Punjabi Poetry : Amritpal Singh Dhunn

ਪੰਜਾਬੀ ਕਵਿਤਾਵਾਂ : ਅੰਮ੍ਰਿਤਪਾਲ ਸਿੰਘ ਧੁੰਨ


ਤਅਚਲਤ ਪੈਂਤੀ

ਉਮੀਦ , ਉਧਾਰ , ਉਪਾਧੀ , ਊਰਜਾ , ਲੋੜ ਮੁਤਾਬਿਕ ਚੰਗੇ ਨੇ । ਅਦਨ , ਅਖੀਰ , ਅੱਥਰੂ , ਅਰੀਲ , ਹਰਸਾਹ ਵਿੱਚ ਰੰਗੇ ਨੇ । ਏਕਤਾ , ਇੱਜਤ , ਇਰਾਦਾ , ਇੰਡੀਕਾ , ਵਿਕਸਿਤ ਕਰਦੇ ਬੰਦੇ ਨੂੰ । ਸਿੱਖਿਆ , ਸਮਥ , ਸਲਾਘਾ , ਸੁੱਧਤਾ , ਹੋਰ ਮਹਿਕਾਉਂਦੇ ਧੰਦੇ ਨੂੰ । ਹਉਮੈ , ਹੰਕਾਰ , ਹੰਗਾਮਾ , ਹਮਕ , ਨਾਜ਼ੁਕ ਕਰਦੇ ਮੋਹਿਕ ਤੰਦਾਂ ਨੂੰ । ਕੂਕਣਾ , ਕਤਲ , ਕੰਗਾਲੀ , ਕੀਰਨੇ , ਚਿੰਨ੍ਹ ਹਨ ਤਕਲੀਫ਼ੀ ਦੇ । ਖਰੂਦ , ਖੁਨਾਮੀ , ਖਿੰਝਣਾ , ਖਾਪਟ , ਚਿੰਨ੍ਹ ਨਹੀ ਸ਼ਰੀਫ਼ੀ ਦੇ । ਗਲਪ , ਗੁਆਂਢੀ , ਗਵਾਹ , ਗਲੇਡੂ , ਸੱਚੇ ਔਖੇ ਮਿਲਦੇ ਹਨ । ਘੜੂਕਾ , ਘੜੂਆ , ਘੋਟਣਾ , ਘੁਰਾੜੇ , ਪਿੰਡਾਂ ਵਿੱਚ ਖਿੜਦੇ ਹਨ । ਙਣਤਾ , ਙਿਣਤੀ , ਙਿਆਨ , ਙਿਆਤਾ, ਦਰਜ ਹਨ ਵਿੱਚ 'ਬਾਵਨ' ਦੇ । ਚਉਂਕੀ , ਚਉਂਕਾ , ਚਿਦਾਰ , ਚਸਿਆ , ਅਲੋਪ ਹਨ ਅਲੋਪ ਹਨ । ਛਉਂੜੀ , ਛਟਾਂਕ , ਛਗਲ , ਛਤਨਾ , ਤੇ ਵੀ ਹੋਏ ਕਰੋਪ ਹਨ । ਜਪੁਜੀ , ਜਜ਼ਬਾ , ਜ਼ੀਨਤ , ਜੁਝਾਰੂ , ਮਨੁੱਖਤਾ ਲਈ ਮਨੁੱਖਾਂ ਨੂੰ । ਝੂਝਨਾ , ਝੁਕਾਉ , ਝਿਜਕ , ਝਮਕ , ਸਵਾਰਨਾ ਨਿਸ਼ਚੇ ਕੁੱਖਾਂ ਨੂੰ । ਞਤਨ, ਞਾਣਹੁ, ਞਿਆਨ, ਞਾਣਤ, ਦਰਜ "ਬਾਵਨ" "ਓਅੰਕਾਰ" ਹਨ । ਟਣਾਣਾ , ਟਹਲ , ਟਾਹਲੀ , ਟੋਭੜਾ , ਪੰਆਬ ਦੀਆਂ ਮਿੱਠ ਯਾਦਾਂ ਸੀ । ਠੂੰਗਣਾ, ਠੂੰਸਣਾ, ਠੇਲਨਾ, ਠਾਹਣਾ, ਠੇਠ ਉਚਾਰਦੀਆਂ ਔਲਾਦਾਂ ਸੀ । ਡੰਗਰ, ਡੀਉਂਢੀ, ਡੋਲਨੀ, ਡੰਗੋਰੀ, ਘਰ - ਘਰ ਦਾ ਮਾਣ ਸਨ । ਢੋਲਕ, ਢੰਡੋਰੀ, ਢੰਡੋਰਾ, ਢੰਢਾਰ, ਸੰਚਾਰਕ ਸਾਧਨ ਵਿਗਿਆਨ ਸਨ । ਣਾਮ ਣਿਆਰਾ ਸਦ ਣਮੋਕਾਰ , ਜਾਪ ਬਿਨ ਣਾਪ ਦੇ । ਤ੍ਰਿਲੋਕ , ਤ੍ਰਿਮਾਨ , ਤ੍ਰਿਵੇਦੀ , ਤ੍ਰਿਪੁਰ , ਮਨੌਤ ਹਿੰਦ ਉਪਾਸ਼ਕ ਦੀ । ਥੀਸਿਸ , ਥੱਥਲਾ, ਥਾਵਰੀ, ਥਧਾਈ, ਦ੍ਰਿਸ਼ਟੀ ਜਾਣ ਜਾਂਦੀ ਜਾਗਸਿ ਦੀ । ਦਹੇਜ, ਦਲੀਲ, ਦਾਵਤ, ਦਲਾਲੀ, ਦੇਖ ਕੇ ਆਪਣੀ ਚਾਂਦਰ ਨੂੰ । ਧਰਮ , ਧੀਰਜ , ਧਿਆਨ , ਧਉਲਾ , ਵਧਾਉਂਦੇ ਸਾਡੇ ਆਦਰ ਨੂੰ । ਨਿੰਦਿਆ, ਨੱਠਣਾ, ਨਿਰਾਸ਼ਾ, ਨੀਚਤਾ, ਨਹੀ ਸੋਭਦਾ ਜਿੰਦਾ ਜਮੀਰਾਂ ਨੂੰ । ਪੰਜਾਬ , ਪੰਜਾਬੀ, ਪ੍ਸੰਸਾ , ਪ੍ਰਸਿੱਧੀ, ਕਿਸਮਤ ਵਾਲਿਆਂ ਨੂੰ ਰਾਸ ਹਨ । ਫਤਹਿ , ਫਜ਼ਲ , ਫਾਂਦਨੇ , ਫਰਜ਼ , ਹਰ ਦਮ ਮਿਲਦੇ ਪਾਸ ਹਨ । ਬੇਰੰਗੀ, ਬੰਜਰ, ਬੇਤਾਬੀ, ਬੇਕਾਬੂ, ਜਿੰਦਗੀ ਜਿਊਣਾਂ ਹੀ ਫਿਟਕਾਰ ਹੈ। ਭ੍ਰਿਸ਼ਟ, ਭੈਰਵੀ, ਭਗੌੜਾ, ਭਿਖਾਰੀ, ਸਮਾਜ ਘੱਟ ਹੀ ਦੇਂਦਾ ਸਤਿਕਾਰ ਹੈ । ਮਲ੍ਹਮ, ਮਿਲਾਪ, ਮੁਆਫ਼ੀ, ਮੁਨਾਫਾ , ਮੱਘਦੇ ਹਿਰਦੇ ਠੰਡੇ ਕਰਦੇ ਹਨ । ਯੋਜਕ, ਯਾਚਨ, ਯੁਗਾਂਤ, ਯੁਗਾਦਿ, ਗਹਿਰੇ ਹਨ ਅਰਥ ਪੰਜਾਬੀ ਦੇ । ਰਸਕ, ਰਜ਼ਕ, ਰਣਕ , ਰਫੀਕ, ਬੇਅੰਤ ਅਮੀਰ ਬੋਲ ਨਵਾਬੀ ਦੇ । ਲਾਲਚੀ, ਲੁਟੇਰਾ, ਲੂਤੀਆ, ਲੋਭੀਆ, ਪਾਪ ਕਰਮ ਵੱਲ ਰਹਿੰਦਾ ਧਿਆਨ। ਵਹਿਮ, ਵੇਸਵਾ, ਵਿਰੋਧੀ , ਵਿਵਾਦ, ਘੱਟ ਹੀ ਲਾਗਾ ਕਰਦੇ ਸੂਝਵਾਨ । ਦੁੜੰਗਾ, ਦੁੜਕੀ, ਚੜਤ, ਗੁੜ੍ਹਤੀ, ਮਨੁੱਖੀ ਚਿਹਰੇ ਮੁਸਕਰਾਉਂਦੇ ਹਨ । ਤਅਚਲਤ= ਤਿੰਨ ਅੱਖਰੀ ਚਾਰ ਲਫ਼ਜ ਲੋਕ ਤੱਥ

ਸੰਧਾਰਾ

ਸੰਧਾਰਾ ਉਡੀਕਦੀਏ ਭੈਣੇ , ਨੀ ਤੇਰਾ ਵੀਰ ਗਿਆ ਪ੍ਰਦੇਸ, ਵਿੱਚ ਪ੍ਰਦੇਸਾਂ ਖਿਆਲ ਭੈਣ ਦੇ , ਦਰਦਮਈ ਹੋ ਗਈ ਭੇਸ। ਸੰਧਾਰਾ ਉਡੀਕਦੀਏ ਭੈਣੇ , ਨੀ ਤੇਰਾ ਵੀਰ ਗਿਆ ਪ੍ਰਦੇਸ, ਹਾਏ ਨੀ ਤੇਰੇ ਚਾਅ ਅਧੂਰੇ , ਵੀਰ ਕਰੂ ਖੁਦ ਆਕੇ ਪੂਰੇ, ਵੀਰ ਤੇਰਾ ਤਾਂ ਬੈਠਾ ਦੂਰ ਏ , ਮੋਹ ਵੀਰ ਦੇ ਬਹੁਤੇ ਗੂੜ੍ਹੇ । ਕੋਈਨਾ ਪੀਪੇ ਨੂੰ ਖੰਭਣੀ ਬੰਨੇ,ਵੀਰ ਹੋਵੰਦਾ ਨ ਕਰਦਾ ਘੇਸ, ਸੰਧਾਰਾ ਉਡੀਕਦੀਏ ਭੈਣੇ , ਨੀ ਤੇਰਾ ਵੀਰ ਗਿਆ ਪ੍ਰਦੇਸ। ਸਾਈਕਲਮੋਟਰ ਜਾਂ ਕਾਰ ਤੇ ਆਵੇ,ਸੋਹਣੀ ਪੱਗ ਸਵਾਰ ਕੇ ਆਵੇ, ਸੱਭ ਸਰੀਕਾ ਮੇਰਾ ਵੇਖੇ ਖੜ੍ਹਕੇ ਜੱਦ ਵੀਰ ਮੇਰਾ ਮੇਰੇ ਬਾਰ ਤੇ ਆਵੇ। ਭਾਵੇ ਕੋਈ ਮਹਿੰਗੀ ਸੁਗਾਤ ਨਾ ਲਿਆਵੇ ਮੇਰਾ ਵੀਰ ਮੇਰਾ ਸੰਸਾਰ। ਸੰਧਾਰਾ ਉਡੀਕਦੀਏ ਭੈਣੇ , ਨੀ ਤੇਰਾ ਵੀਰ ਸਮੁੰਦਰਾਂ ਪਾਰ। ਮੈਨੂੰ ਆਕੇ ਰੋਹਬ ਨਾਲ ਬੋਲੇ ,ਸਹਿਦ ਮਿਠਾਸ ਮੋਹ ਮਿਸਰੀ ਘੋਲੇ, ਭਾਈਚਾਰੇ ਨੂੰ ਉਹ ਲੱਗੇ ਪਿਆਰਾ , ਜੋ ਗੁਲਾਬ ਨੇ ਹੋਣ ਪੱਤੇ ਖੋਲੇ। ਉਮਰੋਂ ਤਾਂ ਭਾਵੇ ਨਿੱਕਾ ਅੜੀਓ , ਪਰ ਪਿਓ ਜਿਨ ਆਉਦੀ ਆਰ, ਸੰਧਾਰਾ ਉਡੀਕਦੀਏ ਭੈਣੇ , ਨੀ ਤੇਰਾ ਵੀਰ ਸਮੁੰਦਰਾਂ ਪਾਰ।

ਮਹਿਕਾਂ ਵੰਡਣੇ

ਅਸੀ ਤਾਂ ਮਹਿਕਾਂ ਵੰਡਣੇ ,ਕਾਹਤੋਂ ਕਰਦਾ ਏ ਬਰਬਾਦ ਵੇ। ਮਹੁਬਤ ਖਿਲਾਰ ਦਿਲੋਂ ,ਖੁਸ਼ੀ-ਖੁਸ਼ੀ ਕਰਦੇ ਅਬਾਦ ਵੇ। ਜੀਵਨਦਾਤਾ ਬਣ ਸਾਡੇ ਲਈ,ਕਾਹਤੋਂ ਬਣਦਾ ਜੱਲਾਦ ਵੇ। ਕੁਦਰਤੀ ਦੀ ਰਮਜ਼ ਪਛਾਣ, ਪੂਰੀ ਕਰ ਸਾਂ ਮੁਰਾਦ ਵੇ। ਅਸੀ ਕੁਦਰਤ ਦੇ ਜਾਏ ਹਾਂ , ਕਾਹਤੋਂ ਕਰਦਾ ਵਿਵਾਦ ਵੇ। ਅਸੀ ਆਦਿ ਹਾਂ ਹੈ ਭੀ ਹਾਂ , ਅਸੀ ਸੀ ਵੀ ਜੁਗਾਦਿ ਵੇ। 'ਧੁੰਨ' ਤੂੰ, ਮੈ, ਪਸੂ,ਪੰਛੀ , ਸੱਭ ਕੁਦਰਤ ਦੀ ਉਲ਼ਾਦ ਵੇ। ਅਸੀ ਤਾਂ ਮਹਿਕਾਂ ਵੰਡਣੇ, ਕਾਹਤੋਂ ਕਰਦਾ ਏ ਬਰਬਾਦ ਵੇ ।

ਸ਼ੁਕਰਗੁਜ਼ਾਰ

ਨਿਰਧਨ ਮਾਨਸ ਰਹਿੰਦਾ ਸੁੱਖੀ, ਵੇ ਬੰਦਿਆ। ਮਾਇਆ ਉਨੂੰ ਨਾ ਕਰਦੀ ਦੁੱਖੀ, ਵੇ ਬੰਦਿਆ। ਅਧੂਰੀ ਰਹਿੰਦੀ ਓਸਦੀ ਚਾਹ, ਵੇ ਬੰਦਿਆ। ਔੜਦੀ ਨਾ ਕੋਈ ਇਸਨੂੰ ਰਾਹ, ਵੇ ਬੰਦਿਆ। ਬਹੁਤ ਅਭਿਲਾਖਾ ਇਸ ਦੱਬੀ, ਵੇ ਬੰਦਿਆ। ਤਾਂ ਵੀ ਬਹੁਤੀ ਜਿੰਦਗੀ ਫੱਬੀ, ਵੇ ਬੰਦਿਆ। ਸੰਤੋਖ ਸੰਤੁਸ਼ਟੀ ਇਸਦੇ ਕੋਲ, ਵੇ ਬੰਦਿਆ। ਜੋ ਜੀਵਨ ਲਈ ਅਹਿਮ ਰੋਲ, ਵੇ ਬੰਦਿਆ। ਜੇ ਸਾਈਕਲ ਤੇ ਹੈ ਤੂੰ ਸਵਾਰ, ਵੇ ਬੰਦਿਆ। ਤਾਂ ਪਰਮੇਸ਼ਰ ਨੂੰ ਸ਼ੁਕਰਗੁਜਾਰ, ਵੇ ਬੰਦਿਆ। ਕਈ ਲੱਤਾਂ ਪੈਰਾਂ ਤੋ ਹੈ ਆੜੀ, ਵੇ ਬੰਦਿਆ। ਉਸਤੋਂ ਹਾਲਤ ਤਾਂ ਨੀ ਮਾੜੀ, ਵੇ ਬੰਦਿਆ। ਜੇ ਰੂਪਵੰਤ ਨਹੀ ਤੇਰੀਆਂ ਅੱਖਾਂ, ਵੇ ਬੰਦਿਆ। ਤਾਂ ਨੇਤਰਹੀਣ ਵੀ ਹਨ ਲੱਖਾਂ, ਵੇ ਬੰਦਿਆ। ਜੋ ਵੀ ਹੈ ਉਸ ਨਾਲ ਕੰਮ ਸਾਰ, ਵੇ ਬੰਦਿਆ। ਹਰਦਮ ਦਾਤੇ ਦਾ ਸ਼ੁਕਰਗੁਜਾਰ, ਵੇ ਬੰਦਿਆ।

ਲੜਕੇ ਵੱਲੋ ਲੜਕੀ ਨੂੰ ਤਾੜਨਾ ਭਰੇ ਬੋਲ

ਪੜ੍ਹ-ਪੜ੍ਹ ਪੱਤਰ ਸਾਡੇ ਸੱਜਣਾ, ਕਰ-ਕਰ ਜਾਵੇ ਨਜ਼ਰਅੰਦਾਜ਼ ਵੇ। ਪੱਤਰ ਸਾਡੇ ਪੜ੍ਹ ਕੇ ਛੱਡਦਾ , ਛੇਤੀ ਔੜਦਾ ਕਿਉਂ ਨਹੀ ਜਵਾਬ ਵੇ। ਤੇਰੇ ਨਾਲ ਅਸੀ ਸੁੱਚੇ ਰਿਸਤੇ ਜੋੜੇ ,ਸੱਚਾ ਮਹਿਲ ਬੁਨਣਾ ਖ਼ਾਬ ਵੇ। ਸਾਡੀ ਰੁੱਖੀ ਕੀ ਚੰਗੀ ਨਾ ਲੱਗੇ,ਗੈਰਾਂ ਦੇ ਲਾਰੇ ਲੱਗਦੇ ਸੰਵਾਦ ਵੇ। ਜੇ ਚੰਗੇ ਨਹੀ ਲੱਗ ਰਹੇ ਅਸੀ,ਤਾਂ ਨਵੇਂ ਲੱਭ ਲਏ ਹੋਣੇ ਨਵਾਬ ਵੇ। ਚੱਲ ਛੱਡ ਇਹ ਨਾਟਕ ਸੱਜਣਾ , ਇੱਕ ਪੂਰੀ ਕਰ ਸਾਂ ਮੁਰਾਦ ਵੇ। ਜੇ ਸਾਡੇ ਨਾਲ ਪ੍ਰੀਤਾਂ ਨਹੀ ਨਭਾਉਣੀਆ,ਤੇਰੀ ਛੇਕੜ ਇਰਾਦ ਵੇ। ਗੰਦਲੇ ਪਾਣੀ ਦਾ ਤੂੰ ਟੋਭਾ ਹੋਗੇਓ, ਏਵੇਂ ਬਣਦਾ ਰਿਹਾ ਚਨਾਬ ਵੇ। ਲੜਕੀ ਵੱਲੋਂ ਸਪੱਸ਼ਟੀਕਰਨ ਜੱਦ ਕੱਦੇ ਤੂੰ ਸਾਡੇ ਦੇਸ਼ ਨੂੰ ਆਵੇ,ਸਾਡੇ ਸਹਿਰ ਨੂੰ ਪਾਵੀ ਫੇਰਾ ਵੇ। ਚਾਰ-ਚੁਫੇਰੇ ਵੈਰੀ-ਵੈਰੀ ਸੱਜਣਾਂ, ਵਿਚਕਾਰ ਹੈ ਸਾਡਾ ਡੇਰਾ ਵੇ। ਇਸ਼ਕ ਤੇ ਆਸ਼ਕ ਦੇ ਦੁਸ਼ਮਣ ਏਥੇ,ਪਾਅ ਕਰ ਰੱਖਦੇ ਘੇਰਾ ਵੇ। ਫਿਰ ਵੀ ਅਸੀ ਪ੍ਰੀਤਾਂ ਨਿਭਾਉਂਦੇ , ਧੰਨ ਹੈ ਉੱਚਾ ਸਾਡਾ ਜੇਰਾ ਵੇ। ਆਪਾਂ ਦੋਵੇਂ ਸੁੱਚੇ ਸਾਗਰ ਜਾਏ, ਸਾਬਤ ਕਰੂੰ ਕੋਈ ਭਲਾ ਬੇਰਾ ਵੇ। ਏ ਦੇਸ਼ ਇਸ਼ਕ ਦੀ ਬਾਤ ਨਾ ਪਾਵੀ, ਮੁੜ ਲੱਭਣਾ ਨਹੀ ਲੈਰਾ ਵੇ। ਸੁੱਚੇ ਆਬ ਜਿਹਾ ਮੰਨਿਆ ਤੈਨੂੰ, ਤੇਰੇ ਵਿੱਚ ਸਮਾਉਣਾ ਗੈਰਾ ਵੇ। ਫਿਰ ਦੁਬਾਰਾ ਮੰਦੇ ਬੋਲ ਨਾ ਬੋਲੀ,ਸੁੱਚੇ ਪਰਬਤ ਲਹਿੰਦੇ ਝੇਰਾ ਵੇ।

ਆਸ਼ਾਵਾਦੀ

ਜ਼ਿੰਦਗੀ ਅੰਦਰ ਹਰ ਰੰਗ ਨੇ ਜਿੱਤਾਂ, ਹਰ ਮਨੁੱਖ ਦੇ ਰੰਗ ਬਰੰਗ ਨੇ ਜਿੱਤਾਂ। ਕੁੜੱਤਣਾਂ, ਤਕਲੀਫ਼ਾਂ, ਕਮੀਆਂ ਹੈ। ਚਿੰਤਾਵਾਂ, ਤਣਾਅ 'ਤੇ ਗਮੀਆਂ ਹੈ। ਮਹਿਕਾਂ, ਖੁਸ਼ੀਆਂ, ਨਿਰਾਸ਼ਾ ਹੈ, ਸਫਲਤਾ, ਮਿਠਾਸ ਤੇ ਆਸਾਂ ਹੈ। ਹਾਸੇ, ਹੀਣਤਾ, ਨਫਰਤ ਸੁੱਖਾਂ ਨੇ, ਰੋਣੇ, ਤਰਸ, ਮੁਆਫ਼ੀ 'ਤੇ ਦੁੱਖਾਂ ਨੇ। ਅਜ਼ਾਦੀ ਮਾਣ ਹੋ ਆਸ਼ਾਵਾਦੀ ਵੇ, ਗੁਲਾਮੀ ਕੈਦ ਹੈ ਨਿਰਾਸ਼ਾਵਾਦੀ ਵੇ। ਇਕਾਗਰਤਾ ਦੇਹ ਇੱਛਾ ਸ਼ਕਤੀ ਨੂੰ, ਸਫਲ ਕਰ ਖਾਂ ਮਿਹਨਤ ਭਗਤੀ ਨੂੰ।

ਮਰ ਤਾਂ ਪਿੱਛਲੇ ਜਾਂਦੇ ਨੇ

ਪਾਪਾ ਨੂੰ ਅਸਾਂ ਜਾਣ ਨਹੀ ਦੇਣਾ,ਬੋਲ ਨੇ ਪਿਆਰੇ ਪੁੱਤਰ ਦੇ। ਉਹ ਮਾਸੂਮ ਕਿਸਨੂੰ ਪਾਪਾ ਆਖੂੰ,ਗੱਲ ਦਾ ਸਾਨੂੰ ਉੱਤਰ ਦੇ। ਕਾਹਤੋਂ ਛੋਟੀ ਉਮਰੇ ਦੇਗਉ ਵੇਛੋੜਾ,ਦੁੱਖੜੇ ਨਾ ਝੱਲੇ ਜਾਂਦੇ ਨੇ। ਮਰਨ ਵਾਲਾ ਤਾਂ ਮੁੱਕਤ ਹੋ ਜਾਂਦਾ,ਮਰ ਤਾਂ ਪਿੱਛਲੇ ਜਾਂਦੇ ਨੇ । ਮਾਂ ਵੀ ਕਿਸਨੂੰ ਝਿੜਕਾਂ ਦੇਵੇ,ਪੁੱਤਰ ਤੋਂ ਜਾਂਦੀ ਬਲਹਾਰੇ ਵੇ। ਤੈਨੂੰ ਲਾਡਲੇ ਕੱਖ ਨਾ ਹੁੰਦਾ,ਮੇਰੇ ਬਲ ਜਾਂਦੇ ਅੰਗਆਰੇ ਵੇ। ਸਾਹਾਂ ਰਾਹੀ ਚੀਸਾਂ ਨਿਕਲਣ , ਕੀਰਣੇ ਨਾ ਠੱਲ੍ਹੇ ਜਾਂਦੇ ਨੇ। ਮਰਨ ਵਾਲਾ ਤਾਂ ਮੁੱਕਤ ਹੋ ਜਾਂਦਾ,ਮਰ ਤਾਂ ਪਿੱਛਲੇ ਜਾਂਦੇ ਨੇ । ਵੀਰ ਵੀਰਾਂ ਦੀਆਂ ਬਾਹਾਂ ਹੁੰਦੇ, ਹੁਣ ਦੱਸ ਕਾਹਦੇਂ ਭਰੋਸੇ ਵੇ। ਕਾਹਦੀਆਂ ਦੱਸ ਸਜਾਵਾਂ ਦਿੱਤੀਆਂ,ਅਸੀ ਤਾਂ ਸੀ ਬੇਦੋਸ਼ੇ ਵੇ। ਘੱਟਦੇ ਸਾਹ ਜੋ ਹੱਥ ਲੱਘਗੇ,ਸਮੇਂ ਕਿਉ ਨਾ ਥੱਲ੍ਹੇ ਜਾਂਦੇ ਨੇ । ਮਰਨ ਵਾਲਾ ਤਾਂ ਮੁੱਕਤ ਹੋ ਜਾਂਦਾ,ਮਰ ਤਾਂ ਪਿੱਛਲੇ ਜਾਂਦੇ ਨੇ । ਬਾਪ ਹੱਥੀ ਸਿਵੇ ਨੂੰ ਅੰਗਾਰ ਲਗਾਵੇ,ਹੱਕ ਸੀ ਪਰ ਤੇਰਾ ਵੇ। ਪਾਲ ਪੋਸ ਕੇ ਖ਼ੁਦ ਮੋਢਾ ਦਿੱਤਾ,ਟੁੱਟ ਗਿਆ ਸਾਡਾ ਜੇਰਾ ਵੇ। ਬਾਪ ਦੀਆਂ ਅੱਖੀਆਂ ਛਾਵੇਂ ਪੁੱਤ ਕਿਉਂ ਜਹਾਨ ਤੋ ਜਾਂਦੇ ਨੇ। ਮਰਨ ਵਾਲਾ ਤਾਂ ਮੁੱਕਤ ਹੋ ਜਾਂਦਾ,ਮਰ ਤਾਂ ਪਿੱਛਲੇ ਜਾਂਦੇ ਨੇ । ਉੱਮਰ ਭਰ ਤੇਰੀ ਸੇਵਾ ਕਰਦੀ, ਜੇ ਪੇ ਜਾਂਦਾ ਤੂੰ ਪਲੰਘੇ ਤੇ। ਖਸਮ ਬਿਨ ਨਾ ਕੋਈ ਕੱਜਦਾ,ਧੂੜ ਹੈ ਪੈਂਦੀ ਸਿਰ ਨੰਗੇ ਤੇ। ਜੀਵਨ ਸਾਥੀ ਬਨਾ ਕੇ ਸਾਨੂੰ,ਕਿਉਂ ਜਹਾਂ ਤੋਂ ਕੱਲੇ ਜਾਂਦੇ ਨੇ। ਮਰਨ ਵਾਲਾ ਤਾਂ ਮੁੱਕਤ ਹੋ ਜਾਂਦਾ,ਮਰ ਤਾਂ ਪਿੱਛਲੇ ਜਾਂਦੇ ਨੇ।

ਕੀ ਮਾਂ ਨੇ ਗੈਂਗਸਟਰ ਜੰਮਿਆ ਏ?

ਮੈ ਕੁੱਖੋਂ ਜਨਮ ਦਿੱਤਾ,ਕੋਈ ਅਪਰਾਧੀ ਨਹੀ ਸੀ। ਮਾਂ ਮਾਝਾ ਦੁੱਧ ਪੀਂਦਾ,ਨਸ਼ੇ ਦਾ ਆਦੀ ਨਹੀ ਸੀ। ਬੇਰੁਜ਼ਗਾਰ ਸੀ ਘੁੰਮਦਾ,ਨੌਕਰੀ ਕੋਲ ਨਹੀ ਸੀ। ਸਰਕਾਰਾਂ ਤਾਹੀ ਪਹੁੰਚਦੇ,ਉਸਦੇ ਬੋਲ ਨਹੀ ਸੀ। ਮਜਬੂਰੀਆਂ ਤੱਕ,ਕੁ ਧਨਾਢਾਂ ਸਾਨੂੰ ਰਾਹ ਦਿੱਤਾ। ਸੀ ਦਿੱਖਦੀ ਜ਼ਿੰਦਗੀ ਭਾਵੇ,ਅੰਤ ਨੂੰ ਫਾਹ ਦਿੱਤਾ। ਗੈਰਕਾਨੂੰਨੀ ਕੰਮ ਕਰਵਾਉਦੇ,ਰਾਹ ਉਜਾੜੇ ਦਾ। ਪੁੱਤਰ ਮਰਦੇ ਕਮੀਆਂ ਦੇ,ਤਾਂ ਸੁੱਖ ਰਜਵਾੜੇ ਦਾ। ਔਲਾਦਾਂ ਦੇ ਪੱਖ ਵਿੱਚ,ਮਾਂ ਤਾਂ ਫਿਰ ਮਾਂ ਹੁੰਦੀ ਏ। ਤੱਪਦੀ ਚਿਖ਼ਾ ਤੱਕ,ਮਾਂ ਦੀ ਮੌਤ ਓ ਥਾਂ ਹੁੰਦੀ ਏ। ਦੋਸ਼ ਨਾ ਕੋਈ ਮੇਰਾ,ਫਿਰ ਵੀ ਪੁੱਤ ਖੋ ਗਿਆ ਏ। ਤੈਥੋਂ ਵੀ ਭੈਣੇ ਨੀ,ਤੇਰਾ ਚੰਨ ਓਹਲੇ ਹੋ ਗਿਆ ਏ। ਦੋਹਾਂ ਦੀ ਝੋਲੀ ਖਾਲੀ,ਕਹਿੰਦੇ ਕੱਡੀਏ ਹਾੜ੍ਹੇ ਨੀ? ਕੁੱਝ ਰਜਵਾੜੇ ਕਰ ਗਏ,ਦੋ ਘਰਦੇ ਉਜਾੜੇ ਨੀ।

ਜਿਨ੍ਹਾ ਦੀ ਫਿਤਰਤ ਵਿੱਚ ਹੋਵੇ ਹੱਸਣਾ

ਜਿਨ੍ਹਾ ਦੀ ਫਿਤਰਤ ਵਿੱਚ ਹੋਵੇ ਹੱਸਣਾ, ਉਹ ਹੰਝੂਆਂ ਨੂੰ ਸੰਭਾਲਦੇ ਨਹੀ ਹੁੰਦੇ। ਜਿਨ੍ਹਾ ਦੀ ਫਿਦਰਤ ਵਿੱਚ ਹੋਵੇ ਵੱਸਣਾ, ਉਹ ਉਜਾੜੇ ਨੂੰ ਕਦੇ ਨਕਾਰਦੇ ਨ ਹੁੰਦੇ। ਰੋ-ਰੋ ਕੇ ਉਜੜਣ ਨਾਲੋ ਹੱਸ ਅਬਾਦ ਹੋ, ਅੰਤ ਨੂੰ ਮਾਣ, ਹੱਸ-ਹੱਸ ਕੇ ਬਰਬਾਦ ਹੋ। ਖੁਸ਼ਹਾਲ ਪਰਬਤ ਹੋ,ਖੁਸ਼ੀ ਦਾ ਝਨਾਬ ਹੋ। ਅੰਤ ਨੂੰ ਮਾਣ, ਹੱਸ-ਹੱਸ ਕੇ ਬਰਬਾਦ ਹੋ

ਮੈਂ-ਮੈਂ ਕਾਹਤੋਂ ਅੰਦਰ ਰੱਖੇਂਦਾ

ਮੈਂ-ਮੈਂ ਕਾਹਤੋਂ ਅੰਦਰ ਰੱਖੇਂਦਾ, ਕਰ ਨਸ਼ਟ , ਕਾਹਤੋਂ ਨਫ਼ਰਤ ਦਾ ਤੈਨੂੰ ਝੱਲ ਹੈ ਸੱਜਣਾ, ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ, ਨੀਚਉ ਊਚ ਸਚਿਆਰ ਹੀ ਕਰੇਂਦਾ, ਜੋਂ ਨੀਵੇਓ ਜਲ ਝੱਟਦਾ ਡੱਲ ਹੈ ਸੱਜਣਾ, ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ, ਵੈਲੀ ਅੜਬ ਕਾਹਤੋਂ ਨਾਮ ਸੱਦੇਂਦਾ, ਦੇਖ ਮੁਹੱਬਤੀ ਸਾਡੀ ਅੱਲ ਹੈ ਸੱਜਣਾ, ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ, ਨਿੰਦਿਆ ਨਾਲ ਕਾਹਤੋਂ ਭੰਡਣਾ ਗੈਰ ਨੂੰ, ਨਿੰਦਿਆ ਤੋਂ ਮੁੱਕਦੀ ਭੱਲ ਹੈ ਸੱਜਣਾ, ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ, ਘ੍ਰਿਣਾ ਖਸਲਤ ਤਾਹੀ ਨਸ਼ਟ ਹੈ ਕਰਦੀ, ਅਪਣਤ ਸਾਭੇਂ ਖੂਬੀ ਬਣ ਪੱਲ ਹੈ ਸੱਜਣਾ, ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ, ਜੇ ਕੋਈ ਔਗੁਣਹਾਰ ਲੱਗੇ ਮਾੜਾ ਸਾਨੂੰ, ਨਿਗ੍ਹਾ ਵਾਲੀ ਖੁਦ ਪਾਣੀ ਖੱਲ ਹੈ ਸੱਜਣਾ, ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ। ਸਿਦਕ ਬਗ਼ੈਰ ਜਿੰਦ ਤੜਫਦੀ ਰਹਿੰਦੀ, ਇਰਖਾ ਕ੍ਰੋਧ ਤਾਂ ਭੈੜੀ ਛੱਲ ਹੈ ਸੱਜਣਾ, ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ, ਨਿੱਤ ਅਪਣਾ ਵਜੂਦ ਕੱਦ ਵਧਾਉਂਦੀ, ਮੁਹੱਬਤ ਨਫਰਤ ਇੱਕ ਵੱਲ ਹੈ ਸੱਜਣਾ, ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ, ਮਿੱਠਾ ਬੋਲ ਕਰ ਜਹਿਰ ਵੀ ਵਿਕੇਂਦਾ, ਕੁੜੱਤਣ ਬਾਣੀ ਵਾਂਗਰ ਤੱਲ ਹੈ ਸੱਜਣਾ, ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ, ਅਪਣਤ ਤੋ ਸੱਖਣਾ ਬੀਤ ਗਿਆ ਸਮਾਂ, ਧੁੰਨ ਦਾ ਮੋਹ ਭਿੱਜਾ ਹੋਣਾ ਕੱਲ੍ਹ ਹੈ ਸੱਜਣਾ, ਮੁਹੱਬਤ ਹਰ ਗੱਲ ਦਾ ਹੱਲ ਹੈ ਸੱਜਣਾ,

ਸਤਿਕਾਰ

ਬਰਕਤ ਹੋਵੇ ਹਰ ਦਰ ਪੇ , ਦਿੱਲਾਂ ਦੇ ਵਿੱਚ ਪਿਆਰ ਹੋਵੇ। ਜ਼ੁਬਾਨੋ ਉੱਤਰੇ ਲਫਜ਼ਾਂ ਪੇ, ਜੀ ਫੁੱਲ ਚੜਾਉਣ ਨੂੰ ਤਿਆਰ ਹੋਵੇ। ਪਿਉ ਬਾਬੇ ਲਈ ਆਦਰ ਹੋ, ਤੇ ਬੱਚਿਆ ਲਈ ਸਤਿਕਾਰ ਹੋਵੇ। ਚੁੰਗਲੀ ਨਿੰਦਿਆ ਛੱਡ ਕੇ ਰੋਸੇ , ਖੁੱਸ਼ੀਆਂ ਦਾ ਭੰਡਾਰ ਹੋਵੇ। ਜ਼ੁਬਾਨ ਨੂੰ ਕਦੇ ਕੌੜਾ ਨ ਕਰਨਾ, ਜਿਉ ਦਾਤੇ ਦੀ ਵੰਗਾਰ ਹੋਵੇ। ਕੀ ਲੈਣਾ ਦਾਤੇ ਕੋਲੋ ,ਰੱਬ ਵੱਸਦਾ ਜਿਥੇ ਹੱਸਦਾ ਪਰਿਵਾਰ ਹੋਵੇ। ਹਰ ਘਰ ਵਿੱਚ ਖੁੱਸ਼ੀਆਂ ਵੱਸਣ, ਜਿੱਥੇ ਸੁੱਖਾ ਦੀ ਸਰਕਾਰ ਹੋਵੇ। ਉਹ ਦਰ ਚੰਗਾ ਲੱਗਦਾ, ਜਿੱਥੇ ਨਫ਼ਰਤ ਨੂੰ ਫਿਟਕਾਰ ਹੋਵੇ। ਪਿਉ ਫਿਰ ਸਵਰਗ ਨੂੰ ਭੁੱਲਦਾ, ਜੇ ਬੱਚਾ ਆਗਿਆਕਾਰ ਹੋਵੇ। ਮਾਂ ਨੂੰ ਵੀ ਫਿਕਰ ਨਾ ਰਹਿੰਦੀ , ਜੇ ਧੀ ਵੀ ਸਮਝਦਾਰ ਹੋਵੇ। ਸਹੁਰਾ ਵੀ ਪਿਓ ਬਣ ਜਾਦਾ, ਜੇ ਦਿਲ ਦੇ ਵਿੱਚ ਸਤਿਕਾਰ ਹੋਵੇ। ਸੱਸ ਵੀ ਮਾਂ ਬਣ ਜਾਂਦੀ, ਜੇ ਨੈਤਿਕਤਾ ਦਾ ਉੱਚਾ ਮਿਆਰ ਹੋਵੇ। ਤਾਏ ਚਾਚੇ ਬਾਪ ਦੇ ਵਾਂਗਰ , ਜੇ ਅਪਣਤ ਦਾ ਖੁਮਾਰ ਹੋਵੇ। ਹਰਅੱਖ ਤੋ ਪਿਆਰ ਹੀ ਡੁੱਲੇ, ਜੇ ਖੁੱਦ ਮੁਹੱਬਤੀ ਫਨਕਾਰ ਹੋਵੇ। ਚੱਲ 'ਦਰਦੀ' ਵਸਾ ਲੈ ਦੁਨੀਆਂ, ਤੇ ਕਵਿਤਾ ਜਿਹਾ ਸੰਸਾਰ ਹੋਵੇ।

ਜੇ ਮੁਹੱਬਤ ਸੱਚੀ ਹੁੰਦੀ

ਜੇ ਮੁਹੱਬਤ ਸੱਚੀ ਹੁੰਦੀ,ਇਸ਼ਕ ਦੀ ਆਤਸ਼ ਮੱਚੀ ਹੁੰਦੀ। ਜੇ ਮੁਹੱਬਤ ਸੱਚੀ ਹੁੰਦੀ, ਏ ਇਸ਼ਕ ਕਹਾਣੀ ਰੱਚੀ ਹੁੰਦੀ। ਜੇ ਮੁਹੱਬਤ ਸਾਡੀ ਹੁੰਦੀ,ਇਸ਼ਕ ਫਸਲ ਦੀ ਵਾਢੀ ਹੁੰਦੀ। ਜੇ ਮੁਹੱਬਤ ਸਾਡੀ ਹੁੰਦੀ,ਇਸ਼ਕ ਬਾਤ ਫੇਰ ਡਾਢੀ ਹੁੰਦੀ। ਜੇ ਮੁਹੱਬਤ ਧਾਰੀ ਹੁੰਦੀ, ਇਸ਼ਕ ਨੇ ਫੇਰੀ ਆਰੀ ਹੁੰਦੀ। ਜੇ ਮੁਹੱਬਤ ਧਾਰੀ ਹੁੰਦੀ,ਇਸ਼ਕ ਜਾਨਤੋਂ ਪਿਆਰੀ ਹੁੰਦੀ। ਜੇ ਮੁਹੱਬਤ ਪਾਣੀ ਹੁੰਦੀ,ਇਸ਼ਕ ਹੀ ਰਾਜਾ ਰਾਣੀ ਹੁੰਦੀ। ਜੇ ਮੁਹੱਬਤ ਪਾਣੀ ਹੁੰਦੀ,ਇਸ਼ਕਾਈ ਬਾਤ ਪੁਰਾਣੀ ਹੁੰਦੀ। ਜੇ ਮੁਹੱਬਤ ਪੁੰਨ ਹੁੰਦੀ, ਇਸ਼ਕ ਦੀ ਆਪਣੀ ਧੁਨ ਹੁੰਦੀ। ਜੇ ਮੁਹੱਬਤ ਪੁੰਨ ਹੁੰਦੀ,ਇਸ਼ਕ ਚ ਉਹ ਵੀ 'ਧੁੰਨ' ਹੁੰਦੀ।

ਪਰਿਵਾਰ

ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ। ਮੁਸਕਿਲ ਵੱਖਤ ਸਾਥ ਨਿਭਾਉਂਦੇ, ਹਥਿਆਰ ਦੇ ਵਰਗੇ ਨੇ। ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ। ਸਾਨੂੰ ਮਿੱਟੀ ਨੂੰ ਬਰਤਨ ਬਣਾਉਂਦੇ, ਘਮਿਆਰ ਦੇ ਵਰਗੇ ਨੇ। ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ। ਦੁੱਖ ਵਿੱਚ ਮੁਸਕਾਨ ਦੇਵਣ, ਮਖੌਲੀ ਫ਼ਨਕਾਰ ਦੇ ਵਰਗੇ ਨੇ। ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ। ਤੱਤੀਆਂ ਹਵਾਵਾਂ ਦੇ ਮੁੱਖ ਮੋੜਣ, ਠੰਡੀ ਠਾਰ ਦੇ ਵਰਗੇ ਨੇ। ਸਾਂਭ ਕੇ ਰੱਖੋ ਪਰਿਵਾਰਾਂ ਨੂੰ , ਇਹ ਮੋਤੀ ਹਾਰ ਦੇ ਵਰਗੇ ਨੇ। ਸੱਚੇ ਰਸਤੇ ਦਿਖਾਵਣ ਸਾਨੂੰ, ਕਦਰਾਂ ਦੇ ਭੰਡਾਰ ਦੇ ਵਰਗੇ ਨੇ। ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ। ਜੂਠੇ ਝੂਠੇ ਤੋਂ ਸੁਚੇਤ ਨੇ ਕਰਦੇ, ਦਰਦੀ ਯਾਰ ਦੇ ਵਰਗੇ ਨੇ। ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ। ਅਣਜਾਣੇ ਵਿੱਚ ਢਾਹ ਨ ਲੈਣਾ, ਕੁਤਬਮਿਨਾਰ ਦੇ ਵਰਗੇ ਨੇ। ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ। 'ਭੁੱਚਰਾ' ਕਦੇ ਗਵਾ ਨ ਬੈਠੀ, ਇਹ ਤਾਂ ਢਾਲ ਦੇ ਵਰਗੇ ਨੇ। ਸਾਂਭ ਕੇ ਰੱਖੋ ਪਰਿਵਾਰਾਂ ਨੂੰ, ਇਹ ਮੋਤੀ ਹਾਰ ਦੇ ਵਰਗੇ ਨੇ।

ਫ਼ਕੀਰ

ਮੰਗਣ ਪਹੁੰਚਿਆ , ਖਾਣ ਲਈ ਦਾਣੇ , ਰੱਬੀ ਨੂਰ ਲੱਗਦੇ , ਨਿਆਣੇ ਸਿਆਣੇ। ਕਹਿੰਦੇ , ਪਕੜਾ ਦਿਆਗੇ ਨੇੜਲੇ ਥਾਣੇ, ਚੋਰ ਲੱਗਦਾ ਏ , ਕਿਉ ਦੇਈਏ ਦਾਣੇ । ਬੱਚ ਲੱਘਜਾ ਫਕੀਰਾਂ,ਹੰਕਾਰੀ ਕਹਿਰ ਤੋ, ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ । ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ । ਕਿਸੇ ਮਾਣਸ ਭੱਲੇ, ਨਾਂਹ ਪਾਈਆਂ ਖੈਰਾਂ , ਠੁੱਡੇ ਮਾਰੇ, ਬੋਲ ਬੋਲੇ, ਮਨ ਭਰ ਕੇ ਗੈਰਾਂ। ਪੱਥਰ ਦਿੱਲ ਸਹਿਰ , ਕਿਉ ਕਰਦਾ ਸੈਰਾਂ, ਤੱਪਦੀਆਂ ਧੁੱਪਾਂ, ਦੁਪਹਿਰ ਸਾੜਦੀ ਪੈਰਾਂ। ਪੁੰਨ ਤੋ ਦੂਰੀ,ਬੱਚ ਜਾਈ,ਪਾਪ ਗਹਿਰ ਤੋ, ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ । ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ । ਇਹ ਫਕੀਰ ਹੈ , ਨਾਨਕ ਦਾ ਹਮਰਾਹੀ , ਦੁਨੀਆਂ ਮੇਲਾ, ਫਕੀਰਾਂ ਲਈ ਸੈਰਗਾਂਹੀ। ਭੁੱਖਾ ਨਾ ਰਹੇ ਕੋਈ, ਮੁੱਖ ਬਾਜ ਗਰਾਹੀ, ਜਹਾਨ ਚਰੇ ਪਦਾਰਥ, ਖ਼ੁਦਾ ਚਾਰਵਾਹੀ। ਚੇਤੰਨ ਹੋ,ਆ ਰਹੀ ਨਾਸਤਿਕ ਲਹਿਰ ਤੋਂ , ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ । ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ । ਵੱਸਦੇ ਰਹੋ ਸਦੀਵੀ, ਨਾ ਹੋ ਗ਼ੈਰ ਅਬਾਦ, ਅਸੀਸ ਮਿੱਲੀ ਵੱਸਣਾ,ਫਕੀਰ ਦੀ ਮੁਰਾਦ। ਜਹਾ ਪੁੱਜਣਾ ਤੁਸਾਂ, ਪੈਂਦਾ ਹੋਵੇਗਾ ਵਿਵਾਦ, ਫਕੀਰ ਦੀ ਚਾਹਤ , ਅਨੋਖਾ ਰਚੇ ਸੰਬਾਦ। ਸਾਧੂ ਤ੍ਰੇਹ ਸ਼ਾਂਤੀ ਤੇ , ਕੰਮ ਲੈਂਦੇ ਜ਼ਹਿਰ ਤੋ, ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ । ਫ਼ਕੀਰ ਰੁੱਸ ਜਾ ਰਿਆ ਤੁਹਾਡੇ ਸਹਿਰ ਤੋਂ ।

ਜਿਸਨੇ ਮੁਹੱਬਤ ਦੇ ਪਾਠ ਪੜ੍ਹਾਏ ਸਾਨੂੰ

ਜਿਸਨੇ ਮੁਹੱਬਤ ਦੇ ਪਾਠ ਪੜ੍ਹਾਏ ਸਾਨੂੰ , ਗਿੱਲੇ ਸਿਕਵੇ ਕਰਨੇ ਸਿਖਾਏ ਨਾ । ਜਿਸਨੇ ਨਫਰਤ ਦੇ ਮਹਿਲਾ ਨੂੰ ਠੋਕਰ ਮਾਰੀ , ਮੁਹੱਬਤ ਦੇ ਕੱਚੇ ਢਾਏ ਨਾ । ਜਿਸਨੇ ਗੂੰਗਾ ਬਣ ਕੇ ਜ਼ਿੰਦਗੀ ਗੁਜਾਰੀ , ਪਰ ਨਫ਼ਰਤ ਦੇ ਸੋਹਲੇ ਗਾਏ ਨਾ। ਜਿਸਨੇ ਘੁੱਪ ਹਨੇਰਾ ਸਵੀਕਾਰ ਸੀ ਕਰਿਆ , ਪਰ ਘਿਰਣਾ ਦੇ ਦੀਪ ਜਗਾਏ ਨਾ। ਜਿਨ੍ਹਾਂ ਨੂੰ ਇਹ ਵੀਰ ਸੀ ਮੰਨਦਾ , ਕਦੇ ਉਨਾ ਨੂੰ ਪਿੱਠ ਵਖਾਏ ਨਾ । ਮੂੰਹ ਤੇ ਜੋ ਮੰਦਾ ਬੋਲੇ , ਭਾਣਾ ਮੰਨਿਆ , ਕਦੇ ਮੁੜਕੇ ਜਵਾਬ ਸੁਨਾਏ ਨਾ । ਨਫ਼ਰਤ ਦੇ ਤਾਜ ਸਵੀਕਾਰ ਨ ਕਰਦਾ , ਮੁਹੱਬਤੀਆਂ ਦੇ ਸੰਗ ਗਵਾਏ ਨਾ । ਜੋ ਖੁੱਦ ਹਾਰ ਜਾਂਦਾ ਵਾਂਗ ਪ੍ਰਵਾਨੇ ਦੇ , ਪਰ ਮੁਹੱਬਤ ਨੂੰ ਕਦੇ ਹਰਾਏ ਨਾ । ਮੁਹੱਬਤ ਦੇ ਚਿਰਾਗਾਂ ਨੂੰ ਜੋ ਘਿਓ ਪਾ ਜਗਾਉਦਾ,ਉਹ ਮੋਹ ਦੇ ਦੀਪ ਬੁਝਾਏ ਨਾ। ਮੁਹੱਬਤ ਦੇ ਚਿਰਾਗਾਂ ਨੂੰ ਜੋ ਘਿਓ ਪਾ ਜਗਾਉਦਾ,ਉਹ ਮੋਹ ਦੇ ਦੀਪ ਬੁਝਾਏ ਨਾ।

ਪੰਜਾਬੀਏ

ਹੱਥਾਂ ਵਿੱਚੋ ਡਿੱਗੇ ਰਸਾਲੇ ਨੀ ਪਿਆਰੀਏ, ਸੋਹਣੇ-ਸੋਹਣੇ ਫੁੱਲ ਪੈਂਦਾ ਕਰੇ ਨੀ ਕਿਆਰੀਏ। ਜੁਬਾਨੋਂ ਲੱਥੀ ਨਾਨਕ ਦੀਏ ਸ਼ਹਿਜਾਦੀਏ , ਕਿੱਥੇ ਖੋ ਗਏ ਤੇਰੇ , ਸੱਚੇ ਪਾਠਕ ਪੰਜਾਬੀਏ। ਭਾਈ ਵੀਰ ਤੇਰੇ ਨਾਲ ਲਾਡ ਲਡਾਏ ਸੀ , ਕਵੀਆਂ ਨੇ ਤੇਰੇ ਤਾਈ ਛੰਦ ਵੀ ਬਣਾਏ ਸੀ। ਖੂਬ ਤੇਰੇ ਰਾਗ , ਅਨੰਦ ਦੇਣ ਨੀ ਰਬਾਬੀਏ, ਕਿੱਥੇ ਖੋ ਗਏ ਤੇਰੇ , ਸੱਚੇ ਪਾਠਕ ਪੰਜਾਬੀਏ। ਪੀਰਾਂ ਪੈਗੰਬਰਾਂ ਪੰਜ ਆਬਾਂ ਦੀਏ ਰਾਣੀਏ, ਪੰਜ ਸਾਗਰਾਂ ਨੂੰ ਤੇਰੀ ਕਦਰ ਸਿਖਾਣੀਏ । ਤੂੰ ਹਰ ਕੋਲ ਹੋਵੇ , ਗਿਆਨ ਦੀਏ ਚਾਬੀਏ, ਕਿੱਥੇ ਖੋ ਗਏ ਤੇਰੇ , ਸੱਚੇ ਪਾਠਕ ਪੰਜਾਬੀਏ।

ਰਿਸ਼ਤੇ

ਰਿਸ਼ਤਿਆਂ ਨੂੰ ਤਰਸ ਰਿਹਾ, ਮੈ ਹਰ ਪਲ ਯਾਦ ਕਰਾਂ । ਸਮੀਪ ਰਹਿਣ ਇਹ ਰਿਸ਼ਤੇ, ਨਿੱਤ ਫਰਿਆਦ ਕਰਾਂ । ਦਿਖਾਵਾ ਹੀ ਨਾ ਰਹਿਣ ਇਹ ਰਿਸ਼ਤੇ, ਡਰ ਸਾਏ ਨੇ। ਰਿਸ਼ਤੇ ਸੁੰਗੜਨ ਕਰਕੇ, "ਧੁੰਨ" ਹੋਰਾਂ ਝੋਰੇ ਲਾਏ ਨੇ। ਕੁੱਝ ਰੁਝੇਵੇਂ ਖਾਂਦੇ ਰਿਸ਼ਤੇ, ਕੁੱਝ ਵੱਧ ਮਜਬੂਰੀਆਂ ਵੇ। ਕੁੱਝ ਪ੍ਦੇਸ਼ੀ ਬੈਠੇ ਰਿਸ਼ਤੇ, ਬਹੁ ਲੰਬੀਆਂ ਦੂਰੀਆਂ ਵੇ। ਜੇ ਦਿੱਲਾਂ ਵਿੱਚ ਨੇ ਮਹੁਬੱਤਾਂ, ਬਹੁ ਦੂਰੀਆਂ ਦੂਰ ਨਹੀ। ਮਿੱਠੇ ਫਲ ਦੇਵਣ ਰਿਸ਼ਤੇ, ਝੱਖੜਾਂ ਤੇ ਝੜਦਾ ਬੂਰ ਨਹੀ। ਦਾਤਾਰ, ਰਿਸ਼ਤੇ ਰੱਖੇ ਸਲਾਮਤ, ਖੁਸ਼ ਰਿਸ਼ਤੇਦਾਰਾਂ ਨੂੰ। ਮਾਮੇ,ਮਾਸੜ,ਫੁੱਫੜ,ਤਾਏ,ਚਾਚੇ ਤੇ ਭਰਾ ਸਰਦਾਰਾਂ ਨੂੰ। ਹਰ ਰਿਸ਼ਤਾ ਅਨਮੋਲ ਹੈ, ਦੂਜੀ ਵੇਰਾਂ ਮਿਲਦਾ ਨਹੀ। ਟਾਹਣੀ ਨਾਲੋਂ ਟੁੱਟ ਫੁੱਲ, ਪੈਰਾਂ ਨੂੰ ਮੁੜ ਖਿੱਲਦਾ ਨਹੀ। ਰਿਸ਼ਤੇ ਟੁੱਟਣ ਪਰ, ਤੱਕੜੇ ਹੋਵਣ ਗਲੇਡੂ ਅੱਖੀਆਂ ਦੇ। ਸਦਕੇ ਜਾਵਾਂ ਦਿੱਲਾਂ, ਸਾਂਭ ਸੰਭਾਲ ਯਾਦਾਂ ਰੱਖੀਆਂ ਦੇ। ਭਗਵਾਨ ਕਰ ਰਹਿਮਤ, ਬੱਖਸ਼ੇ ਰਿਸ਼ਤੇ ਅਨਮੋਲ ਵੇ। ਜਿੰਦਗੀ ਰਹੂ ਪਛਤਾਪ, ਟੁੱਟੇ ਰਿਸ਼ਤੇ ਜੋ ਅਣਭੋਲ ਵੇ। 'ਧੁੰਨ' ਰਿਸ਼ਤਿਆਂ ਬਗੈਰ, ਜ਼ਿੰਦਗੀ ਬੋਝ ਵਾਲੀ ਪੰਡ ਵੇ। 'ਧੁੰਨ' ਜੋ ਤੋੜੀਆਂ ਅਣਜਾਣੇ, ਛੇਤੀ ਕਰ ਟੁੱਟੀ ਗੰਡ ਵੇ।

ਸਾਂਝੇ ਚੁੱਲ੍ਹੇ

ਪਿਆਰ ਮੁਹੱਬਤ ਬਥੇਰੇ ਇੱਕੋ ਵਿਹੜੇ ਵਿੱਚ ਹੁੰਦੇ ਡੇਰੇ, ਤਾਈਆਂ ਚਾਚੀਆਂ ਭੈਣਾਂ ਸੱਭਦੇ ਮੁਸਕਰਾਉਂਦੇ ਚਹਿਰੇ। ਕੋਈ ਸਬਜੀ ਦੇਖੇ ਆਟਾ ਗੁੰਨ੍ਹੇ ਪੇੜੇ ਰੋਟੀਆਂ ਵੇਲਦੀ, ਮੁਹੱਬਤ ਸੁੱਖਾਂ ਦੀ ਭੰਡਾਰੀ ਵਿਹੜੇ ਵਿੱਚ ਵੇਖੋ ਖੇਲਦੀ । ਬਜ਼ੁਰਗਾਂ ਨੂੰ ਦੇਖ ਸਿਰ ਝੁੱਕਦਾ ਪੈਰਾਂ ਨੂੰ ਹੱਥ ਲੱਗਦੇ, ਨਵਵਿਆਹੀ ਨੂੰ ਸੰਗ ਲਿਹਾਜ਼ ਕਿਆ ਖੂਬ ਨੇ ਫੱਬਦੇ। ਜਿਸ ਘਰ ਔਰਤ ਹੁੰਦੀ ਮੰਦਾ ਉੱਚਾ ਕਦੇ ਨਾ ਬੋਲਦੇ, ਆਢ-ਗੁਆਂਢੀ ਸੱਜਣ ਸੱਭ ਇੱਕਠੇ ਸੁੱਖ ਫਰੋਲਦੇ। ਹਰ ਵੱਖਤ ਵੇਲੇ ਤਾਂਘ ਰਹਿੰਦੀ ਕੀ ਲਿੱਖਿਆ ਬੁੱਲ੍ਹੇ , ਸਤਿਗੁਰੁ ਸਾਨੂੰ ਮੋੜਦੇ ਦੱਸ ਘਰਾਂ ਦੇ ਸਾਂਝੇ ਚੁੱਲ੍ਹੇ । ਸਤਿਗੁਰੁ ਸਾਨੂੰ ਮੋੜਦੇ ਦੱਸ ਘਰਾਂ ਦੇ ਸਾਂਝੇ ਚੁੱਲ੍ਹੇ ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਅੰਮ੍ਰਿਤਪਾਲ ਸਿੰਘ ਧੁੰਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ