Punjabi Ghazals : Gurdial Raushan

ਪੰਜਾਬੀ ਗ਼ਜ਼ਲਾਂ : ਗੁਰਦਿਆਲ ਰੌਸ਼ਨ


ਸੱਚ ਬੋਲ ਕੇ-

ਸੱਚ ਬੋਲ ਕੇ ਦਿਲਾ ਤੂੰ ਜ਼ਿੱਦ ਤਾਂ ਪੁਗਾ ਲਈ ਹੈ। ਐਪਰ ਤੂੰ ਰਿਸ਼ਤਿਆਂ ਦੀ ਇੱਜ਼ਤ ਘਟਾ ਲਈ ਹੈ। ਮੇਰੀ ਗ਼ਜ਼ਲ ਸਫ਼ਲ ਹੈ ਜਿਸ ਵਰਕ ‘ਤੇ ਲਿਖੀ ਹੈ, ਕੁਝ ਬੱਚਿਆਂ ਨੇ ਉਸ ਦੀ ਕਿਸ਼ਤੀ ਬਣਾ ਲਈ ਹੈ। ਕੁਝ ਅੰਗ ਮੇਰੇ ਤਨ ਤੇ ਮਾਤਮ ਮਨਾ ਰਹੇ ਨੇ, ਕੁਝ ਨੇ ਅਲਹਿਦਾ ਹੋ ਕੇ ਮਹਿੰਦੀ ਰਚਾ ਲਈ ਹੈ। ਹੈ ਰੰਗ ਮੰਚ ਜੀਵਨ ਚਿਹਰੇ ਬਦਲ ਰਹੇ ਨੇ, ਕਲਗੀ ਕਿਸੇ ਨੇ,ਕੁਝ ਨੇ ਪੂਛਲ ਲਗਾ ਲਈ ਹੈ। ਜਿਹਨਾਂ ਨੇ ਬੋਟ ਸਾੜੇ, ਸਭ ਆਲ੍ਹਣੇ ਜਲਾਏ, ਆਖਣ ਉਹ ਪੰਛੀਆਂ ਨੇ ਖ਼ੁਦ ਅੱਗ ਲਾ ਲਈ ਹੈ। ਐਵੇਂ ਜ਼ਰੀਬ ਚੁਕ ਕੇ ਮਿਣਦਾ ਰਿਹਾ ਜਾਗੀਰਾਂ, ਮਰਿਆ ਤਾਂ ਆਦਮੀ ਨੇ ਦੇ ਗਜ਼ ਜਗ੍ਹਾ ਲਈ ਹੈ। ਕੁਝ ਹੋਰ ਕੰਮ ਕਰ ਲੈ, ਜੰਗਲ ‘ਚ ਘਰ ਬਣਾ ਲੈ, ਤੇਰੀ ਕਲਾ ਵੀ ‘ਰੌਸ਼ਨ’ ਜੇਕਰ ਕਲਾ ਲਈ ਹੈ।

ਬਹਿਰ ਦਾ-

ਦੇਖ ਕੇ ਮੰਜ਼ਰ ਪਿਆਸੀ ਨਹਿਰ ਦਾ। ਮੈਂ ਕਰਾਂ ਰੋ ਕੇ ਤਸੱਵੁਰ ਲਹਿਰ ਦਾ। ਡਰਨਿਆਂ ਨੂੰ ਮਲ਼ ਰਹੇ ਕਸਤੂਰੀਆਂ, ਖ਼ੂਬ ਫ਼ੈਸ਼ਨ ਹੈ ਅਦਬ ਦੇ ਸ਼ਹਿਰ ਦਾ। ਜੋ ਸਵੇਰੇ ਕੱਢਦੇ ਹਨ ਗਾਲ਼ੀਆਂ, ਸ਼ਾਮ ਨੂੰ ਲੱਭਣ ਮੁਹੱਲਾ ਬਹਿਰ ਦਾ। ਦਿਨ ਸਮੇਂ ਸੂਰਜ ਨੂੰ ਝਪਕੀ ਆ ਗਈ, ਰਾਤ ਵਰਗਾ ਹਾਲ ਹੈ ਦੋਪਹਿਰ ਦਾ। ਚੋਰੀਆਂ, ਡਾਕੇ, ਉਧਾਲ਼ੇ ਦੇਖੀਏ, ਇਹ ਇਰਾਦਾ ਜਾਪਦੈ ਹੁਣ ਗਹਿਰ ਦਾ। ਦੀਵਿਆਂ ਦੀ ਪਾਲ਼ ਕਿਉੰ ਹੈ ਵਧ ਗਈ, ਰੋਜ਼ ਧਮਕਾਉਂਦਾ ਹੈ ਝੱਖੜ ਕਹਿਰ ਦਾ। ਤਿਤਲੀਆਂ ਬਚੀਆਂ ਨੇ ਜੋ ਮਰ ਜਾਣੀਆਂ, ਬਾਗ਼ ਨਾ ਅੰਦਰ ਲਗਾ ਤੂੰ ਜ਼ਹਿਰ ਦਾ। ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ, ਮੈਂ ਜਦੋਂ ਆਖਾਂ ਨਹੀਂ ਉਹ ਠਹਿਰਦਾ।

ਹੋ ਨਹੀਂ ਸਕਦੀ-

ਮੇਰੇ ਨਗ਼ਮੇਂ, ਗ਼ਜ਼ਲ ਮੇਰੀ ਮੁਕੰਮਲ ਹੋ ਨਹੀਂ ਸਕਦੀ। ਕਦੇ ਹਲ ਤੇਰੀਆਂ ਜ਼ੁਲਫ਼ਾਂ ਦੀ ਗੁੰਝਲ਼ ਹੋ ਨਹੀਂ ਸਕਦੀ। ਵਡੇਰੇ ਜ਼ਲਜ਼ਲੇ ਦੇ ਬਾਦ ਨ੍ਹੇਰੀ ਦੀ ਜ਼ਰੂਰਤ ਹੈ, ਸਤਹ ਧਰਤੀ ਦੀ ਇਸ ਪ੍ਰਕਾਰ ਸਮਤਲ ਹੋ ਨਹੀਂ ਸਕਦੀ। ਨਿਰਾ ਹੀ ਸ਼ੋਰ ਹੈ ਉੱਚੀ ਜਗ੍ਹਾ ਤੋਂ ਸੁੱਟਿਆ ਪਾਣੀ, ਤੇ ਬਾਰਿਸ਼ ਵੀ ਕਦੀ ਝਰਨੇ ਦੀ ਕਲ ਕਲ ਹੋ ਨਹੀਂ ਸਕਦੀ। ਬੜੀ ਹੀ ਤਪਸ਼ ਹੈ, ਸਾਹ ਘੁੱਟਦਾ ਹੈ ਹਰ ਪਰਿੰਦੇ ਦਾ, ਚਲਾ ਜਾ ਬੱਦਲਾ, ਤੈਥੋਂ ਜੇ ਜਲ ਥਲ ਹੋ ਨਹੀਂ ਸਕਦੀ। ਜੋ ਮਾਰੂਥਲ ‘ਚ ਜਾ ਕੇ ਖ਼ੁਦਕੁਸ਼ੀ ਅੰਜਾਮ ਦੇ ਦੇਵੇ, ਮੈਂ ਕਹਿੰਦਾ ਹਾਂ, ਨਦੀ ਐਨੀ ਵੀ ਪਾਗਲ ਹੋ ਨਹੀਂ ਸਕਦੀ। ਇਨ੍ਹਾਂ ਦੇ ਰਾਖਿਆਂ ਨੇ ਹੁਣ ਨਵਾਂ ਕਾਨੂੰਨ ਘੜਿਆ ਹੈ, ਕਿ ਤਿਤਲੀ ਕੋਈ ਵੀ ਬਾਗ਼ਾਂ ‘ਚ ਦਾਖ਼ਲ ਹੋ ਨਹੀਂ ਸਕਦੀ। ਇਹ ਲੱਕੜਹਾਰਿਆਂ ਦੇ ਨਾਲ ਅਪਣਾ ਯੁੱਧ ਛੇੜਨਗੇ, ਉਨ੍ਹਾਂ ਨੂੰ ਵਹਿਮ ਹੈ ਰੁੱਖਾਂ ‘ਚ ਹਲ ਚਲ ਹੋ ਨਹੀਂ ਸਕਦੀ। ਮੇਰੇ ਜਜ਼ਬਾਤ ਇਸ ਬਾਜ਼ਾਰ ਅੰਦਰ ਵਿਕ ਨਹੀਂ ਸਕਦੇ, ਇਨਾਮਾਂ ਨਾਲ ਮੇਰੀ ਸ਼ਾਇਰੀ ਛਲ ਹੋ ਨਹੀਂ ਸਕਦੀ।

ਜੰਗਲ ਹਾਂ-

ਮੈਂ ਸੂਲਾਂ ਨਾਲ ਭਰਿਆ ਰੇਤਲੀ ਮਿੱਟੀ ਦਾ ਜੰਗਲ ਹਾਂ। ਮੈਂ ਇਕ ਤਸਵੀਰ ਹਾਂ, ਐਪਰ ਅਜੇ ਤਕ ਨਾਮੁਕੰਮਲ ਹਾਂ। ਅਸੰਭਵ ਆਪਣਾ ਨਜ਼ਦੀਕ ਆਉਣਾ, ਮੇਲ ਨਾਮੁਮਕਿਨ, ਹੈ ਬਿਹਤਰ ਦੂਰ ਹੀ ਰਹਿਣਾ, ਤੂੰ ਖੁਸ਼ਬੂ ਏਂ ਮੈਂ ਦਲਦਲ ਹਾਂ। ਕਈ ਵਾਰੀ ਮੇਰੇ ਕੰਨਾਂ ‘ਚ ਆ ਕੇ ਵਕਤ ਕਹਿੰਦਾ ਹੈ, ਮੈਂ ਛੁਪਿਆ ਵਾਵਰੋਲਾ ਹਾਂ, ਬੜੀ ਖ਼ਾਮੋਸ਼ ਹਲਚਲ ਹਾਂ। ਮੈਂ ਟੁੱਟਣਾ ਲੋਚਦਾਂ ਮੇਰੇ ਤੋਂ ਪਰ ਟੁੱਟਿਆ ਨਹੀਂ ਜਾਂਦਾ, ਮੈਂ ਬੰਧਨ ਹਾਂ, ਮੈਂ ਖ਼ੁਦ ਹੀ ਆਪਣੇ ਪੈਰਾਂ ਦਾ ਸੰਗਲ ਹਾਂ। ਅਸੀਮਤ ਫ਼ਰਕ ਹੈ, ਕੀ ਹੋਂਦ, ਕੀ ਔਕਾਤ ਹੈ ਮੇਰੀ, ਤੂੰ ਜਗਮਗ ਕਰ ਰਿਹਾ ਅੰਬਰ, ਮੈਂ ਕਿਣਕੇ ਦਾ ਧਰਾਤਲ ਹਾਂ। ਮੈਂ ਹੰਝੂ ਪੀ ਲਏ ਨੇ ਖਾ ਲਏ ਹਨ ਕੱਚ ਦੇ ਟੁਕੜੇ, ਕਮੀ ਕੋਈ ਨਹੀਂ ਹੈ, ਹੁਣ ਤਾਂ ਬਸ ਮੰਗਲ ਹੀ ਮੰਗਲ ਹਾਂ। ਜੋ ਆਉੰਦੇ ਦਿਲ ‘ਚ, ਮੈਂ ਬੇਬਾਕ ਹੋ ਕੇ ਬੋਲਦਾ ਰਹਿੰਨੈ, ਕਈ ਵਾਰੀ ਤਾਂ ਸਚਮੁਚ ਜਾਪਦੈ ਮੈਨੂੰ, ਮੈਂ ਪਾਗਲ ਹਾਂ।

ਸੁਰ ਫੜੇ ਨੇ-

ਮੇਰੇ ਦਿਲ ਨੇ ਉਦਾਸੇ ਸੁਰ ਫੜੇ ਨੇ। ਕਿਤੇ ਅਜ ਬਾਂਸ ਦੇ ਜੰਗਲ ਸੜੇ ਨੇ। ਸਵੇਰੇ ਇਨਕਲਾਬੀ ਬਣ ਗਏ ਉਹ, ਜਿਨ੍ਹਾਂ ਨੇ ਰਾਤ ਨੂੰ ਜੁਗਨੂੰ ਫੜੇ ਨੇ। ਸਿਆਸੀ ਦਲ ਨੇ ਜਿੰਨੇ ਦੇਸ਼ ਅੰਦਰ, ਗ਼ਜ਼ਲਕਾਰਾਂ ਦੇ ਇਸ ਤੋਂ ਵੱਧ ਧੜੇ ਨੇ। ਕਿਹਾ ਉਸ ਨੂੰ ਮੈਂ, ਤੂੰ ਲੱਖਾਂ ‘ਚੋਂ ਇਕ ਏਂ, ਉਹ ਕਹਿੰਦਾ ਜਾਹ, ਤੇਰੇ ਵਰਗੇ ਬੜੇ ਨੇ। ਤੁਹਾਡੇ ਕੋਲ ਨੇ ਹਥਿਆਰ ਜੇਕਰ, ਅਸਾਡੇ ਕੋਲ ਲੋਹੇ ਦੇ ਕੜੇ ਨੇ। ਅਸੀਂ ਕਿਉਂ ਜਾਨ ਦਈਏ ਇਸ਼ਕ ਵਿਚ, ਅਸਾਨੂੰ ਹੋਰ ਵੀ ਤਾਂ ਕੰਮ ਬੜੇ ਨੇ। ਉਸੇ ‘ਮਾਂਝੀ’ ਦੀ ਅਗਲੀ ਨਸਲ ਹਾਂ ਮੈਂ, ਕਿ ਜਿਸ ਨੇ ਰਾਹ ਲਈ ਪਰਬਤ ਘੜੇ ਨੇ।

ਗ਼ਜ਼ਲ ਵਰਗੀ-

ਜ਼ਿੰਦਗੀ ਦੇ ਵਿਚ ਗ਼ਜ਼ਲ ਵਰਗੀ ਰਵਾਨੀ ਸੀ ਕਦੇ। ਰੰਗ ਸੀ, ਖੁਸ਼ਬੂ ਸੀ ਅਪਣੇ ‘ਤੇ ਜਵਾਨੀ ਸੀ ਕਦੇ। ਵਕਤ ਜਦ ਚੰਗਾ ਸੀ ਇਸ ਵਿਚ ਭੰਵਰਿਆਂ ਦੀ ਗੂੰਜ ਸੀ, ਆਪਣਾ ਘਰ ਤਿਤਲੀਆਂ ਦੀ ਰਾਜਧਾਨੀ ਸੀ ਕਦੇ। ਰਾਤ ਭਰ ਉਸ ਨਾਲ ਚਲਦੀ ਸੀ ਅਸਾਡੀ ਗੁਫ਼ਤਗੂ, ਕੋਲ ਦਿਲ ਦੇ ਰੱਖਦੇ, ਤੇਰੀ ਨਿਸ਼ਾਨੀ ਸੀ ਕਦੇ। ਸ਼ੁਕਰੀਆ ਤੇਰੀ ਮੁਹੱਬਤ ਨੇ ਵੀ ਦਿੱਤਾ ਆਸਰਾ, ਥੋੜ੍ਹੀ ਬਹੁਤੀ ਦੋਸਤਾਂ ਦੀ ਮਿਹਰਬਾਨੀ ਸੀ ਕਦੇ। ਵਕਤ ਬੀਤਣ ਨਾਲ ਇਹਨਾਂ ‘ਤੇ ਪਲੱਤਣ ਆ ਗਈ, ਰੰਗ ਸਾਡੇ ਸੁਪਨਿਆਂ ਦਾ ਆਸਮਾਨੀ ਸੀ ਕਦੇ। ਦਿਲ ਦੀ ਹਰ ਨੁੱਕਰ ਦੇ ਵਿਚ ਕੇਸਰ ਦੇ ਨੀਲੇ ਫੁੱਲ ਸਨ, ਤਾਰਿਆਂ ਦੀ ਸਲਤਨਤ ਇਹ ਰਾਖ਼ਦਾਨੀ ਸੀ ਕਦੇ। ਚਿੱਟਿਆਂ ਵਾਲਾਂ ਦੇ ਉਹਲੇ ਮੂੰਹ ਛੁਪਾ ਲੈਂਦਾ ਹੈ ਜੋ, ਓਸ ਦੇ ਦਿਲ ਵਿਚ ਅਸਾਡੀ ਮੇਜ਼ਬਾਨੀ ਸੀ ਕਦੇ। ਹੁਣ ਤਾਂ ਬਸ ਬੁੱਲਾ ਹੈ ਜਾਂ ਸੁਣਦੇ ਨੇ ਉਸਦੇ ਘੁੰਗਰੂ, ਮੇਰੀਆਂ ਨਾੜਾਂ ਦੇ ਵਿਚ ਹੁੰਦੀ ਭਵਾਨੀ ਸੀ ਕਦੇ। ਢਲ਼ ਗਈ ਹੈ ਉਮਰ ਰਹਿੰਦਾ ਯਾਦ ਹੁਣ ਕੁਝ ਵੀ ਨਹੀਂ, ਓਸਦਾ ਹਰ ਖ਼ਤ ਮੇਰੇ ਚੇਤੇ ਜ਼ੁਬਾਨੀ ਸੀ ਕਦੇ। ਹੁਣ ਤਾਂ ਮਿਲਦਾ ਮਾਣ ਤੇ ਸਨਮਾਨ ਹਰ ਖ਼ੁਦਗ਼ਰਜ਼ ਨੂੰ, ਮਹਿਫ਼ਿਲਾਂ ਵਿਚ ਸ਼ਾਇਰਾਂ ਦੀ ਕਦਰਦਾਨੀ ਸੀ ਕਦੇ।

ਦੋਸਤਾਂ ਦੇ ਸਾਹਮਣੇ-

ਬੋਲਿਆ ਮੈ ਸੱਚ ਜਦੋਂ ਵੀ ਦੋਸਤਾਂ ਦੇ ਸਾਹਮਣੇ। ਪੈ ਗਿਆ ਝੂਠਾ ਉਦੋਂ ਮੈ ਸਾਰਿਆਂ ਦੇ ਸਾਹਮਣੇ। ਇਹਨਾਂ ਦੇ ਵਿੱਚ ਤੈਨੂੰ ਮੁਸ਼ਕਿਲ ਹੈ ਬੜਾ ਪਹਿਚਾਨਣਾ, ਬਣ ਸੰਵਰ ਕੇ ਨਾ ਖਲੋ ਤੂੰ ਸ਼ੀਸ਼ਿਆਂ ਦੇ ਸਾਹਮਣੇ। ਜ਼ੋਰ ਲਾ ਕੇ ਇਸ ਤਰ੍ਹਾਂ ਤੂੰ ਗੀਤ ਗਾ ਨਾ ਆਪਣਾ, ਸਾਜ਼ ਨਾ ਆਪਣੇ ਵਜਾ ਤੂੰ ਬੋਲ਼ਿਆਂ ਦੇ ਸਾਹਮਣੇ। ਡਰ ਗਏ ਜੀਵਨ ਤੋਂ ਜੋ ਦਿੰਦੇ ਸੀ ਸਾਨੂੰ ਹੋਸਲਾਂ, ਪੁਟ ਰਹੇ ਕਬਰਾਂ ਨੇ ਉੁਹ ਆਪਣੇ ਘਰਾਂ ਦੇ ਸਾਹਮਣੇ। ਹੋ ਗਿਆ ਹੋਣਾ ਸੀ ਜੋ ਚੁੱਪ ਕਰ ਤੂੰ ਸਭ ਕੁਝ ਭੁੱਲ ਜਾ, ਦੁੱਖ ਨਾ ਆਪਣੇ ਸੁਣਾ ਤੂੰ ਪੱਥਰਾਂ ਦੇ ਸਾਹਮਣੇ। ਆਪਣੇ ਭਗਤਾਂ ਦੇ ਕਿੱਸੇ ਸੁਣ ਕੇ ਇੱਕ ਦਿਨ ਦੇਖਣਾ, ਰੋਏਗਾ ਰਬ ਮੁਸਕਰਾਉਂਦੇ ਕਾਫ਼ਿਰਾਂ ਦੇ ਸਾਹਮਣੇ। ਤੇਲ ਜੇ ਮਿਲਦਾ ਰਿਹਾ ਜੇ ਹੌਸਲਾਂ ਕਾਇਮ ਰਿਹਾ, ਹਾਰ ਮੰਨ ਜਾਏਗਾ ਝੱਖੜ ਦੀਵਿਆਂ ਦੇ ਸਾਹਮਣੇ। ਕਿਸ ਤਰ੍ਹਾਂ ਕੁਰਸੀ ਸਲਾਮਤ ਰੱਖਣੀ ਹੈ ਆਪਣੀ, ਰਹਿ ਗਿਆ ਏਹੋ ਹੀ ਮਕਸਦ ਹਾਕਮਾਂ ਦੇ ਸਾਹਮਣੇ। ਹੋ ਗਿਆ ਪਾਗ਼ਲ ਇਹ ਲਿਖਦਾ ਹੈ ਮਿਟਾਉਂਦਾ ਹੈ ਕਦੀ, ਆਪਣਾ ਨਾਂ ਚਿਰ ਤੋਂ ‘ਰੋਸ਼ਨ’ ਉਸਦੇ ਨਾਂ ਦੇ ਸਾਹਮਣੇ।

ਭੀੜ ਹੈ-

ਪੁਸਤਕਾਂ, ਨਾ ਦੀਵਿਆਂ, ਨਾ ਗਮਲਿਆਂ ਦੀ ਭੀੜ ਹੈ। ਹਰ ਵਿਅਕਤੀ ਦੇ ਦੁਆਲ਼ੇ ਮਸਲਿਆਂ ਦੀ ਭੀੜ ਹੈ। ਤਰਕ ਤੇ ਅਪਣੀ ਸਿਆਣਪ ਨਾ ਦਿਖਾ, ਤੂੰ ਚੁੱਪ ਰਹਿ, ਤੂੰ ਦਲੀਲਾਂ ਵਿਚ ਨਾ ਪੈ ਇਹ ਕਮਲਿਆਂ ਦੀ ਭੀੜ ਹੈ। ਚੁੱਪ ਪਸਰੀ ਹੈ ਤੇ ਚਿਹਰਾ ਹਰ ਕਿਸੇ ਦਾ ਗੁੰਮ ਏ, ਜ਼ਿੰਦਗੀ ਦੇ ਮੰਚ ਉੱਤੇ ਤੁਰਲਿਆਂ ਦੀ ਭੀੜ ਹੈ। ਦਿਸ ਰਿਹਾ ਹੈ ਜੋ ਹਕੀਕਤ ਵਿਚ ਕਿਤੇ ਹੈ ਹੀ ਨਹੀਂ, ਜਿਸ ਤਰਫ਼ ਵੀ ਦੇਖਦਾਂ ਮੈਂ ਜੁਮਲਿਆਂ ਦੀ ਭੀੜ ਹੈ। ਅੰਤ ਨੇੜੇ ਹੈ ਤੇਰਾ ਟੋਭੇ ‘ਚ ਘਿਰੀਏ ਮਛਲੀਏ, ਕੀ ਕਰੇਂਗੀ ਜਦ ਚੁਫ਼ੇਰੇ ਬਗਲਿਆਂ ਦੀ ਭੀੜ ਹੈ। ਜਾਪਦੈ ਈਮਾਨਦਾਰੀ ਤੁਰ ਗਈ ਬਨਵਾਸ ‘ਤੇ, ਆਪਣੇ ਘਰ ਤੋਂ ‘ਰਬ ਦੇ ਘਰ’ ਤਕ ਘਪਲਿਆਂ ਦੀ ਭੀੜ ਹੈ। ਪੌਣ ਹੈ ਆਯਾਸ਼, ਬੁੱਲਾ ਇਕ ਨਹੀਂ ਹੈ ਪਿਆਰ ਦਾ, ਸ਼ਹਿਰ ਦੇ ਹਰ ਮੋੜ ‘ਤੇ ਬਸ ਚਕਲਿਆਂ ਦੀ ਭੀੜ ਹੈ। ਫ਼ੈਸਲਾ ਮੁਸ਼ਕਿਲ ਬੜਾ ਹੈ ਇਕ ਗ਼ਜ਼ਲ ਹੁਣ ਕੀ ਕਰੇ? ਓਸ ਦੇ ਬੂਹੇ ਦੇ ਉੱਤੇ ਮਤਲਿਆਂ ਦੀ ਭੀੜ ਹੈ। ਬੋਲ਼ਿਆਂ ਦੀ ਭੀੜ ਹੈ ਸੰਗੀਤ ਦੇ ਬਾਜ਼ਾਰ ਵਿਚ, ਕੰਘੀਆਂ ਵਾਲੀ ਗਲੀ ਵਿਚ ਟਕਲਿਆਂ ਦੀ ਭੀੜ ਹੈ।

ਸੰਗ੍ਰਾਮ ਹੈ-

ਨਾ ਤਸੱਵੁਰ, ਨਾ ਛਲਕਦਾ ਜਾਮ ਹੈ। ਸ਼ਾਇਰੀ ਇਕ ਯੁੱਧ ਹੈ ਸੰਗ੍ਰਾਮ ਹੈ। ਉੱਡ ਰਹੇ ਯਾਦਾਂ ਦੇ ਪੰਛੀ ਅਰਸ਼ ‘ਤੇ, ਜ਼ਿੰਦਗੀ ਦੀ ਖ਼ੂਬਸੂਰਤ ਸ਼ਾਮ ਹੈ। ਓਸ ਨੇ ਕਦ ਪੱਖ ਲਿਆ ਮਜ਼ਲੂਮ ਦਾ, ਬੇਰ ਕਦ ਭੀਲਣ ਤੋਂ ਖਾਂਦਾ ਰਾਮ ਹੈ। ਕਿਉਂ ਖਿੰਡਾਏ ਨੇ ਟਟਹਿਣੇ ਦੂਰ ਤਕ, ਰਾਤ ਦਾ ਮੇਰੇ ‘ਤੇ ਇਹ ਇਲਜ਼ਾਮ ਹੈ। ਮਰ ਗਈ ਹੈ ਇਕ ਚਕੋਰੀ ਝੱਲ ਵਿਚ, ਚੰਦ ਹੋਇਆ ਫੇਰ ਤੋਂ ਬਦਨਾਮ ਹੈ। ਮੈਂ ਲਗਾ ਲਈਆਂ ਨੇ ਮਿਰਚਾਂ ਪੀਸ ਕੇ, ਮੇਰਿਆਂ ਜ਼ਖ਼ਮਾਂ ਨੂੰ ਹੁਣ ਆਰਾਮ ਹੈ। ਕਹਿ ਰਿਹਾ ਮੈਨੂੰ ਬੁਰਾ ਤਾਂ ਕਹਿਣ ਦੇ, ਓਸ ਦੇ ਮੂੰਹ ਤੇ ਤਾਂ ਮੇਰਾ ਨਾਮ ਹੈ। ਜ ਸਫ਼ਰ ਕਰਦੇ ਨੇ ਅਰਬਾਂ ਸਾਲ ਤੋਂ, ਹਰਿਕ ਜ਼ੱਰੇ ਨੂੰ ਮੇਰਾ ਪ੍ਰਣਾਮ ਹੈ। ਇਕ ਨਵਾਂ ਅਨੁਭਵ ਜ਼ਰਾ ਕੂ ਦੂਰ ਏ, ਆਉਣ ਵਾਲਾ ਮੌਤ ਦਾ ਪੈਗ਼ਾਮ ਹੈ।

ਮੁਹੱਬਤ ਵਾਸਤੇ-

ਮੁਹੱਬਤ ਵਾਸਤੇ, ਇਕ ਆਲ੍ਹਣਾਂ ਵੀ ਪਾ ਨਹੀਂ ਹੋਇਆ। ਜਦੋਂ ਬੁਲਬੁਲ ਮਿਲੀ ਕੋਈ, ਤਾਂ ਮੈਥੋ ਗਾ ਨਹੀਂ ਹੋਇਆ। ਭੁਲੇਖੇ ਨਾਲ ਪਾਣੀ ਪੀ ਲਿਆ ਗੋਰਖ ਦੇ ਟਿੱਲੇ ਦਾ, ਅਸਾਥੋਂ ਜ਼ਿੰਦਗੀ ਭਰ ਆਪਣੇ ਘਰ ਜਾ ਨਹੀਂ ਹੋਇਆ। ਕਿਸੇ ਤਿਤਲੀ ਦਾ ਚੁੰਮਣ ਲੈ ਗਿਆ ਸਾਹ ਸੂਤ ਕੇ ਮੇਰੇ, ਕੰਵਲ ਦਿਲ ਦੇ ਤੋਂ ਹਾਲੇ ਤੀਕ ਵੀ ਮੁਸਕਾ ਨਹੀਂ ਹੋਇਆ। ਮੈਂ ਉਡਿਆ ਸਾਂ ਮਗਰ ਰੋਕਾਂ ਹੀ ਰੋਕਾਂ ਸਨ ਮੇਰੇ ਅੱਗੇ, ਮੇਰੇ ਕੋਲੋਂ ਤੇਰੀ ਉਲਫ਼ਤ ਦਾ ਅੰਬਰ ਪਾ ਨਹੀਂ ਹੋਇਆ। ਇਸੇ ਝੋਰੇ ‘ਚ ਸੋਕਾ ਖਾ ਗਿਆ ਤੇ ਰਹਿ ਗਿਆ ਪਿੰਜਰ, ਬਿਰਖ ਤੋਂ ਅਪਣਾ ਪਰਛਾਵਾਂ ਵੀ ਗਲ਼ ਨੂੰ ਲਾ ਨਹੀਂ ਹੋਇਆ। ਮੈਂ ਚੁਕ ਕੇ ਲਾਸ਼ ਅਪਣੀ ਘੁੰਮਦਾ ਫਿਰਦਾ ਹਾਂ ਮੁੱਦਤ ਤੋਂ, ਅਜੇ ਤੀਕਰ ਵੀ ਮੈਥੋਂ ਏਸ ਨੂੰ ਦਫ਼ਨਾ ਨਹੀਂ ਹੋਇਆ। ਅਸੀਂ ਜ਼ੱਰੇ ਤੇਰੇ ਨੈਣਾਂ ਦਾ ਕਿੱਦਾਂ ਨੂਰ ਹੋ ਜਾਂਦੇ, ਕਿ ਸਾਥੋਂ ਆਪਣੇ ਹੀ ਆਪ ਨੂੰ ਭਰਮਾ ਨਹੀਂ ਹੋਇਆ।

ਚੇਤੇ ਆ ਗਿਆ-

ਚੰਦ, ਸੂਰਜ ਤੇ ਖ਼ਲਾਅ ਬੇਅੰਤ ਚੇਤੇ ਆ ਗਿਆ। ਫੇਰ ਇਕ ‘ਦੀਪਕ’ ਗ਼ਜ਼ਲ ਦਾ ਸੰਤ ਚੇਤੇ ਆ ਗਿਆ। ‘ਸ਼ਿਵ’ ਜਦੋੰ ਪੜ੍ਹਿਆ ਤਾਂ ਚੇਤੇ ਆ ਗਈ ਸ਼ੰਕੁਤਲਾ, ਮੁੰਦਰੀ ਦੇ ਕੇ ਗਿਆ ਦੁਸ਼ਿਅੰਤ ਚੇਤੇ ਆ ਗਿਆ। ‘ਮਾਹੀ’, ‘ਮਤਵਾਲਾ’, ‘ਤਰਸ’ ਹਸਦੇ ਪਏ ਸਨ ਨਹਿਰ ਤੇ, ਕਲ੍ਹ ਦੁਸਾਂਝਾਂ ਲੰਘ ਕੇ ‘ਬਲਵੰਤ’ ਚੇਤੇ ਆ ਗਿਆ। ਫੇਰ ਟਿੱਚਰ ਕਰਨ ਤੋਂ ਮੈਂ ਰੋਕਿਆ ‘ਢੰਡਵਾੜਵੀ’, ਤੁਰ ਗਏ ‘ਸ਼ੌਕਤ’ ਦਾ ਜੀਆ-ਜੰਤ ਚੇਤੇ ਆ ਗਿਆ। ‘ਅਰਸ਼ ਬੰਡਾਲਾ’, ‘ਦਵਿੰਦਰ ਜੋਸ਼’ ਤੇ ‘ਦੀਦਾਰ’ ਵੀ, ਸਾਧ ਸੀ ‘ਨੀਲੋਂ’ ਦਾ ਜੋ ‘ਕੁਲਵੰਤ’ ਚੇਤੇ ਆ ਗਿਆ। ਕੁਝ ਕੁ ਪੈੜਾਂ ਸਨ ਮੁਸਾਫ਼ਿਰ - ਘਰ ਦੇ ਅੰਦਰ ਤਾਜ਼ੀਆਂ, ਝਟ ‘ਧਵਨ’, ‘ਗੁਰਚਰਨ’ ਤੇ ‘ਧਨਵੰਤ’ ਚੇਤੇ ਆ ਗਿਆ। ‘ਭਾਰਤੀ’ ‘ਹਮਦਰਦ’ ਤੇ ‘ਜਗਤਾਰ’ ਸਾਡਾ ‘ਤਖ਼ਤ’ ਵੀ, ‘ਚੰਦ’ ਤੇ ‘ਚਾਨਣ’ ਸੀ ਜੋ ਅਤਿਅੰਤ ਚੇਤੇ ਆ ਗਿਆ। ਓਸ ਦੇ ਹੱਥ ਦੀ ਬਣੀ ਤਸਵੀਰ ਨਜ਼ਰੀਂ ਪੈ ਗਈ, ਦੇਖਦੇ ਹੀ ਓਸ ਨੂੰ ‘ਸੁਖਵੰਤ’ ਚੇਤੇ ਆ ਗਿਆ। ਯਾਰ ‘ਉਲਫ਼ਤ ਬਾਜਵਾ’ ਜਦ ਮੁਸਕਰਾਇਆ ਖ਼ਾਬ ਵਿਚ, ਸਿਰਫਿਰੇ ‘ਰੌਸ਼ਨ’ ਨੂੰ ਅਪਣਾ ਅੰਤ ਚੇਤੇ ਆ ਗਿਆ।

ਨਾਲ ਰਹਿ-

ਰਾਤ ਵੇਲੇ ਟਿਮਟਿਮਾਉਂਦੇ ਤਾਰਿਆਂ ਦੇ ਨਾਲ ਰਹਿ। ਹੋ ਸਕੇ ਤਾਂ ਦਿਨ ਸਮੇਂ ਵਣਜਾਰਿਆਂ ਦੇ ਨਾਲ ਰਹਿ। ਉੱਚਿਆਂ ਮਹਿਲਾਂ ਦੇ ਅੰਦਰ ਰਾਖਸ਼ਾਂ ਦਾ ਵਾਸ ਹੈ, ਜਾਨ ਜੇ ਪਿਆਰੀ ਹੈ ਤੈਨੂੰ ਢਾਰਿਆਂ ਦੇ ਨਾਲ ਰਹਿ। ਇਕ ਬੜਾ ਬਦਨਾਮ ਜੰਗਲ ਹੈ ਤੇਰੀ ਹੀ ਭਾਲ ਵਿਚ, ਤਿਤਲੀਏ, ਬਚਣਾ ਹੈ ਜੇ ਤੂੰ ਆਰਿਆਂ ਦੇ ਨਾਲ ਰਹਿ। ਅਰਸ਼ ਦੇ ਵਿਚ ਉਡਦਿਆਂ ਨੂੰ ਹੋਰ ਨਾ ਉੱਚਾ ਉਡਾ, ਐ ਹਵਾ, ਤੂੰ ਹਾਰਿਆਂ, ਦੁਰਕਾਰਿਆਂ ਦੇ ਨਾਲ ਰਹਿ। ਰੌਸ਼ਨੀ ਜਦ ਬੁਝ ਗਈ ਤੈਨੂੰ ਨਜ਼ਰ ਆਉਣੇ ਨਹੀਂ, ਨਾ ਕਿਸੇ ਕੋਕੇ ਦਿਆਂ ਲਿਸ਼ਕਾਰਿਆਂ ਦੇ ਨਾਲ ਰਹਿ। ਜੇ ਖ਼ਰਾ ਰਹਿਣੈ, ਮੈਂ ਕਹਿੰਨਾਂ ਖ਼ੁਦ ਨੂੰ ਅਪਣੇ ਨਾਲ ਰੱਖ, ਕਿਸ ਨੇ ਤੈਨੂੰ ਆਖਿਐ ਕਿ ਸਾਰਿਆਂ ਦੇ ਨਾਲ ਰਹਿ। ਜੇ ਤੂੰ ਇਕ ਆਕਾਰ ਲੈਣਾਂ ਲੋਚਦੈਂ, ਭੱਠੀ ‘ਚ ਤਪ, ਸੁਰਖ਼ ਹੋਣੇਂ ਤੀਕ ਤੂੰ ਅੰਗਾਰਿਆਂ ਦੇ ਨਾਲ ਰਹਿ। ਸ਼ਿਕਰਿਆਂ ਦੇ ਕੋਲ ਪਾ ਕੇ ਬਹਿ ਗਈਂ ਏਂ ਆਲ੍ਹਣਾਂ, ਘੁੱਗੀਏ, ਉਡ ਜਾ ਨਾ ਤੂੰ ਹਤਿਆਰਿਆਂ ਦੇ ਨਾਲ ਰਹਿ। ਜ਼ਲਜ਼ਲਾ ਆਇਆ ਜਦੋਂ ‘ਰੌਸਨ’ ਇਹ ਸਭ ਡਿਗ ਜਾਣਗੇ, ਨਾ ਹਵਾ ਵਿਚ ਲਟਕਦੇ ਚੌਬਾਰਿਆਂ ਦੇ ਨਾਲ ਰਹਿ।

ਯਾਦ ਹੋਵੇਗਾ-

ਪਠਾਰਾਂ ਦੇ ਸ਼ਿਲਾਲੇਖਾਂ ਦਾ ਜਦ ਅਨੁਵਾਦ ਹੋਵੇਗਾ। ਭੁਲਾ ਦਿੱਤਾ ਸੀ ਜੋ ਕੁਝ ਫਿਰ ਤੋਂ ਮੈਨੂੰ ਯਾਦ ਹੋਵੇਗਾ। ਮੈਂ ਪਰਚਮ ਗੱਡ ਦਿਆਂਗਾ ਏਸਦੇ, ਪੂਰੇ ਖ਼ਲਾਅ ਅੰਦਰ, ਵਤਨ ਮੇਰਾ ਜਦੋਂ ਇਕ ਵਾਰ ਫਿਰ ਆਜ਼ਾਦ ਹੋਵੇਗਾ। ਉਹ ਮੇਰੀ ਲਾਸ਼ ਦੀ ਥਾਂ ਲਾਸ਼ ਅਪਣੀ ਦੇਖਦਾ ਹੋਣੈਂ, ਮੇਰਾ ਸਿਰ ਕੱਟ ਕੇ ਡਰਿਆ ਬੜਾ ਜੱਲਾਦ ਹੋਵੇਗਾ। ਇਮਾਰਤ ਖੋਖਲੀ ਡਿਗਦੀ ਨਹੀਂ ਹੈ ਜ਼ੋਰ ਲਾ ਕੇ ਵੀ, ਨਵਾਂ ਔਜ਼ਾਰ ਹੁਣ ਇਸ ਵਾਸਤੇ ਈਜਾਦ ਹੋਵੇਗਾ। ਕਲਮ ਮੇਰੀ ਦਾ ਮੇਰੇ ਨਾਲ ਕੀ ਰਿਸ਼ਤਾ ਹੈ ਬੁੱਝ ਸਕਦੈਂ, ਜੇ ਤੈਨੂੰ ਹਲ਼ ‘ਚ ਫ਼ਾਲ਼ੇ ਦਾ ਮਹੱਤਵ ਯਾਦ ਹੋਵੇਗਾ। ਤੁਸੀਂ ਆਯਾਸ਼ ਮਾਲੀ ਨੂੰ ਚਮਨ ਕਿਉਂ ਸੌਂਪ ਦਿੱਤਾ ਹੈ, ਇਹ ਹਰ ਤਿਤਲੀ ਲਈ ਹੁਣ ਸੀਰੀਆ ਬਗਦਾਦ ਹੋਵੇਗਾ। ਮੇਰੇ ਹਰ ਖੇਤ ਦੀ ਮਿੱਟੀ ਦੀ ਹੈ ਤਾਸੀਰ ਹੀ ਵੱਖਰੀ, ਹਜ਼ਾਰਾਂ ਖਿੜਨਗੇ, ਇਕ ਫੁੱਲ ਅਗਰ ਬਰਬਾਦ ਹੋਵੇਗਾ। ਸਮਾਂ ਆਵੇਗਾ ਪਰਬਤ ਡੋਲ ਜਾਵੇਗਾ ਨਦੀ ਸਾਹਵੇਂ, ਸਮੁੰਦਰ ਸਿੱਪੀਆਂ ਨੂੰ ਕਰ ਰਿਹਾ ਫ਼ਰਿਆਦ ਹੋਵੇਗਾ। ਗ਼ਜ਼ਲ ਤੇਰੀ ‘ਚ ਜੇਕਰ ਊਰਜਾ ਹੋਈ ਤਾਂ ਐ ‘ਰੌਸ਼ਨ’, ਤਾਂ ਵਾਹ, ਵਾਹ ਨਾਲ ਬਸ ਇਰਸ਼ਾਦ ਹੀ ਇਰਸ਼ਾਦ ਹੋਵੇਗਾ।

ਹਾਦਿਸਾ ਦੇ ਦੇ-

ਅਗਨ ਦਿਲ ਦੀ ਨਾ ਬੁੱਝ ਜਾਏ ਕਿਤੇ, ਇਸ ਨੂੰ ਹਵਾ ਦੇ ਦੇ। ਬੜਾ ਚਿਰ ਹੋ ਗਿਐ, ਕੋਈ ਨਵਾਂ ਹੁਣ ਹਾਦਿਸਾ ਦੇ ਦੇ। ਰਗਾਂ ਵਿਚ ਭਰਦੇ ਮੇਰੇ ਆਪਣੀ ਮੁਸਕਾਨ ਦਾ ਜਾਦੂ, ਤੂੰ ਮੇਰੀ ਸ਼ਾਇਰੀ ਲੈ ਲੈ ਇਹ ਹੱਸਣ ਦੀ ਕਲਾ ਦੇ ਦੇ। ਬੜੇ ਖ਼ਾਮੋਸ਼ ਨੇ ਬੱਚੇ ਮੇਰੀ ਬਸਤੀ ਦੇ, ਇਹਨਾਂ ਨੂੰ, ਤੂੰ ਡਫ਼ਲੀ, ਬੰਸੁਰੀ, ਗੁੜੀਆ ਕਿਸੇ ਨੂੰ ਛਣਕਣਾ ਦੇ ਦੇ। ਮੇਰੇ ਦਿਲ ਦੇ ਪਰਿੰਦੇ ਨੂੰ ਚੁਗਾ ਫਿਰ ਚੋਗ ਪੀੜਾਂ ਦੀ, ਤੂੰ ਗ਼ਾਨੀ ਗ਼ਮ ਦੀ ਪਾ, ਇਸ ਦੇ ਪਰਾਂ ਨੂੰ ਊਰਜਾ ਦੇ ਦੇ। ਇਹ ਉੱਚੀਆਂ ਨੀਵੀਆਂ ਥਾਵਾਂ ਅਜੇ ਇਕਸਾਰ ਨਈਂ ਹੋਈਆਂ, ਲਿਆ ਤੂਫ਼ਾਨ ਤੂੰ, ਧਰਤੀ ਨੂੰ ਕੋਈ ਜ਼ਲਜ਼ਲਾ ਦੇ ਦੇ। ਕਿਵੇਂ ਮੈਂ ਤਪ ਰਹੀ ਧਰਤੀ ਤੋਂ ਮੰਗਾਂ ਠੰਡੀਆਂ ਬੂੰਦਾਂ, ਕਿਵੇਂ ਮੈਂ ਬਲ਼ ਰਹੇ ਅੰਬਰ ਨੂੰ ਕਹਿ ਦੇਵਾਂ ਘਟਾ ਦੇ ਦੇ। ਮੇਰੇ ਕੰਨਾਂ ਦੀ ਸਰਦਲ ‘ਤੇ ਵਜਾ ਪੰਜੇਬ ਬੋਲਾਂ ਦੀ, ਦੁਆ ਦੇਣੀ ਨਹੀਂ ਜੇਕਰ, ਤੂੰ ਕੋਈ ਬਦ ਦੁਆ ਦੇ ਦੇ। ਬ੍ਰਹਿਮੰਡ ਲੈ ਲੈ ਸਾਰਾ ਇਹ ਨਹੀਂ ਮੇਰੇ ਕਿਸੇ ਕੰਮ ਦਾ, ਅਗਰ ਦੇਣਾ ਹੈ ਮੈਨੂੰ ਆਪਣੇ ਦਿਲ ਦਾ ਸਫ਼ਾ ਦੇ ਦੇ। ਕਿਤੇ ਇਹ ਟੁੱਟ ਨਾ ਜਾਵੇ ਬੜੀ ਮਾਯੂਸ ਰਹਿੰਦੀ ਹੈ, ਤੂੰ ਅਪਣੇ ਬਾਪ ਦੀ ਲਾਠੀ ਨੂੰ, ਥੋੜ੍ਹਾ ਹੌਸਲਾ ਦੇ ਦੇ। ਇਹ ਬਸਤੀ ਛੱਡ ਕੇ ਕਿਧਰੇ ਚਲਾ ਜਾ ਦੂਰ ਐ ‘ਰੌਸ਼ਨ’, ਤੂੰ ਯਾਰਾਂ, ਬੇਲੀਆਂ ਨੂੰ ਮੁਸਕਰਾਉਣੇ ਦੀ ਵਜ੍ਹਾ ਦੇ ਦੇ।

ਪਿੱਛੇ ਰਹਿ ਗਿਆ-

ਦਿਲ ਗਿਆ ਅੱਗੇ, ਮੈਂ ਕਮ ਰਫ਼ਤਾਰ ਪਿੱਛੇ ਰਹਿ ਗਿਆ। ਮੇਰੀਆਂ ਪੈੜਾਂ ਤੇ ਮੇਰਾ ਪਿਆਰ ਪਿੱਛੇ ਰਹਿ ਗਿਆ। ਜਾਣ ਲੱਗੇ ਸੋਚਿਆ ਭੋਰਾ ਨਾ ਗੌਤਮ ਬੁੱਧ ਨੇ, ਰੱਬ ਕੀ ਕਰਨਾ ਜਦੋਂ ਪਰਿਵਾਰ ਪਿੱਛੇ ਰਹਿ ਗਿਆ। ਦੋ ਕੁ ਡੱਕੇ ਰੱਖ ਕੇ ਕਾਵਾਂ ਘਰ ਵਸਾ ਲਏ ਆਪਣੇ, ਬਿੱਜੜਾ ਬਹੁਤਾ ਸਲੀਕੇਦਾਰ ਪਿੱਛੇ ਰਹਿ ਗਿਆ। ਮੈਂ ਕਦਮ ਅੱਗੇ ਵਧਾਏ ਕਤਲ ਹੋਣੇਂ ਵਾਸਤੇ, ਦੁੱਖ ਹੈ ਮੈਨੂੰ ਕਿ ਤੇਰਾ ਵਾਰ ਪਿੱਛੇ ਰਹਿ ਗਿਆ। ਤੋੜ ਦਿੱਤੀ ਸਾਂਝ ਕੰਧਾਂ, ਕੌਲ਼ਿਆਂ ਦੇ ਨਾਲ ਮੈਂ, ਇਕ ਪੜਾਅ ਜੀਵਨ ਦਾ ਗੁੰਝਲਦਾਰ ਪਿੱਛੇ ਰਹਿ ਗਿਆ। ਕੜਕਦੀ ਧੁੱਪ ਨਾਲ ਮੇਰਾ ਸਾਹਮਣਾ ਹੋਵੇਗਾ ਹੁਣ, ਇਕ ਨਦੀ ਦਾ ਮੋਹ, ਸਫ਼ਰ ਛਾਂਦਾਰ ਪਿੱਛੇ ਰਹਿ ਗਿਆ। ਡੂੰਘੀਆਂ ਖੱਡਾਂ ਨੇ ਅੱਗੇ ਜੰਗਲਾਂ ਦਾ ਨ੍ਹੇਰ ਹੈ, ਮੁਸ਼ਕਿਲਾਂ ਭਰਪੂਰ ਰਾਹ ਵਲਦਾਰ ਪਿੱਛੇ ਰਹਿ ਗਿਆ। ਖ਼ੁਦਪ੍ਰਸਤੀ ਮਾਰ ਕੇ ਛਾਲਾਂ ਅਗੇਰੇ ਤੁਰ ਗਈ, ਫ਼ਰਜ਼ ਹੋ ਗਏ ਗੁੰਮ ਹਰ ਅਧਿਕਾਰ ਪਿੱਛੇ ਰਹਿ ਗਿਆ। ‘ਬਾਜਵਾ’, ‘ਰੌਸ਼ਨ’ ਨੂੰ ਛਡ ਕੇ ਕਿਉਂ ਇਕੱਲਾ ਤੁਕ ਗਿਐਂ, ਸੋਚਿਆ ਨਾ ਤੂੰ ਕਿ ਜੋੜੀਦਾਰ ਪਿੱਛੇ ਰਹਿ ਗਿਆ।

ਗਿਲਾ ਕੀਤਾ-

ਮੈਂ ਤੇਰੀ ਬੇਵਫ਼ਾਈ ਦਾ ਭਲਾ ਕਦ ਹੈ ਗਿਲਾ ਕੀਤਾ। ਤੂੰ ਮੇਰੇ ਨਾਲ ਜੋ ਕੀਤਾ ਖਰਾ ਕੀਤਾ, ਖਰਾ ਕੀਤਾ। ਦਿਨੇਂ ਤਾਰੇ ਨਜ਼ਰ ਆਏ ਰਹੀ ਨਾ ਹੋਸ਼ ਤਕ ਬਾਕੀ, ਤਿਰੀ ਸੂਰਤ ਨੇ ਮੇਰੇ ‘ਤੇ ਹੈ ਇਉਂ ਜਾਦੂ ਜਿਹਾ ਕੀਤਾ। ਉਨ੍ਹਾਂ ਨੂੰ ਹੀ ਮਿਲੇ ਮੋਤੀ ਉਨ੍ਹਾਂ ਨੂੰ ਹੀ ਮਿਲੀ ਮੰਜ਼ਿਲ, ਅਥਾਹ ਸਾਗਰ ‘ਚ ਕੁੱਦਣ ਦਾ ਜਿਨ੍ਹਾਂ ਨੇ ਹੌਸਲਾ ਕੀਤਾ। ਬੜੇ ਚਿਰ ਬਾਦ ਆਇਆ ਸੀ ਮੇਰੇ ਸੁਪਨੇ ‘ਚ ਉਹ ਰਾਤੀਂ, ਹਵਾਏ ਨੀਂਦ ਤੋਂ ਮੈਨੂੰ ਜਗਾ ਕੇ ਤੂੰ ਬੁਰਾ ਕੀਤਾ। ਬੜਾ ਕੁਝ ਜਾਣਿਆ ਹੈ ਮੈਂ ਨਵਾਂ ਇਸ ਜ਼ਿੰਦਗੀ ਬਾਰੇ, ਮੇਰਾ ਦਿਲ ਤੋੜ ਕੇ ਸਜਣਾ , ਤੂੰ ਸਚਮੁਚ ਹੀ ਭਲਾ ਕੀਤਾ। ਪਤਾ ਨਈਂ ਉਸ ਸਮੇਂ ਹਸਦੀ ਰਹੀ ਕਿਉਂ ਆਤਮਾ ਮੇਰੀ, ਜਨਾਜ਼ਾ ਜਦ ਮੇਰਾ ਯਾਰਾਂ ਨੇ ਰੋ ਰੋ ਕੇ ਵਿਦਾ ਕੀਤਾ। ਉਹ ਕਿੱਧਰ ਤੁਰ ਗਿਐ ਕੁਝ ਵੀ ਪਤਾ ਨਈਂ ਏਸਦਾ ‘ਰੌਸ਼ਨ’ ਮੈਂ ਉਸ ਦਿਲ ਚੋਰ ਦਾ ਹਰ ਇਕ ਜਗ੍ਹਾ ਤੋਂ ਹੈ ਪਤਾ ਕੀਤਾ।

ਜੰਗ ਹੋਵੇਗੀ-

ਸਥਾਪਿਤ , ਨਾ ਸਥਾਪਿਤ ਮੌਸਮਾਂ ਵਿਚ ਜੰਗ ਹੋਵੇਗੀ। ਕਿ ਹੁਣ ਹਰ ਸ਼ੈਅ ਨਵੇਂ ਹੀ ਰੰਗ ਦੇ ਵਿਚ ਰੰਗ ਹੋਵੇਗੀ। ਨਜ਼ਰ ਅਪਣੀ ‘ਚੋਂ ਜਿੰਨਾ ਵੀ ਗਿਰਾਓਗੇ ਤੁਸੀਂ ਮੈਨੂੰ, ਤੁਹਾਡੇ ਸ਼ਹਿਰ ਵਿਚ ਓਨੀ ਹੀ ਮੇਰੀ ਮੰਗ ਹੋਵੇਗੀ। ਪਤਾ ਨਾ ਸੀ ਕਿ ਮੇਰੇ ਉਡਣ ਦਾ ਜਦ ਵਕਤ ਆਵੇਗਾ, ਅਵਾਰਾ ਚੂਜਿਆਂ ਦੀ ਭੀੜ ਐਨੀ ਤੰਗ ਹੋਵੇਗੀ। ਸਮੁੰਦਰ ਖ਼ੌਲਦੇ ਵਿਚ ਸਿੱਪੀਆਂ, ਘੋਗੇ ਨਹੀਂ ਦਿਸਣੇ, ਜਦੋਂ ਵੀ ਝੜਪ ਸਿਰਲੱਥਾਂ ਦੀ ਲਹਿਰਾਂ ਸੰਗ ਹੋਵੇਗੀ। ਜਦੋਂ ਜੁਗਨੂੰ ਕੋਈ ਚਮਕੇਗਾ ਤੇਰੇ ਹੱਥ ਕੰਬਣਗੇ, ਨਾ ਸੀ ਮਾਲੂਮ ਤੇਰੀ ਨੀਂਦ ਐਨੀ ਭੰਗ ਹੋਵੇਗੀ। ਨਹੀਂ ਸੀ ਸੋਚਿਆ ਇਕ ਝੌਂਪੜੀ ਜੰਮੇਂਗੀ ਨਿੱਤ ਸੂਰਜ, ਮੁਹੱਲਾਂ ਵਾਲਿਆਂ ਦੀ ਸੋਚ ਐਨੀ ਤੰਗ ਹੋਵੇਗੀ। ਉਤਾਰੀ ਹੈਂ ਤਾਂ ਪਿਆਸੀ ਰੱਖਿਆ ਹੁਣ ਜਾ ਨਹੀਂ ਸਕਦਾ, ਮੇਰੀ ਤਲਵਾਰ ਕਿੱਲੀ ‘ਤੇ ਨਹੀਂ ਹੁਣ ਟੰਗ ਹੋਵੇਗੀ। ਕੜਾ ਲਿਸ਼ਕੇਗਾ ਮੇਰਾ ਦੇਖਣਾ ਮੈਦਾਨ ਦੇ ਅੰਦਰ, ਮਗਰ ਤੂੰ ਆਪਣੀ ਬਾਂਹ ਵਿਸ ਸਜਾਈ ਵੰਗ ਹੋਵੇਗੀ। ਨਗਾਰੇ ਵੱਜਣੇ ਹਨ ਸੰਖ ਪੂਰੇ ਜਾਣਗੇ ‘ਰੌਸ਼ਨ’ ਤੇ ਵਜਦੀ ਰਣ ‘ਚ ਸਾਡੀ ਜਿੱਤ ਦੀ ਮਰਦੰਗ ਹੋਵੇਗੀ।

ਵਰਗੀ ਹੈ-

ਇਹ ਮਿੱਟੀ ਦੇਸ਼ ਦੀ, ਮੇਰੇ ਲਈ ਪ੍ਰਸ਼ਾਦ ਵਰਗੀ ਹੈ। ਹਵਾ ਇਸਦੀ, ਮੁਹੱਬਤ ਦੀ ਪੁਰਾਣੀ ਯਾਦ ਵਰਗੀ ਹੈ। ਹਮੇਸ਼ਾਂ ਗੋਲ਼ੀਆਂ ਦਾ ਸ਼ੋਰ ਸੁਣਦਾ ਹੈ ਚੁਫ਼ੇਰੇ ਹੀ, ਅਸਾਡੇ ਸ਼ਹਿਰ ਦੀ ਹਾਲਤ ਵੀ ਹੁਣ ਬਗ਼ਦਾਦ ਵਰਗੀ ਹੈ। ਮੈਂ ਬਾਹਰੋਂ ਹੋਰ ਦਿਸਦਾਂ ਅੰਦਰੋਂ ਕੁਝ ਹੋਰ ਹੁੰਦਾ ਹਾਂ, ਮੇਰੀ ਇਹ ਜ਼ਿੰਦਗੀ ਅਨੁਵਾਦ ਤੋਂ ਅਨੁਵਾਦ ਵਰਗੀ ਹੈ। ਪਲਾਂ ਵਿਚ ਚੂਰ ਹੋ ਜਾਣਾ ਹੈ ਸ਼ੀਸ਼ੇ ਦੇ ਮਹੱਲਾਂ ਨੇ, ਇਨ੍ਹਾਂ ਵਲ ਵਧ ਰਹੀ ਹਰ ਝੌਂਪੜੀ ਫ਼ੌਲਾਦ ਵਰਗੀ ਹੈ। ਕਿਸੇ ਨੇਤਾ ਦੇ ਵਅਦੇ ਵਰਗੀਆਂ ਹਨ ਇਹਦੀਆਂ ਕੰਧਾਂ, ਤੇ ਮੇਰੇ ਘਰ ਦੀ ਛੱਤ ਮੇਰੇ ਵਤਨ ਆਜ਼ਾਦ ਵਰਗੀ ਹੈ। ਤੁਸੀਂ ਵੰਗਾਂ ਘੁਮਾਉਂਦੇ ਹੀ ਰਹੇ ਥੋੜ੍ਹਾ ਜਿਹਾ ਬੋਲੇ, ਤੁਹਾਡੀ ਹਾਂ ਵੀ ਅਣਚਾਹੇ ‘ਚ ਦਿੱਤੀ ਦਾਦ ਵਰਗੀ ਹੈ। ਮੇਰਾ ਹਰ ਗ਼ਮ ਸਫ਼ਰ ਦੌਰਾਨ ਮੈਨੂੰ ਹੌਸਲਾ ਦੇਵੇ, ਤੇ ਮੇਰੇ ਵਾਸਤੇ ਪੀੜਾ ਫ਼ਸਲ ਨੂੰ ਖਾਦ ਵਰਗੀ ਹੈ। ਤੂੰ ਚੋਗਾ ਪਾ ਰਿਹਾ ਏਂ, ਪੰਛੀਆਂ ਨੂੰ ਫਾਹੁਣ ਦੀ ਖ਼ਾਤਿਰ, ਤੇਰੀ ਹਰਕਤ, ਤੇਰੀ ਤਕਣੀ ਕਿਸੇ ਸੱਯਾਦ ਵਰਗੀ ਹੈ। ਨਿਆਣੇ ਆਖ ਦਿੰਦੇ ਨੇ ਉਨ੍ਹਾਂ ਨੂੰ ਰੋਕੀਏ ਕਿੱਦਾਂ, ਨਾ ਮੇਰੀ ਅਕਲ ਹੀ, ਨਾ ਸ਼ਕਲ ਹੀ ਉਸਤਾਦ ਵਰਗੀ ਹੈ।

ਫੂਕ ਦੇ-

ਸ਼ਬਦ ਜੇ ਤੇਰੇ ਨਹੀਂ ਹਨ ਸ਼ੂਕਦੇ। ਫਿਰ ਤੂੰ ਅਪਣੀ ਸ਼ਾਇਰੀ ਨੂੰ ਫੂਕਦੇ। ਕਤਲ ਕਰਕੇ ਨਾ ਮਨਾ ਐਨੀ ਖੁਸ਼ੀ, ਉੱਗ ਪਏ ਨੇ ਹੋਰ ਸਿਰ ਸ਼ੰਭੂਕ ਦੇ, ਰੋੜ੍ਹ ਕੇ ਫ਼ਸਲਾਂ ਘਟਾ ਜੇ ਲੈ ਗਈ, ਮੋਰ ਫਿਰ ਆਪਾਂ ਕੀ ਕਰਨੇ ਕੂਕਦੇ। ਬੰਸਰੀ ਖ਼ੁਦ ਹੈ ਭਲਾ ਕਦ ਬੋਲਦੀ, ਉਸ ‘ਚ ਸੁਰ ਹੁੰਦੇ ਕਿਸੇ ਦੀ ਹੂਕ ਦੇ। ਕੋਈ ਕਰ ਹੀਲਾ ਵਸੀਲਾ ਭੁੱਖ ਦਾ, ਫੇਰ ਚਰਚੇ ਕਰ ਲਵੀਂ ਮਾਸ਼ੂਕ ਦੇ। ਖ਼ਤਰਿਆਂ ਦੇ ਬੀਜ ਨੇ ਖ਼ਾਮੋਸ਼ੀਆਂ, ਡਰ ਬੜੇ ਵੱਡੇ ਨੇ ਬੱਦਲ ਮੂਕ ਦੇ। ਛੇੜ ਕੇ ਸਾਜ਼ਾਂ ਨੂੰ ਕੋਈ ਧੁਨ ਬਣਾ, ਗੀਤ ਗਾ ਤੂੰ ਜ਼ਿੰਦਗੀ ਮਾਲੂਕ ਦੇ। ਮਾਂ ਜਵਾਨੀ ਏਸ ਦੀ ਘੁਣ ਖਾ ਗਿਆ, ਟੁੱਟ ਗਏ ਸ਼ੀਸ਼ੇ ਤੇਰੀ ਸੰਦੂਕ ਦੇ। ਮੈਂ ਖਿਡਾਉਣਾ ਦੇ ਦਿਆਂ ਜਿਸ ਬਾਲ ਨੂੰ, ਸੁਟ ਕੇ ਆਖੇ, ਇਹ ਨਹੀਂ, ਬੰਦੂਕ ਦੇ।

ਦੰਗਾ ਹੋਣ ਵਾਲਾ ਹੈ-

ਚੁਣਾਵੀ ਦੌਰ ਹੈ, ਜ਼ਖ਼ਮੀ ਤਿਰੰਗਾ ਹੋਣ ਵਾਲਾ ਹੈ। ਤੁਹਾਡੇ ਸ਼ਹਿਰ ਵਿਚ ਹੁਣ ਫੇਰ ਦੰਗਾ ਹੋਣ ਵਾਲਾ ਹੈ। ਅਮਨ ਨੂੰ ਫੇਰ ਲਕਵਾ ਮਾਰ ਜਾਏਗਾ, ਪਤਾ ਮੈਨੂੰ, ਤੇ ਮੇਰੇ ਦੇਸ਼ ਦਾ ਕਾਨੂੰਨ ਲੰਗਾ ਹੋਣ ਵਾਲਾ ਹੈ। ਟਿਕੀ ਜੋ ਥੰਮ੍ਹੀਆਂ ਉੱਤੇ ਇਮਾਰਤ ਢਹਿਣ ਵਾਲੀ ਏ, ਬੜੇ ਕਿਰਦਾਰ ਦਾ ਕਿਰਦਾਰ ਨੰਗਾ ਹੋਣ ਵਾਲਾ ਹੈ। ਅਯੁੱਧਿਆ ਦੇ ਪੁਰਾਣੇ ਧਾੜਵੀ ਪਹੁੰਚਣਗੇ ਅੰਮ੍ਰਿਤਸਰ, ਇਵੇਂ ਲੱਗਦੈ ਕਿ ਹੁਣ ਸਤਲੁਜ ਵੀ ਗੰਗਾ ਹੋਣ ਵਾਲਾ ਹੈ। ਅਸਾਡੀ ਮੌਤ ਦੇਖਣ ਨੂੰ ਉਹ ਬਾਲਣਗੇ ਸ਼ਮ੍ਹਾਂ ਮੁੜ ਕੇ, ਅਸਾਡਾ ਸ਼ੋਕ ਵੀ ਫਿਰ ਤੋਂ ਪਤੰਗਾ ਹੋਣ ਵਾਲਾ ਹੈ। ਜੋ ਏਥੇ ਹੋ ਰਿਹੈ, ਮਜ਼ਹਬ ਦੇ ਨਾਂ ‘ਤੇ ਇਸ ਤਰ੍ਹਾਂ ਲਗਦੈ, ਵਤਨ ਦਾ ਸੀਰਿਆ ਵਰਗਾ ਮੜੰਗਾ ਹੋਣ ਵਾਲਾ ਹੈ। ਜੁੜੇ ਪੰਚਾਇਤੀਏ ਇਕ ਥਾਂ, ਨਿਆਂ ਦੀ ਆਸ ਛੱਡ ਦੇਵੋ, ਤੁਸੀਂ ਹੱਲ ਲੱਭਦੇ ਹੋ, ਹੋਰ ਪੰਗਾ ਹੋਣ ਵਾਲਾ ਹੈ। ਕਪਾਹ ਦੇ ਬੂਟਿਆਂ ‘ਤੇ ਚੰਦ ਖਿੜਨੇ ਨੇ ਹਜ਼ਾਰਾਂ ਹੀ, ਸਰੋੰ ਦਾ ਖੇਤ ਹੁਣ ਆਕਾਸ਼ਗੰਗਾ ਹੋਣ ਵਾਲਾ ਹੈ। ਨਵੇਂ ਦੁਰਯੋਧਨਾਂ ਵਿਚ ਘਿਰ ਗਿਆ ਲਗਦਾ ਹੈ ਇਹ ਮੈਨੂੰ, ਬਦਨ ਮੇਰੇ ਵਤਨ ਦਾ ਅਲਫ਼ ਨੰਗਾ ਹੋਣ ਵਾਲਾ ਹੈ। ਪਵੇਗੀ ਮਾਰ, ਮਜਬੂਰੀ ‘ਚ ‘ਕੱਠੇ ਹੋਣਗੇ ਲੋਕੀਂ, ਬੁਰੇ ਹਾਲਾਤ ਨੇ, ਪਰ ਕੁਝ ਤਾਂ ਚੰਗਾ ਹੋਣ ਵਾਲਾ ਹੈ।

ਸਮੁੰਦਰ ਦੇ ਦਿਓ-

ਦੇ ਦਿਓ ਮੇਰੀ ਜ਼ਮੀਂ ਮੇਰਾ ਸਮੁੰਦਰ ਦੇ ਦਿਓ। ਹੁਣ ਨਹੀਂ ਨਿਭਣੀ, ਮੇਰੇ ਹਿੱਸੇ ਦਾ ਅੰਬਰ ਦੇ ਦਿਓ। ਚੰਦ, ਸੂਰਜ, ਤਾਰਿਆਂ ਨੂੰ ਲੈਣਗੇ ਆਪੇ ਉਗਾ, ਬਸ, ਨਵੀਂ ਪੀੜ੍ਹੀ ਨੂੰ ਅਪਣੇ ਖੇਤ ਵੱਤਰ ਦੇ ਦਿਓ। ਆਪਣੀ ਬਸਤੀ ’ਤੇ ਹਮਲਾ ਹੋ ਗਿਆ ਹੈ ਫੇਰ ਤੋਂ, ਵਕਤ ਹੈ, ਹਰ ਸ਼ਖ਼ਸ ਦੇ ਹੱਥਾਂ ’ਚ ਪੱਥਰ ਦੇ ਦਿਓ। ਇਸ ਜ਼ਲਾਲਤ ਤੋਂ ਖ਼ਰੀ ਹੈ ਮੌਤ, ਮੈਂ ਹੁਣ ਤੰਗ ਹਾਂ, ਮੈਂ ਨਾ ਮੰਗਾਂ ਹੋਰ ਕੁਝ, ਮੈਨੂੰ ਮੇਰਾ ਘਰ ਦੇ ਦਿਓ। ਦੇਸ਼ ਦੇ ਡਾਕੂ ਸਮਝਦੇ ਨੇ ਇਹ ਮੂਰਖ ਲੋਕ ਹਨ, ਪਰਚ ਜਾਂਦੇ ਨੇ ਜਦੋਂ ਭੋਰਾ ਕੁ ਟੁੱਕਰ ਦੇ ਦਿਓ। ਕਰ ਦਿਓ ਆਜ਼ਾਦ, ਸਾਰੇ ਤੋੜ ਦੇਵੋ ਪਿੰਜਰੇ, ਪੰਛੀਆਂ ਨੂੰ ਆਲ੍ਹਣੇਂ, ਖੋਹ ਗਏ ਪਰ ਦੇ ਦਿਓ। ਬਾਗ਼ ਅਪਣੇ ਨੂੰ ਉਜਾੜੀ ਜਾ ਰਹੇ ਹਨ ਧਾੜਵੀ, ਬਾਗ਼ਬਾਨੋ! ਅਪਣੇ ਹਰ ਬੂਟੇ ਨੂੰ ਸ਼ਸਤਰ ਦੇ ਦਿਓ। ਰੋਹ ’ਚ ਆ ਜੋ ਮੂੰਹ ਆਉਂਦਾ ਹੈ ਇਹ ਰਹਿੰਦੈ ਬੋਲਦਾ, ਸਿਰਫਿਰੇ ‘ਰੌਸ਼ਨ’ ਨੂੰ ਕੁਝ ਅਲਫ਼ਾਜ਼ ਸੁੰਦਰ ਦੇ ਦਿਓ।

ਐਲਾਨ-

ਇਬਾਦਤ ਵਿਚ ਜੋ ਮਿਲਿਐ, ਸਭ ਤੁਹਾਨੂੰ ਦਾਨ ਕਰਦਾ ਹਾਂ। ਮੈਂ ਕਾਫ਼ਿਰ ਹੋਣ ਦਾ, ਮਸਜਿਦ ਦੇ ਵਿਚ ਐਲਾਨ ਕਰਦਾ ਹਾਂ। ਕਿਸੇ ਮੰਦਰ ‘ਚ ਹੁੰਦੇ ਪਾਪ ਦਾ ਜਦ ਜ਼ਿਕਰ ਕੀਤਾ ਹੈ, ਤਾਂ ਮਚਦੈ ਸ਼ੋਰ, ਮੈਂ ਭਗਵਾਨ ਦਾ ਅਪਮਾਨ ਕਰਦਾ ਹਾਂ। ਪਲੋਸਾਂ ਪੱਤੀਆਂ , ਚੁੰਮਾਂ ਜਦੋਂ ਮੋਹ ਨਾਲ ਫੁੱਲਾਂ ਨੂੰ, ਉਦੋਂ ਕਹਿੰਦੇ ਨੇ ਉਹ ਮੈਂ ਬਾਗ਼ ਨੂੰ ਵੀਰਾਨ ਕਰਦਾ ਹਾਂ। ਤਣੇ, ਹਰ ਸ਼ਾਖ਼ ਤੇ ਪੱਤੇ ਮੇਰੇ ਆਦਰ ਦੇ ਪਾਤਰ ਨੇ, ਮੈਂ ਫੁੱਲਾਂ ਨਾਲ ਹਰ ਕੰਡੇ ਦਾ ਵੀ ਸਨਮਾਨ ਕਰਦਾ ਹਾਂ। ਮੈਂ ਗ਼ਮ ਦੀ ਚੋਗ ਚੁਗਦਾ ਹਾਂ ਤੇ ਲੱਭਦਾਂ ਦਰਦ ਦੇ ਮੋਤੀ, ਮੈਂ ਏਦਾਂ ਰੋਜ਼ ਅਪਣੇ ਆਪ ਨੂੰ ਧਨਵਾਨ ਕਰਦਾ ਹਾਂ। ਬਚਾਈ ਨਾ ਗਈ ਪੱਤ ਜਿਸ ਤੋਂ ਇਕ ਅਬਲਾ ਵਿਚਾਰੀ ਦੀ, ਸਪੁਰਦੇ ਖ਼ਾਕ ਹੁਣ ਏਦਾਂ ਦਾ ਮੈਂ ਭਗਵਾਨ ਕਰਦਾ ਹਾਂ। ਮੈਂ ਹਲ਼ ਵਾਹੁੰਨਾ ਖ਼ਿਆਲਾਂ ਦਾ ਤੇ ਕਰਦਾਂ ਸ਼ਬਦ ਦੀ ਖੇਤੀ, ਮੈਂ ਸੌਂਦਾਂ ਕੰਡਿਆਂ ‘ਤੇ ਧੁੱਪ ਵਿਚ ਇਸ਼ਨਾਨ ਕਰਦਾ ਹਾਂ। ਮੈਂ ਉਹ ਦੀਪਕ ਹਾਂ ਜੋ ਜਗਦੈ, ਉਠਾ ਕੇ ਸਿਰ ਹਨੇਰੀ ਵਿਚ, ਚੁਣੌਤੀ ਰੋਜ਼, ਇਕ ਤੂਫ਼ਾਨ ਦੀ ਪਰਵਾਨ ਕਰਦਾ ਹਾਂ। ਮੈਂ ਅਪਣਾ ਸ਼ਾਇਰੀ ਨੂੰ ਗੁੰਨਦਾਂ ਮਿੱਟੀ ਦੇ ਵਿਚ ਪਹਿਲਾਂ, ਤੇ ਇਸ ਤੋਂ ਬਾਦ ਇਸ ਨੂੰ ਸ਼ਕਲ ਇਕ ਪਰਵਾਨ ਕਰਦਾ ਹਾਂ। ਜੇ ਜਾਂਦਾ ਹੈ ਤਾਂ ਸਿਰ ਜਾਵੇ ਨਿਆਂ ਲਈ ਜੰਗ ਜਾਰੀ ਹੈ, ਮੈਂ ਇਕ ਕੀ ਇਸ ਲਈ ਲੱਖਾਂ ਜਨਮ ਕੁਰਬਾਨ ਕਰਦਾ ਹਾਂ।

ਮੈਂ ਮਿੱਟੀ ਹਾਂ-

ਮੈਂ ਮਿੱਟੀ ਹਾਂ ਜ਼ਮਾਨਾ ਇਸ ਲਈ ਮੈਨੂੰ ਸਜ਼ਾ ਦੇਵੇ। ਕਦੀ ਇੱਟਾਂ , ਕਦੀ ਦੇਵੀ, ਕਦੀ ਦੀਵਾ ਬਣਾ ਦੇਵੇ। ਮੈਂ ਖਰਬਾਂ ਸਾਲ ਤੋਂ ਇਕ ਜੰਮਿਆਂ ਹੋਇਆ ਸਮੁੰਦਰ ਹਾਂ, ਕੋਈ ਆਵੇ ਜੋ ਮੇਰੇ ਪਾਣੀਆਂ ਨੂੰ ਅੱਗ ਲਾ ਦੇਵੇ। ਬੜਾ ਖ਼ਾਮੋਸ਼ ਹੈ ਖੰਡਰ ਹਨ੍ਹੇਰਾ ਹੀ ਹਨ੍ਹੇਰਾ ਹੈ, ਅਜਬ ਹੀ ਅਕਸ ਦਿਸਦੇ ਨੇ ਜੇ ਜੁਗਨੂੰ ਟਿਮਟਿਮਾ ਦੇਵੇ। ਮੇਰੇ ਸੀਨੇ ਦੀ ਅੱਗ ਥੋੜ੍ਹਾ ਜਿਹਾ ਸੁਸਤਾਉਣ ਲੱਗੀ ਹੈ, ਕਹੋ ਉਸ ਨੂੰ ਉਹ ਆਵੇ ਫੇਰ ਤੋਂ ਇਸ ਨੂੰ ਹਵਾ ਦੇਵੇ। ਮੈਂ ਏਨਾ ਸੌ ਲਿਆ ਹੈ ਜਿਸਮ ‘ਤੇ ਘਾਹ ਉੱਗ ਆਇਆ ਹੈ, ਹਲੂਣਾ ਦੇ ਦਏ, ਕੋਈ ਤਾਂ ਹੁਣ ਮੈਨੂੰ ਜਗਾ ਦੇਵੇ। ਬੜਾ ਝੁਲਸਾਉੰਦੀਆਂ ਦੱਖਣ ਦੀ ਤਰਫੋਂ ਆਉਂਦੀਆਂ ਲੂੰਆਂ, ਪਸੀਨਾ ਕਿਰਤ ਦੀ ਛਾਤੀ ‘ਤੇ ਪਰ ਤਮਗਾ ਲਗਾ ਦੇਵੇ। ਅਚਾਨਕ ਜਾਗ ਪੈਂਦਾ ਹੈ ਮੇਰੇ ਅੰਦਰ ਦਾ ਬਣ ਮਾਨਸ, ਪੁਰਾਣੇ ਘਰ ‘ਚ ਫਿਰ ਪਰਤਣ ਦਾ ਮੈਨੂੰ ਮਸ਼ਵਰਾ ਦੇਵੇ। ਉਹ ਧਰਤੀ ਚੀਰ ਕੇ ਅਪਣੇ ਲਈ ਰਸਤਾ ਬਣਾਉਂਦਾ ਹੈ, ਜਦੋਂ ਇਕ ਬੀਜ ਫੁਟਦਾ ਹੈਂ ਤਾਂ ਪਰਬਤ ਵੀ ਹਿਲਾ ਦੇਵੇ। ਉਹ ਮੈਨੂੰ ਝਿੜਕਦਾ ਤੇ ਪਿਆਰ ਵਿਚ ਏਦਾਂ ਡਰਾਉਂਦਾ ਹੈ, ਜਿਵੇਂ ਇਕ ਬਾਲ ਤਾੜੀ ਮਾਰ ਕੇ ਚਿੜੀਆਂ ਉਡਾ ਦੇਵੇ। ਹਨੇਰੀ ਅੱਥਰੀ ਉਸਦੇ ਪਰਾਂ ਵਿਚ ਜਾਨ ਭਰਦੀ ਹੈ, ਮਸਲਸਲ ਹਾਦਿਸਾ ‘ਰੌਸ਼ਨ’ ਨੂੰ ਕੋਈ ਫ਼ਲਸਫ਼ਾ ਦੇਵੇ।

ਐਲਾਨ-

ਇਬਾਦਤ ਵਿਚ ਜੋ ਮਿਲਿਐ, ਸਭ ਤੁਹਾਨੂੰ ਦਾਨ ਕਰਦਾ ਹਾਂ। ਮੈਂ ਕਾਫ਼ਿਰ ਹੋਣ ਦਾ, ਮਸਜਿਦ ਦੇ ਵਿਚ ਐਲਾਨ ਕਰਦਾ ਹਾਂ। ਕਿਸੇ ਮੰਦਰ ‘ਚ ਹੁੰਦੇ ਪਾਪ ਦਾ ਜਦ ਜ਼ਿਕਰ ਕੀਤਾ ਹੈ, ਤਾਂ ਮਚਦੈ ਸ਼ੋਰ, ਮੈਂ ਭਗਵਾਨ ਦਾ ਅਪਮਾਨ ਕਰਦਾ ਹਾਂ। ਪਲੋਸਾਂ ਪੱਤੀਆਂ , ਚੁੰਮਾਂ ਜਦੋਂ ਮੋਹ ਨਾਲ ਫੁੱਲਾਂ ਨੂੰ, ਉਦੋਂ ਕਹਿੰਦੇ ਨੇ ਉਹ ਮੈਂ ਬਾਗ਼ ਨੂੰ ਵੀਰਾਨ ਕਰਦਾ ਹਾਂ। ਤਣੇ, ਹਰ ਸ਼ਾਖ਼ ਤੇ ਪੱਤੇ ਮੇਰੇ ਆਦਰ ਦੇ ਪਾਤਰ ਨੇ, ਮੈਂ ਫੁੱਲਾਂ ਨਾਲ ਹਰ ਕੰਡੇ ਦਾ ਵੀ ਸਨਮਾਨ ਕਰਦਾ ਹਾਂ। ਮੈਂ ਗ਼ਮ ਦੀ ਚੋਗ ਚੁਗਦਾ ਹਾਂ ਤੇ ਲੱਭਦਾਂ ਦਰਦ ਦੇ ਮੋਤੀ, ਮੈਂ ਏਦਾਂ ਰੋਜ਼ ਅਪਣੇ ਆਪ ਨੂੰ ਧਨਵਾਨ ਕਰਦਾ ਹਾਂ। ਬਚਾਈ ਨਾ ਗਈ ਪੱਤ ਜਿਸ ਤੋਂ ਇਕ ਅਬਲਾ ਵਿਚਾਰੀ ਦੀ, ਸਪੁਰਦੇ ਖ਼ਾਕ ਹੁਣ ਏਦਾਂ ਦਾ ਮੈਂ ਭਗਵਾਨ ਕਰਦਾ ਹਾਂ। ਮੈਂ ਹਲ਼ ਵਾਹੁੰਨਾ ਖ਼ਿਆਲਾਂ ਦਾ ਤੇ ਕਰਦਾਂ ਸ਼ਬਦ ਦੀ ਖੇਤੀ, ਮੈਂ ਸੌਂਦਾਂ ਕੰਡਿਆਂ ‘ਤੇ ਧੁੱਪ ਵਿਚ ਇਸ਼ਨਾਨ ਕਰਦਾ ਹਾਂ। ਮੈਂ ਉਹ ਦੀਪਕ ਹਾਂ ਜੋ ਜਗਦੈ, ਉਠਾ ਕੇ ਸਿਰ ਹਨੇਰੀ ਵਿਚ, ਚੁਣੌਤੀ ਰੋਜ਼, ਇਕ ਤੂਫ਼ਾਨ ਦੀ ਪਰਵਾਨ ਕਰਦਾ ਹਾਂ। ਮੈਂ ਅਪਣਾ ਸ਼ਾਇਰੀ ਨੂੰ ਗੁੰਨਦਾਂ ਮਿੱਟੀ ਦੇ ਵਿਚ ਪਹਿਲਾਂ, ਤੇ ਇਸ ਤੋਂ ਬਾਦ ਇਸ ਨੂੰ ਸ਼ਕਲ ਇਕ ਪਰਵਾਨ ਕਰਦਾ ਹਾਂ। ਜੇ ਜਾਂਦਾ ਹੈ ਤਾਂ ਸਿਰ ਜਾਵੇ ਨਿਆਂ ਲਈ ਜੰਗ ਜਾਰੀ ਹੈ, ਮੈਂ ਇਕ ਕੀ ਇਸ ਲਈ ਲੱਖਾਂ ਜਨਮ ਕੁਰਬਾਨ ਕਰਦਾ ਹਾਂ।

ਰੰਗ ਦੇਵਾਂਗਾ-

ਅਲਹਿਦਾ ਕੋਣ ਦੇਵਾਂਗਾ ਨਵੇਂ ਪ੍ਰਸੰਗ ਦੇਵਾਂਗਾ। ਕਲਮ ਅਪਣੀ ਮੈਂ ਅਪਣੇ ਖ਼ੂਨ ਦੇ ਵਿਚ ਰੰਗ ਦੇਵਾਂਗਾ। ਅਸੀਂ ਕਰਨਾ ਹੈ ਕੀ ਸੋਨਾ ਅਸੀਂ ਕਰਨੀ ਹੈ ਕੀ ਚਾਂਦੀ, ਮੈਂ ਆਰਾ ਢਾਲ ਕੇ ਤੈਨੂੰ ਬਣਾ ਕੇ ਵੰਗ ਦੇਵਾਂਗਾ। ਲਹੂ ਮੰਗੇਗਾ ਜੇ ਮੌਸਮ ਨਿਚੋੜਾਂਗਾ ਬਦਨ ਅਪਣਾ, ਆਹੂਤੀ ਵਾਸਤੇ ਅਪਣਾ ਮੈਂ ਇਕ ਇਕ ਅੰਗ ਦੇਵਾਂਗਾ। ਮੇਰਾ ਹੁਣ ਸਬਰ ਕੁੜ ਕੇ ਜ਼ਹਿਰ ਵਿਚ ਤਬਦੀਲ ਹੋ ਚੁੱਕਿਐ, ਮੈਂ ਸੱਪਾਂ ਨਾਲ ਭਰੀਆਂ ਵਰਮੀਆਂ ਨੂੰ ਡੰਗ ਦੇਵਾਂਗਾ। ਲੜਾਂਗਾ ਆਪਣੇ ਹੀ ਨਾਲ ਪਹਿਲਾਂ ਤਾਣ ਲਾ ਕੇ ਮੈਂ, ਮੈਂ ਗੁੰਗੀਆਂ ਬਸਤੀਆਂ ਨੂੰ ਬੋਲ, ਲੜ ਕੇ ਜੰਗ ਦੇਵਾਂਗਾ। ਮੈਂ ਦੀਪਕ ਬਾਲ ਕੇ ਦੱਸਾਂਗਾ ਝੱਖੜ ਝੇੜਿਆ ਅੰਦਰ, ਮੈਂ ਖੁਸ਼ੀਆਂ ਸਿੱਲ੍ਹੀਆਂ ਅੱਖਾਂ ਨੂੰ ਹੋ ਕੇ ਤੰਗ ਦੇਵਾਂਗਾ। ਮੈਂ ਵੰਡਾਂਗਾ ਪਤੰਗਾਂ ਜਾ ਕੇ ਨੀਵੇਂ ਵਿਹੜਿਆਂ ਅੰਦਰ, ਮੈਂ ਹੋਲੀ ‘ਤੇ ਉਦਾਸੇ ਬੱਚਿਆਂ ਨੂੰ ਰੰਗ ਦੇਵਾਂਗਾ। ਬੜੇ ਹੀ ਚਿਰ ਤੋਂ ਜਿਸ ਨੇ ਰੁੱਖ ਦੇ ਸਾਹ ਸੂਤ ਰੱਖੇ ਨੇ, ਮੈਂ ਜਿੱਦੀ ਵੇਲ ਨੂੰ ਕੁਝ ਸ਼ਰਮ ਥੋੜ੍ਹੀ ਸੰਗ ਦੇਵਾਂਗਾ। ਮੈਂ ਨੰਗੇ ਧੜ ਲੜਾਂਗਾ ਜਿੱਤ ਹੋਣੇ ਤੀਕ ਐ ‘ਰੌਸ਼ਨ’, ਪੁਰਾਣੇ ਵਸਤਰਾਂ ਨੂੰ ਲਾ ਕੇ ਹੁਣ ਮੈਂ ਟੰਗ ਦੇਵਾਂਗਾ।

ਅਨਾਰਾਂ ਦੇ-

ਲਗਾ ਕੇ ਗਮਲਿਆਂ ਵਿਚ ਇੱਕ ਦੋ ਬੂਟੇ ਅਨਾਰਾਂ ਦੇ। ਤੁਸੀ ਦਸਦੇ ਹੋ ਹਰ ਇਕ ਸ਼ਖਸ ਨੂੰ ਕਿੱਸੇ ਬਹਾਰਾਂ ਦੇ। ਅਗਰਬੱਤੀ ਦੀ ਥਾਂ ਖ਼ੁਦ ਨੂੰ ਧੁਖਾਉਣਾ ਹੈ ਬੜਾ ਔਖਾ, ਬੜੇ ਸੰਤਾਪ ਨੇ ਸੀਨੇ ‘ਚ ਦੱਬੀਆਂ ਯਾਦਗਾਰਾਂ ਦੇ। ਕਲੀ ਕਸ਼ਮੀਰ ਦੀ ਮੈਂ ਚਿਰ ਤੋਂ ਮੁਸਕਰਾਉਂਦੀ ਨਹੀਂ ਦੇਖੀ, ਹਵਾ ਵਿਚ ਝੂਮਦੇ ਦੇਖੇ ਨੇ ਹੁਣ ਪੱਤੇ ਚਿਨਾਰਾਂ ਦੇ। ਜਦੋਂ ਮੈਂ ਸ਼ਿਅਰ ਕਹਿੰਦਾ ਹਾਂ ਇਨ੍ਹਾਂ ਦਾ ਤਖ਼ਤ ਹਿਲਦਾ ਹੈ, ਮੇਰੇ ਵਲ ਦੇਖ ਕੇ ਦਿਲ ਡੋਲਦੇ ਨੇ ਤਾਜਦਾਰਾਂ ਦੇ। ਨਾ ਹੰਝੂ ਦਿਸ ਰਹੇ ਨੇ, ਨਾ ਨਹੱਕਾ ਖ਼ੂਨ ਦਿਸਦਾ ਹੈ, ਤੁਸੀਂ ਚਾਹੁੰਦੇ ਹੋ ਨੱਚਦੇ ਰਹਿਣ ਬਸ ਪੁਤਲੇ ਨੱਚਾਰਾਂ ਦੇ। ਗ਼ਜ਼ਲ ਦੀ ਆਬਰੂ ਕੁਝ ਕੌਰਵਾਂ ਦੇ ਰਹਿਮ ਉੱਤੇ ਹੈ, ਇਰਾਦੇ ਹੁਣ ਨਹੀਂ ਸਾਵੇਂ ਰਹੇ ਇਤਿਹਾਸਕਾਰਾਂ ਦੇ। ਅਸੀਂ ਜਦ ਦਰਦ ਦੀ ਮਹਿਫ਼ਿਲ ‘ਚ ਗਾਉਣਾ ਹੀ ਸ਼ੁਰੂ ਕੀਤਾ, ਸਨਾਟਾ ਛਾ ਗਿਆ ਸੁਰ ਹੋ ਗਏ ਗੁੰਗੇ ਸਿਤਾਰਾਂ ਦੇ। ਪਈ ਬਰਸਾਤ ਜਦ ਇਹਨਾਂ ‘ਚੋੰ ਕੁਕਨਸ ਹੋਣਗੇ ਪੈਦਾ, ਜੋ ਕੱਚੇ ਰਸਤਿਆਂ ਵਿਚ ਖੰਭ ਖਿਲਰੇ ਨੇ ਗੁਟਾਰਾਂ ਦੇ। ਬੜਾ ਕੋਹਿਆ ਹੈ ਉਸਨੂੰ ਹਾਸ਼ੀਏ ਤੋਂ ਬਾਹਰ ਰੱਖਿਆ ਹੈ, ਕਵੀ ‘ਰੌਸ਼ਨ’ ਤਾਂ ਸਦਕੇ ਫੇਰ ਵੀ ਜਾਂਦਾ ਹੈ ਯਾਰਾਂ ਦੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ