Hafiz Muhammad Shirazi Persian Poetry in Punjabi
ਹਾਫ਼ਿਜ਼ ਮੁਹੰਮਦ ਸ਼ੀਰਾਜ਼ੀ ਫਾਰਸੀ ਕਵਿਤਾ ਪੰਜਾਬੀ ਵਿੱਚ
1. ਭਰਕੇ ਜਾਮ ਮੁਹੱਬਤ ਵਾਲਾ ਬਖ਼ਸ਼ੀਂ ਮੁਰਸ਼ਦ ਸਾਈਆਂ
ਭਰਕੇ ਜਾਮ ਮੁਹੱਬਤ ਵਾਲਾ ਬਖ਼ਸ਼ੀਂ ਮੁਰਸ਼ਦ ਸਾਈਆਂ । ਪਹਿਲੋਂ ਇਸ਼ਕ ਦਿਖਾਵੇ ਲਟਕਾਂ ਪਿਛੋਂ ਦਰਦ ਬਲਾਈਆਂ ।੧। ਸੋਣ੍ਹੇ ਨਾਫ਼ੇ ਦੀ ਜਿਸਦੇ ਤਾਈਂ ਵਾਉ ਸਬਾ ਦੀ ਖੋਲ੍ਹੇ । ਇਸ ਖ਼ਮਦਾਰ ਜ਼ੁਲਫ਼ ਦੇ ਉਤੋਂ ਕਈਆਂ ਦੇ ਦਿਲ ਘੋਲੇ ।੨। ਨਾਲ ਸ਼ਰਾਬੇ ਰੰਗ ਮੁਸਲਾ ਜੇ ਮੁਰਸ਼ਦ ਫੁਰਮਾਵੇ । ਕਿਉਂ ਜੋ ਵਾਕਿਫ਼ ਕਾਰ ਕਦੀਮੀ ਗ਼ਲਤੀ ਕਦੀ ਨਾ ਖਾਵੇ ।੩। ਇਸ ਮੁਕਮ ਫ਼ਨਾ ਦੇ ਅੰਦਰ ਕੇਹੜੀਆਂ ਮੌਜ ਬਹਾਰਾਂ । ਹਰਦਮ ਬਿਗਲ ਤਿਆਰੀ ਵਾਲਾ ਕਰਦਾ ਖੜਾ ਪੁਕਾਰਾਂ ।੪। ਕਾਲੀ ਰਾਤ ਨਾ ਠਿਲ੍ਹਣ ਵਾਲੀ ਠਾਠਾਂ ਥੀਂ ਦਿਲ ਡਰਦਾ । ਕੰਢਿਆਂ ਦੇ ਵਸਨੀਕ ਕੀ ਜਾਨਣ ਸਾਡਾ ਹਾਲ ਨਿਦਰਦਾ ।੫। ਮੰਦਿਆਂ ਕੰਮਾਂ ਅੰਦਰ ਪਾਈ ਓੜਕ ਮੈਂ ਰੁਸਵਾਈ । ਖਿੰਡ ਗਈ ਜੋ ਪਰ੍ਹਿਆਂ ਅੰਦਰ ਓਹ ਗੱਲ ਕਿਸ ਛੁਪਾਈ ।੬। ਹਾਫ਼ਿਜ਼ ਗ਼ਫ਼ਲਤ ਕਰੀਂ ਨਾ ਹਰਗਿਜ਼ ਹੋਸੀ ਤੁਧ ਹਜ਼ੂਰੀ । ਦੁਨੀਆਂ ਦੇ ਜੰਜਾਲਾਂ ਕੋਲੋਂ ਦੂਰੀ ਦੂਰੀ ਦੂਰੀ ।੭।
2. ਕਾਬੂ ਰਿਹਾ ਨਾ ਵਿਚਲਾ ਮੇਰਾ ਅਪੜੋ ਕੋਈ ਜੁਆਨੋ
ਕਾਬੂ ਰਿਹਾ ਨਾ ਵਿਚਲਾ ਮੇਰਾ ਅਪੜੋ ਕੋਈ ਜੁਆਨੋ । ਮਤ ਬੇਵਸਾ ਭੇਤ ਅੰਦਰ ਦਾ ਜਾਵੇ ਨਿਕਲ ਜ਼ੁਬਾਨੋਂ ।੧। ਦਸ ਰੋਜ਼ਾਂ ਏਹ ਖੇਡ ਉਮਰ ਦੀ ਝੂਠੀ ਦੁਨੀਆਂ ਸਾਰੀ । ਨਾਲ ਕਿਸੇ ਦੇ ਭਲਾ ਕਰਨਾ ਜਾਣ ਗ਼ਨੀਮਤ ਭਾਰੀ ।੨। ਝੁੱਲ ਐ ਵਾਅ ਮੁਆਫ਼ਿਕ ਸਾਡਾ ਬੇੜਾ ਲਾ ਕਿਨਾਰੇ । ਮਤ ਕਿ ਵਖ਼ਤ ਸਵੱਲੇ ਹੋਵਣ ਮਿਲਣ ਯਾਰ ਪਿਆਰੇ ।੩। ਬੁਲਬੁਲ ਕੱਲ੍ਹ ਫੁੱਲਾਂ ਵਿੱਚ ਬਹਿਕੇ ਏਹ ਗੱਲ ਪਈ ਸੁਣਾਵੇ । ਆਓ ਮਸਤੋ ਪੀਓ ਪਿਆਲੇ ਵੇਲਾ ਮਤ ਵਿਹਾਵੇ ।੪। ਐਸ਼ ਅਸਾਂ ਇਸ ਦੋਹਾਂ ਜੁਗਾਂ ਦੀ ਇਸ ਕੰਮ ਉਪਰ ਮਰਨਾਂ । ਸਜਣ ਭਾਵੇਂ ਦੁਸ਼ਮਣ ਹੋਵੇ ਹਰ ਦਾ ਭਲਾ ਕਰਨਾ ।੫। ਕਦੀ ਤੇ ਸਿਰ ਆਪਣੇ ਦਾ ਸਦਕਾ ਬਖ਼ਸ਼ ਸਖੀ ਸਰਦਾਰਾ । ਖ਼ੈਰ ਤੁਸਾਡੇ ਨੂੰ ਲੂਹ ਮੋਇਆ ਏਹ ਦਰਵੇਸ਼ ਵਿਚਾਰਾ ।੬। ਮੱਥੇ ਮੇਰੇ ਮੁੱਢੋਂ ਲਿਖੇ ਲੇਖ ਬੁਰਿਆਈਆਂ ਵਾਲੇ । ਜਿਸਨੂੰ ਇਹ ਕੰਮ ਭਾਵਨ ਨਾਹੀਂ ਲਿਖਿਆ ਧੁਰ ਦਾ ਟਾਲੇ ।੭। ਸ਼ੀਸ਼ਾ ਸ਼ਾਹ ਸਿਕੰਦਰ ਦਾ ਹੈ ਜਾਮ ਜਹਾਨ ਨਮਾਈ । ਇਕ ਵਾਰੀ ਦੇ ਦੇਖਣ ਸੇਤੀ ਸਾਰੀ ਹਿਕਮਤ ਪਾਈ ।੮। ਸੀਸ ਨਵਾਈਏ ਉਸਨੂੰ ਜਿਸਨੂੰ ਦੋ ਜਗ ਸੀਸ ਨਵਾਂਦੇ । ਉਸਦੇ ਦਰ ਤੇ ਆਇਆਂ ਹੋਇਆਂ ਪਥਰ ਮੋਮ ਹੋ ਜਾਂਦੇ ।੯। ਜੇਕਰ ਕਦੀ ਗਵੱਯਾ ਸਾਡਾ ਇਕੋ ਸੁਖ਼ਨ ਪੁਕਾਰੇ । ਪੀਰ ਫ਼ਕੀਰ ਤੇ ਮੁਫ਼ਤੀ ਕਾਜ਼ੀ ਉਠ ਉਠ ਨੱਚਣ ਸਾਰੇ ।੧੦। ਜਿਸ ਕੋਹੜੇ ਨੂੰ ਸੂਫ਼ੀ ਕਹਿੰਦੇ ਮਾਨ ਤਮਾਮ ਗੁਨਾਹਾਂ । ਚੁਮਣ ਚਟਣ ਗੁਲਾਂ ਦੇ ਥੀਂ ਭਾਵੇਂ ਵਧ ਅਸਾਹਾਂ ।੧੧। ਐਸ਼ ਨਾ ਛੋੜੀਂ ਮਰਦਿਆਂ ਤੋੜੀਂ ਭਾਵੇਂ ਤੰਗ ਔਕਾਤੀ । ਕੱਖੋਂ ਲੱਖ ਕਰੇਗਾ ਮੌਲਾ ਜੇਕਰ ਰਹੀ ਹਯਾਤੀ ।੧੨। ਹਾਫ਼ਿਜ਼ ਆਪ ਨਾ ਪਹਿਨਿਆਂ ਦੇਸੀ ਜਾਮਾ ਰਿੰਦਾਂ ਵਾਲਾ । ਡਰ ਸ਼ੇਖ਼ਾ ਤਕਦੀਰਾਂ ਕੋਲੋਂ ਪੇਸ਼ ਨਾ ਆਵਣ ਸ਼ਾਲਾ ।੧੩।
3. ਨਿਕਲ ਮਸੀਤੋਂ ਮੈਖ਼ਾਨੇ ਵਲ ਆਇਆ ਪੀਰ ਹਮਾਰਾ
ਨਿਕਲ ਮਸੀਤੋਂ ਮੈਖ਼ਾਨੇ ਵਲ ਆਇਆ ਪੀਰ ਹਮਾਰਾ । ਇਸ ਥੀਂ ਪੁਛੋ ਦਸੋ ਲੋਕੋ ਹੁਣ ਸਾਡਾ ਕੀ ਚਾਰਾ ।੧। ਮੁਰਸ਼ਦ ਨਾਲ ਅਸਾਂ ਵੀ ਸਿਰਪਰ ਮੈਖ਼ਾਨੇ ਵਲ ਜਾਣਾ । ਵਿੱਚ ਤਕਦੀਰ ਅਜਲ ਦੀ ਏਵੇਂ ਲਿਖਿਆ ਹੁਕਮ ਰੱਬਾਣਾ ।੨। ਕਾਬੇ ਦੇ ਵਲ ਮੁਖ ਅਸਾਡਾ ਕਦ ਮੁਤਵੱਜਾ ਹੁੰਦਾ । ਪੀਰ ਅਸਾਡਾ ਮੈਖ਼ਾਨੇ ਨੂੰ ਕਰ ਕਰ ਮੁਖ ਖਲੋਂਦਾ ।੩। ਅਕਲਮੰਦਾਂ ਨੂੰ ਜੇ ਕੁਝ ਹਿੱਸਾ ਇਸ਼ਕ ਵਿਚੋਂ ਹੱਥ ਲੱਗੇ । ਇਕ ਪਲ ਅੰਦਰ ਝੱਲੇ ਕਮਲੇ ਹੋਣ ਅਸਾਥੋਂ ਅੱਗੇ ।੪। ਸੋਹਣੇ ਮੁਖ ਤੇਰੇ ਨੇ ਸਾਨੂੰ ਇਸ਼ਕੋਂ ਸਬਕ ਪੜ੍ਹਾਇਆ । ਤਾਹੀਂ ਵਿੱਚ ਕਿਤਾਬ ਮੇਰੀ ਦੇ ਹਰ ਜਾ ਇਸ਼ਕ ਸਮਾਇਆ ।੫। ਸੱਜਣਾ ਤੇਰੇ ਪੱਥਰ ਦਿਲ ਨੂੰ ਨਰਮ ਕਰਨ ਯਾ ਨਾਹੀਂ । ਲੰਮੀਆਂ ਰਾਤੀਂ ਵਾਲਾ ਰੋਣਾ ਦਰਦਾਂ ਵਾਲੀਆਂ ਆਹੀਂ ।੬। ਜ਼ੁਲਫ਼ ਮੇਰੀ ਵਿੱਚ ਤਰਾਂ ਤਰਾਂ ਦੀਆਂ ਹੈਣ ਰਖਤਾਂ ਪਈਆਂ । ਜ਼ੁਲਫ਼ ਤੇਰੀ ਜਦ ਕਾਬੂ ਕੀਤਾ ਸਭ ਗੱਲਾਂ ਭੁੱਲ ਗਈਆਂ ।੭। ਮੈਖ਼ਾਨੇ ਦੇ ਦਰ ਤੇ ਵੀ ਮੈਂ ਹਾਫ਼ਿਜ਼ ਵਾਂਗੂੰ ਬਹਿਸਾਂ । ਪੀਰ ਅਸਾਡਾ ਓਥੇ ਰਹਿੰਦਾ ਮੈਂ ਭੀ ਉਥੇ ਰਹਿਸਾਂ ।੮।
4. ਆ ਸੂਫੀ ਦਿਖਲਾਈਏ ਤੈਨੂੰ ਜਾਮ ਮੁਸਫਾ ਨੂਰੀ
ਆ ਸੂਫੀ ਦਿਖਲਾਈਏ ਤੈਨੂੰ ਜਾਮ ਮੁਸਫਾ ਨੂਰੀ । ਬਾਤਨ ਦੀ ਜੋ ਮੈਲ ਗੁਵਾਵੇ ਮਿਲੇ ਸਫ਼ਾਈ ਪੂਰੀ ।੧। ਅਸਲੀ ਭੇਦ ਹਕੀਕਤ ਵਾਲਾ ਮਸਤਾਂ ਥੀਂ ਪੁਛ ਭਾਈ । ਇਸ ਮਸਲੇ ਦੀ ਸੂਫੀਆਂ ਤਾਈਂ ਹਰਗਿਜ਼ ਖ਼ਬਰ ਨਾ ਕਾਈ ।੨। ਮੁਢ ਕਦੀਮੋਂ ਦਰ ਤੇਰੇ ਦੀ ਅਸਾਂ ਗ਼ੁਲਾਮੀ ਚਾਈ । ਤਰਸ ਕਰੀਂ ਸਰਦਾਰਾ ਏਥੇ ਮੈਂ ਹਕਦਾਰ ਗਦਾਈ ।੩। ਏਹੋ ਵੇਲਾ ਐਸ਼ ਕਰਨ ਦਾ ਕਰ ਲੈ ਮਨ ਦਾ ਭਾਣਾ । ਖ਼ਬਰ ਨਹੀਂ ਜੋ ਆਦਮ ਵਾਂਗੂੰ ਭਲਕੇ ਕੀ ਹੋ ਜਾਣਾ ।੪। ਇਕ ਦੋ ਜਾਮ ਗ਼ਨੀਮਤ ਸਮਝੀਂ ਵਿੱਚ ਮਜਲਸ ਦਿਲਬਰ ਦੇ । ਕੁਲ ਮਸਤਾਂ ਦਾ ਏਹੁ ਤਰੀਕਾ ਤਮਾ ਨਹੀਂ ਵੱਧ ਕਰਦੇ ।੫। ਗਈ ਜਵਾਨੀ ਵਿੱਚ ਨਾਦਾਨੀ ਕੁਝ ਨਾ ਤੈਥੀਂ ਬਣਿਆਂ । ਹੁਣ ਤੇ ਆਪਣੇ ਚਿਟੇ ਸਿਰ ਨੂੰ ਲੀਕ ਨਾ ਲਾਵੀਂ ਜਣਿਆਂ ।੬। ਹਜ਼ਰਤ ਪੀਰ ਪਿਆਲੇ ਸੰਦਾ ਹਾਂ ਮੈਂ ਚੇਲਾ ਬਰਦਾ । ਸਾਕੀ ਨੂੰ ਵੰਜ ਆਖ ਸੁਬਾਏ ਹਾਫ਼ਿਜ਼ ਬੰਦਗੀ ਕਰਦਾ ।੭। (ਸੂਫੀ=ਸੋਫੀ, ਸ਼ਰਾਬ ਨਾ ਪੀਣ ਵਾਲਾ)
5. ਕੌਣ ਹੋਵੇ ਜੋ ਉਸ ਸੋਹਣੇ ਤਕ ਅਰਜ਼ ਮੇਰੀ ਪਹੁੰਚਾਵੇ
ਕੌਣ ਹੋਵੇ ਜੋ ਉਸ ਸੋਹਣੇ ਤਕ ਅਰਜ਼ ਮੇਰੀ ਪਹੁੰਚਾਵੇ । ਸਦਕਾ ਬਾਦਸ਼ਾਹੀ ਦਾ ਮੈਂ ਵਲ ਨਜ਼ਰ ਕਰਮ ਦੀ ਪਾਵੇ ।੧। ਕੇਹੀ ਕਿਆਮਤ ਤੁਧ ਵਿਖਾਈ ਆਸ਼ਕ ਲੋਕਾਂ ਤਾਈਂ । ਚੰਨ ਜਿਹਾ ਮੁਖ ਸੋਹਣਾ ਐਪਰ ਦਿਲ ਵਿਚ ਰਹਿਮਤ ਨਾਹੀਂ ।੨। ਦੁਸ਼ਮਣ ਦਿਆਂ ਫ਼ਰੇਬਾਂ ਕੋਲੋਂ ਮੰਗਾਂ ਨਿਤ ਪਨਾਹੀਂ । ਮਤ ਓਹੁ ਬੇਲੀ ਨਾਮ ਖ਼ੁਦਾ ਦੇ ਮੱਦਤ ਕਰੇ ਕਦਾਹੀਂ ।੩। ਇਕੋ ਵਾਰ ਦਿਖਾ ਕੇ ਮੁਖੜਾ ਸਭ ਜਗ ਤੁਧ ਜਲਾਇਆ । ਐਸੀ ਬੇਪ੍ਰਵਾਹੀ ਵਿਚੋਂ ਕੀ ਤੇਰੇ ਹੱਥ ਆਇਆ ।੪। ਕਾਲੀ ਪਲਕ ਤੇਰੀ ਮੈਂ ਉਤੇ ਤੇਗ਼ਾਂ ਪਈ ਉਲਾਰੇ । ਰੱਖ ਸੰਭਾਲ ਪਲਥ ਓਸਦਾ ਮਤ ਕੇ ਨਾਹੱਕ ਮਾਰੇ ।੫। ਵਿੱਚ ਉਮੀਦਾਂ ਬਾਦ ਸਬਾ ਦੀਆਂ ਸਾਰੀ ਰੈਣ ਲੰਘਾਈ । ਫਜ਼ਰੇ ਵੇਲੇ ਦਿਲਬਰ ਦੀ ਆ ਖ਼ਬਰ ਦਸੇਸੀ ਕਾਈ ।੬। ਨਾਮ ਖ਼ੁਦਾ ਦੇ ਹਾਫ਼ਿਜ਼ ਤਾਈਂ ਦੇ ਘੁਟ ਨਸ਼ਾ ਸਵੇਰੇ । ਵਕਤ ਕਬੂਲੀਯਤ ਦਾ ਅੱਲਾ ਕੰਮ ਸੁਵਾਰੇ ਤੇਰੇ ।੭।
6. ਜਿਸ ਦਿਨ ਦਾ ਦੀਦਾਰ ਤੁਸਾਂ ਦਾ ਆਸ਼ਕ ਲੋਕਾਂ ਪਾਇਆ
ਜਿਸ ਦਿਨ ਦਾ ਦੀਦਾਰ ਤੁਸਾਂ ਦਾ ਆਸ਼ਕ ਲੋਕਾਂ ਪਾਇਆ । ਉਸੇ ਦਿਨ ਦਾ ਜ਼ੁਲਫ਼ ਤੇਰੀ ਵਿਚ ਆਪਣਾ ਆਪ ਫਸਾਇਆ ।੧। ਹਿਜਰ ਤੇਰੇ ਦੇ ਹੱਥੋਂ ਜੋ ਕੁਝ ਅਸਾਂ ਮੁਸੀਬਤ ਪਾਈ । ਬਾਝ ਸ਼ਹੀਦਾਂ ਕਰਬਲ ਵਾਲਿਆਂ ਕਿਸੇ ਨਾ ਡਿਠੀ ਕਾਈ ।੨। ਜੇਕਰ ਉਹ ਮਹਿਬੂਬ ਅਸਾਡਾ ਕਰਨ ਲਗਾ ਮਸਤਾਈਆਂ । ਸਾਨੂੰ ਵੀ ਫਿਰ ਛੱਡਣੇ ਪਉਸਣ ਤੱਕਵੇ ਜ਼ੁਹਦ ਕਮਾਈਆਂ ।੩। ਐਸ਼ਾਂ ਅਤੇ ਬਹਾਰਾਂ ਅੰਦਰ ਪੰਜ ਦਿਨਾਂ ਦਾ ਵਾਸਾ । ਏਸੇ ਨੂੰ ਤੂੰ ਸਮਝ ਗ਼ਨੀਮਤ ਦਮ ਦਾ ਕੀ ਭਰਵਾਸਾ ।੪। ਹਾਫ਼ਿਜ਼ ਜੇਕਰ ਸ਼ਾਹ ਅਲੀ ਦੀ ਤੁਧ ਕੀਤੀ ਪਾ ਬੋਸੀ । ਤਾਂ ਫਿਰ ਦੋਹਾਂ ਜਹਾਨਾਂ ਅੰਦਰ ਇੱਜ਼ਤ ਤੇਰੀ ਹੋਸੀ ।੫।
7. ਵਾਇਜ਼ ਸੰਘ ਨਾ ਪਾੜ ਨਕੰਮਾਂ ਨਾ ਪਾ ਸ਼ੋਰ ਉਚੇਰਾ
ਵਾਇਜ਼ ਸੰਘ ਨਾ ਪਾੜ ਨਕੰਮਾਂ ਨਾ ਪਾ ਸ਼ੋਰ ਉਚੇਰਾ । ਸਾਡਾ ਤੇ ਭੀ ਦਿਲ ਖੜਾਤਾ ਕੀ ਖੜਾਤਾ ਤੇਰਾ ।੧। ਜਦ ਤਕ ਮਿਠੀਆਂ ਲਬਾਂ ਸਜਣ ਦੀਆਂ ਮਜ਼ਾ ਨਾ ਕੁਝ ਚਖਾਵਣ । ਤਦ ਤਕ ਸਾਨੂੰ ਕੁਲ ਆਲਮ ਦੀਆਂ ਮਤੀਂ ਕੰਮ ਨਾ ਆਵਣ ।੨। ਰਾਹ ਹਕੀਕੀ ਲੱਭਣ ਮੁਸ਼ਕਲ ਢੂੰਡ ਥੱਕਾ ਜਗ ਸਾਰਾ । ਅਜ ਦਿਨ ਤੋੜੀ ਕਿਸੇ ਨਾ ਪਾਇਆ ਭੇਤ ਸਜਣ ਦਾ ਯਾਰਾ ।੩। ਜੰਨਤ ਦੀ ਪ੍ਰਵਾਹ ਨਾ ਰਖੇ ਮੰਗਤਾ ਤੇਰੇ ਦਰ ਦਾ । ਬੰਦੀਵਾਨ ਜੋ ਇਸ਼ਕ ਤੇਰੇ ਦਾ ਦੋਹੀਂ ਜਹਾਨੀ ਤਰਦਾ ।੪। ਭਾਵੇਂ ਇਸ਼ਕ ਸਜਣ ਦੇ ਮੈਨੂੰ ਜਗ ਵਿੱਚ ਗੰਦਾ ਕੀਤਾ । ਫਿਰ ਵੀ ਲੱਖ ਗ਼ਨੀਮਤ ਜੋ ਮੈਂ ਇਸ਼ਕ ਪਿਆਲਾ ਪੀਤਾ ।੫। ਸਹੀਂ ਦਿਲਾ ਜੋ ਸਿਰ ਤੇ ਆਵੇ ਨਾ ਕਰ ਗਿਰੀਆਜਾਰੀ । ਵਿੱਚ ਨਸੀਬਾਂ ਤੇਰਿਆਂ ਏਵੇਂ ਲਿਖਿਆ ਅੱਲਾਵਾਰੀ ।੬। ਕਿੱਸੇ ਅਤੇ ਕਹਾਨੀਆਂ ਅੰਦਰ ਹਾਫ਼ਿਜ਼ ਉਮਰ ਨਾ ਗਾਲੀਂ । ਜਿਸ ਗੱਲੋਂ ਛੁਟਕਾਰਾ ਹੋਵੇ ਓਹ ਗੱਲ ਕੋਈ ਨਾ ਭਾਲੀਂ ।੭।
8. ਆਈ ਈਦ ਤੇ ਰੋਜ਼ੇ ਲੰਘੇ ਖਾਵਣ ਤੇ ਦਿਲ ਵੱਜੇ
ਆਈ ਈਦ ਤੇ ਰੋਜ਼ੇ ਲੰਘੇ ਖਾਵਣ ਤੇ ਦਿਲ ਵੱਜੇ । ਠੇਕੇ ਵਿੱਚ ਸ਼ਰਾਬ ਮਟਾਂ ਥੀਂ ਨਿਕਲ ਨਿਕਲ ਕੇ ਭੱਜੇ ।੧। ਜ਼ਾਹਦ ਤੇਰੇ ਜ਼ੁਹਦ ਕਰਨ ਦੇ ਗੁਜ਼ਰੇ ਓਹ ਜ਼ਮਾਨੇ । ਉਠੋ ਰਿੰਦੋ ਮਿਲੇ ਤੁਸਾਨੂੰ ਖ਼ੁਸ਼ੀਆਂ ਦੇ ਪ੍ਰਵਾਨੇ ।੨। ਕਹੀਂ ਮਲਾਮਤ ਉਸਦੇ ਤਾਈਂ ਜੇਹੜਾ ਨਸ਼ਾ ਉਡਾਵੇ । ਆਸ਼ਕ ਲੋਕਾਂ ਰਿੰਦਾਂ ਦਾ ਏਹ ਐਬ ਨਾ ਗਿਣਿਆ ਜਾਵੇ ।੩। ਬਾਝ ਰਿਆ ਸ਼ਰਾਬੀ ਜੇਹੜਾ ਹੋਵੇ ਨੰਗ ਮਨੰਗਾ । ਠੱਗ ਫ਼ਰੇਬੀ ਜ਼ਾਹਦ ਨਾਲੋਂ ਫਿਰ ਵੀ ਹੋਸੀ ਚੰਗਾ ।੪। ਕੀ ਹੋਇਆ ਜੇ ਦੋ ਤਿੰਨ ਵਾਰੀ ਨਸ਼ਾ ਅਸਾਂ ਚਾ ਪੀਤਾ । ਫਿਰ ਵੀ ਐਬ ਨਾ ਉਸਦੇ ਜੇਡਾ ਜਿਸਨੇ ਗਿਲਾ ਕੀਤਾ ।੫। ਪੀਵਣ ਨਸ਼ਾ ਗੁਨਾਹ ਨਾ ਕੋਈ ਰਖੀਏ ਹੋਸ਼ ਸੰਭਾਲੀ । ਦੱਸ ਖਾਂ ਵਿੱਚ ਤਮਾਮ ਮੁਲਕ ਦੇ ਕੇਹੜਾ ਐਬੋਂ ਖ਼ਾਲੀ ।੬। ਹਾਫ਼ਿਜ਼ ਇਸ਼ਕ ਤੇਰੇ ਵਿੱਚ ਕੀਤਾ ਜਿੰਦ ਆਪਣੀ ਨੂੰ ਘੋਲੇ । ਜਿਸ ਪ੍ਰਕਾਰ ਫਿਰੇ ਸਿਰਗਰਦਾਂ ਦਿਲ ਮੋਹਕਮ ਸਿਰ ਡੋਲੇ ।੭।
9. ਖਿਲਵਤ ਫ਼ਕਰਾਂ ਵਿਚੋਂ ਲੱਭਣ ਬਾਗ਼ ਬਹਿਸ਼ਤਾਂ ਵਾਲੇ
ਖਿਲਵਤ ਫ਼ਕਰਾਂ ਵਿਚੋਂ ਲੱਭਣ ਬਾਗ਼ ਬਹਿਸ਼ਤਾਂ ਵਾਲੇ । ਖਿਜ਼ਮਤ ਟਹਿਲ ਫ਼ਕੀਰਾਂ ਦੀ ਥੀਂ ਮਿਟਦੇ ਕੁਲ ਕਸ਼ਾਲੇ ।੧। ਕਿਸ ਕੰਮ ਹੈ ਓਹ ਜ਼ਰ ਜੋ ਕਰ ਦੇ ਕਾਲੇ ਦਿਲ ਅਮੀਰਾਂ । ਅਸਲੀ ਕੀਮੀਆਂ ਚਾਹੇ ਜੇਹੜਾ ਮਜਲਸ ਕਰੇ ਫ਼ਕੀਰਾਂ ।੨। ਸੂਰਜ ਜੇਹੀ ਤਵਾਜਿਆ ਜਿਸਦੀ ਨਿਉਂ ਨਿਉਂ ਕਰਨ ਦੁਆਈ । ਓਹ ਵਡਿਆਈ ਬੇਸ਼ਕ ਭਾਈ ਵਲੀਆਂ ਲੋਕਾਂ ਪਾਈ ।੩। ਜਿਸ ਦੌਲਤ ਨੂੰ ਚੋਰ ਚਕਾਰੋਂ ਹਰਗਿਜ਼ ਖ਼ੌਫ਼ ਨਾ ਕੋਈ । ਐਸੀ ਬੇਤਕੱਲਫ਼ ਦੌਲਤ ਫ਼ਕਰਾਂ ਹਾਸਲ ਹੋਈ ।੪। ਜਿਸ ਗੱਲ ਤਾਈਂ ਰਹੇ ਢੂੰਡਦੇ ਸ਼ਾਹ ਜ਼ਿਮੀਂ ਦੇ ਸਾਰੇ । ਓਹ ਗੱਲ ਜ਼ਾਹਰ ਪਈ ਦਸੀਵੇ ਸੰਤਾਂ ਵਾਲੇ ਦੁਵਾਰੇ ।੫। ਸ਼ੇਖੀ ਸਾੜ ਨਾ ਇਸ ਦੌਲਤ ਦੀ ਸੰਭਲ ਦੁਨੀਆਂਦਾਰਾ । ਹਿੰਮਤ ਬਰਕਤ ਨੇਕਾਂ ਦੀ ਥੀਂ ਵਸਦਾ ਆਲਮ ਸਾਰਾ ।੬। ਧਸਦਾ ਜਾਵੇਂ ਗੰਜ ਕਰੂਨੀ ਹੇਠ ਕਿਆਮਤ ਤੋੜੀ । ਪੜ੍ਹਿਆ ਹੋਵੇਗਾ ਤੁਧ ਏਹ ਭੀ ਫ਼ਕਰਾਂ ਦੀ ਅਨਜੋੜੀ ।੭। ਹਾਫ਼ਿਜ਼ ਏਨ੍ਹਾਂ ਫ਼ਕੀਰਾਂ ਸੰਦਾ ਅਦਬ ਕਰੀਂ ਹਰ ਹਾਲੇ । ਚੰਗੇ ਚੰਗੇ ਸ਼ਾਹ ਇਨ੍ਹਾਂ ਨੂੰ ਸੀਸ ਨਵਾਵਣ ਵਾਲੇ ।੮।
10. ਰੱਖ ਖ਼ਿਆਲ ਨਾ ਮੇਰੇ ਉਤੇ ਸੋਮ ਸਲਵਾਤਾਂ ਵਾਲਾ
ਰੱਖ ਖ਼ਿਆਲ ਨਾ ਮੇਰੇ ਉਤੇ ਸੋਮ ਸਲਵਾਤਾਂ ਵਾਲਾ । ਰੋਜ਼ ਅਜਲ ਦੇ ਮਿਲਿਆ ਮੈਨੂੰ ਮਸਤ ਸ਼ਰਾਬ ਪਿਆਲਾ ।੧। ਜਾਂ ਮੈਂ ਨਹਰ ਇਸ਼ਕ ਥੀਂ ਕੀਤਾ ਵੁਜੂ ਆਪਣਾ ਤਾਜਾ । ਸਭਨਾਂ ਲੋਕਾਂ ਦਾ ਪੜ੍ਹ ਛਡਿਆ ਇਕਸੇ ਦਾ ਜਨਾਜ਼ਾ ।੨। ਦੇ ਸ਼ਰਾਬ ਜੋ ਦਸਾਂ ਤੈਨੂੰ ਸਾਜਨ ਦੀ ਗੱਲ ਕਾਈ । ਕਿਸ ਸੋਹਣੇ ਦਾ ਆਸ਼ਕ ਬਣਕੇ ਮੈਂ ਚਾ ਅਕਲ ਗੁਆਈ ।੩। ਐਬਾਂ ਦਿਆਂ ਪਹਾੜਾਂ ਸਾਡਾ ਵਾਲ ਨਹੀਂ ਇਕ ਖੋਹਣਾ । ਮਸਤੋ ਰਹਮਤ ਰੱਬ ਦੀ ਕੋਲੋਂ ਬੇਉਮੈਦ ਨਾ ਹੋਣਾ ।੪। ਸਜਣਾ ਤੇਰੇ ਸੋਹਣੇ ਮੁਖ ਤੋਂ ਜਾਨ ਕਰਾਂ ਕੁਰਬਾਨੀ । ਢੂੰਡ ਥਕਾ ਮੈਂ ਸਾਰੇ ਜਗ ਵਿਚ ਹੋਰ ਨਾ ਤੇਰਾ ਸਾਨੀ ।੫। ਉਸ ਦਿਲਬਰ ਦੀ ਬੇਫ਼ਿਕਰੀ ਵਿੱਚ ਨੈਣ ਜਿਵੇਂ ਮਸਤਾਨੇ । ਐਸਾ ਬੇ-ਗ਼ਮ ਹੋਰ ਨਾ ਕੋਈ ਹੋਸੀ ਵਿੱਚ ਜਹਾਨੇ ।੬। ਹਾਫ਼ਿਜ਼ ਵਾਂਗ ਸੁਲੇਮਾਂ ਪਾਈ ਇਸ਼ਕ ਤੇਰੇ ਥੀਂ ਸ਼ਾਹੀ । ਜਾਨੀ ਵਸਲ ਤੇਰੇ ਦੇ ਬਦਲੇ ਵਾ ਹੱਥਾਂ ਵਿੱਚ ਆਈ ।੭।
11. ਜ਼ਾਹਦ ਹੈ ਨਾ ਵਾਕਫ ਆਜਜ਼ ਹਾਲ ਨਾ ਸਾਡਾ ਜਾਨੇ
ਜ਼ਾਹਦ ਹੈ ਨਾ ਵਾਕਫ ਆਜਜ਼ ਹਾਲ ਨਾ ਸਾਡਾ ਜਾਨੇ ਜੋ ਕੁਝ ਸਾਨੂੰ ਪਿਆ ਅਲਾਵੇ ਜਾਇਜ਼ ਉਸਦੇ ਭਾਨੇ ਵਿੱਚ ਤਰੀਕਤ ਚੰਗਾ ਜੋ ਕੁਝ ਸਾਲਕ ਅਗੇ ਆਵੇ ਏਹ ਦਿਲ ਕਦੀ ਨਾ ਭੁਲਾ ਜੋ ਕੋਈ ਸਿਧੇ ਰਸਤੇ ਜਾਵੇ ਗੋਟਾਂ ਅਸੀਂ ਚਲਾਈਆਂ ਤਾਂ ਫਿਰ ਕੇਹੜੀ ਬਾਜ਼ੀ ਕਰਦਾ ਏਹ ਸ਼ਤਰੰਜ ਜੋ ਮਸਤਾਂ ਵਾਲਾ ਇਸ ਵਿੱਚ ਕੋਈ ਨਾ ਹਰਦਾ ਏਕੈ ਸ਼ਤ ਸਫਾ ਮੁਨਕੱਸ਼ ਵਿੱਚ ਹੋ ਆ ਖਲੋਇਆ ਇਸ ਮੁਇੰਮੇ ਕੋਲੋਂ ਹਰਗਿਜ਼ ਕੋਈ ਨਾ ਵਾਕਫ ਹੋਇਆ ਨਾਦ੍ਰ ਹਿਕਮਤ ਤੇਰੀ ਯਾ ਰਬ ਅੰਤ ਨਾ ਪਾਇਆ ਜਾਵੇ ਅੰਦਰ ਜ਼ਖਮ ਕਰੋੜਾਂ ਐਪਰ ਆਹ ਨਾ ਬਾਹਿਰ ਆਵੇ ਜੋ ਆਵੇ ਸੋ ਚਲਿਆ ਆਵੇ ਜੋ ਜਾਵੇ ਸੋ ਜਾਵੇ ਇਸ ਦਰਬਾਰ ਨਾ ਰਾਖਾ ਕੋਈ ਨਾ ਦਰਬਾਨ ਹਟਾਵੇ ਜੋ ਤਕਸੀਰ ਸੋ ਆਪਨੀ ਮੇਰੀ ਖੋਟਿਆਂ ਕਰਮਾਂ ਵਾਲੀ ਨਹੀਂ ਤਾਂ ਕਦੀ ਤੇਰੇ ਅਨਾਮੋ ਕੋਈ ਨਾ ਰਹਿਆ ਖਾਲੀ ਮੈਖਾਨੇ ਦੇ ਦਰ ਤੇ ਜਾਵਨ ਜਿਨਾਂ ਨਫਸ ਵੰਜਾਇਆ ਐਹਲ ਨਫਸ ਨੂੰ ਇਸ ਕੂਚੇ ਦਾ ਕਿਸ ਰਸਤਾ ਬਤਲਾਇਆ ਗੋਲਾ ਹਾਂ ਮੈਂ ਪੀਰ ਮਗਾਂ ਦਾ ਜਿਸਦੀ ਮੇਹਰ ਸਦਾਹੀਂ ਮੁਲਾਂ ਕਦੀ ਕਰੇਂਦੇ ਉਲਫਤ ਕਦੀ ਕਰੇਂਦੇ ਨਾਹੀਂ ਆਲੀ ਹਿੰਮਤ ਹਾਫਜ਼ ਵਾਲੀ ਜੋ ਨਾ ਤਖਤ ਕਬੂਲੇ ਆਸ਼ਕ ਮਸਤ ਅਲਸਤ ਹਮੇਸ਼ਾਂ ਦੁਨੀਆਂ ਚਾਹਨ ਨਾ ਮੂਲੇ
12. ਮੈਖਾਨੇ ਥੀਂ ਬਾਹਰ ਨਾ ਨਿਕਲਾਂ ਏਹ ਦਿਲ ਕਰਦਾ ਮੇਰਾ
ਮੈਖਾਨੇ ਥੀਂ ਬਾਹਰ ਨਾ ਨਿਕਲਾਂ ਏਹ ਦਿਲ ਕਰਦਾ ਮੇਰਾ ਦਿਆਂ ਦੁਆਈਂ ਪੀਰ ਮਗਾਂ ਨੂੰ ਵਿਰਦ ਫਜ਼ਰ ਦਾ ਮੇਰਾ ਸ਼ੁਕਰ ਖੁਦਾ ਦਾ ਫਾਰਗ ਹਾਂ ਮੈਂ ਸ਼ਾਹੋਂ ਅਤੇ ਗਦਾਓਂ ਗਲੀ ਸੱਜਨ ਦਾ ਚੂੜ੍ਹਾ ਲਭੇ ਓ ਸਿਰ ਕਰਦਾ ਮੇਰਾ ਠੇਕੇ ਅਤੇ ਮਸੀਤਾਂ ਥੀਂ ਮੈਂ ਲੱਭਾ ਵਸਲ ਤੁਸਾਡਾ ਹੋਰ ਖਿਆਲ ਨਾ ਕੋਈ ਰੱਬ ਗੁਵਾਹੀ ਭਰਦਾ ਮੇਰਾ ਕਰਨ ਗਦਾ ਤੁਸਾਡਾ ਮੈਨੂੰ ਬਾਦਸ਼ਾਹੀ ਥੀਂ ਚੰਗਾ ਜੋਰ ਜਫਾ ਤੁਸਾਡਾ ਮੂਜਬ ਸ਼ਾਨ ਕਦਰ ਦਾ ਮੇਰਾ ਡੇਰਾ ਨਹੀਂ ਪਟੇਂਦਾ ਮੇਰਾ ਬਾਝੋਂ ਤੇਗ਼ ਅਜਲ ਦੇ ਹੋ ਚੁਕਾ ਇਹ ਸੀਸ ਵਿਚਾਰਾ ਏਸੇ ਦਰ ਦਾ ਮੇਰਾ ਜਿਸ ਦਿਨ ਦਾ ਮੈਂ ਦਰ ਤੇਰੇ ਤੇ ਮਥਾ ਆਨ ਟਕਾਇਆ ਉਸ ਦਿਨ ਦਾ ਹੋ ਗਿਆ ਵਛੌਨਾ ਸ਼ਮਸ਼ ਕੱਮਰ ਦਾ ਮੇਰਾ ਤੋੜੇ ਪਾਪ ਕਮਾਵਨ ਹਾਫ਼ਜ਼ ਅੰਦਰ ਵੱਸ ਨਾ ਸਾਡੇ ਤਾਂਵੀ ਅਦਬ ਕਰੇ ਤੇ ਆਖੀਂ ਹੈ ਇਹ ਗਰਦਾ ਮੇਰਾ
13. ਦਸਤ ਸ਼ਰਾਬ ਤੇ ਬਾਗ ਬਹਾਰਾਂ ਦਿਲਬਰ ਵਿੱਚ ਕਲਾਵੇ
ਦਸਤ ਸ਼ਰਾਬ ਤੇ ਬਾਗ ਬਹਾਰਾਂ ਦਿਲਬਰ ਵਿੱਚ ਕਲਾਵੇ ਇਸ ਹਾਲਤ ਵਿੱਚ ਕਿਓਂ ਨਾ ਸਾਡਾ ਸ਼ਾਹ ਗੁਲਾਮ ਸਦਾਵੇ ਭਾਵੇਂ ਨਸ਼ਾ ਅਸਾਡੇ ਮਜ਼੍ਹਬ ਪੀਨਾ ਜਾਇਜ਼ ਆਇਆ ਐਪਰ ਤੇਰੇ ਬਾਝੋਂ ਦਿਲਬਰ ਅਸਾਂ ਹਰਾਮ ਠਹਿਰਾਇਆ ਚਿੰਗ ਰਬਾਬ ਸੁਨਨ ਕੰਨ ਮੇਰੇ ਨਗਮਾਂ ਬੰਸੀ ਨਾਲੇ ਦੌਰ ਸ਼ਰਾਬ ਅਖੀਂ ਵਿੱਚ ਦਿਸਨ ਹੋਠ ਮਸ਼ੂਕਾਂ ਵਾਲੇ ਅਤਰਾਂ ਦੀ ਕੁਝ ਹਾਜ਼ਤ ਨਾਹੀਂ ਮਜਲਸ ਸਾਡੀ ਤਾਈਂ ਅਗੇ ਖੁਸ਼ਬੂ ਜ਼ੁਲਫ ਤੇਰੇ ਦੇ ਬੈਠਨ ਦਿੰਦੇ ਨਾਹੀਂ ਕੁਝ ਸੁਆਦ ਨਾ ਮਿਸਰੀ ਅੰਦਰ ਖੰਡਾਂ ਵੀ ਚਖ ਡਿਠੀਆਂ ਹਰ ਇਕ ਨਾਲੋਂ ਜਾਪਨ ਮੈਨੂੰ ਲਬਾਂ ਤੁਹਾਡੀਆਂ ਮਿਠੀਆਂ ਦਿਲ ਮੇਰੇ ਵਿੱਚ ਤਾਂਘ ਤੇਰੀ ਨੇ ਕੀਤਾ ਜਦੋਂ ਟਿਕਾਣਾਂ ਛਡ ਮਸੀਤ ਤਦੋਕਾ ਮੈਂ ਵੀ ਆ ਮਲਿਆ ਮੈਖਾਨਾ ਨੰਗ ਨਮੂਸ ਅਸਾਡੇ ਤਾਈਂ ਤੂੰ ਕੀ ਆਖੇਂ ਅੜਿਆ ਨਾਮੋ ਨੰਗ ਨਾ ਰਹਿਆ ਕੋਈ ਜਦ ਇਸ਼ਕ ਵਿੱਚ ਵੜਿਆ ਆਸ਼ਕ ਅਤੇ ਨਸ਼ੇ ਸ਼ਰਾਬੀ ਮੈਂ ਕਮਲਾ ਸੌਦਾਈ ਇਸ ਨਗਰੀ ਸਭ ਮੇਰੇ ਵਰਗੇ ਸੂਫੀ ਮੂਲ ਨਾ ਕਾਈ ਕਾਜੀ ਨੂੰ ਨਾ ਦਸੋ ਹਰਗਿਜ਼ ਜੋ ਮੈਂ ਐਬ ਕਰੇਂਦਾ ਆਪ ਵਿਚਾਰਾ ਦਿਹਾਂ ਰਾਤੀਂ ਐਸ਼ਾਂ ਵਿਚ ਢੁੰਡੇਂਦਾ ਹਾਫ਼ਜ਼ ਇਕ ਦਮ ਬੈਠ ਨਾ ਖਾਲੀ ਬਾਝ ਨਸ਼ੇ ਦਿਲਬਰ ਦੇ ਅਜ ਕਲ ਰੁਤ ਬਹਾਰ ਫੁਲਾਂ ਦੀ ਆਸ਼ਕ ਈਦਾਂ ਕਰਦੇ
14. ਜ਼ਾਹਦ ਵਡਯਾਈਆ ਜ਼ਹਿਦਾ ਵਾਲੇ ਛੋੜ ਨਾ ਮਸਤਾਈ
ਜ਼ਾਹਦ ਵਡਯਾਈਆ ਜ਼ਹਿਦਾ ਵਾਲੇ ਛੋੜ ਨਾ ਮਸਤਾਈ ਬਦਲੇ ਹੋਰ ਕਿਸੇ ਦੇ ਤੈਨੂੰ ਮੁਜਰਮ ਕਰਸਨ ਨਾਹੀਂ ਮਸਤ ਅਲਸਤ ਸੂਫੀ ਸਾਫੀ ਤਾਲਬ ਇਕਸੇ ਦਰ ਦੇ ਵਿੱਚ ਮਸੀਤਾਂ ਠਾਕਰ ਦਵਾਰਿਆਂ ਇਸ਼ਕ ਵਸੇ ਵਿੱਚ ਹਰ ਦੇ ਸਿਰ ਮੇਰਾ ਤਸਲੀਮਾ ਕਰਦਾ ਮੈਖਾਨੇ ਦੇ ਦਰ ਨੂੰ ਦੇਰੀ ਜੇ ਕਰ ਰਾਜ਼ ਨਾ ਪਾਵੇ ਟਕਰਾਂ ਮਾਰੇ ਘਰ ਨੂੰ ਸਾਡੀ ਆਸ ਨਾ ਤੋੜੀਂ ਮੁਲਾਂ ਬਣੀ ਖੁਦਾ ਦਾ ਬੰਦਾ ਤੂੰ ਕੀ ਜਾਨੇ ਲੇਖ ਆਸਾਡਾ ਚੰਗਾ ਹੈ ਕਿ ਮੰਦਾ ਨਿਵਾਨਾ ਮੈਂ ਪ੍ਰਹੇਜ਼ਗਾਰੀ ਥੀਂ ਬਾਹਰ ਨਿਕਲ ਖਲੋਇਆ ਪਹਿਲੋਂ ਮੈਥੀਂ ਬਾਪ ਮੇਰੇ ਭੀ ਜੱਨਤ ਛਡਿਆ ਹੋਇਆ ਇਸ ਗਲ ਤੇ ਨਾ ਕਰੀਂ ਭਰੋਸਾ ਕੀਤੇ ਅਮਲ ਚੰਗੇਰੇ ਖਬਰ ਨਹੀਂ ਜੋ ਰੋਜ਼ ਅਜ਼ਲ ਦੇ ਕਿਆ ਲਿਖਯਾ ਹਕ ਤੇਰੇ ਹਾਫ਼ਜ਼ ਜੇਕਰ ਜਾਮ ਨਸ਼ੇ ਦਾ ਮਰ ਦਿਆਂ ਤੈਨੂੰ ਡੀਵੇ ਤਾਂ ਫਿਰ ਵਿੱਚ ਬਹਿਸ਼ਤਾਂ ਤੇਰਾ ਜਾਮਨ ਸੌਖਾ ਥੀਵੇ
15. ਗਿਆ ਮਹੀਨਾ ਰੋਜ਼ਿਆਂ ਵਾਲਾ ਸਾਕੀ ਨਸ਼ਾ ਲਿਆਵੀਂ
ਗਿਆ ਮਹੀਨਾ ਰੋਜ਼ਿਆਂ ਵਾਲਾ ਸਾਕੀ ਨਸ਼ਾ ਲਿਆਵੀਂ ਹੋੜ ਤੇ ਹਟਕ ਨ ਰਹੇ ਕਿਸੇ ਦੀ ਹੁਨ ਤੇ ਜਾਮ ਪਿਲਾਵੀਂ ਗੁਜ਼ਰਿਆ ਵਕਤ ਪਿਆਰਾ ਸਾਰਾ ਆ ਹੁਣ ਦਿਆਂ ਕਜਾਈਂ ਬਾਜ ਸ਼ਰਾਬੋਂ ਜਿਤਨੀ ਉਮਰਾ ਕੀਤੀ ਮੁਫ਼ਤ ਅਜਾਈਂ ਕਿਤਨੇ ਤਾਈਂ ਤਾਇਬ ਹੋ ਕੇ ਲਕੜੀ ਵਾਂਗ ਸੜਾਂ ਹਾਂ ਬੀਤੀ ਉਮਰ ਨਦਾਨੀ ਅੰਦਰ ਦੇ ਜੋ ਨਸ਼ਾ ਪੀਵਾਂ ਹਾਂ ਐਸਾ ਮਸਤ ਕਰੀਂ ਤੂੰ ਮੈਨੂੰ ਬਾਤ ਨਾ ਕੋਈ ਜਾਨਾ ਜੋ ਆਇਆ ਕੌਨ ਖਿਆਲ ਮੇਰੇ ਵਿਚ ਕੇੜ੍ਹਾ ਲੰਘ ਸਧਾਨਾ ਮਸਜਦ ਵਿਚ ਦੋ ਵੇਲੇ ਤੈਨੂੰ ਨਿਤ ਦੁਆ ਕਚੀਵੇ ਉਸ ਓਮੈਦ ਓਪਰ ਜੋ ਮਤ ਕਿ ਘੁਟ ਸ਼ਰਾਬੋਂ ਢੀਵੇ ਜ਼ਾਹਦ ਸ਼ੁਹਦਾ ਰਾਹਿ ਰਹਿਯਾ ਕਰ ਕਰਕੇ ਮਗਰੂਰੀ ਰਿੰਦ ਕਲੰਦ੍ਰ ਅਜਜ਼ ਨਿਆਜ਼ੋਂ ਅਪੜੇ ਜੰਨਤ ਤੋੜੀ ਜ਼ਾਹਿਦ ਨੂੰ ਨਿਤ ਰੋਵਨ ਪਿਟਨ ਗੋਸ਼ੇ ਤੇ ਤਨਹਾਈਆਂ ਆਸ਼ਕ ਲੋਕਾਂ ਸਾਰੀ ਉਮਰਾ ਐਸ਼ਾਂ ਪਈਆਂ ਉਡਾਈਆਂ ਖਰੀ ਜੋ ਰੋਕੜ ਦਿਲ ਮੇਰੇ ਦੀ ਨਸ਼ਿਆਂ ਵਿਚ ਉਡਾਈ ਖੋਟੇ ਦਾਮ ਹਰਾਮਾ ਤਾਈਂ ਸੌੰਪ ਦਿਤੇ ਮੈਂ ਭਾਈ ਹਾਫ਼ਜ਼ ਮਤ ਨਾ ਦੇਵੀਂ ਓਨਾਂ ਜਿੰਨਾ ਰਾਹ ਭੁਲਾਇਆ ਕਿਉਂ ਜੋ ਇਸ਼ਕ ਓਨਾ ਦੇ ਤਾਈਂ ਮਤਲਬ ਤੇ ਪਹੁੰਚਾਇਆ
16. ਬੜਾ ਵਸੀਹ ਦਰਿਆ ਇਸ਼ਕ ਦਾ ਕੰਧੀ ਜਿਸਨਾ ਆਈ
ਬੜਾ ਵਸੀਹ ਦਰਿਆ ਇਸ਼ਕ ਦਾ ਕੰਧੀ ਜਿਸਨਾ ਆਈ ਡੁਬ ਮਰਨ ਦੇ ਬਾਝੋਂ ਓਥੇ ਵਾਹ ਨਾ ਲਗਦੀ ਕਾਈ ਧੰਨ ਓ ਵਕਤ ਜਦੋਂ ਦਿਲ ਤੇਰਾ ਸੱਚਾ ਇਸ਼ਕ ਕਬੂਲੇ ਜਿਸ ਕੰਮ ਵਿਚ ਭਲਾਈ ਹੋਵੇ ਉਸਨੂੰ ਪੁਛ ਨਾ ਮੂਲੇ ਲਿਆ ਨਸ਼ਾ ਜੋ ਪੀਵਾਂ ਉਸਨੂੰ ਨਾ ਦੇਹ ਪਿਆ ਡਰਾਵੇ ਏਹ ਤਲਵਾਰ ਅਕਲ ਦੀ ਤੇਰੀ ਏਥੇ ਕੰਮ ਨਾ ਆਵੇ ਅੱਖੀਂ ਅਪਨੀਆਂ ਕੋਲੋਂ ਪੁਛੀਂ ਕੁੱਠਾ ਕਿਸ ਅਸਾਹੀਂ ਆਪਨੇ ਤਾਲੇ ਮੰਦੀ ਹੋਇ ਦੋਸ ਕਿਸੇ ਨੂੰ ਨਾਹੀਂ ਪਾਕ ਜਮਾਲ ਸਜਨ ਦਾ ਵੇਖਨ ਪਾਕ ਨਗਾਹਾਂ ਵਾਲੇ ਹਰ ਇਕ ਵੇਖਨ ਲਾਇਕ ਨਾਹੀਂ ਉਸਦੇ ਪਾਕ ਜਮਾਲੇ ਨਿਆਮਤ ਸਮਝ ਤ੍ਰੀਕਾ ਰਿੰਦੀ ਕਰ ਰੱਬ ਦੇ ਸ਼ੁਕਰਾਨੇ ਹਰ ਕਿਸੇ ਨੂੰ ਲੱਭਦੇ ਨਾਹੀਂ ਦੌਲਤ ਮਾਲ ਖਜ਼ਾਨੇ ਹਾਫ਼ਜ਼ ਵਾਲੇ ਰੋਣੇ ਤੈਨੂੰ ਅਸਰ ਨਾ ਕੁਝ ਦਿਖਾਇਆ ਪੱਥਰ ਚਿਤ ਤੇਰੇ ਥੀਂ ਮੈਨੂੰ ਬੜਾ ਤਅਜਬ ਆਇਆ
17. ਆਬ ਹਯਾਤ ਸ਼ਰਾਬ ਅਸਾਡਾ
ਆਬ ਹਯਾਤ ਸ਼ਰਾਬ ਅਸਾਡਾ ਹਜਰਤ ਖਿਜਰ ਪਿਲਾਵੇ। ਦਸੋ ਏਸ ਸ਼ਰਾਬੋਂ ਕਿਉਂਕਰ ਤੋਬਾ ਕੀਤੀ ਜਾਵੇ ॥੧॥ ਦਮ ਈਸਾ ਦੇ ਵਾਗੂੰ ਜੇਹੜੀ ਵਾ ਸਜਨ ਦੀ ਆਵੇ। ਇਕ ਪਲ ਅੰਦਰ ਸੈ ਬਰਸਾਂ ਦੇ ਮੋਏ ਲੋਕ ਜਲਾਵੇ ॥੨॥ ਜਦਤਕ ਮਿਲੇ ਨਾ ਮੇਰੇ ਤਾਂਈ ਖਾਸ ਸ਼ਰਾਬ ਪਿਆਲਾ। ਤਦ ਤਕ ਹੱਲ ਨਾ ਹੋਵੇ ਮੈਨੂੰ ਭੇਤ ਪਿਆਰਿਆਂ ਵਾਲਾ ॥੩॥ ਦਫ਼ਤ੍ਰ ਵਿਚ ਇਸ਼ਕ ਦੇ ਏਹ ਕੁਝ ਲਿਖਯਾ ਰਿਜ਼ਕ ਆਸਾਡਾ। ਦਮ ਦਮ ਸੋਜ ਫਰਾਕ ਵਿਛੋੜਾ ਵਸਲੋਂ ਦੂਰ ਦੋਰਾਡਾ॥੪॥ ਰੂ ਇਸ ਰਿੰਦ ਵਿਚਾਰੇ ਸੰਦਾ ਸ਼ਾਲਾ ਖੁਸ਼ੀਆਂ ਪਾਵੇ। ਪੀਰ ਮਗਾਂ ਦੇ ਕੂਚੇ ਅੰਦਰ ਜੇਹੜਾ ਜਾਨ ਗੁਵਾਵੇ ॥੫॥ ਹਾਫ਼ਜ਼ ਤੇਰੀ ਜਿੰਦਗੀ ਵਿਚੋਂ ਇਹ ਗਲ ਹਾਸਲ ਆਵੇ। ਪੀਤਾ ਖਾਸ ਸ਼ਰਾਬ ਮੁਸੱਫਾ ਹੋਰ ਨਿਕੰਮੇ ਦਾਵੇ ॥੬॥
18. ਵੰਜ ਏ ਜ਼ਾਹਿਦ ਜੰਨਤ ਦੇ ਵਲ
ਵੰਜ ਏ ਜ਼ਾਹਿਦ ਜੰਨਤ ਦੇ ਵਲ ਸੱਦ ਨਾ ਮੇਰੇ ਤਾਈਂ। ਵਿੱਚ ਅਜ਼ਲ ਰੱਬ ਜੰਨਤ ਕਾਰਨ ਮੈਨੂੰ ਸਿਰਜਿਆ ਨਾਹੀਂ॥੧॥ ਉਮਰਾਂ ਦੇ ਖਲਵਾੜੇ ਥੀਂ ਓ ਦਾਨਾਂ ਨਾਲੇ ਜਾਵੇ। ਖਾਲੀ ਰਸਤੇ ਪੀਕੇ ਜੇੜ੍ਹੇ ਹਕ ਦਾ ਰਾਹ ਨ ਪਾਵੈ ॥੨॥ ਜ਼ੋਹਦ ਵਰਾ ਤਸਬੀ ਮੁਸੱਲਾ ਰਹੇ ਨ ਬਾਂਹੋਂ ਤੈਨੂੰ। ਮੈਖਾਨਾ ਤੇ ਠਾਕਰਦੁਆਰਾ ਲਿਖ ਹਜ਼ੂਰੋਂ ਮੈਨੂੰ ॥੩॥ ਮਨਾ ਨਾ ਕਰੀਂ ਸ਼ਰਾਬੋਂ ਮੈਨੂੰ ਐ ਸੂਫੀ ਟਲ ਜਾਈਂ। ਏਸੇ ਥੀਂ ਪਦੈਸ਼ ਮੇਰੀ ਕੀਤੀ ਅੱਲਾ ਸਾਂਈਂ ॥ ੪ ॥ ਸੂਫੀ ਵਿੱਚ ਸਫਾਈਆਂ ਵਾਲਾ ਕਦੋਂ ਬਹਿਸ਼ਤੀਂ ਵੜਿਆ। ਠੇਕੇ ਤੇ ਜਿਸ ਮੇਰੇ ਵਾਂਗੂ ਖਿਲਤਾ ਗਹਿਣੇ ਧਰਿਆ ॥ ੫॥ ਹੂਰ ਕਸੂਰ ਤੇ ਹੌਜ਼ ਕੌਸਰ ਦਾ ਕਦ ਉਸ ਮਜ਼ਾ ਉਠਾਇਆ। ਜਿਸ ਆਪਨੇ ਦਿਲਬ੍ਰ ਦਾ ਦਾਮਨ ਹਥੋਂ ਛੋਡ ਗਵਾਇਆ॥੬॥ ਹਾਫਜ਼ ਜੇਕਰ ਤੇਰੇ ਉਪਰ ਅੱਲਾ ਰਹਿਮ ਕਮਾਵੇ। ਤਾਂ ਫਿਰ ਰੱਖੀਂ ਖੁਸ਼ੀ ਬਹਿਸ਼ਤਾਂ ਨਾ ਦੋਜ਼ਕ ਦੇ ਹਾਵੇ ॥੭॥
19. ਦਸ ਏ ਵਾ ਸਹਿਰ ਦੀ ਕਿਥੇ ਦਿਲਬਰ
ਦਸ ਏ ਵਾ ਸਹਿਰ ਦੀ ਕਿਥੇ ਦਿਲਬਰ ਯਾਰ ਹਮਾਰਾ। ਕਿਸ ਮੰਜ਼ਲ ਤੇ ਓ ਮੈ ਪਾਰਾ ਆਸ਼ਕ ਕੂਹਨੇਹਾਰਾ ॥੧॥ ਰਾਤ ਅੰਧੇਰੀ ਰਾਹ ਜੰਗਲ ਦਾ ਵਾਦੀ ਐ ਮਨ ਮਾਰੇ। ਕਿਥੇ ਅੱਗ ਕੋਹਤੂਰ ਦੇ ਕਿਥੇ ਓ ਦਰਸ਼ਨ ਦੇ ਲਾਰੇ ॥੨॥ ਜੇ ਕੋਈ ਬੰਦਾ ਆਇਆ ਏਥੇ ਕੰਮ ਦਾ ਰਿਹਾ ਨ ਕੋਈ । ਵਿੱਚ ਮੈਖਾਨੇ ਅਕਲਮੰਦਾਂ ਦੀ ਪੁਰਸਸ਼ ਕਦੇ ਨ ਹੋਈ॥੩॥ ਲਾਇਕ ਖੁਸ਼ਖਬਰੀ ਦੇ ਓਹਾ ਜੇਹੜਾ ਰਮਜ ਪਛਾਣੇ । ਇਸ ਕੰਮ ਵਿਚ ਭੀ ਬਹੁਤ ਬਰੀਕੀਆਂ ਕੌਨ ਉਨਾ ਨੂੰ ਜਾਣੇ॥੪॥ ਹਰ ਇਕ ਵਾਲ ਸਿਰੇ ਦਾ ਮੇਰਾ ਰਖੇ ਭੇਤ ਹਜਾਰਾਂ। ਮੈਂ ਕਿਥੇ ਤੇ ਨਾਸ਼ਹ ਕਿਥੇ ਫਿਰਦਾ ਵਾਂਗ ਬੇਕਾਰਾਂ ॥੫॥ ਆਸ਼ਕ ਹਿਜਰ ਤੁਸਾਡੇ ਅੰਦਰ ਦਰਦ ਗ਼ਮਾਂ ਥੀਂ ਜਲਿਆ। ਹੈ ਅਫਸੋਸ ਜੋ ਇਕ ਵਾਰੀ ਭੀ ਤੁਸਾਂ ਨਹੀਂ ਪੁਛ ਘਲਿਆ॥੬॥ ਬਾਗ ਬਹਾਰ ਤੇ ਮਤਰੱਬ ਬਾਧਾ ਸਭ ਸਮਾਨ ਆਮਾਦਾ। ਐਪਰ ਮੌਜ ਨਾ ਹੋਵੇ ਜਦ ਤਕ ਯਾਰ ਨਾ ਆਵੇ ਸਾਡਾ॥੭॥ ਮਜਲਸ ਸ਼ੇਖ ਕਿਨੂੰ ਦਿਲ ਚਾਇਆ ਹੁਜਰਾ ਮੂਲ ਨਾ ਭਾਂਦਾ। ਕਿਥੇ ਯਾਰ ਮੈਖਾਨੇ ਵਾਲਾ ਸਾਨੂੰ ਨਸ਼ਾ ਪਿਲਾਂਦਾ ॥੮॥ ਉਪਰ ਖਿਜ਼ਾਂ ਨ ਕਾ ਡਰ ਹਾਫਜ਼ ਐਵੇਂ ਗੁਲਸ਼ਨ ਸਾਰਾ। ਕੰਡੇ ਬਾਝੋਂ ਫੁਲ ਨਾ ਕੋਈ ਕਰਲੇ ਫਿਕਰ ਨਿਤਾਰਾ ॥੯॥
20. ਸੁਨਿਆਂ ਮੈਂ ਜੋ ਸੁਖਨ ਅਜਾਇਬ
ਸੁਨਿਆਂ ਮੈਂ ਜੋ ਸੁਖਨ ਅਜਾਇਬ ਮੁਰਸ਼ਦ ਨੇ ਫ਼ੁਰਮਾਇਆ। ਕਦੀ ਬਿਆਨ ਵਿਛੋੜੇ ਵਾਲਾ ਕਹਿਨੇ ਵਿਚ ਨਾ ਆਇਆ॥੧॥ ਵਾਅਜ਼ ਜੋ ਕੁਝ ਹਾਲ ਕਿਆਮਤ ਸਾਨੂੰ ਪਿਆ ਸੁਨਾਂਦਾ । ਐਸੇ ਦੁਖ ਹਜ਼ਾਰਾਂ ਆਸ਼ਕ ਵਿੱਚ ਵਿਛੋੜੇ ਪਾਂਦਾ ॥੨॥ ਦਫਾ ਕਰ ਸਭ ਗ਼ਮ ਪੁਰਾਣੇ ਪੀ ਕੇ ਨਸ਼ਾ ਪੁਰਾਣਾ। ਬੀਜ ਖੁਸ਼ੀ ਦਾ ਏਹੁ ਸਾਨੂੰ ਮੁਰਸ਼ਦ ਦਾ ਫੁਰਮਾਨਾ ॥ ੩ ॥ ਕਰੀਂ ਨਾ ਮਾਨ ਹਵਾ ਦਾ ਭਾਂਵੇਂ ਕਬਜੇ ਤੇਰੇ ਆਈ। ਵਾਂਗ ਸੁਲੇਮਾਂ ਕਦ ਤਕ ਚਲਸੀ ਘੋੜਾ ਏਹ ਹਵਾਈ ॥੪ ॥ ਨਰਮੀ ਸ਼ਖ਼ਤੀ ਸਹੀਂ ਸਿਰ ਉਤੇ ਉੱਚਾ ਦਮ ਨਾ ਮਾਰੀਂ । ਸੱਜਨਾ ਦਾ ਜੋ ਕਿਹਾ ਮੰਨੇ ਦਾਨਸ਼ ਮੰਦ ਸ਼ੁਮਾਰੀਂ ॥੫॥ ਪੀਓ ਸ਼ਰਾਬ ਤੇ ਐਸ਼ ਉਡਾਓ ਕਿਉਂ ਫਿਰਦੇ ਹੂ ਤੱਸੇ। ਕਲ ਆਸਾਨੂੰ ਪੀਰ ਮਗ਼ਾਂ ਨੇ ਮਸਲੇ ਰਹਿਮਤ ਦੱਸੇ॥੬॥ ਕਿਸ ਕਹਿਆ ਜੋ ਹਾਫਜ਼ ਤੇਰੇ ਫਿਕਰੋਂ ਬਾਹਰ ਆਇਆ। ਮੈਂ ਇਹੁ ਸੁਖਨ ਨਾ ਬੋਲਿਆ ਉੱਕਾ ਕਿਸੇ ਬੁਤਾਨ ਬਨਾਇਆ।
21. ਇਸ਼ਕ ਤੇਰੇ ਦੀ ਅੱਗ ਚਰੋਕੀ
ਇਸ਼ਕ ਤੇਰੇ ਦੀ ਅੱਗ ਚਰੋਕੀ ਭੜਕੇ ਅੰਦਰ ਮੇਰੇ। ਦਿਲ ਬਰੀਆਨ ਹਮੇਸ਼ਾਂ ਰਹਿੰਦਾ ਸੜਸੜ ਕੇ ਬਿਨ ਤੇਰੇ॥੧॥ ਧੀਰੀ ਅੱਖ ਮੇਰੀ ਦੀ ਤਾਂਹੀਂ ਖੂਨ ਜਿਗਰ ਵਿਚ ਰੱਤੀ । ਓਸ ਮਹਿਬੂਬ ਜਦੋਂ ਦੀ ਮੈਂ ਵਲ ਝਾਤ ਕਰਮ ਦੀ ਘੱਤੀ॥੨॥ ਜਿਸ ਦਿਨ ਦਾ ਮੈਂ ਸੁਣਿਆਂ ਜੋ ਤੂੰ ਹਿਰਦੇ ਵਿਚ ਸਮਾਯਾ। ਓਸੇ ਦਿਨ ਥੀਂ ਦੂਈ ਵਾਲਾ ਨੁਕਤਾ ਦਿਲੋਂ ਉਡਾਯਾ॥੩॥ ਮਖਫ਼ੀ ਰਾਜ਼ ਖੁਦਾਵੰਦ ਵਾਲਾ ਜਾਨੇ ਨਾ ਹਰ ਕੋਈ । ਏਸ ਹਕੀਕਤ ਗ਼ੈਬੀ ਸੰਦੀ ਖਬਰ ਅਸਾਨੂੰ ਹੋਈ ॥੪॥ ਚੁਪ ਕਰੀਐ ਵਾਅਜ਼ ਕਦ ਤਕ ਕਰਸੇਂ ਵਾਅਜ਼ ਬਿਆਨੀ। ਮਜਲਸ ਯਾਰ ਸਜਨ ਦੀ ਸਾਡਾ ਮਜ਼ਬ ਦੋਹੀਂ ਜਹਾਨੀ॥੫॥ ਹਾਫਜ਼ ਇਸ ਗਲ ਦਾ ਸ਼ੁਕਰੀਆ ਕਰੀਂ ਕਿਆਮਤ ਤਾਈਂ। ਓਹ ਮਹਿਬੂਬ ਮਦੀਨੇ ਵਾਲਾ ਸਾਡੀਆਂ ਕਰੇ ਦੁਆਈਂ॥੬॥
22. ਲਖ ਲਖ ਸ਼ੁਕਰ ਜੋ ਮੈਖਾਨੇ ਦਾ ਖੁਲਾ
ਲਖ ਲਖ ਸ਼ੁਕਰ ਜੋ ਮੈਖਾਨੇ ਦਾ ਖੁਲਾ ਹੈ ਦਰਵਾਜ਼ਾ । ਕਿਉਂ ਜੋ ਏਥੋਂ ਮਿਲਦਾ ਸਾਨੂੰ ਨਸ਼ਾ ਅਜੈਬ ਤਾਜਾ ॥੧॥ ਮਟ ਤਮਾਮੀ ਮਸਤੀ ਹਥੋਂ ਜੋਸ਼ਾਂ ਦੇ ਵਿਚ ਆਏ। ਧੰਨ ਓਹ ਨਸ਼ਾਹ ਕੀ ਕੀ ਜਿਸ ਥੀਂ ਮਟ ਵਿਚ ਰਿਹਾ ਨਾ ਜਾਏ॥੨॥ ਕਿਬਰ ਗ਼ਰੂਰ ਅਤੇ ਵਡਿਆਈਆਂ ਹਰਦਮ ਲਾਇਕ ਤੈਨੂੰ। ਅਜਜ਼ ਨਿਆਜ਼ ਤੇ ਨੀਵਾਂ ਦਰਜਾ ਡਿਆ ਹਜੂਰੋਂ ਮੈਨੂੰ॥੩॥ ਸਾਰੇ ਜਗ ਥੀਂ ਬਾਜਾਂ ਵਾਂਗੂੰ ਅਖੀਆਂ ਨੂੰ ਮੈਂ ਸੀਤਾ। ਜਾਂ ਜਾਂ ਤੀਕ ਨ ਮੁਖ ਤੇਰੇ ਦਾ ਨਾਹੀਂ ਦਰਸ਼ਨ ਕੀਤਾ॥੪॥ ਜੋ ਅਸਰਾਰ ਨਾ ਕੁਲ ਖਲਕਤ ਨੂੰ ਦਸਾਂ ਪਿਆ ਛਪਾਵਾਂ। ਮਿਲੇ ਜੇ ਮਹਿਰਮ ਰਾਜ ਦਿਲੇ ਦਾ ਉਸਨੂੰ ਖੋਹਲ ਸੁਨਾਵਾਂ ॥੫॥ ਗਲੀ ਤੇਰੀ ਦੇ ਕਾਬੇ ਅੰਦਰ ਜੋ ਆਸ਼ਕ ਆ ਵੜਿਆ । ਕਿਬਲਾ ਵੇਖ ਤੇਰੇ ਆਬਰੂ ਦਾ ਸਿਜਦੇ ਅੰਦਰ ਝੜਿਆ॥੬॥ ਯਾਰ ਸੋਜ਼ ਦਿਲੇ ਦਾ ਕੀ ਕੁਝ ਹਾਫਜ਼ ਕਹੈ ਵਿਚਾਰਾ। ਪੁੱਛੋ ਵੰਜ ਸ਼ਮਾਂ ਦੇ ਕੋਲੋਂ ਉਸਦਾ ਕਿਵੇਂ ਗੁਜ਼ਾਰਾ ॥੭॥
23. ਸੁੰਨਤ ਪਾਕ ਨਬੀ ਦੇ ਵਲੋਂ ਜੇਹੜਾ
ਸੁੰਨਤ ਪਾਕ ਨਬੀ ਦੇ ਵਲੋਂ ਜੇਹੜਾ ਮੁਖ ਭੁਆਵੇ । ਦੋਹਾਂ ਜਹਾਨਾਂ ਵਿਚ ਸ਼ਰਮਿੰਦਾ ਕਦੀ ਮੁਰਾਦ ਨਾ ਪਾਵੇ॥੧॥ ਸਾਲਕ ਨੂਰ ਹਦਾਇਤ ਦੇ ਥੀਂ ਪਾਵੇਂ ਰਾਹ ਅਲਾਹੀ । ਕਿਸੇ ਮਕਾਨ ਨਾ ਅੱਪੜਨ ਜੇਹੜੇ ਡੁਬੇ ਵਿਚ ਗੁਮਰਾਹੀ॥੨॥ ਪਿਛਲੀ ਉਮਰਾ ਹੋਈ ਹੁਣ ਤੇ ਫੜ ਤੂੰ ਹੈ ਦਰਬਾਨੀ । ਹੈਫ ਓਹ ਵਖਤ ਜੋ ਖਰਚ ਕੀਤੋਈ ਬਾਤਲ ਰਾਹਿ ਸ਼ਤਾਨੀ॥੩॥ ਭੁਲੇ ਨੂੰ ਰਾਹ ਲਾ ਸ਼ਤਾਬੀ ਏਹ ਸਰੂਰ ਨਬੀਆਂ ਦੇ । ਨਾਵਾਕਫ ਪ੍ਰਦੇਸੀ ਐਵੇਂ ਪੁਛਕੇ ਰਸਤੇ ਪਾਂਦੇ॥੪॥ ਗੋਸ਼ੇ ਤੇ ਪ੍ਰਹੇਜ਼ਗਾਰੀ ਦੀਆਂ ਖਾਤਮੇ ਉਪਰ ਗੱਲਾਂ । ਕੋਈ ਨਾ ਜਾਨੇ ਓੜਕ ਵੇਲੇ ਕਿਸ ਹਾਲਤ ਮੈਂ ਚੱ॥੫॥ ਜਿਸ ਕਰਵਾਨ ਡੇਹਾ ਬਦਰਕਾ ਲੁਤਫ਼ ਇਲਾਹੀ ਵਾਲਾ । ਸੋਹਣਾ ਆਵਨ ਜਾਵਨ ਉਸਦਾ ਮਿਲੇ ਮੁਰਾਤਬ ਵਾਲਾ॥੬॥ ਹਿਕਮਤਵਾਲੇ ਚਸ਼ਮਿਓਂ ਹਾਫਜ਼ ਭਰਲੈ ਇਕ ਪਿਆਲਾ। ਧੋ ਖੜਸੀ ਓਹ ਦਿਲ ਤੇਰੇ ਥੀਂ ਨਕਸ਼ ਜਹਾਲਤ ਵਾਲਾ॥੭॥ ਗਾਲੀਆਂਨੂੰ ਬੇਤਾਬ ਕਰੇਂਦੀ ਸੰਬਲ ਜ਼ੁਲਫ ਸਜਨ ਦੀ। ਝਿੜਕਾਂ ਨਾਜ਼ ਵਖਾ ਕੇ ਕੈਸੇ ਦੌਲਤ ਸਾਡੇ ਮਨਦੀ॥੮॥
24. ਆਸ਼ਕ ਆਪਣੇ ਕੋਲੋਂ ਦਿਲਬਰ ਲੰਘੇ
ਆਸ਼ਕ ਆਪਣੇ ਕੋਲੋਂ ਦਿਲਬਰ ਲੰਘੇ ਵਾਂਗ ਹਵਾਈ। ਕਿਆ ਕਰੇ ਜੋ ਕਾਹਲੀ ਉਮਰਾ ਪਲਕ ਨਾ ਠਹਿਰੇ ਕਾਈ॥੧॥ ਮੁਖ ਮਤਾਬ ਸਜਨ ਦਾ ਐਵੇਂ ਕਾਲੀ ਜ਼ੁਲਫ਼ ਛਪਾਵੇ। ਵਿਚ ਅਸਮਾਨਾਂ ਸੂਰਜ ਜਿਉਂਕਰ ਬਦਲਾਂ ਅੰਦ੍ਰ ਆਵੇ॥੨॥ ਹਰ ਪਾਸੇ ਪਏ ਹੜ ਪਾਨੀ ਦੇ ਮੇਰੀ ਅੱਖ ਚਲਾਵੇ। ਮਤ ਕੇ ਸਰੂ ਸਨੋਬਰ ਤੇਰਾ ਬਿਨ ਪਾਣੀ ਸੁਕ ਜਾਵੇ ॥੩॥ ਕਤਲ ਕਰੇ ਏਹ ਗੰਮਜਾ ਤੇਰਾ ਤਿੱਖਿਆਂ ਨੈਨਾਂ ਵਾਲਾ। ਬੇਦੋਸੇ ਨੂੰ ਮਾਰਨ ਲਗਾ ਫੁਰਸਤ ਹੋਵਸ ਸ਼ਾਲਾ॥੪॥ ਦੁੱਖਾਂ ਹਥੋਂ ਮੈਂ ਆਜਜ਼ ਥੀਂ ਅਰਜ਼ ਨਾ ਕੀਤੀ ਜਾਂਦੀ। ਦੋਸਤ ਦੇਨ ਜੁਵਾਬ ਜਿਨਾਂ ਨੂੰ ਕਿਸਮਤ ਵੱਡੀ ਉਨਾਂ ਦੀ॥੫ ਕਦ ਓਹ ਦਿਲਬਰ ਹਾਫ਼ਜ਼ ਤਾਈਂ ਵਿਚ ਨਗਾਹ ਲਿਆਵੇ। ਜਿਸਦੀ ਅੱਖ ਮਸਤਾਨੀ ਹਰ ਨੂੰ ਘਾਇਲ ਕਰਦੀ ਜਾਵੇ॥੬॥ ਆਰਫ ਰੱਬ ਦੇ ਪਾਕ ਸ਼ਰਾਬੋਂ ਧੋਤੀ ਸਭ ਪਲੀਤੀ । ਸੁਤਿਆਂ ਉਠਕੇ ਮੈਖਾਨੇ ਦੀ ਜਦੋਂ ਜ਼ਿਆਰਤ ਕੀਤੀ॥੭॥
25. ਦਿਨ ਲੱਥਾ ਤੇ ਸ਼ਾਮਾਂ ਪਈਆਂ
ਦਿਨ ਲੱਥਾ ਤੇ ਸ਼ਾਮਾਂ ਪਈਆਂ ਰਿੰਦਾਂ ਸੀਸ ਨਿਕਾਲੇ। ਕਹਿੰਦਾ ਸਾਕੀ ਆਓ ਮਸਤੋ ਪੀਓ ਸ਼ਰਾਬ ਪਿਆਲੇ॥੧॥ ਅਜਬ ਕਬੂਲ ਨਮਾਜ਼ ਓਸਦੀ ਦਰਦੋਂ ਹੋਵੇ ਮੀਤਾ। ਖੂਨ ਜਿਗਰ ਤੇ ਹਿੰਜੂ ਥੀਂ ਜਿਸ ਵੁਜੂ ਕਾਮਲ ਕੀਤਾ॥੨॥ ਮੁਲ ਨਸ਼ੇ ਦਾ ਲਾਲਾਂ ਵਰਗਾ ਜੇ ਅਕਲੋਂ ਹਥ ਆਵੇ। ਕਰਲੈ ਸੌਦਾ ਇਸ ਸੌਦੇ ਵਿਚ ਘਾਟਾ ਕੋਈ ਨਾ ਪਾਵੇ॥੩॥ ਵੇਖੋ ਸ਼ਾਨ ਮੁਰਾਤਬ ਸਾਡੇ ਆਕੇ ਵਿਚ ਮੈਖਾਨੇ । ਬਾਅਜ਼ ਭਾਵੇਂ ਮੈਲੀ ਨਜ਼ਰੋਂ ਸਾਨੂੰ ਮੰਦਾ ਜਾਨੇ ॥੪॥ ਆਸ਼ਕ ਲੋਕਾਂ ਕੋਲੋਂ ਢੂੰਡੀਂ ਅਸਰ ਮੁਹੱਬਤਾਂ ਵਾਲੇ । ਭਾਵੇਂ ਇਸ਼ਕਾਂ ਅੰਦਰ ਓਹਨਾਂ ਵਸਦੇ ਝੁੱਗੇ ਗਾਲੇ ॥੫॥ ਜੇਕਰ ਤਰਫ ਜਮਾਇਤ ਸਾਨੂੰ ਅੱਜ ਅਮਾਮ ਬੁਲਾਵੇ । ਆਖੋ ਨਾਲ ਨਸ਼ੇ ਦੇ ਹਾਫ਼ਜ਼ ਵੁਜ਼ੂ ਕਰਕੇ ਆਵੇ ॥੬॥
26. ਮਤਲਬ ਜਾਮ ਜਹਾਨ ਮਾਂਦਾ ਤੁਧ ਤੂੰ
ਮਤਲਬ ਜਾਮ ਜਹਾਨ ਮਾਂਦਾ ਤੁਧ ਤੂੰ ਹਾਸਲ ਕਰਸੇਂ। ਮਿਟੀ ਮੈਖਾਨੇ ਦੀ ਜਦ ਤੂੰ ਸੁਰਮਾਂ ਅੱਖੀਂ ਭਰਸੇਂ ॥੧॥ ਹੈ ਅਕਸੀਰ ਗੁਦਾਈ ਕਰਨੀ ਮੈਖਾਨੇ ਦੇ ਦਰਦੀ । ਜੇ ਏਹ ਕਸਬ ਕਰੇ ਫਿਰ ਤੈਨੂੰ ਹਾਜਤ ਕੇਹੜੇ ਜ਼ਰਦੀ॥੨॥ ਰਾਗ ਸ਼ਰਾਬ ਨਾ ਛੋੜੀਂ ਹਰਗਿਜ਼ ਦੁਨੀਆਂ ਅੰਦਰ ਭਾਈ। ਇਸ ਕੰਮ ਰੁਝਿਆਂ ਦਿਲ ਤੇਰੇ ਵਿਚ ਗਮੀ ਨਾ ਰਹਿਸੀ ਕਾਈ॥੩ ॥ ਇਸ਼ਕ ਦੀਆਂ ਕਰਵਾਨਾਂ ਨਾਲੋਂ ਕਦਮ ਨਾ ਪਿਛਾਂਹਾਂ ਹਟਾਈਂ। ਇਸ ਰਾਹ ਹਿੰਮਤ ਕਰੀਂ ਚੰਗੇਰੀ ਨਫਾ ਬੇਓੜਕ ਪਾਈਂ॥੪॥ ਅਜੇ ਸ਼ੌਕ ਇਲਾਹੀ ਸੰਦੀ ਸ਼ੌਕ ਰਖੀ ਤੂੰ ਪੂਰੀ। ਨੇਕਾਂ ਲੋਕਾਂ ਕੋਲੋਂ ਹੋਸੀ ਰੱਬਦਾ ਖਾਸ ਹਜੂਰੀ ॥੫॥ ਵਿਚ ਨਫਸਾਨੀ ਖੁਆਸ਼ਾਂ ਫਾਥਾ ਪੰਖੀ ਤੇਰੇ ਦਿਲਦਾ । ਕਦੋਂ ਹਕੀਕਤ ਵਾਲੇ ਰਸਤੇ ਤੈਨੂੰ ਲੰਘਣਾ ਮਿਲਦਾ॥੬॥ ਪਾਕ ਜੁਮਾਲ ਸਜਨ ਦੇ ਉਤੇ ਪੜਦਾ ਮੂਲ ਨਾ ਕਾਈ। ਐਪਰ ਤਦ ਵੇਖੇਂਗਾ ਜਦ ਤੁਧ ਦਿਲ ਦੀ ਧੂੜ ਲਾਹੀ॥੭॥ ਦਿਲ ਤੇਰੇ ਵਿਚ ਹੁਬ ਸਜਨ ਦੀ ਜਾਂ ਜਾਂ ਤੀਕ ਖਲੋਸੀ । ਰਖੀ ਨਹੀਂ ਉਮੈਦ ਜੋ ਤੈਥੋਂ ਹੋਰ ਕੋਈ ਕੰਮ ਹੋਸੀ ॥੮॥ ਹਾਫਜ਼ ਜੇਕਰ ਮੰਨ ਲਈ ਤੁਧ ਏਹ ਨਸੀਹਤ ਸ਼ਾਹੀ । ਲੱਭ ਪਵੇਗਾ ਆਪੇ ਤੈਨੂੰ ਕੁਰਬ ਹਜ਼ੂਰ ਇਲਾਹੀ ॥੬॥
27. ਰਾਤ ਪਈ ਉਸ ਤੁਰਕ ਫਲਕ ਦੀ
ਰਾਤ ਪਈਉਸ ਤੁਰਕ ਫਲਕ ਦੀ ਦਿਨ ਸਾਰਾ ਲੁਟ ਖੜਿਆ। ਆਓ ਮਸਤੋ ਪੀਓ ਪਿਆਲੇ ਚੰਦ ਈਦ ਦਾ ਚੜਿਆ ॥੧॥ ਰੋਜ਼ਾ ਹੱਜ ਕਬੂਲ ਜਹਾਨੋ ਓਸ ਬੰਦੇ ਨੇ ਖੜਿਆ। ਆਸ਼ਕ ਬਣਕੇ ਮੈਖਾਨੇ ਦਾ ਜਿਸ ਦਰਵਾਜ਼ਾ ਫੜਿਆ॥੨॥ ਮੈਖਾਨੇ ਦੇ ਸੌ ਗੋਸ਼ੇ ਅੰਦਰ ਉਮਰਾ ਅਸਾਂ ਲੰਘਾਈ । ਸ਼ਾਲਾ ਭਲਾ ਕਰੇ ਰੱਬ ਉਸਦਾ ਜਿਸ ਏਹ ਜਗਾ ਬਨਾਈ॥੩॥ ਖਾਸਉਲਖਾਸ ਨਿਮਾਜ਼ ਇਸ਼ਕ ਦੀ ਓਸੇ ਆਸ਼ਕ ਨੀਤੀ। ਆਪਣੇ ਖੂਨ ਜਿਗਰ ਦੇ ਕੋਲੋਂ ਜਿਸ ਤਹਾਰਤ ਕੀਤੀ॥੪॥ ਹੈ ਫਰਿਆਦ ਜੋ ਅੱਜ ਦਿਹਾੜੇ ਸਾਡਾ ਸ਼ੇਖ ਸ਼ੈਹਰ ਦਾ। ਅਸਾਂ ਗਰੀਬਾਂ ਰਿੰਦਾਂ ਵਲੋਂ ਨਜ਼ਰ ਹਕਾਰਤ ਕਰਦਾ॥੫॥ ਗਲਾਂ ਇਸ਼ਕ ਮੁਹੱਬਤ ਵਾਲੀਆਂ ਹਾਫ਼ਜ਼ ਥੀਂ ਸੁਨ ਭਾਈ। ਵਾਅਜ਼ ਸੌ ਤਦਬੀਰ ਬਨਾਵੇ ਗਲ ਨਾ ਢਕਸੀ ਕਾਈ ॥੬॥
28. ਜਦ ਤਕ ਨਾਮ ਨਸ਼ਾਨ ਨਸ਼ੇ ਦਾ
ਜਦ ਤਕ ਨਾਮ ਨਸ਼ਾਨ ਨਸ਼ੇ ਦਾ ਦੁਨੀਆਂ ਅੰਦਰ ਆਨਾ॥ ਤਦ ਲਗ ਪੀਰ ਮੁਗਾਂ ਦੇ ਦਰ ਥੀਂ ਅਸਾਂ ਨਹੀਂ ਸਿਰ ਚਾਨਾ॥੧॥ ਪਿਆ ਅਕਲ ਦਾ ਮੇਰੀ ਕੰਨੀ ਪੀਰ ਮੁਗਾਂ ਦਾ ਵਾਲਾ। ਉਹ ਗੁਲਾਮੀ ਦਾਵਾ ਸਾਨੂੰ ਰਹੇ ਹਮੇਸ਼ਾਂ ਸ਼ਾਲਾ ॥੨॥ ਕਬਰ ਮੇਰੀ ਥੀਂ ਲੰਘੇ ਜਿਸ ਦਮ ਫਾਤਿਆ ਖੈਰ ਅਲਾਈ। ਸਾਰੇ ਰਿੰਦ ਜ਼ਿਆਰਤ ਔਸਨ ਕਬਰ ਮੇਰੇ ਦੇ ਤਾਈਂ॥੩॥ ਖੋਜ ਮੁਮਾਰਿਖ ਕਦਮ ਤੇਰੇ ਦਾ ਜਿਸ ਜਗਾ ਕੋ ਪਾਸੀ । ਬਰੀਆਂ ਉਸ ਜਗਾ ਨੂੰ ਆਪਨੀ ਸਜਦਾ ਗਾਹ ਬਨਾਸੀ॥੪॥ ਵਣਜ ਏਸ ਭੇਤੋਂ ਕੋਈ ਨਾ ਮੈਹਰਮ ਜ਼ਾਹਿਦ ਰੱਖ ਤਸੱਲਾ । ਏਹ ਅਸਰਾਰ ਨਾ ਖੋਲਨ ਵਾਲਾ ਬੇਹਤਰ ਜਾਨੇ ਅੱਲਾ॥੫॥ ਐਬ ਨਾ ਧਰ ਮਸਤਾਂ ਦੇ ਖੁਆਜਾ ਕਰ ਹਰ ਦੀ ਪਾਬੋਸੀ। ਖਬਰ ਨਹੀਂ ਜੋ ਦਮ ਆਖਰ ਦੇ ਕੌਨ ਸੋਹਾਗਨ ਹੋਸੀ॥੬॥ ਅਖੀ ਮੇਰੀਆਂ ਸ਼ੌਕ ਤੇਰੇ ਵਿੱਚ ਜੋ ਹੋ ਗਈਆਂ ਜਾਈਂ। ਵਿੱਚ ਫਰਾਕਾਂ ਰੋਂਦੀਆਂ ਰਹਿਸਨ ਵਿੱਚ ਕਿਆ ਮਤ ਤਾਈਂ।੭॥ ਹਾਫਜ਼ ਜੇਕਰ ਏਹੋ ਜੇਹੀ ਬਖਤਾਂ ਕੀਤੀ ਯਾਰੀ । ਤਾਂ ਫਿਰ ਸਭਨਾਂ ਨਾਲੋਂ ਪਿਛੇ ਹੋਸੀ ਤੇਰੀ ਵਾਰੀ॥੮॥
29. ਸਜਨਾਂ ਖਤ ਤੁਸਾਡਾ ਆਇਆਂ
ਸਜਨਾਂ ਖਤ ਤੁਸਾਡਾ ਆਇਆਂ ਕਿਤਨੀ ਮੁਦਤ ਹੋਈ । ਪੁਛ ਘਲਾਂ ਮੈਂ ਕਿਸਦੇ ਹਥੀਂ ਕਾਸਦ ਮਿਲੇ ਨਾ ਕੋਈ॥੧॥ ਵਸਲ ਤੁਸਾਡਾ ਪਾਵਨ ਕੋਲੋਂ ਆਜਿਜ਼ ਹਿੰਮਤ ਮੇਰੀ। ਓਹ ਹਿਕ ਮੁਫਤ ਗਰੀਬਾਂ ਉਤੇ ਬਖਸ਼ਸ਼ ਹੋਸੀ ਤੇਰੀ ॥੨॥ ਮਟੋਂ ਭਰੇ ਬਿਆਮ ਨਸ਼ੇ ਦੇ ਮੌਸਮ ਅਜਬ ਫੁਲਾਂ ਦਾ । ਲੈ ਕੁਝ ਪੈਕ ਜੋ ਐਸ਼ ਕਰਨ ਦਾ ਵਕਤ ਵਿਹਾਂਦਾ ਜਾਂਦਾ।੩॥ ਦਿਲ ਮੇਰੇ ਦਾ ਰੋਗ ਨਾ ਜਾਂਦਾ ਏਹ ਗੁਲਕੰਦਾਂ ਖਾਕੇ। ਦੋ ਤਿੰਨ ਬੋਸੇ ਦਈਂ ਅਸਾਂਨੂੰ ਗਾਲੀਂ ਨਾਲ ਮਿਲਾਕੇ॥੪॥ ਮੈਖਾਨੇ ਦਿਆਂ ਰਿੰਦਾਂ ਤਾਂਈ ਹਰ ਦਮ ਮਦਤ ਖੁਦਾਈ । ਦੁਨੀਆਂ ਦਾਰਾਂ ਡੰਗਰਾਂ ਕੋਲੋਂ ਆਸ ਨਾ ਰੱਖੀਂ ਕਾਈ॥੫॥ ਜ਼ਾਹਿਦ ਗਲੀ ਸ਼ਰਾਬੀਆਂ ਦੀ ਥੀਂ ਸਹੀ ਸਲਾਮਤ ਜਾਈਂ। ਬੈਠ ਓਨਾਂ ਦੀ ਮਜਲਸ ਅੰਦਰ ਲੀਕ ਨਾ ਮਥੇ ਲਾਈਂ॥੬॥ ਬੈਠੋ ਫੂਲ ਜ਼ੀਆਨ ਨਸ਼ੇ ਦੇ ਨਫੇ ਭੀ ਆਖ ਸੁਨਾਈਂ। ਆਮਾਂ ਦਾ ਦਿਲ ਰਖਨ ਬਦਲੇ ਨਫਾ ਨਾ ਮੂਲ ਛਪਾਈਂ॥੭॥ ਪੀਰ ਮਗਾਂ ਨਸੀਅਤ ਕੀਤੀ ਆਪਣੇ ਚੇਲੇ ਤਾਂਈਂ । ਕਚਿਆਂ ਬੇਕਦਰਾਂ ਨੂੰ ਆਪਨਾ ਹਾਲ ਨਾ ਦਸਗਵਾਈ॥੮॥ ਹਾਫਜ਼ ਬਾਜ਼ ਤੇਰੇ ਜਲ ਮੋਇਆ ਲਗੀ ਭਾਹ ਹਿਜਰ ਦੀ । ਅਸਾਂ ਨਕਾਰਿਆਂ ਉਤੇ ਸਾਈਆਂ ਭਾਲੀ ਨਜ਼ਰ ਮੇਹਰ ਦੀ।੬।
30. ਦੁਖ ਦਿਲਾ ਏਹ ਦੁਖ ਨਾ ਤੇਰਾ
ਦੁਖ ਦਿਲਾ ਏਹ ਦੁਖ ਨਾ ਤੇਰਾ ਸਾਰੇ ਕੰਮ ਕਰੇਸੀ । ਕੂਕਨ ਅੱਧੀ ਰਾਤੀ ਵਾਲਾ ਸੌ ਬਲਾ ਟਲੇਸੀ ॥੧॥ ਝਿੜਕਾਂ ਯਾਰ ਪਿਆਰੇ ਵਾਲੀਆਂ ਆਸ਼ਕ ਬਨੀ ਨਾ ਭਾਈ। ਇਕ ਨਗਾਹ ਕਰਮ ਦੀ ਉਸਦੀ ਧੋਸੀ ਲਖ ਬਲਾਈਂ॥੨॥ ਵਾਂਗ ਮਸੀਹ ਤਬੀਬ ਇਸ਼ਕ ਦਾ ਕਰਦਾ ਸੇਹਤ ਸਫਾਈ। ਪਰ ਜੇ ਮਰਜ਼ ਨਾ ਤੈਂ ਵਿੱਚ ਵੇਖੇ ਕਿਸਦੀ ਕਰੈ ਦੁਵਾਈ॥੩॥ ਦੋਹਾਂ ਜਹਾਨਾਂ ਦੀ ਰੋਸ਼ਨਾਈ ਓਨਾ ਬਜ਼ੁਰਗਾਂ ਪਾਈ। ਮਰਦਿਆਂ ਤੀਕਨ ਗੁਰੂ ਆਪਨੇਦੀ ਜਿਨਾਂ ਗੁਲਾਮੀ ਚਾਈ।੪। ਸਾਰੇ ਕੰਮ ਖੁਦਾ ਨੂੰ ਸੌਂਪੀ ਦਿਲ ਦੇ ਫਿਕਰ ਵੰਝਾਂਈਂ । ਦੂਤੀ ਜੇ ਕਰ ਤਰਸ ਨਾ ਕੀਤਾ ਰਹਿਮ ਕਰੇਸੀ ਸਾਂਈ॥੫॥ ਸੁਤਿਆਂ ਹੋਇਆਂ ਬਖਤਾਂ ਮੈਨੂੰ ਚਾ ਦਿਲਗੀਰ ਬਨਾਇਆ। ਕਿਸੇ ਤਹੱਜਦ ਖੁਦਾਈ ਪਾਰੋਂ ਮੈਨੂੰ ਬਖਸ਼ ਖੁਦਾਇਆ॥੬॥ ਜ਼ੁਲਫ ਮੁਅਤ੍ਰ ਦਿਲਬਰ ਦੀ ਥੀਂ ਹਾਫਜ਼ ਬੋ ਨਾ ਪਾਈ। ਸ਼ਾਇਦ ਵਾ ਸੁਬਾ ਦੀ ਫਜ਼ਰੇ ਕਰੇ ਤਰਦੱਦ ਕਾਈ ॥੭॥ ਮੈਖਾਨੇ ਦੇ ਦਰ ਤੇ ਡਿਠੇ ਕੁਲ ਫਰਿਸ਼ਤੇ ਆਲੀ । ਨਾਲ ਨਸ਼ੇ ਦੇ ਘੁਮਦੇ ਜਾਵਨ ਮੰਨੀ ਆਦਮ ਵਾਲੀ ॥੮॥ ਮੌਲਾ ਦੇ ਦਰਬਾਰੀ ਜੇਹੜੇ ਖਾਸ ਮੁਕਾਮਾਂ ਵਾਲੇ । ਮੈਂ ਰਾਹੀ ਨੂੰ ਬਖਸ਼ੇ ਓਨਾ ਮਸਤ ਸ਼ਰਾਬ ਪਿਆਲੇ॥੯॥ ਲੱਖ ਲੱਖ ਸ਼ੁਕਰ ਜੋ ਮੇਰਾ ਉਸਦਾ ਰਬ ਸਲੰਗ ਬਨਾਯਾ। ਹੂਰਾਂ ਵੀ ਅਜ ਕਰ ਸ਼ੁਕਰਾਨਾਂ ਅਪਨਾ ਨਾਚ ਵਖਾਯਾ॥੧੦॥ ਜੇਕਰ ਲੜਨ ਬਹਥ੍ਰ ਫਿਰਕੇ ਓਹ ਮਾਜ਼ੂਰ ਵਿਚਾਰੇ। ਅਸਲੀ ਰਸਤਾ ਕਿਸੇ ਨਾ ਡਿਠਾ ਤਾਂਹੀ ਲੜ ਦੇ ਸਾਰੇ॥੧੧॥ ਅੰਬਰ ਧਰਤ ਨਾ ਚਾਯਾ ਹਰਗਿਜ਼ ਭਾਰ ਅਮਾਨਤ ਵਾਲਾ । ਮੈਂ ਝਲੇ ਨੂੰ ਚਾਹਵਨ ਢਾਇਆ ਤੋੜ ਨਭਾਵਾਂ ਸ਼ਾਲਾ॥੧੨। ਸੌ ਖਰਦਾਰ ਉਠਾਕੇ ਸਿਰਤੇ ਮੈਂ ਕਿਉਂ ਪਵਾਂ ਨਾ ਭੁਲੇ। ਇਕੋ ਦਾਣਾ ਖਾਕੇ ਆਦਮ ਰਾਹ ਭੁਲਾਏ ਕੁੱਲੇ ੧੩॥ ਹਾਫ਼ਜ਼ ਵਾਂਗੂੰ ਕਿਸੇ ਨਾ ਅਜਤਕ ਮੌਤੀ ਸੁਖਨ ਪਰੋਏ। ਜਿਤਨੇ ਸੁਖਨ ਅਲਾਵਨ ਵਾਲੇ ਸ਼ਾਹੇ ਜਗ ਵਿਚ ਹੋਏ॥੧੪॥
31. ਪੈਹਲੇ ਰੋਜ ਜਮਾਲ ਤੇਰੇ ਨੇ
ਪੈਹਲੇ ਰੋਜ ਜਮਾਲ ਤੇਰੇ ਨੇ ਮਾਰਿਆ ਇਕ ਚਮਕਾਰਾ॥ ਇਸ਼ਕ ਤੇਰੇ ਦੀ ਆਤਸ਼ ਅੰਦਰ ਜਲਿਆ ਆਲਮ ਸਾਰਾ॥੧॥ ਮਲਕਾਂ ਇਸ਼ਕ ਕਬੂਲ ਨਾ ਕੀਤਾ ਹੁਸਨ ਤੇਰੇ ਥੀਂ ਡਰਕੇ। ਤਾਂਹੀ ਅੱਗ ਹੋ ਟਕਰਿਆ ਸਾਨੂੰ ਏਹ ਗੈਰਤ ਕਰਕੇ ॥੨॥ ਸਿਰ ਹੈਕਾਨੀ ਪਾਵਾਂ ਮੈਂ ਵੀ ਇਹ ਗਲ ਸ਼ੈਤੋਂ ਚਾਹੀ । ਮਾਰੀ ਉਸਦੇ ਸੀਨੇ ਉਤੇ ਗ਼ੈਬੀ ਚਾਟ ਅਲਾਹੀ ॥੩॥ ਅਕਲ ਬੀ ਇਸ ਸ਼ੋਹਲੇ ਥੀਂ ਅਪਨੀ ਸ਼ਮਾ ਜਲਾਵਨ ਆਯਾ। ਕੜਕੀ ਬਿਜਲੀ ਗੈਰਤ ਵਾਲੀ ਸਭ ਜਗ ਓਸ ਡਰਾਯਾ॥੪॥ ਕਿਸਮਤ ਨੇਕ ਜਿਨਾਂ ਦੀ ਆਹੀ ਪਈਆਂ ਮੁਬਾਰਕ ਫਾਲਾਂ। ਮੇਰੀ ਫਾਲ ਗਮਾਂ ਤੇ ਡਿਗੀ ਬੈਠਾ ਗਮਿਆਂ ਜਾਲਾਂ ॥੫॥ ਸੂਰਤ ਅਪਨੀ ਦੇਖਨ ਕਾਰਨ ਦਿਲਬਰ ਜਾਨੀ ਮੇਰੇ । ਆਦਮ ਦੇ ਬੁਤ ਖਾਨੇ ਅੰਦਰ ਆਨ ਲਗਾਏ ਡੇਰੇ ॥੬॥ ਹਾਫ਼ਜ਼ ਉਸ ਦਿਨ ਇਸ਼ਕ ਤੇਰੇ ਦਾ ਲਿਖਿਆ ਫੁਰਸਤਨਾਮਾ। ਜਿਸਦਿਨ ਖੁਸ਼ੀ ਵੰਜਾਏ ਏਹ ਦਿਲ ਹੋਯਾ ਬੇਅਰਾਮਾ॥੭॥
32. ਜ਼ਾਹਦ ਕਲ ਮੈਖਾਨੇ ਜਾ ਕੇ
ਜ਼ਾਹਦ ਕਲ ਮੈਖਾਨੇ ਜਾ ਕੇ ਅਜਬ ਤਮਾਸ਼ੇ ਕੀਤੇ । ਕੌਲ ਕਰਾਰ ਭੁਲਾਕੇ ਸਾਰੇ ਖੂਬ ਪਿਆਲੇ ਪੀਤੇ ॥੧॥ ਯਾਰ ਪੁਰਾਣੇ ਸੁਫਨੇ ਅੰਦਰ ਉਸਨੂੰ ਝਾਤੀ ਪਾਈ। ਤਾਂਹੀ ਬੁਢਾ ਠਰਕ ਇਸ਼ਕ ਥੀਂ ਹੋ ਚਲਿਆ ਸੌਦਾਈ॥੨॥ ਬਦਵਾਂ ਕੋਲੋਂ ਡਰਕੇ ਸੁਟੀ ਸਿਰ ਥੀਂ ਗਠੜੀ ਭਾਰੀ। ਏਸ ਹਕੀਕੀ ਦਿਲਬਰ ਪਿਛੇ ਭੁਲੀ ਦੁਨੀਆਂ ਸਾਰੀ॥੩॥ ਆਤਸ਼ ਹੁਸਨ ਫੁਲਾਂ ਦੀ ਸਾੜੇ ਬੁਲਬੁਲ ਦਾ ਖਲਵਾੜਾ। ਹਸਨਾ ਮੁਖ ਸ਼ਮਾਂ ਦਾ ਹੁੰਦਾ ਮੌਤ ਪਤੰਗਾ ਯਾਰਾ ॥੪॥ ਸੌ ਸੌ ਸ਼ੁਕਰ ਜੋ ਰੋਣਾ ਮੇਰਾ ਜ਼ਾਇਆ ਗਿਆ ਨਾ ਜਣਿਆ। ਇਕ ਇਕ ਕਤਰੇ ਹਿੰਜੂ ਮੇਰੇ ਥੀਂ ਸੁਚਾ ਮੋਤੀ ਬਣਿਆਂ॥੫॥ ਭੰਨ ਪਿਆਲੇ ਸੂਫੀ ਜੋ ਅਜ ਸਾਡਾ ਕਰੇ ਮੁਕਾਲਾ। ਕਲ ਅਸਾਂ ਥੀਂ ਇਕ ਘੁਟ ਲੈ ਕੇ ਬਣਿਆਂ ਅਕਲਾਂ ਵਾਲਾ॥੬॥ ਵਿੱਚ ਦਰਗਾਹ ਅਲਾਹੀ ਹਾਫਜ਼ ਉੱਚਾ ਮਨਸਬ ਪਾਇਆ। ਜਾਨ ਜਾਨੀ ਨੂੰ ਦਿੱਤੀ ਤੇ ਦਿਲਬਰ ਨਾਲ ਮਿਲਾਇਆ॥੭
33. ਸਭ ਜਗ ਕੀਮਤ ਦਏ ਤਾਂ ਬੀ ਸਸਤਾ
ਸਭ ਜਗ ਕੀਮਤ ਦਏ ਤਾਂ ਬੀ ਸਸਤਾ ਸ਼ਾਹ ਮਗਾਂ ਦਾ। ਵੇਚ ਸ਼ਰਾਬੋਂ ਖਿਲਤਾ ਮੇਰਾ ਵਧ ਨਾ ਕੀਮਤ ਪਾਂਦਾ ॥੧॥ ਗਲੀ ਕਲਾਲਾਂ ਦੀ ਵਿੱਚ ਵਸਦਾ ਜਾਮ ਸ਼ਰਾਬ ਨਾ ਢੈਂਦਾ। ਅਜਬ ਮਿਸਲੇ ਜਿਸਦੇ ਮੁਲ ਥੀਂ ਸਾਗਰ ਨਾਹੀਂ ਵਟੇਂਦਾ॥੨॥ ਪਾਤਸ਼ਾਹੀ ਦਿਆਂ ਤਾਜਾਂ ਅੰਦਰ ਜਾਨੋ ਧੋਖਾ ਹੁੰਦਾ। ਸੋਹਣਾ ਹੈ ਪਰ ਚਿੰਤਾ ਕੋਲੋਂ ਘੜੀ ਅਰਾਮ ਨਾ ਹੁੰਦਾ॥੩॥ ਦਿਲ ਦੀ ਤਖਤੀ ਉਤੋਂ ਧੋਈਂ ਹਰਫ ਜੋ ਦੂਈ ਵਾਲਾ। ਇਸ ਬਜ਼ਾਰ ਸੇਹਰਿ ਨਿਆਮਤ ਥੀਂ ਵਧ ਸ਼ਰਾਬ ਪਿਆਲਾ॥੪॥ ਮੋਤੀਆਂ ਖਾਤ੍ਰ ਸੌਖਾ ਹੁੰਦਾ ਵੜ ਜਾਵਨ ਦਰਿਆਈਂ। ਗਲਤ ਕਹਿਆ ਇਕ ਠਾਠ ਉਸਦੀ ਦਾ ਮੋਤੀ ਸੌ ਮੁਲ ਨਾਹੀਂ॥੫॥ ਢੂੰਡ ਖਜ਼ਾਨਾ ਰਹਿਮਤ ਵਾਲਾ ਉਮਰ ਗੁਜਾਰੇਂ ਚੰਗੀ। ਸਾਰੀ ਦੁਨੀਆਂ ਥੀਂ ਵਧ ਜਾਵੇ ਇਕ ਪਲ ਦਿਲ ਦੀਤੰਗੀ।੬। ਕਰੇਂ ਕਨਾਇਤ ਹਾਫ਼ਜ਼ ਵਾਗੂੰ ਦੁਨੀਆਂ ਮਗਰ ਨਾ ਜਾਂਈ । ਲੱਖਾਂ ਥੀ ਵਧ ਮਿੰਨਤ ਕਰਨੀ ਸ਼ਾਹ ਕਮੀਨਾ ਤਾਂਈ ॥੭॥
34. ਇਕ ਪਿਆਲਾ ਮੰਗਦਿਆਂ ਸਾਨੂੰ
ਇਕ ਪਿਆਲਾ ਮੰਗਦਿਆਂ ਸਾਨੂੰ ਕਿਤਨੇ ਸਾਲ ਵਿਹਾਏ। ਜੋ ਮਲਕੀਯਤ ਆਪਨੀ ਆਹੀ ਆ ਗਈ ਹਥ ਪਰਾਏ॥੧॥ ਮੁਸ਼ਕਲ ਆਪਨੀ ਪੀਰ ਮਗ਼ਾਂ ਨੂੰ ਕੁਲ ਮੈਂ ਵੰਜ ਸੁਨਾਈ। ਇਕ ਨਗਾਹੋਂ ਉਸੇ ਵੇਲੇ ਉਸਨੇ ਖੋਲ ਵਿਖਾਈ ॥੨॥ ਖੁਸ਼ੀਆਂ ਵਿੱਚ ਮੈਂ ਵੇਖਿਆ ਇਸਨੂੰ ਹਥ ਸ਼ਰਾਬ ਪਿਆਲਾ। ਸੌ ਕਿਸਮਾਂ ਦਾ ਇਸ ਸ਼ੀਸ਼ੇ ਵਿੱਚ ਭੇਦ ਹਕੀਕਤ ਵਾਲਾ॥੩॥ ਪੁਛਿਆ ਮੈਂ ਇਹ ਜਾਮ ਕਦੋਂ ਕਾ ਤੁਸਾਂ ਜਨਾਬੋਂ ਲੀਤਾ। ਕਹਿਨ ਲਗਾ ਜਿਸ ਰੋਜ ਖੁਦਾ ਨੇ ਇਹ ਜਗ ਪੈਦਾ ਕੀਤਾ॥੪॥ ਕਹੋ ਸੁ ਸ਼ਾਹ ਮਨਸੂਰ ਜਿਹਾਂ ਨੂੰ ਸੂਲੀ ਇਸ਼ਕ ਚੜਾਇਆ। ਭੇਦ ਸਜਨ ਦਾ ਬਾਹਿਰ ਕਢਿਆ ਤਾਂ ਇਹ ਬਦਲਾ ਪਾਇਆ॥੫॥ ਜੇਕਰ ਫੈਜ਼ ਓ ਰੂਹ ਕਦਸ ਦਾ ਫੇਰ ਮਦਦ ਫੁਰਮਾਵੇ। ਬਿਨ ਮਰੀਯਮ ਦੇ ਵਾਗੂੰ ਹਰ ਕੋਈ ਮੁਰਦੇ ਪਿਆ ਜੁਵਾਵੇ।੬। ਜ਼ੁਲਫ ਜ਼ੰਜੀਰ ਦੀ ਗਲ ਪੁਛ ਓਤਾਂ ਓਹੋ ਹਾਫਜ਼ ਕਹਿੰਦਾ। ਕਾਲੀ ਰਾਤ ਹਨੇਰੀ ਦਾ ਉਹ ਗਿਲਾ ਕਰੇਂਦਾ ਰਹਿੰਦਾ॥੭॥
35. ਐਸ਼ ਨਸ਼ੇ ਦੀ ਜ਼ਾਹਿਰ ਹੁੰਦੀ
ਐਸ਼ ਨਸ਼ੇ ਦੀ ਜ਼ਾਹਿਰ ਹੁੰਦੀ ਇਸਦਾ ਕੀ ਛਪਾਨਾਂ। ਅਸੀ ਨਾ ਛੁਪਕੇ ਪੀਨਾਂ ਹਰਗਿਜ ਜੋ ਹੋਨਾ ਹੋ ਜਾਨਾ॥੧॥ ਯਾਦ ਨਾ ਕਰੀਂ ਸਤਾਰਾ ਆਪਨਾ ਫਿਕਰਾਂ ਥੀ ਦਿਲ ਕਢੀਂ। ਅਜ ਤਕ ਕਿਸੇ ਨਜੂਮੀ ਥੀਂ ਇਹ ਮੂਲ ਨਾ ਖੁਲੀਆਂ ਗੰਢੀਂ ॥੨॥ ਨੀਵਾਂ ਹੋਕੇ ਪਕੜ ਪਿਆਲਾ ਨਾਲ ਅਦਬ ਦੇ ਭਾਈ । ਬਹਮਨ ਤੇ ਜਮਸ਼ੀਦਾ ਸਾਨੂੰ ਏਹ ਤ੍ਰਕੀਬ ਸਖਾਈ ॥੩॥ ਸ਼ੈਦ ਭੇਦ ਜਮਾਨੇ ਵਾਲਾ ਲਧਾ ਲਾਲੇ ਤਾਂਈ । ਸਾਰੀ ਉਮਰ ਉਸ ਪਿਆਲਾ ਹਥੋਂ ਛਡਿਆ ਨਾਹੀਂ ॥੪॥ ਕਹਾਂ ਗਿਆ ਜਮਸ਼ੀਦ ਵਿੱਚਾਰਾ ਤਖਤ ਕਿਥੇ ਉਹ ਜਮ ਦਾ। ਨਾਮ ਨਸ਼ਾਨ ਨਾ ਰਹਿਆ ਬਾਕੀ ਕਿਆ ਭਰਵਾਸਾ ਦਮ ਦਾ॥੫॥ ਆਂਵੀ ਆਂਵੀ ਇਕ ਪਲ ਤੋੜੀ ਨਸ਼ਾ ਸ਼ਰਾਬ ਉਡਾਈਏ। ਮਤ ਕਿ ਭੇਦ ਹਕੀਕੀਤ ਵਾਲਾ ਦੁਨੀਆਂ ਅੰਦਰ ਪਾਈਏ॥੬॥ ਹਾਫਜ਼ ਇਸ਼ਕ ਸਜਨ ਦੇ ਦੁਖੜੇ ਜੋ ਪਾਏ ਸੋ ਪਾਏ। ਪਰ ਬਦ ਨਜ਼ਰ ਜ਼ਮਾਨੇ ਦੀ ਥਾਂ ਆਸ਼ਕ ਰੱਬ ਬਚਾਏ॥੭॥
36. ਅੱਖ ਤੇਰੀ ਨੇ ਬਾਦਸ਼ਾਹਾਂ ਨੂੰ
ਅੱਖ ਤੇਰੀ ਨੇ ਬਾਦਸ਼ਾਹਾਂ ਨੂੰ ਆਪਨੇ ਪੇਸ਼ ਨਿਵਾਇਆ। ਚੰਗਿਆਂ ਭਲਿਆਂ ਅਕਲਮੰਦਾਂ ਦਾ ਤੁਧ ਚਾ ਅਕਲ ਗੁਵਾਇਆ।॥੧॥ ਬਾਦ ਸੁਬਾ ਤੇ ਹਿੰਦੂ ਸਾਡਾ ਕੀਤਾ ਜਗ ਮੁਕਾਲਾ । ਨਹੀਂ ਤਾਂ ਭੇਦ ਤੁਸਾਡਾ ਮੇਰਾ ਕਦੀ ਨਾ ਨਿਕਲਨ ਵਾਲਾ॥੨॥ ਸਜਨਾ ਜ਼ੁਲਫ ਆਪਨੀ ਦੇ ਕੁਠੇ ਵੇਖ ਜਰਾ ਇਕ ਵਾਰੀ । ਝਲਿਆਂ ਵਾਂਗ ਦੁਆਰੇ ਤੇਰੇ ਅਕਲ ਕਈਆਂ ਦੀ ਮਾਰੀ ॥੩॥ ਚੁਪ ਚੁਪਾਤਾ ਲੰਘੀਂ ਜ਼ਾਹਦ ਨਾ ਕਰ ਏਹ ਵਡਿਆਈ। ਕੋਲ ਸਜਨ ਦੇ ਉਹ ਜਾਸਨ ਜਿਨਾਂ ਖਦੀ ਵੰਜਾਈ ॥੪॥ ਛੋਡ ਨਕੰਮੇ ਝਗੜੇ ਜ਼ਾਹਦ ਅਸਾਂ ਬਹਿਸ਼ਤੀ ਜਾਨਾ। ਔਗਨ ਹਾਰਾਂ ਤੇ ਬਦਕਰਦਾਰਾਂ ਪਾਨਾਂ ਫਜ਼ਲ ਰੁਵਾਂਨਾ॥੫॥ ਇਕੋ ਮੈਂ ਨਾ ਦਰਦ ਤੁਸਾਡਾ ਬੁਲਬੁਲ ਵਾਂਗ ਪੁਕਾਰਾਂ । ਸਜਨਾ ਗਾਵਨ ਇਸ਼ਕ ਤੇਰੇ ਦੇ ਗਾਂਦੇ ਫਿਰਨ ਹਜਾਰਾਂ॥੬॥ ਖਿਜਰ ਹਯਾਤਾਂ ਨਾਮ ਖੁਦਾ ਦੇ ਵਾਹਰ ਕਰੀਂ ਅਸਾਡੀ । ਲੋਕ ਸੁਆਰ ਤੇ ਮੈਂਹਾਂ ਪੈਦਲ ਮੰਜ਼ਲ ਬਹੁਤ ਦੁਰਾਡੀ॥੭॥ ਚੇਹਰਾ ਰੋਸ਼ਨ ਕਰ ਮੈਖਾਨਿਓਂ ਪੀ ਕੇ ਸੁਰਖ ਪਿਆਲਾ। ਹਿਜਰੇ ਬੈਠਨ ਵਾਲਿਆਂ ਦੇ ਦਿਲ ਹੁੰਦੇ ਡਾਢੇ ਕਾਲੇ ॥੮॥ ਹਾਫਜ਼ ਜ਼ੁਲਫ ਤੇਰੀ ਥੀਂ ਸ਼ਾਲਾ ਕਦੀ ਨਾ ਹੋਵੇ ਵਾਂਦਾ। ਇਸ ਫਾਹੀ ਵਿੱਚ ਫਾਸੇ ਜੇਹੜਾ ਹਰ ਗਲ ਥੀਂ ਬਚ ਜਾਂਦਾ॥੯॥
37. ਮੈਂ ਕਿਉਂ ਆਵਾਂ ਬਾਜ਼ ਸ਼ਰਾਬੋਂ
ਮੈਂ ਕਿਉਂ ਆਵਾਂ ਬਾਜ਼ ਸ਼ਰਾਬੋਂ ਏਹ ਗਲ ਕਦੀ ਨਾ ਥੀਵੇ। ਕੇਹੜੀ ਚੀਜ ਨਸ਼ੇ ਥੀਂ ਚੰਗੀ ਇਤਨਾ ਅਕਲ ਕਚੀਵੇ॥੧॥ ਤਕਵੇ ਛਡਕੇ ਦੁਕੜਿਆਂ ਅੰਦਰ ਰਾਤਾਂ ਅਸਾਂ ਲੰਘਾਈਆਂ । ਹੁਣ ਕਿਉਂ ਸਿੱਧਾ ਰਸਤਾ ਫੜੀਏ ਕਹਸਨ ਕੀ ਲੁਕਾਈਆਂ॥੨॥ ਜ਼ਾਹਿਦ ਜੇਕਰ ਰਿੰਦ ਨਾਂ ਥੀਵੇ ਹੈ ਮਾਜ਼ੂਰ ਵਿਚਾਰਾ। ਜੇ ਮੌਕੂਫ ਹਦਾਇਤ ਉਪਰ ਕੰਮ ਇਸ਼ਕ ਦਾ ਸਾਰਾ ॥੩॥ ਮੈਖਾਨੇ ਦੀ ਗਲੀ ਅਸਾਨੂੰ ਹੁਣ ਤਕ ਮੁਅਲਮ ਨਾਹੀਂ । ਨਹੀਂ ਤਾਂ ਇਹ ਪਰਹੇਜ਼ ਅਸਾਡੀ ਕਿਥੋਂ ਰਹਿਨੀ ਆਹੀ।੪। ਜ਼ਾਹਿਦ ਫਖਰ ਨਿਮਾਜ਼ਾਂ ਕਰਦਾ ਸਾਨੂੰ ਫਖਰ ਨ ਕਾਈ । ਖਬਰਨਹੀਂ ਰੱਬ ਕਿਸਦੇ ਉਤੇ ਰਹਿਮਤ ਕਰਸੀ ਭਾਈ॥੫॥ ਰਾਤੀਂ ਨੀਂਦ ਨਾ ਪਈ ਇਸੇ ਥੀਂ ਆਖ ਗਿਆ ਇਕ ਬੰਦਾ। ਹਾਫਜ਼ ਜੇਕਰ ਨਸ਼ਾ ਉਡਾਇਆ ਲੋਕ ਆਖਸਨ ਮੰਦਾ॥੬॥
38. ਸੋਹਣੇ ਮੁਖੜੇ ਵਾਲਾ ਹਰ ਕੋਈ
ਸੋਹਣੇ ਮੁਖੜੇ ਵਾਲਾ ਹਰ ਕੋਈ ਨਾਹੀ ਦਿਲਬਰ ਹੁੰਦਾ।। ਹਰ ਕੋਈ ਸ਼ੀਸ਼ਾ ਰਖਨ ਵਾਲਾ ਨਹੀਂ ਸਕੰਦਰ ਹੁੰਦਾ॥੧॥ ਵਾਲੋਂ ਬਹੁਤ ਬਰੀਕ ਹਜ਼ਾਰਾਂ ਭੇਦ ਫਕੀਰੀ ਵਾਲੇ । ਹਰ ਕੋਈ ਸੀਸ ਮੁਨਾਵਨਵਾਲਾ ਨਹੀਂ ਕਲੰਦਰ ਹੁੰਦਾ॥੨॥ ਨੀਰ ਅੱਖੀਂ ਵਿੱਚ ਮੈਂ ਡੁਬ ਚਲਿਆ ਦਸੋ ਕੇਹੜੀ ਬੰਨਾਂ। ਵਾਂਗ ਮਲਾਹਾਂ ਸ਼ੌਹ ਵਿੱਚ ਹਰ ਕੋਈ ਨਹੀਂ ਬਹਾਦਰ ਹੁੰਦਾ॥੩॥ ਗੋਲਾ ਹਾਂ ਮੈਂ ਰਿੰਦ ਆਪਨੇ ਦਾ ਜਿਸਦੀ ਹਿੰਮਤ ਆਲੀ। ਵਿੱਚ ਗਦਾਈ ਜਿਸਦੇ ਕੋਲੋਂ ਤਾਂਬਾ ਬੀ ਜ਼ਰ ਹੁੰਦਾ ॥੪॥ ਜੇ ਤੂੰ ਸਿਖੇਂ ਐਹਦ ਵਫਾਈ ਤੇਰੀ ਹੈ ਭਲਿਆਈ। ਨਹੀਂ ਤਾਂ ਜੋ ਕੋਈ ਮਿਲਦਾ ਤੈਨੂੰ ਓਹਾ ਸਿਤਮਗਰ ਹੁੰਦਾ॥੫॥ ਮਜ਼ਦੂਰੀ ਦੀ ਤਲਬ ਨਾ ਰਖੀਂ ਰੱਬ ਦੀ ਬੰਦਗੀ ਕਰਕੇ । ਆਪੇ ਕਰਮ ਕਮਾਵਨ ਵਾਲਾ ਬੰਦਾ ਪ੍ਰਵਰ ਹੁੰਦਾ ॥੬॥ ਸ਼ੇਅਰ ਹਾਫਜ਼ ਦਾ ਕਦਰ ਪਛਾਨੇ ਜੋ ਖੁਦ ਸ਼ਾਇਰ ਆਲੀ। ਹਰ ਕੋਈ ਇਸਦੀਆਂ ਰਮਜਾਂ ਸੰਦਾ ਮੂਲ ਨਾ ਮਾਹਰ ਹੁੰਦਾ।੭।
39. ਵਿੱਚ ਮਸੀਤੇ ਵਾਅਜ਼ ਜੋ ਗਲ ਕਹਿੰਦੇ
ਵਿੱਚ ਮਸੀਤੇ ਵਾਅਜ਼ ਜੋ ਗਲ ਕਹਿੰਦੇ ਲੋਕਾਂ ਤਾਂਈ। ਘਰ ਜਾਵਨ ਤਾਂ ਆਪ ਉਨਾਂ ਤੇ ਅਮਲ ਕਰੇਂਦੇ ਨਾਹੀਂ॥੧॥ ਦਾਨਸ਼ ਮੰਦ ਕਿਸੇ ਥੀਂ ਪੁਛਨ ਮਾਅਨੇ ਏਸ ਅਮਰ ਦੇ । ਸਾਨੂੰ ਤੋਬਾ ਦੱਸਨ ਵਾਲੇ ਆਪ ਨਾ ਤੋਬਾ ਕਰਦੇ ॥੨॥ ਬੰਦਾ ਹਾਂ ਮੈਂ ਪੀਰ ਮਗਾਂ ਦਾ ਜਿਸਦੇ ਤਾਲਬ ਭਾਈ। ਦੁਨੀਆਂ ਤਾਂਈ ਖਾਕ ਨਾ ਸਮਝਨ ਏਡੀ ਬੇਪਰਵਾਹੀ ॥੩॥ ਕਬਰਾਂ ਪਿਨਨ ਵਾਲਿਆ ਆਜਾ ਠੇਕੇ ਚੁਪ ਚੁਪੀਤਾ। ਇਕ ਘੁਟ ਦੇਕੇ ਕਈਆਂ ਤਾਂਈਂ ਓਨ੍ਹਾਂ ਤਵੰਗਰ ਕੀਤਾ॥੪॥ ਦਿਲ ਵਿੱਚ ਪਾਈਂ ਦਿਲਬਰ ਤਾਂਈ ਹੋਰ ਖਿਆਲ ਹਟਾਂਈ । ਹਿਰਸ ਹਵਾਈਂ ਵਿੱਚ ਅਜਾਈਂ ਹਰਗਿਜ਼ ਦਿਲ ਨਾ ਲਾਂਈ॥੫॥ ਪੜੋ ਫਰਿਤਿਓ ਆ ਤਸਬੀਆਂ ਮੈਂ ਖਾਨ ਦੇ ਦੁਆਰੇ। ਮਿਟੀ ਆਦਮ ਦੇ ਵਿੱਚ ਉਥੇ ਨਸ਼ਾ ਰੁਲਾਵਨ ਹਾਰੇ॥੬॥ ਫਜ਼ਰੇ ਵੇਲੇ ਅਰਸ਼ ਮਜੀਦੋਂ ਸੁਣੇ ਬੁਲੰਦ ਆਵਾਜ਼ੇ। ਜਿਉਂ ਕਰ ਪੜ੍ਹਨ ਫਰਿਸ਼ਤੇ ਨੂਰੀ ਸ਼ੇਰ ਹਾਫਜ਼ ਦੇ ਤਾਜ਼ੇ॥੭॥
40. ਦੀਨ ਧਰਮ ਦੀ ਲੋੜ ਨ ਮੈਨੂੰ
ਦੀਨ ਧਰਮ ਦੀ ਲੋੜ ਨ ਮੈਨੂੰ ਆਸ਼ਕ ਹਾਂ ਦਿਲਬਰ ਦਾ । ਮਿਲਨ ਅਤੇ ਵਿਛੋੜਾ ਕਿਹਾ ਤਲਬ ਇਸ਼ਕ ਦੀ ਕਰਦਾ॥੧॥ ਸ਼ੈਹਰ ਦਿਆਂ ਕੁਥਵਾਲਾਂ ਕੋਲੋਂ ਮੈਂ ਆਸ਼ਕ ਕੀ ਡਰਨਾ। ਭੁਖ ਤੇ ਨੰਗ ਅਸਾਨੂੰ ਚੰਗੀ ਦੌਲਤ ਨੂੰ ਕੀ ਕਰਨਾ ॥੨॥ ਸਯਦਾ ਕਰਨੇ ਕਾਰਨ ਸਾਨੂੰ ਕਾਫੀ ਅਬਰੂ ਤੇਰਾ। ਲੰਮੀ ਚੌੜੀ ਬਾਤ ਨਾ ਜਾਨੇ ਇਹ ਦਿਲ ਕੰਮਲਾ ਮੇਰਾ ॥੩॥ ਪਾਕ ਨਬੀ ਹੈ ਯਾਰ ਅਸਾਡਾ ਅੰਦਰ ਦੋਹਾਂ ਜਹਾਂਨਾਂ॥ ਜੰਨਤ ਦੋਜ਼ਕ ਲੋੜ ਨਾ ਕੋਈ ਨਾ ਹੁਰਾਂ ਗੁਲਮਾਨਾ॥੪॥ ਇਸ਼ਕ ਹਕੀਕੀ ਅੰਦਰ ਜਿਸਨੇ ਅਪਨਾ ਆਪੁ ਵਮਜਾਇਆ। ਦਾਰੂ ਦਰਮਲ ਦੁਖਾਂ ਕੋਲੋਂ ਉਸਨੂੰ ਰੱਬ ਬਚਾਇਆ॥੫॥ ਪਕੜੀਨ ਖਸਲਤ ਮਰਦਾਂ ਵਾਲੀ ਜਿਉਂ ਕਰ ਮਰਦ ਕਰੇਂਦੇ। ਆਸ਼ਕ ਲੋਕ ਖੁਦਾ ਦੇ ਬੰਦੇ ਸ਼ਕਲਾਂ ਨਹੀਂ ਢੂੰਡੇਂਦੇ ॥੬॥ ਹਾਫ਼ਜ਼ ਜੇਕਰ ਆਸ਼ਕ ਹੈਂ ਤਾਂ ਫਿਰ ਵੀ ਆਖ ਸੁਨਾਂਈ। ਦੀਨ ਧਰਮ ਦੀ ਲੋੜਨਾ ਹੁੰਦੀ ਸਚੇ ਆਸ਼ਕ ਤਾਂਈ ॥੭॥
41. ਕਰੀ ਮੁਹਾਣਿਆਂ ਕਿਸ਼ਤੀ ਸਾਡੀ
ਕਰੀ ਮੁਹਾਣਿਆਂ ਕਿਸ਼ਤੀ ਸਾਡੀ ਨਹਿਰ ਨਸ਼ੇ ਵਿੱਚ ਜਾਰੀ। ਪੀਰ ਜੁਆਨਾ ਦੇ ਦਿਲ ਜਿਥੇ ਡੋਲ ਵਜਨ ਇਕ ਵਾਰੀ॥੧॥ ਸਾਕੀ ਵਿੱਚ ਨਸ਼ੇ ਦੇ ਬੇੜੀ ਚਾੜੀ ਮੇਰੇ ਤਾਂਈ । ਕਿਹਾ ਦਨਾਵਾਂ ਨੇਕੀ ਕਰਕੇ ਪਾਣੀ ਵਿੱਚ ਵਗਾਂਈ ॥੨॥ ਮੈਖਾਨੇ ਦੀ ਗਲੀਓਂ ਮੈਨੂੰ ਪਿਆ ਭੁਲੇਖਾ ਭਾਈ। ਫਿਰ ਉਹ ਰਾਹ ਵਖਾਵੀਂ ਸਾਈਆਂ ਕਰੀਂ ਕਰਮ ਫੁਰਮਾਈਂ ॥੩॥ ਸੁਰਖ ਨਸ਼ਾ ਖੁਸ਼ਬੋਈ ਵਾਲਾ ਇਕ ਪਿਆਲਾ ਆਵੇ। ਜਿਸਨੂੰ ਵੇਖ ਗੁਲਾਬੀ ਗੁੰਚਾ ਰੀਸ ਕਰੇ ਤਰਸਾਵੇ ॥ ੪ ॥ ਭਾਵੇਂ ਹਾਂ ਮੈਂ ਔਗਨ ਹਾਰਾ ਤਾਂ ਬੀ ਮੈਹਰ ਕਮਾਂਈਂ। ਏਸ ਗਰੀਬ ਵਿਚਾਰੇ ਉਤੇ ਝਾਤ ਕਰਮ ਦੀ ਪਾਈਂ ॥੫॥ ਜਿਸ ਦਿਨ ਮੇਰਾ ਮਈਅਤ ਹੋਵੇ ਦਫ਼ਨ ਕਰਨ ਲੈ ਜਾਵਨ। ਮਟਾਂ ਦੇ ਵਿਚ ਪਾਕੇ ਮੈਨੂੰ ਮੈਖਾਨੇ ਦਫਨਾਵਨ ॥੬॥ ਹਾਫਜ਼ ਜੇ ਕਰ ਵਾਲ ਬਰਾਬਰ ਤੇਰੀ ਥੀਂ ਸਿਰ ਚਾਵੇ। ਵਿਚ ਕਮੰਦ ਜ਼ੁਲਫ ਦੀ ਉਸਨੂੰ ਕੈਦ ਬੁਲਾਈ ਜਾਵੇ॥੭॥
42. ਦਿਲ ਮੇਰੇ ਨੂੰ ਲੁਟ ਕਰ ਲੈ ਗਿਆ
ਦਿਲ ਮੇਰੇ ਨੂੰ ਲੁਟ ਕਰ ਲੈ ਗਿਆ ਨਾਜ਼ ਅੰਦਾਜ਼ ਤੁਮਹਾਰਾ। ਝੂਠੇ ਵੈਦੇ ਕਰਕੇ ਮੈਨੂੰ ਕਤਲ ਕੀਤੋਈ ਯਾਰਾ ॥੧॥ ਪਾਟੇ ਕੁੜਤੇ ਸੋਹਣਿਆਂ ਦੇ ਥੀਂ ਸਦਕੇ ਕਈ ਹਜ਼ਾਰਾਂ । ਜਾਮੇ ਤਕਵੇ ਵਾਲੇ ਨਾਲੇ ਥਿਰਕੇ ਨੇਕੋਕਾਰਾਂ ॥੨॥ ਮਲਕਾਂ ਨੂੰ ਕੀ ਜਾਰ ਇਸ਼ਕ ਦੀ ਸਾਕੀ ਹੋਸ਼ ਸਮਾਲੀਂ। ਆਦਮ ਵਾਲੀ ਮਿਟੀ ਅੰਦਰ ਸੁਰਖ ਪਿਆਲਾ ਡਾਲੀਨ॥੩॥ ਰਹਿਮ ਕਰੀਂ ਮੈਂ ਆਜਜ਼ ਉਤੇ ਆਨ ਡਿਗਾ ਦਰ ਤੇਰੇ । ਬਾਜ ਤਵੱਕਾ ਤੇਰੇ ਸਾਈਆਂ ਹੋਰ ਨਾ ਪੱਲੇ ਮੇਰੇ ॥੪॥ ਕੱਲ ਮੈਨੂੰ ਮੈਂ ਖਾਨੇ ਅੰਦਰ ਹਾਤਫ ਏਹ ਫੁਰਮਾਇਆ। ਝਲ ਲਈਂ ਸਿਰ ਅਪਨੇ ਉਤੇ ਜੋ ਤਕਦੀਰੋਂ ਆਇਆ॥੫॥ ਕਫਨ ਮੇਰੇ ਵਿਚ ਇਕ ਪਿਆਲਾ ਬੰਨੀ ਮੈਂ ਸ਼ਰਤਾਂਈਂ। ਨਾਲ ਸ਼ਰਾਬ ਕਿਆਮਤ ਵਾਲੀਆਂ ਹੋਸਨ ਦੂਰ ਬਲਾਂਈ॥੬॥ ਵਿਚ ਵਿਚਾਲੇ ਫਰਕ ਨਾ ਕੋਈ ਆਸ਼ਕ ਤੇ ਦਿਲਬਰ ਦਾ। ਆਪਨਾ ਆਪ ਵੰਜਾ ਕੇ ਹਾਫਜ਼ ਲਾਹ ਖੁਦੀ ਦਾ ਪੜਦਾ॥੭॥
43. ਮੈਖਾਨੇ ਵਿਚ ਬੈਠਿਆਂ ਮੈਨੂੰ
ਮੈਖਾਨੇ ਵਿਚ ਬੈਠਿਆਂ ਮੈਨੂੰ ਕਲ ਹਾਤਫ ਫੁਰਮਾਇਆ। ਪੀ ਲੈ ਨਸ਼ਾ ਖੁਦਾ ਬਖਸ਼ੇਸੀ ਜੇ ਤੂੰ ਐਬ ਕਮਾਇਆ ॥੧॥ ਸਬ ਗੁਨਾਹ ਬਖਸ਼ੇਸੀ ਅਲਾ ਜੇ ਤੂੰ ਲੱਖ ਕਸੂਰੀ। ਏਹ ਰਹਿਮਤ ਦਾ ਮੁਜ਼ਦਾ ਸਾਨੂੰ ਕਹਿਆ ਫਰਿਸ਼ਤੇ ਨੂਰੀ ॥੨॥ ਸੂਫੀ ਖਾਮ ਦਨਾਈ ਅਪਨੀ ਲੈ ਚਲ ਖਾਂ ਮੈਖਾਨੇ । ਵੇਖਾਂ ਵਿਚ ਨਸ਼ੇ ਦੇ ਉਥੇ ਕਿਚਰਕ ਰਹੇ ਟਿਕਾਨੇ ॥੩॥ ਸਾਡਿਆਂ ਐਬਾਂ ਨਾਲੋਂ ਉਸਦੀ ਬਖਸ਼ਸ਼ ਬਹੁਤ ਜ਼ਿਆਦਾ। ਚੁਪ ਕਰੀਂ ਨਾ ਖੋਲੀਂ ਹਰਗਿਜ਼ ਮਖਫੀ ਰਾਜ਼ ਖੁਦਾ ਦਾ ॥੪॥ ਭਾਵੇਂ ਬਖਸ਼ਸ਼ ਰੱਬ ਸੱਚੇ ਦੀ ਅਮਲਾਂ ਉਪਰ ਨਾਹੀਂ। ਤਾਂਵੀ ਜਿਤਨਾ ਹੋਵੇ ਤੈਥੀਂ ਚੰਗੇ ਅਮਲ ਕਮਾਈਂ ॥੫॥ ਕੁੰਡਲ ਜ਼ੁਲਫ ਸਜਨ ਦਾ ਹਰ ਦੰਮ ਮੈਂ ਹਾਂ ਗੋਲਾ ਬਰਦਾ। ਮਰਦਿਆਂ ਤੀਕ ਸਲਾਮੀ ਰਹਿਸਾਂ ਮੈਂ ਖਾਨੇ ਦੇ ਦਰ ਦਾ॥੬॥ ਰਿੰਦੀ ਚਾਲਾ ਹਾਫਜ਼ ਵਾਲਾ ਨਹੀਂ ਗੁਨਾਹ ਕਬੀਰਾ। ਕਜਨ ਹਾਰ ਕਦੀਮ ਅਸਾਡਾ ਵਡਾ ਬੁਲੰਦ ਪਜ਼ੀਰਾ ॥੭॥
44. ਦੁਸ਼ਮਨ ਕਦੀ ਹਜ਼ਾਰਾਂ ਜੇ ਕਰ
ਦੁਸ਼ਮਨ ਕਦੀ ਹਜ਼ਾਰਾਂ ਜੇ ਕਰ ਚਾਹਨ ਮੇਰੀ ਬੁਰਿਆਈ। ਤੇਰਾ ਸਾਥ ਹੋਇਆ ਜਦ ਮੈਨੂੰ ਦੂਤੀਆਂ ਖੌਫ ਨ ਕਾਈ ॥੧॥ ਮੈਨੂੰ ਆਸ ਵਸਾਲ ਤੇਰੇ ਦੀ ਜ਼ਿੰਦਾ ਰਖਿਆ ਹੋਇਆ। ਨਹੀਂ ਤਾਂ ਹਿਜਰ ਤੇਰੇ ਦੇ ਹਥੋਂ ਹੁਣ ਮੋਇਆ ਕਿ ਮੋਇਆ॥੨॥ ਬੇਹਤਰ ਫਟ ਤੇਰਾ ਹੈ ਮੈਨੂੰ ਮਰਹਮ ਅਜਮ ਅਰਾਕੋਂ । ਜ਼ਹਿਰ ਤੁਸਾਡੀ ਚੰਗੀ ਮੈਨੂੰ ਲੋਕਾਂ ਦੀ ਤਰੀਆਕੋਂ ॥੩॥ ਤੇਰੇ ਹਥੋਂ ਕਤਲ ਹੋਵਾਂ ਤਾਂ ਹਰਗਿਜ਼ ਮੌਤ ਨ ਆਵੇ। ਜਿੰਦ ਤੁਸਾਂ ਥੀਂ ਘੋਲੀ ਜਾਵੇ ਤਾਂ ਕੁਝ ਲੱਜ਼ਤ ਪਾਵੇ ॥੪॥ ਜੇਕਰ ਤੂੰ ਤਲਵਾਰ ਉਲਾਰੇਂ ਤਾਂ ਭੀ ਮੂਲ ਨਾਂ ਡਰਸਾਂ। ਢਾਲ ਬਨਾਕੇ ਸਿਰ ਆਪਨੇ ਦੀ ਤੇਰੇ ਅਗੇ ਧਰਸਾਂ ॥੫॥ ਬਾਰ ਖੁਦਾਇਆ ਹਰਿ ਕੋਈ ਤੇਰਾ ਪੂਰਾ ਭੇਤ ਨ ਪਾਵੇ। ਆਪਨੇ ਆਪਨੇ ਕਦਰ ਮੁਆਫਕ ਫਿਕਰ ਸਭਾ ਦੁੜਾਵੇ॥੬॥ ਹਾਫਜ਼ ਉਸ ਵੇਲੇ ਤੂੰ ਹੋਸੇਂ ਖਲਕਤ ਵਿਚ ਪਿਆਰਾ । ਮਿਟੀ ਵਾਂਗੂੰ ਹੋਇਓਂ ਜਦ ਤੂੰ ਆਜਜ਼ ਤੇ ਵਿਚਾਰਾ ॥੭॥
45. ਦੁਨੀਆਂ ਅੰਦਰ ਜਿਸਨੇ ਤੇਰੀ ਹੁੱਬ
ਦੁਨੀਆਂ ਅੰਦਰ ਜਿਸਨੇ ਤੇਰੀ ਹੁੱਬ ਨਾ ਦਿਲ ਵਿਚ ਪਾਈ। ਕੀਤੀ ਕਰਤੀ ਬੰਦਗੀ ਉਸ ਨੇ ਭੋ ਦੇ ਮੁਲ ਲੁਟਾਈ॥੧॥ ਦਿਲ ਮੇਰੇ ਥੀਂ ਹਟਦਾ ਨਾਹੀਂ ਤੇਰਾ ਇਸ਼ਕ ਲੁਟੇਰਾ। ਜਿੰਦ ਜਾਵੇ ਪਰ ਇਸ਼ਕ ਨਾ ਜਾਵੇ ਏਹ ਦਿਲ ਚਾਹੁੰਦਾ ਮੇਰਾ॥੨॥ ਵਾਅਜ਼ ਦੱਸ ਦੱਸ ਮਿਸਲੇ ਮੈਨੂੰ ਇਸ਼ਕ ਤੇਰੇ ਥੀਂ ਰੋਕੇ । ਐਪਰ ਸਜਨਾਂ ਮਿਸਲੇ ਇਸਦੇ ਸੁਨਦਾ ਕੌਨ ਖਲੋ ਕੇ॥੩॥ ਸਾਰੇ ਜਗ ਵਿਚ ਫਿਰਕੇ ਮੈਂ ਵੀ ਢੂੰਡੀ ਦੁਨੀਆਂ ਸਾਰੀ। ਐਪਰ ਤੇਰੇ ਵਾਂਗ ਕਿਸੇ ਦੀ ਸੂਰਤ ਨਹੀਂ ਪਿਆਰੀ ॥੪॥ ਜ਼ਾਅਦ ਖੁਦੀ ਵੰਜਾਕੇ ਜਾਵੀਂ ਮੈਖਾਨੇ ਦੇ ਦਰ ਤੇ । ਵੇਖੀਂ ਮੇਰਾ ਯਾਰ ਪਿਆਰਾ ਜੇਹੜਾ ਗ਼ਾਲਬ ਹਰਤੇ ॥੫॥ ਸਜਨਾਂ ਵਸਲ ਤੇਰੇ ਥੀਂ ਉਸ ਦਿਨ ਧੋਤੇ ਹੱਥ ਰਕੀਬਾਂ। ਲਬਾਂ ਤੁਸਾਡੀਆਂ ਥੀਂ ਜਦ ਮਤਲਬ ਪਾਇਆ ਅਸਾਂ ਗਰੀਬਾਂ॥੬॥ ਹਾਫਜ਼ ਪੀਰ ਮੁਗਾਂ ਆਪਨੇ ਦੀ ਜਾਕੇ ਕਰੀਂ ਗੁਲਾਮੀ । ਉਸੇ ਹਿਕੇ ਦੇ ਲੜ ਲਗੀਂ ਧੰਦੇ ਛੋਡ ਤਮਾਮੀ ॥੭॥
46. ਜ਼ਾਹਦ ਛੋਡ ਆਸਾਡੇ ਤਾਂਈਂ
ਜ਼ਾਹਦ ਛੋਡ ਆਸਾਡੇ ਤਾਂਈਂ ਜਾਨ ਦਈਂ ਮੈਖਾਨੇ । ਇਕ ਘੁਟ ਇਸਦੇ ਕਾਰਨ ਸਾਰੇ ਹਾਂ ਮੁਹਤਾਜ ਨਿਮਾਨੇ॥੧॥ ਜਮ ਜੇਹਾਂ ਦਾ ਤਖਤ ਨਾ ਰਿਹਾ ਨਾ ਉਹ ਮਸਨਦ ਆਲੀ। ਇਸ ਗਮ ਖਾਵਨ ਨਾਲੋਂ ਚੰਗੀ ਘੜੀ ਸ਼ਰਾਬਾਂ ਵਾਲੀ।੨। ਪਹਿਲੇ ਦਿਨ ਥੀਂ ਰਿੰਦੀ ਦਾਵਾ ਮੈਂ ਆਸ਼ਕ ਨੇ ਕੀਤਾ । ਏਸੇ ਕਾਰਨ ਤਾਂ ਇਸ ਰਾਹੀਂ ਹੋਇਆ ਕੋਈ ਕੰਡੀਤਾ॥੩॥ ਵਾਅਜ਼ ਕਰੀਂ ਨਸੀਹਤ ਨਾਹੀਂ ਅਸਾਂ ਸੌਦਾਈਆਂ ਤਾਂਈ। ਗਲੀ ਸਜਨ ਦੀ ਛਡਕੇ ਸਾਨੁੰ ਜੰਨਤ ਭਾਵੇ ਨਾਹੀਂ॥੪॥ ਜਦ ਤੱਕ ਜਾਨ ਮੇਰੀ ਨੂੰ ਨਾਹੀਂ ਮਲਕੁਲਮੌਤ ਸਦੇਂਦਾ। ਤਦ ਤੱਕ ਸੋਹਣੇ ਮੁਖ ਤੇਰੇ ਦਾ ਦਰਸ਼ਨ ਰਹਾਂ ਕਰੇਂਦਾ ॥੫॥ ਖਾਕ ਜ਼ਿਮੀਂ ਦੀ ਤੇਰੇ ਕੋਲੋਂ ਲਾਲਾਂ ਦਾ ਮੁਲ ਪਾਇਆ। ਮਿਟੀ ਜਿਤਨਾ ਵੀ ਤੁਧ ਸਾਡਾ ਕਦਰ ਨਾ ਮੂਲ ਬਨਾਇਆ॥੬॥ ਹਾਫਜ਼ ਵਸਲ ਨਾ ਪਾਇਆ ਜਰਾ ਹੁਣ ਦਸੋ ਕੀ ਕਰੀਏ। ਸਜਨਾਂ ਦੇ ਦਰਵਾਜੇ ਉਤੇ ਸਿਰ ਸਜਦੇ ਵਿਚ ਧਰੀਏ॥੭॥
47. ਹਰ ਦਮ ਕਸਦ ਰਹੇ ਦਿਲ ਮੇਰੇ
ਹਰ ਦਮ ਕਸਦ ਰਹੇ ਦਿਲ ਮੇਰੇ ਮੁਲਕ ਮਾਹੀ ਦੇ ਚਲੀਏ। ਬਨਕੇ ਖਾਕ ਓਦੇ ਕਦਮਾਂ ਦੀ ਰਾਹ ਸਜਨ ਦਾ ਮਲੀਏ॥੧॥ ਵਿਚ ਪਰਦੇਸ ਅਸਾਡੇ ਤਾਂਈ ਸੁਖਦਾ ਸਾਹ ਨਾ ਆਵੇ। ਆਪਨਾ ਵਤਨ ਹੋਵੇ ਸਰਦਾਰੀ ਕਰੀਏ ਜੋ ਦਿਲ ਭਾਵੇ॥੨॥ ਬਨਨਾ ਚਾਹੀਏ ਸਾਡੇ ਤਾਈਂ ਮਹਿਰਮ ਰਾਜ਼ ਹਕਾਨੀ । ਸੰਗ ਉਨਾਂ ਦਾ ਕਰੀਏ ਜੇਹੜੇ ਬੰਦੇ ਨੇਕ ਜ਼ੁਬਾਨੀ ॥੩॥ ਏਸ ਜ਼ਿੰਦਗੀ ਦਾ ਪਤਾ ਨਾ ਕੋਈ ਓੜਕ ਹੋਣਾ ਢੇਰੀ। ਮੌਤੋਂ ਪੇਸ਼ ਸਜਨ ਨੂੰ ਮਿਲੀਏ ਏਹੋ ਬਾਤ ਭਲੇਰੀ ॥੪॥ ਨਾ ਕੁਝ ਖਟਿਆ ਨਾ ਕੁਝ ਵਟਿਆ ਨਾ ਕੁਝ ਬੰਨਦਾ ਪੱਲੇ। ਕਿਸਦਾ ਗਿਲਾ ਕਰਾਂ ਮੈਂ ਯਾਰੋ ਅਪਨੇ ਬਖਤ ਅਵਲੇ॥੫॥ ਆਸ਼ਕ ਲੋਕਾਂ ਰਿੰਦਾਂ ਵਾਲਾ ਸਦਾ ਅਸਾਡਾ ਪੇਸ਼ਾ । ਫਿਰਵੀ ਕੋਸ਼ਸ਼ ਕਰਕੇ ਫੜੀਏ ਏਹੋ ਕਾਰ ਹਮੇਸ਼ਾਂ ॥੬॥ ਹਾਫ਼ਜ਼ ਮੇਹਰ ਖੁਦਾ ਦੀ ਸ਼ਾਲਾ ਹਰਦਮ ਹੋਵੇ ਤੈਨੂੰ। ਨਹੀਂ ਤਾਂ ਏਹ ਸ਼ਰਮਿੰਦਗੀ ਭਾਰੀ ਸਦਾ ਰਹੇਗੀ ਮੈਨੂੰ ॥੭॥
48. ਨਜ਼ਰੀ ਆਵੇ ਸਾਡੇ ਤਾਂਈਂ
ਨਜ਼ਰੀ ਆਵੇ ਸਾਡੇ ਤਾਂਈਂ ਇਸ ਗਲ ਵਿਚ ਭਲਿਆਈ। ਸਿਟ ਜੰਜਾਲ ਮੈਖਾਨੇ ਅੰਦਰ ਡੇਰਾ ਪਾਈਏ ਭਾਈ ॥੧॥ ਬਿਨਾਂ ਸ਼ਰਾਬ ਕਬਾਬ ਨਾ ਹੋਵੇ ਪਾਸ ਮੇਰੇ ਸ਼ੈ ਕਾਈ। ਤੇ ਅੱਖੀ ਮੂਲ ਨਾ ਵੇਖਾਂ ਜਗ ਵਿਚ ਜੇਹੜੇ ਲੋਕ ਰਿਆਈ।੨। ਠਗੀਆਂ ਵਾਲੇ ਖਿਰਕੇ ਪਾਕੇ ਬਹੁਤੇ ਫੰਦ ਚਲਾਏ । ਸਾਕੀ ਅਤੇ ਨਸ਼ੇ ਦੇ ਅਗੇ ਮੂੰਹ ਨਾਂ ਢੋਇਆ ਜਾਏ ॥੩॥ ਅਹਿਲ ਰਿਆ ਦੇ ਕੋਲੋਂ ਹਟੀਏ ਜਾਮ ਸ਼ਰਾਬ ਉਡਾਈਏ। ਯਾਨੀ ਜਗ ਦੀਆਂ ਹਿਰਸਾ ਕੋਲੋਂ ਦਿਲ ਨੂੰ ਪਾਕ ਬਨਾਈਏ॥੪॥ ਹੋ ਆਜ਼ਾਦ ਤਮਾਮ ਖਲਕ ਥੀਂ ਵਾਂਗ ਸਰੂ ਸਿਰ ਚਾਵਾਂ । ਵਸ ਲਗੇ ਤਾਂ ਸਾਰੇ ਜਗ ਥੀਂ ਵਖਰਾ ਡੇਰਾ ਲਾਵਾਂ ॥੫॥ ਭਾਰ ਇਸ਼ਕ ਦਾ ਚਾ ਨਾ ਸਕੇ ਆਜਜ਼ ਜੀ ਵਿਚਾਰਾ। ਮਰਦ ਬਨੀਂ ਤੇ ਦਿਲੋਂ ਨਾ ਹਾਰੀਂ ਭਾਰ ਨਹੀਂ ਏਹ ਭਾਰਾ॥੬॥ ਹਾਫਜ਼ ਭਾਵੇਂ ਰਿੰਦ ਸ਼ਰਾਬੀ ਭਾਵੇਂ ਸ਼ੈਹਰ ਵਸੰਦਾ । ਜੋ ਕੁਝ ਤੁਸੀ ਠਰ੍ਹਾਉ ਮੈਨੂੰ ਇਸ ਥੀਂ ਭੀ ਹਾਂ ਮੰਦਾ॥੭॥
49. ਵਿਚ ਸ਼ਰਾਬ ਖਾਨੇ ਦੇ ਮੈਨੂੰ
ਵਿਚ ਸ਼ਰਾਬ ਖਾਨੇ ਦੇ ਮੈਨੂੰ ਦਿਸੇ ਨੂਰ ਖੁਦਾਈ। ਐਸਾ ਅਜਬ ਜੁਮਾਲ ਮੁਬਾਰਕ ਕਿਥੋਂ ਲਭਦਾ ਭਾਈ॥੧॥ ਇਸ ਠੇਕੇ ਮੇ ਨੋਸ਼ ਅਜੇਹਾ ਕੇਹੜਾ ਯਾ ਰੱਬ ਸਾਂਈ। ਮਿਲਨ ਮੁਰਾਦਾਂ ਜਿਸਦੇ ਦਰ ਤੇ ਹੋਵਨ ਕਬੂਲ ਦੁਆਂਈ॥੨॥ ਹਾਜੀ ਹਜ ਆਪਨੇ ਦਾ ਸਾਨੂੰ ਜ਼ੋਰ ਨਾ ਮੂਲ ਵਖਾਈ। ਪਲ ਪਲ ਉਸੇ ਖੁਦਾ ਨੂੰ ਵੇਖੇਂ ਤੂੰ ਵੇਖੇਂ ਘਰ ਤਾਂਈ ॥੩॥ ਮੁਖ ਤੇਰੇ ਦਾ ਨਕਸ਼ ਹਮੇਸ਼ਾਂ ਦਿਲ ਦੇ ਵਿਚ ਪਕਾਵਾਂ । ਜੋ ਜੋ ਪਰਦੇ ਖੁਲਨ ਉਸ ਥੀਂ ਕਿਸਨੂੰ ਆਖ ਸੁਨਾਵਾਂ॥੪॥ ਚੈਨ ਖਤਨ ਦੀ ਕਸਤੂਰੀ ਥੀ ਹਰਗਿਜ਼ ਕੋਈ ਨਾ ਪਾਵੇ। ਬਾਦ ਸੁਬਾ ਨਿਤ ਵਡੇ ਵੇਲੇ ਜੋ ਕੁਝ ਅਸਾਂ ਵਖਾਵੇ॥੫॥ ਘਟ ਵਧ ਮੂਲ ਨਾ ਹੋਵੇ ਹਰਗਿਜ਼ ਜੋ ਤਕਦੀਰੋਂ ਢਹਿਆ॥ ਦਮ ਮਾਰਨ ਦੀ ਜਾਗਹ ਨਹੀਂ ਪੱਕਾ ਮਸਲਾ ਇਹਾ॥੬॥ ਯਾਰੋ ਜੇਕਰ ਸੋਹਣਿਆਂ ਦੇ ਦਿਲ ਕਰੇ ਪਜ਼ੀਰ ਨਜ਼ਾਰਾ। ਬੁਰਾ ਨਾ ਜਾਨੋ ਉਸਦੇ ਤਾਂਈ ਹੈ ਉਹ ਰੱਬ ਦਾ ਪਿਆਰਾ॥੭॥
50. ਖੁਲਕੇ ਆਖ ਦਿਆਂ ਮੈਂ ਇਹ ਗਲ
ਖੁਲਕੇ ਆਖ ਦਿਆਂ ਮੈਂ ਇਹ ਗਲ ਨਾਲ ਦਿਲੇ ਦੇ ਸ਼ਾਦੀ। ਬੰਦਾ ਹਾਂ ਮੈਂ ਪੀਰ ਇਸ਼ਕ ਦਾ ਦੋ ਜਗ ਥੀਂ ਆਜ਼ਾਦੀ॥੧॥ ਪੰਖੀ ਸਾਂ ਮੈਂ ਬਾਗ ਜੰਨਤ ਦਾ ਜਾਨ ਕਫਸ਼ ਵਿਚ ਆਈ। ਕੀ ਕੁਝ ਕਰਾਂ ਬਿਆਨ ਵਛੋੜੇ ਕਿਉਂ ਕਰ ਫਾਥਨ ਫਾਹੀ॥੨॥ ਘਰ ਮੇਰਾ ਸੀ ਜੰਨਤ ਅੰਦਰ ਮੈਂ ਸਾਂ ਮੁਲਕ ਨੂਰਾਨੀ । ਆਦਮ ਆਨ ਰੁਲਾਇਆ ਮੈਨੂੰ ਅੰਦਰ ਦੁਨੀਆਂ ਫਾਨੀ॥੩॥ ਇਕੋ ਅਲਫ ਪਿਆਰੇ ਵਾਲਾ ਅਸਾਂ ਦਿਲੇ ਵਿਚ ਪਾਇਆ। ਅੱਲਫ ਬਿਨਾਂ ਉਸਤਾਦ ਅਸਾਨੂੰ ਹਰਿਫ ਨਾ ਹੋਰ ਪੜ੍ਹਾਇਆ॥੪॥ ਨਹੀਂ ਸਤਾਰਾ ਬਖਤ ਮੇਰੇ ਦਾ ਕਿਸੇ ਨਜੂਮੀ ਪਾਇਆ। ਖਬਰ ਨਹੀਂ ਕਿਸ ਤਾਲੇ ਵਾਲਾ ਮੈਨੂੰ ਰੱਬ ਬਨਾਇਆ।੫। ਜਿਸ ਦਿਨ ਦਾ ਮੈਂ ਹੋਇਆ ਬਰਦਾ ਮੈਖਾਨੇ ਦੇ ਦਰਦਾ । ਨਿਤ ਨਵਾਂ ਦੁਖ ਇਸ਼ਕ ਤੇਰੇ ਦਾ ਆਨ ਮੁਬਾਰਕ ਕਰਦਾ।੬। ਜ਼ੁਲਫਾਂ ਨਾਲ ਆ ਪੂੰਝ ਸ਼ਤਾਬੀ ਆਂਸੂ ਹਾਫਜ਼ ਵਾਲੇ। ਨਹੀਂ ਤਾਂ ਏਹ ਹੜ ਹਰ ਵੇਲੇ ਦਾ ਜੜ੍ਹ ਅਸਾਡੀ ਗਾਲੇ॥੭॥
51. ਮੁੱਢ ਕਦੀਮੋ ਅਹਿਦ ਅਸਾਡਾ
ਮੁੱਢ ਕਦੀਮੋ ਅਹਿਦ ਅਸਾਡਾ ਫਤਵੇ ਪੀਰ ਮਗਾਨੀ । ਪੀਨ ਸ਼ਰਾਬ ਨ ਜਾਇਜ਼ ਹਰਗਿਜ਼ ਬਾਝ ਪਿਆਰੇ ਜਾਨੀ॥੧॥ ਤੰਗ ਪਈਸ ਤਾਂ ਪਾੜ ਸੁਟੇਸਾਂ ਖਿਰਕਾ ਏਹ ਰਿਆਈ। ਨਾ ਜਿਨਸਾਂ ਦੀ ਸੋਹਬਤ ਕੋਲੋਂ ਜਾਨ ਦੁਖਾਂ ਮੂੰਹ ਆਈ॥੨॥ ਮੈਖਾਨੇ ਦੇ ਦਰ ਤੇ ਬੈਠਿਆਂ ਕਿਤਨੇ ਸਾਲ ਲੰਘਾਏ । ਇਸ ਉਮੀਦ ਉਪਰ ਜੋ ਮਤਕੇ ਇਕ ਘੁਟ ਯਾਰ ਚਖਾਏ॥੩॥ ਸ਼ੈਦ ਅਗਲੀ ਮਜਲਸ ਮੇਰੀ ਭੁਲ ਗਈ ਦੋਸਤ ਤਾਂਈ । ਬਾਦ ਸਬਾ ਓਹ ਕੌਲ ਪੁਰਾਣੇ ਉਸਨੂੰ ਯਾਦ ਦੁਆਈ॥੪॥ ਜੇ ਸੌ ਬਰਸੀਂ ਕਬਰ ਮੇਰੀ ਤੇ ਆ ਪਾਇਆ ਤੁਧ ਫੇਰਾ। ਤਾਵੀਂ ਹਡੀਆਂ ਨਿਕਲ ਕਬਰ ਥੀਂ ਮੁਜਰਾ ਕਰਸਨ ਤੇਰਾ॥੫॥ ਰਹਿਮਤ ਦੇ ਦਰਵਾਜ਼ੇ ਵਿਚੋਂ ਮੰਗ ਦੁਆ ਗੰਮਾਂ ਦੀ। ਦੁਨੀਆਂ ਦਿਆਂ ਤਬੀਬਾਂ ਥੀਂ ਨਾ ਪੀੜ ਇਸ਼ਕ ਦੀ ਜਾਂਦੀ।॥੬॥ ਕਰੀਂ ਇੱਕਠਾ ਗੰਜ ਅਰਫਾਨੀ ਨਾਲ ਤੇਰੇ ਜੋ ਜਾਵੇ। ਸੋਨਾ ਚਾਂਦੀ ਜੋੜਿਆ ਹੋਇਆ ਲੋਕਾਂ ਦੇ ਕੰਮ ਆਵੇ ॥੭॥ ਦੁਨੀਆਂ ਵਾਲੀ ਫਾਹੀ ਔਖੀ ਯਾ ਰੱਬ ਮੇਹਰ ਕਮਾਈਂ। ਏਸ ਸ਼ੈਤਾਨ ਨਕਾਰੇ ਕੋਲੋਂ ਸਾਨੂੰ ਆਪ ਬਚਾਈਂ ॥੮॥ ਕੀ ਹੋਇਆ ਜੇ ਦੌਲਤ ਨਾ ਹੀ ਹਾਫਜ਼ ਕਰ ਸ਼ੁਕਰਾਨੇ। ਮਿਠਾ ਬੋਲਨ ਨਾਲੋਂ ਕੇਹੜੇ ਚੰਗੇ ਹੋਰ ਖਜ਼ਾਨੇ ॥੯॥
52. ਇਸ਼ਕ ਮੇਰੇ ਦੀਆਂ ਕੂਕਾਂ ਪਈਆਂ
ਇਸ਼ਕ ਮੇਰੇ ਦੀਆਂ ਕੂਕਾਂ ਪਈਆਂ ਸਾਰੇ ਸ਼ੈਹਰ ਗਰਾਂਈ। ਮੈਂ ਬਦਨਜ਼ਰ ਨਾਂ ਵੇਖਾਂ ਅਜ ਤਕ ਮੂਲ ਕਿਸੇ ਦੇ ਤਾਂਈ॥੧॥ ਝਲ ਮੁਲਾਮਤ ਜੱਗ ਸਾਰੇ ਦੀ ਫਿਰ ਬੀ ਕਰਾਂ ਵਫਾਈ । ਕਾਵੜ ਹੋਨਾ ਉਪਰ ਕਿਸ ਦੇ ਰੀਤ ਨਾ ਸਾਡੀ ਕਾਈ॥੨॥ ਨਸ਼ਿਆਂ ਅਤੇ ਸ਼ਰਾਬਾਂ ਵਿਚ ਮੈਂ ਆਪਨਾ ਆਪ ਵੰਜਾਇਆ। ਹਰਫ ਖੁਦੀ ਦਾ ਮਨ ਆਪਨੇ ਥੀਂ ਹੋ ਬਦਨਾਮ ਹਟਾਇਆ॥੩॥ ਪੀਰ ਮਗਾਂ ਦੇ ਕੋਲੋਂ ਪੁਛਿਆ ਰਾਹ ਖੁਲਾਸੀ ਵਾਲਾ। ਜਾਮ ਉਠਾਕੇ ਦਸਿਆ ਉਸਨੇ ਪੀਨ ਸ਼ਰਾਬ ਪਿਆਲਾ ॥੪॥ ਵਿਚ ਮੈਖਾਨੇ ਜਾਸਾਂ ਓੜਕ ਛਡ ਇਸ ਮਜਲਸ ਤਾਂਈ। ਬੇਅਮਲਾਂ ਦੇ ਵਾਅਜ਼ ਨਸੀਹਤ ਸੁਨਨਾ ਵਾਜਬ ਨਾਹੀਂ॥੫॥ ਮੈਨੂੰ ਆਸਰਾ ਰਹਿਮਤ ਵਾਲਾ ਹੋਰ ਨਾ ਕਾਈ ਢੇਰੀ । ਜੇ ਕਰ ਰਹਿਮ ਨਾ ਰੱਬ ਦਾ ਹੁੰਦਾ ਕਿਸ ਕੰਮ ਕੋਸ਼ਸ਼ ਮੇਰੀ। ਲੈ ਬੋਸੇ ਦਿਲਬਰ ਦੇ ਹਾਫਜ਼ ਜਾਮ ਸ਼ਰਾਬ ਉਡਾਈਂ। ਝੂਠਿਆਂ ਜ਼ੁਹਦੇਦਾਰਾਂ ਦੇ ਹਥ ਚੁੰਮਨ ਲਾਇਕ ਨਾਹੀਂ॥੭॥
53. ਵਿਚ ਨਸੀਬਾਂ ਮੇਰਿਆਂ ਕੀਤਾ
ਵਿਚ ਨਸੀਬਾਂ ਮੇਰਿਆਂ ਕੀਤਾ ਮੈਖਾਨਾਂ ਰੱਬ ਸਾਈਂ। ਦਸ ਓ ਜ਼ਾਹਦ ਇਸ ਵਿਚ ਕੇਹੜਾ ਦੋਸ ਅਸਾਡੇ ਤਾਈਂ॥੧॥ ਜਿਸ ਦਿਆਂ ਲੇਖਾਂ ਅੰਦਰ ਲਿਖਿਆ ਮੁੱਢੋਂ ਨਸ਼ਾ ਉਡਾਨਾ। ਰੋਜ਼ ਹਸ਼ਰ ਏਹ ਔਗਣ ਇਸਦਾ ਕਿਥੋਂ ਪੁਛਿਆ ਜਾਨਾ॥੨॥ ਖਿਰਕੇ ਪੋਸ਼ ਮਕਾਰ ਜ਼ਾਹਦ ਨੂੰ ਜਾਕਰ ਆਖੋ ਭਾਈ। ਗੁਝੀ ਕੈਂਚੀ ਧਰਕੇ ਉਤੋਂ ਕਿਉਂ ਫਿਰਦਾ ਕਤਰਾਈ॥੩॥ ਠਗੀ ਵਾਲੇ ਖਿਰਕੇ ਪਾਕੇ ਤੁਧ ਕਿਉਂ ਜਗ ਮਦਰਾਇਆ। ਨਾਲ ਦਗੇ ਦੇ ਲੋਕਾਂ ਤਾਂਈ ਹਕ ਦਾ ਰਾਹ ਭੁਲਾਇਆ॥੪॥ ਰਿੰਦਾਂ ਤੇ ਮੁਲਾਣਿਆਂ ਦਾ ਮੈਂ ਖਾਦਮ ਦਿਲੋਂ ਕਹਾਂਈ । ਦੋਹੀਂ ਜਹਾਨ ਜਿਨਾਂ ਦੇ ਅਗੇ ਕਖ ਬਰਾਬਰ ਨਾਂਹੀ ॥੫॥ ਮੈਖਾਨੇ ਦੇ ਵਿਚੋਂ ਜਦ ਮੈ ਸਬ ਮੁਰਾਦਾਂ ਪਾਈਆਂ। ਖਾਨਗਾਹਾਂ ਦੇ ਹੋਰ ਮਸੀਤਾਂ ਤਾਂਹੀ ਦਿਲੋਂ ਭੁਲਾਈਆਂ॥੬॥ ਸਬ ਫਕੀਰਾਂ ਦਾ ਤੂੰ ਹੋਵੇਂ ਹਾਫਜ਼ ਟੁਕਰ ਗਦਾਈ। ਅੱਲਾ ਚਾਹੇ ਹਾਜਤ ਤੇਰੀ ਹੋਸੀ ਸਬ ਰੁਬਾਈ ॥੭॥
54. ਕੋਸ਼ਸ਼ ਕਰੀਂ ਨਾ ਹਾਰੀਂ ਹਿੰਮਤ
ਕੋਸ਼ਸ਼ ਕਰੀਂ ਨਾ ਹਾਰੀਂ ਹਿੰਮਤ ਕੋਸ਼ਸ਼ ਥੀਂ ਕੁਝ ਪਾਸੇ। ਜਦ ਤੱਕ ਆਪ ਨਾ ਹੋਇਓਂ ਵਾਕਫ਼ ਕਿਸਨੂੰ ਰਾਹ ਦਿਖਾਸੇ।੧। ਮਰਦ ਬਨੀ ਹਥ ਧੋ ਵਜੂਦੋਂ ਤਾਂਬਾ ਖੁਦੀ ਵੰਜਾਂਈਂ। ਤਾਂ ਕੀਮਾਂ, ਇਸ਼ਕ ਦਾ ਪਾਵੇਂ ਖੁਦ ਸੋਨਾ ਬਨ ਜਾਈਂ ॥੨॥ ਖੋਟਾ ਸੋਨਾ ਤੇਰੇ ਤਾਂਈ ਇਸ਼ਕੋਂ ਦੂਰ ਹਟਾਏ । ਦਿਲਬਰ ਨੂੰ ਤਦ ਮਿਲਸੇਂ ਜਦ ਏਹ ਦੋਵੇਂ ਤੁਧ ਵੰਜਾਏ ॥੩॥ ਇਸ਼ਕ ਹਕੀਕੀ ਵਾਲਾ ਜੇਕਰ ਨੂਰ ਤੇਰੇ ਵਿਚ ਆਇਆ। ਕਸਮ ਖੁਦਾ ਦੀ ਸੂਰਜ ਨਾਲੋਂ ਪਾਸੇਂ ਹੁਸਨ ਸੁਆਇਆ॥੪॥ ਚੋਟੀ ਅਤੇ ਖਰੀ ਲਗ ਸਾਰਾ ਹੋਸੇਂ ਨੂਰ ਖੁਦਾਈ । ਰਾਹ ਖੁਦਾ ਦੇ ਅੰਦਰ ਜਦ ਤੁਧ ਆਪਨੀ ਖੁਦੀ ਵੰਜਾਈ ॥੫॥ ਉਤਲੇ ਜਿਸਮ ਤੇਰੇ ਨੂੰ ਭਾਂਵੇ ਦੁਖ ਸੁਖ ਬਣਨ ਹਜਾਰਾਂ। ਤਾਂ ਵੀ ਕੁਝ ਪਰਵਾਹ ਨਾ ਰਖੀਂ ਵਿਚੋਂ ਪਕੇ ਬਾਰਾਂ॥੬॥
55. ਫਜ਼ਰੇ ਵੇਲੇ ਹਾਤਫ ਮੈਨੂੰ
ਫਜ਼ਰੇ ਵੇਲੇ ਹਾਤਫ ਮੈਨੂੰ ਆ ਦੱਸਿਆ ਮੈਖਾਨਾ। ਆਖਨ ਲਗਾ ਪਹੁੰਚ ਸ਼ਤਾਬੀ ਤੂੰ ਹੈ ਰਿੰਦ ਪੁਰਾਨਾ ॥੧॥ ਰਿੰਦਾਂ ਨਾਲ ਅਕਠਾ ਬੈਹਕੇ ਕਰ ਸਾਲਕ ਮੈ ਨੋਸ਼ੀ । ਜੇ ਤੂੰ ਵਾਕਫ ਸਚ ਹਕੀਕੀ ਰਖ ਏਥੇ ਖਾਮੋਸ਼ੀ ॥੨॥ ਰਿੰਦ ਕਲੰਦਰ ਹੁੰਦੇ ਜੇਹੜੇ ਮੈਖਾਨੇ ਦੇ ਦਰ ਦੇ। ਨੰਗ ਕਰਨ ਬਾਦਸ਼ਾਹ ਬਨਾਵਨ ਕੋਈ ਨਾ ਪਿਛੇ ਪਰਤੇ।੩। ਜੇਕਰ ਰਿੰਦ ਫਕੀਰਾਂ ਤੈਨੂੰ ਬਖਸ਼ ਦਿਤੀ ਸੁਲਤਾਨੀ । ਥੋੜਾ ਮੁਲਕ ਦਿਤੋ ਨੇ ਤਾਂ ਬੀ ਜਾ ਵੜਸੇਂ ਅਸਮਾਨੀ ॥੪॥ ਪਹਿਲੋਂ ਮੁਰਸ਼ਦ ਪਕੜੀ ਜੇਕਰ ਢੂੰਡੇਂ ਰਾਹ ਫਕਰ ਦਾ । ਬਿਨ ਮੁਰਸ਼ਦ ਜੋ ਇਸ ਰਾਹ ਵੜਦਾ ਭੁਲੀ ਪੈਕੇ ਮਰਦਾ ॥੫॥ ਠੰਡਾ ਹੋਕੇ ਬੈਠ ਸ਼ਕੰਦਰ ਜ਼ਾਇਆ ਗ਼ਮ ਨਾ ਖਾਂਈ। ਆਬ ਹਯਾਤ ਇਸ ਬਾਦਸ਼ਾਹੀ ਥੀਂ ਮਿਲੇ ਨਾ ਤੇਰੇ ਤਾਂਈ॥੬॥ ਛੋਡ ਨਕੰਮਾ ਤਮ ਪਜ਼ੀਰਾ ਰਖੀਂ ਸ਼ਰਮ ਜ਼ਰੂਰੀ । ਦੋ ਜਗ ਤਲਬ ਕਰੇਂ ਰੱਬ ਕੋਲੋਂ ਕਿਸ ਗਲ ਦੀ ਮਜ਼ਦੂਰੀ॥੭॥
56. ਜਿਸ ਸ਼ੋਹਲੇ ਥੀਂ ਦਿਲਬਰ ਸਾਡਾ
ਜਿਸ ਸ਼ੋਹਲੇ ਥੀਂ ਦਿਲਬਰ ਸਾਡਾ ਅੱਖੀਂ ਉਹਲੇ ਹੋਇਆ। ਨਾ ਜਾਨੇ ਕੋਈ ਅੱਖੀਂ ਵਿਚੋਂ ਕੀ ਕੁਝ ਹੈ ਮੈਂ ਖੋਇਆ॥੧॥ ਅੱਖੀਂ ਦੀ ਰੁਸ਼ਨਾਈ ਸਾਰੀ ਬਾਕੀ ਰਹੀ ਨਾ ਗੋਇਆ। ਪਾਨੀ ਅੱਖੀਂ ਵਿਚ ਨਾ ਰਹਿਆ ਇਤਨਾ ਹਾਂ ਮੈਂ ਰੋਇਆ॥੨॥ ਸਜਨਾ ਤੇਰੇ ਮੁਖੜੇ ਥੀਂ ਜਦ ਮੈਨੂੰ ਹੁੰਦੀ ਦੂਰੀ । ਹਰਦਮ ਮੇਰੀਆਂ ਅੱਖੀਂ ਵਿਚੋਂ ਵਗਦਾ ਸੀਲ ਜਰੂਰੀ ॥੩॥ ਨਾਲੇ ਤੂਫਾਨ ਦਰਦ ਬਲਾਵਾਂ ਮਾਰੇ ਠਾਠਾਂ ਪੂਰੀ । ਜਾਨੀ ਗਿਰੀਆਂ ਜਾਰੀ ਬਾਝੋਂ ਹੁੰਦੀ ਨਹੀਂ ਸਬੂਰੀ ॥੪॥
57. ਸੰਤ ਮਤਾ ਸਬ ਸੇ ਬੜਾ-ਦੋਹਾ
ਸੰਤ ਮਤਾ ਸਬ ਸੇ ਬੜਾ ਯੇਹ ਨਿਸਚੇ ਕਰ ਜਾਨ । ਸੂਫੀ ਔਰ ਵੇਦਾਂਤੀ ਦੋਨੋ ਨੀਚੇ ਮਾਨ ॥੧॥ ਸੰਤ ਦੀਵਾਲੀ ਨਿਤ ਕਰੇ ਸਤ ਲੋਕ ਕੇ ਮਾਹਿ । ਔਰ ਮਤੇ ਸਬ ਕਾਲ ਕੇ ਯੂੰਹੀਂ ਧੂਲ ਉਡਾਹਿ ॥੨॥