< ਪੰਜਾਬੀ ਅਖਾਣ-2

ਪੰਜਾਬੀ ਅਖਾਣ-2

ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ: ਅਜੇ ਹੱਥ ਪੱਲੇ ਕੁਝ ਵੀ ਨਹੀਂ ਆਇਆ ਹੋਣਾ, ਕੇਵਲ ਆਸਾਂ ਦੇ ਆਸਰੇ ਖਰਚ ਕਰਨ ਅਤੇ ਜੁੰਮੇਵਾਰੀਆਂ ਚੁੱਕਣ ਲੱਗ ਪੈਣਾ।

ਕਦੇ ਤੋਲਾ, ਕਦੇ ਮਾਸਾ, ਉਹਦੀ ਗੱਲ ਦਾ ਕੀ ਭਰਵਾਸਾ ?: ਜਿਹੜਾ ਆਦਮੀ ਕਦੇ ਕੁਝ ਕਹੇ ਤੇ ਕਦੇ ਕੁਝ, ਕਦੇ ਵੱਡੇ ਇਕਰਾਰ ਕਰੇ ਤੇ ਕਦੇ ਮਨਸੂਬੇ ਬੰਨ੍ਹੇ ਅਤੇ ਕਦੇ ਢੇਰੀ ਢਾਹ ਬੈਠੇ, ਉਹਦੇ ਇਕਰਾਰਾਂ ਉਤੇ ਭਰੋਸਾ ਨਹੀਂ ਕੀਤਾ ਜੀ ਸਕਦਾ।

ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ: ਜ਼ੁਬਾਨ ਦਾ ਪੱਕਾ ਨਾ ਹੋਣਾ।

ਕਮਲੀ ਕੁੜੀ ਦੁਪਿਹਰੇ ਗਿੱਧਾ: ਮੂਰਖ ਕੁਝ ਕਰਨ ਲੱਗਿਆਂ ਸਮਾਂ ਨਹੀਂ ਵਿਚਾਰਦਾ।

ਕਰ ਸੇਵਾ ਖਾ ਮੇਵਾ: ਸੇਵਾ ਕਰਨ ਵਾਲੇ ਨੂੰ ਸੇਵਾ ਦਾ ਫ਼ਲ ਜ਼ਰੂਰ ਮਿਲਦਾ ਹੈ।

ਕਰ ਨਾ ਕਰ ਬੰਨੇ ਤਾ ਖੜ੍ਹ: ਬੇਕਾਰ ਮਨੁੱਖ ਨੂੰ ਕੁਝ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ।

ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ: ਫੜ੍ਹਾਂ ਬਹੁਤ ਵੱਡੀਆਂ ਵੱਡੀਆਂ ਮਾਰਨੀਆਂ ਪਰ ਹੱਥੀਂ ਕੁਝ ਵੀ ਨਾ ਕਰਨਾ।

ਕਰ ਪਰਾਈਆਂ ਤੇ ਆਉਣੀ ਜਾਈਆਂ: ਜੋ ਇਸਤਰੀ ਆਪਣੀ ਨੂੰਹ ਨਾਲ ਬੁਰਾ ਸਲੂਕ ਕਰਦੀ ਹੈ, ਉਸਦੀ ਧੀ ਨਾਲ ਵੀ ਸਹੁਰੇ ਉਹੋ ਜਿਹਾ ਸਲੂਕ ਹੋਵੇਗਾ।

ਕਰਮ ਹੀਣ ਖੇਤੀ ਕਰੇ, ਸੋਕਾ ਪਵੇ ਜਾਂ ਢੱਗਾ ਮਰੇ: ਭਾਗਾਂ ਬਿਨਾਂ ਉੱਦਮ ਕੀਤੇ ਵੀ ਸਫਲ ਨਹੀਂ ਹੁੰਦੇ, ਤਦਬੀਰ ਨਾਲੋਂ ਤਕਦੀਰ ਵਧੇਰੇ ਜੋਰਾਵਰ ਹੁੰਦੀ ਹੈ।

ਕਰ ਮਜੂਰੀ ਖਾ ਚੂਰੀ: ਸੇਵਾ ਨੂੰ ਮੇਵਾ, ਡੋਲ੍ਹ ਰਤ ਤੇ ਖਾ ਭੱਤ, ਰੱਖ ਦੇਹ ਤੇ ਖਾ ਖੇਹ, ਮਿਹਨਤ ਕੀਤਿਆਂ ਹੀ ਸੁਖ ਭੋਗ ਸਕੀਦਾ ਤੇ ਸੁਖ ਭੋਗਣ ਦੇ ਹੱਕਦਾਰ ਬਣੀਦਾ ਹੈ।

ਕਰੇ ਕੋਈ ਭਰੇ ਕੋਈ: ਜਦੋ ਦੋਸ਼ੀ ਬੰਦੇ ਦੀ ਸਜ਼ਾ ਕਿਸੇ ਬੇਦੋਸ਼ ਨੂੰ ਭੁਗਤਣੀ ਪਵੇ।

ਕਲ੍ਹਾ ਕਲੰਦਰ ਵੱਸੇ, ਤੇ ਘੜਿਓਂ ਪਾਣੀ ਨੱਸੇ: ਜਿੱਥੇ ਫੁੱਟ ਤੇ ਲੜਾਈ ਹੁੰਦੀ ਰਹੇ, ਉਹ ਟੱਬਰ, ਬਰਾਦਰੀ, ਕੌਮ ਸਦਾ ਤਬਾਹ ਹੁੰਦੀ ਹੈ।

ਕੱਖਾਂ ਦੀ ਕੁੱਲੀ ਹਾਥੀ ਦੰਦ ਦਾ ਪਰਨਾਲਾ: ਕਿਸੇ ਖ਼ਸਤਾ ਚੀਜ਼ ਨੂੰ ਸ਼ਿੰਗਾਰਨ ਲਈ ਵਧੇਰੇ ਖਰਚ ਕਰਨ ਦੇ ਯਤਨ ਨੂੰ ਦੇਖ ਕੇ ਇਹ ਅਖਾਣ ਵਰਤਿਆ ਜਾਂਦਾ ਹੈ।

ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਾੜਛਾ: ਜਦੋਂ ਕਿਸੇ ਘਟੀਆ ਸਸਤੀ ਚੀਜ਼ ਦੀ ਸਜਾਵਟ ਬੜੀ ਵਧੀਆ ਕੀਮਤੀ ਸ਼ੈ ਨਾਲ ਕੀਤੀ ਹੋਈ ਹੋਵੇ, ਤਾਂ ਕਹਿੰਦੇ ਹਨ।

ਕੱਖਾਂ ਦੀ ਬੇੜੀ ਤੇ ਬਾਂਦਰ ਮੱਲਾਹ: ਜਦ ਬਹੁਤ ਔਖਾ ਤੇ ਸਿਆਣਿਆਂ ਦੇ ਕਰਨ ਵਾਲਾ ਕੰਮ ਕਿਸੇ ਮੂਰਖ ਤੇ ਅਣਜਾਣ ਬੰਦੇ ਦੇ ਸਪੁਰਦ ਕੀਤਾ ਗਿਆ ਹੋਵੇ।

ਕੱਛ ਵਿਚ ਸੋਟਾ ਨਾਂ ਗ਼ਰੀਬ ਦਾਸ: ਨਾਂ ਦਾ ਕੰਮ ਦੇ ਉਲਟ ਹੋਣਾ ।

ਕੱਛ ਵਿਚ ਛੁਰੀ, ਤੇ ਮੂੰਹ ਵਿਚ ਰਾਮ-ਰਾਮ: ਉਪਰੋਂ ਧਾਰਮਿਕ ਦਿਸਣਾ ਪਰ ਕੰਮ ਮਾੜੇ ਕਰਨੇ।

ਕੱਲ੍ਹ ਜੰਮੀ ਗਿੱਦੜੀ ਤੇ ਅੱਜ ਹੋਇਆ ਵਿਆਹ: ਉਮਰ ਦਾ ਕੱਚਾ ਹੈ, ਪਰ ਪੈਰ ਵੱਡਿਆਂ ਵੱਡਿਆਂ ਵਿਚ ਵਧ ਕੇ ਰੱਖਦਾ ਹੈ।

ਕੱਲ੍ਹ ਨਾਮ ਕਾਲ ਦਾ: ਜਿਹੜਾ ਕੰਮ ਅੱਜ ਹੋ ਜਾਵੇ, ਉਹ ਚੰਗਾ ਹੁੰਦਾ ਹੈ।

ਕੱਲੀ ਤਾਂ ਲੱਕੜ ਵੀ ਨਹੀ ਬਲਦੀ: ਇਹ ਅਖਾਣ ਇਕੱਲ ਦਾ ਦੁੱਖ ਦਰਸਾਉਣ ਲਈ ਵਰਤਿਆ ਜਾਂਦਾ ਹੈ।

ਕੰਡੇ ਨਾਲ ਹੀ ਕੰਡਾ ਕੱਢੀਦਾ ਹੈ: ਜਿਹੋ ਜਿਹਾ ਕੋਈ ਹੋਵੇ, ਉਸ ਨਾਲ ਵਾਰਾ ਸਾਰਾ ਕੋਈ ਉਹਦੇ ਵਰਗਾ ਤੇ ਸਾਵਾਂ ਬੰਦਾ ਹੀ ਲੈ ਸਕਦਾ ਹੈ।

ਕੰਧ ਨੂੰ ਵੀ ਕੰਨ ਹੁੰਦੇ ਹਨ: ਲੁਕ ਕੇ ਕੀਤੀ ਗੱਲ ਦੇ ਵੀ ਪ੍ਰਗਟ ਹੋ ਜਾਣ ਦਾ ਡਰ ਹੁੰਦਾ ਹੈ।

ਕੰਨਾਂ ਦਾ ਕੱਚਾ, ਕਦੇ ਨਾ ਹੁੰਦਾ ਸੁੱਚਾ: ਲਾਈ ਲੱਗ ਦਾ ਕੋਈ ਇਤਬਾਰ ਨਹੀਂ ਹੋ ਸਕਦਾ, ਉਹ ਤਾਂ ਜਿਸ ਨੇ ਲਾਈ ਗੱਲੀਂ, ਨਾਲ ਉਸੇ ਉੱਠ ਚੱਲੀ ਵਾਲੀ ਗੱਲ ਕਰਦਾ ਹੈ ।

ਕੰਮ ਤੇ ਰਹੇ ਤਾਂ ਕਾਜ਼ੀ, ਨਾ ਰਹੇ ਤਾਂ ਪਾਜੀ: ਜਿੰਨਾ ਚਿਰ ਕਿਸੇ ਤੋਂ ਮਤਲਬ ਲੈਣਾ ਹੁੰਦਾ ਹੈ, ਉੱਨਾਂ ਚਿਰ ਉਹਨੂੰ ਸਲਾਹੁਣਾ ਵਡਿਆਉਣਾ, ਤੇ ਮਗਰੋਂ ਉਸੇ ਨੂੰ ਭੰਡਣ ਲੱਗ ਪੈਣਾ।

ਕੰਮ ਦਾ ਨਾ ਕਾਜ ਦਾ, ਵੈਰੀ ਅਨਾਜ਼ ਦਾ: ਵਿਹਲਾ ਬਹਿ ਕੇ ਖਾਣ-ਪੀਣ ਤੇ ਹੀ ਲੱਕ ਬੰਨ੍ਹਿਆ ਹੋਣਾ, ਸ਼ਬਦ ਨਾ ਸਲੋਕ, ਬਾਬਾ ਟਿੱਕੀਆਂ ਦਾ ਠੋਕ।

ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ: ਜਦੋਂ ਇਹ ਦੱਸਣਾ ਹੋਵੇ ਕਿ ਚਮੜੀ ਦੀ ਸੁੰਦਰਤਾ ਨਾਲੋ ਕੰਮ ਵਧੇਰੇ ਚੰਗਾ ਮੰਨਿਆ ਜਾਂਦਾ ਹੈ।

ਕਾਹਲੀ ਅੱਗੇ ਟੋਏ ਹੀ ਟੋਏ: ਕਾਹਲੀ ਤੇ ਜਲਦੀ ਜਲਦੀ ਵਿਚ ਕੀਤਾ ਕੰਮ ਹਮੇਸ਼ਾਂ ਖ਼ਰਾਬ ਹੋ ਜਾਂਦਾ ਹੈ।

ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ: ਕਾਹਲੀ ਵਿਚ ਕੀਤਾ ਹੋਇਆ ਕੰਮ ਕਦੇ ਸੂਤ ਨਹੀਂ ਬਹਿੰਦਾ।

ਕਾਗ਼ਜ਼ਾਂ ਦੇ ਘੋੜੇ ਕਦ ਤਕ ਦੌੜੇ: ਕਮਜ਼ੋਰ ਆਦਮੀ ਬਹੁਤੀ ਦੇਰ ਮਿਹਨਤ ਨਹੀਂ ਕਰ ਸਕਦਾ।

ਕਾਠ ਦੀ ਹਾਂਡੀ ਇੱਕੋ ਵੇਰ ਚੜ੍ਹਦੀ ਹੈ: ਧੋਖੇਬਾਜ ਦਾ ਕੋਈ ਦੂਜੀ ਵੇਰ ਇਤਬਾਰ ਨਹੀਂ ਕਰਦਾ, ਪਾਜ ਉੱਖੜ ਹੀ ਜਾਂਦਾ ਹੈ।

ਕਾਠ ਦੀ ਬਿੱਲੀ, ਮਿਆਊਂ ਕੌਣ ਕਰੇ: ਜਦੋਂ ਕੋਈ ਕਮਜ਼ੋਰ ਬੰਦਾ ਕਿਸੇ ਵੱਡੇ ਕੰਮ ਵਿਚ ਅੱਗੇ ਹੋ ਜਾਵੇ, ਪਰ ਸਫਲਤਾ ਲਈ ਕੋਈ ਕਾਰਵਾਈ ਨਾ ਕਰ ਸਕੇ ।

ਕਾਣਿਆਂ ਦੀ ਇਕ ਰਗ ਜ਼ਿਆਦਾ ਹੁੰਦੀ ਹੈ: ਆਮ ਤੌਰ ਤੇ ਕਿਸੇ ਅੰਗਹੀਣ ਵਿਅਕਤੀ ਨੂੰ ਰੱਬ ਕੋਈ ਹੋਰ ਨਿਆਮਤ ਦੇ ਦਿੰਦਾ ਹੈ।

ਕਾਲ ਦੀ ਬੱਧੀ ਨਾ ਮੰਗਿਆ, ਪਰ ਬਾਲ ਦੀ ਬੱਧੀ ਮੰਗਿਆ: ਜਦ ਆਪ ਔਖੇ ਹੋਈਏ ਤਾਂ ਔਖਿਆਈ ਝੱਲ ਲਈਦੀ ਹੈ, ਕਿਸੇ ਅੱਗੇ ਹੱਥ ਨਹੀਂ ਅੱਡੀਦੇ ਤੇ

ਕਾਵਾਂ ਦੇ ਆਖਿਆਂ ਢੱਗੇ ਨਹੀ ਮਰਦੇ: ਜਦੋ ਕੋਈ ਭੈੜਾ ਕਿਸੇ ਨੂੰ ਬਦਅਸੀਸ ਦੇਵੇ ਤਾਂ ਉਸ ਤੋਂ ਬੇਪਰਵਾਹੀ ਵਰਤਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਕਿਸੇ ਨੂੰ ਵਗਾਰ ਖੇਚਲ ਨਹੀਂ ਪਾਈਦੀ, ਪਰ ਜਦ ਧੀ-ਪੁੱਤ ਨੂੰ ਲੋੜ ਜਾਂ ਔਖਿਆਈ ਬਣ ਜਾਵੇ, ਤਾਂ ਮਾਪੇ ਢੀਠ ਹੋ ਕੇ ਮੰਗਣ ਨੂੰ ਜਾਂ ਅਗਲੇ ਨੂੰ ਖੇਚਲ ਪਾਉਣ ਲਈ ਮਜ਼ਬੂਰ ਹੋ ਜਾਂਦੇ ਹਨ।

ਕਾਲੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ: ਪੱਕਿਆ ਹੋਇਆ ਜਾਂ ਜਮਾਂਦਰੂ ਸੁਭਾ ਬਦਲ ਨਹੀਂ ਸਕਦਾ।

ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ ?: ਮਾੜੇ ਗਰੀਬ ਬੰਦੇ ਤਕੜਿਆਂ ਧਨਾਢਾਂ ਦੀ ਰੀਸ ਨਹੀਂ ਕਰ ਸਕਦੇ।

ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ: ਮਾੜੇ ਗਰੀਬ ਬੰਦੇ ਤਕੜਿਆਂ ਧਨਾਢਾਂ ਦੀ ਰੀਸ ਨਹੀਂ ਕਰ ਸਕਦੇ।

ਕੀਤੀ ਕਰਾਈ ਖੂਹ ਵਿਚ ਪਾਈ: ਜਦੋਂ ਕਿਸੇ ਚੰਗੇ ਮਨੁੱਖ ਕੋਲੋਂ ਮਾੜਾ ਕੰਮ ਹੋ ਜਾਵੇ ਤਾਂ ਇਸ ਨੂੰ ਵਰਤਦੇ ਹਨ।

ਕੀੜੀ ਦੀ ਮੌਤ ਆਉਂਦੀ ਹੈ ਤਾਂ ਉਸਨੂੰ ਖੰਭ ਲੱਗ ਜਾਂਦੇ ਹਨ: ਜਦੋਂ ਕਿਸੇ ਦੇ ਦਿਨ ਭੈੜੇ ਆਉਂਦੇ ਹਨ, ਉਹ ਵਿਤੋਂ ਵਧ ਕੇ ਛਾਲਾਂ ਮਾਰਨ ਤੇ ਔਖੇ-ਔਖੇ ਕੰਮਾਂ ਨੂੰ ਹੱਥ ਪਾਉਣ ਲੱਗ ਪੈਂਦਾ ਹੈ, ਅਤੇ ਨੁਕਸਾਨ ਉਠਾਉਂਦਾ ਹੈ।

ਕੁੜਮ ਵਿਗੁੱਤਾ ਚੰਗਾ, ਗੁਆਂਢ ਵਿਗੁਤਾ ਮੰਦਾ: ਸੰਬੰਧੀਆਂ ਨਾਲ ਵਿਗਾੜ ਤਾਂ ਕਦੀ ਕਦੀ ਦੁਖੀ ਕਰਦਾ ਹੈ। ਪਰੰਤੂ ਗੁਆਂਢ ਨਾਲ ਸਦਾ ਹੀ ।

ਕੁੱਕੜ ਖੇਹ ਉਡਾਈ, ਆਪਣੇ ਹੀ ਸਿਰ ਪਾਈ: ਖੱਪ ਪਾ ਕੇ ਆਪਣੀ ਬੇ-ਇੱਜਤੀ ਆਪੇ ਕਰਾ ਲਈ।

ਕੁੱਛੜ ਕੁੜੀ ਸ਼ਹਿਰ ਢੰਡੋਰਾ: ਜਦੋਂ ਕੋਈ ਕਿਸੇ ਕੋਲ ਪਈ ਚੀਜ਼ ਨੂੰ ਲਭਦਾ ਫਿਰੇ ਤਾਂ ਵਰਤਿਆ ਜਾਂਦਾ ਹੈ।

ਕੁੱਤਾ ਭੌਂਕਦਾ ਕਾਰਖਾਨਾ ਚੱਲਦਾ: ਚੰਗੇ ਆਦਮੀ ਦੀ ਨਿੰਦਾ-ਚੁਗਲੀ ਕਰਨ ਨਾਲ ਚੰਗੇ ਬੰਦੇ ਦੀ ਚੰਗਿਆਈ ਵਿਚ ਕੋਈ ਫ਼ਰਕ ਨਹੀਂ ਪੈਂਦਾ।

ਕੁੱਤਾ ਰਾਜ ਬਹਾਲੀਏ, ਫਿਰ ਚੱਕੀ ਚੱਟੈ: ਜੇ ਮਮੂਲੀ ਤੇ ਘਟੀਆ ਹੈਸੀਅਤ ਵਾਲੇ ਬੰਦੇ ਨੂੰ ਬਹੁਤ ਉੱਚੀ ਪਦਵੀ ਦਿੱਤੀ ਜਾਵੇ, ਤਾਂ ਉਹ ਆਪਣੀ ਖ਼ਸਲਤ ਮੁਤਾਬਕ ਹੀ ਵਰਤੋਂ ਵਰਤਾਰਾ ਕਰਦਾ ਹੈ।

ਕੁੱਤਾ ਰੋਟੀ ਲੈ ਗਿਆ ਭਗਵਾਨ ਤੇਰੇ ਲੇਖੇ: ਕੰਜੂਸ ਦਾ ਨੁਕਸਾਨ ਹੋ ਜਾਵੇ ਤੇ ਉਹ ਕਹਿ ਦੇਵੇ ਕਿ ਮੈਂ ਦਾਨ ਕੀਤਾ ਹੈ ।

ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈ: ਇਹ ਅਖਾਣ ਸਫਾਈ ਦੀ ਸਿਖਿਆ ਦੇਣ ਲਈ ਵਰਤੀ ਜਾਂਦੀ ਹੈ।

ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ: ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।

ਕੁੱਤੇ ਦੀ ਪੂਛ ਨੂੰ ਬਾਰਾਂ ਵਰ੍ਹੇ ਵੰਝਲੀ ਵਿਚ ਪਾ ਛੱਡਿਆ, ਉਹ ਫੇਰ ਵੀ ਵਿੰਗੀ ਦੀ ਵਿੰਗੀ: ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।

ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਜਾ ਮਸੀਤੇ ਹੱਗਦਾ ਹੈ: ਜਦ ਕਿਸੇ ਦੇ ਦਿਨ ਭੈੜੇ ਹੋਣ ਤਾਂ ਉਹਦੀ ਮੱਤ ਮਾਰੀ ਜਾਂਦੀ ਹੈ, ਅਤੇ ਉਹ ਅਜੇਹੀ ਕਰਤੂਤ ਕਰਦਾ ਹੈ ਜਿਸ ਤੋਂ ਉਹਨੂੰ ਬਹੁਤ ਨੁਕਸਾਨ ਹੁੰਦਾ ਹੈ।

ਕੁੱਤੇ ਨੂੰ ਹੱਡੀ ਦਾ ਸਵਾਦ: ਜਦੋਂ ਕੋਈ ਮਨੁੱਖ ਆਪਣੇ ਨੁਕਸਾਨ ਬਾਰੇ ਜਾਣਦੇ ਹੋਏ ਵੀ ਭੈੜਾ ਕੰਮ ਜਾਂ ਐਬ ਨਾ ਛੱਡੇ ਤਾਂ ਵਰਤਦੇ ਹਨ।

ਕੁੱਤੇ ਨੂੰ ਘਿਉ ਨੀ ਪਚਦਾ: ਜੇਕਰ ਕਿਸੇ ਬੰਦੇ ਨੂੰ ਪਿਆਰ/ਖੁਸ਼ੀ/ਸੁੱਖ ਹਜ਼ਮ ਨਾ ਹੋਵੇ ਤਾਂ ਵਰਤਿਆ ਜਾਂਦਾ ਹੈ।

ਕੁੱਤੇ ਭੌਂਕਣ ਤਾਂ ਚੰਦ ਨੂੰ ਕੀ ?: ਬੰਦੇ ਦਾ ਥੁੱਕਿਆ ਚੰਦ ਤੀਕ ਨਹੀਂ ਅੱਪੜਦਾ, ਸੱਚੇ ਸੁੱਚੇ ਆਦਮੀ ਦੀ ਲੋਕੀਂ ਭਾਵੇਂ ਕਿੰਨੀ ਨਿੰਦਿਆ ਪਏ ਕਰਨ ਉਹ ਉਹਦਾ ਕੁਝ ਨਹੀਂ ਵਿਗਾੜ ਸਕਦੇ।

ਕੁੱਬੇ ਦੇ ਲੱਤ ਰਾਸ ਆਉਣੀ: ਜਦੋਂ ਆਪਣੇ ਵਲੋਂ ਕਿਸੇ ਦਾ ਨੁਕਸਾਨ ਕੀਤਾ ਜਾਵੇ ਪਰ ਉਸਨੂੰ ਲਾਭ ਹੋ ਜਾਵੇ।

ਕੁੱਬੇ ਬੂਟੇ ਤੇ ਹਰ ਕੋਈ ਜਾ ਚੜ੍ਹਦਾ ਹੈ: ਗ਼ਰੀਬ ਤੇ ਸ਼ਰੀਫ਼ ਨੂੰ ਹਰ ਕੋਈ ਦਬਾਣ ਦੀ ਕੋਸ਼ਿਸ਼ ਕਰਦਾ ਹੈ।

ਕੂੜ ਨਿਖੁਟੇ ਨਾਨਕਾ, ਓੜਕ ਸਚ ਰਹੀ (ਗੁਰੂ ਨਾਨਕ ਦੇਵ ਜੀ): ਅੰਤ ਸੱਚ ਦੀ ਹੀ ਜਿੱਤ ਹੁੰਦੀ ਹੈ, ਤੇ ਝੂਠੇ ਮਾਤ ਖਾ ਜਾਂਦੇ ਹਨ ।

ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ: ਆਪਣੇ ਵਿਚ ਮਸਤ ਰਹਿਣ ਵਾਲੇ ਜਾਂ ਮਤਲਬ ਪ੍ਰਸਤ ਲਈ ਵਰਤਿਆ ਜਾਂਦਾ ਹੈ।

ਕੋਹ ਨਾ ਤੁਰੀ, ਬਾਬਾ ਤਿਹਾਈ: ਜਿਹੜਾ ਆਦਮੀ ਕੋਈ ਕੰਮ ਕਰਦਿਆਂ ਹੀ ਕਹਿਣ ਲੱਗ ਪਵੇ ਕਿ ਮੈਂ ਥੱਕ ਗਿਆ ਹਾਂ, ਸਾਹ ਲੈ ਲੈਣ ਦਿਓ, ਉਸ ਤੇ ਢੁਕਾਉਂਦੇ ਹਨ।

ਕੋਠਾ ਉੱਸਰਿਆ, ਤਰਖਾਣ ਵਿੱਸਰਿਆ: ਜਦ ਕਿਸੇ ਗੋਚਰਾ ਕੰਮ ਪੂਰਾ ਹੋ ਜਾਵੇ ਤੇ ਉਹਦੀ ਲੋੜ ਨਾ ਰਹਿ ਜਾਵੇ, ਤਾਂ ਉਹਦੀ ਕੋਈ ਪਰਵਾਹ ਨਹੀਂ ਕਰਦਾ।

ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ: ਬੁਰੇ ਕੰਮ ਦੇ ਹਿੱਸੇਦਾਰ ਬਣਨ ਨਾਲ ਬਦਨਾਮੀ ਹੀ ਮਿਲੇਗੀ।

ਕੌਣ ਕਹੇ ਰਾਣੀਏ ਅੱਗਾ ਢਕ: ਵੱਡੇ ਡਾਢੇ ਲੋਕਾਂ ਦੇ ਔਗੁਣ ਜਾਂ ਭੁੱਲਾਂ ਉਹਨਾਂ ਸਾਹਮਣੇ ਕੋਈ ਨਹੀਂ ਚਿਤਾਰ ਸਕਦਾ।

ਖੜੇ ਦਾ ਖ਼ਾਲਸਾ: ਜਿਹੜਾ ਮੌਕੇ ਤੇ ਹੋਵੇਗਾ ਉਸਦਾ ਕੰਮ ਹੋ ਜਾਵੇਗਾ ।

ਖੰਡ, ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੋ ਜਾਂਦਾ: ਨਿਰੀਆਂ ਪੁਰੀਆਂ ਗੱਲਾਂ ਤੇ ਮੂੰਹ ਜ਼ਬਾਨੀ ਦੇ ਲਾਰਿਆਂ ਨਾਲ ਕਿਸੇ ਦੀ ਨਿਸ਼ਾ ਨਹੀਂ ਹੋ ਸਕਦੀ। ਰੋਟੀ ਰੋਟੀ ਆਖਿਆਂ ਢਿੱਡ ਨਹੀਂ ਭਰਦਾ ਤੇ ਭੁੱਖ ਨਹੀਂ ਲਹਿੰਦੀ।

ਖਾਈਏ ਦਾਲ, ਜਿਹੜੀ ਨਿਭੇ ਨਾਲ: ਸੰਜਮ ਦੀ ਸਿਖਿਆ ਦੇਣ ਲਈ ਇਹ ਅਖਾਣ ਵਰਤਦੇ ਹਨ ।

ਖਾਈਏ ਮਨ ਭਾਉਂਦਾ, ਹੰਢਾਈਏ ਜਗ ਭਾਉਂਦਾ: ਖੁਰਾਕ ਆਪਣੀ ਮਰਜ਼ੀ ਲੋੜ ਮੁਤਾਬਕ ਖਾਓ, ਪਰ ਪੁਸ਼ਾਕ ਅਜੇਹੀ ਪਹਿਨੋ ਜਿਸ ਨੂੰ ਲੋਕੀ ਠੀਕ ਸਮਝਣ।

ਖਾਈ ਭਲੀ ਕਿ ਮਾਈ ? ਖਾਈ ਭਲੀ ਕਿ ਜਾਈ ?: ਜਿਹੜਾ ਖਾਣ-ਪੀਣ ਨੂੰ ਦੇਵੇ ਉਹਨੂੰ ਮਾਂ, ਧੀਆਂ, ਪੁੱਤਾਂ ਆਦਿ ਨਾਲੋਂ ਚੰਗੇਰਾ ਗਿਣਿਆ ਜਾਂਦਾ ਹੈ।

ਖਾਣ ਪੀਣ ਨੂੰ ਗੱਲਾਂ, ਤੇ ਮਾਰ ਖਾਣ ਨੂੰ ਇਕੱਲਾ: ਜਦ ਖਾਣ-ਪੀਣ ਤੇ ਮੌਜ ਬਹਾਰਾਂ ਕਰਨ ਦਾ ਵੇਲਾ ਸੀ, ਤਾਂ ਬਹੁਤ ਜਾਣੇ ਭਾਈਵਾਲ ਸਨ, ਜਦ ਇਸ ਖਾਣ ਪੀਣ ਬਦਲੇ ਦੁੱਖ ਜਾਂ ਜੁੰਮੇਵਾਰੀ ਸਿਰ ਆ ਗਈ, ਤਾਂ ਸਭ ਕੁਝ ਇੱਕਲੇ ਨੂੰ ਹੀ ਝੱਲਣਾ ਪਿਆ।

ਖਾਣ ਪੀਣ ਨੂੰ ਢਾਈ ਮੰਨੀਆਂ, ਕੰਮ ਕਰਨ ਨੂੰ ਬਾਹੀਂ ਭੰਨੀਆਂ: ਜਿਹੜਾ ਆਦਮੀ ਖਾਣ-ਪੀਣ ਨੂੰ ਤਾਂ ਚੋਖਾ ਢਿੱਡ ਭਰਵਾਂ ਮੰਗੇ ਪਰ ਕੰਮ ਦੇ ਵੇਲੇ ਬਹਾਨੇ ਲਾਵੇ ਤੇ ਕੁਝ ਵੀ ਨਾ ਕਰੇ ।

ਖਾਣ ਪੀਣ ਨੂੰ ਬਾਂਦਰੀ ਤੇ ਫਾਹੇ ਚੜ੍ਹਨ ਨੂੰ ਰਿੱਛ: ਖਾਣ ਪੀਣ ਨੂੰ ਭਾਗ ਭਰੀ ਤੇ ਧੌਣ ਭਨਾਉਣ ਨੂੰ ਜੁੰਮਾ: ਕਮਾਵੇ ਕੋਈ ਤੇ ਖਾਵੇ ਕੋਈ, ਮਿਹਨਤ ਮਜੂਰੀ ਕੋਈ ਕਰੇ ਪਰ ਫਲ ਕੋਈ ਹੋਰ ਹੀ ਖਾਵੇ।

ਖਾਧਿਆਂ ਖ਼ੂਹ ਵੀ ਖਾਲੀ ਹੋ ਜਾਂਦੇ ਨੇ: ਵਿਹਲੇ ਬਹਿ ਕੇ ਖਾਣ ਨਾਲ ਤਾਂ ਜੋੜਿਆ ਧੰਨ ਵੀ ਮੁੱਕ ਜਾਂਦਾ ਹੈ।

ਖਾਲੀ ਸੰਖ ਵਜਾਵੇ ਦੀਪਾ: ਜਦ ਕੋਈ ਬੰਦਾ ਫੋਕੀਆਂ ਫੜ੍ਹਾਂ ਮਾਰੇ, ਤਾਂ ਉਸ ਤੇ ਘਟਾਉਂਦੇ ਹਨ।

ਖਾਂਦੇ ਨੂੰ ਖਾਣ ਨਾ ਦੇਣਾ ਤੇ ਲੈਂਦੇ ਨੂੰ ਲੈਣ ਨਾ ਦੇਣਾ: ਕਿਸੇ ਗ਼ਰੀਬ ਦੀ ਮਾੜੀ ਮੋਟੀ ਖੁਸ਼ੀ ਤੇ ਨਾ ਹੀ ਉਸਦੇ ਚੰਗੇ ਦਿਨਾਂ ਨੂੰ ਆਉਂਦੇ ਵੇਖ ਕੇ ਖੁਸ਼ ਹੋਣਾ।

ਖੁਦਾ ਨੇੜੇ ਕਿ ਘਸੁੰਨ ?: ਡਾਢੇ ਦਾ ਸੱਤੀਂ ਵੀਹੀਂ ਸੌ। ਰੱਬ ਦਾ ਵਾਸਤਾ ਸੁਣ ਕੇ ਉੱਨਾ ਕੰਮ ਨਹੀਂ ਕਰਦੇ ਤੇ ਆਖੇ ਨਹੀਂ ਲੱਗਦੇ ਜਿੰਨਾ ਘਸੁੰਨ ਕੁਟਾਪੇ ਦੇ ਡਰ ਤੋਂ ਕਰਦੇ ਹਨ।

ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ ਹੈ: ਏਥੋਂ ਜਿੰਨੀ ਖੱਟੀ ਹੁੰਦੀ ਹੈ ਉੱਨਾ ਹੀ ਏਥੇ ਖਰਚ ਆ ਜਾਂਦਾ ਹੈ।

ਖੂਹ ਪੁੱਟਦੇ ਨੂੰ ਖਾਤਾ ਤਿਆਰ: ਜਿਹੜਾ ਆਦਮੀ ਕਿਸੇ ਦੇ ਰਾਹ ਵਿਚ ਕੰਡੇ ਬੀਜਦਾ ਹੈ, ਉਹਦੇ ਆਪਣੇ ਪੈਰ ਵੀ ਵਿੰਨ੍ਹੇ ਜਾਂਦੇ ਹਨ। ਕਿਸੇ ਦਾ ਬੁਰਾ ਕਰਨ ਵਾਲੇ ਦਾ ਵੀ ਬੁਰਾ ਹੀ ਹੁੰਦਾ ਹੈ।

ਖੇਤੀ ਖਸਮਾਂ ਸੇਤੀ: ਵਾਹੀ ਜਾਂ ਹੋਰ ਕਾਰ-ਵਿਹਾਰ ਵਿਚ ਤਾਂ ਹੀ ਸਫਲਤਾ ਹੁੰਦੀ ਹੈ ਜੇ ਮਾਲਕ ਸਿਰ ਹੋ ਕੇ ਕੰਮ ਕਰੇ ਕਰਾਵੇ।

ਖੈਰ ਕਲੰਦਰਾਂ, ਹੁੱਝਾਂ ਬਾਂਦਰਾਂ: ਕਮਾਵੇ ਕੋਈ ਤੇ ਖਾਵੇ ਕੋਈ, ਖੇਚਲ ਕੋਈ ਹੋਰ ਕਰੇ ਤੇ ਫਾਇਦਾ ਕੋਈ ਉਠਾਵੇ।ਖਵਾਜੇ ਦਾ ਗਵਾਹ ਡੱਡੂ: ਜਿਹੜਾ ਜਿਸ ਕੋਲ ਰਹਿੰਦਾ ਹੈ ਉਸੇ ਦਾ ਸਾਥ ਦਿੰਦਾ ਹੈ ।

ਖੋਤੇ ਨੂੰ ਡਾਂਗ ਤੇ ਸਿਆਣੇ ਨੂੰ ਇਸ਼ਾਰਾ ਕਾਫ਼ੀ: ਮੂਰਖ ਬੰਦੇ ਨੂੰ ਬੜੀ ਮੁਸ਼ਕਿਲ ਗੱਲ ਸਮਝ ਆਉਂਦੀ ਹੈ ਤੇ ਸਿਆਣੇ ਲਈ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ।

ਗਊ ਪੁੰਨ ਦੀ, ਦੰਦ ਕੌਣ ਗਿਣੇ: ਮੁਫਤ ਦੀ ਚੀਜ਼ ਮਿਲੇ ਤਾਂ ਉਸ ਦੀ ਪੜਤਾਲ ਕੌਣ ਕਰਦਾ ਹੈ ।

ਗਏ ਨਿਮਾਣੇ ਰੋਜੜੇ ਰਹਿ ਗਏ ਨੌ ਤੇ ਵੀਹ: ਜਦੋਂ ਕੰਮ ਤਾਂ ਬਹੁਤ ਸਾਰਾ ਬਾਕੀ ਪਿਆ ਹੋਵੇ, ਪਰ ਕੰਮ ਕਰਨ ਵਾਲਾ ਇਉਂ ਦੱਸੇ, ਜਿਵੇਂ ਮੁੱਕਣ ਵਾਲਾ ਹੋਵੇ ਤਾਂ ਹਾਸ ਰਸ ਵਿਚ ਕਹਿੰਦੇ ਹਨ।

ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ: ਮਾੜੇ ਮਨੁੱਖ ਦੀ ਚੀਜ਼ ਨੂੰ ਹਰ ਕੋਈ ਧੱਕੇ ਨਾਲ ਵਰਤਣ ਦੀ ਕੋਸ਼ਿਸ਼ ਕਰਦਾ ਹੈ।

ਗ਼ਰੀਬ ਨੂੰ ਰੱਬ ਦੀ ਮਾਰ: ਗ਼ਰੀਬ ਆਦਮੀ ਨੂੰ ਵਧੇਰੇ ਦੁੱਖ ਸਹਿਣੇ ਪੈਂਦੇ ਹਨ।

ਗ਼ਰੀਬ ਰੱਖੇ ਰੋਜ਼ੇ, ਦਿਨ ਵੱਡੇ ਆਏ: ਜਦ ਕੋਈ ਬੰਦਾ ਅਜੇਹਾ ਕੰਮ ਅਰੰਭ ਕਰੇ ਜਿਹੜਾ ਹੋਰ ਬਥੇਰੇ ਕਰਦੇ ਹੋਣ, ਪਰ ਉਹਨੂੰ ਹੋਰਨਾਂ ਨਾਲੋਂ ਵਧੇਰੇ ਔਖਿਆਈ ਦਾ ਟਾਕਰਾ ਕਰਨਾ ਪਵੇ ।

ਗਲ ਪਇਆ ਢੋਲ ਵਜਾਉਣਾ ਪੈਂਦਾ ਹੈ: ਸਿਰ ਪਿਆ ਕੰਮ ਔਖੇ ਹੋ ਕੇ ਵੀ ਕਰਨਾ ਪੈਂਦਾ ਹੈ।

ਗੱਲ ਹੋਈ ਪੁਰਾਣੀ, ਬੁਕਲ ਮਾਰ ਬੈਠੀ ਚੁਧਰਾਣੀ: ਜਦੋਂ ਕੋਈ ਬੰਦਾ ਨਮੋਸ਼ੀ ਵਾਲਾ ਕੋਈ ਕੰਮ ਕਰ ਕੇ ਕੁਝ ਚਿਰ ਤਾਂ ਸ਼ਰਮ ਮਹਿਸੂਸ ਕੇ ਪਿਛਾਂਹ ਪਿਛਾਂਹ ਰਹੇ, ਪਰ ਸਮਾਂ ਲੰਘ ਜਾਣ ਤੇ ਬੜਾ ਸਾਊ ਤੇ ਚੌਧਰੀ ਬਣ-ਬਣ ਬਹੇ, ਤਾਂ ਕਹਿੰਦੇ ਹਨ।

ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਘਰੋਂ ਕਢਾਊਂ: ਮੂੰਹੋਂ ਕੱਢੀ ਗੱਲ ਝੱਟ ਖਿੱਲਰ ਜਾਂਦੀ ਹੈ ਅਤੇ ਉਹ ਅਜੇਹੀ ਹੋਵੇ ਜਿਸ ਤੋਂ ਲੋਕ ਉਹ ਗੱਲ ਕਹਿਣ ਵਾਲੇ ਦੇ ਮਗਰ ਪੈ ਜਾਣ, ਤਾਂ ਉਹਨੂੰ ਔਖਿਆਂ ਹੋਣਾ ਪੈਂਦਾ ਹੈ।

ਗੱਲ ਕਰਾਂ ਗੱਲ ਨਾਲ, ਤੇ ਨੱਕ ਵੱਢਾਂ ਵੱਲ ਨਾਲ; ਗੱਲ ਲਾਈਏ ਗਿੱਟੇ, ਕੋਈ ਰੋਵੇ ਕੋਈ ਪਿੱਟੇ: ਕਿਸੇ ਦੇ ਸਿਰ ਠਾਹ-ਸੋਟਾ ਮਾਰਨ ਦੀ ਥਾਂ ਗੱਲ ਅਜੇਹੇ ਸਿਆਣੇ ਢੰਗ ਨਾਲ ਕਿਸੇ ਨੂੰ ਲਾਉਣੀ ਕਿ ਉੱਤੋਂ ਉੱਤੋਂ ਉਹ ਬੁਰੀ ਨਾ ਲੱਗੇ ਪਰ ਜਦ ਉਹ ਬਹਿ ਕੇ ਸੋਚੇ, ਤਾਂ ਉਹਨੂੰ ਖੂਬ ਮਿਰਚਾਂ ਲੱਗਣ।

ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ: ਜਿਹੜਾ ਬੰਦਾ ਫੋਕੀਆਂ ਫੜ੍ਹਾਂ ਮਾਰਦਾ ਫਿਰੇ ਪਰ ਹੱਥੀਂ ਕੁਝ ਵੀ ਨਾ ਕਰੇ, ਕੰਮ ਜਾਂ ਖਰਚ ਦੇ ਵੇਲੇ ਆਪ ਪਿਛਾਂਹ ਹਟ ਜਾਵੇ ਤੇ ਹੋਰ ਕਿਸੇ ਨੂੰ ਅੱਗੇ ਡਾਹਵੇ, ਤਾਂ ਉਸ ਬਾਰੇ ਕਹਿੰਦੇ ਹਨ।

ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਔਂਦੀਆਂ: ਕਿਸੇ ਖਾਊ ਵਿਅਕਤੀ ਕੋਲ ਗਈ ਚੀਜ਼ ਕਦੇ ਵਾਪਿਸ ਨਹੀਂ ਆਉਂਦੀ।

ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ: ਮੌਕੇ ਅਨੁਸਾਰ ਬਦਲ ਜਾਣਾ।

ਗੰਗਾ ਦਾ ਰਾਹ ਤਾਂ ਸਾਰੇ ਦਸਦੇ ਨੇ ਪਰ ਨਾਲ ਕੋਈ ਨੀ ਜਾਂਦਾ: ਸੁਕੀ ਦਲੇਰੀ ਦੇਣੀ, ਪਰ ਸਾਥ ਨਹੀਂ ਦੇਣਾ।

ਗਾਹਕ ਦਾ ਤੇ ਮੌਤ ਦਾ ਕੋਈ ਪਤਾ ਨਹੀਂ: ਗਾਹਕ ਤੇ ਮੌਤ ਦੇ ਆਉਣ ਦਾ ਸਮਾਂ ਮਨੁੱਖ ਨੂੰ ਨਹੀਂ ਪਤਾ ਹੁੰਦਾ।

ਗਿੱਦੜ ਦਾਖ ਨਾ ਅਪੜੇ ਆਖੇ ਥੂਹ ਕੌੜੀ: ਕੰਮ ਕਰਨ ਦੀ ਸ਼ਕਤੀ ਅਪਣੇ ਵਿਚ ਨਾ ਹੋਣਾ, ਪਰ ਦੋਸ਼ ਦੂਜਿਆਂ ਸਿਰ ਦੇਣਾ।

ਗਿੱਦੜ ਦੇ ਗੂੰਹ ਦੀ ਲੋੜ ਪਈ ਤਾਂ ਆਖੇ ਯਾਰ ਪਹਾੜੀਂ ਹੱਗਦੇ ਨੇ: ਜਦ ਕਿਸੇ ਮਾਮੂਲੀ ਜਿਹੇ ਆਦਮੀ ਦੀ ਮਾਮੂਲੀ ਜੇਹੀ ਸਹਾਇਤਾ ਦੀ ਲੋੜ ਪਵੇ, ਤੇ ਉਹ ਅੱਗੋਂ ਆਕੜ ਕੇ ਨਾਂਹ ਕਰ ਦੇਵੇ ।

ਗੁੜ ਘਿਉ ਮੈਦਾ ਤੇਰਾ, ਜਲ ਫੂਕ ਬਸੰਤਰ ਮੇਰਾ: ਜਦ ਕੋਈ ਆਦਮੀ ਹਿੱਸਾ ਤਾਂ ਪੂਰਾ ਲੈਣਾ ਚਾਹੇ ਪਰ ਖਰਚ ਦੀ ਵਾਰੀ ਪਿਛਾਂਹ ਹਟੇ ।

ਗੁੜ ਦਿੱਤਿਆਂ ਮਰੇ ਤਾਂ ਮਹੁਰਾ ਕਿਉਂ ਦੇਈਏ ?: ਜਦ ਕੋਈ ਕੰਮ ਮਿੱਠੇ ਢੰਗ ਨਾਲ ਕੀਤਾ ਜਾ ਸਕਦਾ ਹੋਵੇ, ਤਾਂ ਅਗਲੇ ਨੂੰ ਔਖਿਆਂ ਕਰ ਕੇ ਉਹ ਕੰਮ ਲੈਣ ਦੀ ਕੀ ਲੋੜ ?

ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤ ਨਹੀਂ: ਜਿਵੇਂ ਗੁਰੂ ਹੀ ਮਨੁੱਖ ਦਾ ਰਾਹ ਦਸੇਰਾ ਬਣਦਾ ਹੈ ਉਵੇਂ ਹੀ ਕਿਸੇ ਔਖੇ ਵੇਲੇ ਸ਼ਾਹ ਕੋਲੋਂ ਹੀ ਉਧਾਰ ਲਿਆਂ ਇੱਜ਼ਤ ਬਚਾਈ ਜਾ ਸਕਦੀ ਹੈ।

ਗੂੰਗੇ ਦੀਆਂ ਸੈਨਤਾਂ ਗੂੰਗੇ ਦੀ ਮਾਂ ਹੀ ਜਾਣੇ: ਜਦ ਕੋਈ ਜਣਾ ਕੋਈ ਗੋਲ ਮੋਲ ਜਿਹੀ ਗੱਲ ਕਰੇ ਜਿਸ ਦੀ ਆਮ ਲੋਕਾਂ ਨੂੰ ਸਮਝ ਨਾ ਆਵੇ ।

ਗੋਲੀ ਕਿਹਦੀ ਤੇ ਗਹਿਣੇ ਕਿਹਦੇ ?: ਅਸੀਂ ਤੁਹਾਡੇ ਹਾਂ ਅਤੇ ਸਾਡਾ ਸਭ ਕੁਝ ਤੁਹਾਡਾ ਹੀ ਹੈ, ਜਿਵੇਂ ਚਾਹੇ ਤਿਵੇਂ ਵਰਤੋ।

ਗੋਲੀ ਕੋਲੋਂ ਬੋਲੀ ਬੁਰੀ: ਗੋਲੀ ਨਾਲ ਲਗਿਆ ਜ਼ਖ਼ਮ ਭਰ ਜਾਂਦਾ ਹੈ, ਪਰ ਜ਼ਬਾਨ ਨਾਲ ਬੋਲੀ ਭੈੜੀ ਗੱਲ ਨਹੀਂ ਭੁਲਦੀ।

ਗੋਲੇ ਹੋ ਕੇ ਕਮਾਈਏ, ਤੇ ਵਿਹਲੇ ਹੋ ਕੇ ਖਾਈਏ: ਕਰ ਮਜੂਰੀ ਤੇ ਖਾ ਚੂਰੀ, ਕੰਮ ਦਿਲ ਲਾ ਕੇ ਕਰੀਏ ਤਾਂ ਹੀ ਫਲ ਸੁਆਦੀ ਲਗਦਾ ਹੈ।

ਗੌਂ ਭੁਨਾਵੇ ਜੌਂ, ਭਾਵੇਂ ਗਿੱਲੇ ਹੋਣ: ਮਤਲਬ ਲਈ ਮਨੁੱਖ ਨੂੰ ਸਭ ਕੁਝ ਕਰਨਾ ਪੈਂਦਾ ਹੈ ।

ਘਰ ਸਭ ਤੋਂ ਉੱਤਮ ਪੂਰਬ ਭਾਵੇਂ ਪੱਛਮ: ਜੋ ਸੁਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ; ਜੋ ਸੁਖ, ਅਨੰਦ ਘਰ ਵਿਚ ਮਿਲ ਸਕਦਾ ਹੈ, ਉਹ ਬਾਹਰ ਨਹੀਂ ਮਿਲਦਾ।

ਘਰ ਖਾਣ ਨੂੰ ਨਹੀਂ, ਮਾਂ ਪਰੀਹਣ ਗਈ: ਘਰ ਵਿਚ ਤਾਂ ਆਪਣੇ ਖਾਣ ਜੋਗਾ ਵੀ ਨਹੀਂ ਤੇ ਕਹਿੰਦਾ ਹੈ ਮੇਰੀ ਮਾਂ ਪਿੰਡ ਵਿਚ ਸੀਰਾ ਵੰਡਣ ਗਈ ਹੈ। ਅਸਲੀਅਤ ਦੇ ਵਿਰੁੱਧ ਫੜ੍ਹਾਂ ਮਾਰਨ ਵਾਲੇ ਤਾਂ ਘਟਾਉਂਦੇ ਹਨ।

ਘਰ, ਘਰ ਵਾਲੀ ਨਾਲ: ਇਸਤਰੀ ਬਿਨਾਂ ਮਨੁੱਖ ਦਾ ਘਰ ਨਹੀਂ ਵਸਦਾ।

ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ: ਜਦ ਕੋਈ ਆਪਣੇ ਘਰ ਦੇ ਸਿਆਣੇ ਬੰਦਿਆਂ ਨੂੰ ਛੱਡ ਕੇ ਹੋਰਨਾਂ ਕੋਲੋਂ ਸਲਾਹ ਲੈਣ ਜਾਵੇ ਤਾਂ ਕਹਿੰਦੇ ਹਨ।

ਘਰ ਦਾ ਪਾਟਾ ਰਿਜ਼ਕ ਦਾ ਘਾਟਾ: ਕਲ੍ਹਾ ਕਲੰਦਰ ਵਸੇ ਘੜਿਉਂ ਪਾਣੀ ਨੱਸੇ।

ਘਰ ਦਾ ਭੇਤੀ ਲੰਕਾ ਢਾਏ: ਘਰ ਦਾ ਭੇਤੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ।

ਘਰ ਦੀ ਅੱਧੀ, ਬਾਹਰ ਦੀ ਪੂਰੀ ਕੋਲੋਂ ਚੰਗੀ: ਘਰ ਦੀ ਥੋੜ੍ਹੀ ਚੀਜ਼ ਵੀ ਬਾਹਰੋਂ ਮੰਗੀ ਚੀਜ਼ ਤੋਂ ਚੰਗੀ ਹੁੰਦੀ ਹੈ।

ਘਰ ਦੀ ਕੁਕੜੀ/ਮੁਰਗੀ ਦਾਲ ਬਰਾਬਰ: ਘਰ ਦੀ ਪਲੀ ਹੋਈ ਕੁਕੜੀ ਬਜਾਰੋਂ ਲਿਆਂਦੀ ਦਾਲ ਨਾਲੋਂ ਸਸਤੀ ਪੈਂਦੀ ਹੈ। ਘਰ ਬਣਾਈ ਚੰਗੀ ਸੋਹਣੀ ਚੀਜ਼ ਮੁੱਲ ਦੀ ਮਮੂਲੀ ਚੀਜ਼ ਨਾਲੋਂ ਸਸਤੀ ਹੁੰਦੀ ਹੈ।

ਘਰ ਦੀ ਖੰਡ ਕਿਰਕਿਰੀ, ਬਾਹਰ ਦਾ ਗੁੜ ਮਿੱਠਾ: ਜਦੋਂ ਘਰ ਦੀ ਚੰਗੀ ਚੀਜ ਪਸੰਦ ਨਾ ਆਵੇ, ਪਰ ਬਾਹਰੋਂ ਮਾੜੀ ਵੀ ਚੰਗੀ ਲੱਗੇ, ਤਾ ਕਹਿੰਦੇ ਹਨ।

ਘਰ ਫੂਕ ਤਮਾਸਾ ਵੇਖਣਾ: ਆਪਣਾ ਨੁਕਸਾਨ ਕਰਕੇ ਖ਼ੁਸ਼ ਹੋਣਾ।

ਘਰ ਲੜਾਕੀ, ਬਾਹਰ ਸੰਘਣੀ ਮੇਲੋ ਮੇਰਾ ਨਾਂ: ਘਰ ਵਾਲਿਆਂ ਨਾਲ ਤਾਂ ਅਜੋੜ ਰੱਖਣਾ, ਪਰ ਬਾਹਰ ਮਿੱਠੀ ਬਣ ਕੇ ਰਹਿਣਾ ।

ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਹੁੰਦਿਆਂ ਦੇ: ਇਹ ਅਖਾਣ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਘਰ ਦਾ ਵਾਸਾ ਰੱਖਣ ਨਾਲ, ਸਾਕਾਦਾਰੀ ਮਿਲਦੇ ਗਿਲਦੇ ਰਹਿਣ ਨਾਲ, ਖੇਤ ਵਾਹੁੰਦੇ ਰਹਿਣ ਨਾਲ ਹੀ ਮਾਲਕੀ ਕਾਇਮ ਰਹਿੰਦੀ ਹੈ।

ਘਰ ਵਾਲੇ ਘਰ ਨਹੀਂ, ਹੋਰ ਕਿਸੇ ਦਾ ਡਰ ਨਹੀਂ: ਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ।

ਘਰੋਂ ਖਾਂਦਿਆਂ ਦੇ ਅੰਗ ਸਾਕ ਸੱਭੇ: ਰਿਸਤੇਦਾਰਾਂ ਦੇ ਸੰਬੰਧ ਖਾਂਦੇ ਪੀਦੇ ਸੰਬੰਧੀਆਂ ਨਾਲ ਹੀ ਹੁੰਦੇ ਹਨ।

ਘਰੋਂ ਘਰ ਗਵਾਇਆ, ਬਾਹਰ ਭੜੂਆ ਕਹਾਇਆ: ਆਪਣੇ ਘਰ ਦਾ ਨੁਕਸਾਨ ਕਰਾਉਣਾ ਤੇ ਬਾਹਰੋਂ ਮਖੌਲ ਕਰਵਾਉਣਾ।

ਘਰੋਂ ਚੂਹੇ ਰੁਸ ਰੁਸ ਜਾਂਦੇ ਬਾਹਰ ਖੜਪੈਂਚ: ਜਿਸ ਦੀ ਘਰ ਵਿਚ ਕੋਈ ਨਾ ਮੰਨਦਾ ਹੋਵੇ ਪਰ ਬਾਹਰ ਲੋਕਾਂ ਨੂੰ ਸਿਖਿਆ ਦੇਂਦਾ ਫਿਰੇ।

ਘਰੋਂ ਜਾਈਏ ਖਾ ਕੇ, ਤਾਂ ਬਾਹਰੋਂ ਮਿਲਨ ਪਕਾ ਕੇ, ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ: ਰੱਬ ਰੱਜਿਆਂ ਨੂੰ ਹੀ ਰਜਾਉਂਦਾ ਹੈ। ਜਿਹੜਾ ਹੋਰਨਾਂ ਦੀ ਆਸ ਉੱਤੇ ਘਰੋਂ ਤੁਰ ਪੈਂਦਾ ਹੈ ਅਤੇ ਆਪਣੀ ਸਹਾਇਤਾ ਤੇ ਲੋੜ-ਪੂਰਤੀ ਲਈ ਆਪ ਉੱਦਮ ਨਹੀਂ ਕਰਦਾ, ਉਹਨੂੰ ਨਿਰਾਸ ਹੀ ਹੋਣਾ ਪੈਂਦਾ ਹੈ।

ਘੜੀ ਦੇ ਘੁਥਿਆਂ ਸੌ ਕੋਹਾਂ ਤੇ ਜਾ ਪਈਦਾ ਹੈ: ਵੇਲੇ ਤੋਂ ਖੁੰਝ ਜਾਈਏ ਤਾਂ ਬਹੁਤ ਔਖੇ ਹੋਣਾ ਤੇ ਨੁਕਸਾਨ ਝੱਲਣਾ ਪੈਂਦਾ ਹੈ।

ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ: ਜਦ ਕਿਸੇ ਇਕ ਜਣੇ ਨੂੰ ਕੋਈ ਚੀਜ਼ ਦੇਣ ਲੱਗੀਏ ਤੇ ਪਾਸੋਂ ਹੋਰ ਬਹੁਤ ਸਾਰੇ ਉਹ ਸ਼ੈ ਮੰਗਣ ਲੱਗ ਪੈਣ ਤਾਂ ਕਹਿੰਦੇ ਹਨ।

ਘਿਓੁ ਡੁੱਲ੍ਹਾ ਥਾਲ, ਨਾ ਮਿਹਣਾ ਨਾ ਗਾਲ: ਜਦੋਂ ਕਿਸੇ ਚੀਜ ਦਾ ਨੁਕਸਾਨ ਹੁੰਦਾ ਤਾਂ ਦਿਸੇ, ਪਰ ਅਸਲ ਵਿਚ ਨੁਕਸਾਨ ਨਾ ਹੋਇਆ ਹੋਵੇ।

ਘਿਉ ਵਿਚ ਰੰਬਾ ਬੜਾ ਅਚੰਭਾ: ਕਿਸੇ ਸ਼ੈ ਦੀ ਹੱਦੋਂ ਵੱਧ ਵਰਤੋਂ ਕਰਨ ਵਾਲੇ ਉਤੇ ਘਟਾਉਂਦੇ ਹਨ।

ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਹੈ: ਹਰ ਕਿਸੇ ਨੂੰ ਆਪਣੀ ਸ਼ੈ ਹੀ ਚੰਗੀ ਲੱਗਦੀ ਹੈ, ਆਪਣਾ ਨੀਂਗਰ ਪਰਾਇਆ ਢੀਂਗਰ।

ਘੋੜਾ ਘਾਹ ਨਾਲ ਯਾਰੀ ਲਾਵੇਗਾ ਤਾਂ ਕੀ ਖਾਵੇਗਾ: ਆਪਣੇ ਪੇਟ ਦੇ ਹਿੱਤ ਖ਼ਾਤਿਰ ਸਭ ਯਾਰੀਆਂ ਵਿਸਰ ਜਾਦੀਆਂ ਹਨ।

ਘੋੜੇ ਦੀ ਪੂਛ ਲੰਬੀ ਹੋਵੇਗੀ ਤਾਂ ਆਪਣਾ ਆਪ ਹੀ ਕੱਜੇਗੀ: ਜੇ ਕਿਸੇ ਕੋਲ ਕੋਈ ਚੀਜ਼ ਹੋਵੇਗੀ ਤਾਂ ਲਾਭ ਉਸੇ ਨੂੰ ਹੀ ਹੋਵੇਗਾ।

ਚਮੜੀ ਜਾਵੇ, ਦਮੜੀ ਨਾ ਜਾਵੇ: ਜਿਹੜਾ ਕੰਜੂਸ ਬੰਦਾ ਵੱਧ ਤੋਂ ਵੱਧ ਔਖਿਆਈ ਝੱਲ ਕੇ ਵੀ ਪੈਸਾ ਬਚਾਉਣ ਦਾ ਜਤਨ ਕਰੇ, ਉਸ ਤੇ ਘਟਾਉਂਦੇ ਹਨ।

ਚੜ੍ਹਦੇ ਸੂਰਜਾ ਨੂੰ ਸਲਾਮਾਂ: ਤਾਕਤਵਰ ਤੇ ਚੜ੍ਹਤ ਵਾਲੇ ਬੰਦੇ ਦੀ ਸਾਰੇ ਸਿਫ਼ਤ ਕਰਦੇ ਹਨ ਜਾਂ ਉਸ ਅੱਗੇ ਝੁਕਦੇ ਹਨ।

ਚੜ੍ਹਿਆ ਸੌ ਤੇ ਲੱਥਾ ਭੌ: ਬਹੁਤਾ ਕਰਜਾ ਚੜ੍ਹਣ ਤੇ ਬੰਦਾ ਬੇਪ੍ਰਵਾਹ ਹੋਂ ਜਾਂਦਾ ਹੈ।

ਚੜ੍ਹੀ ਲੱਥੀ ਦੀ ਨਾ ਹੋਣੀ: ਬੇਸ਼ਰਮ ਮਨੁੱਖ ਜਿਸ ਨੂੰ ਆਪਣੀ ਬੇਇਜ਼ਤੀ ਦਾ ਅਹਿਸਾਸ ਨਾ ਹੋਵੇ।

ਚੱਕੀ ਦਾ ਪੀਠਾ ਚੰਗਾ, ਤੇ ਦੰਦਾਂ ਦਾ ਪੀਠਾ ਮੰਦਾ: ਮਿਹਨਤ ਕਰ ਕੇ ਕਮਾਇਆ ਮੰਗ ਮੰਗ ਕੇ ਲਏ ਨਾਲੋਂ ਚੰਗਾ ਹੈ, ਮੰਗਣ ਨਾਲੋਂ ਮਜੂਰੀ ਚੰਗੀ।

ਚੱਜ ਨਾ ਆਚਾਰ ਤੇ ਘੁਲਣ ਨੂੰ ਤਿਆਰ: ਹਰ ਸਮੇਂ ਲੜਾਈ ਲਈ ਤਿਆਰ ਰਹਿਣ ਵਾਲੇ ਲਈ ਵਰਤਦੇ ਹਨ।

ਚੰਗੀ ਕਰ ਬਹਾਲੀ, ਪੇੜੇ ਲਏ ਚੁਰਾ: ਜਦ ਕਿਸੇ ਨੂੰ ਚੰਗਾ ਸਮਝ ਕੇ ਜੁੰਮੇਵਾਰੀ ਵਾਲੇ ਥਾਂ ਬਹਾ ਦੇਈਏ ਅਤੇ ਉਹ ਅੱਗੋਂ ਬੇਈਮਾਨੀ ਕਰ ਕੇ ਆਪਣਾ ਉੱਲੂ ਸਿੱਧਾ ਕਰ ਕੇ ਤੇ ਆਪਣਿਆਂ ਨੂੰ ਪਾਲਣ ਲੱਗ ਪਵੇ, ਤਾਂ ਕਹਿੰਦੇ ਹਨ।

ਚੰਦ ਚੜ੍ਹੇ ਗੁੱਝੇ ਨਹੀਂ ਰਹਿੰਦੇ: ਚੰਗੇ ਸ਼ੁਭ ਕੰਮ ਕਰਨ ਵਾਲੇ ਬੰਦੇ ਬਦੋ-ਬਦੀ ਮਸ਼ਹੂਰ ਹੋ ਜਾਂਦੇ ਹਨ।

ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ ਹੈ: ਸੱਚੇ ਸੁੱਚੇ ਬੰਦੇ ਦੀ ਨਿੰਦਿਆ ਕੀਤਿਆਂ ਉਸ ਦਾ ਕੁਝ ਨਹੀਂ ਵਿਗੜਦਾ, ਸਗੋਂ ਨਿੰਦਕ ਨੂੰ ਹੀ ਨੁਕਸਾਨ ਹੁੰਦਾ ਹੈ, ਉਹਦੀ ਹੀ ਭੰਡੀ ਹੁੰਦੀ ਹੈ।

ਚੰਦਰਾ ਗਵਾਂਢ ਤੇ ਲਾਈ ਲਗ ਖ਼ਸਮ ਨਾ ਹੋਵੇ: ਭੈੜੇ ਤੇ ਬੇਸਮਝ ਨਾਲ ਵਾਸਤਾ ਨਾ ਹੀ ਪਵੇ ਤਾਂ ਚੰਗਾ ਹੁੰਦਾ ਹੈ।

ਚੰਨ ਚੜ੍ਹੇ ਗੁੱਝੇ ਨਹੀਂ ਰਹਿੰਦੇ: ਕਿਸੇ ਦੀ ਚੰਗੀ ਤੇ ਸ਼ੁਭ ਗੱਲ ਲੋਕਾਂ ਨੂੰ ਪਤਾ ਲੱਗ ਹੀ ਜਾਂਦੀ ਹੈ ।

ਚਾਚਾ ਅਖਿਆਂ ਪੰਡ ਕੋਈ ਨਹੀਂ ਚੁੱਕਦਾ: ਜਦੋਂ ਇਹ ਦੱਸਣਾ ਹੋਵੇ ਕਿ ਕੇਵਲ ਮਿੰਨਤ ਨਾਲ ਕੋਈਂ ਕੰਮ ਨਹੀਂ ਚਲਦਾ ।

ਚਾਦਰ ਤੋਂ ਬਾਹਰ ਪੈਰ ਕੱਢਣੇ: ਆਮਦਨ ਤੋਂ ਵੱਧ ਖ਼ਰਚ ਕਰਨਾ।

ਚਾਦਰ ਵੇਖ ਕੇ ਪੈਰ ਪਸਾਰਨੇ: ਆਮਦਨ ਅਨੁਸਾਰ ਖ਼ਰਚ ਕਰਨਾ।

ਚਾਰ ਦਿਨ ਦੀ ਚਾਨਣੀ ਫੇਰ ਹਨੇਰੀ ਰਾਤ: ਦੁਨੀਆ ਵਿਚ ਸੁਖ ਥੋੜ੍ਹਾ ਹੈ ਤੇ ਦੁੱਖ ਬਹੁਤਾ। ਥੋੜ੍ਹੇ ਦਿਨ ਸੁਖ ਦੇ ਲੰਘੇ ਫਿਰ ਦੁੱਖ ਨੇ ਡੇਰੇ ਲਾ ਲਏ।

ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ: ਜਦੋਂ ਕੋਈ ਸਿਆਣਾ ਵਿਅਕਤੀ ਕੋਈ ਸਮਾਜਿਕ ਕੁਰੀਤੀ ਕਰੇ ਤਾਂ ਇਹ ਵਰਤਿਆ ਜਾਂਦਾ ਹੈ।

ਚਿੜੀ ਦਾ ਦੁੱਧ ਲਿਆਉਣਾ: ਕਿਸੇ ਅਣਹੋਣੀ ਗੱਲ ਨੂੰ ਕਰ ਵਿਖਾਲਣਾ।

ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ: ਮਾੜੇ ਬੰਦੇ ਦੇ ਸਿਰ ਦੁੱਖ ਆ ਪਵੇ, ਤਾਂ ਮੂਰਖ ਲੋਕ ਦੁੱਖ ਘਟਾਉਣ ਦੀ ਥਾਂ ਹੱਸਦੇ ਤੇ ਖੁਸ਼ ਹੁੰਦੇ ਹਨ, ਤਮਾਸ਼ਾ ਵੇਖਦੇ ਹਨ।

ਚੂਹੇ ਨੂੰ ਸੁੰਢ ਦੀ ਗੱਠੀ ਲੱਭੀ ਤੇ ਉਹ ਪੰਸਾਰੀ ਬਣਾ ਬੈਠਾ: ਕਿਸੇ ਕੋਲ ਕੋਈ ਚੀਜ਼ ਜਾਂ ਗੁਣ ਹੱਥ ਆ ਜਾਣ ਤੇ ਆਕੜ ਵਾਲਾ ਬਣ ਜਾਣਾ।

ਚੋਰ ਉੱਚਕਾ ਚੌਧਰੀ, ਗੁੰਡੀ ਰੰਨ ਪਰਧਾਨ: ਜਦ ਲੁੱਚੇ, ਲੰਡੇ ਆਦਮੀ ਕਿਸੇ ਥਾਂ ਦੇ ਚੌਧਰੀ ਬਣ ਜਾਣ ਤੇ ਭਲੇਮਾਣਸਾਂ ਦੀ ਪੁੱਛ ਪਰਤੀਤ ਨਾ ਰਹੇ ਤਾਂ ਕਹਿੰਦੇ ਹਨ।

ਚੋਰ ਦੀ ਮਾਂ ਕੋਠੀ 'ਚ ਮੂੰਹ: ਮਾੜੇ ਆਦਮੀ ਦੀ ਸੰਗਤ ਕਾਰਨ ਨਾਲ ਸ਼ਰਮਿੰਦਗੀ ਹੁੰਦੀ ਹੀ ਹੈ।

ਚੋਰ ਦੇ ਪੈਰ ਨਹੀਂ ਹੁੰਦੇ: ਚੋਰੀ ਕਰਨ ਆਇਆ ਚੋਰ ਰਤੀ ਭਰ ਖੜਕਾ ਹੋਣ ਤੇ ਨਸ ਜਾਂਦਾ ਹੈ।

ਚੋਰ ਨਾਲੋਂ ਪੰਡ ਕਾਹਲੀ: ਜਦੋਂ ਅਸਲੀ ਬੰਦੇ ਦੀ ਥਾਂ ਕੋਈ ਹੋਰ ਬੰਦਾ ਕਾਹਲੀ ਕਰੇ।

ਚੋਰ ਨੂੰ ਖਾਂਦੇ ਨਾ ਵੇਖੀਏ, ਕੁੱਟੀਂਦੇ ਨੂੰ ਵੇਖੀਏ: ਚੋਰ ਨੂੰ ਚੋਰੀ ਦਾ ਮਾਲ ਖਾਂਦੇ ਨੂੰ ਨਾ ਵੇਖੀਏ, ਸਗੋਂ ਮਾਰ ਖਾਂਦੇ ਨੂੰ ਵੇਖੀਏ: ਮਾੜੇ ਕੰਮਾਂ ਤੋਂ ਜੇ ਥੋੜ੍ਹਾ ਲਾਭ ਵੀ ਹੁੰਦਾ ਹੋਵੇ, ਤਾਂ ਵੀ ਉਹਦਾ ਲਾਲਚ ਨਹੀਂ ਕਰਨਾ ਚਾਹੀਦਾ, ਸਗੋਂ ਮੰਦੇ ਕੰਮਾਂ ਦੇ ਮੰਦੇ ਸਿੱਟਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਮੰਦੇ ਕੰਮਾਂ ਤੋਂ ਬਚਣਾ ਚਾਹੀਦਾ ਹੈ।

ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ: ਨੁਕਸਾਨ ਵੱਲ ਦੇਖਣ ਤੋ ਪਹਿਲਾਂ ਨੁਕਸਾਨ ਦੇ ਕਰਨ ਵਾਲੇ ਨੂੰ ਸਮਝਣਾ ਚਾਹੀਦਾ ਹੈ।

ਚੋਰਾਂ ਨੂੰ ਕਹਿਣਾ ਲੱਗੋ, ਸਾਧਾਂ ਨੂੰ ਕਹਿਣਾ ਜਾਗੋ: ਜਿਹੜਾ ਆਦਮੀ ਟਾਕਰੇ ਦੇ ਦੋਹੀਂ ਪਾਸੀਂ ਵਗੇ, ਦੋਹਾਂ ਧਿਰਾਂ ਨੂੰ ਸਲਾਹ ਤੇ ਹੱਲਾਸ਼ੇਰੀ ਦੇਵੇ, ਉਸ ਬਾਰੇ ਵਰਤਦੇ ਹਨ।

ਚੋਰੀ ਤੇ ਉੱਤੋਂ ਸੀਨਾ ਜ਼ੋਰੀ: ਜਦੋਂ ਕੋਈ ਗ਼ਲਤੀ ਕਰਨ ਤੋਂ ਬਾਅਦ ਆਕੜ ਦਿਖਾਵੇ ਤਾਂ ਵਰਤਦੇ ਹਨ।

ਚੋਰੀ ਦੇ ਕੱਪੜੇ ਡਾਂਗਾਂ ਦੇ ਗਜ਼: ਹਰਾਮ ਦੀ ਕਮਾਈ ਭੰਗ ਦੇ ਭਾੜੇ ਜਾਂਦੀ ਹੈ।

ਚੋਰੀ ਲੱਖ ਦੀ ਵੀ ਚੋਰੀ ਕੱਖ ਦੀ ਵੀ: ਚੋਰੀ ਚੋਰੀ ਹੀ ਹੈ, ਮਾੜਾ ਕੰਮ ਹੀ ਹੈ, ਚੁਰਾਈ ਭਾਵੇਂ ਮਾਮੂਲੀ ਚੀਜ਼ ਜਾਵੇ ਭਾਵੇਂ ਕੀਮਤੀ।

ਛੱਜ ਤਾਂ ਬੋਲੇ ਛਾਣਨੀ ਕੀ ਬੋਲੇ: ਜਦ ਕੋਈ ਐਬਾਂ, ਨੁਕਸਾਂ ਵਾਲਾ ਬੰਦਾ ਆਪਣੇ ਨਾਲੋਂ ਚੰਗੇਰਿਆਂ ਦੇ ਨੁਕਸ ਕੱਢੇ ਤੇ ਐਬ ਫੋਲੇ ਤਾਂ ਕਹਿੰਦੇ ਹਨ।

ਛੱਡਿਆ ਗਿਰਾਂ ਤੇ ਕੀ ਲੈਣਾ ਨਾ: ਜਦੋਂ ਕਿਸੇ ਨਾਲ ਦਿਲੋਂ ਸਾਂਝ ਨਾ ਰਹੇ, ਉਸ ਬਾਰੇ ਨਾ ਸੋਚੋ।

ਛਿੱਕਾ ਟੁੱਟਾ ਬਿੱਲੀ ਦੇ ਭਾਗੀਂ: ਜਦ ਕਿਸੇ ਧਿਰ ਦਾ ਅਚਨਚੇਤ ਨੁਕਸਾਨ ਹੋ ਜਾਵੇ ਤੇ ਉਸ ਤੋਂ ਕੋਈ ਹੋਰ ਜਣਾ ਲਾਭ ਉਠਾ ਲਵੇ, ਤਾਂ ਕਹਿੰਦੇ ਹਨ।

ਛੀਹ-ਛੀਹ ਕੀਤਿਆਂ ਕੋਈ ਪਾਣੀ ਨਹੀ ਪੀਂਦਾ: ਜਦੋਂ ਕੋਈਂ ਵਾਰ ਵਾਰ ਕਹਿਣ ਤੇ ਵੀ ਲੋੜ ਦੀ ਚੀਜ ਨਾ ਲਵੇ।

ਛੋਟਾ ਮੂੰਹ ਤੇ ਵੱਡੀ ਬਾਤ: ਜਦ ਕਿਸੇ ਵੱਡੇ ਪਰਤਾਪੀ ਬੰਦੇ ਦਾ ਕੋਈ ਨੁਕਸ ਦੱਸਣ ਲੱਗਿਆਂ ਆਦਮੀ ਝਕੇ ਕਿ ਮੈਂ ਮਮੂਲੀ ਬੰਦਾ ਹਾਂ ਤੇ ਗੱਲ ਹੈ ਬਹੁਤ ਵੱਡੇ ਆਦਮੀ ਬਾਰੇ ਤੇ ਭੈੜੀ, ਤਾਂ ਕਹਿੰਦੇ ਹਨ।

ਛੋਲਿਆਂ ਨਾਲ ਘੁਣ ਵੀ ਪਿਸ ਜਾਂਦਾ ਹੈ; ਕਈ ਵਾਰੀ ਵੱਡੀ ਚੀਜ਼ ਨਾਲ ਨਿੱਕੀ ਚੀਜ਼ ਵੀ ਤਬਾਹ ਹੋ ਜਾਂਦੀ ਹੈ।

ਜਸ ਜੀਉਣਾ, ਅਪਜਸ ਮਰਨਾ: ਬਦਨਾਮੀ ਭਰੀ ਜਿੰਦਗੀ ਨਾਲੋਂ ਮੌਤ ਚੰਗੀ: ਅਸਲੀ ਅਰਥਾਂ ਵਿਚ ਜੀਉਂਦਾ ਉਹੋ ਹੈ ਜਿਸ ਨੂੰ ਲੋਕ ਸਲਾਹੁੰਦੇ ਹੋਣ। ਬਦਨਾਮ ਹੋਇਆ ਬੰਦਾ ਮੋਇਆਂ ਬਰਾਬਰ ਹੈ।

ਜਹੇ ਜੰਮੇ ਜਹੇ ਨਾ ਜੰਮੇ: ਨਿਕੰਮੇ ਵਿਅਕਤੀ ਲਈ ਵਰਤਦੇ ਹਨ। ਨਿਕੰਮੀ ਔਲਾਦ ਤੋਂ ਸਤਾਏ ਮਾਪੇ ਇਹ ਅਖ਼ਾਣ ਵਰਤਦੇ ਹਨ।

ਜਥਾ ਰਾਜਾ, ਤਥਾ ਪਰਜਾ: ਜਿਹੋ ਜਿਹੇ ਆਗੂ ਹੋਣਗੇ ਉਹੋ ਜਿਹੇ ਹੀ ਲੋਕ ਹੋਣਗੇ।

ਜਮਾਤ ਕਰਾਮਾਤ: ਏਕੇ ਦੀ ਬਰਕਤ ਦੱਸਣ ਲਈ ਵਰਤਦੇ ਹਨ।

ਜਦ ਤਕ ਸਾਸ ਤਦ ਤੱਕ ਆਸ: ਜਦ ਤਕ ਸੁਆਸ ਆਉਦੇ ਹਨ, ਬਚ ਜਾਣ ਦੀ ਆਸ ਬਣੀ ਰਹਿੰਦੀ ਹੈ।

ਜਦੋਂ ਦੇ ਜੰਮੇ ਲਾਲ ਓਦੋਂ ਦਾ ਇਹੋ ਹਾਲ: ਜਦੋਂ ਕੋਈ ਮਨੁੱਖ ਆਪਣੀਆਂ ਆਦਤਾਂ ਸੁਧਾਰੇ, ਬਾਰ ਬਾਰ ਗ਼ਲਤੀਆਂ ਕਰਦਾ ਜਾਏ ਤਾਂ ਵਰਤਦੇ ਹਨ।

ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ: ਜਦੋਂ ਉਮੀਦ ਤੋਂ ਵੱਧ ਕੋਈ ਚੀਜ਼ ਮਿਲੇ ਤਾਂ ਵਰਤਦੇ ਹਨ।

ਜੱਗ ਚਲੋ ਚਲੀ ਦਾ ਮੇਲਾ: ਸੰਸਾਰ ਨਾਸ਼ਵਾਨ ਹੈ ਮੌਤ ਸਚਾਈ ਹੈ।

ਜੱਟ ਸੋਨੇ ਦਾ, ਥੱਲਾ ਪਿੱਤਲ ਦਾ : ਜਦੋਂ ਕਿਸੇ ਵਿਚ ਸੌ ਗੁਣ ਹੁੰਦਿਆ ਨਾਲ ਇਕ ਔਗੁਣ ਵੀ ਹੋਵੇ ਉਦੋਂ ਕਹਿੰਦੇ ਹਨ।

ਜੱਟ ਹੇਠ ਪਿਆ ਵੀ ਮਾਰੇ ਤੇ ਉੱਤੇ ਪਿਆ ਵੀ : ਜਦੋਂ ਕੋਈ ਲਿੱਸਾ ਜਾਂ ਡਾਢਾ ਹੋ ਕੇ ਕਿਸੇ ਨੂੰ ਹਰ ਹਾਲਤ ਵਿਚ ਨੁਕਸਾਨ ਪੁਚਾਏ ਉਦੋਂ ਕਹਿੰਦੇ ਹਨ।

ਜੱਟ ਹੋਇਆ ਕਮਲਾ ਖ਼ੁਦਾ ਨੂੰ ਲੈ ਗਏ ਚੋਰ : ਜਦੋਂ ਕੋਈ ਬੰਦਾ ਜਾਣ ਬੁੱਝ ਕੇ ਭੋਲਾ ਜਾਂ ਯਮਲਾ ਬਣ ਜਾਏ ਉਦੋਂ ਕਹਿੰਦੇ ਹਨ।

ਜੱਟ ਕੀ ਜਾਣੇ ਕੋਕਲੇ (ਗੁਲਗੁਲੇ) ਪਦ ਬਹੇੜੇ ਖਾ : ਇਸ ਅਖਾਣ ਵਿਚ ਜੱਟ ਦੀ ਸਾਦਗੀ ਤੇ ਭੋਲੇਪਣ ਵਲ ਇਸ਼ਾਰਾ ਹੈ ਜੋ ਪਦ ਬਹੇੜੇ ਤੇ ਗੁਲਗੁਲੇ ਵਿਚਲਾ ਫ਼ਰਕ ਵੀ ਨਹੀਂ ਜਾਣਦਾ ।

ਜੱਟ ਕੀ ਜਾਣੇ ਲੌਗਾਂ ਦਾ ਭਾਅ : ਇਸ ਆਖਾਣ ਵਿਚ ਜੱਟ ਦਾ ਭੋਲਾਪਣ ਦਰਸਾਇਆ ਗਿਆ ਹੈ। ਜੱਟ ਦਾ ਰੋਜ਼ ਦਾ ਵਾਹ ਕਣਕ ਨਾਲ ਹੈ, ਲੌਗਾਂ ਬਾਰੇ ਉਹ ਕੀ ਜਾਣੇ?

ਜੱਟ ਗੰਨਾ ਨਹੀਂ ਦੇਂਦਾ, (ਗੁੜ ਦੀ) ਭੇਲੀ ਦੇ ਦੇਂਦਾ ਹੈ : ਇਸ ਅਖਾਣ ਵਿਚ ਜੱਟ ਦੇ ਅਲਬੇਲੇ ਸੁਭਾਅ ਵਲ ਇਸ਼ਾਰਾ ਹੈ। ਜਿਹੜਾ ਬੰਦਾ ਮੰਗਣ ਤੇ ਥੋੜ੍ਹੀ ਜਿੰਨੀ ਚੀਜ਼ ਵੀ ਨਾ ਦੇਵੇ ਤੇ ਰੌਂ ਵਿਚ ਆਇਆ ਉਸ ਤੋਂ ਕਈ ਗੁਣਾਂ ਵਧ ਦੇਵੇ, ਉਸ ਸੰਬੰਧੀ ਕਹਿੰਦੇ ਹਨ।

ਜੱਟ ਜੱਟਾਂ ਦੇ, ਭੋਲੂ ਨਰੈਣ ਦਾ : ਜਦ ਕੋਈ ਬੰਦਾ ਵਿੱਛੜ ਕੇ ਵੀ ਆਪਣਿਆ ਵਿਚ ਹੀ ਆ ਮਿਲੇ, ਉਦੋਂ ਕਹਿੰਦੇ ਹਨ।

ਜੱਟ ਤੇ ਸੂਰ ਬਰਾਬਰ ਜੱਟ ਤੋਲਾ ਭਾਰਾ, ਸੂਰ ਖੁੱਟੇ ਮਰਲਾ ਜੱਟ ਵਿਘਾ ਸਾਰਾ : ਇਸ ਆਖਾਣ ਵਿਚ ਜੱਟ ਨੂੰ ਸੂਰ ਨਾਲੋਂ ਵੀ ਵਧੇਰਾ ਅੱਖੜ ਦੱਸਿਆ ਗਿਆ ਹੈ ਕਿਉਂਕਿ ਜੱਟ ਆਈ ਤੇ ਆਇਆ ਹੋਇਆ ਬੁਰਾ ਹੁੰਦਾ ਹੈ।

ਜੱਟ ਦਾ ਹਾਸਾ ਭੰਨ, ਗੁਆਏ ਪਾਸਾ : ਹਾਸਾ ਠੱਠਾ ਕਰਦਿਆਂ ਜੇ ਕਿਸੇ ਦੀ ਹਰਕਤ ਨਾਲ ਕਿਸੇ ਨੂੰ ਸੱਟ ਫ਼ੱਟ ਲੱਗ ਜਾਏ ਉਦੋਂ ਕਹਿੰਦੇ ਹਨ।

ਜੱਟ ਦੀਆਂ ਸੌ ਮਾਵਾਂ ਹੁੰਦੀਆਂ ਹਨ : ਜੱਟ ਦੂਰ ਦੁਰਾਡੇ ਜਾ ਕੇ ਵੀ ਉਥੋਂ ਦੇ ਜੱਟਾਂ ਨਾਲ ਕੋਈ ਨਾ ਕੋਈ ਰਿਸ਼ਤਾ ਕੱਢ ਲੈਂਦਾ ਹੈ ਤੇ ਸਭ ਦਾ ਰਿਸ਼ਤੇਦਾਰ ਬਣ ਜਾਂਦਾ ਹੈ।

ਜੱਟ ਦੇ ਜੌਂ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ : ਜਦੋਂ ਫ਼ਸਲ ਪੱਕ ਕੇ ਤਿਆਰ ਹੋ ਜਾਏ ਉਦੋਂ ਨਸ਼ੇ ਵਿਚ ਆਇਆ ਹੋਇਆ ਮਾਂ ਦਾ ਵੀ ਨਿਰਾਦਰ ਕਰਨੋਂ ਨਹੀਂ ਟਲਦਾ।

ਜੱਟ ਨਾ ਜਾਣੇ ਗੁਣ ਕਰਾ, ਚਣਾ ਨਾ ਜਾਣੇ ਵਾਹ : ਇਸ ਆਖਾਣ ਵਿਚ ਜੱਟ ਤੇ ਛੋਲਿਆਂ ਦੇ ਲੱਛਣ ਦੱਸੇ ਗਏ ਹਨ। ਜੱਟ ਕੀਤੀ ਨੂੰ ਨਹੀਂ ਜਾਣਦਾ ਤੇ ਛੋਲਿਆਂ ਵਾਸਤੇ ਬਹੁਤੀ ਵਾਹੀ ਕਰਨ ਦੀ ਲੋੜ ਨਹੀਂ ਹੁੰਦੀ।

ਜੱਟ, ਪੱਟ (ਵੱਟ) ਤੇ ਫੱਟ ਬੱਧੇ ਹੀ ਕਾਬੂ (ਰਾਸ) ਆਉਂਦੇ ਨੇ : ਖੇਤ ਦੀ ਵੱਟ ਨਾ ਬੰਨ੍ਹੀਏ ਤਾਂ ਪਾਣੀ ਬਾਹਰ ਵਗ ਜਾਂਦਾ ਹੈ। ਫੱਟ ਤੇ ਪੱਟੀ ਨਾ ਬੰਨ੍ਹੀਏ ਤਾਂ ਖ਼ਰਾਬ ਹੋ ਜਾਂਦਾ ਹੈ, ਰੇਸ਼ਮ ਨੂੰ ਵੀ ਬੰਨ੍ਹ ਕੇ ਨਾ ਰੱਖਿਆ ਜਾਏ ਤਾਂ ਉਲਝ ਜਾਂਦਾ ਹੈ ਤੇ ਜੱਟ ਵੀ (ਕਹਿੰਦੇ ਨੇ) ਬੱਧਾ ਹੀ ਠੀਕ ਰਹਿੰਦਾ ਹੈ।

ਜੱਟ ਪੰਜ ਨਹੀਂ ਸਹਿੰਦਾ, ਪੰਜਾਹ ਸਹਿ ਲੈਂਦਾ ਹੈ : ਇਸ ਅਖਾਣ ਵਿਚ ਜੱਟ ਦੇ ਅਲਬੇਲੇ ਸੁਭਾਅ ਦਾ ਜ਼ਿਕਰ ਹੈ। ਝੱਲ ਜਾਏ ਤਾਂ ਸੌ ਗੱਲਾਂ ਝੱਲ ਜਾਏ ਤੇ ਅੜ ਬਹੇ ਤਾਂ ਇਕ ਵੀ ਨਹੀਂ ਝੱਲਦਾ।

ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲਾ : ਇਸ ਅਖਾਣ ਵਿਚ ਜੱਟ ਦੀ ਸਾਦਗੀ ਵਿਅਕਤ ਕੀਤੀ ਗਈ ਹੈ। ਜਦੋਂ ਉਸ ਦਾ ਦਿਲ ਸਾਧ ਬਣਨ ਤੇ ਆ ਗਿਆ, ਘਰੋਂ ਗੰਢੇ (ਪਿਆਜ਼) ਲੈ ਕੇ ਮਾਲਾ ਬਣਾ ਲਈ, ਕੌਣ ਮਾਲਾ ਲੈਣ ਜਾਏ।

ਜੱਟ ਭੇਲੀ ਦੇਸੀ, ਗੰਨਾ ਨਾ ਦੇਸੀ : ਜੱਟ ਗੰਨਾ ਨਹੀਂ ਦੇਂਦਾ, ਗੁੜ ਦੀ ਭੇਲੀ ਦੇ ਦੇਂਦਾ ਹੈ।

ਜੱਟ ਮਹਿਆਂ ਸੰਸਾਰ ਕਬੀਲਾ ਗਾਲਦੇ ਜਾਂ ਕੁੱਕੜ, ਕਾਂ, ਕਿਰਾੜ ਕਬੀਲਾ ਪਾਲਦੇ: ਜਦੋਂ ਕੋਈ ਬੰਦਾ ਆਪਣੇ ਹੀ ਖ਼ਾਨਦਾਨ ਜਾਂ ਜਾਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰਕਤਾਂ ਕਰੇ, ਉਦੋਂ ਕਹਿੰਦੇ ਹਨ।

ਜੱਟ ਮੋਇਆ ਜਾਣੀਏ ਜਾਂ ਤੇਰ੍ਹਵਾਂ ਹੋਵੇ : ਭਾਵ ਇਹ ਹੈ ਕਿ ਜੱਟ ਇਤਨਾ ਸਖ਼ਤ-ਜਾਨ ਹੁੰਦਾ ਏ ਕਿ ਛੇਤੀ ਛੇਤੀ ਮਰ ਕੇ ਵੀ ਕਾਬੂ ਨਹੀਂ ਆਉਂਦਾ!

ਜੱਟ ਯਮ੍ਹਲਾ ਖ਼ੁਦਾ ਨੂੰ ਲੈ ਗਏ ਚੋਰ : ਜੱਟ ਹੋਇਆ ਕਮਲਾ, ਖ਼ੁਦਾ ਨੂੰ ਲੈ ਗਏ ਚੋਰ।

ਜੱਟ ਯਾਰ ਨਹੀਂ ਤੇ ਕਿੰਗ ਹਥਿਆਰ ਨਹੀਂ : ਕਹਿੰਦੇ ਨੇ ਜੱਟ ਕਿਸੇ ਵੇਲੇ ਵੀ ਬਿਨਾਂ ਕਾਰਣ ਵਿਗੜ ਸਕਦਾ ਹੈ, ਇਸ ਦੀ ਯਾਰੀ ਤੇ ਕੋਈ ਇਤਬਾਰ ਨਹੀਂ।

ਜੱਟ ਵਿਗਾੜੇ ਮੁਰਸ਼ਦ ਨਾਲ, ਜਾਂ ਬੋਲੇ ਤਾਂ ਕੱਢੇ ਗਾਲ : ਇਸ ਅਖਾਣ ਵਿਚ ਜੱਟ ਦੇ ਕਸੂਤਾ ਹੋਣ ਵਲ ਸੰਕੇਤ ਹੈ। ਜਦੋਂ ਜੱਟ ਪੁੱਠਾ ਹੋ ਜਾਏ ਤਾਂ ਕਿਸੇ ਪੀਰ ਮੁਰਸ਼ਦ ਦੀ ਵੀ ਪਰਵਾਹ ਨਹੀਂ ਕਰਦਾ ਤੇ ਗਾਲ੍ਹ ਤੋਂ ਬਿਨਾਂ ਕਿਸੇ ਨਾਲ ਬੋਲਦਾ ਨਹੀਂ।

ਜੱਟਾ ਤੇਰੇ ਨਾਲ ਬੁਰੀ ਹੋਈ, ਬਾਹਰ ਤਾਂ ਤੇਰੇ ਛੋਲੇ ਭਿਜ ਗਏ, ਘਰ ਆਇਉਂ ਤਾਂ ਕੁੜੀ ਹੋਈ : ਜੱਟ ਦੇ ਘਰ ਪੁੱਤਰ ਜੰਮਣ ਦੀ ਬੜੀ ਖ਼ੁਸ਼ੀ ਹੁੰਦੀ ਹੈ ਕਿਉਂ ਜੋ ਪੁੱਤਰ ਬਾਂਹ ਬਣ ਕੇ ਭਾਰ ਵੰਡਾਉਂਦੇ ਹਨ। ਜਦੋਂ ਬਾਹਰ ਤਾਂ ਉਸ ਦੇ ਛੋਲੇ ਭਿੱਜ ਜਾਣ ਨਾਲ ਨੁਕਸਾਨ ਹੋ ਜਾਏ ਤੇ ਘਰ ਆਉਣ ਤੇ ਕੁੜੀ ਜੰਮਣ ਦੀ ਖ਼ਬਰ ਮਿਲੇ ਤਾਂ ਜੱਟ ਨਾਲ ਆਪ ਬੁਰੀ ਹੋਣੀ ਹੋਈ।

ਜੱਟਾਂ ਤੋਂ ਰਾਜ ਨਹੀਂ, ਮੋਠੋਂ ਕਾਜ ਨਹੀਂ : ਜਦੋਂ ਕਿਸੇ ਮਾਮੂਲੀ ਜਿਹੇ ਆਦਮੀ ਪਾਸੋਂ ਵੱਡੀ ਸਾਰੀ ਸਹਾਇਤਾ ਦੀ ਆਸ ਪੂਰੀ ਨਾ ਹੋਵੇ ਉਦੋਂ ਕਹਿੰਦੇ ਹਨ।

ਜੱਟੀ ਚਾਰੇ ਥੋਕ ਸਵਾਰਦੀ, ਇੱਕੋ ਵੇਲੇ ਉੱਨ ਤੁੰਬਦੀ, ਬਾਲ ਖਿਡਾਉਂਦੀ, ਚਿੜੀਆਂ ਮੋੜਦੀ ਤੇ ਲੇਲੇ ਚਾਰਦੀ: ਇਸ ਅਖਾਣ ਵਿਚ ਜੱਟੀ ਦੇ ਸੁਚੱਜੇ ਤੇ ਕਾਮੇ ਸੁਭਾਅ ਦੀ ਸ਼ਲਾਘਾ ਕੀਤੀ ਗਈ ਹੈ।

ਜੱਟੀ ਪਾ ਮਹੇੜੂ (ਖੱਟੀ ਲੱਸੀ ਸਮੇਤ ਘਿਉ) ਆਂਦਾ ਠਾਕਰ ਚਾੜ੍ਹੀ ਵੱਟੀ (ਨਕਲੀ ਤੋਲ) ਜੱਟੀ ਜਾਤਾ ਠਾਕੁਰ ਮੁੱਠਾ ਠਾਕਰ ਜਾਤਾ ਜੱਟੀ, ਨਾ ਮੁੱਠਾ ਠਾਕਰ ਨਾ ਮੁੱਠੀ ਜੱਟੀ, ਸੌਦਾ ਵੱਟੋ ਵੱਟੀ : ਜਦੋਂ ਟਾਕਰੇ ਤੇ ਦੋਵੇਂ ਧਿਰਾਂ ਇਕ ਤੋਂ ਇਕ ਵਧ ਚਲਾਕ ਤੇ ਹੁਸ਼ਿਆਰ ਹੋਣ ਉਦੋਂ ਕਹਿੰਦੇ ਹਨ।

ਜੱਟੇ (ਜੱਟ) ਨੂੰ ਕਿਸੇ ਭਲ ਭੁਲਾਇਆ, ਟੱਬਰ ਲੈ ਕੇ ਬੂਹੇ ਆਇਆ : ਜਦੋਂ ਕੋਈ ਮੂੰਹ ਰੱਖਣੀ ਦੀ ਓਪਰੀ ਜਿਹੀ ਹਮਦਰਦੀ ਨੂੰ ਸੱਚੀ ਸਮਝ ਕੇ ਕੁਝ ਲੈਣ ਵਾਸਤੇ ਆ ਜਾਏ ਉਦੋਂ ਕਹਿੰਦੇ ਹਨ।

ਜੰਮਣ ਵਾਲੇ ਛੁੱਟ ਗਏ ਸਹੇਂਦੜੇ ਫਸ ਗਏ: ਨੂੰਹ ਦੇ ਭੈੜਾ ਨਿਕਲਣ ਦੇ ਸਮਂੇ ਕਿਹਾ ਜਾਂਦਾ ਹੈ।

ਜਾਹ ਨੀ ਧੀਏ ਰਾਵੀ ਨਾ ਕੋਈ ਆਵੀ ਤੇ ਨਾ ਕੋਈ ਜਾਵੀ: ਜਦ ਕਿਸੇ ਨੂੰ ਦੂਰ ਘੱਲ ਕੇ ਉਸ ਨੂੰ ਉਸ ਦੀ ਕਿਸਮਤ ਉੱਤੇ ਛੱਡ ਦਿੱਤਾ ਹੋਵੇ।

ਜਾਗਦੇ ਦਾ ਲੱਖ ਤੇ ਸੁੱਤੇ ਦਾ ਕੱਖ: ਜਿਹੜੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ,ਜਿਹੜੇ ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ ਹਨ।

ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨੂੰ ਜੱਫੇ: ਜਦੋਂ ਕੋਈ ਆਪਣੇ ਵਿਤੋਂ ਵੱਡਾ ਕੰਮ ਕਰੇ ।

ਜਾਨ ਹੈ ਤਾਂ ਜਹਾਨ ਹੈ: ਕਿਸੇ ਰੋਗੀ ਤੇ ਕਮਜ਼ੋਰ ਬੰਦੇ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਵਧੇਰੀ ਖੇਚਲ ਵਾਲਾ ਕੰਮ ਨਾ ਕਰਨ ਲਈ ਸੁਝਾਉ ਦਿੱਤਾ ਗਿਆ ਹੈ।

ਜਾਂ ਜੱਟ ਦੀ ਪੱਕੀ ਬਿਆਈ, ਕਿਸੇ ਨੂੰ ਫੁੱਫੀ ਕਿਸੇ ਨੂੰ ਤਾਈ, ਜਾਂ ਜੱਟ ਦੇ ਡੱਡੇ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ : ਜੱਟ ਦੇ ਜੀਵਨ ਦਾ ਪੱਖ ਇਸ ਅਖਾਣ ਵਿਚ ਦਰਸਾਇਆ ਗਿਆ ਹੈ। ਭਾਵ ਹੈ ਆਪਣੇ ਮਤਲਬ ਲਈ ਹਰ ਕੋਈ ਮਿੱਠਾ ਬਣ ਜਾਂਦਾ ਹੈ।ਜਾਗਦਿਆਂ ਦੀਆਂ ਕੱਟੀਆਂ, ਤੇ ਸੁੱਤਿਆਂ ਦੇ ਕੱਟੇ: ਜਿਹੜੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ, ਜਿਹੜੇ ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ ਹਨ।

ਜਾਂ ਦਿਨ ਹੋਣ ਸਵੱਲੜੇ ਭੁੱਜੇ ਉੱਗਣ ਮੋਠ: ਚੰਗੀ ਕਿਸਮਤ ਨਾਲ ਵਿਗੜੇ ਕੰਮ ਵੀ ਰਾਸ ਹੋ ਜਾਦੇ ਹਨ।

ਜਾਂਦੇ ਚੋਰ ਦੀ ਲੰਗੋਟੀ ਸਹੀ: ਜਦੋਂ ਹੋਏ ਨੁਕਸਾਨ ਵਿਚੋਂ ਕੁਝ ਨਾ ਕੁਝ ਮੁੜ ਆਵੇ।

ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ: ਜਿੰਨੇ ਕਿਸੇ ਨੂੰ ਦੁੱਖ ਸਹਿਣੇ ਪੈਦੇ ਹਨ ਉਨਾਂ ਹੀ ਉਹ ਸਿਆਣਾ ਹੁੰਦਾ ਹੈ।

ਜਿਸ ਕੀਤੀ ਸ਼ਰਮ ਉਸ ਦੇ ਫੁੱਟੇ ਕਰਮ: ਜਿਹੜੇ ਬੰਦੇ ਕੋਈ ਵੀ ਕੰਮ ਕਰਨ ਵਿਚ ਮਹਿਸੂਸ ਕਰਦੇ ਹਨ, ਉਹ ਆਪਣੇ ਜੀਵਨ ਵਿਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ।

ਜਿਸ ਤਨ ਲੱਗੇ ਸੋ ਤਨ ਜਾਣੇ: ਆਪਣੀ ਤਕਲੀਫ਼ ਦਾ ਆਪਣੇ ਆਪ ਨੂੰ ਹੀ ਪਤਾ ਹੁੰਦਾ ਹੈ।

ਜਿਸਦਾ ਖਾਈਏ ਉਸੇ ਦੇ ਗੁਣ ਗਾਈਏ: ਜਿਸ ਤੋਂ ਲਾਭ ਪ੍ਰਾਪਤ ਹੋਵੇ ਉਸਦੀ ਹੀ ਵਡਿਆਈ ਕਰੀਏ।

ਜਿਸਦੇ ਪੈਰ ਨਾ ਫਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ: ਜਿਸ ਨੂੰ ਦੁੱਖ ਲਗਦਾ ਹੈ ਉਸ ਨੂੰ ਹੀ ਪੀੜ ਹੁੰਦੀ ਹੈ।

ਜਿਸ ਨੂੰ ਚਾਹ, ਉਸ ਨੂੰ ਲੱਭੇ ਰਾਹ: ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।

ਜਿਹਦੇ ਹੱਥ ਡੋਈ, ਉਹਦਾ ਸਭ ਕੋਈ: ਜਿਸ ਕੋਲੋਂ ਖਾਣ-ਪੀਣ ਨੂੰ ਮਿਲੇ ਉਹਦੇ ਹਰ ਕੋਈ ਮਗਰ ਲੱਗ ਤੁਰਦਾ ਹੈ।

ਜਿਹੜਾ ਔਖੇ ਵੇਲੇ ਕੰਮ ਆਵੇ ਉਹੀ ਅਸਲੀ ਮਿੱਤਰ: ਜਿਹੜਾ ਬੰਦਾ ਔਖੇ ਵੇਲੇ ਤੁਹਾਡਾ ਸਾਥ ਦੇਵੇ ਓਹੀ ਤੁਹਾਡਾ ਅਸਲੀ ਹਮਦਰਦ ਸਾਥੀ ਹੈ।

ਜਿਹੜਾ ਜਾਣੇ ਆਪ ਨੂੰ ਉਹਦੇ ਜਾਣੀਏ ਮਾਂ ਬਾਪ ਨੂੰ: ਜਦ ਕੋਈ ਤੁਹਾਡੇ ਨਾਲ ਨੇਕੀ ਕਰੇ, ਤਾਂ ਉਹਦੇ ਪਿਤਾ ਆਦਿ ਨਾਲ ਨੇਕੀ ਕਰੋ ਤੇ ਉਹਦੀ ਨੇਕੀ ਸਦਾ ਯਾਦ ਰੱਖੋ।

ਜਿਹੜਾ ਬੋਲੇ ਉਹੋ ਕੁੰਡਾ ਖੋਲ੍ਹੇ: ਜਦੋਂ ਔਖਾ ਕੰਮ ਕਰਨ ਲਈ ਸਲਾਹ ਦੇਣ ਵਾਲੇ ਬੰਦੇ ਨੂੰ ਪਹਿਲ ਕਰਨ ਲਈ ਕਿਹਾ ਜਾਵੇ।

ਜਿਹੜੇ ਇੱਥੇ ਭੈੜੇ ਉਹ ਲਾਹੌਰ ਵੀ ਭੈੜੇ: ਬੰਦੇ ਦੀ ਬੁਰਾਈ ਉਸ ਦੇ ਹਮੇਸ਼ਾ ਨਾਲ ਹੀ ਰਹਿੰਦੀ ਹੈ।

ਜਿਹੜੇ ਗੱਜਦੇ ਹਨ, ਉਹ ਵਰ੍ਹਦੇ ਨਹੀਂ: ਬਹੁਤੀਆਂ ਫੜ੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ ਵਿਖਾਉਂਦੇ। ਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ।

ਜਿਹੜੇ ਪਿੰਡ ਨਹੀਂ ਜਾਣਾ, ਉਸਦਾ ਨਾਂ ਕੀ ਲੈਣਾ: ਜਿਸ ਨਾਲ ਕੋਈ ਵਾਸਤਾ ਨਾ ਹੋਵੇ ਜਾਂ ਵਾਸਤਾ ਨਾ ਰੱਖਣਾ ਚਾਹੀਏ ਤਾਂ ਉਸ ਬਾਰੇ ਸੋਚਣਾ ਵੀ ਫ਼ਜ਼ੂਲ ਹੈ।

ਜਿਹੜੇ ਭੌਂਕਦੇ ਹਨ ਉਹ ਵੱਢਦੇ ਨਹੀਂ: ਬਹੁਤੀਆਂ ਫੜ੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ ਵਿਖਾਉਂਦੇ। ਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ।

ਜਿਹਾ ਤੇਰਾ ਅੰਨ ਪਾਣੀ, ਤਿਹਾ ਮੇਰਾ ਕੰਮ ਜਾਣੀ: ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ।

ਜਿਹਾ ਦੁੱਧ ਤੇਹੀ ਬੁੱਧ: ਮਾਂ ਦੇ ਸੁਭਾ ਦੇ ਗੁਣਾਂ ਦਾ ਅਸਰ ਧੀ ਪੁੱਤ ਦੇ ਸੁਭਾ ਦੇ ਗੁਣਾਂ ਉੱਪਰ ਜ਼ਰੂਰ ਪੈਂਦਾ ਹੈ।

ਜਿਹਾ ਬੀਜਣਾ, ਤਿਹਾ ਵੱਢਣਾ: ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ ।

ਜਿਹਾ ਮੂੰਹ ਤਿਹੀ ਚਪੇੜ: ਜਿਸ ਸਲੂਕ ਕੋਈ ਹੱਕਦਾਰ ਹੋਵੇ, ਤੇ ਉਸ ਨਾਲ ਉਸੇ ਤਰ੍ਹਾਂ ਹੋਵੇ ।

ਜਿਹੀ ਕਰਨੀ ਤਿਹੀ ਭਰਨੀ: ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ, ਚੰਗੇ ਦਾ ਚੰਗਾ, ਮੰਦੇ ਦਾ ਮੰਦਾ।

ਜਿਹੀ ਚੋਰਾਂ ਖੜੀ, ਤਿਹੀ ਕਿੱਲੇ ਬੱਧੀ: ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ।

ਜਿਹੇ ਲਾਲ ਘਰ ਰਹੇ, ਤਿਹੇ ਗਏ ਪਰਦੇਸ: ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ।

ਜਿੱਥੇ ਸੌ ਉਥੇ ਇਕੋਤਰ ਸੌ: ਕੰਮ ਕਰਨ ਲਈ ਜੇ ਖਰਚ ਕੁੱਝ ਵੱਧ ਹੋਵੇ, ਤਾ ਕਰ ਦੇਣਾ ਚਾਹੀਦਾ ਹੈ।

ਜਿੱਥੇ ਗਾਂ ਉੱਥੇ ਵੱਛਾ: ਮਨੁੱਖ ਅਖ਼ੀਰ ਘਰ ਹੀ ਵਾਪਿਸ ਆਉਂਦਾ ਹੈ। ਮਾਂ ਪਿਆਰ ਅਤੇ ਮਾਂ ਦੀ ਮਹੱਤਤਾ ਲਈ ਵਰਤਦੇ ਹਨ।

ਜਿੱਥੇ ਚਾਹ, ਓਥੇ ਰਾਹ: ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।

ਜਿੱਥੇ ਜਾਵੇ ਤੱਤ ਭਲੱਤੀ, ਤਾਂਦਲਾ ਵਿਕੇ ਉਸੇ ਹੱਟੀ: ਚੰਦਰਾ ਬੰਦਾ ਜਿੱਥੇ ਵੀ ਜਾਵੇਗਾ, ਓਥੇ ਵੀ ਚੰਦਰੇ ਕੰਮ ਕਰੇਗਾ।

ਜਿੱਥੇ ਪਈ ਫੁੱਟ, ਉੱਥੇ ਪਈ ਲੁੱਟ: ਏਕਤਾ ਵਿਚ ਤਾਕਤ ਹੁੰਦੀ ਹੈ।

ਜਿੱਥੇ ਰੁੱਖ ਨਹੀਂ, ਓਥੇ ਅਰਿੰਡ ਪਰਧਾਨ: ਜਿੱਥੇ ਚੰਗੇ ਗੁਣੀ ਬੰਦਿਆਂ ਦੀ ਘਾਟ ਹੋਵੇ, ਓਥੇ ਮਮੂਲੀ ਯੋਗਤਾ ਵਾਲੇ ਵੱਡੇ ਬਣ ਬਹਿੰਦੇ ਹਨ।

ਜਿੱਥੇ ਵੇਖਾਂ ਤਵਾ ਤੇ ਪਰਾਤ, ਓਥੇ ਗਾਵਾਂ ਦਿਨ ਰਾਤ: ਜਦੋਂ ਕੋਈ ਜਣਾ ਨਿੱਤ ਉਸ ਆਦਮੀ ਦੇ ਅੱਗੇ ਪਿੱਛੇ ਫਿਰੇ ਤੇ ਹਾਜ਼ਰੀ ਭਰੇ, ਜਿਸ ਪਾਸੋਂ ਉਹਨੂੰ ਖਾਣ-ਪੀਣ ਨੂੰ ਮਿਲੇ ।

ਜਿਧਰ ਗਈਆ ਬੇੜੀਆਂ, ਉਧਰ ਗਏ ਮਲਾਹ: ਕਿਸੇ ਬੰਦੇ ਦੇ ਜਾਣ ਨਾਲ ਉਸ ਦੇ ਅਸਰ ਸੁਖ ਜਾਂ ਦੁਖ ਦਾ ਵੀ ਜਾਂਦੇ ਰਹਿਣਾ।

ਜਿਨ੍ਹਾਂ ਖਾਧਾ ਲੱਪ ਗੜੱਪੀਂ, ਉਹਨਾਂ ਕੀ ਬਣੇ ਉਂਗਲ ਚੱਟੀ: ਬਹੁਤ ਖਾਣ ਹੰਢਾਉਣ ਵਾਲੇ ਨੂੰ ਸੰਗ ਸਰਫੇ ਨਾਲ ਮਿਲੀ ਸ਼ੈ ਖੁਸ਼ ਨਹੀਂ ਕਰ ਸਕਦੀ ।

ਜਿਨ੍ਹਾਂ ਖਾਧੀਆਂ ਗਾਜਰਾ ਪੇਟ ਉਨ੍ਹਾਂ ਦੇ ਪੀੜ: ਜੋ ਕਰਦੇ ਹਨ ਉਹ ਭਰਦੇ ਹਨ।

ਜਿਨ੍ਹਾਂ ਦੀਆਂ ਤੂੰ ਰੁਆਈਆਂ ਢੋਲਾ ਤੇਰੀਆਂ ਵੀ ਰੁਆਉਣਗੇ: ਹਰ ਕਿਸੇ ਨੂੰ ਆਪਣੇ ਕੀਤੇ ਦਾ ਫਲ ਭੋਗਣਾ ਪੈਂਦਾ ਹੈ।

ਜਿੰਨਾ ਗੁੜ ਪਾਓਗੇ ਉੱਨਾ ਹੀ ਮਿੱਠਾ ਹੋਵੇਗਾ: ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ।

ਜਿੰਨਾ ਫਲ ਉਨਾ ਝੁਕੇ ਰੁੱਖ: ਜਿੰਨਾ ਕੋਈ ਗੁਣਵਾਨ ਹੁੰਦਾ ਹੈ, ਉਨਾਂ ਹੀ ਨਿਮਰਤਾ ਵਾਲਾ ਹੁੰਦਾ ਹੈ।

ਜਿੰਨੇ ਮੂੰਹ ਉੱਨੀਆਂ ਗੱਲਾਂ: ਜਦ ਕਿਸੇ ਗੱਲ ਦੀ ਥਾਂ ਥਾਂ ਚਰਚਾ ਹੋਣ ਲੱਗ ਪਵੇ, ਕੋਈ ਕੁਝ ਆਖੇ ਤੇ ਕੋਈ ਕੁਝ ।

ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ: ਬਖ਼ਤਾਵਰ ਘਰਾਂ ਦੇ ਸਾਧਾਰਨ ਜਿਹੇ ਬੰਦੇ ਵੀ ਗ਼ਰੀਬ ਘਰਾਂ ਦੇ ਚੰਗੀ ਲਿਆਕਤ ਸਿਆਣਪ ਵਾਲਿਆਂ ਨਾਲੋਂ ਚੰਗੇਰੇ ਗਿਣੇ ਜਾਂਦੇ ਹਨ, ਉਹਨਾਂ ਦੀਆਂ ਝੱਲੀਆਂ ਗੱਲਾਂ ਵੀ ਸਿਆਣਪ ਭਰੀਆਂ ਮੰਨੀਆਂ ਜਾਂਦੀਆਂ ਹਨ।

ਜੂਠਾ ਖਾਈਦਾ ਹੈ ਮਿੱਠੇ ਦੇ ਤਾਣ: ਕਿਸੇ ਲਾਲਚ ਕਰਕੇ ਹੀ ਆਦਮੀ ਕਿਸੇ ਦੀ ਖਾਤਰ ਔਖਾ ਹੁੰਦਾ ਹੈ ਅਤੇ ਮਨ ਨੂੰ ਨਾ-ਭਾਉਂਦੇ ਕੰਮ ਕਰਦਾ ਹੈ।

ਜੇ ਸੁਖੀ ਚਾਹੇਂ ਜੀ, ਤਾਂ ਪਾਣੀ ਮੰਗ ਨਾ ਪੀ: ਆਪਣੀ ਕਮਾਈ ਖਾਣ ਵਰਤਣ ਵਿਚ ਹੀ ਸੁਖ ਹੈ, ਬਿਗਾਨੇ ਆਸਰੇ ਲੱਭਿਆਂ ਸੁਖ ਨਹੀਂ ਮਿਲਦਾ ।

ਜੇਹਾ ਕਰੋਗੇ ਤੇਹਾ ਭਰੋਗੇ: ਬੰਦਾ ਜਿਹੋ ਜਿਹੇ ਕੰਮ ਕਰਦਾ ਹੈ, ਓਹੋ ਜਿਹਾ ਉਸ ਨੂੰ ਫਲ ਮਿਲਦਾ ਹੈ।

ਜੇਠ ਹਾੜ੍ਹ ਗੁੱਠੀਂ, ਸਾਵਣ ਭਾਦਰੋਂ ਰੁੱਖੀਂ: ਜੇਠ ਹਾੜ੍ਹ ਦੀ ਗਰਮੀ ਤੋਂ ਬਚਣ ਲਈ ਅੰਦਰ ਵੜ ਕੇ ਰਹਿਣਾ ਚਾਹੀਦਾ ਹੈ। ਪਰੰਤੂ ਸਾਵਣ ਭਾਦਰੋਂ ਦੇ ਹੁਸੜ ਵਿਚ ਦਰੱਖ਼ਤਾਂ ਹੇਠ ਖੁੱਲ੍ਹੇ ਥਾਂ।

ਜੇਡਾ ਸਿਰ, ਓਡੀਆ ਸਿਰ ਪੀੜਾਂ: ਜਿੰਨੀਆ ਕਿਸੇ ਦੀਆਂ ਜਿੰਮੇਵਾਰੀ ਵਧੇਰੇ ਹੋਣ, ਉਨਾਂ ਹੀ ਉਹ ਦੁਖੀ ਹੁੰਦਾ ਹੈ।

ਜੇ ਪੱਤ ਲੋੜੇਂ ਆਪਣੀ, ਛੱਡ ਬੁਰੇ ਦਾ ਸਾਥ: ਜੇਕਰ ਅਪਣੀ ਇੱਜਤ ਬਚਾਉਣੀ ਹੈ ਤਾ ਬੁਰੇ ਬੰਦੇ ਦੀ ਸੰਗਤ ਨਾ ਕਰੋ।

ਜੈਸਾ ਦੇਸ ਤੈਸਾ ਭੇਸ: ਜਿਸ ਦੇਸ਼ ਵਿਚ ਤੁਸੀਂ ਵਸਦੇ ਹੋ ਉਸ ਦੇਸ ਦੇ ਰਸਮੋ-ਰਿਵਾਜ਼ ਅਨੁਸਾਰ ਆਪਣੇ ਆਪ ਨੂੰ ਢਾਲਣਾ, ਜ਼ਰੂਰਤ ਅਨੁਸਾਰ ਬਦਲਣ ਲਈ ਵਰਤਦੇ ਹਨ।

ਜੈਸੀ ਕਰਨੀ ਵੈਸੀ ਭਰਨੀ: ਹਰ ਇਨਸਾਨ ਨੂੰ ਆਪਣੀ ਕਰਨੀ ਦਾ ਫਲ ਮਿਲਦਾ ਹੈ।

ਜੋ ਕਰੇ ਘਿਉ ਨਾ ਕਰੇ ਮਾਂ ਨਾ ਕਰੇ ਪਿਉ: ਇਸ ਅਖ਼ਾਣ ਵਿਚ ਦੇਸੀ ਘਿਉ ਦੀ ਵਿਸ਼ੇਸ਼ਤਾ ਬਾਰੇ ਦਸਿਆ ਗਿਆ ਹੈ। ਮਾਂ ਪਿਉ ਦੀ ਥਾਂ ਪੈਸੇ ਨੂੰ ਮਹੱਤਤਾ ਦਿੱਤੀ ਜਾਵੇ ਤਾਂ ਵਰਤਿਆ ਜਾਂਦਾ ਹੈ।

ਜੋਰਾਵਰ ਨਾਲ ਭਿਆਲ਼ੀ, ਉਹ ਮੰਗੇ ਹਿੱਸਾ ਉਹ ਦੇਵੇ ਗਾਲੀ: ਮਾੜੇ ਬੰਦੇ ਦਾ ਡਾਢੇ ਨਾਲ ਭਿਆਲ਼ੀ ਨਹੀਂ ਪੁੱਗਦੀ। ਜਦ ਕੋਈ ਆਪਣਾ ਹੱਕ ਮੰਗੇ ਤੇ ਅਗਲਾ ਅੱਗੋਂ ਗਾਲਾਂ ਦੇਵੇ, ਤਾਂ ਕਹਿੰਦੇ ਹਨ।

ਜੋ ਵੱਟਿਆ ਸੋ ਖੱਟਿਆ: ਜਦੋਂ ਕਿਸੇ ਪਾਸੋਂ ਦਿੱਤੀ ਹੋਈ ਚੀਜ਼ ਦੇ ਵਾਪਸ ਮਿਲਣ ਦੀ ਉਮੀਦ ਨਾ ਹੋਵੇ ਤੇ ਜਿੰਨੀ ਕੁ ਮਿਲ ਜਾਵੇ ਉਹੀ ਚੰਗੀ ਹੈ।

ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ: ਸੰਸਾਰ ਵਿਚ ਅਜੋੜ ਪਤੀ ਪਤਨੀ ਬਹੁਤੇ ਹਨ।

ਝੱਗਾ ਚੁੱਕਿਆਂ ਆਪਣਾ ਹੀ ਪੇਟ ਨੰਗਾ ਹੁੰਦਾ ਹੈ: ਘਰ ਦੀ ਗੱਲ ਬਾਹਰ ਕੀਤਿਆਂ ਆਪਣੀ ਹੀ ਬਦਨਾਮੀ ਹੁੰਦੀ ਹੈ ।

ਝੱਟ ਮੰਗਣੀ ਪੱਟ ਵਿਆਹ: ਜਦੋਂ ਕੋਈ ਕੰਮ ਇਕਦਮ ਹੋ ਜਾਵੇ ਤਾਂ ਵਰਤਿਆ ਜਾਂਦਾ ਹੈ।

ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਸੱਚ: ਝੂਠੀ ਗੱਲ ਨੂੰ ਕੱਜਣ, ਮਨਾਉਣ ਲਈ ਕਈ ਝੂਠ ਘੜਨੇ ਤੇ ਬਹਾਨੇ ਲੱਭਣੇ ਪੈਂਦੇ ਹਨ, ਸੱਚੀ ਗੱਲ ਆਪਣੇ ਆਪ ਵਿਚ ਹੀ ਇਤਬਾਰ-ਯੋਗ ਹੁੰਦੀ ਹੈ।

ਝੂਠ ਦੇ ਪੈਰ ਨਹੀਂ ਹੁੰਦੇ: ਝੂਠਾ ਬੰਦਾ ਕਦੇ ਕੁਝ ਕਹਿੰਦਾ ਹੈ ਤੇ ਕਦੇ ਕੁਝ, ਉਹ ਸਦਾ ਥਿੜਕਦਾ ਹੀ ਰਹਿੰਦਾ ਹੈ।

ਟਕੇ ਸਹਿਆ ਮਹਿੰਗਾ, ਤੇ ਰੁਪੱਏ ਸਹਿਆ ਸਸਤਾ: ਜਦੋਂ ਕੋਲ ਪੈਸੇ ਹੋਣ ਤਾਂ ਕਿਸੇ ਸ਼ੈ ਦਾ ਬਹੁਤਾ ਮੁੱਲ ਦੇਣਾ ਵੀ ਸੌਖਾ ਹੁੰਦਾ ਹੈ, ਪਰ ਜਦ ਪੱਲੇ ਪੈਸੇ ਨਾ ਹੋਣ ਤਾਂ ਸਸਤੀ ਚੀਜ਼ ਲੈਣੀ ਵੀ ਔਖੀ ਹੁੰਦੀ ਹੈ।

ਟਕੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ: ਥੋੜ੍ਹੇ ਨੁਕਸਾਨ ਨਾਲ ਕਿਸੇ ਬੰਦੇ ਦੇ ਘਟੀਆ ਸੁਭਾਅ ਦਾ ਪਤਾ ਲੱਗ ਜਾਣਾ।

ਟਟੂਆ ਖਾ ਗਿਆ ਬਟੂਆ, ਫੇਰ ਵੀ ਟਟੂਏ ਦਾ ਟਟੂਆ: ਟੱਟੂ ਨੂੰ ਭਾਵੇਂ ਕਿੰਨਾ ਖੁਆ ਦੇਈਏ, ਉਹ ਘੋੜਾ ਨਹੀਂ ਬਣ ਸਕਦਾ। ਭੈੜੇ ਬੰਦੇ ਉੱਪਰ ਭਾਵੇਂ ਕਿੰਨਾ ਖਰਚ ਕਰ ਦੇਈਏ, ਉਹ ਬਦਲਦਾ ਨਹੀਂ।

ਟੱਟੂ ਭਾੜੇ ਕਰਨਾ ਹੈ, ਤਾਂ ਕੁੜਮਾਂ ਦਾ ਹੀ ਕਰਨਾ ਹੈ ?: ਜਦ ਕੋਈ ਸ਼ੈ ਪੈਸੇ ਦੇ ਕੇ ਹੀ ਲੈਣੀ ਹੈ, ਤਾਂ ਸਾਕ ਸੰਬੰਧੀ ਜਾਂ ਮਿੱਤਰਾਂ ਪਾਸੋਂ ਲੈ ਕੇ ਵਾਧੂ ਅਹਿਸਾਨ ਕਿਉਂ ਝੱਲੀਏ ?

ਟੱਬਰ ਭੁੱਖਾ ਮਰੇ ਤੇ ਆਪ ਸੈਰਾਂ ਕਰੇ: ਜਦੋਂ ਕਿਸੇ ਦਾ ਪਰਿਵਾਰ ਤਾਂ ਭੁੱਖਾ ਮਰੇ ਪ੍ਰੰਤੂ ਆਪ ਐਸ਼ ਕਰਦਾ ਫਿਰੇ।

ਟਾਟ ਦੀ ਜੁੱਲੀ ਰੇਸ਼ਮ ਦਾ ਬਖੀਆ: ਘਟੀਆ ਚੀਜ ਦੀ ਸਜਾਵਟ ਉੱਤੇ ਬਹੁਤ ਖ਼ਰਚ ਕਰਨਾ।

ਟਿੰਡ ਦਾਣੇ, ਘਰਾਟੀਂ ਸਾਈਆਂ: ਚੀਜ਼ ਥੋੜ੍ਹੀ ਹੋਣੀ ਢੰਡੋਰਾ ਬਹੁਤਾ ਪਿੱਟਣਾ।

ਟਿੰਡਾਂ ਪੱਥ ਨਾ ਜਾਣਦਾ ਮੇਰਾ ਮੱਘੀਆਂ ਦਾ ਉਸਤਾਦ: ਮਮੂਲੀ ਸੌਖਾ ਕੰਮ ਕਰਨਾ ਜੋਗੇ ਨਾ ਹੋਣਾ ਤੇ ਹੱਥ ਪਾਉਣਾ ਵੱਡੇ ਵੱਡੇ ਕੰਮ ਨੂੰ।

ਟੁੱਟੀਆ ਬਾਂਹਾਂ ਗਲ ਨੂੰ ਆਉਂਦੀਆ ਨੇ: ਆਖਰ ਨੂੰ ਆਪਣੇ ਹੀ ਆਪਣੇ ਹੁੰਦੇ ਹਨ।

ਟੁੱਟੇ ਰਾਸ ਨਾ ਆਉਂਦੇ ਗੰਢ ਗੰਢੀਲੇ ਹੋਏ: ਜਦ ਕੋਈ ਚੀਜ਼ ਟੁੱਟ ਜਾਵੇ, ਤਾਂ ਗੰਢ ਲਾਇਆਂ ਹੀ ਉਹ ਪਹਿਲਾਂ ਜਿਹੀ ਸੂਤ ਨਹੀਂ ਬਣਦੀ। ਜੇ ਦੋ ਮਿੱਤਰ ਜਾਂ ਸਾਕ ਆਪੋ ਵਿਚ ਲੜ-ਝਗੜ ਪੈਣ ਤੇ ਇਕ ਵੇਰ ਵਿਗੜ ਜਾਣ, ਫੇਰ ਉਹਨਾਂ ਵਿਚ ਪਹਿਲਾਂ ਜਿਹੀ ਮਿੱਤਰਤਾ ਜਾਂ ਗੂੜ੍ਹਾ ਪ੍ਰੇਮ ਮੁੜ ਕਾਇਮ ਨਹੀਂ ਹੁੰਦਾ, ਏਵੇਂ ਗਾਂਢਾ-ਸਾਂਢਾ ਹੀ ਰਹਿੰਦਾ ਹੈ।

ਠੂਹ ਮਾਸੀ ਸਲਾਮ: ਵਾਰ ਵਾਰ ਬਿਨ ਬੁਲਾਏ ਮਹਿਮਾਨ ਬਣਨਾ।

ਡਰਦਾ ਕੀ ਨਾ ਕਰਦਾ: ਜਦੋਂ ਕੋਈ ਮਨੁੱਖ ਮੁਸੀਬਤ 'ਚ ਫਸਿਆ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਤਾਂ ਵਰਤਦੇ ਹਨ।

ਡਾਢਾ ਮਾਰੇ ਤੇ ਰੋਣ ਵੀ ਨਾ ਦੇਵੇ: ਜਦ ਕੋਈ ਸਖਤ ਤੇ ਜ਼ੋਰਾਵਰ ਬੰਦਾ ਕਿਸੇ ਨੂੰ ਦੁੱਖ ਦੇਵੇ ਅਤੇ ਫਰਿਆਦ ਵੀ ਨਾ ਕਰਨ ਦੇਵੇ ਤਾਂ ਕਹਿੰਦੇ ਹਨ।

ਡਾਢੇ ਦਾ ਸੱਤੀਂ ਵੀਹੀਂ ਸੌ: ਤਕੜਾ ਆਪਣੀ ਮਨਮਰਜ਼ੀ ਕਰਦਾ ਹੈ; ਜੋਰਾਵਰ ਦਾ ਸੱਤੀਂ ਵੀਂਹ ਸੌ।

ਡਾਢੇ ਦੀ ਮਾਰ ਤੇ ਲਿੱਸੇ ਦੀ ਗਾਲ਼: ਤਕੜਾ ਜਦੋਂ ਮਾਰਦਾ ਹੈ, ਲਿੱਸਾ ਗਾਲ਼ ਹੀ ਕੱਢ ਸਕਦਾ ਹੈ।

ਡਿੱਗ ਡਿੱਗ ਕੇ ਹੀ ਸਵਾਰ ਹੋਈਦਾ ਹੈ: ਹਰ ਹੁਨਰ ਸਿੱਖਣ ਲਈ ਦੁੱਖ ਝੱਲਣੇ ਪੈਂਦੇ ਹਨ।

ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ: ਤਕਲੀਫ ਮਿਲਣੀ ਕਿਸੇ ਹੋਰ ਪਾਸੋਂ ਤੇ ਗੁੱਸਾ ਕੱਢਣਾ ਕਿਸੇ ਹੋਰ ਉੱਤੇ।

ਡੁੱਬਦੇ ਨੂੰ ਤੀਲੇ ਦਾ ਸਹਾਰਾ: ਜਦੋਂ ਔਖੇ ਸਮੇਂ ਕਿਸੇ ਦੁੱਖੀ ਮਨੁੱਖ ਨੂੰ ਕਿਸੇ ਪਾਸੋਂ ਮਾੜੀ ਮੋਟੀ ਵੀ ਮਦਦ ਮਿਲ ਜਾਵੇ ।

ਡੁੱਬੀ ਤਾਂ ਜੇ ਸਾਹ ਨਾ ਆਇਆ: ਜਦ ਆਪਣੇ ਯਤਨਾਂ, ਕੋਸ਼ਿਸ਼ਾਂ ਦੇ ਹੁੰਦਿਆਂ ਵੀ ਨੁਕਸਾਨ ਹੋ ਜਾਵੇ, ਤੇ ਅੱਗੋਂ ਕੋਈ ਸਲਾਹ ਦੇਵੇ ਕਿ ਆਹ ਕਰਨਾ ਸੀ ਤੇ ਔਹ ਕਰਨਾ ਸੀ, ਤਾਂ ਕਹਿੰਦੇ ਹਨ।

ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ: ਜਦ ਕੋਈ ਕੰਮ ਕਸੂਤਾ ਹੋ ਜਾਵੇ, ਪਰ ਮਮੂਲੀ ਯਤਨਾਂ ਨਾਲ ਸੂਤ ਹੋ ਸਕਦਾ ਹੋਵੇ, ਤਾਂ ਕਹਿੰਦੇ ਹਨ।

ਡੋਲ੍ਹ ਰੱਤ ਤੇ ਖਾ ਭੱਤ: ਮਿਹਨਤ ਨਾਲ ਹੀ ਸਭ ਕੁਝ ਮਿਲ ਸਕਦਾ ਹੈ, ਕਰ ਮਜੂਰੀ ਤੇ ਖਾ ਚੂਰੀ।

ਢੱਕੀ ਰਿੱਝੇ ਕੋਈ ਨਾ ਬੁੱਝੇ: ਜਦ ਕੋਈ ਗੱਲ ਗੁਪਤ ਰੱਖਣੀ ਹੋਵੇ ਜਾਂ ਇਹ ਦੱਸਣਾ ਹੋਵੇ ਕਿ ਫਲਾਣੇ-ਫਲਾਣੇ ਉੱਪਰੋਂ-ਉੱਪਰੋਂ ਰਲੇ ਮਿਲੇ ਜਾਪਦੇ ਹਨ, ਪਰ ਅਸਲ ਵਿਚ ਉਹ ਪੜਦੇ ਅੰਦਰ ਲੜਦੇ ਝਗੜਦੇ ਰਹਿੰਦੇ ਹਨ, ਤਾਂ ਕਹਿੰਦੇ ਹਨ।

ਢੱਗਿਆ ਤੈਨੂੰ ਚੋਰ ਲੈ ਜਾਣ ਅਖੇ ਯਾਰਾਂ ਪੱਠੇ ਹੀ ਖਾਣੇ ਨੇ: ਜਦੋਂ ਕਿਸੇ ਨੂੰ ਕੋਈ ਵੀ ਮੰਦਹਾਲੀ ਤੰਗ ਕਰੇ, ਉਦੋ ਕਹਿੰਦੇ ਹਨ।

ਢੱਗੀ ਨਾ ਵੱਛੀ, ਤੇ ਨੀਂਦ ਆਵੇ ਹੱਛੀ: ਜਦ ਕਿਸੇ ਪਾਸ ਕੁਝ ਵੀ ਨਾ ਹੋਵੇ, ਤਾਂ ਉਹ ਹੌਕੇ ਭਰਨ ਦੀ ਥਾਂ ਅਜੇਹੀ ਹਾਲਤ ਦੇ ਸੁਖ ਦੱਸਣ ਲਈ ਇਉਂ ਕਹਿੰਦਾ ਹੈ ਕਿ ਭਈ ਧਨ ਮਾਲ ਨਹੀਂ ਤਾਂ ਮੌਜਾਂ ਹਨ, ਰਾਖੀ ਕਰਨ ਤੋਂ ਬਚੇ ਹੋਏ ਹਾਂ।

ਢਾਈ ਘਰ ਤਾਂ ਡੈਣ ਵੀ ਛੱਡ ਦੇਂਦੀ ਹੈ: ਜਦੋਂ ਕੋਈ ਅਪਣਾ ਬੰਦਾ ਵੈਰੀ ਬਣ ਜਾਵੇ, ਉਦੋਂ ਉਸ ਨੂੰ ਸ਼ਰਮਿੰਦਾ ਕਰਨ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਢਿੱਡ ਭਰਿਆ ਤੇ ਕੰਮ ਸਰਿਆ: ਜਿਹੜੀ ਆਦਮੀ ਮਤਲਬ ਕੱਢ ਕੇ ਪੱਤਰਾ ਵਾਚੇ, ਉਸ ਬਾਰੇ ਕਹਿੰਦੇ ਹਨ। ਕੋਠਾ ਉੱਸਰਿਆ ਤਰਖਾਣ ਵਿੱਸਰਿਆ।

ਢੋਲ ਵੱਜੇ ਢੱਮਕੇ ਵੱਜੇ, ਮੁੜਦੀ ਵਹੁਟੀ ਦੇ ਪੈਰ ਨਾ ਕੱਜੇ: ਜਦ ਕਿਸੇ ਨੂੰ ਕਿਸੇ ਬੁਰੀ ਆਦਤ ਤੋਂ ਹਟਾਉਣ ਲਈ ਸਮਝਾਉਣ ਬੁਝਾਉਣ ਦਾ ਸਾਰਾ ਟਿੱਲ ਲਾ ਲਈਏ, ਪਰ ਉਹਦੇ ਉੱਤੇ ਕੋਈ ਅਸਰ ਨਾ ਹੋਵੇ ਤਾਂ ਕਹਿੰਦੇ ਹਨ।



  • ਪੰਜਾਬੀ ਅਖਾਣ: ਤ ਤੋਂ ਵ
  • ਪੰਜਾਬੀ ਅਖਾਣ: ੳ ਤੋਂ ਹ