Peelu Pakkian Ni : Ahsaan Bajwa

ਪੀਲੂ ਪੱਕੀਆਂ ਨੀਂ : ਅਹਿਸਾਨ ਬਾਜਵਾ



ਮੁੱਦਤਾਂ ਲੰਘੀਆਂ ਰੁੱਤ ਬਸੰਤੀ

ਮੁੱਦਤਾਂ ਲੰਘੀਆਂ ਰੁੱਤ ਬਸੰਤੀ ਮੇਰੇ ਦੇਸ਼ ਨਾ ਆਈ । ਸਰਸੋਂ ਸੋਹਣੀ ਪੱਗ ਨਾ ਬੱਧੀ, ਚੇਤਰ ਮੌਜ ਨਾ ਲਾਈ । ਕਾਂ-ਕਾਂ ਕਰਦੇ ਕਾਲੇ ਕਾਵਾਂ ਹਰ ਥਾਂ ਖੰਭ ਖਿਲਾਰੇ, ਖੰਗਰ ਰੰਗੀ ਮਿੱਟੀ ਏਥੇ ਹੋ ਗਈ ਦੂਣ ਸਵਾਈ । ਪਿਆਰ ਦੇ ਬੇਲੇ ਵੰਝਲੀ ਦੀ ਥਾਂ ਵੀਰ-ਵਿਹਾਜ ਨੇ ਮੱਲੇ, ਰਾਵੀ ਅਤੇ ਝਨਾਂ ਦੇ ਅੰਦਰ ਰੁੜ੍ਹਦੀ ਮਿਲੇ ਸੱਚਾਈ । ਬਦ ਰੰਗਾਂ ਨੂੰ ਰੰਗ ਨੇ ਲੱਗੇ, ਰੰਗ ਵਾਲੇ ਬਦ ਰੰਗੇ, ਰਾਠਾਂ ਤੇ ਵਰਿਆਮਾਂ ਵਲ ਨੂੰ ਲੋਕਾਂ ਝਾਤ ਨਾ ਪਾਈ । ਪਿਆਰ ਸੁਨੇਹੇ ਲੈ ਜਾਣ ਵਾਲੇ ਪਿਆਰ ਦੇ ਵੈਰੀ ਜਾਪਣ, ਗੁੱਝੇ ਰੋਗ ਹਟਾਵਣ ਵਾਲੇ, ਬਣ ਗਏ ਆਪ ਕਸਾਈ । ਰਾਂਝਿਆਂ ਕੋਲੋਂ ਹੀਰਾਂ ਖੁੱਸੀਆਂ ਵੰਝਲੀ ਕੋਲੋਂ ਬੇਲੇ, ਪਿਆਰ ਦੇ ਵੈਰੀ ਕੈਦੋਂ ਨੇ ਅਜ ਹਰ ਥਾਂ ਲੱਤ ਅੜਾਈ ।

ਸੁੱਖਾਂ ਦਾ ਇਕ ਸ਼ਹਿਰ ਵਸਾਈਏ ਆ ਰਲ ਕੇ

ਸੁੱਖਾਂ ਦਾ ਇਕ ਸ਼ਹਿਰ ਵਸਾਈਏ ਆ ਰਲ ਕੇ । ਵੈਰ ਨੂੰ ਭੁੱਲ ਕੇ ਜੱਫ਼ੀਆਂ ਪਾਈਏ ਆ ਰਲ ਕੇ । ਥੋੜਾਂ ਨੇ ਬੰਦਿਆਂ ਨੂੰ ਨੀਵਾਂ ਕੀਤਾ ਏ, ਲੋੜਾਂ ਵਾਲੇ ਰੋਗ ਮੁਕਾਈਏ ਆ ਰਲ ਕੇ । ਭਾਰ ਦੁੱਖਾਂ ਦੇ ਚੁੱਕਣ ਦੇ ਲਈ ਜੀਣਾ ਕੀ, ਜੇ ਜੀਣਾ ਏਂ ਨੱਚੀਏ ਗਾਈਏ ਆ ਰਲ ਕੇ । ਮੰਜ਼ਿਲ ਰੇਤ ਥਲਾਂ ਦੀ ਧੋਖੇਬਾਜ਼ੀ ਏ, ਦੁਨੀਆਂ ਤਾਈਂ ਪਿਆਰ ਸਿਖਾਈਏ ਆ ਰਲ ਕੇ । ਅਹਿਸਾਨਾਂ ਦੇ ਮਾਰੇ ਲੱਖਾਂ ਤੱਕ ਲਏ ਨੇ, ਜੋਗੀ ਬਣੀਏ, ਮੋਨ ਮਨਾਈਏ ਆ ਰਲ ਕੇ ।

ਦਿਲ ਦੀ ਨਗਰੀ ਹੰਝੂਆਂ ਨਾਲ ਸਜਾਈ ਏ

ਦਿਲ ਦੀ ਨਗਰੀ ਹੰਝੂਆਂ ਨਾਲ ਸਜਾਈ ਏ । ਫੇਰ ਵੀ ਦਿਲ ਤੇ ਹਾਸੇ ਦੀ ਪੰਡ ਚਾਈ ਏ । ਜ਼ਿੰਦ ਤੋਂ ਵਧ ਕੇ ਦੋਜ਼ਖ਼ ਸਾੜ ਕੀ ਹੋਣੀ ਏ, ਪੀੜਾਂ ਦੇ ਸੰਗ ਹਸ-ਹਸ ਰੋਜ਼ ਹੰਢਾਈ ਏ । ਮਨ ਦਾ ਸ਼ੀਸ਼ਾ ਕਿਰਚੀ ਕਿਰਚੀ ਹੋਇਆ ਏ, ਹਰ ਬੂਹੇ ਤੇ ਦਿੱਤੀ ਪਿਆਰ ਦੀ ਸਾਈ ਏ । ਆਪਣੀਆਂ ਸੋਚਾਂ ਦਾਣਿਆਂ ਵਾਂਗੂੰ ਖਿੜੀਆਂ ਨੇ, ਜਦ ਵੀ ਆਪਣੇ ਮਨ ਵਿਚ ਭੱਠੀ ਤਾਈ ਏ । ਦਿਲ ਤੇ ਕਹਿੰਦਾ ਹੈ ਉਹਨੇ ਨਹੀਂ ਆ ਸਕਣਾ, ਝੱਲੀਆਂ ਅੱਖੀਆਂ ਆਸ ਅਜੇ ਵੀ ਲਾਈ ਏ ।

ਪੈੜਾਂ ਕੋਲੋਂ ਪੁੱਛਦਾ ਰਹਿਣਾ ਰਾਹਵਾਂ ਮੈਂ

ਪੈੜਾਂ ਕੋਲੋਂ ਪੁੱਛਦਾ ਰਹਿਣਾ ਰਾਹਵਾਂ ਮੈਂ । ਸਮਝ ਨਾ ਆਵੇ ਕਿਹੜੇ ਪਾਸੇ ਜਾਵਾਂ ਮੈਂ । ਰੱਬਾ ਲੰਬੀ ਜਿਹੀ ਹਿਆਤੀ ਦੇ-ਦੇ ਤੂੰ, ਅੱਥਰੂ ਪੀਵਾਂ ਦੁੱਖ ਲੋਕਾਂ ਦੇ ਖਾਵਾਂ ਮੈਂ । ਹਰ ਮੁੱਖੜੇ ਤੋਂ ਹੰਝੂ ਆਪੇ ਪੂੰਝਾਂ ਮੈਂ, ਹਰ ਚਿਹਰੇ ਤੇ ਹਾਸੇ ਆਪ ਖਿੜਾਵਾਂ ਮੈਂ । ਹਰ ਘਰ ਅੰਦਰ ਚਾਅ ਦੇ ਦੀਵੇ ਬਾਲ ਦਿਆਂ, ਹਰ ਵਿਹੜੇ ਨੂੰ ਸੁੱਖਾਂ ਨਾਲ ਸਜਾਵਾਂ ਮੈਂ । ਹਰ ਮਨ ਅੰਦਰ ਅੰਮ੍ਰਿਤ ਪਿਆਰ ਦੀ ਡੋਲ੍ਹ ਦਿਆਂ ਹਰ ਅੱਖ ਅੰਦਰ ਪਿਆਰ ਦਾ ਸੁਰਮਾਂ ਪਾਵਾਂ ਮੈਂ ।

ਜਗਰਾਤੇ ਦੀ ਚੱਕੀ ਝੋ ਕੇ ਹਸਨਾ ਵਾਂ

ਜਗਰਾਤੇ ਦੀ ਚੱਕੀ ਝੋ ਕੇ ਹਸਨਾ ਵਾਂ । ਰਾਤੀਂ ਰਾਗ ਗ਼ਮਾਂ ਦੇ ਛੋਹ ਕੇ ਹਸਨਾ ਵਾਂ । ਵੱਟੇ ਮਾਰਨ ਦੀ ਵੀ ਜਗ ਨੂੰ ਵਿਹਲ ਨਹੀਂ, ਉਹਦੀ ਯਾਦ 'ਚ ਕਮਲਾ ਹੋ ਕੇ ਹਸਨਾ ਵਾਂ । ਵਿਹੰਦਿਆਂ ਵਿਹੰਦਿਆਂ ਜਿਹੜਾ ਮੈਥੋਂ ਦੂਰ ਗਿਆ, ਉਹਦੇ ਘਰ ਦੇ ਕੋਲ ਖਲੋ ਕੇ ਹਸਨਾ ਵਾਂ । ਤੇਰੇ ਗਲ ਦਾ ਸੋਹਣਾ ਹਾਰ ਬਣਾਵਣ ਲਈ, ਨੈਣਾਂ ਦੇ ਵਿਚ ਨੈਣ ਪਰੋ ਕੇ ਹਸਨਾ ਵਾਂ । ਅਪਣੀ ਆਸ ਕਿਆਰੀ ਪਾਣੀ ਲਾਉਣ ਲਈ, ਕੱਲਾ ਖੂਹ ਹੰਝੂਆਂ ਦਾ ਜੋ ਕੇ ਹਸਨਾ ਵਾਂ ।

ਆਸਾਂ ਦੇ ਗਲ ਸੋਚ ਗਲਾਵੇਂ ਪੈ ਗਏ ਨੇ

ਆਸਾਂ ਦੇ ਗਲ ਸੋਚ ਗਲਾਵੇਂ ਪੈ ਗਏ ਨੇ । ਸਾਡੀ ਝੋਲੀ ਦੁਖ ਪਰਛਾਵੇਂ ਪੈ ਗਏ ਨੇ । ਜਿਹੜੇ ਹਾਸੇ ਵੱਟੇ ਸਨ ਮੈਂ ਹੰਝੂਆਂ ਤੋਂ ਮੈਨੂੰ ਦੁੱਖਾਂ ਦੇ ਨਾਲ ਸਾਵੇਂ ਪੈ ਗਏ ਨੇ । ਆਪਣੀ ਜ਼ਾਤ ਈ ਆਪਣੀ ਹੋਂਦ ਨੂੰ ਖਾ ਗਈ ਏ ਜਦ ਦੇ ਪੈਰੀਂ ਪਿਆਰ ਵਲਾਵੇਂ ਪੈ ਗਏ ਨੇ । ਜਿਸ ਵੀ ਤੱਕਿਆ ਡੁੱਬਕੇ ਡੂੰਘ ਹਿਆਤੀ ਦਾ, ਉਹਦੇ ਪੱਲੇ ਦਰਦ ਉਚਾਵੇਂ ਪੈ ਗਏ ਨੇ । ਉਹਦੇ ਹਿੱਸੇ ਹਾਸੇ ਤੇ ਮੁਸਕਾਨਾਂ ਨੇ, ਥੋੜਾਂ ਤੇ ਦੁੱਖ ਮੇਰੇ ਨਾਵੇਂ ਪੈ ਗਏ ਨੇ ।

ਰੋਜ਼ ਮੈਂ ਜੀਣਾ ਰੋਜ ਮੈਂ ਮਰਨਾ ਤੇਰੇ ਲਈ

ਰੋਜ਼ ਮੈਂ ਜੀਣਾ ਰੋਜ ਮੈਂ ਮਰਨਾ ਤੇਰੇ ਲਈ । ਅੱਥਰੂਆਂ ਦੀ ਸੰਗਤ ਕਰਨਾ ਤੇਰੇ ਲਈ । ਖ਼ਬਰੇ ਭੁੱਲ ਕੇ ਤੂੰ ਖ਼ਾਬਾਂ ਵਿਚ ਆ ਜਾਵੇਂ, ਸਾਰੀ ਰਾਤ ਮੈਂ ਹੌਕੇ ਭਰਨਾ ਤੇਰੇ ਲਈ । ਇਕ ਹਾਸੇ ਦੀ ਗੱਲ ਨੂੰ ਤੋੜ ਚੜ੍ਹਾਵਣ ਲਈ, ਰੋਜ਼ ਮੈਂ ਸੋਚ ਦੀ ਸੂਲੀ ਚੜ੍ਹਨਾ ਤੇਰੇ ਲਈ । ਵੇਲੇ ਦੀ ਅੱਖ ਅੰਦਰ ਅੱਖ ਤੇ ਪਾ ਸਕਣਾ, ਗਲੀਆਂ ਦੇ ਕੱਖਾਂ ਤੋਂ ਡਰਨਾ ਤੇਰੇ ਲਈ । ਸਭਨੀਂ ਪਾਸੀਂ ਨਫ਼ਰਤ ਵੈਰ ਪਏ ਪਲਦੇ ਨੇ, 'ਅਹਿਸਾਨ'ਦੀ ਗੱਲ ਫੇਰ ਵੀ ਕਰਨਾ ਤੇਰੇ ਲਈ

ਦਿਲ ਦੇ ਟੋਟੇ-ਟੋਟੇ ਕਰਕੇ

ਦਿਲ ਦੇ ਟੋਟੇ-ਟੋਟੇ ਕਰਕੇ, ਰਾਹਵਾਂ ਵਿਚ ਖਿਲਾਰੇ ਨੇ । ਫੇਰ ਵੀ ਜਾਂਦੀ ਵਾਰੀ ਉਹਦੇ ਲੋਕਾਂ ਵਾਲ ਸੰਵਾਰੇ ਨੇ । ਆਪਣੀ ਸੋਚ ਈ ਬਹੁਤੀ ਵਾਰੀ, ਦੁੱਖਾਂ ਦੇ ਮੁੱਲ ਪਾਂਦੀ ਰਹੀ, ਬਹੁਤ ਹੀ ਆਸਾਂ ਦਿਲ ਵਿਚ ਲੈ ਕੇ ਗ਼ਮ ਦੇ ਮਹਿਲ ਉਸਾਰੇ ਨੇ ਲੋਕਾਂ ਵੱਲੋਂ ਪੈਂਦੇ ਵੱਟੇ ਹਸ-ਹਸ ਜਰਦਾ ਜਾਂਦਾ ਸਾਂ, ਤੇਰੇ ਰੋਸੇ ਫੁੱਲ ਜੋ ਮਾਰੇ ਪੱਥਰਾਂ ਨਾਲੋਂ ਭਾਰੇ ਨੇ । ਸੋਹਣੇ ਬੇਲੇ, ਸੁੰਝੀਆਂ ਜੂਹਾਂ, ਮਿੱਠੀ ਸੁਰ ਝਨਾਵਾਂ ਦੀ, ਕੁਦਰਤ ਦੇਖੋ ਯਾਰ ਮੇਰੇ ਦੇ ਕੀਕਣ ਸਾਂਗ ਉਤਾਰੇ ਨੇ । ਮੇਰੇ ਖ਼ੂਨ 'ਚ ਭਿੱਜ ਕੇ ਮਿੱਟੀ, ਇਕ ਇਕ ਇੱਟ ਨੂੰ ਲੱਗੀ ਏ ਇਸ ਧਰਤੀ ਤੇ ਉੱਚੇ-ਉੱਚੇ ਜਿੰਨੇ ਮਹਿਲ ਚੁਬਾਰੇ ਨੇ । ਜਿਹੜੇ ਮੁੱਖੜੇ ਉੱਤੋਂ ਹਾਸਾ ਨਿੱਤ ਈ ਡੁੱਲ-ਡੁੱਲ ਪੈਂਦਾ ਸੀ, ਫੁੱਲਾਂ ਵਰਗੀ ਸੋਹਲ ਕੁੜੀ ਨੇ ਕੀਕਣ ਦੁੱਖ ਸਹਾਰੇ ਨੇ । ਕਿਸਰਾਂ ਵੱਸਣਗੇ ਹੁਣ ਸੱਜਣਾ, ਉਜੜੇ ਸ਼ਹਿਰ ਉਡੀਕਾਂ ਦੇ, ਤੇਰਾ ਖੋਜ-ਖੁਰਾ ਨਹੀਂ ਲੱਭਦਾ, ਟੁਰ-ਟੁਰ ਪੈਰ ਵੀ ਹਾਰੇ ਨੇ । ਜਿਹੜੇ ਲੋਕੀ ਸ਼ਹਿਰ ਦੇ ਅੰਦਰ, ਨੀਵੀਂ ਧੌਂਣੇ ਟੁਰਦੇ ਸਨ, ਇੰਜ ਜਾਪਣ 'ਅਹਿਸਾਨ' ਦੇ ਵਾਂਗੂੰ ਸਭ ਨੈਣਾਂ ਦੇ ਮਾਰੇ ਨੇ ।