Pehli Baarish (Ghazals) : Tarsem Noor
ਪਹਿਲੀ ਬਾਰਿਸ਼ (ਗ਼ਜ਼ਲ ਸੰਗ੍ਰਹਿ) : ਤਰਸੇਮ ਨੂਰ
ਕੀ ਹੋਇਆ ਜੇ ਪਾਣੀ ਨਹੀਂਓ
ਕੀ ਹੋਇਆ ਜੇ ਪਾਣੀ ਨਹੀਂਓ। ਦਿਲ ਦੀ ਅੱਗ ਬੁਝਾਣੀ ਨਹੀਂਓ। ਤੇਰੀ ਜ਼ੁਲਫ਼ ਦੀ ਖ਼ੁਸ਼ਬੂ ਅੱਗੇ, ਕੁਝ ਵੀ ਰਾਤ ਦੀ ਰਾਣੀ ਨਹੀਂਓ। ਕੀ ਹੈ ਦਿਲ ਵਿਚ ਅੱਜ ਮਲਾਹਾ ! ਬੇੜੀ ਬੰਨੇ ਲਾਣੀ ਨਹੀਂਓ। ਮੈਂ ਵੀ ਠੂਠੇ ਤੋਂ ਕੀ ਲੈਣਾ, ਤੂੰ ਵੀ ਖ਼ੈਰ ਜੋ ਪਾਣੀ ਨਹੀਂਓ। ਧੂੜ ਗ਼ਮਾਂ ਦੀ ਹੈ ਇਸ ਉੱਤੇ, ਇਹ ਤਸਵੀਰ ਪੁਰਾਣੀ ਨਹੀਂਓ। ਐਸੇ ਖੂਹ ਨੂੰ ਖੂਹ ਵਿਚ ਸੁੱਟ ਦੇ, ਜਿਸ ਨੇ ਪਿਆਸ ਬੁਝਾਣੀ ਨਹੀਂਓ। ਸੋਚ ਸਮਝ ਕੇ ਤੁਰਨਾ ਪੈਣਾ, ਜੇਕਰ ਠੋਕਰ ਖਾਣੀ ਨਹੀਂਓ। ਏਦਾਂ ਲਗਦਾ ‘ਨੂਰ’ ਦਾ ਏਥੇ, ਹੁਣ ਤਾਂ ਦਾਣਾ ਪਾਣੀ ਨਹੀਂਓ।
ਖ਼ਸਤਾ ਹਾਲ ਮਕਾਨਾਂ ਵਰਗੇ
ਖ਼ਸਤਾ ਹਾਲ ਮਕਾਨਾਂ ਵਰਗੇ। ਹੁਣ ਤੇ ਹਾਂ ਮਹਿਮਾਨਾਂ ਵਰਗੇ। ਦਾਨ ਵੀ ਦੇਵੇ ਨਾਂ ਲਿਖਵਾ ਕੇ, ਪੁੰਨ ਕਰੇ ਅਹਿਸਾਨਾਂ ਵਰਗੇ। ਹਰ ਗੱਲ ਅੰਦਰ ਸੌਦੇਬਾਜ਼ੀ, ਹੁਣ ਨੇ ਲੋਕ ਦੁਕਾਨਾਂ ਵਰਗੇ। ਫ਼ਰਜ਼ਾਂ ਦੀ ਅੱਗ ਬਲਦੀ ਰਹਿੰਦੀ, ਰਿਸ਼ਤੇ ਨੇਂ ਸ਼ਮਸ਼ਾਨਾਂ ਵਰਗੇ। ਨੱਚ ਪਈਂ ਨਾ ਦੇਖਦਿਆਂ ਹੀ, ਸੁੱਖ ਹੁੰਦੇ ਮਹਿਮਾਨਾਂ ਵਰਗੇ। ਹਾਲੇ ਵੀ ਨੇਂ ਕਿੱਧਰੇ ਕਿੱਧਰੇ, ਕੁਝ ਬੰਦੇ ਇਨਸਾਨਾਂ ਵਰਗੇ। ਕੁਝ ਜੀਵਨ ਦੇ ਰਸਤੇ ਸੁਹਣੇ, ਕੁਝ ਕੋਲੇ ਦੀਆਂ ਖਾਨਾਂ ਵਰਗੇ। ਦਾਨੇ ਬਣ ਕੇ ‘ਨੂਰ’ ਕੀ ਖੱਟਿਆ, ਚੰਗੇ ਸੀ ਨਾਦਾਨਾਂ ਵਰਗੇ।
ਜੇਕਰ ਉਹਦੇ ਹੱਥ ਪੱਥਰ ਸੀ
ਜੇਕਰ ਉਹਦੇ ਹੱਥ ਪੱਥਰ ਸੀ। ਮੈਂ ਕਿਹੜਾ ਸ਼ੀਸ਼ੇ ਦਾ ਘਰ ਸੀ। ਦੇਖਦਿਆਂ ਹੈਰਾਨੀ ਹੋਈ ! ਘਰ ਦੇ ਅੰਦਰ ਕਿੰਨੇ ਘਰ ਸੀ। ਮੀਂਹ ਤਾਂ ਵਰ੍ਹਿਆ ਇਕ ਬਰਾਬਰ, ਸਭ ਤੇ ਵੱਖੋ ਵੱਖ ਅਸਰ ਸੀ। ਉਹ ਉਡਦਾ ਤਾਂ ਕਿੰਨਾ ਉਡਦਾ, ਜਿਸਦੇ ਕੋਲ ਪਰਾਏ ਪਰ ਸੀ। ਮੈਂ ਕੱਲਾ ਹੁੰਦਾ ਤਾਂ ਕਿੱਦਾ ! ਮੇਰੇ ਨਾਲ ਬੜਾ ਲਸ਼ਕਰ ਸੀ। ‘ਨੂਰ’ ਉਹਦੀ ਭੁੱਖ ਦਾ ਕੀ ਬਣਿਆ, ਮੇਰਾ ਮਾਸ ਤੇ ਚੂੰਢੀ ਭਰ ਸੀ।
ਬੱਚੇ ਮਿੱਟੀ ਨਾਲ ਭਰੇ ਸਨ
ਬੱਚੇ ਮਿੱਟੀ ਨਾਲ ਭਰੇ ਸਨ। ਵੱਡਿਆਂ ਨਾਲੋਂ ਫੇਰ ਖਰੇ ਸਨ। ਕੀ ਤੇਰੇ ਤਕ ਪਹੁੰਚ ਗਏ ਨੇਂ ! ਕਲ ਮੈਂ ਹਵਾ ਤੇ ਹਰਫ਼ ਧਰੇ ਸਨ। ਸੱਚ ਦੱਸਾਂ ਤਾਂ ਉਹਦੀਆਂ ਗੱਲਾਂ, ਮੇਰੀ ਸਮਝੋਂ ਬਹੁਤ ਪਰੇ ਸਨ। ਆਖ਼ਿਰ ਉਹ ਗੱਲ ਝੂਠੀ ਨਿਕਲੀ, ਜਿਹੜੀ ਗੱਲੋਂ ਲੋਕ ਡਰੇ ਸਨ। ਫੇਰ ਸਫ਼ਰ ਦਾ ਸੱਦਾ ਆਇਆ, ਹਾਲੇ ਮੈਂ ਘਰ ਪੈਰ ਧਰੇ ਸਨ। ਉਹ ਨੇ ਨੂਰ ਅਜੇ ਵੀ ਜ਼ਿੰਦਾ, ਜਿਹੜੇ ਇਕੋ ਵਾਰ ਮਰੇ ਸਨ।
ਹਨੇਰੇ ਘਰ ਉਜਾਲਾ ਟੋਲਦਾ ਹਾਂ
ਹਨੇਰੇ ਘਰ ਉਜਾਲਾ ਟੋਲਦਾ ਹਾਂ। ਮੈਂ ਅਪਣੇ ਆਪ ਨੂੰ ਹੀ ਰੋਲਦਾ ਹਾਂ। ਖ਼ਿਆਲਾਂ ਦੀ ਲੜੀ ਹੈ ਘੇਰ ਲੈਂਦੀ, ਮੈਂ ਜਦ ਸੰਦੂਕ ਮਾਂ ਦਾ ਫੋਲਦਾ ਹਾਂ। ਪਤਾ ਲੱਗਿਆ ਜਦੋਂ ਖ਼ਾਮੋਸ਼ ਹੋਇਆ, ਮੈਂ ਚੁੱਪ ਰਹਿ ਕੇ ਵੀ ਕਿੰਨਾ ਬੋਲਦਾ ਹਾਂ। ਕੋਈ ਝੱਟ ਆ ਕੇ ਬਾਂਹ ਫੜਦਾ ਹੈ ਮੇਰੀ, ਮੈਂ ਮੁਸ਼ਕਿਲ ਵਿਚ ਜਦੋਂ ਵੀ ਡੋਲਦਾ ਹਾਂ। ਉਹ ਹਿੰਮਤ ਹੀ ਨਹੀਂ ਉੱਡਣ ਦੀ ਕਰਦਾ, ਮੈਂ ਪਿੰਜਰਾ ਵੀ ਬਥੇਰਾ ਖੋਲਦਾ ਹਾਂ। ਮੇਰੇ ਵੱਟੇ ਨਾ ਮੇਰਾ ਸਾਥ ਦਿੰਦੇ, ਮੈਂ ਤੋਲਣ ਨੂੰ ਤਾਂ ਪੂਰਾ ਤੋਲਦਾ ਹਾਂ। ਉਹ ਮੈਨੂੰ ਦੂਰ ਦਾ ਹੀ ਨੂਰ ਸਮਝੇ, ਕੋਈ ਦੱਸੇ ਮੈਂ ਉਹਦੇ ਕੋਲਦਾ ਹਾਂ।
ਪੈਂਡਾ ਪੂਰਾ ਕਰ ਜਾਵਾਂਗਾ
ਪੈਂਡਾ ਪੂਰਾ ਕਰ ਜਾਵਾਂਗਾ। ਆਖ਼ਿਰ ਅਪਣੇ ਘਰ ਜਾਵਾਂਗਾ। ਸੱਜਣਾ ! ਕੌੜਾ ਬੋਲ ਨ ਬੋਲੀਂ, ਮੈਂ ਸੁਣਦੇ ਹੀ ਮਰ ਜਾਵਾਂਗਾ। ਦਰਿਆ ਲਗਦੈ ! ਡੋਬ ਕੇ ਛੱਡੂ, ਮੈਨੂੰ ਜਾਪੇ ਤਰ ਜਾਵਾਂਗਾ। ਦਿਲ ਤਾਂ ਹਾਲੇ ਜੀਣ ਨੂੰ ਕਰਦੈ, ਕਹਿਣਾ ਏਂ ਤਾਂ ਮਰ ਜਾਵਾਂਗਾ। ਭਰਿਆ ਹਾਂ ਤੇ ਮੌਜਾਂ ਹੀ ਮੌਜਾਂ, ਖ਼ਾਲੀ ਹਾਂ ਤਾਂ ਭਰ ਜਾਵਾਂਗਾ। ਨੂਰ ਉਹ ਬਦਲ ਖ਼ੁਸ਼ਕ ਹੈ ਫਿਰ ਵੀ, ਕਹਿੰਦਾ ਹੈ ਕਿ ਵਰ੍ਹ ਜਾਵਾਂਗਾ।
ਬਥੇਰਾ ਮੁਸ਼ਕਿਲਾਂ ਨੇ ਰੋਕਿਆ ਸੀ
ਬਥੇਰਾ ਮੁਸ਼ਕਿਲਾਂ ਨੇ ਰੋਕਿਆ ਸੀ। ਮੈਂ ਹੱਥ ਅੰਬਰ ਨੂੰ ਤਾਂ ਵੀ ਲਾ ਲਿਆ ਸੀ। ਮੈਂ ਇਕ ਅਪਨੇ ਤੋਂ ਰਸਤਾ ਪੁੱਛਿਆ ਸੀ, ਫਿਰ ਉਸ ਤੋਂ ਬਾਦ ਕਿੰਨਾ ਭਟਕਿਆ ਸੀ। ਜਦੋਂ ਚੁੱਪ ਪੱਸਰੀ ਸੀ ਚਾਰੇ ਪਾਸੇ, ਉਦੋਂ ਸੂਰਜ ਨੂੰ ਕਿਸ ਨੇ ਬਾਲਿਆ ਸੀ। ਉਹ ਮੱਥਾ ਰਗੜਦਾ ਪੱਥਰਾਂ ਨੂੰ ਜਾ ਕੇ, ਮੈਂ ਜਿਸ ਨੂੰ ਰੱਬ ਵਾਂਗੂੰ ਪੂਜਿਆ ਸੀ। ਉਹਨੇ ਕਿਉਂ ਭਾਰ ਦਾ ਨੲ੍ਹੀਂ ਜ਼ਿਕਰ ਕੀਤਾ, ਜਿਹਨੇ ਧਰਤੀ ਤੇ ਅੰਬਰ ਤੋਲਿਆ ਸੀ। ਉਹ ਸੱਚਾ ਸੀ ਕਿਵੇਂ ਮਹਿਸੂਸ ਹੁੰਦਾ, ਮੇਰੀ ਮੱਤ ਤੇ ਹੀ ਪਰਦਾ ਪੈ ਗਿਆ ਸੀ।
ਦਿਲ ਦੀ ਗੱਠੜੀ ਕਿਉਂ ਨਾ ਫੋਲਾਂ
ਦਿਲ ਦੀ ਗੱਠੜੀ ਕਿਉਂ ਨਾ ਫੋਲਾਂ। ਬੰਦ ਝਰੋਖੇ ਕਿਉਂ ਨਾ ਖੋਲਾਂ। ਕੋਈ ਹੋਰ ਹੀ ਮਿਲ ਜਾਂਦਾ ਏ, ਜਦ ਵੀ ਅਪਨੇ ਆਪ ਨੂੰ ਟੋਲਾਂ। ਉਹਨੂੰ ਵੇਖ ਕੇ ਬੁੱਲ ਜੁੜ ਜਾਂਦੇ, ਅਪਣੇ ਨਾਲ ਬਥੇਰਾ ਬੋਲਾਂ। ਜਿਧਰੋਂ ਦੀ ਉਹ ਅੰਦਰ ਆਵੇ, ਕਿਹੜਾ ਐਸਾ ਬੂਹਾ ਖੋਲਾਂ। ਤੇਰੇ ਬਾਝ ਤਾਂ ਪਾਣੀ ਉੱਤੇ, ਖਾਲੀ ਬੇੜੀ ਵਾਂਗੂੰ ਡੋਲਾਂ। ਜੀਭ ਮਿਲੀ ਹੈ ਸਹੀ ਸਲਾਮਤ, ਫਿਰ ਵੀ ਗੂੰਗੇ ਵਾਂਗੂੰ ਬੋਲਾਂ ਮੈਂ ਤੇ ਨੂਰ ਤੇਰੇ ਪੈਰਾਂ ਦੀ, ਮਿੱਟੀ ਬਦਲੇ ਸੋਨਾ ਤੋਲਾਂ।
ਜੰਨਤ ਵਾਂਗ ਨਜ਼ਾਰਾ ਮਿਲਦਾ
ਜੰਨਤ ਵਾਂਗ ਨਜ਼ਾਰਾ ਮਿਲਦਾ। ਜਦ ਵੀ ਸੱਜਣ ਪਿਆਰਾ ਮਿਲਦਾ। ਕਿੰਨਾ ਚੰਗਾ ਹੁੰਦਾ ਜੇਕਰ, ਉਹੀ ਸ਼ਖ਼ਸ ਦੁਬਾਰਾ ਮਿਲਦਾ। ਜਾਨ ਵੀ ਦਾਅ ਤੇ ਲਾਉਣੀ ਪੈਂਦੀ, ਐਵੇਂ ਨਹੀਂ ਕਿਨਾਰਾ ਮਿਲਦਾ। ਉਹਦਾ ਅਪਣਾ ਕੀ ਹੈ ਏਥੇ ! ਜਿਸ ਨੂੰ ਜਿਸਮ ਉਧਾਰਾ ਮਿਲਦਾ। ਤੇਰੇ ਕੋਲ ਮੈਂ ਆਵਾਂ ਕਿੱਦਾਂ। ਘਰ ਤੋਂ ਨੲ੍ਹੀਂ ਛੁਟਕਾਰਾ ਮਿਲਦਾ। ਗੱਲ ਹਮੇਸ਼ਾ ਉਥੇ ਕਰੀਏ, ਜਿੱਥੇ ਨੂਰ ਹੁੰਗਾਰਾ ਮਿਲਦਾ।
ਚੰਨ ਦੇ ਬਾਝੋਂ ਰਾਤ ਅਧੂਰੀ
ਚੰਨ ਦੇ ਬਾਝੋਂ ਰਾਤ ਅਧੂਰੀ। ਕੀ ਕਰਨੀ ਹੈ ਬਾਤ ਅਧੂਰੀ। ਧੌਣ ਮੇਰੀ ਕਿਉਂ ਲਾਹ ਨਹੀਂ ਦਿੰਦੇ, ਕਿਓਂ ਦਿੰਦੇ ਹੋ ਮਾਤ ਅਧੂਰੀ। ਅੱਜ ਵੀ ਨਾਨੀ ਨੇ ਬੱਚਿਆਂ ਨੂੰ, ਫੇਰ ਸੁਣਾਈ ਬਾਤ ਅਧੂਰੀ। ਕੱਚੇ ਕੋਠੇ ਹੱਸ ਰਹੇ ਨੇ, ਹੋਈ ਹੈ ਬਰਸਾਤ ਅਧੂਰੀ। ਦਿਨ ਚੜਿਆ ਫਿਰ ਧੁੰਧਲਾ ਧੁੰਧਲਾ, ਫਿਰ ਹੋਈ ਪ੍ਰਭਾਤ ਅਧੂਰੀ। ਨੂਰ ਨਤੀਜ਼ਾ ਨਿਕਲੇ ਕਿੱਦਾਂ ! ਹੁੰਦੀ ਹੈ ਗੱਲਬਾਤ ਅਧੂਰੀ।
ਕਾਸ਼ ! ਐਸਾ ਕਮਾਲ ਹੋ ਜਾਏ
ਕਾਸ਼ ! ਐਸਾ ਕਮਾਲ ਹੋ ਜਾਏ। ਇਕ ਦੋਹਾਂ ਦੀ ਚਾਲ ਹੋ ਜਾਏ। ਖ਼ੂਨ ਡੋਲੇ ਕਿਸੇ ਦਾ ਜਦ ਕੋਈ, ਰੰਗ ਧਰਤੀ ਦਾ ਲਾਲ ਹੋ ਜਾਏ। ਮੌਤ ਓਦੋਂ ਜਵਾਬ ਬਣ ਜਾਂਦੀ, ਜ਼ਿੰਦਗੀ ਜਦ ਸਵਾਲ ਹੋ ਜਾਏ। ਗ਼ਮ ਨੂੰ ਜਿੰਨਾ ਪਰਾਂ ਕਰੇ ਕੋਈ, ਇਹ ਸਗੋਂ ਹੋਰ ਨਾਲ ਹੋ ਜਾਏ। ਅੰਤ ਹਰ ਆਦਮੀ ਦਾ ਜ਼ੀਰੋ ਹੈ, ਕੋਈ ਕਿੰਨਾ ਵਿਸ਼ਾਲ ਹੋ ਜਾਏ। ਨੂਰ ਕਿੰਨੇ ਦਿਨਾਂ ਤੋਂ ਲਭਦਾ ਨਹੀਂ, ਇਕ ਗੁਆਚੇ ਦੀ ਭਾਲ ਹੋ ਜਾਏ।
ਸ਼ੀਸ਼ੇ ਦੇ ਘਰ ਪੱਥਰ ਦਾ ਸਾਮਾਨ ਰਹੇ
ਸ਼ੀਸ਼ੇ ਦੇ ਘਰ ਪੱਥਰ ਦਾ ਸਾਮਾਨ ਰਹੇ। ਲਗਦਾ ਇਹਨਾਂ ਨਾਲ ਕੋਈ ਵਰਦਾਨ ਰਹੇ। ਜਿਹੜੇ ਲਮਹੇ ਸਭ ਨੂੰ ਮੁਸ਼ਕਿਲ ਲਗਦੇ ਸੀ, ਉਹੀ ਲਮਹੇ ਮੇਰੇ ਲਈ ਆਸਾਨ ਰਹੇ। ਰਾਤੀਂ ਚੰਨ ਸਿਤਾਰੇ ਸੂਰਜ ਦਿਨ ਵੇਲੇ, ਕੀ ਕੀ ਲੈ ਕੇ ਧਰਤੀ ਤੇ ਅਸਮਾਨ ਰਹੇ। ਸ਼ੀਸ਼ੇ ਕੋਲੋਂ ਅਪਣੇ ਬਾਰੇ ਪੁੱਛਦਾ ਹਾਂ, ਮੈਨੂੰ ਜਦ ਵੀ ਅਪਣੀ ਨਾ ਪਹਿਚਾਨ ਰਹੇ। ਦੂਜੇ ਦੇ ਘਰ ਵਿਚੋਂ ਜਾਣਾ ਹੀ ਪੈਂਦਾ, ਆਖ਼ਿਰ ਕਿੰਨੀ ਦੇਰ ਕੋਈ ਮਹਿਮਾਨ ਰਹੇ। ਉਸ ਪਾਣੀ ਨੂੰ ਨੂਰ ਭਲਾ ਕੀ ਆਖਾਂਗੇ, ਜਿਸ ਪਾਣੀ ਵਿਚ ਪਾਣੀ ਦੀ ਪਹਿਚਾਨ ਰਹੇ।
ਹੈ ਸਮਾਂ ਹਾਲੇ ਵੀ ਜੇ ਆ ਜਾਏ ਉਹ
ਹੈ ਸਮਾਂ ਹਾਲੇ ਵੀ ਜੇ ਆ ਜਾਏ ਉਹ। ਬੇਰੁਖ਼ੀ ਕਰਕੇ ਨ ਫਿਰ ਪਛਤਾਏ ਉਹ। ਰਾਤ ਹੋ ਜਾਏ ਜਦੋਂ ਹੋਵੇ ਉਦਾਸ, ਦਿਨ ਚੜ੍ਹੇ ਓਦੋਂ ਜਦੋਂ ਮੁਸਕਾਏ ਉਹ। ਖ਼ਾਰ ਹੈ ਜੇਕਰ ਤਾਂ ਚੁਭੇ ਪੈਰ ਵਿਚ, ਫੁੱਲ ਹੈ ਤਾਂ ਘਰ ਮੇਰਾ ਮਹਿਕਾਏ ਉਹ। ਮੈਂ ਜੇ ਪੁੱਛਾਂ ਗੱਲ ਕਰਦਾ ਗੋਲ-ਮੋਲ, ਦੂਜਿਆਂ ਨੂੰ ਖੁੱਲ੍ਹ ਕੇ ਸਮਝਾਏ ਉਹ। ਮਿਲਣ ਦੀ ਤੂੰ ਆਸ ਨਾ ਛੱਡੀਂ ਕਦੇ, ਕੀ ਪਤਾ ! ਕਿਸ ਮੋੜ ਤੇ ਮਿਲ ਜਾਏ ਉਹ। ਨ੍ਹੇਰ ਦਾ ਤਰਲਾ ਨਾ ਕਰਦਾ ਜੋ ਕਦੀ, ‘ਨੂਰ’ ਆਪਣਾ ਹਰ ਜਗ੍ਹਾ ਫੈਲਾਏ ਉਹ।
ਇਕ ਦੂਜੇ ਤੋਂ ਡਰਦੇ ਰਹੇ
ਇਕ ਦੂਜੇ ਤੋਂ ਡਰਦੇ ਰਹੇ। ਐਵੇਂ ਦੋਵੇਂ ਮਰਦੇ ਰਹੇ। ਰੱਬ ਮਿਲਣਾ ਸੀ ਹੋਰ ਕਿਤੋਂ, ਸਜਦੇ ਕਿੱਥੇ ਕਰਦੇ ਰਹੇ। ਵੰਡਣ ਵਾਲੇ ਚੰਗੇ ਸਨ, ਅਪਣਾ ਹੀ ਘਰ ਭਰਦੇ ਰਹੇ। ਧਰਤ ਪਿਆਸੀ ਇੱਧਰ ਸੀ, ਬੱਦਲ ਓਧਰ ਵਰ੍ਹਦੇ ਰਹੇ। ਤਾਰੂ ਸਾਰੇ ਡੁੱਬ ਗਏ, ਡੁੱਬਣ ਵਾਲੇ ਤਰਦੇ ਰਹੇ। ਇੰਝ ਭਟਕਾਇਆ ਕਵਿਤਾ ਨੇ, ਨਾ ਬਾਹਰ ਨਾ ਘਰ ਦੇ ਰਹੇ। ‘ਨੂਰ’ ਨਦੀ ਵਿਚ ਰਹਿ ਕੇ ਵੀ । ਪਾਣੀ ਪਾਣੀ ਕਰਦੇ ਰਹੇ।
ਸਾਹ ਚੱਲਣੋਂ ਜਦ ਰੁਕ ਜਾਂਦੇ ਨੇ
ਸਾਹ ਚੱਲਣੋਂ ਜਦ ਰੁਕ ਜਾਂਦੇ ਨੇ। ਸਾਰੇ ਝਗੜੇ ਮੁੱਕ ਜਾਂਦੇ ਨੇ। ਜਦ ਵੀ ਪਿਆਸ ਉਹਨਾਂ ਨੂੰ ਲਗਦੀ, ਬੁੱਲ੍ਹ ਮੇਰੇ ਵੀ ਸੁੱਕ ਜਾਂਦੇ ਨੇ । ਦੌਲਤ ਵਾਲੀ ਚਾਦਰ ਹੇਠਾਂ, ਐਬ ਹਮੇਸ਼ਾ ਲੁੱਕ ਜਾਂਦੇ ਨੇ। ਉਹ ਟਹਿਣੀ ਤੇ ਰਹਿ ਨਹੀਂ ਸਕਦੇ, ਜਿਹੜੇ ਪੱਤੇ ਸੁੱਕ ਜਾਂਦੇ ਨੇ। ਪੱਕੇ ਅੰਬ ਮਿਲਣ ਤਾਂ ਕਿੱਦਾਂ, ਤੋਤੇ ਪਹਿਲਾਂ ਟੁੱਕ ਜਾਂਦੇ ਨੇ। ‘ਨੂਰ’ ਗ਼ਮਾਂ ਨੂੰ ਕੌਣ ਬੁਲਾਉਂਦਾ, ਆਪੇ ਨੇੜੇ ਢੁੱਕ ਜਾਂਦੇ ਨੇ।
ਤੈਨੂੰ ਚੇਤੇ ਕਰਦੇ ਕਰਦੇ
ਤੈਨੂੰ ਚੇਤੇ ਕਰਦੇ ਕਰਦੇ। ਜੀ ਉੱਠਿਆ ਮੈਂ ਮਰਦੇ ਮਰਦੇ। ਜਾਂ ਉਹਨੂੰ ਕੁਝ ਦੇ ਦੇ ਸੋਝੀ, ਜਾਂ ਫਿਰ ਮੈਨੂੰ ਪੱਥਰ ਕਰਦੇ। ਮੁੱਖੜੇ ਤੋਂ ਸਰਕਾ ਕੇ ਪਰਦਾ, ਚੰਨ ਨੂੰ ਪਾਣੀ ਪਾਣੀ ਕਰਦੇ। ਚੰਗੇ ਬੰਦੇ ਗੱਲ ਹਮੇਸ਼ਾ, ਚੰਗੀ ਸੁਣਦੇ, ਚੰਗੀ ਕਰਦੇ। ਕਿੰਨੇ ਵੀ ਹੱਥ ਪੈਰ ਉਹ ਮਾਰਨ, ਤੇਰੇ ਡੋਬੇ ਨੲ੍ਹੀਂਓ ਤਰਦੇ। ਤੇਰੇ ਅੱਗੇ ਜ਼ੋਰ ਏ ਕਾਹਦਾ ! ਤੇਰੀ ਮਰਜ਼ੀ ਜੋ ਵੀ ਕਰਦੇ। ਉਹ ਵੀ ਜੀਵਨ ਕਾਹਦਾ ਜੀਵਨ, ਜਿਹੜਾ ਲੰਘੇ ਡਰਦੇ ਡਰਦੇ। ਫਿਰ ਵੀ ‘ਨੂਰ’ ਨਜ਼ਰ ਆਏਗਾ, ਭਾਵੇਂ ਕਿੰਨੇ ਪਰਦੇ ਕਰਦੇ।
ਇੱਕ ਕਤਰੇ ਨੂੰ ਸਮੁੰਦਰ ਦੇ ਦਿਓ
ਇੱਕ ਕਤਰੇ ਨੂੰ ਸਮੁੰਦਰ ਦੇ ਦਿਓ। ਹੋ ਸਕੇ ਬੇਘਰ ਨੂੰ ਵੀ ਘਰ ਦੇ ਦਿਓ। ਕਿਸ ਦਾ ਹੈ ਇਹ ਮਸ਼ਵਰਾ ਖੇਡਣ ਲਈ, ਬਿੱਲੀਆਂ ਨੂੰ ਹੀ ਕਬੂਤਰ ਦੇ ਦਿਓ। ਸ਼ਿਅਰ ਵਿਚ ਮੈਂ ਵੀ ਨਜ਼ਾਕਤ ਭਰ ਲਵਾਂ, ਆਪਣੇ ਵਰਗੇ ਜੇ ਅੱਖਰ ਦੇ ਦਿਓ। ਕਾਫ਼ਿਲਾ ਮੰਜ਼ਿਲ ਤੇ ਜੇ ਹੈ ਦੇਖਣਾ, ਚੱਜ ਦਾ ਫਿਰ ਕੋਈ ਰਹਿਬਰ ਦੇ ਦਿਓ। ਹਾਂ ਸ਼ਨਾਖ਼ਤ ਵੀ ਜ਼ਰੂਰੀ ਹੈ ਮਗਰ, ਲਾਸ਼ ਦੇ ਉੱਪਰ ਤਾਂ ਚਾਦਰ ਦੇ ਦਿਓ। ‘ਨੂਰ’ ਅੰਬਰ ਚੀਰ ਕੇ ਉੱਡ ਜਾਏਗਾ, ਪਰ ਕਟੇ ਪੰਛੀ ਨੂੰ ਜੇ ਪਰ ਦੇ ਦਿਓ।
ਬੈਠ ਕੇ ਛਾਂਵੇ ਤੇਰੀ ਦੀਵਾਰ ਦੇ
ਬੈਠ ਕੇ ਛਾਂਵੇ ਤੇਰੀ ਦੀਵਾਰ ਦੇ । ਦੇਖ ਲੈ ! ਗੂੰਗੇ ਵੀ ਗੱਲਾਂ ਮਾਰ ਦੇ। ਜ਼ਿੰਦਗੀ ਭਰ ਦਾ ਥਕੇਵਾਂ ਲਹਿ ਗਿਆ, ਬੋਲ ਦੋ ਬੋਲੇ ਜਦੋਂ ਤੂੰ ਪਿਆਰ ਦੇ। ਕਾਂ ਬਨੇਰੇ ਤੇ ਕੀ ਆ ਕੇ ਬੋਲਿਆ, ਵਧ ਗਏ ਕੁਝ ਸਾਹ ਤੇਰੇ ਬੀਮਾਰ ਦੇ। ਤੇਰੀ ਤੱਕਣੀ ਨਾਲ ਧੜਕਨ ਵਧ ਗਈ, ਅਸ਼ਕੇ ਜਾਵਾਂ ਮੈਂ ਤੇਰੇ ਇਸ ਵਾਰ ਦੇ। ਖ਼ੂਨ ਹੈ ਹਰ ਇਕ ਜਗ੍ਹਾ ਡੁੱਲ੍ਹਿਆ ਪਿਆ, ਕਿਸ ਤਰ੍ਹਾਂ ਅੱਖਰ ਪੜ੍ਹਾਂ ਅਖ਼ਬਾਰ ਦੇ। ਮੇਰਿਆਂ ਹੱਥਾਂ ਦੇ ਵਿਚ ਵੀ ਬੀਨ ਹੈ, ਤੇਰੇ ਵੱਲ ਜੇ ਨਾਗ ਨੇ ਫ਼ੁੰਕਾਰ ਦੇ। ਹੁਣ ਤੇ ਐ ਰੱਬਾ! ਬੁਝਾਅ ਦੇ ਅੱਗ ਇਹ, ਹੁਣ ਤੇ ਤਪਦੇ ਹਿਰਦਿਆਂ ਨੂੰ ਠਾਰਦੇ। ਕਿਸ ਤਰ੍ਹਾਂ ਘਰ ਦੇਵਾਂ ਤੈਨੂੰ ਵੱਖਰਾ, ਕਿਸ ਤਰ੍ਹਾਂ ਟੋਟੇ ਕਰਾਂ ਪਰਿਵਾਰ ਦੇ। ਜੇ ਕਿਤੇ ਤੂੰ ਅੱਖੀਆਂ ਨਾ ਫੇਰਦਾ, ‘ਨੂਰ’ ਨੂੰ ਪੱਥਰ ਨਾ ਲੋਕੀਂ ਮਾਰਦੇ।
ਭਾਵੇਂ ਕਿੰਨੀ ਕੋਈ ਕਰੇ ਜਲਦੀ
ਭਾਵੇਂ ਕਿੰਨੀ ਕੋਈ ਕਰੇ ਜਲਦੀ ਪੇਸ਼ ਚਲਦੀ ਨਹੀਂ ਤਾਂ ਨੲ੍ਹੀਂ ਚਲਦੀ ਰੋਜ਼ ਉਹ ਮਿਹਰਬਾਨ ਨੲ੍ਹੀਂ ਹੁੰਦਾ ਰੋਜ਼ ਠੰਡੀ ਹਵਾ ਨਹੀਂ ਚਲਦੀ ਇਕ ਧਰਤੀ ਤੇ ਦੂਸਰਾ ਅੰਬਰ ਸਾਂਝ ਦੋਹਾਂ ਦੀ ਕਿਸ ਤਰ੍ਹਾਂ ਪਲਦੀ ਕੋਈ ਤਾਂ ਜੋੜਦਾ ਹੈ ਸਾਹਾਂ ਨੂੰ ਜ਼ਿੰਦਗੀ ਆਪਣੇ ਆਪ ਨੲ੍ਹੀਂ ਚਲਦੀ ਘਰ ਦਾ ਕਿਧਰੇ ਪਤਾ ਨਹੀਂ ਮਿਲਦਾ ਨੂਰ ਫਿਰ ਵੀ ਬਲਾ ਨਹੀਂ ਟਲਦੀ।
ਜਿਸ ਬੰਦੇ ਦੇ ਅੰਦਰ ਕੁਝ ਨੲ੍ਹੀਂ
ਜਿਸ ਬੰਦੇ ਦੇ ਅੰਦਰ ਕੁਝ ਨੲ੍ਹੀਂ ਉਸ ਲਈ ਧਰਤੀ ਅੰਬਰ ਕੁਝ ਨੲ੍ਹੀਂ ਤੂੰ ਏਧਰ ਤਾਂ ਸਭ ਕੁਝ ਏਧਰ ਤੂੰ ਓਧਰ ਤਾਂ ਏਧਰ ਕੁਝ ਨੲ੍ਹੀਂ ਇਹ ਸੰਸਾਰ ਬੜਾ ਸੋਹਣਾ ਪਰ ਤੇਰੇ ਨਾਲੋਂ ਬਿਹਤਰ ਕੁਝ ਨੲ੍ਹੀਂ ਸੋਚਾਂ ਅੰਦਰ ਉਹ ਗਹਿਰਾਈ ਜਿਹਨਾਂ ਅੱਗੇ ਸਾਗਰ ਕੁਝ ਨੲ੍ਹੀਂ ਤੂੰ ਬੋਲੇ ਤਾਂ ਬਾਣੀ ਹੁੰਦੀ ਚੁੱਪ ਚੁਪੀਤੇ ਅੱਖਰ ਕੁਝ ਨੲ੍ਹੀਂ ‘ਨੂਰ’ ਸਿਆਸਤ ਦੇਖ ਕੇ ਲਗਦੈ ਇਹਦੇ ਅੱਗੇ ਅਜਗਰ ਕੁਝ ਨੲ੍ਹੀਂ।
ਜਿਹੜਾ ਅੰਬਰ ਤੇ ਤਾਰੇ ਟੰਗਦਾ ਹੈ
ਜਿਹੜਾ ਅੰਬਰ ਤੇ ਤਾਰੇ ਟੰਗਦਾ ਹੈ। ਪਤਾ ਨੲ੍ਹੀਂ ਆਪ ਕਿਹੜੇ ਰੰਗਦਾ ਹੈ। ਮੈ ਜਿਸ ਬੱਚੇ ਲਈ ਚੰਨ ਲੈ ਕੇ ਆਇਆ, ਉਹ ਖੇਡਣ ਲਈ ਗ਼ੁਬਾਰਾ ਮੰਗਦਾ ਹੈ। ਕਿਆਮਤ ਤੋਂ ਨਹੀਂ ਘੱਟ ਉਹਦਾ ਮਿਲਣਾ, ਉਹ ਜਦ ਮਿਲਦਾ ਹੈ, ਸੂਲੀ ਟੰਗਦਾ ਹੈ। ਬੜਾ ਹੈਰਾਨ ਹਾਂ, ਉਹ ਮੇਰੇ ਕੋਲੋਂ, ਸਮੁੰਦਰ ਹੋ ਕੇ ਪਾਣੀ ਮੰਗਦਾ ਹੈ। ਜਿਹੜੇ ਸਰਹਦ ਤੇ ਸੀ ਦੀਵੇ ਜਗਾਉਂਦੇ, ਉਹੀ ਕਹਿੰਦੇ ਨੇ ਖ਼ਤਰਾ ਜੰਗ ਦਾ ਹੈ। ਭਰੇਗੀ ਕਿਸ ਤਰ੍ਹਾਂ ਝੋਲੀ ਕਿਸੇ ਦੀ, ਭਿਖ਼ਾਰੀ ਤੋਂ ਭਿਖ਼ਾਰੀ ਮੰਗਦਾ ਹੈ। ਉਦੋਂ ਭੱਜਦਾ ਹੈ ਉਹ ਫਿਰ ‘ਨੂਰ’ ਵੱਲ ਨੂੰ, ਹਨੇਰਾ ਜਦ ਕਿਸੇ ਨੂੰ ਡੰਗਦਾ ਹੈ।