Professor Mohan Singh (ਪ੍ਰੋਫੈਸਰ ਮੋਹਨ ਸਿੰਘ)
ਪ੍ਰੋਫੈਸਰ ਮੋਹਨ ਸਿੰਘ (੨੦ ਅਕਤੂਬਰ ੧੯੦੫-੩ ਮਈ ੧੯੭੮) ਦਾ ਜਨਮ ਮਰਦਾਨ ਵਿੱਚ ਅਤੇ ਦੇਹਾਂਤ ਲੁਧਿਆਣੇ ਹੋਇਆ। ਇਨ੍ਹਾਂ ਨੇ ਫਾਰਸੀ ਦੀ ਐਮ ਏ ਕਰਨ ਤੋਂ ਬਾਅਦ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਬਤੌਰ ਲੈਕਚਰਰ ਅਧਿਆਪਨ ਦਾ ਕੰਮ ਕੀਤਾ। ੧੯੭੦ ਤੋਂ ੧੯੭੪ ਤੱਕ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਰਹੇ। ਇਹ ਆਧੁਨਿਕ ਪੰਜਾਬੀ ਕਵਿਤਾ ਦੇ ਸਿਰਮੌਰ ਕਵੀਆਂ ਦੀ ਮੂਹਰਲੀ ਕਤਾਰ ਵਿੱਚੋਂ ਹਨ। ਇਨ੍ਹਾਂ ਨੇ ਪੰਜਾਬੀ ਜੀਵਨ ਦੇ ਹਰੇਕ ਪੱਖ ਤੇ ਕਵਿਤਾ ਲਿਖੀ। ਇਨ੍ਹਾਂ ਦੀਆਂ ਕਵਿਤਾਵਾਂ ਦੇ ਚਰਿੱਤਰ ਤੁਹਾਨੂੰ ਪੰਜਾਬ ਵਿੱਚ ਹਰ ਥਾਂ ਮਿਲ ਜਾਣਗੇ। ਇਨ੍ਹਾਂ ਦੀ ਕਵਿਤਾ ਦਾ ਸੰਦੇਸ਼ ਸਾਦਾ ਤੇ ਸਪਸ਼ਟ ਹੁੰਦਾ ਹੈ। ਇਨ੍ਹਾਂ ਦੇ ਕਾਵਿ ਸੰਗ੍ਰਹਿ ਹਨ: ਸਾਵੇ ਪੱਤਰ, ਕਸੁੰਭੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈ ਮੀਰ, ਬੂਹੇ ਅਤੇ ਨਾਨਕਾਇਣ (ਮਹਾਂਕਾਵਿ)। ਇਨ੍ਹਾਂ ਨੇ ਕੁੱਝ ਰਚਨਾਵਾਂ ਦਾ ਅਨੁਵਾਦ ਵੀ ਕੀਤਾ ਅਤੇ ਕੁੱਝ ਕਹਾਣੀਆਂ ਵੀ ਲਿਖੀਆਂ।