ਪੰਜਾਬੀ ਕਵਿਤਾਵਾਂ - ਅਸ਼ਵਨੀ 'ਕੁਸਲਾ'

Punjabi Poetry - Ashwani Kusla


1. ਮੈਂ ਤੇ ਮੇਰੀ ਕਵਿਤਾ

ਕਲਮ ਦੁਵਾਤ ਨਹੀਂ ਸੀ ਕੋਲੇ, ਜਦ ਤੂੰ ਵਿੱਚ ਖਿਆਲਾਂ ਆਈ। ਜਦ ਮੈਂ ਕਾਗਜ ਕਲਮ ਉਠਾਈ । ਖੇਡ ਗਈ ਤੂੰ ਲੁਕਣ ਮਿਚਾਈ। ਬਰਸਾਤਾਂ ਦਾ ਭਾਰੀ ਮੌਸਮ, ਪੈ ਰਹੀ ਸੀ ਇੱਕ ਬਰਸਾਤ। ਸੂਹੇ ਸੁਰਖ ਲਿਬਾਸਾਂ ਦੇ ਵਿੱਚ, ਖੜੀ ਰਹੀ ਤੂੰ ਬਣ ਪ੍ਰਭਾਤ । ਕਿਸੇ ਪਹਾੜੀ ਦੀ ਨੁੱਕਰ ਤੋਂ, ਫੁੱਲਾਂ ਵਿੱਚੋਂ ਮਾਰੇ ਝਾਤ। ਹਰੇ ਭਰੇ ਬਾਗਾਂ ਦੇ ਵਿੱਚੋਂ, ਕੋਇਲ ਕੂਕੇ ਭਰ ਭਰ ਹਾਕ। ਅੱਧੀ ਰਾਤੀਂ ਚੰਦ ਦੇ ਕੋਲੋਂ, ਤਾਰਿਆਂ ਵਿੱਚੋਂ ਤੂੰ ਮੁਸਕਾਈ। ਜਦ ਮੈਂ ਕਾਗਜ ਕਲਮ ਉਠਾਈ, ਖੇਡ ਗਈ ਤੂੰ ਲੁਕਣ ਮਿਚਾਈ । ਕਲਮ ਦੁਵਾਤ ਨਹੀਂ ਸੀ ਕੋਲੇ। ਜਦ ਤੂੰ ਵਿੱਚ ਖਿਆਲਾਂ ਆਈ ।

2. ਬੁੱਝੋ ਮੇਰੀ ਬਾਤ

ਬੁੱਝੋ ਮੇਰੀ ਬਾਤ ਮੰਮੀ, ਬੁੱਝੋ ਮੇਰੀ ਬਾਤ। ਦੱਸੋ ਮੈਨੂੰ ਬਾਤ, ਮੰਮੀ ਬੁੱਝੋ ਮੇਰੀ ਬਾਤ । ਕਿਹੜੀ ਗੱਲੋਂ ਕੀਤੀਆਂ ਦੀਵਾਰਾਂ ਖੜੀਆਂ, ਚਾਚੇ ਤਾਏ ਹੋਰੀਂ ਕਿਉਂ ਕਰਨ ਅੜੀਆਂ, ਵੱਡੀ ਬੇਬੇ ਨਾਲ ਕਾਹਤੋਂ ਲੜਦੇ ਸੀ ਰਾਤ। ਦੱਸੋ ਮੈਨੂੰ ਬਾਤ, ਮੰਮੀ ਬੁੱਝੋ ਮੇਰੀ ਬਾਤ। ਆਪਣਾ ਗੁਆਂਢੀ ਕਾਹਤੋਂ ਰੋਜ ਲੜਦੈ, ਨਿੱਕੀ ਨਿੱਕੀ ਗੱਲ ਉੱਤੇ ਕੁੱਦ ਖੜ੍ਹਦੈ, ਥਾਨਿਆਂ ਚ, ਹੁੰਦੀ ਕਾਹਤੋਂ ਸਾਡੀ ਮੁਲਾਕਾਤ। ਦੱਸੋ ਮੈਨੂੰ ਬਾਤ ਮੰਮੀ , ਬੁੱਝੋ ਮੇਰੀ ਬਾਤ। ਸਾਰਿਆਂ ਦੇ ਬੱਚੇ ਅਸੀਂ ਕੱਠੇ ਪੜ੍ਹਦੇ, ਫੇਰ ਕਾਹਤੋਂ ਧਰਮਾਂ ਦੇ ਨਾਂ ਤੇ ਲੜਦੇ, ਧਰਮਾਂ ਤੋਂ ਲੈ ਲਈ ਅਸਾਂ ਕੈਸੀ ਇਹ ਸੌਗਾਤ। ਦੱਸੋ ਮੈਨੂੰ ਬਾਤ, ਮੰਮੀ ਬੁੱਝੋ ਮੇਰੀ ਬਾਤ । ਆ ਜੋ ਮੰਮੀ ਆਪਾਂ ਇਨਸਾਨ ਬਣੀਏ, ਰਲ ਮਿਲ, ਸ਼ਕਤੀ ਮਹਾਨ ਬਣੀਏ, ਸ਼ਰੂ ਕਰੋ 'ਕੁਸਲਾ' ਜੀ ਨਵੀਂ ਪ੍ਰਭਾਤ । ਸੁਣੋ ਮੇਰੀ ਬਾਤ ਮੰਮੀ ਇਹ ਹੀ ਮੇਰੀ ਬਾਤ।

3. ਰੁੱਖ

ਸੁਹਣੇ ਸੁਹਲ ਪਿਆਰੇ ਰੁੱਖ । ਕਿੰਨੇ ਦੁੱਖ ਸਹਾਰੇ ਰੁੱਖ । ਧੁੱਪਾਂ ਸਹਿੰਦੇ ਛਾਵਾਂ ਦੇਂਦੇ, ਦੇਂਦੇ ਰਹਿਣ ਹੁਲਾਰੇ ਰੁੱਖ । ਵਾਤਾ ਵਰਣ ਨੂੰ ਤਾਜ਼ਾ ਰੱਖਣ, ਸਭ ਦੇ ਬਣਨ ਸਹਾਰੇ ਰੁੱਖ । ਫੁੱਲਾਂ ਸੰਗ ਮਹਿਕਾਉਣ ਚੁਫੇਰਾ ਫਲਾਂ ਦੇ ਹਨ ਭੰਡਾਰੇ ਰੁੱਖ । ਜਦੋਂ ਕਿਤੇ ਰਸਤਾ ਭੁੱਲ ਜਾਈਏ. ਕਰਦੇ ਸਦਾ ਇਸ਼ਾਰੇ ਰੁੱਖ। ਘਰ ਦਾ ਇਹ ਫਰਨੀਚਰ ਬਣਕੇ, ਘਰ ਦਾ ਰੂਪ ਸ਼ਿੰਗਾਰੇ ਰੁੱਖ । ਜਾਨਵਰਾਂ ਦੇ ਬਣਨ ਘੋਰਨੇ, ਪੰਛੀਆਂ ਲਈ ਚੁਬਾਰੇ ਰੁੱਖ, 'ਕੁਸਲਾ' ਕਹੇ ਨਾ ਕੱਟੋ ਰੁੱਖ, ਰਲ ਮਿਲ ਲਾਈਏ ਸਾਰੇ ਰੁੱਖ।

4. ਜੰਮਣੋਂ ਪਹਿਲਾਂ

ਵਿੱਚ ਕੁੱਖ ਦੇ ਓਸ ਰਾਤ, ਮੈਂ ਕੰਬਣ ਲੱਗੀ ਸਾਰੀ। ਜਿਹੜੀ ਰਾਤੀਂ ਪਿਓ ਮੇਰੇ ਨੇ, ਬਹਿਕੇ ਗੱਲ ਵਿਚਾਰੀ । ਤਿੰਨ ਮਹੀਨੇ ਪੂਰੇ ਹੋ ਗਏ, ਚੱਲ ਡਾਕਟਰ ਕੋਲ ਜਾਈਏ, ਕੁੱਖ ਵਿੱਚ ਕੀ ਹੈ, ਹਸਪਤਾਲੋਂ, ਲਿੰਗ ਦਾ ਪਤਾ ਕਰਾਈਏ । ਉੱਠ ਸਵੇਰੇ ਮਾਂ ਮੇਰੀ ਨੇ ਕਸ ਲਈ ਖੂਬ ਤਿਆਰੀ, ਉਹ ਵੀ ਇੱਕ ਦਿਨ ਕੁੱਖ ਵਿੱਚ ਸੀ, ਭੁੱਲ ਗਈ ਕਰਮਾਂ ਮਾਰੀ । ਕਰ ਟੈਸਟ ਮੈਨੂੰ ਨੰਗਾ ਕੀਤਾ, ਰਤਾ ਦੇਰ ਨਾ ਲਾਈ, ਡਾਕਟਰ ਦੇ ਹਖਿਆਰਾਂ ਮੈਂ, ਕੁੱਖ ਵਿੱਚ ਮਾਰ ਮੁਕਾਈ । ਚੁੱਪ ਰਹੀਂ ਹੁਣ ਦੱਸੀਂ ਨਾ, ਇਹ ਗੱਲ ਰੱਖੀਂ ਚੋਰੀ, ਕਿੰਝ ਮਾਪਿਆਂ ਨੇਂ ਜੰਮਣੋਂ ਪਹਿਲਾਂ, ਧੀ ਰੱਬ ਘਰ ਨੂੰ ਮੋੜੀ । 'ਕੁਸਲਾ' ਕਹੇ ਜ਼ਰਾ ਵੀਚਾਰੋ, ਕੁੱਖਾਂ ਵਿੱਚ ਨਾ ਧੀਆਂ ਮਾਰੋ ।

5. ਡਰ

ਨਾ ਡਰ ਦੁੱਖਾਂ ਪੀੜਾਂ ਤੋਂ । ਨਾ ਡਰ ਭੀੜ ਸੰਘੀੜਾਂ ਤੋਂ । ਹੱਕ ਕਿਸੇ ਦਾ ਖਾਣ ਤੋਂ ਡਰ, ਜਿਓਂਦੇ ਜੀਅ ਮਰ ਜਾਣ ਤੋਂ ਡਰ ।

6. ਮਾਂ ਦਿਵਸ ਤੇ ਵਿਸ਼ੇਸ਼

ਮਾਂ ਧਰਤੀ , ਮਾਂ ਅਸਮਾਨ ਹੈ । ਮਾਂ ਰੁੱਖ ਹੈ , ਮਾਂ ਮਕਾਨ ਹੈ । ਮਾਂ ਬੁੱਕਲ਼ ਹੈ , ਮਾਂ ਦੁੱਧ ਹੈ । ਬੱਚਿਆਂ ਲਈ ਲੜਿਆ ‘ਯੁੱਧ’ ਹੈ । ਮਾਂ ਲੱਸੀ ,ਦਹੀਂ ਪਨੀਰ ਹੈ । ਮਾਂ ਘਿਓ ਮੱਖਣ ਮਾਂ ਖੀਰ ਹੈ । ਮਾਂ ਥੱਕਿਆ ਹੋਇਆ ਸਰੀਰ ਹੈ । ਮਾਂ ਸੱਕਰ ਕੁੱਟੀ ਚੂਰੀ ਹੈ । ਮਾਂ ਝੱਲਦੀ ਹਰ ਮਜਬੂਰੀ ਹੈ । ਧੋਤੇ ਕੱਪੜਿਆਂ ਦੀ ਪੰਡ ਹੈ । ਮਾਂ ਕੋਮਲ ਪਿੰਡੇ ਦਾ ਚੰਡ ਹੈ । ਮਾਂ ਸਾਂਤ ਹੈ , ਮਾਂ ਠੰਡ ਹੈ । ਮਾਂ ਵੇਖਣ ਨੂੰ ਇਨਸਾਨ ਹੈ । ਸੱਚ ਪੁੱਛੋ ਮਾਂ ਭਗਵਾਨ ਹੈ । ਕੁਸਲਾ ਜੀ ਮਾਂ ਭਗਵਾਨ ਹੈ !!

7. ਕਾਹਤੋਂ ਕਵਿਤਾ ਰੁੱਸਦੀ ਜਾਂਦੀ

ਕਾਹਤੋਂ ਕਵਿਤਾ ਰੁੱਸਦੀ ਜਾਂਦੀ । ਕਲਮ ਮੇਰੀ ਕਿਊਂ ਖੁਸਦੀ ਜਾਂਦੀ ॥ ਕਿਊਂ ਐਨਾਂ ਮਗ਼ਰੂਰ ਹੋ ਗਿਆ ? ਪਿੰਡੋ ਵਾਹਲਾ ਦੂਰ ਹੋ ਗਿਆ । ਮੇਰੇ ਪਿੰਡ ਜੋ ਵਗਦੀਆਂ ਨਹਿਰਾਂ । ਦਿਲ ਵਿਚ ਵੱਗਣ ਉਸਦੀਆਂ ਲਹਿਰਾਂ । ਟਾਹਲੀ ਨਿੰਮ ਬੋਹੜ ਦੀਆਂ ਛਾਵਾਂ । ਅਵਾਜ਼ਾਂ ਦੇਣ ਖੇਤਾਂ ਦੀਆਂ ਰਾਹਵਾਂ ॥ ਵੱਟੇ ਵੱਟ ਤੁਰ ਬੋਰ ਤੇ ਜਾਣਾ । ਗਾਜਰ ਮੂਲੀ ਸ਼ਲਗਮ ਖਾਣਾ ॥ ਗਟਾਰਾਂ ਕਾਂ ਕਬੂਤਰ ਤੋਤੇ । ਕਦ ਖਾਵਣਗੇ ਉੱਡ ਉੱਡ ਗ਼ੋਤੇ । ਸ਼ੱਥ ਵਿੱਚ ਜੋ ਬਲਵੰਤ ਦੀ ਹੱਟੀ । ਕਾਹਤੋਂ ਬੈਠੀ ਪਾਸਾ ਵੱਟੀ ॥ ਮਾਤਾ ਰਾਣੀ , ਸਿੱਧਾਂ ਦਾ ਡੇਰਾ । ਗੁਰੂ ਘਰੇ ਕਦ ਲੱਗਣਾ ਗੇੜਾ ! ਕੁਸਲਾ ਪਿੰਡ ਮੇਰੀ ਜਿੰਦ ਪ੍ਰਾਣ । ਕਦੋਂ ਕਰਾਂਗੇ ਦਰਸਣ ਜਾਣ , ਯਾਦਾਂ ਵਿੱਚ ਜਿੰਦ ਸੁੱਕਦੀ ਜਾਂਦੀ । ਕਾਹਤੋਂ ਕਵਿਤਾ ਰੁੱਸਦੀ ਜਾਂਦੀ ॥

8. ਜੇ ਸਾਰੀ ਖ਼ਲਕਤ ਤੇਰੀ ਰੱਬਾ

(ਪਹਿਲਗਾਮ ਚ’ ਮਰਨ ਵਾਲਿਆਂ ਨੂੰ ਸਮਰਪਿਤ) ਜੇ ਸਾਰੀ ਖ਼ਲਕਤ ਤੇਰੀ ਰੱਬਾ । ਫਿਰ ਕਾਹਤੋਂ ਜ਼ੁਲਮ ਹਨੇਰੀ ਰੱਬਾ । ਕਿਊਂ ਹਿੰਦੂ ਮੁਸਲਮਾਨ ਬਣਾਏ । ਕਿਉਂ ਨਹੀਂ ਤੂੰ ਇਨਸਾਨ ਬਣਾਏ ! ਕਰ ਗਿਆ ਹੇਰਾ-ਫੇਰੀ ਰੱਬਾ । ਜੇ ਸਾਰੀ ਖ਼ਲਕਤ ਤੇਰੀ ਰੱਬਾ । ਸਾਰੇ ਤੈਨੂੰ ਸੱਚਾ ਕਹਿੰਦੇ । ਖੁਦ ਨੂੰ ਤੇਰਾ ਬੱਚਾ ਕਹਿੰਦੇ । ਕਿਊਂ ਬੈਠੈਂ ਅੱਖਾਂ ਫੇਰੀ ਰੱਬਾ । ਜੇ ਸਾਰੀ ਖ਼ਲਕਤ ਤੇਰੀ ਰੱਬਾ । ਜੇ ਜਨਮ ਮਰਨ ਜੁਗਾਦੀ ਤੂੰ ਏਂ ! ਲਗਦੈ, ਫਿਰ ਅਪਰਾਧੀ ਤੂੰ ਏਂ। ਨਹੀਂ ਤੇਰੀ ਗੱਲ ਚੰਗੇਰੀ ਰੱਬਾ । ਜੇ ਸਾਰੀ ਖ਼ਲਕਤ ਤੇਰੀ ਰੱਬਾ । ਫਿਰ ਕਾਹਤੋਂ ਜ਼ੁਲਮ ਹਨੇਰੀ ਰੱਬਾ ॥

9. ਕੀਹਨੇ ਜਾਣਾ ਕੀਹਨੇ ਆਉਣਾ

ਕੀਹਨੇ ਜਾਣਾ ਕੀਹਨੇ ਆਉਣਾ । ਕੀਹਨੇ ਅਗਲਾ ਰਾਜ ਚਲਾਉਣਾ । ਕਿੱਥੇ ਕੀ ਕੀ ਹੋਣਾ, ਬੈਠ ਚੁਬਾਰੇ ਦੇਖਾਂਗੇ । ਨਵੇਂ ਸਾਲ ਵਿੱਚ ਲੱਗਣੇ ,ਕੀ ਕੀ ਲਾਰੇ ਦੇਖਾਂਗੇ । ਕੀਹਨੇ ਕੀ ਕੀ ਰੰਗ ਵਿਖਾਉਣੇ । ਸਟੇਜਾਂ ਉੱਤੇ ਛੱਕੇ ਲਾਉਣੇ । ਕਿੰਨੇ ਬੇ- ਰੁਜ਼ਗਾਰ ਕੁਟਾਉਣੇ । ਵਜਦੇ ਠੰਡੇ ਠਾਰ ਫੁਹਾਰੇ ਦੇਖਾਂਗੇ । ਨਵੇਂ ਸਾਲ ਵਿੱਚ ਹੋਣੇ ਕੀ ਕੀ ਕਾਰੇ ਦੇਖਾਂਗੇ । ਕਿੰਨੇ ਹੋਣੇ ਬੰਬ ਧਮਾਕੇ । ਕਿੰਨੇ ਬੇ- ਅਦਬੀ ਦੇ ਸਾਕੇ । ਕਿੰਨੇ ਨਸ਼ੇ ‘ਚ ਡੁੱਬਣੇ ਕਾਕੇ । ਹੋਰ ਕਿੰਨੇ ਕਿੱਸੇ ਮਾੜੇ ਦੇਖਾਂਗੇ ? ਨਵੇਂ ਸਾਲ ਵਿੱਚ ਹੋਣੇ ਕੀ ਕੀ ਕਾਰੇ ਦੇਖਾਂਗੇ । ਕਿੰਨੀ ਵਧਣੀ ਰਿਸ਼ਵਤ - ਖੋਰੀ । ਹੋਣੀ ਕੀ ਸਰਕਾਰੀ ਚੋਰੀ । ਕਿਹੜਾ ਲੰਘੂ ਕਿਹੜੀ ਮੋਰੀ । ਵਿੱਚ ਅਖਬਾਰੇ ਦੇਖਾਂਗੇ । ਨਵੇਂ ਸਾਲ ਵਿੱਚ ਹੋਣੇ ਕੀ ਕੀ ਕਾਰੇ ਦੇਖਾਂਗੇ ਮੀਡੀਆ ਕਿੰਨਾ ਵਿਕਾਊ ਹੋਣਾ । ਕੀਹਨੇ ਕੀਹਦਾ ਜੁੱਤਾ ਧੋਣਾ । ਕੁਸਲਾ ਸੱਚ ਦਾ ਰਾਹ ਵਿਖਾਉਣਾ । ਚੈੱਨਲ ਨਿਆਰੇ ਦੇਖਾਂਗੇ । ਨਵੇਂ ਸਾਲ ਵਿੱਚ ਹੋਣੇ ਕੀ ਕੀ ਕਾਰੇ ਦੇਖਾਂਗੇ ।

10. ਤੂੰ ਮੇਰੀ ਤਸਵੀਰ ਜਿਹਾ ਹੈਂ

ਤੂੰ ਮੇਰੀ ਤਸਵੀਰ ਜਿਹਾ ਹੈਂ, ਮੈਂ ਤੇਰੀ ਤਕਦੀਰ ਜਿਹਾ ਹਾਂ । ਸੱਚ ਪੁੱਛੇਂ ਤਾਂ ਤੇਰੀ ਅੱਖੋਂ, ਵਗੇ ਪਵਿੱਤਰ ਨੀਰ ਜਿਹਾ ਹਾਂ । ਤੈਨੂੰ ਕੋਈ ਕੌੜੀ ਅੱਖ ਵੇਖੇ , ਓਹਦੇ ਲਈ ਸ਼ਮਸ਼ੀਰ ਜਿਹਾ ਹਾਂ । ਤੂੰ ਮੇਰਾ ਪੁੱਤ ਜਾਨੋਂ ਪਿਆਰਾ, ਮੈਂ ਤੇਰੇ ਵੱਡੇ ਵੀਰ ਜਿਹਾ ਹਾਂ ।

11. ਮੇਰੇ ਪਿੰਡ ਦੀ ਧਰਤੀ ਤੇ

ਮੇਰੇ ਪਿੰਡ ਦੀ ਧਰਤੀ ਤੇ ਤੇਰਾ ਅਜਬ ਟਿਕਾਣਾ ਏ । ਤੂੰ ਵਗਦੇ ਰਹਿਣਾ ਏ, ਤੇ ਮੈਂ ਵਗ ਜਾਣਾ ਏ । ਤੇਰੀ ਰਹਿਮਤ ਮੇਰੇ ਤੇ , ਆਸ਼ਕ ਤੇਰੇ ਰਾਹਾਂ ਦਾ । ਤੂੰ ਅੰਨ ਦਾ ਦਰਿਆ ਏਂ, ਤੇ ਸਾਗਰ ਸਾਹਾਂ ਦਾ । ਤੂੰ ਝੁਰਮਟ ਰੁੱਖਾਂ ਦੀ ਕੋਇਲ ਦਾ ਗਾਣਾ ਏਂ । ਤੂੰ ਵਗਦੇ ਰਹਿਣਾ ਏ ਤੇ ਮੈਂ ਵਗ ਜਾਣਾ ਏ । ਤੂੰ ਮਾਲਕ ਖ਼ਲਕਤ ਦੀ ਤੇ ਜੀਵਨ ਦੀ ਧਾਰਾ । ਤੇਰੇ ਨਾਲ ਇਸ਼ਕ ਐਨਾ, ਬਣਜਾਂ ਤੇਰਾ ਕਿਨਾਰਾ । ਤੈਨੂੰ ਨਮਸਕਾਰ ਕਰਦਾ, ਸਭ ਰਾਜਾ-ਰਾਣਾ ਏ । ਤੂੰ ਅਮਰ ਸਦੀਵੀ ਏਂ, ਮੇਰਾ ਤੁੱਛ ਟਿਕਾਣਾ ਏਂ। ਤੂੰ ਵਗਦੀ ਰਈਂ ਅੜੀਏ, ਕੁਸਲੇ ਵਗ ਜਾਣਾ ਏ ।