Saif-Ul-Malook (Selections) : Mian Muhammad Bakhsh

ਚੋਣਵੇਂ ਬੰਦ ਸੈਫ਼ੁਲ-ਮਲੂਕ : ਮੀਆਂ ਮੁਹੰਮਦ ਬਖ਼ਸ਼

ਸੈਫ਼ੁਲ-ਮਲੂਕ ਕਿੱਸਾ ਕਾਫ਼ੀ ਵਿਸਥਾਰ ਵਾਲਾ ਹੈ ।
ਇਸ ਵਿੱਚੋਂ ਚੋਣਵੇਂ ਬੰਦ ਹੀ ਲਿਖੇ ਗਏ ਹਨ ।

1-3

ਰਹਿਮਤ ਦਾ ਮੀਂਹ ਪਾ ਖ਼ੁਦਾਇਆ, ਬਾਗ਼ ਸੁੱਕਾ ਕਰ ਹਰਿਆ ।
ਬੂਟਾ ਆਸ ਉਮੈਦ ਮੇਰੀ ਦਾ, ਕਰ ਦੇ ਹਰਿਆ ਭਰਿਆ ।
ਮਿੱਠਾ ਮੇਵਾ ਬਖ਼ਸ਼ ਅਜੇਹਾ, ਕੁਦਰਤ ਦੀ ਘਤ ਸ਼ੀਰੀਂ ।
ਜੋ ਖਾਵੇ ਰੋਗ ਉਸ ਦਾ ਜਾਵੇ, ਦੂਰ ਹੋਵੇ ਦਿਲਗੀਰੀ ।
ਸਦਾ ਬਹਾਰ ਦੱਈਂ ਇਸ ਬਾਗ਼ੇ, ਕਦੀ ਖਿਜ਼ਾਂ ਨਾ ਆਵੇ ।
ਹੋਵਣ ਫ਼ੈਜ਼ ਹਜ਼ਾਰਾਂ ਤਾਈਂ, ਹਰ ਭੁੱਖਾ ਫਲ ਖਾਵੇ ।

20

ਅਵਲ ਹਮਦ ਸੁਣਾ ਇਲਾਹੀ, ਜੋ ਮਾਲਕ ਹਰ ਹਰ ਦਾ ।
ਉਸ ਦਾ ਨਾਮ ਚਿਤਾਰਨ ਵਾਲਾ, ਹਰ ਮੈਦਾਨ ਨਾ ਹਰਦਾ ।

29

ਆਪ ਮਕਾਨੋਂ ਖ਼ਾਲੀ, ਉਸ ਥੀਂ, ਕੋਈ ਮਕਾਨ ਨਾ ਖ਼ਾਲੀ ।
ਹਰ ਵੇਲੇ ਹਰ ਚੀਜ਼ ਮੁਹੰਮਦ, ਰਖਦਾ ਨਿੱਤ ਸਮ੍ਹਾਲੀ ।

42

ਬਾਦਸ਼ਾਹਾਂ ਥੀਂ ਭੀਖ ਮੰਗਾਵੇ, ਤਖ਼ਤ ਬਹਾਵੇ ਘਾਹੀ ।
ਕੁਝ ਪਰਵਾਹ ਨਹੀਂ ਘਰ ਉਸਦੇ, ਦਾਇਮ ਬੇਪਰਵਾਹੀ ।

49

ਮਾਂ ਪਿਉ ਦੀ ਬੇ-ਫ਼ੁਰਮਾਨੀ, ਜੋ ਬੇਟਾ ਨਿਤ ਕਰਦਾ ।
ਫ਼ਰਜੰਦੀ ਦਾ ਪਿਆਰ ਨਾ ਰਹਿੰਦਾ, ਆਖਣ ਕਿਵੇਂ ਨਾ ਮਰਦਾ ।

51

ਦੋਸਤ ਯਾਰ ਕਿਸੇ ਦਾ ਹਿਕ ਦਿਨ, ਆਦਰ-ਭਾ ਨਾ ਹੋਵੇ ।
ਫੇਰ ਉਹ ਮੁਖ ਵਿਖਾਂਦਾ ਨਾਹੀਂ, ਯਾਰੀ ਥੀਂ ਹਥ ਧੋਵੇ ।

54

ਵਾਹ ਵਾ ਸਾਹਿਬ ਬਖ਼ਸ਼ਣ ਹਾਰਾ, ਤੱਕ ਤੱਕ ਏਡ ਗੁਨਾਹਾਂ ।
ਇੱਜ਼ਤ ਰਿਜ਼ਕ ਨਾ ਖੱਸੇ ਸਾਡਾ, ਦੇਂਦਾ ਫੇਰ ਪਨਾਹਾਂ ।

189

ਮੈਂ ਅੰਨ੍ਹਾ ਤੇ ਤਿਲ੍ਹਕਣ-ਰਸਤਾ, ਕਿਓਂਕਰ ਰਹੇ ਸਮ੍ਹਾਲਾ ।
ਧੱਕੇ ਦੇਵਣ ਵਾਲੇ ਬਹੁਤੇ, ਤੂੰ ਹਥ ਪਕੜਨ ਵਾਲਾ ।

341-343

ਜਿਸ ਜਾਈ ਵਿਚ ਮਤਲਬ ਹੋਵੇ, ਮਰਦ ਪੁਚਾਵਣ ਖਲਿਆਂ ।
ਮਿਲਣ ਮੁਰਾਦਾਂ ਮੰਗਤਿਆਂ ਨੂੰ, ਮਰਦਾਂ ਦੇ ਦਰ ਮਲਿਆਂ ।
ਹੋਂਦੀ ਬੰਦ-ਖ਼ਲਾਸ ਸ਼ਿਤਾਬੀ, ਮਰਦ ਪੌਣ ਜਦ ਜਾਮਿਨ ।
ਧੰਨ ਨਸੀਬ ਉਹਦੇ ਜਿਸ ਫੜਿਆ, ਮਰਦਾਂ ਸੰਦਾ ਦਾਮਿਨ ।
ਮਰਦ ਮਿਲੇ ਤਾਂ ਦਰਦ ਨਾ ਛੋੜੇ, ਔਗੁਣ ਵੀ ਗੁਣ ਕਰਦਾ ।
ਕਾਮਿਲ ਲੋਕ ਮੁਹੰਮਦ ਬਖ਼ਸ਼ਾ, ਲਅਲ ਬਣਾਣ ਪੱਥਰ ਦਾ ।

407-8

ਦਰਦ ਲੱਗੇ ਤਾਂ ਹਾਏ ਨਿਕਲੇ, ਕੋਈ ਨਾ ਰਹਿੰਦਾ ਜਰ ਕੇ ।
ਦਿਲਬਰ ਅਪਣੇ ਦੀ ਗਲ ਕੀਜੇ, ਹੋਰਾਂ ਨੂੰ ਮੂੰਹ ਧਰ ਕੇ ।
ਜਿਸ ਵਿਚ ਗੁੱਝੀ ਰਮਜ਼ ਨਾ ਹੋਵੇ, ਦਰਦਮੰਦਾਂ ਦੇ ਹਾਲੋਂ ।
ਬਿਹਤਰ ਚੁਪ ਮੁਹੰਮਦ ਬਖ਼ਸ਼ਾ, ਸੁਖ਼ਨ ਅਜੇਹੇ ਨਾਲੋਂ ।

413

ਦਰਦ-ਮੰਦਾਂ ਦੇ ਸੁਖ਼ਨ ਮੁਹੰਮਦ, ਦੇਣ ਗਵਾਹੀ ਹਾਲੋਂ ।
ਜਿਸ ਪੱਲੇ ਫੁਲ ਬੱਧੇ ਹੋਵਣ, ਆਵੇ ਬੂ ਰੁਮਾਲੋਂ ।

520

ਕਤਰਾ ਵੰਞ ਪਿਆ ਦਰਿਆਵੇ, ਤਾਂ ਓਹੋ ਕੌਣ ਕਹਾਵੇ ?
ਜਿਸ ਨੇ ਆਪਣਾ ਆਪ ਗਵਾਇਆ, ਆਪ ਓਹੋ ਬਣ ਜਾਵੇ ।

527

ਕੀ ਕੁਝ ਬਾਤ ਇਸ਼ਕ ਦੀ ਦੱਸਾਂ, ਕਦਰ ਨਾ ਮੇਰਾ ਭਾਈ ।
ਇਹ ਦਰਿਆ ਅੱਗੀ ਦਾ ਵਗਦਾ, ਜਿਸ ਦਾ ਲਾਂਘ ਨਾ ਕਾਈ ।

530-40

ਜਿਨ੍ਹਾਂ ਇਸ਼ਕ ਖ਼ਰੀਦ ਨਾ ਕੀਤਾ, ਐਵੇਂ ਆ ਵਿਗੁੱਤੇ ।
ਇਸ਼ਕੇ ਬਾਝ ਮੁਹੰਮਦ ਬਖ਼ਸ਼ਾ, ਕਿਆ ਆਦਮ ਕਿਆ ਕੁੱਤੇ ।
ਜਿਸ ਦਿਲ ਅੰਦਰ ਇਸ਼ਕ ਨਾ ਰਚਿਆ, ਕੁੱਤੇ ਉਸ ਥੀਂ ਚੰਗੇ ।
ਖ਼ਾਵੰਦ ਦੇ ਦਰ ਰਾਖੀ ਕਰਦੇ, ਸਾਬਿਰ ਭੁੱਖੇ ਨੰਗੇ ।
ਇਸ਼ਕੋਂ ਬਾਝ ਈਮਾਨ ਕਵੇਹਾ, ਕਹਿਣ ਈਮਾਨ ਸਲਾਮਤ ।
ਮਰ ਕੇ ਜੀਵਨ ਸਿਫ਼ਤ ਇਸ਼ਕ ਦੀ, ਦਮ ਦਮ ਰੋਜ਼ ਕਿਆਮਤ ।
ਪੁਲ-ਸਿਰਾਤ ਇਸ਼ਕ ਦਾ ਪੈਂਡਾ, ਸੋ ਜਾਣੇ ਜੋ ਕਰਦਾ ।
ਆਸ-ਬਹਿਸ਼ਤ ਦਲੇਰੀ ਦੇਂਦੀ, ਤਰਕ ਵਿਛੋੜਾ ਘਰ ਦਾ ।
ਲਖ ਜਹਾਜ਼ ਉਸੇ ਵਿਚ ਡੋਬੇ, ਕਿਹੜਾ ਪਾਰ ਉਤਰਦਾ ।
ਇਸ ਨਦੀ ਦੀਆਂ ਮੌਜਾਂ ਤੱਕ ਕੇ, ਦਿਲ-ਦਿਲੇਰਾਂ ਠਰਦਾ ।
ਆਸ਼ਿਕ ਬਣਨ ਸੁਖਾਲਾ ਨਾਹੀਂ, ਵੇਖਾਂ ਨਿਹੁੰ ਪਤੰਗ ਦਾ ।
ਖ਼ੁਸ਼ੀਆਂ ਨਾਲ ਜਲੇ ਵਿੱਚ ਆਤਿਸ਼, ਮੌਤੋਂ ਮੂਲ ਨ ਸੰਗਦਾ ।
ਜੇ ਲਖ ਜ਼ੁਹਦ ਇਬਾਦਤ ਕਰੀਏ, ਬਿਨ ਇਸ਼ਕੋਂ ਕਿਸ ਕਾਰੀ ?
ਜਾਂ ਜਾਂ ਇਸ਼ਕ ਨਾ ਸਾੜੇ ਤਨ ਨੂੰ, ਤਾਂ ਤਾਂ ਨਿਭੇ ਨਾ ਯਾਰੀ ।
ਜਿਨ੍ਹਾਂ ਦਰਦ ਇਸ਼ਕ ਦਾ ਨਾਹੀਂ, ਕਦ ਫਲ ਪਾਣ ਦੀਦਾਰੂ ।
ਜੇ ਰੱਬ ਰੋਗ ਇਸ਼ਕ ਦਾ ਲਾਵੇ, ਲੋੜ ਨਹੀਂ ਕੋਈ ਦਾਰੂ ।
ਚਾਹੀਏ ਇਸ਼ਕ ਸਿਪਾਹੀ ਐਸਾ, ਮੈਂ ਨੂੰ ਮਾਰ ਮੁਕਾਵੇ ।
ਥਾਨਾ ਕਢਿ ਤਬੀਅਤ ਵਾਲਾ, ਸਿਫ਼ਤਾਂ ਸੱਭ ਬਦਲਾਵੇ ।
ਪੱਕਾ ਪੈਰ ਧਰੀਂ ਜੇ ਧਰਨਾ, ਤਿਲ੍ਹਕ ਨਹੀਂ ਮਤ ਜਾਵੇ ।
ਸੁ ਇਸ ਪਾਸੇ ਬਹੇ ਮੁਹੰਮਦ, ਜੋ ਸਿਰ-ਬਾਜ਼ੀ ਲਾਵੇ ।

553

ਬੇ-ਪਰਵਾਹ ਦੀ ਮਨਜ਼ਿਲ ਨਾਹੀਂ, ਜਿਸ ਵਿਚ ਸੂਦ ਸੌਦਾਗਰ ।
ਬੇ-ਨਿਆਜ਼ੀ ਦੀ ਚੁੱਖ ਅੱਗੇ, ਦੋ ਜੱਗ ਕੱਖ ਬਰਾਬਰ ।

632-33

ਜੇ ਕੋਈ ਗ਼ਰਕ ਨਾ ਹੋਇਆ ਭਾਈ ਵਹਦਤ ਦੇ ਦਰਿਆਵੇ ।
ਕੀ ਹੋਇਆ ਜੇ ਆਦਮ ਦਿਸਦਾ, ਲੈਕ ਨਾ ਮਰਦ ਕਹਾਵੇ ।
ਨੇਕੀ ਬਦੀ ਨਾ ਤਕਦੇ ਸੋਈ, ਜੋ ਵਹਦਤ ਵਿੱਚ ਪਹੁਤੇ ।
ਨੇਕੀ ਬਦੀ ਤਦਾਹੀਂ ਭਾਈ, ਅਸੀਂ ਤੁਸੀਂ ਜਦ ਬਹੁਤੇ ।

866-68

ਪੜ੍ਹਨਾ ਇਲਮ ਜ਼ਰੂਰ ਬੰਦੇ ਨੂੰ, ਕੀਤਾ ਫ਼ਰਜ ਇਲਾਹੀ ।
ਕਰਦੈ ਇਲਮ ਦਿਲੇ ਨੂੰ ਰੋਸ਼ਨ, ਜਿਓਂ ਦਰਵੇਸ਼ ਇਲਾਹੀ ।
ਜਿਓਂ ਸੂਰਜ ਵਿਚ ਨੂਰ ਤਿਵੇਂ ਹੈ, ਇਲਮ ਰੂਹੇ ਵਿਚ ਜਾਣੀ ।
ਨੂਰੇ ਬਾਹਜੋਂ ਸੂਰਜ ਪੱਥਰ, ਆਦਮ ਜਿਨਸ ਹੈਵਾਨੀ ।
ਇਲਮੇ ਕਾਰਨ ਦੁਨੀਆਂ ਉੱਤੇ, ਆਵਣ ਹੈ ਇਨਸਾਨਾਂ ।
ਸਮਝੇ ਇਲਮ ਵਜੂਦ ਆਪਣੇ ਨੂੰ, ਨਹੀਂ ਤਾਂ ਵਾਂਙ ਹੈਵਾਨਾ ।

1022

ਆਸ਼ਿਕ ਦਾ ਜੋ ਦਾਰੂ ਦੱਸੇ, ਬਾਹਜ ਮਿਲਾਪ ਸਜਨ ਦੇ ।
ਉਹ ਸਿਆਨਾ ਜਾਣ ਇੰਞਾਣਾ, ਰੋਗ ਨਾ ਜਾਣੇ ਮਨ ਦੇ ।

2187

ਜਿਸ ਦਿਲਿ ਅੰਦਰ ਇਸ਼ਕ ਸਮਾਣਾ, ਉਸ ਨਹੀਂ ਫਿਰ ਜਾਣਾ ।
ਤੋੜੇ (ਭਾਵੇਂ) ਸੋਹਣੇ ਮਿਲਣ ਹਜ਼ਾਰਾਂ, (ਅਸਾਂ ਨਹੀਂ) ਨਾਹੀਂ ਯਾਰ ਵਟਾਣਾ ।

2189

ਚੰਨੋ ਰੂਪ ਜ਼ਿਆਦਾ ਦਿੰਹ ਤੇ, ਵੇਖਿ ਚਕੋਰ ਨਾ ਫਿਰਦਾ ।
ਭਾਂਬੜ ਬਲਦੇ ਵੇਖ ਪਤੰਗਾ, ਦੀਵਾ ਛੋੜਿ ਨਾ ਮਰਦਾ ।

2598-2600

ਦੁਖੀਏ ਦੀ ਗਲ ਦੁਖੀਆ ਸੁਣਦਾ, ਕੀਮਤ ਕਦਰ ਪਛਾਣੇ ।
ਕੀ ਦੁਖੀਆ ਜੋ ਦੁਖੀਏ ਅੱਗੇ, ਦੱਸੇ ਨਹੀਂ ਵਿਹਾਨੇ ।
ਜਿਓਂ ਦੁਖੀਏ ਨੂੰ ਦੁਖੀਆ ਮਿਲ ਕੇ, ਹੰਞੂ ਭਰਿ ਭਰਿ ਰੋਂਦਾ ।
ਸੁਖੀਏ ਤਾਈਂ ਪਾ ਕੇ ਸੁਖੀਆ, ਐਸਾ ਖ਼ੁਸ਼ ਨਾ ਹੋਂਦਾ ।
ਮਾਤਮ ਵਾਲੇ ਘਰ ਵੰਞਿ ਨਾਰੀਂ, ਜਾਂ ਮੂੰਹ ਪੱਲੇ ਪਾਵਣ ।
ਦੁਖੀਆ ਤਕਣ ਤਾਂ ਦੁਖ ਅਪਣੇ, ਪੁਛੇ ਬਾਝ ਸੁਣਾਵਣ ।

3022-26

ਸੱਚੇ ਮਰਦ ਸਫ਼ਾਈ ਵਾਲੇ, ਜੋ ਕੁਝ ਕਹਿਣ ਜ਼ਬਾਨੋਂ ।
ਮੌਲਾ ਪਾਕ ਮੰਨੇਦਾ ਇਹੋ, ਪੱਕੀ ਖ਼ਬਰ ਅਸਮਾਨੋਂ ।
ਕੰਮ ਨਹੀਂ ਇਹ ਅੰਬਰ ਕਰਦਾ, ਸਿਰ ਉਸ ਦੇ ਬਦਨਾਈਂ ।
ਸੱਭ ਕੰਮ ਕਰਦੇ ਮਰਦ ਅਲਾਂ (ਅੱਲਾ) ਦੇ, ਹੁਕਮ ਕਰੇਂਦਾ ਸਾਈਂ ।
ਨੀਲ ਨਦੀ ਫ਼ਿਰਔਨ ਨਾ ਖਾਧਾ, ਨਾ ਕਾਰੂੰ ਜ਼ਮੀਨਾਂ ।
ਮੂਸਾ ਦੀ ਬੱਦੁਆਈ ਕੀਤਾ, ਗ਼ਰਕ ਦੋਹਾਂ ਬੇ-ਦੀਨਾਂ ।
ਹਿੰਮਤ ਮਰਦਾਂ ਦੀ ਹਰ ਜਾਣੀ, ਕਰਦੀ ਕੰਮ ਹਜ਼ਾਰਾਂ ।
ਫੁਲਾਂ ਭੌਰਾਂ ਸ਼ਮੱਅ ਪਤੰਗਾਂ, ਯਾਰ ਮਿਲਾਏ ਯਾਰਾਂ ।
ਹਰ ਮੁਸ਼ਕਿਲ ਦੀ ਕੁੰਜੀ ਯਾਰੋ, ਮਰਦਾਂ ਦੇ ਹਥਿ ਆਈ ।
ਮਰਦ ਦੁਆ ਕਰਨ ਜਿਸ ਵੇਲੇ, ਮੁਸ਼ਕਲ ਰਹੇ ਨਾ ਕਾਈ ।

3106-14

ਅਜ ਜ਼ਮਾਨੇ ਯਾਰ ਕਹਾਵਣ, ਦੱਅਵਾ ਕਰਨ ਪਿਆਰਾਂ ।
ਅਪਣੀ ਖ਼ੈਰ ਮੰਗਣ ਤੇ ਮਾਰਨ ਨਾਲ ਦਗ਼ੇ ਦੇ ਯਾਰਾਂ ।
ਯਾਰੀ ਲਾਵਣ ਜਾਨ ਬਚਾਵਣ, ਕਰਨ ਕਮਾਲ ਬੇ ਤਰਸੀ ।
ਹਿਕ ਮਰੇ ਹਿਕ ਹਸਦਾ ਉੱਤੇ, ਓਹ ਜਾਣੇ ਜੇ ਮਰਸੀ ।
ਭੈਣਾਂ ਵਿਹੜੀਂ ਸੀਸ ਗੁੰਦਾਵਣ, ਸੌਵਣ ਵੀਰ ਖੜਾ ਕੇ ।
ਵੀਰ ਵੀਰੇ ਗਲ ਪੁਛਦਾ ਨਾਹੀਂ, ਮਰਨ ਲਗੇ ਨੂੰ ਜਾ ਕੇ ।
ਨਾਰੀਂ ਉਤੋਂ ਕਰਨ ਖ਼ਵਾਰੀ, ਭੰਗ ਘਤਣ ਵਿਚ ਯਾਰੀ ।
ਯਾਰ ਯਾਰਾਂ ਦੀ ਰਤੂੰ ਨ੍ਹਾਵਣ, ਮੌਜ ਜ਼ਮਾਨੇ ਮਾਰੀ ।
ਜੇ ਹਿਕ ਹੋਵੇ ਅੰਬਾਰਾਂ ਵਾਲਾ, ਸਾਹਿਬ ਦੌਲਤ ਜ਼ਰ ਦਾ ।
ਦੂਜਾ ਕੋਲ ਮਰੇ ਜੇ ਭੁੱਖਾ, ਨਹੀਂ ਮੁਰੱਵਤ ਕਰਦਾ ।
ਸਕਿਆਂ ਵੀਰਾਂ ਭੈਣਾਂ ਤਾਈਂ, ਹਥੀਂ ਕਾਠ ਪਵਾਏ ।
ਐਬ ਗੁਨਾਹ ਡਿਠੇ ਬਿਨ ਅਖੀਂ, ਹਥੀਂ ਸੋਟੇ ਲਾਏ ।
ਮਾਂ ਪਿਉ ਜਾਏ ਵੀਰ ਪਿਆਰੇ, ਭੈਣਾਂ ਆਪ ਕੁਹਾਏ ।
ਨਾਰੀਂ ਕੰਤ ਅਜ਼ਾਈਂ ਕੀਤੇ, ਭਾਈਆਂ ਵੀਰ ਖਪਾਏ ।
ਜਿੱਥੇ ਸੱਪ ਅਠੂਆਂ ਹੋਵੇ, ਯਾ ਕੋਈ ਆਫ਼ਤ ਭਾਰੀ ।
ਸਜਨਾਂ ਟੋਰਨ ਆਪ ਨਾ ਜਾਵਣ, ਵਾਹ ਅਜੋਕੀ ਯਾਰੀ ।
ਜੇ ਪੱਕੀ ਘਰ ਰੋਟੀ ਹੋਵੇ, ਦੁਖ ਦੂਜੇ ਨੂੰ ਲੱਗੇ ।
ਹਰ ਤੁਹਮਤ ਬਦਨਾਮੀ ਦੇ ਕੇ, ਚੁਗ਼ਲੀ ਮਾਰਨ ਵੱਗੇ ।

3382

ਨਾਲੇ ਜਿਸ ਦੀ ਇੱਜ਼ਤ ਹੋਵੇ, ਬਾਦਸ਼ਾਹਾਂ ਦੇ ਅਗੇ ।
ਸੱਭ ਕੋਈ ਉਸ ਦੀ ਖ਼ਾਤਿਰ ਕਰਦਾ, ਹਰ ਇਕ ਦੇ ਮੂੰਹ ਲਗੇ ।

3391-92

ਸੌ ਪੁਤਰ ਪਰਦੇਸੀਂ ਜਾਵਣ, ਲੈ ਕੇ ਦੇਸ਼ ਨਿਕਾਲਾ ।
ਮਾਂ ਪਿਉ ਨੂੰ ਇਹ ਮਿਹਨਾ ਨਾਹੀਂ, ਨਾ ਵੱਟਾ ਇਹ ਕਾਲਾ ।
ਜੇ ਹਿਕ ਧੀ ਛੁਪਾਵੇ ਕਿਧਰੇ, ਚੋਰ ਕਜ਼ਾਈ ਵਾਲਾ ।
ਭਲਿਆਂ ਦੀ ਪੱਤ ਰਹਿੰਦੀ ਨਾਹੀਂ, ਕਹਿੰਦਾ ਲੋਕ ਉਧਾਲਾ ।

3902-4

ਨੈਨ ਨੈਨਾਂ ਨੂੰ ਭਜਿ ਭਜਿ ਮਿਲਦੇ, ਦੂਰੋਂ ਕਰਿ ਕਰਿ ਧਾਈ ।
ਨੈਨ ਨੈਨਾਂ ਦੇ ਦੋਸਤ, ਨਾਲੇ, ਨੈਨਾਂ ਨੈਨ ਕਸਾਈ ।
ਨੈਨ ਰੰਗੀਲੇ ਆਪ ਵਸੀਲੇ, ਹੀਲੇ ਕਰਨ ਬਤੇਰੇ ।
ਆਪ ਵਕੀਲ ਦਲੀਲ ਪਛਾਣਨ, ਆਪੇ ਚੋਰ ਲੁਟੇਰੇ ।
ਰਮਜ਼ਾਂ ਨਾਲ ਕਰੇਂਦੇ ਬਾਤਾਂ, ਰਖਣ ਜੀਭ ਚੁਪੀਤੀ ।
ਨੈਨ ਨੈਨਾਂ ਦੇ ਮਹਰਮ ਯਾਰੋ, ਖੋਲਿ ਦਸਣ ਜੋ ਬੀਤੀ ।

4327-33

ਔਖੇ ਵੇਲੇ ਕਾਰੇ ਆਵੇ, ਭਲਿਆਂ ਦੀ ਅਸ਼ਨਾਈ ।
ਅੜਿਆ ਆਖਣ ਦੀ ਲੱਜ ਪਾਲਣ, ਜੋ ਇਨਸਾਨ ਵਫ਼ਾਈ ।
ਦੁਨੀਆਂ ਤੇ ਜੋ ਕੰਮ ਨਾ ਆਇਆ, ਔਖੇ ਸੌਖੇ ਵੇਲੇ ।
ਉਸ ਬੇ-ਫ਼ੈਜ਼ੇ ਸੰਗੀ ਕੋਲੋਂ, ਬਿਹਤਰ ਯਾਰ ਇਕੇਲੇ ।
ਸੁਖਾਂ ਐਸ਼ਾਂ ਮੌਜਾਂ ਅੰਦਰ, ਹਰ ਕੋਈ ਯਾਰ ਕਹਾਂਦਾ ।
ਸੰਗੀ ਸੋ ਜੋ ਤੰਗੀ ਤਕ ਕੇ, ਬਣੇ ਪੰਝਾਲ ਗ਼ਮਾਂ ਦਾ ।
ਕੋਲ ਹੋਵੇ ਤਾਂ ਖ਼ੈਰਾਂ ਅੰਦਰ, ਯਾਰ ਅਸ਼ਨਾ ਕਹਾਵੇ ।
ਦੂਰ ਮੁਹਿਮ ਪਿਆਂ ਦੁਖਿਆਰੇ, ਚੇਤਾ ਮਨੋਂ ਭੁਲਾਵੇ ।
ਉੜਕ ਨਫ਼ਾ ਹੋਵੇਗਾ ਕਿਥੋਂ, ਐਸੇ ਸੰਗ ਦੋ-ਰੰਗੋਂ ।
ਸੜਦਾ ਯਾਰ ਤੱਕੇ ਸੜ ਜਾਵੇ, ਸੰਗ ਨਿਸੰਗ ਪਤੰਗੋਂ ।
ਇਕ ਬੇੜੀ ਪਰ ਮੌਜਾਂ ਮਾਣੇ, ਦੇਖਦਿਆਂ ਇਕ ਰੁੜ੍ਹਦਾ ।
ਉਸ ਰੁੜ੍ਹਦੇ ਨੂੰ ਫੜਿਓਸੁ ਨਾਹੀਂ, ਵਾਹ ਜਿਸ ਦਾ ਸੀ ਪੁੜ੍ਹਦਾ ।
ਕਾਹਦਾ ਸੰਗ ਮੁਹੱਬਤ ਕੇਹੀ, ਕੀ ਐਸੀ ਅਸ਼ਨਾਈ ।
ਮੋਇਆਂ ਨੂੰ ਤੁੱਧ ਯਾਦ ਨਾ ਕੀਤਾ, ਖ਼ੁਸ਼ੀਏਂ ਉਮਰ ਲੰਘਾਈ ।

4379

ਆਮਾਂ ਬੇ-ਇਖ਼ਲਾਸਾਂ ਅੰਦਰ, ਖ਼ਾਸਾਂ ਦੀ ਗਲ ਕਰਨੀ ।
ਮਿੱਠੀ ਖੀਰ ਪੱਕਾ ਮੁਹੰਮਦ, ਕੁਤਿਆਂ ਅੱਗੇ ਧਰਨੀ ।

4491-4

ਸੁਣੀਆਂ ਗਲਾਂ ਤੇ ਕੀ ਬਾਵਰ, ਬਾਜ੍ਹੋਂ ਇਲਮ-ਕਿਤਾਬੋਂ ।
ਜੋ ਆਲਿਮ ਦੇ ਮੂੰਹੋਂ ਸੁਣੀਏ, ਸੋਈ ਖਰੀ ਹਿਸਾਬੋਂ ।
ਯਾ ਜੋ ਸਾਈਂ ਵਾਲੇ ਆਖਣ, ਉਹ ਸੱਚ ਮੰਨ ਤਮਾਮੀ ।
ਪੱਕੀ ਜਾਣ ਕਲਾਮ ਉਨ੍ਹਾਂ ਦੀ, ਜ਼ਰਾ ਨਹੀਂ ਵਿੱਚ ਖ਼ਾਮੀ ।
ਭਾਵੇਂ ਉਲਟ ਪੁਲਟ ਫ਼ੁਰਮਾਵਣ, ਵਿੱਚ ਕਿਆਸ ਨਾ ਆਵੇ ।
ਗੁਝੀ ਰਮਜ਼ ਹੋਸੀ ਸੱਭ ਸੱਚੀ, ਕੌਣ ਉਨ੍ਹਾਂ ਬਿਨ ਪਾਵੇ ।
ਸਾਈਂ ਵਾਲੇ ਸਦਾ ਸੁਖਾਲੇ, ਰੱਬ ਦੇ ਬਾਲੇ ਦੀਵੇ ।
ਮਸਤ ਅਲਸਤ ਸ਼ਰਾਬ ਵਸਲ ਦੇ, ਹਰ ਦਮ ਰਹਿੰਦੇ ਖੀਵੇ ।

4545-47

ਆਦਮੀਆਂ ਦਾ ਕੰਮ ਹਮੇਸ਼ਾ, ਬੇ-ਵਫ਼ਾਈ ਕਰਦੇ ।
ਅਵਲ ਲਾਇ ਪਰੀਤ ਪਿਆਰੇ, ਅਕਸਰ ਬਾਜ਼ੀ ਹਰਦੇ ।
ਮੱਹਬੂਬਾਂ ਦਰਿ ਨਿਉਂ ਲਗਾਵਣ, ਕਰਿ ਕਰਿ ਮਕਰ ਬੁਲਾਵਣ ।
ਜਾਂ ਦਿਲਦਾਰ ਮਿਲੇ ਗਲ ਲਾਵੇ, ਝਬਦੇ ਹੀ ਰੱਜ ਜਾਵਣ ।
ਠੱਗੀ ਦਗੇ ਫ਼ਰੇਬ ਬਤੇਰੇ, ਕਰਦੇ ਨਾਲ ਸੱਈਆਂ ਦੇ ।
ਜਾਂ ਦਿਲ ਵੱਸ ਕਰਨ ਤਾਂ ਪਾਵਣ, ਭੱਸ ਸਿਰਿ ਵੱਸ-ਪੱਈਆਂ ਦੇ ।

4694

ਬਾਸ ਲਈ ਤਾਂ ਪਾਸ ਗਈ ਸੀ, ਪੁਰ ਪੁਰ ਕੰਡੀ ਸੱਲੀ ।
ਬੁਲਬੁਲ ਨੂੰ ਕੀ ਹਾਸਿਲ ਹੋਇਆ, ਕਰ ਕੇ ਸ਼ੈਰ ਚਮਨ ਦੀ ।

4698

ਚੜ੍ਹ ਚੰਨਾਂ ਤੇ ਕਰ ਰੁਸ਼ਨਾਈ, ਕਾਲੀ ਰਾਤ ਹਿਜਰ ਦੀ ।
ਸ਼ਮੱਅ ਜਮਾਲ ਕਮਾਲ ਸਜਨ ਦੀ, ਆ ਘਰਿ ਬਾਲਿ ਅਸਾਡੇ ।

4707

ਕਰਨ ਗਦਾ ਸਜਨ ਦੇ ਕੂਚੇ, ਬਾਦਸ਼ਾਹੀ ਥੀਂ ਚੰਗਾ ।
ਜੇ ਉਹ ਪਾਵੇ ਆਪ ਮੁਹੰਮਦ, ਖ਼ੈਰ ਰੁਮਾਲਿ ਅਸਾਡੇ ।

4727

ਹੇ ਖ਼ੁਸ਼-ਵਾਉ ਫਜਰ ਦੀ, ਆਈ ਖ਼ਾਕ ਉਹਦੇ ਦਰਬਾਰੋਂ ।
ਇਸ ਸੁਰਮੇ ਥੀਂ ਲੈ ਮੁਹੰਮਦ, ਅਖੀਂ ਦੀ ਰੁਸ਼ਨਾਈ ।

4741-44

ਸਦਾ ਨਹੀਂ ਹਥ ਮਹਿੰਦੀ-ਰੱਤੇ, ਸਦਾ ਨਾ ਛਣਕਣ ਵੰਙਾਂ ।
ਸਦਾ ਨਾ ਛੋਪੇ ਪਾਇ ਮੁਹੰਮਦ, ਰਲ ਮਿਲਿ ਭੈਣਾਂ ਸੰਗਾਂ ।
ਹੁਸਨ ਮਹਿਮਾਨੀ ਨਹੀਂ ਘਰ-ਬਾਰੀ, ਕੀ ਇਸ ਦਾ ਕਰਿ ਮਾਨਾਂ ।
ਰਾਤੀਂ ਲੱਥਾ ਆਣਿ ਸਥੇਈ, ਫ਼ਜਰੀ ਕੂਚ ਬੁਲਾਣਾਂ ।
ਸੰਗ ਦੇ ਸਾਥੀ ਲੱਦੀ ਜਾਂਦੇ, ਅਸਾਂ ਭੀ ਸਾਥ ਲਦਾਣਾਂ ।
ਹਥਿ ਨਾ ਆਵੇ ਫੇਰ ਮੁਹੰਮਦ, ਜਾਂ ਇਹ ਵਕਤ ਵਿਹਾਣਾਂ ।
ਸਦਾ ਨਹੀਂ ਮੁਰਗ਼ਾਈਆਂ ਬਹਿਣਾਂ, ਸਦਾ ਨਹੀਂ ਸਰਿ ਪਾਣੀ ।
ਸਦਾ ਨਾ ਸਈਆਂ ਸੀਸ ਗੁੰਦਾਵਣ, ਸਦਾ ਨਾ ਸੁਰਖ਼ੀ ਲਾਣੀ ।

4747-48

ਕੁਝ ਵਿਸਾਹ ਨਾ ਸਾਹ ਆਏ ਦਾ, ਮਾਨ ਕੇਹਾ ਫਿਰ ਕਰਨਾ ।
ਜਿਸ ਜੁੱਸੇ ਨੂੰ ਛੰਡ ਛੰਡਿ ਰਖੇਂ, ਖ਼ਾਕ ਅੰਦਰ ਵੰਞਿ ਧਰਨਾ ।
ਲੋਇ ਲੋਇ ਭਰ ਲੈ ਕੁੜੀਏ, ਜੇ ਤੁਧਿ ਭਾਂਡਾ ਭਰਨਾ ।
ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਘਰਿ ਜਾਂਦੀ ਨੇ ਡਰਨਾ ।

4751-57

ਦਰਦੋਂ ਆਹੀਂ ਮਾਰਿ ਸ਼ਾਹਜ਼ਾਦੇ, ਪੁਰ ਕਰਿ ਸਾਂਗਾਂ ਲਾਈਆਂ ।
ਆਹ ਆਸ਼ਿਕ ਦੀ ਕੋਈ ਨਾ ਝਲਦਾ, ਜਿੰਦੂੰ ਜਿਨ੍ਹਾਂ ਜਲਾਈਆਂ ।
ਮਾਰੀ ਆਹ ਜ਼ੁਲੈਖਾਂ ਬੀਬੀ, ਦਰਦੋਂ ਬਾਲਿ ਮਵਾਤਾ ।
ਭੜਕਿ ਲਗੀ ਅੱਗ ਚਾਬਕ ਸੜਿਆ, ਤਾਂ ਯੁਸਫ਼ ਸੱਚ ਜਾਤਾ ।
ਸੱਸੀ ਨੂੰ ਇਕ ਰੋਜ਼ ਪੁਨੂੰ ਨੇ, ਤਅਨਾ ਬੋਲੀ ਲਾਈ ।
ਸੱਚੇ ਇਸ਼ਕ ਤੇਰੇ ਦਾ ਬੀਬੀ, ਮੈਨੂੰ ਪਤਾ ਨਾ ਕਾਈ ।
ਸੱਸੀ ਚਸਕ ਲਗੀ ਇਸ ਗੱਲੋਂ, ਅੱਗ ਦੀ ਚੱਰ (ਚੁਰ) ਭਰਵਾਈ ।
ਨਾਲ ਅਫ਼ਸੋਸ ਉਸਾਸ ਚਲਾਇਆ, ਆਤਿਸ਼ ਸਰਦ ਕਰਾਈ ।
ਮਾਹੀ ਦਰਦੋਂ ਵੰਝਲੀ ਵਾਹੇ, ਹੋਂਦਾ ਸ਼ੌਂਕ ਮਹੀਂ ਨੂੰ ।
ਮਜਨੂੰ ਦਾ ਸੁਣਿ ਬੋਲ ਦਰਿੰਦੇ (ਪਰਿੰਦੇ), ਆਵਣ ਚਲਿ ਜ਼ਿਮੀਂ ਨੂੰ ।
ਰਾਹ ਖੱਲਾਂ ਦੇ ਆਹ ਚਲਾਵੇ, ਜਾਂ ਰੋਡਾ ਦੁਖਿਆਰਾ ।
ਜਲਦੀ ਮਾਰਨ ਕਾਰਨ ਕਰਦਾ, ਧੰਦਾ ਵੇਖ ਲੋਹਾਰਾ ।
ਇਬਰਾਹੀਮ ਚਿੱਖਾ ਪਰ ਕੱਢੀਆਂ, ਆਹੀਂ ਦਰਦ ਅਜ਼ਾਰੋਂ ।
ਬਾਗ਼ ਬਹਾਰ ਹੋਈਆਂ ਗੁਲਜ਼ਾਰਾਂ, ਆਤਿਸ਼ ਸ਼ੋਖ ਅੰਗਾਰੋਂ ।

5002-3

ਜ਼ਾਲਿਮ ਇਸ਼ਕ ਬੇਤਰਸ ਕਸਾਈ, ਰਹਿਮ ਨਹੀਂ ਇਸ ਆਵੇ ।
ਨਾਜ਼ੁਕ ਬਦਨਾਂ ਮਾਰ ਰੁਲਾਂਦਾ, ਸਹਿਮ ਨਹੀਂ ਇਸ ਆਵੇ ।
ਨਾਜ਼ੁਕ ਪੈਰ ਰਕਾਬੋਂ ਦੁਖਦੇ, ਬਾਦਸ਼ਾਹਾਂ ਦੇ ਬੇਟੇ ।
ਜੰਗਲਿ ਬਾਰੀਂ ਫਿਰਨ ਅਵਾਹਣੇ, ਮਾਰੇ ਇਸ਼ਕ ਅਲਸੇਟੇ ।

5034-35

ਬਾਗ਼ ਬਹਾਰਾਂ ਤੇ ਗੁਲਜ਼ਾਰਾਂ, ਬਿਨ ਯਾਰਾਂ ਕਿਸ ਕਾਰੀ ?
ਯਾਰ ਮਿਲੇ ਦੁਖ ਜਾਣ ਹਜ਼ਾਰਾਂ, ਸ਼ੁਕਰ ਕਹਾਂ ਲਖ ਵਾਰੀ ।
ਉੱਚੀ ਜਾਈ ਨੇਂਹੁੰ ਲਗਾਇਆ, ਬਣੀ ਮੁਸੀਬਤ ਭਾਰੀ ।
ਯਾਰਾਂ ਬਾਜ੍ਹ ਮੁਹੰਮਦ ਬਖ਼ਸ਼ਾ, ਕੌਣ ਕਰੇ ਗ਼ਮਖ਼ਾਰੀ ।

5061-62

ਆ ਸਜਨਾ ਮੂੰਹ ਦਸ ਕਿਦਾਈਂ, ਜਾਨ ਤੇਰੇ ਤੋਂ ਵਾਰੀ ।
ਤੂੰਹੇਂ ਜਾਨ ਈਮਾਨ ਦਿਲੇ ਦਾ, ਤੁੱਧ ਬਿਨ ਮੈਂ ਕਿਸ ਕਾਰੀ ।
ਹੂਰਾਂ ਤੇ ਗਿਲਮਾਨ ਬਹਿਸ਼ਤੀ, ਚਾਹੇ ਖ਼ਲਕਤ ਸਾਰੀ ।
ਤੇਰੇ ਬਾਜ੍ਹ ਮੁਹੰਮਦ ਮੈਨੂੰ, ਨਾ ਕੋਈ ਚੀਜ਼ ਪਿਆਰੀ ।

5067-68

ਦਮ ਦਮ ਜਾਨ ਲਬਾਂ ਪਰ ਆਵੇ, ਛੋੜਿ ਹਵੇਲੀ ਤਨ ਦੀ ।
ਖਲੀ ਉਡੀਕੇ ਮਤ ਹੁਣ ਆਵੇ, ਕਿਧਰੋਂ ਵਾ ਸਜਨ ਦੀ ।
ਆਵੀਂ ਆਵੀਂ ਨਾ ਚਿਰ ਲਾਵੀਂ, ਦਸੀਂ ਝਾਤ ਹੁਸਨ ਦੀ ।
ਆਏ ਭੌਰ ਮੁਹੰਮਦ ਬਖ਼ਸ਼ਾ, ਕਰ ਕੇ ਆਸ ਚਮਨ ਦੀ ।

5079-80

ਸਦਾ ਨਾ ਰੂਪ ਗੁਲਾਬਾਂ ਉਤੇ, ਸਦਾ ਨਾ ਬਾਗ਼ ਬਹਾਰਾਂ ।
ਸਦਾ ਨਾ ਭਜ ਭਜਿ ਫੇਰੇ ਕਰਸਨ, ਤੋਤੇ ਭੌਰ ਹਜ਼ਾਰਾਂ ।
ਚਾਰ ਦਿਹਾੜੇ ਹੁਸਨ ਜਵਾਨੀ, ਮਾਨ ਕੀਆ ਦਿਲਦਾਰਾਂ ।
ਸਿਕਦੇ ਅਸੀਂ ਮੁਹੰਮਦ ਬਖ਼ਸ਼ਾ, ਕਿਉਂ ਪਰਵਾਹ ਨਾ ਯਾਰਾਂ ।

5215

ਜਿਨ੍ਹਾਂ ਦੇ ਦਿਲਿ ਇਸ਼ਕ ਸਮਾਣਾ, ਰੋਵਣ ਕੰਮ ਉਨਾਹਾਂ ।
ਵਿਛੜੇ ਰੋਂਦੇ ਮਿਲਦੇ ਰੋਂਦੇ, ਰੋਂਦੇ ਟੁਰਦੇ ਰਾਹਾਂ ।

5239-40

ਆਦਮ ਪਰੀਆਂ ਕਿਸ ਬਣਾਏ ? ਇਕੋ ਸਿਰਜਣ-ਹਾਰਾ ।
ਹੁਸਨ ਇਸ਼ਕ ਦੋ ਨਾਮ ਰਖਾਇਓਸੁ, ਨੂਰ ਇਕੋ ਮੁੰਢ ਸਾਰਾ ।
ਮਹਬੂਬਾਂ ਦੀ ਸੂਰਤ ਉਤੇ, ਉਸੇ ਦਾ ਚਮਕਾਰਾ ।
ਆਸ਼ਿਕ ਦੇ ਦਿਲ ਇਸ਼ਕ ਮੁਹੰਮਦ, ਉਹੋ ਸਿਰੱ(ਸਿਰਰ)-ਨਿਆਰਾ ।

5274-77

ਨੀਚਾਂ ਦੀ ਅਸ਼ਨਾਈ ਕੋਲੋਂ, ਕਿਸੇ ਨਹੀਂ ਫਲ ਪਾਇਆ ।
ਕਿਕਰ ਤੇ ਅੰਗੂਰ ਚੜ੍ਹਾਇਆ, ਹਰ ਗੁੱਛਾ ਜ਼ਖ਼ਮਾਇਆ ।
ਵਾਉ ਝੁਲੇ ਤਾਂ ਪਤਰ ਪਾਟੇ, ਨਾਲੇ ਸੂਲੇ ਦਾਨੇ ।
ਚੋਏ ਰਸ ਜ਼ਿਮੀਂ ਪਰ ਢੱਠੀ, ਕਿੱਤ ਕਨ ਕੁੱਠੇ ਲਾਨੇ ।
ਕਾਲੇ ਭੌਰ ਅਸ਼ਨਾਈ ਕਰਦੇ, ਮਿਲਣ ਫੁਲਾਂ ਦੇ ਤਾਈਂ ।
ਇਕ ਢੱਠਾ ਫਿਰ ਦੂਜੇ ਤਰੀਜੇ, ਲੈਂਦੇ ਫਿਰਨ ਹਵਾਈਂ ।
ਯਾਰੀ ਸੱਚ ਪਤੰਗਾਂ ਵਾਲੀ, ਸ਼ਮੱਅ ਬਲੀ ਆ ਚੁੱਕੇ ।
ਫੇਰ ਨਾ ਕਿਧਰੇ ਜਾਵਣ ਜੋਗੇ, ਲਾਟ ਅੰਦਰ ਸੜਿ ਮੁੱਕੇ ।

5298

ਆਸੇ ਪਾਸੇ ਉਮਰ ਗੁਜ਼ਾਰੀ, ਝਲੇ ਖ਼ਾਰ ਹਜ਼ਾਰਾਂ ।
ਮਾਲੀ ਬਾਗ਼ ਨਾ ਵੇਖਣ ਦੇਂਦਾ ਆਈਆਂ ਜਦੋਂ ਬਹਾਰਾਂ ।

5336

ਲੈ ਲਿਆ ਜੋ ਲੈਣਾ ਆਹਾ, ਲਿਖਿਆ ਵਿੱਚ ਨਸੀਬਾਂ ।
ਬੇ-ਪਰਵਾਹਾਂ ਨਾਲ ਮੁਹੰਮਦ, ਜ਼ੋਰ ਨਾ ਅਸਾਂ ਗ਼ਰੀਬਾਂ ।

5351-53

ਸੱਚਾ ਕੂੜਾ ਮਾਲਮ ਹੋਵੇ, ਕਸਮੋਂ ਦਾਨਿਸ਼ਮੰਦਾਂ ।
ਮੁਸਲਮਾਨ ਯਕੀਨ ਲਿਆਵਨ, ਕਰਨ ਜਦੋਂ ਸੌਗੰਧਾਂ ।
ਜੇ ਕੋਈ ਕੂੜੀ ਕਸਮ ਉਠਾਵੇ, ਸੋ ਈਮਾਨ ਖੜਾਂਦਾ ।
ਕਸਮ ਕਰਾ ਜੋ ਮੰਨੇ ਨਾਹੀਂ, ਦੀਨ ਉਹਦਾ ਭੀ ਜਾਂਦਾ ।
ਆਦਮੀਆਂ ਤੇ ਜਿੰਨਾਂ ਸੱਭ ਨੂੰ ਦੀਨ ਈਮਾਨ ਖ਼ਜ਼ਾਨਾ ।
ਜੋ ਹਾਰੇ ਸੋ ਖ਼ਵਾਰ ਹਮੇਸ਼ਾ, ਅੰਦਰ ਦੋਹਾਂ ਜ਼ਹਾਨਾਂ ।

5479

ਆਸ਼ਿਕ ਮੌਤੋਂ ਡਰਦੇ ਨਾਹੀਂ, ਪਤਾ ਉਨ੍ਹਾਂ ਨੂੰ ਲਗਾ ।
ਮੌਤ ਨਹੀਂ ਇਕਵਾਰ ਮੋਇਆਂ ਨੂੰ, ਛਲ ਆਫ਼ਤ ਦਾ ਲਗਾ ।

5546

ਬਸ ਮੇਰਾ ਕੁਝ ਵੱਸ ਨਾ ਚਲਦਾ, ਕੀ ਤੁਸਾਡਾ ਖੋਹਣਾ ।
ਲਿੱਸੇ ਦਾ ਕੀ ਜ਼ੋਰ ਮੁਹੰਮਦ, ਨਸ ਜਾਣਾ ਯਾ ਰੋਣਾ ।

5628-30

ਜੇ ਸੌ ਨੌਕਰ ਚਾਕਰ ਹੋਵੇ, ਖ਼ਿਦਮਤ ਵਾਲਾ ਅਗੇ ।
ਹੱਥੀਂ ਖ਼ਿਦਮਤ ਕਰੀਏ ਆਪੂੰ, ਜਾਂ ਸਜਨ ਹਥਿ ਲੱਗੇ ।
ਅਪਣੀ ਖ਼ਿਦਮਤ ਬੇਸ਼ਕ ਕਹੀਏ, ਖ਼ਿਦਮਤਗਾਰਾਂ ਤਾਈਂ ।
ਖ਼ਿਦਮਤਗਾਰ ਰਹੀਏ ਬਣ ਆਪੂੰ, ਪਾਸ ਪਿਆਰੇ ਸਾਈਂ ।
ਜਾਇਜ਼ ਹੋਏ ਦੂਏ ਦੀ ਹੱਥੀਂ, ਜੇ ਖ਼ਿਦਮਤ ਦਿਲਬਰ ਦੀ ।
ਬਾਦਸ਼ਾਹਾਂ ਦੇ ਮੂਹਰੇ ਸੱਭੇ, ਖ਼ਲਕ ਨਿਮਾਜ਼ਾਂ ਕਰਦੀ ।

5833

ਆਸ ਮਿਲਾਪ ਸਜਨ ਦੀ ਮਿਲਣੇ, ਜ਼ੱਰਾ ਹਿਰਾਸ ਨਾ ਕਰਦੇ ।
ਸੱਪਾਂ ਸ਼ੇਰਾਂ ਦੇ ਮੂੰਹ ਅੰਦਰ, ਪੈਰ ਧਿੰਙਾਨੇ ਧਰਦੇ ।

5998-99

ਬੁਲਬੁਲ ਭੌਰ ਉਦਾਸੀ ਹੋਏ, ਫੁਲ ਗਏ ਜਦ ਬਾਗ਼ੋਂ ।
ਕਦ ਪਤੰਗ ਰਹੇ ਫਿਰ ਜਿਥੋਂ, ਬੁਝੇ ਲਾਟ ਚਿਰਾਗੋਂ ।
ਕੋਈ ਦਿਨ ਮੌਜਾਂ ਵਿਚ ਗੁਜ਼ਾਰੇ, ਕਰਿ ਖ਼ੁਸ਼ੀਆਂ ਜਿਸ ਜਾਈ ।
ਉਹ ਜਾਈਂ ਹੁਣ ਦਿਲਬਰ ਬਾਹਜੋਂ, ਖਾਵਣ ਆਵਣ ਭਾਈ ।

6253

ਵੈਰੀ ਦੁਸ਼ਮਨ ਮੋਏ ਗਏ ਦਾ, ਸਾਹ ਵਿਸਾਹ ਨਾ ਕਰੀਏ ।
ਸੱਪ ਮੋਏ ਦਾ ਕੰਡਾ ਚੁੱਭੇ, ਫਿਰ ਭੀ ਦਰਦੀਂ ਮਰੀਏ ।

6386-9

ਨੂਰ, ਹੱਯਾ, ਹਦਾਇਤ ਵਾਲਾ, ਬੁਰਕੱਅ ਗਿਰਦ ਜਿਨ੍ਹਾਂ ਦੇ ।
ਸੋ ਕਿਉਂ ਨਾਰੀਂ ਗਿਣੀਏ ਭਾਈ, ਮਰਦ ਈਮਾਨ ਤਿਨ੍ਹਾਂ ਦੇ ।
ਕੀ ਹੋਇਆ ਜੋ ਚਿਹਰਾ ਸਾਡਾ, ਹੋ ਗਿਆ ਮਰਦਾਂਵਾਂ ।
ਜਿਸ ਦੀ ਨੀਯਤ ਮਰਦਾਂ ਵਾਲੀ, ਸੋਈਉ ਮਰਦ ਸਚਾਵਾਂ ।
ਖੇਖਣ ਥੀਂ ਕਰ ਖ਼ੌਫ਼ ਮੁਹੰਮਦ, ਬਾਹਰ ਨਿਕਲ ਇਸ ਗਲੀਓਂ ।
ਬੁਰਿਆਂ ਥੀਂ ਬੁਰਿਆਈ ਨਿਕਲੇ, ਹੈ ਭਲਿਆਈ ਭਲਿਓਂ ।
ਇਨ੍ਹਾਂ ਗਲਾਂ ਥੀਂ ਹੈ ਕੀ ਲਭਦਾ, ਐਬ ਕਿਸੇ ਦਾ ਕਰਨਾ ।
ਆਪਣਾ ਆਪ ਸੰਭਾਲ ਮੁਹੰਮਦ, ਜੋ ਕਰਨਾ ਸੋ ਭਰਨਾ ।

6509-10

ਦੁੰਬਾ ਜਾਂ ਬਘਿਆੜਾਂ ਖਾਧਾ, ਆਜੜੀਆਂ ਕੀ ਕਰਨਾ ?
ਕਾਂਗੇ ਨੀਂਹ ਘਰਾਂ ਦੀ ਪੁਟੀ, ਕਿਸ ਉਤੇ ਚਿਤ ਧਰਨਾ ।
ਜਾਂ ਖੇਤੀ ਦਾ ਕੱਖ ਨਾ ਰਿਹਾ, ਨਾ ਸੁਕਾ ਨਾ ਹਰਿਆ ।
ਕਿਸ ਕੰਮ ਧੁਪ ਪਕਾਵਣ ਵਾਲੀ, ਕਿਸ ਕੰਮ ਬਦਲ ਵਰ੍ਹਿਆ ?

6770

ਜਗ ਦੀ ਸ਼ੁਹਰਤ ਤੇ ਮੂੰਹ ਕਾਲਖ, ਸ਼ਾਲਾ ਪੇਸ਼ ਨਾ ਆਵੇ ।
ਬੇ-ਗ਼ੈਰਤ ਨਾ-ਮੁਰਾਦਾਂ ਅੰਦਰ, ਨਾ ਕੋਈ ਨਾਂਵਾਂ ਲਾਵੇ ।

6801-2

ਭਾਵੇਂ ਉਹ ਬੁਰਾ ਕਰਿ ਆਇਆ, ਆ ਵੜਿਆ ਘਰਿ ਮੇਰੇ ।
ਵਸ ਲਗਦੇ ਕਦ ਦੇਂਦਾ ਕੋਈ, ਚੋਰ ਹੁੱਦਾਲ ਲੁਟੇਰੇ ।
ਘਰਿ ਆਇਆ ਮਾਂ ਜਾਇਆ ਜਾਣਨ, ਲਾਜਵੰਤ ਵਡੇਰੇ ।
ਬਾਂਹ ਪਿਛੇ ਸਿਰ ਦੇਣ ਬਹਾਦਰ, ਲੜ ਕੇ ਮਰਨ ਅਗੇਰੇ ।

6873-5

ਝੋਲੀ ਪਾਇ ਅੰਗਾਰ ਮੁਹੰਮਦ, ਕੋਈ ਛੁਪਾ ਨਾ ਸਕੇ ।
ਇਸ਼ਕਾਂ ਮੁਸ਼ਕਾਂ ਤੇ ਦਰਿਆਵਾਂ, ਕੌਣ ਛੁਪਾਵੇ ਡਕੇ ।
ਕਰ ਕੇ ਸਬਰ ਬਚਾਇਆ ਲੋੜੇ, ਪਰੀ ਦਵਾ ਗ਼ਮਾਂ ਦੀ ।
ਜਿਤ ਵਲ ਵਾ ਪੁਰੇ ਦੀ ਜਾਂਦੀ, ਧੁੰਮਾਂ ਘਤਦੀ ਜਾਂਦੀ ।
ਇਸ਼ਕੇ ਅੰਦਰ ਸਬਰ ਨਾ ਰਲਦਾ, ਸੂਰਜ ਮੈਲ ਨਾ ਲਗਦੀ ।
ਸੁੱਕਾ ਰੂੰ ਨਹੀਂ ਕਰ ਸਕਦਾ, ਪਰਦਾ ਪੋਸ਼ੀ ਅੱਗ ਦੀ ।

6932-4

ਸ਼ਾਬਸ ਰਹਿਮਤ ਉਸ ਬੰਦੇ ਨੂੰ, ਜਿਸਿ ਨੀਵਾਂ ਦਰ ਫੜਿਆ ।
ਅੜਿਆ ਖੜਿਆ ਪਰ ਉਸ, ਜਿਹੜਾ ਝੜਿਆਂ ਅਗੇ ਝੜਿਆ ।
ਕੀ ਹਾਸਲ ਉਸ ਕੌਮੌ, ਜਿਹੜੇ ਨਾ ਹਕ ਕਦਰ ਪਛਾਣਨ ।
ਆਫ਼ਰੀਨ ਜਿਨ੍ਹਾਂ ਨੂੰ ਕਹੀਏ, ਗਾਲੀਂ ਵਾਂਗਰ ਜਾਣਨ ।
ਵੈਰੀ ਦੀ ਕਰਿ ਅਦਬ ਤੱਵਾਜ਼ੁਅ, ਅਪਣਾ ਭੌਂ ਗਵਾਈਏ ।
ਦੁਸ਼ਮਣ ਥੀਂ ਖ਼ਮ ਖਾਈਏ ਨਾਹੀਂ, ਨਸਿਆਂ ਜ਼ੋਰ ਨਾ ਲਾਈਏ ।

8862

ਬਾਬੇ ਨਾਨਕ ਬਾਣੀ ਅੰਦਰ, ਬਾਤ ਕਹੀ ਇਕ ਚੰਗੀ ।
ਵਸਿ ਹੋਇਆ ਮੁੜ ਜਾਂਦਾ ਨਾਹੀਂ, ਰੀਤ ਸਜਨ ਦੀ ਚੰਗੀ ।

8865

ਆ ਖ਼ੁਸ਼ਬੂ ਸੁਨੇਹਾ ਦਿਤਾ, ਖਿੜੇ ਗੁਲਾਬ ਬੁਲਾਂਦੇ ।
ਬੁਲੁਬਲ ਮਸਤ ਚਮਨ ਵਲ ਉਡੀ, ਦਰਸ਼ਨ ਲੈਣ ਗੁਲਾਂ ਦੇ ।

9027

ਸ਼ਾਇਰ ਨਾਮ ਧਰਾਵਣ ਲਾਇਕ, ਕਦਰ ਨਹੀਂ ਕੁਝ ਮੇਰਾ ।
ਉਹ ਖੇਤਾਂ ਦੇ ਸਾਈਂ, ਮੇਰਾ ਖਾਲ ਬੰਨੇ ਪਰ ਫੇਰਾ ।

9052

ਖ਼ਸਖ਼ਸ ਜਿਤਨਾ ਕਦਰ ਮੇਰਾ, ਉਸ ਨੂੰ ਸੱਭ ਵਡਿਆਈਆਂ ।
ਮੈਂ ਗਲੀਆਂ ਦਾ ਰੂੜਾ ਕੂੜਾ, ਮਹਿਲ ਚੜ੍ਹਾਇਆ ਸਾਈਆਂ ।

9111-2

ਨਾ ਅਸ਼ਨਾਈ ਨਾਲ ਮਲਾਹਾਂ, ਪਲੇ ਨਹੀਂ ਮਜ਼ਦੂਰੀ ।
ਕੌਣ ਲੰਘਾਏ ਪਾਰ ਬੰਦੇ ਨੂੰ, ਜਾਣਾ ਕੰਮ ਜ਼ਰੂਰੀ ।
ਅਮਲਾਂ ਵਾਲੇ ਲੰਘ ਲੰਘ ਜਾਂਦੇ, ਕੌਣ ਚੜ੍ਹਾਵੇ ਮੈਨੂੰ ।
ਪਾਰ ਚੜ੍ਹਾਂ ਜੇ ਰਹਿਮਤ ਤੇਰੀ, ਹੱਥ ਫੜਾਵੇ ਮੈਨੂੰ ।
.............................................................................
ਮਾਲੀ ਦਾ ਕੰਮ ਪਾਣੀ ਦੇਣਾਂ, ਭਰ ਭਰ ਮਸ਼ਕਾਂ ਪਾਵੇ ।
ਮਾਲਿਕ ਦਾ ਕੰਮ ਫਲ ਫੁਲ ਲਾਉਣਾ, ਲਾਵੇ ਜਾਂ ਨਾ ਲਾਵੇ ।
……………………………

ਢਾਹ ਦੇ ਮੰਦਰ ਢਾਹ ਦੇ ਮਸਜਿਦ, ਢਾਹ ਦੇ ਜੋ ਕੁਝ ਢਹਿੰਦਾ ।
ਇਕ ਬੰਦਿਆਂ ਦਾ ਦਿਲ ਨਾ ਢਾਹੀਂ, ਰੱਬ ਦਿਲਾਂ ਵਿੱਚ ਰਹਿੰਦਾ ।

ਹੋਰ ਕਵੀਆਂ ਬਾਰੇ

ਸ਼ਾਇਰ ਬਹੁਤ ਪੰਜਾਬ ਜ਼ਿਮੀਂ ਦੇ, ਹੋਏ ਦਾਨਿਸ਼ ਵਾਲੇ
ਕਾਫ਼ੀ ਬਾਰਾਂ ਮਾਂਹ ਜਿਨ੍ਹਾਂ ਦੇ, ਦੋਹੜੇ ਬੈਂਤ ਉਜਾਲੇ ।(੮੯੬੨)

ਹਿੱਕਨਾਂ ਜੋੜ ਕਿਤਾਬਾਂ ਲਿਖੀਆਂ, ਕਿੱਸੇ ਹੋਰ ਰਸਾਲੇ
ਕਿਧਰ ਗਏ ਉਹ ਸੰਗ ਮੁਹੰਮਦ, ਕਰ ਕੇ ਵੇਖ ਸਮ੍ਹਾਲੇ

ਅੱਵਲ ਸ਼ੇਖ਼ ਫ਼ਰੀਦ ਸ਼ਕਰ ਗੰਜ, ਆਰਿਫ਼ ਅਹਿਲਿ ਵਿਲਾਇਤ
ਹਿਕ ਹਿਕ ਸੁਖ਼ਨ ਜ਼ੁਬਾਨ ਉਹਦੀ ਦਾ, ਰਹਿਬਰ ਰਾਹ ਹਿਦਾਇਤ

ਫਿਰ ਸੁਲਤਾਨ ਬਾਹੂ ਹਿਕ ਹੋਇਆ, ਖ਼ਾਸਾ ਮਰਦ-ਹਕਾਨੀ
ਦੋਹੜੇ ਪਾਕ ਜ਼ੁਬਾਨ ਉਹਦੀ ਦੇ, ਰੌਸ਼ਨ ਦੋਹੀਂ ਜਹਾਨੀਂ

ਬੁਲ੍ਹੇ ਸ਼ਾਹ ਦੀ ਕਾਫ਼ੀ ਸੁਣ ਕੇ, ਤਰੁਟਦਾ ਕੁਫ਼ਰ ਅੰਦਰ ਦਾ
ਵਹਦਤ ਦੇ ਦਰਿਆਵੇ ਅੰਦਰ, ਉਹ ਭੀ ਵਤਿਆ ਤਰਦਾ

ਫ਼ਰਦ ਫ਼ਕੀਰ ਹੋਇਆ ਕੋਈ ਖ਼ਾਸਾ, ਮਰਦ ਸਫ਼ਾਈ ਵਾਲਾ
ਫ਼ਿਕੇ ਅੰਦਰ ਭੀ ਚੁਸਤ ਸੁਖ਼ਨ ਹੈ, ਇਸ਼ਕ ਅੰਦਰ ਖ਼ੁਸ਼ ਚਾਲਾ

ਬਾਬੋ ਬਾਬ ਫ਼ਕਰ ਦੇ ਅੰਦਰ, ਵੜਿਆ ਨਾਲ਼ ਸੰਭਾਲੇ
ਬੈਂਤ ਤਰਾਜ਼ੂ ਤੋਲ ਬਣਾਇਓਸੁ, ਮਸਲੇ ਦਸਿਓਸੁ ਨਾਲੇ

ਸਲ ਸਲਿ ਲੱਅਲ ਪਰੋਤੀ ਤਸਬੀਹ, ਮਰਦ ਜ਼ਰੀਫ਼ ਮੱਦਾਹੀ
ਬਹਿਲ ਬਹਿਲ ਸੁਖ਼ਨ ਦੀ ਚੜ੍ਹਿਆ, ਪੀ ਕੇ ਮਸਤ ਸੁਰਾਹੀ

ਹਿਕ ਕੋਈ ਜਾਨ ਮੁਹੰਮਦ ਹੋਇਆ, ਰਸੁਲੇ ਸੁਖ਼ਨ ਸੁਣਾਂਦਾ
ਦੋਹੜਾ ਉਸ ਦਾ ਮੋਇਆਂ ਦਿਲਾਂ ਨੂੰ, ਜਾਨ ਮੁਹੰਮਦ ਪਾਂਦਾ ।(੮੯੭੦)

ਕੋਈ ਕੋਈ ਦੋਹੜਾ ਆਖ ਸੁਣਾਇਆ, ਹੋਰ ਕਿਸੇ ਮਸਤਾਨੇ
ਉਸ ਦਾ ਬੀ ਹਰ ਤੀਰ ਮੁਹੰਮਦ, ਲਗਦਾ ਵਿਚ ਨਿਸ਼ਾਨੇ

ਸ਼ਾਹ ਚਿਰਾਗ਼ ਹੋਏ ਇਕ ਸੱਯਦ, ਦੀਵਾ ਦੀਨ ਦੁਨੀ ਦਾ
ਧਨੀ ਮੁਲਕ ਮਕਾਨ ਉਨ੍ਹਾਂ ਦਾ, ਸ਼ਹਿਰ ਚੌਹਾਨ ਸੁਣੀਂਦਾ

ਹਰ ਹਰ ਸੁਖ਼ਨ ਉਨ੍ਹਾਂ ਦਾ ਸੋਹਣਾ, ਮੋਤੀ ਬਹਿਰ ਸਫ਼ਾਈਓਂ
ਜਿਉਂ ਦਿਲਬਰ ਦਾ ਚਿਹਰਾ ਰੌਸ਼ਨ, ਜੋਬਨ ਦਾਤ ਖ਼ੁਦਾਈਓਂ

ਸੇਵਕ ਖ਼ਾਸ ਉਨ੍ਹਾਂ ਦਾ ਹੋਇਆ, ਦੁਨੀ ਚੰਦ ਰਜ਼ਾਦਾ
ਬਾਜ਼ੀ ਜਿਤਿ ਸੁਖ਼ਨ ਦੀ ਉਸ ਭੀ, ਕਹੇ ਕਬਿੱਤ ਜ਼ਿਆਦਾ

ਛੜੀ ਛਿੜੀ ਗੱਲ ਆਖੀ ਲੇਕਿਨ, ਜੋ ਆਖੀ ਸੋ ਹੱਛੀ
ਪੀਲੂ ਸੁਥਰਾ ਪਹਿਲੇ ਹੋਏ, ਬਹੁਤ ਜ਼ਿਮੀਂ ਜਦ ਕੱਛੀ

ਖ਼ਾਲੀ ਖ਼ਲਲੋਂ ਕਹੇ ਖ਼ਲੀਲੀ, ਖ਼ੂਬ ਸੁਖ਼ਨ ਖ਼ੁਦ ਥੋੜੇ
ਦਰਦਮੰਦਾਂ ਨੂੰ ਫ਼ੈਜ਼ ਪਹੁੰਚਾਵਣ, ਫ਼ੈਜ਼ ਬਖ਼ਸ਼ ਦੇ ਦੋਹੜੇ

ਸੁਖ਼ਨ ਸ਼ਰੀਫ਼ ਸ਼ਰਫ਼ ਦੇ ਰੱਜ਼ੇ, ਕੱਥੇ ਸ਼ਾਹ ਸ਼ਰਫ਼ ਦੇ
ਪੰਧ ਪਿਆਂ ਨੂੰ ਰਾਹ ਦਿਖਾਉਣ, ਰਾਹਬਰ ਉਸ ਤਰਫ਼ ਦੇ

ਹਿਕ ਤਰਨੋਟ ਗਿਰਾਵੇਂ ਅੰਦਰ, ਸ਼ਖ਼ਸ ਹੋਇਆ ਅਬਦੁੱਲਾ
ਦੋਹੜੇ ਬੈਂਤ ਕਹੇ ਉਸਿ ਚੰਗੇ, ਨਹੀਂ ਕਿਤਾਬੀਂ ਖੁੱਲ੍ਹਾ

ਮੀਆਂ ਹਿਕ ਇਮਾਮ ਬਖ਼ਸ਼ ਸੀ, ਰਹਿੰਦਾ ਵਿਚ ਬਿਨਾਹੇ
ਸ਼ਿੱਅਰ ਉਹਦਾ ਭੀ ਵਾਂਙ ਸਬੂਨੇ, ਮੈਲ਼ ਦਿਲਾਂ ਤੋਂ ਲਾਹੇ

ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ, ਨਿੰਦੇ ਕੌਣ ਉਨ੍ਹਾਂ ਨੂੰ
ਹਰਫ਼ ਉਹਦੇ ਤੇ ਉਂਗਲ ਧਰਨੀ, ਨਾਹੀਂ ਕਦਰ ਅਸਾਂ ਨੂੰ ।(੮੯੮੦)

ਜਿਹੜੀ ਓਸਿ ਚੋਪੜ ਪਈ ਆਖੀ, ਜੇ ਸਮਝੇ ਕੋਈ ਸਾਰੀ
ਹਿਕ ਹਿਕ ਸੁਖ਼ਨ ਅੰਦਰ ਖ਼ੁਸ਼ਬੋਈਂ, ਵਾਂਙ ਫੁਲਾਂ ਦੀ ਖਾਰੀ

ਸ਼ਾਹ ਮੁਰਾਦ ਜੰਨੇ ਦੇ ਕੱਥੇ, ਸੁਖ਼ਨ ਮੁਰਾਦਾਂ ਵਾਲੇ
ਮਹਿਬੂਬਾਂ ਦੇ ਛੰਦ ਬਣਾਵਣ, ਵਾਹ ਮਸਤਾਂ ਦੇ ਚਾਲੇ

ਮੁਕਬਲ ਦੀ ਗੱਲ ਸਿੱਧੀ ਸਾਦੀ ਹੈ ਮਕਬੂਲ ਪਿਆਰੀ
ਲਫ਼ਜ਼ ਮਹੀਮ ਤੇ ਮਾਅਨੇ ਬਹੁਤੇ ਯਾਦ ਰੱਖਣ ਦੇ ਕਾਰੀ

ਮਦਹ ਮੁਬਾਰਿਕ ਅੰਦਰ ਪਹਿਲਾਂ, ਬੈਤ ਕਿਹਾ ਉਸ ਜੈਸਾ
ਹਿਕੋ ਬਾਤ ਲੱਖਾਂ ਥੀਂ ਹੱਛੀ, ਧੰਨ ਮੁਸੱਨਫ਼ ਐਸਾ

ਮੀਰ ਅਲੀ ਕੋਈ ਨਾਲ਼ ਸਿਦਕ ਦੇ, ਮਦਹ ਮੁਬਾਰਿਕ ਕਹਿੰਦਾ
ਹਿਕ ਹਿਕ ਨੁਕਤੇ ਦਾ ਮੁੱਲ ਭਾਈ, ਲੱਖ ਲੱਖ ਲੱਅਲ ਨਾ ਲਹਿੰਦਾ

ਅਸ਼ਰਫ਼ ਸ਼ਖ਼ਸ ਨੌਸ਼ਾਹੀ ਹੋਇਆ, ਅਸ਼ਰਫ਼ੀਆਂ ਸ਼ਿੱਅਰ ਉਸਦੇ
ਵਾਸਿਲ ਦੇ ਸੁਣਿ ਬੈਂਤ ਮੁਹੱਬਤੀ, ਬੱਕਰੇ ਵਾਂਗਰ ਕੁਸਦੇ

ਹੈਦਰ ਦੇ ਸੁਣਿ ਬੈਂਤ ਮਰੀਂਦਾ, ਖ਼ੈਬਰ ਨਫ਼ਸ ਸ਼ੈਤਾਨੀ
ਬੈਂਤ ਸਿੱਧੇ ਦੀਦਾਰ ਬਖ਼ਸ਼ਦੇ, ਸਖ਼ਤ ਕਮਾਨੋਂ ਕਾਨੀ

ਵਾਹ ਦੋਹੜੇ ਮਹਿਮੂਦ ਸਜਨ ਦੇ, ਖ਼ੂਨ ਗ਼ਮਾਂ ਦਿਓਂ ਰੱਤੇ
ਮੀਰਨ ਦੇ ਕੋਈ ਬੈਂਤ ਅਜਾਇਬ, ਦਰਦ ਹਵਾੜ੍ਹੋਂ ਤੱਤੇ

ਕੋਈ ਕੋਈ ਬੈਂਤ ਪੁਰਾਣਾ ਕਿਧਰੇ, ਸੁਣਿਆਂ ਸ਼ਾਹ ਫ਼ਜ਼ਲ ਦਾ
ਪਰ ਉਹ ਭੀ ਕੋਈ ਦੁਖੀਂ ਭਰਿਆ, ਬੋਲੇ ਜਲਦਾ ਬਲਦਾ

ਹੋਰ ਗ਼ੁਲਾਮ ਹੋਇਆ ਉਸ ਆਖੇ, ਗ਼ਮ ਦੇ ਬੈਂਤ ਸੱਸੀ ਦੇ
ਵਾਹਵਾ ਹੀਰ ਹੁਸੈਨ ਸੁਣਾਈ, ਖ਼ੂਬ ਜਵਾਬ ਦੱਸੀ ਦੇ ।(੮੯੯੦)

ਮੁਸਤਫ਼ਾ ਹੋਇਆ ਸਲਕੋਟੀ, ਜਾਂ ਚਾਇਆ ਉਸਿ ਦਰਦੇ
ਜੰਗ ਇਮਾਮ ਅਲੀ ਅਲਹਕ ਦਾ, ਖ਼ੂਬ ਕਿਹਾ ਉਸ ਮਰਦੇ

ਹਾਮਿਦ ਜਿਸ ਇਮਾਮ ਸਾਹਿਬ ਦਾ, ਵੱਡਾ ਜੰਗ ਬਣਾਇਆ
ਹਿਕ ਹਿਕ ਸੁਖ਼ਨ ਉਹਦੇ ਦਾ ਹਰਗਿਜ਼, ਮੁੱਲ ਨਾ ਜਾਂਦਾ ਪਾਇਆ

ਹੋਰ ਹੋਇਆ ਕੋਈ ਪੀਰ ਮੁਹੰਮਦ, ਉਸ ਭੀ ਜੰਗ ਬਣਾਏ
ਮੋਤੀ ਸਾਫ਼ ਜ਼ਮੁਰਦ ਸੁੱਚੇ, ਲੜੀਆਂ ਬੰਨ੍ਹਿ ਟਿਕਾਏ

ਦੂਜਾ ਪੀਰ ਮੁਹੰਮਦ ਵੁਠਾ, ਮੌਜ਼ਾ ਨੂਨਾਂ ਵਾਲੀ
ਚੱਠੇ ਦੀ ਇਸ ਵਾਰ ਬਣਾਈ, ਮੁਹਰੀਂ ਭਰਿਓਸੁ ਥਾਲੀ

ਮੀਆਂ ਮੁੱਅਜ਼ਮ ਦੀਨ ਹੋਰਾਂ ਨੂੰ, ਅਜ਼ਮਤ ਮਿਲੀ ਹਜ਼ੂਰੋਂ
ਗੌਹਰ ਸੁਖ਼ਨ ਪਰੋਤੇ ਉਸ ਨੇ, ਹਜ਼ਰਤ ਜੀਉ ਦੇ ਨੂਰੋਂ

ਜਿਸ 'ਅਨਵਾਇ ਸ਼ਰੀਫ਼' ਬਣਾਈ, ਹੋਰ ਹੋਇਆ ਕੋਈ ਅੱਬਦੀ
ਕੀਤੋਸੁ ਖ਼ੂਬ ਬਿਆਨ ਫ਼ਿੱਕਾ ਦਾ, ਸਭਨਾਂ ਰਹਿਮਤ ਰੱਬ ਦੀ

ਰਾਂਝਾ ਬਰਖ਼ੁਰਦਾਰ ਸੁਣੀਂਦਾ, ਬੁਲਬੁਲ ਬਾਗ਼ ਸੁਖ਼ਨ ਦੀ
ਸ਼ਿਅਰ ਉਹਦਾ ਜਿਉਂ ਵਾਓ ਫ਼ਜਰ ਦੀ, ਆਣੇ ਬਾਸ ਚਮਨ ਦੀ

ਹਾਫ਼ਿਜ਼ ਬਰਖ਼ੁਰਦਾਰ ਮੁਸੱਨਿਫ਼, ਗੋਰ ਜਿਹਨਾਂ ਦੀ ਚਿੱਟੀ
ਹਰ ਹਰ ਬੈਂਤ ਉਹਦਾ ਭੀ ਮਿੱਠਾ, ਜਿਉਂ ਮਿਸਰੀ ਦੀ ਖਿੱਟੀ

ਅਬਦ ਹਕੀਮ ਜ਼ੁਲੈਖ਼ਾ ਜਿਸ ਨੇ, ਹਿੰਦੀ ਵਿਚ ਬਣਾਈ
ਉਹ ਭੀ ਦਰਦੋਂ ਖ਼ਾਲੀ ਨਾਹੀਂ, ਫ਼ਾਰਸੀਓਂ ਉਲਟਾਈ

ਹਿੱਕ ਸਦੀਕ ਕਹਾਵੇ ਲਾਲੀ, ਮਰਦ ਭਲਾ ਕੋਈ ਹੋਇਆ
ਮਿਹਤਰ ਯੂਸੁਫ਼ ਦਾ ਉਸਿ ਸਿਹਰਾ, ਚੁਣ ਚੁਣ ਫੁੱਲ ਪਰੋਇਆ ।(੯੦੦੦)

ਆਇਤ ਅਤੇ ਹਦੀਸ ਪਰੋਤੀ, ਵਿਚ ਵਿਚ ਵਾਂਗ ਗੁਲਾਬਾਂ
ਸਭਨਾਂ ਨੂੰ ਉਹ ਸਾਹਿਬ ਬਖ਼ਸ਼ੇ, ਨਾਲੇ ਅਸਾਂ ਖ਼ਰਾਬਾਂ

ਹਾਸ਼ਿਮ ਸ਼ਾਹ ਦੀ ਹਸ਼ਮਤ ਬਰਕਤ, ਗਿਣਤਰ ਵਿਚ ਨਾ ਆਵੇ
ਦੁਰਿੱ ਯਤੀਮ ਜਵਾਹਰ ਲੜੀਆਂ, ਜ਼ਾਹਿਰ ਕੱਢ ਲੁਟਾਵੇ

ਉਹ ਭੀ ਮੁਲਕ ਸੁਖ਼ਨ ਦੇ ਅੰਦਰ, ਰਾਜਾ ਸੀ ਸਰਕਰਦਾ
ਜਿਸ ਕਿਸੇ ਦੀ ਚੜ੍ਹੇ ਮੁਹਿਮੇ, ਸੋਈਓ ਸੀ ਸਰ ਕਰਦਾ

ਮੁਖ਼ਤਸਰ ਕਲਾਮ ਉਨ੍ਹਾਂ ਦੀ, ਦਰਦੋਂ ਭਿੱਜੀ ਬੋਟੀ
ਦਰਦ ਹੋਇਆ ਤਾਂ ਸਭ ਕੁੱਝ ਹੋਇਆ, ਕਿਆ ਲੰਮੀ ਕਿਆ ਛੋਟੀ

ਹਿੱਕ ਸ਼ੀਰੀਂ ਫ਼ਰਿਹਾਦੇ ਵਾਲੀ, ਗੱਲ ਵੱਟਾਇ ਸੁਣਾਇਓਸੁ
ਆਮ ਖ਼ਲਕ ਥੀਂ ਸੁਣੀ ਸੁਣਾਈ, ਚਾ ਤਸਨੀਫ਼ ਬਣਾਈਓਸੁ

ਹਜ਼ਰਤ ਖ਼ੁਸਰੋ ਸ਼ੇਖ਼ ਨਿਜ਼ਾਮੀ, ਦੱਸਦੇ ਹੋਰ ਕਿਤਾਬੀਂ
ਹਾਸ਼ਿਮ ਨੇ ਕੁੱਝ ਹੋਰ ਸੁਣਾਏ, ਨਾਹੀਂ ਰਵਾ ਹਿਸਾਬੀਂ

ਯਾ ਉਹ ਹੋਰ ਹੋਇਆ ਕੋਈ ਹਾਸ਼ਿਮ, ਹਾਸ਼ਿਮ ਸ਼ਾਹ ਨਾ ਹੋਇਆ
ਯਾ ਉਸ ਸ਼ੀਰੀਂ ਖ਼ੁਸਰੋ ਵਾਲਾ, ਮਾਲਮ ਰਾਜ਼ ਨਾ ਹੋਇਆ

ਢੂੰਡ ਰਵਾਇਤ ਸੱਚੀ ਕੂੜੀ, ਕਰਨਾ ਸੀ ਇਹ ਕਾਰਾ
ਖ਼ੈਰ ਇਸ ਦਰਦ ਬਿਆਨ ਕਰਨ ਦਾ, ਆਹਾ ਮਤਲਬ ਸਾਰਾ

ਮੁਤਕ ਦੱਮੀਨਾਂ ਦੇ ਫ਼ੁਰਮਾਏ, ਭੰਗ ਨਾ ਪਵੇ ਪਿਆਰੇ
ਸੁਣੀ ਸੁਣਾਈ ਉਸ ਭੀ ਆਖੀ, ਕੀ ਸਿਰਿ ਦੋਸ਼ ਬੇਚਾਰੇ

ਬੈਤ ਤਰਾਜ਼ੂ ਤੋਲ ਬਣਾਇਓਸੁ, ਸਾਦੇ ਲੱਜ਼ਤ ਵਾਲੇ
ਕਲੀਆਂ ਚੁਣ ਚੁਣ ਹਾਰ ਪਰੋਤੋ ਸੁ, ਨਰਗਿਸ ਤੇ ਗੁਲ ਲਾਲੇ ।(੯੦੧੦)

ਫੇਰ ਵਲਾਇਤ ਸ਼ਿਅਰ ਸੁਖ਼ਨ ਦੀ, ਅਹਿਮਦ ਯਾਰ ਸੰਭਾਲੀ
ਧੌਂਸਾ ਮਾਰ ਤਖ਼ਤ ਪਰ ਬੈਠਾ, ਮਲਿ ਪੰਜਾਬ ਹਵਾਲੀ

ਤੇਗ਼ ਜ਼ੁਬਾਨ ਚਲਾਈਓਸੁ ਤਰਿਖੀ, ਵਿਚ ਪੰਜਾਬ ਜ਼ਮੀਨੇ
ਸਿੱਕਾ ਮੁਲਕ ਸੁਖ਼ਨ ਦੇ ਉਤੇ, ਜੜਈਓਸੁ ਨਾਲ਼ ਆਈਨੇ

ਐਸੀ ਗ਼ਾਲਿਬ ਬਣ ਕੇ ਚਲੀ, ਜ਼ਰਬ ਉਹਦੀ ਵਿਚ ਧਰਤੀ
ਬਹੁਤ ਸਰਾਫ਼ਾਂ ਨੇ ਛਣਕਾਈ, ਵੱਟਾ ਲਾ ਨਾ ਪਰਤੀ

ਭਰ ਭਰ ਬੁੱਕ ਸੁੱਟੇ ਉਸ ਮੋਤੀ, ਮੁਲਕਾਂ ਅੰਦਰ ਵੰਡੇ
ਸੋਹਣੇ ਸਾਫ਼ ਘਨੇਰੇ ਕਤਰੇ, ਬੱਦਲ਼ ਵਾਂਗੂੰ ਛੰਡੇ

ਬਾਜ਼ ਤਬੀਅਤ ਉਸ ਦੀ ਵਾਲਾ, ਗਗਨੋਂ ਹੋ ਹੋ ਲੱਥਾ
ਜਿਸ ਉਹ ਬਾਜ਼ ਵਗਾਇਆ ਮੁੜ ਮੁੜ, ਧੰਨ ਤੂਹੇਂ ਉਹ ਹੱਥਾ

ਹਰ ਕਿੱਸੇ ਦੀ ਬਹੁਟੀ ਉਸ ਨੇ, ਜ਼ੇਵਰ ਲਾਇ ਸ਼ਿੰਗਾਰੀ
ਸੱਨਅਤ ਤੇ ਤਸਨੀਫ਼ੋਂ ਗਹਿਣੇ, ਜ਼ੀਨਤ ਕਰ ਕਰ ਸਾਰੀ

ਕਾਦਰ ਬਖ਼ਸ਼ ਕਲਮ ਦਾ ਘੋੜਾ, ਇਸ ਮੈਦਾਨ ਹਿਲਾਇਆ
ਛੋਟੇ ਜੁਮਲੇ ਛਾਲ ਨਾ ਦਿੱਸੇ, ਚਾਲ ਸਫ਼ਾ-ਏ-ਚਲਾਇਆ

ਸਾਦ ਮੁਰਾਦੇ ਬੈਂਤ ਵਲੇਕਨ, ਯੁਮਨ ਬਰਕਤ ਵਾਲੇ
ਮਿੱਠਾ ਹਲਵਾ ਕੀਤੋਸੁ ਇਸ ਵਿਚ, ਪਾਂਦਾ ਕੌਣ ਮਸਾਲੇ

ਜਾਂ 'ਮਿਅਰਾਜ ਮੁਬਾਰਿਕ' ਕਹਿਓਸੁ, ਨਦੀ ਸੁਖ਼ਨ ਦੀ ਤਰਿਆ
ਪਾਕ ਹੋਇਆ ਹਰ ਐਬ ਖ਼ਤਾਈਓਂ, ਨੂਰੋਂ ਮੂੰਹ ਹੱਥ ਭਰਿਆ

ਗੁੱਜਰ ਅੰਦਰ ਛੋਹਰਾਂ ਵਾਲੀ, ਮਰਦ ਹੋਇਆ ਕੋਈ ਅੱਗੇ
ਉਸ ਭੀ ਨਾਮ ਮੁਹੰਮਦ ਆਹਾ, ਲੱਗਾ ਇਸਿ ਉਸਰਗੇ ।(੯੦੨੦)

ਥੋੜੇ ਜੈਸੇ ਬੈਂਤ ਬਣਾਇਓਸੁ, ਸੁੱਤੇ ਦਰਦ ਜਗਾਂਦੇ
ਸਾਂਗ ਗ਼ਜ਼ਬ ਦੀ ਵਾਂਙ ਮੁਹੰਮਦ, ਸੱਲ ਕਲੇਜਾ ਜਾਂਦੇ

ਮੇਰੇ ਉਸ ਦੇ ਬੈਂਤ ਨਾ ਰਲਦੇ, ਜੇਕਰ ਸਮਝੋ ਭਾਈ
ਇਨ੍ਹਾਂ ਅੰਦਰ ਸੱਨਅਤ ਡੂੰਘੀ, ਉਨ੍ਹਾਂ ਵਿਚ ਸਫ਼ਾਈ

ਨਾਲੇ ਹੋਰ ਨਿਸ਼ਾਨੀ ਮੇਰੀ, ਮਾਲਮ ਹੁੰਦੀ ਜ਼ਾਹਿਰ
ਵਜ਼ਨ ਹਿਸਾਬ ਨਜ਼ਮ ਦੇ ਵਿਚੋਂ, ਨਾਮ ਨਾ ਹੋਸੀ ਬਾਹਿਰ

ਮਿਸਰੇ ਅੰਦਰ ਜੁੜਿਆ ਹੋਸੀ, ਜਿਉਂ ਥੇਵਾ ਵਿਚ ਛਾਪੇ
ਜੇ ਕੋਈ ਡੂੰਘੀ ਨਜ਼ਰੋਂ, ਵੇਖੇ ਬੈਂਤੋਂ ਬੈਂਤ ਸਿਞਾਪੇ

ਕਿਸੇ ਕਬਾਬ ਕਿਸੇ ਮਠਿਆਈਆਂ, ਕਿਸੇ ਪੁਲਾ ਪਕਾਏ
ਕਿਸੇ ਅਚਾਰ ਮੁਰੱਬੇ ਉਮਦੇ, ਕੁਲੀਏ ਕਿਸੇ ਟਿਕਾਏ

ਮਿੱਸਾ ਲੂਣਾ ਜੋ ਕੁੱਝ ਜੁੜਿਆ, ਟੁਕੜਾ ਅਸਾਂ ਗਦਾਈ
ਹਾਲੋਂ ਹੁੱਜਤ ਕੋਈ ਨਾ ਕੀਤੀ, ਖਾਓ ਬਰਾ-ਏ-ਖ਼ੁਦਾਈ

ਸ਼ਾਇਰ ਨਾਮ ਧਰਾਵਣ ਲਾਇਕ, ਕਦਰ ਨਹੀਂ ਕੁਝ ਮੇਰਾ
ਉਹ ਖੇਤਾਂ ਦੇ ਸਾਈਂ ਮੇਰਾ, ਖਾਲ ਬੰਨੇ ਪਰ ਫੇਰਾ

ਗੁਜ਼ਰੀ ਵਿਥਿਆ ਫੂਕੀਂ ਛੰਡੀ, ਪੁਨਿ ਮਿਨਿ ਟੋਪਾ ਧਾੜੀ
ਯਾਰ ਭਰਾਵਾਂ ਦੀ ਕਰ ਖ਼ਾਤਿਰ, ਮੈਂ ਭੀ ਖਿਚੜੀ ਚਾੜ੍ਹੀ

ਜੋ ਦਿੱਤਾ ਸੋ ਦਿੱਤਾ ਮੈਨੂੰ, ਹਿਕਸੇ ਦੇਵਣ ਵਾਲੇ
ਭਾਵੇਂ ਰੁੱਖਾ ਭਾਵੇਂ ਥਿੰਦਾ, ਭਾਵੇਂ ਚਰਬ ਨਿਵਾਲੇ

ਜੁਗ ਜੁਗ ਜੀਵੇ ਦੇਵਣ ਵਾਲਾ ਜਿਸ ਇਹ ਕਰਮ ਕਮਾਏ
ਅੰਦਰ ਮੇਰੇ ਬਾਗ਼ ਸੁਖ਼ਨ ਦੇ, ਧੰਨ ਮਾਲੀ ਜਿਸ ਲਾਏ ।(੯੦੩੦)

ਕਲਰ ਸ਼ੋਰ ਜ਼ਮੀਨ ਨਿਕਾਰੀ, ਆਹੀ ਵਾਂਗ ਖ਼ਰਾਬਾਂ
ਇਕ ਬਹੇਕੜ ਪਾਲ਼ ਨਾ ਸਕਦੀ, ਲਾਇਕ ਕਦ ਗੁਲਾਬਾਂ

ਮਿਲਿਆ ਮਾਲੀ ਬਣਿਆ ਵਾਲੀ, ਰਹਿਮਤ ਪਾਣੀ ਲਾਈਓਸੁ
ਕੱਲਰ ਵਿਚ ਮੁਹੰਮਦ ਬਖਸ਼ਾ, ਬਾਗ਼ ਬਹਾਰ ਬਣਾਇਓਸੁ

ਬੂਟਾ ਬੱਚਾ ਬਾਗ਼ ਉਨ੍ਹਾਂ ਦਾ, ਰਹੇ ਹਮੇਸ਼ਾ ਹਰਿਆ
ਸੁੱਕਾ ਢੀਂਗਰ ਮੇਰਾ ਜਿਸ ਨੇ ਫੁਲੀਂ ਪੱਤੀਂ ਭਰਿਆ ।(੯੦੩੨)

ਵਾਰਿਸ ਸ਼ਾਹ

ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ, ਨਿੰਦੇ ਕੌਣ ਉਨ੍ਹਾਂ ਨੂੰ
ਹਰਫ਼ ਉਹਦੇ ਤੇ ਉਂਗਲ ਧਰਨੀ, ਨਾਹੀਂ ਕਦਰ ਅਸਾਂ ਨੂੰ ।(੮੯੮੦)

ਜਿਹੜੀ ਓਸਿ ਚੋਪੜ ਪਈ ਆਖੀ, ਜੇ ਸਮਝੇ ਕੋਈ ਸਾਰੀ
ਹਿਕ ਹਿਕ ਸੁਖ਼ਨ ਅੰਦਰ ਖ਼ੁਸ਼ਬੋਈਂ, ਵਾਂਙ ਫੁਲਾਂ ਦੀ ਖਾਰੀ

ਗ਼ਜ਼ਲਾਂ



ਦਿਲਬਰ ਦੇ ਵਿਛੋੜੇ ਅੰਦਰ, ਅਜੇ ਰਿਹਾ ਮੈਂ ਜ਼ਿੰਦਾ
ਏਸ ਗਨਾਹੋਂ ਆਖ਼ਿਰ ਤੋੜੀ, ਸਦਾ ਰਹਾਂ ਸ਼ਰਮਿੰਦਾ

ਇਕ ਵਾਰੀ ਦੀਦਾਰ ਨਾ ਡਿੱਠਾ, ਲਏ ਪਿਆਰ ਨਾ ਮੂੰਹੋਂ
ਤੋੜੇ ਤਲਬ ਉਸੇ ਦੀ ਅੰਦਰ, ਹੋ ਚੁੱਕਾ ਬੇ-ਜਿੰਦਾ

ਘਰ ਤੇਰੇ ਕਈ ਨੌਕਰ ਚਾਕਰ, ਦਰ ਤੇਰੇ ਸੈ ਕੁੱਤੇ
ਨਫ਼ਰਾਂ ਦਾ ਮੈਂ ਗੋਲਾ ਸੱਜਣਾ! ਕੁੱਤਿਆਂ ਦਾ ਫਿਰ ਬੰਦਾ

ਦਰਦ ਫ਼ਿਰਾਕ ਤੇਰੇ ਦੀ ਲੱਜ਼ਤ, ਜਿਸ ਦਿਨ ਦੀ ਮੈਂ ਚੱਖੀ
ਖ਼ੁਸ਼ੀਆਂ ਕਰਦੀ ਵੇਖ ਲੋਕਾਈ, ਮਨ ਵਿਚ ਆਵੇ ਖ਼ੰਦਾ

ਜ਼ੇਵਰ ਜ਼ੇਬ ਪੁਸ਼ਾਕੀ ਤੋੜੇ, ਨਾਹੀਂ ਬਾਦਸ਼ਾਹਾਨੇ
ਗੋਦੜੀਆਂ ਸਿਰੋਪਾ ਅਸਾਨੂੰ, ਇਹੋ ਲਿਬਾਸ ਪਸਿੰਦਾ

ਚਾਹ ਮੇਰੀ ਪਈ ਚਾਹਿ ਮੁਹੰਮਦ, ਗਲ ਮੇਰੀ ਗੱਲ ਗਈਆ
ਮਨ ਲਏ ਮੈਂ ਬੋਲ ਸੱਜਣ ਦੇ, ਜੇ ਲੱਖ ਆਖੇ ਮੰਦਾ



ਕੀ ਕੁੱਝ ਗੱਲ ਸੱਜਣ ਦਿਲ ਬੈਠੀ, ਚਿੱਤ ਮੇਰੇ ਥੀਂ ਚਾਇਆ
ਕੀ ਗੁਸਤਾਖ਼ੀ ਨਜ਼ਰੀ ਆਈ, ਤਖ਼ਤੋਂ ਸੁੱਟ ਰੁਲਾਇਆ

ਹੱਦੋਂ ਬਹੁਤ ਜੁਦਾਈ ਗੁਜ਼ਰੀ, ਯਾਰ ਨਾ ਮੁੱਖ ਵਿਖਾਇਆ
ਰੱਬਾ ਮੇਰਾ ਯਾਰ ਮਿਲਣ ਦਾ, ਵਕਤ ਨਹੀਂ ਕਿਉਂ ਆਇਆ

ਅੱਗੇ ਉਸ ਦੇ ਮਰਨ ਸ਼ਹਾਦਤ, ਜੇ ਦਿੱਸੇ ਇਕ ਵਾਰੀ
ਨਹੀਂ ਤਾਂ ਗਲੀਆਂ ਵਿਚ ਮਰਾਂਗਾ, ਚਾਅ ਇਹੋ ਦਿਲ ਚਾਇਆ

ਕੀ ਹੋਂਦਾ ਜੇ ਦਿਲਬਰ ਮੇਰਾ, ਹੱਸ ਕੇ ਮੁੱਖ ਵਿਖਾਂਦਾ
ਦਰਦੀ ਬਣ ਕੇ ਪੁੱਛਦਾ ਇਕ ਦਿਨ, ਕੀ ਕੁੱਝ ਹਾਲ ਵਿਹਾਇਆ ?

ਰਾਹ ਤਕੇਂਦਿਆਂ ਅੱਖੀਂ ਪੱਕੀਆਂ, ਕੰਨ ਪੈਗ਼ਾਮ ਸੁਣੀਂਦੇ
ਤੂੰ ਫ਼ਾਰਗ਼ ਤੇ ਮੈਂ ਅਫ਼ਸੋਸੀਂ, ਹਰ ਦਿਨ ਰੈਣ ਲੰਘਾਇਆ

ਰਾਤ ਦਿਹਾਂ ਤੁਧ ਪੁੱਛਿਆ ਨਾਹੀਂ, ਦਰਦਮੰਦਾਂ ਦਾ ਹੀਲਾ
ਕੀਕਰ ਰਾਤ ਦਿਹਾੜ ਗੁਜ਼ਾਰੀ, ਇਸ਼ਕ ਜਿਹਨਾਂ ਦੁੱਖ ਲਾਇਆ

ਜੇ ਕੋਈ ਸੋਹਣੀ ਹੋਰ ਜ਼ਿਮੀਂ ਤੇ, ਨਾਹੀਂ ਹੁੱਬ ਕਿਸੇ ਦੀ
ਕਿਬਲਾ ਜਾਨ ਮੇਰੀ ਦਾ ਤੂੰ ਹੈਂ, ਤੁਧ ਵੱਲ ਸੀਸ ਨਿਵਾਇਆ

ਨਾ ਮੈਂ ਲਾਇਕ ਵਸਲ ਤੇਰੇ ਦੇ, ਨਹੀਂ ਫ਼ਿਰਾਕ ਝੱਲੀਂਦਾ
ਨਾ ਇਸ ਰਾਹੋਂ ਮੜਾਂ ਪਿਛਾਹਾਂ, ਨਾ ਤੁਧ ਪਾਸ ਬੁਲਾਇਆ

ਦੁੱਖ ਕਜ਼ੀਏ ਮੇਰੇ ਸੁਣ ਕੇ, ਹਰ ਇਕ ਦਾ ਦਿਲ ਸੜਦਾ
ਤੁਧ ਨਾ ਲੱਗਾ ਸੇਕ ਮੁਹੰਮਦ, ਮੈਂ ਤਨਿ ਇਸ਼ਕ ਜਲਾਇਆ



ਇਸ਼ਕ ਮੁਹੱਬਤ ਤੇਰੇ ਅੰਦਰ, ਮੈਂ ਮਸ਼ਹੂਰ ਜਹਾਨੀਂ
ਰਾਤੀਂ ਜਾਗਾਂ ਤੇ ਸਿਰ ਸਾੜਾਂ, ਵਾਂਗ ਚਿਰਾਗ਼ ਨੂਰਾਨੀ

ਨੀਂਦਰ ਪਲਕ ਨਾ ਲਾਵਣ ਦਿੰਦੇ, ਨੈਣ ਜਦੋਕੇ ਲਾਏ
ਆਤਿਸ਼ ਭਰੀਆਂ ਹੰਝੂ ਬਰਸਣ, ਰੌਸ਼ਨ ਸ਼ਮ੍ਹਾ ਨਿਸ਼ਾਨੀ

ਬਿਨ ਰੌਸ਼ਨ ਦੀਦਾਰ ਤੇਰੇ ਥੀਂ, ਜੱਗ ਹਨੇਰਾ ਮੈਨੂੰ
ਨਾਲ਼ ਕਮਾਲ ਮੁਹੱਬਤ ਤੇਰੀ, ਹੋ ਚੁਕਿਓਸੁ ਨੁਕਸਾਨੀ

ਕਾਲ਼ੀ ਰਾਤ ਹਿਜਰ ਦੀ ਅੰਦਰ, ਨਾ ਕੋਈ ਸੁਖ ਸੁਨੇਹਾ
ਨਾ ਕਾਸਿਦ ਨਾ ਕਾਗ਼ਜ਼ ਰੁੱਕਾ, ਨਾ ਕੋਈ ਗੱਲ ਜ਼ਬਾਨੀ

ਬੇਕਰਾਰੀ ਤੇ ਗ਼ਮਖ਼ੁਆਰੀ, ਸਲ ਫ਼ਿਰਾਕ ਤੇਰੇ ਦਾ
ਰਹਿਮ ਕਰੀਂ ਮੂੰਹ ਦਿਸ ਪਿਆਰੇ, ਜ਼ਾਇਅ ਚਲੀ ਜਵਾਨੀ

ਦਿਲ ਪਰ ਭਾਰ ਪਹਾੜ ਗ਼ਮਾਂ ਦੇ, ਸੀਨੇ ਦਾਗ਼ ਹਿਜਰ ਦਾ
ਬੇਵਫ਼ਾਈ ਤੇਰੀ ਤਰੀਜੀ, ਕਰਦੀ ਮੈਨੂੰ ਫ਼ਾਨੀ

ਜਾਂਦੀ ਚਲੀ ਬਹਾਰ ਖ਼ੁਸ਼ੀ, ਦੀ ਵਿਰਮ ਰਹੇਗਾ ਭੌਰਾਂ
ਸਦਾ ਨਾ ਰਹਿਸੀ ਰੰਗ ਗੁਲਾਬੀ, ਸਦਾ ਨਾ ਚਾਲ ਦੀਵਾਨੀ

ਹਿਰਸ ਹਵਾ ਤੇਰੀ ਦੀ ਆਤਿਸ਼, ਤਨ ਮਨ ਫੂਕ ਜਲਾਇਆ
ਭਰ ਮਸ਼ਕਾਂ ਦੋ ਨੈਣ ਬਹਿਸ਼ਤੀ, ਡੋਹਲ ਰਹੇ ਨਿੱਤ ਪਾਣੀ

ਕਾਲ਼ੀ ਰਾਤ ਜਵਾਨੀ ਵਾਲੀ, ਲੌ ਹੋਵਣ ਪਰ ਆਈ
ਮੁੱਖ ਦੱਸੇਂ ਤਾਂ ਮਿਸਲ ਚਿਰਾਗ਼ਾਂ, ਜਾਨ ਕਰਾਂ ਕੁਰਬਾਨੀ

ਹੋਏ ਮੋਮ ਪਹਾੜ ਸਬਰ ਦੇ, ਹੱਥ ਗ਼ਮਾਂ ਜਦ ਪਾਇਆ
ਅੱਗ ਪਾਣੀ ਵਿਚ ਗਲਦਾ ਜੀਉੜਾ, ਸ਼ਮ੍ਹਾ ਜਿਵੇਂ ਮਸਤਾਨੀ

ਜੇ ਹੁਣ ਕਰੇਂ ਗ਼ਰੀਬ-ਨਿਵਾਜ਼ੀ, ਐਬ ਨਹੀਂ ਕੁੱਝ ਤੈਨੂੰ
ਮੈਂ ਵੱਲ ਆਵੇਂ ਮੁੱਖ ਦਿਖਾਵੇਂ, ਸੇਜ ਸੁਹਾਵੇਂ ਜਾਨੀ

ਸਾਦਿਕ-ਸੁਬ੍ਹਾ ਮਾਨਿੰਦ ਮੇਰਾ ਭੀ, ਰਹਿ ਗਿਆ ਦਮ ਬਾਕੀ
ਦੇ ਦੀਦਾਰ ਮੁਹੰਮਦ ਤਾਂ ਫਿਰ, ਦੇਈਏ ਜਾਨ ਅਸਾਨੀ



ਹੇ ਮਾਸ਼ੂਕਾ ! ਮੈਂ ਮਰ ਚੁੱਕਾ, ਅੱਗੋਂ ਦੇਰ ਨਾ ਲਾਵੀਂ
ਆਇਆ ਸਖ਼ਤ ਨਜ਼ੱਅ ਦਾ ਵੇਲ਼ਾ, ਮਿਹਰ ਦਿਲੇ ਵਿਚ ਪਾਵੀਂ

ਬਹੁਤ ਜਰੇ ਦੁੱਖ ਰਹੀ ਨਾ ਤਾਕਤ, ਅੱਗੋਂ ਹੋਰ ਜਰਨ ਦੀ
ਆਸੇ ਆਸੇ ਉਮਰ ਗੁਜ਼ਾਰੀ, ਆਸ ਮੇਰੀ ਦਰ ਲਿਆਵੀਂ

ਆਪ ਰਹੇਂ ਖ਼ੁਸ਼ਹਾਲ ਹਮੇਸ਼ਾ, ਨਾ ਤੁਧ ਦੁੱਖ ਨਾ ਝੋਰਾ
ਸਾਨੂੰ ਭੀ ਬੇਦਰਦ ਪਛਾਣੀ, ਇਸ ਥੀਂ ਚਿੱਤ ਨਾ ਚਾਵੀਂ

ਕਦਮ ਤੇਰੇ ਫੜ ਸੌ ਜਿੰਦ ਵਾਰਾਂ, ਫਿਰ ਭੀ ਉਜ਼ਰ ਮੰਨੇਸਾਂ
ਖ਼ਿਦਮਤ ਤੇਰੀ ਮੈਂ ਥੀਂ ਸੱਜਣਾ! ਹੋਈ ਨਾ ਮਾਸਾ ਸਾਵੀਂ

ਤਲਖ਼ ਜਵਾਬ ਤੇਰੇ ਨੇ ਮਿੱਠੇ, ਨਾ ਹੋਸਾਂ ਦਿਲ ਖੱਟਾ
ਸ਼ੋਰ ਇਸ਼ਕ ਦੇ ਫਿੱਕੀ ਕੀਤੀ, ਗ਼ੈਰੋਂ ਜਿੰਦ ਨਿਥਾਵੀਂ

ਮਨ ਵਿਚ ਵੱਸੇਂ ਤੇ ਦਿਲ ਖੱਸੇਂ, ਕਿਉਂ ਮੂੰਹ ਦੱਸੇਂ ਨਾਹੀਂ
ਦਰਦ ਰੰਞਾਣਾ ਮੈਂ ਨਿਮਾਣਾ, ਨਾ ਹੁਣ ਹੋਰ ਸਤਾਵੀਂ

ਭਲੀ ਮੇਰੇ ਸੰਗ ਕੀਤੀ ਸੱਜਣਾ! ਜਮਦੜਿਆਂ ਦੁੱਖ ਲਾਏ
ਹੋਇਆ ਅੰਤ ਫ਼ਿਰਾਕ ਮੁਹੰਮਦ, ਕਦੇ ਤੇ ਪੁੱਛਣ ਆਵੀਂ



ਬੁਰੇ ਨਛੱਤਰ ਜਰਮ ਲਿਆ ਸੀ, ਮੈਂ ਦੁਖਿਆਰਾ ਜੰਮਦਾ
ਦਰਦ ਵਿਛੋੜਾ ਤੇ ਸੁਖ ਥੋੜਾ, ਚੋੜਾ ਤੇਰੇ ਦਮ ਦਾ

ਨਾ ਦਿਲ ਵੱਸ ਨਾ ਦਿਲਬਰ ਮਿਲਦਾ, ਹਾਇ ਰੱਬਾ ਕੀ ਕਰਸਾਂ
ਕਿਸ ਸੰਗ ਫੋਲਾਂ ਬੇਦਨ ਦਿਲ ਦੀ, ਕੌਣ ਭੰਜਾਲ ਇਸ ਗ਼ਮ ਦਾ

ਪਹਿਲੇ ਦਿਨ ਦੀ ਸੁਝਦੀ ਆਹੀ, ਜਦੋਂ ਪ੍ਰੀਤ ਲਗਾਈ
ਸ਼ੀਰੀਂ ਜਾਨ ਮਿਸਲ ਫ਼ਰਿਹਾਦੇ, ਸਦਕਾ ਹੋਗ ਪਿਰਮ ਦਾ

ਸ਼ਾਹ ਪਰੀ ਦਾ ਨਿਹੁੰ ਲਗਾਇਆ, ਖ਼ਾਕੀ ਬੰਦਾ ਹੋ ਕੇ
ਕਦ ਮੇਰੇ ਸੰਗ ਉਲਫ਼ਤ ਕਰਸੀ, ਕੀ ਮੈਂ ਉਸਦੇ ਕੰਮ ਦਾ

ਵਤਨੋਂ ਛੋੜ ਹੋਇਓਸੁ ਪਰਦੇਸੀ, ਪਾੜਨ ਪਾੜਿ ਅਵੱਲੇ
ਦੁੱਖ ਸਹੇ ਸੁਖ ਪਾਇਆ ਨਾਹੀਂ, ਸੜਿਆ ਮੈਂ ਕਰਮ ਦਾ

ਜਿਸਦੀ ਯਾਰੀ ਤੇ ਜਿੰਦ ਵਾਰੀ, ਨਾ ਕਰਦੀ ਦਿਲਦਾਰੀ
ਕਿਸ ਅੱਗੇ ਫ਼ਰਿਆਦੀ ਜਾਈਏ, ਕਰੇ ਨਿਆਂ ਸਿਤਮ ਦਾ

ਨਗਰੀ ਮੇਰੀ ਹੁਕਮ ਸੱਜਣ ਦਾ, ਹਾਕਿਮ ਆਪ ਅਨਿਆਈਂ
ਬੇਦੋਸੇ ਨੂੰ ਸੂਲ਼ੀ ਦੇ ਕੇ, ਹੱਸਦਾ ਵੇਖ ਪਿਲਮਦਾ

ਹਾਏ ਅਫ਼ਸੋਸ ਨਾ ਦੋਸ ਕਿਸੇ ਤੇ, ਕੇਹੇ ਕਰਮ ਕਰ ਆਇਆ
ਆਖ ਮੁਹੰਮਦ ਕੌਣ ਮਿਟਾਵੇ, ਲਿਖਿਆ ਲੋਹ-ਕਲਮ ਦਾ



ਅੱਵਲ ਸ਼ੁਕਰ ਖ਼ੁਦਾ ਦਾ ਕਰੀਏ, ਦਿਲਬਰ ਮੁੱਖ ਵਿਖਾਇਆ
ਮਿੱਠੇ ਮੂੰਹ ਤੇਰੇ ਥੀਂ ਸੱਜਣਾ! ਕੂਤ ਮੇਰੀ ਜਿੰਦ ਪਾਇਆ

ਕਰ ਕੇ ਪੰਧ ਸਫ਼ਰ ਦਾ ਆਇਆ, ਧੂੜ ਪਈ ਮੱਤ ਹੋਈ
ਚਾਕਰ ਹੋਇ ਵਹੇਂਦਾ ਚਸ਼ਮਾ, ਚਾਹੀਏ ਮੂੰਹ ਧੁਆਇਆ

ਪੇਚ-ਬ-ਪੇਚ ਕਮੰਦ ਜ਼ੁਲਫ਼ ਦੇ, ਜੇ ਗਲਿ ਡਾਲੇਂ ਏਵੇਂ
ਹਰ ਇਕ ਗਰਦਨ-ਕਸ਼ ਮੁਲਕ ਦਾ, ਹੋਸੀ ਕੈਦ ਕਰਾਇਆ

ਡੇਰੇ ਤੇਰੇ ਦੇ ਚੌਫੇਰੇ, ਕੀ ਕੰਮ ਚੌਕੀਦਾਰਾਂ ?
ਆਹ ਮੇਰੀ ਦੇ ਬਲਣ ਅਲੰਬੇ, ਰੱਖਣ ਚਾਨਣ ਲਾਇਆ

ਤੋੜੇ ਸੂਰਜ ਵਾਂਗਰ ਮੈਨੂੰ, ਅੰਦਰ ਜਾ ਨਾ ਲੱਭੇ
ਦਰ ਦੀਵਾਰ ਤੇਰੇ ਦੀ ਪੈਰੀਂ, ਢਹਸਾਂ ਜਿਉਂ ਕਰ ਸਾਇਆ

ਸ਼ੁਕਰ ਹਜ਼ਾਰ ਖ਼ੁਦਾਵੰਦ ਤਾਈਂ, ਫਿਰੀ ਬਹਾਰ ਚਮਨ ਦੀ
ਹਾਸਲ ਹੋਈ ਮੁਰਾਦ ਮੁਹੰਮਦ, ਦਿਲਬਰ ਕੋਲ਼ਿ ਬਹਾਇਆ



ਰੋਜ਼ ਅਜ਼ਲ ਦੇ ਜ਼ੁਲਫ਼ ਪੀਆ ਦੀ ਬੰਨ੍ਹ ਲਿਆ ਦਿਲ ਮੇਰਾ
ਆਖ਼ਿਰ ਤੀਕ ਨਾ ਛੁੱਟਣ ਦੇਸਣ ਸਖ਼ਤ ਜ਼ੰਜ਼ੀਰ ਸੱਜਣ ਦੇ

ਤੋੜੇ ਲੱਖ ਪਹਾੜ ਗ਼ਮਾਂ ਦੇ ਸਿਰ ਮੇਰੇ ਪਰ ਤਰੁਟਣ
ਸਿਰ ਜਾਸੀ ਪਰ ਭਾਰ ਨਾ ਸੁਟਸਾਂ ਵਾਂਙੂ ਕੋਹ ਸ਼ਿਕਨ ਦੇ

ਰੋਗੀ ਜੀਊੜਾ ਦਾਰੂ ਲੋੜੇ ਸ਼ਰਬਤ ਹਿਕ ਦੀਦਾਰੋਂ
ਦੇਣ ਤਬੀਬਾਂ ਦੇ ਹੱਥ ਬਾਹਾਂ ਰੋਗ ਜਿਨ੍ਹਾਂ ਨੂੰ ਤਨ ਦੇ

ਹਿਰਸ ਸੱਜਣ ਦੀ ਜਾਨ ਮੇਰੀ ਵਿਚ ਐਸਾ ਡੇਰਾ ਲਾਇਆ
ਜਿੰਦ ਜਾਸੀ ਪਰ ਹਿਰਸ ਨਾ ਜਾਸੀ ਪੱਕੇ ਕੌਲ ਸੁਖ਼ਨ ਦੇ

ਖਿੜੇ ਗੁਲਾਬ ਸ਼ਿਗੂਫ਼ੇ ਉੱਗੇ ਹੋਏ ਸਬਜ਼ ਬਗ਼ੀਚੇ
ਆਈ ਵਾਉ ਫ਼ਜਰ ਦੀ ਲੈ ਕੇ ਖ਼ਤ ਪੈਗ਼ਾਮ ਵਤਨ ਦੇ

ਬਾਸ ਲਈ ਤਾਂ ਪਾਸ ਗਈ ਸੀ ਪੁਰ ਪੁਰ ਕੰਡੀ ਸੱਲੀ
ਬੁਲਬੁਲ ਨੂੰ ਕੀ ਹਾਸਿਲ ਹੋਇਆ ਕਰ ਕੇ ਸੈਰ ਚਮਨ ਦੇ

ਉਡ ਉਡ ਥੱਕੇ ਪਏ ਨਾ ਛੱਕੇ ਬਾਤ ਨਾ ਪੁੱਛੀ ਯਾਰਾਂ
ਵੇਖ ਚਕੋਰਾਂ ਕੀ ਫਲ ਪਾਇਆ ਬਣ ਕੇ ਆਸ਼ਿਕ ਚੰਨ ਦੇ

ਇਸ ਸੂਰਜ ਦੀ ਆਤਿਸ਼ ਕੋਲੋਂ ਪਾਣੀ ਵਿਚ ਕੁਮਲਾਣਾ
ਨੀਲੋਫ਼ਰ ਦਾ ਇਸ਼ਕ ਅਜੇ ਭੀ ਬੇਪਰਵਾਹ ਨਾ ਮੰਨਦੇ

ਜੇ ਕੋਈ ਚਾਹੇ ਵਾਂਗ ਮੁਹੰਮਦ ਸਰਗਰਦਾਨ ਨਾ ਹੋਵੇ
ਸੁਹਣਿਆਂ ਦੀ ਅਸ਼ਨਾਈਓਂ ਛੁਪ ਕੇ ਬੈਠੇ ਨਾਲ਼ ਅਮਨ ਦੇ



ਬਹੁਤੀ ਉਮਰ ਗੁਜ਼ਾਰੀ ਐਵੇਂ ਯਾਰ ਨਾ ਨਜ਼ਰੀਂ ਪੈਂਦੇ
ਥੋੜੇ ਰੋਜ਼ ਜਵਾਨੀ ਜੋਬਨ ਦਾਇਮ ਸਾਥੀ ਕੈਂ ਦੇ

ਠੰਡੀ ਵਾਅ ਸਫ਼ਾਈ ਵਾਲੀ ਖ਼ੁਸ਼ਬੂਦਾਰ ਵਫ਼ਾਈਉਂ
ਅਜੇ ਨਾ ਆਈ ਦਿਲਬਰ ਵੱਲੋਂ ਜਿਸ ਪਰ ਅਸੀਂ ਵਿਕੇਂਦੇ

ਉਹ ਦਿਲਬਰ ਜੋ ਹਿਕ ਕੱਖ ਉਤੋਂ ਗੋਲਾ ਲਏ ਨਾ ਮੈਨੂੰ
ਦੋਏੇ ਜਹਾਨ ਦੇਵੇ ਕੋਈ ਸਾਨੂੰ ਉਸਦਾ ਵਾਲ਼ ਨਾ ਦੇਂਦੇ

ਗਾਲ ਮਵਾਲੀ ਚੰਗਾ ਮੰਦਾ ਜੋ ਚਾਹੇ ਸੋ ਬੋਲੇ
ਤੁਰਸ਼ ਜਵਾਬ ਮਿੱਠੇ ਮੂੰਹ ਵਿਚੋਂ ਲੱਜ਼ਤ ਅਸੀਂ ਚਖੇਂਦੇ

ਅਪਣਾ ਆਪ ਸੰਭਾਲਾਂ ਨਾਹੀਂ ਮਨੋਂ ਵਿਸਾਰ ਸੱਜਣ ਨੂੰ
ਅਪਣਾ ਹਾਲ ਨਾ ਤੱਕਦੇ ਮੁੜ ਕੇ ਜੋ ਇਸ ਤਰਫ਼ ਤਕੇਂਦੇ

ਜੇ ਲੱਖ ਗਾਲੀਂ ਤੱਅਨੇ ਦੇਵੇ ਨਾਲ਼ੇ ਮੂੰਹ ਫਿਟਕਾਰੇ
ਉਸ ਥੀਂ ਚੰਗਾ ਕੀ ਅਸਾਨੂੰ ਉਸ ਸੰਗ ਬਾਤ ਕਰੇਂਦੇ

ਕੀਤੀ ਕਸਮ ਬਤੇਰੀ ਵਾਰੀ ਦਿਲ ਦੇ ਰੋਗ ਨਾ ਦਸਸਾਂ
ਜਾਂ ਲਬਾਂ ਪਰ ਰਹੀ ਨਾ ਤਾਕਤ ਤਾਂ ਹੁਣ ਜ਼ਾਹਿਰ ਪੈਂਦੇ

ਮੁੱਖ ਪੀਆ ਦਾ ਆਬ-ਹੱਯਾਤੀ ਅਸੀਂ ਮੋਏ ਤਰਿਹਾਏ
ਜਲ਼ ਬਿਨ ਮਛਲੀ ਵਾਂਗ ਮੁਹੰਮਦ ਕਿਚਰਕ ਰਹੇ ਤਪੇਂਦੇ



ਜੇ ਮਹਿਬੂਬ ਪਿਆਰਾ ਹਿਕ ਦਿਨ ਵੱਸੇ ਨਾਲ਼ ਅਸਾਡੇ
ਜਾਣਾਂ ਅੱਜ ਹੁਮਾ ਪੰਖੇਰੂ ਫਾਥਾ ਜਾਲ਼ ਅਸਾਡੇ

ਮਿਸਲ ਹਬਾਬ ਸਿਰੋਂ ਸੁੱਟ ਟੋਪੀ ਜਲ਼ ਖ਼ੁਸ਼ੀਆਂ ਦੇ ਡੋਬਾਂ
ਪਏ ਪਛਾਂਵਾਂ ਉਸ ਦਾ ਜੇ ਵਿਚ ਜਾਮ-ਜ਼ੁਲਾਲ ਅਸਾਡੇ

ਚੜ੍ਹ ਚੰਨਾਂ ਤੇ ਕਰ ਰੁਸ਼ਨਾਈ ਕਾਲ਼ੀ ਰਾਤ ਹਿਜਰ ਦੀ
ਸ਼ਮ੍ਹਾ ਜਮਾਲ ਕਮਾਲ ਸੱਜਣ ਦੀ ਆ ਘਰ ਬਾਲ ਅਸਾਡੇ

ਦਿਲਬਰ ਦੇ ਦਰ ਜਾ ਨਾ ਸਕਦੇ ਹੂਰਾਂ ਮਲਕ ਅਸਮਾਨੀ
ਕਦ ਮਜਾਲ ਸਲਾਮ ਕਰਨ ਦੀ ਮਿਸਲ ਕੰਗਾਲ ਅਸਾਡੇ

ਸੋਹਣੀ ਸੂਰਤ ਵੇਖ ਲਬਾਂ ਤੋਂ ਵਾਰੀ ਜਾਨ ਪਿਆਰੀ
ਮੱਤ ਹਿਕ ਘੁਟ ਲੱਭੇ ਇਸ ਜਾਮੋਂ ਇਹ ਖ਼ਿਆਲ ਅਸਾਡੇ

ਕਹਿੰਦਾ ਫੇਰ ਖ਼ਿਆਲ ਜ਼ੁਲਫ਼ ਦਾ ਜਾਣ ਨਾ ਜਾਣ ਪਿਆਰੇ
ਐਸੇ ਕਈ ਸ਼ਿਕਾਰ ਫਸਾਂਦੇ ਫਾਹੀਆਂ ਵਾਲ਼ ਅਸਾਡੇ

ਨਾ ਉਮੀਦ ਸੱਜਣ ਦੇ ਦਰ ਥੀਂ ਨਾ ਹੋਸਾਂ ਨਾ ਮੁੜਸਾਂ
ਕਦੇ ਤੇ ਰਹਿਮ ਪਵੇਗਾ ਉਸ ਨੂੰ ਵੇਖ ਵਬਾਲ ਅਸਾਡੇ

ਖ਼ਾਕ ਉਹਦੇ ਦਰ ਵਾਲੀ ਵਾਲਾ ਜਿਸ ਦਮ ਮੈਂ ਦਮ ਮਾਰਾਂ
ਮਿੱਠੀ ਵਾਉ ਜੰਨਤ ਦੀ ਫਿਰਦੀ ਮਗ਼ਜ਼ ਦਵਾਲ ਅਸਾਡੇ

ਹੇ ਵਾਉ ਇਸ ਇਸ਼ਕ ਮੇਰੇ ਦੀ ਰਮਜ਼ ਪੀਆ ਕੰਨ ਪਾਈਂ
ਆਖੀਂ ਹੱਥੀਂ ਮਾਰ, ਤੁਸਾਂਨੂੰ ਖ਼ੂਨ ਹਲਾਲ ਅਸਾਡੇ

ਜੇ ਉਹ ਇਹ ਗੱਲ ਮੰਨੇ ਨਾਹੀਂ ਸਾਫ਼ ਜਵਾਬ ਸੁਣਾਵੇ
ਆਖੇ ਸ਼ਾਲਾ ਹੋਣ ਨਾ ਐਸੇ ਨਫ਼ਰ ਬੇਹਾਲ ਅਸਾਡੇ

ਕਹਿ ਅੱਗੋਂ ਹੈ ਸ਼ਾਹ ਹੁਸਨ ਦੇ ਬਾਦਸ਼ਾਹਾਂ ਦਰ ਮੰਗਤੇ
ਮੁੱਢ ਕਦੀਮੋਂ ਕਹਿੰਦੇ ਆਏ ਭਾਈਵਾਲ ਅਸਾਡੇ

ਕਰਨ ਗਦਾ ਸੱਜਣ ਦੇ ਕੂਚੇ ਬਾਦਸ਼ਾਹੀ ਥੀਂ ਚੰਗਾ
ਜੇ ਉਹ ਪਾਵੇ ਆਪ ਮੁਹੰਮਦ ਖ਼ੈਰ ਰੁਮਾਲ ਅਸਾਡੇ

੧੦

ਮੌਤੇ ਨਾਲ਼ੋਂ ਬੁਰੀ ਜੁਦਾਈ ਮੈਨੂੰ ਯਾਰ ਸੁਹਾਈ
ਲੁਤਫ਼ ਖ਼ੁਦਾਈ ਲੈਸੀ ਬਦਲਾ ਹੋਰ ਨਾ ਮੇਰਾ ਕਾਈ

ਡੇਰਾ ਯਾਰ ਮੇਰੇ ਦਾ ਉੱਚਾ ਆਲੀਸ਼ਾਨ ਜਹਾਨੋਂ
ਕਰ ਫ਼ਰਿਆਦ ਉਚੇਰੀ ਸਾਰੀ ਹੇ ਜਿੰਦ ਦਰਦ ਦੁਖਾਈ

ਬਾਝੋਂ ਅੱਖਰ ਇਸ਼ਕੇ ਵਾਲੇ ਹੋਰ ਨਾ ਸਬਕ ਪੜ੍ਹਾਇਓਸੁ
ਰੱਬ ਉਸਤਾਦ ਮੇਰੇ ਨੂੰ ਦੇਵੇ ਨੇਕੀ ਤੇ ਵਡਿਆਈ

ਸੋਹਣੀ ਸੂਰਤ ਵੇਖਣ ਕੋਲੋਂ ਮਨ੍ਹਾ ਨਾ ਕਰਿਓ ਭਾਈ
ਜੰਮਦਿਆਂ ਇਹ ਆਦਤ ਮੈਨੂੰ ਪਾਵਣ ਵਾਲੇ ਪਾਈ

ਹੇ ਖ਼ੁਸ਼ ਵਾਉ ਸੱਜਣ ਦੀ ਜਾਵੀਂ ਅੰਦਰ ਬਾਗ਼ ਸੱਜਣ ਦੇ
ਸਰੂ ਆਜ਼ਾਦ ਮੇਰੇ ਨੂੰ ਆਖੀਂ ਕਰ ਕੇ ਸੀਸ ਨਿਵਾਈ

ਬਾਝ ਦੀਦਾਰ ਤੇਰੇ ਥੀਂ ਸੱਜਣਾ! ਖ਼ੁਸ਼ੀ ਨਾ ਦਿੱਸੇ ਖ਼ਾਬੇ
ਮੁੱਖ ਵਿਖਾਵੀਂ ਨਾ ਚਿਰ ਲਾਵੀਂ ਆਵੀਂ ਬਰਾਏ ਖ਼ੁਦਾਈ

ਹੇ ਵਾਉ ਜਾ ਆਖ ਸੱਜਣ ਨੂੰ ਹੇ ਬੱਕ ਬਾਗ਼-ਇਰਮ ਦੇ
ਕਿਉਂ ਕਰ ਸਰਗਰਦਾਨੀ ਮੈਨੂੰ ਵਿਚ ਉਜਾੜਾਂ ਪਾਈ

ਆਪ ਸੱਈਆਂ ਵਿਚ ਰਲ਼ ਕੇ ਖੇਡੇਂ ਮਾਣੇਂ ਮੌਜ ਨਸੀਬਾਂ
ਕਦੇ ਤੇ ਪੁੱਛ ਗ਼ਰੀਬਾਂ ਤਾਈਂ ਜੋ ਹੋਏ ਸਹਿਰਾਈ

ਸ਼ਕਰ ਵੇਚਣ ਵਾਲਾ ਬਣਿਆ ਸ਼ਾਲਾ ਜੁਗ ਜੁਗ ਜੀਵੇ
ਕਿਉਂ ਨਹੀਂ ਪੁੱਛਦਾ ਸੁਲਹ ਨਾ ਕਰਦਾ ਤੋਤੇ ਭੁੱਖ ਸਿੱਕਾਈ

ਮਾਨ ਹੁਸਨ ਦਾ ਠਾਕੇ ਤੈਨੂੰ ਹੇ ਫੁੱਲ ਸ਼ਾਖ਼ ਗੁਲਾਬੀ
ਪੁੱਛ ਨਹੀਂ ਗੱਲ ਬੁਲਬੁਲ ਕੋਲੋਂ ਜੋ ਤੁਧ-ਕਨਿ ਸੁਦਾਈ

ਨਾਲ਼ ਸੱਈਆਂ ਦੇ ਰਲ਼ ਕੇ ਜਿਸ ਦਮ ਮੱਧ ਖ਼ੁਸ਼ੀ ਦਾ ਪੀਵੇਂ
ਕਰ ਖਾਂ ਯਾਦ ਮੈਨੂੰ ਭੀ ਜਿਸ ਨੇ ਸਿਕਦਿਆਂ ਉਮਰ ਲੰਘਾਈ

ਖ਼ਬਰ ਨਹੀਂ ਕੀ ਰੰਗ ਇਨ੍ਹਾਂ ਦਾ ਕਿਸ ਸਬੱਬੋਂ ਨਸਦੇ
ਗੂਹੜੇ ਨੈਣ ਸਿਆਹ ਜਿਨ੍ਹਾਂ ਦੇ ਕਰਦੇ ਨਾ ਅਸ਼ਨਾਈ

ਹੁਸਨ ਜਮਾਲ ਕਮਾਲ ਤੇਰੇ ਵਿਚ ਹੋਰ ਤਮਾਮੀ ਸਿਫ਼ਤਾਂ
ਹਿਕੋ ਐਬ ਵਫ਼ਾ ਮੁਹੱਬਤ ਨਹੀਂ ਅੰਦਰ ਜ਼ੇਬਾਈ

ਹੇ ਵਾਉ ਜਦ ਬਾਗ਼-ਇਰਮ ਵਿਚ ਜਾਸੇਂ ਪਾਸ ਪਿਆਰੇ
ਹੱਥ ਬੰਨ੍ਹ ਅਰਜ਼ ਗੁਜ਼ਾਰੀਂ ਓਥੇ ਹੋ ਕੇ ਮੇਰੀ ਜਾਈ

ਮੈਂ ਨਿੱਤ ਦਰਦ ਤੇਰੇ ਦੀ ਆਤਿਸ਼ ਸੀਨੇ ਅੰਦਰ ਜਾਲਾਂ
ਤਲਿਆਂ ਵਿਚ ਕੜਾਹ ਗ਼ਮਾਂ ਦੇ ਜਿਉਂ ਮੱਛੀ ਜਲ ਜਾਈ

ਜੇ ਜੱਗ ਦੁਸ਼ਮਣ ਮਾਰਨ ਵਾਲਾ ਤੂੰ ਹਿਕ ਸੱਜਣ ਹੋਵੇਂ
ਮੌਤੋਂ ਜ਼ਰਾ ਨਾ ਡਰਸਾਂ ਕਰਸਾਂ ਦਮ ਦਮ ਸ਼ੁਕਰ ਅਲਾਈ

ਜਾਂ ਜਾਂ ਆਸ਼ਿਕ ਪੁੱਜੇ ਨਾਹੀਂ ਮਹਿਬੂਬਾਂ ਦੇ ਦਰ ਤੇ
ਕਦ ਖ਼ਲਾਸੀ ਕਰਦਾ ਉਸ ਦੀ ਜ਼ਾਲਿਮ ਦਰਦ ਜੁਦਾਈ

ਜਲਵਾ ਰੂਪ ਤੇਰੇ ਦਾ ਲੁੱਟਦਾ ਮੁੱਤਕੀ ਸ਼ਾਹ ਗਦਾਵਾਂ
ਐਸੀ ਸੂਰਤ ਸੋਹਣੀ ਤਾਈਂ ਮਤ ਕੋਈ ਨਜ਼ਰ ਨਾ ਲਾਈ

ਤੋੜੇ ਦੂਰ ਪੀਆ ਪਰਦੇਸੀ ਯਾਦ ਨਹੀਂ ਤੁਧ ਕੀਤਾ
ਮੈਂ ਮੱਧ ਪੀਵਾਂ ਸੋਰ ਤੁਸਾਨੂੰ ਹਿਕ ਦਮ ਨਹੀਂ ਖ਼ਤਾਈ

ਹੇ ਖ਼ੁਸ਼ ਵਾਉ ਫ਼ਜਰ ਦੀ ਆਣੀਂ ਖ਼ਾਕ ਉਹਦੇ ਦਰਬਾਰੋਂ
ਇਸ ਸੁਰਮੇ ਥੀਂ ਲੈ ਮੁਹੰਮਦ ਅੱਖੀਂ ਦੀ ਰੁਸ਼ਨਾਈ

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੀਆਂ ਮੁਹੰਮਦ ਬਖ਼ਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ