Punjabi Poetry : Garry Algon

ਪੰਜਾਬੀ ਕਵਿਤਾਵਾਂ : ਗੈਰੀ ਅਲਗੋਂ



1

ਮਾਇ ਬਾਪ ਜੀਵਤ ਨ ਕੋ, ਸਭ ਸੰਗੀ ਬੀ ਮੋਇ।। ਅਬ ਹਮ ਚਾਕਰ ਰਾਮ ਕੈ, ਹਮਰਾ ਨਾਹੀ ਕੋਇ।।

2

ਬਾਹਰੋਂ ਹੋਵ ਸਾਫ਼ ਤੈ, ਅੰਦਰ ਭਰੀ ਤੁ ਖੇਹ।। ਭੂਲੈ ਬੈਠਾ ਰਾਮ ਕੋ, ਕਾਇ ਨ ਕਰ ਹੈ ਨੇਹ।।

3

ਤੇਰਾ ਜਾਮਾ ਸੰਤ ਕਾ, ਅੰਦਰ ਰੱਖੇ ਮੋਹ। ਭਗਤੀ ਕੀਤੀ ਰੱਬ ਕੀ, ਮਨ ਦੂਰੇ ਸੌ ਕੋਹ। ਮਨ ਦੂਰੇ ਸੌ ਕੋਹ, ਜਿੱਥੇ ਸੱਚ ਵੇ ਟੋਲੇ। ਝੂਠਾ ਓਏ ਧਾਮ, ਜਿੱਥੋ ਸੱਤ ਵੇ ਬੋਲੇ। ਧਾਰੈ ਸਾਚਾ ਪ੍ਰਭ, ਨ ਫਿਰ ਹੋਏਗਾ ਫੇਰਾ। ਮੇਰੀ ਮੇਰੀ ਛੱਡ, ਕਹਿ ਸਭ ਕੁੱਝ ਹੈ ਤੇਰਾ।

4

ਝੂਠੇ ਸਭ ਓ ਕਾਮ, ਜੋ ਨਿੱਤ ਹੀ ਤੈ ਕਰਦਾ।। ਪਾਪੀ ਕੀਤੇ ਜੋ ਪਾਪ, ਅੰਤ ਆਈ ਓ ਭਰਦਾ।।

5

ਰਾਹ ਚ ਨੱਪੀ ਧੂਲ, ਬੁੱਢੀ ਹੋਈ ਮਸੀਤੀ।। ਰੂਹੇ ਤੈ ਸੀ ਸੱਚ , ਹੁਣ ਤੂੰ ਹੋਈ ਪਲੀਤੀ।।

6

ਬੁਤ ਪੂਜੈ ਕਰ ਰਾਮ, ਸਭ ਝੂਠਾ ਸੱਤ ਜਾਪੈ।। ਮੰਦਿਰ ਜਾ ਤੈ ਆਪ, ਕਾਇ ਨ ਆਪਾ ਨਾਪੈ।।

7

ਝੂਠਾ ਸਭ ਸੰਸਾਰ , ਸਾਚਾ ਏਕ ਹੇ ਸਾਈਂ।। ਹਮ ਅੰਦਰ ਓਹੀ ਵੇ, ਜੋ ਰਹੇ ਸਭ ਹੀ ਥਾਈਂ।।

8

ਮੂਲ ਵਿਰਦ ਜੈ ਰਾਮ ਕਾ, ਸਦ ਸਦ ਰਹੈ ਜੁ ਚੀਤ।। ਬਖ਼ਸ਼ ਮਰਤਬਾ ਦਾਸ ਕੋ, ਆਪੈ ਲਿਖਤ ਤੁ ਗੀਤ।੧। ਫੰਨੇ ਖਾ ਇਕ ਰਾਮ ਜੀ, ਸਭਕਾ ਰੇ ਪੀਰ।। ਜਪ ਜਪ ਤੇਰੋ ਨਾਮ ਮੈ, ਪੀਵਾਂ ਜੋ ਸੁਚ ਨੀਰ।੨। ਸੰਦਰ ਤੇਰੋ ਮੁਖ ਹੇ, ਨਹਿ ਦੇਖੋ ਕੋ ਔਰ।। ਤੁਮ ਸਾਜੇ ਸਭ ਜੀਵ ਜੀ , ਦੇਖੂ ਕਰਿ ਮੋ ਗੌਰ।੩। ਰਵਾਦਾਰ ਹੋ ਆਪ ਹੀ, ਸਾਚਾ ਖੇਤ ਜੁ ਤੋਰ।। ਬਖਸ ਦਾਨ ਤੈ ਦਾਸ ਕੋ, ਮਿਹਰ ਕਰੈ ਜੀ ਮੋਰ।੪। ਕਾਮਲ ਰਾਹੇ ਭੇਜ ਕੈ, ਰੂਹ ਕਰੋ ਇਹ ਨੂਰ।। ਸਾਬਰੀ ਕਰੇ ਰਾਮ ਜੀ, ਰਹਿਣ ਨ ਦੇਵੋ ਦੂਰ।੫। ਰਸ ਸਭਹੇ ਹੀ ਛੋੜ ਕੈ, ਆਵੋ ਤੇਰੋ ਵੱਲ।। ਕਿਰਪਾ ਤੇਰੀ ਹੋਵ ਨਾ, ਮੋ ਦੇਖੋ ਨਾ ਕੱਲ।੬। ਤੁਮ ਨਾਨਕ ਤੁਮ ਮੀਮ ਜੀ, ਸਭ ਤੁਮਹੇ ਹੋ ਰਾਮ।। ਨਮਸਕਾਰ ਹੈ ਆਪ ਕੋ, ਹੋ ਪੂਰਨ ਸਤ ਕਾਮ।੭। ਤੈ ਰਾਮੈ ਹਮ ਸੰਗ ਰੇ, ਮੋ ਹੂ ਤੇਰੋ ਹੀਰ।। ਉਪਮਾ ਨਾਹੀਂ ਕਰ ਸਕੋ, ਮੈ ਨਾਹਿ ਕੋਇ ਮੀਰ।੮।

9. ਮਿਡਲ ਕਲਾਸ

ਬਾਪ, ਘੁੱਟਕੇ ਪਾਈ ਜੱਫੀ ਮੈਂਨੂੰ ਅਥਾਹ ਪਿਆਰ ਦੇ ਨਾਲ ਦੱਬਿਆ ਮੇਰਾ ਸਾਹ ਮਾਂ, ਚੁੰਮਦੀ ਮੱਥਾ ਜਾਣ ਲੱਗੇ ਦਾ ਪਿੱਛੇ ਖੜ ਦੇਖੇ ਵੈਰਾਗ ਨਾਲ ਭੁਲਗਿਆ ਮੇਰਾ ਰਾਹ ਪਤਨੀ, ਕੱਪੜੇ ਪ੍ਰੈੱਸ ਕਰਦੀ ਤੇ ਰੋਟੀ ਡੱਬੇ ਵਿੱਚ ਪਾਉਂਦੀ ਕਹੇ ਕੰਮਕਾਰ ਤੇ ਜਾ ਬੱਚਾ, ਪਿੱਛੋਂ ਆਵਾਜ਼ ਮਾਰੇ, ਰੁਕੋ ਜਰਾ! ਮੇਰਾ ਖਿਡਾਉਣਾ ਨਾ ਆਇਆ ਜੇ ਪਾ ਦੇਵਾਂਗਾ ਗਾਹ ਭੈਣ, ਕੁਆਰੀ ਘਰ ਵਿੱਚ ਬੈਠੀ ਫਰਿੱਜ, ਟੀ ਵੀ ਕਿੱਥੋਂ ਦੇਣਾ? ਗ਼ਮ ਰਹਿਆ ਸਤਾ ਮੈਂ, ਇਕ ਅੱਤ ਮਜਬੂਰ ਬੰਦਾ ਮਿਡਲ ਕਲਾਸ ਮੇਰਾ ਨਾਮ ਵਾਂਗ ਸੁਕਿਆ ਹੋਇਆ ਘਾਹ

10. ਮੁਹੱਬਤ

ਕਿਸੇ ਪੁੱਛਿਆ ਮੁਹੱਬਤ ਹੋਈ ਲਗਦਾ ਤੈਨੂੰ ਮੈ ਕਹਿਤਾ ਹੋਈ ਐ ਜੀ ਹੋਈ ਐ ਮੁਹਬੱਤ ਮੈਨੂੰ ੴ ਨਾਲ ਹੋਈ ਹੈ ਨਾਨਕ ਦੀ ਵਿਚਾਰਧਾਰਾ 'ਚ ਜਿੰਦ ਪਰੋਈ ਐ ਗੋਬਿੰਦ ਦੇ ਪੂਤ 'ਚ ਪ੍ਰਗਟ ਹੋਈ ਐ ਹਾਂਜੀ ਮੁਹੱਬਤ ਤੇ ਹੋਈ ਐ ਕੁਰਾਨ ਦੀਆਂ ਹਿਕਾਯਤਾਂ ਨਾਲ ਮੱਕੇ ਦੀਆਂ ਸੁਣ ਅਵਾਜ਼ਾਂ ਮੌਲਵੀ ਦੀਆਂ ਬਾਤਾਂ ਨਾਲ ਹੋਈ ਐ ਹਾਂਜੀ ਮੁਹੱਬਤ ਤੇ ਹੋਈ ਐ ਗੀਤਾ ਨਾਲ ਵੀ ਸਬੰਧ ਹੈ ਇਸਦਾ ਰਾਮ ਕ੍ਰਿਸ਼ਨ ਨਾਲ ਵੀ ਹੋਈ ਐ ਬਾਈਬਲ ਨੂੰ ਪੜ੍ਹਨ ਦੀ ਚਾਹਤ ਜਾਗੀ ਜੀਸਸ ਕਰਾਈਸਟ ਦੀ ਕੁਰਬਾਨੀ ਨੂੰ ਹੋਈ ਐ ਹਾਂਜੀ ਮੁਹੱਬਤ ਤੇ ਹੋਈ ਐ ਬੁੱਧ ਮਹਾਂਵੀਰ ਨੂੰ ਕੁਦਰਤ ਦੀ ਠੰਡੀ ਤਾਸੀਰ ਨੂੰ ਲਿਓਨਾਰਡੋ ਦਾ ਵਿੰਚੀ ਦੀ ਮਨਮੋਹਨੀ ਤਸਵੀਰ ਨੂੰ ਹਾਂਜੀ ਮੁਹੱਬਤ ਤੇ ਹੋਈ ਐ ਮੁਹੱਬਤ ਤੇ ਹੋਈ ਐ ਵਾਰਿਸ ਦੀ ਹੀਰ ਨੂੰ ਬੜੇ ਸਿਆਣੇ ਤਰਕਸ਼ੀਲ ਨੂੰ ਇਕ ਲਹੂ ਦੀ ਲੀਰ ਨੂੰ ਹਾਂਜੀ ਮੁਹੱਬਤ ਤੇ ਹੋਈ ਐ ਐਪਰ ਅਫ਼ਸੋਸ ਅੱਜ ਤੱਕ ਇਨਸਾਨੀ ਮਸ਼ੀਨ ਨਾਲ ਨਈਂ ਹੋਈ ਜਦ ਵੀ ਹੋਈ ਪਾਕ ਈ ਹੋਈ ਐ ਹਾਂਜੀ ਮੁਹੱਬਤ ਤੇ ਹੋਈ ਐ

11. ਮੇਲੇ

ਆ ਚੱਲ ਮਿੱਤਰਾ ਮੇਲੇ ਚੱਲੀਏ ਵੇਖਣ ਅਜ਼ਬ ਨਜ਼ਾਰੇ ਘੋਲ ਕਬੱਡੀ ਹੁੰਦੀ ਜਿੱਥੇ ਵੱਜਣ ਉੱਚੇ ਨਗਾਰੇ ਹੋਣ ਅਰਦਾਸਾਂ ਸਰਬੱਤ ਦੀਆਂ ਜਿਥੇ ਗੂੰਜਣ ਨਿਹੰਗ ਸਿੰਘਾਂ ਦੇ ਜੈਕਾਰੇ ਆ ਚੱਲ ਮਿੱਤਰਾ ਮੇਲੇ ਚੱਲੀਏ ਵੇਖਣ ਅਜ਼ਬ ਨਜ਼ਾਰੇ ਦੀਵਾਨ ਸੱਜੇ ਹੋਣਗੇ ਓਥੇ ਕਵੀਸ਼ਰ ਸੁਰੀਲਾ ਗਾਉਣਗੇ ਢਾਡੀ ਜੱਥੇ ਵਾਰਾਂ ਬੀਰ ਰਸ ਦੀਆਂ ਸੁਣਾਉਣਗੇ ਸਭ ਜਾਣਗੇ ਵਾਰੇ ਵਾਰੇ ਆ ਚੱਲ ਮਿੱਤਰਾ ਮੇਲੇ ਚੱਲੀਏ ਵੇਖਣ ਅਜ਼ਬ ਨਜ਼ਾਰੇ ਸ਼ੌਕੀਨੀ ਪੂਰੀ ਲਾਉਂਦੇ ਗੱਭਰੂ ਪਰ ਦਿਲ ਨਾ ਕਿਸ ਦੇ ਮਾੜੇ ਕੁੜੀਆਂ ਵੀ ਬਣ ਹੀਰਾਂ ਆਉਣ ਓਹਨਾਂ ਹੀਰਾਂ ਦੇ ਉੱਚੇ ਮਿਆਰੇ ਆ ਚੱਲ ਮਿੱਤਰਾਂ ਮੇਲੇ ਚੱਲੀਏ ਵੇਖਣ ਅਜ਼ਬ ਨਜ਼ਾਰੇ ਖਾਣੇ ਪੀਣੇ ਖੂਬ ਕਰਾਂਗੇ ਕਿੱਧਰੇ ਖੱਟੇ ਅਰ ਮਿੱਠੇ ਭਾਈਆਂ ਵਿੱਚ ਪਿਆਰ ਹੋਊਗਾ ਜਦ ਬੈਠੇ ਹੋਵਾਂਗੇ ਇਕੱਠੇ ਸਾਰੇ ਆ ਚੱਲ ਮਿੱਤਰਾਂ ਮੇਲੇ ਚੱਲੀਏ ਵੇਖਣ ਅਜ਼ਬ ਨਜ਼ਾਰੇ

12. ਆਸ਼ਿਕ

ਅਸੀਂ ਆਸ਼ਿਕ ਹਾਂ ਸਾਨੂੰ ਇਸ਼ਕ ਦਸਮ ਪਿਤਾ ਸਿਖਾਇਆ ਪੌਹਲ ਦੇ ਖੰਡੇ ਦੀ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਲਿਖ ਚੰਡੀ ਦੀ ਵਾਰ ਸਾਨੂੰ ਇਸ਼ਕ ਦੀ ਪੌੜੀ ਚੜ੍ਹਾਇਆ ਸ਼ਸਤ੍ਰ ਮਾਲਾ ਨੇ ਜੋਸ਼ ਬਾਹਲਾ ਵਧਾਇਆ ਬੀਰ ਰਸ ਨਾਲ ਸਾਨੂੰ ਵੱਡੇ ਜੋਧੇ ਬਣਾਇਆ ਅਸੀਂ ਆਸ਼ਿਕ ਹਾਂ ਸਾਨੂੰ ਇਸ਼ਕ ਦਸਮ ਪਿਤਾ ਸਿਖਾਇਆ ਅਸੀਂ ਆਸ਼ਿਕ ਕਚੀਆਂ ਗੜੀਆਂ ਦੇ, ਅਸੀਂ ਆਸ਼ਿਕ ਜੰਗਾਂ ਦੀਆ ਲਾੜੀਆਂ ਦੇ ਅਸੀਂ ਇਸ਼ਕ ਧਰਮ ਦਾ ਕਮਾਇਆ ਅਸੀਂ ਸੂਬਾ ਸਰਹੰਦ ਹਰਾਇਆ ਅਸੀਂ ਔਰੰਗਜੇਬ ਸੀ ਦਰਾਇਆ ਅਸੀਂ ਆਸ਼ਿਕ ਹਾਂ ਸਾਨੂੰ ਇਸ਼ਕ ਦਸਮ ਪਿਤਾ ਸਿਖਾਇਆ ਫਤਹਿ ਕੋਈ ਨਾ ਸਾਡੇ ਉੱਤੇ ਪਾ ਸਕਿਆ ਅਜੀਤ ਜੁਝਾਰ ਨੂੰ ਜਿੱਤ ਕੋਈ ਨਾ ਜਾ ਸਕਿਆ ਬਚਿੱਤਰ ਸਿੰਘ ਨੇ ਹਾਥੀ ਤੇ ਕਾਬੂ ਪਾਇਆ ਸਾਡੀ ਕੌਮ ਨੇ ਦੁਨੀਆ ਅੱਗੇ ਸੱਚਾ ਇਸ਼ਕ ਕਰ ਦਿਖਾਇਆ ਅਸੀਂ ਆਸ਼ਿਕ ਹਾਂ ਸਾਨੂੰ ਇਸ਼ਕ ਦਸਮ ਪਿਤਾ ਸਿਖਾਇਆ

13. ਬਾਰਾਂਮਾਹ

ਚੇਤਰ ਆਇ ਸੁਹਾਵਣਾ, ਮਿੱਠੀ ਆਵੇ ਬਾਦ। ਇਸ਼ਕ ਦਾ ਕਰੂ ਜਾਪ ਮੈ, ਵੱਜੇ ਸੁੰਦਰ ਨਾਦ। ਦੂਰ ਹੁਆ ਹੈ ਪਾਤ ਜੀ, ਲੂਸਾ ਮੇਰਾ ਚਾਮ। ਵਿਛੋੜਾ ਹੈ ਉਡੀਕ ਦਾ, ਦਿਨ ਹੋਵੇ ਜਾਂ ਸ਼ਾਮ। ਹੁਣ ਆਇਆ ਵਿਸਾਖ ਵੇ, ਕਰੂੰਬਲ ਗਈ ਫੁੱਟ। ਸਾਈਂ ਦੀ ਕੋ ਆਸ ਨਾ, ਧੁਰੋਂ ਗਈ ਮੈਂ ਟੁੱਟ। ਮੰਡੀ ਭੇਜਾਂ ਅੰਨ ਨੂੰ, ਵੇਚ ਕਮਾਵਾਂ ਲੱਖ। ਸਾਜਨ ਨਾਹੀਂ ਦਿੱਸਦਾ, ਜੀ ਨਾਲ਼ ਏਸ ਅੱਖ। ਜੇਠ ਮਹੀਨਾ ਅੱਗ ਦਾ, ਪਾਣੀ ਜਾਂਦੇ ਸੁੱਕ। ਨਫ਼ਸ ਧਰਤਿ ਦੀ ਸੜ ਰਹੀ, ਜਲ ਦੇਵੋ ਕੋ ਬੁੱਕ। ਜਾਲਮ ਬਿਰਹੋਂ ਪਾਤ ਦਾ, ਜਾਈ ਜਾਵੇ ਸਾੜ। ਮੁਕ ਗੀ ਮੇਰੀ ਜਾਨ ਹੈ, ਟੁਟ ਗੀ ਮੇਰੀ ਨਾੜ। ਤੱਤੀ ਤਸੀਰ ਹਾੜ ਦੀ, ਕਾਮ ਸੁ ਲੱਗੀ ਆਗ। ਸੜ ਸੜ ਕਰਦੀ ਭੱਖਦੀ, ਸੜਦੇ ਜਾਂਦੇ ਬਾਗ਼। ਸੁਣ ਵੇ ਹਾੜਾ ਗੱਲ ਤੂ, ਮਾਰੀ ਨਾ ਸੁਣ ਬਾਨ। ਭੇਜ ਸੁਨੇਹਾ ਪਾਤ ਨੂੰ, ਨਿਕਲੀ ਜਾਵੇ ਜਾਨ। ਅਬ ਸਾਵਣ ਚੜ ਆਇਆ, ਪੀਂਘਾਂ ਵਿਚ ਅਸਮਾਨ। ਨਾਰੀ ਕੋਇਲ ਹੋਂਵਦੀ, ਮਿਲਕੇ ਗਾਵਣ ਗਾਨ। ਸੁੰਨਾ ਸਾਵਣ ਆਇ ਜੂ, ਨਿਕਲੇ ਨਾ ਜੀ ਸਾਹ। ਸਭ ਖ਼ਾਲੀ ਨੇ ਰਾਹ ਨੀ, ਮੁਕ ਚੱਲੇ ਸੌ ਮਾਹ। ਭਾਦੋ ਨਿਕਲੇ ਧੁੱਪ ਜੀ, ਛਣ ਵਿਚ ਆਵੇ ਮੀਂਹ। ਖੱਟਾ ਚੜ੍ਹਦਾ ਰੰਗ ਹੂ਼, ਕਾਦਰ ਤੂ ਹੈ ਕੀਹ। ਚਾਰੇ ਪਾਸੇ ਧੁੱਪ ਮੇ, ਦੇਖੂ ਬਹੁ ਮੈ ਰੰਗ। ਦੁੱਖੀ ਹਿਰਦਾ ਮੋਰ ਦਾ, ਜਦ ਕੋਲ ਨ ਹੋ ਸੰਗ। ਅੱਸੂ ਮੌਸਮ ਵੱਖਰਾ, ਕੋਇ ਨ ਖਾਵੇ ਮੇਲ। ਗਰਮ ਬਰਫ਼ ਹੈ ਡਿੱਗਦੀ, ਕੈਸਾ ਤੇਰਾ ਖ਼ੇਲ। ਅੱਸੂ ਸੁੰਦਰ ਕਿੱਡੜਾ, ਮਿੱਠਾ ਵਾਂਗੂੰ ਚਾਸ। ਖੂੰਝੇ ਲਾਤਾ ਦੁੱਖ ਨੇ, ਸੜਗਿਆ ਮੋਰ ਮਾਸ। ਕੱਤਕ ਸ਼ਾਹ ਫ਼ਕੀਰ ਦਾ, ਚੰਦ ਚੜ੍ਹੇ ਬਹੁ ਦੇਰ। ਬਾਦਲ ਗਏ ਪ੍ਰਦੇਸ਼ ਨੂੰ, ਮੁੜ ਆਵੇਗੇ ਫ਼ੇਰ। ਖ਼ੁਨਾਮੀ ਸੁ ਮੈਂ ਵੱਟਲੀ, ਲੈਕੇ ਤੇਰਾ ਨਾਮ। ਘੁੰਮੀ ਹਰ ਇਕ ਖੂੰਟ ਮੈਂ, ਹਰ ਪਾਸੇ ਹੈ ਸ਼ਾਮ। ਮੱਘਰ ਰੂਪ ਸਿ ਹੀਰ ਦਾ, ਸੀਨਾ ਦੇਵੇ ਠਾਰ। ਮਿੱਠੀ ਮਿੱਠੀ ਰੁੱਤ ਜੋ, ਦਿੰਦੀ ਬੜਾ ਪਿਆਰ। ਯਕ ਸਾਅਤ ਪਲ਼ ਯਾਰ ਦਾ, ਲੱਗੇ ਵਾਂਗੂੰ ਸਾਲ। ਗ਼ਾਨੀ ਹੈ ਉਹ ਜਿੰਦੜੀ, ਸਾਜਨ ਜਿਸਦਾ ਨਾਲ। ਸਰਦ ਮਹੀਨਾ ਪੋਹ ਦਾ, ਲੱਗੇ ਮੈਨੂੰ ਠੰਡ। ਬਿਰਹਾ ਨਾਲ਼ੇ ਮੈਂ ਸਖੀ, ਹੋਈ ਬੈਠੀ ਰੰਡ। ਪਾਣੀਂ ਵਾਂਗ ਨੇ ਠਰਦੇ, ਡਿੱਗੇ ਜੋ ਵੇ ਨੀਰ।। ਨਾ ਤਨ ਮੇਰੋ ਕੱਪੜਾ, ਨੰਗ ਹੋਆ ਸਰੀਰ। ਮੇਲਾ ਮਾਘੀ ਮਾਘ ਦਾ, ਚਾਈਂ ਲੋਕੀਂ ਜਾਨ। ਸਦੀਕ ਨਾਲ ਨ ਮੋਰ ਜਬ, ਸਾਨੂੰ ਵੱਜੇ ਬਾਨ। ਮੁਦਤ ਹੋ ਗਈ ਮੇਲ ਨੂੰ, ਮਾੜੇ ਹੋਏ ਹਾਲ। ਉਮਰ ਗੁਜ਼ਾਰੀ ਰੋਂਦਿਆ, ਸਾਨੂੰ ਆ ਸੰਭਾਲ। ਫੱਗਣ ਰੁੱਤ ਪਿਆਰ ਦੀ, ਫੁੱਲਾਂ ਦਾ ਹੈ ਹਾਰ। ਗੁੜ ਵਾਂਗੂੰ ਕਰ ਬਾਤ ਤੈ, ਸੂਹਾ ਕਰ ਸ਼ਿੰਗਾਰ। ਸੂਰਜ ਲਾਗੈ ਚਾਂਦ ਸਾ, ਦਿਨ ਹੋਈ ਹੈ ਰਾਤ। ਸਾਜਣ ਮੇਰੋ ਆਂਵਦਾ, ਜੋ ਅਤਿ ਸੁੰਦਰ ਪਾਤ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ