Nor Jahan Badshah Beghum : Lala Dhani Ram Chatrik

ਨੂਰਜਹਾਂ ਬਾਦਸ਼ਾਹ ਬੇਗ਼ਮ : ਲਾਲਾ ਧਨੀ ਰਾਮ ਚਾਤ੍ਰਿਕ

ਧਾਰਨਾ ਮਿਰਜ਼ਾ ਸਾਹਿਬਾਂ
ਸ਼ਾਇਰ ਦੀ ਸੱਦ

ਉੱਠ ਨੀਂ ਨੂਰਾਂ ਬੀਬੀਏ ! ਪਾਸਾ ਤੇ ਪਰਤਾ,
ਤੇਰੀ ਸੇਜ ਹਲੂਣੇ ਕਦੋਂ ਦਾ, ਰਾਵੀ ਖੌਰੂ ਪਾ ।

ਖੋਲ੍ਹ ਬਹਿਸ਼ਤੀ ਬਾਰੀਆਂ, ਵੇਖੇ ਨਵਾਂ ਜਹਾਨ,
ਪਿਛਲੇ ਪਾਸੇ ਵੱਲ ਵੀ, ਮਾਰੀਂ ਜਰਾ ਧਿਆਨ ।

ਕਿੱਥੇ ਈ ਜਲਵਾ ਹੁਸਨ ਦਾ ? ਕਿੱਥੇ ਈ ਸ਼ਾਹੀ ਤਾਜ,
ਕਿਸ ਨੂੰ ਸੌਂਪਿਆ ਸਮੇਂ ਨੇ, ਹਿੰਦ ਤੇਰੇ ਦਾ ਰਾਜ ।

ਚੱਕਰ ਫਿਰਿਆ ਚਰਖ਼ ਦਾ, ਪਛੜ ਗਿਆ ਇਕਬਾਲ,
ਪਰ ਤੇਰੀ ਤਾਰੀਖ਼ ਤੇ, ਜੀਉਂਦੀ ਏ ਤੇਰੇ ਨਾਲ ।

ਇਸ ਰਾਵੀ ਨੇ ਕਰ ਛੱਡੇ, ਪਾਰ ਕਰੋੜਾਂ ਪੂਰ,
ਤੈਨੂੰ ਸਾਂਭੀ ਰੱਖਣਾ, ਰੱਬ ਨੂੰ ਸੀ ਮਨਜੂਰ ।

ਖੁਰ ਖੁਰ ਕੱਲਰ ਹੋ ਗਿਆ, ਫੁੱਲੋਂ ਸੁਹਲ ਸਰੀਰ,
ਖੁਦੀ ਹੋਈ ਹੈ ਦਿਲਾਂ ਤੇ, ਪਰ ਤੇਰੀ ਤਸਵੀਰ ।

ਦੀਵਾ ਭੰਬਟ ਨਾ ਰਹੇ, ਨਾ ਬੁਲਬੁਲ ਨਾ ਫੁੱਲ,
ਸ਼ੁਹਰਤ ਤੇਰੇ ਦਾਨ ਦੀ, ਪਰ ਨਹੀਂ ਸਕਦੀ ਭੁੱਲ ।

ਸੂਰਤ, ਦਾਨਸ਼, ਸ਼ਾਇਰੀ, ਚੌਥਾ ਪਤੀ ਪਿਆਰ,
ਚਹੁੰ ਥੰਮ੍ਹਾਂ ਤੇ ਖੜਾ ਹੈ ਨੂਰਾਨੀ ਮੀਨਾਰ ।

ਰੰਗ ਬਿਰੰਗੀ ਜ਼ਿੰਦਗੀ, ਅਜਬ ਉਤਾਰ ਚੜ੍ਹਾ,
ਇਕ ਪਲ ਅੱਥਰ ਕੇਰਦੇ, ਇਕ ਪਲ ਦੇਣ ਖਿੜਾ ।

ਕੁੱਖੇ ਪਈ ਇਰਾਨ ਦੇ, ਅੱਖ ਖੁਲ੍ਹੀ ਕੰਧਾਰ,
ਦਾਣਾ-ਪਾਣੀ ਆਗਰੇ, ਵਿਚ ਲਹੌਰ ਮਿਜ਼ਾਰ ।

ਸ਼ੇਰ-ਅਫ਼ਗਨ ਜਿਹਾ ਸ਼ੇਰਦਿਲ, ਛੁਟ ਗਿਆ ਕਦਰ ਸ਼ਨਾਸ,
ਪਰ ਆਖ਼ਰ ਜਹਾਂਗੀਰ ਦੀ, ਅੱਖ ਵਿਚ ਮਿਲ ਗਿਆ ਵਾਸ ।

ਸ਼ਾਹ ਦੀਆਂ ਅੱਖਾਂ ਸਾਹਮਣੇ, ਜੇਕਰ ਪੈਂਦੀਓਂ ਚੱਲ,
ਬਣਦਾ ਹਿੰਦੁਸਤਾਨ ਵਿਚ, ਦੂਜਾ ਤਾਜ ਮਹੱਲ ।

ਕੁਦਰਤ ਖੂੰਜੇ ਪਾ ਛੱਡੀ, ਸੁਹਣਿਆਂ ਦੀ ਸਰਕਾਰ,
ਨਾ ਸ਼ਾਨਾਂ ਦਾ ਮਕਬਰਾ, ਨਾ ਉੱਤੇ ਮੀਨਾਰ ।

ਥਾਂ ਥਾਂ ਤ੍ਰੇੜਾਂ ਪਾਟੀਆਂ, ਥਾਂ ਥਾਂ ਜਾਪੇ ਖੋੜ,
ਕੌਮਾਂ ਹਿੰਦੁਸਤਾਨ ਦੀਆਂ, ਵਿਚ ਜਿਵੇਂ ਅਨਜੋੜ ।

ਕਿਰਲੇ, ਕਹਿਣੇ, ਟਿੱਡੀਆਂ, ਮੱਲੀ ਬੈਠੇ ਥਾਂ,
ਪਾਇਆ ਗੰਦ ਕਬੂਤਰਾਂ, ਸਮਝੀ ਕੋਈ ਸਰਾਂ ।

ਤੂੰ ਪਰ ਅੱਖਾਂ ਮੀਟ ਕੇ, ਸਭ ਕੁਝ ਲਿਆ ਸਹਾਰ,
ਸਿਰ ਤੋਂ ਰੋਜ਼ ਲੰਘਾਨੀ ਏਂ, ਸੈ ਰੇਲਾਂ ਦਾ ਭਾਰ ।

ਜਨਮ

ਖ਼ਵਾਜਾ ਮੁਹੰਮਦ ਸ਼ਰੀਫ਼ ਇੱਕ ਈਰਾਨੀ ਸਰਦਾਰ,
ਮੁਹਰਾ ਸੀ ਦਰਬਾਰ ਦਾ ਦਾਨਾ ਇੱਜ਼ਤਦਾਰ ।

ਹਾਕਮ ਰਿਹਾ ਹਿਰਾਤ ਦਾ ਫਿਰ ਬਣ ਗਿਆ ਵਜ਼ੀਰ,
ਉਸ ਦੇ ਪੁੱਤ ਗ਼ਿਆਸ ਦੀ ਰੁੱਸ ਗਈ ਤਕਦੀਰ ।

ਰਿਜਕ ਮੁਹਾਰਾਂ ਚੁੱਕੀਆਂ ਪਿਆ ਦਿਨਾਂ ਦਾ ਫੇਰ,
ਦਾਨਸ਼ ਤੇ ਇਕਬਾਲ ਦੇ ਦਿੱਤੇ ਪੈਰ ਉਖੇੜ ।

ਦਾਣੇ ਪਾਣੀ ਹਿੰਦ ਦੇ ਖਿੱਚੀ ਅੰਦਰੋਂ ਤਾਰ,
ਚਾਰੇ ਕੰਨੀਆਂ ਝਾੜ ਕੇ ਛਡ ਤੁਰਿਆ ਘਰ ਬਾਰ ।

ਨਾਲੇ ਤ੍ਰੀਮਤ ਤੁਰ ਪਈ ਕੁੱਖੇ ਲੈ ਕੇ ਬਾਲ,
ਅੱਗੇ ਅੱਗੇ ਕਾਫ਼ਲਾ ਗ਼ੁਰਬਤ ਨਾਲੋ ਨਾਲ ।

ਰਾਹ ਵਿਚ ਪੀੜਾਂ ਉੱਠੀਆਂ ਨਾ ਦਾਈ ਨਾ ਦੰਮ,
ਅੱਧੀ ਰਾਤੀਂ ਤੜਫ ਕੇ ਮਾਂ ਨੂੰ ਪਿਆ ਵਿਅੰਮ ।

ਜੰਮੀਓਂ ਵਾਂਗ ਸ਼ਕੁੰਤਲਾ, ਮਿਲਿਆ ਵਾਸ ਉਜਾੜ,
ਨਾ ਮਾਂ ਹਿੱਕੇ ਲਾਇਆ, ਨਾ ਮੂੰਹ ਪਾਈ ਧਾਰ ।

ਉੱਤੇ ਪਾਟਾ ਪੋਤੜਾ ਥੱਲੇ ਸੁੱਕਾ ਘਾਹ,
ਨਾ ਸੁੱਟਣ ਦਾ ਹੌਸਲਾ ਨਾ ਪਾਲਣ ਦੀ ਵਾਹ ।

ਓੜਕ ਰੋ ਧੋ ਮਾਪਿਆਂ ਆਂਦਰ ਦਿੱਤੀ ਤੋੜ,
ਸੁਟ ਗਏ ਟੁਕੜੀ ਚੰਦ ਦੀ ਰੱਬ ਨੂੰ ਰਾਖਾ ਛੋੜ ।

ਰੋਂਦਿਆਂ ਤੈਨੂੰ ਵੇਖ ਕੇ ਹੱਸ ਪਈ ਤਕਦੀਰ,
ਹਿੰਦ ਦੀਏ ਪਟਰਾਣੀਏ ! ਕਿਉਂ ਹੋਵੇਂ ਦਿਲਗੀਰ ?
ਜਿੱਥੋਂ ਬੋਟੀ ਟੁੱਟੀ ਏਂ ਓਥੇ ਈ ਦੇਸਾਂ ਜੋੜ,
ਉਹਨੀਂ ਥਣੀਂ ਚੁੰਘਾਵਸਾਂ ਦੂੰਹ ਘੜੀਆਂ ਦੀ ਲੋੜ ।

ਤੜਕੇ ਤੁਰਿਆ ਕਾਫ਼ਲਾ ਉੱਠੀ ਬਾਂਗ ਦਰਾ,
ਕਿਸਮਤ ਅੱਗੋਂ ਬਹੁੜ ਕੇ ਦਿੱਤਾ ਢੋ ਢੁਕਾ ।

ਤੂੰ ਰਾਹ ਜਾਂਦੇ ਧਿਆਨ ਨੂੰ ਆਪੇ ਲਿਆ ਵੰਗਾਰ,
ਵੇਖ ਸਜਾਈ ਵਿਲਕਦੀ ਪੰਘਰ ਪਿਆ ਪਿਆਰ ।

ਸੌਦਾਗਰ ਮਸਊਦ ਨੇ ਤੈਨੂੰ ਲਿਆ ਉਠਾ,
ਮਾਂ ਤੇਰੀ ਨੂੰ ਲੱਭ ਕੇ ਗੋਦੇ ਦਿੱਤਾ ਪਾ ।

ਬੋਹਣੀ ਹੋਈ ਨਸੀਬ ਦੀ ਖੁਲ੍ਹ ਪਿਆ ਰੁਜ਼ਗਾਰ,
ਤਲਬ ਲਗੀ, ਰੋਟੀ ਜੁੜੀ, ਪੈਦਲ ਹੋਈ ਸਵਾਰ ।

ਰੁਲਦਾ ਵੇਖ ਗਿਆਸ ਨੂੰ ਸੁਣ ਸੌਦਾਗਰ ਹਾਲ,
ਬਾਹੋਂ ਫੜ ਜਾ ਮੇਲਿਆ, ਅਕਬਰ ਸ਼ਾਹ ਦੇ ਨਾਲ ।

ਦਿਨ ਜਦ ਹੋਵਣ ਪੱਧਰੇ ਉਗਣ ਭੁੱਜੇ ਮਾਂਹ,
ਰੱਬ ਫੜਾਈ ਸ਼ਾਹ ਨੂੰ ਪਿਉ ਤੇਰੇ ਦੀ ਬਾਂਹ ।

ਤੌਰ ਤਰੀਕਾ ਵੇਖ ਕੇ ਅਕਬਰ ਲਿਆ ਪਛਾਣ,
ਰੱਖ ਲਿਆ ਦਰਬਾਰ ਵਿੱਚ, ਮਹਿਲੀਂ ਆਉਣ ਜਾਣ ।

ਮਾਂ ਤੇਰੀ ਦਾ ਪੈ ਗਿਆ ਬੇਗਮ ਨਾਲ ਸਹੇਲ,
ਸ਼ਾਹੀ ਟੱਬਰ ਨਾਲ ਨਿੱਤ ਹੋਵੇ ਤੇਰਾ ਮੇਲ ।

ਇਲਮ, ਸਲੀਕਾ, ਸ਼ਾਇਰੀ, ਦਾਨਸ਼, ਮਿੱਠਾ ਬੋਲ,
ਨੱਸੀਆਂ ਪੰਜੇ ਦੌਲਤਾਂ ਆਈਆਂ ਤੇਰੇ ਕੋਲ ।

ਨਾਮ ਰਖਾ "ਮਿਹਰੁਲਨਿਸਾ" ਲੱਗੀਓਂ ਹੋਣ ਜਵਾਨ,
ਚੰਦ ਈਰਾਨੀ ਹੁਸਨ ਦਾ ਚਮਕਿਆ ਹਿੰਦੁਸਤਾਨ ।

ਵਿਹਲਿਆਂ ਬਹਿ ਕੇ ਰੱਬ ਨੇ ਲੀਕੀ ਸੀ ਤਸਵੀਰ,
ਸੱਤਰ ਹਿੱਸੇ ਰੂਪ ਦੇ ਤੀਹ ਹਿੱਸੇ ਤਕਦੀਰ ।

ਨੈਣ ਮਮੋਲੇ ਸ਼ਰਬਤੀ, ਜ਼ੁਲਫ਼ਾਂ ਕੁੰਡਲਦਾਰ,
ਮੱਥੇ ਡਲ੍ਹਕ ਮਤਾਬ ਦੀ ਹੰਸਾਂ ਦੀ ਰਫਤਾਰ ।

ਅਕਬਰ, ਕਲੀ ਅਨਾਰ ਦੀ ਤੋੜ ਛਡੀ ਚਿਣਵਾ,
ਤੇਰੀ ਮਹਿਕ ਸਲੀਮ ਨੂੰ ਭੌਰਾ ਲਿਆ ਬਣਾ ।

ਇੱਕ ਕਬੂਤਰ ਉਡ ਗਿਆ, ਦੂਜਾ ਆਪ ਉਡਾ,
ਚੋਭੀ ਨਸ਼ਤਰ ਵਾਂਗ ਤੂੰ ਭੋਲੀ ਜਿਹੀ ਅਦਾ ।

ਪਾਰਸ ਦੀ ਨੂਰੀ ਪਰੀ ਲਗਾ ਸਲੀਮ ਉਡਾਣ,
ਪਰ ਅਕਬਰ ਦੀ ਤਾੜ ਨੇ ਪੇਸ਼ ਨ ਦਿੱਤੀ ਜਾਣ ।

ਤੇਰਾ ਅਕਦ ਪੜ੍ਹਾ ਕੇ ਅਲੀ ਕੁਲੀ ਦੇ ਨਾਲ,
ਅੱਖੀਓਂ ਉਹਲੇ ਕਰਨ ਲਈ ਜਾ ਸੁੱਟਿਆ ਬੰਗਾਲ ।

ਪਿਉ ਦੇ ਸਿਰ ਤੇ ਬੈਠਿਆਂ ਚੱਲੀ ਕੋਈ ਨ ਵਾਹ,
ਤੈਨੂੰ ਨਾਲ ਬਹਾਣ ਵੀ ਦੱਬੀ ਰੱਖੀ ਭਾਹ ।

ਨਵਾਂ ਦੌਰ

ਅਕਬਰ ਅੱਖਾਂ ਮੀਟੀਆਂ ਵਾਗ ਫੜੀ ਜਹਾਂਗੀਰ,
ਤੈਨੂੰ ਪਿੰਜਰੇ ਪਾਣ ਦੀ ਕਰਨ ਲਗਾ ਤਦਬੀਰ ।

ਸ਼ੇਰ ਅਫ਼ਗਨ ਨੂੰ ਭੇਜਿਆ ਪਰਦੇ ਨਾਲ ਸਨਾਂਹ,
"ਮਿਹਰ-ਨਿਸਾ" ਨੂੰ ਛੱਡ ਦੇ, ਅੱਗੋਂ ਹੋਈ ਨਾਂਹ ।

ਅੱਗੇ ਲੱਗੀ ਅੱਗ ਸੀ, ਉੱਤੋਂ ਪੈ ਗਿਆ ਤੇਲ,
ਅਫ਼ਗਨ ਨੂੰ ਮਰਵਾਣ ਦਾ ਨਵਾਂ ਰਚਾਇਆ ਖੇਲ ।

ਕੋਕੋ ਕੁਤਬੁੱਦੀਨ ਦੇ ਹੱਥੋਂ ਛੇੜੀ ਛੇੜ,
ਬਰਦਵਾਨ ਵਿੱਚ ਮੱਚਿਆ ਦੋ ਸ਼ੇਰਾਂ ਦਾ ਭੇੜ ।

ਸ਼ੇਰ ਅਫ਼ਗਨ ਜਦ ਘਿਰ ਗਿਆ ਖਿੱਚ ਲਈ ਸ਼ਮਸ਼ੇਰ,
ਕੁਤਬਦੀਨ ਨੂੰ ਮਾਰ ਕੇ, ਕੀਮਾ ਹੋ ਗਿਆ ਫੇਰ ।

ਸੂਹ ਪੁੱਜੀ ਜਹਾਂਗੀਰ ਨੂੰ ਹੋ ਗਿਆ ਸ਼ੇਰ ਹਲਾਲ,
ਜ਼ਬਤ ਕਰਾਇਆ ਮਾਲ ਧਨ ਤੇਰੀ ਡੋਲੀ ਨਾਲ ।

ਵਿਕ ਚੁੱਕਾ ਸੀ ਤਦੋਂ ਦਾ, ਤੂੰ ਸੈਂ ਜਦੋਂ ਜਵਾਨ,
ਪੂਰੀ ਹੋਈ ਮੁਰਾਦ ਤੇ ਡੋਰੇ ਲੱਗਾ ਪਾਣ ।

ਅੱਗੇ ਸ਼ਾਹੀ ਹੁਕਮ ਦੇ ਤੇਰੀ ਨਹੀਂ ਸੀ ਵਾਹ,
ਤਦ ਵੀ ਤੇਰੀ ਅਣਖ ਨੇ ਕੀਤੀ ਨਾ ਪਰਵਾਹ ।

ਦੂਸਰੀ ਸ਼ਾਦੀ

ਸ਼ੇਰ ਅਫ਼ਗਨ ਦੇ ਸੋਗ ਵਿੱਚ ਬੀਤ ਗਏ ਦਿਨ ਢੇਰ,
ਜਾਗੋ-ਮੀਟੇ ਬਖ਼ਤ ਨੇ ਅੱਖ ਉਘੇੜੀ ਫੇਰ ।

ਮੰਲ੍ਹਮਾਂ ਲਾ ਲਾ ਵਕਤ ਨੇ ਠੰਢੇ ਕੀਤੇ ਘਾ,
ਬੁੱਲੇ ਸ਼ਾਹੀ ਪਿਆਰ ਦੇ ਬਦਲੀ ਗਏ ਹਵਾ ।

ਹੌਲੀ ਹੌਲੀ ਪਰੀ ਨੂੰ ਸ਼ੀਸ਼ੇ ਲਿਆ ਉਤਾਰ,
ਦਿਲ ਨਜ਼ਰਾਨਾ ਰੱਖ ਕੇ ਕਰ ਦਿੱਤੀ ਮੁਖਤਾਰ ।

ਮਿਹਰ ਨਿਸਾ ਤੋਂ ਬਣ ਗਈ ਮਲਕਾ ਨੂਰ ਜਹਾਨ,
ਕਿਸਮਤ ਬੋਝਿਓਂ ਕੱਢ ਕੇ ਸੌਂਪੀ ਸ਼ਾਹੀ ਸ਼ਾਨ ।

ਹੁਸਨ, ਸਿਆਣਪ, ਸ਼ਾਇਰੀ ਨਾਲ ਇਲਮ ਦਾ ਜ਼ੋਰ,
ਮੱਠੀ ਮਿੱਠੀ ਮੁਸਕਣੀ ਲੋੜ੍ਹਾ ਮਾਰੇ ਹੋਰ ।

ਫੁੱਲ ਕਿਰਨ ਗਲ ਕਰਦਿਆਂ ਨੈਣ ਨਸ਼ੀਲੀ ਭਾਹ,
ਤਕ ਤਕ ਬੁਲਬੁਲ ਚਹਿਕਦੀ ਖੀਵਾ ਹੋਵੇ ਸ਼ਾਹ ।

ਦਿਲ ਦੇ ਤਖਤੋਂ ਸੌਂਕਣਾਂ ਪਰੇ ਪਰੇ ਖਿਸਕਾ,
ਤੇਰੀ ਦਾਨਸ਼ਵਰੀ ਨੇ ਆਸਣ ਲਿਆ ਜਮਾ ।

ਦੋ ਪਿਆਲੇ ਇਕ ਸੀਖ਼ ਤੋਂ ਵਣਜ ਲਿਆ ਤੂੰ ਸ਼ਾਹ,
ਐਸਾ ਵਿਛਿਆ ਹੱਥ ਤੇ ਪਲਕ ਨ ਕਰੇ ਵਿਸਾਹ ।

ਘਿਉ ਵਿਚ ਪੰਜੇ ਉਂਗਲਾਂ ਤਾਬੇ ਹਿੰਦੁਸਤਾਨ,
ਇੱਕ ਮੁੱਠ ਵਿੱਚ ਦਰਬਾਰ ਸੀ, ਦੂਜੀ ਵਿਚ ਸੁਲਤਾਨ ।

ਅਰਜ਼ਾਂ ਤੇ ਦਰਖ਼ਾਸਤਾਂ, ਪਰਵਾਨੇ ਚਾਲਾਨ,
ਲੰਘਣ ਤੇਰੀ ਨਿਗਹ ਵਿਚ ਸਭ ਸ਼ਾਹੀ ਫਰਮਾਨ ।

ਭੈਣ, ਭਰਾ ਤੇ ਬਾਪ ਦਾ ਐਨਾ ਸੀ ਗਠ ਜੋੜ,
ਕੋਈ ਤੇਰੇ ਹੁਕਮ ਨੂੰ ਮੂਲ ਨਾ ਸੱਕੇ ਮੋੜ ।

ਕਰਨ ਤਮਾਸ਼ਾ ਪੁਤਲੀਆਂ ਤੇਰੀ ਸੈਨਤ ਨਾਲ,
ਮੁਹਰੇ ਸਭ ਸ਼ਤਰੰਜ ਦੇ ਚੱਲਣ ਤੇਰੀ ਚਾਲ ।

ਭਰ ਭਰ ਆਉਣ ਟੋਕਰੇ ਮਿਸਲਾਂ ਦੇ ਅੰਬਾਰ,
ਨਾਂ ਧਰ ਕੇ ਸੁਲਤਾਨ ਦਾ ਤੂੰ ਤੋਰੇਂ ਸਭ ਕਾਰ ।

ਦਾਨਸ਼ਮੰਦੀ

ਤੂੰ ਸੈਂ ਆਪਣੇ ਸਮੇਂ ਦੀ ਦਾਨੀ ਤੇ ਪਰਧਾਨ,
ਤੈਥੋਂ ਥਰ ਥਰ ਕੰਬਦੇ ਰਹੇ ਸਿਆਸਤ ਦਾਨ ।

ਪਿਉ ਇਤਬਾਰੀ ਤਖ਼ਤ ਦਾ ਭਾਈ ਆਸਫ ਜਾਹ,
ਫਿਰ ਭੀ ਔਰਤ ਜ਼ਾਤ ਇਕ, ਦੂਜੀ ਬੇ ਹਮਰਾਹ ।

ਸੱਜਣ ਇੱਕੋ ਸ਼ਾਹ ਸੀ, ਵੈਰੀ ਕੁੱਲ ਜਹਾਨ,
ਬੱਤੀਆਂ ਦੰਦਾਂ ਵਿਚ ਤੂੰ ਰਹੀਓਂ ਵਾਂਗ ਜ਼ਬਾਨ ।

ਜੋ ਗੋਂਦਾਂ ਤੂੰ ਗੁੰਦੀਆਂ ਸਭ ਚੜ੍ਹ ਗਈਆਂ ਤੋੜ,
ਪਰ ਇਕ ਸ਼ਾਹ ਜਹਾਨ ਦਾ ਰਿਹਾ ਰੜਕਦਾ ਰੋੜ ।

ਸ਼ਹਿਰਯਾਰ ਸੀ ਪਰਨਿਆ ਤੇਰੀ ਧੀ ਦੇ ਨਾਲ,
ਤਖ਼ਤ ਜਵਾਈ ਬਹਾਣ ਦੀ ਗਲ ਨਾ ਸੱਕੀ ਦਾਲ ।

ਆਸਫ਼ ਜਾਹ ਭਰਾ ਦੀ, ਧੀ ਸੀ ਖ਼ੁੱਰਮ ਕੋਲ,
ਭੈਣ ਭਰਾ ਦੇ ਸ਼ੁਰੂ ਸਨ ਗੁੱਝੇ ਗੁੱਝੇ ਘੋਲ ।

ਦੋਹਾਂ ਦੇ ਵਿਚ ਤੀਸਰਾ ਆ ਵੜਿਆ ਸ਼ੈਤਾਨ,
ਬਦਬਖ਼ਤੀ ਨੇ ਸੱਦਿਆ ਆਪ ਮਹਾਬਤ ਖਾਨ ।

ਸ਼ਾਹ ਕਾਬਲ ਵਲ ਚੱਲਿਆ, ਲਾ ਲਸ਼ਕਰ ਦੇ ਨਾਲ,
ਜਿਹਲਮ ਆਣ ਖਿਲਾਰਿਆ ਨਵਾਂ ਮਹਾਬਤ ਜਾਲ ।

ਲਸ਼ਕਰ ਸਾਰਾ ਲੰਘ ਗਿਆ ਥੋੜ੍ਹੇ ਰਹੇ ਉਰਾਰ,
ਪੱਤਣ ਡੱਕਾ ਪਾਇ ਕੇ ਜਾਣ ਨਾ ਦਿੱਤਾ ਪਾਰ ।

ਸ਼ਾਹ ਨੂੰ ਪਾ ਕੇ ਪਿੰਜਰੇ ਤੰਬੂ ਵਿਚ ਲਿਜਾ,
ਤੇਰੇ ਕਤਲ ਕਰਾਣ ਦਾ ਹੁਕਮ ਲਿਆ ਲਿਖਵਾ ।

ਪੈ ਗਿਆ ਵਖਤ ਪਿਗੰਬਰੀ ਕਿਸਮਤ ਖਾਧੀ ਹਾਰ,
ਹੱਥੀਂ ਪੈਰੀਂ ਬੇੜੀਆਂ ਸਿਰ ਉੱਤੇ ਤਲਵਾਰ ।

ਸ਼ਾਹ ਦੇ ਹੋਈ ਸਾਹਮਣੇ ਹਸਰਤ ਦੀ ਤਸਵੀਰ,
ਲਿਫ਼ ਕੇ ਉਸ ਬਖ਼ਸ਼ਾ ਲਈ ਬੰਦੇ ਤੋਂ ਤਕਸੀਰ ।

ਐਥੋਂ ਜਾਨ ਛੁਡਾ ਕੇ ਕਾਬਲ ਫੁਰ ਗਿਆ ਦਾ,
ਮੁੜਦੀ ਵਾਰੀ ਰਾਹ ਵਿਚ ਘੇਰਾ ਦਿੱਤਾ ਪਾ ।

ਆਪ ਮਹਾਬਤ ਵੱਟ ਕੇ ਫਾਹੀ ਲਈ ਪੁਆ,
ਤੇਰੀ ਦਾਨਸ਼ਵਰੀ ਨੇ ਦੁਸ਼ਮਣ ਲਿਆ ਦਬਾ ।

ਨਾਲੇ ਸ਼ਾਹ ਛੁਡਾ ਲਿਆ ਨਾਲੇ ਸਕੇ ਭਰਾ,
ਦੁਸ਼ਮਣ ਦੱਖਣ ਟੁਰ ਗਿਆ ਟਲ ਗਈ ਸਿਰੋਂ ਬਲਾ ।

ਦੂਜਾ ਰੰਡੇਪਾ

ਅਗਲੇ ਸਾਲ ਲਾਹੌਰ ਤੋਂ ਸ਼ਾਹ ਤੁਰਿਆ ਕਸ਼ਮੀਰ,
ਛੇ ਮਹੀਨੇ ਕੱਟ ਕੇ, ਮੁੜ ਪਈ ਫੇਰ ਵਹੀਰ ।

ਕਲਮਾਂ ਵਗੀਆਂ ਪੁੱਠੀਆਂ ਗੁੱਸੇ ਹੋਈ ਕਜ਼ਾ,
ਮਰਜ਼ ਪੁਰਾਣੀ ਦਮੇਂ ਦੀ ਸ਼ਾਹ ਨੂੰ ਲਿਆ ਦਬਾ ।

ਚਲਦੀ ਚਲਦੀ ਗੱਡੀਓਂ ਉਤਰ ਪਈ ਤਕਦੀਰ,
ਬਣੇ ਤਣੇ ਇਕਬਾਲ ਤੇ, ਦਿੱਤੀ ਫੇਰ ਲਕੀਰ ।

ਸੱਦ ਪਈ ਦਰਗਾਹ ਤੋਂ, ਹੋ ਪਿਆ ਸ਼ਾਹ ਤਿਆਰ,
ਦੰਮ ਦਮਾਮਾ ਹੁੰਦਿਆਂ ਦਮ ਦੇ ਦਿੱਤੀ ਹਾਰ ।

ਹੱਥੋਂ ਛੁੱਟਾ ਬਾਜ਼ ਤੱਕ (ਤੇਰੇ) ਤੋਤੇ ਉੱਡ ਗਏ,
ਤਾਜ, ਤਸੱਲਤ, ਤਾਲਿਆ, ਤਖਤੋਂ ਡਿੱਗ ਪਏ ।

ਸੂਰਜ ਡੁੱਬਾ ਵੇਖ ਕੇ (ਤੇਰੀ) ਅੱਖੀਂ ਪਿਆ ਹਨੇਰ,
ਅਪਣੇ ਅਤੇ ਬਿਗਾਨਿਆਂ ਅੱਖਾਂ ਲਈਆਂ ਫੇਰ ।

ਨਰਦਾਂ ਹੋਈਆਂ ਪੁੱਠੀਆਂ ਚੌਪੜ ਚੌੜ ਚੁਪੱਟ,
ਆਸਫ਼ ਸਕੇ ਭਰਾ ਨੇ ਮਾਰੀ ਗੁੱਝੀ ਸੱਟ ।

ਘੇਰ ਲਿਆ ਪਰਦੇਸ ਵਿਚ ਬਾਹਰ ਨ ਦਿੱਤਾ ਜਾਣ,
ਓਧਰ ਨਾਲ ਇਸ਼ਾਰਿਆਂ ਸੱਦਿਆ ਸ਼ਾਹ ਜਹਾਨ ।

ਤਖ਼ਤ ਗਿਆ ਜਦ ਮੱਲਿਆ, ਲਿਆ ਸਮੇਟ ਪਖੰਡ,
ਸ਼ਹਿਰਯਾਰ ਨੂੰ ਮਾਰ ਕੇ ਪਈ ਭਰਾ ਨੂੰ ਠੰਢ ।

ਵੰਜੀ ਗਈਓਂ ਜੱਗ ਤੋਂ ਰਹਿ ਗਿਆ ਰੱਬ ਦਾ ਨਾਂ,
ਢੱਠਾ ਬੋੜ੍ਹ ਸੁਹਾਗ ਦਾ ਨਾਲੇ ਢਹਿ ਗਈ ਛਾਂ ।


ਸ਼ਾਹੀ ਦਿਲ ਤੋਂ ਲਹਿ ਗਈ, ਵਹਿ ਗਏ ਸਾਰੇ ਖ਼ਾਬ,
ਲਾਸ਼ ਚੁਕਾ ਕੇ ਕੰਤ ਦੀ ਲੈ ਆਂਦੀ ਪੰਜਾਬ ।

ਸ਼ਾਹਦਰੇ ਦੀ ਜੂਹ ਵਿਚ ਮੱਯਤ ਨੂੰ ਦਫ਼ਨਾ,
ਜੋਗਣ ਬਣ ਗਈ ਪੀਆ ਦੀ ਧੂਣੀ ਲਈ ਰਮਾ ।

ਨਾ ਤੂੰ ਪਹਿਧਾ ਰੰਗਿਆ, ਨਾ ਸਿਰ ਲਾਇਆ ਤੇਲ,
ਮਹਿੰਦੀ, ਪਾਨ, ਸ਼ਿੰਗਾਰਦਾਨ, ਰਾਵੀ ਦਿੱਤੇ ਠੇਲ੍ਹ ।

ਚੂਲੀ ਪਾਈ ਐਸ਼ ਤੇ ਸਦਕੇ ਕੀਤੀ ਜਾਨ,
ਸ਼ਾਹ ਦੇ ਸਿਰ ਤੋਂ ਤਾਜ ਨੂੰ ਕਰ ਦਿੱਤੀ ਕੁਰਬਾਨ ।

ਤਸਬੀ ਫੜ ਲਈ ਹੱਥ ਵਿਚ ਤ੍ਰੱਡਾ ਲਿਆ ਵਿਛਾ,
ਅੱਲਾ ਅੱਲਾ ਕਰਦਿਆਂ ਦਿੱਤੀ ਉਮਰ ਲੰਘਾ ।

ਕੀਮਤ ਕਦਰ ਸ਼ਨਾਸ਼ ਵੀ ਪਾਈ ਸਿਦਕ ਨਿਭਾ,
ਔਰਤ ਹਿੰਦੁਸਤਾਨ ਦੀ ਵਾਲਾ ਜ਼ੁਹਦ ਵਿਖਾ ।

ਖੜ ਪੁੱਗੀ ਜਾ ਸੁੱਤੀਓਂ ਸ਼ਾਹ ਦੇ ਕਦਮਾਂ ਕੋਲ,
ਲਿਖੇ ਪਏ ਹਨ ਤਦੋਂ ਦੇ ਤੇਰੇ ਮੂੰਹ ਦੇ ਬੋਲ ।

"ਮੈਂ ਆਜਜ਼ ਦੀ ਕਬਰ ਤੇ ਨਾ ਦੀਵਾ ਨਾ ਫੁੱਲ,
ਨਾ ਭੰਬਟ ਦਾ ਪਰ ਸੜੇ, ਨਾ ਬੋਲੇ ਬੁਲਬੁਲ ।"

ਖਾਤਮਾ

ਤੂੰ ਮਰ ਗਈ ਸਭ ਜਗ ਮਰੇ, ਰਹੇ ਖੁਦਾ ਦਾ ਨਾਂ,
ਪਰ ਹੋ ਗਈ ਇਤਿਹਾਸ ਵਿਚ ਮੁਹਕਮ ਤੇਰੀ ਥਾਂ ।

ਤੂੰ ਸੈਂ ਪੁਤਲੀ ਪਿਆਰ ਦੀ ਆਦਲ ਤੇ ਦਾਨਾ,
ਨਾਲ ਅਮੀਰ ਗ਼ਰੀਬ ਦੇ ਹਸਮੁਖੜਾ ਵਰਤਾ ।

ਮਰਦਾਨੀ ਮੈਦਾਨ ਦੀ, ਤੀਰ ਅੰਦਾਜ਼ ਸਵਾਰ,
ਜੰਗਲ ਦੇ ਵਿਚ ਸ਼ੇਰ ਦਾ ਕਰਦੀ ਰਹੀ ਸ਼ਿਕਾਰ ।

ਸ਼ਿੰਗਾਰਾਂ ਤੇ ਫ਼ੈਸ਼ਨਾਂ ਦੀ ਰਹੀਓਂ ਉਸਤਾਦ,
ਤੇਰੀ ਹੈ ਅਹਿਸਾਨਮੰਦ ਅਤਰਾਂ ਦੀ ਈਜਾਦ ।

ਗੁਣ ਤੇ ਹੋਰ ਅਨੇਕ ਭੀ, ਰਹਿ ਗਏ ਤੇਰੇ ਨਾਲ,
ਪਰ ਇਕ ਖੂਬੀ ਨੂੰ ਕਦੇ ਔਣਾ ਨਹੀਂ ਜ਼ਵਾਲ ।

ਖਿਦਮਤ ਕੀਤੀ ਅਦਬ ਦੀ ਰੀਝਾਂ ਚਾਵਾਂ ਨਾਲ,
ਸੁਖਨਵਰਾਂ ਦੇ ਹੁਨਰ ਦੀ ਪਾਈ ਕਦਰ ਕਮਾਲ ।

ਬੂਕਲੀਮ ਦਰਬਾਰ ਦਾ ਸ਼ਾਇਰ ਤੇ ਦਾਨਾ,
ਤੂੰ ਫੜ ਉਸ ਦੀਆਂ ਗ਼ਲਤੀਆਂ ਧੌਣ ਲਈ ਝੁਕਵਾ ।

ਇਕ ਮਿਸਰਾ ਜੇ ਸ਼ਾਹ ਦੇ ਮੂੰਹੋਂ ਨਿਕਲ ਪਿਆ,
ਤੂੰ ਹਸ ਹਸ ਕੇ ਦੂਸਰਾ ਦਿੱਤਾ ਤੁਰਤ ਸੁਣਾ ।

ਆਖ਼ਰੀ ਅਰਜ਼

ਧੀ ਸੈਂ ਤੂੰ ਈਰਾਨ ਦੀ, ਹਿੰਦੁਸਤਾਨੀ ਨਾਰ,
ਭੈਣ ਬਣੀ ਪੰਜਾਬ ਦੀ, ਠਾਰਾਂ ਸਾਲ ਗੁਜ਼ਾਰ ।

ਮਿੱਟੀ ਮੇਰੇ ਵਤਨ ਦੀ ਆਈ ਤੈਨੂੰ ਰਾਸ,
ਪਹਿਲਾਂ ਕਬਰ ਬਣਾ ਲਈ, ਪਿੱਛੋਂ ਕੀਤਾ ਵਾਸ ।

ਪੰਜਾਬਣ ਬਣ ਹਿਸਟਰੀ, ਹੋਈ ਤੇਰੀ ਮਦਾਮ,
ਇਹ ਕੰਮ ਕਰੇਂ ਤਾਂ ਰਹੇਗਾ, ਕਾਇਮ ਤੇਰਾ ਨਾਮ ।

ਤੇਰੇ ਸਮੇਂ ਪੰਜਾਬ ਵਿਚ, ਜੋ ਸੀ ਮੇਲ ਮਿਲਾਪ,
ਓਹੋ ਵਕਤ ਵਿਖਾਲ ਦੇ, ਵਿੱਚ ਖਲੋ ਕੇ ਆਪ ।

ਹਿੰਦੂ ਮੁਸਲਿਮ ਇੱਕ ਸਨ, ਇੱਕੋ ਮਾਂ ਦੇ ਲਾਲ,
ਜਪਦੇ ਰਾਮ ਰਹੀਮ ਨੂੰ, ਬਹਿ ਕੇ ਨਾਲੋ ਨਾਲ ।

ਤੇਰੇ ਸੁੱਤੇ ਸੁੱਤਿਆਂ ਆਏ ਕਈ ਭੁਚਾਲ,
ਵਖ਼ਤੀਂ ਕਟਿਆ ਸਮੇਂ ਨੇ ਪੂਰਾ ਤਿੰਨ ਸੌ ਸਾਲ ।

ਪਰ ਇਸ ਵੀਹਵੀਂ ਸਦੀ ਨੇ, ਡਿੱਠੇ ਉਹ ਉਹ ਹਾਲ,
ਸੱਚ ਸ਼ਰਮ ਦਾ ਮਾਰਿਆ, ਮੂੰਹ ਤੇ ਲਏ ਰੁਮਾਲ ।

ਇਨਸਾਨੀਅਤ ਇਸ ਤਰ੍ਹਾਂ ਹੋ ਗਈ ਲਹੂ ਲੁਹਾਣ,
ਵਰਕੇ ਭੀ ਤਾਰੀਖ਼ ਦੇ, ਅੱਖਾਂ ਪਏ ਲੁਕਾਣ ।

ਹਿੰਦੂ ਮੁਸਲਿਮ ਪਿਆਰ ਦਾ ਭਰਿਆ ਛੰਭ ਅਡੋਲ,
ਢੀਮਾਂ ਵਰ੍ਹ ਕੇ ਉੱਪਰੋਂ ਚਿੱਕੜ ਦਿੱਤਾ ਘੋਲ ।

ਸਿਖ਼ਰ ਚੜ੍ਹੇ ਇਖਲਾਕ ਨੂੰ, ਧੁਰ ਥੱਲੇ ਪਟਕਾ,
ਸੋਨੇ ਦੀ ਝਲਕਾਰ ਨੇ, ਲਿਆ ਗੁਲਾਮ ਬਣਾ ।

ਚਿੱਕੜ ਭਰੀਆਂ ਆਤਮਾਂ, ਮੁਰਦਾ ਹੋਏ ਜ਼ਮੀਰ,
ਫਿਰ ਗਈ ਧਰਮ ਇਮਾਨ ਦੀ, ਗਰਦਨ ਤੇ ਸ਼ਮਸ਼ੀਰ ।

ਬੇਇਤਬਾਰੀ ਛਾ ਗਈ ਕਾਲੀ ਬਦਲੀ ਵਾਂਗ,
ਪਾਟੇ ਹੋਏ ਦਿਲਾਂ ਨੇ ਧਾਰੇ ਝੂਠੇ ਸਾਂਗ ।

ਖੁਦਗਰਜ਼ੀ ਨੇ ਅੱਖੀਆਂ ਦਾ ਖੋਹ ਲਿਆ ਹਯਾ,
ਭਾਈ ਭਾਈਆਂ ਦਾ ਲਹੂ ਪੀਂਦੇ ਡੀਕਾਂ ਲਾ ।

ਰੱਬ ਪਰਸਤੀ ਵਹਿ ਗਈ ਦੌਲਤ ਦੇ ਦਰਯਾ,
ਦੁਨੀਆਂ ਪਾਗਲ ਹੋ ਗਈ ਦੀਨ ਲਏ ਬਦਲਾ ।

ਚਾਲਾਂ ਤੇ ਚਾਲਾਕੀਆਂ ਦਾ ਖੁਲ੍ਹ ਗਿਆ ਬਜ਼ਾਰ,
ਰਬ ਨੂੰ ਭੀ ਜੋ ਠੱਗ ਲੈਣ, ਬਣੇ ਭਗਤ ਹੁਸ਼ਿਆਰ ।

ਨਜ਼ਰ ਨ ਆਵੇ ਹੌਸਲਾ ਕਰੇ ਜੋ ਖੁਲ੍ਹ ਕੇ ਗੱਲ,
ਸਭ ਭੇਡਾਂ ਮੂੰਹ ਕਾਲੀਆਂ ਸੱਚ ਨਾ ਸੱਕਣ ਝੱਲ ।

ਤੇਰੇ ਵੇਲੇ ਧਨ ਤੇਰਾ ਲਗਾ ਖ਼ੁਦਾ ਦੇ ਰਾਹ,
ਤੇਰਾ ਦਾਨ ਗਰੀਬ ਦਾ ਬਣਿਆ ਪੁਸ਼ਤ ਪਨਾਹ ।

ਤੂੰ ਤੇ ਓਸ ਬਹਿਸ਼ਤ ਦੀ ਕੀਤੀ ਨਾ ਪਰਵਾ,
ਐਥੇ ਹੀ ਪੰਜਾਬ ਨੂੰ ਲਿਆ ਬਹਿਸ਼ਤ ਬਣਾ ।

ਜਮ ਜਮ ਏਥੇ ਵੱਸ ਤੂੰ ਰੋਜ਼ ਕਿਆਮਤ ਤੀਕ,
ਵਿਗੜੇ ਹੋਏ ਪੰਜਾਬ ਦਾ ਦਿਲ ਕਰਦੀ ਰਹੁ ਠੀਕ ।

ਮੋਈਆਂ ਹੋਈਆਂ ਰੂਹਾਂ ਨੂੰ ਚਾਬਕ ਮਾਰ ਜਗਾ,
ਆਜ਼ਾਦੀ ਦਾ ਮਰਤਬਾ ਕੱਠਿਆਂ ਕਰ ਸਮਝਾ ।

ਅੱਲਾ ਬਖ਼ਸ਼ੀ ਮਗ਼ਫਰਤ ਵਿਚ ਬਹਿਸ਼ਤਾਂ ਵਾਸ,
ਮੁਫ਼ਲਿਸ ਅਤੇ ਯਤੀਮ ਸਭ ਬੈਠੇ ਹੋਨੀਂ ਪਾਸ ।

ਅਮ੍ਰਿਤਸਰੀਆ ਚਾਤ੍ਰਿਕ ਆਇਆ ਦਰਦ ਵੰਡਾਣ,
ਉਨੀ ਸੌ ਚੌਤਾਲੀਆ (੧੯੪੪) ਸਾਲ ਮਸੀਹੀ ਜਾਣ ।

ਉੱਨੀ ਸੌ ਤਰਵੰਜਵੇਂ, ਨੌਂ ਸਾਲਾਂ ਦੋ ਬਾਦ,
ਪਾ ਕੇ ਜਾਮਾ ਗੁਰਮੁਖੀ ਤਾਜ਼ਾ ਹੋਈ ਯਾਦ ।

ਖ਼ੁਦਾਈ ਦੀ ਖ਼ਿਦਮਤ ਖ਼ੁਦਾ ਨੂੰ ਸੁਖਾਵੇ

ਖ਼ੁਦਾਈ ਦੀ ਖ਼ਿਦਮਤ ਖ਼ੁਦਾ ਨੂੰ ਸੁਖਾਵੇ
ਖ਼ੁਦਾ ਦੀ ਇਬਾਦਤ ਖ਼ੁਦਾਈ ਨੂੰ ਭਾਵੇ
ਮੁਬਾਰਕ ਹੈ ਉਹ ਨੇਕ ਦਿਲ ਬੰਦਾ 'ਚਾਤ੍ਰਿਕ'
ਜੋ ਦੁਨੀਆਂ ਰਖੇ ਦੀਨ ਨੂੰ ਭੀ ਨਿਭਾਵੇ ।

(ਇਹ ਬੰਦ ਰਚਨਾ ਦੀ ਭੂਮਿਕਾ ਦੇ ਅੰਤ ਵਿਚ ਲਿਖਿਆ ਹੋਇਆ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਲਾਲਾ ਧਨੀ ਰਾਮ ਚਾਤ੍ਰਿਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ