Punjabi Poetry : Amarpreet Singh Jhita
ਪੰਜਾਬੀ ਕਵਿਤਾ : ਅਮਰਪ੍ਰੀਤ ਸਿੰਘ ਝੀਤਾ
1. ਰਾਹ ਦਸੇਰੇ
ਦੀਵੇ ਦੀ ਬੱਤੀ ਦੇ ਵਾਂਗਰ, ਖੁਦ ਬਲ ਕਰਦੇ ਦੂਰ ਹਨੇਰੇ। ਭਵਿੱਖ ਦੇਸ ਦਾ ਰੌਸ਼ਨ ਕਰਦੇ, ਸਾਡੇ ਨੇ ਇਹ ਰਾਹ ਦਸੇਰੇ। ਬਾਲ ਤਕਦੇ ਰਾਹ ਨੇ ਰਹਿੰਦੇ, ਆ ਕੇ ਨਿੱਤ ਸਕੂਲ ਸਵੇਰੇ। ਬਾਲਾਂ ਦੇ ਮਨ ਖਿੜ ਜਾਂਦੇ ਨੇ, ਜਦ ਮਿਲਦੇ ਨੂਰਾਨੀ ਚਿਹਰੇ। ਫਿਰ ਮਜ਼ਮੂਨ ਵੀ ਲੱਗਣ ਸੌਖੇ, ਪੜ੍ਹਾਏ ਇਨ੍ਹਾਂ ਹੁੰਦੇ ਜਿਹੜੇ। ਸਬਕ ਇਨ੍ਹਾਂ ਤੋਂ ਜੋ ਸਿੱਖ ਜਾਂਦਾ, ਲੁੱਟਦਾ ਮੌਜਾਂ ਖੁਸ਼ੀਆਂ ਖੇੜੇ। ਕੋਈ ਮੁਸ਼ਕਿਲ ਨਾ ਹੋਵੇ ਭਾਰੂ, ਭਾਂਵੇ ਪੰਧ 'ਚ ਹੋਣ ਅੰਧੇਰੇ। ਖੁਦ ਬਲ ਹੋਰਾਂ ਨੂੰ ਜਗਾਉਂਦੇ, ਰੌਸ਼ਨ ਕਰਦੇ ਸਭ ਦੇ ਵਿਹੜੇ। ਗੁਰੂ ਬਰਾਬਰ ਨਾ ਕੋਈ ਹੋਵੇ, ਨਾ ਕੋਈ ਹੋਣਾ ਨੇੜੇ-ਤੇੜੇ। ਸਬਰ, ਸੰਤੋਖ ਅਤੇ ਸਚਾਈ, ਗੁਣ ਮੈਂ ਦੱਸਾਂ ਕਿਹੜੇ ਕਿਹੜੇ? ਕੌਮ ਨਿਰਮਾਤਾ ਬਣਨਾ ਔਖਾ, ਭਾਂਵੇ ਜੱਗ 'ਚ ਕੰਮ ਬਥੇਰੇ। 'ਅਮਰਪ੍ਰੀਤ' ਇਹ ਪਾ ਜਾਂਦੇ ਨੇ, ਕਿੱਤੇ ਦੇ ਸੰਗ ਲੈ ਕੇ ਫੇਰੇ।
2. ਜੰਗ
ਰੱਬ ਅੱਗੇ ਕਰੋ ਅਰਜੋਈ ਅਮਨ ਸ਼ਾਂਤੀ ਨਾ ਹੋਵੇ ਭੰਗ। ਨਾਗਾਸਾਕੀ, ਹੀਰੋਸ਼ੀਮਾ ਦੇਖੋ ਕੀ ਕਰ ਦਿੰਦੀ ਜੰਗ? ਜੋ ਵੀ ਇਸ ਰਾਹ ਤੁਰਿਆ ਉਹ ਵੀ ਹੋ ਜਾਂਦਾ ਹੈ ਤੰਗ। ਕੋਈ ਜਿੱਤੇ ਭਾਂਵੇ ਹਾਰੇ ਦੋਹਾਂ ਨੂੰ ਕਰ ਦੇਵੇ ਨੰਗ। ਫ਼ੌਜੀ ਮਰਦੇ ਦੋਹੀਂ ਪਾਸੇ ਹਾਕਮ ਕਦੀ ਨਾ ਕਰਦੇ ਸੰਗ। ਮਾਂਵਾਂ ਦੇ ਪੁੱਤ ਇਹ ਖਾਵੇ ਸੁਹਾਗਣਾਂ ਦੇ ਖੋਹੇ ਸੂਹੇ ਰੰਗ। ਜੀਅ-ਜੰਤ ਨੂੰ ਕਰੇ ਤਬਾਹ ਖੁਸ਼ਹਾਲੀ ਨੂੰ ਜਾਵੇ ਡੰਗ। ਦੇਸਾਂ 'ਚ ਕਦੀ ਜੰਗ ਨਾ ਲੱਗੇ ਕੱਢੋ ਅਮਨ ਸ਼ਾਂਤੀ ਦਾ ਢੰਗ। ਸੁਖੀ ਵੱਸਣ ਸਭ ਨਗਰ ਖੇੜੇ ਅਮਰਪ੍ਰੀਤ ਦੀ ਇਹੋ ਮੰਗ।
3. ਧੰਨ ਗੁਰੂ ਨਾਨਕ ਦੇਵ ਜੀ ਆਏ
ਧੰਨ ਗੁਰੂ ਨਾਨਕ ਦੇਵ ਜੀ ਆਏ, ਜੋ ਧਿਆਵੈ ਉਹ ਸੁਖ ਪਾਏ। ਪਿਤਾ ਗੁਰਾਂ ਦੇ ਸ੍ਰੀ ਮਹਿਤਾ ਕਾਲੂ, ਮਾਤਾ ਤਰਿਪਤਾ ਜੀ ਦੇ ਜਾਏ। ਜਨਮ ਧਾਰਿਆ ਰਾਏ ਭੋਇ ਦੀ ਤਲਵੰਡੀ, ਵੀਰ ਬੇਬੇ ਨਾਨਕੀ ਜੀ ਦੇ ਕਹਾਏ। ਸੱਚਾ ਸੌਦਾ ਕੀਤਾ ਬਚਪਨ ਵੇਲੇ, ਬੈਠੇ ਸਾਧੂਆਂ ਨੂੰ ਲੰਗਰ ਛਕਾਏ। ਜਦ ਬੈਠੇ ਵਿੱਚ ਮੋਦੀਖਾਨੇ, ਤੇਰਾ ਤੇਰਾ ਆਖ ਤੱਕੜ ਤੁਲਾਏ। ਇੱਕੋ ਰੱਬ ਹੈ ਨਾ ਕੋਈ ਦੂਜਾ, ਖੰਡਨ ਕੀਤੀ ਇਹਨਾਂ ਮੂਰਤੀ ਪੂਜਾ। ਫੋਕਟ ਕਰਮਾਂ ਨੂੰ ਸੀ ਭੰਡਿਆ, ਪਾਂਧੇ ਨੂੰ ਵੀ ਸਬਕ ਪੜ੍ਹਾਏ। ਚਾਰ ਉਦਾਸੀਆਂ ਲਈ ਜਦ ਨਿਕਲੇ, ਭਾਈ ਮਰਦਾਨਾ ਜੀ ਨਾਲ ਆਏ। ਸੱਜਣ ਠੱਗ ਨੂੰ ਸਿੱਧੇ ਰਸਤੇ ਪਾਇਆ, ਭਾਈ ਲਾਲੋ ਦੇ ਭਾਗ ਜਗਾਏ। ਨਾਮ ਜਪਣ ਤੇ ਕਿਰਤ ਕਰਨ ਦੇ, ਗੁਣ ਵੰਡ ਕੇ ਛਕਣ ਦੇ ਸਿਖਾਏ। ਜਦ ਪਹੁੰਚੇ ਵਿੱਚ ਮੱਕੇ ਮਦੀਨੇ, ਚਾਰੇ ਪਾਸੇ ਰੱਬ ਦਿਖਾਏ। ਸਿਧ ਗੋਸ਼ਟ ਕੀਤੀ ਨਾਲ ਜੋਗੀਆਂ, ਗ੍ਰਹਿਸਤ ਜੀਵਨ ਦੇ ਸੱਚ ਸਮਝਾਏ। ਵਿਆਹ ਹੋਇਆ ਨਾਲ ਮਾਤਾ ਸੁਲੱਖਣੀ, ਘਰ ਦੋ ਪੁੱਤਰਾਂ ਭਾਗ ਲਗਾਏ। ਵਹਿਮ ਭਰਮ 'ਚੋਂ ਲੋਕਾਂ ਨੂੰ ਕੱਢਿਆ, ਤਰਕ ਦੇ ਕੇ ਸੱਚ ਸਮਝਾਏ। 'ਸੋ ਕਉ ਮੰਦਾ ਆਖੀਐ' ਕਹਿ ਕੇ, ਔਰਤਾਂ ਦੇ ਮਾਣ ਸੀ ਵਧਾਏ। ਦਿੱਤਾ ਗੁਰਬਾਣੀ ਦਾ ਰੂਹਾਨੀ ਤੋਹਫਾ, ਨਾਮ ਅਮਰ ਗੁਰਾਂ ਦਾ ਧਿਆਏ। ਧੰਨ ਗੁਰੂ ਨਾਨਕ ਦੇਵ ਜੀ ਆਏ, ਜੋ ਧਿਆਵੈ ਉਹ ਸੁਖ ਪਾਏ।
4. ਜ਼ਿੰਦਗੀ ਜਿਊਣ ਦਾ ਢੰਗ-ਗ਼ਜ਼ਲ
ਹਰ ਪਲ ਦਾ ਮੈਂ ਲੁਤਫ਼ ਉਠਾਵਾਂ, ਜੇ ਰੱਬ ਦਾ ਮੈਂ ਸ਼ੁਕਰ ਮਨਾਵਾਂ। ਜੇ ਕੁਝ ਦੇ ਸਕਦਾਂ ਹੈਂ ਤੂੰ, ਤਾਂ ਦੇ ਦੇ ਸਭ ਨੂੰ ਢੇਰ ਦੁਆਵਾਂ। ਜੇਕਰ ਚੰਗਾ ਬੋਲ ਨ ਹੋਵੇ, ਮੰਦਾ ਵੀ ਨਾ ਬੋਲ ਸੁਣਾਵਾਂ। ਰੱਬ ਵੀ ਖ਼ੁਸ਼ ਹੋ ਜਾਵੇ, ਜੇਕਰ, ਕੋਈ ਰੋਂਦਾ ਬਾਲ ਹੱਸਾਵਾਂ। ਕਿਸਮਤ ਕੁਝ ਵੀ ਨਾ ਹੁੰਦੀ ਹੈ, ਕੀਤੇ ਕਰਮਾਂ ਦਾ ਫਲ ਪਾਵਾਂ। ਪ੍ਰੀਤ ਅਮਰ ਤਾਂ ਹੋਵੇਗੀ ਜੇ, ਸੱਚੇ ਦਿਲ ਤੋਂ ਰੱਬ ਧਿਆਵਾਂ।
5. ਦਿਲ ਦੇ ਅੰਦਰ
ਈਸ਼ਵਰ, ਅੱਲਾ, ਸਭ ਪੈਗੰਬਰ, ਵਸਦੇ ਮੇਰੇ ਦਿਲ ਦੇ ਅੰਦਰ। ਬਾਹਰ ਕਿਧਰੇ ਨਾ ਉਹ ਮਿਲਿਆ, ਭਾਂਵੇ ਜਾਵਾਂ ਮਸਜਿਦ, ਮੰਦਰ। ਸਭ ਕੁਝ ਉਹਦੇ ਹੁਕਮ 'ਚ ਚੱਲੇ, ਧਰਤੀ, ਸੂਰਜ ਤੇ ਇਹ ਚੰਦਰ। ਕਣ ਕਣ ਦੇ ਵਿਚ ਉਹਦਾ ਵਾਸਾ, ਮਿੱਟੀ, ਪਾਣੀ ਤੇ ਵਿਚ ਅੰਬਰ। ਉਹਨੂੰ ਮਿਲਣਾ ਔਖਾ ਨਾਹੀ, ਪਹਿਲਾਂ ਮਨ ਨੂੰ ਜਿੱਤ ਪਤੰਦਰ। ਪ੍ਰੀਤ ਸਦਾ ਖੁਸ਼ ਰਹਿਣਾ ਸਿੱਖ ਲੈ, ਬਖਸ਼ੇ ਉਹਦੇ ਭਾਣੇ ਅੰਦਰ।
6. ਸਾਡੀ ਮਾਂ ਬੋਲੀ ਪੰਜਾਬੀ
ਸਾਡੀ ਮਾਂ - ਬੋਲੀ ਪੰਜਾਬੀ, ਸਾਡੇ ਵਿਰਸੇ ਦੀ ਇਹ ਚਾਬੀ। ਪੈਂਤੀ ਅੱਖਰ ਇਸਦੇ ਗਹਿਣੇ, ਇਸਦੀ ਤਾਂ ਹੈ ਠਾਠ ਨਵਾਬੀ। ਬਖਸ਼ੀ ਹੈ ਤਰਤੀਬ ਗੁਰਾਂ ਨੇ, ਇਹ ਬੋਲੀ ਨਾ ਸਿਰਫ ਕਿਤਾਬੀ। ਘੋਲੇ ਮਾਖਿਉ ਵਰਗੀ ਮਿੱਠਤ, ਕਰਦੇ ਕੀਰਤਨ ਜਦ ਰਬਾਬੀ। ਇਹ ਤਾਂ ਸਭਨਾਂ ਦੇ ਮਨ ਮੋਹੇ, ਜਿਉਂ ਫੁੱਲਾਂ ਵਿਚ ਫੁੱਲ ਗੁਲਾਬੀ। ਸੀਤਲ ਭਾਸ਼ਾ ਮਨ ਨੂੰ ਠਾਰੇ, ਜਿੱਦਾਂ ਹੋਵੇ ਨੀਰ ਚਨਾਬੀ। ਜੋ ਵੀ ਮਾਂ ਬੋਲੀ ਨੂੰ ਭੁਲਿਆ, ਕਾਦ੍ਹਾ ਫਿਰ ਉਹ ਹੈ ਪੰਜਾਬੀ। ਪ੍ਰੀਤ ਅਮਰ ਕਰ ਮਾਂ ਬੋਲੀ ਨੂੰ, ਜਿੱਤੇਗਾ ਹਰ ਦੌੜ ਖਿਤਾਬੀ।
7. ਤੇਰਾ ਮੇਰਾ ਕਾਦ੍ਹਾ ਰੌਲਾ
ਹਿਰਦੇ ਮੇਰੇ ਵੱਸ ਓ ਮੌਲਾ, ਗਾਵਾਂ ਤੇਰਾ ਜੱਸ ਓ ਮੌਲ਼ਾ। ਤੇਰਾ ਮੇਰਾ ਕਾਦ੍ਹਾ ਰੌਲ਼ਾ, ਏਨਾ ਮੈਨੂੰ ਦੱਸ ਓ ਮੌਲ਼ਾ। ਅੰਬਰ ਸਾਂਝਾ, ਸੂਰਜ ਸਾਂਝਾ, ਧਰਤੀ ਵੰਡੀ ਬਸ ਓ ਮੌਲ਼ਾ। ਧਰਤੀ ਤਾਂ ਮਾਂ ਸਭ ਦੀ ਹੋਵੇ, ਗੋਦ 'ਚ ਲੈਂਦੀ ਕਸ ਓ ਮੌਲ਼ਾ। ਬੋਲਣ ਪੰਛੀ ਅਪਣੀ ਬੋਲੀ, ਘੋਲਣ ਕੰਨੀ ਰਸ ਓ ਮੌਲ਼ਾ। ਮਾਂ ਬੋਲੀ ਪੰਜਾਬੀ ਮੇਰੀ, ਕਿਉਂ ਨਾ ਬੋਲਾਂ ਹਸ ਓ ਮੌਲ਼ਾ। ਤੇਰੇ ਨਾਂ 'ਤੇ ਪਾਇਆ ਲੋਕਾਂ, ਜਾਤਾਂ ਦਾ ਘੜਮੱਸ ਓ ਮੌਲਾ। ਸਾਨੂੰ ਜਾਤਾਂ ਦੇ ਵਿਚ ਵੰਡਿਆ, ਅਪਣੀ ਜਾਤੀ ਦੱਸ ਓ ਮੌਲ਼ਾ। ਸਾਰੀ ਕੁਦਰਤ ਸਭ ਦੀ ਸਾਂਝੀ, ਬੰਦਾ ਕਿਉਂ ਬੇਵਸ ਓ ਮੌਲ਼ਾ। ਅਮਰਪ੍ਰੀਤ ਸਭਨਾਂ ਵਿਚ ਹੋਵੇ, ਏਹੋ ਮੰਗਾਂ ਬਸ ਓ ਮੌਲ਼ਾ।
8. ਨਵਾਂ ਵਰ੍ਹਾ
ਜੀਅ-ਜੰਤ, ਸੂਰਜ ਤੇ ਤਾਰੇ, ਇਹ ਤਾਂ ਨੇ ਪੁਰਾਣੇ ਈ ਸਾਰੇ। ਈਸਵੀ ਵਰ੍ਹਾ ਚੜ੍ਹਨ ਦੀਆਂ, ਦੇਣ ਮੁਬਾਰਕਾਂ ਸਭ ਪਿਆਰੇ। ਜੇ ਨੀਤਾਂ ਨਾਲ ਕੰਮ ਨਹੀਂ ਕਰਨੇ, ਕਰਦੇ ਰਹਿਣਾ ਪੁੱਠੇ ਕਾਰੇ। ਖੁੰਝਿਆ ਵੇਲਾ ਮੁੜ ਨਾ ਆਵੇ, ਹੋਵੇਗਾ ਚਿੱਤ ਖਾਨੇ ਚਾਰੇ। ਨਵੀਆਂ ਉਮੰਗਾਂ ਮਨ 'ਚ ਲੈ ਕੇ, ਪੂਰੇ ਕਰੀਂ ਚਾਅ ਤੂੰ ਸਾਰੇ। ਲੋੜਵੰਦਾਂ ਦੀ ਕਰੀਂ ਸਹਾਇਤਾ, ਜਿਹੜੇ ਬੈਠੇ ਨੇ ਤੇਰੇ ਸਹਾਰੇ। ਜੋ ਨਾ ਕਰਦੇ ਕਦਰ ਸਮੇਂ ਦੀ, ਰਹਿ ਜਾਂਦੇ ਉਹ ਕਰਮਾਂ ਮਾਰੇ। ਮਿਹਨਤ ਉੱਤੇ ਤੂੰ ਕਰੀਂ ਭਰੋਸਾ, ਵਿਚ ਨਾ ਆਈਂ ਸਿਆਸੀ ਲਾਰੇ। ਨਵੇਂ ਵਰ੍ਹੇ ਦੀ ਹੋਵੇ ਵਧਾਈ, ਖੁਸ਼ ਰਹਿਣ ਸਭ ਮਿੱਤਰ ਪਿਆਰੇ। ਅਮਰਪ੍ਰੀਤ ਕਰੇ ਅਰਦਾਸਾਂ, ਖੁਸ਼ੀਆਂ ਆਵਣ ਵਿਹੜੇ ਸਾਰੇ।
9. ਆਤਮ-ਚਿੰਤਨ
ਹਉਮੈ ਨਹੀਂ ਮੁਕਾ ਪਾਇਆ ਮੈਂ। ਭਾਂਵੇ ਗੁਰੂ ਘਰ ਜਾ ਆਇਆ ਮੈਂ। ਬਾਬੇ ਆਖਿਆ ਲਾਲੋ ਬਣਜਾ, ਭਾਗੋ ਬਣ ਪਛਤਾਅ ਆਇਆ ਮੈਂ। ਬਾਬੇ ਆਖਿਆ ਕਿਰਤ ਹੈ ਕਰਨੀ, ਰਾਹ ਖੇਤ ਵਿਚ ਵਾਹ ਆਇਆ ਮੈਂ। ਬਾਬਾ ਨਾਨਕ ਸੰਗ ਗਰੀਬਾਂ ਦੇ, ਚੌਧਰ ਨੂੰ ਦਿਖਾ ਆਇਆ ਮੈਂ। ਕਰਾਂ ਸੇਵਾ ਮੈਂ ਲੋੜਵੰਦਾਂ ਦੀ, ਇਹੀ ਰੌਲਾ ਪਾ ਆਇਆ ਮੈਂ। ਸੱਤਾ ਹਾਸਿਲ ਕਰਨ ਦੀ ਖਾਤਰ, ਭਰਾ-ਭਰਾ ਲੜਾ ਆਇਆ ਮੈਂ। ਨਾਲ ਮੇਰੇ ਕੁਝ ਨਹੀਓਂ ਜਾਣਾ, ਕੌੜਾ ਸੱਚ ਭੁਲਾ ਆਇਆ ਮੈਂ। ਜਦੋਂ ਗੁਰਬਾਣੀ ਮਨ ਵਸਾਈ, ਜਾਪੇ ਸਭ ਕੁਝ ਪਾ ਆਇਆ ਮੈਂ। ਸੱਚੀ ਸੁੱਚੀ ਕਿਰਤ ਹੀ ਕਰਨੀ, ਜ਼ਮੀਰ ਨੂੰ ਜਗਾ ਆਇਆ ਮੈਂ। ਹੱਕ ਪਰਾਇਆ ਕਦੀ ਨਾ ਖਾਓ, ਖੁਦ ਨੂੰ ਵੀ ਸਮਝਾ ਆਇਆ ਮੈਂ। ਅਮਰਪ੍ਰੀਤ ਉਹਦੇ ਸੰਗ ਐਸੀ, ਮਨ ਦੇ ਅੰਦਰ ਵਸਾ ਆਇਆ ਮੈਂ।
10. ਕਲਮ ਮੇਰਾ ਹਥਿਆਰ
ਮੇਰੀ ਹਰਫਾਂ ਸੰਗ ਦੋਸਤੀ, ਮੇਰੀ ਕਲਮ ਮੇਰਾ ਹਥਿਆਰ। ਕਰ ਚਾਰੇ ਖਾਨੇ ਚਿੱਤ ਦੇਊ, ਜਦ ਕੀਤਾ ਇਹਦੇ ਨਾਲ ਵਾਰ। ਕਰ ਰੂਹ ਤੱਕ ਦੇਊ ਛੱਲਣੀ, ਫੱਟ ਡੂੰਘੇ ਨਾਲੋਂ ਤਲਵਾਰ। ਫਿਰ ਰੂਹ ਪਾਊਗੀ ਲਾਹਨਤਾਂ, ਕਿਉਂ ਬਣਿਆ ਧਰਤੀ 'ਤੇ ਭਾਰ। ਝੂਠ ਬੋਲ ਤੂੰ ਸੱਤਾ ਲੈ ਲਈ, ਮਾਫ ਕਰੂ ਨਾ ਪਰਵਰਦਿਗਾਰ। ਭਰਾ ਭਰਾ ਦਾ ਵੈਰੀ ਬਣਿਆ, ਕਰ ਨਫਰਤ ਦੀ ਖੜੀ ਦੀਵਾਰ। ਬਾਹਾਂ ਕੀਤੀਆਂ ਸੁੰਨੀਆਂ, ਜਿੱਥੇ ਚੂੜਾ ਕਰੇ ਛਣਕਾਰ। ਤੇਰੀ ਪੱਤ ਦੀ ਰਾਖੀ ਕਰਦਿਆਂ, ਝੱਲਿਆ ਵੈਰੀ ਦਾ ਹਰ ਵਾਰ। ਹੋ ਕੇ ਦੂਣ ਸਵਾਏ ਨਿਕਲੇ, ਤੋੜਿਆ ਦੁਸ਼ਮਣ ਦਾ ਹੰਕਾਰ। ਕੌਮ ਮੇਰੀ ਦੇ ਝੰਡੇ ਝੂਲਦੇ, ਮੈਨੂੰ ਆਖਣ ਸਭ ਸਰਦਾਰ। ਮੇਰਾ ਸ਼ਬਦ ਗੁਰੂ ਸੰਗ ਮੇਰੇ, ਬਖਸ਼ਿਆ ਮੇਰੇ ਸਿਰਜਣਹਾਰ। ਸੱਚ ਕਲਮ ਮੇਰੀ ਨੇ ਲਿਖਣਾ, ਹਮੇਸ਼ਾ ਕਰੇਗੀ ਖ਼ਬਰਦਾਰ। ਦੇਸ,ਕੌਮ ਦੀ ਸੇਵਾ ਕਰ ਲੈ, ਨਹੀਂ ਤਾਂ ਜੀਊਣਾ ਹੈ ਬੇਕਾਰ। ਤੇਰੇ ਨਾਲ ਨਾ ਕੁਝ ਜਾਵਣਾ, ਨਹੀਂ ਰਹਿਣੀ ਇਹ ਮੌਜ ਬਹਾਰ। ਜੋ ਜਾਨ ਦੇਸ ਲਈ ਵਾਰਦੇ, ਚੇਤੇ ਕਰਨ ਲੋਕ ਵਾਰ-ਵਾਰ। ਪਾ ਜਾਂਦੇ ਅਮਰਪ੍ਰੀਤ ਉਹ, ਕਰਦੇ ਨਾਲ ਦੇਸ ਜੋ ਪਿਆਰ।
11. ਰੁੱਖ ਤੇ ਮਨੁੱਖ
ਤਪਿਆ ਪਿਆ ਸੀ ਜੇਠ ਮਹੀਨਾ। ਸਭ ਨੂੰ ਆ ਰਿਹਾ ਸੀ ਪਸੀਨਾ। ਤਪਦੀਆਂ ਲੂੰਆਂ ਲੂਹਾ ਲਾਇਆ। ਹਰ ਜੀਅ ਜੰਤ,ਸ਼ੈਅ ਨੂੰ ਤਪਾਇਆ। ਹਰ ਕੋਈ ਭਾਲੇ ਬਸ ਠੰਢੀ ਛਾਂ। ਰੁੱਖਾਂ ਬਾਝੋਂ ਦਿਸੇ ਖਾਲੀ ਥਾਂ। ਕੰਕਰੀਟ ਦੇ ਜੰਗਲ ਉਸਾਰੇ। ਰੁੱਖ ਤੁਸੀਂ ਕਿਉਂ ਹੈ ਵਿਸਾਰੇ? ਲਾਲਚ ਨੇ ਸਾਰਾ ਜੰਗਲ ਖਾਇਆ। ਕੋਈ ਰੁੱਖ ਮੁੜ ਕਦੀ ਨਾ ਲਾਇਆ। ਮੈਨੂੰ ਵੱਢਣ ਲਈ ਆਏ ਮਨੁੱਖ। ਕਦੋਂ ਮੁੱਕੇਗੀ ਇਹਨਾਂ ਦੀ ਭੁੱਖ? ਸਿਖਰ ਦੁਪਹਿਰਾ ਜਦ ਚੜ੍ਹ ਆਇਆ। ਗਰਮੀ ਨੇ ਸਭ ਨੂੰ ਬੜਾ ਤੜਫਾਇਆ। ਜਦ ਨੇੜੇ ਨਾ ਦਿਸੀ ਕੋਈ ਠੰਢੀ ਥਾਂ। ਫਿਰ ਬਹਿ ਕੇ ਲੱਗੇ ਮਾਣਨ ਮੇਰੀ ਛਾਂ। ਤੱਕਣ ਲੱਗੇ ਮੈਨੂੰ ਲਾ ਕੇ ਰੀਝ। ਗੌਹ ਨਾਲ ਵਾਚਣ ਹਰ ਇੱਕ ਚੀਜ਼। ਮੇਰੇ 'ਤੇ ਬਣੇ ਨੇ ਅਨੇਕਾਂ ਆਲ੍ਹਣੇ। ਬੱਚੇ ਪੰਛੀਆਂ ਇਹਨਾਂ 'ਚ ਪਾਲਣੇ। ਜਦੋਂ ਪੰਛੀਆਂ ਨੇ ਬੋਲ ਸੁਣਾਏ। ਬੋਲ ਮਿੱਠੜੇ ਨੇ ਮਨਾਂ ਨੂੰ ਭਾਏ। ਬੈਠੇ ਮਨੁੱਖ ਕੁਝ ਬੁੜਬੁੜਾਏ। ਆਪਣੇ ਆਪ 'ਤੇ ਸੀ ਪਛਤਾਏ। ਜਦੋਂ ਠੰਢੀ ਠੰਢੀ ਹਵਾ ਸੀ ਵਗੀ। ਅੱਖ ਉਹਨਾਂ ਦੀ ਪਲਾਂ 'ਚ ਲਗੀ। ਭੁੱਖ ਨੇ ਫਿਰ ਉਹਨਾਂ ਨੂੰ ਜਗਾਇਆ। ਇੱਕ ਜਣਾ ਮੇਰੇ ਫਲ ਤੋੜ ਲਿਆਇਆ। ਇੱਕ ਨੂੰ ਕੁਝ ਫਿਰ ਯਾਦ ਹੈ ਆਇਆ। ਮੈਂ ਤਾਂ ਰੁੱਖ ਏਥੇ ਵੱਢਣ ਆਇਆ! ਫਿਰ ਆਪਣੇ ਆਪ 'ਤੇ ਪਛਤਾਇਆ। ਉਹਨੇ ਸਾਥੀਆਂ ਨੂੰ ਸਮਝਾਇਆ। ਮਿੱਤਰੋ! ਰੁੱਖ ਅਸੀਂ ਵੱਢਦੇ ਜਾਂਦੇ। ਪਰ ਨਵਾਂ ਰੁੱਖ ਕੋਈ ਨਾ ਲਗਾਂਦੇ। ਜੇ ਇਹਨਾਂ ਨੂੰ ਵੱਢਦੇ ਜਾਵਾਂਗੇ। ਫਿਰ ਸਾਫ ਹਵਾ ਕਿਧਰੋਂ ਪਾਵਾਂਗੇ? ਸਰੀਰ 'ਤੇ ਜਦ ਫੋੜਾ ਫਿੰਨਸੀ ਆਈ। ਫਿਰ ਨਿੰਮ ਹੀ ਘੋਟ ਘੋਟ ਸੀ ਲਗਾਈ। ਇਹ ਤਾਂ ਸਾਡੇ ਨੇ ਪਾਲਣਹਾਰੇ। ਸਾਰੀ ਕੁਦਰਤ ਇਹਨਾਂ ਸਹਾਰੇ। ਫਲ, ਫੁੱਲ, ਲੱਕੜ ਤੇ ਛਾਂ ਨੇ ਦਿੰਦੇ। ਬੈਠਣ ਲਈ ਠੰਢੀ ਥਾਂ ਨੇ ਦਿੰਦੇ। ਬਚਪਨ ਦੀ ਗੱਲ ਹੈ ਚੇਤੇ ਆਈ। ਪੀਂਘ ਜਦੋਂ ਸੀ ਟਾਹਣੇ 'ਤੇ ਪਾਈ। ਟਾਹਣੀਆਂ ਉੱਤੇ ਫਿਰ ਜਾ ਜਾ ਬਹਿਣਾ। ਆਪਣੇ ਮਨਾਂ ਦੀ ਇਹਨਾਂ ਨੂੰ ਕਹਿਣਾ। ਕਰਕੇ ਕੁਝ ਉਹ ਸੋਚ ਵਿਚਾਰ। ਕੁਝ ਕਰਨ ਲਈ ਹੋਏ ਤਿਆਰ। ਮੈਨੂੰ ਗਲ ਆਪਣੇ ਨਾਲ ਲਾਇਆ। ਚੁੱਕ ਕੁਹਾੜਾ ਪਰਾਂ ਵਗਾਇਆ। ਅਸੀਂ ਤਾਂ ਹਾਂ ਭੁੱਲਣਹਾਰੇ ਮਨੁੱਖ। ਤੁਸੀਂ ਤਾਂ ਸਾਡੇ ਪਾਲਣਹਾਰੇ ਰੁੱਖ। ਫਿਰ ਉਹਨਾਂ ਨੇ ਇਹ ਗੱਲ ਆਖੀ। ਰਲ ਮਿਲ ਕਰਾਂਗੇ ਤੁਹਾਡੀ ਰਾਖੀ। ਇਹ ਸੁਣ ਮੈਨੂੰ ਖੁਸ਼ੀ ਬੜੀ ਹੀ ਹੋਈ। ਚੰਗੀ ਲੱਗੀ ਉਹਨਾਂ ਦੀ ਅਰਜੋਈ। ਕੁਝ ਨੂੰ ਲੱਗੀਏ ਵਾਂਗ ਅਸੀਂ ਮਾਂਵਾਂ। ਮਾਂ ਦੀ ਬੁੱਕਲ ਵਰਗੀ ਦਿੰਦੇ ਛਾਂਵਾਂ। ਕੁਝ ਲਈ ਬਾਪੂ ਤੇ ਵਾਂਗ ਭਰਾਵਾਂ। ਕਿੰਨੇ ਸਾਰੇ ਰਿਸ਼ਤੇ ਨਿਭਾਵਾਂ। ਅਮਰਪ੍ਰੀਤ ਇੱਕ ਦੂਜੇ ਨਾਲ ਪਾਈਏ। ਰੁੱਖ ਤੇ ਮਨੁੱਖ ਦੀ ਹੋਂਦ ਬਚਾਈਏ।
12. ਕਿਤਾਬਾਂ
ਕੁਝ ਪੰਨਿਆਂ ਦਾ 'ਕੱਠ ਕਹਾਉਂਦੀਆਂ ਨੇ ਕਿਤਾਬਾਂ। ਜਾਦੂ ਸ਼ਬਦਾਂ ਦਾ ਅੰਦਰ ਸਮੋਉਂਦੀਆਂ ਨੇ ਕਿਤਾਬਾਂ। ਗਿਆਨ ਨਾਲ ਮਨ ਰੁਸ਼ਨਾਉਂਦੀਆਂ ਨੇ ਕਿਤਾਬਾਂ। ਸਭ ਭਰਮ ਭੁਲੇਖੇ ਇਹ ਹਟਾਉਂਦੀਆਂ ਨੇ ਕਿਤਾਬਾਂ। ਸੁੱਤੇ ਪਿਆ ਨੂੰ ਵੀ ਇਹ ਜਗਾਉਂਦੀਆਂ ਨੇ ਕਿਤਾਬਾਂ। ਭੁੱਖ ਢਿੱਡ ਨਾਲੋਂ ਮਨ ਦੀ ਮਿਟਾਉਂਦੀਆਂ ਨੇ ਕਿਤਾਬਾਂ। ਸਾਡੇ ਹੱਕ ਕੌਣ ਖੋਵੈ ਇਹ ਸਿਖਾਉਂਦੀਆਂ ਨੇ ਕਿਤਾਬਾਂ। ਹੱਕ ਕਿੰਝ ਨੇ ਲੈਣੇ ਇਹ ਸਮਝਾਉਂਦੀਆਂ ਨੇ ਕਿਤਾਬਾਂ। ਸਾਡੇ ਡਰ ਸਭੈ ਦੂਰ ਮਨੋਂ ਭਜਾਉਂਦੀਆਂ ਨੇ ਕਿਤਾਬਾਂ। ਫਿਰ ਸੂਰਬੀਰ ਦੇਸ ਦੇ ਬਣਾਉਂਦੀਆਂ ਨੇ ਕਿਤਾਬਾਂ। ਚੁੱਪ ਰਹਿ ਕੇ ਬਹੁਤ ਕੁਝ ਬੋਲਦੀਆਂ ਨੇ ਕਿਤਾਬਾਂ। ਬਣ ਸਾਡਾ ਮਿੱਤਰ ਮਨ ਫਰੋਲਦੀਆਂ ਨੇ ਕਿਤਾਬਾਂ। ਜਦੋਂ ਖੋਲ੍ਹ ਇਹ ਪੜ੍ਹਾਂ ਅੱਖਾਂ ਖੋਲਦੀਆਂ ਨੇ ਕਿਤਾਬਾਂ। ਮੈਨੂੰ ਜਾਪੇ ਮੇਰੇ ਨਾਲ ਇਹ ਬੋਲਦੀਆਂ ਨੇ ਕਿਤਾਬਾਂ। ਨਾਲ ਬ੍ਰਹਿਮੰਡ ਦੇ ਗਿਆਨ ਜੋੜਦੀਆਂ ਨੇ ਕਿਤਾਬਾਂ। ਸਾਰੇ ਅੰਧਵਿਸ਼ਵਾਸ ਇਹ ਤੋੜਦੀਆਂ ਨੇ ਕਿਤਾਬਾਂ। ਅਗਿਆਨਤਾ ਦਾ ਡਰ ਮਨੋਂ ਮੋੜਦੀਆਂ ਨੇ ਕਿਤਾਬਾਂ। ਸਾਡੇ ਮਨ ਮੰਦਰ 'ਚੋਂ ਝੂਠ ਰੋੜਦੀਆਂ ਨੇ ਕਿਤਾਬਾਂ। ਸਭਿਆਚਾਰ ਨਾਲ ਲੈ ਕੇ ਆਉਂਦੀਆਂ ਨੇ ਕਿਤਾਬਾਂ। ਪੜ੍ਹੀ ਮਨ ਲਾ ਕੇ ਜਾਪੂ ਗਾਉਂਦੀਆਂ ਨੇ ਕਿਤਾਬਾਂ। ਪੜ੍ਹਨ ਵਾਲਿਆਂ ਦੀ ਖੈਰ ਚਾਹੁੰਦੀਆਂ ਨੇ ਕਿਤਾਬਾਂ। ਗੂੜ੍ਹੀ ਅਮਰਪ੍ਰੀਤ ਇਹ ਪਾਉਂਦੀਆਂ ਨੇ ਕਿਤਾਬਾਂ।
13. ਅਮਰਪ੍ਰੀਤ
ਮੁਹੱਬਤ ਤੈਨੂੰ ਕਿੰਝ ਕਰ ਬੈਠਾਂ, ਪਿਆਰ ਜੋ ਪਹਿਲਾ ਭੁੱਲ ਨਾ ਪਾਈ। ਤੇਰੇ ਸੰਗ ਮਨ ਭਿੱਜਦਾ ਨਾਹੀਂ, ਕਿਉਂ ਤੇਰੀ ਜਿੰਦਗੀ ਵਿੱਚ ਆਈ? ਜਦ ਵੀ ਮੀਚ ਲਵਾਂ ਮੈਂ ਅੱਖਾਂ, ਪ੍ਰੀਤ ਦੀ ਯਾਦ ਰਹੇ ਮਨ 'ਤੇ ਛਾਈ। ਨੇੜੇ ਰਹਿ ਕੇ ਦੂਰ ਹੀ ਹਾਂ ਮੈਂ, ਕੋਲ ਆਪਣੇ ਤੂੰ ਭਾਂਵੇਂ ਰੱਖ ਬਿਠਾਈ। ਉਹਨੂੰ ਭੁੱਲ ਜਾ ਕਰਾਂ ਮੈਂ ਕੋਸ਼ਿਸ਼, ਪਰ ਯਾਦ ਨਾ ਜਾਵੇ ਮਨੋਂ ਮਿਟਾਈ। ਰੂਹ ਮੇਰੀ ਦਾ ਉਹੀਓ ਮਾਲਕ, ਜਿੰਦ ਆਪਣੀ ਮੈਂ ਉਹਦੇ ਲੇਖੇ ਲਾਈ। ਮੁੱਖ 'ਚੋਂ ਉਹਦਾ ਨਾਮ ਹੀ ਉਚਰਾਂ, ਹੋਰ ਸਭ ਕੁਝ ਹੀ ਹਾਂ ਬੈਠੀ ਭੁਲਾਈ। ਅਮਰਪ੍ਰੀਤ ਨਾ ਮੁਕਦੀ ਉਹਦੀ, ਇਸ਼ਕ ਉਹਦੇ 'ਚ ਹੈ ਹੋਸ਼ ਗਵਾਈ।
14. ਸੰਘਰਸ਼
ਸਭ ਸੰਘਰਸ਼ ਜੇ ਰੱਲ ਕਰਾਂਗੇ। ਹਰ ਮੁਸ਼ਕਿਲ ਨੂੰ ਹੱਲ ਕਰਾਂਗੇ। ਹੱਕਾਂ ਲਈ ਜੋ ਲੜਦੇ ਲੋਕ, ਸੱਚ ਲਈ ਉਹੀ ਖੜ੍ਹਦੇ ਲੋਕ। ਆਪਣੇ ਹੱਕਾਂ ਦੀ ਗੱਲ ਕਰਾਂਗੇ। ਹਰ ਮੁਸ਼ਕਿਲ ਨੂੰ ਹੱਲ ਕਰਾਂਗੇ। ਜ਼ਾਬਰ ਅੱਗੇ ਨਹੀਂ ਡਰਾਂਗੇ। ਡਰਕੇ ਘਰ 'ਚ ਨਹੀਂ ਵੜਾਂਗੇ। ਸੱਚ ਦੀ ਗੱਲ ਹਰ ਪਲ ਕਰਾਂਗੇ। ਹਰ ਮੁਸ਼ਕਿਲ ਨੂੰ ਹੱਲ ਕਰਾਂਗੇ। ਲਾਠੀ,ਗੋਲੀ ਤੋਂ ਨਹੀਂ ਹਾਂ ਡਰਦੇ। ਇਹਦੇ ਮਾਰਿਆ ਨਹੀਂ ਹਾਂ ਮਰਦੇ। ਸੀਨਾ ਤਾਣ ਇਹਦੇ ਵੱਲ ਕਰਾਂਗੇ। ਹਰ ਮੁਸ਼ਕਿਲ ਨੂੰ ਹੱਲ ਕਰਾਂਗੇ। ਸੁੱਤਾ ਹਾਕਮ ਕਿਵੇਂ ਜਗਾਉਣਾ? ਲੁੱਚਾ ਜ਼ਾਬਰ ਕਿਵੇਂ ਡਰਾਉਣਾ? ਸਭਦੇ ਏਕੇ ਨਾਲ ਚੱਲ ਕਰਾਂਗੇ। ਹਰ ਮੁਸ਼ਕਿਲ ਨੂੰ ਹੱਲ ਕਰਾਂਗੇ। ਅਮਰਪ੍ਰੀਤ ਜਦ ਰਹਾਂਗੇ ਇੱਕ। ਜ਼ਾਲਮ ਦੀ ਭੰਨ ਦੇਵਾਂਗੇ ਹਿੱਕ। ਹਰ ਕਦਮ ਜਿੱਤ ਵੱਲ ਕਰਾਂਗੇ। ਹਰ ਮੁਸ਼ਕਿਲ ਨੂੰ ਹੱਲ ਕਰਾਂਗੇ। ਸਭ ਸੰਘਰਸ਼ ਜੇ ਰੱਲ ਕਰਾਂਗੇ।
15. ਪਾਂਧਾ ਪੜ੍ਹਨੇ ਪਾਇਆ
ਸਤਿਗੁਰ ਸੱਤ ਵਰ੍ਹਿਆਂ ਦੇ ਹੋਏ। ਰਹਿੰਦੇ ਭਗਤੀ ਦੇ ਵਿਚ ਖੋਏ। ਮਹਿਤਾ ਜੀ, ਪਾਂਧੇ ਘਰ ਆਏ। ਬਾਲਕ ਨਾਨਕ ਪੜ੍ਹਨੇ ਪਾਏ। ਪਾਂਧਾ ਗੋਪਾਲ ਜਿਨ੍ਹਾਂ ਦਾ ਨਾਂ। ਦਿੰਦੇ ਸਿੱਖਿਆ ਇੱਕੋ ਥਾਂ। ਗਣਿਤ ਵਿਸ਼ਾ ਸਨ ਆਪ ਪੜ੍ਹਾਉਂਦੇ। ਦੂਰੋਂ ਨੇੜੋਂ ਬਾਲਕ ਆਉਂਦੇ। ਗਿਣਤੀ ਬੋਲਣ ਨਾਲ ਬੁਲਾਉਂਦੇ। ਬਾਲਕ ਹੇਕਾਂ ਲਾ ਲਾ ਗਾਉਂਦੇ। ਫੱਟੀ ਉੱਤੇ ਪੂਰਨੇ ਪਾਉਂਦੇ। ਬਾਲਕ ਫੱਟੀ ਲਿਖ ਦਿਖਾਉਂਦੇ। ਬਾਲਕ ਗਿਣਤੀ ਬੋਲਣ ਲਾਏ। ਨਾਨਕ ਜੀ ਸਨ ਕੋਲ ਬਿਠਾਏ। ਬਾਲਕ ਨਾਨਕ ਕੁਝ ਨਾ ਬੋਲੇ। ਪਾਂਧਾ ਜੀ ਆ ਕੋਲੇ ਬੋਲੇ। ਨਾਨਕ ਗਿਣਤੀ ਬੋਲ ਸੁਣਾਓ। ਫੱਟੀ 'ਤੇ ਵੀ ਅੰਕ ਬਣਾਓ। ਸਤਿਗੁਰ ਨਾਨਕ ਕਲਮ ਉਠਾਈ। ਫੱਟੀ ਪੱਟਾਂ ਉੱਤੇ ਟਿਕਾਈ। ੧ਓ ਜਦ ਲਿਖ ਦਿਖਾਇਆ। ਪਾਂਧਾ ਸੋਚਾਂ ਦੇ ਵਿਚ ਪਾਇਆ। ਪਾਂਧਾ ਬੋਲੇ ਇਹ ਕੀ ਪਾਇਆ? ਭੇਦ ਗੁਰਾਂ ਨੇ ਫਿਰ ਸਮਝਾਇਆ। ਸ਼ਰਧਾ ਵਿਚ ਪਾਂਧਾ ਜੀ ਬੋਲੇ। ਸਾਰੀ ਵਿਦਿਆ ਤੇਰੇ ਕੋਲੇ। ਮਹਿਤਾ ਜੀ ਨੂੰ ਹਾਲ ਸੁਣਾਇਆ। ਨਾਨਕ, ਪਾਂਧਾ ਪੜ੍ਹਨੇ ਪਾਇਆ।
16. ਸੱਚੇ ਨਾਮ ਦਾ ਧਾਗਾ
ਮਹਿਤਾ ਜੀ ਦੇ ਮਨ ਵਿਚ ਆਈ। ਰਸਮ ਜਨੇਊ ਜਾਵੇ ਕਰਾਈ। ਪੰਡਤ ਹਰਦਿਆਲ ਜੀ ਘਰ ਆਏ। ਸ਼ੁਭ ਦਿਨ ਰਿਸ਼ਤੇਦਾਰ ਬੁਲਾਏ। ਪੰਡਤ ਜੀ ਨੇ ਹਵਨ ਸਜਾਇਆ। ਬਾਲਕ ਨਾਨਕ ਕੋਲ ਬਿਠਾਇਆ। ਪੰਡਤ ਜੀ ਨੇ ਮੰਤਰ ਪੜ੍ਹਿਆ। ਹੱਥ ਫਿਰ ਬਾਬਾ ਜੀ ਦਾ ਫੜਿਆ। ਬਾਬਾ ਜੀ ਨੇ ਤਦ ਫਰਮਾਇਆ। ਕਿਉਂ ਜਾਂਦਾ ਹੈ ਇਹ ਪਹਿਨਾਇਆ? ਪੰਡਤ ਜੀ ਗੱਲ ਇਹ ਸਮਝਾਉਂਦੇ। ਉੱਚ ਜਾਤੀ ਵਾਲੇ ਇਹ ਪਾਉਂਦੇ। ਇਸ ਨੂੰ ਪਹਿਨ ਬਣੇਗਾ ਚੰਗਾ। ਫਿਰ ਨਾ ਪੈਂਦਾ ਕੋਈ ਪੰਗਾ। ਅਗਲੇ ਜਨਮ ਤੱਕ ਰਹਿੰਦਾ ਨਾਲੈ। ਪੁੱਤਰਾ! ਤੂੰ ਵੀ ਗਲ ਇਹ ਪਾ ਲੈ। ਬਾਬਾ ਜੀ ਨੇ ਸੱਚ ਸੁਣਾਇਆ। ਕਿਉਂ ਹੈ ਝੂਠ ਤੁਸਾਂ ਫੈਲਾਇਆ। ਇਹ ਧਾਗਾ ਤਾਂ ਗਲ ਸੜ ਜਾਏ। ਸੱਚੇ ਨਾਮ ਦਾ ਹੀ ਕੰਮ ਆਏ। ਕੀਤੇ ਕਰਮਾਂ ਦਾ ਫਲ ਪਾਉਣਾ। ਫਿਰ ਹੀ ਚੰਗਾ ਮੰਦਾ ਅਖਵਾਉਣਾ। ਸੱਚੇ ਨਾਮ ਦਾ ਧਾਗਾ ਪਾਓ। ਜੇਕਰ ਹੈ ਤਾਂ ਦੇਰ ਨਾ ਲਾਓ। ਚੁੱਪ ਕਰ ਪੰਡਤ ਜੀ ਬਹਿ ਗਏ। ਜਾਂਦੇ ਹੋਏ ਇਹ ਗੱਲ ਕਹਿ ਗਏ। ਨਾਨਕ ਹੈ ਜਗ ਤਾਰਨ ਆਇਆ। ਅਮਰ ਗੁਰਾਂ ਨੂੰ ਸੀਸ ਝੁਕਾਇਆ।
17. ਜਗ ਤਾਰਨ ਗੁਰ ਨਾਨਕ ਆਇਆ
ਸੂਰਜ ਚੜ੍ਹਿਆ ਮਿਟਿਆ ਨ੍ਹੇਰਾ। ਚਮਕਾਂ ਮਾਰੇ ਨੂਰੀ ਚਿਹਰਾ। ਵਿਚ ਤਲਵੰਡੀ ਨੂਰ ਉਪਾਇਆ। ਜਗ ਤਾਰਨ ਗੁਰ ਨਾਨਕ ਆਇਆ। ਬਾਲਕ ਹੋਇਆ ਭਾਗਾਂ ਵਾਲਾ। ਨੂਰੀ ਮੁਖ 'ਤੇ ਤੇਜ ਨਿਰਾਲਾ। ਦਾਈ ਦੌਲਤਾਂ ਹਾਲ ਸੁਣਾਇਆ। ਜਗ ਤਾਰਨ ਗੁਰ ਨਾਨਕ ਆਇਆ। ਮਹਿਤਾ ਕਾਲੂ ਜੀ ਖੁਸ਼ ਹੋਏ। ਰੌਸ਼ਨ ਹੋਇਆ ਰਾਏ ਭੋਏ। ਮਾਤਾ ਤ੍ਰਿਪਤਾ ਜੀ ਲਾਡ ਲਡਾਇਆ। ਜਗ ਤਾਰਨ ਗੁਰ ਨਾਨਕ ਆਇਆ। ਪੰਡਤ ਜੀ ਨੂੰ ਫਿਰ ਬੁਲਵਾਇਆ। ਨਾਨਕ ਨਾਮਕਰਨ ਕਰਵਾਇਆ। ਸਭ ਨੂੰ ਨਾਮ ਬੜਾ ਮਨ ਭਾਇਆ। ਜਗ ਤਾਰਨ ਗੁਰ ਨਾਨਕ ਆਇਆ। ਬੇਬੇ ਨਾਨਕੀ ਨੂੰ ਚਾਅ ਚੜਿਆ। ਨਾਨਕ ਵੀਰਾ ਕੁੱਛੜ ਫੜਿਆ। ਕੁੱਛੜ ਚੁੱਕ ਕੇ ਖੂਬ ਖਿਡਾਇਆ। ਜਗ ਤਾਰਨ ਗੁਰ ਨਾਨਕ ਆਇਆ। ਦੇਵੇ ਰਾਇ ਬੁਲਾਰ ਵਧਾਈ। ਨੂਰੀ ਸੂਰਤ ਮਨ ਨੂੰ ਭਾਈ। ਸ਼ਰਧਾ ਦੇ ਵਿਚ ਸੀਸ ਝੁਕਾਇਆ। ਜਗ ਤਾਰਨ ਗੁਰ ਨਾਨਕ ਆਇਆ। ਕਲਿ ਤਾਰਣ ਗੁਰ ਨਾਨਕ ਆਇਆ।
18. ਤੇਰਾ ਤੇਰਾ ਤੋਲਦੇ
ਮੁੱਖੋਂ ਸਤਿਨਾਮੁ ਗੁਰੂ ਜੀ ਨੇ ਬੋਲਦੇ। ਮੋਦੀਖਾਨੇ ਬੈਠੇ ਤੇਰਾ ਤੇਰਾ ਤੋਲਦੇ। ਸੁਲਤਾਨਪੁਰ ਗੁਰਾਂ ਲਾਈਆਂ ਰੌਣਕਾਂ, ਮਿੱਠੇ-ਮਿੱਠੇ ਬੋਲ ਮਿਸ਼ਰੀ ਘੋਲਦੇ। ਵਹਿਮਾਂ ਭਰਮਾਂ ਤੋਂ ਸਭ ਨੂੰ ਹੀ ਰੋਕਦੇ, ਸੱਚੀ ਗੱਲ ਕਹਿਣ ਤੋਂ ਕਦੇ ਨਾ ਡੋਲਦੇ। ਵਾਹਿਗੁਰੂ ਸਾਡੇ ਅੰਦਰ ਹੀ ਲੱਭਣਾ, ਲੋਕੋ! ਬਾਹਰ ਫਿਰਦੇ ਹੋ ਕੀ ਟੋਲਦੇ? ਭਰ ਭਰ ਝੋਲੀਆਂ ਨੇ ਦਾਣੇ ਵੰਡਦੇ, ਨੱਕੋ ਨੱਕ ਰਹਿਣ ਦਾਣੇ ਵਿਚ ਢੋਲ ਦੇ। ਮੋਦੀਖਾਨਾ ਵਾਧੇ 'ਚ ਰਹੇ ਚਲਦਾ, ਦੋਖੀ ਹੋਏ ਦੰਗ ਹਿਸਾਬ ਫਰੋਲਦੇ। ਬਾਬੇ ਦੀਆਂ ਰਮਜ਼ਾਂ ਉਹ ਹੀ ਜਾਣਦਾ, ਬਾਬੇ ਦੇ ਬਚਨਾਂ ਨੂੰ ਜਿਹੜੇ ਗੌਲਦੇ। ਅਮਰ ਝੁਕਾਉਂਦੀ ਸੀਸ ਦੁਨੀਆਂ ਸਾਰੀ, ਧੰਨ ਗੁਰੂ ਨਾਨਕ ਹੀ ਸਾਰੇ ਬੋਲਦੇ।
19. ਚਾਰਨ ਮੱਝੀਆਂ ਬਣ ਕੇ ਪਾਲੀ
ਮੱਝਾਂ ਚਾਰਨ ਸਤਿਗੁਰ ਲਾਏ। ਕਹਿਣਾ ਮੰਨ ਪਿਤਾ ਦਾ ਆਏ। ਜੋ ਨੇ ਜਗ ਸਾਰੇ ਦੇ ਵਾਲੀ। ਚਾਰਨ ਮੱਝੀਆਂ ਬਣ ਕੇ ਪਾਲੀ। ਰੱਬ ਦੀ ਉਸਤਤਿ ਹੀ ਮਨ ਭਾਏ। ਹਰ ਪਲ ਭਗਤੀ ਵਿਚ ਹੀ ਲਾਏ। ਇੱਕ ਪਲ ਬਹਿ ਸਕਦੇ ਨਾ ਖਾਲੀ। ਚਾਰਨ ਮੱਝੀਆਂ .................। ਜੋ ਨੇ ਜਗ ........................। ਸਾਥੀ ਪਾਲੀ ਕੋਲ ਬਿਠਾਏ। ਸਭ ਨੂੰ ਸ਼ਬਦ ਗੁਰਾਂ ਨੇ ਸੁਣਾਏ। ਮੁਖ 'ਤੇ ਚਮਕਾਂ ਮਾਰੇ ਲਾਲੀ। ਚਾਰਨ ਮੱਝੀਆਂ .................। ਜੋ ਨੇ ਜਗ ........................। ਮੱਝਾਂ ਜਦ ਖੇਤ ਵਿਚ ਵੜੀਆਂ। ਮਿੱਧਣ ਫਸਲਾਂ ਖੇਤ ਖੜੀਆਂ। ਗੁੱਸੇ ਵਿਚ ਆ ਬੋਲੇ ਹਾਲੀ। ਚਾਰਨ ਮੱਝੀਆਂ .................। ਜੋ ਨੇ ਜਗ ........................। ਮਹਿਤਾ ਜੀ ਨੇ ਪੁੱਤਰ ਬੁਲਾਇਆ। ਨਾਨਕ ਇਹ ਕੀ ਚੰਦ ਚੜਾਇਆ। ਕੀਤੀ ਕਿਉਂ ਨਾ ਤੂੰ ਰਖਵਾਲੀ। ਚਾਰਨ ਮੱਝੀਆਂ .................। ਜੋ ਨੇ ਜਗ ........................। ਸਾਰੀ ਗੱਲ ਗੁਰਾਂ ਨੇ ਆਖੀ। ਮੇਰੀ ਨਾ ਕੋਈ ਗੁਸਤਾਖੀ। ਦੇਖੋ ਖੇਤਾਂ ਦੀ ਹਰਿਆਲੀ। ਚਾਰਨ ਮੱਝੀਆਂ .................। ਜੋ ਨੇ ਜਗ ........................। ਰਾਇ ਬੁਲਾਰ ਗੱਲਾਂ ਸੁਣ ਆਇਆ। ਫਿਰ ਖੇਤਾਂ ਵੱਲ ਗੇੜਾ ਲਾਇਆ। ਖੇਤਾਂ ਵਿਚ ਪੂਰੀ ਖੁਸ਼ਹਾਲੀ। ਚਾਰਨ ਮੱਝੀਆਂ .................। ਜੋ ਨੇ ਜਗ ........................। ਸਤਿਗੁਰ ਕੈਸਾ ਖੇਲ ਰਚਾਇਆ। ਅਮਰ ਸਮਝ ਨਾ ਕੋਈ ਪਾਇਆ। ਸਤਿਗੁਰ ਜੀ ਦੀ ਲੀਲਾ ਨਿਰਾਲੀ। ਚਾਰਨ ਮੱਝੀਆਂ .................। ਜੋ ਨੇ ਜਗ ........................।
20. ਧੰਨ ਗੁਰੂ ਨਾਨਕ ਜੀ ਆਏ
ਵਿਚ ਨਨਕਾਣੇ ਭਾਗ ਲਗਾਏ, ਧੰਨ ਗੁਰੂ ਨਾਨਕ ਜੀ ਆਏ। ਮਹਿਤਾ ਕਾਲੂ ਜੀ ਦੇ ਪੁੱਤਰ, ਮਾਤਾ ਤ੍ਰਿਪਤਾ ਜੀ ਦੇ ਜਾਏ। ਬੇਬੇ ਨਾਨਕੀ ਜੀ ਦੇ ਵੀਰੇ, ਸਭ ਨੂੰ ਸੱਚੇ ਰਸਤੇ ਪਾਏ। ਫੱਟੀ 'ਤੇ ਓਅੰਕਾਰ ਬਣਾਇਆ, ਪਾਂਧੇ ਨੂੰ ਵੀ ਸਬਕ ਪੜ੍ਹਾਏ। ਵੀਹ ਰੁਪਏ ਦਾ ਲੰਗਰ ਲਾਇਆ, ਸੱਚਾ ਸੌਦਾ ਕਰ ਘਰ ਆਏ। ਕਿਰਤ ਕਰਨ ਤੇ ਨਾਮ ਜੱਪਣ ਦੇ, ਵੰਡ ਛਕਣ ਦੇ ਹੁਕਮ ਸੁਣਾਏ। ਊਚ ਨੀਚ ਦਾ ਭੇਦ ਮਿਟਾਇਆ, ਮਰਦਾਨਾ ਜੀ ਮੀਤ ਬਣਾਏ। ਕੌਡੇ,ਸੱਜਣ ਨੂੰ ਸਮਝਾਇਆ, ਭਾਈ ਲਾਲੋ ਜੀ ਗਲ ਲਾਏ। ਪੀਰ ਵਲੀ ਦੀ ਆਕੜ ਭੰਨੀ, ਬਾਬਰ ਵੀ ਆ ਭੁੱਲ ਬਖਸ਼ਾਏ। ਮਹਿਲ ਗੁਰਾਂ ਦੇ ਬੀਬੀ ਸੁਲੱਖਣੀ, ਦੋ ਪੁੱਤਰਾਂ ਨੂੰ ਲਾਡ ਲਡਾਏ। ਗੁਰਬਾਣੀ ਦੀ ਬਖਸ਼ਿਸ਼ ਕੀਤੀ, ਵਿਚ ਖੇਤਾਂ ਦੇ ਹੱਲ ਚਲਾਏ। ਰੋਗੀ ਦਾ ਵੀ ਕੋਹੜ ਹਟਿਆ, ਚਰਨ ਗੁਰਾਂ ਜਦ ਕੁੱਲੀ ਪਾਏ। ਸਭ ਦੇ ਸਾਂਝੇ ਬਾਬਾ ਨਾਨਕ, ਅਮਰ ਗੁਰਾਂ ਦਾ ਨਾਮ ਧਿਆਏ। ਵਿਚ ਤਲਵੰਡੀ ਭਾਗ ਲਗਾਏ, ਸਤਿਗੁਰ ਨਾਨਕ ਜੀ ਆਏ।
21. ਧੰਨ ਤੇਰੇ ਲਾਲਾਂ ਦੇ ਜੇਰੇ-ਚਾਰ ਸਾਹਿਬਜ਼ਾਦੇ
ਲੰਮੀਆਂ ਸੀ ਵਾਟਾਂ, ਪੋਹ ਦੀਆਂ ਰਾਤਾਂ। ਕਿੰਝ ਸਨ ਪੰਧ ਨਿਬੇੜੇ? ਮੇਰੇ ਸੱਚੇ ਪਾਤਸ਼ਾਹ ! ਧੰਨ ਤੇਰੇ ਲਾਲਾਂ ਦੇ ਜੇਰੇ। ਧਰਮ ਦੀ ਖਾਤਰ, ਬਣੇ ਹਿੰਦ ਦੀ ਚਾਦਰ। ਨੌਂਵੇਂ ਗੁਰੂ ਸ੍ਰੀ ਤੇਗ ਬਹਾਦਰ। ਪੋਤੇ ਚੱਲੇ ਉਸੇ ਰਾਹ, ਛੱਡ ਖੁਸ਼ੀਆਂ ਤੇ ਖੇੜੇ। ਮੇਰੇ ਸੱਚੇ ਪਾਤਸ਼ਾਹ ! ਧੰਨ ਤੇਰੇ ਲਾਲਾਂ ਦੇ ਜੇਰੇ। ਤੁਹਾਡੀ ਅੱਖੀਆਂ ਦੇ ਤਾਰੇ, ਮਾਤਾ ਸੁੰਦਰੀ ਦੇ ਪਿਆਰੇ। ਚਾਰੇ ਵੀਰ ਜਦੋਂ ਆਉਂਦੇ, ਰਲ ਸ਼ਬਦ ਸੁਣਾਉਂਦੇ। ਜਦੋਂ ਅਨੰਦਪੁਰ ਲਾਏ ਸੀ ਡੇਰੇ। ਮੇਰੇ ਸੱਚੇ ਪਾਤਸ਼ਾਹ! ਧੰਨ ਤੇਰੇ ਲਾਲਾਂ ਦੇ ਜੇਰੇ ਔਖੀ ਘੜੀ ਜਦੋਂ ਆਈ, ਜਾਨ ਤਲੀ 'ਤੇ ਘੁਮਾਈ। ਸਿੰਘ ਰਹੇ ਸੀ ਅਡੋਲ, ਰਹੇ ਵਾਹਿਗੁਰੂ ਬੋਲ। ਪਾਏ ਮੁਗਲਾਂ ਜਦੋਂ ਸੀ ਘੇਰੇ। ਮੇਰੇ ਸੱਚੇ ਪਾਤਸ਼ਾਹ ! ਧੰਨ ਤੇਰੇ ਲਾਲਾਂ ਦੇ ਜੇਰੇ। ਸਰਸਾ ਨਦੀ ਦੇ ਕਿਨਾਰੇ, ਵਿਛੜੇ ਵੀਰੇ ਸੀ ਚਾਰੇ। ਦੋ ਪੁੱਜੇ ਚਮਕੌਰ, ਦੋ ਪੁੱਜੇ ਕਿਤੇ ਹੋਰ। ਝੱਲੇ ਦੁੱਖ ਸੀ ਉਨ੍ਹਾਂ ਨੇ ਬਥੇਰੇ। ਮੇਰੇ ਸੱਚੇ ਪਾਤਸ਼ਾਹ ! ਧੰਨ ਤੇਰੇ ਲਾਲਾਂ ਦੇ ਜੇਰੇ। ਕੱਚੀ ਗੜ੍ਹੀ ਗਈ ਘੇਰੀ, ਲਾਈ ਵੱਡਿਆਂ ਨਾ ਦੇਰੀ। ਬਾਬਾ ਅਜੀਤ ਸਿੰਘ ਜੀ, ਦਿਖਾਈ ਬਹਾਦਰੀ ਬਥੇਰੀ। ਲਾੜੀ ਮੌਤ ਸੰਗ ਲੈ ਲਏ ਫੇਰੇ। ਮੇਰੇ ਸੱਚੇ ਪਾਤਸ਼ਾਹ ! ਧੰਨ ਤੇਰੇ ਲਾਲਾਂ ਦੇ ਜੇਰੇ। ਛੋਟੇ ਵੀਰ ਜੁਝਾਰ ਜੀ, ਜਿੰਦ ਗਏ ਵਾਰ ਜੀ। ਹੋਏ ਅੱਖਾਂ ਅੱਗੇ ਕੁਰਬਾਨ, ਪਿਤਾ ਦਸ਼ਮੇਸ਼ ਦੇ ਜਵਾਨ। ਹੰਝੂ ਅੱਖੀਆਂ 'ਚੋਂ ਤੁਸੀਂ ਨਾ ਕੇਰੇ। ਮੇਰੇ ਸੱਚੇ ਪਾਤਸ਼ਾਹ ! ਧੰਨ ਤੇਰੇ ਲਾਲਾਂ ਦੇ ਜੇਰੇ। ਮਾਤਾ ਗੁਜਰੀ ਦੇ ਸੰਗ, ਦੋਵੇਂ ਛੋਟੇ ਫਰਜੰਦ। ਪਿੰਡ ਖੇੜੀ ਜਦੋਂ ਆਏ, ਜਾਹ ਗੰਗੂ ਪਾਪੀ ਨੇ ਫੜਾਏ। ਠੰਢੇ ਬੁਰਜ 'ਚ ਕੱਟੇ ਦਿਨ ਬਥੇਰੇ। ਮੇਰੇ ਸੱਚੇ ਪਾਤਸ਼ਾਹ ! ਧੰਨ ਤੇਰੇ ਪੁੱਤਰਾਂ ਦੇ ਜੇਰੇ। ਵੀਰੇ ਜੋਰਾਵਰ ਨੇ, ਸੀਨੇ ਫਤਹਿ ਨੂੰ ਲਗਾਇਆ। ਦਾਦੀ ਗੁਜਰੀ ਜੀ ਨੇ, ਦੋਹਾਂ ਪੋਤਿਆਂ ਨੂੰ ਸਮਝਾਇਆ। ਬੱਚਿਓ! ਡੋਲ ਨਾ ਜਾਣਾ। ਸਿੱਖੀ ਸਿਦਕ ਨਿਭਾਣਾ। ਰਤੀ ਭਰ ਵੀ ਨਾ ਡਰ ਆਏ ਚਿਹਰੇ। ਮੇਰੇ ਸੱਚੇ ਪਾਤਸ਼ਾਹ ! ਧੰਨ ਤੇਰੇ ਲਾਲਾਂ ਦੇ ਜੇਰੇ। ਦੋਵੇਂ ਕਚਹਿਰੀ ਜਦੋਂ ਆਏ। ਜੈਕਾਰੇ ਉਹਨਾਂ ਸੀ ਬੁਲਾਏ। ਈਨ ਨਾ ਮੰਨੀ,ਨਾ ਗਏ ਸੀ ਡਰਾਏ। ਦਿੱਤੇ ਜ਼ਾਲਮਾਂ ਸੀ ਲਾਲਚ ਬਥੇਰੇ। ਮੇਰੇ ਸੱਚੇ ਪਾਤਸ਼ਾਹ ! ਧੰਨ ਤੇਰੇ ਪੁੱਤਰਾਂ ਦੇ ਜੇਰੇ। ਵਜ਼ੀਰ ਖ਼ਾਨ ਬੁਖਲਾਇਆ, ਫਤਵਾ ਗੁੱਸੇ 'ਚ ਸੁਣਾਇਆ। ਚਿਣ ਦੇਵੋ ਵਿੱਚ ਕੰਧ। ਸਾਕਾ ਹੋਇਆ ਸਰਹਿੰਦ। ਗਏ ਨੀਂਹਾਂ 'ਚ ਚਿਣੇ ਲਾਲ ਤੇਰੇ। ਮੇਰੇ ਸੱਚੇ ਪਾਤਸ਼ਾਹ ! ਧੰਨ ਤੇਰੇ ਲਾਲਾਂ ਦੇ ਜੇਰੇ। ਚਾਰਾਂ ਵੀਰਾਂ ਦੇ ਸ਼ਹੀਦੀ, ਮਹਿਲ ਸਿੱਖੀ ਦੇ ਉਸਾਰੇ। 'ਅਮਰ' ਸੀਸ ਝੁਕਾਈਏ, ਜਾਈਏ ਇਨ੍ਹਾਂ ਤੋਂ ਬਲਿਹਾਰੇ। ਬਣੇ ਚਾਰ ਸਾਹਿਬਜ਼ਾਦੇ ਰਾਹ ਦਸੇਰੇ। ਮੇਰੇ ਸੱਚੇ ਪਾਤਸ਼ਾਹ! ਧੰਨ ਤੇਰੇ ਪੁੱਤਰਾਂ ਦੇ ਜੇਰੇ ।
22. ਬਾਬਾ ਜੀ ਤੁਹਾਡੇ ਲਾਲਾਂ ਨੇ ...... (ਗੀਤ)
(ਛੋਟੇ ਸਾਹਿਬਜ਼ਾਦੇ ਸੂਬੇ ਦੀ ਕਚਹਿਰੀ ਵਿੱਚ ਫਤਿਹ ਬੁਲਾਉਂਦੇ ਹਨ। ਉਸ ਵੇਲੇ ਦਾ ਹਾਲ ਕਵਿਤਾ ਰਾਹੀਂ...) ਬਾਬਾ ਜੀ ਤੁਹਾਡੇ ਲਾਲਾਂ ਨੇ, ਰਚ ਦਿੱਤੀ ਏ 'ਅਮਰ' ਕਹਾਣੀ। ਸਿੱਖੀ ਸਿਦਕ ਨਿਭਾਇਆ ਐਸਾ, ਤੱਕਦੇ ਰਹਿ ਗਏ ਸਾਰੇ ਪ੍ਰਾਣੀ। ਵਜ਼ੀਦੇ ਦੇ ਦਰਬਾਰ 'ਚ ਆ ਕੇ, ਗੱਜ ਕੇ ਫਤਿਹ ਬੁਲਾਈ। ਉਮਰ ਨਿਆਣੀ ਭਾਂਵੇ ਸੀ, ਗੱਲ ਵੱਡਿਆਂ ਵਾਂਗ ਸਮਝਾਈ। ਬਿਨਾਂ ਡਰ ਦੇ ਆਖਣ ਗੱਲਾਂ, ਜਿਉਂ ਵਗੇ ਦਰਿਆਈ ਪਾਣੀ। ਬਾਬਾ ਜੀ ਤੁਹਾਡੇ ਲਾਲਾਂ ਨੇ ............. ਠੰਢਾ ਬੁਰਜ ਵੀ ਨਿੱਘਾ ਲੱਗੇ, ਜਦ ਦਾਦੀ ਲਵੇ ਕਲਾਵੇ। ਮੇਰੇ ਬੱਚਿਓ! ਡੋਲ ਨਾ ਜਾਣਾ, ਦੋਹਾਂ ਨੂੰ ਦਾਦੀ ਸਮਝਾਵੇ। ਯਾਦ ਰੱਖਣਾ ਹੈ ਦਾਦਾ ਜੀ ਦੀ, ਸ਼ਹੀਦੀ ਨਾ ਮਨੋਂ ਭੁਲਾਣੀ। ਦਾਦਾ ਜੀ ਤੁਹਾਡੇ ਪੋਤਿਆਂ ਨੇ ............. ਪੋਹ ਦੀ ਸਰਦੀ ਹੱਡੀਆਂ ਚੀਰੇ, ਅੰਗ ਅੰਗ ਪਾਏ ਨੀਲੇ। ਭੁੱਖਣ ਭਾਣਿਆਂ ਦਾ ਦਿਲ ਲਾਏ ਦਾਦੀ ਕਰੇ ਕੁਝ ਹੀਲੇ। ਬੁੱਕਲ ਦੇ ਵਿੱਚ ਜਾ ਕੇ ਬਹਿ ਗਏ ਗਾਉਂਦੇ ਨੇ ਗੁਰਬਾਣੀ। ਮਾਤਾ ਜੀ ਤੁਹਾਡੇ ਲਾਲਾਂ ਨੇ ............. ਲੱਖਾਂ ਲਾਲਚ ਦੇਵੇ ਸੂਬਾ, ਰਤੀ ਭਰ ਵੀ ਲਾਲ ਨਾ ਡੋਲੇ। ਹੱਥਾਂ ਉੱਤੇ ਮਾਰਨ ਛਟੀਆਂ, ਮੁੱਖੋਂ ਸੀਅ ਤੱਕ ਵੀ ਨਾ ਬੋਲੇ। ਦਸ਼ਮੇਸ਼ ਪਿਤਾ ਦੇ ਬੱਚੇ ਹਾਂ, ਸਾਨੂੰ ਐਵੀਂ ਨਾ ਸੂਬਿਆ ਜਾਣੀ। ਬਾਬਾ ਜੀ ਤੁਹਾਡੇ ਲਾਲਾਂ ਨੇ ............ ਈਨ ਨਾ ਮੰਨੀ ਲਾਲਾਂ ਨੇ, ਸੂਬਾ ਸਰਹਿੰਦ ਨੂੰ ਗੁੱਸਾ ਆਇਆ। ਚਿਣ ਦੇਵੋ ਦੀਵਾਰਾਂ ਅੰਦਰ, ਕਾਜ਼ੀ ਨੇ ਫਤਵਾ ਸੁਣਾਇਆ। ਨੀਹਾਂ ਦੇ ਵਿੱਚ ਖੜ੍ਹ ਕੇ ਪੜ੍ਹਦੇ, ਜਪੁਜੀ ਸਾਹਿਬ ਦੀ ਬਾਣੀ। ਦਾਦੀ ਜੀ ਤੁਹਾਡੇ ਪੋਤਿਆਂ ਨੇ ............ ਨਿੱਕੀਆਂ ਨਿੱਕੀਆਂ ਜਿੰਦਾਂ ਸਨ, ਕਰ ਗਈਆਂ ਵੱਡੇ ਸਾਕੇ। ਸੀਸ ਝੁਕਾਊ ਸਾਰੀ ਦੁਨੀਆਂ, ਵਿੱਚ ਸਰਹਿੰਦ ਦੇ ਜਾ ਕੇ। ਕੌਮ ਦੀ ਖਾਤਰ ਜਾਨ ਵਾਰ ਗਏ, ਸਾਡੇ ਬੱਚਿਆਂ ਦੇ ਹਾਣੀ। ਗੁਰੂ ਗੋਬਿੰਦ ਜੀ ਦੇ ਲਾਲਾਂ ਨੇ ............ ਬਾਬਾ ਜੀ ਤੁਹਾਡੇ ਲਾਲਾਂ ਨੇ, ਰਚ ਦਿੱਤੀ ਏ 'ਅਮਰ' ਕਹਾਣੀ।
23. ਪ੍ਰਾਰਥਨਾ - ਦੋ ਹੱਥ ਜੋੜ ਕਰਾਂ ਬੇਨਤੀ
ਦੋ ਹੱਥ ਜੋੜ ਕਰਾਂ ਬੇਨਤੀ, ਜਗ ਦੇ ਪਾਲਣਹਾਰੇ। ਸਾਨੂੰ ਵਿਦਿਆ ਦਾਨ ਬਖਸ਼ਣਾ, ਮੇਰੇ ਸਿਰਜਣਹਾਰੇ। ਮੱਤ ਮੇਰੀ ਨੂੰ ਉੱਚਾ ਰਖਿਓ, ਮਨ ਨੂੰ ਰਖਿਓ ਨੀਵਾਂ। ਭੁੱਲ ਕੇ ਵੀ ਮੈਂ ਮਾਣ ਕਰਾਂ ਨਾ, ਰਜ਼ਾ ਤੇਰੀ 'ਚ ਜੀਵਾਂ। ਸਭ ਜੀਵਾਂ ਵਿੱਚ ਤੈਨੂੰ ਤੱਕਾਂ, ਮੇਰੇ ਮਾਲਕ ਪਿਆਰੇ। ਦੋ ਹੱਥ ਜੋੜ ਕਰਾਂ ਬੇਨਤੀ................. ਦਇਆ, ਨਿਮਰਤਾ ਗੁਣ ਬਖਸ਼ੀਓ, ਹੋਈਏ ਆਗਿਆਕਾਰੀ। ਮਿਲ-ਜੁਲ ਰਹਿਣ ਦੀ ਆਦਤ ਪਾਓ, ਬਣੀਏ ਪਰਉਪਕਾਰੀ। ਮੇਰੇ ਔਗੁਣ ਬਖਸ਼ ਲਵੀਂ ਤੂੰ, ਦਾਤਾ ਬਖਸ਼ਣਹਾਰੇ। ਦੋ ਹੱਥ ਜੋੜ ਕਰਾਂ ਬੇਨਤੀ.................. ਸੱਚ ਬੋਲਣ ਦਾ ਜੇਰਾ ਰੱਖਾਂ, ਮਿਹਨਤ ਕਰਦਾ ਜਾਵਾਂ। ਸੱਚੀ-ਸੁੱਚੀ ਕਿਰਤ ਕਮਾ ਕੇ, ਹੱਕ ਦੀ ਰੋਟੀ ਖਾਵਾਂ। ਹਉਮੈ ਦੇ ਵਿੱਚ ਡੁਬ ਨਾ ਜਾਵਾਂ, ਤਾਰਉ ਤਾਰਨਹਾਰੇ। ਦੋ ਹੱਥ ਜੋੜ ਕਰਾਂ ਬੇਨਤੀ................. ਊਚ-ਨੀਚ ਦਾ ਭੇਦ ਮਿਟਾ ਕੇ, ਸਭ ਨੂੰ ਗਲੇ ਲਗਾਵਾਂ। ਮਾਨਵਤਾ ਦੀ ਸੇਵਾ ਉੱਚੀ, ਸਭ ਨੂੰ ਇਹ ਸਮਝਾਵਾਂ। 'ਅਮਰਪ੍ਰੀਤ' ਗੁਣ ਗਾਵੇ ਤੇਰੇ, ਤੈਥੋਂ ਹੈ ਬਲਿਹਾਰੇ। ਦੋ ਹੱਥ ਜੋੜ ਕਰਾਂ ਬੇਨਤੀ.................. ਸਾਨੂੰ ਵਿਦਿਆ ਦਾਨ ਬਖਸ਼ਣਾ, ਮੇਰੇ ਸਿਰਜਣਹਾਰੇ।
24. ਧੰਨ ਧੰਨ ਗੁਰੂ ਤੇਗ ਬਹਾਦਰ
ਬਣਨਾ ਸਾਰੇ ਹਿੰਦ ਦੀ ਚਾਦਰ, ਕੰਮ ਇਹ ਕੋਈ ਸੌਖਾ ਨਹੀਂ। ਪੈਂਦਾ ਹੈ ਸੀਸ ਵਾਰਨਾ, ਜ਼ਾਲਮ ਅੱਗੇ ਨਾ ਹਾਰਨਾ, ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ ...... ਔਰੰਗੇ ਨੇ ਹੁਕਮ ਸੁਣਾਇਆ, ਸਾਰਾ ਹਿੰਦੋਸਤਾਨ ਡਰਾਇਆ, ਕੰਮ ਇਹ ਕੋਈ ਸੌਖਾ ਨਹੀਂ। ਇਸਲਾਮ ਧਰਮ ਚਲਾਉਣਾ, ਸਭ ਨੂੰ ਮੁਸਲਮਾਨ ਬਣਾਉਣਾ, ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ.... ਬਕਾਲੇ ਜਦ ਗੁਰੂ ਜੀ ਪਧਾਰੇ, ਜਹਾਜ਼ ਮੱਖਣ ਸ਼ਾਹ ਦੇ ਤਾਰੇ, ਕੰਮ ਇਹ ਕੋਈ ਸੌਖਾ ਨਹੀਂ। ਸੱਚਾ ਗੁਰੂ ਹੋਇਆ ਸਹਾਈ, ਸੱਚੇ ਮਨ ਨਾਲ ਧਿਆਈਂ, ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ... ਮਾਤਾ ਨਾਨਕੀ (ਜੀ) ਦੇ ਜਾਏ, ਗੁਰੂ ਹਰਗੋਬਿੰਦ ਨੇ ਲਾਡ ਲਡਾਏ, ਗੁਰ ਪੁੱਤਰ ਬਣਨਾ ਕੰਮ ਕੋਈ ਸੌਖਾ ਨਹੀਂ। ਮੁਗਲਾਂ ਤੋਂ ਜਿੱਤੀ ਲੜਾਈ, ਛੇਵੇਂ ਗੁਰੂ ਕੋਲੋਂ ਬਖਸ਼ਿਸ਼ ਪਾਈ, ਤੇਗ ਬਹਾਦਰ ਬਣਨਾ ਕੰਮ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ.... ਵਿਆਹ ਮਾਤਾ ਗੁਜਰੀ ਨਾਲ ਰਚਾਇਆ, ਪੁੱਤਰ ਗੋਬਿੰਦ ਰਾਏ ਅਖਵਾਇਆ, ਕੰਮ ਇਹ ਕੋਈ ਸੌਖਾ ਨਹੀਂ। ਅਨੰਦਪੁਰ ਜਦ ਡੇਰਾ ਲਾਇਆ, ਪੰਡਿਤਾਂ ਦਾ ਟੋਲਾ ਚੱਲ ਆਇਆ, ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ.... ਕਿਰਪਾ ਰਾਮ ਅਰਜ਼ ਗੁਜਾਰੀ, ਹਿੰਦੂ ਕੌਮ ਦੀ ਦੱਸੀ ਲਚਾਰੀ, ਕੰਮ ਇਹ ਕੋਈ ਸੌਖਾ ਨਹੀਂ। ਅਫ਼ਗਾਨ ਖਾਂ ਕਸ਼ਮੀਰ ਹੈ ਆਇਆ, ਮਣ ਮਣ ਜਨੇਊ ਲਾਹਿਆ, ਧੱਕੇ ਨਾਲ ਦੀਨ ਚਲਾਇਆ, ਆਖੇ ਮੁਸਲਮਾਨ ਬਣ ਜਾਓ, ਜਾਂ ਫਿਰ ਮੌਤ ਗੱਲ ਨਾਲ ਲਾਓ। ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ..... ਗੁਰੂ ਜੀ ਗੱਲ ਸੁਣਕੇ ਸਾਰੀ, ਹਿੰਦੂਆਂ 'ਤੇ ਪਈ ਬਿਪਤਾ ਭਾਰੀ, ਕੰਮ ਇਹ ਕੋਈ ਸੌਖਾ ਨਹੀਂ। ਦੇਣਾ ਬਲਿਦਾਨ ਹੈ ਪੈਣਾ, ਕਿਹੜਾ ਮਹਾਂਪੁਰਖ ਮੰਨੂ ਕਹਿਣਾ, ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ... ਬਾਲ ਗੋਬਿੰਦ ਬੋਲੇ ਨਾਲ ਆਦਰ, ਪਿਤਾ ਜੀ ਬਣੋ ਹਿੰਦ ਦੀ ਚਾਦਰ, ਕੰਮ ਇਹ ਕੋਈ ਸੌਖਾ ਨਹੀਂ। ਔਰੰਗੇ ਨੂੰ ਆਖ ਸੁਣਾਓ, ਗੁਰੂ ਸਾਡੇ ਦਾ ਦੀਨ ਬਦਲਾਓ, ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ.... ਪੰਡਿਤਾਂ ਗੱਲ ਦਿੱਲੀ ਪਹੁੰਚਾਈ, ਔਰੰਗੇ ਨੂੰ ਗੱਲ ਰਾਸ 'ਚ ਆਈ, ਕੰਮ ਇਹ ਕੋਈ ਔਖਾ ਨਹੀਂ। ਇੱਕ ਗੁਰੂ ਨੂੰ ਆਖੇ ਲਾਊਂ, ਮੁਸਲਮਾਨ ਸਭ ਨੂੰ ਬਣਾਊਂ, ਕੰਮ ਇਹ ਕੋਈ ਔਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ.... ਔਰੰਗੇ ਅੱਗੇ ਜਦ ਗੁਰੂ ਜੀ ਆਏ, ਸ਼ਾਂਤ ਚਿੱਤ ਬਹਿ ਸ਼ਬਦ ਸੁਣਾਏ, ਕੰਮ ਇਹ ਕੋਈ ਸੌਖਾ ਨਹੀਂ। ਲਾਲਚਾਂ, ਡਰ ਅੱਗੇ ਗੁਰੂ ਨਾ ਡੋਲੇ, ਮੁੱਖੋ ਬਸ ਵਾਹਿਗੁਰੂ ਵਾਹਿਗੁਰੂ ਬੋਲੇ, ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ..... ਹੁਣ ਆਈ ਸਿੱਖਾਂ ਦੀ ਵਾਰੀ, ਚੱਲੀ ਭਾਈ ਮਤੀਦਾਸ 'ਤੇ ਆਰੀ, ਹੋਣਾ ਸ਼ਹੀਦ ਗੁਰੂ ਲਈ, ਕੰਮ ਇਹ ਕੋਈ ਸੌਖਾ ਨਹੀਂ। ਬਣਨਾ ਭਾਈ ਸਤੀਦਾਸ ਹੈ ਪੈਣਾ, ਭਾਈ ਦਿਆਲੇ ਵਾਂਗ ਦੇਗ 'ਚ ਬਹਿਣਾ, ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ.... ਔਰੰਗਾ ਗੁੱਸੇ ਵਿੱਚ ਆਇਆ, ਕਾਬੂ ਇੱਕ ਗੁਰੂ ਨਾ ਆਇਆ, ਲਗਦਾ ਇਹ ਕੰਮ ਸੌਖਾ ਸੀ। ਗੁਰੂ ਨੂੰ ਸਬਕ ਸਿਖਾਊਂ, ਧੜ ਤੋਂ ਸੀਸ ਵੱਖ ਕਰਾਊਂ, ਕੰਮ ਇਹ ਕੋਈ ਔਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ.... ਚਾਂਦਨੀ ਚੌਂਕ ਹੋਈ ਕੱਠੀ ਲੋਕਾਈ, ਤਲਵਾਰ ਗੁਰੂ ਜੀ 'ਤੇ ਗਈ ਚਲਾਈ, ਕੰਮ ਇਹ ਕੋਈ ਸੌਖਾ ਨਹੀਂ। ਗੁਰੂ ਜੀ ਆਪਣਾ ਸੀਸ ਵਾਰ ਕੇ, ਹਿੰਦੂ ਕੌਮ ਦੀ ਲੁੱਟਦੀ ਪੱਤ ਬਚਾਈ, ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ.... ਧੰਨ ਧੰਨ ਗੁਰੂ ਤੇਗ ਬਹਾਦਰ, ਬਣਨਾ ਸਾਰੇ ਹਿੰਦ ਦੀ ਚਾਦਰ, ਕੰਮ ਇਹ ਕੋਈ ਸੌਖਾ ਨਹੀਂ। ਪੈਂਦਾ ਹੈ ਸੀਸ ਵਾਰਨਾ, ਪੈਂਦਾ ਹੈ ਸਰਬੰਸ ਵਾਰਨਾ, ਕੰਮ ਇਹ ਕੋਈ ਸੌਖਾ ਨਹੀਂ। ਧੰਨ ਧੰਨ ਗੁਰੂ ਤੇਗ ਬਹਾਦਰ....
25. ਸਤਿਗੁਰਾਂ ਦਿੱਤੀ ਐਸੀ ਕੁਰਬਾਨੀ
ਸਤਿਗੁਰਾਂ ਦਿੱਤੀ ਐਸੀ ਕੁਰਬਾਨੀ, ਜਿਸਦੀ ਜਗ 'ਤੇ ਕੋਈ ਮਿਸਾਲ ਨਹੀਂ। ਧਰਮ ਦੀ ਖਾਤਰ ਸੀਸ ਵਾਰਿਆ, ਕੋਈ ਕਰ ਸਕੇ ਐਸਾ ਕਮਾਲ ਨਹੀਂ। ਔਰੰਗੇ ਨੇ ਸੀ ਹੁਕਮ ਸੁਣਾਇਆ, ਧੱਕੇ ਨਾਲ ਸੀ ਦੀਨ ਚਲਾਇਆ। ਡਰ ਦਹਿਸ਼ਤ ਦਾ ਐਸਾ ਪਾਇਆ, ਕਰ ਸਕਿਆ ਕੋਈ ਵੀ ਸਵਾਲ ਨਹੀਂ। ਸਤਿਗੁਰਾਂ ਦਿੱਤੀ ........... ਕਸ਼ਮੀਰੀ ਪੰਡਿਤਾਂ ਹਾਲ ਸੁਣਾਇਆ, ਜਨੇਊ ਸਾਡਾ ਧੱਕੇ ਨਾਲ ਹੈ ਲਾਹਿਆ। ਕੋਈ ਵੀ ਹੀਲਾ ਕੰਮ ਨਾ ਆਇਆ, ਸਾਡੇ ਜਿਊਣ ਦਾ ਕੋਈ ਵੀ ਹਾਲ ਨਹੀਂ। ਸਤਿਗੁਰਾਂ ਦਿੱਤੀ .......... ਧਰਮ ਸਾਡੇ ਦੀ ਹੋਂਦ ਬਚਾਓ, ਡੁੱਬਦੀ ਬੇੜੀ ਸਾਡੀ ਪਾਰ ਲਗਾਓ। ਹਿੰਦ ਦੀ ਚਾਦਰ ਬਣ ਦਿਖਾਓ, ਤੁਹਾਡੇ ਬਿਨ ਕਰੇ ਕੋਈ ਸੰਭਾਲ ਨਹੀਂ। ਸਤਿਗੁਰਾਂ ਦਿੱਤੀ ........... ਸੁਣਕੇ ਗੱਲ ਗੁਰਾਂ ਫਰਮਾਇਆ, ਔਰੰਗੇ ਤਾਈਂ ਸੰਦੇਸ਼ ਪਹੁੰਚਾਇਆ। ਜੇ ਦੀਨ ਮੇਰਾ ਉਹ ਬਦਲ ਨਾ ਪਾਇਆ, ਮੁੜ ਚੱਲੇ ਇਹ ਕੋਝੀ ਚਾਲ ਨਹੀਂ। ਸਤਿਗੁਰਾਂ ਦਿੱਤੀ ............. ਚਾਂਦਨੀ ਚੌਂਕ ਵਿੱਚ ਸੀਸ ਵਾਰ ਗਏ, ਡੁੱਬਦੀ ਬੇੜੀ ਹਿੰਦ ਦੀ ਤਾਰ ਗਏ। ਕਰ ਸਾਡੇ 'ਤੇ 'ਅਮਰ' ਉਪਕਾਰ ਗਏ, ਭੁੱਲ ਸਕਦੇ ਅਸੀਂ ਕਿਸੇ ਵੀ ਹਾਲ ਨਹੀਂ। ਸਤਿਗੁਰਾਂ ਦਿੱਤੀ ......... ਧਰਮ ਦੀ ਖਾਤਰ...........
26. ਧੰਨ ਸ੍ਰੀ ਗੁਰੂ ਤੇਗ ਬਹਾਦਰ..... (ਗੀਤ)
ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ। ਦੇਸ,ਕੌਮ ਦੀ ਰੱਖਿਆ ਖਾਤਰ, ਸੀਸ ਵੀ ਆਪਣਾ ਵਾਰ ਗਏ। ਮਾਤਾ ਨਾਨਕੀ ਜੀ ਦੇ ਪੁੱਤਰ, ਛੇਵੇਂ ਗੁਰਾਂ ਦੇ ਲਾਲ ਜੀ। 'ਤਿਆਗ ਮੱਲ' ਨਾਮ ਸੀ ਰੱਖਿਆ, ਬੜੇ ਹੀ ਚਾਵਾਂ ਨਾਲ ਜੀ। 'ਤੇਗ ਬਹਾਦਰ' ਨਾਮ ਕਮਾਇਆ, ਜਦ ਤੇਜ਼ ਚਲਾ ਤਲਵਾਰ ਗਏ। ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ। ਬੈਠ ਬਕਾਲੇ ਭਗਤੀ ਕੀਤੀ, ਨਾ ਭੇਦ ਕਿਸੇ ਵੀ ਪਾਇਆ। ਸੱਚਾ ਗੁਰੂ ਉਸੇ ਨੂੰ ਮਿਲਿਆ, ਜਿਸ ਸੱਚੇ ਮਨੋਂ ਧਿਆਇਆ। ਮੱਖਣ ਸ਼ਾਹ ਲੁਬਾਣੇ ਦਾ ਬੇੜਾ, ਡੁੱਬਦਾ ਹੋਇਆ ਤਾਰ ਗਏ। ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ। ਮਾਤਾ ਗੁਜਰੀ ਮਹਿਲ ਗੁਰਾਂ ਦੇ, ਗੁਰੂ ਗੋਬਿੰਦ ਜੀ ਲਾਲ ਹੋਏ। ਚੱਕ ਨਾਨਕੀ ਨਗਰ ਵਸਾਇਆ, ਜਦ ਸਤਿਗੁਰੂ ਜੀ ਦਿਆਲ ਹੋਏ। ਸਿੱਖ ਪੰਥ ਦੀ ਸੇਵਾ ਖਾਤਰ, ਕਰਨ ਫਿਰ ਪ੍ਰਚਾਰ ਗਏ। ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ। ਦੁਖੀ ਹੋਏ ਕਸ਼ਮੀਰੀ ਪੰਡਿਤ, ਅਨੰਦਪੁਰ ਚੱਲ ਕੇ ਆਏ। ਕੀ-ਕੀ ਜ਼ੁਲਮ ਔਰੰਗੇ ਕੀਤੇ, ਸਭ ਸਤਿਗੁਰਾਂ ਨੂੰ ਸੁਣਾਏ। ਦਾਤਾ ਸਾਡੀ ਸੁਣੋਂ ਬੇਨਤੀ, ਅਸੀਂ ਤਾਂ ਹੁਣ ਥੱਕ ਹਾਰ ਗਏ। ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ। ਸੁਣ ਬੇਨਤੀ ਸਤਿਗੁਰ ਬੋਲੇ, ਵੇਲਾ ਹੈ ਬਲੀਦਾਨ ਦਾ ਆਇਆ। ਔਰੰਗੇ ਤਾਈਂ ਸੰਦੇਸ਼ ਸਤਿਗੁਰਾਂ, ਦਿੱਲੀ ਤੱਕ ਪਹੁੰਚਾਇਆ। ਮੇਰਾ ਦੀਨ ਉਹ ਬਦਲ ਕੇ ਵੇਖੇ, ਔਰੰਗੇ ਨੂੰ ਲਲਕਾਰ ਗਏ। ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ। ਦਿੱਲੀ ਜਾ ਗੁਰਾਂ ਸੀਸ ਵਾਰਿਆ, ਬਣ ਗਏ ਹਿੰਦ ਦੀ ਚਾਦਰ। ਤਿਲਕ, ਜੰਞੂ ਦੇ ਰਾਖੇ ਸਤਿਗੁਰ, ਹਰ ਕੋਈ ਕਰਦਾ ਆਦਰ। 'ਅਮਰ' ਗੁਰਾਂ ਦੀ ਮਹਿਮਾ ਗਾਵੇ, ਕਰ ਬੇੜਾ ਹਿੰਦ ਦਾ ਪਾਰ ਗਏ। ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ। ਦੇਸ,ਕੌਮ ਦੀ ਰੱਖਿਆ ਖਾਤਰ, ਸੀਸ ਵੀ ਆਪਣਾ ਵਾਰ ਗਏ।
27. ਦਿੱਲੀ ਜਾ ਕੇ ਸੀਸ ਗੁਰਾਂ ਨੇ ਜੀ ਵਾਰਿਆ... (ਗੀਤ)
ਦਿੱਲੀ ਜਾ ਕੇ ਸੀਸ ਗੁਰਾਂ ਨੇ ਜੀ ਵਾਰਿਆ। ਡੁੱਬਾ ਬੇੜਾ ਹਿੰਦ ਦਾ ਗੁਰਾਂ ਨੇ ਤਾਰਿਆ। ਹਰ ਪਾਸੇ ਔਰੰਗੇ ਨੇ ਤਬਾਹੀ ਸੀ ਮਚਾਈ। ਗੱਦੀ ਲਈ ਮਾਰੇ ਉਹਨੇ ਆਪਣੇ ਹੀ ਭਾਈ। ਕਿਹੜੀ ਗੱਲ ਸੱਚੀ ਉਹਨੂੰ ਨਾ ਵੀਚਾਰਿਆ। ਮੰਦਰਾਂ ਨੂੰ ਢਾਹੇ, ਕਰੇ ਮਨ ਆਈਆਂ ਜੀ। ਜਨੇਹੂ ਲਾਹ ਸੁੱਟੇ, ਕਰੇ ਧੱਕੇਸ਼ਾਹੀਆਂ ਜੀ। ਖ਼ੁਦਾ ਦਾ ਵੀ ਖੌਫ ਔਰੰਗੇ ਨੇ ਵਿਸਾਰਿਆ। ਕਸ਼ਮੀਰੀ ਪੰਡਿਤਾਂ ਦੱਸੀ ਅਪਣੀ ਕਹਾਣੀ। ਜਾਪੇ ਸਾਡੀ ਕੌਮ ਦੁਨੀਆਂ ਚੋਂ ਮਿਟ ਜਾਣੀ। ਸਾਡੀ ਫੜੋ ਬਾਂਹ ਦਾਤਾ ਤਾਰਨਹਾਰਿਆ। ਦੁਖੀ ਪੰਡਿਤਾਂ ਨੂੰ ਗਲ ਗੁਰਾਂ ਨੇ ਹੈ ਲਾਇਆ। ਵੇਲਾ ਕੁਰਬਾਨੀ ਦਾ ਲਗਦਾ ਹੈ ਆਇਆ। ਸਤਿਗੁਰਾਂ ਔਰੰਗਾ ਪਾਪੀ ਹੈ ਵੰਗਾਰਿਆ। ਲਾਲਚਾਂ, ਤਸੀਹੇ ਅੱਗੇ ਗੁਰੂ ਜੀ ਨਾ ਡੋਲੇ। 'ਅਮਰ' ਗੁਰਾਂ ਦੇ ਗਾਵੇ ਹਰ ਮੁੱਖ ਸੋਹਿਲੇ। ਸੀਸ ਵਾਰ ਦਿੱਤਾ, ਧਰਮ ਨਾ ਹਾਰਿਆ। ਦਿੱਲੀ ਜਾ ਕੇ ਸੀਸ ਗੁਰਾਂ ਨੇ ਜੀ ਵਾਰਿਆ। ਡੁੱਬਾ ਬੇੜਾ ਹਿੰਦ ਦਾ ਗੁਰਾਂ ਨੇ ਤਾਰਿਆ।
28. ਚਿੜੀਆਂ
ਜਦ ਵੀ ਬਨੇਰੇ ਉੱਤੇ ਆਉਣ ਚਿੜੀਆਂ। ਚੀਂ-ਚੀਂ ਦਾ ਰਾਗ ਇਹ ਸੁਣਾਉਣ ਚਿੜੀਆਂ। ਪਹਿਲਾਂ ਸਾਡੇ ਘਰ ਆਲ੍ਹਣੇ ਸੀ ਪਾਉਂਦੀਆਂ। ਤੀਲਾ ਤੀਲਾ ਜੋੜ ਆਲ੍ਹਣਾ ਸਜਾਉਂਦੀਆਂ। ਸਭਨਾਂ ਦਾ ਜੀਅ ਬੜਾ ਲਾਉਣ ਚਿੜੀਆਂ। ਰੱਖਦੇ ਸੀ ਚੋਗਾ ਇਹਦਾ ਛੱਤਾਂ 'ਤੇ ਖਿਲਾਰ। ਬੋਟਾਂ ਨੂੰ ਵੀ ਕਰਦੇ ਸੀ ਬਾਲ ਬੜਾ ਪਿਆਰ। ਚੰਗੇ ਵੇਲੇ ਯਾਦ ਇਹ ਕਰਾਉਣ ਚਿੜੀਆਂ। ਕੱਚਿਆਂ ਤੋਂ ਪੱਥਰਾਂ ਦੇ ਘਰ ਸਾਰੇ ਹੋਏ। ਹਰ ਪਿੰਡ ਸ਼ਹਿਰ ਦੇਖੋ ਟਾਵਰ ਖਲੋਏ। ਡਰਦੀਆਂ ਜਿੰਦ ਇਹ ਲੁਕਾਉਣ ਚਿੜੀਆਂ। ਦਾਣਾ-ਪਾਣੀ ਜ਼ਹਿਰੀ, ਰੁੱਖ ਹਰਿਆ ਨਾ ਕੋਈ। ਐਨੀ ਮਾੜੀ ਜੂਨ ਚਿੜੀਆਂ ਦੀ ਕਿਉਂ ਹੋਈ? ਹੁਣ ਫੇਰਾ ਵਿਹੜੇ ਕਿੰਞ ਪਾਉਣ ਚਿੜੀਆਂ? ਆਓ ! ਸਾਰੇ ਲਾਲਚ ਨੂੰ ਘੱਟ ਕਰੀਏ.... ਚੱਲ ਰੁੱਖ ਲਾਈਏ ਸਾਰੇ ਹਾਮੀ ਭਰੀਏ.... ਦਾਣਾ-ਪਾਣੀ ਜ਼ਹਿਰੀ ਕਰਨੋਂ ਡਰੀਏ.... ਅਣਿਆਈ ਮੌਤ ਫਿਰ ਨਾ ਹੀ ਮਰੀਏ.... ਦੇਖੀਂ ਕਿੰਞ 'ਅਮਰ' ਇਹ ਆਉਣ ਚਿੜੀਆਂ। ਚੀਂ-ਚੀਂ ਦਾ ਰਾਗ ਇਹ ਸੁਣਾਉਣ ਚਿੜੀਆਂ। ਜਦ ਵੀ ਬਨੇਰੇ ਉੱਤੇ ਆਉਣ ਚਿੜੀਆਂ।
29. ਬਾਪੂ
* ਬਾਪੂ ਹੈ ਸਿਰਨਾਵਾਂ ਘਰ ਦਾ * ਬਾਪੂ ਹੈ ਸਿਰਨਾਵਾਂ ਘਰ ਦਾ, ਸਾਡਾ ਪਾਲਣਹਾਰਾ ਹੈ। ਜਿਸਦੇ ਸਿਰ 'ਤੇ ਮੌਜਾਂ ਹੋਵਣ, ਸਾਡਾ ਅਸਲ ਸਹਾਰਾ ਹੈ। ਟੌਰ੍ਹ ਅਸਾਡੀ ਬਾਪੂ ਕਰਕੇ, ਖੂਬ ਨਜ਼ਾਰੇ ਮਿਲਦੇ ਨੇ, ਉਹ ਅਸਾਡੀ ਹਰ ਰੀਝ ਪੁਗਾਵੇ, ਸਾਡਾ ਸਿਰਜਣਹਾਰਾ ਹੈ। ਸਾਨੂੰ ਦਿੰਦਾ ਝੂਟੇ ਮਾਟੇ, ਅਪਣੇ ਮੋਢੀਂ ਚੁਕ ਚੁਕ ਕੇ, ਸਾਰੀ ਉਮਰ ਨਹੀਂ ਭੁਲਣਾ ਜੋ, ਆਉਂਦਾ ਸੁਰਗ ਨਜ਼ਾਰਾ ਹੈ। ਸਾਨੂੰ ਲਾਡ ਲਡਾਉਂਦਾ ਨਾਲੈ, ਚੰਗਾ ਮਾੜਾ ਸਮਝਾਵੇ, ਸਾਡਾ ਆੜੀ, ਧੀ ਦਾ ਬਾਬਲ, ਲਗਦਾ ਸਾਨੂੰ ਪਿਆਰਾ ਹੈ। ਕਰ ਸਤਿਕਾਰ ਬਾਪੂ ਜੀ ਕਹਿ ਕਹਿ, ਖੁਸ਼ ਕਰ ਲੈ ਰੱਬ ਅਪਣੇ ਨੂੰ, 'ਅਮਰ' ਕਹੇ ਜੋ ਅਸਾਡੀ ਖਾਤਰ, ਲਾਉਂਦਾ ਜੀਵਨ ਸਾਰਾ ਹੈ।
30. ਜੂਨ ਚੁਰਾਸੀ
ਹੋਇਆ ਤੀਜਾ ਘੱਲੂਘਾਰਾ, ਜਦ ਸੀ ਜੂਨ ਚੁਰਾਸੀ ਆਈ। ਸਾਡੀ ਸ਼ਾਨ 'ਅਕਾਲ ਤਖ਼ਤ' 'ਤੇ, ਪਾਪਣ ਨੇ ਗੋਲੀ ਚਲਵਾਈ। ਜਦ ਆਇਆ ਸੀ ਮੱਸਾ ਰੰਗੜ, ਜਾਂ ਫਿਰ ਆਇਆ ਸੀ ਅਬਦਾਲੀ, ਸੁੱਖੇ ਤੇ ਮਹਿਤਾਬ ਜਿਹਾਂ ਤਦ, ਜ਼ਾਬਰ ਦੀ ਸੀ ਅਲਖ ਮੁਕਾਈ। ਜਾਨੋਂ ਵੱਧ ਪਿਆਰਾ ਸਾਨੂੰ, ਸਾਡਾ ਹੈ 'ਹਰਿਮੰਦਰ ਸਾਹਿਬ', ਜਿਹੜਾ ਵੀ ਵੰਗਾਰੇ ਸਾਨੂੰ, ਉਹਨੇ ਅਪਣੀ ਜਾਨ ਗਵਾਈ। 'ਸੰਤਾਂ' ਦੀ ਕਹਿਣੀ ਕਰਨੀ ਤੋਂ, ਜਾਈਏ ਬਲਿਹਾਰੇ ਸਾਰੇ, ਵੈਰੀ ਬੈਠਾ ਹੁਣ ਪਛਤਾਵੇ, ਸਿੰਘਾਂ ਕੈਸੀ ਅਣਖ ਦਿਖਾਈ। ਚੱਲਣ ਗੋਲੀਆਂ ਦੋਨੋਂ ਤਰਫੋਂ, ਜਿਉਂ ਚਲਦੀ ਤੇਜ਼ ਹਨੇਰੀ, ਸਮਝ ਸਕੇ ਨਾ ਵੈਰੀ ਦੇਖੋ, ਗੋਲੀ ਕਿਧਰੋਂ ਕਿਧਰੋਂ ਆਈ। ਦਾਗੇ ਗੋਲੇ ਵੈਰੀ ਨੇ ਫਿਰ, ਸਾਡਾ 'ਤਖ਼ਤ' ਗੁਰਾਂ ਦਾ ਢਾਹਿਆ, ਲੜਦੇ ਹੋਏ 'ਸੰਤਾਂ' ਨੇ ਫਿਰ, ਸਿੰਘਾਂ ਨਾਲ ਸ਼ਹੀਦੀ ਪਾਈ। ਸਭ ਸਿੱਖਾਂ ਦੇ ਹਿਰਦੇ ਲੱਗੀ, ਦੇਖੋ ਠੇਸ ਬੜੀ ਹੀ ਡੂੰਘੀ, ਦਿੱਲੀ ਵਿਚ ਫਿਰ ਦੋ ਸਿੰਘਾਂ ਨੇ, ਦੋਸ਼ੀ ਪਾਪਣ ਮਾਰ ਮੁਕਾਈ। 'ਅਮਰ' ਕਰੇ ਸਤਿਕਾਰ ਉਨ੍ਹਾਂ ਦਾ, ਜੋ ਕੌਮ ਲਈ ਲੜਦੇ ਮਰਦੇ, ਜੂਨ ਚੁਰਾਸੀ ਐਸੀ ਪੀੜਾ, ਜਿਹੜੀ ਹਰ ਪਲ ਚੇਤੇ ਆਈ।
31. ਮੈਂ ਕਿਰਸਾਨ ...... ਗੀਤ
ਮੈਂ ਕਿਰਸਾਨ ਹਾਂ ਜੇਠਾ ਪੁੱਤਰ, ਧਰਤੀ ਮਾਂ ਦਾ ਜਾਇਆ। ਧਰਤੀ ਮਾਂ ਦੀ ਸੇਵਾ ਕਰ, ਮੈਂ ਸਭ ਲਈ ਅੰਨ ਉਗਾਇਆ। ਕੋਈ ਆਖਦਾ ਅੰਨਦਾਤਾ, ਕੋਈ ਵਾਹੀਕਾਰ ਆਖ ਬੁਲਾਉਂਦਾ। ਸਖਤ ਮਿਹਨਤਾਂ ਕਰਕੇ, ਮੈਂ ਤਾਂ ਸਭ ਲਈ ਅੰਨ ਉਗਾਉਂਦਾ। ਸਾਰਾ ਮੁਲਕ ਨਾਲ ਮਿਹਨਤਾਂ, ਹੈ ਖੁਸ਼ਹਾਲ ਬਣਾਇਆ। ਤੱਤੀਆਂ ਲੂੰਆਂ, ਤੇ ਤਿੱਖੀਆਂ ਧੁੱਪਾਂ, ਪਿੰਡੇ 'ਤੇ ਹੰਡਾਉਂਦਾ। ਹੱਡ ਚੀਰਵੀਂ ਠੰਢ ਵਿੱਚ ਵੀ, ਪਾਣੀ ਵਿੱਚ ਖੇਤਾਂ ਦੇ ਲਾਉਂਦਾ। ਹੜ੍ਹ ਆਵੇ ਜਾਂ ਹੋਵੇ ਸੋਕਾ, ਮੈਂ ਬਿਲਕੁੱਲ ਨਾ ਘਬਰਾਇਆ। ਖੇਤਾਂ ਵਿੱਚ ਜਦ ਝੂਮਣ ਫਸਲਾਂ, ਤੱਕ ਕੇ ਮੈਂ ਖੁਸ਼ ਹੋ ਜਾਵਾਂ। ਫਸਲ ਪੱਕੀ 'ਤੇ ਮੀਂਹ ਨਾ ਪਾਵੀਂ, ਰੱਬ ਨੂੰ ਇਹੋ ਧਿਆਵਾਂ। ਮਿਹਨਤ ਮੇਰੀ ਰਹਿਮਤ ਤੇਰੀ, ਫਲ ਮਿਹਨਤ ਦਾ ਪਾਇਆ। ਦੇਸ ਲਈ ਮੈਂ ਭਰਾਂ ਭੰਡਾਰੇ, ਪਰ ਮੇਰੇ ਹਿੱਸੇ ਹਨ ਧੱਕੇ। ਮਾੜੀਆਂ ਨੀਤੀਆਂ ਹਾਕਮ ਦੀਆਂ, ਸਹਿ ਸਹਿ ਕੇ ਹਾਂ ਥੱਕੇ। ਸਭ ਸਰਕਾਰਾਂ ਰੋਲਣ ਮੈਨੂੰ, ਮੇਰਾ ਦੁੱਖ ਨਾ ਇਨ੍ਹਾਂ ਵੰਡਾਇਆ। ਨਕਲੀ ਬੀਜਾਂ ਤੇ ਸਪਰੇਹਾਂ, ਕੀਤੀ ਚੌਪਟ ਖੇਤੀ ਸਾਰੀ। ਵਾਜਿਬ ਭਾਅ ਕਦੇ ਨਾ ਮਿਲਿਆ, ਮੌਜਾਂ ਲੁੱਟਦੇ ਬਸ ਵਪਾਰੀ। ਸਾਰਾ ਭੇਤ 'ਅਮਰ' ਨੇ ਲਿਖ, ਸੱਚ ਸਭ ਨੂੰ ਹੈ ਸੁਣਾਇਆ। ਧਰਤੀ ਮਾਂ ਦੀ ਸੇਵਾ ਕਰ ਮੈਂ, ਸਭ ਲਈ ਅੰਨ ਉਗਾਇਆ। ਮੈਂ ਕਿਰਸਾਨ ਹਾਂ ਜੇਠਾ ਪੁੱਤਰ, ਧਰਤੀ ਮਾਂ ਦਾ ਜਾਇਆ।
32. ਰਾਜੇ ਸੀਹ ਮੁਕਦਮ ਕੁਤੇ... ਗ਼ਜ਼ਲ
ਹਾਹਾਕਾਰ ਮਚੀ ਹਰ ਪਾਸੇ ਪਰ ਨੇਤਾ ਨੇ ਸੁੱਤੇ। ਲਾਸ਼ਾਂ ਢੋਂਦੀ ਗੰਗਾ ਦੇਖੋ, ਲਾਸ਼ਾਂ ਖਾਵਣ ਕੁੱਤੇ। ਬੇਰੁਜ਼ਗਾਰ ਜਵਾਨੀ ਨੂੰ ਰੁਜ਼ਗਾਰ ਕਿਸੇ ਨਈਂ ਦੇਣਾ, ਆਤਮ-ਨਿਰਭਰ ਹੋ ਕੇ ਲੋਕੋ ਆਪੇ ਸਾਰੋ ਬੁੱਤੇ। ਹਾਕਮ ਭੇਸ ਵਟਾਵੇ ਜਿੰਨੇ, ਗਿਰਗਿਟ ਵੀ ਸ਼ਰਮਾਵਣ, 'ਮਨ ਕੀ' ਬੋਲਣ ਵਾਲਾ ਬੋਲੂ 'ਜਨ ਕੀ' ਕਿਹੜੀ ਰੁੱਤੇ। ਜਦ ਵੀ ਕੋਈ ਆਫਤ ਆਵੇ ਉਹਨੂੰ ਪੂਜੀ ਜਾਵੇਂ, ਅੰਨੀ ਸ਼ਰਧਾ ਨਾਲੋਂ ਚੱਲ ਤੂੰ ਸੱਚ ਦੇ ਰਸਤੇ ਉੱਤੇ। 'ਅਮਰ' ਕਦੇ ਨਾ ਬਾਬਰ ਬਦਲੇ ਉਹਨੇ ਹੈ ਬਸ ਲੁੱਟਣਾ, ਸੱਚ ਹਨ ਬੋਲ ਇਲਾਹੀ "ਰਾਜੇ ਸੀਹ ਮੁਕਦਮ ਕੁਤੇ"।
33. ਕੈਸੀ ਇਹ ਤਰੱਕੀ
ਕੈਸੀ ਇਹ ਤਰੱਕੀ ਜੋ, ਅਸਾਡਾ ਸੁੱਖ ਚੈਨ ਖੋਏ। ਸੀਸ ਉੱਤੇ ਪੱਗ ਨਾਹੀਂ, ਰੁੱਖ ਵੀ ਅਲੋਪ ਹੋਏ। ਕੱਚਿਆਂ 'ਚ ਰਹਿੰਦੇ ਸਾਂ, ਪਰ ਪੱਕੇ ਸੀ ਰਿਸ਼ਤੇ, ਪੱਥਰਾਂ ਦੇ ਜੰਗਲਾਂ 'ਚ, ਮਤਲਬੀ ਲੋਕ ਹੋਏ। ਮਿਲਦਾ ਨਾ ਬੋਤਲ 'ਚ, ਜੇ ਪਾਣੀ ਨੂੰ ਸੰਭਾਲਦੇ ਲਾਲਚ ਨੇ ਗੰਦੇ ਕੀਤੇ, ਦਰਿਆ ਤੇ ਟੋਭੇ-ਟੋਏ। ਸਾਹਾਂ ਨੂੰ ਤਰਸ ਰਹੇ, ਰੁੱਖਾਂ ਨੂੰ ਵਢਾਉਣ ਵਾਲੇ, ਸਾਂਭੇ ਹੁੰਦੇ ਰੁੱਖ, ਕਿਉਂ ਸਿਲੰਡਰ ਦਾ ਭਾਰ ਢੋਏ। ਆਓ ਪਾਣੀ, ਹਵਾ ਅਤੇ ਪੱਗ ਨੂੰ ਸੰਭਾਲ ਲਵੋ, ਸੱਚ ਦੀ ਆਵਾਜ਼ 'ਅਮਰ' ਵਿਰਲਾ ਹੀ ਕੋਈ ਛੋਏ।
34. ਮੇਰੇ ਅੰਦਰ ਘੋਰ ਬਗਾਵਤ... ਗ਼ਜ਼ਲ
ਮੇਰੇ ਅੰਦਰ ਘੋਰ ਬਗਾਵਤ ਹੋਈ ਹੈ। ਉਹ ਕਿਉਂ ਬੈਠਾ ਸੱਚ ਤੋਂ ਮੂੰਹ ਲੁਕੋਈ ਹੈ। ਹੁਣ ਕਿਉਂ ਤੇਰਾ ਜੋਸ਼ ਮੱਠਾ ਹੈ ਪੈ ਚਲਿਆ, ਕਿਉਂ ਨਾ ਕਰਦਾ ਦਿਲ ਹੁਣ ਚਾਰਾਜੋਈ ਹੈ। ਉਹ ਡਰਿਆ ਹੈ ਸੂਲੀ ਤੋਂ ਜਾਂ ਹਾਕਮ ਤੋਂ, ਜਾਂ ਫਿਰ ਹੋਈ ਹੋਣੀ ਗੱਲ ਤਾਂ ਕੋਈ ਹੈ। ਸੱਚ ਦੇ ਰਾਹ 'ਤੇ ਚਲਦੇ ਰਾਹੀ ਥੋੜੇ ਨੇ, ਉਹ ਗੱਲ ਕਰਦੇ ਜੋ ਜਾਪੇ ਅਣਹੋਈ ਹੈ। ਤੇਰੀ ਤਾਕਤ ਤੇਰੀ ਕਲਮ ਬਥੇਰੀ ਹੈ, ਜ਼ਾਬਰ ਦੇ ਜਿਸ ਸੱਚ ਦੀ ਨੋਕ ਚੁਭੋਈ ਹੈ। ਇਹ ਅਹਿਸਾਸ 'ਅਮਰ' ਤੂੰ ਹਰ ਪਲ ਯਾਦ ਰੱਖੀਂ, ਸੱਚ ਜਿੱਤਦਾ ਹੈ, ਹਾਰ ਬਦੀ ਦੀ ਹੋਈ ਹੈ।
35. ਉੱਠ ਪਏ ਨੇ ਕਦਮ .... ਗੀਤ
ਉੱਠ ਪਏ ਨੇ ਕਦਮ ਵੱਲ ਮੰਜ਼ਿਲਾਂ ਦੇ, ਰੱਖ ਹੌਸਲਾ ਜਿੱਤ ਪੱਕੀ ਤੇਰੀ ਹੈ। ਜੇ ਲੜਾਂਗੇ ਹੱਕਾਂ ਲਈ ਰਲਮਿਲ ਆਪਾਂ, ਇਹ ਮੰਗ ਸਭ ਦੀ, ਨਾ ਤੇਰੀ ਮੇਰੀ ਹੈ। ਬੂੰਦ ਬੂੰਦ ਨਾਲ ਹੀ ਬਣੇ ਸਾਗਰ, ਸਾਗਰਾਂ ਦਾ ਤੂਫਾਨ ਹੈ ਅਸੀਂ ਬਣਨਾ। ਵੱਖ ਵੱਖ ਵਹਿਣਾਂ ਵਿੱਚ ਨਹੀਂ ਵਹਿਣਾ, ਨਾ ਹੀ ਇੱਕ ਥਾਂ 'ਤੇ ਅਸੀਂ ਹੈ ਖੜਨਾ। ਹੋ ਜਾਈਏ ਇੱਕ-ਮੁੱਠ ਅਸੀਂ ਸਾਰੇ, ਕਾਹਤੋਂ ਲਾ ਰੱਖੀ ਤੁਸਾਂ ਨੇ ਦੇਰੀ ਹੈ। ਜ਼ਾਲਮਾਂ ਦੀ ਸਦਾ ਇਹ ਰਹੀ ਨੀਤੀ, ਪਾੜ੍ਹੋ ਤੇ ਇਹਨਾਂ 'ਤੇ ਰਾਜ ਕਰੋ। ਹੁਣ ਫਿਰ ਤੋਂ ਲੋਕ ਜਗਾਉਣੇ ਆਪਾਂ, ਹੱਕਾਂ ਦੇ ਲਈ ਬੁਲੰਦ ਆਵਾਜ਼ ਕਰੋ। ਜਿਹੜੇ ਲੜਦੇ ਨਹੀਂ ਹੱਕਾਂ ਵਾਸਤੇ ਜੀ, ਉਹ ਜੀਂਦੇ ਜਾਗਦੇ ਨਾ, ਮਿੱਟੀ ਦੀ ਢੇਰੀ ਨੇ। ਇੱਕ ਚੁੱਕੀ ਸੀ ਆਵਾਜ਼ ਭਗਤ ਸਿੰਘ ਨੇ, ਲੜਿਆ ਸੀ ਲੜਾਈ ਬਰਾਬਰੀ ਲਈ। ਆਜ਼ਾਦੀ ਸੌਖਿਆਂ ਸਾਨੂੰ ਨਹੀਂ ਮਿਲੀ, ਸ਼ਹੀਦ ਹੋਏ ਸੀ ਮਾਵਾਂ ਦੇ ਪੁੱਤ ਕਈ। ਜੇ ਸੋਚਦੇ ਨਾ 'ਅਮਰ' ਕੁਝ ਕਰਨੈ ਦੀ, ਰਹਿਣੀ ਗੁਲਾਮੀ ਦੀ ਰਾਤ ਹਨੇਰੀ ਹੈ।
36. ਮਾਂ ..... ਗੀਤ
ਰਹਿਣ ਸਦਾ ਹੀ ਹੱਸਦੀਆਂ ਮਾਵਾਂ। ਇਹ ਤਾਂ ਹਨ ਜੰਨਤ ਦਾ ਸਿਰਨਾਵਾਂ। ਕੋਈ ਨਾ ਐਨਾ ਲਾਡ ਲਡਾਵੇ, ਹੱਲਾਸ਼ੇਰੀ ਦੇ ਸ਼ੇਰ ਬਣਾਵੇ। ਕਿਹੜਾ ਮੰਗੇ ਸੁੱਖਾਂ ਸਾਡੀਆਂ, ਹਰ ਪਲ ਸਾਡੇ ਹੀ ਲੇਖੇ ਲਾਵੇ। ਸੌ ਸੁਰਗਾਂ ਜੇਹੀ ਜਿਸਦੀ ਗੋਦੀ, ਜੋ ਮਿਲਦੀ ਨਾ ਹਰ ਥਾਂ ਹੁੰਦੀ ਹੈ। ਉਹ ਤਾਂ ਲੋਕੋ! ਬਸ ਮਾਂ ਹੁੰਦੀ ਹੈ। ਮਾਂ ਹੁੰਦੀ ਹੈ ਜੀ ਮਾਂ ਹੁੰਦੀ ਹੈ। ਸਹਿ ਕੇ ਪੀੜਾਂ ਜਿਸ ਜੱਗ ਦਿਖਾਇਆ, ਮਮਤਾ ਦਾ ਮੀਂਹ ਜਿਸ ਵਰਸਾਇਆ। ਹਰ ਦੁੱਖ ਵੇਲੇ ਜੋ ਚੇਤੇ ਆਵੇ, ਰੱਬ ਤੋਂ ਪਹਿਲਾਂ ਜੋ ਮੂੰਹੋਂ ਆਇਆ। ਜਿਸਦਾ ਨਾਂ ਤਨ ਮਨ ਨੂੰ ਠਾਰੇ, ਜੀਂਕਣ ਬੋਹੜ ਦੀ ਛਾਂ ਹੁੰਦੀ ਹੈ। ਉਹ ਤਾਂ ਲੋਕੋ! ਬਸ ਮਾਂ ਹੁੰਦੀ ਹੈ। ਮਾਂ ਹੁੰਦੀ ਹੈ ਜੀ ਮਾਂ ਹੁੰਦੀ ਹੈ। ਬੱਚਿਆਂ ਦੇ ਵਿੱਚ ਜਿਸਦੀ ਰੂਹ ਵੱਸੇ, ਖੁਸ਼ ਹਨ ਬੱਚੜੇ ਤਾਂ ਉਹ ਵੀ ਹੱਸੇ। ਕੋਈ ਨਾ ਇਸਦਾ ਸਾਨੀ ਜੱਗ 'ਤੇ, ਜੇ ਕੋਈ ਹੈ ਤਾਂ ਉਹ ਮੈਨੂੰ ਦੱਸੇ। ਕੁਦਰਤ ਵਾਂਗੂੰ ਉਹ ਪਾਲੈ ਸਭ ਨੂੰ, ਰੱਬ ਤੋਂ ਪਹਿਲਾਂ ਉਹ ਤਾਂ ਹੁੰਦੀ ਹੈ। ਉਹ ਤਾਂ ਲੋਕੋ! ਬਸ ਮਾਂ ਹੁੰਦੀ ਹੈ। ਮਾਂ ਹੁੰਦੀ ਹੈ ਜੀ ਮਾਂ ਹੁੰਦੀ ਹੈ। ਜਿਸਦੇ ਕੋਲੈ ਉਹ ਕਰ ਲੋ ਪੂਜਾ, ਇਹਦੇ ਵਰਗਾ ਨਾ ਰਿਸ਼ਤਾ ਦੂਜਾ। ਜਿਸਦੀਆਂ ਝਿੜਕਾਂ ਵਿੱਚ ਵੀ ਮਿੱਠਤ, ਮਾਖਿਉਂ ਮਿੱਠੀ ਜਿਉਂ ਮਿਸ਼ਰੀ ਕੂਜਾ। ਅਮਰ ਕਹੇ ਜੰਨਤ ਵੀ ਸਾਰੀ, ਜਿਸਦੇ ਪੈਰਾਂ ਹੇਠਾਂ ਹੁੰਦੀ ਹੈ। ਉਹ ਤਾਂ ਲੋਕੋ! ਬਸ ਮਾਂ ਹੁੰਦੀ ਹੈ। ਮਾਂ ਹੁੰਦੀ ਹੈ ਜੀ ਮਾਂ ਹੁੰਦੀ ਹੈ।