਡੇ ਨਾ ਛੱਡਿਆ ਪਾਣੀ। ਕੰਜਕਾਂ ਪੂਜਣ ਵੇਲੇ ਲੱਭੇ ਫੁੱਲ, ਫਲ਼, ਜਲ, ਧੀ ਧਿਆਣੀ।
ਰੱਬ ਦਾ ਨੰਬਰ ੨
ਤੇਰੇ-ਮੇਰੇ ਪਿਆਰ ਦੀ ਗਵਾਹੀ ਵੀ ਤਾਂ ਦੇਣਗੇ। ਜਿਹੜੇ ਮੈਨੂੰ ਨਾਨਕਾ ਸਾਹਿਬ ਸ਼ੁਦਾਈ ਤੇਰਾ ਕਹਿਣਗੇ। ਮੇਰੇ ਮਾਂ ਪਿਉ ਰੱਬ ਤੋਂ ਪਹਿਲਾਂ, ਰੱਬ ਦਾ ਨੰਬਰ ੨ ਮੈਨੂੰ ਨਾਨਕ ਸਾਹਿਬ ਬਾਰੇ, ਦੱਸਿਆ ਮਾਂ-ਪਿਓ। ਜਿੰਨਾ ਕਾਰਨ ਪਿਆਰ ਮੇਰਾ, ਨਾਨਕ ਸਾਹਿਬ ਨਾਲ਼ ਪਿਆ। ਓਹੀ ਮੇਰੇ ਪਹਿਲੇ ਅਧਿਆਪਕ ਬਣੇ ਰਹਿਣਗੇ, ਤੇਰੇ ਮੇਰੇ ਪਿਆਰ ਦੀ ਗਵਾਹੀ ਵੀ ਤਾਂ ਦੇਣਗੇ। ਜਿਹੜੇ ਮੈਨੂੰ ਨਾਨਕਾ ਸਾਹਿਬ ਸ਼ੁਦਾਈ ਤੇਰਾ ਕਹਿਣਗੇ। ਇੱਕ ਓਅੰਕਾਰ ਮੇਰੀ ਮਾਂ ਨੇ ਮੈਨੂੰ, ਰੇਤ ’ਤੇ ਸੀ ਸਿਖਾਇਆ। ਚੁੱਲ੍ਹੇ ਸੁਵਾਹ ਧਰਤੀ ਵਿਛਾ, ੳ, ਅ ਲਿਖਵਾਇਆ। ਮਾਂ ਨੇ ਰੇਤ ’ਤੇ ਜੋ ਲਿਖਵਾਇਆ, ਅੱਜ ਵੀ ਸੀਨਾ ਤਣਿਆ। ਰੇਤ, ਸਵਾਹ ’ਤੇ ਪੜ੍ਹ ਦੋਸਤੋ, ਸਰਬ ਥਾਣੇਦਾਰ ਬਣਿਆ। ਨਾਨਕ ਸਾਹਿਬ ਮੇਰੇ ਦੂਜੇ ਅਧਿਆਪਕ ਬਣੇ ਤੇ ਬਣੇ ਸਦਾ ਰਹਿਣਗੇ। ਤੇਰੇ ਮੇਰੇ ਪਿਆਰ ਦੀ ਗਵਾਹੀ ਵੀ ਤਾਂ ਦੇਣਗੇ। ਜਿਹੜੇ ਮੈਨੂੰ ਨਾਨਕਾ ਸਾਹਿਬ ਸ਼ੁਦਾਈ ਤੇਰਾ ਕਹਿਣਗੇ। ਇੱਕ ਅਧਿਆਪਕ ਉਹ ਵੀ ਮੇਰੇ, ਜਿੰਨਾ ਦਿੱਤੇ ਧੋਖੇ। ਪਿਆਰ ਪਾ ਅੱਧਵਾਟੇ ਛੱਡ ਗਏ,ਸਬਕ ਸਿਖਾ ਗਏ ਚੋਖੇ। ਮਾਂ ਵਰਗਾ ਕੋਈ ਪਿਆਰ ਨਾ ਲੱਭੇ, ਸੁਝਾਅ ਗਏ। ਲੋਕੀਂ ਵਿੱਚ ਮੁਸੀਬਤ ਛੱਡ ਕੇ ਗੱਭੇ, ਸਮਝਾ ਗਏ। ਕਿ ਮਾਪੇ ਹੁੰਦੇ ਅਸਲੀ ਅਧਿਆਪਕ, ਜੋ ਦੁਖ-ਸੁਖ ਨਾਲ਼ ਰਹਿਣਗੇ। ਇਹੋ ਜਿਹੇ ਅਧਿਆਪਕਾਂ ਦੇ ਪੜ੍ਹਾਏ ਸਬਕ, ਸਦਾ ਯਾਦ ਸਰਬ ਨੂੰ ਰਹਿਣਗੇ। ਤੇਰੇ ਮੇਰੇ ਪਿਆਰ ਦੀ ਗਵਾਹੀ ਵੀ ਤਾਂ ਦੇਣਗੇ। ਜਿਹੜੇ ਮੈਨੂੰ ਨਾਨਕਾ ਸਾਹਿਬ ਸ਼ੁਦਾਈ ਤੇਰਾ ਕਹਿਣਗੇ।
ਚੱਲ ਰਹੀ ਹੈ ਜ਼ਿੰਦਗੀ
ਏਦਾਂ, ਓਦਾਂ, ਜ਼ਿਦਾਂ, ਕਿੱਦਾਂ। ਛੱਲ ਰਹੀ ਹੈ ਜ਼ਿੰਦਗੀ। ਮਾੜੀ, ਧਾੜੀ, ਚੰਗੀ, ਮੰਦੀ। ਚੱਲ ਰਹੀ ਹੈ ਜ਼ਿੰਦਗੀ। ਘੜੀਆਂ, ਰੁੱਤਾਂ, ਪਹਿਰਾਂ, ਵਾਰਾਂ। ਘੱਲ ਰਹੀ ਹੈ ਜ਼ਿੰਦਗੀ। ਪਲ-ਪਲ ਕਰਕੇ, ਤੁਬਕੇ ਵਾਂਗਰ। ਘਟ ਰਹੀ ਹੈ ਜ਼ਿੰਦਗੀ। ਸਭ ਮੁਸਫ਼ਰ ਖੜ੍ਹੇ ਨੇ। ਨਿੱਤ ਮੁਸਾਫ਼ਰਖ਼ਾਨੇ ਕਿ। ਮੌਤ-ਗੱਡੀ ਜਦ ਤੱਕ ਨਹੀਂ ਆਉਂਦੀ। ਮਾਣ ਲੈਣ ਉਹ ਜ਼ਿੰਦਗੀ। ਸੁਣੋ ਪਪੀਹੇ ਜਪਦਾ ਨਾਮ। ਨਿੱਤ ਉਸ ਸਿਰਜਣਹਾਰੇ ਦਾ। ਜੋ ਆਵੇ ਤੁਬਕਾ ਸਿਰ ਪਾਵੇ। ਫੇਰ ਆਪ ਚਲਾਵੇ ਜ਼ਿੰਦਗੀ। ਨਿੱਤ ਸੁਨੇਹੇ ਮੌਤ ਦੇ ਆਵਣ ਸੱਚੇ ਪਹਿਰੇਦਾਰ ਪਤਾ ਸਭ। ਤੂੰ ਨਹੀਂ ਮਰਦੀ ਰੋਜ਼ ਕੰਨ ਕਹਿ। ਭਰਮਾ ਜਾਂਦੀ ਪਰ ਜ਼ਿੰਦਗੀ। ਦੁਲਹਨ ਵਾਂਗੂੰ ਤੂੰ ਸੁਹਣੀ। ਕਦਰ ਨਹੀਂ ਕਰਦੇ ਲੋਕ ਤੇਰੀ। ਨਿੱਤ ਭਰਮਾ ਕੇ ਹਰ ਕਿਸੇ। ਜਿਵਾ ਜਾਂਦੀ ਹੈ ਜ਼ਿੰਦਗੀ। ਸਰਬ ਰੋਜ਼ਾਨਾ ਲਾ ਕਲ਼ਾਵੇ। ਪਿਆਰ ਕਰ ਮੁਸਕਰਾ ਕੇ ਤੇ। ਸ਼ਰਮੀਲੀ ਜਿਹੀ ਅਦਾ ਨੂੰ ਸੁੱਟ। ਆਸ਼ਕ ਵਾਂਗਰ ਤੱਕਕੇ ਉਸ। ਸ਼ਰਮਾਉਂਦੀ ਵੀ ਹੈ ਜ਼ਿੰਦਗੀ। ਮੌਤ ਪਰਾਹੁਣੀ ਭਾਵੇਂ ਸੱਚੀ। ਕਦੇ ਵੀ ਆਪਣੇ ਕਰ ਸਕਦੀ। ਝੂਠੇ ਦਾਅਵੇ ਭਾਵੇਂ ਕਰਦੀ। ਪਰ ਛਾ ਜਾਂਦੀ ਹੈ ਜ਼ਿੰਦਗੀ। ਸਰਬ ਤੂੰ ਕੁਦਰਤ ਦੀ ਦੀਵਾਨੀ। ਦੀਵਾਨੀ ਤੇਰੀ ਕੁਦਰਤ ਵੀ। ਓਸ ਸੁਨੇਹਾ ਭੇਜਿਆ ਤੈਨੂੰ। ਰੁੱਖਾਂ, ਕੁੱਖਾਂ, ਅੰਬਰਾਂ ਲਈ ਲਿਖ। ਕੁਦਰਤ ਤੇਰੇ ਵੰਸ਼, ਬਚਾਵਣ ਖਾਤਰ। ਸੁੱਚੇ ਸਾਹ ਭੇਜੂ ਹੱਥ ਜ਼ਿੰਦਗੀ। ਨਹੀਂ ਮਿਲ਼ਨਾ ਫੇਰ ਸੁਨਹਿਰੀ ਮੌਕਾ। ਮਾਣ ਸਕੋ ਤੇ ਮਾਣ ਲਓ। ਮਾਣਸ ਜਨਮ ਅਮੋਲਕ ਹੀਰੇ। ਚੱਲ ਸਿਜਦਾ ਕਰ ਜ਼ਿੰਦਗੀ।
ਸੂਲ਼ੀ ਰੱਖਦਾ ਕੂਲ਼ੀ
ਉਹ ਟੰਗਦਾ ਹੈ ਸੂਲ਼ੀ। ਸੂਲ਼ੀ ਰੱਖਦਾ ਵੀ ਕੂਲ਼ੀ। ਸੂਲ਼ੀ ਚੜ੍ਹਿਆ ਤਨ ਮੇਰਾ। ਸਾਹਿਬੇ-ਕਮਾਲ ਹੋ ਗਿਆ। ਜਿਸਨੂੰ ਬਖ਼ਸ਼ੇ ਤਾਬਿਆਦਾਰੀ ਉਹ ਨਿਹਾਲ ਹੋ ਗਿਆ। ਉਹ ਹਰ ਇੱਕ ਰੂਹ ਵਿੱਚ ਵੱਸਦਾ। ਏਕੋ ਨਾਮ ਨਿਰੰਜਨ ਦੱਸਦਾ। ਨਿਰਭਉ ਰਹਿੰਦਾ ਵਿੱਚ ਭਉ ਦੇ। ਸਰਬ ਖ਼ਿਆਲ ਹੋ ਗਿਆ। ਜਿਸ ਨੂੰ ਬਖ਼ਸ਼ੇ ਤਾਬਿਆਦਾਰੀ। ਉਹ ਨਿਹਾਲ ਹੋ ਗਿਆ। ਉਹ ਡਾਲੀ-ਡਾਲੀ ਵੱਸੇ। ਹਰ ਸ਼ੈ ’ਚ ਕੁਦਰਤ ਦੱਸੇ। ਬੂਟੇ ਜੜ੍ਹ ਪਾਣੀ ਜਦ ਪਾਇਆ ਉਹ ਫੈਲ ਵਿਸ਼ਾਲ ਹੋ ਗਿਆ। ਜਿਸ ਨੂੰ ਬਖ਼ਸ਼ੇ ਤਾਬਿਆਦਾਰੀ। ਉਹ ਨਿਹਾਲ ਹੋ ਗਿਆ। ਰਹੀਏ ਉਸ ਦੀ ਵਿੱਚ ਰਜ਼ਾ ਵੱਢ ਰੁੱਖ ਨਾ ਮਿਲ਼ੇ ਮਜਾ। ਸਾਡੇ ਜਿਊਣ ਦੀ ਜੋ ਵਜ੍ਹਾ। ਧਰਤੀ-ਅੰਬਰ ਕਾਲ਼ੇ ਕੀਤੇ। ਜਿਊਣਾ ਮੁਹਾਲ ਹੋ ਗਿਆ। ਜਿਸ ਨੂੰ ਬਖ਼ਸ਼ੇ ਤਾਬਿਆਦਾਰੀ। ਉਹ ਨਿਹਾਲ ਹੋ ਗਿਆ। ਸਾਨੂੰ ਕਲਮ ਦੀ ਬਖ਼ਸ਼ਸ਼ ਹੋਈ। ਲਿਖਣਾ ਉਹ ਜੋ ਲਿਖਾਵੇ ਸੋਈ। ਉਸ ਹੁਕਮ ਹੋਊ ਤੇ ਲਿਖਣਾ। ਸੁਧਰ ਜਾਓ ਰੁੱਖ਼ ਨਾ ਵੱਢੋ। ਡਾਢੇ ਸਵਾਲ ਹੋ ਰਿਹਾ। ਮਿਲ਼ੀ ਲਿਖਣ ਦੀ ਸਰਬ ਇਜਾਜ਼ਤ। ਨਿਹਾਲੋ-ਨਿਹਾਲ ਹੋ ਗਿਆ। ਜਿਸਨੂੰ ਬਖ਼ਸ਼ੇ ਤਾਬਿਆਦਾਰੀ ਉਹ ਨਿਹਾਲ ਹੋ ਗਿਆ।
ਰੱਬਾ ਤੇਰੀ ਲੁਕਾਈ ਮੈਨੂੰ
ਰੱਬਾ ਤੇਰੀ ਲੁਕਾਈ, ਸਮਝ ਨਾ ਆਈ। ਅੱਜ ਤੱਕ ਸਮਝ ਨਾ ਆਈ ਕਿ ਇਹ ਸੱਚੇ ਵਿੱਚ ਨੁਕਸ ਨੂੰ ਲੱਭਦੀ। ਦੋਸ਼ੀ ਨੂੰ ਪੁਚਕਾਰੇ ਕਿਉਂ। ਪਾਪ ਵਧਾ ਜੋ ਮੌਜਾਂ ਮਾਣਨ। ਇਹ ਉਹਨਾਂ ਸਤਿਕਾਰ ਕਰੇ। ਭਲੇ ਕੰਮ ਜੋ ਕਰਦੇ ਵੇਖੇ। ਉਹਨਾਂ ਤਾਈਂ ਲਿਤਾੜੇ ਕਿਉਂ। ਕਰਨ ਬੁਰਾਈ ਤੇਰੇ ਨਾਮ 'ਤੇ। ਆਖਣ ਲੀਲਾ ਪੁਰਸ਼ੋਤਮ ਦੀ। ਤੂੰ ਦੱਸ ਵੀ ਇਹਨਾਂ ਨਾਲ਼ ਮਿਲ਼ਿਆ ਅੰਦਰੋਂ ਪਿਆ ਨਿਹਾਰੇਂ ਤੂੰ। ਲੱਖ ਤੇਰੀਆਂ ਮੰਨੀਆਂ ਪਰ। ਸਰਬ ਇਤਰਾਜ਼ ਲਗਾ ਦਿੱਤਾ। ਹਥੌੜੇ ਜਦ ਵਾਜਬ ਨਹੀਂ। ਫਿਰ ਇਹਨਾਂ ਕਿੰਞ ਸੁਆਰੇ ਤੂੰ। ਐਸੇ ਕੀ ਤੈਂ ਫੁਰਨੇ ਫੁਰਦੇ। ਕੇਹਾ ਭਰ ਤੂੰ ਲੋਭ ਦੇਂਦੈਂ ਅਣਖਾਂ ਖ਼ਾਤਰ ਨਿੱਕੇ ਬਾਲਾਂ। ਪਾਣੀ ਵਿੱਚ ਕਿਉਂ ਡੋਬ ਦੇਂਦੇ। ਲੋਕੀਂ ਕਹਿੰਦੇ ਤੂੰ ਹੀ ਲਿਖਦਾ। ਕਿਉਂ ਇਹਨਾਂ ਨਾ ਵੰਗਾਰੇ ਤੂੰ। ਰਚਨਾ ਰਚਣਾ ਤੇਰੇ ਹੱਥ ਜਦ। ਫਿਰ ਪਾਪੀ ਕਿਉਂ ਸੰਵਾਰੇ ਤੂੰ। ਸੁਣ ਡਾਢਿਆ ਭਾਣੇ ਬਦਲ ਦੇ। ਸਰਬ ਲੋਕ ਭਰਮਾਉਂਦੇ ਨੇ। ਖ਼ੁਦਗ਼ਰਜ਼ੀ ਨੂੰ ਰਜ਼ਾ ਦੱਸ ਕੇ। ਤੇਰੇ ਨਾਂਵੇਂ ਲਾਉਂਦੇ ਨੇ। ਚੰਗਿਆਂ ਨੂੰ ਇਹ ਤੇਰੇ ਨਾਮ ’ਤੇ। ਲੁੱਟਦੇ ਤੇ ਭਰਮਾਉਂਦੇ ਨੇ। ਤੇਰੇ ਵਾਰਸ ਬਣ ਦਸਤਖ਼ਤ ਕਰਦੇ। ਪਾਪੀ ਨਾ ਸ਼ਰਮਾਉਂਦੇ ਨੇ। ਸਰਬ ਨੇ ਤੈਨੂੰ ਕੁਦਰਤ ਤੱਕਿਆ। ਵੇਖਿਆ ਹਰਦੇ ਹਰਦਾ ਦੁੱਖ। ਸਾਹ ਬੰਦ ਕਰਦੇ ਇਹਨਾਂ ਦੇ। ਜਾਂ ਮਿਟਾ ਇਹਨਾਂ ਦੀ ਭੁੱਖ। ਕਰਦੇ ਤੰਗ ਤੇਰੀ ਲੁਕਾਈ। ਨਾਲ਼ੇ ਵੱਢਦੇ ਫਿਰਦੇ ਰੁੱਖ। ਹਰ ਇੱਕ ਜੀਅ ਵਿੱਚ ਏਕੋ ਤੂੰ। ਹਰਦੇ ਦਾਤਾ ਹਰਦੇ ਦੁੱਖ।
ਅੱਥਰੂਆ ਵੇ ਸੁੱਕੀਂ ਨਾ
ਅੱਥਰੂਆ ਵੇ ਸੁੱਕੀਂ ਨਾ। ਵਿੱਚ ਮੋਹ ਦੇ ਬੁੱਕੀਂ ਨਾ। ਪਈ ਮੁਸੀਬਤ ਵਗੀਂ ਨਾ। ਖ਼ੁਸ਼ੀ ਆਈ ਭਾਵੇਂ ਲੁਕੀਂ ਨਾ। ਵਗ ਪਿਆ, ਥਲ ਡਿਗ ਪਿਆ। ਖਾਲ਼ਾਂ ਦੇ ਵਿੱਚ ਵਗੇਂਗਾ। ਸੂਇਆਂ-ਟੋਭਿਆਂ ਹੁੰਦਾ ਹੋਇਆ। ਨਹਿਰਾਂ ਵਿੱਚ ਜਾ ਵੜੇਂਗਾ। ਦਰਿਆਵਾਂ ਦੀਆਂ ਛੱਲਾਂ ਝੱਲ। ਨਾਲ਼ ਸਮੁੰਦਰ ਰਲ਼ੇਂਗਾ। ਚੰਗਾ-ਭਲਾ ਪਵਿੱਤਰ ਪਾਣੀ। ਉਸ ਮਿਲ਼ ਖਾਰਾ ਕਰੇਂਗਾ। ਸੁੱਕ ਗਿਆ ਤੇ ਲੂਣ ਬਣੇਂਗਾ। ਫਿਰ ਢੇਰੀ ਪਾ ਵਿਕੇਂਗਾ। ਮੈਨੂੰ ਜੇ ਖ਼ਰੀਦਣਾ ਪੈ ਗਿਆ। ਕਿਲੋ ਦੇ ਭਾਅ ਮਿਲ਼ੇਂਗਾ। ਸ਼ਬਜੀ-ਭਾਜੀ ਤੈਨੂੰ ਪਾਊ। ਜਾਂ ਸਿਕੰਜਵੀ ਘੋਲ਼ ਬਣਾਊਂ। ਤੇਹ ਲੱਗੀ ਤੇ ਪੀਣਾ ਪੈਣਾ। ਫੇਰ ਸਰੀਰ ’ਚ ਜਾਵੇਂਗਾ। ਅੰਦਰ ਏਨਾ ਦਰਦ ਵੇਖ ਕੇ। ਫਿਰ ਅੱਖਾਂ ਵੱਲ ਆਵੇਂਗਾ। ਉਹਨਾਂ ਮਿਲ਼, ਛਲਕ ਪੈਣਾ ਤੂੰ ਫਿਰ ਹੰਝੂ ਬਣ ਜਾਵੇਂਗਾ। ਇਸ ਤੋਂ ਚੰਗਾ ਨੈਣੀ ਰਹਿ। ਵਗਣ-ਚੱਕਰ ਵਿੱਚ ਨਾ ਹੀ ਪੈ। ਜਿਸ ਕੁਦਰਤ ਦਾ ਹਿੱਸਾ ਹੈਂ। ਉਸ ਨੂੰ ਸਿਜਦਾ ਕਰਦਾ ਕਹਿ। ਜਾਵਾਂ ਡਾਢੇ ਤੋਂ ਬਲਿਹਾਰ। ਸਰਬ ਦੇ ਨੈਣੀਂ ਕਰ ਬਸੇਰਾ। ਜਪ ਲੈ ਸਤਿ ਕਰਤਾਰ।
ਤਾਮੀਜ ਵਧੀਆ ਜ਼ਾਬਤਾ
ਬੋਲ-ਵਿਹਾਰ ਕਰਨੇ ਦਾ, ਤਾਮੀਜ਼ ਇੱਕ ਵਧੀਆ ਜ਼ਾਬਤਾ ਹੈ। ਬੋਲਾਂ ਵਿੱਚ ਤਾਕਤ ਹੈ, ਹਰ ਬਾਜ਼ੀ ਜਿੱਤਣ ਦੀ। ਤਾਮੀਜ਼ ਨਾਲ ਬੋਲੋ, ਜੇ ਕਿਸੇ ਬਣਾਉਣਾ ਆਪਣਾ। ਤੇ ਕਰਨਾ ਉਸ ਨਾਲ਼ ਰਾਬਤਾ ਹੈ। ਬੋਲ-ਵਿਹਾਰ ਕਰਨੇ ਦਾ, ਤਾਮੀਜ਼ ਇੱਕ ਵਧੀਆ ਜ਼ਾਬਤਾ ਹੈ। ਤਾਮੀਜ਼ ਨਾਲ਼ ਬੋਲੋਗੇ,ਰਸ ਬਾਣੀ ਘੋਲ਼ੋਗੇ। ਵਿਸ਼ਵਾਸ ਜਤਾਓਗੇ, ਕਿ ਬਾਜ਼ੀ ਜਿੱਤ ਵਿਖਾਓਗੇ। ਮੁਸੀਬਤਾਂ ਨੂੰ ਜਰਨ ਸਮੇਂ ਸੰਸਕਾਰ ਬੋਲ ਹੋਵਣ। ਦੁਖ ਨੇੜੇ ਜੋ ਆਇਆ ਝੱਟ ਹੁੰਦਾ ਲਾਪਤਾ ਏ। ਬੋਲ-ਵਿਹਾਰ ਕਰਨੇ ਦਾ, ਤਾਮੀਜ਼ ਇੱਕ ਵਧੀਆ ਜ਼ਾਬਤਾ ਹੈ। ਏਹ ਜੁਬਾਨ ਤਾਂ ਬੰਦੇ ਨੂੰ, ਕੱਖੋਂ ਲੱਖ ਬਣਾ ਦੇਵੇ। ਮੰਦੀ ਬਾਣੀ ਜੋ ਬੋਲੇ, ਉਸ ਲੱਖੋਂ ਕੱਖ ਬਣਾ ਦੇਵੇ। ਜ਼ਿੰਦਗੀ ਦਾ ਦਸਤੂਰ ਹੈ, ਹਰ ਕੋਈ ਕੁਝ ਕਰਨ ਲਈ। ਮੂੰਹ ’ਚੋਂ ਨਿਕਲ਼ੇ ਲਫ਼ਜ਼ਾਂ ’ਚੋਂ, ਸੋਹਣਾ ਰਿਸ਼ਤਾ ਝਾਕਦਾ ਹੈ। ਬੋਲ ਵਿਹਾਰ ਕਰਨੇ ਦਾ, ਤਾਮੀਜ਼ ਇੱਕ ਵਧੀਆ ਜ਼ਾਬਤਾ ਹੈ। ਜੇਕਰ ਰਾਸ ਨਾ ਆਵੇ, ਬੰਦਾ ਕੱਲਾ ਰਹਿ ਜਾਂਦਾ। ਤਾਮੀਜ਼ ਦਾਇਰਿਓਂ ਨਿਕਲ਼, ਹਰ ਪਾਸਾ ਢਹਿ ਜਾਂਦਾ। ਇਹ ਉਹ ਸਮਝੌਤੇ ਨੇ, ਜ੍ਹਿਨੂੰ ਖ਼ਾਨਦਾਨੀ ਕਹਿੰਦੇ। ਲਫ਼ਜ਼ਾਂ ਦਾ ਕਦਰਦਾਨ, ਸਭਨਾਂ ਸੰਸਕਾਰੀ ਜਾਪਦਾ ਹੈ। ਤਾਮੀਜ਼ ਗੱਲ ਕਰਨੇ ਦਾ, ਇੱਕ ਵਧੀਆ ਜ਼ਾਬਤਾ ਹੈ। ਸਰਬ ਤਹਿਜ਼ੀਬ ਨਾਲ਼ ਬੋਲੋ, ਨਾਲ਼ ਸਲੀਕੇ ਰਸ ਘੋਲ਼ੋ ਜਿਵੇਂ ਕੁਦਰਤ ਹੈ ਚੱਲਦੀ, ਨਾ ਕੋਈ ਸ਼ੈਅ ਕਿਸੇ ਰਲ਼ਦੀ। ਚੰਦ ਦੁਆਲ਼ੇ ਗ੍ਰਹਿ ਭੌਂਦੇ, ਕਿਸੇ ਦੇ ਨਾਲ਼ ਨਾ ਟਕਰਾਉਂਦੇ। ਨਾ ਟ੍ਰੈਫ਼ਿਕ ਤਾਰਿਆਂ ਰੋਕੀ, ਹਰ ਉਸ ਕਹਿਣੇ ਜਾਪਦਾ ਹੈ। ਨਾਲ਼ ਤਾਮੀਜ਼ ਦੇ ਬੋਲਣਾ, ਕਰਨਾ ਜਦ ਉਸ ਨਾਲ਼ ਰਾਬਤਾ ਹੈ। ਜੋ ਹਰ ਇੱਕ ਨੂੰ ਵਾਚਦਾ ਹੈ। ਤਾਮੀਜ਼ ਗੱਲ ਕਰਨੇ ਦਾ, ਇੱਕ ਵਧੀਆ ਜ਼ਾਬਤਾ ਹੈ।
ਕੁਦਰਤੀ ਦਾਤਾਂ ਦਾ ਲੰਗਰ
ਕੁਦਰਤ ਦੀਆਂ ਦਾਤਾਂ ਦਾ, ਡਾਢੇ ਸੀ ਲੰਗਰ ਲਾਇਆ। ਅੱਡੀ ਝੋਲ਼ੀ ਤਾਂ ਮੈਨੂੰ, ਸ਼ੁਕਰਾਨਾ ਮਿਲ਼ ਪ੍ਰਸਾਦ ਗਿਆ। ਅਸੀਂ ਉਹਦਾ ਧੰਨਵਾਦ ਕੀਤਾ, ਸ਼ੁਕਰਾਨੇ ਦਾਤਾਂ ਦੇਣ ਲਈ। ਤੇਰੀ ਝੋਲ਼ੀ ਸ਼ਿਕਵੇ ਵੀ ਸੀ, ਬੈਠੇ ਕਈ ਜਿੰਨ੍ਹਾਂ ਲੈਣ ਲਈ। ਓਸ ਕਿਹਾ ਤੈਨੂੰ ਤਾਂ ਦਿੱਤਾ, ਕਿਉਂਕਿ ਤੂੰ ਮੈਨੂੰ ਜਾਣਦਾ ਏਂ। ਸ਼ਿਕਵਿਆਂ ਤੂੰ ਨਾ ਹਾਮੀ ਭਰਦਾ, ’ਤੇ ਸ਼ੁਕਰਾਨੇ ਮਾਣਦਾ ਏਂ। ਮੈਂ ਕਿਹਾ ਸ਼ਿਕਵੇ ਕਾਹਦੇ, ਜਦ ਹਾਸੇ ਗ਼ਮ ਤੂੰ ਨਾਲ਼ ਹੈਂ। ਮੇਰਾ ਕੀ ਏ ਸਭ ਤੇਰਾ, ਕੱਲੇ-ਕੱਲੇ ਜਦ ਤੂੰ ਨਾਲ਼ ਹੈਂ। ਮੈਨੂੰ ਤਾਂ ਤੂੰ ਹਰ ਥਾਂ ਦਿੱਸੇਂ, ਮੇਰੇ ਵੀ ਤੂੰ ਆਇਆ ਹਿੱਸੇ। ਆਪਾਂ ਤੇ ਤੇਰੇ ਗੁਣ ਗਾਉਣੇ, ਹਰ ਸ਼ੁਕਰਾਨੇ ਤੇਰੇ ਕਿੱਸੇ। ਤੇਰੇ ਦਰ ਖੜ੍ਹੀ, ਕਰ ਤਾੜਨਾ, ਸੋਹਣੇ ਕਰਨ ਵਿਹਾਰ ਲਈ। ਜਿਹੜੇ ਬੰਦਿਆਂ ਰੁੱਖ ਲਾ ਦਿੱਤੇ, ਉਹਨਾਂ ਵੀ ਨਿਹਾਰ ਲਈਂ। ਤੇ ਆ ਜੋ ਰੱਬ ਜੀ, ਜਲ ਛਕ ਲਓ, ਤੇਰੇ ਦਰ ਤੋਂ ਆਇਆ ਏ। ਸਰਬ ਨੂੰ ਜ਼ਰਾ ਸਬਰ ਬਖ਼ਸ਼ ਦਿਓ, ਪੀ ਕੇ ਵੀ ਤਿਹਾਇਆ ਏ। ਨਾਲ਼ੇ ਗੰਦੇ ਕਰਦੇ ਪਾਣੀ ਜੋ, ਝੋਲ਼ੀ ਸ਼ੁਕਰਾਨੇ ਪਾ ਜਾਣਾ। ਰੁੱਖ ਲਾਉਣ ਲਈ ਸੂਚਿਤ ਕਰਕੇ, ਸਾਰੇ ਸ਼ਿਕਵੇ ਲੈ ਜਾਣਾ।
ਦਸਤੂਰ ਨੂੰ ਪਾਵਾਂ ਵਾਸਤੇ
ਕਰੇ ਕੋਈ, ਮਰੇ ਕੋਈ, ਜਰੇ ਕੋਈ। ਤੇਰੇ ਦਸਤੂਰ ਨੂੰ, ਪਾਵਾਂ ਨਿੱਤ ਵਾਸਤੇ। ਧੀਆਂ ਦੀ ਕਿਸਮਤ ਲਿਖਣ ਵਾਲ਼ਿਆ। ਮਨਜੂਰ ਨਹੀਂ ਮੈਨੂੰ, ਤੇਰੇ ਲਿਖੇ ਜ਼ਾਬਤੇ। ਨਸ਼ਾ ਕਰ ਮੌਤ ਦੀ ਘੋੜੀ, ਚੜ੍ਹਦੇ ਡਿੱਠੇ ਮੈਂ। ਮਹਿਲ ਜ਼ਮੀਨਾਂ ਸਾਂਭਣ, ਸਾਰੇ ਵਾਰਸ ਬਣ। ਮਾਂ ਨਾ ਪਾਵੇ, ਭੈਣ ਨਾ ਪਾਵੇ, ਧੀ ਨਾ ਪਾਵੇ ਕਿਉਂ ਪਾਵਾਂ ਮਰਨ ’ਤੇ ਕੱਲੀ, ਲੀੜੇ ਚਿੱਟੇ ਮੈਂ। ਧਨ ਬੇਗਾਨਾ, ਜਾਈ ਬੇਗਾਨੀ, ਕਹਿ ਕੇ ਦੇਂਦੇ ਝੋਕ। ਮਾੜਾ ਖ਼ਸਮ ਜੇ ਮਿਲਜੇ, ਝਾਕਣ ਔਰਤ ਲੋਕ। ਮੇਰੇ ਮਰਨ ਤੇ ਖੱਫਣ ਜੇ, ਫਿਰ ਪੇਕਿਆਂ ਪਾਉਣਾ। ਤੇਰਾ ਇਹ ਦਸਤੂਰ ਰੱਬਾ, ਸਰਬ ਦੇ ਮਨ ਨਾ ਭਾਉਣਾ। ਤੂੰ ਇਹ ਦੱਸ, ਕਿਸ ਦਾ ਹੱਥ, ਜਦ ਰਿਵਾਜ ਬਣੇ। ਲਾਹ ਕੇ ਲਾਲ, ਚਿੱਟੇ ਪੁਆ, ਤੇ ਹਾਸੇ ਰੋਕ ਦੇਣੇ। ਕਿਸ ਗਵਾਹ, ਦਿੱਤੀ ਸਲਾਹ, ਕਿ ਤੋੜੋ ਖ਼ਾਬ। ਜ਼ਿੰਦਗੀ ਮੇਰੀ, ਅਸੂਲ ਕਿਉਂ ਤੇਰੇ, ਮੰਗਾਂ ਜਵਾਬ। ਕਿ ਕਿਉਂ, ਕਰੇ ਕੋਈ, ਮਰੇ ਕੋਈ, ਜਰੇ ਕੋਈ। ਤੇਰੇ ਦਸਤੂਰ ਨੂੰ, ਮੰਨਾਂ ਮੈਂ ਕਿਸ ਵਾਸਤੇ। ਧੀਆਂ ਦੀ ਕਿਸਮਤ ਲਿਖਣ ਵਾਲ਼ਿਆ। ਨਾਮਨਜ਼ੂਰ ਸਾਨੂੰ, ਤੇਰੇ ਲਿਖੇ ਜ਼ਾਬਤੇ।
ਹੇ ਮੇਰੀ ਪਿਆਰੀ ਕਵਿਤਾ
ਹੇ ਮੇਰੀ ਪਿਆਰੀ ਕਵਿਤਾ ਵਾਅਦਾ ਹੈ ਮੇਰਾ ਤੇਰੇ ਨਾਲ਼ ਤੇਰਾ ਸ਼ਿੰਗਾਰ ਕਰੂੰਗੀ ਮੈਂ। ਵੱਖਰੇ ਅੰਦਾਜ਼ ਵਿੱਚ ਜਦ ਅੱਖਰਾਂ ਦੇ ਗਹਿਣੇ ਪਾ ਸੁੱਚਾ ਵਿਹਾਰ ਕਰੂੰਗੀ ਮੈਂ। ਪੜ੍ਹ ਕਵਿਤਾ, ਆਸ਼ਕ ਤੈਨੂੰ ਸੋਚੂ ਕੀਤੀ ਗੱਲ ਮੁਹੱਬਤ ਦੀ ਤੈਨੂੰ ਮੁਟਿਆਰ ਕਹੂੰਗੀ ਮੈਂ। ਜਦ ਮਾਂ ਪੜੂ, ਜਦ ਧੀ ਪੜੂ ਸੋਚੂ ਕੁੱਖ ਦੀ ਸੁੱਖ ਮੰਗੀ ਗੋਦੀ ਚੁੱਕ ਪਿਆਰ ਕਰੂੰਗੀ ਮੈਂ। ਪੁੱਤ ਪਿਤਾ ਪੜ੍ਹਨਗੇ ਤੈਨੂੰ ਜਦ ਸੋਚਣਗੇ ਪੱਤ ਦੀ ਗੱਲ ਕੀਤੀ ਨਵੇਂ ਸੰਸਕਾਰ ਘੜੂੰਗੀ ਮੈਂ। ਰੁੱਖਾਂ ਥੱਲੇ ਬਹਿ ਜਦ ਮੈਂਪੜ੍ਹੀ ਛਾਵਾਂ ਮਾਂਵਾਂ ਵਾਂਗਰ ਕਰਨਗੇ ਵੱਢਣ ਨਹੀਂ ਦੇਊਂਗੀ ਮੈਂ। ਤੈਨੂੰ ਪੜ੍ਹ ’ਵਾਜ਼ ਅੰਬਰੀਂ ਗੂੰਜੂ ਬੱਦਲ਼ਾਂ ਮੀਂਹ ਵਰਸਾਏ ਜਦ ਖ਼ੁਸ਼ ਹੋ ਨੈਣਾਂ ’ਚੋਂ ਹੰਝੂ ਕੇਰੂੰਗੀ ਮੈਂ। ਰੁਤਬਾ ਇੱਕ ਨੰਬਰ ਕਿਸਾਨਾਂ ਲਿਖ ਰੱਬ ਤੋਂ ਹਰੀ ਕ੍ਰਾਂਤੀ ਮੰਗ ਲੈਣੀ ਦੋ ਨੰਬਰ ਵਿਗਿਆਨ ਲਿਖੂੰਗੀ ਮੈਂ। ਘਰਾਂ ਦੁਲਹਨ ਨਵੇਲੀ ਵਾਂਗਰਾਂ ਪੰਜਾਬੀ ਮਾਂ ਬੋਲੀ ਮੇਰੀ ਹੱਸੂਗੀ ਤੈਨੂੰ ਲਿਖ ਪੰਜਾਬੀ ਜਾਊਂਗੀ ਮੈਂ। ਜਦ ਸਿਆਹੀ ਕਲਮ ਪਿਆਸੀ ਮੰਗੂ ਪਾਣੀ ਸੁੱਚੇ ਯਾਦ ਤੈਨੂੰ ਕਰਨਗੇ ਸਿਆਹੀ ਜਦ ਕਲਮ ਭਰੂੰਗੀ ਮੈਂ। ਹੇ ਮੇਰੀ ਪਿਆਰੀ ਕਵਿਤਾ ਸਰਬ ਦੀ ਰਾਜ-ਦੁਲਾਰੀ ਕਵਿਤਾ ਤੈਨੂੰ ਆਪਣੀ ਧੀ ਕਹੂੰਗੀ ਮੈਂ। ਮੋਇਆਂ ਬਾਅਦ ਵੀ ਲੋਕ ਪੜ੍ਹਨਗੇ ਤੈਨੂੰ ਵਿੱਚ ਪੰਜਾਬੀ ਬੋਲੀ ਦੇ ਏਨਾ ਸਤਿਕਾਰ ਲਿਖੂੰਗੀ ਮੈਂ। ਰੱਬ ਦੇ ਆਸ਼ਕ ਕਹਿਣਗੇ ਨਾਨਕ ਸਾਹਿਬ ਦੀ ਸਿਫ਼ਤ ਤੈਨੂੰ ਸਤਿ ਕਰਤਾਰ ਕਹੂੰਗੀ ਮੈਂ। ਹੇ ਮੇਰੀ ਪਿਆਰੀ ਧੀ ਕਵਿਤਾ ਵਾਅਦਾ ਹੈ ਸਰਬ ਦਾ ਤੇਰੇ ਨਾਲ਼ ਤੇਰਾ ਵੱਖਰੇ ਅੰਦਾਜ ਵਿੱਚ, ਰੱਖ ਚਿੱਟੇ ਕਾਗ਼ਜ਼ ਤੇ ਸ਼ਿੰਗਾਰ ਕਰੂੰਗੀ ਮੈਂ।
ਅਸੀਂ ਤਨ ’ਤੇ ਹੰਢਾਏ
ਅਸੀਂ ਤਨ ’ਤੇ ਹੰਢਾਏ ਜੋ ਤਜਰਬੇ ਕਹਾਏ। ਸੌ ਸਾਲ ਦਾ ਤਜਰਬਾ ਕਹਾਵਤ ਕਹੀ ਜਾਵੇ। ਲੋਕੀਂ ਜਾਣਨ ਕੀ ਪੀੜਾ ਕਿੰਨੀ ਪਿੰਡੇ ਨੂੰ ਦੁਖਾਵੇ। ਓਦੋਂ ਝੱਲਣੀ ਹੀ ਪੈਂਦੀ ਜਦੋਂ ਸਿਰ ’ਤੇ ਪੈ ਜਾਵੇ। ਇਹ ਸੁਣ ਕੇ ਸਰਬ ਨੂੰ ਸਕੂਨ ਜਿਹਾ ਆਵੇ। ਜਦੋਂ ਲੋਕ ਲੱਗੇ ਕਹਿਣ ਸਿਆਣੇ ਬੋਲ ਅਜ਼ਮਾਏ। ਹੱਸ-ਹੱਸ ਮੁਸਕਰਾਵਾਂ ਕਿੰਨੇ ਔਖੇ ਸਮੇਂ ਆਏ। ਦੁੱਖ ਤਨ ਨੇ ਹੰਢਾਏ ਤੇ ਸਿਆਣੇ ਅਖਵਾਏੇ। ਕੌਣ ਚਾਹੁੰਦਾ ਬਣੇ ਸਿਆਣਾ ਸਾਥੀ ਸਾਥ ਜਿਹਦਾ ਦੇਵੇ। ਅੱਧਟੁੱਟਿਆ ਵੀ ਚਾਹਵੇ ਪੀਆ ਮਿਲ਼ੇ ਮੁਸਕਰਾਵੇ। ਨਾ ਬਣਨ ਕਹਾਵਤਾਂ ਨਾਮ ਉਹਦਾ ਲੈ ਕੇ ਜੱਗ ਸੱਥਾਂ ’ਤੇ ਬਹਿਕੇ ਉਹਦੇ ਦੁੱਖਾਂ ਨੂੰ ਨਾ ਗਾਵੇ। ਸਰਬ ਕਵਿੱਤਰੀ ਨਾ ਬਣਦੀ ’ਕੱਲੀ ਦੁੱਖ ਜੇ ਨਾ ਸਹਿੰਦੀ। ਪਰਖ ਆਪਣਿਆਂ ਨਾ ਹੁੰਦੀ। ਜੇ ਵੱਸ ਦੁੱਖਾਂ ਦੇ ਨਾ ਪੈਂਦੀ। ਪਰਖ ਸਭਨਾਂ ਜਦ ਲਿਆ ਤਾਂ ਹੀ ਇੱਕੋ ਗੱਲ ਦੁਹਰਾਵੇ। ਕਿ ਏਕੋ ਨਾਮ ਨਿਰੰਜਣ ਉਸਦਾ ਜਿਹੜਾ ਤੱਤੀ ਹਵਾ ਨਾ ਲਾਵੇ।
ਓਸ ਮਨਾਵਣ ਆਈ ਹਾਂ
ਐਨਾ ਵੀ ਕੀ ਦੁੱਖ ਦੇ ’ਤਾ ਇਹੋ-ਜਿਹਾ ਮੈਂ ਕੀ ਕਹਿ ’ਤਾ ਹੰਝੂ ਨੈਣੀਂ ਰੋਕ ਗਿਆ ਸੀ ਹੱਸ ਵਗਾਵਣ ਆਈ ਹਾਂ। ਜਿਸਦੀ ਯਾਦ ਕਦੇ ਨਾ ਭੁੱਲੀ ਓਸ ਮਨਾਵਣ ਆਈ ਹਾਂ। ਦੀਵਾਲ਼ੀ ਦੀ ਰਾਤ ਕਹਿੰਦੇ ਭੁੱਲੇ-ਭਟਕੇ ਰਾਹੇ ਪੈਂਦੇ ਖੌਰੇ ਸੱਜਣਾ ਆਉਣਾ ਹੋਜੇ ਦੀਵਾ, ਮੜ੍ਹੀ ਜਗਾਵਣ ਆਈ ਹਾਂ। ਜਿਸਦੀ ਯਾਦ ਕਦੇ ਨਾ ਭੁੱਲੀ ਓਸ ਮਨਾਵਣ ਆਈ ਹਾਂ। ਸੁਫ਼ਨਾ ਤਾਰੋ-ਤਾਰ ਹੈ ਕੀਤਾ ਗ਼ਮਾਂ ਨਿਗ੍ਹਾ ’ਤੇ ਵਾਰ ਹੈ ਕੀਤਾ ਵਿੱਚ ਪਿਆਰੇ ਦੀ ਤਲਾਸ਼ ਜੂਹਾਂ ਫਰੋੋਲ਼ਨ ਆਈ ਹਾਂ। ਜਿਸਦੀ ਯਾਦ ਕਦੇ ਨਾ ਭੁੱਲੀ ਓਸ ਨੂੰ ਟੋਲ਼ਨ ਆਈ ਹਾਂ। ਕੁਦਰਤ ਦਾ ਸੋਮਾ ਖ਼ਾਸ ਜੇ ਉਹ ਕਰਦਾ ਨਾ ਵਿਨਾਸ਼ ਸਾਹ ਬਿਨ ਖੌਰੇ ਨਾ ਮਰਦਾ ਪਿੱਪਲ਼ਾਂ ਲਾਵਣ ਆਈ ਹਾਂ। ਅੱਗੇ ਤੋਂ ਖਿਲਵਾੜ ਨਹੀਂ ਕਰਦੇ ਕਹਿ ਮਨਾਵਣ ਆਈ ਹਾਂ। ਨਾਨਕ ਸਾਹਿਬ ਨੇ ਮੇਰੇ ਕੋਲ਼ ਗ਼ਮ ਤੱਕੜੀ ਰੱਖ ਦਿੱਤੇ ਤੋਲ ਮੋੜ ਦੇਵੇ ਜੇ ਸਰਬ ਦਾ ਢੋਲ ਉਹਦੇ ਰੰਗ ਰੰਗਣ ਆਈ ਹਾਂ। ਜਾਣੀ-ਜਾਣ ਵੀ ਜਾਣ ਗਿਆ ਕਿ ਤੈਨੂੰ ਮੰਗਣ ਆਈ ਹਾਂ।
ਟੋਆ ਪੁੱਟਣਾ, ਸੁੱਟਣ ਲਈ ਗੈਰਾਂ
ਟੋਆ ਪੁੱਟਣਾ ਸੁੱਟਣ ਲਈ ਗ਼ੈਰਾਂ ਕੰਮ ਕੁਚੱਜੇ ਕੋਝੇ ਬੰਦੇ ਕਰਦੇ ਆਪਣੇ ਡਿਗ ਪੈਣੇ। ਜੇ ਪੁੱਟ ਬੈਠਾ ਲੈ ਨਿੰਮ ਲਗਾ ਹੁਣ ਬਹਿ ਕੇ ਛਾਂਵਾਂ ਦਾਤਣ ਕਰ ਲਾਂਗੇ ਦੰਦਾਂ ਦੀ ਰਾਖੀ ਸਹੀ। ਸੁੱਕੀ ਧਰਤੀ ਅਸਮਾਨ ਧੂਆਂਖੇ ਸਾਹ ਮੁੱਕਦੇ ਕਿਹੜੇ ਤੈਂ ਤੱਕਣੇ ਲੋੜ ਸੋਚ ਬਦਲ। ਕੁੱਖਾਂ ਸੁੱਚੀਆਂ ਧੀਆਂ-ਪੁੱਤ ਖੇਡਣ ਕੈਂਚੀ ਕੁਤਰਨਾ ਬੰਦ ਕਰ ਬੰਦਿਆ ਵੰਸ਼ ਮੁੱਕ ਜਾਵਣੇ। ਪਾਣੀ ਸੁੱਚਾ ਨਦੀਆਂ ਤੇ ਨਹਿਰਾਂ ਜੀਣਾ ਲੋਚੇਂ ਜੇ ਗੰਦ ਨਾ ਵਿੱਚ ਪਾ ਜ਼ਹਿਰ ਪੀਣਾ ਔਖਾ। ਪਾਲ਼ੀ ਸਰਬ ਮਾਂ ਵਿੱਚ ਗਰਭ ਦਿੱਤੇ ਸੰਸਕਾਰ ਕੁਦਰਤ ਲਈ ਲਿਖ ਮਰਦੇ ਦਮ ਤੱਕ।
ਵਿਕਣੇ ਆ ਗਏ ਦੀਵੇ ਮਿੱਟੀ ਦੇ
ਆ ਗਈ ਦੀਵਾਲੀ, ਵਿਕਣੇ ਆ ਗਏ ਦੀਵੇ ਮਿੱਟੀ ਦੇ। ਵਰ੍ਹੇ ਬਾਅਦ ਹੀ ਡਿੱਠੀ ਦੇ। ਆ ਗਈ ਦੀਵਾਲੀ, ਲੈ ਲਓ ਮਾਈਓ ਦੀਵੇ ਮਿੱਟੀ ਦੇ। ਆ ਗਿਆ ਘੁਮਿਆਰ ਵੀਰਾ। ਭੱਜ ਕੇ ਲੈ ਲਵਾਂ ਸਿਰ ਤੇ ਲੀੜਾ। ਹੋਕਾ ਦੇਵੇ ਹੋ ਹੋ ਤੀਰ੍ਹਾ। ਆ ਗਿਆ ਵੇਚਣ ਦੀਵੇ ਮਿੱਟੀ ਦੇ। ਆ ਗਈ ਦੀਵਾਲੀ, ਲੈ ਲਓ ਮਾਈਓ ਦੀਵੇ ਮਿੱਟੀ ਦੇ। ਸੁੱਚੇ ਪਾਣੀ ਭਿਉਂ ਦਿਉ ਦੀਵੇ। ਤਾਂ ਕਿ ਬਹੁਤਾ ਤੇਲ ਨਾ ਪੀਵੇ। ਵੱਟੀਆਂ ਸੁੱਚੀਆਂ ਰੱਖ ਲਓ ਵੱਟ। ਕੌਲੀ ਤੇਲ ਭਰ ਦਿਓ ਡੱਕ। ਡੱਬੀ ਤੀਲਾਂ ਰੱਖਣੀ, ਡਿੱਠੀ ਜੇ? ਆ ਗਈ ਦੀਵਾਲੀ, ਜਗਾ ਲਓ ਮਾਈਓ ਦੀਵੇ ਮਿੱਟੀ ਦੇ। ਪਹਿਲਾਂ ਗੁਰਦੁਆਰੇ ਜਾਇਓ। ਦਿਹਾੜਾ ਬੰਦੀਛੋੜ ਮਨਾਇਓ। ਦੀਵੇ ਇੱਕ ਕਤਾਰ 'ਚ ਰੱਖਕੇ ਕੋਠਿਆਂ ਦੇ ਬਨੇਰੇ ਜਗਾਇਓ। ਦੂਰੋਂ ਰਾਹੀਆਂ ਨੂੰ ਰਾਹ ਡਿੱਠੀ ਦੇ। ਆ ਗਈ ਦੀਵਾਲੀ, ਜਗਾ ਲਓ ਮਾਈਓ ਦੀਵੇ ਮਿੱਟੀ ਦੇ। ਬੰਬ ਪਟਾਕੇ ਨਹੀਂ ਚਲਾਉਣੇ। ਪਸ਼ੂ ਤੇ ਪੰਛੀ ਨਹੀਂ ਡਰਾਉਣੇ। ਯਾਦ ਗੁਰਾਂ ਨੂੰ ਧਿਆ ਕੇ ਕਰਨਾ। ਸਭ ਦਾ ਭਲਾ ਕਿੰਞ ਹੈ ਕਰਨਾ। ਸਰਬ ਗੁਣ ਸਤਿਗੁਰਾਂ ਤੋਂ ਸਿੱਖੀਦੇ। ਆ ਗਈ ਦੀਵਾਲੀ, ਜਗਾ ਲਓ ਮਾਈਓ ਦੀਵੇ ਮਿੱਟੀ ਦੇ।
ਪੰਜਾਬ ਮੇਰਾ ਸੋਨੇ ਦੀ ਚਿੜੀ
ਅੱਜ ਵੀ ਪੰਜਾਬ ਮੇਰਾ, ਸੋਨੇ ਦੀ ਚਿੜੀ। ਪੰਜਾਬੀ ਏ ਜੁਬਾਨ, ਸੁਹਣੀ ਵਾਂਗਰਾਂ ਰਕਾਨ। ਪੰਜਾਬੀ ਮਾਂ ਬੋਲੀ, ਨਾਲ਼ ਸ਼ਾਨ ਦੇ ਖੜੀ। ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ। ਸੁਹਣੇ ਮਾਂ ਦੇ ਜੰਮੇ ਲਾਲ, ਪੱਗ ਬੰਨ੍ਹ ਫੱਬਦੇ। ਕਹਿ ਕੇ ਸਰਦਾਰ ਜੀ, ਵਿਦੇਸ਼ੀ ਸਾਰੇ ਸੱਦਦੇ। ਸਿਰ ਸੋਹਵੇ ਚੁੰਨੀ, ਪੰਜਾਬਣ ਟੌਹਰ ਵੱਖਰੀ। ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ। ਮਿਹਨਤੀ ਪੰਜਾਬੀ ਨੂੰ, ਸਾਰਾ ਜੱਗ ਮੰਨਦਾ। ਫਿੱਕਾ ਵਿਗਿਆਨ, ਨਾ ਕਿਸਾਨ ਮੋਰੇ ਖੰਘਦਾ। ੨੦ਆਂ ਦੇ ਲੰਗਰ, ਚੱਲੀ ਜਾਂਦੀ ਏ ਲੜੀ। ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ। ਗੁਰੂਆਂ ਤੇ ਪੀਰਾਂ ਮਾਣ, ਇਸ ਨੂੰ ਨਿਵਾਜਿਆ। ਖ਼ਾਲਸਾ ਪੰਥ ਗੁਰਾਂ, ਪੰਜਾਬ ਵਿੱਚ ਸਾਜਿਆ। ਨਾਨਕ ਸਾਹਿਬ ਤੇਰਾ ਕਹਿ, ਨਿਵਾਜੀ ਤੱਕੜੀ। ਅੱਜ ਵੀ ਪੰਜਾਬ ਮੇਰਾ, ਸੋਨੇ ਦੀ ਚਿੜੀ। ਸਾਹਿਬ ਕੌਰ ਹੈ ਮਾਂ ਅਸਾਂ ਦੀ, ਗੋਬਿੰਦ ਸਿੰਘ ਹੈ ਪਿਓ। ਨਾ ਕੋਈ ਦਾਨੀ ਇਹਨਾਂ ਵਰਗਾ, ਨਾ ਸਕਦਾ ਕੋਈ ਹੋਅ। ਬੇਬੇ ਨਾਨਕੀ ਵਰਗੀਆਂ ਭੈਣਾਂ, ਬੰਨ੍ਹਣ ਵੀਰਾਂ ਰੱਖੜੀ। ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ।
ਸੁੱਖ ਸਦਾ ਦੀ ਚਾਹਵਾਂ
ਅੱਖਰਾਂ ਨੂੰ ਨਿੱਤ ਸਿਜਦਾ ਕਰਦੀ, ਸੁੱਖ ਸਦਾ ਪੈਂਤੀ ਦੀ ਚਾਹਵਾਂ। ਵੀਰਾਂ ਦੀ ਇੱਕ ਭੈਣ ਏ, ਮਾਂ ਕਹਿ ਜਿਸਦੇ ਗਲ਼ ਲੱਗ ਜਾਵਾਂ। ਇਹ ਅੱਖਰ ਮੇਰੇ ਮਾਪੇ ਪੇਕੇ, ਜਿੰਨਾਂ ਚਾਹਾਂ, ਸੰਗ ਵਕਤ ਬਿਤਾਵਾਂ। ਬੋਲਾਂ ਵਿੱਚ ਮਿਸ਼ਰੀ ਜਦ ਘੋਲਣ, ਹੇਕਾਂ ਲਾ ਲਾ ਗਾਉਣ ਮੈਂ ਗਾਵਾਂ। ਲੋਹੜੀ ਵੰਡੋ ਸਾਰੇ ਮਿਲ਼ ਕੇ, ਬੀਬੇ ਪੁੱਤ ਧੀ ਜੰਮੇ ਮਾਂਵਾਂ। ਸਰਬ ਨੂੰ ਜਨਮ ਪੰਜਾਬ ਦੇਣ ਤੇ, ਮਾਂ ਤੈਥੋਂ ਬਲਿਹਾਰੀ ਜਾਵਾਂ। ਸਤਿ ਕਰਤਾਰ ਤੇਰਾ ਨਾਮ ਲੈ ਕੇ, ਕੁਦਰਤ ਸਾਹਵੇਂ ਸ਼ੀਸ਼ ਝੁਕਾਵਾਂ। ਨਿੰਮਾਂ ਪਿੱਪਲ ਬੋਹੜ ਰਹਿਣ ਜਿਉਂਦੇ, ਕਰ ਅਰਦਾਸ ਨਿੱਤ ਸੁੱਖਾਂ ਚਾਹਵਾਂ। ਕਿੰਞ ਉਹਨਾਂ ਦੀ ਖੈਰ ਨਾ ਮੰਗਾਂ, ਜਿਨਾਂ ਲਿਖ ਕਵਿੱਤਰੀ ਕਹਾਵਾਂ।
ਕਹਿ ਦਿਓ ਹਵਾ ਨੂੰ ਛੂਹ ਕੇ ਨਾ ਲੰਘੇ
ਕਹਿ ਦਿਓ ਹਵਾ ਨੂੰ, ਛੂਹ ਕੇ ਨਾ ਲੰਘੇ ਸਾਨੂੰ। ਕੰਨ ’ਚ ਸੁਣਾਵੇ ਨਾ, ਪੈਗਾਮ ਛੱਡੇ ਸੱਜਣਾ। ਹੁਣ ਘੱਲੀ ਜਾਂਦਾ ਏ, ਸੁਨੇਹੜੇ ਹਵਾਵਾਂ ਹੱਥੀਂ। ਉਹਦੇ ਲਾਏ ਲਾਰਿਆਂ, ਨਾ ਦਿਲ ਪਿੱਛੇ ਲੱਗਣਾ। ਲਫ਼ਜ਼ਾਂ ਨਾ ਸੂਈ ਮਾਰੇ, ਭਰੇ ਸਾਡੇ ਜ਼ਖ਼ਮਾਂ ਤੇ। ਕੱਚਿਆਂ ਅੰਗੂਰਾਂ ’ਚੋਂ, ਕਚਲਹੂ ਵੀ ਨਹੀਂ ਵਗਣਾ। ਕੱਚਿਆਂ ਦੀ ਯਾਰੀ, ਅੱਗੇ ਜਿੰਦ ਸਾਡੀ ਹਾਰੀ। ਪੀੜਾ ਬੜੀ ਨਿਆਰੀ, ਸਰਬ ਆਹ ਵੀ ਨਾ ਕੱਢਣਾ। ਕੁੱਖਾਂ ਲਈ ਕੈਂਚੀਆਂ, ਰੁੱਖਾਂ ਲਈ ਜਿੱਥੇ ਦਾਤਰਾਂ। ਘਰ ਕੁਦਰਤ ਪ੍ਰੇਮੀਆਂ, ਪੈਰ ਵੀ ਨਾ ਰੱਖਣਾ। ਆਖ ਦੇਵੀਂ ਫਿਰ ਵੀ ਜੇ, ਚਾਹੁੰਦਾ ਸਾਨੂੰ ਮਿਲਣਾ ਉਹ। ਆ ਜਾਵੇ ਜੇ ਸੰਗ ਸਾਡੇ, ਜਪੁਜੀ ਸਾਹਿਬ ਜੱਪਣਾ।
ਸ਼ਿਕਵੇ ਗ਼ੈਰਾਂ ਤੇ ਕਰਨੇ ਛੱਡ ਦਿੱਤੇ
ਸ਼ਿਕਵੇ ਗ਼ੈਰਾਂ ਕਰਨੇ ਛੱਡ ਦਿੱਤੇ। ਯਾਦਾਂ ਸੱਜਣਾ ਕੌੜੀਆਂ ਦੁੱਖਦਾਈ। ਨਾਮ ਪਿਆਰੇ ਅਸੀਂ ਮੁਸਕਰਾ ਪੈਂਦੇ। ਦੇਂਦਾ ਮਿੱਠੀਆਂ ਯਾਦਾਂ ਜੇ ਸੁੱਖਦਾਈ। ਮੰਨ ਪਾਤਸ਼ਾਹ ਪਿਆਰਾਂ ਖ਼ੈਰ ਮੰਗੀ। ਝੋਲੀ ਗ਼ੈਰਾਂ ਦੇ ਅੱਗੇ ਅੱਡਣੀ ਨਹੀਂ। ਜੋ ਵੀ ਖ਼ੈਰ ਮਿਲ਼ੀ, ਸੀਨੇ ਲਾ ਲੈਣੀ। ਖ਼ੈਰ ਹੋਰ ਦਰਵਾਜਿਓਂ ਮੰਗਣੀ ਨਹੀਂ। ਖ਼ੈਰ ਪਈ ਝੋਲ਼ੀ, ਪਰਾਗਾ ਭਰ ਪੀੜਾਂ। ਅਸੀਂ ਮੁੱਲ ਜੁਬਾਨ ਦਾ ਪਾ ਦਿੱਤਾ। ਗ਼ਰੀਬੀ ਝੱਲਦੇ ਕਦੇ ਨਾ ਹਾਰ ਮੰਨੀ। ਸਰਬ ਪਿਆਰੇ ਦੀ ਯਾਦ ਹਰਾ ਦਿੱਤਾ। ਧੰਨਵਾਦ ਕਰਨਾ, ਦੱਸ ਕਿੰਞ ਚਾਹਵੇਂ। ਕਿ ਤੇਰੀ ਛੱਡਣੀ ਸਾਨੂੰ ਜਿਤਾ ਦਿੱਤਾ। ਭਟਕਣਾ ਪੈਣਾ ਸੀ ਜੰਗਲ ਬੇਲਿਆਂ 'ਚ ਨਾਨਕ ਪਾਤਸ਼ਾਹ ਲੜ੍ਹ ਤੂੰ ਲਾ ਦਿੱਤਾ। ਕੁਦਰਤ ਮਹਾਰਾਣੀ ਜ਼ਖ਼ਮਾਂ ਮੱਲ੍ਹਮ ਲਾਈ। ਸਿਜਦੇ ਕੌੜੀਆਂ ਜਿੰਨਾਂ ਸੁਆਦ ਦਿੱਤਾ। ਉਹਨਾਂ ਲੋਕਾਂ ਤੋਂ ਰਹਿ ਗਈ ਸਰਬ ਚੰਗੀ। ਯਾਦਾਂ ਮਿੱਠੀਆਂ ਜਿੰਨਾਂ ਤੇ ਸੁਖਦਾਈ। ਨਮਸਕਾਰ ਸਾਡੀ ਨਿੱਤ ਸੋਹਣਿਆ ਨੂੰ। ਝੋਲੀ ਭਰ ਪੀੜਾਂ, ਜਿੰਨਾਂ ਖ਼ੈਰ ਪਾਈ।
ਅੱਜ ਅਸਾਂ ਨੇ ਬਦੀ ਜਿਤਾਉਣੀ
ਲਾ ਲਓ ਜ਼ੋਰ, ਮਚਾ ਲਓ ਸ਼ੋਰ। ਅੱਜ ਅਸਾਂ ਨੇ ਬਦੀ ਜਿਤਾਉਣੀ। ਲਾ ਲਓ ਰੁੱਖ, ਬਚਾ ਲਓ ਕੁੱਖ ਅਸਾਂ ਨੇ ਬਾਜ਼ੀ ਜਿੱਤ ਵਿਖਾਉਣੀ। ਜ਼ਹਿਰੀਲੀ ਹਵਾ ਤੇ ਗੰਦੇ ਪਾਣੀ ਇਨਸਾਨੀਅਤ ਹੈ ਮਾਰ ਮੁਕਾਉਣੀ। ਅੱਜ ਅਸਾਂ ਨੇ ਬਦੀ ਜਿਤਾਉਣੀ। ਰੁੱਖਾਂ ਟਾਹਣੇ ਵੱਢ ਬੁੱਤ ਬਣਾਉਣਾ। ਉਸਨੂੰ ਫਿਰ ਰਾਵਣ ਅਖਵਾਉਣਾ। ਮਿਹਨਤ ਕਰਕੇ ਨੋਟ ਕਮਾਉਣੇ। ਫੇਰ ਖ਼੍ਰੀਦ ਪਟਾਕੇ ਲਿਆਉਣੇ। ਸਾਹਵੇਂ ਰੱਖ ਉਹਨਾਂ ਅੱਗ ਲਾਉਣੀ। ਅੱਜ ਅਸਾਂ ਨੇ ਬਦੀ ਜਿਤਾਉਣੀ। ਅੱਗ ਲਾ ਅੰਬਰ ਧੂੰਏਂ ਕਰਨੇ। ਕਈ ਜੀਅ ਸਾਹ ਘੁੱਟ ਮਰਨੇ। ਸਰਬ ਜਿਹੇ ਕੁਦਰਤ ਦੇ ਆਸ਼ਕ ਅੰਦਰੋਂ ਅੰਦਰ ਅੱਗ ’ਚ ਸੜਨੇ। ਰਾਮ ਨਾਮ ਦੁਨੀਆਂ ਭਰਮਾਉਣੀ। ਅੱਜ ਅਸਾਂ ਨੇ ਬਦੀ ਜਿਤਾਉਣੀ। ਅਸੀਂ ਨਹੀਂ ਰਾਵਣ ਤੋਂ ਘੱਟ। ਦੂਜੇ ਦੀ ਇੱਜ਼ਤ ਚੁੱਕਦੇ ਝੱਟ। ਦੇਂਦੇ ਉਸ ਫਿਰ ਜੱਗ ਵਿੱਚ ਛੱਟ। ਆਪਣੇ ਘਰ ਦੀ ਲਈਏ ਢੱਕ। ਕਿਹੜਾ ਰਾਮ ਸਾਡੀ ਲੰਕਾ ਢਾਹੁਣੀ। ਅਸਾਂ ਬਦੀ ਅੱਜ ਜਿੱਤ ਵਿਖਾਉਣੀ। ਰਾਵਣ ਤਾਂ ਸੀ ਆਪ ਗਿਆਨੀ ਰਾਮ ਦੇ ਹੱਥੋਂ ਮਰਨ ਜਾਣਦਾ। ਭਾਣੇ ਉਹਦੇ ਲੱਜ ਰੱਖਣ ਲਈ। ਸੀਤਾ ਚੁੱਕੀ ਕਰ ਮਨਮਾਨੀ। ਜਿੰਨੀਂ ਰੋਲ਼ੀ ਅਸਾਂ ਕੁਦਰਤ ਰਾਣੀ। ਵੇਖ ਕੇ ਰਾਵਣ ਲੱਜਾ ਆਉਣੀ। ਅੱਜ ਅਸਾਂ ਨੇ ਬਦੀ ਜਿਤਾਉਣੀ।
ਰਾਵਣ ਸੜਦਾ ਵੇਖਿਆ
ਰਾਵਣ ਸੜ੍ਹਦਾ ਵੇਖਿਆ, ਭੁੱਬਾਂ ਮਾਰਨ ਲੱਗੇ ਸਵਾਲ। ਕਵੀ ਦੀ ਕਲਮ ਨੇ ਕਵੀ, ਅੰਦਰ ਛੇੜ ਦਿੱਤਾ ਬਵਾਲ। ਹਰੇਕ ਗਿਆਤਾ ਸਾੜ ਕੇ, ਖ਼ੁਸ਼ ਏਦਾਂ ਈ ਹੁੰਦੇ ਰਹੋਗੇ? ਜੇ ਸਵਾਲ ਕਰਤੇ ਸਚਿਆਰਿਆਂ, ਕੀ ਜਵਾਬ ਦਿਉਗੇ। ਦੱਸਣਾ ਬੁਰਿਆਈ ਤੇ ਅੱਜ, ਕੀ ਜਿੱਤ ਚੰਗਿਆਈ ਹੋ ਗਈ? ਚਾਰ ਵੇਦਾਂ ਬਾਰੇ ਉਸਤੋਂ, ਸਿੱਖਿਆ ਵੀ ਹੈ, ਕੀ ਕੁਝ ਕੋਈ? ਇਹ ਬਦਲਾਖੋਰੀ ਨੀਤੀਆਂ, ਯੁੱਧ ਰਾਜਿਆਂ ਦੇ ਖੇਡ ਨੇ। ਜਿੱਤ ਹਾਰ ਦੇ ਖੇਡ ਵਿੱਚ, ਜਿੱਤ ਰਾਜੇ ਬਣੇ ਅਨੇਕ ਨੇ। ਕੀ ਮਿਹਨਤੀ ਏਸ ਦਿਨ, ਕਮਾਈ ਸਾਂਭੀ ਵਧੀਆ ਸੋਚ ਲਈ। ਉਡਾ ਦਿੱਤੀ ਪਟਾਕੇ ਅੱਗ ਲਾ, ਅਮੀਰਾਂ ਵੇਚ ਜੋ ਬੋਚ ਲਈ। ਸ਼ੋਰ ਸ਼ਰਾਬੇ ਕਰਕੇ ਹੁਣ ਤੱਕ, ਅੰਬਰ ਕਾਲ਼ੇ ਕਰੀ ਜਾਂਦੇ ਓ। ਫੇਰ ਸੈਲੰਡਰ ਸਾਹ ਲੈਣ ਲਈ, ਡਾਕਟਰਾਂ ਦੇ ਦਰ ਜਾਂਦੇ ਓ। ਕੀ ਰਾਮ, ਰਾਵਣ ਜਿਹੇ ਯੋਧਿਆਂ ਵਰਗੀ ਕੀਤੀ ਆਪਣੀ ਬੁੱਧ। ਕੀ ਭੈਣਾਂ ਤੀਵੀਂਆਂ ਇੱਜ਼ਤ ਲਈ, ਲੜ੍ਹਨਾ ਸੋਚਿਆ ਕੋਈ ਯੁੱਧ। ਆਪਾਂ ਤਾਂ ਕੁੱਖਾਂ ਵਿੱਚ ਯੁੱਧ ਲੜੇ, ਬਾਲੜੀਆਂ ਕਰ ਕਤਲ। ਵੇਖ ਲਉ ਯੋਧੇ ਸਾਡੇ ਕੁਤਰਦੇ, ਵੇਖਣ ਕਦੇ ਨਾ ਧੀ ਸ਼ਕਲ। ਰਾਵਣ ਦੇ ਵੀਰ ਨੇ ਵੀਰ ਹੱਥ ਛੱਡਿਆ, ਤਾਂ ਰਾਵਣ ਮਰ ਗਿਆ। ਰਾਮ ਦੇ ਵੀਰ ਦਾ ਹੱਥ ਵਿੱਚ ਹੱਥ ਸੀ, ਤਾਂ ਰਾਵਣ ਹਾਰ ਗਿਆ। ਘਰ ਅੱਜ ਤੱਕ ਜਿੰਨੇ ਵੀ ਟੁੱਟੇ, ਆਪਣਿਆਂ ਤੁੜਵਾਏ। ਐਵੇਂ ਨਹੀਂ ਬਣੀ ਕਹਾਵਤ, ਘਰ ਦਾ ਭੇਤੀ ਲੰਕਾ ਢਾਵੇ। ਅਸੀਂ ਵੀ ਭੇਦ ਦਿੱਤੇ ਦਾਈਆਂ, ਸਮਝ ਕੁੱਖ ਦੀਆਂ ਮਾਈਆਂ। ਜਿੰਨਾਂ ਕੁੱਖੀਂ ਕਤਲ ਕਰਾਏ, ਅੱਜ ਜੱਜ ਬਣਨਾ ਸੀ ਜਾਈਆਂ। ਸਰਬ ਜਿੰਨਾਂ ਨੇ ਜੰਮੀਆਂ ਧੀਆਂ, ਹੱਥ ਦਿੱਤੀ ਖ਼੍ਰੀਦ ਕਿਤਾਬ। ਤਿਨ੍ਹਾਂ ਘਰਾਂ ਦੀਆਂ ਪੱਕੀਆਂ ਨੀਂਹਾਂ, ਕੀਤੀਆਂ ਸਤਿ ਕਰਤਾਰ।
ਜ਼ਖ਼ਮਾਂ ਦੀ ਗੱਲ
ਮੈਂ ਜ਼ਖ਼ਮਾਂ ਦੀ ਗੱਲ ਕਹਿਣ ਲੱਗੀ ਤੁਸੀਂ ਭਰਨੇ ਹੂੰ-ਹੁੰਞਗਾਰੇ ਜੀ। ਜੋ ਵਿੱਚ ਗ਼ਰੀਬੀ ਆਪਣੇ ਅੱਲੇ ਛਿੱਲ ਜਾਂਦੇ ਸਾਰੇ ਜੀ। ਅੱਲੇ ਉਹਨਾਂ ਨੂੰ ਕਹੀਏ ਜ਼ਖ਼ਮ ਜੋ ਰਹਿੰਦੇ ਕੱਚੇ ਜੀ। ਅੰਦਰੋਂ ਜਿਹੜੇ ਟਸ-ਟਸ ਕਰਦੇ ਬਾਹਰੋਂ ਛਿਛੜੇ ਦਿਸਦੇ ਪੱਕੇ ਜੀ। ਉਹ ਫਿਰ ਤੋਂ ਪੁੰਗਰ ਆਉਂਦੇ ਨੇ ਜਦ ਆਪਣੇ ਛਿਕੜਾ ਲਾਹੁੰਦੇ ਨੇ। ਉਹ ਪੀੜਾ ਬੜੀ ਨਿਆਰੀ ਜੀ ਸਾਡੀ ਜਖ਼ਮਾਂ ਭਰੀ ਕਿਆਰੀ ਦੀ। ਜਦੋਂ ਕਦੇ ਰੱਬ ਮੇਹਰ ਕਰੇ ਅਗੂਰ ਉਹਨਾਂ ’ਤੇ ਆਉਂਦਾ ਸੀ। ਮੈਂ ਖ਼ੁਰਕ-ਖ਼ੁਰਕ ਕੇ ਉਹਨਾਂ ਨੂੰ ਜ਼ਿੰਦਗੀ ਦਾ ਲੁਤਫ਼ ਉਠਾਉਂਦਾ ਸੀ। ਅਸੀਂ ਲਾਈ ਨਹੀਂ ਦਵਾਈ ਕਿ ਰੂਹ ਜ਼ਖ਼ਮੀ ਸਾਡੀ ਤਣੀ ਰਹੇ। ਵਿੱਚ ਗ਼ਰੀਬੀ ਜਿੰਨਾ ਛਿੱਲ ਤਰਾਸ਼ਿਆ ਯਾਦ ਉਹਨਾਂ ਦੀ ਬਣੀ ਰਹੇ। ਅੱਜ ਵੀ ਉਹ ਮੇਰੇ ਆਪਣੇ ਜਦ ਕਦੇ ਮਿਲ਼ ਪੈਂਦੇ ਨੇ। ਸਮਾਂ ਵੇਖ ਉਹ ਪਿਆਰ ਜਤਾਉਂਦੇ ਕੀ ਦੱਸੇ ਸਰਬ ਤੁਹਾਨੂੰ ਜੀ ਮੇਰੇ ਅੱਲੇ ਜ਼ਖ਼ਮ ਛਿੱਲ ਜਾਂਦੇ ਨੇ। ਤੇ ਮੈਂ ਜ਼ੋਰ-ਜ਼ੋਰ ਦੀ ਹੱਸਦੀ ਹਾਂ ਤੁਸੀਂ ਹੂੰ-ਹੁੰਗਾਰਾ ਭਰੀ ਜਾਓ ਮੈਂ ਜ਼ਖ਼ਮਾਂ ਦੀ ਗੱਲ ਦੱਸਦੀ ਹਾਂ।
ਕਵਿਤਾ ਸਤਿ ਕਰਤਾਰ ਦੇ ਨਾਮ
ਸਤਿ ਕਰਤਾਰ ਲਿਖੇ ਬਿਨਾਂ, ਕਵਿਤਾ ਨਹੀਂ ਪੂਰੀ ਹੁੰਦੀ ਮੇਰੀ। ਸਤਿ ਕਰਤਾਰ ਲਿਖਦਿਆਂ ਹੀ, ਕਵਿਤਾ ਲਿਖ ਹੋ ਜਾਂਦੀ ਏ। ਸਤਿ ਕਰਤਾਰ ਲਿਖ ਲੱਗਦਾ ਮੈਨੂੰ, ਲਿਖੀ ਗਈ ਕਵਿਤਾ। ਸਤਿ ਕਰਤਾਰ ਕਹਾਂ ਤਾਂ ਲੱਗੇ, ਕਵਿਤਾ ਗਾਈ ਜਾਂਦੀ ਏ। ਮੈਨੂੰ ਲੱਗੇ ਮੈਂ ਮਾਂ ਦੇ ਦੁੱਧ ਨੂੰ, ਮੂੰਹ ਜਦੋਂ ਕਦੇ ਲਾਇਆ ਹੋਊ। ਦੁੱਧ ਪਿਆਉਣ ਲੱਗੀ ਉਸ, ਸਤਿ ਕਰਤਾਰ ਧਿਆਇਆ ਹੋਊ। ਪਹਿਲੀ ਨਜ਼ਰ ਹੀ ਨਜ਼ਰੀਂ ਚਾੜ 'ਤੀ, ਗੁੜਤੀ ਐਸੀ ਚੁੰਘ ਲਈ। ਨਾਨਕ ਸਾਹਿਬ ਦੇ ਨਾਮ ਦੀ ਘੁੱਟੀ, ਪੀਤੀ ਨਾਲ਼ੇ ਸੁੰਘ ਲਈ। ਬਾਕੀ ਅੱਖਰ ਦੇਣ ਨਜ਼ਾਰਾ ਪਰ ਸਤਿ ਕਰਤਾਰ ਦੀ ਕੀ ਕਹਾਂ। ਕਵਿਤਾ ਦਾ ਘੜ ਬਹਾਨਾ, ਅਵਾਜ਼ਾਂ ਮੈਂ ਸਤਿ ਕਰਤਾਰ ਦਿਆਂ। ਬਾਕੀ ਗੱਲਾਂ ਧਰਤੀ ਜਿਊਣ ਲਈ, ਦੁਨੀਆਦਾਰੀ ਲਾਂਘੇ ਨੇ। ਜਾਂ ਕੁਦਰਤ ਦੀ ਗੱਲ ਕਰਨ ਲਈ, ਲਫ਼ਜ਼ ’ਕੱਠੇ ਕਰ ਸਾਂਭੇ ਨੇ। ਸਤਿ ਦਾ ਮਤਲਬ ਕੁਦਰਤ ਹੁੰਦਾ, ਕਰਤੇ ਨਾਮ ਕਰਤਾਰ। ਜਿਹੜਾ ਜੰਮੇ, ਪਾਲ਼ੇ, ਮਾਰੇ, ਉਹੀ ਆਪੇ ਕਰੇ ਪਸਾਰ। ਸਰਬ ਤਾਂ ਲੋਕੋ ਸਤਿ ਕਰਤਾਰ ਕਹਿ, ਕਰਦੀ ਕਵਿਤਾ ਪੂਰੀ। ਨਾਨਕ ਸਾਹਿਬ ਦੀ ਦਇਆ ਹੋਵੇ ਤਾਂ ਲੱਗਦੀ ਨਹੀਂ ਅਧੂਰੀ। ਧੰਨ ਗੁਰੂ, ਧੰਨ ਉਹਦੀ ਲੁਕਾਈ, ਪੜ੍ਹਨ ਕੁਚੱਜੀ ਜੋ ਕੁਚੱਜ। ਪੜ੍ਹ-ਪੜ੍ਹ ਫਿਰ ਜੋ ਮੁਸਕਾਉਂਦੇ, ਵੇਖ ਕੇ ਡਾਢੇ ਦੇ ਹੱਥ ਲੱਜ। ਸਤਿ ਕਰਤਾਰ ਲਿਖਣ ਲੱਗੇ ਕਵਿਤਾ ਉਸ ਨਜ਼ਰ ਚੜ੍ਹ ਜਾਂਦੀ ਏ। ਸਰਬ ਤੋਂ ਵਾਰ-ਵਾਰ ਗਵਾਵੇ, ਜਦ ਉਹਦੇ ਮਨ ਭਾਉਂਦੀ ਏ।
ਕਦੇ ਆਖਣ ਮੁੱਕ ਗਿਆ
ਕਦੇ ਆਖਣ ਮੁੱਕ ਗਿਆ ਫਿਰ ਆਖਣ ਚੜ੍ਹ ਗਿਆ ਅਸੀਂ ਇਹਨਾਂ ਸਾਲ-ਮਹੀਨਿਆਂ ਚੱਕਰਾਂ ਵਿੱਚ ਪੈਂਦੇ ਨਾ ਆਪਾਂ ਤਾਂ ਨਾਨਕ ਸਾਹਿਬ ਰਜ਼ਾ ਵਿੱਚ ਰਹਿੰਦੇ ਆਂ। ਆਪਾਂ ਤਾਂ…… ਸਾਡਾ ਤਾਂ ਪਹਿਲਾਂ ਵੀ ਉਹ ਸਾਡੀ ਮੰਗ ਹੁਣ ਵੀ ਉਹ ਸਾਡੀ ਮੰਗ ਓਹੀ ਰਹਿਣੀ ਰੁੱਖਾਂ ਨੂੰ ਲਾ ਦਿਓ ੴ ਨਿਸ਼ਾਨੀਆਂ ਕੁਦਰਤ ਬਚਾ ਲਓ। ੴ……… ਪਪੀਹਾ ਜਿਸ ਧਿਆਵੇ ਬਰਸਣ ਜੋ ਆਪ ਆਵੇ ਅੰਬਰਾਂ ਵਿੱਚ ਪੀਂਘਾਂ ਪਾਵੇ ਹਰ ਜੀਅ ਜਿਸਦੇ ਗੁਣ ਗਾਵੇ ਭਾਣੇ ਓਸ ਰਹਿੰਦੇ ਆਂ ਸਤਿ ਕਰਤਾਰ ਜੁਬਾਨੋਂ ਜਪਦੇ ਤਾਂ ਰਹਿੰਦੇ ਆਂ। ਸਤਿ….. ਸਰਬ ਨੂੰ ਕਲਮ ਫੜਾਕੇ ਉਲਾਮ੍ਹੇ ਉਹਦੇ ਸਾਰੇ ਲਾਹ 'ਤੇ ਕਾਗਜ ’ਤੇ ਗੀਤ ਲਿਖਾਕੇ ਗੂੰਗੇ ਵੀ ਗਾਉਣੇ ਲਾ ’ਤੇ ਦਾਤ ਓਹਦੀ ਕਹਿੰਦੇ ਆਂ ਆਪਾਂ ਤਾਂ ਨਾਨਕ ਸਾਹਿਬ ਰਜ਼ਾ ਵਿੱਚ ਰਹਿੰਦੇ ਆਂ। ਆਪਾਂ ਤਾਂ……
ਹੱਥ ’ਚ ਫੜ੍ਹ ਕੇ ਵੇਖੀ ਤਸਬੀ
ਹੱਥ ’ਚ ਫੜ ਕੇ ਵੇਖੀ ਤਸਬੀ, ਤੈਨੂੰ ਜਪਣ ਲਈ। ਅੱਖਾਂ ਬੰਦ ਕਰ, ਲੱਗ ਪਈ ਕਰਨ ਅਰਦਾਸ ਮੈਂ। ਹਰ ਰੂਹ ਤੇਰਾ ਵਾਸ, ਬੇਨਤੀ ਕਰ ਨਾਲ਼ ਰੱਖਣ ਲਈ। ਦਿਲ ’ਚ ਉੱਠ ਪਈ ਤਾਂਘ, ਸੋਹਣਿਆਂ ਤੈਨੂੰ ਤੱਕਣ ਦੀ। ਮੈਨੂੰ ਪਤਾ ਨਾ ਰੱਬ ਦਾ, ਕੀਕਰ ਉਸ ਨੂੰ ਯਾਦ ਕਰਾਂ। ਮੈਂ ਤਾਂ ਤੇਰਾ ਨਾਮ ਜਪ, ਨਿਤ ਤੇਰਾ ਧਿਆਨ ਧਰਾਂ। ਪੈਰੀਂ ਪਾ ਲਈ ਝਾਂਜਰ, ਉੱਠ ਪਈ ਮੈਂ ਨੱਚਣ ਲਈ। ਦਿਲ ’ਚ ਉੱਠ ਪਈ ਤਾਂਘ, ਸੋਹਣਿਆਂ ਤੈਨੂੰ ਤੱਕਣ ਦੀ। ਜਿਗਰੇ ਕਰਕੇ ਵੱਢੇ, ਤੁਸਾਂ ਕਿੰਞ ਤੀਰ ਕਮਾਨੋਂ ਛੱਡੇ। ਜਦ ਦਿਲ ਸਾਡੇ ਵਿੱਚ ਵੱਜੇ, ਨਾ ਕੁਝ ਵਿਖਦਾ ਸੱਜੇ-ਖੱਬੇ। ਚੀਸ ਵੱਟ ਕੇ ਧੜਕੀ ਜਾਵੇ, ਰੀਝ ਨਾ ਮੰਨੇ ਨੱਪਣ ਲਈ। ਦਿਲ ’ਚ ਉੱਠ ਪਈ ਤਾਂਘ, ਸੋਹਣਿਆਂ ਤੈਨੂੰ ਤੱਕਣ ਦੀ। ਲੋਕੀਂ ਤੈਨੂੰ ਪਾਉਣ ਲਈ, ਬਾਹਰੋਂ ਖੋਜਣ ਲੱਗਦੇ ਨੇ। ਸਰਬ ਜਿਹੇ ਬੇ-ਅਕਲੇ, ਤਾਂ ਤੈਨੂੰ ਅੰਦਰੋਂ ਲੱਭਦੇ ਨੇ। ਤੱਕ ਕੇ ਜਪਦੇ ੴ, ਤੁਰਦੇ ਕੁਦਰਤ ਨਾਲ਼ ਹੱਸਣ ਲਈ। ਦਿਲ 'ਚ ਉੱਠ ਪਈ ਤਾਂਘ, ਸੋਹਣਿਆਂ ਤੈਨੂੰ ਤੱਕਣ ਦੀ। ਕੀ ਆਖਾਂ ਸੱਜਣਾ ਤੈਨੂੰ, ਬੜਾ ਪਿਆਰਾ ਲੱਗਦਾ ਮੈਨੂੰ। ਤੈਨੂੰ ਤੱਕ ਕਵਿਤਾ ਲਿਖਣੀ, ਪੇਸ਼ ਨਜ਼ਾਰਾ ਕਰਨਾ ਸਭ ਨੂੰ। ਵੱਸਦਾ ਤੱਕ ਪਵਿੱਤਰ ਰੂਹਾਂ, ਸੋਝੀ ਆਈ, ਜਪਣ ਦੀ। ਦਿਲ 'ਚ ਉੱਠ ਪਈ ਤਾਂਘ, ਸੋਹਣਿਆਂ ਤੈਨੂੰ ਤੱਕਣ ਦੀ।
ਨਾਨਕ ਸਾਹਿਬ ਨੂੰ ਮੰਨਦੇ
ਨਾਨਕ ਸਾਹਿਬ ਨੂੰ ਮੰਨਦੇ ਓਸ ਦੇ ਭਾਣੇ ਜੀਵਾਂਗੇ। ਮਿਹਨਤ ਕਰਕੇ ਮਿਲ਼ਜੇ ਰੁੱਖੀ-ਮਿੱਸੀ ਖਾਵਾਂਗੇ। ਮਿਹਨਤ ਕਰਨੀ ਲਿਖਦੇ ਹੱਥ ਕਿਸੇ ਨਾ ਅੱਡਾਂਗੇ। ਹੱਕ ਕਿਸੇ ਦਾ ਖੋਹ ਕੇ ਜ਼ਮੀਰ ਨਾ ਮਾਰਾਂਗੇ। ਪਾਪੀਆ ਮੇਲਾ ਤੇਰਾ ਭਰਿਆ ਛੱਡ ਕੇ ਜਾਵਾਂਗੇ। ਕੁਦਰਤ ਨਾਂਵੇ ਲਾਈ ਜ਼ਿੰਦਗੀ ਪਿਆਰ ਓਸ ਕਰਦੇ ਹਾਂ। ਰਹਿੰਦੀ ਜ਼ਿੰਦਗੀ ਜਿੰਨੀ ਰੱਖਾਂ ਲੜ ਲਾਵਾਂਗੇ। ਨਾ ਕਿਸੇ ਦੀ ਚੁਗਲੀ ਕਰਦੇ ਨਾ ਕਰਦੇ ਉਹ ਨਿੰਦਿਆ। ਮੋਹ-ਮਾਇਆ ਨੂੰ ਛੱਡਕੇ ਫਲ਼ ਉਹਨਾਂ ਦੇ ਖਾਵਾਂਗੇ। ਸਰਬ ਨੇ ਲੋਕੋ ਠਾਣ ਲਿਆ ਓਸ ਦੀ ਕੁਦਰਤ ਮਾਣਾਂਗੇ ਪੰਛੀਆਂ ਤੋਂ ਸੰਗੀਤ ਸੁਣਾਂਗੇ ਦੁਨੀਆ ਤੋਂ ਜਦ ਜਾਵਾਂਗੇ।
ਤੇਰੀ ਗੱਲ ਕਰਨੀ ਹੈ ਗਹਿਰਿਆ ਵੇ
ਤੇਰੀ ਗੱਲ ਕਰਨੀ ਹੈ ਗਹਿਰਿਆ ਵੇ, ਬਾਬਾ ਮੋਤੀ ਰਾਮ ਮਹਿਰਿਆ ਵੇ। ਕਿੱਡਾ ਤਕੜਾ ਜਿਗਰਾ ਤੇਰਾ ਵੇ, ਤੂੰ ਭਾਗ ਕੀਤੇ ਕਿੰਨੇ ਚੰਗੇ ਸੀ। ਜੋ ਮਾਂ ਗੁਜਰੀ ਕੋਲ਼ ਠਹਿਰਿਆ ਵੇ। ਤੇਰੇ ਗੜਵੇ ਦੀ ਕੀ ਸਿਫ਼ਤ ਕਰਾਂ, ਮੱਝ ਚੋਵਾਂ ਤੇ ਨਾਲ਼ ਦੁੱਧ ਭਰਾਂ। ਗਲ਼ ਫੁੱਲਾਂ ਬੰਨ੍ਹ ਦਿਆਂ ਸਿਹਰਾ ਵੇ, ਤੂੰ ਭਾਗ ਕਿੰਨੇ ਕੀਤੇ ਚੰਗੇ ਸੀ। ਜੋ ਮਾਂ ਗੁਜਰੀ ਕੋਲ਼ ਠਹਿਰਿਆ ਵੇ। ਕੁਝ ਦਮੜੇ ਦੇ ਖ਼ਰੀਦ ਲਏ, ਜਿਹੜੇ ਮਾਂ ਬੱਚਿਆਂ ’ਤੇ ਦੀਦ ਪਏ। ਤੇਰੀ ਕਿਰਤ ਨੂੰ ਸਿਜਦਾ ਮੇਰਾ ਵੇ, ਤੂੰ ਭਾਗ ਕੀਤੇ ਕਿੰਨੇ ਚੰਗੇ ਸੀ। ਜੋ ਮਾਂ ਗੁਜਰੀ ਕੋਲ਼ ਠਹਿਰਿਆ ਵੇ। ਕਰਾਂ ਗੱਲ ਤੇਰੇ ਗਲਾਸਾਂ ਦੀ, ਜੋ ਪਿਆਸ ਮਿਟਾਉਣ ਪਿਆਸਿਆਂ ਦੀ। ਭੁੱਖੇ ਲਾਲ ਲੈ ਜਾਣਾ ਸੀ ਵੈਰੀਆਂ ਵੇ, ਤੂੰ ਭਾਗ ਕੀਤੇ ਕਿੰਨੇ ਚੰਗੇ ਸੀ। ਜੋ ਮਾਂ ਗੁਜਰੀ ਕੋਲ ਠਹਿਰਿਆ ਵੇ। ਉਹ ਗਾਂ ਵੀ ਆਏ ਖ਼ਿਆਲਾਂ ਜੀ, ਵੱਛੇ ਦਾ ਦੁੱਧ ਦੇ ’ਤਾ ਜਿਸ ਲਾਲਾਂ ਲਈ। ਚੋਣ ਦਿੱਤਾ ਤਨ ਨਾ ਵਿਹਰਿਆ ਵੇ, ਤੂੰ ਭਾਗ ਕੀਤੇ ਕਿੰਨੇ ਚੰਗੇ ਸੀ। ਜੋ ਮਾਂ ਗੁਜਰੀ ਕੋਲ਼ ਠਹਿਰਿਆ ਵੇ। ਸਾਡੇ ਅੱਥਰੂ ਦਿਨ ਤੇ ਰਾਤ ਵੇ, ਨਿੱਤ ਕਰਦੇ ਨੇ ਵਿਰਲਾਪ ਵੇ। ਪੋਹ ਜ਼ਖ਼ਮਾਂ ਛਿਕੜਾ ਉਤਾਰਿਆ ਵੇ, ਸਿੱਖ ਕੌਮ ਤੇਰੇ ਬਲਿਹਾਰ ਜਾਊ। ਜੋ ਮਾਂ ਗੁਜਰੀ ਕੋਲ਼ ਠਹਿਰਿਆ ਵੇ।
ਕਿੱਕਰਾਂ ਨੂੰ ਕਰਕੇ ਤੂੰ ਗੁੱਲ ਹਾਣੀਆਂ
ਕਿੱਕਰਾਂ ਨੂੰ ਕਰਕੇ ਤੂੰ ਗੁੱਲ ਹਾਣੀਆਂ ਵੇ ਹੁਣ ਲੱਭਦੈਂ, ਲੱਭਦੇਂ ਤੂੰ ਕਿੱਕਰਾਂ ਦੇ ਫੁੱਲ ਹਾਣੀਆ ਵੇ ਹੁਣ ਲੱਭਦੈਂ................................... ਕਿੰਨੀ ਸੋਹਣੀ ਡੱਬੀ ਤੇਰੀ ਛਾਂ ਕਿੱਕਰੇ ਚਰਖਾ ਮਾਂ ਕੱਤਦੀ, ਦੁਪਹਿਰ ਸਿਖਰੇ ਛਾਂਵੇ ਪੜ੍ਹਿਆ, ਪੜ੍ਹਿਆ ਗਿਆ ਹੈ ਸਭ ਰੁਲ਼ ਹਾਣੀਆਂ ਵੇ ਹੁਣ ਲੱਭਦੈਂ, ਲੱਭਦੈਂ ਤੂੰ ਕਿੱਕਰਾਂ ਦੇ ਫੁੱਲ ਹਾਣੀਆਂ ਵੇ ਹੁਣ ਲੱਭਦੈਂ................................... ਤੁਕਲੇ ਸੀ ਉਹਦੇ, ਤੋੜ-ਤੋੜ ਲੰਘਦੇ ਦਰੀਆਂ ਦੇ ਸੱਕ ਉਹਦੇ ਰੰਗ ਬਣਦੇ ਗਿਓਂ ਦਾਤਣ, ਦਾਤਣ-ਦੰਦਾਸੇ ਉਹਦੇ ਭੁੱਲ ਹਾਣੀਆਂ ਵੇ ਹੁਣ ਲੱਭਦੈਂ, ਲੱਭਦੈਂ ਤੂੰ ਕਿੱਕਰਾਂ ਦੇ ਫੁੱਲ ਹਾਣੀਆਂ ਵੇ ਹੁਣ ਲੱਭਦੈਂ................................... ਸਿੱਧਾ ਨਹਿਰੇ-ਨਹਿਰ ਪੈ ਜਾ, ਜਾਂ ਸੂਏ ਦੇ ਕੋਲ਼ ਬਹਿਜਾ। ਕੁਦਰਤ ਅੱਗੇ ਕਰ ਅਰਜੋਈ, ਤੈਥੋਂ ਜੋ ਗ਼ਲਤੀ ਹੈ ਹੋਈ। ਮੁਾਫ਼ ਕਰਦੂ, ਕਰਦੂ ਉਹ ਤੇਰੀ ਸਭ ਭੁੱਲ ਹਾਣੀਆਂ। ਆਪੇ ਲਾ ਦੇਊ, ਲਾ ਦੇਊ ਕਿੱਕਰਾਂ ਉਹ ਕੁੱਲ ਹਾਣੀਆਂ। ਵੇ ਹੁਣ ਲੱਭ ਨਾ, ਲੱਭ ਨਾ ਤੂੰ ਕਿੱਕਰਾਂ ਦੇ ਫੁੱਲ ਹਾਣੀਆਂ।
ਤੈਨੂੰ ਪਾਉਣ ਦੀ ਸੋਚ ਲਈ ਮੈਂ
ਤੈਨੂੰ ਪਾਉਣ ਦੀ ਠਾਣ ਲਈ ਮੈਂ ਮਰਨੋਂ ਮੈਂ ਹੁਣ ਡਰਦੀ ਨਾਹੀਂ। ਹੱਡੀਆਂ ਵੀ ਸੁਰ ਛੱਡਣ ਲੱਗੀਆਂ ਮਰ ਕੇ ਹੁਣ ਮੈਂ ਮਰਦੀ ਨਾਹੀਂ। ਖੱਲ ਵੀ ਆਖੇ ਸਾੜਦੋ ਮੈਨੂੰ ਰੂਹ ਨੇ ਲਾੜੀ ਬਣਨਾ ਚਾਈਂ। ਅੱਖਾਂ ਝਾਕਣ ਓਸ ਨਜ਼ਾਰੇ ਬੰਦ ਕਰ ਦਿਉ ਆਖਣ ਤਾਈਂ। ਪੈਰ ਰੁਕ ਗਏ, ਥੰਮ੍ਹ ਹੋ ਗਏ ਸਿਰ ਨਿਓਂ ਕੇ ਚੌਂਕੜੀ ਲਾਈ। ਹੱਥ ਜੁੜ ਗਏ, ਪਾ ਲਈ ਜੱਫੀ ਮੂੰਹ ’ਚੋਂ ਜੱਪੇ ਸਾਈਂ-ਸਾਈਂ।
ਰੋਟੀ ਦਾ ਸਫ਼ਰ
ਭੁੱਖਾਂ-ਤ੍ਰੇਹਾਂ ਤਿਆਗ ਕੇ ਸੱਪਾਂ ਸਿਰੀਆਂ ਮਿੱਧ ਕੇ। ਵਾਹ ਕੇ ਭੌਂ ਕਿਸਾਨ ਵੀਰ ਛੱਟਾ ਦੇ ਕਣਕ ਬੀਜਦੇ ਆ। ਧੁੱਪਾਂ, ਮੀਹਾਂ, ਹਨੇਰੀਆਂ ਨਾਲ਼ ਪੈਂਦਾ ਇਹਨਾਂ ਵਾਹ। ਫਿਰ ਸਿੱਟੇ ਸੋਨੇ ਰੰਗੇ 'ਚੋਂ ਕਣਕ ਨਿਕਲਦੀ ਆ। ਕਣਕ ਦੇ ਦਾਣੇ ਛੱਟ ਕੇ ਤੂੰ ਚੱਕੀ ਪੁੜ ਵਿੱਚ ਪਾ। ਦੋਵੇਂ ਹੱਥੀਂ ਡੰਡਾ ਫੜ ਕੇ ਉਹਨੂੰ ਗੋਲ਼ ਗੋਲ਼ ਘੁਮਾ। ਪੀਸ ਦੇਣੇ ਉਸ ਆਪ ਹੀ ਦਾਣੇ ਮੁੱਠੀ ਭਰ-ਭਰ ਪਾ। ਅਹੁ ਵੇਖ ਆਟਾ ਪੀਸਦਾ ’ਕੱਠਾ ਕਰ ਚੁੱਕ ਪਰਾਤੇ ਪਾ। ਪਾ ਸੁੱਚਾ ਪਾਣੀ ਘੜੇ ’ਚੋਂ ਗੁੰਨ੍ਹ ਗੁੰਨ੍ਹ ਕੇ ਤਾਉਣ ਲਾ। ਅੱਗ ਬਾਲ਼, ਤਵਾ ਰੱਖ ਚੁੱਲ੍ਹੇ ਲਾਗੇ ਚਕਲਾ ਵੇਲਣਾ ਲਿਆ। ਗੋਲ਼ ਪੇੜੇ ਕਰ ਪਿਆਰ ਨਾਲ਼ ਪੇੜੇ ਕਰ-ਕਰ ਚੁੰਡੀ ਜਾ। ਗੋਲ਼ ਘੁਮਾ ਨਾਲ਼ ਵੇਲਣੇ ਧੂੜਾ ਨਾ ਬਹੁਤਾ ਲਾਹ। ਵਿਲ ਗਈ, ਚੁੱਕ ਹੱਥ ਧਰ ਥਾਪੜ ਕੇ ਚੌੜੀ ਕਰ ਲਾ। ਹੁਣ ਤਵੇ ਦੇ ਉੱਤੇ ਪਾ ਦੇ ਹਲਕੀ ਅੱਗੇ ਸੇਕੀ ਜਾ। ਪਾਸਾ ਇਹਦਾ ਪਲਟ ਦੇ ਫੁੱਲ ਗਈ ਤਾਂ ਥੱਲੇ ਲਾਅ। ਇਹਨੂੰ ਪੋਣੇ ਵਿੱਚ ਵਲ੍ਹੇਟ ਕੇ ਚੰਗੇਰ ’ਚ ਰੱਖੀ ਜਾ। ਰੁੱਖੀ-ਸੁੱਖੀ ਜਾਂ ਮਿਲ਼ੇ ਚੋਪੜੀ ਨਾਮ ਓਹਦਾ ਲੈ ਤੇ ਖਾ। ਖਾ ਪਾਣੀ ਤੂੰ ਭਿਓਂ-ਭਿਓਂ ਜਾਂ ਸੁੱਕੀ ਚੱਬ-ਚੱਬ ਖਾਹ। ਲੂਣ ਭੁੱਕ ਜਾਂ ਅਚਾਰ ਰੱਖ ਮਾਰ-ਮਾਰ ਪਚਾਕੇ ਖਾ। ਦਿੱਤੀਆਂ ਰੁੱਖੀਆਂ-ਮਿੱਸੀਆਂ ਵਾਹ ਆਖਕੇ ਛਕਦਾ ਜਾਹ ਰੋਟੀ ਨਾਲ਼ ਪਿਆਰ ਪਕਾਵਣੀ ਧੀਆਂ ਪੁੱਤਾਂ ਤਾਂਈ ਸਮਝਾ। ਇਹ ਨਿਆਮਤ ਕੁਦਰਤ ਬਖ਼ਸ਼ੀ ਸਰਬ ਤੂੰ ਓਸ ਦਾ ਨਾਮ ਧਿਆ।
ਬੰਦਾ ਬੰਦੇ ਨੂੰ ਕਦੇ ਨਹੀਂ ਜਾਣ
ਬੰਦਾ ਬੰਦੇ ਨੂੰ ਕਦੇ ਨਹੀਂ ਜਾਣ ਸਕਦਾ, ਮਸਤਕ ਉਹਦੇ ਪਿੱਛੇ ਕੀ ਚੱਲੀ ਜਾਂਦਾ। ਤੁਸੀਂ ਸਿਰਫ਼ ਉਸ ਨੂੰ ਏਨਾ ਜਾਣਦੇ ਹੋ, ਜਿੰਨਾ ਆਪਣੇ ਬਾਰੇ ਉਹ ਦੱਸੀ ਜਾਂਦਾ। ਤੁਸੀਂ ਇਸ ਲਈ ਇਹ ਨਹੀਂ ਕਹਿ ਸਕਦੇ, ਅਸੀਂ ਓਸ ਨੂੰ ਚੰਗੀ ਤਰਾਂ ਜਾਣਦੇ ਹਾਂ। ਉਹਦੀਆਂ ਚੰਗੀਆਂ-ਮੰਦੀਆਂ ਕਰਤੂਤਾਂ, ਦੂਰੋਂ ਵੇਖ ਕੇ ਓਨਾ ਨੂੰ ਮਾਣਦੇ ਹਾਂ। ਦੱਸਣ ਵਾਸਤੇ ਦਿਲ ਵਿੱਚ ਕੀ ਉਹਦੇ, ਉਹਦੇ ਸਾਰੇ ਇਰਾਦਿਆਂ ਨੂੰ ਵਾਚਦੇ ਹੋ। ਸਮਝਣ ਲਈ ਉਸ ਨੂੰ ਮਿੰਟ ਤੋਂ ਪਹਿਲਾਂ ਕਾਰਸਤਾਨੀਆਂ ਉਸ ਦੀਆਂ ਮਾਪਦੇ ਹੋ। ਝੂਠੇ ਦਾਅਵੇ ਕਿ ਸਰਬ ਨੂੰ ਜਾਣਦੇ ਹੋ, ਉਹਦੇ ਸੀਨੇ ਵਿੱਚ ਕਿੰਨੇ-ਕਿੰਨੇ ਰਾਜ਼ ਦੱਬੇ। ਕਿੰਨੇਂ ਪਿਆਰ ਕਰਕੇ ਉਸ ਨੂੰ ਜ਼ਖ਼ਮ ਦਿੱਤੇ, ਕਿੰਨਾ ਕਾਰਨਾਂ ਕਾਰਨ ਉਸਨੇ ਸਭ ਛੱਡੇ। ਨਹੀਂ ਦੱਸ ਸਕਦੇ, ਛੱਡ ਦਿਓ ਦਾਅਵੇ, ਆਪਾਂ ਝੂਠੇ ਦਾਅਵੇ ਨਹੀਂ ਮਾਣ ਸਕਦੇ। ਬੰਦਾ ਦੱਸੇ ਜਿੰਨਾਂ ਓਨਾ ਜਾਣਦੇ ਹਾਂ, ਸੀਨੇ ਰਾਜ਼ ਦੱਬੇ, ਕਦੇ ਨਹੀਂ ਜਾਣ ਸਕਦੇ। ਸੋਨਾ ਪਰਖਣਾ ਹੋਵੇ ਅੱਗ ਵਿੱਚ ਪਾ ਦਿਓ, ਮਸਤਕ ਨਾਲ਼ਦੇ ਦਾ ਕਦੇ ਨਹੀਂ ਪੜ੍ਹ ਸਕਦੇ। ਕੁਦਰਤ ਸਮਝਣੀ ਬੰਦੇ ਲਈ ਬਹੁਤ ਔਖੀ, ਬੰਦੇ ਕੁਦਰਤ ਨਾਲ ਕਦੇ ਨਹੀਂ ਲੜ ਸਕਦੇ।
ਮਾਲਕਾ ਫ਼ੈਸਲਾ ਕਰਦੇ
ਹੇ ਮੇਰੇ ਮਾਲਕਾ, ਤੂੰ ਅੱਜ ਇਹ ਫ਼ੈਸਲਾ ਕਰ ਦੇ। ਜ਼ਮੀਰਾਂ ਮਹਿੰਗੀਆਂ ਕਰ ਦੇ। ਦੌਲਤਾਂ ਸਸਤੀਆਂ ਕਰ ਦੇ। ਜੋ ਮਾਰਨ ਧੀਆਂ ਨੂੰ ਕੁੱਖਾਂ ਵਿੱਚ ਤੇ ਸਾੜਨ ਗੈਸਾਂ ’ਤੇ। ਖ਼ਤਮ ਇਹਨਾਂ ਬੇਜ਼ਮੀਰਾਂ ਵਾਲ਼ਿਆਂ ਦੀਆਂ ਹਸਤੀਆਂ ਕਰਦੇ। ਹੇ ਮੇਰੇ ਮਾਲਕਾ ਤੂੰ ਅੱਜ ਇਹ ਫ਼ੈਸਲਾ ਕਰਦੇ। ਜ਼ਮੀਰਾਂ ਮਹਿੰਗੀਆਂ ਕਰਦੇ। ਦੌਲਤਾਂ ਸਸਤੀਆਂ ਕਰਦੇ। ਜਿੱਥੇ ਦਸ ਬਦਨਾਮ ਮਿਲ ਕੇ ਇੱਕ ਨੂੰ ਬਦਨਾਮ ਬਣਾ ਜਾਂਦੇ। ਤਬਾਹ ਤੂੰ ਇਹੋ-ਜਿਹੀਆਂ, ਨਾਨਕ ਸਾਹਿਬ, ਬਸਤੀਆਂ ਕਰਦੇ। ਜਮੀਰਾਂ ਮਹਿੰਗੀਆਂ ਕਰਦੇ ਦੌਲਤਾਂ ਸਸਤੀਆਂ ਕਰਦੇ। ਹੇ ਮੇਰੇ ਮਾਲਕਾ ਤੂੰ ਅੱਜ ਇਹ ਫ਼ੈਸਲਾ ਕਰਦੇ। ਜੋ ਵੱਢ ਦੇ ਰੁੱਖਾਂ ਨੂੰ। ਨਾਲ਼ੇ ਮਾਰਨ ਚਿੜੀਆਂ ਨੂੰ। ਵੱਢ ਦੇ ਇਹਨਾਂ ਦੇ ਸਾਰੇ। ਖ਼ਤਮ ਖ਼ਰਮਸਤੀਆਂ ਕਰਦੇ। ਹੇ ਮੇਰੇ ਮਾਲਕਾ, ਤੂੰ ਇਹ ਫ਼ੈਸਲਾ ਕਰਦੇ। ਜ਼ਮੀਰਾਂ ਮਹਿੰਗੀਆਂ ਕਰਦੇ ਦੌਲਤਾਂ ਸਸਤੀਆਂ ਕਰਦੇ। ਮੰਨ ਲੈ ਸਰਬ ਦੀ ਇਹ ਫ਼ਰਿਆਦ ਵਜਾ ਦੇ ਬਾਬਾ ਫਿਰ ਰਬਾਬ। ਸਤਿ ਕਰਤਾਰ ਜਪਾ ਦੇ ਸਾਰਿਆਂ। ਮਾੜੀ ਸੋਚ ਵਾਲ਼ਿਆ ਦੀਆਂ ਦਾਤਿਆ ਖ਼ਤਮ ਸਬ ਸਭ ਮਸਤੀਆਂ ਕਰਦੇ। ਹੇ ਮੇਰੇ ਨਾਨਕ ਸਾਹਿਬ, ਤੂੰ ਅੱਜ ਫ਼ੈਸਲਾ ਕਰਦੇ। ਜਮੀਰਾਂ ਮਹਿੰਗੀਆਂ ਕਰਦੇ, ਦੌਲਤਾਂ ਸਸਤੀਆਂ ਕਰਦੇ।