Punjabi Poetry : Jasvinder Singh Rupal

ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਜਸਵਿੰਦਰ ਸਿੰਘ "ਰੁਪਾਲ"


ਝੁਰੜੀਆਂ

ਚੁੱਪ ਦੀ ਆਵਾਜ ਹਨ ਇਹ ਝੁਰੜੀਆਂ। ਹੈ ਬਚੀ ਜੋ ਲਾਜ ਹਨ ਇਹ ਝੁਰੜੀਆਂ। ਧੁਨ ਅਗੰਮੀ ਪਿਆਰ ਦੀ ਵੱਜਦੀ ਰਹੇ, ਇੱਕ ਨਿਰਾਲਾ ਸਾਜ ਹਨ ਇਹ ਝੁਰੜੀਆਂ। ਬਾਅਦ ਲੰਮੀ ਦੇਰ ਦੇ ਮਿਲਿਆ ਏ ਜੋ, ਖੂਬਸੂਰਤ ਤਾਜ ਹਨ ਇਹ ਝੁਰੜੀਆਂ। ਖ਼ਤਮ ਨਾ ਹੋਵੇ ਦੁਆਵਾਂ ਦੀ ਲੜੀ, ਕਰਦੀਆਂ ਆਗਾਜ਼ ਹਨ ਇਹ ਝੁਰੜੀਆਂ। ਕੱਤਿਆ ਹੈ ਵਕਤ ਵਾਲੇ ਚਰਖੜੇ, ਕੰਤ ਖਾਤਰ ਦਾਜ ਹਨ ਇਹ ਝੁਰੜੀਆਂ। ਲੱਖ ਸਾਗਰ ਹੇਠ ਇਹਨਾਂ ਦੇ ਛੁਪੇ, ਇੱਕ ਗਹਿਰਾ ਰਾਜ਼ ਹਨ ਇਹ ਝੁਰੜੀਆਂ। ਸਾਂਭ ਲਏ ਨੇ ਸਾਥ ਦੇ ਪਲ ਯਾਦ ਵਿਚ, ਹਮ-ਉਮਰ ਲਈ ਨਾਜ਼ ਹਨ ਇਹ ਝੁਰੜੀਆਂ। ਮੂਲ ਉਹ ਕਿਹੜਾ ਸੀ ਕਿੱਥੇ ਰਹਿ ਗਿਆ, ਨਿਤ ਵਧੇ ਜੋ ਵਿਆਜ ਹਨ ਇਹ ਝੁਰੜੀਆਂ। ਰੇਲ ਹੌਲੀ ਹੋਏ ਮੰਜ਼ਲ ਦੇ ਕਰੀਬ, ਰੁਕਣ ਖਾਤਰ ਰਿਆਜ ਹਨ ਇਹ ਝੁਰੜੀਆਂ। ਜਿੰਦਗੀ ਦੇ ਵਾਰਸੋ ਕੁਝ ਸਿੱਖ ਲਓ, ਵਕਤ ਦਾ ਸਿਰਤਾਜ ਹਨ ਇਹ ਝੁਰੜੀਆਂ। ਸਹਿਜ ਵਿਚ ਅਗਿਆਤ ਅੰਬਰ ਵੱਲ ਨੂੰ, ਭਰਦੀਆਂ ਪਰਵਾਜ਼ ਹਨ ਇਹ ਝੁਰੜੀਆਂ। ਤਰਸੀਆਂ ਪੋਤੇ ਦਾ ਮੁੱਖ ਚੁੰਮਣ ਨੂੰ ਕਿਉਂ ? ਹੋ ਗਈਆਂ ਮੁਹਤਾਜ ਹਨ ਇਹ ਝੁਰੜੀਆਂ। ਰਿਸ਼ਤਿਆਂ ਦੀ ਸਾਂਝ ਨਾ ਟੁੱਟੇ ਕਦੇ ਕਹਿਣ ਦਾ ਅੰਦਾਜ ਹਨ ਇਹ ਝੁਰੜੀਆਂ। ਕਾਸ਼ ਸਾਰੇ ਸਮਝ ਸਕਦੇ ਓਸ ਨੂੰ, ਕਰਦੀਆਂ ਜੋ ਨਿਆਜ ਹਨ ਇਹ ਝੁਰੜੀਆਂ। ਤੂੰ "ਰੁਪਾਲ" ਐਵੇਂ ਨਾ ਖੁਸ਼ੀਆਂ ਭਾਲ ਹੁਣ, ਜਾਪਦੈ ਨਾਰਾਜ਼ ਹਨ ਇਹ ਝੁਰੜੀਆਂ।

ਲਹਿਰੀਆ ਛੰਦ

1. ਸਾਡੀ ਜ਼ਿੰਦਗੀ ਚ ਤਲਖ਼ੀਆਂ ਬਾਹਲੀਆਂ। ਕੁਝ ਖੁੰਦਕਾਂ ਨੇ ਅਸੀਂ ਖੁਦ ਪਾਲ਼ੀਆਂ । ਖੁਸ਼ ਹੋਣ ਲਈ ਘਾਲਣਾ ਨਾ ਘਾਲੀਆਂ। ਆਓ ਕੁਝ ਚਿਰ ਹੱਸੀਏ ਹਸਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 2. 'ਕੱਠੇ ਹੋ ਕੇ ਸਾਂਝੀ ਪ੍ਰੀਤ ਆਪਾਂ ਪਾ ਲਈਏ। ਕੁਝ ਬੋਲੀਆਂ ਤੇ ਟੱਪੇ ਅੱਜ ਗਾ ਲਈਏ। ਸੰਗ ਸਾਥੀਆਂ ਦੇ ਤਾਈਂ ਵੀ ਰਲਾ ਲਈਏ। ਉੱਚੀ ਉੱਚੀ ਡੱਗਾ ਢੋਲ ਉੱਤੇ ਲਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 3. ਵਿਹਲ ਕੱਢਣੀ ਏ ਜਰਾ ਕੰਮ ਕਾਰ ਚੋਂ। ਦਿਖੇ ਨੂਰ ਸਾਡੀ ਵੱਖਰੀ ਨੁਹਾਰ ਚੋਂ। ਮਹਿਕ ਵੰਡਣੀ ਏ ਸਭ ਨੂੰ ਪਿਆਰ ਚੋਂ। ਪਾਉਂਦੇ ਬਾਘੀਆਂ ਤਾਂ ਸੱਥ ਵਿੱਚ ਆਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 4. ਕਿੱਸਾ ਇਸ਼ਕੇ ਦਾ ਹੀਰ ਵਾਲਾ ਛੇੜੀਏ। ਕਿਤੇ ਮਜਨੂੰ ਦੇ ਵਾਂਗੂ ਖੂਹ ਗੇੜੀਏ। ਥਲਾਂ ਵਿੱਚ ਸੜੀ ਸੀਗੀ ਉਹ ਕਿਹੜੀ ਏ। ਯਾਰ ਤਾਈਂ ਮਾਸ ਪੱਟ ਦਾ ਖਵਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 5. ਰੁੱਖਾਂ ਹੇਠ ਪੀਂਘਾਂ ਪੈਂਦੀਆਂ ਹੀ ਰਹਿਣ ਜੀ। ਗੱਲ ਦਿਲਾਂ ਦੀ ਨੂੰ ਦਿਲ ਸਦਾ ਕਹਿਣ ਜੀ। ਝਨਾਂ ਪ੍ਰੀਤਾਂ ਦੇ ਤਾਂ ਤੇਜ ਤੇਜ ਵਹਿਣ ਜੀ। ਸਾਂਝਾਂ ਗੂੜ੍ਹੀਆਂ ਤੇ ਪੀਡੀਆਂ ਪਕਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 6. ਜਾਤਾਂ ਮਜ਼ਹਬਾਂ ਦੇ ਝਗੜੇ ਮੁਕਾ ਦੀਏ। ਮੇਰ ਤੇਰ ਵਾਲੇ ਫਰਕ ਮਿਟਾ ਦੀਏ। ਰਾਣਾ ਰੰਕ ਇੱਕੋ ਜਗ੍ਹਾ ਤੇ ਬੈਠਾ ਦੀਏ । ਜੋਤ ਪਿਆਰ ਦੀ ਨੂੰ ਮਿਲ ਕੇ ਜਗਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 7. ਆ ਜਾ ਪਾਈਏ ਗਲਵੱਕੜੀਆਂ ਘੁੱਟ ਕੇ। ਸ਼ੱਕ, ਸ਼ਿਕਵੇ, ਸ਼ਿਕਾਇਤਾਂ ਪਿੱਛੇ ਸੁੱਟ ਕੇ। ਬੂਟੇ ਵਹਿਮ ਤੇ ਭੁਲੇਖਿਆਂ ਦੇ ਪੁੱਟ ਕੇ। ਨਵੇਂ ਬੀਜ ਤਾਂ ਮੁਹੱਬਤਾਂ ਦੇ ਲਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ।

ਅਗਨੀ

ਜਿਊਂਦੇ ਰਹਿਣ ਦਾ ਬਣਦੀ, ਸਦਾ ਆਧਾਰ ਇਹ ਅਗਨੀ। ਕਿ ਸਿਰਜਣਹਾਰ ਦੀ ਰਚਨਾ ਦਾ, ਸੋਹਣਾ ਪਿਆਰ ਇਹ ਅਗਨੀ। ਇਹ ਸਭ ਆਕਾਰ ਤੇ ਬ੍ਰਹਿਮੰਡ ਦੇ, ਮੁੱਢਲੇ ਨੇ ਤੱਤ ਜਿਹੜੇ, ਧਰਤ ਪਾਣੀ ਹਵਾ ਨੇ ਤਿੰਨ, ਨੰਬਰ ਚਾਰ ਇਹ ਅਗਨੀ। ਅਗਨ ਇਕ ਗਰਭ ਅੰਦਰ ਸੀ, ਧੜਕਦੀ ਜਿੰਦ ਉਸ ਵਿੱਚੋਂ ਉਦਰ ਚੋ ਬਾਹਰ ਮੋਹ ਮਾਇਆ, ਦਾ ਹੈ ਸੰਸਾਰ ਇਹ ਅਗਨੀ। ਹੁਸਨ ਜਦ ਵਾਰ ਹੈ ਕਰਦਾ, ਇਸ਼ਕ ਦੇ ਸੰਗ ਜਦ ਮਿਲਦਾ, ਕਿ ਇਸ ਸੰਗਮ ਸੁਹਾਣੇ ਦੀ, ਅਨੋਖੀ ਧਾਰ ਇਹ ਅਗਨੀ। ਕੋਈ ਬੱਝਾ ਏ ਤ੍ਰਿਸ਼ਨਾ ਦਾ, ਕੋਈ ਹੰਕਾਰ ਵਿਚ ਡੁੱਬਾ, ਕਤਲ ਕਰਨੇ ਲਈ ਹੱਥੀਂ ਫੜੀ, ਤਲਵਾਰ ਇਹ ਅਗਨੀ। ਇਲਾਕੇ ਧਰਮ ਤੇ ਜਾਤਾਂ, ਮਨੁੱਖਾਂ ਵਿਚ ਜੋ ਪਾਈਆਂ ਨੇ ਅਜਿਹੀਆਂ ਨਫਰਤਾਂ ਦਾ ਕਿਉਂ, ਰਹੀ ਘਰਬਾਰ ਇਹ ਅਗਨੀ। ਬੜਾ ਹੈ ਸੇਕ ਢਿੱਡ ਅੰਦਰ, ਬੜਾ ਹੀ ਸੇਕ ਦਿਲ ਅੰਦਰ, ਸਦਾ ਹੀ ਸੇਕ ਦਿਲ ਦੇ ਨੂੰ, ਏ ਦਿੰਦੀ ਠਾਰ ਇਹ ਅਗਨੀ। ਸੁਣੇ ਨਾ ਹੂਕ ਕਿਰਤੀ ਦੀ, ਖੜੀ ਜੋਕਾਂ ਦੇ ਪਾਸੇ ਹੈ, ਸਿਵੇ ਜਨਤਾ ਦੇ ਸੜਦੇ ਨੇ, ਬਣੀ ਸਰਕਾਰ ਇਹ ਅਗਨੀ। ਗਲ਼ਾਂ ਵਿਚ ਟਾਇਰ ਪਾ ਪਾ ਕੇ, ਸੜੀ ਇਨਸਾਨੀਅਤ ਸੀ ਜਦ, ਭਿਆਨਕ ਰੂਪ ਸੀ ਡਾਢਾ, ਬੜੀ ਖੂੰਖਾਰ ਇਹ ਅਗਨੀ। ਜਦੋ ਉਹ ਠਰ ਗਿਆ ਹੋਣੈ, ਤਾਂ ਸਮਝੋ ਮਰ ਗਿਆ ਹੋਣੈ, ਨਾ ਮਿਲਦੀ ਨਕਦ ਹੀ ਕਿਧਰੋਂ, ਤੇ ਨਾ ਉਧਾਰ ਇਹ ਅਗਨੀ। "ਰੁਪਾਲ" ਇਹ ਸੋਚ ਨਾ ਜਲਣੀ, ਕਿਸੇ ਵੀ ਹਾਲ ਵਿਚ ਯਾਰੋ, ਮੇਰੀ ਦੇਹੀ ਨੂੰ ਫੂਕਣ ਨੂੰ ਤਾਂ, ਭਾਵੇਂ ਤਿਆਰ ਇਹ ਅਗਨੀ।

ਗ਼ਜ਼ਲ : ਗੁਰੂ ਨਾਨਕ ਤੇਰੀ ਬਾਣੀ

ਸਦਾ ਜੀਣਾ ਸਿਖਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਮਿਟਾਂਦੀ ਏ ਬਣਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਭੁਲਾ ਕੇ ਵਿਤਕਰੇ ਨਸਲਾਂ, ਇਲਾਕੇ, ਰੰਗ ਜਾਤਾਂ ਦੇ, ਗਲ਼ੇ ਸਭ ਤਾਈਂ ਲਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਕਦੇ ਬਲਿਹਾਰ ਕੁਦਰਤ ਤੋਂ, ਕਦੇ ਕਾਦਰ ਤੋਂ ਜਾ ਵਾਰੀ, ਅਗੰਮੀ-ਧੁਨ ਸੁਣਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਜ਼ੁਲਮ ਹੁੰਦਾ ਨਜ਼ਰ ਆਵੇ, ਤਦੇ ਜ਼ਾਲਮ ਦੇ ਹੋ ਸਾਹਵੇਂ, ਦਿਨੇ ਤਾਰੇ ਦਿਖਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਲੁਟਾ ਕੇ ਹੱਕ ਜੋ ਬੈਠੇ, ਬਣੇ ਹਨ ਲਾਸ਼ ਜੋ ਜਿੰਦਾ, ਉਨ੍ਹਾਂ ਵਿਚ ਜਿੰਦ ਪਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਸ਼ਬਦ ਸੰਗੀਤ ਵਿੱਚ ਘੁਲ਼ ਕੇ, ਚੁਪਾਸੀਂ ਨੂਰ ਫੈਲਾਵੇ, ਦਿਲੇ-ਤਰਬਾਂ ਜਗਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਵਪਾਰੀਂ ਬਣ ਜੁੜੇ ਬਿਰਤੀ, ਕਿਤੇ ਮਾਲਕ ਦੀ ਯਾਦ ਅੰਦਰ, ਕਹਿ ਤੇਰਾ ਸਭ ਲੁਟਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਹਲੂਣੇ ਭਾਗ "ਭਾਗੋ" ਦੇ, ਤੇ "ਲਾਲੋ" ਲਾਲ ਹੋ ਜਾਵੇ, ਕਿਰਤ ਤਾਈਂ ਸਲਾਂਹਦੀ ਏ, ਗੁਰੂ ਨਾਨਕ ਤੇਰੀ ਬਾਣੀ। ਕਰੇ ਜੋ ਸਿੱਧ ਵੀ ਸਿੱਧੇ, ਚਲਾ ਕੇ ਸ਼ਬਦ ਦਾ ਜਾਦੂ, ਭਰਮ ਪਰਦੇ ਹਟਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਵਲੀ ਦੇ ਵਲ ਕਰੇ ਸਿੱਧੇ, ਜੁ ਬੈਠਾ ਹਉ ਦੇ ਪਰਬਤ ਤੇ, ਸਿਖਰ ਤੋਂ ਧੂਹ ਲਿਆਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਗਵਾ ਕੇ ਰਾਖਸ਼ੀ ਬਿਰਤੀ, ਘਟਾ ਕੇ ਅਗਨ ਅੰਦਰ ਦੀ, ਕਿ ਨੈਂ ਠੰਢੀ ਚਲਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਇਹਦੇ ਜੋ ਤੀਰ ਅਣੀਆਲੇ, ਭੁਲਾਂਦੇ 'ਠੱਗ' ਦੀ ਠੱਗੀ, ਬਣਾ 'ਸੱਜਣ' ਦਿਖਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਇਹ ਆਵੇ ਖਸਮ ਦੇ ਦਰ ਤੋਂ, ਜਾ ਧੁਨ ਸੰਗੀਤ ਦੀ ਛਿੜਦੀ. ਪਈ "ਵਾਹ ਵਾਹ" ਹੀ ਗਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਨਵੇਂ ਰਾਹਾਂ ਨੂੰ ਰੁਸ਼ਨਾਵੇ, ਉਠਾਵੇ ਡਿੱਗਿਆਂ ਤਾਈਂ, ਇਹ ਸੁੱਤਿਆਂ ਨੂੰ ਜਗਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਨਾ ਖੁਦ ਡਰਨਾ ਕਿਸੇ ਕੋਲੋਂ, ਡਰਾਣਾ ਨਾ ਕਿਸੇ ਤਾਈਂ, ਸੁਰਤਿ ਉੱਚਾ ਉਠਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਕਰੇ ਤਕੜਾ ਪਈ ਮਨ ਨੂੰ, ਨਵਾਂ ਇਕ ਜੋਸ਼ ਵੀ ਦੇਵੇ, ਕਸ਼ਟ ਸਭ ਹੀ ਮਿਟਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਜੋ ਰੂਹ ਇਹਦੇ ਚ' ਭਿੱਜ ਜਾਵੇ, ਸਦਾ ਵਿਸਮਾਦ ਵਿਚ ਆਵੇ ਖੁਦਾ, ਖੁਦ ਤੋਂ ਬਣਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਕਰੀਂ ਬਖ਼ਸ਼ਿਸ਼ ਮੇਰੇ ਸਾਈਂ, ਮੇਰੇ ਰੋਮਾਂ ਚ' ਵਸ ਜਾਵੇ, "ਰੁਪਾਲ" ਇਹ ਖਿੱਚ ਪਾਂਦੀ ਏ, ਗੁਰੂ ਨਾਨਕ ਤੇਰੀ ਬਾਣੀ।

ਪਾਣੀ

ਮਿਟਾ ਕੇ ਤਪਸ਼ ਜੁੱਗ ਜੁੱਗ ਦੀ, ਕਲੇਜੇ ਠਾਰਦਾ ਪਾਣੀ। ਪਿਤਾ ਵਾਂਗੂ ਰਹੇ ਸੰਤਾਨ ਤਾਈਂ ਪਿਆਰਦਾ ਪਾਣੀ। ਕਿ ਧੜਕਣ ਜਿੰਦਗੀ ਵਾਲੀ, ਸ਼ੁਰੂ ਹੋਈ ਸੀ ਇਸ ਵਿੱਚੋਂ, ਵਿਛਾਏ ਬੀਜ ਹਰ ਥਾਂ ਤੇ, ਰਿਹਾ ਸਤਿਕਾਰਦਾ ਪਾਣੀ। ਹਰਿਕ ਜੀਵਨ ਦੀ ਕਾਇਆ ਦਾ, ਵਡੇਰਾ ਭਾਗ ਏਸੇ ਦਾ, ਕਰੇ ਸ਼ੁੱਧ ਅੰਦਰੋਂ ਬਾਹਰੋਂ, ਸਦਾ ਸ਼ਿੰਗਾਰਦਾ ਪਾਣੀ। ਗਵਾਏ ਮੈਲ ਜੋ ਸਾਡੀ, ਉਹਨੂੰ ਦੂਸ਼ਿਤ ਕਿਉਂ ਕਰੀਏ, ਵਖ਼ਤ ਵੀਚਾਰ ਲੋ ਹੁਣ ਤਾਂ, ਕਹੇ ਵੰਗਾਰਦਾ ਪਾਣੀ। ਦਿਨੋ ਦਿਨ ਹੇਠ ਨੂੰ ਜਾਵੇ, ਕਿਤੇ ਨਾ ਖਤਮ ਹੋ ਜਾਵੇ ਕਰੋ ਹੀਲਾ ਕੋਈ ਸੱਜਣੋ, ਇਹ ਵਾਜਾਂ ਮਾਰਦਾ ਪਾਣੀ। ਸਦਾ ਤਲ ਰੱਖਦਾ ਸਾਵਾਂ, ਤੇ "ਨੀਵਾਂ" ਖਿੱਚ ਪਾ ਲੈਂਦਾ, ਸਿਖਾਕੇ ਜਾਚ ਇਹ ਸੋਹਣੀ, ਕਿ ਜਨਮ ਸਵਾਰਦਾ ਪਾਣੀ। ਜੇ ਜੰਮੇ ਬਰਫ ਬਣ ਜਾਵੇ, ਉਬਲ ਕੇ ਭਾਫ ਹੈ ਬਣਦਾ, ਭਲੇ ਖਾਤਰ ਅਨੇਕਾਂ ਰੂਪ ਰਹਿੰਦਾ ਧਾਰਦਾ ਪਾਣੀ। ਉਠਾਂਦੇ ਬੋਝ ਜੋ ਮੈਂ ਦਾ ਤਿਨ੍ਹਾਂ ਨੂੰ ਡੋਬਦਾ ਰਹਿੰਦਾ, ਜੁ ਹਲਕੇ ਹੋ ਗਏ ਮਰ ਕੇ, ਉਹਨਾਂ ਨੂੰ ਤਾਰਦਾ ਪਾਣੀ। ਨਾ ਅਪਣਾ ਰੰਗ ਹੈ ਕੋਈ, ਕਿ ਜੋ ਵੀ ਆਣ ਹੈ ਘੁਲਦਾ, ਉਸੇ ਦਾ ਰੂਪ ਹੋ ਜਾਵੇ, ਤੇ ਆਪਾ ਵਾਰਦਾ ਪਾਣੀ। ਨਵਾਇਆ ਜਨਮ ਵੇਲੇ ਹੀ, ਮਾਂ ਬੰਨੇ ਦੇ ਸਿਰੋਂ ਵਾਰੇ, ਮਰੇ ਤੋਂ ਹੱਡ ਵੀ ਸਾਂਭੇ, ਨਹੀਂ ਦੁਰਕਾਰਦਾ ਪਾਣੀ।

ਸ਼ਬਦ-ਸਕਤੀ ਦਾ ਇਤਿਹਾਸ

੧. ਸ਼ਬਦ ਰੂਪੀ ਬ੍ਰਹਮ ਜਦ ਅੱਖ ਖੋਲੀ, ਸ਼ਬਦ ਨਾਲ ਹੀ ਸ੍ਰਿਸ਼ਟੀ ਬਣਾਈ ਉਹਨੇ। ਇੱਕ ਸ਼ਬਦ ਤੋਂ ਲੱਖਾਂ ਦਰੀਆਉ ਚੱਲੇ, ਧੜਕਣ ਜਿੰਦਗੀ ਦੀ ਐਸੀ ਪਾਈ ਉਹਨੇ। ਸ਼ਬਦ ਵਿੱਚ ਹੀ ਉਹਨੂੰ ਸਮੇਟ ਲੈਂਦਾ, ਸ਼ਬਦ ਨਾਲ ਜੋ ਖੇਡ ਬਣਾਈ ਉਹਨੇ। ਸ਼ਬਦ ਵਿੱਚ ਹੀ ਰੱਖੇ ਨੇ ਭੇਦ ਸਾਰੇ, ਸ੍ਰਿਸ਼ਟੀ ਆਪ ਹੀ ਟੋਲਣ ਤੇ ਲਾਈ ਉਹਨੇ। ੨. ਸ਼ਬਦ-ਸੂਝ ਵੀ ਤਾਂ ਸ਼ਬਦ ਆਪ ਦੇਵੇ, ਸ਼ਬਦ ਵਿੱਚ ਹੀ ਰੱਖਿਆ ਗਿਆਨ ਪੂਰਾ। ਇੱਕੋ ਸ਼ਬਦ ਤੋਂ ਪੈਦਾ ਸਰੀਰ ਹੋਏ, ਓਹੀ ਸ਼ਬਦ ਹੈ ਸਾਰੇ ਪ੍ਰਵਾਨ ਪੂਰਾ। ਜਿਹੜੀ ਸੁਰਤ ਵਿੱਚ ਸ਼ਬਦ ਦਾ ਵਾਸ ਹੋਵੇ, ਓਸ ਸੁਰਤ ਨੂੰ ਪੂਜੇ ਜਹਾਨ ਪੂਰਾ। ਆਓ ਨਾਨਕ ਦਾਤਾਰ ਦੀ ਗੱਲ ਕਰੀਏ, ਜੀਹਨੇ ਸ਼ਬਦ ਦਾ ਕੀਤਾ ਏ ਦਾਨ ਪੂਰਾ। ੩. ਪਾਧੇ ਪਾਸ ਸੀ ਪੜ੍ਹਨ ਲਈ ਭੇਜਿਆ ਜਾ, ਨਾਨਕ-ਮੁੱਖ ਤੋਂ ਸ਼ਬਦ ਹੀ ਬੋਲਦਾ ਏ। ਬਾਅਦ "ਇੱਕ" ਦੇ ਪੜ੍ਹਨਾ ਹੈ "ਦੂਸਰਾ" ਕੀ, ਭੇਦ "ਇੱਕ" ਦਾ ਪਿਆ ਉਹ ਖੋਲਦਾ ਏ। ਮੋਦੀਖਾਨੇ ਵਿੱਚ ਬੈਠ ਕੇ ਸ਼ਬਦ ਇਹੀ, ਆਖ "ਤੇਰਾ ਤੇਰਾ" ਪੂਰਾ ਤੋਲਦਾ ਏ। ਇੱਕੋ ਸ਼ਬਦ ਅੰਦਰ ਸੱਭੇ ਬਰਕਤਾਂ ਨੇ, ਸ਼ਬਦ-ਰੱਤਿਆ ਕਦੇ ਨਾ ਡੋਲਦਾ ਏ। ੪. ਸ਼ਬਦ ਵਿੱਚ ਡੁੱਬੇ ਤਾਈਂ ਪਿਤਾ ਕਾਲੂ, ਕਿਹਾ, "ਲਾਹੇ ਦਾ ਕਰੀਂ ਵਪਾਰ ਨਾਨਕ। ਆਹ ਲੈ ਵੀਹ ਰੁਪਈਏ ਦੀ ਨਕਦ ਪੂੰਜੀ, ਦੂਣੀ ਹੋਵੇ ਐਸੀ ਕਰੀਂ ਕਾਰ ਨਾਨਕ।" ਭੁੱਖੇ ਮਿਲੇ ਸਾਧੂ ਜਿਹੜੇ ਨਾਮ ਜਪਦੇ, ਨਾਲ ਸ਼ਬਦ ਦੇ ਕੀਤੇ ਸਰਸ਼ਾਰ ਨਾਨਕ। ਸੌਦਾ ਸੱਚ ਦਾ ਕੀਤਾ ਰੂਹ ਨਾਲ ਐਸਾ, ਵੰਡ ਛਕਣ ਦਾ ਕੀਤਾ ਪ੍ਰਚਾਰ ਨਾਨਕ। ੫. ਕੰਢੇ ਵੇਈਂ ਤੋਂ ਸ਼ਬਦ ਦੀ ਧੁਨ ਉੱਠੀ, ਫੇਰ ਆਈ ਨਾ ਕਿਸੇ ਹਿਸਾਬ ਅੰਦਰ। ਗੁਰਮੁਖ ਖੋਜਣ ਲਈ ਚੱਲਿਆ ਯਾਤਰਾ ਤੇ, ਸ਼ਬਦ ਗੂੰਜਦਾ ਡੂਮ-ਰਬਾਬ ਅੰਦਰ। ਸ਼ਬਦ ਨਾਲ ਹੀ ਸਿਫਤ ਸਲਾਹ ਉਹਦੀ, ਪ੍ਰਸ਼ਨ ਜੱਗ ਦੇ, ਸ਼ਬਦ-ਜਵਾਬ ਅੰਦਰ। ਏਸੇ ਸ਼ਬਦ ਨੇ ਚਹੁੰਆਂ ਉਦਾਸੀਆਂ ਵਿਚ, ਕੰਡੇ ਬਦਲੇ ਨੇ ਸੱਭੇ ਗੁਲਾਬ ਅੰਦਰ। ੬. ਸਿੱਧ ਹੋਏ ਸਿੱਧੇ ਹਉਮੈ ਛੱਡ ਕੇ ਤੇ, ਬਾਣ ਸ਼ਬਦ ਦਾ ਬਾਬੇ ਨੇ ਮਾਰਿਆ ਸੀ। ਸ਼ਬਦ ਸੁਣ ਕੇ ਠੱਗ ਵੀ ਬਣੇ ਸੱਜਣ, ਕਿਧਰੇ ਭੂਮੀਏ ਚੋਰ ਨੂੰ ਤਾਰਿਆ ਸੀ। ਮਲਕ ਭਾਗੋ ਦੀ ਲੁੱਟ ਦੇ ਖਾਣਿਆਂ ਨੂੰ, ਉਹਦੇ ਸ਼ਬਦ ਨੇ ਕਿੱਦਾਂ ਨਕਾਰਿਆ ਸੀ। ਹੱਥੀਂ ਕਿਰਤ ਨੂੰ ਦੇ ਕੇ ਵਡਿਆਈ ਦਾਤਾ, ਸ਼ਬਦ ਰਾਹੀਂ ਹੀ ਲਾਲੋ ਸਤਿਕਾਰਿਆ ਸੀ। ੭. ਵਲ਼ ਵਲੀ ਕੰਧਾਰੀ ਦੇ ਸ਼ਬਦ ਕੱਢੇ, ਸ਼ਬਦ ਬਿਨਾਂ ਤਾਂ ਪੱਤਾ ਵੀ ਹੱਲਦਾ ਨਾ। ਜਿੱਥੇ ਸ਼ਬਦ ਸੰਗੀਤ ਵਿੱਚ ਵੱਜਦਾ ਸੀ, ਜਾਦੂਗਰਨੀਆਂ ਦਾ ਜਾਦੂ ਚੱਲਦਾ ਨਾ। ਸ਼ਬਦ ਆਖਿਆ ਬਾਬਰ ਨੂੰ ਜਦੋਂ ਜਾਬਰ, ਠੰਡਾ ਹੋ ਗਿਆ, ਚੋਟ ਨੂੰ ਝੱਲਦਾ ਨਾ। ਰਾਇ-ਬੁਲਾਰ ਦੇ ਸੀਨੇ ਵਿੱਚ ਛੇਕ ਹੋਏ, ਤਾਹੀਂ ਸ਼ਬਦ ਦੀ ਆਖੀ ਉਹ ਥੱਲਦਾ ਨਾ। ੮. ਪੁਰੀ ਮੰਦਰ ਦੇ ਸੰਖ ਵਿੱਚ ਸ਼ਬਦ ਪੁੱਜਾ, ਸਭ ਪ੍ਰਭੂ ਦੀ ਆਰਤੀ ਗਾਉਣ ਲੱਗੇ। ਮਸਜਿਦ ਵਿੱਚ ਜਾਂ ਸ਼ਬਦ ਨੇ ਬਾਂਗ ਦਿੱਤੀ, ਕਾਜੀ ਮੌਲਵੀ ਸੁਰਤ ਟਿਕਾਉਣ ਲੱਗੇ। ਕਿਧਰੇ ਜੋਗੀਆਂ ਨਾਥਾਂ ਦੇ ਕੋਲ ਜਾ ਜਾ, ਲੱਖਾਂ ਧਰਤ-ਪਤਾਲ ਸਮਝਾਉਣ ਲੱਗੇ। ਹਿਰਦੇ ਜੋ ਜੋ ਬਿੰਨੇ ਸੀ ਸ਼ਬਦ ਸੱਚੇ, ਉਹ ਸੱਚ-ਆਚਾਰ ਵੱਲ ਆਉਣ ਲੱਗੇ। ੯. ਗ੍ਰਹਿਸਥੀ ਬਣ ਕਰਤਾਰਪੁਰ ਆਣ ਕੇ ਤੇ, ਯਾਦ ਕੀਤਾ ਸੀ ਓਸ ਕਰਤਾਰ ਤਾਈਂ। ਖੇਤੀ ਕਰਕੇ ਦੱਸਿਐ ਆਪ ਹੱਥੀਂ, ਨਾਮ ਬੀਜਣਾ ਕਿਵੇਂ ਸੰਸਾਰ ਤਾਈਂ। ਹੱਥ ਕਾਰ ਵੱਲੇ ਦਿਲ ਦਿਲਦਾਰ ਵੱਲੇ, ਉੱਚਾ ਰੱਖਣਾ ਸਦਾ ਕਿਰਦਾਰ ਤਾਈਂ। ਸੁਰਤ ਸ਼ਬਦ ਨਾਲ ਜੋੜ "ਰੁਪਾਲ"ਤੂੰ ਵੀ, ਭੁੱਲ ਜਾਵੀਂ ਨਾ ਨਾਨਕ-ਨਿਰੰਕਾਰ ਤਾਈਂ।

ਗ਼ਜ਼ਲ : ਕੁਝ ਆਪ ਹੀ ਬਦਲੇ ਹਾਂ

ਕੁਝ ਆਪ ਹੀ ਬਦਲੇ ਹਾਂ, ਜਾਂ ਐਸਾ ਜ਼ਮਾਨਾ ਹੋ ਗਿਆ। ਕਿਉ ਜਾਪਦੈ ਮੈਨੂੰ ਕਿ ਹਰ, ਅਪਣਾ ਬਿਗਾਨਾ ਹੋ ਗਿਆ। ਕਾਹਦੀ ਭਲਾ ਹੈ ਜਿੰਦਗੀ, ਸਾਥੀ ਹੀ ਸਾਰੇ ਖੁਸ਼ਕ ਨੇ ਪੜ੍ਹਨਾ ਤੇ ਲਿਖਣਾ ਜੀਣ ਦਾ, ਹੁਣ ਤਾਂ ਬਹਾਨਾ ਹੋ ਗਿਆ। ਸੈਆਂ ਹੀ ਸੰਕਟ ਹੋਣ ਉਸ ਦੇ ਪੈਰ ਨਾ ਥਿੜਕਣ ਕਦੀ, ਅਰਜਨ ਦੇ ਵਾਂਗੂ ਅੱਖ ਹੀ ਜਿਸਦਾ ਨਿਸ਼ਾਨਾ ਹੋ ਗਿਆ। ਨੇਤਾ ਨਾ ਬਣਿਆ ਸੀ ਜਦੋਂ , ਸੁਣਦਾ ਸੀ ਸਭ ਦੇ ਦੁੱਖ ਉਹ, ਹੁਣ ਲੋਕ ਪੀੜਾਂ ਤੋਂ ਭਲਾ, ਕਿਉਂ ਬੇਧਿਆਨਾ ਹੋ ਗਿਆ। ਮੁੜ ਮੁੜ ਕੇ ਅੰਨ੍ਹੇ ਵੰਡਦੇ ਨੇ ਆਪਣਿਆਂ ਨੂੰ ਰੇਵੜੀ, ਜਨਤਾ ਨੇ ਜਦ ਕੁਝ ਮੰਗਿਆ, ਖਾਲੀ ਖਜ਼ਾਨਾ ਹੋ ਗਿਆ। ਹੋਇਆ ਅਜੇਹਾ ਕੀ ਭਲਾ ਕੁਰਸੀ ਜਦੋ ਦੀ ਹੈ ਮਿਲੀ ਹੰਕਾਰ ਵਿੱਚ ਉਸ ਦਾ ਸੁਭਾਅ,, ਹੁਣ ਜਾਲਿਮਾਨਾ ਹੋ ਗਿਆ। ਉਂਹ ਉੱਚ ਪਦ ਤੇ ਸ਼ੋਭਦਾ, ਲਿਖਦਾ ਤੇ ਗਾਉਂਦਾ ਗੀਤ ਸੀ, ਅੰਦਾਜ ਹੁਣ ਗੱਲ ਕਹਿਣ ਦਾ ਵੀ ਸ਼ਾਇਰਾਨਾ ਹੋ ਗਿਆ। ਜੋ ਜੂਝਦਾ ਸੀ ਨਾਲ ਜਾਲਮ ਕਿਰਤ-ਹੱਕਾਂ ਵਾਸਤੇ ਹਰ ਸਖਸ਼ ਹੀ ਦਿਲ ਤੋਂ ਸਦਾ , ਉਸ ਦਾ ਦਿਵਾਨਾ ਹੋ ਗਿਆ। ਮੂੰਹ ਤੇ ਕਰੇ ਜੋ ਸਿਫਤ ਹੀ, ਪਰ ਵਾਰ ਕਰਦੈ ਪਿੱਠ ਤੇ, ਕੈਸਾ "ਰੁਪਾਲ" ਇਹ ਯਾਰ ਮੇਰੇ ਦਾ ਯਰਾਨਾ ਹੋ ਗਿਆ।

ਗ਼ਜ਼ਲ : ਫੁੱਲ ਜੇ ਹਿਰਦੇ ਦਾ ਖਿੜਿਆ ਦੇਖਣਾ

ਫੁੱਲ ਜੇ ਹਿਰਦੇ ਦਾ ਖਿੜਿਆ ਦੇਖਣਾ। ਆਪਣਾ ਹਰ ਕਰਮ ਆਪੇ ਤੋਲਣਾ। ਪੱਲੜਾ ਭਾਰੀ ਜ਼ੁਲਮ ਦਾ ਦੇਖ ਕੇ, ਛੱਡ ਨਾ ਬੈਠੀਂ ਜਰਾ ਵੀ ਜੂਝਣਾ। ਰੱਖ ਇਕ ਮਜਬੂਤ ਡੰਡਾ ਹੱਥ ਵਿਚ, ਮੁੱਖ ਤੋਂ ਐਪਰ ਤੂੰ ਮਿੱਠਾ ਬੋਲਣਾ। ਮੇਟ ਦੇਵੀਂ ਡਿੱਗਿਆਂ ਲਈ ਹੋਂਦ ਖੁਦ, ਛੱਡ ਦੇ ਉਚਿਆਂ ਦੇ ਤਲਵੇ ਚੱਟਣਾ। ਕੂੜ ਦੇ ਰਾਹਾਂ ਚ ਹੁੰਦੀ ਭੀੜ ਹੀ, ਸੱਚ ਦੇ ਪਾਂਧੀ ਤੂੰ ਕੱਲਾ ਚੱਲਣਾ। ਹਰ ਕਿਸੇ ਨੂੰ ਪ੍ਰੇਮ ਦਿੰਦਾ ਹੀ ਰਹੀਂ, ਨਫਰਤਾਂ ਦੇ ਦਰ ਤੋਂ ਪਾਸਾ ਵੱਟਣਾ। ਇਸ਼ਕ ਕਿਉਂ ਕੀਤਾ ਏ ਛੋਟੀ ਜਾਤ ਵਿਚ, ਜਾਪਦੈ ਤੈਨੂੰ ਵੀ ਪੈਣਾ ਸੋਧਣਾ। ਸੱਖਣੇ ਤੇ ਊਣਿਆਂ ਦੇ ਭਰਨ ਨੂੰ, ਸਿਰ ਤੋਂ ਪੈਰਾਂ ਤੀਕ ਪੂਰਾ ਛਲਕਣਾ। ਬਹਿਰ ਵਿਚ ਰੱਤੀ ਗ਼ਜ਼ਲ 'ਰੂਪਾਲ' ਦੀ, ਦੋਸਤੋ ਨਾ ਪੜ੍ਹ ਕੇ ਇਸਨੂੰ ਹੱਸਣਾ।

ਗ਼ਜ਼ਲ : ਤੇਰੇ ਇਨਕਾਰ ਤੋਂ ਪਿੱਛੋਂ

ਤੇਰੇ ਇਨਕਾਰ ਤੋਂ ਪਿੱਛੋਂ, ਤੇਰੇ ਇਕਰਾਰ ਤੋਂ ਪਹਿਲਾਂ। ਬੜੀ ਕੁਰਲਾਈ ਰੂਹ ਮੇਰੀ, ਕਿ ਸੱਚੇ ਪਿਆਰ ਤੋਂ ਪਹਿਲਾਂ। ਮੇਰੇ ਹੱਸਣ ਤੇ ਜੋ ਤੜਪੇ , ਮੇਰੇ ਉਹ ਰੋਣ ਤੇ ਹੱਸੇ, ਕਿਸੇ ਨਾ ਹਾਲ ਸੀ ਪੁੱਛਿਆ ,ਮੇਰੇ ਦਿਲਦਾਰ ਤੋੰ ਪਹਿਲਾਂ। ਕੀ ਹੋਇਆ ਫੁੱਲ ਮੁਰਝਾਏ, ਡਿਗੇ ਪੱਤੇ ਨੇ ਟਹਿਣੀ ਤੋੰ, ਯੁਗਾਂ ਤੋਂ ਹੋ ਰਿਹੈ ਇੱਦਾਂ, ਕਿ ਰੁੱਤ ਬਹਾਰ ਤੋਂ ਪਹਿਲਾ। ਨਹੀਂ ਦਿਲ ਦੀ ਖੁਸ਼ੀ ਹੁੰਦੀ ਹਮੇਸ਼ਾ ਨਾਚ ਦੇ ਅੰਦਰ, ਸੁਣੀ ਤੂੰ ਪੀੜ ਝਾਂਜਰ ਦੀ ਉਹਦੀ ਝਣਕਾਰ ਤੋਂ ਪਹਿਲਾਂ। ਹੁਕਮ ਸ਼ਕਤੀ ਨੂੰ ਵਰਤਣ ਦਾ ਸੀ ਹੀਲੇ ਹਾਰਿਆਂ ਪਿੱਛੋਂ, ਉਪਾਅ ਕਿਉ ਪਰਖਣਾ ਭੁੱਲੇ, ਅਸੀਂ ਤਲਵਾਰ ਤੋਂ ਪਹਿਲਾਂ। ਮੇਰੇ ਯਾਰੋ ਉਡੀਕੋ ਵੀ , ਸਬਰ ਕੁਝ ਤਾਂ ਬਣਾ ਰੱਖੋ, ਕਿ ਟੂਸੇ ਫੁੱਟਦੇ ਆਏ, ਗੁੱਲੇ ਗੁਲਜ਼ਾਰ ਤੋਂ ਪਹਿਲਾਂ। ਭਲੀ ਆਖੀ ਕਿ -"ਹੈ ਵਿਸ਼ਵਾਸ਼ ਹੀ ਰਿਸ਼ਤੇ ਦੀ ਨੀਂਹ ਹੁੰਦੀ" ਹਮੇਸ਼ਾ ਪਰਖਿਆ ਮੈਨੂੰ ਤੂੰ ਹਰ ਇਤਬਾਰ ਤੋਂ ਪਹਿਲਾਂ। ਮੈਂ ਹੋਵਾਂ ਕਤਲ ਤੇਰੇ ਹੱਥੋਂ, ਕਰੀਂ ਤੂੰ ਵਾਰ ਮੇਰੇ ਉੱਤੇ, ਕਿਤੇ ਸੰਭਲ ਨਾ ਮੈਂ ਜਾਵਾਂ ਤੇਰੇ ਉਸ ਵਾਰ ਤੋਂ ਪਹਿਲਾਂ। ਰਜਾਵੇ ਭੁੱਖਿਆ ਨੂੰ ਉਹ , ਤੇ ਬਾਂਹ ਮਜਲੂਮ ਦੀ ਫੜਦਾ, ਬਣੇ ਜਦ ਭੀੜ ਕਿਹੜਾ, ਪੁੱਜਦੈ ਸਰਦਾਰ ਤੋਂ ਪਹਿਲਾਂ। ਨਜ਼ਰ ਆਪਣੀ ਦੁੜਾ ਕੇ ਦੇਖ ਸਾਧਨਹੀਣ ਲੋਕਾਂ ਵੱਲ, ਕਿਸੇ ਦਾ ਕਰ ਭਲਾ ਤੂੰ ਆਪਣੇ ਪਰਿਵਾਰ ਤੋਂ ਪਹਿਲਾਂ।

ਗ਼ਜ਼ਲ : ਠੰਢੇ ਨਾ ਹੋਣ ਜਜ਼ਬੇ

ਠੰਢੇ ਨਾ ਹੋਣ ਜਜ਼ਬੇ, ਰੱਤ ਵਿਚ ਉਬਾਲ਼ ਰੱਖਿਓ। ਫਸਲਾਂ ਬਚਾ ਜੇ ਲਈਆਂ, ਨਸਲਾਂ ਸੰਭਾਲ਼ ਰੱਖਿਓ। ਦ੍ਰਿਸ਼ਟੀ ਚੇਤੰਨ ਰੱਖਣੀ, ਮੱਠਾ ਨਾ ਜੋਸ਼ ਹੋਵੇ, ਨ੍ਹੇਰੇ ਜੇ ਦੂਰ ਕਰਨੇ, ਜਗਦੀ ਮਸ਼ਾਲ ਰੱਖਿਓ। ਜਿੱਤਣ ਜਰੂਰ ਕਿਰਤੀ, ਲੜਨਾ ਇਕੱਠਿਆਂ ਨੇ, ਤੁਰਨਾ ਕਦਮ ਮਿਲਾ ਕੇ, ਸਾਂਝਾਂ ਨੂੰ ਪਾਲ਼ ਰੱਖਿਓ। ਵੰਡਣੀ ਸਦਾ ਮੁਹੱਬਤ, ਨਾ ਭੇਦ ਭਾਵ ਕਰਨਾ, ਪੀੜਾ ਮਨੁੱਖਤਾ ਦੀ, ਹਿਰਦੇ ਦੇ ਨਾਲ਼ ਰੱਖਿਓ। ਚਹੁੰ ਪਾਸਿਆਂ ਤੋਂ ਹਮਲੇ, ਨਿਤ ਢੰਗ ਵੱਖਰੇ ਨੇ, ਬੇ ਅਸਰ ਵਾਰ ਹੋਵਣ, ਮਜਬੂਤ ਢਾਲ਼ ਰੱਖਿਓ। ਜਾਲਮ ਨੂੰ ਮਾਤ ਦੇਣੀ, ਹਥਿਆਰ ਤਿੱਖੇ ਰੱਖਣੇ, ਖੂੰਢੀ ਨਾ ਸੋਚ ਹੋਵੇ, ਲਾਹ ਕੇ ਜੰਗਾਲ਼ ਰੱਖਿਓ। ਮਿਲਦੀ ਮੁਕਾਮ ਤੋਂ ਨਾ,ਮੰਜ਼ਲ ਜਿਹੀ ਸੰਤੁਸ਼ਟੀ, ਮਸਤਕ 'ਰੁਪਾਲ' ਅੰਦਰ,ਬਾਜੀ ਦੀ ਛਾਲ਼ ਰੱਖਿਓ।

ਗ਼ਜ਼ਲ : ਚੱਕ ਸਮੇਂ ਦਾ ਚੱਲਦਾ ਮੈਨੂੰ

ਚੱਕ ਸਮੇਂ ਦਾ ਚੱਲਦਾ ਮੈਨੂੰ, ਕਿੱਥੇ ਤੋਂ ਕਿੱਥੇ ਲੈ ਆਇਆ, ਕਿਸ ਨੂੰ ਪੁੱਛਾਂ। ਕਿਹੜਾ ਨੇੜੇ ਆਇਆ ਦਿਲ ਦੇ, ਕਿਸ ਨੇ ਆਪਣਾ ਮੁੱਖ ਭਵਾਇਆ, ਕਿਸ ਨੂੰ ਪੁੱਛਾਂ। ਢਿੱਡੋਂ ਜੰਮੇ ਵੀ ਨਾ ਪੁੱਛਣ, ਮਾਂ ਨੂੰ ਸਮਝਣ ਵਸਤ ਬਿਗਾਨੀ, ਵਕਤ ਨੇ ਬਦਲੇ, ਅੰਕਲ ਨੇ ਸਭ ਖੋਹੇ ਰਿਸ਼ਤੇ, ਭੁੱਲ ਗਿਆ ਕਿਉਂ ਚਾਚਾ ਤਾਇਆ, ਕਿਸ ਨੂੰ ਪੁੱਛਾਂ। ਨੂਰ ਉਸੇ ਤੋਂ ਉਪਜੇ ਸਾਰੇ, ਧਰਮਾਂ ਦੇ ਨਾਂ ਤੇ ਨਾ ਵੰਡੋ, ਹੋਸ਼ ਕਰੋ ਕੁਝ, ਖੰਜਰ ਕੌਣ ਹੈ ਚੁੱਕੀ ਫਿਰਦਾ, ਕਿਸ ਦੇ ਖੂਨ ਦਾ ਉਹ ਤਿਰਹਾਇਆ,ਕਿਸ ਨੂੰ ਪੁੱਛਾਂ। ਦੁੱਖ ਮੁਸੀਬਤ ਘੇਰ ਲਵੇ ਜਦ,ਅਪਣੇ ਹੀ ਨੰਗੇ ਹੋ ਮਿਲਦੇ,ਪਿੱਠ ਦਿਖਾਉਂਦੇ, ਤਿੱਖੀ ਧੁੱਪ ਜਦੋਂ ਸਿਰ ਉੱਤੇ , ਖੋ ਜਾਂਦਾ ਅਪਣਾ ਕਿਉਂ ਸਾਇਆ,ਕਿਸ ਨੂੰ ਪੁੱਛਾਂ। ਮਹਿਕਾਂ ਨੂੰ ਡੱਕ ਸਕਣ ਨਾ ਵਾੜ੍ਹਾਂ, ਤੇ ਨਾ ਰੁਕਦੇ ਪਿਆਰ ਮੁੱਹਬਤ,ਪਰਖ ਕੇ ਵੇਖੋ ਸੂਹੇ ਫੁੱਲ ਨੇ ਟਹਿਕਣ ਦੀ ਥਾਂ, ਕਿਉਂ ਹੈ ਮੈਥੋਂ ਮੁੱਖ ਛੁਪਾਇਆ,ਕਿਸ ਨੂੰ ਪੁੱਛਾਂ। ਪੱਥਰ ਜੋ ਸਨ ਉਹਨਾਂ ਮਾਰੇ , ਮੈਂ ਚੁਗ ਕੇ ਸਭ ਕੱਠੇ ਕਰ ਲਏ, ਚੁੱਪ ਚੁਪੀਤੇ, ਐਪਰ ਮੈਥੋਂ ਉਹਨਾਂ ਤੀਕਰ, ਪੁਲ ਵੀ ਕਿਉਂ ਨਾ ਗਿਆ ਬਣਾਇਆ, ਕਿਸ ਨੂੰ ਪੁੱਛਾਂ। ਨ੍ਹੇਰੇ ਜੰਗਲ ਦੀ ਚੁੱਪ ਟੁੱਟੀ, ਬੇਹਰਕਤ ਵਿਚ ਹਰਕਤ ਹੋਈ, ਧੜਕੇ ਇਹ ਦਿਲ, ਰੁਪਾਲ-ਆਸ ਜਗਾਈ ਮੁੜਕੇ , ਕਿਸ ਨੇ ਐਸਾ ਗੀਤ ਸੁਣਾਇਆ,ਕਿਸ ਨੂੰ ਪੁੱਛਾਂ

ਗ਼ਜ਼ਲ : ਬੂਹੇ ਤੇ ਲੱਗਿਆ ਜੋ ਖੱਖਰ

ਬੂਹੇ ਤੇ ਲੱਗਿਆ ਜੋ ਖੱਖਰ ਮੈਂ ਲਾਹ ਲਿਆ ਹੈ। ਮੈਂ ਸ਼ਹਿਦ ਲੈ ਨਾ ਸਕਿਆ ਬਸ ਮੂੰਹ ਸੁਜਾ ਲਿਆ ਹੈ। ਇਕ ਬੀਨ ਮੈ ਵਜਾਕੇ ਫੜਿਆ ਹੈ ਨਾਗ ਜਹਿਰੀ, ਕੱਢੇ ਨੇ ਦੰਦ ਉਹਦੇ, ਝੋਲੀ ਚ' ਪਾ ਲਿਆ ਹੈ। ਮੁੜ ਮੁੜ ਕੇ ਸ਼ੋਰ ਪਾਇਆ, ਲੋਕੋ ਹੈ ਸ਼ੇਰ ਆਇਆ, ਭੇਡਾਂ ਮਰਾ ਮੈਂ ਲਈਆਂ, ਝੂਠਾ ਕਹਾ ਲਿਆ ਹੈ। ਜਿੱਥੋਂ ਵਿਕਾਸ ਦੇ ਨਾਂ ,ਰੁੱਖਾਂ ਦੇ ਕਤਲ ਕੀਤੇ, ਈਕੋ ਕਲੱਬ ਦਾ ਹੁਣ, ਦਫਤਰ ਬਣਾ ਲਿਆ ਹੈ। ਕੈਸਾ ਹੈ ਇਹ ਗਵੱਈਆ ,ਸਾਜਾਂ ਨੂੰ ਤੋੜਿਐ ਜਿਸ, ਤਾਲੋਂ ਤਾਂ ਘੁੱਥਿਆ ਜੋ,ਪਰ ਗੀਤ ਗਾ ਲਿਆ ਹੈ। ਕਰਜੇ ਦੇ ਭਾਰ ਹੇਠਾਂ, ਜੀਵਨ ਹੈ ਮੌਤ ਬਣਿਆ ਪੁੱਤਰ ਜਵਾਨ ਉਸਦਾ ਨਸ਼ਿਆਂ ਨੇ ਖਾ ਲਿਆ ਹੈ। ਰੱਖਣ ਲਈ ਪਿਓ ਨੂੰ, ਪੁੱਤਾਂ ਨੇ ਦਿਨ ਨੇ ਬੰਨ੍ਹੇ ਸਭ ਕੁਝ ਉਨ੍ਹਾਂ ਨੇ ਅਪਣੇ ਨਾਂ ਤੇ ਕਰਾ ਲਿਆ ਹੈ। ਪਰਖੀਂ ਨਾ ਜਾਤ ਕੋਈ, ਨਾ ਧਰਮ ਵੇਖਿਆ ਸੀ, ਬੈੰਡਾਂ ਦੀ ਲਿਸ਼ਕ ਹੇਠਾਂ, ਰਿਸ਼ਤਾ ਬਣਾ ਲਿਆ ਹੈ। ਰਿਸ਼ਵਤ ਦੇ ਆਸਰੇ ਹੀ, ਗੁੱਡੀ ਹੈ ਅੰਬਰਾਂ ਤੇ, ਘਰ ਵੀ ਚਲਾ ਲਿਆ ਹੈ, ਤੀਰਥ ਵੀ ਨ੍ਹਾ ਲਿਆ ਹੈ। ਤੀਰਾਂ ਨੂੰ ਤੋੜ ਸਾਹਿਬਾਂ, ਪਛਤਾ ਰਹੀ ਵਿਚਾਰੀ, ਮਿਰਜ਼ੇ ਦਾ ਯਾਰ ਨੇਤਾ, ਉਸ ਨੂੰ ਬੁਲਾ ਲਿਆ ਹੈ। ਨਫਰਤ ਦੇ ਬੀਜ ਬੀਜਾਂ, ਕੁਰਸੀ 'ਰੁਪਾਲ' ਪੱਕੀ, ਭੂਮੀ ਤਿਆਰ ਹੋਈ, ਝਗੜਾ ਕਰਾ ਲਿਆ ਹੈ।

ਦੋਹਾ ਗ਼ਜ਼ਲ : ਤ੍ਰਿਸ਼ਨਾ ਵਾਲੀ ਵੇਲ ਦੇ

ਤ੍ਰਿਸ਼ਨਾ ਵਾਲੀ ਵੇਲ ਦੇ, ਫ਼ਲ ਦਾ ਨਾਂ ਹੈ ਦੁੱਖ। ਆਪੇ ਫਸਦਾ ਜਾ ਰਿਹੈ, ਬੁਣਿਐ ਜਾਲ਼ ਮਨੁੱਖ। ਰਿਸ਼ਤੇ ਕਦਰਾਂ ਕੀਮਤਾਂ, ਕਿੱਥੇ ਗਏ ਗਵਾਚ, ਭਾਂਬੜ ਬਣ ਨਾ ਬਲ਼ ਪਵੇ, ਅਗਨ ਰਹੀ ਜੋ ਧੁੱਖ। ਛਾਵਾਂ ਦੇਣਾ ਭੁੱਲਿਆ, ਡੁੱਬਾ ਲਾਲਚ ਵਿੱਚ, ਜੀਵਨ ਹਰਿਆ ਨਾ ਰਿਹਾ , ਜਦ ਤੋਂ ਵੱਢੇ ਰੁੱਖ। ਟੀਕਾ ਲਾਵੇ ਨਾੜ ਵਿਚ, ਬਾਂਕਾ ਪੁੱਤ ਜਵਾਨ, ਧਾਹਾਂ ਮਾਰੇ ਅੰਮੜੀ, ਸੁੰਨੀ ਹੋ ਗਈ ਕੁੱਖ। ਦਿਲ ਵਿਚ ਜਾਗੇ ਦਰਦ ਨਾ, ਦੁਖੀ ਲੁਕਾਈ ਦੇਖ, ਪੂਜਾ ਕਰਦਾ ਇਸ਼ਟ ਦੀ, ਮਿਲੇ ਨਾ ਇੱਦਾਂ ਸੁੱਖ। ਜਿਕਰ ਕਰੇਂਦਾ ਫਿਕਰ ਦਾ, ਦੋਸ਼ੀ ਥਾਪੇ ਹੋਰ, ਯਤਨ ਕਰੇ ਨਾ ਮੂਲ ਹੀ, ਮੋੜੇ ਅਪਣਾ ਮੁੱਖ। ਦੌੜ ਦੌੜ ਵਿਚ ਫਰਕ ਹੈ, ਹਿਰਨ ਬਚਾਵੇ ਜਿੰਦ, ਸ਼ੇਰ ਨੂੰ ਨਿਤ ਦੌੜ੍ਹਾਂਵਦੀ, 'ਰੁਪਾਲ' ਓਸਦੀ ਭੁੱਖ।

ਗ਼ਜ਼ਲ : ਦੂਜੇ ਦੀ ਵੇਦਨਾ ਦਾ, ਕਿਸ ਨੂੰ ਖਿਆਲ ਹੁੰਦੈ

ਦੂਜੇ ਦੀ ਵੇਦਨਾ ਦਾ, ਕਿਸ ਨੂੰ ਖਿਆਲ ਹੁੰਦੈ। ਜਿਸਦਾ ਜਵਾਬ ਹੀ ਨਹੀਂ, ਐਸਾ ਸਵਾਲ ਹੁੰਦੈ। ਮਹਿੰਗੇ ਲਿਬਾਸ ਵਿਚ ਨਾ, ਸ਼ਾਹੀ ਨਿਵਾਸ ਵਿਚ ਨਾ, ਛੁਪਿਆ ਗਰੀਬ ਖਾਨੇ, ਗੁਦੜੀ ਦਾ ਲਾਲ ਹੁੰਦੈ ਟੁੱਟਣ ਨਾ ਮੂਲ ਦੇਵੀਂ, ਹਿਰਦੇ ਚ ਸਾਂਭ ਲੈਣਾ, ਦਿਲ-ਦਰਦ ਜੋ ਪਛਾਣੇ, ਮਾਈ ਦਾ ਲਾਲ ਹੁੰਦੈ। ਢਾਰਾ ਵੀ ਚਲ ਸਕੇ ਨਾ,ਚੁੱਲ੍ਹਾ ਵੀ ਬਲ਼ ਸਕੇ ਨਾ, ਮਾਂ ਦੇ ਲਹੂਰ ਹੁੰਦੈ, ਭੁੱਖਾ ਜਾਂ ਬਾਲ ਹੁੰਦੈ। ਇਹ ਊਚ ਨੀਚ ਕੇਹੀ, ਇਹ ਜਾਤ ਧਰਮ ਕੇਹੇ, ਇਹ ਬੰਦਿਆਂ ਚ ਕਾਹਤੋਂ, ਨਿਸਦਿਨ ਬਵਾਲ ਹੁੰਦੈ। ਧਰਤੀ ਦੇ ਨਾਲ ਜੁੜਿਆ, ਰਹਿੰਦਾ ਜੋ ਉਮਰ ਸਾਰੀ ਅੰਬਰ ਦੇ ਵਾਂਗ ਹਿਰਦਾ ਉਸਦਾ ਵਿਸ਼ਾਲ ਹੁੰਦੈ। ਤਰਬਾਂ ਨੂੰ ਛੇੜਦੈ ਜਦ, ਦਿਲ ਧੜਕਦੈ ਉਦੋਂ ਹੀ, ਮਸਤੀ ਚ ਆਣ ਜਦ ਵੀ, ਗਾਉਂਦਾ ਕਵਾਲ ਹੁੰਦੈ। ਸੁਣਦਾ ਰਹੇ ਇਵੇਂ ਹੀ ਪ੍ਰੀਤਾਂ ਦਾ ਰਾਗ ਮਿੱਠਾ, ਧੁਨ ਸੁਣ ਕੇ ਇਹ ਇਲਾਹੀ ਮਨ ਤਾਂ ਨਿਹਾਲ ਹੁੰਦੈ। ਸ਼ਾਸ਼ਕ ਨੇ ਜਦ ਵੀ ਦਿੱਤਾ , ਹੈ ਥਾਪੜਾ ਕਵੀ ਨੂੰ , ਉਸ ਦੀ ਕਲਮ ਨੂੰ ਲੱਗਦਾ ,ਉਸ ਪਲ ਜੰਗਾਲ ਹੁੰਦੈ। ਕਿਰਤੀ ਦਾ ਪੱਖ ਪੂਰੇ ਲਲਕਾਰਦੈ ਜੋ ਹਾਕਮ, ਸ਼ੇਅਰ ਗ਼ਜ਼ਲ ਉਸੇ ਦਾ, ਸੱਚੀਂ ਕਮਾਲ ਹੁੰਦੈ । ਜੋਕਾਂ ਦੇ ਨਾਲ ਜਦ ਵੀ, ਲੋਕਾਂ ਨੇ ਜੰਗ ਛੇੜੀ, ਫਿਰ ਇਨਕਲਾਬ ਉਸ ਥਾਂ, ਆਉਣਾ 'ਰੁਪਾਲ' ਹੁੰਦੈ।

ਗ਼ਜ਼ਲ : ਗੁਜ਼ਰਦੀ ਜਿੰਦਗੀ ਭਾਵੇਂ, ਫਰੇਬੀ ਲਾਰਿਆਂ ਅੰਦਰ

ਗੁਜ਼ਰਦੀ ਜਿੰਦਗੀ ਭਾਵੇਂ, ਫਰੇਬੀ ਲਾਰਿਆਂ ਅੰਦਰ। ਛਿਪੀ ਡੂੰਘੀ ਕਹਾਣੀ ਹੈ,ਇਹ ਹੰਝੂ ਖਾਰਿਆਂ ਅੰਦਰ। ਚਲਾਕੀ ਝੂਠ ਧੋਖਾ ਸਭ ,ਬੜੀ ਹੀ ਦੂਰ ਨੇ ਰਹਿੰਦੇ, ਸਚਾਈ ਸਾਦਗੀ ਵੱਸਦੀ, ਗ਼ਮਾਂ ਦੇ ਮਾਰਿਆਂ ਅੰਦਰ। ਕਿਤੇ ਜਾਤਾਂ, ਧਰਮ ਕਿਧਰੇ,ਇਲਾਕੇ ਤੇ ਕਿਤੇ ਬੋਲੀ, ਸਖਸ਼ ਹਰ ਕੈਦ ਹੈ ਆਪੇ,ਬਣਾਏ ਦਾਇਰਿਆਂ ਅੰਦਰ। ਮਿਲੇਗਾ ਵਕਤ ਸੁਲਝਾਵਾਂ, ਸਮੱਸਿਆ ਭੁੱਖ ਦੀ ਵੀ ਫਿਰ, ਅਜੇ ਮਸ਼ਰੂਫ ਹਾਂ ਡਾਢਾ,ਮਜ਼੍ਹਬ ਦੇ ਨਾਅਰਿਆਂ ਅੰਦਰ। ਰਹੇ ਮਹਲਾਂ ਦੇ ਅੰਦਰ ਤਾਂ ਸਦੀਵੀ ਚੁੱਪ ਸਿਵੇ ਵਰਗੀ, ਦਿਖਾਵਾਂ ਧੜਕਦਾ ਜੀਵਨ,ਕਦੇ ਆ ਢਾਰਿਆਂ ਅੰਦਰ। ਨਿਸ਼ਾਨਾ ਜਿੱਤ ਦਾ ਰੱਖਦੇ,ਬਣਾਂਦੇ ਨਿਤ ਨਵੀਂ ਨੀਤੀ, ਬੜਾ ਹੈ ਸੁਲਘਦਾ ਲਾਵਾ, ਖਿਡਾਰੀ ਹਾਰਿਆਂ ਅੰਦਰ। ਕਿਤੇ ਇਹ ਚੱਖ ਨਾ ਬੈਠੀਂ, ਦਿਸਣ ਨੂੰ ਪਾਰਦਰਸ਼ੀ ਹੈ, ਛਿਪੀ ਹੈ ਮੌਤ-ਡਾਢੇ ਦੀ, ਡਲਕਦੇ ਪਾਰਿਆਂ ਅੰਦਰ। ਚੁਫੇਰੇ ਧਰਤ ਦੇ ਭਾਵੇਂ, ਹਨੇਰਾ ਪਸਰਿਆ ਹੋਇਐ, ਨਿਰਾਸ਼ਾ ਛਾ ਰਹੀ ਕਾਹਤੋਂ,ਚਮਕਦੇ ਤਾਰਿਆਂ ਅੰਦਰ ? ਹਰਕਿ ਹੀ ਕਦਮ ਨੇ ਲੱਭਣਾ, ਜੁ ਇੱਕੋ ਰਾਹ ਕ੍ਰਾਂਤੀ ਦਾ, "ਰੁਪਾਲ" ਐਸੀ ਚਿਣਗ ਲਾਵਾਂ, ਗਜ਼ਬ ਦੀ ਸਾਰਿਆਂ ਅੰਦਰ।

ਪ੍ਰਣ ਕਰੋ ਝੁਕੀਏ ਗੁਰੂ ਗ੍ਰੰਥ ਅੱਗੇ

ਨ੍ਹੇਰੇ ਲਈ ਚਾਨਣ,ਅੰਨ੍ਹੇ ਲਈ ਲਾਠੀ,ਮਾਰਗ ਭੁੱਲਿਆਂ ਤਾਈਂ ਦਿਖਾਏ ਬਾਣੀ । ਕੰਧ ਕੂੜ ਦੀ ਜ਼ਰਾ ਨਾ ਰਹਿਣ ਦੇਵੇ,ਸਿਰਫ਼ ਸੱਚ ਦੀ ਸੋਝੀ ਕਰਾਏ ਬਾਣੀ । ਪਾਣੀ ਜਿਵੇਂ ਹੈ ਤਨ ਨੂੰ ਸਾਫ਼ ਕਰਦਾ,ਮੈਲ੍ਹ ਮਨ ਦੀ ਉਵੇਂ ਗਵਾਏ ਬਾਣੀ । ਭਰਮ ਅਤੇ ਅਗਿਆਨਤਾ ਕੱਢ ਕੇ ਤੇ,ਉਂਗਲ ਗਿਆਨ ਦੀ ਸਾਨੂੰ ਫੜਾਏ ਬਾਣੀ । ਤਨ-ਮਨ ਵਿੱਚ ਇੱਕ ਤਰੰਗ ਛੇੜੇ, ਜੇ ਕਰ ਸੁਣਨ ਦੀ ਜਾਚ ਆ ਜਾਏ ਸਾਨੂੰ । ਦੁੱਖਾਂ ,ਪਾਪਾਂ ,ਕਲੇਸ਼ਾਂ ਦਾ ਨਾਸ ਕਰਦੀ,ਅਨੰਦ ਇੱਕ ਅਨੂਠਾ ਲਿਆਏ ਸਾਨੂੰ । ਸੁਰਤ ਟਿਕੀ ਤੋਂ ਇੱਕ ਵਿਸਮਾਦ ਛਾਵੇ,ਡਿਗਣ ਡੋਲਣ ਤੋਂ ਪਈ ਬਚਾਏ ਸਾਨੂੰ । ਊਚ ਨੀਚ ਦੇ ਵਿਤਕਰੇ ਦੂਰ ਕਰਦੀ,ਸਮਦ੍ਰਿਸ਼ਟੀ ਦੀ ਜਾਚ ਸਿਖਾਏ ਸਾਨੂੰ । ਰਿਹਾ ਸ਼ੁਰੂ ਤੋਂ ‘ਸ਼ਬਦ’ਹੈ ਗੁਰੂ ਸਾਡਾ,ਵਾਹ ਵਾਹ ‘ਬਾਣੀ’ ਨਿਰੰਕਾਰ ਦੀ ਐ । ਮੇਟ ਦਿੰਦੀ ਇਹ ਪਸਰੀ ਧੁੰਦ ਤਾਈਂ,ਚਾਰੇ ਪਾਸੇ ਇਹ ਚਾਨਣ ਖਿਲਾਰਦੀ ਐ । ਛਾਏ ਅੰਬਰਾਂ ਤੇ ਕਾਲ਼ੇ ਬੱਦਲਾਂ ਚੋਂ,ਬਿਜਲੀ ਜਿਵੇਂ ਲਿਸ਼ਕਾਰੇ ਪਈ ਮਾਰਦੀ ਐ । ਧੁਨ ਨਾਮ-ਅਗੰਮੀ ਦੀ ਜਦੋਂ ਵੱਜੇ, ਸੀਨੇ ਤਪਦਿਆਂ ਦੇ ਤਾਂਈਂ ਠਾਰਦੀ ਐ । ਇੱਕੋ ਜੋਤ ਚੋਂ ਉਪਜਿਆ ਜੱਗ ਸਾਰਾ, ਓਸੇ ਜੋਤ ਚੁਤਰਫ਼ੀਂ ਹੈ ਨੂਰ ਕੀਤਾ । ਨਾ ਹੀ ਜਾਤ ਤੇ ਨਾ ਹੀ ਹੈ ਪਾਤ ਓਹਦੀ, ਨਿਰਗੁਣ, ਗੁਣਾਂ ਦੇ ਨਾਲ਼ ਭਰਪੂਰ ਕੀਤਾ । ਬਾਣੀ ਭੇਦ ਮੇਟੇ ਰੰਗ ਨਸਲ ਵਾਲੇ, ਹਰ ਥਾਂ ਰਮਿਆ ਰਾਮ ਹਜ਼ੂਰ ਕੀਤਾ । ਰਾਜਾ ਰੰਕ ਸਭ ਨੂੰ ਇੱਕੋ ਸੇਧ ਦੇਵੇ, ਲੁੱਟ ਜੁਲਮ ਤਾਈਂ ਚਕਨਾਚੂਰ ਕੀਤਾ । ਇੱਕੋ ਪ੍ਰਭੂ ਸਾਡਾ,ਇੱਕੋ ਗੁਰੂ ਸਾਡਾ,ਉਹਦਾ ਘਰ ਇੱਕੋ,ਉਹਦਾ ਦਰ ਇੱਕੋ । ਡਰ ਮਨਾਂ ’ਚੋਂ ਸਾਰੇ ਕਾਫ਼ੂਰ ਹੁੰਦੇ,ਜੇਕਰ ਰੱਖੀਏ ਮਾਲਿਕ ਦਾ ਡਰ ਇੱਕੋ । ਇੱਕੋ ਪਰੇਮ-ਮਾਰਗ ਉਤੇ ਚੱਲ ਕੇ ਤੇ,ਲੱਭ ਸਕਦੇ ਹਾਂ ਓਸ ਦਾ ਘਰ ਇੱਕੋ । ਬਾਣੀ ਕੰਤ ਰੀਝਾਣ ਦਾ ਵੱਲ ਦੱਸੇ,ਨਾਰਾਂ ਅਸੀਂ ਸੱਭੇ,ਉਹ ਹੈ ਨਰ ਇੱਕੋ । “ਕਰਮ-ਕਾਂਡ ਨਾ ਉਹਨੂੰ ਮਨਜ਼ੂਰ ਕੋਈ”,ਬਾਣੀ ਆਖਦੀ-“ਭੁੱਖਾ ਓਹ ਪਿਆਰ ਦਾ ਏ। ਜਪਾਂ ਤਪਾਂ ਤੇ ਨਾ ਹੀ ਓਹ ਰੀਝਦਾ ਏ, ਵੇਸ ਭੇਖ ਨੂੰ ਦਰੋਂ ਦੁਰਕਾਰਦਾ ਏ ।” “ਵਰਤ,ਪੂਜਾ ਨਾ ਤੀਰਥੀਂ ਉਹ ਮਿਲਦਾ”,ਬਾਰੰਬਾਰ ਇਹ ਸ਼ਬਦ ਪੁਕਾਰਦਾ ਏ । ਨਿਰਮਲ ਕਰਮ ਜਿਸਦੇ ਹਿਰਦੇ ਨਾਮ ਓਹਦਾ,ਬਣਦਾ ਮੀਤ ਉਹ ਓਸ ਨਿਰੰਕਾਰ ਦਾ ਏ । ਬਾਣੀ ਸਾਗਰ ਅਥਾਹ ਗਿਆਨ ਦਾ ਏ, ਆਓ ਰੱਜ ਰੱਜ ਕੇ ਗੋਤੇ ਲਾ ਲਈਏ । ‘ਗੁਪਤ-ਨਾਮ’ਬਾਣੀ ਪ੍ਰਗਟ ਕਰ ਦਿੰਦੀ,ਨਾਮ ਰਾਹੀਂ ਅਨਾਮੀ ਨੂੰ ਪਾ ਲਈਏ । ਗੁਰੁ ਕਦੇ ਮਨੁੱਖ ਨੂੰ ਸਮਝੀਏ ਨਾ,ਸ਼ਬਦ-ਗੁਰੂ ਨੂੰ ਸੀਸ ਝੁਕਾ ਲਈਏ । ਸੁਰਤ ਸ਼ਬਦ ਰੱਤੀ,ਹਉਮੈ ਨਾਸ ਹੋਵੇ,ਜੀਵਨ-ਮੁਕਤ ਫਿਰ ਇੱਦਾਂ ਕਹਾ ਲਈਏ । ਪ੍ਰਣ ਕਰੋ ਝੁਕੀਏ ਗੁਰੂ-ਗ੍ਰੰਥ ਅੱਗੇ,ਕਿਸੇ ਹੋਰ ਦਰ ਦੀ ਸਾਨੂੰ ਲੋੜ ਕੋਈ ਨਾ । ਆਤਮ ਅਤੇ ਪਰਾਤਮਾ ਇੱਕ ਹੋਵਣ,ਸ਼ਬਦ-ਗੁਰੂ ਵਰਗਾ ਹੋਰ ਜੋੜ ਕੋਈ ਨਾ । ਦੁਬਿਧਾ ਮਾਰ,ਮੁਰਾਦ ਹਰ ਕਰੇ ਪੂਰੀ,ਏਸ ਦਰ ਝੁਕਿਆਂ ਰਹੇ ਥੋੋੜ ਕੋਈ ਨਾ । ਬਾਣੀ ਵੱਲ ਨੂੰ ਕਦਮ ‘ਰੁਪਾਲ’ ਮੋੜੋ ,ਇਹਤੋਂ ਵੱਖਰਾ ਲੱਭਣਾ ਮੋੜ ਕੋਈ ਨਾ ।

ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ

(ਬੈਂਤ ਛੰਦ) 1. ਸ਼ਬਦ ਨਾਲ ਨਿਰੰਕਾਰ ,ਆਕਾਰ ਕੀਤੇ ਇਹਦੇ ਨਾਲ ਹੀ ਰਚਿਆ ਜਹਾਨ ਸਾਡਾ। ਗੁਪਤ ਨਾਮ ਪ੍ਰਗਟ ਹੋਵੇ ਸ਼ਬਦ ਵਿਚੋਂ, ਖੰਡਾਂ ਅਤੇ ਬ੍ਰਹਿਮੰਡਾਂ ਦਾ ਗਿਆਨ ਸਾਡਾ। ਚੰਚਲ ਮਨ ਦੀ ਭਟਕਣਾ ਮੁੱਕ ਜਾਵੇ, ਸ਼ਬਦ ਵਿੱਚ ਲੱਗੇ ਕੇਰਾਂ ਧਿਆਨ ਸਾਡਾ। ਅੰਤਰ-ਆਤਮੇ ਸ਼ਬਦ ਦੀ ਧੁਨ ਗੂੰਜੇ, ਹੋਵੇ ਬੰਦ ਸਭ ਬਾਹਰੀ ਬਿਖਿਆਨ ਸਾਡਾ। ਸੋਮਾ ਸ਼ਬਦ ਦਾ ਨੇ ਗੁਰੂ ਗ੍ਰੰਥ ਸਾਹਿਬ, ਇਹੀ ਦੀਨ ਹੈ ਇਹੀ ਈਮਾਨ ਸਾਡਾ। ਚਰਨੀਂ ਏਸ ਦੇ ਸੀਸ ਝੁਕਾ ਲਈਏ, ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ। 2. ਜਗਤ-ਜਲ਼ਦਾ ਤੱਕਿਆ ਜਦ ਗੁਰੂ ਨਾਨਕ , ਬਾਬਾ ਨਿਕਲਿਆ ਇਹਨੂੰ ਉਧਾਰਨੇ ਲਈ। ਸੋਹਣੇ ਸ਼ਬਦ ਰਚੇ ਪ੍ਰਭੂ-ਪ੍ਰੇਮ ਵਾਲੇ ਏਸ ਬਾਣ ਨਾਲ ਜ਼ੁਲਮ ਨੂੰ ਮਾਰਨੇ ਲਈ। ਚਹੁੰ ਦਿਸ਼ਾਵਾਂ ਚ ਕਰੀਆਂ ਉਦਾਸੀਆਂ ਜਾਂ, ਸੀਨੇ ਤਪਦੇ ਲੁੱਛਦੇ ਠਾਰਨੇ ਲਈ। ਜਿਥੋਂ ਕਿਤੋਂ ਵੀ ਮਿਲੀ ਸੀ ਭਗਤ ਬਾਣੀ, 'ਕੱਠੀ ਕਰੀ ਸੀ ਜਗਤ ਦੇ ਤਾਰਨੇ ਲਈ। ਗੱਦੀ ਦਿੰਦਿਆਂ ਲਹਿਣੇ ਨੂੰ ਦੇ ਪੋਥੀ, ਕਿਹਾ "ਸ਼ਬਦ ਹੈ ਗੁਣਾਂ ਦੀ ਖਾਨ ਸਾਡਾ"। ਚਹੰ ਪਾਸੇ ਨੇ ਗੂੰਜਦੇ ਬੋਲ ਤਾਹੀਂ, ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ। 3. ਨਾਨਕ ਜੋਤ ਦੂਜੀ , ਵਾਗ ਸ਼ਬਦ ਵਾਲੀ, ਅਮਰਦਾਸ ਜੀ ਤਾਈਂ ਸੰਭਾਲ ਦਿੱਤੀ। ਕਰਨਾ ਸਿੱਖੀ ਦਾ ਸਦਾ ਪ੍ਰਚਾਰ ਰਹਿਣਾ, ਪੋਥੀ ਸ਼ਬਦ ਵਾਲੀ ਓਹੀ ਨਾਲ ਦਿੱਤੀ। ਬਾਣੀ ਰਚੀ ਤੀਜੇ ਚੌਥੇ ਗੁਰੂ ਸਾਹਿਬ, ਪੰਜਵੇਂ ਪਾਤਸ਼ਾਹ ਘਾਲਣਾ ਘਾਲ ਦਿੱਤੀ। ਉਹਨੂੰ ਦੇ ਕੇ ਤਰਤੀਬ ਗ੍ਰੰਥ ਰਚਿਆ ਇਸ ਸੰਪਾਦਕ ਨੇ ਕਰ ਕਮਾਲ ਦਿੱਤੀ। ਹਰੀਮੰਦਰ ਵਿੱਚ ਜਦੋ ਪ੍ਰਕਾਸ਼ ਹੋਇਆ, ਧਰਤ ਮਉਲੀ ਤੇ ਟਹਿਕੇ ਅਸਮਾਨ ਸਾਡਾ। ਏਸ ਸੂਰਜ ਨੇ ਚਾਨਣ ਖਿਲਾਰਿਆ ਏ, ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ। 4. ਸਿੱਖਾਂ ਤਾਈਂ ਸੀ ਗੁਰੂ ਗੋਬਿੰਦ ਜੀ ਨੇ, ਪੜ੍ਹਨ ਲਿਖਣ ਦੀ ਆਦਤ ਬਣਾਈ ਸੋਹਣੀ। ਸੁਬਹ ਸ਼ਾਮ ਵਿਚਾਰ ਦਰਬਾਰ ਸੋਹੰਦੇ, ਬਾਣੀ ਉਹਨਾਂ ਨੂੰ ਯਾਦ ਕਰਾਈ ਸੋਹਣੀ। ਨੌਂਵੇਂ ਪਾਤਸ਼ਾਹ ਨੇ ਜੋ ਸੀ ਰਚੀ ਬਾਣੀ, ਆਦਿ ਗ੍ਰੰਥ ਵਿੱਚ ਗੁਰਾਂ ਚੜ੍ਹਾਈ ਸੋਹਣੀ। ਜੀਹਦੇ ਨਾਲ ਸੰਪੂਰਨ ਗ੍ਰੰਥ ਹੋਇਆ, ਮਨੀ ਸਿੰਘ ਤੋਂ ਬੀੜ ਲਿਖਵਾਈ ਸੋਹਣੀ। ਕਿਹਾ ਏਸ ਨੂੰ ਸੀਸ ਨਿਵਾਇ ਕੇ ਤੇ, "ਸ਼ਬਦ ਗੁਰੂ ਹੀ ਸਦਾ ਪ੍ਰਧਾਨ ਸਾਡਾ" ਇਹਦੀ ਜੋਤ ਤੋਂ ਜੋਤ ਜਗਾਓ ਸਾਰੇ, ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ। 5. ਏਸ ਗ੍ਰੰਥ ਅੰਦਰ ਬਾਣੀਕਾਰ ਪੈਂਤੀ, ਐਪਰ ਸਭ ਨੇ ਦਿੱਤਾ ਸੰਦੇਸ਼ ਇੱਕੋ। ਜਾਤ ,ਧਰਮ, ਇਲਾਕੇ ਸਭ ਵੱਖਰੇ ਨੇ, ਮਿੱਠੇ ਬੋਲ ਜਿਉਂ ਬੋਲੇ ਦਰਵੇਸ਼ ਇੱਕੋ। ਦੁਆਰ ਸੱਚ ਦੇ ਆਣ ਸਭ ਹੋਏ ਕੱਠੇ, ਇੱਕ ਮੰਦਰ ਤੇ ਉਹਦਾ ਪ੍ਰਵੇਸ਼ ਇੱਕੋ। ਇੱਥੇ ਅੱਲ੍ਹਾ ਵੀ ਉਹੀ ਤੇ ਰਾਮ ਓਹੀ, ਠਾਕੁਰ, ਬੀਠੁਲ, ਖੁਦਾ ਹਮੇਸ਼ ਇੱਕੋ। ਅਸੀਂ ਇੱਕੋ ਅਕਾਲ ਦੀ ਜੋਤ ਸਾਰੇ, ਇੱਕੋ ਸ਼ਬਦ ਹੀ ਪੁਰਾਣ ਕੁਰਾਨ ਸਾਡਾ। ਇਹਨੂੰ ਖੋਜ ਕੇ ਬ੍ਰਹਮ ਨੂੰ ਪਾ ਲਈਏ, ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ। 6. ਜੀਵਨ ਜਿਊਣ ਦੀ ਜਾਚ ਗ੍ਰੰਥ ਦੱਸੇ, ਸੇਵਾ, ਨਿਮਰਤਾ, ਸੂਝ ਸਿਖਾਏ ਸਾਨੂੰ। ਕਰਮ ਕਾਂਡ ਪਾਖੰਡ ਤੋਂ ਕਰ ਉੱਚਾ, ਇੱਕੋ ਨੂਰ ਦੇ ਪ੍ਰੇਮੀ ਬਣਾਏ ਸਾਨੂੰ। ਦਿਲ ਚੋਂ ਮੈਲ ਵਿਕਾਰਾਂ ਦੀ ਕੱਢਕੇ ਤੇ, ਕੁੰਦਨ ਵਾਂਗਰਾਂ ਪਿਆ ਲਿਸ਼ਕਾਏ ਸਾਨੂੰ। ਝੂਠੇ ਜੱਗ ਦੇ ਨਸ਼ੇ ਤਿਆਗ ਕੇ ਤੇ, ਲੜ ਨਾਮ ਦਾ ਇੱਕੋ ਫੜਾਏ ਸਾਨੂੰ। ਹੁਕਮਨਾਮੇ ਤੋਂ ਦਿਨ ਆਰੰਭ ਹੋਵੇ, ਪੂਰਾ ਹੋਏ ਹਰ ਦਿਲੀ ਅਰਮਾਨ ਸਾਡਾ। ਦੇਹ ਧਾਰੀਆਂ ਨੂੰ ਮੱਥਾ ਟੇਕਣਾ ਨਹੀਂ, ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ। 7. ਸਿਦਕ ਧਾਰ ਕੇ ਗ੍ਰੰਥ ਨੂੰ ਪੜ੍ਹੇ ਜਿਹੜਾ, ਰੱਬੀ ਧੁਨ ਉਹਦੇ ਦਿਲ ਵਿੱਚ ਵੱਜਦੀ ਏ। ਸੁਰਤ ਜਾਏ ਖਿੱਚੀ ਨੈਣ ਬੰਦ ਹੋਵਣ, ਮਾੜੀ ਬਿਰਤੀ ਫਿਰ ਆਪ ਹੀ ਭੱਜਦੀ ਏ। ਮਿੱਠੀ ਜਿਹੀ ਆਨੰਦ ਦੀ ਹੋਏ ਬਾਰਸ਼, ਪਿਆਸੀ ਜੁੱਗਾਂ ਦੀ ਰੂਹ ਹੁਣ ਰੱਜਦੀ ਏ। ਸਹਿਜ ਵਿਚ ਵਿਸਮਾਦ ਦੀ ਬਣੀ ਚਾਦਰ, ਪਾਪ- ਕਰਮ ਲੱਖਾਂ ਸਾਡੇ ਕੱਜਦੀ ਏ। ਬਚਨ ਗੁਰਾਂ ਦੇ ਜਦੋਂ ਕਮਾਣ ਲੱਗੇ, ਉਹਦੇ ਘਰ ਵਿਚ ਨਾਂ ਪ੍ਰਵਾਨ ਸਾਡਾ। ਇਹਦੇ ਬਿਨਾਂ ਨਾ ਪਲ ਵੀ ਜੀਅ ਸਕੀਏ, ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ। 8. ਸ਼ਬਦ ਆਖਦਾ ਸੱਚ ਨੂੰ ਜਾਣ ਪਹਿਲਾਂ, ਜੀਵਨ ਵਿਚ ਬਣਾ ਲੈ ਆਚਾਰ ਸੱਚਾ। ਝੂਠੇ ਡਰ ਨੇ ਦਿਲੋਂ ਕਾਫ਼ੂਰ ਹੁੰਦੇ, ਅੰਦਰ ਵੱਸ ਜਾਏ ਜਦੋਂ ਕਰਤਾਰ ਸੱਚਾ। ਕਿਸੇ ਰਾਜ ਤੇ ਮੁਕਤੀ ਦੀ ਲੋੜ ਨਾਹੀ, ਕਰਨਾ ਮਾਹੀ ਨਾਲ ਇਕੋ ਪਿਆਰ ਸੱਚਾ। ਉਹਦੇ ਰੰਗ ਵਿੱਚ ਰੰਗਿਆ ਜਾਏ ਜੇਕਰ, ਕੋਟ ਜਨਮ ਫਿਰ ਦਿੰਦਾ ਸਵਾਰ ਸੱਚਾ। ਆਓ ਨਾਮ ਦੇ ਬੀਜੀਏ ਬੀਜ ਸਾਰੇ, ਫਤਹਿ ਹੋਵੇਗਾ ਹਰ ਇੱਕ ਮੈਦਾਨ ਸਾਡਾ। ਸਦਾ ਬਖਸ਼ਿਸ਼ਾਂ ਕਰਦਾ ਏ, ਕਰੇਗਾ ਵੀ, ਗ੍ਰੰਥ ਗੁਰੂ ਹੈ ਗੁਰੂ ਮਹਾਨ ਸਾਡਾ। 9. ਗੁਰੂ ਬਣ ਕੇ ਉਦੋਂ ਤੋਂ ਅੱਜ ਤੀਕਰ, ਇਹਨੇ ਕੀਤੀ ਹੈ ਰਹਿਨੁਮਾਈ ਸਾਡੀ। ਸਦਾ ਕਿਰਤ ਕਰੀਏ ਰਹੀਏ ਵੰਡਦੇ ਵੀ, ਹੋਈ ਜੱਗ ਵਿੱਚ ਖੂਬ ਵਡਿਆਈ ਸਾਡੀ। ਸਾਦਾ ਰਹਿ ਕੇ ਹੋਰਾਂ ਦੇ ਕੰਮ ਆਉਣਾ, ਸਤਿਗੁਰ ਬਚਨ ਦੀ ਇਹੋ ਕਮਾਈ ਸਾਡੀ। ਬਾਣੀ ਧੁਰੋਂ ਅਕਾਲ ਨੇ ਆਪ ਭੇਜੀ, ਚਿੰਤਾ ਜੜ੍ਹ ਤੋਂ ਇਸ ਨੇ ਮਿਟਾਈ ਸਾਡੀ। ਸਦਾ ਮੰਗੀਏ ਭਲਾ ਸਰਬੱਤ ਵਾਲਾ, ਤਦੇ ਹੌਂਸਲਾ ਬੜਾ ਬਲਵਾਨ ਸਾਡਾ। ਰੋਮ ਰੋਮ ਤੋਂ ਇੱਕੋ ਪੁਕਾਰ ਉਠੇ, ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ। 10. ਜਿੱਥੇ ਜਿੱਥੇ ਵੀ ਹੋਵੇ ਪ੍ਰਕਾਸ਼ ਇਹਦਾ, ਲੱਗਦੀ ਸ਼ਬਦ ਦੀ ਸਦਾ ਬਹਾਰ ਉੱਥੇ। ਓਥੇ ਕਰਤੇ ਦੀ ਸਿਫਤ ਸਲਾਹ ਹੁੰਦੀ, ਸੋਹਣੇ ਸਾਜਾਂ ਦੀ ਰਹੇ ਟੁਣਕਾਰ ਉੱਥੇ। ਲੰਗਰ ਸਦਾ ਲਈ ਉੱਥੇ ਅਟੁੱਟ ਚੱਲਣ, ਹਰ ਇੱਕ ਆਏ ਨੂੰ ਮਿਲੇ ਸਤਿਕਾਰ ਉੱਥੇ। ਲੋੜਵੰਦ ਦੀ ਲੋੜ ਹਰ ਹੋਏ ਪੂਰੀ, ਕਾਇਮ ਗੁਰੂ ਦੇ ਦੱਸੇ ਮਿਆਰ ਉੱਥੇ। ਜਿੱਥੇ ਗ੍ਰੰਥ ਹੈ ਦੇਸ਼ ਵਿਦੇਸ਼ ਅੰਦਰ, ਝੂਲੇ ਕੇਸਰੀ ਉੱਥੇ ਨਿਸ਼ਾਨ ਸਾਡਾ। ਮਾਣ ਨਾਲ"ਰੁਪਾਲ" ਤੂੰ ਆਖ ਉੱਚੀ, ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ।

ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਤਿਕਾਰ

(ਦਵਈਆ ਛੰਦ) ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।। 1. ਸਭ ਦੇ ਗੁਰੂ ਗ੍ਰੰਥ ਸਾਹਿਬ ਜੀ , ਸਾਰੇ ਸੀਸ ਝੁਕਾਵੋ। ਸ਼ਬਦ ਗੁਰੂ ਹੈ ਸਭ ਦਾ ਸਾਂਝਾ,,ਇਸ ਵਿੱਚ ਸੁਰਤ ਟਿਕਾਵੋ। ਮਨ ਵਿੱਚ ਸੀਤ ਲਹਿਰ ਇਕ ਤੁਰਦੀ, ਗੁਰੂ ਦੁਆਰੇ ਜਾ ਕੇ। ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।। 2. ਯਾਤਰਾ ਸਮੇ ਗੁਰ ਨਾਨਕ ਨੇ , ਕੱਠੀ ਕੀਤੀ ਬਾਣੀ। ਦੂਜੇ,ਤੀਜੇ,ਚੌਥੇ ਗੁਰ ਨੇ ,ਏਸ ਦੀ ਰਮਜ਼ ਪਛਾਣੀ। ਰਾਗ-ਬੱਧ ਤਰਤੀਬ ਬਣਾਈ,ਪੰਜਵੇਂ ਗੁਰ ਦਿਲ ਲਾ ਕੇ। ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।। 3. ਗੁਰੂਆਂ ,ਭਗਤਾਂ, ਜੱਟਾਂ,ਭੱਟਾਂ, ਰਲ਼ ਕੇ ਘਾਲ ਕਮਾਈ। ਬਣੀ ਸਿਧਾਂਤ ਸੱਚ ਦਾ ਦੇਖੋ,ਗੁਰਬਾਣੀ ਕਹਿਲਾਈ । ਗੁਰੂ ਮੰਨਿਆ ਗੁਰੂ ਗ੍ਰੰਥ ਨੂੰ, ਗੁਰਾਂ ਨੇ ਸੀਸ ਝੁਕਾ ਕੇ। ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।। 4. ਹੱਥੀਂ ਕਿਰਤ ਕਰਨ ਦਾ ਬਾਣੀ ,ਹੈ ਉਪਦੇਸ਼ ਸੁਣਾਵੇ। ਇੱਕ ਮਾਲਕ ਦਾ ਨਾਮ ਹੀ ਜਪਣਾ,ਬਾਰ ਬਾਰ ਫੁਰਮਾਵੇ। ਦਸਵਾਂ ਹਿੱਸਾ ਲੋੜਵੰਦ ਲਈ,ਰੱਖੀਂ ਆਪ ਬਚਾ ਕੇ। ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।। 5. ਜਾਤ ਮਜ਼ਹਬ ਦੇ ਛੱਡ ਵਿਤਕਰੇ,ਸਭ ਨੂੰ ਇੱਕੋ ਜਾਣੋ। ਇੱਕ ਨੂਰ ਤੋਂ ਪੈਦਾ ਹੋਏ, ਇੱਕੋ ਜੋਤ ਪਛਾਣੋ। ਖਲਕਤ ਵਿਚੋਂ ਖਾਲਕ ਲੱਭੀ,ਦੇਖੀਂ ਸੇਵ ਕਮਾ ਕੇ। ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।। 6. ਕਰਮ-ਕਾਂਡ ਤੇ ਭੇਖ ਭਰਮ ਨੂੰ,ਬਾਣੀ ਧੁਰੋਂ ਨਕਾਰੇ। ਪ੍ਰੇਮ, ਸਹਿਜ ਤੇ ਨਿਮਰ ਸੁਭਾ ਨੂੰ, ਧਾਰਨ ਕਰਿਓ ਸਾਰੇ। ਹੱਕ ਸੱਚ ਲਈ ਲੜੋ ਸਦ ਹੀ, ਸਿਰ ਨੂੰ ਤਲੀ ਟਿਕਾ ਕੇ। ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।। 7. ਪੰਜ ਵਿਕਾਰ ਬਣੇ ਨੇ ਵੈਰੀ, ਇਹ ਬਾਣੀ ਦਾ ਕਹਿਣਾ। ਸ਼ਬਦ ਵਿਚਾਰ ਨਾਮ ਰਹਿ ਜਪਦਾ, ਜੇ ਬਚ ਕੇ ਹੈ ਰਹਿਣਾ।, ਸੰਗਤ ਸਤਿ-ਸੰਗੀ ਦੀ ਕਰਨੀ, ਰੱਖੀਂ ਪਿਆਰ ਵਧਾ ਕੇ। ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।। 8. ਸਾੜਾ, ਨਿੰਦਾ, ਤਾਤ-ਪਰਾਈ, ਰੱਖੀਂ ਸਭ ਤੋਂ ਦੂਰੀ। ਨਸ਼ੇ ਫੈਸ਼ਨ ਵੱਲ ਨਾ ਜਾਣਾ, ਸਿੱਖਿਆ ਲਈਂ ਜਰੂਰੀ। ਸਾਦਾ ਖਾਣਾ ਪਹਿਨਣ ਹੋਵੇ, ਰੱਖੀਂ ਸਹਿਜ ਬਣਾ ਕੇ। ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।। 9. ਪੰਡਤ ਮੁੱਲਾਂ ਦੋਵੇਂ ਭੁੱਲੀਂ, ਛੱਡੀਂ ਬਾਬੇ ਸਾਰੇ। ਮਾਇਆ ਕਾਰਨ ਬਣੇ ਪਖੰਡੀ, ਭੈੜੇ ਕਰਦੇ ਕਾਰੇ। ਮੰਗਣਾ ਭਲਾ ਸਦਾ ਸਰਬੱਤ ਦਾ, ਦੂਈ ਦਿਲੋਂ ਭੁਲਾ ਕੇ। ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।। 10. ਹੱਕ ਪਰਾਇਆ ਮੂਲ ਨਾ ਲੈਣਾ, ਇਹ ਸਤਿਗੁਰ ਫੁਰਮਾਉਂਦੇ। ਨਾ ਡਰਨਾ ਨਾ ਕਿਸੇ ਡਰਾਉਣਾ, ਪੱਕਾ ਸਦਾ ਕਰਾਉਂਦੇ। ਨਿਰਭਉ ਨਿਰਵੈਰ ਰੁਪਾਲ ਬਣੇ, ਨਾਮ ਦੀ ਜੋਤ ਜਗਾ ਕੇ। ਬਾਣੀ ਗੁਰੂ ਰੂਪ ਪਰਮੇਸ਼ਰ, ਦੇਖੋ ਧਿਆਨ ਲਗਾ ਕੇ।।

ਗੁਰੂ ਗੋਬਿੰਦ ਆਗਮਨ ਤੇ

1. ਕੈਸਾ ਦਿਨ ਚੜ੍ਹਿਆ ਦਿਲ ਖੂਬ ਖਿੜਿਆ ,ਐਪਰ ਸ਼ਬਦ ਜ਼ਬਾਨ ਤੇ ਕਿਵੇ ਆਵੇ ? ਮੇਰੀ ਨਿੱਕੀ ਅੰਝਾਣੀ ਜਿਹੀ ਕਲਮ ਕੋਲੋ ,ਖੁਸ਼ੀ ਭਾਰ ਨਾ ਚੁੱਕਿਆ ਮੂਲ ਜਾਵੇ । ਥੋੜੀ ਮਿਹਰ ਕਰ ਤੇ ਬਲ ਬਖਸ਼ ਇੰਨਾ,ਤਾਂ ਜੋ ਯਾਦ ਵਿੱਚ ਤੇਰੀ ਕੋਈ ਗੀਤ ਗਾਵੇ। ਸਿਰੋਂ ਪੈਰਾਂ ਤੱਕ ਔਗਣਾਂ ਨਾਲ਼ ਭਰਿਆ,ਗਾਉਣੇ ਗੁਣ ਗੁਣਵਾਨ ਦੇ ਅੱਜ ਚਾਹਵੇ। 2. ਜਦੋਂ ਹਿੰਦ ਦੀ ਸੋਹਣੀ ਇਸ ਧਰਤ ਉੱਤੇ,ਅਤਿ ਜੁਲਮ ਨੇ ਸੱਜਣਾ ਚਾਈ ਹੋਈ ਸੀ। ਸਿੱਖਿਆ ਦਿੱਤੀ ਸੀ ਜੋ ਤੇਰੇ ਵੱਡਿਆਂ ਨੇ,ਉਹ ਤਾਂ ੳੱਕਾ ਹੀ ਦਿਲੋਂ ਭੁਲਾਈ ਹੋਈ ਸੀ। ਮੁਸਲਿਮ ਜਾਲਮ ਔਰੰਗੇ ਦੇ ਰਾਜ ਹੇਠਾਂ, ਹਿੰਦੂ ਧਰਮ ਨੇ ਪੱਤ ਗਵਾਈ ਹੋਈ ਸੀ । ਨਿਆਂ ਹੱਕ ਨਹੀਂ ਸੀ ਲੱਭਦਾ ਲਭਿਆਂ ਤੋਂ,ਸਗੋਂ ਜਬਰ ਹਨੇਰੀ ਚੜ੍ਹ ਆਈ ਹੋਈ ਸੀ । 3. ਉਦੋਂ ਵਿੱਚ ਪਟਨੇ ਜਨਮ ਧਾਰਿਆ ਤੂੰ, ਚੋਜ਼ ਚੋਜ਼ੀਆ ਖੂਬ ਦਿਖਾਣ ਦੇ ਲਈ । ਭੁੱਲੇ ਭਟਕਿਆਂ ਨੂੰ ਰਾਹੇ ਪਾਣ ਦੇ ਲਈ, ਡੁੱਬਦੀ ਹਿੰਦ ਨੂੰ ਪਾਰ ਲੰਘਾਣ ਦੇ ਲਈ। ਬਾਜ਼ ਚਿੜੀਆਂ ਕੋਲੋਂ ਤੁੜਵਾਣ ਦੇ ਲਈ, ਸੇਲ਼ਰ ਗਿੱਦੜਾਂ ਤਾਂਈਂ ਬਣਾਣ ਦੇ ਲਈ। ਜ਼ੋਰ ਜ਼ੁਲਮ ਤਾਂਈ ਖੂੰਜੇ ਲਾਣ ਦੇ ਲਈ, ਨਵਾਂ ਖਾਲਸਾ ਪੰਥ ਸਜ਼ਾਣ ਦੇ ਲਈ । 4. ਮਾਤਾ ਗੁਜ਼ਰੀ ਦੀ ਕੁੱਖ ਨੂੰ ਭਾਗ ਲੱਗਾ, ਸਾਰੇ ਜੱਗ ਤਾਂਈ ਨੂਰੋ ਨੂਰ ਕੀਤਾ । ਭੀਖਮ ਗਿਆ ਭਰਮਾਇਆ ਤੇ ਪਰਖਣੇ ਨੂੰ, ਦਿਲ ਓਸ ਦੇ ਉਹਨੂੰ ਮਜ਼ਬੂਰ ਕੀਤਾ। ਆਸਾਂ ਨਾਲ਼ ੳਸ ਕੁਜ਼ੀਆਂ ਦੋ ਲੈ ਕੇ, ਮੁੱਖ ਪਟਨੇ ਵੱਲ ਜ਼ਰੂਰ ਕੀਤਾ। ਦੋਵਾਂ ਉੱਤੇ ਟਿਕਾਇ ਕੇ ਹੱਥ ਬਾਲੇ, ਤੂੰ ਤਾਂ ਓਸ ਦੇ ਭਰਮ ਨੂੰ ਚੂਰ ਕੀਤਾ । 5. ਸੁਰਤ ਸੰਭਲੀ ਤਾਂ ਨਾਲ ਹਾਣੀਆਂ ਦੇ, ਖੇਡਾਂ ਸੋਹਣੀਆਂ ਖੂਬ ਦਿਖਾਈਆਂ ਸੀ ਤੂੰ । ਵਿੱਚ ਵਿੱਦਿਆ ਖੂਬ ਨਿਪੁੰਨ ਹੋਇਆ , ਦਿਸਦਾ ਅਜ਼ਬ ਹੀ ਕਰਦਾ ਪੜਾਈਆਂ ਸੀ ਤੂੰ। ਕਿਧਰੇ ਨੀਤੀਆਂ ਨਵੀਆਂ ਹੀ ਜੰਗ ਦੀਆਂ, ਖੋਜ਼ ਖੋਜ਼ੀਆ ਆਪ ਚਲਾਈਆਂ ਸੀ ਤੂੰ । ਦੋ-ਦੋ ਜੁੱਟ ਬਣਾਇ ਕੇ ਸਾਥੀਆਂ ਦੇ, ਨਾਲ਼ ਕਾਨੀਆਂ ਕਰਦਾ ਲੜਾਈਆਂ ਸੀ ਤੂੰ । 6. ਆਨੰਦਪੁਰ ਵਿੱਚ ਲਾ ਦਰਬਾਰ ਸੋਹਣਾ, ਅਜ਼ਬ ਖਾਲਸਾ ਪੰਥ ਤਿਆਰ ਕੀਤਾ। ਆਪਣੇ ਹੱਕਾਂ ਲਈ ਸਾਨੂੰ ਸੁਚੇਤ ਕੀਤਾ, ਸਾਡੇ ਉੱਤੇ ਤੂੰ ਕੇਹਾ ਉਪਕਾਰ ਕੀਤਾ। ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਸਭਨੂੰ, ਸੋਹਣਾ ਏਕਤਾ ਦਾ ਸੀ ਪਰਚਾਰ ਕੀਤਾ। ਸੱਚ ਹੱਕ ਲਈ ਜ਼ੁਲਮ ਖਿਲਾਫ਼ ਲੜਨਾ,ਖੂਬ ਖਾਲਸੇ ਤਾਈਂ ਹੁਸ਼ਿਆਰ ਕੀਤਾ। 7. ਖੁਦ ਪ੍ਰੀਤਮਾ ਤੂੰ ਲੜਦਾ ਰਿਹਾ ਵੀ ਸੀ, ਜ਼ਬਰ-ਜ਼ੁਲਮ ਨੂੰ ਜੜੋਂ ਮਿਟਾ ਗਿਆ ਸੀ। ਕੌਮ ਲਈ ਤੂੰ ਵਾਰ ਸਰਬੰਸ ਆਪਣਾ, ਜ਼ਿੰਦ ਆਪ ਇਹਦੇ ਲੇਖੇ ਲਾ ਗਿਆ ਸੀ । ਜੜ੍ਹਾਂ ਵਿੱਚ ਤੂੰ ਪਾਇਆ ਏ ਖੂਨ ਆਪਣਾ ,ਨਾਨਕ ਸਿੱਖੀ ਦਾ ਬੂਟਾ ਲਗਾ ਗਿਆ ਸੀ। “ਜਾਣੋ ਇੱਕ ਸਭ ਜਾਤ ਮਨੁੱਖ ਦੀ ਨੂੰ,” ਸਭ ਨੂੰ ਏਕਤਾ-ਸਬਕ ਪੜ੍ਹਾ ਗਿਆ ਸੀ। 8. ਕਦੇ ਜਿਹੜਿਆਂ ਹੱਥਾਂ ਚੋਂ ਤੇਗ ਉੱਠੀ, ਉਹਨਾਂ ਹੱਥਾਂ ਚੋਂ ਵੱਜੀ ਰਬਾਬ ਤੇਰੀ । ਭਗਤੀ ਅਪਰ-ਅਪਾਰ ਦਸ਼ਮੇਸ਼ ਤੇਰੀ, ਸ਼ਕਤੀ ਆਵੇ ਨਾ ਵਿੱਚ ਹਿਸਾਬ ਤੇਰੀ। ਗ੍ਰੰਥ-ਪੰਥ ਨੂੰ ਆਪਣਾ ਗੁਰੂ ਦੱਸੇਂ, ਬਾਣੀ-ਬਾਣੇ ਦੀ ਸ਼ੋਭਾ ਸ਼ਬਾਬ ਤੇਰੀ । ਸੂਲਾਂ ਰਾਹੀਂ ਮੁਰੀਦਾਂ ਦਾ ਹਾਲ ਦੱਸੇ, ਮਿੱਤਰ ਪਿਆਰੇ ਨੂੰ ਬਾਣੀ ਗੁਲਾਬ ਤੇਰੀ। 9. ਲੋੜ ਹਿੰਦ ਨੂੰ ਫੇਰ ਗੋਬਿੰਦ ਦੀ ਹੈ, ਮੁਲਕ ਢਾਹ ਬੈਠਾ ਅੱਜ ਫੇਰ ਢੇਰੀ । ਰੱਸੇ ਫਾਹੀਆਂ ਦੇ ਅਤੇ ਗੁਲਾਮੀਆਂ ਦੇ, ਆ ਕੇ ਕੱਟ ਜਾਏ ਦਾਤਿਆ ਤੇਗ ਤੇਰੀ। ਮੈਂ ਨਿਤਾਣਾ ਹਾਂ ਕਰ ਕੁਝ ਸਕਦਾ ਨਹੀਂ, ਲਗਨ ਕਰਨ ਦੀ ਡੂੰਘੀ ਪਰ ਬੜੀ ਮੇਰੀ। ਬੱਸ ਨਿਗਾਹ ਸਵੱਲੀ ਦੀ ਲੋੜ ਇੱਕੋ, ਮੇਰੇ ਪ੍ਰੀਤਮਾ ਕਾਸ ਤੋਂ ਲਾਈ ਦੇਰੀ ? 10. ਤੇਰੀ ਯਾਦ ਵਿੱਚ ਡੁੱਲਦੇ ਹੰਝੂਆਂ ਨੂੰ, ਮਾਲ਼ਾ ਵੱਖਰੀ ਵਿੱਚ ਪਰੋ ਦਾਤਾ । ਜੋਤ ਜਗੇ ਜਿਹੜੀ ਨੂਰ ਦਏ ਮੈਂਨੂੰ,ਜ਼ਰਾ ਸਾਹਮਣੇ ਨੈਣਾਂ ਦੇ ਹੋ ਦਾਤਾ । ਦਾਗ਼ ਦਿਲ ਤੇ ਜੋ ਪਾਏ ਔਗਣਾਂ ਨੇ,ਪਾ ਕੇ ਝਾਤ ਦੇ ਸਾਰੇ ਓਹ ਧੋ ਦਾਤਾ। ਸ਼ਕਤੀ “ਤੇਗ਼” ਦੀ ਤੇਰੀ ਅਣਮੋਲ ਜਿਹੜੀ, ਨਿੱਕੀ “ਕਲਮ” ਦੇ ਵਿੱਚ ਸਮੋ ਦਾਤਾ । 11. ਮਿਹਰ ਜ਼ਰਾ ਕੁ ਕਰ ਫਿਰ ਕਸਮ ਤੇਰੀ,ਸਦਾ ਤੇਰੇ ਹੀ ਗੁਣ ਬੱਸ ਗਾਵਾਂਗਾ ਮੈਂ । ਬਦੀਆਂ ਅਤੇ ਬੁਰਾਈਆਂ ਨੂੰ ਦੂਰ ਕਰਸਾਂ, “ਢੰਗ” ਨਵਾਂ ਹੀ ਕੋਈ ਅਪਣਾਵਾਂਗਾ ਮੈਂ । ਭਾਈਚਾਰਾ,ਪਿਆਰ ਤੇ ਏਕਤਾ ਦਾ,ਝੰਡਾ ਜੱਗ ਵਿੱਚ ਮਾਹੀਆ ਝੁਲਾਵਾਂਗਾ ਮੈਂ । ਮੇਰੇ ਦਾਤਿਆ, ਚੋਜ਼ੀਆ,ਪ੍ਰੀਤਮਾ ਵੇ, ਸੱਚੇ-ਨਾਮ ਦੇ ਪੂਰਨੇ ਪਾਵਾਂਗਾ ਮੈਂ ।

ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ…

ਪ੍ਰੀਤ ਲਾਈ ਤੂੰ ਇੱਕ ਪ੍ਰਮਾਤਮਾ ਨਾਲ, ਝੂਠੀ ਜੱਗ ਦੀ ਪ੍ਰੀਤ ਸੀ ਤੋੜ ਦਿੱਤੀ । ਉਸ ਅਨਾਮੀ ਦੇ ਨਾਮ ਨੂੰ ਜਪ ਜਪ ਕੇ, ਸੁਰਤ ਸ਼ਬਦ ਦੇ ਵਿੱਚ ਸੀ ਜੋੜ ਦਿੱਤੀ । ਰੂਹ ਸਦਾ ਹੀ ਪ੍ਰਭੂ ਦੇ ਗੀਤ ਗਾਵੇ, ਕੂੜ-ਰੀਤ ਦੁਨੀਆਂ ਵਾਲੀ ਤੋੜ ਦਿੱਤੀ । ਜਾਤ-ਪਾਤ ਵਿੱਚ ਗ੍ਰਸੀ ਸੀ ਸੋਚ ਜਿਹੜੀ, ਇੱਕੋ ਜੋਤ ਦੇ ਵੱਲ ਨੂੰ ਮੋੜ ਦਿੱਤੀ । ਜਿਹੜੇ ਪੈਰਾਂ ਨੂੰ ਤੁਰਨ ਦੀ ਜਾਚ ਆ ਗਈ, ਉਨ੍ਹਾਂ ਵਾਸਤੇ ਨੈਣ ਵਿਛਾਏ ਤੂੰ ਤਾਂ । ਕੰਡੇ ਚੁਭਣ ਨਾ,ਕਿਤੇ ਨਾ ਪੈਣ ਅੱਟਣ, ਖਾਤਰ ਉਨ੍ਹਾਂ ਦੀ ਜੋੜੇ ਬਣਾਏ ਤੂੰ ਤਾਂ । ਅੱਗੇ ਲੱਗ ਕੇ ਚਲਣਾ ਦੱਸਿਆ ਸੀ, ਸੱਚੇ ਮਾਰਗ ਦੇ ਪੂਰਨੇ ਪਾਏ ਤੂੰ ਤਾਂ । ਅਸਲ ਵਿੱਚ ਸੁੱਚੇ ‘ਸੁੱਚੀ ਕਿਰਤ ਵਾਲੇ’, ਸੁੱਚ-ਜੂਠ ਦੇ ਭੇਦ ਸਮਝਾਏ ਤੂੰ ਤਾਂ । ਆਈ ਮੱਥੇ ਤਰੇਲੀ ਸੀ ਬ੍ਰਾਹਮਣਾਂ ਦੇ, ਮਾਲਕ ਨਾਲ ਜਾਂ ਤੱਕਿਆ ਪਿਆਰ ਤੇਰਾ । ਊਚ ਨੀਚ ਬਿਰਤੀ ਜੜ੍ਹੋਂ ਹਿੱਲ ਗਈ ਸੀ, ਇੱਕੋ ਜਿਹਾ ਸਭ ਖਾਤਰ ਵਿਵਹਾਰ ਤੇਰਾ । ਨੀਚ ਸਮਝ ਤੈਨੂੰ ਘਿਰਣਾ ਕਰਨ ਜਿਹੜੇ, ਉਹਨਾਂ ਲਈ ਵੀ ਖੁਲ੍ਹਾ ਦਰਬਾਰ ਤੇਰਾ । ਸ਼ਰਮਸ਼ਾਰ ਹੋਏ ਸਾਰੇ ਕਰਮ-ਕਾਂਡੀ, ਨਾਲ ਨਿਮਰਤਾ ਰਿਦਾ ਸਰਸ਼ਾਰ ਤੇਰਾ । ਪ੍ਰਭੂ-ਪ੍ਰੀਤ ਦੇ ਜ਼ਜ਼ਬੇ ਜੋ ਭਰੇ ਦਿਲ ਵਿੱਚ, ਅਮਰ-ਸ਼ਬਦਾਂ ਦੇ ਅੰਦਰ ਸੰਭਾਲ ਦਿੱਤੇ । ਰਾਗ ਅਤੇ ਸੰਗੀਤ ਦੀ ਛੋਹ ਦੇ ਕੇ, ਉਚੀ ਸੁਰਤ ਦੇ ਉਚੇ ਖਿਆਲ ਦਿੱਤੇ । ਆਦਿ-ਗ੍ਰੰਥ ਖਜ਼ਾਨੇ ਲਈ ਗੁਰੂ ਅਰਜਨ ,ਜੌਹਰੀ ਬਣ ਹੀਰੇ ਸਨ ਭਾਲ਼ ਦਿੱਤੇ । ਸਿੱਖ-ਗੁਰੂ-ਪਰਮਾਤਮਾ ਇੱਕ ਹੋਇਆ, ਪਰਦੇ ਸਾਰੇ ਦੇ ਸਾਰੇ ਉਠਾਲ਼ ਦਿੱਤੇ । ਤੈਨੂੰ ਭਗਤ ਆਖਾਂ ਜਾਂ ਮੈਂ ਗੁਰੂ ਆਖਾਂ, ਹਰੀ ਆਖਾਂ ਜਾਂ ਹਰੀ ਦਾ ਦਾਸ ਆਖਾਂ । ਰਵੀ ਕਈਆਂ ਤੋਂ ਵਧ ਕੇ ਤੇਜ ਤੇਰਾ, ਕਿੱਦਾਂ ਦੱਸ ਖਾਂ ‘ਰਵੀ’ ਦਾ ‘ਦਾਸ’ ਆਖਾਂ । ਇੱਧਰ ਉਧਰ ਹਰ ਥਾਂ ਤੂੰ ਹੀਂ ਨਜ਼ਰ ਆਵੇਂ, ਆਮ ਆਖਾਂ ਜਾਂ ਮੈਂ ਤੈਨੂੰ ਖਾਸ ਆਖਾਂ । ਤੋਹੀ ਮੋਹੀ ਵਿੱਚ ਫਰਕ ਨਾ ਰਿਹਾ ਕੋਈ, ਤੂੰ ਹੀ ਤੂੰ ਹੀ ਬੱਸ ਸਾਸ ਗਿਰਾਸ ਆਖਾਂ । “ਮੋਹ-ਫਾਸ” ਵਿੱਚ ਫਸਿਆ ਹਾਂ ਅਜੇ ਤੀਕਰ, ਕਿਵੇਂ ਛੁੱਟਾਂਗਾ ਏਸ ਜੰਜਾਲ ਵਿੱਚੋਂ । ਨਾਮ ਸਿਮਰਨ ਦਾ ਵੱਲ ਨਾ ਜਾਣਦਾ ਹਾਂ, ਤਾਹੀਂਓਂ ਜਾਂਦੇ ਨਹੀਂ ਖਿੰਡੇ ਖਿਆਲ ਵਿੱਚੋਂ । ਜਿਵੇਂ ਹਰੀ ਨੂੰ ਬੰਨਿਐ “ਪ੍ਰੇਮ-ਬੰਧਨ”, ਜਾਚ ਮੈਨੂੰ ਵੀ ਓਹੀ ਸਿਖਾਲ਼ ਵਿੱਚੋਂ । “ਬੇਗਮਪੁਰੇ” ਦਾ ਵਾਸੀ ਬਣਾ ਕੇ ਤੇ , ਮੈਲ਼ ਧੋ ਦੇ ਸਾਰੀ ‘ਰੁਪਾਲ’ ਵਿੱਚੋਂ ।

ਪਾਤਰ ਨੂੰ ਸੀਸ ਨਿਵਾ ਆਵਾਂ

ਇਹ "ਬਿਰਖ ਅਰਜ਼ ਕਰੇ" ਜੋ ਉਹ, ਸਭਨਾਂ ਦੇ ਕੰਨੀਂ ਪਾ ਆਵਾਂ। "ਲਫਜ਼ਾਂ ਦੀ ਦਰਗਾਹ" ਤੇ ਜਾ , ਕੋਈ ਤਾਂ ਭੇਟ ਚੜ੍ਹਾ ਆਵਾਂ । "ਪਤਝੜ ਦੀ ਪੰਜੇਬ" ਸਦਾ , ਕਰਦੀ ਹੀ ਰਹਿੰਦੀ ਹੈ ਛਣ ਛਣ, ਮੈ ਉਸ ਧੁਨ ਅੰਦਰ ਗੀਤ ਸੁਣਾ ਸਭਨਾਂ ਦੇ ਦਿਲ ਧੜਕਾ ਆਵਾਂ। ਮਰਮਰ ਤੇ ਉੱਕਰੇ ਖੁਰ ਜਾਣੇ , ਰੰਗੀਂ ਚਿੱਤਰੇ ਵੀ ਨਈਂ ਰਹਿਣੇ, "ਹਵਾ ਵਿਚ ਲਿਖੇ ਹਰਫ਼" ਤੇਰੇ ,ਉਹ ਸਭ ਨੂੰ ਯਾਦ ਕਰਾ ਆਵਾਂ। ਪਸਰੇ ਚੁਤਰਫ਼ੀ "ਹਨੇਰੇ ਵਿਚ ਸੁਲਘਦੀ ਵਰਣਮਾਲਾ" ਜਿਹੜੀ ਹਰ ਹਿਰਦੇ ਦੇ ਮੈ ਧੁਰ ਅੰਦਰ ਉਸ ਦਾ ਕੁਝ ਸੇਕ ਪੁਚਾ ਆਵਾਂ । ਕੋਈ ਰਾਗ ਨਵਾਂ ਅੰਦਾਜ਼ ਨਵਾਂ ਮੈਂ ਸਾਜ ਨਵਾਂ ਕੋਈ ਲੈ ਕੇ ਉਪਜਾਊ "ਸੁਰ ਜ਼ਮੀਨ" ਅੰਦਰ, ਇਕ ਸੋਹਣਾ ਬੀਜ ਲਗਾ ਆਵਾਂ । ਟੀਸੀ ਤੇ ਜਾ "ਰੁਪਾਲ" ਬਵ੍ਹੇ, "ਸੂਰਜ ਮੰਦਰ ਦੀਆਂ ਪੌੜੀਆਂ" ਤੋਂ,, "ਇਹ ਬਾਤ ਨਿਰੀ ਏਨੀ ਹੀ ਨਹੀਂ" , ਇਹ ਸਭ ਨੂੰ ਸੱਚ ਸੁਣਾ ਆਵਾਂ । ਆਹ ਸ਼ਰਧਾ ਦੇ ਫੁੱਲ ਭੇਟ ਕਰਾਂ ,ਉਸ ਸ਼ਬਦਾਂ ਦੇ ਵਣਜਾਰੇ ਨੂੰ , ਜੀਵਨ ਦਾ ਨਾਟਕ ਖੇਡ ਗਿਆ, ਪਾਤਰ ਨੂੰ ਸੀਸ ਨਿਵਾ ਆਵਾਂ ।

ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ

(ਕੋਰੜਾ ਛੰਦ) ੧. ਗੁਰੂ ਘਰ ਵਿੱਚ ਸਭ ਹੀ ਸਮਾਨ ਜੀ। ਟੁੱਟੇ ਇੱਥੇ ਜਾਤ ਕੁੱਲ ਦਾ ਗੁਮਾਨ ਜੀ। ਜਪਦੇ ਨੇ ਨਾਮ ਸਭ ਸੇਵਾ ਕਰਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰ ਦੇ। ੨. ਮਿੱਠੀ ਧੁਨ ਹਰਿਮੰਦਰ ਚੋਂ ਆਂਵਦੀ। ਸ਼ਬਦ ਦੀ ਸੂਝ ਜੀਣਾ ਹੈ ਸਿਖਾਂਵਦੀ। ਤਪਦੇ ਕਲੇਜੇ ਇੱਥੇ ਆਣ ਠਰਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ। ੩. ਹੱਥਾਂ ਨਾਲ ਸੇਵਾ ਰਸਨਾ ਤੇ ਨਾਮ ਜੀ। ਤਨ ਮਨ ਧੋਂਵਦਾ ਅਨੋਖਾ ਧਾਮ ਜੀ। ਜੀਵਨ ਸਫਲ ਨਾਰੀ ਅਤੇ ਨਰ ਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ। ੪. ਬਾਹਮਣ ਮੌਲਾਣੇ ਪਏ ਸੜੀ ਜਾਣ ਜੀ। ਮਾਰੂ ਨੀਤੀ ਆਂ ਤਾਂ ਦੇਖੋ ਘੜੀ ਜਾਣ ਜੀ। ਹੁੰਦੀ ਸਦਾ ਸ਼ੋਭਾ ਨਾ ਸ਼ਰੀਕ ਜਰਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ। ੫. ਬਾਣੀ ਦੇ ਵਿਰੁੱਧ ਵੀ ਸ਼ਿਕਾਇਤ ਲਾਂਵਦੇ। ਰਾਜੇ ਤਾਈਂ ਪੱਟੀ ਪੁੱਠੀ ਨੇ ਪੜ੍ਹਾਂਵਦੇ। ਕੱਠੇ ਹੋ ਗਏ ਵੈਰੀ ਸਭ ਗੁਰੂ ਘਰਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ। ੬. ਜਦੋ ਪਾਤਸ਼ਾਹ ਨੇ ਬੀੜ ਤਾਈਂ ਬੰਨਿਆ। ਕੱਚੇ ਲੇਖਕਾਂ ਨੂੰ ਸੀ ਅਯੋਗ ਮੰਨਿਆ। ਸੱਚ ਦੀ ਕਸੌਟੀ ਤੇ ਉਹ ਜਾਣ ਹਰਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ। ੭. ਸੰਗਤਾਂ ਦਾ ਬੋਲ ਸੀ ਪੁਗਾਇਆ ਗੁਰਾਂ ਨੇ। ਸਾਕ ਜੀਹਦੀ ਧੀ ਦਾ ਠੁਕਰਾਇਆ ਗੁਰਾਂ ਨੇ। ਚੰਦੂ ਦੀਆਂ ਅੱਖਾਂ ਚੋਂ ਅੰਗਾਰ ਵਰ੍ਹਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ। ੮. ਦਰ ਉੱਤੇ ਆਇਆ ਸੀ ਜੋ ਬਣਦਾ ਸਰਾ। ਬਾਗੀ ਖੁਸਰੋ ਨੂੰ ਗੁਰਾਂ ਦਿੱਤਾ ਆਸਰਾ। ਸੱਚ ਦੇ ਪੁਜਾਰੀ ਨਾ ਕਿਸੇ ਤੋਂ ਡਰਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ। ੯. ਅੰਤ ਵਿੱਚ ਗੁੱਸਾ ਜਹਾਂਗੀਰ ਖਾ ਗਿਆ। ਫਤਵਾ-ਏ-ਯਾਸਾ ਕਾਜੀ ਤਾਂ ਸੁਣਾ ਗਿਆ। ਸਭ ਦੀ ਅਕਲ ਉੱਤੇ ਪੈ ਗਏ ਪਰਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ। ੧੦. ਬਾਲ਼ ਅੱਗ,ਤੱਤੀ ਤਵੀ ਤੇ ਬੈਠਾਂਵਦੇ। ਸੀਸ ਤੇ ਗੁਰਾਂ ਦੇ ਤੱਤੀ ਰੇਤ ਪਾਂਵਦੇ। ਬਾਣੀ ਦੇ ਸਿਧਾਂਤ ਏਦਾਂ ਨਹੀਓ ਮਰਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ। ੧੧. ਜ਼ੁਲਮ ਦੀ ਹੱਦ ਦੇਖੋ ਕੀਤੀ ਬਾਦਸ਼ਾਹ। ਤੇਰਾ ਭਾਣਾ ਮਿੱਠਾ ਫੁਰਮਾਇਆ ਪਾਤਸ਼ਾਹ। ਮਹਿਲ ਸ਼ਹੀਦੀ ਦੇ ਦੀ ਨੀਂਹ ਧਰਦੇ। ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ।

ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ...

੧. ਪੰਜਵੇਂ ਗੁਰਾਂ ਤੇ ਜਾਲਮ ਨੇ ਜ਼ੁਲਮ ਕੀਤਾ, ਤਪਦੀ ਰੇਤ ਦੇ ਦਿੱਤਾ ਬਿਠਾਲ ਉੱਤੇ। ਨੰਗੇ ਪਿੰਡੇ ਉੱਤੇ ਪਾਈ ਰੇਤ ਤੱਤੀ, ਸੂਰਜ ਹੋਈ ਜਾਵੇ ਲਾਲੋ ਲਾਲ ਉੱਤੇ। ਭਾਣਾ ਮੰਨ ਮਿੱਠਾ, ਹੋਏ ਸ਼ਹੀਦ ਭਾਵੇਂ, ਮੁੱਖ ਦੇ ਆਉਣ ਨਾ ਦਿੱਤਾ ਮਲਾਲ ਉੱਤੇ। ਸੱਚ-ਧਰਮ ਦੀ ਰੱਖਿਆ ਕਰਨ ਖਾਤਰ, ਤੇਗ ਖੜਕਣੀ ਚਾਹੀਦੀ ਢਾਲ ਉੱਤੇ। ਗੁਰੂ ਬਣਦਿਆਂ ਹੀ ਛੇਵੀਂ ਜੋਤ ਨੇ ਤਾਂ, ਅਮਲ ਕੀਤਾ ਸੀ ਇਸੇ ਖਿਆਲ ਉੱਤੇ। ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ, ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ। ੨. ਪੰਜਵੇਂ ਪਾਤਸ਼ਾਹ ਨੇ ਜਿਵੇਂ ਆਖਿਆ ਸੀ, ਬਾਬਾ ਬੁੱਢਾ ਜੀ ਬਚਨ ਕਮਾਉਣ ਲੱਗੇ। ਨਾਨਕ-ਜੋਤ-ਵਾਰਸ ਹਰਿਗੋਬਿੰਦ ਜੀ ਨੂੰ, ਜਿੰਮੇਵਾਰੀ ਦਾ ਤਿਲਕ ਲਗਾਉਣ ਲੱਗੇ। ਬਚਨ ਪਿਤਾ ਦੇ,ਪੁੱਤਰ ਦੀ ਸੂਝ ਦੋਵੇਂ, ਇੱਕ ਨਵਾਂ ਇਤਿਹਾਸ ਰਚਾਉਣ ਲੱਗੇ। ਇੱਕ ਖੱਬੇ ਤੇ ਦੂਸਰੀ ਪਾਈ ਸੱਜੇ, ਤੇਗਾਂ ਦੋ ਦਾਤਾਰ ਸਜਾਉਣ ਲੱਗੇ। ਕਰਕੇ ਰਸਮ ਪੂਰੀ ਬਾਬੇ ਫਤਹਿ ਬੋਲੀ, ਨੂਰੀ ਮੁੱਖਦੇ ਚਮਕੇ ਜਲਾਲ ਉੱਤੇ। ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ, ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ। ੩. ਜਦੋਂ ਸਿੱਖਾਂ ਦਾ ਭਟਕਿਆ ਮਨ ਕਿਧਰੇ, ਗੁਰਾਂ ਗਿਆਨ ਦੇ ਕੇ ਉਹਨੂੰ ਮੋੜਿਆ ਸੀ। ਹਿਰਦੇ ਵਿੱਚ ਪ੍ਰੇਮ ਦੀ ਜਾਗ ਲਾ ਕੇ, ਇੱਕੋ ਰੰਗ ਪ੍ਰਭੂ ਦਾ ਲੋੜਿਆ ਸੀ। ਵੇਸ,ਭੇਖ,ਪਾਖੰਡ,ਅਗਿਆਨਤਾ ਨੂੰ, ਸ਼ਬਦ ਬਾਣ ਨੇ ਮੁੱਢੋਂ ਹੀ ਤੋੜਿਆ ਸੀ। ਅੱਤ ਹੋਈ ਨਾ ਕਿਧਰੇ ਕਠੋਰਤਾ ਦੀ, ਤਾ ਹੀਂ ਪੀਰੀ ਸੰਗ ਮੀਰੀ ਨੂੰ ਜੋੜਿਆ ਸੀ। ਵੈਰੀ ਤਾਈਂ ਜਦ ਸੱਚ ਵੰਗਾਰ ਪਾਵੇ, ਕੜਕ ਤੇਗ ਦੀ ਜਾਪੇ ਜਿਉ ਕਾਲ ਉੱਤੇ। ਮੀਰੀ ਪੀਰੀ ਦੀਆਂ ਪਹਿਨਕੇ ਦੋ ਤੇਗਾਂ, ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ। ੪. ਛੇਵੇਂ ਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ, ਜਦੋ ਜਦੋ ਵੀ ਗੁਰੂ ਕੋਲ ਆਵਣਾ ਜੇ। ਨੇਜੇ,ਤੀਰ,ਤਲਵਾਰ,ਹਥਿਆਰ ਸੱਭੇ, ਜੋ ਜੋ ਮਿਲੇ ਉਹ ਨਾਲ ਲਿਆਵਣਾ ਜੇ। ਸ਼ਸ਼ਤਰ-ਵਿਦਿਆ ਵਿੱਚ ਨਿਪੁੰਨ ਹੋਣਾ, ਨਾ ਹੀ ਸ਼ਾਸ਼ਤਰ ਮਨੋਂ ਭੁਲਾਵਣਾ ਜੇ। ਸਿੱਖੋ ਘੋੜ-ਸਵਾਰੀ ਤੇ ਜੰਗ ਕਰਨੀ, ਸੰਤ ਨਾਲ ਸਿਪਾਹੀ ਕਹਾਵਣਾ ਜੇ। ਪਹਿਲ ਕਰਨੀ ਨਹੀਂ,ਐਪਰ ਜੇ ਵਾਰ ਹੋਵੇ, ਚੱਲੇ ਤੇਗ ਫਿਰ ਪੌਣ ਦੀ ਚਾਲ ਉੱਤੇ। ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ, ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ। ੫.ਖੁਦ ਘੋੜੇ ਤੇ ਚੜ੍ਹੇ ਹਜੂਰ ਮੇਰੇ, ਜਾ ਕੇ ਜੰਗਲਾਂ ਵਿਚ ਸ਼ਿਕਾਰ ਕੀਤਾ। ਸ਼ੇਰ ਨਾਲ ਹੋਇਆ ਕਿਧਰੇ ਟਾਕਰਾ ਜੇ, ਇੱਕੋ ਝਟਕੇ ਨਾਲ ਉਹਨੂੰ ਸੀ ਪਾਰ ਕੀਤਾ। ਭਗਤੀ-ਦਰ ਹਰਿਮੰਦਰ ਦੇ ਐਨ ਸਾਹਵੇਂ, ਉੱਚਾ ਤਖਤ-ਅਕਾਲ ਤਿਆਰ ਕੀਤਾ। ਦਿਸਣ ਝੂਲਦੇ ਦੋਵੇਂ ਨਿਸ਼ਾਨ ਉੱਚੇ, ਬੇਗਮ-ਪੁਰੇ ਦਾ ਖਾਕਾ ਤਿਆਰ ਕੀਤਾ। ਕਦਮਾਂ ਤੇਰਿਆਂ ਤੇ ਸਦਾ ਰਹਾਂ ਚੱਲਦਾ, ਮਿਹਰ ਕਰੇਂ ਜੇ ਦਾਤਾ 'ਰੁਪਾਲ' ਉੱਤੇ। ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ, ਬੈਠੇ ਪਾਤਸ਼ਾਹ ਤਖਤ ਅਕਾਲ ਉੱਤੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਜਸਵਿੰਦਰ ਸਿੰਘ "ਰੁਪਾਲ"
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ