Punjabi Poetry : Harvinder Riar

ਪੰਜਾਬੀ ਕਵਿਤਾਵਾਂ : ਹਰਵਿੰਦਰ ਰਿਆੜ



1. ਗਿਣਤੀ-ਮਿਣਤੀ

ਧੌਲੀ ਦਾੜੀ ਪੁੱਤ ਪੋਤਿਆਂ ਵਿਚ ਬੈਠਾ ਬਾਪੂ ਖਿਆਲਾਂ ਵਿਚ ਬਚਪਨ ’ਤੇ ਉਮਰ ਦੇ ਸਿਖਰਲੇ ਪੌਡੇ ਤੱਕ ਦੀ ਗਿਣਤੀ ਮਿਣਤੀ ਕਰਦੈ ਸੋਚਦੈ 80 ਵਰ੍ਹਿਆਂ ਦੇ ਇਸ ਖੇਡ ਚੱਕਰ ਵਿਚ ਕੀ ਬਚਿਆ ਅੱਜ ਵੀ ਜੇ ਬਚੀ ਹੈ ਤਾਂ ਘਰੋਟੀ ਵਿਚ ਪਏ ਖਾਣ ਜੋਗੇ ਦਾਣਿਆਂ ਦੀ ਉਮੀਦ ਮੁਲਕ ਤਰੱਕੀ ਕਰ ਗਏ ਨੇਤਾ, ਅਫਸਰ ਤਰੱਕੀ ਕਰ ਗਏ ਤੇ……। ਮੁਲਕ ਦੇ ਜਵਾਨ ਤੇ ਕਿਸਾਨ ਲਾਰਿਆਂ ਜੋਗੇ ਰਹਿ ਗਏ ਹਰ ਛੇ ਮਹੀਨੇ ਬਾਅਦ ਕਦੇ ਕੁਦਰਤੀ ਆਫ਼ਤ ਕਦੇ ਮੰਡੀਆਂ ਤੇ ਕਦੇ ਆੜਤੀਆਂ ਨਾਲ ਜੱਟ ਦੇ ਮੁਕੱਦਰ ਖਹਿ ਗਏ ਬਾਪੂ ਸੋਚਦੈ ਕਿ ਹੁਣ ਤੇ ਗਿਰਝਾਂ ਨੇ ਵੀ ਸ਼ਿਕਾਰ ਲੱਭਣ ਲਈ ਸੁਭਾਅ ਬਦਲੇ ਲੱਗਦੇ ਨੇ ਅੱਜ ਕਈ ਤੁਰੀਆਂ ਫਿਰਦੀਆਂ ਮਨੁੱਖੀ ਲਾਸ਼ਾਂ ’ਤੇ ਮੰਡਰਾਉਂਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਗਿਰਝਾਂ …ਤੇ ਮੰਡਰਾਉਂਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਗਿਰਝਾਂ ...ਤੇ ਹਰ ਇਕ ਬੰਦਾ ਆਪਣੀ ਲਾਸ਼ ਆਪਣੇ ਮੋਢੇ ’ਤੇ ਚੁੱਕੀ ਫਿਰਦੈ ਪੰਜਾਬਣਾਂ ਦੇ ਚਿਹਰੇ ਪਥਰਾ ਗਏ ਨੇ, ਫਾਂਸੀ ਹੁਣ ਜ਼ੁਰਮ ਤੇ ਜੇਲ੍ਹਾਂ ਵਿਚ ਨਹੀਂ ਹਰ ਪਿੰਡ ਦੇ ਰੁੱਖ ਨਾਲ ਫੰਦਾ ਲਟਕਦਾ ਹੈ ’ਤੇ ਕਾਗਜ਼ ’ਤੇ ਲਾਇਆ ਅੰਗੂਠਾ ਹੀ ਹੌਲੀ ਹੌਲੀ ਜੱਲਾਦਾਂ ਦਾ ਰੂਪ ਧਾਰ ਲੈਂਦਾ, ਪਿੰਡਾਂ ਦੇ ਵਿਹੜਿਆਂ ਵਿਚ ਹੁਣ ਵਿਸਾਖੀ ਨਹੀਂ ਨੱਚਦੀ, ਸਗੋਂ…। ਬੇਬਸੀ ਤੇ ਲਾਚਾਰੀ ਬਿਨ ਢੋਲ ਦੇ ਸਾਜ਼ ਬੇਤਰਤੀਬੇ ਸੰਗੀਤ ਸੰਗ ਸ਼ੋਰ ਮਚਾਉਂਦੀ ਹੈ। ਪਤਾ ਨਹੀਂ ਕੋਈ ਅਭਾਗਣ ਮਾਂ ਤੁਰੀ ਫਿਰਦੀ ਜਵਾਨ ਪੁੱਤ ਦੀ ਲਾਸ਼ ਨੂੰ ਦਿਨ ਵਿਚ ਦਿਨੀ ਵਾਰ ਖਾਬਾਂ ਰਾਹੀਂ ਗਲ ਨਾਲ ਲਾਉਂਦੀ ਹੈ ਬੱਸ ਬਾਪੂ ਲਈ 80 ਵਰ੍ਹਿਆਂ ਦੀ ਜ਼ਿੰਦਗੀ ਦੀ ਖੇਡ ਘਰੋਟੀ ’ਚ ਪਾਏ ਖਾਣ ਜੋਗੇ ਦਾਣਿਆਂ ਤੋਂ ਵੱਧ ਕੁਝ ਨਹੀਂ ਥਿਆਉਂਦੀ।

2. ਦੋ ਗੱਲਾਂ

ਬੱਸ ਦੋ ਗੱਲਾਂ ਹੀ ਕਾਫੀ ਨੇ ਸੱਚ ਅਤੇ ਝੂਠ ਦੇ ਝੁਰਮਟ ਵਿਚੋਂ ਨਿਕਲਣ ਲਈ ਜੇ ਜ਼ਿੰਦਗੀ ਦਾ ਅਮਲ ਸਿਰਫ ਦੋ ਗੱਲਾਂ ਮਰਨ ਤੇ ਜੀਣ ਤੇ ਮੁੱਕਦਾ ਹੈ ਤਾਂ ਬਾਕੀ ਬਚਦਾ ਤਾਂ ਸਾਰਾ ਖੌਰੂ ਹੈ ਗੱਲ ਜੇ ਮੁਕਾਉਣੀ ਹੋਵੇ ਤਾਂ ਦੋ ਗੱਲਾਂ ਤੇ ਮੁੱਕ ਜਾਂਦੀ ਹੈ ਕਹਿਣ ਨੂੰ ਤਾਂ ਜ਼ਿੰਦਗੀ ਲੰਮੀ ਇਬਾਰਤ ਵਰਗੀ ਹੈ ਪਰ ਇਸ ਦੀ ਅਸਲੀਅਤ ਦੀ ਇਬਾਦਤ ਵਿਚ ਅਸੀਂ ਦੋ ਪਲ ਵੀ ਨਹੀਂ ਗੁਜ਼ਾਰਦੇ ਦੋ ਪਲਾਂ ਦਾ ਖੁੰਝਿਆ ਬੰਦਾ ਦੋ ਗੱਲਾਂ ਦਾ ਮਾਰਿਆ ਕਿਤੇ ਦਾ ਕਿਤੇ ਜਾ ਪੁੱਜਦੈ ਆ ਬਹਿ ਜਾ ਮੇਰੇ ਕੋਲ ਵਕਤ ਤੇਰੇ ਨਾਲੋਂ ਤੇਜ਼ ਤੁਰਦਾ ਹੈ ਆਪਣੇ ਹਿੱਸੇ ਦੇ ਪਲਾਂ ਵਿਚ ਦੋ ਗੱਲਾਂ ਕਰ ਲਈਏ

3. ਉਨ੍ਹਾਂ ਕਾਨੂੰਨ ਲਿਖਿਆ

ਹੱਟੀ ਤੇ ਬੈਠਿਆਂ ਨੇ ਕਾਨੂੰਨ ਲਿਖਿਆ ਕਿਹਾ ਕਿ ਹੁਣ ਪੈਲੀਆਂ ਚ ਫ਼ਸਲਾਂ ਇੱਕੋ ਹੁਕਮ ਨਾਲ ਉੱਗਣਗੀਆਂ ਅਸੀਂ ਹੀ ਭੰਡਾਰੀ ਅਸੀਂ ਹੀ ਵਪਾਰੀ ਅਸੀੰ ਹੀ ਸੰਸਾਰੀ ਜਿਸ ਨੂੰ ਜਦ ਚਾਹਿਆ ਮਾਰਾਂਗੇ , ਜੀਵਾਵਾਂਗੇ ਮੁਲਕ ਦੇ ਚੱਪੇ ਚੱਪੇ ਤੇ ਫ਼ੈਲ ਜਾਵਾਂਗੇ। ਪਰ ਇਹ ਗੱਲ ਭੁੱਲ ਗਏ ਖਲੋਤੀ ਫਸਲ ਤੇ ਜਦ ਗੜੇਮਾਰ ਪਵੇ ਕੱਖ ਨਾ ਰਵ੍ਹੇ। ਸੁਪਨੇ ਰਹਿ ਜਾਣ ਧਰੇ ਧਰਾਏ। ਮਰਦਾ ਮਾਰਿਆ ਕਿੱਧਰ ਜਾਏ। ਹੁਣ ਖੇਤਾਂ ਵਾਲੇ ਸੜਕਾਂ ਤੇ ਸੜਕਾਂ ਤੇ ਆਏ ਪੁੱਛਦੇ ਹਨ। ਕੌਣ ਹਨ ਇਹ ਨਵੇਂ ਵਲੀ ਕੰਧਾਰੀ ਜੋ ਸਾਡੇ ਜੀਣ ਸੋਮਿਆਂ ਤੇ ਝਪਟਣ ਲਈ ਤਿਆਰ ਬਰ ਤਿਆਰ ਖੜ੍ਹੇ ਗਿਰਝਾਂ ਦਾ ਭਾਈਚਾਰਾ। ਜਿੰਨ੍ਹਾਂ ਕਾਨੂੰਨ ਲਿਖਿਆ ਉਹ ਸਮਝ ਲੈਣ ਕਿ ਜ਼ਮੀਨ ਜੱਟ ਦੀ ਮਾਂ ਏਹੀ ਧੁੱਪ ਤੇ ਏਹੀ ਥਾਂ ਸਾਡੀ ਮਾਂ ਵੱਲ ਉੱਠੀਆਂ ਮੈਲੀਆਂ ਅੱਖਾਂ ਕੱਢ ਦਿਆਂਗੇ ਸਦਾ ਲਈ ਫਸਤਾ ਵੱਢ ਦਿਆਂਗੇ। ਪਾਸ਼ ਦੇ ਕਹਿਣ ਮੁਤਾਬਕ ਵਕਤ ਨੇ ਸਾਨੂੰ ਬਹੁਤ ਬੇਲਿਹਾਜ਼ ਕਰ ਦਿੱਤਾ ਹੈ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ