Punjabi Poetry : Anupinder Singh Anup

ਪੰਜਾਬੀ ਗ਼ਜ਼ਲਾਂ : ਅਨੁਪਿੰਦਰ ਸਿੰਘ ਅਨੂਪ


ਅਜੇ ਤੀਕ ਨੇ ਓਹੀ ਸੁਖ ਤੇ ਛਾਵਾਂ ਦੇ ਸਿਰਨਾਵੇਂ

ਅਜੇ ਤੀਕ ਨੇ ਓਹੀ ਸੁਖ ਤੇ ਛਾਵਾਂ ਦੇ ਸਿਰਨਾਵੇਂ ਐਪਰ ਸਾਨੂੰ ਹੀ ਭੁੱਲੇ ਨੇ ਮਾਵਾਂ ਦੇ ਸਿਰਨਾਵੇਂ ਜਾਂ ਤਾਂ ਹੈ ਉਹ ਬਹੁਤ ਸਿਆਣਾ ਜਾਂ ਫਿਰ ਹੈ ਉਹ ਭੋਲਾ ਹੰਸਾਂ ਕੋਲੋਂ ਜੋ ਪੁੱਛਦਾ ਹੈ ਕਾਵਾਂ ਦੇ ਸਿਰਨਾਵੇਂ ਕਿਸ ਨੇ ਕਿਸ ਥਾਂ ਧੋਖਾ ਦੇਣਾ ਇਸਦਾ ਪਤਾ ਨਾ ਲੱਗੇ ਉਂਜ ਤਾਂ ਲੱਭ ਲੈਂਦੇ ਹਾਂ ਸਭ ਘਟਨਾਵਾਂ ਦੇ ਸਿਰਨਾਵੇਂ ਦੁੱਧ ਪਿਆ ਕੇ ਜਿਸਨੇ ਕੀਤੀ ਖੂਬ ਅਸਾਡੀ ਸੇਵਾ ਬਣੇ ਗਊਸ਼ਾਲੇ ਹੀ ਉਹਨਾਂ ਗਾਵਾਂ ਦੇ ਸਿਰਨਾਵੇਂ ਉਹ ਜੇ ਰਹੇ ਪਿਆਸਾ ਤਾਂ ਹੁੰਦਾ ਅਫ਼ਸੋਸ ਬੜਾ ਹੈ ਜ਼ੇਬ ਚ ਪਾ ਕੇ ਰੱਖਦਾ ਜੋ ਦਰਿਆਵਾਂ ਦੇ ਸਿਰਨਾਵੇਂ ਰਿਸ਼ਤੇਦਾਰੀ ਦੇ ਭੈੜੇ ਦਸਤੂਰਾਂ ਕੀਤਾ ਕਾਰਾ ਅਕਸਰ ਯਾਦ ਨਾ ਰਹਿੰਦੇ ਭੈਣ ਭਰਾਵਾਂ ਦੇ ਸਿਰਨਾਵੇਂ ਦਿਲ ਨੂੰ ਛੱਡ ਕੇ ਏਧਰ ਓਧਰ ਭਾਲ ਰਹੇ ਨੇ ਅੱਜਕਲ੍ਹ ਕਵੀਆਂ ਨੂੰ ਕਿਉਂ ਭੁੱਲੇ ਨੇ ਕਵਿਤਾਵਾਂ ਦੇ ਸਿਰਨਾਵੇਂ

ਜਦ ਵੀ ਨ੍ਹੇਰੇ ਨਾਲ ਇਹ ਚਾਨਣ ਲੜਦਾ ਹੈ

ਜਦ ਵੀ ਨ੍ਹੇਰੇ ਨਾਲ ਇਹ ਚਾਨਣ ਲੜਦਾ ਹੈ ਮੁਕ ਜਾਂਦੀ ਹੈ ਰਾਤ ਸਵੇਰਾ ਚੜ੍ਹਦਾ ਹੈ ਜਦ ਵੀ ਤਿਤਲੀ ਬਣਕੇ ਉੱਡਦਾ ਹੈ ਸੁਪਨਾ ਦਿਲ ਵੀ ਬੱਚਾ ਬਣਕੇ ਉਸਨੂੰ ਫੜਦਾ ਹੈ ਅੰਬਰ ਛਾਪੇ ਰੋਜ਼ ਰਾਤ ਅਖ਼ਬਾਰ ਨਵਾਂ ਰੋਜ਼ ਰਾਤ ਹਰ ਆਸ਼ਿਕ ਜਿਸਨੂੰ ਪੜ੍ਹਦਾ ਹੈ ਫੇਰ ਹਵਾ ਹੀ ਸਮਝੋ ਲਿਖੇ ਨਸੀਬ ਉਦ੍ਹਾ ਜਦ ਵੀ ਪੱਤਾ ਡਾਲੀ ਨਾਲੋਂ ਝੜਦਾ ਹੈ ਸੋਚਾਂ ਇੰਜ ਲਿਖਾਂ ਨਾਂ ਤੇਰਾ ਅੰਬਰ 'ਤੇ ਜਿਵੇਂ ਸੁਨਾਰਾ ਕੋਕੇ ਵਿਚ ਨਗ ਜੜਦਾ ਹੈ ਤੁਰਨਾ ਡਾਹਢਾ ਔਖਾ ਹੁੰਦਾ ਉਸ ਵੇਲੇ ਜਦ ਪਰਛਾਵਾਂ ਪੈਰਾਂ ਦੇ ਵਿਚ ਅੜਦਾ ਹੈ

ਤੂੰ ਤੁਰੇਂ ਜਾਂ ਤੇਰਾ ਖ਼ਿਆਲ ਤੁਰੇ

ਤੂੰ ਤੁਰੇਂ ਜਾਂ ਤੇਰਾ ਖ਼ਿਆਲ ਤੁਰੇ ਕੁਝ ਤਾਂ ਇਹ ਹੈ ਜੋ ਮੇਰੇ ਨਾਲ ਤੁਰੇ ਨਾਲ ਉਸਦੇ ਸਮਾਂ ਵੀ ਤੁਰਦਾ ਹੈ ਜੋ ਸਮੇਂ ਦੀ ਸਮਝ ਕੇ ਚਾਲ ਤੁਰੇ ਉਸਨੂੰ ਤੁਰਨਾ ਸੰਭਲ ਕੇ ਪੈਣਾ ਹੈ ਸੁਪਨਿਆਂ ਦਾ ਜੋ ਲੈ ਥਾਲ ਤੁਰੇ ਲੋੜ ਛਾਂ ਦੀ ਉਦੋਂ ਨਹੀਂ ਰਹਿੰਦੀ ਹੋ ਕੇ ਸੂਰਜ ਜਦੋਂ ਦਿਆਲ ਤੁਰੇ ਰੌਸ਼ਨੀ ਤਾਂ ਮਿਲੇਗੀ ਉਸਨੂੰ ਹੀ ਦੀਪ ਆਸਾਂ ਦੇ ਨਿੱਤ ਜੋ ਬਾਲ ਤੁਰੇ

ਵੇਖ ਮੁਸੀਬਤ ਮੇਰੀ ਹੋਇਆ ਤਿੱਤਰ ਸੀ

ਵੇਖ ਮੁਸੀਬਤ ਮੇਰੀ ਹੋਇਆ ਤਿੱਤਰ ਸੀ ਆਖਣ ਨੂੰ ਉਹ ਮੇਰਾ ਪਿਆਰਾ ਮਿੱਤਰ ਸੀ ਕਾਸ਼ ਕਦੀ ਤੂੰ ਉਸ ਵੇਲੇ ਮਿਲਿਆ ਹੁੰਦਾ ਜਦੋਂ ਮੇਰਾ ਦਿਲ ਬੱਚਿਆਂ ਵਾਂਗ ਪਵਿੱਤਰ ਸੀ ਪੈਸੇ ਨਾਲ ਖ਼ਰੀਦ ਲਿਆ ਸਭ ਕੁਝ ਉਸਨੇ ਮਗਰ ਖ਼ਰੀਦ ਨਾ ਸਕਿਆ ਕਿਤੋਂ ਚਰਿੱਤਰ ਸੀ ਗ਼ਮ ਦੇ ਕਈ ਪਹਾੜ ਤੇ ਨਦੀਆਂ ਪੀੜ ਦੀਆਂ ਤੱਕਿਆ ਐਸਾ ਵੀ ਮੈਂ ਜੀਵਨ ਚਿੱਤਰ ਸੀ ਗ਼ਜ਼ਲ ਮੇਨਕਾ ਬਣਕੇ ਝਾਂਜਰ ਛਣਕਾਈ ਜਦੋਂ ਕਦੀ ਦਿਲ ਬਣਿਆ ਵਿਸ਼ਵਾਮਿੱਤਰ ਸੀ

ਸੀ ਵਕਤ ਆਖਰੀ ਪਰ ਵੇਖੋ ਕਮਾਲ ਕੀਤਾ

ਸੀ ਵਕਤ ਆਖਰੀ ਪਰ ਵੇਖੋ ਕਮਾਲ ਕੀਤਾ ਢਲਦੇ ਸਮੇਂ ਵੀ ਸੂਰਜ ਅੰਬਰ ਨੂੰ ਲਾਲ ਕੀਤਾ ਸਾਡੇ ਕਨੂੰਨ ਯਾਰੋ ਨਿੱਤ ਇਹ ਕਮਾਲ ਕੀਤਾ ਨਿਰਦੋਸ਼ ਚਾੜ੍ਹ ਸੂਲੀ ਮੁਜਰਿਮ ਬਹਾਲ ਕੀਤਾ ਕੀਤਾ ਨਹੀਂ ਵਿਚੋਲਾ ਨਾ ਹੀ ਦਲਾਲ ਕੀਤਾ ਜਦ ਗੁਫ਼ਤਗੂ ਦਾ ਕਾਰਜ ਸੱਜਣਾ ਦੇ ਨਾਲ ਕੀਤਾ ਸਭ ਮੇਟ ਕੇ ਹਨੇਰੇ ਲੈ ਆਏ ਨੇ ਸਵੇਰੇ ਕੌਤਕ ਇਹ ਸ਼ਾਇਰਾਂ ਨੇ ਲਫ਼ਜ਼ਾਂ ਦੇ ਨਾਲ ਕੀਤਾ ਹਰ ਪਾਸੇ ਸੀ ਹਨੇਰਾ ਤੇ ਦੂਰ ਸੀ ਸਵੇਰਾ ਫਿਰ ਚਾਨਣਾ ਬਥੇਰਾ ਦੀਵੇ ਨੂੰ ਬਾਲ ਕੀਤਾ ਖੁਸ਼ੀਆਂ ਦੇ ਨਾਲ ਸਾਰੇ ਗ਼ਮ ਵੀ ਕਬੂਲ ਕਰਦੇ ਆਪਾਂ ਕਦੋਂ ਹੈ ਏਨਾ ਹਿਰਦਾ ਵਿਸ਼ਾਲ ਕੀਤਾ ਬਾਬੇ ਨੇ ਆਰਤੀ ਨੂੰ ਸਾਂਝਾ ਬਨਾਣ ਖ਼ਾਤਰ ਚੰਨ ਸੂਰਜਾਂ ਨੂੰ ਦੀਵੇ ਅੰਬਰ ਨੂੰ ਥਾਲ ਕੀਤਾ

ਵਰ ਜੇ ਨਹੀਂ ਸਰਾਪ ਦਿਓ

ਵਰ ਜੇ ਨਹੀਂ ਸਰਾਪ ਦਿਓ ਕੁਝ ਤਾਂ ਰੱਬ ਜੀ ਆਪ ਦਿਓ ਕਿੰਨਾ ਡੂੰਘਾ ਦਿਲ ਦਰਿਆ ਕਰ ਕੇ ਕੋਸ਼ਿਸ਼ ਨਾਪ ਦਿਓ ਫਿਰ ਆਖਾਂ ਰੱਬ ਆਪ ਨੂੰ ਬਖ਼ਸ਼ ਮੇਰੇ ਜੇ ਪਾਪ ਦਿਓ ਅੰਬਰ ਦੇ ਅਖ਼ਬਾਰ ਅੰਦਰ ਗ਼ਜ਼ਲ ਮੇਰੀ ਵੀ ਛਾਪ ਦਿਓ ਭੁੱਖ ਤਾਈਂ ਜੋ ਮੇਟ ਦਵੇ ਐਸਾ ਕੋਈ ਜਾਪ ਦਿਓ

ਹੰਝੂਆਂ ਦੀ ਦੇ ਰਿਹਾ ਸੌਗ਼ਾਤ ਹੈ

ਹੰਝੂਆਂ ਦੀ ਦੇ ਰਿਹਾ ਸੌਗ਼ਾਤ ਹੈ ਓਸ ਦੀ ਏਨੀ ਕੁ ਹੀ ਔਕਾਤ ਹੈ ਕਹਿ ਰਿਹਾ ਹਾਕਮ ਕਹੋ ਗੁਡ ਮੋਰਨਿੰਗ ਦੇਸ਼ ਵਿੱਚ ਭਾਵੇਂ ਅਜੇ ਵੀ ਰਾਤ ਹੈ ਇਹ ਜੋ ਦਿੱਸਦਾ ਜੁਗਨੂੰਆਂ ਦਾ ਕਾਫ਼ਿਲਾ ਇਸਨੇ ਦੇਣੀ ਨ੍ਹੇਰਿਆਂ ਨੂੰ ਮਾਤ ਹੈ ਆਪਣੀ ਆਵਾਜ਼ ਨੂੰ ਖ਼ੁਦ ਮਾਰਨਾ ਇਕ ਤਰ੍ਹਾਂ ਦਾ ਇਹ ਵੀ ਆਤਮਘਾਤ ਹੈ ਸੱਚ ਬੋਲੇ ਪਰ ਡਰੇ ਫਿਰ ਮੌਤ ਤੋਂ ਇਹ ਅਸਾਡੇ ਦੌਰ ਦਾ ਸੁਕਰਾਤ ਹੈ ਵੇਖਦਾਂ ਹੈਂ ਐ ਮਨਾਂ ਹੋਰਾਂ ਦੇ ਐਬ ਅਪਣੇ ਅੰਦਰ ਕਿਉਂ ਨਾ ਮਾਰੀ ਝਾਤ ਹੈ

ਮੌਸਮ ਨੇ ਇਹ ਕੈਸੇ ਚਰਖੇ ਕੱਤੇ ਨੇ

ਮੌਸਮ ਨੇ ਇਹ ਕੈਸੇ ਚਰਖੇ ਕੱਤੇ ਨੇ ਦਿਲ ਰੁੱਖ ਵਾਲੇ ਸਾਰੇ ਪੀਲੇ ਪੱਤੇ ਨੇ ਮਨ ਡੁੱਬਿਆ ਤਾਂ ਅਜਬ ਨਜ਼ਾਰਾ ਤੱਕਿਆ ਮੈਂ ਡੁੱਬੇ ਸੁਪਨੇ, ਡੁੱਬੀਆਂ ਖ਼ੈਰਾਂ ਸੱਤੇ ਨੇ ਵੇਖੀ ਜਾਓ ਪਰ ਇਹਨਾਂ ਨੂੰ ਛੇੜੋ ਨਾ ਅੱਜਕਲ੍ਹ ਬੰਦੇ ਭੂੰਡਾਂ ਵਾਲੇ ਛੱਤੇ ਨੇ ਉਹਨਾਂ ਦੀ ਸ਼ੋਭਾ ਦਾ ਕੋਈ ਅੰਤ ਨਹੀਂ ਇਸ਼ਕ ਹਕੀਕੀ ਅੰਦਰ ਜੋ ਜਨ ਰੱਤੇ ਨੇ ਲੋਕੀ ਜਿਸਨੂੰ ਝੜੀ ਸਉਣ ਦੀ ਆਖ ਰਹੇ ਬੱਦਲਾਂ ਦੇ ਹੱਥ ਅੰਬਰ ਹੰਝੂ ਘੱਤੇ ਨੇ ਉਹਨਾਂ ਉਹਨਾਂ ਦੁਸ਼ਮਣ ਕੀਤਾ ਬਾਰਿਸ਼ ਨੂੰ ਜਿਹਨਾਂ ਜਿਹਨਾਂ ਕੱਚੇ ਕੋਠੇ ਛੱਤੇ ਨੇ ਉਹਨਾਂ ਕੋਲੋਂ ਸੁੱਖਾਂ ਦੀ ਕੋਈ ਆਸ ਨ ਰੱਖ ਜਿਹਨਾਂ ਬਿਰਖਾਂ ਕੋਲ ਨ ਫ਼ਲ ਨਾ ਪੱਤੇ ਨੇ ਜੁਗਨੀ ਦਾ ਦਿਲ ਦਿੱਲੀ ਅੰਦਰ ਲੱਗਾ ਏ ਰਾਹਾਂ ਤੱਕ ਤੱਕ ਹਾਰ ਗਏ ਕਲਕੱਤੇ ਨੇ ਜਿਹਨਾਂ ਅੰਦਰ ਜੂਝ ਮਰਨ ਦੀ ਇੱਛਾ ਹੈ ਉਹਨਾਂ ਜਿੱਤੇ ਸਾਰੇ ਹੀ ਰਣ ਤੱਤੇ ਨੇ

ਤਲੀਆਂ ਤੇ ਚੋਗ ਰੱਖਦੈ

ਤਲੀਆਂ ਤੇ ਚੋਗ ਰੱਖਦੈ ਮੋਢੇ ਤੇ ਜਾਲ ਰੱਖਦੈ ਹਾਕਮ ਪਰਿੰਦਿਆਂ ਦਾ ਕਿੰਨਾ ਖ਼ਿਆਲ ਰੱਖਦੈ ਮਨ ਵਿੱਚ ਅਜੇ ਹਨੇਰਾ ਰੱਖਿਆ ਹੈ ਉਸ ਬਥੇਰਾ ਐਪਰ ਬਨੇਰਿਆਂ ਤੇ ਦੀਵੇ ਵੀ ਬਾਲ ਰੱਖਦੈ ਡਿੱਗਦਾ ਨਾ ਇੱਕ ਵੀ ਤਾਰਾ ਤਕਿਆ ਅਜਬ ਨਜ਼ਾਰਾ ਕਿੱਦਾਂ ਟਿਕਾ ਕੇ ਅੰਬਰੀਂ ਪੁੱਠਾ ਉਹ ਥਾਲ ਰੱਖਦੈ ਸੱਤਾ ਚ ਜੋ ਵੀ ਆਵੇ ਰਾਵਨ ਜਿਹਾ ਹੋ ਜਾਵੇ ਕੁਰਸੀ ਦੇ ਨਾਲ ਬੰਨ੍ਹ ਕੇ ਹਰਦਮ ਹੀ ਕਾਲ ਰੱਖਦੈ ਟੇਢੀ ਉਹ ਪੱਗ ਸਜਾ ਕੇ ਦਾਹੜੀ ਨੂੰ ਰੰਗ ਲਗਾ ਕੇ ਵੇਖੋ ਜਵਾਨ ਖ਼ੁਦ ਨੂੰ ਕਿੰਨੇ ਕੁ ਸਾਲ ਰੱਖਦੈ ਸੋਚਾਂ ਜ਼ਮੀਰ ਵੇਚਾਂ ਕਰ ਲੀਰ ਲੀਰ ਵੇਚਾਂ ਐਪਰ ਬੜੇ ਹੀ ਓਹਲੇ ਸਾਡਾ ਦਲਾਲ ਰੱਖਦੈ

ਕਦੇ ਚੁੰਨੀ ਕਦੇ ਦਸਤਾਰ ਬਣ ਕੇ

ਕਦੇ ਚੁੰਨੀ ਕਦੇ ਦਸਤਾਰ ਬਣ ਕੇ ਤੂੰ ਮਿਲਿਆ ਕਰ ਸਦਾ ਸਤਿਕਾਰ ਬਣਕੇ ਜਿਵੇਂ ਸਾਂ ਮੈਂ, ਉਵੇਂ ਤੂੰ ਬਣ ਗਿਆ ਹੈਂ ਕਿਹਾ,ਇਹ ਸੋਚ ਨੇ, ਕਿਰਦਾਰ ਬਣ ਕੇ ਜੋ ਬੰਦਾ ਹੋ ਕੇ ਵੀ ਬਣਿਆ ਨਾ ਬੰਦਾ ਉਹ ਆਖੇ ਨਾਰ ਨੂੰ ਰਹਿ ਨਾਰ ਬਣ ਕੇ ਅਸਾਡਾ ਸਿਰ ਵਤਨ ਦੇ ਵਾਸਤੇ ਹੈ ਸਬਕ ਇਹ ਸਿੱਖ ਲਵੋ ਸਰਦਾਰ ਬਣਕੇ ਥਕੇਵਾਂ ਮਨ ਦਾ ਸਾਡੇ ਲਹਿ ਹੀ ਜਾਵੇ ਮਿਲੇਂ ਜੇਂ ਜ਼ਿੰਦਗੀ ਇਤਵਾਰ ਬਣ ਕੇ ਕਲਮ ਸਿਰ ਫਿਰ ਹਨੇਰੇ ਦਾ, ਹੈ ਹੋਣਾ ਕਲਮ ਚੱਲੀ ਜਦੋਂ ਤਲਵਾਰ ਬਣ ਕੇ