Pair Soolan Te Vi Nachde Rehnge : Jaimal Singh Padda

ਪੈਰ ਸੂਲਾਂ ਤੇ ਵੀ ਨੱਚਦੇ ਰਹਿਣਗੇ : ਜੈਮਲ ਸਿੰਘ ਪੱਡਾ




ਸ਼ਰਧਾਂਜਲੀ

ਜੂਝਣ ਵਾਲਿਓ ! ਹੱਕ ਤੇ ਸੱਚ ਖਾਤਿਰ, ਤੁਹਾਨੂੰ ਪਿਆਰ ਭਿੱਜੀ ਨਮਸ਼ਕਾਰ ਯਾਰੋ ! ਤੁਹਾਡੇ ਕਦਮਾਂ ਦੀ ਧੂੜ ਨੂੰ ਕਰ ਸਜਦਾ, ਲਾਈਏ ਮੱਥੇ ਦੇ ਉੱਤੇ ਲੱਖ ਵਾਰ ਯਾਰੋ ! ਲੋਕ-ਲਹਿਰ ਤਾਈਂ ਰੁਸ਼ਨਾਉਣ ਖਾਤਿਰ, ਰੱਤ ਆਪਣੇ ਜਿਸਮ ਦੀ ਪਾ ਗਏ ਹੋ ! ਸੱਚੇ ਦਿਲੋਂ ਸ਼ਰਧਾਂਜਲੀ ਤੁਸਾਂ ਤਾਈਂ, ਖਾਤਿਰ, ਲੋਕਾਂ ਦੀ ਜ਼ਿੰਦਗੀ ਲਾ ਗਏ ਹੋ ! ਨਾਮ ਬਦਲਿਆ ਬਦਲੀ ਨਾ ਰੁੱਤ ਹਾਲੇ, ਸਿਰਫ ਬਦਲਿਆ ਜ਼ੁਲਮ ਦਾ ਢੰਗ ਯਾਰੋ ! “ਕੰਢੇ ਸਤਲੁਜ ਦੇ ਹੋਣ ਜਾਂ ਨਹਿਰਾਂ ਦੇ,” ਨਹੀਂ ਬਦਲਦਾ ਖੂਨ ਦਾ ਰੰਗ ਯਾਰੋ ! ਸਿਰਫ ਬਦਲੇ ਨੇ ਸੰਨ ਦੇ ਨਾਮ ਯਾਰੋ ! ਮੁੱਕੀ ਅਜੇ ਨਾ ਰਾਤ ਹਨ੍ਹੇਰਿਆਂ ਦੀ । ਚੂਸਣ ਵਾਸਤੇ ਲੋਕਾਂ ਦੀ ਰੱਤ ਤਾਈਂ, ਸਗੋਂ ਵਧੀ ਹੈ ਧਾੜ੍ਹ ਲੁਟੇਰਿਆਂ ਦੀ । ਇਕ ਪਾਸੇ ਸ਼ਹੀਦ ਦੀ ਮਾਂ ਤਾਈਂ, “ਰਾਜ ਮਾਤਾ'' ਉਹ ਕਹਿ ਸਤਿਕਾਰਦੇ ਨੇ । ਦੂਜੇ ਪਾਸੇ ਸ਼ਹੀਦਾਂ ਦੇ ਵਾਰਸਾਂ ਨੂੰ, ਚਿੱਟੇ ਦਿਨ ਇਹ ਗੋਲੀਆਂ ਮਾਰਦੇ ਨੇ । ਡੰਗਣ ਜਿਸਮ ਨੂੰ ਇਹ ਜ਼ਹਿਰੀ ਨਾਗ ਕਾਲੇ, ਜਿਉਂਦੇ ਅਜੇ ਵੀ ਨੇ ਅਡਵਾਇਰ ਇਥੇ, “ਭਗਤ ਸਿੰਘ” ਨੂੰ ਅੱਜ ਵੀ ਚਾੜ੍ਹ ਫਾਂਸੀ, ਰੁੱਤਬੇ ਪਾਉਣ ਕਮੀਨੜੇ ਕਾਇਰ ਇਥੇ । ਚੱਲੇ ਜਬਰ ਤੇ ਜ਼ੁਲਮ ਦੀ ਤੇਜ਼ ਆਰੀ, ਪਲ਼ਦਾ ਕੂੜ ਇਨਸਾਫ ਦੀ ਲਾਸ਼ ਉਤੇ । ਜਾਊ ਕੂੜ ਨਿਖੁੱਟ ਸੱਚ ਸਹੀ ਓੜਕ, ਸਾਨੂੰ ਮਾਣ ਏ ਲੋਕ ਵਿਸ਼ਵਾਸ ਉਤੇ । ਹੋਇਆ ਕੀ ਜੇ ਗੋਲੀਆਂ ਨਾਲ ਭੁੰਨਣ, ਇਹ ਤਾਂ ਮੁੱਢ-ਕਦੀਮਾਂ ਤੋਂ ਰੀਤ ਹੋਈ। ਪੈਦਾ ਹੋਏ ਹਾਂ ਖੰਡੇ ਦੀ ਧਾਰ ਵਿਚੋਂ, ਸਾਡੀ ਫਾਂਸੀਆਂ ਨਾਲ ਪ੍ਰੀਤ ਹੋਈ । ਭਾਵੇਂ ਅੱਜ ਇਹ ਲੋਕਾਂ ਦੇ ਆਸ਼ਕਾਂ ਨੂੰ, ਨੂੜ ਅੰਗ “ਮੁਕਾਬਲਾ” ਘੜ ਸਕਦੇ। ਲੋਕ ਯੁੱਧ ਦੇ ਜੰਗੇ-ਮੈਦਾਨ ਅੰਦਰ, ਅਸੀਂ ਵੇਖਾਂਗੇ ਕਿੰਨਾ ਇਹ ਲੜ ਸਕਦੇ । ਸਾਡੇ ਦੋਸਤੋ ! ਲੋਕ-ਲਹਿਰ ਖਾਤਿਰ, ਪਵੇ ਵਾਰਨੀ ਜਿੰਦ ਬੇਸ਼ੱਕ ਯਾਰੋ ! ਵਧਦੇ ਰਹਿਣਗੇ ਕਾਫ਼ਲੇ ਸੱਚ ਵਾਲੇ, ਜਦੋਂ ਤੱਕ ਲੁੱਟੀਂਦਾ ਏ ਹੱਕ ਯਾਰੋ ! ਸਹੁੰ ਖਾਂਦੇ ਹਾਂ ਅਸੀਂ ਕੁਰਬਾਨੀਆਂ ਦੀ, ਲਗਨ ਰਹੇਗੀ ਇਹ ਸਬ੍ਹਾ ਸ਼ਾਮ ਯਾਰੋ ! ਜਦੋਂ ਤੱਕ ਮਨੁੱਖਤਾ ਕਤਲ ਹੁੰਦੀ, ਜਾਰੀ ਰਹੇਗਾ ਸਾਡਾ ਸੰਗਰਾਮ ਯਾਰੋ !

ਸਿੰਘੋ ਸਰਦਾਰੋ !

ਸੰਤ ਸਿਪਾਹੀਓ ਓ ! ਸਿੰਘ ਸਰਦਾਰੋ ਉਇ ਤੁਸੀਂ ਰਾਖੇ ਕਿਰਤਾਂ ਦੇ, ਹਿੰਮਤ ਨਾ ਹਾਰੋ ਉਇ ਹੁਣ "ਨਾਨਕ" ਨੇ ਮੁੜਕੇ, ਨਨਕਾਣੇ ਆਉਣਾ ਨਹੀਂ। “ਗੋਬਿੰਦ'' ਨੇ ਪਟਨੇ ਵੀ ਮੁੜ ਫੇਰਾ ਪਾਉਣਾ ਨਹੀਂ । ਹੁਣ ਕਿਸ ਨੂੰ ਉਡੀਕ ਰਹੇ ? ਉਠੋ ਬਲ ਧਾਰੋ ਉਇ ! ਤੁਸੀਂ ਰਾਖੇ ਕਿਰਤਾਂ ਦੇ,... .. ..! ਕੋਈ “ਅਹਿਮਦ” ਆਵੇ ਨਾਂ, ਕੋਈ “ਗਜ਼ਨਵੀ” ਧਾਉਂਦਾ ਨਹੀਂ । ਦਿੱਲੀ ਨੂੰ ਲੁੱਟਣ ਲਈ; ਕੋਈ “ਨਾਦਰ” ਆਉਂਦਾ ਨਹੀਂ । ਇਥੇ ਹੀ ਲੁਟੇਰੇ ਨੇ, ਜ਼ਰਾ ਝਾਤੀ ਮਾਰੋ ਉਇ ! ਤੁਸੀਂ ਰਾਖੇ ਕਿਰਤਾਂ ਦੇ ... ... ...! “ਔਰੰਗਜ਼ੇਬ” ਦੇ ਜਾਏ ਜੋ, ਕੋਈ ਘੱਟ ਨਾ ਕਰਦੇ ਨੇ । ਮੁੱਲ-ਸਿੰਘ-ਸਿਰਾਂ ਦੇ ਤਾਂ, ਇਹ ਅੱਜ ਵੀ ਧਰਦੇ ਨੇ । ਦੁਸ਼ਮਣ ਨੂੰ ਪਛਾਣ ਲਓ, ਵੇਲਾ ਨਾ ਵਸਾਰੋ ਉਇ ! ਤੁਸੀਂ ਰਾਖੇ ਕਿਰਤਾਂ ਦੇ,... . ...! ਵਾਰਸ ਹੋ ਦੀਪ ਸਿੰਘ ਦੇ ! ਸੰਤਾਨ ਸ਼ਹੀਦਾਂ ਦੀ । ਕਿਉਂ ਰੀਤ ਭੁਲਾ ਬੈਠੇ ? “ਬੰਦੇ” ਜਹੇ ਮੁਰੀਦਾਂ ਦੀ । ਉਇ ਵੀਰੋ “ਭਗਤ” ਦਿਉ, ਵੈਰੀ ਨੂੰ ਸ਼ੰਘਾਰੋ ਉਇ ! ਤੁਸੀਂ ਰਾਖੇ ਕਿਰਤਾਂ ਦੇ, ਹਿੰਮਤ ਨਾ ਹਾਰੋ ਉਇ !

ਗਜ਼ਲ

ਦੁਨੀਆਂ ਭਰ ਦੇ ਕਾਮਿਆਂ ਦਾ, ਪਿਆਰ ਬਣ ਕੇ ਨਿਕਲਾਂਗੇ । ਹੱਕ ਦੀ ਰਾਖੀ ਲਈ ਤਲਵਾਰ ਬਣਕੇ ਨਿਕਲਾਂਗੇ । ਪਾਉਣਾ ਪਵੇ ਬੇਸ਼ੱਕ ਸਾਨੂੰ ਬਿਜਲੀਆਂ ਸੰਗ ਵਾਸਤਾ, ਪਰਖ ਦੀ ਕਸਵੱਟੀ ਤੇ ਜੁਝਾਰ ਬਣ ਕੇ ਨਿਕਲਾਂਗੇ । ਵੈਰੀ ਦਾ ਤਸ਼ੱਦਦ ਬਦਲ ਨਹੀਂ ਸਕਦਾ ਸਾਡਾ ਫੈਸਲਾ, ਦੁਸ਼ਮਣਾਂ ਲਈ ਮੌਤ ਦੀ ਕਟਾਰ ਬਣ ਕੇ ਨਿਕਲਾਂਗੇ । ਵਕਤ ਨਹੀਂ ਸਾਥੀ ਦੀ ਮੜ੍ਹੀ ਤੇ ਹੰਝੂ ਵਹਾਉਣ ਦਾ, ਬਦਲੇ ਦੀ ਏ ਭਾਵਨਾ ਅੰਗਿਆਰ ਬਣ ਕੇ ਨਿਕਲਾਂਗੇ । ਦਿਲਾਂ 'ਚ ਤਮੰਨਾਂ ਅਣਖ ਨਾਲ ਜਿਊਣ ਦੀ, ਦੱਬੇ ਤੇ ਕੁਚਲੇ ਲੋਕਾਂ ਦਾ ਸ਼ਿੰਗਾਰ ਬਣ ਕੇ ਨਿਕਲਾਂਗੇ । ਸਿੱਖ ਲਈ ਏ ਜਾਚ ਹੁਣ ਸੀਸ ਤਲੀ 'ਤੇ ਧਰਨ ਦੀ, “ਦੀਪ ਸਿੰਘ” ਦੇ ਸੱਚੇ ਪੈਰੋਕਾਰ ਬਣ ਕੇ ਨਿਕਲਾਂਗੇ ।

ਤੇਰਾ ਨਾਮ, ਮੇਰਾ ਨਾਮ

ਤੇਰਾ ਨਾਮ ਮੇਰਾ, ਮੇਰਾ ਨਾਮ, ਹੈ ਪਿਆਰਾ ਵੀਅਤਨਾਮ । ਝੂਠੀ ਕਹਾਣੀ ਵੰਡ ਦੀ, ਕੋਈ ਜੋੜ ਨਹੀਂ ਸਕਦਾ । ਪਾਕ ਰਿਸ਼ਤਾ ਅਸਾਂ ਦਾ, ਕੋਈ ਤੋੜ ਨਹੀਂ ਸਕਦਾ । ਓ ਜ਼ਾਲਮੋਂ ! ਹਤਿਆਰਿਓ ! ਸਾਡਾ ਸੁਣੋ ਪੈਗਾਮ ! ਤੇਰਾ ਨਾਮ, ਮੇਰਾ ਨਾਮ, ਹੈ ਪਿਆਰਾ ਵੀਅਤਨਾਮ । ਇਕੋ ਹੀ ਸਾਡਾ ਜਿਸਮ ਏ, ਇਕ ਹੀ ਸਾਡੀ ਜੂਨ ਹੈ । ਇਕੋ ਹੀ ਸਾਡਾ ਧਰਮ ਏ, ਇਕ ਹੀ ਸਾਡਾ ਖੂਨ ਹੈ । ਓ ਜਾਬਰੋ ! ਹਮਲਾਆਵਰੋ ! ਬੰਦ ਕਰੋ ਕਤਲੇ-ਆਮ । ਤੇਰਾ ਨਾਮ, ਮੇਰਾ ਨਾਮ, ਹੈ ਪਿਆਰਾ ਵੀਅਤਨਾਮ । ਸਾਂਝ ਸਾਡੀ ਪਾਣੀਆਂ ਦੀ, ਸਾਂਝ ਏ ਬਹਾਰ ਦੀ । ਖਾ ਕੇ ਸੁਗੰਧ ਤੁਰ ਪਏ ਹਾਂ, “ਹੋ-ਚੀ-ਮਿੰਨ” ਦੇ ਪਿਆਰ ਦੀ । ਸਾਮਰਾਜੀਓ ! ਪੂੰਜੀਵਾਦੀਓ ! ਢਲ ਗਈ ਤੁਹਾਡੀ ਸ਼ਾਮ । ਤੇਰਾ ਨਾਮ, ਮੇਰਾ ਨਾਮ, ਹੈ ਪਿਆਰਾ ਵੀਅਤਨਾਮ । ਟੁਕੜੇ ਨਹੀਂ ਹੋਣ ਦੇਣਾ, ਆਪਣੇ ਪਿਆਰੇ ਦੇਸ਼ ਨੂੰ । ਰੁਕਾਂਗੇ ਹੁਣ ਮੁਕਾਕੇ, ਇਸ ਨਿੱਤ ਦੇ ਕਲੇਸ਼ ਨੂੰ । ਉਨਾਂ ਚਿਰ ਸਾਨੂੰ ਸਾਥੀਓ ! ਅਰਾਮ ਹੈ ਹਰਾਮ । ਤੇਰਾ ਨਾਮ, ਮੇਰਾ ਨਾਮ, ਹੈ ਪਿਆਰਾ ਵੀਅਤਨਾਮ ।

ਹਕੀਕਤ

ਆਓ ਭਾਰਤ-ਪਾਕਿ ਦੀ ਗੱਲ ਦੱਸਾਂ, ਕੀ ਢੰਗ ਅਪਨਾਏ ਜਾਂਦੇ ਨੇ । ਜਿਥੇ ਲੋਕ ਲਹਿਰਾਂ ਨੂੰ ਰੋਕਣ ਲਈ, ਨਿੱਤ ਭੇੜ ਕਰਾਏ ਜਾਂਦੇ ਨੇ । ਜਿਥੇ ਖਤਰਾ ਨਿੱਤ ਰੱਖਿਆ ਨੂੰ, ਐਵੇਂ ਸੱਚ ਦਾ ਚੇਹਰਾ ਨੋਚਣ ਲਈ, ਆਏ ਦਿਨ ਔਹ ਹੜ੍ਹ ਫੌਜਾਂ ਦੇ, ਲੋਕਾਂ ਤੇ ਚੜ੍ਹਾਏ ਜਾਂਦੇ ਨੇ । ਜਿਥੇ ਪੁੱਤਰ ਕਈ ਮਜ਼ਦੂਰਾਂ ਦੇ, ਤੇ ਅਣਖੀ ਪੁੱਤ ਕਿਸਾਨਾਂ ਦੇ, ਚਿੱਟੇ ਦਿਨ ਫੜਕੇ ਖੇਤਾਂ ਵਿਚ, ਗੋਲ੍ਹੀ ਥੀਂ ਉਡਾਏ ਜਾਂਦੇ ਨੇ । ਜਿਥੇ ਪੋਚਕੇ ਨਾਮ ਸ਼ਹੀਦਾਂ ਦਾ, ਪੂਜਾ ਕਰਵਾਉਣ ਗ਼ਦਾਰਾਂ ਦੀ, ਫੜਕੇ ਤਾਂ 'ਮਸੀਹੇ' ਨਿੱਤ ਦਿਨ ਹੀ ਸੂਲੀ ਲਟਕਾਏ ਜਾਂਦੇ ਨੇ । ਜਿਥੇ ਘੜਦੇ ਨਿੱਤ ਕਾਨੂੰਨ ਨਵੇਂ ਦੱਬਣ ਲਈ ਲੋਕ ਅਵਾਜ਼ਾਂ ਨੂੰ, ਹੱਕ ਮੰਗਣ ਵਾਲੇ ਕਾਮੇਂ ਨਿਤ ਫੜ ਜੇਲ੍ਹੀਂ ਪਾਏ ਜਾਂਦੇ ਨੇ । ਜਿਥੇ ਲੋਕ ਪਿਆਰੇ ਦੇਸ਼ ਭਗਤ ਨਿੱਤ ਮਾਰਨ ਫੜ ਚੁਰਾਹੇ ਵਿਚ, ਪਰ 'ਗਾਂਧੀਆਂ' ਅਤੇ 'ਜਿਨਾਹਾਂ' ਦੇ ਬੁੱਤ ਥਾਂ ਥਾਂ ਲਾਏ ਜਾਂਦੇ ਨੇ । ਜਿੱਥੇ ਖੋਹਕੇ ਹੱਕ ਗਰੀਬਾਂ ਦੇ, ਸਨਮਾਨਣ ਲੋਕ ਵਿਰੋਧੀਆਂ ਨੂੰ, ਸੱਚ ਲਿਖਣ ਵਾਲੀਆਂ ਕਲਮਾਂ ਦੇ, ਸਿਰ ਕਲਮ ਕਰਾਏ ਜਾਂਦੇ ਨੇ । ਜਿਥੇ ਚਿੱਟੇ ਦਿਨ ਨੇ ਲੁੱਟ ਲੈਂਦੇ, ਨਿੱਤ ਮੇਹਨਤ ਖੂਨ ਪਸੀਨੇ ਦੀ, ਜਦ ਦਰੜ ਕੇ ਹੱਕੀ ਸਧਰਾਂ ਨੂੰ, ਨਿੱਤ ਜਸ਼ਨ ਮਨਾਏ ਜਾਂਦੇ ਨੇ । ਜਿਥੇ ਨਾਹਰੇ ਹਟਾਉਣ ਗਰੀਬੀ ਨੂੰ, ਲਾ ਲਾਰੇ ਸਮਾਜਵਾਦ ਜਹੇ, ਚੋਣਾਂ ਦੀ ਜੰਗ ਜਿੱਤਣ ਲਈ, ਕੀ ਢਕੌਂਜ ਰਚਾਏ ਜਾਂਦੇ ਨੇ । ਵਾਰੇ ਜਾਈਏ ਇਸ “ਜਮਹੂਰੀਅਤ” ਦੇ, ਤੇ ਵਾਰੇ ਇਨ੍ਹਾਂ ਜੰਗ-ਬਾਜ਼ਾਂ ਦੇ, ਜਿੱਥੇ ਕਾਇਮ ਰੱਖਣ ਲਈ ਗੱਦੀ ਨੂੰ, ਭਰਾ, ਭਰਾ ਮਰਵਾਏ ਜਾਂਦੇ ਨੇ ।

ਬਾਬੇ ਨਾਨਕ ਦੇ ਨਾਂ

ਬਾਬਾ ! ਸੁਣ ਆ ਕੇ, ਦੁਖੀਆਂ ਦੀ ਅਵਾਜ਼। “ਲਾਲੋ” ਨੇ ਭੁੱਖੇ ਮਰ ਰਹੇ, ਹੈ “ਭਾਗੋਆਂ” ਦਾ ਰਾਜ । “ਸੱਜਣ” ਸੀ ਰਾਤੀਂ ਲੁੱਟਦਾ, ਇਹ ਚਿੱਟੇ ਦਿਨ ਨੇ ਲੁੱਟਦੇ। ਲੱਖਾਂ ਨੇ ਕੌਡੇ ਬਣ ਗਏ, ਗੱਲ ਲੋਕਤਾ ਦਾ ਘੁੱਟਦੇ । ਤੇਰੇ ਮਰਦਾਨੇ ਦਾ, ਇਹ ਝੱਟ ਭੰਨਦੇ ਨੇ ਰਬਾਬ । ਲਾਲੋ ਨੇ ਭੁੱਖੇ ਮਰ ਰਹੇ .........। ਹੁੰਦੀ ਏ ਰੋਜ਼ ਪੂਜਾ, ਤੇਰੇ ਦਵਾਰਿਆਂ 'ਚ । ਆਈ ਬਹਾਰ ਨਾ ਹੀ, ਕੁੱਲੀਆਂ ਤੇ ਢਾਰਿਆਂ 'ਚ । ਮਹਿਲਾਂ ਮੁਨਾਰਿਆਂ ਦੇ ਨੇ ਅਜੇ ਵੀ ਸਿਰ ਤੇ । ਲਾਲੋ ਨੇ ਭੁੱਖੇ .........। ਲੈ ਲੈ ਕੇ ਨਾਮ ਤੇਰਾ ਲੋਕਾਂ ਨੂੰ ਲੁੱਟੀ ਜਾਂਦੇ । ਸੇਵਕ ਨੇ ਤੇਰੇ ਬਣਕੇ ਪੂਜਾ ਦਾ ਧਾਨ ਖਾਂਦੇ। ਮੁੜਕੇ ਪੁਜਾਰੀਆਂ ਦਾ, ਇਨ੍ਹਾਂ ਸਾਂਭਿਆ ਈ ਕੰਮ ਕਾਜ । ਲਾਲੋ ਨੇ ਭੁੱਖੇ.........। ਹੱਕ ਖੋਹ ਕੇ ਕਾਮਿਆਂ ਦੇ; ਵੇਹਲੜ ਨੇ ਮੌਜਾਂ ਕਰਦੇ । ਕਰਦੇ ਜੋ ਨੇਕ ਕਿਰਤਾਂ ਔਹ ! ਵੇਖ ਭੁੱਖੇ ਮਰਦੇ । ਅੱਜ ਕੱਲ੍ਹ ਦੇ ਬਾਬਰਾਂ ਨੂੰ, ਸਾਡੇ ਬੋਲਾਂ ਤੇ ਵੀ ਇਤਰਾਜ਼ । ਲਾਲੋ ਨੇ ਭੁੱਖੇ ਮਰ ਰਹੇ, ਹੈ ਭਾਗੋਆਂ ਦਾ ਰਾਜ ।

ਬਹਿ ਜਾ ਮੇਰੇ ਕੋਲ ਮਿੱਤਰਾ

ਤੈਨੂੰ ਦਿਲ ਦਾ ਹਾਲ ਸੁਣਾਵਾਂ, ਬਹਿਜਾ ਮੇਰੇ ਕੋਲ ਮਿੱਤਰਾ । ਤੈਨੂੰ ਚੀਰ ਕੇ ਮੈਂ ਜਿਗਰ ਦਿਖਾਵਾਂ, ਬਹਿਜਾ ਮੇਰੇ ਕੋਲ, ਮਿੱਤਰਾ । ਬ੍ਰਿਹਾਂ ਦਾ ਰੋਗ ਲੱਗ ਗਿਆ, ਜ਼ਿੰਦਗਾਨੀ ਨੂੰ । ਗ਼ਮਾਂ ਅਤੇ ਹੌਕਿਆਂ ਨੇ ਖਾ ਲਿਆ ਜਵਾਨੀ ਨੂੰ । ਕਿਹੜੇ ਦਰਦੀ ਤੋਂ ਦਰਦ ਵੰਡਾਵਾਂ। ਬਹਿਜਾ ਮੇਰੇ ਕੋਲ, ਮਿੱਤਰਾ । ਤੈਨੂੰ ਚੀਰ ਕੇ.........। ਕੱਢਦਾ ਏ ਰਹਿੰਦਾ ਅੱਖਾਂ ਖਾਤਾ ਸ਼ਾਹੂਕਾਰ ਦਾ । ਮੁਕਿਆ ਨਾ ਕਦੇ ਵੀ ਹਿਸਾਬ ਲਹਿਣੇਦਾਰ ਦਾ । ਕਿਵੇਂ ਭੁੱਖੀਆਂ ਮੈਂ ਸਧਰਾਂ ਵਰਾਵਾਂ । ਬਹਿਜਾ ਮੇਰੇ ਕੋਲ, ਮਿੱਤਰਾ । ਤੈਨੂੰ ਚੀਰ ਕੇ.........। “ਕਰਮਾਂ ਦਾ ਫਲ” ਕਹਿ ਕੇ ਇਨ੍ਹਾਂ ਮੈਨੂੰ ਭੰਡਿਆ। ਕਿਸੇ ਗੁਰੂ ਪੀਰ ਮੇਰਾ ਦਰਦ ਵੰਡਿਆ ! ਕਿਹੜੇ ਰੱਬ ਦੇ ਦੁਵਾਰੇ ਜਾਵਾਂ । ਬਹਿਜਾ ਮੇਰੇ ਕੋਲ, ਮਿੱਤਰਾ । ਤੈਨੂੰ ਚੀਰ ਕੇ.........। ਕਿਸੇ ਭਗਵਾਨ ਮੈਨੂੰ ਕੀਤਾ ਵੀ ਮੁਆਫ ਨਾ । ਕਿਸੇ ਨਿਆਂਕਾਰ ਕੋਲੋਂ, ਪਾਇਆ ਇਨਸਾਫ ਨਾ । ਸਗੋਂ ਵੱਧ ਦੀਆਂ ਗਈਆਂ ਨੇ ਸਜ਼ਾਵਾਂ । ਬਹਿਜਾ ਮੇਰੇ ਕੋਲ, ਮਿੱਤਰਾ । ਤੈਨੂੰ ਚੀਰ ਕੇ........। ਮਿਲ ਗਿਆ ਇਕ ਦਿਨ ਦਿਲ-ਜਾਨੀਂ ਹਾਣਦਾ । ਜਿਹੜਾ ਸੀ ਰੋਗ ਵਾਲੀ ਨਬਜ਼ ਪਛਾਣਦਾ । ਉਸ ਚੰਨ ਦੀਆਂ ਦੂਰ ਬਲਾਵਾਂ । ਬਹਿਜਾ ਮੇਰੇ ਕੋਲ, ਮਿੱਤਰਾ । ਤੈਨੂੰ ਚੀਰ ਕੇ........। ਹੌਲੀ ਜਿਹੀ ਕੰਨ ਵਿਚ ਗੱਲ ਇਕ ਕਹਿ ਗਿਆ । ਉਸੇ ਪਲ ਨਾਲ ਮੇਰਾ ਗ਼ਮ ਸਾਰਾ ਲਹਿ ਗਿਆ । ਉਹਦੇ ਸਿਰ ਦੀ ਮੈਂ ਖੈਰ ਮਨਾਵਾਂ । ਬਹਿਜਾ ਮੇਰੇ ਕੋਲ, ਮਿੱਤਰਾ । ਤੈਨੂੰ ਚੀਰ ਕੇ......... । ਕੱਢ ਗਿਆ ਉਹ ਮੇਰੇ ਦਿਲ ਵਾਲੀ ਸ਼ੱਕ ਏ । ਜੂਝਿਆਂ ਬਗੈਰ ਕਦੇ ਮਿਲਿਆ ਨਾ ਹੱਕ ਏ । ਉਹਦੇ ਗੀਤ ਮੈਂ ਉਮਰ ਭਰ ਗਾਵਾਂ । ਬਹਿਜਾ ਮੇਰੇ ਕੋਲ, ਮਿੱਤਰਾਂ । ਤੈਨੂੰ ਚੀਰ ਕੇ.........

ਖੂਨੀ ਸਾਕਾ

(ਮੋਗੇ ਦੇ ਸ਼ਹੀਦਾਂ ਨੂੰ ਸਮਰਪਤ) ਅੱਜ ਖੂਨੀ ਸਾਕਾ ਵੇਖ ਕੇ “ਰੂਹ ਕੰਬ ਗਈ ਭਗਵਾਨ ਦੀ ।” ਆ ਵੇਖ ਮੇਰੇ ਦੇਸ਼ ਵਿਚ, ਕੀ ਕਦਰ ਹੈ ਇਨਸਾਨ ਦੀ । ਚੇਲੇ ਨੇ ਗੌਤਮ ਬੁੱਧ ਦੇ, ਪਰ ਰੂਹ ਏ ਅਡਵਾਇਰ ਦੀ । ਲੇਬਲ ਏ ਗਾਂਧੀਵਾਦ ਦਾ, ਵਿਚੋਂ ਪੁੜੀ ਏ ਜ਼ਹਿਰ ਦੀ । ਹਿਟਲਰ ਨੂੰ ਪਾ ਗਈ ਮਾਤ ਅੱਜ, ਇਹ ਜੁੰਡਲੀ ਸ਼ੈਤਾਨ ਦੀ । ਆ ਵੇਖ ਮੇਰੇ ਦੇਸ਼ ਵਿਚ ... । ਖੂਨ ਮਾਸੂਮਾਂ ਦੇ ਸੰਗ, ਇਹ ਖੇਡਦੇ ਨੇ ਹੋਲੀਆਂ । ਮੰਗੇ ਜੇ ਕੋਈ ਇਨਸਾਫ ਤਾਂ, ਇਹ ਮਾਰਦੇ ਨੇ ਗੋਲੀਆਂ । ਛਾਤੀ ਨੇ ਕਰਦੇ ਛਾਨਣੀ ਹਰ ਹਿੰਮਤੀ ਬਲਵਾਨ ਦੀ । ਆ ਵੇਖ ਮੇਰੇ ਦੇਸ਼ ਵਿਚ ........ । ਔਹ ! ਮੋਗੇ ਵਿਚ ਜੋ ਬੀਤਿਆ, ਸੁਣ ਲਓ ਓ ਦੁਨੀਆਂ ਵਾਲਿਓ । ਕੰਬੀ ਏ ਤੱਕ ਕੇ ਮੌਤ ਵੀ, ਸੁਣ ਲਓ ਓ ਦਰਦਾਂ ਵਾਲਿਓ ! ਧਰਤੀ ਦਾ ਸੀਨਾਂ ਕੰਬਿਆ, ਅੱਖ ਰੋ ਪਈ ਅਸਮਾਨ ਦੀ ! ਆ ਵੇਖ ਮੇਰੇ ਦੇਸ਼ ਵਿਚ.........। ਉਇ ਜਾਬਰੋ ! ਉਇ ਕਾਤਲੋ ! ਅੰਨ੍ਹੀ ਮਚਾਵਣ ਵਾਲਿਓ ! ਅਹਿੰਸਾ ਦੀ ਬੁੱਕਲ ਵਿਚ ਉਇ, ਛੁਰੀਆਂ ਛਪਾਵਣ ਵਾਲਿਓ ! ਸਮਝ ਤੁਹਾਡੀ ਮੌਤ ਵੀ, ਹੋ ਗਈ ਤੁਹਾਡੇ ਹਾਣ ਦੀ । ਆ ਵੇਖ ਮੇਰੇ ਦੇਸ਼ ਵਿਚ ਕੀ ਕਦਰ ਹੈ ਇਨਸਾਨ ਦੀ !

ਕਾਮਿਆਂ ਤੂੰ ਹੋ ਜਾ ਤਕੜਾ

ਕਾਮਿਆਂ ! ਤੂੰ ਹੋ ਜਾ ਤਕੜਾ, ਤੇਰਾ ਲੁੱਟਿਆ ਏ ਚਮਨ ਗ਼ਦਾਰਾਂ । ਵੇਹਲੜਾਂ ਦੇ ਟੋਲੇ ਰੱਲ ਕੇ, ਲੁੱਟੀ ਜਾਂਦੇ ਨੇ ਰੰਗੀਨ ਬਹਾਰਾਂ । ਅੰਨ ਪੈਦਾ ਕਰੇ ਹਾਣੀਆਂ । ਲਹੂ ਡੋਲਵੀਂ ਕਮਾਈ ਕਰਕੇ । ਪਰ ਭੁੱਖਾ ਸੌਂ ਜਾਏ ਰਾਤ ਨੂੰ, ਕਦੇ ਵੇਖਿਆ ਨਾ ਤੂੰ ਢਿੱਡ ਭਰ ਕੇ । ਧੁੱਪ ਸਹਿ ਕੇ ਜੇਠ ਹਾੜ ਦੀ, ਰਾਤਾਂ ਪੋਹ ਦੀਆਂ ਠੰਡੀਆਂ ਠਾਰਾਂ । ਵੇਹਲੜਾਂ ਦੇ ਟੋਲੇ... ... ਉਨ੍ਹਾਂ ਦਿਆਂ ਚੇਹਰਿਆਂ ਉੱਤੇ, ਤੇਰੇ ਖੂਨ ਦੀ ਬਹਾਦਰਾਂ ਲਾਲੀ । ਖੂਨ ਪੀਣੇ ਵੈਰੀਆਂ ਨੇ ਤੇਰੇ ਹਿੱਸੇ ਵੰਡ ਦਿੱਤੀ ਏ ਕੰਗਾਲੀ । ਲੁੱਟ ਦੀਆਂ ਭਾਈਵਾਲ ਨੇ ਇਥੋਂ ਦੀਆਂ ਵੱਢੀ ਖੋਰ ਸਰਕਾਰਾਂ । ਵੇਹਲੜਾਂ ਦੇ ਟੋਲੇ ... ... ਪੂਰਬਾਂ 'ਚੋਂ ਪਹੁ ਫੁੱਟ ਪਈ, ਵੇਖ ਚੜ੍ਹਿਆ ਈ ਲਾਲ ਸਵੇਰਾ । ਹੱਕ ਲਈ ਜੂਝ ਹਾਣੀਆਂ ! ਹੁਣ ਉੱਠ ਕੇ ਤੂੰ ਮਰਦ ਦਲੇਰਾ । ਵੀਅਤਨਾਮ ਵੱਲ ਤੱਕ ਲੈ ਕਿਵੇਂ ਜੂਝਦੇ ਨੇ ਸਭ ਨਰ ਨਾਰਾਂ । ਵੇਹਲੜਾਂ ਦੇ ਟੋਲੇ ... ...

ਊਧਮ ਵੀ ਜੰਮਦੇ ਰਹਿਣਗੇ !

ਮੂਹਰੇ ਖੜ੍ਹ ਅਡਵਾਇਰ ਦੇ ਕਿਹਾ ਊਧਮ ਸਿੰਘ ਵੰਗਾਰ ਕੇ । ਕੀ ਤੂੰ ਹੀ ਅਡਵਾਇਰ ਏਂ ? ਇਹ ਪੁਛਿਆ ਲਲਕਾਰ ਕੇ । ਨਿਰਦੋਸ਼ ਰੱਤ ਸੰਗ ਸਿੰਜਿਆ, ਤੂੰ ਜਲ੍ਹਿਆਂ ਵਾਲਾ ਬਾਗ ਸੀ । ਭੰਨ ਦਿਤੇ ਗੋਲੀਆਂ ਸੰਗ, ਸੈਂਕੜੇ ਹੀ ਤੂੰ ਸੁਹਾਗ ਸੀ, ਅੰਨ੍ਹੇ ਵਾਹ ਕਤਲੇਆਮ ਤੂੰ, ਕੀਤੀ ਸੀ ਦਿਲ ਵਿਚ ਧਾਰ ਕੇ । ਕੀ ਤੂੰ ਹੀ ਅਡਵਾਇਰ ਏਂ ?.. ਪੈਗਾਮ ਤੇਰੀ ਮੌਤ ਦਾ, ਆਇਆ ਮੈਂ ਲੈ ਕੇ ਹਿੰਦ ’ਚੋਂ, ਮੁੱਕੀ ਨਾ ਹਾਲੇ ਵੈਰੀਆ, ਹੈ ਅਣਖ ਸਾਡੀ ਜਿੰਦ 'ਚੋਂ । ਤੂੰ ਸਮਝਿਆ ਸੀ ਬੈਠ ਗਏ ਨੇਂ, ਹਿੰਦੀ ਹਿੰਮਤ ਹਾਰ ਕੇ । ਕੀ ਤੂੰ ਹੀ ਅਡਵਾਇਰ ਏਂ ?... ਆਇਆ ਸਾਂ ਖਾ ਕੇ ਸਹੁੰ ਮੈਂ; ਕਰਨੇ ਲਈ ਤੇਰਾ ਖਾਤਮਾ । ਅੱਜ ਹੋ ਜਾਏਗੀ ਸ਼ਾਂਤ ਏ, ਮੇਰੇ ਵਤਨ ਦੀ ਆਤਮਾ । ਇਨੇ ਨੂੰ ਕੀਤਾ ਚਿੱਤ ਸੀ, ਸੀਨੇ 'ਚ ਗੋਲੀ ਮਾਰ ਕੇ । ਕੀ ਤੂੰ ਹੀ ਅਡਵਾਇਰ ਏਂ ?... ਜਿੰਨਾ ਚਿਰ ਅਡਵਾਇਰ ਨੇ, ਊਧਮ ਵੀ ਜੰਮਦੇ ਰਹਿਣਗੇ । ਬਦਲਾ ਬੇਦੋਸ਼ੇ ਖੂਨ ਦਾ, ਇਹ ਖੂਨ ਵਿਚ ਹੀ ਲੈਣਗੇ । ਰਹਿਣਗੇ ਛੱਟ ਜ਼ੁਲਮ ਦੀ ਇਹ ਸਿਰ ਤੋਂ ਉਤਾਰ ਕੇ । ਕੀ ਤੂੰ ਹੀ ਅਡਵਾਇਰ ਏਂ ?...

ਉਠ ਤੂੰ ਮਜ਼ਦੂਰ ਕਿਸਾਨਾਂ

ਉਠ ਤੂੰ ਮਜ਼ਦੂਰ ਕਿਸਾਨਾਂ ! ਜਾਗ ਕਿਰਤੀ ਇਨਸਾਨਾ ! ਲੋਟੂਆਂ ਨੇ ਲੁੱਟ ਲਈ ਬਹਾਰ, ਉਠ ਬਲਵਾਨਾਂ ਝਾਤੀ ਮਾਰ । ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਧਰਤੀ ਦੀ ਹਿੱਕ ਫਰੋਲੇਂ । ਲੋਹੇ ਨਾਲ ਲੋਹਾ ਲੈ ਕੇ, ਖੂਨ ਪਸੀਨਾ ਡੋਲ਼ੇਂ । ਤੱਕੇਂ ਨਾ ਪੋਹ ਮਹੀਨਾ, ਹਾੜ੍ਹਾਂ ਨੂੰ ਸਾੜੇਂ ਸੀਨਾ । ਕਰੇਂ ਸਦਾ ਨੇਕੀ ਵਾਲੀ ਕਾਰ, ਉਠ ਬਲਵਾਨਾ ਝਾਤੀ ਮਾਰ । ਲੁੱਟੀ ਬਹਾਰ ਤੇਰੀ, ਰਲ ਕੇ ਲੁਟੇਰੇ ਲੋਕਾਂ । ਪੀਤਾ ਏ ਖੂਨ ਤੇਰਾ, ਮਿਲ ਕੇ ਤੇ ਖੂਨੀਂ ਜੋਕਾਂ । ਤੇਰੀ ਜੋ ਹੱਕ ਕਮਾਈ, ਵਿਹਲੜ ਨੇ ਜਾਂਦੇ ਖਾਈ । ਤੇਰਿਆਂ ਹੱਕਾਂ ਤੇ ਛਾਪੇ ਮਾਰ, ਉਠ ਬਲਵਾਨਾਂ ਝਾਤੀ ਮਾਰ । ਭਾਗੋ ਜਹੇ ਹਾਕਮ ਇਥੇ, ਲਾਲੋ ਦਾ ਖੂਨ ਪੀਂਦੇ । ਮੰਗੇ ਜੇ ਹੱਕ ਕੋਈ, ਫੜ ਕੇ ਨੇ ਜੀਭ ਸੀਂਦੇ । ਚਿੱਟੇ ਦਿਨ ਮਾਰਨ ਗੋਲੀ, ਖੇਡਣ ਇਹ ਖੂਨ ਦੀ ਹੋਲੀ । ਹੱਕ ਦਿੰਦੇ ਕਾਮਿਆਂ ਦੇ ਠਾਰ, ਉਠ ਬਲਵਾਨਾਂ ਝਾਤੀ ਮਾਰ । ਬਾਝ ਕਰਾਰੇ ਹੱਥਾਂ, ਵੈਰੀ ਨਾ ਪਿਛੇ ਹਟੇ । ਕਹਿ ਗਿਆ ਗੋਬਿੰਦ ਸਿੰਘ ਲੋਕੋ ! ਲੋਹੇ ਨੂੰ ਲੋਹਾ ਕੱਟੇ । ਆਪਣੇ ਢਿੱਡਾਂ ਲਈ ਸੋਚਣ, ਸਾਡਾ ਇਹ ਜੋ ਮਾਸ ਨੋਚਣ । ਸਾਡੇ ਕਾਹਦੇ ਸਾਥੀਓ ! ਉਹ ਯਾਰ, ਉਠ ਬਲਵਾਨਾਂ ਝਾਤੀ ਮਾਰ ।

ਸੁਨੇਹਾ

ਐ ਸੂਰਮੇਂ ਜੁਝਾਰੋ ! ਕੋਈ ਬੁਲਾ ਰਿਹਾ ਹੈ । ਗੋਬਿੰਦ ਦਾ ਸੁਨੇਹਾ, ਉਠੋ ! ਜਗਾ ਰਿਹਾ ਹੈ । ਪੀ ਖੂਨ ਦੇ ਪਿਆਲੇ, ਬੇਹੋਸ਼ ਹੋਇਆ ਸਾਕੀ । ਗ਼ਮਾਂ ਤੇ ਨ੍ਹੇਰਿਆਂ ਦੀ, ਹਾਲਾਂ ਹੈ ਰਾਤ ਬਾਕੀ । ਕਿਰਤੀ ਦੇ ਮੁੜ੍ਹਕੇ ਅੰਦਰ, ਵਿਹਲੜ ਨਹਾ ਰਿਹਾ ਹੈ । ਗੋਬਿੰਦ ਦਾ ਸੁਨੇਹਾ, ਉਠੋ ! ਜਗਾ ਰਿਹਾ ਹੈ। ਖੁਸ਼ੀਆਂ ਨੇ ਡੇਰੇ ਲਾਏ; ਮਹਿਲਾਂ ਮੁਨਾਰਿਆਂ ਵਿਚ । ਆਈ ਬਹਾਰ ਨਾਹੀ ਕੱਖਾਂ ਦੇ ਢਾਰਿਆਂ ਵਿਚ । ਲਾਲੋ ਦਾ ਖੂਨ ਭਾਗੋ ਬੁਲ੍ਹਾਂ ਨੂੰ ਲਾ ਰਿਹਾ ਹੈ । ਗੋਬਿੰਦ ਦਾ ਸੁਨੇਹਾ, ਉਠੋ ! ਜਗਾ ਰਿਹਾ ਹੈ । ਪੈਂਦੇ ਨੇ ਅੱਖਾਂ ਸਾਹਵੇਂ, ਨਿੱਤ ਮੇਹਨਤਾਂ ਤੇ ਡਾਕੇ । ਮਨੁੱਖਤਾ ਦੇ ਕਾਤਲ, ਦੁਹਰਾਉਂਣ ਖੂਨੀ ਸਾਕੇ । ਕਿਰਤਾਂ ਤੇ ਮਾਰ ਛਾਪੇ, ਕੋਈ ਜਸ਼ਨ ਮਨਾ ਰਿਹ ਹੈ। ਗੋਬਿੰਦ ਦਾ ਸੁਨੇਹਾ, ਉਠੋ ! ਜਗਾ ਰਿਹਾ ਹੈ । ਬੈਠੇ ਕਿਉਂ ਅਣਖ ਵੇਚੀ ? ਉਠੋ ! ਤਾਂ ਜੇਰਾ ਕਰਕੇ । ਐ ਸੂਰਬੀਰੋ ਜੂਝੋ ! ਸਿਰ ਨੂੰ ਤਲੀ ਤੇ ਧਰ ਕੇ । ਮੁੱਲ ਸਿੰਘਾਂ ਦੇ ਸਿਰਾਂ ਦੇ, ਅੱਜ ਵੀ ਕੋਈ ਪਾ ਰਿਹਾ ਹੈ । ਗੋਬਿੰਦ ਦਾ ਸੁਨੇਹਾ, ਉਠੋ ! ਜਗਾ ਰਿਹਾ ਹੈ ।

ਗਜ਼ਲ

ਅੱਖਾਂ ਸਾਹਵੇਂ ਹੱਕ ਨੂੰ ਲੁਟਾਇਆ ਸਾਥੋਂ ਜਾਵੇ ਨਾ । ਲਾਰਿਆਂ ਨਾ ਚਿੱਤ ਨੂੰ ਵਰਾਇਆ ਸਾਥੋਂ ਜਾਵੇ ਨਾ । ਬੜਾ ਚਿਰ ਲੰਘ ਗਿਆ ਵਿਚ ਅਣਜਾਣ ਪੁਣੇ, ਸੂਝ ਦਾ ਪਲ ਵੀ ਲੰਘਾਇਆ ਸਾਥੋਂ ਜਾਵੇ ਨਾ । ਜਦ ਤੋਂ ਜ਼ਮੀਰ ਤਾਈਂ ਅਣਖਾਂ ਨੇ ਟੁੰਬਿਆ, ਸਿਰ ਕਿਸੇ ਦਰ ਤੇ ਝੁਕਾਇਆ ਸਾਥੋਂ ਜਾਵੇ ਨਾ । ਜ਼ੁਲਮਾਂ ਦੀ ਭੱਠੀ ਜਿੰਨੇ ਝੋਕਿਆ ਜਿਸਮ ਸਾਡਾ, ਫਿਰ ਉਨ੍ਹਾਂ ਤਾਈਂ ਅਜ਼ਮਾਇਆ ਸਾਥੋਂ ਜਾਵੇ ਨਾ । ਕਾਤਲਾਂ ਤੋਂ ਦਸੋ ਇਨਸਾਫ ਕਿਵੇਂ ਮੰਗੀਏ ? ਮਿੱਤਰਾਂ ਦੀ ਯਾਦ ਹੈ ਭੁਲਾਇਆ ਸਾਥੋਂ ਜਾਵੇ ਨਾ । ਸੁਣਿਆ ਈ ਨਹੀਂ ਹੁਣ ਤੱਕ ਵੀ ਲਿਆ ਏ ਅਸੀਂ, ਜੂਝਿਆਂ ਬਗੈਰ ਕਦੇ ਹੱਕ ਪਾਇਆ ਜਾਵੇ ਨਾ ।

ਗੀਤ

(ਸ਼ਹੀਦ ਭਗਤ ਸਿੰਘ ਦੀ ਮਾਂ ਦੇ ਨਾਂ) ਮੁੱਲ ਲੈਣ ਨਾ ਸ਼ਹੀਦਾਂ ਦਾ ਮਾਵਾਂ, ਤੇ ਤੈਨੂੰ ਕਿਵੇਂ ਹੋਸ਼ ਭੁੱਲ ਗਈ ? ਇਹ ਨਹੀਂ ਹੁੰਦੀਆਂ ਅਣਖ ਦੀਆਂ ਰਾਹਵਾਂ, ਤੇ ਤੈਨੂੰ ਕਿਵੇਂ ਹੋਸ਼ ਭੁੱਲ ਗਈ ? ਕਿਉਂ ਭੁੱਲ ਬੈਠੀ ਤੂੰ, ਕਾਲੇ ਡਾਇਰਾਂ ਦੇ ਕਾਰੇ ਮਾਂ ? ਅਜੇ ਕੱਲ੍ਹ ਭਗਤ ਜਿਨ੍ਹਾਂ, ਮੋਗੇ ਵਿਚ ਕਈ ਮਾਰੇ ਮਾਂ ! ਪੁੱਛ ਲੈਂਦੀ ਉਨ੍ਹਾਂ ਤੂੰ ਸ਼ਹੀਦਾਂ ਦੀਆਂ ਮਾਵਾਂ ਕੋਲੋਂ, ਕਿਵੇਂ ਭੁੰਨਦੇ ਮਾਸੂਮਾਂ ਦੀਆਂ ਚਾਹਵਾਂ । ਤੇ ਤੈਨੂੰ .........। ਅੱਜ ਹਰ ਗਭਰੂ ਦੇ ਸੀਨੇ, ਭਗਤ ਸਿੰਘ ਵਸਿਆ ਏ । ਤੱਕ ਮੌਕੇ ਦੇ ਹਾਕਮ ਨੂੰ ਨਾਗ ਜੋ ਡਸਿਆ ਏ। ਇਨ੍ਹਾਂ ਜ਼ਾਲਮਾਂ ਨੇ ਫਾਂਸੀ ਚਾੜ੍ਹਿਆ ਸੀ ਪੁੱਤ ਤੇਰਾ; ਜਿਹੜੇ ਕਰਦੇ ਨੇ ਅੱਜ ਹੱਥੀਂ-ਛਾਵਾਂ । ਤੇ ਤੈਨੂੰ.........। ਅੱਜ ਹਰ ਕਾਮੇਂ ਦੀ ਮਾਂ, ਉਸ ਦੀ ਮਾਂ ਏ ਮਾਂ ! ਅੱਜ ਹਰ ਕਾਮੇ ਦੇ ਸੀਨੇ, ਉਸ ਲਈ ਥਾਂ ਏ ਮਾਂ ! ਇਕ ਨਹੀਂ, ਦੋ ਨਹੀਂ, ਲੱਖਾਂ ਤੇ ਕਰੋੜਾਂ ਹੀ ਨੇ, ਤੈਨੂੰ ਜੂਝਦੀਆਂ ਰਣ 'ਚ ਦਿਖਾਵਾਂ । ਤੇ ਤੈਨੂੰ .........।

ਦੁਸ਼ਮਣ

ਢੋਲਾ ! ਵੇ ਢੋਲਾ !! ਮੇਰੇ ਸਿਰ ਦੇ ਵੇ ਸਾਈਆਂ, ਦੇਵਾਂ ਤੈਨੂੰ ਗੱਲ ਸਮਝਾ । ਚਿਰਾਂ ਤੋਂ ਛੁਪਾਈ ਰੱਖੀ। ਪੀੜ ਵੇ ! ਮੈਂ ਦਿਲ ਵਿਚ ਗਈ ਅੱਜ ਬੁਲ੍ਹਾਂ ਉਤੇ ਆ । ਸੱਚੀਆਂ ਵੇ ਗੱਲਾਂ, ਮੇਰੇ ਦਿਲਾਂ ਦੇ ਮਹਿਰਮਾ, ਦੇਵਾਂ ਤੈਨੂੰ ਖ਼ਤ 'ਚ ਲਿਖਾ । ਤੇਰੇ ਵੇ ਵਿਛੋੜੇ ਵਾਲਾ ਢੋਰਾ ਸਾਡੀ ਜਿੰਦੜੀ ਨੂੰ, ਰਾਤ ਦਿਨ ਖਾ ਵੇ ਰਿਹਾ । ਦਿਨ ਰਾਤ ਹੱਦਾਂ ਉਤੇ, ਕਾਹਨੂੰ ਮਾਰੇ ਟੱਕਰਾਂ ਵੇ ! ਦੁਸ਼ਮਣ ਹੱਦਾਂ ਉਤੇ ਨਾ । ਤੂੰ ਤੇ ਕਰੋਂ ਰਾਖੀਆਂ ਵੇ ! ਹੱਦਾਂ ਤੇ ਖਲੋ ਕੇ ਨਿੱਤ, ਵੈਰੀ ਬੈਠੇ ਤੇਰੇ ਹੀ ਗਰਾਂ । ਦੁਸ਼ਮਣ ਉਹ ਜਿਹੜਾ ਅੱਖਾਂ ਸਾਹਵੇਂ ਹਾਣੀਆਂ ਵੇ ! ਲਵੇ ਸੰਨ੍ਹ ਬੋਲ੍ਹ ਤਾਈਂ ਲਾ । ਹਰ ਰੋਜ਼ ਰਾਤ ਨੂੰ ਮੈਂ ਭੁਖਿਆਂ ਮਾਸੂਮਾਂ ਤਾਈਂ, ਸੌਂ ਜਾ ਘੁੱਟ ਛਾਤੀ ਨਾਲ ਲਾ । ਐਵੇਂ ਰੋਹ ਵਿਚ ਆ ਕੇ ਲੱਖਾਂ ਹੀ ਅਭਾਗਣਾਂ ਨੂੰ, ਕਾਹਨੂੰ ਕਰ ਰਹੇ ਵਿਧਵਾ । ਲੱਗਦੀ ਏ ਅੱਗ ਨਿੱਤ ਸਾਡੀਆਂ ਹੀ ਕੁੱਲੀਆਂ ਨੂੰ, ਦੁਸ਼ਮਣ ਦਾ ਕੀ ਵੇ ਗਿਆ ! ਉਹ ਤਾਂ ਸੁੱਤੇ ਘਰਾਂ ਵਿਚ ਨਿੱਘੀਆਂ ਕਰ ਬੁੱਕਲਾਂ ਵੇ ! ਸਾਨੂੰ ਰਹੇ ਮੂਰਖ ਬਣਾ । ਹੱਦੋਂ ਪਾਰ ਸਾਹਮਣੇ ਖਲੋਤੇ ਉਸ ਵੀਰ ਤਾਈਂ, ਦੇਈਂ ਖੱਤ ਪੜ੍ਹ ਕੇ ਸੁਣਾ । ਪੜ੍ਹਦੇ ਹੀ ਸਾਰ ਖੱਤ ਛੇਤੀ ਆਵੀਂ ਢੋਲਣਾ ਵੇ ! ਦੱਸਾਂ ਤੈਨੂੰ ਵੈਰੀ ਦਾ ਪਤਾ । ਮੋਢੇ ਨਾਲ ਮੋਢਾ ਜੋੜ ਲੜੂੰਗੀ ਬਹਾਦਰਾ ਵੇ ! ਮੈਨੂੰ ਵੀ ਬੰਦੂਕ ਤੂੰ ਫੜਾ ।

ਲੋਕੋ ! ਵੇ ਲੋਕੋ !!

(ਕਾਲਾ ਸੰਘਿਆਂ ਘੋਲ ਨੂੰ ਸਮਰਪਤ) ਲੋਕੋ ! ਵੇ ਲੋਕੋ !! ਕਿਵੇਂ ਗੱਲ ਸਮਝਾਵਾਂ । ਦਰਦ ਕਹਾਣੀ ਕਿਵੇਂ ਖੋਲ੍ਹ ਕੇ ਸੁਣਾਵਾਂ । ਮੈਨੂੰ ਦਸਦੇ ਨੂੰ ਰੋਹ ਚੜ੍ਹ ਜਾਏ, ਮੋਗੇ ਦੇ ਕਾਤਲ, ਕਾਲਾ ਸੰਘਿਆਂ ਤੇ ਚੜ੍ਹ ਆਏ । ਲੋਕਾਂ ਦੇ ਕਾਤਲ.... ਸੱਚ ਏ ਸੂਰਜ ਜਦੋਂ ਕਿਰਨਾਂ ਖਲਾਰੀਆਂ । ਹੱਕਾਂ ਦਿਆਂ ਰਾਖਿਆਂ ਨੇ ਕੀਤੀਆਂ ਤਿਆਰੀਆਂ । ਆਈ ਸੱਚ ਦੀ ਅਵਾਜ਼, ਖੋਹਣਾਂ ਕਾਮਿਆਂ ਨੇ ਰਾਜ, ਹਰ ਮੇਹਨਤੀ ਗੀਤ ਇਹ ਗਾਏ । ਲੋਕਾਂ ਦੇ ਕਾਤਲ, ਕਾਲਾ ਸੰਘਿਆਂ......... ਭੁਨਿਆਂ ਸੀ ਜਿੰਨ੍ਹਾਂ ਅਗੇ ਮੋਗੇ, ਦੱਦਾਹੂਰ ਨੂੰ, ਪਹੁੰਚ ਗਏ ਜਲਾਉਣ ਕਾਲਾ ਸੰਘਿਆਂ ਦੇ ਨੂਰ ਨੂੰ । ਕਹੇ ਫੜ੍ਹ ਮਜ਼ਲੂਮ, ਖ਼ਿਮਾਂ ਕੀਤੇ ਨਾ ਮਾਸੂਮ, ਹੁੰਦੇ ਦਸ ਨਾ ਜੋ ਜ਼ੁਲਮ ਕਮਾਏ । ਲੋਕਾਂ ਦੇ ਕਾਤਲ, ਕਾਲਾ ਸੰਘਿਆਂ...... ਮਾਵਾਂ ਅਤੇ ਭੈਣਾਂ ਹਰ ਗਭਰੂ ਜਵਾਨ ਜੀ । ਹੋ ਗਏ ਇੱਕ ਮੁੱਠ ਸਭ ਕਿਰਤੀ ਕਿਸਾਨ ਜੀ । ਜਾਣ ਹਰ ਨਰ-ਨਾਰ, ਬਣ ਸੱਚ ਦੀ ਕਟਾਰ, ਚੰਡੀ ਵਾਂਗ ਜਾਬਰਾਂ ਥੀਂ ਟਕਰਾਏ । ਲੋਕਾਂ ਦੇ ਕਾਤਲ, ਕਾਲ ਸੰਘਿਆਂ .... ਲਿਖੀਆਂ ਸਿਆਣਿਆਂ ਨੇ ਸੱਚੀਆਂ ਕਹਾਵਤਾਂ । ਜ਼ੁਲਮਾਂ ਦੀ ਕੁੱਖੋਂ ਪੈਦਾ ਹੁੰਦੀਆਂ ਬਗਾਵਤਾਂ । ਜਦ ਹੀਲੇ ਜਾਣ ਮੁੱਕ, ਤੇਗ ਸੱਚ ਵਾਲੀ ਚੁੱਕ, ਰਣ ਜੂਝਦੇ ਨੇ ਲੋਕਾਂ ਜਾਏ । ਲੋਕਾਂ ਦੇ ਕਾਤਲ, ਕਾਲਾ ਸੰਘਿਆਂ ਤੇ ਚੜ੍ਹ ਆਏ ।

ਜਾਗ ਤੂੰ ਹੁਣ ਸ਼ੇਰਾ !

ਗੱਲ ਸੁਣ ਮਜ਼ਦੂਰ ਕਿਸਾਨਾਂ, ਮੇਰੇ ਦੇਸ਼ ਦਿਆ ਹਿੰਮਤੀ ਜਵਾਨਾਂ ! ਜਾਗ ਤੂੰ ਹੁਣ ਸ਼ੇਰਾ ! ਜਾਗ ਤੂੰ ........। ਸੀਨਾਂ ਚੀਰਦੇ ਹਨ੍ਹੇਰਿਆਂ ਦੀ ਰਾਤ ਦਾ। ਚੇਹਰਾ ਤੱਕਣਾ ਜੇ ਸੂਹੀ ਪ੍ਰਭਾਤ ਦਾ । ਤੈਨੂੰ ਟੁੰਬਦਾ ਏ ਨਵਾਂ ਜ਼ਮਾਨਾ । ਜਾਗ ਤੂੰ.........। ਹੁਣ ਤੋੜ ਦੇ ਗੁਲਾਮੀ ਦੀ ਜ਼ੰਜੀਰ ਨੂੰ । ਪਾਉਣਾ ਰਾਂਝਿਆ ਜੇ ਆਪਣੀ ਤੂੰ ਹੀਰ ਨੂੰ । ਦੁਖਾਂ ਭਰਿਆ ਹੈ ਤੇਰਾ ਅਫ਼ਸਾਨਾ । ਜਾਗ ਤੂੰ......। ਵੇਖ ਪੂਰਬਾਂ 'ਚੋਂ ਫੁੱਟੀਆਂ ਨੇ ਲਾਲੀਆਂ । ਰੁੱਤਾਂ ਆ ਗਈਆਂ ਨੇ ਹੀਰਿਆ ਨਿਰਾਲੀਆਂ । ਹੱਕ ਆਪਣੇ ਲਈ ਜੂਝ ਬਲਵਾਨਾਂ । ਜਾਗ ਤੂੰ ਹੁਣ ਸ਼ੇਰਾ !! ਜਾਗ ਤੂੰ ਹੁਣ ਸ਼ੇਰਾ !!

ਉਠ ਜਾਗ ਉਏ ! ਹੱਕਾਂ ਦੇ ਵਾਰਸਾ !!

(ਤਰਜ਼ ਗੱਡੀ) ਰੁੱਤ ਸਿਆਲ ਦੀ ਤੇ ਤੜਕੇ ਸਵੇਰੇ ਧਰਤੀ ਤੇ ਪੈਰ ਜੰਮਦੇ ਐਨੀਂ ਸਰਦੀ, ’ਚ ਰੱਬ ਵੀ ਨਾ ਜਾਗੇ ਖ਼ਸਮਾਂ ਨੂੰ ਖਾਵੇ ਭਗਤੀ ਹੱਲ ਜੋਣ ਨੂੰ, ਜਾਗਿਆ ਹਾਲ੍ਹੀ ਤੁਰ ਪਿਆ ਦਿਲ ਬੰਨ੍ਹ ਕੇ ਮੂਹਰੇ ਢੱਗਿਆਂ, ਦੀ ਲਾ ਹਰਨਾੜੀ ਧਰਤੀ ਦੀ ਹਿੱਕ ਵਾਹੁਣ ਨੂੰ ਪੇਟ ਸੱਖਣਾ, ਜਿਸਮ ਅੱਧ-ਕੱਜਿਆ ਸਾਰਾ ਦਿਨ ਲੂਹੀਆਂ ਆਂਦਰਾਂ ਰਿਹਾ ਕੱਸਦਾ, ਧਰਤ ਦਾ ਸੀਨਾਂ ਅੰਬਰਾਂ 'ਚੋਂ ਲੋਅ ਮੁੱਕ ਗਈ। ਦਿਨ ਡੁੱਬਿਆ, ਪਈਆਂ ਤਰਕਾਲਾਂ ਮੁੱਕੀਆਂ ਨਾ ਹਾਲੇ ਮੰਜ਼ਿਲਾਂ ਰਾਤ ਬੀਤ ਗਈ, ਅੱਧੀ ਨਾ ਕੰਮ ਮੁੱਕਦੇ ਅੱਖ ਲਾਈ ਨੱਠ ਭੱਜਕੇ ਦਾਣੇਂ ਸਿਟਤੇ, ਸਿਆੜਾਂ ਦੀ ਕੁੱਖ 'ਚ ਜੰਮ ਪਈਆਂ ਹਰਿਆਵਲਾਂ ਨਾਲ ਜੰਮ ਪਏ, ਫ਼ਸਲ ਦੇ ਵੈਰੀ ਵੱਢ ਵੱਢ ਕੱਢੇ ਖੇਤ 'ਚੋਂ ਨੇਰੀ ਝੱਖੜਾਂ; ਤੋਂ ਜਾਨ ਰਹੀ ਡਰਦੀ ਡਰ ਲਾਹਿਆ ਸੁੱਖ ਸੁੱਖਣਾਂ ਰੁੱਤ ਬਦਲੀ, ਤੇ ਆ ਗਈ ਗਰਮੀ ਧਰਤੀ ਨਾ ਪੈਰ ਝੱਲਦੀ ਮਘੇ ਵਾਗਰਾਂ, ਲਾਲ ਅੰਗਿਆਰਾਂ ਤਿਪ ਤਿਪ ਚੋਵੇ ਮੁੜ੍ਹਕਾ ਕਰੇ ਵਾਢੀਆਂ, ਤੂੰ ਤਿੱਖੜ ਦੁਪਹਿਰੇ ਧੁੱਪ ਵਿੱਚ ਰੱਤ ਸਾੜ ਕੇ ਦਾਣੇਂ ਕੱਢ ਲਏ, ਮੋਤੀਆਂ ਵਰਗੇ ਕਹਿਰਾਂ ਦੀ ਲੂਅ ਵਗਦੀ ਲੱਦ ਬੋਰੀਆਂ, ਮੰਡੀ ਵਿਚ ਪਹੁੰਚਾ ਧਾੜ ਆ ਗਈ ਰਾਖ਼ਸ਼ਾਂ ਦੀ ਪਲਾਂ ਵਿਚ ਹੀ, ਹੂੰਝ ਕੇ ਲੈ ਗਏ ਪਰਚੀ ਦਾ ਟੁੱਕ ਦੇ ਗਏ ਪੈਸੇ ਲੈ ਜਾਈਂ, ਕਰਮ ਸਿੰਆਂ ਪਰਸੋਂ ਨਿਮੋਝੂਣ ਸੋਚਾਂ ਸੋਚਦਾ ਘਰ ਮੁੜਿਆ, ਝੋਲ ਲੈ ਖਾਲੀ ਪਰਸੋਂ ਨਾ ਆਈ ਮੁੜਕੇ ਆ ਗਏ ਫੜਕੇ, ਹੱਥਾਂ 'ਚ ਲਾਲ ਵਹੀਆਂ ਵੱਢ ਵੱਢ ਬੂਹਾ ਖਾ ਗਏ ਬਾਹਰ ਆਈਂ ਖਾਂ, ਕਰਮ ਸਿੰਘਾਂ, ਯਾਰਾ ਕਰੀਏ ਹਿਸਾਬ ਬੈਠ ਕੇ ਖਾਦ, ਤੇਲ ਲਈ, ਲਿਆ ਜਿਹੜਾ ਕਰਜ਼ਾ ਪੈਸਾ ਪੈਸਾ ਲੈ ਗਏ ਗਿਣਕੇ ਬਹਿ ਬਹਿ ਗਿਆ, ਮੰਜੀ ਤੇ ਦੜ ਵੱਟ ਕੇ ਕਾਲਜੇ ਤੇ ਹੱਥ ਧਰ ਕੇ ਰਹੀ ਬਿੱਟ ਬਿੱਟ, ਤੱਕਦੀ ਸੁਆਣੀ ਬੱਚਿਆਂ ਦੇ ਚੇਹਰਿਆਂ ਤੇ ਜੰਮੀਂ ਸਿਕਰੀ, ਨਾ ਜੁੜੀਆਂ ਲੀਰਾਂ ਕੋਠੇ ਜਿੱਡੀ ਧੀ ਹੋ ਗਈ ਪੀਲੇ ਕਰ ਨਾ; ਸਕੇ ਹੱਥ ਉਸ ਦੇ ਮਨ ਦੀਆਂ ਮਨ ਰਹਿ ਗਈਆਂ । ਦਿਲ ਥੰਮ੍ਹਿਆਂ, ਸਦਾ ਹੀ ਵਾਰੀ “ਕਰਮਾਂ ਦਾ ਫਲ'' ਆਖ ਕੇ ਉੱਠ ਜਾਗ ਉਇ ! ਹੱਕਾਂ ਦਿਆ ਵਾਰਸਾ ਦੋਸ਼ ਨਹੀਂ ਕਰਮਾਂ ਦਾ ਹੱਕ ਮੰਗਿਆਂ ਕਦੇ ਨਾ ਮਿਲਦੇ ਖੋਹਣੇ ਪੈਂਦੇ ਜ਼ੋਰ ਹਿੱਕ ਦੇ ਨਾਹਰਾ ਮਾਰ ਕੇ, ਏਕਤਾ ਵਾਲਾ ਜਥੇਬੰਦ ਹੋ ਹਾਣੀਆਂ ! ਹਾਲ੍ਹੀਆ ! ਹਾਲ੍ਹੀਆ !! ਬਾਗਾਂ 'ਚ ਬਾਹਰ ਤੱਕਣੀ ਜੇ ਤੂੰ ਮਾਲੀਆ !!!

ਮਿਤਰਾਂ ਦੇ ਪਿੰਡ ਦੇ ਬਸੀਂਵੇ

ਪਹੁੰਚਿਆ ਜਾ ਮਿਤਰਾਂ ਦੇ ਪਿੰਡ ਦੇ ਬਸੀਂਵੇ ਯਾਰੋ ! ਬੈਠੀ ਤੱਕੀ ਰਾਖ਼ਸ਼ਾਂ ਦੀ ਧਾੜ । ਸੂਰਜਾਂ ਦੇ ਵੈਰੀ ਬੈਠੇ ਨਿੰਮ ਦੇ ਬਰੋਟੇ ਥੱਲੇ, ਤਿੱਖੀਆਂ ਸੰਗੀਨਾਂ ਤਾਈਂ ਚਾੜ੍ਹ । ਕਿਰਨਾਂ ਦੁਵਾਲੇ ਇਓਂ ਬੈਠੇ ਘੇਰਾ ਘੱਤ ਜਿਵੇਂ, ਚੰਨ ਤਾਈਂ ਲੱਗ ਜੇ ਗ੍ਰਹਿਣ ਹੋ। ਸੋਂਘਿਆਂ ਦੇ ਵਾਂਗ ਪੈੜ ਸੁੰਘਦੇ ਜੁਝਾਰੂਆਂ ਦੀ, ਚੈਨ ਇਕ ਪਲ ਵੀ ਨਾ ਲੈਣ ਹੋ । ਰੇਤ ਦੇ ਮਹੱਲਾਂ ਨੂੰ ਬਚਾਉਣ ਲਈ ਤੂਫਾਨਾਂ ਕੋਲੋਂ, ਕਰੀ ਬੈਠੇ ਝੂਠ ਦੀ ਏ ਵਾੜ । ਸੂਰਜਾਂ ਦੇ ਵੈਰੀ.... ਆਖ ਦੀਆਂ ਪੌਣਾਂ ਗੱਲ ਸੁਣ ਜਾਈਂ ਰਾਹੀਆ ! ਜੇ ਤੂੰ ਚਲਿਆਂ ਏ ਮਿਤਰਾਂ ਦੇ ਕੋਲ ਵੇ । ਲੱਖ ਲੱਖ ਵਾਰੀਂ ਜਾ ਕੇ ਆਖੀ ਪ੍ਰਣਾਮ ਸਾਡਾ, ਵਤਨਾਂ ਦੇ ਆਸ਼ਕਾਂ ਨੂੰ ਬੋਲ ਵੇ ! ਹੱਕਾਂ ਵਾਲੀ ਜੰਗ ਛਿੜੀ ਹੋਣੀ ਜਿੱਤ ਸੱਚ ਦੀ ਹੋ, ਝੂਠ ਦਾ ਨਕਾਬ ਦੇਣਾਂ ਪਾੜ । ਸੂਰਜਾਂ ਦੇ ਵੈਰੀ..... ਜ਼ੁਲਮਾਂ ਦੀ ਅੱਗ ਵੀ ਨਾ ਸਾੜ ਸਕੀ ਲੋਕਤਾ ਦੇ, ਸੀਨੇ ਵਿਚੋਂ ਫੁੱਟਿਆ ਉਭਾਰ । ਫਿਕੀਆਂ ਨਾ ਪਈਆਂ ਖੁਸ਼ਬੋਆਂ ਸੱਚ ਵਾਲੀਆਂ, ਉਹ ਵੈਰੀਆਂ ਨੂੰ ਰਹੀਆਂ ਲਲਕਾਰ । ਸੀਨੇ ਵਿਚ ਭਰ ਕੇ ਬਾਰੂਦ ਵਾਂਗ ਜੋਸ਼ ਪਏ, ਰੋਹ ਦੇ ਵਿਚ, ਭਖ਼ਦੇ ਸਿਆੜ । ਸੂਰਜਾਂ ਦੇ ਵੇਰੀ......... ਜੰਮ ਪਈ ਚੇਤਨਾ ਏਂ ਬੋਲ੍ਹਾਂ ਦਿਆਂ ਰਾਖਿਆਂ ਦੇ, ਕਿਵੇਂ ਕੋਈ ਹੱਕ ਸਕੂ ਠੱਗ ਹੋ । ਬੁੱਝਣੀ ਨਾ ਇਕ ਦਿਨ ਮਚਣੀ ਬਾਰੂਦ ਬਣ, ਧੁੱਖਦੀ ਜੋ ਸੀਨਿਆਂ 'ਚ ਅੱਗ ਹੋ । ਜਨਤਾ ਦਾ ਹੜ੍ਹ ਫੁੱਟ ਤੁਰਿਆ ਤੂਫ਼ਾਨ ਬਣ, ਦਮ ਲੈਣਾ ਵੈਰੀਆਂ ਨੂੰ ਸਾੜ । ਸੂਰਜਾਂ ਦੇ ਵੈਰੀ ਬੈਠੇ ਨਿੰਮ ਦੇ ਬਰੋਟੇ ਥੱਲੇ, ਤਿੱਖੀਆਂ ਸੰਗੀਨਾਂ ਤਾਈਂ ਚਾੜ੍ਹ !

ਦੋਸ਼ ਧਰਦੇ ਨੇ

ਮੇਰੇ ਗੀਤਾਂ ਦੇ ਬੋਲਾਂ ਤੇ ਉਹ ਯਾਰੋ ! ਦੋਸ਼ ਧਰਦੇ ਨੇ । ਉਹ ਕਹਿੰਦੇ ਗੀਤ ਕਿਉਂ ਤੇਰੇ, ਲੋਕਾਂ ਦੀ ਗੱਲ ਕਰਦੇ ਨੇ ? ਆਜ਼ਾਦੀ ਇਹ ਤਾਂ ਨਹੀਂ ਤੈਨੂੰ ! ਜੋ ਮਰਜ਼ੀ ਲਿਖਦਾ ਜਾਏ ਤੂੰ । ਆਜ਼ਾਦੀ ਏ, ਬਹਾਰਾਂ ਦੇ ਹਮੇਸ਼ਾਂ ਗੀਤ ਗਾਵੇ ਤੂੰ । ਹਰਦਮ ਗੀਤ ਕਿਉਂ ਤੇਰੇ ! ਹੱਕਾਂ ਦੀ ਹਾਮੀ ਭਰਦੇ ਨੇ ? ਉਹ ਕਹਿੰਦੇ ਗੀਤ...... ਇਨ੍ਹਾਂ ਦੇ ਬੋਲ ਸੁਣ ਕੇ ਤੇ, ਮਹਿਲਾਂ ਦਾ ਏ ਦਿਲ ਰੋਇਆ । ਕਰੇ ਜੋ ਗੱਲ ਭੁੱਖਿਆਂ ਦੀ, ਭਲਾ ਦੱਸ ਸਾਹਿਤ ਕੀ ਹੋਇਆ ? ਕਰੇਂ ਤੂੰ ਗੱਲ ਕੁਲੀਆਂ ਦੀ, ਕਦੋਂ ਇਹ ਮਹਿਲ ਜਰਦੇ ਨੇ । ਉਹ ਕਹਿੰਦੇ ਗੀਤ ... ਇਨ੍ਹਾਂ ਦੇ ਬੋਲ ਮਹਿਲਾਂ ਦੇ, ਤਾਜਾਂ ਨੂੰ ਹੱਥ ਪਾਉਂਦੇ ਕਿਉਂ ? ਬਗ਼ਾਰਤ ਦੇ ਇਸ਼ਾਰੇ ਵੀ ਇਨ੍ਹਾਂ 'ਚੋਂ ਨਜ਼ਰ ਆਉਂਦੇ ਕਿਉਂ ? ਇਹੋ ਹੀ ਦੋਸ਼ ਹੈ ਮੇਰਾ, ਜਿਨ੍ਹਾਂ ਤੋਂ ਉਹ ਪਏ ਡਰਦੇ ਨੇ । ਉਹ ਕਹਿੰਦੇ ਗੀਤ.... ਸਚਾਈ ਇਸ਼ਕ ਹੈ ਸਾਡਾ, ਜ਼ੁਲਮ ਤੁਹਾਡੀ ਰਵਾਇਤ ਹੈ । (ਤਾਂ) ਸਮਝੋ ਮੈਂ ਵੀ ਬਾਗੀ ਹਾਂ ! ਜੇ ਸੱਚ ਕਹਿਣਾ ਬਗਾਵਤ ਹੈ । ਮਨੁੱਖਤਾ ਲਈ ਜੋ ਜਿਉਂਦੇ ਨੇ, ਮਨੁੱਖਤਾ ਲਈ ਹੀ ਮਰਦੇ ਨੇ । ਉਹ ਕਹਿੰਦੇ ਗੀਤ.....

ਮਿੱਤਰਾਂ ਦੀ ਯਾਦ

ਓ ਯਾਰੋ ! ਸਾਨੂੰ ਨਹੀਓਂ ਭੁੱਲਣੀਂ, ਉਨ੍ਹਾਂ ਮਿੱਤਰਾਂ ਦੀ ਯਾਦ ਪਿਆਰੀ । ਹੱਕ ਸੱਚ ਲਈ ਓ ਹਾਣੀਓਂ ! ਜਿਨ੍ਹਾਂ ਹੱਸ ਹੱਸ ਜਿੰਦੜੀ ਵਾਰੀ । ਉਹ ਫਰਜ਼ ਦੇ ਵਣਜਾਰੇ ਸਿਦਕ ਨਿਭਾ ਗਏ ਨੇ । ਜੋ ਲੋਕ ਲਹਿਰ ਦੀਆਂ ਰਾਹਾਂ ਨੂੰ ਰੁਸ਼ਨਾ ਗਏ ਨੇ । ਹੱਸ ਹੱਸ ਵਾਰੀ ਜਿੰਦ ਲੋਕਾਂ ਦਿਆਂ ਆਸ਼ਕਾਂ ਨੇ, ਪਰ ਬਾਜ਼ੀ ਨਾ ਸਿਦਕ ਦੀ ਹਾਰੀ । ਹੱਕ ਸੱਚ ਲਈ ਓ ਹਾਣੀਓਂ ! ਜਿਨ੍ਹਾਂ ਹੱਸ ਹੱਸ ਜਿੰਦੜੀ ਵਾਰੀ। ਉਹ ਲੋਕ-ਹਿਤਾਂ ਦੀ ਖਾਤਿਰ ਜਿੰਦੜੀ ਵਾਰ ਗਏ । ਉਹ ਅਣਖੀ ਸੂਰੇ ਵੈਰੀ ਨੂੰ ਲਲਕਾਰ ਗਏ । ਚਾੜ੍ਹ ਦਿਤੇ ਫਾਂਸੀਂ ਭਾਵੇਂ ਘੜ ਲਏ ਮੁਕਾਬਲੇ ਵੀ, ਉਨਾਂ ਯੋਧਿਆਂ ਤੋਂ ਜਾਈਏ ਬਲਿਹਾਰੀ । ਹੱਕ ਸੱਚ ਲਈ ਓ ਹਾਣੀਓ ! ਜਿਨ੍ਹਾਂ ਹੱਸ ਹੱਸ ਜਿੰਦੜੀ ਵਾਰੀ। ਉਨ੍ਹਾਂ ਦਾ ਅਮਰ ਸੁਨੇਹਾ ਨਹੀਂ ਭੁਲਾਵਾਂਗੇ । ਧਰਤੀ ਦੇ ਚੱਪੇ ਚੱਪੇ 'ਤੇ ਪਹੁੰਚਾਵਾਂਗੇ । ਸਹੁੰ ਸਾਨੂੰ ਉਨ੍ਹਾਂ ਦੀਆਂ ਅਮਰ ਸ਼ਹਾਦਤਾਂ ਦੀ, ਸਿਰ ਦੇ ਕੇ ਵੀ ਨਿਭਾਵਾਂਗੇ ਯਾਰੀ । ਹੱਕ ਸੱਚ ਲਈ ਓ ਹਾਣੀਓਂ ! ਜਿਨ੍ਹਾਂ ਹੱਸ ਹੱਸ ਜਿੰਦੜੀ ਵਾਰੀ।

ਕਿਸਾਨ ਦੀ ਪਤਨੀ ਦਾ ਗੀਤ

ਢਲ ਗਈ ਉਮਰ ਹਾਣੀਆਂ ! ਰੁੱਤ ਸਾਡੀਆਂ ਨਾ ਸੱਧਰਾਂ ਦੀ ਆਈ । ਵੇ ! ਸੀਨੇ ਤੇ ਪੱਥਰ ਰੱਖ ਕੇ, ਨਿੱਤ ਲਾਰਿਆਂ ਨਾ ਜਿੰਦ ਏ ਵਰਾਈ । ਪੋਹ ਮਾਘ ਦੀ ਰੱਤੇ ਵੀ ਚੰਮ ਹੰਢਾਇਆ ਏ । ਨਿੱਤ ਚੋ ਚੋ ਮੁੜ੍ਹਕਾ ਫਸਲੀਂ ਰੰਗ ਚੜ੍ਹਾਇਆ ਏ । ਹਾੜ੍ਹ ਦੀਆਂ ਧੁੱਪਾਂ ਹਾੜ੍ਹਾ ਪੀ ਲਈ ਏ ਰੱਤ ਸਾਡੀ, ਰਹੀ ਸਾਉਣ 'ਚ ਵੀ ਜਿੰਦ ਤਿਹਾਈ । ਵੇ ਸੀਨੇ........ ਸਾਨੂੰ ਜਾਨ ਤੋਂ ਵੱਧ ਕੇ ਪਿਆਰੀ ਹਾੜੀ ਸਾਉਣੀ ਵੇ । ਆਈ ਬਣ ਕੇ ਨਿੱਤ ਚੰਦ ਰੋਜ਼ ਪ੍ਰਾਹੁਣੀ ਵੇ । ਹਰ ਵਰੇ ਹਾਣੀਆਂ ਵੇ ! ਨੂਰ ਸਾਡੇ ਵੇਹੜਿਆਂ ਦਾ, ਚੂਸੇ ਜਾਂਦੇ ਨੇ ਹੱਕਾਂ ਦੇ ਕਸਾਈ । ਵੇ ਸੀਨੇ......... ਆਸਾਂ ਦੀਆਂ ਗੰਢਾਂ ਬੰਨ੍ਹ ਬੰਨ੍ਹ ਵਰੇ ਲੰਘਾਏ ਨੇ। ਰਹੇ ਕੂੰਜ ਵਾਂਗ ਕੁਰਲਾਉਂਦੇ, ਢਿਡੋਂ ਜਾਏ ਨੇ । ਜੋਬਨਾਂ ਦੀ ਰੁੱਤੇ ਹਾੜਾ ਧੀ ਮੇਰੀ ਲਾਡਲੀ ਵੇ, ਫਿਰੇ ਲੀਰਾਂ ਵਿਚ ਹੁਸਨ ਲੁਕਾਈ । ਵੇ ਸੀਨੇ.. ਮੁੱਖੜੇ ਦੀ ਲਾਲੀ ਪੀ ਗਏ ਮਹਿਲ-ਮੁਨਾਰੇ ਵੇ । ਕਰ ਕਰ ਕੇ ਹੀਲੇ ਹੁਣ ਤਾਂ ਸੱਜਣਾਂ ਹਾਰੇ ਵੇ । ਮੁੱਦਤਾਂ ਤੋਂ ਨੱਪੀ ਰੱਖੀ ਪੀੜ ਡਾਹਢੀ ਸੀਨੇ ਵਿਚ, ਬਦੋ-ਬਦੀ ਅੱਜ ਬੁਲ੍ਹਾਂ ਉਤੇ ਆਈ । ਵੇ ਸੀਨੇ.........

ਗੁਰੂ ਗੋਬਿੰਦ ਸਿੰਘ ਜੀ ਦੇ ਨਾਂ

ਤੇਰੀ ਦੀਦ ਦੇ ਪੁਜਾਰੀ, ਜਾਂਦੇ ਮੰਜ਼ਿਲਾਂ ਮੁਕਾਈ । ਹੱਕ ਸੱਚ ਦਿਆਂ ਰਾਹੀਆਂ, ਤੋਰੀ ਰੀਤ ਨਾ ਭੁਲਾਈ । ਇੱਕ ਉਹ ਵੀ ਨੇ ਜੋ ਲਿਖ ਗਏ, ਸੱਚ ਨੂੰ ਬੇਦਾਵਾ । ਛੱਡ ਜੂਝਣੇ ਦੀ ਗੱਲ, ਝੂਠਾ ਪਹਿਨਿਆਂ ਪਹਿਰਾਵਾ । ਇੱਕ ਜੂਝਦੇ ਨੇ ਰਣ ਸੀਸ ਤਲੀ ਤੇ ਟਿਕਾਈ । ਹੱਕ ਸੱਚ ਦਿਆਂ ਰਾਹੀਆਂ, ਤੇਰੀ ਰੀਤ ਨਾ ਭੁਲਾਈ । ਹਾਲੇ ਫਤਵੇ ਨੇ ਲਾਉਂਦੇ, ‘ਚੰਦ’ ਵਰਗੇ ਜਲਾਦ । ਰੱਤ ਕਾਮਿਆਂ ਦੀ ਪੀਵੇ, ਔਰੰਗੇ ਦੀ ਔਲਾਦ । “ਗੰਗੂ'' ਜਹੇ ਬੇਈਮਾਨ, ਜਾਂਦੇ ਰੁੱਤਬੇ ਨੇ ਪਾਈ । ਹੱਕ ਸੱਚ ਦਿਆਂ ਰਾਹੀਆਂ, ਤੇਰੀ ਰੀਤ ਨਾ ਭੁਲਾਈ । ਆ ਗਈ ਭੇਸ ਵਟਾ ਕੇ, ਲੁੱਟ ਖਾਣਿਆਂ ਦੀ ਢਾਣੀ । ਫਿਰਦੇ ਕੂੜ ’ਚ ਲਪੇਟੀ, ਤੇਰੀ ਅਮਰ ਗੁਰਬਾਣੀ । ਤੈਨੂੰ ਆਖ ਕਰਾਮਾਤੀ, ਜਾਂਦੇ ਜਨਤਾ ਨੂੰ ਖਾਈ । ਹੱਕ ਸੱਚ ਦਿਆਂ ਰਾਹੀਆਂ, ਤੇਰੀ ਰੀਤ ਨਾ ਭੁਲਾਈ ।

ਸੱਜਣਾ ਵੇ !

ਅਜੇ ਤਾਂ ਮਨੁੱਖਤਾ ਦੇ ਸੀਨਿਆਂ ਨੂੰ ਵਿੰਨ੍ਹਦੇ ਵੇ ! ਜ਼ੁਲਮਾਂ ਦੇ ਤਿਖੜੇ ਨੇ ਤੀਰ । ਸਾਡਿਆਂ ਤਾਂ ਬੋਲਾਂ ਉਤੇ ਪਹਿਰਾ ਵੇ ਮੁਕੱਦਮਾਂ ਦਾ, ਹੱਥ ਪੈਰ ਜੱਕੜੇ ਜੰਜ਼ੀਰ । ਸਾਡੇ ਪਿੰਡ ਭਾਦਰੋਂ ਦੇ ਲੱਗਦੇ ਕੜਾਕਿਆਂ ਨੂੰ, ਕਾਮਿਆਂ ਦਾ ਤਨ ਜਾਵੇ ਲੂਸ ਹੋ । ਨਰਮੇਂ ਦੇ ਖੇਤਾਂ ਵਿਚ ਚੋਗੀਆਂ ਦਾ ਰੰਗ ਸੂਹਾ, ਹਾੜ ਦੀਆਂ ਧੁੱਪਾਂ ਜਾਣ ਚੂਸ ਹੋ । ਆਂਦਰਾਂ ਦੀ ਭੁੱਖ ਨੂੰ ਮਿਟਾਉਣ ਲਈ ਵਿੱਕਦੇ ਨੇ, ਅੱਲ੍ਹੜਾਂ ਦੇ ਜਿਥੇ ਦੇ ਸਰੀਰ । ਸਾਡਿਆਂ ਤਾਂ ਬੋਲਾਂ ਉਤੇ... ਬਾਪ ਤੋਂ ਵਰਾਸਤ 'ਚ ਮਿਲ ਜਾਂਦਾ ਮਣਾਂ ਮੂਹੀਂ, ਜਿਨ੍ਹਾਂ ਨੂੰ ਏ ਕਰਜ਼ੇ ਦਾ ਭਾਰ ਏ । ਸਰ੍ਹੋਆਂ ਦੇ ਸੋਹਲ ਤੇ ਮਲੂਕ ਜਿਹੇ ਪਿੰਡਿਆਂ ਤੇ ਬੈਠ ਜਾਏ ਭੂੰਡਾਂ ਦੀ ਜਿਉਂ ਡਾਰ ਏ । ਖੇੜਿਆਂ ਦੀ ਧਾੜ ਲੈ ਜਾਏ ਜੋਰੋ ਜੋਰੀ ਖੋਹਕੇ ਯਾਰੋ ! ਜਿਵੇਂ ਕਿਸੇ ਰਾਂਝਣੇ ਤੋਂ ਹੀਰ । ਸਾਡਿਆਂ ਤਾਂ ਬੋਲਾਂ..... ਹੱਕ ਦਿਆਂ ਵਾਰਸਾਂ ਨੇ ਲਈ ਅੰਗੜਾਈ ਹੁਣ, ਜਾਗ ਪਏ ਖੇਤਾਂ ਦੇ ਸਿਆੜ । ਬੜਾ ਚਿਰ ਜਿਸਮਾਂ ਦੀ ਦਿੰਦੇ ਰਹੇ ਬਲੀ ਯਾਰੋ ! ਜ਼ੁਲਮਾਂ ਦੀ ਭੱਠੀ ਵਿਚ ਸਾੜ । ਚਾਨਣਾਂ ਦੇ ਆਸ਼ਕਾਂ ਨੇ ਖਾਧੀ ਏ ਸੁਗੰਧ ਹੁਣ, ਨੇਰ੍ਹਿਆਂ ਦੀ ਹਿੱਕ ਦੇਣੀ ਚੀਰ । ਸਾਡਿਆਂ ਤਾਂ ਬੋਲਾਂ.... ਚੇਤਨਾਂ ਦੇ ਮਾਲਕਾਂ ਨੇ ਕਾਮਿਆਂ ਦੀ ਜ਼ਿੰਦਗੀ ਦਾ, ਸੁਰ ਕੀਤਾ ਜਦੋਂ ਤੋਂ ਏ ਸਾਜ ਵੇ । ਮਿਲ ਦੀਆਂ ਵਲਗਣਾਂ 'ਚੋਂ ਖੇਤਾਂ ਦਿਆਂ ਰਾਖਿਆਂ ਨੂੰ, ਆਉਣ ਲਗੀ ਏਕੇ ਦੀ ਅਵਾਜ਼ ਵੇ । ਲੋਹੇ ਦਿਆਂ ਹੱਥਾਂ ਤੇ ਫੌਲਾਦ ਜਹੇ ਸੀਨਿਆਂ ਨੇ, ਘੜਨੀ ਏ ਨਵੀਂ ਤਕਦੀਰ । ਸਾਡਿਆਂ ਤਾਂ ਬੋਲਾਂ ਉਤੇ ਪਹਿਰਾ ਵੇ ਮੁਕੱਦਮਾਂ ਦਾ ! ਹੱਥ ਪੈਰ ਜਕੜੇ ਜੰਜ਼ੀਰ ।

ਮੇਰੇ ਪਿੰਡ ਦਾ ਗੀਤ

ਜਦ ਚੁੱਕਦਾ ਹਾਂ ਕਲਮ ਲਿਖਣ ਨੂੰ ਯਾਦ ਸਚਾਈ ਆ ਜਾਂਦੀ ਏ । ਦਰਦ ਕਹਾਣੀ ਅੱਖੀਆਂ ਮੂਹਰੇ, ਚਾਨਣ ਵਾਂਗੂ ਛਾ ਜਾਂਦੀ ਏ । ਸਾਡੇ ਪਿੰਡ ਦੀ ਹੁਸਨ ਜਵਾਨੀ, ਇਕ ਤਾਂ ਲੁੱਟ ਲਈ ਸ਼ਾਹਾਂ । ਦੁਜਾ ਬੈਂਕ ਦੇ ਕਰਜ਼ੇ ਕੈਦੀ, ਕੀਤੀਆਂ ਸਧਰਾਂ ਚਾਵ੍ਹਾਂ । ਹਾੜ੍ਹੀ ਸਾਉਣੀ ਲਾਲ ਵਹੀ ਝੱਟ ਚੈਨ ਨੂੰ ਲਾਂਬੂ ਲਾ ਜਾਂਦੀ ਏ । ਦਰਦ ਕਹਾਣੀ ........ ਸਾਡੇ ਖੇਤੀਂ ਗੋਬ ਕਣਕ ਦੇ ਬਿਨ ਪਾਣੀ ਸੜ ਜਾਂਦੇ । ਫਸਲਾਂ ਦੇ ਪਿੰਡੇ ਧੁੱਪ ਅੰਦਰ ਰਸ ਵਾਂਗੂੰ ਕੜ ਜਾਂਦੇ । ਜੰਮ ਖੁਸ਼ੀ ਨਿੱਤ ਰੋਜ਼ ਸਵੇਰੇ, ਆਥਣ ਨੂੰ ਮੁਰਝਾ ਜਾਂਦੀ ਏ । ਦਰਦ ਕਹਾਣੀ......... ਕਾਮੇਂ ਹਾਲੀ ਕੱਕਰ ਰਾਤੀਂ ਤਨ ਤੇ ਰਾਤ ਲੰਘਾਂਦੇ । ਖੂਨ ਪਸੀਨਾ ਡੋਲ੍ਹਣ ਵਾਲੇ, ਆਪੂੰ ਗਮ ਨੇ ਖਾਂਦੇ । ਨੰਨੀਆਂ ਜਿੰਦਾਂ ਭੁੱਖੀ ਮਮਤਾ, ਗੋਦੀ ਵਿਚ ਲੈ ਪਰਚਾਂਦੀ ਏ । ਦਰਦ ਕਹਾਣੀ ......... ਉਹ ਕਵੀਆ ! ਛੱਡ ਝੂਠੇ ਦਾਹਵੇ, ਬਣ ਜਿੰਦਗੀ ਦਾ ਹਾਣੀ । ਲਿਖੀਏ ਪੰਨੇ ਤਵਾਰੀਖ ਦੀ, ਪਿੰਡ ਦੀ ਦਰਦ ਕਹਾਣੀ । ਸੱਚ ਦੀ ਖਾਤਰ ਜੂਝਣ ਵਾਲੀ ਜ਼ਿੰਦਗੀ ਕਾਂਡ ਲਿਖਾ ਜਾਂਦੀ ਏ । ਦਰਦ ਕਹਾਣੀ......... ਮੇਰੇ ਪਿੰਡ ਦੀ ਸੱਥ ਵਿਚ ਹੁਣ ਤਾਂ, ਚਰਚਾ ਛੇੜੀ ਲੋਕਾਂ । ਰੱਤ ਜਿਸਮ ਦੀ ਕਿਉਂ ਪੀ ਜਾਵਣ, ਆਣ ਵਲੈਤੀ ਜੋਕਾਂ । ਰਲ ਕੇ ਭੰਨੀਏ ਸਿਰ ਹੋਣੀ ਦਾ ਜੋ, ਮੇਹਨਤ ਨੂੰ ਖਾ ਜਾਂਦੀ ਏ । ਦਰਦ ਕਹਾਣੀ....... 22. 2. 75

ਚਾਲੀ ਮੁਕਤਿਆਂ ਦੀ ਵਾਰ

ਚਾਲੀ ਸਿੰਘ ਬੇਦਾਵਾ ਲਿਖ ਕੇ, ਜਦੋਂ ਪਹੁੰਚੇ ਘਰੀ ਜਾ। ਮਾਈ ਭਾਗੋ ਤਾਈਂ ਤੱਕ ਕੇ, ਗਿਆ ਜੋਸ਼ ਕਹਿਰ ਦਾ ਆ । ਉਹ ਤਾਂ ਕੜਕੀ ਬਿਜਲੀ ਵਾਂਗਰਾਂ, ਮੂਹਰੇ ਜਥੇਦਾਰ ਦੇ ਜਾ । ਕੰਨ ਖੋਲ੍ਹ ਕੇ ਸੁਣ ਲਓ ਖਾਲਸਾ ! ਕਿਉਂ ਆਏ ਲਾਜ ਲਵਾ । ਖਾਲਸਾ ! ਸਾਜਿਆ ਖਾਤਿਰ ਜ਼ੁਲਮ ਦੀ, ਲੱਖਾਂ ਸੀਸ ਜੁਝਾਰੂ ਲਾ । ਤੱਤੀ ਤਵੀ ਤੇ ਸਹੇ ਦੁੱਖੜੇ ਸਿਰ ਤੱਤੀ ਰੇਤ ਪਵਾ । ਦੇਗਾਂ ਵਿਚ ਉਬਾਲੇ ਜ਼ਾਲਮਾਂ ! ਲਏ ਬੰਦ ਬੰਦ ਕਟਵਾ । ਬਾਬੇ ਤੇਗ ਬਹਾਦਰ ਸਿਰਜਿਆ, ਆਪਣੀ ਜਾਨ ਦੀ ਬਾਜੀ ਲਾ । ਜੋਰਾਵਰ ਸਿੰਘ, ਫਤਿਹ ਸਿੰਘ ਤੇ ਅਜੀਤ, ਜੁਝਾਰ ਭਰਾ । ਹੱਸ ਹੱਸ ਕੇ ਜਿੰਦਾਂ ਵਾਰੀਆਂ, ਗਏ ਸੂਰਮਿਆਂ ਦੇ ਰਾਹ । ਤੁਸੀਂ ਉਸ ਤੋਂ ਤਲਬਾਂ ਮੰਗਦੇ, ਸਭ ਕੁਝ ਜੋ ਗਿਆ ਲੁਟਾ । ਝੰਡਾ ਉੱਚਾ ਰੱਖਿਆ ਸੱਚ ਦਾ, ਸਾਰਾ ਸਰਬੰਸ ਮਿਟਾ । ਤੁਸੀਂ ਚੁੱਲ੍ਹੇ ਚੌਂਕੇ ਸਾਂਭ ਲਓ, ਲਓ ਵੀਣੀਂ ਵੰਗਾਂ ਪਾ । ਤੁਸੀਂ ਚੁੰਨੀਆਂ ਲੈ ਲਓ ਸਿਰਾਂ ਤੇ, ਲਓ ਮਹਿੰਦੀ ਹੱਥੀਂ ਲਾ । ਅਸੀਂ ਲੜੀਏ ਜਾ ਕੇ ਰਣਾਂ ਵਿਚ, ਸਾਨੂੰ ਤੇਗਾਂ ਦਿਓ ਫੜਾ । ਅਸੀਂ ਆਪਣੇ ਸੱਚੇ ਪਿਤਾ ਕੋਲ, ਝੱਟ ਪਹੁੰਚੀਏ ਜਾ । ਸੁਣ ਤਾਹਨੇਂ ਸਿੰਘਾਂ ਸੂਰਿਆਂ, ਲਏ ਹੱਥ ਮਿਆਨੀਂ ਪਾ । ਕਹਿੰਦੇ ਬੱਸ ਕਰੋ ਹੁਣ ਭੈਣ ਜੀ, ਸਾਨੂੰ ਆਉਂਦੀ ਬੜੀ ਹਯਾ । ਉਹ ਤਾਂ ਬੱਬਰ ਸ਼ੇਰ ਪੰਜਾਬ ਦੇ, ਚਲੇ ਫੇਰ ਰਣਾਂ ਨੂੰ ਧਾ। ਜਿਉਂ ਕਾਲੇ ਬਿਸ਼ੀਅਰ ਸ਼ੂਕਦੇ, ਜਦੋਂ ਵਗੇ ਪੁਰੇ ਦੀ ਵਾ। ਪਹੁੰਚੇ ਖਦਰਾਣੇਂ ਦੀ ਢਾਬ ਤੇ, ਮਿਲੇ ਦਸਵੇਂ ਗੁਰੂ ਨੂੰ ਜਾ ? ਚਾਲੀ ਮੁੱਕਤੇ ਪਾ ਕੇ ਮੁਕਤੀਆਂ, ਗਏ ਮੁਕਤਸਰ ਰਚਾ । ਉਹ ਤਾਂ ਆਸ਼ਕ ਹੱਕ ਸੱਚ ਦੇ, ਗਏ ਮੁੱਕਤੀ ਕਾਂਡ ਲਿਖਾ । ਸਿੰਘਾਂ ਸਿਦਕ ਮੂਲ ਨਾ ਹਾਰਿਆ, ਗਏ ਆਪਣਾ ਫਰਜ਼ ਨਿਭਾ । ਓ ਲੋਕੋ ! ਅਣਖਾਂ ਵਾਲਿਓ ! ਕਿਉਂ ਬੈਠੇ ਅਣਖ ਮੁੱਕਾ । ਜੱਗ ਤੇ ਜੀਓ ਜ਼ਿੰਦਗੀ ਅਣਖ ਦੀ, ਧ੍ਰਿਗ ਜੀਣਾ ਸਿਰ ਝੁਕਾ । ਹੱਕ ਨਾ ਮਿਲਦੇ ਝੋਲੀ ਅੱਡਿਆਂ, ਬੜਾ ਵੇਖ ਲਿਆ ਅਜ਼ਮਾ । ਸਾਡਾ ਵਿਰਸਾ ਸਾਨੂੰ ਦੱਸਦਾ, ਸਾਡਾ ਇਤਿਹਾਸ ਗੁਵਾਹ। ਓ ਲੋਕੋ ! ਕਿਰਤਾਂ ਵਾਲਿਓ ! ਕਿਉਂ ਬੈਠੇ ਰੀਤ ਭੁੱਲਾ । ਫੜਕੇ ਧੌਣੋਂ ਜਬਰ ਜ਼ੁਲਮ ਨੂੰ, ਦਿਓ ਮਿੱਟੀ ਵਿਚ ਮਿਲਾ ।

ਸਿਪਾਹੀ ਦੇ ਨਾਂ

ਕਿਰਤੀ ਦੇ ਲਹੂ ਸੰਗ ਰੱਤੀ, ਤੇਰੀ ਏ ਤਸਵੀਰ ਵੇ ਵੀਰਾ ! ਚੰਦ ਟਕਿਆਂ ਦੀ ਖਾਤਿਰ ਕਾਹਤੋਂ, ਵੇਚੀਂ ਫਿਰੇਂ ਜ਼ਮੀਰ ਵੇ ਵੀਰਾ ! ਬੁੱਢੜੀ ਮਾਂ ਦੇ ਨੈਣਾਂ ਦੀ ਲੋਅ, ਬੁੱਝ ਗਈ ਤੇਰੀਆਂ ਫੀਸਾਂ ਭਰ ਭਰ । ਬਾਪੂ ਦੀ ਕੰਡ ਕੁੱਬੀ ਹੋ ਗਈ, ਰਾਠਾਂ ਮੂਹਰੇ ਤਰਲੇ ਕਰ ਕਰ । ਜਦ ਫਿਰਦਾ ਸੀ ਰੋਜ਼ੀਓਂ ਆਤੁਰ, ਸੜਕਾਂ ਤੇ ਦਿਲਗੀਰ ਵੇ ਵੀਰਾ ! ਚੰਦ ਟਕਿਆਂ ਦੀ.........? ਤੇਰੇ ਬਾਪੂ ਦੀ ਪੱਗ ਅੱਜ ਵੀ, ਸੇਠਾਂ ਦੇ ਪੈਰਾਂ ਵਿਚ ਰੁੱਲਦੀ । ਤੇਰੇ ਵੀਰਾਂ ਦੀ ਮੇਹਨਤ ਪਈ, ਖਾਕ ਤੋਂ ਸਸਤੀ ਤੱਕੜੀ ਤੁੱਲਦੀ । ਤੇਰੀਆਂ ਭੈਣਾਂ ਦੇ ਚਾਅ ਵਿਲਕਣ, ਹੋ ਗਏ ਲੀਰੋ ਲੀਰ ਵੇ ਵੀਰਾ ! ਚੰਦ ਟਕਿਆਂ ਦੀ.........? ਹਾਲੀ ਦੇ ਖੇਤਾਂ ਦੀ ਰੌਣਕ, ਵਿਹਲੜ ਵੱਗ ਜਬਰੀ ਚਰ ਜਾਵੇ । ਤੇਰੇ ਬਾਹੂ-ਬਲ ਸਦਕੇ ਕੋਈ, ਕਿਰਤੀ ਦੇ ਮੁੜ੍ਹਕੇ ਸੰਗ ਨਾਵ੍ਹੇ । ਤੇਰੀਆਂ ਅੱਖਾਂ ਸਾਹਵੇਂ ਲੁੱਟਦੇ, ਹੁਸਨ ਕਿਰਤ ਦੀ ਹੀਰ ਵੇ ਵੀਰਾ ? ਚੰਦ ਟਕਿਆਂ ਦੀ.........? ਜਦੋਂ ਜ਼ੁਲਮ ਦੀ ਅੱਤ ਹੋ ਜਾਂਦੀ, ਤਦ ਹੱਕ ਲਈ ਮੂੰਹ ਸੱਚ ਦਾ ਖੁੱਲ੍ਹੇ । ਤੇਰੇ ਹੱਥੋਂ ਖਾ ਕੇ ਗੋਲੀ, ਰੱਤ ਕਿਸੇ ਕਾਮੇਂ ਦੀ ਡੁੱਲ੍ਹੇ । ਓਸ ਲਹੂ ਸੰਗ ਤੇਰੇ ਲਹੂ ਦੀ, ਮਿਲਦੀ ਏ ਤਾਸੀਰ ਵੇ ਵੀਰਾ ! ਚੰਦ ਟਕਿਆਂ ਦੀ........? ਮਹਿਲਾਂ ਦੇ ਪਹਿਰੇਦਾਰਾ ! ਆ ਜੰਗ ਆਪਣੇ ਹੱਕ ਦੀ ਲੜੀਏ । ਮਿੱਤਰ, ਵੈਰੀ ਦੀਆਂ ਕਰ ਪਰਖਾਂ, ਆ ਸੱਚ ਵਾਲੇ ਪਾਸੇ ਖੜੀਏ । ਮਾਨਵਤਾ ਦੇ ਪੈਰੋਂ ਲਾਹੀਏ, ਆ ਰਲ ਮਿਲ ਜੰਜ਼ੀਰ ਵੇ ਵੀਰਾ । ਚੰਦ ਟਕਿਆਂ ਦੀ.........?

ਕੈਦੀ

ਤੂੰ ਵੀ ਕੈਦੀ ਮੈਂ ਵੀ ਕੈਦੀ, ਕੈਦੀ ਨੇ ਸਭ ਇਥੇ ਯਾਰ ! ਮੁਜਰਮ ਹਾਕਮ ਕੈਦੀ ਜਨਤਾ, ਇਥੋਂ ਦਾ ਇਹੋ ਕਿਰਦਾਰ । ਦਿਓ ਕੱਦ ਜਹੀਆਂ ਕੰਧਾਂ ਓਹਲੇ, ਛੋਟੀ ਜਹੀ ਇਕ ਦੁਨੀਆਂ ਵੱਸਦੀ । ਇਥੇ ਜ਼ਿੰਦੜੀ ਵੱਸ ਪਰਾਏ, ਪਲ ਪਲ ਰੋਂਦੀ ਪਲ ਪਲ ਹੱਸਦੀ। ਹਰ ਮਨ ਲੋਚੇ ਇਸ ਵਲਗਣ 'ਚੋਂ ਕਿਸ ਘੜੀ ਹੋ ਜਾਏ ਬਾਹਰ । ਮੁਜਰਮ ਹਾਕਮ........? ਪਿਓ ਦਾ ਭਾਰ ਵੰਡਾਵਣ ਜੋਗੇ ਸੋਹਣੇ ਪੁੱਤਰ ਮਾਵਾਂ ਦੇ । ਸਰੂਆਂ ਵਰਗੇ ਗਭਰੂ ਯੋਧੇ, ਟੁਕੜੇ ਦਿਲ ਦੀਆਂ ਚਾਹਵਾਂ ਦੇ । ਨਿਗਲ੍ਹ ਲਏ ਇਨ੍ਹਾਂ ਜ਼ਾਲਮ ਕੰਧਾਂ, ਕਈ ਭੈਣਾਂ ਦੇ ਵੀਰ ਪਿਆਰ । ਮੁਜਰਮ ਹਾਕਮ.........। ਮਿਲਣ ਬਹਾਨੇ ਕੋਈ ਤੱਕੜੀ, ਦਿਲ ਹੌਲਾ ਆਪਣਾ ਕਰ ਜਾਵੇ । ਕੁੱਛੜ ਚੁੱਕਿਆ ਦਿਲ ਦਾ ਟੁਕੜਾ, ਉਲਰ ਉਲਰ ਪਿਆ ਜੀਅ ਤਰਸਾਵੇ । ਪੀੜ ਬ੍ਰਿਹਾਂ ਦੀ ਦਰਦਾਂ ਵਿੰਨ੍ਹੀ ਮੁੜ ਗਈ ਲੈ ਸੀਨੇ ਵਿਚਾਰ । ਮੁਜਰਮ ਹਾਕਮ........। ਇਥੋਂ ਦੀ ਹਰ ਇੱਟ ਤੇ ਯਾਰੋ ! ਨਿਰਦੋਸ਼ਾਂ ਦੇ ਉਕਰੇ ਨਾਮ। ਇਥੋਂ ਦੀ ਹਰ ਸਰਘੀ ਸਿਸਕੇ, ਇਥੋਂ ਦੀ ਹਰ ਸੋਗੀ ਸ਼ਾਮ । ਜ਼ਿੰਦਗੀ ਦੀ ਮੌਤ ਵਿਚਾਲੇ ਹਰਦਮ, ਹੁੰਦਾ ਰਹਿੰਦਾ ਏ ਤਕਰਾਰ । ਮੁਜਰਮ ਹਾਕਮ ਕੈਦੀ ਜਨਤਾ, ਇਥੋਂ ਦਾ ਇਹ ਕਿਰਦਾਰ । ਕਪੂਰਥਲਾ ਜੇਲ੍ਹ ਜੁਲਾਈ 1975

ਰੱਖੜੀ

(ਸ਼ਹੀਦ ਦੀ ਭੈਣ ਵਲੋਂ ਸ਼ਹੀਦ ਵੀਰ ਦੀ ਯਾਦ ਨੂੰ ਸਮਰਪਤ) ਜ਼ਾਲਮਾਂ ਨੇ ਖੋਹ ਲਿਆ ਏ, ਮੈਥੋਂ ਤੇਰਾ ਪਿਆਰ ਵੇ ! ਰੱਖੜੀ ਦਾ ਆਇਆ ਏ ਤਿਉਹਾਰ ਵੇ ! ਵੀਰਾ ਰੱਖੜੀ ਦਾ ਆਇਆ ਤਿਉਹਾਰ ਵੇ ! ਵਰ੍ਹੇ ਪਿਛੋਂ ਸੁੱਖ ਨਾਲ, ਦਿਨ ਮਸਾਂ ਆਇਆ ਏ । ਵੀਰਾ ਤੇਰੀ ਯਾਦ ਡਾਹਢਾ, ਦਿਲ ਤੜਫਾਇਆ ਏ । ਮਨ ਲੋਚੇ ਛੇਤੀ ਹੋ ਜਾਏ, ਦੀਦਾਰ ਵੇ ! ਵੀਰਾ ਰੱਖੜੀ ਦਾ ਆਇਆ ਤਿਉਹਾਰ ਵੇ ! ਦੇਖੋ ਰੀਝਾਂ ਨਾਲ ਗੁੰਦ ਗੁੰਦ, ਰੱਖੜੀ ਬਣਾਨੀ ਆਂ। ਆਵੇ ਜਦੋਂ ਯਾਦ ਘੁੱਟ, ਸੀਨੇ ਨਾਲ ਲਾਨੀ ਆਂ । ਇਕ ਸੀਨਾਂ ਮੱਚਦਾ ਏ ਵਾਂਗ ਅੰਗਿਆਰ ਵੇ ! ਵੀਰਾ ਰੱਖੜੀ ਦਾ ਆਇਆ ਤਿਉਹਾਰ ਵੇ ! ਸਾਹਮਣੇ ਗਲੀ 'ਚ ਤੱਕੇ, ਜਾਂਦੇ ਤੇਰੇ ਜੁੱਟ ਨੇ । ਭੈਣਾਂ ਨੇ ਸਜਾ ਕੇ ਤੋਰੇ, ਰੀਝਾਂ ਨਾਲ ਗੁੱਟ ਨੇ । ਤੱਕ ਦਿਲ ਵਿਚ ਮਚਲੇ ਪਿਆਰ ਵੇ ! ਵੀਰਾ ਰੱਖੜੀ ਦਾ ਆਇਆ ਤਿਉਹਾਰ ਵੇ ! ਵੈਰੀਆਂ ਦੇ ਪੁੱਤ ਵੀਰਾ ! ਜਾਣ ਖੰਘ ਖੰਘ ਕੇ । ਘੜੀ-ਮੁੜੀ ਜਾਣ ਸਾਡੇ, ਬੂਹੇ ਮੂਹਰੋਂ ਲੰਘ ਕੇ । ਜਾਣੋਂ ਸੀਨੇ ਵਿਚ ਵੱਜਦੀ ਕਟਾਰ ਵੇ ! ਵੀਰਾ ! ਰੱਖੜੀ ਦਾ ਆਇਆ ਤਿਉਹਾਰ ਵੇ ! ਵਰ੍ਹੇ ਵਾਲੇ ਦਿਨ ਵੀਰਾ ! ਮਨ ਇਹ ਬਣਾਇਆ ਮੈਂ । ਕਾਮਿਆਂ ਦੇ ਵੈਰਿਆਂ ਦਾ, ਕਰੂੰਗੀ ਸਫਾਇਆ ਮੈਂ। ਕਰਾਂ ਅੱਜ ਤੋਂ ਮੈਂ ਪੱਕਾ ਇਕਰਾਰ ਵੇ ! ਵੀਰਾ ! ਰੱਖੜੀ ਦਾ ਆਇਆ ਤਿਉਹਾਰ ਵੇ ! (ਸੈਂਟਰਲ ਜੇਲ੍ਹ ਅੰਮ੍ਰਿਤਸਰ ਐਂਮਰਜੰਸੀ ਦੌਰਾਨ)

ਦੀਵਾਲੀ ਦੇ ਨਾਂ

ਉਚੀਆਂ ਹਵੇਲੀਆਂ ਦੇ ਤਾਜਾਂ ਵਿਚ ਜੜੀ ਸਾਡੀ, ਚਾਵ੍ਹਾਂ ਅਤੇ ਸੱਧਰਾਂ ਦੀ ਲੋਅ । ਰਾਠਾਂ ਦਿਆਂ ਚੇਹਰਿਆਂ ਤੇ ਹੀ ਸੂਹੀ ਲਾਲੀ ਹਾੜ੍ਹਾ, ਨੂਰ ਸਾਡੀ ਕਿਰਤਾਂ ਦਾ ਹੋ ! ਨੰਗੇ ਪੈਰ ਮਾਣਿਆਂ ਏ. ਧਰਤੀ ਦਾ ਸੇਕ ਨਿੱਤ, ਨੰਗੇ ਤਨ ਝੱਲਿਆ ਸਿਆਲ ਹੋ । ਬੱਲਦਾਂ ਦੇ ਗਲਾਂ ਪਾਈਆਂ ਟੱਲੀਆਂ ਦੀ ਟੁਣਕਾਰ, ਮਿੱਠਾ ਮਿੱਠਾ ਬੰਨ੍ਹੇ ਸੁਰਤਾਲ ਹੋ । ਸੁੱਚੇ ਮੁੱਖ ਨੰਗੇ ਤਨ ਕਰੀਏ ਕਿਰਤ ਸੱਚੀ, ਏਡੀ ਵੱਡੀ ਭਗਤੀ ਨਾ ਕੋ । ਰਾਠਾਂ ਦਿਆਂ ਚੇਹਰਿਆਂ ਤੇ ਸੂਹੀ ਸੂਹੀ ਲਾਲੀ ਹਾੜ੍ਹਾ, ਨੂਰ ਸਾਡੀ ਕਿਰਤਾਂ ਦਾ ਹੋ । ਫ਼ਸਲਾਂ ਦਾ ਬੂਟਾ ਬੂਟਾ ਪਾਲਿਆ ਏ ਅਸਾਂ ਨਿੱਤ, ਨੂਰ ਸੂਹੇ ਮੁਖੜੇ ਦਾ ਡੋਲ੍ਹ । ਕਣ ਕਣ ਦਾਣੇ ਉੱਤੇ ਪਏ ਉਕਰੇ ਨੇ, ਕਿਰਤੀ ਦੇ ਰੋਹ ਭਰੇ ਬੋਲ । ਜਿਸ ਦਿਆਂ ਦਰਦਾਂ ਦੀ ਸੁਣ ਸੁਣ ਵਿਥਿਆ, ਕਲਮ ਦੀ ਅੱਖ ਪਵੇ ਰੋ । ਰਾਠਾਂ ਦਿਆਂ ਚੇਹਰਿਆਂ ਤੇ ਸੂਹੀ ਸੂਹੀ ਲਾਲੀ ਹਾੜ੍ਹਾ, ਨੂਰ ਸਾਡੀ ਕਿਰਤਾਂ ਦਾ ਹੋ । ਕੱਖਾਂ ਦੀਆਂ ਕੁੱਲੀਆਂ ਤੋਂ ਉਚਿਆਂ ਮਹੱਲਾਂ ਤੀਕ, ਕਿਰਤੀ ਨੇ ਨੀਤੀਆਂ ਉਸਾਰੀਆਂ । ਕਿਰਤੀ ਦੇ ਸਦਕਾ ਹੀ ਸੂਈ ਤੋਂ ਰਾਕਟ ਤੱਕ, ਅੰਬਰਾਂ 'ਚ ਮਾਰਦੇ ਉਡਾਰੀਆਂ । ਵੱਡਿਆ ਚਲਾਕਾਂ ਪਰ ਭੁੱਖ ਨੰਗ ਸਾਰੀ, ਬੰਨ੍ਹ ਦਿੱਤੀ ਜੀਹਦੇ ਪੱਲੇ ਹੋ । ਰਾਠਾਂ ਦਿਆਂ ਚੇਹਰਿਆਂ ਤੇ ਸੂਹੀ ਸੂਹੀ ਲਾਲਾ ਹਾੜ੍ਹਾ, ਨੂਰ ਸਾਡੀ ਕਿਰਤਾਂ ਦਾ ਹੋ। ਪੁੱਤਾਂ ਵਾਂਗ ਪਾਲ ਪਾਲ ਧੀਆਂ ਵਾਂਗੂੰ ਸਾਂਭ ਸਾਂਭ, ਕਰੀਏ ਫਸਲ ਮੁਟਿਆਰ ਹੋ । ਚਿੱਟੇ ਦਿਨ ਲੁੱਟ ਲੈਦੇ ਸਾਡੀਆਂ ਤਾਂ ਇੱਜ਼ਤਾਂ ਨੂੰ, ਸਾਡਿਆਂ ਹੱਕਾਂ ਤੇ ਛਾਪੇ ਮਾਰ ਹੋ । ਖੇੜਿਆਂ ਦੀ ਧਾੜ ਲੈ ਜਾਏ ਜ਼ੋਰ-ਜ਼ੋਰੀ ਜਿਵੇਂ, ਹੀਰ ਕਿਸੇ ਰਾਂਝਣੇ ਤੋਂ ਖੋਹ । ਰਾਠਾਂ ਦਿਆਂ ਚੇਹਰਿਆਂ ਤੇ ਸੂਹੀ ਸੂਹੀ ਲਾਲੀ ਹਾੜ੍ਹਾ, ਨੂਰ ਸਾਡੀ ਕਿਰਤਾਂ ਦਾ ਹੋ । ਸਾਡਿਆਂ ਤਾਂ ਸਬਰਾਂ ਦੇ ਭਰ ਗਏ ਪਿਆਲੇ ਹੁਣ, ਕਰ 'ਕਰ ਤੁਹਾਡਾ ਇਤਬਾਰ ਉਇ । ਰਸਤੇ 'ਚੋਂ ਪਰੇ ਹੋ ਜਾਓ ਸਮੇਂ ਦੇ ਨਪੁੰਸਕ ਉਇ ! ਤੇਰੇ ਪੁੱਤ ਹਿੰਦ ਦੇ ਜੁਝਾਰ ਉਇ । ਆਇਆ ਯੁੱਗ ਚੇਤਨਾਂ ਦਾ ਕੱਖ ਕੱਖ ਕੁੱਲੀਆਂ ਦਾ, ਸਰਘੀ ਦੀ ਲਾਲੀ ਰਹੀ ਧੋ । ਰਾਠਾਂ ਦਿਆਂ ਚੇਹਰਿਆਂ ਤੇ ਸੂਹੀ ਸੂਹੀ ਲਾਲੀ ਹਾੜ੍ਹਾ, ਨੂਰ ਸਾਡੀ ਕਿਰਤਾਂ ਦਾ ਹੋ । (ਸੈਂਟਰ ਜੇਲ੍ਹ ਪਟਿਆਲਾ ਐਂਮਰਜੰਸੀ ਦੌਰਾਨ)

ਪਤਨੀ ਦਾ ਖੱਤ

ਮੈਂ ਤਾਂ ਮੰਗਦੀ ਵੇ ! ਨਿੱਤ, ਤੇਰੀ ਤੋਰ 'ਚ ਰਵਾਨੀ । ਸਦਾ ਜੂਝਦੀ ਰਹੇ ਵੇ ! ਤੇਰੀ ਅਮਰ ਜਿੰਦਗਾਨੀ । ‘ਨਿੰਦੋ’ ਪੁੱਛਦੀ ਏ ਨਿੱਤ, ਤੇਰੇ ਆਉਣ ਦੀ ਤਰੀਕ । ‘ਰਾਣਾਂ’ ਮਾਰਦਾ ਏ ਹਾਕਾਂ, ਨਿੱਤ ਰੱਖਦਾ ਉਡੀਕ । ਰੱਖਾਂ ਉਨ੍ਹਾਂ ਤੋਂ ਛੁਪਾ ਕੇ, ਸਾਰੀ ਸੱਜਣਾ ਕਹਾਣੀ । ਸਦਾ ਜੂਝਦੀ ਰਹੇ ਵੇ ! ਤੇਰੀ ਅਮਰ ਜਿੰਦਗਾਨੀ । ਵੇਹੜੇ ਵੈਰੀਆਂ ਦੇ ਤੱਕ, ਨਿੱਤ ਪੈਂਦੀ ਘੜਮੱਸ । ਮੇਰਾ ਖੌਲਦਾ ਏ ਖੂਨ, ਦਿਲ ਹੋ ਜਾਏ ਬੇ-ਵਸ । ਲੰਮੀ ਸੋਚ ਦੇ ਸਹਾਰੇ, ਕਾਬੂ ਰੱਖਾਂ ਵੇ ਜਵਾਨੀ ! ਸਦਾ ਜੂਝਦੀ ਰਹੇ ਵੇ ! ਤੇਰੀ ਅਮਰ ਜਿੰਦਗਾਨੀ । ਹੋਇਆ ਕੀ ਜੇ ਮੰਜ਼ਿਲਾਂ ਦਾ, ਹਾਲੇ ਪੰਧ ਵੇ ਲੰਮੇਰਾ । ‘ਮਾਤਾ ਗੁਜਰੀ’ ਜਿਹਾ ਹੱਠ, ਸਾਡਾ ‘ਭਾਗੋ' ਜਿਹਾ ਜੇਰਾ । ਸਾਡਾ ਹੌਂਸਲਾ ਵਧਾਵੇ, ਉਨ੍ਹਾਂ ਦੀ ਵੇ ! ਕੁਰਬਾਨੀ । ਸਦਾ ਜੂਝਦੀ ਰਹੇ ਵੇ ! ਤੇਰੀ ਅਮਰ ਜਿੰਦਗਾਨੀ । ਸਾਨੂੰ ਸੱਚ ਤੇ ਵੇ ਮਾਣ, ਉਹ ਦਿਨ ਵੀ ਨਹੀਂ ਦੂਰ । ਚੰਨ ਵਾਂਗੂੰ ਚਮਕੇਗਾ, ਜਦੋਂ ਸੱਧਰਾਂ ਦਾ ਨੂਰ । ਲੋਕ ਪੀੜਾਂ ਦੇ ਦਰਦ, ਤੇਰੀ ਲਿਖੇ ਨਿੱਤ ਕਾਨੀ। ਸਦਾ ਜੂਝਦੀ ਰਹੇ ਵੇ ! ਤੇਰੀ ਅਮਰ ਜਿੰਦਗਾਨੀ ।

ਪਤੀ ਦਾ ਖੱਤ

ਤੂੰ ਏਂ ਉਸ ਸ਼ਾਇਰ ਦੀ ਪਤਨੀ ! ਤੂੰ ਏਂ ਉਸ ਬਾਗੀ ਦੀ ਨਾਰ ! ਜਿਸ ਦੇ ਕਦਮ ਕਦਮ ਤੇ ਬੈਠੇ, ਜ਼ਬਰ ਜ਼ੁਲਮ ਦੇ ਪਹਿਰੇਦਾਰ । ਜਬਰ ਤਸ਼ੱਦਦ ਕੋਲੋਂ ਡਰ ਕੇ, ਗਰਦਨ ਮੇਰੀ ਝੁੱਕ ਨਹੀਂ ਸਕਦੀ । ਲੋਕ ਪੀੜਾਂ ਸੱਚ ਦੇ ਅਫਸਾਨੇ, ਕਲਮ ਇਹ ਲਿਖਣੋਂ ਰੁਕ ਨਹੀਂ ਸਕਦੀ । ਮੈਂ ਆਸ਼ਕ ਹਾਂ ਸੂਹੀ ਰੁੱਤ ਦਾ, ਮੇਰੇ ਮਨ ਵਿਚ ਲੋਕ ਪਿਆਰ । ਜਿਸ ਦੇ ਕਦਮ ਕਦਮ.... ਸੁਲਘਦੇ ਅਹਿਸਾਸ ਨੇ ਮੱਚਦੇ, ਜਦ ਵੀ ਰੋਹ ਦੇ ਭਾਂਬੜ ਬਣ ਕੇ । ਭੁੱਖੇ ਪੇਟ ਸੰਗੀਨਾਂ ਮੂਹਰੇ, ਡੱਟ ਜਾਂਦੇ ਨੇ ਮੁੱਕੇ ਤਣ ਕੇ । ਨੇਰ੍ਹੇ ਦੀ ਕੁੱਖ ਵਿਚ ਹੀ ਪਲਦੇ, ਸੂਹੀਆਂ ਕਿਰਨਾਂ ਦੇ ਜੋ ਯਾਰ । ਜਿਸ ਦੇ ਕਦਮ ਕਦਮ...... ਸਿਰ ਕਤਲ ਤਾਂ ਕਰ ਸਕਦੇ ਨੇ, ਮਰਨੇ ਨਾ ਗੀਤਾਂ ਦੇ ਬੋਲ । ਕਣ ਕਣ ਦੇ ਮੁਖੜੇ ਤੇ ਗਏ ਜੋ, ਸਰਘੀ ਦੀ ਲਾਲੀ ਨੇ ਡੋਲ । ਸੱਚ ਦੇ ਬੋਲ ਸਦਾ ਹੀ ਜਿਉਂਦੇ, ਕੋਈ ਨਾ ਸਕਿਆ ਅੱਜ ਤੱਕ ਮਾਰ । ਜਿਸ ਦੇ ਕਦਮ ਕਦਮ........ ਕਦੇ ਕੋਈ ਮਾਛੀਵਾੜੇ, ਜਪਦਾ ਮਿੱਤਰ ਪਿਆਰੇ ਨੂੰ, ਕਦੇ ਕੋਈ ‘ਨਾਜ਼ਿਮ’ ਤੁਰਕੀ ਦਾ, ਭਰਦਾ ਪਿਆਰੇ ਹੁੰਗਾਰੇ ਨੂੰ । ਰੁਕਦਾ ਨਾ ਇਤਿਹਾਸ ਦਾ ਪਹੀਆ, ਕਰਦਾ ਜਾਏ ਮਾਰੋ ਮਾਰ । ਜਿਸ ਦੇ ਕਦਮ ਕਦਮ.. ਮੈਂ ਉਨ੍ਹਾਂ ਦਾ ਸਾਥੀ ਹਾਂ ਜੋ, ਹੱਕਾਂ ਲਈ ਕਰਦੇ ਸੰਗਰਾਮ । ਮੇਰੀ ਮੌਤ ਤੋਂ ਮਗਰੋਂ ਸੱਜਣੀ, ਭੁੱਲਣਾ ਨਾ ਸਾਡਾ ਪੈਗਾਮ ! ਉਨ੍ਹਾਂ ਰਾਹਾਂ ਨੂੰ ਨਾ ਭੁੱਲਣਾ, ਜਿਨ੍ਹੀਂ ਰਾਹੀਂ ਗਏ ਜੁਝਾਰ । ਜਿਸ ਦੇ ਕਦਮ ਕਦਮ ਤੇ ਬੈਠੇ, ਜਬਰ ਜ਼ੁਲਮ ਦੇ ਪਹਿਰੇਦਾਰ ।

ਅੰਮੀ ਦੇ ਨਾਂ

ਪੁੱਤ ਪਾ ਕੇ ਸ਼ਹੀਦੀ ਤੇਰਾ ! ਅੰਮੀਏ ਅਮਰ ਹੋ ਗਿਆ । ਉਹਦਾ ਤੱਕ ਕੇ ਪਹਾੜ ਜਿੱਡਾ ਜੇਰਾ, ਵੈਰੀ ਵੀ ਹੈਰਾਨ ਹੋ ਗਿਆ । ਅੰਮੀਏਂ ਨਾ ਦਾਗ਼ ਤੇਰੀ, ਕੁੱਖ ਤਾਈਂ ਲਾਇਆ ਨੀਂ। ਆਖਰੀ ਸਵਾਸਾਂ ਤੀਕ, ਸਿਦਕ ਨਿਭਾਇਆ ਨੀਂ। ਹੰਸੂ ਹੰਸੂ ਰਿਹਾ ਕਰਦਾ, ਉਹਦਾ ਕੋਮਲ ਗੁਲਾਬ ਰੰਗਾ ਚੇਹਰਾ । ਅੰਮੀਏਂ ਅਮਰ ਹੋ ਗਿਆ, ਪੁੱਤ ਪਾ ਕੇ ਸ਼ਹੀਦੀ ਤੇਰਾ । ਹੋਇਆ ਕੀ ਜੇ ਜ਼ਾਲਮਾਂ ਨੇ, ਦਿੱਤਾ ਇਕ ਮਾਰ ਨੀ । ਜਿਉਂਦੇ ਅਜੇ ਪੁੱਤ ਤੇਰੇ, ਲੱਖਾਂ ਨੇ ਜੁਝਾਰ ਨੀਂ । ਹੋ ਗਿਆ ਉਹ ਸਾਰੇ ਜੱਗ ਦਾ, ਹੁਣ ਰਿਹਾ ਨਾ ਪੁੱਤਰ ਕੱਲਾ ਤੇਰਾ । ਅੰਮੀਏ ਅਮਰ...... ਅੰਮੀਏਂ ਨੀਂ ਗ਼ਮ ਸਾਰਾ, ਰੋਹ ਵਿਚ ਢਾਲ ਕੇ । ਦੱਸ ਦੇਵੀਂ ਮਾਵਾਂ ਵਾਲੇ, ਫਰਜ਼ ਨੂੰ ਪਾਲ ਕੇ । ਦੱਸਿਆ ਏ ‘ਮਾਂ ਗੁਜਰੀ’, ਨਹੀਂ ਛੱਡਣਾ ਸਿਰੜ ਤੇ ਜੇਰਾ । ਅੰਮੀਏ ਅਮਰ.... ਕੁੱਲੀਆਂ ਨੇ ਖੋਹ ਲੈਣਾਂ, ਮਹਿਲਾਂ ਕੋਲੋਂ ਰਾਜ ਨੀਂ ਲੈਣਾਂ ਉਨ੍ਹਾਂ ਮੂਲ ਸਣੇ, ਗਿਣ ਕੇ ਵਿਆਜ ਨੀਂ ਸਹੁੰ ਸਾਨੂੰ ਸਾਡੇ ਵੀਰ ਦੀ, ਜੜ੍ਹੋ ਪੁਟਾਂਗੇ ਨਜ਼ਾਮ ਇਹ ਲੁਟੇਰਾ । ਅੰਮੀਏਂ ਅਮਰ.. ਉਹ ਜੇ ਅਡਵਾਇਰ, ਅਸੀਂ, 'ਉਧਮ' ਦੇ ਵੀਰ ਨੀਂ, ਸਾਡੇ ਰੋਮ ਰੋਮ ਵਿਚ, 'ਬੰਦੇ’ ਦੀ ਤਾਸੀਰ ਨੀਂ। ‘ਰੰਘੜਾਂ’ ਨੇ ਸਾਨੂੰ ਮੰਨਿਆਂ, ਸਾਨੂੰ ਜਾਣਦੇ 'ਵਜੀਦੇ’ ਵੀ ਬਥੇਰਾ । ਅੰਮੀਏ ਅਮਰ......

ਗ਼ਜ਼ਲ

ਸਿਦਕ ਸਾਡੇ ਨੇ ਕਦੇ ਮਰਨਾ ਨਹੀਂ। ਸੱਚ ਦੇ ਸੰਗਰਾਮ ਨੇ ਹਰਨਾ ਨਹੀਂ । ਕਤਲ ਹੋਣਾ ਨਹੀਂ ਪਵਿੱਤਰ ਸੱਚ ਨੇ, ਕੂੜ ਦਾ ਬੇੜਾ ਕਦੇ ਤਰਨਾ ਨਹੀਂ । ਹੁਸਨ ਦੇ ਪੈਰਾ 'ਚ ਭਾਵੇਂ ਬੇੜੀਆਂ, ਉਸ ਦੀ ਪਰ ਮਟਕ ਨੇ ਮਰਨਾ ਨਹੀਂ। ਜ਼ੁਲਮ ਦੀ ਚੱਕੀ 'ਚ ਪਿਸਦੇ ਕਾਮਿਓ, ਪਾਪ ਤੋਂ ਮੁਕਤੀ ਬਿਨਾਂ ਸਰਨਾ ਨਹੀਂ । ਮੰਜ਼ਿਲਾਂ ਨੂੰ ਕਦਮ ਵਧਦੇ ਰਹਿਣਗੇ, ਰਾਜ਼ੀਨਾਮਾ ਵਕਤ ਨਾਲ ਕਰਨਾ ਨਹੀਂ । ਪੈਰ ਸੂਲ੍ਹਾਂ ਤੇ ਵੀ ਨੱਚਦੇ ਰਹਿਣਗੇ, ਬੁੱਤ ਬਣ ਕੇ ਪੀੜ ਨੂੰ ਜ਼ਰਨਾ ਨਹੀਂ । ਆਉਣ ਵਾਲਾ ਕੱਲ੍ਹ ਸਾਡਾ ਦੋਸਤੋ । ਹਿੰਮਤ ਅੱਗੇ ਜਬਰ ਨੇ ਖੜਨਾ ਨਹੀਂ ।

ਜਗੀਰਦਾਰੀ ਨੂੰ

ਤੇਰੇ ਪੱਥਰ ਦਿਲ ਨੂੰ ਟੁੱਟਣ ਲੱਗਿਆਂ ਚਿਰ ਨਹੀਂ ਲੱਗਣਾ । ਤੇਰੇ ਉੱਚੇ ਮਹਿਲ ਚੁਬਾਰੇ, ਖੁੱਸਣ ਲੱਗਿਆਂ ਚਿਰ ਨਹੀਂ ਲੱਗਣਾ । ਦੇਸ਼ ਭਗਤ ਲਵਾ ਕੇ ਫਾਹੇ, ਜਿਹੜੀ ਤੁਸੀਂ ਜਗੀਰ ਬਣਾਈ । ਭਰਿਆ ਪਾਪ ਤੇਰੇ ਦਾ ਭਾਂਡਾ ਫੁੱਟਣ ਲੱਗਿਆਂ ਚਿਰ ਨਹੀਂ ਲੱਗਣਾ । ਵੱਡੇ ਭਾਗ ਮਿਲੀ ਸਰਦਾਰੀ ਲੋਕਾਂ ਨੂੰ ਜ਼ਾਹਰ ਕਰਾਵੇ । ਪਾਜ ਤੇਰੇ ਦਾ ਪਰਦਾ ਇਕ ਉੱਠਣ ਲੱਗਿਆਂ ਚਿਰ ਨਹੀਂ ਲੱਗਣਾ । ਦੂਜਿਆਂ ਦੇ ਮੋਢੇ ਤੇ ਰੱਖ ਕੇ ਸਿੱਖ ਛੱਡੀ ਤੂੰ ਰਫਲ ਚਲਾਉਣੀ । ਯਾਦ ਰੱਖ ਤੈਨੂੰ ਵੀ ਜ਼ਾਲਮ ਠੁਕਣ ਲੱਗਿਆਂ ਚਿਰ ਨਹੀਂ ਲੱਗਣਾ । ਰਾਤ ਦਿਨੇ ਤੇਰੇ ਵਿਚ ਖੇਤਾਂ ਥੱਕਦੀ ਟੁੱਟਦੀ ਰਹੇ ਜਵਾਨੀ । ਏਸੇ ਤਰ੍ਹਾਂ ਤੈਨੂੰ ਵੀ ਮੂਰਖ ਕੁੱਸਣ ਲੱਗਿਆਂ ਚਿਰ ਨਹੀਂ ਲੱਗਣਾ । (ਹਿਰਾਵਲ ਦਸਤਾ ਮਾਰਚ-ਅਪਰੈਲ 1981)

ਕਲੀ

ਛੱਡਦੇ ਹੁਣ ਘੁਰਾੜੇ ਸੁੱਤਿਆ ਜਾਗ ਕਿਸਾਨਾਂ ਬਈ, ਤੈਨੂੰ ਦੇ ਹਲੂਣੇ ਅੱਜ ਦਾ ਸਮਾਂ ਪੁਕਾਰੇ । ਲੈ ਕੇ ਸਰਘੀ ਕੋਲੋਂ ਗੁੜ੍ਹਤੀ ਸੂਹੀਆਂ ਕਿਰਨਾਂ ਦੀ, ਤੇਰੇ ਦਰ ਤੇ ਆਏ ਚਾਨਣ ਦੇ ਵਣਜਾਰੇ । ਕਈ ਤਾਂ ਹਾਕਮ ਬਦਲੇ ਭਾਵੇਂ ਅੱਜ ਤੱਕ ਦਿੱਲੀ ਦੇ, ਤੇਰੇ ਲਈ ਤਾਂ ਆਏ ਇਕ ਤੋਂ ਵੱਧ ਕੇ ਸਾਰੇ । ਬੱਗਲੇ ਮਾਰ ਉਡਾਰੀ ਉੱਡ ਜਾਂਦੇ ਜਿਉਂ ਜੂਹਾਂ 'ਚੋਂ, ਪੰਜੀ ਸਾਲੀ ਮੁੜਦੇ ਵੋਟਾਂ ਲੈਣ ਦੇ ਮਾਰੇ । ਤੂੰ ਤੇ ਖਾਕ ਛਾਣਦੈ ਨੰਗੇ ਤਨ ਸਿਆੜਾਂ ਦੀ, ਤੇਰੀ ਮਿਹਨਤ ਉਤੇ ਵਿਹਲੜ ਲੈਣ ਨਜ਼ਾਰੇ । ਲੱਖਾਂ ਜਫ਼ਰ ਜਾਲ ਕੇ ਪਾਲੀਆਂ ਤੇਰੀਆਂ ਜਿਨਸਾਂ ਬਈ, ਵਿਕਦੀਆਂ ਕੌਡੀਆਂ ਦੇ ਭਾਅ ਤੱਕ ਲੈ ਸ਼ਰੇ-ਬਜ਼ਾਰੇ । ਖੇੜੇ ਲੈ ਜਾਂਦੇ ਨੇ ਫਲ ਤਾਂ ਤੇਰੀਆਂ ਕਿਰਤਾਂ ਦਾ, ਤੂੰ ਤੇ ਬਿਨ ਤਨਖਾਹੋਂ ਚਾਕਾ ਮੰਗੂ ਚਾਰੇ । ਜੇ ਤੂੰ ਮਾਲਕ ਬਣਨਾ ਆਪਣੀ ਸਾਂਦਲ ਬਾਰ ਦਾ, ਇਕ ਦਿਨ ਲਾਉਣੀ ਪੈਣੀ ਦੁੱਲਿਆ ਚੋਟ ਨਗਾਰੇ । ਤੇਰੀ ਮਾਂ ਧਰਤੀ ਦੇ ਪਿੰਡੇ ਤੇ ਹੱਥ ਗੈਰਾਂ ਦਾ, ਤੈਨੂੰ ਸੱਚੇ ਦੁੱਧ ਦੀ ਸ਼ੇਰਾ ਅਣਖ ਵੰਗਾਰੇ । ਉਨ੍ਹਾਂ ਰਾਹਾਂ ਤੇ ਹੀ ਚੱਲ ਕੇ ਹੋਣੀ ਮੁਕਤੀ ਹੈ, ਜਿੰਨੀ ਰਾਹੀਂ ਗਏ ਨੇ ਸੱਚੇ ਮਿੱਤਰ ਪਿਆਰੇ ! ਕਰ ਲੈ ਏਕਾ ਤੂੰ ਜੇ ਮਾਲਕ ਬਣਨਾ ਕਿਰਤਾਂ ਦਾ, ਜਾਬਰ ਕੀਲ ਨਹੀਂ ਹੋਣੇ ਬਾਝੋਂ ਹੱਥ ਕਰਾਰੇ । ਆਖਿਰ ਜਿੱਤ ਸੱਚ ਦੀ ਹੈ ਅਸੂਲ ਇਤਿਹਾਸ ਦਾ, ਕਿਰਤੀ ਜਿੱਤਦੇ ਆਏ ਜਾਬਰ ਆਖਿਰ ਹਾਰੇ । (ਹਿਰਾਵਲ ਦਸਤਾ ਮਈ 1981)

ਗ਼ਜ਼ਲ

ਜਿਨ੍ਹਾਂ ਦਿਆਂ ਸੀਨਿਆਂ ਵਿਚ ਜ਼ੋਰ ਹੈ, ਨੇਰ੍ਹੇ ਵੀ ਚੁੰਮਦੇ ਉਨ੍ਹਾਂ ਦੀ ਤੋਰ ਹੈ । ਹਿੰਮਤੀ ਬਲਵਾਨ ਰਣ ਵਿਚ ਜੂਝਦੇ, ਮੁਸ਼ਕਲਾਂ ਵਿਚ ਥਿੜਕਦਾ ਕਮਜ਼ੋਰ ਹੈ । ਸ਼ੂਕਦੀ ਝਨਾਂ ਤੇ ਕਰਦੇ ਕਿਉਂ ਗਿਲਾ, ਘਰ 'ਚ ਵਸਦਾ ਜੇ ਹੁਸਨ ਦਾ ਚੋਰ ਹੈ । ਜ਼ੋਰ ਸਾਡਾ, ਕੀ ਤੂੰ ਹਾਲੇ ਦੇਖਿਆ, ਇਹ ਤਾਂ ਉਸਦੀ ਪਹਿਲੀ ਹੀ ਲਸ਼ਕੋਰ ਹੈ। ਉਹ ਕੀ ਜਾਣੇ ਪੀੜ ਸਾਡੇ ਜਿਗਰ ਦੀ, ਜੀਹਦੀਆਂ ਅੱਖਾਂ 'ਚ ਸ਼ਾਹੀ ਲੋਰ ਹੈ । (ਲਲਕਾਰ ਅਪਰੈਲ 1978)

ਗੀਤ

ਹੁਣ ਰੁੱਤ ਚੇਤਨਾ ਦੀ ਆਈ, ਤੂੰ ਸੁਰਤ ਸੰਭਾਲ ਕਾਮਿਆਂ । ਨਵੇਂ ਯੁੱਗ ਨੇ ਲਈ ਅੰਗੜਾਈ । ਤੂੰ ਕਿਰਤ ਸੰਭਾਲ ਕਾਮਿਆਂ । ਕਿਸੇ ਹੋਰ ਨੇ ਬਣਾਉਣੀ ਤੇਰੀ ਤਕਦੀਰ ਨਾ। ਤੇਰੀ ਏਕਤਾ ਹੀ ਕਰੂ ਇਹਦਾ ਹੱਲ ਵੀਰਨਾ। ਸਾਂਭ ਭੋਲਿਆ ਤੂੰ ਆਪਣੀ ਕਮਾਈ । ਤੂੰ ਸੁਰਤ... ਹੁਣ ਜਾਗਣ ਦਾ ਵੇਲਾ, ਸੁੱਤਾ ਲੰਮੀ ਤਾਣ ਕੇ । ਜੋਗੀ ਚਾਨਣਾ ਦੇ ਖੜੇ, ਤੇਰੇ ਦਰ ਆਣ ਕੇ । ਉੱਠ ਸਰਘੀ ਨੇ ਅਲਖ ਜਗਾਈ ।ਤੂੰ ਸੁਰਤ... ਜਿਉਂ ਜਿਉਂ ਸੋਨ ਰੰਗੀ ਕਣਕਾਂ ਦਾ ਰੂਪ ਚਮਕੇ । ਤਿਉਂ ਤਿਉਂ ਵੇਹਲੜਾਂ ਦੇ ਮੁਖੜੇ ਤੇ ਨੂਰ ਦਮਕੇ । ਬੈਠੇ ਰਾਖਸ਼ ਨੇ ਘਾਤ ਕਿਵੇਂ ਲਾਈ ।ਤੂੰ ਸੁਰਤ... ਤੂੰ ਤੇ ਬੰਨ੍ਹ ਦਵਿਆਵਾਂ, ਕਈ ਭਾਖੜੇ ਉਸਾਰੇ । ਸੀਸ ਮਹਿਲ ਰੁਸ਼ਨਾਏ, ਤੇਰੀ ਹਿੰਮਤਾਂ ਦੇ ਕਾਰੇ । ਤੇਰੇ ਪੱਲੇ ਇਕ ਛਿੱਟ ਨਾ ਆਈ ।ਤੂੰ ਸੁਰਤ... ਹੁਣ ਰੁੱਤ ਚੇਤਨਾ ਦੀ ਆਈ । ਤੂੰ ਸੁਰਤ ਸੰਭਾਲ ਕਾਮਿਆਂ । ਨਵੇ ਯੁੱਗ ਨੇ ਲਈ ਅੰਗੜਾਈ । ਤੂੰ ਕਿਰਤ ਸੰਭਾਲ ਕਾਮਿਆਂ । (ਸਤੰਬਰ, 1982 ਹਿਰਾਵਲ ਦਸਤਾ)

ਗੀਤ

(ਹੱਲਾ ਬੋਲ) ਉੱਠ ਕਿਸਾਨਾਂ ਬਈ ! ਹੁਣ ਹੱਲਾ ਬੋਲ । ਉੱਠ ਕਿਰਤੀਆ ਬਈ ! ਹੁਣ ਹੱਲਾ ਬੋਲ । ਹੱਲਾ ਬੋਲ ਵਜਾ ਕੇ ਢੋਲ, ਉਠ ਕਿਰਤੀ ਇਨਸਾਨਾਂ ਬਈ । ਹੁਣ ਹੱਲਾ ਬੋਲ.... ਤੇਰੇ ਦਰ ਤੇ ਦੇਣ ਸੁਨੇਹਾ, ਚਾਨਣ ਦੇ ਵਣਜਾਰੇ । ਨਵੀਂ ਰੌਸ਼ਨੀ, ਨਵੀਂ ਚੇਤਨਾਂ, ਤੈਨੂੰ ਕਰੇ ਇਸ਼ਾਰੇ । ਔਹ ਸਰਘੀ ਦੀ ਲਾਲੀ ਕੋਲੋਂ, ਲੈ ਕੇ ਨਵਾਂ ਤਰਾਨਾਂ ਬਈ । ਹੁਣ ਹੱਲਾ ਬੋਲ... ਵਿਚ ਸਿਆੜਾਂ ਡੋਲ੍ਹ ਕੇ ਮੁੜ੍ਹਕਾ, ਬੀਜੇਂ ਤੂੰ ਖੁਸ਼ਹਾਲੀ । ਧੀਆਂ ਪੁੱਤਰਾਂ ਵਾਂਗੂੰ ਕਰਦੈਂ, ਫ਼ਸਲਾਂ ਦੀ ਰੱਖਵਾਲੀ । ਬੈਂਕ, ਸੁਸਾਇਟੀ, ਲਾਲ ਵਹੀ ਝੱਟ, ਲੈ ਜਾਏ ਹੂੰਝ ਖ਼ਜ਼ਾਨਾ ਬਈ । ਹੁਣ ਹੱਲਾ ਬੋਲ............. ਚਿੱਟੇ, ਨੀਲੇ, ਪੀਲੇ ਸੱਜਣਾਂ, ਪਰਖ ਲਏ ਤੂੰ ਸਾਰੇ । ਪੰਜੀ ਸਾਲੀਂ ਪਰਚੀਆਂ ਵੇਲੇ, ਬੰਗਲੇ ਕਰਨ ਉਤਾਰੇ । ਮਜ਼ਲੂਮਾਂ ਨੂੰ ਛੱਡ ਜ਼ਾਲਮ ਸੰਗ ਪਾਲਿਆ ਇਨ੍ਹਾਂ ਯਰਾਨਾ ਬਈ । ਹੁਣ ਹੱਲਾ ਬੋਲ... ਹੁਣ ਕਿਰਤੀ ਕਿਸਾਨ ਯੂਨੀਅਨ, ਪਿੰਡ-ਪਿੰਡ ਦੇ ਗਈ ਹੋਕਾ । ਚੱਕ ਝੰਡਾ ਰਣ ਵਿਚ ਜੂਝੀਏ, ਲੁੱਟਿਆ ਪੁੱਟਿਆ ਲੋਕਾ । ਉੱਠ ਨਵਾਂ ਇਤਹਾਸ ਸਿਰਜਦੇ, ਧਰਤੀ ਦੇ ਭਗਵਾਨਾਂ ਬਈ । ਹੁਣ ਹੱਲਾ ਬੋਲ........ (ਅਕਤੂਬਰ 1987 ਹਿਰਵਾਲ ਦਸਤਾ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ