Professor Ashiq Raheel   ਪ੍ਰੋਫ਼ੈਸਰ ਆਸ਼ਿਕ ਰਹੀਲ

ਪੰਜਾਬੀ ਗ਼ਜ਼ਲਾਂ : ਪ੍ਰੋਫ਼ੈਸਰ ਆਸ਼ਿਕ ਰਹੀਲ

੧. ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ

ਜਿਨ੍ਹਾਂ ਪਿਆਰ ਦੇ ਦੀਵੇ ਬਾਲੇ ਨੇ । ਉਹ ਲੋਕ ਨਸੀਬਾਂ ਵਾਲੇ ਨੇ । ਉਹ ਨਿੱਘੀਆਂ ਯਾਰੀਆਂ ਕੀ ਹੋਈਆਂ ? ਜਦ ਪੈਣ ਲੱਗੇ ਵਿੱਚ ਪਾਲ਼ੇ ਨੇ । ਸਾਨੂੰ ਲੋਰੀਆਂ ਨਾਲ ਸੁਲਾ ਦਿੱਤਾ, ਅਸਾਂ ਜਦ ਵੀ ਹੋਸ਼ ਸੰਭਾਲੇ ਨੇ । ਕੀ ਹਾਲ ਮੈਂ ਦੱਸਾਂ ਲੋਕਾਂ ਦਾ ? ਮੂੰਹ ਚਿੱਟੇ, ਅੰਦਰੋਂ ਕਾਲੇ ਨੇ । ਹੁਣ ਇੱਜ਼ਤਾਂ ਦੇ ਉਹ ਚੋਰ ਹੋਏ, ਜਿਹੜੇ ਇੱਜ਼ਤਾਂ ਦੇ ਰਖਵਾਲੇ ਨੇ । ਮੰਜ਼ਲ ਦੀ 'ਰਹੀਲ' ਉਡੀਕ ਰਹੀ, ਭਾਵੇਂ ਪੈਰੀਂ ਪੈ ਗਏ ਛਾਲੇ ਨੇ ।

੨. ਮੋੜਨ ਵਾਲੇ ਬੇਲੀ ਮੁੱਖ ਤੂਫ਼ਾਨਾਂ ਦੇ

ਮੋੜਨ ਵਾਲੇ ਬੇਲੀ ਮੁੱਖ ਤੂਫ਼ਾਨਾਂ ਦੇ । ਹੁੰਦੇ ਨਹੀਂ ਸ਼ੈਦਾਈ ਝੂਠੀਆਂ ਸ਼ਾਨਾਂ ਦੇ । ਸੋਚ ਸਮਝ ਕੇ ਆਖੀਂ, ਜੋ ਕੁਝ ਕਹਿਣਾ ਏਂ, ਮੁੜ ਵਾਪਸ ਨਹੀਂ ਆਉਂਦੇ ਤੀਰ ਕਮਾਨਾਂ ਦੇ । ਕੋਈ ਨਾ ਪੁੱਛੇ ਹਾਲ ਗ਼ਰੀਬ ਨਿਮਾਣੇ ਦਾ, ਖ਼ਾਨ ਪਰਾਹੁਣੇ ਹੁੰਦੇ ਏਥੇ ਖ਼ਾਨਾਂ ਦੇ । ਸ਼ਮਲਾ ਉੱਚਾ ਹੁੰਦਾ ਅਣਖਾਂ ਵਾਲਿਆਂ ਦਾ, ਸ਼ੀਸ਼ ਕਦੀ ਨਹੀਂ ਝੁਕਦੇ ਸ਼ੇਰ-ਜਵਾਨਾਂ ਦੇ । ਬਸਤੀ-ਬਸਤੀ ਖ਼ੂਨ ਦੇ ਛੱਪੜ ਲੱਗੇ ਨੇ, ਰੰਗ ਬਦਲਦੇ ਕਿਉਂ ਨਾ ਅੱਜ ਅਸਮਾਨਾਂ ਦੇ ? ਦੁੱਖ 'ਰਹੀਲ' ਕਿਸੇ ਦਾ ਕੋਈ ਵੰਡਦਾ ਨਾ, ਦਿਲ ਕਿਉਂ ਪੱਥਰ ਹੋ ਗਏ ਨੇ ਇਨਸਾਨਾਂ ਦੇ ?

੩. ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ

ਸੋਚਾਂ ਉੱਤੇ ਪਹਿਰੇ ਲਾਏ ਲੋਕਾਂ ਨੇ । ਚਾਰ-ਚੁਫੇਰੇ ਜਾਲ ਵਿਛਾਏ ਲੋਕਾਂ ਨੇ । ਇੱਕ-ਦੂਜੇ ਤੋਂ ਅਪਣੇ ਐਬ ਛੁਪਾਉਣ ਲਈ, ਵੰਨ-ਸੁਵੰਨੇ ਭੇਸ ਵਟਾਏ ਲੋਕਾਂ ਨੇ । ਲੁੱਟ ਕੇ ਸੋਹਣੇ, ਹਰਿਆਂ ਭਰਿਆਂ ਬਾਗ਼ਾਂ ਨੂੰ, ਸੇਜਾਂ ਉੱਤੇ ਫੁੱਲ ਸਜਾਏ ਲੋਕਾਂ ਨੇ । ਚੜ੍ਹਦੇ-ਸੂਰਜ ਨੂੰ ਤੇ ਪੂਜੇ ਹਰ ਕੋਈ, ਡੁੱਬਿਆ ਸੂਰਜ, ਨੈਣ ਚੁਰਾਏ ਲੋਕਾਂ ਨੇ । ਨਾਲ ਬੇਦਰਦੀ ਦਿਲ-ਮੰਦਰ ਨੂੰ ਢਾਹ ਕੇ ਤੇ, ਉੱਚੇ-ਉੱਚੇ ਮਹਿਲ ਬਣਾਏ ਲੋਕਾਂ ਨੇ । ਜ਼ਾਲਮਾਂ ਅੱਗੇ ਜੋੜ ਕੇ ਹੱਥ ਖਲੋਂਦੇ ਨੇ, ਮਾੜਿਆਂ ਉੱਤੇ ਜ਼ੁਲਮ ਕਮਾਏ ਲੋਕਾਂ ਨੇ । ਹੀਰੇ ਲੱਭਣ ਤੁਰਿਆ ਪੱਥਰ ਮਿਲੇ 'ਰਹੀਲ' ਪੁੱਠੇ-ਸਿੱਧੇ ਰਾਹ ਦਿਖਾਏ ਲੋਕਾਂ ਨੇ ।

੪. ਤੱਤੀ-ਜਾ 'ਤੇ ਨੰਗੇ ਪੈਰੀਂ ਚਲਦੇ ਰਹਿੰਦੇ ਆਂ

ਤੱਤੀ-ਜਾ 'ਤੇ ਨੰਗੇ ਪੈਰੀਂ ਚਲਦੇ ਰਹਿੰਦੇ ਆਂ । ਅਪਣੇ ਦਿਲ ਦੇ ਭਾਂਬੜ ਅੰਦਰ ਬਲਦੇ ਰਹਿੰਦੇ ਆਂ । ਮਾਲੀ ਕੋਈ ਨਹੀਂ ਬਾਗ਼ ਦਾ ਇੱਥੇ, ਅਸੀਂ ਲੁਟੇਰੇ ਆਂ, ਅਪਣਾ ਅਪਣਾ ਹਿੱਸਾ ਲੈ ਕੇ ਟਲਦੇ ਰਹਿੰਦੇ ਆਂ । ਚੋਰਾਂ ਦੇ ਸੰਗ ਚੋਰੀ ਕਰਕੇ ਤੇ ਫਿਰ ਲੁਕਣ ਲਈ, ਚੁੱਪ-ਚੁੱਪੀਤੇ ਸਾਧਾਂ ਦੇ ਸੰਗ ਰਲਦੇ ਰਹਿੰਦੇ ਆਂ । ਉੱਚੇ-ਮਹਿਲੀਂ ਵੱਸਣ ਵਾਲੇ ਵੀ ਖ਼ੁਸ਼ ਨਹੀਂ ਰਹਿੰਦੇ, ਅਸੀਂ ਨਿਮਾਣੇ ਰੂੜੀਆਂ 'ਤੇ ਵੀ ਪਲਦੇ ਰਹਿੰਦੇ ਆਂ । ਯਾਰ-ਸੱਜਣ ਦਾ ਕੋਈ ਸੁੱਖ-ਸੁਨੇਹਾ ਆਉਂਦਾ ਨਹੀਂ, ਆਪਣੇ ਦਿਲ ਦੀ ਹਾਲਤ ਲਿਖ-ਲਿਖ ਘੱਲਦੇ ਰਹਿੰਦੇ ਆਂ । ਚੜ੍ਹ ਅਸਮਾਨੀਂ ਭੁੱਲ ਜਾਨੇ ਆਂ ਅਪਣਾ ਆਪ 'ਰਹੀਲ', ਸ਼ਾਮ ਦੇ ਸੂਰਜ ਵਾਂਗੂੰ ਲੇਕਿਨ ਢਲਦੇ ਰਹਿੰਦੇ ਆਂ ।

੫. ਕਦੀ ਹੋਵੇ ਤੇ, ਕੋਈ ਇਨਸਾਨ ਦੇਖਾਂ

ਕਦੀ ਹੋਵੇ ਤੇ, ਕੋਈ ਇਨਸਾਨ ਦੇਖਾਂ । ਅਪਣੇ ਸ਼ੌਕ ਦਾ ਇਹ ਸਾਮਾਨ ਦੇਖਾਂ । ਦੂਜੇ ਘਰਾਂ ਨੂੰ ਜੇ ਕਰ ਦੇਖਣੇ ਤੋਂ- ਮਿਲੇ ਵਿਹਲ, ਤੇ ਅਪਣਾ ਮਕਾਨ ਦੇਖਾਂ । ਕਿੱਥੇ ਪੁੱਜਿਆ ਏ ਸੂਰਜ ਸੱਧਰਾਂ ਦਾ ? ਬੱਦਲ ਹਟਣ, ਤੇ ਫੇਰ ਅਸਮਾਨ ਦੇਖਾਂ । ਮਾਲੀ ਲੱਗੇ ਨੇ ਖੌਰੇ ਕੰਮ ਕਿਹੜੇ ? ਉਜੜੇ ਬਾਗਾਂ ਨੂੰ, ਹੋ ਹੈਰਾਨ, ਦੇਖਾਂ । ਜਿਹੜੇ ਮੰਜ਼ਲਾਂ 'ਤੇ ਸਾਨੂੰ ਲੈ ਜਾਵਣ, ਕਿੱਥੇ ਕਦਮਾਂ ਦੇ ਉਹੋ ਨਿਸ਼ਾਨ ਦੇਖਾਂ ? ਕਰੇ ਐਸ਼ ਕੋਈ, ਕੋਈ ਮਰੇ ਭੁੱਖਾ, ਸੋਹਣੇ ਰੱਬ ਦੀ ਮੈਂ ਇਹ ਸ਼ਾਨ ਦੇਖਾਂ । ਖੋਟੇ ਕਿਉਂ 'ਰਹੀਲ' ਨੇ ਬਣੇ ਨੇਤਾ, ਹੱਥ ਜਿਨ੍ਹਾਂ ਦੇ ਵਿੱਚ ਕੁਰਆਨ ਦੇਖਾਂ ।

৬. ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ

ਬਦਲ ਕਿਤੇ ਨਹੀਂ ਮਿਲਦਾ ਸਕੀਆਂ ਮਾਵਾਂ ਦਾ । ਦੇਖਿਆ ਚੱਕਰ ਲਾ ਲਾ ਸਾਰੀਆਂ ਥਾਵਾਂ ਦਾ । ਕਰ ਲਉ ਜੋ ਕੁਝ ਕਰਨਾ ਹੈ, ਹੁਣ ਵੇਲਾ ਜੇ, ਕੁਝ ਵਿਸਾਹ ਨਹੀਂ ਆਉਂਦੇ-ਜਾਂਦੇ ਸਾਹਵਾਂ ਦਾ । ਅਪਣੇ ਹੱਥੀਂ ਪਾਣੀ ਦਿਉ ਦਰਖਤਾਂ ਨੂੰ, ਮਜ਼ਾ ਜੇ ਲੈਣਾ ਹੋਵੇ ਠੰਢੀਆਂ-ਛਾਵਾਂ ਦਾ । ਸਿੱਧੀ ਰਾਹੇ ਤੁਰਦੇ ਜਾਉ ਮੰਜ਼ਿਲ ਲਈ, ਰਾਹੀ ਕਦੇ ਨਹੀਂ ਭੁੱلਦਾ ਸਿੱਧੀਆਂ-ਰਾਹਵਾਂ ਦਾ । ਝੁੰਮਰ ਪਾਵਣ ਖ਼ੁਸ਼ੀਆਂ ਮੇਰੇ ਦੇਸ਼ ਦੀਆਂ, ਸ਼ਾਲਾ ! ਆਵੇ ਦਿਨ ਉਹ ਸਾਡਿਆਂ ਚਾਵਾਂ ਦਾ । ਭੈੜੀ ਫ਼ਿਤਰਤ ਲੋਕ ਨਾ ਆਉਂਦੇ ਬਾਜ਼ 'ਰਹੀਲ', ਰੰਗ ਕਦੀ ਨ੍ਹੀਂ ਚਿੱਟਾ ਹੁੰਦਾ ਕਾਵਾਂ ਦਾ ।