Punjabi Poetry : Dr Harbhajan Singh

ਪੰਜਾਬੀ ਕਵਿਤਾਵਾਂ : ਡਾ. ਹਰਿਭਜਨ ਸਿੰਘ


1. ਮਾਂ

ਮਾਂ ਬੋਲੀ ਵੀ, ਮਾਂ ਦੇਸ ਵੀ ਹੈ ਮਾਂ ਆਪਣੇ ਦੇਸ ਦਾ ਵੇਸ ਵੀ ਹੈ ਮਾਂ ਧਰਮ ਧਰਮ ਤੋਂ ਪਾਰ ਵੀ ਹੈ ਇਕਰਾਰ ਲਈ ਇਨਕਾਰ ਵੀ ਹੈ ਛਾਂ ਗੂੜ੍ਹੀ ਜਗ ਦੀ ਖ਼ੈਰ ਵੀ ਹੈ ਮਾਂ ਤੱਤੀ ਤਲਖ਼ ਦੁਪਿਹਰ ਵੀ ਹੈ ਇਸ ਕਰਾਮਾਤ ਨੂੰ ਸਮਝ ਜ਼ਰਾ ਮਾਂ ਹਾਜ਼ਰ ਨਾਜ਼ਰ ਆਪ ਖ਼ੁਦਾ

2. ਤੂੰ ਤੁਰਿਓਂ ਸੂਰਜ ਅਸਤਿਆ

ਤੂੰ ਤੁਰਿਓਂ ਸੂਰਜ ਅਸਤਿਆ ਕੋਈ ਗਿਆ ਹਨੇਰੇ ਡੋਲ੍ਹ ਅਸਾਂ ਤਕਵਾ ਲੈ ਕੇ ਇਸ਼ਕ ਦਾ ਕੁੱਲ ਕਾਲਖ ਦਿੱਤੀ ਫੋਲ ਅਸਾਂ ਦੀਵੇ ਬਾਲੀ ਚਾਨਣੀ ਵਿੱਚ ਘਉਂ ਕੇ ਮਹਿਕਾਂ ਸੋਲ੍ਹ ਅਸਾਂ ਲੂੰ ਲੂੰ ਗੀਤ ਜਗਾਇਆ ਜਿਦ੍ਹੇ ਕਿਸਮਤ ਵਰਗੇ ਬੋਲ ਔਹ ਤਾਰੇ ਸਾਡੀ ਮੁੱਠ ਵਿੱਚ ਅਹਿ ਦੀਵੇ ਸਾਡੀ ਝੋਲ ਕੁੱਲ ਕਿਸਮਤ ਸਾਡੇ ਵੱਲ ਵੇ ਇੱਕ ਤੂੰ ਨਾ ਸਾਡੇ ਕੋਲ

3. ਵੇ ਮੈਂ ਭਰੀ ਸੁਗੰਧੀਆਂ ਪੌਣ

ਵੇ ਮੈਂ ਭਰੀ ਸੁਗੰਧੀਆਂ ਪੌਣ, ਸਜਨ ਤੇਰੇ ਬੂਹੇ ਵੇ ਤੂੰ ਇਕ ਵਾਰੀ ਤੱਕ ਲੈ ਕੌਣ, ਸਜਨ ਤੇਰੇ ਬੂਹੇ ਮੇਰੀ ਕੱਚੜੀ ਪਹਿਲ ਵਰੇਸ ਸੰਗ ਤੇਰਾ ਚਾਹੇ ਮੇਰੇ ਸੁੱਚੜੇ ਸੁੱਚੜੇ ਅੰਗ ਕੇਸ ਅਣਵਾਹੇ ਹਿੱਕ ਧੁਖੇ ਪਹਿਲੜੀ ਰੀਝ ਵੇਸ ਮੇਰੇ ਸੂਹੇ ਮੇਰੀ ਸੁਫ਼ਨੇ-ਵਰਗੀ ਜਿੰਦ ਆਸ-ਜਿਹੀ ਸੋਹਣੀ ਵੇ ਮੈਂ ਉਹ ਸਰ ਆਈ ਨ੍ਹਾ ਨਾਉਂ ਜਿਹਦਾ ਹੋਣੀ ਮੈਨੂੰ ਭਲਕੇ ਦੀ ਪਰਭਾਤ ਸਜਨ ਅਜ ਛੂਹੇ ਮੈਂ ਖੜੀ ਸਜਨ ਤੇਰੇ ਦੁਆਰ ਝੋਲ ਤਕਦੀਰਾਂ ਮੇਰੀ ਰੁਸ ਨਾ ਜਾਏ ਸੁਗੰਧ ਉਡੀਕ ਅਖੀਰਾਂ ਕਹੀ ਤੱਤੜੀ ਤੱਤੜੀ 'ਵਾ ਮੇਰਾ ਤਨ ਲੂਹੇ ਵੇ ਮੈਂ ਭਰੀ ਸੁਗੰਧੀਆਂ ਪੌਣ ਸਜਨ ਤੇਰੇ ਬੂਹੇ ਵੇ ਤੂੰ ਇਕ ਵਾਰੀ ਤੱਕ ਲੈ ਕੌਣ ਸਜਨ ਤੇਰੇ ਬੂਹੇ ('ਅਧਰੈਣੀ' ਵਿੱਚੋਂ)

4. ਅਸੀਂ ਤਾਂ ਜਿੰਦੀਏ ਦੋ ਮਿੱਟੀਆਂ ਹਾਂ

ਅਸੀਂ ਤਾਂ ਜਿੰਦੀਏ ਦੋ ਮਿੱਟੀਆਂ ਹਾਂ ਪਹਿਲੀ ਵਾਰ ਆਣ ਮਿਲੇ ਹਾਂ ਭਲਕੇ ਫੇਰ ਮਿਲਾਂਗੇ ਇਸ ਦਾ ਪਤਾ ਨਹੀਂ ਹੈ ਰਾਤ ਪਈ ਹੈ ਤਾਰੇ ਤਾਰੇ ਇਕ ਦੂਜੇ ਦੇ ਕੋਲ ਨੇ ਢੁਕੇ ਇਸ ਵੇਲੇ ਇਤਿਹਾਸ ਨ ਪੜ੍ਹੀਏ ਲੱਖ ਤਾਰਿਆਂ ਵਿਚੇ ਮੈਂ ਤੂੰ ਤਾਰਾ ਤਾਰਾ ਹੋ ਕੇ ਝਿਲਮਿਲ ਜੋਤ ਜਗਾਈਏ ਇਕ ਦੂਜੇ ਦੀ ਮਿੱਟੀ ਵਿਚੋ ਮਹਿਕ ਉਗਾਈਏ ਤੇ ਤੁਰ ਜਾਈਏ ਮੈਂ ਤੇਰੇ ਇਤਿਹਾਸ ਤੋਂ ਮਿਤੀਏ ਕੀ ਲੈਣਾ ਏ ਤੇ ਮੇਰੇ ਇਤਿਹਾਸ ਤੋਂ ਤੈਨੂੰ ਕੀ ਮਿਲਣਾ ਏਂ !

5. ਮਰਦਾਨਾ ਬੋਲਦਾ ਹੈ

ਮੇਰਾ ਨਾਨਕ ਇੱਕਲਾ ਰਹਿ ਗਿਆ ਹੈ ਬਹੁਤ ਦਿਨ ਬੀਤ ਗਏ ਸੰਗਤ ’ਚ ਮਰਦਾਨਾ ਨਹੀਂ ਆਇਆ ਮਰਦਾਨਾ ਗੁਰੂ ਦਾ ਯਾਰ ਸੀ ਉਹਦੇ ਸਦਕਾ ਗੁਰੂ ਦੇ ਆਸੇ-ਪਾਸੇ ਦੋਸਤੀ ਦੀ ਮਹਿਕ ਸੀ ਜਦੋਂ ਰੱਬਾਬ ਚੋਂ ਸਰਗਮ ਉਦੈ ਹੁੰਦੀ ਗੁਰੂ ਦੇ ਬੋਲ ਸਵੇਰੀ ਪੌਣ ਵਾਂਗੂੰ ਜਾਗਦੇ ਸਨ ਅਜ ਵੀ ਸੰਗਤ ’ਚ ਗੁਰੂ ਦੇ ਬੋਲ ਨੇ ਪਰ ਸੁਰ ਨਹੀਂ ਹੈ ਗੁਰੂ ਦਾ ਸ਼ਬਦ ਹੈ ਪਰ ਅਰਥ ਗੁੰਮ ਹੋ ਗਿਆ ਹੈ ਕੀਰਤਨ ਦੀ ਭੀੜ ਹੈ ਸੰਗੀਤ ਦਾ ਚਿਹਰਾ ਨਹੀਂ ਦਿਸਦਾ ਕਿਸੇ ਖੂੰਜੇ ’ਚ ਗੁੰਮ-ਸੁਮ ਚੁੱਪ ਪਈ ਰੱਬਾਬ ਕਈ ਸਾਲਾਂ ਤੋਂ ਇਸ ਦੀ ਤਾਰ ਚੋਂ ਝਨਕਾਰ ਨਹੀਂ ਜਾਗੀ ਕਿਸੇ ਆਸ਼ਕ ਦੀ ਮਹਿਰਮ ਛੋਹ ਬਿਨਾਂ ਸਾਜ਼ ’ਚੋਂ ਸੁਰਤਾਲ ਦਾ ਜਾਦੂ ਨਹੀਂ ਉਗਦਾ ਕੋਈ ਜਾਵੋ ਲਿਆਵੋ ਸਾਜ਼ ਦੇ ਮਹਿਰਮ ਨੂੰ ਪਾਰੋਂ ਮੋੜ ਕੇ ਕਿਸੇ ਵੀ ਸਾਜ਼ ਬਿਨ ਆਵਾਜ਼ ਦਾ ਕੁਝ ਭੇਤ ਨਹੀਂ ਪਾਇਆ ਮੇਰਾ ਨਾਨਕ ਇੱਕਲਾ ਰਹਿ ਗਿਆ ਹੈ ਬਹੁਤ ਦਿਨ ਬੀਤ ਗਏ ਸੰਗਤ ’ਚ ਮਰਦਾਨਾ ਨਹੀਂ ਆਇਆ ਕਦੀ ਬਚਪਨ ’ਚ, ਆਪਣੇ ਘਰ ਮੈਂ ਇਕ ਤਸਵੀਰ ਵੇਖੀ ਸੀ ਗੁਰੂ ਨਾਨਕ ਦੇ ਲਾਗੇ ਯਾਰ ਮਰਦਾਨਾ ਰਬਾਬੀ ਸੀ ਮੈਨੂੰ ਤਸਵੀਰ ’ਚ ਦੁਨੀਆਂ ਦਾ ਸਾਰਾ ਅਰਥ ਦਿਸਦਾ ਸੀ ਇਹ ਦੁਨੀਆਂ ਸੀ- ਮੇਰੇ ਬਚਪਨ ਜਿਹੀ ਸਾਦਾ ਕਿਸੇ ਮਿੱਤਰ ਜਿਹੀ ਨਿਰਛਲ ਅਚਨਚੇਤੇ ਕਿਸੇ ਨਿਰਮੋਹ ਨੇ ਮਰਦਾਨੇ ਨੂੰ ਤਸਵੀਰੋਂ ਅਲਗ ਕੀਤਾ ਯਾ ਕਿ ਮਰਦਾਨਾ ਹੀ ਆਪੇ ਦੌੜ ਕੇ ਤਸਵੀਰ ਵਿਚੋਂ ਨਿਕਲ ਤੁਰਿਆ ਹੁਣ ਜਦੋਂ ਤਸਵੀਰ ਨੂੰ ਤੱਕਦਾ ਹਾਂ ਜ਼ਿੰਦਗੀ ਦਾ ਨਿੱਘ ਤਨ ’ਚੋਂ ਖਿਸਕ ਜਾਂਦਾ ਹੈ ਸੁਲਗਦੀ ਦੇਹੀ ’ਚੋਂ ਚਾਨਣ ਜਲਾਵਤਨ ਹੁੰਦੈ ਦੋਸਤੀ ਵਕਤੀ ਜ਼ਰੂਰਤ ਤੋਂ ਸਿਵਾ ਕੁਝ ਵੀ ਨਹੀਂ, ਸ਼ਾਇਦ ਸ਼ਾਇਰੀ ਸੰਗੀਤ ਦਾ ਰਿਸ਼ਤਾ ਵੀ ਮਨ ਦਾ ਵਹਿਮ ਹੈ ਜਿਸਨੂੰ ਚਾਨਣ ਸਮਝ ਆਪਣਾ ਕਿਹਾ ਨਿਕਲੀ ਉਹੋ ਛਾਇਆ ਮੇਰਾ ਨਾਨਕ ਇੱਕਲਾ ਰਹਿ ਗਿਆ ਹੈ ਬਹੁਤ ਦਿਨ ਬੀਤ ਗਏ ਸੰਗਤ ’ਚ ਮਰਦਾਨਾ ਨਹੀਂ ਆਇਆ ਦੂਰ ਮਰਦਾਨੇ ਦੀ ਨਗਰੀ ’ਚੋਂ ਕਦੇ ਆਵਾਜ਼ ਆਉਂਦੀ ਏ: ਮੈਂ ਆਪਣੇ ਸ਼ਹਿਰ ਵਿਚ ਕੱਲਾ ਮੈਨੂੰ ਨਾਨਕ ਨਹੀਂ ਮਿਲਦਾ ਜਿਸ ਜਗ੍ਹਾ ਨਾਨਕ ਕਦੀ ਮੱਝੀਂ ਚਰਾਈਆਂ ਸਨ ਉਸ ਥਾਵੇਂ ਆਦਮੀ ਦੀ ਫ਼ਸਲ ਸਾਰੀ ਉਜੜ ਚੁੱਕੀ ਹੈ ਕੌਣ ਇਸ ਖੇਤੀ ਨੂੰ ਮੁੜ ਹਰਿਆਂ ਕਰੇ ? ਜਿਸ ਜਗ੍ਹਾ ਨਾਨਕ ਮੇਰੇ ਦੀਆਂ ਯਾਦਗਾਰਾਂ ਨੇ ਉਸ ਥਾਵੇਂ ਕੌਣ ਉਸ ਨੂੰ ਯਾਦ ਕਰਦਾ ਹੈ ? ਮੇਰੇ ਸੰਗੀਤ ਦੇ ਸੁਰ ਬੇਸੁਰੇ ਨੇ ਮੈਂ ਆਪਣੇ ਸਫ਼ਰ ’ਚ ਹਰ ਥਾਂ ਬੇਤਾਲਾ ਹਾਂ ਸਫ਼ਰ ਨੂੰ ਮੰਜ਼ਿਲ ਨਹੀਂ ਪਿਆਸ ਲਈ ਪਾਣੀ ਨਹੀਂ ਮੈਂ ਆਪਣੇ ਯਾਰ ਦੀ ਨਗਰੀ ’ਚ ਬੇਯਾਰ ਫਿਰਦਾ ਹਾਂ ਭਟਕਣਾ ਦੇ ਦੇਸ ਵਿਚ ਅਕ-ਕਕੜੀਆਂ ਨੂੰ ਕੌਣ ਅਜ ਮਿੱਠਾ ਕਰੇ ? ਕੋਈ ਆਖੋ ਮੇਰੇ ਨਾਨਕ ਨੂੰ ਮੇਰੇ ਸ਼ਹਿਰ ਆਵੇ, ਆਪਣੇ ਸ਼ਹਿਰ ਆਵੇ ਕੋਈ ਆਖੋ ਮੈਨੂੰ ਮੱਕੇ ਉਦਾਸੀ ਫੇਰ ਲੈ ਜਾਵੇ ਕਿ ਮੈਂ ਤਈਆਰ ਹਾਂ ਮੁੜ ਦੋਸਤੀ ਦੇ ਸਫ਼ਰ ਤੇ ਤੁਰ ਜਾਣ ਲਈ ਸਿਰਫ਼ ਤਸਵੀਰ ਵਿਚ ਬਹਿ ਜਾਣ ਦਾ ਮੌਕਾ ਨਹੀਂ ਆਇਆ ਮੇਰਾ ਨਾਨਕ ਇੱਕਲਾ ਰਹਿ ਗਿਆ ਹੈ ਬਹੁਤ ਦਿਨ ਬੀਤ ਗਏ ਸੰਗਤ ’ਚ ਮਰਦਾਨਾ ਨਹੀਂ ਆਇਆ

6. ਮਿੱਟੀ ਕਹੇ ਘੁਮਾਰ ਨੂੰ

ਮਿੱਟੀ ਕਹੇ ਘੁਮਾਰ ਨੂੰ ਮੈਨੂੰ ਘੜਾ ਬਣਾ ਪਾਣੀ ਗੋਦ ਖਿਡਾਉਣ ਲਈ ਮੇਰੇ ਮਨ ਵਿਚ ਚਾਅ ਮਿੱਟੀ ਕਹੇ ਘੁਮਾਰ ਨੂੰ ਆਟੇ ਵਾਂਗੂ ਗੁੰਨ੍ਹ ਕਿਸੇ ਜੋਗੜੀ ਹੋ ਸਕਾਂ ਭਾਵੇਂ ਆਵੇ ਭੁੰਨ ਮਿੱਟੀ ਆਖੇ ਬੱਦਲਾ ਵਾਛੜ ਮੀਂਹ ਵਰ੍ਹਾ ਮੇਰੇ ਮਨ ’ਚੋਂ ਫੁਟ ਪਉ ਬਣ ਕੇ ਹਰਿਆ ਘਾਹ ਚੀਰ ਕੇ ਮੈਨੂੰ ਲੰਘ ਜਾ ਤੂੰ ਅਥਰਾ ਦਰਿਆ ਸੱਲ ਵਡੇਰੇ ਮੈਂ ਜਰਾਂ ਤੂੰ ਨਿਕੜੀ ਪਿਆਸ ਬੁਝਾ ਮਿੱਟੀ ਕਹੇ ਕੁਹਾੜੀਏ ਡੂੰਘੇ ਟੱਕ ਨਾ ਪਾ ਅੰਦਰ ਸੁਤੇ ਦੋ ਜਣੇ ਸੁਪਨੇ ਸੇਜ ਵਿਛਾ ਮਿੱਟੀ ਆਖੇ ਮਿੱਟੀਏ ਆ ਮੇਰੇ ਤਕ ਆ ਮੈਂ ਪਿੰਜਰ ਬਣ ਜਾਂਹਗੀ ਤੂੰ ਬਣ ਜਾਵੀਂ ਸਾਹ

7. ਧਰਤੀ ਦੇ ਹੇਠਾਂ

ਧਰਤੀ ਦੇ ਹੇਠਾਂ ਧੌਲ ਹੈ ਧਰਮ ਹੈ ਇਕ ਮੇਰੀ ਧੀ ਹੈ ਧਰਤੀ ਤਾਂ ਬੋਝ ਹੈ ਦੁਖ ਹੈ ਕੋਝ ਹੈ ਸਹਿੰਦੀ ਹੈ ਧੀ ਪਰ ਕਹਿੰਦੀ ਨਾ ਸੀ ਹੈ ਧੌਲ ਵੀ ਥਕਿਆ ਥਕ ਕੇ ਬਹਿ ਗਿਆ ਧਰਮ ਵੀ ਹਾਰਿਆ ਪੰਖ ਲਾ ਉਡਰਿਆ ਧੀਆਂ ਨੂੰ ਥੱਕਣ ਦੀ ਪੰਖ ਲਾ ਉੱਡਣ ਦੀ ਜਾਚ ਹੀ ਨਹੀਂ ਹੈ ਚਤਰਮੁਖ ਬ੍ਰਹਮਾ ਨੇ ਦੁਖ ਸਾਜੇ ਸਹਿਸਭੁਜ ਉਹਨਾਂ ਸੰਗ ਲੜਨ ਲਈ ਦੇਵੀ ਅਸ਼ਟਭੁਜੀ ਹੈ ਪਰ ਧੀ ਤਾਂ ਹੈ ਮਨੁੱਖ ਉਹ ਵੀ ਅੱਧੀ ਮਸਾਂ ਪੌਣੀ ਦੁੱਖਾਂ ਸੰਗ ਲੜਦੀ ਨਹੀਂ ਦੁੱਖ ਚੁੱਕਦੀ ਹੈ ਧਰਤੀ ਦੇ ਹੇਠਾਂ ਧੌਲ ਸੀ ਧਰਮ ਸੀ ਹੁਣ ਮੇਰੀ ਧੀ ਹੈ

8. ਕਿੱਥੇ ਗਈਆਂ ਭੈਣਾਂ

ਕਿੱਥੇ ਗਈਆਂ ਭੈਣਾਂ ਕਿੱਥੇ ਗਈਆਂ ਮਾਵਾਂ ? ਥਲ ਵਿੱਚ ਸੱਸੀਆਂ, ਝਲ ਵਿੱਚ ਹੀਰਾਂ ਸੋਹਣੀਆਂ ਪਈਆਂ ਵਿੱਚ ਦਰਿਆਵਾਂ ਕਿੱਥੇ ਗਈਆਂ ਗਲੀਆਂ ਉਹ ਭਲੀਆਂ ਭਲੀਆਂ ਜਿਸ ਘਰ ਚਾਹਾਂ ਆਵਾਂ ਜਾਵਾਂ ਹਰ ਇੱਕ ਘਰ ਦੀ ਖਾਸ ਨਿਸ਼ਾਨੀ ਹਰ ਇੱਕ ਜੀ ਦਾ ਅਪਣਾ ਨਾਵਾਂ ਹੁਣ ਤਾਂ ਇੱਕੋ ਜਹੀਆਂ ਸਜੀਆਂ ਨੇ ਸ਼ਕਲਾਂ ਪਤਾ ਨ ਕਿਹੜੇ ਨਾਉਂ ਬੁਲਾਵਾਂ ਭੈਣ ਕਹਾਂ ਤਾਂ ਦੱਸਣਾ ਪੈਂਦੈ ਆਪਣੀ ਨੀਅਤ ਦਾ ਸਿਰਨਾਵਾਂ ਸਭ ਜਗ ਹੋਇਆ ਮਰਦ ਜ਼ਨਾਨੀ ਬਾਕੀ ਸਭ ਛਾਵਾਂ ਪਰਛਾਵਾਂ ਕਿੱਥੇ ਗਈਆਂ ਭੈਣਾਂ ਕਿੱਥੇ ਗਈਆਂ ਮਾਵਾਂ ?

9. ਲਖ ਬਦੀਆਂ ਬਦਨਾਮੀਆਂ ਥਾਣੀਂ

ਮਿੱਤਰਾਂ ਤੀਕਣ ਕਿਵੇਂ ਪੁਚਾਈਏ ਕਿੱਸਾ ਦਿਲ ਦਿਲਗੀਰਾਂ ਦਾ ਲਖ ਬਦੀਆਂ ਬਦਨਾਮੀਆਂ ਥਾਣੀਂ ਲੰਘਦਾ ਰਾਹ ਫ਼ਕੀਰਾਂ ਦਾ ਦਰਵੇਸ਼ਾਂ ਦੀ ਜੂਨ ਹੰਢਾਈ ਦਰ ਦਰ ਵੰਡਣ ਖੈਰ ਗਏ ਦਰਦ ਦੀ ਚੁਟਕੀ ਦੇਣੀ ਭੁਲ ਗਏ ਫਲ ਪਾਇਆ ਤਕਸੀਰਾਂ ਦਾ ਕੰਧਾਂ ਛਾਵੇਂ ਘੂਕ ਪਏ ਸਨ ਅਚਨ ਅਚਾਨਕ ਕੂਕ ਪਏ ਕਿਉਂ ਲੰਘਿਆ ਮੈਂ ਏਸ ਗਲੀ ’ਚੋਂ ਪਹਿਨ ਕੇ ਚੋਲਾ ਲੀਰਾਂ ਦਾ ਸੁਖਸਾਂਦੀ ਸਾਂ ਸ਼ੌਕ ਸ਼ੌਕ ਵਿਚ ਰੋਗ ਕੁਲਹਿਣੇ ਲਾ ਬੈਠੇ ਕਿਉਂ ਵੰਡਿਆ ਮੈਂ ਮੱਥਿਓਂ ਕਢ ਕੇ ਇਹ ਚੁੱਟਕਾ ਅਕਸੀਰਾਂ ਦਾ ਖੁਲ੍ਹੀ ਹਵਾ ਵਿਚ ਅਸਾਂ ਉਡਾਏ ਪਿੰਜਰੇ ਪਿੰਜਰੇ ਜਾ ਬੈਠੇ ਦੋਸ਼ ਉਨ੍ਹਾਂ ਤਦਬੀਰਾਂ ਦਾ ਸੀ ਯਾ ਇਨ੍ਹਾਂ ਤਕਦੀਰਾਂ ਦਾ ਇਸ ਬਗਲੀ ਵਿਚ ਉਹਨਾਂ ਖਾਤਰ ਅਜੇ ਵੀ ਜਗਮਗ ਦੀਵੇ ਨੇ ਸਾਨੂੰ ਜਿਨ੍ਹਾਂ ਬੁਝਾਉਣ ਲਈ ਸੀ ਲਾਇਆ ਜ਼ੋਰ ਅਖ਼ੀਰਾਂ ਦਾ

10. ਫੌਜਾਂ ਕੌਣ ਦੇਸ ਤੋਂ ਆਈਆਂ

(1) ਫੌਜਾਂ ਕੌਣ ਦੇਸ ਤੋਂ ਆਈਆਂ ? ਕਿਹੜੇ ਦੇਸ ਤੋਂ ਕਹਿਰ ਲਿਆਈਆਂ, ਕਿੱਥੋਂ ਜ਼ਹਿਰ ਲਿਆਈਆਂ ਕਿਸ ਫਨੀਅਰ ਦੀ ਫੂਕ ਕਿ ਜਿਸ ਨੇ ਪੱਕੀਆਂ ਕੰਧਾਂ ਢਾਹੀਆਂ ਸੱਚ ਸਰੋਵਰ ਡੱਸਿਆ ਅੱਗਾਂ ਪੱਥਰਾਂ ਵਿਚ ਲਾਈਆਂ ਹਰਿ ਕੇ ਮੰਦਰ ਵਿਹੁ ਦੀਆਂ ਨਦੀਆਂ ਬੁੱਕਾਂ ਭਰ ਵਰਤਾਈਆਂ ਫੌਜਾਂ ਕੌਣ ਦੇਸ ਤੋਂ ਆਈਆਂ? (2) ਸਿਮਰਨ ਬਾਝੋਂ ਜਾਪ ਰਿਹਾ ਸੀ ਅਹਿਲੇ ਜਨਮ ਗਵਾਇਆ ਕਰ ਮਤਾ ਹੈ ਆਖਰ ਉਮਰੇ ਇਸ ਕਾਫਰ ਰੱਬ ਨੂੰ ਧਿਆਇਆ। ਦਿੱਲੀ ਨੇ ਜਦ ਅੰਮ੍ਰਿਤਸਰ ’ਤੇ ਜਮ ਕਰ ਮੁਗਲ ਚੜ੍ਹਾਇਆ ਹੈਵਰ ਗੈਵਰ ਤੋਂ ਵੀ ਤਕੜਾ ਜਦ ਲੌਹੇਯਾਨ ਦੁੜਾਇਆ ਮੈਂ ਰੱਬ ਨੂੰ ਬਹੁਤ ਧਿਆਇਆ। ਫੌਜਾਂ ਨੇ ਜਦ ਸੋਨਕਲਸ਼ ’ਤੇ ਤੁਪਕ ਤਾਨ ਚਲਾਇਆ ਖਖੜੀ ਖਖੜੀ ਹੋ ਕੇ ਡਿੱਗਾ ਜਦ ਮੇਰੇ ਸਿਰ ਦਾ ਸਾਇਆ ਮੈਂ ਰੱਬ ਨੂੰ ਬਹੁਤ ਧਿਆਇਆ। ਸੱਚ ਤਖਤ ਜਿਨ੍ਹੇ ਢਾਇਆ ਸੀ ਉਸੇ ਜਦੋਂ ਬਣਾਇਆ ਤਾਂ ਅਪਰਾਧੀ ਦੂਣਾ ਨਿਵਦਾ ਮੈਨੂੰ ਨਜ਼ਰੀਂ ਆਇਆ ਮੈਂ ਰੱਬ ਨੂੰ ਬਹੁਤ ਧਿਆਇਆ। ਸਤਿਗੁਰ ਇਹ ਕੀ ਕਲਾ ਵਿਖਾਈ। ਤੂੰ ਕੀ ਭਾਣਾ ਵਰਤਾਇਆ ਮੈਂ ਪਾਪੀ ਦੀ ਸੋਧ ਲਈ ਤੂੰ ਆਪਣਾ ਘਰ ਢਠਾਇਆ ਮੈਂ ਰੱਬ ਨੂੰ ਬਹੁਤ ਧਿਆਇਆ। (3) ਸ਼ਾਮ ਪਈ ਤਾਂ ਸਤਿਗੁਰ ਬੈਠੇ ਇਕੋ ਦੀਵਾ ਬਾਲ ਕੇ ਪ੍ਰਕਰਮਾ ’ਚੋਂ ਜਖ਼ਮ ਬੁਲਾ ਲਏ ਸੁੱਤੇ ਹੋਏ ਉਠਾਲ ਕੇ ਜ਼ਹਿਰੀ ਰਾਤ ਗਜ਼ਬ ਦੀ ਕਾਲੀ ਕਿਤੇ ਕਿਤੇ ਕੋਈ ਤਾਰਾ ਸੀ ਭਿੰਨੜੇ ਬੋਲ ਗੁਰੂ ਜੀ ਬੋਲੇ ਚਾਨਣ ਵਿਚ ਨੁਹਾਲ ਕੇ ਅੱਜ ਦੀ ਰਾਤ ਕਿਸੇ ਨਹੀਂ ਸੌਣਾ ਹਾਲੇ ਦੂਰ ਸ਼ਹੀਦੀ ਹੈ ਅਜੇ ਤਾਂ ਸੂਰਜ ਰੌਸ਼ਨ ਕਰਨਾ ਆਪਣੇ ਹੱਥੀਂ ਬਾਲ ਕੇ ਨਾ ਕੋ ਬੈਰੀ ਨਾਹਿ ਬੇਗਾਨਾ ਸਤਿਗੁਰ ਦਾ ਸਭ ਸਦਕਾ ਹੈ (ਪਰ) ਵੇਖੋ ਜਾਬਰ ਲੈ ਨਾ ਜਾਏ ਪਰ-ਪਰਤੀਤ ਉਧਾਲ ਕੇ

11. ਕੁਝ ਕਹੀਏ

ਜਬ ਲਗ ਜਗ ਵਿਚ ਰਹੀਏ ਬੰਦਿਆ ਕੁਝ ਸੁਣੀਏ ਕੁਝ ਕਹੀਏ ਮਨ ਦੀ ਵਿਥਿਆ ਦੱਸਿਆਂ ਬਾਝੋਂ ਤਿਲ ਤਿਲ ਸੂਲਾਂ ਸਹੀਏ ਹੰਝੂ ਡੱਕਿਆਂ ਵਿਹੁ ਬਣ ਜਾਂਦੇ ਵਿਹੁ ਵਿਚ ਘੁਲਦੇ ਰਹੀਏ ਅਪਣੇ ਸਿਰ ਤੇ ਭਾਰ ਬਣੇ ਹਾਂ ਅਪਣੇ ਸਿਰ ਤੋਂ ਲਹੀਏ

12. ਕੀ ਲੈਣਾ ਏਂ ?

ਅੱਧੀ ਤੋਂ ਵੀ ਬਹੁਤੀ ਉਸ ਤੋਂ ਵੀ ਬਹੁਤੀ ਉਮਰਾ ਬੀਤ ਗਈ ਹੈ ਰੱਬ ਨੇ ਮੈਨੂੰ ਤੇ ਮੈਂ ਰੱਬ ਨੂੰ ਯਾਦ ਕਦੇ ਨਹੀਂ ਕੀਤਾ ਉਸ ਨੂੰ ਪਤਾ ਨਹੀਂ ਕਿ ਮੈਂ ਹਾਂ ਮੈਨੂੰ ਪਤਾ ਨਹੀਂ ਕਿ ਉਹ ਹੈ ਕਦੀ ਕਦਾਈਂ ਭੁੱਲ ਭੁਲੇਖੇ ਇਕ ਦੂਜੇ ਨੂੰ ਮਿਲੇ ਸੜਕ ’ਤੇ ਝੂਠ ਵਾਂਗਰਾਂ ਇਕ ਦੂਜੇ ਨੂੰ ਪਿੱਠਾਂ ਦੇ ਕੇ ਲੰਘ ਜਾਵਾਂਗੇ ਰੱਬ ਨੇ ਮੈਥੋਂ ਕੀ ਲੈਣਾ ਏਂ ਤੇ ਮੈਂ ਰੱਬ ਤੋਂ ਕੀ ਲੈਣਾ ?

13. ਓਸ ਗਲੀ ’ਚੋਂ ਲੰਘ ਫ਼ਕੀਰਾ

ਓਸ ਗਲੀ ’ਚੋਂ ਲੰਘ ਫ਼ਕੀਰਾ ਜਿਥੇ ਭੌਂਕਣ ਕੁੱਤੇ ਕੁੱਤਿਆਂ ਤਾਈਂ ਮੂਲ ਨਾ ਨਿੰਦੀਏ ਕੁੱਤੇ ਸਾਥੋਂ ਉੱਤੇ ਕੁੱਤਿਆਂ ਫਕਰਾਂ ਸੰਗ ਚਿਰੋਕਾ ਹਰ ਮੌਸਮ ਹਰ ਰੁੱਤੇ ਦੁਨੀਆਂ ਸੌਂ ਗਈ ਤੇਰੀ ਖ਼ਾਤਰ ਕੁੱਤੇ ਅਜੇ ਨਾ ਸੁੱਤੇ ਸਾਥੋਂ ਉੱਤੇ ਚਲ ’ਕੱਲਿਆ ਤੈਨੂੰ ਕਿਸੇ ਨਾ ਖੱਲਿਆ ਲੋਕੀਂ ਤਾਂ ਐਸ਼ ਵਿਗੁੱਤੇ ਪਿੰਡੋ ਬਾਹਰ ਛਡਣ ਆਏ ਕੁੱਤੇ ਧੂੜਾਂ ਲੁੱਤੇ ਸਾਥੋਂ ਉੱਤੇ ਜਿਸ ਮੌਲਾ ਨੇ ਕੰਬਲੀ ਦਿਤੀ ਹਥੀਂ ਤੇਰੇ ਉੱਤੇ ਓਸੇ ਮੌਲਾ ਤੇਰੇ ਪਿੱਛੇ ਲਾਏ ਕਮਲੇ ਕੁੱਤੇ ਸਾਥੋਂ ਉੱਤੇ ਓਸ ਗਲੀ ਚੋਂ ਲੰਘ ਫ਼ਕੀਰਾ ਜਿਥੇ ਭੌਂਕਣ ਕੁੱਤੇ ਕੁੱਤਿਆਂ ਤਾਈਂ ਮੂਲ ਨਾ ਨਿੰਦੀਏ ਕੁੱਤੇ ਸਾਥੋਂ ਉੱਤੇ

14. ਨੈਣ ਤਾਂ ਵਿੰਹਦੇ

ਨੈਣ ਤਾਂ ਵਿੰਹਦੇ, ਤਨ ਦੀਆਂ ਅਹੁਰਾਂ ਸਾਡੀ ਮਰਜ਼ ਬਰੀਕ ਜੋ ਤਲੀਆਂ ਵਿਚ, ਚੁੱਭਕਾਂ ਮਾਰੇ ਮੈਂ ਪੈਂਡੇ ਦੀ ਲੀਕ ਮੈਂ ਤੇਰੀ ਬੁੱਕ ਵਿਚ, ਦੋ ਘੁੱਟ ਧੁੱਪੜੀ ਕੋਸੀ ਕੋਸੀ ਡੀਕ ਚਿੰਤ-ਅਚਿੰਤੀ, ਮਿਲਖ ਤੁਹਾਡੀ ਅਸੀਂ ਰਤਾ ਨਜ਼ਦੀਕ ਤੇਰੀ ਵੇਦਨ, ਇਸ਼ਕਾਂ ਤੀਕਣ ਸਾਡੀ ਰਤਾ ਵਧੀਕ

15. ਖੂਹਾਂ ਦੀ ਗੁਫ਼ਤਗੂ

ਜਦੋਂ ਪਤੀ ਪਤਨੀ ਤੋਂ ਪਹਿਲਾਂ ਅਸੀਂ ਮਿਲੇ ਸਾਂ ਅਪਣੇ ਸ਼ਹਿਰ ਪਰਾਏ ਘਰ ਵਿਚ ਦੋ ਸੂਰਜ ਮਿਲ ਕੇ ਬੈਠੇ ਸਾਂ ਇਕ ਦੂਜੇ ਦੇ ਚਾਨਣ ਦੇ ਵਿਚ ਪਿਘਲ ਗਏ ਸਾਂ ਉਬਲ ਰਹੇ ਦਰਿਆਵਾਂ ਵਾਂਗੂੰ ਇਕ ਦੂਜੇ ਵਿਚ ਉੱਛਲ ਮਿਲੇ ਸਾਂ ਤੇਰੇ ਮੇਰੇ ਇਕ ਮੱਥੇ ਵਿਚ ਤੀਜੀ ਅੱਖ ਉਦੈ ਹੋਈ ਸੀ ਉਸ ਦਿਨ ਸਾਡਾ ਜਨਮ-ਦਿਵਸ ਸੀ ਫਿਰ ਇਕ ਦਿਨ ਤੂੰ ਮੈਨੂੰ ਭੇਜ ਸੁਨੇਹਾ ਮੈਥੋਂ ਮੇਰਾ ਸਿਰ ਮੰਗਿਆ ਸੀ ਮੈ ਦਿੱਤਾ ਸੀ (ਇਸ ਸਿਰ ਨੂੰ ਤੂੰ ਦੁਨੀਆਂ ਸਾਹਵੇਂ ਅਪਣੇ ਧੜ ਉੱਤੇ ਰਖਣਾ ਸੀ) ਡਾਲੀ ਤੇ ਦੋ ਸੂਰਜ ਬੈਠੇ ਇਕ ਨੂੰ ਆਪ ਉਡਾ ਦਿੱਤਾ ਸੀ ਇਸ ਸੰਗਮ ’ਚੋਂ ਇਕ ਦਰਿਆ ਨੂੰ ਲਞਾ ਬੁੱਚਾ ਪੁੱਟ ਲਿਆ ਸੀ ਦਰਿਆ ਸੁੰਗੜ ਕੇ ਖੂਹ ਹੋਏ ਉਸ ਦਿਨ ਕਿਸ ਦਾ ਮਰਨ-ਦਿਵਸ ਸੀ? ਉਸ ਦਿਨ ਤੋਂ ਅੱਜ ਦਿਨ ਤਕ ਦੋਵੇਂ ਸਿਵੇ ਵਾਂਗ ਤੁਰਦੇ ਫਿਰਦੇ ਹਾਂ ਅਗਨ-ਬਿਰਛ ਦੇ ਟਾਹਣਾ ਉੱਪਰ ਕਦੇ ਕੋਈ ਪੰਛੀ ਨਾ ਬੈਠਾ ਅਗਨ-ਬਿਰਛ ਦੀ ਚਾਨਣ-ਛਾਵੇਂ ਕੋਈ ਮੁਸਾਫ਼ਰ ਬੈਠ ਨਾ ਸੱਕੇ ਅੱਜ ਫਿਰ ਤੇਰਾ ਸੁਨੇਹਾ ਮਿਲਿਆ ਮੈਨੂੰ ਕੁਝ ਵੀ ਸਮਝ ਨ ਆਇਆ ਦੋ ਖੂਹਾਂ ਦੀ ਇਕ ਦੂਜੇ ਦੇ ਨਾਲ ਗੁਫ਼ਤਗੂ ਕੀਕਣ ਹੋਵੇ

16. ਮੇਰੇ ਗੀਤ ਨੂੰ ਕਹਿਣਾ

ਮੈਂ ਜਾਂ ਤੁਰਾਂ ਮੇਰੇ ਗੀਤ ਨੂੰ ਕਹਿਣਾ ਹੌਲ਼ੀ ਹੌਲ਼ੀ ਗਾਏ ਚਾਰ ਕਦਮ ਮੇਰੇ ਨਾਲ ਤੁਰੇ ਤੇ ਫਿਰ ਭਾਵੇਂ ਮੁੜ ਜਾਏ ਸਾਰੀ ਉਮਰ ਉਸ ਸਾਥ ਨਿਭਾਇਆ ਓੜਕ ਵਾਰ ਨਿਭਾਏ ਲੋਕ ਕਹੇ ਉਹ ਗੀਤਾਂ ਵਾਲਾ ਤੁਰਿਆ ਧੁਰ ਦਰਗਾਹੇ ਸਉਲੀ ਗੱਲ੍ਹ ’ਤੇ ਗੋਰਾ ਹੰਝੂ ਤੁਰਦਾ ਤਾਂ ਰੁਕ ਜਾਏ ਪੀੜ ਦੇ ਪਿੰਡੇ ਛਿਲਤਰ ਵਿਲਕੇ ਆਖੋ ਨਾ ਕੁਰਲਾਏ ਮੈਂ ਅੱਜ ਦਰਦ ਵਿਹੂਣਾ ਹੋਇਆ ਦੁਨੀਆਂ ਕਿਉਂ ਦੁਖ ਪਾਏ ਮੈਂ ਜਾਂ ਤੁਰਾਂ ਮੇਰੇ ਗੀਤ ਨੂੰ ਕਹਿਣਾ ਹੌਲ਼ੀ ਹੌਲ਼ੀ ਗਾਏ

17. ਸਤਿਗੁਰ ਮਿਹਰ ਕਰੇ

ਸਤਿਗੁਰ ਮਿਹਰ ਕਰੇ ਧੀ ਸਾਡੀ ਪਰਦੇਸੀਂ ਜਾਣਾ ਬੱਦਲ ਛਾਉਂ ਕਰੇ ਨੀਵਾਂ ਨੀਵਾਂ ਹੋ ਜਾਏ ਨਦੀਆਂ ਦਾ ਪਾਣੀ ਲੰਘੇ ਬਿਨਾਂ ਤਰੇ ਜਿੰਨ੍ਹੀਂ ਜਿੰਨ੍ਹੀਂ ਰਾਹੀਂ ਧੀ ਸਾਡੀ ਲੰਘੇ ਹੋਵਣ ਹਰੇ ਭਰੇ ਜਿਸ ਰੁਖ ਹੇਠਾਂ ਧੀ ਸਾਡੀ ਬੈਠੇ ਫਲ ਦਾ ਦਾਨ ਕਰੇ ਰਾਹ ਵਿਚ ਹੋਵਣ ਚੋਰ ਨ ਡਾਕੂ ਬੰਦੇ ਹੋਣ ਖਰੇ ਨਾ ਕੋਈ ਰਿੱਛ ਨਾ ਸ਼ੇਰ ਬਘੇਲਾ ਲੂਮੜ ਰਹਿਣ ਪਰੇ ਜੰਗਲ ਵਿਚ ਜੋ ਰਾਤ ਆ ਜਾਏ ਦੀਵਾ ਨਜ਼ਰ ਪਏ ਸੰਤ ਜਣਾਂ ਦੀ ਕੁਟੀਆ ਹੋਵੇ ਸਭ ਦੇ ਕਸ਼ਟ ਹਰੇ ਧੀਏ ਤੈਨੂੰ ਵੀਰ ਨਾ ਭੁੱਲੇ ਨਾ ਤੈਨੂੰ ਮਾਂ ਬਿਸਰੇ ਨਿਤ ਨਿਤ ਤੇਰੇ ਸਗਣ ਮਨਾਈਏ ਆਉਂਦੀ ਰਹੀਂ ਘਰੇ ਸਤਿਗੁਰ ਮਿਹਰ ਕਰੇ

18. ਰਾਤੀਂ ਤਾਰਿਆਂ ਦੇ ਨਾਲ

ਰਾਤੀਂ ਤਾਰਿਆਂ ਦੇ ਨਾਲ ਅਸੀਂ ਗਲਾਂ ਕੀਤੀਆਂ ਉਹਨਾਂ ਸੁਣੀਆਂ ਸੁਣਾਈਆਂ ਅਸਾਂ ਜੋ ਜੋ ਬੀਤੀਆਂ ਰਾਤੀਂ ਕਾਲਖਾਂ ‘ਚ ਰਾਹ ਬੇਨਿਸ਼ਾਨ ਹੋ ਗਏ ਵੇਲੇ ਤੈਂਡੜੀ ਉਡੀਕ ਦੇ ਵੀਰਾਨ ਹੋ ਗਏ ਤੂੰ ਨਾ ਆਇਓ ਚੰਨਾਂ ਤਾਰੇ ਮਿਹਰਬਾਨ ਹੋ ਗਏ ਪਾਈਆਂ ਦੁਖੀਆਂ ਨੇ ਦੁਖੀਆਂ ਦੇ ਨਾਲ ਪ੍ਰੀਤੀਆਂ ਰਾਤੀਂ ਤਾਰਿਆ ਦੇ ਨਾਲ ਅਸਾਂ ਗਲਾਂ ਕੀਤੀਆਂ ਸਾਡੀ ਗਲ ਸੁਣ ਅੰਬਰਾਂ ਦੀ ਅੱਖ ਡੁਲ੍ਹ ਗਈ ਤਾਰਾ ਟੁੱਟਾ ਓਹਦੀ ਅੱਗ ਵਾਲੀ ਗੰਢ ਖੁੱਲ੍ਹ ਗਈ ਕਹਿੰਦਾ ਨਿੱਕੀ ਜਿਹੀ ਜਿੰਦ ਤੇਰੀ ਕਿਵੇਂ ਰੁਲ ਗਈ ਕਿਵੇਂ ਮਿੱਟੀ ਤੇਰੀ ਮਹੁਰੇ ਦੀਆਂ ਬੁੱਕਾਂ ਪੀਤੀਆਂ ਰਾਤੀਂ ਤਾਰਿਆਂ ਦੇ ਨਾਲ ਅਸਾਂ ਗੱਲਾਂ ਕੀਤੀਆਂ ਸਾਡੇ ਅੰਗ ਅੰਗ ਤਾਰਿਆਂ ਨੇ ਲੋਆਂ ਗੁੰਦੀਆਂ ਹੰਝੂ ਵਾਲਿਆਂ ਨੂੰ ਲੋਆਂ ਦੀਆਂ ਲੋੜਾਂ ਹੁੰਦੀਆਂ ਲੈ ਕੇ ਅੱਗ ਅਸੀਂ ਅੱਖੀਆਂ ਨ ਕਦੇ ਮੁੰਦੀਆਂ ਹੰਝੂ ਦੇ ਕੇ ਅਸਾਂ ਚਿਣਗਾਂ ਵਿਹਾਝ ਲੀਤੀਆਂ ਰਾਤੀਂ ਤਾਰਿਆਂ ਦੇ ਨਾਲ ਅਸੀਂ ਗਲਾਂ ਕੀਤੀਆਂ

19. ਦੁਬਾਰਾ ਆਵਾਂ

ਮਾਣਸ ਜਨਮ ਦੁਬਾਰਾ ਪਾਵਾਂ ਏਸ ਹੀ ਦੇਸ ਪੰਜਾਬ ’ਚ ਆਵਾਂ ਵੱਢੀ-ਟੁੱਕੀ ਧਰਤੀ ਤੇ ਵੱਢੇ-ਟੁੱਕੇ ਘਰ ਵਿੱਚ ਵੱਢੀ-ਟੁੱਕੀ ਜਾਤ ਦਾ ਮੈਂ ਅਖਵਾਵਾਂ ਬਿਰਛ ਨਿਪਤਰੇ ਤੇ ਪੰਛੀ ਚੰਦਰਾ ਉਹੀਓ ਗੀਤ ਵਿਗੋਚੇ ਦੇ ਗਾਵਾਂ ਮਸਿਆ ਦਿਹਾੜੇ ਹਰਿ-ਸਰ ਜਾਵਾਂ ਪੁੰਨਿਆਂ ਨੂੰ ਇਸ਼ਕ-ਝਨਾਂ ਵਿੱਚ ਨ੍ਹਾਵਾਂ

20. ਰਾਮਾ ਨਹੀਂ ਮੁੱਕਦੀ ਫੁਲਕਾਰੀ

ਮੈਂ ਕਰ ਕਰ ਜਤਨਾਂ ਹਾਰੀ, ਰਾਮਾ, ਨਹੀਂ ਮੁੱਕਦੀ ਫੁਲਕਾਰੀ । ਲੈ ਕੇ ਅਜਬ ਸੁਗਾਤਾਂ, ਸੈ ਰੁੱਤ ਮਹੀਨੇ ਆਏ, ਕਰ ਉਮਰ ਦੀ ਪਰਦੱਖਣਾ ਸਭ ਤੁਰ ਗਏ ਭਰੇ ਭਰਾਏ, ਸਾਨੂੰ ਕੱਜਣ ਮੂਲ ਨਾ ਜੁੜਿਆ, ਸਾਡੀ ਲੱਜਿਆ ਨੇ ਝਾਤ ਨਾ ਮਾਰੀ, ਰਾਮਾ ਨਹੀਂ ਮੁੱਕਦੀ ਫੁਲਕਾਰੀ । ਜਿੰਦ ਨਿੱਕੜੀ ਤੇ ਹਾੜ੍ਹ ਮਹੀਨਾ, ਤਨ ਤਪੇ ਪਸੀਨਾ ਚੋਏ, ਅਸਾਂ ਮਹਿੰਗੇ ਮੁੱਲ ਦੇ ਮੋਤੀ, ਇੰਝ ਪਤਲੀ ਦੇ ਪੱਟ ਪਰੋਏ, ਇੰਝ ਮਿਹਨਤ ਦੇ ਵਿਚ ਬੀਤੀ ਸਾਡੀ ਖੇਡਣ ਦੀ ਰੁੱਤ ਸਾਰੀ, ਰਾਮਾ ਨਹੀਂ ਮੁੱਕਦੀ ਫੁਲਕਾਰੀ ।

21. ਮਾਏ ਨੀ ਕਿ ਅੰਬਰਾਂ 'ਚ ਰਹਿਣ ਵਾਲੀਏ

ਮਾਏ ਨੀ, ਕਿ ਅੰਬਰਾਂ 'ਚ ਰਹਿਣ ਵਾਲੀਏ ਸਾਨੂੰ ਚੰਨ ਦੀ ਗਰਾਹੀ ਦੇ ਦੇ ਮਾਏ ਨੀ, ਕਿ ਅੰਬਰਾਂ 'ਚ ਰਹਿਣ ਵਾਲੀਏ ਸਾਡੇ ਲਿਖ ਦੇ ਨਸੀਬੀਂ ਤਾਰੇ ਮਾਏ ਨੀ, ਜੇ ਪੁੱਤ ਨੂੰ ਜਗਾਇਆ ਨੀਂਦ ਤੋਂ ਚੰਨ ਖੋਰ ਕੇ ਪਿਆਦੇ ਛੰਨਾ ਦੁਧ ਦਾ ਮਾਏ ਨੀ, ਕਿ ਸੂਈ 'ਚ ਪਰੋ ਕੇ ਚਾਨਣੀ ਸਾਡੇ ਗੰਢ ਦੇ ਨਸੀਬ ਲੰਗਾਰੇ ਮਾਏ ਨੀ, ਕਿ ਪੁੱਤ ਤੇਰਾ ਡੌਰ - ਬੌਰੀਆ ਚੰਨ ਮੰਗਦਾ ਨ ਕੁਝ ਸ਼ਰਮਾਵੇ ।

22. ਸੜਕ ਦੇ ਸਫ਼ੇ ਉੱਤੇ

ਸੜਕ ਦੇ ਸਫ਼ੇ ਉੱਤੇ ਇੱਕ ਖ਼ਤ ਮੈਂ ਤੇਰੇ ਨਾਮ ਲਿਖ ਕੇ ਖੰਭੇ ਤੇ ਟੰਗ ਦਿੱਤਾ ਹੈ ਤਾਂ ਕਿ ਤੂੰ ਪੜ੍ਹ ਲਵੇਂ ਸੜਕ ਦੇ ਸਫ਼ੇ ਉੱਤੇ ਜੋ ਖ਼ਤ ਵੀ ਲਿਖਿਆ ਜਾਂਦਾ ਹੈ ਤਹਿ ਕਰਕੇ ਜੇਬ ਵਿਚ ਨਹੀਂ ਰਖਿਆ ਜਾ ਸਕਦਾ ਖ਼ਤ ਕੋਈ ਈਸਾ ਨਹੀਂ ਕਿ ਸ਼ੌਂਕੀਆ ਸਲੀਬ ਤੇ ਲਟਕ ਜਾਵੇ ਹਰ ਸਲੀਬ ਸਥਾਪਤੀ ਹੈ ਇਸ ਤੇ ਜੋ ਵੀ ਚੜ੍ਹਦਾ ਹੈ ਬੌਣਾ ਹੋ ਜਾਂਦਾ ਹੈ ਖੰਭਾ ਚੰਗਾ ਹਰਕਾਰਾ ਇਸ ਰਾਹੀਂ ਡਾਕ ਸਹਿਜੇ ਹੀ ਪਹੁੰਚ ਜਾਂਦੀ ਹੈ ਤੇ ਫੌਰਨ ਪੜ੍ਹੀ ਜਾਂਦੀ ਹੈ

23. ਸਾਹਿਬ ਦੇ ਆਏ ਫੁਰਮਾਨ

ਸਾਹਿਬ ਦੇ ਆਏ ਫੁਰਮਾਨ ਮੇਰੀਏ ਜਿੰਦੇ ਤੂੰ ਲੈ ਪਹਿਚਾਣ ਡੂੰਘੀਆਂ ਸ਼ਾਮਾਂ ਆਏ ਸੁਨੇਹੇ ਬਿਨ ਬੋਲੇ ਸਮਝਾਣ ਸੇਜ ਸਾਹਿਬ ਦੀ ਤੇਰੇ ਜੋਗੀ ਦਿਉਤੇ ਪਏ ਵਿਛਾਣ ਪਿਆਰ ਦੀ ਗਲੀਏ ਤੁਰ ਪਓ ਭਲੀਏ ਇਸ਼ਕ ਤੇਰਾ ਪਰਵਾਨ ਲਾਹ ਸੁੱਟ ਲੀੜੇ ਚੂੜੇ ਬੀੜੇ ਨਾਲ ਨ ਲੈ ਸਮਿਆਨ ਸਾਹਿਬ ਦੇ ਕਦਮਾਂ ਤੇ ਧਰ ਦੇ ਕੱਲਮੁਕੱਲੀ ਜਾਨ

24. ਸੌਂ ਜਾ ਮੇਰੇ ਮਾਲਕਾ

ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ ਵੇ ਕਾਲਖਾਂ ਚ ਤਾਰਿਆਂ ਦੀ ਡੁੱਬ ਗਈ ਸਵੇਰ। ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ ਵੇ ਖਿੰਡ ਗਈਆਂ ਮਹਿਫਲਾਂ ਤੇ ਛਾ ਗਈ ਉਜਾੜ। ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ। ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ, ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ। ਵੇ ਜ਼ਿੰਦਗੀ ਬੇਹੋਸ਼ ਤੇ ਖ਼ਾਮੋਸ਼ ਕਾਇਨਾਤ ਵਿਹਲਾ ਹੋਕੇ ਸੌਂ ਗਿਆ ਐ ਲੋਹਾ ਇਸਪਾਤ। ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨਾ ਕੇਰ, ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ। ਹਮੇਸ਼ ਨਹੀਂ ਮਨੁੱਖ ਤੇ ਕੁੱਦਣਾ ਜਨੂੰਨ ਹਮੇਸ਼ ਨਹੀਂ ਡੁੱਲਣਾ ਜ਼ਮੀਨ ਉੱਤੇ ਖ਼ੂਨ। ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਗ ਰਾਤ ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ।

25. ਨਿੱਕਾ ਜਿਹਾ ਦੀਵਾ ਅੰਦਰ ਬਲਦਾ

ਨਿੱਕਾ ਜਿਹਾ ਦੀਵਾ ਅੰਦਰ ਬਲਦਾ ਬਾਹਰ ਆਉਣਾ ਚਾਹੇ ਚੁੱਪ ਦੇ ਵਿਹੜੇ ਚਾਨਣ ਚੜ੍ਹਿਆ, ਕੀਕਣ ਕੋਈ ਬੁਝਾਏ ਚੁੱਪ ਰਹਾਂ ਤਾਂ ਅੰਦਰ ਚਾਨਣ ਚੀਕੇ ਤੇ ਚਿਚਲਾਏ ਜੇ ਬੋਲਾਂ ਰਾਜਾ ਜਰਵਾਣਾ ਡਾਢੇ ਹੁਕਮ ਚੜ੍ਹਾਏ ਲੂੰਆਂ ਥਾਣੀ ਸਿੰਮਦੇ ਸਿੰਮਦੇ ਚਾਨਣ ਦੇ ਹੜ੍ਹ ਆਏ ਜਾਗ ਨੀ ਮਾਏ ਮਤੇ ਦਲੀਜੋਂ ਬਾਹਰ ਪੈਰ ਟਿਕਾਏ

26. ਤੇਰੀ ਗਲੀ ਵਣਜਾਰੇ ਆਏ

ਤੇਰੀ ਗਲੀ ਵਣਜਾਰੇ ਆਏ ਅਪਣਾ ਚਾਨਣ ਟੋਲਦੇ ਸਾਨੂੰ ਤਾਂ ਸਭ ਦੇਸ ਬਿਗਾਨੇ ਕੋਈ ਨ ਅਪਣੇ ਕੋਲ ਦੇ ਕਾਲੀ ਰਾਤ ਵਿਚ ਰਸਤੇ ਸੁੱਤੇ ਮੂੰਹੋਂ ਕੁਝ ਨਹੀਂ ਬੋਲਦੇ ਅੰਬਰ ਠੰਡੇ ਧਰਤੀ ਤੱਤੀ ਮੌਸਮ ਰੋਲ ਘਚੋਲ ਦੇ ਏਸ ਸੁਆਹ ਵਿਚ ਇਹ ਵਣਜਾਰੇ ਚਿਣਗਾਂ ਪਏ ਫਰੋਲਦੇ

27. ਉੱਗੀ ਉੱਗੀ ਨੀ ਪਾਰ ਲਵੀ ਲਵੀ ਧੁੱਪ

ਉੱਗੀ ਉੱਗੀ ਨੀ ਪਾਰ ਲਵੀ ਲਵੀ ਧੁੱਪ ਜਿਵੇਂ ਮਨ ਵਿਚ ਮਿੱਠਾ ਮਿੱਠਾ ਮੋਹ ਹਸੂੰ ਹਸੂੰ ਨੀ ਵੇਖ ਪਾਰ ਦੇ 'ਸਮਾਨ ਉਹਨਾਂ ਕਾਲਖਾਂ ਨੂੰ ਸੁੱਟਿਆ ਈ ਧੋ ਸੂਰਜੇ ਦਾ ਮੁੱਖ ਸਾਨੂੰ ਨਜ਼ਰ ਨਾ ਆਵੇ ਵਿਚ ਪਰਬਤ ਰਿਹਾ ਏ ਖਲੋ ਔਸ ਪਾਰ ਧੁੱਪੜੀ ਤੇ ਐਸ ਪਾਰ ਛਾਂ ਸਾਡੀ ਜਿੰਦੜੀ ਨੂੰ ਪੈਂਦੀ ਊ ਖੋਹ । ਏਹੋ ਦੁਖ ਨੀ ਏਸ ਤੂਤਾਂ ਦੇ ਬੂਟੜੇ ਨੂੰ ਕੋਈ ਕੋਈ ਪੱਤਾ ਪਵੇ ਰੋ ।

28. ਰਾਹ ਵਿਚ ਆਈ ਰਾਤ ਚਾਨਣੀ

ਰਾਹ ਵਿਚ ਆਈ ਰਾਤ ਚਾਨਣੀ ਪੈਰ ਨਾ ਪੁੱਟਿਆ ਜਾਏ ਕਿਸ ਵੈਰੀ ਨੇ ਪੋਟਾ ਪੋਟਾ ਭੋਂ ਤੇ ਸਿਹਰ ਵਿਛਾਏ ? ਰਾਹਾਂ ਦੇ ਵਿਚ ਚਾਨਣ ਸੁੱਤਾ ਧਰਤ ਸੁਹਾਗਣ ਹੋਈ ਵਸਲਾਂ ਵਰਗੀ ਮਿੱਟੀ ਤੇ ਅੱਜ ਕਿਹੜਾ ਪੈਰ ਟਿਕਾਏ !

29. ਬੋਲ ਸੱਜਨ ਤੇਰੇ ਮਿਠੜੇ ਮਿਠੜੇ

ਬੋਲ ਸੱਜਨ ਤੇਰੇ ਖ਼ੁਸ਼ਬੋਈਆਂ ਫੁੱਲ ਪੱਤੀਆਂ ਨੇ ਗੱਲਾਂ ਛੋਹੀਆਂ ਸਾਹ ਸਾਡੇ ਦਾ ਸੁਆਦ ਸੰਵਰਿਆ ਸਵਾਦ ਬਦਲ ਗਏ ਕੌੜੇ ਰਿਠੜੇ ਬੋਲ ਸੱਜਨ ਤੇਰੇ ਮਿਠੜੇ ਮਿਠੜੇ । ਤੈਂਡੀਆਂ ਜੀ ਸਜਨਾਂ ਗਲ-ਕੱਥੀਆਂ ਝੀਲ ਕੰਢੇ ਜਿਉਂ ਫਜਰਾਂ ਲੱਥੀਆਂ ਤੁਸੀਂ ਤਾਂ ਤੁਰ ਗਏ ਰੰਗ ਕੇ ਪਾਣੀ ਇਕ ਵਾਰੀ ਵਿਛੜੇ ਫੇਰ ਨਾ ਡਿਠੜੇ ਬੋਲ ਸੱਜਨ ਤੇਰੇ ਮਿਠੜੇ ਮਿਠੜੇ । ਬੋਲ ਤੇਰੇ ਦੇ ਅਸੀਂ ਵਿਜੋਗੀ ਬਿੜਕਾਂ ਲੈ ਲੈ ਉਮਰਾ ਭੋਗੀ ਗੀਤ ਦੀਆਂ ਲਿਸ਼ਕੋਰਾਂ ਫੜਦੇ ਕਦੀ ਨਾ ਬੈਠੇ ਹੋ ਕੇ ਨਿਠੜੇ ਬੋਲ ਸੱਜਨ ਤੇਰੇ ਮਿਠੜੇ ਮਿਠੜੇ । ਇਹ ਜੋ ਸਜਨ ਤੇਰੀ ਬਿਰ੍ਹੋਂ ਨਿਸ਼ਾਨੀ ਅਜ ਨਿਬੜੀ ਕੁਝ ਕਲ ਨਿਭ ਜਾਣੀ ਜੋ ਮਨ ਨੂੰ ਦਿਤੜੇ ਧਰਵਾਸੇ ਉਹ ਨਾ ਕਿਸੇ ਬਿਧ ਜਾਣ ਨਿਜਿੱਠੜੇ ਬੋਲ ਸੱਜਨ ਤੇਰੇ ਮਿਠੜੇ ਮਿਠੜੇ । ('ਅਧਰੈਣੀ' ਵਿੱਚੋਂ)

30. ਪਰਾਂ ਨੂੰ ਬੰਨ੍ਹ ਕੇ ਪਰਬਤ ਬੇਬਸੀ ਦਾ(ਗ਼ਜ਼ਲ)

ਪਰਾਂ ਨੂੰ ਬੰਨ੍ਹ ਕੇ ਪਰਬਤ ਬੇਬਸੀ ਦਾ ਹਵਾਵਾਂ ਨੇ ਕਿਹਾ ਪੰਛੀ ਉੜੀ ਜਾ ਕਿਸੇ ਸਾਗਰ ਦੀ ਹਿੱਕ ਚੁੰਮਣ ਤੋਂ ਪਹਿਲਾਂ, ਥਲਾਂ ਨੇ ਪੀ ਲਿਆ ਪਾਣੀ ਨਦੀ ਦਾ ਤੇਰੇ ਖੁਲ੍ਹੇ ਹੋਏ ਦਰ ਦੀ ਸ਼ਰਮ ਸੀ, ਨਹੀਂ ਅਜ਼ਾਦ ਹੋ ਜਾਂਦਾ ਕਦੀ ਦਾ ਜੇ ਫ਼ਰਸ਼ਾਂ ਨੂੰ ਨਹੀਂ ਹੈ ਅਰਸ਼ ਮਾਫ਼ਕ, ਇਹਦੇ ਵਿੱਚ ਦੋਸ਼ ਕੀ ਹੈ ਆਦਮੀ ਦਾ ਮੇਰੀ ਨੇਕੀ 'ਚ ਤਾਂ ਕੁਝ ਦਮ ਨਹੀਂ ਹੈ, ਭਰੋਸਾ ਹੈ ਮੈਨੂੰ ਤੇਰੀ ਬਦੀ ਦਾ ਸਮੁੰਦਰ ਹੁਸਨ ਦਾ ਤੂੰ ਜਾਣਦਾ ਹਾਂ, ਲੈ ਮੈਥੋਂ ਪਿਆਸ ਦਾ ਤੁਬਕਾ ਲਈ ਜਾ ਜੋ ਕਰਨਾ ਈ ਜ਼ੁਲਮ ਕਰ ਲੈ ਹੁਣੇ ਈ, ਭਰੋਸਾ ਕੀ ਹੈ ਮੇਰੀ ਜ਼ਿੰਦਗੀ ਦਾ ? ਤੇਰੇ ਬੁੱਲ੍ਹਾਂ ਨੂੰ ਮੈਂ ਚੁੰਮਦਾ ਨਹੀਂ ਹਾਂ, ਮੇਰੇ ਬੁੱਲ੍ਹਾਂ 'ਚ ਹੈ ਕਿਣਕਾ ਖੁਦੀ ਦਾ

31. ਜਦੋਂ ਤੱਕ ਦਮ 'ਚ ਦਮ ਬਾਕੀ ਰਹੇਗਾ(ਗ਼ਜ਼ਲ)

ਜਦੋਂ ਤੱਕ ਦਮ 'ਚ ਦਮ ਬਾਕੀ ਰਹੇਗਾ । ਮਿਰੇ ਨੈਣਾਂ 'ਚ ਨਮ ਬਾਕੀ ਰਹੇਗਾ । ਹੁਣੇ ਮਰ ਜਾਂ ਰਤਾ ਵਿਸ਼ਵਾਸ਼ ਹੋਵੇ, ਮਿਰੇ ਪਿਛੋਂ ਨ ਗਮ ਬਾਕੀ ਰਹੇਗਾ । ਤਿਰੇ ਹੰਝੂ ਹੁਣੇ ਆ ਪੂੰਝ ਦੇਵਾਂ, ਨਹੀਂ ਤਾਂ ਇੱਕ ਜਨਮ ਬਾਕੀ ਰਹੇਗਾ । ਮੈਂ ਖੁਸ਼ਬੋ ਹਾਂ ਨ ਮੈਨੂੰ ਤੇਗ਼ ਪੋਹੇ, ਸਦਾ ਜ਼ੁਲਫ਼ਾਂ 'ਚ ਖਮ ਬਾਕੀ ਰਹੇਗਾ । ਮਿਲੇਗੀ ਲਾਸ਼ ਮੰਜ਼ਿਲ ਕੋਲ ਮੇਰੀ, ਕੋਈ ਇੱਕ ਅਧ ਕਦਮ ਬਾਕੀ ਰਹੇਗਾ । ਤੂੰ ਲਾਸਾਂ ਪਾ ਕੇ ਮੇਰੀ ਰੂਹ ਜਗਾਈ, ਹਮੇਸ਼ਾਂ ਇਹ ਕਰਮ ਬਾਕੀ ਰਹੇਗਾ । ਜੇ ਮੈਨੂੰ ਅਰਸ਼ ਤਕ ਕੇ ਮੁਸਕਰਾ ਦੇ, ਮੈਨੂੰ ਤਾਂ ਵੀ ਭਰਮ ਬਾਕੀ ਰਹੇਗਾ ।

32. ਮੈਂ ਧਰਤੀ ਦੁਖਿਆਰੀ

ਮੈਂ ਧਰਤੀ ਦੁਖਿਆਰੀ ਵੇ ਬੰਦਿਆ ਮੈਂਡਾ ਵੀ ਕੁਝ ਖਿਆਲ ਵੇ ਇੱਕ ਕਿਣਕਾ ਜੇ ਅੱਖੀਆਂ ਨੂੰ ਚੁੰਮੇਂ ਰੋ ਰੋ ਹੋਏਂ ਬੇਹਾਲ ਵੇ ਇੱਕ ਕਿਣਕਾ ਤੈਂਡੀ ਸੇਜ ਵਿਛਾਵਾਂ ਨੀਂਦ ਨ ਬਣੇ ਭਿਆਲ ਵੇ ਇੱਕ ਕਿਣਕਾ ਤੈਂਡੇ ਸ਼ਰਬਤ ਘੋਲਾਂ ਸਭ ਕੁੱਝ ਦਏ ਉਗਾਲ ਵੇ ਕੀਕਣ ਜਰਨ ਭਲਾ ਬੁੱਲ੍ਹ ਮੈਂਡੇ ਰਤ ਤੈਂਡੀ ਦੇ ਖਾਲ ਵੇ ? ਮੈਂ ਧਰਤੀ ਦੁਖਿਆਰੀ ਵੇ ਬੰਦਿਆ ਮੈਂਡਾ ਵੀ ਕੁਝ ਖਿਆਲ ਵੇ

33. ਝਨਾਂ

ਵੀਰਾ ਰਾਹੀਆ ਜੇ ਚਲਿਐਂ ਤੂੰ ਦੇਸ ਬੰਗਾਲੇ ਇੱਕ ਦੋ ਲੜੇ ਝਨਾਂ ਸਾਡੇ ਦੇ ਲੈਂਦਾ ਜਾਈਂ ਵਰ੍ਹਿਆਂ ਤੋਂ ਅਣ-ਵਰਤੇ ਪਾਣੀ ਇਸ਼ਕ ਝਨਾਂ ਦੇ ਲੋਕਾਂ ਭਾਣੇ ਬੁੱਸ ਚੱਲੇ ਨੇ ਇਸ ਦਰਿਆ ਦੇ ਕੰਢੇ ਉੱਤੇ ਵੱਸਦੇ ਬੰਦੇ ਅਪਣੇ ਆਪ ਤੋਂ ਰੁੱਸ ਚੱਲੇ ਨੇ ਮੈਂ ਸੁਣਿਆ ਹੈ ਦੇਸ ਬੰਗਾਲੇ ਥਾਣੀਂ ਸਾਡੇ ਲੋਕੀਂ ਲੰਘੇ ਹੱਥਿਓਂ ਟੁੱਟੇ ਟੋਕੇ ਵਾਂਗੂੰ ਗਏ ਕੁਤਰਦੇ ਓਥੋਂ ਦੇ ਲੋਕਾਂ ਨੂੰ ਪੱਠਿਆਂ ਦੱਥਿਆਂ ਵਾਂਗੂੰ ਰਾਹਾਂ ਉਪਰ ਲੇਥੂੰ ਪੇਥੂੰ ਮਿੱਝ ਮਾਸ ਦੀ ਤੱਤੀ ਘਾਣੀ ਸੜਕਾਂ ਉਪਰ ਨੰਗੀ ਪਈ ਨਮੋਸ਼ੀ ਸਾਡੀ ਵੀਰਾ ਰਾਹੀਆ ਉਹਨੀਂ ਰਾਹੀਂ ਡੁੱਲ੍ਹਣ ਦੇਵੀਂ ਇਸ ਦਰਿਆ ਨੂੰ ਵਰ੍ਹਿਆਂ ਤੋਂ ਅਣ-ਵਰਤੇ ਪਾਣੀ ਲੱਗਣ ਦੇਵੀਂ ਅਪਣੇ ਆਹਰੇ ਆਪੇ ਲੋਕ ਪਛਾਣ ਲੈਣਗੇ ਇਸ਼ਕ ਕਦੇ ਨਾ ਜਾਣ ਜੰਗਾਲੇ ਅਜੇ ਝਨਾਂ ਦੇ ਕੰਢੇ ਵੱਸਣ ਬੰਦੇ ਮਿਹਰ ਮੁਹੱਬਤ ਵਾਲੇ ਵੀਰਾ ਰਾਹੀਆ ਜੇ ਚਲਿਐਂ ਤੂੰ ਦੇਸ ਬੰਗਾਲੇ ਇੱਕ ਦੋ ਲੜੇ ਝਨਾਂ ਸਾਡੇ ਦੇ ਲੈਂਦਾ ਜਾਵੀਂ ਸਾਨੂੰ ਅਪਣੇ ਪਾਣੀ ਉੱਤੇ ਬੜੀ ਆਸ ਹੈ

34. ਈਸ਼ਵਰ – ਅਹਿਮਦ ਸਲੀਮ

ਉਂਜ ਤਾਂ ਮੁੱਦਤ ਹੋਈ ਖ਼ੁਦਾ ਮਰਿਆਂ ਤੇਰੇ ਮੇਰੇ ਵਿਚਕਾਰ ਕੁੱਝ ਵੀ ਆ ਜਾ ਨਹੀਂ ਸਕਦਾ ਨਾ ਕੋਈ ਆਇਤ ਨਾ ਕੋਈ ਗੁਰੂ ਦਾ ਬੋਲ ਪਰ ਅੱਜ ਜਦੋਂ ਤੂੰ ਦੂਜੀ ਵਾਰ ਈਸ਼ਵਰ ਨੂੰ ਧਿਆਇਆ ਹੈ ਮਰ ਚੁੱਕੇ ਅੱਲਾਹ ਦੀ ਆਇਤ ਮੁੜ ਜ਼ਿੰਦਾ ਹੈ ਈਸ਼ਵਰ ਦੇ ਸਿਰਹਾਣੇ ਧੁੱਪ ਦੀ ਥਾਂ ਸਿਗਰਟ ਸੁਲਗਾਈ ਤੂੰ ਤਾਂ ਮੈਨੂੰ ਯਕੀਨ ਹੋਇਆ ਤੇਰੇ ਨਾਲ ਗੱਲ ਹੋ ਸਕਦੀ ਹੈ ਤੂੰ ਮੈਥੋਂ ਮੇਰਾ ਧਰਮ ਨਹੀਂ ਪੁਛੇਂਗਾ ਜਿਸ ਕਿਸੇ ਨੇ ਈਸ਼ਵਰ ਨੂੰ ਰੱਬ ਨੂੰ ਜਾਂ ਰਜ਼ੀਆ ਨੂੰ ਸਿਗਰਟ ਵਾਂਗ ਪੀਤਾ ਹੈ ਪੀ ਕੇ ਸੁੱਟ ਦਿੱਤਾ ਹੈ ਉਹ ਖੁਸ਼ਕਿਸਮਤ ਹੈ ਬੰਦ-ਖਲਾਸ ਕਿਸੇ ਨੇ ਉਸਦੇ ਸਿਰ ਤੋਂ ਫ਼ਾਲਤੂ, ਅਣਚਾਹਿਆ ਬੋਝ ਲਾਹ ਦਿੱਤਾ ਹੈ ਪਰ ਇਹ ਕੈਸਾ ਰੱਬ ਹੈ ਕੈਸੀ ਇਹ ਰਜ਼ੀਆ ਹੈ ਜਿਸਨੂੰ ਸਿਰਫ਼ ਪੀਤਾ ਹੀ ਜਾ ਸਕਦਾ ਹੈ ਸੁੱਟਣ ਜੋਗ ਟੁੱਕੜਾ ਕਦੇ ਨਹੀਂ ਬਚਦਾ ਇਹ ਕੈਸੀ ਦੋਸਤੀ ਨਾਜਾਇਜ਼ ਹਰਕਤ ਬਣ ਤਨ ਬਦਨ ਨੂੰ ਲਿਬੜੀ ਹੈ ਮੈਂ ਭਰੇ ਬਾਜ਼ਾਰ ਈਸ਼ਵਰ ਨੂੰ ਹੰਝੂ ਵਾਂਗ ਅੱਖੋਂ ਸੁੱਟ ਦਿੱਤਾ ਸੀ ਪਰ ਇਹ ਈਸ਼ਵਰ ਖ਼ੁਦਾ ਵਾਂਗ ਚੀੜ੍ਹਾ ਹੈ ਮਗਰੋਂ ਹੀ ਨਹੀਂ ਲਹਿੰਦਾ ਈਸ਼ਵਰ ਇੱਕ ਸ਼ਹਿਰ ਸੀ ਹਲਕੀ ਜਹੀ ਦੋਸਤੀ ਦੀ ਧੂਣੀ ਜਹੀ ਬਾਲ ਕੇ ਮਰ ਚੁੱਕੇ ਲਾਹੌਰ ਦੀ ਗੱਲ ਅਸੀਂ ਕਰਦੇ ਸਾਂ ਈਸ਼ਵਰ ਦੀ ਹਰ ਗੱਲ-ਬਾਤ ਲਾਹੌਰ ਦੀ ਗਲੀ ਬਾਜ਼ਾਰ ਸੜਕ ਵਾਂਗ ਚਲਦੀ ਸੀ ਲਾਹੌਰ ਦੀ ਸਭ ਤੋਂ ਗਲੀਜ਼ 'ਇਛਰਾ' ਇੱਕ ਬਸਤੀ ਹੈ ਜਿੱਥੇ ਮੈਂ ਕੱਟੇ ਸਨ ਆਪਣੀ ਜਲਾਵਤਨੀ ਦੇ ਦਿਨ ਓਸ ਦਲਦਲ ਵਿੱਚ ਸੁੰਡੀ ਵਾਂਗ ਮੈਂ ਪਲਿਆ ਅੱਜ ਵੀ ਜਦ ਓਸ ਨੂੰ ਫੇਰ ਯਾਦ ਕਰਦਾ ਹਾਂ ਦਲਦਲ ਵਿੱਚ ਬੈਠਦਾ, ਤੁਰਦਾ, ਖੁਸ਼ ਹੁੰਦਾ ਹਾਂ ਈਸ਼ਵਰ ਨੂੰ ਸ਼ੌਕ ਸੀ ਸੁੰਡੀ ਕੋਲ ਬਹਿਣ ਦਾ ਈਸ਼ਵਰ ਚਲਾ ਗਿਆ ਆਖਰ ਉਹ ਸੁੰਡੀ ਨਹੀਂ ਸੀ ਉਸ ਨੇ ਉੱਡ ਜਾਣਾ ਸੀ ਖ਼ੁਦਾ ਹੋਵੇ ਜਾਂ ਈਸ਼ਵਰ ਦੋਹਾਂ ਦਾ ਕੰਮ ਹੈ ਬੰਦੇ ਨੂੰ ਪੁੱਟਕੇ ਵਤਨੋਂ ਸੁੱਟ ਦੇਣਾ ਅਦਨ ਦੇ ਬਾਗ਼ ਤੋਂ ਇਛਰਾ-ਲਾਹੌਰ ਤੋਂ ਈਸ਼ਵਰ ਯਾਰ ਤੋਂ ਜਲਾਵਤਨ ਹੋ ਕੇ ਵੀ ਸੁੰਡੀ ਦੀ ਸੁੰਡੀ ਹਾਂ ਜਿਸ ਅੱਖ 'ਚੋਂ ਡੁੱਲ੍ਹਾ ਹਾਂ ਉਸ ਨੂੰ ਭੁੱਲ ਨਹੀਂ ਸਕਿਆ ਇਹਨਾਂ ਨੂੰ ਰੱਜ ਕੇ ਮੈਂ ਨਫ਼ਰਤ ਵੀ ਨਹੀਂ ਕਰ ਸਕਦਾ

35. ਅਸਾਂ ਤਾਂ ਰਹਿਣਾ ਪਿੰਜਰੇ

ਅਸਾਂ ਤਾਂ ਰਹਿਣਾ ਏਂ ਪਿੰਜਰੇ ਪਿੰਜਰੇ ਮਾਰ ਤੇ ਭਾਵੇਂ ਮਾਰ ਨਾ ਜਿੰਦਰੇ ਚਿੜੀਆਂ ਦਾ ਚੰਬਾ ਉਡਣਾ ਚਾਹੇ ਉਡੀਏ ਤਾਂ ਉਡੀਏ ਕਿਹੜੀ ਰਾਹੇ ਬਾਬਲ ਹੱਥੀਂ ਆਪ ਉਡਾਏ ਤਾੜ ਕੇ ਪਿੰਜਰੇ ਮਾਰ ਕੇ ਜਿੰਦਰੇ ਪਲ ਭਰ ਉੱਡਦੇ ਆਂ ਟਾਹਣੀਉਂ ਟਾਹਣੀ ਟਾਹਣੀਉਂ ਟਾਹਣੀ ਹਾਣੀਉਂ ਹਾਣੀ ਓਥੇ ਵੀ ਆਖਰ ਗੱਲ ਪੁਰਾਣੀ ਹਾਣ ਨੂੰ ਪਿੰਜਰੇ ਜਾਨ ਨੂੰ ਪਿੰਜਰੇ ਅਪਣੇ 'ਚੋਂ ਅਪਣੀਆਂ ਅੱਖੀਆਂ ਪੁੱਟੀਆਂ ਪਿੰਜਰੇ 'ਚੋਂ ਬਾਹਰ ਵਗਾਹ ਕੇ ਸੁੱਟੀਆਂ ਚੁੱਕ ਲਈਆਂ ਲੋਕਾਂ ਡਿੱਗੀਆਂ ਤੇ ਟੁੱਟੀਆਂ ਰੱਖ ਲਈਆਂ ਪਿੰਜਰੇ ਡੱਕ ਲਈਆਂ ਜਿੰਦਰੇ ਪਿੰਜਰੇ ਤੋਂ ਬਾਹਰ ਪੈਰ ਜਾਂ ਪਾਇਆ ਪਿੰਜਰਾ ਹੀ ਸਾਨੂੰ ਲੈਣ ਨੂੰ ਆਇਆ ਪਿੰਜਰੇ ਸੰਗ ਪਿੰਜਰਾ ਟਕਰਾਇਆ ਰੰਗ ਵੀ ਪਿੰਜਰੇ ਜੰਗ ਵੀ ਜਿੰਦਰੇ ਅਸਾਂ ਤਾਂ ਰਹਿਣਾ ਏਂ ਪਿੰਜਰੇ ਪਿੰਜਰੇ ਮਾਰ ਤੇ ਭਾਵੇਂ ਮਾਰ ਨਾ ਜਿੰਦਰੇ

36. ਸਾਡੇ ਵਿਹੜੇ ਆ ਮਾਹੀਆ

ਸਾਡੇ ਵਿਹੜੇ ਸਾਡੇ ਵਿਹੜੇ ਆ ਮਾਹੀਆ ਇਹ ਰਾਤ ਸੁਹਾਣੀ ਏ । ਇੰਜ ਤੁਰੀਆਂ ਖੁਸ਼ਬੋਈਆਂ ਵੇ ਜੀਕਣ ਤੇਰੀਆਂ ਮੇਰੀਆਂ ਗੱਲਾਂ ਹਿੱਕ ਵਿੱਚ ਪੈਣ ਉਛਾਲ ਵੇ ਮਾਹੀਆ ਸਾਗਰ ਦੇ ਵਿੱਚ ਛੱਲਾਂ ਬਿਰਹੋਂ ਦੀ ਦਾਤ ਵਡੇਰੀ ਵੇ ਸਾਡੀ ਜਿੰਦ ਨਿਮਾਣੀ ਏ ਪੁੰਨਿਆਂ ਦਾ ਚਾਨਣ ਖਾਕ ਮੇਰੀ ਤੇ ਗੀਤ-ਜਹੇ ਲੱਖ ਧੂੜੇ ਦਿਲ ਸਾਡੇ ਵਿੱਚ ਦਰਦ ਸਚਾਵਾਂ ਰੰਗ ਹਿਜਰ ਦੇ ਗੂੜ੍ਹੇ ਪੁੰਨਿਆਂ 'ਚ ਡੋਲ੍ਹ ਨ ਬੈਠਾਂ ਵੇ ਜੋ ਤੇਰੀ ਨਿਸ਼ਾਨੀ ਏ ਹਿਜਰ ਤੇਰੇ ਦਾ ਬਾਲ ਕੇ ਦੀਵਾ ਕੁੱਲ ਆਲਮ ਰੁਸ਼ਨਾਏ ਹਰ ਮੁਸ਼ਕਿਲ ਨੂੰ ਯਾਦ ਤੇਰੀ ਦੀ ਲੋਅ ਵਿੱਚ ਰਾਹ ਮਿਲ ਜਾਏ ਬਾਝ ਤੇਰੇ ਅਸਾਂ ਨ੍ਹੇਰੇ ਦੀ ਹਰ ਲਿਸ਼ਕ ਸਿਞਾਣੀ ਏ ਲੱਖ ਦਾਤਾਂ ਨੂੰ ਝੋਲ 'ਚ ਪਾ ਕੇ ਦਿਲ ਨਾਸ਼ੁਕਰਾ ਰੋਏ ਕਦੀ ਕਦੀ ਜਦ ਫੁੱਲ ਪੁੰਨਿਆਂ ਦਾ ਤਨ ਮਨ ਨੂੰ ਖੁਸ਼ਬੋਏ ਅੱਜ ਪੁੰਨਿਆਂ ਕਲ੍ਹ ਪੁੰਨਿਆਂ ਨ, ਇਹ ਕੀ ਰੁੱਤ ਜਵਾਨੀ ਏ

37. ਮੇਰਾ ਬਚਪਨ

ਮੇਰਾ ਬਚਪਨ ਅਜੇ ਨਾ ਆਇਆ ਮੇਰਾ ਬਚਪਨ ਕਦ ਆਵੇਗਾ ? ਜਦ ਉਮਰਾ ਦੀ ਝੋਲੀ ਦੇ ਵਿੱਚ ਦੋ ਤਿੰਨ ਚਾਰ ਜਾਂ ਪੰਜ ਵਰ੍ਹੇ ਸਨ ਮਾਂ ਦੇ ਬੁਲ੍ਹ ਬਰਾਨਾਂ ਉਤੇ ਕਦੀ ਨਾ ਉੱਗੀ ਹਰੀ ਕਰੂਮਲ ਨੈਣ ਏਸ ਦੇ ਭਰੇ ਭਰੇ ਸਨ ਦਿਨ ਜਿਉਂ ਬੁਝੇ ਬੁਝੇ ਪਰਛਾਵੇਂ, ਮਾਂ ਮੇਰੀ ਦੀ ਸਗਲ ਮੁਸ਼ੱਕਤ- ਨੀਵੀਂ ਨਜ਼ਰ, ਸਦਾ ਸ਼ਰਮਾਵੇ ਰਾਤ ਸੁਲਗਦਾ ਸੁੰਝਾ ਪਾਲਾ, ਮੈਂ, ਮੇਰੀ ਮਾਂ, ਦੀਪ-ਵਿਹੂਣੇ, ਜਿਉਂ ਨ੍ਹੇਰੇ ਦੀ ਝੁੰਬ ਮਾਰ ਕੇ ਦੋ ਬੂਟੇ ਕੁਮਲਾਏ ਸੁੱਤੇ । ਸਾਡੇ ਵਿਹੜੇ ਮਰੀ ਕਹਾਣੀ ਇੱਕ ਸੀ ਰਾਜਾ ਇੱਕ ਸੀ ਰਾਣੀ ਕਦੀ ਕਦੀ ਮੇਰੀ ਮਾਂ ਆਖੇ, "ਵੇ ਮੇਰੇ ਦੁਖ-ਦਰਦ ਦੇ ਹਾਣੀ, ਮੇਰੀ ਹਿੱਕ ਨੂੰ ਲੱਗ ਕੇ ਸੌਂ ਜਾ ਜਿਸ ਥਾਉਂ ਤੇਰਾ ਬਾਪ ਸਿਧਾਇਆ- ਉਸ ਥਾਵੇਂ ਕੋਈ ਪਾਪ ਨਾ ਆਵੇ ਮੇਰੇ ਬੂਟੇ, ਗੱਭਰੂ ਹੋ ਜਾ, ਤੇਰੀ ਛਾਵੇਂ ਮੈਂ ਸੌਂ ਜਾਵਾਂ ਕਦੇ ਕਦੇ ਬਾਲਾਂ ਦੇ ਕੁੱਛੜ ਸੌਣ ਨਿਚਿੰਤ, ਨਿਕਰਮਣ ਮਾਵਾਂ, ਮੈਂ ਆਪਣੀ ਮਾਤਾ ਦਾ ਉਹਲਾ, ਉਸਦੀ ਛਾਂ ਉਸਦਾ ਪਰਛਾਵਾਂ ਉਂਜ ਤਾਂ ਹਰ ਮਾਂ ਸੁਹਣੀ ਹੁੰਦੀ, ਪਰ ਮੇਰੀ ਮਾਂ ਵੇਖ ਵੇਖ ਕੇ- ਹਰ ਅੱਖ ਸੁਲਗੇ ਜਿਵੇਂ ਦੁਪਹਿਰੀ ਮੈਂ ਉਸ ਦੇ ਸੰਗ ਤੁਰਿਆ ਜਾਵਾਂ ਚੁੱਪ ਸੰਘਣੀ, ਛਾਉਂ ਇਕਹਿਰੀ ਨਜ਼ਰ ਨਜ਼ਰ ਮੇਰਾ ਮਕਤਬ ਸੀ, ਬੋਲ ਬੋਲ ਸੀ ਸੰਥਾ ਮੇਰੀ ਬਚਪਨ ਆਉਂਦਾ ਤਾਂ ਕਿਸ ਰਾਹੋਂ, ਹਰ ਰਾਹ ਸੂਝ ਸਮਝ ਨੇ ਘੇਰੀ ਇੱਕ ਦਿਨ ਮਾਂ ਨੇ ਬਾਤ ਸੁਣਾਈ ਕਿਵੇਂ ਓਸ ਨੇ ਅਪਣੇ ਹੱਥੀਂ- ਪਿਤਾ ਮੇਰੇ ਦੀ ਚਿਤਾ ਜਲਾਈ ਫਿਰ ਕੁਰਲਾਈ: ਨਹੀਂ ਨਹੀਂ ਮੈਂ ਅਪਣੇ ਹੱਥੀਂ ਤੇਰਾ ਬਚਪਨ ਆਪ ਜਲਾਇਆ ਮੇਰਾ ਬਚਪਨ ਉਦੋਂ ਨਾ ਆਇਆ ਮੇਰਾ ਬਚਪਨ ਕਦ ਆਵੇਗਾ ?

38. ਉਹਲੇ ਉਹਲੇ

ਕੌਣ ਇਹ ਬੋਲੇ ਹੌਲੇ ਹੌਲੇ ਉਹਲੇ ਉਹਲੇ ਕਦੀ ਤਾਂ ਜਾਪੇ ਦੂਰ ਦੁਰਾਡੇ ਕਦੀ ਸੁਣੀਂਦਾ ਕੋਲੇ ਕੋਲੇ ਉਹਲੇ ਉਹਲੇ ਪਰਦੇਸਾਂ ਵਿੱਚ ਸੱਤ ਪਰਾਇਆ ਮੇਰੇ ਦੇਸ ਦੀ ਬੋਲੀ ਬੋਲੇ ਉਹਲੇ ਉਹਲੇ ਜਨਮ ਜਨਮ ਦੀਆਂ ਪੀਚ-ਪੀਚੀਆਂ ਗੰਢਾਂ ਖੋਲ੍ਹੇ ਪੋਲੇ ਪੋਲੇ ਉਹਲੇ ਉਹਲੇ ਮੈਨੂੰ ਜਾਪੇ ਮੇਰਾ ਲਹੂ ਹੀ ਉਹਦੀਆਂ ਨਾੜਾਂ ਪਿਆ ਫਰੋਲੇ ਉਹਲੇ ਉਹਲੇ ਉਹ ਮੈਂ ਦੋਵੇਂ ਉਹ ਮੈਂ ਇੱਕੋ ਆਦਿ ਜ਼ਮੀਂ ਵਿੱਚ ਖੇਲੇ ਡੋਲੇ ਉਹਲੇ ਉਹਲੇ

39. ਅੱਖੀਆਂ 'ਚ ਅੱਖੀਆਂ ਨੂੰ ਪਾ

ਅੱਖੀਆਂ 'ਚ ਅੱਖੀਆਂ ਨੂੰ ਪਾ ਮੰਨਿਆਂ ਇਹ ਅੱਖੀਆਂ ਨੇ ਟੂਣੇਹਾਰੀਆਂ ਲੈਂਦੀਆਂ ਨੇ ਦਿਲ ਭਰਮਾ ਮੰਨਿਆਂ ਇਹ ਅੱਖੀਆਂ ਨੇ ਰੁੱਗ ਭਰ ਲੈਂਦੀਆਂ ਲੁੱਟ ਪੁੱਟ ਪੈਂਦੀਆਂ ਨੇ ਰਾਹ ਮੰਨਿਆਂ ਇਹ ਦੀਨੋ ਕਰਨ ਬੇਦੀਨਾ ਰੱਬ ਨੂੰ ਦੇਣ ਭੁਲਾ ਮੰਨਿਆਂ ਕਿ ਦਾਰੂ ਦਾ ਪੀਣ ਨਾ ਚੰਗਾ ਤੇ ਅੱਖੀਆਂ 'ਚ ਰਹਿੰਦੈ ਨਸ਼ਾ ਫੇਰ ਵੀ ਅੱਖੀਆਂ 'ਚ ਅੱਖੀਆਂ ਨੂੰ ਪਾ ਅੱਖੀਆਂ ਨੂੰ, ਜੀਵੇਂ, ਸਾਰ ਹਿਜਰ ਦੀ ਅੱਖੀਆਂ ਦੇ ਦੁਖ ਅਸਗਾਹ ਅੱਖੀਆਂ ਦੇ ਬਾਝੋਂ ਕਿਹੜਾ ਮਹਿਰਮ ਗ਼ਮ ਦਾ ਕੌਣ ਗਵਾਹ ਅੱਖੀਆਂ 'ਚ ਜੀਵੇਂ ਸੂਹੇ ਸੂਹੇ ਸੁਫ਼ਨੇ ਅੱਖੀਆਂ 'ਚ ਲੰਮੇ ਲੰਮੇ ਰਾਹ ਅੱਖੀਆਂ ਦੇ ਬਾਝੋਂ ਸਹਿਸ ਹਨੇਰੇ ਨੇਰ੍ਹਿਆਂ ਦਾ ਕੌਣ ਵਸਾਹ ਸਜਨ ਵੇ ਅੱਖੀਆਂ 'ਚ ਅੱਖੀਆਂ ਨੂੰ ਪਾ

40. ਮਨ ਪਰਦੇਸੀ ਹੋਏ

ਕਦੀ ਕਦੀ ਮਨ ਪਰਦੇਸੀ ਹੋਏ ਨਿੰਮਾ ਨਿੰਮਾ ਸੋਚੇ ਤੇ ਨਿੰਮਾ ਲੋਚੇ ਨਿੰਮਾ ਨਿੰਮਾ ਤੁਰਦਾ ਏ ਨਿੰਮੀ ਨਿੰਮੀ ਲੋਏ ਹਾਸੀ ਤੇ ਉਦਾਸੀ ਦੋਵੇਂ ਫਿੱਕੇ ਫਿੱਕੇ ਲਗਦੇ ਕਾਹਨੂੰ ਕੋਈ ਹੱਸਦਾ ਏ ਕਾਹਨੂੰ ਕੋਈ ਰੋਏ ਨਿੱਕੀ ਨਿੱਕੀ ਉਮਰਾ ਦੇ ਵੱਡੇ ਵੱਡੇ ਸੁਪਨੇ ਹੁੰਦੇ ਹੁੰਦੇ ਹੋ ਗਏ ਸੱਭੇ ਅਣਹੋਏ ਸੋਹਣੇ ਸੋਹਣੇ ਮਿੱਤਰਾਂ ਦੇ ਸੱਚੇ ਸੱਚੇ ਵਾਅਦੇ ਅੱਧੋਂ ਘੱਟ ਜਿਉਂਦੇ ਨੇ ਅੱਧੋਂ ਵੱਧ ਮੋਏ ਇਕ ਚੰਨ ਚੜ੍ਹਿਆ ਸੀ ਓਹ ਨਹੀਂ ਦਿਸਦਾ ਲੱਖਾਂ ਤਾਰੇ ਦਿਸਦੇ ਨੇ ਜਿਹੜੇ ਸੀ ਲਕੋਏ ਪੈਰਾਂ ਹੇਠ ਧਰਤੀ ਵੀ ਹੌਲੀ ਹੌਲੀ ਸਰਕੇ ਧਰਤੀ ਤੋਂ ਪਰ੍ਹਾਂ ਬੰਦਾ ਕਿੱਥੇ ਜਾ ਖਲੋਏ

41. ਮੈਂ ਰਾਹਾਂ ਦੀ ਮੰਗਦਾ ਖ਼ੈਰ

ਰਾਹ ਅਨਾਦੀ ਰਾਹ ਅਨੰਤਾ ਰਾਹ ਨਿਰਭਉ ਨਿਰਵੈਰ ਰਾਹ ਸਤਿਗੁਰ ਜੋ ਮੱਤਾਂ ਦੇਂਦਾ ਕਿਸੇ ਪੜਾਅ ਨਾ ਠਹਿਰ ਠਹਿਰ ਨਾ ਜਾਈਂ ਤਖ਼ਤ ਹਜ਼ਾਰੇ ਭਾਈ ਕਰਨਗੇ ਵੈਰ ਝੰਗ ਸਿਆਲੇ ਹੀਰ ਤੇਰੀ ਨੂੰ ਅੱਜ ਵੀ ਕਲ੍ਹ ਵੀ ਜ਼ਹਿਰ ਜੁੱਗ ਜੀਵਣ ਡੰਡੀਆਂ ਪਗਡੰਡੀਆਂ ਤੁਰਨ ਜੋ ਪੈਰੋ ਪੈਰ ਨਾ ਕੋਈ ਏਥੇ ਸਾਕ ਸਰੀਕਾ ਨਾ ਅਪਣਾ ਨਾ ਗ਼ੈਰ ਤੋੜ ਲੁਟਾਕੇ ਛੱਡ ਛਡਾ ਕਾ ਨਿਕਲੀਂ ਪਹਿਲੇ ਪਹਿਰ ਸੰਗ ਤੇਰੇ ਚਿੜੀਆਂ ਚੂਕਣ ਸ਼ਾਮ ਸਵੇਰ ਦੁਪਹਿਰ ਪੈੜ ਤੇਰੀ ਤੇ ਤੁਰਦੀ ਆਊ ਇਸ਼ਕ ਝਨਾਂ ਦੀ ਲਹਿਰ ਆਸੇ ਪਾਸੇ ਸਦਾ ਨਿਥਾਵੇਂ ਦਰਵੇਸ਼ਾਂ ਦਾ ਸ਼ਹਿਰ ਮੈਂ ਰਾਹਾਂ ਦੀ ਮੰਗਦਾ ਹਾਂ ਖ਼ੈਰ

42. ਮਾਂ ਹੋਈ ਮਤਰੇਈ

ਜਦੋਂ ਦਾ ਮਿੱਟੀ ਵਿੱਚ ਜਾਗ ਪਿਆ ਚਾਨਣਾ ਲੁੱਚੀ ਲੁੱਚੀ ਅੱਖੇ ਮੈਨੂੰ ਵੇਖਦੀਆਂ ਦੂਤੀਆਂ ਗੁਵਾਂਢਣਾਂ ਤਿੜਕ ਤਿੜਕ ਬੁੜ੍ਹਕਦੀਆਂ ਗਲੀ ਵਿੱਚ ਗੱਲਾਂ ਜਿਵੇਂ ਭੱਠੀ ਵਿੱਚ ਭੁੱਜੇ ਮਕੇਈ ਮਾਂ ਮੇਰੀ ਹੋਈ ਮਤਰੇਈ ਦਾਦੀ ਦੇ ਸਿਵੇ ਵਾਂਗ ਰੋਜ਼ ਮਾਂ ਬਲਦੀ ਏ ਲਾਟ ਉਦ੍ਹੇ ਮੰਜੇ ਤੋਂ ਬਾਬਲ ਵੱਲ ਚਲਦੀ ਏ 'ਘਰੇ ਤੇਰੇ ਜੰਗਲੀ ਜਨੌਰ ਇਹਨੂੰ ਜੰਗਲ ਦੇ ਵੱਲ ਤੋਰ' ਰਾਜੇ ਨੂੰ ਆਖੇ ਕੈਕੇਈ ਖਾਣ ਲਈ ਦਿੱਤੇ ਹੁਣ ਟੁੱਕਰ ਵੀ ਗਿਣਦੀ ਏ ਪਾਟੇ ਪੁਰਾਣੇ ਨਾਲ ਨਵਾਂ ਝੱਗਾ ਮਿਣਦੀ ਏ ਲੋਕਾਂ ਨੂੰ ਆਖੇ ਬਸ ਥੋੜ੍ਹੇ ਹੀ ਦਿਨ ਦੀ ਏ ਨ੍ਹਾਊਂਗੀ ਮੈਂ ਗੰਗਾ ਵੰਡੂੰਗੀ ਮੈਂ ਥੇਈ ਦੁੱਧ ਦੀ ਨਦੀ ਨਿਰੇ ਪਾਣੀ ਦੀ ਹੋ ਗਈ ਪਾਣੀ ਦੀ ਧਾਰ ਵੀ ਰੇਤੇ ਵਿੱਚ ਖੋ ਗਈ ਵਿੱਛੜ ਕੇ ਰੋਣ ਵਾਲੀ ਰੱਖ ਕੇ ਵੀ ਰੋ ਪਈ ਤੱਤੀ ਤੱਤੀ ਤਵੇ ਤੋਂ ਲਾਹ ਕੇ ਦੇਣ ਵਾਲੀ ਗੱਲ ਕਰੇ ਬੇਹੀ ਤਰਬੇਹੀ ਮਾਂ ਮੇਰੀ ਹੋਈ ਮਤਰੇਈ

43. ਕੋਈ ਨਹੀਂ ਦੱਸੇਗਾ

ਕੋਈ ਨਹੀਂ ਦੱਸੇਗਾ ਕੁਝ ਨਹੀਂ ਦੱਸਣਯੋਗ ਕਿਸੇ ਦਾ ਜੀਵਿਆ ਤੁਹਾਡਾ ਨਹੀਂ ਹੋ ਸਕਦਾ ਰਿਸ਼ੀ ਤੁਹਾਡੇ ਤਹਿਖਾਨੇ ਅਣਲਿਖੀ ਪੋਥੀ ਹੈ ਪੌੜੀ ਦਰ ਪੌੜੀ ਆਪ ਹੀ ਉਤਰਨਾ ਪੈਂਦਾ ਆਪਣੇ ਹਨੇਰੇ ਵਿੱਚ ਵਰਕਾ ਵਰਕਾ ਪੋਥੀ ਦਾ ਆਪੇ ਹੀ ਪੈਂਦਾ ਫ਼ਰੋਲਣਾ ਕਰਕੇ ਵਿਸ਼ਵਾਸ ਕਿ ਅਣਲਿਖੇ ਅੱਖਰ ਚਿੱਟੇ ਕੋਰੇ ਵਰਕਿਆਂ ਤੇ ਰੋਸ਼ਨ ਹੋ ਜਾਣਗੇ..!

44. ਨੀ ਸਈਓ ! ਸੂਰਜ ਕੌਣ ਬੁਝਾਏ

ਧੂਫ਼ ਵਾਂਗ ਮੇਰੀ ਧੁਖੇ ਜਵਾਨੀ ਹੰਢੇ ਬਣ ਖੁਸ਼ਬੋਆਂ ਸੱਜਣ ਮੇਰਾ ਪੌਣਾਂ ਦਾ ਬੁੱਲਾ ਮੰਗਦਾ ਰੋਆਂ ਰੋਆਂ ਜੇ ਕੁਲ ਉਮਰਾ ਹੋਇ ਹਨੇਰਾ ਸਗਲੀ ਤੈਂਡੀ ਹੋਆਂ ਚਾਨਣ ਵਿਚ ਹਰ ਪੰਧ ਲੰਮੇਰਾ ਸ਼ੌਂਕ ਮੇਰਾ ਲਲਚਾਏ ਨੀ ਸਈਓ ! ਸੂਰਜ ਕੌਣ ਬੁਝਾਏ ਅੰਬਰਾ ਵੇ ! ਤੇਰੇ ਤਾਰੇ ਡੋਬਾਂ ਸ਼ੌਹ ਸਮੁੰਦਰ ਖਾਰੇ ਭੋਏਂ ਨੀ ਤੇਰੇ ਨੈਣ ਬੁਝਾਵਾਂ ਨਿੰਦਿਆ ਦੇ ਵਣਜਾਰੇ ਚੰਨ ਧੁਆਂਖਾ, ਦੀਪ ਹਿਸਾਵਾਂ ਕਰਨ ਹਨੇਰਾ ਸਾਰੇ ਇੱਕ ਚਾਨਣ ਮੇਰੇ ਲੂੰ ਲੂੰ ਜਾਗੇ ਉਸਨੂੰ ਕੌਣ ਸੁਆਏ ਨੀ ਸਈਓ ਸੂਰਜ ਕੌਣ ਬੁਝਾਏ

45. ਇਕ ਸੂਰਜ ਬਦਨਾਮੀ ਦਾ

ਇਕ ਸੂਰਜ ਬਦਨਾਮੀ ਦਾ ਜੋਬਨ ਰੰਗ ਬਦਾਮੀ ਦਾ ਲੀੜਿਆਂ ਉਹਲੇ ਸੂਰਜ ਤਪਦਾ ਸੁਬ੍ਹਾ ਸਵੇਰੇ ਸ਼ਾਮੀਂ ਦਾ ਇਸ ਸੂਰਜ ਦੀ ਜੋਤ ਭਲੇਰੀ ਮਨ ਮੱਥੇ ਵਿਚ ਬੈਠ ਗਈ ਜਗਮਗ ਜਗਮਗ ਜਾਪੇ ਕਿਣਕਾ ਕਿਣਕਾ ਆਪਣੀ ਖ਼ਾਮੀ ਦਾ ਇਸ ਸੂਰਜ ਦੀ ਤਪਸ਼ ਘਨੇਰੀ ਕੰਧਾਂ ਕੋਠੇ ਤਿੜਕ ਗਏ ਵਿਰਲਾਂ ਥਾਣੀ ਆਏ ਗੁਆਂਢੀ ਲੈ ਕੇ ਸ਼ੌਕ ਖੁਨਾਮੀ ਦਾ ਰਾਤ ਪਈ ਅਸਾਂ ਦੀਪ ਬੁਝਾਏ ਦਰ ਦਰਵਾਜ਼ੇ ਭੀੜ ਲਏ ਤਾਂ ਵੀ ਜਾ ਚੁਰਾਹੇ ਬਲਿਆ ਇਕ ਸੂਰਜ ਬਦਨਾਮੀ ਦਾ ਇਕ ਸੂਰਜ ਬਦਨਾਮੀ ਦਾ ਜੋਬਨ ਰੰਗ ਬਦਾਮੀ ਦਾ ਲੀੜਿਆਂ ਉਹਲੇ ਸੂਰਜ ਤਪਦਾ ਸੁਬ੍ਹਾ ਸਵੇਰੇ ਸ਼ਾਮੀਂ ਦਾ

46. ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

ਉਦੋਂ ਹਾਜ਼ਰ ਸਾਂ ਮੈਂ ਤੇਰੇ ਹੱਥ ਵਿੱਚ ਜਦੋਂ ਤਲਵਾਰ ਨੰਗੀ ਪਿਆਸ ਵਾਂਗੂੰ ਤੜਫੜਾਈ ਸੀ ਲਹਿਰਦਾ, ਸੁਲਗਦਾ ਮੇਲਾ ਜਦੋਂ ਸੁੱਕੇ ਸਰੋਵਰ ਵਾਂਗ ਗੁੰਮਸੁੰਮ ਬੁੱਝ ਗਿਆ ਸੀ ਦੂਰ ਤੀਕਰ ਚੁੱਪ ਦੇ ਬੰਜਰ ਵਿਛੇ ਸਨ ਜਿਨ੍ਹਾਂ ਦੇ ਵਿੱਚ ਸਵਾਸ ਵੀ ਉੱਗਦਾ ਨਹੀਂ ਪੂਰਾ ਉਦੋਂ ਹਾਜ਼ਰ ਸਾਂ ਮੈਂ ਤੇਰੇ ਮੂੰਹੋਂ ਜਦੋਂ ਇੱਕ ਬੋਲ ਦਾ ਟੁਕੜਾ ਸੁਲਗਦੀ ਲਾਟ ਵਾਂਗੂੰ ਨਿਕਲਿਆ ਸੀ ਸੀਸ ਜਿਸ ਦੇ ਪਾਸ ਹੈ ਹਾਜ਼ਰ ਕਰੇ ਉਦੋਂ ਬੇਸੀਸ ਬੰਦੇ ਵਾਂਗ ਮੇਰੀ ਹਾਜ਼ਰੀ ਸੀ ਮੇਰੇ ਸੀਨੇ 'ਚੋਂ ਮੇਰੀ ਜਾਨ ਅਚੇਤੀ ਲਹਿਰ ਵਾਂਗੂੰ ਤ੍ਰਭਕ ਕੇ ਉੱਠੀ ਤੇ ਫ਼ਿਰ ਡੀਕੀ ਨਦੀ ਵਾਂਗੂੰ ਸੌਂ ਗਈ ਮੈਂ ਆਪਣੇ ਆਪ ਦੀ ਇਕ ਲੀਕ ਆਪਣੀ ਹਾਜ਼ਰੀ ਤੋਂ ਬਿਨਾਂ ਉਦੋਂ ਕੁਝ ਵੀ ਨਹੀਂ ਸਾਂ ਮੈਂ ਆਪਣੀ ਥਾਂ ਤੇ ਬੈਠਾ ਸਾਂ ਬਿਰਛ ਵਾਂਗੂੰ ਜਿਨੂੰ ਮੁੱਢੋਂ ਕਿਸੇ ਦੋ ਚਾਰ ਹੱਥ ਛੱਡ ਕੇ ਸਬੂਤਾ ਵੱਢ ਦਿੱਤਾ ਸੀ ਨਿਰੀ ਨੰਗੀ ਨਿਕੱਦੀ ਹੀਣਤਾ ਮੇਰੇ ਉੱਪਰ ਮੇਰੀ ਆਪਣੀ ਵੀ ਛਾਂ ਕੋਈ ਨਹੀਂ ਸੀ ਉਦੋਂ ਹਾਜ਼ਰ ਸਾਂ ਮੈਂ ਤੇਰੀ ਤੱਕਣੀ ਜਦੋਂ ਛਿਲਤੀ ਕਿਰਨ ਵਾਂਗੂੰ ਮੇਰੇ ਵਿਰਲਾਂ 'ਚੋਂ ਅੰਦਰ ਝਾਕਦੀ ਸੀ ਮੇਰੇ ਅੰਦਰ ਜੋ ਇੱਕ ਸੂਰਜ ਜਿਹਾ ਤੂੰ ਬਾਲ ਧਰਿਆ ਸੀ ਉਹਦੇ ਚਾਨਣ 'ਚ ਮੇਰੀ ਹਉਂ ਵਿਆਕੁਲ ਸੀ ਮੈਂ ਆਪਣੇ ਆਪ ਨੂੰ ਪੁੱਛਦਾ ਪਿਆ ਸਾਂ ਮੇਰੇ ਧੜ ਤੇ ਮੇਰਾ ਸਿਰ ਹੈ ਜਾਂ ਸਿਰ ਦਾ ਦੰਭ ਹੈ ਜੋ ਵਿਖਾਇਆ ਤਾਂ ਜਾ ਸਕਦੈ ਵਰਤਿਆ ਬਿਲਕੁਲ ਨਹੀਂ ਜਾਂਦਾ ਮੈਂ ਆਪਣਾ ਆਪ ਹਾਂ ਜਾਂ ਅਜਨਬੀ ਹਾਂ ਮੈਂ ਗੁਰੁ-ਦਰਬਾਰ ਵਿੱਚ ਬੈਠਾ ਪੁਰਖ ਹਾਂ ਜਾਂ ਨਾਰ ਹਾਂ ਜੋ ਘਰੋਂ ਨਿਕਲੀ ਤਾਂ ਸੀ ਪਿੰਡੇ ਤੇ ਇੱਕ ਵਾਫ਼ਰ ਜਿਹਾ ਅੰਗ ਜੋੜ ਕੇ ਪਰ ਭਰੇ ਚਾਨਣ, ਭਰੇ ਬਾਜ਼ਾਰ ਦੇ ਸਾਹਮਣੇ ਅੰਗ ਭੁਰਿਆ ਨਾਰ ਦਾ ਬੁੱਚਾ ਅਸਲ ਸਭ ਤੇ ਉਜਾਗਰ ਹੋ ਗਿਆ ਮੈਨੂੰ ਹੁਣ ਆਪਣੀ ਹੀ ਹਾਜ਼ਰੀ ਇੱਕ ਭਾਰ ਲਗਦੀ ਸੀ ਤੇ ਭਰੇ ਮੇਲੇ ਦੀ ਚੁੱਪ ਬੋਝ ਸੀ ਉਪਹਾਸ ਦਾ ਤੇ ਚਮਤਕਾਰਾ ਜਦੋਂ ਹੋਇਆ ਉਦੋਂ ਹਾਜ਼ਰ ਸਾਂ ਮੈਂ ਮੇਰੇ ਲਾਗੇ ਹੀ ਬੈਠਾ ਸੀ ਚਮਤਕਾਰੀ ਜਿਨ੍ਹੇਂ ਆਪਣੇ ਹੀ ਹੱਥੀਂ ਸੀਸ ਲਾਹ ਕੇ ਆਪਣਾ ਸਹਿਜੇ ਟਿਕਾ ਦਿੱਤਾ ਤੇਰੇ ਚਰਨੀਂ ਤੇਰੇ ਹੱਥ ਵਿੱਚ ਅਚੱਲ ਤਲਵਾਰ ਵੀ ਛਿਣ ਭਰ ਲਈ ਥੱਰਰਾ ਗਈ ਸੀ ਮੁਅਜ਼ਜ਼ਾ ਤੱਕ ਕੇ ਸੀਸ ਵਾਲੇ ਸੀਸ ਅਰਪਨ ਵਾਸਤੇ ਤਲਵਾਰ ਦੇ ਮੁਹਤਾਜ ਨਹੀਂ ਹੁੰਦੇ ਚਮਤਕਾਰੀ ਨੇ ਆਪਣਾ ਸੀਸ ਇਉਂ ਸਹਿਜੇ ਟਿਕਾਇਆ ਸੀ ਤੇਰੇ ਚਰਨੀਂ ਜਿਵੇਂ ਅੰਬਰ ਦੇ ਪੈਰੀਂ ਨਿਤ ਸਵੇਰਾ ਆਪਣਾ ਸੂਰਜ ਬਾਲ ਧਰਦਾ ਹੈ ਤ੍ਰਬਕ ਕੇ ਉੱਠੀ ਸੀ ਮੇਰੀ ਜਾਨ ਮੁੜ ਕੇ ਵਿਰਲ 'ਚੋਂ ਡੁੱਲ੍ਹ ਜਾਣ ਲਈ ਕੀਲ ਵਿੱਚ ਬੱਝਾ ਹੋਇਆ ਮੇਲਾ ਰਤਾ ਕੁ ਹਿੱਲ ਕੇ ਥਿਰ ਹੋ ਗਿਆ ਚੁੱਪ ਬਰੜਾਈ ਰਤਾ ਤੇ ਫ਼ਿਰ ਬਰੇਤੇ ਸੌਂ ਗਈ ਤੇ ਚਮਤਕਾਰੀ ਪੁਰਖ ਇੱਕ ਹੋਰ ਹੋਰ ਤੇ ਇੱਕ ਹੋਰ ਤੇ ਇੱਕ ਹੋਰ ਇੱਕ ਗਗਨ ਇੱਕੋ ਸਮੇਂ ਕਈ ਸੂਰਜ ਉਦੈ ਹੋਏ ਤੇ ਮੈਂ ਬੇਸੀਸਾ ਧੀਰਿਆ ਸ਼ੁਕਰ ਹੈ, ਹੁਣ ਗੁਰੂ ਨੂੰ ਲੋੜ ਨਹੀਂ ਤੇ ਜਦੋਂ ਤੂੰ ਸੀਸ ਨੂੰ ਦਸਤਾਰ ਦਾ ਸਤਿਕਾਰ ਦੇ ਕੇ ਤਖ਼ਤ ਉੱਤੇ ਪਾਸ ਆਪਣੇ ਹੀ ਬਿਠਾਇਆ ਸੀ ਮੈਂ ਝੂਰਿਆ: ਹਾਇ ਜੇ ਪਹਿਲਾਂ ਪਤਾ ਹੁੰਦਾ ਕਿ ਏਨਾ ਪਿਆਰ ਦੇ ਕੇ ਸਤਿਗੁਰੂ ਨੇ ਸੀਸ ਵਾਪਸ ਮੋੜ ਦੇਣਾ ਹੈ ਤਾਂ ਮੈਂ… ਤਾਂ ਮੈਂ… ਮੰਨਿਆਂ ਕਿ ਮੇਰੇ ਧੜ ਤੇ ਮੇਰਾ ਸੀਸ ਨਹੀਂ ਸੀਸ ਦਾ ਪਾਖੰਡ ਤਾਂ ਹੈ ਮੈਂ ਇਹ ਪਾਖੰਡ ਹੀ ਆਪਣੇ ਗੁਰੂ ਨੂੰ ਭੇਟ ਕਰਦਾ ਪਰ ਨਹੀਂ ਤੇਰੀ ਤੱਕਣੀ ਅਜੇ ਛਿਲਤੀ ਕਿਰਨ ਵਾਂਗੂੰ ਮੇਰੇ ਵਿਰਲਾਂ 'ਚੋਂ ਅੰਦਰ ਝਾਕਦੀ ਸੀ ਮੇਰੇ ਅੰਦਰ ਜੋ ਤੂੰ ਸੂਰਜ ਜਿਹਾ ਇੱਕ ਬਾਲ ਧਰਿਆ ਸੀ ਉਹ ਜਿਊਂਦਾ-ਜਾਗਦਾ ਸੀ ਤੇ ਕਹਿ ਰਿਹਾ ਸੀ: ਏਸ ਥਾਵੇਂ ਦੰਭ ਦਾ ਸਿੱਕਾ ਨਹੀਂ ਚੱਲਦਾ ਸੀਸ ਅਰਪਨ ਦਾ ਸਦਾ ਵੇਲਾ ਹੈ, ਪਰ ਆਪਣੇ ਧੜ 'ਤੇ ਸੀਸ ਪੈਦਾ ਕਰ ਮੈਂ ਤੇਰੇ ਦਰਬਾਰ ਵਿੱਚ ਹਾਲੇ ਵੀ ਹਾਜ਼ਰ ਹਾਂ ਮੈਂ ਆਪਣੀ ਥਾਂ ਤੇ ਬੈਠਾ ਹਾਂ ਬਿਰਛ ਵਾਂਗੂੰ ਜਿਨੂੰ ਮੁੱਢੋਂ ਕਿਸੇ ਦੋ ਚਾਰ ਹੱਥ ਛੱਡ ਕੇ ਸਬੂਤਾ ਵੱਢ ਦਿੱਤਾ ਹੈ ਮੇਰੇ ਧੜ ਤੇ ਅਜੇ ਤੀਕਰ ਵੀ ਮੇਰਾ ਸੀਸ ਨਹੀਂ ਪਰ ਸੀਸ ਦਾ ਪਾਖੰਡ ਵੀ ਨਹੀਂ ਸੋਚਦਾ ਹਾਂ: ਮੇਰੇ ਧੜ ਤੇ ਨਵੇਂ ਸੂਰਜ ਜਿਹਾ ਜਦ ਸੀਸ ਉੱਗੇਗਾ ਰੌਸ਼ਨੀ ਉਸ ਦੀ ਗੁਰੂ ਦਾ ਨਾਮ ਲੈ ਕੇ, ਅਰਪ ਦੇਵਾਂਗਾ ਨਿਰੀ ਨੰਗੀ ਨਿਕੱਦੀ ਹੀਣਤਾ ਮੈਥੋਂ ਹੁਣ ਜੀਵੀ ਨਹੀਂ ਜਾਂਦੀ

47. ਪਰ੍ਹਾਂ ਨੂੰ ਬੰਨ ਕੇ ਪਰਬਤ ਬੇਬਸੀ ਦਾ

ਪਰ੍ਹਾਂ ਨੂੰ ਬੰਨ ਕੇ ਪਰਬਤ ਬੇਬਸੀ ਦਾ ਹਵਾਵਾਂ ਨੇ ਕਿਹਾ ਪੰਛੀ ਉੜ ਜਾ ਕਿਸੇ ਸਾਗਰ ਦੀ ਹਿੱਕ ਚੁੰਮਣ ਤੋਂ ਪਹਿਲਾਂ ਥਲਾਂ ਨੇ ਪੀ ਲਿਆ ਪਾਣੀ ਨਦੀ ਦਾ ਤੇਰੇ ਖੁੱਲ੍ਹੇ ਹੋਏ ਦਰ ਦੀ ਸ਼ਰਮ ਸੀ ਨਹੀਂ ਤਾਂ ਆਜ਼ਾਦ ਹੋ ਜਾਂਦਾ ਕਦੀ ਦਾ ਜੇ ਫਰਸ਼ਾਂ ਨੂੰ ਨਹੀਂ ਹੈ ਅਰਸ਼ ਮਾਫ਼ਕ ਇਦੇ ਵਿੱਚ ਦੋਸ਼ ਹੈ ਕੀ ਆਦਮੀ ਦਾ ਮੇਰੀ ਨੇਕੀ 'ਚ ਤਾਂ ਕੁਝ ਦਮ ਨਹੀਂ ਹੈ ਭਰੋਸਾ ਹੈ ਮੈਨੂੰ ਤੇਰੀ ਬਦੀ ਦਾ ਸਮੁੰਦਰ ਹੁਸਨ ਦਾ ਤੂੰ ਜਾਣਦਾ ਹਾਂ ਲੈ ਮੈਥੋਂ ਪਿਆਸ ਦਾ ਤੁਬਕਾ ਲਈ ਜਾ ਜੋ ਕਰਨਾ ਈ ਜ਼ੁਲਮ ਕਰ ਲੈ ਹੁਣੇ ਈ ਭਰੋਸਾ ਕੀ ਹੈ ਮੇਰੀ ਜ਼ਿੰਦਗੀ ਦਾ ਤੇਰੇ ਬੁੱਲ੍ਹਾਂ ਨੂੰ ਮੈਂ ਚੁੰਮਦਾ ਨਹੀਂ ਹਾਂ ਮੇਰੇ ਬੁੱਲ੍ਹਾਂ 'ਚ ਹੈ ਕਿਣਕਾ ਖੁਦੀ ਦਾ

48. ਇਹ ਗਮ ਜ਼ਿੰਦਗੀ ਦੇ ਪਿਆਰੇ ਬੜੇ ਨੇ

ਇਹ ਗਮ ਜ਼ਿੰਦਗੀ ਦੇ ਪਿਆਰੇ ਬੜੇ ਨੇ ਜੁੜੇ ਮੇਰੇ ਘਰ ਟੁਟ ਕੇ ਤਾਰੇ ਬੜੇ ਨੇ ਤਿਰੀ ਚਿਣਗ ਲਈ ਵੀ ਜਗ੍ਹਾ ਕਰ ਲਵਾਂਗਾ ਮਿਰੇ ਅਰਸ਼ ਉਂਞ ਤਾਂ ਅੰਗਾਰੇ ਬੜੇ ਨੇ ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ ਅਤੇ ਮੇਰੇ ਪੈਰੀਂ ਕਿਨਾਰੇ ਬੜੇ ਨੇ ਲਿਆਵੋ ਕੋਈ ਜਾ ਕੇ ਪਰਵਾਨਿਆਂ ਨੂੰ ਮੈਂ ਦੀਵੇ ਤਾਂ ਥਾਂ ਥਾਂ ਸ਼ਿੰਗਾਰੇ ਬੜੇ ਨੇ ਤੁਸਾਂ ਗਿਣ ਲਏ ਨੈਣਾਂ ਹੰਝੂ ਜੋ ਕੇਰੇ ਜੋ ਕਿਰ ਨਾ ਸਕੇ ਗਮ ਦੇ ਮਾਰੇ ਬੜੇ ਨੇ ਹੈ ਬੱਦਲਾਂ ਦਾ ਦਿਲ ਜੋ ਸਹੀ ਜਾ ਰਿਹਾ ਏ ਪਾਏ ਬਿਜਲੀਆਂ ਤਾਂ ਲੰਗਾਰੇ ਬੜੇ ਨੇ ਮੈ ਗਮ ਦੇ ਸਮੁੰਦਰ 'ਚ ਡੁੱਬਦਾ ਨਹੀਂ ਹਾਂ ਤਿਰੇ ਗਮ ਦੇ ਮੈਨੂੰ ਸਿਤਾਰੇ ਬੜੇ ਨੇ !

49. ਕਿਸੇ ਦੀ ਭਾਲ 'ਚ ਬੀਤੇ ਅਸਲ ਸਮਾਂ ਤਾਂ ਉਹ

ਕਿਸੇ ਦੀ ਭਾਲ 'ਚ ਬੀਤੇ ਅਸਲ ਸਮਾਂ ਤਾਂ ਉਹ ਕਿਸੇ ਦੀ ਬਾਹਾਂ 'ਚ ਬੀਤੇ ਉਹਨੂੰ ਸਮਾਂ ਨਾ ਕਹੋ ਐਵੇਂ ਗਰੂਰ 'ਚ ਆਏਗਾ ਬਿਜਲੀਆਂ ਵਾਲਾ ਕੁਝ ਹੋਰ ਚੀਜ਼ ਹੈ ਨੀਲੇ ਨੂੰ ਆਸਮਾਂ ਨਾ ਕਹੋ ਸਮਝ ਕੇ ਸੋਚ ਕੇ ਬੋਲੋ ਕੁਫ਼ਰ ਤੋਂ ਤੋਬਾ ਕਰੋ ਖ਼ੁਦਾ ਮੈਂ ਆਪ ਹਾਂ ਮੈਨੂੰ ਖ਼ੁਦ ਨੁਮਾ ਨਾ ਕਹੋ ਤੁਹਾਡੀ ਮਰਜ਼ੀ ਸਿਤਾਰੇ ਨੂੰ ਕਹਿ ਲਵੋ ਸੈਂ ਸੂਰਜਾਂ ਦਾ ਦਹਾਨਾ ਮੈਨੂੰ ਸ਼ਮਾਂ ਨਾ ਕਹੋ ਜੋ 'ਲਾਸ' ਬਾਕੀ ਹੈ ਪਿੰਡੇ ਤੇ ਪਾ ਲਵੋ ਮੇਰੇ ਮੇਰਾ ਗਰੂਰ ਨਾ ਲੁੱਟੋ ਮੈਨੂੰ 'ਖਿਮਾ' ਨਾ ਕਹੋ ਕੋਈ ਮੈਂ ਸ਼ਾਹ ਤਾਂ ਨੀ ਬਣ ਜਾਣਾ ਤੇਰਾ ਦਿਲ ਲੈ ਕੇ ਹੈ ਦਿਲ ਚੁਰਾਉਣ ਦੀ ਆਦਤ ਇਨ੍ਹੂੰ ਤਮਾਂ ਨਾ ਕਹੋ (47-49 ਰਚਨਾਵਾਂ, ਰਾਹੀਂ: ਬੀਬਾ ਹਰਪ੍ਰੀਤ ਕੌਰ)

50. ਪ੍ਰਭ ਜੀ ਕੌਣ ਸਰੋਵਰ ਨ੍ਹਾਵਾਂ

ਕਿਸ ਪਾਂਧੇ ਤੋਂ ਕਿਸ ਪਤਰੀ 'ਚੋਂ ਪੁੰਨਿਆਂ ਦਾ ਪੁਰਬ ਕਢਾਵਾਂ ਕੌਣ ਗੁਰੂ ਤੋਂ ਪੁੱਛਾਂ ਸਤਿ - ਸਰੋਵਰ ਜਾਂਦੀਆਂ ਰਾਹਵਾਂ ਹੁਣ ਤਾਂ ਸਭ ਦਿਨ ਮੱਸਿਆ ਜਾਪਣ ਕਿਸ ਨੂੰ ਕਿਸ ਤੋਂ ਵੱਖ ਕਰਾਵਾਂ ਸਭ ਰਾਹ ਮੱਲੇ ਵਰਦੀ ਵਾਲੇ ਕੁਝ ਸ਼ੀਹਾਂ ਕੁਝ ਕਾਵਾਂ ਕੌਣ ਸਰੋਵਰ ਨ੍ਹਾਵਾਂ ਪਰਕਰਮਾ ਤੱਕ ਆਈਆਂ ਪ੍ਰਭ ਜੀ ਆਂਦਰ ਆਂਦਰ ਮਾਵਾਂ ਪੱਥਰ ਪੱਥਰ ਪਾਸੋਂ ਪੁੱਛਣ ਪੁੱਤਰਾਂ ਦਾ ਸਰਨਾਵਾਂ ਉਹ ਜੋਂ ਪਰਦੱਖਣਾ ਵਿਚ ਡੁੱਲ੍ਹ ਗਏ ਲੈ ਕੇ ਤੇਰਾ ਨਾਵਾਂ ਹੰਝੂ ਵੀ ਪ੍ਰਭ ਜੀ ਹੋ ਗਏ ਮੈਲੇ ਕੀਕਰ ਮੈਲ ਮਿਟਾਵਾਂ ਕੌਣ ਸਰੋਵਰ ਨ੍ਹਾਵਾਂ ਇਕ ਮੇਰੀ ਸੁਖਣਾ ਤੇਰੇ ਭਾਣੇ ਸਭ ਦੀ ਖ਼ੈਰ ਮਨਾਵਾਂ ਤੇਰੀ ਜੋਤ ਦਾ ਸੁੱਚਾ ਚਾਨਣ ਹਰ ਦੀਵੇ ਧਰ ਆਵਾਂ ਮੈਂ ਨ੍ਹਾਵਾਂ ਤਾਂ ਸਰਬ ਲੋਕ ਦੀ ਚਿਪਚਿਪ ਮਨ ਤੋਂ ਲਾਹਵਾਂ ਮੈਥੋਂ ਪਹਿਲਾਂ ਸਾਰੇ ਜੱਗ ਦੀਆਂ ਹੋਵਣ ਦੂਰ ਬਲਾਵਾਂ ਪ੍ਰਭ ਜੀ ਕੌਣ ਸਰੋਵਰ ਨ੍ਹਾਵਾਂ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ - ਹਰਿਭਜਨ ਸਿੰਘ ਡਾ.
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ