Odari Dhupp : Ravinder Bhathal

ਓਦਰੀ ਧੁੱਪ : ਰਵਿੰਦਰ ਭੱਠਲ



ਜਦੋਂ ਤਕ

ਦਰਿਆਵਾਂ ਦੇ ਮੱਥਿਆਂ ਤੇ ਬਣੇ ਪੁਲਾਂ ਨੂੰ ਜਦੋਂ ਤਕ ਪਾਣੀਆਂ 'ਚ ਡੁੱਬ ਜਾਣ ਦੀ ਤੇ ਘਾਹ ਦੀਆਂ ਤਿੜਾਂ ਨੂੰ ਜਦੋਂ ਤਕ ਜ਼ੰਜੀਰਾਂ ਬਣ ਜਾਣ ਦੀ ਆਦਤ ਨਹੀਂ ਹਟਦੀ ਧੁੱਪ ਨੂੰ ਬਲਦੇ ਸਿਵੇ ਸੇਕਣ ਤੋਂ ਤੇ ਹਵਾਵਾਂ ਨੂੰ ਜਦੋਂ ਤਕ ਚੁਗਲੀ ਤੋਂ ਫੁਰਸਤ ਨਹੀਂ ਜਦੋਂ ਤਕ ਪਾਉਂਦੀ ਰਹੇਗੀ ਕਲਮ ਕੀਰਨੇ ਤੇ ਸ਼ਬਦ ਨੱਚਦੇ ਰਹਿਣਗੇ ਹੀਜੜਿਆਂ ਦਾ ਨਾਚ ਜਦੋਂ ਤਕ ਜੀਭ ਤੋਂ ਲਾਲਾਂ ਦੀ ਤੰਦ ਨਹੀਂ ਟੁੱਟਦੀ ਤੇ ਅੱਖ ਗੋਰੇ ਦੀਦਾਰ ਤੋਂ ਨਹੀਂ ਮੁੜਦੀ ਉਦੋਂ ਤਕ ਰਿਜ਼ਕ ਤਲੀ ਤੇ ਨਹੀਂ ਟਿਕਣਾ ਅੱਖ 'ਚ ਅਜ਼ਾਦੀ ਦਾ ਅਕਸ ਨਹੀਂ ਉਤਰਨਾ ਉਡਾਰੀ ਤੋਂ ਪਹਿਲਾਂ ਹੀ ਗੋਲਿਆਂ ਦੇ ਖੰਭ ਝੜਦੇ ਰਹਿਣਗੇ ਰਹੇਗਾ ਬਿਖਰਦਾ ਆਲ੍ਹਣੇ ਦਾ ਤੀਲਾ ਤੀਲਾ ਕਰਦੇ ਰਹਿਣਗੇ ਪੈਰਾਂ 'ਚ ਹਾਰ ਦੇ ਹੰਝੂ ।

ਰੁੱਤਾਂ ਜਦੋਂ ਤਾਂਬੇ ਰੰਗੀਆਂ ਹੋ ਜਾਣ

ਹਰਫ਼ ਨਿਰੇ ਕਾਲੇ ਹੀ ਨਹੀਂ ਲਾਲ ਤੇ ਪੀਲੇ ਵੀ ਹੋ ਸਕਦੇ ਹਨ ਜਿਵੇਂ ਜ਼ਿੰਦਗੀ ਨਿਰੇ ਹਾਸੇ ਹੀ ਨਹੀਂ ਇਕ ਲੰਮੀ ਬਿਮਾਰੀ ਦਾ ਨਾਮ ਵੀ ਹੈ । ਸੜਕਾਂ ਹਰ ਸ਼ਹਿਰ ਨੂੰ ਜਾਂਦੀਆਂ ਸਿੱਧੀਆਂ ਵੀ ਤੇ ਵਲ-ਵਲੇਵੇਂ ਖਾਂਦੀਆਂ ਵੀ ਪਰ ਸ਼ਹਿਰ ਜਦੋਂ ਸਮੁੰਦਰ ਬਣ ਜਾਣ ਤਾਂ ਤਨ ਦੀਆਂ ਕਿਸ਼ਤੀਆਂ ਤੇ ਵੀ ਤਰਨਾ ਔਖਾ ਹੋ ਜਾਂਦਾ ਹੈ । ਫਿਰ ਡੁੱਬ ਜਾਣਾ ਵੀ ਮੁਸੀਬਤ ਤੇ ਨਾ ਡੁੱਬਣਾ ਵੀ ਮੁਸੀਬਤ । ਪੈੜਾਂ ਫੁੱਲ ਵੀ ਤਾਂ ਨਹੀਂ ਜੋ ਕਿਤਾਬ ਦੇ ਵਰਕਿਆਂ 'ਚ ਸਾਂਭ ਲਈਏ ਪੈੜਾਂ ਤਾਂ ਹਿੱਕ ਦਾ ਜ਼ਖ਼ਮ ਹੁੰਦੀਆਂ ਨੇ ਨਿਰੀ ਪੀੜ ਹੀ ਪੀੜ । ਤਮਾਮ ਰੁੱਤਾਂ ਜਦੋਂ ਤਾਂਬੇ ਰੰਗੀਆਂ ਹੋ ਜਾਣ ਉਦੋਂ ਹਰਫ਼ਾਂ ਨੂੰ ਮੋਹਰਕਾ ਤਾਪ ਚੜ੍ਹ ਜਾਂਦਾ ਹੈ ਤੇ ਮਨੁੱਖ ਦੇ ਤੇੜ ਬੱਧੀ ਅਕਲਾਂ ਦੀ ਤੜਾਗੀ ਸ਼ਾਇਦ ਹੋਰ ਕਸਵੀਂ ਹੋ ਜਾਂਦੀ ਹੈ । ਫਿਰ ਹਰ ਪੈਰ ਤੇ ਬਲਦਾ ਸਿਵਾ ਫਿਰ ਹਰ ਮੋੜ ਤੇ ਤਪਦਾ ਸਹਿਰਾ ਜ਼ਿੰਦਗੀ ਨਾ ਉਰਾਰ-ਨਾ ਪਾਰ। ਗੋਲੇ ਕਬੂਤਰ ਦੀ ਤਰ੍ਹਾਂ ਅੱਖਾਂ ਮੀਟ ਕੇ ਉਮਰ ਕਦ ਗੁਜ਼ਰੇਗੀ ?

ਇਹੋ ਵਿਸ਼ਵਾਸ਼ ਲੈ ਕੇ

ਕਾਸ਼ ! ਤੇਰਾ ਦੁੱਖ, ਮੇਰੇ ਨਾਂ ਹੋ ਜਾਵੇ ਮੈਂ ਹੋਰ ਸਮਾ ਸਕਦਾ ਹਾਂ ਅਜੇ ਆਪਣੀਆਂ ਅੱਖਾਂ 'ਚ ਅਥਰੂ । ਕੀ ਹੋਇਆ, ਜੇ ਮੈਂ ਤੇਰੇ ਨਸੀਬ ਨਹੀਂ ਬਦਲ ਸਕਦਾ ਆਪਣੇ ਪਾਟੇ ਝੱਗੇ ਨਾਲ ਤੇਰੇ ਛਲਕਦੇ ਅਥਰੂ ਤਾਂ ਪੂੰਝ ਸਕਦਾ ਹਾਂ । ਮੇਰੇ ਤਨ ਦੀਆਂ ਲੀਰਾਂ, ਤਨ ਦੀਆਂ ਹੀ ਨੇ ਮਨ ਤਾਂ ਸਾਬਤ ਸਬੂਤਾ ਹੈ । ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ ਜੋ ਹਰਫ਼ਾਂ ਦੇ ਮੁਹਤਾਜ ਨਹੀਂ ਹੁੰਦੇ ਸਿਰਫ਼ ਸੁੱਚੇ ਸਾਹਾਂ ਦੀ ਧੜਕਣ ਜਿਨ੍ਹਾਂ ਦੀ ਹਾਜ਼ਰੀ ਬਣਦੀ ਹੈ । ਉਂਜ ਭਲਾ ਸੋਚੇਂਗੀ ਤਾਂ ਸਹੀ ਕਿ ਇਹ ਕਿਹੋ ਜਿਹੇ ਵਹਿਣਾਂ ਵਿਚ ਵਹਿ ਗਿਆ ਹਾਂ । ਦਰਦ ਦਾ ਦਰਿਆ ਜੇ ਘੜਾ ਪੱਕਾ ਵੀ ਹੋਵੇ, ਤਾਂ ਵੀ ਤਰ ਨਹੀਂ ਹੁੰਦਾ ਤੇ ਨਾਂ ਹੀ ਦਿਲਾਸਿਆਂ ਦੇ ਕਦੇ ਪੁਲ ਉਸਰਦੇ ਹਨ । ਪਰ ਚੁੱਪ-ਚਾਪ ਰਾਤ ਨੂੰ ਸੁਲਗਦੇ ਦਰਿਆ ਦੇ ਕਿਨਾਰੇ ਬੈਠ ਕੇ ਬਾਲ ਕੇ ਹਿੱਕ 'ਚ ਹਉਕਿਆਂ ਦੀ ਧੂਣੀ ਗ਼ਮਾਂ ਦੀ ਕੋਹਾਂ ਲੰਮੀ ਬਾਤ ਤਾਂ ਪਾਈ ਜਾ ਸਕਦੀ ਹੈ ਜਿੱਥੇ ਹੁੰਗਾਰਿਆਂ ਦੇ ਫੇਹੇ ਦੁੱਖਦੀਆਂ ਅੱਖਾਂ ਦਾ ਇਲਾਜ ਤਾਂ ਹੋਣ ਜਿੱਥੇ ਟਪਕਦੇ ਅਥਰੂਆਂ ਦੀ ਟਕੋਰ ਹਿੱਕਾਂ ਦਾ ਦਰਦ ਮੱਠਾ ਤਾਂ ਕਰੇ । ਸ਼ਾਇਦ ਇਸੇ ਆਸ ਤੇ ਮੈਂ ਹਥੇਲੀ ਤੇ ਲਿਖਣ ਦੀ ਸੋਚਦਾ ਹਾਂ ਬੀਤ ਚੁੱਕੀ ਕਹਾਣੀ ਦੀ ਪੈੜ ਸਿਰਫ਼ ਇਹੋ ਵਿਸ਼ਵਾਸ ਲੈ ਕੇ ਕਿ ਮਨ ਤਾਂ ਸਾਬਤ ਸਬੂਤਾ ਹੈ ।

ਉਹ ਸੋਚਦੀ ਸੀ

ਉਹ ਸੋਚਦੀ ਸੀ ਕਿ ਮੇਰੇ ਸਿਰ ਤੇ ਹੱਥੀਂ ਛਾਵਾਂ ਕਰੇਗੀ ਤਾਂ ਕਿ ਮੇਰੇ ਭੱਜ ਰਹੇ ਪੈਰਾਂ ਨੂੰ ਚੈਨ ਜਿਹਾ ਮਿਲੇ ਪਰ ਉਹਨੂੰ ਕੋਈ ਕੀ ਦੱਸੇ ? ਕਿ ਹੱਥਾਂ ਦੀ ਛੱਤਰੀ ਮੱਥੇ ਦਾ ਸੇਕ ਨਹੀਂ ਮਿਟਾ ਸਕਦੀ । ਉਹ ਮੇਰੇ ਘਰ ਦੇ ਬੂਹੇ ਖੜਕਾਉਂਦੀ ਰਹੀ ਪਰ ਨਿਰੀ ਬਾਵਰੀ ਜਿਹੀ ਪੌਣ ਬਣਕੇ ਆਉਣ ਤੇ ਤੁਰ ਜਾਣ ਦਾ ਸਫ਼ਰ ਇਸ਼ਕ ਦੇ ਇਤਿਹਾਸ ਵਿਚ ਸ਼ਾਮਿਲ ਨਹੀਂ ਹੁੰਦਾ। ਮਟਕੀਲੀ ਪੌਣ ਬਣਕੇ ਆਉਣਾ ਤੇ ਬਿਰਖ ਦਾ ਸਮੁੱਚਾ ਵਜੂਦ ਝੰਜੋੜ ਜਾਣਾ ਮੁਹੱਬਤ ਦਾ ਹਲਫ਼ੀਆ ਬਿਆਨ ਨਹੀਂ ਭਰਮ ਹੈ ਧੂੰਏਂ ਦੇ ਬੱਦਲ ਜਿਹਾ। ਹਿੱਕ ਦਾ ਦਰਦ ਤਾਂ ਦਬ ਜਾਂਦਾ ਹੈ ਆਪੇ ਨੂੰ ਘੁੱਟ ਕੇ ਜੱਫ਼ੀ ਪਾਉਣ ਨਾਲ ਪਰ ਮੱਥੇ ਦੀ ਟਸੂੰ ਟਸੂੰ ਕਰਦੀ ਨਾੜ ਦੇ ਪੈਰਾਂ ਦੀ ਤੜਫਣ ਭਲਾ ਕੌਣ ਮੇਟੇਗਾ । ਉਹ ਸੋਚਦੀ ਸੀ ਕਿ ਮੇਰੇ ਸਿਰ ਤੇ ਹੱਥੀਂ ਛਾਵਾਂ ਕਰੇਗੀ ਮੇਰੀ ਵੀਰਾਨ ਬਚਦੀ ਜ਼ਿੰਦਗੀ ਦਾ ਇਤਿਹਾਸ ਬਣੇਗੀ । ਪਰ ਬੂਹੇ ਤੇ ਨਹੁੰਦਰਾਂ ਦੇ ਨਿਸ਼ਾਨ ਪੌਣਾਂ ਵਿਚ ਟੁੱਕੀਆਂ ਗਈਆਂ ਪੈੜਾਂ ਅਤੇ ਰਾਹਾਂ ਵਿਚ ਬੋਲੇ ਗਏ ਬੋਲ ਇਸ਼ਕ ਦੇ ਇਤਿਹਾਸ ਵਿਚ ਸ਼ਾਮਲ ਨਹੀਂ ਹੁੰਦੇ ।

ਜੇ...

ਰੂਹ ਦੀ ਜੇ ਇਬਾਰਤ ਹੁੰਦੀ ਤਾਂ ਹਰ ਭਾਵੁਕ ਮਨੁੱਖ ਸਫ਼ਿਆਂ ਤੇ ਫੈਲ ਸਕਦਾ ਸੀ ਤੇ ਅਥਰੂ ਜੇ ਅੱਖਰ ਹੁੰਦੇ ਤਾਂ ਮੈਂ ਸਵੈ-ਜੀਵਨੀ ਕਦੋਂ ਦਾ ਲਿਖ ਚੁਕਿਆ ਹੁੰਦਾ। ਪਰ ਅਥਰੂ ‘ਕੱਲਾ ‘ਕੱਲਾ ਅੱਖਰ ਤਾਂ ਹਨ ਤੇ ਇਕਹਿਰੇ ਅੱਖਰ ਮੁਹਾਰਨੀ ਨਹੀਂ ਬਣਦੇ ਹਾਸੇ ਖਿੜੇ ਫੁੱਲਾਂ ਦੇ ਗੁਲਦਸਤੇ ਨਹੀਂ ਸਪਾਂ ਦੀਆਂ ਸਿਰਜੀਆਂ ਵਰਮੀਆਂ ਵੀ ਹਨ ਇਸੇ ਲਈ ਤਾਂ ਮੁਸਕਰਾਹਟ ਕਦੇ ਗੀਤ ਨਹੀਂ ਬਣਦੀ । ਖਾਮੋਸ਼ੀ ਦੇ ਸਾਰੇ ਪਲ ਜੇ ਹਯਾਤੀ 'ਚੋਂ ਮਨਫ਼ੀ ਕਰ ਦੇਵਾਂ ਤਾਂ ਸਾਹ-ਸਲਾਮ ਤੋਂ ਬਿਨਾਂ ਕੁਝ ਨਹੀਂ ਬਚਦਾ ਭਟਕਣ ਦੀਆਂ ਪੈੜਾਂ ਕੱਢ ਦਿੱਤਿਆਂ ਡੇਢ ਕਦਮ ਦਾ ਹੀ ਸਫ਼ਰ ਬਚਦਾ ਹੈ । ਮੈਂ ਕਲੰਡਰ ਤਾਂ ਨਹੀਂ ਜੋ ਹਰ ਕੰਧ ਤੇ ਹੀ ਚਿਪ ਜਾਂਦਾ ਤੇ ਜਿਸਦੇ ਤਿੰਨ ਸੌ ਪੈਂਹਠ ਦਿਨ ਹਿੰਦਸੇ ਬਣ ਜਾਂਦੇ । ਕਦੇ ਕਦੇ ਜੀਅ ਕਰਦਾ ਹੈ ਪ੍ਰੈਸ਼ਰ-ਕੁਕਰ ਦੀ ਵਿਸਲ ਵਾਂਗ ਬੋਲ ਪਵਾਂ ਇਸ਼ਤਿਹਾਰ ਬਣ ਜਾਵਾਂ ਪਰ ਹਜ਼ੂਰ ! ਹਰ ਸਲ੍ਹਾਬੀ ਅੱਖ ਹੀ ਚੋਭ ਦਾ ਸ਼ਿਕਾਰ ਨਹੀਂ ਹੁੰਦੀ ਮਾਤਮ ਦਾ ਮਰਸੀਆ ਵੀ ਬਣਦੀ ਹੈ ਤੇ ਮਾਤਮ ਮੋਈ ਰੂਹ ਦਾ ਵੀ ਰੂਹ ਜੋ ਪੰਛੀ ਦੀ ਪੁਸ਼ਾਕ ਪਾ ਕੇ ਉੱਡੀ ਸੀ ਤੇ ਆਪਣੀ ਹੀ ਨਜ਼ਰ ਦੇ ਤੀਰ ਸੰਗ ਫੁੰਡੀ ਗਈ। ਜਨਾਬ ! ਰੂਹ ਦੀ ਜੇ ਇਬਾਰਤ ਹੁੰਦੀ ਤਾਂ ਹਰ ਭਾਵੁਕ ਮਨੁੱਖ ਸਫ਼ਿਆਂ ਤੇ ਫੈਲ ਸਕਦਾ ਸੀ ਤੇ ਅਥਰੂ ਜੇ ਅੱਖਰ ਹੁੰਦੇ ਤਾਂ ਮੈਂ ਸਵੈ-ਜੀਵਨੀ ਕਦੋਂ ਦਾ ਲਿਖ ਚੁੱਕਿਆ ਹੁੰਦਾ।

ਬੇ-ਚਿਰਾਗ਼ ਪਿੰਡ

ਅੱਜ ਮੇਰੇ ਕੋਲ ਲਫ਼ਜ਼ਾਂ ਤੋਂ ਸਿਵਾ ਕੁਝ ਵੀ ਨਹੀਂ । ਕਦੇ ਮੇਰੇ ਸਿਰ ਤੇ ਉੱਡਦੇ ਪਤੰਗਾਂ ਦੀ ਛਾਂ ਹੁੰਦੀ ਸੀ ਮੇਰੇ ਪੈਰਾਂ 'ਚ ਮੇਲ੍ਹਦੀ ਬਚਪਨੇ ਦੀ ਅਨਭੋਲ ਜਿਹੀ ਜ਼ੁਬਾਂ ਹੁੰਦੀ ਸੀ ਤੇ ਚੁੱਕੀ ਫਿਰਦਾ ਸਾਂ ਆਪਣੇ ਹੀ ਅੰਬਰ ਤੇ ਜੋ ਚਮਕਦਾ ਚੰਦ ਜਦੋਂ ਜਟੂਰੀਆਂ ਜ਼ੁਲਫ਼ਾਂ 'ਚ ਤਬਦੀਲ ਹੋ ਗਈਆਂ ਤਾਂ ਉਹ ਖ਼ਬਰੇ ਕਿਸ ਚੰਦਰੀ ਦੀ ਨੈਣ-ਕਟੋਰੀ ਵਿਚ ਖੁਰ ਗਿਆ। ਬੂਟਾਂ ਦੇ ਤਲਿਆਂ ਤੇ ਲੱਗੀਆਂ ਘਾਹ ਦੀਆਂ ਖੁਸ਼ਬੋਆਂ ਮੋਢਿਆਂ ਤੇ ਝਰਦੀ ਕੇਸ ਦੇ ਰੁੱਖਾਂ ਦੀ ਛਾਂ ਤਲੀਆਂ 'ਚੋਂ ਆਉਂਦੀ ਮਸਲੇ ਮਰੂਏ ਦੀ ਮਹਿਕ ਸਭ ਕੁਝ ਖ਼ਬਰੇ ਕਿਵੇਂ ਉੱਡ ਗਿਆ ਜਾਂ ਡੁੱਬ ਗਿਆ ਬਦਕਿਸਮਤ ਕਿਸ਼ਤੀਆਂ ਦੇ ਵਾਂਗ । ਮੈਂ ਜੋ ਕੱਚ ਦੇ ਫੁੱਲਦਾਨ 'ਚ, ਸਜਾਏ ਸਨ ਰੇਤ ਦੇ ਫੁੱਲ ਰਾਤੋ ਰਾਤ ਉਹ ਹਨ੍ਹੇਰੀਆਂ ਬਣ ਗਏ। ਹੁਣ ਦਿਲ ਬੱਸ ਇੱਕ ‘ਬੇ ਚਿਰਾਗ਼ ਪਿੰਡ’ ਜਿਹਾ ਮਾਯੂਸੀਆਂ ਉਮੀਦਾਂ ਦੀ ਕਸ਼ਮਕਸ਼ 'ਚ ਜੀਅ ਰਿਹਾ ਕਦੇ ਜ਼ਿੰਦਗੀ ਦੀ ਆਰਜ਼ੂ ਦੇ ਥੜ੍ਹੇ ਉਸਾਰਦਾ ਆਪਣੇ ਹਰ ਕਦਮ ਤੇ ਤਾਰਿਆਂ ਦਾ ਮੀਂਹ ਵਰ੍ਹਾਉਣਾ ਲੋਚਦਾ ਕਦੇ ਸਿਵਿਆਂ ਦੀ ਉੱਡਦੀ ਬਉਰੀ ਰੇਤ ਨੂੰ ਫੜਦਾ ਮੌਤ ਦੇ ਅਹਿਸਾਸ ਦੀਆਂ ਕਬਰਾਂ ਖੋਦਦਾ ਨਾ ਜਿਉਂਦਾ ਹੈ, ਨਾ ਮਰਦਾ ਹੈ । ਅੱਜ ਮੇਰੇ ਕੋਲ ਲਫ਼ਜ਼ਾਂ ਤੋਂ ਸਿਵਾ ਕੁਝ ਵੀ ਨਹੀਂ ਇਹ ਲਫਜ਼ ਮੇਰੇ ਦੁਸ਼ਮਨ ਵੀ ਹਨ ਇਹ ਲਫਜ਼ ਮੇਰੇ ਦੋਸਤ ਵੀ ਹਨ ।

ਜਦੋਂ ਰਿਸ਼ਤਾ ਬਦਲਦਾ ਹੈ

ਤੰਦ ਕੱਚੀ ਨੇ ਤਾਂ ਟੁੱਟ ਹੀ ਜਾਣਾ ਹੈ ਟੁੱਟਿਆਂ ਫੁੱਟਿਆਂ ਦਾ ਗ਼ਮ ਕੇਹਾ ਤੰਦ ਮਹਿਰਮ ਦੇ ਮੋਹ ਦੀ ਹੈ, ਵਿਸ਼ਵਾਸ਼ ਦੀ ਹੈ ਜਾਂ ਫਿਰ ਦੁਸ਼ਮਨੀ ਦੇ ਸੁਲਗਦੇ ਅਹਿਸਾਸ ਦੀ ਹੈ ਤੰਦ ਕੱਚੀ ਨੇ ਤਾਂ ਟੁੱਟ ਹੀ ਜਾਣਾ ਹੈ । ਪੈਰਾਂ ਚੰਦਰਿਆਂ ਦੇ ਹੀ ਅੱਖਾਂ ਨਹੀਂ ਸਨ ਉਂਜ ਕੌਣ ਹਸਰਤਾਂ ਦੀ ਕਤਲਗਾਹ 'ਚ ਪੱਬ ਧਰਦਾ ਹੈ ਜੰਗ ਤਾਂ ਬੀਬਾ ! ਨੰਗੇ ਧੜ ਹੁੰਦੀ ਹੈ ਬਸਤ੍ਰਾਂ ਦੇ ਕਿਲਿਆਂ 'ਚ ਕਦੇ ਸਿਕੰਦਰ ਨਹੀਂ ਲੜਦਾ ਤੂੰ ਜਿੱਤਿਆ, ਤੇਰੀ ਸ਼ਬਦ ਦੀ ਤਲਵਾਰ ਜਿੱਤੀ ਤੈਂ ਤਾਂ ਸੀਸ ਹੀ ਮੰਗਿਆ ਸੀ ਲੈ ਤੇਰੇ ਤੰਬੂ 'ਚ ਪੂਰਾ ਧੜ ਹਾਜ਼ਰ ਹੈ ਉਂਜ ਮੇਰੇ ਕੋਲ ਸੀਸ ਨਹੀਂ, ਸਿਰਫ਼ ਸਿਰ ਹੈ ਤੇ ਉਹ ਵੀ ਬਿਨ ਰੰਗਲੀ ਦਸਤਾਰ ਤੋਂ । ਫਿਰ ਮੁੜ ਆਇਓਂ ਨਮੋਸ਼ੀ ਲੈ ਕੇ ਦਿਹਲੀ ਤੇ ਪਤਾ ਸੀ, ਬੇਸ਼ਰਮ ਸ਼ਬਦ ਦੀ ਤਲਵਾਰ ਵਿਸ਼ਵਾਸ਼ ਦੀ ਗਰਦਨ ਨਹੀਂ ਕੱਟ ਸਕਦੀ । ਜਦੋਂ ਰਿਸ਼ਤਾ ਬਦਲਦਾ ਹੈ — ਤਾਂ ਛਾਤੀ 'ਚ ਵਗਦੇ ਦਰਿਆ ਦਾ ਪਾਣੀ ਨਾ ਮਿੱਠਾ ਰਹਿੰਦਾ ਹੈ ਤੇ ਨਾ ਹੀ ਖਾਰਾ ਉਹ ਇੱਕ ਨੁੱਕਰੋਂ ਸੁੱਕਦਾ, ਦੂਜੀਓਂ ਭੁਰਦਾ ਇੱਕ ਅਜਿਹਾ ਪੱਤਣ ਹੁੰਦਾ ਹੈ ਜਿੱਥੇ ਕਦੇ ਕੁੰਭ ਦਾ ਮੇਲਾ ਨਹੀਂ ਜੁੜਦਾ । ਮੈਂ ਜਿਸ ਬਿਰਖ ਹੇਠ ਬੈਠਾ ਉਹਦੀਆਂ ਟਾਹਣੀਆਂ ਤੇ ਪੱਤਿਆਂ ਦੀ ਥਾਂ ਸਪੋਲੀਏ ਲਟਕਦੇ ਵੇਖ ਮੈਂ ਸੋਚਦਾ ਹੀ ਰਹਿ ਗਿਆ ਕਿ ਬਿਰਖਾਂ ਦੀ ਇਹ ਕਿਹੜੀ ਜ਼ਾਤ ਹੈ ਮੈਂ ਆਇਆ ਤਾਂ ਅੰਮ੍ਰਿਤ ਦੀ ਕਟੋਰੀ ਮੇਰੇ ਹੱਥਾਂ 'ਚ ਸੀ ਤੁਰਿਆ ਤਾਂ ਜ਼ਹਿਰ ਵਿਚ ਉਂਗਲਾਂ ਦੇ ਨਹੁੰ ਵੀ ਲਹਿ ਗਏ । ਜਦੋਂ ਰਿਸ਼ਤਾ ਬਦਲਦਾ ਹੈ— ਤਾਂ ਵਸਦੇ ਘਰ ਸ਼ਮਸ਼ਾਨ ਹੋ ਜਾਂਦੇ ਹਨ ਗੀਤ ਬਣ ਜਾਂਦੇ ਹਨ ਵੈਣ ਤੇ ਕੀਰਤਨ ਕੀਰਨੇ ਹੋ ਨਿਬੜਦੇ ਹਨ ਸੜਕਾਂ ਸੂਲੀਆਂ ਵਿਚ ਬਦਲ ਜਾਂਦੀਆਂ ਨੇ ਤੇ ਹਰ ਸ਼ਹਿਰ ਹੀਰੋਸ਼ੀਮਾ ਹੁੰਦਾ ਹੈ ।

ਕੋਈ ਖ਼ਬਰ ਨਹੀਂ

ਤੁਰਿਆ ਤਾਂ ਜਨਮ-ਭੋਂ ਤੋਂ ਹੀ ਸਾਂ ਪਹੁੰਚਾਂਗਾ ਕਿੱਥੇ ? ਇਸਦੀ ਕੋਈ ਖ਼ਬਰ ਨਹੀਂ ਤੱਤੀ ਰੇਤ ਨੇ ਤਾਂ ਪੱਬ ਲੂਹਣੇ ਹੀ ਸਨ ਮਖ਼ਮਲੀ ਘਾਹ ਤੇ ਤੁਰਿਆ ਤਾਂ ਵੀ ਛਾਲੇ ਪੈ ਗਏ ਮੈਂ ਪਰਬਤ ਵੀ ਟੱਪ ਆਇਆ ਸ਼ੂਕਦੇ ਦਰਿਆ ਵੀ ਉਲੰਘ ਆਇਆ ਗੰਗਾ ਦਾ ਮੈਦਾਨ ਵੀ ਤੇ ਤਪਦੇ ਵਰ੍ਹਿਆਂ ਦਾ ਰੇਗਿਸਤਾਨ ਵੀ ਪਰ ਮੱਥੇ ਦੀ ਲਕੀਰ ਟੱਪੀ ਨਾ ਗਈ। ਮਨ ਦੀ ਧਰਤੀ ਤੇ ਸਫ਼ਰ ਪੈਰਾਂ ਸੰਗ ਹੀ ਨਹੀਂ ਪੇਟ ਦੇ ਵਲ ਰੀਂਗ ਕੇ ਵੀ ਹੁੰਦਾ ਹੈ ਸਿਰ ਦੇ ਭਾਰ ਪੁੱਠਾ ਲਟਕ ਕੇ ਵੀ ਮਨ ਦੀ ਧਰਤੀ ਤੇ ਏਨੀਆਂ ਡੰਡੀਆਂ ਪਗਡੰਡੀਆਂ ਹਨ ਏਨੇ ਦੋਰਾਹੇ ਤੇ ਚੌਰਾਹੇ ਹਨ ਕਿ ਹੁਣ ਤਾਂ ਉਲਝ ਗਿਆ ਸਫ਼ਰਾਂ ਦੇ ਅੰਦਰ ਏਨਾਂ ਰੁਲ ਗਿਆ, ਭਟਕ ਗਿਆ ਰਾਹਾਂ 'ਚ ਜਦ ਘਰ ਪਰਤਦਾ ਹਾਂ, ਤਾਂ ਇੱਕ ਅਜਨਬੀ ਬਣਕੇ ਦਰਦ ਫੋਲਦਾ ਹਾਂ ਤਾਂ ਅਕਾਸ਼ਬਾਣੀ ਦੀ ਪ੍ਰਸਾਰਿਤ ਖ਼ਬਰ ਹੁੰਦਾ ਹਾਂ ਘਰ ਦੇ ਮੋਹ ਵੀ ਕਰਦੇ ਨੇ ਕੱਚੇ ਦੁੱਧ ਜਿਹਾ ਨਿੱਘ ਵੀ ਦਿੰਦੇ ਨੇ ਕੋਸੀ ਧੁੱਪ ਵਰਗਾ ਪਰ ਤ੍ਰਹਿਕਦੇ ਵੀ ਨੇ, ਬੇਵਕਤੇ ਪਾਟੇ ਦੁੱਧ ਦੇ ਵਾਂਗ ਫ਼ਿਕਰਵਾਨ ਵੀ ਹਨ, ਤੂਤ ਦੇ ਛਣ ਗਏ ਪੱਤਿਆਂ ਦੀ ਤਰ੍ਹਾਂ ਰਾਹ ਵਿਚ ਅੱਕ ਵੀ ਹਨ, ਢੱਕ ਵੀ ਕਿੱਕਰਾਂ ਵੀ ਹਨ, ਟਾਹਲੀਆਂ ਵੀ ਕੋਈ ਸਿਰ ਪਲੋਸਦੀ ਹੈ ਕੋਈ ਪ੍ਰਣਾਮ ਕਰਦੀ ਹੈ ਕੋਈ ਮੋਢਾ ਥਪਥਪਾ ਕੇ ਹੀ ਚੁੱਪ ਹੋ ਜਾਂਦੀ ਮੈਂ ਜਿਸਨੂੰ ਲੋਚ ਸੀ ਤੇ ਸੋਚ ਸੀ ਕਿ ਕੋਈ ਬਾਹਾਂ 'ਚ ਘੁੱਟ ਕੇ ਨਪੀੜ ਸੁੱਟੇ ਐਪਰ ਉਹ ਛਾਂ ਨਹੀਂ ਮਿਲੀ ਲਗਰਾਂ ਬੇਨਾਵੇਂ ਸਿਰਨਾਵੇਂ ਬਣ ਗਈਆਂ । ਮਿਲੀ ਤਾਂ ਵਿਜੋਗਣ ਜਿਹੀ ਮਿਲੀ ਤਾਂ ਸਾਂਵਲੀ ਜਿਹੀ ਮਿਲੀ ਤਾਂ ਸੂਲਾਂ 'ਚ ਪੋਰ ਪੋਰ ਵਿੰਨੀ ਮਿਲੀ ਤਾਂ ਤਪਦੀਆਂ ਸੜਕਾਂ ਤੇ ਇਮਪੋਰਟਿਡ ਛੱਤਰੀ ਦੀ ਛਾਂ ਬਣਕੇ। ਹੁਣ ਵੀ ਲਟਕੇ ਹਨ ਅੱਖਾਂ 'ਚ ਸਿਤਾਰੇ ਹੁਣ ਵੀ ਬਾਹਾਂ ਹਨ ਰਾਵੀ ਦੇ ਕਿਨਾਰੇ ਪੈਰਾਂ 'ਚ ਅਟਕ ਅਟਕ ਵਗਦਾ ਜਿਹਲਮ ਵੀ ਹੈ । ਤੁਰਿਆ ਤਾਂ ਜਨਮ-ਭੋਂ ਤੋਂ ਹੀ ਸਾਂ ਪਹੁੰਚਾਗਾਂ ਕਿੱਥੇ ? ਇਸਦੀ ਕੋਈ ਖ਼ਬਰ ਨਹੀਂ ।

ਕਾਲੀ ਕਾਫ਼ੀ ਦੇ ਘੁੱਟ

ਜ਼ਿੰਦਗੀ ਦੀ ਹਰ ਤਲਖ਼ੀ ਖ਼ਤਮ ਕਰ ਲੈਣੀ ਚੰਗੀ ਨਹੀਂ ਜਿਉਂਣ ਲਈ ਕੁੱਝ ਤਾਂ ਕੁੜੱਤਣ ਚਾਹੀਦੀ ਹੈ । ਉਹਦੇ ਬੜੇ ਪਿਆਰੇ ਖ਼ਤ ਵਿਚ ਕਾਲੀ ਕਾਫ਼ੀ ਦੇ ਘੁੱਟਾਂ ਦਾ ਜ਼ਿਕਰ ਸੀ ਇਹ ਘੁੱਟ ਜਿੱਥੇ ਯਾਦਾਂ ਦੇ ਸਫ਼ਰ 'ਤੇ ਉੱਕਰੀਆਂ ਹੋਈਆਂ ਪੈੜਾਂ ਹਨ ਇਹ ਘੁੱਟ ਜਿੱਥੇ ਹੁਸੀਨ ਪਲਾਂ ਦੀ ਹਿੱਕ ਤੇ ਕੱਢੇ ਪੱਟ ਦੇ ਗੁਦਗੁਦੇ ਫੁੱਲ ਹਨ ਇਹ ਵੀ ਤਾਂ ਹੋ ਸਕਦਾ ਹੈ ਕਿ ਇਹ ਘੁੱਟ ਕਣ ਕਣ ਕਿਰਦੀ ਹਯਾਤੀ ਦਾ ਸੰਕੇਤ ਹੋਣ ਹਥੇਲੀ ਤੇ ਤਿਪ ਤਿਪ ਡਿਗਦੇ ਲਹੂ ਦੇ ਕਤਰੇ ਹੋਣ ਇਕ ਅੱਗ ਹੋਵੇ ਜ਼ਹਿਰ ਜਿਹੀ ਜੋ ਚਮਕਦੇ ਸ਼ੀਸ਼ਿਆਂ ਦੇ ਕੈਫੇ ਵਿਚ ਨੱਚ ਰਹੀ ਹੁਸੀਨ ਪੂਤਨਾ ਦਾ ਅਕਾਰ ਹੋਵੇ । ਖੈਰ ! ਕੁਝ ਵੀ ਹੋਵੇ ਮੈਂ ਕਿਉਂ ਇਨ੍ਹਾਂ ਕੁਲਹਿਣੇ ਖ਼ਿਆਲਾਂ ਵਿਚ ਡੁੱਬ ਗਿਆ ਹਾਂ। ਅਸੀਂ ਆਪਣੇ ਆਪਣੇ ਸਫ਼ਰ ਨੂੰ ਆਪਣੇ ਆਪਣੇ ਢੰਗ ਨਾਲ ਤੁਰਕੇ ਤਹਿ ਕਰਨਾ ਹੈ । ਅੱਜ ਦੇ ਉਚਾਟ, ਬੀਆਬਾਨ, ਤਪਦੇ ਹਸਨ-ਅਬਦਾਲ ਵਿਚ ਕਿਸੇ ਵਲੀ ਤੋਂ ਨੀਰ ਨਹੀਂ ਮੰਗਣਾ ਅਸੀਂ ਆਪਣਾ ਰੱਤ ਆਪ ਚੱਟ ਕੇ ਆਗਾਜ਼ ਤੋਂ ਅੰਜਾਮ ਤਕ ਪਹੁੰਚਣਾ ਹੈ ।

ਅਗਲਾ ਮੋੜ

ਬੜੀ ਅਜੀਬ ਕੁੜੀ ਸੀ ਉਹ ਮਿਲੀ ਸੀ ਅਜੀਬ ਜਿਹੇ ਮੋੜ ਉਤੇ ਜੋ ਉੱਡਦੀਆਂ ਤਿੱਤਲੀਆਂ ਦੇ ਰੰਗਾਂ ਮਗਰ ਨੱਠਦੀ ਬੱਦਲਾਂ ਦੇ ਪਰਛਾਵੇਂ ਫੜਦੀ ਤੇ ਤੱਕਦੀ ਟਿਮਟਿਮਾਉਂਦੇ ਜੁਗਨੂੰਆਂ ਦੀ ਰੌਸ਼ਨੀ । ਮੈਂ ਜਾ ਰਿਹਾ ਸਾਂ ਨੰਗੇ ਸਿਰ, ਨੰਗੇ ਪੈਰੀਂ ਆਪਣੀ ਹੀ ਤੋਰ ਵਿਚ ਮਗਨ ਨਾ ਮੇਰੇ ਸਿਰ ਤੇ ਕਲਗੀ ਸੀ ਤੇ ਨਾ ਹੀ ਮੇਰੀ ਹਥੇਲੀ ਤੇ ਜਗ ਰਿਹਾ ਦੀਵਾ ਬੱਸ ਮੱਥੇ ਤੇ ਲਮਕ ਰਹੀ ਸੀ ਸੋਚ ਦੀ ਤਖ਼ਤੀ ਹਿੱਕ ਅੰਦਰ ਧੜਕ ਰਿਹਾ ਕਾਹਲ ਦਾ ਅਹਿਸਾਸ ਤੇ ਪੱਬਾਂ ਦੇ ਹੇਠ ਕੁਝ ਸੇਕ ਜਿਹਾ ਸੀ । ਬੜੀ ਅਜੀਬ ਕੁੜੀ ਸੀ ਉਹ ਬਿਨ ਅੱਖ ਝਪਕੇ ਮੇਰੇ ਸਾਹਵੇਂ ਖਲੋਤੀ ਰਹੀ ਬੁੱਲ੍ਹਾਂ ਤੇ ਮਿਸ਼ਰੀ ਦੀ ਡਲੀ ਖੋਰਦੀ ਵਾਰ ਵਾਰ ‘ਮੋਹ' ਦੇ ਅਰਥ ਪੁੱਛਦੀ ਰਹੀ ਤੇ ਇੱਕ ਦਮ ਅਚਾਨਕ ਜਿਵੇਂ ਲਿਸ਼ਕਦੀ ਅਕਾਸ਼ 'ਚ ਬਿਜਲੀ ਬਲ ਪੈਂਦੀ ਕਮਰੇ ਦੀ ਬੱਤੀ ਉਹ ਲਿਪਟ ਗਈ ਸਮਝ ਕੇ ਇਕ ਟੂਣਾ ਜਿਹਾ ਮੈਨੂੰ । ਮੈਂ ਸੁੰਨ ਹੋ ਕੇ ਖਲੋਤਾ ਰਿਹਾ ਪੱਥਰ ਦੇ ਇੱਕ ਨਿਰਜਿੰਦ ਬੁੱਤ ਵਾਂਗੂੰ ਮੇਰੀ ਹਿੱਕ ਅੰਦਰੋਂ ਸ਼ਬਦਾਂ ਦੇ ਸਾਰੇ ਖੂਹ ਸੁੱਕ ਗਏ ਮੇਰੇ ਗੀਤਾਂ ਦੇ ਸਾਰੇ ਦੇ ਸਾਰੇ ਬਾਗ਼ ਕੁਮਲਾ ਗਏ । ਨਾ ਮੈਂ ਗੁਲਮੋਹਰ ਸਾਂ, ਨਾ ਮਰਕਰੀ ਟਿਯੂਬ ਤੇ ਨਾ ਹੀ ਸਤਰੰਗੀ ਪੀਂਘ ਮੈਂ ਨਾਹੀਂ ਸਮੀਰ, ਨਾਹੀਂ ਮਹਿਕ ਤੇ ਨਾਹੀਂ ਮਿੱਠਾ ਗੀਤ ਸਾਂ ਖ਼ਬਰੇ ਕਿਉਂ ਉਸਨੂੰ ਮੇਰੇ ਗ਼ਮਗੀਨ ਚਿਹਰੇ 'ਚੋਂ ਖੁਸ਼ੀਆਂ ਦੀ ਵਗਦੀ ਝਨਾਂ ਦਿਸ ਪਈ ਖ਼ਬਰਨੀ ਮੇਰੀਆਂ ਅੱਖਾਂ 'ਚ ਲਟਕਦਾ ਸੀ ਕਿਹੜਾ ਸੁਪਨਾ ਤੇ ਉਹ ਮੇਰੇ ਬੋਲਾਂ 'ਚੋਂ ਬੀਨ ਦੀ ਥਾਂ ਬੰਸਰੀ ਹੀ ਰਹੀ ਸੁਣਦੀ । ਮੈਂ ਤੁਰਦਾ ਰਿਹਾ ਆਪਣੀ ਹੀ ਤੋਰ ਤੇ ਇਹ ਮੇਰੇ ਸਫ਼ਰ ਦਾ ਅਗਲਾ ਮੋੜ ਸੀ ਜਦੋਂ ਮੈਂ ਆਪਣੇ ਆਪ ਨੂੰ ਪਰਤ ਕੇ ਤੱਕਿਆ ਦੂਰ ਮੇਰੀ ਮਾਂ ਖਲੋਤੀ ਸੋਚਦੀ ਸੀ, ਸ਼ਾਇਦ ਕਦੇ ਮੇਰੇ ਪੁੱਤ ਦੇ ਕੰਨਾਂ 'ਚ ਲਟਕਣਗੀਆਂ ਸੋਨੇ ਦੀਆਂ ਨੱਤੀਆਂ ਪੁੱਤ ਮੇਰੇ ਦੇ ਮੱਥੇ ਤੇ ਹੋਵੇਗਾ ਹੀਰੇ-ਜੜਿਆ ਮੁਕਟ ਪਰਤ ਕੇ ਮੈਂ ਤੱਕਿਆ ਸੁੰਨ-ਮਸੋਰਾ ਜਿਹਾ ਘਰ ਜਿੱਥੇ ਬਿਰਧ ਬਾਪ ਦੀਆਂ ਰੀਝਾਂ ਦੇ ਸਿਰਫ਼ ਮਜ਼ਾਰ ਹੀ ਉਸਰਨੇ ਹਨ ਜਿਥੇ ਗੀਤਾਂ ਦੀਆਂ ਹੇਕਾਂ ਦੇ ਸਿਵੇ ਹੀ ਬਲਣੇ ਹਨ । ਪਰ ਦੂਰ ਪਰਲੇ-ਪਾਰ ਤੋਂ ਆਉਂਦੀ ਹੈ ਯਾਰਾਂ ਦੀ ਆਵਾਜ਼ ਜਿਹੜੇ ਸਿਰਫ਼ ਪੁਲਾਂ ਜੋਗੇ ਹੀ ਰਹਿ ਗਏ ਸਨ ਤੇ ਫਿਰ ਇਹੋ ਆਵਾਜ਼ ਜਿਵੇਂ ਮੇਰੀ ਤਾਰੀਖ਼ ਬਣ ਗਈ ਹੋਵੇ । ਤੇ ਮੈਂ ਹੱਥੀਂ ਸਿਰਜੇ ਰਿਸ਼ਤੇ ਦੀ ਨਾਇਕਾ ਨੂੰ ਕਿਹਾ— ਹਾਨਣੇ ! ਤੂੰ ਵਿਚਰਦੀ ਰਹੁ ਸੁਪਨਿਆਂ ਦੇ ਸਵਰਗ ਅੰਦਰ ਤੇ ਪਰੋਂਦੀ ਰਹੁ ਖ਼ਤਾਂ ਦੀ ਡੋਰ ਵਿਚ ਮਹਿਕਦੇ ਸ਼ਬਦਾਂ ਦੀ ਮਾਲਾ ਤੇ ਕਰਦੀ ਰਹੁ ਚੁੰਮ ਚੁੰਮ ਕੇ ਕਾਗਜ਼ ਦੀ ਤਸਵੀਰ ਗਿੱਲੀ ੧ ਮੈਂ ਜਾਣਦਾ ਹਾਂ ਤੂੰ ਕਰਦੀ ਹੋਵੇਂਗੀ ਅਜੇ ਵੀ- ਘਰ ਦੇ ਅੱਧ-ਖੁੱਲੇ ਬੂਹੇ 'ਚ ਖਲੋਤੀ ਕਾਗ਼ਜ਼ ਦੇ ਪੁਰਜ਼ੇ ਲਈ ਕਾਸਦ ਦੀ ਉਡੀਕ ਮੈਂ ਜਾਣਦਾ ਹਾਂ ਕਿ ਤੈਨੂੰ ਅਜੇ ਵੀ- ਆਪਣੇ ਬੁੱਲ੍ਹਾਂ ‘ਚੋਂ ਆਉਂਦੀ ਹੋਵੇਗੀ ਮੇਰੇ ਸਾਹਾਂ ਦੀ ਹਵਾੜ ਆਪਣੀ ਟੇਬਲ ਤੇ ਅਜੇ ਵੀ ਸਜਾ ਕੇ ਰੱਖਿਆ ਹੋਵੇਗਾ ਮੇਰਾ ਭੇਜਿਆ ਨਵ-ਵਰਸ਼ ਦਾ ਮੁਬਾਰਕ-ਪੱਤਰ ਪਰ ਮੈਂ ਹਾਂ ਕਿ ਜਿਸਦੀ ਡਾਇਰੀ ਦਾ ਹਰ ਪੰਨਾ ਕੋਰਾ ਹੈ ਮੈਂ ਹਾਂ ਕਿ ਜਿਸਨੂੰ ਚੰਗੇ ਨਹੀਂ ਲਗਦੇ ਕੰਧਾਂ ਤੇ ਚਿਪਕਾਏ ਲੱਕੜ ਦੇ ਬਾਜ਼ । ਹਾਨਣੇ ! ਜੇ ਤੈਂ ਨਾਇਕਾ ਹੀ ਬਣ ਕੇ ਜੀਣਾ ਹੈ ਤਾਂ ਆ ਮੇਰੇ ਨਾਲ ਉਡਦੇ ਰੇਤੇ ਦੇ ਨਜ਼ਾਰੇ ਵੇਖ ਆ ਵੇਖ ਕਿੰਜ ਹੋਣੀਆਂ ਦੇ ਪੁੱਤ ਜੰਗਲਾਂ 'ਚੋਂ ਦੀ ਗੁਜ਼ਰਦੇ ਨੇ । ਉਹ ਮੋੜ ਤਾਂ ਮੈਂ ਦੂਰ ਛੱਡ ਆਇਆ ਹਾਂ ਮਿਲੀ ਸੀ ਜਿੱਥੇ ਤੂੰ ਪਹਿਲ-ਵਾਰੀ ਪਹਿਲੇ ਮੋੜ ਤੇ ਅਗਲੇ ਮੋੜ ਵਿਚ ਬੜਾ ਭਾਰੀ ਅੰਤਰ ਹੈ ਫ਼ਰਕ ਸਿਰਫ਼ ਵਿੱਥਾਂ ਜਾਂ ਉਮਰਾਂ ਦਾ ਹੀ ਨਹੀਂ ਹੁੰਦਾ ਫ਼ਰਕ ਤਾਂ ਨੀ ਕਮਲੀਏ ਸੋਚਾਂ ਦਾ ਵੀ ਹੁੰਦਾ ਹੈ ।

ਪਰਤਣ ਤੋਂ ਬਾਦ

ਦੱਸੋ ਤੇ ਸਹੀ, ਦੁੱਧ ਜਿਹੇ ਯਾਰੋ ! ਇਹ ਕਿਸ ਪਾਪਣ ਰੁੱਤ ਦਾ ਚਿਹਰਾ ਹੈ ? ਤੇ ਇਸ ਰੁੱਤੇ ਕਿਉਂ ਧੁੱਪ ਦੇ ਬਸਤ੍ਰ ਕਬੂਤਰੋਂ, ਕੱਜਣ ਨਹੀਂ ਬਣਦੇ ? ਕਿਉਂ ਕਦੇ ਪਾਣੀ ਦੀਆਂ ਦਿਲਦਾਰ, ਦੀਵਾਰਾਂ ਨਹੀਂ ਉੱਸਰਦੀਆਂ ? ਪੌਣਾਂ ਤਾਂ ਬੱਸ ਕਾਸਦ ਦੀ ਭੂਮਿਕਾ ਹੀ ਨਿਭਾਉਂਦੀਆਂ ਹਨ ਕਦੇ ਗੋਰੀਆਂ ਬਾਹਵਾਂ ਨਹੀਂ ਬਣਦੀਆਂ ਕਦੇ ਘੁੱਟ ਜੱਫ਼ੀਆਂ ਨਹੀਂ ਪਾਉਂਦੀਆਂ । ਉਹ ਕਿੱਥੇ ਗੁੰਮ ਹੈ, ਨਾਦਾਨ ਜਿਹਾ ਬਿਰਖ ਦੀ ਪੱਤੀ ਪੱਤੀ 'ਤੇ ਉੱਕਰਿਆ ਹੈ ਨਾਮ ਜਿਸਦਾ ਉਹ ਕਿੱਥੇ ਗੁੰਮ ਹੈ, ਨਿਰੀ ਮਿਸ਼ਰੀ ਜਿਹਾ ਹਵਾਵਾਂ 'ਚੋਂ ਜਿਸਦੇ ਸਾਹਾਂ ਦੀ ਆਵਾਜ਼ ਸੁਣਦੀ ਹੈ ਉਹ ਕਿੱਥੇ ਗੁੰਮ ਹੈ, ਮਾਸੂਮ ਹਉਕੇ ਜਿਹਾ ਹਰ ਆਈਨੇ 'ਚ ਜਿਸਦਾ ਅਕਸ ਆ ਉਤਰਦਾ ਹੈ । ਐ ਮੇਰੇ ਖ਼ੁਦਾ ! ਇਹ ਕਿਹੀ ਹੋਣੀ ਹੈ ਕਿ ਉੱਕਰੀਆਂ ਪੈੜਾਂ ਦੇ ਸਫ਼ਰ ਤੋਂ ਪਰ੍ਹਾਂ ਭਟਕਣਾ ਹੈ ਭੁੱਜਦੀ ਰੇਤ ਜਿਹੀ ਜਾਂ ਮੌਤ ਹੈ ਬਦਬਖ਼ਤ ਹਿਚਕੀ ਜਿਹੀ ਨਾ ਹੀ ਪਰਤਣਾ ਸਾਡੇ ਲਈ ਸੌਖਾ ਨਾ ਭੱਜ ਜਾਣਾ ਤੇ ਨਾ ਹੀ ਡੁੱਬ ਜਾਣਾ । ਤੇ ਪੈੜਾਂ ਵੀ ਚੰਦਰੀਆਂ, ਛੋਂਹਦਿਆਂ ਹੀ ਉੱਡ ਗਈਆਂ ਤਿੱਤਰਾਂ ਦੇ ਵਾਂਗ ਤੇ ਬਾਹਾਂ ਦੀ ਸੀਮਾ ਭਿੱਜੀਆਂ ਪਲਕਾਂ ਤੋਂ ਅਗਾਂਹ ਨਹੀਂ ਹੁੰਦੀ ਹੋਠ ਤਾਂ ਕਦੋਂ ਦੇ ਜੰਦਰੇ ਬਣ ਗਏ ਹਨ । ਕੱਟਕੇ ਆਪਣੇ ਹੀ ਦੁਆਲੇ ਇਕ ਚੱਕਰ ਹੁਣ ਤਾਂ ਪਰਤ ਆਏ ਹਾਂ ਅਸੀਂ ਮਨ ਆਪਣੇ ਦੀ ਹਦੂਦ ਵਿਚ ਮਨ ਕਿ ਜਿੱਥੋਂ ਦੀ ਹਰ ਰੁੱਤ ਰੋਹੀ ਹੈ । ਅਸੀਂ ਪਰਤ ਆਏ ਹਾਂ ਮੌਤ ਦੀ ਤਿਲਕਵੀਂ ਦੰਦੀ ਤੋਂ ਥਕੇ ਜਿਹੇ, ਹਾਰੇ ਜਿਹੇ, ਮਾਯੂਸ ਜਿਹੇ । ਤੇ ਹੁਣ ਹਾਲਤ ਹੈ ਬੜੀ ਬੁਜ਼ਦਿਲਾਂ ਜਿਹੀ ਤਨ ਹੈ ਰੁੱਖੋਂ ਝੜਦੇ ਪੀਲੇ ਪੱਤੇ ਜਿਹਾ ਤੇ ਸਿਮਟਿਆ ਛਾਤੀ 'ਚ ਸਹਿਮੇ ਬੋਟ ਵਾਂਗੂੰ ਇੱਕ ਮਘਦਾ ਹੌਲ ਜਿਹਾ। ਤਾਪ ਦੀ ਨੀਮ ਘੂਕਰ ਜਿਹੀ ਜਿਉਂ ਕਿਸੇ ਦੇ ਸਿਰ 'ਚ ਗੁਮ ਗਈ ਹੋਵੇ ਸਫ਼ਰ ਦਾ ਥਕੇਵਾਂ ਜਿਉਂ ਕਿਸੇ ਪਾਂਧੀ ਦੇ ਪੈਰਾਂ 'ਚ ਘੁਲ ਗਿਆ ਹੋਵੇ । ਤੇ ਹੁਣ ਹਾਲਤ ਹੈ ਬੜੀ ਬੁਜ਼ਦਿਲਾਂ ਜਿਹੀ ।

ਨਤਾਰਾ

ਮੈਂ ਸਾਹਿਬਾਂ ਦੀ ਵਫ਼ਾ ਦਾ ਹਰਦਮ ਕਾਇਲ ਨਹੀਂ ਜਿਸ ਮੇਰਾ ਤੀਰਾਂ ਨਾਲ ਭਰਿਆ ਤਰਕਸ਼ ਜੰਡ ਤੇ ਟੰਗ ਦਿੱਤਾ ਸੀ। ਜੋ ਦੁੱਧ ਤੇ ਪਾਣੀ ਵਾਂਗ ਰਿਸ਼ਤਿਆਂ ਦਾ ਨਤਾਰਾ ਨਾ ਕਰ ਸਕੀ । ਜੋ ਦੁਬਿਧਾ ਦੀ ਹਨ੍ਹੇਰੀ ਗੁਫ਼ਾ ਵਿਚ ਕਿਤੇ ਦੂਰ ਚਲੀ ਗਈ । ਮੈਂ ਤਾਂ ਇੱਕ ਗੋਲੀ ਵਾਂਗ ਸ਼ੂਕਦੀ ਆਵਾਜ਼ ਦਾ ਆਸ਼ਕ ਹਾਂ ਮੈਂ ਤਾਂ ਯਾਰ ਹਾਂ ਆਕਾਸ਼ ਵਿਚ ਲਿਸ਼ਕਦੀ ਬਿਜਲੀ ਦਾ । ਮੇਰੇ ਤਰਕਸ਼ ਵਿਚ ਤੀਰ ਵੀ ਹਨ, ਤੁਫ਼ੰਗ ਵੀ ਤੇ ਸੱਪਾਂ ਦੇ ਸਪੋਲੀਏ ਵੀ ।

ਬਹੁਤ ਔਖਾ ਹੈ

ਯਾਰ ਬਹੁਤ ਔਖਾ ਹੈ ਲੰਘਣਾ ਆਪਣੇ ਹੀ ਮਨ ਦੇ ਦਰਵਾਜ਼ਿਆਂ ਥਾਣੀਂ। ਤਿਪ ਤਿਪ ਡਿਗਦਾ ਰਹੇ ਜੇ ਜੀਭ ਤੇ ਧਤੂਰਿਆਂ ਦਾ ਰਸ ਫਿਰਦਾ ਰਹੇ ਅੱਖ 'ਚ ਜੇ ਕੰਡ ਦਾ ਭਰਿਆ ਕਸੀਰ ਤਾਂ ਜਿਉਣ ਦੇ ਹੱਜ ਦੀ ਕਿਤਾਬ ਦਾ ਕੋਈ ਵਰਕਾ ਸਾਬਤ ਨਹੀਂ ਰਹਿੰਦਾ। ਆਖਰ ਹਥੇਲੀਆਂ ਤੇ ਕੋਈ, ਕਿੰਨਾ-ਕੁ ਚਿਰ ਆਪਣਾ ਬੇਕਫ਼ਨ ਧੜ ਚੁੱਕੀ ਫਿਰੇਗਾ। ਕਦੇ ਸ਼ਬਦ ਨੰਗੀ ਤਲਵਾਰ ਬਣਦੇ ਹਨ ਕਦੇ ਚੁੱਪ ਬਣ ਜਾਂਦੀ ਲਟਕਦੀ ਫਾਹੀ ਇਸ ਪੈਰ ਤੇ ਵੀ ਮੌਤ ਉਸ ਪੈਰ ਤੇ ਵੀ ਮੌਤ ਜ਼ਿੰਦਗੀ ਦੀ ਉਮਰ ਹੁਣ ਬੱਸ ਇਕ ਕਦਮ ਤੋਂ ਲੰਮੀ ਨਹੀਂ । ਜਿਸਮ ਦੀ ਇਬਾਰਤ ਕਿ ਜਿਸਦੀ ਹਰ ਦੀਵਾਰ ਤਿੜਕ ਚੁੱਕੀ ਹੈ ਤੇ ਮਨ ਦਾ ਪੰਛੀ ਵਿਚਾਰਾ ਵਿਰਲਾਂ 'ਚੋਂ ਆਲ੍ਹਣੇ ਲੱਭਦਾ ਹੈ । ਅੱਖਾਂ ਖੁਸ਼ਕ ਮਾਰੂਥਲ ਹਨ ਉਂਜ ਜੇ ਭਲਾ ਸਮੁੰਦਰ ਵੀ ਛਲਕ ਪਵੇ ਤਾਂ ਵੀ ਪਿਆਸ ਦਾ ਇਸ਼ਤਿਹਾਰ ਨਹੀਂ ਭੱਜਦਾ । ਮੈਂ ਜਦੋਂ ਵੀ ਉਡਣ ਲਈ ਸੋਚਿਆ ਤਾਂ ਮੇਰੀ ਮਾਂ ਨੇ ਕਿਹਾ- 'ਚੰਦਰਿਆ ਹਵਾਵਾਂ ਦੇ ਵੀ ਦੰਦ ਹੁੰਦੇ ਹਨ । ਬੋਚ ਬੋਚ ਕੇ ਆਪਣੀ ਹੀ ਛਾਂ 'ਚ ਮੈਂ ਕਦਮ ਧਰਦਾ ਰਿਹਾ ਮਤੇ ਧੁੱਪ ਦੀ ਤਪਦੀ ਹੋਈ ਲੋਹ ਮੇਰੇ ਪੈਰਾਂ ਨਾਲ ਸੰਬੰਧ ਨਾ ਜੋੜ ਬੈਠੇ । ਹੁਣ ਤਾਂ ਪੈਰ ਰੇਤ ਵਿਚ ਖੁਭੇ ਹੋਏ ਹਨ ਹੱਥ ਸੁੱਕੀ ਕਿੱਕਰੀ ਤੇ ਲਟਕਦੇ ਹਨ ਬਿਟ ਬਿਟ ਤਕਦੀਆਂ ਅੱਖਾਂ ਟਰੈਫ਼ਿਕ-ਲਾਈਟ ਤੋਂ ਬਿਨਾਂ ਕੁਝ ਵੀ ਨਹੀਂ । ਕਦੇ ਮੈਂ ਸੜਕਾਂ ਤੇ ਤੁਰਦਾ ਸਾਂ ਤੇ ਹੁਣ ਸੜਕਾਂ ਮੇਰੇ ਗਲੇ 'ਚ ਲਟਕਦੀਆਂ ਹਨ ਮਰੇ ਹੋਏ ਸੱਪ ਬਣਕੇ । ਸ਼ਬਦ ਕਦੇ ਮੇਰਾ ਸਾਥ ਦਿੰਦੇ ਸਨ ਤੇ ਹੁਣ ਕੱਚ ਦੀਆਂ ਕੀਚਰਾਂ ਵਾਂਗ ਹਿੱਕ 'ਚ ਰੜਕਦੇ ਹਨ । ਅਜਿਹੀ ਰੁੱਤ ਵਿਚ ਸੂਲੀ ਤੇ ਲਟਕਣ ਵਾਂਗ ਹੈ, ਤਿੱਥਾਂ-ਤਿਓਹਾਰਾਂ ਤੇ ਹੀਰ ਗਾਣੀ । ਆਪਣੀ ਹੀ ਛਾਂ ਨੂੰ ਮਾਣਨਾ ਆਪਣੀ ਹੀ ਦੇਹ ਨੂੰ ਚੱਟਣਾ ਤੇ ਯਾਰ ਬਹੁਤ ਔਖਾ ਹੈ ਲੰਘਣਾ ਆਪਣੇ ਹੀ ਮਨ ਦੇ ਦਰਵਾਜ਼ਿਆਂ ਥਾਣੀਂ ।

ਇੱਕ ਪਰਵਾਸੀ ਹੋਰ

ਤੁਸੀਂ ਨਹੀਂ ਦੇਖਿਆ ਮੇਰੀਆਂ ਅੱਖਾਂ 'ਚ ਕਿਵੇਂ ਹੋ ਗਈ ਸੀ ਸੰਗੀਤ ਦੀ ਮੌਤ ਤੇ ਭਟਕਦੀ ਵਿਲਕਦੀ ਸੁਰ ਦੀ ਸੂਰਤ ਦਾ ਦੀਦਾਰ ਸਿਰਫ਼ ਕੋਸੇ ਹੰਝੂਆਂ ਤੋਂ ਹੀ ਹੁੰਦਾ ਹੈ । ਆਪਣੇ ਆਪ ਤੋਂ ਦੂਰ ਉੱਡਕੇ ਜਾਣਾ ਤੇ ਉਹ ਵੀ ਚੋਰਾਂ ਸਮਗਲਰਾਂ ਦੀ ਤਰ੍ਹਾਂ ਤੇ ਵਾਪਸ ਪਰਤਣ ਦਾ ਅਧਿਕਾਰ ਵੀ ਹੱਥਾਂ ਤੋਂ ਰੇਤ ਵਾਂਗ ਝਾੜ ਦੇਣਾ ਆਤਮ-ਹੱਤਿਆ ਜਿਹਾ ਅਹਿਸਾਸ ਹੈ । ਇਹ ਤਾਂ ਸ਼ਾਇਦ ਮੇਰੀ ਹੀ ਰੂਹ ਸੀ ਨਹੀਂ ਭਲਾ ਕੌਣ ਚਾਹੁੰਦਾ ਹੈ ਬੰਜਰਾਂ ਵਿਚ ਵਾ-ਵਰੋਲਿਆ ਦੀ ਜੂਨ ਹੋਠਾਂ ਤੇ ਕਿਸੇ ਗੱਲ ਦਾ ਸ਼ਿਕਵਾ ਨਹੀਂ ਪੈਰਾਂ ਤੇ ਵੀ ਕਾਹਦਾ ਦੋਸ਼ ਮੱਥੇ ਦੀ ਲੀਕ ਹੀ ਜੋ ਗੰਗਾ-ਗੋਦਾਵਰੀ ਨਹੀਂ ਤਾਂ ਚਿੱਟੀ ਬਰਫ਼ ਦੀ ਪਵਿੱਤਰਤਾ ਕਿਉਂ ਗਲ ‘ਚ ਤਬੀਤ ਬਣਕੇ ਲਟਕੀ ਰਹੇ ਕਿੰਨੀ ਵਾਰ ਅਥਰੇ ਮਨ ਨੂੰ ਸਮਝਾਇਆ ਕਿ ਰੇਲ ਇੰਜਨ ਦੀ ਚੀਕ ਭਾਵੇਂ ਕਿੰਨੀ ਸੁਰੀਲੀ ਕਿਉਂ ਨਾ ਹੋਵੇ ਉਹ ਸ਼ਹਿਨਾਈ ਤਾਂ ਨਹੀਂ ਬਣ ਸਕਦੀ । ਤੁਸੀਂ ਮਹਿਸੂਸ ਨਹੀਂ ਕੀਤਾ ਕਿ ਕੋਈ ਕਿਵੇਂ ਆਪਣੇ ਪੈਰੀਂ ਮੌਤ ਦੇ ਦਰ ਤਕ ਪਹੁੰਚਦਾ ਹੈ ਕੋਈ ਕਿਵੇਂ ਟੁੱਟਦੇ ਤਾਰੇ ਨੂੰ ਵੇਖਕੇ ਮਚਲਦਾ ਤੇ ਮੁਸਕਰਾਉਂਦਾ ਹੈ । ਔਰਤਾਂ ਨਾਜ਼ੁਕ ਪਰੀਆਂ ਹੀ ਨਹੀਂ ਸੋਹਣੀਆਂ ਸੂਲਾਂ ਵੀ ਤਾਂ ਹਨ ਜੋ ਵਿੰਨ੍ਹ ਕੇ ਸੁੰਨ ਕਰ ਦਿੰਦੀਆਂ ਨੇ ਸ਼ਾਇਰ ਦਾ ਸੀਨਾ । ਤੇ ਆਪਣੀ ਸਾਰੀ ਅੱਗ ਕੋਈ ਅੱਖਾਂ 'ਚ ਕਿਵੇਂ ਬਾਲ ਸਕਦਾ ਹੈ ਤੁਸੀਂ ਨਹੀਂ ਦੇਖਿਆ ਸਿਰਫ਼ ਇਸ ਦਾ ਅਹਿਸਾਸ ਧਰਤੀ ਤੇ ਡਿੱਗੇ ਅੰਗਾਰ ਜਿਹੇ ਅੱਥਰੂ ਤੋਂ ਹੀ ਹੋ ਸਕਦਾ ਹੈ।

ਟਾਪੂ ਬਨਾਮ ਦੁੱਖ-ਨਿਵਾਰਨ ਔਸ਼ਧਾਲਯ

ਸ਼ੂਕਦੇ ਸਮੁੰਦਰ 'ਚ ਉਹ ਅਜਿਹਾ ਟਾਪੂ ਹੈ ਜਿੱਥੇ ਜੀਵਨ-ਲਹਿਰਾਂ ਦੇ ਭੰਨੇ ਆਦਮ ਤੂਫ਼ਾਨਾਂ ਦੀ ਮਾਰ ਨਾਲ ਟੁੱਟੇ ਹਾਰੇ ਸਾਹ-ਸਤਹੀਣ ਜਿਹੇ ਉਧਾਰੇ ਸਾਹਾਂ ਦੀ ਤਲਾਸ਼ ਵਿਚ ਆ ਡਿਗਦੇ ਹਨ । ਕਈ ਤਾਂ ਜਮਾਂ ਹੀ ਤਰਸ ਦੇ ਪਾਤਰ ਤਰਲਿਆਂ ਭਰੇ ਬੋਲਾਂ 'ਚ ਸਾਹਮਣੇ ਬਿਟ ਬਿਟ ਤਕਦੀ ਐਨਕ ਵੱਲ ਹੱਥ ਪਸਾਰਦੇ ਹਨ ਇਹ ਕਿਸ ਯੁੱਗ ਦਾ ਨੀਲ-ਕੰਠ ਜਿਸਦੀਆਂ ਅੱਖਾਂ 'ਚੋਂ ਆਬੇ-ਹਯਾਤ ਰੇਤ ਵਾਂਗ ਕਿਰਦਾ ਹੈ । ਭਾਜੜ ਤੇ ਅਵਾਜ਼ਾਂ 'ਚ ਘਿਰੀ ਇਹ ਇੱਕ ਲੰਮੀ ਗੁਫ਼ਾ ਗੁਫ਼ਾ ਕਿ ਜਿਸ 'ਚ ਸੰਦਲ ਦੇ ਰੁੱਖ ਹਨ ਤੇ ਇਸ ਸੰਦਲੀ ਛਾਂ 'ਚ ਅਨੇਕਾਂ ਹੀ ਉਹ ਬੈਠੇ ਹਨ ਜਿਨ੍ਹਾਂ ਦਾ ਆਪਣਾ ਪੱਤਣ ਵੀ ਗੁਆਚ ਚੁੱਕਿਆ ਹੈ ਤੇ ਸਿਰ 'ਤੇ ਸ਼ੂਕਦੇ ਤੂਫ਼ਾਨ ਤੋਂ ਬਚਦੇ ਕਿਸੇ ਤਕੜੇ ਤਣੇ ਦੀ ਸ਼ਰਨ ਲੱਭਦੇ ਨੇ । ਤੇ ਮੈਨੂੰ ਇਹ ਨਿਰੀ ਗੁਫ਼ਾ ਹੀ ਨਹੀਂ ਜੰਗ 'ਚੋਂ ਭੱਜੇ ਸੈਨਕ ਦੀ ਛਿਪਨ-ਗਾਹ ਵੀ ਲਗਦੀ ਹੈ । ਤਿੜਕੇ, ਟੁੱਟੇ ਤੇ ਖਿੰਡੇ ਹੋਇਆਂ ਲਈ ਇਹ ਸਮੁੰਦਰੀ-ਟਾਪੂ ਭਾਵੇਂ ਦੁੱਖ-ਨਿਵਾਰਨ ਹੀ ਹੋਵੇ ਪਰ ਕਈਆਂ ਲਈ ਇਹ ਸਵੇਰ ਹੈ ਜਦੋਂ ਨਬਜ਼ ਦਿਖਾਈ ਜਾਂਦੀ ਹੈ ਕਈਆਂ ਲਈ ਸ਼ਾਮ ਹੈ ਜਦੋਂ ਸ਼ਾਇਰਾਂ ਦੀ ਮਹਿਫ਼ਲ ਸਜਾਈ ਜਾਂਦੀ ਹੈ । ਕਈਆਂ ਲਈ ਇਹ ਸਿਰਫ਼ ਸੈਰ-ਗਾਹ ਤੇ ਕਈਆਂ ਲਈ ਨਿਰਾ ਪਲੇਟ-ਫ਼ਾਰਮ ਹੀ ਹੈ ਜਿੱਥੇ ਉਹ ਗੱਡੀ ਦੀ ਉਡੀਕ ਕਰਦੇ ਹਨ ਤੇ ਬੱਸ ਤੁਰ ਜਾਂਦੇ ਹਨ । ਇੱਥੇ ਗਿਰਗਿਟਾਂ ਵੀ ਆਉਂਦੀਆਂ ਨੇ ਚੀਨੇ ਕਬੂਤਰ ਵੀ ਜਿਨ੍ਹਾਂ ਲਈ ਇਹ ਸਿਰਫ਼ ਵੱਜ ਰਿਹਾ ਟਰਾਂਜ਼ਿਸਟਰ ਹੈ ਜਿੱਥੇ ਬਾਲਕ ਦੇ ਗੁੰਮ ਹੋ ਜਾਣ ਤੋਂ ਲੈ ਕੇ ਰੇਲਵੇ ਹੜਤਾਲ ਤਕ ਦੀ ਹਰ ਖ਼ਬਰ ਮਿਲਦੀ ਹੈ। ਇੱਥੇ ਕਦੇ ਚਿੱਟੇ, ਕਦੇ ਨੀਲੇ, ਕਦੇ ਕਾਲੇ ਤੇ ਕਦੇ ਉਹ ਵੀ ਜਿਨ੍ਹਾਂ ਦਾ ਕੋਈ ਰੰਗ ਨਹੀਂ ਚਿਹਰਿਆਂ ਤੇ ਓੜਕੇ ਨਕਾਬ ਚਲੇ ਆਉਂਦੇ ਨੇ ਜਿਨ੍ਹਾਂ ਲਈ ਇਹ ਟਾਪੂ ਅਖ਼ਬਾਰ ਦੀ ਸੁਰਖ਼ੀ ਤੇ ਸਿਰਫ਼ ਸੁਰਖ਼ੀ, ਜਾਂ ਇੱਕ ਕਾਲਮ ਤੋਂ ਵੱਧ ਨਹੀਂ । ਇੱਕ ਬੜਾ ਅਜੀਬ ਜਿਹਾ ਬਾਗ਼ ਏਸ ਟਾਪੂ ਦੀ ਛਾਤੀ 'ਚ ਉੱਗਿਆ ਹੈ ਜੀਹਦੀਆਂ ਟਾਹਣੀਆਂ ਤੇ ਟੀਰ ਮਾਰਦੇ ਤੋਤਿਆਂ ਦੀ ਡਾਰ ਕੋਈ ਮਾਸੂਮ ਚਿੜੀਆਂ ਦਾ ਚਹਿਚਹਾਉਂਦਾ ਚੰਬਾ ਜੀਹਦੇ ਪੱਤਿਆਂ ਦੇ ਅਗਨ-ਬਾਣਾਂ ਦੀ ਛਾਪ ਜੀਹਦੇ ਸ਼ਗੂਫ਼ਿਆਂ 'ਚ ਦਹਿਕਦੇ ਅੱਗ ਦੇ ਫੁੱਲ ਜਿਸਦੇ ਪੈਰਾਂ 'ਚ ਗਲਹਿਰੀ ਦੀ ਕਿਟਰ ਕਿਟਰ ਤੇ ਮਰ ਚੁੱਕੇ ਸੱਪਾਂ ਦੀਆਂ ਖੰਡਰ ਵਰਮੀਆਂ ਵੀ। ਇੱਥੇ ਚੱਕਰ ਕੱਟਦੇ ਧੁਨੀਆਂ ਦੇ ਮਲੰਗ ਪੁੱਤ ਤੇ ਸ਼ਾਹ-ਫ਼ਕੀਰ ਪਾਉਂਦੇ ਨੇ ਪੈਲਾਂ ਪਰ ਆਉਣ ਵਾਲਾ ਇੱਕ ਉਹ ਵੀ ਹੈ, ‘ਕਾਲਾ ਆਦਮੀ' ਜਿਸਦਾ ਜੱਗ ਜਹਾਨ ਵਿਚ ਕੋਈ ਨਹੀਂ ਜੋ ਬੁੱਧ ਤੋਂ ਮਾਓ ਤਕ ਦੀ ਹਰ ਤਸਵੀਰ ਆਪਣੀ ਤਸਵੀਰ ਨਾਲ ਮੇਲ ਕੇ ਵੇਖਦਾ ਹੈ । ਇੱਕ ਹੋਰ ਬੜਾ ਹੀ ਅਜੀਬ ਜਿਹਾ ਪਾਤਰ ਹਰ ਰੋਜ਼ ਸਮੁੰਦਰ ਤਰਕੇ ਖ਼ਬਰੇ ਕਿਹੋ ਜਿਹੀ ਉਦਾਸੀ ਕਰਨ ਆਉਂਦਾ ਹੈ ਵਰਕੇ ਫਰੋਲਦਾ, ਤਸਵੀਰਾਂ ਨੂੰ ਚੁੰਮਦਾ ਅਜਨਬੀਆਂ ਦੇ ਢਿੱਡ ਥਾਪੜਦਾ ਤੇ ਚਾਣਚੱਕ ਬੋਹਕਰਾ ਜਿਹਾ ਮਾਰਦਾ ਆਖ਼ਰ ਸਮੁੰਦਰ 'ਚ ਠਿੱਲ ਜਾਂਦਾ ਹੈ । ਸਮੁੰਦਰ 'ਚ ਤੈਰਦੀਆਂ ਸਿੱਪੀਆਂ ਜੋ ਅਕਸਰ ਦੂਰੋਂ ਹੀ ਸਲਾਮ ਆਖ ਲੰਘ ਜਾਂਦੀਆਂ ਹਨ ਨਹੀਂ ਜਾਣਦੀਆਂ ਕਿ ਇਹ ਤਾਂ ਇਬਾਦਤ-ਗਾਹ ਹੈ ਜਿੱਥੇ ਦੁਖੀਆਂ ਦੇ ਰੋਗ ਟੁੱਟਦੇ ਨੇ ਕਿ ਇਹ ਤਾਂ ਇੱਕ ਟਾਪੂ ਹੈ ਜਿੱਥੇ ਇੱਕ ਪੂਰੇ ਦਾ ਪੂਰਾ ਸੰਸਾਰ ਵਸਦਾ ਹੈ।

ਮਾਣ ਵੀ ਕਰੀਏ ਤਾਂ...

ਮਾਣ ਵੀ ਕਰੀਏ ਤਾਂ ਕਾਹਦਾ ਕਰੀਏ ਨਾ ਕਦਮ ਹਨ, ਨਾ ਹੱਥ ਹਨ ਸਿਰ ਤਾਂ ਸਜਦੇ ਕਰਦਿਆਂ ਹੀ ਘਸ ਗਿਆ ਬੋਲ ਉੱਡੇ ਤੇ ਹਵਾ ਵਿਚ ਮਰ ਮਿਟ ਗਏ । ਬਿਨ ਸਿਰ ਤੁਰਿਆ ਤਾਂ ਪ੍ਰਵਾਨ ਕਿਵੇਂ ਹੋਵਾਂਗਾ ਚੁੱਪ-ਚਪੀਤਾ ਗਿਆ ਤਾਂ ਜੱਗ ਉਲਾਂਭਾ ਦੇਵੇਗਾ ਜੇ ਖੌਰੂ ਪਾਉਣ ਦੀ ਵੀ ਸੋਚਦਾ ਹਾਂ ਤਾਂ ਇਲਜ਼ਾਮ ਤੋਂ ਡਰਦਾ ਹਾਂ । ਮੈਂ ਜੋ ਜੰਡ ਦੀ ਥਾਵੇਂ ਧਰਤੀ 'ਚ ਡੂੰਘੇ ਦੱਬ ਕੇ ਆਪਣੇ ਹੀ ਤੀਰ ਪੱਖੇ ਦੀ ਘੂਕੀ 'ਚ ਲੰਮੀਆਂ ਤਾਣ ਕੇ ਸੁੱਤਾ ਰਿਹਾ ਤੇ ਮੇਰੀ ਸਾਹਿਬਾਂ ਲਾਲ ਕਿਲੇ ਦੀ ਫ਼ਸੀਲ ਤੋਂ ਹਰ ਵਰ੍ਹੇ ਮਜਬੂਰਨ ਡਿੱਗ ਕੇ ਖੁਦਕਸ਼ੀ ਕਰਦੀ ਰਹੀ । ਮੈਂ ਜੋ ਵਤਨ ਦੀ ਤਕਦੀਰ ਦੀਆਂ ਮੀਢੀਆਂ ਗੁੰਦਣ ਸੁਪਨੇ ਸਜਾਉਂਦਾ ਰਿਹਾ ਝੁੱਗੀ ਦੀ ਛੱਤ ਤੋਂ ਕਿਰੀਆਂ ਤੀਲਾਂ ਜੋੜ ਜੋੜ ਤਾਜ-ਮਹਿਲ ਦਾ ਨਕਸ਼ਾ ਘੜਦਾ ਰਿਹਾ । ਮੈਂ ਜੋ ਗ਼ਮਾਂ ਦੇ ਅਹਿਸਾਸਾਂ ਦੀ ਬਰਫ਼ ਹੇਠ ਨਿਸ ਦਿਨ ਦੱਬਦਾ ਰਿਹਾ ਗ਼ਮ ਨਾ ਕਰਿਓ, ਜੇ ਵਕਤ ਮਿਲਿਆ ਤਾਂ ਕਦੇ ਨਾ ਕਦੇ ਪੁੰਗਰਾਂਗਾ ਜ਼ਰੂਰ ਤੇ ਰੱਜਿਆ ਸ਼ਰਾਬ ਦਾ ਬੱਕਰੇ ਵੀ ਬੁਲਾਵਾਂਗਾ । ਮੈਂ ਠਕੋਰਾਂਗਾ ਫੇਰ ਵੀ ਉਹਦੇ ਬੂਹੇ ਮੈਂ ਫੇਰ ਵੀ ਕੋਲੇ ਸੰਗ ਵਾਹ ਕੇ ਜਾਵਾਂਗਾ ਲੀਕ ਕੰਧੋਲੀ ਤੇ । ਪਰ ਹਾਲ ਦੀ ਘੜੀ ਤਾਂ ਮਾਣ ਵੀ ਕਰੀਏ ਤਾਂ ਕਾਹਦਾ ਕਰੀਏ ? ਨਾ ਕਦਮ ਹਨ, ਨਾ ਹੱਥ ਹਨ ਸਿਰ ਤਾਂ ਸੱਜਦੇ ਕਰਦਿਆਂ ਹੀ ਘਸ ਗਿਆ ਬੋਲ ਉੱਡੇ ਤੇ ਹਵਾ ਵਿਚ ਮਰ ਮਿਟ ਗਏ ।

ਮਨਾਂ ਮੇਰਿਆ !

ਤੂੰ ਵਾ-ਵਰੋਲਿਆਂ ਦੀ ਤੋਰ ਨਾ ਤੁਰ ਮਨਾਂ ! ਭੰਵਰ ਦੀ ਜੂਨ ਜਿਸ ਵੀ ਭੋਗੀ ਹੈ ਉਹ ਕਦੇ ਪਾਰ ਨਹੀਂ ਪਹੁੰਚਿਆ। ਉਂਜ ਭਲਾ ਸਿੱਧੀਆਂ-ਸਪਾਟ ਪਗਡੰਡੀਆਂ ਤੇ ਵੀ ਮਰ ਜਾਣੇ ਦਾਰ ਦੇ ਦੀਵਾਨੇ ਕਦ ਤੁਰੇ ਨੇ ਬੰਨ੍ਹ ਕੇ ਮੱਥੇ ਤੇ ਕਾਲੀ ਲੀਰ ਧਾਰ ਕੇ ਮਿਟ ਜਾਣੇ ਪਰਵਾਨੇ ਦਾ ਰੂਪ ਲਾਟ ਦੀ ਸੱਗੀ ਨੂੰ ਚੁੰਮ ਲੈਣਾ ਸੌਖਾ ਨਹੀਂ ਮੋਹ ਦੇ ਮਹਿਲ ਇੱਟ ਇੱਟ ਕਰ ਕੇ ਉਸਾਰੇ ਕਦ ਕਿਸ ਚਾਹੇ ਨੇ ਪਹਿਲੇ ਅਥਰੂ ਦੇ ਵਰ੍ਹਣ ਤੇ ਹੀ ਤਿੜਕ ਜਾਣ । ਮਨਾਂ ! ਜੇ ਪਹਿਲੀ ਪੁਲੀ ਤੇ ਹੀ ਬਹਿ ਗਿਓਂ ਤਾਂ ਸਫ਼ਰ ਕਿੰਜ ਮੁੱਕੇਗਾ ਤ੍ਰਹਿਕ ਨਾ ਪੈਰ ਪੈਰ ਤੇ ਪ੍ਰੀਖਿਆ ਆਉਣੀ ਹੈ ਕਦਮ ਕਦਮ ਤੇ ਸੱਚ ਦੇ ਸ਼ਹਿਰ ਦੀ ਰੌਸ਼ਨੀ ਦਾ ਦੀਦਾਰ ਹੋਣਾ ਹੈ । ਮਨਾਂ ! ਐਵੇਂ ਭਰਮ-ਭੁਲੇਖਿਆਂ ਵਿਚ ਨਾ ਰਹੀਂ ਸੱਚ ਨਾ ਕਾਲੀ-ਕਲਫ਼ ਨਾਲ ਤੇ ਨਾਹੀਂ ਕਾਲੀ-ਕੰਬਲੀ ਨਾਲ ਲੁਕਦੈ ਸੱਚ ਤਾਂ ਸੂਰਜ ਵਾਂਗ ਅਲਫ਼ ਨੰਗਾ ਹੋ ਹਿੱਕ ਤੇ ਖੇਮਾ ਗੱਡ ਬਹਿੰਦੈ । ਮਨਾਂ ! ਆ ਛੱਡ ਪਰ੍ਹਾਂ ਮਰ ਗਿਆਂ ਦੀਆਂ ਗੱਲਾਂ ਮਨੋਂ ਲਾਹ ਦੇ ਤੁਰ ਗਿਆਂ ਦਾ ਝੋਰਾ ਲਿਖਦੇ ਹਕੀਕਤ ਥਿਰਕਦੇ ਪਾਰੇ ਦੀ ਇਸ਼ਕ-ਮੱਤੀ ਮੂਨਾਂ ਦੀ ਡਾਰ ਦੀ ਜੱਗ ਦੇ ਕਹਿਰ ਦੀ, ਹੰਕਾਰ ਦੀ ਰਿਸ਼ਤਿਆਂ ਤੋਂ ਉਰ੍ਹਾਂ ਦੀ, ਰਿਸ਼ਤਿਆਂ ਤੋਂ ਪਾਰ ਦੀ ਤੇ ਆਪਣੇ ਸੁੰਨ-ਸਰਾਂ ਜਿਹੇ ਸੰਸਾਰ ਦੀ । ਪਰ ਫਿਰ ਸੋਚਦਾ ਸੁੱਖ ਸ਼ਾਂਤੀ ਨੂੰ ਲੋਚਦਾ ਆਖ਼ਰ ਆ ਪਹੁੰਚਦਾ ਹਾਂ ਉਸੇ ਹੀ ਪੜਾ ਤੇ ਕਿ ਤੂੰ ਵਾ-ਵਰੋਲਿਆਂ ਦੀ ਤੋਰ ਨਾ ਤੁਰ ਮਨਾਂ ! ਭੰਵਰ ਦੀ ਜੂਨ ਜਿਸ ਵੀ ਭੋਗੀ ਹੈ ਉਹ ਕਦੇ ਪਾਰ ਨਹੀਂ ਪਹੁੰਚਿਆ । ਹੇ ਪੰਛੀ ਮਨ ਮੇਰੇ ! ਤੂੰ ਕਿਉਂ ਲਾਵੇਂ ਨੀਲਾਂਬਰ 'ਚ ਉਡਾਰੀਆਂ ਮਨਾਂ ! ਲੱਭੇਗਾ ਤੇਰੀ ਨੀਝ ਨੂੰ ਏਡ ਵਿਸਤਾਰ ਭਰੇ ਖ਼ਿਲਾਅ 'ਚੋਂ ਕੀ ਭਲਾ ਟਿਕਿਆ ਰਹੁ ਧਰਤੀ ਤੇ ਹੀ ਨਾ ਪਾ ਬਾਤਾਂ ਅਗੰਮ ਦੀਆਂ ਮਿੱਟੀ 'ਚੋਂ ਹੀ ਲੱਭੇਗਾ, ਭੋਲਿਆ ! ਕਣਕ ਦਾ ਦਾਣਾ ਖ਼ਿਲਾਅ 'ਚੋਂ ਕਦੇ ਕਿਸੇ ਨੂੰ ਚੋਗ਼ ਨਹੀਂ ਲੱਭੀ। ਮਨਾਂ ! ਹੰਸ ਨਾ ਬਣ, ਉਕਾਬ ਨਾ ਬਣ ਤੂੰ ਆ, ਧਰਤ ਤੇ ਆ ਕਬੂਤਰਾਂ ਗੁਟਾਰਾਂ ਸੰਗ ਖੇਡ ਬਾਜਰੇ ਦੇ ਸਿੱਟਿਆਂ ਨੂੰ ਡੁੰਗ ਕਿਸੇ ਝੂਮਦੀ ਸ਼ਹਿਤੂਤ ਦੀ ਟਾਹਣੀ 'ਤੇ ਤੀਲੇ ਜੋੜ ਜੋੜ ਕੇ ਆਲ੍ਹਣਾ ਪਾ ਕਣੀਆਂ ਚ ਭਿੱਜ ਧੁੱਪਾਂ 'ਚ ਨੁਹਾ ਪੁਰੇ ਦੀ ਹਵਾ ਦਾ ਗੀਤ ਸੁਣ ਤੇ ਕਿੱਕਰਾਂ ਦੇ ਫੁੱਲਾਂ ਨੂੰ ਆਪਣਾ ਗੀਤ ਸੁਣਾ ਮਨਾਂ ! ਹੌਸ ਨਾ ਬਣ, ਉਕਾਬ ਨਾ ਬਣ ਤੂੰ ਆ ਧਰਤ ਤੇ ਆ ।

ਕੱਚ ਦੀਆਂ ਕਿਰਚਾਂ

ਮਸੂਮ ਚਿਹਰੇ ਕਤਾਰਾਂ ਦੀ ਕਤਾਰ ਬੈਠੇ ਨੇ ਨੀਮ ਬਲਦੇ ਚਿਰਾਗਾਂ ਦੀ ਤਰ੍ਹਾਂ ਇਨ੍ਹਾਂ ਦੀਆਂ ਅੱਖਾਂ ਵਿਚ ਤਾਰੇ ਕੀਚਰਾਂ ਕੀਚਰਾਂ ਹੋ ਗਏ ਜਿਸਮਾਂ 'ਚ ਬਰਫ਼ ਪਿਘਲ ਗਈ ਪੈਰਾਂ 'ਚ ਟੂਣੇ ਫਿਸ ਪਏ । ਇਹ ਯਤੀਮ ਬੋਲਾਂ ਦੇ ਜਨਮ ਦਾਤੇ ਹਨ ਜਿਨ੍ਹਾਂ ਦੇ ਗਲਾਂ ਵਿਚ ਬਸਤੇ ਤੇ ਬਸਤਿਆਂ 'ਚੋਂ ਮੈਨੂੰ ਕੁਝ ਵੀ ਨਹੀਂ ਲਭਦਾ। ਨਾ ਹੀ ਰਿੜਦੀ ਉਮਰੇ ਚਾਂਦੀ ਦਾ ਮਣਕਾ ਨਾਹੀਂ ਟੱਪਦੀ ਭੈਣ ਦਾ ਗੁਆਚਿਆ ਥਾਲ ਨਾਹੀਂ ਸੁਪਨਿਆਂ ਦੀਆਂ ਕਾਗਜ਼-ਕਿਸ਼ਤੀਆਂ ਨਾਹੀਂ ਹੱਥਾਂ ’ਚੋਂ ਉੱਡਦੇ ਹੋਏ ਬਾਜ਼। ਬਸਤਿਆਂ 'ਚ ਹੈ ਸਿਰਫ਼ ਬੀਮਾਰ ਮਾਂ ਦਾ ਅੱਧ-ਮਰਿਆ ਘੱਗਾ ਜਿਹਾ ਬੋਲ ਰਜਿਸਟਰ 'ਚੋਂ ਨਾਮ ਕੱਟੇ ਜਾਣ ਦਾ ਡਰ ਭੁੱਖੇ-ਢਿੱਡ ਪਹਾੜੇ ਕਹਾਉਣ ਦੀ ਬੇਵਸੀ । ਜਾਂ ਇਕ ਪਾਟੀ ਪੁਸਤਕ ਹੈ ਹਕੂਮਤੇ-ਹਿੰਦ ਦਾ ਮੂੰਹ ਚਿੜਾ ਰਹੀ । ਬੜੀ ਚੰਦਰੀ ਜਿਹੀ ਆਦਤ ਹੈ ਸਾਡੇ ਸਿਰਾਂ ਦੇ ਮਾਲਕ ਦੀ ਮਾਲਕ, ਕਿ ਜਿਨ੍ਹਾਂ ਨੂੰ ਅਦਬ ਦੇ ਅਜੇ ਤਕ ਅਰਥ ਨਹੀਂ ਆਏ । ਜੋ ਕੋਮਲ ਹਿੱਕੜੀਆਂ ਤੇ ਨਿੱਤ ਨਵੇਂ ਪ੍ਰਯੋਗ ਕਰਦੇ ਨੇ ਵੇਖਦਾ ਹਾਂ ਰੋਜ਼ ਚਿੱਟੇ-ਦਿਨ ਹੁੰਦੇ ਨੇ ਮਜ਼ਾਕ ਭੋਲਿਆਂ ਪੰਛੀਆਂ ਦੇ ਪਰ ਕੱਟਣ ਜਿਹੇ ਬਰੂਟਿਆਂ ਦੇ ਬੰਬਲ ਸੂਤਣ ਜਿਹੇ । ਇਹ ਅੱਖਾਂ ਜਿਨ੍ਹਾਂ 'ਚ ਤਾਰੇ ਕੀਚਰਾਂ ਕੀਚਰਾਂ ਹੋ ਗਏ ਇਹ ਜਿਸਮ ਜਿਨ੍ਹਾਂ 'ਚ ਬਰਫ਼ ਪਿਘਲ ਗਈ ਇਹ ਪੈਰ ਜਿਨ੍ਹਾਂ 'ਚ ਟੂਣੇ ਫਿਸ ਪਏ ਇਨ੍ਹਾਂ 'ਚ ਅੱਗ ਕਦੋਂ ਬਲੇਗੀ ? ਅੱਗ, ਜਿਸ ਵਿਚ ਕੱਚ ਦੀਆਂ ਕਿਰਚਾਂ ਨੇ ਸ਼ਮਸ਼ੀਰਾਂ ਬਣਨਾ ਹੈ ।

ਪੈਗੰਬਰ

ਇੱਕ ਉਹ ਹੈ ਅਜੀਬ ਰਾਖ਼ਸ਼ ਜਿਹਾ ਜੋ ਤੁਹਾਡੇ ਵਿਲਕਦੇ ਬੱਚਿਆਂ ਦੇ ਮੂੰਹੋਂ ਚਿਪਰ 'ਚ ਪਵਾ ਕੇ ਤੁਰ ਜਾਂਦਾ ਹੈ ਦੁੱਧ ਦੀ ਚੂਲੀ ਕੁਕਰਮਾਂ ਦੀ ਕਾਲਖ਼ੀ ਗੁਫ਼ਾ ਵਿਚ ਸੁਸਤਾਣ ਲਈ । ਤੇ ਇੱਕ ਉਹ ਹੈ ਨਿਰਾ ਦੁੱਧ ਜਿਹਾ ਜਿਸਨੇ ਸੁਣਕੇ ਤੁਹਾਡੇ ਦੁੱਖਾਂ ਦੀ ਕਹਾਣੀ ਵੇਖਕੇ ਗੁਲਾਬ-ਪੱਤੀਆਂ ਵਰਗੇ ਮਸੂਮਾਂ ਦੇ ਬੁੱਲ ਮੁਰਝਾਏ ਆਪਣੀ ਜ਼ਿੰਦਗੀ ਆਪਣੇ ਹੱਥੀਂ ਦਾਰ ਤੇ ਟੰਗ ਦਿੱਤੀ ਹੈ ਓਏ ! ਗਫ਼ਲਤ ਦੀ ਅਰਧ-ਨੀਂਦਰ 'ਚ ਸੁੱਤਿਓ ਤੁਸੀਂ ਕਿਸ ਨੂੰ ਪੈਗੰਬਰ ਕਹੋਗੇ ? ਸੰਗਮਰਮਰੀ ਫ਼ਰਸ਼ਾਂ ਤੇ ਪਲ ਰਹੀ ਸਰਾਲ ਨੂੰ ਜਾਂ ਸਲ੍ਹਾਬੀ ਕੋਠੜੀ 'ਚ ਰੀਂਗਦੇ ਮਨੁੱਖ ਨੂੰ । ਪਰ ਮੈਨੂੰ ਪਤਾ ਹੈ ਕਿ ਹੁਣ ਅਕਸਰ ਤੁਹਾਡਾ ਉੱਤਰ ਮੇਰੇ ਨਾਲ ਹੀ ਮਿਲੇਗਾ ਕਿਉਂਕਿ ਤੁਸੀਂ ਪੂਰੇ ਯੁੱਗ ਦਾ ਫ਼ਾਸਲਾ ਤਹਿ ਕਰਕੇ ਆਏ ਹੋ। ਤੇ ਹੁਣ ਉਸ ਸੋਚਾਂ, ਸੂਲੀਆਂ, ਸਲੀਬਾਂ ਦੇ ਯੁੱਗ 'ਚ ਨੰਗੇ ਧੜ ਪ੍ਰਵੇਸ਼ ਕਰ ਰਹੇ ਹੋ ਜਿੱਥੇ ਹਰ ਮਨੁੱਖ ਸੀਸ ਨੂੰ ਤਲੀ ਤੇ ਰੱਖੀ ਪੈਗੰਬਰ ਬਣਦਾ ਜਾ ਰਿਹੈ।

ਚਾਂਦਨੀ-ਚੌਕ

ਘਰਾਂ ਨੂੰ ਪਰਤ ਜਾਵੋ ਇਸ ਚੁਰਾਹੇ 'ਚ ਪੈਰ ਨਾ ਧਰਿਓ ਕਿ ਹਰ ਚੁਰਸਤਾ ਹੀ ਮੈਨੂੰ ਹੁਣ ਚਾਂਦਨੀ-ਚੌਕ ਲਗਦਾ ਹੈ । ਕਦੇ ਮੇਰੇ ਗੁਰੂਦੇਵ ਨੂੰ ਇੱਥੇ ਕਦੇ ਨਿਰੇ ਨੂਰ ਨੂੰ ਇੱਥੇ ਸ਼ਹਾਦਤ ਦਾ ਜਾਮ ਪਿਆਇਆ ਗਿਆ ਸੀ ਹਿੰਦ ਦੇ ਮਜ਼ਲੂਮ ਲੋਕਾਂ ਤਾਈਂ ਜ਼ੁਲਮ ਦੀ ਸਿਖ਼ਰ ਦਾ ਅੰਤਮ-ਵਾਕ ਸੁਣਾਇਆ ਗਿਆ ਸੀ । ਤਦੇ ਤੇ ਹਰ ਚੁਰਸਤਾ ਹੀ ਮੈਨੂੰ ਹੁਣ ਚਾਂਦਨੀ-ਚੌਕ ਲਗਦਾ ਹੈ ਘਰਾਂ ਨੂੰ... ਚਹੁੰ-ਦਿਸ਼ਾਵਾਂ 'ਚੋਂ ਹੀ ਇਹ ਕੈਸੀ ਝੁਲ ਪਈ ਹੈ ਹਨ੍ਹੇਰੀ ਨਾ ਤੇ ਜਾਮਾ-ਮਸਜਿਦ ਦਿਸਦੀ ਹੈ ਤੇ ਨਾਹੀਂ ਲਾਲ ਕਿਲੇ ਦਾ ਮੱਥਾ । ਸਾਰਾ ਸ਼ਹਿਰ ਘੂਕ ਸੁੱਤਾ ਸੀ ਜਾਂ ਸਹਿਮ ਗਿਆ ਸੀ ਜਾਂ ਦਿਨੇ ਹੀ ਦਰਵਾਜ਼ਿਆਂ ਦੀ ਥਾਂ ਦੀਵਾਰਾਂ ਉਸਰ ਖਲੋਤੀਆਂ ਸਨ। ਹਾਕਮਾਂ ਦੇ ਮੱਥੇ ਸਰਦ-ਰੁੱਤੇ ਵੀ ਤ੍ਰੇਲੀਓ ਤ੍ਰੇਲੀ ਸਨ । ਯਾਰੋ ! ਸੱਚ ਦੇ ਸਨਮੁੱਖ ਹੋਣਾ ਕਿੰਨਾ ਕਠਨ ਹੁੰਦਾ ਹੈ ਤੇ ਸੱਚ ਤਾਂ ਕਤਲ ਹੋ ਕੇ ਵੀ ਅਨੰਦਪੁਰ-ਮਹਿਕ ਰਿਹਾ ਸੀ ਅਤੇ ਮੇਰੇ ਬਾਲੜੇ ਗੁਰੂ ਦੇ ਚਿਹਰੇ ਤੇ ਟਹਿਕ ਰਿਹਾ ਸੀ । ਅੱਜ ਵੀ ਚਾਂਦਨੀ-ਚੌਂਕ 'ਚੋਂ ਤੁਰਦੀਆਂ ਸੜਕਾਂ ਜੇ ਸੱਚ ਦੀ ਪੁਸ਼ਾਕ ਪਹਿਨ ਲੈਂਦੀਆਂ ਤਾਂ ਕਿੰਨਾ ਚੰਗਾ ਸੀ। ਕਾਸ਼ ! ਲਹੂ ਦੇ ਤੁਪਕੇ ਕੋਈ ਬੀਜ ਹੀ ਹੁੰਦੇ ਜੋ ਮਿੱਟੀ 'ਚ ਸਿੰਮਦੇ ਉੱਗਦੇ ਤੇ ਕੋਈ ਰੁੱਖ ਬਣਦੇ ਅਤੇ ਜਿਨ੍ਹਾਂ ਨੂੰ ਫ਼ਲ ਦੀ ਥਾਂ ਲੋਹੇ ਦੀਆਂ ਢਾਲਾਂ ਲਗਦੀਆਂ ਜੋ ਤਲਵਾਰਾਂ ਦੇ ਮੂੰਹ ਮੋੜ ਸਕਦੀਆਂ । ਦਗ਼ਦੇ ਹੋਏ ਸੂਰਜਾਂ ਦੇ ਫੁੱਲ ਲਗਦੇ ਜੋ ਮਨਾਂ ਦੇ ਘਰ ਵੀ ਰੁਸ਼ਨਾ ਸਕਦੇ ਤੇ ਜਿਨ੍ਹਾਂ ਦੀਆਂ ਟਾਹਣੀਆਂ ਹਵਾ 'ਚ ਝੂਲ ਕੇ ਕੋਈ ਸੱਚ ਦਾ ਪੈਗ਼ਾਮ ਦੇ ਸਕਦੀਆਂ ਕਾਸ਼ ! ਲਹੂ ਦੇ ਤੁਪਕੇ ਕੋਈ ਬੀਜ ਹੀ ਹੁੰਦੇ । ਹੋਰ ਨਹੀਂ ਤਾਂ ਬੁੱਧ ਦੇ ਬੋਹੜ ਵਰਗਾ ਹੀ ਹਸਤਨਾਪੁਰ ਦੀ ਹਿੱਕ 'ਤੇ ਕੋਈ ਚਾਂਦਨੀ-ਰੁੱਖ ਹੁੰਦਾ ਤਾਂ ਕਿ ਮਾਵਾਂ ਜਿਹੀਆਂ ਛਾਵਾਂ ਅੱਗ ਦੇ ਅੰਗਾਰ ਨਾ ਬਣਦੀਆਂ । ਹੇ ਮੇਰੇ ਮੁਰਸ਼ਦ ! ਮੇਰੇ ਰਹਿਬਰ !! ਹੇ ਮੇਰੇ ਗੁਰੂ !!! ਸੱਚ ਤਾਂ ਹੁਣ ਮੇਲੇ 'ਚ ਗੁਆਚੇ ਬਾਲਕ ਵਰਗਾ ਹੈ । ਮੰਜੀਆਂ ਤਾਂ ਗੁਰੂ ਬਾਈ ਤੋਂ ਬਾਈ ਸੌ ਤੱਕ ਪਹੁੰਚ ਗਈਆਂ । ਇਹ ਸੂਰਜ ਦਾ ਪਿੰਡਾ ਏਨਾਂ ਠੰਡਾ ਕਿਉਂ ? ਇਹ ਸੂਰਜਾਂ ਤੇ ਕਾਲੇ ਕਫ਼ਨ ਕਿਉਂ ? ਤੇ ਕਿਉਂ ਲੁੱਕ-ਲਿੱਪੀਆਂ ਤਲੀਆਂ ਤੇ ਭੋਲੇ ਪੰਛੀਆਂ ਨੂੰ ਚੋਗ ਨਹੀਂ ਲੱਭਦੀ ? ਕਿਉਂ ਪਰਾਂ ਦੇ ਕਟ ਜਾਣ ਦਾ ਖ਼ੌਫ਼ ਹੁਣ ਚੱਤੋ-ਪਹਿਰ ਰਹਿੰਦਾ ਹੈ ? ਤਦੇ ਕਹਿੰਦਾ ਹਾਂ ਮੇਰੇ ਦੁੱਧ ਜਿਹੇ ਯਾਰੋ ! ਘਰਾਂ ਨੂੰ ਪਰਤ ਜਾਵੋ ਇਸ ਚੁਰਾਹੇ 'ਚ ਪੈਰ ਨਾ ਧਰਿਓ ਕਿ ਹਰ ਚੁਰਸਤਾ ਹੀ ਮੈਨੂੰ ਹੁਣ ਚਾਂਦਨੀ-ਚੌਕ ਲਗਦਾ ਹੈ ।

ਮਾਰੂਥਲ

ਮਾਰੂਥਲਾਂ ਦੀ ਜੀਭ ਦਾ ਸਾਊਪੁਣਾ ਉਹਦੇ ਹੱਥਾਂ ਦੀ ਹੀ ਭਲੇਮਾਣਸੀ ਕਿ ਅੱਜ ਤਕ ਉਹਦੀ ਅਵਾਜ਼ ਲਲਕਾਰ ਨਹੀਂ ਬਣੀ ਕਿ ਉਸਨੇ ਕੋਈ ਹਥਿਆਰ ਨਹੀਂ ਉਠਾਇਆ ਝਲਦਾ ਰਿਹਾ ਹਿੱਕ ਤੇ ਹਨ੍ਹੇਰੀਆਂ ਦੇ ਵਾਰ ਤੇ ਕਦੇ ਸਿਰ ਤਕ ਵੀ ਨਾ ਹਿਲਾਇਆ । ਉਸਨੇ ਧੁੱਪ ਦੇ ਗੀਤ ਗਾਏ ਉਸਨੇ ਹਵਾਵਾਂ ਦੇ ਗੀਤ ਗਾਏ ਪਰ ਆਪਣੀ ਤੇਹ ਦਾ ਇਕ ਵੀ ਗੀਤ ਨਾ ਗਾਇਆ । ਬੜੀ ਅਥਰੀ ਅੜੀ ਹੈ ਦਰਿਆਵਾਂ ਦੀ ਬੜਾ ਚੰਦਰਾ ਹੈ ਜਨੂੰਨ ਪਾਣੀਆਂ ਦਾ ਮਾਰੂਥਲਾਂ ਦੀ ਵਫ਼ਾ ਦਾ ਦਮ ਹੀ ਨਹੀਂ ਭਰਦੇ ਤੇ ਕਦੇ ਉਹਦੀ ਹਿੱਕ ਤੇ ਕਲੋਲਾਂ ਨਹੀ ਕਰਦੇ । ਪਰ ਹੁਣ ਤਾਂ ਵਕਤ ਹੈ ਕਿ ਧਾਰ ਲੈਣ ਰੂਪ ਮਸਤ ਹਾਥੀਆਂ ਦੀ ਤੋਰ ਤੁਰਦੇ ਬੱਦਲਾਂ ਦਾ ਸਦੀਆਂ ਤੋਂ ਤਿਹਾਏ ਮਾਰੂਥਲ ਜਾਂ ਫਿਰ ਤਾਣ ਕੇ ਹਿੱਕਾਂ ਖਲੋ ਜਾਣ ਇਕੋਂ ਵਹਿਣ ਵਗਦੇ ਦਰਿਆਵਾਂ ਦੇ ਸਾਹਵੇਂ ਸ਼ੂਕਦੀਆਂ ਚੰਚਲ ਹਵਾਵਾਂ ਦੇ ਸਾਹਵੇਂ । ਕਿਉਂਕਿ ਸੁੰਨ-ਸੰਤਾਪ ਤੇ ਭੁੱਖ-ਵਿਰਲਾਪ ਦੇ ਭਖ਼ਦੇ ਹੋਏ ਮੱਥੇ 'ਤੇ ਮੈਂ ਜਾਣਦਾ ਹਾਂ ਕਿਸੇ ਪੂਰੇ ਜਾਂ ਪੱਛੋਂ ਦੀ ਵਾਛੜ ਨੇ ਆਪਣੀ ਆਮਦ ਦਾ ਸੁਨੇਹਾ ਨਹੀਂ ਦੇਣਾ ।

ਮਹਾਂਭਾਰਤ ਦਾ ਯੁੱਧ

ਇਹ ਕਿਹਾ ਯੁੱਧ ਹੈ ਮਹਾਂਭਾਰਤ ਦਾ ਕਿ ਅਰਜਨ ਦੇ ਹੱਥੋਂ ਹਥਿਆਰ ਡਿੱਗਦੇ ਨਹੀਂ ਸਗੋਂ ਖੋਹੇ ਜਾਂਦੇ ਹਨ ਗੀਤਾ ਰਚੀ ਨਹੀਂ ਜਾਂਦੀ ਸਗੋਂ ਅਰਜੁਨ ਦਾ ਕੰਬਦਾ ਹੱਥ ਗੀਤਾ ਦੇ ਸਿਰ ਰਖਵਾ ਕੇ ਉਸਨੂੰ ਨਜਾਇਜ਼ ਹਥਿਆਰਾਂ ਦੇ ਦੋਸ਼ ਵਿਚ ਗਿਜਗਿਜ਼ੱ ਕੈਦ ਦਾ ਇੱਕ ਟੋਟਾ ਮਿਲਦਾ ਹੈ । ਇਹ ਕਿਹਾ ਯੁੱਧ ਹੈ ਮਹਾਂਭਾਰਤ ਦਾ ਜਿੱਥੇ ਦੁਸ਼ਮਣ ਦੀ ਪਹਿਚਾਨ ਹੀ ਨਹੀਂ ਜਿੱਥੇ ਸੱਚ ਰੁਲ ਗਿਆ ਸਰਪਟ ਦੌੜਦੇ ਘੋੜਿਆਂ ਦੀਆਂ ਟਾਪਾਂ ਦੇ ਹੇਠ ਜਿੱਥੇ ਕੁਰਖੇਤਰ ਦੀ ਧਰਤੀ ਕਚਹਿਰੀਆਂ ਦਾ ਕਟਹਿਰਾ ਬਣ ਗਈ ਕ੍ਰਿਸ਼ਨ ਦੇ ਰੱਥ ਦੀਆਂ ਵਾਗਾਂ ਕਿਉਂ ਸੰਸਦ-ਭਵਨ ਤੋਂ ਉਰਾਂ ਜਾਂ ਪਰਾਂ ਨਹੀਂ ਮੁੜਦੀਆਂ ਕਿਉਂ ਕੈਰਵ ਅਜੇ ਵੀ ਹਰਲ ਹਰਲ ਸੁੰਘਦੇ ਫਿਰਦੇ ਨੇ ਦਰੋਪਤੀ ਦੀਆਂ ਪੈੜਾਂ ਤੇ ਜਿਨ੍ਹਾਂ ਦੇ ਖੁਰੀਆਂ ਵਾਲੇ ਬੂਟ ਮਿੱਧਦੇ ਫਿਰਦੇ ਨੇ ਸੜਕਾਂ ਤੇ ਚਾਅ ਚੜ੍ਹਦੀ ਜੁਆਨੀ ਦੇ । ਇਹ ਕਿਹਾ ਯੁੱਧ ਹੈ ਮਹਾਂਭਾਰਤ ਦਾ ਕਿ ਟੰਗ ਦਿੱਤੀਆਂ ਗਈਆਂ ਨੇ ਬਾਹਵਾਂ ਸੱਚ ਦੇ ਪੁੱਤਰ ਦੀਆਂ ਸ਼ਹਿਰ ਦੇ ਮੇਨ ਗੇਟ 'ਤੇ ਅਤੇ ਉਸਦੇ ਹੀ ਖ਼ੂਨ ਵਿਚ ਉਹ ਵੱਡੀ ਕੰਧ ਤੇ ਲਿਖ ਦਿੱਤਾ ਗਿਆ ਹੈ “ਲੋਕ-ਤੰਤਰ ਜ਼ਿੰਦਾਬਾਦ !" ਜਦੋਂ ਇਹ ਲਹੂ ਭਿੱਜੀ ਉਂਗਲ ਗੰਗਾ ਦੇ ਘਾਟ ਤੇ ਪੂੰਝਦੀ ਹੈ ਆਪਣਾ ਮੱਥਾ ਤਾਂ ਕਿਉਂ ਕੋਈ ਗੰਗਾ ਦੀ ਲਹਿਰ ਖਾਂਦੀ ਨਹੀਂ ਅਣਖ ਦਾ ਮਰੋੜਾ ਜਿਹਾ । ਇਹ ਕਿਹਾ ਯੁੱਧ ਹੈ ਮਹਾਂਭਾਰਤ ਦਾ ਕਿ ਹਰੇ-ਕਚੂਚ ਪੱਤੇ ਹੀ ਟਾਹਣੀਆਂ ਤੋਂ ਟੁੱਟ ਰਹੇ ਨੇ ਤੇ ਉਨ੍ਹਾਂ ਦੀ ਵਿਲਕ ਕਿਸੇ ਦੇ ਕੰਨੀਂ ਨਹੀਂ ਪੈਂਦੀ । ਜਦੋਂ ਸੁਣਦੀਆਂ ਨੇ ਲਾਡਲੇ ਦੀ ਮੌਤ ਤਾਂ ਕਿਉਂ ਮਾਵਾਂ ਵੱਢਦੀਆਂ ਨੇ ਆਪਣੀ ਹੀ ਛਾਤੀ ਤੇ ਦੰਦੀਆਂ ਤੇ ਬਿਰਧ ਬਾਪ ਦਾ ਖੂੰਡਾ ਆ ਜਾਂਦਾ ਹੈ ਰੱਥ ਦੇ ਪਹੀਆਂ ਹੇਠ ਵੀਰ ਨਕੁਲ ਸਹਿਦੇਵ ਕਿਉਂ ਸਕੂਲ ਦੇ ਤੱਪੜਾਂ ਤੇ ਹੀ ਸਹਿਮ ਜਾਂਦੇ ਨੇ । ਤੀਰਾਂ ਦੀ ਬੁਛਾੜ ਤਲਵਾਰਾਂ ਦੀ ਖੜਕਾਰ ਘੋੜਿਆਂ ਦੇ ਟਾਪਾਂ ਦੀ ਅਵਾਜ਼ ਤੇ ਆ ਜਾਂਦੀ ਹੈ ਸ਼ਹਿਰ ਦੇ ਮੱਥੇ ਤੇ ਤ੍ਰੇਲੀ । ਇਹ ਕਿਹਾ ਯੁੱਧ ਹੈ ਮਹਾਂਭਾਰਤ ਦਾ...

ਸ਼ਿਕਵਾ

ਸਿਰ ਮੱਥੇ ਤੇਰਾ ਸ਼ਿਕਵਾ : 'ਰੱਬ' ਦੇ ਨਾਮ ਵਾਂਗ ਹੈ ਪ੍ਰਵਾਨਨ ਮੈਨੂੰ ਕਿ ਮੇਰੇ ਖ਼ਤ ਦੀ ਇਬਾਰਤ ਕਿਉਂ ਹੋ ਰਹੀ ਹੈ ਦਿਨ-ਬ-ਦਿਨ ਖਰਵੀ । ਸੱਚ ਹੀ ਤਾਂ ਕਿਸੇ ਨੇ ਕਿਹਾ— ਮੁਹੱਬਤ ਦੇ ਪਾਣੀ ਬਿਨ ਤਾਂ ਕਾਗਜ਼ ਵੀ ਜਾਪਦੈ ਬੰਜਰ-ਬੀਆਬਾਨ । ਸਿਰ ਮੱਥ ਤੇਰਾ ਸ਼ਿਕਵਾ : ਕਿ ਹੁਣ ਤਾਂ ਮੇਰੇ ਸਲਾਮ ਵਿਚ ਉਹ ਚੁੰਬਕ ਜਿਹੀ ਖਿੱਚ ਨਹੀਂ ਤੇ ਮੇਰੇ ਚੁੰਮਣ ਵਿਚ ਉਹ ਪਹਿਲਾਂ ਵਰਗਾ ਨਿੱਘ ਨਹੀਂ । ਕੀ ਦੱਸਾਂ? ਕਿ ਹੁਣ ਤਾਂ ਮਨ ਮਨੂਰ ਹੋ ਗਿਆ ਹੈ ਬਦਨ ਦੀ ਥਾਂ ਹੁਣ ਤਾਂ ਜਾਗਦਾ ਹੈ ਮੋਹ ਤਨ ਦੇ ਬਸਤ੍ਰਾਂ ਦਾ ਕਿ ਹੁਣ ਤਾਂ ਤੇਰੀ ਪ੍ਰਾਪਤੀ ਤੋਂ ਪਹਿਲਾਂ ਇੱਛਾ ਹੈ ਕਿਸੇ ਅਜਿਹੇ ਪੁਲ ਨੂੰ ਸਿਰਜਣ ਦੀ ਕਿ ਜਿਥੋਂ ਦੀ ਤੂੰ ਮਟਕਦੀ ਤੋਰ ਤੁਰਕੇ ਸ਼ੂਕਦਾ, ਗਰਜਦਾ ਮਾਰੂ ਝਨਾਂ ਲੰਘ ਸਕੇਂ ਕਿ ਅਜੇ ਤਾਂ ਮੈਨੂੰ ਸਿਰ ਕੱਜਣ ਲਈ ਫ਼ਿਕਰ ਹੈ ਇੱਕ ਅਜਿਹਾ ਘਰ ਉਸਾਰਨ ਦੀ ਜੰਡ ਦੀ ਥਾਵੇਂ, ਜਿਸਦੀ ਛੱਤ ਥੱਲੇ ਬੈਠਕੇ ਬੁੱਕਦੀਆਂ ਬਲਾਵਾਂ ਤੋਂ ਬਚ ਸਕੀਏ ਕਿ ਅਜੇ ਤਾਂ ਮਨੁੱਖ ਲਈ ਮੈਨੂੰ ਉਸ ਸੁੱਖ ਤੇ ਚੈਨ ਦੀ ਤਲਾਸ਼ ਹੈ ਜਿਸ ਲਈ ਯੁਗਾਂ ਯੁਗਾਂਤਰਾਂ ਤੋਂ ਆਦਮੀ ਵਣਾਂ ਥਲਾਂ 'ਚ ਭਟਕਦਾ ਆਇਆ ਹੈ ਕਿ ਅਜੇ ਤਾਂ ਗੁਲਮੋਹਰ ਬੀਜਣੇ ਹਨ ਪਰਬਤ ਪੁੱਟਣੇ ਹਨ ਕਿ ਅਜੇ ਤਾਂ ਬਹੁਤ ਕੁਝ ਕਰਨਾ ਹੈ ... ਸਿਰ ਮੱਥੇ ਤੇਰਾ ਸ਼ਿਕਵਾ : ‘ਰੱਬੱ ਦੇ ਨਾਮ ਵਾਂਗ ਹੈ ਪ੍ਰਵਾਨ ਮੈਨੂੰ ਕਿ ਮੇਰੇ ਖ਼ਤ ਦੀ ਇਬਾਰਤ ਕਿਉਂ ਹੋ ਰਹੀ ਹੈ ਦਿਨ-ਬ-ਦਿਨ ਖਰਵੀ ।

ਸਿਧਾਰਥ

ਮੈਨੂੰ ਕਦੇ ਕਿਸੇ ਨੇ ਮਾਫ਼ ਨਹੀਂ ਕਰਨਾ ਨਾ ਜੰਗਲ, ਨਾ ਨਦੀ ਤੇ ਨਾਹੀਂ ਵਗਦੀ ਪੌਣ ਨੇ ਭਾਵੇਂ ਮੈਂ ਬੁੱਤ-ਪੂਜਾ ਦਾ ਸ਼ਹਿਨਸ਼ਾਹ ਹੋਵਾਂ ਪਰ ਕੌਣ ਨਹੀਂ ਜਾਣਦਾ ਕਿ ਕਪਲ-ਵਸਤੂ ਦਾ ਸਿਧਾਰਥ ਆਪਣੀ ਹੀ ਰੂਹ ਦੀ ਸੂਲੀ 'ਤੇ ਲਟਕਿਆ ਤ੍ਰਾਸਦੀ ਦਾ ਪਾਤਰ ਹੈ ਮੈਂ ਜੋ ਸੁਤੇ ਬਾਲ ਨੂੰ ਛੱਡਕੇ ਤੇ ਕੁੱਛੜ ਚੁੱਕ ਕੇ ਆਦਮ ਦੀ ਭਟਕਣਾ ਛੱਡਕੇ ਦੁੱਧ ਦੀ ਪਵਿੱਤਰ ਨਦੀ ਨੂੰ ਟੁੱਟਦੇ ਤਾਰੇ ਦੀ ਲੀਕ ਵਾਂਗ ਲੱਭਣ ਤੁਰਿਆ ਅਕਾਸ਼-ਗੰਗਾ ਦਾ ਭੇਤ । ਮੈਂ, ਮਹਾਤਮਾ ਨਹੀਂ ਮਹਾਤਮਾ ਬਣਨ ਲਈ ਸਹਿਕਦਾ ਨਿਰਾ ਪਰਛਾਵਾਂ ਸਾਂ ਪਰਛਾਵਿਆਂ ਦੀ ਰੂਹ ਦਾ ਇਤਬਾਰ ਸੁੱਕੇ ਭਉਂਦੇ ਬੱਦਲ ਦੇ ਟੋਟੇ ਵਾਂਗ ਹੀ ਹੁੰਦਾ ਹੈ । ਮੈਂ ਬੜਾ ਹੀ ਡਰਪੋਕ ਸਾਂ ਤੇ ਅਤਿ ਦਰਜੇ ਦਾ ਕਮੀਨਾ ਜੋ ਰਾਤ ਦੇ ਹਨੇਰੇ 'ਚ ਕਿਸੇ ਸ਼ੁਦਾਈ ਦੇ ਹਾਸੇ ਵਾਂਗ ਗੁਆਚ ਗਿਆ ਮੈਂ ਸੱਚ ਦੇ ਸਨਮੁੱਖ ਹੋਣ ਤੋਂ ਵੀ ਡਰਦਾ ਰਿਹਾ ਸ਼ਾਇਦ ਉਦੋਂ ਮੈਂ ਬਾਪ ਨਹੀਂ ਨਿਰਾ ਪੱਥਰ ਦਾ ਬੁੱਤ ਸਾਂ ਸ਼ਾਇਦ ਉਦੋਂ ਮੈਂ ਇੱਕ ਪਤੀ ਨਹੀਂ ਜ਼ਜ਼ਬਿਆਂ ਦੀ ਸੁੱਚ ਦਾ ਕਾਤਲ ਸਾਂ। ਮੈਂ ਤਾਂ ਹੁਣ ਦੀਵਾਰਾਂ 'ਚ ਕੈਦ ਪੌਣਾਂ 'ਚ ਭਟਕਦਾ ਜੰਗਲੀ ਹਨ੍ਹੇਰੇ 'ਚ ਗੁਆਚਿਆ ਸੋਚਦਾ ਹਾਂ— ਕਿ ਚੰਦਰਾ ਬੋਹੜ ਗਿਆਨ ਕਿਰਨ ਦੀ ਥਾਵੇਂ ਮੈਨੂੰ ਸਬੂਤਾ ਹੀ ਨਿਗਲ ਕਿਉਂ ਨਾ ਗਿਆ ।

ਅਜੇ ਮਮਤਾ ਦੇ ਖੂਹ ਸੁੱਕੇ ਨਹੀਂ

ਧੀਏ ! ਉਮਰ ਭਰ ਰੋਂਦੀ ਦਾ ਭਾਵੇਂ ਮੁੱਕ ਗਿਆ ਨੈਣਾਂ ਦਾ ਪਾਣੀ ਪਰ ਮੇਰੇ ਬੋਲਾਂ ਨੂੰ ਭੁੰਜੇ ਨਾ ਕਿਰਨ ਦੇਵੀਂ ਕਿ ਅਜੇ ਮਮਤਾ ਦੇ ਖੂਹ ਸੁੱਕੇ ਨਹੀਂ। ਧੀਏ ! ਇਸ ਅੰਤਰ-ਰਾਸ਼ਟਰੀ ਜਸ਼ਨਾਂ ਦੇ ਵਰ੍ਹੇ 'ਚ ਮੈਂ ਤੇਰੀ ਦੇਹ ਦੀ ਰਾਖੀ ਕਰਦੀ ਫਿਰਾਂ ਟੋਹ ਟੋਹ ਕੇ ਤਖ਼ਤਿਆਂ ਦੇ ਅਰਲ ਲਾਉਂਦੀ ਫਿਰਾਂ ਬੜਾ ਅਜੀਬ ਜਿਹਾ ਲਗਦਾ ਹੈ ਜਗ-ਜਹਾਨੇ ਜੁਆਨ ਵਿਚਰਦੀ ਕੁੜੀ ਦੇ ਗ਼ਮ ਦਾ ਆਲ੍ਹਣਾ ਜਿਹਾ ਅੱਖਾਂ 'ਚ ਵਸਾ ਲੈਣਾ ਪਰ ਕੀ ਕਰਾਂ ? ਕਿੱਥੇ ਬਿਰਧ ਓਟ ਧਰਾਂ ? ਕਿ ਅਜੇ ਮਮਤਾ ਦੇ ਖੂਹ ਸੁੱਕੇ ਨਹੀਂ। ਧੀਏ ! ਦਹਿਲੀਜ਼ ਤੋਂ ਬਾਹਰ ਕਦਮ ਨਾ ਰੱਖੀ ਕਿ ਮੈਨੂੰ ਖੌਫ਼ ਹੈ ਤੇਰੀ ਅਜ਼ਾਦੀ ਦਾ ਪਰਚਮ ਲਹਿਰਾਉਣ ਵਾਲੇ ਇਹੀ ਅੱਖਰ, ਇਹੀ ਅਖ਼ਬਾਰ ਕਿਤੇ ਤੇਰੀ ਨਗਨਤਾ ਦਾ ਇਸ਼ਤਿਹਾਰ ਨਾ ਬਣ ਜਾਣ। ਜਿਸ ਮੰਚ ਤੇ ਤੇਰੇ ਹੱਕਾਂ ਦੀ ਸਭਾ ਜੁੜਦੀ ਹੈ ਕਿ ਜਿਥੋਂ ਤੇਰੇ ਅਸਤਿੱਤਵ ਦੀ ਗੱਲ ਤੁਰਦੀ ਹੈ ਉਸੇ ਮੰਚ ਤੇ ਤੇਰੀ ਚਾਂਦੀ ਦੀ ਪਾਜ਼ੇਬ ਘੁੰਗਰੂ ਬਣਕੇ ਕਿਤੇ ਛਣਕ ਨਾ ਪਵੇ ਕਿ ਕਪਟੀ ਕਮੀਨੇ ਮਰਦ ਦੇ ਪੰਜਿਆਂ ਦੀ ਨਹੁੰਦਰ ਖੋਹ ਨਾ ਲਵੇ ਤੇਰੇ ਚਿਹਰੇ ਦਾ ਲਿਸ਼ ਲਿਸ਼ ਕਰਦਾ ਨੂਰ । ਕਿ ਭੁੱਖੇ ਤਿਹਾਏ ਮਰਦ ਦੀ ਜ਼ਹਿਰੀਲੀ ਜੀਭ ਕਿਤੇ ਡੰਗ ਨਾ ਜਾਏ ਤੇਰੇ ਹਾਸਿਆਂ ਦੀ ਹੂਰ । ਧੀਏ ! ਦਹਿਲੀਜ਼ ਤੋਂ ਬਾਹਰ ਕਦਮ ਨਾ ਰੱਖੀਂ ਧੀਏ ! ਧਰਤ ਦਾ ਰੰਗ ਉਹੀ ਹੈ ਅੰਬਰ ਦਾ ਰੰਗ ਉਹੀ ਹੈ ਕਿ ਰੁੱਖ ਰਿਸ਼ਤੇ ਦੀ ਹਰ ਟਾਹਣੀ ਹੀ ਨਿਰਮੋਹੀ ਹੈ। ਅਜੇ ਵੀ ਤੇਰੇ ਸਰਵਣ ਵੀਰ ਨੂੰ ਸੁੱਕੀ ਹੀ ਖੰਡ ਪੈਣੀ ਹੈ ਤੈਂ ਅਜੇ ਵੀ ਚੁੱਪ ਦਾ ਰੋਣ ਰੋਣਾ ਹੈ ਤੇ ਧੂੰਏਂ ਦੇ ਪੱਜ ਦੀ ਓਟ ਲੈਣੀ ਹੈ । ਕਿ ਅਜੇ ਵੀ ਦੁਸ਼ਮਨ ਖੜ ਨੇ ਕਦਮ ਕਦਮ ਤੇ ਪਹਿਰਾਵੇ ਜਿਹੇ ਬਦਲ ਕੇ ਕਿ ਅਜੇ ਵੀ ਦੁਸ਼ਿਅੰਤ ਮੀਟ ਲੈਂਦਾ ਹੈ ਅੱਖਾਂ ਜੰਗਲ ਦੀ ਕਾਸ਼ਨੀ ਜਿਹੀ ਕੁੜੀ ਕੋਲੋਂ। ਧੀਏ ! ਬੋਲਦੀ ਹਾਂ ਕਾਲਜੇ ਦੇ ਟੁਕੜੇ ਜਿਹੇ ਚਿੱਥਕੇ ਕਿ ਮੈਥੋਂ ਤੱਕੇ ਨਹੀਂ ਜਾਣੇ ਤੇਰੇ ਖਿੱਲਰੇ ਵਾਲ ਤੇਰੇ ਨੈਣਾਂ 'ਚੋਂ ਵਹਿੰਦੀ ਅਬਰੂਆਂ ਦੀ ਨਦੀ ਤੇਰੇ ਮੱਥੇ ਤੋਂ ਲਟਕਦਾ ਪਹਾੜ ਜਿੱਡਾ ਸਵਾਲ । ਧੀਏ ! ਦਹਿਲੀਜ਼ ਤੋਂ ਬਾਹਰ ਕਦਮ ਨਾ ਰੱਖੀਂ ਕਿ ਅਜੇ ਰੂਹਾਂ ਦੇ ਪੁਲ ਮੁੱਕੇ ਨਹੀਂ ਕਿ ਅਜੇ ਮਮਤਾ ਦੇ ਖੂਹ ਸੁੱਕੇ ਨਹੀਂ।

ਫ਼ਕਰਾਂ ਦੇ ਬਚਨ

ਤੈਂ ਫ਼ਕਰਾਂ ਦੇ ਬਚਨ ਸਵੀਕਾਰ ਨਹੀਂ ਕਰਨੇ ਫ਼ਕਰਾਂ ਦਾ ਸੱਚ ਤਾਂ ਝੱਲੀਏ ! ਟੁੱਕ ਖਾਣ ਜਿਹਾ ਹੁੰਦਾ ਹੈ । ਜੇ ਇਸ ਤਰ੍ਹਾਂ ਨਹੀਂ ਤਾਂ ਫਿਰ ਨਾ ਸਹੀ— ਹਰ ਰਾਹ ਹੀ ਲੁੱਡਣ ਦੀ ਬੇੜੀ ਤਕ ਨਹੀਂ ਪਹੁੰਚਦਾ ਹਰ ਸੁਦਾਗਰ ਕੱਚੇ ਬਰਤਨਾਂ ਦਾ ਵਣਜ ਨਹੀਂ ਕਰਦਾ ਰਸਤੇ ਤਾਂ ਹੋਰ ਵੀ ਹਨ ਖ਼ੂਬਸੂਰਤ ਤੋਂ ਖ਼ੂਬਸੂਰਤ ਸ਼ਹਿਰਾਂ ਦੇ ਨਾਮ ਹਨ ਦਿਸ਼ਾ ਦਾ ਸੂਚਕ ਇੱਕਲਾ ਧਰੂ ਹੀ ਨਹੀਂ ਧਰਤੀ ਦਾ ਕੋਈ ਵੀ ਕਣ ਹੋ ਸਕਦਾ ਹੈ। ਤੈਂ ਫ਼ਕਰਾਂ ਦੇ ਬਚਨ ਸਵੀਕਾਰ ਨਹੀਂ ਕਰਨੇ ਬਚਨ : ਕਿ ਹੁਣ ਤਾਂ ਮਨ ਚਾਹੁੰਦਾ ਹੈ ਤਿਆਗ ਕਿ ਜ਼ਜ਼ਬਾਤੀ ਗੁਲਾਬੀ ਚੋਲਾ ਠਿੱਲ ਪਈਏ ਤਦਬੀਰ ਦੀ ਭਰ ਵਹਿੰਦੀ ਨਦੀ ਵਿਚ ਸਫ਼ਰ ਦਾ ਪਹਿਲਾ, ਦੂਜਾ ਤੇ ਪੰਜਵਾ ਕਦਮ ਅਗਿਆਤਵਾਸੀ ਹੀ ਕਿਉਂ ਹੋਵੇ ? ਪਰ ਮੈਨੂੰ ਭਰਮ ਹੈ ਕਿ ਤੂੰ ਤਾਂ ਜਦੋਂ ਵੀ ਤੁਰੇਂਗੀ ਬਲਦੇ ਸੂਰਜ ਵਾਂਗ ਤੁਰੇਂਗੀ ਤੇ ਮੈਂ ਤੇਜ਼-ਤੱਪ ਵਾਲੀਏ ਸੂਰਜਮੁਖੀ ਨਹੀਂ ਬਣਨਾ । ਮੈਂ ਫ਼ਰਜ਼ਾਂ ਲੱਦੀ ਸਾਰੀ ਉਮਰ ਹੀ ਕੰਡਿਆਲੇ ਤਾਜਾਂ ਦੀ ਬਾਦਸ਼ਾਹੀ ਨਹੀਂ ਕਰਨੀ ਸਾਰੀ ਉਮਰ ਹੀ ਥਲਾਂ ਦਾ ਲੂੰਹਦਾ ਸਫ਼ਰ ਨਹੀਂ ਕਰਨਾ ਝਨਾਂ ਨੂੰ ਦੁਸ਼ਮਨ ਦੇ ਅਰਥ ਕਿਉਂ ਦੇਈਏ ਅੰਤਰ-ਆਤਮਾ ਦਾ ਸੰਗੀਤ ਕਿਉਂ ਨਾ ਬਣਾਈਏ ? ਜੰਡ ਦੀ ਛਾਵੇਂ ਕਤਲ ਕਿਉਂ ਹੋਈਏ ? ਬੁੱਧ-ਬਿਰਖ ਦਾ ਦਰਜਾ ਕਿਉਂ ਨਾ ਦੇਈਏ ? ਪਰ ਤੈਂ ਫ਼ਕਰਾਂ ਦੇ ਬਚਨ ਸਵੀਕਾਰ ਨਹੀਂ ਕਰਨੇ ਜੇ ਇਸ ਤਰ੍ਹਾਂ ਨਹੀਂ ਤਾਂ ਫਿਰ ਨਾ ਸਹੀ...

ਪੂਰਨ

ਪਾਕ ਪਿੰਡੇ ਤੋਂ ਝਾੜ ਕੇ ਮਹਿਕਾਂ ਤੁਰ ਆਇਆ ਮਹਿਲ ਦੀ ਹਦੂਦ 'ਚੋਂ ਤੇ ਸੰਦਲੀ ਸੁੰਦਰਾਂ ਦੀ ਹਾਕ ਲੰਘ ਜਾਂਦੀ ਰਹੀ ਮੇਰੇ ਕੰਨਾਂ ਕੋਲ ਦੀ— ‘ਮੁੜ ਆ ਜੋਗੀਆ ਵੇ ! ਮੇਰੇ ਪੂਰਨਾ ਵੇ !! ਕੱਚੇ ਦੁੱਧ ਨਾਲ ਮੈਂ ਤੇਰੇ ਪੈਰ ਧੋਵਾਂਗੀ ਲੈ ਅਰਪ ਦਿੱਤੀ ਹੈ ਕੁਆਰੀ ਸੇਜ ਤੈਨੂੰ ਤੇ ਢੇਰੀ ਕਰ ਦਿੱਤੇ ਤੇਰੇ ਕਦਮਾਂ 'ਤੇ ਹੀਰਿਆ ! ਮੋਤੀਆਂ ਦੇ ਥਾਲ।” ਤੇ ਮੈਂ ਜੋ ਨਿਰਾ ਅਨਾੜੀ ਆ ਬੈਠਾ ਫਿਰ ਤਪਦੀ ਧੂਣੀ ਕੋਲ ਸੰਦਲੀ ਸੁੰਦਰਾਂ ਦੇ ਰੱਬ ਬਣਨ ਨਾਲੋਂ ਆਪਣੇ ਮੁਰਸ਼ਦ ਦਾ ਪੂਰਨ ਬਣਨ ਲਈ । ਮੇਰੇ ਦੇਸ਼ ਦੇ ਬਾਗ਼ੀਂ-ਬਹਾਰੀ ਅਜੇ ਵੀ ਰੁੰਡ-ਮੁੰਡ ਰੁੱਖ ਧੌਣਾ ਝੁਕਾਈ ਖੜੇ ਹਨ ਅਜੇ ਵੀ ਟਾਹਣੀਆਂ ਦੇ ਚਿਹਰਿਆਂ ਤੋਂ ਕੋਈ ਸੂਤ ਜਾਂਦਾ ਹੈ ਛਲਕਦੇ ਹਾਸੇ ਕਿਉਂ ਉਪੱਦਰ ਹੋਣ ਸਲਵਾਨ ਦੇ ਹੱਥੋਂ ਕਿਉਂ ਇੱਛਰਾਂ ਦੇ ਪੁੱਤ ਦਾ ਇਹ ਬਾਗ਼, ਸੁੱਕਿਆ ਰਹੇ । ਹੁਣ ਮੈਂ ਦੂਰ ਲੰਘ ਆਇਆ ਹਾਂ ਸੁੰਦਰਾਂ ਦੀ ਮਹਿਕਦੀ ਜ਼ੁਲਫ਼ ਦੇ ਘੇਰੇ ਤੋਂ ਹੁਣ ਆਵਾਜ਼ ਕੰਨਾਂ ਤਕ ਨਹੀਂ ਪਹੁੰਚਦੀ ਅਵਾਜ਼ ਜੋ ਪੈਰਾਂ ਲਈ ਜ਼ੰਜ਼ੀਰ ਸੀ । ਮੇਰੇ ਗੋਰਖ ਨੇ ਹੁਣ ਮੈਨੂੰ ਥਾਪਣਾ ਦੇ ਦਿੱਤੀ ਹੈ ---- ‘ਜਾ ਬੱਚਾ ! ਤੇ ਜਾ ਕੇ ਸੱਚ ਦਾ ਚੋਲਾ ਪਹਿਨ ਲਵੀਂ ਪੂੰਝੀਂ ਆਪਣੀ ਅੰਨ੍ਹੀ ਮਾਂ ਦੇ ਅੱਥਰੂ ਤੇ ਬਾਪ ਦੇ ਦੋਸ਼ ਨੂੰ ਉਂਗਲ ਦੇਵੀਂ ਜ਼ੁਬਾਨੋਂ ।' ਮੇਰੇ ਗੋਰਖ ਨੇ ਹੁਣ ਮੈਨੂੰ ਥਾਪਣਾ ਦੇ ਦਿੱਤੀ ਹੈ ।

ਅਸੀਂ ਹੀ ਹਾਂ

ਦੂਜਿਆਂ ਦੇ ਰਾਹਾਂ ਤੇ ਦੀਵਾ ਬਣਕੇ ਕੌਣ ਬਣਦਾ ਹੈ ? ਇਹ ਤਾਂ ਅਸੀਂ ਹੀ ਹਾਂ ਵਿਛ ਜਾਂਦੇ ਹਾਂ ਪੱਧਰੀ ਸੜਕ ਬਣਕੇ । ਆਪਣੇ ਮੋਹ-ਭਿੱਜੇ ਬੋਲਾਂ ਦੇ ਉਗਾ ਛੱਡਦੇ ਹਾਂ ਬਿਰਖ ਸੁੰਨੀਆਂ ਸੰਕਰੀਆਂ ਪਗਡੰਡੀਆਂ ਦੇ ਉੱਤੇ। ਨਫ਼ਰਤਾਂ ਦੇ ਵਗਦੇ ਹੜ੍ਹਾਂ ਉਤੋਂ ਦੀ ਅਸੀਂ ਤਾਣ ਦੇਂਦੇ ਹਾਂ ਆਪਣੀਆਂ ਬਾਹਾਂ ਦੇ ਪੁਲ। ਦੂਜਿਆਂ ਦੇ ਮਰਨੇ ਭਲਾ ਕੌਣ ਮਰਦਾ ਹੈ ? ਇਹ ਤਾਂ ਅਸੀਂ ਹੀ ਹਾਂ ਕਿ ਬਿਗਾਨੇ ਸੁੱਖਾਂ ਦੇ ਲਈ ਆਪਣੀਆਂ ਹਿੱਕਾਂ ਨੂੰ ਬਣਾ ਛੱਡਦੇ ਹਾਂ ਕਬਰਾਂ ਆਪਣੇ ਗੀਤਾਂ ਨੂੰ ਦੇ ਦਿੰਦੇ ਹਾਂ ਮਰਸੀਏ ਦਾ ਰੂਪ ਤੇ ਸ਼ਬਦ ਸਾਡੇ ਕਬਰਸਤਾਨ ਦੇ ਸ਼ਿਲਾਲੇਖ ਹੁੰਦੇ ਹਨ । ਇਹ ਤਾਂ ਅਸੀਂ ਹੀ ਹਾਂ ਜੋ ਬੁੱਤ ਬਣਕੇ ਨਹੀਂ, ਪੁੱਤ ਬਣਕੇ ਜਿਉਣਾ ਲੋਚਦੇ ਹਾਂ ਪੁੱਤ ਮਾਵਾਂ ਦੇ ਦੁੱਧ ਦੀ ਲਾਜ ਪਾਲਦੇ ਹਨ ਪੁੱਤ ਵਤਨ ਦੀ ਮਿੱਟੀ ਦੀ ਗ਼ੈਰਤ ਨੂੰ ਸਾਂਭਦੇ ਸਰਹੱਦਾਂ ਤੇ ਡੋਲ੍ਹ ਜਾਂਦੇ ਹਨ ਮੋਤੀਓਂ ਮਹਿੰਗਾ ਲਹੂ ਤੇ ਲਹੂ ਭਿੱਜੀ ਮਿੱਟੀ ਜਨਮਦਾਤੀ ਦੇ ਮੱਥੇ ਦਾ ਸ਼ਿੰਗਾਰ ਬਣਦੀ ਹੈ । ਇਹ ਤਾਂ ਅਸੀਂ ਹੀ ਹਾਂ ਕਿਸੇ ਵੀ ਸੱਸੀ ਦੇ ਭੁੱਜਦੇ ਪੈਰਾਂ ਦੇ ਹੇਠਾਂ ਟਿਕਾ ਦਿੰਦੇ ਹਾਂ ਹੱਥਾਂ ਦੀਆਂ ਤਲੀਆਂ ਤੇ ਸੋਕ ਲੈਂਦੇ ਹਾਂ ਉਹਦੇ ਮੱਥੇ ਦਾ ਸਾਰਾ ਸੇਕ ਫਿਰ ਉਹਦੀਆਂ ਪੈੜਾਂ ਦਾ ਬਣਕੇ ਗੀਤ ਵਕਤ ਦੇ ਸਫ਼ੇ ਤੇ ਅਕਸਰ ਫ਼ੈਲ ਜਾਂਦੇ ਹਾਂ ਸਾਨੂੰ ਨਿੱਜ ਦੀ ਕੁਲਹਿਣੀ ਛਾਂ ਮਾਣਨੀ ਨਹੀਂ ਆਈ ਤੇ ਸਾਡੀ ਹੇਕ ਸਦਾ ਓਪਰੇ ਥਾਂ ਹੈ ਮੁਸਕਰਾਈ। ਇਹ ਤਾਂ ਅਸੀਂ ਹੀ ਹਾਂ ਨਹੀਂ, ਦੂਜਿਆਂ ਦੇ ਮਰਨੇ ਭਲਾ ਕੌਣ ਮਰਦਾ ਹੈ ।

ਮੇਰਾ ਘਰ

ਮੇਰਾ ਘਰ, ‘ਜੀ ਆਇਆਂ' ਹੀ ਕਹਿਣ ਜਾਣਦਾ ਹੈ, ਅਲਵਿਦਾ ਨਹੀਂ ਆਉਣ ਵਾਲਾ ਕੋਈ ਵੀ ਹੋਵੇ ਭਾਵੇਂ ਸ਼ੁਦਾਈਆਂ ਹਾਰ ਭਉਂਦੀ ਹਵਾ, ਭਾਵੇਂ ਅਵਾਰਾ ਬੱਦਲ ਤੇ ਜਾਂ ਫਿਰ ਅਕਾਸ਼ ਤੋਂ ਉਤਰੀਆਂ ਬਲਾਵਾਂ । ਇਸੇ ਕਰਕੇ ਮਹਿਕ ਘੜੀ ਦਾ ਅਲਾਰਮ ਬਣ ਜਾਂਦੀ ਹੈ ਬਲਵਾਂ ਲਕੜ ਦੇ ਤਖ਼ਤ ਦਾ ਪੋਸ਼ ਤੇ ਅਵਾਰਾ ਬੱਦਲ ਵਿਹੜੇ 'ਚ ਉੱਗੀ ਧਰੇਕ ਦੇ ਜਾਮਣੀ ਫੁੱਲ । ਮੇਰੇ ਘਰ ਦੇ ਮੱਥੇ 'ਤੇ ਕਦੇ ਤ੍ਰੇਲੀ ਨਹੀਂ ਆਈ ਦੁਸ਼ਮਨ ਦੇ ਰੰਗੇ ਹੱਥ ਵੇਖਕੇ ਵੀ ਨਹੀਂ ਸਗੋਂ ਇਹਦੇ ਉੱਚੇ ਨੀਵੇਂ ਜਿਹੇ ਫਰਸ਼ ਉਹਦੇ ਤਲਿਆਂ ਦਾ ਗਾਰਾ ਚੱਟ ਲੈਂਦੇ ਰਹੇ ਸੁਣਿਐ, ਉਹਦੀ ਹਿੱਕ 'ਤੇ ਰਾਤ-ਰਾਣੀ ਦਾ ਬੂਟਾ ਮਹਿਕਦਾ ਹੈ ਸ਼ਾਇਦ ਇਸੇ ਲਈ ਸੱਪਾਂ ਦੇ ਕੁੰਡਲਾਂ ਜਿਹੀਆਂ ਮੇਰੇ ਘਰ ਦੀਆਂ ਕੰਧਾਂ ਨੂੰ ਜਦੋਂ ਅੰਤਾਂ ਦਾ ਮੋਹ ਜਾਗਦਾ ਹੈ ਉਹ ਸੁੰਗੜਦੀਆਂ, ਹੋਰ ਸੁੰਗੜਦੀਆਂ ਹਨ ਤੇ ਫਿਰ ਸਰਹੰਦ ਦੀਆਂ ਦੀਵਾਰਾਂ ਬਣ ਜਾਂਦੀਆ ਹਨ । ਮਾਂ-ਮਹਾਰਾਣੀ, ਹੱਥਾਂ ਤੋਂ ਪਲੇਥਣ ਝਾੜਦੀ ਮੁਸਕਰਾ ਤਾਂ ਸਕਦੀ ਹੈ ਪਰ ਹੱਥਾਂ ਦੇ ਛਾਲੇ ਨਹੀਂ ਵਿਖਾ ਸਕਦੀ ਉਹ ਫ਼ਿਕਰਾਂ ਦੇ ਠੰਡੇ ਬੁਰਜ ਵਿਚ ਬੈਠੀ ਚਰਖ਼ੇ ਦੇ ਤਕਲੇ ਤੇ ਸੁਪਨਿਆਂ ਦੇ ਗੀਤ ਕੱਤਦੀ ਪੁੱਤਾਂ ਧੀਆਂ ਨਾਲ ਜੁੜੇ, ਰੰਗਲੇ ਦਿਨਾਂ ਦੇ ਗਲੋਟੇ ਅਟੇਰਦੀ ਵਕਤ ਦੇ ਘੋੜੇ ਦੀਆਂ ਕੰਨਾਂ ‘ਚ ਵੱਜਦੀਆਂ ਟਾਪਾਂ ਦਾ ਹਿਸਾਬ ਕਿਤਾਬ ਕਰਦੀ ਅਕਸਰ ਭੁੱਲ ਜਾਂਦੀ ਹੈ ਕਿ ਕੰਧਾਂ ਦੀ ਮਹਿਕ ਤਾਂ ਮਹਿਜ਼ ਇੱਕ ਸਾਜ਼ਿਸ਼ ਹੈ । ਬਾਪ-ਬਿਰਖ ਦੀ ਛਾਂ ਬੜੀ ਚੁੱਪ ਜਿਹੀ ਹੈ ਤਸਕੀਨ ਤਾਂ ਬਣਦੀ ਹੈ, ਸਫ਼ਰ ਦਾ ਨਕਸ਼ਾ ਨਹੀਂ ਇਸੇ ਲਈ ਉਹ ਖਾਮੋਸ਼ ਤੇ ਸਾਊ ਬਾਦਸ਼ਾਹ ਹੈ ਅਤੇ ਮੈਂ ਚੁੱਪ ਤੇ ਇਮਾਨਦਾਰ ਬਾਗ਼ੀ । ਸਾਡਾ ਰਿਸ਼ਤਾ ਕੱਚੀ ਕੰਧ ਦੀ ਛਾਵੇਂ, ਇੱਕ ਅਜਿਹੀ ਸੰਧੀ ਹੈ ਬਿਨ ਦਸਖ਼ਤਾਂ ਤੋਂ ਬਚਨ-ਬੱਧ ਕਿ ਆਪਣੀ ਆਪਣੀ ਜ਼ਹਿਰ ਪੀਣੀ ਹੈ, ਪਰ ਸੀ ਨਹੀਂ ਕਰਨੀ। ਮੇਰਾ ਘਰ, ਇੱਕ ਅਜਿਹਾ ਚਸ਼ਮਾ ਜਿੱਥੇ ਮੋਹ ਦਾ ਨੀਰ ਵਹਿੰਦਾ ਹੈ ਇਹ ਪਾਣੀ ਕਿਹੀ ਤਾਸੀਰ ਦਾ ਜੋ ਨਾ ਬੁਖ਼ਾਰਾਤ ਬਣਨ ਜਾਣਦੈ, ਤੇ ਨਾਹੀਂ ਬਰਫ਼ ਬਣਨ ਜਾਣਦੈ ਇਹਦੀ ਇੱਕ ਵੀ ਨਿਮਾਣੀ ਘੁੱਟ ਜਦੋਂ ਗਲਿਉਂ ਹੇਠਾਂ ਲੱਥਦੀ ਹੈ ਤਾਂ ਬੋਲ ਪੱਥਰ ਹੋ ਜਾਂਦੇ ਹਨ ਇਸੇ ਲਈ ਇਹ ਜਨਮ ਮਰਨ ਦੀ ਖ਼ਬਰ ਤੋਂ ਬੇਖ਼ਬਰ ਹੈ । ਇਥੇ ਮੋਹ ਦਾ ਮਹੁਰਾ ਚੱਟਦੀਆਂ ਕੰਧਾਂ ਨੇ ਤੇ ਜਦੋਂ ਵੀ ਮੈਂ ਉਨ੍ਹਾਂ ਦੇ ਗਲ ਲੱਗਣ ਦੀ ਸੋਚੀ ਤਾਂ ਜਲਾਵਤਨ ਹੋ ਜਾਣ ਦਾ ਹੀ ਹੁਕਮ ਮਿਲਿਆ ਹੈ । ਕਦੇ ਲਗਦਾ ਹੈ ਕਿ ਤਪਿਆ ਹੰਭਿਆ ਸੂਰਜ ਇਹਦੇ ਬੂਹਿਆਂ ਤੇ ਆ ਕੇ ਚਿਪ ਗਿਆ ਹੈ ਤੇ ਓਦਣ ਇਹਦੇ ਚੁਲ੍ਹਿਆਂ ਦਾ ਸਾਰਾ ਸੋਕ ਸਿਮਟ ਜਾਂਦਾ ਬਸ ਇੱਕ ਮਘਦੀ ਅੰਗਿਆਰੀ ਜਿੰਨਾਂ ਬਣ ਕੇ। ਤੇ ਜਿੱਦਣ ਚੰਨ ਆਪਣੇ ਘਟਣ, ਵਧਣ ਦੇ ਕਰਮ ਤੋਂ ਵਿਹਲਾ ਹੋ ਆ ਪੈਲ ਜਿਹੀ ਪਾਉਂਦਾ ਬਨ੍ਹੇਰਿਆਂ 'ਤੇ ਤਾਂ ਉਦੋਂ ਖ਼ਬਰੇ ਕਿਥੋਂ ਬੱਝ ਜਾਂਦੇ ਨੇ ਇਹਦੀਆਂ ਅੱਡੀਆਂ ਤੇ ਘੁੰਗਰੂ ਮੈਨੂੰ ਇਹ ਤਾਪ ਵਿਚ ਹੂੰਗਰਦਾ ਵੀ ਪਿਆਰਾ ਇਹ ਪੈਰਾਂ ਦੀਆਂ ਝਾਂਜਰਾਂ ਛਣਕਾਉਂਦਾ ਵੀ ਪਿਆਰਾ । ਗ਼ਮਲਿਆਂ 'ਚ ਉੱਗੀ ਕੈਕਟਸ ਦੀ ਅਲੂਈ ਕੰਡਿਆਰੀ ਜਦੋਂ ਪੋਟਿਆਂ ਤੋਂ ਦੀ ਹੁੰਦੀ ਹੁੰਦੀ ਹੋਠਾਂ ਤੇ ਪਹੁੰਚ ਜਾਂਦੀ ਤਾਂ ਸਜਾਵਟ ਦੇ ਅਰਥ ਹੀ ਬਦਲ ਜਾਂਦੇ ਨੇ । ਰੂਹ ਤੇ ਪਏ ਦਾਗ਼ਾਂ ਦੇ ਮੈਂਟਲਪੀਸ ਰੋਂਦਿਆਂ, ਹੱਸਦਿਆਂ, ਉਦਾਸਿਆਂ ਦੀਆਂ ਤਸਵੀਰਾਂ ਸ਼ਾਇਦ, ਇਸ ਘਰ ਦੇ ਸਾਹਾਂ 'ਚ ਰਚ-ਮਿਚ ਗਈਆਂ ਨੇ ਇਸੇ ਕਰ ਕੇ ਹੀ ਤਾਂ, ਆਪਣੇ ਹੀ ਲੀੜੇ ਤਨ ਤੇ ਲੜਦੇ ਨੇ ਪੋਹਲੀ ਦੇ ਪੀਲੇ ਪੱਤਿਆਂ ਦੀ ਤਰ੍ਹਾਂ ਬਣਕੇ । ਅਲਮਾਰੀ 'ਚ ਪਈਆਂ ਤਮਾਮ ਕਿਤਾਬਾਂ ਦੀ ਜ਼ੁਬਾਨ ਚੁੱਪ ਹੈ ਰਿਸ਼ਤਿਆਂ ਦੀਆਂ ਬਰੀਕ ਤੰਦਾਂ ਉਹ ਕਿਹੜੀ ਭਾਸ਼ਾ 'ਚ ਸਮਝਾਉਣ ਅੱਖ ਦੀ ਮੈਲ ਤੇ ਬੋਲਾਂ ਦੀ ਜ਼ਹਿਰ ਉਹ ਕਿਵੇਂ ਪੁਣਨ ਇਸੇ ਕਰਕੇ ਸਾਰੇ ਆਪਣੇ ਆਪਣੇ ਕਿਲੇ ਆਪਣੇ ਨਾਲ ਲੈ ਕੇ ਤੁਰਦੇ ਹਨ ਹਰ ਕਿਲੇ ਦਾ ਵੱਖਰਾ ਹੀ ਤੋਸ਼ਾਖ਼ਾਨਾ ਤੇ ਵੱਖਰਾ ਹੀ ਲਸ਼ਕਰ ਹੈ ਉਹ ਆਪਣੀ ਲੜਾਈ ਆਪ ਹੀ ਲੜਦੇ ਹਨ ਜਿੱਤ ਦਾ ਜਸ਼ਨ ਵੀ, ਹਾਰ ਦਾ ਅਫਸੋਸ ਵੀ । ਹਰ ਕੋਈ ਜਦੋਂ ਤੁਰਦਾ ਹੈ ਤਾਂ ਆਪਣੇ ਹੱਥਾਂ ਦੀਆਂ ਬੱਸ ਇਨ੍ਹਾਂ ਚਹੁੰ-ਕੁ ਲਕੀਰਾਂ ਤੇ ਹੀ ਤੁਰਦਾ ਹੈ ਤੇ ਇੱਕ ਹੱਦ ਤੇ ਆ ਕੇ ਜਲਾਵਤਨ ਹੋ ਜਾਣ ਦਾ ਹੁਕਮ ਸੁਣਦਾ ਹੈ ਜਲਾਵਤਨੀਆਂ ਦੀ ਭਟਕਦੀ ਰੂਹ ਦਾ ਮੁਕਾਮ ਇਹ ਮੇਰਾ ਘਰ ‘ਜੀ ਆਇਆਂ’ ਹੀ ਕਹਿਣ ਜਾਣਦਾ ਹੈ, 'ਅਲਵਿਦਾ' ਨਹੀਂ ।

ਕਾਲਾ ਹੰਸ

ਮਾਂ ਦੇ ਖਿੱਲਰੇ ਵਾਲਾਂ ਦੀ ਛਾਂ ਹੇਠ ਬਾਪ ਦੇ ਗਲੇ 'ਚੋਂ ਆਉਂਦੀਆਂ ਸ਼ਰਾਬੀ ਹਵਾਵਾਂ ਦੇ ਦੇਸ਼ ਵਿਚ ਉਸ ‘ਕਾਲੇ ਹੰਸ' ਦਾ ਜਨਮ ਹੋਇਆ ਸੀ । ਪੈਦਾਇਸ਼ ਦੀ ਘੜੀ ਉਹਦੀ ਜਨਮ-ਪੱਤਰੀ ਦੇ ਤਮਾਮ ਹਰਫ਼ ਕਾਲੇ ਸਨ ਪਰ ਹਥੇਲੀ ਤੇ ਪਏ ਅੱਟਣਾਂ ਨੂੰ ਮੁੜ ਮੁੜ ਤਕਦਿਆਂ ਉਸ ਹਸਤ-ਰੇਖਾਵਾਂ ਵਿਚਲੇ ਸਾਰੇ ਹੀ ਵਿਸ਼ਵਾਸ਼ ਤੋੜ ਦਿੱਤੇ । ਦੂਰ ਸੁਣੀਂਦਾ ਮਾਨ-ਸਰੋਵਰ ਉਹਦੀਆਂ ਅੱਖ-ਫਿੰਮਣਾਂ ਤੇ ਕਿਸੇ ਸੁਪਨੇ ਵਾਂਗ ਲਟਕਦਾ ਰਿਹਾ ਤਦੇ ਤਾਂ ਕਿੰਨੇ ਹੀ ਵਰ੍ਹੇ ਉਹਦੇ ਖਿਡੌਣਿਆਂ ਨਾਲ ਖੇਡਣ ਵਾਲੇ ਹੱਥ ਮਾਂ ਦੀ ਪਾਟੀ ਝੋਲੀ 'ਚ ਪਾਉਣ ਲਈ ਆਨੇ-ਦੁਆਨੀਆਂ ਇੱਕਠੀਆਂ ਕਰਦੇ ਰਹੇ ਤੇ ਫਿਰ ਇੱਕ ਦਿਨ ਉਸ ਆਪਣੇ ਮੋਢਿਆਂ ਤੋਂ ਫਜ਼ੂਲ ਪਹਾੜੀ ਅੱਕ ਦੇ ਬੂਟੇ ਪਤਾ ਨਹੀਂ ਕਿਸ ਤਾਅ ਵਿਚ ਆ ਕੇ ਪੁੱਟ ਸੁੱਟੇ ਕਿ ਭਲਾ ਬੀੜੀਆਂ ਦੇ ਬੁਝੇ ਟੋਟੇ ਚੁਗਣ ਨਾਲ ਤਾਂ ਜ਼ਿੰਦਗੀ ਨਹੀਂ ਗੁਜ਼ਰਦੀ। ਵਿਸ਼ਵਾਸ਼ ਦੀਆਂ ਦਹਿਲੀਜ਼ਾਂ ਤੇ ਇੱਕ ਵਾਰ ਫਿਰ ਪੈਰ ਧਰਦਿਆਂ ਉਸ ਨਾਦ-ਸਿੰਗੀਆਂ ਦੀ ਧਤੂਰੀ ਛਾਂ ਮਾਣਨੀ ਚਾਹੀ ਤਾਂ ਇੱਕ ਰਾਤ ਪਿਪਲ 'ਚੋਂ ਝਰਦੀ ਤਿੱਤਰ-ਖੰਭੀ ਜੂਹ 'ਚ ਉਸ ਦੇਖਿਆ ਕਿ ਸਾਧ ਦੀ ਧੂਣੀ 'ਚ ਤਾਂ ਸੇਕ ਨਹੀਂ ਰਿਹਾ। ਉਸ ਰਾਤ ਹੀ ਉਸ ਨੇ ਇੱਕ ਹੋਰ ਪੁਲਾਂਘ ਪੁੱਟੀ ਤੇ ਗੱਡ ਕੇ ਆਪਣੇ ਕੰਧਿਆਂ ਤੇ ਸੁਰਖ਼ ਝੰਡੇ ਉਹ ਕਿੰਨੇ ਹੀ ਵਰ੍ਹੇ ਕੱਚਿਆਂ ਰਾਹਾਂ ਦਾ 'ਰਾਹੀ' ਬਣਕੇ ਤੁਰਦਾ ਰਿਹਾ। ਉਹ ਹੁਣ ਵੀ ਤੁਰ ਰਿਹਾ ਹੈ—ਸੁਪਨਾ ਸਾਕਾਰ ਕਰਨ ਲਈ ਆਪਣੇ ਪਿੰਡੇ ਤੇ ਜੜ੍ਹ ਕੇ ਤਦਬੀਰਾਂ ਦੇ ਖੰਭ । ਜਦੋਂ ਇੱਕ ਚਾਨਣ ਭਿੱਜੀ ਰਾਤੇ ਹੁਸੀਨ ਕੁੜੀ ਨੇ ਉਹਦੇ ਖੰਭਾਂ ਨੂੰ ਪਲੋਸਿਆ ਤਾਂ ਉਦੋਂ ਉਹ ਮੁਹੱਬਤ ਦੇ ਅਰਥ ਨਹੀਂ ਸੀ ਜਾਣਦਾ ਤੇ ਉਹ ਕੁੜੀ ਅੱਜ ਵੀ ਉਹਦੀ ਬੇਸਮਝੀ ਦਾ ਹਉਕਾ ਆਪਣੀ ਹਿੱਕ ਵਿਚ ਸਾਂਭ ਕੇ ਬੈਠੀ ਹੈ। ਉਹ ਬਸ ਸਿਰਫ਼ ਰਾਤ-ਬਰਾਤੇ ਗੀਤ ਹੀ ਗਾਉਂਦਾ ਰਿਹਾ— ‘ਤੁਧ ਬਿਨ ਕਾਹਦਾ ਜੀਣਾ ਸੱਜਣ ਜੀ; ਤੁਧ ਬਿਨ ਕਾਹਦਾ ਜੀਣਾ । ਕੌੜੀ ਨਿੰਮ ਪਤਾਸੇ ਵਰਗੀ ਘੁੱਟ ਸਬਰ ਦਾ ਪੀਣਾ ।...' ਬੜੀ ਕਠੋਰਚਿਤ ਹੈ ਉਹਦੇ ਘਰ ਦੀ 'ਹਵਾ' ਜੋ ਦਿਨ ਭਰ ਦੀ ਥਕਾਵਟ, ਦੁੱਖਾਂ, ਸੋਚਾਂ ਤੇ ਸੰਸਿਆਂ ਲਈ ਕਦੇ ਹੁੰਗਾਰਾ ਨਹੀਂ ਬਣਦੀ । ਉਹ ਕਦੇ ਕਿੱਕਰਾਂ ਦੀ ਛਾਵੇਂ ਖੜਦਾ, ਕਦੇ ਫਰਮਾਹਾਂ ਦੀ ਛਾਵੇਂ ਆਪਣੀਆਂ ਤਲੀਆਂ ਦੇ ਸੇਕ ਨੂੰ ਆਪ ਚੱਟਦਾ ਵੇਖਿਆ। ਗੁੱਸੇ ਵਿਚ ਉਹਦੀਆਂ ਅੱਖਾਂ ਮਾਰੂਥਲ ਹੁੰਦੀਆਂ ਹਨ ਖੁਸ਼ਕ ਉੱਡਦੀਆਂ ਹਨੇਰੀਆਂ ਦੇ ਵਾ-ਵਰੋਲੇ, ਭੂਤਾਂ ਪ੍ਰੇਤਾਂ ਦਾ ਨਾਚ ਉਹਦੀ ਹਾਸੀ 'ਚ ਗੁੱਝੀ ਸ਼ਰਾਰਤ ਉਹਦੀ ਮੁਸਕਾਹਟ 'ਚ ਚਾਣਕਯ ਦੀ ਸਿਆਸੀ ਚਾਲ ਹੁੰਦੀ ਹੈ । ਉਹ ਕਦੇ ਜੜ੍ਹੀਆਂ ਬੂਟੀਆਂ ਦਾ ਬਾਦਸ਼ਾਹ ਧਨੰਤਰ ਦੀਨ ਦੁਖੀਆਂ ਦੀ ਨਬਜ਼ ਟੋਹ ਰਿਹਾ ਹੁੰਦਾ ਹੈ ਕਦੇ ਧੂਣੀ ਤੇ ਬੈਠਾ ਗੋਰਖ ਅੱਲੜ ਧੀਦੋਆਂ ਦੇ ਕੰਨ ਕੰਨ ਪਾੜ ਪਾੜ ਮੁੰਦਰਾਂ ਪਾ ਰਿਹਾ ਹੁੰਦਾ ਹੈ । ਪਰ ਕਦੇ ਕੋਈ ਰਾਂਝਾ ਉਹਦੀ ਧੂਣੀ ਦਾ ਆਸ਼ਕ ਨਹੀਂ ਬਣਿਆ ਉਹ ਕਦੇ ਬਰਫ਼ ਵਾਂਗ ਸੀਤ ਹੁੰਦਾ ਹੈ ਤੇ ਕਦੇ ਅੱਗ ਵਾਂਗ ਦਮਕ ਉੱਠਦਾ ਹੈ ਉਹਦੇ ਮੱਥੇ ਤੇ ਜਨਮ ਲੈਂਦੀਆਂ ਮੁੜਕੇ ਦੀਆਂ ਬੂੰਦਾਂ ਮੁਸ਼ਕਤ ਦੀ ਸੰਧੂਰੀ ਮਹਿਕ ਤੇ ਛਾਵਾਂ ਭਰਿਆ ਬਿਰਖ ਹੁੰਦੀਆਂ ਹਨ। ਮੇਰੀ ਦੋਸਤੀ ਦੇ ਪੰਨਿਆਂ ਤੇ ਉੱਕਰੇ ਇਸ ਕਾਲੇ ਹੰਸ ਦਾ ਵਜੂਦ ਬਹੁਤ ਸਾਰਿਆਂ ਲਈ ਧਨੰਤਰ, ਕਾਲੀਦਾਸ ਤੇ ਗੋਰਖ ਵਾਂਗ ਹੈ ਇਹ ਹੀ ਨਹੀਂ, ਕਿੰਨੇ ਹੀ ਚਿਹਰਿਆਂ ਦਾ ਸੰਗਮ ਹੈ ਉਹਦੇ 'ਚ ਮਸਲਨ ਦੁਕਾਨ ਤੇ ਬੈਠਾ ਉਹ ਕੋਈ ਮਹਾਂਰਿਸ਼ੀ ਸੜਕ ਤੇ ਤੁਰਦਾ ਸਿਕੰਦਰੇ-ਆਜ਼ਮ ਤੇ ਘਰ ਦੀ ਦਹਿਲੀਜ਼ ਟੱਪਦਾ ਹਾਰੇ ਪੋਰਸ ਵਾਂਗ ਹੁੰਦਾ ਹੈ । ਪਰ ਫਿਰ ਵੀ ਉਹ ਦੋਸਤਾਂ ਲਈ 'ਰਾਹੀ' ਤੇ ਨਿਰਾ 'ਰਾਹੀ' ਹੈ ਪਤਨੀ ਤੇ ਪ੍ਰੇਮਿਕਾ ਲਈ ਬਸ 'ਕੱਲਾ ‘ਪ੍ਰੀਤਮ' ਹੈ ।

ਅਧੂਰੀ ਨਜ਼ਮ

ਉਹ ਸਫ਼ਰ ਤੇ ਤੁਰਿਆ ਤਾਂ ਸੋਚਦਾ ਸੀ, ਨਿੱਕੇ ਜਿਹੇ ਚਸ਼ਮੇ ਤੋਂ ਸਮੁੰਦਰ ਬਣਾਂਗਾ ਮਾਂ ਵੀ ਸੋਚਦੀ ਸੀ ਖੂਹ ਦੀ ਮੌਣ ਤੋਂ ਤਾਂਡਵ ਨਾਚ ਨੱਚਦਾ ਕਿਤੇ ਧੁਰ ਪਤਾਲ 'ਚ ਨਾ ਉਤਰ ਜਾਏ। ਪਰ ਇਹ ਕਿਹਾ ਸਫ਼ਰ ਸੀ— ਜਿੱਥੇ ਹਰ ਮੋੜ ਤੇ ਸ਼ਰਾਬੀ-ਸਰੋਵਰ ਪੈਰਾਂ 'ਚ ਉਲਝ ਜਾਂਦਾ ਰਿਹਾ ਜਿੱਥੇ ਖੂਹ ਦੀ ਗਹਿਰਾਈ ਅੱਜ ਵੀ ਉਹਦੀਆਂ ਸੋਚਾਂ ਦਾ ਖੌਫ਼ ਬਣੀ ਹੋਈ ਹੈ। ਉਸਨੇ ਤਾਂ ਬਹੁਤ ਕੁਝ ਚਾਹਿਆ ਸੀ ਕਿ—'ਮੇਰੇ ਕੰਠ 'ਚ ਕੋਇਲ ਸਦਾ ਕੂਕਦੀ ਰਹੇ ਮੇਰੀਆਂ ਤਲੀਆਂ ਤੇ ਮਿੱਤਰਾਂ ਦੇ ਤਿੱਤਰ ਚੋਗ਼ ਚੁਗਦੇ ਰਹਿਣ ਅੱਖਾਂ ਦੇ ਲਟ ਲਟ ਬਲਦੇ ਡੋਰੇ ਬੰਦੇ ਬੈਰਾਗੀ ਦੀ ਕਥਾ ਦੁਹਰਾਉਂਦੇ ਰਹਿਣ ਮੈਂ ਯਾਰੀਆਂ ਦਾ ਇੱਕ ਨਵਾਂ ਹੀ ਬਾਬ ਲਿਖਣਾ ਸੀ ਕੜਕਦੀਆਂ ਦੁਪਹਿਰਾਂ 'ਚ ਵੀ ਨੰਗੇ ਪੈਰ ਨੱਚਣਾ ਸੀ। ਉਸ ਤਾਂ ਬਹੁਤ ਕੁਝ ਚਾਹਿਆ ਸੀ ਪਰ ਪੱਬਾਂ ਦੀ ਥਿੜਕਣ, ਲੱਤਾਂ ਦੀ ਕੰਬਣੀ ਇੱਕ ਸਰਾਪ, ਦੇਹਲੀ ਦੇ ਅੰਦਰ ਵੀ ਇੱਕ ਸਰਾਪ, ਦੇਹਲੀ ਦੇ ਬਾਹਰ ਵੀ । ਉਸ ਜਿਸ ਨਾਲ ਲਾਵਾਂ ਲਈਆਂ ਉਹ ਉਹਦੇ ਮਨ 'ਚ ਘਰ ਨਾ ਵਸਾ ਸਕੀ ਬਸ, ਬਚਨਾਂ ਦੀ ਬੱਧੀ ‘ਜੁੱਤੀਆਂ ਦੇ ਮੋੜ' ਮੋੜਦੀ ਰਹੀ । ਤੇ ਜਿਸਦੀ ਉਹ ਕਦੇ ਕਦਾਈਂ ਸਹੁੰ ਖਾਂਦਾ ਹੈ ਉਹ ਉਹਦੇ ਮਨ 'ਚ ਵੀ ਹੈ, ਤਨ 'ਚ ਵੀ ਕਦੇ ਬਲਦੀ ਹੈ, ਕਦੇ ਬੁਝਦੀ ਹੈ । ਉਸ ਹੱਥਾਂ ਨਾਲ ਬਹੁਤ ਵਾਰੀ ਲਿਖਣਾ ਚਾਹਿਆ ਤੇ ਸੈਨਤਾਂ ਨਾਲ ਸਮਝਾਉਣਾ ਤਨ ਦੀ ਦੂਰੀ ਤਾਂ ਮਿਟਦੀ ਰਹੀ, ਮਨ ਦੀ ਵਿਥ ਨਾ ਘਟੀ ਉਹਦੇ ਹਰਫ਼ ਉਹ ਪੜ੍ਹਦੀ ਵੀ ਰਹੀ, ਸਮਝਦੀ ਵੀ ਰਹੀ ਪਰ ਨਾਤਿਆਂ ਦੀਆਂ ਲਛਮਣ-ਰੇਖਾਵਾਂ ਟੱਪੀਆਂ ਨਾ ਗਈਆਂ । ਸ਼ਹਿਰ 'ਚ ਉਹ ਫਿਲਮੀ-ਪੋਸਟਰ ਵਾਂਗ ਹੈ ਤੇ ਹਰ ਘਰ 'ਚ ਉਹਦਾ ਨਾਮ ਨਗਨ-ਚਿਤ੍ਰ ਵਾਂਗ ਸ਼ਾਇਦ ਇਹੀ ਕਾਰਨ ਹੈ ਕਿ ਉਹਦੀਆਂ ਸ਼ਰਬਤੀ-ਅੱਖਾਂ ਵੀ ਸ਼ਰਾਬੀ ਲਗਦੀਆਂ ਨੇ ਸਿੱਧੀ ਤੋਰ ਵੀ ਲੜਖੜਾਵੀਂ ਹੋ ਜਾਂਦੀ ਹੈ । ਹੋ ਸਕਦੈ, ਲੋਕ ਬੇਈਮਾਨ ਹੋਣ ਜਾਂ ਝੂਠ ਬੋਲਦੇ ਹੋਣ ਨਹੀਂ ਤੇ ਕਿਵੇਂ ਉਨ੍ਹਾਂ ਨੂੰ ਪਤਾ ਲਗ ਜਾਂਦੈ ਕਿ ਉਹਦੇ ਡੌਲੇ ਤੇ ਬੰਨ੍ਹੇ ਤਬੀਤ ਵਿਚ ਰਾਮ ਦੀ ਨਹੀਂ, ਰਾਧਾ ਦੀ ਤਸਵੀਰ ਹੈ ਸ਼ਿਵ ਉਹਦੀਆਂ ਰਗਾਂ 'ਚ ਹੈ ਤੇ ਗੋਬਿੰਦ ਦਾ ਬਾਜ਼ ਉਹਦੇ ਪੰਜਿਆਂ 'ਚ । ਉਹ ਬਹੁਤ ਵਾਰ ਡਿਗਿਆ ਹੈ ਘਰ ਦੀ ਛੱਤ ਤੋਂ ਵੀ, ਯਾਰ ਦੀ ਅੱਖ 'ਚੋਂ ਵੀ ਤੇ ਹਰ ਵਾਰ ਹਮਦਰਦੀ ਦੀ ਥਾਂ ਲਿਜ਼ਲਿਜ਼ੇ ਬੋਲਾਂ ਦੀ ਬੁਛਾੜ ਉਹਦੇ ਤਨ ਨੂੰ ਛੋਹੀ ਹੈ ਉਸੇ ਦਿਨ ਹੀ ਉਹਦੇ ਅੰਦਰ ਵਸਦੇ ਗੀਤ ਦੀ ਮੌਤ ਹੋਈ ਹੈ । ਉਸਦੀ ਬਿਰਹਣ ਆਤਮਾ ਕਦੇ ਸੜਕਾਂ ਤੇ ਲਿਫ ਕੇ ਰੋਂਦੀ ਕਦੇ ਉਦਾਸ ਕੰਧਾਂ ਦੇ ਗਲ ਲੱਗ ਕੇ ਰੋਂਦੀ ਉਦਾਸੀ ਦਾ ਆਲਮ ਤੋੜਣ ਲਈ ਉਹ ਸ਼ਰਾਬੀ-ਸਰੋਵਰ ਦੇ ਕਿਨਾਰੇ ਬੈਠ ਉਂਗਲਾਂ ਭਿਉਂ ਭਿਉਂ ਚੱਟਦਾ, ਗੀਤਾਂ ਦੀਆਂ ਸਤਰਾਂ ਡਬੋ ਡਬੋ ਚੁੰਮਦਾ ਬਰਨਾਲੇ ਦੀ ਬਦਨਾਮ ਆਤਮਾ ਦਾ ਚੋਗਾ ਪਹਿਣ ਯਾਰਾਂ ਤੋਂ ਬੇਮੁਖ ਹੋ —ਉਹ ਬਹੁਤ ਵਾਰ ਡਿਗਿਆ ਹੈ ਘਰ ਦੀ ਛੱਤ ਤੋਂ ਵੀ, ਯਾਰ ਦੀ ਅੱਖ 'ਚੋਂ ਵੀ। ਅਫ਼ਸਰ ਦੀ ਚਮਕਦੀ ਟੇਬਲ 'ਤੇ ਉਹ ਸਹੀ ਸ਼ਬਦਾਂ ਦਾ ਕਿਰਦਾਰ ਨਹੀਂ ਸਿਰਜ ਸਕਿਆ ਉਸਨੂੰ ਜਿਸ ਤੋਂ ਚੁੰਮਣ ਜਿਹੇ ਅਹਿਸਾਸ ਦੀ ਉਡੀਕ ਸੀ ਉਥੋਂ ਚੰਦਰੀ ਚੂੰਡੀ ਦਾ ਦਰਦ ਹੀ ਮਿਲਿਐ ਤੇ ਇਹ ਦਰਦ ਹੀ ਉਹਦੇ ਲੇਖ ਬਿਗਾੜਦਾ ਰਿਹੈ ਉਹਨੂੰ ਕਾਗਜ਼ਾਂ ਦੀ ਮੌਤੇ ਮਾਰਦਾ ਰਿਹੈ । ਦਫ਼ਤਰ ਦੀ ਪੀਲੀ ਜਿਹੀ ਫ਼ਾਈਲ ਵਿਚ ਉਸਦੇ ਕਿੰਨੇ ਹੀ ਸਿਵੇ ਬਲੇ ਤੇ ਬੁਝੇ ਹਨ । ਇੱਕ ਦਿਨ ਜਦ ਸੂਰਜ ਡੁੱਬ ਗਿਆ ਸੀ ਤਾਂ ਉਹ ਸ਼ਰਾਬੀ-ਸਰੋਵਰ 'ਚੋਂ ਨਹਾ ਕੇ ਵਾਲ ਛੰਡਦਾ ਮੈਨੂੰ ਮਿਲਿਆ ਉਹਦੇ ਬੋਲ ਜ਼ੁਬਾਨ 'ਚੋਂ ਇਉਂ ਉਤਰੇ ਜਿਵੇਂ ਕੋਈ ਬੱਚਾ ਬੈਠ ਬੈਠ ਕੇ ਪੌੜੀਆਂ ਉਤਰ ਰਿਹਾ ਹੋਵੇ— “ਤੂੰ ਨਜ਼ਮ ਤਾਂ ਪੂਰੀ ਕਰ ਮੈਂ ਓਦਣ ਜੀਅ ਭਰਕੇ ਰੋਵਾਂਗਾ ਤੇ ਮਰ ਜਾਵਾਂਗਾ।” ਮੈਂ ਤੱਕਿਆ ਉਹ ਕੰਬ ਰਿਹਾ ਸੀ—ਤਨੋਂ ਵੀ, ਮਨੋਂ ਵੀ ਉਹਦੀ ਅੱਖਾਂ 'ਚੋਂ ਕੋਈ ਲਹਿਰ ਨਹੀਂ ਉੱਛਲੀ ਸਗੋਂ ਕਾਲੀ ਬੋਲੀ ਹਨ੍ਹੇਰੀ ਉੱਠੀ ਸੀ। ਮੈਨੂੰ ਉਹ ਦਿਨ ਵੀ ਯਾਦ ਹਨ- ਜਦ ਉਹਦੇ ਪੱਬ ਮੰਚ ਤੇ ਵਰੋਲੇ ਬਣ ਜਾਇਆ ਕਰਦੇ ਅਤੇ ਉਹਦੀ ਜੀਭ 'ਤੇ ਤ੍ਰਿੰਝਣ ਜੁੜ ਜਾਇਆ ਕਰਦੇ ਸਨ। ਸਾਰੀ ਰਾਤ ਸੋਚਦਿਆਂ ਸੋਚਦਿਆਂ, ਖ਼ਬਰੇ ਕਿਹੜੀਆਂ ਵਿਰਲਾਂ ਥਾਣੀਂ ਉਹਦੀਆਂ ਅੱਖਾਂ 'ਚੋਂ ਉੱਠੀ ਹਨ੍ਹੇਰੀ ਮੇਰੇ ਮਨ 'ਚ ਆ ਵਸੀ ਤੇ ਮੈਂ ਕਲਮ ਨੂੰ ਕਿਹਾ—'ਚੰਦਰੀਏ ! ਤੇਰੀ ਜੀਭ ਸੁੱਕ ਜੇ ।' ਵਹਿਮ ਹੈ, ਜੇ ਨਜ਼ਮ ਪੂਰੀ ਹੋ ਗਈ ਤਾਂ ਬੋਲਾਂ ਦੇ ਫੰਬੇ ਵੀ ਕਿਤੇ ਉੱਡ ਨਾ ਜਾਣ ਦੋਸਤੋ ! ਖ਼ੁਦਾ ਦੇ ਵਾਸਤੇ ਮੇਰੀ ਨਜ਼ਮ ਅਧੂਰੀ ਹੀ ਜਾਣਓ !

ਅਧਿਐਨ

ਮੈਂ ਬਹੁਤ ਦਿਨਾਂ ਤੋਂ ਪੜ੍ਹਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇਰੇ ਚਿਹਰੇ ਤੇ ਉਕਰਿਆ ਪਿਆਸ ਦਾ ਸਫ਼ਰ ਕਦੇ ਤੇਰੇ ਨਜ਼ਦੀਕ ਆ ਕੇ ਕਦੇ ਤੇਰੇ ਤੋਂ ਦੂਰ ਜਾ ਕੇ । ਮੈਂ ਨਜ਼ਮਾਂ ਦੀਆਂ ਡੁਬਕਣੀਆਂ ਲੈ ਕੇ ਸਮੁੰਦਰ 'ਚ ਗੁੰਮ ਗਈ ਗੰਗਾ ਨੂੰ ਮੁੜ ਲੱਭਦਾ ਹਾਂ ਤੇ ਜਦ ਪੱਤਣ ਤੇ ਪਰਤਦਾ ਹਾਂ ਤਾਂ ਮੇਰੀ ਝੋਲੀ 'ਚ ਹੁੰਦੀ ਹੈ ਪਾਣੀਆਂ 'ਚ ਇੱਕ ਤਿਹਾਈ ਮਰ ਗਈ ਮੱਛੀ। ਉਸ ਮੋਈ ਮੱਛੀ ਦੀ ਅੱਖ ਵਿਚ ਜਦੋਂ ਅੱਖ ਪਾ ਕੇ ਤੱਕਦਾ ਹਾਂ ਤਾਂ ਮੈਂ ਇੱਕ ਅਜਿਹਾ ਰੁੱਖ ਹੁੰਦਾ ਹਾਂ ਜਿਸਦੇ ਪੱਤੇ ਵੀ, ਜਿਸਦਾ ਇਤਿਹਾਸ ਨਾ ਲਿਖ ਸਕੇ ਜਿਸਦੀਆਂ ਜੜ੍ਹਾਂ ਵੀ, ਰਿਸ਼ਤਿਆਂ ਤੋਂ ਇਨਕਾਰੀ ਹੋ ਗਈਆਂ। ਉਹ ਮੁਰਦਾ ਮੱਛੀ-ਜਾਗਦੀ, ਤੜਫ਼ਦੀ ਫਿਰ ਮੇਰੇ ਹੱਥਾਂ 'ਚੋਂ ਤਿਲਕ ਜਾਂਦੀ ਤੇ ਦੂਰ ਇੱਕ ਸਮੁੰਦਰੀ ਟਾਪੂ ਤੇ ਬਹਿ ਕੇ ਆਪਣੀ ਬਿਰਹਣ-ਰੂਹ ਦੇ ਗੀਤ ਗਾਉਂਦੀ ਆਪਣੇ ਹੀ ਬੁਲ੍ਹਾਂ ਤੇ ਚਟਾਕ ਪਾਉਂਦੀ ਇੱਕ ਦਮ ਪਾਰਬਤੀ ਤੋਂ ਬੇਜਾਨ ਅਹੱਲਿਆ ਹੋ ਜਾਂਦੀ ਉਹ ਸੁਪਨੇ ਵਾਂਗ ਉੱਗਦੀ ਉਹ ਸੁਪਨੇ ਵਾਂਗ ਡੁੱਬਦੀ । ਮੈਂ ਤਲੀ ਤੇ ਰਖ ਉਹ ਸੁਪਨਾ ਪੜ੍ਹਣ ਦੀ ਕੋਸ਼ਿਸ਼ ਕਰਦਾ ਰਿਹਾ ਮੈਂ ਮੱਥੋਂ ਦੇ ਨਸੀਬਾਂ 'ਚ ਉਹਨੂੰ ਮੜ੍ਹਣ ਦੀ ਕੋਸ਼ਿਸ਼ ਕਰਦਾ ਰਿਹਾ ਕਦੇ ਤੇਰੇ ਨਜ਼ਦੀਕ ਆ ਕੇ ਕਦੇ ਤੇਰੇ ਤੋਂ ਦੂਰ ਜਾ ਕੇ ।

ਡੁੱਬ ਗਏ ਹਾਂ

ਲੈ ਬਈ, ਆਪਾਂ ਤਾਂ ਡੁੱਬ ਗਏ ਹਾਂ ਸੁਰਮਈ ਅੱਖਾਂ ਦੇ ਸਰੋਵਰ ਵਿਚ ਤੇ ਇਸ ਰੰਗੀਨ, ਕੁੰਜ ਉਤਾਰਨ ਵਰਗੀ ਮੌਤ ਤੋਂ ਬਾਦ ਇਸ਼ਕ ਦਾ ਤਿਲ ਮੇਰੇ ਮੱਥੇ ਤੇ ਸੀ । ਤੇ ਮੈਂ ਮਹਿਸੂਸ ਕੀਤਾ ਕਿ ਹਰ ਸੜਕ ਉੱਠ ਖੜੀ ਹੋਈ ਸੀ ਇਸ਼ਕ ਦੀ ਪਹਿਲੀ ਪਾਤਸ਼ਾਹੀ ਨੂੰ ਸਲਾਮ ਆਖਣ ਲਈ । ਕੀ ਇਸ਼ਕ ਦੀ ਬੀੜ 'ਚੋਂ ਵਾਕ ਲੈਣਾ ਅੰਤਾਂ ਦਾ ਪਵਿੱਤਰ ਜਾਂ ਅਪਵਿੱਤਰ ਹੈ ਕਿ ਉੱਠ ਖੜਦੇ ਹਨ ਸੰਸਕਾਰਾਂ ਦੇ ਖੂਹ ਵਿਚ ਬੈਠੇ ਚਾਮ-ਚੜਿਕਾਂ ਤੇ ਉੱਲੂਆਂ ਦੇ ਕਾਫ਼ਲੇ । ਖ਼ੈਰ..ਮੈਂ ਰਾਤ ਨੂੰ ਜਗਦੇ ਖੰਭਿਆਂ ਤੋਂ ਡਰਦਾ ਧੁਰ ਕੋਠੇ ਦੀ ਛੱਤ ਤੇ ਕੱਲਮ-ਕੱਲਾ ਬੈਠਾ ਸਾਂ ਤਾਂ ਦੂਰ ਵਣਾਂ ਵਿਚ ਰਾਂਝੇ ਦੀ ਵੰਝਲੀ ਨਾਗ ਦੇ ਫੁੰਕਾਰਿਆਂ ਦੀ ਡੰਗੀ ਸਿਸਕ ਰਹੀ ਸੀ ਸਿਆਲਾਂ ਦਿਆਂ ਘੋੜਿਆਂ ਦੀ ਉੱਡੀ ਧੂੜ ਅੰਬਰਾਂ ਨੂੰ ਛੋਹ ਰਹੀ ਸੀ । ਲੋਕ ਬੋਦੀ ਵਾਲੇ ਤਾਰੇ ਨੂੰ ਵੇਖ ਰਹੇ ਤੇ ਉਂਗਲਾਂ ਟੁੱਕ ਰਹੇ ਸਨ । ਗੀਤਾ-ਭਵਨ ਦੇ ਕੀਰਤਨ ਦੀ ਸੁਰ ਅੱਜ ਬੜੀ ਚੰਚਲ ਸੀ 'ਮੇਰਾ ਮਨ ਲੋਚੇ ਗੁਰਦਰਸ਼ਨ ਤਾਂਈਂ...' ਦੀ ਤੁਕ ਹੀ ਕਿਉਂ ਵਾਰ ਵਾਰ ਹਵਾ ਵਿਚ ਉੱਡ ਰਹੀ ਸੀ । ਲੈ ਬਈ, ਇਹ ਤਾਂ ਭਾਣਾ ਵਰਤ ਗਿਆ ਤੇ ਮੈਂ ਬਨ੍ਹੇਰੇ ਤੇ ਹੀ ਬੈਠਾ ਹੋਰ ਸੁੰਗੜ ਗਿਆ ਰੋਸ਼ਨਦਾਨ 'ਚ ਬੈਠੇ ਕਬੂਤਰ ਦੀ ਹੂੰਗਰ ਸੂਲਾਂ ਵਾਂਗ ਮੇਰੇ ਜਿਸਮ ਨੂੰ ਵਿੰਨ੍ਹ ਰਹੀ ਸੀ। ਚੁੱਲ੍ਹੇ 'ਚ ਪਲ ਪਲ ਬੁਝੀ ਜਾਂਦੀ ਅੱਗ ਪਤਾ ਨਹੀਂ ਕੀ ਕਹਿੰਦੀ ਜਾ ਰਹੀ ਸੀ : ਕਿ ਹੀਰ ਨੇ ਜ਼ਹਿਰ ਹੀ ਪੀਣੀ ਹੈ ਸੋਹਣੀ ਨੇ ਝਨਾਂ ਵਿਚ ਡੁੱਬ ਮਰਨਾ ਹੈ ਤੇ ਸਾਹਿਬਾਂ, ਸਾਹਿਬਾਂ ਵਿਚਾਰੀ ਨੇ ਤਾਂ ਦੁਬਿਧਾ ਦੀ ਸੂਲੀ ਹੀ ਹੰਢਾਉਣੀ ਹੈ । ਲੈ ਬਈ, ਆਪਾਂ ਤਾਂ ਡੁੱਬ ਗਏ ਹਾਂ ਸੁਰਮਈ ਅੱਖਾਂ ਦੇ ਸਰੋਵਰ ਵਿਚ ਪਰ ਇਹ ਕੀ ਭਾਣਾ ਵਰਤ ਗਿਆ ?

ਮੱਥੇ ਦੀ ਕੈਨਵਸ ਤੇ ਚਿਤਰੇ ਮੋਰ

(ਪੰਜ ਪਿਆਰ ਕਵਿਤਾਵਾਂ) ੧ ਰਾਧਾ ! ਜਮਨਾ ਦੇ ਕਿਨਾਰੇ ਤੂੰ ਅਜੇ ਵੀ ‘ਉਡੀਕ’ ਦੀ ਮੂਰਤੀ ਬਣਕੇ ਖੜੀ ਹੋਵੇਂਗੀ । ਮੈਂ ਜਾਣਦਾ ਹਾਂ, ਤੂੰ ਬੜੀ ਜਿੱਦਣ ਏਂ ਜੇ ਜਮਨਾ ਸੁੱਕ ਵੀ ਜਾਵੇ ਤੈਂ ਤਾਂ ਵੀ ਉਹਦੀ ਗਿੱਲੀ ਰੇਤ 'ਤੇ ‘ਘਰ' ਬਣਾਉਣੋਂ ਨਹੀਂ ਹਟਣਾ । ਬਿੰਦਰਾਵਨ ਦਾ ਘਾਹ ਪਦਮ-ਪੈਰਾਂ ਦੀ ਛੁਹ ਨੂੰ ਤਰਸ ਰਿਹਾ ਹੈ— ‘ਚੰਦਰਿਆ ! ਤੂੰ ਕਿਹੜੇ ਕੰਮਾਂ ਕਾਜਾਂ 'ਚ ਉਲਝ ਗਿਆ ਇਹੋ ਜਿਹੇ ਕਿਹੜੇ ਬਿਪਤਾਵਾਂ ਦੇ ਹੜ੍ਹ ਆ ਗਏ ਫ਼ਰਜ਼ਾਂ ਦੀ ਨਗਰੀ 'ਚ ਤੂੰ ਆਪ ਹੀ ਗੁਆਚ ਗਿਉਂ ।’ ਨੀ, ਐਵੇਂ ਜਮਨਾ 'ਚ ਜਾਮ ਹੋਈ, ਰਾਧਾ ! ਉਮਰਾਂ ਦੇ ਨਾਲ ਤੋਰ ਵੀ ਬਦਲ ਜਾਂਦੀ ਏ ਤੇ ਸਫ਼ਰਾਂ ਦੇ ਨਾਲ ਅਕੀਦੇ ਮੈਂ ਤੈਨੂੰ ਕਿੰਜ ਸਮਝਾਵਾਂ ਕਿ ਬਿੰਦਰਾਵਨ ਹੁਣ ਵੀ ਮੇਰੇ ਪੈਰਾਂ ਦੀ ਥਾਂ ਮੱਥੇ 'ਚ ਵੱਸਦਾ ਹੈ ਜਮਨਾ ਦਾ ਵਹਿਣ ਹਿੱਕ ਤੋਂ ਸਿਰ ਵੱਲ ਨੂੰ ਤੁਰ ਪਿਆ ਹੈ ਮੇਰੇ ਪੱਟਿਆਂ ਤੇ ਅਜੇ ਵੀ ਬੰਸਰੀ ਦੀਆਂ ਸੁਰਾਂ ਸਹਿਕਦੀਆਂ ਹਨ । ਰਾਧਾ ! ਮੈਂ ਜਾਣਦਾ ਸਾਂ ਕਿ ਇੱਕ ਨਾ ਇੱਕ ਦਿਨ ਤੂੰ ਗੀਤਾ-ਭਵਨ ਦੇ ਚੌਖਟਿਆਂ 'ਚੋਂ ਬਾਹਰ ਆਏਂਗੀ ਖੁੱਲ੍ਹੀ ਹਵਾ ਤੇਰੇ ਵਾਲ ਖਿੰਡਾਏਗੀ ਤਾਂ ਜ਼ਰੂਰ ਪਰ ਉਹ ਤੈਨੂੰ ਉਡਾਕੇ ਨਹੀਂ ਲਿਜਾ ਸਕਦੀ ਖ਼ੈਰ, ਹਵਾ ਦੇ ਪਰਾਂ ਤੇ ਵੀ ਦੂਰ ਤਕ ਤਾਰੀਆਂ ਭਰਨ ਦੀ ਜਾਚ ਸਿੱਖ । ਮੈਂ ਜਾਣਦਾ ਹਾਂ, ਤੂੰ ਬੜੀ ਜਿੱਦਣ ਏਂ । ੨ ਹੀਰੀਏ ! ਤੂੰ ਤੀਆਂ 'ਚ ਮਿਲਦੀ ਏਂ ਤਾਂ ਤੈਥੋਂ ਆਪਣਾ ਆਪ ਬਚਾਕੇ, ਲਕੋ ਕੇ ਰਖਦਾ ਹਾਂ ਤੁਰ ਜਾਨੀਂ ਏਂ ਤਾਂ ਖ਼ਾਮੋਸ਼ ਕੰਧਾਂ ਕੋਲੋਂ ਤੇਰਾ ਸਿਰਨਾਵਾਂ ਪੁੱਛਦਾ ਹਾਂ ਨਜ਼ਦੀਕ ਹੁੰਨੀ ਏ ਤਾਂ ਜ਼ੁਬਾਨ ਸੁੱਕ ਜਾਂਦੀ ਏ ਦੂਰ ਹੁੰਨੀਂ ਏਂ ਤਾਂ ਗਾਉਣ ਲਗ ਪੈਂਦਾ ਹਾਂ। ਕਦੇ ਸੀ, ਜਦੋਂ ਵਕਤ ਦੀਆਂ ਪਾਜ਼ੇਬਾਂ ਮੇਰੇ ਲੱਕ ਦੁਆਲੇ ਬੱਝੀਆਂ ਹੁੰਦੀਆਂ ਸਨ ਹੁਣ ਤਾਂ ਵਕਤ ਏਨਾਂ ਗੰਭੀਰ ਹੋ ਗਿਆ ਕਿ ਜਿਸਮਾਂ ਵਿਚ ਦੀ ਲੰਘਦਾ ਹੈ ਤਾਂ ਵੀ ਪਤਾ ਨਹੀਂ ਚਲਦਾ । ਇਹ ਤਾਂ ਹੁਣ ਪਤਾ ਲੱਗਿਐ ਕਿ ਵਕਤ ਦੀ ਲੰਬਾਈ ਹੀ ਨਹੀਂ ਹੁੰਦੀ ਡੂੰਘਾਈ ਵੀ ਹੁੰਦੀ ਹੈ ਇਹ ਬੰਦਿਆਂ ਦੇ ਕੋਲ ਦੀ ਹੀ ਨਹੀਂ ਵਿਚੋਂ ਦੀ ਵੀ ਲੰਘਦਾ ਹੈ ਬੰਦੇ ਹੀ ਵਕਤ 'ਚ ਨਹੀਂ ਵਿਚਰਦੇ ਵਕਤ ਵੀ ਬੰਦਿਆਂ 'ਚ ਵਿਚਰਦਾ ਹੈ । ਇਹ ਤਾਂ ਹੁਣ ਪਤਾ ਚਲਿਐ ਕਿ ਦੋਸਤ, ਦੁਸ਼ਮਨ ਵੀ ਹੁੰਦਾ ਹੈ ਤੇ ਮਾਂ ਸੌਂਕਣ ਵੀ ਇਹ ਤਾਂ ਹੁਣ ਪਤਾ ਚਲਿਐ ਕਿ ਬੱਸ ਦਾ ਦਫ਼ਤਰ ਕੈਫ਼ੇ ਨਹੀਂ ਹੁੰਦਾ ਕਚਹਿਰੀ ਦਾ ਕਟਹਿਰਾ ਵੀ ਹੁੰਦਾ ਹੈ ਕੁਲੀਗ ਕਾਂ ਵੀ ਹੋ ਸਕਦੇ ਹਨ ਤੇ ਕਾਵਾਂ ਦਾ ਕੋਈ ਦੀਨ ਈਮਾਨ ਨਹੀਂ ਹੁੰਦਾ । ਤੇ ਅਸੀਂ ਭੁੱਖਿਆਂ ਭਗਤੀ ਕਰਨ ਵਾਲੇ ਦਰਵੇਸ਼ ਬੱਸ ਇੱਕ ਦੂਜੇ ਨੂੰ ਡੇਗਣ 'ਚ ਲਗੇ ਹੋਏ ਹਾਂ। ਭਲੇਮਾਣਸੋ ! ਇੱਥੇ ਕੋਈ ‘ਕੁਤਬ' ਨਹੀਂ ਫਿਰ ਇੱਕ ਦੂਜੇ ਤੋਂ ਉਪਰ ਚੜ੍ਹਣ ਦੀ ਦੌੜ ਕਿਹੀ ਇੱਥੇ ‘ਕੁਤਬ’ ਨਹੀਂ, ‘ਕਿਤਾਬਾਂ' ਹਨ ਇੱਥੇ ‘ਕਾਨੀਆਂ' ਨਹੀਂ, ‘ਕਲਮਾਂ’ ਹਨ ਆਓ ! ਕਿਤਾਬਾਂ ਤੇ ਕਲਮਾਂ ਨਾਲ ਦੋਸਤੀਆਂ ਗੰਢੀਏ । ਹੀਰੀਏ ! ਤੂੰ ਹੱਸੀ ਤੇ ਮੈਂ ਪਾਣੀ ਪਾਣੀ ਹੋ ਗਿਆ ਇਹ ਹਾਸਾ ਸਾਡੇ ਸਿਰਾਂ ਤੋਂ ਦੀ ਭਿੱਜੇ ਬੱਦਲ ਵਾਂਗ ਲੰਘ ਗਿਆ ਵਰ੍ਹ ਜਾਂਦਾ ਤੇ ਪਾਪ ਧੋਤੇ ਜਾਣੇ ਸੀ । ੩ ਗੀਤਾ ! ‘ਗੀਤਾ’ ਤਾਂ ਕਹਿੰਦੀ ਹੈ 'ਕਰਮ ਯੋਗੀ' ਬਣ ਜ਼ਿੰਦਗੀ ਸੰਘਰਸ਼ ਦਾ ਨਾਂ ਹੈ ਆਤਮਾ ਮਰਦੀ ਨਹੀਂ, ਚੋਲਾ ਬਦਲਦੀ ਹੈ । ੪ ਵੀਰਨੂੰ ! ਹੈਰਾਨ ਤਾਂ ਹੋਵੇਂਗੀ ਕਿ ਨਿੱਤ ਨਵੇਂ ਮੈਂ ਤੇਰੇ ਨਾਮ ਘੜਦਾ ਹਾਂ ਕੀ ਕਰਾਂ, ਕਿਸੇ ਇੱਕ ਨਾਮ 'ਚ ਤੂੰ ਮੈਨੂੰ ਅਪੂਰਨ ਹੀ ਲਗਦੀ ਏਂ । ਮੈਂ ਤੇਰੀ ਪੂਰਨਤਾ ਦਾ ਸ਼ੁਦਾਈ ਤੇਰੇ ਨਾਲ ਕਿੰਨੀਆਂ ਪੱਚਰਾਂ ਜੋੜ ਜੋੜ ਤੈਨੂੰ ਪੂਰਨ ਕਰਨ ਦਾ ਯਤਨ ਕਰਦਾ ਹਾਂ । ਮੱਥੇ ਦੀ ਕੈਨਵਸ ਤੇ ਚਿਤਰੇ ਇਹ ਮੋਰ ਤੂੰ ਜਦ ਵੀ ਕਦੇ ਪੜ੍ਹੇਂਗੀ ਤਾਂ ਇੱਕ ਪ੍ਰਸ਼ਨ ਤੇਰੇ ਸਾਹਮਣੇ ਜ਼ਰੂਰ ਆਵੇਗਾ ਕਿ ਤੂੰ ਮੇਰੇ ਇੱਕ ਨਾਉਂ ਵਿਚ ਸੰਤੁਸ਼ਟ ਕਿਉਂ ਨਹੀਂ ? ਇਹ ਮੇਰੀ ਭਟਕਣਾ ਵੀ ਹੋ ਸਕਦੀ ਏ ਮੇਰੀ ਭਾਲ ਵੀ ਮੇਰੀਆਂ ਰੀਝਾਂ ਦੇ ਹਿਰਨ ਹੀਰੇ ਦੀ ਮ੍ਰਿਗ-ਤ੍ਰਿਸ਼ਨਾ ਵੀ । ੫ ਮਨਾਂ ! ਤੂੰ ਉਹਨੂੰ ਨਾ ਲੱਭ ਉਹ ਤਾਰਿਆਂ ਦੇ ਰਾਹ ਤੇ ਤੁਰ ਪਈ ਏ ਚਮਕਦੇ ਚੰਦ ਦਾ ਰੱਥ ਜੋੜਕੇ । ਉਹ ਰੂਪੋਸ਼ ਹੋ ਗਈ ਏ ਕਿਤੇ ਖ਼ਿਲਾਅ ਵਿਚ ਗੁੰਮ ਗਈ ਏ ਉਹਨੂੰ ਲੱਭਣਾ ਸ਼ੁਦਾ ਏ, ਜਨੂਨ ਏ ਉਹ ਮੁਹੱਬਤ ਦੀ ਰੋਸ਼ਨੀ ਏ ਅਕੀਦਤ ਦੀ ਚਾਨਣੀ ਏ ਚੰਨਾਂ ਤਾਰਿਆਂ ਦੀ ਆਰਜ਼ੂ ਏ ਉਹ ਜ਼ਿੰਦਗੀ ਦੇ ਸੱਚ ਦੀ ਹਕੀਕਤ ਏ । ਉਹਨੂੰ ਨਾ ਲੱਭ ਕਿ ਉਹ ਤਾਂ ਇਥੇ ਹੀ ਮੇਰੀ ਨਜ਼ਰ 'ਚ ਏ ਉਹਨੂੰ ਨਾ ਲੱਭ ਉਹ ਰੋਸ਼ਨੀ ਏ ਉਹ ਚਾਂਦਨੀ ਏ ਉਹ ਜ਼ਿੰਦਗੀ ਏ ।

ਸ਼ਾਇਦ

ਹੁਣ ਤਾਂ ਤੇਜ਼-ਤਰਾਰ-ਪਣ ਬੁਸੇ ਪਾਣੀਆਂ ਜਿਹਾ ਹੋ ਗਿਐ ਪੈਰਾਂ ਦਾ ਸਾਰਾ ਸੇਕ ਹੌਲੀ ਹੌਲੀ ਮੱਥੇ ਤੇ ਆ ਕੇ ਫੈਲ ਤੇ ਫਿਰ ਖਾਰੇ ਕਿੱਸੇ ਅਥਰੂ ਬਣ ਵਰ੍ਹ ਗਿਐ । ਅਸੀਂ ਜੋ ਅੱਗਾਂ ਬਾਲਣ ਦੀ ਸੋਚਦੇ ਆਪਣੇ ਮਨ ਦੇ ਘਰਾਂ ਦੀ ਸਲ੍ਹਾਬ 'ਚ ਖੁਭ ਗਏ ਹਾਂ ਤੇ ਹੁਣ ਇਹ ਵੀ ਯਾਦ ਨਹੀਂ ਰਹਿੰਦਾ ਕਿ ਘਰ ਦੀ ਛੱਤ ਸਾਡੇ ਸਿਰ ਤੇ ਹੈ ਜਾਂ ਸਾਡੇ ਪੈਰਾਂ ਥੱਲੇ । ਬੱਸ ਹੁਣ ਤਾਂ ਦੂਰੋਂ ਹੀ ਰੇਲ ਦੀ ਚੀਕ ਸੁਣਦੇ, ਤੇ ਘਬਰਾ ਜਾਂਦੇ ਹਾਂ। ਅੱਖਾਂ ਜੋ ਕਦੇ ਝੂਲਦੇ ਪਰਚਮ ਵੇਖਦੀਆਂ ਸਨ ਹੁਣ ਗੋਰੇ ਬਦਨ ਤੇ ਟਿਕ ਜਾਂਦੀਆਂ ਹਨ ਬਿਖੜੇ ਰਾਹਾਂ ਦੇ ਰਾਹਗੀਰ ਅਸੀਂ ਮੇਜ਼ ਤੇ ਘੁੰਮਦੇ ਪੇਪਰ ਵੇਟ ਦੀ ਬਸ ਚੰਦਰੀ ਜਿਹੀ ਜੂਨ ਜਿਉਣ ਲਗ ਪਏ ਹਾਂ । ਅੱਖਾਂ 'ਚੋਂ ਸ਼ਰਮ ਮਰ ਗਈ ਮੱਥੇ 'ਚ ਅਣਖ ਖੁਦਕਸ਼ੀ ਕਰ ਗਈ ਝਿੜਕਾਂ ਖਾ ਕੇ ਗਰਦਨ ਹੋਰ ਝੁਕ ਗਈ । ਮੇਰੇ ਦੋਸਤਾਂ ਨੇ ਇਸ ਤਰ੍ਹਾਂ ਦੀ ਜ਼ਿੰਦਗੀ ਦਾ ਨਾਂ ਬੇਸ਼ਕ ‘ਵਫ਼ਾਦਾਰੀ’ ਹੀ ਰਖਿਆ ਹੋਵੇ ਪਰ ਮੈਨੂੰ ਇਹ ਆਤਮ-ਹੱਤਿਆ ਜਿਹੀ ਲਗਦੀ ਹੈ । ਤੁਸੀਂ ਮਰੇ ਬੰਦਿਆਂ 'ਚੋਂ ਕੋਈ ਅਵਾਜ਼ ਲੱਭਦੇ ਹੋ ਤੁਸੀਂ ਸ਼ਾਇਦ ਕਬਰਾਂ ਨੂੰ ਤੁਰਨ ਦੀ ਜਾਚ ਦੱਸਦੇ ਹੋ ਪਰ ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਬੋਲ ਨਾਹਰਾ ਬਣੇ ਮੈਨੂੰ ਚਿਰਾਂ ਦੇ ਸੁੱਤੇ ਨੂੰ ਦਫ਼ਤਰ ਦੀ ਦਰਾਜ਼ ‘ਚੋਂ ਕੱਢ ਲਵੋ ਮੈਨੂੰ ਹੱਥ ਬਖਸ਼ੋ, ਪੈਰ ਬਖਸ਼ੋ ਮੇਰੀਆਂ ਅੱਖਾਂ 'ਚ ਮਰ ਗਏ ਸੁਪਨਿਆਂ ਨੂੰ ਸੁਰਜੀਤ ਕਰੋ ਫਿਰ ਮੈਂ ਤੁਹਾਡਾ ਸਾਥ ਦੇਵਾਂਗਾ ਸ਼ਾਇਦ ਕਾਫ਼ਲੇ 'ਚ ਸਭ ਤੋਂ ਅੱਗੇ ਤੁਰਨ ਵਾਲਾ ਮੈਂ ਹੀ ਹੋਵਾਂ।

ਖ਼ਤ

ਪੜ੍ਹਤੁਮ : ਕਰਮਾਂ ਵਾਲੀਏ ਹਥੇਲੀਏ ! ਬਸ, ਮੈਂ ਤੈਨੂੰ ਇੱਕ ਖ਼ਤ ਲਿਖਣਾ ਹੈ ਸ਼ਾਇਦ ਇਹ ਖ਼ਤ ਮੇਰੇ ਤੇ ਤੇਰੇ ਵਿਚਕਾਰ ਇੱਕ ਪੁਲ ਬਣ ਸਕੇ । ਇਸ ਅਜੀਬ ਜਿਹੇ ਵਕਤ ਵਿਚ ਪੁਰਾਤਨ ਸੰਸਕਾਰਾਂ ਦੀ ਜਿਲਣ 'ਚ ਖੁਭਿਆਂ ਸਮਾਜਿਕ-ਬੰਧਨਾਂ ਦੀ ਪੋਸ਼ਾਕੀ ਕੈਦ ਵਿਚ ਇਹ ਸਾਰੀ ਵਿੱਥ ਮਿਟਾਈ ਨਹੀਂ ਜਾ ਸਕਦੀ ਸਿਰਫ਼ ਇੱਕ ਪੁਲ ਸਿਰਜਿਆ ਜਾ ਸਕਦਾ ਹੈ ਤਾਂ ਕਿ ਸੰਚਾਰ ਦਾ ਕੋਈ ਸਾਧਨ, ਕਾਇਮ ਰਹਿ ਸਕੇ। ਇਸੇ ਖ਼ਤ ਵਿਚ ਮੈਂ ਉਨ੍ਹਾਂ ਸਾਰੀਆਂ ਕਬਰਾਂ ਦੀ ਮਿੱਟੀ ਫਰੋਲਾਂਗਾ ਇਹ ਉਹ ਕਬਰਾਂ ਨੇ ਜੋ ਮੇਰੀ ਹਿੱਕ ਵਿਚ ਸਥਾਪਿਤ ਹਨ ਅਤੇ ਹਰ ਕਬਰ ਦੇ ਮੱਥੇ 'ਤੇ ਸਾਰੇ ਹੀ ਨਿਰਾਸ਼ਾਮਈ ਅੱਖਰ ਉੱਕਰੇ ਹੋਏ ਹਨ । ਮੇਰਾ ਭਾਵ ਕਦਾਚਿਤ ਵੀ ਤੈਨੂੰ ‘ਪੀਲੇ' ਰੰਗ ਵਿਚ ਰੰਗਣ ਦਾ ਨਹੀਂ ਅਤੇ ਨਾ ਹੀ ਮੈਂ ਖ਼ਰਾਤ ਲਈ ਆਪਣੀ ਪਾਟੀ ਜਿਹੀ ਝੋਲੀ ਅੱਡਣੀ ਚਾਹੁੰਦਾ ਹਾਂ ਮੈਂ ਤਾਂ ਸਿਰਫ਼ ਚਾਹੁੰਦਾ ਹਾਂ ਕਿ ਸਾਡੇ ਨਿਰੇ ਹਾਸੇ ਹੀ ਕਿਉਂ ਸਾਡੀਆਂ ਸਿਸਕੀਆਂ ਵੀ ਸਾਂਝੀਆਂ ਹੋਣ । ਅਸੀਂ ਇੱਕ ਦੂਜੇ ਦੀਆਂ ਹਿੱਕਾਂ 'ਚ ਸੁੰਨੀਆਂ ਕਬਰਾਂ 'ਤੇ, ਘਿਉ ਦੇ ਦੀਵੇ ਬਾਲ ਸਕੀਏ । ਬਸ, ਮੈਂ ਤੈਨੂੰ ਇੱਕ ਖ਼ਤ ਲਿਖਣਾ ਹੈ ਤਾਂ ਕਿ ਚਿਰਾਂ ਦੀ ਖਲੋਤੀ ਮੇਰੀ ਜ਼ਿੰਦਗੀ ਕਿਸੇ ਰਾਹ ਤੁਰ ਪਵੇ ਤਾਂ ਕਿ ਬੜੇ ਚਿਰ ਦਾ ਹਿੱਕ 'ਚ ਅਟਕਿਆ ਹਉਕਾ ਕੋਈ ਮੱਧਮ ਜਿਹਾ ਹੁਲਾਰਾ ਬਣ ਜਾਏ । ਅਸੀਂ ਇੱਕ ਨਵਾਂ ਸੰਕਲਪ ਲੈ ਕੇ ਤੁਰੀਏ ਇੱਕ ਦੂਜੇ ਤੇ ਕਾਬਜ਼ ਨਾ ਹੋਈਏ ਇੱਕ ਦੂਜੇ ਦੀ ਭਾਵਨਾ ਦਾ ਸਤਿਕਾਰ ਕਰੀਏ । ਦੂਰੀਆਂ ਜਾਂ ਵਿੱਬਾਂ ਤਾਂ ਮਿਟ ਨਹੀਂ ਸਕਦੀਆਂ ਤੇ ਆ ਸਿਰਫ਼ ਇੱਕ ਪੁਲ ਹੀ ਉਸਾਰੀਏ ਤੇ, ਮੈਂ ਤੈਨੂੰ ਇਹ ਖ਼ਤ ਲਿਖਦਾ ਹਾਂ। ਲਿਖਤੁਮ : ਜ਼ਖ਼ਮੀ ਪੈਰ !

ਜੀਭ

ਸਦੀਆਂ ਹੋ ਗਈਆਂ ਹਨ ਜੀਭ ਨੂੰ ਜੇਬਾਂ 'ਚ ਪਾਈ ਫਿਰਦਿਆਂ ਤੇ ਸਾਥੋਂ ਆਪਣੀ ਗੱਲ ਵੀ ਆਪ ਆਖੀ ਨਾ ਗਈ । ਅਸਮਾਨ ਨੀਲਾ ਕਾਲਾ ਹੁੰਦਾ ਰਿਹਾ ਧੁੱਪ ਉਵੇਂ ਮੱਚਦੀ ਰਹੀ ਬੱਦਲ ਉਵੇਂ ਵਰ੍ਹਦਾ ਰਿਹਾ ਅੱਖਾਂ ਦੇ ਖੂਹ ਗਿੜਦੇ ਰਹੇ ਰਾਜ-ਹੱਦਾਂ ਬਣਦੀਆਂ ਮਿਟਦੀਆਂ ਰਹੀਆਂ। ਇਹ ਨਾ ਹੋਵੇ ਕਿ ਜੀਭ ਬੇਪੱਤ ਹੈ ਸਦਾ ਲਈ ਸੁੱਕ ਜਾਵੇ ਇਹ ਨਾ ਹੋਵੇ ਕਿ ਜੀਭ ਆਪਣਾ ਕਾਰਜ ਹੀ ਭੁੱਲ ਜਾਵੇ ਇਸ ਤੋਂ ਪਹਿਲਾਂ ਕਿ ਮਨਹੂਸ ਸ਼ਬਦਾਂ ਦੀ ਕਿਤੇ ਕੋਈ ਭੀੜ ਜੁੜ ਜਾਵੇ ਆਓ ਆਪਾਂ ਸ਼ਬਦਾਂ ਨੂੰ ਸੱਚ ਤੇ ਹੱਕ ਦੀਆਂ ਝਨਾਵਾਂ ਤਰਨੀਆਂ ਸਿਖਾ ਦੇਈਏ ।

(ਦੋ ਅਨੁਭਵ)

-ਮੈਂ ਇੱਕ ਬਦਬਖ਼ਤ ਰਾਤ ਜੋ ਸ਼ਬਨਮ ਦੇ ਅੱਥਰੂ ਕੇਰਦੀ ਸੁਬਹ ਤਕ ਰੋਂਦੀ ਰਹੀ ਸੂਰਜ ਦੇ ਗਿਲੇ ਸ਼ਿਕਵੇ ਤਾਰਿਆਂ ਦੇ ਹਰਫ਼ਾਂ 'ਚ ਲਿਖਦੀ ਰਹੀ ਸੁਬਹ ਸੂਰਜ ਨੇ ਜਦ ਕਿਰਨ ਕਰਾਂ ਸੰਗ ਉਹਦੇ ਕੋਸੇ ਜਿਹੇ ਅੱਥਰੂ ਪੂੰਝੇ ਤਾਂ ਸ਼ਕਾਇਤਾਂ ਦਾ ਸਾਰਾ ਸਫ਼ਾ ਕੋਰਾ ਸੀ। --ਮੈਂ ਸੂਰਜਾਂ ਦਾ ਹਮਸਫ਼ਰ ਮੈਂ ਧਰਤੀ ਦਾ ਆਸ਼ਕ ਤੇ ਹੁਣ ਮਨ ਦੀ ਗੁਫ਼ਾ 'ਚ ਉਤਰ ਬ੍ਰਹਮਲੀਨ ਹੋ ਗਿਆ ਹਾਂ ਲੱਭਣਾ ਹੈ ਤਾਂ ਕੋਇਲ ਦੇ ਜ਼ਖ਼ਮੀ ਕੰਠ 'ਚੋਂ ਲੱਭੋ ਪਛਾਣਨਾ ਹੈ ਤਾਂ ਅਨਾਰ ਦੀ ਮੁਰਝਾਈ ਕਲੀ ਦੇ ਮੁਰਦਾ ਰੰਗਾਂ 'ਚੋਂ ਪਛਾਣੋ ਮੈਂ ਜੋ ਨਾ ਸਲੀਬ ਤੇ ਚੜ੍ਹਿਆ ਨਾ ਦੀਵਾਰਾਂ 'ਚ ਚਿਣਿਆ ਨਾ ਤੱਤੀ ਤਵੀ ਦੇ ਸੇਕ ਨੂੰ ਜਰਿਆ ਮੈਂ ਤਾਂ ਬੱਸ ਕੋਰੇ ਵਰਕੇ ਤੇ ਪੋਟਾ ਪੋਟਾ ਹੋ ਕੇ ਵਿਛਿਆ ਹਾਂ ਖਿੰਡੀ ਸੁਆਹ ਨੂੰ ਕੀਕਣ 'ਕੱਠਾ ਕਰੋਗੇ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਰਵਿੰਦਰ ਭੱਠਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ