Pattan Jhana Da : Muhammad Junaid Akram
ਪੱਤਣ ਝਨ੍ਹਾਂ ਦਾ : ਮੁਹੰਮਦ ਜੁਨੈਦ ਅਕਰਮ
ਗ਼ਮ ਓਸ ਦੇ ਫ਼ਿਰਾਕ ਦਾ ਹੋਣਾ ਸੀ
ਗ਼ਮ ਓਸ ਦੇ ਫ਼ਿਰਾਕ ਦਾ ਹੋਣਾ ਸੀ, ਕੁੱਝ ਨਾ ਕੁੱਝ । ਫੇਰ ਅੱਜ ਦਿਲਾ ਤੂੰ ਬੈਠ ਕੇ ਰੋਣਾ ਸੀ, ਕੁੱਝ ਨਾ ਕੁੱਝ । ਕੀ ਹੋਇਆ ਥੋੜਾ ਬਹੁਤ ਜੇ ਚੁੱਕਣਾ ਏ ਪੈ ਗਿਆ, ਦੁਨੀਆ ਤੇ ਭਾਰ ਦੁਖਾਂ ਦਾ ਢੋਣਾ ਸੀ, ਕੁੱਝ ਨਾ ਕੁੱਝ । ਉੱਕਾ ਈ ਰਹੀ ਨਾ ਤਾਂਘ ਕਿਉਂ ਮਿਲਣੇ ਦੀ ਓਸ ਦੇ, ਦਿਲ ਵਿਚ ਤੇ ਬੀਜ ਆਸ ਦਾ ਬੋਇਆ ਸੀ, ਕੁੱਝ ਨਾ ਕੁੱਝ । ਸੌ ਸਾਲ ਉਸ ਨੂੰ ਭਾਲ ਕੇ ਜਾ ਕਬਰ ਵਿਚ ਪਏ, ਥੱਕ ਹਾਰ ਕੇ ਅਖੀਰ 'ਤੇ ਸੌਣਾ ਸੀ, ਕੁੱਝ ਨਾ ਕੁੱਝ । ਵਾਹਵਾ ਰਦੀਫ਼ ਕਾਫ਼ੀਆ ਤੂੰ ਜੋੜਿਆ 'ਜੁਨੈਦ', ਇਸ ਵਕਤ ਕੁੱਝ ਵੀ ਸਮਝਦਾ ਉਹ ਹੋਣਾ ਸੀ, ਕੁੱਝ ਨਾ ਕੁੱਝ ।
ਮਾਰ ਉਡਾਰੀ ਸੋਚ ਪੰਖੇਰੂ
ਮਾਰ ਉਡਾਰੀ ਸੋਚ ਪੰਖੇਰੂ ਅਸਮਾਨਾਂ ਤਕ ਜਾਂਦੇ, ਵੰਨ-ਸਵੰਨੇ ਮੌਜ਼ੂ, ਮਾਰ ਕਲਾਵੇ, ਘੇਰ ਲਿਆਂਦੇ । ਤੀਲਾ-ਤੀਲਾ ਕਰਕੇ ਕੱਠਾ ਹਰਫ਼ ਪਟਾਰੀ ਵਿੱਚੋਂ, ਮਿਸਰਿਆਂ ਦੀ ਗਾਨੀ ਵਿਚ ਜੜ ਕੇ ਸੋਹਣੇ ਸ਼ਿਅਰ ਬਣਾਂਦੇ । ਜਿਨ੍ਹਾਂ ਲਿਖਿਆਰਾਂ ਨੂੰ ਸ਼ਿਅਰੀ ਸੂਝ ਅਤਾ ਹੋ ਜਾਂਦੀ, ਸ਼ਿਅਰਾਂ ਅੰਦਰ ਸ਼ਿਅਰੀਅਤ ਦਾ ਸੋਹਣਾ ਰੂਪ ਸਜਾਂਦੇ । ਪੂਰਾ ਟੁੱਲ ਲਾਇਆਂ ਵੀ ਸ਼ਾਇਰੀ ਕੀਤੀ ਜਾ ਨਹੀਂ ਸਕਦੀ, ਉਸ 'ਤੇ ਖ਼ਾਸ ਕਰਮ ਰੱਬ ਜੀ ਦਾ ਜਿਸ ਨੂੰ ਸ਼ਿਅਰ ਸੁਝਾਂਦੇ । ਆਪ ਤੋਂ ਬਹੁਤੇ ਛੋਟੇ ਨਾਲ ਪਿਆਰ ਕਦੇ ਨਾ ਪਾਈਏ, ਨਿੱਕੀਆਂ ਉਮਰਾਂ ਵਾਲੇ ਸੱਜਣ ਦਿਲ ਨੂੰ ਬੜਾ ਸਤਾਂਦੇ । ਬੇਪਰਵਾਹੀਆਂ ਉਹਦੀਆਂ ਸਾਨੂੰ ਬੇਪਰਵਾਹ ਕਰ ਦਿੱਤਾ, ਪਹਿਲਾਂ ਵਾਂਗ ਅਸੀਂ ਵੀ ਉਹਨੂੰ ਹੁਣ ਨਹੀਂ ਰੋਜ਼ ਬੁਲਾਂਦੇ । ਉਹ ਵੀ ਸ਼ਾਇਰ ਬਣ ਜਾਂਦਾ ਤੇ ਕਿੰਨਾਂ ਚੰਗਾ ਹੁੰਦਾ, ਸ਼ਿਅਰਾਂ ਦੇ ਵਿਚ ਇਕ-ਦੂਜੇ ਨੂੰ ਦਿਲ ਦਾ ਰੋਗ ਸੁਣਾਂਦੇ । ਕਾਸ਼ 'ਜੁਨੈਦ ਅਕਰਮ' ਜੀ ਉਹਦੇ ਸ਼ਾਇਰੀ ਪੱਲੇ ਪੈਂਦੀ, ਮੁਸ਼ਕਿਲ ਹੱਲ ਹੋ ਜਾਂਦੀ ਉਹਨੂੰ ਸ਼ਿਅਰਾਂ ਵਿਚ ਮਨਾਂਦੇ ।
ਉਹਦੇ ਪਰਤ ਜ਼ਮਾਨਿਆਂ ਦੇ ਵਲ
ਉਹਦੇ ਪਰਤ ਜ਼ਮਾਨਿਆਂ ਦੇ ਵਲ ਉਡਦੇ ਜਾਣ ਖ਼ਿਆਲ । ਯਾਦਾਂ ਦੇ ਸ਼ਰਲਾਟੇ ਚੱਲਣ, ਦਿਲ ਨੂੰ ਤਾਣ ਖ਼ਿਆਲ । ਜੀ ਕਰਦਾ ਏ ਸ਼ਹਿਰ ਉਹਦੇ ਵਿਚ ਉਮਰ ਗ਼ੁਜ਼ਾਰਾਂ ਸਾਰੀ, ਹਰ ਦਮ ਉਹਦੀਆਂ ਰਾਹਵਾਂ ਵੇਖਾਂ ਉਹਦੇ ਆਣ ਖ਼ਿਆਲ । ਜਿਉਂ-ਜਿਉਂ ਉਹਦਾ ਰੂਪ ਸੁਹੱਪਣ ਸੋਚਾਂ ਦੇ ਵਿਚ ਆਏ, ਗਿੱਧਾ, ਕਿੱਕਲੀ, ਝੂਮਰ, ਲੁੱਡੀ, ਭੰਗੜੇ ਪਾਣ ਖ਼ਿਆਲ । ਲੱਗਦਾ ਏ ਫੇਰ ਜ਼ਿਹਨ ਦਰੀਚੇ ਆਉਂਦੀ ਪਈ ਗ਼ਜ਼ਲ, ਚਾਰ ਚੁਫ਼ੇਰੇ ਵਾਂਗ ਜਹਾਜ਼ਾਂ ਉੱਡਦੇ ਜਾਣ ਖ਼ਿਆਲ । ਉਹਦੇ ਮਿਲਨੇ ਦੇ ਵਾਅਦੇ 'ਤੇ ਦਿਲ ਨੂੰ ਚੈਨ ਨਾ ਆਏ, ਰਾਤੀਂ ਸ਼ੱਬੇਬਾਰਾਤ 'ਤੇ ਦਿਨ ਨੂੰ ਈਦ ਮਨਾਣ ਖ਼ਿਆਲ । ਇਕ ਦੋ ਸ਼ਿਅਰ ਲਿਖਾ ਕੇ ਖ਼ਵਰੇ ਕਿੱਧਰ ਨੂੰ ਟੁਰ ਜਾਂਦੇ, ਨਖ਼ਰੇ ਕਰ-ਕਰ ਨਿੱਤ ਦਿਹਾੜੇ ਜ਼ਿੱਦ ਵਿਖਾਣ ਖ਼ਿਆਲ । ਫੇਰ 'ਜੁਨੈਦ ਅਕਰਮ' ਅੱਜ ਕੱਲਿਆਂ ਸੋਚ ਵਿਚਾਰਾਂ ਕਰੀਏ ਫੜ ਤਲਵਾਰ ਕਲਮ ਦੀ ਲਿਖੀਏ ਲਾ ਕੇ ਸ਼ਾਨ ਖ਼ਿਆਲ ।
ਜਿਸ ਦੀ ਖ਼ਾਤਰ ਮਨ ਆਪਣਾ ਸੀ
ਜਿਸ ਦੀ ਖ਼ਾਤਰ ਮਨ ਆਪਣਾ ਸੀ ਕੀਤਾ ਫ਼ੀਤੀ-ਫ਼ੀਤੀ । ਉਸ ਬੇ ਕਦਰੇ ਸੱਜਣ ਨੇ ਨਹੀਂ ਕਦਰ ਅਸਾਡੀ ਕੀਤੀ । ਮੱਚ-ਮਚਾਕੇ ਇਸ਼ਕੇ ਦਾ ਜਦ ਤੱਕ ਨਹੀਂ ਜੁੱਸਾ ਸੜਦਾ, ਅੰਦਰ ਦਾ ਸ਼ੈਤਾਨ ਨਹੀਂ ਮਰਦਾ ਮੁੱਕਦੀ ਨਹੀਂ ਪਲੀਤੀ । ਪਿਆਰ ਤਿਰੇ ਨੇ ਦੁਨੀਆ ਕੋਲੋਂ ਬੇਪਰਵਾਹ ਇੰਜ ਕੀਤਾ, ਨੇਜੇ 'ਤੇ ਸਿਰ ਟੰਗ ਕੇ ਸੱਜਣਾ ਇਸ਼ਕ ਨਮਾਜ਼ ਏ ਨੀਤੀ । ਫ਼ਜਰੇ ਫੇਰ ਮਿਲਾਂਗੇ ਕਹਿਕੇ, ਰਾਤੀਂ ਉਹ ਤੇ ਟੁਰ ਗਏ, ਵੇਲੇ ਦੀ ਸੂਲੀ 'ਤੇ ਚੜ੍ਹ ਕੇ ਰਾਤ ਅਸਾਡੀ ਬੀਤੀ । ਪਾਗਲਪਣ ਵਿਚ ਰੋਜ਼ 'ਜੁਨੈਦ ਅਕਰਮ' ਕੀ ਕਰਦਾ ਰਹਿਣੈ, ਫੇਰ ਅੱਜ ਲੀਰੋ-ਲੀਰ ਕਮੀਜ਼ ਤੂੰ ਆਪਣੇ ਹੱਥੀਂ ਕੀਤੀ ।
ਸੱਪ ਦੀ ਸਿਰੀ ਮਰੋੜਨ ਦਾ ਵੇਲਾ
ਸੱਪ ਦੀ ਸਿਰੀ ਮਰੋੜਨ ਦਾ ਵੇਲਾ ਆ ਪੁੱਜਿਆ । ਝੂਠੀ ਆਕੜ ਤੋੜਨ ਦਾ ਵੇਲਾ ਆ ਪੁੱਜਿਆ । ਪਾਣੀ ਵਾਂਗੂੰ ਫੇਰ ਲਹੂ ਇਕ ਦੂਜੇ ਖ਼ਾਤਰ, ਕਰਬਲ ਦੇ ਵਿਚ ਰੋੜ੍ਹਨ ਦਾ ਵੇਲਾ ਆ ਪੁੱਜਿਆ । ਨਿੱਕੀਆਂ ਨਿੱਕੀਆਂ ਗੱਲਾਂ ਤੋਂ ਰੁੱਸੇ ਹੋਏ ਲੋਕੋ, ਦਿਲ ਆਪਸ ਵਿਚ ਜੋੜਨ ਦਾ ਵੇਲਾ ਆ ਪੁੱਜਿਆ । ਆਪਣੇ ਸੁੱਤੇ ਹੋਏ ਭਾਗ ਜਗਾਵਣ ਦੇ ਲਈ, ਆਪਣਾ ਆਪ ਝੰਜੋੜਨ ਦਾ ਵੇਲਾ ਆ ਪੁੱਜਿਆ । ਕਈ ਵਰ੍ਹਿਆਂ ਤੋਂ ਜੋਕ ਬਣੀ ਹੈ ਜਿਹੜੀ 'ਜੁਨੈਦ' ਉਹਦੀ ਰੱਤ ਨਚੋੜਨ ਦਾ ਵੇਲਾ ਆ ਪੁੱਜਿਆ ।
ਝੂਠ ਦੀ ਖ਼ਾਤਰ ਹੀ ਮਰ-ਮੁੱਕੀਏ
ਝੂਠ ਦੀ ਖ਼ਾਤਰ ਹੀ ਮਰ-ਮੁੱਕੀਏ, ਇਹ ਨਹੀਂ ਹੋਣਾ । ਹੱਕ-ਸੱਚ ਦੀ ਗੱਲ ਕਰਦੇ ਰੁਕੀਏ, ਇਹ ਨਹੀਂ ਹੋਣਾ । ਦੁਸ਼ਮਨ ਆਨ ਖ਼ਲੋਤੇ ਸਾਡੇ ਬੂਹੇ ਉੱਤੇ, ਅੰਦਰ ਵੜ ਕੇ ਛੁਪੀਏ-ਲੁਕੀਏ ਇਹ ਨਹੀਂ ਹੋਣਾ । ਪਿਆਰ-ਮੁਹੱਬਤ ਦੇ ਦਾਈ ਹਾਂ ਦੁਨੀਆਂ ਦੇ ਵਿਚ, ਪਰ ਫ਼ਿਰਓਨਾਂ ਅੱਗੇ ਝੁਕੀਏ ਇਹ ਨਹੀਂ ਹੋਣਾ । ਕੱਠਿਆ ਨਹੀਂ ਰਹਿਣਾ ਤੇ ਘਰ ਨੂੰ ਛੱਡ ਜਾਨੇਂ ਆ, ਵਿਹੜੇ ਦੇ ਵਿਚ ਕੰਧਾਂ ਚੁੱਕੀਏ ਇਹ ਨਹੀਂ ਹੋਣਾ । ਖਾਂਦੇ-ਪੀਂਦੇ ਹੋਣ ਪਰ ਹੋਵੇ ਜ਼ਾਤ ਕਮੀਨੀ, ਐਸੇ ਘਰ ਵਿਚ ਮੁੰਡਾ ਢੁੱਕੀਏ ਇਹ ਨਹੀਂ ਹੋਣਾ ।
ਬਿਸਮਿੱਲਾ-ਬਿਸਮਿੱਲਾ ਪੜ੍ਹ ਕੇ
ਬਿਸਮਿੱਲਾ-ਬਿਸਮਿੱਲਾ ਪੜ੍ਹ ਕੇ ਨਾਮ ਸੱਜਣ ਦਾ ਲਈਏ । ਲਾਈ ਇਸ਼ਕੇ ਦੀ ਅੱਗ ਜੀਹਨੇ ਮਦਹ ਉਹਦੀ ਪਏ ਕਹੀਏ । ਅਕਲ ਵਲੇਵੇਂ ਜੋ ਨਹੀਂ ਆਉਂਦਾ ਉਹੋ ਮੀਤ ਅਸਾਡਾ, ਇਹ ਜੋ ਸਾਥੋਂ ਛੁਪ-ਛੁਪ ਰਹਿੰਦਾ ਉਹਦੇ ਦਰ 'ਤੇ ਬਹੀਏ । ਨੈਣ ਜਿਹਦੇ ਮਤਵਾਲੇ ਨੇ ਹਰ ਵੇਲੇ ਪਏ ਤੜਫਾਂਦੇ, ਦਿਲ ਆਪਣੇ ਵਿਚ ਉਹਨੂੰ ਰੱਖੀਏ ਉਹਦੇ ਦਿਲ ਵਿਚ ਰਹੀਏ । ਬਾਝ ਅਸਾਡੇ ਹੋਰ ਕੋਈ ਕਿਉਂ ਉਸ ਦਾ ਨਾਮ ਚਿਤਾਰੇ, ਜੇ ਕੋਈ ਉਸ ਦਾ ਨਾਮ ਪੁਕਾਰੇ ਉਸ ਦੇ ਗਲਮੇ ਪਈਏ । ਜਿਹਦੀਆਂ ਜ਼ੁਲਫ਼ਾਂ ਹੇਠਾਂ ਮਿਲਦਾ ਚੈਨ-ਸਕੂਨ ਅਸਾਨੂੰ, ਉਸ ਦੇ ਨੇੜੇ-ਨੇੜੇ ਰਹੀਏ ਉਸ ਦੇ ਪੈਰੀਂ ਪਈਏ । ਉਹਦਾ ਵਸਲ ਵੇ ਜੰਨਤ ਸਾਡੀ ਉਹਦਾ ਹਿਜਰ ਜਹੱਨਮ, ਦੂਰ ਉਹਦੇ ਤੋਂ ਰਹਿ ਨਾ ਸਕੀਏ ਕਿਵੇਂ ਜੁਦਾਈ ਸਹੀਏ । ਸੂਰਜ, ਚੰਨ, ਸਿਤਾਰੇ, ਸਾਰੇ ਹੈਨ ਉਹਦੇ ਲਿਸ਼ਕਾਰੇ, ਉਸ ਦੀ ਮਿਸਲ ਨਾ ਕਿਧਰੇ ਕੋਈ ਇਹੋ ਈ ਮੰਨ ਲਈਏ । ਨਾਲ ਪਿਆਰ ਸਲੂਕਾਂ ਲੰਘੇ ਜੋ ਵੇਲਾ ਉਹ ਚੰਗਾ, ਐਵੇਂ ਕਾਹਨੂੰ ਹਰ ਇਕ ਦੇ ਨਾਲ ਉੱਠਦੇ-ਬਹਿੰਦੇ ਖਹੀਏ । ਵਿਚ ਜੁਦਾਈ ਜਿਸ ਦੀ ਹਾਲਤ ਗ਼ੈਰ ਹੋਵੇ ਪਈ ਆਪਣੀ, ਲਿਖ ਅਸ਼ਟਾਮ 'ਜੁਨੈਦ ਅਕਰਮ' ਚਲ ਜਿੰਦੜੀ ਉਸ ਨੂੰ ਦਈਏ ।