Professor Ashiq Raheel ਪ੍ਰੋਫ਼ੈਸਰ ਆਸ਼ਿਕ 'ਰਹੀਲ'
ਪੰਜਾਬੀ ਗ਼ਜ਼ਲਾਂ (ਨਜ਼ਰਾਂ ਪਿਆਰ ਦੀਆਂ 2002 ਵਿੱਚੋਂ) : ਆਸ਼ਿਕ 'ਰਹੀਲ'
Punjabi Ghazlan (Nazran Pyar Diyan 2002) : Ashiq Raheel
ਮਿੱਠੀਆਂ ਮਿੱਠੀਆਂ ਗੱਲਾਂ ਕਰੀਏ ਮੈਂ ਤੇ ਤੂੰ
ਮਿੱਠੀਆਂ ਮਿੱਠੀਆਂ ਗੱਲਾਂ ਕਰੀਏ ਮੈਂ ਤੇ ਤੂੰ ।
ਨੀਂਹ ਪਿਆਰ ਦੀ ਰਲ ਮਿਲ ਧਰੀਏ ਮੈਂ ਤੇ ਤੂੰ ।
ਸਾਰੇ ਜੱਗ ਦੀ ਝੋਲੀ ਭਰੀਏ ਖ਼ੁਸ਼ੀਆਂ ਨਾਲ,
ਵੇਲੇ ਦੇ ਦੁੱਖਾਂ ਨੂੰ ਜਰੀਏ ਮੈਂ ਤੇ ਤੂੰ ।
ਰਾਹਵਾਂ ਵਿੱਚ ਹਨੇਰੇ ਨੇ ਤੇ ਕੀ ਹੋਇਆ,
ਚੰਨ ਸੂਰਜ ਦੀਆਂ ਬਾਗਾਂ ਫੜੀਏ ਮੈਂ ਤੇ ਤੂੰ ।
ਹੱਥਾਂ ਵਿਚ ਹੱਥ ਪਾ ਕੇ ਵੇਲਾ ਕੱਟ ਲਈਏ,
ਅੱਗ ਦੇ ਇਸ ਦਰਿਆ ਵਿਚ ਤਰੀਏ ਮੈਂ ਤੇ ਤੂੰ ।
ਜਿਸ ਮਿੱਟੀ ਵਿਚ ਤੇਰੇ ਮੇਰੇ ਪਿਆਰੇ ਗਏ,
ਉਸ ਮਿੱਟੀ ਨੂੰ ਅੰਬਰ ਕਰੀਏ ਮੈਂ ਤੇ ਤੂੰ ।
ਦਾਮਨ ਏ ਜੇ ਤੇਰਾ ਮੇਰਾ ਪਾਕ 'ਰਹੀਲ',
ਫੇਰ ਦੁਨੀਆਂ ਤੋਂ ਕਾਹਨੂੰ ਡਰੀਏ ਮੈਂ ਤੇ ਤੂੰ ।
ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ
ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ ।
ਚਾਰ-ਚੁਫ਼ੇਰੇ ਜਾਲ ਵਿਛਾਏ ਲੋਕਾਂ ਨੇ ।
ਇਕ ਦੂਜੇ ਤੋਂ ਆਪਣੇ ਐਬ ਲੁਕਾਵਣ ਲਈ,
ਵੰਨ-ਸਵੰਨੇ ਭੇਸ ਵਟਾਏ ਲੋਕਾਂ ਨੇ ।
ਲੁੱਟ ਕੇ ਸੋਹਣੇ ਹਰਿਆਂ ਭਰਿਆਂ ਬਾਗ਼ਾਂ ਨੂੰ,
ਸੇਜਾਂ ਉੱਤੇ ਫੁੱਲ ਸਜਾਏ ਲੋਕਾਂ ਨੇ ।
ਜ਼ਾਲਮ ਅੱਗੇ ਜੋੜ ਕੇ ਹੱਥ ਖਲੋਂਦੇ ਨੇ,
ਮਾੜਿਆਂ ਉੱਤੇ ਜ਼ੁਲਮ ਕਮਾਏ ਲੋਕਾਂ ਨੇ ।
ਚੜ੍ਹਦੇ ਸੂਰਜ ਨੂੰ ਤੇ ਪੂਜੇ ਹਰ ਕੋਈ,
ਡੁੱਬਿਆ ਸੂਰਜ ਨੈਣ ਚੁਰਾਏ ਲੋਕਾਂ ਨੇ ।
ਨਾਲ ਬੇਦਰਦੀ ਦਿਲ ਮੰਦਰ ਨੂੰ ਢਾਅ ਕੇ ਤੇ,
ਉੱਚੇ-ਉੱਚੇ ਮਹਿਲ ਬਣਾਏ ਲੋਕਾਂ ਨੇ ।
ਹੀਰੇ ਲੱਭਣ ਤੁਰਿਆ ਪੱਥਰ ਮਿਲੇ 'ਰਹੀਲ',
ਪੁੱਠੇ ਸਿੱਧੇ ਰਾਹ ਦਿਖਾਏ ਲੋਕਾਂ ਨੇ ।
ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ
ਲਬ ਸੁੱਕੇ ਤੇ ਅੱਖਾਂ ਵਿਚ ਬਰਸਾਤਾਂ ਨੇ ।
ਸਾਡੇ ਲੇਖੇ ਲਿਖੀਆਂ ਕਾਲੀਆਂ ਰਾਤਾਂ ਨੇ ।
ਕੁੱਝ ਹੌਕੇ, ਕੁਝ ਹਾਵਾਂ ਤੇ ਕੁੱਝ ਰੋਗ ਨਵੇਂ,
ਸੱਭੇ ਤੇਰੇ ਪਿਆਰ ਦੀਆਂ ਸੌਗ਼ਾਤਾਂ ਨੇ ।
ਸੱਜੇ ਤੂੰ ਏਂ ਖੱਬੇ ਤੂੰ ਹਰ ਪਾਸੇ ਤੂੰ,
ਚਾਰ-ਚੁਫ਼ੇਰੇ ਹੁੰਦੀਆਂ ਤੇਰੀਆਂ ਬਾਤਾਂ ਨੇ ।
ਲੈਣ ਕੀ ਜਾਈਏ ਦੁਨੀਆ ਦੀ ਇਸ ਮੰਡੀ ਤੋਂ,
ਘਟ ਗਏ ਬੰਦੇ ਰੰਗ ਬਰੰਗੀਆਂ ਜ਼ਾਤਾਂ ਨੇ ।
ਉਹ ਹੀ ਸਾਡੇ ਰਾਹਬਰ ਹੁੰਦੇ ਹਰ ਵਾਰੀ,
ਪੜ੍ਹੀਆਂ ਹੋਈਆਂ ਜਿਨਹਾਂ ਚਾਰ ਜਮਾਤਾਂ ਨੇ ।
ਕੀ 'ਰਹੀਲ' ਏ ਪੱਲੇ ਆਪਣੇ ਬਖ਼ਸ਼ਿਸ਼ ਲਈ,
ਕੁਝ ਹਮਦਾਂ ਨੇ ਕੋਲ ਮੇਰੇ ਕੁਝ ਨਾਅਤਾਂ ਨੇ ।
ਕੀ ਕੀ ਸਿਫ਼ਤਾਂ ਕਰੀਏ ਸੋਹਣੇ ਯਾਰ ਦੀਆਂ
ਕੀ ਕੀ ਸਿਫ਼ਤਾਂ ਕਰੀਏ ਸੋਹਣੇ ਯਾਰ ਦੀਆਂ ।
ਚਾਰ-ਚੁਫ਼ੇਰੇ ਧੁੰਮਾਂ ਉਹਦੇ ਪਿਆਰ ਦੀਆਂ ।
ਸ਼ੌਕ ਜਿਨ੍ਹਾਂ ਨੂੰ ਹੁੰਦਾ ਏ ਫੁੱਲ ਸੁੰਘਣ ਦਾ,
ਚੋਭਾਂ ਸਹਿੰਦੇ ਰਹਿੰਦੇ ਨੇ ਉਹ ਖ਼ਾਰ ਦੀਆਂ ।
ਰਾਹਤ ਕਦੀ ਵੀ ਦਿਲ ਨੂੰ ਉਨ੍ਹਾਂ ਬਖ਼ਸ਼ੀ ਨਈਂ,
ਕੀ ਬਾਤਾਂ ਨੇ ਉਸ ਸੋਹਣੀ ਸਰਕਾਰ ਦੀਆਂ ।
ਹੁਣ ਤੇ ਸੋਚਾਂ ਤੇ ਵੀ ਪਹਿਰੇ ਲੱਗ ਗਏ ਨੇ,
ਖ਼ਬਰਾਂ ਕੀਵੇਂ ਆਵਣ ਪਰਲੇ ਪਾਰ ਦੀਆਂ ।
ਹਿਜਰ ਦੀ ਅੱਗ ਦੇ ਅੰਦਰ ਸੜਦੇ ਰਹਿੰਦੇ ਆਂ,
ਤੇਰੀਆਂ ਯਾਦਾਂ ਸਾਡਾ ਸੀਨਾ ਠਾਰਦੀਆਂ ।
ਨੀਵੀਂ ਪਾ ਕੇ ਜਿਹੜੇ ਕੋਲੋਂ ਲੰਘ ਜਾਂਦੇ,
ਉਹ ਹੀ ਸ਼ਰਮਾਂ ਰੱਖਦੇ ਨੇ ਦਸਤਾਰ ਦੀਆਂ ।
ਦਿਲ ਤਾਂ ਆਪ ਈ ਲਾ ਬੈਠੇ ਆਂ ਤੇਰੇ ਨਾਲ,
'ਰਹੀਲ' ਨੇ ਲੋੜਾਂ ਹੁਣ ਤੇਰੇ ਅਸਰਾਰ ਦੀਆਂ ।
ਰਾਹਵਾਂ ਦੇ ਵਿਚ ਰੁਲਦੇ
ਰਾਹਵਾਂ ਦੇ ਵਿਚ ਰੁਲਦੇ ਉਮਰਾਂ ਬੀਤ ਗਈਆਂ ।
ਮੋੜ ਤੇ ਆ ਕੇ ਭੁਲਦੇ ਉਮਰਾਂ ਬੀਤ ਗਈਆਂ ।
ਖ਼ੁਸ਼ੀਆਂ ਦੀ ਬਰਸਾਤ ਨੂੰ ਤਰਸੇ ਨੈਣ ਮੇਰੇ,
ਗ਼ਮ ਦੇ ਝੱਖੜ ਝੁੱਲਦੇ ਉਮਰਾਂ ਬੀਤ ਗਈਆਂ ।
ਬੰਦਾ ਜੋ ਕੁਝ ਸੋਚੇ ਉਹ ਕੁਝ ਹੁੰਦਾ ਨਈਂ,
ਸੱਧਰਾਂ ਦੇ ਨਾਲ ਘੁਲਦੇ ਉਮਰਾਂ ਬੀਤ ਗਈਆਂ ।
ਸਾਨੂੰ ਤੇ ਕੋਈ ਸੰਗੀ ਸਾਥੀ ਨਹੀਂ ਲੱਭਿਆ,
ਦੁੱਖ ਵੰਡਾਉਂਦੇ ਕੁੱਲ ਦੇ ਉਮਰਾਂ ਬੀਤ ਗਈਆਂ ।
ਯਾਦ 'ਰਹੀਲ' ਨਾ ਹੋਇਆ ਸਬਕ ਮੁਹੱਬਤ ਦਾ,
ਫ਼ਿਕਰ ਦੇ ਵਰਕੇ ਥਲਦੇ ਉਮਰਾਂ ਬੀਤ ਗਈਆਂ ।
ਪਲਕਾਂ ਹੇਠ ਸਮੁੰਦਰ ਹੋਂਠ ਪਿਆਸੇ ਨੇ
ਪਲਕਾਂ ਹੇਠ ਸਮੁੰਦਰ ਹੋਂਠ ਪਿਆਸੇ ਨੇ ।
ਦਿਲ ਵਿਚ ਸੱਧਰਾਂ ਹੱਥ ਵਿਚ ਖ਼ਾਲੀ ਕਾਸੇ ਨੇ ।
ਉਧਰ ਖ਼ੁਸ਼ੀਆਂ ਅਮਨ ਅਮਾਨ ਤੇ ਚੈਨ ਈ ਚੈਨ,
ਦੁੱਖ-ਦਲਿੱਦਰ ਸਾਰੇ ਸਾਡੇ ਪਾਸੇ ਨੇ ।
ਜ਼ਾਹਰ ਬਾਤਨ ਵਰਗਾ ਨਹੀਂ ਏ ਲੋਕਾਂ ਦਾ,
ਦਿਲ ਵਿਚ ਨਫ਼ਰਤ ਬੁੱਲ੍ਹਾਂ ਉੱਤੇ ਹਾਸੇ ਨੇ ।
ਵਸਲ ਦਾ ਵਾਅਦਾ ਕਰਕੇ ਚੁਪ ਕਿਉਂ ਵੱਟ ਲਈ,
ਸੋਹਣਿਆ ਕਿੰਨੇ ਸੋਹਣੇ ਤੇਰੇ ਦਿਲਾਸੇ ਨੇ ।
ਸੇਰ ਮਨਾਂ ਦੀ ਹੁਣ ਨਹੀਂ ਕੋਈ ਗੱਲ 'ਰਹੀਲ',
ਹੁਣ ਤੇ ਰਹਿ ਗਏ ਬਾਕੀ ਤੋਲੇ ਮਾਸੇ ਨੇ ।
ਕੌਣ ਗਲੇ ਨਾਲ ਲਾਵੇ ਓਸ ਵਿਚਾਰੇ ਨੂੰ
ਕੌਣ ਗਲੇ ਨਾਲ ਲਾਵੇ ਓਸ ਵਿਚਾਰੇ ਨੂੰ ।
ਜਿਸ ਨੇ ਸਿਰ ਤੇ ਚਾਇਆ ਮਿੱਟੀ ਗਾਰੇ ਨੂੰ ।
ਜੀਹਦੀਆਂ ਨੀਹਾਂ ਵਿਚ ਏ ਲਹੂ ਮਜ਼ਲੂਮਾਂ ਦਾ,
ਭਾਗ ਕਦੀ ਨਈਂ ਲਗਦੇ ਓਸ ਚੁਬਾਰੇ ਨੂੰ ।
ਜੇ ਨਾ ਚੂਰੀਆਂ ਹੀਰ ਲਿਆਉਂਦੀ ਬੇਲੇ ਵਿਚ,
ਰਾਂਝਾ ਵੀ ਮੁੜ ਜਾਂਦਾ ਤਖ਼ਤ ਹਜ਼ਾਰੇ ਨੂੰ ।
ਦੁੱਖਾਂ ਤੇ ਅਫ਼ਸੋਸ ਤੇ ਸਾਰੇ ਕਰਦੇ ਨੇ,
ਪਰ ਨਈਂ ਪੁਛਦਾ ਕੋਈ ਕਿਸੇ ਦੁਖਿਆਰੇ ਨੂੰ ।
ਪੁੱਛੇ ਨਾ ਕੋਈ ਹਾਲ 'ਰਹੀਲ' ਦੀਆਂ ਪੀੜਾਂ ਦਾ,
ਛੇੜੇ ਨਾ ਕੋਈ ਦੁੱਖਾਂ ਦੇ ਇਸ ਮਾਰੇ ਨੂੰ ।
ਰੋਗ ਅਵੱਲੇ ਦਿਲ ਨੂੰ ਹੋਣ ਤੇ ਕੀ ਕਰੀਏ
ਰੋਗ ਅਵੱਲੇ ਦਿਲ ਨੂੰ ਹੋਣ ਤੇ ਕੀ ਕਰੀਏ ।
ਚੁੱਪ-ਚੁਪੀਤੇ ਅੱਖੀਆਂ ਰੋਣ ਤੇ ਕੀ ਕਰੀਏ ।
ਜਿਹੜੇ ਬਾਹਰੋਂ ਆਉਣ ਲੁਟੇਰੇ ਡੱਕ ਲਈਏ,
ਜੇ ਕਰ ਆਪਣੇ ਉੱਠ ਖਲੋਣ ਤੇ ਕੀ ਕਰੀਏ ।
ਕੱਜ ਅਦਾਵਾਂ ਸਾਡੇ ਸੋਹਣੇ ਯਾਰ ਦੀਆਂ,
ਜੁੱਸਾ ਨੇਜੇ ਵਿਚ ਪਰੋਣ ਤੇ ਕੀ ਕਰੀਏ ।
ਸਾਡਾ ਦਿਲ ਵੀ ਕਰਦਾ ਹੱਸਣ ਖੇਡਣ ਨੂੰ,
ਦੁਖ ਦੁਨੀਆਂ ਦੇ ਰੂਹ ਨੂੰ ਕੋਹਣ ਤੇ ਕੀ ਕਰੀਏ ।
ਰਹਿੰਦੀ ਏ ਸੱਜਣਾ ਨੂੰ ਮਿਲਣ ਦੀ ਤਾਂਘ 'ਰਹੀਲ',
ਵੈਰੀ ਅੱਗੇ ਪਿੱਛੇ ਹੋਣ ਤੇ ਕੀ ਕਰੀਏ ।
ਆਉਂਦੇ ਨਹੀਂ ਪਰ ਆਵਣ ਦਾ ਕਹਿ ਜਾਂਦੇ ਨੇ
ਆਉਂਦੇ ਨਹੀਂ ਪਰ ਆਵਣ ਦਾ ਕਹਿ ਜਾਂਦੇ ਨੇ ।
ਜਿਹੜੇ ਮਹਿਲ ਬਣਾਏ ਉਹ ਢੈ ਜਾਂਦੇ ਨੇ ।
ਉਹ ਮਹਿਰਮ ਹੁੰਦੇ ਨੇ ਉਚੀਆਂ ਸ਼ਾਨਾਂ ਦੇ,
ਦੁਖ ਪਿਸਤੀ ਦੇ ਜਿਹੜੇ ਵੀ ਸਹਿ ਜਾਂਦੇ ਨੇ ।
ਖ਼ਵਰੇ ਕੀ ਕੁਝ ਮਿਲਦੈ ਉਹਦੇ ਬੂਹੇ ਤੋਂ,
ਉਠਦੇ ਨਹੀਂ ਜੋ ਇਕ ਵਾਰੀ ਬਹਿ ਜਾਂਦੇ ਨੇ ।
ਰਾਖਾ ਇਕ ਫੁੱਲ ਤੋੜੇ ਤੇ ਇਹ ਜਾਣ ਲਵੇ,
ਲੋਕੀ ਸਾਰਾ ਬਾਗ਼ ਹੀ ਪੁਟ ਲੈ ਜਾਂਦੇ ਨੇ ।
ਉਹੋ ਬਣਦੇ ਓੜਕ ਆਗੂ ਦੁਨੀਆਂ ਦੇ,
ਨਾਲ ਤੂਫ਼ਾਨਾਂ ਦੇ ਜਿਹੜੇ ਖਹਿ ਜਾਂਦੇ ਨੇ ।
ਉਮਰਾਂ ਉਹੋ ਢੋਲ ਵਜਾਉਣੇ ਪੈਂਦੇ ਨੇ,
ਜਿਹੜੇ ਨਾ ਚਾਹਿਆਂ ਵੀ ਗਲ ਪੈ ਜਾਂਦੇ ਨੇ ।
ਲੋਕੀ ਤਸਬੀ ਉਦੋਂ ਫੜਨ 'ਰਹੀਲ' ਏਥੇ,
ਨੋਟ ਗਿਣਨ ਤੋਂ ਹੱਥ ਜਦੋਂ ਰਹਿ ਜਾਂਦੇ ਨੇ ।
ਰੁੱਸਿਆ ਯਾਰ ਮਨਾਉਂਦੇ ਰਹੇ
ਰੁੱਸਿਆ ਯਾਰ ਮਨਾਉਂਦੇ ਰਹੇ ਆਂ ਸਾਰੀ ਉਮਰ ।
ਆਪਣਾ ਆਪ ਗਵਾਉਂਦੇ ਰਹੇ ਆਂ ਸਾਰੀ ਉਮਰ ।
ਅੰਨ੍ਹੇ, ਬੋਲੇ, ਬੇਪਰਵਾਹ ਜਿਹੇ ਲੋਕਾਂ ਨੂੰ,
ਦਿਲ ਦਾ ਹਾਲ ਸੁਣਾਉਂਦੇ ਰਹੇ ਆਂ ਸਾਰੀ ਉਮਰ ।
ਅੱਖ ਚੁੱਕ ਕੇ ਨਾ ਜੀਹਨੇ ਤੱਕਿਆ ਸਾਡੇ ਵੱਲ,
ਉਹਦੇ ਗੀਤ ਈ ਗਾਉਂਦੇ ਰਹੇ ਆਂ ਸਾਰੀ ਉਮਰ ।
ਅੱਖਾਂ ਵਿੱਚੋਂ ਅੱਥਰੂ ਡੁੱਲਣ ਨਹੀਂ ਦਿੱਤੇ,
ਦਿਲ ਦਾ ਦਰਦ ਲੁਕਾਉਂਦੇ ਰਹੇ ਆਂ ਸਾਰੀ ਉਮਰ ।
ਰਾਤਾਂ ਕੱਟੀਆਂ ਜਾਗ-ਜਾਗ ਕੇ ਅੱਖਾਂ ਵਿਚ,
ਸੁੱਤੇ ਲੇਖ ਜਗਾਉਂਦੇ ਰਹੇ ਆਂ ਸਾਰੀ ਉਮਰ ।
ਜ਼ਿੰਦਾ ਰਹਿਣ ਲਈ ਦੁਨੀਆ ਦੇ ਵਿੱਚ 'ਰਹੀਲ',
ਕਿੰਨੇ ਭੇਸ ਵਟਾਉਂਦੇ ਰਹੇ ਆਂ ਸਾਰੀ ਉਮਰ ।
ਕੁਦਰਤ ਦਾ ਮੈਂ ਖੇਡ ਤਮਾਸ਼ਾ
ਕੁਦਰਤ ਦਾ ਮੈਂ ਖੇਡ ਤਮਾਸ਼ਾ ਦੇਖ ਰਿਹਾਂ ।
ਅੱਲ੍ਹਾ ਦੀ ਇਹ ਸਾਜ਼ੀ ਦੁਨੀਆ ਦੇਖ ਰਿਹਾਂ ।
ਕੋਈ ਤੇ ਫਿਰਦਾ ਰਹਵੇ ਹਵਾਈ ਜਹਾਜ਼ਾਂ ਤੇ,
ਮੁਫ਼ਲਸ ਦਾ ਤੇ ਹਾਲ ਮੈਂ ਪਤਲਾ ਦੇਖ ਰਿਹਾਂ ।
ਮਹਿੰਗੀ ਹੋ ਗਈ ਹਰ ਇਕ ਸ਼ੈ ਇਸ ਦੁਨੀਆ ਦੀ,
ਬਸ ਇਨਸਾਨ ਨੂੰ ਸਸਤਾ ਵਿਕਦਾ ਦੇਖ ਰਿਹਾਂ ।
ਜੀਹਦਾ ਘਰ ਤਸਵੀਰ ਲੱਗੀ ਸਹਿਰਾਵਾਂ ਦੀ,
ਉਹਦੀ ਅੱਖ ਵਿਚ ਗੰਗਾ ਜਮਨਾ ਦੇਖ ਰਿਹਾਂ ।
ਹਰ ਚਿਹਰਾ ਇਕ ਨਵੀਂ ਕਹਾਣੀ ਕਹਿੰਦਾ ਏ,
ਹਰ ਕੋਈ ਕਰਦਾ ਨਵਾਂ ਡਰਾਮਾ ਦੇਖ ਰਿਹਾਂ ।
ਚਾਰ ਚੁਫ਼ੇਰੇ ਅੱਗ ਦੇ ਭਾਂਬੜ ਬਲਦੇ ਨੇ,
ਹਰ ਪਾਸੇ ਦੁਨੀਆ ਨੂੰ ਸੜਦਾ ਦੇਖ ਰਿਹਾਂ ।
ਬੇਵਸ ਨੂੰ ਤੂੰ ਜਿਉਂਦਾ ਜੀਅ ਨਾ ਆਖ 'ਰਹੀਲ',
ਰੋਜ਼ ਈ ਜਿਉਂਦਾ ਰੋਜ਼ ਈ ਮਰਦਾ ਦੇਖ ਰਿਹਾਂ ।
ਕਿਉਂ ਖੋਈਆਂ ਨੇ ਸੱਜਣਾ ਰਾਹਵਾਂ
ਕਿਉਂ ਖੋਈਆਂ ਨੇ ਸੱਜਣਾ ਰਾਹਵਾਂ ਪਿਆਰ ਦੀਆਂ ।
ਕਿੱਧਰ ਗਈਆਂ ਗੂੜ੍ਹੀਆਂ ਛਾਵਾਂ ਪਿਆਰ ਦੀਆਂ ।
ਸੱਜਣ ਬਣ ਕੇ ਲਾਏ ਨੇ ਫੱਟ ਲੋਕਾਂ ਨੂੰ,
ਰਹਿ ਗਈਆਂ ਅੱਜ ਖੁੱਲ੍ਹੀਆਂ ਬਾਹਵਾਂ ਪਿਆਰ ਦੀਆਂ ।
ਦਿਲ ਵਿਚ ਨਫ਼ਰਤ ਬੁੱਲ੍ਹੀਆਂ ਉੱਤੇ ਹਾਸੇ ਨੇ,
ਚੰਗੀਆਂ ਲੱਗਣ ਕਿੰਜ ਅਦਾਵਾਂ ਪਿਆਰ ਦੀਆਂ ।
ਦੌਲਤ ਦੀ ਛਣਕਾਰ ਕੰਨਾਂ ਵਿਚ ਵਸਦੀ ਏ,
ਗੱਲਾਂ ਕੀਹਨੂੰ ਜਾ ਸੁਣਾਵਾਂ ਪਿਆਰ ਦੀਆਂ ।
ਸ਼ਹਿਰਾਂ ਵਿਚ ਬਘਿਆੜ ਤੇ ਚੀਤੇ ਵਸਦੇ ਨੇ,
ਕਿੱਥੋਂ ਯਾਰੋ ਆਉਣ ਸਦਾਵਾਂ ਪਿਆਰ ਦੀਆਂ ।
ਧਰਤੀ ਖ਼ੁਸ਼ਕ ਤੇ ਬੱਦਲ ਨੇ ਅਸਮਾਨਾਂ ਤੇ,
ਰਲ-ਮਿਲ ਮੰਗੋ ਸਭ ਦੁਆਵਾਂ ਪਿਆਰ ਦੀਆਂ ।
ਕਿੱਧਰ ਗਏ ਉਹ ਦੌਰ 'ਰਹੀਲ' ਜਵਾਨੀ ਦੇ,
ਹੁੰਦੀਆਂ ਸਨ ਮਹਿਬੂਬ ਖ਼ਤਾਵਾਂ ਪਿਆਰ ਦੀਆਂ ।
ਕੁਝ ਹੋਰ ਰਚਨਾਵਾਂ : ਆਸ਼ਿਕ 'ਰਹੀਲ'
Some Other Poetry : Ashiq Raheel
ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ
ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ ।
ਉਹ ਲੋਕ ਨਸੀਬਾਂ ਵਾਲੇ ਨੇ ।
ਉਹ ਨਿੱਘੀਆਂ ਯਾਰੀਆਂ ਕੀ ਹੋਈਆਂ ?
ਜਦ ਪੈਣ ਲੱਗੇ ਵਿੱਚ ਪਾਲ਼ੇ ਨੇ ।
ਸਾਨੂੰ ਲੋਰੀਆਂ ਨਾਲ ਸੁਲਾ ਦਿੱਤਾ,
ਅਸਾਂ ਜਦ ਵੀ ਹੋਸ਼ ਸੰਭਾਲੇ ਨੇ ।
ਕੀ ਹਾਲ ਮੈਂ ਦੱਸਾਂ ਲੋਕਾਂ ਦਾ ?
ਮੂੰਹ ਚਿੱਟੇ, ਅੰਦਰੋਂ ਕਾਲੇ ਨੇ ।
ਹੁਣ ਇੱਜ਼ਤਾਂ ਦੇ ਉਹ ਚੋਰ ਹੋਏ,
ਜਿਹੜੇ ਇੱਜ਼ਤਾਂ ਦੇ ਰਖਵਾਲੇ ਨੇ ।
ਮੰਜ਼ਲ ਦੀ 'ਰਹੀਲ' ਉਡੀਕ ਰਹੀ,
ਭਾਵੇਂ ਪੈਰੀਂ ਪੈ ਗਏ ਛਾਲੇ ਨੇ ।
ਮੋੜਨ ਵਾਲੇ ਬੇਲੀ ਮੁੱਖ ਤੂਫ਼ਾਨਾਂ ਦੇ
ਮੋੜਨ ਵਾਲੇ ਬੇਲੀ ਮੁੱਖ ਤੂਫ਼ਾਨਾਂ ਦੇ ।
ਹੁੰਦੇ ਨਹੀਂ ਸ਼ੈਦਾਈ ਝੂਠੀਆਂ ਸ਼ਾਨਾਂ ਦੇ ।
ਸੋਚ ਸਮਝ ਕੇ ਆਖੀਂ, ਜੋ ਕੁਝ ਕਹਿਣਾ ਏਂ,
ਮੁੜ ਵਾਪਸ ਨਹੀਂ ਆਉਂਦੇ ਤੀਰ ਕਮਾਨਾਂ ਦੇ ।
ਕੋਈ ਨਾ ਪੁੱਛੇ ਹਾਲ ਗ਼ਰੀਬ ਨਿਮਾਣੇ ਦਾ,
ਖ਼ਾਨ ਪਰਾਹੁਣੇ ਹੁੰਦੇ ਏਥੇ ਖ਼ਾਨਾਂ ਦੇ ।
ਸ਼ਮਲਾ ਉੱਚਾ ਹੁੰਦਾ ਅਣਖਾਂ ਵਾਲਿਆਂ ਦਾ,
ਸ਼ੀਸ਼ ਕਦੀ ਨਹੀਂ ਝੁਕਦੇ ਸ਼ੇਰ-ਜਵਾਨਾਂ ਦੇ ।
ਬਸਤੀ-ਬਸਤੀ ਖ਼ੂਨ ਦੇ ਛੱਪੜ ਲੱਗੇ ਨੇ,
ਰੰਗ ਬਦਲਦੇ ਕਿਉਂ ਨਾ ਅੱਜ ਅਸਮਾਨਾਂ ਦੇ ?
ਦੁੱਖ 'ਰਹੀਲ' ਕਿਸੇ ਦਾ ਕੋਈ ਵੰਡਦਾ ਨਾ,
ਦਿਲ ਕਿਉਂ ਪੱਥਰ ਹੋ ਗਏ ਨੇ ਇਨਸਾਨਾਂ ਦੇ ?
ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ
ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ ।
ਚਾਰ-ਚੁਫੇਰੇ ਜਾਲ ਵਿਛਾਏ ਲੋਕਾਂ ਨੇ ।
ਇੱਕ-ਦੂਜੇ ਤੋਂ ਅਪਣੇ ਐਬ ਛੁਪਾਉਣ ਲਈ,
ਵੰਨ-ਸੁਵੰਨੇ ਭੇਸ ਵਟਾਏ ਲੋਕਾਂ ਨੇ ।
ਲੁੱਟ ਕੇ ਸੋਹਣੇ, ਹਰਿਆਂ ਭਰਿਆਂ ਬਾਗ਼ਾਂ ਨੂੰ,
ਸੇਜਾਂ ਉੱਤੇ ਫੁੱਲ ਸਜਾਏ ਲੋਕਾਂ ਨੇ ।
ਚੜ੍ਹਦੇ-ਸੂਰਜ ਨੂੰ ਤੇ ਪੂਜੇ ਹਰ ਕੋਈ,
ਡੁੱਬਿਆ ਸੂਰਜ, ਨੈਣ ਚੁਰਾਏ ਲੋਕਾਂ ਨੇ ।
ਨਾਲ ਬੇਦਰਦੀ ਦਿਲ-ਮੰਦਰ ਨੂੰ ਢਾਹ ਕੇ ਤੇ,
ਉੱਚੇ-ਉੱਚੇ ਮਹਿਲ ਬਣਾਏ ਲੋਕਾਂ ਨੇ ।
ਜ਼ਾਲਮਾਂ ਅੱਗੇ ਜੋੜ ਕੇ ਹੱਥ ਖਲੋਂਦੇ ਨੇ,
ਮਾੜਿਆਂ ਉੱਤੇ ਜ਼ੁਲਮ ਕਮਾਏ ਲੋਕਾਂ ਨੇ ।
ਹੀਰੇ ਲੱਭਣ ਤੁਰਿਆ ਪੱਥਰ ਮਿਲੇ 'ਰਹੀਲ',
ਪੁੱਠੇ-ਸਿੱਧੇ ਰਾਹ ਦਿਖਾਏ ਲੋਕਾਂ ਨੇ ।
ਤੱਤੀ-ਜਾ 'ਤੇ ਨੰਗੇ ਪੈਰੀਂ ਚਲਦੇ ਰਹਿੰਦੇ ਆਂ
ਤੱਤੀ-ਜਾ 'ਤੇ ਨੰਗੇ ਪੈਰੀਂ ਚਲਦੇ ਰਹਿੰਦੇ ਆਂ ।
ਅਪਣੇ ਦਿਲ ਦੇ ਭਾਂਬੜ ਅੰਦਰ ਬਲਦੇ ਰਹਿੰਦੇ ਆਂ ।
ਮਾਲੀ ਕੋਈ ਨਹੀਂ ਬਾਗ਼ ਦਾ ਇੱਥੇ, ਅਸੀਂ ਲੁਟੇਰੇ ਆਂ,
ਅਪਣਾ ਅਪਣਾ ਹਿੱਸਾ ਲੈ ਕੇ ਟਲਦੇ ਰਹਿੰਦੇ ਆਂ ।
ਚੋਰਾਂ ਦੇ ਸੰਗ ਚੋਰੀ ਕਰਕੇ ਤੇ ਫਿਰ ਲੁਕਣ ਲਈ,
ਚੁੱਪ-ਚੁੱਪੀਤੇ ਸਾਧਾਂ ਦੇ ਸੰਗ ਰਲਦੇ ਰਹਿੰਦੇ ਆਂ ।
ਉੱਚੇ-ਮਹਿਲੀਂ ਵੱਸਣ ਵਾਲੇ ਵੀ ਖ਼ੁਸ਼ ਨਹੀਂ ਰਹਿੰਦੇ,
ਅਸੀਂ ਨਿਮਾਣੇ ਰੂੜੀਆਂ 'ਤੇ ਵੀ ਪਲਦੇ ਰਹਿੰਦੇ ਆਂ ।
ਯਾਰ-ਸੱਜਣ ਦਾ ਕੋਈ ਸੁੱਖ-ਸੁਨੇਹਾ ਆਉਂਦਾ ਨਹੀਂ,
ਆਪਣੇ ਦਿਲ ਦੀ ਹਾਲਤ ਲਿਖ-ਲਿਖ ਘੱਲਦੇ ਰਹਿੰਦੇ ਆਂ ।
ਚੜ੍ਹ ਅਸਮਾਨੀਂ ਭੁੱਲ ਜਾਨੇ ਆਂ ਅਪਣਾ ਆਪ 'ਰਹੀਲ',
ਸ਼ਾਮ ਦੇ ਸੂਰਜ ਵਾਂਗੂੰ ਲੇਕਿਨ ਢਲਦੇ ਰਹਿੰਦੇ ਆਂ ।
ਕਦੀ ਹੋਵੇ ਤੇ, ਕੋਈ ਇਨਸਾਨ ਦੇਖਾਂ
ਕਦੀ ਹੋਵੇ ਤੇ, ਕੋਈ ਇਨਸਾਨ ਦੇਖਾਂ ।
ਅਪਣੇ ਸ਼ੌਕ ਦਾ ਇਹ ਸਾਮਾਨ ਦੇਖਾਂ ।
ਦੂਜੇ ਘਰਾਂ ਨੂੰ ਜੇ ਕਰ ਦੇਖਣੇ ਤੋਂ-
ਮਿਲੇ ਵਿਹਲ, ਤੇ ਅਪਣਾ ਮਕਾਨ ਦੇਖਾਂ ।
ਕਿੱਥੇ ਪੁੱਜਿਆ ਏ ਸੂਰਜ ਸੱਧਰਾਂ ਦਾ ?
ਬੱਦਲ ਹਟਣ, ਤੇ ਫੇਰ ਅਸਮਾਨ ਦੇਖਾਂ ।
ਮਾਲੀ ਲੱਗੇ ਨੇ ਖੌਰੇ ਕੰਮ ਕਿਹੜੇ ?
ਉਜੜੇ ਬਾਗਾਂ ਨੂੰ, ਹੋ ਹੈਰਾਨ, ਦੇਖਾਂ ।
ਜਿਹੜੇ ਮੰਜ਼ਲਾਂ 'ਤੇ ਸਾਨੂੰ ਲੈ ਜਾਵਣ,
ਕਿੱਥੇ ਕਦਮਾਂ ਦੇ ਉਹੋ ਨਿਸ਼ਾਨ ਦੇਖਾਂ ?
ਕਰੇ ਐਸ਼ ਕੋਈ, ਕੋਈ ਮਰੇ ਭੁੱਖਾ,
ਸੋਹਣੇ ਰੱਬ ਦੀ ਮੈਂ ਇਹ ਸ਼ਾਨ ਦੇਖਾਂ ।
ਖੋਟੇ ਕਿਉਂ 'ਰਹੀਲ' ਨੇ ਬਣੇ ਨੇਤਾ,
ਹੱਥ ਜਿਨ੍ਹਾਂ ਦੇ ਵਿੱਚ ਕੁਰਆਨ ਦੇਖਾਂ ।
ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ
ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ ।
ਦੇਖਿਆ ਚੱਕਰ ਲਾ ਲਾ ਸਾਰੀਆਂ ਥਾਵਾਂ ਦਾ ।
ਕਰ ਲਉ ਜੋ ਕੁਝ ਕਰਨਾ ਹੈ, ਹੁਣ ਵੇਲਾ ਜੇ,
ਕੁਝ ਵਿਸਾਹ ਨਹੀਂ ਆਉਂਦੇ-ਜਾਂਦੇ ਸਾਹਵਾਂ ਦਾ ।
ਅਪਣੇ ਹੱਥੀਂ ਪਾਣੀ ਦਿਉ ਦਰਖਤਾਂ ਨੂੰ,
ਮਜ਼ਾ ਜੇ ਲੈਣਾ ਹੋਵੇ ਠੰਢੀਆਂ-ਛਾਵਾਂ ਦਾ ।
ਸਿੱਧੀ ਰਾਹੇ ਤੁਰਦੇ ਜਾਉ ਮੰਜ਼ਿਲ ਲਈ,
ਰਾਹੀ ਕਦੇ ਨਹੀਂ ਭੁੱਲਦਾ ਸਿੱਧੀਆਂ-ਰਾਹਵਾਂ ਦਾ ।
ਝੁੰਮਰ ਪਾਵਣ ਖ਼ੁਸ਼ੀਆਂ ਮੇਰੇ ਦੇਸ਼ ਦੀਆਂ,
ਸ਼ਾਲਾ ! ਆਵੇ ਦਿਨ ਉਹ ਸਾਡਿਆਂ ਚਾਵਾਂ ਦਾ ।
ਭੈੜੀ ਫ਼ਿਤਰਤ ਲੋਕ ਨਾ ਆਉਂਦੇ ਬਾਜ਼ 'ਰਹੀਲ',
ਰੰਗ ਕਦੀ ਨ੍ਹੀਂ ਚਿੱਟਾ ਹੁੰਦਾ ਕਾਵਾਂ ਦਾ ।