Peelu ਪੀਲੂ

ਪੀਲੂ ਪੰਜਾਬ ਦੇ ਜ਼ਿਲੇ ਅੰਮ੍ਰਿਤਸਰ ਦੇ ਪਿੰਡ ਵੈਰੋਵਾਲ ਦਾ ਰਹਿਣ ਵਾਲਾ ਸੀ । ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਰਚੇ ਕਿੱਸੇ 'ਮਿਰਜ਼ਾ-ਸਾਹਿਬਾਂ' ਕਰਕੇ ਵੱਧ ਜਾਣਦੇ ਹਨ । ਉਨ੍ਹਾਂ ਨੇ ਬਹੁਤ ਹੀ ਸੁੰਦਰ ਸਲੋਕਾਂ ਦੀ ਰਚਨਾ ਵੀ ਕੀਤੀ ਹੈ । ਪੰਜਾਬੀ ਦੇ ਹੋਰ ਕਵੀਆਂ ਜਿਵੇਂ ਮੀਆਂ ਮੁਹੰਮਦ ਬਖ਼ਸ਼ ਅਤੇ ਅਹਿਮਦ ਯਾਰ ਨੇ ਉਨ੍ਹਾਂ ਦੀ ਬਹੁਤ ਤਾਰੀਫ਼ ਕੀਤੀ ਹੈ ।

ਪੰਜਾਬੀ ਕਵਿਤਾ ਤੇ ਕਿੱਸਾ ਮਿਰਜ਼ਾ ਸਾਹਿਬਾਂ ਪੀਲੂ

ਪੀਲੂ

ਪੀਲੂ ਪੰਜਾਬ ਦੇ ਜ਼ਿਲੇ ਅੰਮ੍ਰਿਤਸਰ ਦੇ ਪਿੰਡ ਵੈਰੋਵਾਲ
ਦਾ ਰਹਿਣ ਵਾਲਾ ਸੀ । ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਰਚੇ
ਕਿੱਸੇ 'ਮਿਰਜ਼ਾ-ਸਾਹਿਬਾਂ' ਕਰਕੇ ਵੱਧ ਜਾਣਦੇ ਹਨ । ਉਨ੍ਹਾਂ
ਨੇ ਬਹੁਤ ਹੀ ਸੁੰਦਰ ਸਲੋਕਾਂ ਦੀ ਰਚਨਾ ਵੀ ਕੀਤੀ ਹੈ । ਪੰਜਾਬੀ
ਦੇ ਹੋਰ ਕਵੀਆਂ ਜਿਵੇਂ ਮੀਆਂ ਮੁਹੰਮਦ ਬਖ਼ਸ਼ ਅਤੇ ਅਹਿਮਦ
ਯਾਰ ਨੇ ਉਨ੍ਹਾਂ ਦੀ ਬਹੁਤ ਤਾਰੀਫ਼ ਕੀਤੀ ਹੈ ।

ਸਲੋਕ

ਕਲਿਯੁਗ ਪਹਰਾ ਆਇਆ, ਸਭ ਵਲ ਲਗੀ ਭਾਹੁ
ਕੂੜ ਤੁਲੇ ਪੰਜ ਸੇਰੀਏ, ਸਚੁ ਮਾਸਾ ਇਕ ਕਵਾਉ
ਨੇਕੀਆਂ ਲੱਭਨ ਭਾਲੀਆਂ, ਬਦੀਆਂ ਦੇ ਦਰੀਆਉ
ਪੀਲੂ ਤੇਰਾ ਮੰਗਤਾ, ਤੂ ਸਾਹਿਬ ਗੁਨੀਆਉ ।੧।

ਉਹ ਜੁ ਦਿਸਨ ਟਾਲ੍ਹੀਆਂ, ਸਾਵੇ ਪੱਤ ਕਚੂਚ
ਬਹਿ ਬਹਿ ਗਈਆਂ ਮਜਲਸਾਂ, ਰਾਣੇ ਰਾਉ ਮਲੂਕ
ਜੋਗੀ ਆਸਣ ਛੋਡਿਆ, ਪਿਛੇ ਰਹੀ ਬਿਭੂਤਿ
ਪੀਲੂ ਚਾਰ ਕੁੰਡਾਂ ਪੈ ਰਹੀ, ਮੌਤ ਨਿਮਾਣੀ ਦੀ ਕੂਕ ।੨।

ਪੀਲੂ ਪੁਛਦਾ ਟਿਕਰੀ, ਤੇਰਾ ਕੌਣ ਮਕਾਨ
ਕਿਥੇ ਹਾਥੀ ਘੋੜਿਆਂ, ਕਿਥੇ ਲਾਲ ਨਿਸਾਨ
ਨਾਰੀ ਅਤੇ ਗੱਭਰੀਂ, ਕਬਰਾਂ ਵਿਚ ਅਸਥਾਨ
ਪੀਲੂ ਪੁਛਦਾ ਟਿਕਰੀ, ਕਿਤ ਵਲਿ ਗਇਆ ਜਹਾਨ ।੩।

ਇਹ ਮਿਟੀ ਦਾ ਪੁਤਲਾ, ਖੋਟ ਵੇ ਲੋਕਾ ! ਖੋਟ
ਸਭ ਕਿਸ ਦੇ ਸਿਰ ਫੁਰਕਦਾ, ਜਮਰਾਜੇ ਦਾ ਸੋਟ
ਮਉਤੈ ਕੋਲੋਂ ਭੰਨਿਆਂ, ਵੜੀਏ ਕਿਹੜੇ ਕੋਟੁ
ਸਉਦਾਗਰਾਂ ਪਟਵਾਰੀਆਂ, ਦਿਤੇ ਬਾਝੁ ਨ ਛੋਟ
ਪੀਲੂ ਅਜ ਕਿ ਕੱਲ ਢਹੇਸੀਆ, ਕਿੰਗਰੀਆਲਾ ਕੋਟ ।੪।

ਪੀਲੂ ਧਰਤਿ ਚਉਪੜ ਜਗ ਸਾਰੀਆ, ਪਾਸਾ ਢੁਲੇ ਹਮੇਸ਼
ਬੰਦਾ ਕਰੇ ਤਕੱਬਰੀ, ਮਉਤ ਨ ਚਲਣ ਦੇਸਿ
ਅਜਰਾਈਲ ਫਰੇਸਤਾ, ਬਾਜ਼ਾਂ ਵਾਂਗ ਤਕੇਸਿ
ਸੁਇਨਾ ਰੁਪਾ ਮਾਲੁ ਧਨੁ, ਘੜੀ ਫਨਾਹ ਕਰੇਸਿ
ਪੀਲੂ ਤਦ ਜਾਣੇਗੀ ਭੋਲੀ ਮਛਲੀ, ਜਾਂ ਮਾਛੀ ਜਾਲ ਪਏਸੁ ।੫।

ਪੀਲੂ ਕਿਆ ਹੋਇਆ ਅੱਕ ਫੁਲਿਆ, ਨ ਉਸ ਮੁਸ਼ਕ ਨ ਬਾਸੁ
ਭਠੁ ਮੂਰਖ ਦੀ ਦੋਸਤੀ, ਜੋ ਸੁਘੜ ਬੇਅਖਲਾਸੁ
ਸੁਘੜ ਮਾਰੇ ਸਮਝਿ ਕਰ, ਮਨ ਵਿਚਿ ਰਖਿ ਤਪਾਸੁ
ਮੂਰਖ ਕੰਮ ਨ ਆਂਵਦਾ, ਜੋ ਹਸਤਿ ਮੁਏ ਦਾ ਮਾਸੁ
ਹਸਤਿ ਮੁਏ ਕੰਮ ਆਂਵਦੇ, ਜੋ ਦੰਦ ਖਿਚ ਸੁਭੰਨਿ
ਪੀਲੂ ਸੁਖ ਨ ਬਿਅਕਲ ਦਾ, ਜੋ ਡਿਠੇ ਬਾਝੁ ਨ ਮੰਨਿ ।੬।

ਪੀਲੂ ਅਸਾਂ ਥੀਂ ਉਹ ਭਲੇ, ਜੋ ਜੀਵਦਿਆਂ ਮੁਏਇ
ਉਨ ਚਿਕੜ ਪਾਉ ਨ ਬੋੜਿਆ, ਨ ਆਲੂਦ ਭਏਇ
ਵੰਞ ਵੜੇ ਦਰਵਾਜਿਉ, ਤਾਂ ਦਰਬਾਨੁ ਭਲੇ
ਚੋਰਾਂ ਪਉਸਨ ਮਾਮਲੇ, ਉਹ ਦੇਖਨਿ ਕੋਲਿ ਖਲੇ ।੭।

ਕਿੱਸਾ ਮਿਰਜ਼ਾ ਸਾਹਿਬਾਂ



ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ ।
ਡੂਮ ਸੋਹਲੇ ਗਾਂਵਦੇ, ਖਾਨ ਖੀਵੇ ਦੇ ਬਾਰ ।
ਰੱਜ ਦੁਆਈਂ ਦਿੱਤੀਆਂ, ਸੋਹਣੇ ਪਰਵਾਰ ।
ਰਲ ਤਦਬੀਰਾਂ ਬੱਧੀਆਂ, ਛੈਲ ਹੋਈ ਮੁਟਿਆਰ ।
ਸਾਹਿਬਾਂ ਨਾਲ ਸਹੇਲੀਆਂ, ਕੂੜੀ ਰੀਸਕਾਰ ।



ਘਰ ਵੰਝਲ ਦੇ ਮਿਰਜ਼ਾ, ਜੰਮਿਆ ਕਰੜੇ ਵਾਰ ।
ਜਨਮ ਦਿੱਤਾ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ ।
ਐਸਾ ਮਿਰਜ਼ਾ ਸੂਰਮਾ, ਖਰਲਾਂ ਦਾ ਸਰਦਾਰ ।



ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ ।
ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁਲ ਜਹਾਨ ।
ਨਾ ਮਾਰ ਕਾਜ਼ੀ ਛਮਕਾਂ, ਨਾ ਦੇ ਤੱਤੀ ਨੂੰ ਤਾਇ ।
ਪੜ੍ਹਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾਇ ।



ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ ।
ਫੜ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ ।
ਤੇਲ ਭੁਲਾਵੇ ਭੁੱਲਾ ਬਾਣੀਆਂ, ਦਿੱਤਾ ਸ਼ਹਿਤ ਉਲੱਟ ।
ਵਣਜ ਗਵਾ ਲੈ ਬਾਣੀਆਂ, ਬਲਦ ਗਵਾ ਲੈ ਜੱਟ ।
ਤਿੰਨ ਸੈ ਨਾਂਗਾ ਪਿੜ ਰਿਹਾ, ਹੋ ਗਏ ਚੌੜ ਚੁਪੱਟ ।
ਮਿਰਜ਼ੇ ਸਾਹਿਬਾਂ ਦੀ ਦੋਸਤੀ, ਰਹੂ ਵਿੱਚ ਜਗੱਤ ।



ਘਰ ਤੋਂ ਸਾਹਿਬਾਂ ਟੁਰ ਪਈ, ਕਰ ਕੇ ਪੜ੍ਹਨ ਦੀ ਨੀਤ ।
ਕਾਜ਼ੀ ਸਾਡਾ ਮਰ ਗਿਆ, ਸੁੰਨੀ ਪਈ ਮਸੀਤ ।
ਤੂੰ ਸੁਣ ਕਰਮੂੰ ਬਾਹਮਣਾ, ਕਦੀ ਨਾ ਆਇਓਂ ਕਾਮ ।
ਘੋੜੀ ਦਿਆਂ ਤੇਰੇ ਚੜ੍ਹਨ ਨੂੰ, ਕਾਠੀ ਸਣੇ ਲਗਾਮ ।
ਹੱਥ ਦੀਆਂ ਦੇ ਦਿਆਂ ਚੂੜੀਆਂ, ਸੋਨਾ ਕਰਦੀ ਦਾਨ ।
ਝੋਟੀ ਦਿਆਂ ਦੁੱਧ ਪੀਣ ਨੂੰ, ਹਲ ਦੀ ਜ਼ਿਮੀਂ ਇਨਾਮ ।
ਜਬ ਲੱਗ ਜੀਵੇ ਸਾਹਿਬਾਂ, ਰੱਖੇ ਤੇਰਾ ਇਹਸਾਨ ।
ਚੌਥੇ ਨੂੰ ਚੰਧੜ ਵਿਆਹ ਲਿਜਾਣਗੇ, ਫਿਰ ਕੀ ਕਰੇਂਗਾ ਆਣ ।



ਅੱਗੋਂ ਕਰਮੂੰ ਬੋਲਦਾ, ਸੱਚੀ ਦਿਆਂ ਸੁਣਾ ।
ਚਾਲ੍ਹੀ ਕੋਹਾਂ ਦਾ ਪੈਂਡਾ ਹੈ, ਕੌਣ ਆਵੇ ਕੌਣ ਜਾ ।
ਘਰ ਮਿਰਜ਼ੇ ਦੇ ਹੋਰ ਇਸਤਰੀ, ਸੁਣੀਂਦੀ ਬੁਰੀ ਬਲਾ ।
ਸੌਕਣ ਉੱਤੇ ਸੌਕਣ ਪਏ, ਲੇਵੇ ਅੱਧ ਵੰਡਾ ।
ਛੱਡ ਦੇ ਪੁਰਾਣੀ ਜੱਟ ਦੀ ਦੋਸਤੀ, ਨਵੀਂ ਕਰਮੂੰ ਵੱਲ ਲਾ ।
ਘਰ ਵਿੱਚ ਲਾ ਲੈ ਦੋਸਤੀ, ਬਹਿ ਕੇ ਇਸ਼ਕ ਕਮਾ ।



ਅੱਗੋਂ ਸਾਹਿਬਾਂ ਬੋਲਦੀ, ਤੇਰੇ ਮੂੰਹ ਵਿੱਚ ਸੁਆਹ ।
ਮਾਰਾਂ ਚਪੇੜ ਤੇਰੇ ਗ਼ਜ਼ਬ ਦੀ, ਦਿਆਂ ਅਕਲ ਗਵਾ ।
ਖ਼ਬਰ ਹੋ ਜਾਏ ਮੇਰੇ ਬਾਪ ਨੂੰ, ਤੈਨੂੰ ਸ਼ਹਿਰੋਂ ਦੇਇ ਉਜਾੜ ।
ਤੇ ਖ਼ਬਰ ਹੋ ਜਾਏ ਵੀਰ ਸ਼ਮੀਰ ਨੂੰ, ਤੈਨੂੰ ਕਰਹਿ ਮਾਰ ।
ਜੇ ਖ਼ਬਰ ਹੋ ਜਾਏ ਪਿੰਡ ਦੇ ਮੁੰਡਿਆਂ, ਕਰਨ ਢੀਮਾਂ ਦੀ ਮਾਰ ।
ਭਲਕੇ ਸਰਾਧ ਦਾਦਾ ਆਉਣਗੇ, ਨਿਉਂਦੇ ਖਾਣ ਤੇ ਜਾ ।
ਲਗਨੀ ਆਂ ਮੈਂ ਤੇਰੀ ਪੋਤਰੀ, ਬਹਿ ਗਿਆਂ ਰੰਨ ਬਣਾ ।
ਲੱਗੂ ਕਚਹਿਰੀ ਖੀਵੇ ਬਾਪ ਦੀ, ਤੈਨੂੰ ਬੰਨ੍ਹ ਕੇ ਲਊਂ ਮੰਗਾ ।



ਇਹ ਗੁਨਾਹ ਮੇਰਾ ਬਖ਼ਸ਼ ਲੈ, ਸਾਹਿਬਾਂ ਜਿੱਥੇ ਘੱਲੇਂ ਓਥੇ ਜਾ ।
ਡੋਰਾ ਲੱਗਾ ਅਫ਼ੀਮ ਦਾ, ਸਾਡੀ ਅਕਲ ਟਿਕਾਣੇ ਨਾਹ ।
ਮੈਂ ਤੇ ਭੋਲਾ ਗ਼ਰੀਬ ਹਾਂ, ਮੇਰੀ ਰੱਖ ਧੌਲਿਆਂ ਦੀ ਲਾਜ ।
ਬੜੀ ਰਾਤੋਂ ਉੱਠ ਕੇ, ਟੁਰ ਪਵਾਂ ਖਰਲਾਂ ਦੀ ਰਾਹ ।



ਸਿਆਲਾਂ ਤੋਂ ਬਾਹਮਣ ਟੁਰ ਪਿਆ, ਪਿਆ ਖਰਲਾਂ ਦੀ ਰਾਹ ।
ਕੋਲ ਮਿਰਜ਼ੇ ਦੇ ਆ ਕੇ, ਦੱਸ ਦਿੱਤੀ ਸਾਹੇ ਦੀ ਪਾ ।
ਮਹਿੰਦੀ ਸਾਹਿਬਾਂ ਦੇ ਵਿਆਹ ਦੀ, ਚਲ ਕੇ ਹੱਥੀਂ ਆਪਣੇ ਲਾ ।
ਭੇਜਿਆ ਸਾਹਿਬਾਂ ਦਾ ਆ ਗਿਆਂ, ਛੇਤੀ ਹੋ ਤਿਆਰ ।

੧੦

ਚੜ੍ਹਦੇ ਮਿਰਜ਼ੇ ਖ਼ਾਨ ਨੂੰ, ਛੱਤੀ ਕਰੇ ਜਵਾਬ ।
ਹਟ ਕੇ ਬੈਠੀਂ ਮਿਰਜ਼ਿਆ, ਘਰ ਵਿੱਚ ਕਰੀਂ ਸਲਾਹ ।
ਅਤੇ ਪਲੰਘ 'ਤੇ ਬਹਿ ਕੇ, ਮੇਰਾ ਹੱਥੀਂ ਕਾਜ ਸੰਵਾਰ ।
ਭੱਲ ਕੇ ਆਉਣਗੇ ਭੱਟੀ ਸੰਦਲ ਬਾਰ ਦੇ, ਸਾਹਿਬ ਸੰਡੇ ਬਾਰ ।

੧੧

ਮੇਰਾ ਜਾਣ ਜ਼ਰੂਰ ਦਾ, ਪਿੱਛੇ ਭਾਈ ਚਾਰ ।
ਅੱਛੀ ਕਰਨ ਆਪਣੇ ਨੱਕ ਨੂੰ, ਨਹੀਂ ਖਰਲਾਂ ਨੂੰ ਆਊ ਹਾਰ ।
ਮੇਰਾ ਜਾਣਾ ਜ਼ਰੂਰ ਦਾ, ਜਾਂਦੇ ਨੂੰ ਹੋੜ ਨਾ ਪਾ ।
ਕਾਜ ਵਿਹੂਣਾ ਮੈਂ ਫਿਰਾਂ, ਮੈਨੂੰ ਕੀ ਕਿਸੇ ਦੇ ਕਾਜਾਂ ਨਾਲ ।

੧੨

ਚੜ੍ਹਦੇ ਮਿਰਜ਼ੇ ਖਾਨ ਨੂੰ ਮੱਤਾਂ ਦੇਵੇ ਮਾਂ ।
ਬੁਰੇ ਸਿਆਲਾਂ ਦੇ ਮਾਮਲੇ, ਬੁਰੀ ਸਿਆਲਾਂ ਦੀ ਰਾਹ ।
ਬੁਰੀਆਂ ਸਿਅਲਾਂ ਦੀਆਂ ਔਰਤਾਂ, ਲੈਂਦੀਆਂ ਜਾਦੂ ਪਾ ।
ਕੱਢ ਕਲੇਜੇ ਖਾਂਦੀਆਂ, ਮੇਰੇ ਝਾਟੇ ਤੇਲ ਨਾ ਪਾ ।
ਰੰਨ ਦੀ ਖ਼ਾਤਿਰ ਚਲਿਆਂ, ਆਵੇਂ ਜਾਨ ਗੰਵਾ ।
ਆਖੇ ਮੇਰੇ ਲੱਗ ਜਾ, ਅੱਗੇ ਪੈਰ ਨਾ ਪਾ ।

੧੩

ਘਰ ਖੀਵੇ ਦੇ ਕਾਜ ਹੈ, ਲਾਗੀ ਭੇਜਿਆ ਮੇਰੇ ਦਾ ।
ਘਰ ਮੇਰੇ ਆਣ ਕੇ ਦੱਸ ਦਿੱਤੀ, ਸਾਹੇ ਦੀ ਪਾ ।
ਉਹ ਨਾਨਕੇ ਮੈਂ ਦੋਹਤਰਾ, ਜਾਂਦੇ ਨੂੰ ਮੋੜ ਨਾ ਪਾ ।
ਪੰਜ ਰੁਪਏ ਇੱਕ ਪੱਤਰਾ, ਮੈਂ ਨਿਉਂਦਾ ਪਾਊੁਂਗਾ ਜਾ ।

੧੪

ਮਿਰਜ਼ੇ ਨੇ ਘੋੜੀ ਸ਼ਿੰਗਾਰ ਲਈ, ਆਸਣ ਬੈਠਾ ਜਾ ।
ਚੜ੍ਹਦੇ ਦਾ ਪੱਲਾ ਅਟਕਿਆ, ਛੀਂਕ ਸਾਮ੍ਹਣੇ ਆ ।
ਮਿਰਜ਼ਾ ਸਿਆਲਾਂ ਨੂੰ ਚੱਲਿਆ, ਖੇੜੇ ਸੀਸ ਨਿਵਾ ।

੧੫

ਕੱਢ ਕਲੇਜਾ ਲੈ ਗਈ, ਖ਼ਾਨ ਖੀਵੇ ਦੀ ਧੀ ।
ਗਜ਼ ਗਜ਼ ਲੰਮੀਆਂ ਮੀਂਢੀਆਂ, ਰੰਗ ਜੋ ਗੋਰਾ ਸੀ ।
ਜੇ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ ।
ਜੇ ਮਾਰੇ ਬਰਛੀ ਕੱਸ ਕੇ, ਮਿਰਜ਼ਾ ਕਦੀ ਨਾ ਕਰਦਾ ਸੀ ।
ਆਪਣੀ ਮੌਤੇ ਮੈਂ ਮਰਾਂ, ਮੇਰੇ ਨਾਲ ਤੁਹਾਨੂੰ ਕੀ ।

੧੬

ਚੜ੍ਹਦੇ ਮਿਰਜ਼ੇ ਖ਼ਾਨ ਨੂੰ, ਵੰਝਲ ਦੇਂਦਾ ਮੱਤ ।
ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ ।
ਹੱਸ ਕੇ ਲਾਉਂਦੀਆਂ ਯਾਰੀਆਂ, ਰੋ ਕੇ ਦਿੰਦੀਆਂ ਦੱਸ ।
ਜਿਸ ਘਰ ਲਾਈ ਦੋਸਤੀ, ਮੂਲ ਨਾ ਘੱਤੇਂ ਲੱਤ ।
ਲੱਥੀ ਹੱਥ ਨਾ ਆਂਵਦੀ, ਦਾਨਸ਼ਮੰਦਾਂ ਦੀ ਪੱਤ ।
ਸਾਹਿਬਾਂ ਆਈਂ ਨਾ ਛੱਡ ਕੇ, ਸਿਰ ਨਾ ਰਹੂ ਸਾਡੀ ਪੱਤ ।

੧੭

ਰਾਜਾ ਝੂਰੇ ਰਾਜ ਨੂੰ, ਬੁਧਿ ਨੂੰ ਝੂਰੇ ਚੋਰ ।
ਗੋਰੀ ਝੂਰੇ ਰੂਪ ਨੂੰ, ਪੈਰਾਂ ਝੂਰੇ ਮੋਰ ।
ਚੜ੍ਹਦੇ ਮਿਰਜ਼ੇ ਖ਼ਾਨ ਨੂੰ, ਮਾਂ ਮੱਤ ਦੇਂਦੀ ਖੜੀ ।
ਸੱਪਾਂ ਸ਼ੇਰਾਂ ਦੀ ਦੋਸਤੀ, ਨਾ ਕਰ ਭਾਈ ਅੜੀ ।
ਤਪੀ ਕੜਾਹੀ ਤੇਲ ਦੀ, ਸਿਰ ਪਰ ਲਾਟ ਜਲੀ ।
ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ ।
ਪਰਬਤ ਵੜਦੇ ਟਕਰੇ, ਲੰਘਣ ਕਿਹੜੀ ਗਲੀ ।
ਰੋਂਦੀ ਬੀਬੀ ਫ਼ਾਤਿਮਾ, ਕਰ ਕੇ ਬਾਂਹ ਖੜੀ ।
ਮੈਂ ਕੀ ਰੱਬਾ ਤੇਰਾ ਫੇੜਿਆ, ਮੇਰੀ ਜੋੜੀ ਖ਼ਾਕ ਰਲੀ ।
ਅੱਜ ਦਾ ਵਾਰ ਬਚਾ ਲੈ, ਭਲਕੇ ਸਿਆਲੀਂ ਜਾ ਵੜੀਂ ।

੧੮

ਅੱਗੋਂ ਮਿਰਜ਼ਾ ਬੋਲਿਆ, ਦੇਵਾਂ ਸੱਚ ਸੁਣਾ ।
ਘਰ ਵੰਝਲ ਦੇ ਜੰਮਿਆਂ, ਦਿੱਤੀ ਕੁਲ ਸੰਵਾਰ ।
ਸੱਦਿਆ ਸਾਹਿਬਾਂ ਸਿਆਲ, ਕੀਕਰ ਦੇਵਾਂ ਜਵਾਬ ।
ਜੀਉਂਦਾ ਰਿਹਾ ਤਾਂ ਆ ਮਿਲਾਂ, ਮੱਤ ਛੋਡੀਓਂ ਆਸ ।
ਵਿਆਹੀ ਹੋਵੇ ਛੱਡ ਦੇਵਾਂ, ਮੰਗ ਨਾ ਛੱਡੀ ਜਾ ।
ਜੇ ਕਰ ਮੰਗ ਮੈਂ ਛੱਡ ਦੇਵਾਂ, ਲੱਗੇ ਖਰਲਾਂ ਨੂੰ ਲਾਜ ।
ਪੁੱਤ ਮਿਰਜ਼ਾ ਨੂੰਹ ਸਾਹਿਬਾਂ, ਸਾਡੀ ਟੁਰਨੀ ਜੱਗ ਵਿਚ ਵਾਰ ।

੧੯

ਮਿਰਜ਼ਾ ਸਿਆਲਾਂ ਨੂੰ ਟੁਰ ਪਿਆ, ਚੱਲਿਆ ਹੋ ਅਸਵਾਰ ।
ਮਿਰਜ਼ਾ ਪੁੱਛੇ ਪੀਲੂ ਸ਼ਾਇਰ ਨੂੰ, ਦੱਸੀਂ ਸ਼ਗਨ ਵਿਚਾਰ ।
ਪੀਲੂ ਬੈਠਾ ਖੂਹ ਤੇ, ਕਰਕੇ ਲੱਖ ਤਦਬੀਰ ।
ਕਾਂਲਣ ਬੱਧਾ ਤੱਕਲਾ, ਤੱਕਲੇ ਬੱਧਾ ਤੀਰ ।
ਲੱਠ ਪਠਾਣਾ ਮੇਲਿਆ, ਕਰੜੇ ਘੱਤ ਜ਼ੰਜੀਰ ।
ਕੰਮੀਆਂ ਮੁੰਢ ਧਤੂਰੀਆਂ, ਜਿਵੇਂ ਬਾਦਸ਼ਾਹ ਮੁੱਢ ਵਜ਼ੀਰ ।
ਕੁੱਤਾ ਹੱਟ ਹੱਟ ਕਰ ਰਿਹਾ, ਜਿਵੇਂ ਦਰ ਵਿੱਚ ਖੜਾ ਫ਼ਕੀਰ ।
ਟਿੰਡਾਂ ਗੇੜਮ ਗੇੜੀਆਂ, ਭਰ ਭਰ ਡੋਲ੍ਹਣ ਨੀਰ ।
ਅੱਗੋਂ ਮਿਰਜ਼ਾ ਬੋਲਿਆ, ਤੈਨੂੰ ਦਿਆਂ ਸੁਣਾ ।
ਤੇਰੀਆਂ ਗੱਲਾਂ ਝੂਠੀਆਂ, ਇੱਕ ਵੀ ਮੰਨਦਾ ਨਾਂਹ ।
ਇੰਨੇ ਖੜਕੇ ਵਾਲੇ ਆਦਮੀ, ਕਬਰੀਂ ਜਾ ਪਏ ।
ਜੇ ਭਲੀ ਚਾਹੁਨੈ ਜ਼ਿੰਦਗੀ, ਅਗਾਹਾਂ ਪੈਰ ਨਾ ਦੇਇ ।
ਰਸਤੇ ਪੈ ਜਾਓ ਰਾਹੀਓ! ਡੰਡੀ ਪੈਰ ਨਾ ਘੱਤ ।

੨੦

ਜਿਸ ਦਿਨ ਸਾਹਾ ਸਾਧਿਆ, ਲਾਗੀ ਦੇਂਦੇ ਖੱਤ ।
ਘਰ ਮਿਰਜ਼ੇ ਦੇ ਆ ਕੇ, ਪਾਉਂਦੇ ਸਾਹੇ ਦੀ ਦੱਸ ।
ਪੰਜ ਰੁਪਏ ਇੱਕ ਪਤੀਆ, ਨਾ ਵੱਧ ਜਾ ਨਾ ਘੱਟ ।
ਤੁਹਾਡੇ ਬਾਰ ਘੋੜੀਆਂ, ਮੇਰੀ ਬੱਕੀ ਦਾ ਪਤਲਾ ਲੱਕ ।
ਆ ਲਓ ਰੁਪਇਆ ਸਲਾਮੀ ਦਾ, ਤੁਹਾਨੂੰ ਅੱਗੇ ਨਾ ਆਈ ਮੱਤ ।

੨੧

ਸੁੰਮ ਬੱਕੀ ਦੇ ਖੜਕਦੇ, ਜਿਉਂ ਲੋਹੇ ਪੈਣ ਧਿਗਾਣ ।
ਦੁਮ ਬੱਕੀ ਦੀ ਇੰਜ ਫਿਰੇ, ਜਿਉਂ ਚੌਰੀ ਕਰੇ ਗ਼ੁਲਾਮ ।
ਮੂੰਹ ਨਾਲ ਲਾਹੇ ਪਗੜੀਆਂ, ਫੱਟ ਕੇ ਸੁੱਟੇ ਅੰਜਾਣ ।
ਬੱਕੀ ਲਾਹੀਆਂ ਪਗੜੀਆਂ, ਵੇਖੀ ਨਾ ਕਿਸੇ ਦੀ ਲਾਜ ।
ਨਾਈ ਮੇਰਾ ਮਾਰਿਆ, ਸ਼ਰਬਤ ਦਿੱਤਾ ਡੋਲ੍ਹ ।
ਪੁੱਛ ਨਾ ਪੈਂਦੇ ਮਾਮਲੇ, ਨੇਹੂੰ ਨਾ ਲੱਗਦੇ ਜ਼ੋਰ ।
ਗੱਲਾਂ ਕਰਨ ਸੁਖਾਲੀਆਂ, ਔਖੇ ਪਾਲਣੇ ਬੋਲ ।

੨੨

ਮਿਰਜ਼ਾ ਸਿਆਲਾਂ ਮੁੱਢ ਆ ਗਿਆ, ਰੰਨ ਸਾਹਿਬਾਂ ਦਾ ਚੋਰ ।
ਹੋਰਾਂ ਦੇ ਹੱਥੀਂ ਬਰਛੀਆਂ, ਮਿਰਜ਼ੇ ਦੀ ਸਬਜ਼ ਕਮਾਨ ।
ਦਹਿਨੇ ਕੰਨੀਂ ਆਉਂਦਾ, ਮੇਰਾ ਮਿਰਜ਼ਾ ਸ਼ੇਰ ਜਵਾਨ ।
ਮਿਰਜ਼ਾ ਘਰ ਬੀਬੋ ਦੇ ਆ ਗਿਆ, ਚਰਖਾ ਦੇਂਦਾ ਠਹਿਰਾ ।
'ਜੇ ਤੂੰ ਮਾਸੀ ਧਰਮ ਦੀ, ਸਾਹਿਬਾਂ ਨੂੰ ਲਿਆ ਮਿਲਾ' ।

੨੩

ਘਰ ਤੋਂ ਬੀਬੋ ਟੁਰ ਪਈ, ਮੁਹਰਾਂ ਲੈ ਕੇ ਚਾਰ ।
ਉੱਠੀ ਸਾਹਿਬਾਂ ਸੁੱਤੀਏ, ਉੱਠ ਕੇ ਦੇਈਂ ਦੀਦਾਰ ।
ਚੀਰੇ ਵਾਲਾ ਛੋਕਰਾ, ਬੀਬੋ ਅੰਦਰ ਕੌਣ ਖੜਾ ।
ਮਿਰਜ਼ਾ ਫੁੱਲ ਗੁਲਾਬ ਦਾ, ਮੇਰੀ ਝੋਲੀ ਟੁੱਟ ਪਿਆ ।
ਨਾ ਫੜ ਬਾਹੀਆਂ ਘੁੱਟ ਕੇ, ਵੰਗਾਂ ਜਾਂਦੀਆਂ ਟੁੱਟ ।
ਕੱਲ ਚੀਰ ਚੜ੍ਹਾਈਆਂ, ਪਹਿਨ ਨਾ ਵੇਖੀਆਂ ਰੱਜ ।
ਭੀੜੀ ਗਲੀ ਕੁਠੀਆਂ, ਘਰ ਮੂਰਖ ਧੂਲੀ ਗੱਡ ।
ਖ਼ਬਰ ਹੋਵੇ ਖ਼ਾਨ ਸ਼ਮੀਰ ਨੂੰ ਲਹੂ ਪੀਵੇਗਾ ਰੱਜ ।
ਲੈ ਚਲ ਦਾਨਾਬਾਦ ਨੂੰ, ਜੋ ਸਿਰ ਹੈਗੀ ਪੱਗ ।
ਤੈਨੂੰ ਮਾਰ ਗਵਾਉਣਗੇ ਤੂੰ, ਰੱਖ ਖਰਲਾਂ ਦੀ ਲੱਜ ।

੨੪

ਅੱਗੋਂ ਮਿਰਜ਼ਾ ਬੋਲਿਆ, ਤੂੰ ਸੁਣ ਜਾਮ ਲੁਹਾਰ ।
ਕੀ ਸੁੱਤਾ ਕੀ ਜਾਗਦਾ, ਕੀ ਗਿਆ ਪਵਾਰ ।
ਮਜ਼ੂਰੀ ਲੈ ਲਈ ਆਪਣੀ, ਕਿੱਲੀਆਂ ਦੇਈਂ ਹਜ਼ਾਰ ।
ਜੇ ਤੂੰ ਭਾਈ ਧਰਮ ਦਾ, ਸਾਹਿਬਾਂ ਟੋਰੀਂ ਨਾਲ ।
ਮਿਰਜ਼ੇ ਕਿੱਲੀਆਂ ਗੱਡੀਆਂ, ਪੰਜੇ ਪੀਰ ਮਨਾ ।
ਪੌੜੀ ਪੌੜੀ ਜੱਟ ਚੜ੍ਹ ਗਿਆ, ਉੱਪਰ ਚੜ੍ਹਿਆ ਜਾ ।
ਉੱਪਰੋਂ ਸਾਹਿਬਾਂ ਉੱਤਰੀ, ਪੈ ਗਈ ਛਣਕਾਰ ।
ਸਾਲੂ ਦਾ ਪੱਲਾ ਅਟਕਿਆ, ਰਤਾ ਕੁ ਬੱਕੀ ਨੂੰ ਫੇਰ ।
ਅੱਗੇ ਘਰ ਸਾਹਿਬਾਂ ਬਾਪ ਦਾ, ਲਾ ਦਿਉਂ ਸਾਲੂਆਂ ਦਾ ਢੇਰ ।
ਚੜ੍ਹੀ ਰਹਿ ਬੱਕੀ ਦੀ ਬੇਲ ਤੇ, ਸੁੱਖ ਮਿਰਜ਼ੇ ਦੀ ਲੋੜ ।

੨੫

ਮਾੜੀ ਤੇਰੀ ਟੈਰਕੀ, ਮਿਰਜ਼ਿਆ! ਲਿਆਇਆ ਕਿਧਰੋਂ ਟੋਰ ।
ਸੁੱਕਾ ਇਹਦਾ ਚੌਖਟਾ, ਕਾਵਾਂ ਖਾਧੀ ਕੰਗਰੋੜ ।
ਜੇ ਘਰ ਨਾ ਸੀ ਤੇਰੇ ਬਾਪ ਦੇ, ਮੰਗ ਲਿਆਉਂਦੋਂ ਹੋਰ ।
ਘੋੜੇ ਖੀਵੇ ਖ਼ਾਨ ਦੇ, ਬੜੇ ਮੁਰਾਤਿਬ ਖੋਰ ।
ਭੱਜਿਆਂ ਨੂੰ ਜਾਣ ਨਾ ਦੇਣਗੇ, ਉੱਧਲ ਗਈਆਂ ਦੇ ਚੋਰ ।
ਵਿੱਚ ਉਜਾੜ ਦੇ ਮਾਰ ਕੇ, ਤੇਰੀ ਸੁੱਟਣ ਧੌਣ ਮਰੋੜ ।

੨੬

ਕੰਨ ਲੰਮੇ ਖੁਰ ਪਤਲੇ, ਦੁੰਮ ਬੱਕੀ ਦੀ ਸਿਆਹ ।
ਦੇਖ ਕੇ ਮੇਰੀ ਟੈਰ ਨੂੰ, ਝੋਰੇ ਚਿਤ ਨਾ ਪਾ ।
ਬਾਈ ਡੋਗਰ ਜਿਨ੍ਹਾਂ ਦੇ, ਬਹਿਣ ਪੁਆਂਦੀ ਆ ।
ਬਾਪ ਦੇ ਖੱਤਿਆਂ ਚਾਰ ਕੇ, ਬੱਕੀ ਨੂੰ ਲਇਆ ਬਣਾ ।
ਦਸ ਮਹੀਆਂ ਦਾ ਘਿਉ ਦਿੱਤਾ, ਬੱਕੀ ਦੇ ਢਿੱਡ ਪਾ ।
ਬੱਕੀ ਤੋਂ ਡਰਨ ਫ਼ਰਿਸ਼ਤੇ, ਮੈਥੋਂ ਡਰੇ ਖ਼ੁਦਾ ।
ਚੁੱਭੇ ਵਿੱਚ ਪਤਾਲ, ਉੱਡ ਕੇ ਚੜ੍ਹੇ ਅਕਾਸ਼ ।
ਚੜ੍ਹਨਾ ਆਪਣੇ ਸ਼ੌਕ ਨੂੰ, ਬੱਕੀ ਨੂੰ ਲਾਜ ਨਾ ਲਾ ।

੨੭

ਬੂਹੇ ਤੇ ਟੰਮਕ ਵੱਜਿਆ, ਸਾਹਿਬਾਂ ਘੱਤੇ ਤੇਲ ।
ਅੰਦਰ ਬੈਠੇ ਨਾਨਕੇ, ਬੂਹੇ ਬੈਠਾ ਮੇਲ ।
ਥਾਲੀ ਬਟੂਵਾ ਰਹਿ ਗਿਆ, ਕੁੱਪੇ ਅਤਰ ਫੁਲੇਲ ।
ਗਹਿਣੇ ਸਣੇ ਪਟਾਰੀਆਂ, ਝਾਂਜਰ ਸਣੇ ਹਮੇਲ ।
ਫੀਰੋਜ਼ ਡੋਗਰ ਕੂਕਿਆ, ਸੁਣੀਂ ਖ਼ਾਨ ਖ਼ੀਵੇ ਮੇਰੀ ਬਾਤ ।
ਸਾਹਿਬਾਂ ਨੂੰ ਮਿਰਜ਼ਾ ਲੈ ਗਿਆ, ਰੋਂਦੀ ਸੰਡੇ ਦੀ ਬਾਰ ।
ਲਾ ਗਿਆ ਲਾਜ ਸਿਆਲਾਂ ਨੂੰ, ਗਿਆ ਸੀ ਦਾਗ਼ ਲਗਾ ।
ਘੋੜੇ ਪਾਓ ਪਾਖਰਾਂ, ਪੈਦਲ ਹੋ ਜਾਓ ਅਸਵਾਰ ।
ਰਸਤੇ ਪਵੋ ਪੈਦਲੋ, ਮੁੱਛ ਮੱਲੋ ਅਸਵਾਰ ।
ਸ਼ਾਵਾ ਮਿਰਜ਼ਾ ਮਾਰਨਾ, ਕਰਕੇ ਕੌਲ ਕਰਾਰ ।

੨੮

ਇਸ਼ਕ ਲਿਤਾੜੇ ਆਦਮੀ, ਬਰਫ਼ ਲਿਤਾੜੇ ਰੁੱਖ ।
ਨੀਂਦ ਨਾ ਆਉਂਦੀ ਚੋਰ ਨੂੰ, ਆਸ਼ਿਕ ਨਾ ਲੱਗੇ ਭੁੱਖ ।
ਸਾਹਿਬਾਂ ਮਿਰਜ਼ੇ ਦੀ ਦੋਸਤੀ, ਜੱਗ ਨਾ ਰਹਿਣੀ ਲੁੱਕ ।
ਲੈ ਚਲ ਦਾਨਾਬਾਦ ਨੂੰ, ਜਾਨ ਲੁਕਾਵੇ ਮੁੱਖ ।
ਜੰਡ ਦੇ ਹੇਠ ਜੱਟਾ! ਸੌਂ ਰਹਿਓਂ, ਉਠ ਸੁਰਤ ਸੰਭਾਲ ।
'ਬੱਕੀ' ਤੈਨੂੰ ਛੱਡ ਕੇ ਉੱਠ ਗਈ, ਜਿਸ ਦੇ ਉੱਤੇ ਬੜਾ ਇਤਬਾਰ ।
ਨਾਰਦ ਛੱਡ ਕੇ ਉੱਠ ਗਿਆ, ਤੇਰਾ ਮੁੱਢ-ਕਦੀਮਾਂ ਦਾ ਯਾਰ ।
ਮਾਰਨ ਸਾਹਿਬਾਂ ਨੂੰ ਆ ਗਿਆ, ਜੈਂਦ੍ਹਾ ਕਰਦਾ ਨਾ ਸੀ ਇਤਬਾਰ ।

੨੯

ਮੇਰੇ ਉੱਪਰ ਨਾ ਕੋਈ ਦੀਹਦਾ ਸੂਰਮਾ, ਜਿਹੜਾ ਮੇਰੇ ਪੁਰ ਵਾਰ ਕਰੇ ।
ਮਾਰ ਕੋਹਾਂ ਤੇਰੇ ਜਿੰਨੇ ਨੇ ਪਾਸ, ਤੇਰੇ ਵੀਰ ਖੜੇ ।
ਝਟ ਕੁ ਠੌਂਕਾ ਜੰਡ ਹੇਠ ਲਾਉਣ ਦੇ, ਮੁੜ ਜਿਹੜੀ ਰੱਬ ਕਰੇ ।
ਅੱਜ ਦੀ ਘੜੀ ਸੌਂ ਲੈਣ ਦੇ, ਦੂਜੀ ਘੜੀ ਵੜਾਂ ਦਾਨਾਬਾਦ ।

੩੦

ਜੰਡ ਦੇ ਹੇਠਾਂ ਜੱਟਾ ਸੌਂ ਰਹਿਓਂ ਲਾਲ ਦੁਸ਼ਾਲਾ ਤਾਣ ।
ਵਹੀ ਚਲਾਈਆਂ ਕਾਨੀਆਂ, ਮੌਤ ਨਾ ਦੇਂਦੀ ਜਾਣ ।
ਮੱਥੇ ਵਿੱਚ ਕਲਜੋਗਣਾਂ, ਫ਼ਤਹਿ ਨਾ ਦਿੱਤੀ ਹੋਣ ।
ਲਿਖੀਆਂ ਡਾਢੇ ਰੱਬ ਦੀਆਂ, ਮੇਟਣ ਵਾਲਾ ਕੌਣ ।

੩੧

ਉੱਠੀਂ ਮਿਰਜ਼ਿਆ ਸੁੱਤਿਆ, ਖੱਬੇ ਆਏ ਅਸਵਾਰ ।
ਹੱਥੀਂ ਤੇਗ਼ਾਂ ਰੰਗਲੀਆਂ, ਕਰਦੇ ਮਾਰੋ ਮਾਰ ।
ਮੇਰੇ ਬਾਬਲ ਵਰਗੀਆਂ ਘੋੜੀਆਂ, ਵੀਰ ਮੇਰੇ ਅਸਵਾਰ ।
ਕੀ ਢੂੰਡਾਊ ਅਸਾਂ ਦੇ, ਕੀ ਕੋਈ ਮੀਰ-ਸ਼ਿਕਾਰ ।

੩੨

ਜੰਡ ਦੇ ਜੰਡੂਰਿਆ! ਤੂੰ ਹੀ ਕਰੀਂ ਨਿਆਉਂ ।
ਹੋਵੇਂ ਦੂਣਾ ਫਲੇਂ ਚੌਗੁਣਾ, ਤੇਰੀ ਮਹਿੰਦੀ ਮਾਣੇ ਛਾਉਂ ।
ਮੁੱਠੀਆਂ ਭਰ ਜਗਾਉਂਦੀ ਯਾਰ ਨੂੰ, ਜਾਗੀਏ ਰੱਬ ਦੇ ਨਾਂ ।
ਧੁਰ ਨਾ ਅਪੜੀ ਰੰਨ ਸਾਹਿਬਾਂ, ਮੇਰੀ ਵਿਚਾਲਿਓਂ ਟੁੱਟੀ ਲਾਂ ।
ਜੇ ਨਾ ਸੀ ਤੋੜ ਨਿਭਾਉਣੀ, ਮੇਰੀ ਕਾਹਨੂੰ ਪਕੜੀ ਬਾਂਹ ।
ਬਚਾਅ ਕਰੇਂਦੇ ਆਸ਼ਿਕਾਂ, ਨਾ ਅੱਗੇ ਮਿਲਣਾ ਤੈਨੂੰ ਥਾਂ ।

੩੩

ਅਰਸ਼ੋਂ ਉਤਰੇ ਛੇ ਜਣੇ, ਛੀਏ ਭੈਣ ਭਰਾ ।
'ਦੁਲਦਲ' ਲਈ ਸ਼ਾਹ ਅਲੀ ਨੇ, ਪਾਈ ਕਾਅਬੇ ਦੀ ਰਾਹ ।
ਇਕ ਲਿਆ ਗੁੱਗੇ ਚੌਹਾਨ ਨੇ, ਬਾਗੜਾਂ ਦਿੱਤੀਆਂ ਢਾਹ ।
ਨੀਲਾ ਲਿਆ ਰਾਜੇ ਰਸਾਲੂ ਨੇ, ਰਾਣੀਆਂ ਲਈ ਛੁਡਾ ।
ਗਰਾੜ ਜੈਮਲ ਫੱਤੇ ਸੰਦਲ, ਬੇਟੀ ਨਾ ਦਿੱਤੀ ਵਿਆਹ ।
'ਲੱਖੀ' ਲੈ ਲਈ ਦੁੱਲੇ ਜਵਾਨ ਨੇ, ਮਾਰੇ ਅਕਬਰ ਦੀ ਰਾਹ ।
'ਕੱਕੀ' ਘਰ ਸੁਲਤਾਨ ਦੇ, ਚਾਰੇ ਕੂੰਟਾਂ ਲਈਆਂ ਨਿਵਾ ।
ਸਭਨਾਂ ਤੋਂ ਛੋਟੀ ਹੈ 'ਬੱਕੀ', ਚੱਲ ਕੇ ਆਈ ਮਿਰਜ਼ੇ ਦੇ ਪਾਸ ।

੩੪

ਮੂੰਹ ਕਢਿਆਲਾ ਜੱਟ ਨੇ ਦੇ ਲਿਆ, ਪੰਜੇ ਪੀਰ ਮਨਾ ।
ਛਿੱਕ ਕੇ ਤੰਗ ਕੱਸਿਆ, ਲਏ ਨੇ ਸ਼ਗਨ ਮਨਾ ।
ਸਿਰ ਸਿਆਲਾਂ ਦੇ ਵੱਢ ਕੇ, ਦੇਵਾਂ ਜੰਡ ਚੜ੍ਹਾ ।
ਬੱਕੀ ਬੇਲ ਪਰ ਬਹਿ ਕੇ, 'ਬੱਕੀ' ਨੂੰ ਲਾਜ ਨਾ ਲਾ ।

੩੫

ਸ਼ੇਰ ਵ ਕਲਿਆਰ ਭੋਂਕਦੇ, ਵੇਖ ਜਿਨ੍ਹਾਂ ਦੀ ਧੂੰ ।
ਜਿਉਂ ਮੱਕਾ ਲੱਭਾ ਹਾਜੀਆਂ, ਮੈਨੂੰ ਲੱਭਾ ਤੂੰ ।
ਸ਼ਹਿਰ ਸ਼ਿਆਲਾਂ ਦੇ ਆ ਲੱਗੇ, ਜਿਉਂ ਫੱਟਾਂ ਉੱਤੇ ਲੂਣ ।
ਤੇਗ਼ਾਂ ਮਾਰ ਉਡਾਉਣਗੇ, ਜਿਉਂ ਪੇਂਜਾ ਪਿੰਜਦਾ ਰੂੰ ।

੩੬

ਮਿਰਜ਼ਾ ਆਖੇ ਕੋਈ ਨਾ ਦੀਹਦਾ ਸੂਰਮਾ, ਜਿਹੜਾ ਮੈਨੂੰ ਹੱਥ ਕਰੇ ।
ਕਟਕ ਭਿੜਾ ਦਿਆਂ ਟੱਕਰੀਂ, ਮੈਥੋਂ ਭੀ ਰਾਠ ਡਰੇ ।
ਵਲ ਵਲ ਵੱਢ ਦੇਉਂ ਸੂਰਮੇ, ਜਿਉਂ ਖੇਤੀ ਨੂੰ ਪੈਣ ਗੜ੍ਹੇ ।
ਸਿਰ ਸਿਆਲਾਂ ਦੇ ਵੱਢ ਕੇ, ਸੁੱਟਾਂਗਾ ਵਿੱਚ ਰੜੇ ।

੩੭

ਇਹ ਥਾਂ ਵਕਤ ਢਲਦਾ, ਜਿਉਂ ਸੁਬਹ ਸੇ ਹੋਇ ਸ਼ਾਮ ।
ਧਰਤੀ ਤਾਂਬਾ ਹੋ ਗਈ, ਸਿਆਹੀ ਫੜੀ ਅਸਮਾਨ ।
ਘਰ ਬਿਗਾਨੇ ਮਾਰ ਕੇ, ਸੌਂ ਰਿਹਾ ਵਿੱਚ ਮੈਦਾਨ ।
ਤੇਰੇ ਸਿਰ ਸਾਂਗਾਂ ਵਜਦੀਆਂ, ਜਿਉਂ ਲੋਹੇ ਪੜੇ ਧੰਗਾਨ ।
ਚੰਧੜ ਢੁਕੇ ਜੰਨ ਬਣ ਕੇ, ਮਾਰੇ ਤੈਨੂੰ ਬਾਝ ਨਾ ਜਾਣ ।
ਛੇੜ ਬੱਕੀ ਚੱਲੀਏ ਦਾਨਾਬਾਦ, ਕਿਉਂ ਪਿਐਂ ਵਿੱਚ ਮੈਦਾਨ ।

੩੮

ਮੇਰੇ ਮਿਰਜ਼ੇ ਦੇ ਹੱਥੋਂ ਪਈਆਂ ਭਾਜੜਾ, ਅੰਬਰ ਕੋਈ ਨਾ ਪੈਂਦੀ ਠੱਲ ।
ਰਾਣੀ ਮਹਿਲੀ ਤਿਡਾਂਲਣੀ, ਟੁਰ ਪਈ ਮਿਰਜ਼ੇ ਦੀ ਗੱਲ ।
ਮੈਂ ਬੈਠਾਂ ਵਿੱਚ ਕਚਹਿਰੀਆਂ, ਰਾਜੇ ਹੁੰਦੇ ਮੇਰੀ ਵੱਲ ।
ਮਾਰਾਂ ਰਾਹ ਲਾਹੌਰ ਦਾ, ਸ਼ਹਿਰੀਂ ਘੱਤਾਂ ਹਲਚਲ ।
ਚਾਰ ਕੂੰਟਾਂ ਲੁਟ ਲਈਆਂ, ਸਾਂਗਾਂ ਨਾਲ ਉਥੱਲ ।
ਮਰਨਾ ਤੇ ਜੱਗ ਛੱਡਣਾ, ਮੇਰੀ ਜੱਗ ਵਿੱਚ ਰਹਿ ਜਾਇ ਗੱਲ ।

੩੯

ਚੰਧੜ ਸਿਆਲ ਚੜ੍ਹ ਪਏ, ਰਾਹੀਂ ਘੱਤ ਵਹੀਰ ।
ਫੌਜਾਂ ਘੇਰਾ ਘੱਤਿਆ, ਕਰਕੇ ਬੜੀ ਤਦਬੀਰ ।
ਕੜ ਕੜ ਚਲਣ ਗੋਲੀਆਂ, ਮਿਰਜ਼ੇ ਨੂੰ ਪੈਂਦੇ ਬਹੁਤੇ ਤੀਰ ।
ਉਹ ਸੁੱਤਾ ਨਹੀਂ ਜਾਗਦਾ, ਕਾਇਮ ਨਹੀਂ ਹੁੰਦਾ ਸਰੀਰ ।

੪੦

ਵੇਖ ਜੰਡੂਰੇ ਦੀ ਛੱਤਰੀ, ਸਿਰ ਪਰ ਬੋਲੇ ਕਾਂ ।
ਟਾਂਗੂ ਵੱਜੇ ਮਲਕੁਲ ਮੌਤ ਦੇ, ਕਿਤੇ ਨਹੀਂ ਦੇਂਦੇ ਜਾਣ ।
ਚੰਧੜ ਸਿਆਲ ਮਾਰਨਗੇ ਬੜੇ ਸੂਰਮੇ ਜਵਾਨ ।
ਉਠੀਂ ਵੇ ਮਿਰਜ਼ਿਆ ਸੁੱਤਿਆ, ਕਿਉਂ ਪਿਆ ਬੜੇ ਗੁਮਾਨ ।
ਘੋੜੀ ਆਉਂਦੀ ਵੀਰ ਸ਼ਮੀਰ ਦੀ, ਆਉਂਦੀ ਹੀ ਬੜੇ ਤਾਣ ।
ਸੁੱਤਾ ਏਂ ਤੂੰ ਉੱਠ ਖੜ, ਜੇ ਰੱਬ ਰੱਖੇ ਸਿਦਕ ਈਮਾਨ ।

੪੧

ਮਿਰਜ਼ੇ ਆਉਂਦਾ ਵੇਖਿਆ, ਸਾਹਿਬਾਂ ਦਾ ਵੀਰ ਸ਼ਮੀਰ ।
ਤੇ ਮਿਰਜ਼ੇ ਨੇ ਗੋਸ਼ੇ ਵਿੱਚੋਂ ਕੱਢਿਆ, ਕਰੜੇ ਨੁੱਕੇ ਦਾ ਤੀਰ ।
ਕਰ ਬਿਸਮਿੱਲਾਹ ਮਾਰਿਆ, ਭੌਂਦਾ ਵਾਂਗ ਭੰਬੀਰ ।
ਘੋੜੀ ਉੱਤੋਂ ਲਾਹ ਲਿਆ, ਸਾਹਿਬਾਂ ਦਾ ਵੀਰ ਸ਼ਮੀਰ ।

੪੨

ਅੱਗੋਂ ਸਾਹਿਬਾਂ ਬੋਲਦੀ, ਮੰਨ ਮਿਰਜ਼ਿਆ ਮੇਰੀ ਸਲਾਹ ।
ਛੇੜ ਬੱਕੀ ਨੂੰ ਤੂੰ ਰਾਹ ਖਰਲਾਂ ਦੇ, ਲੈ ਚੱਲ ਦਾਨਾਬਾਦ ।
ਸਿਆਲਾਂ ਦੀਆਂ ਘੋੜੀਆਂ ਆਦਮ ਖਾਣੀਆਂ, ਨਿੱਤ ਰੋਕ ਲੈਂਦੀਆਂ ਰਾਹ ।
ਜੇ ਤੂੰ ਮਿਰਜ਼ਾ ਸੂਰਮਾ! ਮੇਰੀ ਸਾਹਿਬਾਂ ਦੀ ਓੜ ਨਿਭਾਹ ।

੪੩

ਮਿਰਜ਼ੇ ਵਿੱਚ ਬੜਾ ਗੁਮਾਨ ਸੀ, ਫਿਰ ਸੌਂ ਗਿਆ ਜੰਡੂਰੇ ਦੇ ਪਾਸ ।
ਮੈਂ ਵਲ ਵਲ ਵੱਢ ਦਿਆਂਗਾ ਸੂਰਮੇਂ, ਦੇਊਂ ਪੂਰ ਖਪਾ ।
ਮੈਨੂੰ ਝੱਟ ਕੁ ਠੋਂਕਾ ਲਾ ਲੈਣ ਦੇ, ਸੁੱਤੇ ਨੂੰ ਨਾ ਜਗਾ ।
ਦਿਨ ਚੜ੍ਹਦੇ ਨੂੰ ਚਲਾਂਗੇ, ਤੈਨੂੰ ਲੈ ਚਲਾਂ ਦਾਨਾਬਾਦ ।

੪੪

ਹੋਣੀ ਮਿਰਜ਼ੇ ਤੇ ਕੁੱਦ ਪਈ, ਰਲੀ ਸਿਆਲਾਂ ਦੇ ਨਾਲ ।
ਛੁੱਟੀ ਕਾਨੀ ਗ਼ਜ਼ਬ ਦੀ, ਲੈ ਗਈ ਮਿਰਜ਼ੇ ਨੂੰ ਨਾਲ ।
ਰੂਹ ਮਿਰਜ਼ੇ ਦੀ ਨਿਕਲ ਗਈ, ਲੱਗੀ ਜੰਡੂਰੇ ਨਾਲ ।
ਮੰਦਾ ਕੀਤਾ ਸਾਹਿਬਾਂ ਤੂੰ, ਰਲ ਗਈਆਂ ਸਿਆਲਾਂ ਦੇ ਨਾਲ ।
ਕਾਨੀ ਘੜੀ ਕੱਮਗਰਾਂ, ਫਲ ਕਿਸੇ ਉਸਤਾਕਾਰ ।
ਧੋਖੇ ਮਾਰੀ ਮੇਰੀ ਸਾਹਿਬਾਂ, ਨਾ ਆਰ ਨਾ ਪਾਰ ।
ਖਿੱਚ ਕੇ ਕੱਢੀ ਮਿਰਜ਼ੇ ਜਵਾਨ ਨੇ, ਕਰ ਗਈ ਮਿਰਜ਼ੇ ਨੂੰ ਪਾਰ ।

੪੫

ਅੱਗੋਂ ਸਾਹਿਬਾਂ ਬੋਲਦੀ, ਮਿਰਜ਼ਿਆ! ਮੰਨ ਮੇਰੀ ਅਰਜ਼ਾ ।
ਹੋਣੀ ਵਰਤੀ ਪੈਗੰਬਰਾਂ, ਹੋਣੀ ਮਿਰਜ਼ੇ ਤੇ ਗਈ ਆ ।
ਬੇਟੇ ਸ਼ਾਹ ਅਲੀ ਦੇ, ਹਸਨ ਹੁਸੈਨ ਭਰਾ ।
ਲੜਦੇ ਨਾਲ ਯਜ਼ੀਦੀਆਂ, ਦਿੱਤੇ ਪੂਰ ਖਪਾ ।
ਦਰ ਵਿੱਚ ਰੋਦੀ ਬੀਬੀ ਫ਼ਾਤਿਮਾ, ਮੁੜ ਕੇ ਨਾ ਆਏ ਮੇਰੇ ਪਾਹ ।
ਮਿਰਜ਼ਿਆ ਐਡ ਪੈਗੰਬਰ ਮਰ ਗਏ, ਤੂੰ ਕੀਹਦਾ ਪਾਣੀਹਾਰ ।
ਇੱਕ ਅਰਜ਼ ਮੇਰੀ ਮੰਨ ਲੈ, ਮੈਨੂੰ ਸਾਹਿਬਾਂ, ਲੈ ਚੱਲ ਨਾਲ ।

੪੬

ਮੰਦਾ ਕੀਤਾ ਸੁਣ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਜੰਡ ।
ਤਿੰਨ ਸੌ ਕਾਨੀ ਮਿਰਜ਼ੇ ਜਵਾਨ ਦੀ, ਦੇਂਦਾ ਸਿਆਲਾਂ ਨੂੰ ਵੰਡ ।
ਪਹਿਲੀ ਮਾਰਦਾ ਵੀਰ ਸ਼ਮੀਰ ਦੇ, ਦੂਜੀ ਕੁੱਲੇ ਦੇ ਤੰਗ ।
ਤੀਜੀ ਮਾਰਾਂ ਜੋੜ ਕੇ, ਜਿਹਦੀ ਹੈਂ ਤੂੰ ਮੰਗ ।
ਸਿਰ ਤੋਂ ਮੁੰਡਾਸਾ ਉੱਡ ਗਿਆ, ਗਲ ਵਿੱਚ ਪਈ ਝੰਡ ।
ਬਾਝ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਦੇ ਸੰਗ ।

੪੭

ਪੀਲੂ ਪੁਛੇ ਸ਼ਾਇਰ ਨੂੰ, ਕੈ ਵੱਲ ਗਿਆ ਜਹਾਨ ।
ਬਹਿ ਬਹਿ ਗਈਆਂ ਮਜਲਿਸਾਂ, ਲੱਗ ਲੱਗ ਗਏ ਦੀਵਾਨ ।
ਮਿਰਜ਼ਾ ਮਾਰਿਆ ਮਲਕੁਲ ਮੌਤ ਦਾ, ਕੁਝ ਮਾਰਿਆ ਉਹਨੂੰ ਗੁਮਾਨ ।
ਵਿੱਚ ਕਬਰਾਂ ਦੇ ਖੱਪ ਗਿਆ, ਮਿਰਜ਼ਾ ਸੋਹਣਾ ਜਵਾਨ ।
ਕਿੱਸਾ ਜੋੜਿਆ ਪੀਲੂ ਸ਼ਾਇਰ ਨੇ, ਜਿਹਨੂੰ ਜਾਣੇ ਕੁਲ ਜਹਾਨ ।