Punjabi Poetry : Amrik Dogra

ਪੰਜਾਬੀ ਕਵਿਤਾਵਾਂ : ਅਮਰੀਕ ਡੋਗਰਾ


ਗ਼ਜ਼ਲ : ਬੜੇ ਸਾਧ ਨੇ , ਬੜੇ ਸੰਤ ਨੇ , ਕੋਈ ਪੀਰ ਹੈ ਜਾਂ ਫ਼ਕੀਰ ਹੈ

ਬੜੇ ਸਾਧ ਨੇ , ਬੜੇ ਸੰਤ ਨੇ , ਕੋਈ ਪੀਰ ਹੈ ਜਾਂ ਫ਼ਕੀਰ ਹੈ । ਇਹ ਅਜੀਬ ਹੈ ਕਿ ਕਿਤੇ ਵੀ ਹੁਣ , ਨਾ ਫ਼ਰੀਦ ਹੈ ਨਾ ਕਬੀਰ ਹੈ । ਕਦੀ ਜ਼ਖਮ ਹੈ , ਕਦੀ ਫੁੱਲ ਹੈ , ਕਦੀ ਅੱਗ ਦੀ ਇਹ ਲਕੀਰ ਹੈ ਇਹ ਜੋ ਇਸ਼ਕ ਹੈ , ਇਹੀ ਰੱਬ ਹੈ , ਇਹ ਦਾ ਆਦਿ ਹੈ ਨਾ ਅਖੀਰ ਹੈ । ਇਨਾਂ ਰਹਿਨੁਮਾਵਾਂ ਤੋਂ ਆਸ ਕੀ , ਬਿਨਾਂ ਲਾਰਿਆਂ ਇਨਾਂ ਪਾਸ ਕੀ ਨਾ ਇਨਾਂ ਦਾ ਕੋਈ ਅਸੂਲ ਹੈ , ਨਾਂ ਇਨਾਂ ਦੀ ਕੋਈ ਜ਼ਮੀਰ ਹੈ । ਮੇਰੇ ਖ਼ੂਨ ਵਿਚ ਹੀ ਜਨੂੰਨ ਹੈ , ਰਤਾ ਚੈਨ ਹੈ ਨਾ ਸਕੂਨ ਹੈ ਮੇਰੇ ਹਰ ਤਰਫ਼ ਹੀ ਨੇ ਸਾਜ਼ਿਸ਼ਾਂ, ਨਾ ਸੁਗੰਧ ਹੈ ਨਾਂ ਸਮੀਰ ਹੈ । ਇਹ ਸਮਾਂ ਕਿਹੋ ਜਿਹਾ ਆ ਗਿਆ ਕਿ ਜੜਾਂ ਨੇ ਰੁੱਖ ਨੂੰ ਹੈ ਖਾ ਲਿਆ ਨਾਂ ਦਿਲਾਂ 'ਚ ਕੋਈ ਉਮੰਗ ਹੈ ਤੇ ਨਾ ਅੱਖੀਆਂ 'ਚ ਹੀ ਨੀਰ ਹੈ । ਤੈਨੂੰ ਜ਼ਰ-ਜ਼ਮੀਨ ਦਾ ਮਾਣ ਹੈ , ਮੇਰੇ ਨਾਲ ਸਾਰਾ ਜਹਾਨ ਹੈ ਮੇਰਾ ਇਸ਼ਕ ਮੇਰਾ ਈਮਾਨ ਹੈ , ਮੇਰੀ ਹਰ ਤਰਫ਼ ਹੀ ਜਗੀਰ ਹੈ । ਤੇਰੇ ਹਿਜਰ ਵਿਚ ਮੇਰੀ ਹਰ ਘੜੀ ਜਿਵੇਂ ਬੀਤਦੀ ਹੈ ਤੜਪਦਿਆਂ ਜਿਵੇਂ ਉਡਦੇ ਪੰਛੀ ਦੇ ਕਾਲਜੇ 'ਚ ਅਟਕ ਗਿਆ ਕੋਈ ਤੀਰ ਹੈ ।

ਗ਼ਜ਼ਲ : ਸਮਾਂ ਜਦ ਫ਼ੈਸਲਾ ਕਰਦਾ ਕਦੋਂ ਪੁੱਛਦਾ ਗਵਾਹਾਂ ਨੂੰ

ਸਮਾਂ ਜਦ ਫ਼ੈਸਲਾ ਕਰਦਾ ਕਦੋਂ ਪੁੱਛਦਾ ਗਵਾਹਾਂ ਨੂੰ । ਮੈਂ ਇਹ ਗੱਲ ਦੱਸਣੀ ਚਾਹੁੰਨਾਂ ਇਨ੍ਹਾਂ ਸੰਸਦ ਦੇ ਸ਼ਾਹਾਂ ਨੂੰ। ਤੁਹਾਡਾ ਕੰਮ ਢਾਹੁਣਾ ਮਸਜਿਦਾਂ ਤੇ ਖ਼ਾਨਕਾਹਾਂ ਨੂੰ। ਅਸਾਡਾ ਫ਼ਰਜ਼ ਹੈ ਗੁਲਸ਼ਨ ਬਣਾਉਣਾ ਕਤਲਗਾਹਾਂ ਨੂੰ । ਸਮੇਂ ਦਾ ਕੀ ਪਤਾ ਉਹ ਕੀ ਤੋਂ ਕੀ ਇਕ ਪਲ 'ਚ ਕਰ ਦੇਵੇ ਅਸੀਂ ਤਾਂ ਭੀਖ ਮੰਗਦੇ ਦੇਖਿਆ ਹੈ ਬਾਦਸ਼ਾਹਾਂ ਨੂੰ । ਉਹ ਸਾਰੇ ਸੂਲੀਆਂ ਲੈਕੇ ਤੇਰੇ ਮਹਿਲਾਂ ਨੂੰ ਆਵਣਗੇ ਤੂੰ ਸੂਲੀ ਟੰਗਿਆ ਸੀ ਜਿੰਨਿਆਂ ਵੀ ਬੇਗੁਨਾਹਾਂ ਨੂੰ । ਤੇਰੇ ਹਾਸੇ ਦੀ ਝਾਲਰ ਵਿਛ ਗਈ ਹੋਣੀ ਹੈ ਖੇਤਾਂ ਵਿਚ ਕਿਤੇ ਐਵੇਂ ਨਹੀਂ ਹੈ ਆ ਗਿਆ ਹੱਸਣਾ ਕਪਾਹਾਂ ਨੂੰ। ਕਿਤੇ ਇਖਲਾਕ ਤੇ ਇਨਸਾਫ ਐਵੇਂ ਤਾਂ ਨਹੀਂ ਬਚਦੇ ਤਸੀਹੇ ਝੱਲਣੇ ਪੈਂਦੇ ਨੇ ਪਹਿਲਾਂ ਪਾਤਸ਼ਾਹਾਂ ਨੂੰ। ਭਵਿੱਖ ਸਾਡਾ ਡੁਬੋ ਕੇ ਆਪ ਜੋ ਹਸਦੇ ਨੇ ਪੱਤਣਾਂ ਤੇ ਡੁਬੋ ਦੇਣਾ ਹੈ ਲਹਿਰਾਂ ਨੇ ਅਜਿਹੇ ਸਭ ਮਲਾਹਾਂ ਨੂੰ। ਤੇਰੀ ਤਲਵਾਰ ਨੇ ਧੁੱਪ-ਛਾਂ-ਹਵਾ ਨੂੰ ਕਤਲ ਕਈ ਕਰਨਾ ਮੁਹੱਬਤ ਨਾਲ ਭਰ ਦੇਵਾਂਗਾ ਮੈਂ ਕਾਤਲ ਨਿਗਾਹਾਂ ਨੂੰ। ਤੁਸੀਂ ਚਾਹੁੰਦੇ ਹੋ ਆਵੇ ਰਾਮ-ਰਾਜ ਇੰਨਾ ਤਾਂ ਪਰ ਦੱਸੋ ਕੀ ਲੱਗਣਗੇ ਪਤਾਸੇ ਵੀ ਕਦੀ ਕਿੱਕਰਾਂ - ਫਲਾਹਾਂ ਨੂੰ।

ਗ਼ਜ਼ਲ : ਅਮਰੀਕ ਸਿਆਂ

ਮੋਇਆਂ ਪਿੱਛੋਂ ਲੋਕ ਬੜਾ ਕੁਝ ਆਖਣਗੇ ਅਮਰੀਕ ਸਿਆਂ। ਗ਼ਮ ਨਾ ਕਰ ਕੁਝ ਪੂਜਣਗੇ ਕੁਝ ਨਿੰਦਣਗੇ ਅਮਰੀਕ ਸਿਆਂ। ਜੁਗਨੂੰ ਰੋਵਣਗੇ ਤਾਰੇ ਵੀ ਟੁੱਟਣਗੇ ਅਮਰੀਕ ਸਿਆਂ। ਪੌਣ ਭਰੂ ਗੀ ਹਉਕੇ ਤੇ ਰੁੱਖ ਸੁਲਗਣਗੇ ਅਮਰੀਕ ਸਿਆਂ। ਪੱਥਰ ਕਿੱਦਾਂ ਮੋਮ ਹੈ ਬਣਦਾ ਵਕਤ ਕਿਵੇਂ ਰੁਕ ਜਾਂਦਾ ਹੈ ਐਦਾਂ ਦਾ ਮੰਜ਼ਰ ਵੀ ਲੋਕੀਂ ਦੇਖਣਗੇ ਅਮਰੀਕ ਸਿਆਂ। ਸਿਵਿਆਂ ਵਾਲੀ ਬੋਹੜ ਚੋਂ ਹੌਲੀ-ਹੌਲੀ ਸੇਕ ਵੀ ਸਿੰਮੇਗਾ ਪੱਤਿਆਂ ਦੀ ਰਗ-ਰਗ ਵਿਚ ਹੰਝੂ ਲਿਸ਼ਕਣਗੇ ਅਮਰੀਕ ਸਿਆਂ। ਦੂਰ-ਦੂਰ ਤਕ ਕੂਲਾਂ ਦਾ ਪਾਣੀ ਪਾਣੀ ਕੋਸਾ ਹੋ ਜਾਏ ਗਾ ਉਡਦੇ ਪੰਛੀ ਸੀਤਲ ਜਲ ਨੂੰ ਤਰਸਣਗੇ ਅਮਰੀਕ ਸਿਆਂ। ਯਾਦ ਤੇਰੀ ਦੀ ਪੈਛੜ ਆਉ ਰਾਤ-ਬਰਾਤੇ ਗਲੀਆਂ 'ਚੋਂ ਦਰਦ ਜਿਹਨਾਂ ਦੇ ਦਿਲ ਵਿਚ ਸੁਲਗਣਗੇ ਅਮਰੀਕ ਸਿਆਂ। ਵਾਵਰੋਲੇ ਦਰਦਾਂ ਦੇ ਜਦ ਅੰਬਰ ਵਿਚ ਸੱਲ ਪਾਵਣਗੇ ਭਟਕਦੀਆਂ ਰੂਹਾਂ ਦੇ ਟੋਲੇ ਡੁਸਕਣਗੇ ਅਮਰੀਕ ਸਿਆਂ। ਗ਼ਮ ਦੇ ਬੁਰਕੇ ਪਹਿਣ ਕੇ ਕਿਰਨਾਂ ਜਦੋਂ ਮੁਕਾਣੀ ਆਉ੍ਵਣਗੀਆਂ ਸਿਵਿਆਂ ਅੰਦਰ ਓਦੋਂ ਮੇਲੇ ਲੱਗਣਗੇ ਅਮਰੀਕ ਸਿਆਂ। ਚਾਰ ਦਿਨਾਂ ਦੇ ਪਿੱਛੋਂ ਲੋਕੀਂ ਸਾਰਾ ਕੁਝ ਭੁੱਲ ਜਾਂਦੇ ਨੇ ਦੇਰ ਤੀਕ ਪਰ ਨਗ਼ਮੇ ਤੇਰੇ ਗੂੰਜਣਗੇ ਅਮਰੀਕ ਸਿਆਂ। ਆਲ੍ਹਣਿਆਂ ਨੂੰ ਨਾ ਸਾੜੋ, ਨਾ ਜਾਲ ਵਿਛਾਓ ਥਾਂ-ਥਾਂ 'ਤੇ ਪੰਛੀ ਉਡਣੇ ਸੱਪਾਂ ਵਾਂਗੂੰ ਡੰਗਣਗੇ ਅਮਰੀਕ ਸਿਆਂ। ਕੌਣ ਸੀ ਉਹ ਬੇਨਾਮ ਤੇ ਬੇਘਰ , ਬੇਵਤਨਾ , ਉਪਰਾਮ ਜਿਹਾ ਅਗਲੀ ਨਸਲ ਦੇ ਲੋਕੀਂ ਅਕਸਰ ਪੁੱਛਣਗੇ ਅਮਰੀਕ ਸਿਆਂ।

ਗੀਤ : ਪੁਰਾਣਾ ਖ਼ਤ

ਬਹੁਤ ਪੁਰਾਣਾ ਖਤ ਤੇਰਾ ਅੱਜ ਲੱਭਿਆ ਕਿਤਾਬਾਂ ਫੋਲ਼ਦਿਆਂ। ਹੀਰਾ ਮੇਰੇ ਹੱਥ ਆ ਗਿਆ ਨਿੱਕ-ਸੁੱਕ ਐਵੇਂ ਟੋਲ਼ਦਿਆਂ। ਖ਼ਤ ਦੇ ਇਕ- ਇਕ ਅੱਖਰ ਵਿੱਚੋਂ ਨਜ਼ਰ ਤੂੰ ਮੈਨੂੰ ਆਵੇਂ ਮੇਰੇ ਨਾਲ ਕਰੇਂ ਤੂੰ ਗੱਲਾਂ ਰੁੱਸੇ ਤੇ ਮੰਨ ਜਾਵੇਂ ਕਦੇ ਤੂੰ ਅੱਖਾਂ ਵਿਚ ਛੁਪਾਵੇਂ ਅੱਖਾਂ ਕਦੇ ਦਿਖਾਵੇਂ ਮੈਨੂੰ ਕੀ ਕੁੱਝ ਚੇਤੇ ਆਇਆ ਯਾਦਾਂ ਦੀ ਪੰਡ ਖੋਲ੍ਹਦਿਆਂ। ਹਾਸੇ, ਰੋਸੇ, ਛੇੜਖਾਨੀਆਂ, ਕੀ ਨਈਂ ਚੇਤੇ ਆਇਆ ਉਹ ਸਾਰਾ ਕੁਝ ਚੇਤੇ ਆਇਆ ਜੋ ਤੂੰ ਦਿਲੋਂ ਭੁਲਾਇਆ ਖ਼ੈਰ ਤੇਰੀ ਮੈਂ ਮੰਗਾਂ ਜਿਹਨੇ ਜੀਂਦਿਆਂ ਮਾਰ ਮੁਕਾਇਆ ਤੂੰ ਤਾਂ ਮੇਰਾ ਰੱਬ ਏਂ ਤੈਨੂੰ ਕੀਕਣ ਮੰਦਾ ਬੋਲਦਿਆਂ। ਖ਼ਤ ਤੇਰਾ ਕੀ ਲੱਭਾ ਮੈਨੂੰ ਪਿਆਰ ਗੁਆਚਾ ਲੱਭਾ ਬਚਪਨ ਅਤੇ ਜੁਆਨੀ ਦਾ ਸੰਸਾਰ ਗੁਆਚਾ ਲੱਭਾ ਸ਼ੁਕਰ ਖ਼ੁਦਾ ਦਾ ਹੰਝੂਆਂ ਵਿਚੋਂ ਯਾਰ ਗੁਆਚਾ ਲੱਭਾ ਮੇਰੇ ਹੰਝੂ ਸੂਰਜ ਬਣ ਗਏ ਪਲਕਾਂ ਉੱਤੇ ਡੋਲ਼ਦਿਆਂ। ਆ ਜਾ ਇਕ ਵਾਰੀ ਤਾਂ ਖ਼ੁਸ਼ਬੂ ਵਾਂਗੂੰ ਫੇਰਾ ਪਾ ਜਾ ਬਿਜਲੀ ਵਾਂਗੂੰ ਲਿਸ਼ਕ ਤੂੰ ਭਾਵੇਂ ਘਰ ਮੇਰਾ ਰੁਸ਼ਨਾ ਜਾ ਪੌਣ ਦਾ ਬੁੱਲਾ ਬਣ ਕੇ ਮੇਰੇ ਦਰ ਨੂੰ ਹੀ ਖੜਕਾ ਜਾ ਕਿੰਨੀ ਉਮਰ ਅਜਾਈਂ ਲੰਘ ਗਈ ਅਪਣਾ ਆਪਾ ਰੋਲ਼ਦਿਆਂ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਅਮਰੀਕ ਡੋਗਰਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ