ਪੱਕੀ ਕਣਕ ਵਿਸਾਖੀ ਆਈ : ਗੁਰਭਜਨ ਗਿੱਲ
ਮੌਸਮ ਆਪਣੇ ਪੈਰਾਂ ਤੋਂ ਤਿਲਕ ਗਿਆ ਹੈ। ਜਿਹੜੀ ਵਿਸਾਖੀ ਚੇਤਰ ਮੁੱਕਣ ਸਾਰ ਆਉਂਦੀ ਸੀ। ਕਣਕਾਂ ਦੇ ਮੁੱਢ ਦਾਤਰੀ ਫਿਰਕੀ ਸੀ, ਉਹ ਹੁਣ ਖਿਸਕ ਕੇ ਦਸ ਬਾਰਾਂ ਦਿਨ ਅਗੇਤੀ ਹੋ ਗਈ ਹੈ। ਹੁਣ ਵਿਸਾਖੀ ਨੂੰ ਦਾਤਰੀ ਕਣਕ ਨਹੀਂ, ਵੱਢਦੀ, ਕੰਬਾਈਨ ਮਸ਼ੀਨ ਘੂਕਦੀ ਫਿਰਦੀ ਹੈ। ਸੋਨੇ ਦੀ ਵਾਢੀ ਤਾਂ ਹੋ ਰਹੀ ਹੈ ਪਰ ਚਾਵਾਂ ਤੋਂ ਸੱਖਣੀ। ਫ਼ਸਲ ਸਾਂਭੀ ਜਾਂਦੀ ਹੈ, ਪਰ ਸ਼ਗਨਾਂ ਨਾਲ ਬੋਹਲ ਘਰ ਨਹੀਂ ਆਉਂਦਾ, ਬਾਹਰੋਂ ਹੀ ਬੋਰੀਆਂ ਭਰ ਕੇ ਮੰਡੀ ਦੇ ਰਾਹ ਪੈ ਜਾਂਦੀ ਹੈ ਟਰਾਲੀ।
ਵਿਸਾਖੀ ਤਾਂ ਚਾਵਾਂ ਦਾ ਨਾਮ ਸੀ। ਪੱਕੀਆਂ ਫ਼ਸਲਾਂ ਨਾਲ ਜੁੜੇ ਨਿੱਕੇ ਨਿੱਕੇ ਚਾਅ। ਹੁਣ ਪ੍ਰੇਮੀ ਨੂੰ ਕੋਈ ਨਹੀਂ ਕਹਿੰਦਾ, ''ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ''। ਪ੍ਰੇਮੀ ਤੋਂ ਬਗੈਰ ਹੀ ਮੰਡੀ 'ਚ ਲੱਗਿਆ ਮੇਲਾ ਵੇਖਦਾ ਹੈ ਕਿਸਾਲ। ਇਹ ਮੇਲਾ ਚਾਵਾਂ ਦਾ ਨਹੀਂ, ਗਰਜ਼ਾਂ ਤੇ ਥੋੜਾਂ ਦਾ ਮੇਲਾ ਹੈ। ਫ਼ਸਲ ਵਿਕਣ ਸਾਰ ਹੀ ਮੰਡੀ ਦੇ ਲਹਿਣੇਦਾਰ ਖਾਤੇ 'ਚ ਕਰਜ਼ਾ ਲਿਖ ਲੈਂਦੇ ਨੇ, ਬਕਾਇਆ ਅਗਲੀ ਫ਼ਸਲ ਤੇ।
ਏਸੇ ਕਰਕੇ ਵਿਸਾਖੀ ਦੇ ਤਿਉਹਾਰ ਤੇ ਹੁਣ ਭੰਗੜੇ ਨਹੀਂ ਪੈਂਦੇ, ਗੁਲਗੁਲੇ ਨਹੀਂ ਪੱਕਦੇ, ਸਗੋਂ ਫ਼ਿਕਰਾਂ, ਝੋਰਿਆਂ ਦੇ ਪਹਾੜ ਏਨੇ ਉੱਚੇ ਹੋ ਗਏ ਨੇ ਕਿ ਕਿਸਾਨ ਨੂੰ ਆਪਣਾ ਆਪ ਰਸ ਰੰਗ ਹੀਣਾ ਕਰ ਦੇਂਦਾ ਹੈ। ਵਿਸਾਖੀ ਸਾਨੂੰ ਫੁਟਾਰਾ ਤੇ ਹੁਲਾਰਾ ਤਾਂ ਦੇਂਦੀ ਹੀ ਹੈ ਨਾਲ-ਨਾਲ ਨਵੀਂ ਫ਼ਸਲ ਲਈ ਤਿਆਰੀ ਦਾ ਸੁਨੇਹਾ ਵੀ ਦੇਂਦੀ ਹੈ। ਕੰਬਾਈਨ ਹਾਰਵੈਸਟਰ ਨਾਲ ਵੱਢੀ ਕਣਕ ਦੇ ਵੱਢ ਨੂੰ ਲਾਂਬੂ ਲੱਗਦੇ ਨੇ, ਥਾਂ-ਥਾਂ ਮੰਦੀਆਂ ਖ਼ਬਰਾਂ ਫ਼ੈਲਦੀਆਂ ਨੇ, ਪਰ ਐਤਕੀਂ ਸਾਵਧਾਨ ਰਹਿਣਾ, ਸਰਕਾਰ ਨੇ ਪੂਰੇ ਪੰਜਾਬ ਤੇ ਅੰਬਰੀਂ ਕੈਮਰੇ ਫਿੱਟ ਕਰ ਦਿੱਤੇ ਨੇ। ਤੀਲੀ ਲੱਗੀ ਨਹੀਂ ਤੇ ਅੱਗ ਲਾਉਣ ਵਾਲਾ ਕੁਝ ਘੰਟਿਆਂ 'ਚ ਹੀ ਥਾਣੇ ਦੀ ਹਵਾਲਾਤ 'ਚ ਬੰਦ। ਜੁਰਮਾਨਾ ਤੇ ਕੈਦ ਦੋਵੇਂ ਹੀ। ਵੀਰਿਓ ! ਚਾਵਾਂ ਦਾ ਤਿਓਹਾਰ ਅਗਿਆਨਤਾ ਵਿੱਚ ਹੀ ਗਮੀ ਦੇ ਹਵਾਲੇ ਨਾ ਕਰ ਦੇਣਾ।
ਵਿਸਾਖੀ ਪੰਜਾਬ ਦਾ ਮੌਸਮੀ ਤਿਉਹਾਰ ਹੈ। ਗੁਰਬਾਣੀ ਵਿਚ ਵੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ ਆਪੋ-ਆਪਣੇ ਅੰਦਾਜ਼ ਵਿੱਚ ਬਾਰਾਮਾਹ ਖਿਦਿਆਂ ਵਿਸਾਖੀ ਦੇ ਪੁਰਬ ਦਾ ਸੁਆਗਤ ਕਰਦਿਆਂ ਸਾਨੂੰ ਕਿਹਾ ਹੈ ਕਿ ਵਿਸਾਖ ਮਹੀਨੇ ਪੱਕੀਆਂ ਫ਼ਸਲਾਂ ਨੂੰ ਵਾਢੀ ਪੈ ਗਈ ਹੈ। ਖ਼ਾਲਸਾ ਪੰਥ ਦੀ ਸਾਜਨਾ ਦਾ ਵੀ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ। 1699 ਦੀ ਵਿਸਾਖੀ ਵਾਲੇ ਦਿਨ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਵ ਭਰ ਦੇ ਨਿਤਾਣਿਆਂ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਖ਼ਾਲਸੇ ਦੀ ਸਿਰਜਣ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਲੌਕਿਕ ਦਰਬਾਰ ਸਜਣ ਦੀ ਕਹਾਣੀ ਇਤਿਹਾਸ ਦੀਆਂ ਪੁਸਤਕਾਂ ਸਾਨੂੰ 300 ਸਾਲ ਤੋਂ ਦੱਸ ਰਹੀਆਂ ਹਨ। ਸਿੱਖ ਧਰਮ ਨੂੰ ਸਰੂਪ ਪ੍ਰਦਾਨ ਕਰਨ ਵਿੱਚ ਵਿਸਾਖੀ ਦਾ ਬਹੁਤ ਵੱਡਾ ਯੋਗਦਾਨ ਹੈ। ਵਿਸਾਖੀ ਵਾਲੇ ਦਿਨ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਾਰਮਿਕ, ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿਚ ਵਿਸਾਖੀ ਦਾ ਮਹਾਤਮ ਚੇਤੇ ਕੀਤਾ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਵਿਸਾਖੀ ਵਾਲੇ ਦਿਨ 'ਕਣਕਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ' ਦੀਆਂ ਸੱਦਾਂ ਗੂੰਜਦੀਆਂ ਹਨ।
ਹੁਣ ਤਾਂ ਸਮਾਂ ਹੀ ਬੇਰਹਿਮ ਹੋ ਗਿਆ ਹੈ। ਹਰ ਬੰਦਾ ਵਕਤ ਨੂੰ ਆਪਣੇ ਉੱਪਰ ਸਵਾਰ ਕਰੀ ਬੈਠਾ ਹੈ, ਪਰ ਜਦ ਕਦੇ ਪੰਜਾਬੀ ਸਹਿਤ ਅਤੇ ਸੁਹਜ ਨਾਲ ਜਿਉਦੇ ਸਨ ਤਾਂ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਮਹੀਨਾ-ਮਹੀਨਾ ਪਹਿਲਾਂ ਹੀ ਢੋਲੀ ਨੂੰ ਸਾਈ ਦੇ ਕੇ ਆਪਣੇ ਪਿੰਡਾਂ ਵਿੱਚ ਭੰਗੜੇ ਦੀ ਰਿਹਰਸਲ ਕਰਿਆ ਕਰਦੇ ਸਨ। ਦੁੱਧ ਮੱਖਣਾਂ ਦੇ ਪਾਲੇ ਸਹੀ ਸੁਲੱਗ ਪੰਜਾਬੀ ਪੁੱਤਰ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਅਤੇ ਸਵੇਰੇ-ਸਵੇਰੇ ਕਣਕ ਦੀਆਂ ਭਰੀਆਂ ਬੰਨ੍ਹਣ ਲਈ ਪਰਾਲੀ ਦੇ ਬੇੜ ਵੱਟਦੇ। ਕੋਈ ਦਾਤਰੀਆਂ ਨੂੰ ਦੰਦੇ ਕਢਵਾਉਂਦਾ ਅਤੇ ਕੋਈ ਫਲਿਆਂ ਲਈ ਫਲਾਹੀ ਦੀਆਂ ਕੰਡੇਦਾਰ ਝਾੜੀਆਂ ਲੱਭਦਾ ਫਿਰਦਾ। ਜ਼ਿੰਦਗੀ ਭਰਪੂਰ ਅਰਥਾਂ ਵਾਲੀ ਸੀ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਪਰ ਹਰ 36 ਸਾਲਾਂ ਬਾਅਦ ਇਹ ਦਿਨ ਬਦਲ ਕੇ 14 ਅਪ੍ਰੈਲ ਹੋ ਜਾਂਦਾ ਹੈ। ਵੱਖ-ਵੱਖ ਸੂਬਿਆਂ ਵਿੱਚ ਇਸ ਤਿਉਹਾਰ ਨੂੰ ਵੱਖ-ਵੱਖ ਨਾਵਾਂ ਤੇ ਜਾਣਿਆ ਤੇ ਮਾਣਿਆ ਜਾਂਦਾ ਹੈ।
ਪੰਜਾਬ ਵਿੱਚ ਵਿਸਾਖੀ ਰਾਵੀ ਤੋਂ ਪਾਰ ਹੋਰ ਤਰ•ਾਂ ਮਨਾਈ ਜਾਂਦੀ ਹੈ ਅਤੇ ਇਧਰ ਹੋਰ ਤਰ•ਾਂ। ਉਧਰ ਵਿਸਾਖੀ ਖਾਣ-ਪੀਣ, ਨੱਚਣ-ਗਾਉਣ ਅਤੇ ਗੀਤ-ਸੰਗੀਤ ਨੂੰ ਸਾਹਾਂ-ਸਵਾਸਾਂ ਵਿੱਚ ਵਸਾਉਣ ਦਾ ਨਾਂਅ ਹੈ, ਜਦ ਕਿ ਇਧਰਲੇ ਪੰਜਾਬ ਵਿਚ ਬਹੁਤੇ ਲੋਕ ਵਗਦੇ ਦਰਿਆਵਾਂ ਕੰਢੇ ਜਾ ਬੈਠਦੇ ਹਨ। ਮੈਨੂੰ ਬਚਪਨ ਵਿਚ ਆਪਣੇ ਨੇੜਲੇ ਪਿੰਡ ਧਿਆਨਪੁਰ ਦੀ ਵਿਸਾਖੀ ਯਾਦ ਆ ਰਹੀ ਹੈ। ਸਾਡੇ ਪਿੰਡ ਬਸੰਤਕੋਟ ਤੋਂ ਭੰਗੜੇ ਦੀ ਟੀਮ ਜਦ ਧਿਆਨਪੁਰ ਅੱਪੜਦੀ ਤਾਂ ਚੰਦੂ ਸੂਜੇ ਵਾਲੇ ਪਾਸਿਉਂ ਗਿੱਲਾਂ ਵਾਲੀਏ ਢੋਲ ਵਜਾਉਂਦੇ ਤੁਰੇ ਆਉਂਦੇ ਦਿਸਦੇ। ਇਕ ਪਾਸੇ ਕੋਟਲੀ ਵਾਲੇ ਆਪਣੇ ਲਾਮ ਲਸ਼ਕਰ ਨਾਲ ਤੁਰੇ ਆਉਂਦੇ। ਵੱਖ-ਵੱਖ ਪਿੱਡਾਂ ਤੋਂ ਅਨੇਕਾਂ ਭੰਗੜਾ ਟੀਮਾਂ ਇਕ ਥਾ ਇਕੱਠੀਆਂ ਹੁੰਦੀਆਂ। ਗੱਲ ਦਾਇਰੇ ਵਿੱਚ ਨੱਚ-ਟੱਪ ਕੇ ਹਾਰ-ਹੰਭ ਜਾਂਦੀਆਂ। ਸਿਆਲਕੋਟੀ ਭੰਗੜੇ ਵਾਲੀਆਂ ਚਾਲਾਂ ਦੀ ਸਰਦਾਰੀ ਹੁੰਦੀ। ਬਾਅਦ ਵਿੱਚ ਪਤਾ ਲੱਗਾ ਹੈ ਕਿ ਇਸ ਦਾ ਕਾਰਨ ਰਾਵੀ ਪਾਰੋਂ ਉੱਜੜ ਕੇ ਆਏ ਬਹੁਤੇ ਸਿਆਲਕੋਟੀਏ ਇਸੇ ਇਲਾਕੇ ਵਿੱਚ ਵੱਸੇ ਹੋਣ ਕਾਰਨ ਭੰਗੜੇ ਦਾ ਸੁਭਾਅ ਵੀ ਉਹਨਾਂ ਮੁਤਾਬਿਕ ਹੀ ਬਣ ਗਿਆ। ਉਦੋਂ ਅਜੇ ਸਟੇਜਾਂ ਵਾਲੇ ਭੰਗੜੇ ਨਹੀਂ ਸਨ ਸ਼ੁਰੂ ਹੋਏ। ਇਨ੍ਹਾਂ ਟੀਮਾਂ ਵਿੱਚ ਅਣਦਾੜ੍ਹੀਏ ਮੁੰਡੇ ਹੀ ਮੁਟਿਆਰਾਂ ਦੇ ਭੇਸ ਵਿੱਚ ਹੁੰਦੇ। ਭੰਗੜੇ ਵਾਲਿਆਂ ਦੇ ਵਸਤਰ ਵੀ ਵਰਦੀ ਵਰਗੇ ਨਹੀਂ ਸਨ ਹੁੰਦੇ। ਪੈਰਾਂ ਵਿੱਚ ਮੋਟੇ-ਮੋਟੇ ਘੁੰਗਰੂ, ਉਹ ਵੀ ਬਲਦਾਂ ਦੇ ਗਲੋਂ ਉਤਾਰੇ ਹੁੰਦੇ। ਸ਼ੀਸ਼ਾ ਮੋਚਨਾ ਤੇ ਹੋਰ ਨਿਕ-ਸੁਕ ਚੁੱਕੀ ਫਿਰਦੇ। ਹੱਥਾਂ ਵਿੱਚ ਹੁਣ ਦੇ ਫੁਕਰਿਆਂ ਵਾਂਗ ਬੰਦੂਕਾਂ ਨਹੀਂ, ਡਾਂਗ ਸੋਟਾ ਹੀ ਹੁੰਦਾ, ਪਰ ਇਹ ਮਾਰਨ ਲਈ ਨਹੀਂ ਸਿਰਫ ਦਿਖਾਉਣ ਲਈ । ਹਜ਼ਾਰਾਂ ਦੀ ਗਿਣਤੀਵਾਲੇ ਮੇਲੇ ਵਿੱਚ ਕੋਈ ਇੱਕ –ਅੱਧਾ ਹੀ ਸ਼ਰਾਬੀ ਹੁੰਦਾ, ਜਿਸ ਨੂੰ ਡੇਰਾ ਬਾਬਾ ਨਾਨਕ ਤੋਂ ਆਏ ਠਾਣੇ ਵਾਲੇ ਖੂਬ ਥਾਪੜਦੇ ਅਤੇ ਉੱਚੀ ਥਾਂ ਤੇ ਉਸ ਨੂੰ ਆਪਣੇ ਮੂੰਹ ਤੇ ਆਪੇ ਹੀ ਚਪੇੜਾਂ ਮਾਰਨ ਦਾ ਆਦੇਸ਼ ਦਿੰਦੇ। ਮੇਰੇ ਮਨ ਅੰਦਰ ਸ਼ਰਾਬੀਆਂ ਪ੍ਰਤੀ ਬੈਠੀ ਨਫ਼ਰਤ ਬਚਪਨ ਵੇਲੇ ਵੇਖੀ ਇਸ ਝਾਕੀ ਕਾਰਨ ਅੱਜ ਵੀ ਜਿਊਂਦੀ ਜਾਗਦੀ ਹੈ।
ਇਤਿਹਾਸ ਦਾ ਇੱਕ ਕੌੜਾ ਵਰਕਾ ਵਿਸਾਖੀ ਨਾਲ ਸਬੰਧਤ ਅੰਮ੍ਰਿਤਸਰ ਵਿਖੇ ਵੀ ਪ੍ਰਕਾਸ਼ਮਾਨ ਹੈ। ਜਲ੍ਹਿਆਂਵਾਲਾਬਾਗ ਉਹ ਵਰਕਾ ਹੈ, ਜਿਸ ਵਿਚੋਂ ਅੱਜ ਵੀ ਲਾਟਾਂ ਨਿਕਲਦੀਆਂ ਹਨ। ਸਾਹਿਤ ਵਿਚ ਸਆਦਤ ਹਸਨ ਮੰਟੋ ਨੇ ਅੰਮ੍ਰਿਤਸਰ ਦੀ ਵਿਸਾਖੀ 1919 ਬਾਰੇ ਜਿਹੜੀ ਕਹਾਣੀ ਲਿਖੀ ਹੈ, ਸ਼ਾਇਦ ਇਸ ਭਿਆਨਕ ਖੂਨੀ ਦੁਖਾਂਤ ਬਾਰੇ ਉਹ ਕਿਸੇ ਵੀ ਜ਼ਬਾਨ ਵਿਚ ਲਿਖੀ ਗਈ ਪਹਿਲੀ ਕਹਾਣੀ ਹੈ। ਜਲ੍ਹਿਆਂਵਾਲੇ ਬਾਗ ਵਿਚ ਵਿਸਾਖੀ ਵਾਲੇ ਦਿਨ ਹੋਏ ਸਮਾਜਿਕ ਇਕੱਠ ਨੂੰ ਸਿਆਸੀ ਰੰਗਤ ਦੇ ਕੇ ਉਸ ਵੇਲੇ ਦੇ ਫਰੰਗੀ ਹਾਕਮਾਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਜਲ੍ਹਿਆਂਵਾਲੇ ਬਾਗ ਦਾ ਇੱਕੋ-ਇਕ ਰਸਤਾ ਬੰਦ ਕਰਕੇ ਹਜ਼ਾਰਾਂ ਪੰਜਾਬੀ ਮੱਕੀ ਦੇ ਦਾਣਿਆਂ ਵਾਂਗ ਭੁੱਨ ਸੁੱਟੇ। ਬਾਗ ਵਿਚਲਾ ਖੂਹ ਲਾਸ਼ਾਂ ਨਾਲ ਭਰ ਗਿਆ ਤੇ ਕੰਧਾਂ ਗੋਲੀਆਂ ਨਾਲ ਛਾਨਣੀ ਹੋ ਗਈਆਂ। ਜਨਰਲ ਡਾਇਰ ਦੀਆਂ ਗੋਲੀਆਂ ਅੱਜ ਵੀ ਵਿਸਾਖੀ ਵਾਲੇ ਦਿਨ ਸਮੂਹ ਪੰਜਾਬੀਆਂ ਦੀ ਹਿੱਕ ਵਿੱਚ ਠਾਹ-ਠਾਹ ਵੱਜਦੀਆਂ ਸੁਣ ਸਕਦੇ ਹੋ। ਦੇਸ਼ ਭਗਤਾਂ ਨੂੰ ਇਹ ਇਨਾਮ ਦੇਣ ਵਾਲੇ ਫਰੰਗੀ ਨੂੰ ਸ਼ਹੀਦ ਊਧਮ ਸਿੰਘ ਨੇ ਬਦਲਾ ਪਰਤਾਉਣ ਦੀ ਕਸਮ ਇਸੇ ਸਥਾਨ ਤੇ ਹੀ ਖਾਧੀ ਸੀ। ਇਸੇ ਵਿਸਾਖੀ ਦਾ ਰੱਤੜਾ ਨਿਸ਼ਾਨ ਸ਼ਹੀਦ ਭਗਤ ਸਿੰਘ ਨੇ 12 ਸਾਲ ਦੀ ਉਮਰ ਲਾਹੋਰੋਂ ਆ ਕੇ ਲਹੂ ਭਿੱਜੀ ਮਿੱਟੀ ਨੂੰ ਸ਼ੀਸ਼ੀ ਵਿੱਚ ਸੰਭਾਲ ਕੇ ਰੱਖਿਆ। ਇਹ ਲਹੂ ਭਿੱਜੀ ਮਿੱਟੀ ਅੱਜ ਵੀ ਖਟਕੜ ਕਲਾਂ ਦੇ ਅਜਾਇਬ ਘਰ ਵਿੱਚ ਸੁਰੱਖਿਅਤ ਪਈ ਵੇਖ ਸਕਦੇ ਹੋ।
ਵਿਸਾਖੀ ਸਿਰਫ ਰੀਝਾਂ ਦਾ ਤਿਉਹਾਰ ਨਹੀਂ। ਆਪਣੇ-ਆਪ ਨੂੰ ਨਿਰਖਣ-ਪਰਖਣ ਅਤੇ ਆਪਣੀਆਂ ਸ਼ਕਤੀਆਂ ਨੂੰ ਜਾਚਣ ਦਾ ਤਿਉਹਾਰ ਹੈ, ਕਿਉਂਕਿ ਸਿਆਲਦੀ ਆਲਸੀ ਜ਼ਿੰਦਗੀ ਨੇ ਨਵੇਂ ਫੁਟਾਰੇ ਨਾਲ ਨਵੇਂ ਸੁਪਨਿਆਂ ਨੂੰ ਮਾਣਨਾ ਹੁੰਦਾ ਹੈ। ਪਹਿਲਾਂ ਬੀਜੇ ਨੂੰ ਵੱਢਣਾ ਅਤੇ ਨਵੇਂ ਨੂੰ ਬੀਜਣਾ। ਇਸ ਤਿਉਹਾਰ ਦੇ ਦੋ ਸਿਰੇ ਹਨ। ਹਾੜ੍ਹੀ ਦੀਆਂ ਫ਼ਸਲਾਂ ਵਿਚ ਕਣਕ ਦੀ ਸਰਦਾਰੀ ਕਾਰਨ ਵਿਸਾਖੀ ਨਾਲ ਸਬੰਧਤ ਬਹੁਤੇ ਗੀਤ ਕਣਕ ਦੇ ਦੁਆਲੇ ਘੁੰਮਦੇ ਹਨ। ਕਣਕ ਨੂੰ ਸੰਸਕ੍ਰਿਤ ਵਿਚ ਸੋਨਾ ਵੀ ਆਖਦੇ ਹਨ ਅਤੇ ਵਿਸਾਖੀ ਨੂੰ ਸੋਨੇ ਦੀ ਵਾਢੀ ਦਾ ਤਿਉਹਾਰ। ਅਸੀਂ ਵਿਸਾਖੀ ਵਾਲੇ ਦਿਨ ਹੀ ਪੰਜਾਬ ਵਿਚ ਸੇਹ ਦਾ ਤੱਕਲਾ ਗੱਡਿਆ ਜਾਂਦਾ ਵੇਖਿਆ ਸੀ।
ਨਸ਼ਿਆਂ ਦਾ ਛੇਵਾ ਦਰਿਆ ਪੰਜਾਬ ਵਿੱਚ ਠਾਠਾਂ ਮਾਰਦਾ ਫਿਰ ਰਿਹਾ ਹੈ। ਕੁੱਖਾਂ ਵਿੱਚ ਧੀਆਂ ਸਲਾਮਤ ਨਹੀਂ। ਰੁੱਖਾਂ ਨੂੰ ਆਰੀਆਂ ਵਾਲੇ ਢਾਹੀ ਬੈਠੇ ਹਨ। ਵਣਜਾਰੇ ਦਨਦਨਾਉਂਦੇ ਫਿਰਦੇ ਹਨ। ਵਿਗਿਆਨੀਆਂ ਦੀ ਖੋਜ ਨੂੰ ਬਾਬੂ ਲੋਕ ਦਫ਼ਤਰਾਂ 'ਚ ਬੈਠੇ ਹੀ ਨਿੰਦ ਰਹੇ ਹਨ। ਦੇਸ਼ ਨੂੰ ਵਧਦੀ ਆਬਾਦੀ ਦਾ ਢਿੱਡ ਭਰਨ ਲਈ 2025 ਵਿਚ ਹੁਣ ਨਾਲੋਂ ਡਿਉਢੇ ਅਨਾਜ ਦੀ ਲੋੜ ਹੈ। ਇਨ੍ਹਾਂ ਫਿਕਰਾਂ ਦੇ ਰੂਬਰੂ ਵਿਸਾਖੀ ਦਾ ਸਰੂਪ ਤਹਾਨੂੰ ਕਿਹੋ ਜਿਹਾ ਦਿਸੇਗ? 'ਪੰਜਾਬੀਓ, ਦਸਮੇਸ਼ ਪਿਤਾ ਨੇ ਨਿਤਾਣਿਆਂ, ਨਿਮਾਣਿਆਂ ਨੂੰ ਜਰਵਾਣਿਆਂ ਦੇ ਖਿਲਾਫ ਲੜਨ ਦਾ ਉਪਦੇਸ਼ ਇਸੇ ਦਿਨ ਦਿੱਤਾ ਸੀ, ਕਿਤੇ ਉਹ ਸਬਕ ਭੁੱਲ ਕੇ ਜੀਭ ਦੇ ਸੁਆਦਾਂ ਅਤੇ ਨਸ਼ਿਆਂ ਦੇ ਹਵਾਲੇ ਨਾ ਕਰ ਦੇਣਾ। ਜੇਕਰ ਤੁਸੀਂ ਵਿਸਾਖੀ ਦੇ ਅਸਲ ਅਰਥਾਂ ਨੂੰ ਵਿਸਾਰ ਕੇ ਸੁਆਦਾਂ ਦੇ ਗੁਲਾਮ ਹੋ ਗਏ ਤਾਂ ਵਕਤ ਤੁਹਾਨੂੰ ਅਜਿਹੀ ਮਾਰ ਮਾਰੇਗਾ, ਜਿਸ ਦੀ ਸੱਟ ਝੱਲਣੀ ਤੁਹਾਡੇ ਵੱਸ ਨਹੀਂ ਹੋਵੇਗੀ।'