Punjabi Kundalian : Trilok Singh Thakurela
Translator: Paramjeet Kaur 'Reet'
ਪੰਜਾਬੀ ਕੁੰਡਲੀਆਂ : ਤ੍ਰਿਲੋਕ ਸਿੰਘ ਠਕੁਰੇਲਾ
ਭਾਵਾਨੁਵਾਦ : ਪਰਮਜੀਤ ਕੌਰ 'ਰੀਤ'
1 ਸੋਨਾ ਤਪਦਾ ਅੱਗ ਵਿੱਚ, ਰੂਪ ਨਿਖਰਦਾ ਹੋਰ, ਰੁਕਦੇ ਕਦੇ ਨਾ ਹਿੰਮਤੀ, ਚਲਦੇ ਇੱਕੋ ਤੋਰ। ਚਲਦੇ ਇੱਕੋ ਤੋਰ,ਮੁਸ਼ਕਿਲਾਂ ਹੋਣ ਹਜ਼ਾਰਾਂ, ਹੌਸਲੇ ਹੋਣ ਬਲੰਦ, ਨੇੜ ਨਾ ਆਵਣ ਹਾਰਾਂ, ਠਕੁਰੇਲਾ ਕਵਿਰਾਜ, ਹੌਸਲਾ ਕਦੇ ਨਾ ਖ੍ਹੋਨਾ, ਸਹਿਕੇ ਕਸ਼ਟ ਅਨੇਕ, ਗਹਿਣਾ ਬਣਦਾ ਸੋਨਾ॥ 2 ਹੌਲੀ ਹੌਲੀ ਚੱਲਕੇ, ਕਿਸ਼ਤੀ ਜਾਂਦੀ ਪਾਰ, ਇੱਕ ਨਿਸ਼ਾਨਾਂ ਮਿੱਥਲੋ, ਇਹ ਜ਼ਿੰਦਗੀ ਦਾ ਸਾਰ। ਇਹ ਜਿੰਦਗੀ ਦਾ ਸਾਰ,ਸਮਝਲੋ ਅਸਲ ਕਹਾਣੀ, ਹੱਦਾਂ ਜਾਂਦਾ ਤੋੜ, ਰਾਹ ਨਾ ਬਦਲੇ ਪਾਣੀ, ਠਕੁਰੇਲਾ ਕਵਿਰਾਜ, ਜਿੱਤ ਨਾ ਸਕਦੇ ਘੌਲੀ, ਜਿੱਤਦੇ ਕੱਛੂ ਵਾਂਗ, ਚੱਲਦੇ ਹੌਲੀ ਹੌਲੀ॥ 3 ਬੰਦੇ ਦਾ ਕਿਰਦਾਰ ਹੀ, ਉਸਦੀ ਹੈ ਪਹਿਚਾਣ , ਖ਼ੁਸ਼ਬੋ ਦੇ ਬਿਨ ਅਤਰ ਦਾ, ਹੋਵੇ ਨਾ ਗੁਣਗਾਨ। ਹੋਵੇ ਨਾ ਗੁਣਗਾਨ, ਕਦਰ ਨਾ ਕਰਦਾ ਕੋਈ, ਮੋਤੀ ਰੁਲਦੇ ਫਿਰਣ, ਚਮਕ ਜਿਨ੍ਹਾਂ ਨੇ ਖੋਈ , ‘ਠਕੁਰੇਲਾ’ ਕਵਿਰਾਜ, ਕਦੇ ਗੁਣ ਲਓ ਨਾ ਮੰਦੇ , ਗੁਣ ਔਗੁਣ ਫਲ ਰੂਪ, ਦੇਵ ਜਾਂ ਰਾਖਸ਼, ਬੰਦੇ ॥ 4 ਅਸਲੀ-ਨਕਲੀ ਪਰਖ ਕੇ, ਕਸਵੱਟੀ ਤੇ ਸੱਚ, ਪਲ ਵਿਚ ਲਗ ਜਾਂਦਾ ਪਤਾ, ਹੀਰਾ ਹੈ ਜਾਂ ਕੱਚ । ਹੀਰਾ ਹੈ ਜਾਂ ਕੱਚ, ਨਹੀਂ ਫਿਰ ਲੁਕਿਆ ਰਹਿੰਦਾ, ਵੈਰੀ, ਸੱਜਣ ਕੌਣ, ਵਕ਼ਤ ਦਾ ਸ਼ੀਸ਼ਾ ਕਹਿੰਦਾ , 'ਠਕੁਰੇਲਾ' ਕਵਿਰਾਜ, ਸਚਾਈ ਦੀ ਪਾ ਹਸਲੀ , ਹੋ ਜਾਂਦਾ ਆਸਾਨ, ਜਾਣਨਾ ਨਕਲੀ-ਅਸਲੀ ॥ 5 ਮਿੱਠੀ ਬੋਲੀ ਸਾਰਦੀ, ਕਾਰਜ ਸਭ, ਹਰ ਹਾਲ, ਧਿੱਜਦਾ ਹੈ ਸੰਸਾਰ ਵੀ, ਮਿੱਠੇ ਬੋਲਾਂ ਨਾਲ। ਮਿੱਠੇ ਬੋਲਾਂ ਨਾਲ,ਜੀਉਣਾ ਹੁੰਦਾ ਸੌਖਾ, ਹੋਵੇ ਦੇਸ-ਵਿਦੇਸ,ਨਹੀਂ ਕੁਝ ਲਗਦਾ ਔਖਾ, ‘ਠਕੁਰੇਲਾ’ ਕਵਿਰਾਜ,ਖੁਸ਼ੀ ਦੀ ਪੜ੍ਹਦੇ ਚਿੱਠੀ, ਮੋਹ ਲੈਂਦੇ ਸਭ ਨੂੰ, ਬੋਲੀ ਜੋ ਬੋਲਣ ਮਿੱਠੀ॥ 6 ਹੋਰਾਂ ਤੋਂ ਜੋ ਭਾਲਦਾ, ਓਸੀ ਕਰ ਲੈ ਕਾਰ, ਲੈਣੀ-ਦੇਣੀ ਨਾਲ ਹੀ, ਜੁੜਿਆ ਹੈ ਸੰਸਾਰ। ਜੁੜਿਆ ਹੈ ਸੰਸਾਰ, ਮੁੱਢ ਤੋੰ ਚੱਕਰ ਚੱਲਦਾ, ਜੈਸੀ ਪਾਓ ਖਾਦ, ਉਹ ਜਿਹਾ ਬੂਟਾ ਫਲਦਾ, ‘ਠਕੁਰੇਲਾ’ ਕਵਿਰਾਜ, ਤੇਰੇ ਹੈ ਹੱਥੀਂ ਡੋਰਾਂ, ਮਿਲਨਾ ਓਹੀ ਪਰਤ, ਵੰਡਿਆ ਜੋ ਤੂੰ ਹੋਰਾਂ॥ 7 ਹਰ ਇੱਕ ਨੂੰ ਮੌਕੇ ਕਈ, ਮਿਲਦੇ ਵਿਚ ਸੰਸਾਰ, ਭਾਵੇਂ ਲਾਹਾ ਲੈ ਲਵੋ, ਜਾਂ ਬੈਠੋ ਬੇਕਾਰ । ਜਾਂ ਬੈਠੋ ਬੇਕਾਰ, ਗੁਆ ਕੇ ਵਕ਼ਤ ਸੁਨਹਿਰਾ, ਮਗਰੋਂ ਐਸੇ ਲੋਕ, ਫੇਰ ਪਛਤਾਉਣ ਗਹਿਰਾ, 'ਠਕੁਰੇਲਾ' ਕਵਿਰਾਜ, ਮਿਹਨਤਾਂ ਠਾਰਨ ਹਿੱਕ ਨੂੰ , ਜੀਵਨ ਦੇ ਵਿਚ ਮਿਲਣ, ਕਈ ਮੌਕੇ ਹਰ ਇੱਕ ਨੂੰ॥ 8 ਮੋਤੀ ਉਸਨੂੰ ਹੀ ਮਿਲਣ, ਜਿਸਦੀ ਡੂੰਘੀ ਭਾਲ , ਉਸਨੂੰ ਮਿਲਣਾ ਕੁਝ ਨਹੀਂ, ਬੈਠਾ ਕੰਢੇ ਨਾਲ । ਬੈਠਾ ਕੰਢੇ ਨਾਲ, ਝਿਜਕਦਾ ਤੇ ਹੈ ਡਰਦਾ, ਪੂਰੀ ਹੁੰਦੀ ਤਾਂਘ, ਰਹੇ ਜੋ ਕੋਸ਼ਿਸ਼ ਕਰਦਾ, ‘ਠਕੁਰੇਲਾ’ ਕਵਿਰਾਜ, ਕਿਰਤ ਹੈ ਰੱਬੀ ਜੋਤੀ, ਜਿਹੜੇ ਕਰਦੇ ਭਾਲ, ਉਨ੍ਹਾਂ ਨੂੰ ਮਿਲਦੇ ਮੋਤੀ ॥ 9 ਰੁੱਖੀ-ਮਿੱਸੀ ਹੀ ਭਲੀ, ਜੇਕਰ ਮਿਲਦਾ ਮਾਨ, ਹੋਵੇ ਜੇ ਅਪਮਾਨ ਤਾਂ, ਕਾਹਦੇ ਫਿਰ ਪਕਵਾਨ। ਕਾਹਦੇ ਫਿਰ ਪਕਵਾਨ,ਜ਼ਹਿਰ ਦਾ ਘੁੱਟ ਹੈ ਭਰਨਾ, ਅਣਖ-ਮੜ੍ਹਕ ਦੇ ਨਾਲ,ਜੀਉਣਾ ਹੈ, ਜਾਂ ਮਰਨਾ, 'ਠਕੁਰੇਲਾ' ਕਵਿਰਾਜ, ਮਾਨ ਦੀ ਦੁਨੀਆਂ ਭੁੱਖੀ, ਮੇਵਿਆਂ ਨਾਲੋਂ ਵੱਧ, ਮਾਨ ਦੀ ਰੋਟੀ ਰੁੱਖੀ॥ 10 ਪੀੜਾ ਦੇ ਦਿਨ ਠੀਕ ਹਨ, ਹੋਵਣ ਜੇ ਦੋ ਚਾਰ, ਇਹ ਤਾਂ ਲੱਗ ਜਾਂਦੈ ਪਤਾ, ਕੋਣ ਮਤਲਬੀ ਯਾਰ॥ ਕੌਣ ਮਤਲਬੀ ਯਾਰ, ਸਮਾਂ ਪਛਾਣ ਕਰਾਵੇ, ਆੜੀ ਦਿੰਦੇ ਸਾਥ, ਮਤਲਬੀ ਨੇੜ ਨਾ ਆਵੇ, 'ਠਕੁਰੇਲਾ' ਕਵਿਰਾਜ, ਸੱਚ ਦਾ ਚੁੱਕਿਆ ਬੀੜਾ, ਸਭ ਨੂੰ ਲਿਆ ਪਛਾਣ, ਜਦੋਂ ਵੀ ਆਈ ਪੀੜਾ॥ 11 ਮਿੱਠੀ ਬੋਲੀ ਬੋਲਦਾ,ਸਮਝੋ ਪੁਰਸ਼ ਮਹਾਨ, ਕੌੜੇ ਬੋਲ ਜੋ ਬੋਲਦਾ,ਘਟੇ ਬੰਦੇ ਦੀ ਸ਼ਾਨ। ਘਟੇ ਬੰਦੇ ਦੀ ਸ਼ਾਨ,ਵਧੇ ਨਾ ਦਾਣਾ ਰਾਈ, ਪੁਰਜਾ ਤਿੰਨ ਇੰਚ ਦਾ, ਦੁੱਖ ਦਿੰਦਾ ਭਾਈ, ਠਕੁਰੇਲਾ ਕਵਿਰਾਜ, ਅਸੀਂ ਇਹ ਅੱਖੀਂ ਡਿੱਠੀ, ਦੁਸ਼ਮਣ ਮੀਤ ਬਣਾਵੇ, ਜਾਣਿਓ ਬੋਲੀ ਮਿੱਠੀ॥ 12 ਉਸਨੂੰ ਮਿਲਦੀ ਸਫਲਤਾ, ਜੋ ਨਾ ਮੰਨੇ ਹਾਰ, ਲਗਾਤਾਰ ਕੋਸ਼ਿਸ਼ ਕਰੇ, ਕਾਰਜ ਲੈਂਦਾ ਸਾਰ॥ ਕਾਰਜ ਲੈਂਦਾ ਸਾਰ, ਨਾਲ ਮਿਹਨਤ ਦੇ ਸਾਰੇ, ਬੈਠ ਨਿਠੱਲਾ ਵੇਖ ਉਸਨੂੰ ਮੱਥੇ ਹੱਥ ਮਾਰੇ, ‘ਠਕੁਰੇਲਾ’ ਕਵਿਰਾਜ, ਰੀਝ ਪੂਰੀ ਉਸ ਦਿਲ ਦੀ, ਕੋਸ਼ਿਸ਼ ਕਰਦਾ ਰਹੇ, ਸਫਲਤਾ ਉਸਨੂੰ ਮਿਲਦੀ ॥ 13 ਰਹਿਣਾ ਜਿੱਥੇ ਰਾਤ ਦਿਨ, ਕਦੇ ਨਾ ਰੱਖੋ ਵੈਰ, ਇਹ ਸੂਤਰ ਹੈ ਜੀਣ ਦਾ, ਮੰਗੋ ਸਭ ਦੀ ਖੈਰ। ਮੰਗੋ ਸਭ ਦੀ ਖੈਰ,ਸੋਚ ਨਾ ਰੱਖੋ ਮਾੜੀ, ਨਫ਼ਰਤ ਤਾਈਂ ਛੱਡ, ਬਣੋ ਆੜੀ ਦੇ ਆੜੀ, ਠਕੁਰੇਲਾ ਕਵਿਰਾਜ, ਬਜ਼ੁਰਗਾਂ ਦਾ ਹੈ ਕਹਿਣਾ, ਬਣਜੋ ਸ਼ੱਕਰ ਘਿਓ, ਦਿਨ-ਰਾਤ ਜਿੱਥੇ ਰਹਿਣਾ ॥ 14 ਉਹੀ ਗਿਆਨੀ ਮਨੁੱਖ ਜੋ, ਰੱਖੇ ਨ ਬੁਰੇ ਵਿਚਾਰ, ਚੰਗਾ-ਮਾੜਾ ਸਮਝ ਕੇ, ਵਿਚਰੇ ਵਿਚ ਸੰਸਾਰ । ਵਿਚਰੇ ਵਿਚ ਸੰਸਾਰ, ਜਿਉਣ ਦਾ ਢੰਗ ਸਿਖਾਵੇ, ਸਿੱਖਦਾ ਨਾ ਜੋ ਮਨੁੱਖ, ਗ਼ਲਤੀਆਂ ਕਰ ਪਛਤਾਵੇ, 'ਠਕੁਰੇਲਾ' ਕਵਿਰਾਜ, ਬੁਰਾਈ ਦੇ ਵਿੱਚ ਹਾਨੀ , ਜੋ ਇਹ ਲੈਂਦਾ ਜਾਣ, ਮਨੁੱਖ ਓਹੀ ਹੈ ਗਿਆਨੀ ॥ 15 ਕੋਈ ਔਖਾ ਕੰਮ ਨੀ, ਹਿੰਮਤ ਕਰੇ ਇਨਸਾਨ, ਝੱਲ ਅਨੇਕਾਂ ਔਕੜਾਂ, ਬਣਦਾ ਪੁਰਸ਼ ਮਹਾਨ। ਬਣਦਾ ਪੁਰਸ਼ ਮਹਾਨ, ਹਰ ਕੋਈ ਸਿਜਦਾ ਕਰਦਾ, ਉਹ ਨੀ ਜਾਂਦਾ ਪਾਰ, ਜਿਹੜਾ ਡੁੱਬਣੋਂ ਡਰਦਾ, ਠਕੁਰੇਲਾ ਕਵਿਰਾਜ, ਜਿਨ੍ਹਾਂ ਨੇ ਹਿੰਮਤ ਖੋਈ, ਰੋਗੀ ਬਣ ਬੈਠਦੇ, ਵੈਦ ਨਾ ਮਿਲਦਾ ਕੋਈ॥ 16 ਦੁਨੀਆਂ ਮਤਲਬ ਕੱਢ ਕੇ, ਮੁੜ ਨਾ ਪੁੱਛੇ ਹਾਲ, ਪਾਸਾ ਵੱਟ ਕੇ ਨਿੱਕਲਦੀ, ਕਰਦੇ ਰਹੋ ਮਲਾਲ। ਕਰਦੇ ਰਹੋ ਮਲਾਲ, ਵੇਖ ਮਤਲਬ ਦੇ ਆੜੀ, ਕਰਨ ਵਿਖਾਵਾ ਨਾਲ, ਪਿੱਠ ਪਿੱਛੇ ਮਾਰਨ ਤਾੜੀ, ‘ਠਕੁਰੇਲਾ’ ਕਵਿਰਾਜ, ਅਖਵਾਉਣਾ ਹੈ ਜੇ ਗੁਣੀਆ, ਸਰਬਤ ਦਾ ਮੰਗ ਭਲਾ, ਭਾਵੇੰ ਮਤਲਬ ਦੀ ਦੁਨੀਆਂ ॥ 17 ਛੇਤੀ ਸੌਈਂਏ ਰਾਤ ਨੂੰ, ਉੱਠੀਏ ਤੜਕਸਾਰ । ਮਨ ਵੀ ਆਪਣਾ ਖੁਸ਼ ਰਹੇ, ਤਨ ਤੇ ਆਵੇ ਨਿਖਾਰ ॥ ਤਨ ਤੇ ਆਵੇ ਨਿਖਾਰ, ਨੂਰ ਚਿਹਰੇ ਤੇ ਆਵੇ । ਦੂਣੀ ਮਿਹਨਤ ਨਾਲ, ਰਿਜ਼ਕ ਵਿਹੜਾ ਭਰ ਜਾਵੇ। ‘ਠਕੁਰੇਲਾ’ ਕਵਿਰਾਜ, ਗੁਣਾਂ ਦੀ ਕਰੀਏ ਖੇਤੀ। ਛੇਤੀ ਉੱਠੀਏ ਰੋਜ਼, ਰਾਤ ਨੂੰ ਸੌਈਂਏ ਛੇਤੀ॥ 18 ਜਿਸ ਨੇ ਇਸ ਸੰਸਾਰ ਵਿੱਚ, ਕੀਤਾ ਸਬਰ ਸੰਤੋਖ, ਉਸਨੂੰ ਲਾਲਚ ਨਾ ਫੜ੍ਹੇ, ਦੂਰ ਰਹਿਣ ਸਭ ਦੋਖ। ਦੂਰ ਰਹਿਣ ਸਭ ਦੋਖ, ਕਮਲ ਬਣ ਜੱਗ ਵਿੱਚ ਰਹਿੰਦਾ, ਜਿਹੜਾ ਲਾਲਚ ਕਰੇ, ਉਹੀ ਚੱਕਰਾਂ ਵਿੱਚ ਵਹਿੰਦਾ, ‘ਠਕੁਰੇਲਾ’ ਕਵਿਰਾਜ, ਬਚਾਉਣਾ ਉਸਨੂੰ ਕਿਸ ਨੇ , ਹੋ ਕੇ ਸਭ ਕੁੱਝ ਕੋਲ, ਸਬਰ ਨਾ ਕੀਤਾ ਜਿਸ ਨੇ॥ 19 ਲੋਕ ਭਲਾਈ ਜੋ ਕਰੇ, ਚੰਗਾ ਕਹੇ ਜਹਾਨ, ਦੁਨੀਆਂ ਦੇ ਕੰਮ ਸਾਰਦਾ, ਬਣ ਚੰਗਾ ਇਨਸਾਨ । ਬਣ ਚੰਗਾ ਇਨਸਾਨ, ਦਰਦ ਵੰਡਾਵੇ ਸਭਦਾ, ਔਖੇ ਵੇਲੇ ਹਰ ਕੋਈ, ਮਦਦ ਲਈ ਉਹਨੂੰ ਲੱਭਦਾ, ‘ਠਕੁਰੇਲਾ’ ਕਵਿਰਾਜ, ਖੱਟਦਾ ਨੇਕ ਕਮਾਈ, ਪਾਉੰਦਾ ਸਭ ਤੋਂ ਪਿਆਰ, ਕਰੇ ਜੋ ਲੋਕ ਭਲਾਈ॥ 20 ਸਹਿਜੇ ਸਹਿਜੇ ਤੁਰਦਿਆਂ, ਪੈੰਡਾ ਹੁੰਦਾ ਪਾਰ, ਜਿਸਦੇ ਮਨ ਸੰਤੋਖ ਹੈ, ਜਿੱਤ ਲੈਂਦਾ ਸੰਸਾਰ। ਜਿੱਤ ਲੈਂਦਾ ਸੰਸਾਰ, ਮੰਜ਼ਿਲ ਹਾਸਲ ਕਰਦਾ, ਦੁੱਖ ਨੱਸ ਜਾਂਦੇ ਦੂਰ, ਸੁਖਾਂ ਨਾਲ ਵਿਹੜਾ ਭਰਦਾ, 'ਠਕੁਰੇਲਾ' ਕਵਿਰਾਜ, ਦਿਮਾਗੋਂ ਪਰਦਾ ਲਹਿਜੇ, ਕਹਿਣ ਸਿਆਣੇ ਲੋਕ, ਮਿਲੇ ਸਭ ਸਹਿਜੇ-ਸਹਿਜੇ॥ 21 ਤੀਲਾ-ਤੀਲਾ ਜੋੜਕੇ, ਬਣਦਾ ਹੈ ਘਰ ਬਾਰ, ਤਾਕਤ ਹੁੰਦੀ ਚੌਗਣੀ, ਜੇ ਸਾਂਝਾ ਪਰਿਵਾਰ। ਜੇ ਸਾਂਝਾ ਪਰਿਵਾਰ , ਦੁੱਖ ਵੰਡਿਆ ਜਾਵੇ, ਘਾਟ ਰਹੇ ਨਾ ਕੋਈ ਸੁੱਖ ਭੱਜਿਆ ਆਵੇ, ਠਕੁਰੇਲਾ ਕਵਿਰਾਜ, ਕਰ ਤੂੰ ਰਹਿਣ ਦਾ ਹੀਲਾ, ਪੰਛੀ ਹੋਣ ਮਨੁੱਖ ਜੋੜਦੇ ਤੀਲਾ ਤੀਲਾ॥ 22 ਸਾਰੀ ਦੁਨੀਆ ਓਸਦਾ, ਕਰਦੀ ਹੈ ਸਨਮਾਨ, ਖਾਲਸ ਜੋ ਕਿਰਦਾਰ ਤੋਂ, ਚੰਗਾ ਉਹ ਇਨਸਾਨ। ਚੰਗਾ ਉਹ ਇਨਸਾਨ, ਚੁਫ਼ੇਰੇ ਖੁਸ਼ੀਆਂ ਵੰਡੇ, ਮਨ 'ਚ ਰੱਖੇ ਨਾ ਮੈਲ, ਕਦੇ ਨਾ ਕਿਸੇ ਨੂੰ ਭੰਡੇ, 'ਠਕੁਰੇਲਾ' ਕਵਿਰਾਜ, ਭਲਾਈ ਰੱਖਦਾ ਜਾਰੀ, ਫਿਰ ਵਡਿਆਵੇ ਖੂਬ, ਓਸਨੂੰ ਦੁਨੀਆ ਸਾਰੀ॥ 23 ਆਪੇ ਬੰਦਾ ਬੀਜਦਾ, ਮੇਵੇ ਅਤੇ ਕਰੀਰ, ਕਰਨੀ ਦਾ ਫਲ ਭੁਗਤਣਾ,ਆਖ਼ਰ ਮੇਰੇ ਵੀਰ। ਆਖ਼ਰ ਮੇਰੇ ਵੀਰ, ਸੋਚ ਕੇ ਚੱਲਣਾ ਪੈਂਦਾ, ਬਿਨਾਂ ਸੋਚਿਆ ਕੰਮ, ਦੁਖਾਂ ਨੂੰ ਹੀ ਸੱਦ ਲੈਂਦਾ, 'ਠਕੁਰੇਲਾ' ਕਵਿਰਾਜ, ਤੇਰੇ ਹੱਥਾਂ ਨੇ ਛਾਪੇ, ਸੁਖ-ਦੁੱਖ, ਕੰਡੇ-ਫੁੱਲ, ਨਾ ਕੁੱਝ ਵੀ ਛਪਦਾ ਆਪੇ॥ 24 ਇੱਕੋ ਨਾ ਰਹਿੰਦੇ ਕਦੇ, ਜੀਵਨ ਦੇ ਹਾਲਾਤ , ਦੁੱਖ ਹਨੇਰੇ ਬਾਅਦ ਹੈ, ਸੁੱਖਾਂ ਦੀ ਪ੍ਰਭਾਤ। ਸੁੱਖਾਂ ਦੀ ਪ੍ਰਭਾਤ, ਚਾਨਣਾ ਫਿਰ ਹੋ ਜਾਏ, ਸੁਖ-ਦੁੱਖ ਵਾਲਾ ਗੇੜ, ਸਮਾਂ ਹੀ ਹੈ ਕਰਵਾਏ, 'ਠਕੁਰੇਲਾ' ਕਵਿਰਾਜ, ਹਮੇਸ਼ਾ ਸਭ ਨੂੰ ਕਹਿੰਦੇ, ਬਦਲਣਗੇ ਹਾਲਾਤ, ਕਦੇ ਇੱਕੋ ਨਾ ਰਹਿੰਦੇ॥ 25 ਵੱਡੀ ਸਭ ਤੋਂ ਵਕ਼ਤ ਦੀ, ਵੀਰੋ! ਹੁੰਦੀ ਮਾਰ, ਵੱਡੇ-ਵੱਡੇ ਟੁੱਟ ਕੇ, ਵਿਕਦੇ ਵਿੱਚ ਬਜ਼ਾਰ। ਵਿਕਦੇ ਵਿੱਚ ਬਜ਼ਾਰ, ਕੰਮ ਨਾ ਤਾਕਤ ਆਵੇ, ਜੇਕਰ ਚੰਗਾ ਵਕ਼ਤ, ਵਿਗੜੀ ਗੱਲ ਬਣਾਵੇ, 'ਠਕੁਰੇਲਾ' ਕਵਿਰਾਜ, ਰੁਕਦੀ ਚਲਦੀ ਗੱਡੀ, ਅਹੁਦਾ ਨਾ ਧਨ ਮਾਲ, ਵਕ਼ਤ ਦੀ ਮਾਰ ਹੈ ਵੱਡੀ ॥ 26 ਸਾਰੀ ਦੁਨੀਆਂ ਲੋੜ ਨੂੰ, ਜਾਂਦੀ ਦੂਜੇ ਕੋਲ, ਬਣਤਰ ਇਹੀ ਸਮਾਜ ਦੀ, ਕਹਿੰਦੇ ਦੁਨੀਆਂ ਗੋਲ। ਕਹਿੰਦੇ ਦੁਨੀਆਂ ਗੋਲ, ਨਹੀਂ ਦੁਜੇ ਬਿਨ ਸਰਦਾ, ਛੱਡ ਸੁਆਰਥ ਮਨੁੱਖ, ਜੇਕਰ ਦੂਜੇ ਨੂੰ ਭਰਦਾ, 'ਠਕੁਰੇਲਾ' ਕਵਿਰਾਜ, ਮਤਲਬਾਂ ਨੇ ਮਤ ਮਾਰੀ, ਜਿੱਥੇ ਫ਼ਾਇਦਾ ਉਧਰ, ਦੁਨੀਆਂ ਜਾਂਦੀ ਸਾਰੀ॥ 27 ਪੈਸਾ ਜਦ ਤੱਕ ਜੇਬ ਵਿੱਚ, ਦੁਨੀਆਂ ਕਰੇ ਸਲਾਮ, ਯਾਰ ਦੋਸਤਾਂ ਨਾਲ ਫਿਰ, ਰਹੇ ਬੀਤਦੀ ਸ਼ਾਮ। ਰਹੇ ਬੀਤਦੀ ਸ਼ਾਮ, ਬਾਅਦ ਵਿੱਚ ਮਿਲਦਾ ਧੋਖਾ, ਔਖੇ ਵੇਲੇ ਮੀਤ, ਹਾਲ ਨਾ ਪੁੱਛਦੇ ਸੋਖਾ, 'ਠਕੁਰੇਲਾ' ਕਵਿਰਾਜ, ਵਕ਼ਤ ਆਇਆ ਐਸਾ ਲੋਕੀ ਪੁੱਛਣ ਹਾਲ, ਕੋਲ ਜੇ ਹੋਵੇ ਪੈਸਾ ॥ 28 ਵਕ਼ਤ ਹਮੇਸ਼ਾ ਮਨੁੱਖ ਨੂੰ, ਕਰਦਾ ਇਹੀ ਆਗਾਹ, ਵੇਲਾ ਹੱਥ ਨੀਂ ਆਉਣਾ, ਨਾ ਬਣ ਬੇਪਰਵਾਹ। ਨਾ ਬਣ ਬੇਪਰਵਾਹ, ਖਰਚ ਕਰ ਅਕਲ ਦਾ ਧੇਲਾ, ਪਛਤਾਵੇਂਗਾ ਫੇਰ, ਖੁੰਝ ਗਿਆ ਜਦੋਂ ਵੇਲਾ , 'ਠਕੁਰੇਲਾ' ਕਵਿਰਾਜ, ਜੋ ਸਮਝੇ ਸਮੇਂ ਦਾ ਪੇਸ਼ਾ, ਰੱਖਦਾ ਹੈ ਖੁਸ਼ਹਾਲ, ਓਸਨੂੰ ਵਕ਼ਤ ਹਮੇਸ਼ਾ ॥ 29 ਸਾਰੀ ਦੁਨੀਆਂ ਚੱਲਦੀ, ਆਪਣੀ ਢਾਣੀ ਨਾਲ, ਜਿਹੜੇ ਹੁੰਦੇ ਸੂਰਮੇ, ਚੱਲਣ ਵੱਖਰੀ ਚਾਲ। ਚੱਲਣ ਵੱਖਰੀ ਚਾਲ, ਲੋਕ ਹਿੱਤਾਂ ਲਈ ਲੜਦੇ, ਬਾਜ਼ੀ ਜਾਂਦੇ ਜਿੱਤ, ਕਦੇ ਨਾ ਰਸਤੇ ਖੜ੍ਹਦੇ, ਠਕੁਰੇਲਾ ਕਵਿਰਾਜ, ਵੇਦਾਂ ਨੇ ਗੱਲ ਉਚਾਰੀ, ਯਾਦ ਸਦਾ ਰੱਖਦੀ ਉਨ੍ਹਾਂ ਨੂੰ ਦੁਨੀਆਂ ਸਾਰੀ॥ 30 ਹਿੰਮਤ ਕਰਕੇ ਮਨੁੱਖ ਜੇ, ਕਰਦਾ ਹੈ ਕੰਮ-ਕਾਰ, ਉਸਨੂੰ ਵਿੱਚ ਸੰਸਾਰ ਦੇ, ਨਹੀਂ ਸਤਾਉਂਦੀ ਹਾਰ। ਨਹੀਂ ਸਤਾਉਂਦੀ ਹਾਰ, ਨਾ ਉਹ ਹਰਕੇ ਬਹਿੰਦਾ, ਹੋਰ ਜੋਸ਼ ਦੇ ਨਾਲ, ਕੰਮ ਉਹ ਕਰਦਾ ਰਹਿੰਦਾ, 'ਠਕੁਰੇਲਾ' ਕਵਿਰਾਜ, ਸਫਲਤਾ ਦੇ ਲਿਖ ਵਰਕੇ, ਲੜੇ ਔਕੜਾਂ ਨਾਲ , ਮਨੁੱਖ ਜੇ ਹਿੰਮਤ ਕਰਕੇ॥ 31 ਘਰ ਵਿੱਚ ਖੁਸ਼ਹਾਲੀ ਰਹੇ, ਘੱਟ ਜਾਂਦੇ ਨੇ ਦੁੱਖ, ਜੇਕਰ ਵਿਚ ਪਰਿਵਾਰ ਦੇ, ਰਲਮਿਲ ਰਹਿਣ ਮਨੁੱਖ । ਰਲਮਿਲ ਰਹਿਣ ਮਨੁੱਖ, ਤਾਂ ਤਾਕਤ ਵੱਧ ਜਾਵੇ, ਲੜੀ ਮੋਤੀਆਂ ਨਾਲ ਹੀ ਜੱਗ ਵਿੱਚ ਸ਼ੋਭਾ ਪਾਵੇ, 'ਠਕੁਰੇਲਾ' ਕਵਿਰਾਜ, ਵੇਖ ਖੁਸ਼ ਹੁੰਦਾ ਮਾਲੀ, ਖਿੜੇ ਹੋਣ ਜਦ ਫੁੱਲ ਬਾਗ 'ਚ ਹੋਵੇ ਖੁਸ਼ਹਾਲੀ॥ 32 ਵਿਹਲਾ ਬਹਿ ਕੇ ਜੋ ਮਨੁੱਖ, ਆਲਸ ਧਾਰੇ ਆਪ, ਮੰਜ਼ਿਲ ਵਾਲੀ ਰਾਹ ਤੇ, ਪੈੜਾਂ ਸਕੇ ਨਾ ਛਾਪ । ਪੈੜਾਂ ਸਕੇ ਨਾ ਛਾਪ, ਖੁਦ ਨਾਲ ਧੋਖਾ ਕਰਦਾ, ਮੰਜ਼ਿਲ ਉਸਦੇ ਕੋਲ, ਜੋ ਅੱਖ ਟੀਚੇ ਤੇ ਧਰਦਾ, ਠਕੁਰੇਲਾ' ਕਵਿਰਾਜ , ਤਜਰਬਾ ਹੁੰਦਾ ਸਹਿ ਕੇ, ਸਭ ਕੁੱਝ ਲਵੇ ਗੁਆ, ਆਲਸੀ ਵਿਹਲਾ ਬਹਿ ਕੇ॥ 33 ਚੁੱਪ ਰਹਿਣਾ ਹੀ ਠੀਕ ਹੈ, ਰੌਲੇ ਨਾਲੋਂ ਵੀਰ, ਕੰਮ-ਕਾਰ ਵਿੱਚ ਮਨੁੱਖ ਦੀ, ਦਿਸਦੀ ਹੈ ਤਸਵੀਰ। ਦਿਸਦੀ ਹੈ ਤਸਵੀਰ, ਜੋ ਚੰਗੀ, ਸਭ ਨੂੰ ਭਾਉੰਦੀ, ਜਗਦੀ ਹੈ ਜਦ ਜੋਤ, ਕਦੇ ਨੀਂ ਰੌਲਾ ਪਾਉੰਦੀ, 'ਠਕੁਰੇਲਾ' ਕਵਿਰਾਜ, ਸਿਫਤ ਕੀ ਅਪਣੀ ਕਹਿਣਾ, ਕਰਕੇ ਚੰਗੇ ਕੰਮ, ਫੇਰ ਵੀਰੋ ਚੁੱਪ ਰਹਿਣਾ॥ 34- ਰਹਿੰਦਾ ਹੈ ਸਭ ਦੇ ਲਈ, ਸਾਗਰ ਤਾਂ ਇਕ ਸਾਰ, ਮੋਤੀ ਚੁਗਦਾ ਅਕਲਮੰਦ, ਮੂਰਖ ਚੁਗਦਾ ਗਾਰ । ਮੂਰਖ ਚੁਗਦਾ ਗਾਰ, ਜੇਬ ਵਿੱਚ ਘੋਘੇ ਭਰਦਾ, ਜਿਸਨੂੰ ਜੋ ਵੀ ਤਾਂਘ, ਓਹੀ ਇਕੱਠਾ ਕਰਦਾ, 'ਠਕੁਰੇਲਾ' ਕਵਿਰਾਜ, ਮਿਲੇ ਉਹ ਸਭ, ਜੋ ਕਹਿੰਦਾ, ਫਰਕ ਕਰੇ ਬਸ ਮਨੁੱਖ, ਸਾਗਰ ਤਾਂ ਇੱਕੋ ਰਹਿੰਦਾ ॥ 35 ਜੀਵਨ ਵਾਲੀ ਵੰਝਲੀ, ਜੇਕਰ ਸੁੰਨੀ ਮੀਤ, ਉੱਦਮ ਕਰਕੇ ਸੋਧ ਲੈ, ਵੱਜਣ ਮਿੱਠੇ ਗੀਤ । ਵੱਜਣ ਮਿੱਠੇ ਗੀਤ , ਚੁਫ਼ੇਰੇ ਰੌਣਕ ਆਵੇ, ਖੁਸ਼ੀਆਂ ਗਿੜ੍ਹਧਾ ਪਾਉਣ, ਝਾਂਜਰ ਨੱਚੇ ਗਾਵੇ, 'ਠਕੁਰੇਲਾ' ਕਵਿਰਾਜ, ਜਿਵੇਂ ਸੂਰਜ ਦੀ ਲਾਲੀ, ਖਿੜੇ ਮਿਹਨਤਾਂ ਨਾਲ, ਕਿਆਰੀ ਜੀਵਨ ਵਾਲੀ॥ 36 ਲਾਲਚ ਭੈੜਾ ਦੋਸਤੋ, ਖੁਸ਼ੀਆਂ ਲੈਂਦਾ ਸੋਖ, ਓਹੀ ਦੁਨੀਆ ਤੇ ਸੁਖੀ, ਜਿਸ ਨੂੰ ਹੈ ਸੰਤੋਖ, ਜਿਸ ਨੂੰ ਹੈ ਸੰਤੋਖ, ਲਾਲਚ ਕਦੇ ਨਾ ਕਰਦਾ, ਸੰਤੋਸ਼ੀ ਦੇ ਘਰੇ, ਮੀਂਹ ਖੁਸ਼ੀਆਂ ਦਾ ਵਰ੍ਹਦਾ, 'ਠਕੁਰੇਲਾ' ਕਵਿਰਾਜ, ਛੱਡ ਲਾਲਚ, ਹੋ ਕੈੜਾ, ਵੱਧਦਾ ਜਾਉ ਰੋਜ਼, ਨਹੀਂ ਤਾਂ ਲਾਲਚ ਭੈੜਾ ॥ 37 ਤੁਰਨਾ ਪੈਂਦਾ ਆਪ ਹੀ, ਲੋਕ ਤਾਂ ਦੱਸਣ ਰਾਹ, ਕਿਰਤ ਬਿਨਾ ਸੰਸਾਰ ਵਿੱਚ, ਹੁੰਦਾ ਨਾ ਨਿਰਬਾਹ। ਹੁੰਦਾ ਨਾ ਨਿਰਬਾਹ, ਨਾ ਹੀ ਕੁੱਝ ਹੁੰਦਾ ਆਪੇ, ਸਾਰਾ ਹੀ ਸੰਸਾਰ, ਕਿਰਤ ਨਾਲ ਤੁਰਦਾ ਜਾਪੇ, 'ਠਕੁਰੇਲਾ' ਕਵਿਰਾਜ, ਕਿਰਤ ਹੱਥੀਂ ਕਰ ਲੈਂਦਾ, ਮੰਜ਼ਿਲ ਅੱਪੜਣ ਲਈ, ਆਪ ਹੀ ਤੁਰਨਾ ਪੈਂਦਾ॥ 38 ਮੁੜਕੇ ਨਾ ਆਇਆ ਕਦੇ, ਸਮਾਂ ਗਿਆ ਜੋ ਬੀਤ, ਮੱਖਣ ਤੋਂ ਬਣਦਾ ਨਹੀਂ, ਦੁੱਧ ਦੁਬਾਰਾ ਮੀਤ। ਦੁੱਧ ਦੁਬਾਰਾ ਮੀਤ, ਕੋਸ਼ਿਸ਼ਾਂ ਕਰਕੇ ਥੱਕੇ , ਜਿਵੇਂ ਪਹਾੜੋਂ ਨਦੀ ਵਾਪਿਸ ਮੁੜ ਨਾ ਤੱਕੇ, 'ਠਕੁਰੇਲਾ' ਕਵਿਰਾਜ, ਫੇਰ ਬੈਠੋੰਗੇ ਥੁੜ ਕੇ, ਵਡਮੁੱਲਾ ਹੈ ਵਕਤ, ਕਦੇ ਨਾ ਆਵੇ ਮੁੜਕੇ ॥ 39 ਭਰਮ ਭੁਲੇਖੇ ਦੀ ਸ਼ਿਫ਼ਾ, ਹੈ ਨੀਂ ਵਿੱਚ ਸੰਸਾਰ, ਪੰਡਤ ਗਿਆਨੀ ਮੌਲਵੀ, ਸਾਰੇ ਬੈਠੇ ਹਾਰ । ਸਾਰੇ ਬੈਠੇ ਹਾਰ , ਯਤਨ ਕੁੱਝ ਕੰਮ ਨਾ ਆਏ, ਕਰੇ ਬੜਾ ਨੁਕਸਾਨ, ਵਹਿਮ ਜਿਸ ਨੂੰ ਹੋ ਜਾਏ, 'ਠਕੁਰੇਲਾ' ਕਵਿਰਾਜ, ਭਰਮ ਨਾ ਸੱਚ ਨੂੰ ਵੇਖੇ, ਝੇੜੇ ਹੁੰਦੇ ਬਹੁਤ, ਹੋਣ ਜੇ ਭਰਮ ਭੁਲੇਖੇ ॥ 40 ਗੀਤਾ, ਵੇਦ, ਪੁਰਾਨ ਸਭ, ਇਹੀ ਸਿਖਾਉੰਦੇ ਗੱਲ, ਪਿਤਾ ਸਭ ਦਾ ਇੱਕ ਹੈ , ਨਫ਼ਰਤ ਤਾਈੰ ਠੱਲ। ਨਫ਼ਰਤ ਤਾਈੰ ਠੱਲ,ਰਲ-ਮਿਲ ਗਾਣੇ ਗਾਓ, ਸਾਰੇ ਝੇੜੇ ਛੱਡ, ਇੱਕ ਥਾਲੀ ਵਿੱਚ ਖਾਓ, 'ਠਕੁਰੇਲਾ' ਕਵਿਰਾਜ, ਕਦੇ ਹਿਸਾਬ ਨਾ ਕੀਤਾ, ਸਭ ਸਿਖਾਉਂਦੇ ਪਿਆਰ, ਵੇਦ, ਰਾਮਾਇਣ, ਗੀਤਾ ॥ 41 ਮਨ ਦੀ ਹੀ ਤਾਂ ਉਪਜ ਹੈ , ਵਿਤਕਰਿਆਂ ਦਾ ਰੋਗ, ਮਾਲਕ ਦੇ ਦਰਬਾਰ ਵਿੱਚ, ਇੱਕ ਬਰਾਬਰ ਲੋਗ । ਇੱਕ ਬਰਾਬਰ ਲੋਗ, ਨਾ ਉੱਚਾ-ਨੀਂਵਾਂ ਕੋਈ , ਸਭ ਦਾ ਮਾਲਕ ਇੱਕ, ਪਾਲਦਾ ਸਭ ਨੂੰ ਸੋਈ , 'ਠਕੁਰੇਲਾ' ਕਵਿਰਾਜ, ਕਦਰ ਕਰੀਏ ਬਸ ਫ਼ਨ ਦੀ, ਦਿੱਸਦੇ ਹਨ ਜੋ ਫਰਕ, ਉਪਜ ਹੈ ਸਾਡੇ ਮਨ ਦੀ॥ 42 ਹੋਣੀ ਦੀ ਹੈ ਖੇਡ ਜੋ, ਸੁੱਖ-ਦੁੱਖ ਸਹੇ ਸਰੀਰ, ਯਸ, ਅਪਯਸ, ਜੋਬਨ-ਜ਼ਰਾ, ਮਿਲਦੇ ਬਣ ਤਕਦੀਰ। ਮਿਲਦੇ ਬਣ ਤਕਦੀਰ , ਮੀਤ, ਮਾਪੇ ਜਾਂ ਭਾਈ, ਹੋਣੀ ਦੇ ਅਨੁਸਾਰ, ਸਭਨੇ ਹੈ ਉਮਰ ਟਪਾਈ, 'ਠਕੁਰੇਲਾ' ਕਵਿਰਾਜ, ਰੱਖੋ ਨਾ ਸੂਰਤ ਰੋਣੀ, ਜੀਵਨ ਵਾਲੀ ਖੇਡ, ਖੇਡਦੀ ਰਹਿੰਦੀ ਹੋਣੀ॥ 43 ਸਿੱਖਿਆ ਦਿੰਦੀ ਅਸਾਂ ਨੂੰ, ਕੁਦਰਤ ਦੀ ਹਰ ਚੀਜ, ਮਕੜੀ, ਕੀੜੀ, ਸ਼ੇਰ ਜਾਂ, ਪੰਛੀ ,ਰੁੱਖ ਜਾਂ ਬੀਜ । ਪੰਛੀ , ਰੁੱਖ ਜਾਂ ਬੀਜ , ਸਿਖਾਉੰਦੇ ਸੇਵਾ ਕਰਨੀ, ਮਿਹਨਤ ਹਿੰਮਤ ਨਾਲ, ਜ਼ਿੰਦ ਭਵਸਾਗਰ ਤਰਨੀ, 'ਠਕੁਰੇਲਾ' ਕਵਿਰਾਜ, ਪੜ੍ਹੋ ਹਰ ਸ਼ੈਅ ਦਾ ਲਿਖਿਆ ਕੁਦਰਤ ਵਾਂਗ ਕਿਤਾਬ, ਹੈ ਸਾਨੂੰ ਦਿੰਦੀ ਸਿੱਖਿਆ॥ 44 ਬਿਲਕੁਲ ਸੱਚੀ ਗੱਲ ਹੈ, ਪੂਰਾ ਹੈ ਵਿਸ਼ਵਾਸ, ਵਾਲ ਵਿੰਗਾ ਨਾ ਸੱਚ ਦਾ, ਇਹ ਗੱਲ ਇਸਦੀ ਖਾਸ। ਇਹ ਗੱਲ ਇਸਦੀ ਖਾਸ, ਜਾਣਦੀ ਦੁਨਿਆਂ ਸਾਰੀ, ਮੰਨਿਆ ਸੱਚ ਦੀ ਰਾਹ, ਲੱਗਦੀ ਔਖੀ, ਭਾਰੀ, 'ਠਕੁਰੇਲਾ'ਕਵਿਰਾਜ, ਗੱਲ ਨਹੀਂ ਆਖੀ ਕੱਚੀ, ਜਿੱਤਦਾ ਸੱਚ ਹਰ ਹਾਲ, ਗੱਲ ਇਹ ਬਿਲਕੁਲ ਸੱਚੀ॥ 45 ਮਿੱਠੇ ਬੋਲਾਂ ਨਾਲ ਹੀ, ਕੋਇਲ ਪਾਵੇ ਮਾਨ , ਕਾਂ-ਕਾਂ ਕਰਦਾ ਕਾਂ ਫਿਰੇ, ਨਿੰਦੇ ਕੁੱਲ ਜਹਾਨ । ਨਿੰਦੇ ਕੁੱਲ ਜਹਾਨ ,ਬੋਲ ਸੁਣ ਉਸਦੇ ਕੌੜੇ, ਮਿੱਠੀ ਬੋਲੀ ਸਦਾ, ਦਿਲਾਂ ਦੇ ਭਰਦੀ ਤੌੜੇ, 'ਠਕੁਰੇਲਾ'ਕਵਿਰਾਜ, ਸਾਰੇ ਕੰਮ ਨਜਿੱਠੇ, ਮਿਲਦਾ ਸਭ ਤੋਂ ਪਿਆਰ,ਬੋਲ ਜੇ ਹੋਵਣ ਮਿੱਠੇ॥ 46 ਤੀਲੇ ਵੀ ਹਨ ਕੀਮਤੀ, ਚਿੱੜੀਆਂ ਚੁਗ ਲੈ ਜਾਣ, ਤੀਲੇ ਬਣਦੇ ਆਲ੍ਹਣਾ, ਪਾਉਂਦੇ ਨੇ ਸਨਮਾਨ । ਪਾਉਂਦੇ ਨੇ ਸਨਮਾਨ, ਫੇਰ ਹੈ ਸ਼ੋਭਾ ਵੱਧਦੀ, ਚਿੱੜੀ ਆਲ੍ਹਣੇ ਵਿੱਚ, ਨਵੇਂ ਜੀਵਨ ਨੂੰ ਸੱਦਦੀ, 'ਠਕੁਰੇਲਾ'ਕਵਿਰਾਜ, ਰਹਿਣ ਜਦ ਵਾਂਗ ਕਬੀਲੇ, ਆਪਣੀ ਮੈਂ ਨੂੰ ਮਾਰ, ਆਲ੍ਹਣਾ ਬਣਦੇ ਤੀਲੇ ॥ 47 ਹਰਪਲ ਖੁਸ਼ ਰਹਿੰਦਾ ਮਨੁੱਖ, ਐਬ ਰਹਿਣ ਜੇ ਦੂਰ, ਬੋਝ ਨਾ ਹੋਵੇ ਸਿਰ ਉੱਤੇ, ਫਿਕਰ ਹੋਣ ਕਾਫ਼ੂਰ । ਫਿਕਰ ਹੋਣ ਕਾਫ਼ੂਰ, ਫਰਕ ਨਾ ਮਨ ਵਿੱਚ ਆਵੇ, ਜੱਗ ਲਗਦਾ ਪਰਿਵਾਰ , ਜਿੱਧਰ ਵੀ ਬੰਦਾ ਜਾਵੇ, 'ਠਕੁਰੇਲਾ' ਕਵਿਰਾਜ, ਸੁੱਖਾਂ ਦਾ ਦਰਿਆ ਵਹਿੰਦਾ, ਐਬਾਂ ਤੋਂ ਰਹਿ ਦੂਰ, ਮਨੁੱਖ ਹਰਪਲ ਖੁਸ਼ ਰਹਿੰਦਾ ॥ 48 ਵਰਕੇ ਉੱਤੇ ਲੇਖ ਨੂੰ, ਪੜ੍ਹ ਲੈਂਦੇ ਸਭ ਲੋਕ, ਕੌਣ ਦਿਲਾਂ ਨੂੰ ਪੜ੍ਹ ਸਕੇ, ਜਿੱਥੇ ਰੋਕ ਨਾ ਟੋਕ । ਜਿੱਥੇ ਰੋਕ ਨਾ ਟੋਕ, ਪਤਾ ਨਾ ਕੁੱਝ ਵੀ ਲੱਗੇ, ਉੱਤੋਂ ਜਾਪੇ ਠੀਕ, ਅੰਦਰ ਹੋਮੇ ਜੱਗੇ, 'ਠਕੁਰੇਲਾ' ਕਵਿਰਾਜ, ਵੇਖ ਖਾਂ ਹਿੰਮਤ ਕਰਕੇ, ਸ਼ਾਇਦ ਫੋਲੇ ਜਾਣ, ਕਿਸੇ ਦੇ ਦਿਲ ਦੇ ਵਰਕੇ॥